ਰਾਜਾ ਧਿਆਨ ਸਿੰਘ/੧੧

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ

੧੧.


ਸੰਸਾਰ ਵਿਚ ਕਿਸੇ ਚੀਜ਼ ਦਾ ਮਾਣ ਨਹੀਂ ਕੀਤਾ ਜਾ ਸਕਦਾ। ਅਜ ਦਾ ਬਾਦਸ਼ਾਹ ਕੁਲ ਦਰ ਦਰ ਦਾ ਭਿਖਾਰੀ ਹੁੰਦਾ ਏ ਤੇ ਕਲ ਦਾ ਭਿਖਾਰੀ ਅਜ ਸ਼ਾਹੀ ਤਖਤ ਪਰ ਬੈਠਾ ਨਜ਼ਰ ਆਉਂਦਾ ਏ; ਉਹ ਮਹਾਰਾਜਾ ਖੜਕ ਸਿੰਘ, ਜਿਸ ਨੂੰ ਸ਼ੇਰੇ ਪੰਜਾਬ ਨੇ ਆਪਣੀ ਹੱਥੀਂ ਪੰਜਾਬ ਦਾ ਰਾਜ ਤਿਲਕ ਦਿਤਾ ਸੀ, ਚਾਰ ਮਹੀਨੇ ਭੀ ਪੂਰਾ ਰਾਜ ਨਹੀਂ ਕਰ ਸਕਿਆ। ਅਜ ਉਹ ਲਾਹੌਰ ਦੇ ਸ਼ਾਹੀ ਕਿਲੇ ਵਿਚ ਇਕ ਕੈਦੀ ਦੀ ਹੈਸੀਅਤ ਵਿਚ ਦਿਨ ਕਟ ਰਿਹਾ ਏ, ਮੁਗਲ ਰਾਜ ਦੀ ਕਹਾਣੀ ਇਕ ਵਾਰ ਫੇਰ ਪੰਜਾਬ ਵਿਚ ਦੁਹਰਾਈ ਜਾ ਰਹੀ ਹੈ। ਸ਼ਾਹ ਜਹਾਨ ਨੂੰ ਕੈਦ ਕਰਕੇ ਉਸ ਦਾ ਪੁਤਰ ਔਰੰਗਜ਼ੇਬ ਦਿਲੀ ਦੇ ਤਖਤ ਪਰ ਬੈਠਾ ਸੀ ਤੇ ਅਜ ਮਹਾਰਾਜਾ ਖੜਕ ਸਿਘ ਨੂੰ ਕੈਦ ਕਰਕੇ ਉਸਦਾ ਪੁਤਰ ਮਹਾਰਾਜਾ ਨੌ ਨਿਹਾਲ ਸਿੰਘ ਪੰਜਾਬ ਦੇ ਰਾਜ ਦਾ ਤਾਜ ਪਹਿਨ ਰਿਹਾ ਏ। ਸ਼ਾਹੀ ਦਰਬਾਰ ਲਗਿਆ ਹੋਇਆ ਏ। ਸਾਰੇ ਸ੍ਰਦਾਰ ਆਪਣੇ ਆਪਣੇ ਰੁਤਬੇ ਅਨੁਸਾਰ ਸ਼ਾਹੀ ਪੁਸ਼ਾਕਾਂ ਪਾਈ ਗੰਭੀਰ ਰੂਪ ਧਾਰੀ ਬੈਠੇ ਹੋਏ ਹਨ। ਮਾਨੋ ਕੋਈ ਬਹੁਤ ਵਡੀ ਘਟਨਾ ਹੋ ਚੁਕੀ ਹੋਵੇ। ਤਖਤ ਪਰ ਮਹਾਰਾਜਾ ਖੜਕ ਸਿੰਘ ਦੀ ਥਾਂ ਕੰਵਰ ਨੌ ਨਿਹਾਲ ਸਿੰਘ ਬੈਠਾ ਏ। ਸਾਰੇ ਹੈਰਾਨਗੀ ਨਾਲ ਤਖਤ ਵਲ ਵੇਖ ਰਹੇ ਹਨ ਤੇ ਦਿਲਾਂ ਤੋਂ ਪੁਛ ਰਹੇ ਹਨ ਕਿ ਮਹਾਰਾਜਾ ਖੜਕ ਸਿੰਘ ਦਾ ਕੀ ਬਣਿਆ? ਕਿਸੇ ਨੂੰ ਇਸ ਗਲ ਦਾ ਪਤਾ ਨਹੀਂ ਲਗਦਾ। ਜਦ ਦਰਬਾਰ ਪੂਰੀ ਤਰ੍ਹਾਂ ਸਜ ਗਿਆ ਤੇ ਸਾਰੇ ਅਹਿਲਕਾਰ ਆ ਗਏ ਤਾਂ ਰਾਜਾ ਧਿਆਨ ਸਿੰਘ ਨੇ ਕਹਿਣਾ ਸ਼ੁਰੂ ਕੀਤਾ:-

‘‘ਸਿਖ ਰਾਜ ਦੇ ਵਫਾਦਾਰ ਸ੍ਰਦਾਰੋ! ਅਜ ਤੁਸੀਂ ਮਹਾਰਾਜਾ ਖੜਕ ਸਿੰਘ ਦੀ ਥਾਂ ਉਨ੍ਹਾਂ ਦੇ ਸਾਹਿਬਜ਼ਾਦੇ ਕੰਵਰ ਨੌਨਿਹਾਲ ਸਿੰਘ ਨੂੰ ਤਖਤ ਪਰ ਬੈਠਾ ਵੇਖਕੇ ਹੈਰਾਨ ਹੋ ਰਹ ਹੋ ਇਸ ਵਿਚ ਹੈਰਾਨਗੀ ਦੀ ਕੋਈ ਗੱਲ ਨਹੀਂ। ਸਾਡੇ ਸਰੂਪ ਮਹਾਰਾਜਾ ਖੜਕ ਸਿੰਘ ਦੀ ਸੇਹਤ ਪਿਛਲੇ ਦਿਨਾਂ ਤੋਂ ਕੁਝ ਚੰਗੀ ਨਹੀਂ। ਇਸ ਲਈ ਉਹ ਇਤਨੇ ਵਿਸ਼ਾਲ ਰਾਜ ਦਾ ਭਾਰ ਆਪਣੇ ਮੋਢਿਆਂ ਤੇ ਚੁਕੀ ਰਖਣ ਤੋਂ ਅਸਰਮਥ ਹਨ ਤੇ ਉਨ੍ਹਾਂ ਨੇ ਆਪਣੀ ਥਾਂ ਕੰਵਰ ਸਾਹਿਬ ਨੂੰ ਬਿਠਾਉਣ ਦਾ ਫੈਸਲਾ ਕੀਤਾ ਹੈ। ਇਹ ਉਨ੍ਹਾਂ ਵਲੋਂ ਐਲਾਨ ਹੈ। ਮਹਾਰਾਜਾ ਖੜਕ ਸਿੰਘ ਦੇ ਦਸਤਖਤਾਂ ਹੇਠ ਐਲਾਨ ਰਾਜਾ ਧਿਆਨ ਸਿੰਘ ਨੇ ਪੜ੍ਹਨਾ ਸ਼ੁਰੂ ਕੀਤਾ:-

‘‘ਮੇਰੀ ਪਿਆਰੀ ਪਰਜਾ ਤੇ ਸਿਖ ਰਾਜ ਦੇ ਵਫਾਦਾਰ ਸ੍ਰਦਾਰਾਂ ਪ੍ਰਤੀ ਵਿਦਿਤ ਹੋਵੇ ਕਿ ਸਾਡੀ ਸੇਹਤ ਠੀਕ ਨਹੀਂ ਰਹੀ ਤੇ ਅਸਾਂ ਕੰਵਰ ਨੌਨਿਹਾਲ ਸਿੰਘ ਦੇ ਹੱਕ ਵਿਚ ਪੰਜਾਬ ਦੇ ਤਖਤ ਤੋਂ ਦਸਤਬਰਦਾਰ ਹੋਣ ਦਾ ਫੈਸਲਾ ਕੀਤਾ ਹੈ। ਸਮੂੰਹ ਪਰਜਾ ਤੇ ਸਮੂੰਹ ਸ੍ਰਦਾਰਾਂ ਨੂੰ ਚਾਹੀਦਾ ਹੈ ਕਿ ਨਵੇਂ ਮਹਾਰਾਜੇ ਦੀ ਪੂਰੀ ਈਮਾਨਦਾਰੀ ਨਾਲ ਵਫ਼ਾਦਾਰੀ ਕਰਨ।

(ਦਸਤਖਤ) ਖੜਕ ਸਿੰਘ

ਇਹ ਏਲਾਨ ਪੜ੍ਹਨ ਪਿਛੋਂ ਰਾਜਾ ਧਿਆਨ ਸਿੰਘ ਨੇ ਕਹਿਣਾ ਸ਼ੁਰੂ ਕੀਤਾ:-"ਭਰਾਵੋ! ਸਿਖ ਰਾਜ ਲਈ ਇਹ ਨਾਜ਼ਕ ਮੌਕਿਆ ਏ। ਵੱਡੇ ਮਹਾਰਾਜਾ ਸ਼ੇਰੇ ਪੰਜਾਬ ਦੀ ਕਮਾਨ ਹੇਠ ਤੁਸੀਂ ਲੋਕਾਂ ਨੇ ਜਿਹੜੀਆਂ ਬੇਨਜ਼ੀਰ ਕੁਰਬਾਨੀਆਂ ਕਰਕੇ ਸਿਖ ਰਾਜ ਦਾ ਇਕ ਸੁੰਦਰ ਮਹੱਲ ਉਸਾਰਿਆ ਹੈ ਹੁਣ ਤੁਹਾਡਾ ਫਰਜ਼ ਹੈ ਕਿ ਇਸ ਦੀ ਉਸੇ ਤਰ੍ਹਾਂ ਮਰਦਾਨਗੀ ਨਾਲ ਰਾਖੀ ਭੀ ਕਰੋ। ਜਿਥੋਂ ਤਕ ਮੇਰਾ ਸਬੰਧ ਏ, ਕੰਵਰ ਸਾਹਿਬ, ਮਹਾਰਾਜਾ ਖੜਕ ਸਿੰਘ ਸਾਹਿਬ, ਮਹਾਰਾਣੀ ਚੰਦ ਕੌਰ ਤੇ ਸੰਧਾਵਾਲੀਏ ਸ੍ਰਦਾਰਾਂ ਦੇ ਜ਼ੋਰ ਦੇਣ ਪਰ ਮੈਂ ਵਜ਼ੀਰ ਆਜ਼ਮੀ ਦੀ ਸੇਵਾ ਇਸ ਸ਼ਰਤ ਨਾਲ ਪ੍ਰਵਾਨ ਕਰਦਾ ਹਾਂ ਕਿ ਜਿਉਂ ਹੀ ਹਾਲਤ ਸੁਧਰ ਗਈ, ਇਸ ਕੰਮ ਤੋਂ ਛੁਟੀ ਲੈ ਕੇ ਗੰਗਾ ਪਰ ਭਜਨ ਕਰਨ ਲਈ ਚਲਿਆ ਜਾਵਾਂਗਾ।"

ਧਿਆਨ ਸਿੰਘ ਦੇ ਇਸ ਏਲਾਨ ਦੇ ਪਿਛੋਂ ਦਰਬਾਰ ਵਿਚੋਂ ਇਕ ਪਾਸੇ ਤੋਂ ਅਵਾਜ਼ ਆਈ- "ਪਰ ਮਹਾਰਾਜਾ ਖੜਕ ਸਿੰਘ ਨੂੰ ਪੰਜਾਂ ਦਿਨਾਂ ਵਿਚ ਕੀ ਹੋ ਗਿਆ, ਜੋ ਉਹ ਦਰਬਾਰ ਵਿਚ ਭੀ ਨਹੀਂ ਆ ਸਕੇ।"

ਲਹਿਣਾ ਸਿੰਘ ਸੰਧਾਵਾਲੀਏ ਨੇ ਗਰਜ ਕੇ ਕਿਹਾ‘‘ਚੁਪ ਰਹੋ! ਇਨ੍ਹਾਂ ਗੱਲਾਂ ਨੂੰ ਪੁਛਣ ਵਾਲੇ ਤੁਸੀਂ ਕੌਣ ਓ।’’

ਧਿਆਨ ਸਿੰਘ ਉਠ ਕੇ ਬੋਲਿਆ- "ਭਰਾਵੋ! ਤੁਸਾਂ ਕਿਸੇ ਗਲਤ ਫਹਿਮੀ ਵਿਚ ਨਹੀਂ ਆਉਣਾ। ਸ਼ਾਹੀ ਕਿਲੇ ਵਿਚ ਮਹਾਰਾਜਾ ਖੜਕ ਸਿੰਘ ਨੂੰ ਤੁਹਾਡੇ ਵਿਚੋਂ ਕੋਈ ਵੀ ਮਿਲ ਸਕਦਾ ਏ। ਸੱਚੀ ਗੱਲ ਇਹ ਹੈ ਕਿ ਇਕ ਪਾਸੇ ਉਨ੍ਹਾਂ ਦਾ ਦਿਲ ਰਾਜ ਭਾਗ ਤੋਂ ਉਕਤਾ ਗਿਆ ਏ ਤੇ ਦੂਜੇ ਪਾਸੇ ਉਨ੍ਹਾਂ ਦੀ ਸੇਹਤ ਖਰਾਬ ਹੋ ਗਈ ਏ। ਮੇਰੇ ਤੇ ਕੰਵਰ ਸਾਹਿਬ ਦੇ ਹਜ਼ਾਰ ਜ਼ੋਰ ਦੇਣ ਪਰ ਭੀ ਉਹ ਦਰਬਾਰ ਵਿਚ ਆਉਣ ਲਈ ਰਾਜ਼ੀ ਨਹੀਂ ਹੋਏ।’’

ਕੁਝ ਧਿਆਨ ਸਿੰਘ ਦੀ ਸਫ਼ਾਈ ਤੇ ਕੁਝ ਸਰਦਾਰ ਲਹਿਣਾ ਸਿੰਘ ਦੀ ਡਾਂਟ ਨੇ ਫੇਰ ਦਰਬਾਰ ਵਿਚੋਂ ਕੋਈ ਅਵਾਜ਼ ਨਾ ਉਠਣ ਦਿਤੀ ਪਰ ਇਹ ਖਿਆਲ ਸਾਰਿਆਂ ਦਾ ਪੱਕਾ ਹੋ ਗਿਆ ਕਿ ਦਾਲ ਵਿਚ ਕੁਝ ਕਾਲਾ ਕਾਲਾ ਜ਼ਰੂਰ ਏ।

ਰਾਜਾ ਧਿਆਨ ਸਿੰਘ ਨੇ ਮਹਾਰਾਜਾ ਨੌਨਿਹਾਲ ਸਿੰਘ ਨੂੰ ਰਾਜ ਤਿਲਕ ਆਪਣੀ ਹੱਥੀਂ ਦਿਤਾ। ਗਿਆਨੀ ਗੁਰਮੁਖ ਸਿੰਘ ਨੇ ਅਰਦਾਸਾ ਸੋਧਿਆ। ਸਾਰੇ ਸਰਦਾਰਾਂ ਨੇ ਨਵੇਂ ਮਹਾਰਾਜ ਨੂੰ ਤੋਹਫੇ ਦਿਤੇ। ਦਰਬਾਰ ਵਲੋਂ ਭੁਗਤੀਆਂ ਤੇ ਇਨਾਮ ਇਨਾਮਾਂ ਵਜੋਂ ਵੰਡੇ ਗਏ। ਸ਼ਾਹੀ ਬੈਂਡ ਵਜਿਆ ਤੇ ਸ਼ਾਹੀ ਕਿਲੇ ਵਿਚੋਂ ੧੦੧ ਤੋਪਾਂ ਦੀ ਸਲਾਮੀ ਨਾਲ ਕੰਵਰ ਨੌਨਿਹਾਲ ਸਿੰਘ ਆਪਣੇ ਪਿਤਾ ਦੀ ਰਾਜ ਗੱਦੀ ਪਰ ਬਹਿ ਕੇ ਪੰਜਾਬ ਦਾ ਰਾਜ ਕਾਜ ਚਲਾਉਣ ਲਗਾ।

ਮਹਾਰਾਜਾ ਨੌਨਿਹਾਲ ਸਿੰਘ ਦੀ ਉਮਰ ਭਾਵੇਂ ਕਿਤਨੀ ਹੀ ਛੋਟੀ ਸੀ ਪਰ ਉਹ ਇਕ ਉਚੇ ਹੌਸਲੇ ਵਾਲਾ ਸਿਪਾਹੀ ਤੇ ਸਿਆਣਾ ਨੀਤੀਵਾਨ ਸੀ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਉਸ ਪਰ ਵੱਡੀਆਂ ਵੱਡੀਆਂ ਆਸਾਂ ਸਨ ਤੇ ਉਸ ਨੂੰ ਨਿਸਚਾ ਸੀ ਕਿ ਨੌਨਿਹਾਲ ਸਿੰਘ ਉਸ ਵਾਂਗ ਪੰਜਾਬ ਦਾ ਰਾਜ ਸੰਭਾਲ ਸਕੇਗਾ ਤੇ ਵਧਾ ਵੀ ਸਕਗਾ। ਸ਼ੇਰੇ ਪੰਜਾਬ ਨੇ ਕਈ ਵਾਰ ਖੜਕ ਸਿੰਘ ਦੀ ਥਾਂ ਨੌਨਿਹਾਲ ਸਿੰਘ ਨੂੰ ਤਖਤ ਪਰ ਬਿਠਾਉਣ ਦਾ ਖਿਆਲ ਭੀ ਕੀਤਾ ਸੀ ਪਰ ਚੂੰਕਿ ਪਹਿਲਾਂ ਖੜਕ ਸਿੰਘ ਦੀ ਜਾਨਸ਼ੀਨੀ ਦਾ ਏਲਾਨ ਹੋ ਚੁਕਿਆ ਸੀ, ਇਸ ਲਈ ਪਿਛੋਂ ਉਸ ਵਿਚ ਅਦਲਾ ਬਦਲੀ ਕਰਨੀ ਠੀਕ ਨਹੀਂ ਸਮਝੀ ਗਈ ਪਰ ਅਕਾਲ ਪੁਰਖ ਦੇ ਰੰਗ ਨਿਆਰੇ ਸਨ। ਸ਼ੇਰੇ ਪੰਜਾਬ ਨੂੰ ਅਖਾਂ ਮੀਟੇ ਹਾਲਾਂ ਚਾਰ ਮਹੀਨੇ ਭੀ ਨਹੀਂ ਹੋਏ ਕਿ ਪੰਜਾਬ ਦੇ ਤਖਤ ਪਰ ਨੌਨਿਹਾਲ ਸਿੰਘ ਨੂੰ ਬੈਠਣਾ ਪਿਆ। ਪੰਜਾਬ ਰਾਜ ਦੇ ਖੈਰਖਾਹ ਸਰਦਾਰਾਂ ਨੂੰ ਜਿਥੇ ਮਹਾਰਾਜਾ ਖੜਕ ਸਿੰਘ ਨਾਲ ਕੀਤੀ ਗਈ ਚਲਾਕੀ ਦਾ ਰੰਜ ਸੀ, ਉਥੇ ਮਹਾਰਾਜਾ ਨੌਨਿਹਾਲ ਸਿੰਘ ਦੇ ਤਖਤ ਪਰ ਬੈਠਣ ਦੀ ਖੁਸ਼ੀ ਭੀ ਸੀ। ਉਹ ਸਮਝਦੇ ਸਨ ਕਿ ਨੌਨਿਹਾਲ ਸਿੰਘ ਜਿਹਾ ਸਿਆਣਾ ਤੇ ਦਲੇਰ ਹਾਕਮ ਹੀ ਪੰਜਾਬ ਦਾ ਤਖਤ ਸਾਂਭ ਸਕਦਾ ਏ ਤੇ ਡੋਗਰਾ ਗਰਦੀ ਪਰ ਕਾਬੂ ਪਾ ਸਕਦਾ ਏ।

ਜਿਹਾ ਕੁ ਉਪਰ ਦੱਸਿਆ ਜਾ ਚੁਕਿਆ ਹੈ, ਮਹਾਰਾਜਾ ਨੌਨਿਹਾਲ ਸਿੰਘ ਨਿਹਾਇਤ ਦਲੇਰ, ਨਿਹਾਇਤ ਸਿਆਣਾ ਤੇ ਨਿਹਾਇਤ ਦੂਰ ਅੰਦੇਸ਼ ਸੀ। ਧਿਆਨ ਸਿੰਘ ਨੇ ਮਹਾਰਾਜਾ ਖੜਕ ਸਿੰਘ ਨੂੰ ਤਖਤੋਂ ਲਾਹੁਣ ਲਈ ਤੇ ਸ: ਚੇਤ ਸਿੰਘ ਨੂੰ ਕਤਲ ਕਰਨ ਲਈ ਜਿਹੜੀ ਚਾਲਾਕੀ ਉਸ ਦੀਆਂ ਅਖਾਂ ਦੇ ਸਾਹਮਣੇ ਕੀਤੀ, ਉਸ ਨੇ ਨੌਜਵਾਨ ਨੌਨਿਹਾਲ ਸਿੰਘ ਮੰਡਲ ਪੈਦਾ ਹੋ ਗਿਆ ਤਾਂ ਉਸ ਨੇ ਸ਼ਾਹੀ ਤਖਤ ਪਰ ਖੜੇ ਹੋਕੇ ਕਹਿਣਾ ਸ਼ੁਰੂ ਕੀਤਾ:-

‘‘ਮੇਰੇ ਪਿਆਰੇ ਸ੍ਰਦਾਰੋ! ਜਿਸ ਜਾਨ ਨਸਾਰੀ ਨਾਲ ਤੁਸਾਂ ਇਸ ਰਾਜ ਨੂੰ ਕਾਇਮ ਕੀਤਾ ਤੇ ਸੰਭਾਲਿਆ ਹੈ, ਇਸ ਲਈ ਮੈਂ ਤੁਹਾਡਾ ਹਮੇਸ਼ਾਂ ਲਈ ਰਿਣੀ ਰਹਾਂਗਾ। ਮੈਨੂੰ ਆਪਣੇ ਇਕ ਇਕ ਸ੍ਰਦਾਰ ਤੇ ਅਫਸਰ ਦੀ ਵਫਾਦਾਰੀ ਪਰ ਆਪਣੀ ਜਾਨ ਤੋਂ ਭੀ ਵਧੇਰੇ ਭਰੋਸਾ ਹੈ ਤੇ ਇਸ ਭਰੋਸੇ ਦੇ ਸਦਕੇ ਮੈਂ ਕਹਿ ਸਕਦਾ ਹਾਂ ਕਿ ਸਿਖ ਰਾਜ ਦਾ ਸਤਾਰਾ ਹਾਲਾਂ ਹੋਰ ਚਮਕੇਗਾ। ਸਿੱਖ ਰਾਜ ਦੀਆਂ ਚੜ੍ਹਦੀਆਂ ਕਲਾਂ ਦਾ ਸੇਹਰਾ ਦਾਦਾ ਜੀ ਦੇ ਸਮੇਂ ਤੋਂ ਆ ਰਹੇ ਸਾਡੇ ਵਜ਼ੀਰ ਆਜ਼ਮ ਸਤਿਕਾਰ ਜੋਗ ਰਾਜਾ ਧਿਆਨ ਸਿੰਘ ਦੇ ਸਿਰ ਪਰ ਹੈ ਤੇ ਇਨ੍ਹਾਂ ਬਜ਼ੁਰਗਾਂ ਦਾ ਮੈਂ ਦਿਲੋਂ ਅਹਿਸਾਨਮੰਦ ਹਾਂ।’’

ਇਤਨਾ ਕਹਿਣ ਪਿਛੋਂ ਮਹਾਰਾਜਾ ਨੌਨਿਹਾਲ ਸਿੰਘ ਨੇ ਆਪਣੇ ਗਲੋਂ ਮੋਤੀਆਂ ਦੀ ਮਾਲਾ ਲਾਹ ਕੇ ਰਾਜਾ ਧਿਆਨ ਸਿੰਘ ਦੇ ਗਲ ਵਿਚ ਪਾਈ ਤੇ ਫੇਰ ਕਹਿਣਾ ਸ਼ੁਰੂ ਕੀਤਾ:-

‘‘ਇਸ ਤੋਂ ਪਹਿਲਾਂ ਰਾਜ-ਤਿਲਕ ਵਾਲੇ ਦਿਨ ਰਾਜਾ ਧਿਆਨ ਸਿੰਘ ਨੇ ਕਿਹਾ ਸੀ ਕਿ ਉਹ ਛੇਤੀ ਹੀ ਬਾਕੀ ਜ਼ਿੰਦਗੀ ਭਜਨ ਬੰਦਗੀ ਵਿਚ ਗੁਜ਼ਾਰਨ ਲਈ ਗੰਗਾ ਜਾ ਰਹੇ ਹਨ। ਮੈਂ ਇਨ੍ਹਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਇਨ੍ਹਾਂ ਦੀ ਰਾਜ-ਭਗਤੀ ਤੇ ਦੇਸ-ਭਗਤੀ ਈਸ਼ਵਰ ਭਗਤੀ ਤੋਂ ਹਜ਼ਾਰ ਦਰਜੇ ਚੰਗੀ ਏ। ਇਸ ਦੁਵਾਰਾ ਇਹ ਕਰੋੜਾਂ ਜੀਆਂ ਦਾ ਭਲਾ ਕਰ ਰਹੇ ਹਨ। ਇਸ ਹਾਲਤ ਵਿਚ ਅਸੀਂ ਇਨ੍ਹਾਂ ਨੂੰ ਇਥੋਂ ਜਾਣ ਦੀ ਕਦੇ ਆਗਿਆ ਨਹੀਂ ਦੇ ਸਕਦੇ।’’ ਭਾਸ਼ਣ ਨੂੰ ਜਾਰੀ ਰੱਖਦੇ ਹੋਏ ਮਹਾਰਾਜਾ ਨੌਨਿਹਾਲ ਸਿੰਘ ਨੇ ਕਿਹਾ——"ਹਾਂ, ਸਾਨੂੰ ਇਸ ਗਲਾ ਦ ਪੂਰਾ ੨ ਅਨਭਵ ਹੈ ਕਿ ਰਾਜਾ ਸਾਹਿਬ ਦੇ ਮੋਢਿਆਂ ਪਰ ਕੰਮ ਦਾ ਬਹੁਤ ਵੱਡਾ ਭਾਰ ਏ। ਸਾਨੂੰ ਸਾਰਿਆਂ ਨੂੰ ਚਾਹੀਦਾ ਏ ਕਿ ਉਸ ਭਾਰ ਨੂੰ ਵੰਡਾਈੲ ਤੇ ਇਨ੍ਹਾਂ ਦੀ ਸੁਚੱਜੀ ਰਹਿਨੁਮਾਈ ਤੋਂ ਲਾਹਾ ਖੱਟੀਏ, ਸਾਡਾ ਭਾਵ ਇਹ ਹੈ ਕਿ ਇਨ੍ਹਾਂ ਦੀ ਅਗਵਾਈ ਹੇਠ ਇਕ ਸਲਾਹਕਾਰ ਕੌਂਸਲ ਬਣਾ ਦਿਤੀ ਜਾਵੇ ਤੇ ਇਸ ਲਈ ਅਸੀਂ ਹੇਠ ਲਿਖੇ ਨਾਮ ਤਜਵੀਜ਼ ਕਰਦੇ ਹਾਂ:-(੧) ਸ: ਲਹਿਣਾ ਸਿੰਘ ਮਜੀਠੀਆ, (੨) ਸ: ਅਜੀਤ ਸਿੰਘ ਸੰਧਾਵਾਲੀਆ, (੩) ਭਾਈ ਰਾਮ ਸਿੰਘ, (੪) ਜਮਾਂਦਾਰ ਖੁਸ਼ਹਾਲ ਸਿੰਘ (੫) ਫਕੀਰ ਅਜ਼ੀਜ਼ਉੱਦੀਨ ਤੇ (੬) ਰਾਜਾ ਧਿਆਨ ਸਿੰਘ।

ਪ੍ਰਧਾਨ ਮੰਤਰੀ ਰਾਜਾ ਧਿਆਨ ਸਿੰਘ ਹੀ ਹੋਣਗੇ ਤੇ ਬਾਕੀ ਸ੍ਰਦਾਰ ਉਨ੍ਹਾਂ ਦੇ ਮਤੈਹਤ ਵਖ ਵਖ ਵਿਭਾਗਾਂ ਦੇ ਮੁਖ ਪ੍ਰਬੰਧਕ ਹੋਣਗੇ। ਅਸਾਂ ਇਹ ਫੈਸਲਾ ਕਈਆਂ ਗੱਲਾਂ ਨੂੰ ਮੁੱਖ ਰਖ ਕੇ ਕੀਤਾ ਏ। ਇਕ ਰਾਜਾ ਧਿਆਨ ਸਿੰਘ ਸਾਹਿਬ ਦਾ ਕੰਮ ਦਾ ਭਾਰ ਹਲਕਾ ਹੋਵੇਗਾ, ਤੇ ਦੂਜਾ ਰਾਜ ਪ੍ਰਬੰਧ ਸਾਰੇ ਰਾਜ ਦਾ ਸਹੀ ਅਰਥਾਂ ਵਿਚ ਪ੍ਰਤੀਨਿਧ ਹੋਵੇਗਾ। ਅਸੀਂ ਯੂਰਪੀਨ ਢੰਗ ਨਾਲ ਸਿਖ ਰਾਜ ਨੂੰ ਜਮਹੂਰੀ ਰਾਜ ਬਣਾਉਣਾ ਚਾਹੁੰਦੇ ਹਾਂ। ਛੇਤੀ ਹੀ ਇਸ ਤੋਂ ਅਗੇ ਕਾਨੂੰਨ ਘੜਨੀ ਸਭਾ ਬਣਾਉਣ ਪਰ ਭੀ ਵਿਚਾਰ ਕਰਾਂਗੇ। ਸਾਡਾ ਨਿਸ਼ਾਨਾ ਇਕ ਇਕ ਪੰਜਾਬੀ ਨੂੰ ਇਸ ਗਲ ਦਾ ਅਨਭਵ ਕਰਾਉਣਾ ਹੈ ਕਿ ਇਹ ਰਾਜ ਉਸਦਾ ਆਪਣਾ ਰਾਜ ਹੈ।’’

ਮਹਾਰਾਜਾ ਨੌਨਿਹਾਲ ਸਿੰਘ ਆਪਣੀ ਤਕਰੀਰ ਨੂੰ ਖਤਮ ਕਰਕੇ ਤਖਤ ਪਰ ਬੈਠ ਗਏ। ਹਰ ਪਾਸੇ ਉਨਾਂ ਦੀ ਸਿਆਣਪ ਤੇ ਖੁਲ ਦਿਲੀ ਦੀ ਪ੍ਰਸੰਸਾ ਹੋ ਰਹੀ ਸੀ। ਬਹੁਤ ਸਾਰੇ ਸ੍ਰਦਾਰਾਂ ਨੇ ਮਹਾਰਾਜਾ ਸਾਹਿਬ ਦੇ ਇਸ ਨੇਕ ਏਲਾਨ ਪਰ ਉਨ੍ਹਾਂ ਦੀ ਪ੍ਰਸੰਸਾ ਕੀਤੀ। ਇਥੋਂ ਤਕ ਕਿ ਵਜ਼ੀਰ ਆਜ਼ਮ ਰਾਜਾ ਧਿਆਨ ਸਿੰਘ ਨੂੰ ਵੀ ਦਰਬਾਰ ਵਿਚ ਮਹਾਰਾਜੇ ਦੀ ਸਿਆਣਪ ਦੀ ਪ੍ਰਸੰਸਾ ਕਰਨੀ ਪਈ ਤੇ ਇਕ ਵਾਰ ਫੇਰ ਆਪਣੀ ਵਫਾਦਾਰੀ ਦਾ ਭਰੋਸਾ ਦਵਾਉਣਾ ਪਿਆ। ਉਸ ਸਮੇਂ ਉਸ ਦੇ ਚੇਹਰੇ ਨੂੰ ਵੇਖ ਕੇ ਸਿਆਣੇ ਸ੍ਰਦਾਰ ਇਹ ਸਮਝ ਰਹੇ ਸਨ ਕਿ ਉਸ ਦੀ ਜ਼ਬਾਨ ਉਸ ਦੇ ਹਿਰਦੇ ਦੀ ਗਲ ਨਹੀਂ ਕਹਿ ਰਹੀ। ਮਹਾਰਾਜਾ ਨੌਨਿਹਾਲ ਸਿੰਘ ਤਾਂ ਧਿਆਨ ਸਿੰਘ ਦੇ ਚੇਹਰ ਦੇ ਲਹਾ ਚੜਾ ਨੂੰ ਬਹੁਤ ਹੀ ਗਹੁ ਨ ਲ ਵੇਖ ਰਹੇ ਸਨ।

ਮਹਾਰਾਜਾ ਨੌਨਿਹਾਲ ਸਿੰਘ ਦੀ ਸੁਚੱਜੀ ਨੀਤੀ ਦਾ ਸਦਕਾ ਇਕ ਪਾਸੇ ਉਹ ਰਾਜ ਦੇ ਸਰਦਾਰਾਂ ਦਾ ਵਧੇਰੇ ਪ੍ਰੇਮ ਪਾਤਰ ਬਣ ਗਿਆ ਤੇ ਦੂਜੇ ਪਾਸੇ ਰਾਜਾ ਧਿਆਨ ਸਿੰਘ ਦਾ ਅਸਰ ਰਸੂਖ ਖਤਮ ਹੋਣਾ ਸ਼ੁਰੂ ਹੋ ਗਿਆ। ਸ: ਚੇਤ ਸਿੰਘ ਦੇ ਕਤਲ ਸਮੇਂ ਉਸਨੇ ਸੰਧਾਵਾਲੀਏ ਸ੍ਰਦਾਰਾਂ ਨਾਲ ਵਜ਼ੀਰੀ ਦੇਣ ਦਾ ਇਕਰਾਰ ਕੀਤਾ ਸੀ ਪਰ ਜਦ ਉਹ ਵਜ਼ੀਰੀ ਨੂੰ ਪਹਿਲਾ ਨਾਲੋਂ ਭੀ ਵਧੇਰੇ ਮਜ਼ਬੂਤੀ ਨਾਲ ਜੱਫਾ ਮਾਰ ਬੈਠਾ ਤਾਂ ਉਹ ਉਸ ਦੇ ਜਾਨੀ ਦੁਸ਼ਮਨ ਬਣ ਗਏ। ਜਮਾਂਦਾਰ ਖੁਸ਼ਹਾਲ ਸਿੰਘ ਤੇ ਸ੍ਰਦਾਰ ਲਹਿਣਾ ਸਿੰਘ ਮਜੀਠੀਆ ਪਹਿਲਾਂ ਹੀ ਉਸ ਤੋਂ ਨਫਰਤ ਕਰਦੇ ਸਨ। ਇਸ ਤਰ੍ਹਾਂ ਮਹਾਰਾਜਾ ਨੌਨਿਹਾਲ ਸਿੰਘ ਨੇ ਜਿਹੜੀ ਰਾਜ-ਪ੍ਰਬੰਧਕ ਸਭਾ ਬਣਾਈ ਉਸ ਵਿਚ ਇਕ ਭੀ ਅਜੇਹਾ ਸਰਦਾਰ ਨਹੀਂ ਸੀ, ਜੋ ਧਿਆਨ ਸਿੰਘ ਦਾ ਹਥ ਠੋਕਾ ਬਣ ਸਕਦਾ ਹੋਵੇ। ਦੂਜੇ ਪਾਸੇ ਧਿਆਨ ਸਿੰਘ ਭੀ ਕੋਈ ਬੱਚਾ ਨਹੀਂ ਸੀ, ਉਹ ਸਭ ਕੁਝ ਸਮਝ ਰਿਹਾ ਸੀ। ਉਹ ਜਾਣਦਾ ਸੀ ਕਿ ਉਸ ਦੀ ਹੇਠੀ ਕਰਨ ਲਈ ਸਿਆਣਾ ਸ਼ਾਤਰ ਗਹਿਰੀ ਚਾਲ ਚਲ ਰਿਹਾ ਏ। ਉਸ ਦੇ ਖਿਆਲੀ ਮਹਿਲ ਦੀਆਂ ਇੱਟਾਂ ਇਕ ਇਕ ਕਰਕੇ ਡਿਗਣ ਲਗੀਆਂ। ਉਸ ਨੂੰ ਅਨਭਵ ਹੋਣ ਲਗਾ ਕਿ ਨੌਜਵਾਨ ਮਹਾਰਾਜਾ ਨੌਨਿਹਾਲ ਸਿੰਘ ਦੇ ਸਾਹਮਣੇ ਉਸ ਦੀ ਕੋਈ ਨੀਤੀ ਕੰਮ ਨਹੀਂ ਕਰੇਗੀ, ਕੋਈ ਚਾਲ ਨਹੀਂ ਚਲੇਗੀ; ਪਰ ਸੀ ਤਾਂ ਪੁਰਾਣਾ ਪਾਪੀ, ਹਿੰਮਤ ਨਹੀਂ ਹਾਰੀ ਤੇ ਆਪਣੇ ਨਿਸ਼ਾਨੇ ਪਰ ਪੁਜਣ ਲਈ ਯਤਨਾਂ ਵਿਚ ਰੁਝਾ ਰਿਹਾ- ਅੰਦਰ ਹੀ ਅੰਦਰ ਉਹ ਕੀ ਕੁਝ ਕਰ ਰਿਹਾ ਹੈ, ਇਸ ਦਾ ਕਿਸੇ ਨੂੰ ਕੁਝ ਪਤਾ ਨਹੀਂ ਲਗ ਸਕਿਆ।

ਪ੍ਰਗਟ ਤੌਰ ਪਰ ਰਾਜਾ ਧਿਆਨ ਸਿੰਘ ਦੀ ਤਾਕਤ ਬਹੁਤ ਘਟ ਗਈ ਹੈ। ਰਾਜ ਪ੍ਰਬੰਧ ਦੀ ਸਹੀ ਵਾਗ ਡੋਰ ਇਸ ਸਮੇਂ ਮਹਾਰਾਜਾ ਨੌਨਿਹਾਲ ਸਿੰਘ ਦੇ ਆਪਣੇ ਹੱਥਾਂ ਵਿਚ ਹੈ ਪਰ ਹਾਲਾਂ ਨੌਜਵਾਨ ਮਹਾਰਾਜੇ ਦੀ ਤਸੱਲੀ ਨਹੀਂ ਹੋਈ, ਉਹ ਸਿਖ ਰਾਜ ਦੇ ਇਸ ਮਹਾਨ ਡੋਗਰਾ ਖਤਰੇ ਨੂੰ ਸਦਾ ਲਈ ਖਤਮ ਕਰ ਦੇਣਾ ਚਾਹੁੰਦਾ ਹੈ। ਜਦ ਉਸ ਨੂੰ ਇਸ ਗਲ ਦਾ ਪਤਾ ਲਗਾ ਕਿ ਜੰਮੂ ਦੇ ਹਾਕਮ ਗੁਲਾਬ ਸਿੰਘ ਨੇ ਕਈਆ ਮਹੀਨਿਆਂ ਤੋਂ ਮਾਮਲਾ ਸ਼ਾਹੀ ਖਜ਼ਾਨੇ ਵਿਚ ਦਾਖਲ ਨਹੀਂ ਕੀਤਾ ਤੇ ਆਪਣੇ ਭਰਾ ਰਾਜਾ ਧਿਆਨ ਸਿੰਘ ਦੀ ਸ਼ਹਿ ਨਾਲ ਉਥੋਂ ਦਾ ਖੁਦ ਮੁਖਤਾਰ ਹਾਕਮ ਬਣੀ ਬੈਠਾ ਏ ਤਾਂ ਨੌਜਵਾਨ ਮਹਾਰਾਜੇ ਦੀਆਂ ਬਾਹਾਂ ਫਰਕ ਉਠੀਆਂ ਤੇ ਅਖਾਂ ਗੁਸੇ ਨਾਲ ਲਾਲ ਹੋ ਗਈਆਂ। ਉਸਨੇ ਝੱਟ ਧਿਆਨ ਸਿੰਘ ਨੂੰ ਸੱਦਿਆ ਤੇ ਜਵਾਬ ਤਲਬੀ ਕੀਤੀ। ਧਿਆਨ ਸਿੰਘ ਕੀ ਉਤਰ ਦਿੰਦਾ। ਉਸ ਨੇ ਬਥੇਰਾ ਟਾਲ ਮਟੋਲਾ ਕਰਨ ਦਾ ਯਤਨ ਕੀਤਾ ਪਰ ਮਹਾਰਾਜਾ ਨੌਨਿਹਾਲ ਸਿੰਘ ਦੀ ਤਸੱਲੀ ਨਹੀਂ ਹੋਣੀ ਸੀ ਤੇ ਨਾ ਹੋਈ, ਉਸੇ ਸਮੇਂ ਫੌਜੀ ਜਰਨੈਲ ਵੰਤੂਰਾ ਤੇ ਸ: ਅਜੀਤ ਸਿੰਘ ਸੰਧਾਵਾਲੀਏ ਦੀ ਕਮਾਨ ਹੇਠ ਖਾਲਸਾ ਫੌਜਾਂ ਨੂੰ ਜਮੂੰ ਪਰ ਰਾਜਾ ਗੁਲਾਬ ਸਿੰਘ ਤੋਂ ਮਾਮਲਾ ਉਗਰਾਹੁਣ ਲਈ ਚੜ੍ਹਾਈ ਦਾ ਹੁਕਮ ਹੋ ਗਿਆ। ਇਹ ਦੋਵੇਂ ਜਰਨੈਲ ਡੋਗਰਿਆਂ ਦੇ ਕਟੜ ਦੁਸ਼ਮਨ ਸਨ ਤੇ ਜੰਮੂ ਤੇ ਉਨ੍ਹਾਂ ਦੀ ਕਮਾਨ ਹੇਠ ਸਿਖ ਫੌਜਾਂ ਦੀ ਚੜ੍ਹਾਈ-ਇਸ ਨਾਲ ਧਿਆਨ ਸਿੰਘ ਨੂੰ ਆਪਣੇ ਪੈਰਾਂ ਹੇਠੋਂ ਮਿਟੀ ਨਿਕਲਦੀ ਦਿਸੀ, ਸਾਰੀਆਂ ਆਸਾਂ ਉਮੈਦਾਂ ਪਰ ਪਾਣੀ ਫਿਰਦਾ ਦਿਸਿਆ ਤੇ ਸਾਰੀ ਕੀਤੀ ਕਰਾਈ ਪਰ ਮਿੱਟੀ ਪੈਂਦੀ ਨਜ਼ਰ ਆਈ। ਉਸ ਦੀਆਂ ਆਸਾਂ ਉਮੈਦਾਂ ਦਾ ਮਹੱਲ ਮਹਾਰਾਜਾ ਨੌਨਿਹਾਲ ਸਿੰਘ ਦੀ ਇਕ ਠੋਕਰ ਨਾਲ ਧਰਤੀ ਨਾਲ ਮਿਲਦਾ ਜਾ ਰਿਹਾ ਸੀ। ਰਾਜਾ ਧਿਆਨ ਸਿੰਘ ਤੇ ਰਾਜਾ ਗੁਲਾਬ ਸਿੰਘ ਤਾਂ ਸਿਖ ਰਾਜ ਦੀਆਂ ਵੰਡੀਆਂ ਪਾਈ ਬੈਠੇ ਸਨ ਤੇ ਏਸੇ ਆਸ ਵਿਚ ਗੁਲਾਬ ਸਿੰਘ ਨੇ ਮਾਮਲਾ ਰੋਕ ਰਖਿਆ ਸੀ। ਮਹਾਰਾਜਾ ਨੌਨਿਹਾਲ ਸਿੰਘ ਨੂੰ ਤਾਂ ਉਹ ਆਪਣਾ ਖਿਡਾਉਣਾ ਹੀ ਸਮਝੀ ਬੈਠੇ ਸਨ ਪਰ ਹੁਣ ਜਦ ਉਸਨੇ ਉਲਟਾ ਇਨ੍ਹਾਂ ਨੂੰ ਖਿਡਾਉਣਾ ਬਣਾਉਣਾ ਤੇ ਇਨ੍ਹਾਂ ਦੇ ਮਨਸੂਬੇ ਮਿਟੀ ਵਿਚ ਮਿਲਾਉਣੇ ਸ਼ੁਰੂ ਕਰ ਦਿਤੇ ਤਾਂ ਅੱਖਾਂ ਖੁਲ੍ਹੀਆਂ।

ਜਿਹਾ ਕੁ ਉਪਰ ਦੱਸਿਆ ਜਾ ਚੁਕਿਆ ਹੈ ਰਾਜਾ ਧਿਆਨ ਸਿੰਘ ਦਾ ਵਡਾ ਭਰਾ ਰਾਜਾ ਗੁਲਾਬ ਸਿੰਘ ਜਮੂੰ ਤੇ ਕਸ਼ਮੀਰ ਦਾ ਖੁਦ ਮੁਖਤਾਰ ਹਾਕਮ ਬਣੀ ਬੈਠਾ ਸੀ ਤੇ ਵਾਰ ਵਾਰ ਯਾਦਹਾਨੀ ਕਰਾਉਣ ਪਰ ਭੀ ਮਾਮਲਾ ਨਹੀਂ ਸੀ ਭੇਜਦਾ। ਹੁਣ ਜਦ ਜਨਰਲ ਵੰਤੂਰਾ ਤੇ ਸ੍ਰਦਾਰ ਅਜੀਤ ਸਿੰਘ ਸੰਧਾਵਾਲੀਆ ਦੀ ਕਮਾਨ ਹੇਠ ਜਮੂੰ ਨੂੰ ਖਾਲਸਾ ਫੌਜਾਂ ਨੇ ਜਾ ਘੇਰਿਆ ਤੇ ਪੰਜਾਬ-ਰਾਜ ਦੀਆਂ ਤੋਪਾਂ ਨੇ ਸ਼ਹਿਰ ਪਰ ਅੱਗ ਬਰਸਾਉਣੀ ਸ਼ੁਰੂ ਕਰ ਦਿਤੀ ਤਾਂ ਉਸਨੂੰ ਹੋਸ਼ ਆਈ। ਮੁਕਾਬਲਾ ਉਸ ਨੇ ਸਵਾਹ ਕਰਨਾ ਸੀ, ਉਹ ਤਾਂ ਰਾਜਾ ਧਿਆਨ ਸਿੰਘ ਦੇ ਕਿਲੇ ਦੇ ਆਸਰੇ ਆਕੜ ਰਿਹਾ ਸੀ, ਝੱਟ ਸ: ਅਜੀਤ ਸਿੰਘ ਦੀ ਪੈਰੀਂਂ ਆ ਪਿਆ ਤੇ ਮਾਮਲਾ ਤਾਰ ਦਿਤਾ, ਸਰਦਾਰ ਅਜੀਤ ਸਿੰਘ ਤੇ ਜਨਰਲ ਵੰਤੂਰਾ ਮਾਮਲਾ ਉਗਰਾਹ ਕੇ ਤੇ ਰਾਜਾ ਗੁਲਾਬ ਸਿੰਘ ਨੂੰ ਸਰਕਾਰ ਦੇ ਪੇਸ਼ ਕਰਨ ਲਈ ਨਾਲ ਲੈ ਕੇ ਫਤਹ ਦੇ ਝੰਡ ਲਹਿਰਾਉਂਦੇ ਤੇ ਖੁਸ਼ੀਆਂ ਮਨਾਉਂਦੇ ਹੋਏ ਵਾਪਸ ਲਾਹੌਰ ਆ ਗਏ।’’