ਜਾਣ-ਪਛਾਣ
ਇਵਾਨ ਤੁਰਗਨੇਵ ਦੀ "ਇਕ ਫ਼ਾਲਤੂ ਮਨੁੱਖ ਦੀ ਡਾਇਰੀ" 1850 ਵਿਚ ਇੱਕ ਰੂਸੀ ਤਿਮਾਹੀ ਰਸਾਲੇ ਵਿਚ ਪਹਿਲੀ ਵਾਰ ਪ੍ਰਕਾਸ਼ਿਤ ਹੋਈ ਸੀ। ਉਸ ਵੇਲੇ ਅੱਜ ਵਾਂਗ ਤੁਰਗਨੇਵ ਸਾਹਿਤਕ ਸੰਸਾਰ ਵਿਚ ਬਹੁਤਾ ਮਸ਼ਹੂਰ ਨਹੀਂ ਸੀ। ਉਸ ਦੀਆਂ ਕਹਾਣੀਆਂ ਨੂੰ ਲੋਕ ਅਕਸਰ, ਇੱਥੋਂ ਤਕ ਕਿ ਉਸ ਦੇ ਦੇਸ਼ ਵਾਸੀ ਵੀ ਅਣਗੌਲਿਆ ਕਰ ਛੱਡਦੇ ਸਨ। ਮੈਨੂੰ "ਡਾਇਰੀ" ਆਦਿ ਦਾ ਪਤਾ ਤੱਕ ਨਹੀਂ ਹੋਣਾ ਸੀ। ਇਸ ਨੂੰ ਕਿਸੇ ਹੋਰ ਭਾਸ਼ਾ ਵਿੱਚ ਅਨੁਵਾਦ ਕਰਨ ਦੀ ਪ੍ਰੇਸ਼ਾਨੀ ਲੈਣਾ ਤਾਂ ਹੋਰ ਵੀ ਦੂਰ ਦੀ ਗੱਲ ਹੁੰਦੀ। ਅਗਰ ਵਿਸ਼ੇਸ਼ ਹਾਲਤਾਂ ਇਸ ਨੂੰ ਮੇਰੇ ਧਿਆਨ ਵਿਚ ਨਾ ਲਿਆਉਂਦੀਆਂ।
ਸਾਲ 1856 ਵਿਚ ਮੈਨੂੰ ਵਿਲਨਾ ਜ਼ਿਲ੍ਹੇ ਦੇ ਇਕ ਕਾਰਪੋਰੇਟ ਸ਼ਹਿਰ ਵਿਲਕੋਮੀਰ ਵਿਚ ਕੁਝ ਦਿਨ ਕੱਟਣੇ ਪਏ। ਇਹ ਜਗ੍ਹਾ ਮੇਰੇ ਲਈ ਬਹੁਤ ਰੁੱਖੀ ਸੀ, ਕਿਉਂਕਿ ਮੈਂ ਕਦੇ ਆਪਣੇ ਜੱਦੀ ਸ਼ਹਿਰ, ਵਿਲਨਾ ਨਾਲੋਂ ਛੋਟੇ ਕਿਸੇ ਸ਼ਹਿਰ ਵਿਚ ਨਹੀਂ ਗਿਆ ਸੀ। ਇਸ ਵਿਚ ਪੇਂਡੂ ਖ਼ੇਤਰ ਵਾਲੀ ਖਿੱਚ ਵੀ ਨਹੀਂ ਸੀ ਕਿਉਂਕਿ ਇਸ ਵਿਚ ਇਕ ਕਾਰੋਬਾਰੀ ਸ਼ਹਿਰ ਦੇ ਢਕੌਂਸਲੇ ਸਨ ਅਤੇ ਸੜਕਾਂ 'ਤੇ ਭੀੜ-ਭੜੱਕਾ ਅਤੇ ਖੱਪਖ਼ਾਨਾ ਪ੍ਰਕਿਰਤੀ ਦੇ ਸਾਰੇ ਆਕਰਸ਼ਣ ਭੁਲਾ ਦਿੰਦੇ ਸਨ। ਮੇਰੇ ਕੋਲ ਪੜ੍ਹਨ ਲਈ ਕੋਈ ਕਿਤਾਬ ਨਹੀਂ ਸੀ ਅਤੇ ਨਾ ਹੀ ਕੋਈ ਸਮਾਂ ਬਿਤਾਉਣ ਲਈ ਮਨਭਾਉਂਦਾ ਸਾਥ ਸੀ। ਅਖ਼ੀਰ ਮੈਨੂੰ ਕਿਸੇ ਵਕੀਲ ਨੇ ਆਪਣੇ ਉਲੀਕੇ ਕੁਝ ਦਸਤਾਵੇਜ਼ਾਂ ਨੂੰ ਸੋਧਣ ਲਈ ਬੇਨਤੀ ਕੀਤੀ। ਰੂਸ ਵਿਚ ਜਾਂ ਹੋਰ ਕਿਤੇ ਵਕੀਲ ਹਮੇਸ਼ਾ ਵਧੀਆ ਵਿਆਕਰਣਕਾਰ ਨਹੀਂ ਹੁੰਦੇ ਜਦੋਂ ਮੈਂ ਉਸ ਦੇ ਖਰੜੇ ਪੜ੍ਹ ਰਿਹਾ ਸੀ। ਮੈਂ ਉਸ ਨੂੰ ਪੁੱਛਿਆ ਕਿ, ਕੀ ਉਸ ਕੋਲ ਕਾਨੂੰਨ ਦੀਆਂ ਕਿਤਾਬਾਂ ਤੋਂ ਇਲਾਵਾ ਪੜ੍ਹਨ ਲਈ ਕੋਈ ਹੋਰ ਕਿਤਾਬਾਂ ਵੀ ਹਨ? "ਕੋਈ ਵੀ ਕਿਤਾਬ ਚੱਲੇਗੀ - ਕੋਈ ਨਾਵਲ ਹੋਵੇ ਚੱਲੇਗਾ - ਬੱਸ ਮੇਰੇ ਦਿਮਾਗ ਨੂੰ ਤਾਜ਼ਾ ਕਰਨ ਲਈ ਕੁਝ ਦੇ ਦੇਵੋ, ਨਹੀਂ ਤਾਂ ਮੈਂ ਉਕਤਾਹਟ ਦੇ ਨਾਲ ਮਰ ਜਾਵਾਂਗਾ।"