ਯਾਦਾਂ/ਸਜਨੀ ਦੀ ਯਾਦ
ਸਜਨੀ ਦੀ ਯਾਦ
ਉਸ ਤੁਰਨਾ ਉਸ ਦਿਨ ਦੂਰ ਸੀ।
ਹੋਨਾ ਦਿਲਾਂ ਨੇ ਚੂਰ ਸੀ।
ਆਸਾਂ ਉਮੀਦਾਂ ਫੁਟਨਾ।
ਹੱਡਵਟਿਓਂ ਸੀ ਟੁਟਨਾ।
ਭਾਵੇਂ ਵਿਛੋੜਾ ਕਠਨ ਸੀ।
ਪਰ ਫਿਰ ਵੀ ਸਾਡਾ ਜਤਨ ਸੀ।
ਇਕ ਦੂਜੇ ਨੂੰ ਝੁਠਲਾਵੀਏ।
ਬਨਕੇ ਖੁਸ਼ੀ ਨਜ਼ਰ ਆਵੀਏ।
ਦੋਹਰਾਵੀਏ ਇਸ ਬਾਤ ਨੂੰ।
'ਗੱਡੀ ਤੇ ਤੁਰਨੈੈਂ ਰਾਤ ਨੂੰ।
ਹਾਲੇ ਤੇ ਵਕਤ ਸਵੇਰ ਹੈ।
ਤੁਰਨੇ 'ਚ ਕਾਫੀ ਦੇਰ ਹੈ।'
ਨੈਣਾਂ ਦੇ ਨਵੇਂ ਸ਼ਿਕਾਰ ਸੀ।
ਸੱਜਰਾ ਹੀ ਸਾਡਾ ਪਿਆਰ ਸੀ।
ਸੀਨੇੰ 'ਚ ਵਸਦਾ ਪਰੇਮ ਸੀ।
ਨੈਣਾਂ 'ਚ ਹਸਦਾ ਪਰੇਮ ਸੀ।
ਰਗ ਰਗ 'ਚ ਮਚਿਆ ਪਰੇਮ ਸੀ।
ਲੂੂੰ ਲੂੂੰ ’ਚ ਰਚਿਆ ਪਰੇਮ ਸੀ।
ਪਰ ਪਹਿਲਾ ਸਾਡਾ ਪਿਆਰ ਸੀ।
ਅਣਜਾਨ ਡਾਹਦਾ ਪਿਆਰ ਸੀ।
ਮੂੰਹ ਨੂੰ ਹਯਾ ਦੇ ਜੰਦਰੇ।
ਵੱਜੇ ਸੀ ਡਾਹਢੇ ਚੰਦਰੇ।
ਪਾ ਨੀਵੀਂ ਉਸਦਾ ਲੰਘਨਾ।
ਮੇਰਾ ਬੁਲਾਨੋ ਸੰਘਨਾ।
ਮੂੰਹ ਸ਼ਰਮ ਥੀਂ ਨਾ ਖੋਲਨਾ।
ਅੱਖਾਂ ਦੀ ਬੋਲੀ ਬੋਲਨਾ।
ਅੱਖਾਂ ਚੁਰਾਕੇ ਤੱਕਨਾ।
ਨਜਰਾਂ ਮਿਲਾ ਨਾ ਸੱਕਨਾ।
ਲੜ ਫੜਕੇ, ਮੇਰਾ ਹੱਸਨਾ।
ਉਸਦਾ ਛੁੜਾ ਕੇ ਨੱਸਨਾ।
ਉਤੋਂ ਅਸਾਡਾ ਰੁੱਸਨਾ।
ਵਿਚੋਂ ਦਿਲ ਦਾ ਖੁੱਸਨਾ।
ਚਲਨ ਫਿਰਨ ਵਿਚ ਰਮਜ਼ ਸੀ।
ਦਿਲ ਦੀ ਦਿਲਾਂ ਨੂੰ ਸਮਝ ਸੀ।
ਇਸ਼ਕੇ ਦਾ ਡਾਹਢਾ ਜ਼ੋਰ ਸੀ।
ਸਿਰ ਚੜ੍ਹਿਆ ਇਸਦਾ ਲੋਰ ਸੀ।
ਕਰਦੇ ਅਸੀਂ ਕੰਮ ਹੋਰ ਸੀ।
ਹੋਰ ਹੁੰਦਾ ਜ਼ੋਰੋ ਜ਼ੋਰ ਸੀ।
ਅਸਲੀ ਸਬਬ ਨੂੰ ਦੱਸਦੇ।
ਕੰਮ ਚੌੜ ਕਰਕੇ ਹੱਸਦੇ।
ਬੱਧੇ ਹੋਏ ਸੀ ਡੱਨਦੇ।
ਅਸਬਾਬ ਕੱਠੇ ਬੱਨਦੇ।
ਘੜਯਾਲ ਵਕਤ ਗੁਜਾਰਦਾ।
ਸੀਨੇ ਤੇ ਛਮਕਾਂ ਮਾਰਦਾ।
ਟਨ ਟਨ ਕਰੇਂਦੀ ਘੜੀ ਸੀ
ਸਿਰ ਤੇ ਜੁਦਾਈ ਖੜੀ ਸੀ।
ਅੰਦਰੋਂ ਤੇ ਦਿਲ ਸੀ ਹਿੱਸਦੇ।
ਬਾਹਰੋਂ ਖੁਸ਼ੀ ਸੀ ਦਿੱਸਦੇ।
ਉਸ ਦਿਨ ਦੀ ਵਖਰੀ ਬਾਤ ਸੀ।
ਚੁਟਕੀ 'ਚ ਪੈ ਗਈ ਰਾਤ ਸੀ।
ਆਖਰ ਉਹ ਵੇਲਾ ਆ ਗਿਆ।
ਵੇਲਾ ਕੁਵੇਲਾ ਆ ਗਿਆ।
ਜਦ ਰੇਲ ਸੀ ਤੁਰ ਜਾਵਨਾ।
ਹੱਥ ਕਾਲਜੇ ਨੂੰ ਪਾਵਨਾ।
ਕੀ ਦਸਾਂ ਕੈਸੀ ਘੜੀ ਸੀ।
ਇਕ ਮੌਤ ਸਿਰ ਤੇ ਖੜੀ ਸੀ।
ਦਿਲ ਦੋਹਾਂਂ ਦੇ ਸੀ ਧੜਕਦੇ।
ਕੁੱਠੇ ਕਬੂਤਰ ਫੜਕਦੇ।
ਗੱਡੀ ਨੇ ਚੀਕਾਂ ਮਾਰੀਆਂ।
ਸੀਨੇ ਤੇ ਚੱਲੀਆਂ ਆਰੀਆਂ।
ਬਾਰੀ 'ਚ ਸੋਹਨੀ ਖੜੀ ਸੀ।
ਚੌਂਕਟ 'ਚ ਮੂਰਤ ਜੜੀ ਸੀ।
ਦਿਲ ਮੇਰਾ ਬਹਿੰਦਾ ਜਾਂਵਦਾ।
ਬਹਿੰਦਾ ਏਹ ਕਹਿੰਦਾ ਜਾਂਵਦਾ।
"ਹੁਣ ਤੁਰ ਜਾ ਛੇਤੀ ਗੱਡੀਏ।
ਫਿਰ ਗੁਬਰ ਦਿਲ ਕੱਢੀਏ।"
ਬੁਲਬੁਲ ਨੂੰ ਰੋਂਦੇ ਛੋੜਕੇ।
ਫੁੱਲਾਂ ਨੂੰ ਹੱਸਦੇ ਤੋੜਕੇ।
ਮਾਲੀ ਜਿਵੇਂ ਲੈ ਜਾਂਵਦਾ।
ਮਿਤਰਾਂ ਵਿਛੋੜੇ ਪਾਂਵਦਾ।
ਦਿਲ ਮੇਰਾ ਨੱਢੀ ਲੈ ਗਈ।
ਨੱਢੀ ਨੂੰ ਗੱਡੀ ਲੈ ਗਈ।
ਛਡ ਆਇਆ ਜਦ ਮੈਂ ਹਾਨ ਨੂੰ।
ਆਇਆਂ, ਪਿਆ ਘਰ ਖਾਨ ਨੂੰ।
ਸਧਰਾਂ ਲਿਆਇਆ ਕੱਜਕੇ।
ਕੱਲਾ ਹੋ ਰੋਇਆ ਰੱਜਕੇ।
ਜੇ ਰੱਬ ਫੇਰ ਮਿਲਾਂਵਦਾ।
ਡਾਹਢੀ ਕਵੱਲੀ ਚਾਟ ਹੈ।
ਲੰਮੀ ਗਮਾਂ ਦੀ ਵਾਟ ਹੈ।
ਨਾ ਸਾਥ ਹੈ ਨਾ ਸੰਗ ਹੈ।
ਦਿਲ ਆਪਣੇ ਤੋਂ ਤੰਗ ਹੈ।
ਸਾਰੀ ਖੁਸ਼ੀ ਬਰਬਾਦ ਹੈ।
ਆਬਾਦ ਉਸਦੀ ਯਾਦ ਹੈ।
ਇਸ ਪੀੜ ਅੰਦਰ ਸਵਾਦ ਹੈ।
ਦਿਲ ਉਝੜ ਕੇ ਵੀ ਸ਼ਾਦ ਹੈ।
ਰਾਤਾਂ ਜਗਾਂਦੀ ਯਾਦ ਹੈ।
ਤਾਰੇ ਗਿਨਾਂਦੀ ਯਾਦ ਹੈ।
ਯਾਦ ਆਸਰੇ ਹਾਂ ਜੀਂਂਵਦਾ।
ਘੁਟ ਸਬਰ ਦੇ ਹਾਂ ਪੀਂਵਦਾ।
ਦੁਨੀਆਂ ਜਦੋਂ ਸੌਂ ਜਾਂਵਦੀ।
ਕੁਦਰਤ ਹੈ ਪਲਕਾਂ ਲਾਂਵਦੀ।
ਉਸ ਵੇਲੇ ਉਠਦਾ ਜਾਗ ਮੈਂ।
ਲਾਂ ਬਾਲ ਯਾਦ ਚਰਾਗ ਮੈਂ।
ਦੁਨੀਆਂ ਵਸਾਂਵਾਂ ਯਾਦ ਦੀ।
ਰਚਨਾ ਰਚਾਵਾਂ ਯਾਦ ਦੀ।
ਮਨ ਨੂੰ ਟਿਕਾਂਦੀ ਯਾਦ ਹੈ।
ਤਨ ਨੂੰ ਭੁਲਾਂਦੀ ਯਾਦ ਹੈ।
ਅੱਖਾਂ ਮਿਟਾ ਦੇਂਦੀ ਹੈ ਏਹ।
ਮਜਲਾਂ ਮੁਕਾ ਦੇਂਦੀ ਹੈ ਏਹ।
ਅਰਸ਼ੀ ਚੜ੍ਹਾ ਦੇਂਦੀ ਹੈ ਏਹ।
ਵਿਛੜੇ ਮਿਲਾ ਦੇਂਦੀ ਹੈ ਏਹ।