ਪੰਨਾ:Phailsufian.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/94


ਫ਼ੈਜ਼ ਸਾਹਿਬ ਬੜਾ ਚਿਰ ਪਹਿਲਾਂ ਅਪਣੀ ਗ਼ਜ਼ਲ ਵਿਚ ਆਖ ਚੁੱਕੇ ਸਨ: ਮੁਝ ਸੇ ਪਹਲੀ ਸੀ ਮੁਹੱਬਤ ਮੇਰੀ ਮਹਬੂਬ ਨਾ ਮਾਂਗ...। ਦੂਜੇ ਪਾਸੇ ਗ਼ਾਲਿਬ ਨੇ ਲਿਖਿਆ ਸੀ: ਗੋ ਮੈਂ ਰਹਾ ਰਹੀਨੇ-ਸਿੱਤਮ ਹਾਏ ਰੂਜ਼ਗਾਰ/ਲੇਕਿਨ ਤੇਰੇ ਖ਼ਿਆਲ ਸੇ ਗਾਫ਼ਿਲ ਨਹੀਂ ਰਹਾ।

ਪਾਸ਼ ਅਪਣੀ ਕਵਿਤਾ ਕਲਾਮ ਮਿਰਜ਼ਾ ਵਿਚ ਔਰਤ-ਮਰਦ ਦੇ ਰਿਸ਼ਤੇ ਦਾ ਨਵਾਂ ਮਿਆਰ ਬਣਾਉਂਦਾ ਹੈ ਕਿ ਹੁਣ ਨਾ ਤਾਂ ਉਹ ਮਿਰਜ਼ਾ ਹੈ ਤੇ ਨਾ ਸਾਹਬਾਂ ਰਹੀ ਹੈ ਅਤੇ ਨਾ ਹੀ ਉਸ ਪਿਆਰ ਦਾ ਕਿੱਸਾ ਗਾਉਣ ਵਾਲ਼ਾ ਪੀਲੂ ਸ਼ਾਇਰ। ਛੰਨੀ, ਚਿੜੀਆਂ ਦਾ ਚੰਬਾ, ਹੈ ਤਾਂ ਬੜਾ ਅਜੀਬ ਵਰਗੀਆਂ ਕਵਿਤਾਵਾਂ ਵਿਚ ਪਾਸ਼ ਪੰਜਾਬੀ ਔਰਤ ਦਾ ਹਮਦਰਦੀ ਬਣਦਾ ਹੈ।

ਭਗਵਾਨ ਜੋਸ਼ ਨੇ ਲਿਖਿਆ: ਪਾਸ਼ ਜਦ ਨਿੱਕੇ ਨਿੱਕੇ ਸੰਸਿਆਂ ਨਾਲ਼ ਘੁਲ਼ਦਿਆਂ ਜ਼ਿੰਦਗੀ ਵਿਚ ਮੁੜ ਯਕੀਨ ਕਾਇਮ ਕਰਨ ਦੀ ਕੋਸ਼ਿਸ਼ ਵਿਚ ਇਨ੍ਹਾਂ ਨੂੰ ਪੂਰੇ ਦੌਰ ਦਾ ਤਰਜਮਾਨ ਬਣਾਉਂਦਾ ਹੈ ਅਤੇ ਜ਼ਿੰਦਗੀ ਦੀ ਸ਼ਾਨ ਤੇ ਆਜ਼ਾਦੀ ਦਾ ਮਹਾਨ ਵਿਸ਼ਾ ਛੁੰਹਦਾ ਹੈ, ਤਾਂ ਇਹਦੀ ਅਸਲ ਕਾਵਿ ਪ੍ਰਤਿਭਾ ਦੇ ਦਰਸ਼ਨ ਹੁੰਦੇ ਹਨ। ਰਾਤ ਨੂੰ, ਬਰਸਾਤ, ਕੰਡੇ ਦਾ ਜ਼ਖ਼ਮ, ਯੁੱਧ ਤੇ ਸ਼ਾਂਤੀ, ਚਿੜੀਆਂ ਦਾ ਚੰਬਾ, ਖੂਹ, ਧਰਮਦੀਕਸ਼ਾ, ਸਭ ਤੋਂ ਖ਼ਤਰਨਾਕ ਵਰਗੀਆਂ ਕਵਿਤਾਵਾਂ ਯਾਦਗਾਰੀ ਹਨ: ਭਵਾਂਟਣੀ ਖਾ ਕੇ ਪੰਜਾਲ਼ੀ ਸਣੇ ਡਿਗੇ ਮਰ ਰਹੇ ਝੋਟੇ ਦੇ ਸਿਰ 'ਤੇ ਮੰਡਰਾ ਰਿਹਾ ਕਿਸੇ ਅਦਿਖ ਪੰਛੀ ਦਾ ਸਹਿਮ...ਮੇਰੇ ਧੁਰ ਅੰਦਰ ਕਿਤੇ ਬੱਦਲ਼ ਗੜ੍ਹਕਦੇ ਹਨ ਤੇ ਮੈਂ ਆਲ੍ਹਣਿਆਂ ਵਿਚ ਡਰਦਾ ਹਾਂ ਮਾਸੂਮਤਾ ਨਾਲ਼...ਧਰਤੀ ਉਡਦੇ ਕਾਵਾਂ ਵਲ ਤੱਕਦੀ ਰਹਿੰਦੀ ਹੈ।

ਮੈਂ ਨਾਂ ਲੈ ਕੇ ਕਿਸੇ ਕਵੀ ਨੂੰ ਕਿਸੇ ਹੋਰ ਕਵੀ ਨਾਲ਼ ਮੇਲਣ ਦਾ ਕਾਇਲ ਨਹੀਂ। ਏਨਾ ਹੀ ਆਖਣਾ ਕਾਫ਼ੀ ਹੈ ਕਿ ਪਾਸ਼ ਦੇ ਸਿਰਜੇ ਉਪਰੋਕਤ ਬਿੰਬ ਲਾਸਾਨੀ ਹਨ।