ਬੁਝਦਾ ਦੀਵਾ/ਪਰਵੇਸ਼

ਵਿਕੀਸਰੋਤ ਤੋਂ
Jump to navigation Jump to search
 

ਪਰਵੇਸ਼

ਕਰਤਾਰ ਸਿੰਘ 'ਸਾਹਣੀ' ਕਹਾਣੀ ਲੇਖਕ ਨਹੀਂ, ਇਕ ਮਜ਼ਦੂਰ ਹੈ, ਜਿਸ ਦੀ ਇਹ ਬਹੁਤ ਪੁਰਾਣੀ ਰੀਝ ਹੈ ਕਿ ਮੈਂ ਮਾਤ-ਬੋਲੀ ਦੀ ਆਪਣੇ ਵਿਤ-ਅਨੁਸਾਰ ਸੇਵਾ ਕਰ ਸਕਾਂ। ਚੰਗੀਆਂ ਕਿਤਾਬਾਂ ਨੂੰ ਢੂੰਢ ਕੇ ਵੀ ਪੜ੍ਹਿਆ ਜਾਵੇ, ਇਹ ਸ਼ੌਕ ਏਸ ਨੂੰ ਕਈ ਚਿਰ ਤੋਂ ਹੈ ਤੇ ਓਸੇ ਸ਼ੌਕ ਦੀ ਬਰਕਤ ਸਮਝੋ ਕਿ ਛਾਪੇ ਖਾਨੇ ਦੇ ਹਨੇਰੇ ਵਿਚ ਰਹਿਣ ਵਾਲਾ ਇਹ ਮਜ਼ਦੂਰ, ਕਹਾਣੀਆਂ ਦਾ ਇਕ ਸੰਖੇਪ ਜਿਹਾ ਸੰਗ੍ਰਹਿ ਲੈ ਕੇ ਸਾਹਿਤ-ਸ਼ਾਲਾ ਵਿਚ ਪ੍ਰਵੇਸ਼ ਕਰ ਰਿਹਾ ਹੈ।

ਅਜ ਦੀ ਕਹਾਣੀ-ਕਲਾ ਵਿਚ ਕੀ ਕੀ ਬਾਰੀਕੀਆਂ ਅਤੇ ਨਿਖ਼ਾਰ ਆ ਚੁੱਕੇ ਹਨ, ਕਰਤਾਰ ਸਿੰਘ ਉਹਨਾਂ ਵਿਚੋਂ ਕਿਸੇ ਨਾਲ ਵੀ ਵਾਕਫੀ ਨਹੀਂ ਰਖਦਾ ਤੇ ਓਸ ਨੇ ਜਿਹੜੀਆਂ ਮੌਲਿਕ ਕਹਾਣੀਆਂ ਵੀ ਲਿਖੀਆਂ ਹਨ, ਉਹਨਾਂ ਵਿਚ ਹੁਨਰ ਦੀ ਥਾਂ ਅਸਲੀਅਤ ਵਧੇਰੇ ਹੈ। ਜ਼ਿੰਦਗੀ ਵਿਚ ਕਰਤਾਰ ਸਿੰਘ ਨੇ ਗ਼ਮੀਆਂ ਹੀ ਗ਼ਮੀਆਂ ਵੇਖੀਆਂ ਹਨ ਤੇ ਕਿਉਂਕਿ ਓਹਦੇ ਸੁਭਾਉ ਵਿਚ ਲਚਕ ਬੜੀ ਥੋੜੀ ਹੈ, ਇਸ ਲਈ ਕਾਫੀ ਖਖੇੜ ਬਖੇੜਾ ਵਿਚੋਂ ਲੰਘਣ ਦੇ ਬਾਵਜੂਦ ਵੀ ਕਰਤਾਰ ਸਿੰਘ ਜ਼ਿੰਦਗੀ ਦੀਆਂ ਹੁਸੀਨ ਖੁਸ਼ੀਆਂ ਤੋਂ ਜਾਣੂੰ ਨਹੀਂ ਹੋ ਸਕਿਆ। ਓਹਦੇ ਸੀਨੇ ਵਿਚ ਸਾਫ ਸਾਫ ਕਹਿ ਦੇਣ ਵਾਲੇ ਮਜ਼ਦੂਰ ਦਾ ਖਰ੍ਹਵਾ ਜਿਹਾ ਦਿਲ ਹੈ ਅਤੇ ਅਜੇ ਉਹ ਸਮਾ ਨਹੀਂ ਆਇਆ, ਜਦ ਇਸ ਤਰ੍ਹਾਂ ਦੇ ਖਰ੍ਹਵੇ ਪਰ ਸਾਫ ਆਦਮੀਆਂ ਦੀ ਕਦਰ ਪੈ ਸਕੇ।

ਪਰਵੇਸ਼

 
ਗ਼ਮ ਨਾਲ ਵਧੀਕ ਸਾਂਝ ਰਖਣ ਕਰ ਕੇ ਕਰਤਾਰ ਸਿੰਘ ਨੇ ਅਨੁਵਾਦ ਕਰਨ ਲਈ ਵੀ ਓਹੋ ਕਹਾਣੀਆਂ ਹੀ ਚੁਣੀਆਂ, ਜੋ ਦੁਖਾਂਤ ਹਨ ਅਤੇ ਏਸੇ ਕਰ ਕੇ ਉਹਨਾਂ ਦੀ ਮੌਲਿਕਤਾ ਵਿਚ ਕਮੀ ਨਹੀਂ ਆਈ। ਮੈਂ ਸਮਝਦਾ ਹਾਂ ਕਿ ਜੇ ਕਰਤਾਰ ਸਿੰਘ ਜ਼ਿੰਦਗੀ ਦੇ ਨਵੇਂ ਤੇ ਵਡੇ ਤਜਰਬੇ ਕਰਨ ਦੇ ਨਾਲ ਅਜ ਦੇ ਸਾਹਿਤ ਨੂੰ ਬਾਕਾਇਦਗੀ ਨਾਲ ਪੜ੍ਹਨ ਲਗ ਪਵੇ, ਤਾਂ ਉਹ ਕਹਾਣੀ ਦੇ ਹੁਨਰ ਤੋਂ ਵੀ ਜਾਣੂੰ ਹੋ ਜਾਵੇਗਾ ਤੇ ਉਸ ਦੇ ਬਿਆਨ ਵਿਚੋਂ ਉਹ ਸੁਭਾਵਕਤਾ ਵੀ ਲਭਣ ਲਗ ਪਵੇਗੀ ਜੋ ਕਿਸੇ ਸਫਲ ਹੁਨਰ-ਮੰਦ ਦੇ ਹੁਨਰ ਵਿੱਚ ਹੁੰਦੀ ਹੈ।

ਮੈਂ ਆਪ ਮਜ਼ਦੂਰ ਹਾਂ ਤੇ ਮੇਰੀ ਇਹ ਖਾਹਸ਼ ਹੈ ਕਿ ਹਰ ਮਜ਼ਦੂਰ ਨੂੰ ਉਸ ਦੀ ਮਿਹਨਤ ਦਾ ਵੱਧ ਤੋਂ ਵੱਧ ਮੁਲ ਮਿਲੇ। ਕਰਤਾਰ ਸਿੰਘ ਦੀ ਰਚਨਾ ਨਾਲ ਮੈਨੂੰ ਕਰਤਾਰ ਸਿੰਘ ਜਿੰਨਾ ਹੀ ਪਿਆਰ ਹੈ, ਏਸੇ ਕਰ ਕੇ ਛਪਣ ਤੋਂ ਪਹਿਲਾਂ ਮੈਂ ਓਸ ਦੀ ਇਕ ਇਕ ਕਹਾਣੀ ਬੜੇ ਧਿਆਨ ਨਾਲ ਪੜ੍ਹੀ ਹੈ। ਪੰਜਾਬੀ ਪਿਆਰਿਆਂ ਪਾਸ ਮੇਰੀ ਇਹ ਸਫਾਰਸ਼ ਹੈ ਕਿ ਉਹ ਮੇਰੇ ਏਸ ਮਜ਼ਦੂਰ ਭਰਾ ਦੀ ਪਹਿਲੀ ਪੁਸਤਕ ਨੂੰ ਪੂਰੇ ਆਦਰ ਨਾਲ ਪੜਨ ਤੇ ਏਸ ਦੀ ਵੱਧ ਤੋਂ ਵੱਧ ਕਦਰਦਾਨੀ ਕਰ ਕੇ ਇਸ ਨੂੰ ਇਸ ਯੋਗ ਬਨਾਉਣ ਕਿ ਇਹ ਸਾਨੂੰ ਹੋਰ ਚੰਗੇਰੀਆਂ ਚੀਜ਼ਾਂ ਦੇ ਸਕੇ।

ਇਹਨਾਂ ਕਹਾਣੀਆਂ ਨੂੰ ਕਲਾ ਦੇ ਪੈਮਾਨੇ ਨਾਲ ਮਿਣਨ ਦੀ ਥਾਂ ਉਸ ਅਹਿਸਾਸ ਨਾਲ ਜਾਚਣਾ ਤੇ ਪਰਖਣਾ ਚਾਹੀਦਾ ਹੈ, ਜਿਸ ਤੋਂ ਪ੍ਰੇਰਨਾ ਲੈ ਕੇ ਇਹ ਲਿਖੀਆਂ ਗਈਆਂ ਹਨ।

ਲਾਹੌਰ ਅਵਤਾਰ ਸਿੰਘ
੨੫-੭-੪੪