ਪੰਨਾ:Phailsufian.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਧਿਆਨ

ਪਾਠਕਾਂ ਦੀ ਮਿਹਰ ਹੈ ਕਿ ਇਹ ਕਿਤਾਬ ਦਸ ਸਾਲਾਂ ਮਗਰੋਂ ਫੇਰ ਛਪਣ ਲੱਗੀ ਹੈ। ਇਹਨੂੰ ਮੈਂ ਅਪਣੇ ਹੱਥੀਂ ਬੀੜਨ ਲੱਗਾ ਹਾਂ। ਇਹ ਲੇਖ ਮੈਂ ਲੰਡਨੋਂ ਛਪਦੇ ਹਫ਼ਤੇਵਾਰ ਅਖ਼ਬਾਰ ਪੰਜਾਬੀ ਦਰਪਣ ਲਈ ਲਿਖਣ ਲੱਗਾ ਸੀ। ਇਹ ਨਾਲੋਂ ਨਾਲ਼ ਪ੍ਰੀਤ ਲੜੀ ਚ ਵੀ ਛਪਦੇ ਰਹੇ। ਕਾਲਮ ਦਾ ਨਾਂ ਫੈਲਸੂਫੀਆਂ ਸੀ। ਮੈਨੂੰ ਛੇਤੀ ਹੀ ਪਤਾ ਲਗ ਗਿਆ ਸੀ ਕਿ ਕਾਲਮ ਲਿਖਣ ਦੀ ਬਾਨ੍ਹ ਲਿਖਾਰੀ ਲਈ ਘਾਤਕ ਹੁੰਦੀ ਹੈ।

ਏਨੇ ਸਾਲਾਂ ਮਗਰੋਂ ਅਪਣਾ ਲਿਖਿਆ ਪੜ੍ਹ ਕੇ ਕਈ ਥਾਈਂ ਮੈਨੂੰ ਸੰਙ ਆਈ। ਫਾਲਤੂ ਅਲੰਕਾਰ ਤੇ ਉਰਦੂ ਸ਼ਾਇਰੀ ਵਾਲੇ ਲਫ਼ਜ਼ ਵਰਤਣ ਦਾ ਮੈਨੂੰ ਮੋਹ ਰਿਹਾ ਹੈ। ਅੰਗਰੇਜ਼ੀ ਦਾ ਅਸਰ ਏਨਾ ਹੈ ਕਿ ਸੋਚਿਆ ਪਰਾਈ ਬੋਲੀ ਚ ਹੁੰਦਾ ਹੈ ਤੇ ਲਿਖਿਆ ਪੰਜਾਬੀ ਵਿਚ। ਇਹ ਔਗੁਣ ਮੇਰੀ ਹੁਣ ਦੀ ਲਿਖਤ ਵਿਚ ਨਹੀਂ ਹੈ। ਸਿੱਧੀ ਗੱਲ ਕਰਨੀ ਮੈਂ ਪ੍ਰੇਮ ਪ੍ਰਕਾਸ਼ ਤੇ ਸੁਰਜੀਤ ਹਾਂਸ ਤੋਂ ਤੇ ਫਿਰ ਜੰਨ ਬਰਜਰ ਤੋਂ ਸਿੱਖੀ ਸੀ। ਇਹ ਕਿਤਾਬ ਬੀੜਦਿਆਂ ਵੀ ਮੈਂ ਇਹ ਗੱਲ ਧਿਆਨ ਚ ਰੱਖੀ। ਵਧਾਇਆ ਕੁਛ ਨਹੀਂ, ਘਟਾਇਆ ਹੀ ਹੈ; ਤੱਤ ਨਹੀਂ ਬਦਲਿਆ। ਮੇਰੀ ਸੋਚ ਨਿਤ ਬਦਲਦੀ ਰਹਿੰਦੀ ਹੈ। ਏਨੇ ਸਾਲਾਂ ਦਾ ਲਿਖਿਆ ਮੁੜ ਵਾਚਿਆ, ਤਾਂ ਮੈਂ ਕਈ ਥਾਈਂ ਗੱਲ ਵਟਾ ਦਿੱਤੀ; ਕਈ ਥਾਈਂ ਕੁਚੱਜੀ ਜਾਣਦਿਆਂ ਵੀ ਨਹੀਂ ਬਦਲੀ। ਮੇਰਾ ਲੇਖਾ ਉਸ ਰੁਸੀ ਵਾਲਾ ਹੋ ਗਿਐ, ਜਿਹੜਾ ਕਹਿੰਦਾ ਸੀ- ਮੇਰੀ ਅਪਣੀ ਰਾਏ ਤਾਂ ਹੈ, ਪਰ ਮੈਂ ਉਹਨੂੰ ਮੰਨਦਾ ਨਹੀਂ! -ਮੈਨੂੰ ਸੁਕਰਾਤ ਦੀ ਇਹ ਗੱਲ ਵੀ ਨਹੀਂ ਭੁੱਲਦੀ ਮੈਨੂੰ ਪਤੈ ਕਿ ਮੈਨੂੰ ਕੁਛ ਨਹੀਂ ਪਤਾ।

ਕਿਤਾਬ ਦੇ ਅੰਦਰ ਬਾਹਰ ਦੀਆਂ ਮੂਰਤਾਂ ਤੁਰਕੀ ਦੇ ਕਲਾਕਾਰ ਖ਼ਾਨ ਗੁਨੇਰ ਤੇ ਅਪਣੇ ਪ੍ਰੇਮ ਸਿੰਘ ਨੇ ਬਣਾਈਆਂ। ਛਾਪੇ ਦਾ ਪੁੱਠਾ ਲੱਲਾ ਮੰਗਤ ਰਾਏ ਭਾਰਦ੍ਵਾਜ ਨੇ ਘੜ ਕੇ ਦਿੱਤਾ। ਕੁਝ ਟੋਟਕੇ ਮੈਂ ਨਾਹਰ ਸਿੰਘ ਤੇ ਕਰਮਜੀਤ ਸਿੰਘ ਦੇ ਸੰਜੋਏ ਲੋਕਗੀਤਾਂ ਚੋਂ ਲਏ ਹਨ ਅਤੇ ਕੁਝ ਸੁਰਿੰਦਰ ਸਿੰਘ ਕੋਹਲੀ ਤੇ ਗੌਤਮ ਸਚਦੇਵ ਦੀ ਕ੍ਰਿਪਾ ਨਾਲ ਮਿਲੇ। ਬਲਰਾਜ ਸਿੰਘ ਗਰੇਵਾਲ ਸਦਕਾ ਮੇਰੀਆਂ ਸਾਰੀਆਂ ਕਿਤਾਬਾਂ ਇੰਟਰਨੈੱਟ 'ਤੇ ਵੀ ਪੜ੍ਹੀਆਂ ਜਾ ਸਕਦੀਆਂ ਹਨ। ਮੈਂ ਇਨ੍ਹਾਂ ਸਾਰਿਆਂ ਦਾ ਦੇਣਦਾਰ ਹਾਂ। ਇਤੀਸ਼੍ਰੀ।

ਲੰਡਨ, 24 ਅਕਤੂਬਰ 2000 - ਅਮਰਜੀਤ ਚੰਦਨ