ਯਾਦਾਂ/ਅਛੂਤ ਦੀ ਪੁਕਾਰ
ਅਛੂਤ ਦੀ ਪੁਕਾਰ
ਪੰਡ ਸਿਰ ਤੇ ਤੂੜੀ ਦੀ।
ਬਾਰ੍ਹੀਂ ਵਰੀਂ ਕਹਿੰਦੇ ਨੇ,
ਰਬ ਸੁਨਦਾਏ ਰੂੜੀ ਦੀ।
ਮਿੱਟੀ ਵਿੱਚ ਰੁਲ ਗਏ ਆਂ।
ਐਸੇ ਮਿਟ ਚੁਕੇ ਕੇ,
ਰਬ ਨੂੰ ਵੀ ਭੁੱਲ ਗਏ ਆਂ।
ਅਖੀਆਂ ਤੋਂ ਮੀਂਹ ਵਰਦਾ।
ਏਸ ਖਵਾਰੀ ਤੋਂ,
ਪੈਦਾ ਹੀ ਨਾਂ ਕਰਦਾ।
ਜਗ ਸੁਨਦੇ ਮਿੱਠਾ ਏ।
ਦੁਰ ਦੁਰ ਛਿਰ ਛਿਰ ਹੀ,
ਅਸੀਂ ਆਕੇ ਡਿੱਠਾ ਏ।
ਦੁਖਾਂ ਦੇ ਸਾੜੇ ਹਾਂ।
ਜੂਨ ਮਨੁਖਾਂ ਦੀ,
ਪਸ਼ੂਆਂ ਤੋਂ ਮਾੜੇ ਹਾਂ।
ਮਤ ਭੁਖਾਂ ਮਾਰੀ ਏ।
ਸਿਰ ਤੇ ਕੂੜਾ ਏ,
ਹਥ ਫੜੀ ਬਹਾਰੀ ਏ।
ਕੀ ਬੜਾ ਹਨੇਰ ਨਹੀਂ?
ਐਨੀ ਸੇਵਾ ਤੇ,
ਸ਼ਾਵਾ ਸ਼ੇ ਫੇਰ ਨਹੀਂ।
ਸੁਖ ਦੂਰੋਂ ਭਜਦੇ ਨੇ।
ਕੰਡਿਆਂ ਤੋਂ ਤਿਖੇ,
ਨਿਤ ਮੇਹਣੇ ਵਜਦੇ ਨੇ।
ਖੰਬ ਕਾਲੇ ਤਿੱਤਰਾਂ ਦੇ।
ਭੁਲਨੇ ਜ਼ੁਲਮ ਨਹੀਂ,
ਅਭਿਮਾਨੀ ਮਿਤ੍ਰਾਂ ਦੇ।
ਖੰਭ ਕਾਲੇ ਕਾਵਾਂ ਦੇ।
ਸਾਡੇ ਤੇ ਕਿਉਂ ਥੁਕਨੈ,
ਚੰਨ ਅਸੀਂ ਵੀ ਮਾਵਾਂ ਦੇ।
ਕਿਸਮਤ ਦੇ ਹੀਨੇ ਹਾਂ।
ਦੁਸ਼ਮਨ ਨਾਂ ਜੀਵੇ,
ਜੋ ਜੀਵਨ ਜੀਨੇ ਹਾਂ।
ਕਹੇ ਲੋਕੀ ਚੰਦਰੇ ਨੇ।
ਰਬ ਮਤੇ ਕੂਕ ਸੁਨੇ,
ਲਾਏ ਮੰਦਰਾਂ ਨੂੰ ਜੰਦਰੇ ਨੇ।
ਥਾਂ ਰੱੜਿਆਂ ਤੇ ਆ ਮੱਲੀ।
ਗਾਂਧੀ ਸਜਨ ਸੀ,
ਪਰ ਉਹਦੀ ਵੀ ਨਾਂ ਚਲੀ।
ਜਿਸ ਦਰ ਤੇ ਜਾਨੇ ਆਂ।
ਟੁਕੜਾ ਨਾ ਮਿਲਦਾ,
ਪਏ ਠੇਡੇ ਖਾਨੇ ਹਾਂ।
ਡਾਹਢੀ ਦਿਲਗੀਰੀ ਏ।
ਬਾਬੇ ਨਾਨਕ ਦੀ,
ਇਕ ਆਸ ਅਖੀਰੀ ਏ।