ਰੇਤ ਦੇ ਘਰ/ਫ਼ੈਸਲੇ ਦੀ ਘੜੀ
ਫ਼ੈਸਲੇ ਦੀ ਘੜੀ
ਸਾਗਰ ਏਅਰ-ਲਾਈਨ ਵੱਲੋਂ ਇੰਟਰਵਿਊ ਦਾ ਸੁਨੇਹਾ ਆਉਣ ’ਤੇ ਉਹ ਚਹਿਕ ਉਠੀ। ਆਉਣ-ਜਾਣ ਦਾ ਖਰਚਾ ਤੇ ਠਹਿਰਨ ਦਾ ਸਾਰਾ ਪ੍ਰਬੰਧ ਕੰਪਨੀ ਦਾ ਸੀ। “ਮੰਮੀ-ਮੰਮੀ, ਦੇਖੋ ਬਹੁਤ ਚੰਗੀ ਖ਼ਬਰ ਹੈ, ਖ਼ੁਸ਼ਖ਼ਬਰੀ! ਮੈਨੂੰ ਸਾਗਰ ਏਅਰ-ਲਾਈਨ ਵਿੱਚ ਨੌਕਰੀ ਮਿਲਣ ਜਾ ਰਹੀ ਹੈ। ਬੁਰੇ ਦਿਨ ਖ਼ਤਮ ਤੇ ਚੰਗੇ ਦਿਨ ਸ਼ੁਰੂ।” ਇਹ ਕਹਿੰਦਿਆਂ ਉਹ ਮਾਂ ਦੇ ਗਲੇ ਚਿੰਬੜ ਗਈ।
ਮਾਂ ਨੇ ਅੰਜਲੀ ਨੂੰ ਬੁੱਕਲ ਵਿੱਚ ਘੁੱਟ ਲਿਆ। ਮੱਥਾ ਚੁੰਮਿਆ, ਪਿੱਠ ਥਾਪੜੀ ਤੇ ਖੁਸ਼ ਹੋ ਕੇ ਬੋਲੀ, “ਮੇਰੀ ਬੱਚੀ ਮੈਨੂੰ ਤੇਰੇ ’ਤੇ ਮਾਣ ਹੈ, ਪਤਾ ਸੀ ਤੂੰ ਇੱਕ ਦਿਨ ਜ਼ਰੂਰ ਕਾਮਯਾਬ ਹੋਵੇਗੀ।”
“ਹਾਂ ਮੰਮੀ, ਤੁਹਾਡਾ ਆਸ਼ੀਰਵਾਦ ਜੋ ਮੇਰੇ ਨਾਲ ਹੈ, ਮੈਂ ਜ਼ਰੂਰ ਕਾਮਯਾਬ ਹੋਵਾਂਗੀ।”
“ਪਰ ਬੇਟੀ ਤੂੰ ਤਾਂ ਕਹਿੰਦੀ ਸੀ ਪਹਿਲਾਂ ਇੰਟਰਵਿਊ ਹੋਵੇਗੀ?” ਥੋੜ੍ਹਾ ਸੋਚ ਕੇ ਮੰਮੀ ਨੇ ਪੁੱਛਿਆ।
“ਮੰਮੀ ਇਹ ਇੰਟਰਵਿਊ ਦਾ ਸੁਨੇਹਾ ਹੀ ਹੈ ਪਰ ਇੰਟਰਵਿਊ ’ਤੇ ਜਾਵਾਂਗੀ ਤਾਂ ਨੌਕਰੀ ਵੀ ਮਿਲ ਜਾਏਗੀ, ਕੋਈ ਉਮੀਦ ਤਾਂ ਹੋਈ। ਤੂੰ ਹੀ ਤਾਂ ਕਹਿੰਦੀ ਰਹਿੰਦੀ ਹੈਂ ‘ਸਮਾਂ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ।’ ਮੰਮੀ ਫਿਕਰ ਨਾ ਕਰੋ, ਆਪਣਾ ਵੀ ਸਮਾਂ ਬਦਲਣ ਵਾਲਾ ਹੈ, ਨੌਕਰੀ ਵੀ ਮਿਲੇਗੀ।” ਬੜੇ ਵਿਸ਼ਵਾਸ ਨਾਲ ਇਹ ਕਹਿੰਦਿਆਂ ਉਸਨੇ ਆਪਣੀ ਮਾਂ ਦਾ ਮੱਥਾ ਚੁੰਮਿਆ ਤੇ ਖ਼ੁਸ਼ੀ-ਖ਼ੁਸ਼ੀ ਅੰਦਰ ਨੂੰ ਚਲੀ ਗਈ।
“ਬੇਟੀ ਆਰਾਮ ਨਾਲ ਸੋਚ ਕੇ, ਜਿਸ-ਜਿਸ ਚੀਜ਼ ਦੀ ਵੀ ਜ਼ਰੂਰਤ ਪੈ ਸਕਦੀ ਹੈ, ਸਭ ਹੁਣੇ ਤੋਂ ਸੋਚ ਲੈਣਾ।”
“ਮੰਮੀ ਫ਼ਿਕਰ ਮੱਤ ਕਰੋ, ਮੈਂ ਸਭ ਸੰਭਾਲ ਲਵਾਂਗੀ।”
ਇੰਟਰਵਿਉ ਕਾਲ ਕੀ ਆਈ ਕਿ ਅੰਜਲੀ ਦੇ ਮਨ ਵਿੱਚ ਹੁਣੇ ਤੋਂ ਹੀ ਲੱਡੂ ਫੁੱਟਣ ਲੱਗੇ, ‘ਇੱਕ ਵਾਰ ਸਾਗਰ ਏਅਰ-ਲਾਈਨ ’ਚ ਨੌਕਰੀ ਮਿਲ ਜਾਵੇ, ਮੰਮੀ ਦੇ ਸਾਰੇ ਕੰਮ ਬੰਦ। ਮੁੰਬਈ-ਗੋਆ ਸੈਕਟਰ ਫਲਾਈਟ ਤੇ ਏਅਰ-ਹੋਸਟੈਸ ਬਣ ਕੇ ਜਦ ਮੈਂ ਉਡਾਨ ਭਰੀ ਤਾਂ ਮੰਮੀ ਨੂੰ ਵੀ ਨਾਲ ਸੈਰ ਕਰਾਵਾਂਗੀ। ਮੰਮੀ ਨੂੰ ਗੋਆ ਤੋਂ ਮੁੰਬਈ ਜਹਾਜ਼ ’ਤੇ ਹੀ ਲੈ ਕੇ ਜਾਵਾਂਗੀ। ਭਰਾ ਨੂੰ ਵੀ ਹਵਾਈ ਜਹਾਜ਼ ਦੇ ਝੂਟੇ ਦਿਵਾਉਣੇ ਨੇ।’ ਮਨ ਹੀ ਮਨ ਹੋਰ ਵੀ ਬੜਾ ਕੁੱਝ ਸੋਚਣ ਲੱਗ ਪਈ, ਜਿਵੇਂ ਏਅਰ-ਹੋਸਟੈਸ ਬਣ ਗਈ ਹੋਵੇ।
ਇੰਟਰਵਿਊ ਦੀ ਪੂਰੀ ਤਿਆਰੀ ਕਰ ਅੰਜਲੀ ਮੁੰਬਈ ਪਹੁੰਚ ਗਈ। ਅਜੇ ਥੋੜ੍ਹਾ ਚਿਰ ਪਹਿਲਾਂ ਹੀ ਉਹ ਦੱਸੇ ਹੋਟਲ ਦੇ ਕਮਰੇ ਵਿੱਚ ਪਹੁੰਚੀ ਸੀ। ਇੰਟਰਵਿਊ ਕਾਲ ਮਿਲਣ ਤੋਂ ਲੈ ਕੇ ਹੋਟਲ ਦੇ ਕਮਰੇ ਵਿੱਚ ਪਹੁੰਚਣ ਤੱਕ ਉਹ ਪੂਰੀ ਖ਼ੁਸ਼ ਸੀ। ਸਫ਼ਰ ਦੌਰਾਨ ਥਕਾਵਟ ਹੋਣਾ ਸੁਭਾਵਿਕ ਹੈ। ਕਮਰੇ ਵਿੱਚ ਆਉਂਦੇ ਹੀ ਉਸਨੇ ਆਪਣਾ ਹੈਂਡ-ਬੈਗ ਤੇ ਛੋਟਾ ਸੂਟਕੇਸ ਇੱਕ ਪਾਸੇ ਰੱਖ ਦਿੱਤਾ ਤੇ ਸੋਫੇ ’ਤੇ ਹੀ ਢੇਰੀ ਹੋ ਗਈ। ਖ਼ੁਸ਼ੀ-ਖੁਸ਼ੀ ਸੋਚਣ ਲੱਗੀ, ‘ਏਥੇ ਤੱਕ ਤਾਂ ਪਹੁੰਚ ਗਈ, ਅੱਗੇ ਦੇਖਦੇ ਹਾਂ ਕੀ ਬਣਦਾ ਹੈ, ਥੋੜ੍ਹਾ ਲੱਕ ਸਿੱਧਾ ਕਰ ਲਵਾਂ।’
ਲੱਕ ਸਿੱਧਾ ਕਰਨ ਲਈ ਲੇਟੀ ਪਰ ਥਕਾਵਟ ਕਾਰਨ ਉਸਦੀ ਅੱਖ ਲੱਗ ਗਈ। ਅੱਖ ਖੁੱਲ੍ਹੀ ਤਾਂ ਡੇਢ ਘੰਟਾ ਬੀਤ ਚੁੱਕਾ ਸੀ। ਹੈਰਾਨ ਹੋਈ, ਡੇਢ ਘੰਟਾ ਕਿਵੇਂ ਬੀਤ ਗਿਆ ਪਤਾ ਹੀ ਨਾ ਲੱਗਾ। ਆਪਣੇ ਆਪ ’ਤੇ ਗੁੱਸਾ ਵੀ ਆਇਆ ਕਿ ਜਿਸ ਮਕਸਦ ਲਈ ਇੱਕ ਦਿਨ ਪਹਿਲਾਂ ਆਈ ਹਾਂ, ਉਸ ਬਾਰੇ ਸੋਚਣਾ ਚਾਹੀਦਾ ਹੈ। ਕੁੱਝ ਕਰਨਾ ਚਾਹੀਦਾ ਹੈ ਤੇ ਮੈਂ ਏਥੇ ਆ ਕੇ ਵੀ ਸੌਂ ਰਹੀ ਹਾਂ।
ਫਟਾ-ਫਟ ਸੂਟਕੇਸ ’ਚ ਫੋਲਾ-ਫਾਲੀ ਕਰਨ ਲੱਗੀ। ਜਲਦੀ ਤਿਆਰ ਹੋ ਉਹ ਆਪਣੀ ਸਹੇਲੀ ਸ਼ਿਲਪੀ ਕੋਲ ਜਾਣਾ ਚਾਹੁੰਦੀ ਸੀ। ਸ਼ਿਲਪੀ ਵੀ ਗੋਆ ਤੋਂ ਸੀ, ਜੋ ਦੋ ਕੁ ਸਾਲ ਪਹਿਲਾਂ ਮੁੰਬਈ ਆਈ ਸੀ ਤੇ ਅੱਜ ਕੱਲ੍ਹ ਮਾਡਲਿੰਗ ਵਿੱਚ ਕਿਸਮਤ ਅਜ਼ਮਾ ਰਹੀ ਸੀ।
ਉਹ ਜਲਦੀ ਨਾਲ ਬਾਥਰੂਮ ਗਈ ਤੇ ਫਰੈੱਸ਼ ਹੋ ਕੇ ਬਾਹਰ ਆ ਗਈ। ਹੁਣ ਉਹ ਤਰੋ-ਤਾਜ਼ਾ ਮਹਿਸੂਸ ਕਰ ਰਹੀ ਸੀ। ਕੱਪੜੇ ਬਦਲੇ, ਹਲਕਾ ਮੇਕ-ਅੱਪ ਕੀਤਾ, ਬਾਕੀ ਸਾਮਾਨ ਵਾਪਸ ਸੂਟਕੇਸ ਵਿੱਚ ਰੱਖਿਆ ਤੇ ਕੁੱਝ ਜ਼ਰੂਰੀ ਆਈਟਮਾਂ ਸ਼ੀਸ਼ੇ ਦੇ ਸਾਹਮਣੇ ਟਿਕਾ ਦਿੱਤੀਆਂ।
ਬਾਹਰ ਜਾਣ ਤੋਂ ਪਹਿਲਾਂ ਫਿਰ ਸ਼ੀਸ਼ੇ ਅੱਗੇ ਖਲੋ ਆਪਣੇ ਆਪ ਨੂੰ ਨਿਹਾਰਿਆ। ਸ਼ੀਸ਼ੇ ਅੰਦਰਲਾ ਅਕਸ ਉਸਨੂੰ ਸੋਹਣਾ-ਸੋਹਣਾ ਲੱਗਿਆ। ਮਨ ਹੀ ਮਨ ਮੁਸਕਰਾਈ ਤੇ ਨਖ਼ਰਾ ਜਿਹਾ ਕੀਤਾ। ਸ਼ੀਸ਼ੇ ਵਿਚਲੇ ਅਕਸ ਨੇ ਵੀ ਐਸਾ ਹੀ ਕੀਤਾ। ਉਹ ਖੁੱਲ ਕੇ ਹੱਸ ਪਈ।
ਉਹ ਅਜੇ ਸ਼ੀਸ਼ੇ ਅੱਗੇ ਹੀ ਖੜ੍ਹੀ ਸੀ ਕਿ ਦਰਵਾਜ਼ੇ 'ਤੇ ਹਲਕੀ ਟਕ-ਟਕ ਹੋਈ। ਅੰਜਲੀ ਦਾ ਧਿਆਨ ਇਕ-ਦਮ ਦਰਵਾਜ਼ੇ ਵੱਲ ਗਿਆ। ਸੋਚਣ ਲੱਗੀ, ‘ਮੈਂ ਤਾਂ ਕਿਸੇ ਨੂੰ ਬੁਲਾਇਆ ਨਹੀਂ। ਰੁਮ-ਸਰਵਿਸ ਨੂੰ ਵੀ ਕੋਈ ਆਰਡਰ ਨਹੀਂ ਕੀਤਾ। ਕਿਸੇ ਨਾਲ ਮਿਲਣ ਦੀ ਵੀ ਕੋਈ ਗੱਲ ਨਹੀਂ ਹੋਈ। ਕੌਣ ਹੋ ਸਕਦਾ ਹੈ? ਸ਼ਾਇਦ ਰੂਮ-ਸਰਵਿਸ ਹੀ ਹੋਵੇ।’
ਉਹ ਦਰਵਾਜ਼ੇ ਵੱਲ ਗਈ ਤੇ ਕੋਲ ਪਹੁੰਚ ਕੇ ਬੋਲੀ, “ਕੌਣ?”
“ਜੀ ਮੈਂ, ਮੈਡਮ ਜੀ ਮੇਰਾ ਨਾਮ ਸੁਰੇਸ਼ ਹੈ। ਮੈਂ ਤੁਹਾਡੀ ਸੇਵਾ ਲਈ ਤੇ ਮੱਦਦ ਲਈ ਆਇਆ ਹਾਂ।”
“ਸੇਵਾ ਲਈ ਤੇ ਮੱਦਦ ਲਈ!” ਅੰਜਲੀ ਹੈਰਾਨ।
ਅੰਜਲੀ ਨੇ ਚੇਨ-ਕੁੰਡੀ ਲਾ ਕੇ ਦਰਵਾਜ਼ਾ ਥੋੜ੍ਹਾ ਜਿਹਾ ਖੋਲ੍ਹਿਆ ਤੇ ਸਿਰ ਟੇਢਾ ਕਰਕੇ ਬਾਹਰ ਵੱਲ ਦੇਖਿਆ। ਬਾਹਰ ਇੱਕ ਨੌਜਵਾਨ ਲੜਕਾ ਖੜ੍ਹਾ ਸੀ। ਆਮ ਜਿਹਾ ਚਿਹਰਾ, ਕੁੱਝ ਖਾਲੀ-ਖਾਲੀ, ਅੱਖਾਂ ’ਚ ਮੱਧਮ ਜਿਹੀ ਲਿਸ਼ਕ, ਤੇ ਨਿਮਰਤਾ ਦੇ ਰਲੇ-ਮਿਲੇ ਪ੍ਰਭਾਵ। ਚਿਹਰੇ ’ਤੇ ਸਾਦਗੀ।
ਸੋਚਣ ਲੱਗੀ, ‘ਰੂਮ-ਸਰਵਿਸ ਤਾਂ ਨਹੀਂ ਲੱਗਦਾ। ਕੋਈ ਵਰਦੀ ਨਹੀਂ। ਮੈਂ ਕਿਸੇ ਸੁਰੇਸ਼ ਨੂੰ ਏਥੇ ਜਾਣਦੀ ਵੀ ਨਹੀਂ।’
“ਕੀ ਰੂਮ-ਸਰਵਿਸ ਵਾਲੇ ਹੋ?” ਫਿਰ ਵੀ ਬਿਨਾਂ ਕਿਸੇ ਉਤੇਜਨਾ ਦੇ ਅੰਜਲੀ ਨੇ ਪੁੱਛਿਆ।
“ਜੀ ਨਹੀਂ, ਪਰ ਤੁਸੀਂ ਕੁੱਝ ਵੀ ਸਮਝ ਸਕਦੇ ਹੋ। ਮੈਂ ਆਪ ਜੀ ਦੀ ਮੱਦਦ ਕਰਨਾ ਚਾਹੁੰਦਾ ਹਾਂ। ਤੁਹਾਡੇ ਲਈ ਇੱਕ ਖ਼ਾਸ ਸੰਦੇਸ਼ ਵੀ ਹੈ। ਇਸੇ ਲਈ ਆਪ ਜੀ ਦੇ ਪਾਸ ਆਇਆ ਹਾਂ।”
‘ਮੱਦਦ! ਸੰਦੇਸ਼! ਕੌਣ ਹੈ ਇਹ? ਕੀ ਮੱਦਦ ਕਰਨੀ ਚਾਹੁੰਦਾ ਹੈ। ਕਿਉਂ ਮੱਦਦ ਕਰਨੀ ਚਾਹੁੰਦਾ ਹੈ। ਬਿਨ ਬੁਲਾਏ, ਜਾਣ ਨਾ ਪਹਿਚਾਣ, ਮੈਂ ਤੇਰਾ ਮਹਿਮਾਨ।’ ਅੰਜਲੀ ਹੈਰਾਨ ਹੋਈ।
ਅਜੇ ਤੱਕ ਦਰਵਾਜ਼ਾ ਥੋੜ੍ਹਾ ਹੀ ਖੁੱਲਾ ਸੀ ਤੇ ਚੇਨ-ਕੁੰਡੀ ਲੱਗੀ ਹੋਈ ਸੀ। ਉਹ ਦੋਵੇਂ ਇੱਕ ਦੂਜੇ ਨੂੰ ਦੇਖ ਰਹੇ ਸਨ। ਅੰਜਲੀ ਨੇ ਟਾਲਣਾ ਹੀ ਠੀਕ ਸਮਝਿਆ ਤੇ ਬੋਲੀ, “ਧੰਨਵਾਦ, ਮੈਨੂੰ ਕਿਸੇ ਮੱਦਦ ਦੀ ਜ਼ਰੂਰਤ ਨਹੀਂ, ਤੁਸੀਂ ਜਾ ਸਕਦੇ ਹੋ। ਅਗਰ ਜ਼ਰੂਰਤ ਹੋਈ ਤਾਂ ਮੈਂ ਰੂਮ-ਸਰਵਿਸ ਨੂੰ ਦੱਸ ਦੇਵਾਂਗੀ।” ਤੇ ਉਹ ਅੰਦਰ ਨੂੰ ਹੋ ਕੇ ਦਰਵਾਜ਼ਾ ਬੰਦ ਕਰਨ ਲੱਗੀ।
“ਜੀ ਤੁਸੀਂ ਸਾਗਰ ਏਅਰ-ਲਾਈਨ ਦੀ ਇੰਟਰਵਿਊ ਲਈ ਆਏ ਹੋ ਨਾ। ਮੈਂ ਸੱਚਮੁੱਚ ਤੁਹਾਡੀ ਮੱਦਦ ਕਰਨਾ ਚਾਹੁੰਦਾ ਹਾਂ। ਤੁਸੀਂ ਮੈਨੂੰ ਆਪਣਾ ਦੋਸਤ ਸਮਝੋ ਜਾਂ ਕੁੱਝ ਵੀ ਪਰ ਪਲੀਜ਼, ਇੱਕ ਵਾਰ ਮੇਰੀ ਗੱਲ ਜ਼ਰੂਰ ਸੁਣ ਲਵੋ।” ਸੁਰੇਸ਼ ਦੀ ਆਵਾਜ਼ ਵਿੱਚ ਤਰਲਾ ਸੀ, ਨਿਮਰਤਾ ਸੀ ਤੇ ਮਿਠਾਸ ਵੀ।
ਇਸਤੋਂ ਪਹਿਲਾਂ ਕਿ ਅੰਜਲੀ ਦਰਵਾਜ਼ਾ ਬੰਦ ਕਰਕੇ ਕੁੰਡੀ ਲਾ ਦਿੰਦੀ, ਸੁਰੇਸ਼ ਦੇ ਮੂੰਹੋਂ ਇਹ ਗੱਲਾਂ ਸੁਣ ਕੇ ਉਹ ਹੋਰ ਹੈਰਾਨ ਹੋਈ, ਇਸ ਲੜਕੇ ਨੂੰ ਕਿਵੇਂ ਪਤਾ ਕਿ ਮੈਂ ਸਾਗਰ ਏਅਰ-ਲਾਈਨ ਦੀ ਇੰਟਰਵਿਊ ਲਈ ਆਈ ਹਾਂ? ਇਸਨੂੰ ਕਿੱਥੋਂ ਪਤਾ ਲੱਗਾ ਕਿ ਮੈਂ ਇਸ ਕਮਰੇ ਵਿੱਚ ਰੁਕੀ ਹਾਂ? ਕੌਣ ਹੋ ਸਕਦਾ ਹੈ? ਸ਼ਕਲ-ਸੂਰਤ ਤੋਂ ਕੋਈ ਗੁੰਡਾ ਬਦਮਾਸ਼ ਵੀ ਨੀ ਲੱਗਦਾ, ਫਿਰ ਏਥੇ ਕਿਵੇਂ?’ ਅੰਜਲੀ ਦੇ ਮਨ ’ਚ ਸੁਰੇਸ਼ ਬਾਰੇ ਕੁੱਝ-ਕੁੱਝ ਸ਼ੱਕ ਤੇ ਕੁੱਝ ਦਿਲਚਸਪੀ ਪੈਦਾ ਹੋਣ ਲੱਗੀ।
ਅੰਜਲੀ ਨੇ ਪਲ ਭਰ ਸੋਚਿਆ ਤੇ ਫਿਰ ਬਿਨਾਂ ਝਿਜਕ ਕਮਰੇ ਦਾ ਪੂਰਾ ਦਰਵਾਜ਼ਾ ਖੋਲ੍ਹ ਦਿੱਤਾ। ਹੁਣ ਉਹ ਪੂਰੇ ਦੇ ਪੂਰੇ ਇੱਕ ਦੂਜੇ ਦੇ ਸਾਹਮਣੇ ਖੜੇ ਸਨ, “ਹਾਂ ਮਿਸਟਰ ਸੁਰੇਸ਼, ਤੂੰ ਜੋ ਵੀ ਹੈਂ, ਲੱਗਦਾ ਹੈ ਆਸੇ-ਪਾਸੇ ਦੀ ਕਾਫ਼ੀ ਜਾਣਕਾਰੀ ਰੱਖਦਾ ਹੈਂ। ਮੈਂ ਹੈਰਾਨ ਹਾਂ ਕਿ ਮੇਰੇ ਬਾਰੇ ਇਹ ਸਭ ਗੱਲਾਂ ਤੈਨੂੰ ਕਿਸ ਨੇ ਦੱਸੀਆਂ। ਅੱਛਾ ਦੱਸੋ, ਮੇਰੀ ਕੀ ਮੱਦਦ ਕਰਨਾ ਚਾਹੁੰਦੇ ਹੋ ਤੇ ਕਿਉਂ ਕਰਨੀ ਚਾਹੁੰਦੇ ਹੋ।”
“ਜੀ, ਕੀ ਮੈਂ ਅੰਦਰ ਆ ਸਕਦਾ ਹਾਂ? ਇਸ ਤਰ੍ਹਾਂ ਏਥੇ ਖੜ੍ਹੇ-ਖੜ੍ਹੇ ਗੱਲ ਕਰਨਾ ਠੀਕ ਨਹੀਂ ਹੋਵੇਗਾ। ਅਰਾਮ ਨਾਲ ਬੈਠ ਕੇ ਗੱਲ ਕੀਤੀ ਜਾਵੇ ਤਾਂ ਹੋਰ ਠੀਕ ਰਹੇਗਾ।”
ਅੰਜਲੀ ਨੂੰ ਵੀ ਧਿਆਨ ਆਇਆ ਕਿ ਉਹ ਦਰਵਾਜ਼ੇ ਵਿੱਚ ਖੜ੍ਹੀ ਹੈ ਤੇ ਸੁਰੇਸ਼ ਬਾਹਰ ਲਾਬੀ ਵਿੱਚ। ਮਨ ਹੀ ਮਨ ਸੋਚਿਆ, ‘ਅੰਦਰ ਆਉਣ ਦੇਵਾਂ ਜਾਂ ਨਾ?’ ਦੁਬਾਰਾ ਗੌਰ ਨਾਲ ਉਸ ਵੱਲ ਵੇਖਿਆ, “ਠੀਕ ਹੈ, ਅੰਦਰ ਆ ਜਾਓ।” ਕਹਿ ਅੰਜਲੀ ਥੋੜ੍ਹਾ ਸਾਈਡ 'ਤੇ ਹੋ ਗਈ ਤੇ ਰਸਤਾ ਦੇ ਦਿੱਤਾ। ਅੰਜਲੀ ਨੂੰ ਇਹੀ ਠੀਕ ਲੱਗਾ ਤੇ ਲੜਕਾ ਵੀ ਸ਼ਰੀਫ਼ ਲੱਗਦਾ ਸੀ।
‘ਧੰਨਵਾਦ’ ਕਹਿ ਸੁਰੇਸ਼ ਅੰਦਰ ਦਾਖ਼ਲ ਹੋ ਗਿਆ। ਅੰਜਲੀ ਵੀ ਦਰਵਾਜ਼ਾ ਬੰਦ ਕਰਕੇ ਅੰਦਰ ਆ ਗਈ। ਉਸਨੇ ਇੱਕ ਪਾਸੇ ਪਈ ਕੁਰਸੀ ਵੱਲ ਇਸ਼ਾਰਾ ਕਰਕੇ, ਸੁਰੇਸ਼ ਨੂੰ ਬੈਠਣ ਲਈ ਕਿਹਾ ਤੇ ਆਪ ਸਾਹਮਣੇ ਸੋਫੇ ’ਤੇ ਬੈਠ ਗਈ।
ਸੁਰੇਸ਼ ਨੇ ਇੱਕ ਵਾਰ ਫਿਰ ਧੰਨਵਾਦ ਕੀਤਾ ਤੇ ਕੁਰਸੀ ਉੱਪਰ ਜਾ ਬੈਠਾ। ਅੰਜਲੀ ਨੇ ਆਪਣੇ ਆਪ ਨੂੰ ਸੰਭਾਲਦੇ ਤੇ ਨਾਰਮਲ ਹੁੰਦੇ ਹੋਏ ਉਸ ਵੱਲ ਗੌਰ ਨਾਲ ਦੇਖਿਆ ਤੇ ਪੁੱਛਿਆ, “ਅੱਛਾ ਦੱਸੋ ਕੀ ਕਹਿਣਾ ਚਾਹੁੰਦੇ ਹੋ?”
ਸੁਰੇਸ਼ ਨੇ ਬੜੇ ਹੀ ਸ਼ਾਂਤ ਲਹਿਜ਼ੇ ਵਿੱਚ ਬੋਲਣਾ ਸ਼ੁਰੂ ਕੀਤਾ। ਚਿਹਰੇ ਤੇ ਸਾਦਗੀ, ਲਫ਼ਜ਼ਾਂ ’ਚ ਨਿਮਰਤਾ, ਨਜ਼ਰਾਂ ’ਚ ਆਪਣਾਪਣ। ਉਹ ਹੌਲੀ-ਹੌਲੀ ਬੋਲ ਰਿਹਾ ਸੀ। ਅੰਜਲੀ ਉਸਨੂੰ ਧਿਆਨ ਨਾਲ ਸੁਣ ਰਹੀ ਸੀ। ਉਹ ਬੋਲਦਾ ਗਿਆ, ਅੰਜਲੀ ਸੁਣਦੀ ਗਈ। ਉਹ ਹਰ ਗੱਲ ਬੜੇ ਧਿਆਨ ਨਾਲ ਸੁਣ ਰਹੀ ਸੀ। ਸੁਰੇਸ਼ ਖੁਸ਼ ਸੀ ਕਿ ਉਹ ਅੰਜਲੀ ਦਾ ਧਿਆਨ ਖਿੱਚਣ ਵਿੱਚ ਕਾਮਯਾਬ ਹੋ ਰਿਹਾ ਸੀ।
ਏਧਰ-ਓਧਰ ਦੀਆਂ ਤੇ ਏਅਰ-ਲਾਈਨ ਦੀਆਂ ਗੱਲਾਂ ਤੋਂ ਬਾਅਦ, ਸੁਰੇਸ਼ ਨੇ ਆਪਣੇ ਮਾਲਕ ਸੇਠ ਸਰੂਤੀ ਸ਼ਾਹ ਬਾਰੇ ਗੱਲ ਸ਼ੁਰੂ ਕੀਤੀ। ਸੇਠ ਸਰੂਤੀ ਸ਼ਾਹ ਦਾ ਨਾਮ ਸੁਣ ਅੰਜਲੀ ਅੰਦਰ ਹੀ ਅੰਦਰ ਥੋੜ੍ਹਾ ਤ੍ਰਭਕੀ ਪਰ ਚੁੱਪ ਬੈਠੀ ਸੁਣਦੀ ਰਹੀ। ਹੁਣ ਸੁਰੇਸ਼ ਸੇਠ ਜੀ ਦੀ ਸ਼ਖ਼ਸੀਅਤ ਬਾਰੇ, ਸੋਚ ਬਾਰੇ, ਰੁਤਬੇ ਬਾਰੇ, ਏਥੇ ਭੇਜਣ ਦੇ ਮਕਸਦ ਬਾਰੇ, ਸਾਰਾ ਕੁੱਝ ਬੜੇ ਹੀ ਸਲੀਕੇ ਨਾਲ ਬਿਆਨ ਕਰੀ ਜਾ ਰਿਹਾ ਸੀ।
ਜਿਵੇਂ-ਜਿਵੇਂ ਉਹ ਬੋਲਦਾ ਗਿਆ, ਅੰਜਲੀ ਦੇ ਚਿਹਰੇ ’ਤੇ ਪ੍ਰਭਾਵ ਬਦਲਦੇ ਰਹੇ। ਸੁਰੇਸ਼ ਜੋ ਕਹਿ ਰਿਹਾ ਸੀ, ਉਸ ਤੋਂ ਅੰਜਲੀ ਨੂੰ ਹੈਰਾਨੀ ਹੋ ਰਹੀ ਸੀ। ਹੁਣ ਉਸਦਾ ਚਿਹਰਾ ਇਸ ਤਰ੍ਹਾਂ ਸੀ, ਜਿਵੇਂ ਗੁੱਸਾ ਆ ਰਿਹਾ ਹੋਵੇ ਤੇ ਅੰਦਰ ਕੁੱਝ ਧੁਖਣ ਲੱਗਾ ਹੋਵੇ ਪਰ ਸੁਰੇਸ਼ ਦੇ ਚਿਹਰੇ 'ਤੇ ਕੋਈ ਤਣਾਅ ਨਹੀਂ, ਕੋਈ ਘਬਰਾਹਟ ਨਹੀਂ, ਸਗੋਂ ਹੋਰ ਮਾਸੂਮੀਅਤ ਸੀ। ਗੱਲਾਂ-ਗੱਲਾਂ ’ਚ ਸੁਰੇਸ਼ ਨੇ ਸੇਠ ਜੀ ਬਾਰੇ, ਉਨ੍ਹਾਂ ਦੇ ਕਾਰੋਬਾਰ ਬਾਰੇ, ਸਾਗਰ ਏਅਰ-ਲਾਈਨ ਵਿੱਚ ਹਿੱਸੇਦਾਰੀ ਬਾਰੇ ਤੇ ਹੋਰ ਬਹੁਤ ਕੁੱਝ, ਅੰਜਲੀ ਨੂੰ ਸਭ ਸਮਝਾ ਦਿੱਤਾ। ਬਹੁਤ ਵੱਡੀ ਰਾਮ ਕਹਾਣੀ ਤੇ ਮਾਇਆ ਜਾਲ ਨੂੰ ਬੜੇ ਘੱਟ ਤੇ ਸੁਲਝੇ ਸ਼ਬਦਾਂ 'ਚ ਉਹ ਇੰਝ ਬਿਆਨ ਕਰ ਗਿਆ, ਜਿਵੇਂ ਕੋਈ ਕੁੱਜੇ ਵਿੱਚ ਸਮੁੰਦਰ ਬੰਦ ਕਰ ਦੇਵੇ।
ਅੰਜਲੀ ਦੇ ਹਾਵ-ਭਾਵ ਦੇਖ ਕੇ ਆਪਣੀ ਗੱਲ ਕਹਿ ਸੁਰੇਸ਼ ਚੁੱਪ ਹੋ ਗਿਆ। ਸ਼ਾਇਦ ਅੰਜਲੀ ਨੇ ਕੋਈ ਮਾਮੂਲੀ ਇਸ਼ਾਰਾ ਵੀ ਕਰ ਦਿੱਤਾ ਹੋਵੇ। ਸੁਰੇਸ਼ ਹੁਣ ਅੰਜਲੀ ਵੱਲ ਹੀ ਦੇਖ ਰਿਹਾ ਸੀ ਤੇ ਉਸਦਾ ਪੱਖ ਜਾਨਣਾ ਚਾਹੁੰਦਾ ਸੀ।
ਅੰਜਲੀ ਨੂੰ ਇਹ ਗੱਲ ਸਾਫ਼ ਹੋ ਚੁੱਕੀ ਸੀ ਕਿ ਸੁਰੇਸ਼ ਨੂੰ ਕਿਸਨੇ ਭੇਜਿਆ ਹੈ ਪਰ ਕਿਉਂ ਭੇਜਿਆ ਹੈ, ਇਸ ਬਾਰੇ ਮਨ ਅੰਦਰ ਕਈ ਤਰ੍ਹਾਂ ਦੇ ਵਿਚਾਰ ਆ ਰਹੇ ਸਨ। ਅੰਜਲੀ ਦੀ ਕਮਰ ਸੋਫੇ ਦੀ ਬੈਕ ਰੈਸਟ ਤੋਂ ਹਟ ਕੇ ਅੱਗੇ ਨੂੰ ਆ ਚੁੱਕੀ ਸੀ। ਉਹ ਲੱਗ-ਭੱਗ ਸਿੱਧੀ ਹੋ ਕੇ ਬੈਠ ਗਈ। ਹੁਣ ਅੰਜਲੀ ਬੋਲ ਰਹੀ ਸੀ। ਸ਼ਬਦਾਂ ’ਚ ਕੋਈ ਰੁੱਖਾਪਣ ਨਹੀਂ ਸੀ ਪਰ ਸੰਜੀਦਗੀ ਤੇ ਮਿਠਾਸ ਵੀ ਨਹੀਂ ਸੀ। ਉਹ ਹਰ ਗੱਲ ਨਾਲ ਹੱਥ ਦਾ ਐਕਸ਼ਨ ਵੀ ਕਰ ਰਹੀ ਸੀ।
ਸੁਰੇਸ਼ ਚੁੱਪ-ਚਾਪ ਬਿਲਕੁਲ ਸ਼ਾਂਤ ਬੈਠਾ ਸੀ। ਨਜ਼ਰ ਅੰਜਲੀ ਦੇ ਚਿਹਰੇ ’ਤੇ ਟਿਕੀ ਹੋਈ ਸੀ। ਉਹ ਬੜੇ ਹੀ ਧਿਆਨ ਨਾਲ ਅੰਜਲੀ ਨੂੰ ਸੁਣ ਰਿਹਾ ਸੀ ਤੇ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ। ਅੰਜਲੀ ਜੋ ਕੁੱਝ ਵੀ ਬੋਲ ਰਹੀ ਸੀ, ਸੁਰੇਸ਼ ਨੂੰ ਕੁੱਝ ਵੀ ਬੁਰਾ ਨਹੀਂ ਸੀ ਲੱਗ ਰਿਹਾ। ਉਸਨੂੰ ਇਸ ਤਰ੍ਹਾਂ ਦੇ ਵਿਵਹਾਰ ਤੇ ਰੀਐਕਸ਼ਨ ਦੀ ਉਮੀਦ ਸੀ, ਸ਼ਾਇਦ ਇਸਤੋਂ ਵੀ ਵੱਧ ਦੀ।
ਥੋੜ੍ਹੀ ਦੇਰ ਬਾਅਦ ਅੰਜਲੀ ਚੁੱਪ ਹੋ ਗਈ। ਹੁਣ ਉਹ ਦੁਬਾਰਾ ਸੋਫੇ ਨਾਲ ਢੋਹ ਲਾ ਕੇ ਬੈਠ ਗਈ। ਮਨ ’ਚ ਥੋੜਾ ਗੁੱਸਾ ਵੀ ਸੀ ਤੇ ਉਹ ਇਸ ਟਾਪਿਕ 'ਤੇ ਹੋਰ ਗੱਲ ਨਹੀਂ ਸੀ ਕਰਨਾ ਚਾਹੁੰਦੀ। ਸਿਰ ਥੋੜ੍ਹਾ ਪਿੱਛੇ ਨੂੰ ਲਟਕਾ ਉਹ ਇਸ ਤਰ੍ਹਾਂ ਬੈਠ ਗਈ, ਜਿਵੇਂ ਕੋਈ ਥੱਕ ਕੇ ਬੈਠ ਜਾਂਦਾ ਹੈ। ਉਸਦੀਆਂ ਅੱਖਾਂ ਬੰਦ ਸਨ। ਉਹ ਹੈਰਾਨ ਤੇ ਪ੍ਰੇਸ਼ਾਨ ਲੱਗ ਰਹੀ ਸੀ।
ਸੁਰੇਸ਼ ਵੀ ਸਮਝ ਗਿਆ ਕਿ ਅੰਜਲੀ ਆਰਾਮ ਕਰਨਾ ਚਾਹੁੰਦੀ ਹੈ। ਨਾਲੇ ਹੋਰ ਕੋਈ ਗੱਲ ਕਰਨ ਲਈ ਬਚੀ ਵੀ ਨਹੀਂ ਸੀ। ਉਸਨੇ ਜੋ ਕਹਿਣਾ ਸੀ, ਕਹਿ ਦਿੱਤਾ ਸੀ। ਉਸਨੇ ਬੜੀ ਹੀ ਨਿਮਰਤਾ ਸਹਿਤ ਅੰਜਲੀ ਤੋਂ ਜਾਣ ਦੀ ਇਜਾਜ਼ਤ ਮੰਗੀ ਤੇ ਉਠ ਕੇ ਖੜ੍ਹਾ ਹੋ ਗਿਆ।
ਅੰਜਲੀ ਫਿਰ ਸਿੱਧਾ ਹੋ ਕੇ ਬੈਠ ਗਈ। ਵੱਡੇ ਲੋਕ, ਵੱਡੇ ਸ਼ਹਿਰ ਤੇ ਵੱਡੇ ਬਿਜਨਸ-ਹਾਊਸ ਦੀਆਂ ਗੱਲਾਂ ਨੂੰ ਉਹ ਕੁੱਝ-ਕੁੱਝ ਸਮਝਦੀ ਸੀ। ਗੋਆ ਤੋਂ ਆਈ ਸੀ, ਕੋਈ ਪੇਂਡੂ ਕੁੜੀ ਤਾਂ ਹੈ ਨਹੀਂ ਸੀ। ਸੋਚਣ ਲੱਗੀ, ‘ਇਹ ਲੜਕਾ ਤਾਂ ਮੈਸੰਜਰ ਹੈ, ਇੱਕ ਮੋਹਰਾ ਹੈ, ਜੋ ਮਾਲਕ ਵੱਲੋਂ ਲਾਈ ਡਿਊਟੀ ਨਿਭਾਅ ਰਿਹਾ ਹੈ। ਇਸਦੀ ਵੀ ਕੋਈ ਮਜ਼ਬੂਰੀ ਹੋ ਸਕਦੀ ਹੈ। ਇਸ ’ਤੇ ਕਾਹਦਾ ਗੁੱਸਾ।’ ਅੰਜਲੀ ਨੂੰ ਲੜਕੇ ਨਾਲ ਕੁੱਝ ਹਮਦਰਦੀ ਹੋਈ।
“ਮਾਫ਼ ਕਰਨਾ, ਮੈਂ ਪਾਣੀ ਵੀ ਨਹੀਂ ਪੁੱਛ ਸਕੀ। ਕੁੱਝ ਚਿਰ ਪਹਿਲਾਂ ਹੀ ਏਥੇ ਆਈ ਸੀ। ਮੈਨੂੰ ਕਿਸੇ ਦੀ ਉਡੀਕ ਨਹੀਂ ਸੀ। ਤੁਹਾਡੀ ਵੀ ਨਹੀਂ ਤੇ ਫਿਰ ਅਚਾਨਕ ਇਹ ਸਭ ਕੁੱਝ?” ਤੇ ਉਹ ਚੁੱਪ ਕਰ ਗਈ।
“ਮੈਂ ਸਮਝ ਸਕਦਾ ਹਾਂ, ਕੋਈ ਗੱਲ ਨਹੀਂ, ਮੈਂ ਤੁਹਾਡਾ ਵਕਤ ਲਿਆ, ਬਹੁਤ-ਬਹੁਤ ਸ਼ੁਕਰੀਆ।” ਸੁਰੇਸ਼ ਨੇ ਜੇਬ ਵਿੱਚੋਂ ਇੱਕ ਕਾਰਡ ਕੱਢਿਆ ਤੇ ਟੇਬਲ ’ਤੇ ਰੱਖਦੇ ਹੋਏ ਕਹਿਣ ਲੱਗਾ, “ਇਹ ਸੇਠ ਜੀ ਦਾ ਕਾਰਡ ਹੈ। ਸਪੈਸ਼ਲ ਤੁਹਾਡੇ ਲਈ ਭੇਜਿਆ ਹੈ। ਮੀਟਿੰਗ ਲਈ ਸ਼ਾਮੀਂ ਪੰਜ ਵਜੇ ਗੱਡੀ ਤੁਹਾਨੂੰ ਲੈਣ ਆ ਜਾਵੇਗੀ। ਸੇਠ ਜੀ ਤੁਹਾਡਾ ਇੰਤਜ਼ਾਰ ਕਰਨਗੇ।”
ਅੰਜਲੀ, ਜੋ ਨਾਰਮਲ ਹੋਣ ਦੀ ਕੋਸ਼ਿਸ਼ ਕਰਨ ਲੱਗੀ ਸੀ, ਕਾਰਡ ਦੇਖ ਹੋਰ ਪ੍ਰੇਸ਼ਾਨ ਹੋ ਗਈ। ਚਿਹਰਾ ਗੁੱਸੇ ਨਾਲ ਭਖਣ ਲੱਗਾ। ਉਹ ਕਾਹਲੀ ਨਾਲ ਜ਼ਰੂਰਤ ਤੋਂ ਵੱਧ ਉੱਚੀ ਆਵਾਜ਼ ਵਿੱਚ ਬੋਲੀ, “ਮੈਨੂੰ ਕਿਸੇ ਕਾਰਡ ਦੀ ਜ਼ਰੂਰਤ ਨਹੀਂ ਤੇ ਨਾ ਹੀ ਕਿਸੇ ਗੱਡੀ ਦੀ। ਮੈਂ ਕਿਸੇ ਮੀਟਿੰਗ ’ਤੇ ਨਹੀਂ ਆ ਰਹੀ। ਪਰਸੋਂ ਸੁਬਾਹ ਇੰਟਰਵਿਊ ਹੈ, ਮੈਂ ਆਪੇ ਆ ਜਾਵਾਂਗੀ। ਉੱਥੇ ਹੀ ਤੁਹਾਡੇ ਸੇਠ ਜੀ ਨੂੰ ਵੀ ਮਿਲ ਲਵਾਂਗੀ। ਤੂੰ ਜਾ ਸਕਦਾ ਹੈਂ।” ਉਹ ਗੁੱਸੇ ਵਿੱਚ ਬੋਲੀ ਸੀ ਤੇ ਉਸਦਾ ਸਾਹ ਚੜ੍ਹ ਗਿਆ ਸੀ।
ਸੁਰੇਸ਼ ਬਿਲਕੁਲ ਸ਼ਾਂਤ ਸੀ। ਉਹ ਫਿਰ ਬੋਲਿਆ, “ਰੱਖ ਲੀ ਜੀਏ, ਇਹ ਤੁਹਾਡੇ ਲਈ ਹੀ ਹੈ। ਇਹ ਕਾਰਡ ਇੰਟਰਵਿਊ ਲਈ ਨਹੀਂ ਹੈ। ਇਹ ਤਾਂ ਸੇਠ ਜੀ ਨਾਲ ਸਪੈਸ਼ਲ ਮੀਟਿੰਗ ਲਈ ਹੈ। ਮੀਟਿੰਗ ਲਈ ਆਉਣਾ ਜਾਂ ਨਾ ਆਉਣਾ, ਇਹ ਆਪ ਦੀ ਮਰਜ਼ੀ ਉੱਪਰ ਹੈ। ਕੋਈ ਬੰਦਿਸ਼ ਨਹੀਂ। ਸੇਠ ਜੀ ਕਿਸੇ ਨਾਲ ਨਰਾਜ਼ ਨਹੀਂ ਹੁੰਦੇ ਤੇ ਨਾ ਹੀ ਕਦੇ ਨਿਰਾਸ਼ ਹੁੰਦੇ ਹਨ। ਉਹ ਹਰ ਇਨਸਾਨ ਦੀ ਆਪਣੀ ਸੋਚ ਦੀ, ਆਪਣੀ ਆਜ਼ਾਦੀ ਦੀ ਪੂਰੀ ਕਦਰ ਕਰਦੇ ਹਨ।” ਇਹ ਕਹਿ ਕੇ ਸੁਰੇਸ਼ ਕਮਰੇ ਤੋਂ ਬਾਹਰ ਚਲਾ ਗਿਆ।
ਅੰਜਲੀ ਬੁਰੀ ਤਰ੍ਹਾਂ ਖ਼ਫ਼ਾ ਸੀ। ਇਕੱਲੀ ਬੈਠੀ ਬੁੜ-ਬੁੜ ਕਰ ਰਹੀ ਸੀ ‘ਕੀ ਸਮਝਦੇ ਨੇ ਇਹ ਲੋਕ, ਮੈਂ ਕੋਈ ਕਠਪੁਤਲੀ ਹਾਂ। ਸੁਨੇਹਾ ਭੇਜੋ ਤੇ ਬੱਸ ਮੈਂ ਭੱਜੀ ਚਲੀ ਆਉਂਗੀ, ਮਾਈ ਬਲੈਡੀ ਫੁੱਟ। ਪੰਜ ਵਜੇ ਕਾਰ ਆ ਜਾਵੇਗੀ, ਕਾਰ ’ਚ ਆਉਂਦੈ ਮੇਰਾ ਠੈਂਗਾ। ਨਹੀਂ ਚਾਹੀਦੀ ਐਦਾਂ ਦੀ ਨੌਕਰੀ। ਅਜੇ ਪੈਰ ਵੀ ਨੀ ਧਰਿਆ ਤੇ ਸੇਠ ਜੀ ਦਾ ਸੁਨੇਹਾ ਆ ਗਿਆ। ਮੈਂ ਨੌਕਰੀ ਲਈ ਆਈ ਹਾਂ, ਕੋਈ ਧੰਦਾ ਕਰਨ ਨਹੀਂ।’ ਗੁੱਸੇ 'ਚ ਭਰੀ ਉਹ ਬਹੁਤ ਦੇਰ ਤੱਕ ਬੋਲਦੀ ਰਹੀ ਤੇ ਅਖ਼ੀਰ ਹੰਭ ਕੇ ਚੁੱਪ ਹੋ ਗਈ।
ਬਹੁਤ ਦੇਰ ਤੋਂ ਹੁਣ ਉਹ ਚੁੱਪ ਬੈਠੀ ਸੀ ਤੇ ਸ਼ਾਂਤ ਵੀ। ਸੋਚੀ ਜਾ ਰਹੀ ਸੀ, ਸੋਚੀ ਜਾ ਰਹੀ ਸੀ। ਕਈ ਤਰ੍ਹਾਂ ਦੇ ਖ਼ਿਆਲ ਮਨ ’ਚ ਆਉਂਦੇ, ਭੁਰ ਜਾਂਦੇ, ਆਉਂਦੇ ਤੇ ਭੁਰ ਜਾਂਦੇ। ਉਹ ਉੱਠ ਕੇ ਖੜ੍ਹੀ ਹੋ ਗਈ ਤੇ ਕਮਰੇ ’ਚ ਹੀ ਛੋਟੇ-ਛੋਟੇ ਕਦਮ ਰੱਖ ਟਹਿਲਣ ਲੱਗੀ।
‘ਇਹ ਲੜਕਾ ਕੌਣ ਸੀ, ਸੇਠ ਸਰੂਤੀ ਸ਼ਾਹ ਦਾ ਕੋਈ ਖ਼ਾਸ ਰਾਜ਼ਦਾਰ ਜਾਂ ਕੋਈ ਆਮ ਨੌਕਰ?’
‘ਸੇਠ ਸਰੂਤੀ ਸ਼ਾਹ ਨੇ ਇਸਨੂੰ ਮੇਰੇ ਕੋਲ ਕਿਉਂ ਭੇਜਿਆ? ਕੀ ਹੋਰ ਲੜਕੀਆਂ ਨੂੰ ਵੀ ਇਸੇ ਤਰ੍ਹਾਂ ਸੁਨੇਹੇ ਭੇਜੇ ਹੋਣਗੇ?’
‘ਕੀ ਦੂਸਰੀਆਂ ਲੜਕੀਆਂ ਅੱਜ ਸੇਠ ਕੋਲ ਜਾਣਗੀਆਂ, ਕੱਲ੍ਹ ਨੂੰ ਐਤਵਾਰ ਹੈ, ਕਈਆਂ ਨੂੰ ਕੱਲ੍ਹ ਵੀ ਸੱਦਿਆ ਹੋ ਸਕਦੈ?’
‘ਕੀ ਇੰਟਰਵਿਊ ਸੇਠ ਜੀ ਨੇ ਹੀ ਲੈਣੀ ਹੈ, ਮੈਨੂੰ ਜਾਣਾ ਚਾਹੀਦੈ ਕਿ ਨਹੀਂ?’
‘ਕੀ ਅੱਜ ਤੇ ਕੱਲ੍ਹ 'ਚ ਹੀ ਸਿਲੈਕਸ਼ਨ ਹੋ ਜਾਏਗੀ, ਸੋਮਵਾਰ ਦੀ ਇੰਟਰਵਿਊ ਤਾਂ ਦਿਖਾਵਾ ਮਾਤਰ ਹੈ?’
‘ਕੋਈ ਖ਼ਾਸ ਮੱਦਦਗਾਰ ਜਾਂ ਸੰਪਰਕ ਲੱਭ ਪਵੇ, ਇਸੇ ਲਈ ਤਾਂ ਇੱਕ ਦਿਨ ਪਹਿਲਾਂ ਆਈ ਸੀ, ਹੁਣ ਮੈਨੂੰ ਕੀ ਹੋ ਗਿਆ?’
ਸਵਾਲ-ਦਰ-ਸਵਾਲ ਅੰਜਲੀ ਦੇ ਮਨ ’ਚ ਖ਼ੌਰੂ ਪਾ ਰਹੇ ਸਨ ਤੇ ਕੁੱਝ ਵੀ ਸਮਝ ਨਹੀਂ ਸੀ ਆ ਰਿਹਾ। ਕਾਰਡ ਉਸੇ ਤਰ੍ਹਾਂ ਟੇਬਲ ’ਤੇ ਪਿਆ ਸੀ। ਅੰਜਲੀ ਨੇ ਇੱਕ ਵਾਰ ਉਸ ਵੱਲ ਦੇਖਿਆ, ਫਿਰ ਜਲਦੀ ਹੀ ਹੋਰ ਪਾਸੇ ਦੇਖਣ ਲੱਗੀ। ਭਾਵੇਂ ਉਹ ਬਾਹਰ ਜਾਣ ਲਈ ਤਿਆਰ ਹੋਈ ਸੀ ਪਰ ਹੁਣ ਬਾਹਰ ਜਾਣ ਨੂੰ ਉਸਦਾ ਮਨ ਨਹੀਂ ਸੀ। ਉਸਨੇ ਸ਼ਿਲਪੀ ਨੂੰ ਫੋਨ ਲਾਇਆ ਤੇ ਲੰਬਾ ਸਮਾਂ ਫੋਨ ’ਤੇ ਹੀ ਉਸ ਨਾਲ ਗੱਲਾਂ ਕਰਦੀ ਰਹੀ।
ਅੱਜ ਸੋਮਵਾਰ ਸੀ। ਸ਼ਾਮ ਦੇ ਚਾਰ ਵੱਜ ਚੁੱਕੇ ਸਨ। ਅੰਜਲੀ ਹੁਣੇਹੁਣੇ ਇੰਟਰਵਿਊ ਤੋਂ ਵਾਪਸ ਆਈ ਸੀ। ਆਉਣ ਸਾਰ ਉਹ ਸੋਫੇ ਉੱਪਰ ਇਸ ਤਰ੍ਹਾਂ ਢੇਰੀ ਹੋ ਗਈ, ਜਿਵੇਂ ਬਹੁਤ ਹੀ ਥੱਕੀ ਹੋਵੇ, ਹਾਰੀ-ਹਾਰੀ ਜਿਹੀ।
ਜਿਸ ਬੋਰਡ ਨੇ ਇੰਟਰਵਿਊ ਲਈ, ਉਸ ਵਿੱਚ ਇੱਕ ਵੀ ਮਰਦ ਮੈਂਬਰ ਨਹੀਂ ਸੀ। ਤਿੰਨੋਂ ਬੋਰਡ ਮੈਂਬਰ ਔਰਤਾਂ ਸਨ। ਪੰਦਰਾਂ ਮਿੰਟਾਂ ਤੱਕ ਸਵਾਲ-ਜਵਾਬ ਹੋਏ ਤੇ ਉਹ ਬਾਹਰ ਆ ਗਈ। ਹੋਰ ਲੜਕੀਆਂ ਨਾਲ ਵੀ ਲੱਗਭੱਗ ਇਸੇ ਤਰ੍ਹਾਂ ਹੋਇਆ। ਘੱਟ ਤੋਂ ਘੱਟ ਪੰਦਰਾਂ ਤੇ ਵੱਧ ਤੋਂ ਵੱਧ ਵੀਹ ਮਿੰਟ। ਦੋ ਵਜੇ ਤੱਕ ਸਭ ਦੀ ਇੰਟਰਵਿਊ ਖ਼ਤਮ। ਫਿਰ ਸਭ ਨੇ ਮਿਲ ਕੇ ਲੰਚ ਕੀਤਾ। ਹੈਰਾਨੀ ਦੀ ਗੱਲ ਕਿ ਇੰਟਰਵਿਊ ਲੈਣ ਵਾਲੀਆਂ ਤਿੰਨੋ ਲੇਡੀਜ਼ ਮੈਂਬਰ ਨੇ ਵੀ ਸਾਡੇ ਨਾਲ ਮਿਲ ਕੇ ਲੰਚ ਕੀਤਾ। ਤਿੰਨ ਵਜੇ ਦੇ ਕਰੀਬ ਚਾਰ ਲੜਕੀਆਂ ਨੂੰ ਦੁਬਾਰਾ ਬੁਲਾਇਆ ਗਿਆ। ਫਿਰ ਪੰਜ-ਸੱਤ ਮਿੰਟ ਬਾਅਦ ਅਸੀਂ ਜੋ ਬਾਕੀ ਸਾਂ, ਸਭ ਨੂੰ ਵਾਪਸ ਜਾਣ ਲਈ ਕਹਿ ਦਿੱਤਾ। ਥੋੜ੍ਹਾ ਦਿਲਾਸਾ ਜ਼ਰੂਰ ਦਿੱਤਾ ਕਿ ਅਗਲੀ ਵਾਰ ਜਦੋਂ ਵੀ ਇੰਟਰਵਿਊ ਹੋਈ, ਤੁਹਾਨੂੰ ਦੁਬਾਰਾ ਮੌਕਾ ਦਿੱਤਾ ਜਾਵੇਗਾ। ਅਸੀਂ ਆਪਣਾ-ਆਪਣਾ ਬੈਗ ਚੁੱਕਿਆ ਤੇ ਇੱਕ-ਇੱਕ ਕਰਕੇ ਬਾਹਰ ਆ ਗਈਆਂ। ਨੌਕਰੀ ਨਾ ਮਿਲਣ ਦਾ ਦੁੱਖ, ਉਦਾਸ ਚਿਹਰਿਆਂ ਤੋਂ ਸਾਫ਼ ਝਲਕਦਾ ਸੀ।
‘ਨੌਕਰੀ ਤਾਂ ਮਿਲੀ ਨਹੀਂ, ਹੁਣ ਕੀ ਕੀਤਾ ਜਾਵੇ।’ ਸੋਚਾਂ ’ਚ ਪੈ ਗਈ, ‘ਇੰਟਰਵਿਉ ਕਾਲ ਮਿਲਣ ’ਤੇ ਮੈਂ ਕਿੰਨੀ ਖੁਸ਼ ਸਾਂ। ਮੰਮੀ ਨਾਲ ਕਿੰਨੇ ਹੌਸਲੇ ’ਚ ਗੱਲਾਂ ਕੀਤੀਆਂ ਸੀ ਪਰ ਹੁਣ ਮੰਮੀ ਨੂੰ ਕੀ ਦੱਸਾਂ, ਉਹ ਤਾਂ ਮੇਰੇ ਫੋਨ ਦਾ ਇੰਤਜ਼ਾਰ ਕਰ ਰਹੀ ਹੋਵੇਗੀ।’
ਬਾਪ ਜੋ ਪਹਿਲਾਂ ਹੀ ਮਰ ਚੁੱਕਾ ਸੀ, ਉਸਦੀ ਯਾਦ ਆਈ। ਛੋਟਾ ਭਰਾ ਵੀ ਯਾਦ ਆਇਆ। ਭਰਾ ਨੂੰ ਯਾਦ ਕਰ ਫਿਰ ਸੋਚਣ ਲੱਗੀ, ‘ਜੇ ਨੌਕਰੀ ਮਿਲ ਜਾਂਦੀ, ਉਸਦੀ ਪੜ੍ਹਾਈ ਦੇ ਖਰਚੇ ਦਾ ਫਿਕਰ ਮੁੱਕ ਜਾਂਦਾ। ’ਕੱਲਾ ਪੜ੍ਹਾਈ ਦਾ ਖਰਚਾ ਕਿਉਂ, ਫੇਰ ਤਾਂ ਸਾਰੇ ਹੀ ਫ਼ਿਕਰ ਮੁੱਕ ਜਾਂਦੇ। ਨਾਲੇ ਵੱਡਾ ਹੌਸਲਾ ਤਾਂ ਮਾਂ ਨੂੰ ਹੋਣਾ ਸੀ।’
ਉਹ ਛੋਟੇ ਭਰਾ ਨੂੰ ਐੱਮ.ਐੱਸ.ਸੀ. (ਐੱਮ.ਫਿਲ) ਤੱਕ ਪੜ੍ਹਾਉਣਾ ਚਾਹੁੰਦੀ ਸੀ, ਆਪ ਵੀ ਏਥੋਂ ਤੱਕ ਪੜ੍ਹਨਾ ਚਾਹੁੰਦੀ ਸੀ ਪਰ ਘਰ ਦੀ ਮਜ਼ਬੂਰੀ ਕਾਰਨ ਨੌਕਰੀ ਬਾਰੇ ਸੋਚਣਾ ਪੈ ਰਿਹਾ ਸੀ।
ਅੱਜ ਦਾ ਸਾਰਾ ਘਟਨਾ-ਕ੍ਰਮ ਉਸਦੀਆਂ ਅੱਖਾਂ ਅੱਗੇ ਘੁੰਮ ਰਿਹਾ ਸੀ। ਸੇਠ ਜੀ ਦਾ ਕਾਰਡ ਅਜੇ ਵੀ ਟੇਬਲ ’ਤੇ ਉਸੇ ਜਗਾ ਪਿਆ ਸੀ, ਜਿੱਥੇ ਸੁਰੇਸ਼ ਰੱਖ ਕੇ ਗਿਆ ਸੀ। ਕਾਰਡ ’ਤੇ ਨਜ਼ਰ ਜਾਂਦੇ ਹੀ ਫਿਰ ਸੋਚਣ ਲੱਗ ਪਈ, ਕੌਣ ਹੈ ਇਹ ਸੇਠ ਸਰੂਤੀ ਸ਼ਾਹ। ਵਾਪਸ ਜਾਣ ਤੋਂ ਪਹਿਲਾਂ ਇੱਕ ਵਾਰ ਮਿਲ ਨਾ ਲਵਾਂ? ਸੁਰੇਸ਼ ਦੱਸਦਾ ਸੀ ਉਹ ਕੰਪਨੀ ਵਿੱਚ ਹਿੱਸੇਦਾਰ ਹਨ। ਜਿਸ ਕਾਰਡ ਨੂੰ ਪਿਛਲੇ ਦੋ ਦਿਨਾਂ ਤੋਂ ਛੂਹਿਆ ਤੱਕ ਨਹੀਂ ਸੀ, ਹੁਣ ਉਹ ਉਸ ਕਾਰਡ ਵੱਲ ਵੇਖ ਰਹੀ ਸੀ। ਮਨ ਅੰਦਰ ਜਬਰਦਸਤ ਹਲਚਲ ਹੋ ਰਹੀ ਸੀ।
‘ਮਿਲਾਂ, ਨਾ ਮਿਲਾਂ, ਕੋਈ ਮੱਦਦ ਕਰਨਗੇ?’
‘ਸਿਲੈਕਸ਼ਨ ਤਾਂ ਹੋ ਚੁੱਕੀ, ਹੁਣ ਕੀ ਮੱਦਦ ਕਰਨਗੇ?’
‘ਪਹਿਲਾਂ ਹੀ ਮਿਲਣਾ ਚਾਹੀਦਾ ਸੀ, ਨੌਕਰੀ ਤਾਂ ਮਿਲ ਜਾਂਦੀ।’
‘ਸ਼ਾਇਦ ਅਜੇ ਵੀ ਕੁੱਝ ਕਰ ਸਕਣ, ਮਿਲਣ 'ਚ ਕੀ ਹਰਜ਼ ਹੈ?’
ਉਸਨੇ ਕਾਰਡ ਚੁੱਕਿਆ, ਦੋ-ਤਿੰਨ ਵਾਰ ਅੱਗੇ-ਪਿੱਛੇ ਘੁੰਮਾ ਕੇ ਵੇਖਿਆ ਤੇ ਕੁੱਝ ਚਿਰ ਇੰਝ ਹੀ ਵੇਖਦੀ ਰਹੀ। ਸੋਚਦੀ ਰਹੀ, ਵੇਖਦੀ ਰਹੀ। ਕਾਰਡ ਉਸਦੇ ਹੱਥ ਵਿੱਚ ਸੀ। ਫਿਰ ਉਸਨੇ ਕਾਰਡ ਵਾਲਾ ਨੰਬਰ ਡਾਇਲ ਕੀਤਾ ਤੇ ਸੇਠ ਜੀ ਨੂੰ ਮਿਲਣ ਦੀ ਇੱਛਾ ਜ਼ਾਹਰ ਕਰ ਦਿੱਤੀ। ਸ਼ਾਮੀਂ ਪੰਜ ਵਜੇ ਉਸ ਕੋਲ ਗੱਡੀ ਪਹੁੰਚ ਗਈ।
ਸੇਠ ਜੀ ਕੋਲ ਜਾਣ ਤੋਂ ਪਹਿਲਾਂ ਉਸਨੇ ਫਰੈੱਸ਼ ਹੋ ਕੇ, ਹਲਕਾ ਮੇਕ-ਅੱਪ ਕੀਤਾ। ਸੰਭਾਵੀ ਸਵਾਲ-ਜਵਾਬ ਲਈ ਆਪਣੇ ਆਪ ਨੂੰ ਤਿਆਰ ਕੀਤਾ ਤੇ ਮਨ ਨੂੰ ਤਕੜਾ ਕੀਤਾ। ਠੀਕ ਅੱਧੇ ਘੰਟੇ ਬਾਅਦ ਉਹ ਸੇਠ ਜੀ ਦੇ ਸਾਹਮਣੇ ਉਸਦੇ ਦਫ਼ਤਰ ਵਿੱਚ ਬੈਠੀ ਸੀ।
ਪੰਤਾਲੀ ਕੁ ਸਾਲ ਦੀ ਉਮਰ ਨੂੰ ਢੁੱਕ ਚੁੱਕੇ ਸੇਠ ਸਰੂਤੀ ਸ਼ਾਹ ਨੇ ਆਪਣੇ ਸਾਹਮਣੇ ਬੈਠੀ ਬਾਈ ਸਾਲਾ ਅੰਜਲੀ ਨੂੰ ਬੜੇ ਗੌਰ ਨਾਲ ਵੇਖਿਆ। ਉਹ ਉਮਰ ਨਾਲੋਂ ਵੱਧ ਸਿਆਣੀ ਲੱਗਦੀ ਸੀ। ਉਸਨੇ ਅੰਜਲੀ ਦੇ ਦਰਵਾਜ਼ੇ ਅੰਦਰ ਦਾਖ਼ਲ ਹੋਣ, ਉਸਨੂੰ ਵਿਸ਼ ਕਰਨ, ਆ ਕੇ ਕੁਰਸੀ ਉੱਪਰ ਬੈਠਣ, ਬੈਠੀ-ਬੈਠੀ ਨੇ ਕਿੰਨੀ ਕੁ ਹਿਲਜੁਲ ਕੀਤੀ, ਕਿਸ ਪੋਜ਼ ਵਿੱਚ ਬੈਠੀ, ਹਰ ਹਰਕਤ ਨੂੰ ਬੜੇ ਗੌਰ ਨਾਲ ਨੋਟ ਕੀਤਾ। ਆਤਮ ਵਿਸ਼ਵਾਸ ਨਾਲ ਭਰੀ ਬੈਠੀ ਅੰਜਲੀ ਦੇ ਚਿਹਰੇ, ਨਜ਼ਰਾਂ ਤੇ ਬਾਡੀ-ਲੈਂਗੁਏਜ਼ ਨੇ ਸੇਠ ਜੀ ਨੂੰ ਪ੍ਰਭਾਵਿਤ ਕੀਤਾ। ਹੁਣ ਉਹ, “ਨਮਸਤੇ ਸਰ।” ਕਹਿ ਚੁੱਪ-ਚਾਪ ਬੈਠੀ ਕੋਈ ਆਸਵੰਦ ਨਜ਼ਰਾਂ ਨਾਲ ਸੇਠ ਜੀ ਵੱਲ ਵੇਖ ਰਹੀ ਸੀ।
“ਹਾਂ ਅੰਜਲੀ, ਦੱਸੋ ਮੈਂ ਤੁਹਾਡੀ ਕੀ ਮੱਦਦ ਕਰ ਸਕਦਾ ਹਾਂ?” ਸੇਠ ਜੀ ਨੇ ਅੰਜਲੀ ਨੂੰ ਸਵਾਲ ਕੀਤਾ।
“ਸਰ, ਸੁਰੇਸ਼ ਨਾਮੀ ਲੜਕੇ ਨੇ ਤੁਹਾਡਾ ਇਹ ਕਾਰਡ ਦਿੱਤਾ ਸੀ ਤੇ ਕਿਹਾ ਸੀ ਕਿ ਸੇਠ ਜੀ ਤੁਹਾਨੂੰ ਮਿਲਣਾ ਚਾਹੁੰਦੇ ਹਨ।”
“ਠੀਕ, ਪਰ ਇਹ ਤਾਂ ਦੋ ਦਿਨ ਪਹਿਲਾਂ ਦੀ ਗੱਲ ਹੈ ਤੇ ਉਸ ਦਿਨ ਤੁਸੀਂ ਨਹੀਂ ਆਏ। ਅੱਜ ਮੈਂ ਨਹੀਂ ਬੁਲਾਇਆ, ਤੁਸੀਂ ਮਿਲਣ ਦੀ ਇੱਛਾ ਪ੍ਰਗਟ ਕੀਤੀ ਹੈ, ਦੱਸੋ ਕੀ ਕਹਿਣਾ ਚਾਹੁੰਦੇ ਹੋ?” ਅੰਜਲੀ ਨੂੰ ਝਟਕਾ ਲੱਗਿਆ, ਸੋਚਿਆ ਹਾਂ, ਅੱਜ ਤਾਂ ਮੈਂ ਮਿਲਣ ਆਈ ਹਾਂ, ਕੀ ਗੱਲ ਕਰਾਂ।’ ਸੋਚਾਂ ਵਿੱਚ ਪੈ ਗਈ।
ਸੇਠ ਜੀ ਨੇ ਉਸਦੀ ਪ੍ਰੇਸ਼ਾਨੀ ਨੂੰ ਸਮਝਦੇ ਕਿਹਾ, “ਘਬਰਾਉਣ ਦੀ ਲੋੜ ਨਹੀਂ। ਹੁਣ ਤੂੰ ਕੋਈ ਇੰਟਰਵਿਊ ਨਹੀਂ ਦੇ ਰਹੀ, ਰੀਲੈਕਸ। ਜੋ ਵੀ ਗੱਲ ਤੁਹਾਡੇ ਮਨ ’ਚ ਹੈ, ਦੱਸੋ। ਕੋਈ ਮੱਦਦ ਚਾਹੁੰਦੇ ਹੋ ਤਾਂ ਵੀ ਖੁੱਲ੍ਹ ਕੇ ਦੱਸੋ। ਮੈਂ ਕਾਇਦੇ ਅਨੁਸਾਰ ਜੋ ਵੀ ਕਰ ਸਕਦਾ ਹੋਇਆ, ਜ਼ਰੂਰ ਕਰਾਂਗਾ।”
ਅੰਜਲੀ ਥੋੜ੍ਹਾ ਸੰਭਲੀ, ਕੁੱਝ ਹੌਸਲਾ ਹੋਇਆ, ਉਹ ਬੋਲੀ, “ਸਰ, ਪਤਾ ਨਹੀਂ ਕਿਉਂ ਉਸ ਦਿਨ ਮੈਂ ਆ ਨਹੀਂ ਸਕੀ। ਮੇਰੇ ਮਨ ਅੰਦਰ ਕੋਈ ਡਰ ਸੀ। ਦੂਸਰਾ ਇਹ ਵੀ ਸੀ ਕਿ ਮੈਂ ਆਪਣੇ ਹੀ ਦਮ ’ਤੇ ਇੰਟਰਵਿਊ ਦੇਣਾ ਚਾਹੁੰਦੀ ਸੀ। ਹੁਣ ਮੈਂ ਸੋਚਦੀ ਹਾਂ ਮੈਂ ਗਲਤ ਸੀ।”
ਸੇਠ ਜੀ ਨੇ ਥੋੜ੍ਹਾ ਹੈਰਾਨੀ ਦਾ ਪ੍ਰਗਟਾਵਾ ਤਾਂ ਕੀਤਾ ਪਰ ਚੁੱਪ ਹੀ ਬੈਠੇ ਰਹੇ।
‘ਆਪਣੇ ਦਮ ਵਾਲੀ ਗੱਲ’ ਅੰਜਲੀ ਨੇ ਵੀ ਝੂਠ ਹੀ ਬੋਲਿਆ ਸੀ। ਮਨ ਹੀ ਮਨ ਸੋਚਣ ਲੱਗੀ ਕਿ ਬੋਰਡ ਦੇ ਕਿਸੇ ਮੈਂਬਰ ਜਾਂ ਕਿਸੇ ਹੋਰ ਸੰਪਰਕ ਨੂੰ ਪਹਿਲਾਂ ਮਿਲ ਸਕੇ, ਇਸ ਲਈ ਹੀ ਤਾਂ ਉਹ ਇੱਕ ਦਿਨ ਪਹਿਲਾਂ ਆਈ ਸੀ ਪਰ ਹੁਣ ਏਥੇ ਇਸ ਝੂਠ ਦਾ ਸਹਾਰਾ ਹੀ ਠੀਕ ਸੀ।
ਉਸਨੇ ਆਪਣੀ ਗੱਲ ਅੱਗੇ ਜਾਰੀ ਰੱਖਦੇ ਕਿਹਾ, “ਸਰ, ਮੇਰਾ ਨਾ ਆਉਣਾ ਸ਼ਾਇਦ ਆਪ ਜੀ ਨੂੰ ਚੰਗਾ ਨਹੀਂ ਲੱਗਾ, ਇਸ ਗੱਲ ਨੂੰ ਮੈਂ ਇੰਟਰਵਿਊ ਤੋਂ ਬਾਅਦ ਮਹਿਸੂਸ ਕੀਤਾ। ਤੁਹਾਨੂੰ ਪਹਿਲਾਂ ਮਿਲ ਲੈਂਦੀ ਤਾਂ ਸ਼ਾਇਦ ਨੌਕਰੀ ਵੀ ਮਿਲ ਜਾਂਦੀ।”
ਸੇਠ ਜੀ ਨੇ ਬੜੇ ਗੌਰ ਨਾਲ ਅੰਜਲੀ ਵੱਲ ਵੇਖਿਆ ਤੇ ਕਿਹਾ, “ਗਲਤ, ਲੜਕੀ ਤੂੰ ਗਲਤ ਸੋਚ ਰਹੀ ਹੈਂ। ਉਸ ਦਿਨ ਤੈਨੂੰ ਬੁਲਾਉਣ ਦਾ ਹੋਰ ਮਕਸਦ ਸੀ। ਮੈਂ ਕਿਸੇ ਹੋਰ ਵਿਸ਼ੇ ’ਤੇ ਗੱਲ ਕਰਨੀ ਸੀ, ਜਿਸਦਾ ਇਸ ਇੰਟਰਵਿਊ ਨਾਲ ਕੋਈ ਸਬੰਧ ਨਹੀਂ ਸੀ। ਤੂੰ ਆਪਣੀ ਮਰਜ਼ੀ ਨਾਲ ਜੋ ਕੀਤਾ, ਠੀਕ ਕੀਤਾ। ਇਨਸਾਨ ਨੂੰ ਹਮੇਸ਼ਾ ਆਪਣੀ ਮਰਜ਼ੀ ਕਰਨੀ ਚਾਹੀਦੀ ਹੈ। ਮੈਨੂੰ ਖ਼ੁਸ਼ੀ ਹੈ ਕਿ ਅੱਜ ਵੀ ਤੂੰ ਆਪਣੀ ਮਰਜ਼ੀ ਨਾਲ ਏਥੇ ਆਈ ਹੈਂ, ਕਿਸੇ ਦੇ ਦਬਾਅ ਪਾਉਣ ’ਤੇ ਨਹੀਂ। ਮੈਨੂੰ ਤੇਰੀ ਇਹ ਗੱਲ ਬੁਰੀ ਨਹੀਂ, ਸਗੋਂ ਚੰਗੀ ਲੱਗੀ। ਬਾਕੀ ਉਸ ਦਿਨ ਜੇ ਤੂੰ ਆ ਵੀ ਜਾਂਦੀ, ਇੰਟਰਵਿਊ ਵਿੱਚ ਮੈਂ ਤੇਰੀ ਕੋਈ ਮੱਦਦ ਨਹੀਂ ਸੀ ਕਰਨੀ।”
ਸੁਣ ਕੇ ਅੰਜਲੀ ਹੈਰਾਨ, ਸੇਠ ਜੀ ਦੀ ਇਸ ਗੱਲ ਦੀ ਵੀ ਹੈਰਾਨੀ ਹੋਈ ਕਿ ‘ਮੈਂ ਕਿਸੇ ਹੋਰ ਵਿਸ਼ੇ ’ਤੇ ਗੱਲ ਕਰਨੀ ਸੀ, ਜਿਸਦਾ ਇਸ ਇੰਟਰਵਿਊ ਨਾਲ ਕੋਈ ਸਬੰਧ ਨਹੀਂ ਸੀ।’ “ਸਰ, ਸੁਰੇਸ਼ ਨੇ ਤਾਂ ਦੱਸਿਆ ਸੀ ਕਿ ਤੁਸੀਂ ਏਅਰ-ਲਾਈਨ ਵਿੱਚ ਹਿੱਸੇਦਾਰ ਹੋ, ਇਸ ਲਈ ਇੰਟਰਵਿਊ ਨਾਲ ਤੁਹਾਡਾ ਸਬੰਧ ਤਾਂ ਆਪਣੇ ਆਪ ਹੀ ਹੋ ਗਿਆ। ਮੈਂ ਤਾਂ ਏਹੋ ਸੋਚ ਰਹੀ ਸੀ ਤੁਹਾਡੀ ਗੱਲ ਨਹੀਂ ਮੰਨੀ ਤੇ ਮੈਨੂੰ ਨੌਕਰੀ ਨਹੀਂ ਮਿਲੀ।” ਅੰਜਲੀ ਕੁੱਝ ਹਿੰਮਤ ਨਾਲ ਗੱਲ ਕਰਨ ਲੱਗੀ।
“ਨਹੀਂ, ਇਹ ਗੱਲ ਨਹੀਂ, ਇੰਟਰਵਿਊ ਬੋਰਡ ਨੇ ਜੋ ਕਰਨਾ ਸੀ ਤੇ ਜੋ ਕੀਤਾ, ਇਹ ਉਨ੍ਹਾਂ ਦਾ ਆਪਣਾ ਫੈਸਲਾ ਸੀ ਤੇ ਆਪਣਾ ਕੰਮ। ਮੈਂ ਕਿਸੇ ਦੇ ਕੰਮ ’ਚ ਦਖ਼ਲਅੰਦਾਜ਼ੀ ਨਹੀਂ ਕਰਦਾ। ਦਖ਼ਲ-ਅੰਦਾਜ਼ੀ ਕਰਨ ਨਾਲ ਉਨ੍ਹਾਂ ਦੀ ਸਹੀ ਨਿਰਣਾ ਲੈਣ ਦੀ ਆਜ਼ਾਦੀ ਖ਼ਤਮ ਹੋ ਜਾਵੇਗੀ ਤੇ ਉਹ ਗਲਤ ਫੈਸਲਾ ਕਰ ਸਕਦੇ ਹਨ, ਕੰਪਨੀ ਦਾ ਨੁਕਸਾਨ ਹੋਵੇਗਾ। ਹਾਂ, ਜੇ ਉਨ੍ਹਾਂ ਨੇ ਮੇਰੀ ਕੋਈ ਸਲਾਹ ਲੈਣੀ ਹੈ ਤਾਂ ਮੈਂ ਸਲਾਹ ਦੇਵਾਂਗਾ, ਵਰਨਾ ਨਹੀਂ। ਮੈਂ ਕੰਮ ਵਿੱਚ ਵਿਸ਼ਵਾਸ ਰੱਖਦਾ ਹਾਂ। ਕੰਮ ਕਰੋ ਵੀ ਤੇ ਕੰਮ ਲਵੋ ਵੀ। ਕੰਮ ਲਵੋ, ਦੱਬ ਕੇ ਲਵੇ ਪਰ ਦਬਾ ਕੇ ਤੇ ਮਜ਼ਬੂਰ ਕਰਕੇ ਨਹੀਂ। ਕਿਸੇ ਦੀ ਅਜ਼ਾਦੀ ਨੂੰ ਖ਼ਤਮ ਕਰੋਗੇ, ਉਸਦੇ ਮਨ ਨੂੰ ਠੇਸ ਪਹੁੰਚੇਗੀ। ਕਿਸੇ ਸਟੇਜ ’ਤੇ ਜਾ ਕੇ ਉਹ ਰਿਐਕਟ ਕਰੇਗਾ ਤੇ ਮੌਕਾ ਆਉਣ ’ਤੇ ਤੁਹਾਨੂੰ ਠੇਸ ਵੀ ਪਹੁੰਚਾ ਸਕਦਾ ਹੈ। ਕੰਪਨੀ ਜਾਂ ਤੁਹਾਡਾ ਕੋਈ ਨੁਕਸਾਨ ਕਰ ਸਕਦਾ ਹੈ।”
ਅੰਜਲੀ ਇਹ ਗੱਲਾਂ ਸੁਣ ਕੇ ਹੈਰਾਨ ਕਿ ਸੇਠ ਜੀ ਇਹ ਕੀ ਕਹਿ ਰਹੇ ਨੇ। ਕੋਈ ਆਕਾਸ਼ਵਾਣੀ ਤਾਂ ਨਹੀਂ ਹੋ ਰਹੀ। ਕੋਈ ਬਿਜਨਸ-ਮੈਨ ਇਸ ਤਰ੍ਹਾਂ ਦੀਆਂ ਗੱਲਾਂ ਵੀ ਕਰ ਸਕਦਾ ਹੈ, ਇਹ ਤਾਂ ਕਦੇ ਸੋਚਿਆ ਹੀ ਨਹੀਂ। ਗੱਲਾਂ ’ਚ ਕੋਈ ਗੁੱਸਾ ਨਹੀਂ, ਕੋਈ ਗਿਲਾ ਨਹੀਂ, ਕੋਈ ਬਾੱਸ-ਗਿਰੀ ਵਾਲੀ ਗੱਲ ਨਹੀਂ। ਉਹ ਤਾਂ ਸੋਚਦੀ ਸੀ ਇੰਟਰਵਿਊ ਬੋਰਡ ਇੱਕ ਵਿਖਾਵਾ ਹੈ। ਮਾਲਕ ਆਪਣੀ ਪਸੰਦ ਦੀ ਸਿਲੈਕਸ਼ਨ ਲਿਸਟ ਬੋਰਡ ਕੋਲ ਭੇਜ ਦਿੰਦਾ ਹੋਵੇਗਾ ਤੇ ਬੋਰਡ ਉਸ ਉੱਪਰ ਮੋਹਰ ਲਾ ਦਿੰਦਾ ਹੋਵੇਗਾ। ਅੰਜਲੀ ਨੂੰ ਸੁਰੇਸ਼ ਦੀ ਉਹ ਗੱਲ ਯਾਦ ਆਈ, ਜਦ ਉਹ ਦੱਸ ਰਿਹਾ ਸੀ ਕਿ ਸੇਠ ਜੀ ਕਦੇ ਨਿਰਾਸ਼ ਤੇ ਨਾਰਾਜ਼ ਨਹੀਂ ਹੁੰਦੇ।
ਉਹ ਸੇਠ ਜੀ ਦੀਆਂ ਗੱਲਾਂ ਤੋਂ ਪ੍ਰਭਾਵਿਤ ਹੋਣ ਲੱਗੀ। ਹੁਣ ਉਹ ਪੂਰੀ ਤਰ੍ਹਾਂ ਰੀਲੈਕਸ ਮਹਿਸੂਸ ਕਰ ਰਹੀ ਸੀ। ਉਸਨੂੰ ਸੇਠ ਜੀ ਦੇ ਇਹ ਵਿਚਾਰ ਵੀ ਚੰਗੇ ਲੱਗਣ ਲੱਗੇ, ‘ਦੱਬ ਕੇ ਕੰਮ ਲਵੋ ਪਰ ਦਬਾ ਕੇ ਨਹੀਂ।’ ਸੇਠ ਜੀ ਬਾਰੇ ਬਣਿਆ ਡਰ ਕਾਫ਼ੀ ਹੱਦ ਤੱਕ ਖ਼ਤਮ ਹੋਣ ਲੱਗਾ ਤੇ ਸਗੋਂ ਉਲਟਾ ਕੋਈ ਖਿੱਚ ਜਿਹੀ ਪੈਦਾ ਹੋ ਰਹੀ ਸੀ।
“ਸਰ ਕੀ ਮੈਨੂੰ ਇਸ ਕੰਪਨੀ ਵਿੱਚ ਕੋਈ ਕੰਮ ਮਿਲ ਸਕਦਾ ਹੈ?” ਉਸਨੇ ਬੇ-ਝਿਜਕ ਹੋ ਸਿੱਧਾ ਹੀ ਪੁੱਛ ਲਿਆ।
“ਬਿਲਕੁਲ ਮਿਲ ਸਕਦਾ ਹੈ। ਤੈਨੂੰ ਕੰਮ ਦੀ ਜ਼ਰੂਰਤ ਹੈ, ਮੈਨੂੰ ਪਰਸਨਲ-ਸੈਕਟਰੀ ਦੀ। ਉਸ ਲੜਕੀ ਦੀ ਜ਼ਰੂਰਤ ਹੈ, ਜੋ ਪੂਰੀ ਤਰ੍ਹਾਂ ਆਪਣੇ ਆਪ ਨੂੰ ਮੇਰੇ ਲਈ ਤੇ ਮੇਰੇ ਕੰਮ ਲਈ ਸਮਰਪਣ ਕਰ ਦੇਵੇ। ਮੇਰੇ ਹਰ ਕੰਮ ਤੇ ਲੋੜ ਨੂੰ ਆਪਣੀ ਜ਼ਿੰਮੇਵਾਰੀ ਸਮਝ ਪੂਰਾ ਕਰ ਸਕਦੀ ਹੋਵੇ। ਉਸਦਾ ਹਰ ਕੰਮ ਤੇ ਲੋੜ ਨੂੰ ਪੂਰਾ ਕਰਨਾ, ਫਿਰ ਮੇਰੀ ਜ਼ਿੰਮੇਵਾਰੀ, ਜਸਟ ਗਿਵ ਐਂਡ ਟੇਕ।”
ਅੰਜਲੀ ਘਬਰਾ ਗਈ, ਸੋਚਣ ਲੱਗੀ, ‘ਕੰਮ ਤਾਂ ਠੀਕ ਹੈ ਪਰ ਹਰ ਲੋੜ, ਸੇਠ ਜੀ ਦੀ ਕੀ-ਕੀ ਲੋੜ ਹੋ ਸਕਦੀ ਹੈ, ਕੀ ਉਹ ਹਰ ਲੋੜ ਪੂਰੀ ਕਰ ਸਕੇਗੀ?’
ਬੈਠੇ-ਬੈਠੇ ਉਸਨੂੰ ਆਪਣੀ ਸਹੇਲੀ ਸ਼ਿਲਪੀ ਦੀ ਕਹੀ ਗੱਲ ਯਾਦ ਆਈ, “ਅੰਜਲੀ ਜ਼ਿੰਦਗੀ ਵਿੱਚ ਕੁੱਝ ਪਾਉਣ ਲਈ, ਕਈ ਵਾਰ ਕੁੱਝ ਖੋਣਾ ਵੀ ਪੈ ਜਾਂਦੈ। ਮੈਂ ਜਿਸ ਲਾਈਨ ਵਿੱਚ ਹਾਂ, ਏਥੇ ਵੀ ਕਦੀ-ਕਦੀ ਸਮਝੌਤੇ ਕਰਨੇ ਪੈਂਦੇ ਨੇ ਤੇ ਇਹ ਆਪਣੇ ’ਤੇ ਨਿਰਭਰ ਹੈ ਅਸੀਂ ਕੀ ਕਰਨੈ।”
ਅੰਜਲੀ ਨੂੰ ਸੋਚਾਂ ’ਚ ਪਈ ਵੇਖ ਸੇਠ ਜੀ ਬੋਲੇ, ਅੰਜਲੀ, “ਘਬਰਾਉਣ ਦੀ ਕੋਈ ਲੋੜ ਨਹੀਂ। ਤੂੰ ਜਿਸ ਆਜ਼ਾਦੀ ਨਾਲ ਇੱਥੇ ਆਈ ਹੈਂ, ਉਸੇ ਤਰ੍ਹਾਂ ਵਾਪਸ ਜਾ ਸਕਦੀ ਹੈਂ। ਨਾ ਤੇਰੇ ਵੱਲ ਕੋਈ ਉਂਗਲ ਕਰ ਸਕਦਾ ਹੈ, ਨਾ ਉਂਗਲ ਚੁੱਕ ਸਕਦਾ ਹੈ ਤੇ ਇਹ ਅਧਿਕਾਰ ਮੈਨੂੰ ਵੀ ਨਹੀਂ। ਤੂੰ ਜੋ ਵੀ ਫੈਸਲਾ ਲੈਣਾ ਹੈ, ਆਪਣੀ ਆਜ਼ਾਦ ਮਰਜ਼ੀ ਨਾਲ ਲੈਣਾ। ਮੈਨੂੰ ਕੋਈ ਜ਼ਰੂਰੀ ਕੰਮ ਹੈ ਤੇ ਠੀਕ ਅੱਧੇ ਘੰਟੇ ਬਾਅਦ ਵਾਪਸ ਆਵਾਂਗਾ। ਤੂੰ ਜਾਣਾ ਚਾਹੀਂ ਜਾ ਸਕਦੀ ਹੈਂ, ਇੰਤਜ਼ਾਰ ਕਰਨਾ ਚਾਹੋਂ ਤਾਂ ਨਾਲ ਦੇ ਕਮਰੇ ਵਿੱਚ ਜਾ ਕੇ ਆਰਾਮ ਕਰ ਸਕਦੀ ਹੈਂ।” ਐਨੀ ਗੱਲ ਕਹਿ ਸੇਠ ਜੀ ਖੜੇ ਹੋ ਗਏ।
“ਸਰ, ਮੈਂ ਸੋਚ ਕੇ ਦੱਸਾਂਗੀ।”
“ਠੀਕ ਹੈ, ਨਾਲ ਦੇ ਕਮਰੇ ਵਿੱਚ ਬੈਠ ਆਰਾਮ ਨਾਲ ਸੋਚੋ।” ਤੇ ਉਹ ਚਲਾ ਗਿਆ।
ਬੜਾ ਆਲੀਸ਼ਾਨ ਕਮਰਾ ਸੀ। ਥੋੜ੍ਹੀ ਦੇਰ ਬਾਅਦ ਕੋਈ ਮਾਈ ਆ ਕੇ ਉਸਨੂੰ ਪਾਣੀ ਦਾ ਗਿਲਾਸ ਦੇ ਗਈ। ਫਿਰ ਕਾਫ਼ੀ ਦਾ ਕੱਪ ਅਤੇ ਸਨੈਕਸ ਦੇ ਗਈ। ਹੁਣ ਉਹ ਕਾਫ਼ੀ ਪੀ ਰਹੀ ਸੀ ਤੇ ਸੋਚੀ ਜਾ ਰਹੀ ਸੀ।
‘ਕੋਈ ਹੇਰ-ਫੇਰ ਨਹੀਂ, ਕੋਈ ਲੁਕ-ਲੁਕਾ ਨਹੀਂ, ਸਰ ਨੇ ਸਭ ਕੁੱਝ ਸਾਫ਼-ਸਾਫ਼ ਕਹਿ ਦਿੱਤਾ ਹੈ। ਕੀ ਫੈਸਲਾ ਕਰਾਂ, ਇਹ ਮੇਰੇ ਉੱਪਰ ਹੈ, ਮੇਰੀ ਮਰਜ਼ੀ ਉੱਪਰ।’ ਅੰਜਲੀ ਨੂੰ ਆਪਣੀ ਮਾਂ ਯਾਦ ਆਈ, ਜੋ ਡੈਡੀ ਦੀ ਮੌਤ ਤੋਂ ਬਾਅਦ ਕਿਸੇ ਦਫ਼ਤਰ ਦੀ ਨੌਕਰੀ ਕਰਨ ਲੱਗੀ ਸੀ। ਡੈਡੀ ਇੱਕ ਫੈਕਟਰੀ ਵਰਕਰ ਸੀ ਤੇ ਘਰ ਆ ਕੇ ਹਮੇਸ਼ਾ ਫੈਕਟਰੀ ਮਾਲਕ ਬਾਬਤ ਬੁਰਾ-ਭਲਾ ਬੋਲਦਾ ਰਹਿੰਦਾ। ਮਾਲਕ ਨੂੰ ਹਮੇਸ਼ਾ ਕਾਲਾ ਅੰਗਰੇਜ਼ ਦੱਸਦਾ। ਉਸਨੂੰ ਸਭ ਫੈਕਟਰੀ ਮਾਲਕਾਂ ਨਾਲ ਨਫ਼ਰਤ ਸੀ ਤੇ ਕਿਹਾ ਕਰਦਾ, ਇਨ੍ਹਾਂ ਕਾਲੇ ਅੰਗਰੇਜ਼ਾਂ ਨੇ ਸਾਨੂੰ ਗੁਲਾਮ ਬਣਾ ਰੱਖਿਆ ਹੈ, ਇੱਕ ਦਿਨ ਅਸੀਂ ਆਜ਼ਾਦੀ ਲੈ ਕੇ ਰਹਾਂਗੇ।’ ਇੱਕ ਦਿਨ ਕੰਮ ’ਤੇ ਜਾ ਰਿਹਾ ਸੀ ਕਿ ਰਸਤੇ ’ਚ ਕੋਈ ਟਰੱਕ ਫੇਟ ਮਾਰ ਗਿਆ ਤੇ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ।
ਜਦ ਡੈਡੀ ਜਿੰਦਾ ਸਨ, ਕਾਫ਼ੀ ਲੋਕ ਘਰ ਆਉਂਦੇ ਤੇ ਉਹ ਸਭ ਆਪਣੇ ਮਾਲਕਾਂ ਨੂੰ ਗਾਲਾਂ ਕੱਢਦੇ। ਡੈਡੀ ਦੀ ਮੌਤ ਤੋਂ ਬਾਅਦ ਸਭ ਕੁੱਝ ਬਦਲ ਗਿਆ ਤੇ ਹੁਣ ਕੋਈ ਘਰ ਨਹੀਂ ਸੀ ਆਉਂਦਾ। ਇੱਕ ਭੈੜੇ ਜਿਹੇ ਮੂੰਹ ਵਾਲਾ ਜੋ ਆਪਣੇ-ਆਪ ਨੂੰ ਡੈਡੀ ਦਾ ਸਾਥੀ ਦੱਸਦਾ ਸੀ, ਮਿਲਣ ਬਹਾਨੇ ਇਕੱਲਾ ਘਰ ਆਉਣ ਲੱਗ ਪਿਆ। ਉਹ ਉਸ ਵਕਤ ਘਰ ਆਉਂਦਾ, ਜਦ ਅਸੀਂ ਸਕੂਲ ਗਏ ਹੁੰਦੇ ਤੇ ਮੰਮੀ ਨਾਲ ਕੁੱਝ ਹੋਰ-ਹੋਰ ਤਰ੍ਹਾਂ ਦੀਆਂ ਗੱਲਾਂ ਕਰਦਾ।
ਮੰਮੀ ਉਸਦਾ ਆਉਣਾ ਪਸੰਦ ਨਹੀਂ ਸੀ ਕਰਦੀ। ਮੰਮੀ ਸਭ ਸਮਝਦੀ ਸੀ। ਸਦਮੇ ਵਿੱਚ ਸੀ ਤੇ ਕੁੱਝ ਦਿਨ ਉਸਨੂੰ ਬਰਦਾਸ਼ਤ ਕਰਦੀ ਰਹੀ। ਇੱਕ ਦਿਨ ਗੱਲਾਂ-ਗੱਲਾਂ ’ਚ ਉਸਨੇ ਮੰਮੀ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ। ਮੰਮੀ ਉਸਨੂੰ ਟੁੱਟ ਕੇ ਪੈ ਗਈ ਤੇ ਬੁਰੀ ਤਰ੍ਹਾਂ ਝਿੜਕ ਦਿੱਤਾ। ਫਿਰ ਉਹ ਕਦੀ ਨਹੀਂ ਸੀ ਆਇਆ। ਬਾਅਦ ਵਿੱਚ ਮੰਮੀ ਨੇ ਇਹ ਸਭ ਮੈਨੂੰ ਦੱਸਿਆ ਸੀ। ਛੋਟੇ ਭਰਾ ਨਾਲ ਅਸੀਂ ਕੋਈ ਗੱਲ ਨਹੀਂ ਸੀ ਕੀਤੀ।
ਅੰਜਲੀ ਨੂੰ ਉਹ ਸਭ ਯਾਦ ਆ ਰਿਹਾ ਸੀ, ਕਿਵੇਂ ਮੰਮੀ ਨੇ ਔਖੇ ਹੋਹੋ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਝੱਲਦਿਆਂ ਅੰਜਲੀ ਨੂੰ ਪੜ੍ਹਾਇਆ ਤੇ ਬੇਟੇ ਨੂੰ ਵੀ ਪੜ੍ਹਾ ਰਹੀ ਸੀ। ਜਦੋਂ ਵੀ ਮੈਂ ਮੰਮੀ ਨੂੰ ਉਸਦੇ ਮਾਲਕ ਬਾਰੇ ਪੁੱਛਦੀ ਤਾਂ ਮੰਮੀ ਉਸਨੂੰ ਅਸੀਸਾਂ ਦੇਣ ਲੱਗ ਪੈਂਦੀ ਤੇ ਕਿਹਾ ਕਰਦੀ, “ਬੇਟੀ ਰੱਬ ਉਸਦਾ ਭਲਾ ਕਰੇ, ਉਹ ਰੱਬ ਨੂੰ ਮੰਨਣ ਵਾਲਾ ਬਹੁਤ ਸਾਊ ਤੇ ਸਮਾਜ-ਸੇਵੀ ਬੰਦਾ ਹੈ।” ਮੰਮੀ ਉਸਨੂੰ ਸਦਾ ਦੁਆਵਾਂ ਹੀ ਦਿੰਦੀ।
ਅੰਜਲੀ ਸੋਚ ਰਹੀ ਸੀ ਇੱਕ ਮੇਰੇ ਡੈਡੀ ਦਾ ਮਾਲਕ ਸੀ, ਇੱਕ ਮੇਰੀ ਮੰਮੀ ਦਾ ਮਾਲਕ। ਮਾਲਕਾਂ ਬਾਰੇ ਡੈਡੀ ਦੇ ਵਿਚਾਰਾਂ ਵਿੱਚ ਤੇ ਮੰਮੀ ਦੇ ਵਿਚਾਰਾਂ ਵਿੱਚ ਕਿੰਨਾ ਫ਼ਰਕ ਹੈ। ਤੀਜਾ ਇਹ ਮਾਲਕ ਹੈ, ਜਿਸ ਦੇ ਦਫ਼ਤਰ ਵਿੱਚ ਮੈਂ ਬੈਠੀ ਹਾਂ। ਮੈਂ ਕਿਸ ਦੇ ਵਿਚਾਰਾਂ ਨਾਲ ਸਹਿਮਤ ਹੋਵਾਂ, ਡੈਡੀ ਜਾਂ ਮੰਮੀ? ਆਹ ਚਾਹ ਵਾਲੀ ਮਾਈ ਵੀ ਇਸ ਮਾਲਕ ਬਾਰੇ ਕਹਿ ਰਹੀ ਸੀ, ‘ਸੇਠ ਜੀ ਦੇਵਤਾ ਇਨਸਾਨ ਹਨ।’
ਪਰ ਆਹ ‘ਗਿਵ ਐਂਡ ਟੇਕ’ ਵਾਲੀ ਗੱਲ ਕੀ ਹੈ? ਸੇਠ ਜੀ ਦਾ ਕੀ ਮਤਲਬ ਹੋ ਸਕਦਾ ਹੈ। ਕਦੇ ਉਸਨੂੰ ਇਹ ਗੱਲ ਆਮ ਜਿਹੀ ਲੱਗਦੀ।
‘ਇੱਕ ਆਦਮੀ ਤੇ ਔਰਤ ਵਿੱਚ ਵੱਧ ਤੋਂ ਵੱਧ ਕੀ ਹੋ ਸਕਦਾ ਹੈ, ਆਪਣਾ ਆਪ ਇੱਕ ਦੂਜੇ ਨੂੰ ਸਮਰਪਣ, ਹੋਰ ਕੀ?’
‘ਨਹੀਂ, ਜਦ ਆਪਣਾ ਆਪ ਹੀ ਸਮਰਪਣ ਕਰ ਦਿੱਤਾ, ਬਾਕੀ ਬਚਿਆ ਹੀ ਕੀ। ਸਰੀਰ ਵੀ ਤਾਂ ਗਹਿਣਾ ਹੈ, ਜੋ ਔਰਤ ਸ਼ਾਦੀ ਲਈ ਸੰਭਾਲ ਕੇ ਰੱਖਦੀ ਹੈ।’ ਤੇ ਇਹੀ ਗੱਲ ਬਹੁਤ ਵੱਡੀ ਲੱਗਣ ਲੱਗ ਜਾਂਦੀ।
‘ਕੀ ਇਹ ਐਨਾ ਅਨਮੋਲ ਹੈ ਕਿ ਇਸਨੂੰ ਸੰਭਾਲ ਕੇ ਰੱਖਣਾ ਬਹੁਤ ਜ਼ਰੂਰੀ ਹੈ?’
‘ਕੀ ਘਰ, ਮੰਮੀ, ਭਰਾ ਦੀ ਪੜ੍ਹਾਈ, ਇਹ ਗੱਲਾਂ ਇਸਤੋਂ ਵੀ ਵੱਧ ਜ਼ਰੂਰੀ ਨਹੀਂ?’
‘ਮੇਰਾ ਸਰੀਰ ਹੈ, ਮੇਰੀ ਜ਼ਿੰਦਗੀ ਹੈ, ਮੈਂ ਜੋ ਮਰਜ਼ੀ ਕਰਾਂ, ਕਿਸੇ ਨੂੰ ਕੀ ਮਤਲਬ?’
‘ਨਹੀਂ, ਇਸ ਉੱਪਰ ਕਿਸੇ ਹੋਰ ਦਾ ਵੀ ਹੱਕ ਹੈ।’
‘ਹੋਰ ਦਾ ਹੱਕ, ਉਹ ਕਿਵੇਂ?’
ਬੜੇ ਖ਼ਿਆਲ ਮਨ ’ਚ ਆ ਰਹੇ ਸਨ। ਖ਼ਿਆਲ ਕੀ, ਇਹ ਤਾਂ ਖ਼ਿਆਲਾਂ ਦਾ ਤੂਫ਼ਾਨ ਸੀ, ਜਿਸ ’ਚ ਉਹ ਆਪਣੇ ਆਪ ਨੂੰ ਫਸੀ ਮਹਿਸੂਸ ਕਰ ਰਹੀ ਸੀ। ਕੀ ਫੈਸਲਾ ਕਰੇ, ਕੁਝ ਸਮਝ ਨਹੀਂ ਸੀ ਆ ਰਿਹਾ। ਠੀਕ ਅੱਧੇ ਘੰਟੇ ਬਾਅਦ ਸੇਠ ਜੀ ਵਾਪਸ ਆ ਗਏ। ਅੰਜਲੀ ਫਿਰ ਸੇਠ ਜੀ ਦੇ ਸਾਹਮਣੇ ਜਾ ਬੈਠੀ।
“ਹਾਂ ਅੰਜਲੀ, ਬੋਰ ਤਾਂ ਨਹੀਂ ਹੋਈ?”
“ਨਹੀਂ ਸਰ, ਐਸੀ ਕੋਈ ਗੱਲ ਨਹੀਂ।”
“ਫਿਰ ਕੀ ਇਰਾਦਾ ਹੈ?”
ਕੁਝ ਸੋਚ ਕੇ, “ਸਰ, ਮੈਨੂੰ ਡਰ ਲੱਗਦਾ ਹੈ।”
“ਕਿਸ ਤੋਂ, ਮੇਰੇ ਤੋਂ ਡਰ ਲੱਗਦਾ ਹੈ, ਜਾਂ ਕੰਮ ਤੋਂ?”
ਅੰਜਲੀ ਫਿਰ ਇਸਦਾ ਕੋਈ ਜਵਾਬ ਨਾ ਦੇ ਸਕੀ, ਕਿਸ ਤੋਂ ਦੱਸਦੀ, ਉਹ ਚੁੱਪ ਸੀ।
“ਡਰ ਕੇ ਕੋਈ ਕੰਮ ਨਹੀਂ ਕਰਨਾ ਚਾਹੀਦਾ। ਮੈਂ ਵਿਸ਼ਵਾਸ, ਯਕੀਨ, ਭਰੋਸਾ, ਤਸੱਲੀ, ਸੰਤੁਸ਼ਟੀ ਵਰਗੇ ਰਿਸ਼ਤਿਆਂ 'ਚ ਵਿਸ਼ਵਾਸ ਰੱਖਦਾ ਹਾਂ ਤੇ ਏਹੋ ਮੇਰੀ ਜ਼ਿੰਦਗੀ ਦਾ ਅਸੂਲ ਹੈ।”
ਭਾਵੇਂ ਸੇਠ ਜੀ ਅੰਜਲੀ ਨੂੰ ਆਪਣੀ ਸੈਕਟਰੀ ਦੇ ਤੌਰ ’ਤੇ ਰੱਖਣ ਦਾ ਮਨ ਕੁੱਝ-ਕੁੱਝ ਬਣਾ ਚੁੱਕੇ ਸਨ। ਉਨ੍ਹਾਂ ਨੂੰ ਜ਼ਿਆਦਾ ਮਤਲਬ ਵੀ ਕੰਮ ਤੱਕ ਹੀ ਸੀ। ਉਨ੍ਹਾਂ ਦੀ ਆਪਣੀ ਇੱਕ ਸਮੱਸਿਆ ਸੀ ਤੇ ਡਰ ਵੀ। ਉਹ ਸਮਝਦਾ ਸੀ ਅੰਜਲੀ ਜਵਾਨ ਹੈ। ਇਸ ਉਮਰ ਦੀਆਂ ਕੁੜੀਆਂ ਦੇ ਮਨ ਅੰਦਰ ਕਈ ਤਰ੍ਹਾਂ ਦੇ ਜਜ਼ਬੇ ਤੇ ਉਬਾਲ ਹੁੰਦੇ ਹਨ। ਘਰ ਤੋਂ ਦੂਰ ਇਕੱਲੀ ਲੜਕੀ ਤੇ ਇਹ ਜਜ਼ਬੇ ਹੋਰ ਭਾਰੂ ਹੋ ਜਾਂਦੇ ਹਨ। ਅਗਰ ਇਹ ਆਪਣੇ ਜਜ਼ਬਿਆਂ ’ਤੇ ਕਾਬੂ ਨਾ ਰੱਖ ਸਕੀ ਤਾਂ ਮਨ ਚ ਆਏ ਪੁੱਠੇ-ਸਿੱਧੇ ਖ਼ਿਆਲ ਇਸਨੂੰ ਭਟਕਾ ਸਕਦੇ ਹਨ। ਇਹ ਆਪਣੀ ਜਿਸਮਾਨੀ ਲੋੜ ਲਈ ਕਿਸੇ ਨਾਲ ਰਿਲੇਸ਼ਨ ਵਿੱਚ ਉਲਝ ਸਕਦੀ ਹੈ। ਇਹ ਕਿਸੇ ਗਲਤ ਆਦਮੀ ਨਾਲ ਉਲਝ ਗਈ ਤਾਂ ਕੰਪਨੀ ਦਾ ਨੁਕਸਾਨ ਹੋ ਸਕਦਾ ਹੈ। ਕੰਪਨੀਆਂ ਦੇ ਕਈ ਬੜੇ ਗੁੱਝੇ ਭੇਦ ਹੁੰਦੇ ਹਨ, ਜੋ ਇਹ ਜ਼ਾਹਰ ਕਰ ਸਕਦੀ ਹੈ। ਇਸਦਾ ਪ੍ਰੇਮੀ ਇਸਨੂੰ ਈਮੋਸ਼ਨਲ ਬਲੈਕ-ਮੇਲ ਕਰਕੇ ਭੇਦ ਪਾ ਸਕਦਾ ਹੈ। ਇਸ ਉਮਰ ਦੀ ਕੁੜੀ ਆਪਣੇ ਪ੍ਰੇਮੀ ਮੂਹਰੇ, ਟਰੈਂ-ਟਰੈਂ ਕਰ ਸਭ ਉਗਲ ਜਾਂਦੀ ਹੈ।
ਇਸ ਲਈ ਸੇਠ ਜੀ ਬਿਨਾਂ ਕੋਈ ਦਬਾਅ ਦੇ, ‘ਗਿਵ ਐਂਡ ਟੇਕ’ ਦੇ ਭੇਦ ਨੂੰ ਬਣਾਈ ਰੱਖਣਾ ਚਾਹੁੰਦੇ ਸਨ। ਉਹ ਚਾਹੁੰਦੇ ਸਨ ਅੰਜਲੀ ਦੇ ਮਨ ’ਤੇ ਖ਼ੁਦ ਹੀ, ਕੰਮ ਦਾ ਤੇ ਸੇਠ ਜੀ ਦਾ ਡਰ ਬਣਿਆ ਰਹੇ। ਉਹ ਕਿਸੇ ਰਿਲੇਸ਼ਨ ਵਾਲੀ ਗੱਲ ਤੋਂ ਦੂਰ ਹੀ ਰਹੇ ਤਾਂ ਚੰਗਾ।
“ਠੀਕ ਹੈ ਅੰਜਲੀ, ਤੂੰ ਜਾ ਸਕਦੀ ਹੈਂ?” ਸਭ ਗੱਲਾਂ ਨੂੰ ਧਿਆਨ ’ਚ ਰੱਖਦਿਆਂ ਸੇਠ ਜੀ ਨੇ ਫੈਸਲਾ ਸੁਣਾ ਦਿੱਤਾ।
ਇਹ ਸੁਣ ਕੇ ਅੰਜਲੀ ਨੂੰ ਝਟਕਾ ਲੱਗਾ, ਹੈਰਾਨੀ ਹੋਈ ਤੇ ਥੋੜ੍ਹੀ ਨਮੋਸ਼ੀ ਵੀ। ਨਮੋਸ਼ੀ ਇਸ ਗੱਲ ਦੀ ਕਿ ਉਸਦੇ ਮਨ ਅੰਦਰ ਡੈਡੀ ਤੇ ਉਸ ਦੇ ਸਾਥੀਆਂ ਦੀਆਂ ਗੱਲਾਂ ਸੁਣ-ਸੁਣ, ਮਾਲਕਾਂ ਪ੍ਰਤੀ ਇੱਕ ਸਟੀਰੀਓ ਟਾਈਪ ਭਾਵਨਾ ਭਰੀ ਪਈ ਹੈ, ਜੋ ਸ਼ਾਇਦ ਅੱਜ ਵੀ ਉਸ ’ਤੇ ਭਾਰੂ ਹੈ।
“ਸਰ ਉਸ ਦਿਨ ਆਪ ਨੇ ਮੈਨੂੰ ਕਿਉਂ ਬੁਲਾਇਆ ਸੀ?” ਇਸਤੋਂ ਪਹਿਲਾਂ ਕਿ ਸੇਠ ਜੀ ਚਲੇ ਜਾਂਦੇ, ਉਸਨੇ ਇਕਦਮ ਗੱਲ ਬਦਲੀ।
“ਇੰਟਰਵਿਊ ਵਾਲੀਆਂ ਸਾਰੀਆਂ ਕੁੜੀਆਂ ਦੇ ਬਾਇਓ-ਡਾਟਾ ਮੈਂ ਪੜ੍ਹੇ ਤੇ ਸਭ ਦੀ ਫੋਟੋ ਵੀ ਗੌਰ ਨਾਲ ਦੇਖੀ। ਕਈ ਕੁੜੀਆਂ ਤੈਥੋਂ ਵੀ ਬਹੁਤ ਸੋਹਣੀਆਂ ਸਨ ਤੇ ਹੁਣ ਤੂੰ ਸਭ ਨੂੰ ਮਿਲ ਕੇ ਦੇਖ ਚੁੱਕੀ ਹੈਂ। ਮੈਨੂੰ ਸਿਰਫ਼ ਤੇ ਸਿਰਫ਼ ਸੋਹਣੀ ਕੁੜੀ ਚਾਹੀਦੀ ਹੁੰਦੀ, ਫੇਰ ਮੈਂ ਤੈਨੂੰ ਨਾ ਬੁਲਾਉਂਦਾ। ਮੈਨੂੰ ਕੁੱਝ ਹੋਰ ਚਾਹੀਦਾ ਸੀ, ਜੋ ਮੈਨੂੰ ਲੱਗਾ ਸ਼ਾਇਦ ਉਹ ਤੇਰੇ ਵਿੱਚ ਹੋਵੇ। ਇਸ ਲਈ ਤੈਨੂੰ ਬੁਲਾਇਆ ਸੀ।”
ਅੰਜਲੀ ਹੈਰਾਨ, ‘ਸਰ ਦੀ ਗੱਲ ਬਿਲਕੁਲ ਠੀਕ ਸੀ। ਕਈ ਕੁੜੀਆਂ ਰੂਪ ਤੇ ਸੁੰਦਰਤਾ ਪੱਖੋਂ ਮੇਰੇ ਤੋਂ ਬਹੁਤ ਸੋਹਣੀਆਂ ਸਨ। ਮੇਰੇ ਵਿੱਚ ਐਸਾ ਕੀ ਹੈ, ਜੋ ਸਰ ਨੂੰ ਚਾਹੀਦਾ ਹੈ। ਇੰਟਰਵਿਊ ਬੋਰਡ ਵਾਲੀਆਂ ਨੇ ਮੇਰੇ ਅੰਦਰ ਅਜਿਹਾ ਸਪੈਸ਼ਲ ਕੁੱਝ ਕਿਉਂ ਨਹੀਂ ਦੇਖਿਆ, ਜੋ ਸਰ ਨੇ ਦੇਖ ਲਿਆ।’ ਉਹ ਸੋਚਣ ਲੱਗੀ।
“ਅੰਜਲੀ ਮੈਂ ਫਿਰ ਕਹਿੰਦਾ ਹਾਂ, ਮਨ ’ਤੇ ਬੋਝ ਪਾਉਣ ਵਾਲੀ ਕੋਈ ਗੱਲ ਨਹੀਂ। ਮੈਂ ਕੋਈ ਲੰਬੀ-ਚੌੜੀ ਗੱਲ ਕਰਨੀ ਵੀ ਨਹੀਂ ਚਾਹੁੰਦਾ ਪਰ ਹਾਂ, ਐਨਾ ਜ਼ਰੂਰ ਕਹਾਂਗਾ ਕਿ ਬਹੁਤੀਆਂ ਲੜਕੀਆਂ ਆਪਣੇ ਬਾੱਸ ਲਈ ਕੁੱਝ ਵੀ ਕਰਨ ਨੂੰ ਤਿਆਰ ਨੇ। ਸਮਝਦੀ ਹੈ ਨਾ, ਕੁੱਝ ਵੀ ਪਰ ਕੰਮ ਨੀ। ਵਿਹਲੀਆਂ ਰਹਿਣਾ ਚਾਹੁੰਦੀਆਂ ਨੇ। ਸ਼ੋਅ-ਪੀਸ ਬਣ ਕੇ ਆਲੇ-ਦੁਆਲੇ ਘੁੰਮਣਾ ਚਾਹੁੰਦੀਆਂ ਨੇ ਤੇ ਜ਼ਿਆਦਾ ਸੋਹਣੀਆਂ ਖ਼ਾਸ ਤੌਰ ’ਤੇ।”
“ਮੈਨੂੰ ਇੱਕ ਸੁਸ਼ੀਲ, ਇਮਾਨਦਾਰ, ਸਮਝਦਾਰ, ਮਿਹਨਤੀ, ਕੰਮ ਕਰਨ ਵਾਲੀ ਲੜਕੀ ਦੀ ਲੋੜ ਹੈ। ਤੇਰੇ ਬਾਰੇ ਹੋ ਸਕਦੈ, ਮੈਂ ਗਲਤ ਹੋਵਾਂ ਪਰ ਇਹ ਵੀ ਇੱਕ ਦਾਅ ਹੈ। ਮੇਰੀ ਇਹ ਸੋਚ ਬਣੀ ਕਿ ਤੂੰ ਇੱਕ ਖ਼ੁੱਦਾਰ ਲੜਕੀ ਹੈ। ਮੈਂ ਡੇਰਾ ਬਾਇਓ-ਡਾਟਾ ਤੇ ਤੇਰੀ ਫੋਟੋ ਬੜੇ ਧਿਆਨ ਨਾਲ ਦੇਖੀ ਸੀ। ਸੁਰੇਸ਼ ਨੇ ਆ ਕੇ ਵੀ ਤੇਰੀ ਸਾਰੀ ਤਸਵੀਰ ਪੇਸ਼ ਕੀਤੀ ਸੀ। ਤੇਰਾ ਉਸ ਦਿਨ ਨਾ ਆਉਣਾ ਮੈਨੂੰ ਚੰਗਾ ਲੱਗਾ। ਮੇਰਾ ਵਿਸ਼ਵਾਸ ਹੋਰ ਪੱਕਾ ਹੋ ਗਿਆ ਕਿ ਤੂੰ ਇੱਕ ਖ਼ੁੱਦਾਰ ਲੜਕੀ ਹੈ ਤੇ ਮੈਨੂੰ ਇੱਕ ਖ਼ੁੱਦਾਰ ਲੜਕੀ ਦੀ ਜ਼ਰੂਰਤ ਹੈ, ਬੱਸ।”
“ਕੋਈ ਜਲਦੀ ਨਹੀਂ, ਕੋਈ ਦਬਾਅ ਨਹੀਂ। ਫੈਸਲਾ ਤੂੰ ਕਰਨਾ ਹੈ। ਜਦ ਮਰਜ਼ੀ ਦੱਸ ਦੇਣਾ। ਨਹੀਂ ਦੱਸਣਾ ਫਿਰ ਵੀ ਕੋਈ ਗੱਲ ਨਹੀਂ। ਹੁਣ ਤੂੰ ਜਾ ਸਕਦੀ ਐਂ।” ਤੇ ਉਹ ਜਾਣ ਲਈ ਉੱਠ ਕੇ ਖੜ੍ਹਾ ਹੋ ਗਿਆ।
ਅੰਜਲੀ ਦੇ ਮਨ ’ਚ ਕੋਈ ਘਮਸਾਨ ਚੱਲ ਰਿਹਾ ਸੀ। ਵਕਤ ਰੇਤ ਦੀ ਤਰ੍ਹਾਂ ਮੁੱਠੀ ’ਚੋਂ ਕਿਰਦਾ ਜਾ ਰਿਹਾ ਸੀ। ਇਹ ਉਸਦੇ ਆਤਮ ਵਿਸ਼ਵਾਸ ਦੇ ਪਰਖ਼ ਦੀ ਘੜੀ ਸੀ। ਜਾਨੀ ਕਿ ਫ਼ੈਸਲੇ ਦੀ ਘੜੀ ਆ ਚੁੱਕੀ ਸੀ। ‘ਹਾਂ ਜਾਂ ਨਾਹ’ - ‘ਹਾਂ ਜਾਂ ਨਾਹ’ ਕੋਈ ਨਾ ਕੋਈ ਫ਼ੈਸਲਾ ਤਾਂ ਲੈਣਾ ਹੀ ਪੈਣਾ ਸੀ।
ਅੰਜਲੀ ਨੇ ਮਨ ਹੀ ਮਨ ਸੋਚਿਆ ਤੇ ਆਪਣੇ ਆਪ ਨੂੰ ਫਿਟਕਾਰਿਆ, ਅੰਜਲੀ ਤੂੰ ਕਮਜ਼ੋਰ ਤਾਂ ਨਹੀਂ ਸੀ, ਅੱਜ ਐਨੀ ਕਮਜ਼ੋਰੀ ਕਿਉਂ? ਫ਼ੈਸਲਾ ਲੈਣ ਵਿੱਚ ਐਨੀ ਝਿਜਕ ਤੇ ਡਰ ਕਿਉਂ?’
ਕੋਈ ਕਰੰਟ ਜਿਹਾ ਸਰੀਰ ਵਿੱਚੋਂ ਲੰਘਿਆ। ਉਹ ਝਟਕੇ ਨਾਲ ਉੱਠ ਕੇ ਖੜ੍ਹੀ ਹੋ ਗਈ। ਫਿਰ ਪੂਰੇ ਆਤਮ-ਵਿਸ਼ਵਾਸ ਨਾਲ ਸੇਠ ਜੀ ਦੀਆਂ ਅੱਖਾਂ ’ਚ ਅੱਖਾਂ ਪਾ ਕੇ ਬੋਲੀ, “ਸਰ ਮੈਂ ਫੈਸਲਾ ਕਰ ਲਿਆ ਹੈ।”