ਸਮੱਗਰੀ 'ਤੇ ਜਾਓ

ਬੁਝਦਾ ਦੀਵਾ/ਪੁਜਾਰੀ

ਵਿਕੀਸਰੋਤ ਤੋਂ

ਪੁਜਾਰੀ

ਬੁਧ ਮਤ ਦਾ ਪੁਜਾਰੀ ਬੁਢਾ ਟੋਜੀਓ ਆਪਣੀ ਧੁਨ ਵਿਚ ਮਸਤ ਤੁਰਿਆ ਜਾਂਦਾ ਵੇਸ਼ਵਾਆਂ ਦੀ ਗਲੀ ਵਿਚ ਆ ਨਿਕਲਿਆ। ਏਸ ਮਹੱਲੇ ਵਿਚੋਂ ਹੁੰਦਾ ਹੋਇਆ ਦੂਰ ਸਾਰੇ ਪਹੁੰਚ ਗਿਆ। ਉਨ੍ਹਾਂ ਦੀ ਬਾਹਰਲੀ ਟੀਪ ਟਾਪ ਤੇ ਰਹਿਣੀ ਬਹਿਣੀ ਨੂੰ ਵੇਖ ਕੇ ਉਸ ਮਨ ਹੀ ਮਨ ਵਿਚ ਆਖਿਆ-“ਵੇਸ਼ਵਾਆਂ ਦੇ ਐਸ਼ ਆਨੰਦ ਤੇ ਮਹਾਤਮਾ ਬੁਧ ਦੇ ਮੰਦਰਾਂ ਦੀ ਸਾਦਗੀ ਵਿਚ ਕਿੰਨਾ ਵੱਡਾ ਫਰਕ ਹੈ।"

ਇਹ ਇਕ ਤੰਗ ਜਹੀ ਗਲੀ ਸੀ, ਜਿਸ ਵਿਚ ਛੋਟੀਆਂ ਛੋਟੀਆਂ ਜਾਪਾਨੀ ਬਤੀਆਂ ਦੀ ਰੌਸ਼ਨੀ ਸੀ। ਟੋਜੀਓ ਨੇ ਇਕ ਜਗ੍ਹਾ ਲਿਖਿਆ ਹੋਇਆ ਵੇਖਿਆ-"ਏਸ ਸੁਨਹਿਰੀ ਘਰ ਵਿਚ ਓਮਾਂ ਰਹਿੰਦੀ ਹੈ।” ਇਕ ਦੂਜੇ ਤੇ ਲਿਖਿਆ ਸੀ-“ਏਥੇ ਸੁਰੇਸ਼ ਆਪਣੇ ਨਾਜ਼ ਨਖਰਿਆਂ ਦਾ ਵਿਖਾਵਾ ਪਾਉਂਦੀ ਏ ।"

ਟੋਜੀਓ ਨੇ ਹਾਉਕਾ ਲੈ ਕੇ ਆਖਿਆ-'ਗੁਨਾਹਾਂ ਦੇ ਚਿੱਕੜ ਵਿਚ ਧਸੇ ਲੋਕਾਂ ਦਾ ਛੁਟਕਾਰਾ ਅਨਹੋਣੀ ਗੱਲ ਏ । ਇਹਨਾਂ ਨਾਚੀਆਂ ਨੂੰ ਇਹ ਡੂੰਘੀ ਸੋਚ ਕਿਸ ਤਰਾਂ ਫੁਰ ਸਕਦੀ ਏ, ਹਾਲਾਂ ਕਿ ਸਭ ਤੋਂ ਵਧੀਕ ਸੋਚਣ ਵਾਲੀ ਗੱਲ ਇਹੋ ਏ।" ਇਹਨਾਂ ਖ਼ਿਆਲਾਂ ਵਿਚ ਡੁੱਬਾ ਓਹ ਗਲੀ ਵਿਚੋਂ ਲੰਘ ਹੀ ਰਿਹਾ ਸੀ ਕਿ ਉਸ ਨੇ ਇਕ ਘਰ ਚੋਂ ਹੱਸਣ ਦੀ ਆਵਾਜ਼ ਤੇ ਕਿਸੇ ਨੱਚ ਰਹੀ ਵੇਸ਼ਵਾ ਕੁੜੀ ਦੇ ਘੁੰਗਰੂਆਂ ਦੀ ਮਿੱਠੀ ਟੁਣਕਾਰ ਸੁਣੀ। ਟੋਜੀਓ ਨੇ ਜੋਸ਼ ਵਿਚ ਆ ਕੇ ਆਖਿਆ, “ਓ ਗਾਫ਼ਲੋ ! ਓ ਅਲਪ ਕਾਲ ਖੁਸ਼ੀ ਦੇ ਚਾਹਵਾਨੋ!! ਈਸ਼੍ਵਰ ਅੱਗੇ ਪ੍ਰਾਰਥਨਾ ਕਰੋ ਕਿ ਉਹ ਤੁਹਾਨੂੰ ਚੁੱਪ ਰਹਿਣ ਦੇ ਗੁਣ ਤੇ ਬੇ-ਅਰਥ ਬੋਲਣ ਦੇ ਔਗਣਾਂ ਤੋਂ ਵੇਲੇ ਸਿਰ ਸੁਚੇਤ ਕਰੇ।" ਉਹ ਬੇਚੈਨੀ ਨਾਲ ਕਾਹਲੇ ਪੈਰ ਪੁੱਟਦਾ ਏਸ ਪਾਪ ਦੀ ਨਗਰੀ ਵਿਚੋਂ ਬਾਹਰ ਜਾਣ ਦਾ ਯਤਨ ਕਰ ਰਿਹਾ ਸੀ ।

ਬੱਤੀਆਂ ਹਵਾ ਨਾਲ ਹਿਲ ਰਹੀਆਂ ਸਨ, ਜਿਨਾਂ ਦੀ ਰੌਸ਼ਨੀ ਵਿਚ ਬੁੱਢਾ ਟੋਜੀਓ ਆਪਣੀ ਮਾਲਾ ਫੇਰਦਾ ਪ੍ਰਾਰਥਨਾ ਦੇ ਮੰਤ੍ਰ ਗੁਣ ਗੁਣਾਉਂਦਾ ਦੌੜਦਾ ਚਲਾ ਜਾ ਰਿਹਾ ਸੀ । ਅਜੇ ਉਹ ਏਸ ਵਸਤੀ ਵਿਚ ਹੀ ਤੁਰਿਆ ਜਾ ਰਿਹਾ ਸੀ ਕਿ ਅਗੋਂ ਉਸ ਦਾ ਦੋਸਤ ਅਕਰਹਾ ਓਸ ਨੂੰ ਮਿਲ ਪਿਆ।

"ਟੋਜੀਓ ਤੁਸੀਂ ਏਥੇ!" ਅਕਰਹਾ ਨੇ ਆਖਿਆ । "ਕੀ ਤੁਸੀ ਇਸ ਗਲੀ ਨੂੰ ਗੁਨਾਹ ਤੇ ਪਾਪ ਦਾ ਘਰ ਨਹੀਂ ਆਖਦੇ ? ਕੀ ਤੁਸੀ ਲੋਕਾਂ ਨੂੰ ਏਥੇ ਆਉਣੋਂ ਮਨਾ ਨਹੀਂ ਕਰਦੇ? ਫੇਰ ਤੁਸੀ ਆਪ ਏਥੇ ਕਿਸ ਤਰ੍ਹਾਂ ਆ ਗਏ ? ਐ ਦੇਵਤਿਆਂ ਦੇ ਪੁਜਾਰੀ ! ਤੁਹਾਨੂੰ ਆਪਣੇ ਮੰਦਰ ਵਿਚ ਹੋਣਾ ਚਾਹੀਦਾ ਸੀ । ਜਿੱਥੇ ਲੋਕ ਰਾਤ ਦੀ ਚੁੱਪ ਚਾਂ ਵਿਚ ਸਦੀਆਂ ਦੇ ਪੁਰਾਣੇ ਮੰਤ੍ਰ ਪੜ੍ਹਦੇ ਪੜ੍ਹਦੇ, ਅਗਲੇ ਜਨਮ ਦੇ ਖ਼ਿਆਲ ਵਿਚ ਉਘਲਾਉਦੇ ਡੂੰਘੀ ਨੀਂਦ ਦੀ ਗੋਦ ਵਿਚ ਡਿੱਗ ਪੈਂਦੇ ਹਨ ।"

ਟੋਜੀਓ ਮੁਸਕਾਇਆ- "ਮੇਰੇ ਮਿਤ੍ਰ !" ਓਸ ਨੇ ਆਖਿਆ-“ਕੀ ਏਸ ਬੇਰਹਿਮ ਗਲੀ ਵਿਚ ਕਿਸੇ ਦਾ ਭੁਲ ਕੇ ਆਉਣਾ ਠੀਕ ਹੈ ਜਾਂ ਤੇਰੇ ਵਾਂਗੂ ਕਿਸੇ ਬੁਰੇ ਮਤਲਬ ਨੂੰ ਲੈ ਕੇ ਆਉਣਾ ? ਮੇਹਰਬਾਨ ! ਤੁਸਾਂ ਯਕੀਨ ਕਰਨਾ ਕਿ ਸਾਰੀ ਦੁਨੀਆ ਦੇ ਪਾਪ ਇਨ੍ਹਾਂ ਔਰਤਾਂ ਦੇ ਬੂਹੇ ਅੱਗੇ ਰਖੇ ਹੋਏ ਹਨ। ਜਦੋਂ ਤੁਹਾਨੂੰ ਓਹ ਇਸ਼ਾਰਿਆਂ ਨਾਲ ਬੁਲਾਣ, ਤਾਂ ਤੁਸਾਂ ਉਨਾਂ ਦੇ ਇਸ਼ਾਰਿਆਂ ਦੀ ਪ੍ਰਵਾਹ ਨਾ ਕਰਨੀ। ਦੂਰ ਨੱਸੋ ਓਹਨਾਂ ਦੀਆਂ ਚਮਕੀਲੀਆਂ ਅੱਖੀਆਂ ਦੇ ਕਟਾਖ੍ਯਾਂ ਤੋਂ, ਦਿਲ ਨੂੰ ਮੋਹ ਲੈਣ ਵਾਲੀਆਂ ਗੱਲਾਂ ਤੋਂ ਤੇ ਇਨਕਾਰ ਕਰ ਦਿਓ ਓਹਨਾਂ ਦੇ ਛੋਟੇ ਛੋਟੇ ਹੱਥਾਂ ਵਿਚ ਫੜੇ ਮਦਰਾ ਨਾਲ ਭਰੇ ਗਿਲਾਸਾਂ ਨੂੰ ਪੀਣ ਤੋਂ ਉਹਨਾਂ ਦੇ ਦਿਲ ਮੋਹ ਲੈਣੇ ਨਾਚ ਰੰਗ ਤੇ ਐਸ਼-ਇਸ਼ਰਤ ਤੋਂ ਦੂਰ ਨੱਸੋ, ਕਿਉਂਕਿ ਇਹ ਸਭ ਚੀਜ਼ਾਂ ਤਬਾਹੀ ਦੀ ਅੱਗ ਵਿਚ ਲਿਜਾਣ ਵਾਲੀਆਂ ਹਨ। ਉਹਨਾਂ ਦੀਆਂ ਬਰਫ਼ ਵਰਗੀਆਂ ਚਿੱਟੀਆਂ ਬਾਹਾਂ ਜੋ ਰੇਸ਼ਮੀ ਕੱਪੜਿਆਂ ਵਿਚੋਂ ਸ਼ੀਸ਼ੇ ਵਾਂਗ ਵਿਖਾਈ ਦੇਂਦੀਆਂ ਹਨ ਤੇ ਗੁਲਾਬ ਦੀ ਤਰਾਂ ਰੰਗੀਨ ਬੁਲ੍ਹ ਵੇਖ ਕੇ ਆਸ਼ਕ ਨਾ ਹੋ ਜਾਓ। ਇਹ ਸਭ ਚੀਜ਼ਾਂ ਜ਼ਹਿਰ ਵਾਂਗੂ ਬੁਰੀਆਂ ਹਨ। ਵੇਸ਼ਵਾ ਵੇਖਣ ਵਿਚ ਸ਼ੋਖ ਸੋਹਣੀ ਅਤੇ ਨੌਜਵਾਨ ਵਿਖਾਈ ਦੇਂਦੀ ਹੈ, ਪਰ ਅਸਲ ਵਿਚ ਇਹ ਜ਼ਹਿਰ ਦੀ ਉਹ ਪੁੜੀ ਹੈ, ਜੋ ਨੌਜਵਾਨਾਂ ਨੂੰ ਤਬਾਹ ਕਰਨ ਵਾਲੀ ਤੇ ਖਾਨਦਾਨਾਂ ਦਾ ਨਾਮੋ-ਨਿਸ਼ਾਨ ਮਿਟਾਉਣ ਵਾਲੀ ਹੈ। ਤੁਹਾਨੂੰ ਚਾਹੀਦਾ ਹੈ ਕਿ ਮਹਾਤਮਾ ਬੁਧ ਦੇ ਹੁਕਮ ਨੂੰ ਸੋਚੋ ਤੇ ਓਸ ਤੇ ਅਮਲ ਕਰਨ ਦੀ ਕੋਸ਼ਸ਼ ਕਰੋ।"

ਅਕਰਹਾ ਨੇ ਬੁੱਢੇ ਪੁਜਾਰੀ ਦੇ ਸਰੀਰ ਨੂੰ ਛੋਂਹਦਿਆਂ ਹੋਏ ਆਖਿਆ-"ਵੇਖੋ, ਤੁਹਾਡਾ ਇਹ ਸਰੀਰ ਕੇਡਾ ਰੁੱਖਾ ਏ। ਐਉਂ ਜਾਪਦਾ ਏ ਕਿ ਏਸ ਵਿਚ ਲਹੂ ਦਾ ਕਤਰਾ ਤੀਕ ਵੀ ਬਾਕੀ ਨਹੀਂ ਟੋਜੀਓ! ਬੇਸ਼ਕ ਤੁਸੀਂ ਇਕ ਵੱਡੇ ਪੁਜਾਰੀ ਹੋ, ਪਰ ਮੈਂ ਇਹ ਕਹਿਣ ਦੀ ਦਲੇਰੀ ਕਰਦਾ ਹਾਂ ਕਿ ਤੁਸੀਂ ਔਰਤਾਂ ਦੇ ਮਾਮਲੇ ਵਿਚ ਆਪਣੇ ਮਾਲਕ ਜਿਹਾ ਮਾਣ ਨਹੀਂ ਰੱਖਦੇ। ਤੁਸੀਂ ਉਹਨਾਂ ਦੇ ਮਾਮਲੇ ਵਿਚ ਹਮੇਸ਼ਾ ਪੱਥਰ ਤੇ ਤੰਗ ਦਿਲ ਵੇਖੇ ਗਏ ਹੋ। ਇਹ ਸਭ ਕੁਝ ਏਸ ਵਾਸਤੇ ਕਿ ਤੁਹਾਡਾ ਦਿਲ ਦੁਨੀਆ ਦੇ ਸੁਖਾਂ ਤੋਂ ਹਮੇਸ਼ਾ ਹੀ ਅਣਜਾਣ ਰਿਹਾ ਹੈ। ਤੁਹਾਡਾ ਸਰੀਰ ਓਸ ਮੁਰਦੇ ਦੀ ਤਰਾਂ ਹੈ, ਜੋ ਚਿਰਾਂ ਤੋਂ ਕਿਸੇ ਮੋਰੀ ਵਿਚ ਪਿਆ ਤ੍ਰੱਕ ਗਿਆ ਹੋਵੇ।"

ਟੋਜੀਓ ਨੇ ਠਰੰਮੇ ਨਾਲ ਆਖਿਆ- "ਓ ਵੇਸ਼ਵਾਆਂ ਦੀ ਗਲੀ ਵਿਚ ਖੁਸ਼ੀ ਖੁਸ਼ੀ ਫਿਰਨ ਵਾਲੇ ਸੱਜਣ! ਜਦ ਤੂੰ ਹਦੋਂ ਟੱਪ ਚੁੱਕੀ ਚਾਹ ਤੋਂ ਉਪਰਾਮ ਹੋ ਜਾਵੇਂ, ਜਦ ਤੇਰਾ ਦਿਲ ਦੁਨੀਆ ਦੇ ਸੁਖਾਂ ਤੋਂ ਉਕਤਾ ਜਾਵੇ ਤੇ ਸਭ ਨਾਲੋਂ ਵਧੇਰੇ ਇਹ ਕਿ ਜਦ ਤੇਰੇ ਪ੍ਰੇਮ ਨੂੰ ਕੋਈ ਇਸਤ੍ਰੀ ਠੁਕਰਾ ਦੇਵੇ, ਤਾਂ ਤੂੰ ਮੇਰੇ ਪਾਸ ਆਵੀਂ। ਮੈਂ ਤੈਨੂੰ ਸੁਖੀ ਜੀਵਨ ਬਿਤਾਉਣ ਦਾ ਰਾਹ ਦਸਾਂਗਾ।” ਤੇ ਇਸ ਤੋਂ ਪਹਿਲਾਂ ਕਿ ਉਸ ਨੂੰ ਕੋਈ ਉੱਤਰ ਮਿਲਦਾ, ਉਹ ਤੇਜ਼ੀ ਨਾਲ ਅੱਗੇ ਚਲਾ ਗਿਆ।

ਅਕਰਹਾ ਪੁਜਾਰੀ ਨੂੰ ਜਾਂਦਿਆਂ ਬੜਾ ਚਿਰ ਵੇਖਦਾ ਰਿਹਾ। ਓਸ ਨੂੰ ਓਹਦੀ ਹਾਲਤ ਉਤੇ ਤਰਸ ਆ ਰਿਹਾ ਸੀ। ਉਹ ਸੋਚ ਰਿਹਾ ਸੀ ਕਿ ਦੁਨੀਆ ਦੇ ਸੁਖਾਂ ਤੋਂ ਵੰਚਿਤ ਹੋਏ ਏਸ ਬੁੱਢੇ ਤੇ ਨੀਰਸ ਪੁਜਾਰੀ ਦੀ ਹਾਲਤ ਕਿੱਡੀ ਤਰਸ ਯੋਗ ਏ। ਇਹ ਓਹਨਾਂ ਲੋਕਾਂ ਵਿਚੋਂ ਹੈ, ਜਿਨ੍ਹਾਂ ਨੇ ਸੁਖੀ ਜੀਵਨ ਨੂੰ ਇਕ ਖਿਆਲੀ ਦੁਨੀਆ ਸਮਝ ਕੇ ਤਿਆਗ ਦਿਤਾ ਏ।

ਤੇ ਉਹ ਬੜਾ ਪ੍ਰਸੰਨ ਸੀ ਕਿ ਸਾਰੀ ਦੁਨੀਆ ਪੁਜਾਰੀਆਂ ਦੀ ਨਹੀਂ। ਜੇ ਸਾਰੇ ਮਨੁੱਖ ਓਸੇ ਵਰਗੇ ਹੁੰਦੇ, ਤਾਂ ਇਹਨਾਂ ਵੇਸ਼ਵਾਆਂ ਦੇ ਨਿਰਬਾਹ ਵਾਸਤੇ ਸ਼ਾਇਦ ਕੋਈ ਵਸੀਲਾ ਵੀ ਨਾ ਹੁੰਦਾ।

ਪੁਜਾਰੀ ਗਲੀ ਤੋਂ ਬਾਹਰ ਜਾ ਚੁੱਕਾ ਸੀ। ਅਕਰਹਾ ਹੌਲੀ ਹੌਲੀ ਤੁਰਦਾ ਇਕ ਮਕਾਨ ਦੇ ਅੱਗੇ ਆ ਕੇ ਰੁਕ ਗਿਆ। ਦਰਵਾਜ਼ੇ ਤੇ ਲਿਖਿਆ ਸੀ-“ਮਹਿਕਾਂ ਨਾਲ ਸੁਗੰਧਿਤ ਕਲੀ।” ਓਸ ਨੇ ਬੂਹੇ ਨੂੰ ਖੜਕਾਇਆ। ਘਰ ਦੀ ਨੌਕਰਿਆਣੀ ਨੇ ਝਟ ਪਟ ਆ ਕੇ ਬੂਹਾ ਖੋਲ੍ਹਿਆ। ਉਹ ਅਕਰਹਾ ਨੂੰ ਪਛਾਣ ਕੇ ਬੋਲੀ-“ਏਸ ਟੁੱਟੇ ਭੱਜੇ ਮਕਾਨ ਵਿਚ ਤੁਹਾਡਾ ਆਉਣ ਕਿਵੇਂ ਹੋਇਆ? ਧੰਨ ਭਾਗ ਸਾਡੇ ਜੋ ਕੀੜੀ ਦੇ ਘਰ ਨਾਰਾਇਣ ਆਇਆ। ਪਰ.......ਪਰ ਸਾਰੀਆਂ ਲੜਕੀਆਂ ਤਾਂ ਕਿਸੇ ਪਾਰਟੀ ਤੇ ਬਾਹਰ ਚਲੀਆਂ ਗਈਆਂ ਨੇ।” “ਸਭੇ ਚਲੀਆਂ ਗਈਆਂ ਨੇ?” ਅਕਰਹਾ ਨੇ ਨਿਰਾਸ ਹੋ ਕੇ ਪੁੱਛਿਆ।

“ਹਾਂ, ਸਿਰਫ ਕੋਹਾਨਾ ਹੀ ਘਰ ਹੈ।” ਘਰ ਦੀ ਨੌਕਰਿਆਣੀ ਯੋਸ਼ਮੀਆਂ ਨੇ ਆਖਿਆ-“ਕੀ ਤੁਸੀਂ ਕੋਹਾਨਾ ਨੂੰ ਮਿਲਣਾ ਚਾਹੁੰਦੇ ਓ?”

ਅਕਰਹਾ ਨੇ ਕਿਹਾ-“ਯੋਸ਼ਮੀਆਂ ਤੇਰੀ ਮੇਹਰਬਾਨੀ ਹੈ, ਜੋ ਤੂੰ ਮੈਨੂੰ ਕੋਹਾਨਾ ਨਾਲ ਮਿਲਣ ਵਾਸਤੇ ਆਖ ਰਹੀ ਏਂ। ” ਯੋਸ਼ਮੀਆਂ ਬੋਲੀ-"ਬਹੁਤ ਸਾਰੇ ਲੋਕ ਪਹਿਲਾਂ ਤਾਂ ਏਸ ਮਤਲਬ ਲਈ ਆਉਂਦੇ ਨੇ, ਪਰ ਪਿਛੋਂ ਵਿਆਹ ਦੀਆਂ ਸੁਣੌਤਾਂ ਸੁਟਣ ਲਗ ਪੈਂਦੇ ਨੇ। ਆਉਣ ਵਾਲੇ ਸਭ ਦੇ ਸਭ ਓਸ ਨੂੰ ਵੱਡੀਆਂ ਵੱਡੀਆਂ ਰਕਮਾਂ ਦੇਣ ਨੂੰ ਤਿਆਰ ਹਨ, ਪਰ ਉੱਤਰ ਵਿਚ ਕੋਹਾਨਾ ਮੁਸਕ੍ਰਾ ਦੇਂਦੀ ਏ। ਓਹ ਜ਼ਿੰਦਗੀ ਨੂੰ ਮਸਖ਼ਰੀ ਸਮਝਦੀ ਏ। ਕੋਈ ਇਹ ਨਹੀਂ ਦਸ ਸਕਦਾ ਕਿ ਉਸ ਦੇ ਜੀਵਨ ਦਾ ਕੀ ਮਤਲਬ ਕੀ ਏ।"

ਯੋਸ਼ਮੀਆਂ ਨੇ ਇਕ ਛੋਟੇ ਜਿਹੇ ਕਮਰੇ ਦੇ ਬੂਹੇ ਅਗੋਂ ਇਕ ਸੋਹਣਾ ਤੇ ਫੁੱਲਾਂ ਬੂਟਿਆਂ ਵਾਲਾ ਪਰਦਾ ਚੁੱਕ ਕੇ ਅਕਰਹਾ ਨੂੰ ਅੰਦਰ ਆਉਣ ਵਾਸਤੇ ਆਖਿਆ ਤੇ ਆਪ ਬਾਹਰ ਚਲੀ ਗਈ। ਕਮਰੇ ਵਿੱਚ ਮੱਧਮ ਜਿਹਾ ਚਾਨਣਾ ਸੀ। ਅਕਰਹਾ ਨੂੰ ਖ਼ਿਆਲ ਆਇਆ ਕਿ ਮੈਂ ਇਕੱਲਾ ਹਾਂ, ਪਰ ਥੋੜੇ ਚਿਰ ਪਿਛੋਂ ਹੀ ਓਸ ਨੇ ਕੋਹਾਨਾ ਨੂੰ ਇਕ ਨੁਕਰੇ ਫੁੱਲ ਦਾਰ ਪੱਥਰਾਂ ਦੇ ਫਰਸ਼ ਉੱਤੇ ਬੈਠੀ ਮੂੰਹ ਤੇ ਜਾਪਾਨੀ ਪੱਖਾ ਰੱਖੀ ਆਪਣੀ ਵਲ ਤੱਕਦੀ ਨੂੰ ਵੇਖਿਆ। ਓਹ ਅਸਮਾਨੀ ਰੰਗ ਦਾ ਲਿਬਾਸ-ਜਿਸ ਉੱਤੇ ਚਿੱਟੇ ਰੇਸ਼ਮ ਦੇ ਫੁੱਲ ਕਢੇ ਹੋਏ ਸਨ, ਪਾਈ ਬੈਠੀ ਸੀ। "ਕੋਹਾਨਾ!" ਅਕਰਹਾ ਨੇ ਪ੍ਰੇਮ ਭਰੇ ਸ਼ਬਦਾਂ ਵਿਚ ਆਖਿਆ-"ਯੋਸ਼ਮੀਆਂ ਨੇ ਮੇਰੇ ਦਿਲ ਨੂੰ ਘਾਇਲ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਰੱਖੀ ਤੇ ਏਸ ਜ਼ਖਮ ਨਾਲ ਮੈਂ ਬਹੁਤਾ ਸਮਾਂ ਜੀਉਂਦਾ ਨਹੀਂ ਰਹਿ ਸਕਦਾ। ਮੈਂ ਜਿਸ ਦਿਨ ਤੋਂ ਤੈਨੂੰ ਮਹਾਤਮਾ ਬੁਧ ਦੇ ਤਿਓਹਾਰ ਉੱਤੇ ਨੱਚਦਿਆਂ ਵੇਖਿਆ ਹੈ, ਤੇਰੇ ਨੈਣਾਂ ਦਾ ਸ਼ਿਕਾਰ ਹੋ ਗਿਆ ਹਾਂ।'

ਕੋਹਾਨਾ ਨੇ ਹੱਸ ਕੇ ਆਖਿਆ-"ਮੈਂ ਨਹੀਂ ਸਮਝਦੀ ਕਿ ਮੈਂ ਕਿਸ ਕਿਸ ਦੇ ਪ੍ਰੇਮ ਦਾ ਉੱਤਰ ਦੇ ਸਕਦੀ ਹਾਂ। ਕਲ ਰਾਤੀ ਸ਼ਮਜ਼ਦ ਜਦੋ ਏਥੇ ਆਇਆ ਸੀ, ਤਾਂ ਉਸ ਨੇ ਮੇਰੇ ਨਾਲ ਬੜੀਆਂ ਪ੍ਰੇਮ ਦੀਆਂ ਮਿੱਠੀਆਂ ਮਿੱਠੀਆਂ ਦਿਲ ਨੂੰ ਮੋਹ ਲੈਣ ਵਾਲੀਆਂ ਗੱਲਾਂ ਕੀਤੀਆਂ ਸਨ। ਓਹ ਆਪਣੀਆਂ ਅੱਖਾਂ ਵਿਚ ਅੱਥਰੂ ਭਰ ਕੇ ਬੋਲਿਆ ਸੀ-"ਮੇਰਾ ਦਿਲ ਇਕ ਖ਼ੁਸ਼ਕ ਝੀਲ ਦੀ ਤਰਾਂ ਸੀ, ਪਰ ਹੁਣ ਉਹ ਅਜੇਹਾ ਅਥਾਹ ਸਮੁੰਦ੍ਰ ਹੈ, ਜੋ ਏਕਾ ਏਕ ਚੰਦ੍ਰਮਾਂ ਤੇ ਤਾਰਿਆਂ ਦੀ ਰੌਸ਼ਨੀ ਨਾਲ ਚਮਕ ਪਿਆ ਹੋਵੇ।"

ਅਕਰਹਾ ਨੇ ਟੁੱਟੇ ਹੋਏ ਦਿਲ ਨਾਲ ਆਖਿਆ-"ਮੈਂ ਇਨ੍ਹਾਂ ਗੱਲਾਂ ਦੀ ਪ੍ਰਵਾਹ ਨਹੀਂ ਕਰਦਾ।"

ਕੋਹਾਨਾ ਬੋਲੀ- "ਤਾਂ ਕੀ ਮੈਂ ਤੁਹਾਨੂੰ ਓਹ ਗੱਲਾਂ ਵੀ ਸੁਣਾਵਾਂ, ਜੋ ਦੂਜੇ ਲੋਕ ਆ ਕੇ ਕਰਦੇ ਹਨ?"

"ਨਹੀਂ, ਕੋਈ ਲੋੜ ਨਹੀਂ ਸਣਾਉਂਣ ਦੀ।"

"ਕੀ ਤੁਸੀਂ ਨਾਰਾਜ਼ ਹੋ ਗਏ ਹੋ? ਮੈਨੂੰ ਤੁਹਾਡੇ ਚਿਹਰੇ ਤੇ ਗੁੱਸੇ ਦੇ ਭਾਵ ਵਿਖਾਈ ਦੇ ਰਹੇ ਹਨ। ਜੇ ਇਹ ਠੀਕ ਹੈ, ਤਾਂ ਮੈਂ ਤੁਹਾਡੇ ਵਾਸਤੇ ਗੀਤ ਗਾ ਸਕਦੀ ਹਾਂ, ਨੱਚ ਸਕਦੀ ਹਾਂ। ਅਕਰਹਾ ਜੀ, ਮੇਰੀ ਇੱਛਾ ਹੈ ਕਿ ਤੁਸੀਂ ਮੈਨੂੰ ਕਿਸੇ ਕੰਮ ਵਾਸਤੇ ਹੁਕਮ ਕਰੋ।"

"ਨਹੀਂ ਕੋਹਾਨਾ।"

"ਨਹੀਂ ਕੋਹਾਨਾ", ਕੋਹਾਨਾ ਨੇ ਅਕਰਹਾ ਦੇ ਸ਼ਬਦਾਂ ਨੂੰ ਦੁਹਰਾ ਕੇ ਆਖਿਆ -"ਚੰਗਾ, ਤਾਂ ਮੈਂ ਤੁਹਾਡੇ ਵਾਸਤੇ ਅੰਗੂਰੀ ਸ਼ਰਾਬ ਦਾ ਗਿਲਾਸ ਭਰ ਸਕਦੀ ਹਾਂ। ਮੈਂ ਤੁਹਾਡੀ ਖੁਸ਼ੀ ਵਾਸਤੇ ਸਭ ਕੁਝ ਸਹੁੰ ਨੂੰ ਕਦੀ ਤੋੜਾਂਗੀ।"

ਅਕਰਹਾ ਨੇ ਤਰਸ ਭਰੀ ਤੱਕਣੀ ਨਾਲ ਉਸ ਵਲ ਵੇਖਿਆ ਤੇ ਕਿਹਾ-"ਜਦੋਂ ਅਸੀਂ ਪ੍ਰੇਮ ਕਰਦੇ ਹਾਂ, ਤਾਂ ਓਸ ਵੇਲੇ ਅਕਲ ਵਾਲੇ ਨਹੀਂ ਹੁੰਦੇ। ਪ੍ਰੇਮ ਇਕ ਅਥਾਹ ਸਮੁੰਦਰ ਹੈ, ਜਦੋਂ ਓਹ ਜੋਸ਼ ਵਿਚ ਆਉਂਦਾ ਹੈ, ਤਾਂ ਸਾਰੀਆਂ ਸੋਚਾਂ ਸਮਝਾਂ ਨੂੰ ਰੋੜ੍ਹ ਕੇ ਲੈ ਜਾਂਦਾ ਹੈ। ਜਦ ਤੀਕ ਮੇਰੇ ਦਿਲ ਵਿਚੋਂ ਤੇਰੀ ਯਾਦ ਨਹੀਂ ਮਿਟੇਗੀ, ਮੈਂ ਸਦਾ ਆਉਂਦਾ ਰਹਾਂਗਾ।"

"ਅਕਰਹਾ ਜੀ, ਤੁਹਾਡੇ ਆਉਣ ਨਾਲ ਕੋਈ ਲਾਭ ਨਹੀਂ ਹੋਵੇਗਾ, ਤੁਹਾਨੂੰ ਇਹ ਸਭ ਕੁਝ ਭੁੱਲ ਜਾਣਾ ਚਾਹੀਦਾ ਏ।"

ਕੋਹਾਨਾ ਦੇ ਖੂਬਸੂਰਤ ਹੱਥ ਨੂੰ ਅਕਰਹਾ ਨੇ ਆਪਣੇ ਦੋਹਾਂ ਹੱਥਾਂ ਵਿਚ ਲੈ ਲਿਆ। ਫੇਰ ਇਕ ਦਮ ਓਹਨਾਂ ਹੱਥਾਂ ਨੂੰ ਆਪਣੇ ਬੁਲ੍ਹਾਂ ਨਾਲ ਛੁਹਾ ਲਿਆ ਤੇ ਉਹ ਕੁਝ ਕਹੇ ਬਿਨਾਂ ਹੀ ਚਲਾ ਗਿਆ।

ਅਕਰਹਾ ਕਈ ਹਫ਼ਤੇ ਕੋਹਾਨਾ ਨੂੰ ਵੇਖਣ ਤੇ ਮਿਲਣ ਵਾਸਤੇ ਆਉਂਦਾ ਰਿਹਾ, ਕੋਹਾਨਾ ਖਿੜੇ ਮੱਥੇ ਬੜੇ ਪ੍ਰੇਮ ਨਾਲ ਆਓ ਭਾਗਤ ਕਰਦੀ ਰਹੀ; ਪਰ ਉਹ ਉਸ ਨੂੰ ਘੜੀ ਮੁੜੀ ਵਾਪਸ ਚਲੇ ਜਾਣ ਲਈ ਕਹਿੰਦੀ ਸੀ। ਇਕ ਰਾਤ ਨੂੰ ਕੋਹਾਨਾ ਨੇ ਆਖਿਆ-"ਜੇ ਮੇਰੇ ਨਾਲ ਤੁਹਾਡਾ ਸੱਚਾ ਪ੍ਰੇਮ ਏ, ਤਾਂ ਮੈਂ ਓਸ ਦਾ ਵਾਸਤਾ ਪਾ ਕੇ ਕਹਿੰਦੀ ਹਾਂ ਕਿ ਤੁਸੀਂ ਮੇਰੀ ਯਾਦ ਦੇ ਪ੍ਰੇਮ ਨੂੰ ਸ਼ਹਿਰੋਂ ਦੂਰ ਸਮੁੰਦਰ ਦੇ ਕੰਢੇ ਤੇ ਦੁਨੀਆ ਵਾਲਿਆਂ ਦੀਆਂ ਅੱਖਾਂ ਤੋਂ ਓਹਲੇ, ਚੁਪ ਚਾਪ ਜਾ ਕੇ ਦਫ਼ਨਾ ਦਿਓ। ਤੁਹਾਡਾ ਰੰਜ ਤੇ ਗ਼ਮ ਬੇਕਾਰ ਵੀ ਹੈ ਤੇ ਦੁਖਦਾਈ ਵੀ। ਤੁਹਾਡਾ ਚਿਹਰਾ ਤੇ ਓਸ ਦੀ ਯਾਦ ਮੇਰੀ ਮਸਤੀ ਦੀ ਨੀਂਦ ਵਿੱਚ ਵਿਘਨ ਪਾ ਰਹੀ ਹੈ। ਤੁਸੀਂ ਮੇਰੀ ਰੂਹ ਵਿਚ ਹੌਲੀ ਹੌਲੀ ਗ਼ਮ ਬਣ ਕੇ ਸਮਾ ਰਹੇ ਹੋ। ਆਜ਼ਾਦੀ ਦੇ ਸੁਪਨੇ ਲੈਣ ਵਾਲੀ ਤਿੱਤਰੀ, ਠੰਡੀ ਠੰਡੀ ਹਵਾ ਤੇ ਸੋਇਨ-ਵੰਨੇ ਬਦਲਾਂ ਵਿਚ ਰਹਿਣਾ ਚਾਂਹਦੀ ਹੈ। ਮੈਂ ਮਰਦੇ ਦਮ ਤੀਕ ਏਥੇ ਹੀ ਰਹਾਂਗੀ ਅਕਰਹਾ ਜੀ ! ਹਾਂ ਮਰਦੇ ਦਮ ਤੀਕ !! ਕੋਹਾਨਾ ਦੀਆਂ ਅੱਖਾਂ ਵਿਚ ਅੱਥਰੂ ਸਨ । ਅਕਰਹਾ ਨੇ ਅਜ ਤਕ ਓਸ ਦੀਆਂ ਅੱਖਾਂ ਵਿਚ ਅੱਥਰੂ ਨਹੀਂ ਸਨ ਵੇਖੇ । ਓਸ ਨੇ ਇਕ ਹਾਉਕਾ ਭਰ ਕੇ ਆਖਿਆ ਕੋਹਾਨਾ, ਕੀ ਸੱਚ ਮੁੱਚ ਤੇਰਾ ਦਿਲ ਏਹੋ ਚਾਹੁੰਦਾ ਹੈ ਕਿ ਮੈਂ ਸਦਾ ਵਾਸਤੇ ਚਲਾ ਜਾਵਾਂ। ਮੈਂ ਆਪਣੇ ਸੁਪਨਿਆਂ ਨੂੰ ਸੱਚਾ ਹੁੰਦਾ ਨਾ ਵੇਖਾਂ ਤੇ ਆਪਣੇ ਪ੍ਰੇਮ ਦੇ ਬ੍ਰਿਛ ਨੂੰ ਫਲਨ ਤੋਂ ਪਹਿਲਾਂ ਹੀ ਆਪਣੇ ਹੱਥੀਂ ਆਪ ਕਟ ਕੇ ਬਰਾਬਰ ਕਰ ਦਿਆਂ ? ਜੇ ਤੇਰੀ ਏਹੋ ਇੱਛਾ ਹੈ ਤੇ ਤੂੰ ਦਿਲੋਂ ਇਹੋ ਚਾਹੁੰਦੀ ਏ, ਤਾਂ ਮੈਂ ਸਹੁੰ ਖਾਂਦਾ ਹਾਂ ਕਿ ਮੈਂ ਆਪਣੀ ਮੁਹੱਬਤ ਨੂੰ ਹਮੇਸ਼ਾਂ ਵਾਸਤੇ ਦਫ਼ਨ ਕਰ ਦਿਆਂਗਾ । ਤੂੰ ਮੈਨੂੰ ਕਦੇ ਨਾ ਵੇਖ ਸਕੇਗੀ।
“ਰੱਬ ਰਾਖਾ," ਅਕਰਹਾ ਨੇ ਆਖਿਆ-ਹੁਣ ਤੂੰ ਵੀ ਮੈਨੂੰ ਹਮੇਸ਼ਾ ਵਾਸਤੇ ਭੁਲਾ ਛੱਡ ।"
ਓਸ ਨੇ ਆਪਣੇ ਜੀਵਨ ਵਿਚ ਅੰਤਮ ਵਾਰ ਕੋਹਾਨਾ ਦੇ ਹੱਥਾਂ ਨੂੰ ਚੁਮਿਆ ਤੇ ਅੱਖਾਂ ਨਾਲ ਲਾ ਕੇ ਆਖਿਆ-“ਕੋਹਾਨਾ ! ਆਪਣੀਆਂ ਅੱਖਾਂ ਬੰਦ ਕਰ ਲੈ, ਮੈਂ ਚਾਹੁੰਦਾ ਹਾਂ ਕਿ ਤੂੰ ਮੈਨੂੰ ਜਾਂਦਿਆਂ ਨਾ ਵੇਖੇ ॥ ਇਹ ਗੱਲ ਮੇਰੇ ਵਾਸਤੇ ਦੁਖਦਾਈ ਹੈ ਕਿ ਰੰਗੀਨ ਤਿੱਤਰੀ ਕੋਈ ਦਰਦ। ਭਰਿਆ ਨਜ਼ਾਰਾ ਵੇਖੇ।"
ਕੋਹਾਨਾ ਨੇ ਆਪਣੀਆਂ ਅੱਖਾਂ ਨੂੰ ਬੰਦ ਕਰ ਲਿਆ । ਜਦੋਂ ਓਸ ਨੇ ਅੱਖਾਂ ਖੋਲੀਆਂ, ਤਾਂ ਅਕਰਹਾ ਜਾ ਚੁੱਕਾ ਸੀ। ਉਸ ਨੇ ਕਿਹਾ ਇਹੋ ਹੀ ਚੰਗਾ ਸੀ। ਤੇ ਫੇਰ ਰਤਾ ਸੰਭਲ ਕੇ ਹੌਲੀ ਜਹੀ ਸਿਰ ਚੁਕਿਆ, ਪਰ...........ਏਸ ਸਾਵਧਾਨੀ ਦੇ ਬਾਵਜੂਦ ਓਸ ਦੀਆਂ ਅੱਖਾਂ ਵਿਚ ਅੱਥਰੂ ਭਰ ਆਏ ਤੇ ਉਸ ਦਾ ਖੂਬਸੂਰਤ ਚਿਹਰਾ ਫਿੱਕਾ ਪੈ ਗਿਆ। ਓਹ ਦੋਹਾਂ ਹੱਥਾਂ ਨਾਲ ਆਪਣੇ ਸਿਰ ਨੂੰ ਦਬਾਈ ਬੇ-ਦਮ ਹੋ ਕੇ ਫਰਸ਼ ਤੇ ਡਿੱਗ ਪਈ । ਖੂਬਸ਼ਰਤ ਤਿੱਤਰੀ ਦੇ ਦਿਲ ਵਿਚਲਾ
ਦਬਿਆ ਹੋਇਆ ਦਰਦ ਭੜਕ ਉਠਿਆ । ਓਹ ਮੁਹੱਬਤ ਦੀ ਅੱਗ ਵਿਚ ਸੜ ਰਹੀ ਸੀ ! ਦਝਨ ਹੋ ਰਹੀ ਸੀ !!
ਅਕਰਹਾ ਵਸ਼ੇਵਾਆਂ ਦੇ ਮਹੱਲੇ ਵਿਚੋਂ ਸਦਾ ਵਾਸਤੇ ਜਾ ਰਿਹਾ ਸੀ। ਓਸ ਨੂੰ ਪਤਾ ਨਹੀਂ ਸੀ ਕਿ ਓਹ ਕਿਥੇ ਜਾ ਰਿਹਾ ਹੈ । ਉਹ ਜਾਂਦਿਆਂ ਜਾਂਦਿਆਂ ਓਸ ਮੰਦਰ ਦੇ ਪਾਸ ਜਾ ਪਹੁੰਚਾ, ਜਿੱਥੇ ਬੁੱਢਾ ਪੁਜਾਰੀ ਟੋਜੀਓ ਰਹਿੰਦਾ ਸੀ।
ਬੁੱਢੇ ਟੋਜੀਓ ਨੇ ਆਪਣੇ ਮਿੱਤਰ ਨੂੰ ਪਛਾਣ ਲਿਆ ਤੇ ਉਹ ਗੰਭੀਰਤਾ ਨਾਲ ਬੋਲਿਆ-"ਮੇਰੇ ਦੋਸਤ, ਮਲੂਮ ਹੁੰਦਾ ਹੈ ਕਿ ਤੂੰ ਮੈਨੂੰ ਬੇਸ਼ਰਮ ਤੇ ਬੇਵਕੂਫ ਬਨਾਉਣ ਆਇਆ ਏਂ । ਏਸ ਤੋਂ ਛੁੱਟ ਸ਼ਾਇਦ ਨੂੰ ਇਹ ਵੀ ਆਖੇਗਾ ਕਿ ਵੇਸ਼ਵਾ ਇਕ ਆਸਮਾਨੀ ਹੂਰ ਏ ।ਉਸ ਦੀ ਘਰ ਵਿਚ ਸੁਰਗ ਤੋਂ ਵਧ ਆਨੰਦ ਪ੍ਰਾਪਤ ਹੁੰਦਾ ਏ ।"
ਅਕਰਹਾ ਕੁਝ ਥੱਕਿਆ ਹੋਇਆ ਸੀ । ਉਸ ਨੇ ਕਿਹਾ ਨਹੀਂ, ਮੈਂ ਆਪਣੇ ਦਿਲ ਨੂੰ ਤਸੱਲੀ ਦੇਣ ਲਈ ਆਇਆ ਹਾਂ । ਦੁਨੀਆ ਦੇ ਸੁਖਾਂ ਨੂੰ ਤਿਆਗ ਕੇ ਮਹਾਤਮਾ ਬੁਧ ਦੇ ਨਿਰਵਾਨ ਤਕ ਪਹੁੰਚਣ ਤੇ ਆਪਣੇ ਲਈ ਸਹੀ ਰਸਤੇ ਦਾ ਪਤਾ ਕਰਨ ਆਇਆ ਹਾਂ। ਮੇਰੇ ਦੋਸਤ ! ਤੂੰ ਮੇਰੀ ਸਹਾਇਤਾ ਕਰ ।"
ਪੁਜਾਰੀ ਜੋ ਦੁਨੀਆ ਤੋਂ ਨਫ਼ਰਤ ਦਾ ਸਬਕ ਦੇ ਸਕਦਾ ਸੀ। ਤਾਂ ਓਸ ਦਾ ਦਿਲ ਦੁਨੀਆ-ਦਾਰਾਂ ਨੂੰ ਵੀਰ ਭਗਤੀ ਵਲ ਵੀ ਬੁਲਾ ਸਕਦਾ ਸੀ। ਜੇ ਓਹ ਕਿਸੇ ਤੋਂ ਨਫ਼ਰਤ ਕਰਨਾਂ ਜਾਣਦਾ ਸੀ, ਤਾਂ ਓਸ ਨੂੰ ਮਿਹਰਬਾਨੀ ਕਰਨੀ ਵੀ ਆਉਂਦੀ ਸੀ । ਮਹਾਤਮਾ ਬੁਧ ਦਾ ਉਹ ਸੱਚਾ ਪੁਜਾਰੀ ਲੋਕਾਂ ਦਾ ਹਮਦਰਦ ਤੇ ਮਿਹਰਬਾਨ ਬਾਪ ਸੀ । ਓਸ ਨੇ ਅਕਰਹਾ ਦੇ ਮੁਹੱਬਤ ਤੋਂ ਟੁੱਟੇ ਹੋਏ ਦਿਲ ਨੂੰ ਸਹਾਰਾ ਦਿੱਤਾ ਤੇ ਆਖਿਆ-“ਕੋਈ ਚਿੰਤਾ ਨਾ ਕਰੋ, ਤੁਹਾਡੇ ਦਿਲ ਦਾ ਜ਼ਖਮ ਬੜੀ ਛੇਤੀ ਮਿਲ ਜਾਵੇਗਾ ਤੇ ਇਸ ਨੂੰ ਆਰਾਮ ਆ ਜਾਵੇਗਾ । ਮਹਾਤਮਾਂ

ਬੁਧ ਦੀ ਕ੍ਰਿਪਾ ਸਦਕਾ ਉਸ ਨੂੰ ਸ਼ਾਂਤੀ ਮਿਲ ਜਾਵੇਗੀ । ਵੇਸਵਾਆਂ ਦੇ ਮਿਟ ਜਾਣ ਵਾਲੇ ਪ੍ਰੇਮ ਦੀ ਯਾਦ ਤੁਹਾਡੇ ਦਿਲ ਦਿਮਾਗ ਤੋਂ ਜਾਂਦੀ ਰਹੇਗੀ। ਮੇਰੇ ਦੋਸਤ, ਯਕੀਨ ਕਰੋ ਕਿ ਤੁਸੀਂ ਵਧੀ ਹੋਈ ਇੱਛਾ ਦੇ ਜਾਲ ਵਿਚੋਂ ਨਿਕਲ ਕੇ ਬੁਧ ਭਗਵਾਨ ਦੀ ਕਿਰਪਾ ਨਾਲ ਜ਼ਰੂਰ ਨਿਰਵਾਨ ਪ੍ਰਾਪਤ ਕਰੋਗੇ।"
ਦੇਵਤਿਆਂ ਦੇ ਮੰਦਰ ਵਿਚ ਰਹਿਣ ਵਾਲੇ ਅਕਰਹਾ ਨੂੰ ਅੰਤ ਇਕ ਅਮਰ ਸ਼ਾਂਤੀ ਪ੍ਰਾਪਤ ਹੋ ਗਈ । ਓਸ ਦੇ ਦਿਲ ਤੋਂ ਕੋਹਾਨਾ ਦੀ ਯਾਦ ਸਦਾ ਲਈ ਮਿਟ ਗਈ । ਕਾਮਾ ਕੋਰੋ ਦੇ ਮੰਦਰ ਵਿਚ ਬੁਧ ਮਤ ਦਾ ਇਹ ਪੁਜਾਰੀ ਮੁਕਤੀ ਪ੍ਰਾਪਤ ਕਰਨ ਦੀ ਧੁਨ ਵਿਚ ਦਿਨ ਰਾਤ ਸਮਾਧੀ ਲਾਈ ਬੈਠਾ ਰਹਿੰਦਾ | ਸਵੇਰ ਤੇ ਸੰਧਿਆ ਦੇ ਮਧਮ ਉਜਾਲੇ ਵਿਚ ਓਸ ਨੂੰ ਇਸ ਤਰਾਂ ਜਾਪਦਾ, ਜਿਵੇਂ ਮਹਾਤਮਾ ਬੁਧ ਏਥੇ ਹੀ ਰਹਿੰਦੇ ਹਨ। ਓਸ ਪੱਥਰ ਦੀ ਮੂਰਤ ਅੱਗੇ ਉਸ ਦਾ ਦਿਲ ਆਪਣੇ ਆਪ ਹੀ ਝੁਕ ਜਾਂਦਾ ਤੇ ਉਹ ਸਮਝਦਾ ਕਿ ਮੈਂ ਸੁਖਾਂ ਦੇ ਆਕਾਸ਼ ਵਿਚ ਉਡਾਰੀ ਲਾ ਰਿਹਾ ਹਾਂ। ਹੁਣ ਓਸ ਦੀ ਖ਼ੁਸ਼ੀ ਦੀ ਕੋਈ ਹੱਦ ਨਾ ਰਹੀ। ਸਿਰਫ ਇਹੋ ਇੱਛਾ ਓਸ ਦੇ ਦਿਲ ਵਿਚ ਬਾਕੀ ਸੀ, ਕਿ ਦੁਨੀਆ ਦੇ ਸੁਖਾਂ ਤੋਂ ਛੁਟਕਾਰਾ ਪਾ ਕੇ ਨਿਰਵਾਨ ਪ੍ਰਾਪਤ ਕਰੇ।
ਇਕ ਦਿਨ ਬੁਧ ਦੀ ਮੂਰਤ ਅੱਗੇ ਇਕ ਲੜਕਾ ਪੰਛੀ ਨੂੰ ਮਾਰਨ ਦੀ ਕੋਸ਼ਸ਼ ਕਰ ਰਿਹਾ ਸੀ । ਪੰਛੀ ਘਾਇਲ ਹੋ ਗਿਆ, ਏਸ ਨੇ ਤਰਸ ਨਾਲ ਪੰਛੀ ਨੂੰ ਚੁੱਕਦਿਆਂ ਹੋਇਆਂ ਆਖਿਆ “ਕਾਕਾ ਜੀ ! ਕਿਸੇ ਜਾਨਦਾਰ ਨੂੰ ਮਾਰਨ ਦੀ ਕੋਸ਼ਸ਼ ਨਾ ਕਰੋ, ਕਿਉਂਕਿ ਸਭ ਜਾਨਦਾਰ ਚੀਜ਼ਾਂ ਮਹਾਤਮਾ ਬੁਧ ਨੂੰ ਬਹੁਤ ਪਿਆਰੀਆਂ ਹਨ। ਅਕਰਹਾ ਪੰਛੀ ਨੂੰ ਆਪਣੇ ਨਾਲ ਲੈ ਗਿਆ ਤੇ ਇਕ ਦੋ ਦਿਨ ਦੀ ਸੇਵਾ ਨਾਲ ਉਸ ਨੂੰ ਪੂਰਾ ਆਰਾਮ ਆਉਣ ਤੇ ਆਜ਼ਾਦ ਕਰ ਦਿਤਾ ਗਿਆ । ਪੰਛੀ ਦੀ ਆਜ਼ਾਦੀ ਤੇ ਓਸ ਦੀ ਖੁਸ਼ੀ ਦਾ ਅੰਤ ਨਹੀਂ ਸੀ । ਪੰਛੀ ਨੇ ਨੀਲੇ

ਤੇ ਅਥਾਹ ਆਸਮਾਨ ਵਲ ਉਡਾਰ ਲਾਈ ਤੇ ਫੇਰ ਇਕ ਬ੍ਰਿਛ ਤੇ ਬੈਠ ਕੇ ਬੜੀ ਖੁਸ਼ੀ ਨਾਲ ਈਸ਼ਰ ਦੀ ਉਸਤਤ ਵਿਚ ਇਕ ਗੀਤ ਗਾਵਿਆਂ ।
ਇਕ ਦਿਨ ਮੌਸਮ ਬਹਾਰ ਦੀ ਸਵੇਰ ਨੂੰ ਮੰਦਰ ਦੇ ਬਹਾਰ ਰੰਗੀਨ ਤੇ ਸੋਹਣੇ ਫੁੱਲ ਖਿੜੇ ਹੋਏ ਸਨ। ਦਿਲ ਲੁਭਾਣ ਵਾਲੀ ਰੁੱਤ ਹੋਣ ਕਰ ਕੇ ਬੱਚੇ ਖੇਡ ਰਹੇ ਸਨ । ਅਕਰਹਾ ਮੰਦਰ ਦੇ ਵਿਹੜੇ ਵਿਚ ਬੈਠਾ ਸੀ। ਉਸ ਨੇ ਦੂਰੋਂ ਹੀ ਇਕ ਇਸਤ੍ਰੀ ਨੂੰ ਆਪਣੇ ਵਲ ਆਉ ਦਿਆਂ ਵੇਖਿਆ ਤੇ ਉਹ ਇਸ ਲਈ ਹੈਰਾਨ ਹੋ ਗਿਆ, ਕਿਉਂਕਿ ਕਾਮਾ ਕਰੋ ਦੇ ਮੰਦਰ ਵਿਚ ਅਜ ਤਕ ਓਸ ਨੇ ਕਿਸੇ ਇਸਤ੍ਰੀ ਦੀ ਸ਼ਕਲ ਨਹੀਂ ਸੀ ਵੇਖੀ । ਇਸਤ੍ਰੀ ਬੜੀ ਤੇਜ਼ੀ ਨਾਲ ਮੰਦਰ ਵਲ ਆਂ ਰਹੀ ਸੀ ਤੇ ਉਸ ਦੇ ਚਿਹਰੇ ਤੇ ਮੋਟਾ ਜਿਹਾ ਨਕਾਬ ਪਿਆ ਹੋਇਆ ਸੀ ।
"ਤੂੰ ਏ ?" ਪੁਜਾਰੀ ਬੋਲਿਆ। ਉਸ ਨੇ ਕੋਹਾਨਾ ਦੀ ਆਵਾਜ਼ ਨੂੰ ਪਛਾਣ ਲਿਆ ਸੀ । ਕੋਹਾਨਾ ਦੀ ਜ਼ਬਾਨ ਵਿਚ ਹੁਣ ਮਿਠਾਸ ਨਹੀਂ ਸੀ । “ਤੂੰ ਕਿਉਂ ਆਈ ਹੈਂ ?" ਅਕਰਹਾ ਨੇ ਪੁੱਛਿਆ।
ਕੋਹਾਨਾ ਨੇ ਨਕਾਬ ਚੁਕਦਿਆਂ ਆਖਿਆ ਅਕਰਹਾਂ ਜੀ ! ਜਦ ਦੇ ਤੁਸੀਂ ਮੇਰੇ ਕੋਲੋਂ ਆਏ ਹੋ, ਮੈਂ ਮੁਹੱਬਤ ਦੀ ਅੱਗ ਵਿਚ ਸੜੇ ਰਹੀ ਹਾਂ । ਏਸ ਲਾਂਬੂ ਨੂੰ ਬੁਝਾਣ ਲਈ ਮੈਂ ਬੜੀ ਕੋਸ਼ਸ਼ ਕੀਤੀ ਹੈ। ਪਰ ਪ੍ਰੇਮ ਦੀ ਇਹ ਅੱਗ ਨਹੀਂ ਬੁਝ ਸਕੀ। ਤੁਹਾਡੀ ਮੁਹੱਬਤ ਘਟਣ ਦੀ ਥਾਂ ਦਿਨ ਬਦਿਨ ਵਧਦੀ ਹੀ ਗਈ ਏ । ਏਥੋਂ ਤਕ ਕਿ ਮੈਂ ਤੁਹਾਡੀ ਭਾਲ ਵਿਚ ਘਰ ਬਾਰ ਵੀ ਤਿਆਗ ਆਈ ਹਾਂ । ਖੁਸ਼ ਹਾਂ ਕਿ ਤੁਹਾਨੂੰ ਅੰਤ ਲਭ ਹੀ ਲਿਆ ਨਾ। ਮੈਨੂੰ ਸ਼ਹਿਰ ਵਾਲਿਆਂ ਨੇ ਦਸਿਆ ਸੀ ! ਤੁਸੀ ਪੁਜਾਰੀ ਬਣ ਚੁਕੇ ਹੋ। ਮੈਨੂੰ ਇਹ ਚਾਹੀਦਾ ਸੀ ਕਿ ਇਹ ਪਤਾ ਲਗਣ ਤੇ ਮੁੜ ਜਾਂਦੀ, ਪਰ ਪਤਾ ਨਹੀਂ ਕਿਉਂ ਵਾਪਸ ਨਹੀਂ ਜਾ ਸਕੀ ! ਇਕ ਟੁਟੇ ਪਰਾਂ ਵਾਲੀ ਤਿੱਤਰੀ ਤੁਹਾਡੀ ਮੁਹੱਬਤ ਦਾ ਅੰਮ੍ਰਤ ਪੀਣ ਲਈ ਏਥੋਂ ਤੀਕ ਪਹੁੰਚ ਗਈ ਏ ।"

ਅਕਰਹਾ ਨੇ ਉੱਤਰ ਦਿਤਾ-"ਤੇਰਾ ਆਉਣਾ ਅਸਫਲ ਹੈ। ਕੁਹਾਨਾ, ਤੂੰ ਬੜੀ ਦੇਰ ਕਰ ਕੇ ਆਈ ਏ । ਮੈਂ ਆਪਣਾ ਤਨ ਮਨ ਸਭ ਕੁਛ ਮਹਾਤਮਾ ਬੁਧ ਦੀ ਭੇਟ ਕਰ ਦਿੱਤਾ ਹੈ । ਤੇਰੇ ਵਾਸਤੇ ਹੁਣ ਕੁਝ ਵੀ ਬਾਕੀ ਨਹੀਂ ਰਿਹਾ । ਤੂੰ ਵਾਪਸ ਚਲੀ ਜਾ, ਪਰ ਵੇਸ਼ਵਾਆਂ ਦੀ ਗਲੀ ਵਲ ਨਹੀਂ, ਬਲਕਿ ਓਸ ਰਸਤੇ ਨੂੰ ਇਖ਼ਤਿਆਰ ਕਰ, ਜੋ ਇਸ ਦੁਨੀਆ ਤੋਂ ਛੁਟਕਾਰਾ ਦਿਵਾ ਸਕੇ ।"
ਕੋਹਾਨਾ ਦੇ ਦਿਲ ਤੇ ਇਕ ਸੱਟ ਵੱਜੀ । ਓਹ ਕਿਸ ਤਰਾਂ ਯਕੀਨ ਕਰ ਲੈਂਦੀ ਕਿ ਅਕਰਹਾ ਜਿਹਾ ਪ੍ਰੇਮ ਦੀਵਾਨਾ ਇਹ ਸਿਖਿਆ ਦੇ ਸਦਕਾ ਏ। ਓਹ ਕਿਸ ਤਰਾਂ ਮੰਨ ਲੈਂਦੀ ਕਿ ਓਹ ਬੁਲ ਜਿਨਾਂ ਨੇ ਇਕ ਦਿਨ ਓਸ ਦੇ ਹੱਥਾਂ ਨੂੰ ਚੁੰਮਿਆ ਸੀ, ਹੁਣ ਓਸ ਨੂੰ ਹਮੇਸ਼ਾਂ ਵਾਸਤੇ ਦੁਰਕਾਰ ਦੇਣਗੇ ।
ਓਸ ਨੇ ਕਿਹਾ-“ਅਕਰਹਾ ਜੀ ! ਤੁਹਾਡੀ ਮੁਹੱਬਤ ਨੂੰ ਕੀ ਹੋ ਗਿਆ ?"
ਅਕਰਹਾ ਨੇ ਇਕ ਠੰਡਾ ਸਾਹ ਲੈ ਕੇ ਆਖਿਆ-ਓਹ ਇਕ ਸੁਪਨਾ ਸੀ ਕੋਹਾਨਾ । ਤੇਰੀ ਬੜੀ ਮਿਹਰਬਾਨੀ ਹੋਵੇ, ਜੇ ਤੂੰ ਏਥੋਂ ਚਲੀ ਜਾਵੇਂ ।"
ਕਹਾਨਾ ਨੇ ਉੱਤਰ ਦਿਤਾ-"ਅਜੇ ਨਹੀਂ ਅਕਰਹਾ ਜੀ, ਮੈਂ ਤੁਹਾਡੇ ਮੂੰਹੋ ਮੁਹੱਬਤ ਦਾ ਇਕ ਸ਼ਬਦ ਸੁਣ ਕੇ ਜਾਵਾਂਗੀ । ਸਿਰਫ ਇਕ ਸ਼ਬਦ । ਕੀ ਤੁਹਾਡੇ ਬੁਝੇ ਹੋਏ ਦਿਲ ਵਿਚ ਮੁਹੱਬਤ ਦੀ ਕੋਈ ਚੰਗਿਆੜੀ ਵੀ ਬਾਕੀ ਨਹੀਂ ?"
“ਮੇਂ ਉੱਤਰ ਦੇਣੋਂ ਮਜਬੂਰ ਹਾਂ "। ਅਕਰਹਾ ਨੇ ਆਖਿਆ ।
“ਮੈਂ ਜ਼ਰੂਰ ਉੱਤਰ ਲੈ ਕੇ ਜਾਵਾਂਗੀ ।"
“ਜੇ ਤੈਨੂੰ ਮੇਰਾ ਉੱਤਰ ਸੁਣਨ ਦਾ ਅਜਿਹਾ ਹਠ ਏ, ਤਾਂ ਅੱਜ ਰਾਤ ਨੂੰ ਮੇਰਾ ਉੱਤਰ ਮਿਲ ਜਾਵੇਗਾ । "ਅਕਰਹਾ ਦੀ ਆਵਾਜ਼

ਵਿਚ ਦਰਦ ਸੀ । ਓਸ ਨੇ ਕਿਹਾ-"ਕੋਹਾਨਾ ! ਤੈਨੂੰ ਯਾਦ ਹੋਵੇਗਾ ਕਿ ਇਕ ਦਿਨ ਓਹ ਸੀ, ਜਦ ਮੇਰੀ ਮੁਹੱਬਤ ਤੈਨੂੰ ਖੁਸ਼ੀ ਦੀ ਜਗਾ ਦੁੱਖ ਦੇਂਦੀ ਸੀ ।"
"ਹਾਂ ਮੈਨੂੰ ਯਾਦ ਹੈ, ਮੈਂ ਤੁਹਾਨੂੰ ਹਮੇਸ਼ਾ ਵਾਸਤੇ ਚਲੇ ਜਾਣ ਲਈ ਆਖਿਆ ਸੀ।"
“ਨਹੀਂ ਤੂੰ ਸਿਰਫ ਮੈਨੂੰ ਚਲੇ ਜਾਣ ਵਾਸਤੇ ਹੀ ਨਹੀਂ ਸੀ ਆਖਿਆ, ਬਲਕਿ ਆਪਣੀ ਮੁਹੱਬਤ ਨੂੰ ਦੂਰ ਸਮੁੰਦਰ ਦੇ ਕੰਢੇ ਦਫਨ ਕਰਨ ਦਾ ਹੁਕਮ ਦਿਤਾ ਸੀ। ਕੋਹਾਨਾ, ਜੇ ਤੈਨੂੰ ਹੁਣ ਮੇਰੇ ਨਾਲ ਮੁਹੱਬਤ ਹੈ, ਤਾਂ ਉਸ ਵੇਲੇ ਮੈਨੂੰ ਵੀ ਤੇਰੇ ਨਾਲ ਮੁਹੱਬਤ ਸੀ । ਮੇਰੀ ਹਾਲਤ ਤੇ ਰਹਿਮ ਕਰ ਤੇ ਜਵਾਬ ਸੁਣਨ ਤੋਂ ਪਹਿਲਾਂ ਹੀ ਵਾਪਸ ਚਲੀ ਜਾਂ ।"
ਕੋਹਾਨਾ ਪੁਜਾਰੀ ਵਲ ਵੇਖਦੀ ਰਹੀ। ਓਹ ਮੁਹੱਬਤ ਭੁੱਖੀ ਸੀ। ਉਸ ਨੇ ਕਿਹਾ- "ਮੈਂ ਨਹੀਂ ਜਾਣਦੀ ਤੁਹਾਡਾ ਕੀ ਮਤਲਬ ਹੈ ਪਰ ਮੈਂ ਅੱਜ ਜਵਾਬ ਲਏ ਬਿਨਾਂ ਨਹੀਂ ਪਰਤਾਂਗੀ |"
ਅਕਰਹਾ ਨੇ ਆਖਿਆ- “ਜੇ ਤੇਰੀ ਏਹੋ ਮਰਜ਼ੀ ਹੈ, ਤਾਂ ਤੂੰ ਅੱਜ ਅੱਧੀ ਰਾਤ ਵੇਲੇ ਜਵਾਬ ਸੁਣ ਲਵੇਂਗੀ। ਓਸ ਦੇ ਚਿਹਰੇ ਤੋਂ ਚਿੰਤਾ ਤੇ ਫਿਕਰ ਦੀਆਂ ਨਿਸ਼ਾਨੀਆਂ ਨਜ਼ਰ ਆ ਰਹੀਆਂ ਸਨ। ਕੋਹਾਨਾ ਓਸ ਦੇ ਜਲਾਲ ਨੂੰ ਝਲ ਨਾ ਸਕੀ।"
ਅੱਧੀ ਰਾਤ ਤੋਂ ਪਹਿਲਾਂ ਹੀ ਕੋਹਾਨਾ ਮੰਦਰ ਵਲ ਮੁੜ ਆਈ। ਓਸ ਨੇ ਵੇਖਿਆ, ਅਕਰਹਾ ਬਾਹਰ ਵਿਹੜੇ ਵਿਚ ਚੰਦ ਦੀ ਚਾਨਣੀ ਹੇਠ ਸਮਾਧੀ ਲਾਈ ਬੈਠਾ ਹੈ । ਉਸ ਦੇ ਚਿਹਰੇ ਤੇ ਮਸਤੀ ਖੇਡ ਰਹੀ ਹੈ । ਐਉਂ ਜਾਪਦਾ ਸੀ ਕਿ ਮੁਸਾਫਰ ਆਪਣੀ ਮੰਜ਼ਲ ਤੀਕ ਪਹੁੰਚ ਚੁੱਕਾ ਹੈ ।
"ਤੂੰ ਬੜੀ ਛੇਤੀ ਆ ਗਈ ਏ ਕੋਹਾਨਾ|" ਅਕਰਹਾ ਨੇ ਆਖਿਆ । ਮਲੂਮ ਹੁੰਦਾ ਹੈ ਕਿ ਤੂੰ ਜਵਾਬ ਲਏ ਬਿਨਾਂ ਨਹੀਂ

ਜਾਵੇਂਗੀ |”
ਕੋਹਾਨਾ ਬੋਲੀ-"ਕਦੀ ਨਹੀਂ ।"
"ਜੇ ਤੇਰੀ ਇਹੋ ਇੱਛਾ ਹੈ, ਤਾਂ ਆਪਣਾ ਹੱਥ ਮੇਰੇ ਹੱਥ ਵਿਚ ਦੇ । ਤੇਰਾ ਹੱਥ ਕੰਬ ਕਿਓ ਰਿਹਾ ਹੈ ਕੋਹਾਨਾ ? ਅਕਰਹਾ ਨੇ ਕਿਹਾ:-“ਅਸੀਂ ਥੋੜੀ ਦੂਰ ਇਕਠੇ ਸਫਰ ਕਰਾਂਗੇ ।"
ਜਦ ਓਹ ਮੰਦਰ ਦੇ ਵਿਹੜੇ ਵਿਚੋਂ ਲੰਘ ਰਹੇ ਸਨ, ਤਾਂ ਕੋਹਾਨਾ ਨੇ ਓਸ ਉਤੇ ਬਹੁਤ ਸਵਾਲ ਕੀਤੇ । ਪੁਜਾਰੀ ਨੇ ਕਿਸੇ ਦਾ ਵੀ ਜਵਾਬ ਨਾ ਦਿਤਾ । ਜਦ ਓਹ "ਯਬਸ਼" ਦੇ ਬੁੱਤ ਪਾਸੋਂ ਲੰਘੇ ਤੇ ਅਕਰਹਾ ਨੇ ਹਸਰਤ ਭਰੀਆਂ ਅੱਖੀਆਂ ਨਾਲ ਓਸ ਬੁੱਤ ਵੱਲ ਵੇਖਿਆ ।
ਅਕਰਹਾ ਨੇ ਹੌਲੀ ਜਹੀ ਆਖਿਆ-"ਮਾਫ ਕਰੋ" ਇਨ ਸ਼ਬਦਾਂ ਨੂੰ ਕੋਹਾਨਾ ਸਣ ਨਾ ਸਕੀ । ਅਕਰਹਾ ਦਾ ਚਿਹਰਾ ਨੂਰ ਨਾਲ ਚਮਕ ਰਿਹਾ ਸੀ। ਚਾਨਣੀ ਬੁਧ ਦੇ ਬੁੱਤ, ਮੰਦਰ ਦੇ ਵਿਹੜੇ, ਸੜਕਾਂ ਤੇ ਸੁਨਹਿਰੀ ਬਦਲਾਂ ਉੱਤੇ ਛਾਈ ਹੋਈ ਸੀ | ਅਕਰਹਾ ਨੇ ਕੋਹਾਨਾ ਨੂੰ ਆਖਿਆ- ਤੈਨੂੰ ਜਵਾਬ ਦੇਣ ਤੋਂ ਪਹਿਲਾਂ ਮੈਂ ਅੱਜ ਬੁਧ ਦੀ ਹਜ਼ੂਰੀ ਵਿਚ ਪਾਰਥਨਾ ਕਰਨਾ ਚਾਹੁੰਦਾ ਹਾਂ । ਮੈਂ ਤੇਰੇ ਪਾਸੋਂ ਮੰਗ ਕਰਦਾ ਹਾਂ ਕਿ ਤੂੰ ਥੋੜੇ ਚਿਰ ਲਈ ਆਪਣੀਆਂ ਅੱਖਾਂ ਬੰਦ ਕਰ ਕੇ ਮੂੰਹ ਤੇ ਨਕਾਬ ਪਾ ਲੈ ।"
ਕੋਹਾਨਾ ਨੇ ਏਸੇ ਤਰਾਂ ਕੀਤਾ। ਉਸ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਤੇ ਚਿਹਰੇ ਤੇ ਨਕਾਬ ਉਲਟ ਲਿਆ । ਹਵਾ ਸਰਸਰਾ ਰਹੀ ਸੀ, ਸਮੰਦਰ ਤੋਂ ਦੂਰ ਸਮੁੰਦਰੀ ਲਹਿਰਾਂ ਮਿੱਠੇ ਰਾਗ ਅਲਾਪ ਰਹੀਆਂ ਸਨ।
ਅਕਰਹਾ ਪ੍ਰਾਥਨਾ ਵਿਚ ਲੀਨ ਸੀ।
“ਕੀ ਮੈਂ ਅੱਖਾਂ ਖੋਲ ਲਵਾਂ ਅਕਰਹਾ ਜੀ ? ਮੈਂ ਤੁਹਾਡੀ

ਇਹ ਪ੍ਰਾਰਥਨਾ ਸੁਣਨਾ ਚਾਹੁੰਦੀ ਹਾਂ ।"
ਪਰ 'ਅਕਰਹਾ ਵਲੋਂ ਕੋਈ ਜਵਾਬ ਨਾ ਮਿਲਿਆ।
ਸਮੁੰਦਰੀ ਲਹਿਰਾਂ ਦੀਆਂ ਆਵਾਜ਼ਾਂ ਤੇ ਹਵਾ ਦੀ ਸਰਸਰਾਹਟ ਦੇ ਸਿਵਾ ਕੋਹਾਨਾ ਦੇ ਸਵਾਲ ਦਾ ਕੋਈ ਜਵਾਬ ਨਹੀਂ ਸੀ।
ਓਹ ਬੜਾ ਚਿਰ ਉਡੀਕਦੀ ਰਹੀ, ਪਰ ਅੰਤ ਓਸ ਨੇ ਤੰਗ ਆ ਕੇ ਨਕਾਬ ਲਾਹ ਦਿਤਾ ਤੇ ਅੱਖਾਂ ਖੋਲ ਲਈਆਂ।
ਹਵਾ ਵਿਚ ਚੀਖ਼ ਗੁੰਜੀ - ਪੁਜਾਰੀ ਦੀ ਨੂਰ ਨਾਲ ਚਮਕਦੀ ਹੋਈ ਲਾਸ਼ ਮਹਾਤਮਾ ਬੁਧ ਦੀ ਗੋਦ ਵਿਚ ਬੇ-ਦਮ ਪਈ ਸੀ।
"ਆਹ ਤੁਹਾਡਾ ਇਹ ਭਿਆਨਕ ਜਵਾਬ !" ਓਸ ਨੇ ਧਾਹਾਂ ਮਾਰ ਕੇ ਆਖਿਆ- “ਮੈਂ ਨਹੀਂ ਸਮਝਦੀ ਸਾਂ ਕਿ ਤੁਹਾਡਾ ਜਵਾਬ ਏਡਾ ਭਿਆਨਕ ਹੋਵੇਗਾ। ਤੇ ਫੇਰ ਓਹ ਮਹਾਤਮਾ ਬੁਧ ਦੇ ਬੁੱਤ ਸਾਹਮਣੇ , ਝੁਕ ਗਈ ਤੇ ਦੁਖੀ ਦਿਲ ਨਾਲ ਬੋਲੀ-“ਮਹਾਂ ਬੁਧ ਜੀਓ ! ਅਕਰਹਾ ਮੇਰਾ ਹੈ, ਓਹ ਮੇਰਾ ਹੀ ਹੋ ਕੇ ਰਹੇਗਾ..........|"
ਮਹਾਤਮਾ ਬੁਧ ਦਾ ਬੁੱਤ ਚੰਦ੍ਰਮਾਂ ਦੀ ਚਾਂਦਨੀ ਵਿਚ ਇਉਂ ਜਾਪਦਾ ਸੀ ਕਿ ਸਾਖਿਆਤ ਮਹਾਤਮਾ ਬੁਧ ਬੈਠੇ ਹਨ | ਪੁਜਾਰੀ ਦਾ ਨੂਰੀ ਲਾਸ਼ ਉਤੇ ਕੋਹਾਨਾ ਦਾ ਬੇਜਾਨ ਜਿਸਮ ਪਿਆ ਸੀ ।