ਮਾਤਾ ਹਰੀ/ਦਾਇਰੇ ਦੀ ਚੁੜਤੱਣ

ਵਿਕੀਸਰੋਤ ਤੋਂ

ਕਾਂਡ ੭

ਦਾਇਰੇ ਦੀ ਛੁੜਤਣ

ਭਾਵੇਂ ਮਾਤਾ ਹਰੀ ਬਰਲਨ ਵਿਚ ਬੜਾ ਲਾਭਦਾਇਕ ਕੰਮ ਕਰ ਰਹੀ ਸੀ, ਫਿਰ ਭੀ ਇਹ ਉਨ੍ਹਾਂ ਹੋਰ ਜ਼ਰੂਰੀ ਕੰਮਾਂ ਦਾ ਆਰੰਭ ਹੀ ਸੀ ਜਿਹੜੇ ਉਹਨੇ ਬਾਹਰ ਕਰਨੇ ਸਨ। ਬਰਲਨ ਵਿਚ ਨੌਕਰੀ ਕਰਨ ਦਾ ਵੱਡਾ ਮਨੋਰਥ ਇਹ ਸੀ ਕਿ ਮਾਤਾ ਹਰੀ ਇਸ ਕੰਮ ਵਿਚ ਇਤਨੀ ਫਸ ਜਾਏ ਕਿ ਮੁੜ ਨਿਕਲਨ ਜੋਗੀ ਨ ਰਹੇ। ਅਤੇ ਜੇਕਰ ਛਡ ਜਾਏ ਤਾਂ ਉਨ੍ਹਾਂ ਦੇਸਾਂ ਦੇ ਵਾਸੀਆਂ ਦਾ ਡਰ ਜਿਹੜੇ ਇਹਦੀ ਖਿੱਚ ਦੇ ਸ਼ਿਕਾਰ ਹੋ ਚੁਕੇ ਸਨ, ਹਮੇਸ਼ ਸਿਰ ਤੇ ਰਹੇ। ਇਕ ਵਾਰੀ ਫਸਿਆ ਹੋਇਆ ਕੋਈ ਟਾਵਾਂ ਹੀ ਸੁਖੀ ਸਾਂਦੀ ਇਸ ਕੰਮ ਤੋਂ ਬਾਹਰ ਨਿਕਲ ਸਕਦਾ ਹੈ।

੧੯੧੦ ਵਿਚ ਮਾਤਾ ਹਰੀ ਨੂੰ ਲੋਰਾਕ ਭੇਜਿਆ ਗਿਆ। ਇਥੇ ਖੁਫ਼ੀਆ ਮਹਿਕਮੇ ਦਾ ਸਕੂਲ ਸੀ। ਇਥੇ ਮਾਤਾ ਹਰੀ ਨੇ ਅਖੀਰਲੇ ਸਬਕ ਸਿਖੇ। ਲੜਾਈ ਦੇ ਸਮੇਂ ਖੁਫ਼ੀਆ ਸਪਾਹੀ ਦੀ ਪੜ੍ਹਾਈ ਜਲਦੀ ਜਲਦੀ ਅਤੇ ਮਾਮੂਲੀ ਹੀ ਕਰਾਈ ਜਾਂਦੀ ਸੀ। ਪਰ ਜੰਗ ਦੇ ਪਹਿਲੋਂ ਭਰਤੀ ਕੀਤੇ ਸਪਾਹੀਆਂ ਨੂੰ ਪੂਰੀਆਂ ਹਦਾਇਤਾਂ ਦਿਤੀਆਂ ਜਾਂਦੀਆਂ ਸਨ, ਕਰੜੇ ਜ਼ਬਤ ਹੇਠਾਂ ਰਖਿਆ ਜਾਂਦਾ ਸੀ ਅਤੇ ਭੁਲਨ ਵਾਲਿਆਂ ਨੂੰ ਸਖਤ ਸਜਾਵਾਂ ਦਿਤੀਆਂ ਜਾਂਦੀਆਂ ਸਨ। ਇਕ ਰੰਗਰੂਟ ਵਿਚ ਹੁਸ਼ਿਆਰੀ, ਚਲਾਕੀ, ਦਲੇਰੀ, ਸਬਰ, ਤੇਜ ਬੁਧੀ, ਸਾਫ ਦਮਾਗ, ਹਿਕਮਤ, ਖਿਆਲਾਂ ਦੀ ਉਡਾਰੀ, ਮਹਿਨਤ, ਅਨਭਵ ਕਰਨ ਦੀ ਤਾਕਤ ਅਤੇ “ਸੌਖੀ ਆਤਮਾ" ਦਾ ਹੋਣਾ ਜ਼ਰੂਰੀ ਸੀ। ਇਹ ਖੁਫੀਆ ਮਹਿਕਮੇ ਦੀ ਨੌਕਰੀ ਉੱਚੀ ਨੌਕਰੀ ਸਮਝੀ ਜਾਂਦੀ ਸੀ।

ਲੋਰਾਕ ਵਿਚ ਸ਼ਾਗਿਰਦਾਂ ਨੂੰ ਗੁਝੀਆਂ ਬੋਲੀਆਂ ਸਮਝਣ ਦੀ ਜਾਚ ਸਖਾਈ ਜਾਂਦੀ ਸੀ। ਇਹਦੇ ਨਾਲ ਨਾਲ ਹੀ ਉਚਾਈ ਅਤੇ ਦੂਰੀ ਨੂੰ ਮਿਣਨ ਦੀ ਜਾਚ ਵੀ ਦਸੀ ਜਾਂਦੀ ਸੀ। ਫੇਰ ਵਖਰੇ ਵਖਰੇ ਦੇਸਾਂ ਦੇ ਤਰੀਕਿਆਂ ਨਾਲ ਵਾਕਫੀ ਕਰਨੀ ਵੀ ਜ਼ਰੂਰੀ ਹੁੰਦੀ ਸੀ ਨਹੀਂ ਤੇ ਅਨਢੁਕਵੀਂ ਗਲ ਜਾਂ ਅਨਢੁਕਵਾਂ ਪੈਨਾਵਾ ਬੜਾ ਹਾਣ ਪਹੁੰਚਾਂਦਾ ਸੀ। ਜੰਗ ਦੇ ਦਿਨਾਂ ਵਿਚ ਇਕ ਬੜਾ ਸਿਆਣਾ ਬਰਤਾਨੀਆ ਦਾ ਜਾਸੂਸ ਮਾਮੂਲੀ ਜਹੀ ਗਲ ਦੇ ਕਹਿਣ ਤੋਂ ਪਕੜਿਆ ਗਿਆ। ਉਹ ਜਦ ਬਰਲਨ ਵਿਚ ਇਕ ਹੋਟਲ ਵਿਚ ਗਿਆ ਤਾਂ ਪਈ ਆਦਤ ਅਨੁਸਾਰ ਨੌਕਰ ਨੂੰ ਕਿਤਨੀ ਵਾਰੀ "ਥੈਂਕ ਯੂ’’ ਕਹਿ ਗਿਆ। ਜਰਮਨ ਵਿਚ ਇਤਨੀ “ਸਭਿਯਤਾ’’ ਨਵੀਂ ਗਲ ਜਾਪਦੀ ਸੀ। ਉਸ ਨੌਕਰ ਨੂੰ ਸ਼ਕ ਪਿਆ। ਉਹਨੇ ਰਪੋਟ ਕਰ ਦਿਤੀ ਅਤੇ ਉਹ ਜਾਸੂਸ ਪਕੜਿਆ ਗਿਆ। ਇਸ ਤਰ੍ਹਾਂ ਹੀ ਇਕ ਹੋਰ ਗਲ ਕਹੀ ਜਾਂਦੀ ਹੈ। ਫਲੈਨਡਰ ਵਿਚ ਬਰਤਾਨੀਆਂ ਅਤੇ ਫਰਾਂਸ ਦੀਆਂ ਫੌਜਾਂ ਵਿਚੋਂ ਕਬੂਤਰਾਂ ਰਾਹੀਂ ਖਬਰਾਂ ਭੇਜੀਆਂ ਜਾਂਦੀਆਂ ਸਨ। ਜਦ ਇਸ ਗਲ ਦਾ ਪਤਾ ਲਗਾ ਤਾਂ ਹੁਕਮ ਦਿਤਾ ਗਿਆ ਕਿ ਸਾਰੇ ਕਬੂਤਰਾਂ ਨੂੰ ਮਾਰ ਦਿਤਾ ਜਾਵੇ। ਇਕ ਜਾਸੂਸ ਨੇ ਕਬੂਤਰ ਨੂੰ ਤੋਤੇ ਦੀ ਸ਼ਕਲ ਵਿਚ ਬਦਲਾ ਕੇ ਬਚਾਣਾ ਚਾਹਿਆ ਕਿ ਇਵੇਂ ਉਹ ਤੋਤਾ ਬਹੁਤਾ ਨਜਰਾਂ ਵਿਚ ਨਹੀਂ ਆਉਣ ਲਗਾ। ਪਰ ਫਲੈਨਡਰਜ ਵਿਚ ਤੋਤਾ ਕਿਵੇਂ ਗੁਝਾ ਰਹਿ ਸਕਦਾ ਸੀ!

ਕੇਵਲ ਮਾਤਾ ਹਰੀ ਹੀ ਇਕ ਇਸਤ੍ਰੀ ਨਹੀਂ ਸੀ ਜਿਹੜੀ ਲੋਰਾਕ ਵਿਚ ਸਿਖਿਆ ਲੈ ਰਹੀ ਸੀ। ਉਥੇ ਪਹਿਲੇ ਹੀ ਜਨਾਨੀਆਂ ਲਈ ਸਬਕ ਬਣ ਚੁਕੇ ਹੋਏ ਸਨ। ਦੂਜੇ ਦੇਸ਼ਾਂ ਦੇ ਕਰਤਾ ਧਰਤਾ ਇਸਤ੍ਰੀਆਂ ਨੂੰ ਖੁਫੀਆ ਮਹਿਕਮੇ ਵਿਚ ਬੜਾ ਹੀ ਘਟ ਲੈਂਦੇ ਹਨ-ਜੇਕਰ ਆਦਮੀ ਮਿਲਦੇ ਹੋਣ। ਪਰ ਜਰਮਨੀ ਵਾਲੇ ਇਸਤ੍ਰੀਆਂ ਨੂੰ ਖੁਫੀਆ ਮਹਿਕਮੇ ਵਿਚ ਕਾਫੀ ਥਾਂ ਦੇਂਂਦੇ ਸਨ।

ਲੋਰਾਕ ਵਿਚ ਇਕ ਬੜੀ ਮਸ਼ਹੂਰ ਜਾਸੂਸਨ ਸੀ ਜਿਸਦਾ ਨਾਮ ਮਾਰੀਆ-ਏਨ-ਲੇਸਰ ਸੀ। ਇਹ ਜੰਗ ਦੇ ਦਿਨਾਂ ਵਿਚ ਮਾਤਾ ਹਰੀ ਦੀ ਅਫਸਰਾਨੀ ਸੀ ਤੇ ਉਹਨੂੰ 'ਜਾਸੂਸਾਂ ਦੀ ਸਰਦਾਰਨੀ' ਆਖਿਆ ਜਾਂਦਾ ਸੀ। ਇਹ ਇਕ ਮਸ਼ਹੂਰ ਬਿਉਪਾਰੀ ਦੀ ਲੜਕੀ ਸੀ। ਇਹ ਬਿਉਪਾਰੀ ਆਰਟ ਦੀਆਂ ਚੀਜ਼ਾਂ ਵੇਚਦਾ ਸੀ। ਮਾਰੀਆ ਸਕੂਲ ਵਿਚ ਨਿਕਿਆਂ ਹੁੰਦਿਆਂ ਤੋਂ ਹੀ ਲਾਇਕ ਸੀ। ਤੇ ਖਾਸ ਕਰਕੇ ਦੇਸਾਂ ਦੀਆਂ ਬੋਲੀਆਂ ਸਿਖਣ ਦੀ ਬੜੀ ਚਾਹਵਾਨ ਸੀ। ਉਹਦਾ ਪਿਤਾ ਵੀ ਉਹਨੂੰ ਆਪਣੇ ਨਾਲ ਬਾਹਰ ਦੂਰ ਨੇੜੇ ਲੈ ਜਾਂਦਾ ਸੀ ਜਿਸ ਕਰਕੇ ਉਹਨੂੰ ਹੋਰ ਵੀ ਬਹੁਤ ਸਾਰੀ ਵਾਕਫੀਅਤ ਹੁੰਦੀ ਗਈ। ਮਾਰੀਆ ਲੈਸਰ ਨੂੰ ਲੋਰਾਕ ਵਿਚ ਸਬਕ ਦੇਕੇ ਫੇਰ ਖੁਦ ਮੁਖਿਤਿਆਰ ਕੰਮ ਕਰਨ ਦੀ ਖੁਲ੍ਹ ਦੇ ਦਿਤੀ ਸੀ। ਫੇਰ ਲੋਰਾਕ ਸਕੂਲ ਵਿਚ ਦੂਜਿਆਂ ਨੂੰ ਸਿਖਿਆਂ ਦੇਣ ਲਈ ਬੁਲਾਈ ਗਈ। ਮਾਰੀਆ ਆਪਣੀਆਂ ਹੱਡ ਬੀਤੀਆਂ ਸੁਣਾ ਕੇ ਸਿਖਿਆ ਦੇਂਂਦੀ ਅਤੇ ਆਖਦੀ:

‘‘ਖੁਫੀਆ ਕੰਮ ਕਰਨਾ ਇਕ ਖੇਡ ਹੈ ਜਿਸ ਵਿਚ ਕਾਮਯਾਬੀ ਲਈ ਕੋਈ ਸ਼ਲਾਘਾ ਨਹੀਂ ਤੇ ਨਾ ਕਾਮਯਾਬੀ ਲਈ ਕੋਈ ਤਰਸ ਨਹੀਂ। ਇਹ ਹਰ ਇਕ ਕੁਰਬਾਨੀ ਦੀ ਮੰਗ ਕਰਦਾ ਹੈ। ਜਾਨ ਤੇ ਵੀ ਖੇਡ ਜਾਨਾ ਪੈਂਦਾ ਹੈ। ਜੇ ਕਰ ਤੁਸੀਂ ਬਹੁਤੇ ਸੋਚਾਂ ਵਾਲੇ ਨਹੀਂ ਅਤੇ ਤੁਸੀਂ ਬਹਾਦਰੀ ਦੇ ਕੰਮ ਕਰਨੇ ਚਾਹੁੰਦੇ ਹੋ "ਤਾਂ ਜਾਸੂਸ ਦੀ ਜ਼ਿੰਦਗੀ ਦਿਲਚਸਪੀ ਨਾਲ ਭਰੀ ਪਈ ਹੈ।”

ਜਦੋਂ ਜੰਗ ਸ਼ੁਰੂ ਹੋਇਆ ਤਾਂ ਉਹਦੀ ਲਿਆਕਤ ਮੰਨੀ ਜਾਣ ਲਗੀ। ਉਹਨੂੰ ਕੁਝ ਹਿਸੇ ਦਾ ਅਫਸਰ ਬਣਾ ਕੇ ਉਹਦਾ ਵਡਾ ਦਫਤਰ ਐਂਟਵਾਰਪ ਰਖਿਆ। ਇਥੇ ਉਹਨੂੰ ਬੜਾ ਹੀ ਕੰਮ ਕਰਨਾ ਪੈਂਦਾ ਸੀ। ਪਹਿਲੀ ਵੱਡੀ ਮੁਸ਼ਕਲ ਤਾਂ ਇਹ ਸੀ ਕਿ ਦੂਜੇ ਅਫਸਰ ਇਕ ਇਸਤ੍ਰੀ ਦੇ ਹੇਠਾਂ ਕੰਮ ਕਰਨ ਨੂੰ ਆਪਣੀ ਹੇਠੀ ਸਮਝਦੇ ਸਨ। ਉਹ ਮੇਰੀਆ ਨਾਲ ਨਫਰਤ ਕਰਦੇ ਸਨ। ਮੇਰੀਆ ਨੇ ਇਸ ਨਫਰਤ ਨੂੰ ਜਿਤਣਾ ਸੀ।

ਮਾਰੀਆ ਲੈਸਰ ਆਪਣੇ ਹੁਕਮ ਮਨਾਣ ਵਿਚ ਕਾਫੀ ਸਖਤੀ ਤੋਂ ਕੰਮ ਲੈਂਦੀ ਸੀ। ਦੋ ਵਾਰੀ ਇਹਦੇ ਏਜੈਂਟਾਂ ਨੇ ਵੈਰੀਆਂ ਦੇ ਟੈਂਕਾਂ ਬਾਰੇ ਖਬਰ ਦਿਤੀ ਜਦ ਕਿ ਇਹ ਅਜੇ ਭੇਦ ਵਾਲੀ ਗਲ ਹੀ ਸੀ। ਉਹਨੇ ਇਹਦੀ ਰਪੋਟ ਤੋਪਖਾਨੇ ਦੇ ਅਫਸਰ ਨੂੰ ਦਿਤੀ। ਉਹਨੇ ਇਹ ਕਹਿ ਕੇ ਕਿ "ਇਹ ਇਕ ਜਨਾਨੀ ਦਾ ਵਹਿਮ ਜਿਹਾ ਸੀ ਅਤੇ ਕੰਮ ਵਿਚ ਰੁਝੇ ਆਦਮੀਆਂ ਨੂੰ ਤੰਗ ਕਰਨਾ ਸੀ" ਕੋਈ ਪ੍ਰਵਾਹ ਨਾ ਕੀਤੀ। ਪਰ ਜਦ ਟੈਂਕ ਸਚ ਮੁਚ ਆ ਗਏ ਤਾਂ ਮਾਰੀਆ ਨੇ ਜਵਾਬ ਤਿਆਰ ਰਖਿਆ ਹੋਇਆ ਸੀ। ਮਾਰੀਆ ਨੇ ਆਪਣੀਆਂ ਰਪੋਟਾਂ ਅਤੇ ਹਾਸ਼ੀਏ ਵਿਚ ਉਹਦੇ ਮਖੌਲ ਭਰੇ ਸ਼ਬਦ ਲਿਖ ਕੇ ਉਸ ਅਫਸਰ ਵਲ ਭੇਜੇ। ਨਾਲ ਇਕ ਭਰੀ ਹੋਈ ਪਸਤੌਲ ਵੀ ਭੇਜੀ। ਉਹ ਅਫਸਰ ਇਸ਼ਾਰਾ ਸਮਝ ਗਿਆ। ਉਹਨੇ ਇਕ ਇਸਤ੍ਰੀ ਦੀ ਨਫ਼ਰਤ ਸਹਾਰਨ ਨਾਲੋਂ ਮਰ ਜਾਣਾ ਚੰਗਾ ਸਮਝਿਆ। ਉਹ ਪਸਤੋਲ ਚਲਾ ਕੇ ਮਰ ਗਿਆ।

ਇਕ ਹੋਰ ਜਾਸੂਸ ਜਾਸਫ ਮਾਰਕਸ ਦਾ ਵੀ ਕੁਝ ਇਸ ਤਰ੍ਹਾਂ ਦਾ ਹੀ ਹਾਲ ਹੋਇਆ। ਇਹ ਵਿਚਾਰਾ ਧੋਖੇ ਦੇਣ ਦੇ ਅਪਰਾਧ ਵਿਚ ਕਈ ਵਾਰੀ ਪਕੜਿਆ ਗਿਆ ਪਰ ਉਹ ਹਮੇਸ਼ ਸਚਿਆਈ ਅਤੇ ਵਫਾਦਾਰੀ ਦਾ ਸਬੂਤ ਦੇ ਕੇ ਛੁਟ ਜਾਂਦਾ ਰਿਹਾ। ਪਰ ਅਖੀਰ ਵਿਚ ਮਾਰੀਆ ਲੈਸਰ ਨੇ ਕਿਹਾ:

“ਜੇਕਰ ਤੂੰ ਆਪਣੀ ਵਫਾਦਾਰੀ ਦਾ ਸਬੂਤ ਦੇਨਾ ਚਾਹੁੰਦਾ ਹੈਂਂ ਤਾਂ ਵਲਾਇਤ ਜਾਕੇ ਸਮੁੰਦਰੀ ਤਾਕਤ ਬਾਰੇ ਕੁਝ ਲੋੜੀਂਂਦੀ ਖਬਰ ਲਿਆ ਕੇ ਦੇ।"

ਗਰੀਬ ਮਾਰਕਸ ਇਤਨਾ ਘਬਰਾ ਗਿਆ ਕਿ ਨਾ ਨਾਂਹ ਕਰ ਸਕਦਾ ਸੀ, ਨਾ ਕੰਮ ਕਰ ਸਕਦਾ ਸੀ। ਉਹ ਪਹਿਲੀ ਰੁਕਾਵਟ ਨੂੰ ਪਾਰ ਕਰਦਾ ਕਰਦਾ ਹੀ ਪਕੜਿਆ ਗਿਆ। ਜਦ ਬਰਤਾਨਵੀ ਪੁਲਸ ਦੇ ਸਪਾਹੀ ਨੇ ਉਹਨੂੰ ਕੈਦ ਵਿਚ ਸੁਟ ਦਿਤਾ ਤਾਂ ਉਹਨੇ ਆਖਿਆ:

"ਮੈਂ ਤੁਸਾਂ ਦਾ ਬੜਾ ਧੰਨਵਾਦੀ ਹਾਂ ਕਿ ਇਸ ਤਰ੍ਹਾਂ ਕੈਦ ਕਰਕੇ ਮੈਨੂੰ ਤੁਸੀਂ ਉਸ ਭਿਆਨਕ ਇਸਤ੍ਰੀ ਕੋਲੋਂ ਬਚਾਇਆ ਹੈ।"

ਸਾਰਿਆਂ ਨਾਲੋਂ ਦੁਖਦਾਇਕ ਕਹਾਣੀ ਇਕ ਹੋਰ ਬਹਾਦਰ ਦੀ ਸੀ। ਇਹ ਬੈਲਜੀਅਮ ਦਾ ਰਹਿਣ ਵਾਲਾ ਸੀ। ਇਹ ਆਪਣੀ ਮਿਹਨਤ ਨਾਲ ਮਾਰੀਆ ਦੇ ਯਕੀਨ ਨੂੰ ਜਿਤ ਸਕਿਆ ਸੀ ਅਤੇ ਉਹਦਾ ਨਿਕਟ ਮਹਿਤੇਹਤ ਹੋ ਗਿਆ ਸੀ। ਉਹ ਮਾਰੀਆ ਲੈਸਰ ਦੀ ਲਗ-ਭਗ ਹਰ ਸਕੀਮ ਨੂੰ ਜਾਣਦਾ ਸੀ। ਹੁਣ ਇਕ ਬੜੇ ਯਕੀਨ ਵਾਲੇ ਜਾਸੂਸ ਨੂੰ ਫ਼ਰਾਂਸ ਵਲ ਕੁਝ ਅਤਿ ਜ਼ਰੂਰੀ ਕੰਮ ਲਈ ਭੇਜਿਆ ਗਿਆ, ਪਰ ਉਹ ਜਲਦੀ ਹੀ ਪਕੜਿਆ ਗਿਆ। ਇਹਦੀ ਖ਼ਬਰ ਮੇਰੀਆਂ ਨੂੰ ਮਿਲੀ, ਉਹਨੇ ਆਪਣੇ ਉਪਰ ਦਸੇ ਮਹਿਤੈਹਤ ਨੂੰ ਸਦ ਭੇਜਿਆ ਅਤੇ ਆਖਿਆ:

"ਦੁਨੀਆਂ ਵਿਚ ਦੋ ਹੀ ਸਨ ਜਿਹੜੇ ਇਹ ਜਾਣਦੇ ਸਨ ਕਿ ਉਹ ਜਾਸੂਸ ਸੀ। ਉਹ ਦੋ, ਤੂੰ ਤੇ ਮੈਂ ਹਾਂ। ਹੁਣ ਉਸ ਜਾਸੂਸ ਨਾਲ ਧੋਖਾ ਹੋਇਆ ਹੈ। ਤੂੰ ਕੀਤਾ ਹੈ ਜਾਂ ਮੈਂ। ਏਸ ਲਈ ਅਸਾਂ ਦੋਹਾਂ ਵਿਚੋਂ ਇਕ ਨੂੰ ਸਜਾ ਭਗਤਣੀ ਪਏਗੀ।" ਇਹ ਆਖ ਕੇ ਮਾਰੀਆ ਲੇਸਰ ਨੇ ਹੌਲੀ ਹੀ ਮੇਜ਼ ਦੇ ਖ਼ਾਨੇ ਵਿਚੋਂ ਭਰੀ ਹੋਈ ਪਸਤੌਲ ਕਢੀ ਅਤੇ ਉਹਨੂੰ ਉਥੇ ਹੀ ਭੁੰਨ ਸੁਟਿਆ।

ਮਾਰੀਆ ਨੇ ਐਂਟਵਾਰਪ ਵਿਚ ਚੰਗਾ ਘਰ ਲਿਆ ਹੋਇਆ ਸੀ ਅਤੇ ਉਥੇ ਹੀ ਸਾਰੀਆਂ ਜਾਸੂਸਾਂ ਨੂੰ ਸਿਖਿਆ ਆਦਿ ਦੇਂਦੀ ਸੀ। ਜਦ ਕੋਈ ਜਾਸੂਸ ਆਉਂਦਾ ਸੀ ਤਾਂ ਚੰਗੀ ਤਰ੍ਹਾਂ ਉਹਦੀ ਦੇਖ-ਭਾਲ ਕਰਦੀ ਸੀ। ਕਈ ਸਵਾਲ ਪੁਛ ਕੇ ਉਹਦੀ ਲਿਆਕਤ ਪਰਖਦੀ ਤੇ ਫੇਰ ਆਖਦੀ:

"ਤੂੰ ਸਿਆਣਾ ਆਦਮੀ ਏਂ। ਚੰਗਾ ਪੜ੍ਹਿਆ ਲਿਖਿਆ ਵੀ ਹੈਂਂ ਤੇ ਕਈ ਦੇਸਾਂ ਦੀਆਂ ਬੋਲੀਆਂ ਵੀ ਜਾਣਦਾ ਹੈਂ। ਇਹ ਸਭ ਕੁਝ ਚੰਗਾ ਹੈ, ਪਰ ਕਾਫ਼ੀ ਨਹੀਂ। ਤੈਨੂੰ ਚੁਸਤ; ਲਚਕਦਾਰ (Adaptable)ਤਾਬਿਦਾਰ,ਤਗੜਾ ਅਤੇ ਚੋਕੰਨਾ ਹੋਣਾ ਲੋੜੀਏ। ਕੀ ਇਹ ਗੁਣ ਤੇਰੇ ਵਿਚ ਹਨ? ਮੈਂ ਯਕੀਨ ਕਰਨੀ ਹਾਂ ਕਿ ਤੇਰੇ ਵਿਚ ਹਨ। ਏਸ ਕੰਮ ਵਿਚ ਤਕਲੀਫਾਂ ਬੜੀਆਂ ਹੋਣਗੀਆਂ, ਪਰ ਜਲਦੀ ਹੀ ਤੈਨੂੰ ਏਸ ਵਿਚ ਦਿਲਚਸਪੀ ਲਭਣ ਲਗ ਪਏਗੀ। ਜੇਕਰ ਤੂੰ ਵਾਧੂ ਸੋਚਾਂ ਵਿਚ ਨਹੀਂ ਪੈਣ ਵਾਲਾ ਅਤੇ ਬਹਾਦਰੀ ਦੇ ਕੰਮ ਚਾਹੁਣ ਵਾਲਾ ਹੈਂ ਤਾਂ ਇਹ ਪੇਸ਼ਾ ਤੈਨੂੰ ਬੜਾ ਹੀ ਚੰਗਾ ਲਗੇਗਾ। ਮੇਰਾ ਤੇ ਇਹ ਹੀ ਹਾਲ ਹੈ। ਮੈਂ ਤਖ਼ਤ ਬਦਲੇ ਵੀ ਇਹ ਥਾਂ ਨਾ ਛੱਡਾਂਗੀ, ਕਿਉਂਕਿ ਇਥੇ ਮੇਰੇ ਦਿਮਾਗ਼ ਨੂੰ ਪੂਰੀ ਖੁਰਾਕ ਮਿਲ ਜਾਂਦੀ ਹੈ। ਮੈਂ ਉਚੇ ਤੋਂ ਉਚੇ ਰੁਤਬੇ ਵਾਲੇ ਆਦਮੀ ਨਾਲ ਗਲ ਬਾਤ ਕਰ ਸਕਦੀ ਹਾਂ ਅਤੇ ਬਹਿ ਉਠ ਸਕਦੀ ਹਾਂ।

'ਮੈਂ ਇਕ ਹੋਰ ਗਲ ਆਖਣੀ ਹੈ। ਤੂੰ ਪ੍ਰਹੇਜ਼ਗਾਰ ਅਤੇ ਸਤਿ ਵਾਲਾ ਰਹੀਂ। ਸਵੇਰੇ ਸ਼ਾਮ ਜਲਦੀ ਹੀ ਘਰ ਆ ਜਾਇਆ ਕਰੀਂ। ਬਹੁਤੀ ਸਵੇਰ ਜਾਂ ਬਹੁਤਾ ਚਰਾਕਾ ਸ਼ਾਮ ਨੂੰ ਬਾਹਰ ਫਿਰਦੇ ਰਹੀਏ ਤਾਂ ਕਈ ਸ਼ੱਕ ਦੀਆਂ ਨਜ਼ਰਾਂ ਨਾਲ ਤੱਕਣ ਲਗ ਪੈਂਦੇ ਹਨ। ਖੁਸੀਆਂ ਮਨਾਣ ਵਾਲੀਆਂ ਥਾਵਾਂ ਤੇ ਬੇਸ਼ਕ ਜਾਇਆ ਕਰ, ਪਰ ਕਿਸੇ ਨਾਲ ਬਹੁਤਾ ਗਲੀਂਂ ਨਾ ਲਗ ਜਾਵੀਂ, ਕਿਉਂਕਿ ਤੈਨੂੰ ਪਤਾ ਹੋਵੇ ਕਿ ਹਰ ਇਕ ਦੇਸ ਦੇ ਜਾਸੂਸ ਫਿਰਦੇ ਰਹਿੰਦੇ ਹਨ ਤੇ ਉਹ ਇਸਤ੍ਰੀਆਂ ਜਿਹੜੀਆਂ ਖੁਫ਼ੀਆ ਪੁਲੀਸ ਵਿਚ ਕੰਮ ਕਰਦੀਆਂ ਹਨ, ਸਾਰਿਆਂ ਨਾਲੋਂ ਖ਼ਤਰਨਾਕ ਹਨ। ਕੋਈ ਸਕੀਮ ਬਨਾਣ ਲਗਿਆਂ ਸਾਰਿਆਂ ਪਾਸਿਆਂ ਤੋਂ ਸੋਚ ਸਮਝ ਲਈਂਂ। ਸਫਰ ਵਿਚ ਹਰ ਕਦਮ ਸੋਚ ਵਿਚਾਰ ਨਾਲ ਪੁਟੀਂ। ਜਿਸ ਆਦਮੀ ਨੂੰ ਮਿਲੇਂਂ, ਉਹਦੀ ਪੂਰੀ ਤਰ੍ਹਾਂ ਪਰਖ ਕਰਨ ਦੀ ਕੋਸ਼ਸ਼ ਕਰੀਂਂ, ਤੇ ਉਸ ਥਾਂ ਦੀ ਤਸਵੀਰ ਆਪਣੇ ਦਿਮਾਗ ਵਿਚ ਬਿਠਾਈਂ। ਆਪਣੀ ਯਾਦ-ਸ਼ਕਤੀ ਨੂੰ ਤਗੜਿਆਂ ਕਰੀਂ, ਤਾਂ ਜੋ ਘਟ ਤੋਂ ਘਟ ਲਿਖਣ ਦੀ ਲੋੜ ਪਵੇ ਅਤੇ ਜਦ ਸੁਨੇਹਾ ਭੇਜਣਾ ਹੋਵੇ ਤਾਂ ਖੁਫ਼ੀਆ-ਬੋਲੀ ਵਿਚ ਘਲੀਂਂ। ਅਖ਼ੀਰ ਵਿਚ ਜੋ ਕੁਝ ਸੁਨੇਹਾ ਅਸਾਂ ਵਲੋਂ ਤੈਨੂੰ ਮਿਲੇ ਉਹਨੂੰ ਪੜ੍ਹਕੇ ਪਾੜ ਸੁਟੀਂਂ ਕਰੀਂ।"

ਜੰਗ ਦੇ ਖ਼ਤਮ ਹੋਣ ਉਤੇ ਮਾਰੀਆ ਲੈਸਰ ਦੇ ਕੰਮ ਦੀ ਲੋੜ ਨਾ ਰਹੀ। ਉਹਦੇ ਪੁਰਾਣੇ ਸਾਥੀਆਂ ਅਤੇ ਅਫਸਰਾਂ ਉਤੇ ਹੋਰ ਹੀ ਅਫਸਰ ਆ ਗਏ ਸਨ। ਸੋਸਲਿਸਟਾਂ ਨੇ ਹੁਣ ਜਰਮਨੀ ਵਿਚ ਜ਼ੋਰ ਪਕੜ ਲਿਆ ਸੀ। ਮੇਰੀਆ ਲੈਸਰ ਨੇ ਇਨ੍ਹਾਂ ਦੇ ਬਰਖ਼ਲਾਫ਼ ਕਾਫ਼ੀ ਕੰਮ ਕੀਤਾ ਸੀ ਏਸ ਲਈ ਉਹ ਹੁਣ ਏਹਨੂੰ ਨਹੀਂ ਸਨ ਚਾਹੁੰਦੇ। ਪਤ ਖੁਫੀਆ ਕੰਮ ਕਰਨ ਦੀ ਆਦਤ ਮਾਰੀਆ ਲੈਸਰ ਦੀ ਰਗ ਰਗਵਿਚ ਭਰ ਗਈ ਸੀ। ਉਹ ਏਸ ਪੇਸ਼ੇ ਨੂੰ ਨਹੀਂ ਸੀ ਛਡ ਸਕਦੀ। ਲੋਕਾਂ ਦੇ ਏਸ ਵਤੀਰੇ ਉਤੇ ਉਹਨੂੰ ਬੜੀ ਨਾਰਾਜ਼ਗੀ ਸੀ। ਮਾਰੀਆ ਆਪਣੇ ਦੇਸ਼ ਕੋਲੋਂ ਚੰਗੇ ਵਰਤਾਉ ਦੀ ਉਮੀਦਵਾਰ ਸੀ।

ਮਾਰੀਆ ਅਤੇ ਮਾਤਾ ਹਰੀ ਅਕੱਠੀਆਂ ਹੀ ਕੰਮ ਕਰਦੀਆਂ ਰਹੀਆਂ ਸਨ। ਮਾਰੀਆ ਮਾਤਾ ਹਰੀ ਦੀ ਅਧਿਆਪਕਾ ਸੀ ਅਤੇ ਮਾਤਾ ਹਰੀ ਨੇ ਬਹੁਤ ਕੁਝ ਮਾਰੀਆਂ ਕੋਲੋਂ ਸਿਖਿਆ ਸੀ।

ਜਦੋਂ ਮਾਤਾ ਹਰੀ ਨੇ ਲੋਰਾਕ ਤੋਂ "ਡਿਗਰੀ" ਲੈ ਲਈ ਤਾਂ ਮੁੜ ਉਹਨੂੰ ਨਾਚੀ ਦਾ ਕੰਮ ਸੌਂਪਿਆ ਗਿਆ ਤਾਂ ਜੇ ਨਵੀਂ ਸਿਖਿਆ ਨੂੰ ਵਰਤ ਕੇ ਹੋਰ ਚੰਗਾ ਕੰਮ ਕਰੇ। ਸਰਕਾਰੀ ਮਦਦ ਨਾਲ ਉਹ ਵੱਡੀ ਜਾਸੂਸਨ ਦੀ ਥਾਂ ਕੰਮ ਕਰਨ ਲਈ ਖਵਰੇ ਮਾਤਾ ਹਰੀ ਵੀਹਵੀਂ ਸਦੀ ਦੀ ਅਤਿ ਸਿਆਣੀ ਅਤੇ ਖ਼ਤਰਨਾਕ ਜਾਸੂਸ ਸੀ। ਜਿਹੜੇ ਮਾਤਾ ਹਰੀ ਨੂੰ ਉਸ ਵੇਲੇ ਮਿਲੇ, ਉਹ ਹਰਾਨ ਹੁੰਦੇ ਸਨ ਕਿ ਕਿਵੇਂ ਉਹ ਜਰਮਨੀ ਦੇ ਤਰੀਕੇ ਤੇ ਰਵਾਜ ਸਿਖਣ ਲਈ ਪੈਰਸ ਦੀਆਂ ਸਾਰੀਆਂ ਲਾਗਾਂ ਨੂੰ ਭੁਲਾਣ ਦੀ ਬੜੀ ਕੋਸ਼ਸ਼ ਕਰ ਰਹੀ ਸੀ। ਇਕ ਆਦਮੀ ਕਹਿੰਦਾ ਹੈ ਕਿ ਉਹ ਆਪਣੇ ਸ਼ਿਵ ਦੇਵਤੇ ਦੇ ਨਾਚਾਂ ਨੂੰ ਵੀ ਤਿਆਗ ਰਹੀ ਸੀ। ਉਹ ਪੂਰੀ ਤਰਾਂ ਬਰਲਨ ਦੀ ਰਹਿਣ ਵਾਲੀ ਬਣਨਾ ਲੋਚਦੀ ਸੀ। ਪਰ ਉਹ ਪੈਰਸ ਨੂੰ ਬਿਲਕੁਲ ਨਾ ਭੁਲਾ ਸਕੀ। ਮੁੜ ਮੁੜ ਪੈਰਸ ਵਲ ਮੁੜਦੀ ਰਹੀ ਅਤੇ ਜਿਵੇਂ ਸਾਲ ਗੁਜ਼ਰਦੇ ਗਏ ਉਹਨੂੰ ਉਥੇ ਮੁੜ ਜਾਸੂਸੀ ਬਣ ਕੇ ਜਾਣਾ ਪਿਆ ਸੀ। ਪਰ ਹੁਣ ਜਰਮਨੀ ਦੇ ਵੱਡੇ ਵੱਡੇ ਲੋਕਾਂ ਨਾਲ ਰਹਿ ਕੇ ਉਹ ਉੱਚਾ ਉੱਚਾ ਰਹਿਣਾ ਚਾਹੁੰਦੀ।

ਮਾਤਾ ਹਰੀ ਸ਼ਹਿਰੋ-ਸ਼ਹਿਰ ਫਿਰਦੀ ਰਹੀ। ਉਹ ਫ਼ੌਜੀ ਮੈਨੂੰਵਰਜ਼ ਉਤੇ ਆਮ ਜਾਂਦੀ ਸੀ ਅਤੇ ਵੱਡੇ ਵੱਡੇ ਲੋਕੀ ਉਹਨੂੰ ਆਪਣੀ ਮਿੱਤ੍ਰਤਾ ਦਸ ਕੇ ਖੁਸ਼ ਹੁੰਦੇ ਸਨ। ਕੋਈ ਉਹਦੀ ਨੀਯਤ ਤੇ ਸ਼ੱਕ ਨਹੀਂ ਸੀ ਕਰਦਾ। ਯੂਰਪ ਦੀ ਕੋਈ ਹੀ ਰਾਜਧਾਨੀ ਹੋਣੀ ਹੈ ਜਿਥੇ ਉਹ ਨਾਂ ਗਈ ਹੋਵੇ। ਉਹ ਆਪਣੇ ਪਿਆਰੇ ਰੀਂਂਗਣ ਵਾਲੇ ਕੀੜੇ -ਸਪ-ਵਾਂਗ ਆਪਣੇ ਪਤਲੇ ਸਰੀਰ ਨੂੰ ਸ਼ਹਿਰ ਸ਼ਹਿਰ ਵਿਚੋਂ ਦੀ ਮਚਕੋੜੇ ਖਵਾਂਦੀ ਅਗੇ ਤੁਰੀ ਜਾਂਦੀ ਸੀ, ਅਤੇ ਆਪਣੇ ਪਿਛੇ ਰੰਗ-ਰਲੀਆਂ ਅਤੇ ਧੋਖੇ-ਬਾਜ਼ੀ ਦੇ ਨਿਸ਼ਾਨ ਛਡੀ ਜਾਂਦੀ ਸੀ।

ਉਨ੍ਹਾਂ ਵਿਚੋਂ ਕੁਝ ਜਿਹੜੇ ਮਾਤਾ ਹਰੀ ਨੂੰ ਬੜੀ ਚੰਗੀ ਤਰ੍ਹਾਂ ਜਾਣਦੇ ਸਨ, ਕਹਿੰਦੇ ਸਨ ਕਿ ਉਹਦਾ ਬਚਪਨ ਹੀ ਦਸਦਾ ਸੀ ਕਿ ਉਹਦਾ ਜੀਵਨ ਜਾਦੂ ਅਤੇ ਨਵੀਆਂ ਗੱਲਾਂ ਨਾਲ ਭਰਿਆ ਹੋਇਆ ਹੋਵੇਗਾ। ਆਪਣੇ ਕੰਮ ਵਿਚ ਚੋਟੀ ਤੇ ਹੁੰਦਿਆਂ ਹੋਇਆਂ, ਜਦ ਮਾਤਾ ਹਰੀ ਦੇ ਕਦਮਾਂ ਉਤੇ ਤਾਕਤ ਵਾਲੇ ਤੇ ਧਨਵਾਨ ਸਿਜਦਾ ਕਰਦੇ ਸਨ ਤਾਂ ਉਸ ਸੁਪਨੇ ਦਾ ਸਵਾਦ ਕਿ "ਉਹ ਕਿਧਰੇ ਪੁਜਨੀਯ ਦੇਵੀ ਹੁੰਦੀ।" ਮਾਤਾ ਹਰੀ ਜ਼ਰੁਰ ਮਹਿਸੂਸਦੀ ਹੋਣੀ ਏਂਂ। ਉਹਦੇ ਲਈ ਇਕ ਕੰਮ ਤੋਂ ਦੂਜੇ ਕੰਮ ਵਿਚ ਤਰੱਕੀ ਕਰਨੀ ਮਾਨੋ ਫੁੱਲਾਂ ਨਾਲ ਵਿਛੇ ਹੋਏ ਰਾਹ ਉਤੇ ਤੁਰਨਾ ਸੀ। ਉਹਦੀ ਸ਼ਾਨ ਬਾਦਸ਼ਾਹਾਂ ਵਾਲੀ ਸੀ, ਕਿਉਂਕਿ ਸ਼ਹਿਜ਼ਾਦੇ ਉਹਦੇ ਘਰ ਵਿਚ ਮਿਲਣ ਆਉਂਦੇ ਸਨ, ਅਤੇ ਸਫੀਰ ਆਪਣੇ ਦੁੱਖਾਂ ਅਤੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਭੁਲ ਜਾਂਦੇ ਸਨ ਜਦ ਮਾਤਾ ਹਰੀ ਉਨ੍ਹਾਂ ਨੂੰ ਦਿਲਾਸਾ ਦੇਂਦੀ ਸੀ

ਪਰ ਫਿਰ ਵੀ ਕੋਈ ਅਣਦਿਸੀ ਤਾਕਤ ਉਹਦੇ ਉਤੇ ਕਾਲਾ ਪੜਦਾ ਜਿਹਾ ਪਾਈ ਦਿਸਦੀ ਸੀ-ਉਹਨੂੰ ਆਉਣ ਵਾਲੇ ਸਮੇਂ ਦਾ ਡਰ ਜਿਹਾ ਰਹਿੰਦਾ ਸੀ। ਉਹਨੇ ਆਪਣੇ ਇਕ ਅਤਿ ਗੂਹੜੇ ਮਿੱਤਰ ਨੂੰ ਲਿਖਿਆ:

"ਮੈਨੂੰ ਬਹੁਤ ਸਾਰੀਆਂ ਚੀਜ਼ਾਂ ਤੋਂ ਬਚਾ ਲੈ ਜਿਹੜੀਆਂ ਮੈਨੂੰ ਦੁਖ ਦੇਂਦੀਆਂ ਹਨ ਅਤੇ ਕੰਮ ਕਰਨ ਤੋਂ ਰੋਕਦੀਆਂ ਹਨ।"

ਜੋ ਕੰਮ ਮਾਤਾ ਹਰੀ ਨੇ ਸ਼ੁਰੂ ਵਿਚ ਖੁਫ਼ੀਆਂ ਮਹਿਕਮੇ ਵਿਚ ਕੀਤੇ ਉਨ੍ਹਾਂ ਦਾ ਬਹੁਤ ਹੀ ਘਟ ਪਤਾ ਹੈ, ਕਿਉਕਿ ਉਨ੍ਹਾਂ ਦੀ ਦਸਣ ਵਾਲੀ ਮਰ ਗਈ ਹੈ। ਜਰਮਨ ਦਾ ਖੁਫੀਆ ਮਹਿਕਮਾ ਚੰਗੇ ਅਤੇ ਕਾਫੀ ਕਾਰਣਾਂ ਕਰਕੇ ਚੁਪ ਰਹਿੰਦਾ ਹੈ। ਏਸ ਲਈ ਕੁਝ ਸਾਲਾਂ ਤੇ ਛਾਲ ਮਾਰ ਕੇ ਅਸੀਂ ਮਾਤਾ ਹਰੀ ਨੂੰ ਪੈਰਸ ਵਿਚ "ਨਾਚ ਪਰੀ" ਦੀ ਸੂਰਤ ਵਿਚ ਤੱਕਦੇ ਹਾਂ।

ਜਰਮਨੀ ਵਾਲਿਆਂ ਕੋਸ਼ਸ਼ ਕੀਤੀ ਕਿ ਫ਼ਰਾਂਸ ਦੇ ਬਹੁਤ ਸਾਰਿਆਂ ਪ੍ਰੈਸਾਂ ਨੂੰ ਕਿਵੇਂ ‘ਖ਼ਰੀਦ’ ਲਈਏ ਅਤੇ ਮੁੜ ਅਖ਼ਬਾਰਾਂ ਰਾਹੀਂ ਜਰਮਨੀ ਦੀ ਪਾਲਿਸੀ ਦਾ ਪ੍ਰਚਾਰ ਕਰੀਏ। ਮਾਤਾ ਹਰੀ ਵੀ ਏਸ ਸਕੀਮ ਵਿਚ ਕੰਮ ਕਰਨ ਲਗ ਪਈ। ੧੯੧੨ ਵਿਚ ਜਦ ਉਹ ਪੈਰਸ ਆਈ ਤਾਂ ਉਹਨੇ ਪੈਰਸ ਦੀ ਅਖਬਾਰ-ਨਵੀਸੀ ਬਾਰੇ ਕੁਝ ਜਾਣਨ ਦੀ ਕੋਸ਼ਸ਼ ਕੀਤੀ ਕਿ ਕਿਨ੍ਹਾਂ ਅਖਬਾਰਾਂ ਨੂੰ ਪੈਸੇ ਦੀ ਲੋੜ ਸੀ; ਕਿਥੇ ਪੈਸਾ ਦੇ ਕੇ ਜ਼ੋਰ ਦਿੱਤਾ ਜਾ ਸਕਦਾ ਸੀ, ਅਤੇ ਕਿਥੋਂ ਬਰਲਨ ਬਾਰੇ ਖ਼ਬਰਾਂ ਨਿਕਲਦੀਆਂ ਸਨ। ਪਰ ਏਸ ਕੰਮ ਵਿਚ ਮਾਤਾ ਹਰੀ ਦੇ ਹਮ-ਕਾਮ ਐਲਮੇਰੀਡਾ ਨੇ ਬਹੁਤ ਕੰਮ ਕੀਤਾ। ਜਿਥੇ ਐਲਮੇਰੀਡਾ ਗੱਲ ਦੀ ਤਹਿ ਤਕ ਪਹੁੰਚ ਜਾਂਦਾ ਸੀ, ਉਥੇ ਮਾਤਾ ਹਰੀ ਲਿਖਾਰੀਆਂ ਨਾਲ ਗੱਲਾਂ ਬਾਤਾਂ ਹੀ ਕਰਦੀ ਰਹਿ ਜਾਂਦੀ ਸੀ। ਏਸ ਤਰ੍ਹਾਂ ਲਿਖਾਰੀਆਂ ਨਾਲ ਮਿੱਤ੍ਰਤਾ ਪਾਉਣ ਦਾ ਇਹ ਲਾਭ ਤਾਂ ਹੋ ਜਾਂਦਾ ਸੀ ਕਿ ਉਹਦੇ ਬਾਰੇ ਚੰਗੇ ਚੰਗੇ ਨੋਟ ਨਿਕਲ ਜਾਂਦੇ ਸਨ, ਪਰ ਮਾਤਾ ਹਰੀ ਦੇ ਮਾਲਕਾਂ ਨੂੰ ਕੋਈ ਲਾਭ ਨਹੀਂ ਸੀ ਹੁੰਦਾ, ਕਿਉਂਕਿ ਇਹ ਲਿਖਾਰੀ ਅਖਬਾਰ ਦੀ ਪਾਲਿਸੀ ਨੂੰ ਨਹੀਂ ਸਨ ਤੋਰਦੇ।

ਇਕ ਗੱਲ ਵਿਚ ਮਾਤਾ ਹਰੀ ਨੇ ਕਾਫ਼ੀ ਕਾਮਯਾਬੀ ਹਾਸਲ ਕਰ ਲਈ: ਉਹ ਬਰਲਨ ਦੇ ਪੱਤਰ ਪ੍ਰੇਰਕਾਂ ਦੇ ਨਾਵਾਂ ਦਾ ਪਤਾ ਕਰ ਸਕੀ। ਜੰਗ ਦੀ ਜਦੋ-ਜਹੱਦ ਵਿਚ ਇਨ੍ਹਾਂ ਪੱਤਰ ਪ੍ਰੇਰਕਾਂ ਉਤੇ ਜ਼ੋਰ ਪਾਇਆ ਜਾ ਸਕਦਾ ਸੀ ਕਿ ਜਰਮਨ ਦੀਆਂ ਖ਼ਬਰਾਂ ਨੂੰ ਫ਼ਰਾਂਸ ਵਾਲਿਆਂ ਦੇ ਸਾਹਮਣੇ ਇੰਝ ਦਸਿਆ ਜਾਵੇ ਕਿ ਉਨ੍ਹਾਂ ਦਾ ਚੰਗਾ ਅਸਰ ਪਵੇ। ਬੇਪਖੀ ਨੁਕਤਾਚੀਨੀ ਜਿਹੜੀ ਜਰਮਨੀ ਵਾਲਿਆਂ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਕੀਤੀ, ਸਲਾਹੀ ਨਾ ਗਈ। ਜੇਕਰ ਬਰਲਨ ਦੇ ਪੁੱਤਰ ਪ੍ਰੇਰਕ ਜਰਮਨੀ ਦੇ ਅਫ਼ਸਰਾਂ ਮੁਤਾਬਕ ਨਾ ਚਲੇ ਤਾਂ ਕਸੂਰ ਮਾਤਾ ਹਰੀ ਦਾ ਨਹੀਂ, ਕਿਉਂਕਿ ਉਹਨੇ ਤਾਂ ਉਨ੍ਹਾਂ ਆਦਮੀਆਂ ਦੇ ਨਾਮ ਦਸ ਕੇ, ਜਿਨ੍ਹਾਂ ਉਤੇ ਜ਼ੋਰ ਪਾਇਆ ਜਾ ਸਕਦਾ ਸੀ, ਆਪਣਾ ਫਰਜ਼ ਪੂਰਾ ਕਰ ਦਿਤਾ ਸੀ।

ਫਰਾਂਸ ਦਾ ਇਕ ਲਿਖਾਰੀ ਆਪਣੀ ਹੱਡ ਬੀਤੀ ਸੁਣਾਂਦਾ ਹੈ:

"ਮਾਤਾ ਹਰੀ ਨੇ ੧੯੧੩ ਵਿਚ ਮੈਨੂੰ ਆਪਣੇ ਘਰ ਬੁਲਾਇਆ। ਵੇਹੜੇ ਦੁਆਲੇ ਚਾਰ-ਚੁਫੇਰੇ ਉੱਚੀਆਂ ਉੱਚੀਆਂ ਕੰਧਾਂ ਉਸਾਰੀਆਂ ਹੋਈਆਂ ਸਨ ਤਾਂਕਿ ਚੰਨ ਦੀ ਚਾਨਣੀ ਵਿਚ ਉਹਨੂੰ ਨੰਗੀ ਨੂੰ ਨਚਦਾ ਕੋਈ ਓਪਰਾ ਨਾ ਵੇਖ ਲਵੇ। ਉਹ ਨੱਚੀ। ਫੇਰ ਆਖਣ ਲਗੀ ਕਿ "ਮੈਂ ਅੱਜ ਭਲਕੇ ਆਪਣੇ ਪਤੀ ਕੋਲੋਂ ਤਲਾਕ ਦੀ ਉਮੈਦ ਕਰ ਰਹੀ ਹਾਂ।' ਫੇਰ ਇਕ ਦਿਨ ਉਹ ਮੇਰੇ ਕਮਰੇ ਵਿਚ ਆ ਗਈ। ਨੈਣਾਂ ਵਿਚੋਂ ਅਥਰੂ ਛਮਾ ਛਮ ਡਿਗ ਰਹੇ ਸਨ। ਉਹਨੇ ਰੋ ਰੋ ਦਸਿਆ ਕਿ ਕਿਵੇਂ ਉਹਦੇ ਪਤੀ ਨੇ ਉਹਨੂੰ ਬੇਰਹਿਮੀ ਨਾਲ ਮਾਰਿਆ ਸੀ। ਅਤੇ ਉਸ ਗਲ ਨੂੰ ਸਾਬਤ ਕਰਨ ਲਈ ਉਹਨੇ ਆਪਣੇ ਸਰੀਰ ਤੇ ਝਰੀਟਾਂ ਆਦਿ ਦੇ ਨਿਸ਼ਾਨ ਵੀ ਵਿਖਾਏ। ਮੈਂ ਉਹਨੂੰ ਆਖਿਆ ਕਿ ਉਹ ਮੇਰੇ ਇਕ ਦੋਸਤ ਵਕੀਲ ਕੋਲ ਜਾਕੇ ਇਸ ਬਾਰੇ ਸਲਾਹ ਲੈ ਲਵੇ, ਪਰ ਮੈਂ ਤਰਸ ਨਹੀਂ ਸਾਂ ਖਾ ਸਕਦਾ ਅਤੇ ਨਾ ਹੀ ਪ੍ਰੈਸ ਬਾਰੇ ਕੁਝ ਭੇਦ ਦੇ ਸਕਦਾ ਸਾਂ। ਮੈਨੂੰ ਉਹਦੇ ਤੇ ਸ਼ਕ ਸੀ। ਮੈਨੂੰ ਪਤਾ ਸੀ ਕਿ ਉਹ ਆਪਣੇ ਪਤੀ ਨਾਲ ਕੋਈ ਖਤਾ ਪਤਰੀ ਨਹੀਂ ਸੀ ਕਰ ਰਹੀ। ਅਤੇ ਨਾਲੇ ਮੈਂ ਇਹ ਵੀ ਦੇਖਦਾ ਸਾਂ ਕਿ ਸਰੀਰ ਤੇਲਗੀਆਂ ਝਰੀਟਾਂ ਆਰਟ ਦਾ ਨਤੀਜਾ ਸੀ, ਬੇ-ਰਹਿਮੀ ਦਾ ਨਹੀਂ। ਮੈਨੂੰ ਕੋਈ ਹਰਾਨੀ ਨ ਹੋਈ ਜਦ ਉਹ ਵਕੀਲ ਕੋਲ ਨ ਗਈ।"

ਜਰਮਨ ਆਪਣੇ ਜਾਸੂਸਾਂ ਦਾ ਵੀ ਇਤਬਾਰ ਨਹੀਂ ਸਨ ਕਰਦੇ। ਇਸ ਲਈ ਜਾਸੂਸ ਦੇ ਉਤੇ ਜਾਸੂਸ ਛਡੇ ਹੋਏ ਸਨ, ਤੇ ਜਦ ਕੋਈ ਫਰਜ ਨੂੰ ਨਿਭਾਉਣ ਵਿਚ ਅਨਗਹਿਲੀ ਕਰਦਾ ਦਿਸਦਾ ਸੀ ਤਾਂ ਸਜਾ ਪਾ ਲੈਂਦਾ ਸੀ। ਮਾਤਾ ਹਰੀ ਵੀ ਇਕ ਅਮੀਰ ਦੇ ਜ਼ੇਰ ਨਜ਼ਰ ਰਹਿੰਦੀ ਸੀ। ਇਸ ਅਮੀਰ ਨੇ ਹੀ ਮਾਤਾ ਹਰੀ ਨੂੰ ਪੈਰਸ ਵਿਚ ਇਕ ਚੰਗਾ ਜਿਹਾ ਮਕਾਨ ਲੈ ਦਿਤਾ ਹੋਇਆ ਸੀ। ਜਦ ਮਾਤਾ ਹਰੀ ਨੇ ਆਪਣੀ ਥਾਂ ਪਕੀ ਬਣਾ ਲਈ ਅਤੇ ਫਰਾਂਸ ਨਾਲ ਮਿਤ੍ਰਤਾ ਗੰਢ ਲਈ ਤਾਂ ਇਹ ਜਰਮਨ-ਅਮੀਰ ਤਸਵੀਰ ਤੋਂ ਲਾਂਭੇ ਹੋ ਗਿਆ।

ਇਹ ਆਮ ਖਿਆਲ ਕੀਤਾ ਜਾਂਦਾ ਹੈ ਕਿ ਖੁਫੀਆ ਮਹਿਕਮੇ ਦੇ ਨੌਕਰ ਨੂੰ ਜਿਤਨਾ ਵੀ ਹੋ ਸਕੇ ਛੁਪ ਕੇ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਕਿਧਰੇ ਫਸ ਨ ਜਾਏ ਅਤੇ ਨਾ ਹੀ ਉਹਦੇ ਤੇ ਸ਼ਕ ਹੋਣਾ ਸ਼ੁਰੂ ਹੋ ਜਾਏ। ਪਰ ਇਹ ਇਕ ਅਨਜਾਣ ਆਦਮੀ ਦਾ ਖਿਆਲ ਹੈ। ਜਿਤਨੇ ਵੀ ਉਘੇ ਜਾਸੂਸ ਸਪਾਹੀ ਹੋਏ ਹਨ ਉਨ੍ਹਾਂ ਵਿਚੋਂ ਬਹੁਤਿਆਂ ਨੂੰ ਉਹ ਉਹ ਕੰਮ ਕਰਨੇ ਪਏ ਹਨ ਜਿਸ ਕਰਕੇ ਪਬਲਿਕ ਦੇ ਸਾਮ੍ਹਣੇ ਖੁਲਮ ਖੁਲਾ ਆਉਣਾ ਪਿਆ ਹੈ। ਟਰੀਬਿਸ਼ ਲਿੰਕਨ ਦੀ ਹੀ ਉਦਾਹਰਨਾ ਲੈ ਲਵੋ: ਇਹ ਜਰਮਨ ਖੁਫ਼ੀਆ ਪੁਲੀਸ ਦਾ ਮੈਂਬਰ ਹੁੰਦਾ ਹੋਇਆ ਬਰਤਾਨਵੀ ਪਾਰਲੀਮੈਂਟ ਦਾ ਵੀ ਮੈਂਬਰ ਰਿਹਾ ਸੀ।

ਅਸਲ ਗਲ ਇਹ ਹੈ ਕਿ ਜਾਸੂਸ ਨੂੰ ਖਬਰਾਂ ਅਕਠੀਆਂ ਕਰਨ ਵਿਚ ਕੋਈ ਇਤਨੀ ਤਕਲੀਫ ਨਹੀਂ ਹੁੰਦੀ ਜਿਤਨੀ ਇਨ੍ਹਾਂ ਖਬਰਾਂ ਨੂੰ ਥਾਂ ਸਿਰ ਪਹੁੰਚਾਨ ਵਿਚ। ਜਿਸ ਦੇ ਵੀ ਪੰਜ ਇੰਦਰੇ ਕੰਮ ਕਰਦੇ ਹਨ ਉਹ ਮਾੜੇ ਜਹੇ ਖਤਰੇ ਵਿਚ ਪੈ ਕੇ ਬਹੁਤ ਕੁਝ ਜਾਣ ਸਕਦਾ ਹੈ, ਪਰ ਪਤਾ ਲਗ ਜਾਣ ਦਾ ਡਰ ਉਸ ਵੇਲੇ ਉਠਦਾ ਹੈ ਜਦ ਉਨ੍ਹਾਂ ਖਬਰਾਂ ਨੂੰ ਭੇਜਣ ਦਾ ਸਵਾਲ ਆ ਜਾਏ! ਜੇਕਰ ਜਾਸੂਸ ਗਲਤ ਹਰਕਤ ਕਰਕੇ ਸ਼ਕ ਪੈਦਾ ਕਰ ਦੇਵੇ ਤਾਂ ਉਹਨੂੰ ਚੰਗੀ ਤਰ੍ਹਾਂ ਅਤੇ ਜਲਦੀ ਇਹ ਗਲ ਸਾਬਤ ਕਰਨ ਦੇ ਯੋਗ ਹੋਣਾ ਚਾਹੀਦਾ ਹੈ ਕਿ “ਮੈਂ ਤੇ ਉਥੇ ਰਹੀ ਨਹੀਂ ਸਾਂ। ਮੈਨੂੰ ਇਸ ਗਲ ਦਾ ਕੀ ਪਤਾ। ਇਹ ਪਹਿਲਾਂ ਮਿਥਿਆ ਹੋਇਆ ਬਹਾਨਾ ਇਤਨਾ ਚੰਗਾ ਹੋਣਾ ਚਾਹੀਦਾ ਹੈ ਕਿ ਅਗਲਿਆਂ ਨੂੰ ਯਕੀਨ ਆ ਜਾਵੇ। ਨਹੀਂ ਤੇ ਹਰਕਤਾਂ ਤੋਂ ਸ਼ਕ ਉਪਜ ਕੇ ਕੈਦ ਵਿਚ ਜਾਣਾ ਅਵਸ਼ ਹੋ ਜਾਂਦਾ ਹੈ।

ਜਰਮਨ ਖੁਫੀਆ ਪੁਲੀਸ ਦੇ ਛੋਟੇ ਛੋਟੇ ਸਪਾਹੀਆਂ ਨੂੰ ਪਹਿਲੇ ਹੀ ਬਹਾਨੇ ਸਿਖਲਾਏ ਜਾਂਦੇ ਸਨ ਅਤੇ ਉਨ੍ਹਾਂ ਦੀ “ਰੀਹਰਸਲ' ਵੀ ਹੁੰਦੀ ਸੀ ਤਾਂ ਕਿ ਜਦ ਉਹ ਪਕੜੇ ਜਾਣ ਤਾਂ ਸ਼ੱਕ ਦੂਰ ਕਰ ਸਕਣ। ਆਮ ਕਰਕੇ ਉਨ੍ਹਾਂ ਨੂੰ ਜਰਮਨੀ, ਅਸਟਰੀਆ ਜਾਂ ਕਿਸੇ ਹੋਰ ਥਾਂ ਦੀ ਬਣੀ ਹੋਈ ਉਹ ਚੀਜ਼ ਦੇਈ ਰਖਦੇ ਸਨ ਜਿਸਦਾ ਕੋਲ ਰਖਣਾ ਕਾਨੂੰਨ ਬੰਦ ਸੀ। ਨਸ਼ੇ ਵਾਲੀਆਂ ਚੀਜ਼ਾਂ ਆਮ ਕਰਕੇ ਛੁਪਣ ਲਈ ਪੜਦੇ ਬਣ ਜਾਂਦੀਆਂ ਸਨ। ਜੇਕਰ ਜਾਸੂਸ ਕੋਕੇਨ, ਜਾਂ ਅਫੀਮ ਰਖਦਾ ਹੋਇਆ ਖੁਫੀਆ ਕੰਮ ਕਰਨ ਦੇ ਸ਼ਕ ਵਿਚ ਪਕੜਿਆ ਜਾਂਦਾ ਸੀ ਤਾਂ ਉਹਦੇ ਕੋਲ ਘੜਿਆ ਘੜਾਇਆ ਬਹਾਨਾ ਤਿਆਰ ਹੁੰਦਾ ਸੀ ਕਿ ਉਹ ਕਿਉਂ ਅਖ ਬਚਾ ਕੇ ਏਧਰ ਉਧਰ ਚਲਦਾ ਸੀ।

“ਮੈਂ ਚੋਕੀਂਂ-ਮਾਰ ਹਾਂ ਜਾਸੂਸ ਨਹੀਂ।

ਇਹ ਸ਼ਬਦ ਮੁਖਾਲਫ ਜਾਸੂਸੀ ਮਹਿਕਮੇ ਦੇ ਸਪਾਹੀਆਂ ਵਾਸਤੇ ਇਤਨੇ ਆਮ ਹੋ ਗਏ ਸਨ ਕਿ ਉਹ ਚੋਂਕੀ-ਮਾਰ ਅਤੇ ਜਾਸੂਸ ਨੂੰ ਇਕੋ ਹੀ ਜਮਾਤ ਵਿਚ ਦਾਖਲ ਕਰਨ ਲਗ ਪਏ ਸਨ। ਇੰਗਲੈਂਡ ਵਿਚ ਉਨ੍ਹਾਂ ਥਾਵਾਂ ਤੇ ਜਿਥੇ ਸਿਗਰਟ ਪੀਣਾ ਆਮ ਨਹੀਂ ਸੀ, ਜਾਸੂਸ ਸਿਗਰਟਾਂ ਦਾ ਪ੍ਰਚਾਰ ਕਰਦੇ ਕਰਦੇ ਸ਼ਕ ਵਿਚ ਪਕੜੇ ਜਾਂਦੇ ਸਨ। ਜੰਗ ਦੇ ਸਾਲਾਂ ਵਿਚ ਇੰਗਲੈਂਡ ਤੋਂ ਸਿਗਰਟਾਂ ਦੇ ਬੜੇ ਹੀ ਆਰਡਰ ਹੋਏ ਪਰ ਪੂਰੇ ਬੜੇ ਹੀ ਘਟ ਹੋਏ। ਇਸ ਤਰ੍ਹਾਂ ਫ਼ਰਾਂਸ ਵਿਚ ਇਤਨੀਆਂ ਨਸ਼ੇ ਵਾਲੀਆਂ ਚੀਜ਼ਾ ਆਈਆਂ ਜਿਤਨੀਆਂ ਪਹਿਲੇ ਕਦੀ ਵਰਤੀਆਂ ਨਹੀਂ ਸਨ ਗਈਆਂ।

ਇਨ੍ਹਾਂ ਗਲਾਂ ਤੋਂ ਪਤਾ ਲਗਦਾ ਹੈ ਕਿ ਮਾਤਾ ਹਰੀ ਕਿਉਂ ਜਾਸੂਸਨ ਹੁੰਦੀ ਹੋਈ ਨਾਚੀ ਵੀ ਰਹੀ। ਉਤਲੇ ਲਿਖੇ ਤਰੀਕੇ-ਨਸ਼ੇ ਅਤੇ ਸਿਗਰਟਾਂ ਵੇਚਨ ਵਾਲੇ-ਆਮ ਹੋ ਗਏ ਸਨ। ਮਾਤਾ ਹਰੀ ਨਾਚੀ ਅਤੇ 'ਵੇਸਵਾ" ਦਾ ਕੰਮ ਕਰਦੀ ਹੋਈ ਆਪਣੀਆਂ ਜ਼ੁੰਮੇਵਾਰੀਆਂ ਨੂੰ ਚੰਗੀ ਤਰ੍ਹਾਂ ਨਿਭਾ ਸਕਦੀ ਸੀ। ਪਬਲਿਕ ਲੋਕਾਂ ਨਾਲ ਸਿਧਾ ਮੇਲ ਜੋਲ ਹੋ ਜਾਂਦਾ ਸੀ ਅਤੇ ਸ਼ਕ ਵੀ ਘਟ ਹੀ ਹੁੰਦਾ ਸੀ

ਕਈ ਵਾਰੀ ਜਦ ਸ਼ਕ ਵਿਚ ਪਕੜੀ ਜਾਂਦੀ ਸੀ ਤਾਂ ਉਹਦਾ ਪੇਸ਼ਾ ਉਹਦੀ ਬੰਦ ਖਲਾਸ ਕਰਾ ਦੇਂਦਾ ਸੀ। ਇਹ ਦੇਖ ਕੇ ਦੂਜੇ ਬੀਊਰੋ-ਫਰਾਂਸ ਦੇ ਖੁਫੀਆ ਮਹਿਕਮੇ ਨੂੰ ਬੜਾ ਗੁਸਾ ਆਉਂਦਾ ਸੀ, ਕਿਉਂਕਿ ਉਨ੍ਹਾਂ ਨੂੰ ਮਾਤਾ ਹਰੀ ਦੀਆਂ ਸ਼ਰਾਰਤਾਂ ਅਤੇ ਚਲਾਕੀਆਂ ਦਾ ਪੂਰੀ ਤਰ੍ਹਾਂ ਪਤਾ ਸੀ ਭਾਵੇਂ ਅਜੇ ਪੂਰੀਆਂ ਸ਼ਹਾਦਤਾਂ ਨਹੀਂ ਸਨ ਮਿਲਦੀਆਂ।