ਸਮੱਗਰੀ 'ਤੇ ਜਾਓ

ਰੇਤ ਦੇ ਘਰ/ਬਰਫ਼ ਦੀ ਡਲੀ

ਵਿਕੀਸਰੋਤ ਤੋਂ
49589ਰੇਤ ਦੇ ਘਰ — ਬਰਫ ਦੀ ਡਲੀਪਰਮਜੀਤ ਮਾਨ

ਬਰਫ ਦੀ ਡਲੀ

ਹਵਾਈ ਜਹਾਜ਼ ਨੇ ਅਮਰੀਕਾ ਦੇ ਮਸ਼ਹੂਰ ਸ਼ਹਿਰ 'ਹਿਊਸਟਨ' ਦੇ ਆਕਾਸ਼ ਵਿੱਚ ਚੱਕਰ ਕੱਟਿਆ। ਲੈਂਡਿੰਗ ਲਈ ਆਪਣੀ ਪੁਜੀਸ਼ਨ ਸੈਂਟ ਕੀਤੀ ਤੇ ਦੇਖਦੇ ਹੀ ਦੇਖਦੇ ਹਵਾਈ ਪਟੜੀ 'ਤੇ ਲੈਂਡ ਕਰ ਗਿਆ।

ਵਿਜੈ ਪਹਿਲੀ ਵਾਰ ਹਿਊਸਟਨ ਆਇਆ ਸੀ। ਕੰਪਨੀ ਏਜੰਟ ਹਵਾਈ ਅੱਡੇ 'ਤੇ ਪਹੁੰਚਿਆ ਹੋਇਆ ਸੀ। ਰਸਮੀ ਜਾਣ-ਪਹਿਚਾਣ ਤੋਂ ਬਾਅਦ ਉਹ ਸਿੱਧਾ ਹੋਟਲ ਵੱਲ ਚੱਲ ਪਏ।

ਸਵਾਗਤੀ-ਕਾਊਂਟਰ ਉੱਪਰ ਬਹੁਤ ਹੀ ਸੁੰਦਰ ਦੋ ਲੜਕੀਆਂ ਖੜ੍ਹੀਆਂ ਸਨ। ਦੋਵਾਂ ਨੇ ਖ਼ੁਸ਼ਬੂ ਰੂਪੀ ਮੁਸਕਰਾਹਟ ਬਿਖ਼ੇਰ ਉਨ੍ਹਾਂ ਦਾ ਸਵਾਗਤ ਕੀਤਾ। ਸਾਰੀ ਗੱਲਬਾਤ ਤੇ ਕਾਗ਼ਜ਼ੀ ਕਾਰਵਾਈ ਏਜੰਟ ਨੇ ਕੀਤੀ। ਕੋਲ ਖੜ੍ਹੇ ਵਿਜੈ ਨੇ ਨੋਟ ਕੀਤਾ, ਉਨ੍ਹਾਂ ਦਾ ਗੱਲ ਕਰਨ ਦਾ ਢੰਗ ਬਹੁਤ ਹੀ ਵਧੀਆ ਸੀ। ਹਰ ਗੱਲ 'ਚ ਉਹ 'ਸਰ' ਸ਼ਬਦ ਦੀ ਵਰਤੋਂ ਕਰਦੀਆਂ ਸਨ। 'ਵੈਲਕਮ ਸਰ, ਓ.ਕੇ. ਸਰ, ਥੈਂਕ ਯੂ ਸਰ, ਆਦਿ।

ਝੱਟ ਹੀ ਚੈੱਕ-ਇਨ ਦੀ ਕਾਰਵਾਈ ਪੂਰੀ ਹੋ ਗਈ। ਕਮਰੇ ਦੀ ਚਾਬੀ ਏਜੰਟ ਦੇ ਹੱਥ ਫੜਾ ਉਨ੍ਹਾਂ ਦੱਸਿਆ,"ਸਰ, ਇਹ ਕਮਰਾ ਪਹਿਲੀ ਮੰਜ਼ਿਲ 'ਤੇ ਹੈ। ਤੁਸੀਂ ਸਾਡੇ ਮਹਿਮਾਨ ਹੋ। ਕੋਈ ਤਕਲੀਫ਼ ਹੋਵੇ ਤਾਂ ਸੇਵਾ ਲਈ ਹਾਜ਼ਰ ਹਾਂ। ਹੋਟਲ 'ਚ ਚੈੱਕ-ਇਨ ਕਰਨ ਲਈ ਸ਼ੁਕਰੀਆ।"

ਏਜੰਟ ਨੇ 'ਸ਼ੁਕਰੀਆ' ਕਹਿ ਚਾਬੀ ਫੜੀ ਤੇ ਅੱਗੇ ਵਿਜੈ ਦੇ ਹੱਥ ਫੜਾ ਦਿੱਤੀ, "ਓ.ਕੇ. ਮਿਸਟਰ ਵਿਜੈ, ਹੁਣ ਤੁਸੀਂ ਆਰਾਮ ਕਰੋ। ਜਹਾਜ਼ ਲੇਟ ਹੋ ਗਿਆ ਹੈ ਤੇ 5-6 ਦਿਨ ਤੱਕ ਇੰਤਜ਼ਾਰ ਕਰਨਾ ਪੈ ਸਕਦਾ ਹੈ। ਜਹਾਜ਼ ਦੇ ਬੰਦਰਗਾਹ 'ਚ ਪਹੁੰਚਦੇ ਹੀ ਤੁਹਾਨੂੰ ਜਹਾਜ਼ 'ਚ ਪਹੁੰਚਾ ਦਿੱਤਾ ਜਾਵੇਗਾ। ਤਦ ਤੱਕ ਕਿਧਰੇ ਵੀ ਘੁੰਮ-ਫਿਰ ਸਕਦੇ ਹੋ....ਗੁੱਡ-ਡੇ।" ਕਹਿ ਏਜੰਟ ਹੋਟਲ ਦੇ ਬਾਹਰਲੇ ਦਰਵਾਜ਼ੇ ਵੱਲ ਤੁਰ ਪਿਆ।

'ਕਮਾਲ ਹੈ! ਹਰ ਗੱਲ ਪਰਫੈਕਟ। ਨਾ ਰੱਤੀ ਘੱਟ, ਨਾ ਤੋਲਾ ਵੱਧ। ਇਹ ਲੋਕ ਆਪਣੀ ਡਿਊਟੀ ਪ੍ਰਤੀ ਕਿੰਨਾ ਸਪੱਸ਼ਟ ਹਨ। ਸਾਡਾ ਮੁਲਕ ਹੁੰਦਾ ਏਜੰਟ ਨੇ ਟਾਇਮ 'ਤੇ ਆਉਣਾ ਹੀ ਨਹੀਂ। ਲੇਟ ਆ ਕੇ ਤਰਾਂ-ਤਰ੍ਹਾਂ ਦੇ ਬਹਾਨੇ। ਕਈ ਵਾਰ ਖਾਣ-ਪੀਣ ਦਾ ਲਾਲਚ ਤੱਕ ਕੇ ਕਮਰੇ ਤੱਕ ਆ ਜਾਣਗੇ, ਕੀ ਮੰਗਾਵਾਂ ਸਰ।'

ਸੋਚਾਂ 'ਚੋਂ ਬਾਹਰ ਆ ਵਿਜੈ ਕਮਰੇ ਦੀ ਚਾਬੀ ਲੈ ਦੱਸੇ ਕਮਰੇ ਵਿਚ ਪਹੁੰਚ ਗਿਆ। ਮੁੰਬਈ, ਲੰਡਨ, ਨਿਊਯਾਰਕ, ਹਿਊਸਟਨ, ਉਹ ਲੰਬੇ ਹਵਾਈ ਸਫ਼ਰ ਤੋਂ ਥੱਕਿਆ ਆਇਆ ਸੀ। ਕਮਰੇ 'ਚ ਪਹੁੰਚਦੇ ਹੀ ਕੱਪੜੇ ਤੇ ਬੂਟ ਉਤਾਰੇ, ਵਾਸ਼-ਰੂਮ ਗਿਆ ਤੇ ਪਾਣੀ ਦੇ ਭਰੇ ਟੱਬ ਵਿੱਚ ਖੁੱਲ੍ਹਾ ਟਾਇਮ ਲਾ ਕੇ ਬਾਹਰ ਆਇਆ।

ਹੁਣ ਉਹ ਤਰੋ-ਤਾਜ਼ਾ ਮਹਿਸੂਸ ਕਰ ਰਿਹਾ ਸੀ ਤੇ ਇਸ ਸ਼ਾਨਦਾਰ ਕਮਰੇ 'ਚ ਬੈਠਾ ਪੂਰਾ ਖ਼ੁਸ਼ ਸੀ। ਉਸਨੂੰ ਆਪਣਾ ਘਰ, ਜੋ ਚਾਰ ਦਿਨ ਪਹਿਲਾਂ ਹੀ ਛੱਡਿਆ ਸੀ, ਯਾਦ ਆਇਆ, 'ਪੰਜਾਬ ਦੇ ਛੋਟੇ ਜਿਹੇ ਪਿੰਡ ਦਾ ਇੱਕ ਸਾਧਾਰਨ ਜਿਹਾ ਘਰ, ਜਿਸ 'ਚ ਹਰੇਕ ਚੀਜ਼ ਦੀ ਤੰਗੀ ਹੀ ਰਹੀ ਤੇ ਅੱਜ ਵੀ ਹੈ। ਜ਼ਿੰਦਗੀ ਤੇ ਪਰਿਵਾਰ ਦੀ ਗੱਡੀ ਬੱਸ ਕਿਵੇਂ ਨਾ ਕਿਵੇਂ ਰੁੜ੍ਹ ਰਹੀ ਹੈ। ਉਸ ਨੂੰ ਰੁੜ੍ਹਦਾ ਰੱਖਣ ਲਈ, ਵਕਤ ਨੂੰ ਧੱਕਾ ਲਾਈ ਜਾ ਰਹੇ ਬੇਬੇ ਤੇ ਬਾਪੂ ਯਾਦ ਆਏ। 'ਕੱਲਾ ਸਾਡਾ ਘਰ ਕੀ, ਕੁੱਝ ਘਰਾਂ ਨੂੰ ਛੱਡ ਕੇ ਪਿੰਡ 'ਚ ਸਭ ਦਾ ਇਹੋ ਹਾਲ ਹੈ। ਥੁੜਾਂ ਨਾਲ ਖਹਿੰਦੇ, ਤੰਗੀਆਂ ਹੰਢਾਉਂਦੇ, ਘਰ-ਪਰਿਵਾਰ ਤੇ ਬੱਚਿਆਂ ਦੀ ਚਿੰਤਾ ਦਾ ਬੋਝ ਚੁੱਕੀ ਫਿਰਦੇ ਲੋਕ। ਬਾਪੂ ਹਮੇਸ਼ਾ ਘਰ ਤੋਂ ਖੇਤ ਤੱਕ ਸੀਮਤ ਰਿਹਾ। ਉਸਦਾ ਸਭ ਤੋਂ ਵੱਡਾ ਤੀਰਥ, ਵਿਸਾਖੀ ਮੌਕੇ ਦਮਦਮਾ ਸਾਹਿਬ ਇਸ਼ਨਾਨ ਕਰਕੇ ਆਉਣਾ। ਉਸਦਾ ਸਭ ਤੋਂ ਵੱਡਾ ਸ਼ੌਕ, ਜੋਗੀਪੀਰ ਦੀ ਬਲਿੰਦ 'ਤੇ ਲੱਗਦੇ ਮੇਲੇ 'ਚ 'ਖਾੜਾ ਸੁਣਨਾ। ਆਪਣੀ ਐਡੀ ਕੁ ਸੀਮਤ ਦੁਨੀਆਂ 'ਚ ਰਹਿੰਦੇ ਹੋਏ ਵੀ, ਉਹ ਮੇਰੇ ਲਈ ਵੱਡੇ-ਵੱਡੇ ਸੁਪਨੇ ਦੇਖਦਾ।'

ਇਸ ਵੱਡੇ ਹੋਟਲ ਦੇ ਕਮਰੇ 'ਚ ਬੈਠਾ ਵਿਜੈ ਸੋਚ ਰਿਹਾ ਸੀ, 'ਮੈਂ ਹਵਾਈ ਜਹਾਜ਼ ਵਿੱਚ ਹੀ ਉਡਾਨ ਨਹੀਂ ਭਰੀ, ਜ਼ਿੰਦਗੀ ਵਿੱਚ ਵੀ ਇੱਕ ਨਵੀਂ ਉਡਾਨ ਭਰ ਲਈ ਹੈ। ਵਰਨਾ ਕਿੱਥੇ ਸਾਡਾ ਉਹ ਪਿੰਡ, ਉਹ ਇਲਾਕਾ ਤੇ ਕਿੱਥੇ ਅਮਰੀਕਾ। ਕੀ ਇਹ ਮੇਰੀ ਮਿਹਨਤ ਕਰਕੇ ਹੈ ਜਾਂ ਬਾਪੂ ਦੇ ਸੁਪਨਿਆਂ ਨੂੰ ਫਲ ਲੱਗਾ ਹੈ?' ਸੋਚਦਾ-ਸੋਚਦਾ ਮੁਲਾਇਮ ਗੱਦੇਦਾਰ ਬੈਂਡ ਉੱਪਰ ਲੰਮਾ ਪੈ ਗਿਆ। ਕਦ ਨੀਂਦ ਆ ਗਈ, ਪਤਾ ਹੀ ਨਾ ਲੱਗਾ।

ਤਿੰਨ ਵਜੇ ਹੋਟਲ ਦੀ ਸ਼ਿਫਟ ਬਦਲੀ ਹੋਈ। ਸਵਾਗਤੀ-ਕਾਊਂਟਰ ਉੱਪਰ, ਮੈਰੀ ਤੇ ਇੱਕ ਹੋਰ, ਦੋ ਨਵੀਆਂ ਲੜਕੀਆਂ ਡਿਊਟੀ 'ਤੇ ਆ ਚੁੱਕੀਆਂ ਸਨ। ਜਾਣ ਵਾਲੀ ਸ਼ਿਫਟ ਨੇ ਹੋਰ ਗੱਲਾਂ ਦੇ ਨਾਲ-ਨਾਲ, ਮੈਰੀ ਨੂੰ ਦੱਸਿਆ ਸੀ ਕਿ ਰੂਮ ਨੰ. 102 ਵਿੱਚ ਇੰਡੀਆ ਤੋਂ ਨਵੇਂ ਗੈਸਟ ਨੇ ਚੈੱਕ-ਇਨ ਕੀਤਾ ਹੈ। ਇੰਡੀਆ ਦਾ ਨਾਮ ਸੁਣਦੇ ਸਾਰ ਮੈਰੀ ਦੇ ਦਿਲ ਵਿੱਚ ਕੋਈ ਟੁਣਕਾ ਜਿਹਾ ਵੱਜਿਆ।

ਕੁੱਝ ਚਿਰ ਤੋਂ ਮੈਰੀ ਨੂੰ ਇੰਡੀਆ ਨਾਲ ਖ਼ਾਸ ਲਗਾਅ ਹੋ ਗਿਆ ਸੀ। ਅੱਜ-ਕੱਲ੍ਹ ਉਹ ਇੰਡੀਆ ਬਾਰੇ ਪੜ੍ਹ ਰਹੀ ਸੀ। ਹੋਰ ਵੀ ਵੱਧ ਤੋਂ ਵੱਧ ਜਾਣਕਾਰੀ ਹਾਸਿਲ ਕਰਨ ਲਈ ਉਹ ਗੰਭੀਰ ਸੀ ਤੇ ਉਸ ਦੀਆਂ ਨਜ਼ਰਾਂ ਹਮੇਸ਼ਾ ਕਿਸੇ ਇੰਡੀਅਨ ਗੈਸਟ ਦੀ ਤਲਾਸ਼ ਕਰਦੀਆਂ ਰਹਿੰਦੀਆਂ।

ਜਾਣ ਵਾਲੀ ਸ਼ਿਫਟ ਚਲੀ ਗਈ। ਮੈਰੀ ਨੇ ਰੂਮ ਨੰ. 102 ਦੇ ਗੈਸਟ ਦੀ ਸਾਰੀ ਐਂਟਰੀ ਗੌਰ ਨਾਲ ਚੈੱਕ ਕੀਤੀ। ਨਾਮ ਦੇ ਕਾਲਮ ਉੱਪਰ ਕਾਫ਼ੀ ਦੇਰ ਤੱਕ ਨਜ਼ਰਾਂ ਜਮਾਈ ਰੱਖੀਆਂ। 'ਵਿਜੈ' ਇਸ ਨਾਮ ਨੂੰ ਕਈ ਵਾਰ ਮਨ ਹੀ ਮਨ ਦੁਹਰਾਇਆ, ਜਿਵੇਂ ਰੱਟਾ ਲਾਉਣਾ ਚਾਹੁੰਦੀ ਹੋਵੇ। ਫਿਰ ਮਨ ਹੀ ਮਨ ਵਿਜੈ ਦੇ ਨੈਣ-ਨਕਸ਼ ਘੜਨ ਲੱਗੀ ਤੇ ਮਨ ਹੀ ਮਨ ਵਿਜੈ ਨਾਲ ਇੰਡੀਆ ਬਾਰੇ ਗੱਲਾਂ ਕਰਨ ਲੱਗੀ।

ਬਾਅਦ ਦੁਪਹਿਰ ਚਾਰ ਵਜੇ ਦੇ ਕਰੀਬ ਵਿਜੈ ਦੀ ਨੀਂਦ ਖੁੱਲ੍ਹੀ। ਮੂੰਹ-ਹੱਥ ਧੋਤਾ, ਕੱਪੜੇ ਬਦਲੇ, ਕਮਰਾ ਬੰਦ ਕੀਤਾ ਤੇ ਉਹ ਹੇਠਾਂ ਲਾਬੀ ਵਿੱਚ ਆ ਗਿਆ। ਏਧਰ-ਓਧਰ ਵੇਖਦਾ ਉਹ ਹੌਲੀ-ਹੌਲੀ ਕਾਊਂਟਰ ਵੱਲ ਵਧ ਰਿਹਾ ਸੀ। ਵਿਜੈ ਜਿਉਂ ਹੀ ਲਾਬੀ ਵਿੱਚ ਦਾਖ਼ਲ ਹੋਇਆ ਤਾਂ ਮੈਰੀ ਦੀ ਨਜ਼ਰ ਉਸ 'ਤੇ ਪਈ। ਸ਼ਕਲ, ਸੂਰਤ ਰੰਗ ਤੋਂ ਉਹ ਅੰਦਾਜ਼ਾ ਲਾਉਣ ਲੱਗੀ, "ਬੰਦਾ ਤਾਂ ਇੰਡੀਅਨ ਹੀ ਲੱਗਦੈ।" ਉੱਪਰ ਤੋਂ ਹੇਠਾਂ ਤੱਕ ਨਜ਼ਰਾਂ ਘੁੰਮਾ-ਘੁੰਮਾ ਵੇਖ ਰਹੀ ਮੈਰੀ ਨੂੰ ਯਕੀਨ ਹੋਣ ਲੱਗਾ ਕਿ ਇਹੀ ਮਿਸਟਰ ਵਿਜੈ ਹੈ। ਉਹ ਗੋਰਿਆਂ ਵਰਗਾ ਸੋਹਣਾ ਤਾਂ ਨਹੀਂ ਸੀ ਪਰ ਨੈਣ-ਨਕਸ਼, ਕੱਦ-ਕਾਠ, ਚਿਹਰੇ ਦਾ ਸਾਫ਼ ਰੰਗ, ਚਮਕਦੀਆਂ ਅੱਖਾਂ, ਵੇਖਣ ਵਾਲੇ ਨੂੰ ਖਿੱਚ ਪਾਉਂਦੀਆਂ ਸਨ।

ਕਾਊਂਟਰ ਦੇ ਨਜ਼ਦੀਕ ਆਉਣ 'ਤੇ ਵਿਜੈ ਤੇ ਮੈਰੀ ਦੀਆਂ ਨਜ਼ਰਾਂ ਇੱਕ ਦੂਜੇ ਨਾਲ ਟਕਰਾਈਆਂ। ਵਿਜੈ ਨੂੰ ਚੰਗਾ-ਚੰਗਾ ਲੱਗਿਆ। ਉਸੇ ਤਰ੍ਹਾਂ ਦੇਖਦੇ, 'ਹੈਲੋ' ਕਹਿ ਵਿਜੈ ਨੇ ਚਾਬੀ ਜਮ੍ਹਾਂ ਕਰਵਾਉਣ ਦੇ ਮਕਸਦ ਨਾਲ ਆਪਣਾ ਸੱਜਾ ਹੱਥ ਅੱਗੇ ਵਧਾਇਆ।

ਚਿਹਰੇ 'ਤੇ ਮੁਸਕਰਾਹਟ ਲਿਆਉਂਦਿਆਂ ਮੈਰੀ ਨੇ ਚਾਬੀ ਫੜੀ ਤੇ ਰੂਮ ਨੰ. 102 ਪੜ੍ਹਿਆ। ਰੂਮ ਨੰਬਰ ਪੜ੍ਹਦੇ ਸਾਰ ਮੈਰੀ ਦੇ ਦਿਲ ਵਿੱਚ ਘੰਟੀਆਂ ਖੜਕਣ ਲੱਗੀਆਂ। ਚਿਹਰੇ ਦੇ ਹਾਵ-ਭਾਵ ਬਦਲੇ। ਚਾਬੀ ਨੂੰ ਡਰਾਇਰ 'ਚ ਸੰਭਾਲਿਆ ਤੇ ਫਿਰ ਬੜੀ ਪਿਆਰੀ ਆਵਾਜ਼ ਵਿੱਚ ਬੋਲੀ, "ਮਿਸਟਰ ਵਿਜੈ, ਤੁਸੀਂ ਇੰਡੀਆ ਤੋਂ ਆਏ ਹੋ। ਤੁਸੀਂ ਸਾਡੇ ਮਹਿਮਾਨ ਹੋ। ਕੋਈ ਤਕਲੀਫ਼ ਹੋਵੇ ਤਾਂ ਦੱਸਣਾ।"

'ਵਾਹ! ਯਾਰ ਆਪਾਂ ਤਾਂ ਇੱਥੇ ਹਰ ਇੱਕ ਦੇ ਹੀ ਮਹਿਮਾਨ ਹਾਂ। ਚਾਰ-ਪੰਜ ਦਿਨ ਕੀ ਜਹਾਜ਼ ਦਸ ਦਿਨ ਨਾ ਆਵੇ, ਹੋਰ ਵੀ ਚੰਗਾ।' ਕੁੜੀ ਦੇ ਮੂੰਹੋਂ ਆਪਣਾ ਨਾਮ ਸੁਣ ਉਸਨੂੰ ਖ਼ੁਸ਼ੀ ਹੋਈ ਤੇ ਹੈਰਾਨੀ ਵੀ। ਉਸਨੇ ਜੀਅ ਭਰ ਕੇ ਉਸ ਵੱਲ ਦੇਖਿਆ। ਗੋਰਾ-ਗੋਰਾ ਰੰਗ, ਚਮਕਦਾ ਚਿਹਰਾ, ਹਲਕਾ ਜਿਹਾ ਮੇਕ-ਅੱਪ, ਤਿੱਖੇ ਨੈਣ-ਨਕਸ਼, ਤਰਾਸ਼ਿਆ ਬਦਨ, ਸੁੰਦਰ ਵਾਲ ਤੇ ਪਰਫੈਕਟ ਡਰੈੱਸ ਪਹਿਨੀ ਖੜ੍ਹੀ ਉਹ ਤਾਂ ਸਾਰੀ ਦੀ ਸਾਰੀ ਹੀ ਵਿਜੈ ਦੇ ਮਨ 'ਚ ਲਹਿ ਗਈ। ਉਸ 'ਤੇ ਐਸਾ ਜਾਦੂ ਹੋਇਆ ਕਿ ਉਹ ਉਸ ਵੱਲ ਦੇਖਦਾ ਹੀ ਰਹਿ ਗਿਆ।

ਵਿਜੈ ਨੂੰ ਇਸ ਤਰ੍ਹਾਂ ਖੜ੍ਹਾ ਵੇਖ ਮੈਰੀ ਮਨ ਹੀ ਮਨ ਖੁਸ਼ ਹੋਈ।

"ਮਿਸਟਰ ਵਿਜੈ, ਐਨੀ ਪਰਾਬਲਮ? ਕੀ ਮੈਂ ਕੋਈ ਮੱਦਦ ਕਰ ਸਕਦੀ ਹਾਂ।" ਬੜੇ ਸਲੀਕੇ ਨਾਲ ਉਸ ਪੁੱਛਿਆ।

"ਓ ਨੋ, ਨੋ ਪਰਾਬਲਮ, ਥੈਂਕਸ। ਉਹ ਇਕਦਮ ਪਰਤਿਆ ਪਰ ਦਿਲ ਦੀ ਧੜਕਣ ਕਹਿ ਰਹੀ ਸੀ ਕੁਛ ਹੋ ਚੁੱਕਾ ਹੈ।

"ਮਿਸ ਕੀ ਮੈਂ ਤੁਹਾਡਾ ਨਾਮ ਜਾਣ ਸਕਦਾ ਹਾਂ?" ਉਹ ਕਾਊਂਟਰ ਦੇ ਨਜ਼ਦੀਕ ਹੋ ਕੇ ਮੱਠੀ ਜਿਹੀ ਆਵਾਜ਼ 'ਚ ਬੋਲਿਆ।

"ਯੈਂਸ, ਮੇਰਾ ਨਾਮ ਮੈਰੀ ਹੈ। ਉਹ ਮੁਸਕਰਾਈ ਤੇ ਥੋੜ੍ਹਾ ਚੁੱਪ ਰਹਿਣ ਦਾ ਨਾਟਕ ਜਿਹਾ ਕੀਤਾ।

"ਬਹੁਤ ਛੋਟਾ ਹੈ ਨਾ।" ਨਖ਼ਰਾ ਜਿਹਾ ਕਰਕੇ ਫਿਰ ਬੋਲ ਪਈ।

"ਹਾਂ, ਛੋਟਾ ਹੈ ਪਰ ਬਹੁਤ ਪਿਆਰਾ ਹੈ।" ਵਿਜੈ ਜੋ ਲਗਾਤਾਰ ਉਸ ਵੱਲ ਦੇਖ ਰਿਹਾ ਸੀ, ਮੁਸਕਰਾਇਆ।

"ਪਿਆਰਾ ਹੈ, ਰੀਅਲੀ! ਓ ਬੈਂਕਸ।" ਮੈਰੀ ਦੇ ਚਿਹਰੇ 'ਤੇ ਖੁਸ਼ੀ ਸਾਫ਼-ਸਾਫ਼ ਝਲਕਣ ਲੱਗੀ।

"ਨਾਮ ਵੀ ਬੜਾ ਪਿਆਰਾ ਹੈ ਤੇ ਤੂੰ ਵੀ ਬਹੁਤ ਪਿਆਰੀ ਲੱਗ ਰਹੀ ਹੈਂ।" ਵਿਜੈ ਹੋਰ ਉਤਸ਼ਾਹਤ ਹੋ ਕੇ ਬੋਲਿਆ।

"ਯੂ ਆਰ ਵੈਰੀ ਕਿਊਟ ਮਿਸਟਰ ਵਿਜੈ।" ਉਹ ਖੁੱਲ੍ਹ ਕੇ ਮੁਸਕਰਾਈ ਤੇ ਨਾਲ ਅੱਖਾਂ ਵੀ ਮਟਕਾਈਆਂ।

"ਮਿਸਟਰ ਵਿਜੈ ਮੈਨੂੰ ਇੰਡੀਆ ਅਤੇ ਇਸਦੇ ਲੋਕ ਬੜੇ ਚੰਗੇ ਲਗਦੇ ਹਨ। ਮੈਂ ਇੰਡੀਆ ਬਾਰੇ ਬਹੁਤ ਕੁੱਝ ਜਾਨਣਾ ਚਾਹੁੰਦੀ ਹਾਂ।"

"ਸਵੇਰੇ ਤਾਂ ਤੂੰ ਏਥੇ ਨਹੀਂ ਸੀ?"- ਵਿਜੈ ਨੇ ਇੱਕਦਮ ਗੱਲ ਪਲਟ ਦਿੱਤੀ। 'ਡਰ ਹੋਇਆ ਕਿਤੇ ਇੰਡੀਆ ਬਾਰੇ ਕੋਈ ਐਸੀ ਗੱਲ ਨਾ ਪੁੱਛ ਲਵੇ, ਜਿਸਦਾ ਮੇਰੇ ਕੋਲ ਜਵਾਬ ਨਾ ਹੋਵੇ। ਇੰਡੀਆ ਤਾਂ ਦੂਰ, ਉਸਨੂੰ ਤਾਂ ਪੰਜਾਬ ਜਾਂ ਇਸਦੇ ਇਤਿਹਾਸ ਬਾਰੇ ਵੀ ਪੂਰਨ ਜਾਣਕਾਰੀ ਨਹੀਂ। ਉਸਨੇ ਤਾਂ ਸਿਰਫ਼ ਸਿਲੇਬਸ ਵਾਲੀ ਕਿਤਾਬੀ ਪੜ੍ਹਾਈ ਪੜ੍ਹੀ ਸੀ। ਬਈ ਚੰਗੇ ਨੰਬਰ ਆ ਜਾਣ ਤੇ ਕੋਈ ਨੌਕਰੀ ਮਿਲ ਜਾਵੇ। ਚੰਗੀ ਕਿਸਮਤ, ਜਹਾਜ਼ਾਂ ਦੀ ਨੌਕਰੀ ਮਿਲ ਗਈ ਤੇ ਡਾਲਰਾਂ ਵਿੱਚ ਤਨਖਾਹ ਮਿਲਣ ਲੱਗ ਪਈ। ਆਪਣੇ ਆਪ ਨੂੰ ਹੋਰ ਖੱਬੀ-ਖਾਨ ਸਮਝਣ ਲੱਗ ਪਏ। ਬਥੇਰੇ ਮੇਰੇ ਸਾਥੀ ਵਿਚਾਰੇ ਅਜੇ ਤੱਕ ਵਿਹਲੇ ਧੱਕੇ ਖਾਂਦੇ ਫਿਰਦੇ ਨੇ। ਘੁੰਮਣਾ-ਫਿਰਨਾ ਗੋਰੇ ਲੋਕਾਂ ਦੇ ਸ਼ੌਂਕ ਹਨ। ਇਹ ਲੋਕ ਇੰਡੀਆ ਬਾਰੇ ਬਹੁਤ ਦਿਲਚਸਪੀ ਰੱਖਦੇ ਹਨ। ਕਈ ਵਾਰ ਇਹ ਸਾਡੇ ਨਾਲੋਂ ਵੀ ਵੱਧ ਜਾਣਕਾਰੀ ਰੱਖਦੇ ਹਨ।’ ਮਨ ਹੀ ਮਨ ਉਹ ਬਹੁਤ ਕੁੱਝ ਸੋਚ ਗਿਆ।

“ਅਸੀਂ ਦੋਵੇਂ ਈਵਨਿੰਗ ਸ਼ਿਫਟ ਲਈ ਡਿਉਟੀ ’ਤੇ ਹਾਂ। ਸ਼ਾਮ ਤਿੰਨ ਵਜੇ ਤੋਂ ਰਾਤ ਗਿਆਰਾਂ ਵਜੇ ਤੱਕ। ਸਵੇਰ ਦੀ ਸ਼ਿਫਟ ਨੇ ਦੱਸਿਆ ਸੀ, ਰੂਮ ਨੰਬਰ 102 ਵਿੱਚ ਇੰਡੀਆ ਤੋਂ ਨਵੇਂ ਗੈਸਟ ਨੇ ਚੈੱਕ-ਇਨ ਕੀਤਾ ਹੈ।” ਮੈਰੀ ਨੇ ਵਿਜੈ ਦੀ ਗੱਲ ਦਾ ਸਹਿਜ ਨਾਲ ਜਵਾਬ ਦਿੱਤਾ।

“ਖ਼ੂਬ, ਬਹੁਤ ਖ਼ੂਬ। ਇਸੇ ਲਈ ਮੇਰਾ ਨਾਮ ਯਾਦ ਹੈ। ਓ.ਕੇ. ਮੈਰੀ, ਬਾਏ, ਸੀ ਯੂ।” ਐਨਾ ਕਹਿੰਦਾ ਵਿਜੈ ਹੋਟਲ ਦੇ ਬਾਹਰਲੇ ਗੇਟ ਵੱਲ ਚੱਲ ਪਿਆ। ਇੰਡੀਆ ਬਾਰੇ ਕਿਸੇ ਵੀ ਗੱਲ ਤੋਂ ਉਹ ਬਚਣਾ ਚਾਹੁੰਦਾ ਸੀ।

ਉਸਨੇ ਟੈਕਸੀ ਫੜੀ ਤੇ ਬੀਚ ਵੱਲ ਨਿਕਲ ਪਿਆ। ਰਾਹ ’ਚ ਜਾਂਦਿਆਂ ਸੋਚ ਰਿਹਾ ਸੀ, ‘ਯਾਰ ਬੜੀਆਂ ਗੱਲਾਂ ਮਾਰਦੀ ਐ। ਹੈ ਵੀ ਸੋਹਣੀ, ਗੋਰੀ-ਗੋਰੀ। ਟਾਇਮ ਪਾਸ ਕਰਨ ਲਈ ਠੀਕ ਹੈ। ਥੋੜ੍ਹੀ ਹੋਰ ਖੁੱਲ੍ਹ ਗਈ ਤਾਂ ਚਾਰ-ਪੰਜ ਦਿਨ ਵਧੀਆ ਲੰਘ ਜਾਣਗੇ ਪਰ ਆਹ ਜਾਣਕਾਰੀ ਵਾਲਾ ਪੰਗੈ, ਚਲੋ ਦੇਖਦੇ ਹਾਂ ਇਹ ਵੀ।’ ਮਨ ਅੰਦਰ ਬੈਠਾ ਸ਼ੈਤਾਨ ਉਸਲਵੱਟੇ ਲੈਣ ਲੱਗਾ।

ਸਮੁੰਦਰ ਕਿਨਾਰੇ ਬੈਠਣਾ, ਗਿੱਲੀ ਰੇਤ ਉੱਪਰ ਘੁੰਮਣਾ, ਆ ਰਹੀਆਂ ਲਹਿਰਾਂ ਨੂੰ ਦੇਖਣਾ, ਵਿਜੈ ਨੂੰ ਇਹ ਸ਼ੌਕ ਜਹਾਜ਼ੀ ਨੌਕਰੀ ’ਚ ਆਉਣ ਤੋਂ ਬਾਅਦ ਪੈਦਾ ਹੋਇਆ ਸੀ। ਬੀਚ ਦਾ ਵੱਖਰਾ ਹੀ ਨਜ਼ਾਰਾ ਹੁੰਦੈ। ਹਰ ਉਮਰ ਦੇ ਲੋਕ ਤੇ ਬੜੀ ਹੀ ਚਹਿਲ-ਪਹਿਲ। ਕੌਣ ਕੀ ਕਰ ਰਿਹੈ, ਕਿਸੇ ਨੂੰ ਕੋਈ ਮਤਲਬ ਨੀ। ਸਭ ਆਪਣੇ ਆਪ ’ਚ ਮਸਤ। ਏਥੋਂ ਦੇ ਫਾਸਟ-ਫੂਡ ਪਕਵਾਨਾਂ ਦੀ ਵੱਖਰੀ ਹੀ ਖ਼ੂਬੀ ਤੇ ਵੱਖਰਾ ਹੀ ਸੁਆਦ ਹੁੰਦੈ।

ਉਹ ਬੀਚ ’ਤੇ ਘੁੰਮਣ ਲੱਗਾ। ਕੁੱਝ ਚਿਰ ਬਾਅਦ ਉਸਨੇ ਮਹਿਸੂਸ ਕੀਤਾ, ਉਹ ਬੀਚ ’ਤੇ ਹੋ ਕੇ ਵੀ ਬੀਚ ’ਤੇ ਨਹੀਂ। ਉਸਦਾ ਮਨ ਵਾਰ-ਵਾਰ ਹੋਟਲ ’ਚ ਜਾ ਰਿਹਾ ਸੀ। ਹਰ ਵਾਰ ਮੈਰੀ ਦੀ ਸ਼ਕਲ ਅੱਖਾਂ ਸਾਹਮਣੇ ਆ ਰਹੀ ਸੀ। ਭਰਿਆ ਬੀਚ ਸੁਨਾ-ਸੁੰਨਾ ਲੱਗ ਰਿਹਾ ਸੀ।

ਮੂਡ ਸੈੱਟ ਕਰਨ ਲਈ ਉਸਨੇ ਬੀਅਰ ਦਾ ਕੇਨ ਲਿਆ। ਇੱਕ ਪਾਸੇ ਕਿਨਾਰੇ ਬੈਠ ਬੀਅਰ ਦੀਆਂ ਚੁਸਕੀਆਂ ਭਰਨ ਲੱਗਾ। ਉਹ ਸਮੁੰਦਰ ਵੱਲ ਦੇਖ ਰਿਹਾ ਸੀ। ਪਾਣੀ ਦੀ ਕੋਈ ਲਹਿਰ ਕਿਨਾਰੇ ਤੱਕ ਆਉਂਦੀ ਤੇ ਰੇਤ ’ਚ ਸਮਾ ਜਾਂਦੀ। ਹੌਲੀ-ਹੌਲੀ ਉਸਨੂੰ ਕੋਈ ਭੁਲੇਖਾ ਜਿਹਾ ਪੈਣ ਲੱਗਾ। ਜਿਵੇਂ ਲਹਿਰ ਨਾ ਹੋ ਕੇ, ਕੋਈ ਸ਼ਖ਼ਸ ਕਿਨਾਰੇ ਵੱਲ ਤੁਰਿਆ ਆ ਰਿਹਾ ਹੋਵੇ। ‘ਹੈਂਅ! ਇਹ ਤਾਂ ਮੈਰੀ ਹੈ।’ ਉਸਨੇ ਸਿਰ ਝਟਕਿਆ। ‘ਕੀ ਇਹ ਬੀਅਰ ਦਾ ਅਸਰ ਹੈ। ਨਹੀਂ, ਬਿਲਕੁਲ ਨਹੀਂ।’ ਉਹ ਹੋਰ ਪ੍ਰੇਸ਼ਾਨ ਹੋ ਗਿਆ। ਬੈਠਣਾ ਮੁਸ਼ਕਿਲ ਹੋ ਗਿਆ। ਝੱਟ ਕੇਨ ਖ਼ਤਮ ਕੀਤਾ ਤੇ ਉਹ ਹੋਟਲ ਲਈ ਵਾਪਸ ਮੁੜ ਪਿਆ। ਲਾਬੀ 'ਚ ਪਹੁੰਚਦੇ ਹੀ ਮੈਰੀ ਨੂੰ ਦੇਖ ਉਸਨੂੰ ਕੋਈ ਸਕੂਨ ਮਿਲਿਆ। ਕੁੱਝ ਚਿਰ ਬੜੀ ਹੀ ਰੀਝ ਭਰੀਆਂ ਨਿਗਾਹਾਂ ਨਾਲ ਮੈਰੀ ਨੂੰ ਦੇਖਦਾ ਰਿਹਾ। ਫਿਰ ਕਾਊਂਟਰ ਵੱਲ ਚੱਲ ਪਿਆ ਤੇ ਨਜ਼ਦੀਕ ਜਾ ਕੇ ਕਮਰੇ ਦੀ ਚਾਬੀ ਮੰਗੀ।

"ਕੀ ਸ਼ਾਪਿੰਗ ਕੀਤੀ ਮਿਸਟਰ ਵਿਜੈ।" ਡਰਾਇਰ ’ਚੋਂ ਚਾਬੀ ਕੱਢਦਿਆਂ ਮੈਰੀ ਨੇ ਪੁੱਛਿਆ।

"ਮੈਂ ਤਾਂ ਸਿਰਫ਼ ਘੁੰਮਣ ਲਈ ਹੀ ਗਿਆ ਸੀ।"

"ਓ, ਕਿੱਥੇ ਘੁੰਮ ਕੇ ਆਏ, ਏਥੇ ਘੁੰਮਣ ਲਈ ਬਹੁਤ ਸੁੰਦਰ ਥਾਵਾਂ ਹਨ।" ਮੈਰੀ ਨੇ ਫਿਰ ਸਵਾਲ ਕੀਤਾ।

"ਬੀਚ ਉੱਪਰ ਗਿਆ ਸੀ।" ਉਸ ਛੋਟਾ ਜਵਾਬ ਦਿੱਤਾ।

"ਵੋਹ, ਉੱਥੇ ਤਾਂ ਬਹੁਤ ਰੌਣਕ ਹੁੰਦੀ ਹੈ, ਫਿਰ ਤਾਂ ਖ਼ੂਬ ਮਜ਼ਾ ਕੀਤਾ ਹੋਵੇਗਾ।" ਮੈਰੀ ਨੇ ਚਹਿਕ ਕੇ ਪੁੱਛਿਆ।

"ਨਹੀਂ। ਮਨ ਨਹੀਂ ਲੱਗਾ, ਥੋੜ੍ਹਾ ਘੁੰਮ ਕੇ ਹੀ ਵਾਪਸ ਆ ਗਿਆ।

"ਹੈਂਅ! ਬੀਚ ਉੱਪਰ ਮਨ ਨਹੀਂ ਲੱਗਾ, ਇਹ ਕਿਵੇਂ ਹੋ ਸਕਦਾ ਹੈ?" ਮੈਰੀ ਹੈਰਾਨ ਹੋਈ।

"ਪਤਾ ਨਹੀਂ ਪਰ ਅੱਜ ਮੇਰੇ ਨਾਲ ਕੁੱਝ ਐਸਾ ਹੀ ਹੋਇਆ।"

"ਇਹ ਤਾਂ ਬੜੀ ਮਸ਼ਹੂਰ ਬੀਚ ਹੈ, ਦੂਰ-ਦੂਰ ਤੋਂ ਲੋਕ ਘੁੰਮਣ ਆਉਂਦੇ ਹਨ।" ਮੈਰੀ ਗੱਲਬਾਤ ਜਾਰੀ ਰੱਖਣਾ ਚਾਹੁੰਦੀ ਸੀ ਜਾਂ ਆਪਣੇ ਸ਼ਹਿਰ ਦੀ ਮਹੱਤਤਾ ਦਰਸਾਉਣਾ ਚਾਹੁੰਦੀ ਸੀ, ਇਹ ਸਪੱਸ਼ਟ ਨਹੀਂ ਪਰ ਉਹ ਸਵਾਲ 'ਤੇ ਸਵਾਲ ਕਰੀ ਜਾ ਰਹੀ ਸੀ।

"ਸ਼ਾਇਦ ਮੇਰਾ ਮਨ ਪਿੱਛੇ ਹੋਟਲ 'ਚ ਰਹਿ ਗਿਆ, ਇਸ ਲਈ ਜਲਦੀ ਵਾਪਸ ਆ ਗਿਆ।" ਵਿਜੈ ਨੇ ਜੁਆਬ ਦਿੱਤਾ।

"ਕੀ, ਕੋਈ ਖ਼ਾਸ ਚੀਜ਼ ਇੱਥੇ ਭੁੱਲ ਗਏ?" ਮੈਰੀ ਕੁੱਝ ਉਲਝੀ।

"ਨਹੀਂ, ਭੁੱਲਿਆ ਕੁੱਝ ਨਹੀਂ, ਬੱਸ ਕਿਸੇ ਨੇ ਮੇਰਾ ਮਨ ਕਾਬੂ ਕਰ ਲਿਆ ਤੇ ਆਪਣੇ ਕੋਲ ਰੱਖ ਲਿਆ।"

"ਬੜੇ ਦਿਲਚਸਪ ਆਦਮੀ ਹੋ। ਜਿਸ ਕੋਲ ਮਨ ਰਹਿ ਗਿਆ ਸੀ, ਉਸਨੂੰ ਨਾਲ ਹੀ ਲੈ ਜਾਂਦੇ।"

"ਜੇ ਮੈਂ ਤੁਹਾਨੂੰ ਨਾਲ ਚੱਲਣ ਲਈ ਕਹਿੰਦਾ, ਕੀ ਤੁਸੀਂ ਮੇਰੇ ਨਾਲ ਘੁੰਮਣ ਚੱਲ ਪੈਂਦੇ?"

"ਵੱਟ! ਆਰ ਯੂ ਕਰੇਜ਼ੀ ਮਿਸਟਰ ਵਿਜੈ।" ਮੈਰੀ ਇਕਦਮ ਚੌਂਕੀ। ਸੁਣ ਕੇ ਹੈਰਾਨ ਹੋ ਗਈ। ਉਸਦੇ ਚਿਹਰੇ 'ਤੇ ਪ੍ਰੇਸ਼ਾਨੀ ਸਾਫ਼ ਵੇਖੀ ਜਾ ਸਕਦੀ ਸੀ। ਵਿਜੈ ਅਚਾਨਕ ਇਸ ਤਰ੍ਹਾਂ ਦੀ ਗੱਲ ਕਰੇਗਾ, ਉਹ ਸੋਚ ਹੀ ਨਹੀਂ ਸੀ ਸਕਦੀ। “ਯੈਸ ਮੈਰੀ, ਮੈਂ ਠੀਕ ਕਹਿੰਦਾ ਹਾਂ। ਜਦ ਮੈਂ ਬੀਚ 'ਤੇ ਪਹੁੰਚਿਆ, ਤਦ ਮੈਨੂੰ ਅਹਿਸਾਸ ਹੋਇਆ ਕਿ ਮੇਰਾ ਮਨ ਤਾਂ ਮੇਰੇ ਪਾਸ ਹੈ ਹੀ ਨਹੀਂ। ਕਿੱਧਰ ਗੁਆਚ ਗਿਆ। ਧਿਆਨ ਕੀਤਾ, ਉਹ ਤੇਰੇ ਕੋਲ ਹੀ ਰੁਕ ਗਿਆ। ਮੇਰੇ ਨਾਲ ਗਿਆ ਹੀ ਨਹੀਂ।” ਵਿਜੈ ਨੇ ਸਿੱਧੀ ਤੇ ਸਪੱਸ਼ਟ ਗੱਲ ਕੀਤੀ। ਘੁੰਮਾ-ਫਿਰਾ ਕੇ ਗੱਲ ਕਰਨਾ ਨਾ ਉਸਦਾ ਇਰਾਦਾ ਸੀ ਤੇ ਨਾ ਹੀ ਉਸ ਕੋਸ਼ਿਸ਼ ਕੀਤੀ।

ਮੈਰੀ ਦਾ ਚਿਹਰਾ ਗੰਭੀਰ ਸੀ। ਗੋਰੇ ਕਲਚਰ ਵਿੱਚ ਪਲੀ ਉਹ ਇੱਕ ਸਮਝਦਾਰ ਲੜਕੀ ਸੀ। ਏਥੇ ਪਹਿਲਾਂ ਜਾਣ-ਪਹਿਚਾਣ ਹੁੰਦੀ ਹੈ, ਫਿਰ ਮੁਲਾਕਾਤਾਂ ਦਾ ਸਿਲਸਿਲਾ, ਫਿਰ ਡੇਟ 'ਤੇ ਜਾਣਾ ਤੇ ਫਿਰ ਪਿਆਰ ਦਾ ਇਜ਼ਹਾਰ ਪਰ ਆਹ ਕੀ, ਉਹ ਸੋਚ ਰਹੀ ਸੀ, ਕਿਸ ਤਰ੍ਹਾਂ ਦਾ ਇਨਸਾਨ ਹੈ। ਇਸ ਸਭ ਕੁੱਝ ਦੇ ਬਾਵਜੂਦ ਵੀ ਮੈਰੀ ਅੰਦਰ ਕੋਈ ਕਸ਼ਿਸ਼ ਸੀ ਤੇ ਉਸਨੂੰ ਇਹ ਸਭ ਦਿਲਚਸਪ ਲੱਗ ਰਿਹਾ ਸੀ। ਸ਼ਾਇਦ ਵਿਜੈ ਦੀ ਸਾਦਗੀ ਉਸਨੂੰ ਚੰਗੀ ਲੱਗੀ ਸੀ, ਜਿਸ ਚ ਕੁੱਝ ਵੀ ਬਨਾਵਟੀ ਨਹੀਂ ਸੀ।

ਉਹ ਵਿਜੈ ਵੱਲ ਮੁੜੀ ਤੇ ਬੜੇ ਪਿਆਰ ਨਾਲ ਬੋਲੀ, “ਮਿਸਟਰ ਵਿਜੈ, ਮੈਂ ਦੱਸਿਆ ਸੀ ਨਾ ਮੈਨੂੰ ਇੰਡੀਆ ਤੇ ਇਸਦੇ ਲੋਕ ਬੜੇ ਚੰਗੇ ਲੱਗਦੇ ਹਨ। ਇੰਡੀਆ ਬਾਰੇ ਬਹੁਤ ਪੜ੍ਹਿਆ ਹੈ। ਤੁਹਾਥੋਂ ਹੋਰ ਵੀ ਬਹੁਤ ਕੁੱਝ ਜਾਨਣਾ ਚਾਹੁੰਦੀ ਹਾਂ ਪਰ ਅਜੇ ਥੋੜ੍ਹਾ ਕੰਮ ਦਾ ਰੁਝੇਵਾਂ ਹੈ, ਸੋ ਤੁਸੀਂ ਵੀ ਆਰਾਮ ਕਰ ਲਵੋ। ਅਗਰ ਕੋਈ ਇਤਰਾਜ਼ ਨਾ ਹੋਵੇ ਤਾਂ ਆਪਾਂ ਬਾਅਦ 'ਚ ਖੁੱਲ੍ਹ ਕੇ ਗੱਲਾਂ ਕਰ ਸਕਦੇ ਹਾਂ, ਠੀਕ।” ਬੜੀ ਹੀ ਸੰਜੀਦਾ ਸੁਰ ਵਿੱਚ ਉਹ ਬਹੁਤ ਕੁੱਝ ਕਹਿ ਗਈ। ਵੈਸੇ ਵੀ ਹੋਟਲ ਗੈਸਟ ਨੂੰ ਉਹ ਕਿਵੇਂ ਵੀ ਨਾਰਾਜ਼ ਨਹੀਂ ਸੀ ਕਰ ਸਕਦੀ।

"ਠੀਕ, ਬਿਲਕੁਲ ਠੀਕ, ਨੋ ਪਰਾਬਲਮ, ਸੀ ਯੂ ਲੇਟਰ।" ਕਹਿੰਦਾ ਹੋਇਆ ਵਿਜੈ ਆਪਣੇ ਕਮਰੇ ਵਿੱਚ ਚਲਾ ਗਿਆ।

ਬਾਹਰ ਹਨ੍ਹੇਰਾ ਪੈਰ ਪਸਾਰਨ ਲੱਗਾ ਸੀ। ਵਿਜੈ ਦੇ ਮਨ 'ਚ ਅਜੀਬ ਬੇਚੈਨੀ ਸੀ। ਉਹ ਉੱਠਿਆ ਤੇ ਕਮਰੇ ਤੋਂ ਬਾਹਰ ਆ ਗਿਆ। ਰਾਤ ਦੇ ਖਾਣੇ ਲਈ ਨਜ਼ਦੀਕ ਹੀ ਇੱਕ ਰੈਸਟੋਰੈਂਟ ’ਤੇ ਗਿਆ ਤੇ ਖਾਣੇ ਤੋਂ ਬਾਅਦ ਕਾਫ਼ੀ ਦੇਰ ਸੜਕ ਕਿਨਾਰੇ ਟਹਿਲਦਾ ਰਿਹਾ।

‘ਸ਼ਾਮੀਂ ਬੀਚ ਤੋਂ ਆ ਕੇ ਮੈਨੂੰ ਕੀ ਹੋ ਗਿਆ ਸੀ? ਮੈਰੀ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਕਿਉਂ ਕੀਤੀਆਂ? ਇਹ ਤਾਂ ਜ਼ਿਆਦਤੀ ਸੀ। ਠੀਕ ਹੈ ਉਹ ਗੁੱਸੇ ਨਹੀਂ ਹੋਈ ਪਰ ਉਸਨੂੰ ਬੁਰਾ ਤਾਂ ਲੱਗਾ ਹੀ ਹੋਵੇਗਾ।’ ਸੋਚਦਿਆਂ ਤੇ ਸੜਕ ’ਤੇ ਘੁੰਮਦਿਆਂ ਰਾਤ ਦੇ ਦਸ ਵੱਜ ਗਏ। ਉਹ ਹੋਟਲ ’ਚ ਵਾਪਸ ਆਇਆ। ਦੇਖਿਆ ਮੈਰੀ ਬਿਲਕੁਲ ਵਿਹਲੀ ਖੜ੍ਹੀ ਸੀ। ਉਹ ਸਿੱਧਾ ਕਾਊਂਟਰ ’ਤੇ ਗਿਆ।

“ਮੈਰੀ, ਅੱਜ ਸ਼ਾਮੀਂ ਮੈਂ ਜੋ ਕੁਝ ਵੀ ਕਿਹਾ, ਉਸ ਲਈ ਮਾਫ਼ੀ ਮੰਗਦਾ ਹਾਂ। ਸ਼ਾਇਦ ਮੈਂ ਬਹੁਤ ਜ਼ਿਆਦਾ ਬੋਲ ਗਿਆ। ਕਮਰੇ ’ਚ ਜਾ ਕੇ ਪ੍ਰੇਸ਼ਾਨ ਰਿਹਾ ਤੇ ਹੁਣ ਵੀ ਹਾਂ ਪਰ ਇਹ ਵੀ ਸੱਚ ਹੈ ਕਿ ਜਦ ਤੋਂ ਤੈਨੂੰ ਦੇਖਿਐ, ਤੇਰੇ ਬਾਰੇ ਹੀ ਸੋਚੀ ਜਾ ਰਿਹਾਂ। ਹੋਰ ਕੁਝ ਸੁੱਝ ਹੀ ਨਹੀਂ ਰਿਹਾ।” ਬਿਨਾਂ ਰੁਕੇ ਇੱਕੋ ਸਾਹੇ ਉਸਨੇ ਸਾਰੀ ਗੱਲ ਕਹਿ ਦਿੱਤੀ।

ਮੈਰੀ ਨੇ ਗੌਰ ਨਾਲ ਵਿਜੈ ਦੀਆਂ ਅੱਖਾਂ ’ਚ ਅੱਖਾਂ ਪਾ ਕੇ ਦੇਖਿਆ। ਉਸਦੇ ਚਿਹਰੇ ਨੂੰ ਪੜ੍ਹਨ ਦੀ ਕੋਸ਼ਿਸ਼ ਕੀਤੀ। ਦੇਖਦੀ ਹੀ ਰਹੀ। ਵਿਜੈ ਦੇ ਚਿਹਰੇ ’ਤੇ ਸਾਦਗੀ ਸੀ। ਨਜ਼ਰਾਂ ਵਿੱਚ ਮੋਹ ਸੀ। ਉਹ ਥੋੜ੍ਹਾ ਮੁਸਕਰਾਈ ਤੇ ਵਿਜੈ ਨੂੰ ਪੁੱਛਿਆ, “ਕੀ ਤੁਹਾਡੀ ਸ਼ਾਦੀ ਹੋ ਚੁੱਕੀ ਹੈ?”

“ਨਹੀਂ।” ਵਿਜੈ ਨੇ ਝੱਟ ਹੀ ਜੁਆਬ ਦਿੱਤਾ। ਵਿਜੈ ਨੇ ਝੂਠ ਬੋਲਿਆ। ਉਸਨੇ “ਨਹੀਂ।” ਕਹਿ ਤਾਂ ਦਿੱਤਾ ਪਰ ਨਾਲ ਹੀ ਸੋਚਿਆ ‘ਪਤੰਦਰਾ ਹੁਣੇ ਤਾਂ ਸ਼ਾਦੀ ਕਰਵਾ ਕੇ ਆਇਐਂ।’

ਇੱਕ ਵਾਰ ਮਨ ’ਚ ਆਇਆ, ‘ਉਸਨੇ ਝੂਠ ਬੋਲ ਕੇ ਠੀਕ ਨਹੀਂ ਕੀਤਾ।’ ਪਰ ਅੰਦਰਲੇ ਸ਼ੈਤਾਨ ਨੇ ਝੱਟ ਅੰਗੜਾਈ ਲਈ ਤੇ ਮਨ ਹਰਾਮੀ ਹੋ ਗਿਆ। ‘ਛੱਡ ਪਰੇ ਐਵੇਂ ਨੀ ਬਾਹਲਾ ਸੋਚੀਦਾ। ਹੁਣ ਪਲਟਣਾ ਠੀਕ ਨੀ। ਇਹ ਗੋਰੀ ਨੂੰ ਕੀ ਫ਼ਰਕ ਪੈਂਦੈ। ਸਭ ਚਲਦੈ, ਲੈ ਨਜ਼ਾਰੇ।’ ਫੇਰ ਗੱਲਾਂ ਕਰਦੇ-ਕਰਦੇ ਰਾਤ ਦੇ ਗਿਆਰਾਂ ਵੱਜ ਗਏ। ਮੈਰੀ ਦੀ ਸ਼ਿਫਟ ਖ਼ਤਮ ਹੋ ਰਹੀ ਸੀ। ਵਿਜੈ ਦਾ ਮਨ ਪੂਰਾ ਸ਼ਾਂਤ ਸੀ ਤੇ ਖ਼ੁਸ਼ ਵੀ।

ਉਸਨੂੰ ਪਤਾ ਹੀ ਨਾ ਲੱਗਾ ਕਦੋਂ ਉਹ ਕਮਰੇ ’ਚ ਗਿਆ ਤੇ ਸੌਂ ਗਿਆ। ਜਦੋਂ ਜਾਗ ਆਈ ਤਾਂ ਦਿਨ ਪੂਰਾ ਚੜ੍ਹ ਚੁੱਕਾ ਸੀ।

ਦੁਪਹਿਰ ਦਾ ਖਾਣਾ ਲੈਣ ਤੋਂ ਬਾਅਦ ਜਦ ਉਹ ਲਾਬੀ ’ਚ ਗਿਆ ਤਾਂ ਮੈਰੀ ਡਿਊਟੀ ’ਤੇ ਆ ਚੁੱਕੀ ਸੀ। ਅੱਜ ਉਹ ਹੋਰ ਵੀ ਸੋਹਣੀ ਲੱਗ ਰਹੀ ਸੀ। ਵਿਜੈ ਨੂੰ ਵੇਖ ਉਹ ਮੁਸਕਰਾਈ, “ਹੈਲੋ ਮਿਸਟਰ ਵਿਜੈ।”

ਵਿਜੈ ਨੂੰ ਖ਼ੁਸ਼ੀ ਹੋਈ ਤੇ ਯਕੀਨ ਹੋ ਗਿਆ ਕਿ ਮੈਰੀ ਦੇ ਮਨ ’ਚ ਕੱਲ੍ਹ ਵਾਲੀਆਂ ਗੱਲਾਂ ਦਾ ਕੋਈ ਸ਼ਿਕਵਾ ਨਹੀਂ, ਸਗੋਂ ਉਹ ਤਾਂ ਹੋਰ ਗੱਲਾਂ ਕਰਨਾ ਚਾਹੁੰਦੀ ਹੈ। ਉਹ ਨਜ਼ਦੀਕ ਚਲਾ ਗਿਆ ਤੇ ਗੱਲਾਂ ਕਰਨ ਲੱਗ ਪਏ। ਕੁੱਝ ਚਿਰ ਬਾਅਦ ਹੀ ਉਹ ਤਾਂ ਇੰਝ ਗੱਲਾਂ ਕਰ ਰਹੇ ਸੀ, ਜਿਵੇਂ ਚਿਰਾਂ ਤੋਂ ਇੱਕ-ਦੂਜੇ ਨੂੰ ਜਾਣਦੇ ਹੋਣ। ਮੈਰੀ ਆਪਣਾ ਕੰਮ ਵੀ ਕਰਦੀ ਰਹੀ ਤੇ ਗੱਲਾਂ ਵੀ ਕਰਦੀ ਰਹੀ। ਉਹ ਪਿਆਰ, ਸੈਕਸ, ਸ਼ਾਦੀ, ਘਰ-ਪਰਿਵਾਰ, ਅਧਿਆਤਮ, ਹਰੇਕ ਵਿਸ਼ੇ ’ਤੇ ਖੁੱਲ ਕੇ ਗੱਲਾਂ ਕਰਦੇ ਰਹੇ। ਸੈਕਸ ਬਾਰੇ ਗੱਲ ਕਰਦਿਆਂ ਮੈਰੀ ਬੇ-ਝਿਜਕ ਬੋਲਦੀ ਰਹੀ। ਹਾਲਾਂਕਿ ਵਿਜੈ ਝਿਜਕ ਮਹਿਸੂਸ ਕਰਦਾ ਰਿਹਾ।

ਹੌਲੀ-ਹੌਲੀ ਗੱਲਾਂ ਦਾ ਕੇਂਦਰ ਬਿੰਦੂ ਇੰਡੀਆ ਤੇ ਅਮਰੀਕਾ ਦਾ ਪਰਿਵਾਰਕ ਸਿਸਟਮ ਬਣ ਗਿਆ। ਵਿਜੈ ਦਾ ਤਰਕ ਸੀ, “ਤੁਸੀਂ ਲੋਕ ਜ਼ਿੰਦਗੀ ਨੂੰ ਜਿਉਂਦੇ ਵੀ ਹੈ ਤੇ ਮਾਣਦੇ ਵੀ। ਏਥੇ ਪਿਆਰ ਤੇ ਸੈਕਸ ਦੀ ਖੁੱਲ੍ਹ ਹੈ। ਪਿਆਰ ਕਰੋ, ਸ਼ਾਦੀ ਕਰੋ, ਬਿਨਾਂ ਸ਼ਾਦੀ ਇਕੱਠੇ ਰਹੋ, ਤਲਾਕ ਲਵੋ, ਤੁਹਾਡਾ ਸਿਸਟਮ ਇਨ੍ਹਾਂ ਗੱਲਾਂ ਨੂੰ ਆਰਾਮ ਨਾਲ ਸਵੀਕਾਰ ਕਰਦਾ ਹੈ। ਇੰਡੀਆ ਵਿੱਚ ਅਜਿਹਾ ਨਹੀਂ ਹੈ। ਉੱਥੇ ਸ਼ਾਦੀ ਤੋਂ ਪਹਿਲਾਂ ਮੇਲ-ਜੋਲ ਵੀ ਗੁਨਾਹ, ਪਿਆਰ ਕਰਨਾ ਵੀ ਗੁਨਾਹ, ਬਿਨਾਂ ਸ਼ਾਦੀ ਇਕੱਠੇ ਰਹਿਣਾ ਵੀ ਗੁਨਾਹ, ਤਲਾਕ ਦੀ ਗੱਲ ਵੀ ਗੁਨਾਹ। ਸਾਡੇ ਲਈ ਸ਼ਾਦੀ ਜ਼ਿੰਦਗੀ ਭਰ ਨਿਭਾਉਣ ਦਾ ਰਿਸ਼ਤਾ ਹੈ। ਕਈ ਵਾਰ ਇਹ ਬੰਧਨ, ਨਾ ਚਾਹੁੰਦੇ ਹੋਏ ਵੀ ਨਿਭਾਉਣਾ ਪੈਂਦਾ ਹੈ।”

ਮੈਰੀ ਇਸ ਗੱਲ ਨਾਲ ਸਹਿਮਤ ਨਹੀਂ ਸੀ। ਉਹ ਸ਼ਾਦੀ, ਪਰਿਵਾਰ, ਅਧਿਆਤਮ ਦੇ ਸਬੰਧ ’ਚ ਇੰਡੀਆ ਨੂੰ ਮਹਾਨ ਦੱਸ ਰਹੀ ਸੀ। ਉਸਦਾ ਕਹਿਣਾ ਸੀ, “ਸੈਕਸ ਦੀ ਖੁੱਲ੍ਹ ਮਿਲਣ ਨਾਲ ਜੀਵਨ ਵਧੀਆ ਤੇ ਸੌਖਾ ਹੋ ਜਾਂਦਾ ਹੈ, ਇਹ ਗਲਤ-ਫਹਿਮੀ ਹੈ, ਵਿਜੈ। ਮੰਨਿਆ ਏਥੇ ਬਹੁਤ ਖੁੱਲ੍ਹ ਹੈ ਪਰ ਇਹ ਖੁੱਲ ਲੈ ਕੇ ਵੀ ਅਸੀਂ ਸੰਤੁਸ਼ਟ ਨਹੀਂ। ਸੈਕਸ ਖੁੱਲ੍ਹ ਦੀ ਆੜ ਵਿੱਚ ਕਈ ਵਾਰ ਅਸੀਂ ਇੱਕ-ਦੂਜੇ ਨੂੰ ਸਿਰਫ਼ ਭੋਗਦੇ ਹਾਂ, ਜਾਂ ਚੁੱਪ-ਚਾਪ ਰੇਪ ਕਰਦੇ ਹਾਂ। ਸੈਕਸ ਨੂੰ ਮਾਨਣਾ ਤੇ ਸੈਕਸ ਨੂੰ ਭੋਗਣਾ ਇਸ ਵਿੱਚ ਫ਼ਰਕ ਹੈ ਵਿਜੈ।”

ਵਿਜੈ ਉਲਝਣ ਵਿੱਚ ਪੈ ਗਿਆ, ‘ਯਾਰ ਇਹ ਮੈਰੀ ਦਾ ਟਾਪਿਕ ਹੈ। ਸਕਦਾ ਹੈ, ਏਨ੍ਹਾਂ ਗੱਲਾਂ ਉੱਪਰ ਮੈਂ ਕਿਉਂ ਮੱਥਾ ਮਾਰ ਰਿਹਾਂ। ਮੇਰੇ ਕਹਿਣ ਨਾਲ ਕੁੱਝ ਬਦਲਣ ਵੀ ਨਹੀਂ ਲੱਗਾ। ਸੱਚੀ ਗੱਲ, ਮੈਂ ਤਾਂ ਮੈਰੀ ਨਾਲ ਠਰਕ ਭੋਰਨੀ ਚਾਹੁੰਦਾ ਹਾਂ। ਜੇ ਕੁੱਝ ਹੋਰ ਵੀ ਹੋ ਜਾਵੇ ਤਾਂ ਸੋਨੇ ’ਤੇ ਸੁਹਾਗਾ। ਹੋਰ ਚਾਰ ਦਿਨਾਂ ਨੂੰ ਜਹਾਜ਼ ’ਚ ਚਲੇ ਜਾਣੈ। ਇਹ ਤਾਂ ਬਹੁਤ ਡੂੰਘੀਆਂ ਗੱਲਾਂ ਕਰਨ ਲੱਗ ਪਈ। ਇੰਡੀਆ ਦੀ ਬੜੀ ਤਾਰੀਫ਼ ਕਰ ਰਹੀ ਹੈ। ਇਹ ਕਿਤੇ ਇੰਡੀਆ ਤੋਂ ਕੋਈ ਬੱਚਾ ਗੋਦ ਲੈਣ ਦੇ ਚੱਕਰ ’ਚ ਨਾ ਹੋਵੇ। ਇਹ ਲੋਕ ਰੈਡੀਮੇਡ ਦੇ ਬਹੁਤ ਸ਼ੌਕੀਨ ਨੇ। ਬੱਚਾ ਵੀ ਰੈਡੀਮੇਡ ਮਿਲਜੇ ਕੀ ਮਾੜਾ। ਨੌਂ ਮਹੀਨੇ ਪੇਟ ’ਚ ਰੱਖਣ ਤੇ ਨਾਲੇ ਜੰਮਣ ਦਾ, ਦੋਵੇਂ ਝੰਜਟ ਹੀ ਖ਼ਤਮ। ਇਨ੍ਹਾਂ ਨੂੰ ਫਿੱਗਰ ਦੀ ਵੀ ਜ਼ਿਆਦਾ ਫ਼ਿਕਰ ਰਹਿੰਦੀ ਹੈ।’

‘ਖ਼ੈਰ, ਆਪਾਂ ਨੂੰ ਕੀ। ਗੱਲਾਂ ਖੁੱਲ੍ਹ ਗਈਆਂ, ਹੌਲੀ-ਹੌਲੀ ਹੋਰ ਖੁੱਲ੍ਹ ਜਾਣਗੀਆਂ। ਕੁੜੀ ਦਲੇਰ ਲੱਗਦੀ ਐ ਪਰ ਇੱਕ ਗੱਲ ਜ਼ਰੂਰ, ਇਨਸਾਨ ਕਿਤੇ ਵੀ ਖ਼ੁਸ਼ ਨਹੀਂ।’ ਇੱਥੇ ਹਰ ਤਰ੍ਹਾਂ ਦੀਆਂ ਖੁੱਲ੍ਹੀ ਨੇ, ਮੈਰੀ ਫਿਰ ਵੀ ਖ਼ੁਸ਼ ਨਹੀਂ। ਸਾਡੇ ਉੱਥੇ ਬੰਦਸ਼ਾਂ ਹੀ ਬੰਦਸ਼ਾਂ ਨੇ, ਅਸੀਂ ਵੀ ਖ਼ੁਸ਼ ਨਹੀਂ। ਇਹ ਤਾਂ ਉਹੀ ਗੱਲ ਹੋਈ, ‘ਨਾਨਕ ਦੁਖੀਆ ਸਭੁ ਸੰਸਾਰ।’

ਅੱਜ ਹੋਟਲ ਵਿੱਚ ਵਿਜੈ ਦਾ ਚੌਥਾ ਦਿਨ ਸੀ। ਉਹ ਤੇ ਮੈਰੀ ਰੋਜ਼ ਮਿਲਦੇ ਤੇ ਗੱਲਾਂ ਕਰਦੇ ਰਹਿੰਦੇ। ਮੈਰੀ ਨਾਲ ਉਸਦੀ ਨੇੜਤਾ ਬਹੁਤ ਵਧ ਚੁੱਕੀ ਸੀ। ਕੰਪਨੀ-ਏਜੰਟ ਦਾ ਫੋਨ ਆਇਆ ਕਿ ਪਰਸੋਂ ਸ਼ਾਮ ਤੱਕ ਜਹਾਜ਼ ਬੰਦਰਗਾਹ ਵਿੱਚ ਆ ਜਾਏਗਾ। ਵਿਜੈ ਨੂੰ ਝਟਕਾ ਲੱਗਿਆ, “ਹੈਂਅ... ਪਰਸੋਂ ਸ਼ਾਮ ਨੂੰ ਉਹ ਜਹਾਜ਼ ਵਿੱਚ ਚਲਾ ਜਾਏਗਾ।’ ਉਸਨੂੰ ਮੈਰੀ ਦੀ ਯਾਦ ਆਈ। ਸੋਚਣ ਲੱਗਾ ਕਿ ਇਸਤੋਂ ਬਾਅਦ ਮੈਰੀ ਨਾਲ ਕਦੀ ਵੀ ਮੁਲਾਕਾਤ ਨਹੀਂ ਹੋਵੇਗੀ। ਉਸਦਾ ਮਨ ਉਦਾਸ ਹੋ ਗਿਆ।

‘ਕੀ ਮੇਰੇ ਜਾਣ 'ਤੇ ਮੈਰੀ ਦਾ ਮਨ ਵੀ ਉਦਾਸ ਹੋਵੇਗਾ ? ਸ਼ਾਇਦ ਨਹੀਂ।’

‘ਹੋਟਲ ਵਿੱਚ ਤਾਂ ਹਰ ਰੋਜ਼ ਗੈਸਟ ਆਉਂਦੇ-ਜਾਂਦੇ ਹਨ, ਇਹ ਕਿਸ-'ਕਿਸ ਨੂੰ ਯਾਦ ਕਰਨਗੀਆਂ।’

‘ਨਾਲੇ ਉਹ ਮੇਰੇ ਲਈ ਉਦਾਸ ਕਿਉਂ ਹੋਵੇਗੀ, ਮੈਂ ਵੀ ਤਾਂ ਇੱਕ ਗੈਸਟ ਹਾਂ।’

‘ਨਹੀਂ, ਹੋਰ ਗੈਸਟਾਂ ਦੀ ਹੋਰ ਗੱਲ, ਮੇਰੇ ਲਈ ਉਹ ਜ਼ਰੂਰ ਉਦਾਸ ਹੋਵੇਗੀ।’

‘ਨਹੀਂ ਹੋਵੇਗੀ... ਜ਼ਰੂਰ ਹੋਵੇਗੀ....ਨਹੀਂ ਹੋਵੇਗੀ।’ ਮਨ 'ਚ ਬੜੇ ਖ਼ਿਆਲ ਆ ਰਹੇ ਸਨ। ਬੜਾ ਪ੍ਰੇਸ਼ਾਨ।

ਫੇਰ ਮਨ ’ਚ ਆਇਆ, ਜੇ ਮੈ ਇੱਕ ਦਿਨ ਦੀ ਛੁੱਟੀ ਲੈ ਕੇ ਸਾਰਾ ਦਿਨ ਮੇਰੇ ਨਾਲ ਘੁੰਮੇ ਤਾਂ ਨਜ਼ਾਰਾ ਆ ਜੇ।’

ਗੱਲਾਂ ਕਰ-ਕਰ ਕੇ ਅਜੇ ਵੀ ਉਸਦੀ ਰੂਹ ਨਹੀਂ ਸੀ ਭਰੀ ਤੇ ਉਹ ਮੈਰੀ ਦਾ ਹੋਰ ਸਾਥ ਮਾਨਣਾ ਚਾਹੁੰਦਾ ਸੀ। ਖ਼ਿਆਲਾਂ ਵਿੱਚ ਹੀ ਉਸਨੇ ਮੈਰੀ ਨੂੰ ਘੁੱਟ ਕੇ ਜੱਫੀ ਪਾਈ ਤੇ ਉਸਦੇ ਹੋਠਾਂ ਨੂੰ ਚੁੰਮਿਆ।

‘ਕਾਸ਼, ਮੈਂ ਸੱਚਮੁੱਚ ਮੈਰੀ ਦੇ ਹੋਠਾਂ ਨੂੰ ਚੁੰਮਾਂ।’ ਤੇ ਉਹ ਤਿੰਨ ਵਜੇ ਦਾ ਇੰਤਜ਼ਾਰ ਕਰਨ ਲੱਗਾ।

ਸਹੀ ਤਿੰਨ ਵਜੇ ਮੈਰੀ ਡਿਊਟੀ ’ਤੇ ਆ ਗਈ। ਮੌਕਾ ਦੇਖਦੇ ਹੀ ਵਿਜੈ ਉਸ ਨਾਲ ਗੱਲਾਂ ਕਰਨ ਲੱਗਾ। ਗੱਲਾਂ-ਗੱਲਾਂ ’ਚ ਵਿਜੈ ਨੇ ਸੁਝਾਅ ਦਿੱਤਾ, “ਮੈਰੀ ਅਗਰ ਤੂੰ ਕੱਲ੍ਹ ਨੂੰ ਛੁੱਟੀ ਲੈ ਲਵੇਂ ਤੇ ਮੇਰੇ ਨਾਲ ਘੁੰਮਣ ਚੱਲੇ, ਮਜ਼ਾ ਆ ਜਾਵੇ। ਮੈਂ ਤੇਰੇ ਨਾਲ ਘੁੰਮਣਾ ਚਾਹੁੰਦਾ ਹਾਂ।”

ਨ“ਹੀਂ ਵਿਜੈ, ਮੈਨੂੰ ਫਾਲਤੂ ਘੁੰਮਣਾ ਚੰਗਾ ਨਹੀਂ ਲੱਗਦਾ।”

"ਮੈਰੀ ਨੂੰ ਕਿਹਾ ਸੀ ਇੱਥੇ ਦੇਖਣ ਵਾਲੀਆਂ ਬਹੁਤ ਥਾਵਾਂ ਹਨ।"

“ਠੀਕ ਹੈ ਪਰ ਵਿਜੈ ਤੂੰ ਸਭ ਦੇਖ ਚੁੱਕਾ ਹੈਂ, ਹੋਰ ਦਿਲ ਕਰਦੈ ਹੋਰ ਘੁੰਮ ਲਵੋ।”

“ਮੈਰੀ ਤੇਰੇ ਨਾਲ ਘੁੰਮਣ ਦੀ ਅਲੱਗ ਗੱਲ ਹੈ। ਉਨ੍ਹਾਂ ਥਾਵਾਂ ਨੂੰ ਦੇਖਣ ਦਾ ਮਜ਼ਾ ਹੀ ਹੋਰ ਹੋਵੇਗਾ।”

“ਵਾਹ, ਕਿਆ ਦਲੀਲ ਹੈ।” “ਕੁੱਝ ਵੀ ਕਹਿ, ਤੇਰੇ ਨਾਲ ਬਿਤਾਏ ਪਲਾਂ ਦੀਆਂ ਕੁੱਝ ਮਿੱਠੀਆਂ ਯਾਦਾਂ ਮੈਂ ਆਪਣੇ ਨਾਲ ਲੈ ਕੇ ਜਾਣਾ ਚਾਹੁੰਦਾ ਹਾਂ।”

ਮੈਰੀ ਤਿਆਰ ਹੋ ਗਈ ਤੇ ਅਗਲੇ ਦਿਨ ਦੀ ਛੁੱਟੀ ਲੈ ਲਈ। ਅਗਲੇ ਦਿਨ ਦੋਵੇਂ ਮਿਲ ਕੇ ਘੁੰਮਣ ਨਿਕਲੇ। ਗੱਲਾਂ ਕਰਦਿਆਂ, ਘੁੰਮਦਿਆਂ-ਫਿਰਦਿਆਂ, ਹੱਸਦਿਆਂ-ਖੇਡਦਿਆਂ, ਕਦ ਸ਼ਾਮ ਢਲ ਗਈ ਪਤਾ ਹੀ ਨਾ ਲੱਗਾ।

“ਬਹੁਤ ਘੁੰਮ ਲਿਆ ਵਿਜੈ, ਚਲੋ ਹੁਣ ਵਾਪਸ ਚੱਲੀਏ।” ਮੈਰੀ ਨੇ ਉਬਾਸੀ ਲਈ। ਸ਼ਾਇਦ ਥਕਾਵਟ ਮਹਿਸੂਸ ਹੋਣ ਲੱਗੀ ਸੀ ਪਰ ਮੈਰੀ ਨੂੰ ਝੱਟ ਅਹਿਸਾਸ ਹੋਇਆ ‘ਜੋ ਗੱਲ ਕਰਨ ਲਈ ਉਸਨੇ ਛੁੱਟੀ ਲਈ ਤੇ ਨਾਲ ਆਈ, ਉਹ ਗੱਲ ਤਾਂ ਹੋਈ ਹੀ ਨਹੀਂ।’

ਮੈਰੀ ਦੀ ਉਬਾਸੀ ਥਕਾਵਟ ਸੀ ਜਾਂ ਬੋਰੀਅਤ, ਵਿਜੈ ਨੂੰ ਸਮਝ ਨਾ ਆਇਆ ਪਰ ਉਸਨੇ ਮਨ ਬਣਾ ਲਿਆ ਕਿ ਉਹ ਹੋਰ ਨਹੀਂ ਘੁੰਮਣਗੇ ਤੇ ਹੁਣ ਬੈਠ ਕੇ ਗੱਲਾਂ ਕਰਨਗੇ। ਉਸਨੇ ਰੀਝ ਨਾਲ ਮੈਰੀ ਵੱਲ ਦੇਖਿਆ ਤੇ ਮੈਰੀ ਨੂੰ ਛੇੜਿਆ ਵੀ, “ਐਨੀ ਜਲਦੀ, ਅਜੇ ਤਾਂ ਰਾਤ ਦਾ ਖਾਣਾ ਲੈਣਾ ਹੈ, ਬੀਚ ’ਤੇ ਘੁੰਮਣਾ ਹੈ, ਢੇਰ ਸਾਰੀਆਂ ਹੋਰ ਗੱਲਾਂ ਕਰਨੀਆਂ ਨੇ, ਤੇ......ਤੇ....ਤੇ....।” ਲਮਕਾ ਕੇ ਗੱਲ ਵਿੱਚੇ ਛੱਡਦਿਆਂ ਵਿਜੈ ਨੇ ਉਸਦੇ ਲੱਕ ਦੁਆਲੇ ਬਾਂਹ ਪਾ ਲਈ ਤੇ ਥੋੜ੍ਹੀ ਸ਼ਰਾਰਤ ਵੀ ਕੀਤੀ।

“ਓ ਵਿਜੈ ਮੈਰੀ ਥੋੜ੍ਹਾ ਚਹਿਕੀ, “ਬਹੁਤ ਘੁੰਮ ਲਿਆ ਯਾਰ, ਮੈਂ ਸੱਚ-ਮੁੱਚ ਥੱਕ ਚੁੱਕੀ ਹਾਂ।” ਉਸ ਨੇ ਵਿਜੈ ਵੱਲ ਦੇਖਿਆ।

“ਠੀਕ ਹੈ, ਇੱਕ-ਇੱਕ ਬੀਅਰ ਪੀਂਦੇ ਹਾਂ, ਸਾਰੀ ਥਕਾਵਟ ਦੂਰ।” ਮੈਰੀ ਨੂੰ ਹੋਰ ਨਜ਼ਦੀਕ ਕਰਦਿਆਂ ਉਹ ਬੀਚ ਵੱਲ ਨੂੰ ਚੱਲਣ ਲੱਗਾ।

ਬੀਚ ’ਤੇ ਪਹੁੰਚ ਕੇ ਸਨੈਕਸ ਲਏ ਤੇ ਬੀਅਰ ਦਾ ਇੱਕ-ਇੱਕ ਕੇਨ ਲੈ, ਸਮੁੰਦਰ ਵੱਲ ਮੂੰਹ ਕਰਕੇ ਉਹ ਰੇਤ ਉੱਪਰ ਬੈਠ ਗਏ। ਸੂਰਜ ਛਿਪ ਚੁੱਕਾ ਸੀ। ਠੰਡੀ-ਠੰਡੀ ਹਵਾ ਚੱਲ ਰਹੀ ਸੀ। ਮੈਰੀ ਤੇ ਵਿਜੈ ਪੂਰੀ ਤਰ੍ਹਾਂ ਰੀਲੈਕਸ, ਠੰਡੀ ਬੀਅਰ ਦੀਆਂ ਚੁਸਕੀਆਂ ਦਾ ਆਨੰਦ ਲੈ ਰਹੇ ਸਨ।

‘ਔਰਤ ਦੇ ਸਾਥ ਦਾ ਨਿੱਘ ਤੇ ਆਨੰਦ ਹੀ ਵੱਖਰਾ ਹੈ’ ਵਿਜੈ ਨੇ ਮਨ ’ਚ ਸੋਚਿਆ ਕਿ ਪਹਿਲੇ ਦਿਨ ਇਹੀ ਬੀਚ ਕਿੰਨਾ ਸੁੰਨਾ ਲੱਗਾ ਸੀ।

ਓਧਰ ਮੈਰੀ ਵੀ ਆਪਣੇ ਖ਼ਿਆਲਾਂ ’ਚ ਗੁਆਚੀ ਬੈਠੀ ਸੀ। ਸੋਚ ਰਹੀ ਸੀ, ‘ਬੱਚਾ ਗੋਦ ਲੈਣ ਦੀ ਗੱਲ ਕਿਸ ਤਰ੍ਹਾਂ ਸ਼ੁਰੂ ਕਰਾਂ। ਵਿਜੈ ਹੋਰ ਮੂਡ ਵਿੱਚ ਹੈ, ਕਿਤੇ ਇਹ ਨਾ ਸੋਚੇ ਕਿ ਮਜ਼ਾ ਕਿਰਕਿਰਾ ਕਰ ਦਿੱਤਾ।’

ਹਨ੍ਹੇਰੇ ਦੀ ਪਰਤ, ਪਲ-ਦਰ-ਪਲ ਗਹਿਰੀ ਹੋ ਰਹੀ ਸੀ। ਉੱਪਰ ਤਾਰਿਆਂ ਦੀ ਛੱਤ, ਸਾਹਮਣੇ ਸਾਗਰ ਦੀਆਂ ਛੱਲਾਂ ਦਾ ਸੰਗੀਤ, ਆਲੇ-ਦੁਆਲੇ ਮਸਤੀ ਦੇ ਆਲਮ ’ਚ ਘੁੰਮਦੇ ਲੋਕ। ਵਿਜੈ ਦਾ ਮੂਡ ਵੀ ਰੁਮਾਂਟਿਕ ਹੋ ਰਿਹਾ ਸੀ। ਉਨ੍ਹਾਂ ਨੇ ਆਪਣੀ-ਆਪਣੀ ਬੀਅਰ ਖ਼ਤਮ ਕਰ ਲਈ ਸੀ। ਮਨ ਅੰਦਰ ਤਰੰਗਾਂ ਉੱਠਣ ਲੱਗੀਆਂ ਸਨ। ਵਿਜੈ ਮੈਰੀ ਦੇ ਹੋਰ ਨਜ਼ਦੀਕ ਹੋ ਗਿਆ ਤੇ ਆਪਣੀ ਬਾਂਹ ਮੈਰੀ ਦੇ ਮੋਢਿਆਂ ’ਤੇ ਰੱਖ ਲਈ। ਮੈਰੀ ਨੇ ਕੋਈ ਉਜ਼ਰ ਨਾ ਕੀਤਾ, ਸਗੋਂ ਆਪਣਾ ਸਿਰ ਵਿਜੈ ਦੇ ਮੋਢੇ ’ਤੇ ਥੋੜ੍ਹਾ ਟੇਢਾ ਕਰ ਦਿੱਤਾ। ਦੋਵੇਂ ਕਾਫ਼ੀ ਦੇਰ ਚੁੱਪ-ਚਾਪ ਸ਼ਾਂਤ ਬੈਠੇ ਇਨ੍ਹਾਂ ਪਲਾਂ ਦਾ ਆਨੰਦ ਲੈਂਦੇ ਰਹੇ।

“ਵਿਜੈ, ਮੈਂ ਸੁਣਿਆ ਹੈ ਇੰਡੀਆ ਦੀਆਂ ਔਰਤਾਂ ਬੜੀ ਖ਼ੁਸ਼ੀ-ਖ਼ੁਸ਼ੀ, ਕਈ ਬੱਚੇ ਜੰਮ ਲੈਂਦੀਆਂ ਹਨ।” ਨਾਲ ਬੈਠੀ ਮੈਰੀ ਦੀ ਆਵਾਜ਼ ਜਿਵੇਂ ਕਿਸੇ ਖੂਹ ਵਿੱਚੋਂ ਆਈ। ‘ਮੈਰੀ ਮਨ ਹੀ ਮਨ ਸੋਚ ਚੁੱਕੀ ਸੀ, ਹੁਣ ਗੱਲ ਕਰ ਹੀ ਲੈਣੀ ਚਾਹੀਦੀ ਹੈ।’

“ਹਾਂ ਮੈਰੀ, ਇਹ ਸੱਚ ਹੈ ਪਰ ਅੱਜ-ਕੱਲ੍ਹ ਪੜ੍ਹੇ-ਲਿਖੇ ਲੋਕ ਜ਼ਿਆਦਾ ਬੱਚੇ ਪੈਦਾ ਨਹੀਂ ਕਰਦੇ ਪਰ ਹਰ ਭਾਰਤੀ ਔਰਤ ਦਾ ਇੱਕ ਸੁਪਨਾ ਹੈ ਤੇ ਉਹ ਮਾਂ ਜ਼ਰੂਰ ਬਣਨਾ ਚਾਹੁੰਦੀ ਹੈ।”

“ਮੈਨੂੰ ਤਾਂ ਬੱਚਾ ਜੰਮਣ ਤੋਂ ਬਹੁਤ ਡਰ ਲੱਗਦਾ ਹੈ ਵਿਜੈ।” ਉਹ ਇੱਕ ਮਾਸੂਮ ਲੜਕੀ ਦੀ ਤਰ੍ਹਾਂ ਬੋਲੀ।

ਵਿਜੈ ਮੰਤਰ-ਮੁਗਦ ਹੋਇਆ ਉਸਦੀਆਂ ਗੱਲਾਂ ਸੁਣ ਰਿਹਾ ਸੀ। ਉਸਦਾ ਹੱਥ ਕਦੀ ਵਾਲਾਂ ਵਿੱਚ ਘੁੰਮਣ ਲੱਗਦਾ, ਕਦੀ ਕੋਮਲ ਗੱਲ੍ਹਾਂ ਨੂੰ ਪਲੋਸਣ ਲੱਗਦਾ। ਕਦੀ ਗੋਲਾਈਆਂ ਨੂੰ ਮਾਪਣ ਲੱਗਦਾ ਤੇ ਕਦੀ ਪਤਲੀ ਜਿਹੀ ਨਾਜ਼ੁਕ ਕਮਰ ਨੂੰ ਸਹਿਲਾਉਣ ਲੱਗਦਾ। ਕਦੀ ਬਾਹਾਂ ਨੂੰ ਹੋਰ ਕਸ ਲੈਂਦਾ ਤੇ ਕਦੀ ਢਿੱਲੀਆਂ ਛੱਡ ਦਿੰਦਾ। ਵਿਜੈ ਹੁਣ ਪੂਰੀ ਤਰ੍ਹਾਂ ਨਾਲ ਮਨ ਅੰਦਰ ਜਾਗ ਚੁੱਕੇ ਸ਼ੈਤਾਨ ਦਾ ਮੋਹਰਾ ਬਣਦਾ ਜਾ ਰਿਹਾ ਸੀ। ਉਸਦੀ ਆਵਾਜ਼ ਭਾਰੀ-ਭਾਰੀ ਹੁੰਦੀ ਜਾ ਰਹੀ ਸੀ। ਬੱਚਾ ਤੇ ਮਾਂ ਵਾਲੀ ਗੱਲ ’ਚ ਉਸ ਨੂੰ ਕੋਈ ਦਿਲਚਸਪੀ ਨਹੀਂ ਸੀ। ਮੈਰੀ ਦੀ ਗੱਲ ਦਾ ਜਵਾਬ ਦੇ ਰਿਹਾ ਸੀ।

“ਮੈਰੀ, ਮਾਂ ਬਣਨਾ ਔਰਤ ਦੀ ਸਭ ਤੋਂ ਵੱਡੀ ਖੁਸ਼ੀ ਹੈ। ਕਿਸੇ ਵਜ਼ਾ ਕਰਕੇ ਕੋਈ ਭਾਰਤੀ ਔਰਤ ਮਾਂ ਨਹੀਂ ਬਣ ਪਾਉਂਦੀ ਤਾਂ ਉਹ ਲੱਖ ਦੌਲਤਾਂ ਪਾ ਕੇ ਵੀ ਖ਼ੁਸ਼ ਨਹੀਂ। ਉਹ ਸਾਰੀ ਉਮਰ ਬਾਂਝਪਣ ਦਾ ਭਾਰ ਢੋਂਦੀ ਹੈ। ਦੂਸਰੀ ਔਰਤ ਦੀ ਗੋਦ ਵਿੱਚ ਖੇਡ ਰਹੇ ਬੱਚੇ ਨੂੰ ਦੇਖ, ਮਨ ਹੀ ਮਨ ਖ਼ੁਦ ਮਾਂ ਨਾ ਬਣ ਸਕਣ ਦੀ ਪੀੜਾ ਭੋਗਦੀ ਹੈ। ਆਪਣੀ ਕੁੱਖ ਵਿੱਚੋਂ ਬੱਚੇ ਨੂੰ ਜਨਮ ਦੇਣਾ ਤਾਂ ਸ੍ਰਿਸ਼ਟੀ ਰਚਣਾ ਹੈ।”

“ਵਿਜੈ, ਮੈਂ ਤੇਰੀ ਗੱਲ ਨਾਲ ਸਹਿਮਤ ਹਾਂ। ਤੁਹਾਡੇ ਤੇ ਸਾਡੇ ਸਿਸਟਮ ’ਚ ਬਹੁਤ ਫ਼ਰਕ ਹੈ। ਤੁਹਾਡੇ ਪਾਸ ਪਰਿਵਾਰ ਹੈ, ਅਸੀਂ ਇਕੱਲੇ ਹਾਂ। ਤੁਹਾਡਾ ਪਰਿਵਾਰਕ ਸਿਸਟਮ ਬੜਾ ਮਜ਼ਬੂਤ ਹੈ। ਉੱਥੇ ਔਰਤ ਕੋਲ ਇੱਕ ਨਹੀਂ, ਦੋ-ਦੋ ਪਰਿਵਾਰ ਹਨ। ਬੱਚਾ ਪੈਦਾ ਹੋਣ ਦੀ ਸੂਰਤ ਵਿੱਚ ਦੋਵੇਂ ਪਰਿਵਾਰ ਔਰਤ ਦੀ ਮੱਦਦ ਕਰਦੇ ਹਨ। ਉਸਨੂੰ ਸਰੀਰਕ ਕਸ਼ਟ ਹੋ ਸਕਦਾ ਹੈ ਪਰ ਮਾਨਸਿਕ ਪ੍ਰੇਸ਼ਾਨੀ ਨਹੀਂ। ਸਾਡਾ ਸਿਸਟਮ ਹੋਰ ਹੈ। ਪਤੀ-ਪਤਨੀ ’ਚ ਮਾਮੂਲੀ ਤਕਰਾਰ ਤਲਾਕ ਦਾ ਕਾਰਨ ਬਣ ਜਾਂਦਾ ਹੈ। ਇਹ ਵੀ ਨਹੀਂ ਪਤਾ ਕਿ ਔਰਤ ਡਲਿਵਰੀ ਲਈ ਹਸਪਤਾਲ ਜਾਵੇ ਤੇ ਉੱਥੇ ਪਤੀ ਦੀ ਜਗ੍ਹਾ ਉਸਦਾ ਵਕੀਲ ਤਲਾਕ ਦੇ ਪੇਪਰ ਲੈ ਕੇ ਆ ਜਾਵੇ। ਉਸ ਵਕਤ ਔਰਤ ’ਤੇ ਕੀ ਬੀਤਦੀ ਹੈ, ਜ਼ਰਾ ਅੰਦਾਜ਼ਾ ਲਾਓ ਵਿਜੈ।”

ਇਹ ਗੱਲ ਸੁਣ ਕੇ ਵਿਜੈ ਸੁੰਨ ਹੋ ਗਿਆ। ਉਹ ਚੁੱਪ ਕਰ ਗਿਆ। ਮਜ਼ਾ ਕਿਰਕਰਾ ਹੋ ਰਿਹਾ ਸੀ, ਕੀ ਅੰਦਾਜ਼ਾ ਲਾਵੇ?

ਮੈਰੀ ਫਿਰ ਬੋਲੀ, “ਦੂਸਰੀ ਗੱਲ ਇੱਥੇ ਫਿਗਰ ਦੀ ਹੈ। ਤੁਸੀਂ ਲੋਕ ਔਰਤ ਨੂੰ ਆਪਣੀ ਪਤਨੀ ਵੀ ਸਮਝਦੇ ਹੋ ਤੇ ਆਪਣੇ ਬੱਚਿਆਂ ਦੀ ਮਾਂ ਦੇ ਰੂਪ ’ਚ ਦੇਖ ਕੇ ਵੀ ਖ਼ੁਸ਼ ਹੋ। ਤੁਹਾਡਾ ਸਿਸਟਮ ਇੱਕ ਕੁੜੀ ਤੇ ਇੱਕ ਮਾਂ ਦੇ ਫਿੱਗਰ ਵਿਚਲੇ ਫ਼ਰਕ ਨੂੰ ਸਮਝਦਾ ਵੀ ਹੈ ਤੇ ਸਵੀਕਾਰਦਾ ਵੀ। ਸਾਡੇ ਇੱਥੇ ਫਿਗਰ ਦੀ ਹੀ ਅਹਿਮੀਅਤ ਹੈ। ਮੇਰਾ ਹੁਣ ਵਾਲਾ ਫਿੱਗਰ ਦੇਖ ਰਿਹਾ ਹੈਂ। ਮੈਨੂੰ ਵੀ ਆਪਣਾ ਫਿੱਗਰ ਬੜਾ ਸੋਹਣਾ ਲੱਗਦਾ ਹੈ। ਡੇਵਿਡ ਵੀ ਮੇਰੇ ਫਿੱਗਰ ’ਤੇ ਮਰਦਾ ਹੈ। ਇਸੇ ਲਈ ਮੈਨੂੰ ਬਹੁਤ ਪਿਆਰ ਕਰਦਾ ਹੈ। ਸੈਮ ਵੀ ਮੇਰੇ ਫਿੱਗਰ ’ਤੇ ਮਰਦਾ ਸੀ। ਜੇ ਮੈਂ ਦੁਬਾਰਾ ਪਰੈਗਨੈਂਟ ਹੋ ਗਈ, ਮੇਰਾ ਫਿਗਰ ਹੋਰ ਬਦਲ ਜਾਏਗਾ। ਮੈਨੂੰ ਇਸ ਗੱਲ ਦੀ ਵੀ ਚਿੰਤਾ ਹੈ।”

ਡੇਵਿਡ, ਸੈਮ, ਦੁਬਾਰਾ ਪਰੈਗਨੈਂਟ। ਇਹ ਗੱਲਾਂ ਸੁਣ ਵਿਜੈ ਨੂੰ ਝਟਕਾ ਲੱਗਾ ਤੇ ਮੂਡ ਹੋਰ ਖ਼ਰਾਬ ਹੋ ਗਿਆ।

‘ਇਹ ਡੇਵਿਡ ਤੇ ਸੈਮ ਦੋ ਪਤੰਦਰ ਕਿੱਧਰੋਂ ਆ ਗਏ। ਕੌਣ ਪਹਿਲਾਂ ਪਰੈਗਨੈਂਟ ਕਰ ਚੁੱਕਾ ਹੈ, ਕੌਣ ਦੁਬਾਰਾ ਪਰੈਗਨੈਂਟ ਕਰ ਰਿਹਾ ਹੈ, ਇਹ ਕੀ ਮਾਜ਼ਰਾ ਹੋਇਆ। ਕੀ ਇਹ ਪਹਿਲਾਂ ਵੀ ਮਾਂ ਬਣ ਚੁੱਕੀ ਹੈ? ਵਿਜੈ ਅੰਦਰ ਹੀ ਅੰਦਰ ਪ੍ਰੇਸ਼ਾਨ ਹੋ ਗਿਆ।

ਉਹ ਸਿੱਧਾ ਹੋ ਕੇ ਬੈਠ ਗਿਆ। ਸੋਚਣ ਲੱਗਾ, ਕੀ ਸੋਚ ਕੇ ਆਏ ਸੀ ਤੇ ਗੱਲ ਹੋਰ ਹੀ ਬਣਦੀ ਜਾ ਰਹੀ ਹੈ। ਅੰਦਰਲਾ ਸ਼ੈਤਾਨ ਫਿਰ ਬੋਲ ਪਿਆ, ‘ਕੌਣ ਡੇਵਿਡ, ਕੌਣ ਸੈਮ, ਤੂੰ ਕਿਸੇ ਤੋਂ ਕੀ ਲੈਣੈ, ਤੈਨੂੰ ਕਿਸੇ ਨਾਲ ਕੀ ਮਤਲਬ, ਐਨੀ ਸੋਹਣੀ ਕੁੜੀ ਦੇ ਹੋਰ ਪ੍ਰੇਮੀ ਵੀ ਹੋਣਗੇ। ਪਹਿਲਾਂ ਵੀ ਰਹੇ ਹੀ ਹੋਣਗੇ। ਤੂੰ ਕੱਲ੍ਹ ਨੂੰ ਜਹਾਜ਼ ’ਚ ਚਲੇ ਜਾਣਾ ਹੈ। ਫੇਰ ਤੂੰ ਕੌਣ ਤੇ ਮੈਂ ਕੌਣ। ਟਾਇਮ ਨਿਕਲਦਾ ਜਾਂਦੈ। ਤੂੰ ਆਪਣਾ ਮਕਸਦ ਪੂਰਾ ਕਰਨ ਬਾਰੇ ਸੋਚ। ਹੁਣ ਦਾ, ਹੁਣ ਦਾ ਆਨੰਦ ਲੈ।’

ਉਹ ਫਿਰ ਚੁਕੰਨਾ ਤੇ ਰੁਮਾਂਟਿਕ ਹੋ ਗਿਆ। ਉਸਨੇ ਮੈਰੀ ਨੂੰ ਫਿਰ ਬਾਹਾਂ ’ਚ ਘੁੱਟ ਲਿਆ ਤੇ ਮੱਥਾ ਚੁੰਮ ਕੇ ਬੋਲਿਆ, “ਮੈਰੀ, ਤੁਸੀਂ ਇਨ੍ਹਾਂ ਗੱਲਾਂ ਵਿੱਚ ਜ਼ਿਆਦਾ ਆਜ਼ਾਦ ਹੋ, ਮੈਂ ਕੀ ਕਹਿ ਸਕਦਾ ਹਾਂ। ਹੁਣ ਤਾਂ ਏਹੋ ਕਹਿਣਾ ਹੈ ਡਾਰਲਿੰਗ ਤੂੰ ਬਹੁਤ ਪਿਆਰੀ ਲੱਗ ਰਹੀ ਹੈਂ ਤੇ ਤੈਥੋਂ ਦੂਰ ਹੋਣ ਨੂੰ ਜੀਅ ਨਹੀਂ ਕਰਦਾ।”

“ਸਵੇਰ ਦੇ ਇਕੱਠੇ ਘੁੰਮ ਰਹੇ ਹਾਂ, ਇਕੱਠੇ ਬੈਠੇ ਹਾਂ, ਜੀਅ ਨਹੀਂ ਭਰਿਆ?” ਮੈਰੀ ਕੁੱਝ ਸੁੰਗੜੀ ਤੇ ਵਿਜੈ ਦੀ ਗਰਦਨ ਨੂੰ ਚੁੰਮਿਆ।

“ਮੈਰੀ, ਇੱਕ ਗੱਲ ਹੋਰ ਕਹਾਂ, ਮਨ ਦੀ ਇੱਛਾ ਹੈ ਬੀਚ ਦੇ ਨਜ਼ਦੀਕ ਹੋਟਲ ਦਾ ਇੱਕ ਕਮਰਾ ਲਈਏ। ਉਸ ਕਮਰੇ ’ਚ ਆਪਾਂ ਦੋਵੇਂ ਹੋਈਏ ਤੇ ਰੱਜ-ਰੱਜ ਕੇ ਪਿਆਰ ਕਰੀਏ। ਤੇਰੇ ਸੰਗ ਉਨ੍ਹਾਂ ਪਲਾਂ ਦਾ ਵੱਖਰਾ ਆਨੰਦ ਮਾਣਨਾ ਚਾਹੁੰਦਾ ਹਾਂ।” ਮਨ ਅੰਦਰਲਾ ਸ਼ੈਤਾਨ ਬੇ-ਸਬਰਾ ਹੋ ਰਿਹਾ ਸੀ ਤੇ ਜਲਦੀ ਤੋਂ ਜਲਦੀ ਮੈਰੀ ਨੂੰ ਨੋਚਣਾ ਚਾਹੁੰਦਾ ਸੀ। ਸੋ ਉਸਨੇ ਨਵੀਂ ਚਾਲ ਚੱਲ ਦਿੱਤੀ ਸੀ।

ਮੈਰੀ ਨੇ ਵਿਜੈ ਦੀਆਂ ਅੱਖਾਂ ’ਚ ਅੱਖਾਂ ਪਾ ਕੇ ਦੇਖਿਆ, “ਵਿਜੈ, ਤੈਨੂੰ ਇੱਕ ਦੋਸਤ ਸਮਝਿਆ ਤੇ ਦੋਸਤ ਦੇ ਨਾਤੇ ਤੇਰੇ ਨਾਲ ਘੁੰਮਣ ਆਈ। ਆਪਾਂ ਖ਼ੂਬ ਘੁੰਮੇ ਤੇ ਆਨੰਦ ਲਿਆ। ਤੈਨੂੰ ਪਿਆਰਾ ਤੇ ਵਧੀਆ ਦੋਸਤ ਮੰਨ ਕੇ ਹੀ ਮੈਂ ਏਥੇ ਤੱਕ ਪਹੁੰਚੀ ਹਾਂ ਤੇ ਇਹ ਇੱਥੋਂ ਤੱਕ ਹੀ ਰਹਿਣਾ ਚਾਹੀਦਾ ਹੈ। ਕੋਈ ਹੋਰ ਹੁੰਦਾ, ਮੈਂ ਕਦੇ ਇੱਥੋਂ ਤੱਕ ਦੀ ਇਜਾਜ਼ਤ ਵੀ ਨਾ ਦੇਂਦੀ। ਇਸ ਤੋਂ ਅੱਗੇ ਜੋ ਤੂੰ ਕਹਿ ਕੇ ਸੋਚ ਰਿਹੈਂ, ਉਹ ਦੋਸਤੀ ਦੀ ਹੱਦ ਤੋਂ ਬਾਹਰ ਦੀ ਗੱਲ ਹੈ। ਮੈਂ ਉਹ ਪਿਆਰ, ਉਹ ਗੱਲ, ਆਪਣੇ ਲਵਰ ਤੇ ਹਸਬੈਂਡ ਨਾਲ ਹੀ ਕਰ ਸਕਦੀ ਹਾਂ।” ਬੜੀ ਸਪੱਸ਼ਟ ਹੋ ਕੇ ਮੈਰੀ ਬੋਲੀ।

ਇਹ ਸੁਣ ਵਿਜੈ ਸ਼ਰਮ ਨਾਲ ਪਾਣੀ-ਪਾਣੀ ਹੋ ਗਿਆ। ਆਪਣੀ ਘਟੀਆ ਸੋਚ ’ਤੇ ਅਫ਼ਸੋਸ ਹੋਇਆ। ਘਸੀ-ਪਿਟੀ ਪੇਂਡੂ ਮਾਨਸਿਕਤਾ ਜਿੱਥੇ ਹਰ ਬੂਝੜ, ਗੋਰੀਆਂ ਬਾਰੇ ਤੇ ਸ਼ਹਿਰੀ ਕੁੜੀਆਂ ਬਾਰੇ, ਆਪਣੀ ਰੂੜੀ ਮਾਰਕਾ ਪੀ.ਐੱਚ.ਡੀ. ਦਾ ਖ਼ੂਬ ਚੌੜਾ ਹੋ-ਹੋ ਵਿਖਾਵਾ ਕਰਦਾ ਹੈ, ’ਤੇ ਨਿਰਾਸ਼ਾ ਹੋਈ। ਜ਼ਿੰਮੇਵਾਰੀ ਦਾ ਅਹਿਸਾਸ ਪਰਤਿਆ ਤੇ ਉਹ ਝੱਟ ਬੋਲਿਆ, “ਆਈ ਐਮ ਸੌਰੀ ਮੈਰੀ, ਸ਼ਾਇਦ ਮੈਂ ਬਹਿਕ ਗਿਆ ਸੀ। ਆਈ ਐਮ ਵੈਰੀ ਸੌਰੀ।”

‘ਸੌਰੀ’ ਸ਼ਬਦ ਸੁਣ ਕੇ ਮੈਰੀ ਖ਼ੁਸ਼ ਹੋਈ ਤੇ ਦੱਸਿਆ, “ਵਿਜੈ, ਮੈਂ ਸ਼ਾਦੀ-ਸ਼ੁਦਾ ਹਾਂ। ਡੇਵਿਡ ਮੇਰਾ ਪਤੀ ਹੈ। ਇਹ ਮੇਰੀ ਦੂਸਰੀ ਸ਼ਾਦੀ ਹੈ ਤੇ ਸਾਡੇ ਇੱਥੇ ਇਹ ਆਮ ਗੱਲ ਹੈ। ਪਹਿਲੀ ਸ਼ਾਦੀ ਸੈਮ ਨਾਲ ਹੋਈ ਸੀ। ਦਸ ਮਹੀਨੇ ਬਾਅਦ ਹੀ ਉਹ ਟੁੱਟ ਗਈ ਤੇ ਸਾਡਾ ਤਲਾਕ ਹੋ ਗਿਆ।” ਬਿਨਾਂ ਝਿਜਕ ਪੂਰੇ ਧੜੱਲੇ ਨਾਲ ਮੈਰੀ ਨੇ ਸਭ ਕੁੱਝ ਸੱਚੋ-ਸੱਚ ਦੱਸ ਦਿੱਤਾ।

‘ਸ਼ਾਦੀ, ਤਲਾਕ, ਦੂਸਰੀ ਸ਼ਾਦੀ, ਮਾਈ ਗਾਡ ਤੇ ਮੈਂ ?....ਮੈਂ ਤਾਂ ਕੁੱਝ ਹੋਰ ਹੀ ਗੱਲ ਸਮਝ ਰਿਹਾ ਸੀ।’ ਵਿਜੈ ਸੋਚੀਂ ਪੈ ਗਿਆ। ਵਿਜੈ ਨੂੰ ਚੁੱਪ ਵੇਖ ਉਹ ਅੱਗੇ ਦੱਸਣ ਲੱਗੀ, “ਵਿਜੈ, ਮੇਰਾ ਪਤੀ ਡੇਵਿਡ ਮੈਨੂੰ ਬਹੁਤ ਪਿਆਰ ਕਰਦਾ ਹੈ। ਉਹ ਚਾਹੁੰਦਾ ਹੈ ਮੈਂ ਉਸਦੇ ਬੱਚੇ ਦੀ ਮਾਂ ਬਣਾਂ। ਉਸ ਲਈ ਬੱਚਾ ਪੈਦਾ ਕਰਾਂ। ਇਸੇ ਲਈ ਉਹ ਜ਼ੋਰ ਪਾਉਂਦਾ ਹੈ, ਗੈਟ ਪਰੇਗਨੈਂਟ-ਗੈਟ ਪਰੇਗਨੈਂਟ। ਇਸ ਗੱਲ ’ਤੇ ਸਾਡੇ ਵਿੱਚ ਕਈ ਵਾਰ ਤਕਰਾਰ ਵੀ ਹੋ ਜਾਂਦਾ ਹੈ। ਮੈਂ ਬੱਚਾ ਪੈਦਾ ਕਰਨ ਤੋਂ ਬਹੁਤ ਡਰਦੀ ਹਾਂ ਪਰ ਉਹ ਮੇਰੀ ਗੱਲ ਨਹੀਂ ਸੁਣਦਾ। ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰਦਾ। ਆਪਣੀ ਹੀ ਗੱਲ ’ਤੇ ਅੜਿਆ ਹੋਇਆ ਹੈ। ਮੈਂ ਵੀ ਪਰਿਵਾਰ ਤਾਂ ਚਾਹੁੰਦੀ ਹਾਂ ਪਰ ਬੱਚਾ ਪੈਦਾ ਕਰਨਾ ਨਹੀਂ। ਇਸ ਗੱਲ ’ਤੇ ਮੇਰੇ ਹੱਥ ਖੜ੍ਹੇ ਹਨ। ਮੈਨੂੰ ਡਰ ਲੱਗਦਾ ਹੈ।”

“ਮੈਂ ਸੈਮ ਵਾਲਾ ਕਿੱਸਾ ਕਦੇ ਨਹੀਂ ਭੁੱਲ ਸਕਦੀ। ਮੈਂ ਪਰੈਗਨੈਂਟ ਸੀ ਤੇ ਸਭ ਠੀਕ-ਠਾਕ ਚੱਲ ਰਿਹਾ ਸੀ। ਬਹੁਤ ਖ਼ੁਸ਼ ਸਾਂ। ਅਚਾਨਕ ਇੱਕ ਗੱਲ ਤੇ ਤਕਰਾਰ ਹੋ ਗਿਆ ਤੇ ਸੈਮ ਨੇ ਸਖ਼ਤ ਸਟੈਂਡ ਲੈ ਲਿਆ। ਐਨਾ ਸਖ਼ਤ ਕਿ ਜਦ ਹਸਪਤਾਲ ਵਿੱਚ ਮੈਨੂੰ ਸੈਮ ਦੀ ਬਹੁਤ ਜ਼ਰੂਰਤ ਸੀ, ਉਹ ਮੇਰੇ ਕੋਲ ਨਹੀਂ ਸੀ। ਉਸਦਾ ਵਕੀਲ ਮੇਰੇ ਕੋਲ ਤਲਾਕ ਦੇ ਪੇਪਰ ਲੈ ਕੇ ਆਇਆ ਸੀ। ਨਤੀਜਾ ਨਾ ਬੱਚਾ ਰਿਹਾ, ਨਾ ਸੈਮ ਰਿਹਾ। ਮੈਂ ਸੈਮ ਤੇ ਆਪਣੇ ਬੱਚੇ, ਦੋਵਾਂ ਤੋਂ ਵਾਂਝੀ ਹੋ ਗਈ। ਉਸ ਵਕਤ ਮੇਰੇ ’ਤੇ ਕੀ ਬੀਤੀ ਤੇ ਕਿਵੇਂ ਮੈਂ ਆਪਣੇ ਆਪ ਨੂੰ ਸੰਭਾਲਿਆ, ਇਹ ਮੈਂ ਹੀ ਜਾਣਦੀ ਹਾਂ। ਉਸ ਗ਼ਮ ਵਿੱਚੋਂ ਮੈਂ ਅਜੇ ਤੱਕ ਵੀ ਬਾਹਰ ਨਹੀਂ ਆ ਸਕੀ। ਇਸੇ ਲਈ ਮੈਨੂੰ ਬੱਚਾ ਪੈਦਾ ਕਰਨ ਤੋਂ ਵੀ ਤੇ ਸਾਡੇ ਸਿਸਟਮ ਤੋਂ ਵੀ, ਦੋਵਾਂ ਤੋਂ ਡਰ ਲੱਗਣ ਲੱਗਾ ਹੈ। ਵਿਜੈ, ਮੈਂ ਇੰਡੀਆ ਜਾਣਾ ਚਾਹੁੰਦੀ ਹਾਂ ਤੇ ਇੱਕ ਬੱਚਾ ਗੋਦ ਲੈਣਾ ਚਾਹੁੰਦੀ ਹਾਂ।”

ਐਨਾ ਕਹਿੰਦੀ-ਕਹਿੰਦੀ ਮੈਰੀ ਦਾ ਗਲਾ ਭਰ ਆਇਆ। ਉਸਤੋਂ ਹੋਰ ਗੱਲ ਨਾ ਹੋਈ। ਉਹ ਵਿਜੈ ਦੀਆਂ ਬਾਂਹਾ ਵਿੱਚ ਹੋਰ ਸੁੰਗੜ ਗਈ। ਹੋਰ ਘੱਟ ਕੇ ਜੱਫੀ ਪਾ ਲਈ, ਜਿਵੇਂ ਵਿਜੈ ’ਚੋਂ ਕੋਈ ਸਹਾਰਾ ਲੱਭਦੀ ਹੋਵੇ।

ਵਿਜੈ ਨੂੰ ਲੱਗਿਆ, ਮੈਰੀ ਤਾਂ ਜਿਵੇਂ ਕੋਈ ਬਰਫ਼ ਦੀ ਡਲੀ ਸੀ। ਉਹ ਤਾਂ ਸਾਰੀ ਦੀ ਸਾਰੀ ਹੀ ਪਿਘਲ ਗਈ। ਉਸਨੂੰ ਆਪਣੇ ਕੱਪੜੇ ਗਿੱਲੇ-ਗਿੱਲੇ ਲੱਗੇ।