50
ਮੂਮੂ
ਗਰਾਸੀਮ ਚੱਪੂ ਮਾਰਦਾ ਗਿਆ, ਮਾਰਦਾ ਗਿਆ। ਸ਼ਹਿਰ ਪਿੱਛੇ ਰਹਿ ਗਿਆ ਸੀ। ਤੱਟ ਦੇ ਕੰਢੇ ਦੇ ਨਾਲ ਬਾਗ਼, ਘਾਹ ਦੇ ਮੈਦਾਨ, ਮੱਕੀ ਦੇ ਖੇਤ ਅਤੇ ਨਵੇਂ ਜੰਗਲ ਲੰਘਦਾ ਗਿਆ। ਟਾਵੀਆਂ-ਟਾਵੀਆਂ ਕਿਸਾਨਾਂ ਦੀਆਂ ਝੁੱਗੀਆਂ ਵਿਖਾਈ ਦੇ ਰਹੀਆਂ ਸਨ। ਪਿੰਡ ਦੀ ਸੁਗੰਧਿਤ ਹਵਾ ਕਿਨਾਰੇ ਤੋਂ ਉੱਠ ਰਹੀ ਸੀ। ਉਸ ਨੇ ਚੱਪੂ ਲਟਕਾ ਦਿੱਤੇ ਅਤੇ ਮੂਮੂ ਉੱਤੇ ਝੁਕਿਆ ਜੋ ਉਸ ਦੇ ਕੋਲ ਸੁੱਕੀ ਸੀਟ 'ਤੇ ਖੜ੍ਹੀ ਸੀ। ਕਿਸ਼ਤੀ ਦਾ ਥੱਲਾ ਪਾਣੀ ਨਾਲ ਭਰਿਆ ਹੋਇਆ ਸੀ।
ਕੁੱਤੇ ਨੂੰ ਆਪਣੀਆਂ ਮਜ਼ਬੂਤ ਬਾਹਾਂ ਵਿਚ ਲੈ ਕੇ ਅਤੇ ਆਪਣਾ ਸਿਰ ਉਸ ਦੇ ਸਿਰ 'ਤੇ ਰੱਖ ਕੇ ਉਹ ਕੁਝ ਸਮੇਂ ਲਈ ਅਹਿੱਲ ਰਿਹਾ ਜਦ ਕਿ ਕਿਸ਼ਤੀ ਪਾਣੀ ਦੀ ਧਾਰਾ ਦੇ ਜ਼ੋਰ ਨਾਲ ਹੌਲੀ-ਹੌਲੀ ਸ਼ਹਿਰ ਵੱਲ ਮੁੜ ਪਈ। ਅਖੀਰ ਉਸ ਨੇ ਆਪਣਾ ਆਪ ਸਿੱਧਾ ਕੀਤਾ ਪਰੰਤੂ ਆਪਣੇ ਚਿਹਰੇ ਉੱਤੇ ਗਹਿਰੇ ਦੁੱਖ ਦੇ ਹਾਵਾਂ-ਭਾਵਾਂ ਨਾਲ ਉਸ ਨੇ ਦੋ ਇੱਟਾਂ ਨੂੰ ਮੂਮੂ ਦੇ ਗੱਲ ਵਿਚ ਬੰਨ੍ਹੀ ਰੱਸੀ ਦੇ ਦੂਜੇ ਸਿਰੇ 'ਤੇ ਬੰਨ੍ਹ ਦਿੱਤੀਆਂ ਅਤੇ ਫੰਦਾ ਬਣਾ ਕੇ ਉਸਨੇ ਮੂਮੂ ਧੌਣ ਦੁਆਲੇ ਵਲਿਆ। ਮੂਮੂ ਅਤੇ ਇੱਟਾਂ ਨੂੰ ਉਪਰ ਹਵਾ ਵਿਚ ਚੁਕਿਆ। ਮੂਮੂ ਨੇ ਬਿਨਾਂ ਕਿਸੇ ਡਰ ਤੋਂ ਉਸ ਵੱਲ ਦੇਖਿਆ ਅਤੇ ਲਾਡ ਨਾਲ ਆਪਣੀ ਪੂਛ ਹਿਲਾਈ।
ਉਸ ਨੇ ਆਪਣਾ ਮੂੰਹ ਫੇਰ ਲਿਆ ਅਤੇ ਦੁੱਖ ਦੀਆਂ ਉੱਠਦੀਆਂ ਲੂਹਰੀਆਂ ਨਾਲ ਆਪਣੀਆਂ ਅੱਖਾਂ ਮੀਚ ਲਈਆਂ ਅਤੇ ਇੱਟਾਂ ਨਾਲ ਬੰਨ੍ਹਿਆ ਕਤੂਰਾ ਆਪਣੇ ਹੱਥਾਂ ਵਿਚੋਂ ਛੱਡ ਦਿੱਤਾ। ਉਸ ਨੇ ਮੁਮੂ ਦੀ ਅਚਾਨਕ ਚੀਖ਼ ਨਹੀਂ ਸੁਣੀ ਤੇੇ ਨਾ ਹੀ ਪਾਣੀ ਵਿਚ ਡਿੱਗਣ ਨਾਲ ਇੱਟਾਂ ਦੀ ਧੜੰਮ। ਕੀ ਉਸ ਲਈ ਇਹ ਸਭ ਤੋਂ ਹੰਗਾਮਾਖ਼ੇਜ਼ ਦਿਨ ਸਾਡੇ ਲਈ ਸਭ ਤੋਂ ਵੱਧ ਸ਼ਾਂਤ ਰਾਤ ਨਾਲੋਂ ਜ਼ਿਆਦਾ ਚੁੱਪ ਨਹੀਂ ਸੀ?
ਜਦੋਂ ਉਸ ਨੇ ਆਪਣੀਆਂ ਅੱਖਾਂ ਮੁੜ ਖੋਲ੍ਹੀਆਂ ਤਾਂ ਦਰਿਆ ਦੀਆਂ ਨਿੱਕੀਆਂ-ਨਿੱਕੀਆਂ ਲਹਿਰਾਂ ਇਕ-ਦੂਜੇ ਦੇ ਆਮ ਢੰਗ ਨਾਲ ਪਿੱਛਾ ਕਰ ਰਹੀਆਂ ਸਨ ਪਰ ਉਸ ਦੀ ਕਿਸ਼ਤੀ ਦੇ ਆਲੇ-ਦੁਆਲੇ ਉਹ ਪਹਿਲਾਂ ਦੀ ਤਰ੍ਹਾਂ ਇਸ ਨਾਲ ਟਕਰਾ ਰਹੀਆਂ ਸਨ। ਉਸ ਦੇ ਦੂਰ ਪਿੱਛੇ ਇਕ ਥਾਂ ਦਰਿਆ ਦੇ ਤਲ 'ਤੇ ਚੱਕਰ ਅਸਾਧਾਰਨ ਤਰ੍ਹਾਂ ਫੈਲ ਰਹੇ ਸਨ ਅਤੇ ਜਿਵੇਂ-ਜਿਵੇਂ ਉਹ ਵੱਡੇ ਹੋਈ ਜਾਂਦੇ ਸੀ ਓਨੇ ਹੀ ਧੁੰਦਲੇ ਪੈਂਦੇ ਜਾ ਰਹੇ ਸੀ।
ਜਿਵੇਂ ਹੀ ਗਰਾਸੀਮ ਦਰਿਆ ਵਿਚ ਅੱਖਾਂ ਤੋਂ ਓਝਲ ਹੋ ਗਿਆ ਸੀ। ਈਰੋਸ਼ਕਾ ਘਰ ਮੁੜ ਗਿਆ ਸੀ ਅਤੇ ਉਸ ਨੇ ਜੋ ਕੁਝ ਵੀ ਵੇਖਿਆ ਉਹ ਉਹ ਸਭ ਦੱਸ ਦਿੱਤਾ ਸੀ।
"ਠੀਕ ਹੈ, ਸਭ ਠੀਕ ਹੈ," ਇਸ ਤੇ ਸਟੇਪਨ ਨੇ ਟਿੱਪਣੀ ਕੀਤੀ। "ਉਹ ਉਸ ਨੂੰ ਡੋਬ ਦੇਵੇਗਾ। ਅਸੀਂ ਉਸ 'ਤੇ ਯਕੀਨ ਕਰ ਸਕਦੇ ਹਾਂ, ਉਹ ਹਰਗਿਜ਼ ਆਪਣਾ ਵਾਅਦਾ ਨਿਭਾਏਗਾ।"