ਪੰਨਾ:Pardesi Dhola.pdf/47

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਪਰਦੇਸੀ ਢੋਲਾ

...

ਕਿਵੇਂ ਮਿਲ਼ੇਗੀ ਮੁਕਤੀ ਮੈਨੂੰ ਯਾਦਾਂ ਤੋਂ।

ਕਿਸੇ ਤਰ੍ਹਾਂ ਇਹ ਯਾਦਾਂ ਚਿੱਠੀਆਂ ਹੋ ਜਾਵਣ
ਚੁੱਕਾਂ, ਪੜ੍ਹ ਕੇ ਰਖ ਦਿਆਂ, ਜਦ ਦਿਲ ਕਰੇ
ਕਿਸੇ ਤਰ੍ਹਾਂ ਇਹ ਯਾਦਾਂ ਚਿੜੀਆਂ ਹੋ ਜਾਵਣ
ਉਡ ਉਡ ਕੇ ਮੁੱਕ ਜਾਵਣ, ਨ ਕੋਈ ਹੰਝ ਭਰੇ

ਲੱਖ ਚਾਹਿਆ ਇਹ ਸ਼ਹਿਰ ਮੇਰਾ ਜੇ ਹੋ ਜਾਵੇ
ਇਹ ਸੜਕਾਂ ਇਹ ਮੀਂਹ ਵਿਚ ਭਿੱਜੀਆਂ ਰੋਸ਼ਨੀਆਂ
ਭਰ ਲੈਣ ਕਲ਼ਾਵੇ ਵਿਚ ਮੈਨੂੰ
ਨ ਕੋਈ ਯਾਦ ਰਹੇ ਨ ਸੁਧ ਰਹੇ

ਜਦ ਵੀ ਤੁਰਦਾਂ ਪੈਰੀਂ ਟੇਪਾਂ ਉਲ਼ਝਦੀਆਂ
ਗੀਤ ਪੁਰਾਣੇ ਰੁਲ਼ਦੇ ਫਿਰਦੇ ਰਾਹਵਾਂ 'ਤੇ
ਜਦੋਂ ਜਹਾਜ਼ ਹਵਾਈ ਸਿਰ ਤੋਂ ਲੰਘਦਾ ਹੈ
ਸਿੱਧਾ ਦਿਲ ਵਿਚ ਆ ਕੇ ਲਹਿੰਦਾ ਹੈ
ਮਨ ਖੁੱਸਦਾ ਸੋਚੀਂ ਪੈਂਦਾ ਮੁੜ-ਮੁੜ ਕਹਿੰਦਾ ਹੈ-
ਇਹ ਕਿਉਂ ਆਇਆ ਇਨ ਕਿਥੇ ਜਾਣਾ ਸੀ

ਘੁੱਗੀ ਦੀ ਆਵਾਜ਼ ਕੰਨੀਂ ਜਦ ਪੈਂਦੀ ਹੈ
ਵਰ੍ਹਿਆਂ ਦੇ ਖੰਭ ਸੁੰਗੜ ਕੇ ਰਹਿ ਜਾਂਦੇ ਨੇ
ਚਿੰਤਾ ਵਿਚ ਕੋਈ ਪੰਛੀ ਕੰਬ-ਕੰਬ ਜਾਂਦਾ ਹੈ
ਨ ਉਡਦਾ ਨ ਕੂੰਦਾ ਤੇ ਨ ਗਾਉਂਦਾ ਹੈ
ਏਹੀ ਰਿਹਾ ਜੇ ਹਾਲ ਮੈਂ ਪਾਗਲ ਹੋ ਜਾਣਾ
ਕਿਵੇਂ ਮਿਲ਼ੇਗੀ ਮੁਕਤੀ ਮੈਨੂੰ ਯਾਦਾਂ ਤੋਂ

[43]