ਸਮੱਗਰੀ 'ਤੇ ਜਾਓ

ਰੇਤ ਦੇ ਘਰ/ਸੁਪਨੇ ਦੀ ਜ਼ਖ਼ਮੀ ਗਾਥਾ

ਵਿਕੀਸਰੋਤ ਤੋਂ
ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)
49594ਰੇਤ ਦੇ ਘਰ — ਸੁਪਨੇ ਦੀ ਜ਼ਖ਼ਮੀ ਗਾਥਾਪਰਮਜੀਤ ਮਾਨ

ਸੁਪਨੇ ਦੀ ਜ਼ਖ਼ਮੀ ਗਾਥਾ

ਜਦ ਦੋਵੇਂ ਘਰ ਪਹੁੰਚੇ ਤਾਂ ਸਭ ਕੁੱਝ ਦੇਖ ਕੇ ਹੈਰਾਨ ਰਹਿ ਗਏ। ਜੀਤੀ ਤਾਂ ਸਾਰੇ ਰਾਹ ਇਹੀ ਸੋਚਦੀ ਆਈ ਸੀ ਕਿ ਘਰ ਪਹੁੰਚ ਕੇ ਸਭ ਤੋਂ ਪਹਿਲਾਂ ਮੰਮੀ ਨਾਲ ਜਹਾਜ਼ ਦੀਆਂ ਗੱਲਾਂ ਕਰਨੀਆਂ ਨੇ। ਸਾਰੀਆਂ ਉਹ ਗੱਲਾਂ, ਜੋ ਪਿਛਲੇ ਛੇ ਮਹੀਨੇ 'ਚ ਉਸ ਨੇ ਦੇਖੀਆਂ ਜਾਂ ਸੁਣੀਆਂ। ਬਾਕੀ ਸਭ ਬਾਅਦ ’ਚ ਪਰ ਆਹ ਸਰਪ੍ਰਾਈਜ਼ ਪਾਰਟੀ ਤੇ ਐਨਾ ਵੱਡਾ ਸਵਾਗਤ ਦੇਖ ਉਹ ਤਾਂ ਸਭ ਕੁੱਝ ਹੀ ਭੁੱਲ ਗਈ।

ਸੋਹਣੀ, ਸੁਨੱਖੀ ਤੇ ਬੜੀ ਹੀ ਚੰਚਲ, ਜੀਤੀ ਦੀ ਸ਼ਾਦੀ ਰਾਜ ਨਾਲ ਹੋਈ। ਰਾਜ ਇੱਕ ਚੰਗੇ ਪਰਿਵਾਰ ’ਚੋਂ ਹੈ ਤੇ ਮਰਚੈਂਟ-ਨੇਵੀ ਵਿੱਚ ਅਫ਼ਸਰ ਹੈ। ਪਹਿਲਾਂ ਇਹ ਦੋਵੇਂ ਇੱਕੋ ਹੀ ਕਾਲਜ ਵਿੱਚ ਪੜ੍ਹਦੇ ਸਨ। ਕਾਲਜ ’ਚ ਜੀਤੀ ਦੀ ਆਪਣੀ ਅੱਡ ਹੀ ਟੋਲੀ ਸੀ ਤੇ ਉਹ ਆਪਣੇ-ਆਪ ਨੂੰ ਬਹੁਤ ਹੀ ਫੰਨੇ-ਖਾਂ ਸਮਝਦੀ ਹੁੰਦੀ। ਉਹ ਰਾਜ ਉੱਪਰ ਕਦ ਤੇ ਕਿਵੇਂ ਫਿਦਾ ਹੋ ਗਈ, ਸਹੇਲੀਆਂ ਨੂੰ ਵੀ ਪਤਾ ਨਹੀਂ ਸੀ ਲੱਗਾ। ਇਹ ਗੱਲ ਸਭਨਾਂ ਲਈ ਬੁਝਾਰਤ ਹੀ ਬਣੀ ਰਹੀ। ਦੋਵਾਂ ਦਿਲਾਂ ਵਿੱਚ ਪਨਪੀ ਇਹ ਮੁਹੱਬਤ ਵਧ ਕੇ ਪਹਿਲਾਂ ਪਿਆਰ, ਫਿਰ ਇਕੱਠੇ ਜਿਊਣ-ਮਰਨ ਦੀਆਂ ਗੱਲਾਂ, ਕਸਮਾਂ, ਇਕਰਾਰਾਂ ਤੋਂ ਹੁੰਦੀ ਹੋਈ, ਗੱਲ ਦੋਵਾਂ ਪਰਿਵਾਰਾਂ ਤੱਕ ਪਹੁੰਚ ਗਈ।

ਲਾਡ-ਪਿਆਰ ਨਾਲ ਪਾਲੀ ਜੀਤੀ ਦੇ ਡੈਡੀ ਨੂੰ ਜਦ ਪਤਾ ਲੱਗਾ, ਉਹ ਇਕਦਮ ਲੋਹਾ-ਲਾਖਾ ਹੋ ਗਿਆ। ਕੁੜੀ ਨੂੰ ਡਾਂਟਿਆ ਤੇ ਸਪੱਸ਼ਟ ਨਾਂਹ ਕਰ ਦਿੱਤੀ। ਡੈਡੀ ਦਾ ਗੁੱਸਾ ਦੇਖ ਜੀਤੀ ਆਪਣੀ ਮਾਂ ਦੀ ਬੁੱਕਲ ’ਚ ਸਿਰ ਦੇ ਕੇ ਰੋਣ ਲੱਗ ਪਈ। ਮਾਂ ਤੋਂ ਧੀ ਦੇ ਹੰਝੂ ਕਦ ਝੱਲ ਹੁੰਦੇ ਨੇ, ਜੀਤੀ ਨੂੰ ਬੁੱਕਲ ’ਚ ਲੈ ਉਹ ਵੀ ਅੱਖਾਂ ਭਰ ਆਈ। ਦੋਵਾਂ ਨੂੰ ਡੁਸਕਦੀਆਂ ਦੇਖ ਗੁੱਸੇ ’ਚ ਬੋਲਦਾ-ਬੋਲਦਾ ਦਿਲਬਾਗ ਸਿੰਘ ਬਾਹਰ ਨੂੰ ਤੁਰ ਗਿਆ।

ਬਲਬੀਰ ਕੌਰ ਬੜੀ ਸਿਆਣੀ ਤੇ ਸ਼ਾਂਤ ਸੁਭਾਅ ਦੀ ਔਰਤ ਸੀ। ਸਾਰੇ ਮੁਹੱਲੇ ’ਚ ਉਸ ਦਾ ਬੜਾ ਆਦਰ ਮਾਣ ਸੀ। ਉਸਦੇ ਵਾਰ-ਵਾਰ ਕਹਿਣ ’ਤੇ ਕਿ, “ਦੇਖੋ ਜੀ ਸ਼ਾਦੀ ਤਾਂ ਕਰਨੀ ਹੀ ਹੈ, ਬਰਾਬਰੀ ਦਾ ਰਿਸ਼ਤਾ ਹੈ, ਦੋਵਾਂ ਦੀ ਜੋੜੀ ਜੱਚਦੀ ਵੀ ਹੈ, ਸੋ ਇਸ 'ਚ ਹਰਜ਼ ਵੀ ਕੀ ਹੈ। ਫਿਰ ਉਹ ਵੀ ਪਟਿਆਲੇ ’ਚ ਹੀ ਰਹਿੰਦੇ ਨੇ, ਆਪਾਂ ਨੂੰ ਹੋਰ ਸੌਖਾ ਕਿ ਬੇਟੀ ਕੋਲ ਰਹੂ।” ਬੱਚਿਆਂ ਦੀ ਖ਼ੁਸ਼ੀ ਨੂੰ ਮੁੱਖ ਰੱਖਦਿਆਂ ਦੋਵਾਂ ਪਰਿਵਾਰਾਂ ਦੀ ਸਹਿਮਤੀ ਹੋ ਗਈ। ਦਿਲਬਾਗ ਸਿੰਘ ਨੇ ਪੂਰੇ ਧੂਮਧਾਮ ਨਾਲ ਬੇਟੀ ਦਾ ਵਿਆਹ ਕੀਤਾ। ਦੋਵੇਂ ਬਹੁਤ ਖ਼ੁਸ਼। ਵਿਆਹ ਤੋਂ ਕੁੱਝ ਚਿਰ ਬਾਅਦ, ਰਾਜ ਜਹਾਜ਼ ਵਿੱਚ ਚਲਾ ਗਿਆ। ਪਿੱਛੇ ਜੀਤੀ ਦੇ ਕੁੱਝ ਦਿਨ ਤਾਂ ਚਾਅ-ਚਾਅ ਵਿੱਚ ਹੀ ਨਿਕਲ ਗਏ। ਉਹ ਕਦੇ ਸਹੁਰੇ ਘਰ ਚਲੀ ਜਾਂਦੀ, ਜੀਅ ਕਰਦਾ ਆਪਣੇ ਘਰ ਆ ਜਾਂਦੀ। ਕਿਤੇ ਕੋਈ ਰੋਕ-ਟੋਕ ਨਹੀਂ ਸੀ। ਹੌਲੀ-ਹੌਲੀ ਉਸਨੂੰ ਮਹਿਸੂਸ ਹੋਣ ਲੱਗਾ ਕਿ ਉਸਦਾ ਤਾਂ ਕਿਤੇ ਵੀ ਜੀਅ ਨਹੀਂ ਲੱਗਦਾ। ਰਾਜ ਬਿਨਾਂ ਸਾਰਾ ਪਟਿਆਲਾ ਹੀ ਸੁੰਨਾ-ਸੁੰਨਾ ਲੱਗਣ ਲੱਗਾ। ਕਦੇ-ਕਦੇ ਤਾਂ ਰਾਜ ਨੂੰ ਯਾਦ ਕਰ ਉਹਦਾ ਰੋਣ ਨਿਕਲ ਜਾਂਦਾ।

ਉਹ ਗੰਭੀਰ ਹੋ ਕੇ ਸੋਚਣ ਲੱਗਦੀ, ‘ਉਹੀ ਘਰ, ਉਹੀ ਮੁਹੱਲਾ, ਉਹੀ ਸ਼ਹਿਰ, ਆਲੇ-ਦੁਆਲੇ ਉਹੀ ਲੋਕ, ਸਹੇਲੀਆਂ ਵੀ, ਫਿਰ ਵੀ ਇਹ ਸੁੰਨਾਪਣ ਕਿਉਂ, ਹੁਣ ਕੀ ਹੋ ਗਿਆ। ਰਾਜ ਦੀ ਐਨੀ ਲੋੜ ਕਿਉਂ ਮਹਿਸੂਸ ਹੋ ਰਹੀ ਹੈ। ਮੈਂ ਐਨੀ ਕਮਜ਼ੋਰ ਕਿਵੇਂ ਹੋ ਗਈ। ਕੀ ਸਭ ਨਾਲ ਇਸ ਤਰ੍ਹਾਂ ਵਾਪਰਦਾ ਹੈ। ਸਭ ਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ, ਕੁੱਝ ਸਮਝ ਨਾ ਪੈਂਦੀ।’

ਆਪਣੀ ਸਹੇਲੀ ਰਜਨੀ ਨੂੰ ਯਾਦ ਕਰ-ਕਰ ਉਹ ਬੜਾ ਕੁੱਝ ਹੋਰ ਸੋਚਣ ਲੱਗ ਪੈਂਦੀ, ‘ਕਿੰਨੀ ਪਾਗਲ ਸਾਂ ਮੈਂ, ਹਰ ਵਕਤ ਮਖ਼ੌਲ, ਹਰ ਗੱਲ ’ਤੇ ਮਖੌਲ, ਕਦੇ ਕਿਸੇ ਦੇ ਦਰਦ ਜਾਂ ਪੀੜ ਨੂੰ ਸਮਝਣ ਦੀ ਕੋਸ਼ਿਸ਼ ਹੀ ਨੀ ਕੀਤੀ। ਰਜਨੀ ਦੇ ਵਿਆਹ ਤੋਂ ਬਾਅਦ ਉਸਦਾ ਘਰ ਵਾਲਾ ਕੈਨੇਡਾ ਚਲਾ ਗਿਆ। ਮੈਂ ਉਸਨੂੰ ਖ਼ੂਬ ਛੇੜਦੀ ਤੇ ਮਜ਼ਾ ਲੈਂਦੀ ਪਰ ਉਹ ਚੁੱਪ ਦੇਖਦੀ ਰਹਿੰਦੀ। ਕਈ ਵਾਰ ਤਾਂ ਵਿਚਾਰੀ ਅੱਖਾਂ ਵੀ ਭਰ ਆਉਂਦੀ ਪਰ ਮੈਂ ਹੋਰ ਹੱਸ ਛੱਡਦੀ। ਤਦੇ ਇੱਕ ਵਾਰ ਬਹੁਤ ਨਾਰਾਜ਼ ਤੇ ਅੱਖਾਂ ’ਚ ਹੰਝੂ ਭਰ ਕੇ ਉਸ ਕਿਹਾ ਸੀ, “ਕੋਈ ਨੀ ਹਰਾਂਬੜੇ, ਤੇਰਾ ਵਿਆਹ ਹੋ ਜਾਣ ਦੇ, ਫੇਰ ਪੁੱਛੂੰ ਤੈਨੂੰ, ਹਰ ਵਕਤ ਚਾਂਭਲੀ ਫਿਰਦੀ ਰਹਿੰਨੀਂ ਏ।” ਕਿੰਨੀ ਵੱਡੀ ਗੱਲ ਕਹਿ ਗਈ ਸੀ ਰਜਨੀ ਪਰ ਮੈਂ ਸਿਰਫ਼ ਹੱਸ ਕੇ ਟਾਲ ਛੱਡਿਆ। ਕਾਸ਼! ਰਜਨੀ ਅੱਜ ਏਥੇ ਹੁੰਦੀ। ਮੈਂ ਉਸ ਕੋਲ ਜਾ ਕੇ ਮਾਫ਼ੀ ਮੰਗਦੀ। ਨਾਲ ਹੁਣ ਆਪਣਾ ਦਰਦ ਸਾਂਝਾ ਕਰਦੀ। ਉਹ ਤਾਂ ਬਹੁਤ ਚੰਗੀ ਸੀ, ਉਹ ਮੈਨੂੰ ਮਾਫ਼ ਕਰ ਦਿੰਦੀ। ਜ਼ਰੂਰ ਕੋਈ ਧਰਵਾਸ ਵੀ ਦਿੰਦੀ ਪਰ ਹੁਣ ਤਾਂ ਉਹ ਵੀ ਕੈਨੇਡਾ ਜਾ ਚੁੱਕੀ ਹੈ। ਅਣਜਾਣੇ ਹੀ ਮੈਂ ਰਜਨੀ ਨਾਲ ਕਿੰਨਾ ਧੱਕਾ ਕਰਦੀ ਰਹੀ।’

ਇਸੇ ਤਰ੍ਹਾਂ ਵਿਛੋੜੇ ਦੇ ਗ਼ਮ ਤੇ ਸੋਚਾਂ ’ਚ ਉਲਝੀ ਜੀਤੀ ਦੇ ਦਿਨ ਤੇ ਮਹੀਨੇ ਗੁਜ਼ਰਦੇ ਰਹੇ। ਓਧਰ ਰਾਜ ਦੇ ਦੁਬਾਰਾ ਛੁੱਟੀ ਆਉਣ ਦੇ ਦਿਨ ਨੇੜੇ ਲੱਗ ਗਏ। ਰਾਜ ਵਾਪਸ ਆ ਗਿਆ ਤੇ ਹੁਣ ਉਹ ਜੀਤੀ ਨੂੰ ਨਾਲ ਲੈ ਕੇ ਜਾਣਾ ਚਾਹੁੰਦਾ ਸੀ। ਰਾਜ ਨੇ ਜੀਤੀ ਨੂੰ ਵਿਆਹ ਤੋਂ ਪਹਿਲਾਂ ਵੀ ਤੇ ਬਾਅਦ ਵਿੱਚ ਵੀ, ਸਮੁੰਦਰ ਬਾਰੇ, ਜਹਾਜ਼ਾਂ ਬਾਰੇ, ਉੱਥੋਂ ਦੀ ਜ਼ਿੰਦਗੀ ਬਾਰੇ ਤੇ ਹੋਰ ਬਹੁਤ ਕੁੱਝ ਦੱਸਿਆ ਹੋਇਆ ਸੀ। ਇਹ ਵੀ ਦੱਸਿਆ ਸੀ ਕਿ ਕੰਪਨੀ ਕੁੱਝ ਅਫ਼ਸਰਾਂ ਨੂੰ ਪਰਿਵਾਰ ਸਮੇਤ ਰਹਿਣ ਦੀ ਇਜਾਜ਼ਤ ਦੇ ਦਿੰਦੀ ਹੈ। ਉਹ ਘਰਵਾਲੀ ਨੂੰ ਨਾਲ ਲੈ ਜਾਂਦੇ ਹਨ। ਉੱਥੇ ਕੋਈ ਖ਼ਤਰਾ ਨਹੀਂ ਤੇ ਘੁੰਮ-ਫਿਰ ਕੇ ਦੁਨੀਆਂ ਦੇਖਣ ਦਾ ਆਪਣਾ ਹੀ ਮਜ਼ਾ ਹੈ।

ਜੀਤੀ ਵੀ ਨਾਲ ਜਾਣਾ ਚਾਹੁੰਦੀ ਸੀ ਪਰ ਮਨ ’ਚ ਇੱਕ ਡਰ ਵੀ ਸੀ। ਉਸਨੇ ਟੀ.ਵੀ. ਉੱਪਰ ਸਮੁੰਦਰਾਂ ’ਚ ਉਠਦੀਆਂ ਲਹਿਰਾਂ ਤੇ ਡਿੱਕ-ਡੋਲੇ ਖਾਂਦੇ ਜਹਾਜ਼ ਵੇਖੇ ਸੀ। ਇਸੇ ਗੱਲ ਤੋਂ ਡਰਦੀ ਓਪਰੇ ਜਿਹੇ ਮਨ ਨਾਲ ਜਾਣ ਤੋਂ ਮਨ੍ਹਾਂ ਵੀ ਕਰਦੀ ਰਹਿੰਦੀ ਪਰ ਰਾਜ ਦੇ ਵਾਰ-ਵਾਰ ਕਹਿਣ ’ਤੇ ਉਹ ਰਾਜ਼ੀ ਹੋ ਗਈ ਤੇ ਨਾਲ ਚਲੀ ਗਈ। ਪੂਰੇ ਛੇ ਮਹੀਨੇ ਬਾਅਦ ਜੀਤੀ ਤੇ ਰਾਜ ਵਾਪਸ ਘਰ ਮੁੜੇ ਸਨ।

ਉਨ੍ਹਾਂ ਨੂੰ ਬਿਲਕੁਲ ਨਹੀਂ ਸੀ ਪਤਾ ਕਿ ਮੰਮੀ-ਡੈਡੀ ਨੇ ਘਰ ’ਚ ਪਾਰਟੀ ਦਾ ਪ੍ਰਬੰਧ ਕਰ ਰੱਖਿਆ ਹੈ। ਸਾਰੇ ਦੋਸਤ-ਮਿੱਤਰ, ਗੁਆਂਢੀ, ਰਾਜ ਦਾ ਸਾਰਾ ਪਰਿਵਾਰ, ਸਾਰੇ ਰਿਸ਼ਤੇਦਾਰ, ਜੀਤੀ ਦੇ ਘਰ ਪਹੁੰਚੇ ਹੋਏ ਸਨ ਤੇ ਦੋਵਾਂ ਨੂੰ ਜਹਾਜ਼ ਤੋਂ ਵਾਪਸ ਆਉਣ ’ਤੇ ਸਵਾਗਤ ਲਈ ਪੂਰੇ ਜੋਸ਼ੋ-ਖ਼ਰੋਸ਼ ਨਾਲ ਹਾਜ਼ਰ ਸਨ। ਇੱਕ ਤਰ੍ਹਾਂ ਨਾਲ ਦੁਬਾਰਾ ਵਿਆਹ ਵਰਗੇ ਮਾਹੌਲ ’ਚ ਸਾਰਿਆਂ ਨੂੰ ਮਿਲ ਕੇ ਦੋਵੇਂ ਬਹੁਤ ਖ਼ੁਸ਼ ਹੋਏ। ਫਿਰ ਕਈ ਦਿਨਾਂ ਤੱਕ ਇਸ ਪਾਰਟੀ ਦੀਆਂ ਗੱਲਾਂ ਹੀ ਹੁੰਦੀਆਂ ਰਹੀਆਂ।

ਦੋਵਾਂ ਨੂੰ ਜਹਾਜ਼ ’ਚੋਂ ਆਇਆਂ ਮਹੀਨਾ ਹੋਣ ਵਾਲਾ ਸੀ। ਇੱਕ ਘਰ ਆਉਣ ਦੀ ਖ਼ੁਸ਼ੀ, ਦੂਸਰਾ ਸਵਾਗਤ ਪਾਰਟੀ ਦੀਆਂ ਗੱਲਾਂ, ਤੀਜਾ ਹੋਰ ਮਿਲਣ-ਗਿਲਣ ਵਾਲੇ ਲੋਕ। ਇਸ ਮਾਹੌਲ ’ਚ ਜੀਤੀ, ਆਪਣੇ ਮੰਮੀ-ਪਾਪਾ ਨਾਲ ਜਹਾਜ਼ ਦੀ ਕੋਈ ਗੱਲ ਨਾ ਕਰ ਸਕੀ। ਭੱਜ-ਨੱਠ ’ਚ ਉਸਨੂੰ ਤਾਂ ਇਹ ਵੀ ਖ਼ਿਆਲ ਨਾ ਰਿਹਾ ਕਿ ਉਸਦਾ ਪੀਰੀਅਡ ਟੱਪ ਚੁੱਕਾ ਹੈ।

ਅਚਾਨਕ ਇੱਕ ਦਿਨ ਖ਼ਿਆਲ ਆਇਆ ਤਾਂ ਉਹ ਚੈੱਕ ਕਰਵਾਉਣ ਲਈ ਫੈਮਿਲੀ ਡਾਕਟਰ ਕੋਲ ਗਏ। ਡਾਕਟਰ ਨੇ ਦੋਵਾਂ ਨੂੰ ਵਧਾਈ ਦਿੱਤੀ ਤੇ ਨਾਲ ਹੀ ਕੁੱਝ ਖ਼ਾਸ ਹਦਾਇਤਾਂ ਵੀ ਦਿੱਤੀਆਂ। ਚੈੱਕ ਕਰਵਾਉਣ ’ਤੇ ਪਤਾ ਲੱਗਾ ਕਿ ਜੀਤੀ ਮਾਂ ਬਣਨ ਵਾਲੀ ਹੈ। ਘਰ ਆ ਕੇ ਪਰਿਵਾਰ ਨੂੰ ਜਦ ਇਹ ਖ਼ਬਰ ਦੱਸੀ ਤਾਂ ਦੋਵਾਂ ਪਰਿਵਾਰਾਂ ਨੂੰ ਹੋਰ ਵੀ ਖ਼ੁਸ਼ੀ ਹੋਈ।

ਰਾਜ ਦੀ ਛੁੱਟੀ ਖ਼ਤਮ ਹੋਣ ਦੇ ਨੇੜੇ ਆ ਗਈ। ਸਭ ਨੂੰ ਹੋਰ ਫ਼ਿਕਰ ਹੋ ਗਿਆ। ਐਸੀ ਹਾਲਤ ’ਚ ਜੀਤੀ ਨਾਲ ਨਹੀਂ ਸੀ ਜਾ ਸਕਦੀ। ਰਾਜ ਵੀ ਚਾਹੁੰਦਾ ਸੀ ਹੁਣ ਉਹ ਮੰਮੀ-ਡੈਡੀ ਦੀ ਦੇਖ-ਰੇਖ ਹੇਠਾਂ ਹੀ ਰਹੇ।

ਵੱਡਾ ਫ਼ਿਕਰ ਜੀਤੀ ਨੂੰ ਸੀ। ਉਹ ਚਾਹੁੰਦੀ ਸੀ ਬੱਚਾ ਹੋਣ ਤੱਕ, ਰਾਜ ਉਸ ਦੇ ਕੋਲ ਰਹੇ ਪਰ ਐਨਾ ਲੰਬਾ ਸਮਾਂ ਉਹ ਘਰ ਕਿਵੇਂ ਬੈਠ ਸਕਦਾ ਸੀ। ਫੈਸਲਾ ਹੋਇਆ, ਰਾਜ ਜਹਾਜ਼ ’ਚ ਜਾਵੇ ਤੇ ਚਾਰ ਮਹੀਨੇ ਲਾ ਕੇ ਵਾਪਸ ਆ ਜਾਵੇ। ਪ੍ਰਾਈਵੇਟ ਜਹਾਜ਼ੀ ਕੰਪਨੀਆਂ ਵਿੱਚ ਇਸ ਤਰ੍ਹਾਂ ਹੋ ਜਾਂਦਾ ਹੈ।

ਰਾਜ ਜਹਾਜ਼ ਵਿੱਚ ਚਲਾ ਗਿਆ। ਪਿੱਛੇ ਜੀਤੀ ਫਿਰ ਉਦਾਸ ਰਹਿਣ ਲੱਗੀ। ਹੁਣ ਉਸਦਾ ਉਦਾਸ ਰਹਿਣਾ ਠੀਕ ਨਹੀਂ ਸੀ। ਇੱਕ ਨਵਾਂ ਜੀਅ ਉਸਦੇ ਅੰਦਰ ਪਲ ਰਿਹਾ ਸੀ। ਹਰ ਕੋਈ ਉਸ ਦਾ ਜੀਅ ਲਵਾਈ ਰੱਖਣ ਦੀ ਕੋਸ਼ਿਸ਼ ਕਰਦਾ ਕਿ ਉਹ ਖ਼ੁਸ਼ ਰਹੇ ਪਰ ਉਸ ਨੂੰ ਵਾਰ-ਵਾਰ ਰਾਜ ਦੀ ਯਾਦ ਆ ਜਾਂਦੀ। ਜਹਾਜ਼ ’ਚ ਵਾਪਰੀ ਘਟਨਾ ਦੀ ਯਾਦ ਆਉਂਦੀ ਤਾਂ ਰਾਜ ਦਾ ਹੋਰ ਫ਼ਿਕਰ ਕਰਦੀ।

ਇਕ ਰਾਤ ਸਭ ਸੁੱਤੇ ਪਏ ਸਨ। ਜੀਤੀ ਦੇ ਕਮਰੇ ’ਚੋਂ ਕੋਈ ਆਵਾਜ਼ ਆਉਣ ਲੱਗੀ। ਉਹ ਜ਼ੋਰ ਲਾ-ਲਾ ਕੇ ਬੋਲਣ ਦੀ ਕੋਸ਼ਿਸ਼ ਰਹੀ ਸੀ। ਆਵਾਜ਼ ਡਰ ਤੇ ਸਹਿਮ ਭਰੀ ਸੀ, ‘ਓਅ....ਓਅ ....ਅ....ਓਅ ....ਨਾ ਮਾਰੋ ....ਨਾ ਮਾਰੋ....ਓਅ ....ਨਾ ਮਾਰੋ.... .।’

ਆਵਾਜ਼ ਕੁੱਝ ਇਸ ਤਰ੍ਹਾਂ ਸੀ, ਕਿਸੇ ਨੇ ਜੀਤੀ ਦਾ ਗਲਾ ਦਬਾ ਦਿੱਤਾ ਹੋਵੇ। ਬਲਬੀਰ ਕੌਰ ਉਭੜ-ਵਾਹੇ ਉੱਠੀ ਤੇ ਭੱਜ ਕੇ ਜੀਤੀ ਕੋਲ ਗਈ। ਉੱਥੇ ਕੋਈ ਵੀ ਨਹੀਂ ਸੀ। ਜੀਤੀ ਬੈਂਡ ’ਤੇ ਪਈ ਇਕੱਲੀ ਹੀ ਰੁਕ-ਰੁਕ ਬੋਲੀ ਜਾ ਰਹੀ ਸੀ।

“ਜੀਤੀ....ਜੀਤੀ....ਓ ਜੀਤੀ।” ਉਸਨੇ ਜੀਤੀ ਨੂੰ ਮੋਢੇ ਤੋਂ ਫੜ ਕੇ ਹਲੂਣਿਆ। ਜੀਤੀ ਦੀ ਅੱਖ ਖੁੱਲ੍ਹ ਗਈ। ਉਹ ਡਰੀ ਤੇ ਸਹਿਮੀ ਹੋਈ ਸੀ ਪਰ ਮਾਂ ਨੂੰ ਕੋਲ ਵੇਖ ਉਸਨੇ ਰਾਹਤ ਮਹਿਸੂਸ ਕੀਤੀ।

“ਕੀ ਹੋਇਆ ਜੀਤੀ, ਤੂੰ ਠੀਕ ਤਾਂ ਹੈਂ, ਕੋਈ ਮਾੜਾ ਸੁਪਨਾ ਵੇਖਿਆ?” ਬਲਬੀਰ ਕੌਰ ਨੇ ਉਸਦੇ ਸਰ੍ਹਾਣੇ ਕੋਲ ਬੈਠ, ਜੀਤੀ ਦੇ ਸਿਰ ’ਤੇ ਹੱਥ ਫੇਰਦਿਆਂ ਪੁੱਛਿਆ।

ਬਿਨਾਂ ਕੁੱਝ ਬੋਲੇ ਜੀਤੀ ਉੱਠ ਕੇ ਬੈਠ ਗਈ। ਸਰਾਣੇ ਕੋਲ ਪਏ ਗਿਲਾਸ ’ਚੋਂ ਪਾਣੀ ਪੀਤਾ। ਆਲੇ-ਦੁਆਲੇ ਦੇਖ ਮਾਂ ਦੇ ਹੋਰ ਨਜ਼ਦੀਕ ਨੂੰ ਹੋ ਗਈ। ਹੁਣ ਉਸਨੂੰ ਤਸੱਲੀ ਸੀ ਕਿ ਉਹ ਜਹਾਜ਼ ਵਿੱਚ ਨਹੀਂ, ਆਪਣੇ ਘਰ ਵਿੱਚ ਹੈ। ਮਾਂ ਵੀ ਕੋਲ ਬੈਠੀ ਹੈ।

“ਕੀ ਗੱਲ ਸੀ ਪੁੱਤ, ਤੂੰ ਬੋਲਦੀ ਕਿਉਂ ਨਹੀਂ, ਪਹਿਲਾਂ ਵੀ ਇੱਕ ਰਾਤ ਤੂੰ ਬੋਲੀ ਜਾਂਦੀ ਸੀ। ਦੂਸਰੇ ਦਿਨ ਤੇਰੇ ਡੈਡੀ ਨੇ ਪੁੱਛਿਆ ਵੀ, ਜੀਤੀ ਰਾਤ ਕੀ ਗੱਲਾਂ ਕਰਦੀ ਸੀ ਪਰ ਮੈਂ ਗੱਲ ਟਾਲ ਦਿੱਤੀ।” ਮਾਂ ਨੇ ਫ਼ਿਕਰ ’ਚ ਕਿਹਾ।

ਇਹ ਸੱਚ ਸੀ ਕਿ ਇਸ ਤਰ੍ਹਾਂ ਦਾ ਦਬਾਅ ਜੀਤੀ ਨੂੰ ਪਹਿਲਾਂ ਵੀ ਇਕ-ਦੋ ਵਾਰ ਪੈ ਚੁੱਕਾ ਸੀ। ਜੀਤੀ ਨੇ ਹੁਣ ਵੀ ਆਪਣੀ ਮਾਂ ਨੂੰ ਟਾਲਣ ਦੀ ਕੋਸ਼ਿਸ਼ ਕੀਤੀ, “ਮੰਮੀ ਕੁੱਝ ਨਹੀਂ, ਬੱਸ ਐਵੇਂ ਸੁਪਨਾ ਸੀ, ਮੈਂ ਹੁਣ ਠੀਕ ਹਾਂ।”

ਪਰ ਅੱਜ ਉਸਦੀ ਮੰਮੀ ਸੌਣ ਦੀ ਬਜਾਏ, ਜੀਤੀ ਦੇ ਮੰਜੇ ’ਤੇ ਜੰਮ ਕੇ ਬੈਠ ਗਈ। ਉਹ ਪੁੱਛਣ ਲੱਗੀ, “ਤੂੰ ਕੀ ਵੇਖਿਆ, ਕੀ ਹੋਇਆ, ਕੌਣ ਕਿਸ ਨੂੰ ਮਾਰ ਰਿਹਾ ਸੀ, ਮੇਰੀ ਧੀ ਕੁੱਝ ਦੱਸ ਤਾਂ ਸਹੀ।”

ਕੁੱਝ ਚਿਰ ਜੀਤੀ ਚੁੱਪ ਰਹੀ। ਅਖ਼ੀਰ ਮਨ ਬਣਾ ਲਿਆ ਕਿ ਅੱਜ ਸਭ ਕੁੱਝ ਦੱਸ ਹੀ ਦੇਣਾ ਚਾਹੀਦਾ ਹੈ। ਸ਼ਾਇਦ ਪਹਿਲਾਂ ਹੀ ਦੱਸ ਦੇਣਾ ਚਾਹੀਦਾ ਸੀ। ਜੀਤੀ ਥੋੜ੍ਹਾ ਠੀਕ ਹੋ ਕੇ ਬੈਠ ਗਈ ਤੇ ਕਿਹਾ, “ਠੀਕ ਹੈ।” ਤੇ ਉਹ ਦੱਸਣ ਲੱਗੀ।

“ਮੰਮੀ ਇਹ ਤਾਂ ਨੀ ਪਤਾ ਇਹਨੂੰ ਦਬਾਅ ਕਹਿੰਦੇ ਨੇ ਜਾਂ ਕੀ ਪਰ ਇਹ ਬੜਾ ਡਰਾਉਣਾ ਸੁਪਨਾ ਸੀ। ਮੈਂ ਬਹੁਤ ਡਰ ਗਈ ਸੀ। ਸੁਪਨੇ ’ਚ ਵੇਖਿਆ ਕਿ ਰਾਜ ਤੇ ਮੈਂ, ਜਹਾਜ਼ ਦੇ ਡੈਕ ’ਤੇ ਖੜ੍ਹੇ ਹਾਂ। ਕੈਪਟਨ ਸਾਡੇ ਵੱਲ ਆਇਆ ਤੇ ਇਸ਼ਾਰੇ ਨਾਲ ਰਾਜ ਨੂੰ ਥੋੜ੍ਹਾ ਪਰ੍ਹੇ ਲੈ ਗਿਆ। ਉਹ ਰਾਜ ਨੂੰ ਕਹਿਣ ਲੱਗਾ, ‘ਆਪਾਂ ਡੇਂਜ਼ਰ-ਏਰੀਆ 'ਚ ਹਾਂ, ਸਤਰਕ ਰਹਿਣਾ।’ ਤੇ ਕੈਪਟਨ ਵਾਪਸ ਮੁੜ ਗਿਆ। ਰਾਜ ਹੌਲੀ-ਹੌਲੀ ਤੁਰਦਾ ਫੇਰ ਮੇਰੇ ਕੋਲ ਆ ਖੜ੍ਹਾ। ਭਾਵੇਂ ਉਨ੍ਹਾਂ ਹੌਲੀ ਆਵਾਜ਼ ਵਿੱਚ ਗੱਲ ਕੀਤੀ ਸੀ ਪਰ ਮੈਂ ਸਭ ਸੁਣ ਲਿਆ। ਕੁੱਝ ਚਿਰ ਸੋਚਦੀ ਰਹੀ, ਪੁੱਛਾਂ ਕਿ ਨਾ। ਰਾਜ ਵੀ ਚੁੱਪ ਖੜ੍ਹਾ ਸੀ। ਅਖ਼ੀਰ ਮੈਂ ਰਾਜ ਨੂੰ ਪੁੱਛ ਹੀ ਲਿਆ, ‘ਡੇਂਜ਼ਰ-ਏਰੀਆ ਦੀ ਕੀ ਗੱਲ ਹੋ ਰਹੀ ਸੀ?’ ਰਾਜ ਥੋੜਾ ਘਬਰਾਈ ਨਜ਼ਰ ਨਾਲ ਮੇਰੇ ਵੱਲ ਵੇਖਣ ਲੱਗਾ। ਮੈਂ ਵੀ ਘਬਰਾ ਗਈ। ਫੇਰ ਉਹ ਬੋਲਿਆ, ‘ਕੁੱਝ ਨੀ, ਚੱਲ ਕੈਬਿਨ ਵਿੱਚ ਚਲਦੇ ਹਾਂ।’ ਤੇ ਅਸੀਂ ਕੈਬਿਨ ਵੱਲ ਚੱਲ ਪਏ। ਅਜੇ ਰਾਹ ’ਚ ਹੀ ਸੀ ਕਿ ਮੂਹਰੇ ਅਚਾਨਕ ਡਾਕੂ ਆ ਗਏ। ਉਨ੍ਹਾਂ ਝੱਟ ਰਾਜ ਦੀਆਂ ਬਾਹਾਂ ਮਰੋੜੀਆਂ ਤੇ ਥੱਲੇ ਸੁੱਟ ਲਿਆ। ਮੈਂ ਘਬਰਾ ਕੇ ਚੀਕਣ ਲੱਗ ਗਈ, ਓਅ, ਨਾ-ਮਾਰੋ, ਓ ਨਾ-ਮਾਰੋ - ਆਹ ਸੁਪਨਾ ਸੀ।”

ਬਲਬੀਰ ਕੌਰ ਹੈਰਾਨ ਹੋ ਕੇ ਬੋਲੀ, “ਹੈਂਅ! ਜਹਾਜ਼ ਦਾ ਸੁਪਨਾ। ਡਾਕੂ ਆ ਗਏ। ਰਾਜ ਨੂੰ ਮਾਰਨ ਲੱਗ ਪਏ। ਜਹਾਜ਼ ਵਿੱਚ ਡਾਕੂ ਵੀ ਆ ਜਾਂਦੇ ਨੇ?”

“ਹਾਂ ਮੰਮੀ ਆ ਜਾਂਦੇ ਨੇ। ਇੱਕ ਵਾਰ ਮੇਰੇ ਹੁੰਦੇ ਵੀ ਆ ਗਏ ਸੀ। ਮੈਂ ਸਭ ਕੁੱਝ ਅੱਖੀਂ ਦੇਖਿਆ। ਸ਼ਾਇਦ ਇਸੇ ਲਈ ਮੈਨੂੰ ਇਹ ਸੁਪਨਾ ਆਇਆ।” ਜੀਤੀ ਨੇ ਜਵਾਬ ਦਿੱਤਾ।

“ਵਾਹਿਗੁਰੂ... ਵਾਹਿਗੁਰੂ! ਮਿਹਰ ਕਰੀਂ ਰੱਬਾ!” ਬਲਬੀਰ ਕੌਰ ਦੇ ਮੂੰਹੋਂ ਇਸ ਤਰ੍ਹਾਂ ਨਿਕਲਿਆ, ਜਿਵੇਂ ਉਸਦਾ ਸਾਹ ਚੜ੍ਹ ਗਿਆ ਹੋਵੇ, “ਤੇਰੇ ਹੁੰਦੇ ਵੀ ਡਾਕੂ ਆ ਗਏ ਸੀ, ਪੁੱਤ ਤੂੰ ਕਦੇ ਦੱਸਿਆ ਤਾਂ ਹੈ ਨਹੀਂ?” “ਕੀ ਦੱਸਦੀ ਮੰਮੀ। ਸਾਡੇ ਨਾਲ ਤਾਂ ਜੋ ਹੋਈ ਸੋ ਹੋਈ, ਤੁਹਾਨੂੰ ਏਥੇ ਵਾਧੂ ਚਿੰਤਾ ਲੱਗ ਜਾਂਦੀ।”

“ਪਰ ਮੇਰੀ ਬੱਚੀ ਉਦੋਂ ਨਹੀਂ ਸੀ ਦੱਸਿਆ, ਹੁਣ ਆ ਕੇ ਤਾਂ ਦੱਸ ਦਿੰਦੀ। ਮੈਨੂੰ ਦੱਸਦੀ, ਆਪਣੇ ਡੈਡੀ ਨੂੰ ਦੱਸਦੀ, ਕਿਸੇ ਨੂੰ ਤਾਂ ਦੱਸਦੀ। ਐਨਾ ਚਿਰ ਆਈ ਨੂੰ ਹੋ ਗਿਆ ਤੇ ਤੂੰ ਇਹ ਗੱਲ ਦਿਲ ’ਚ ਹੀ ਲਈ ਫਿਰਦੀ ਹੈਂ। ਅਜਿਹੀ ਗੱਲ ਦਿਲ ’ਚ ਨੀ ਰੱਖਣੀ ਚਾਹੀਦੀ। ਇਹੀ ਡਰ ਤੇਰੇ ਮਨ ’ਤੇ ਬੈਠਾ ਹੈ। ਜ਼ਰਾ ਠੀਕ ਹੋ ਕੇ ਬੈਠ, ਮੈਂ ਪਾਠ ਕਰਦੀ ਹਾਂ।”

“ਨਹੀਂ ਮੰਮੀ....ਉਹ ਸਾਰੀ ਗੱਲ ਜੋ ਜਹਾਜ਼ ’ਚ ਵਾਪਰੀ, ਪਹਿਲਾਂ ਉਹ ਸੁਣ, ਸ਼ਾਇਦ ਮੇਰਾ ਮਨ ਹਲਕਾ ਹੋ ਜਾਵੇ।”

“ਠੀਕ ਹੈ, ਗੱਲ ਮਨ ’ਚੋਂ ਕੱਢ ਦੇਣੀ ਚਾਹੀਦੀ ਹੈ ਪਰ ਰੁਕ, ਮੈਂ ਤੇਰੇ ਡੈਡੀ ਨੂੰ ਵੀ ਜਗਾ ਲਵਾਂ।”

“ਨਹੀਂ ਮੰਮੀ....ਡੈਡੀ ਨੂੰ ਪਏ ਰਹਿਣ ਦੇ। ਉਨ੍ਹਾਂ ਦੇ ਸੁਭਾਅ ਨੂੰ ਆਪਾਂ ਜਾਣਦੇ ਹੀ ਹਾਂ। ਸੁਣ ਕੇ ਹੁਣੇ ਭੜ੍ਹਕ ਜਾਣਗੇ।”

“ਠੀਕ ਹੈ ਪਰ ਤੇਰਾ ਡੈਡੀ ਦਿਲ ਦਾ ਨੀ ਮਾੜਾ। ਜਦੋਂ ਤੂੰ ਜਹਾਜ਼ ਵਿੱਚ ਸੀ, ਰੋਜ਼ ਤੈਨੂੰ ਯਾਦ ਕਰਦਾ ਸੀ। ਹਰ ਵਕਤ ਤੇਰਾ ਹੀ ਫ਼ਿਕਰ ਕਰਦਾ ਰਹਿੰਦਾ ਸੀ।”

ਫਿਰ ਦੋਵੇਂ ਮਾਵਾਂ-ਧੀਆਂ ਠੀਕ ਹੋ ਕੇ ਬੈਠ ਗਈਆਂ ਤੇ ਜੀਤੀ ਨੇ ਦੱਸਣਾ ਸ਼ੁਰੂ ਕੀਤਾ।

ਇਹ ਉਸ ਟਾਇਮ ਦੀ ਗੱਲ ਹੈ, ਜਦੋਂ ਮੈਂ ਤੇ ਰਾਜ ਦੋਵੇਂ ਜਹਾਜ਼ ਵਿੱਚ ਸੀ। ਇੱਕ ਦਿਨ ਰਾਜ ਡੈਕ ’ਤੇ ਕੰਮ ਕਰ ਰਿਹਾ ਸੀ। ਮੈਂ ਕੈਬਿਨ ਵਿੱਚ ਪਈ ਆਰਾਮ ਕਰ ਰਹੀ ਸੀ। ਅਚਾਨਕ ਰਾਜ ਭੱਜਿਆ-ਭੱਜਿਆ ਕੈਬਿਨ ਵਿੱਚ ਆਇਆ। ਉਹ ਸਹਿਮਿਆ ਹੋਇਆ ਸੀ ਤੇ ਉਸ ਦੀ ਇੱਕ ਬਾਂਹ ਵਿੱਚੋਂ ਖ਼ੂਨ ਵਹਿ ਰਿਹਾ ਸੀ। ਖ਼ੂਨ ਦੇਖ ਮੇਰੇ ਤਾਂ ਹੋਸ਼ ਉੱਡ ਗਏ। ਅੱਖਾਂ ਵਿੱਚ ਹੰਝੂ ਭਰ ਆਏ। ਮੈਂ ਰੋਣਹਾਕੀ ਹੋ ਕੇ ਪੁੱਛਿਆ, “ਆਹ ਕੀ?”

“ਕੁੱਝ ਨੀ....ਚੁੱਪ ਕਰ ਜਾ ਬੱਸ। ਦਰਵਾਜ਼ਾ ਬੰਦ ਕਰ ਲੈ। ਜਹਾਜ਼ 'ਤੇ ਡਾਕੂਆਂ ਦਾ ਹਮਲਾ ਹੋ ਗਿਆ।” ਹਫ਼ਦੇ-ਹਫ਼ਦੇ ਰਾਜ ਨੇ ਮੈਨੂੰ ਦੱਸਿਆ।

“ਹਮਲਾ ਹੋ ਗਿਆ! ਕਾਹਦਾ ਹਮਲਾ ?? ਮੈਂ ਹੋਰ ਡਰ ਗਈ। ਮੈਨੂੰ ਕੁੱਝ ਸੁੱਝੇ ਹੀ ਨਾ। ਸਭ ਅਕਲ ਸਿਆਣਪ ਪਤਾ ਨੀ ਕਿੱਧਰ ਗੁੰਮ ਹੋਗੀ। ਫਿਰ ਕੁੱਝ ਹੋਸ਼ ਆਈ। ਰਾਜ ਅਜੇ ਵੀ ਬਾਂਹ ਫੜੀ ਖੜ੍ਹਾ ਸੀ। ਮੈਂ ਪਹਿਲਾਂ ਦਰਵਾਜ਼ਾ ਬੰਦ ਕੀਤਾ। ਫਿਰ ਝੱਟ ਹੀ ਚੁੰਨੀ ਪਾੜ ਕੇ ਰਾਜ ਦੀ ਬਾਂਹ ਦੁਆਲੇ ਲਪੇਟਣੀ ਸ਼ੁਰੂ ਕੀਤੀ। ਨਾਲੇ ਚੁੰਨੀ ਲਪੇਟੀ ਜਾਵਾਂ, ਨਾਲੇ ਰੋਈ ਜਾਵਾਂ। ਜ਼ਖ਼ਮੀ ਰਾਜ ਨੂੰ ਹੋਂਸਲਾ ਦੇਣ ਦੀ ਬਜਾਏ, ਉਸ ਨੂੰ ਤਾਅਨੇ-ਮਿਹਣੇ ਦੇਣ ਲੱਗ ਪਈ। “ਆਹ ਕੁੱਝ ਦਿਖਾਉਣ ਨੂੰ ਮੈਨੂੰ ਜਹਾਜ਼ ’ਚ ਲਿਆਂਦਾ ਸੀ। ਜਿੱਦਣ ਦੀ ਆਈ ਹਾਂ, ਸਿਰ ਚੱਕਰ ਖਾਂਦਾ ਰਹਿੰਦਾ ਹੈ। ਸਾਰਾ ਜਹਾਜ਼ ਡਿੱਕ-ਡੋਲੇ ਖਾਂਦਾ ਰਹਿੰਦੈ। ਕੈਬਿਨ ’ਚੋਂ ਬਾਹਰ ਨਿਕਲਣ ਨੂੰ ਜੀਅ ਨਹੀਂ ਕਰਦਾ। ਚਾਰ-ਚੁਫੇਰੇ ਪਾਣੀ ਹੀ ਪਾਣੀ। ਏਥੇ ਨਾ ਕੋਈ ਧਰਤੀ ਦਿਸਦੀ ਹੈ, ਨਾ ਦਰੱਖ਼ਤ, ਨਾ ਕੋਈ ਜਨੌਰ, ਨਾ ਬੰਦਾ। ਮੈਨੂੰ ਤਾਂ ਹਰ ਵਕਤ ਹੌਲ ਪੈਂਦੇ ਰਹਿੰਦੇ ਨੇ ਬਈ ਕਿਤੇ ਏਥੇ ਪਾਣੀ ’ਚ ਹੀ ਨਾ ਡੁੱਬ ਕੇ ਮਰ ਜਾਈਏ। ਏਥੇ ਕਿਹੜੇ ਅਰਥੀਆਂ ਨੂੰ ਮੋਢੇ ਲੱਗਣਗੇ, ਕਿਹੜੇ ਸਸਕਾਰ ਹੋਣਗੇ, ਕਿਹੜੇ ਫੁੱਲ ਚੁਗੇ ਜਾਣਗੇ। ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕਿ ਮੈਂ ਜਹਾਜ਼ ’ਚ ਨਹੀਂ ਜਾਣਾ। ਅਖੇ ਕੋਈ ਨੀ, ਘੁੰਮ ਕੇ ਦੁਨੀਆਂ ਦੇਖਾਂਗੇ, ਆਹ ਦਿਖਾ ਹੀ ਦੁਨੀਆਂ।”

“ਪੁੱਤ ਤੂੰ ਐਨਾ ਬੋਲਣ ਲੱਗ ਗਈ?” ਹੈਰਾਨੀ ਨਾਲ ਮਾਂ ਨੇ ਪੁੱਛਿਆ।

“ਮੈਂ ਖ਼ੁਦ ਹੈਰਾਨ ਸੀ ਮਾਂ ਕਿ ਮੈਨੂੰ ਕੀ ਹੋ ਗਿਆ। ਮੈਂ ਲਗਾਤਾਰ ਬੋਲੀ ਜਾ ਰਹੀ ਸੀ, ਝਗੜ ਰਹੀ ਸੀ ਪਰ ਰਾਜ ਚੁੱਪ ਸੀ। ਮੈਂ ਕੁੱਝ ਵੀ ਬੋਲੀ ਜਾਂਦੀ ਸੀ ਤੇ ਨਾਲੇ ਰੋਈ ਜਾਂਦੀ ਸੀ।”

ਰਾਜ ਥੋੜ੍ਹਾ ਖਿਝ ਗਿਆ, “ਜੀਤੀ ਕਿਉਂ ਕਮਲੀ ਹੋਈ ਏਂ। ਆਪਾਂ ਕਿਹੜਾ ਜਹਾਜ਼ ਵਿੱਚ ਇਕੱਲੇ ਹਾਂ। ਆਪਣੇ ਨਾਲ ਹੋਰ ਵੀ ਸਾਰੇ ਲੋਕ ਨੇ। ਜਿਹੜੀ ਹੋਰਾਂ ਨਾਲ ਹੋੋੋੋੋੋਊ, ਉਹੀ ਆਪਣੇ ਨਾਲ। ਤੂੰ ਹੌਂਸਲਾ ਰੱਖ।”

ਮੈਂ ਫਿਰ ਬੋਲਣ ਲੱਗ ਪਈ, “ਰਾਜ ਇਹ ਵੀ ਕੋਈ ਜ਼ਿੰਦਗੀ ਐ। ਕੀ ਨੌਕਰੀ ਹੈ ਇਹ। ਆਹ ਐਨੀ ਵੱਡੀ ਗੱਲ ਹੋ ਗਈ। ਕੋਈ ਭੈਣ-ਭਰਾ, ਚਾਚਾ-ਤਾਇਆ ਹੈ ਏਥੇ, ਜੀਹਦੇ ਨਾਲ ਗੱਲ ਕਰ ਸਕੀਏ। ਕੋਈ ਦੁੱਖ ਸਾਂਝਾ ਕਰ ਸਕੀਏ। ਕਿਸੇ ਮਾਂ, ਭੂਆ, ਮਾਸੀ, ਚਾਚੀ, ਤਾਈ ਦੇ ਗਲ ਲੱਗ ਸਕੀਏ। ਭਾਵੇਂ ਰੋ ਕੇ ਹੀ ਸਹੀ ਪਰ ਆਪਣਾ ਢਿੱਡ ਤਾਂ ਕਿਸੇ ਕੋਲ ਹੌਲਾ ਕਰ ਸਕੀਏ।”

“ਕੋਈ ਨੀ ਮਰਨ ਲੱਗਾ ਮੈਂ, ਐਵੇਂ ਨਾ ਦਿਲ ਛੋਟਾ ਕਰੀ ਜਾ। ਸੋਚਿਆ ਹੀ ਨਹੀ ਸੀ ਬਈ ਸਾਲੇ ਇੰਝ ਵੀ ਜਹਾਜ਼ ਵਿੱਚ ਆ ਵੜਨਗੇ। ਇਹ ਤਾਂ ਪਤਾ ਹੀ ਬਾਅਦ ਵਿੱਚ ਲੱਗਾ, ਬਈ ਕੰਜਰ ਦੇ ਡਾਕੂ ਨੇ। ਨਹੀਂ ਮੈਂ ਕਾਹਨੂੰ ਪੰਗਾ ਲੈਂਦਾ। ਆਪੇ ਸਾਲੇ ਲੁੱਟਮਾਰ ਕਰਕੇ ਚਲੇ ਜਾਂਦੇ।” ਰਾਜ ਹੋਰ ਖਿਝ ਗਿਆ।

ਮੈਂ ਵੀ ਹੋਰ ਖਿਝ ਗਈ, “ਅਜੇ ਤਾਂ ਬਾਂਹ 'ਤੇ ਹੀ ਜ਼ਖ਼ਮ ਹੈ, ਸਿਰ ’ਚ ਹੋ ਜਾਂਦਾ ਫੇਰ। ਰੱਬ ਨਾ ਕਰੇ ਅੱਜ ਤੁਹਾਨੂੰ ਕੁੱਝ ਹੋ ਜਾਂਦਾ ਤਾਂ ਮੈਂ ਕੀ ਕਰਦੀ? ਕਿਵੇਂ ਇੰਡੀਆ ਵਾਪਸ ਜਾਂਦੀ? ਇਕੱਲੀ ਕਿਹੜੇ ਘਰ ਜਾ ਕੇ ਵੜਦੀ, ਕਦੇ ਸੋਚਿਐ? ਮੈਨੂੰ ਨਹੀਂ ਪਤਾ, ਅਗਲੀ ਬੰਦਰਗਾਹ ’ਤੇ ਜਹਾਜ਼ ਛੱਡੋ ਤੇ ਘਰ ਚੱਲੋ।” ਮੈਂ ਲਗਾਤਾਰ ਬਹਿਸੀ ਜਾ ਰਹੀ ਸਾਂ।

“ਜੀਤੀ ਬਾਹਰ ਡਾਕੂਆਂ ਦਾ ਹੱਲਾ ਪਿਐ, ਏਧਰ ਤੂੰ ਮੇਰੇ ਨਾਲ ਸਿਰ ਖਪਾਈ ਸ਼ੁਰੂ ਕਰਤੀ। ਲੁੱਟਮਾਰ ਕਰਕੇ ਚਲੇ ਜਾਣਗੇ, ਬਾਅਦ ’ਚ ਦੇਖਦੇ ਹਾਂ। ਐਨਾ ਭਾਵੁਕ ਹੋ ਕੇ ਜ਼ਿੰਦਗੀ ਨਹੀਂ ਨਿਕਲਦੀ। ਪਤੈ ਜਹਾਜ਼ ’ਚ ਕਿੰਨੇ ਡਾਲਰ ਮਿਲਦੇ ਨੇ। ਫਿਰ ਉਨ੍ਹਾਂ ਨੂੰ ਪੰਜਾਹ ਨਾਲ ਹੋਰ ਗੁਣਾ ਕਰਦੇ, ਐਨੇ ਰੁਪਏ ਬਣਦੇ ਨੇ। ਕੀ ਕਰਾਂਗੇ ਇੰਡੀਆ ਜਾ ਕੇ। ਜੇ ਮਾੜੀ-ਮੋਟੀ ਨੌਕਰੀ ਮਿਲ ਵੀ ਗਈ ਤਾਂ ਉਹਦੇ ’ਚ ਕੀ ਰਾਸ਼ਨ ਖਰੀਦਾਂਗੇ, ਕੀ ਕੱਪੜਾ-ਲੀੜਾ, ਦਵਾਈਆਂ ਤੇ ਅੱਗੇ ਬੱਚਿਆਂ ਦੇ ਖਰਚੇ। ਹੋਰ ਬਥੇਰੇ ਖਰਚੇ ਨੇ। ਉਹਦੇ 'ਚ ਤਾਂ ਤੇਰੀਆਂ ਪਾਊਡਰ-ਕਰੀਮਾਂ ਹੀ ਨੀ ਪੂਰੀਆਂ ਹੋਣੀਆਂ।”

ਪੋਡਰ-ਕਰੀਮਾਂ ਸੁਣ ਮੈਨੂੰ ਹੋਰ ਗੁੱਸਾ ਆ ਗਿਆ, “ਰਾਜ ਮੈਨੂੰ ਕੁੱਝ ਨਹੀਂ ਚਾਹੀਦਾ, ਬੰਦੇ ਨਾਲ ਹੀ ਸਭ ਕੁੱਝ ਚੰਗਾ ਲਗਦੈ। ਤੂੰ ਸਮਝਦਾ ਕਿਉਂ ਨਹੀਂ? ਮੇਰਾ ਮਨ ਬਹੁਤ ਡਰ ਰਿਹਾ ਹੈ। ਹੁਣ ਇੱਥੇ ਭੋਰਾ ਵੀ ਜੀਅ ਨਹੀਂ ਲੱਗਦਾ। ਸਮੁੰਦਰ ਵੀ ਦੇਖ ਲਏ, ਦੁਨੀਆਂ ਵੀ ਦੇਖ ਲਈ, ਤੈਨੂੰ ਕਦੇ ਨੀ ਕਹਿੰਦੀ ਬਈ ਬਾਹਰ ਘੁੰਮਾ ਕੇ ਲਿਆ। ਚੰਡੀਗੜ੍ਹ ਘੁੰਮ ਕੇ ਸਮਝ ਲਿਆ ਕਰਾਂਗੇ, ਸਾਰੀ ਦੁਨੀਆਂ ਘੁੰਮ ਲਈ। ਸੁਖਨਾ ਝੀਲ ਦੇ ਕਿਨਾਰੇ ਬੈਠ ਸਮਝ ਲਿਆ ਕਰਾਂਗੇ ਸਾਰੀ ਦੁਨੀਆਂ ਦੇ ਬੀਚ ਘੁੰਮ ਲਏ। ਚੱਲ ਪੰਜਾਬ ਚੱਲੀਏ। ਨੌਕਰੀ ਛੱਡ ਕੇ ਮੈਨੂੰ ਤਾਂ ਪਟਿਆਲੇ ਲੈ ਚੱਲ ਬੱਸ।”

“ਜੀਤੀ, ਅਸੀਂ ਕਿਉਂ ਨੌਕਰੀ ਛੱਡੀਏ। ਜਿਸਦਾ ਇਹ ਜਹਾਜ਼ ਹੈ, ਇਹ ਬਹੁਤ ਵੱਡੀ ਕੰਪਨੀ ਹੈ। ਮਸਾਂ ਇਸ ਕੰਪਨੀ ਵਿੱਚ ਨੌਕਰੀ ਮਿਲੀ ਹੈ। ਮੈਂ ਨੌਕਰੀ ਛੱਡ ਵੀ ਦੇਵਾਂ ਤਾਂ ਨਾਲ ਦੀ ਨਾਲ ਏਥੇ ਕੋਈ ਹੋਰ ਦੂਸਰਾ ਅਫ਼ਸਰ ਆ ਜਾਵੇਗਾ। ਨੌਕਰੀ ਲਈ ਕੰਪਨੀ ਦਫ਼ਤਰਾਂ ਵਿੱਚ ਲਾਈਨਾਂ ਲੱਗੀਆਂ ਰਹਿੰਦੀਆਂ ਨੇ। ਕੰਪਨੀ ਨੂੰ ਕੋਈ ਫ਼ਰਕ ਨੀ ਪੈਣ ਲੱਗਾ ਪਰ ਜੀਤੀ ਮੈਨੂੰ ਫ਼ਰਕ ਪੈਂਦਾ ਹੈ। ਬਹੁਤ ਵੱਡਾ ਫ਼ਰਕ, ਸਮਝ ਇਸ ਗੱਲ ਨੂੰ। ਨੌਕਰੀ ਵਿੱਚੋਂ ਛੱਡ ਕੇ ਜਾਵਾਂਗਾ ਤਾਂ ਦੁਬਾਰਾ ਕੰਪਨੀ 'ਚ ਨੌਕਰੀ ਮੁਸ਼ਕਿਲ ਹੋ ਜਾਏਗੀ। ਕਿਸੇ ਹੋਰ ਕੰਪਨੀ ਕੋਲ ਜਾਵਾਂਗਾ, ਉਹ ਸੋਚਣਗੇ, ਐਨੀ ਵੱਡੀ ਕੰਪਨੀ ’ਚ ਕੰਮ ਨੀ ਕੀਤਾ, ਕੋਈ ਗੱਲ ਹੈ, ਸਾਡੇ ਕੋਲ ਕੀ ਕਰੇਗਾ। ਇਹ ਵੱਡੀਆਂ ਕੰਪਨੀਆਂ ਕੋਲ ਸਭ ਰਿਕਾਰਡ ਹੁੰਦੇ ਹਨ।”

“ਵੱਡੀਆਂ ਕੰਪਨੀਆਂ ਨੂੰ ਕੀ ਚੱਟੀਏ, ਆਪਣੀ ਜ਼ਿੰਦਗੀ ਨਾਲੋਂ ਕੁੱਝ ਵੀ ਵੱਡਾ ਨਹੀਂ ਹੁੰਦਾ। ਤੂੰ ਆਪ ਹੀ ਕਹਿ ਰਿਹਾ ਹੈਂ ਕਿ ਇਨ੍ਹਾਂ ਕੰਪਨੀਆਂ ਨੂੰ ਕੋਈ ਫ਼ਰਕ ਨੀ ਪੈਂਦਾ ਪਰ ਰਾਜ ਮੈਨੂੰ ਪੈਂਦਾ ਹੈ। ਤੇਰੇ ਬਿਨਾਂ ਮੈਂ ਜੀਅ ਨਹੀਂ ਸਕਦੀ।” ਅੱਗੇ ਮੈਥੋਂ ਬੋਲ ਨਾ ਹੋਇਆ ਤੇ ਹੋਰ ਰੋਣ ਲੱਗ ਪਈ।

“ਐਨਾ ਦੁੱਖ ਤੂੰ ਕੱਲੀ ਨੇ ਝੱਲਿਆ ਧੀਏ! ਹੇ ਵਾਹਿਗੁਰੂ, ਹੇ ਮਾਲਕਾ, ਬੱਚੀ ’ਤੇ ਰਹਿਮ ਕਰਦਾ, ਅਸੀਂ ਤਾਂ ਫੁੱਲਾਂ ਵਾਂਗੂੰ ਰੱਖੀ ਸੀ, ਐਨਾ ਇਹ ਕਿੱਥੇ ਝੱਲਣ ਜੋਗੀ ਸੀ।” ਸੁਣ-ਸੁਣ ਮਾਂ ਦਾ ਕਲੇਜਾ ਬਹਿੰਦਾ ਜਾ ਰਿਹਾ ਸੀ। “ਹੋਰ ਮਾਂ, ਸੱਚੀਂ ਉਹ ਤਾਂ ਕੋਈ ਘੜੀ ਹੀ ਮਾੜੀ ਸੀ। ਰਾਜ ਪੂਰੀ ਤਲਖ਼ੀ ਵਿੱਚ ਆ ਗਿਆ, “ਕਹਿੰਦਾ ਤੂੰ ਮੈਨੂੰ ਚੰਗੇ-ਭਲੇ ਨੂੰ ਹੀ ਮਾਰੀ ਜਾਨੀ ਐਂ। ਸਮੁੰਦਰਾਂ ’ਚ ਰੋਜ਼ ਕਿਧਰੇ ਨਾ ਕਿਧਰੇ ਐਕਸੀਡੈਂਟ ਹੁੰਦੇ ਨੇ, ਡਾਕੇ ਵੀ ਪੈਂਦੇ ਰਹਿੰਦੇ ਨੇ, ਜਹਾਜ਼ ਵੀ ਡੁਬਦੇ ਨੇ, ਕਦੇ ਮੌਤ ਵੀ ਹੋ ਜਾਂਦੀ ਹੈ, ਇਹ ਕੋਈ ਨਵੀਂ ਗੱਲ ਨਹੀਂ। ਕੀ ਪੰਜਾਬ ’ਚ ਐਕਸੀਡੈਂਟ ਨੀ ਹੁੰਦੇ? ਚੋਰੀਆਂ ਡਾਕੇ ਨੀ ਪੈਂਦੇ? ਲੋਕ ਨੀ ਮਰਦੇ? ਇਹ ਦੁਨੀਆਂ ਐਵੇਂ ਹੀ ਚੱਲੀ ਜਾਂਦੀ ਐ, ਚੱਲੀ ਜਾਣ ਦੇ।”

ਪਰ ਮੈਂ ਵੀ ਕਿੱਥੇ ਚੁੱਪ ਹੋਣਾ ਸੀ। ਫੇਰ ਗੁੱਸਾ ਚੜ੍ਹ ਗਿਆ। ਪਤਾ ਨੀ ਉਸ ਦਿਨ ਮੈਨੂੰ ਕੀ ਹੋ ਗਿਆ ਕਿ ਹੋਰ ਬਹਿਸਣ ਲੱਗੀ, “ਮੈਨੂੰ ਪਤੈ ਹਰ ਥਾਂ ਲੋਕ ਮਰਦੇ ਨੇ ਪਰ ਅਸੀਂ ਏਥੇ ਇਸ ਹਾਲਾਤ ਵਿੱਚ ਕਿਉਂ ਮਰੀਏ। ਸਾਡੇ ਮਾਪੇ ਐਨੇ ਗਏ-ਗੁਜ਼ਰੇ ਤਾਂ ਨਹੀਂ ਕਿ ਸਾਨੂੰ ਕੱਫਣ ਵੀ ਨਾ ਜੁੜੂ।”

“ਸ਼ਟ-ਅੱਪ ਯਾਰ, ਜੋ ਮੂੰਹ ਆਇਆ ਬੇ-ਅਕਲਾਂ ਦੀ ਤਰ੍ਹਾਂ ਬਕੀ ਜਾਂਦੀ ਐਂ। ਹੋਰ ਕਿਸੇ ਦਾ ਫ਼ਿਕਰ ਈ ਨੀ।” ਰਾਜ ਜ਼ੋਰ-ਜ਼ੋਰ ਦੀ ਚਿੱਲਾਉਣ ਲੱਗਾ ਤੇ ਉਸ ਦੀਆਂ ਅੱਖਾਂ ਵਿੱਚ ਲਾਲੀ ਆ ਗਈ।

ਫੇਰ ਮੈਂ ਚੁੱਪ ਕਰ ਗਈ ਤੇ ਉਸ ਦੀ ਛਾਤੀ ’ਤੇ ਸਿਰ ਰੱਖ ਕੇ ਡੁਸਕਣ ਲੱਗ ਗਈ, ਹੋਰ ਕੀ ਕਰਦੀ। ਐਨੇ ਨੂੰ ਕੈਬਿਨ ਦੇ ਦਰਵਾਜ਼ੇ ’ਤੇ ਐਨਾ ਜ਼ੋਰ ਦੀ ਧੱਕਾ ਵੱਜਾ ਕਿ ਉੱਚੀ ਖੜਾਕ ਹੋਇਆ। ਦਰਵਾਜ਼ੇ ਦਾ ਪੱਲਾ ਠਾਹ ਕਰਕੇ ਖੁੱਲ੍ਹ ਗਿਆ। ਬਾਹਰ ਕਈ ਡਾਕੂ ਖੜ੍ਹੇ ਸਨ। ਵੇਖ ਕੇ ਮੇਰੀ ਚੀਕ ਨਿਕਲ ਗਈ। ਰਾਜ ਤਾਂ ਪਹਿਲਾਂ ਹੀ ਜ਼ਖ਼ਮੀ ਸੀ। ਦੋ ਜਣਿਆਂ ਨੇ ਤੁਰੰਤ ਕਾਬੂ ਕਰ ਲਿਆ। ਘੜੀਸ ਕੇ ਬਾਹਰ ਲੈ ਗਏ। ਮੈਂ ਨਾਲ ਜਾਣ ਲਈ ਤੜਫ਼ੀ। ਉੱਚੀ-ਉੱਚੀ ਰੋਣ ਲੱਗੀ। ਚੀਕਾਂ ਮਾਰੀਆਂ ਪਰ ਡਾਕੂਆਂ ਇੱਕ ਨਾ ਸੁਣੀ ਤੇ ਮੈਨੂੰ ਉੱਥੇ ਹੀ ਰੋਕ ਲਿਆ। ਰਾਜ ਨੇ ਵੀ ਬਹੁਤ ਜਾਨ ਤੁੜਾਈ। ਬਹੁਤ ਰੌਲਾ ਪਾਇਆ ਪਰ ਉਹ ਉਸਨੂੰ ਖਿੱਚ ਕੇ ਲੈ ਗਏ।

“ਫਿਰ ਇੱਕ ਡਾਕੁ ਨੇ ਮੇਰੇ ’ਤੇ ਗੰਨ ਤਾਣ ਲਈ ਤੇ ਚਿੱਲਾਇਆ, ‘ਸਭ ਸੋਨਾ ਤੇ ਡਾਲਰ ਬਾਹਰ ਕੱਢੋ।’ ਸਾਹਮਣੇ ਖੜ੍ਹੇ ਭੱਦੀ ਜੀ ਸ਼ਕਲ ਵਾਲੇ ਖ਼ੌਫ਼ਨਾਕ ਡਾਕੂ ਦੇ ਇਹ ਸ਼ਬਦ ਸੁਣ ਕੇ ਮੈਂ ਕੰਬਣ ਲੱਗ ਪਈ। ਪਸੀਨੋ-ਪਸੀਨਾ ਹੋ ਗਈ। ਮੇਰੇ ਦੋਵੇਂ ਹੱਥ ਕਦੋਂ ਉਸ ਸਾਹਮਣੇ ਜੁੜ ਗਏ, ਮੈਨੂੰ ਕੁੱਝ ਯਾਦ ਨੀ। ਮੈਂ ਉਸ ਤੋਂ ਕੋਈ ਭੀਖ ਮੰਗ ਰਹੀ ਸੀ, ਕਾਹਦੀ? ਆਪਣੀ, ਆਪਣੇ ਸੋਨੇ ਦੀ, ਰਾਜ ਦੀ ਜਾਂ ਕਿਸੇ ਹੋਰ ਗੱਲ ਦੀ, ਕੁੱਝ ਪਤਾ ਨੀ। ਸ਼ਾਇਦ ਡਰ ਦੀ ਮਾਰੀ ਦੇ ਹੀ ਹੱਥ ਜੁੜ ਗਏ ਸੀ। ਮੈਂ ਆਪਣੀ ਹੋਸ਼ ਖੋ ਬੈਠੀ ਸੀ”।

“ਵਾਹਿਗੁਰੂ... ਵਾਹਿਗੁਰੂ। ਧੀਏ ਐਨਾ ਕੁੱਝ ਹੋ ਗਿਆ ਤੇ ਤੂੰ ਅੱਜ ਤੱਕ ਕੁੱਝ ਨੀ ਦੱਸਿਆ। ਐਡੀ ਵੱਡੀ ਗੱਲ ਢਿੱਡ ਵਿੱਚ ਲਈ ਬੈਠੀ ਹੈਂ। ਤੇਰੀਆਂ ਗੱਲਾਂ ਸੁਣ-ਸੁਣ, ਡਰ ਤਾਂ ਮੈਨੂੰ ਲੱਗੀ ਜਾਂਦੈ, ਤੂੰ ਤਾਂ ਡਰਨਾ ਹੀ ਸੀ। ਤੂੰ ਕਿਸੇ ਨਾਲ ਤਾਂ ਗੱਲ ਕਰਦੀ। ਐਸੀ ਗੱਲ ਤੇਰੇ ਡੈਡੀ ਨੂੰ ਜ਼ਰੂਰ ਦੱਸਣੀ ਬਣਦੀ ਸੀ।”

“ਬੱਸ ਮੰਮੀ, ਫਿਰ ਮੈਂ ਡਰਦੀ ਨੇ ਆਪਣਾ ਸਾਰਾ ਸੋਨਾ, ਕੈਸ਼, ਕੈਬਿਨ ਵਿੱਚ ਪਿਆ ਹੋਰ ਕੀਮਤੀ ਸਾਮਾਨ, ਸਭ ਕੁੱਝ ਉਨ੍ਹਾਂ ਡਾਕੂਆਂ ਨੂੰ ਫੜਾ ’ਤਾ। ਫੇਰ ਉਹ ਮੈਨੂੰ ਵੀ ਖਿੱਚ ਕੇ ਕੈਬਿਨ ’ਚੋਂ ਬਾਹਰ ਲੈ ਗਏ ਤੇ ਜਹਾਜ਼ ਦੀ ਮੈਸ, ਜਿੱਥੇ ਰੋਟੀ ਖਾਂਦੇ ਹੁੰਦੇ ਸੀ, ਵਿੱਚ ਲਿਜਾ ਸੁੱਟਿਆ। ਕੁੱਝ ਬੰਦੇ ਪਹਿਲਾਂ ਉੱਥੇ ਸੀ, ਜੋ ਜਹਾਜ਼ ਦੇ ਸਟਾਫ਼ ਦੇ ਬੰਦੇ ਸੀ। ਜਹਾਜ਼ ਦੇ ਸਟਾਫ਼ ਨੂੰ ਦੇਖ ਕੇ, ਉਨ੍ਹਾਂ ਕੋਲ ਆ ਕੇ ਮੇਰੀ ਜਾਨ ਵਿੱਚ ਜਾਨ ਆਈ। ਕੁੱਝ ਕੁ ਸੁਰਤ ਸੰਭਲੀ।

ਫੇਰ ਮੈਂ ਦੇਖਿਆ, ਇੱਕ ਕੋਨੇ ’ਚ ਰਾਜ ਆਪਣਾ ਸਿਰ ਗੋਡਿਆਂ ਵਿੱਚ ਦੇਈ ਬੈਠਾ ਸੀ। ਮੈਂ ਭੱਜ ਕੇ ਜਾ ਉਸ ਨੂੰ ਚਿੰਬੜ ਗਈ ਤੇ ਉੱਚੀ-ਉੱਚੀ ਰੋਣ ਲੱਗੀ। ਮੈਨੂੰ ਦੇਖਦੇ ਹੀ ਜਿਵੇਂ ਉਸ ਵਿੱਚ ਜਾਨ ਆ ਗਈ। ਉਸ ਦੀ ਧਾਅ ਨਿਕਲ ਗਈ ਤੇ ਕਾਫ਼ੀ ਦੇਰ ਇੱਕ-ਦੂਜੇ ਦੇ ਗਲ ਨੂੰ ਚਿੰਬੜੇ ਅਸੀਂ ਰੋਂਦੇ ਰਹੇ।”