ਸਮੱਗਰੀ 'ਤੇ ਜਾਓ

ਯਾਦਾਂ/ਖੁਦਾ ਦੀ ਯਾਦ ਵਿਚ ਰੂਹ ਦੇ ਵਲਵਲੇ

ਵਿਕੀਸਰੋਤ ਤੋਂ
ਯਾਦਾਂ
 ਰਘਬੀਰ ਸਿੰਘ 'ਬੀਰ'
ਖੁਦਾ ਦੀ ਯਾਦ ਵਿਚ ਰੂਹ ਦੇ ਵਲਵਲੇ
30545ਯਾਦਾਂ — ਖੁਦਾ ਦੀ ਯਾਦ ਵਿਚ ਰੂਹ ਦੇ ਵਲਵਲੇਰਘਬੀਰ ਸਿੰਘ 'ਬੀਰ'

ਖੁਦਾ ਦੀ ਯਾਦ ਵਿਚ ਰੂਹ ਦੇ ਵਲਵਲੇ

ਰਬਾ ਟੁਟ ਤੇਰੇ ਨਾਲੋਂ ਚਮਨ ਅੰਦਰ,
ਡਾਹਢੀ ਫੁੱਲਾਂ ਦੇ ਵਾਂਗ ਹੈਰਾਨ ਹੋਈ।
ਖਾ ਖਾ ਹਵਾ ਤੇ ਹਿਰਸ ਦੇ ਧੋਲ ਧੱਪੇ,
ਤੈਥੋਂ ਪਰੇ ਹੋਕੇ ਪਰੇਸ਼ਾਨ ਹੋਈ।
ਐਡੀ ਉਡੀ ਹੰਕਾਰ ਦੇ ਪਰਾਂ ਉਤੇ,
ਕਿ ਅਸਮਾਨ ਦੀ ਵੀ ਚਾ ਅਸਮਾਨ ਹੋਈ।
ਐਪਰ ਦੀਦ ਤੇਰੀ ਦੇ ਹੁਮਾ ਬਾਝੋਂ,
ਤਾਰੇ ਵਾਂਗ ਟੁਟੀ ਬੇਨਿਸ਼ਾਨ ਹੋਈ।
ਸਸੀ ਵਾਂਗ ਮੈਨੂੰ ਤੇਰੀ ਰਾਹ ਉਤੇ,
ਪੈਰ ਪੁਟਿਆਂ ਹੀ ਸ਼ਗਨ ਬੁਰਾ ਮਿਲਿਆ।
ਖੁਰਾ ਖੋਜ ਮਿਟ ਗਿਆ ਹੈ ਖੋਜ ਅੰਦਰ,
ਤੇਰੀ ਡਾਚੀ ਦਾ ਅਜੇ ਨਾ ਖੁਰਾ ਮਿਲਿਆ।


ਤੇਥੋਂ ਵਿਛੜ ਭਾਂਵੇਂ ਲਖੋਂ ਕੱਖ ਹੋਈ,
ਖੁੱਸੀ ਸਦਾ ਹਜੂਰੀ ਦੀ ਈਦ ਭਾਵੇਂ।
ਇਕ ਝਲਕ ਨੂੰ ਤਰਸਦੀ ਵਿਲਕਦੀ ਹਾਂ,
ਚੱਨ ਈਦ ਦਾ ਹੋ ਗਈ ਦੀਦ ਭਾਂਵੇਂ।
ਤੇਰੇ ਮਿਲਨ ਦੀ ਵਿਛੱੜੇ ਵਹਿਣ ਵਾਂਗਰ,
ਹੋਈ ਖਾਬ ਖਿਆਲ ਉਮੀਦ ਭਾਂਵੇਂ।
ਅਰਸ਼ੋਂ ਫਰਸ਼ ਤੇ ਸੁਟਿਆ ‘ਹਿਜਰ’ ਤੇਰੇ,
ਤੇਰੇ ‘ਹੇਰਵੇ' ਲਿਆ ਖਰੀਦ ਭਾਵੇਂ।
ਐਪਰ ਵੇਖਕੇ ਏਸੇ 'ਚਿ ਖੁਸ਼ੀ ਤੇਰੀ,
ਤੇਰੀ ਖੁਸ਼ੀ ਪਿਛੇ ਖੁਸ਼ੀ ਹੋ ਰਹੀ ਹਾਂ।
ਤੈਨੂੰ ਯਾਦ ਕਰ ਏਸ ਪਰਦੇਸ ਅੰਦਰ,
ਹੰਝੂ ਸਮਝ ਕੇ ਮੋਤੀ ਪਰੋ ਰਹੀ ਹਾਂ।

ਤੇਰੇ ਬਾਝ ‘ਮਹਾਰਾਜ’ ਮੈਂ ਹੇਚ ਸਮਝੀ,
ਪਾਜ ਭਰੇ ਸੰਸਾਰ ਦੇ ਰਾਜ ਤਾਈਂ।
ਐ ‘ਸਿਰਤਾਜ’ ਤੇਰੇ ਬਾਝੋਂਂ ਬੋਝ ਸਮਝੀ,
ਸਿਰ ਤੇ ਹੀਰਿਆਂ ਦੇ ਜੜੇ ਤਾਜ ਤਾਈਂ।
ਮੇਰੇ ‘ਹੀਰਿਆ’ ਚਮਕਦੀ ਰੇਤ ਜਾਤਾ,
ਤੇਰੇ ਬਾਝ ਮੈਂ ਲਾਲ ਪੁਖਰਾਜ ਤਾਈਂ।
ਤੇਰੇ ਰੰਗ ਬਾਝੋਂ ਮੈਂ ਬੇਰੰਗ ਡਿੱਠਾ,
ਰਾਗ ਰੰਗ ਵਾਲੇ ਸਾਜ ਵਾਜ ਤਾਈਂ।
ਰੜੱਕੇ ਫੁੱਲ ਮੈਨੂੰ, ਸੂਲਾਂ ਖਾਰ ਹੋਕੇ,
ਤੇਰੀ ‘ਯਾਦ' ਦੀ ਇਕ ਬਹਾਰ ਬਾਝੋਂਂ।
ਪਿਆ ਖਾਨ ਨੂੰ 'ਰੰਗਪੁਰ’ ਖੇੜਿਆਂ ਦਾ,
ਤੇਰੀ ‘ਰਾਂਝਨਾ' ਇਕ ਸਰਕਾਰ ਬਾਝੋਂਂ।

ਕਾਲੀ ਘਟਾ ਅੰਦਰ ਵੇਖ ਸ਼ਾਮ ਤੈਨੂੰ,
ਪੈਲਾਂ ਮੈਂ ਪਾਈਆਂ ਬਨ ਬਨ ਮੋਰ ਬਨਕੇ।
ਵਿਚ ਫੁੱਲਾਂ ਦੇ ਭਾਲਿਆ 'ਭੌਰ’ ਬਨਕੇ,
ਡਿਠਾ ਚੰਨ ਦੇ ਅੰਦਰ ‘ਚਕੋਰ’ ਬਨਕੇ।
ਜੇਕਰ ਰੂਪ ਤੂੰ ਹੋਰ ਦੇ ਹੋਰ ਧਾਰੇ,
ਵੇ ਮੈਂ ਲਭਿਆ ਹੋਰ ਦੀ ਹੋਰ ਬਨਕੇ।
ਕਦੀ ਬੁਤਖਾਨੇ ਕਦੀ ਮੈਂ ਖਾਨੇ,
ਕਦੀ ਸਾਧ ਬਨਕੇ ਕਦੀ ਚੋਰ ਬਨਕੇ।
ਤੈਥੋਂ ਵਿਛੜ ਕੇ ਮੂਲ ਨਾ ਚੈਨ ਲੀਤਾ,
ਰਹੀ ਧੁਰੋਂ ਹੀ ਤੇਰੀ ਤਲਾਸ਼ ਜਾਰੀ।
ਕਠੇ ਵਸਦਿਆਂ ਵੀ ਰਹਿਨਾ ਵਿਥ ਉਤੇ,
ਕਾਰਨ ਏਸਦਾ ਸੋਚਦੀ ਅਕਲ ਹਾਰੀ।