ਪੰਨਾ:Pardesi Dhola.pdf/13

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਰਦੇਸੀ ਢੋਲਾ

ਆਦਿਕਾ

ਦੇਖ ਮਨਾਂ, ਇਹ ਥਾਂ ਵੀ ਘਰ ਵਰਗੀ ਹੈ

ਪਰਦੇਸੀ ਢੋਲਾ ਦੀਆਂ ਬਹੁਤੀਆਂ ਕਵਿਤਾਵਾਂ ਭੁਲੇਖਾ ਪਾਉਂਦੀਆਂ ਹਨ। ਪੜ੍ਹਨ ਪਿੱਛੋਂ ਲਗਦਾ ਹੈ, ਇਹ ਪੂਰੀਆਂ ਪੜ੍ਹੀਆਂ ਨਹੀਂ ਗਈਆਂ; ਕਿਤੋਂ ਅਣਪੜ੍ਹੀਆਂ ਰਹਿ ਗਈਆਂ ਹਨ। 'ਪਰਦੇਸ' ਰਹਿੰਦੇ ਬੰਦੇ ਨੂੰ ਵੀ ਭੁਲੇਖਾ ਪੈਂਦਾ ਹੈ ਕਿ ਉਹ ਏਥੇ ਪੂਰਾ ਨਹੀਂ ਰਹਿੰਦਾ; ਕਿਤੇ ਹੋਰ ਵੀ ਰਹਿੰਦਾ ਹੈ। ਇਕ ਪੈਰ ਲੰਡਨ ਵਿਚ ਧਰਦਾ ਹੈ; ਦੂਜਾ ਪੈਰ ਨਕੋਦਰ ਵਿਚ। ਦੇਸ ਪਰਦੇਸ ਦਾ ਇੱਕੋ ਵਿਹੜਾ ਹੈ। ਪਰਦੇਸੀ ਲਈ ਪਰਦੇਸ ਉਹਦੇ ਏਧਰ ਜੰਮੇ ਬੱਚਿਆਂ ਲਈ ਦੇਸ। ਇਕ ਦੂਜੇ ਲਈ ਦੋਵੇਂ ਪਰਦੇਸੀ, ਫਿਰ ਵੀ ਅਪਣੇ। ਪਰਦੇਸੀ ਅਪਣੇ ਬੱਚਿਆਂ ਰਾਹੀਂ 'ਬੇਗਾਨੀ ਮਿੱਟੜੀ ਅੰਦਰ' ਮੁੜ ਕੇ ਜੜ੍ਹਾਂ ਫੜਦਾ ਹੈ; ਉੱਖੜੇ ਰੁੱਖ ਵਾਂਙੂੰ।

ਉੱਖੜੇ ਰੁੱਖੜੇ ਜੜ੍ਹਾਂ ਮੁੜ ਕੇ ਫੜ ਲਈਆਂ
ਬੇਗਾਨੀ ਮਿੱਟੜੀ ਅੰਦਰ
ਹੁਣ ਮੈਂ ਏਥੇ ਤੇ ਓਥੇ ਵੀ ਰਹਿੰਦਾ ਹਾਂ

ਇਹ ਵੀ ਸ਼ਾਇਦ ਉੱਖੜੇ ਬੰਦੇ ਦਾ ਭੁਲੇਖਾ ਹੈ। ਭੁਲੇਖਾ ਉਹਨੂੰ ਪਿਆ ਹੈ, ਜਾਂ ਉਹਨੇ ਆਪ ਪਾਇਆ ਹੈ; ਅਮਰਜੀਤ ਚੰਦਨ ਇਹਦਾ ਨਿਰਣਾ ਨਹੀਂ ਕਰਨ ਲਗਦਾ। ਇਹ ਭੁਲੇਖੇ ਨੂੰ ਤੋੜਦਾ ਵੀ ਨਹੀਂ; ਇਹਨੂੰ ਕਾਵਿਕ ਜੁਗਤ ਵਜੋਂ ਵਰਤਦਾ ਹੈ। 'ਦੇਖ ਮਨਾਂ, ਇਹ ਥਾਂ ਵੀ ਘਰ ਵਰਗੀ ਹੈ/ ਜਿਥੇ ਮਾਂ ਦੀ ਬੁੱਕਲ਼ ਵਿਚ ਵੀ ਚੈਨ ਨਹੀਂ, ਪਰਦੇਸੀ ਕਹਿੰਦਾ ਹੈ। ਇਹ ਤਾਂ ਦੇਸ ਪਰਦੇਸ ਦੀ ਤਾਂ ਕੀ, ਪਰਾਦੇਸ ਦੀ ਗੱਲ ਲਗਦੀ ਹੈ। ਕੀ ਉਹਦੇ ਘਰ ਵੀ ਮਾਂ ਦੀ ਬੁੱਕਲ ਵਿਚ ਵੀ ਸੁਖਚੈਨ ਨਾ ਸੀ? ਜੇ ਨਹੀਂ, ਤਾਂ ਉਹ ਉਸ ਭੋਇੰ ਨੂੰ ਕਿਉਂ ਛੱਡਦਾ ਹੈ? ਬੱਚਾ ਮਾਂ ਦੀ ਕੁੱਖ ਕਿਉਂ ਛੱਡਦਾ ਹੈ? ਇਹ ਪ੍ਰਸ਼ਨ ਹਨ ਹੀ ਮਾਨਵੀ ਹੋਣੀ ਦੇ। ਪਰਦੇਸੀ ਹੋਣਾ ਵੀ ਮਾਂ ਦੀ ਕੁੱਖ ਛੱਡਣ ਦੇ ਤੁਲ ਹੈ। ਇਹ ਬਾਬੇ ਨਾਨਕ ਵਾਲ਼ਾ ਪਰਦੇਸ ਹੈ (ਮਨ ਪਰਦੇਸੀ ਜੇ ਥੀਆ...); ਪਾਸਪੋਰਟ ਵਾਲ਼ਾ ਨਹੀਂ। ਚੰਦਨ ਦੀ ਕਵਿਤਾ ਬੰਦੇ ਦੀ ਹੋਣੀ ਦੀਆਂ ਅਨੇਕ ਤੈਹਾਂ ਫਰੋਲ਼ਦੀ ਹੈ।

ਦੇਸ ਪਰਦੇਸ ਦਾ ਮੁਹਾਵਰਾ ਇਸ ਦੁੱਖ ਨੂੰ ਦੱਸਣ ਜੋਗਾ ਨਹੀਂ। ਨਵਾਂ ਮੁਹਾਵਰਾ ਪੰਜਾਬੀ ਕਵਿਤਾ ਨੇ ਅਜੇ ਘੜਿਆ ਨਹੀਂ। ਚੰਦਨ ਅਣਸਰਦੇ ਨੂੰ ਏਸੇ ਨਾਲ਼ ਸਾਰਦਾ ਹੈ। ਇਹਦੇ ਨਾਲ਼ ਲੜਦਾ ਵੀ ਹੈ, ਕਿਉਂਕਿ ਇਹ ਇਹਦੀ ਗੱਲ ਨੂੰ ਅੱਤਭਾਵੁਕਤਾ

[9]