ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4/ਸਫ਼ੈਦ ਰਾਤ ਦਾ ਜ਼ਖ਼ਮ

ਵਿਕੀਸਰੋਤ ਤੋਂ


ਸਫ਼ੈਦ ਰਾਤ ਦਾ ਜ਼ਖ਼ਮ


ਧੂਣੇ ਦੀ ਲੱਕੜ ਨੂੰ ਚਿਮਟੇ ਦੀ ਹੁੱਜ ਨਾਲ ਉਸ ਨੇ ਠੋਹਕਰਿਆ, ਦੋ-ਤਿੰਨ ਨਿੱਕੀਆਂ ਅੰਗਿਆਰੀਆਂ ਲਾਲ ਬਿੰਬ ਚਮਕਾਰਾ ਦੇ ਕੇ ਸੁਆਹ ’ਤੇ ਡਿੱਗ ਪਈਆਂ। ਉਸ ਨੂੰ ਸੇਕ ਮੂਹਰੇ ਬੈਠਿਆਂ ਵੀ ਪਾਲ਼ੇ ਦੀ ਧੁੜਧੁੜੀ ਆਈ। ਇੱਕ ਮੌਤ ਵਰਗੀ ਨਮੋਸ਼ੀ ਨੇ ਉਸ ਦਾ ਲੂੰ-ਲੂੰ ਡੰਗਿਆ ਹੋਇਆ ਸੀ। ਵੱਡੇ ਤੜਕੇ ਨੰਬਰਦਾਰ ਦੀ ਵੱਡੀ ਨੂੰਹ ਆਵੇਗੀ ਤਾਂ ਉਹ ਉਸ ਨੂੰ ਕੀ ਜਵਾਬ ਦੇਵੇਗਾ?

ਮੰਗਲ ਦਾਸ ਦੀ ਦਾੜ੍ਹੀ ਵਿੱਚ ਇੱਕ ਵੀ ਧੌਲ਼ਾ ਅਜੇ ਨਹੀਂ ਉੱਗਿਆ ਸੀ। ਉਸ ਦੇ ਚਿਹਰੇ 'ਤੇ ਇੱਕ ਵੀ ਲਕੀਰ ਨਹੀਂ ਉੱਭਰੀ ਸੀ। ਉਸ ਦੀਆਂ ਅੱਖਾਂ ਵਿੱਚ ਪੂਰੀ ਚਮਕ ਸੀ। ਉਸ ਦੇ ਪਿੰਡੇ ਦੀਆਂ ਗੁਲਾਈਆਂ ਤਕੜੀਆਂ ਤੇ ਕਾਠੀਆਂ ਸਨ। ਨੰਬਰਦਾਰ ਦੀ ਵੱਡੀ ਨੂੰਹ ਉਸ ’ਤੇ ਬਹੁਤਾ ਹੀ ਡੁੱਲ੍ਹ ਗਈ। ਉਂਝ ਤਾਂ ਨੰਬਰਦਾਰ ਦਾ ਵੱਡਾ ਮੁੰਡਾ ਪੂਰਾ ਰਿਸ਼ਟ-ਪੁਸ਼ਟ ਸੀ, ਪਰ ਕੁਦਰਤ ਦੀ ਖੇਡ, ਉਹ ਆਪਣੀ ਪਤਨੀ ਨੂੰ ਕੋਈ ਬੱਚਾ ਨਹੀਂ ਦੇ ਸਕਿਆ। ਉਸ ਪਿੰਡ ਦੀਆਂ ਕੁੜੀਆਂ, ਬੁੜ੍ਹੀਆਂ ਤੇ ਬਹੂਆਂ ਆਥਣ ਵੇਲੇ ਮੱਥਾ ਟੇਕਣ ਮੰਗਲ ਦਾਸ ਦੇ ਟਿੱਲੇ ’ਤੇ ਆਉਂਦੀਆਂ। ਉਨ੍ਹਾਂ ਨਾਲ ਨੰਬਰਦਾਰ ਦੀ ਵੱਡੀ ਨੂੰਹ ਵੀ ਕਈ ਦਿਨ ਆਈ ਤੇ ਅੱਜ ਦੀ ਆਥਣ ਦੂਜੀਆਂ ਤੋਂ ਅੱਖ ਬਚਾ ਕੇ ਉਹ ਕੋਈ ਗੁੱਝਾ ਇਸ਼ਾਰਾ ਮੰਗਲ ਦਾਸ ਨੂੰ ਕਰ ਗਈ। ਤੇ ਫੇਰ ਸਾਰਿਆਂ ਦੇ ਨਾਲ ਤੁਰ ਜਾਣ ਬਾਅਦ ਬਿੰਦ ਦੀ ਬਿੰਦ ਵਾਪਸ ਮੁੜੀ ਤੇ ਵੱਡੇ ਤੜਕੇ ਆਉਣ ਬਾਰੇ ਦੱਸ ਗਈ। ਪੈਰੀਂ ਹੱਥ ਲਾਉਣ ਲੱਗੀ ਮੰਗਲ ਦਾਸ ਦੇ ਪੈਰ ਦਾ ਗੂਠਾ ਵੀ ਦੱਬ ਗਈ। ਉਹ ਤਾਂ ਸੁੰਨ ਬਣਿਆ ਹੀ ਬੈਠਾ ਰਹਿ ਗਿਆ। ਉਸ ਦੇ ਮੂੰਹੋ ਤਾਂ ਕੁਝ ਸਰਿਆ ਹੀ ਨਹੀਂ ਤੇ ਹੁਣ ਅੱਧੀ ਰਾਤ ਤੱਕ ਜਾਗਦਾ ਧੂਣੇ ਮੂਹਰੇ ਬੈਠਾ ਉਹ ਝੂਰ ਰਿਹਾ ਸੀ ਕਿ ਉਹ ਜੇ ਆ ਗਈ ਤਾਂ ਧਰਤੀ ਦੇ ਕਿਸ ਬਿਆੜ ਵਿੱਚ ਉਹ ਗਰਕ ਹੋ ਸਕੇਗਾ?

ਜੱਗਾ ਸੁਲਫ਼ਈ ਆਖ਼ਰੀ ਚਿਲਮ ਪੀ ਕੇ ਕਦੋਂ ਦਾ ਘਰ ਨੂੰ ਜਾ ਚੁੱਕਿਆ ਸੀ। ਗੋਧੂ ਨਾਈ ਟਿੱਲੇ ਦੇ ਸਾਰੇ ਨਿੱਕੇ-ਮੋਟੇ ਕੰਮ ਨਿਪਟਾ ਕੇ ਧੂਣੇ ਤੋਂ ਦੂਰ ਕੱਚੀ ਇੱਟ ਦੇ ਓਟਿਆਂ ਵਾਲੀ ਕਪਾਹ ਦੀਆਂ ਛਿਟੀਆਂ ਦੀ ਛਪਰੀ ਵਿੱਚ ਤੱਪੜੀ ’ਤੇ ਲਾਲ ਗੁੱਦੜ ਵਲ੍ਹੇਟੀ ਸੁੱਤਾ ਪਿਆ ਸੀ। ਟੋਭੇ ਦੇ ਸ਼ਾਂਤ ਡੂੰਘੇ ਪਾਣੀ ਵਿੱਚੋਂ ਇੱਕ ਮੁਰਗਾਬੀ ਨਿਕਲੀ ਤੇ ਟਿੱਲੇ ਦੇ ਉੱਤੋਂ ਦੀ ਫੜਫੜਾਉਂਦੀ ਗੇੜਾ ਦੇ ਕੇ ਪਾਣੀ ਵਿੱਚ ਹੀ ਫੇਰ ਜਾ ਡੁੱਬੀ। ਅਸਮਾਨ 'ਤੇ ਪੂਰਾ ਚੰਦ ਬਰਫ਼ ਦੀ ਤਸ਼ਤਰੀ ਵਾਂਗ ਤੈਰ ਰਿਹਾ ਸੀ। ਜਿਵੇਂ ਇੱਕ ਸੂਰਜ ਛਿਪਿਆ ਹੋਵੇ, ਦੂਜਾ ਚੜ੍ਹ ਪਿਆ ਹੋਵੇ। ਸਫ਼ੈਦ ਰਾਤ ਦੀ ਖ਼ਾਮੋਸ਼ੀ ਨੇ ਮੰਗਲ ਦਾਸ ਨੂੰ ਸਗੋਂ ਹੋਰ ਤੰਗ ਕਰ ਦਿੱਤਾ। ਚੰਨ-ਚਾਨਣੀ ਦੀਆਂ ਤਿੱਖੀਆਂ ਸੂਈਆਂ ਉਸ ਦੇ ਅੰਗ-ਅੰਗ ਵਿੱਚ ਚੁਭ ਰਹੀਆਂ ਸਨ।

ਮੰਗਲ ਦਾਸ ਦਾ ਜੱਟਾਂ ਦੇ ਘਰ ਦਾ ਜਨਮ ਸੀ। ਛੋਟਾ ਮੰਗਲ ਢਾਂਡੇ ਚਾਰਦਾ ਹੁੰਦਾ ਤਾਂ ਉਨ੍ਹਾਂ ਦੇ ਗਵਾਂਢ ਵਿੱਚ ਮਾਸੀ ਕੋਲ ਆਈ ਉਸ ਦੀ ਹਾਨਣ ਕੁੜੀ ਵੀ ਇੱਕ ਦਿਨ ਖੇਤ ਆਈ ਸੀ। ਹਲਟ ਦਾ ਪਾਣੀ ਪੀਂਦੀ ਉਹ ਮੰਗਲ ਦੇ ਮੂੰਹ 'ਤੇ ਪਾਣੀ ਦੇ ਛਿੱਟੇ ਸੁੱਟ ਗਈ ਤੇ ਪਾਗਲਾਂ ਵਾਂਗ ਹੱਸੀ। ਫਿਰ ਤਾਂ ਵੀਹੀ ਗਲੀ ਆਥਣ ਉੱਗਣ ਉਹ ਮਿਲਦੇ ਤੇ ਚੋਰ ਹਾਸੀ ਹੱਸਦੇ ਤੇ ਕਦੇ-ਕਦੇ ਕੋਈ ਗੱਲ ਵੀ ਕਰ ਲੈਂਦੇ। ਇੱਕ ਮਹੀਨਾ ਰਹਿ ਕੇ ਉਹ ਆਪਣੇ ਪਿੰਡ ਨੂੰ ਚਲੀ ਗਈ। ਦੋ ਸਾਲਾਂ ਬਾਅਦ ਆਈ ਤਾਂ ਜਿਵੇਂ ਸਾਹਨ ਬਣੀ ਹੋਈ ਹੋਵੇ। ਐਡਾ ਵੱਡਾ ਕੱਦ, ਭਰੇ ਅੰਗ ਪੈਰ, ਤੁਰਦੀ ਤਾਂ ਧਰਤੀ ਨੂੰ ਧਮਕਾਂ ਪੈਂਦੀਆਂ। ਹਨੇਰਾ ਜਿਹਾ ਹੋਏ ਤੋਂ ਕਿਸੇ ਕੰਮ ਉਹ ਉਨ੍ਹਾਂ ਦੇ ਘਰ ਆਈ ਤਾਂ ਜਾਂਦੀ ਨੂੰ ਦਰਵਾਜ਼ੇ ਵਿੱਚ ਖੜ੍ਹਾ ਕੇ ਮੰਗਲ ਨੇ ਅੱਗਾ ਪਿੱਛਾ ਦੇਖਿਆ ਤੇ ਉਸ ਨੂੰ ਜੱਫੀ ਵਿੱਚ ਘੁੱਟ ਲਿਆ। ਉਸ ਦੇ ਪਿੰਡੇ ਵਿੱਚ ਕੋਈ ਮਿੱਠਾ-ਮਿੱਠਾ ਸੇਕ ਸੀ। ਬੇਸੁਰਤੀ ਦੇ ਆਲਮ ਵਿੱਚ ਮੰਗਲ ਨੇ ਉਸ ਨੇ ਉਸ ਨੂੰ ਚੁੰਮਿਆ ਤਾਂ ਉਸ ਨੂੰ ਲੱਗਿਆ ਜਿਵੇਂ ਉਸ ਦੇ ਆਪਣੇ ਬੁੱਲ੍ਹਾਂ ਨੇ ਕੋਸਾ ਕੋਸਾ ਕੁ ਚੂਪਲ ਕੇ ਪਹਿਲੇ ਤੋੜ ਦੀ ਸ਼ਰਾਬ ਦਾ ਨਸ਼ਾ ਚਖ਼ ਲਿਆ ਹੋਵੇ। ਇਸ ਵਾਰ ਤਾਂ ਚਾਰ-ਪੰਜ ਦਿਨਾਂ ਵਿੱਚ ਹੀ ਮੰਗਲ ਨੇ ਕੋਈ ਅਜੀਬ ਸੰਸਾਰ ਦੇਖਿਆ ਸੀ। ਉਨ੍ਹਾਂ ਨੇ ਪਾਣੀ ਦੀਆਂ ਚੂਲੀਆਂ ਭਰ ਕੇ ਸਹੁੰਆਂ ਖਾਧੀਆਂ ਕਿ ਉਹ ਵਿਆਹ ਕਰਵਾਉਣਗੇ, ਨਹੀਂ ਤਾਂ ਕਰਵਾਉਣਗੇ ਹੀ ਨਹੀਂ। ਤੇ ਫਿਰ ਚਾਰ-ਪੰਜ ਮਹੀਨਿਆਂ ਬਾਅਦ ਹੀ ਮੰਗਲ ਦੇ ਕੰਨਾਂ ਵਿੱਚ ਸੀਤੋ ਦੇ ਸਾਕ ਦੀਆਂ ਗੱਲਾਂ ਪੈਣ ਲੱਗੀਆਂ। ਇੱਕ ਦਿਨ ਦੁਪਹਿਰ ਦਾ ਜੋਤਾ ਛੱਡ ਕੇ ਉਹ ਘਰ ਆਇਆ ਤਾਂ ਅੱਕੀ ਬੁੜ੍ਹੀ ਨਾਲ ਉਸ ਦੀ ਮਾਂ ਇਹੀ ਗੱਲ ਕਰ ਰਹੀ ਸੀ।

ਸੀਤੋ ਨੇ ਆਪਣੀ ਮਾਂ ਨੂੰ ਆਖਿਆ ਸੀ ਤੇ ਮਾਂ ਆਪਣੀ ਭੈਣ ਕੋਲ ਆਈ ਸੀ।

ਮਾਸੀ ਨੇ ਸ਼ਰੀਕੇਬਾਜ਼ੀ ਪੁਗਾਈ ਤੇ ਭੈਣ ਨੂੰ ਸੌ ਤੱਤੀ-ਠੰਡੀ ਆਖੀ।

ਤੇ ਫਿਰ ਚਾਰ ਕੁ ਮਹੀਨੇ ਹੋਰ ਲੰਘੇ ਤਾਂ ਸੀਤੋ ਦਾ ਸਾਕ ਕਿਸੇ ਹੋਰ ਥਾਂ ਕਰ ਦਿੱਤਾ ਗਿਆ। ਮੰਗਲ ਨੇ ਸੁਣਿਆ ਤਾਂ ਮਸੋਸ ਕੇ ਰਹਿ ਗਿਆ। ਵਿਆਹ ਵੀ ਹੋ ਗਿਆ। ਉਹ ਤਾਂ ਮੁਕਲਾਵੇ ਵੀ ਚਲੀ ਗਈ। ਉਸ ਪਿੰਡ, ਪਰ ਉਹ ਮੁੜ ਕੇ ਨਾ ਆਈ।

ਇੱਕ ਦਿਨ ਸਾਰੇ ਪਿੰਡ ਨੂੰ ਪਤਾ ਲੱਗਿਆ, ਮੰਗਲ ਵਾਹੀ ਦਾ ਕੰਮ ਛੱਡ ਕੇ ਘਰੋਂ ਨਿਕਲ ਗਿਆ ਹੈ। ਦੋ ਮਹੀਨੇ ਤਾਂ ਉਸ ਦਾ ਥਹੁ ਪਤਾ ਹੀ ਨਾ ਲੱਗਿਆ। ਤੇ ਫਿਰ ਖ਼ਬਰ ਆਈ ਕਿ ਉਹ ਤਾਂ ਸਾਧ ਹੋ ਗਿਆ ਹੈ। ਪਿੰਡ ਤੋਂ ਪੰਜਾਹ ਮੀਲ ਦੂਰ। ਉਥੋਂ ਦਾ ਡੇਰਾ ਪੁੱਛ ਕੇ ਉਸ ਦਾ ਪਿਓ ਉਸ ਨੂੰ ਲੈਣ ਗਿਆ। ਦੋ ਬੰਦੇ ਨਾਲ ਹੋਰ ਵੀ ਗਏ। ਪਰ ਉਹ ਤਾਂ ਬੋਲਿਆ ਹੀ ਨਹੀਂ। ਸੁੰਨ ਮਿੱਟੀ ਹੀ ਬਣਿਆ ਰਿਹਾ। ਨਾ ਹੱਸਦਾ, ਨਾ ਰੋਂਦਾ। ਉਨ੍ਹਾਂ ਨੂੰ ਲੱਗਿਆ, ਜਿਵੇਂ ਉਹ ਤਾਂ ਜਮਾਂਦਰੂ ਹੀ ਸਾਧ ਹੋਵੇ। ਡੇਰੇ ਦੇ ਮਹੰਤ ਨੇ ਉਨ੍ਹਾਂ ਨੂੰ ਸਮਝਾਇਆ ਕਿ ਇਹ ਭਾਈ ਵੈਰਾਗੀ ਹੋ ਗਿਆ ਹੈ। ਇਸ ਸੰਸਾਰ ਨਾਲ ਇਸ ਦਾ ਕੋਈ ਸਬੰਧ ਨਹੀਂ। ਪਿਓ ਰੋ-ਧੋ ਕੇ ਵਾਪਸ ਮੁੜ ਆਇਆ।

ਉਸ ਡੇਰੇ ਦੇ ਮਹੰਤ ਨੇ ਇੱਕ ਹੋਰ ਗੱਦੀ ਸਥਾਪਤ ਕੀਤੀ ਹੋਈ ਸੀ। ਯੋਗਤਾ ਦੇਖ ਕੇ ਉਸ ਸਥਾਨ 'ਤੇ ਮੰਗਲ ਦਾਸ ਨੂੰ ਭੇਜ ਦਿੱਤਾ ਗਿਆ। ਉਸ ਪਿੰਡ ਵਿੱਚ ਜਾਣ ਸਾਰ ਮੰਗਲ ਦਾਸ ਦੀ ਮਹਿਮਾ ਬਣ ਗਈ। ਉਸ ਵਰਗਾ ਤਿਆਗੀ ਸਾਧ ਤਾਂ ਉਸ ਪਿੰਡ ਵਿੱਚ ਕਦੇ ਆਇਆ ਹੀ ਨਹੀਂ ਸੀ। ਉਹ ਤਾਂ ਕਰਨੀ ਵਾਲਾ ਸੀ। ਉਸ ਦੇ ਤਾਂ ਬੋਲ ਪੂਰੇ ਹੁੰਦੇ। ਔਰਤ ਵੱਲ ਝਾਕਦਾ ਨਹੀਂ ਸੀ। ਮਾਇਆ ਦਾ ਉਸ ਨੂੰ ਮੋਹ ਨਹੀਂ ਸੀ। ਉਹ ਤਾਂ ਅੱਠੇ ਪਹਿਰ ਭਜਨ ਬੰਦਗੀ ਵਿੱਚ ਮਗਨ ਰਹਿੰਦਾ। ਉਸ ਦੇ ਟਿੱਲੇ ਤੇ ਬੁੱਢੇ ਆਉਂਦੇ, ਜਵਾਨ ਤੇ ਅੱਧਖੜ ਵਿਆਹੇ-ਵਰੇ ਆਉਂਦੇ। ਕੁੜੀਆਂ, ਬੁੜ੍ਹੀਆਂ ਤੇ ਬਹੂਆਂ ਵੀ ਆਉਣ ਲੱਗੀਆਂ

ਚਾਰ ਸਾਲ ਤੋਂ ਉਹ ਉਸ ਪਿੰਡ ਵਿੱਚ ਰਹਿ ਰਿਹਾ ਸੀ। ਟਿੱਲਾ ਪਿੰਡ ਤੋਂ ਬਾਹਰਵਾਰ ਸੀ। ਮੰਗਲ ਦਾਸ ਨੂੰ ਲੱਗਦਾ ਜਿਵੇਂ ਇਹ ਸੰਸਾਰ ਤਾਂ ਨਾਸ਼ਵਾਨ ਹੈ। ਇੱਥੋਂ ਦੀ ਤਾਂ ਕੋਈ ਵੀ ਚੀਜ਼ ਸਥਿਰ ਨਹੀਂ। ਇੱਕ ਦੂਜੇ ਨਾਲ ਰਿਸ਼ਤੇ-ਨਾਤੇ ਤਾਂ ਸਭ ਝੂਠੇ ਹਨ। ਪ੍ਰਮਾਤਮਾ ਦਾ ਨਾਂ ਹੀ ਇੱਕ ਸੱਚਾ ਹੈ। ਪਰ ਕਦੇ-ਕਦੇ ਉਸ ਨੂੰ ਮਹਿਸੂਸ ਹੁੰਦਾ ਕਿ ਇਹ ਸੰਸਾਰ ਤਾਂ ਭੋਗਣ ਵਾਲੀ ਵਸਤੂ ਹੈ, ਮਾਨਣ ਵਾਲਾ ਪਦਾਰਥ ਹੈ। ਸਾਧ ਹੋ ਕੇ ਤਾਂ ਮਨੁੱਖ ਬਹੁਤ ਵੱਡਾ ਪਾਪ ਕਰਦਾ ਹੈ। ਜ਼ਿੰਦਗੀ ਨਾਲ ਧੋਖਾ। ਅਜਿਹੇ ਪਲਾਂ ਵਿੱਚ ਉਸ ਨੂੰ ਔਰਤ ਦੀ ਜ਼ਰੂਰਤ ਮਹਿਸੂਸ ਹੁੰਦੀ। ਕਦੇ-ਕਦੇ ਤਾਂ ਬਹੁਤ ਹੀ ਸ਼ਿੱਦਤ ਨਾਲ ਉਹ ਸੋਚਦਾ, ਇੱਕ ਸੀਤੋ ਜੇ ਨਹੀਂ ਮਿਲੀ ਤਾਂ ਜ਼ਿੰਦਗੀ ਨੂੰ ਧੱਕਾ ਤਾਂ ਨਹੀਂ ਦੇਣਾ ਚਾਹੀਦਾ। ਕਿਸੇ ਇੱਕ ਪਿੱਛੇ ਮਰਨ ਦੀ ਕੀ ਲੋੜ ਹੈ। ਉਹ ਨਹੀਂ ਤਾਂ ਹੋਰ ਸਹੀ। ਉਸ ਦਾ ਜੀਅ ਕਰਦਾ ਕਿ ਸਾਧਗਿਰੀ ਛੱਡ ਕੇ ਵਿਆਹ ਕਰਵਾ ਲਵੇ ਤੇ ਮਨੁੱਖਾਂ ਵਾਲੀ ਸਾਦੀ ਪੱਧਰੀ ਜ਼ਿੰਦਗੀ ਬੀਤ ਕਰੇ। ਇੱਕ ਵਾਰ ਤਾਂ ਉਸ ਦੀ ਇਹ ਮਨੋਦਸ਼ਾ ਕਈ ਦਿਨ ਉਸ ਦਾ ਪਿੱਛਾ ਕਰਦੀ ਰਹੀ। ਤੇ ਫਿਰ ਉਹ ਇਸ ਫ਼ੈਸਲੇ 'ਤੇ ਪਹੁੰਚ ਗਿਆ ਕਿ ਔਰਤ ਭੋਗ ਇੱਕ ਸਾਰਥਕ ਕਰਮ ਹੈ। ਇਨ੍ਹਾਂ ਦਿਨਾਂ ਵਿੱਚ ਹੀ ਉਸ ਪਿੰਡ ਦੀ ਇਕ ਭਰ ਜਵਾਨ, ਪਰ ਛੁਟੜ ਲੜਕੀ ਨਾਲ ਉਸ ਦਾ ਸਰੀਰਕ ਸਬੰਧ ਹੋ ਗਿਆ। ਕੁੜੀ ਉਹ ਆਪਣੇ-ਆਪ ਹੀ ਹਨੇਰੀ ਦੇ ਝਾਫ਼ੇ ਵਾਂਗ ਮੰਗਲ ਦਾਸ ਵਿੱਚ ਆ ਵੱਜੀ। ਪਤਾ ਨਹੀਂ ਕਿਹੜੀ ਗੱਲ ਤੋਂ ਉਸ ਦੇ ਪਤੀ ਨੇ ਉਸ ਨੂੰ ਪੇਕੀਂ ਛੱਡ ਰੱਖਿਆ ਸੀ। ਕਾਮ ਅਗਨੀ ਵਿੱਚ ਅੰਨ੍ਹੀ ਉਹ ਕੋਈ ਮਰਦ ਭਾਲਦੀ। ਸੋ, ਮੰਗਲ ਦਾਸ ਨਾਲ ਉਸ ਦਾ ਮੇਲ ਹੋ ਗਿਆ। ਤੇ ਫਿਰ ਮੰਗਲ ਦਾਸ ਦੀ ਅਧਿਆਤਮਿਕਤਾ ਦੁਨਿਆਵੀਂ ਵਿਚਾਰਾਂ ਵਿੱਚ ਤਬਦੀਲ ਹੋ ਕੇ ਰਹਿ ਗਈ। ਦਿੱਸਦਾ ਸੰਸਾਰ ਇਕ ਹਕੀਕਤ ਬਣ ਗਿਆ। ਉਦੋਂ ਹੀ ਕੰਨ ਉਘੜੇ, ਜਦੋਂ ਉਸ ਲੜਕੀ ਨੂੰ ਗਰਭ ਠਹਿਰ ਗਿਆ। ਮੰਗਲ ਦਾਸ ਨੂੰ ਘਬਰਾਹਟ ਹੋਈ। ਪਿੰਡ ਵਿੱਚ ਉਸ ਦਾ ਕਿੰਨਾ ਮਾਣ ਤਾਨ ਹੈ। ਉਹ ਤਾਂ ਦੇਵਤਾ ਸਰੂਪ ਸਾਧ ਸਮਝਿਆ ਜਾਂਦਾ ਹੈ। ਚੌਥੇ ਮਹੀਨੇ ਹੀ ਕੱਖਾਂ ਵਿਚਲੀ ਅੱਗ ਭੜਕ ਉੱਠੀ। ਪਤਾ ਨਹੀਂ ਕਿਉਂ ਉਹ ਤਾਂ ਆਪਣਾ ਹਮਲ ਗਿਰਾ ਕੇ ਵੀ ਰਾਜ਼ੀ ਨਹੀਂ ਸੀ। ਸਾਫ਼ ਕਹਿ ਰਹੀ ਸੀ ਕਿ ਉਹ ਮੰਗਲ ਦਾਸ ਕੋਲ ਜਾਂਦੀ ਹੁੰਦੀ। ਜਿਹੜਾ ਸੁਣੇ, ਦੰਦਾਂ ਹੇਠ ਜੀਭ ਲਵੇ। ਇਸ ਗੱਲ ਦਾ ਕੋਈ ਵਿਸ਼ਵਾਸ ਹੀ ਨਾ ਕਰੇ। ਸਭ ਆਖਣ, ਕੁੜੀ ਝੂਠ ਬੋਲਦੀ ਐ। ਪਤਾ ਨਹੀਂ ਕੀਹਦਾ ਪਾਪ ਖਰੀਦ ਬੈਠੀ। ਸਾਧ ਦਾ ਤਾਂ ਨਾਉਂ ਬਦਨਾਮ ਕਰਦੀ ਐ ਐਵੇਂ।

ਉਨ੍ਹਾਂ ਦਿਨਾਂ ਵਿੱਚ ਹੀ ਮੰਗਲ ਦਾਸ ਨੇ ਬੇਹੱਦ ਘਬਰਾਹਟ, ਨਮੋਸ਼ੀ ਤੇ ਡਰ ਮੰਨ ਕੇ ਇੱਕ ਰਾਤ ਆਪਣੇ ਗੁਪਤ ਅੰਗ ਨੂੰ ਉਸਤਰੇ ਨਾਲ ਕੱਟ ਕੇ ਔਹ ਮਾਰਿਆ। ਫਟਕੜੀ ਵਾਲੇ ਪਾਣੀ ਵਿੱਚ ਪੱਟੀਆਂ ਭਿਉਂ-ਭਿਉਂ ਕੇ ਬੰਨ੍ਹਦਾ ਰਿਹਾ। ਪਿਸ਼ਾਬ ਆਉਂਦਾ ਤਾਂ ਉਹ ਪੱਟੀ ਖੋਲ੍ਹ ਦਿੰਦਾ, ਨਹੀਂ ਤਾਂ ਸਾਰਾ ਦਿਨ ਸਾਰੀ ਰਾਤ ਪੱਟੀਆਂ ਬਦਲਦਾ ਰਹਿੰਦਾ। ਤੇ ਫਿਰ ਧੂਣੇ ਦੀ ਨਿੱਘੀ-ਨਿੱਘੀ ਰਾਖ਼ ਨੇ ਦਿਨਾਂ ਵਿੱਚ ਹੀ ਜ਼ਖ਼ਮ ਰਾਜ਼ੀ ਕਰ ਦਿੱਤਾ।

ਪੰਦਰਾਂ-ਵੀਹ ਦਿਨ ਹੋਰ ਪਿੰਡ ਵਿੱਚ ਚਬਾ-ਚਬੀ ਹੋਈ ਤੇ ਫਿਰ ਇੱਕ ਦਿਨ ਦਸ ਬੰਦੇ ਉਸ ਲੜਕੀ ਨੂੰ ਨਾਲ ਲੈ ਕੇ ਟਿੱਲੇ 'ਤੇ ਆਏ, “ਦੱਸ ਬੂਬਨਿਆ, ਇਹ ਤੇਰੀ ਕਰਤੂਤ ਨ੍ਹੀ?”

ਮੰਗਲ ਦਾਸ ਲੰਗੋਟੀ ਖੋਲ੍ਹ ਕੇ ਨੰਗਾ ਹੋ ਗਿਆ।

ਕੀ ਪਤਾ, ਉਹ ਕੀ ਮੱਥ ਕੇ ਆਏ ਸਨ, ਸਾਰੇ ਹੀ ਚੁੱਪ ਕੀਤੇ ਘਰਾਂ ਨੂੰ ਤੁਰ ਗਏ।

ਮੰਗਲ ਦਾਸ ਪਿੰਡ ਵਿੱਚ ਤਾਂ ਪਹਿਲਾਂ ਵੀ ਨਹੀਂ ਜਾਂਦਾ ਹੁੰਦਾ ਸੀ, ਹੁਣ ਤਾਂ ਜਾਣਾ ਹੀ ਕੀ ਸੀ। ਟਿੱਲੇ ’ਤੇ ਉਸ ਦੇ ਸ਼ਰਧਾਲੂ ਉਵੇਂ ਜਿਵੇਂ ਆਉਂਦੇ, ਮੱਥਾ ਟੇਕਦੇ, ਮੁੱਠੀ ਚਾਪੀ ਕਰਦੇ ਤੇ ਚੜ੍ਹਾਵਾ ਚੜ੍ਹਾ ਕੇ ਜਾਂਦੇ ਸਨ। ਪਰ ਜੋ ਵੀ ਕੋਈ ਆਉਂਦਾ, ਉਸ ਦੇ ਚਿਹਰੇ ਵੱਲ ਵੇਖਦਾ ਰਹਿ ਜਾਂਦਾ। ਟਿੱਲੇ ਕੋਲ ਦੀ ਲੰਘ ਰਹੇ ਸਾਧੂ ਨਾਲ ਵਾਪਰੀ ਇਸ ਅਨੋਖੀ ਘਟਨਾ ਦੀ ਚਰਚਾ ਕਰਦੇ। ਕੋਈ-ਕੋਈ ਗੱਲ ਮੰਗਲ ਦਾਸ ਦੇ ਕੰਨਾਂ ਵਿੱਚ ਪੈ ਜਾਂਦੀ। ਹੁਣ ਉਸ ਨੂੰ ਇਹ ਚਰਚਾ ਮਾਰ ਰਹੀ ਸੀ।

ਉਸ ਲੜਕੀ ਨੂੰ ਮਾਪਿਆਂ ਨੇ ਕਿਸੇ ਹੋਰ ਥਾਂ ਬਿਠਾ ਦਿੱਤਾ। ਤਿੰਨ ਮਹੀਨਿਆਂ ਬਾਅਦ ਉਸ ਨੇ ਗੋਹੜੇ ਵਰਗਾ ਚਿੱਟਾ ਮੁੰਡਾ ਜੰਮਿਆ। ਜਿੱਥੇ ਬਿਠਾਈ ਗਈ। ਉਤਾਰੂ ਉਮਰ ਸੀ ਤੇ ਆਦੀ ਛੜਾ। ਉਹ ਤਾਂ ਇਸੇ ਗੱਲ 'ਤੇ ਖ਼ੁਸ਼ ਸੀ ਕਿ ਉਸ ਦੇ ਘਰ ਤੀਵੀਂ ਆ ਗਈ। ਮੁੰਡਾ ਭਾਵੇਂ ਕਿਸੇ ਦਾ ਬੀਜ ਹੋਵੇ। ਵੱਜੇਗਾ ਤਾਂ ਉਸੇ ਦਾ ਹੀ।

ਹੁਣ ਮੰਗਲ ਦਾਸ ਝੂਰਦਾ ਕਿਉਂ ਕੀਤੀ ਉਸ ਨੇ ਇਹ ਅਣਹੋਣੀ? ਹਾਂ ਕਹਿ ਦਿੰਦਾ ਤੇ ਜਟਾਂ ਸਿਰ ਉੱਤੋਂ ਲਾਹ ਕੇ ਪਰੇ ਮਾਰਦਾ, ਉਸ ਨੂੰ ਵਿਆਹ ਕੇ ਪਿੰਡ ਲੈ ਜਾਂਦਾ। ਪਿਓ ਵੀ ਖ਼ੁਸ਼, ਮਾਂ ਵੀ ਖ਼ੁਸ਼। ਗੁਪਤ ਅੰਗ ਵੱਢ ਕੇ ਤਾਂ ਉਸ ਨੇ ਜ਼ਿੰਦਗੀ ਹੀ ਬਰਬਾਦ ਕਰ ਲਈ। ਇਉਂ ਕਰਨ ਨਾਲੋਂ ਤਾਂ ਮੌਤ ਚੰਗੀ ਸੀ। ਉਹ ਝੂਰਦਾ, ਬੇਹੱਦ ਝੂਰਦਾ। ਆਪਣੀ ਅਕਲ ’ਤੇ ਲਾਹਣਤਾਂ ਪਾਉਂਦਾ। ਕਿਸੇ ਸ਼ਰਧਾਲੂ ਨਾਲ ਅੱਖ ਨਾ ਮਿਲਾਉਂਦਾ। ਜਦ ਕਦੇ ਭੁੱਲ ਭੁਲੇਖੇ ਉਹ ਕਿਸੇ ਵੱਲ ਝਾਕਦਾ ਵੀ, ਉਸ ਨੂੰ ਲੱਗਦਾ ਜਿਵੇਂ ਝਾਕਣ ਵਾਲਾ ਉਸ ’ਤੇ ਤਰਸ ਭਰੀਆਂ ਤੇਜ਼ਾਬੀ ਪਿਚਕਾਰੀਆਂ ਸੁੱਟ ਰਿਹਾ ਹੋਵੇ। ਬਹੁਤ ਨਿਰਾਸ਼, ਉਦਾਸ ਤੇ ਬੇਦਿਲ ਜਿਹਾ ਹੋ ਕੇ ਉਸ ਨੇ ਉਹ ਪਿੰਡ ਛੱਡ ਦਿੱਤਾ।

ਹੁਣ ਉਸ ਨੇ ਇਸ ਪਿੰਡ ਦੇ ਲਹਿੰਦੇ ਪਾਸੇ ਵੱਲ ਟੋਭੇ ਦੀ ਦੱਖਣੀ ਗੁੱਠ ਵਿੱਚ ਪੁਰਾਣੇ ਵਕਤਾਂ ਦੇ ਇੱਕ ਆਵੇ ਨੂੰ ਪੱਧਰਾ ਕਰਵਾ ਕੇ ਆਪਣੀ ਕੁਟੀਆ ਬਣਵਾਈ ਹੋਈ ਸੀ। ਆਵਾ ਤਾਂ ਇਸ ਨੂੰ ਹੁਣ ਕੋਈ ਕਹਿੰਦਾ ਹੀ ਨਹੀਂ ਸੀ, ਸਭ ਮੰਗਲ ਦਾਸ ਦਾ ਟਿੱਲਾ ਕਹਿੰਦੇ।

ਇਸ ਪਿੰਡ ਵਿੱਚ ਉਹ ਪਿਛਲੇ ਸੱਤ ਸਾਲਾਂ ਤੋਂ ਰਹਿ ਰਿਹਾ ਸੀ। ਉਸ ਨੇ ਆਪਣੇ ਆਪ ਨੂੰ ਸਮਝਾ ਲਿਆ ਹੋਇਆ ਸੀ। ਆਪਣੇ ਕੋਲ ਆਏ ਲੋਕਾਂ ਨੂੰ ਉਹ ਗ੍ਰਹਿਸਥ ਵਿੱਚ ਰਹਿ ਕੇ ਪ੍ਰਮਾਤਮਾ ਦੇ ਨੇੜੇ ਹੋਣ ਦੀਆਂ ਸਿਖਿਆਵਾਂ ਦਿੰਦਾ। ਮਾੜੇ ਕੰਮਾਂ ਤੋਂ ਰੋਕਦਾ, ਸ਼ਰਾਬ, ਫ਼ੀਮ ਦੇ ਔਗੁਣ ਦੱਸਦਾ। ਦਵਾਈ ਬੂਟੀ ਵੀ ਕਰਦਾ।

ਉਹ ਕਿਸੇ ਔਰਤ ਵੱਲ ਕਦੇ ਅੱਖ ਭਰ ਕੇ ਨਹੀਂ ਝਾਕਿਆ ਸੀ। ਉਸ ਦੀਆਂ ਅੱਖਾਂ ਵਿੱਚ ਸ਼ਰਾਰਤ ਕਦੇ ਆਈ ਹੀ ਨਹੀਂ ਸੀ। ਉਸ ਦੀ ਜ਼ਿੰਦਗੀ ਤਾਂ ਇੱਕ ਹੀਜੜੇ ਦੀ ਜ਼ਿੰਦਗੀ ਸੀ। ਪਰ ਇਸ ਗੱਲ ਦਾ ਪਤਾ ਪਿੰਡ ਵਿੱਚ ਕਿਸੇ ਨੂੰ ਵੀ ਨਹੀਂ ਸੀ। ਇਹ ਪਿੰਡ ਤਾਂ ਉਸ ਪਿੰਡ ਤੋਂ ਸੌ ਮੀਲ ਦੂਰ ਸੀ। ਮੰਗਲ ਦਾਸ ਦੀ ਜਨਮ ਭੂਮੀ ਤੋਂ ਵੀ ਸੱਠ-ਸੱਤਰ ਮੀਲ ਦੂਰ। ਉੱਧਰ ਦਾ ਬੰਦਾ ਤਾਂ ਕੋਈ ਏਧਰ ਕਦੇ ਆਇਆ ਹੀ ਨਹੀਂ ਸੀ। ਪਤਾ ਨਹੀਂ ਨੰਬਰਦਾਰ ਦੀ ਵੱਡੀ ਨੂੰਹ ਦਾ ਦਿਲ ਮੰਗਲ ਦਾਸ ’ਤੇ ਕਿਉਂ ਆ ਗਿਆ ਸੀ?

ਉਹ ਉਸ ਨੂੰ ਮੂੰਹੋਂ ਬੋਲ ਕੇ ਕੀ ਦੱਸਦਾ?

ਅੱਧੀ ਤੋਂ ਬਹੁਤੀ ਰਾਤ ਟੱਪ ਚੁੱਕੀ ਸੀ। ਚੰਦ ਟਿੱਲੇ ਤੋਂ ਥੋੜ੍ਹੀ ਦੂਰ ਖੜ੍ਹੀ ਉੱਚੀ ਨਿੰਮ੍ਹ ਦੀ ਪਿੱਠ ਪਿੱਛੇ ਜਾ ਖੜ੍ਹਾ। ਗੋਧੂ ਨਾਈ ਛੱਪਰੀ ਵਿੱਚ ਪਿਆ ਹੌਲੀ-ਹੌਲੀ ਖੰਘ ਰਿਹਾ ਸੀ। ਤੇ ਫਿਰ ਮੰਗਲ ਦਾਸ ਨੇ ਧੂਣੇ ਦੀ ਲੱਕੜ ਵਿੱਚ ਇੱਕ ਹੁੱਜ ਹੋਰ ਮਾਰੀ। ਇਸ ਵਾਰ ਕੋਈ ਅੰਗਿਆਰੀ ਨਹੀਂ ਡਿੱਗੀ। ਅੱਗ ਸੌਂ ਗਈ ਲੱਗਦੀ। ਮੰਗਲ ਦਾਸ ਖੜ੍ਹਾ ਹੋ ਗਿਆ। ਉਸ ਦੇ ਮੂੰਹੋਂ ਆਲੱਖ ਨਿਰੰਜਣ ਨਹੀਂ ਨਿਕਲਿਆ। ਨਹੀਂ ਤਾਂ ਜਦ ਕਦੇ ਵੀ ਉਹ ਧਰਤੀ ਤੋਂ ਖੜ੍ਹਾ ਹੁੰਦਾ ਤਾਂ ਅਗਵਾੜੀ ਲੈਂਦਾ ਤੇ ‘ਆਲੱਖ ਨਿਰੰਜਣ’ ਕਹਿੰਦਾ। ਹੁਣ ਤਾਂ ਉਸ ਨੇ ਅਗਵਾੜੀ ਵੀ ਕੋਈ ਨਹੀਂ ਲਈ। ਉਸ ਨੇ ਦੇਖਿਆ, ਟੋਭੇ ਦੀ ਪੱਤਣ ਦੇ ਨਾਲ-ਨਾਲ ਕੋਈ ਪਰਛਾਵਾਂ ਟਿੱਲੇ ਵੱਲ ਵਧਿਆ ਆ ਰਿਹਾ ਹੈ। ਨੇੜਿਓਂ ਪਤਾ ਲੱਗਾ, ਉਹ ਤਾਂ ਨੰਬਰਦਾਰ ਦੀ ਵੱਡੀ ਨੂੰਹ ਹੈ। ਹੱਥ ਵਿੱਚ ਗੜਵੀ ਦੁੱਧ ਦੀ ਭਰੀ ਹੋਵੇਗੀ। ਚਾਦਰ ਦੀ ਬੁੱਕਲ। ਮੰਗਲ ਦਾਸ ਦੇ ਸਰੀਰ ਨੂੰ ਇੱਕ ਕੰਬਣੀ ਚੜ੍ਹੀ। ਇੱਕ ਬਿੰਦ ਉਸ ਨੇ ਪਤਾ ਨਹੀਂ ਕੀ ਸੋਚਿਆ, ਸਿਰਮਦਾਨ ਭੱਜ ਕੇ ਟੋਭੇ ਵਿੱਚ ਛਾਲ ਮਾਰ ਦਿੱਤੀ। ਪਿਛਲੇ ਸਾਲ ਹੀ ਟੋਭੇ ਦੀ ਮਿੱਟੀ ਪੁੱਟ ਕੇ ਨਵਾਂ ਪਾਣੀ ਪਾਇਆ ਗਿਆ ਸੀ। ਛਾਲ ਮਾਰਨ ਵਾਲੀ ਥਾਂ ਤਾਂ ਹਾਥੀ ਦਾ ਡੋਬ ਸੀ। ਨੰਬਰਦਾਰ ਦੀ ਵੱਡੀ ਨੂੰਹ ਦੇ ਮੂੰਹੋਂ ਇੱਕ ਦੱਬਵੀਂ ਜਿਹੀ ਚੀਕ ਨਿਕਲੀ। ਆਪਣੇ ਕਲਪਿਤ ਭਵਿੱਖ ’ਤੇ ਇੱਕ ਡੂੰਘਾ ਪੱਛ ਲਵਾ ਕੇ ਉਹ ਉਹਨੀਂ ਪੈਰੀਂ ਵਾਪਸ ਘਰ ਨੂੰ ਮੁੜ ਗਈ। ਗੋਧੂ ਨਾਈ ਨੂੰ ਪਤਾ ਕੋਈ ਨਹੀਂ ਲੱਗਿਆ। ਛੱਪਰੀ ਵਿੱਚ ਪਿਆ ਉਹ ਹਲਕਾ-ਹਲਕਾ ਲਗਾਤਾਰ ਖੰਘੀ ਜਾ ਰਿਹਾ ਸੀ।♦