ਸਮੱਗਰੀ 'ਤੇ ਜਾਓ

ਪੰਨਾ:Mumu and the Diary of a Superfluous Man.djvu/129

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇੱਕ ਫ਼ਾਲਤੂ ਆਦਮੀ ਦੀ ਡਾਇਰੀ

123

ਉਸ ਨੇ ਆਪਣਾ ਆਉਣਾ ਜਾਰੀ ਰੱਖਿਆ। ਮੇਰੇ ਨਾਲ ਉਹਦਾ ਸਲੂਕ ਰੁੱਖ਼ਾ ਸੀ ਅਤੇ ਅਜੀਬ ਗੱਲ ਹੈ ਕਿ ਉਹ ਮੇਰੇ ਤੋਂ ਡਰਦਾ ਸੀ।

ਮਾਮਲਿਆਂ ਦੀ ਅਜਿਹੀ ਸਥਿਤੀ ਦੋ ਹਫ਼ਤਿਆਂ ਤਕ ਜਾਰੀ ਰਹੀ। ਆਖ਼ਿਰਕਾਰ, ਇਕ ਰਾਤ ​​ ਨੀਂਦ ਨਾ ਆਉਣ ਤੋਂ ਬਾਅਦ ਮੈਂ ਲੀਜ਼ਾ ਕੋਲ ਆਪਣਾ ਦਿਲ ਖੋਲ੍ਹਣ ਦਾ, ਉਸ ਨੂੰ ਆਪਣੀ ਹਾਲਤ ਸਮਝਾਉਣ ਦਾ ਅਤੇ ਇਹ ਦੱਸਣ ਦਾ ਫ਼ੈਸਲਾ ਕੀਤਾ ਕਿ ਜੇਕਰ ਉਹ ਮੈਨੂੰ ਆਪਣੇ ਭਰੋਸੇ ਅਤੇ ਵਿਸ਼ਵਾਸ ਦੇ ਯੋਗ ਸਮਝੇ ਤਾਂ ਮੈਂ ਸਭ ਕੁਝ ਦੇ ਬਾਵਜੂਦ, ਦੁਨੀਆ ਦੀ ਸਾਰੀ ਨਿੰਦਾ-ਚੁਗ਼ਲੀ ਅਤੇ ਬਦਨਾਮੀ ਦੇ ਬਾਵਜੂਦ ਇਸ ਨੂੰ ਆਪਣੀ ਸਭ ਤੋਂ ਵੱਡੀ ਖੁਸ਼ੀ ਸਮਝਾਂਗਾ। ਮੈਂ ਇਮਾਨਦਾਰੀ ਨਾਲ ਇਹ ਸੋਚਦਾ ਸੀ ਕਿ ਮੈਂ ਇਸ ਤਰ੍ਹਾਂ ਫਰਾਖ਼ਦਿਲੀ ਦੀ ਮਹਾਨ ਭੱਦਰਤਾ ਦੀ ਮਿਸਾਲ ਕਾਇਮ ਕਰ ਦੇਣੀ ਸੀ ਅਤੇ ਉਸ ਨੇ ਮੇਰੇ ਇਸ ਤਰ੍ਹਾਂ ਦੇ ਆਚਰਣ ਦੀ ਕਾਇਲ ਹੋ ਜਾਣਾ ਸੀ ਤੇ ਬਿਨਾਂ ਕਿਸੇ ਝਿਜਕ ਦੇ ਮੇਰੀ ਬੇਨਤੀ ਨੂੰ ਮੰਨ ਲੈਣਾ ਸੀ। "ਕਿਸੇ ਵੀ ਕੀਮਤ 'ਤੇ," ਮੈਂ ਆਪਣੇ ਆਪ ਨੂੰ ਕਿਹਾ, "ਮੈਨੂੰ ਉਸ ਨਾਲ ਗੱਲ ਸਪੱਸ਼ਟ ਕਰਨੀ ਚਾਹੀਦੀ ਹੈ ਅਤੇ ਇਸ ਤਰ੍ਹਾਂ ਆਪਣੀ ਅਨਿਸ਼ਚਿਤ ਸਥਿਤੀ ਦਾ ਅੰਤ ਕਰ ਦੇਣਾ ਚਾਹੀਦਾ ਹੈ।"

ਸ਼੍ਰੀ ਓਜੋਗਿਨ ਦੇ ਘਰ ਦੇ ਪਿਛਲੇ ਹਿੱਸੇ ਵਿਚ ਇਕ ਬਹੁਤ ਵੱਡਾ ਬਾਗ਼ ਸੀ ਜਿਸ ਦੇ ਦੂਜੇ ਪਾਸੇ ਖੱਟੇ ਦੇ ਰੁੱਖਾਂ ਦੇ ਅਣਗੌਲੇ ਝੁੰਡ ਸਨ। ਲੀਜਾ ਸਾਰਾ ਦਿਨ ਉਸ ਬਾਗ਼ ਵਿਚ ਇਕੱਲੀ ਘੁੰਮਦੀ ਰਹਿੰਦੀ ਸੀ। ਸ਼੍ਰੀ ਓਜੋਗਿਨ ਕਿਸੇ ਨੂੰ ਵੀ ਉਸ ਨੂੰ ਪ੍ਰੇਸ਼ਾਨ ਕਰਨ ਦੀ ਆਗਿਆ ਨਹੀਂ ਦਿੰਦਾ ਸੀ। ਉਹ ਕਹਿੰਦਾ ਹੁੰਦਾ ਸੀ ਕਿ "ਉਸ ਨੂੰ ਆਪਣੇ ਸੋਗ 'ਚੋਂ ਨਿਕਲ ਆਉਣ ਦੇਣਾ ਚਾਹੀਦਾ ਹੈ।" ਜਦ ਉਸ ਦਾ ਘਰ ਵਿਚ ਹੋਣਾ ਜ਼ਰੂਰੀ ਹੁੰਦਾ ਤਾਂ ਉਹ ਉਸ ਸਮੇਂ ਘਰ ਨਾ ਹੁੰਦੀ ਸੀ ਤਾਂ ਬਰਾਂਡੇ ਵਿਚ ਘੰਟੀ ਵਜਾ ਦਿੱਤੀ ਜਾਂਦੀ ਸੀ ਅਤੇ ਲੀਜ਼ਾ ਤੁਰੰਤ ਆ ਹਾਜ਼ਰ ਹੁੰਦੀ ਸੀ। ਬੁੱਲ੍ਹਾਂ ਤੇ ਅੱਖਾਂ ਵਿਚ ਉਹੀ ਜਿੱਦੀ ਚੁੱਪ ਅਤੇ ਚਿੰਤਾ ਦਿਖਾਈ ਦਿੰਦੀ। ਕਦੇ-ਕਦਾਈਂ ਉਸ ਦੇ ਹੱਥ ਵਿਚ ਇਕ ਮੁਰਝਾਇਆ ਪੱਤਾ ਜਾਂ ਸਰਕੰਡੇ ਦਾ ਟੁੱਟਿਆ ਕਾਨਾ ਹੁੰਦਾ। ਇਕ ਦਿਨ ਦੁਪਹਿਰ ਬਾਅਦ ਇਹ ਵੇਖ ਕੇ ਕਿ ਉਹ ਘਰ ਵਿਚ ਨਹੀਂ ਸੀ। ਮੈਂ ਬਜ਼ੁਰਗ ਲੋਕਾਂ ਤੋਂ ਛੁੱਟੀ ਲੈ ਲਈ ਤੇ ਘਰ ਦੇ ਦਰਵਾਜ਼ੇ ਤੋਂ ਬਾਹਰ ਨਿਕਲ ਗਿਆ। ਪਿਛਲੇ ਹਿੱਸੇ ਵਿਚ ਇਕ ਵਾੜ ਜਿਹੀ ਟੱਪ ਕੇ ਬਿਨਾਂ ਕਿਸੇ ਦੀ ਨਜ਼ਰੀ ਪਏ ਬਾਗ਼ ਵਿਚ ਵੜ ਗਿਆ।

ਮੈਂ ਬਿਨਾਂ ਕਿਸੇ ਸੋਚ-ਵਿਚਾਰ ਦੇ ਸੰਘਣੇ ਰੁੱਖਾਂ ਵੱਲ ਸਿੱਧਾ ਹੋ ਗਿਆ। ਮੇਰੇ ਸਾਹਮਣੇ ਲੀਜ਼ਾ ਖੜ੍ਹੀ ਸੀ। ਮੇਰਾ ਦਿਲ ਬਹੁਤ ਤੇਜ਼ੀ ਨਾਲ ਧੜਕ ਰਿਹਾ ਸੀ। ਮੈਂ ਉਸ ਕੋਲ ਪਹੁੰਚਣ ਤੋਂ ਪਹਿਲਾਂ ਸਾਹ ਲੈਣ ਲਈ ਰੁਕ ਗਿਆ। ਉਸ ਨੇ ਮੈਨੂੰ ਨਹੀਂ ਸੀ ਦੇਖਿਆ ਅਤੇ ਸਧਰਾਈਆਂ ਨਜ਼ਰਾਂ ਦੂਰ ਦੁਮੇਲ ਵੱਲ ਵੇਖ ਰਹੀਆਂ ਸਨ। ਅਚਾਨਕ ਉਹ ਪਿੱਛੇ ਮੁੜੀ