ਇੱਕ ਫ਼ਾਲਤੂ ਆਦਮੀ ਦੀ ਡਾਇਰੀ
111
ਪ੍ਰਿੰਸ ਵੱਲ ਵੇਖਿਆ ਅਤੇ ਉਸ ਦੀ ਖੱਚਰੀ ਮੁਸਕਰਾਹਟ ਨੂੰ ਵੇਖ ਕੇ ਗੁੱਸਾ ਆ ਗਿਆ ਤੇ ਮੇਰੀ ਘਬਰਾਹਟ ਦੂਰ ਹੋ ਗਈ।
ਇਸ ਸਮੇਂ ਦੌਰਾਨ ਦੂਜਿਆਂ ਨੇ ਦੂਰੀ ਮਾਪ ਲਈ, ਸੀਮਾਵਾਂ ਦੇ ਨਿਸ਼ਾਨ ਲਾ ਦਿੱਤੇ ਅਤੇ ਪਿਸਤੌਲਾਂ ਨੂੰ ਲੋਡ ਕਰ ਲਿਆ - ਭਾਵ, ਕੋਲੋਬੋਰਡੀਆਏਫ ਨੇ ਇਹ ਸਾਰਾ ਕੰਮ ਕੀਤਾ ਅਤੇ ਬਿਜ਼ਮਨਕੋਫ ਉਸ ਵੱਲ ਵੇਖਦਾ ਰਿਹਾ। ਇਹ ਦਿਨ ਬਹੁਤ ਸੁੰਦਰ ਸੀ - ਉਸ ਦਿਨ ਨਾਲੋਂ ਘੱਟ ਨਹੀਂ ਮੈਂ ਜਿਸ ਦਿਨ ਲੀਜ਼ਾ ਨਾਲ ਇਸ ਥਾਂ 'ਤੇ ਯਾਦਗਾਰੀ ਸੈਰ ਕੀਤੀ ਸੀ। ਬਨਸਪਤੀ ਦੇ ਪੀਲੇ ਪੱਤਿਆਂ 'ਤੇ ਸੂਰਜ ਦੀਆਂ ਸੁਨਹਿਰੀ ਕਿਰਨਾਂ ਅਠਖੇਲੀਆਂ ਕਰ ਰਹੀਆਂ ਸਨ ਅਤੇ ਪੱਤਿਆਂ ਵਿਚੋਂ ਗੂੜ੍ਹਾ ਨੀਲਾ ਅਸਮਾਨ ਬੜਾ ਸੋਹਣਾ ਦਿਖਾਈ ਦੇ ਰਿਹਾ ਸੀ। ਤਾਜ਼ੀ ਹਵਾ ਮੇਰੀ ਛਾਤੀ 'ਤੇ ਰੜਕ ਰਹੀ ਸੀ। ਪ੍ਰਿੰਸ ਬੜੇ ਸ਼ਾਨਦਾਰ ਅੰਦਾਜ਼ ਵਿਚ ਇਕ ਛੋਟੇ ਜਿਹੇ ਚਕੋਂਤਰੇ ਦੇ ਰੁੱਖ ਨਾਲ ਢਾਸਣਾ ਲਾਈ ਸਿਗਰਟ ਦੇ ਕਸ਼ ਲਾ ਰਿਹਾ ਸੀ।
"ਸੱਜਣੋ, ਕ੍ਰਿਪਾ ਕਰਕੇ ਆਪਣੀਆਂ ਪੁਜੀਸ਼ਨਾਂ ਲੈ ਲਓ," ਕੋਲੋਬੋਰਡੀਆਏਫ ਨੇ ਸਾਨੂੰ ਪਿਸਤੌਲ ਫੜਾਉਂਦੇ ਹੋਏ ਕਿਹਾ।
ਅਸੀਂ ਆਪਣੀਆਂ ਪੁਜੀਸ਼ਨਾਂ ਲੈ ਲਈਆਂ। ਪ੍ਰਿੰਸ ਕੁਝ ਕਦਮ ਪਿਛਾਂਹ ਹੱਟ ਗਿਆ ਅਤੇ ਆਪਣੇ ਆਪ ਨੂੰ ਸਿੱਧਾ ਕਰਦੇ ਹੋਏ ਮੈਨੂੰ ਪੁੱਛਿਆ:
"ਕੀ ਤੁਸੀਂ ਅਜੇ ਵੀ ਆਪਣੇ ਸ਼ਬਦਾਂ ਨੂੰ ਵਾਪਿਸ ਨਹੀਂ ਲੈਣਾ ਚਾਹੁੰਦੇ?"
ਮੈਂ ਉਸ ਨੂੰ ਜਵਾਬ ਦੇਣਾ ਚਹਿਆ ਪਰ ਮੈਂ ਇਕ ਸ਼ਬਦ ਵੀ ਨਹੀਂ ਬੋਲ ਸਕਿਆ। ਮੈਂ ਸਿਰਫ਼ ਆਪਣੇ ਹੱਥ ਨਾਲ ਇਨਕਾਰ ਕਰਨ ਦਾ ਇਸ਼ਾਰਾ ਕਰ ਦਿੱਤਾ। ਉਹ ਫਿਰ ਮੁਸਕਰਾਏ ਅਤੇ ਆਪਣਾ ਸਥਾਨ ਦੁਬਾਰਾ ਗ੍ਰਹਿਣ ਕਰ ਲਿਆ। ਅਸੀਂ ਇਕ-ਦੂਜੇ ਵੱਲ ਕਦਮ ਵਧਾਉਣ ਲੱਗੇ। ਮੈਂ ਆਪਣੀ ਪਿਸਤੌਲ ਉਠਾਈ ਅਤੇ ਆਪਣੇ ਦੁਸ਼ਮਣ, ਉਸ ਪਲ ਉਹ ਅਸਲ ਵਿਚ ਮੇਰਾ ਦੁਸ਼ਮਣ ਹੀ ਸੀ। ਮੈਂ ਉਸ ਦੀ ਛਾਤੀ ਦਾ ਨਿਸ਼ਾਨਾ ਵਿੰਨ੍ਹ ਕੇ ਘੋੜਾ ਦੱਬ ਦਿੱਤਾ ਪਰ ਨਿਸ਼ਾਨਾ ਉੱਪਰ ਨੂੰ ਉਠ ਗਿਆ ਜਿਵੇਂ ਕਿਸੇ ਨੇ ਮੇਰੀ ਬਾਂਹ ਉੱਪਰ ਨੂੰ ਚੁੱਕ ਦਿੱਤੀ ਹੋਵੇ। ਪ੍ਰਿੰਸ ਇਕ ਕਦਮ ਪਿਛਾਂਹ ਹਟਿਆ ਅਤੇ ਉਸ ਨੇ ਆਪਣਾ ਹੱਥ ਆਪਣੀ ਖੱਬੀ ਪੁੜਪੁੜੀ 'ਤੇ ਰੱਖਿਆ। ਉਸ ਦੇ ਚਿੱਟੇ ਦਸਤਾਨੇ ਉੱਤੇ ਖ਼ੂਨ ਦੀ ਧਰਾਲ ਵਗਣ ਲੱਗੀ। ਬਿਜ਼ਮਨਕੋਫ ਜਲਦੀ ਨਾਲ ਉਸ ਦੀ ਮਦਦ ਲਈ ਆਇਆ।
"ਕੋਈ ਗੱਲ ਨਹੀਂ," ਪ੍ਰਿੰਸ ਨੇ ਆਰਾਮ ਨਾਲ ਆਪਣੀ ਗੋਲੀ ਲੱਗ ਕੇ ਪਾਟੀ ਹੋਈ ਕੈਪ ਉਤਾਰਦੇ ਹੋਏ ਕਿਹਾ "ਜੇ ਇਸ ਥਾਂ 'ਤੇ ਹੈ ਅਤੇ ਮੈਂ ਅਜੇ ਵੀ ਆਪਣੇ ਪੈਰਾਂ 'ਤੇ ਹਾਂ ਤਾਂ ਇਹ ਜ਼ਖ਼ਮ ਗੰਭੀਰ ਨਹੀਂ ਹੋ ਸਕਦਾ। ਮੈਂ ਕਹਿ ਸਕਦਾ ਹਾਂ, ਝਰੀਟ ਹੀ ਹੈ।"
ਉਸ ਨੇ ਆਪਣੀ ਜੇਬ ਵਿਚੋਂ ਇਕ ਵਧੀਆ ਰੇਸ਼ਮ ਰੁਮਾਲ ਕੱਢਿਆ ਅਤੇ ਇਸ ਨੂੰ ਆਪਣੇ ਖ਼ੂਨ ਨਾਲ ਗੜੁੱਚ ਵਾਲਾਂ 'ਤੇ ਰੱਖ ਦਿੱਤਾ।