ਸਮੱਗਰੀ 'ਤੇ ਜਾਓ

ਰੇਤ ਦੇ ਘਰ/ਕੈਪਟਨ ਉਦਾਸ ਸੀ

ਵਿਕੀਸਰੋਤ ਤੋਂ
ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)

ਕੈਪਟਨ ਉਦਾਸ ਸੀ

ਪੱਛਮ ਵਾਲੇ ਪਾਸੇ ਇੱਕ ਵੱਡਾ ਲਾਲ ਗੋਲ ਆਕਾਰ, ਸਮੁੰਦਰ ਦੀ ਸਤਹਿ ਵੱਲ ਵਧ ਰਿਹਾ ਸੀ। ਹੌਲੀ-ਹੌਲੀ ਉਸ ਲਾਲ ਅੱਗ ਦੇ ਗੋਲੇ ਨੇ ਸਤਹਿ ਨੂੰ ਛੂਹਿਆ। ਥੋੜ੍ਹਾ-ਥੋੜ੍ਹਾ ਕਰਕੇ ਪਾਣੀ ਅੰਦਰ ਡੁਬਦਾ ਗਿਆ ਤੇ ਦੇਖਦੇ ਹੀ ਦੇਖਦੇ ਪੂਰਾ ਸਮੁੰਦਰ ਵਿੱਚ ਸਮਾ ਗਿਆ। ਬੜਾ ਹੀ ਸੁਹਾਵਣਾ ਦ੍ਰਿਸ਼ ਅਚਾਨਕ ਗਾਇਬ ਹੋ ਗਿਆ। ਆਸ-ਪਾਸ ਆਕਾਸ਼ ਉੱਪਰ ਛਾਈ ਲਾਲੀ ਮੱਧਮ ਪੈਣ ਲੱਗੀ। ਹੌਲੀ-ਹੌਲੀ ਹਨੇਰੇ ਨੇ ਆਪਣੀ ਹੋਂਦ ਦਾ ਅਹਿਸਾਸ ਕਰਵਾਉਣਾ ਸ਼ੁਰੂ ਕਰ ਦਿੱਤਾ, ਜੋ ਆਉਣ ਵਾਲੀ ਰਾਤ ਦਾ ਸੰਕੇਤ ਸੀ।

ਜਹਾਜ਼ ਦੇ ਬਰਿੱਜ਼ ਅੰਦਰ ਖੜ੍ਹਾ ਕੈਪਟਨ, ਇਸ ਡੁਬਦੇ ਸੂਰਜ ਦੇ ਦ੍ਰਿਸ਼ ਨੂੰ ਗੌਰ ਨਾਲ ਦੇਖਦਾ ਰਿਹਾ। ਉਸਨੇ ਆਪਣੀ ਠੋਡੀ ਤੇ ਗੱਲ੍ਹਾਂ ਨੂੰ ਦੋਵਾਂ ਹੱਥਾਂ ਦਾ ਸਹਾਰਾ ਦਿੱਤਾ ਹੋਇਆ ਸੀ। ਦੋਵੇਂ ਕੂਹਣੀਆਂ ਇੱਕ ਟੇਬਲ-ਨੁਮਾ ਸਹਾਰੇ ’ਤੇ ਟਿਕਾਈਆਂ ਹੋਈਆਂ ਸਨ। ਅੱਖਾਂ ’ਚ ਕੋਈ ਸੁੰਨਾਪਨ ਸੀ। ਚਿਹਰਾ ਖਾਲੀ-ਖਾਲੀ। ਮਨ ਸ਼ਾਂਤ ਸੀ ਜਾਂ ਅਸ਼ਾਂਤ, ਕਹਿਣਾ ਮੁਸ਼ਕਿਲ ਸੀ। ਉਹ ਸਹਿਜ ਸੀ ਜਾਂ ਅਸਹਿਜ, ਅੰਦਾਜ਼ਾ ਲਾਉਣਾ ਔਖਾ ਹੋ ਰਿਹਾ ਸੀ। ਦੇਖਣ ਵਾਲੇ ਨੂੰ ਉਹ ਕਿਸੇ ਗਹਿਰੀ ਸੋਚ ਵਿੱਚ ਲੱਗਦਾ ਸੀ।

ਪਲ-ਦਰ-ਪਲ ਹਨ੍ਹੇਰਾ ਹੋਰ ਗਹਿਰਾ ਹੁੰਦਾ ਗਿਆ। ਸਟਾਫ਼ ਦੇ ਚਿਹਰਿਆਂ ਉੱਪਰ ਛਾਈ ਅਜੀਬ ਜਿਹੀ ਚੁੱਪ ਤੇ ਉਦਾਸੀ ਦੀ ਪਰਤ ਵੀ ਗਹਿਰੀ ਹੁੰਦੀ ਗਈ। ਜਹਾਜ਼ ‘ਡੇਂਜਰ-ਏਰੀਏ’ ’ਚ ਦਾਖ਼ਲ ਹੋਣ ਜਾ ਰਿਹਾ ਸੀ। ਸਭ ਨੂੰ ਪਤਾ ਸੀ। ਸਭ ਚਿਹਰਿਆਂ ’ਤੇ ਤਣਾਅ ਸਾਫ਼ ਝਲਕਦਾ ਸੀ।

ਆਉਣ ਵਾਲੀ ਰਾਤ ਨੂੰ ਕਿਸੇ ਵੀ ਅਣ-ਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ, ਕੈਪਟਨ ਨੇ ਆਪਣੇ ਅਫ਼ਸਰਾਂ ਨਾਲ ਮੀਟਿੰਗ ਕੀਤੀ। ਜਹਾਜ਼ ਦਾ ਚੀਫ਼-ਅਫਸਰ ਆਸਟ੍ਰੇਲੀਅਨ ਗੋਰਾ ਸੀ ਤੇ ਸਾਰੇ ਦਿਨ ਦੀ ਕੰਮ ਦੀ ਥਕਾਵਟ ਚਿਹਰੇ ’ਤੇ ਝਲਕਦੀ ਸੀ। ਫਿਰ ਵੀ ਉਹ ਆਤਮ ਵਿਸ਼ਵਾਸ ਨਾਲ ਭਰੀਆਂ ਅੱਖਾਂ ਨਾਲ ਕੈਪਟਨ ਨੂੰ ਦੱਸ ਰਿਹਾ ਸੀ, “ਸਰ ਅੱਗੇ ਤੋਂ ਪਿੱਛੇ ਤੱਕ ਜਹਾਜ਼ ਦੇ ਦੋਵੇਂ ਪਾਸੇ ਵੱਡੀਆਂ ਫਲੱਡ-ਲਾਈਟਾਂ ਲਾ ਦਿਤੀਆਂ ਹਨ ਤਾਂ ਕਿ ਕੋਈ ਕਿਸ਼ਤੀ ਰਾਤ ਸਮੇਂ ਜਹਾਜ਼ ਵੱਲ ਆਵੇ ਤਾਂ ਦੂਰੋਂ ਨਜ਼ਰ ਪੈ ਜਾਵੇ। ਚਾਰ-ਚੁਫੇਰੇ ਵਾਟਰ-ਗੰਨ ਵੀ ਫਿੱਟ ਕਰ ਦਿੱਤੀਆਂ ਹਨ ਕਿ ਅਗਰ ਕੋਈ ਸ਼ੱਕੀ ਕਿਸ਼ਤੀ ਨਜ਼ਦੀਕ ਆਉਣ ਦੀ ਕੋਸ਼ਿਸ਼ ਕਰੇ ਤਾਂ ਪਾਣੀ ਦੀ ਬੁਛਾੜ ਕਰਕੇ ਉਨ੍ਹਾਂ ਬੰਦਿਆਂ ਨੂੰ ਵਾਪਸ ਜਾਣ ਲਈ ਮਜ਼ਬੂਰ ਕੀਤਾ ਜਾ ਸਕੇ।”

ਕੈਪਟਨ ਨੇ ਤਸੱਲੀ ਪ੍ਰਗਟ ਕੀਤੀ ਤੇ ਕਿਹਾ, “ਗੁੱਡ-ਗੁੱਡ।”

ਚੀਫ-ਇੰਜਨੀਅਰ ਮਦਰਾਸ ਦਾ ਰਹਿਣ ਵਾਲਾ ਇੰਡੀਅਨ ਸੀ। ਕੱਦ ਦਾ ਮਧਰਾ ਪਰ ਦਿਮਾਗ ਕੰਪਿਊਟਰ ਵਰਗਾ। ਉਸਨੇ ਆਪਣੀ ਗੱਲ ਕਰਦਿਆਂ ਕਿਹਾ, “ਅਗਰ ਜਹਾਜ਼ ਨੂੰ ਐਮਰਜੈਂਸੀ ਫੁੱਲ-ਸਪੀਡ ਭੱਜਣਾ ਪਵੇ ਜਾਂ ਬਚਾਅ ਲਈ ਖੱਬੇ-ਸੱਜੇ ਘੁੰਮਦਿਆਂ ਵਲ-ਖਾਂਦਾ ਰੂਟ ਅਪਣਾ ਨਿਕਲਣਾ ਪਵੇ, ਹਰ ਸਥਿਤੀ ਲਈ ਇੰਜਣ-ਰੂਮ ਨੇ ਪੂਰੀ ਤਿਆਰੀ ਕਰ ਲਈ ਹੈ। ਇੰਜਣ ਸਮੇਤ ਸਾਰੇ ਜਨਰੇਸ਼ਨ-ਪਲਾਂਟ, ਬੁਆਲਰ, ਫਾਇਰ-ਪੰਪ ਆਦਿ ਸਾਰੀ ਰਾਤ ਫੁੱਲ ਕਪੈਸਟੀ ’ਤੇ ਚੱਲਦੇ ਰਹਿਣਗੇ।”

ਕੈਪਟਨ ਨੇ ਤਸੱਲੀ ਨਾਲ ਉਸ ਵੱਲ ਦੇਖਦੇ ਸਿਰ ਹਿਲਾਇਆ ਤੇ ਕਿਹਾ, “ਗੱਡ ਚੀਫ਼।”

ਸੈਕਿੰਡ-ਅਫ਼ਸਰ ਸ੍ਰੀਲੰਕਾ ਦਾ ਸੀ ਤੇ ਸਰੀਰ ਦਾ ਪਤਲੂ ਜਿਹਾ। ਉਹ ਡੈਕ-ਡਿਊਟੀ ਦੇ ਨਾਲ-ਨਾਲ ਮੈਡੀਕਲ-ਅਫ਼ਸਰ ਦੀ ਭੂਮਿਕਾ ਵੀ ਨਿਭਾਅ ਰਿਹਾ ਸੀ। ਪੂਰਾ ਫੁਰਤੀਲਾ ਤੇ ਕੰਮ ’ਚ ਹੁਸ਼ਿਆਰ ਉਹ ਦੱਸਣ ਲੱਗਾ, “ਸਰ, ਕਿਸੇ ਵੀ ਜ਼ਖ਼ਮੀ ਨੂੰ ਸਾਂਭਣ ਲਈ ਦੋ ਬੈਂਡ, ਫਸਟ-ਏਡ ਦਾ ਕਿਟ ਅਤੇ ਹੋਰ ਲੋੜੀਂਦੀ ਦਵਾਈ ਵਗੈਰਾ ਦਾ ਪ੍ਰਬੰਧ ਮੁਕੰਮਲ ਹੈ।”

ਹੋਰ ਸਭਨਾਂ ਨੇ ਵੀ ਆਪੋ-ਆਪਣੀ ਤਿਆਰੀ ਬਾਰੇ ਕੈਪਟਨ ਨੂੰ ਦੱਸਿਆ। ਫੈਸਲਾ ਹੋਇਆ ਕਿ ਸਾਰੀ ਰਾਤ ਹਰੇਕ ਵਾਟਰ-ਗੰਨ ਦੇ ਪਿੱਛੇ ਦੋ-ਦੋ ਬੰਦੇ ਡਿਊਟੀ ਦੇਣਗੇ। ਕੈਪਟਨ, ਡਿਊਟੀ-ਅਫ਼ਸਰ, ਰੇਡੀਓ-ਅਫ਼ਸਰ, ਸਾਰੀ ਰਾਤ ਬਰਿੱਜ਼ ’ਚ ਹਾਜ਼ਰ ਰਹਿਣਗੇ। ਹਮਲੇ ਦੀ ਸੂਰਤ ਵਿੱਚ ਏਹੋ ਕੋਸ਼ਿਸ਼ ਕਰਨੀ ਹੈ ਕਿ ਡਾਕੂ ਜਹਾਜ਼ ਅੰਦਰ ਦਾਖ਼ਲ ਨਾ ਹੋਣ। ਅਗਰ ਕੋਈ ਵੀ ਡਾਕੂ ਜਹਾਜ਼ ਵਿੱਚ ਆ ਗਿਆ, ਉਹ ਕੁੱਝ ਵੀ ਨੁਕਸਾਨ ਕਰ ਸਕਦਾ ਹੈ ਪਰ ਆਪਾਂ ਉਹਦਾ ਕੁੱਝ ਨਹੀਂ ਵਿਗਾੜ ਸਕਦੇ। ਅੰਤਰ-ਰਾਸ਼ਟਰੀ ਕਾਨੂੰਨ ਤੇ ਮਨੁੱਖੀ ਅਧਿਕਾਰਾਂ ਤਹਿਤ ਜਹਾਜ਼ ’ਚ ਦਾਖ਼ਲ ਹੋ ਚੁੱਕੇ ਬੰਦੇ ਨੂੰ, ਹਰ ਸਹੂਲਤ ਦੇਣੀ ਆਪਣੀ ਮਜ਼ਬੂਰੀ ਹੈ ਤੇ ਡਾਕੂ ਇਹ ਜਾਣਦੇ ਹਨ। ਮੀਟਿੰਗ ਤੋਂ ਬਾਅਦ ਸਭ ਨੇ ਆਪਣੀ-ਆਪਣੀ ਡਿਊਟੀ ਸੰਭਾਲ ਲਈ।

ਬੰਦਰਗਾਹ ’ਚ ਬੈਠੇ ਡਾਕੂਆਂ ਦੇ ਕੈਂਪ ਵਿੱਚ ਖ਼ਬਰ ਪਹੁੰਚ ਚੁੱਕੀ ਸੀ ਕਿ ਇੱਕ ਜਹਾਜ਼ ਉਨ੍ਹਾਂ ਦੀ ਮਾਰ ਹੇਠ ਆਉਣ ਵਾਲੇ ਇਲਾਕੇ ਵਿੱਚ ਦਾਖ਼ਲ ਹੋ ਰਿਹਾ ਹੈ। ਡਾਕੂ ਕੈਂਪ ਵਿੱਚ ਹਲਚਲ ਹੋਈ ਤੇ ਖ਼ੁਸ਼ੀ ਵੀ, ਇੱਕ ਹੋਰ ਸ਼ਿਕਾਰ ਜਾਲ ਵਿੱਚ ਫਸਣ ਵਾਲਾ ਸੀ।

ਸੈਮੁਅਲ ਆਪਣੇ ਸਾਥੀਆਂ ਸਮੇਤ ਇੱਕ ਕਲੱਬ ਵਿੱਚ ਬੈਠਾ ਰੰਗਰਲੀਆਂ ਮਨਾ ਰਿਹਾ ਸੀ। ਚਾਰ-ਚੁਫ਼ੇਰੇ ਮਸਤੀ ਦਾ ਆਲਮ ਤੇ ਕਈ ਨੌਜਵਾਨ ਸੁੰਦਰੀਆਂ ਉਸ ਕੋਲ ਬੈਠੀਆਂ ਸਨ। ਕੁੱਝ ਆਲੇ-ਦੁਆਲੇ ਨੱਚ ਰਹੀਆਂ ਸਨ ਤੇ ਜਿਸਮ ਦਾ ਖੁੱਲ੍ਹਾ ਪ੍ਰਦਰਸ਼ਨ ਵੀ ਕਰ ਰਹੀਆਂ ਸਨ। ਸ਼ਰਾਬ, ਸ਼ਬਾਬ, ਮਿਉਜ਼ਿਕ, ਨੱਚਦੀਆਂ ਰੰਗ-ਬਿਰੰਗੀਆਂ ਲਾਈਟਾਂ ਤੇ ਮਸਤੀ ’ਚ ਝੂਮਦੇ ਸੈਮੁਅਲ ਦੇ ਬੰਦਿਆਂ ਲਈ ਇਹ ਇੱਕ ਅਲੱਗ ਹੀ ਦੁਨੀਆਂ ਸੀ। ਸੈਮੁਅਲ ਇੱਕ ਮੰਨਿਆ ਹੋਇਆ ਡਾਕੂ ਸੀ। ਜਿੱਥੇ ਖੂੰਖਾਰ ਸੀ, ਨਾਲ ਹੀ ਆਪਣੇ ਸਾਥੀਆਂ ਲਈ ਇਸ ਤਰ੍ਹਾਂ ਦੀਆਂ ਮਨੋਰੰਜਨ ਪਾਰਟੀਆਂ ਕਰਨ ਲੱਗਾ ਕੋਈ ਸੰਕੋਚ ਨਹੀਂ ਸੀ ਕਰਦਾ। ਖੁੱਲ੍ਹ ਕੇ ਪੈਸਾ ਖਰਚਦਾ ਤੇ ਸਭ ਨੂੰ ਖੁਸ਼ ਰੱਖਦਾ।

ਜਹਾਜ਼ ਦੀ ਖ਼ਬਰ ਮਿਲਦੇ ਹੀ ਇਲਾਕੇ ਦੇ ਵੱਡੇ ਡਾਕੂ-ਸਰਦਾਰ ਨੇ ਸਾਰੇ ਡਾਕੂ ਮੁਖੀਆਂ ਨੂੰ ਜਲਦੀ ਤੋਂ ਜਲਦੀ ਉਸ ਕੋਲ ਪਹੁੰਚਣ ਦਾ ਸੰਦੇਸ਼ ਭੇਜ ਦਿੱਤਾ। ਸੰਦੇਸ਼ ਮਿਲਦੇ ਹੀ ਸੈਮੁਅਲ ਦਾ ਚਿਹਰਾ ਸਖ਼ਤ ਹੋ ਗਿਆ ਤੇ ਚੱਲ ਰਹੀ ਪਾਰਟੀ ਦਾ ਮਜ਼ਾ ਕਿਰਕਿਰਾ। ਹੁਣ ਕੀ ਕੀਤਾ ਜਾਵੇ? ਉਹ ਵੱਡੇ ਬਾੱਸ ਦੇ ਹੁਕਮ ਨੂੰ ਨਜ਼ਰਅੰਦਾਜ਼ ਵੀ ਨਹੀਂ ਸੀ ਕਰ ਸਕਦਾ। ਆਖ਼ਰ ਹਰ ਧੰਦੇ ਦਾ ਆਪਣਾ ਕਾਇਦਾ-ਕਾਨੂੰਨ ਹੁੰਦਾ ਹੈ। ਕੁੱਝ ਸੋਚਿਆ ਤੇ ਫਿਰ ਪਾਰਟੀ ਵਿੱਚੇ ਹੀ ਛੱਡ, ਵੱਡੇ ਬਾੱਸ ਕੋਲ ਪਹੁੰਚ ਗਿਆ।

ਡਾਕੂ ਗਰੁੱਪਾਂ ਦੇ ਸਾਰੇ ਮੁਖੀ ਪਹੁੰਚ ਚੁੱਕੇ ਸਨ। ਕੋਈ ਭੂਮਿਕਾ ਨਾ ਬੰਨ੍ਹਦੇ ਹੋਏ, ਵੱਡੇ ਬਾੱਸ ਨੇ ਸਿੱਧਾ ਦੱਸਿਆ ਕਿ ਇਕ ਜਹਾਜ਼ ਅੱਜ ਰਾਤ ਚੈਨਲ ਵਿੱਚ ਦਾਖ਼ਲ ਹੋ ਰਿਹਾ ਹੈ ਤੇ ਆਪਾਂ ਇਹ ਜਹਾਜ਼ ਲੁੱਟਣਾ ਹੈ।

ਘੁਸਰ-ਮੁਸਰ ਸ਼ੁਰੂ ਹੋ ਗਈ ਤੇ ਕਾਫ਼ੀ ਦੇਰ ਤੱਕ ਵਿਚਾਰਾਂ ਹੁੰਦੀਆਂ ਰਹੀਆਂ। ਕਈ ਤਰ੍ਹਾਂ ਦੇ ਸਵਾਲ-ਜਵਾਬ ਵੀ ਹੋਏ। ਸੈਮੁਅਲ ਚੁੱਪ-ਚਾਪ ਬੈਠਾ ਰਿਹਾ ਤੇ ਕੋਈ ਗੱਲ ਨਾ ਕੀਤੀ। ਉਸਦਾ ਮਨ ਚੱਲ ਰਹੀ ਪਾਰਟੀ ਵਿੱਚ ਸੀ ਤੇ ਜਲਦੀ ਵਾਪਸ ਜਾਣਾ ਚਾਹੁੰਦਾ ਸੀ।

ਲੰਬੇ ਵਿਚਾਰ-ਵਟਾਂਦਰੇ ਤੋਂ ਬਾਅਦ ਵੱਡੇ ਸਰਦਾਰ ਨੇ ਚੁੱਪ ਬੈਠੇ ਸੈਮੁਅਲ ਵੱਲ ਵੇਖਿਆ ਤੇ ਜਹਾਜ਼ ਉੱਪਰ ਹਮਲੇ ਦੀ ਜ਼ਿੰਮੇਵਾਰੀ ਉਸ ਉੱਪਰ ਪਾ ਦਿੱਤੀ। ਸੈਮੁਅਲ ਨੂੰ ਝਟਕਾ ਲੱਗਾ। ਉਹ ਅੱਜ ਟਲਣਾ ਚਾਹੁੰਦਾ ਸੀ ਪਰ ਫਿਰ ਵੀ ਸੈਮੁਅਲ ਨੇ ਨਾਂਹ ਨਹੀਂ ਕੀਤੀ। ਜ਼ਿੰਮੇਵਾਰੀ ਨੂੰ ਸਵੀਕਾਰ ਕਰਦਿਆਂ, ‘ਓ-ਕੇ ਬਾੱਸ’ ਕਹਿ ਜਾਣ ਦੀ ਇਜਾਜ਼ਤ ਮੰਗੀ।

ਅੱਗੇ ਸਾਰੀ ਯੋਜਨਾ ਸੈਮੂਅਲ ਨੇ ਤਿਆਰ ਕਰਨੀ ਸੀ। ਉਹ ਸਿੱਧਾ ਕਲੱਬ ਵਾਪਸ ਗਿਆ ਤੇ ਆਪਣੇ ਖ਼ਾਸ ਰਾਜ਼ਦਾਰ ਆਈਜ਼ੈਕ ਨੂੰ ਕਹਿਣ ਲੱਗਾ, “ਪਾਰਟੀ ਇੱਥੇ ਹੀ ਸਮੇਟ ਦਿੱਤੀ ਜਾਵੇ, ਆਪਾਂ ਆਪਣੇ ਬੰਦਿਆਂ ਨਾਲ ਬਹੁਤ ਜ਼ਰੂਰੀ ਮੀਟਿੰਗ ਕਰਨੀ ਹੈ।”

ਸਰੂਰ ਨਾਲ ਭਰੀਆਂ ਨਜ਼ਰਾਂ ਨਾਲ ਆਈਜ਼ੈਕ ਨੇ ਸੈਮੁਅਲ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਵੇਖਿਆ। ਸੈਮੂਅਲ ਦਾ ਚਿਹਰਾ ਪੂਰਾ ਸਖ਼ਤ ਸੀ, ਅੱਖਾਂ ਵਿੱਚ ਗੰਭੀਰਤਾ ਅਤੇ ਮੱਥੇ ’ਤੇ ਕਈ ਸਵਾਲ ਸਨ। ਆਈਜ਼ੈਕ ਨੇ ਮੌਕੇ ਦੀ ਨਜ਼ਾਕਤ ਨੂੰ ਸਮਝਦੇ ਹੋਏ, ਅੱਗੋਂ ਕੋਈ ਸਵਾਲ ਨਾ ਕੀਤਾ ਤੇ ਆਪਣੇ ਹੋਰ ਸਾਥੀਆਂ ਵੱਲ ਮੁੜ ਗਿਆ।

ਸੈਮੂਅਲ ਨੇ ਆਪਣੇ ਖ਼ਾਸ ਬੰਦਿਆਂ ਨੂੰ ਜਹਾਜ਼ ਦੇ ਆਉਣ ਦੀ ਗੱਲ ਦੱਸੀ ਤੇ ਕਿਹਾ ਅੱਜ ਰਾਤ ਹੀ ਆਪਾਂ ਇਹ ਜਹਾਜ਼ ਨੂੰ ਲੁੱਟਣਾ ਹੈ। ਆਈਜ਼ੈਕ ਨੇ ਸੁਝਾਅ ਦਿੱਤਾ, “ਸਮੁੰਦਰ ਤੋਂ ਚੈਨਲ ਵਾਲੇ ਪਾਸੇ ਮੁੜਦੇ ਹੀ ਜਹਾਜ਼ ’ਤੇ ਹਮਲਾ ਕਰਕੇ ਬੰਦਰਗਾਹ ਏਰੀਆ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਹੀ ਜਹਾਜ਼ ਤੇ ਸਟਾਫ਼ ਨੂੰ ਕਾਬੂ ਕਰਕੇ, ਦਿਨ ਚੜ੍ਹਨ ਤੋਂ ਪਹਿਲਾਂ ਲੁੱਟ ਦਾ ਕੰਮ ਮੁਕੰਮਲ ਕਰ ਲਿਆ ਜਾਵੇ।”

“ਆਈਜ਼ੈਕ ਤੇਰੀ ਗੱਲ ਠੀਕ ਹੈ ਪਰ ਇਸ ਵਿੱਚ ਇੱਕ ਮੁਸ਼ਕਿਲ ਹੈ। ਰਾਤ ਨੂੰ ਤੇਜ਼ ਹਵਾ ਨਾਲ ਮੌਸਮ ਖ਼ਰਾਬ ਹੋਣ ਦੀ ਚੇਤਾਵਨੀ ਹੈ। ਚੈਨਲ ਵਿੱਚ ਤੇਜ਼ ਲਹਿਰਾਂ ਉੱਠ ਸਕਦੀਆਂ ਹਨ। ਅਜਿਹੇ ਮੌਸਮ ’ਚ ਸਾਮਾਨ ਲਾਹੁਣਾ ਮੁਸ਼ਕਿਲ ਹੈ। ਬੰਦਿਆਂ ਦਾ ਨੁਕਸਾਨ ਹੋ ਸਕਦੈ ਤੇ ਕੁੱਝ ਸਾਮਾਨ ਵੀ ਪਾਣੀ ਵਿੱਚ ਡਿੱਗ ਸਕਦੈ।”

“ਆਪਾਂ ਜਹਾਜ਼ ਹਾਈ-ਜੈਕ ਕਰ ਲੈਂਦੇ ਹਾਂ, ਮੌਸਮ ਸਾਫ਼ ਹੋਣ ’ਤੇ ਸਾਮਾਨ ਲਾਹ ਲਵਾਂਗੇ।” ਆਈਜ਼ੈਕ ਫੇਰ ਬੋਲਿਆ।

“ਇਸ ਵਿੱਚ ਵੀ ਖ਼ਤਰਾ ਹੈ। ਇੰਡੀਅਨ, ਆਸਟ੍ਰੇਲੀਅਨ, ਫਿਲੀਪੀਨੋ, ਅਫ਼ਰੀਕਨ, ਸ੍ਰੀਲੰਕਨ ਆਦਿ ਰਲਿਆ-ਮਿਲਿਆ ਸਟਾਫ਼ ਹੈ। ਕਦੇ-ਕਦੇ ਇੱਕ-ਦੂਜੇ ਤੋਂ ਵੱਧ ਬਹਾਦਰੀ ਵਿਖਾਉਣ ਦਾ ਭੂਤ ਸਵਾਰ ਹੋ ਜਾਂਦੈ। ਏਥੇ ਵੀ ਕੋਈ ਮੂਰਖ ਮੁਕਾਬਲਾ ਕਰਨ ਦੀ ਕੋਸ਼ਿਸ਼ ਕਰ ਸਕਦੈ।”

“ਅਫ਼ਸਰ ਤੇ ਜਹਾਜ਼ ਦਾ ਸਟਾਫ਼ ਆਪਣੇ ਅੱਗੇ ਕੀ ਚੀਜ਼ ਹੈ। ਬਾੱਸ, ਇਸਦਾ ਫ਼ਿਕਰ ਨਾ ਕਰੋ। ਆਰਾਮ ਨਾਲ ਸਿਰੰਡਰ ਕਰ ਦੇਣਗੇ। ਬਹੁਤੀ ਗੱਲ ਹੋਈ ਇੱਕ ਅੱਧੇ ਨੂੰ ਪਾਰ ਬੁਲਾ ਦਿਆਂਗੇ ਤੇ ਬਹਾਦਰੀ ਠੁੱਸ, ਫੇਰ ਨੀ ਕੋਈ ਵੀ ਕੁਸਕਦਾ।” ਆਈਜ਼ੈਕ ਨੇ ਦਲੇਰੀ ਵਿਖਾਈ।

"ਆਈਜ਼ੈਕ ਆਪਣਾ ਮਕਸਦ ਜਹਾਜ਼ ਲੁੱਟਣਾ ਹੈ, ਬੰਦੇ ਮਾਰਨਾ ਨਹੀਂ। ਬੰਦਾ ਮਾਰ ਕੇ ਆਪਾਂ ਨੂੰ ਕੀ ਮਿਲੂ। ਅਗਰ ਜਾਨ ਨੂੰ ਖ਼ਤਰਾ ਹੋਵੇ, ਫੇਰ ਬੰਦੇ ਨੂੰ ਮਾਰੋ, ਵਰਨਾ ਬਿਲਕੁਲ ਨਹੀਂ।"

“ਠੀਕ ਹੈ ਬਾੱਸ। ਬਹੁਤੀ ਗੱਲਬਾਤ ਛੱਡੋ, ਸਾਨੂੰ ਤਾਂ ਹੁਕਮ ਕਰੋ ਕੀ ਕਰਨਾ ਹੈ।” ਆਈਜ਼ੈਕ ਚੁੱਪ ਹੋ ਗਿਆ।

“ਇੰਝ ਕਰੋ ਕਿ ਦੋ ਸੌ ਦੇ ਕਰੀਬ ਹਰ ਤਰ੍ਹਾਂ ਦੇ ਬੰਦੇ ਤਿਆਰ ਰੱਖੋ। ਸਪੀਡ-ਬੋਟ, ਵੱਡੇ ਟੱਗ ਤੇ ਡੌਹਜ਼ ਵਗੈਰਾ ਵੀ ਤਿਆਰ ਹੋਣ। ਕਰੇਨ-ਓਪਰੇਟਰ ਪੂਰੇ ਤਜ਼ਰਬੇਕਾਰ ਤੇ ਵਧੀਆ ਹੋਣ। ਸਾਰੀ ਤਿਆਰੀ ਕਰ ਲਵੋ, ਟਾਇਮ ਤੇ ਜਗ੍ਹਾ ਮੈਂ ਬਾਅਦ ਵਿੱਚ ਦੱਸਦਾ ਹਾਂ।” ਸੈਮੂਅਲ ਨੇ ਗੱਲ ਖਤਮ ਕੀਤੀ।

ਜਹਾਜ਼ ਉਸ ਏਰੀਏ ਵਿੱਚ ਦਾਖ਼ਲ ਹੋ ਚੁੱਕਾ ਸੀ, ਜਿੱਥੋਂ ਡਾਕੂਆਂ ਦੇ ਹਮਲੇ ਦਾ ਖ਼ਤਰਾ ਸ਼ੁਰੂ ਹੁੰਦਾ ਸੀ। ਅੱਗੇ ਲੰਬੀ ਰਾਤ ਵੀ ਸੀ। ਜਿਵੇਂ-ਜਿਵੇਂ ਬਾਹਰ ਹਨ੍ਹੇਰਾ ਵਧਦਾ ਰਿਹਾ, ਜਹਾਜ਼ ਅੰਦਰਲੇ ਸਟਾਫ਼ ਵਿੱਚ ਡਰ ਤੇ ਬੇਚੈਨੀ ਦਾ ਅਹਿਸਾਸ ਵਧਦਾ ਰਿਹਾ।

ਜਹਾਜ਼ ਨੇ ਚੈਨਲ ਵੱਲ ਮੋੜ ਕੱਟਿਆ ਤੇ ਨਿਰਧਾਰਤ ਮੰਜ਼ਿਲ ਵੱਲ ਵਧਣਾ ਜਾਰੀ ਰੱਖਿਆ। ਰਾਤ ਦੇ ਗਿਆਰਾਂ ਵੱਜ ਚੁੱਕੇ ਸਨ। ਹੁਣ ਤੱਕ ਸਭ ਠੀਕ-ਠਾਕ ਸੀ। ਬਾਰਾਂ ਵਜੇ ਡਿਊਟੀ ਵਾਲੇ ਬੰਦਿਆਂ ਦੀ ਸ਼ਿਫਟ ਬਦਲੀ ਕੀਤੀ ਗਈ। ਨਵੇਂ ਬੰਦਿਆਂ ਨੇ ਆ ਕੇ ਡਿਊਟੀਆਂ ਸੰਭਾਲ ਲਈਆਂ ਤੇ ਪਹਿਲਾਂ ਵਾਲੇ ਆਰਾਮ ਕਰਨ ਲਈ ਚਲੇ ਗਏ। ਆਉਣ ਵਾਲਾ ਰਾਤ ਦਾ ਪਹਿਰ ਵੱਧ ਖ਼ਤਰਨਾਕ ਸੀ। ਇੱਕ ਤੋਂ ਤਿੰਨ ਵਜੇ ਦੇ ਵਿਚਕਾਰ ਹਮਲੇ ਦੀ ਸੰਭਾਵਨਾ ਵੱਧ ਸੀ।

ਸੁਸ਼ੀਲ ਨਾਮ ਦਾ ਇੰਡੀਅਨ ਕੈਡਿਟ (ਟਰੇਨੀ-ਅਫ਼ਸਰ) ਦੁਨੀਆਂ ਘੁੰਮਣ ਦਾ ਸ਼ੌਕ ਲੈ ਕੇ ਕੈਡਿਟ ਭਰਤੀ ਹੋਇਆ ਸੀ। ਦੋ ਮਹੀਨੇ ਪਹਿਲਾਂ ਹੀ ਉਹ ਜਹਾਜ਼ ਵਿੱਚ ਆਇਆ ਸੀ। ਮਾਂ-ਬਾਪ ਦਾ ਇਕਲੌਤਾ ਬੇਟਾ, ਨੌਜਵਾਨ ਖ਼ਾਨ, ਨਵਾਂ-ਨਵਾਂ ਚਾਅ। ਉਹ ਸੋਚਦਾ, ‘ਵਾਹ! ਇਹ ਜਹਾਜ਼ੀ ਜ਼ਿੰਦਗੀ ਵੀ ਕਿੰਨੀ ਅਜੀਬ ਹੈ। ਅੱਜ ਕਿਤੇ, ਕੁੱਝ ਦਿਨਾਂ ਬਾਅਦ ਕਿਤੇ। ਨਵੀਂ ਬੰਦਰਗਾਹ, ਨਵਾਂ ਮੁਲਕ, ਨਵੇਂ ਲੋਕ।’

ਉਹ ਦਿੱਲੀ ’ਚ ਜੰਮਿਆਂ ਤੇ ਕੈਡਿਟ ਭਰਤੀ ਹੋਣ ਤੱਕ ਸਿਰਫ਼ ਦਿੱਲੀ ’ਚ ਹੀ ਰਿਹਾ ਸੀ। ਪਿਛਲੇ ਸਾਲ ਬੰਬਈ ਆਇਆ, ਟਰੇਨਿੰਗ ਕੀਤੀ ਤੇ ਹੁਣ ਆਹ ਦੋ ਮਹੀਨਿਆਂ ਵਿੱਚ, ਚਾਰ ਮੁਲਕਾਂ ਦੀਆਂ ਬੰਦਰਗਾਹਾਂ ਵੇਖ ਤੇ ਘੁੰਮ ਚੁੱਕਾ ਸੀ। ਹਮੇਸ਼ਾ ਬੜੇ ਉਤਸ਼ਾਹ 'ਚ ਰਹਿੰਦਾ ਤੇ ਹੁੱਬ-ਹੁੱਬ ਕੇ ਗੱਲਾਂ ਕਰਦਾ ਪਰ ਅੱਜ ਉਹ ਗੰਭੀਰ ਸੀ ਤੇ ਉਦਾਸ ਵੀ। ਇੱਕ ਫਲੱਡ-ਲਾਈਟ ਦੇ ਪਿੱਛੇ ਡਿਉਟੀ ’ਤੇ ਬੈਠਾ ਕੁਝ ਸੋਚ ਰਿਹਾ ਸੀ।

ਪਹਿਲੀ ਵਾਰ ਉਸਨੂੰ ਜਹਾਜ਼ੀ ਜ਼ਿੰਦਗੀ ਤੋਂ ਡਰ ਲੱਗਾ। ਉਹ ਬਹੁਤ ਘਬਰਾਇਆ ਹੋਇਆ ਸੀ। ਉਸਨੂੰ ਮਾਂ-ਬਾਪ, ਘਰ, ਕਾਲਜ ਦੇ ਦਿਨ, ਦੋਸਤ-ਮਿੱਤਰ ਤੇ ਹੋਰ ਬੜਾ ਕੁੱਝ ਯਾਦ ਆ ਰਿਹਾ ਸੀ। ਕਿੱਥੇ ਦਿੱਲੀ ਦੀ ਭੱਜ-ਨੱਠ ਦੀ ਜ਼ਿੰਦਗੀ ਤੇ ਕਿੱਥੇ ਇਸ ਡਰਾਵਣੀ ਹਨ੍ਹੇਰੀ ਰਾਤ ਦੀ ਚੁੱਪ ਤੇ ਸੰਨਾਟਾ। ਮਨ ਹੀ ਮਨ ਸੋਚਣ ਲੱਗਾ, ਕਿਸੇ ਪਲ ਵੀ ਡਾਕੂ ਹਮਲਾ ਕਰ ਸਕਦੇ ਹਨ। ਕਿਸੇ ਡਾਕੂ ਵੱਲੋਂ ਚਲਾਈ ਗੋਲੀ ਉਸ ਦੀ ਛਾਤੀ ਵਿੱਚ ਆ ਵੱਜੀ ਤਾਂ ਉਸ ਦੀ ਮੌਤ ਹੋ ਸਕਦੀ ਹੈ। ਉਹ ਕਦੇ ਵੀ ਘਰ ਨਹੀਂ ਪਰਤੇਗਾ ਤੇ ਇੱਥੇ ਹੀ ਸਦਾ ਦੀ ਨੀਂਦ ਸੌਂ ਜਾਏਗਾ।

ਅੱਲੜ੍ਹ ਉਮਰ, ਔਖਾ ਸਮਾਂ ਕਦੇ ਦੇਖਿਆ ਹੀ ਨਹੀਂ, ਘਰ ’ਚ ਸਭ ਦਾ ਲਾਡਲਾ, ਉਸ ਦੀਆਂ ਅੱਖਾਂ ਵਿੱਚ ਪਾਣੀ ਭਰ ਆਇਆ। ਹੰਝੂ ਗੱਲ੍ਹਾਂ ਤੋਂ ਹੇਠਾਂ ਨੂੰ ਵਗਣ ਲੱਗੇ। ਉਹ ਖ਼ਿਆਲਾਂ ਵਿੱਚ ਐਨਾ ਖੋ ਗਿਆ ਕਿ ਭੁੱਲ ਹੀ ਗਿਆ ਕਿੱਥੇ ਬੈਠਾ ਹੈ। ਉਸ ਨੂੰ ਹੰਝੂਆਂ ਦਾ ਵਹਿ ਰਿਹਾ ਕੋਈ ਹੜ੍ਹ ਦਿਖਾਈ ਦੇਣ ਲੱਗਾ। ਜ਼ਿੰਦਗੀ ਲਈ ਦੇਖੇ ਸਾਰੇ ਸੁਪਨੇ ਹੜ੍ਹ ’ਚ ਰੁੜ੍ਹੇ ਜਾਂਦੇ ਦਿਖਾਈ ਦਿੱਤੇ। ਐਨਾ ਭਾਵੁਕ ਹੋ ਗਿਆ ਕਿ ਕੋਈ ਸੁਧ ਹੀ ਨਾ ਰਹੀ। ਫਿਰ ਹੜ੍ਹ ’ਚ ਘਰ, ਸਮਾਨ, ਮਾਪੇ ਤੇ ਹੋਰ ਬੜਾ ਕੁੱਝ ਰੁੜ੍ਹਦਾ ਨਜ਼ਰ ਆਉਣ ਲੱਗਾ।

‘ਹੈਂਅ! ਅਨੀਤਾ, ਮੇਰੀ ਅਨੀਤਾ, ਉਹ ਵੀ ਰੁੜ੍ਹੀ ਜਾ ਰਹੀ ਹੈ। ਅਸੀਂ ਤਾਂ ਇਕੱਠੇ ਜਿਉਣ-ਮਰਨ ਦੀਆਂ ਕਸਮਾਂ ਖਾਧੀਆਂ ਸੀ। ਸਾਡੀ ਸ਼ਾਦੀ ਹੋਣੀ ਸੀ ਪਰ ਉਹ ਤਾਂ ਰੁੜ੍ਹੀ ਜਾ ਰਹੀ ਹੈ। ਬਚਾਓ-ਬਚਾਓ ਕਰਕੇ ਚੀਕ ਰਹੀ ਹੈ। ਬਚਾਉ ਲਈ ਹੱਥ-ਪੈਰ ਮਾਰ ਰਹੀ ਹੈ।’

ਸੁਸ਼ੀਲ ਐਨਾ ਘਬਰਾ ਗਿਆ ਕਿ ਉਸਦੇ ਮੂੰਹੋਂ ਲੰਬੀ ਚੀਕ-ਨੁਮਾ ਆਵਾਜ਼, “ਨ....ਹੀਂ....ਅ....ਅ....” ਕਦ ਨਿਕਲ ਗਈ, ਉਸ ਨੂੰ ਪਤਾ ਹੀ ਨਾ ਲੱਗਾ। ਰਾਤ ਦੇ ਸੰਨਾਟੇ ਤੇ ਸ਼ਾਂਤ ਮਾਹੌਲ ਨੂੰ ਚੀਰਦੀ ਇਹ ਆਵਾਜ਼ ਦੂਰ ਤੱਕ ਸੁਣਾਈ ਦਿੱਤੀ। ਚੀਕ ਸੁਣ ਆਲੇ-ਦੁਆਲੇ ਬੈਠੇ ਸਾਰੇ ਹੀ ਘਬਰਾ ਗਏ। ਡਿਉਟੀ ਅਫ਼ਸਰ ਭੱਜਾ-ਭੱਜਾ ਉਸ ਕੋਲ ਆਇਆ।

ਅਚਾਨਕ ਚੀਕ ਵੱਜਣ ਤੋਂ ਬਾਅਦ ਸੁਸ਼ੀਲ ਆਲੇ-ਦੁਆਲੇ ਦੇਖਣ ਲੱਗਾ। ਉਹ ਆਪਣੇ ਆਪ ’ਤੇ ਹੈਰਾਨ ਹੋਇਆ, ਇਹ ਕੀ? ਕੁੱਝ ਕੁ ਸੰਭਲਿਆ ਤੇ ਹੋਸ਼ ਚ ਪਰਤਿਆ। ਉਹ ਤਣਾਅ ’ਚ ਤਾਂ ਸੀ ਪਰ ਹੁਣ ਠੀਕ ਸੀ। ਡਿਊਟੀ ਅਫ਼ਸਰ ਉਸ ਕੋਲ ਪਹੁੰਚ ਚੁੱਕਾ ਸੀ। ਉਹ ਪੁੱਛ ਰਿਹਾ ਸੀ, “ਕੀ ਹੋਇਆ ਸੁਸ਼ੀਲ, ਤੂੰ ਤਾਂ ਬਹੁਤ ਬਹਾਦਰ ਲੜਕਾ ਹੈਂ, ਕੋਈ ਤਕਲੀਫ਼? ਆਹ ਦੇਖ ਸਾਰੇ ਤੇਰੇ ਕੋਲ ਹੀ ਤਾਂ ਬੈਠੇ ਨੇ। ਕੀ ਤੂੰ ਬਾਹਰ ਸਮੁੰਦਰ ਵਿੱਚ ਕੁੱਝ ਦੇਖਿਆ?”

ਉਸਨੇ ਹੋਰ ਵੀ ਕਈ ਗੱਲਾਂ ਕੀਤੀਆਂ ਤੇ ਸੁਸ਼ੀਲ ਨੂੰ ਹੌਸਲਾ ਦਿੱਤਾ। ਕੈਬਿਨ ਵਿੱਚ ਜਾ ਕੇ ਆਰਾਮ ਕਰਨ ਲਈ ਵੀ ਕਿਹਾ ਪਰ ਸੁਸ਼ੀਲ ਹੁਣ ਤੱਕ ਸ਼ਾਂਤ ਹੋ ਚੁੱਕਾ ਸੀ। ਆਲੇ-ਦੁਆਲੇ ਦੇਖ ਉਸ ਨੂੰ ਅਹਿਸਾਸ ਹੋਇਆ, ਮੈਂ ਇਕੱਲਾ ਥੋੜ੍ਹਾ ਹਾਂ। ਉਸ ਨੇ ਡਿਊਟੀ-ਅਫ਼ਸਰ ਨੂੰ ਵਿਸ਼ਵਾਸ ਦਿਵਾਇਆ, “ਥੋੜੀ ਘਬਰਾਹਟ ਹੋ ਗਈ ਸੀ ਪਰ ਹੁਣ ਠੀਕ ਹਾਂ। ਫ਼ਿਕਰ ਨਾ ਕਰੋ, ਮੈਂ ਬਿਲਕੁਲ ਠੀਕ ਹਾਂ ਤੇ ਏਥੇ ਹੀ ਰਹਾਂਗਾ।”

ਆਸੇ-ਪਾਸੇ ਵਾਲੀਆਂ ਫਲੱਡ ਲਾਈਟਾਂ ਦੇ ਪਿੱਛੇ ਬੈਠੇ ਲੋਕਾਂ ਵਿੱਚ ਕੁੱਝ ਚਿਰ ਘੁਸਰ-ਮੁਸਰ ਹੋਈ ਸੀ ਪਰ ਹੁਣ ਫੇਰ ਸਾਰੇ ਚੁੱਪ ਸਨ। ਡਿਊਟੀ ਅਫ਼ਸਰ ਵਾਪਿਸ ਜਾ ਚੁੱਕਾ ਸੀ। ਸੁਸ਼ੀਲ ਸਭ ਕੁੱਝ ਭੁੱਲ-ਭੁਲਾ ਕੇ ਪੂਰਾ ਸਤਰਕ ਹੋ ਗਿਆ ਸੀ। ਉਸਨੇ ਆਪਣੀਆਂ ਨਜ਼ਰਾਂ ਬਾਹਰ ਵੱਲ ਟਿਕਾ ਲਈਆਂ ਸਨ। ਡਿਊਟੀ ਅਤੇ ਜ਼ਿੰਮੇਵਾਰੀ ਦਾ ਅਹਿਸਾਸ ਫਿਰ ਭਾਰੀ ਪੈਣ ਲੱਗਾ ਸੀ।

ਹੌਲੀ-ਹੌਲੀ ਸੁਸ਼ੀਲ ਦੇ ਮਨ ਅੰਦਰ ਇੱਕ ਹੋਰ ਤਕਰਾਰ ਸ਼ੁਰੂ ਹੋ ਗਈ। ਸੋਚਣ ਲੱਗਾ, ‘ਇਹ ਕੰਪਨੀਆਂ ਜਹਾਜ਼ਾਂ ’ਚ ਹਥਿਆਰ ਕਿਉਂ ਨੀ ਦਿੰਦੀਆਂ? ਨਾਲੇ ਇਹ ਕੈਸੇ ਕਾਨੂੰਨ ਨੇ, ਜੋ ਸਿਰਫ਼ ਸਾਡੇ ’ਤੇ ਲਾਗੂ ਹਨ, ਡਾਕੂਆਂ ’ਤੇ ਨਹੀਂ। ਜੋ ਹਨ ਹੀ ਡਾਕੂ, ਉਨ੍ਹਾਂ 'ਤੇ ਰਹਿਮ ਕਿਉਂ, ਸਿੱਧਾ ਗੋਲੀ ਮਾਰੋ ਸਾਲਿਆਂ ਨੂੰ। ਡਾਕੂ ਤੁਹਾਨੂੰ ਜ਼ਖ਼ਮੀ ਕਰ ਸਕਦਾ ਹੈ, ਵੱਢ-ਟੁੱਕ ਸਕਦਾ ਹੈ, ਗੋਲੀ ਮਾਰ ਸਕਦਾ ਹੈ, ਲੁੱਟ ਸਕਦਾ ਹੈ, ਕੁੱਝ ਵੀ ਕਰ ਸਕਦਾ ਹੈ ਪਰ ਤੁਸੀਂ? ਤੁਸੀਂ ਉਸ ਨੂੰ ਕੁੱਝ ਨੀ ਕਹਿ ਸਕਦੇ, ਸਭ ਬਕਵਾਸ। ਹੋਵੇ ਮੇਰੇ ਕੋਲ ਸਟੇਨਗੰਨ, ਇੱਕ ਵੀ ਡਾਕੂ ਅੰਦਰ ਵੜ ਕੇ ਵਿਖਾਵੇ।’

ਨੌਜਵਾਨ ਖ਼ੂਨ ਅੰਦਰ ਹੀ ਅੰਦਰ ਖੌਲਣ ਲੱਗਾ। ਉਹ ਆਪਣੇ ਆਪ ਨਾਲ ਹੀ ਬਹਿਸ ਰਿਹਾ ਸੀ ਤੇ ਮਨ ’ਚ ਗੁੱਸਾ ਵਧਦਾ ਜਾ ਰਿਹਾ ਸੀ। ‘ਮੇਰੇ ਜਹਾਜ਼ ਨੂੰ ਮੇਰੇ ਹੀ ਸਾਹਮਣੇ ਕੋਈ ਵੀ ਆ ਕੇ ਲੁੱਟੀ ਜਾਵੇ ਤੇ ਮੈਂ ਬੇਵੱਸ ਖੜ੍ਹਾ ਵੇਖੀ ਜਾਵਾਂ।’ ਇਹ ਗੱਲ ਉਸਨੂੰ ਹਜ਼ਮ ਨਹੀਂ ਸੀ ਹੋ ਰਹੀ।

ਓਧਰ ਸਵੇਰ ਦੇ ਤਿੰਨ ਵੱਜ ਚੁੱਕੇ ਸਨ। ਬਰਿਜ਼ ’ਚ ਖੜ੍ਹੇ ਕੈਪਟਨ ਦੇ ਮਨ ’ਚ ਕਈ ਤਰ੍ਹਾਂ ਦੇ ਖ਼ਿਆਲ ਆ ਰਹੇ ਸਨ। ਉਹ ਵੀ ਆਪਣੇ ਆਪ ਨਾਲ ਹੀ ਗੱਲਾਂ ਕਰੀ ਜਾ ਰਿਹਾ ਸੀ। ਆਪ ਹੀ ਸਵਾਲ ਕਰਦਾ ਤੇ ਆਪ ਹੀ ਜਵਾਬ ਦਿੰਦਾ:

‘ਜੇ ਦਿਨ ਦੇ ਟਾਇਮ ਇਹ ਚੈਨਲ ਪਾਰ ਕਰਦੇ ? .... ਉਸ ਨਾਲ ਕੀ ਫ਼ਰਕ ਪੈਣਾ ਸੀ?’

‘ਹਮਲੇ ਦੀ ਸੰਭਾਵਨਾ ਸ਼ਾਇਦ ਘੱਟ ਹੁੰਦੀ? ....ਨਹੀਂ, ਕਿੰਨੇ ਜਹਾਜ਼ਾਂ ’ਤੇ ਦਿਨ ਵੇਲੇ ਵੀ ਹਮਲੇ ਹੋਏ ਨੇ।’

‘ਕੋਈ ਜਾਨੀ ਨੁਕਸਾਨ ਨਾ ਹੋ ਜੇ ਕਿਤੇ ?....ਨਹੀਂ, ਬੰਦਾ ਨੀ ਮਾਰਦੇ, ਮਰਿਆ ਬੰਦਾ ਉਨ੍ਹਾਂ ਦੇ ਕਿਸ ਕੰਮ।’

‘ਹਮਲਾ ਤਾਂ ਜ਼ਰੂਰ ਕਰਨਗੇ ? ....ਲੱਗਦੈ ਹੁਣ ਨੀ ਕਰਦੇ, ਕਰਨਾ ਹੁੰਦਾ ਤਾਂ ਹੁਣ ਤੱਕ ਕਰ ਦਿੰਦੇ।’

ਮਨ ’ਚ ਜਬਰਦਸਤ ਹਲਚਲ ਮੱਚੀ ਹੋਈ ਸੀ। ਖ਼ਤਰਨਾਕ ਟਾਇਮ ਲੱਗਭੱਗ ਲੰਘਦਾ ਜਾ ਰਿਹਾ ਸੀ। ਫਿਰ ਵੀ ਘੰਟਾ-ਡੇਢ ਘੰਟਾ ਹੋਰ ਸਤਰਕ ਰਹਿਣ ਦੀ ਜ਼ਰੂਰਤ ਸੀ।

ਡਾਕੂ ਸਰਦਾਰ ਸੈਮੂਅਲ ਵੀ ਸੁੱਤਾ ਨਹੀਂ ਸੀ। ਉਹ ਸਾਰੀਆਂ ਮੋਰੀਆ ਬੰਦ ਕਰਨ ਲੱਗਾ ਹੋਇਆ ਸੀ। ਰਾਤ ਇੱਕ ਵਜੇ ਉਸਨੇ ਆਈਜ਼ੈਕ ਨੂੰ ਉਹ ਥਾਂ ਦੱਸੀ, ਜਿੱਥੋਂ ਜਹਾਜ਼ 'ਤੇ ਹਮਲਾ ਕਰਨਾ ਸੀ। ਆਈਜ਼ੈਕ ਜਗ੍ਹਾ ਬਾਰੇ ਸੁਣ ਕੇ ਚੌਕਿਆ, “ਹੈਂਅ! ਬਾੱਸ ਇਹ ਜਗ੍ਹਾ ਠੀਕ ਨਹੀਂ। ਆਪਾਂ ਨੂੰ ਬਹੁਤ ਪਹਿਲਾਂ ਜਹਾਜ਼ ਕਾਬੂ ਕਰਨਾ ਪਏਗਾ। ਏਸ ਜਗ੍ਹਾ ’ਤੇ ਅਗਰ ਜਲਦੀ ਕਾਬੂ ਨਾ ਆਇਆ ਤਾਂ ਫੁੱਲ-ਸਪੀਡ ਭੱਜ ਕੇ ਉਹ ਬੰਦਰਗਾਹ ’ਚ ਪਹੁੰਚ ਜਾਵੇਗਾ ਤੇ ਅੱਗੇ ਦਿਨ ਵੀ ਚੜ੍ਹ ਰਿਹਾ ਹੈ।”

“ਆਈਜ਼ੈਕ, ਘਬਰਾਉਣ ਦੀ ਲੋੜ ਨਹੀਂ। ਸਾਰੇ ਕੰਮ ਮੈਂ ਸੰਭਾਲ ਲਏ ਹਨ। ਇਸ ਜਗ੍ਹਾ ’ਤੇ ਸਮੁੰਦਰ ਬਿਲਕੁਲ ਸ਼ਾਂਤ ਹੈ। ਸਾਮਾਨ ਉਤਾਰਨਾ ਸੌਖਾ ਹੈ ਤੇ ਟਾਇਮ ਵੀ ਘੱਟ ਲੱਗੇਗਾ। ਤੁਸੀਂ ਸਾਰੀਆਂ ਸਪੀਡ-ਬੋਟ, ਟੱਗ, ਡੌਹਜ਼ ਤੇ ਬੰਦੇ ਤਿਆਰ ਰੱਖੋ। ਤੁਹਾਨੂੰ ਛੇ ਘੰਟੇ ਮਿਲਣਗੇ। ਇਸ ਟਾਇਮ ’ਚ ਸਾਰਾ ਜਹਾਜ਼ ਖਾਲੀ ਕਰਨਾ ਹੋਵੇਗਾ।”

ਆਈਜ਼ੈਕ ਸੋਚ ਰਿਹਾ ਸੀ, ‘ਬਾੱਸ ਪੂਰਾ ਨਾਬਰ ਬੰਦਾ ਹੈ। ਸਾਰੀਆਂ ਮੋਰੀਆਂ ਬੰਦ ਕਰਕੇ ਫੇਰ ਹੀ ਮੈਨੂੰ ਕਿਹਾ ਹੋਣੈ। ਆਪਾਂ ਨੂੰ ਕੀ, ਬਾੱਸ ਵਾਲਾ ਕੰਮ ਬਾੱਸ ਸੰਭਾਲੂ, ਆਪਾਂ ਆਪਣਾ ਕਰੀਏ।’

ਉਸਨੇ ਤਿਆਰੀ ਤਾਂ ਪਹਿਲਾਂ ਹੀ ਕਰ ਲਈ ਸੀ। ਬਾੱਸ ਦਾ ਹੁਕਮ ਮਿਲਦੇ ਹੀ ਸਾਥੀਆਂ ਸਮੇਤ ਉਸ ਜਗ੍ਹਾ ਵੱਲ ਕੂਚ ਕਰ ਦਿੱਤਾ, ਜੋ ਹੁਣੇ ਉਸ ਨੂੰ ਦੱਸੀ ਗਈ ਸੀ। ਰਾਤ ਦੇ ਢਾਈ ਵਜੇ ਉਹ ਦੱਸੀ ਜਗ੍ਹਾ ’ਤੇ ਪਹੁੰਚ ਗਏ ਤੇ ਹਮਲੇ ਲਈ ਤਿਆਰ ਸਨ।

ਓਧਰ ਦੋ ਵਜੇ ਤੋਂ ਬਾਅਦ ਸੈਮੂਅਲ ਨੇ ਜਹਾਜ਼ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਇੱਕ ਛੋਟੀ ਕਿਸ਼ਤੀ ’ਚ ਬੈਠਾ, ਉਹ ਜਹਾਜ਼ ਤੋਂ ਥੋੜ੍ਹੀ ਦੂਰੀ ਬਣਾ ਕੇ ਪਿੱਛੇ-ਪਿੱਛੇ ਚੱਲਿਆ ਆ ਰਿਹਾ ਸੀ। ਸਵੇਰ ਦੇ ਚਾਰ ਵੱਜੇ ਤਾਂ ਨਹੀਂ ਸਨ ਪਰ ਥੋੜ੍ਹਾ ਚਾਨਣ ਹੋਣ ਲੱਗ ਪਿਆ ਸੀ। ਜਹਾਜ਼ ਦੇ ਬਰਿੱਜ਼ ’ਚ ਖੜ੍ਹੇ ਕੈਪਟਨ ਨੇ ਹਾਲਾਤ ਨੂੰ ਆਂਕਿਆ। ਸੋਚਣ ਲੱਗਾ, ‘ਹੁਣ ਤਾਂ ਹਮਲੇ ਦੀ ਕੋਈ ਸੰਭਾਵਨਾ ਨਹੀਂ ਲੱਗਦੀ।’ ਕੁੱਝ ਸੋਚ ਉਸਨੇ ਚੀਫ਼-ਅਫ਼ਸਰ ਨੂੰ ਕਿਹਾ, “ਕੁੱਝ ਬੰਦੇ ਆਪਣੇ ਕੋਲ ਰੱਖ ਕੇ, ਬਾਕੀਆਂ ਨੂੰ ਆਰਾਮ ਕਰਨ ਲਈ ਭੇਜ ਦਿੱਤਾ ਜਾਵੇ।”

ਅਚਾਨਕ ਬੜੀ ਤੇਜ਼ ਰਫ਼ਤਾਰ ਕਈ ਸਪੀਡ-ਬੋਟ ਜਹਾਜ਼ ਵੱਲ ਵਧੀਆਂ। ਇਹ ਸਾਰੀਆਂ ਪਿਛਲੇ ਪਾਸੇ ਤੋਂ ਆਈਆਂ। ਦੋ ਕਿਸ਼ਤੀਆਂ ਜਹਾਜ਼ ਦੇ ਖੱਬੇ ਤੇ ਸੱਜੇ ਜਹਾਜ਼ ਦੇ ਹੀ ਪ੍ਰਛਾਂਵੇ ਵਿਚਦੀ ਬਿਲਕੁਲ ਨਾਲ ਦੀ ਲੰਘ ਕੇ, ਅਗਲੇ ਹਿੱਸੇ ਤੱਕ ਪਹੁੰਚ ਗਈਆਂ। ਕਿਸੇ ਦੇ ਵੀ ਨਜ਼ਰ ਨਾ ਪਈਆਂ। ਕਿਸ਼ਤੀਆਂ ਅੰਦਰਲੇ ਬੰਦਿਆਂ ਨੇ ਮੋਟੇ ਰੱਸਿਆਂ ਨਾਲ ਬੰਨ੍ਹੀਆਂ ਹੁੱਕਾਂ ਜਹਾਜ਼ ਦੀ ਰੇਲਿੰਗ ਉੱਪਰ ਸੁੱਟੀਆਂ। ਟਰੇਂਡ ਡਾਕੂਆਂ ਦਾ ਕੰਮ ਸੀ। ਸਾਰੀਆਂ ਹੁੱਕਾਂ ਰੇਲਿੰਗਾਂ ਵਿੱਚ ਜਾ ਫਸੀਆਂ। ਕੁੱਝ ਹੀ ਪਲਾਂ ’ਚ ਰੱਸਿਆਂ ਦਾ ਸਹਾਰਾ ਲੈ ਕੇ ਬਾਂਦਰ-ਟਪੂਸੀਆਂ ਵਾਂਗ ਦੋਵਾਂ ਪਾਸਿਆਂ ਤੋਂ ਕਰੀਬ 20-20 ਬੰਦੇ ਜਹਾਜ਼ ਦੇ ਅਗਲੇ ਡੈਕ 'ਤੇ ਪਹੁੰਚ ਗਏ ਤੇ ਚੀਫ਼-ਅਫ਼ਸਰ ਦੀ ਟੀਮ ’ਤੇ ਹਮਲਾ ਕਰ ਦਿੱਤਾ। ਸਭ ਕੁੱਝ ਐਨੀ ਤੇਜ਼ੀ ਨਾਲ ਵਾਪਰਿਆ ਕਿ ਕੋਈ ਅੰਦਾਜ਼ਾ ਹੀ ਨਾ ਲਾ ਸਕਿਆ। ਅਗਲੇ ਡੈਕ ’ਤੇ ਡਾਕੂਆਂ ਦਾ ਝੁੰਡ ਦੇਖ, ਬਰਿੱਜ਼ ਅੰਦਰ ਖੜਾ ਕੈਪਟਨ ਹੈਰਾਨ ਰਹਿ ਗਿਆ।

ਘਬਰਾਹਟ ਵਿੱਚ ਬਰਿੱਜ਼ ਦਾ ਖੱਬੇ ਪਾਸੇ ਵਾਲਾ ਦਰਵਾਜ਼ਾ ਖੋਲ੍ਹ, ਕੈਪਟਨ ਝੱਟ ਬਾਹਰ ਆ ਗਿਆ। ਉਹ ਜਲਦੀ ਤੋਂ ਜਲਦੀ ਚੀਫ਼ ਅਫ਼ਸਰ ਦੀ ਮੱਦਦ ਲਈ ਪਹੁੰਚਣਾ ਚਾਹੁੰਦਾ ਸੀ। ਬਰਿੱਜ਼ ਵਾਲੇ ਡੈਕ ਤੋਂ ਹੇਠਲੇ ਡੈਕ ’ਤੇ ਆਉਣ ਲਈ ਕੈਪਟਨ ਪੌੜੀਆਂ ਤੋਂ ਭੱਜ-ਭੱਜ ਥੱਲੇ ਉਤਰ ਰਿਹਾ ਸੀ। ਜਿਵੇਂ ਹੀ ਦੋ ਨੰਬਰ ਡੈਕ ’ਤੇ ਪਹੁੰਚਿਆ, ਅਚਾਨਕ ਤਿੰਨ ਡਾਕੂਆਂ ਨੇ ਕੈਪਟਨ ਦਾ ਰਾਹ ਰੋਕਿਆ। ਕੈਪਟਨ ਪਹਿਲਾਂ ਹੀ ਗੁੱਸੇ ’ਚ ਸੀ, ਸਾਹਮਣੇ ਆਏ ਬੰਦੇ ਦੇ ਉਸ ਨੇ ਜ਼ੋਰ ਦੀ ਲੱਤ ਮਾਰੀ। ਉਹ ਡਾਕੂ ਪਿਛਾਂਹ ਜਾ ਡਿੱਗਾ। ਦੂਸਰੇ ਡਾਕੂ ਨੇ ਗੋਲੀ ਤਾਂ ਨਾ ਚਲਾਈ ਪਰ ਰਾਈਫਲ ਦੇ ਬੱਟ ਨਾਲ ਕੈਪਟਨ ਦੇ ਸਿਰ ’ਤੇ ਵਾਰ ਕੀਤਾ। ਕੈਪਟਨ ਦੀਆਂ ਅੱਖਾਂ ਅੱਗੇ ਧੁੰਦਲਾ ਜਿਹਾ ਛਾਇਆ ਪਰ ਜਲਦੀ ਸਾਫ਼ ਹੋ ਗਿਆ। ਉਹ ਡਿੱਗਣ ਤੋਂ ਮਸਾਂ ਬਚਿਆ। ਤੇਜ਼ੀ ਨਾਲ ਹੋਰ ਅੱਗੇ ਵਧ ਗਿਆ ਪਰ ਜਿਉਂ ਹੀ ਘੁੰਮ ਕੇ ਅਗਲੀ ਪੌੜੀ ਉਤਰਨ ਲਈ ਡੰਡਾ ਫੜਿਆ, ਇੱਕ ਡਾਕੂ ਨੇ ਪਿੱਛੋਂ ਜੱਫਾ ਭਰ ਕੇ ਕੈਪਟਨ ਨੂੰ ਪਿੱਛੇ ਹੀ ਖਿੱਚ ਲਿਆ। ਇੱਕ ਹੋਰ ਨੇ ਕੰਨ ’ਤੇ ਪਿਸਤੌਲ ਰੱਖਿਆ ਤੇ ਪੁੱਛਿਆ, “ਕੀ ਤੂੰ ਹੀ ਕੈਪਟਨ ਹੈਂ?”

ਉਹ ਗੁੱਸੇ ’ਚ ਚਿੱਲਾਇਆ, “ਹਾਂ, ਮੈਂ ਹੀ ਕੈਪਟਨ ਹਾਂ। ਮੇਰੇ ਅਗਲੇ ਬੰਦਿਆਂ ਨੂੰ ਹੱਥ ਨਾ ਲਾਇਆ ਜਾਵੇ।”

ਉਨ੍ਹਾਂ ਉੱਥੇ ਹੀ ਕੈਪਟਨ ਨੂੰ ਦਬੋਚ ਲਿਆ ਤੇ ਬਰਿੱਜ਼ ਅੰਦਰ ਲਿਜਾ ਕੇ ਤਾੜ ਦਿੱਤਾ। ਹੁਣ ਤੱਕ ਹੋਰ ਡਾਕੂਆਂ ਨੇ ਆ ਕੇ ਬਰਿੱਜ਼ ’ਤੇ ਕਬਜ਼ਾ ਕਰ ਲਿਆ ਸੀ। ਇਹ ਸਾਰੇ ਡਾਕੂ ਪਿਛਲੇ ਪਾਸਿਉਂ ਜਹਾਜ਼ ਵਿੱਚ ਦਾਖ਼ਲ ਹੋਏ ਸਨ।

ਅਗਲੇ ਡੈਕ ’ਤੇ ਅਚਾਨਕ ਡਾਕੂਆਂ ਨੂੰ ਸਾਹਮਣੇ ਦੇਖ, ਚੀਫ਼-ਅਫ਼ਸਰ ਨੇ ਹੱਥ ਖੜ੍ਹੇ ਕਰ ਦਿੱਤੇ। ਉਸ ਨੇ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਕਿ ਸਾਡਾ ਸਿਰੰਡਰ ਹੈ। ਉਸਨੇ ਬੋਲ ਕੇ ਵੀ ਕਿਹਾ, “ਅਸੀਂ ਸਿਰੰਡਰ ਕਰਦੇ ਹਾਂ, ਅਸੀਂ ਲੜਨਾ ਨਹੀਂ ਚਾਹੁੰਦੇ।”

ਪਰ ਦੇਖਦੇ ਹੀ ਦੇਖਦੇ ਇੱਕ ਡਾਕੂ ਨੇ, ਬੋਸਨ (ਸੀ-ਮੈਨਾਂ ਦਾ ਇੰਚਾਰਜ) ਦੇ ਮੌਰਾਂ ’ਤੇ ਲੋਹੇ ਦੀ ਮੋਟੀ ਰਾਡ ਕੱਢ ਮਾਰੀ। ਬੋਸਨ ਨੂੰ ਜਬਰਦਸਤ ਧੱਕਾ ਵੱਜਾ ਤੇ ਉਹ ਸਾਹਮਣੇ ਮੂੰਹ ਭਾਰ ਡਿੱਗ ਪਿਆ। ਨੱਕ ’ਚੋਂ ਖ਼ੂਨ ਵਗਣ ਲੱਗਾ। ਆਸਟ੍ਰੇਲੀਅਨ ਚੀਫ਼-ਅਫ਼ਸਰ ਬੋਸਨ ਦੇ ਨੱਕ ’ਚੋਂ ਖ਼ੂਨ ਵਗਦਾ ਵੇਖ ਭੜ੍ਹਕ ਪਿਆ, “ਮੇਰੇ ਬੰਦਿਆਂ ਨੂੰ ਕਿਉਂ ਮਾਰ ਰਹੇ ਹੋ? ਅਸੀਂ ਸਿਰੰਡਰ ਕਰ ਚੁੱਕੇ ਹਾਂ।" ਉਹ ਆਪਣੇ ਗੁੱਸੇ ਨੂੰ ਕਾਬੂ ਨਾ ਕਰ ਸਕਿਆ ਤੇ ਉਸ ਡਾਕੂ ਨੂੰ ਜ਼ੋਰ ਦੀ ਥੱਪੜ ਜੜ ਦਿੱਤਾ।

ਦੂਸਰੇ ਡਾਕੂ ਇਕਦਮ ਚੀਫ਼-ਅਫ਼ਸਰ ’ਤੇ ਝਪਟੇ। ਇੱਕ ਨੇ ਲੋਹੇ ਦੇ ਹਥਿਆਰ ਨਾਲ ਉਸਦੀ ਗਰਦਨ ’ਤੇ ਵਾਰ ਕੀਤਾ। ਚੰਗੀ ਕਿਸਮਤ, ਚੀਫ਼-ਅਫ਼ਸਰ ਦੀ ਗਰਦਨ ਤਾਂ ਬਚ ਗਈ ਪਰ ਖੱਬੇ ਮੋਢੇ ’ਤੇ ਇੱਕ ਵੱਡਾ ਜ਼ਖ਼ਮ ਹੋ ਗਿਆ। ਖ਼ੂਨ ਵਹਿਣ ਲੱਗਾ। ਇੱਕੋ ਵਾਰ ਨਾਲ ਚੀਫ਼-ਅਫ਼ਸਰ ਲੜਖੜਾ ਗਿਆ। ਚੱਕਰ ਜਿਹਾ ਆਇਆ ਤੇ ਉਹ ਡੈਕ ’ਤੇ ਡਿੱਗ ਪਿਆ। ਜਿਉਂ ਹੀ ਡਾਕੂ ਚੀਫ਼-ਅਫ਼ਸਰ ’ਤੇ ਦੁਬਾਰਾ ਵਾਰ ਕਰਨ ਲੱਗਾ ਤਾਂ ਬੋਸਨ, ਜੋ ਹੁਣ ਤੱਕ ਸੰਭਲ ਚੁੱਕਾ ਸੀ, ਇਕਦਮ ਚੀਫ਼-ਅਫ਼ਸਰ ਦੇ ਉੱਪਰ ਡਿੱਗ ਪਿਆ। ਉੱਚੀ-ਉੱਚੀ ਆਪਣੀ ਭਾਸ਼ਾ ਵਿੱਚ ਬੋਲ, ਨਾ ਮਾਰਨ ਦੀ ਬੇਨਤੀ ਕਰਨ ਲੱਗਾ। ਇਹ ਬੋਸਨ ਅਫ਼ਰੀਕਨ ਮੁਲਕ ਸੀਰਾ-ਲਿਊਨ ਦਾ ਸੀ। ਡਾਕੂਆਂ ਦੀ ਭਾਸ਼ਾ ਕੁੱਝ-ਕੁੱਝ ਸਮਝਦਾ ਸੀ। ਡਾਕੂਆਂ ਨੂੰ ਵੀ ਪਤਾ ਲੱਗ ਚੁੱਕਾ ਸੀ, ਇਹ ਵੀ ਅਫ਼ਰੀਕਨ ਹੈ। ਉਸਤੋਂ ਬਾਅਦ ਕਿਸੇ ’ਤੇ ਹੋਰ ਵਾਰ ਨਾ ਕੀਤਾ। ਚੀਫ਼-ਅਫ਼ਸਰ ਸਮੇਤ ਸਾਰਿਆਂ ਨੂੰ ਲਿਜਾ ਕੇ ਬਰਿੱਜ਼ 'ਚ ਬੰਦ ਕਰ ਦਿੱਤਾ।

ਸਾਰੇ ਜਹਾਜ਼ ’ਚ ਆਵਾਜ਼ਾਂ ਤੇ ਚੀਕਾਂ ਕੰਨੀਂ ਪੈਂਦੀਆਂ ਰਹੀਆਂ। ਡਾਕੂਆਂ ਦੀ ਭਾਸ਼ਾ ਤਾਂ ਸਮਝ ਨਹੀਂ ਸੀ ਆਉਂਦੀ ਪਰ ਉਹ ਜੋ ਵੀ ਸੀ, ਰੋਹਬ ਸੀ, ਧਮਕੀਆਂ ਸੀ ਤੇ ਗਾਲੀ-ਦੁੱਪੜ ਸੀ। ਹੋਰ ਸਟਾਫ਼ ਨੂੰ ਫੜਨ ਵੇਲੇ ਵੀ ਧੌਲ-ਧੱਫਾ, ਧੱਕਾ-ਮੁੱਕੀ ਹੁੰਦੀ ਰਹੀ ਤੇ ਇੱਕ-ਇੱਕ ਕਰਕੇ ਸਭ ਨੂੰ ਕਾਬੂ ਕਰ ਲਿਆ ਗਿਆ।

ਜਹਾਜ਼ ’ਤੇ ਡਾਕੂਆਂ ਦਾ ਪੂਰਨ ਕਬਜ਼ਾ ਹੋ ਚੁੱਕਾ ਸੀ। ਬਰਿੱਜ਼ ਦੇ ਬਾਹਰ ਖੜ੍ਹੇ ਡਾਕੂ ਬਿਲਕੁਲ ਨਿਸ਼ਚਿੰਤ ਤੇ ਸ਼ਾਂਤ ਖੜ੍ਹੇ ਅੰਦਰਲੇ ਬੰਦੀਆਂ ’ਤੇ ਨਜ਼ਰ ਰੱਖ ਰਹੇ ਸਨ। ਜਹਾਜ਼ ਦਾ ਸਾਰਾ ਸਟਾਫ਼ ਬਰਿੱਜ਼ ਅੰਦਰ ਚੁੱਪ ਤੇ ਉਦਾਸ ਬੈਠਾ ਸੀ। ਕਈਆਂ ਦੇ ਸੱਟਾਂ ਲੱਗੀਆਂ ਸਨ ਪਰ ਡਾਕੂਆਂ ਨੂੰ ਇਸ ਨਾਲ ਕੋਈ ਮਤਲਬ ਨਹੀਂ ਸੀ। ਕੈਪਟਨ ਵੀ ਫੋਕੀ ਹਮਦਰਦੀ ਤੋਂ ਸਿਵਾਏ ਹੁਣ ਕੁੱਝ ਨਹੀਂ ਸੀ ਕਰ ਸਕਦਾ। ਉਸ ਨੂੰ ਸਭ ਦਾ ਹੀ ਦੁੱਖ ਸੀ ਪਰ ਚੀਫ਼-ਅਫ਼ਸਰ ਬਾਰੇ ਉਹ ਜ਼ਿਆਦਾ ਚਿੰਤਤ ਸੀ। ਬਰਿੱਜ਼ ਵਿੱਚ ਪਏ ਫਸਟ-ਏਡ-ਬਾਕਸ ’ਚ ਜੋ ਕੁੱਝ ਸੀ, ਉਹ ਚੀਫ਼-ਅਫ਼ਸਰ ਦੇ ਜ਼ਖ਼ਮ ਲਈ ਕੰਮ ਆਇਆ ਸੀ। ਕੈਪਟਨ ਉਸ ਦੇ ਕੋਲ ਹੀ ਬੈਠਾ ਸੀ। ਉਸ ਨੂੰ ਵੀ ਸਿਰ ’ਤੇ ਵੱਜੇ ਬੱਟ ਦਾ ਦਰਦ ਮਹਿਸੂਸ ਹੋਣ ਲੱਗ ਪਿਆ ਸੀ। ਸਭ ਦੇ ਮਨਾਂ ਅੰਦਰ ਕੋਈ ਨਾ ਕੋਈ ਖ਼ਿਆਲ ਜਾਂ ਘਮਸਾਨ ਚੱਲ ਰਿਹਾ ਸੀ।

ਸੁਸ਼ੀਲ ਦੀਆਂ ਅੱਖਾਂ ਲਾਲ ਸਨ। ਰੋ ਕੇ ਹਟਿਆ ਸੀ ਜਾਂ ਗੁੱਸੇ ਨਾਲ, ਕਿਸੇ ਗੌਰ ਨਹੀਂ ਸੀ ਕੀਤੀ। ਉਹ ਅਚਾਨਕ ਉਠ ਕੇ ਖੜ੍ਹਾ ਹੋ ਗਿਆ। ਕਈ ਸਿਰ ਉਸ ਵੱਲ ਘੁੰਮੇ। ਬਾਹਰ ਖੜੇ ਡਾਕੂ ਉਸ ਨੂੰ ਦੇਖ ਰਹੇ ਸਨ। ਉਹ ਹੌਲੀ ਹੌਲੀ ਤੁਰਦਾ ਬਰਿੱਜ਼ ਦੇ ਦਰਵਾਜ਼ੇ ਕੋਲ ਜਾ ਪਹੁੰਚਿਆ। ਫੇਰ ਬਾਹਰ ਖੜ੍ਹੇ ਡਾਕੂਆਂ ਨੂੰ ਘੂਰ-ਘੂਰ ਕੇ ਵੇਖਣ ਲੱਗ ਪਿਆ। ਸ਼ਾਂਤ ਖੜ੍ਹੇ ਡਾਕੂ ਉਸ ਨੂੰ ਦੇਖਦੇ ਰਹੇ। ਪਤਾ ਸੀ ਉਹ ਅੰਦਰ ਬੰਦ ਹੈ, ਕੀ ਕਰੇਗਾ?

ਉਸ ਦੇ ਮਨ ’ਚ ਕੋਈ ਉਬਾਲ ਜਿਹਾ ਉੱਠਿਆ। ਉਹ ਉੱਚੀ ਬੋਲ-ਬੋਲ ਕੇ ਚਿੱਲਾਉਣ ਲੱਗਾ, “ਯੂ ਬਾਸਟਰਡ ਕਿੱਲ ਮੀ, ਕਿੱਲ ਮੀ। ਮਾਰੋ, ਹਰਾਮਜ਼ਾਦੋ ਮਾਰੇ ਗੋਲੀ।” ਉਹ ਛਾਤੀ ਤਾਣ ਰਿਹਾ ਸੀ। ਜ਼ੋਰ-ਜ਼ੋਰ ਦੀ ਚਿੱਲਾ ਰਿਹਾ ਸੀ।

ਫਿਰ ਕੁੱਝ ਦੇਰ ਬਾਅਦ ਗੁੱਸੇ ’ਚ ਬਰਿੱਜ਼ ਦੇ ਦਰਵਾਜ਼ੇ ’ਚ ਜੜੇ ਮੋਟੇ ਸ਼ੀਸ਼ਿਆਂ ’ਤੇ ਜ਼ੋਰ-ਜ਼ੋਰ ਦੀ ਮੁੱਕੀਆਂ ਮਾਰਨ ਲੱਗਾ। ਚਿੱਲਾਉਂਦਾ ਰਿਹਾ, ਮੁੱਕੀਆਂ ਮਾਰਦਾ ਰਿਹਾ ਤੇ ਚਿੱਲਾਉਂਦਾ ਰਿਹਾ। ਆਖ਼ਰ ਹੰਭ ਕੇ ਮੋਟੇ ਸ਼ੀਸ਼ੇ ਨਾਲ ਸਿਰ ਜੋੜ ਕੇ ਰੋਣ ਲੱਗ ਪਿਆ।

ਬੜੇ ਉਦਾਸ ਮਨ ਨਾਲ ਕੈਪਟਨ, ਜੋ ਉਸ ਨੂੰ ਹੀ ਦੇਖ ਰਿਹਾ ਸੀ, ਉੱਠਿਆ। ਸੁਸ਼ੀਲ ਨੂੰ ਮੋਢਿਆਂ ਤੋਂ ਫੜਿਆ, ਅੱਖਾਂ ਪੂੰਝੀਆਂ ਤੇ ਬੁੱਕਲ ’ਚ ਲੈ ਲਿਆ। ਸੁਸ਼ੀਲ ਕੈਪਟਨ ਦੀ ਛਾਤੀ ਨਾਲ ਲੱਗ ਕੇ ਖੜ੍ਹਾ ਵੀ ਰੋ ਰਿਹਾ ਸੀ। ਕੈਪਟਨ ਦਾ ਹੱਥ ਉਸਦੇ ਸਿਰ ਦੇ ਵਾਲਾਂ 'ਚ ਘੁੰਮ ਰਿਹਾ ਸੀ।