ਸਮੱਗਰੀ 'ਤੇ ਜਾਓ

ਰਾਜਾ ਧਿਆਨ ਸਿੰਘ/੪

ਵਿਕੀਸਰੋਤ ਤੋਂ


੪.

ਜਮਰੋਦ ਦੀ ਜੰਗ ਸਿਖ ਰਾਜ ਦੇ ਇਤਿਹਾਸ ਵਿਚ ਖਾਸ ਵਿਸ਼ੇਸ਼ਤਾ ਰੱਖਦੀ ਏ। ਪਠਾਣਾਂ ਨੇ ਇਸ ਜੰਗ ਨੂੰ ਦੀਨੀ ਯੁਧ ਦੇ ਨਾਮ ਉਤੇ ਬੜੇ ਜ਼ੋਰ ਸ਼ੋਰ ਨਾਲ ਲੜਿਆ। ਸਰਦਾਰ ਹਰੀ ਸਿੰਘ ਨਲੂਏ ਦਾ ਮੁਤਬੰਨਾ ਪੁਤਰ ਸ੍ਰ: ਮਹਾਂ ਸਿੰਘ ਸਿਖ ਫੌਜਾਂ ਦੀ ਕਮਾਨ ਕਰ ਰਿਹਾ ਸੀ। ਉਸ ਨੇ ਆਪਣੀਆਂ ਫੌਜਾਂ ਨਾਲ ਕਿਲੇ ਉਤੇ ਉਹ ਤਾਬੜ ਤੋੜ ਹਮਲੇ ਕੀਤੇ ਕਿ ਪਠਾਣਾਂ ਨੂੰ ਨਾਨੀ ਚੇਤੇ ਆ ਗਈ ਪਰ ਪਿਛੋਂ ਪਠਾਣਾਂ ਨੂੰ ਕਮਾਨ ਪੁਜ ਗਈ ਤੇ ਲੜਾਈ ਦੀ ਹਾਲਤ ਬਦਲਣ ਲੱਗੀ। ਸ: ਹਰੀ ਸਿੰਘ ਨਲੂਏ ਹਾਲਾਂ ਤਕ ਮੈਦਾਨ ਜੰਗ ਵਿਚ ਨਹੀਂ ਸਨ ਅਪੜੇ। ਉਹਨਾਂ ਦੇ ਅਪੜਨ ਸਾਰ ਲੜਾਈ ਦੀ ਹਾਲਤ ਫੇਰ ਸਿਖਾਂ ਦੇ ਹੱਕ ਵਿਚ ਬਦਲ ਗਈ, ਨਲੂਏ ਸ਼ੇਰ ਨੇ ਉਹ ਤਲਵਾਰ ਵਾਹੀ ਕਿ ਜਿਸ ਤੋਂ ਸਾਰਾ ਪਠਾਣੀ ਸੰਸਾਰ ਕੰਬ ਉਠਿਆ। ਅੱਜ ਭੀ ਕਾਬਲ ਦੀਆਂ ਮਾਵਾਂ ਉਸ ਯੋਧੇ ਦਾ ਨਾਮ ਲੈ ਕੇ ਬਚੇ ਡਰਾਉਣ ਲਈ ਮਜਬੂਰ ਹਨ ਤੇ ਉਸ ਮਾਰ ਨੂੰ ਭੁਲ ਨਹੀਂ ਸਕਦੀਆਂ। ਲੋਥ ਤੇ ਲਥ ਚੜ੍ਹ ਗਈ। ਸਿਖਾਂ ਨੇ ਨਾ ਕੇਵਲ ਕਿਲਾ ਹੀ ਲੈ ਲਿਆ, ਸਗੋਂ ਪਠਾਣਾਂ ਨੂੰ ਚੁਣ ਚੁਣ ਕੇ ਮਾਰਿਆ। ਇਕ ਭੀ ਪਠਾਣ ਮੈਦਾਨ ਵਿਚ ਨਾ ਰਿਹਾ। ਹਜ਼ਾਰਾਂ ਤਲਵਾਰ ਦੇ ਘਾਟ ਉਤਰ ਗਏ ਤੇ ਬਾਕੀ ਸਿਰ ਤੇ ਪੈਰ ਰਖ ਕੇ ਭਜ ਗਏ।

ਇਸ ਸ਼ਾਨਦਾਰ ਜਿਤ ਦੇ ਪਿਛੋਂ ਸ:ਹਰੀ ਸਿੰਘ ਨਲੂਆ ਸ:ਮਹਾਂ ਸਿੰਘ ਤੇ ਕੁਝ ਹੋਰ ਫੌਜੀ ਸਰਦਾਰਾਂ ਸਮੇਤ ਘੋੜਿਆਂ ਉਤੇ ਚੜ੍ਹੇ ਮੈਦਾਨ ਵਿਚ ਖੜੇ ਹਨ ਤੇ ਇਕ ਦੂਜੇ ਨੂੰ ਫਤਹ ਦੀਆਂ ਵਧਾਈਆਂ ਦਿੰਦੇ ਹੋਏ ਹੱਸ ਰਹੇ ਹਨ! ਲਾਹੌਰ ਨੂੰ ਜਿਤ ਦੀ ਖਬਰ ਭੇਜਣ ਲਈ ਏਲਚੀ ਤਿਆਰ ਕੀਤਾ ਜਾ ਰਿਹਾ ਏ, ਸਾਰੇ ਫਤਹ ਦੀ ਖੁਸ਼ੀ ਵਿਚ ਮਸਤ ਤੇ ਸਭ ਤਰ੍ਹਾਂ ਦੇ ਖਤਰਿਆਂ ਤੋਂ ਬੇ-ਪਰਵਾਹ ਹਨ ਕਿ ਅਚਾਨਕ ਛਰਰ ਕਰਦੀ ਇਕ ਗੋਲੀ ਪਿਛੋਂ ਦੀ ਆਈ ਤੇ ਨਲੂਆ ਸਰਦਾਰ ਘੋੜੇ ਤੋਂ ਧਰਤੀ ਪਰ ਢਹਿ ਆਇਆ। ਸਾਰਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਖੁਸ਼ੀਆਂ ਦੀ ਥਾਂ ਗਮੀਆਂ ਨੇ ਮੱਲ ਲਿਆ। ਸਰਦਾਰ ਦੀ ਲਾਸ਼ ਝਟ ਪਟ ਕਿਲੇ ਵਿਚ ਪੁਚਾਈ ਗਈ। ਮਤਾਂ ਕੋਈ ਖਰਾਬੀ ਹੀ ਪੈਦਾ ਨਾ ਹੋ ਜਾਵੇ।

............

ਏਸੇ ਸ਼ਾਮ ਨੂੰ ਗੁਲਾਬ ਸਿੰਘ ਨੂੰ ਯਾਰ ਮੁਹੰਮਦ ਖਾਂ ਪਿਸ਼ਾਵਰ ਦੇ ਸ਼ਾਹੀ ਮਹੱਲ ਵਿਚ ਵਧਾਈ ਦੇ ਰਿਹਾ ਸੀ।

‘‘ਜਨਾਬ ਤੁਹਾਡਾ ਕੰਮ ਹੋ ਗਿਆ ਹੈ।’’

‘‘ਠੀਕ।’’

‘‘ਜੀ ਹਾਂ, ਵਧਾਈ ਹੋਵੇ’’ ਯਾਰ ਮੁਹੰਮਦ ਖਾਂ ਨੇ ਕਿਹਾ।

‘‘ਮੈਂ ਭੀ ਰਾਜਾ ਧਿਆਨ ਸਿੰਘ ਹੁਰਾਂ ਨੂੰ ਤੁਹਾਡਾ ਸਾਢੇ ਤੇਰਾਂ ਲੱਖ ਰੁਪੈ ਮਾਫ ਕਰਨ ਲਈ ਲਿਖ ਦਿਤਾ ਏ।’’

‘‘ਧੰਨਵਾਦ ਸਰਕਾਰ।’’

‘‘ਨਹੀਂ ਇਕਰਾਰ ਪੂਰਾ ਕਰਨਾ ਮਰਦ ਦਾ ਕੰਮ ਏ।’’

ਉਸੇ ਦਿਨ ਗੁਲਾਬ ਸਿੰਘ ਨੇ ਰਾਜਾ ਧਿਆਨ ਸਿੰਘ ਨੂੰ ਇਕ ਖਾਸ ਏਲਚੀ ਦੇ ਹੱਥ ਚਿੱਠੀ ਭੇਜੀ ਕਿ ..........ਇਹ ਕੰਡਾ ਨਿਕਲ ਗਿਆ ਹੈ ਵਧਾਈ।

............

ਆਪਣੇ ਸ਼ਾਹੀ ਮਹੱਲ ਵਿਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਵੇਰੇ ਦਾਤਣ ਕਰ ਰਹੇ ਸਨ। ਚਾਂਦੀ ਦਾ ਪਾਣੀ ਨਾਲ ਭਰਿਆ ਹੋਇਆ ਗੜਵਾ ਇਕ ਹੱਥ ਵਿਚ ਸੀ ਤੇ ਦੂਜੇ ਹੱਥ ਵਿਚ ਦਾਤਣ, ਪਰੰਤੂ ਡਾਢੀ ਚਿੰਤਾ ਵਿਚ ਸਨ। ਜਮਰੋਦ ਤੋਂ ਸ:ਮਹਾਂ ਸਿੰਘ ਦਾ ਏਲਚੀ ਹੁਣੇ ਹੁਣੇ ਹੀ ਆਇਆ ਸੀ, ਜਿਸ ਨੇ ਸਰਦਾਰ ਹਰੀ ਸਿੰਘ ਨਲੂਏ ਦੀ ਮੌਤ ਦੀ ਖਬਰ ਦਿਤੀ ਸੀ। ਮਹਾਰਾਜਾ ਸਾਹਿਬ ਨੂੰ ਇਸ ਬਹਾਦਰ ਜਰਨੈਲ ਦੀ ਮੌਤ ਨਾਲ ਜਿੰਨੀ ਵਧੇਰੇ ਚੋਟ ਲੱਗੀ ਸੀ, ਇਸ ਤੋਂ ਪਹਿਲਾਂ ਕਦੇ ਨਹੀਂ ਲੱਗੀ ਸੀ। ਧਿਆਨ ਸਿੰਘ ਨੂੰ ਬੁਲਾਉਣ ਲਈ ਚੋਬਦਾਰ ਭੇਜਿਆ ਹੋਇਆ ਸੀ ਪਰ ਉਹ ਹਾਲਾਂ ਤੀਕ ਨਹੀਂ ਪੁਜਿਆ। ਮਹਾਰਾਜਾ ਉਤਾਵਲੇ ਹੋ ਕੇ ਬਾਹਰ ਵਲ ਵੇਖ ਰਹੇ ਹਨ।

ਧਿਆਨ ਸਿੰਘ ਆ ਗਿਆ ਉਸ ਨੇ ਦਸਤੂਰ ਮੂਜਬ ਮਹਾਰਾਜਾ ਸਾਹਿਬ ਦੇ ਪੈਰਾਂ ਪਰ ਸਿਰ ਧਰ ਕੇ ਮੱਥਾ ਟੇਕਿਆ। ਸ਼ੇਰੇ ਪੰਜਾਬ ਇਸ ਸਮੇਂ ਡਾਢੀ ਗੰਭੀਰ ਸੂਰਤ ਵਿਚ ਚੁਪ ਚਾਪ ਬੈਠ ਸਨ, ਜਿਸ ਨੂੰ ਵੇਖ ਕੇ ਧਿਆਨ ਸਿੰਘ ਅੰਦਰ ਹੀ ਅੰਦਰ ਡਰ ਗਿਆ। ਚੋਰ ਦੀ ਦਾਹੜੀ ਵਿਚ ਤਿਣਕੇ ਵਾਲੀ ਗੱਲ।

ਆਖਰ ਸ਼ੇਰੇ ਪੰਜਾਬ ਨੇ ਖਾਮੋਸ਼ੀ ਤੋੜਦੇ ਹੋਇਆਂ ਪੁਛਿਆ-“ਜਮਰੋਦ ਤੋਂ ਕੋਈ ਖਬਰ?’’

‘‘ਜੀ, ਜੀ...... ...!’’

‘‘ਕੀ ਜੀ............?’’

‘‘ਹਰੀ ਸਿੰਘ...........?’’

‘‘ਪਾਮਰਾਂ ਅਜੇ ਤਕ ਸਾਨੂੰ ਕਿਉਂ ਨਹੀਂ ਦੱਸਿਆ’’ ਸ਼ੇਰੇ ਪੰਜਾਬ ਨੇ ਗੜਵਾ ਧਿਆਨ ਸਿੰਘ ਦੇ ਮੂੰਹ ਤੇ ਮਾਰਦੇ ਹੋਏ ਕਿਹਾ। ਉਹ ਖੜਾ ਥਰ ਥਰ ਕੰਬ ਰਿਹਾ ਸੀ।

‘‘ਬੇਈਮਾਨਾਂ ਤੇਰੇ ਦਿਲ ਦੀ ਮੁਰਾਦ ਪੂਰੀ ਹੋ ਹੋਈ। ਸਾਨੂੰ ਪਤਾ ਏ ਤੂੰ ਰਾਜ ਦਾ ਦੁਸ਼ਮਣ ਏ। ਕਿਸੇ ਨੂੰ ਵੇਖ ਨਹੀਂ ਸੁਖਾਉਂਦਾ। ‘‘ਤੇਰਾ ਬੁਰਾ ਹੋਵੇ।’’

ਧਿਆਨ ਸਿੰਘ ਹਾਲਾਂ ਭੀ ਕੰਬ ਰਿਹਾ ਸੀ। ਸ਼ੇਰੇ ਪੰਜਾਬ ਨੇ ਫੇਰ ਕਿਹਾ..........ਦੁਸ਼ਟਾ! ਹਟ ਜਾ ਸਾਡੇ ਸਾਹਮਣਿਓਂ। ਜਾ ਜਮਰੋਦ ਦੀ ਮੁਹਿੰਮ ਪੂਰੀ ਤਰ੍ਹਾਂ ਸਰ ਕਰਕੇ ਆ। ਨਹੀਂ ਤਾਂ ਮੈਨੂੰ ਸ਼ਕਲ ਨਹੀਂ ਵਿਖਾਉਣੀ। ਦੂਰ ਹੋ ਪਾਂਮਰਾ।’’

ਸ਼ੇਰੇ ਪੰਜਾਬ ਦੇ ਗੁਸੇ ਤੋਂ ਡਰਦਾ ਤੇ ਕੰਬਦਾ ਧਿਆਨ ਸਿੰਘ ਮਹੱਲ ਵਿਚੋਂ ਨਿਕਲ ਗਿਆ ਤੇ ਏਸੇ ਦਿਨ ਸੁਚੇਤਸਿੰਘ ਤੇ ਕੁਝ ਹੋਰ ਸਰਦਾਰਾਂ ਸਮੇਤ ਜਮਰੋਦ ਨੂੰ ਰਵਾਨਾ ਹੋ ਗਿਆ।