ਸਮੱਗਰੀ 'ਤੇ ਜਾਓ

ਮਹਿਕ ਪੰਜਾਬ ਦੀ

ਵਿਕੀਸਰੋਤ ਤੋਂ
52525ਮਹਿਕ ਪੰਜਾਬ ਦੀ2014ਸੁਖਦੇਵ ਮਾਦਪੁਰੀ

ਮਹਿਕ ਪੰਜਾਬ ਦੀ

ਇਸ ਕਲਮ ਤੋਂ! • ਲੋਕ ਗੀਤ:

ਗਾਉਂਦਾ ਪੰਜਾਬ (1959), (2014), ਫੁੱਲਾਂ ਭਰੀ ਚੰਗੇਰ (1979), ਖੰਡ ਮਿਸ਼ਰੀ ਦੀਆਂ ਡਲੀਆਂ (2003), ਲੋਕ ਗੀਤਾਂ ਦੀ ਸਮਾਜਿਕ ਵਿਆਖਿਆ (2003), ਨੈਣੀਂ ਨੀਂਦ ਨਾ ਆਵੇ (2004), ਕਿੱਕਲੀ ਕਲੀਰ ਦੀ (2008), ਸ਼ਾਵਾ ਨੀ ਬੰਬੀਹਾ ਬੋਲੇ (2008), ਬੋਲੀਆਂ ਦਾ ਪਾਵਾਂ ਬੰਗਲਾ (2009), ਕੱਲਰ ਦੀਵਾ ਮੱਚਦਾ (2010), ਲੋਕ ਗੀਤਾਂ ਦੀਆਂ ਕੂਲਾਂ-ਸ਼ਗਨਾਂ ਦੇ ਗੀਤ (2012) ਲੋਕ ਕਹਾਣੀਆਂ ਜ਼ਰੀ ਦਾ ਟੋਟਾ (1957), ਨੈਣਾਂ ਦੇ ਵਣਜਾਰੇ (1962), ਭਾਰਤੀ ਲੋਕ ਕਹਾਣੀਆਂ (1991), ਬਾਤਾਂ ਦੇਸ ਪੰਜਾਬ ਦੀਆਂ (2003), ਦੇਸ ਪ੍ਰਦੇਸ਼ ਦੀਆਂ ਲੋਕ ਕਹਾਣੀਆਂ (2006), (2014), ਜਿਨ੍ਹਾਂ ਵਣਜ ਦਿਲਾਂ ਦੇ ਕੀਤੇ (2013) ਲੋਕ ਬੁਝਾਰਤਾਂ: ਲੋਕ ਬੁਝਾਰਤਾਂ (1956), ਪੰਜਾਬੀ ਬੁਝਾਰਤਾਂ (1979), ਪੰਜਾਬੀ ਬੁਝਾਰਤ ਕੋਸ਼ (2007) ਪੰਜਾਬੀ ਸਭਿਆਚਾਰ: ਪੰਜਾਬ ਦੀਆਂ ਲੋਕ ਖੇਡਾਂ (1976), ਆਓ ਨੱਚੀਏ (1995), ਮਹਿਕ ਪੰਜਾਬ ਦੀ (2004), ਪੰਜਾਬ ਦੇ ਲੋਕ ਨਾਇਕ (2005), ਪੰਜਾਬ ਦੀਆਂ ਵਿਰਾਸਤੀ ਖੇਡਾਂ (2005), (2014), ਪੰਜਾਬੀ ਸਭਿਆਚਾਰ ਦੀ ਆਰਸੀ (2006), ਲੋਕ ਸਿਆਣਪਾਂ (2007), ਵਿਰਾਸਤੀ ਮੇਲੇ ਤੇ ਤਿਉਹਾਰ (2013) ਨਾਟਕ: ਪਰਾਇਆ ਧਨ (1962) • ਜੀਵਨੀ:

ਮਹਾਨ ਸੁਤੰਤਰਤਾ ਸੰਗਰਾਮੀ ਸਤਿਗੁਰੂ ਰਾਮ ਸਿੰਘ (1995) ਬਾਲ ਸਾਹਿਤ ਜਾਦੂ ਦਾ ਸ਼ੀਸ਼ਾ (1962), ਕੇਸੂ ਦੇ ਫੁੱਲ (1962), ਸੋਨੇ ਦਾ ਬੱਕਰਾ (1962), ਬਾਲ ਕਹਾਣੀਆਂ (1992), ਆਓ ਗਾਈਏ (1992), ਮਹਾਂਬਲੀ ਰਣਜੀਤ ਸਿੰਘ (1995), ਨੇਕੀ ਦਾ ਫ਼ਲ (1995), ਕੁੜੀਆਂ ਦੀਆਂ ਖੇਡਾਂ (2014), ਮੁੰਡਿਆਂ ਦੀਆਂ ਖੇਡਾਂ (2014), ਲਕ ਟੁਣੂੰ ਟੁਣੂ (2014), ਜਾਦੂ ਦਾ ਸ਼ੀਸ਼ਾ (2014), ਲੁਹਾਰ ਦੀ ਕੁੜੀ (2014) ਮੁਫਤ ਦੀ ਰੋਟੀ (2014) ਅਨੁਵਾਦ: ਵਰਖਾ ਦੀ ਉਡੀਕ (1993), ਟੇਡਾ ਤੇ ਟਾਹਰ (1994), ਤਿਤਲੀ ਤੇ ਸੂਰਜਮੁਖੀਆਂ (1994)

ਮਹਿਕ ਪੰਜਾਬ ਦੀ

ਸੁਖਦੇਵ ਮਾਦਪੁਰੀ

Folk Lore/Punjabi Folk/Folk Song Collection

ISBN: 978-93-5068-956-1 Mehak Punjab Di by Sukhdev Madpuri H.No.2, St.No.9, Smadhi Road Khanna, Distt. Ludhiana, Pin-141401 Mob. 94630-34472 2014 Lokgeet Parkashan S.C.O. 26-27, Sector 34 A, Chandigarh-160022 India Ph. +91-172-5077427, 5077428 Printed & bound at Unistar Books Pvt. Ltd. 301, Industrial Area, Phase-9, S.A.S. Nagar, Mohali-Chandigarh (India) email: unistarbooks@gmail.com website: www.unistarbooks.com © 2014 Produced and bound in India All rights reserved This book is sold subject to the condition that it shall not by way of trade or otherwise be lent. resold, hired out, or othervise circulated without the publisher's prior written CONSEN in wry form of burding or cover other than that in which it is published and without a similar condition including this condition being imposed on the subsequent purchaser and without limiting the rights wider copyright reserved above, no part of this publication may be reprochuced, stored in or introduced to u retrieval system, or freuismitted in any form or by wy means(electronic, mechemicul photocopying, recording or otherwise), without the prior written permission of both the copyright owner and the trhove-mentioned publisher of this book. 

ਸਵਰਗੀ ਬਾਪੂ ਦਿਆ ਸਿੰਘ
ਦੀ ਨਿੱਘੀ ਯਾਦ ਨੂੰ ਸਮਰਪਿਤ

ਇਸ ਪੁਸਤਕ ਦੀ ਰੂਪ ਰੇਖਾ ਪੰਜਾਬੀ
ਦੇ ਪ੍ਰਸਿੱਧ ਕਹਾਣੀਕਾਰ ਸਵਰਗਵਾਸੀ
ਸਰਦਾਰ ਕੁਲਵੰਤ ਸਿੰਘ ਵਿਰਕ ਦੀ
ਅਗਵਾਈ ਵਿੱਚ ਤਿਆਰ ਕੀਤੀ ਗਈ
ਸੀ ਜਿਸ ਦੇ ਲਈ ਮੈਂ ਉਹਨਾਂ ਦਾ ਸਦਾ
ਲਈ ਧੰਨਵਾਦੀ ਹਾਂ। ਮੈਂ ਡਾ. ਕ੍ਰਿਪਾਲ
ਸਿੰਘ ਔਲਖ, ਵਾਈਸ-ਚਾਂਸਲਰ, ਪੰਜਾਬ
ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ
ਦਾ ਵੀ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਆਪਣੇ
ਵੱਡਮੁੱਲੇ ਰੁਝੇਵਿਆਂ ਵਿਚੋਂ ਸਮਾਂ ਕੱਢ ਕੇ,
ਇਸ ਪੁਸਤਕ ਦਾ ਮੁੱਖਬੰਦ ਲਿਖਣ ਦੀ
ਖੇਚਲ ਕੀਤੀ ਹੈ।
ਸੁਖਦੇਵ ਮਾਦਪੁਰੀ

ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/9 ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/10

ਮੁੱਖ ਬੰਦ

ਮੈਨੂੰ ਇਹ ਜਾਣ ਕੇ ਬੜੀ ਖ਼ੁਸ਼ੀ ਹੋਈ ਹੈ ਕਿ ਪਿਛਲੇ 50 ਵਰ੍ਹਿਆਂ ਤੋਂ ਲੋਕ ਸਾਹਿਤ ਦੀ ਖੋਜ, ਟਕਸਾਲੀ ਸਰੂਪ ਵਿੱਚ ਪ੍ਰਕਾਸ਼ਨ ਅਤੇ ਉਸ ਦੇ ਅਧਿਐਨ ਅਤੇ ਅਧਿਆਪਨ ਦੇ ਖੇਤਰ ਵਿੱਚ ਜਾਣੇ ਪਛਾਣੇ ਲੇਖਕ ਵੀਰ ਸ਼੍ਰੀ ਸੁਖਦੇਵ ਮਾਦਪੁਰੀ ਨੇ ਕਿਸਾਨੀ ਲੋਕ ਸਾਹਿਤ ਦਾ ਇਕ ਵਿਸ਼ਾਲ ਸੰਗ੍ਰਹਿ ਤਿਆਰ ਕੀਤਾ ਹੈ। ਇਹ ਪੁਸਤਕ ਯਕੀਨਨ ਕਿਸਾਨੀ ਜਨਜੀਵਨ, ਉਸ ਦੀ ਸੋਚਧਾਰਾ ਅਤੇ ਵਿਕਾਸ ਰੇਖਾ ਦੀ ਨਿਸ਼ਾਨਦੇਹੀ ਕਰੇਗੀ।

ਮਨੁੱਖ ਇਸ ਧਰਤੀ ਤੇ ਆਉਣ ਤੋਂ ਬਾਅਦ ਪਹਿਲਾਂ ਜੰਗਲੀ ਸੀ, ਫਿਰ ਚਰਵਾਹਾ ਬਣਿਆਂ ਅਤੇ ਜਦ ਉਸ ਨੂੰ ਆਪਣੀ ਅਕਲ ਵਰਤਣ ਦੀ ਜਾਚ ਆਈ ਤਾਂ ਉਹ ਧਰਤੀ ਵਿੱਚ ਦਾਣੇ ਬੀਜ ਕੇ ਖੇਤੀਬਾੜੀ ਦੇ ਕੰਮ ਵਿੱਚ ਲਗ ਗਿਆ। ਮਨੁੱਖੀ ਵਿਕਾਸ ਦੀ ਕਹਾਣੀ ਵਿੱਚ ਮਨੁੱਖ ਦਾ ਧਰਤੀ ਵਿੱਚੋਂ ਅਨਾਜ ਪੈਦਾ ਕਰਨ ਦੇ ਰਾਹ ਤੁਰਨਾ ਬਹੁਤ ਅਹਿਮ ਪੜਾਅ ਹੈ। ਸਾਡੇ ਧਰਮ ਗ੍ਰੰਥਾਂ ਵਿੱਚ ਕਿਸਾਨੀ ਦਾ ਬਾਰ-ਬਾਰ ਚੰਗਾ ਜ਼ਿਕਰ ਆਉਂਦਾ ਹੈ। ਅਸੀਂ ਆਮ ਜ਼ਿੰਦਗੀ ਵਿੱਚ ਵੀ ਕਿਸਾਨ ਨੂੰ ਦਾਤੇ ਦੇ ਰੂਪ ਵਿੱਚ ਵੇਖਦੇ ਹਾਂ-ਸਿਦਕੀ ਸੂਰਮਾ ਜੋ ਆਪਣੀ ਕਿਸਮਤ ਸਿਆੜਾਂ ਵਿੱਚ ਬੀਜ ਕੇ ਛੇ ਮਹੀਨੇ ਫ਼ਲ ਦੀ ਉਡੀਕ ਵਿੱਚ ਬੈਠ ਜਾਂਦਾ ਹੈ। ਅਨੇਕਾਂ ਦੁਸ਼ਮਣਾਂ ਵਿੱਚ ਘਿਰਿਆ ਹੋਇਆ ਸੂਰਮਾ ਜਿਸ ਨੂੰ ਕਦੇ ਕੁਦਰਤ ਮਾਰਦੀ ਹੈ, ਕਦੇ ਸਮਾਜਿਕ ਕਾਰ-ਵਿਹਾਰਾਂ ਦੇ ਖ਼ਰਚੇ ਅਤੇ ਸ਼ਾਹੂਕਾਰ। ਸਮਾਜਿਕ ਚਲਾਕੀਆਂ ਤੋਂ ਬੇ-ਖ਼ਬਰ ਕਿਸਾਨ ਦੀ ਜ਼ਿੰਦਗੀ ਨੂੰ ਲੋਕ ਸਾਹਿਤ ਨੇ ਬੜੀ ਇਮਾਨਦਾਰੀ ਨਾਲ਼ ਸੰਭਾਲਿਆ ਹੈ। ਉਹ ਖ਼ਤਰਿਆਂ ਭਰਪੂਰ ਜ਼ਿੰਦਗੀ ਜਿਉਣੀ ਜਾਣਦਾ ਹੈ। ਸ਼ਾਇਦ ਇਸੇ ਕਰਕੇ ਉਸ ਦੀ ਜੀਵਨ ਧਾਰਾ ਆਦਿ ਕਾਲ ਤੋਂ ਹੀ ਕਿਸੇ ਬੰਧੇਜ਼ ਵਿੱਚ ਨਹੀਂ ਬੱਝਦੀ ਅਤੇ ਉਸ ਦਾ ਅਮੋੜ ਵੇਗ ਉਸ ਨੂੰ ਭਰ ਵਗਦੇ ਦਰਿਆ ਵਰਗੀ ਸੂਰਤ ਪ੍ਰਦਾਨ ਕਰਦਾ ਹੈ।

ਸਮੇਂ ਦੇ ਬਦਲਣ ਨਾਲ਼ ਖੇਤੀ ਅਧਾਰਿਤ ਹੋਰ ਜ਼ਾਤਾਂ-ਗੋਤਾਂ ਦੇ ਲੋਕਾਂ ਨੇ ਵੀ ਉਸ ਦੀ ਜ਼ਿੰਦਗੀ ਨੂੰ ਸਾਥ-ਸਹਿਯੋਗ ਦਿੱਤਾ। ਜਿਸ ਸਦਕਾ ਪਿੰਡ ਇਕ ਸੰਪੂਰਣ ਇਕਾਈ ਬਣ ਗਿਆ ਜਿਸ ਵਿੱਚ ਉਸ ਦੇ ਖੇਤੀ ਸੰਦਾਂ ਨੂੰ ਬਣਾਉਣ ਅਤੇ ਵਿਗੜਨ ਤੇ ਸੰਵਾਰਨ ਲਈ ਲੁਹਾਰ ਤਰਖਾਣ ਉਸ ਦੀ ਧਿਰ ਬਣੇ। ਉਸ ਦੇ ਪਹਿਨਣ ਲਈ ਘਰ ਦੀ ਕਪਾਹ ਦਾ ਸੂਤ ਬਣਾਉਣ ਵਾਲੇ ਜੁਲਾਹੇ ਉਸ ਦੇ ਤਨ ਦਾ ਵਸਤਰ ਬਣੇ। ਉਸ ਨੂੰ ਪਿੰਡ ਵਿੱਚ ਵਸਦੇ ਘੁਮਿਆਰ, ਨਾਈ, ਛੀਬੇ, ਤੇਲੀ ਅਤੇ ਝਿਉਰ ਵਰਗੀਆਂ ਬਾਹਾਂ ਮਿਲੀਆਂ। ਉਸ ਦਾ ਮਨੋਰੰਜਨ ਕਰਨ ਅਤੇ ਵਿਰਾਸਤੀ ਚੇਤਨਾ ਬਾਰ-ਬਾਰ ਤਿੱਖੀ ਕਰਨ ਲਈ ਡੂਮ ਅਤੇ ਮੀਰਾਸੀ ਸਨ। ਸਰੀਰਕ ਕਸਰਤਾਂ ਦੇ ਸਹਿਯੋਗੀ ਬਾਜ਼ੀਗਰ ਅਤੇ ਸਮਾਜਿਕ ਕਾਰ-ਵਿਹਾਰ ਅਤੇ ਇੱਜ਼ਤ ਦੇ ਭਾਈਵਾਲ ਪਾਂਧੇ, ਪੁਰੋਹਿਤ ਉਸ ਦੀ ਕੁਲ ਦੇ ਇਤਿਹਾਸਕਾਰ ਬਣਦੇ। ਇਹ ਗੱਲਾਂ ਸਾਨੂੰ ਇਤਿਹਾਸ ਦੀਆਂ ਕਿਤਾਬਾਂ ਨਾਲ਼ੋਂ ਕਿਤੇ ਵਧੇਰੇ ਚੰਗੇ ਢੰਗ ਨਾਲ਼ ਲੋਕ ਸਾਹਿਤ ਨੇ ਦੱਸੀਆਂ ਹਨ। ਸੁਖਦੇਵ ਮਾਦਪੁਰੀ ਵੱਲੋਂ ਲਿਖੀ ਇਸ ਪੁਸਤਕ ਵਿੱਚ ਸਾਨੂੰ ਇਹ ਸਾਰੇ ਕਿਰਦਾਰ ਜਿਉਂਦੇ ਜਾਗਦੇ, ਹੱਡ ਮਾਸ ਦੇ ਤੁਰਦੇ ਫਿਰਦੇ ਵਜੂਦ ਦਿਸਦੇ ਹਨ। ਸਮਾਂ ਕਾਲ ਇਨ੍ਹਾਂ ਦੀ ਆਭਾ ਨੂੰ ਫਿੱਕਿਆਂ ਨਹੀਂ ਪਾ ਸਕਿਆ।

ਪੰਜਾਬੀ ਲੋਕ ਸਾਹਿਤ ਦੀ ਸੰਭਾਲ ਲਈ ਕਰਤਾਰ ਸਿੰਘ ਸ਼ਮਸ਼ੇਰ (ਕਰਤਾ ਨੀਲੀ ਤੇ ਰਾਵੀ), ਹਰਜੀਤ ਸਿੰਘ (ਕਰਤਾ ਨੈ ਝਨਾਂ), ਡਾ. ਮਹਿੰਦਰ ਸਿੰਘ ਰੰਧਾਵਾ, ਦਵਿੰਦਰ ਸਤਿਆਰਥੀ, ਅੰਮ੍ਰਿਤਾ ਪ੍ਰੀਤਮ, ਅਵਤਾਰ ਸਿੰਘ ਦਲੇਰ, ਡਾ. ਸ਼ੇਰ ਸਿੰਘ ਸ਼ੇਰ (ਕਰਤਾ ਬਾਰ ਦੇ ਢੋਲੇ), ਸੰਤ ਰਾਮ (ਪੰਜਾਬ ਦੇ ਗੀਤ), ਹਰਭਜਨ ਸਿੰਘ, ਡਾ. ਵਣਜਾਰਾ ਬੇਦੀ, ਡਾ. ਕਰਨੈਲ ਸਿੰਘ ਥਿੰਦ ਵਰਗੇ ਵਿਦਵਾਨਾਂ ਦੇ ਨਾਲ਼-ਨਾਲ਼ ਤੁਰਦਿਆਂ ਸੁਖਦੇਵ ਮਾਦਪੁਰੀ ਨੇ ਵੀ ਨਿਰੰਤਰ ਲੋਕ ਸਾਹਿਤ ਸੰਭਾਲ ਵਿੱਚ ਉੱਘਾ ਯੋਗਦਾਨ ਪਾਇਆ ਹੈ। 1956 ਵਿੱਚ ਛਪੀ ਇਨ੍ਹਾਂ ਦੀ ‘ਲੋਕ ਬੁਝਾਰਤਾਂ’ ਪੁਸਤਕ ਇਸ ਗੱਲ ਦਾ ਪ੍ਰਮਾਣ ਹੈ ਕਿ ਹੋਰ ਦੋ ਸਾਲਾਂ ਨੂੰ ਮਾਦਪੁਰੀ ਜੀ ਦੀ ਲੋਕ ਸਾਹਿਤ ਖੋਜ ਸੇਵਾ ਤੇ ਉਮਰ ਪੂਰੇ ਪੰਜਾਹ ਵਰ੍ਹੇ ਹੋ ਜਾਵੇਗੀ ਅਤੇ ਪੁਸਤਕਾਂ ਦੀ ਗਿਣਤੀ ਵੀ ਲਗਪਗ ਏਨੀ ਹੀ ਹੋ ਜਾਵੇਗੀ। ਇਕ ਮਨੁੱਖ ਇਕ ਜਨਮ ਵਿੱਚ ਏਨਾ ਕੰਮ ਆਪਣੇ ਸਮਾਜ ਅਤੇ ਭਵਿੱਖ ਪੀੜ੍ਹੀਆਂ ਲਈ ਕਰ ਜਾਵੇ, ਇਸ ਨੂੰ ਕਰਾਮਾਤ ਤੋਂ ਘੱਟ ਕੁਝ ਵੀ ਨਹੀਂ ਕਿਹਾ ਜਾ ਸਕਦਾ। ਮਾਦਪੁਰੀ ਦਾ ਸਫ਼ਰ ਸਿਰਫ਼ ਬੁਝਾਰਤਾਂ ਜਾਂ ਲੋਕ ਗੀਤਾਂ ਦੇ ਸੰਗ੍ਰਹਿ ਤੀਕ ਹੀ ਸੀਮਤ ਨਹੀਂ ਉਹ ਲੋਕ ਖੇਡਾਂ, ਮੇਲਿਆਂ ਅਤੇ ਤਿਉਹਾਰਾਂ, ਲੋਕ ਨਾਚਾਂ, ਸਿੱਠਣੀਆਂ, ਸੁਹਾਗ, ਘੋੜੀਆਂ, ਟੱਪਿਆਂ ਨੂੰ ਵੀ ਆਪਣੀ ਖੋਜ ਅਤੇ ਵਿਰਾਸਤ ਸੰਭਾਲ ਦਾ ਹਿੱਸਾ ਬਣਾਉਂਦਾ ਹੈ। ਇਕ ਸਫ਼ਲ ਬਾਲ ਸਾਹਿਤ ਲੇਖਕ ਵਜੋਂ ਵੀ ਉਸ ਦੀ ਪਛਾਣ ਕੌਮਾਂਤਰੀ ਹੱਦਾਂ ਪਾਰ ਕਰ ਚੁੱਕੀ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਬਣਨ ਤੋਂ ਬਾਅਦ ਪੰਜਾਬ ਵਿੱਚ ਹਰਾ ਇਨਕਲਾਬ ਆਉਣ ਨਾਲ਼ ਆਈਆਂ ਤਬਦੀਲੀਆਂ ਨੂੰ ਵੀ ਇਹ ਪੁਸਤਕ ਆਪਣੇ ਕਲਾਵੇ ਵਿੱਚ ਲੈਂਦੀ ਹੈ ਅਤੇ ਇਹ ਸੁਖਦੇਵ ਮਾਦਪੁਰੀ ਜੀ ਦੀ ਤੇਜ਼ ਤਰਾਰ ਅੱਖ ਦਾ ਹੀ ਕਮਾਲ ਹੈ ਕਿ ਉਨ੍ਹਾਂ ਨੇ ਹਰ ਸਮਾਜਿਕ ਤਬਦੀਲੀ, ਵਿਸ਼ੇਸ਼ ਕਰਕੇ ਕਿਸਾਨੀ ਜੀਵਨ ਵਿੱਚ ਆਈਆਂ ਤਬਦੀਲੀਆਂ ਨੂੰ ਨਾਲ਼ੋ-ਨਾਲ਼ ਸੰਭਾਲ ਲਿਆ ਹੈ। ਵਿਰਸੇ ਨਾਲ਼ ਸਬੰਧਤ ਇਨ੍ਹਾਂ ਪੁਸਤਕਾਂ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਕਿਉਂਕਿ ਇਹ ਗਿਆਨ ਵਿਗਿਆਨ ਤੋਂ ਵੱਖਰਾ ਉਹ ਸੰਸਾਰ ਹਨ ਜੋ ਸਾਨੂੰ ਸਰਬ-ਸਮਿਆਂ ਦਾ ਅਰਕ ਕੱਢ ਕੇ ਭਵਿੱਖ ਪੀੜ੍ਹੀਆਂ ਲਈ ਸੁਰੱਖਿਅਤ ਕਰ ਦਿੰਦੀਆਂ ਹਨ। ਇਸ ਕਿਤਾਬ ਵਿੱਚ ਜੱਟ ਕਿਰਦਾਰ ਨੂੰ ਇਤਿਹਾਸਕ ਪ੍ਰਸੰਗ ਵਿੱਚ ਪੇਸ਼ ਕੀਤਾ ਗਿਆ ਹੈ। ਇਸੇ ਤਰ੍ਹਾਂ ਲੋਕ ਅਖਾਣ, ਲੋਕ ਬੁਝਾਰਤਾਂ, ਲੋਕ ਗੀਤ, ਲੋਕ ਕਹਾਣੀਆਂ, ਬਦਲ ਰਿਹਾ ਪੇਂਡੂ ਜੀਵਨ, ਮੁਹੱਬਤੀ ਰੂਹਾਂ ਅਤੇ ਲੋਕ ਨਾਇਕਾਂ ਦੇ ਝਲਕਾਰੇ ਵੀ ਪੇਸ਼ ਕੀਤੇ ਗਏ ਹਨ। ਮੈਂ ਮਹਿਸੂਸ ਕਰਦਾ ਹਾਂ ਕਿ ਇਹ ਕੰਮ ਪੰਜਾਬ ਦੀਆਂ ਵਿਰਸੇ ਨੂੰ ਸੰਭਾਲਣ ਲਈ ਬਣੀਆਂ ਸੰਸਥਾਵਾਂ ਦੇ ਕਰਨ ਵਾਲ਼ੇ ਸਨ ਪਰ ਇਹ ਕੰਮ ਇਕ ਵਿਅਕਤੀ ਨੂੰ ਆਪਣੇ ਨਿੱਜੀ ਸਾਧਨਾਂ ਅਤੇ ਸ਼ਕਤੀ ਨਾਲ਼ ਕਰਨਾ ਪੈ ਰਿਹਾ ਹੈ। ਮੈਨੂੰ ਇਸ ਤਰ੍ਹਾਂ ਉਹ ਡਾ. ਵਣਜਾਰਾ ਬੇਦੀ ਦਾ ਵਾਰਿਸ ਜਾਪਦਾ ਹੈ ਜਿਸ ਨੇ ਆਪਣੀ ਜੀਵਨ ਤੋਰ ਨੂੰ ਲੋਕ ਸਾਹਿਤ ਦੇ ਮਾਣਕ ਮੋਤੀ ਲੱਭਣ ਲਈ ਸਮਰਪਿਤ ਕੀਤਾ ਹੋਇਆ ਹੈ। ਮੈਨੂੰ ਖੁਸ਼ੀ ਹੈ ਕਿ ਮੈਂ ਉਨ੍ਹਾਂ ਦੀਆਂ ਪੁਸਤਕਾਂ "ਬਾਤਾਂ ਦੇਸ ਪੰਜਾਬ ਦੀਆਂ’, ‘ਖੰਡ ਮਿਸ਼ਰੀ ਦੀਆਂ ਡਲੀਆਂ’, ‘ਲੋਕ ਗੀਤਾਂ ਦੀ ਸਮਾਜਿਕ ਵਿਆਖਿਆ' ਅਤੇ ‘ਨੈਣੀਂ ਨੀਂਦ ਨਾ ਆਵੇ' ਨੂੰ ਵੀ ਪੜ੍ਹਿਆ ਹੋਇਆ ਹੈ। ਇਹ ਪੁਸਤਕਾਂ ਪੜ੍ਹ ਕੇ ਮੇਰੇ ਮਨ ਵਿੱਚ ਇਹ ਵਿਚਾਰ ਪ੍ਰਬਲ ਹੋ ਰਿਹਾ ਸੀ ਕਿ ਸੁਖਦੇਵ ਮਾਦਪੁਰੀ ਵਰਗੇ ਲੋਕ ਹੀ ਧਰਤੀ ਹੇਠਲੇ ਬੌਲਦ ਹੁੰਦੇ ਹਨ ਜੋ ਧਰਤੀ ਦੇ ਭਾਰ ਨੂੰ ਆਪਣੇ ਸਿੰਗਾਂ ਤੇ ਚੁੱਕ ਕੇ ਅਡੋਲ ਖੜ੍ਹੇ ਰਹਿੰਦੇ ਹਨ।

ਮੈਂ ਇਸ ਪੁਸਤਕ ਦੇ ਪ੍ਰਕਾਸ਼ਨ ਤੇ ਜਿੱਥੇ ਸੁਖਦੇਵ ਮਾਦਪੁਰੀ ਜੀ ਨੂੰ ਮੁਬਾਰਕ ਦਿੰਦਾ ਹਾਂ ਉੱਥੇ ਇਸ ਦੇ ਪ੍ਰਕਾਸ਼ਕਾਂ ਨੂੰ ਵੀ ਵਧਾਈ ਦੇਣੀ ਬਣਦੀ ਹੈ ਜਿਨ੍ਹਾਂ ਨੇ ਇਤਿਹਾਸਕ ਮਹੱਤਵ ਵਾਲੀ ਰਚਨਾ ਦਾ ਪ੍ਰਕਾਸ਼ਨ ਕਰਕੇ ਭਵਿੱਖ ਪੀੜ੍ਹੀਆਂ ਲਈ ਅਣਮੋਲ ਖ਼ਜ਼ਾਨਾ ਇਕ ਜਿਲਦ ਵਿੱਚ ਸੰਭਾਲ ਦਿੱਤਾ ਹੈ।

——ਕ੍ਰਿਪਾਲ ਸਿੰਘ ਔਲਖ

ਉਪ ਕੁਲਪਤੀ

ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ

ਦੋ ਸ਼ਬਦ

ਇਤਿਹਾਸ ਦੀਆਂ ਪੈੜਾਂ ਪੰਜਾਬ ਦੇ ਜੱਟਾਂ ਨੂੰ ਆਰੀਆ ਨਸਲ ਨਾਲ਼ ਜਾ ਜੋੜਦੀਆਂ ਹਨ। ਇਹ ਆਰੀਆ ਨਸਲ ਦੇ ਇੰਡੋ-ਸਿੱਥੀਅਨ ਘਰਾਣੇ ਹਨ ਜਿੰਨ੍ਹਾਂ ਨੂੰ ਪੰਜਾਬ ਦੇ ਮੋਢੀ ਵਸਨੀਕ ਹੋਣ ਦਾ ਮਾਣ ਪ੍ਰਾਪਤ ਹੈ।

ਜੱਟ ਪੰਜਾਬ ਦੀ ਇਕ ਸਿਰਮੌਰ ਜਾਤੀ ਹੈ। ਇਹਨਾਂ ਦੀ ਸਰੀਰਕ ਬਣਤਰ, ਨਰੋਆ ਤੇ ਤਕੜਾ ਸਰੀਰ, ਗੇਲੀਆਂ ਵਰਗੇ ਜਿਸਮ, ਪਹਾੜਾਂ ਵਰਗਾ ਬੁਲੰਦ ਹੌਸਲਾ, ਦਰਿਆਵਾਂ ਵਰਗੀ ਦਰਿਆਦਿਲੀ, ਸੂਰਮਤਾਈ, ਨਿਡਰਤਾ, ਮਿਹਨਤੀ ਤੇ ਖਾੜਕੂ ਸੁਭਾਅ ਇਹਨਾਂ ਦੀ ਵਲੱਖਣ ਪਹਿਚਾਣ ਹੈ। ਇਹ ਨਾ ਕੁਦਰਤੀ ਆਫਤਾਂ ਤੋਂ ਘਬਰਾਉਂਦੇ ਹਨ ਤੇ ਨਾ ਹੀ ਸਮਾਜਕ ਵਰਤਾਰਿਆਂ ਤੋ। ਇਹਨਾਂ ਦੀਆਂ ਜਨਾਨੀਆਂ ਵੀ ਮਨ ਮੋਹਣੀਆਂ ਹਨ, ਪਰੀਆਂ ਵਰਗੀਆਂ-ਸਰੂਆਂ ਵਰਗਾ ਸਰੀਰ ਤੇ ਸੂਰਜੀ ਕਿਰਨਾ ਵੰਡਦੇ ਹੁਸ਼ਨਾਕ ਚਿਹਰੇ ਮਰਦਾਂ ਨਾਲ਼ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਵਾਲੀਆਂ!

ਪੰਜਾਬ ਦੇ ਜੱਟ ਭਿੰਨ-ਭਿੰਨ ਕਬੀਲਿਆਂ ਦਾ ਮਿਲਿਆ ਜੁਲਿਆ ਭਾਈਚਾਰਾ ਹੈ! ਜੱਟਾਂ, ਗੁੱਜਰਾਂ, ਰਾਜਪੂਤਾਂ ਅਤੇ ਸੈਣੀਆਂ ਦੇ ਗੋਤ ਸਾਂਝੇ ਹਨ, ਰਸਮ ਰਿਵਾਜ਼ ਸਾਂਝੇ ਹਨ। ਮਨੰਤਾ ਮਨੌਤਾਂ ਸਾਂਝੀਆਂ ਹਨ। ਜੱਟ ਵੱਖ-ਵੱਖ ਧਰਮਾਂ 'ਚ ਵੰਡੇ ਹੋਏ ਹਨ। ਸਿੱਖ, ਹਿੰਦੂ, ਮੁਸਲਮਾਨ ਤੇ ਬਿਸ਼ਨੋਈ ਜੱਟ ਆਦਿ ਪਰੰਤੂ ਇਹਨਾਂ ਦਾ ਖੂਨ ਸਾਂਝਾ ਹੈ ਤੇ ਸਭਿਆਚਾਰ ਵੀ ਸਾਂਝਾ ਹੈ। ਪੰਜਾਬ ਦਾ ਜੱਟ ਕਦੀ ਵੀ ਕੱਟੜ ਧਰਮੀ ਤੇ ਕੱਟੜ ਪੰਥੀ ਨਹੀਂ ਰਿਹਾ। ਉਹ ਸਾਰੇ ਧਰਮਾਂ ਨੂੰ ਸਤਿਕਾਰਦਾ ਹੈ। ਅੱਜ ਵੀ ਪੰਜਾਬ ਦੇ ਜੱਟ ਸਿੱਖ ਨੈਣਾਂ ਦੇਵੀ ਦੇ ਚਾਲੇ ਤੇ ਜਾਂਦੇ ਹਨ, ਹਰਦੁਆਰ ਆਪਣੇ ਵਡੇਰਿਆਂ ਦੇ ਫੁੱਲ ਜਲ ਪਰਵਾਹ ਕਰਦੇ ਹਨ, ਪਹੋਏ ਗਤਿਆ ਕਰਾਉਂਦੇ ਹਨ, ਮੁਸਲਮਾਨ ਪੀਰਾਂ ਫਕੀਰਾਂ ਦੀਆਂ ਦਰਗਾਹਾਂ 'ਤੇ ਜ਼ਿਆਰਤਾਂ ਕਰਦੇ ਹਨ, ਆਨੰਦਪੁਰ ਸਾਹਿਬ ਦਾ ਹੋਲਾ ਮਹੱਲਾ, ਅੰਮ੍ਰਿਤਸਰ ਦੀ ਵਿਸਾਖੀ, ਫਤਿਹਗੜ੍ਹ ਸਾਹਿਬ ਦਾ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਜੋੜ ਮੇਲਾ ਅਤੇ ਮੁਕਤਸਰ ਦੀ ਮਾਘੀ ਆਦਿ ਇਹਨਾਂ ਦੇ ਤੀਰਥ ਅਸਥਾਨ ਹਨ।

ਪੰਜਾਬ ਦੇ ਜੱਟਾਂ ਦਾ ਮੁੱਢਲਾਂ ਜੀਵਨ ਜ਼ੋਖਮ ਭਰਪੂਰ ਸੀ-ਅਨੇਕਾਂ ਸਦੀਆਂ ਪਹਿਲਾਂ ਉਹ ਦਰਿਆਵਾਂ ਦੇ ਕੰਢਿਆਂ 'ਤੇ ਫਿਰਤੂ ਕਬੀਲਿਆਂ ਦੇ ਰੂਪ ਵਿੱਚ ਰਹਿੰਦੇ ਸਨ। ਪਸ਼ੂ ਪਾਲਣੇ ਤੇ ਖੇਤੀ ਦੀ ਕਾਰ ਇਹਨਾਂ ਦਾ ਮੁੱਖ ਧੰਦਾ ਸੀ। ਇਹ ਜੱਟ ਹੀ ਸਨ ਜਿਨ੍ਹਾਂ ਨੇ ਜਾਨ ਹੂਲਵੀਂ ਮਿਹਨਤ ਨਾਲ ਜੰਗਲਾਂ ਬੇਲਿਆਂ ਨੂੰ ਸਾਫ਼ ਕਰਕੇ ਜ਼ਮੀਨਾਂ ਵਾਹੀ ਯੋਗ ਬਣਾਈਆਂ ਤੇ ਪੱਕੇ ਤੌਰ ਤੇ ਨਿੱਕੇ-ਨਿੱਕੇ ਪਿੰਡ ਵਸਾ ਕੇ ਉਹ ਜ਼ਮੀਨਾਂ ਅਤੇ ਪਿੰਡਾਂ ਦੇ ਮਾਲਕ ਬਣ ਗਏ! ਗਿਆਰਵੀਂ ਸਦੀ ਦੇ ਆਰੰਭ ਤਕ ਉਹ ਪੰਜਾਬ ਦੇ ਬਹੁਤ ਸਾਰੇ ਇਲਾਕੇ ਵਿੱਚ ਫੈਲ ਚੁੱਕੇ ਸਨ। ਰਿਗਵੇਦ, ਮਹਾਂਭਾਰਤ ਅਤੇ ਪੁਰਾਣ ਇਹਨਾਂ ਦੇ ਪੰਜਾਬ ਵਿਚ ਆਬਾਦ ਹੋਣ ਦੀ ਸ਼ਾਹਦੀ ਭਰਦੇ ਹਨ।

ਪੰਜਾਬੀ ਜੱਟਾਂ ਨੇ ਬੜੀ ਮਿਹਨਤ ਨਾਲ਼ ਜ਼ਮੀਨਾਂ ਆਬਾਦ ਕੀਤੀਆਂ ਸਨ, ਪਿੰਡ ਵਸਾਏ ਸਨ ਇਸ ਲਈ ਇਹਨਾਂ ਦੇ ਰੋਮ-ਰੋਮ ਵਿੱਚ ਆਪਣੀ ਮਿੱਟੀ ਦਾ ਮੋਹ ਰਮਿਆ ਹੋਇਆ ਹੈ। ਉਹ ਆਪਣੀ ਮਿੱਟੀ ਦੇ ਕਣ-ਕਣ ਨੂੰ ਪਿਆਰ ਕਰਦੇ ਹਨ। ਦੇਸ਼ ਭਗਤ ਸੂਰਮੇ ਹਨ। ਇਹ ਜੱਟ ਹੀ ਸਨ ਜਿਨ੍ਹਾਂ ਨੇ ਬਦੇਸ਼ੀ ਜਰਵਾਣਿਆਂ ਸਕੰਦਰ, ਤੈਮੂਰਲੰਗ, ਨਾਦਰ ਸ਼ਾਹ, ਅਹਿਮਦ ਸ਼ਾਹ ਅਬਦਾਲੀ, ਮਹਮੂਦ ਗਜ਼ਨਵੀਂ ਤੇ ਮੁਹੰਮਦ ਗੌਰੀ ਆਦਿ ਹਮਲਾਵਰਾਂ ਦਾ ਮੁਕਾਬਲਾ ਕਰਕੇ ਉਹਨਾਂ ਦੇ ਛੱਕੇ ਛੁਡਾਏ ਸਨ।

ਆਦਿ ਕਾਲ ਤੋਂ ਹੀ ਕਿਸਾਨੀ ਜੀਵਨ ਪੰਜਾਬੀਆਂ ਦੀ ਪ੍ਰਮੁੱਖ ਜੀਵਨ ਧਾਰਾ ਰਹੀ ਹੈ ਤੇ ਪਿੰਡ ਇਕ ਸੰਪੂਰਨ ਇਕਾਈ ਦੇ ਰੂਪ ਵਿੱਚ ਵਿਕਸਤ ਹੋ ਚੁੱਕਾ ਸੀ। ਜੱਟ ਜ਼ਮੀਨਾਂ ਦੇ ਮਾਲਕ ਸਨ ਤੇ ਹੋਰ ਉਪ ਜਾਤੀਆਂ ਇਹਨਾਂ ਦੇ ਸਹਿਯੋਗੀ ਦੇ ਰੂਪ ਵਿੱਚ ਵਿਚਰ ਰਹੀਆਂ ਸਨ। ਲੋਕਾਂ ਦੀਆਂ ਜੀਵਨ ਲੋੜਾਂ ਥੋੜ੍ਹੀਆਂ ਸਨ। ਹਰ ਲੋੜ ਪਿੰਡ ਵਿੱਚ ਹੀ ਪ੍ਰਾਪਤ ਹੋ ਜਾਂਦੀ ਸੀ। ਜੱਟ ਜ਼ਿਮੀਂਦਾਰ ਫ਼ਸਲਾਂ ਉਗਾਉਂਦੇ ਸਨ, ਤਰਖਾਣ, ਲੁਹਾਰ, ਝਿਊਰ, ਘੁਮਾਰ, ਜੁਲਾਹੇ, ਨਾਈ, ਛੀਂਬੇ, ਪ੍ਰੋਹਤ, ਤੇਲੀ, ਮੀਰਾਸੀ, ਡੂਮ, ਬਾਜ਼ੀਗਰ ਆਦਿ ਉਪ ਜਾਤੀਆਂ ਇਹਨਾਂ ਦੀ ਖੇਤੀਬਾੜੀ ਅਤੇ ਸਮਾਜਕ ਕਾਰਜਾਂ ਵਿੱਚ ਮਦਦਗਾਰ ਹੁੰਦੀਆਂ ਸਨ। ਇਹਨਾਂ ਨੂੰ ਸੇਪੀ ਆਖਦੇ ਸਨ। ਇਸ ਮਦਦ ਦੇ ਬਦਲ ਵਿੱਚ ਜੱਟ ਕਿਸਾਨ ਇਹਨਾਂ ਨੂੰ ਹਾੜ੍ਹੀ ਸਾਉਣੀ ਆਪਣੀ ਫ਼ਸਲ ਤੋਂ ਪਰਾਪਤ ਹੋਈ ਜਿਨਸ ਵਿਚੋਂ ਬੰਨ੍ਹਵਾਂ ਹਿੱਸਾ ਸੇਪ ਦੋ ਰੂਪ ਵਿੱਚ ਦਿੰਦਾ ਸੀ। ਨਕਦ ਪੈਸੇ ਦੇਣ ਦਾ ਰਿਵਾਜ਼ ਨਹੀਂ ਸੀ। ਹਰ ਹਲ਼ ਦੀ ਖੇਤੀ ਅਨੁਸਾਰ ਹਰੇਕ ਉਪਜਾਤੀ ਲਈ ਦਾਣਿਆਂ ਦੀ ਮਾਤਰਾ ਬੰਨ੍ਹੀ ਹੋਈ ਸੀ ਜਿਵੇਂ ਇਕ ਹਲ ਦੀ ਖੇਤੀ ਕਰਨ ਵਾਲਾ ਕਿਸਾਨ ਤਰਖਾਣ ਨੂੰ ਦੋ ਮਣ ਦਾਣੇ, ਦੋ ਹਲਾਂ ਵਾਲ਼ਾ ਚਾਰ ਮਣ ਦਾਣੇ ਹਾੜ੍ਹੀ ਸਾਉਣੀ ਦੇਂਦਾ ਸੀ। ਤਰਖਾਣ ਲੱਕੜੀ ਦਾ ਕੰਮ ਕਰਦੇ ਸਨ, ਲੁਹਾਰ ਲੋਹੇ ਦੇ ਸੰਦ ਬਣਾਉਂਦੇ, ਘੁਮਾਰ ਭਾਂਡੇ ਤੇ ਘੜੇ ਆਦਿ ਪਥਦੇ, ਜੁਲਾਹਿਆਂ ਦਾ ਕੰਮ ਖੱਦਰ ਦਾ ਕੱਪੜਾ ਬੁਨਣਾ ਸੀ। ਛੀਂਬੇ ਕੱਪੜੇ ਲੀੜੇ ਸਿਉਂਦੇ ਸਨ ਤੇ ਝਿਊਰ ਘਰਾਂ ਵਿੱਚ ਜਾ ਕੇ ਪਾਣੀ ਭਰਦੇ ਸਨ। ਰਵਿਦਾਸੀਆਂ ਦਾ ਕੰਮ ਜੁੱਤੀਆਂ ਸਿਊਣਾ ਤੇ ਮੁਰਦੇ ਪਸ਼ੂ ਚੁਕਣਾ ਸੀ। ਬਾਲਮੀਕੀਏ ਗੋਹਾ ਕੂੜਾ ਕਰਦੇ ਸਨ ਤੇ ਜੱਟਾਂ ਨਾਲ ਸਾਂਝੀ ਸੀਰੀ ਰਲ਼ਦੇ ਸਨ। ਪਿੰਡ ਦਾ ਪਰੋਹਤ ਪਿੰਡ ਦਾ ਹਟਵਾਣੀਆਂ ਸੀ ਤੇ ਨਾਲ਼ ਹੀ ਦਵਾਈ ਬੂਟੀ ਦਾ ਆਹੁੜ ਪੁਹੜ ਕਰਨ ਵਾਲਾ ਹਕੀਮ। ਤੇਲੀ ਕੋਹਲੂ ਨਾਲ ਤੇਲ ਕੱਢਦੇ ਸਨ। ਨਾਈ ਵਿਆਹ ਸ਼ਾਦੀਆਂ ਸਮੇਂ ਰਿਸ਼ਤੇਦਾਰੀਆਂ ਵਿੱਚ ਗੱਠਾਂ ਦੇਣ ਅਤੇ ਘਰਾਂ ਵਿੱਚ ਭਾਂਡੇ ਮਾਂਜਣ ਦਾ ਕੰਮ ਕਰਦੇ ਸਨ। ਮੀਰਾਸੀ, ਡੂਮ, ਭਰਾਈ ਪੇਂਡੂਆਂ ਦੇ ਮਨੋਰੰਜਨ ਲਈ ਨਕਲਾਂ ਦੇ ਅਖਾੜੇ ਲਾਉਂਦੇ ਅਤੇ ਬਾਜ਼ੀਗਰ ਬਾਜ਼ੀਆਂ ਪਾਉਂਦੇ ਸਨ। ਹਰੇ ਇਨਕਲਾਬ ਤੋਂ ਪਹਿਲਾਂ ਹਾੜ੍ਹੀ ਦੀ ਵਢਾਈ ਸਮੇਂ ਸਾਰੇ ਪਿੰਡ ਦਾ ਜੀ ਜੀ ਸਰਗਰਮ ਹੋ ਜਾਂਦਾ ਸੀ। ਕਣਕ ਪੰਜਾਬ ਦੀ ਮੁਖ ਫਸਲ ਸੀ-ਕਣਕ ਦੀ ਵਾਢੀ ਸਮੇਂ ਖੇਤਾਂ 'ਚ ਰੌਣਕਾਂ ਲਗ ਜਾਣੀਆਂ, ਵਾਢਿਆਂ ਨੇ ਲਲਕਾਰੇ ਮਾਰਨੇ, ਕਿਧਰੇ ਦਾਤੀਆਂ ਦੇ ਦੰਦੇ ਕੱਢਣ ਲਈ ਤਰਖਾਣ ਨੇ ਖੇਤੋਂ ਖੇਤ ਫਿਰਨਾ, ਕਿਧਰੇ ਝਿਊਰ ਨੇ ਪਾਣੀ ਦੀ ਮਸ਼ਕ ਭਰਕੇ ਵਾਢੀ ਕਰਨ ਵਾਲਿਆਂ ਨੂੰ ਓਕ ਨਾਲ ਪਾਣੀ ਪਲਾਉਣਾ, ਜੇ ਕਿਸੇ ਜੱਟ ਨੇ ਹਾੜ੍ਹੀ ਵੱਢਣ ਲਈ ਆਵ੍ਹਤ ਲਾਈ ਹੋਣੀ ਤਾਂ ਭਰਾਈ ਨੇ ਢੋਲ ਤੇ ਡੱਗਾ ਮਾਰ ਕੇ ਕਣਕ ਵੱਢਦੇ ਜੱਟਾਂ ਦੇ ਹੌਸਲੇ ਬੁਲੰਦ ਕਰਨੇ, ਮੀਰਾਸੀ ਤੇ ਡੂਮ ਵੀ ਖੇਤੀਂ ਪੁਜ ਜਾਂਦੇ ਸਨ ਉਹ ਵੀ ਨਕਲਾਂ ਲਾ ਕੇ ਉਹਨਾਂ ਦਾ ਥਕੇਵਾਂ ਲਾਹੁੰਦੇ ਸਨ। ਹਰ ਜੱਟ ਨੇ ਝਿਊਰ, ਤਖਾਣ, ਘੁਮਾਰ ਤੇ ਹੋਰ ਲਾਗੀ ਤੱਬੀ ਨੂੰ ਥੱਬਾ-ਥੱਬਾ ਭਰ ਕੇ ਕਣਕ ਦੇ ਲਾਣ ਦਾ ਦੇ ਦੇਣਾ। ਇਸ ਤਰ੍ਹਾਂ ਇਹ ਲਾਗੀ ਕਈ-ਕਈ ਭਰੀਆਂ ਹਰ ਰੋਜ਼ ਦੀਆਂ ਕੱਠੀਆਂ ਕਰ ਲੈਂਦੇ। ਇੰਝ ਉਹ ਆਪਣੇ ਟੱਬਰ ਦੇ ਗੁਜ਼ਾਰੇ ਜੋਗਾ ਸਾਲ ਭਰ ਦਾ ਅਨਾਜ ਕੱਠਾ ਕਰ ਲੈਂਦੇ ਸਨ।

ਸੁਖੀ ਸਾਂਦੀ ਵਸਦੇ ਪੰਜਾਬ ਦੇ ਹਰ ਪਿੰਡ ਦੀਆਂ ਖੁਸ਼ੀਆਂ ਗ਼ਮੀਆਂ ਸਾਂਝੀਆਂ ਸਨ-ਮੇਲੇ ਤਿਉਹਾਰ ਤੇ ਹੋਰ ਰਸਮੋ ਰਿਵਾਜ਼ ਸਾਂਝੇ ਸਨ। ਹਰ ਪਾਸੇ ਮੁਹੱਬਤਾਂ ਦੀ ਲਹਿਰ ਬਹਿਰ ਸੀ। ਪੰਜਾਬ ਦਾ ਕਿਸਾਨ ਇਕ ਦਾਤੇ ਦੇ ਰੂਪ ਵਿੱਚ ਵਿਚਰ ਰਿਹਾ ਸੀ।

ਮਸ਼ੀਨੀ ਸਭਿਅਤਾ ਦੇ ਵਿਕਾਸ ਕਾਰਨ ਪੰਜਾਬ ਦੇ ਪੇਂਡੂ ਜੀਵਨ ਵਿੱਚ ਢੇਰ ਸਾਰੀਆਂ ਤਬਦੀਲੀਆਂ ਆ ਗਈਆਂ ਹਨ-ਪੁਰਾਣਾ ਪੰਜਾਬ ਕਿਧਰੇ ਵੀ ਨਜ਼ਰ ਨਹੀਂ ਆ ਰਿਹਾ-ਸਿਰਫ਼ ਯਾਦਾਂ ਬਾਕੀ ਹਨ।

ਪੰਜਾਬ ਦੇ ਪੇਂਡੂ ਲੋਕਾਂ ਦੀ ਭਾਈਚਾਰਕ ਸਾਂਝ, ਮੁਹੱਬਤਾਂ, ਲੋਕ ਨਾਚ, ਖੇਡਾਂ, ਲੋਕ ਗੀਤ, ਰਸਮੋਂ ਰਿਵਾਜ਼ ਅਤੇ ਮੇਲੇ ਮੁਸਾਹਵੇ ਪੰਜਾਬੀ ਸੱਭਿਆਚਾਰ ਦੀਆਂ ਰੂੜ੍ਹੀਆਂ ਹਨ, ਇਨ੍ਹਾਂ ਵਿੱਚ ਪੰਜਾਬੀ ਸਭਿਆਚਾਰ ਤੇ ਲੋਕ ਸੰਸਕ੍ਰਿਤੀ ਦੇ ਅੰਸ਼ ਸਮੋਏ ਹੋਏ ਹਨ।

ਪੰਜਾਬ ਦਾ ਲੋਕ ਸਾਹਿਤ ਜੋ ਮੁੱਖ ਰੂਪ ਵਿੱਚ ਕਿਸਾਨੀ ਲੋਕ ਸਾਹਿਤ ਹੀ ਹੈ, ਅਖਾਣਾਂ, ਬੁਝਾਰਤਾਂ, ਲੋਕ ਗੀਤਾਂ ਅਤੇ ਮਨੋਰੰਜਨ ਦਾ ਵਿਸ਼ੇਸ਼ ਸਾਧਨ ਹੀ ਨਹੀਂ ਰਿਹਾ ਬਲਕਿ ਉਹਨਾਂ ਦੀ ਜੀਵਨ ਅਗਵਾਈ ਵੀ ਕਰਦਾ ਰਿਹਾ ਹੈ। ਇਸ ਵਿੱਚ ਕਿਸਾਨੀ ਜੀਵਨ ਦੇ ਵਿਕਾਸ ਦੀ ਵਿਥਿਆ ਵੀ ਹੈ ਤੇ ਜੀਵਨ ਝਲਕੀਆਂ ਵੀ ਵਿਦਮਾਨ ਹਨ। ਇਸ ਵਿੱਚ ਪੰਜਾਬ ਦੀ ਧਰਤੀ ਦੀ ਮਹਿਕ ਹੈ, ਖ਼ੁਸ਼ਬੂ ਹੈ ਪੰਜਾਬ ਦੀ ਲੋਕ ਆਤਮਾ ਹੈ.... ਰੂਹ ਹੈ॥ ਇਹ ਸਾਡੀ ਵਿਸਰ ਰਹੀ ਅਣਮੋਲ ਵਿਰਾਸਤ ਦਾ ਵੱਡਮੁੱਲਾ ਖ਼ਜ਼ਾਨਾ ਹੈ।

-ਸੁਖਦੇਵ ਮਾਦਪੁਰੀ

ਸਮਾਧੀ ਰੋਡ, ਖੰਨਾ

ਜ਼ਿਲਾ ਲੁਧਿਆਣਾ-141401