ਪੰਨਾ:Tarel Tupke.pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਯਾਰੀਆਂ

ਰਾਂਝਾ ਬੈਠਾ ਤਖ਼ਤ ਹਜ਼ਾਰੇ
ਨਾਲ ਭਾਬੀਆਂ ਅੜਦਾ,-
ਕਾੱਸਾ ਅਜੇ ਚੱਕ ਹੈ ਚੜ੍ਹਿਆ,-
ਹਥ ਘੁਮਿਆਰ ਉਸ ਘੜਦਾ,-
ਹੀਰ ਸੁਰਾਹੀ ਧਉਣ ਨਿਵਾਈ
ਖਲੀ ਝਨਾਂ ਦੀ ਕੰਧੀ;-
ਸ਼ਹੁ ਦਰਯਾ ਵੱਗੇ ਨਹੀਂ ਅਟਕੇ
ਤੁਪਕਾ ਤੁਪਕਾ ਖੜਦਾ ।।੭।।

ਬਦੀ

ਦਾਖਾਂ ਤੇ ਅੰਗੂਰੀ ਸ਼ੀਸ਼ੇ
ਕੁਦਰਤ ਆਪ ਬਨਾਏ,
ਮਿੱਠੇ ਤੇ ਸੁਵਾਦੀ ਰਸ ਭਰ ਭਰ
ਵੇਲਾਂ ਗਲ ਲਟਕਾਏ,
ਤੂੰ ਉਹ ਤੋੜ ਮੱਟ ਵਿਚ ਪਾਏ,
ਰਖ ਰਖ ਕੇ ਤਰਕਾਏ,-
ਦੁਖ-ਦੇਵੇ ਦਾਰੂ ਉਸ ਵਿੱਚੋਂ
ਤੂੰ ਹਨ ਆਪ ਚੁਆਏ ।।੮।।

ਅਚੱਲ ਰਾਂਝਾ

ਸਾਡਾ ਰਾਂਝਾ ਤਖਤ ਹਜ਼ਾਰੇ
ਤਖਤੋਂ ਕਦੀ ਨ ਉਠਦਾ,
ਝੰਗ ਸਿਆਲੀਂ ਬੈਠਿਆਂ ਸਾਨੂੰ
ਖਿੱਚਾਂ ਪਾ ਪਾ ਕੁਠਦਾ;
ਆਵੇ ਆਪ ਨ ਪਾਸ ਬੁਲਾਵੇ,
ਸੱਦ ਵੰਝਲੀ ਦੀ ਘੱਲੇ:
ਕੁੰਡੀ ਪਾ ਪਾਣੀ ਵਿਚ ਰੱਖਦਾ,-
ਰੁਠਦਾ ਹੈ ਕੇ ਤ੍ਰੁਠਦਾ ।।੯।।