ਸਮੱਗਰੀ 'ਤੇ ਜਾਓ

ਰਾਜਾ ਧਿਆਨ ਸਿੰਘ/੧

ਵਿਕੀਸਰੋਤ ਤੋਂ

ਰਾਜਾ ਧਿਆਨ ਸਿੰਘ

੧.

ਮੁਗਲ ਬਾਦਸ਼ਾਹਾਂ ਤੋਂ ਆਪਣੇ ਦੇਸ ਨੂੰ ਅਜ਼ਾਦ ਕਰਾਉਣ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਹਾਦਰ ਸਿਖਾਂ ਨੇ ਜਿਹੜੇ ਕਸ਼ਟ ਝੱਲੇ, ਉਹ ਕਿਸੇ ਤੋਂ ਭੁਲੇ ਹੋਏ ਨਹੀਂ। ਸਮਾਂ ਸੀ ਜਦ ਮੁਗਲ ਅਫਸਰ, ਸਿਪਾਹੀ ਤੇ ਉਨ੍ਹਾਂ ਦੇ ਏਜੰਟ ਸਿੱਖਾਂ ਦੇ ਸ਼ਿਕਾਰ ਲਈ ਹਮੇਸ਼ਾਂ ਚੜ੍ਹੇ ਰਹਿੰਦੇ ਸਨ। ਸ਼ਾਹੀ ਦਰਬਾਰ ਵਿਚੋਂ ਇਕ ਸਿਖ ਦੇ ਸੀਸ ਦੀ ਕੀਮਤ ੮੦ ਰੁਪੈ ਤਕ ਮਿਲ ਜਾਂਦੀ ਸੀ। ਸਿੱਖਾਂ ਲਈ ਉਹ ਡਾਢੀ ਔਖਿਆਈ ਦਾ ਸਮਾਂ ਸੀ ਪਰ ਉਨ੍ਹਾਂ ਹਿੰਮਤ ਨਹੀਂ ਸੀ ਹਾਰੀ। ਘਰ ਘਾਟ ਛੱਡ ਕੇ ਜੰਗਲਾਂ ਵਿਚ ਜਾ ਡੇਰੇ ਲਾਏ। ਜੰਗਲੀ ਫਲ ਤੇ ਜੜ੍ਹਾਂ ਬੂਟੀਆਂ ਉਨ੍ਹਾਂ ਦੀ ਖੁਰਾਕ ਸੀ; ਇਕ ਪਾਸੋਂ ਉਹ ਭੁੱਖ ਨੰਗ ਨਾਲ ਯੁਧ ਕਰਦੇ ਤੇ ਦੂਜੇ ਪਾਸੇ ਸਮੇਂ ਦੀ ਜ਼ਾਲਮ ਹਕੂਮਤ ਨੂੰ ਖਤਮ ਕਰਕੇ ਦੇਸ ਨੂੰ ਅਜ਼ਾਦ ਕਰਾਉਣ ਲਈ ਤਲਵਾਰ ਵਾਹੁੰਦੇ ਰਹੇ।

ਆਖਰ ਉਹਨਾਂ ਦੀਆਂ ਇਨ੍ਹਾਂ ਬੇਪਨਾਹ ਕੁਰਬਾਨੀਆਂ ਨੂੰ ਫਲ ਲੱਗਣਾ ਕੁਦਰਤ ਦੇ ਨਿਯਮਾਂ ਅਨੁਸਾਰ ਜ਼ਰੂਰੀ ਸੀ। ਹੌਲੀ ਹੌਲੀ ਮੁਸਲਮਾਨੀ ਹਕੂਮਤ ਦਾ ਖਾਤਮਾ ਹੋਇਆ ਤੇ ਉਸ ਦੀ ਥਾਂ ਹਿੰਦੁਸਤਾਨ ਦੇ ਇਸ ਦੀਪ ਦੇਸ ਵਿਚ ਵਖੋ ਵੱਖ ਹਕੂਮਤਾਂ ਕਾਇਮ ਹੋਣ ਲਗੀਆਂ। ਦੱਖਣ ਦਾ ਇਲਾਕਾ ਬਹਾਦਰ ਮਰਹੱਟਿਆਂ ਨੇ ਸਾਂਭ ਲਿਆ ਤੇ ਉਤਰੀ ਹਿੰਦੁਸਤਾਨ ਵਿਚ ਸਿਖਾਂ ਨੇ ਛੋਟੀਆਂ ਛੋਟੀਆਂ ਰਿਆਸਤਾਂ ਕਾਇਮ ਕਰ ਲਈਆਂ ਇਸ ਤਰ੍ਹਾਂ ਇਸ ਦੇਸ਼ ਵਿਚ ਸਤ ਸੌ ਸਾਲਾਂ ਦੀ ਗ਼ੁਲਾਮੀ ਦੇ ਪਿਛੋਂ ਸੁਤੰਤਰਤਾਂ ਦੀ ਹਵਾ ਇਕ ਵਾਰ ਫੇਰ ਵਗਣ ਲੱਗੀ।

ਪੰਜਾਬ ਦੀਆਂ ਸਿੱਖ ਰਿਆਸਤਾਂ ਹੌਲੀ ਹੌਲੀ ਇਕ ਹੋਣ ਲੱਗੀਆਂ। ਸ਼ੇਰੇ ਪੰਜਾਬ ਰਣਜੀਤ ਸਿੰਘ ਜਿਹਾ ਤੇਜ਼ਵੀ ਬਾਦਸ਼ਾਹ ਜਿਉਂ ਹੀ ਲਾਹੌਰ ਦੇ ਤਖਤ ਪਰ ਬੈਠਾ, ਉਤਰੀ ਹਿੰਦੁਸਤਾਨ ਵਿਚ ਇਕ ਮਜ਼ਬੂਤ ਸਲਤਨਤ ਕਾਇਮ ਹੋਣੀ ਸ਼ੁਰੂ ਹੋ ਗਈ। ਸਿੱਖ, ਹਿੰਦੂ ਤੇ, ਮੁਸਲਮਾਨ ਰਜਵਾੜੇ ਇਕ ਇਕ ਕਰਕ[1] ਉਸਦੀ ਸ਼ਰਨ ਆਉਣ ਲਗੇ। ਜੋ ਆਪਣੀ ਮਰਜ਼ੀ ਨਾਲ ਆਉਣ ਲਈ ਰਾਜ਼ੀ ਨਹੀਂ ਹੋਇਆ, ਖਾਲਸਾ ਜੀ ਦੀ ਤਲਵਾਰ ਉਸ ਨੂੰ ਸਿਖ ਰਾਜ ਦੀ ਸ਼ਰਨ ਵਿਚ ਲੈ ਆਉਣ ਲੱਗੀ। ਗੱਲ ਕੀ ਸਿੱਖ ਰਾਜ ਦੀਆਂ ਚੜ੍ਹਦੀਆਂ ਕਲਾਂ ਦੇ ਦਿਨ ਸਨ।

ਇਨ੍ਹਾਂ ਹੀ ਦਿਨਾਂ ਵਿਚੋਂ ਇਕ ਦਿਨ, ਜਦ ਕਿ ਸੂਰਜ ਭਗਵਾਨ ਆਪਣਾ ਸਾਰੇ ਦਿਨ ਦਾ ਪਹਿਰਾ ਖਤਮ ਕਰਕੇ ਲਹਿੰਦੇ ਵਲ ਲੁਕਦਾ ਜਾ ਰਿਹਾ ਸੀ। ਦੋ ਥੱਕੇ ਟੁਟੇ ਗਭਰੂ ਲਾਹੌਰ ਆ ਰਹੇ ਸਨ। ਉਨ੍ਹਾਂ ਦੀਆ[2] ਪੋਠੋਹਾਰੀ ਜੁਤੀਆਂ ਘੱਟੇ ਵਿਚ ਗਵਾਚੀਆਂ ਜਾ ਰਹੀਆਂ ਸਨ ਤੇ ਸਾਰਾ ਸਰੀਰ ਉਸ ਨਾਲ ਭਰਿਆ ਹੋਇਆ ਸੀ। ਇਉਂ ਮਲੂਮ ਹੁੰਦਾ ਸੀ ਕਿ ਉਹ ਕਿਸੇ ਲੰਮੇ ਸਫ਼ਰ ਤੋਂ ਆਏ ਹਨ। ਦਰਿਆ ਰਾਵੀ ਦੇ ਪਤਨ ਪਰ ਆ ਕੇ ਉਨ੍ਹਾਂ ਨੇ ਮੂੰਹ ਹੱਥ ਧੋਤਾ, ਪਰਨੇ ਨਾਲੋਂ ਖੋਹਲ ਕੇ ਰੋਟੀਆਂ ਖਾਧੀਆਂ ਅਤੇ ਸ਼ਹਿਰ ਨੂੰ ਚਲ ਪਏ, ਰਾਤ ਉਨ੍ਹਾਂ ਨੇ ਸਰਾਂ ਵਿਚ ਕੱਟੀ ਤੇ ਸਵੇਰੇ ਉਹ ਜਮਾਦਾਰ ਖੁਸ਼ਹਾਲ ਸਿੰਘ ਦੀ ਕੋਠੀ ਦੇ ਸਾਹਮਣੇ ਪੁਜੇ ਹੋਏ ਹਨ।

ਜਮਾਦਾਰ ਖੁਸ਼ਹਾਲ ਸਿੰਘ ਦੀ ਇਨ੍ਹੀਂ ਦਿਨੀਂ ਰਾਜ ਦਰਬਾਰ ਵਿਚ ਤਕੜੀ ਪੁਛ ਪਰਤੀਤ ਸੀ। ਡੇਉੜੀ ਦਾ ਸਤਿਕਾਰ ਜੋਗ ਮਹਿਕਮਾ ਉਸ ਦੇ ਅਧੀਨ ਸੀ ਤੇ ਇਸ ਦੇ ਨਾਲ ਹੀ ਉਹ ਫ਼ੌਜ ਵਿਚ ਇਕ ਤਕੜਾ ਹੁਦੇਦਾਰ ਭੀ ਸੀ। ਇਹ ਗਭਰੂ ਜਮਾਦਾਰ ਦੀ ਉਡੀਕ ਵਿਚ ਉਸ ਦੀ ਕੋਠੀ ਦੇ ਬਾਹਰ ਬੈਠ ਗਏ।

ਕੋਈ ਨੌ ਵਜੇ ਜਮਾਦਾਰ ਸਾਹਿਬ ਚੋਬਦਾਰ ਸਮੇਤ ਬਾਹਰ ਨਿਕਲੇ। ਉਨ੍ਹਾਂ ਦੀ ਨਜ਼ਰ ਸਭ ਤੋਂ ਪਹਿਲਾਂ ਇਹਨਾਂ ਦੋਹਾਂ ਗਭਰੂਆਂ ਪਰ ਪਈ। ਸੋਹਣੇ ਪੁਛ[3]-ਫੁਟ ਗਭਰੂ-ਜਮਾਦਾਰ ਸਾਹਿਬ ਵੇਖ ਕੇ ਰੀਝ ਗਏ, ਅਗੋਂ ਉਨ੍ਹਾਂ ਨੇ ਭੀ ਨਿਯਮਾਂ ਅਨੁਸਾਰ ਝੁਕ ਕੇ ਜਮਾਦਾਰ ਸਾਹਿਬ ਨੂੰ ਫ਼ੌਜੀ ਸਲੂਟ ਕੀਤਾ ਅਤੇ ਇਕ ਪਾਸੇ ਹੋ ਕੇ ਖਲੋ ਗਏ।

ਜਮਾਦਾਰ ਸਾਹਿਬ ਨੇ ਪੁਛਿਆ- ‘‘ਜਵਾਨੋ! ਕਿੱਥੋਂ ਆਏ ਹੋ?’’

‘‘ਜੰਮੂ ਤੋਂ ਹਜ਼ੂਰ।’’

‘‘ਕੀ ਨਾਮ ਹੈ’’

‘‘ਮੇਰਾ ਨਾਮ ਗੁਲਾਬ ਸਿੰਘ ਤੇ ਇਸ ਦਾ ਨਾਮ ਧਿਆਨ ਸਿੰਘ’’ ਇਕ ਨੇ ਉਤਰ ਦਿਤਾ।

‘‘ਤੁਸੀਂ ਦੋਵੇਂ ਭਰਾ ਜਾਪਦੇ ਹੋ?’’

‘‘ਜੀ, ਹਾਂ!’’

‘‘ਕਿਸ ਲਈ ਆਏ ਹੋ?’’ ਜਮਾਦਾਰ ਸਾਹਿਬ ਨੇ ਫੇਰ ਸਵਾਲ ਕੀਤਾ।

‘‘ਹਜ਼ੂਰ ਨੌਕਰੀ ਲਈ।’’

‘‘ਕਾਹਦੀ ਨੌਕਰੀ ਕਰੋਗੇ?’’

‘‘ਫੌਜ ਦੀ ਹਜ਼ੂਰ।’’

‘‘ਚੰਗੀ ਗੱਲ!’’

ਇਸ ਦੇ ਪਿਛੋਂ ਜਮਾਦਾਰ ਸਾਹਿਬ ਨੇ ਕੁਝ ਹੋਰ ਗੱਲਾਂ ਬਾਤਾਂ ਉਨ੍ਹਾਂ ਗੱਭਰੂਆਂ ਨਾਲ ਕੀਤੀਆਂ ਅਤੇ ਉਹਨਾਂ ਨੂੰ ਆਪਣੀ ਪਲਟਨ ਵਿਚ ਭਰਤੀ ਕਰ ਲਿਆ। ਤਿੰਨ ਰੁਪੈ ਮਹੀਨਾ ਤਨਖਾਹ ਤੇ ਰਾਸ਼ਨ-ਬਰਦੀ ਸਰਕਾਰੀ।

ਬੇਕਾਰੀ ਤੇ ਬੀਮਾਰੀ, ਸੰਸਾਰ ਵਿਚ ਦੋ ਸਭ ਵੱਡੀਆਂ ਮੁਸੀਬਤਾਂ ਹਨ। ਮਨੁੱਖ ਇਨ੍ਹਾਂ ਵਿਚੋਂ ਹਰ ਕੀਮਤ ਪਰ ਛੁਟਕਾਰਾ ਹਾਸਲ ਕਰਨ ਲਈ ਯਤਨ ਕਰਦਾ ਏ। ਇਨ੍ਹਾਂ ਦੋਹਾਂ ਜ਼ਹਿਮਤਾਂ ਦੇ ਮੁਕਾਬਲੇ ਉਹ ਮੌਤ ਨੂੰ ਵੀ ਵਿਸ਼ੇਸ਼ਤਾ ਦੇਣ ਲੱਗ ਪੈਂਦਾ ਏ। ਏਸੇ ਤਰ੍ਹਾਂ ਗੁਲਾਬ ਸਿੰਘ ਤੇ ਧਿਆਨ ਸਿੰਘ ਭੀ ਬੇਕਾਰੀ ਹੱਥੋਂ ਡਾਢੇ ਤੰਗ ਆਏ ਹੋਏ ਸਨ। ਜਮੂੰ ਤੋਂ ਉਹ ਏਸੇ ਆਸ ਵਿਚ ਚਲੇ ਸਨ ਕਿ ਜਾਂ ਤਾਂ ਲਾਹੌਰ ਵਿਚ ਨੌਕਰੀ ਪ੍ਰਾਪਤ ਕਰਾਂਗੇ ਤੇ ਰਾਵੀ ਦੀਆਂ ਘੁੰਮਣ ਘੇਰੀਆਂ ਵਿਚ ਇਹ ਪਲੇ ਹੋਏ ਸਰੀਰ ਦਰਯਾਈ ਮੱਛਾਂ ਦੇ ਖਾਣ ਲਈ ਠੇਲ ਦਿਆਂਗੇ ਪਰ ਚੰਗੀ ਘੜੀ ਚਲੇ ਸਨ ਉਹ; ਉਨ੍ਹਾਂ ਨੂੰ ਆਉਂਦਿਆਂ ਹੀ ਸਫਲਤਾ ਦੇ ਦਰਸ਼ਨ ਹੋਏ ਤੇ ਖਾਲਸਾ ਫੌਜ ਵਿਚ ਨੌਕਰੀ ਮਿਲ ਗਈ। ਦੋਵੇਂ ਭਰਾ ਬੇਹੱਦ ਖੁਸ਼ ਸਨ। ਜਮਾਦਾਰ ਸਾਹਿਬ ਦੇ ਹੁਕਮ ਅਨੁਸਾਰ ਉਨ੍ਹਾਂ ਨੂੰ ਫੌਜੀ ਬਾਰਕਾਂ ਵਿਚ ਪੁਚਾਇਆ ਗਿਆ ਤੇ ਫੌਜੀ ਬਰਦੀ ਦੇ ਦਿੱਤੀ ਗਈ, ਇਸ ਤਰ੍ਹਾਂ ਇਹ ਗਭਰੂ ਬੇਕਾਰੀ ਦੇ ਦੁਖਾਂ ਤੋਂ ਛੁਛਕਾਰਾ ਪਾ ਕੇ ਆਪਣੀ ਜ਼ਿੰਦਗੀ ਦੇ ਦਿਨ ਬਤਾਉਣ ਲੱਗੇ। ਇਸ ਸਮੇਂ ਕਿਸ ਨੂੰ ਪਤਾ ਸੀ ਕਿ ਇਹ ਨਾ ਮਲੂਮ ਜਿਹੇ ਗਭਰੂ, ਕਿਸੇ ਦਿਨ ਸਿੱਖ ਰਾਜ ਦੀ ਵਾਗ-ਡੋਰ ਸੰਭਾਲ ਕੇ ਇਸ ਨੂੰ ਕਿਸੇ ਅਜੇਹੇ ਖੱਡੇ ਵਿਚ ਸੁਟਣਗੇ ਕਿ ਜਿਥੋਂ ਉਸ ਦਾ ਨਿਕਲਣਾ ਹਮੇਸ਼ਾਂ ਲਈ ਅਸੰਭਵ ਹੋ ਜਾਵੇਗਾ। ਇਕ ਪਾਸੇ ਫੌਜੀ ਸਟੋਰ ਵਿਚੋਂ ਇਹ ਫ਼ੌਜੀ ਬਰਦੀਆਂ ਹਾਸਲ ਕਰ ਰਹੇ ਸਨ ਤੇ ਦੂਜੇ ਪਾਸੇ ਕੁਦਰਤ ਰਾਣੀ ਖੜੀ ਹਸ ਰਹੀ ਸੀ-ਸ਼ਾਇਦ ਉਸ ਦਾ ਮਨਸਾ ਪੂਰਾ ਹੋ ਰਿਹਾ ਸੀ।

ਕੁਝ ਮਹੀਨੇ ਪਿਛੋਂ ਇਕ ਦਿਨ ਦੁਪੈਹਰ ਸਮੇਂ ਸਿਖ ਫੌਜ ਦੇ ਚੋਣਵੇਂ ਦਸਤੇ ਸ਼ਾਲਾਮਾਰ ਬਾਗ ਵਿਚ ਇਕੱਠੇ ਹੋਏ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਉਨ੍ਹਾਂ ਦੇ ਮੁਆਇਨੇ ਲਈ ਆ ਰਹੇ ਸਨ। ਸਾਰਾ ਸ਼ਾਲਾਮਾਰ ਬਾਗ ਸਤਿ ਸ੍ਰੀ ਅਕਾਲ ਦੇ ਅਸਮਾਨ ਗੰਜਾਊ ਨਾਅਰਿਆਂ ਨਾਲ ਗੂੰਜ ਰਿਹਾ ਸੀ। ਇਕ ਪਾਸੇ ਸਵਾਰ ਤੇ ਦੂਜੇ ਪਾਸੇ ਪੈਦਲ ਜਵਾਨ ਖੜੇ ਸਨ। ਇਉਂ ਮਲੂਮ ਹੁੰਦਾ ਸੀ ਕਿ ਸਿੱਖ ਰਾਜ ਦਾ ਗੋਰਵ ਫੌਜੀ ਰੂਪ ਧਾਰ ਕੇ ਸਾਹਮਣੇ ਆਣ ਖੜਾ ਹੋਇਆ ਹੈ। ਕਿਸੇ ਕੌਮ ਦੀ ਸਹੀ ਤਾਕਤ ਦਾ ਅੰਦਾਜ਼ਾ ਉਸ ਦੀ ਫੌਜੀ ਸਪਿਰਟ, ਸਿਹਤ ਤੇ ਫੌਜੀ ਤਾਕਤ ਤੋਂ ਹੀ ਲਾਇਆ ਜਾ ਸਕਦਾ ਏ। ਸੋ ਇਸ ਸਮੇਂ ਇਹ ਸਭ ਕੁਝ ਪ੍ਰਤੱਖ ਸੀ। ਜਵਾਨਾਂ ਦੇ ਲਾਲ ਸੂਹੇ ਮੁਖੜੇ ਦਗ ਦਗ ਕਰ ਰਹੇ ਸਨ। ਸ਼ੇਰੇ ਪੰਜਾਬ ਨੂੰ ਪੱਛਮੀ ਢੰਗ ਦੀ ਸੋਹਣੀ ਫੌਜੀ ਬਣਾਉਣ ਦਾ ਬੜਾ ਸ਼ੌਕ ਸੀ ਤੇ ਇਹੋ ਹੀ ਸੀ ਉਸ ਸ਼ੇਰ ਦੀ ਸਫਲਤਾ ਦਾ ਖੁਲ੍ਹਿਆ ਹੋਇਆ ਭੇਤ।

ਦੁਪਹਿਰ ਤੋਂ ਥੋੜਾ ਜਿਹਾ ਪਹਿਲਾਂ ਸ਼ੇਰੇ ਪੰਜਾਬ ਸਿਖ ਫੌਜਾਂ ਦੇ ਜਰਨੈਲ ਸ: ਹਰੀ ਸਿੰਘ ਨਲੂਏ ਸਮੇਤ ਪਧਾਰੇ, ਮਹਾਰਾਜਾ ਸਾਹਿਬ ਘੋੜੇ ਪਰ ਸਵਾਰ ਸਨ ਤੇ ਨਲੂਆ ਸ੍ਰਦਾਰ ਉਨ੍ਹਾਂ ਦੇ ਨਾਲ ਪੈਦਲ ਆ ਰਿਹਾ ਸੀ। ਬਾਗ ਦੇ ਮਹੱਲ ਸਾਹਮਣੇ ਉਹ ਭੀ ਘੋੜੇ ਤੋਂ ਉਤਰ ਆਏ। ਅੱਜ ਉਨ੍ਹਾਂ ਦੇ ਫੌਜੀ ਮੁਆਇਨੇ ਦਾ ਮਕਸਦ ਆਪਣੇ ਅਗੇ ਭੇਜਣ ਵਾਲੇ ਦਸਤੇ ਲਈ ਕੁਝ ਚੋਣਵੇਂ ਜਵਾਨਾਂ ਨੂੰ ਚੁਨਣਾ ਸੀ। ਇਹ ਉਸ ਸਮੇਂ ਫੌਜੀਆਂ ਲਈ ਇਕ ਤਕੜਾ ਸਨਮਾਨ ਸਮਝਿਆ ਜਾਂਦਾ ਸੀ, ਇਸ ਲਈ ਸਾਰੇ ਗਭਰੂ ਇਸ ਇਮਤਿਹਾਨ ਵਿਚ ਕੁਦਕੇ ਕਿਸਮਤ ਅਜ਼ਮਾਈ ਕਰਨ ਲਈ ਤਿਆਰ ਹੋ ਕੇ ਆਏ ਹੋਏ ਸਨ। ਸ਼ੇਰੇ ਪੰਜਾਬ ਤੇ ਨਲੂਏ ਸ੍ਰਦਾਰ ਦੇ ਆਉਣ ਤੇ ਸਾਰਾ ਬਾਗ ਇਕ ਵਾਰ "ਸ਼ੇਰੇ ਪੰਜਾਬ ਦੀ ਜੈ" ਤੇ ਸਤਿ ਸ੍ਰੀ ਅਕਾਲ ਦੇ ਨਾਅਰਿਆਂ ਨਾਲ ਫੇਰ ਗੂੰਜ ਉਠਿਆ, ਫੌਜੀ ਸਲਾਮੀ ਲੈਣ ਪਿਛੋਂ ਉਹ ਟਹਿਲਦੇ ਹੋਏ ਇਕ ਵਾਰ ਫੌਜਾਂ ਦੇ ਮੋਹਰਿਉਂ ਦੀ ਏਧਰ ਆਏ ਤੇ ਫੇਰ ਓਧਰ ਗਏ। ਇਸ ਤਰ੍ਹਾਂ ਉਨ੍ਹਾਂ ਨੇ ਕਈ ਚੱਕਰ ਲਾਏ ਤੇ ਕੋਈ ਸੌ ਕੁ ਜਵਾਨ ਚੁਣੇ ਜਿਨ੍ਹਾਂ ਵਿਚ ਮੀਆਂ ਗੁਲਾਬ ਸਿੰਘ ਤੇ ਧਿਆਨ ਸਿੰਘ ਭੀ ਸਨ।

ਸ਼ੇਰੇ ਪੰਜਾਬ ਨੇ ਇਨ੍ਹਾਂ ਦੋਹਾਂ ਗਭਰੂਆਂ ਵਲ ਇਸ਼ਾਰਾ ਕਰਦੇ ਹੋਏ ਨਲੂਏ ਸ੍ਰਦਾਰ ਤੋਂ ਪੁਛਿਆ- ‘‘ ਤੁਹਾਡਾ ਕੀ ਖਿਆਲ ਏ?’’

‘‘ਹੋਣਹਾਰ ਗੱਭਰੂ ਮਲੂਮ ਹੁੰਦੇ ਹਨ।’’

‘‘ਫੇਰ ਅਸੀਂ ਆਪਣੇ ਖਾਸ ਦਸਤੇ ਲਈ ਲੈ ਲਈਏ!’’

‘‘ਹਜ਼ੂਰ ਦੀ ਚੋਣ ਠੀਕ ਏ।’’

ਇਸ ਦੇ ਪਿਛੋਂ ਸ਼ੇਰੇ ਪੰਜਾਬ ਨੇ ਇਹਨਾਂ ਦੋਹਾਂ ਭਰਾਵਾਂ ਨੂੰ ਬਾਹੋ ਫੜ ਕੇ ਪਹਿਲਾਂ ਚੁਣੇ ਜਾ ਚੁਕੇ ਜਵਾਨਾਂ ਤੇ ਦਸਤੇ ਵਿਚ ਖੜਾ ਕਰ ਦਿੱਤਾ, ਅਰ ਉਹਨਾਂ ਦੋਹਾਂ ਨੇ ਝੁਕ ਕੇ ਹਜ਼ੂਰ ਦੇ ਚਰਨ ਚੁੰਮੇਂ।

ਇਹ ਗੱਭਰੂ ਮੇਰੇ ਪੰਜਾਬ ਦੇ ਮੋਹਰੇ ਦੌੜਨ ਵਾਲੇ ਦਸਤੇ ਅਥਵਾ ਖਾਸ ਬਾਡੀਗਾਰਡਾਂ ਵਿਚ ਕੀ ਆਏ; ਮਾਨੋ ਉਹਨਾਂ ਦੀ ਕਿਸਮਤ ਦੇ ਦਰਵਾਜ਼ੇ ਪੂਰੀ ਤਰ੍ਹਾਂ ਖੁਲ੍ਹ ਗਏ। ਹੌਲੀ ਹੌਲੀ ਮਹਾਰਾਜ ਸਾਹਿਬ ਦੇ ਦਿਲ ਪਰ ਉਹਨਾਂ ਦਾ ਅਧਿਕਾਰ ਹੋਣਾ ਸ਼ੁਰੂ ਹੋ ਗਿਆ। ਕਿਸੇ ਦੇ ਦਿਲ ਦੀ ਗੱਲ ਜਾਂ ਉਹ ਆਪ ਜਾਣਦਾ ਹੈ ਜਾਂ ਪ੍ਰਮਾਤਮਾ; ਪਰੰਤੂ ਪਰਗਟ ਤੌਰ ਤੇ ਇਹ ਗੱਭਰੂ ਜਿਸ ਵਫਾਦਾਰੀ, ਈਮਾਨਦਾਰੀ ਤੇ ਨਿਮਰਤਾ ਤੋਂ ਕੰਮ ਲੈਂਦੇ ਸਨ, ਸ਼ੇਰੇ ਪੰਜਾਬ ਨੂੰ ਉਸ ਨੇ ਮੋਹ ਲਿਆ ਤੇ ਇਹ ਗੱਭਰੂ ਸਿਖ ਰਾਜ ਵਿਚ ਅੱਗੇ ਵਧਣ ਲੱਗੇ। ਗੁਲਾਬ ਸਿੰਘ ਫੌਜੀ ਅਫਸਰ ਬਣ ਕੇ ਜੰਗੀ ਮਹਿੰਮਾ ਪਰ ਜਾਣ ਲੱਗ ਪਿਆ ਅਰ ਧਿਆਨ ਸਿੰਘ ਸ਼ੇਰੇ-ਪੰਜਾਬ ਦਾ ਵਧੇਰੇ ਨਿਕਟ ਵਰਤੀ ਅਹਿਲਕਾਰ ਬਣਦਾ ਗਿਆ ਤੇ ਉਹਨਾਂ ਉਸ ਤੋਂ ਰਾਜਸੀ ਮਾਮਲਿਆਂ ਵਿਚ ਸਲਾਹ ਮਸ਼ਵਰਾ ਲੈਣਾ ਭੀ ਸ਼ੁਰੂ ਕਰ ਦਿੱਤਾ।

ਇਸ ਸਮੇਂ ਧਿਆਨ ਸਿੰਘ ਉਸ ਥਾਂ ਖੜਾ ਸੀ ਕਿ ਜਿੱਥੋਂ ਉੱਨਤੀ-ਰਾਣੀ ਦੇ ਮੰਦਰ ਨੂੰ ਰਸਤਾ ਜਾਂਦਾ ਹੈ। ਸ਼ੇਰੇ ਪੰਜਾਬ ਦੇ ਦਿਲ ਦਿਮਾਗ ਪਰ ਉਸ ਦਾ ਕਾਫੀ ਅਧਿਕਾਰ ਹੋ ਚੁਕਿਆ ਸੀ ਪਰ ਸਿਖ ਰਾਜ ਦੀ ਵਾਗ ਡੋਰ ਕਿਸ ਤਰ੍ਹਾਂ ਹੱਥਾਂ ਵਿਚ ਲਵੇ, ਇਹ ਗੱਲ ਧਿਆਨ ਸਿੰਘ ਨੂੰ ਨਹੀਂ ਸੁਝਦੀ ਸੀ ਤੇ ਉਹ ਇਸ ਲਈ ਬੜਾ ਪ੍ਰੇਸ਼ਾਨ ਸੀ।

ਇਨਸਾਨੀ ਫਿਤਰਤ ਬੜੀ ਅਜੀਬ ਜਿਹੀ ਏ। ਬੇਕਾਰ ਇਨਸਾਨ ਰੋਜ਼ੀ ਲਈ ਘਰੋ ਨਿਕਲਦਾ ਏ। ਉਸ ਸਮੇਂ ਉਸ ਦੀ ਲਾਲਸਾ ਕੇਵਲ ਇਹੋ ਹੁੰਦੀ ਏ ਕਿ ਕਿਤੇ ਕੰਮ ਬਣ ਤੇ ਉਹ ਆਪਣਾ ਤੇ ਆਪਣੇ ਬਾਲ-ਬੱਚੇ ਦਾ ਢਿੱਡ ਭਰ ਸਕੇ ਪਰ ਇਤਨਾ ਕੁਝ ਮਿਲਣ ਪਿੱਛੋਂ ਉਸ ਦੀ ਲਾਲਸਾ ਹੋਰ ਵਧਦੀ ਏ ਤੇ ਹੌਲੀ ਹੌਲੀ ਇਤਨੀ ਵਧ ਜਾਂਦੀ ਏ ਕਿ ਊਸਦਾ ਅੰਤ ਕਿਤੇ ਭੀ ਨਹੀਂ ਹੁੰਦਾ..........ਹੱਦ ਕਿਤੇ ਭੀ ਨਹੀਂ ਆਉਂਦੀ; ਪਰੰਤੂ ਇਹ ਬੁਰਾ ਨਹੀਂ ਏ। ਮਨੁੱਖ ਦੀ ਜ਼ਿੰਦਗੀ ਇਕ ਤਕੜਾ ਯੁਧ ਏ ਤੇ ਇਸ ਵਿਚ ਮਾਰੋ ਮਾਰ ਕਰਕੇ ਅੱਗੇ ਵਧਣਾ ਉਸਦਾ ਹੱਕ ਹੈ। ਧਿਆਨ ਸਿੰਘ ਭੀ ਰੋਟੀ ਦੇ ਸਵਾਲ ਤੋਂ ਵੇਹਲਾ ਹੋ ਕੇ ਹੁਣ ਇਸ ਜਦੋ-ਜਹਿਦ ਵਿਚ ਅੱਗੇ ਵਧਣ ਲਈ ਸੋਚਣ ਲੱਗਾ।

ਇਹ ਦੋਵੇਂ ਡੋਗਰੇ ਭਰਾ ਗੁਲਾਬ ਸਿੰਘ ਤੇ ਧਿਆਨ ਸਿੰਘ ਜਮਾਦਾਰ ਖੁਸ਼ਹਾਲ ਸਿੰਘ ਦਵਾਰਾ ਭਰਤੀ ਹੋਏ ਸਨ ਤੇ ਉਸ ਦੇ ਅਹਿਸਾਨ ਮੰਦ ਸਨ। ਇਸ ਲਈ ਉਹ ਜਮਾਦਾਰ ਸਾਹਿਬ ਦੇ ਘਰ ਆਮ ਆਉਂਦੇ ਜਾਂਦੇ ਸਨ, ਧਿਆਨ ਸਿੰਘ ਜਿੱਥੇ ਸ਼ੇਰੇ ਪੰਜਾਬ ਦੀਆਂ ਨਜ਼ਰਾਂ ਵਿਚ ਜਚਦਾ ਜਾ ਰਿਹਾ ਸੀ, ਉਥੇ ਜਮਾਂਦਾਰ ਖੁਸ਼ਹਾਲ ਸਿੰਘ ਪਾਸ ਆਉਣਾ ਜਾਣਾ ਭੀ ਉਸ ਨੇ ਨਹੀਂ ਸੀ ਛਡਿਆ।

ਇਨ੍ਹੀਂ ਦਿਨੀਂ ਸ਼ੇਰੇ ਪੰਜਾਬ ਜਮਾਦਾਰ ਖੁਸ਼ਹਾਲ ਸਿੰਘ ਤੇ ਕੁਝ ਗੁੱਸੇ ਹੋ ਗਏ। ਬਾਦਸ਼ਾਹ ਕੰਨਾਂ ਦੇ ਬਹੁਤ ਕੱਚੇ ਹੁੰਦੇ ਹਨ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਭਾਵੇਂ ਬਹੁਤ ਦੂਰ-ਦਰਸੀ ਤੇ ਸਿਆਣਾ ਬਾਦਸ਼ਾਹ ਸੀ ਪਰ ਇਸ ਇਲਜ਼ਾਮ ਤੋਂ ਸੋਲਾਂ ਆਨੇ ਬਰੀ ਉਸਨੂੰ ਭੀ ਨਹੀਂ ਕੀਤਾ ਜਾ ਸਕਦਾ। ਪਾਤਸ਼ਾਹ ਵਿਚ ਪਾਤਸ਼ਾਹਾਂ ਵਾਲਾ ਗੁਣ ਔਗੁਣ ਹੋਣਾ ਇਕ ਸੁਭਾਵਕ ਗੱਲ ਹੈ, ਇਸ ਲਈ ਇਸ ਪਰ ਹੈਰਾਨੀ ਨਹੀਂ ਹੋ ਸਕਦੀ।

ਜਮਾਦਾਰ ਖੁਸ਼ਹਾਲ ਸਿੰਘ ਦਾ ਇਕ ਭਰਾ ਸੀ, ਰਾਮ ਲਾਲ। ਸ਼ੇਰੇ ਪੰਜਾਬ ਦੀ ਇੱਛਿਆ ਸੀ ਕਿ ਫੌਜੀ ਪਰਵਾਰ ਦਾ ਇਹ ਆਦਮੀ ਸਿੱਖ ਸਜੇ ਤੇ ਇਸ ਲਈ ਉਹਨਾਂ ਦੇ ਜਮਾਦਾਰ ਖੁਸ਼ਹਾਲ ਸਿੰਘ ਨੂੰ ਕਿਹਾ ਵੀ ਸੀ। ਇਸ ਦੇ ਕੁਝ ਦਿਨ ਪਿੱਛੋਂ ਉਹ ਰਾਮ ਲਾਲ ਲਾਹੌਰ ਵਿਚ ਨਹੀਂ ਸੀ ਤੇ ਧਿਆਨ ਸਿੰਘ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦਾ ਸੀ।

ਸ਼ਾਮ ਦੇ ਚਾਰ ਕੁ ਵਜੇ ਹਨ। ਸ਼ੇਰੇ ਪੰਜਾਬ ਸ਼ਾਹੀ ਕਿਲੇ ਦੇ ਮਹੱਲ ਵਿਚ ਪਲੰਗ ਪਰ ਬਰਾਜੇ ਹੋਏ ਹਨ। ਧਿਆਨ ਸਿੰਘ ਉਹਨਾਂ ਦੀਆਂ ਮੁਠੀਆਂ ਭਰ ਰਿਹਾ ਏ ਤੇ ਇਸ ਦੇ ਨਾਲ ਮਹਾਰਾਜਾ ਸਾਹਿਬ ਨਾਲ ਗਲ ਬਾਤ ਭੀ ਹੋ ਰਹੀ ਏ।

‘‘ਧਿਆਨ ਸਿੰਘਾ ਕੋਈ ਗੱਲ ਤਾਂ ਸੁਣਾ।’’ ਸ਼ੇਰੇ ਪੰਜਾਬ ਨੇ ਮੁਸਕਰਾਉਂਦੇ ਹੋਏ ਕਿਹਾ।

‘‘ਹਜ਼ੂਰ ਦੀ ਦਯਾ-ਦ੍ਰਿਸ਼ਟੀ ਏ।’’

‘‘ਭਰ ਪਈ ਤੁਹਾਡੇ ਪਾਸੇ ਸਿਖੀ-ਪਰਚਾਰ ਬੜਾ ਘੱਟ ਏ।’’

‘‘ਹਾਂ, ਹਜ਼ੂਰ-ਤੁਹਾਡਾ ਇਹ ਸੇਵਕ ਇਸ ਲਈ ਜ਼ਰੂਰ ਯਤਨ ਕਰੇਗਾ, ਮੈਂ ਪਿਤਾ ਜੀ ਨੂੰ ਇਸ ਬਾਰੇ ਲਿਖ ਚਕਿਆ ਹਾਂ।’’

‘‘ਹਾਂ, ਭਈ ਯਤਨ ਕਰਨਾ ਚਾਹੀਦਾ ਏ ਜਿਸ ਦਸਮੇਸ਼ ਪਿਤਾ ਦੀ ਅਸੀਸ ਦਾ ਸਦਕਾ ਅੱਜ ਖਾਲਸਾ ਰਾਜ ਕਰ ਰਿਹਾ ਏ, ਉਸ ਦਾ ਅੰਮ੍ਰਿਤੀ ਸੁਨੇਹਾ ਥਾਂ ਥਾਂ ਪੁਚਾਉਣਾ ਸਾਡਾ ਫਰਜ਼ ਏ।’’

‘‘ਹਜ਼ੂਰ ਦੇ ਹੁਕਮ ਦੀ ਪਾਲਣਾ ਕੀਤੀ ਜਾਵੇਗੀ’’

‘‘ਹਾਂ, ਸਚ ਧਿਆਨ ਸਿੰਘਾ। ਇਹ ਤਾਂ ਦੱਸ ਕਿ ਰਾਮ ਲਾਲ ਸਿੰਘ ਸੱਜ ਗਿਆ ਏ?’’

‘‘ਹਜ਼ੂਰ ਕਿਹੜਾ ਰਾਮ ਲਾਲ?’’

‘‘ਉਹੋ ਜਮਾਦਾਰ ਸਾਹਿਬ ਦਾ ਭਰਾ। ਅਸਾਂ ਉਸ ਦਿਨ ਤੇਰੇ ਸਾਹਮਣੇ ਤਾਂ ਉਹਨਾਂ ਨੂੰ ਕਿਹਾ ਸੀ।’’

ਧਿਆਨ ਸਿੰਘ ਨੇ ਕੋਈ ਉਤਰ ਨਹੀਂ ਦਿੱਤਾ ਉਹ ਕਿਸੇ ਗਹਰੀ ਸੋਚ ਵਿਚ ਸੀ, ਮਾਨੋ ਹਨੇਰੇ ਵਿਚ ਕੋਈ ਰਾਹ ਦਿਸ ਪਿਆ ਹੋਵੇ।

ਮਹਾਰਾਜਾ ਸਾਹਿਬ ਫੇਰ ਬੋਲੇ- ‘‘ਕਿਉਂ ਭਈ ਪਤਾ ਨਹੀਂ ਤੈਨੂੰ?’’

‘‘ਹਜ਼ੂਰ ਕੀ ਦੱਸਾਂ।’’

‘‘ਕਿਉਂ?’’

‘‘ਰਾਮ ਲਾਲ ਤਾਂ ਖਬਰੇ ਅੰਗਰੇਜ਼ੀ ਇਲਾਕੇ ਵਿਚ ਭਜ ਗਿਆ ਏ।’’

‘‘ਹੈਂ.... ਇਹ ਗੱਲ, ਨਿਮਕ ਹਰਾਮ ਖੁਸ਼ਹਾਲ ਸਿੰਘ ਦੀ ਇਹ ਕਰਤੂਤ, ਸਾਡੇ ਕਹਿਣ ਦਾ ਉਲਟਾ ਅਸਰ।’’

ਮਹਾਰਾਜਾ ਸਾਹਿਬ ਨੇ ਗੁਸੇ ਵਿਚ ਆ ਕੇ ਕਿਹਾ।

ਇਸ ਤੋਂ ਅਗਲੇ ਦਿਨ ਸਵੇਰੇ ਸ਼ੇਰੇ ਪੰਜਾਬ ਆਪਣੇ ਮੀਰ ਮੁਣਸ਼ੀ ਤੋਂ ਹੁਕਮ ਲਿਖਵਾ ਰਹੇ ਸਨ:‘‘ਸਾਡੇ ਹੁਕਮ ਦੀ ਪਰਵਾਹ ਨਾ ਕਰਨ ਕਰਕੇ ਜਮਾਦਾਰ ਖੁਸ਼ਹਾਲ ਸਿੰਘ ਨੂੰ ਡੇਉਢੀ ਦੇ ਹੁਦੇ ਤੋਂ ਬਰਖਾਤਸ ਕੀਤਾ ਜਾਂਦਾ ਏ ਤੇ ਰਾਮ ਲਾਲ ਨੂੰ ਅੰਗਰੇਜ਼ੀ ਇਲਾਕੇ ਵਿਚ ਭਜਾਉਣ ਦੇ ਦੋਸ਼ ਵਿਚ ਉਸ ਪਰ ਪੰਜਾਹ ਹਜ਼ਾਰ ਰੁਪੈ ਜਰਮਾਨਾ ਕੀਤਾ ਜਾਂਦਾ ਏ। ਇਹ ਰਕਮ ਉਸ ਦੀ ਜਾਇਦਾਦ ਤੋਂ ਵਸੂਲ ਕਰਕੇ ਛੇਤੀ ਤੋਂ ਛੇਤੀ ਸ਼ਾਹੀ ਖ਼ਜ਼ਾਨੇ ਵਿਚ ਦਾਖਲ ਕੀਤੀ ਜਾਵੇ।

ਇਸ ਦੇ ਨਾਲ ਹੀ ਅਸੀਂ ਅੱਜ ਤੋਂ ਸ੍ਰਦਾਰ “ਡੇਉਢੀ ਦੇ ਮੁਮਤਾਜ਼ ਔਹਦੇ ਪਰ ਧਿਆਨ ਸਿੰਘ ਨੂੰ ਲਾਉਂਦੇ ਹਾਂ ਅਤੇ ਅਜ ਤੋਂ ਉਸ ਨੂੰ ਰਾਜਾ ਦਾ ਖ਼ਿਤਾਬ ਅਤਾ ਫੁਰਮਾਉਂਦੇ ਹਾਂ।’’

______________







-੧੧-

  1. ਮੂਲ ਲਿਖਤ ਵਿੱਚ ਛਪਾਈ ਦੀ ਗ਼ਲਤੀ ਹੋ ਸਕਦੀ ਹੈ ਅਤੇ ਇਹ ਸ਼ਬਦ "ਕਰਕੇ" ਹੈ।
  2. ਦੀਆਂ
  3. ਮੁੱਛ