ਪੰਨਾ:Phailsufian.pdf/68

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/64

ਕੌਰਨਫ਼ਰਡ ਨੇ ਕਵਿਤਾ ਲਿਖੀ ਸੀ:

We can do nothing to ease that pain.
But prove the agony was not in vain.

ਛੇਵੇਂ ਦਹਾਕੇ ਦੇ ਅੱਧ ਵਿਚ ਪੰਜਾਬੀ ਕਵਿਤਾ ਵਿਚ ਮਧਵਰਗੀ ਨਿਪੁੰਸਕਤਾ ਨੂੰ ਰੁਮਾਨੀ ਰੰਗ ਵਿਚ ਪੇਸ਼ ਕਰਨ ਦਾ ਰੁਜਹਾਨ ਚੱਲਿਆ ਸੀ। ਇਸ ਤਰ੍ਹਾਂ ਕੁਝ ਕਵਿਤਾਵਾਂ ਸ਼ਿਵ ਕੁਮਾਰ 'ਤੇ ਮੀਸ਼ੇ ਨੇ ਲਿਖੀਆਂ ਸੀ। ਮੀਸ਼ੇ ਦੀ ਕਵਿਤਾ ਚੀਕ ਬੁਲਬੁਲੀ ਦੀ ਚਰਚਾ ਹੋਈ ਸੀ। ਅਸੀਂ ਤੱਤੇ ਸੁਭਾਅ ਵਾਲ਼ੇ ਇਨ੍ਹਾਂ ਕਵੀਆਂ ਦਾ ਮਖੌਲ ਉਡਾਉਂਦੇ ਹੁੰਦੇ ਸੀ। ਦੂਜੇ ਪਾਸੇ ਜਗਤਾਰ ਵਰਗਿਆਂ ਦੀ ਸ਼ੋਰੀਲੀ ਕਵਿਤਾ ਚੰਗੀ ਲਗਦੀ ਸੀ।

ਕੁਝ ਇਨਸਾਨੀ ਹਾਲਤਾਂ ਬੜੀਆਂ ਨਾਟਕੀ ਹੁੰਦੀਆਂ ਹਨ। ਕਾਤਲ ਦੀ ਗੋਲ਼ੀ ਨਾਲ਼ ਦਮ ਤੋੜ ਰਹੇ ਇਨਸਾਨ ਦੀ ਫ਼ਿਲਮ ਬਣਾਉਂਦੇ ਫ਼ੋਟੋਗਰਾਫ਼ਰ ਸਾਹਮਣੇ ਧਰਮ ਸੰਕਟ ਹੁੰਦਾ ਹੈ ਮਰ ਰਹੇ ਇਨਸਾਨ ਨੂੰ ਬਚਾਉਣਾ ਜ਼ਰੂਰੀ ਹੈ, ਜਾਂ ਉਹਦੀ ਫ਼ੋਟੋ ਖਿੱਚਣੀ? ਵੀਅਤਨਾਮ ਜੰਗ ਵਿਚ ਅੰਗਰੇਜ਼ ਫ਼ੋਟੋਗਰਾਫ਼ਰ ਡੌਨ ਮੈਕੁਇਲਿਨ ਦਾ ਇਹੀ ਹਾਲ ਹੋਇਆ ਸੀ। ਉਹਨੂੰ ਮਰ ਰਿਹਾਂ ਨੂੰ ਦੇਖਦਿਆਂ ਕੁਝ ਨਾ ਕਰਨ ਦਾ ਝੋਰਾ ਹੈ। ਚੇ ਗੁਵਾਰਾ ਆਪ ਡਾਕਟਰ ਸੀ। ਜੰਗ ਲੜਦਿਆਂ ਉਹਨੂੰ ਫ਼ੈਸਲਾ ਕਰਨਾ ਪਿਆ ਸੀ: ਜਾਂ ਬੰਦੂਕ ਜਾਂ ਦਵਾਈਆਂ ਦਾ ਥੈਲਾ? ਉਹਨੇ ਬੰਦੂਕ ਚੁੱਕੀ ਸੀ।

ਅੱਜ ਦੇ ਪੰਜਾਬੀ ਰੁਦਨ ਲੇਖਕਾਂ ਦੀ ਬਹੁਤੇ ਲੇਖਕਾਂ ਦੀ ਸਵੈ ਨਾਲ਼, ਨਾ ਸਮਾਜ ਨਾਲ਼ ਤੇ ਨਾ ਸ਼ਬਦ ਨਾਲ਼ ਕੋਈ ਕਮਿਟਮੈਂਟ ਹੈ। ਇਹ ਮੁਕਾਣ ਦੇਣ ਆਈਆਂ ਚਲਿਤਰੀ ਤੀਵੀਂਆਂ ਹਨ। ਚੈਖੋਵ ਨੇ ਆਖਿਆ ਸੀ: ਕੋਈ ਮੁਹੱਬਤ ਵਿਚ, ਵੈਦਗੀ ਵਿਚ ਝੂਠ ਬੋਲ ਸਕਦਾ ਹੈ। ਇਸ ਤਰ੍ਹਾਂ ਬੜਾ ਕੁਝ ਹੁੰਦਾ ਰਿਹਾ ਹੈ। ਪਰ ਕਲਾ ਵਿਚ ਕੋਈ ਝੂਠ ਨਹੀਂ ਬੋਲ ਸਕਦਾ।

ਪਰ ਅੱਜ ਤਾਂ ਝੂਠ ਦੀ ਚੜ੍ਹ ਮਚੀ ਹੋਈ ਹੈ।