ਸਮੱਗਰੀ 'ਤੇ ਜਾਓ

ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼/(ਨ)

ਵਿਕੀਸਰੋਤ ਤੋਂ

ਧੁਪ: ਧੋਤੇ
ਕਪੜੇ ਧੁਪ ਗਏ ਹਿਨ, ਸੁਕਣੇ ਪਾ ਡੇਸੋ।
(ਕਪੜੇ ਧੋਤੇ ਗਏ ਹਨ, ਸੁਕਣੇ ਪਾ ਦਿਉਗੇ)
ਧੂੰ: ਧੂੰਆਂ
ਧੂੰ ਹੀ ਧੂੰ ਥੀ ਗਿਐ ਤੇ ਸਾਹ ਹੀ ਨਹੀਂ ਆਂਦਾ।
(ਧੂੰਆਂ ਹੀ ਧੂੰਆਂ ਹੋ ਗਿਆਂ ਹੈ, ਸਾਹ ਹੀ ਨਹੀਂ ਆ ਰਿਹਾ)
ਧਰੂ/ਧਰੂਈ ਵੰਞ: ਧੂ/ਧੂਈ ਜਾ
ਢੀਂਗਰ ਧਰੂ ਘਿਧਈ ਤਾਂ ਘਰ ਤੱਕ ਧਰੁਈ ਵੰਞ।
(ਝਾਫਾ ਧੂ ਲਿਆ ਹਈ ਤਾਂ ਘਰ ਤੱਕ ਧੂਈ ਜਾ)
ਧ੍ਰੇਕ: ਡੇਕ
ਧ੍ਰੇਕ ਨਿੰਮ ਵਰਗੀ ਹੇ, ਉਹੀ ਪਤੇ ਦੇ ਤ੍ਰੈ ਪਤਰ।
(ਡੇਕ ਨਿੰਮ ਵਰਗੀ ਹੈ, ਉਹੀ ਪੱਤੇ ਦੇ ਤਿੰਨ ਪਤਰ)
ਧੋਣ/ਧੋ ਵੱਟ: ਧੋਣ ਦੀ ਰਹਿੰਦ
ਕਪੜੇ ਧੋਣ ਪਿਛੂੰ ਧੋਣ/ਧੋਵਟ ਨਾ ਵੀਟੀਂ।
(ਕੱਪੜੇ ਧੋਣ ਪਿਛੋਂ ਧੋਣ ਦੀ ਰਹਿੰਦ ਖੂੰਦ ਨਾ ਡੋਲ੍ਹੀ)
ਧੌਲਰ: ਉਚੇ ਮਹਿਲ
ਨਾ ਰਹੇ ਧੌਲਰ ਤੇ ਨਾ ਉਨ੍ਹਾਂ ਕੂੰ ਬਨਾਣ ਵਾਲੇ।
(ਨਾ ਰਹੇ ਉਚੇ ਮਹਿਲ ਤੇ ਨਾਂ ਉਨ੍ਹਾਂ ਨੂੰ ਬਨਾਣ ਵਾਲੇ)

(ਨ)


ਨ :ਨਹੀਂ
ਕਰਤਾ ਸਮੇਤ: ਨਮ੍ਹ: ਉਤਮ ਪੁਰਖ ਇਕ ਵਚਨ (ਮੈਂ ਨਮ੍ਹ ਕੀਤਾ-ਨਹੀਂ ਕੀਤਾ)
ਨਿਸੈ: ਉਤਮ ਪੁਰਖ ਬਹੁਵਚਨ (ਅਸਾਂ ਨਿਸੇ ਕੀਤਾ-ਨਹੀਂ ਕੀਤਾ)
ਨਿਵੀ-ਨਹੀਂ ਕੀਤਾ ਮਧਮ ਪੁਰਖ ਇਕ ਵਚਨ
ਨਿਵੇ-ਨਹੀਂ ਕੀਤਾ ਮਧਮ ਪੁਰਖ ਬਹੁਵਚਨ
ਨਿਸ-ਨਹੀਂ ਕੀਤਾ: ਹੋਰ ਪੁਰਖ ਇਕ ਵਚਨ ਨਿਨ੍ਹੇ ਥੀਂਦਾ-ਨਹੀਂ ਹੁੰਦਾ (ਕਰਮਣੀ)
ਨਿਨ੍ਹੇ-ਨਹੀਂ ਕੀਤਾ: ਹੋਰ ਪੁਰਖ ਬਹੁਵਚਨ ਨਿਨ੍ਹ ਕਰੀਂਦੇ-ਨਹੀਂ ਨੇ ਕਰਦੇ
ਨਿਨਾਂਹੀ ਮੰਨੀਂਦੇ ਨਹੀਂ ਜੇ ਮੰਨਦੇ
ਨਹਾਰੀ/ਨਿਹਾਰੀ: ਛਾਹ ਵੇਲਾ
ਆਪਣੀ ਨਹਾਰੀ/ਨਿਹਾਰੀ ਤਾਂ ਕਰ ਘਿੱਧੀ ਹੇ, ਡੰਗਰਾਂ ਦੀ ਕਡੂੰ ਕਰੇਸੇਂ।
(ਆਪਣਾ ਛਾਹ ਵੇਲਾ ਤਾਂ ਕਰ ਲਿਆ, ਡੰਗਰਾਂ ਦਾ ਕਦੋਂ ਕਰੋਗੇ)
ਨਹਿਸ਼/ਨੈਸ਼/ਨੈਛ: ਮਾੜੀ ਘਟਨਾ ਦਾ ਸੰਦੇਸ਼ਕ
ਜੈਕੂੰ ਵਡਲੇ ਨਾਲ ਨਾਂਗ ਡਿਸੇ ਨਹਿਸ਼/ਨੈਸ਼/ਨੈਛ ਹੂੰਦੈ।
(ਜੀਹਨੂੰ ਸਵੇਰੇ ਨਾਲ ਸੱਪ ਦਿਸੇ, ਮਾੜੀ ਘਟਨਾਂ ਦਾ ਸੁਨੇਹਾ ਹੋਂਵਦੈ)

ਨਹੇਰਨਾ: ਨਹੁੰ ਕੱਟਣ ਵਾਲਾ
ਭਾਊ ਨਾਈਆ, ਤੈਂਡਾ ਨਹੇਰਨਾ ਘੱਸਿਆ ਪਿਐ।
(ਬਾਈ ਨਾਈ, ਤੇਰਾ ਨਹੁੰ ਕੱਟਣਾ ਖੁੰਡਾ ਹੋਇਆ ਪਿਐ)
ਨਕੱਟਾ: ਵੱਢੇ ਨੱਕ ਵਾਲਾ
ਤੈਂ ਮੰਦੇ ਕਾਰੇ ਕਰਕੇ ਨੱਕ ਕਪਾ, ਨਕੱਟਾ ਥੀਵਣਈ।
(ਤੂੰ ਮਾੜੇ ਕੰਮਾਂ ਕਰਕੇ ਨੱਕ ਵਢਾ ਕੇ ਨੱਕ-ਵੱਢਾ ਬਣਨਾ ਹਈ)
ਨਗੌਰੀ: ਟਹੁਰ ਵਾਲਾ
ਵੱਡਿਆ ਨਗੌਰੀਆ, ਚਾਰ ਓਰਾਂ ਬਾਕੀ ਹੋਸਨੀਆ।
(ਵੱਡੀ ਟੌਹਰ ਵਾਲਿਆ, ਚਾਰ ਓੜਾਂ ਬਾਕੀ ਰਹਿੰਦੀਆਂ ਹੋਣੀਆਂ ਨੇ)
ਨਗੰਦੇ: ਰਜਾਈ/ਗੱਦੇ ਦੇ ਟਾਂਕੇ
ਸੀਰਕ ਤੇ ਤਲਾਈ ਦੇ ਨਗੰਦੇ ਵਿਰਲੇ ਕਿਉਂ ਪਾਏ ਹਿਨੀ।
(ਰਜ਼ਾਈ ਤੇ ਗੱਦੇ ਦੇ ਟਾਂਕੇ ਵਿਰਲੇ ਵਿਰਲੇ ਕਿਉਂ ਪਾਏ ਨੇ)
ਨੰਘ ਆ: ਲੰਘ ਆ
ਬਾਹਿਰ ਕਿਊਂ ਖਲੌਤੈਂ, ਓਪਰੈਂ, ਅੰਦਰ ਨੰਘ ਆ।
(ਬਾਹਰ ਕਿਉਂ ਖੜੈਂ, ਬਿਗਾਨਾ ਹੈਂ, ਅੰਦਰ ਲੰਘ ਆ)
ਨਜੂਮੀ: ਜੋਤਸ਼ੀ
ਨਜੂਮੀ ਗਲਾਂ ਵਿਚ ਤ੍ਰਿੱਖੇ ਹੋਵਨ, ਗਲਾਂ ਵਿਚ ਭਰਮਾ ਡੇਵਿਣ।
(ਜੋਤਸ਼ੀ ਗਲਾਂ ਵਿਚ ਤਿਖੇ ਹੁੰਦੇ ਨੇ, ਗਲੀਂ ਗਈਂ ਭਰਮਾ ਦੇਣ)
ਨਜ਼ਲਾ: ਹਰਖ
ਕਰੀਂਦਾ ਤਾਂ ਕਾਈ ਹੈ ਤੇ ਨਜ਼ਲਾ ਕੈਂਹ ਬੈਅ ਤੇ ਝੜੇ।
(ਕਰਦਾ ਤਾਂ ਕੋਈ ਹੈ ਤੇ ਹਰਖ ਕਿਸੇ ਹੋਰ ਤੇ ਨਿਕਲੇ)
ਨਜਾਤ: ਛੁਟਕਾਰਾ
ਜਰੀਮਾਨਾ ਤਾਰਿਐ ਤਾਂ ਭਿਰਾ ਕੂੰ ਨਜਾਤ ਡਿਵਾਈ ਹੇ।
(ਜੁਰਮਾਨਾ ਤਾਰਿਐ ਤਾਂ ਭਰਾ ਨੂੰ ਛੁੱਟਕਾਰਾ ਦਿਵਾਇਐ)
ਨਜ਼ੂਲ: ਸ਼ਹਿਰ ਵਿਚ ਸਰਕਾਰੀ ਥਾਂ
ਨਜ਼ੂਲ ਝਾਵਾਂ ਤੇ ਪਾਈਆਂ ਝੁੱਗੀਆਂ ਤੁਰੜੀਂਦੇ ਵੱਦੇਨ।
(ਸ਼ਹਿਰ ਦੀਆਂ ਸਰਕਾਰੀ ਥਾਂ ਤੇ ਪਾਈਆਂ ਝੁੱਗੀਆ ਤੋੜਦੇ ਫਿਰਦੇ ਨੇ)
ਨੱਥਣੇ/ਨੁੱਥਣੇ; ਉੱਠਾਂ ਦੀਆਂ ਨਾਸਾਂ
ਉੱਠ ਦੇ ਨਥਣੇ/ਨੁਥਣੇ ਵਿਨੂੰਹ ਤੇ ਲਾਟੀ ਪਾਊ।
ਉੱਠ ਦੀਆਂ ਨਾਸਾਂ ਵਿੰਨੀਏ ਤੇ ਲਾਟੀ ਪਾਈਏ)
ਨਦਾਮਤ: ਪਛਤਾਵਾ
ਤੋਏ ਤੋਏ ਕਰਾ ਘਿਧੀ ਹਿਸ, ਹੁਣ ਨਦਾਮਤ ਵਿਚ ਸਿਰ ਨਹੀਂ ਪੈਂਦਾ।
(ਲਾਹਨਤਾ ਪਵਾ ਬੈਠੇ, ਪਛਤਾਵੇ ਵਿਚ ਸਿਰ ਨਹੀਂ ਚੁਕਦਾ)
ਨਦਾਰਦ ਲਾਪਤਾ/ਦਰਲੱਭ/ਗਾਇਬ
ਬਾਜ਼ਾਰ ਚੂੰ ਅਜ ਕਲ ਮਿਟੀ ਦਾ ਤੇਲ ਨਦਾਰਦ ਹੇ।
(ਬਜ਼ਾਰ ਵਿਚੋਂ ਅਜ ਕਲ ਮਿੱਟੀ ਦਾ ਤੇਲ ਗਾਇਬ ਹੈ)

ਨੱਪ ਫੜ
ਕਿੱਡੇ ਭੱਜੀ ਵੈਂਦੀ ਹੇ, ਡੱਕ। ਗੁੱਟ ਨੱਪ ਤੇ ਛਿਕ ਘਿਨਾ।
(ਕਿਧਰ ਭੱਜੀ ਜਾਂਦੀ ਹੈ, ਰੋਕ ! ਗੁੱਟ ਫੜ ਤੇ ਖਿੱਚ ਲਿਆ)
ਨਫ਼ਸ/ਨਫ਼ਸਾਨੀ: ਕਾਮ/ਕਾਮੀ
ਨਫ਼ਸ ਦਾ ਮਾਰਿਆ, ਨਫ਼ਸਾਨੀ ਕੁਕਰਮ ਕਰੇਸੀ।
(ਕਾਮ ਦਾ ਸਤਾਇਆ, ਕਾਮੀ ਕਰਤੂਤਾਂ ਕਰੂਗਾ)
ਨਫ਼ਰ: ਸੇਵਾਦਾਰ
ਅਫ਼ਸਰ ਥੀ ਗਿਐਂ, ਅਗੂੰ ਕੇਈ ਨਫ਼ਰ ਹੋਸਨੀਆ।
(ਅਫਸਰ ਬਣ ਗਿਐਂ, ਤੇਰੇ ਅਗੇ ਕਈ ਸੇਵਾਦਾਰ ਹੋਣੇ ਹਨ)
ਨਬੀ: (ਇਸਲਾਮ ਵਿਚ) ਰੱਬ ਦਾ ਦੂਤ
ਅੱਜ ਕਲ ਨਬੀ ਰਸੂਲ ਦੀ ਨਸੀਹਤ ਤੇ ਕਡੂੰ ਟੁਰਦੇ ਹਿਨ।
(ਅਜਕਲ ਰੱਬ ਦੇ ਦੂਤ ਦੀ ਸਿਖਿਆ ਤੇ ਕਦੋਂ ਚਲਦੇ ਨੇ)
ਨਮਦਾ: ਚਮੜੀ
ਨਮਦਾ ਖੁਸ਼ਕ ਥਈ ਪਈ ਹੇ, ਤੇਲ ਮਲੇਸ।
(ਚਮੜੀ ਰੁੱਖੀ ਹੋਈ ਪਈ ਹੈ, ਤੇਲ ਦੀ ਮਾਲਸ਼ ਕਰੋ)
ਨਮਿੱਤਣ ਦੇ ਨਾਮ ਕਰਨਾ
ਸਾਰੀ ਮੂੜੀ, ਮਾਲ ਮੱਤਾ, ਪੈਲੀ ਤੈਕੂੰ ਨਮਿਤਣ ਕਰਨਾ।
(ਸਾਰੀ ਪੂੰਜੀ, ਮਾਲ ਮੱਤਾ, ਪੈਲੀ ਤੇਰੇ ਨਾਮ ਕਰਦਾ ਹਾਂ)
ਨਰਦ: ਪਾਸੇ (ਸ਼ਤਰੰਜ ਦੇ ਮੁਹਰੇ)
ਕੀਤਾ ਤਾਂ ਚੰਗੇ ਕੂੰ ਹਮ, ਨਰਦਾਂ ਪੂਣੀਆਂ ਪੈ ਗਈਆਂ।
(ਕੀਤਾ ਤਾਂ ਮੈਂ ਚੰਗੇ ਨੂੰ ਸੀ, ਪਾਸੇ ਪੁੱਠੇ ਪੈ ਗਏ)
ਨਵੇਲਾ/ਨਵੇਲੀ: ਲਾੜਾ/ਲਾੜੀ
ਨਵੇਲੇ, ਨਵੇਲੀਆਂ ਸੈਲਾਂ ਤੇ ਵੈਂਦੇ ਹਿਨ।
(ਲਾੜੇ-ਲਾੜੀਆਂ ਸੈਰਾਂ ਤੇ ਜਾਂਦੇ ਹੁੰਦੇ ਨੇ)
ਨਾਂ ਪਾਉਣਾ: ਖਾਤੇ ਵਿਚ ਲਿਖਣਾ
ਰੋਕ ਨਕਦੀ ਘੱਟ ਗਈ ਹੇ, ਸੌਦਾ ਨਾ ਪਾ ਡੇ।
(ਰੋਕ ਨਕਦੀ ਘਟ ਗਈ ਹੈ, ਸੌਦਾ ਖਾਤੇ ਵਿਚ ਲਿਖ ਦੇ)
ਨਾਸਾਂ: ਨਥਨੇ (ਨੱਕ ਦੀਆਂ ਸਾਹ ਨਾਲੀਆਂ)
ਡੁਹੀ ਨਾਸਾਂ ਬੰਦ ਥਈਆਂ ਪਈਆਂ ਹਿਨ।
(ਦੋਵੇਂ ਨਥਨੇ ਰੁਕੇ ਪਏ ਹਨ)
ਨਾਸੂਰ: ਰਿਸਦਾ ਜ਼ਖ਼ਮ
ਰੋਜ਼ ਮੀਂਹ ਦਾ ਕਲੇਸ਼ ਮੈਕੂੰ ਰੂਹ ਦਾ ਨਾਸੂਰ ਲਗਦੈ।
(ਰੋਜ਼ ਰੋਜ਼ ਦਾ ਕਲੇਸ ਮੇਰੇ ਮਨ ਤੇ ਰਿਸਦਾ ਜ਼ਖਮ ਹੈ)
ਨਾਹਕ/ਨਾਹੱਕ:ਐਂਵੇਂ/ਨਜਾਇਜ਼
ਜੈਂ ਪਾਪ ਕੀਤੈ ਊਕੂੰ ਪੁੱਛੋ, ਮੈਕੂੰ ਨਾਹਕ/ਨਾਹੱਕ ਡਕਦੇ ਹੋ।
(ਜਿਸ ਪਾਪ ਕੀਤੈ ਉਸ ਨੂੰ ਪੁੱਛੋ, ਮੈਨੂੰ ਐਂਵੇਂ ਰੋਕਦੇ ਹੋ)

ਨਾਹਲ/ਨਿਉਲ: ਉੱਠ ਦੀ ਪੈਰ-ਕੜੀ
ਉੱਠਾਂ ਕੀ ਨਾਹਲ/ਨਿਉਲ ਮਾਰ ਡੇਵੋ, ਹਨੇਰੀ ਵਿਚ ਭੱਜ ਨੇ ਵੰਞਿਨ।
(ਉੱਠਾਂ ਦੀਆਂ ਪੈਰ ਕੜੀਆਂ ਜੜ ਦਿਉ, ਹਨੇਰੀ ਵਿੱਚ ਦੌੜ ਨਾ ਜਾਣ)
ਨਾਖ: ਨਾਸ਼ਪਾਤੀ
ਨਾਖਾਂ ਚੂੰ ਖੱਟਾ-ਮਿੱਠਾ ਡੁਹੀਂ ਰਸ ਨਿਕਲਦੇ ਹਿਨ।
(ਨਾਸ਼ਪਾਤੀਆਂ ਵਿਚੋਂ ਖੱਟਾ-ਮਿੱਠਾ ਦੋਹੇਂ ਰਸ ਨਿਕਲਦੇ ਨੇ)
ਨਾਂਗ: ਸੱਪ/ਨਾਗ
ਨਾਂਗ ਤਾਂ ਲੰਘ ਗਿਐ, ਲਕੀਰਾਂ ਕੁਟਦੇ ਰਾਹਸੋ।
(ਨਾਗ ਤਾਂ ਲੰਘ ਗਿਆ ਹੈ, ਲਕੀਰ ਨੂੰ ਕੁਟਦੇ ਰਹੋਗੇ)
ਨਾਜ਼ਨੀਨ: ਨਖ਼ਰੇਲੋ
ਤੜਿੰਗ ਕੀਊ ਥੀਂਦੀ, ਜਗ ਵਿਚ ਨਾਜ਼ਨੀਨਾਂ ਦੀ ਕੋਈ ਤੋਟ ਹੇ।
(ਆਕੜ ਨਾ, ਜਗ ਵਿਚ ਨਖਰੇਲਿਆਂ ਦੀ ਕੋਈ ਘਾਟ ਹੈ)
ਨਾਜ਼ਲ ਹੋਣਾ: (ਕਹਿਰ) ਢਹਿਣਾ
ਰਹਿਮ ਕਰੋ ਹਾਕਮੋਂ, ਕਿਥਾਹੀਂ ਕੁਦਰਤ ਦਾ ਕਹਿਰ ਨਾਜ਼ਲ ਹੋ ਵੈਸੀ।
(ਹਾਕਮੋ, ਤਰਸ ਕਰੋ, ਕਿਤੇ ਕੁਦਰਤ ਦਾ ਕਹਿਰ ਨਾ ਢਹਿ ਪਵੇ)
ਨਾਦ: ਗੂੰਜ
ਮੰਦਰਾਂ ਦੇ ਸੰਖਾਂ ਤੇ ਮਸੀਤਾਂ ਦੀ ਨਮਾਜ਼ ਦੇ ਨਾਦ ਕਿਤੇ ਭਿੜ ਨਾ ਪਵਣ।
(ਮੰਦਰਾਂ ਦੇ ਸੰਖਾਂ ਤੇ ਮਸੀਤਾਂ ਦੀ ਅਜ਼ਾਨ ਦੀਆਂ ਗੂੰਜਾਂ ਕਿਤੇ ਲੜ ਨਾ ਪੈਣ)
ਨਾਮ: ਸ਼ਰਮਿੰਦਾ
ਨਾਜ਼ਮ ਦੇ ਲੁੱਚ-ਪਉ ਪਿਛੂੰ ਸਰਕਾਰ ਨਾਦਮ ਥਈ ਪਈ ਹੇ।
(ਰਾਜਪਾਲ ਦੇ ਲੱਚ-ਪਉ ਕਰਕੇ ਸਰਕਾਰ ਸ਼ਰਮਿੰਦਾ ਹੋਈ ਪਈ ਹੈ)
ਨਾਦਰ ਵਿਰਲੀ
ਸਮਾਜ ਚੂੰ ਸੇਵਾ ਤੇ ਨੇਕੀ ਨਾਦਰ ਹੋ ਰਹੀ ਹੇ।
(ਸਮਾਜ ਵਿਚੋਂ ਸੇਵਾ ਤੇ ਨੇਕੀ ਵਿਰਲੀ ਹੁੰਦੀ ਜਾ ਰਹੀ ਹੈ)
ਨਾਨਬਾਈ: ਰਸੋਈਆ/ਰਸੋਈਅਨ
ਛਾਉਣੀ ਦਾ ਨਾਨਬਾਈ ਕੋਈ ਡੀਹਾਂ ਤੂੰ ਨਦਾਰਦ ਹੇ।
(ਛਾਉਣੀ ਦਾ ਰਸੋਈਆ, ਕਈ ਦਿਨਾਂ ਤੋਂ ਗਾਇਬ ਹੈ)
ਨਾਫ਼/ਨੇਫ਼ਾ:ਧੁੰਨੀ/ਧੁੰਨੀ ਤੇ ਬੰਨ੍ਹਣ ਵਾਲਾ ਨਾਲੇ ਦਾ ਘਰ/ਨਿਉਂਗ)
ਨੇਫ਼ੇ ਦਾ ਨਾੜਾ, ਨਾਫ਼ ਤੂੰ ਹੇਠੂੰ ਬੰਨ, ਢਿਢ ਵੱਡਾ ਹੇਈ ਨਾ।
(ਨਿਊਂਗ ਵਾਲਾ ਨਾਲਾ ਧੁੰਨੀ ਤੋਂ ਹੇਠਾ ਬੰਨ੍ਹ, ਢਿੱਡ ਵੱਡਾ ਹਈ ਨਾਂ)
ਨਾਮਾਕੂਲ ਤਰਕ ਰਹਿਤ
ਨਾਮਾਕੂਲ ਦਲੀਲ ਕੌਣ ਮਨੇਸੀ।
(ਤਰਕ ਰਹਿਤ ਦਲੀਲ ਕੌਣ ਮੰਨੂਗਾ)
ਨਾਰਾ: ਪਹਿਲਾ ਗਾੜਾ ਦੁੱਧ
ਗਾਂ ਦੇ ਨਾਰੇ ਦੀ ਬਹੁਲੀ ਤੇ ਮਾਂ ਦੇ ਨਾਰੇ ਦੀ ਚੁੰਘਾਈ, ਅੰਮ੍ਰਿਤ ਹੋਵੇ।
(ਗਾਂ ਦੇ ਗਾੜ੍ਹੇ ਦੁਧ ਦੀ ਬਹੁਲੀ ਤੇ ਮਾਂ ਦੀ ਪਹਿਲੀ ਚੁੰਘਾਈ, ਅੰਮ੍ਰਿਤ ਹੋਵਣ)


ਨਾੜ: ਨਬਜ਼
ਬਸ, ਡੇਖੋ ਹੁਣ ਤਾਂ ਨਾੜਾਂ ਵੀ ਖੜ ਗਈਆ ਹਿਨ।
(ਬਸ, ਵੇਖੋ ਹੁਣ ਤੇ ਨਬਜ਼ਾਂ ਵੀ ਬੰਦ ਹੋ ਗਈਆਂ ਨੇ)
ਨਾੜੂ: ਨਾੜੂਆ
ਵਡੀ ਦਾਈ ਬਣੀ ਵੱਦੀ ਹੇ, ਨਾੜੂ ਕਪਣਾ ਤਾਂ ਆਂਦਾ ਨਿਸ।
(ਵੱਡੀ ਦਾਈ ਬਣੀ ਫਿਰਦੀ ਹੈ, ਨਾੜੂਆ ਟੁੱਕਣਾ ਤਾਂ ਆਉਂਦਾ ਨਹੀਂ ਸੂ)
ਨਿਉਂ/ਨਿਵ: ਝੁੱਕ
ਅਜ਼ਾਦੀ ਦੇ ਸ਼ਹੀਦਾ ਕੂੰ ਨਿਉਂ/ਨਿਵ ਕੇ ਸਲਾਮ ਕਰੂੰ।
(ਅਜ਼ਾਦੀ ਦੇ ਸ਼ਹੀਦਾਂ ਨੂੰ ਝੁੱਕ ਕੇ ਪ੍ਰਨਾਮ ਕਰੀਏ)
ਨਿਉਂਗ ਨੇਫ਼ਾ-ਦੇਖੋ ਨਾਫ਼
ਨਿਉਲ: ਪੈਰ ਕੜੀ -ਦੇਖੋ ਨਾਹਲ
ਨਿਆਜ਼: ਚੜ੍ਹਾਵਾ
ਨਿਆਜ਼ ਤੇ ਨਮਾਜ਼ ਦੀ ਬਕਾਇਦਗੀ, ਮੌਲਵੀਆਂ ਲਈ ਮੌਜਾਂ।
(ਚੜ੍ਹਾਵੇ ਤੇ ਨਮਾਜ਼ ਬਕਾਇਦਾ ਹੋਵੇ ਤਾਂ ਮੁੱਲਾਂ ਮੌਲਵੀਆਂ ਦੀ ਮੌਜ)
ਨਿਆਮਤ: ਕੀਮਤੀ ਵਸਤੁ/ਬਖਸ਼ੀਸ਼
ਨੈਣਾਂ ਦੀ ਨਜ਼ਰ ਤੇ ਮੱਥੇ ਦਾ ਨੂਰ, ਇਲਾਹੀ ਨਿਆਮਤਾਂ ਨੇ।
(ਅੱਖਾਂ ਦੀ ਨਜ਼ਰ ਤੇ ਮੱਥੇ ਦਾ ਨੂਰ ਰੱਬੀ ਬਖਸ਼ੀਸ਼ਾਂ ਹਨ)
ਨਿਸ: ਰਾਤ
ਨਿਸ ਤੇ ਡੀਹ ਦਾ ਗੇੜਾ ਖਲਕਤ ਕੂੰ ਟੁਰਦਾ ਰੱਖੇ।
(ਨਿਸ-ਦਿਨ/ਦਿਨ ਤੇ ਰਾਤ ਦਾ ਚਕਰ ਲੁਕਾਈ ਨੂੰ ਤੁਰਦਾ ਰਖਦਾ ਹੈ)
ਨਿਸ਼ਠੁਰ: ਬੇਦਰਦ
ਨਿਸ਼ਠੁਰ ਮਾਹੀ ਰੁੱਸਿਆ ਵੱਦੈ, ਕਿਹੜੇ ਹੀਲੇ ਮਨਾਵਾਂ।
(ਬੇਦਰਦ ਮਾਹੀ ਰੁੱਸਿਆ ਫਿਰਦਾ ਹੈ, ਕਿਹੜੇ ਯਤਨ ਮਨਾਵਾਂ)
ਨਿਸਤਾਰਾ: ਨਿਬੇੜਾ
ਝੇੜਾ ਵਧਾਈ ਬੈਠਿਨ, ਨਿਸਤਾਰਾ ਕੌਣ ਕਰੇਸੀ।
(ਝਗੜਾ ਵਧਾਈ ਬੈਟੇ ਨੇ, ਨਿਬੇੜਾ ਕੌਣ ਕਰੂਗਾ)
ਨਿਸਬਤ: ਮੁਕਾਬਲੇ ਵਿਚ
ਗੁਨਾਹਾਂ ਦੇ ਨਿਸਬਤ ਸਜ਼ਾ ਤਾਂ ਕੁਝ ਨਿਸ ਮਿਲੀ।
(ਗੁਨਾਹਾਂ ਦੇ ਮੁਕਾਬਲੇ ਵਿਚ ਸਜ਼ਾ ਤਾਂ ਕੁਝ ਨਹੀਂ ਮਿਲੀ)
ਨਿਸਰੀ: ਮਿਸ਼ਰੀ ਕਾਲਪੀ; ਕੂਜਾ
ਕਾਲਪੀ ਨਿਸਰੀ ਮੰਗਦੈ, ਕਾਈ ਨਹੀਂ ਪਈ।
(ਕੂਜਾ ਮਿਸ਼ਰੀ ਮੰਗਦੈ, ਹੈ ਨਹੀਂ)
ਨਿਸਾਰ: ਨਿਕਾਸੀ
ਟਿੰਡਾਂ ਦਾ ਨਿਰਮਲ ਨੀਰ, ਨਿਸਾਰ ਚੂੰ ਚਮਕਦਾ ਨਿਕਲਦੈ।
(ਟਿੰਡਾਂ ਦਾ ਨਿਰਮਲ ਨੀਰ, ਨਿਕਾਸੀ ਵਿਚੋਂ ਚਮਕਦਾ ਨਿਕਲ ਰਿਹਾ ਹੈ)

ਨਿੱਜੀ: ਨੱਕ ਦਾ ਚੂਹਾ
ਹਰ ਵੇਲੇ ਨਿੱਜੀਆਂ ਕਢਣ ਕੂੰ ਉਂਗਲ ਨਾਸ ਵਿਚ ਰਾਂਧੀ ਹੇਈ।
(ਹਰ ਵੇਲੇ ਚੂਹੇ ਕੱਢਣ ਨੂੰ ਉਂਗਲ ਨਾਸ ਵਿਚ ਰਹਿੰਦੀ ਹਈ)
ਨਿੰਦਰ/ਨੀਂਦਰ: ਨੀਂਦ
ਏਹ ਕਿਹਾ ਝੋਰਾ ਲਗੈ, ਨਿੰਦਰ/ਨੀਂਦਰ ਨਹੀਂ ਪੂੰਦੀ।
(ਅਜਿਹੀ ਚਿੰਤਾ ਪਈ ਹੈ, ਨੀਂਦ ਹੀ ਨਹੀਂ ਪੈਂਦੀ)
ਨਿੱਧ/ਨਿਧਾਨ/ਨਿੱਧੀ: ਖ਼ਜ਼ਾਨਾ
ਕਿਰਪਾ ਨਿਧਾਨ, ਕੈਂਹ ਨਿਧ/ਨਿੱਧੀ ਦਾ ਦਰ ਖੁਲੇਸੀ।
(ਕਿਰਪਾ ਦਾ ਖਜ਼ਾਨਾ, ਕਿਸੇ ਖ਼ਜ਼ਾਨੇ ਦੇ ਬੂਹੇ ਖੋਲ੍ਹੇਗਾ)
ਨਿਨਾਣ: ਨਣਦ
ਨਿਨਾਣ ਦੇ ਹੱਥ ਪੀਲੇ ਕਰ ਟੁਰੇਸਾਂ ਤੇ ਸੁਰਖੁਰੂ ਥੀਸਾਂ।
(ਨਣਦ ਦੇ ਹੱਥ ਪੀਲੇ ਕਰ ਤੋਰੂੰਗੀ ਤੇ ਸੁਰਖੁਰੂ ਹੋਵਾਂਗੀ)
ਨਿਨਾਵੇ: ਗੜੇ
ਰਾਤੀਂ ਨਿਨਾਵੇਂ ਪਏ ਹਿਨ ਤੇ ਹੈ ਉਨ੍ਹਾ ਕੀ ਠੰਢ ਹੇ।
(ਰਾਤੀਂ ਗੜੇ ਪਏ ਨੇ, ਇਹ ਤਾਂ ਉਨ੍ਹਾਂ ਦੀ ਠੰਡ ਹੈ)
ਨਿੱਪਟ: ਥੋੜਾ/ਸਿਰੇ ਦਾ
ਮੋਟੀ ਥੀਂਦੀ ਆਧੀ ਹੇ, ਅਹਾਰ ਨਿੱਪਟ ਹੇ, ਨਿੱਪਟ ਖੇਖਣ।
(ਮੋਟੀ ਹੁੰਦੀ ਜਾਂਦੀ ਕਹੇ, ਖਾਂਦੀ ਥੋੜਾ ਹਾਂ। ਸਿਰੇ ਦਾ ਪਖੰਡ)
ਨਿਰਨੇ: ਖਾਲੀ ਪੇਟ
ਨਿਰਨੇ ਕਾਲਜੇ ਹੀ ਢੇਰ ਭਾਰ ਚਾਈ, ਧਰਣ ਪੈ ਗਈ ਹੋਸੀ।
(ਖਾਲੀ ਪੇਟ ਹੀ ਬਾਹਲਾ ਭਾਰ ਚੁਕਿਆਈ, ਧਰਣ ਪੈ ਗਈ ਹੋਊ)
ਨਿਵੇਂ: ਨਿਉਂ/ਝੁਕਕੇ-ਦੇਖੋ ਨਿਉਂ
ਨੀਂਗਰ: ਲਾੜਾ ਮੁੰਡਾ
ਲਗਨ ਦਾ ਵੇਲਾ ਥੀ ਗਿਐ, ਨੀਂਗਰ ਕੂੰ ਖਾਰੇ ਬੁਲਾਹੋ।
(ਸੰਜੋਗ ਦਾ ਸਮਾਂ ਹੋ ਗਿਆ ਹੈ, ਲਾੜੇ ਨੂੰ ਵੇਦੀ ਕੋਲ ਬਿਠਾਓ)
ਨੀਨੀ: ਚੂਹੇ ਦੀ ਮੀਂਗਣ
ਏਡੇ ਚੂਹੇ ਵਦੇ ਹਿਨ, ਨੀਨੀਆਂ ਨਾਲ ਬਿਸਤਰਾਂ ਭਰਿਆ ਪਿਐ।
(ਐਨੇ ਚੁਹੇ ਫਿਰਦੇ ਨੇ, ਮੀਂਗਣਾਂ ਨਾਲ ਬਿਸਤਰਾ ਭਰਿਆ ਪਿਆ ਹੈ)
ਨੁਖਾਉਣਾ: ਨਵਜਨਮੇ ਨੂੰ ਮਿੱਠਾ ਲਾਉਣਾ
ਭਾਗਾਂ ਆਲਾ ਆਇਐ, ਸੱਡੋ ਡਾਡੀ ਕੂੰ, ਨੁਖਾਵੇ।
(ਭਾਗਾਂ ਵਾਲਾ ਆਇਐ, ਸੱਦੋ ਦਾਦੀ ਨੂੰ, ਮੂੰਹ ਨੂੰ ਮਿੱਠਾ ਲਾਵੇ)
ਨੁਗਦਾ: ਲੱਗ ਲਪੇਟ
ਦਵਾਈ ਕੁੱਟ ਘਿਧੀ ਹੇਈ, ਨੁਗਦਾ ਨਾ ਵੀਟੇਂ।
(ਦਵਾਈ ਕੁੱਟ ਲਈ ਹਈ, ਲੱਗ ਲਪੇਟ ਨਾ ਡੋਲ੍ਹੀਂ)
ਨੂਕਣ: ਨੱਕ ਵਿਚੋਂ ਬੋਲਦੀ/ਗੁਣ-ਗੁਣੀ
ਛੇਹਰ ਸੂਹਣੀ ਤਾਂ ਹੇ, ਬੋਲਦੀ ਕਿਵੇਂ ਹੈ, ਨੁਕਣ ਲਗਦੀ ਹੇ।
(ਕੁੜੀ ਸੋਹਣੀ ਤਾਂ ਹੈ, ਬੋਲਦੀ ਕਿਦਾਂ ਹੈ, ਗੁਣਗੁਣੀ ਲਗਦੀ ਹੈ)

ਨੂਟ: ਮੀਚ
ਅੱਖਾਂ ਨੂਟ ਕੇ ਕੌੜੀ ਦਵਾ ਲੰਘਾ, ਨਿੰਦਰ ਆ ਵੈਸੀ।
(ਅੱਖਾਂ ਮੀਚ ਕੇ ਕੌੜੀ ਦਵਾ ਲੰਘਾ ਲੈ, ਨੀਂਦ ਆ ਜਾਊ)
ਨੇਸ਼ ਪੱਟੀ: ਨਾਸ ਪੱਟਣੀ/ਫੇਟੀ ਪਾਉਣ ਵਾਲੀ ਫੇਟਣ
ਨੇਸ ਪੱਟੀ ਜਡੂੰ ਦੀ ਆਈ ਹੇ, ਪਰਵਾਰ ਪਾੜ ਸਟਿਅਸ।
(ਨਾਸ ਪੱਟੀ-ਫੇਟਣ- ਜਦੋਂ ਦੀ ਆਈ ਹੈ, ਪਰਵਾਰ ਪਾੜ੍ਹ ਦਿੱਤਾ ਹੈਸ)
ਨੇਜਾ ਨਿਉਜਾ
ਚੰਗੇ ਨੇਜੇ ਕੋਈ ਨਿਨ੍ਹੀ, ਹੇ ਤਾਂ ਹੌਕੇ ਪਏ ਹਿਨ।
(ਚੰਗੇ ਨਿਉਜੇ ਤੇਰੇ ਕੋਲ ਨਹੀਂ ਹਨ, ਇਹ ਤਾਂ ਹੌਕੇ ਦੇ ਰਹੇ ਨੇ)
ਨੌਬਤ: ਮੌਕਾ
ਡਰ ਨਾਹੀਂ, ਫੜੀਚੇ ਜਾਣ ਦੀ ਨੌਬਤ ਹੀ ਨਹੀਂ ਆਵਣੀ।
(ਡਰ ਨਾ, ਫੜੇ ਜਾਣ ਦਾ ਮੌਕਾ ਹੀ ਨਹੀਂ ਆਣਾ)

(ਪ)


ਪਉਸੀ: ਪਊਗੀ
ਓੜਕ ਤਾਂ ਗਲ ਨਿਪਟਾ ਕੇ ਝੇੜਾ ਮੁਕਾਵਣਾ ਪਉਸੀ।
(ਆਖਰ ਤਾਂ ਗਲ ਨਿਪਟਾ ਕੇ ਝਗੜਾ ਮੁਕਾਣਾ ਪਊਗਾ)
ਪਊਏ: ਖੜਾਵਾਂ
ਭਰਤ ਨੇ ਰਾਮ ਦੇ ਪਊਏ ਤਖਤ ਤੇ ਸਜਾਏ ਤੇ ਰਾਜਾਂ ਨਾ ਹੋਆ।
(ਭਰਤ ਨੇ ਰਾਮ ਦੀਆਂ ਖੜਾਵਾਂ ਤਖਤ ਤੇ ਸਜਾਈਆਂ ਤੇ ਰਾਜਾ ਨਾ ਬਣਿਆ)
ਪਸ: ਪੱਖ, ਪਸ ਚਾਵਣੀ: ਪੱਖ ਕਰਨਾ
ਡੇਧਾ ਵੰਞ, ਵੈਰੀ ਦੀ ਪਸ ਚਾਈ ਹੇਈ, ਸਵਾਦ ਡੇਸੂੰ।
(ਵੇਖਦਾ ਜਾ, ਦੁਸ਼ਮਣ ਦਾ ਪੱਖ ਕੀਤਾ ਹਈ, ਸੁਆਦ ਚਖਾਵਾਂਗੇ)
ਪਸ਼ਤੋ: ਔਖੀ ਲਿਖਿਤ/ਬੋਲੀ/ ਭਾਸ਼ਾ
ਢੇਰ ਭੈੜਾ ਲਿਖਿਐ, ਕਾਈ ਪਸ਼ਤੋ ਲਗਦੀ ਹੇ, ਪੜ੍ਹੀਦੀ ਹੀ ਨਹੀਂ।
(ਬਹੁਤ ਭੈੜੀ ਲਿਖਿਤ ਹੈ, ਕੋਈ ਪਸ਼ਤੋ ਲਗਦੀ ਹੈ, ਪੜ੍ਹਦੀ ਹੀ ਨਹੀਂ)
ਪਸੀਜਣਾ: ਹਮਦਰਦ ਹੋਣਾ
ਡੂੰਨ ਥਏ ਬੈਠੇ ਦੀ ਦਰਦ ਭਰੀ ਦਾਸਤਾਨ ਤੇ ਮਨ ਪਸੀਜ ਗਿਆ।
(ਸੁੰਨ ਹੋਏ ਬੈਠੇ ਦੀ ਦਰਦ ਭਰੀ ਕਹਾਣੀ ਤੇ ਮਨੋਂ ਹਮਦਰਦੀ ਹੋ ਗਈ)
ਪਸਲੇਟਾ: ਪਲਟੀ
ਝੋਟੇ ਪਸਲੇਟਾ ਜੋ ਘਿਧਾ, ਚਿੱਕੜ ਦੀ ਬੁਛਾੜ ਵੱਜੀ।
(ਝੋਟੇ ਨੇ ਪਲਟੀ ਜਿਉਂ ਮਾਰੀ, ਚਿੱਕੜ ਦਾ ਫੁਹਾਰਾ ਪਿਆ)
ਪਸਾਰ/ਪਸਾਰੀ: ਪੰਸਾਰ/ਪੰਸਾਰੀ
ਹਿੱਸ ਕਸਬੇ ਵਿਚ ਹਿੱਕ ਵਡੇ ਪਸਾਰੀ ਦਾ ਚੌਖਾ ਪਸਾਰ ਹੇ।
(ਇਸ ਕਸਬੇ ਵਿਚ ਇਕ ਵਡੇ ਪੰਸਾਰੀ ਦਾ ਵਾਹਵਾ ਪੰਸਾਰ ਹੈ)