ਸਮੱਗਰੀ 'ਤੇ ਜਾਓ

ਰੇਤ ਦੇ ਘਰ/ਜੱਸੀ

ਵਿਕੀਸਰੋਤ ਤੋਂ
ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)

ਜੱਸੀ

ਸਵੇਰ ਦਾ ਇਹ ਮੌਸਮ ਬੜਾ ਹੀ ਖ਼ੁਸ਼-ਗਵਾਰ ਸੀ। ਬਰਿੱਜ਼ ਦੇ ਬਾਹਰ ਖੜ੍ਹਾ ਮੈਂ ਦੂਰਬੀਨ ਨਾਲ ਬੰਦਰਗਾਹ ਦੇ ਆਲੇ-ਦੁਆਲੇ ਦਾ ਜਾਇਜ਼ਾ ਲੈ ਰਿਹਾ ਸੀ। ਸੂਰਜ ਅਜੇ ਚੜ੍ਹਿਆ ਨਹੀਂ ਸੀ ਪਰ ਐਨਾ ਕੁ ਚਾਨਣ ਹੋ ਚੁੱਕਾ ਸੀ ਕਿ ਅਰਬ ਦੀ ਇਹ ਬੰਦਰਗਾਹ ਸਾਹਮਣੇ ਦਿਖਾਈ ਦੇਣ ਲੱਗ ਪਈ ਸੀ। ਅੰਦਰ ਖੜ੍ਹੇ ਜਹਾਜ਼ ਕਰੇਨਾਂ ਵੀ ਦਿਖਾਈ ਦੇ ਰਹੀਆਂ ਸਨ।

ਮੈਂ ਦੂਰਬੀਨ ਅੱਖਾਂ ਤੋਂ ਹਟਾ ਥੋੜ੍ਹਾ ਖੱਬੇ ਨੂੰ ਹੋਣ ਲੱਗਾ। ਵੇਖਿਆ, ਜੱਸੀ ਮੇਰੇ ਨਾਲ ਖੜ੍ਹੀ ਸੀ। ਮੈਂ ਹੈਰਾਨ ਹੋਇਆ, ‘ਇਹ ਕਦ ਆ ਕੇ ਖੜ੍ਹੀ ਹੋ ਗਈ ਪਤਾ ਹੀ ਨੀ ਲੱਗਾ।’

“ਜੱਸੀ ਤੂੰ, ਸਵੇਰੇ-ਸਵੇਰੇ। ਕੀ ਗੱਲ ਨੀਂਦ ਜਲਦੀ ਖੁੱਲ੍ਹ ਗਈ ਜਾਂ ਤਬੀਅਤ.... ?” ਗੱਲ ਨੂੰ ਵਿੱਚੇ ਛੱਡ ਮੈਂ ਉਸਦੇ ਚਿਹਰੇ ਵੱਲ ਦੇਖਣ ਲੱਗਾ।

“ਕੁੱਝ ਚਿਰ ਪਹਿਲਾਂ ਪਤਾ ਨੀ ਕੀ ਖੜ-ਖੜ ਜੀ ਹੋਈ, ਮੇਰੀ ਨੀਂਦ ਟੁੱਟ ਗਈ। ਮੁੜ ਨੀਂਦ ਨਹੀਂ ਆਈ। ਫਿਰ ਰਾਤ ਵਾਲੀਆਂ ਗੱਲਾਂ ਯਾਦ ਆਉਣ ਲੱਗ ਪਈਆਂ। ਤੁਸੀਂ ਦੱਸਿਆ ਸੀ, ਸਵੇਰੇ ਜਹਾਜ਼ ਨੇ ਅਰਬ ਦੀ ਬੰਦਰਗਾਹ ’ਤੇ ਪਹੁੰਚ ਜਾਣਾ ਹੈ। ਨੀਂਦ ਤਾਂ ਆ ਨਹੀਂ ਸੀ ਰਹੀ, ਸੋਚਿਆ ਚੱਲੋ ਬਰਿੱਜ਼ ’ਚ ਜਾ ਕੇ ਵੇਖਾਂ ਜਹਾਜ਼ ਕਿੱਥੇ ਕੁ ਹੈ।” ਜੱਸੀ ਨੇ ਸਹਿਜ ਭਾਵ ਨਾਲ ਦੱਸਿਆ।

“ਸਮਝ ਗਿਆ, ਲੰਗਰ ਜੋ ਸੁੱਟਿਆ ਸੀ ਤੇ ਉਸ ਦੀ ਖੜ-ਖੜ ਹੋਈ ਸੀ। ਚੱਲ ਕੋਈ ਗੱਲ ਨੀ, ਵੇਖ ਕਿੰਨਾ ਵਧੀਆ ਮੌਸਮ ਹੈ। ਔਹ ਸਾਹਮਣੇ ਦਿਸਦੀ ਅਰਬ ਦੀ ਧਰਤੀ ਹੈ। ਐਧਰ ਜਿੱਥੇ ਕਰੇਨਾਂ ਦਿਸਦੀਆਂ ਨੇ, ਇਹ ਬੰਦਰਗਾਹ ਹੈ ਤੇ ਜਹਾਜ਼ ਇਸਦੇ ਅੰਦਰ ਜਾਂਦੇ ਨੇ। ਆਪਣਾ ਜਹਾਜ਼ ਵੀ ਇਸ ਦੇ ਅੰਦਰ ਜਾਏਗਾ ਪਰ ਅਜੇ ਕੁੱਝ ਟਾਈਮ ਲੱਗੇਗਾ। ਕੰਟਰੋਲ-ਰੂਮ ਤੋਂ ਸੰਦੇਸ਼ ਆਇਆ ਸੀ ਕਿ ਲੰਗਰ ਪਾ ਕੇ ਰੁਕੋ। ਹੁਣ ਆਪਾਂ ਲੰਗਰ ਪਾ ਕੇ ਰੁਕੇ ਹਾਂ।”

“ਆਹ ਦੂਰਬੀਨ ਦਿਉ ਜ਼ਰਾ, ਮੈਂ ਵੀ ਚੰਗੀ ਤਰ੍ਹਾਂ ਬੰਦਰਗਾਹ ਵੇਖ ਲਵਾਂ।”

“ਦੂਰਬੀਨ ਨਾਲ ਤੂੰ ਕੀ ਵੇਖਣਾ ਹੈ, ਥੋੜ੍ਹੀ ਦੇਰ ਬਾਅਦ ਆਪਾਂ ਸਾਰਾ ਸ਼ਹਿਰ ਘੁੰਮ ਕੇ ਆਵਾਂਗੇ। ਤੈਨੂੰ ਯਾਦ ਹੈ ਹਿੰਦੋਸਤਾਨ ਦੀ ਤਰ੍ਹਾਂ ਅਰਬ ਦੀ ਸੱਭਿਅਤਾ ਵੀ ਬੜੀ ਪੁਰਾਣੀ ਹੈ। ਅਰਬ ਦੀ ਕਿਸੇ ਬੰਦਰਗਾਹ ’ਤੇ ਮੈਂ ਵੀ ਪਹਿਲੀ ਵਾਰ ਆਇਆ ਹਾਂ ਤੇ ਅੱਜ ਅਰਬ ਦੀ ਮਿੱਟੀ ਦੇ ਦਰਸ਼ਨ ਹੋਏ ਨੇ।”

“ਮੈਂ ਸੁਣਿਐ ਅਰਬੀ ਲੋਕ ਬੜੇ ਹੱਟੇ-ਕੱਟੇ, ਤੰਦਰੁਸਤ ਤੇ ਸੋਹਣੇ ਹੁੰਦੇ ਨੇ।”

“ਤੂੰ ਠੀਕ ਸੁਣਿਐ, ਅਰਬੀ ਔਰਤਾਂ ਤਾਂ ਖ਼ਾਸ ਤੌਰ ’ਤੇ ਬਹੁਤ ਹੀ ਸੋਹਣੀਆਂ ਤੇ ਸੁੰਦਰ ਹੁੰਦੀਆਂ ਨੇ।”

ਜੱਸੀ ਨੇ ਘੂਰ ਕੇ ਮੇਰੇ ਵੱਲ ਵੇਖਿਆ। ਸ਼ਾਇਦ ‘ਔਰਤਾਂ’ ਸ਼ਬਦ ਉਸ ਨੂੰ ਚੁਭਿਆ। ਮੈਂ ਵੀ ਮਹਿਸੂਸ ਕੀਤਾ, ਮੈਨੂੰ ਔਰਤਾਂ ਦੀ ਗੱਲ ਨਹੀਂ ਸੀ ਕਹਿਣੀ ਚਾਹੀਦੀ ਪਰ ਸੁਭਾਵਿਕ ਕਹਿ ਹੋ ਗਈ। ਸਵੇਰੇ-ਸਵੇਰੇ ਜੱਸੀ ਦਾ ਮੂਡ ਖ਼ਰਾਬ ਹੋ ਜਾਵੇ, ਮੈਂ ਇਹ ਵੀ ਨਹੀਂ ਸੀ ਚਾਹੁੰਦਾ।

“ਓ ਕਮ-ਆਨ ਡਾਰਲਿੰਗ, ਇਹ ਕਿੰਨੀਆਂ ਵੀ ਸੋਹਣੀਆਂ ਹੋਣ, ਕੋਈ ਜੱਸੀ ਤੋਂ ਸੋਹਣੀ ਨੀ ਹੋ ਸਕਦੀ। ਤੂੰ ਹੀ ਤਾਂ ਅਰਬੀ ਲੋਕਾਂ ਦੀ ਤਾਰੀਫ਼ ਕਰ ਰਹੀ ਸੀ।” ਮੈਂ ਪਿਆਰ ਨਾਲ ਜੱਸੀ ਵੱਲ ਮੁੜਿਆ।

ਉਹ ਇੱਕ ਕਦਮ ਪਿੱਛੇ ਨੂੰ ਹਟੀ ਤੇ ਬੋਲੀ, “ਮੈਂ ਅਰਬੀ ਲੋਕਾਂ ਦੀ ਗੱਲ ਕੀਤੀ ਸੀ ਦਵਿੰਦਰ, ਔਰਤਾਂ ਦੀ ਨਹੀਂ।” ਜੱਸੀ ਦੀ ਆਵਾਜ਼ 'ਚ ਗੁੱਸਾ ਸੀ। ਮੈਂ ਵੀ ਸਮਝ ਗਿਆ, ‘ਔਰਤ ਕਦੇ ਬਰਦਾਸ਼ਤ ਕਰ ਸਕਦੀ ਕਿ ਉਸਦਾ ਪਤੀ ਉਸਦੇ ਹੀ ਸਾਹਮਣੇ ਹੋਰ ਔਰਤ ਦੀ ਤਾਰੀਫ਼ ਕਰੇ। ਉਸ ਨੂੰ ਸੁੰਦਰ ਕਹੇ।’

“ਜੱਸੀ ਇਹ ਤਾਂ ਏਹਨਾਂ ਲੋਕਾਂ ’ਤੇ ਕੁਦਰਤ ਦੀ ਮਿਹਰਬਾਨੀ ਹੈ। ਇਹ ਸੁਹੱਪਣ ਕੁਦਰਤ ਦੀ ਬਖ਼ਸ਼ੀ ਦਾਤ ਹੈ। ਇਸ ਦਾਤ ਨੂੰ ਸੋਹਣਾ ਹੀ ਕਹਿਣਾ ਪਏਗਾ।” ਮੈਂ ਸਫ਼ਾਈ ਦੇਣ ਦੀ ਕੋਸ਼ਿਸ਼ ਕੀਤੀ ਤੇ ਨਾਲ ਹੀ ਜੱਸੀ ਦੀ ਬਾਂਹ ਫੜ ਕਿਹਾ, “ਡਾਰਲਿੰਗ ਚਲੋ ਕੈਬਿਨ ’ਚ ਚੱਲ ਕੇ ਤਿਆਰ ਹੋਈਏ ਤੇ ਨਾਸ਼ਤਾ ਕਰੀਏ। ਕਿਸੇ ਵੇਲੇ ਵੀ ਬੰਦਰਗਾਹ ਦੇ ਅੰਦਰ ਜਾਣ ਦਾ ਸੰਦੇਸ਼ ਆ ਸਕਦਾ ਹੈ। ਸੁਭਾਵਿਕ ਕਹੀ ਗੱਲ ਨੂੰ ਦਿਲ 'ਤੇ ਨਹੀ ਲਾਈਦਾ।”

ਨਾਸ਼ਤੇ ਤੋਂ ਬਾਅਦ ਸਾਰਾ ਸਟਾਫ਼ ਲੋਡਿੰਗ-ਅਨਲੋਡਿੰਗ ਦੀ ਤਿਆਰੀ 'ਚ ਲੱਗ ਗਿਆ। ਮੈਂ ਬਰਿੱਜ਼ ’ਤੇ ਆ ਗਿਆ ਤੇ ਜੱਸੀ ਅਜੇ ਕੈਬਿਨ ਵਿੱਚ ਹੀ ਤਿਆਰ ਹੋ ਰਹੀ ਸੀ।

“ਅਰਬੀ ਔਰਤਾਂ ਤਾਂ ਖ਼ਾਸ ਤੌਰ ’ਤੇ ਬਹੁਤ ਸੋਹਣੀਆਂ ਤੇ ਸੁੰਦਰ ਹੁੰਦੀਆਂ ਨੇ।” ਆਪਣੇ ਪਤੀ ਦਵਿੰਦਰ ਦੁਆਰਾ ਕਹੀ ਇਸ ਗੱਲ ਨੂੰ ਜੱਸੀ ਨੇ ਮਨ ਹੀ ਮਨ ਘੋਟ-ਘੋਟ ਕੇ ਦੁਹਰਾਇਆ। ਗੱਲ ਉਸਦੇ ਦਿਮਾਗ ’ਚ ਰੜਕਣ ਲੱਗੀ।

ਦਵਿੰਦਰ ਨੇ ਇਹ ਗੱਲ ਕਿਉਂ ਕਹੀ, ਕੀ ਟੇਢੇ ਢੰਗ ਨਾਲ ਮੈਨੂੰ ਦੱਸਣਾ ਤਾਂ ਨਹੀਂ ਚਾਹੁੰਦਾ ਕਿ ਮੈਂ ਹੁਣ ਪਹਿਲਾਂ ਵਰਗੀ ਸੋਹਣੀ ਨਹੀਂ ਰਹੀ। ਦੂਰਬੀਨ ਮੰਗਣ ’ਤੇ ਉਸਨੇ ਦੂਰਬੀਨ ਵੀ ਨਹੀਂ ਸੀ ਦਿੱਤੀ ਤੇ ਹੋਰ ਹੀ ਗੱਲ ਕਰਕੇ ਟਾਲ ਦਿੱਤਾ। ਕਿਤੇ ਉਹ ਸਵੇਰੇ-ਸਵੇਰੇ ਬੀਚ ’ਤੇ ਨਹਾ ਰਹੀਆਂ ਗੋਰੀਆਂ ਔਰਤਾਂ ਨੂੰ ਤਾਂ ਨਹੀਂ ਸੀ ਵੇਖ ਰਿਹਾ। ਆਪਣੀ ਇੱਕ ਸਹੇਲੀ ਦੀ ਕਹੀ ਗੱਲ ਵੀ ਯਾਦ ਆਈ ‘ਜੱਸੀ ਕਈ ਮਰਦ ਤਾਂ ਮੱਖੀਆਂ ਵਰਗੇ ਹੁੰਦੇ ਨੇ। ਜਿੱਧਰ ਮਿੱਠਾ ਦੇਖਿਆ, ਮੱਖੀ ਓਧਰ।’ ਏਸੇ ਤਰ੍ਹਾਂ ਇਹ ਮਰਦ। ਜਿੱਧਰ ਸੋਹਣੀ ਜਨਾਨੀ ਦੇਖੀ, ਏਨਾਂ ਦੀਆਂ ਨਜ਼ਰਾਂ ਓਧਰ ਗੱਲ ਭਾਵੇਂ ਹਾਸੇ ’ਚ ਕਹੀ ਸੀ ਪਰ ਜੱਸੀ ਸੋਚਾਂ ਵਿੱਚ ਪੈ ਗਈ।

ਸੋਚਾਂ-ਸੋਚਾਂ ਵਿੱਚ ਹੀ ਉਹ ਤਾਂ ਯੂਨੀਵਰਸਿਟੀ ਪਹੁੰਚ ਗਈ। ਉਹ ਦਿਨ ਯਾਦ ਆਉਣ ਲੱਗੇ, ਜਦੋਂ ਸਾਰੀ ਯੂਨੀਵਰਸਿਟੀ ’ਚ ਉਸਦੇ ਹੁਸਨ ਦੀਆਂ ਹੀ ਗੱਲਾਂ ਹੋਇਆ ਕਰਦੀਆਂ ਸਨ। ਜਿੱਧਰੋਂ ਵੀ ਲੰਘਦੀ, ਮੁੰਡਿਆਂ ਦੀਆਂ ਗਰਦਨਾਂ ਉੱਧਰ ਨੂੰ ਘੁੰਮਦੀਆਂ ਜਾਂਦੀਆਂ। ਨਾਲ ਦੀਆਂ ਕੁੜੀਆਂ ਵੀ ਉਸਦੇ ਹੁਸਨ ਤੇ ਰਸ਼ਕ ਕਰਦੀਆਂ।

ਇੱਕ ਸਹੇਲੀ ਇੰਦੂ ਹਮੇਸ਼ਾ ਗਿਲਾ ਕਰਦੀ, ‘ਜੱਸੀ ਤੇਰੇ ਨਾਲ ਆ ਕੇ ਤਾਂ ਆਪਣਾ-ਆਪ ਹੀਣਾ ਜਿਹਾ ਲੱਗਣ ਲੱਗ ਜਾਂਦੈ। ਸਭ ਤੈਨੂੰ ਹੀ ਵੇਖਦੇ ਨੇ ਤੇ ਤੇਰੇ ਨਾਲ ਹੀ ਗੱਲ ਕਰਨਾ ਚਾਹੁੰਦੇ ਨੇ। ਤੇਰੀਆਂ ਹੀ ਤਾਰੀਫ਼ਾਂ ਕਰਦੇ ਨੇ। ਮੈਂ ਤਾਂ ਜਿਵੇਂ ਨਾਲ ਹੁੰਦੀ ਹੀ ਨਹੀਂ। ਮੇਰੀ ਤਾਂ ਕੋਈ ਹੋਂਦ ਹੀ ਨਹੀਂ ਰਹਿ ਜਾਂਦੀ। ਅੱਗੇ ਤੋਂ ਨੀ ਮੈਂ ਤੇਰੇ ਨਾਲ ਆਉਣਾ।’

ਇੰਦੂ ਠੀਕ ਹੀ ਤਾਂ ਕਹਿੰਦੀ ਹੁੰਦੀ ਪਰ ਮੈਂ ਜਲਦੀ ਹੀ ਉਸਨੂੰ ਮਨਾ ਲੈਂਦੀ। ਘੁੱਟ ਕੇ ਜੱਫੀ ਪਾ ਲੈਂਦੀ ਤੇ ਨਾਲ ਛੇੜ ਵੀ ਦਿੰਦੀ, ‘ਵੇਖੀ ਸਹੀ ਪਟਿਆਲੇ ਦਾ ਸਭ ਤੋਂ ਸੋਹਣਾ ਚੀਰੇ ਵਾਲਾ, ਸਾਡੀ ਇੰਦੂ ਨੂੰ ਲੈਣ ਆਵੇਗਾ।’

ਇੰਦੂ ਅੰਦਰੋਂ ਖ਼ੁਸ਼ ਹੁੰਦੀ ਪਰ ਬਾਹਰੋਂ ਗੁੱਸਾ ਵਿਖਾਉਂਦੀ, ‘ਸਾਰੇ ਚੀਰੇ ਵਾਲੇ ਤਾਂ ਤੇਰੇ ਮਗਰ-ਮਗਰ ਫਿਰਦੇ ਨੇ, ਮੈਨੂੰ ਕਿੱਥੇ।’ ਜੱਸੀ ਨੂੰ ਇਹ ਸਾਰੀਆਂ ਗੱਲਾਂ ਕੱਲ੍ਹ ਵਾਂਗੂੰ ਯਾਦ ਸਨ। ਕਿੰਨੇ ਸੋਹਣੇ ਦਿਨ ਸੀ ਉਹ। ਖ਼ੂਬ ਮਸਤੀ ਕਰਦੀਆਂ ਤੇ ਬਹਾਰ ਵਾਂਗੂੰ ਖਿੜੀਆਂ ਰਹਿੰਦੀਆਂ।

.....ਪਰ....ਪਰ ਕੀ ਮੈਂ ਹੁਣ ਓਨੀ ਸੋਹਣੀ ਨਹੀਂ ਰਹੀ। ਉਹ ਇਕਦਮ ਉੱਠੀ ਤੇ ਵੱਡੇ ਸ਼ੀਸ਼ੇ ਅੱਗੇ ਜਾ ਕੇ ਖੜ੍ਹੀ ਹੋ ਗਈ। ਫੁੱਲ-ਸਾਈਜ਼ ਸ਼ੀਸ਼ੇ ਦੇ ਸਾਹਮਣੇ ਖੜ੍ਹੀ ਥੋੜਾ ਚਿਰ ਸ਼ੀਸ਼ੇ ਅੰਦਰਲੀ ਜੱਸੀ ਨੂੰ ਵੇਖਦੀ ਰਹੀ। ਪਛਾਣਦੀ ਰਹੀ ਕਿ ਉਹੀ ਯੂਨੀਵਰਸਿਟੀ ਵਾਲੀ ਜੱਸੀ ਹੈ, ਜਾਂ ਕੋਈ ਹੋਰ।

‘ਉਹੀ ਚਿਹਰਾ....ਉਹੀ ਜੁਲਫ਼ਾਂ....ਉਹੀ ਸਰੀਰ ....ਉਹੀ ਤਾਂ ਹੈ।’ ਫਿਰ ਉਹ ਆਪਣੇ ਗਾਊਨ ਜੋ ਅੱਡੀਆਂ ਤੱਕ ਲਟਕਿਆ ਹੋਇਆ ਸੀ, ਨੂੰ ਹੌਲੀ-ਹੌਲੀ ਉੱਪਰ ਚੁੱਕਣ ਲੱਗੀ ਤੇ ਆਪਣੀਆਂ ਹੀ ਨੰਗੀਆਂ ਹੋ ਰਹੀਆਂ ਲੱਤਾਂ ਨੂੰ ਨਿਹਾਰਨ ਲੱਗੀ। ਆਪਣੀਆਂ ਗੋਰੀਆਂ ਲੱਤਾਂ ਨੂੰ ਸ਼ੀਸ਼ੇ ਅੰਦਰ ਵੇਖ, ਉਸਦੇ ਮਨ ਅੰਦਰ ਇੱਕ ਝਰਨਾਹਟ ਜਿਹੀ ਛਿੜੀ। ਉਹ ਸ਼ਰਮਾ ਗਈ ਤੇ ਇਕਦਮ ਗਾਊਨ ਨੂੰ ਹੱਥਾਂ ’ਚੋਂ ਛੱਡ ਦਿੱਤਾ। ਗਾਊਨ ਨੇ ਸਾਰੀਆਂ ਲੱਤਾਂ ਫਿਰ ਢਕ ਲਈਆਂ।

ਕੁੱਝ ਚਿਰ ਉੱਥੇ ਹੀ ਖੜ੍ਹੀ ਰਹੀ ਤੇ ਆਪਣਾ ਅਕਸ ਸ਼ੀਸ਼ੇ ਅੰਦਰ ਵੇਖਦੀ ਰਹੀ। ਉਸਦਾ ਸਾਹ ਭਾਰੀ-ਭਾਰੀ ਹੋ ਰਿਹਾ ਸੀ। ਉਸਨੂੰ ਆਪਣੇ ਸਾਹ ਦੀ ਆਵਾਜ਼ ਆਪਣੇ ਕੰਨਾਂ ਵਿੱਚ ਸਾਫ਼ ਸੁਣਾਈ ਦੇ ਰਹੀ ਸੀ। ਹੌਲੀ-ਹੌਲੀ ਉਸਦੇ ਆਪਣੇ ਹੀ ਹੱਥ ਫਿਰ ਹਰਕਤ ਕਰਨ ਲੱਗ ਪਏ। ਹੁਣ ਉਸਦੇ ਹੱਥ, ਮੋਢਿਆਂ ਉੱਪਰੋਂ ਗਾਊਨ ਦੀਆਂ ਤਣੀਆਂ ਖਿਸਕਾ ਰਹੇ ਸਨ। ਉਸਨੇ ਵੇਖਿਆ ਕਿ ਉਸਦਾ ਪਹਿਨਿਆ ਗਾਊਨ ਮੋਢਿਆਂ ਤੋਂ ਹੇਠਾਂ ਨੂੰ ਖਿਸਕ ਰਿਹਾ ਸੀ।

‘ਗੋਰੇ ਤੇ ਲਿਸ਼ਕਦੇ ਮੋਢੇ, ਗੋਲ-ਗੋਲ ਸੁੰਦਰ ਡੈਲੇ, ਉੱਪਰ-ਥੱਲੇ ਹੁੰਦੀਆਂ ਛਾਤੀਆਂ, ਭਰਵਾਂ ਸਰੀਰ ਵੇਖ ਉਸਦੀਆਂ ਅੱਖਾਂ ਟੱਡੀਆਂ ਗਈਆਂ। ਸਾਹ ਤੇਜ਼-ਤੇਜ਼ ਵਗਣ ਲੱਗਾ। ਆਪਣੇ ਹੀ ਸਰੀਰ ਦਾ ਤੇਜ਼ ਉਸ ਕੋਲੋਂ ਝੱਲ ਨਾ ਹੋਇਆ ਤੇ ਉਹ ਸ਼ੀਸ਼ੇ ਮੂਹਰਿਉਂ ਭੱਜ ਕੇ ਬੈੱਡ-ਰੂਮ ਵਿੱਚ ਚਲੀ ਗਈ।’

ਅਚਾਨਕ ਖ਼ਿਆਲ ਆਇਆ, ‘ਜੇ ਦਵਿੰਦਰ ਆ ਜਾਂਦਾ ਕੀ ਸੋਚਦਾ।’ ਉਹ ਸ਼ਰਮਾ ਕੇ ਸੁੰਗੜ ਜਿਹੀ ਗਈ।

ਪਰ .. ਪਰ ... ਜਿਸ ਸਵਾਲ ਦਾ ਜਵਾਬ ਉਹ ਲੱਭਣ ਲੱਗੀ ਸੀ, ਉਹ ਤਾਂ ਅਜੇ ਵੀ ਜਿਉਂ ਦਾ ਤਿਉਂ ਖੜ੍ਹਾ ਸੀ। ਦਿਮਾਗ ’ਚ ਹਥੌੜੀ ਦੀ ਕੋਈ ਠਕ-ਠਕ ਹੋ ਰਹੀ ਸੀ। ‘ਦਵਿੰਦਰ ਨੇ ਅਰਬੀ ਔਰਤਾਂ ਨੂੰ ਸੋਹਣੀਆਂ ਤੇ ਸੁੰਦਰ ਕਿਉਂ ਕਿਹਾ?’

ਕਰੀਬ 10 ਵਜੇ ਦਾ ਟਾਈਮ ਸੀ। ਜੱਸੀ ਬਰਿੱਜ਼ ਦੀਆਂ ਪੌੜੀਆਂ ਚੜ੍ਹ ਬਰਿੱਜ਼ ’ਚ ਦਾਖ਼ਲ ਹੋ ਰਹੀ ਸੀ। ਉਸਨੇ ਨਵਾਂ ਸੂਟ ਪਾਇਆ ਹੋਇਆ ਸੀ, ਜੋ ਬੜਾ ਹੀ ਸੋਹਣਾ ਲੱਗ ਰਿਹਾ ਸੀ। ਵਾਲ ਸਟਾਈਲ ਨਾਲ ਬੰਨ੍ਹੇ ਹੋਏ ਤੇ ਹਲਕਾ ਮੇਕ-ਅੱਪ ਵੀ।

ਹੌਲੀ-ਹੌਲੀ ਮਟਕ-ਮਟਕ ਪੈਰ ਧਰਦੀ ਪੌੜੀਆਂ ਚੜ੍ਹੀ ਆਉਂਦੀ, ਉਹ ਬਹੁਤ ਸੁੰਦਰ ਲੱਗ ਰਹੀ ਸੀ। ਜਦ ਹੋਰ ਨੇੜੇ ਆਈ ਤਾਂ ਮੇਰੇ ਅੰਦਰ ਤੇ ਬਾਹਰ ਇੱਕ ਅਜੀਬ ਕਿਸਮ ਦੀ ਸੁਗੰਧ ਫੈਲ ਗਈ। ਸੁਗੰਧ ਤਾਂ ਸਾਰੇ ਬਰਿੱਜ਼ ਵਿੱਚ ਫੈਲ ਗਈ ਸੀ। ਮੈਂ ਕੋਈ ਕੁਮੈਂਟ ਤਾਂ ਨਹੀਂ ਕੀਤਾ ਪਰ ਜੱਸੀ ਦੇ ਸੂਟ ਵੱਲ ਵੇਖ ਕੇ ਮੁਸਕਰਾਇਆ।

ਜੱਸੀ ਵੀ ਮੁਸਕਰਾਈ ਤੇ ਬਿਨਾਂ ਪੁੱਛੇ ਆਪ ਹੀ ਦੱਸਣ ਲੱਗੀ, “ਔਰਤ ਨੂੰ ਨਵੇਂ ਪਿੰਡ, ਨਵੇਂ ਘਰ, ਨਵੀਂ ਥਾਂ, ਨਵੇਂ ਫੰਕਸ਼ਨ ਵਗੈਰਾ ’ਚ ਜਾਣ ਦੀ ਖ਼ੁਸ਼ੀ ਹੁੰਦੀ ਹੈ ਤੇ ਚਾਅ ਵੀ, ਦਵਿੰਦਰ ਹੈਰਾਨ ਹੋਣ ਦੀ ਲੋੜ ਨਹੀਂ?”

“ਜੱਸੀ ਉਹ ਤਾਂ ਠੀਕ ਹੈ ਪਰ ਹੁਣੇ-ਹੁਣੇ ਬੰਦਰਗਾਹ ਤੋਂ ਪਾਇਲਟ ਆਉਣ ਵਾਲਾ ਹੈ, ਜੋ ਜਹਾਜ਼ ਨੂੰ ਅੰਦਰ ਲੈ ਕੇ ਜਾਏਗਾ। ਮੈਂ ਤਾਂ ਇਹ ਸੋਚਦਾਂ ਬਈ ਅਰਬੀ-ਪਾਇਲਟ ਕਿਤੇ ਤੇਰੇ ਵੱਲ ਹੀ ਨਾ ਵੇਖੀ ਜਾਵੇ।” ਮਜ਼ਾਕੀਆ ਲਹਿਜ਼ੇ ’ਚ ਮੈਂ ਕਿਹਾ।

“ਮੈਂ ਵੀ ਤਾਂ ਇਸੇ ਲਈ ਨਵਾਂ ਸੂਟ ਪਾ ਕੇ ਆਈ ਹਾਂ ਕਿ ਉਹ ਮੇਰੇ ਵੱਲ ਵੇਖੇ। ਔਰਤ ਦੀ ਖ਼ਵਾਹਿਸ਼ ਹੁੰਦੀ ਹੈ ਕਿ ਬੰਦਾ ਉਸ ਵੱਲ ਵੇਖੇ, ਉਸਦੀ ਤਾਰੀਫ਼ ਕਰੇ, ਔਰਤ ਨੂੰ ਚੰਗਾ ਲੱਗਦਾ ਹੈ।” ਜੱਸੀ ਦਾ ਅੰਦਾਜ਼ ਹੋਰ ਵੱਧ ਮਜ਼ਾਕੀਆ ਸੀ।

ਜੱਸੀ ਪੂਰੀ ਖ਼ੁਸ਼ ਸੀ ਤੇ ਅੱਖਾਂ ਮਟਕਾ-ਮਟਕਾ ਮੇਰੇ ਵੱਲ ਦੇਖ ਰਹੀ ਸੀ। ਅਸੀਂ ਬਰਿੱਜ਼ ਦੇ ਇੱਕ ਪਾਸੇ ਵੱਲ ਖੜ੍ਹੇ ਹੋ ਕੇ ਗੱਲਾਂ ਕਰਨ ਲੱਗੇ। ਗੱਲਾਂ ਕਰ ਹੀ ਰਹੇ ਸੀ ਕਿ ਰੇਡੀਓ-ਅਫ਼ਸਰ ਕਹਿਣ ਲੱਗਾ, “ਸਰ ਅੰਦਰ ਜਾਣ ਦਾ ਸੰਦੇਸ਼ ਆ ਗਿਆ ਹੈ। ਥੋੜ੍ਹੇ ਚਿਰ ’ਚ ਹੀ ਪਾਇਲਟ ਪਹੁੰਚ ਰਿਹਾ ਹੈ।”

“ਓ.ਕੇ. ਮਾਰਕੋਨੀ।” (ਜਹਾਜ਼ਾਂ ’ਚ ਰੇਡੀਓ-ਅਫ਼ਸਰ ਨੂੰ ਮਾਰਕੋਨੀ ਕਹਿੰਦੇ ਹਨ)

ਫਿਰ ਬੰਦਰਗਾਹ ਵੱਲੋਂ ਪਾਇਲਟ ਦਾ ਝੰਡਾ ਲਹਿਰਾਉਂਦੀ ਇੱਕ ਕਿਸ਼ਤੀ, ਜਹਾਜ਼ ਵੱਲ ਆਉਂਦੀ ਨਜ਼ਰ ਆਈ। ਪਾਣੀ ਨੂੰ ਚੀਰਦੀ ਤੇਜ਼ ਰਫ਼ਤਾਰ ਆ ਰਹੀ ਕਿਸ਼ਤੀ, ਜਿਉਂ ਹੀ ਨਜ਼ਦੀਕ ਆਈ ਤੇ ਇਸ ਦੀ ਰਫ਼ਤਾਰ ਥੋੜ੍ਹੀ ਘੱਟ ਹੋਈ ਤਾਂ ਇੱਕ ਨੌਜਵਾਨ ਲੜਕੀ ਕਿਸ਼ਤੀ ਦੇ ਕੰਟਰੋਲ ਰੂਮ ’ਚੋਂ ਬਾਹਰ ਆਈ ਤੇ ਅਗਲੇ ਪਾਸੇ ਰੇਲਿੰਗ ਫੜ ਖੜ੍ਹੀ ਹੋ ਗਈ।

“ਹੈਂਅ, ਔਰਤ ਪਾਇਲਟ।” ਮੇਰੇ ਮਨ ਨੇ ਹਉਂਕਾ ਜਿਹਾ ਲਿਆ।

ਗੋਰਾ ਰੰਗ, ਗੋਲ ਸੁੰਦਰ ਚਿਹਰਾ, ਪਾਇਲਟ ਟੋਪੀ ਤੋਂ ਬਾਹਰ ਪਿੱਛੇ ਲਟਕ ਰਹੇ ਸਟਾਈਲ ਨਾਲ ਕੱਟੇ ਹੋਏ ਵਾਲ, ਚਿੱਟੀ ਵਰਦੀ, ਮੋਢੇ 'ਤੇ ਲੱਗੇ ਬੈਜ਼, ਉਹ ਤਾਂ ਇੰਦਰ ਦੇ ਅਖਾੜੇ ਦੀ ਕੋਈ ਪਰੀ ਲੱਗ ਰਹੀ ਸੀ। ਕਿਸ਼ਤੀ ਹੌਲੀ-ਹੌਲੀ ਜਹਾਜ਼ ਦੇ ਬਿਲਕੁਲ ਨਾਲ ਆ ਲੱਗੀ। ਉਸਨੇ ਝੱਟ ਹੀ ਲਟਕ ਰਿਹਾ ਪਾਇਲਟ-ਲੈਡਰ (ਪੌੜੀ) ਫੜੀ ਤੇ ਟਪੂਸੀਆਂ ਮਾਰਦੀ ਜਹਾਜ਼ ਦੇ ਡੈਕ ’ਤੇ ਆ ਗਈ।

ਮੈਂ ਹੈਰਾਨ, ਉਹ ਤਾਂ ਕਿਸੇ ਨੌਜਵਾਨ ਮਰਦ ਵਾਂਗ ਹੀ ਚੜ੍ਹ ਆਈ ਸੀ। ਡਿਊਟੀ-ਅਫ਼ਸਰ ਨੇ ਜੀ ਆਇਆਂ ਕਿਹਾ ਤੇ ਫਟਾਫਟ ਬਰਿੱਜ਼ ਵਿੱਚ ਲੈ ਆਇਆ।

ਬਰਿੱਜ਼ ’ਚ ਦਾਖ਼ਲ ਹੁੰਦੇ ਹੀ, ‘ਹੈਲੋ ਫਰੈਂਡਜ਼’ ਕਹਿ ਉਸਨੇ ਹੱਥ ਹਿਲਾਇਆ ਤੇ ਮੁਸਕਰਾ ਕੇ ਸਭ ਵੱਲ ਦੇਖਿਆ। ਹੁਣ ਉਹ ਬਰਿੱਜ਼ ਅੰਦਰ ਇਕਦਮ ਮੇਰੇ ਸਾਹਮਣੇ ਖੜ੍ਹੀ ਸੀ। ਉਸਦੀ ਸੁੰਦਰਤਾ ਤੇ ਹੁਸਨ ਦਾ ਜਲਵਾ ਕਹੋ ਜਾਂ ਜਾਦੂ, ਉਸਨੂੰ ਸਾਹਮਣੇ ਵੇਖ ਮੇਰੀਆਂ ਅੱਖਾਂ ਟੱਡੀਆਂ ਹੀ ਰਹਿ ਗਈਆਂ। ‘ਮਾਈ ਗਾਡ, ਵੱਟ ਏ ਬਿਉਟੀ! ਐ ਹੁਸਨ ਪਰੀਏ ਮਾਡਲਿੰਗ ਜਾਂ ਫਿਲਮ ਇੰਡਸਟਰੀ ’ਚ ਚਲੀ ਜਾਂਦੀ। ਤੇਰੀ ਤਾਂ ਉਥੇ ਹੋਰ ਬਹੁਤੀ ਕਦਰ ਪੈਂਦੀ। ਆਹ ਕਿਹੜੀ ਪਾਇਲਟ ਦੀ ਵਰਦੀ ਪਾ ਲਈ। ਜਹਾਜ਼ੀ ਲੋਕ ਤਾਂ ਜਲ-ਪਰੀਆਂ ਦੇ ਸੁਪਨੇ ਲੈ-ਲੈ ਜਿਉਂਦੇ ਨੇ ਤੇ ਤੂੰ ਸਾਖ਼ਸ਼ਾਤ ਪਰੀ ਬਣ ਸਾਹਮਣੇ ਆ ਖੜ੍ਹੀ। ਤੇਰੀ ਜਵਾਨੀ ਤੇ ਆਹ ਹੁਸਨ ਦਾ ਡੰਗ ਕੋਈ ਕਿਵੇਂ ਝੱਲੂ?’ ਮਨ ਹੀ ਮਨ ਸੋਚੀ ਜਾਵਾਂ ਤੇ ਉਸ ਵੱਲ ਵੇਖੀ ਜਾਵਾਂ।

ਮੇਰੇ ਮੋਢੇ ਦੇ ਬੈਜ਼ ਵੇਖ ਉਹ ਚੁਸਤ-ਦਰੁਸਤ ਆਵਾਜ਼ ਵਿੱਚ ਬੋਲੀ, “ਹੈਲੋ ਕੈਪਟਨ” ਤੇ ਨਾਲ ਹੀ ਹੱਥ ਮਿਲਾਉਣ ਲਈ ਉਸਨੇ ਆਪਣਾ ਸੱਜਾ ਹੱਥ ਅੱਗੇ ਵਧਾਇਆ।

ਮੈਂ ਸੰਭਲਿਆ ਤੇ ਝੱਟ ਹੀ ਆਪਣਾ ਹੱਥ ਅੱਗੇ ਵਧਾ ਉਸਦੇ ਹੱਥ ਨੂੰ ਆਪਣੇ ਹੱਥ ਵਿੱਚ ਲੈ ਲਿਆ। ਗੋਰਾ-ਗੋਰਾ ਹੱਥ ਕੂਲਾ ਕੇ ਨਰਮ ਸੀ। ਉਸ ਦੀਆਂ ਅੱਖਾਂ ’ਚ ਚਮਕ ਸੀ। ਪੂਰੇ ਆਤਮ ਵਿਸ਼ਵਾਸ ਨਾਲ ਉਹ ਮੇਰੀਆਂ ਅੱਖਾਂ ’ਚ ਅੱਖਾਂ ਪਾ ਵੇਖ ਰਹੀ ਸੀ। ਉਸਨੇ ਹੱਥ ਮਿਲਾਉਣ ਦਾ ਸਿਰਫ਼ ਸਿਸ਼ਟਾਚਾਰ ਨਹੀਂ ਸੀ ਕੀਤਾ, ਸਗੋਂ ਪੂਰੀ ਗਰਮਜੋਸ਼ੀ ਨਾਲ ਹੱਥ ਮਿਲਾਇਆ ਸੀ।

“ਵੈਲਕਮ-ਵੈਲਕਮ” ਜੋਸ਼ ਨਾਲ ਹੱਥ ਮਿਲਾਉਂਦਿਆਂ ਚਿਹਰੇ ’ਤੇ ਮੁਸਕਰਾਹਟ ਲਿਆ ਮੈਂ ਉਸਦਾ ਸਵਾਗਤ ਕੀਤਾ।

“ਸਭ ਤਿਆਰ ਹੈ ਕੈਪਟਨ - ਸ਼ੈਲ ਵੁਈ ਮੂਵ।” ਉਸਦੀ ਆਵਾਜ਼ ’ਚ ਸਪੱਸ਼ਟਤਾ ਸੀ।

“ਹਾਂ ਹਾਂ, ਵੁਈ ਆਰ ਰੈਡੀ ਟੂ ਮੂਵ।” ਮੈਂ ਵੀ ਪੂਰੇ ਆਤਮ-ਵਿਸ਼ਵਾਸ ਨਾਲ ਜਵਾਬ ਦਿੱਤਾ।

“ਓ.ਕੇ. ਕੈਪਟਨ, ਲੈਟ ਅਸ ਮੂਵ।”

ਇੱਕ ਤਾਂ ਉਸਦਾ ਹੁਸਨ ਵੇਖ ਖਲਬਲੀ ਮੱਚ ਉੱਠੀ ਸੀ, ਦੂਸਰਾ “ਲੈਟ ਅਸ ਮੂਵ” ਕਹਿ ਉਸਨੇ ਹੋਰ ਖਲਬਲੀ ਮਚਾ ਦਿੱਤੀ। ਨਾ ਕੋਈ ਰਿਕਾਰਡ ਮੰਗਿਆ, ਨਾ ਕੋਈ ਪੇਪਰ ਮੰਗੇ, ਨਾ ਕੋਈ ਮਸ਼ੀਨਰੀ ਸਬੰਧੀ ਜਾਣਕਾਰੀ, ਨਾ ਕੋਈ ਹੋਰ ਗੱਲ, ਆਉਣ ਸਾਰ ਮੂਵ ਦਾ ਸੰਦੇਸ਼ ਚਾੜ੍ਹ ਦਿੱਤਾ।

ਜਹਾਜ਼ ਨੇ ਫਟਾਫਟ ਲੰਗਰ ਉਠਾਇਆ, ਇੰਜਣ ਸਟਾਰਟ ਕੀਤਾ ਤੇ ਬੰਦਰਗਾਹ ਵੱਲ ਵਧਣ ਲੱਗਾ। ਸਭ ਕੁੱਝ ਐਨੀ ਛੇਤੀ-ਛੇਤੀ ਹੋਇਆ ਕਿ ਮੈਂ ਜੱਸੀ ਨੂੰ ਪਾਇਲਟ ਨਾਲ ਮਿਲਾਉਣਾ ਹੀ ਭੁੱਲ ਗਿਆ। ਮਿਲਾਉਣ ਦੀ ਗੱਲ ਤਾਂ ਦੂਰ, ਮੈਨੂੰ ਤਾਂ ਬਰਿੱਜ਼ ਅੰਦਰ ਉਸਦੀ ਹੋਂਦ ਹੀ ਭੁੱਲ ਗਈ ਕਿ ਮੇਰੀ ਪਤਨੀ ਵੀ ਏਥੇ ਹਾਜ਼ਰ ਹੈ।

ਨਾਲ ਇੱਕ ਫ਼ਿਕਰ ਵੀ ਹੋ ਗਿਆ। ‘ਇਹਦੀ ਤਾਂ ਉਮਰ ਬੜੀ ਘੱਟ ਲੱਗਦੀ ਹੈ, ਜਿੱਥੇ ਪਾਇਲਟ ਦਾ ਤਜ਼ਰਬਾ। ਇਹ ਜਹਾਜ਼ ਨੂੰ ਠੀਕ-ਠਾਕ ਬਰਥ ਤੱਕ ਲੈ ਵੀ ਜਾਵੇਗੀ। ਹੋਰ ਨਾ ਕਿਤੇ ਆਸੇ-ਪਾਸੇ ਚਿੱਕੜ ’ਚ ਫਸਾ ਕੇ ਗਰਾਊਂਡ ਕਰ ਦੇਵੇ ਤੇ ‘ਓ ਮਾਈ ਗਾਡ, ਕੈਪਟਨ’ ਕਹਿ ਕੇ ਜਨਾਨੀਆਂ ਵਾਂਗੂੰ ਢਿੱਲਾ ਜਿਹਾ ਮੂੰਹ ਬਣਾ ਕੇ ਖੜ੍ਹ ਜਾਵੇ।

ਮੇਰਾ ਰੇਡੀਓ-ਅਫ਼ਸਰ ਮੇਰੇ ਕੰਨ ਕੋਲ ਆ ਕੇ ਕਹਿਣ ਲੱਗਾ, “ਸਰ ਸਤਰਕ ਰਹਿਣਾ, ਚੈਨਲ ਤੰਗ ਵੀ ਹੈ ਅਤੇ ਟੇਢਾ-ਮੇਢਾ ਵੀ।” ਮੈਂ ਮਹਿਸੂਸ ਕੀਤਾ, ਮੇਰੇ ਅੰਦਰ ਵਰਗਾ ਡਰ, ਰੇਡੀਓ-ਅਫ਼ਸਰ ਦੇ ਮਨ ਅੰਦਰ ਵੀ ਸੀ।

ਮੈਂ ਪਾਇਲਟ ਦੇ ਚਿਹਰੇ ਵੱਲ ਵੇਖਿਆ ਤੇ ਕੁੱਝ ਪੜ੍ਹਨ ਦੀ ਕੋਸ਼ਿਸ਼ ਕੀਤੀ ਪਰ ਚਿਹਰੇ ਉੱਪਰੋਂ ਕੁੱਝ ਵੀ ਨਾ ਲੱਭਾ। ਉਹ ਤਾਂ ਆਤਮ ਵਿਸ਼ਵਾਸ ਨਾਲ ਭਰਿਆ, ਕਿਸੇ ਲਿਸ਼ਕਦੇ ਹੀਰੇ ਵਾਂਗ ਚਮਕ ਰਿਹਾ ਸੀ। ਹੁਸਨ ਦੀਆਂ ਤਰੰਗਾਂ ਚਾਰ-ਚੁਫੇਰੇ ਫੈਲ ਵਾਤਾਵਰਣ ਨੂੰ ਹੋਰ ਹੁਸੀਨ, ਖ਼ੁਸ਼-ਗਵਾਰ ਤੇ ਸੁਗੰਧਿਤ ਬਣਾ ਰਹੀਆਂ ਸਨ। ਉਹ ਆਪਣੇ ਆਪ ’ਚ ਮਸਤ ਤੇ ਸੰਤੁਸ਼ਟ ਲੱਗੀ।

“ਸਭ ਠੀਕ-ਠਾਕ ਹੈ ਕੈਪਟਨ?” ਮੈਨੂੰ ਕੁੱਝ ਗੰਭੀਰ ਵੇਖ, ਉਸਨੇ ਪੁੱਛਿਆ।

“ਯੈਸ ਪਾਇਲਟ, ਸਭ ਠੀਕ ਹੈ।”

ਮੈਂ ਨੋਟ ਕੀਤਾ, ਇਸ ਹੁਸਨ-ਪਰੀ ਨੇ ਬਰਿੱਜ਼ ’ਚ ਛੋਟਾ ਗੇੜਾ ਦਿੱਤਾ ਸੀ। ਆਪਣੀਆਂ ਤੇਜ਼ ਨਿਗਾਹਾਂ ਇੱਧਰ-ਉਧਰ ਘੁੰਮਾਉਂਦਿਆਂ, ਸਾਰੇ ਇੰਡੀਕੇਟਰ, ਤਾਪਮਾਨ ਗੇਜ਼, ਪਰੈਸ਼ਰ ਗੇਜ਼, ਰਡਾਰ ਸਕਰੀਨ, ਡੂੰਘਾਈ ਮਾਪਣ ਵਾਲੇ ਯੰਤਰ, ਗੱਲ ਕੀ ਹਰ ਚੀਜ਼ ਤੇ ਹਰ ਯੰਤਰ ਉੱਪਰ ਨਿਰੀਖਣ ਨਜ਼ਰਾਂ ਪਾ ਲਈਆਂ ਸਨ। ਉਹ ਜਿੰਨੀ ਸੋਹਣੀ ਸੀ, ਉਸਤੋਂ ਵੱਧ ਚੁਸਤ, ਫੁਰਤੀਲੀ ਤੇ ਤੇਜ਼ ਦਿਮਾਗ ਲੱਗਦੀ ਸੀ। ਇਸ ਗੱਲ ਦੀ ਮੈਨੂੰ ਕੁੱਝ ਤਸੱਲੀ ਹੋਈ।

ਮੈਂ ਦੇਖਿਆ, ਬਰਿੱਜ਼ ਦੇ ਇੱਕ ਪਾਸੇ ਚੁੱਪ-ਚਾਪ ਖੜ੍ਹੀ ਜੱਸੀ ਬਾਹਰ ਵੱਲ ਦੇਖ ਰਹੀ ਸੀ। ਉਸਦਾ ਚਿਹਰਾ ਉਦਾਸ ਸੀ ਤੇ ਕੁੱਝ ਪ੍ਰੇਸ਼ਾਨ ਵੀ।

ਜੱਸੀ ਵੱਲ ਇਸ਼ਾਰਾ ਕਰਕੇ ਮੈਂ ਪਾਇਲਟ ਨੂੰ ਕਿਹਾ, “ਆਓ, ਮੇਰੀ ਪਤਨੀ ਨੂੰ ਮਿਲੋ।”

“ਓ, ਨਾਈਸ, ਵੈਰੀ ਨਾਈਸ।” ਉਸਨੇ ਕੁੱਝ ਕਦਮ ਜੱਸੀ ਵੱਲ ਚੱਲ ਕੇ ਆਪਣਾ ਹੱਥ ਮਿਲਾਉਣ ਲਈ ਵਧਾਇਆ ਤੇ ਨਾਲ ਹੀ ਬੋਲੀ, “ਨਾਈਸ ਟੂ ਮੀਟ ਯੂ, ਹਾਓ ਆਰ ਯੂ।”

ਜੱਸੀ ਨੇ ਰਸਮੀ ਜਿਹਾ ਹੱਥ ਮਿਲਾਇਆ, “ਓ.ਕੇ., ਫਾਈਨ।” ਤੇ ਐਨਾ ਕਹਿ ਉਹ ਚੁੱਪ ਹੋ ਗਈ। ਮੈਂ ਮਹਿਸੂਸ ਕੀਤਾ ਜੱਸੀ ਨੂੰ ਇਸ ਔਰਤ ਨਾਲ ਹੱਥ ਮਿਲਾਉਂਦਿਆਂ ਕੁੱਝ ਦਿੱਕਤ ਮਹਿਸੂਸ ਹੋਈ। ਉਸਨੇ ਗੱਲਬਾਤ ਨੂੰ ਅੱਗੇ ਵਧਾਉਣ ’ਚ ਕੋਈ ਦਿਲਚਸਪੀ ਨਾ ਵਿਖਾਈ। ਜੱਸੀ ਤਾਂ ਅੰਦਰ ਹੀ ਅੰਦਰ ਕੁੜ੍ਹ ਰਹੀ ਸੀ ਤੇ ਮਨ ’ਚ ਕੁੱਝ ਉਬਲ ਰਿਹਾ ਸੀ। ਉਹ ਤਾਂ ਸਿਰਫ਼ ਸਿਸ਼ਟਾਚਾਰ ਵਜੋਂ ਬਾਹਰੋਂ ਨਾਰਮਲ ਰਹਿਣ ਦੀ ਕੋਸ਼ਿਸ਼ ਕਰ ਰਹੀ ਸੀ। ਅੱਜ ਉਹ ਕਿਸੇ ਦੂਸਰੀ ਔਰਤ ਨੂੰ ਬਰਦਾਸ਼ਤ ਕਰਨ ਲਈ ਤਿਆਰ ਹੀ ਨਹੀਂ ਸੀ। ਅੱਜ ਤਾਂ ਬਰਿੱਜ਼ ਅੰਦਰ ਜੱਸੀ ਹੀ ਹੋਣੀ ਸੀ। ਅਰਬੀ ਪਾਇਲਟ ਨੇ ਵਾਰ-ਵਾਰ ਉਸ ਵੱਲ ਵੇਖਣਾ ਸੀ। ਆਨੇ-ਬਹਾਨੇ ਜੱਸੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਨੀ ਸੀ। ਜੱਸੀ ਦੇ ਮਨ ਅੰਦਰ ਕੁਤ-ਕੁਤਾੜੀਆਂ ਹੋਣੀਆਂ ਸਨ ਤੇ ਦਵਿੰਦਰ ਦੇ ਮਨ ਅੰਦਰ ਜਲਣ, ਜਿਸਦਾ ਜੱਸੀ ਨੇ ਮਿੱਠਾ-ਮਿੱਠਾ ਆਨੰਦ ਤੇ ਸਵਾਦ ਲੈਣਾ ਸੀ ਪਰ ਆਹ ਕੀ, ਜੱਸੀ ਨੂੰ ਆਲਾ-ਦੁਆਲਾ ਤੇ ਸਾਰਾ ਮਾਹੌਲ ਹੀ ਖੋਖਲਾ-ਖੋਖਲਾ ਲੱਗਣ ਲੱਗਾ।

ਏਧਰ ਪਾਇਲਟ ਦੇ ਹੁਸਨ ਦਾ ਜਾਦੂ ਕਿ ਮੇਰੇ ਮਨ ’ਚ ਉਸ ਨਾਲ ਗੱਲਾਂ ਕਰਨ ਦੀ ਉਤਸੁਕਤਾ ਵਧ ਰਹੀ ਸੀ। ਇੱਕ ਹੋਰ ਵੱਡੀ ਹੈਰਾਨੀ ਦੀ ਗੱਲ, ਜੋ ਮਨ ’ਚ ਖਟਕ ਰਹੀ ਸੀ, ‘ਅਰਬ ਮੁਲਕ ਤੇ ਔਰਤ ਪਾਇਲਟ?’ ਇਹ ਗੱਲ ਵੀ ਕੁੱਝ ਅਜੀਬ ਲੱਗੀ ਪਰ ਇਹ ਪਹਿਲਾ ਮੌਕਾ ਸੀ ਕਿ ਲੇਡੀ ਪਾਇਲਟ ਨਾਲ ਵਾਹ ਪਿਆ ਤੇ ਉਹ ਵੀ ਅਰਬ ’ਚ ਜੋ ਮੁਸਲਿਮ ਦੇਸ਼ ਹੈ। ਮੈਂ ਪਾਇਲਟ ਦਾ ਨਾਮ ਪੁੱਛ ਲਿਆ, ਜਿਸਦੀ ਕਿ ਵੈਸੇ ਜ਼ਰੂਰਤ ਨਹੀਂ ਸੀ। ਮੇਰੀ ਗੱਲ ਸੁਣ ਕੇ ਉਹ ਵੀ ਹੈਰਾਨ ਹੋਈ ਤੇ ਬੋਲੀ, “ਮੈਂ ਪਾਇਲਟ ਹਾਂ, ਇਤਨਾ ਕਾਫ਼ੀ ਨਹੀਂ?”

“ਉਹ ਤਾਂ ਠੀਕ ਹੈ, ਇਤਨਾ ਵੀ ਕਾਫ਼ੀ ਹੈ ਪਰ ਮਨ ’ਚ ਕੁੱਝ ਜਾਨਣ ਦੀ ਇੱਛਾ ਹੋਈ, ਇਸੇ ਲਈ।” ਹੋਰ ਕੀ ਕਹਿੰਦਾ।

ਉਹ ਮੇਰੇ ਮਨ ’ਚ ਜਾਗੀ ਜਗਿਆਸਾ ਨੂੰ ਸਮਝ ਗਈ। ਕਹਿੰਦੇ ਨੇ ਔਰਤ ਅੰਦਰ ਇੱਕ ਸੈਂਸ ਵੱਧ ਕੰਮ ਕਰਦੀ ਹੈ। ਉਸਨੇ ਮੇਰੀਆਂ ਅੱਖਾਂ ’ਚ ਅੱਖਾਂ ਪਾ ਕੇ ਵੇਖਿਆ, ਥੋੜ੍ਹਾ ਮੁਸਕਰਾਈ ਤੇ ਇਕਦਮ ਰੀਲੈਕਸ ਮੂਡ ’ਚ ਬੋਲੀ, “ਮੇਰਾ ਨਾਮ ਸ਼ੈਲੀ ਹੈ ਤੇ ਮੈਂ ਕੈਥੋਲਿਕ ਈਸਾਈ ਹਾਂ।”

“ਥੈਂਕ-ਯੂ, ਗਰੇਟ। ਤੁਸੀਂ ਸਾਰੀ ਹੀ ਸ਼ੰਕਾ ਮਿਟਾ ਦਿੱਤੀ। ਤੁਸੀਂ ਸੁੰਦਰ ਤਾਂ ਹੋ ਹੀ, ਬੜੇ ਸਮਾਰਟ ਵੀ ਲੱਗ ਰਹੇ ਹੋ।”

“ਅੱਛਾ!” ਉਸਨੂੰ ਚੰਗਾ ਲੱਗਾ। ਆਖ਼ਰਕਾਰ ਇੱਕ ਔਰਤ ਸੀ, ਨੌਜਵਾਨ ਸੀ, ਸੁੰਦਰ ਸੀ, ਆਪਣੀ ਤਾਰੀਫ਼ ਸੁਣ ਕੇ ਉਸ ਖ਼ੁਸ਼ ਹੋਣਾ ਹੀ ਸੀ। ਹੁਣ ਉਹ ਬਰਿੱਜ਼ ਅੰਦਰ ਜਦੋਂ ਵੀ ਏਧਰ-ਓਧਰ ਮੂਵ ਕਰਦੀ, ਬੜੇ ਅੰਦਾਜ਼ ਨਾਲ ਕਦਮ ਪੁੱਟਦੀ। ਕੁੱਝ ਮੜਕ, ਕੁੱਝ ਨਜ਼ਾਕਤ, ਕੁੱਝ ਸੂਝ ਦਾ ਪ੍ਰਦਰਸ਼ਨ ਤੇ ਨਾਲ-ਨਾਲ ਹੁਸਨ ਦੇ ਜਲਵੇ ਵੀ ਬਿਖੇਰ ਜਾਂਦੀ। ਛੋਟੇ-ਛੋਟੇ ਵਾਕਾਂ ’ਚ ਗੱਲ ਕਰਦੀ। ਕਈ ਵਾਰ ਤੋਂ ਕੁੱਝ ਨਾ ਬੋਲਦੀ, ਉਸਦੀਆਂ ਅੱਖਾਂ ਹੀ ਗੱਲ ਕਰਦੀਆਂ। ਗੱਲ ਕਰਨ ਦਾ ਅੰਦਾਜ਼ ਤੇ ਬਾਡੀ-ਲੈਂਗੁਇਜ਼ ਕਮਾਲ ਦੀ ਸੀ। ਮੇਰੇ ਮਨ ’ਚ ਉਸ ਲਈ ਇੱਕ ਖ਼ਾਸ ਕਸ਼ਿਸ਼ ਪੈਦਾ ਹੋ ਚੁੱਕੀ ਸੀ। ਜਹਾਜ਼ ਬਰਥਿੰਗ ਏਰੀਆ ’ਚ ਦਾਖ਼ਲ ਹੋ ਗਿਆ। ਟੱਗ ਜਹਾਜ਼ ਨੂੰ ਧੱਕਾ ਲਾ ਬਰਥ ਨਾਲ ਸੈੱਟ ਕਰਨ ਲੱਗੇ। ਕਰੇਨਾਂ ਤਿਆਰ ਸਨ ਕਿ ਜਿਵੇਂ ਹੀ ਜਹਾਜ਼ ਬੰਨ੍ਹਿਆ ਜਾਵੇ, ਮਾਲ ਲਾਹੁਣਾ ਸ਼ੁਰੂ ਕਰ ਦਿੱਤਾ ਜਾਵੇ।

ਅਖ਼ੀਰ ਜਹਾਜ਼ ਬਰਥ ਨਾਲ ਬੱਝ ਚੁੱਕਾ ਸੀ ਤੇ ਪਾਇਲਟ ਦੇ ਚਿਹਰੇ ’ਤੇ ਕੋਈ ਜੇਤੂ ਮੁਸਕਾਨ ਸੀ। ਮੈਂ ਬਰਬਿੰਗ ਲਈ ਪਾਇਲਟ ਦੀ ਪ੍ਰਸ਼ੰਸਾ ਕੀਤੀ, “ਮੁਬਾਰਕ ਹੋਵੇ, ਤੁਹਾਡਾ ਖ਼ੁਸ਼ ਤੇ ਖਿੜਿਆ ਚਿਹਰਾ ਹੋਰ ਵੀ ਸੁੰਦਰ ਲੱਗ ਰਿਹਾ ਹੈ।”

“ਥੈਂਕ-ਯੂ-ਕੈਪਟਨ। ਦਰਅਸਲ ਅੱਜ ਤੱਕ ਮੈਂ ਹਮੇਸ਼ਾ ਸੀਨੀਅਰ ਪਾਇਲਟ ਨਾਲ ਸਹਾਇਕ ਬਣ ਕੇ ਆਉਂਦੀ ਸੀ। ਅੱਜ ਪਹਿਲੀ ਵਾਰ ਆਜ਼ਾਦਾਨਾ ਤੌਰ ’ਤੇ ਪਾਇਲਟ ਬਣ ਕੇ ਆਈ ਸੀ। ਦੱਸ ਨਹੀਂ ਸਕਦੀ ਸ਼ੁਰੂ ’ਚ ਕਿੰਨੀ ਘਬਰਾਹਟ ਸੀ ਪਰ ਹੁਣ ਮੈਂ ਬਹੁਤ ਖੁਸ਼ ਹਾਂ, ਬਹੁਤ ਹੀ ਖੁਸ਼।” ....ਤੇ ਇਸੇ ਖੁਸ਼ੀ ’ਚ ਉਸਨੇ ਅਚਾਨਕ ਦੋਵੇਂ ਬਾਹਵਾਂ ਫੈਲਾ ਦਿੱਤੀਆਂ।

‘ਅੰਨ੍ਹਾ ਕੀ ਭਾਲੇ, ਦੋ ਅੱਖਾਂ।’ ਉਸਦੀ ਖ਼ੁਸ਼ੀ ਨੂੰ ਸਾਂਝੀ ਕਰਦਿਆਂ ਉਸ ਦੀਆਂ ਬਾਹਾਂ ’ਚ ਸਿਮਟ, ਮੈਂ ਵੀ ਉਸਨੂੰ ਜੱਫੀ ’ਚ ਲੈ ਲਿਆ। ਇਨ੍ਹਾਂ ਪਲਾਂ ਨੂੰ ਹੋਰ ਲੰਬੇਰਾ ਕਰਨ ਲਈ ਮੈਂ ਉਸਦੇ ਕੰਨ ’ਚ ਗੱਲ ਕੀਤੀ ਤੇ ਦੱਸਿਆ, “ਮੇਰੀ ਹਾਲਤ ਵੀ ਤੁਹਾਡੇ ਵਰਗੀ ਹੈ। ਬਤੌਰ ਕੈਪਟਨ ਮੇਰੀ ਵੀ ਪਹਿਲੀ ਕਮਾਂਡ ਹੈ।”

“ਓ-ਰੀਅਲੀ!” ਉਸਦੇ ਚਿਹਰੇ ਦਾ ਰੰਗ ਤੇ ਖ਼ੁਸ਼ੀ ਵੇਖਣ ਵਾਲੀ ਸੀ। ਉਸਦੀਆਂ ਬਾਹਵਾਂ ਦਾ ਕਸ ਅਚਾਨਕ ਹੋਰ ਵਧ ਗਿਆ। ਮੈਨੂੰ ਹੋਰ ਘੁੱਟ ਕੇ ਬੋਲੀ, “ਫੇਰ ਤਾਂ ਛੁਪੇ ਰੁਸਤਮ ਨਿਕਲੇ, ਚਿਹਰੇ ’ਤੇ ਕੋਈ ਘਬਰਾਹਟ ਨੀ ਆਉਣ ਦਿੱਤੀ।”

“ਇਹੀ ਗੱਲ ਮੈਂ ਸੋਚ ਰਿਹਾ ਹਾਂ। ਸੱਚ ਕਹਾਂ, ਤੁਹਾਨੂੰ ਦੇਖ ਮਨ ’ਚ ਆਇਆ ਕਿ ਇਹ ਗੁਡੀਆ ਜਹਾਜ਼ ਨੂੰ ਬਰਥ ’ਤੇ ਲੈ ਵੀ ਜਾਵੇਗੀ? ਪਰ ਤੁਹਾਡੇ ਚਿਹਰੇ ’ਤੇ ਕੋਈ ਘਬਰਾਹਟ ਨਹੀਂ ਸੀ।”

ਉਹ ਹੋਰ ਖ਼ੁਸ਼ ਹੋਈ ਤੇ ਥੋੜ੍ਹਾ ਜਿਹਾ ਚਾਂਭਲ ਕੇ ਬੋਲੀ, “ਮੈਂ ਕੋਈ ਗੁਡੀਆ ਨਹੀਂ, ਮੈਂ ਔਰਤ ਹਾਂ।”

“ਕੀ ਕਿਹਾ, ਔਰਤ! ਤੁਸੀਂ ਸ਼ਾਦੀਸ਼ੁਦਾ ਹੋ?”

“ਹਾਂ, ਮੈਂ ਸ਼ਾਦੀਸ਼ੁਦਾ ਹਾਂ ਤੇ ਇੱਕ ਬੱਚੇ ਦੀ ਮਾਂ ਵੀ।”

“ਬੱਚੇ ਦੀ ਮਾਂ ਵੀ....!” ਮੇਰੇ ਲਈ ਇਹ ਦੋ ਝਟਕੇ ਸਨ ਤੇ ਮੈਂ ਮਨ ਹੀ ਮਨ ਕਿਹਾ, ‘ਭਾਵੇਂ ਤੂੰ ਬੱਚੇ ਦੀ ਮਾਂ ਹੈਂ ਪਰ ਤੂੰ ਅਜੇ ਵੀ ਕੁਆਰੀਆਂ ਨੂੰ ਮਾਤ ਪਾਉਂਦੀ ਹੈਂ।’

ਗੈਂਗ-ਵੇ (ਜਹਾਜ਼ ਤੋਂ ਬਾਹਰ ਤੱਕ ਪੌੜੀ) ਲੱਗ ਚੁੱਕੀ ਸੀ। ਬਾਹਰ ਨੌਜਵਾਨ ਗੋਰਾ ਛੋਟੇ ਬੱਚੇ ਨੂੰ ਗੋਦੀ ਚੁੱਕੀ ਜਹਾਜ਼ ਵੱਲ ਦੇਖ ਰਿਹਾ ਸੀ। ਪਾਇਲਟ ਉਨ੍ਹਾਂ ਨੂੰ ਵੇਖ ਇਕਦਮ ਚਹਿਕ ਉਠੀ, ਹੱਥ ਹਿਲਾਇਆ ਤੇ ਟਪੂਸੀਆਂ ਮਾਰਦੀ ਗੈਂਗ-ਵੇ ਪਾਰ ਕਰ, ਉਨ੍ਹਾਂ ਕੋਲ ਪਹੁੰਚ ਗਈ।

ਜਹਾਜ਼ ਦੇ ਬਰਥ ਨਾਲ ਲੱਗਣ ਤੱਕ ਜੱਸੀ ਬਰਿੱਜ਼ ਅੰਦਰ ਰਹੀ। ਅੰਦਰੋਂ ਉੱਖੜੀ-ਉੱਖੜੀ ਉਹ ਵੇਖਦੀ ਰਹੀ ਕਿ, ‘ਉਸਦਾ ਪਤੀ ਦਵਿੰਦਰ ਉਸਨੂੰ ਅਣਗੌਲਿਆ ਕਰ ਰਿਹਾ ਸੀ ਪਰ ਉਸ ਸਮੇਂ ਤਾਂ ਹੱਦ ਹੀ ਹੋ ਗਈ, ਜਦੋਂ ਗੋਰੀ ਪਾਇਲਟ ਨੇ ਬਾਹਾਂ ਫੈਲਾਈਆਂ ਤੇ ਦਵਿੰਦਰ ਨੇ ਬਗਲਗੀਰ ਹੋਣ ਵਿੱਚ ਕੋਈ ਝਿਜਕ ਮਹਿਸੂਸ ਨਾ ਕੀਤੀ। ਉਸਦੇ ਸਾਹਮਣੇ ਹੀ ਦੋਵੇਂ ਬਗਲਗੀਰ ਹੋ ਗਏ।’

ਜੱਸੀ ਨੂੰ ਝਟਕਾ ਲੱਗਾ। ਉਸ ਦੇ ਅੰਦਰ ਤੜੱਕ ਕਰਕੇ ਕੁੱਝ ਟੁੱਟਿਆ। ਉਹ ਬੇਚੈਨ ਸੀ, ਬਹੁਤ ਬੇਚੈਨ। ਸਮਝ ਨੀ ਸੀ ਪਾ ਰਹੀ ਕੀ ਕਰੇ। ‘ਚੁੱਪ ਖੜ੍ਹੀ ਰਹੇ, ਉੱਚੀ-ਉੱਚੀ ਚੀਕੇ, ਪਤੀ ਜਾਂ ਪਾਇਲਟ ਕਿਸੇ ਦੇ ਥੱਪੜ ਮਾਰੇ ਜਾਂ ਕੀ ਕਰੇ।’

ਉਸ ਤੋਂ ਕੁੱਝ ਵੀ ਨਾ ਹੋਇਆ। ਕੁੱਝ ਵੀ ਨਾ ਕਰ ਸਕੀ। ਬੱਸ ਗੁੱਸੇ ’ਚ ਲਾਲ-ਪੀਲੀ ਹੋਈ, ਬਰਿੱਜ਼ ਤੋਂ ਥੱਲੇ ਉੱਤਰ ਕੈਬਿਨ ’ਚ ਚਲੀ ਗਈ। ਗੋਰੀ ਪਾਇਲਟ ਤੇ ਦਵਿੰਦਰ ਦਾ ਬਗਲਗੀਰ ਹੋਣਾ, ਇਹ ਸੀਨ ਅਜੇ ਵੀ ਉਸਦੀਆਂ ਅੱਖਾਂ ਸਾਹਮਣੇ ਤੈਰ ਰਿਹਾ ਸੀ। ਉਸਨੂੰ ਪ੍ਰੇਸ਼ਾਨ ਕਰ ਰਿਹਾ ਸੀ।

ਪਾਇਲਟ ਨੂੰ ਤੋਰ ਕੇ ਮੈਂ ਵਾਪਸ ਆਇਆ ਤਾਂ ਜੱਸੀ ਬਰਿੱਜ਼ ’ਚ ਨਹੀਂ ਸੀ। ਮੈਂ ਕੈਬਿਨ ’ਚ ਚਲਾ ਗਿਆ। ਜੱਸੀ ਚੁੱਪ-ਚਾਪ ਇੱਕ ਕੁਰਸੀ ’ਤੇ ਬੈਠੀ ਸੀ। ਚਿਹਰਾ ਉਦਾਸ ਤੇ ਖਾਲੀ-ਖਾਲੀ। ਉਸਦੇ ਹੱਥ ’ਚ ਇੱਕ ਰਸਾਲਾ ਸੀ। ਉਹ ਪੜ ਨਹੀਂ, ਸਗੋਂ ਐਵੇਂ ਹੀ ਵਰਕਿਆਂ ਨੂੰ ਏਧਰ-ਓਧਰ ਫਰੋਲੀ ਜਾ ਰਹੀ ਸੀ। ਮੈਂ ਉਸਦੇ ਕੋਲ ਜਾ ਕੇ ਖੜ੍ਹਾ ਹੋ ਗਿਆ।

ਉਹ ਉਸੇ ਤਰ੍ਹਾਂ ਚੁੱਪ ਬੈਠੀ ਰਹੀ। ਹੌਲੀ-ਹੌਲੀ ਮੈਂ ਉਸਦੇ ਵਾਲਾਂ ’ਚ ਹੱਥ ਫੇਰਨ ਲੱਗਾ। ਉਹ ਚੁੱਪ ਬੈਠੀ ਰਹੀ। ਮੈਂ ਦੋਵੇਂ ਹੱਥਾਂ ਨਾਲ ਉਸਦੇ ਵਾਲਾਂ ਨੂੰ ਸਹਿਲਾਉਂਦੇ, ਉਸਦਾ ਸਿਰ ਹਲਕਾ-ਹਲਕਾ ਘੁੱਟਣ ਦੀ ਕੋਸ਼ਿਸ਼ ਕੀਤੀ। ਅਚਾਨਕ ਉਸਨੇ ਮੇਰੇ ਹੱਥ ਝਟਕ ਦਿੱਤੇ।

“ਪਾਇਲਟ ਚਲੀ ਗਈ।” ਉਹ ਹੌਲੀ ਜਿਹੀ ਬੋਲੀ। ਆਵਾਜ਼ ਖ਼ੁਸ਼ਕ, ਜਿਵੇਂ ਇਨਸਾਨ ਨਹੀਂ, ਕਿਸੇ ਪੱਥਰ ਚੋਂ ਆਈ ਹੋਵੇ ਜਾਂ ਕਿਸੇ ਡੂੰਘੇ ਖੂਹ ’ਚੋਂ। ਮੈਂ ਚੁੱਪ ਰਿਹਾ।

“ਬਹੁਤ ਸੁੰਦਰ ਸੀ ਨਾ ਉਹ।” ਉਸੇ ਉਦਾਸ ਲਹਿਜ਼ੇ ’ਚ ਉਹ ਫਿਰ ਬੋਲੀ।

“ਹਾਂ ਜੱਸੀ ਸੁੰਦਰ ਤਾਂ ਸੀ.....।” ਸੋਚਣ ਲੱਗਾ ਅੱਗੇ ਕੀ ਕਹਾਂ, “....ਪਰ ਤੇਰੇ ਜਿੰਨੀ ਨਹੀਂ।” ਮੌਕੇ ’ਤੇ ਮੈਥੋਂ ਇਹੀ ਕਹਿ ਹੋਇਆ। ਦਰਅਸਲ ਇਸ ਤਰ੍ਹਾਂ ਦੇ ਸਵਾਲ-ਜਵਾਬ ਲਈ ਮੈਂ ਤਿਆਰ ਹੀ ਨਹੀਂ ਸੀ। ਮੈਂ ਤਾਂ ਅਜੇ ਵੀ ਪਾਇਲਟ ਨਾਲ ਕੀਤੀਆਂ ਗੱਲਾਂ ਤੇ ਉਸ ਨਾਲ ਬਿਤਾਏ ਪਲਾਂ ਦੇ ਸਮੁੰਦਰ ’ਚ ਗੋਤੇ ਖਾ ਰਿਹਾ ਸੀ।

ਸਮੇਂ ਦੀ ਨਜ਼ਾਕਤ ਨੂੰ ਸਮਝਣ ਤੇ ਜਾਣਨ ਤੋਂ ਬਗੈਰ ਹੀ, ਮੈਂ ਕੁਰਸੀ ਉੱਪਰ ਬੈਠੀ ਜੱਸੀ ਨੂੰ ਆਪਣੀਆਂ ਬਾਹਾਂ ਦੇ ਕਲਾਵੇ ’ਚ ਲੈਣ ਦੀ ਕੋਸ਼ਿਸ਼ ਕੀਤੀ। ਉਹ ਇਕਦਮ ਕੁਰਸੀ ਤੋਂ ਉੱਠੀ ਤੇ ਪਰ੍ਹੇ ਹੋ ਕੇ ਸੋਫੇ ’ਤੇ ਜਾ ਬੈਠੀ।

ਜਦੋਂ ਮੈਂ ਜੱਸੀ ਵੱਲ ਮੁੜਿਆ ਤਾਂ ਉਹ ਮੇਰੀਆਂ ਅੱਖਾਂ ’ਚ ਅੱਖਾਂ ਪਾ ਕੇ ਬੋਲੀ, “ਪਾਇਲਟ ਨਾਲ ਜੱਫੀ ਪਾ ਕੇ ਜੀਅ ਨਹੀਂ ਭਰਿਆ।” ਉਸਦੀ ਆਵਾਜ਼ ਤਲਖ਼ ਤੇ ਭਾਰੀ ਸੀ। ਉਹ ਕੁੱਝ ਹੋਰ ਕਹਿਣਾ ਚਾਹੁੰਦੀ ਸੀ ਪਰ ਸ਼ਾਇਦ ਕਹਿ ਨਾ ਹੋਇਆ। ਉਸਨੇ ਆਪਣੇ ਬੁੱਲ੍ਹਾਂ ਨੂੰ ਇਸ ਤਰ੍ਹਾਂ ਘੁੱਟਿਆ, ਜਿਵੇਂ ਕੋਈ ਗਹਿਰੀ ਪੀੜ ਹੋਈ ਹੋਵੇ। ਉਸਨੇ ਗਲ ਦੇ ਅੰਦਰ ਹੀ ਅੰਦਰ, ਔਖੀ ਕੋਈ ਘੱਟ ਜਿਹੀ ਭਰੀ ਤੇ ਚੁੱਪ ਰਹੀ। ਉਹ ਬਹੁਤ ਪ੍ਰੇਸ਼ਾਨ ਸੀ।

ਮੈਨੂੰ ਉਥੇ ਖੜ੍ਹਾ ਰਹਿਣਾ ਬੜਾ ਔਖਾ ਲੱਗਿਆ। ਪਹਿਲੀ ਵਾਰ ਜੱਸੀ ਨੂੰ ਇਸ ਤਰ੍ਹਾਂ ਉਦਾਸ ਤੇ ਪ੍ਰੇਸ਼ਾਨ ਵੇਖ ਰਿਹਾ ਸੀ। ਉਹ ਬਹੁਤ ਹੀ ਅਸਹਿਜ ਸੀ। ਮੈਨੂੰ ਜੱਸੀ ਕੋਲੋਂ ਡਰ ਜਿਹਾ ਆਉਣ ਲੱਗਾ।

ਚੰਗਾ ਹੁੰਦਾ ਕੁੱਝ ਚਿਰ ਲਈ ਜੱਸੀ ਨੂੰ ਇਕੱਲਿਆਂ ਛੱਡ, ਮੈਂ ਵਾਪਸ ਬਰਿੱਜ਼ ਵਿੱਚ ਚਲਾ ਜਾਂਦਾ। ਸ਼ਾਇਦ ਹੌਲੀ-ਹੌਲੀ ਉਹ ਸਹਿਜ ਹੋ ਜਾਂਦੀ। ਮੈਂ ਇਹ ਵੀ ਨਾ ਕਰ ਸਕਿਆ। ਉਸ ਦੀ ਹਾਲਤ ਵੇਖ ਮੈਂ ਜੱਸੀ ਨਾਲੋਂ ਵੀ ਵੱਧ ਅਸਹਿਜ ਹੋ ਗਿਆ। ਸੋਫੇ ’ਤੇ ਉਸਦੇ ਕੋਲ ਬੈਠ ਗਿਆ ਤੇ ਨਾਲ ਇਹ ਵੀ ਕਹਿ ਬੈਠਾ, “ਜੱਸੀ ਆਪਾਂ ਬਾਹਰ ਘੁੰਮਣ ਚਲਦੇ ਹਾਂ, ਮੈਂ ਗੱਡੀ ਮੰਗਵਾਈ ਹੈ।”

ਇਹ ਸੁਣਦੇ ਸਾਰ ਉਸਨੇ ਘੂਰ ਕੇ ਮੇਰੇ ਵੱਲ ਵੇਖਿਆ ਪਰ ਅਜੇ ਵੀ ਉਹ ਆਪਣੇ ਆਪ ਤੇ ਕੰਟਰੋਲ ਰੱਖਣ ਦੀ ਕੋਸ਼ਿਸ਼ ਕਰ ਰਹੀ ਸੀ, “ਨਹੀਂ...ਕਿਤੇ ਜਾਣ ਦਾ ਮੇਰਾ ਮੂਡ ਨਹੀਂ, ਤੁਸੀਂ ਜਾਓ।” ਉਹ ਉੱਚੀ ਆਵਾਜ਼ ’ਚ ਬੋਲੀ ਸੀ।

ਮੈਂ ਫਿਰ ਵੀ ਨਾ ਸਮਝਿਆ ਤੇ ਕੁੱਝ ਮਰਦਾਂ ਵਾਲਾ ਰੰਗੜਾਊਪੁਣਾ।

“ਠੀਕ ਹੈ ਡੇਰਾ ਮੂਡ ਨਹੀਂ ਤਾਂ ਮੈਂ ਵੀ ਕੈਂਸਲ ਕਰ ਦਿੰਦਾ ਹਾਂ ਪਰ ਮੈਂ ਸੋਚਦਾ ਸੀ, ਅੱਜ ਤੂੰ ਨਵਾਂ ਸੂਟ ਪਾਇਆ ਹੈ, ਸੋਹਣਾ ਵੀ ਬਹੁਤ ਲੱਗਦੈਂ, ਆਪਾਂ ਇਸ ਨਵੇਂ ਸੂਟ ਨਾਲ ਇਸ ਨਵੇਂ ਸ਼ਹਿਰ ’ਚ ਘੁੰਮ ਕੇ ਆਉਂਦੇ।”

ਨਵੇਂ ਸੂਟ ਦਾ ਨਾਂ ਸੁਣਦੇ ਸਾਰ ਉਸਦੇ ਚਿਹਰੇ ਦਾ ਰੰਗ ਇਕਦਮ ਬਦਲ ਗਿਆ। ਅੱਖਾਂ ਲਾਲ ਅੰਗਿਆਰ ਵਾਂਗ ਦਗਣ ਲੱਗੀਆਂ। ਬੁੱਲ੍ਹ ਫਟਕਣ ਲੱਗੇ। ਹੱਥ ਤੇ ਸਾਰਾ ਸਰੀਰ ਕੰਬਣ ਲੱਗਾ। ਉਹ ਜੱਸੀ ਨਾ ਹੋ ਕੇ ਕੁੱਝ ਹੋਰ ਹੀ ਲੱਗਣ ਲੱਗੀ।

ਵੇਖਦੇ ਹੀ ਵੇਖਦੇ ਉਸੇ ਤਰ੍ਹਾਂ ਕੰਬਦੀ ਉਹ ਝਟਕੇ ਨਾਲ ਉੱਠੀ। ਇੱਕ ਸ਼ੀਹਣੀ ਵਾਂਗ ਚਿੱਲਾਈ, “ਕੀ ਸਮਝਿਆ ਹੈ ਮੈਨੂੰ। ਇੱਕ ਹੱਡ-ਮਾਸ ਦਾ ਪੂਤਲਾ। ਜੀਅ ਕੀਤਾ ਨੋਚ ਲਿਆ, ਜੀਅ ਕੀਤਾ ਦੁਰਕਾਰਤਾ। ਮੈਂ ਤੁਹਾਡੀ ਪਤਨੀ ਹਾਂ, ਪਤਨੀ। ਔਰਤ ਚਾਰਦੀਵਾਰੀ ਦੇ ਅੰਦਰ ਪਤੀ ਦੀਆਂ ਕਈ ਵਧੀਕੀਆਂ ਨੂੰ ਅਣਗੌਲਿਆ ਤੇ ਸਹਿਣ ਕਰਨ ਦਾ ਮਾਦਾ ਰੱਖਦੀ ਹੈ....ਦਵਿੰਦਰ, ਖੁੱਲ੍ਹੇਆਮ ਐਸੀ ਬੇਇੱਜ਼ਤੀ ਨਹੀਂ, ਜਿਸ ਤਰ੍ਹਾਂ ਅੱਜ ਕੀਤਾ ਹੈ।

“ਹੁਣ ਨਵਾਂ ਸੂਟ ਯਾਦ ਆ ਗਿਆ। ਹੈਲ ਵਿਦ ਦਾ ਨਿਊ ਸੂਟ।”

ਐਨਾ ਕਹਿ ਉਸਨੇ ਦੋਵੇਂ ਹੱਥ ਆਪਣੇ ਗਲਾਵੇਂ ’ਚ ਪਾਏ, ਘੁੱਟ ਕੇ ਗਲਾਵੇਂ ਨੂੰ ਫੜਿਆ ਤੇ ਫਿਰ ਪੂਰੇ ਜ਼ੋਰ ਦੀ ਗਲਾਵਾਂ ਖਿੱਚ ਕੇ ਕਮੀਜ਼ ਨੂੰ ਥੱਲੇ ਤੱਕ ਪਾੜ ਦਿੱਤਾ ਤੇ ਉਹ ਮੇਰੇ ਸਾਹਮਣੇ ਤਣੀ ਖੜ੍ਹੀ ਸੀ।

ਜੱਸੀ ਦਾ ਅਜਿਹਾ ਭਿਆਨਕ ਤੇ ਵਿਕਰਾਲ ਰੂਪ ਮੈਂ ਪਹਿਲੀ ਵਾਰ ਵੇਖਿਆ। ਮੈਂ ਤਾਂ ਸੁੰਨ ਹੀ ਹੋ ਗਿਆ। ਮੈਥੋਂ ਉਸਦੇ ਕੰਬਦੇ ਸਰੀਰ ਤੇ ਲਾਲ ਅੱਖਾਂ ਵੱਲ ਵੇਖ ਨਾ ਹੋਇਆ। ਚੁੱਪਚਾਪ ਮੇਰੀਆਂ ਨਜ਼ਰਾਂ ਨੀਵੀਆਂ ਹੋ ਗਈਆਂ ਤੇ ਅਚਾਨਕ ਸਿਰ ਵੀ ਝੁਕ ਗਿਆ।