ਸਮੱਗਰੀ 'ਤੇ ਜਾਓ

ਲੋਕ ਸਿਆਣਪਾਂ/ਭਾਗ ਦੂਜਾ

ਵਿਕੀਸਰੋਤ ਤੋਂ
ਲੋਕ ਸਿਆਣਪਾਂ  (2019) 
ਸੁਖਦੇਵ ਮਾਦਪੁਰੀ



ਭਾਗ ਦੂਜਾ
ਮੁਹਾਵਰੇ



ਪੰਨਾ



ਮੁਹਾਵਰੇ

ਉਸਤਰਿਆਂ ਦੀ ਮਾਲ਼ਾ-ਔਖਾ ਕੰਮ, ਦੁੱਖਾਂ ਦਾ ਘਰ।
ਉਸਤਾਦੀ ਕਰਨੀ-ਹੁਸ਼ਿਆਰੀ ਕਰਨੀ, ਧੋਖਾ ਕਰਨਾ, ਚਲਾਕੀ ਵਰਤਣੀ।
ਉਸੱਲ ਵੱਟੇ ਭੰਨਣੇ-ਬੇਅਰਾਮੀ ਹੋਣੀ, ਨੀਂਦ ਨਾ ਪੈਣੀ।
ਉਕਤਾ ਜਾਣਾ-ਕੰਮ ’ਚ ਮਨ ਨਾ ਲੱਗਣਾ, ਅੱਕ ਜਾਣਾ।
ਉਕਾਈ ਖਾ ਜਾਣਾ-ਗਲਤੀ ਲੱਗ ਜਾਣੀ, ਖੁੰਝ ਜਾਣਾ।
ਉੱਖਲ਼ੀ ਛੜਨਾ-ਚੰਗੀ ਤਰ੍ਹਾਂ ਭੁਗਤ ਸੁਆਰਨੀ, ਮਾਰ ਕੁਟਾਈ ਕਰਨਾ।
ਉੱਖਲੀ ਵਿੱਚ ਸਿਰ ਹੋਣਾ-ਔਖਾ ਕੰਮ ਸ਼ੁਰੂ ਕਰਨਾ, ਮੁਸੀਬਤ ਸਹੇੜਨੀ।
ਉੱਖੜ ਜਾਣਾ-ਮਨ ਨਾ ਲੱਗਣਾ, ਬਿਰਤੀ ਨਾ ਟਿਕਣੀ, ਟਿਕਾਣੇ ਤੋਂ ਪੁੱਟਿਆ ਜਾਣਾ।
ਉਂਗਲ਼ ਕਰਨੀ-ਅਜਾਈਂ ਤੁਹਮਤ ਲਾਉਣੀ, ਨੁਕਸ ਕੱਢਣਾ।
ਉਂਗਲ਼ ਧਰਨੀ-ਦੋਸ਼ ਲਾਉਣਾ, ਊਜ ਲਾਉਣੀ, ਪਸੰਦ ਕਰਨਾ।
ਉਂਗਲ਼ ਮੂੰਹ ਪਾਉਣੀ-ਕੋਈ ਗੱਲ ਸੁਣ ਕੇ ਹੈਰਾਨ ਹੋਣਾ, ਅਫ਼ਸੋਸ ਪ੍ਰਗਟ ਕਰਨਾ।
ਉਂਗਲਾਂ ਟੁਕਣਾ-ਮੂੰਹ 'ਚ ਉਂਗਲਾਂ ਪਾ ਕੇ ਹੈਰਾਨੀ ਜ਼ਾਹਿਰ ਕਰਨੀ।
ਉਂਗਲਾਂ ਤੇ ਨੱਚਣਾ-ਕਿਸੇ ਦੂਜੇ ਦੇ ਪ੍ਰਭਾਵ ਥੱਲ੍ਹੇ ਹੋਣਾ, ਬਿਨਾ ਸੋਚੇ ਸਮਝੇ ਦੂਜੇ ਦੇ ਕਹੇ 'ਤੇ ਕੰਮ ਕਰਨਾ।
ਉਂਗਲੀ ਤੇ ਨਚਾਉਣਾ-ਆਪਣੇ ਪਿੱਛੇ ਲਾ ਕੇ ਮਨ ਮਰਜ਼ੀ ਦੇ ਕੰਮ ਕਰਵਾਉਣੇ।
ਉਂਗਲੀ ਉਠਾਉਣੀ-ਭੈੜੀ ਨਿਗਾਹ ਨਾਲ ਵੇਖਣਾ, ਨੁਕਸਾਨ ਕਰਨਾ।
ਉੱਘ ਸੁੱਘ ਮਿਲਣੀ-ਸੂਹ ਲਗਣੀ, ਪਤਾ ਲੱਗ ਜਾਣਾ।
ਉੱਘਰ ਉੱਘਰ ਪੈਣਾ-ਜੋਸ਼ ’ਚ ਉਛਲ ਉਛਲ ਕੇ ਕਿਸੇ ਨੂੰ ਮਾਰਨਾ।
ਉੱਚੜ ਪੈੜੇ ਲੱਗਣਾ-ਪੈਰਾਂ ਥੱਲੇ ਅੱਗ ਬਲਣੀ, ਟਿਕ ਕੇ ਨਾ ਬਹਿਣਾ।
ਉੱਚਾ ਸਾਹ ਨਾ ਕੱਢਣਾ-ਦਬਿਆ ਰਹਿਣਾ, ਡਰਿਆ ਰਹਿਣਾ।


ਉੱਚਾ ਦੁਆਰਾ ਦੇਖਣਾ-ਅਮੀਰ ਘਰ ਲੱਭਣਾ।
ਉੱਚਾ ਨੀਵਾਂ ਬੋਲਣਾ-ਬੇਇਜ਼ਤੀ ਕਰਨੀ, ਮੰਦੇ ਚੰਗੇ ਬੋਲ ਬੋਲਣਾ, ਵੱਧ ਘੱਟ ਬੋਲਣਾ।
ਉੱਚਾ ਨੀਵਾਂ ਹੋਣਾ-ਲੜਾਈ ਝਗੜਾ ਹੋ ਜਾਣਾ, ਰੌਲ਼ਾ ਪੈ ਜਾਣਾ।
ਉੱਛਲ ਉੱਛਲ ਪੈਣਾ-ਸ਼ੇਖੀ ਮਾਰਨੀ,ਅਮੀਰੀ ਦਾ ਰੋਅਬ ਦਿਖਾਉਣਾ।
ਉਜਾੜ ਮੱਲਣੀ-ਘਰ ਬਾਰ ਛੱਡ ਕੇ ਸਾਧੂ ਹੋ ਜਾਣਾ।
ਉੱਠਣ ਬਹਿਣ ਹੋਣਾ-ਸੰਗਤ, ਮੇਲ ਜੋਲ, ਸਾਂਝ।
ਉਠਾ ਉਠਣਾ-ਸਰੀਰ ’ਤੇ ਫੋੜਾ ਨਿਕਲ਼ ਆਉਣਾ।
ਉੱਡ ਜਾਣਾ-ਖ਼ਤਮ ਹੋ ਜਾਣਾ, ਮੁਕ ਜਾਣਾ, ਭੱਜ ਜਾਣਾ।
ਉੱਡ ਉੱਡ ਪੈਣਾ-ਅੱਗੇ ਵੱਧ ਕੇ ਲੜਾਈ ਲੜਨੀ।
ਉੱਡਦਾ ਛਾਪਾ ਚੰਬੜਨਾ-ਐਵੇਂ ਦੀ ਬਦਨਾਮੀ ਹੋਣੀ, ਰਾਹ ਜਾਂਦੀ ਬਦਨਾਮੀ ਗਲ਼ ਪੈ ਜਾਣੀ।
ਉਡੀਕ ਉਡੀਕ ਬੁੱਢੇ ਹੋ ਜਾਣਾ-ਲੰਬਾ ਸਮਾਂ ਉਡੀਕਣਾ, ਆਸ ਮੁੱਕ ਜਾਣੀ, ਉਡੀਕ ਉਡੀਕ ਥੱਕ ਜਾਣਾ।
ਉਤਸ਼ਾਹ ਠੰਢਾ ਪੈ ਜਾਣਾ-ਹੌਸਲਾ ਪਸਤ ਹੋ ਜਾਣਾ, ਹੌਸਲਾ ਹਾਰ ਜਾਣਾ, ਹੌਸਲਾ ਢਹਿ ਜਾਣਾ, ਉਤਸ਼ਾਹ ਨਾ ਰਹਿਣਾ।
ਉਤਸ਼ਾਹ ਭਰਨਾ-ਹੌਸਲਾ ਵੱਧਣਾ, ਕੰਮ ਕਰਨ ਨੂੰ ਜੀ ਕਰਨਾ।
ਉਤਲੇ ਮੂੰਹੋਂ ਕਹਿਣਾ-ਦਿਲੋਂ ਨਾ ਆਖਣਾ, ਐਵੇਂ ਮੂੰਹ ਰੱਖਣ ਲਈ ਕਹਿ ਦੇਣਾ।
ਉਤਾਵਲੇ ਹੋਣਾ-ਕੋਈ ਕੰਮ ਕਰਨ ਲਈ ਕਾਹਲੇ ਪੈ ਜਾਣਾ।
ਉੱਤੇ ਡਿੱਗਣਾ-ਕਿਸੇ ਪਿੱਛੇ ਲੱਗਣਾ, ਵਾਧੂ ਦੀ ਵਡਿਆਈ ਕਰਨੀ, ਲੱਟੂ ਹੋਣਾ, ਕਿਸੇ ਲਈ ਆਪਣਾ ਸਭ ਕੁਝ ਵਾਰਨ ਲਈ ਤਿਆਰ ਹੋਣਾ।
ਉੱਥਲ ਪੁੱਥਲ ਮਚਾਉਣੀ-ਗੜਬੜ ਕਰਨੀ।
ਉਧੜ ਧੁੰਮੀ ਪਾਉਣੀ-ਰੌਲ਼ਾ ਰੱਪਾ ਪਾਉਣਾ।
ਉਧੜ ਧੁੰਮੀ ਮਚਾਉਣੀ-ਰੌਲ਼ਾਾ ਪਾਉਣਾ।
ਉਧੇੜ ਬੁਣ ਵਿੱਚ ਪੈਣਾ-ਸੋਚਾਂ ’ਚ ਡੁੱਬ ਜਾਣਾ, ਵਿਚਾਰਾਂ ਦੀ ਢਾਹ ਭੰਨ ਕਰਨਾ।
ਉਧੇੜ ਪੁਧੇੜ ਕਰਨਾ-ਢਾਹ ਕੇ ਫੇਰ ਬਨਾਉਣਾ।
ਉੱਨ ਲਾਹੁਣੀ-ਧੋਖਾ ਕਰਨਾ, ਆਮ ਲੋਕਾਂ ਨੂੰ ਧੋਖੇ ਨਾਲ਼ ਲੁੱਟਣਾ, ਪੈਸੇ ਕੱਠੇ ਕਰਨੇ।


ਉੱਨੀ ਇੱਕੀ ਦਾ ਫ਼ਰਕ ਹੋਣਾ-ਬਹੁਤ ਥੋੜ੍ਹਾ ਫ਼ਰਕ ਹੋਣਾ।
ਉਪੱਦਰ ਤੋਲਣਾ-ਵੱਡਾ ਝੂਠ ਮਾਰਨਾ, ਅਣਹੋਣਾ ਦੋਸ਼ ਲਾਉਣਾ।
ਉਪਮਾ ਦੇ ਪੁਲ਼ ਬੰਨ੍ਹਣੇ-ਸਿਫ਼ਤ ਕਰਨੀ, ਵਡਿਆਈ ਕਰਨੀ।
ਉੱਪਰ ਨਾ ਤੱਕ ਸਕਣਾ-ਸ਼ਰਮਸਾਰ ਹੋ ਜਾਣਾ, ਕਿਸੇ ਖੁਨਾਮੀ ਕਾਰਨ ਸਿਰ ਉੱਚਾ ਨਾ ਕਰਨਾ।
ਉਫ਼ ਨਾ ਕਰਨੀ-ਅੰਦਰੇ ਅੰਦਰ ਸਹਿ ਜਾਣਾ, ਸ਼ਕਾਇਤ ਨਾ ਕਰਨੀ, ਮੂੰਹੋਂ ਕੁਝ ਨਾ ਬੋਲਣਾ।
ਉਬਾਲ ਉੱਠਣਾ-ਜੋਸ਼ ਆਉਣਾ, ਹਿਰਦੇ ਅੰਦਰੋਂ ਵਿਚਾਰ ਉੱਠਣੇ।
ਉਬਾਲ ਆਉਣਾ-ਦੁੱਖ ਯਾਦ ਆਉਣਾ, ਮਨ ਭਰ ਆਉਣਾ।
ਉਬਾਲ ਕੱਢਣੇ-ਦਿਲ ਦਾ ਗ਼ੁੱਸਾ ਜ਼ਾਹਰ ਕਰਨਾ, ਭੜਾਸ ਕੱਢਣੀ।
ਉਬਾਲੇ ਖਾਣਾ-ਗ਼ੁੱਸੇ ਵਿੱਚ ਆ ਕੇ ਕਚੀਚੀਆਂ ਵੱਟਣੀਆਂ, ਗ਼ੁ੍ੱਸੇ ਵਿੱਚ ਤਿਲਮਲਾਉਣਾ।
ਉੱਭੋ ਸਾਹ ਲੈਣਾ-ਠੰਢੇ ਹਉਕੇ ਭਰਨੇ, ਆਪਣੇ ਦੱਬੇ ਜਜ਼ਬਿਆਂ ਨੂੰ ਹਾਉਕਿਆਂ ਰਾਹੀਂ ਪ੍ਰਗਟ ਕਰਨਾ।
ਉਮਰ ਪੱਕਣੀ-ਵੱਡੀ ਉਮਰ ਦਾ ਹੋ ਜਾਣਾ।
ਉਮਰਾਂ ਬੱਖੀ-ਸਾਰੀ ਉਮਰ, ਆਯੂ ਭਰ।
ਉਰੇ ਪਰੇ ਕਰਨਾ-ਏਧਰ ਓਧਰ ਕਰ ਦੇਣਾ, ਲਕੋ ਦੇਣਾ।
ਉਲਟੇ ਕਾਨੂੰਨ ਪੜ੍ਹਨਾ-ਬਿਨਾਂ ਮਤਲਬ ਦੇ ਗੱਲਾਂ ਕਰਨੀਆਂ, ਅਜਾਈਂ ਬਹਿਸ ’ਚ ਪੈਣਾ।
ਉਲਾਂਘਾਂ ਭਰਨੀਆਂ-ਛੇਤੀ ਛੇਤੀ ਅੱਗੇ ਵਧਣਾ, ਤਰੱਕੀ ਕਰਨੀ।
ਉੱਲੂ ਬਨਾਉਣਾ-ਦੂਜੇ ਨੂੰ ਮੂਰਖ ਬਨਾਉਣਾ।
ਉੱਲੂ ਸਿੱਧਾ ਕਰਨਾ-ਆਪਣੀ ਗਰਜ਼ ਪੂਰੀ ਕਰਨੀ, ਆਪਣਾ ਕੰਮ ਕੱਢਣਾ।
ਉੱਲੂ ਬੋਲਣਾ-ਉਜਾੜ ਹੋਣਾ, ਕਿਸੇ ਥਾਂ ਦੀ ਰੌਣਕ ਉੱਡ ਜਾਣੀ।
ਊਠ ਤੋਂ ਛਾਨਣੀ ਲਾਹੁਣੀ-ਜ਼ਿਆਦਾ ਖ਼ਰਚ ਦੇ ਬੋਝ ’ਚ ਦੱਬੇ ਵਿਅਕਤੀ ਦੀ ਨਾਂ ਮਾਤਰ ਸਹਾਇਤਾ ਕਰਨੀ।
ਊਠ ਦੇ ਮੂੰਹ ਜੀਰਾ ਦੇਣਾ-ਬਹੁਤਾ ਖਾਣ ਵਾਲੇ ਨੂੰ ਨਾਂ ਮਾਤਰ ਖਾਣ ਨੂੰ ਦੇਣਾ।
ਓਤ ਪੋਤ ਹੋਣਾ-ਘੁਲ਼ ਮਿਲ਼ ਜਾਣਾ, ਇਕਮਿਕ ਹੋਣਾ, ਘਣੇ ਸੰਬੰਧਾ ਪੈਦਾ ਕਰਨੇ।


ਓਪਰੇ ਪੈਰੀਂ ਖਲੋਣਾ-ਕਿਸੇ ਦੂਜੇ ਦੇ ਸਹਾਰੇ 'ਤੇ ਹੋਣਾ, ਆਪਣੇ ਪੈਰਾਂ 'ਤੇ ਨਾ ਖੜ੍ਹਨਾ।
ਓੜਾ ਨਾ ਰਹਿਣਾ-ਕਿਸੇ ਚੀਜ਼ ਦੀ ਘਾਟ ਨਾ ਰਹਿਣੀ, ਬਹੁਤਾਤ ਹੋਣੀ।


ਅਸ਼ ਅਸ਼ ਕਰਨਾ-ਵਡਿਆਈ ਕਰਨੀ, ਸਿਫ਼ਤਾਂ ਕਰਨੀਆਂ, ਸ਼ਾਬਾਸ਼ ਦੇਣੀ।
ਅਸਤਾਉਣਾ-ਕੰਮ ਕਰਦਿਆਂ ਥੋੜ੍ਹਾ ਸਮਾਂ ਅਰਾਮ ਕਰਨਾ, ਦਮ ਲੈਣਾ।
ਅਈਂ ਅਈਂ ਕਰਨਾ-ਮਿੰਨਤਾਂ ਕਰਨੀਆਂ, ਹਾੜ੍ਹੇ ਕਢਣੇ, ਤਰਲੇ ਪਾਉਣੇ।
ਅਸਮਾਨ ਸਿਰ 'ਤੇ ਚੁੱਕਣਾ-ਬਹੁਤ ਰੌਲ਼ਾ-ਰੱਪਾ ਪਾਉਣਾ, ਡੰਡ ਪਾਉਣੀ, ਬਹੁਤ ਉੱਚੀ ਬੋਲਣਾ, ਸ਼ੋਰ ਪਾਉਣਾ।
ਅਸਮਾਨੀਂ ਚੜ੍ਹਾਉਣਾ-ਬਹੁਤੀ ਵਡਿਆਈ ਕਰਨੀ, ਫੋਕੀ ਵਡਿਆਈ ਕਰਕੇ ਫੁਲਾ ਦੇਣਾ।
ਅਸਮਾਨ ਦੇ ਤਾਰੇ ਤੋੜਨੇ-ਫੜਾਂ ਮਾਰਨੀਆਂ, ਬੇਲੋੜੀ ਚਤੁਰਾਈ ਵਿਖਾਉਣੀ।
ਅਸਮਾਨ ਨਾਲ ਗੱਲਾਂ ਕਰਨਾ-ਕਿਸੇ ਇਮਾਰਤ ਜਾਂ ਬ੍ਰਿਛ ਆਦਿ ਦਾ ਬਹੁਤ ਉੱਚਾ ਹੋਣਾ।
ਅਸਮਾਨ ਨੂੰ ਟਾਕੀਆਂ ਲਾਉਣੀਆਂ-ਹੁਸ਼ਿਆਰੀ ਦਿਖਾਉਣੀ, ਚਤੁਰਾਈ ਵਾਲ਼ੀਆਂ ਗੱਲਾਂ ਕਰਨੀਆਂ।
ਅਸਮਾਨ ਵਿੱਚ ਚਮਕਣਾ-ਸਿੱਧੀ ਪ੍ਰਾਪਤ ਕਰਨੀ, ਮਸ਼ਹੂਰ ਹੋਣਾ।
ਅਸਮਾਨੋਂ ਗੋਲ਼ਾ ਪੈਣਾ-ਅਚਾਨਕ ਵਿਪਤਾ ਪੈ ਜਾਣੀ, ਮੁਸੀਬਤ ਵਿੱਚ ਫਸ ਜਾਣਾ।
ਅਸਰ ਹੇਠ ਹੋਣਾ-ਕਿਸੇ ਦੇ ਪ੍ਰਭਾਵ ਥੱਲ੍ਹੇ ਹੋਣਾ, ਡਰੇ ਰਹਿਣਾ।
ਅਸਲਾ ਦਖਾਉਣਾ-ਆਪਣਾ ਸਹੀ ਖਾਸਾ ਦਿਖਾਉਣਾ, ਅਸਲੀ ਸੁਭਾ ਦਾ ਪ੍ਰਗਟ ਕਰਨਾ।
ਅਹੰਕਾਰ ਟੁੱਟਣਾ-ਕਾਰੋਬਾਰ ਵਿੱਚ ਤਬਾਹ ਹੋ ਜਾਣਾ, ਕਿਸੇ ਖੁਨਾਮੀ ਕਾਰਨ ਸਮਾਜ ਵਿੱਚ ਨੀਵਾਂ ਹੋ ਜਾਣਾ।
ਅਹਿਸਾਨ ਹੇਠ ਦਬਿਆ ਹੋਣਾ-ਕਿਸੇ ਦੀ ਕੀਤੀ ਭਲਾਈ ਨੂੰ ਨਾ ਭੁੱਲਣਾ, ਰਿਣੀ ਰਹਿਣਾ।
ਅਕਲ ਖਰਚ ਕਰਨਾ-ਡੂੰਘੀ ਸੋਚ ਸੋਚਣੀ, ਵਿਚਾਰ ਕਰਨਾ।


ਅਕਲ ਖਾਤੇ ਸੁੱਟਣਾ-ਕੋਈ ਬੇਅਕਲੀ ਵਾਲਾ ਕੰਮ ਕਰਨਾ, ਬੇਸਮਝੀ ਵਾਲੀ ਗੱਲ ਕਰਨੀ।
ਅਕਲ ਖੁੰਢੀ ਹੋਣਾ-ਦਿਮਾਗ਼ੀ ਤਾਕਤ ਘੱਟ ਹੋਣਾ, ਚੱਜ ਦੀ ਗੱਲ ਨਾ ਸੁਝਣੀ, ਦਿਮਾਗ਼ ਦਾ ਤੇਜ਼-ਤਰਾਰ ਨਾ ਹੋਣਾ।
ਅਕਲ ਗਿੱਟਿਆਂ ਵਿੱਚ ਹੋਣਾ-ਬੇਸਮਝ ਮਨੁੱਖ, ਬੇਵਕੂਫ਼, ਘੱਟ ਅਕਲ ਵਾਲ਼ਾ।
ਅਕਲ ਗੁੰਮ ਹੋਣਾ-ਕਿਸੇ ਬਿਪਤਾ ਸਮੇਂ ਘਬਰਾ ਜਾਣਾ, ਹੋਸ਼ ਗੁਆ ਬੈਠਣਾ।
ਅਕਲ ਚੱਕਰਾ ਜਾਣਾ-ਕੋਈ ਗੱਲ ਨਾ ਸੁਝਣੀ, ਸਿਰ ਭੌਂ ਜਾਣਾ।
ਅਕਲ ’ਤੇ ਪੱਥਰ ਪੈਣਾ-ਸਮਝ ਗੁਆ ਬੈਠਣਾ, ਬੇਸਮਝੀ ਨਾਲ ਗ਼ਲਤੀ ਕਰ ਲੈਣੀ।
ਅਕਲ ’ਤੇ ਪਰਦਾ ਪਾਉਣਾ-ਜਾਣ ਬੁਝ ਕੇ ਕਿਸੇ ਨੂੰ ਮੂਰਖ਼ ਬਨਾਉਣਾ, ਅਕਲ ਨਾ ਆਉਣ ਦੇਣੀ।
ਅਕਲ ’ਤੇ ਪਰਦਾ ਪੈਣਾ-ਦਿਮਾਗ਼ੀ ਸੂਝ ਨੇ ਕੰਮ ਨਾ ਕਰਨਾ, ਮੱਤ ਮਾਰੀ ਜਾਣੀ।
ਅਕਲ ਦਾ ਅੰਨ੍ਹਾ ਹੋਣਾ-ਅਗਿਆਨੀ, ਮਹਾਂ ਮੂਰਖ਼।
ਅਕਲ ਦਾ ਕੋਟ ਹੋਣਾ-ਅਤਿ ਸਿਆਣਾ, ਵਿਦਵਾਨ, ਗਿਆਨੀ।
ਅਕਲ ਦੇ ਡੰਡ ਲਾਉਣਾ-ਸੋਚ ਉਡਾਰੀ, ਅਕਲ ਲੜਾਉਣੀ, ਅਕਲ ਨਾਲ਼ ਅੰਦਾਜ਼ਾ ਲਾਉਣਾ।
ਅਕਲ ਦੇ ਨਹੁੰ ਲਹਾਉਣੇ-ਸੋਚ ਵਿਚਾਰ ਨਾਲ ਕੰਮ ਕਰਨਾ, ਹੋਸ਼-ਹਵਾਸ ਵਿੱਚ ਹੋਣਾ।
ਅਕਲ ਦੁੜਾਉਣਾ-ਵਿਚਾਰ ਵਿਮਰਸ਼ ਕਰਨਾ, ਸੋਚ ਵਿਚਾਰ ਕਰਨੀ।
ਅਕਲ ਦੀ ਮਾਰ ਪੈਣੀ-ਅਕਲ ਗੁਆ ਬੈਠਣਾ, ਮੱਤ ਮਾਰੀ ਜਾਣੀ।
ਅਕਲ ਨੂੰ ਜਿੰਦਰਾ ਮਾਰਨਾ-ਕੋਈ ਗੱਲ ਨਾ ਸੁਝਣੀ, ਕੋਈ ਸਮਝ ਨਾ ਆਉਣੀ।
ਅਕਲ ਫਿਰਨੀ-ਮੱਤ ਮਾਰੀ ਜਾਣੀ, ਉਲਟੀਆਂ ਪੁਲਟੀਆਂ ਗੱਲਾਂ ਕਰਨਾ, ਬੇਵਕੂਫ਼ਾਂ ਵਾਲੀਆਂ ਬੇਥਵੀਆਂ ਮਾਰਨੀਆਂ।
ਅਕਲ ਲੈਣੀ-ਸਿੱਖਿਆ ਲੈਣਾ, ਮੱਤ ਲੈਣੀ।
ਅਕਲ ਵਿੱਚ ਪੱਥਰ ਪੈਣੇ-ਕੋਈ ਗੱਲ ਨਾ ਸੁਝਣਾ, ਮੱਤ ਮਾਰੀ ਜਾਣੀ।
ਅੱਕਾਂ ਨੂੰ ਬਾੜ ਕਰਨੀ-ਬੇਲੋੜੀ ਵਸਤੂ ਦੀ ਰਾਖੀ ਕਰਨੀ, ਕਿਸੇ ਅਯੋਗ ਚੀਜ਼ ਦੀ ਕਦਰ ਕਰਨਾ।


ਅੱਕੀਂ ਪਲਾਹੀਂ ਹੱਥ ਮਾਰਨਾ-ਆਪਣੇ ਮੰਤਵ ਦੀ ਪੂਰਤੀ ਲਈ ਹਰ ਹੀਲਾ ਵਰਤਣਾ, ਹਾੜ੍ਹੇ ਕੱਢਣਾ।
ਅੱਖ ਉੱਚੀ ਕਰਨੀ-ਵੇਖਣ ਦਾ ਜੇਰਾ ਕਰਨਾ, ਤੱਕਣਾ।
ਅੱਖ ਚੁੱਕ ਕੇ ਵੇਖਣਾ-ਬਿਨਾਂ ਝਿਜਕ ਤੋਂ ਦੇਖਣਾ, ਦਲੇਰੀ ਨਾਲ਼ ਤੱਕਣਾ।
ਅੱਖ ਖੁੱਲਣੀ-ਨੀਦੋਂ ਜਾਗਣਾ, ਅਗਿਆਨਤਾ ਦੂਰ ਹੋਣੀ।
ਅੱਖ ਚੁਰਾਣਾ-ਲੁਕਣਾ, ਸਾਹਮਣੇ ਹੋਣੋਂ ਝਿਜਕਣਾ, ਮੱਥੇ ਨਾ ਲੱਗਣਾ।
ਅੱਖ ਤਿਣ ਹੋਣਾ-ਚੁੱਭਣਾ, ਚੰਗਾ ਨਾ ਲੱਗਣਾ, ਨਫ਼ਰਤ ਹੋ ਜਾਣੀ
ਅੱਖ ਦਾ ਤਾਰਾ ਹੋਣਾ-ਪਿਆਰਾ ਤੇ ਲਾਡਲਾ ਹੋਣਾ।
ਅੱਖ ਦਾ ਤਿਣਕਾ ਬਣਨਾ-ਦੁੱਖਾਂ ਦਾ ਕਾਰਨ ਬਣਨਾ
ਅੱਖ ਦਾ ਪਾਣੀ ਮਰਨਾ-ਲਜਿਆ ਜਾਂਦੀ ਰਹਿਣੀ-ਸ਼ਰਮ ਨਾ ਹੋਣੀ
ਅੱਖ ਦਾ ਲਿਹਾਜ਼ ਰੱਖਣਾ-ਜਾਣ ਪਹਿਚਾਣ ਦਾ ਲਿਹਾਜ਼ ਕਰਨਾ
ਅੱਖ ਦੇ ਫੋਰ ਵਿੱਚ-ਤੁਰਤ ਫੁਰਤ, ਬਹੁਤ ਛੇਤੀ।
ਅੱਖ ਨਾ ਚੁੱਕ ਸਕਣਾ-ਕਿਸੇ ਵੱਲ ਦੇਖਣ ਦੀ ਜੁਰਅੱਤ ਨਾ ਕਰਨਾ, ਰੋਹਬ ਹੇਠ ਰਹਿਣਾ, ਸ਼ਰਮਸਾਰ ਹੋਣਾ।
ਅੱਖ ਨਾ ਮਿਲਾਣਾ-ਕਿਸੇ ਵੱਲ ਨਾ ਦੇਖਣਾ, ਗੱਲ ਨਾ ਮੰਨਣੀ, ਪ੍ਰਵਾਹ ਨਾ ਕਰਨੀ।
ਅੱਖ ਨਾਲ਼ ਅੱਖ ਰਲਾਉਣਾ-ਬਰਾਬਰਤਾ ਕਰਨੀ, ਸਨਮੁਖ ਹੋਣਾ।
ਅੱਖ ਨੀਵੀਂ ਹੋਣਾ-ਕਿਸੇ ਦੇ ਅਹਿਸਾਨ ਥੱਲ੍ਹੇ ਦਬ ਜਾਣਾ, ਸ਼ਰਮਿੰਦਾ ਹੋਣਾ, ਆਪਣੇ ਆਪ ਨੂੰ ਘਟੀਆ ਸਮਝਣਾ।
ਅੱਖ ਨੂੰ ਜਚਣਾ-ਚੰਗਾ ਲੱਗਣਾ, ਪਸੰਦ ਆਉਣਾ।
ਅੱਖ ਪੁਟਣੀ-ਨੀਂਦ ਤੋਂ ਜਾਗ ਆਉਣੀ, ਅੱਖ ਖੋਲ੍ਹਣੀ, ਹੋਸ਼ 'ਚ ਆਉਣਾ।
ਅੱਖ ਪਰਤ ਕੇ ਵੇਖਣਾ-ਬੁਰੀ ਨਿਗਾਹ ਨਾਲ਼ ਦੇਖਣਾ, ਰੋਅਬ ਪਾਉਣਾ।
ਅੱਖ ਪੁੱਟ ਕੇ ਤੱਕਣਾ-ਬੇਸ਼ਰਮਾਂ ਵਾਲ਼ੀ ਨਿਗਾਹ ਨਾਲ਼ ਦੇਖਣਾ, ਉੱਚਾ ਹੋ ਕੇ ਤੱਕਣਾ।
ਅੱਖ ਫਰਕਣਾ-ਆਸ ਬੱਝਣੀ, ਵਿਗੜੇ ਕੰਮ ਰਾਸ ਆਉਣੇ।
ਅੱਖ ਬਚਾਉਣਾ-ਅਛੋਪਲੇ ਜਹੇ ਖਿਸਕ ਜਾਣਾ, ਅਜਿਹਾ ਕੰਮ ਕਰਨਾ ਜਿਸ ਨੂੰ ਦੂਜਾ ਨਾ ਦੇਖ ਸਕੇ।
ਅੱਖ ਭਰ ਕੇ ਦੇਖਣਾ-ਪੂਰੇ ਧਿਆਨ ਨਾਲ਼ ਦੇਖਣਾ।


ਅੱਖ ਮਾਰਨਾ-ਅੱਖ ਨਾਲ਼ ਇਸ਼ਾਰਾ ਕਰਨਾ (ਪੱਲਾ ਮਾਰ ਕੇ ਬੁਝਾ ਗਈ ਦੀਵਾ, ਅੱਖ ਨਾਲ਼ ਗੱਲ ਕਰਗੀ-ਲੋਕ ਗੀਤ)
ਅੱਖ ਮਾਰੀ ਜਾਣੀ-ਕਿਸੇ ਸਟ ਫੇਟ ਜਾਂ ਬੀਮਾਰੀ ਨਾਲ਼ ਇਕ ਅੱਖ ਦੀ ਨਿਗਾਹ ਜਾਂਦੀ ਰਹਿਣੀ, ਕਾਣਾ ਹੋ ਜਾਣਾ।
ਅੱਖ ਮਿਲਾਉਣਾ-ਕਿਸੇ ਵੱਲ ਨਿਗਾਹ ਮਿਲਾ ਕੇ ਦੇਖਣਾ, ਸਹਿਮਤੀ ਹੋਣੀ।
ਅੱਖ ਮੀਟ ਲੈਣਾ-ਕਿਸੇ ਵੱਲ ਧਿਆਨ ਨਾ ਦੇਣਾ, ਨਜ਼ਰ-ਅੰਦਾਜ਼ ਕਰਨਾ।
ਅੱਖ ਰੱਖਣਾ-ਦੂਜੇ ਦੀ ਹਰ ਹਰਕਤ ’ਤੇ ਨਿਗਾਹ ਰੱਖਣੀ, ਪੂਰਾ ਧਿਆਨ ਰੱਖਣਾ।
ਅੱਖ ਲੱਗਣਾ-ਸੌਂ ਜਾਣਾ, ਨੀਂਦ ਆ ਜਾਣੀ।
ਅੱਖ ਲੜਾਉਣਾ-ਇਸ਼ਕ ਕਰਨਾ, ਪਿਆਰ ਕਰਨਾ।
ਅੱਖ ਵਿੱਚ ਨਾ ਰੜਕਣਾ-ਰੱਤੀ ਭਰ ਵੀ ਬੁਰਾ ਨਾ ਲੱਗਣਾ।
ਅੱਖਾਂ ਉਘਾੜਨਾ-ਗਿਆਨ ਹੋਣਾ, ਸਮਝ ਆ ਜਾਣੀ।
ਅੱਖਾਂ ਅੱਖਾਂ ਵਿੱਚ ਸਮਝਾਉਣਾ-ਇਸ਼ਾਰੇ ਨਾਲ਼ ਗੱਲ ਦੱਸਣੀ।
ਅੱਖਾਂ ਅੱਗੇ ਆਉਣਾ-ਵਿਸਰੀ ਗੱਲ ਚੇਤੇ ਆਉਣੀ।
ਅੱਖਾਂ ਅੱਗੇ ਸਰੋਂ ਫੁਲਣੀ-ਘਬਰਾ ਜਾਣਾ, ਹੱਥਾਂ ਪੈਰਾਂ ਦੀ ਪੈ ਜਾਣੀ।
ਅੱਖਾਂ ਅੱਗੇ ਹਨੇਰਾ ਆ ਜਾਣਾ-ਸੁੰਨ ਹੋ ਜਾਣਾ, ਘਾਬਰ ਜਾਣਾ, ਸੁਧ ਬੁਧ ਗੁਆਚ ਜਾਣੀ।
ਅੱਖਾਂ ਅੱਗੇ ਖੋਪੇ ਚਾੜ੍ਹਨੇ-ਮੱਤ ਮਾਰ ਦੇਣੀ, ਉੱਲੂ ਬਣਾ ਦੇਣਾ
ਅੱਖਾਂ ਅੱਗੇ ਤਾਰਿਆਂ ਦਾ ਝੁੰਡ ਆਉਣਾ-ਘਬਰਾ ਜਾਣਾ।
ਅੱਖਾਂ ਅੱਗੇ ਫਿਰਨਾ-ਚੇਤੇ ਆ ਜਾਣਾ, ਨਜ਼ਰ ਆਉਣਾ।
ਅੱਖਾਂ ਅੱਗੋਂ ਦੂਰ ਹੋਣਾ-ਸਾਹਮਣੇ ਤੋਂ ਦੂਰ ਹੋਣਾ, ਦਫ਼ਾ ਹੋ ਜਾਣਾ
ਅੱਖਾਂ ਸੇਜਲ ਹੋਣਾ-ਅੱਥਰੂ ਆ ਜਾਣੇ, ਅੱਖਾਂ ਵਿੱਚ ਪਾਣੀ ਸਿਮ ਆਉਣਾ।
ਅੱਖਾਂ ਸਾਹਮਣੇ ਫਿਰਨਾ-ਸ਼ਿੱਦਤ ਨਾਲ਼ ਯਾਦ ਆਉਣਾ।
ਅੱਖਾਂ ਕੱਢਣਾ-ਗੁੱਸੇ ਵਿੱਚ ਡਰਾਉਣਾ, ਅੱਖਾਂ ਤਾਣ ਕੇ ਦੇਖਣਾ
ਅੱਖਾਂ ਖੁੱਲ੍ਹਣੀਆਂ-ਸਮਝ ਆ ਜਾਣੀ, ਗਿਆਨ ਹੋਣਾ।
ਅੱਖਾਂ ਖੋਲ੍ਹ ਦੇਣਾ-ਅਸਲੀਅਤ ਦਾ ਚਾਨਣ ਕਰਵਾ ਦੇਣਾ, ਭੁਲੇਖੇ ਦੂਰ ਕਰ ਦੇਣੇ।

}


ਅੱਖਾਂ ਗਿੱਲੀਆਂ ਹੋਣਾ-ਅੱਥਰੂ ਵਗ ਤੁਰਨੇ।
ਅੱਖਾਂ ਚਮਕ ਪੈਣੀਆਂ-ਚਾਅ ਚੜ੍ਹ ਜਾਣਾ, ਖੁਸ਼ੀ ਨਾਲ਼ ਅੱਖਾਂ 'ਚ ਚਮਕ ਲਿਸ਼ਕਣੀ।
ਅੱਖਾਂ ਚਾੜ੍ਹਨੀਆਂ-ਨਸ਼ੇ ਨਾਲ਼ ਅੱਖਾਂ ਤਾੜੇ ਲੱਗਣੀਆਂ, ਸਰੂਰਿਆ ਜਾਣਾ।
ਅੱਖਾਂ ਚੁਕ ਚੁਕ ਦੇਖਣਾ--ਬੇ-ਸਬਰੀ ਨਾਲ਼ ਉਡੀਕ ਕਰਨੀ।
ਅੱਖਾਂ 'ਤੇ ਬਿਠਾਉਣਾ-ਆਦਰ ਮਾਣ ਕਰਨਾ।
ਅੱਖਾਂ ਤੋਂ ਪੱਟੀ ਉਤਾਰਨਾ-ਚੰਗੀ ਤਰ੍ਹਾਂ ਘੋਖ ਨਾਲ਼ ਦੇਖਣਾ।
ਅੱਖਾਂ ਨੀਵੀਆਂ ਕਰਨਾ-ਸ਼ਰਮਿੰਦਾ ਹੋਣਾ।
ਅੱਖਾਂ ਪਥਰਾ ਜਾਣਾ-ਨਿਗਾਹ ਇਕੋ ਥਾਂ ਜਮ ਜਾਣਾ, ਠਠੰਬਰ ਜਾਣਾ, ਟਿਕਟਕੀ ਬੰਨ੍ਹ ਕੇ ਦੇਖਣਾ।
ਅੱਖਾਂ ਪਰਤ ਲੈਣਾ-ਮੂੰਹ ਮੋੜ ਲੈਣਾ, ਯਾਰੀ ਦੋਸਤੀ ਤੋੜ ਦੇਣੀ
ਅੱਖਾਂ ਪਾੜ ਪਾੜ ਦੇਖਣਾ-ਬੇਸ਼ਰਮੀ ਨਾਲ਼ ਦੇਖਣਾ, ਢੀਠਤਾਈ ਵਖਾਉਣੀ।
ਅੱਖਾਂ ਫੇਰ ਲੈਣਾ-ਦੋਸਤੀ ਤੇ ਮਿੱਤਰਤਾ ਛੱਡ ਦੇਣੀ, ਆਪਣਾ ਨਾਤਾ ਤੋੜ ਲੈਣਾ।
ਅੱਖਾਂ ਬਦਲ ਲੈਣਾ-ਦੋਸਤ ਤੋਂ ਦੁਸ਼ਮਣ ਬਣ ਜਾਣਾ।
ਅੱਖਾਂ ਭਰ ਆਉਣੀਆਂ-ਅੱਖਾਂ 'ਚ ਅੱਥਰੂ ਆ ਜਾਣੇ।
ਅੱਖਾਂ ਮੀਟਣਾ-ਲਾਪ੍ਰਵਾਹ ਹੋ ਜਾਣਾ, ਮਰ ਜਾਣਾ।
ਅੱਖਾਂ ਵਿੱਚ ਘੱਟਾ ਪਾਉਣਾ-ਬੇਵਕੂਫ਼ ਬਨਾਉਣਾ, ਧੋਖਾ ਦੇਣਾ, ਠੱਗੀ ਮਾਰਨੀ।
ਅੱਖਾਂ ਵਿੱਚ ਰੜਕਣਾ-ਭੈੜਾ ਲੱਗਣਾ, ਘਿਰਣਾ ਹੋ ਜਾਣੀ।
ਅੱਖਾਂ 'ਚ ਲਹੂ ਉਤਰਨਾ-ਬਹੁਤ ਗ਼ੁ੍ੱਸੇ ਹੋਣਾ।
ਅੱਖਾਂ 'ਚ ਲਾਲੀ ਉਤਰਨੀ-ਗ਼ੁ੍ੱਸੇ ਨਾਲ ਭਰ ਜਾਣਾ।
ਅੱਖਾਂ ਅੱਗੇ ਹਨ੍ਹੇਰਾ ਆਉਣਾ-ਗ਼ੁ੍ੱਸੇ ਜਾਂ ਕ੍ਰੋਧ ਵਿੱਚ ਹੋਸ਼ ਗੁਆ ਬੈਠਣਾ।
ਅੱਖੀਆਂ ਭਰਨਾ-ਦੁਰਘਟਨਾ ਦੇਖ ਕੇ ਅੱਖਾਂ 'ਚ ਪਾਣੀ ਆ ਜਾਣਾ, ਯਾਦ ਕਰਨਾ।
ਅੱਖੀਆਂ ਮਿਲਣੀਆਂ-ਇਕ ਦੂਜੇ ਦੇ ਆਮ੍ਹੋ-ਸਾਹਮਣੇ ਹੋਣਾ, ਥੋੜ੍ਹੇ ਸਮੇਂ ਲਈ ਮਿਲਣਾ।
ਅੱਖੋਂ ਓਹਲੇ ਕਰਨਾ-ਭੁਲਾ ਦੇਣਾ, ਵਿਸਰ ਜਾਣਾ, ਲੁਕੋ ਦੇਣਾ।


ਅੱਗ ਨਾਲ਼ ਖੇਡਣਾ-ਖਤਰਾ ਮੁੱਲ ਲੈਣਾ, ਜਾਣ ਬੁਝ ਕੇ ਔਖਾ ਕੰਮ ਕਰਨਾ।
ਅੱਗ ਪਾ ਦੇਣੀ-ਸ਼ਾਂਤੀ ਭੰਗ ਕਰਨਾ, ਅਮਨ ’ਚ ਖਲਲ ਪਾਉਣਾ।
ਅੱਗ ਭਬੂਕਾ ਹੋਣਾ-ਗੁੱਸੇ ਵਿੱਚ ਲਾਲ ਸੂਹਾ ਹੋਣਾ।
ਅੱਗ ਤੇ ਤੇਲ ਪਾਉਣਾ-ਝਗੜੇ ਨੂੰ ਹੋਰ ਵਧਾਉਣਾ।
ਅੱਗ ਲਾਉਣਾ-ਅਮਨ ਭੰਗ ਕਰਨਾ, ਸ਼ੋਸ਼ੇ ਛੱਡ ਕੇ ਗੱਲ ਵਧਾਉਣੀ, ਲੜਾਈ ਤੇਜ਼ ਕਰਨੀ।
ਅੱਗ ਵਰ੍ਹਨੀ-ਅਤਿ ਦੀ ਗਰਮੀ ਪੈਣੀ।
ਅੱਗ 'ਚ ਛਾਲ ਮਾਰਨੀ-ਅਜਿਹਾ ਖ਼ਤਰਾ ਮੁਲ ਲੈਣਾ ਜਿਸ 'ਚ ਜਾਨ ਚਲੀ ਜਾਵੇ।
ਅਗਲੇ ਘਰੋਂ ਬਚਣਾ-ਮੌਤ ਦੇ ਮੂੰਹ 'ਚੋਂ ਬਚ ਕੇ ਨਿਕਲਣਾ।
ਅੱਗਾ ਪਿੱਛਾ ਨਾ ਸੁਝਣਾ-ਔਖੀ ਘੜੀ 'ਚੋਂ ਨਿਕਲਣ ਦਾ ਰਾਹ ਨਾ ਲੱਭਣਾ।
ਅੱਗਾ ਪਿੱਛਾ ਵੇਖਣਾ-ਸਾਰੇ ਪੱਖ ਦੇਖਣੇ, ਨਫੇ ਨੁਕਸਾਨ ਬਾਰੇ ਸੋਚਣਾ।
ਅੱਗਾ ਭਾਰੀ ਹੋਣਾ-ਬੁਰੇ ਕੰਮ ਕਰਕੇ ਨਰਕਾਂ ਦੇ ਰਾਹ ਪੈਣਾ।
ਅੱਗਾ ਮਾਰਨਾ-ਕਿਸੇ ਦੀ ਤਰੱਕੀ ਵਿੱਚ ਰੋੜਾ ਬਨਣਾ, ਰੋਕ ਲਾਉਣੀ।
ਅੱਗੇ ਹਿੱਕਣਾ-ਆਮ ਲੋਕਾਂ 'ਤੇ ਜ਼ੋਰ ਜ਼ੁਲਮ ਕਰਨਾ।
ਅੱਗੇ ਲੱਗ ਤੁਰਨਾ-ਬੇਬਸ ਹੋ ਜਾਣਾ।
ਅੱਗੇ ਲਾ ਲੈਣਾ-ਆਪਣੀ ਈਨ ਮਨਾਉਣੀ, ਮਰਜ਼ੀ ਨਾਲ ਕੰਮ ਕਰਵਾਉਣੇ।
ਅੱਜ ਕੱਲ੍ਹ ਕਰਨਾ-ਲਾਰੇ ਲਾਉਣਾ, ਟਾਲ ਮਟੋਲ ਕਰਨਾ।
ਅਜ਼ਾਬ ਦੇ ਮੂੰਹ ਆਉਣਾ-ਕਿਸੇ ਡਾਢੀ ਪੀੜਾ ਵਿੱਚ ਫਸ ਜਾਣਾ,ਦੁੱਖ ਝੱਲਣੇ।
ਅਜ਼ੀਬ ਮਿੱਟੀ ਦੇ ਘੜੇ ਹੋਣਾ-ਅਨੋਖੇ ਸੁਭਾਅ ਦੇ ਮਾਲਕ ਹੋਣਾ।
ਅਟੇਰ ਕੇ ਲੈ ਜਾਣਾ-ਕਿਸੇ ਨੂੰ ਧੋਖੇ ਨਾਲ ਆਪਣੇ ਮਗਰ ਲਾ ਲੈਣਾ।
ਅਠੋ ਅੱਠ ਮਾਰਨੀਆਂ-ਮੌਜ ਵਿੱਚ ਹੋਣਾ।
ਅੱਡ੍ਹਾ ਲਾਉਣਾ-ਪੂਰੀ ਟੱਕਰ ਲੈਣੀ।
ਅੱਡੀ ਚੋਟੀ ਤੱਕ ਡੁਬ ਜਾਣਾ-ਆਪਣੇ ਧਿਆਨ ਵਿੱਚ ਮਗਨ ਹੋ ਜਾਣਾ।
ਅੱਡੀ ਚੋਟੀ ਦਾ ਜ਼ੋਰ ਲਾਉਣਾ-ਕਿਸੇ ਕੰਮ ਨੂੰ ਪੂਰੀ ਲਗਨ ਨਾਲ਼ ਕਰਨਾ।
ਅੱਡੀ ਨਾ ਲੱਗਣੀ-ਟਿਕ ਕੇ ਨਾ ਬਹਿਣਾ।
ਅੱਡੀਆਂ ਗੋਡੇ ਰਗੜਨਾ-ਮਿੰਨਤਾਂ ਤਰਲੇ ਕਰਨੇ।


ਅੱਡੀਆਂ ਰਗੜਨਾ-ਤਰਲੇ ਕਰਨੇ।
ਅੱਡੇ ਚਾੜ੍ਹਨਾ-ਵਸ ਵਿੱਚ ਕਰਨਾ।
ਅਣਖ ਗੁਆਉਣੀ-ਗ਼ੈਰਤ-ਸੂਰਬੀਰਤਾ ਗੁਆ ਲੈਣੀ।
ਅਣਿਆਈ ਮੌਤ ਮਰਨਾ-ਅਚਾਨਕ ਕਿਸੇ ਹਾਦਸੇ ਵਿੱਚ ਜਾਨ ਗੁਆ ਦੇਣੀ, ਅਜਾਈਂ ਮਰ ਜਾਣਾ।
ਅੱਤ ਚੁੱਕਣਾ-ਬੇਓੜਕਾ ਜ਼ੁਲਮ ਕਰਨਾ, ਹੱਦ ਟੱਪ ਜਾਣਾ।
ਅੱਥਰੂ ਕੇਰਨੇ-ਸ਼ੋਕ ਪ੍ਰਗਟਾਉਣਾ।
ਅੱਥਰੂ ਛੱਲਕਣੇ-ਬਦੋ ਬਦੀ ਰੋਣ ਨਿਕਲ ਆਉਣਾ, ਅੱਥਰੂ ਵਗ ਤੁਰਨੇ।
ਅੱਥਰੂ ਨਾ ਠੱਲ੍ਹੇ ਜਾਣੇ-ਰੋਣੋਂ ਚੁੱਪ ਨਾ ਹੋਣਾ।
ਅਨਘੜਿਆ ਡੰਡਾ ਹੋਣਾ-ਬੇਵਕੂਫ਼, ਕੁਚੱਜਾ, ਅਣਤਰਾਸ਼ਿਆ।
'ਅਨ੍ਹੇਰ ਮਾਰਨਾ-ਧਕਾ ਕਰਨਾ, ਅੱਤ ਚੁੱਕਣੀ।
ਅਫਰੇਵਾਂ ਨਾ ਲੱਥਣਾ-ਸ਼ਾਂਤੀ ਨਾ ਆਉਣੀ।
ਅਬਾ ਤਬਾ ਬੋਲਣਾ-ਗਾਲੀ ਗਲੋਚ ਕਰਨਾ, ਗਾਲ਼ਾਂ ਕੱਢਣੀਆਂ, ਮੰਦਾ ਬੋਲਣਾ।
ਅਰਸ਼ ਦੇ ਕਿੰਗਰੇ ਚੜ੍ਹਨਾ-ਬਹੁਤ ਉੱਨਤੀ ਕਰਨੀ, ਉੱਚੀ ਪਦਵੀ ’ਤੇ ਪੁੱਜ ਜਾਣਾ।
ਅਲਫ਼ ਨੰਗਾ ਹੋਣਾ-ਹੱਦ ਦਰਜੇ ਦਾ ਬੇਸ਼ਰਮ ਹੋਣਾ, ਬਿਲਕੁਲ ਨੰਗਾ ਹੋ ਜਾਣਾ।
ਅਲਖ ਮੁਕਾਉਣਾ-ਜਾਨੋਂ ਮਾਰ ਦੇਣਾ।
ਅੱਲਮ ਗੱਲਮ ਖਾਣਾ-ਖਾਣ ਵਿੱਚ ਪ੍ਰਹੇਜ਼ ਨਾ ਕਰਨਾ।
ਅਲੂਣੀ ਸਿਲ ਚੱਟਣੀ-ਬੇਸੁਆਦਾ ਕੰਮ ਕਰਨਾ, ਉਹ ਕੰਮ ਕਰਨਾ ਜਿਸ ਨੂੰ ਕਰਨ ਨੂੰ ਜੀ ਨਾ ਕਰੇ।
ਅਲ੍ਹੇ ਜ਼ਖ਼ਮਾਂ 'ਤੇ ਲੂਣ ਛਿੜਕਣਾ-ਦੁਖੇ ਹੋਏ ਨੂੰ ਹੋਰ ਦੁਖਾਉਣਾ, ਦੁਖੀ ਕਰਨਾ।
ਅੜ ਬਹਿਣਾ-ਜ਼ਿਦ ਕਰਨੀ, ਅੱਗੇ ਨਾ ਤੁਰਨਾ।
ਅੜਿੱਕੇ ਚੜ੍ਹਨਾ-ਕਿਸੇ ਦੇ ਜਾਲ 'ਚ ਫਸਣਾ, ਢਾਹੇ ਚੜ੍ਹਨਾ, ਵਸ 'ਚ ਪੈ ਜਾਣਾ।
ਆਈ ਗਈ ਕਰ ਛੱਡਣਾ-ਬਹਾਨੇ ਘੜਨਾ, ਟਾਲ ਮਟੋਲ ਕਰਨਾ।
ਆਈ ਚਲਾਈ ਵਾਲ਼ਾ ਕੰਮ ਹੋਣਾ-ਆਮਦਨ-ਖ਼ਰਚ ਬਰਾਬਰ ਹੋਣਾ।
ਆਈ ਤੇ ਆਉਣਾ-ਹੱਠ ਕਰਨਾ, ਬਦਲਾ ਲੈਣ ਲਈ ਮਨ ਪੱਕਾ ਕਰਨਾ।
ਆਸਣ ਹਿੱਲ ਜਾਣਾ-ਸੱਤਾ ਜਾਂਦੀ ਰਹਿਣੀ, ਸੋਭਾ ਘੱਟ ਜਾਣੀ।
ਆਸਾਂ ਉੱਤੇ ਪਾਣੀ ਫਿਰਨਾ-ਆਸ ਮੁੱਕ ਜਾਣੀ, ਨਿਰਾਸ਼ ਹੋ ਜਾਣਾ।


ਆਸਾਂ ਦੇ ਮਹਿਲ ਉਸਾਰਨਾ-ਸ਼ੇਖ਼ਚਿੱਲੀ ਵਾਲ਼ੀਆਂ ਗੱਲਾਂ ਕਰਨਾ, ਹਵਾਈ ਕਿਲੇ ਉਸਾਰਨਾ।
ਆਹੂ ਲਾਹੁਣਾ-ਮਾਰ ਮੁਕਾਉਣਾ, ਖੂਬ ਲੜਾਈ ਕਰਨੀ।
ਆਕੜ ਜਾਣਾ-ਜ਼ਿੱਦ ਕਰਨੀ, ਐਵੇਂ ਦਾ ਰੋਅਬ ਛਾਂਟਣਾ।
ਆਕੜ ਭੱਜਣਾ-ਹੰਕਾਰ ਜਾਂਦਾ ਰਹਿਣਾ, ਮਗਰੂਰੀ ਖ਼ਤਮ ਹੋ ਜਾਣੀ।
ਆਖ਼ਰ ਆਉਣੀ-ਅਤਿ ਹੋ ਜਾਣੀ, ਜ਼ੁਲਮ ਤੇ ਅਨਿਆ ਵੱਧ ਜਾਣਾ।
ਆਂਚ ਨਾ ਲੱਗਣੀ-ਕੋਈ ਦੁੱਖ ਨਾ ਹੋਣਾ, ਸੇਕ ਨਾ ਲੱਗਣਾ।
ਆਟਾ ਖ਼ਰਾਬ ਹੋਣਾ-ਬੇਇਜ਼ਤੀ ਹੋਣੀ।
ਆਟਾ ਭੁੜਕਣਾ-ਆਟੇ ਦਾ ਪੇੜਾ ਹੱਥੋਂ ਡਿੱਗ ਪੈਣਾ (ਲੋਕ ਵਿਸ਼ਵਾਸ਼ ਅਨੁਸਾਰ ਅਜਿਹਾ ਹੋਣ ਤੇ ਕੋਈ ਪ੍ਰਾਹੁਣਾ ਆਉਂਦਾ ਹੈ।
ਆਟੇ ਵਿੱਚ ਲੂਣ ਹੋਣਾ-ਬਹੁਤ ਘੱਟ ਗਿਣਤੀ ਵਿੱਚ ਹੋਣਾ।
ਆਢਾ ਲਾਉਣਾ-ਐਵੇਂ ਸਿੰਗੜੀ ਸਹੇੜੀ ਰੱਖਣੀ, ਝਗੜਾ ਕਰਨਾ, ਅਣ ਬਣ ਰੱਖਣੀ।
ਆਂਦਰਾਂ ਸਾੜਨਾ-ਦੁਖੀ ਹੋਣਾ, ਫ਼ਿਕਰ ਕਰੀ ਜਾਣਾ।
ਆਂਦਰਾਂ ਠੰਢੀਆਂ ਹੋਣਾ-ਉਲਾਦ ਦੀ ਉੱਨਤੀ ਦੇਖ ਕੇ ਮਨ ਸ਼ਾਂਤ ਹੋਣਾ, ਖੁਸ਼ੀ ਮਹਿਸੂਸ ਕਰਨੀ।
ਆਂਦਰਾਂ ਨੂੰ ਖਿੱਚ ਪੈਣੀ-ਉਲਾਦ ਦੇ ਪਿਆਰ ’ਚ ਦੁਖੀ ਹੋਣਾ
ਆਂਦਰਾਂ ਲੂਹਣੀਆਂ-ਦੁਖੀ ਹੋਣਾ।
ਆਪਣਾ ਉੱਲੂ ਸਿੱਧਾ ਕਰਨਾ-ਆਪਣਾ ਕੰਮ ਕੱਢਣਾ, ਸੁਆਰਥੀ ਬਣਨਾ।
ਆਪਣਾ ਆਪ ਤੋੜਨਾ-ਜਾਨ ਤੋੜਵੀਂ ਮਿਹਨਤ ਕਰਨੀ, ਪੂਰੀ ਤਾਕਤ ਨਾਲ ਕੰਮ ਕਰਨਾ।
ਆਪਣਾ ਹੋਣਾ-ਦੋਸਤ, ਮਿੱਤਰ ਬਣ ਜਾਣਾ।
ਆਪਣਾ ਕਰ ਲੈਣਾ-ਵਿਰੋਧੀ ਨੂੰ ਮਿੱਤਰ ਬਣਾ ਲੈਣਾ।
ਆਪਣਾ ਰੰਗ ਕੱਢਣਾ-ਆਪਣੇ ਅਸਲੀ ਰੂਪ ਵਿੱਚ ਪ੍ਰਗਟ ਹੋਣਾ, ਅਸਲੀਅਤ ਪ੍ਰਗਟ ਕਰਨੀ।
ਆਪਣਾ ਰਾਗ ਅਲਾਪਣਾ-ਆਪਣੀ ਹੀ ਵਡਿਆਈ ਕਰੀ ਜਾਣੀ।
ਆਪਣੀ ਆਈ ਕਰਨਾ-ਆਪਣੀ ਮਰਜ਼ੀ ਕਰਨੀ।
ਆਪਣੀ ਆਈ ਤੋਂ ਨਾ ਟਲਣਾ-ਆਪਣੀ ਜ਼ਿਦ ਪੁਗਾਉਣੀ।


ਆਪਣੀ ਆਪਣੀ ਪੈ ਜਾਣੀ-ਹਰ ਇਕ ਨੂੰ ਆਪਣੀ ਹੀ ਫ਼ਿਕਰ ਹੋਣੀ।
ਆਪਣੀ ਕਰਨੀ ਭਰਨਾ-ਆਪਣਾ ਕੀਤਾ ਭੁਗਤਣਾ, ਮਾੜੇ ਕੰਮਾਂ ਦੇ ਫ਼ਲ ਪਾਉਣੇ।
ਆਪਣੀ ਗੱਲੋਂ ਨਾ ਮੁੜਨਾ-ਆਪਣੀ ਗੱਲ ਮਨਾਉਣੀ।
ਆਪਣੀ ਢਾਈ ਪਾ ਖਿਚੜੀ ਵੱਖਰੀ ਪਕਾਉਣਾ-ਸਾਥੀਆਂ ਤੋਂ ਵੱਖਰੇ ਹੋ ਕੇ ਕੋਈ ਕੰਮ ਕਰਨਾ, ਮਰਜ਼ੀ ਕਰਨੀ।
ਆਪਣੀ ਪੀਹੜੀ ਹੇਠ ਸੋਟਾ ਫੇਰਨਾ-ਆਪਣੇ ਨੁਕਸ ਦੇਖਣੇ।
ਆਪਣੇ ਪੈਰਾਂ 'ਤੇ ਖੜ੍ਹੇ ਹੋਣਾ- ਆਪਣੀ ਹਿੰਮਤ ਨਾਲ਼ ਉੱਨਤੀ ਕਰਨੀ।
ਆਪਣੇ ਪੈਰੀਂ ਆਪ ਕੁਹਾੜਾ ਮਾਰਨਾ-ਆਪਣੀ ਕਰਤੂਤ ਨਾਲ਼ ਆਪਣਾ ਨੁਕਸਾਨ ਕਰਨਾ।
ਆਪਣੀ ਮਾਰੀ ਜਾਣਾ-ਦੂਜੇ ਦੀ ਗੱਲ ਨਾ ਸੁਣਨੀ, ਆਪਣੀਆਂ ਹੀ ਮਾਰੀ ਜਾਣੀਆਂ।
ਆਪਣੀ ਲੱਤ ਉੱਪਰ ਰੱਖਣੀ-ਅਹਿਸਾਨ ਜਤਾਉਣਾ, ਆਪਣੇ ਆਪ ਨੂੰ ਉੱਪਰ ਰੱਖਣਾ।
ਆਪਣੇ ਆਪ ਵਿੱਚ ਨਾ ਹੋਣਾ-ਸੂਰਤ ਗੰਵਾ ਬੈਠਣਾ।
ਆਪਣੇ ਆਪ ਵਿੱਚ ਮਸਤ ਹੋਣਾ-ਦੂਜੇ ਦੀ ਪ੍ਰਵਾਹ ਨਾ ਕਰਨੀ
ਆਪਣੇ ਢਿੱਡ ਤੇ ਹੱਥ ਫੇਰਨਾ-ਖ਼ੁਦਗਰਜ਼ ਹੋਣਾ।
ਆਪਣੇ ਮੂੰਹ ਮੀਆਂ ਮਿੱਠੂ ਬਣਨਾ-ਆਪਣੀ ਵਡਿਆਈ ਆਪ ਹੀ ਕਰੀ ਜਾਣੀ।
ਆਪੇ ਤੋਂ ਬਾਹਰ ਹੋ ਜਾਣਾ-ਗੁੱਸੇ ਵਿੱਚ ਆਪਣੇ ਆਪ ’ਤੇ ਕਾਬੂ ਨਾ ਰੱਖ ਸਕਣਾ, ਜੋਸ਼ ਵਿੱਚ ਆਉਣਾ।
ਆਪੋ ਆਪਣੀਆਂ ਚਲਾਉਣਾ-ਵੱਖ-ਵੱਖ ਵਿਚਾਰ ਰੱਖਣੇ, ਵੱਖਰੀ ਵੱਖਰੀ ਰਾਏ ਦੇਣੀ।
ਆਫ਼ਰ ਜਾਣਾ-ਹੰਕਾਰ ਵਿੱਚ ਆਕੜ ਜਾਣਾ।
ਆਬਰੂ ਉੱਤੇ ਦਾਗ਼ ਲਾਉਣਾ-ਕੋਈ ਬਦਨਾਮੀ ਖੱਟਣੀ।
ਆਲ ਉਲਾਦ ਅੱਗੇ ਆਉਣਾ-ਕਿਸੇ ਦੇ ਮਾੜੇ ਕੰਮਾਂ ਦਾ ਫ਼ਲ ਉਸ ਦੀ ਸੰਤਾਨ ਨੂੰ ਮਿਲਣਾ।
ਆਲ਼ਿਆਂ ਟੋਲ਼ਿਆਂ 'ਚ ਰੱਖਣਾ-ਗੋਲ਼ ਮੋਲ਼ ਗੱਲ ਕਰਨੀ, ਕਿਸੇ ਗੱਲ ਦਾ ਨਿਪਟਾਰਾ ਨਾ ਹੋਣ ਦੇਣਾ।

ਆਲ਼ੇ ਕੌਡੀ ਛਿੱਕੇ ਕੌਡੀ ਕਰਨਾ-ਟਾਲ਼ ਮਟੋਲ਼ ਕਰਨਾ, ਬਹਾਨੇ ਘੜਨੇ।
ਆਵਾ ਊਤ ਜਾਣਾ-ਸਾਰਾ ਟੱਬਰ ਈ ਨਿਕੰਮਾ ਹੋਣਾ, ਤਾਣਾ ਪੇਟਾ ਵਿਗੜ ਜਾਣਾ।
ਔਸੀਆਂ ਪਾਉਣਾ-ਉਡੀਕ ਕਰਨੀ।
ਔਖੀਆਂ ਘਾਟੀਆਂ ਚੀਰਨੀਆਂ-ਔਖੇ ਇਮਤਿਹਾਨਾਂ ਅਤੇ ਔਖੀਆਂ ਮੁਸ਼ਕਲਾਂ 'ਚੋਂ ਸਫ਼ਲ ਹੋ ਜਾਣਾ।
ਔਲ਼ੇ ਕੌਲ਼ੇ ਮੂੰਹ ਮਾਰਨਾ-ਭੈੜੀ ਸੰਗਤ 'ਚ ਰਲ਼ਕੇ ਮਾੜੇ ਕੰਮ ਕਰਨਾ, ਅਜਾਈਂ ਟੱਕਰਾਂ ਮਾਰਨੀਆਂ।
ਔੜ ਲੱਗਣੀ-ਬਾਰਸ਼ ਨਾ ਹੋਣੀ।
ਅੰਗ ਅੰਗ ਹੱਸਣਾ-ਅਤਿ ਦੀ ਖ਼ੁਸ਼ੀ ਹੋਣੀ।
ਅੰਗ ਹਿਲਾਣਾ-ਹੱਥੀਂ ਮਿਹਨਤ ਕਰਨੀ।
ਅੰਗ ਪਾਲਣਾ-ਮਿੱਤਰਤਾ ਨਿਭਾਉਣੀ, ਸਮੇਂ ਸਿਰ ਕੰਮ ਆਉਣਾ।
ਅੰਗ ਮਾਰਿਆ ਜਾਣਾ-ਕਿਸੇ ਬੀਮਾਰੀ ਕਾਰਨ ਜਾਂ ਸੱਟ ਲੱਗਣ ਨਾਲ ਸਰੀਰ ਦਾ ਕੋਈ ਅੰਗ ਨਕਾਰਾ ਹੋ ਜਾਣਾ।
ਅੰਗੜਾਈਆਂ ਭੰਨਣਾ-ਆਕੜਾਂ ਭੰਨਣੀਆਂ, ਮਨ ਵਿੱਚ ਉਬਾਲ ਆਉਣੇ।
ਅੰਤ ਲੈਣਾ-ਦੂਜੇ ਦੀ ਅਖ਼ੀਰ ਤੱਕ ਪ੍ਰੀਖਿਆ ਲੈਣੀ।
ਅੰਦਰ ਤੀਕ ਧਸ ਜਾਣਾ-ਦੂਜੇ ਦਾ ਦਿਲ ਮੋਹ ਲੈਣਾ, ਆਪਣਾ ਬਣਾ ਲੈਣਾ।
ਅੰਦਰਲਾ ਸਾਹ ਅੰਦਰ ਤੇ ਬਾਹਰਲਾ ਸਾਹ ਬਾਹਰ ਰਹਿਣਾ-ਘਬਰਾ ਜਾਣਾ, ਹੋਸ਼ ਜਾਂਦੀ ਰਹਿਣੀ।
ਅੰਦਰੋਂ ਕਾਲ਼ਾ ਹੋਣਾ-ਧੋਖੇਬਾਜ਼ ਹੋਣਾ, ਮਨ ਵਿੱਚ ਖੋਟ ਹੋਣਾ।
ਅੰਨ ਜਲ ਚੁਗਣਾ-ਰੋਜ਼ੀ ਰੋਟੀ ਦਾ ਪ੍ਰਬੰਧ ਹੋ ਜਾਣਾ।
ਅੰਨ੍ਹਾ ਖ਼ਰਚ ਕਰਨਾ-ਬਹੁਤਾ ਖ਼ਰਚ ਕਰਨਾ, ਫਜ਼ੂਲ ਖ਼ਰਚ।
ਅੰਨ੍ਹੇ ਅੱਗੇ ਦੀਦੇ ਗਾਲਣੇ-ਬੇਕਦਰੇ ਅੱਗੇ ਦੁੱਖ ਫੋਲਣੇ।
ਅੰਨ੍ਹੇ ਅੱਗੇ ਨੱਚਣਾ-ਕਿਸੇ ਬੇਕਦਰੇ ਅੱਗੇ ਵਧੀਆ ਕੰਮ ਕਰਨਾ।
ਅੰਨ੍ਹੇ ਖੂਹ ਵਿੱਚ ਛਾਲ਼ ਮਾਰਨੀ-ਬਿਨ੍ਹਾਂ ਸੋਚੇ ਸਮਝੇ ਕੋਈ ਕੰਮ ਕਰਨਾ।
ਅੰਨ੍ਹੇ ਹੱਥ ਬਟੇਰਾ-ਅਚਾਨਕ ਕੋਈ ਜਿੱਤ ਪ੍ਰਾਪਤ ਹੋ ਜਾਣੀ, ਅਯੋਗ ਬੰਦੇ ਨੂੰ ਕੋਈ ਪ੍ਰਾਪਤੀ ਹੋ ਜਾਣੀ।


ਅੰਨ੍ਹੇਵਾਹ ਤੁਰਨਾ-ਬਿਨ੍ਹਾਂ ਦੇਖੇ ਵਾਹੋਦਾਰੀ ਤੁਰਨਾ, ਕਾਹਲੀ ਕਾਹਲੀ ਕਦਮ ਪੁੱਟਣੇ।
ਅੰਨ੍ਹੇਰਾ ਦਿਸਣਾ-ਕੋਈ ਸਹਾਰਾ ਦਖਾਈ ਨਾ ਦੇਣਾ, ਨਿਰਾਸ਼ਤਾ ਹੋ ਜਾਣੀ।


ਇਸ਼ਾਰੇ 'ਤੇ ਨੱਚਣਾ-ਆਪਣੀ ਸਮਝ ਨਾਲ ਕੋਈ ਕੰਮ ਨਾ ਕਰਨਾ, ਦੂਜੇ ਦੇ ਕਹੇ ਅਨੁਸਾਰ ਚੱਲਣਾ।
ਇਕ ਅੱਖ ਨਾਲ ਦੇਖਣਾ-ਬਰਾਬਰ ਸਮਝਣਾ, ਸਭ ਨਾਲ਼ ਇਕੋ ਜਿਹਾ ਵਰਤਾਰਾ ਕਰਨਾ।
ਇਕ ਕੰਨ ਨਾਲ ਸੁਣ ਕੇ ਦੂਜੇ ਕੰਨ ਰਾਹੀਂ ਕੱਢ ਦੇਣਾ-ਸੁਣੀ ਗੱਲ ਅਣ-ਸੁਣੀ ਕਰਨੀ, ਧਿਆਨ ਨਾ ਦੇਣਾ।
ਇਕ ਦੀਆਂ ਚਾਰ ਸੁਣਾਉਣੀਆਂ-ਵਧਾ ਚੜ੍ਹਾ ਕੇ ਗੱਲ ਕਰਨੀ, ਬਾਤ ਦਾ ਬਤੰਗੜ ਬਣਾਉਣਾ।
ਇਕ ਨਾ ਇਕ ਕਰਨਾ-ਗੱਲ ਸਿਰੇ ਲਾਉਣੀ। ਪੂਰਾ ਫ਼ੈਸਲਾ ਕਰਕੇ ਗੱਲ ਮੁਕਾਉਣੀ।
ਇਕ ਨਾ ਸੁਣਨਾ-ਕਿਸੇ ਦੀ ਪ੍ਰਵਾਹ ਨਾ ਕਰਨੀ, ਅੜੇ ਰਹਿਣਾ।
ਇਕ ਪੱਥਰ ਨਾਲ਼ ਦੋ ਸ਼ਿਕਾਰ ਮਾਰਨਾ-ਅਜਿਹੀ ਚਾਲ ਚੱਲਣਾ ਕਿ ਦੋਹਾਂ ਧਿਰਾਂ ਦਾ ਨੁਕਸਾਨ ਹੋ ਜਾਵੇ।
ਇਕ ਮੁੱਠਾ ਹੋਣਾ-ਏਕਾ ਹੋਣਾ, ਸਾਰਿਆਂ ਦਾ ਇਕ ਮੱਤ ਹੋਣਾ।
ਇਕ ਰੰਗ ਆਉਣਾ ਤੇ ਇਕ ਜਾਣਾ-ਘਬਰਾਹਟ ਨਾਲ਼ ਡੌਰ ਭੌਰ ਹੋ ਜਾਣਾ।
ਇਕੋ ਰੱਸੇ ਫਾਹੇ ਦੇਣਾ-ਸਭ ਨਾਲ਼ ਇਕੋ ਜਿਹਾ ਵਰਤਾਓ ਕਰਨਾ।
ਇਕੋ ਹੋ ਜਾਣਾ-ਸਾਰੇ ਝਗੜੇ ਮੁਕਾ ਕੇ ਇਕ ਹੋ ਜਾਣਾ।
ਇਕੋ ਗੱਲ ਹੋਣਾ-ਕੋਈ ਫ਼ਰਕ ਨਾ ਹੋਣਾ।
ਇਕੋ ਤੱਕੜ ਦੇ ਵੱਟੇ ਹੋਣਾ- ਇਕੋ ਜਿਹੇ ਸੁਭਾਅ ਦੇ ਹੋਣਾ।
ਇੱਜ਼ਤ ਨੂੰ ਵੱਟਾ ਲਾਉਣਾ-ਬਦਨਾਮੀ ਖੱਟਣੀ, ਖੁਨਾਮੀ ਲੈਣਾ।
ਇੱਜ਼ਤ ਵੇਚਣੀ-ਆਪਣੀ ਬੇ-ਆਬਰੂਈ ਕਰਨੀ।
ਇੱਟ ਇੱਟ ਕਰਨੀ-ਮੁਕੰਮਲ ਤੌਰ 'ਤੇ ਤਬਾਹ ਕਰਨਾ, ਢਾਹ ਦੇਣਾ।
ਇੱਟ ਕੁੱਤੇ ਦਾ ਵੈਰ ਹੋਣਾ-ਕੁਦਰਤੀ ਵੈਰ ਹੋਣਾ, ਪੱਕਾ ਵੈਰ ਹੋਣਾ।

ਇੱਟ ਖੜੱਕਾ ਲਾਉਣਾ-ਝੱਜੂ ਪਾ ਕੇ ਬਹਿਣਾ, ਅਜਾਈਂ ਝਗੜਾ ਕਰਨਾ।
ਇੱਟ ਚੁੱਕਦੇ ਨੂੰ ਪੱਥਰ ਚੁੱਕਣਾ-ਵੈਰੀ ਨੂੰ ਸਾਵੇਂ ਹੋ ਕੇ ਟੱਕਰਨਾ, ਇੱਟ ਦਾ ਜਵਾਬ ਪੱਥਰ ਨਾਲ਼ ਮੋੜਨਾ।
ਇੱਟ ਨਾਲ਼ ਇੱਟ ਖੜਕਾਣਾ-ਤਬਾਹ ਕਰ ਦੇਣਾ, ਕਿਸੇ ਇਮਾਰਤ ਦਾ ਮਲੀਆਮੇਟ ਕਰ ਦੇਣਾ।
ਇੱਟ ਨਾਲ਼ ਇੱਟ ਵਜਾਉਣਾ-ਕਿਸੇ ਸ਼ਹਿਰ ਜਾਂ ਇਮਾਰਤ ਦੀ ਤਬਾਹੀ ਕਰ ਦੇਣੀ।
ਇਨਸਾਫ਼ ਦਾ ਗਲਾ ਘੁੱਟਣਾ-ਅੰਨਿਆਂ ਕਰਨਾ, ਸਹੀ ਇਨਸਾਫ਼ ਨਾ ਦੇਣਾ।
ਇਲ੍ਹ ਦਾ ਨਾਂ ਕੋਕੋ ਵੀ ਨਾ ਜਾਨਣਾ-ਕੋਰਾ ਅਨਪੜ੍ਹ ਹੋਣਾ।
ਇਲ੍ਹ ਦੀ ਅੱਖ ਵਾਲ਼ ਹੋਣਾ-ਤੇਜ਼ ਤਰਾਰ ਨਿਗਾਹ ਵਾਲ਼ਾ ਹੋਣਾ, ਪੂਰੀ ਚੌਕਸੀ ਵਰਤਣ ਵਾਲ਼ਾ।
ਇੱਲਤ ਚਿਮੜਨਾ-ਨਸ਼ੇ ਆਦਿ ਦੀ ਮਾੜੀ ਆਦਤ ਪੈ ਜਾਣੀ।
ਈਦ ਦਾ ਚੰਦ ਹੋਣਾ-ਚਿਰਾਂ ਮਗਰੋਂ ਮਿਲਣਾ, ਬਹੁਤ ਘੱਟ ਮਿਲਣਾ, ਕਦੀ ਕਦੀ ਨਜ਼ਰ ਆਉਣਾ।
ਈਨ ਮੰਨੀ ਜਾਣੀ-ਕਿਸੇ ਅੱਗੇ ਝੁਕ ਜਾਣਾ, ਦਬਾਓ ਮੰਨ ਲੈਣਾ।
ਈਨ ਵਿੱਚ ਆਉਣਾ-ਪ੍ਰਭਾਵ ਕਬੂਲ ਕਰਨਾ, ਦਾਬੇ ਹੇਠ ਆਉਣਾ, ਗੱਲ ਮੰਨੀ ਜਾਣੀ।
ਈਮਾਨ ਲਿਆਉਣਾ-ਕਿਸੇ ’ਤੇ ਪੂਰਾ ਵਿਸ਼ਵਾਸ ਕਰਨਾ, ਇਸ਼ਟ ਮੰਨਣਾ।


ਸਖ਼ਤੀ ਦੇ ਵਰ ਆਉਣਾ-ਕਿਸੇ ਮੁਸੀਬਤ ਵਿੱਚ ਫਸਣਾ, ਔਕੜ ਆਉਣੀ।
ਸੱਚੇ ਵਿੱਚ ਢਲਿਆ ਹੋਣਾ-ਬਹੁਤ ਖੂਬਸੂਰਤ ਹੋਣਾ।
ਸੱਚੇ ਵਿੱਚ ਢਾਲਣਾ-ਖ਼ਾਸ ਢੰਗ ਅਨੁਸਾਰ ਜੀਵਣ ਜਿਊਣਾ।
ਸੱਜੀ ਬਾਂਹ ਹੋਣਾ-ਪੱਕਾ ਸਾਥੀ, ਹਰ ਸਮੇਂ ਮਦਦ ਕਰਨ ਵਾਲ਼ਾ।
ਸੱਟ ਸਿਰ ਤੇ ਪੈਣਾ-ਆਪਣੇ ਨਾਲ ਕੋਈ ਦੁਰਘਟਨਾ ਵਾਪਰਨੀ।
ਸੱਟ ਲੱਗਣਾ-ਕੋਈ ਮਾੜੀ ਖ਼ਬਰ ਸੁਣਕੇ ਸਦਮਾ ਹੋਣਾ।
ਸਤ ਸਲਾਮਾਂ ਕਰਨਾ-ਦੂਰੋਂ ਮੱਥਾ ਟੇਕਣਾ, ਨੇੜੇ ਨਾ ਲੱਗਣਾ, ਦੂਰ ਭੱਜ ਜਾਣਾ।

ਸਤ ਘੜੇ ਪਾਣੀ ਪੈਣਾ-ਦੂਜੇ ਦੀ ਖ਼ੁਸ਼ੀ ਦਾ ਚਾਅ ਨਾ ਕਰਨਾ।
ਸਤ ਤੇ ਵੀਹ ਵੀਹ ਖੈਰੀਂ ਹੋਣਾ-ਹਰ ਪਾਸੇ ਸੁਖ ਸਾਂਦ ਹੋਣੀ।
ਸੱਤ ਭੰਗ ਕਰਨਾ-ਕਿਸੇ ਇਸਤਰੀ ਦੀ ਬੇਪਤੀ ਕਰਨੀ, ਬਲਾਤਕਾਰ ਕਰਨਾ।
ਸੱਤਰਿਆ ਬਹੱਤਰਿਆ ਜਾਣਾ-ਬੁਢਾਪੇ ਕਾਰਨ ਮੱਤ ਮਾਰੀ ਜਾਣੀ।
ਸੱਤ ਪੱਤਣਾਂ ਦਾ ਪਾਣੀ ਪੀਤਾ ਹੋਣਾ-ਬਹੁਤ ਚਲਾਕ ਤੇ ਹੁਸ਼ਿਆਰ ਹੋਣਾ।
ਸਤਾਰਾ ਉਘੜਨਾ-ਕਿਸਮਤ ਜਾਗਣੀ, ਚੰਗੇ ਦਿਨ ਆਉਣੇ, ਮੰਦਹਾਲੀ ਤੋਂ ਖ਼ੁਸ਼ਹਾਲੀ ਆ ਜਾਣੀ।
ਸੜਿਆ ਹੋਣਾ-ਬਹੁਤ ਦੁਖੀ ਹੋਣਾ।
ਸਤਿਆਨਾਸ ਹੋਣਾ-ਨੁਕਸਾਨ ਹੋ ਜਾਣਾ, ਤਬਾਹ ਹੋ ਜਾਣਾ।
ਸੱਤੀਂ ਕੱਪੜੀਂ ਅੱਗ ਲੱਗਣਾ-ਬਹੁਤ ਗੁੱਸੇ ਵਿੱਚ ਆਉਣਾ, ਸੜ ਬਲ਼ ਜਾਣਾ।
ਸੱਧਰ ਲਾਹੁਣਾ-ਸਾਰੇ ਚਾਅ ਪੂਰੇ ਕਰਨੇ।
ਸਨਿਛਰ ਆਉਣਾ-ਮਾੜੇ ਦਿਨ ਆਉਣੇ, ਖ਼ੁਸ਼ਹਾਲੀ ਦੀ ਥਾਂ ਮੰਦਹਾਲੀ ਹੋਣੀ।
ਸੱਪ ਸੁੰਘ ਜਾਣਾ-ਦਿਲ ਢਹਿ ਜਾਣਾ।
ਸੱਪ ਦੇ ਸਿਰੋਂ ਕੌਡੀ ਕੱਢਣਾ-ਜਫ਼ਰ ਜਾਲ਼ ਕੇ ਪੈਸੇ ਕਮਾਉਣੇ, ਮਿਹਨਤ ਕਰਨੀ।
ਸੱਪਾਂ ਨੂੰ ਦੁੱਧ ਪਿਆਉਣਾ-ਆਪਣੇ ਵੈਰੀ ਨੂੰ ਪਾਲਣਾ, ਦੁਸ਼ਮਣਾਂ ਨਾਲ਼ ਨੇਕੀਆਂ ਕਰਨੀਆਂ।
ਸਬਕ ਸਿਖਾਉਣਾ-ਦੋਸ਼ੀ ਨੂੰ ਸਖ਼ਤ ਸਜ਼ਾ ਦੇਣੀ।
ਸਬਰ ਦਾ ਘੁੱਟ ਭਰਨਾ-ਹੌਸਲੇ ਨਾਲ਼ ਨੁਕਸਾਨ ਝੱਲ਼ ਲੈਣਾ, ਵਧੀਕੀ ਜਰ ਲੈਣੀ।
ਸਬਰ ਦਾ ਪਿਆਲਾ ਛਲਕਣਾ-ਵਧੀਕੀ ਜਰਨ ਦੀ ਹਿੰਮਤ ਨਾ ਰਹਿਣੀ।
ਸਮਾਂ ਹੱਥੋਂ ਨਾ ਛੱਡਣਾ-ਕੋਈ ਵੀ ਮੌਕਾ ਨਾ ਖੁੰਝਾਉਣਾ।
ਸਮਾਂ ਟਪਾਣਾ-ਔਖ ਸੌਖ ਵਿੱਚ ਗੁਜ਼ਾਰਾ ਕਰਨਾ, ਔਖੇ ਹੋ ਕੇ ਫ਼ਰਜ਼ ਪੂਰਾ ਕਰਨਾ।
ਸਮਾਂ ਬੰਨ੍ਹਣਾ-ਸਰੋਤਿਆਂ ਨੂੰ ਕੀਲ ਲੈਣਾ, ਐਸਾ ਪ੍ਰਭਾਵ ਪੈਦਾ ਕਰਨਾ ਕਿ ਸਾਰੇ ਲੋਕ ਪ੍ਰਭਾਵ ਮਹਿਸੂਸ ਕਰਨ।
ਸਮੇਂ ਦਾ ਇਤਬਾਰ ਨਾ ਹੋਣਾ-ਸਮੇਂ ਦੇ ਹਾਲਾਤ ਮਾੜੇ ਹੋਣੇ, ਚੋਰੀ ਦਾ ਡਰ ਰਹਿਣਾ।
ਸਮੇਂ ਦੀ ਨਬਜ਼ ਪਛਾਨਣਾ-ਮੌਕਾ ਦੇਖ ਕੇ ਮੌਕੇ ਅਨੁਸਾਰ ਕੰਮ ਕਰਨਾ।
ਸਮੇਂ ਨੂੰ ਅੱਗ ਲੱਗਣੀ-ਪੁਰਾਣੀ ਪੀੜ੍ਹੀ ਦਾ ਨਵੀਂ ਪੀੜ੍ਹੀ ਦੇ ਵਤੀਰੇ ਨੂੰ ਦੇਖ ਕੇ ਅਜੀਬ ਲੱਗਣਾ।


ਸਰਕਾਰੇ ਦਰਬਾਰੇ ਚੜ੍ਹਨਾ-ਕਚਹਿਰੀ ਵਿੱਚ ਨਿਆਂ ਲਈ ਮੁਕੱਦਮਾ ਕਰਨਾ, ਸ਼ਕੈਤ ਕਰਨੀ।
ਸਰਬੰਸ ਲਾਉਣਾ-ਸਭ ਕੁਝ ਕੁਰਬਾਨ ਕਰਨਾ।
ਸਰੀਰ ਸੁੰਨ ਹੋਣਾ-ਸਰੀਰ ਵਿੱਚ ਤਾਕਤ ਨਾ ਰਹਿਣੀ, ਡਰ ਜਾਣਾ।
ਸਰੀਰ ਢਿੱਲਾ ਪੈਣਾ-ਬੀਮਾਰ ਹੋ ਜਾਣਾ, ਸਧਾਰਨ ਬੀਮਾਰੀ ਲੱਗ ਜਾਣੀ।
ਸਲਾਹੁੰਦਿਆਂ ਦਾ ਮੂੰਹ ਸੁੱਕਣਾ-ਅਤਿ ਸਲਾਹੁਣਯੋਗ ਕਿ ਸਲਾਹੁਣ ਲਈ ਸ਼ਬਦ ਨਾ ਲੱਭਣੇ।
ਸਲਾਮੀ ਉਤਾਰਨਾ-ਕੌਮੀ ਝੰਡਾ ਲਹਿਰਾਉਣ ਉਪਰੰਤ ਉਸ ਨੂੰ ਸਲਾਮੀ ਦੇਣੀ।
ਸਵਾਇਆ ਰੰਗ ਚੜ੍ਹਨਾ-ਖ਼ੁਸ਼ੀ ਵਿੱਚ ਝੂਮ ਉਠਣਾ, ਬਹੁਤੀ ਖੁਸ਼ੀ ਮਹਿਸੂਸ ਕਰਨੀ।
ਸੜਕਾਂ ਕੱਛਣਾ-ਬਿਨਾਂ ਕੰਮ ਤੋਂ ਵਿਹਲੇ ਰਹਿਣਾ, ਅਵਾਰਾ ਫਿਰਨਾ।
ਸੜਦਾ ਸੜਦਾ ਕੋਲਾ ਦਿਲ 'ਤੇ ਰਖਣਾ-ਦੁਖੀ ਨੂੰ ਹੋਰ ਦੁਖੀ ਕਰਨਾ।
ਸ਼ਸ਼ੋਪੰਜ ਵਿੱਚ ਪੈਣਾ-ਦੁਬਿਧਾ ਵਿੱਚ ਪੈ ਜਾਣਾ, ਕਿਸੇ ਕੰਮ ਨੂੰ ਕਰਨ ਜਾਂ ਨਾ ਕਰਨ ਬਾਰੇ ਝਿਜਕਣਾ, ਸਪੱਸ਼ਟ ਫ਼ੈਸਲਾ ਨਾ ਕਰ ਸਕਣਾ।
ਸ਼ਹਿਦ ਲਾ ਕੇ ਚੱਟਣਾ-ਨਕੰਮੀ ਵਸਤੂ ਨੂੰ ਕੋਲ ਰੱਖਣਾ।
ਸ਼ਹੁ ਪਤੀਜਣਾ-ਸੰਤੁਸ਼ਟੀ ਹੋਣੀ, ਸਬਰ ਹੋਣਾ, ਭਰੋਸਾ ਬੱਝ ਜਾਣਾ।
ਸ਼ਕੰਜਾ ਢਿੱਲਾ ਹੋਣਾ-ਸਰੀਰ ਢਿੱਲਾ ਮੱਠਾ ਹੋਣਾ, ਮਾਣ ਟੁੱਟ ਜਾਣਾ।
ਸ਼ਰਮ ਨਾਲ ਗਰਕਣਾ-ਮਾੜਾ ਕੰਮ ਕਰਕੇ ਸ਼ਰਮ ਮਹਿਸੂਸ ਕਰਨੀ।
ਸ਼ਰਮ ਨਾਲ ਪਾਣੀ ਪਾਣੀ ਹੋਣਾ-ਬਹੁਤ ਸ਼ਰਮ ਮਹਿਸੂਸ ਕਰਨੀ।
ਸਾਹ ਆਉਣਾ-ਜ਼ੋਰ ਦਾ ਕੰਮ ਕਰਨ ਮਗਰੋਂ ਵਿਹਲ ਮਿਲਣੀ।
ਸਾਹ ਸਤ ਮੁਕਾ ਦੇਣਾ-ਘਬਰਾਹਟ ਵਿੱਚ ਪਾ ਦੇਣਾ।
ਸਾਹ ਸੁੱਕ ਜਾਣਾ-ਡਰ ਜਾਣਾ।
ਸਾਹ ਸੁਕਾਈ ਰੱਖਣਾ-ਡਰਾਈ ਰੱਖਣਾ, ਸਹਿਮ ਪਾਈ ਜਾਣਾ।
ਸਾਹ ਚੜ੍ਹਨਾ-ਹਫ਼ ਜਾਣਾ।
ਸਾਹ ਨਾ ਲੈਣ ਦੇਣਾ-ਜੀਵਨ ਵਿੱਚ ਸੁਖ ਨਾ ਆਉਣ ਦੇਣਾ।
ਸਾਹ ਨਾਲ ਸਾਹ ਰਲ਼ਣਾ-ਔਖਾ ਕਾਰਜ ਸੰਪੰਨ ਹੋ ਜਾਣਾ, ਸੌਖਾ ਸਾਹ ਆਉਣਾ, ਘਬਰਾਹਟ ਤੋਂ ਮੁਕਤ ਹੋ ਜਾਣਾ।
ਸਾਹ ਪੀਤਾ ਜਾਣਾ-ਡਰ ਜਾਣਾ, ਚੁੱਪ ਸਾਧੀ ਜਾਣੀ।

ਸਾਹ ਲੈਣਾ-ਸਬਰ ਕਰਨਾ, ਉਡੀਕ ਕਰਨਾ।
ਸਾਹਾ ਬੱਝਣਾ-ਵਿਆਹ ਦਾ ਦਿਨ ਧਰਿਆ ਜਾਣਾ।
ਸਾਹੀਂ ਸਾਹ ਲੈਣਾ-ਬਹੁਤ ਪਿਆਰ ਕਰਨਾ।
ਸਾਹੋ ਸਾਹ ਹੋਣਾ-ਹਫ਼ ਜਾਣਾ, ਥਕਾਵਟ ਨਾਲ ਸਾਹ ਦਾ ਤੇਜ਼ ਚੱਲਣਾ।
ਸਾਖੀ ਭਰਨਾ-ਸਹਿਮਤੀ ਜ਼ਾਹਿਰ ਕਰਨੀ, ਪ੍ਰੋੜ੍ਹਤਾ ਕਰਨਾ।
ਸਾਂਗ ਕੱਢਣਾ-ਕਿਸੇ ਦੀ ਨਕਲ ਉਤਾਰਨਾ।
ਸਾਂਗ ਭਰਨਾ-ਵਖਾਵਾ ਕਰਨਾ।
ਸਾਂਗ ਰਚਨਾ-ਠੱਗੀ ਮਾਰਨ ਦੀ ਚਾਲ ਚੱਲਣੀ।
ਸਾਂਗ ਲਾਉਣੀ-ਕਿਸੇ ਨੂੰ ਚੜ੍ਹਾਉਣ ਲਈ ਉਹਦੀ ਨਕਲ ਉਤਾਰਨੀ।
ਸਾਂਝ ਗੰਢਣਾ-ਮਿੱਤਰਤਾ ਪਾਉਣੀ।
ਸਾਂਝ ਪਾਉਣਾ-ਭਾਈਵਾਲੀ ਪਾਉਣੀ, ਦੋਸਤੀ ਪਾਉਣੀ।
ਸਾਂਝਾ ਜੋਤਰਾ ਲਾਉਣਾ-ਰਲ਼ਕੇ ਮਿਹਨਤ ਨਾਲ ਕੰਮ ਕਰਨਾ, ਸਾਂਝਾ ਜ਼ੋਰ ਲਾਉਣਾ।
ਸਾਣ ਚਾੜ੍ਹਨਾ-ਤਿੱਖਾ ਕਰਨਾ, ਤੇਜ਼-ਤਰਾਰ ਕਰਨਾ।
ਸ਼ਾਨ ਨੂੰ ਵੱਟਾ ਲਾਉਣਾ-ਬਦਨਾਮੀ ਖੱਟਣੀ, ਬੇਇਜ਼ਤੀ ਕਰਵਾਉਣੀ।
ਸਾਬਤ ਕਦਮ ਰਹਿਣਾ-ਅਡੋਲ ਰਹਿਣਾ, ਆਪਣੇ ਅਸੂਲਾਂ ’ਤੇ ਕਾਇਮ ਰਹਿਣਾ।
ਸ਼ਾਮਤ ਹੋਣੀ-ਮਾਰ ਕੁਟਾਈ ਹੋਣੀ, ਬਹੁਤ ਦੁਖੀ ਹੋਣਾ, ਤੰਗ ਕੀਤੇ ਜਾਣਾ।
ਸਾਰ ਲੈਣਾ-ਖ਼ਬਰਸਾਰ ਲੈਣਾ, ਖ਼ਬਰ ਰੱਖਣੀ।
ਸਾਰੀ ਤਾਣੀ ਉਲਝੀ ਹੋਣੀ-ਸਮੁੱਚੇ ਪ੍ਰਬੰਧ ਦਾ ਵਿਗੜਿਆ ਹੋਣਾ, ਹਰ ਥਾਂ ਨੁਕਸ ਹੋਣੇ।
ਸਾੜ ਸਾੜ ਮਾਰਨਾ-ਕਿਸੇ ਨੂੰ ਚੁੱਭਵੇਂ ਬੋਲ ਬੋਲ ਕੇ ਸਤਾਉਣਾ।
ਸਿਆਹੀ ਸਫ਼ੈਦੀ ਕਰਨਾ-ਆਪਣੀ ਮਰਜ਼ੀ ਵਰਤਣੀ, ਪੂਰੇ ਅਖ਼ਤਿਆਰ ਹੋਣਾ।
ਸਿਆਪਾ ਪਾਉਣਾ-ਝਗੜੇ ਵਾਲ਼ਾ ਕੰਮ ਸਹੇੜਨਾ, ਵੱਟਾ ਪਾਉਣਾ, ਵਖ਼ਤ ਪਾਉਣਾ।
ਸਿਆਪਾ ਮਕਾਉਣਾ-ਕਿਸੇ ਮਨ ਚਿਤ ਨਾ ਲੱਗਦੀ ਗੱਲ ਦਾ ਸਦਾ ਲਈ ਖਿਹੜਾ ਛੱਡ ਦੇਣਾ।
ਸਿੱਕ ਪੈ ਜਾਣੀ-ਤਾਂਘ ਲੱਗ ਜਾਣੀ।
ਸਿੱਕਾ ਮੰਨਣਾ-ਜ਼ੋਰ ਜਾਂ ਸੁੰਦਰਤਾ ਵਿੱਚ ਦੂਜੇ ਨੂੰ ਆਪਣੇ ਨਾਲ਼ੋ ਵਧੀਆ ਮੰਨਣਾ।


ਸਿੱਕਾ ਬਿਠਾਉਣਾ-ਗਹਿਰਾ ਪ੍ਰਭਾਵ ਪਾ ਦੇਣਾ।
ਸ਼ਿਕਾਰ ਹੋਣਾ-ਕਾਬੂ ਆ ਜਾਣਾ।
ਸਿੰਗ ਸਮਾਣਾ-ਰਾਹ ਮਿਲਣਾ, ਓਟ ਮਿਲਣੀ।
ਸਿੱਟ ਪਸਿੱਟ ਕਰਨਾ-ਚੀਜ਼ਾਂ ਨੂੰ ਬੇਤਰਤੀਬੀ ਨਾਲ਼ ਸੁੱਟਣਾ।
ਸਿੱਧੇ ਹੱਥੀਂ ਦੇਣਾ-ਆਪਣੀ ਮਰਜ਼ੀ ਨਾਲ਼ ਕੋਈ ਚੀਜ਼ ਦੇਣੀ, ਖ਼ੁਸ਼ੀ-ਖ਼ੁਸ਼ੀ ਦੇ ਦੇਣੀ।
ਸਿੱਧੇ ਮੂੰਹ ਗੱਲ ਨਾ ਕਰਨੀ-ਦੂਜੇ ਦੀ ਗੱਲ ਵੱਲ ਧਿਆਨ ਨਾ ਦੇਣਾ, ਹੰਕਾਰ ਵਖਾਉਣਾ।
ਸਿੱਧੇ ਰਾਹ 'ਤੇ ਲਿਆਉਣਾ-ਠੀਕ ਰਸਤੇ 'ਤੇ ਲੈ ਆਉਣਾ, ਸਮਝਾ ਕੇ ਜਾਂ ਮਾਰ ਕੁਟਾਈ ਕਰਕੇ ਮਨਾ ਲੈਣਾ।
ਸਿਰ ਉੱਚਾ ਕਰਨਾ-ਆਦਰ ਸਤਿਕਾਰ ਦੇ ਯੋਗ ਹੋ ਜਾਣਾ।
ਸਿਰ ਉੱਤੇ ਰੱਖਣਾ-ਸਹਾਰਾ ਦੇਣਾ, ਆਸਰਾ ਦੇਣਾ।
ਸਿਰ ਉੱਤੇ ਪਹਾੜ ਆ ਡਿੱਗਣਾ-ਬਹੁਤ ਭਾਰੀ ਜ਼ਿੰਮੇਵਾਰੀ ਗਲ਼ ਪੈ ਜਾਣੀ।
ਸਿਰ ਉੱਤੇ ਪਾਣੀ ਲੰਘਣਾ-ਮੁਸੀਬਤ ਦੀ ਅਤਿ ਹੋ ਜਾਣੀ, ਵਿਤੋਂ ਬਾਹਰ ਹੋ ਜਾਣਾ।
ਸਿਰ ਸਿਹਰਾ ਆਉਣਾ-ਕਿਸੇ ਕੰਮ ਦੀ ਕਾਮਯਾਬੀ ਤੇ ਵਡਿਆਈ ਪ੍ਰਾਪਤ ਕਰਨੀ।
ਸਿਰ ਸੁੱਟ ਦੇਣਾ- ਈਨ ਮੰਨਣਾ, ਹਾਰ ਮੰਨਣੀ, ਆਪਣੇ ਆਪ ਨੂੰ ਕਿਸੇ ਨੂੰ ਸੌਂਪ ਦੇਣਾ।
ਸਿਰ ਹੋਣਾ-ਅਜਾਈਂ ਗਲ਼ ਪੈ ਜਾਣਾ।
ਸਿਰ ਖਪਾਉਣਾ-ਬੇਥਵੀਆਂ ਗੱਲਾਂ ਮਾਰ ਮਾਰ ਕੇ ਅਕਾ ਦੇਣਾ।
ਸਿਰ ਖਾਣਾ-ਫ਼ਜ਼ੂਲ ਗੱਲਾਂ ਕਰਕੇ ਤੰਗ ਕਰਨਾ, ਖਪਾਉਣਾ।
ਸਿਰ ਖ਼ਾਲੀ ਹੋ ਜਾਣਾ-ਬਹੁਤਾ ਬੋਲਣ ਜਾਂ ਕੰਮ ਕਰਨ ਕਰਕੇ ਥੱਕ ਜਾਣਾ, ਸਿਰ ਦਾ ਕਮਜ਼ੋਰ ਹੋ ਜਾਣਾ।
ਸਿਰ ਖ਼ੁਰਕਣ ਦੀ ਵਿਹਲ ਨਾ ਹੋਣੀ-ਬਹੁਤ ਰੁੱਝੇ ਹੋਣਾ, ਉੱਕਾ ਹੀ ਵਿਹਲ ਨਾ ਹੋਣੀ।
ਸਿਰ ਖੇਹ ਪਾਉਣੀ-ਖ਼ੁਨਾਮੀ ਹੋਣੀ, ਬੇਇਜ਼ਤੀ ਹੋਣੀ।
ਸਿਰ ਚੜ੍ਹ ਕੇ ਮਰਨਾ-ਕਿਸੇ ਦੂਜੇ ਕਾਰਨ ਮੌਤ ਸਹੇੜਨੀ।


ਸਿਰ ਚੜ੍ਹਨਾ-ਅਜਾਈਂ ਲਾਡ ਪਿਆਰ ਕਰਨਾ।
ਸਿਰ ਛੱਤ ਨੂੰ ਛੂਹਣਾ-ਜਵਾਨ ਹੋ ਜਾਣਾ, ਬਹੁਤ ਲੰਬੀ ਹੋਣਾ।
ਸਿਰ ਜੁੜਨਾ-ਪਿਆਰ ਤੇ ਸਾਂਝ ਵਧਣੀ।
ਸਿਰ ਜੋੜ ਬੈਠਣਾ-ਏਕਾ ਕਰਨਾ, ਇਕੱਠੇ ਹੋਣਾ।
ਸਿਰ ਡਾਹੁਣਾ-ਪੂਰੀ ਹਿੰਮਤ ਨਾਲ਼ ਕਿਸੇ ਕੰਮ ਵਿੱਚ ਜੁਟ ਜਾਣਾ।
ਸਿਰ ਤਲੀ 'ਤੇ ਧਰਨਾ-ਹਰ ਕੁਰਬਾਨੀ ਲਈ ਤਿਆਰ ਹੋ ਜਾਣਾ, ਮਰਨ ਲਈ ਤਿਆਰ ਹੋ ਜਾਣਾ।
ਸਿਰ 'ਤੇ ਸਹਿਣਾ-ਹਰ ਮੁਸੀਬਤ ਨੂੰ ਬਰਦਾਸ਼ਤ ਕਰਨਾ।
ਸਿਰ 'ਤੇ ਸੱਤ ਘੜੇ ਪਾਣੀ ਪੈਣਾ-ਸਾਰੀਆਂ ਆਸਾਂ ਮੁੱਕ ਜਾਣੀਆਂ।
ਸਿਰ 'ਤੇ ਸਵਾਰ ਹੋਣਾ-ਦੁਖੀ ਕਰਨਾ, ਤੰਗ ਕਰਨਾ।
ਸਿਰ 'ਤੇ ਹੱਥ ਰੱਖਣਾ-ਮਦਦ ਕਰਨੀ, ਹੌਸਲਾ ਦੇਣਾ।
ਸਿਰ 'ਤੇ ਕੁਹਾੜਾ ਲਟਕਣਾ-ਹਰ ਸਮੇਂ ਕੋਈ ਨਾ ਕੋਈ ਮੁਸੀਬਤ ਜਾਂ ਖ਼ਤਰਾ ਹੋਣਾ।
ਸਿਰ 'ਤੇ ਕੁੰਡਾ ਨਾ ਹੋਣਾ-ਰੋਕਣ ਲਈ ਘਰ 'ਚ ਕੋਈ ਵੱਡਾ ਨਾ ਹੋਣਾ।
ਸਿਰ 'ਤੇ ਕੱਫਨ ਬੰਨ੍ਹ ਕੇ ਨਿਕਲਣਾ-ਹਰ ਮੁਸੀਬਤ ਝੱਲਣ ਲਈ ਤਿਆਰ ਹੋਣਾ, ਮਰਨ ਮਾਰਨ ਲਈ ਤਿਆਰ ਰਹਿਣਾ।
ਸਿਰ 'ਤੇ ਚੜ੍ਹਨਾ-ਭੂਏ ਚੜ੍ਹਨਾ, ਆਕੜ ਵਖਾਉਣੀ।
ਸਿਰ 'ਤੇ ਜੂੰ ਨਾ ਸਰਕਣੀ-ਕਿਸੇ ਦੀ ਉੱਕਾ ਹੀ ਪ੍ਰਵਾਹ ਨਾ ਕਰਨੀ।
ਸਿਰ 'ਤੇ ਝੁਰਲੂ ਫਿਰ ਜਾਣਾ-ਸਹਿਮ ਜਾਣਾ, ਜਾਦੂ ਦਾ ਪ੍ਰਭਾਵ ਪੈਣਾ, ਦਾਬੇ ਵਿੱਚ ਆ ਜਾਣਾ।
ਸਿਰ 'ਤੇ ਪੈਰ ਰੱਖਕੇ ਭੱਜਣਾ-ਬੇਸੁਧ ਹੋ ਕੇ ਤੇਜ਼ੀ ਨਾਲ਼ ਭੱਜ ਜਾਣਾ।
ਸਿਰ 'ਤੇ ਬਣਨੀ-ਦੁਖਾਂ ਦਾ ਪਹਾੜ ਟੁੱਟ ਪੈਣਾ।
ਸਿਰ 'ਤੇ ਬਿਠਾਣਾ-ਆਦਰ ਮਾਣ ਕਰਨਾ।
ਸਿਰ 'ਤੇ ਭਾਰ ਹੋਣਾ-ਜ਼ਿੰਮੇਵਾਰੀ ਹੋਣੀ।
ਸਿਰ ਧੜ ਦੀ ਬਾਜ਼ੀ ਲਾਉਣੀ-ਮੌਤ ਦੀ ਵੀ ਪ੍ਰਵਾਹ ਨਾ ਕਰਨੀ।
ਸਿਰ ਨਾ ਚੁੱਕਣ ਦੇਣਾ-ਦਬਾ ਕੇ ਰੱਖਣਾ, ਹੌਸਲਾ ਨਾ ਪੈਣ ਦੇਣਾ।
ਸਿਰ ਨਿਵਾ ਦੇਣਾ-ਸਹਿਮਤੀ ਪ੍ਰਗਟ ਕਰਨੀ, ਈਨ ਮੰਨਣਾ, ਹਾਰ ਮੰਨਣੀ।
ਸਿਰ ਨੀਵਾਂ ਕਰ ਦੇਣਾ-ਸ਼ਰਮਿੰਦਾ ਕਰ ਦੇਣਾ।

ਸਿਰ ਪਿੱਟਣਾ-ਸਧਾਰਨ ਬੁੱਧੀ ਵਾਲ਼ੇ ਨੂੰ ਸਮਝਾ ਸਮਝਾ ਕੇ ਥੱਕ ਜਾਣਾ।
ਸਿਰ ਪੈਰ ਨਾ ਹੋਣਾ-ਗੱਲ ਵਿੱਚ ਸੱਚਾਈ ਨਾ ਹੋਣੀ, ਗੱਲ ਦੀ ਸਮਝ ਨਾ ਲੱਗਣੀ।
ਸਿਰ ਫਿਰਨਾ-ਪਾਗਲ ਹੋ ਜਾਣਾ, ਮੱਤ ਮਾਰੀ ਜਾਣੀ।
ਸਿਰ ਫੇਰ ਦੇਣਾ-ਨਾਂਹ ਕਰ ਦੇਣੀ।
ਸਿਰ ਭਾਰੀ ਹੋਣਾ-ਸਿਰ ਦਰਦ ਹੋਣਾ।
ਸਿਰ ਭੁੱਬਲ ਪੈਣਾ-ਬਦਨਾਮੀ ਹੋਣੀ, ਬੇਇੱਜ਼ਤੀ ਹੋਣੀ।
ਸਿਰ ਮੱਥੇ ਮੰਨਣਾ-ਖ਼ੁਸ਼ੀ ਖ਼ੁਸ਼ੀ ਪ੍ਰਵਾਨ ਕਰਨਾ, ਮੰਨਣਾ।
ਸਿਰ ਮਾਰਨਾ-ਨਾਂਹ ਕਰਨੀ, ਕਿਸੇ ਨੂੰ ਸਮਝਾਉਣ ਦਾ ਵਿਅਰਥ ਯਤਨ ਕਰਨਾ।
ਸਿਰ ਮੁਨਾ ਕੇ ਭੱਦਰਾਂ ਪੁੱਛਣਾ-ਕੰਮ ਵਿਗਾੜਨ ਪਿੱਛੋਂ ਸੁਰਤ ਆਉਣੀ।
ਸਿਰ ਮੁਨਾਣਾ-ਸਭ ਕੁਝ ਗੰਵਾ ਦੇਣਾ, ਤਬਾਹ ਹੋ ਜਾਣਾ।
ਸਿਰ ਮੂੰਹ ਸਾੜਨਾ-ਮਿਹਨਤ ਕਰਨੀ, ਚੁੱਲ੍ਹੇ ਅੱਗੇ ਔਖੇ ਹੋ ਕੇ ਕੰਮ ਕਰਨਾ।
ਸਿਰ ਲੁਕਾਉਣਾ-ਆਸਰਾ ਲੱਭਣਾ, ਓਟ ਤੱਕਣੀ।
ਸਿਰ ਲੈ ਲੈਣਾ-ਸਹੇੜ ਲੈਣਾ, ਆਪਣੇ ਗਲ਼ ਪੁਆ ਲੈਣਾ, ਆਪਣੇ ਜੁੰਮੇ ਲੈ ਲੈਣਾ, ਪ੍ਰਵਾਨ ਕਰਨਾ।
ਸਿਰਾਂ ਦੀ ਬਾਜ਼ੀ ਲਾਉਣੀ-ਮੌਤ ਸਹੇੜਨ ਨੂੰ ਤਿਆਰ ਹੋ ਜਾਣਾ, ਹਰ ਕੁਰਬਾਨੀ ਦੇਣ ਨੂੰ ਰਾਜ਼ੀ ਹੋ ਜਾਣਾ।
ਸਿਰੇ ਚਾੜ੍ਹਨਾ-ਸਫ਼ਲਤਾ ਤੱਕ ਪਹੁੰਚਾਉਣਾ, ਕਾਮਯਾਬ ਕਰਨਾ।
ਸਿਰੋਂ ਨੰਗੀ ਹੋਣਾ-ਵਿਧਵਾ ਹੋ ਜਾਣਾ।
ਸਿਰੋਂ ਬਲਾ ਟਾਲ਼ਣਾ-ਮੁਸੀਬਤ 'ਚੋਂ ਨਿਕਲਣਾ, ਸਿਰ 'ਤੇ ਪਈ ਔਕੜ ਦੂਰ ਹੋਣੀ।
ਸੀ ਨਾ ਕਰਨਾ-ਕੂਣਾ ਤੱਕ ਨਾ, ਦੁਖ ਪੀ ਜਾਣਾ।
ਸੀਖ ਪਾ ਹੋਣਾ-ਬਹੁਤ ਦੁਖੀ ਹੋਣਾ, ਦਿਲ ਤੇ ਡੂੰਘਾ ਅਸਰ ਹੋਣਾ।
ਸੀਨੇ ਸੱਟ ਲਾਣਾ-ਹਿਰਦੇ ’ਤੇ ਚੋਟ ਲੱਗਣੀ।
ਸੀਨੇ ਪ੍ਰੇਮ ਮੁਆਤਾ ਲੱਗਣਾ-ਪਿਆਰ ਹੋ ਜਾਣਾ।
ਸੀਨੇ ਵਿੱਚ ਸੂਲਾਂ ਚੁਭਣੀਆਂ-ਦਿਲ ਵਿੱਚ ਦੁਖ ਮਹਿਸੂਸ ਕਰਨਾ।
ਸੀਨੇ ਵਿੱਚ ਚੁਭਣਾ-ਕਿਸੇ ਵੱਲੋਂ ਮਾਰੇ ਤਾਹਨੇ ਮਿਹਣੇ ਦਾ ਦੁੱਖ ਲੱਗਣਾ।


ਸੀਨੇ ਵਿੱਚ ਛੇਕ ਹੋਣਾ-ਦੁੱਖ ਦੀ ਸੱਟ ਮਹਿਸੂਸ ਕਰਨੀ।
ਸੀਰਮੇ ਪੀ ਜਾਣਾ-ਮਾਰ ਦੇਣਾ।
ਸੁਆਸਾਂ ਦਾ ਧਾਗਾ ਟੁੱਟਣਾ-ਪ੍ਰਾਣ ਤਿਆਗ ਦੇਣੇ, ਮਰ ਜਾਣਾ।
ਸੁਆਹ ਉਡਣਾ-ਲੋਕਾਂ ਵਿੱਚ ਬੇਇਜ਼ਤੀ ਹੋ ਜਾਣੀ।
ਸੁਹਾਗ ਲੁੱਟ ਲੈਣਾ-ਪਤੀ ਦੀ ਮੌਤ ਹੋ ਜਾਣੀ।
ਸੁਹਾਗਾ ਫੇਰਨਾ-ਕੀਤੇ ਕਤਰੇ ਕੰਮ ਦਾ ਮਲੀਆ ਮੇਟ ਕਰ ਦੇਣਾ, ਕੰਮ ਦਾ ਨਾਸ਼ ਹੋ ਜਾਣਾ।
ਸੁੱਕ ਕੇ ਤੀਲਾ ਹੋਣਾ-ਫ਼ਿਕਰ ਜਾਂ ਬੀਮਾਰੀ ਕਰਕੇ ਸਰੀਰ ਦਾ ਨਿਰਬਲ ਹੋ ਜਾਣਾ, ਕਮਜ਼ੋਰ ਹੋਣਾ।
ਸੁੱਕਣੇ ਪਾ ਛੱਡਣਾ-ਕਿਸੇ ਨੂੰ ਇਕੋ ਥਾਂ ਬਹਾ ਕੇ ਮੁੜ ਕੇ ਉਹਦੀ ਬਾਤ ਨਾ ਪੁੱਛਣੀ, ਤੰਗ ਕਰਨਾ।
ਸੁੱਕਾ ਬਚਣਾ-ਕਿਸੇ ਕਿਸਮ ਦਾ ਨੁਕਸਾਨ ਨਾ ਹੋਣਾ, ਬੱਚ ਜਾਣਾ।
ਸੁੱਕੇ ਸੰਘ ਅੜਾਉਣਾ-ਊਈਂ ਮੀਚੀਂ ਰੋਣਾ, ਪਖੰਡ ਕਰਨਾ।
ਸੁੱਕੇ ਬਾਗ ਹਰੇ ਹੋਣੇ-ਕਿਸਮਤ ਜਾਗਣੀ, ਉਦਾਸੀ ਦਾ ਖ਼ੁਸ਼ੀ ਵਿੱਚ ਬਦਲ ਜਾਣਾ।
ਸੁੱਖ ਦਾ ਸਾਹ ਆਉਣਾ-ਔਖੇ ਦਿਨ ਬੀਤ ਜਾਣ ਮਗਰੋਂ ਸੁਖੀ ਜ਼ਿੰਦਗੀ ਸ਼ੁਰੂ ਹੋਣੀ।
ਸੁੱਖ ਦੀ ਨੀਂਦਰ ਸੌਣਾ-ਨਿਸ਼ਚਿੰਤ ਹੋ ਕੇ ਸੌਣਾ, ਚੰਗੇ ਦਿਨ ਆਉਣੇ।
ਸੁੱਜ ਭੜੋਲਾ ਬਣਨਾ-ਰੁਸ ਕੇ ਮੂੰਹ ਮੋਟਾ ਕਰ ਲੈਣਾ।
ਸੁੰਵ ਮਸਾਣ ਵਰਤਣਾ-ਮੜ੍ਹੀਆਂ ਵਾਂਗ ਚੁੱਪ ਛਾ ਜਾਣੀ, ਬਿਲਕੁਲ ਚੁੱਪ ਹੋਣੀ।
ਸੁੱਟ ਪਾਉਣਾ-ਕਿਸੇ ਚੀਜ਼ ਨੂੰ ਮਹਿੰਗੀ ਸਸਤੀ ਕਰਕੇ ਵੇਚ ਦੇਣਾ, ਗਲੋਂ ਲਾਹੁਣਾ।
ਸੁਣਾਉਤਾਂ ਸੁੱਟਣਾ-ਕਿਸੇ ਖ਼ਾਸ ਮੰਤਵ ਲਈ ਗੱਲਾਂ ਕਰਨੀਆਂ, ਸੁਝਾ ਦੇਣੇ, ਤਾਹਨੇ ਮਾਰ ਕੇ ਵੰਗਾਰਨਾ।
ਸੁਣੀ ਅਣਸੁਣੀ ਕਰਨਾ-ਧਿਆਨ ਨਾ ਦੇਣਾ, ਮੰਨਣਾ ਨਾ।
ਸੁੱਤੀ ਕਲਾ ਜਗਾਉਣੀ-ਖ਼ਤਮ ਹੋਏ ਝਗੜੇ ਨੂੰ ਨਵੇਂ ਸਿਰਿਓਂ ਖੜ੍ਹਾ ਕਰ ਲੈਣਾ।
ਸੁਪਨਾ ਹੋ ਜਾਣਾ-ਆਸ ਮੁੱਕ ਜਾਣੀ, ਮੁੜ ਕੇ ਵਾਪਸ ਆਉਣ ਦੀ ਆਸ ਨਾ ਹੋਣੀ।


ਸੁਪਨਾ ਟੁੱਟ ਜਾਣਾ-ਚੰਗੀ ਬਣਾਈ ਵਿਓਂਤ ਸਦਾ ਲਈ ਮੁੱਕ ਜਾਣੀ।
ਸੁਪਨੇ ਆਉਣੇ-ਮੁੜ ਮੁੜ ਚੇਤੇ ਆਉਣਾ।
ਸੁਪਨੇ ਲੈਣਾ-ਆਸਾਂ ਬੰਨ੍ਹਣੀਆਂ।
ਸੁਭਾਅ ਦਾ ਕੌੜਾ ਹੋਣਾ-ਗੁਸੈਲ ਤੇ ਕ੍ਰੌਧੀ।
ਸੁਰ ਮਿਲਣਾ-ਸਹਿਮਤੀ ਹੋਣੀ, ਇਕੋ ਰਾਏ ਹੋਣੀ।
ਸੁੰਨ ਹੋ ਜਾਣਾ-ਆਪਣੇ ਆਪ ਦੀ ਸੁਰਤ ਨਾ ਰਹਿਣੀ, ਘਬਰਾ ਜਾਣਾ।
ਸੂਹ ਕਢਣਾ-ਕਿਸੇ ਦਾ ਭੇਤ ਪਤਾ ਕਰਨਾ।
ਸੂਤ ਆਉਣਾ-ਲਾਭਦਾਇਕ ਸਿੱਧ ਹੋਣਾ, ਠੀਕ ਬੈਠਣਾ।
ਸੂਰਜ ਚੜ੍ਹਨਾ-ਉੱਨਤੀ ਵੱਲ ਜਾਣਾ, ਪ੍ਰਸਿੱਧੀ ਹਾਸਿਲ ਹੋਣੀ, ਤੇਜ਼ ਪ੍ਰਤਾਪ ਰੌਸ਼ਨ ਹੋਣਾ।
ਸੂਲੀ 'ਤੇ ਟੰਗਣਾ-ਚਿੰਤਾ ਵਿੱਚ ਪਾਈ ਰੱਖਣਾ, ਦੁਖੀ ਕਰਨਾ।
ਸ਼ੂਟ ਲਾਉਣਾ-ਜ਼ੋਰ ਨਾਲ ਦੌੜਨਾ।
ਸੇਕ ਲੱਗਣਾ-ਦੁੱਖ ਮਹਿਸੂਸ ਕਰਨਾ।
ਸ਼ੇਖਚਿੱਲੀ ਦੇ ਪਲਾਓ ਪਕਾਉਣਾ-ਖ਼ਿਆਲੀ ਆਸਾਂ।
ਸੇਕ ਲੱਗਣਾ-ਕਿਸੇ ਦੂਜੇ ਦੇ ਦੁੱਖ ਨੂੰ ਆਪਣਾ ਦੁੱਖ ਸਮਝਣਾ, ਘਾਟਾ ਪੈਣਾ।
ਸ਼ੇਰ ਹੋ ਜਾਣਾ-ਹੌਸਲਾ ਬੁਲੰਦ ਕਰਨਾ, ਦਲੇਰੀ ਫੜਨੀ।
ਸ਼ੇਰ ਦੀ ਮੁੱਛ ਫੜਨਾ-ਹੌਸਲੇ ਭਰਪੂਰ ਕਰਤਵ ਕਰਨੇ।
ਸ਼ੈਤਾਨ ਦੇ ਕੰਨ ਕੁਤਰਨੇ-ਬਹੁਤ ਹੀ ਸਿਆਣਾ ਤੇ ਚਲਾਕ ਹੋਣਾ।
ਸੈਲ ਪੱਥਰ ਹੋਣਾ-ਡਰ ਨਾਲ਼ ਥਾਂ 'ਤੇ ਗੱਡਿਆ ਜਾਣਾ, ਅਹਿਲ ਹੋ ਜਾਣਾ, ਪੱਥਰਾ ਜਾਣਾ।
ਸੋਹਲੇ ਸੁਣਾਉਣਾ-ਕਿਸੇ ਨੂੰ ਮੰਦੇ ਬੋਲ ਬੋਲਣੇ, ਗਾਲ਼ਾਂ ਕੱਢਣੀਆਂ।
ਸੋਚ ਦੀ ਮੂਰਤ ਬਣਨਾ-ਚੁਪ ਚਾਪ ਸੋਚੀ ਜਾਣਾ, ਆਲ਼ੇ ਦੁਆਲੇ ਦੀ ਸੁਰਤ ਨਾ ਰਹਿਣੀ।
ਸੋਚਾਂ ਵਿੱਚ ਉਤਰਨਾ-ਸੋਚਾਂ ਚ ਡੁੱਬ ਜਾਣਾ।
ਸੋਤਰ ਸੁੱਕ ਜਾਣੇ-ਡਰ ਜਾਣਾ, ਡਰ ਨਾਲ਼ ਬੁਲ੍ਹ ਸੁਕ ਜਾਣੇ।
ਸੋਨੇ ਉੱਤੇ ਸੁਹਾਗੇ ਦਾ ਕੰਮ ਕਰਨਾ-ਹੋਰ ਚਮਕਾ ਦੇਣਾ, ਵਧੇਰੇ ਚੰਗਾ ਬਣਾ ਦੇਣਾ।
ਦੇਣਾ।


ਸੋਨੇ ਦੀ ਲੰਕਾ ਬਣਾਉਣਾ-ਬਹੁਤ ਅਮੀਰ ਹੋ ਜਾਣਾ, ਬਹੁਤ ਧੰਨ ਇਕੱਠਾ ਕਰਨਾ।
ਸੌ ਦੀ ਇਕੋ ਮੁਕਾ ਦੇਣਾ-ਮੁੱਕਦੀ ਗੱਲ ਕਰਨੀ।
ਸੌਖਾ ਨਾ ਮਾਰਨਾ-ਸੌਖੀ ਤਰ੍ਹਾਂ ਬਸ ਵਿੱਚ ਨਾ ਆਉਣਾ।
ਸੰਘ ਪਾੜਨਾ-ਉੱਚੀ ਬੋਲਣਾ।
ਸੰਘੀ ਘੁੱਟੀ ਹੋਣਾ-ਬਹੁਤ ਤੰਗ ਹੋਣਾ।
ਸੰਘੀ ਨਹੁੰ ਦੇਣਾ-ਜ਼ਬਰਦਸਤੀ ਆਪਣੀ ਗੱਲ ਮਨਾਉਣੀ, ਬਹੁਤ ਤੰਗ
ਕਰਨਾਂ।


ਹੰਝੂਆਂ ਦਾ ਹਾਰ ਪਰੋਣਾ-ਜ਼ਾਰ ਜ਼ਾਰ ਰੋਣਾ, ਹੰਝੂ ਕੇਰਨਾ।
ਹੱਟੀ ਵਧਾਣਾ-ਹੱਟ ਬੰਦ ਕਰਨੀ, ਦੁਕਾਨ ਬੰਦ ਕਰਨੀ।
ਹੱਡ ਭੰਨ ਕੇ ਕੰਮ ਕਰਨਾ-ਸਖ਼ਤ ਮਿਹਨਤ ਕਰਨੀ, ਔਖਾ ਕੰਮ ਕਰਨਾ।
ਹੱਡ ਸੁਜਾਉਣਾ-ਜਿਸਮਾਨੀ ਮਾਰ ਮਾਰਨੀ, ਬੁਰੀ ਤਰ੍ਹਾਂ ਕੁੱਟਣਾ।
ਹੱਡ ਖਾਣਾ-ਬਹੁਤ ਸਤਾਉਣਾ।
ਹੱਡ ਗੋਡੇ ਰਗੜਨਾ-ਦੁੱਖ ਭੋਗਣੇ, ਦੁਖ ਸਹਿਣੇ।
ਹੱਡ ਨਾ ਹਿਲਾਉਣਾ-ਕੋਈ ਕੰਮ ਨਾ ਕਰਨਾ, ਨਿਕੰਮਾ ਬੰਦਾ।
ਹੱਡਾਂ ਨੂੰ ਰੋਗ ਲਾਉਣਾ-ਸਦਾ ਦਾ ਦੁੱਖ ਸਹੇੜ ਲੈਣਾ।
ਹੱਡਾਂ ਵਿੱਚ ਪਾਣੀ ਪੈਣਾ-ਕੰਮ ਕਰਨ ਨੂੰ ਜੀ ਨਾ ਕਰਨਾ, ਆਲਸੀ ਹੋ ਜਾਣਾ।
ਹੱਡੀ ਪਸਲੀ ਨਾ ਲੱਭਣੀ-ਖੁਰਾ ਖੋਜ ਨਾ ਲੱਭਣਾ।
ਹੱਡੀਆਂ ਨਿਕਲ ਆਉਣਾ-ਕਮਜ਼ੋਰ ਹੋ ਜਾਣਾ।
ਹੱਥ ਉਠਾਉਣਾ-ਮਾਰਨ ਨੂੰ ਪੈਣਾ।
ਹੱਥ ਉੱਤੇ ਹੱਥ ਧਰਕੇ ਬੈਠਣਾ-ਨਿਕੰਮਾ ਹੋਣਾ।
ਹੱਥ ਅੱਡਣਾ-ਭਿੱਖ ਮੰਗਣਾ, ਦੂਜੇ ਪਾਸੋਂ ਮੰਗਣਾ।
ਹੱਥ ਆ ਜਾਣਾ-ਕਾਬੂ ਆਉਣਾ, ਪ੍ਰਾਪਤ ਹੋਣਾ।
ਹੱਥ ਸਾਫ਼ ਕਰਨਾ-ਧੋਖੇ ਨਾਲ ਕੋਈ ਚੀਜ਼ ਲੈਣੀ।
ਹੱਥ ਹਿਲਾਉਣਾ-ਉੱਦਮ ਕਰਨਾ।


ਹੱਥ ਹੇਠ ਆਉਣਾ-ਕਾਬੂ ਆਉਣਾ।
ਹੱਥ ਹੌਲਾ ਕਰਵਾਉਣਾ-ਕਿਸੇ ਦੁੱਖ ਲਈ ਟੂਣਾ ਆਦਿ ਕਰਾਉਣਾ।
ਹੱਥ ਕਰ ਜਾਣਾ-ਧੋਖਾ ਕਰਨਾ।
ਹੱਥ ਖੁੱਲ੍ਹਾ ਰੱਖਣਾ-ਖੁੱਲ੍ਹਾ ਖ਼ਰਚ ਕਰਨਾ।
ਹੱਥ ਗਰਮ ਹੋਣਾ-ਮੁੱਠੀ ਗਰਮ ਹੋਣੀ, ਰਿਸ਼ਵਤ ਲੈਣੀ।
ਹੱਥ ਗਰਮ ਕਰਨਾ-ਵੱਢੀ ਦੇਣੀ, ਰਿਸ਼ਵਤ ਦੇਣੀ।
ਹੱਥ ਚੁੱਕਣਾ-ਅੱਗੋਂ ਮਾਰਨਾ।
ਹੱਥ ਜੋੜਨਾ-ਖਿਮਾਂ ਮੰਗਣੀ, ਨਿਮਰਤਾ ਦਿਖਾਣੀ।
ਹੱਥ ਝਾੜਕੇ ਮਗਰ ਪੈਣਾ-ਗੁੱਸੇ ਵਿੱਚ ਆ ਕੇ ਗਲ਼ ਪੈ ਜਾਣਾ।
ਹੱਥ ਤੰਗ ਹੋਣਾ-ਗ਼ਰੀਬੀ ਆ ਜਾਣੀ।
ਹੱਥ 'ਤੇ ਹੱਥ ਮਾਰ ਕੇ ਨੱਸ ਜਾਣਾ-ਖਿਸਕ ਜਾਣਾ, ਫੜਿਆ ਨਾ ਜਾਣਾ।
ਹੱਥਾਂ ਦਾ ਸੁੱਚਾ ਹੋਣਾ-ਬਹੁਤ ਸਿਆਣਾ ਕਾਰੀਗਰ ਹੋਣਾ, ਦਿਆਨਤਦਾਰ ਹੋਣਾ।
ਹੱਥ ਦੇ ਕੇ ਰੱਖਣਾ-ਕਿਸੇ ਦੁਰਘਟਨਾ 'ਚੋਂ ਬਚਾਅ ਹੋ ਜਾਣਾ।
ਹੱਥ ਦੇਣਾ-ਸਹਾਰਾ ਦੇਣਾ।
ਹੱਥ ਧੋ ਕੇ ਮਗਰ ਪੈਣਾ-ਕਿਸੇ ਦਾ ਬੇਲੋੜਾ ਵਿਰੋਧ ਕਰੀ ਜਾਣਾ, ਤੰਗ ਕਰਨਾ, ਖ਼ਤਮ ਕਰਨਾ।
ਹੱਥ ਧੋ ਬਹਿਣਾ-ਗੁਆ ਦੇਣਾ।
ਹੱਥ ਨੂੰ ਹੱਥ ਨਾ ਦਿਸਣਾ-ਘੁਪ ਹਨ੍ਹੇਰਾ ਹੋਣਾ।
ਹੱਥ ਪੀਲ਼ੇ ਕਰਨੇ-ਧੀ ਦਾ ਵਿਆਹ ਕਰ ਦੇਣਾ।
ਹੱਥ ਪੈਰ ਮਾਰਨੇ-ਕੋਸ਼ਿਸ਼ ਕਰਨੀ, ਯਤਨ ਕਰਨਾ।
ਹੱਥ ਫੜਨਾ-ਕਿਸੇ ਕੰਮ ਤੋਂ ਰੋਕਣਾ।
ਹੱਥ ਬੰਨ੍ਹੀ ਖੜ੍ਹੇ ਹੋਣਾ-ਹੁਕਮ ਮੰਨਣ ਲਈ ਤਿਆਰ ਰਹਿਣਾ।
ਹੱਥ ਮਲ਼ਣਾ-ਅਫ਼ਸੋਸ ਕਰਨਾ।
ਹੱਥ ਮਿਲਾਣਾ-ਮਿੱਤਰਤਾ ਗੰਢਣੀ, ਰੁੱਸੇ ਹੋਏ ਦੀ ਸੁਲਾਹ ਕਰਵਾ ਦੇਣੀ।
ਹੱਥ ਮਾਰਨੇ-ਯਤਨ ਕਰਨੇ।
ਹੱਥ ਰੰਗਣਾ-ਖੂਬ ਕਮਾਈ ਕਰਨੀ।
ਹੱਥ ਰੁਪਿਆ ਰੱਖਣਾ-ਧੀ ਦਾ ਸਾਕ ਦੇਣਾ।
ਹੱਥ ਲਾਇਆਂ ਮੈਲਾ ਹੋਣਾ-ਬਹੁਤ ਸੋਹਣਾ ਹੋਣਾ।


ਹੱਥ ਲਾਉਣਾ-ਧੋਖਾ ਦੇਣਾ।
ਹੱਥ ਲਮਕਾਉੰਦੇ ਆਉਣਾ-ਖ਼ਾਲੀ ਹੱਥ ਪਰਤਣਾ।
ਹੱਥ ਵਟਾਉਣਾ-ਦੂਜੇ ਦੀ ਸਹਾਇਤਾ ਕਰਨੀ।
ਹੱਥ ਵਢ ਦੇਣਾ-ਲਿਖਤੀ ਕਾਰਵਾਈ ਕਰਨੀ, ਅਸ਼ਟਾਮ ਆਦਿ 'ਤੇ ਗੂਠਾ ਤੇ ਸਹੀ ਪੁਆ ਲੈਣੀ।
ਹੱਥ ਵਖਾਉਣਾ-ਤਾਕਤ ਨਾਲ਼ ਵਿਰੋਧੀ ਨੂੰ ਨੀਵਾਂ ਵਿਖਾਉਣਾ।
ਹੱਥਾਂ ਹੇਠ ਹੋਣਾ-ਪ੍ਰਭਾਵ ਅਧੀਨ ਹੋਣਾ।
ਹੱਥਾਂ ਹੇਠ ਰੱਖਣਾ-ਅਸਰ ਥੱਲ੍ਹੇ ਰਹਿਣਾ।
ਹੱਥਾਂ ਦੇ ਤੋਤੇ ਉਡਣਾ-ਘਬਰਾ ਜਾਣਾ, ਹੋਸ਼ ਗੁਆਚ ਜਾਣੇ।
ਹੱਥਾਂ ਪੈਰਾਂ ਦੀ ਪੈਣੀ-ਚਿੰਤਾ ਅਤੇ ਘਬਰਾਹਟ ਹੋ ਜਾਣੀ।
ਹਥਿਆਰ ਸੁੱਟਣਾ-ਈਨ ਮੰਨ ਲੈਣੀ, ਹਾਰ ਜਾਣਾ।
ਹੱਥੀਂ ਛਾਵਾਂ ਕਰਨਾ-ਆਦਰ ਸਤਿਕਾਰ ਕਰਨਾ।
ਹਥੇਲੀ ਵਿੱਚ ਖੁਰਕ ਹੋਣੀ-ਚੈਨ ਨਾ ਆਉਣੀ।
ਹੱਥੋਂ ਨਾ ਛੱਡਣਾ-ਵਿਸਾਹ ਨਾ ਕਰਨਾ।
ਹੱਥੋ ਪਾਈ ਹੋਣੀ-ਲੜ ਪੈਣਾ, ਘਸੁੰਨ ਮੁੱਕੀ ਹੋਣਾ।
ਹੱਦ ਟੱਪ ਜਾਣਾ-ਹੱਦੋਂ ਅੱਗੇ ਵੱਧ ਜਾਣਾ, ਕਿਸੇ ਗੱਲ ਦੀ ਅਤਿ ਹੋਣੀ, ਬਰਦਾਸ਼ਤ ਤੋਂ ਬਾਹਰ ਹੋਣਾ।
ਹੱਦ ਬੰਨਾ ਨਾ ਹੋਣਾ-ਬਹੁਤ ਖ਼ਰਚ ਹੋ ਜਾਣਾ।
ਹੱਦ ਮੁਕਾ ਦੇਣਾ-ਕਮਾਲ ਦੀ ਗੱਲ ਕਰਨੀ, ਵਿਤੋਂ ਬਾਹਰੀ ਗੱਲ।
ਹਨ੍ਹੇਰ ਆਉਣਾ-ਵਿਪਤਾ ਪੈਣੀ, ਔਖਾ ਸਮਾਂ ਆਉਣਾ।
ਹਨ੍ਹੇਰ ਮਚਾਉਣਾ-ਆਪਣੇ ਤੋਂ ਕਮਜ਼ੋਰ ਨਾਲ਼ ਵਧੀਕੀ ਕਰਨੀ, ਜ਼ੁਲਮ ਕਰਨਾ।
ਹੰਨੇ ਹੰਨੇ ਮੀਰ ਹੋਣਾ-ਹਰ ਕਿਸੇ ਦਾ ਚੌਧਰੀ ਬਣਨਾ।
ਹੰੰਨੇ ਜਾਂ ਬੰਨੇ ਕਰਨਾ-ਦੋ ਟੁਕ ਫ਼ੈਸਲਾ ਕਰਨਾ, ਗੱਲ ਦਾ ਨਬੇੜਾ ਕਰਨਾ।
ਹਨ੍ਹੇਰਾ ਪੱਖ ਦੱਸਣਾ-ਕਿਸੇ ਦੇ ਮਾੜੇ ਔਗੁਣ ਹੀ ਦੱਸਣੇ।
ਹਨੇਰੇ ਵਿੱਚ ਹੋਣਾ-ਅਗਿਆਨੀ ਹੋਣਾ, ਪਤਾ ਨਾ ਹੋਣਾ, ਅਣਜਾਣ।
ਹੰਭਲਾ ਮਾਰਨਾ-ਯਤਨ ਕਰਨਾ, ਕੋਸ਼ਿਸ਼ ਕਰਨੀ।
ਹਰਫਨ ਮੌਲਾ ਹੋਣਾ-ਹਰ ਕੰਮ ਦਾ ਮਾਹਰ ਹੋਣਾ, ਉਸਤਾਦ ਹੋਣਾ।
ਹਰਨ ਹੋਣਾ-ਭੱਜ ਜਾਣਾ, ਦੌੜ ਜਾਣਾ।

ਹਰਫ਼ ਆਉਣਾ-ਦੂਸ਼ਣ ਲੱਗਣਾ, ਖੁਨਾਮੀ ਹੋਣੀ।
ਹੱਲਾਸ਼ੇਰੀ ਦੇਣਾ-ਹੌਸਲਾ ਅਫ਼ਜ਼ਾਈ ਕਰਨਾ, ਹੌਸਲਾ ਵਧਾਉਣਾ।
ਹਵਾ ਉਲਟੀ ਚੱਲਣੀ-ਮਾੜਾ ਰਿਵਾਜ਼ ਪੈ ਜਾਣਾ।
ਹਵਾ ਹੋ ਜਾਣਾ-ਨੱਸ ਜਾਣਾ, ਦੌੜ ਜਾਣਾ, ਪੱਤਰਾ ਵਾਚ ਜਾਣਾ।
ਹਵਾ ਤੱਕ ਨਾ ਨਿਕਲਣਾ-ਭੇਤ ਗੁਪਤ ਰਹਿਣਾ।
ਹਵਾ ਦੇ ਘੋੜ ਅਸਵਾਰ ਹੋਣਾ-ਹੈਂਕੜ ਵਿੱਚ ਰਹਿਣਾ।
ਹਵਾ ਨਾਲ਼ ਗੱਲਾਂ ਕਰਨਾ-ਬਹੁਤ ਤੇਜ਼ ਦੌੜਨਾ।
ਹਵਾ ਨੂੰ ਸੋਟੇ ਮਾਰਨੇ-ਫ਼ਜੂਲ ਗੱਲਾਂ ਕਰਨੀਆਂ, ਬੇਧਵੀਆਂ ਮਾਰਨੀਆਂ।
ਹਵਾਈ ਕਿਲੇ ਉਸਾਰਨਾ-ਫ਼ਰਜ਼ੀ ਆਸਾਂ ਬਣਾਉਣੀਆਂ, ਸ਼ੇਖ਼ਚਿੱਲੀ ਵਾਲੀਆਂ ਗੱਲਾਂ ਕਰਨੀਆਂ, ਝੂਠੇ ਮਨਸੂਬੇ ਬਣਾਉਣੇ।
ਹਵਾਸ ਗੁੰਮ ਕਰਨਾ-ਸੁਧ ਬੁਧ ਨਾ ਰਹਿਣ ਦੇਣੀ।
ਹਾਸੇ ਦਾ ਮੜਾਸਾ ਹੋਣਾ-ਹਾਸੇ ਵਿੱਚ ਕੀਤੀ ਗੱਲ ਦਾ ਉਲਟਾ ਅਸਰ ਹੋਣਾ, ਉਲਟੀ ਪੈਣੀ।
ਹਾਕਲ਼ ਬਾਕਲ਼ ਹੋਣਾ-ਬੇਸੁਰਤ ਹੋਣਾ।
ਹਾਥ ਲੈਣਾ-ਪਰਖਣਾ, ਟੋਹਣਾ।
ਹਾਥੀ ਬਣਕੇ ਝੂਲਣਾ-ਬਹੁਤਾ ਖ਼ਰਚ ਕਰਕੇ ਡਰਾਉਣਾ।
ਹਾਮੀ ਭਰਨਾ-ਹੁੰਗਾਰਾ ਭਰਨਾ, ਸਹਿਮਤੀ ਦੇਣੀ।
ਹਾਲਤ ਪਤਲੀ ਹੋਣੀ-ਗ਼ਰੀਬ ਹੋਣਾ।
ਹਾੜ੍ਹੇ ਕੱਢਣਾ-ਮਿੰਨਤਾਂ ਤਰਲੇ ਕਰਨੇ।
ਹਾਂ ਵਿੱਚ ਹਾਂ ਮਿਲਾਉਣੀ-ਸਹਿਮਤੀ ਦਰਸਾਉਣੀ।
ਹਿੱਕ ਕਢ ਕੇ ਕਹਿਣਾ-ਦਲੇਰੀ ਨਾਲ਼ ਗੱਲ ਕਹਿਣੀ।
ਹਿੱਕ ਡਾਹੁਣੀ-ਪੂਰੀ ਮਦਦ ਕਰਨੀ।
ਹਿੱਕ 'ਤੇ ਹੱਥ ਰੱਖਣਾ-ਦੁਖੀ ਹੋਣਾ।
ਹਿੱਕ 'ਤੇ ਚੜ੍ਹਨਾ-ਜ਼ਬਰਦਸਤੀ ਆਪਣੀ ਗੱਲ ਮਨਵਾਉਣੀ।
ਹਿੱਕ 'ਤੇ ਮੂੰਗੀ ਦਲਣੀ-ਕਿਸੇ ਦੇ ਸਾਹਮਣੇ ਉਹਨੂੰ ਸਤਾਉਣ ਜਾਂ ਚੜਾਉਣ ਵਾਲ਼ਾ ਕੰਮ ਕਰਨਾ।
ਹਿੱਕ 'ਤੇ ਸੱਪ ਲੰਘ ਜਾਣਾ-ਦਿਲ ’ਚ ਸਾੜਾ ਹੋਣਾ।
ਹਿੱਕ ਦਾ ਧੱਕਾ ਕਰਨਾ-ਵਧੀਕੀ ਕਰਨੀ, ਜ਼ਬਰਦਸਤੀ ਕਰਨਾ।


ਹਿੱਕ ਨਾਲ਼ ਲਾਉਣਾ-ਪਿਆਰ ਕਰਨਾ।
ਹਿੰਗ ਫੜਕੜੀ ਨਾ ਲੱਗਣਾ-ਮਾਮੂਲੀ ਖ਼ਰਚ ਹੋਣਾ, ਬਹੁਤ ਖ਼ਰਚਾ ਨਾ ਹੋਣਾ।
ਹਿਰਦਾ ਚੀਰ ਦੇਣਾ-ਦਿਲ ਨੂੰ ਕਰਾਰੀ ਸੱਟ ਲੱਗਣੀ।
ਹਿਰਦਾ ਪਿਘਲਣਾ-ਦਿਲ ’ਤੇ ਕਿਸੇ ਗੱਲ ਦਾ ਅਸਰ ਹੋਣਾ।
ਹਿਰਦੇ 'ਤੇ ਉੱਕਰ ਜਾਣਾ-ਦਿਲ 'ਤੇ ਡੂੰਘਾ ਅਸਰ ਹੋਣਾ।
ਹੀਜ ਪਿਆਜ ਟੋਹਣਾ-ਪੂਰੀ ਪਰਖ਼ ਕਰਨੀ, ਤਸੱਲੀ ਕਰਨੀ।
ਹੀਰਾ ਚੱਟ ਕੇ ਮੁੜਨਾ-ਮੌਤ ਸਹੇੜਨੀ।
ਹੁਕਮ ਸਿਰ ਮੱਥੇ 'ਤੇ ਮੰਨਣਾ-ਬਿਨਾਂ ਕਿਸੇ ਨਾਂਹ ਨੁੱਕਰ ਤੋਂ ਹੁਕਮ ਦੀ ਪਾਲਣਾ ਕਰਨਾ।
ਹੁੱਤ ਨਾ ਕੱਢਣਾ-ਦਿਲ ਦੀ ਗੱਲ ਮੂੰਹੋਂ ਨਾ ਕੱਢਣੀ।
ਹੁਲਾਰਾ ਖਾ ਜਾਣਾ-ਜਵਾਨ ਹੋਣਾ, ਖੁਸ਼ੀ 'ਚ ਝੂਮਣਾ।
ਹੂੰਝਾ ਫਿਰ ਜਾਣਾ-ਨਾਸ਼ ਹੋ ਜਾਣਾ।
ਹੇਠ ਉੱਤੇ ਹੋਣਾ-ਲੜਾਈ ਝਗੜਾ ਕਰਨਾ, ਹੱਥੋ-ਪਾਈ ਕਰਨਾ।
ਹੇਠਲੀ ਉੱਤੇ ਆਉਣੀ-ਰਾਜ ਪ੍ਰਬੰਧ ਬਦਲ ਜਾਣਾ, ਰਾਜ ਰੌਲ਼ਾ ਪੈ ਜਾਣਾ।
ਹੋਸ਼ ਉਡਣਾ-ਘਬਰਾ ਜਾਣਾ, ਹੋਸ਼ ਨਾ ਰਹਿਣੀ, ਬੇਸੁਰਤੀ।
ਹੋਸ਼ ਆ ਜਾਣਾ-ਭੁਲੇਖਾ ਦੂਰ ਹੋ ਜਾਣਾ, ਸਮਝ ਆ ਜਾਣੀ, ਚੁਕੰਨਾ ਹੋ ਜਾਣਾ।
ਹੋਸ਼ ਟਿਕਾਣੇ ਆਉਣਾ-ਨੁਕਸਾਨ ਜਾਂ ਦੁਖ ਮਗਰੋਂ ਹੰਕਾਰ ਨਾ ਰਹਿਣਾ, ਸਾਵਧਾਨ ਹੋਣਾ।
ਹੋਸ਼ ਮਾਰੀ ਜਾਣੀ-ਕੁਝ ਵੀ ਨਾ ਪਤਾ ਲੱਗਣਾ, ਘਬਰਾ ਜਾਣਾ।
ਹੋਣੀ ਦਾ ਹੱਥ ਹੋਣਾ-ਮਾੜੀ ਕਿਸਮਤ ਹੋਣੀ, ਬਣਦਾ ਕੰਮ ਵਿਗੜ ਜਾਣਾ।
ਹੋਣੀ ਨੂੰ ਮਿਲਣਾ-ਅੱਗੋਂ ਵਾਪਰਨ ਵਾਲੀ ਵਿਪਤਾ ਦਾ ਟਾਕਰਾ ਕਰਨ ਲਈ ਤਿਆਰ ਹੋਣਾ।
ਹੋਰ ਦਾ ਹੋਰ ਹੋਣਾ-ਨਵੀਂ ਤਬਦੀਲੀ ਵਾਪਰਨੀ, ਨਵੇਂ ਜਜ਼ਬੇ ਪੈਦਾ ਹੋਣਾ, ਚਾਲ ਢਾਲ ਬਦਲ ਜਾਣੀ।
ਹੌਲਾ ਹੋਣਾ-ਹੌਸਲਾ ਢਹਿ ਜਾਣਾ, ਸਨਮਾਨ ਤੇ ਕਦਰ ਘੱਟ ਜਾਣੀ।
ਹੌਲਾ ਫੁੱਲ ਹੋ ਜਾਣਾ-ਚਿੰਤਾ ਤੋਂ ਮੁਕਤ ਹੋ ਜਾਣਾ।
ਹੌਲਿਆਂ ਪੈਣਾ-ਵਾਅਦੇ ’ਤੇ ਪੂਰਾ ਨਾ ਉਤਰਨਾ, ਸ਼ਰਮਸ਼ਾਰ ਹੋਣਾ।





ਕਈ ਪੱਤਣਾਂ ਦਾ ਪਾਣੀ ਪੀਤਾ ਹੋਣਾ-ਬਹੁਤ ਚਲਾਕ ਹੋਣਾ, ਕਈ ਦੇਸਾਂ ਦੇ ਸਫ਼ਰ ਦਾ ਤਜ਼ਰਬਾ ਹੋਣਾ।
ਕਸਰ ਕੱਢਣਾ-ਦਿਲ ਦੀ ਤਮੰਨਾ ਪੂਰੀ ਕਰਨੀ, ਪੂਰਾ ਬਦਲਾ ਲੈ ਲੈਣਾ, ਘਾਟਾ ਪੂਰਾ ਕਰ ਲੈਣਾ।
ਕਸਵੱਟੀ 'ਤੇ ਲਾਉਣਾ-ਪਰਖਣਾ, ਮਿਆਰ ਨਾਪਣਾ।
ਕਹੀ ਸੁਣੀ ਨਾ ਲੱਗਣੀ-ਗੱਲ ਨਾ ਮੰਨਣੀ, ਕਹੇ ਸੁਣੇ ਜਾਂ ਸਮਝਾਏ ਦਾ ਅਸਰ ਨਾ ਕਰਨਾ।
ਕਹੇ ਤੋਂ ਬਾਹਰ ਹੋਣਾ-ਹੁਕਮ ਨਾ ਮੰਨਣਾ, ਆਪ ਹੁਦਰੀਆਂ ਕਰਨੀਆਂ।
ਕੱਖ ਨਾ ਰਹਿਣਾ-ਸਭ ਕੁਝ ਮਲੀਆਮੇਟ ਹੋ ਜਾਣਾ, ਬਹੁਤ ਨੁਕਸਾਨ ਹੋਣਾ, ਵਣਜ ਵਿੱਚ ਘਾਟਾ ਪੈ ਜਾਣਾ।
ਕੱਖ ਭੰਨ ਕੇ ਦੂਹਰਾ ਨਾ ਕਰਨਾ-ਕੋਈ ਕੰਮ ਨਾ ਕਰਨਾ, ਵਿਹਲਾ ਰਹਿਣਾ।
ਕੱਖਾਂ ਤੋਂ ਹੌਲ਼ਾ ਹੋ ਜਾਣਾ-ਗ਼ਰੀਬੀ ਆ ਜਾਣੀ, ਬਹੁਤ ਸਧਾਰਨ ਹੈਸੀਅਤ ਰਹਿ ਜਾਣੀ।
ਕੱਚ ਤੋਂ ਕੰਚਨ ਬਣਾ ਦੇਣਾ-ਗੁਣਹੀਨ ਮਨੁੱਖ ਨੂੰ ਗੁਣੀ ਬਣਾ ਦੇਣਾ।
ਕੱਚਾ ਕਰਨਾ-ਸ਼ਰਮਿੰਦਾ ਕਰਨਾ।
ਕੱਚੀ ਤੰਦ ਟੁੱਟ ਜਾਣਾ-ਮਾੜਾ ਆਸਰਾ ਵੀ ਜਾਂਦਾ ਰਹਿਣਾ।
ਕੱਚੀਆਂ ਗੋਲ਼ੀਆਂ ਖੇਡਣਾ-ਭੋਲਾ ਭਾਲਾ ਹੋਣਾ, ਸਧਾਰਨ ਬੁੱਧੀ ਦਾ ਮਾਲਕ ਹੋਣਾ।
ਕੱਚੇ ਘੜੇ ਪਾਣੀ ਭਰਨਾ-ਔਖੀ ਤੋਂ ਔਖੀ ਸੇਵਾ ਕਰਨੀ।
ਕਚੂਮਰ ਕੱਢਣਾ-ਬੁਰੀ ਤਰ੍ਹਾਂ ਫੇਹ ਦੇਣਾ, ਮਾਰਨਾ।
ਕੱਛਾਂ ਮਾਰਨੀਆਂ-ਜਿੱਤ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਨਾ।
ਕੱਜ ਕੇ ਰੱਖਣਾ-ਐਬਾਂ ਨੂੰ ਢੱਕ ਕੇ ਰੱਖਣਾ, ਪਰਦਾ ਪਾਉਣਾ।
ਕਣਕ ਨਾਲ ਘੁਣ ਪਿਸਣਾ-ਦੋਸ਼ੀ ਨਾਲ਼ ਲੱਗਕੇ ਬੇਦੋਸ਼ਾ ਮਾਰਿਆ ਜਾਣਾ।
ਕਦਮ ਭਾਰੇ ਹੋਣਾ-ਚਿੰਤਾ ਵਿੱਚ ਰੁੱਕ ਜਾਣਾ, ਉਦਾਸ ਹੋ ਜਾਣਾ।
ਕਦਮਾਂ ਹੇਠ ਅੱਖਾਂ ਵਛਾਉਣਾ-ਆਦਰ, ਮਾਣ ਕਰਨਾ, ਆਓ ਭਗਤ ਕਰਨਾ।
ਕਦਮਾਂ 'ਤੇ ਡੁੱਲ੍ਹ ਜਾਣਾ-ਕੁਰਬਾਨ ਹੋ ਜਾਣਾ, ਸਦਕੇ ਜਾਣਾ।

ਕੱਪੜਿਆਂ ਤੋਂ ਬਾਹਰ ਹੋਣਾ-ਆਪਣੇ ਆਪ 'ਤੇ ਕਾਬੂ ਨਾ ਰਹਿਣਾ, ਗੁੱਸੇ ਨਾਲ਼ ਭਰ ਜਾਣਾ।
ਕੱਪੜਿਆਂ ਵਿੱਚ ਨਾ ਸਮਾਉਣਾ-ਬਹੁਤ ਖ਼ੁਸ਼ੀ ਮਹਿਸੂਸ ਕਰਨੀ, ਮਾਣ ਕਰਨਾ।
ਕੱਪੜੇ ਪਾੜ ਕੇ ਨਿਕਲ਼ਣਾ-ਬਦੋ-ਬਦੀ ਆਪ ਨੂੰ ਜ਼ਾਹਿਰ ਕਰਨਾ।
ਕੱਪੜੇ ਲਾਹੁਣਾ-ਸਭ ਕੁਝ ਲੁੱਟ ਲੈਣਾ, ਠੱਗੀ ਮਾਰਨੀ।
ਕਪਾਟ ਖੋਲ੍ਹਣਾ-ਅਜਿਹੀ ਗੱਲ ਆਖਣੀ ਜਿਸ ਨਾਲ਼ ਸੁਨਣ ਵਾਲਾ ਹੈਰਾਨ ਹੋ ਜਾਵੇ, ਸਾਰੇ ਸ਼ੰਕੇ ਨਵਿਰਤ ਹੋ ਜਾਣ।
ਕਬਰ ਕਨਾਰੇ ਹੋਣਾ-ਮੌਤ ਦੇ ਕੰਢੇ ਹੋਣਾ।
ਕਬਰਾਂ ਦੇ ਮੁਰਦੇ ਫੋਲਣਾ-ਵਿੱਸਰ ਚੁੱਕੀਆਂ ਗੱਲਾਂ ਯਾਦ ਕਰਨੀਆਂ।
ਕਮਰ ਕੱਸੇ ਕਰਨੇ-ਕੋਈ ਕੰਮ ਕਰਨ ਲਈ ਤਿਆਰੀ ਕਰਨੀ।
ਕਰਨੀ ਭਰਨੀ-ਆਪਣੇ ਵੱਲੋਂ ਕੀਤੇ ਮਾੜੇ ਕੰਮ ਦਾ ਨਤੀਜਾ ਭੁਗਤਣਾ, ਦੁਖ ਭੋਗਣਾ।
ਕਰਮ ਸੜੇ ਹੋਣੇ-ਮਾੜੀ ਕਿਸਮਤ ਵਾਲ਼ਾ ਹੋਣਾ।
ਕਲ੍ਹਾ ਮੁੱਕਣੀ-ਝਗੜਾ-ਕਲੇਸ਼ ਮੁੱਕ ਜਾਣਾ।
ਕਲਮ ਚਲਾਉਣਾ-ਲਿਖਣਾ, ਹੁਕਮ ਚਲਾਉਣਾ।
ਕਲਮ ਫੇਰਨਾ-ਲਿਖੇ ਹੋਏ ਨੂੰ ਰੱਦੀ ਕਰਕੇ ਕੱਟ ਦੇਣਾ।
ਕਲਮ ਲਾਉਣੀ-ਕਿਸੇ ਬੂਟੇ ਦੀ ਟਾਹਣੀ ਕੱਟਕੇ ਦੂਜੀ ਥਾਂ ਧਰਤੀ 'ਚ ਦੱਬਣੀ।
ਕੱਲਰ ਦਾ ਕੰਵਲ ਹੋਣਾ-ਅਣਸੁਖਾਵੇਂ ਹਾਲਾਤਾਂ 'ਚੋਂ ਉਠ ਕੇ ਉੱਨਤੀ ਕਰਨੀ, ਚੰਗਾ ਵਿਅਕਤੀ ਬਣਨਾ।
ਕਲੀ ਖੋਲ੍ਹਣਾ-ਭੇਦ ਜ਼ਾਹਿਰ ਕਰਨਾ, ਅੰਦਰਲਾ ਧੋਖਾ ਪ੍ਰਗਟ ਕਰ ਦੇਣਾ।
ਕਲੀ ਮੁਰਝਾ ਜਾਣੀ-ਉਦਾਸ ਹੋ ਜਾਣਾ, ਦਿਲ ਢਹਿ ਜਾਣਾ।
ਕਲੇਜਾ ਸਲਣਾ-ਦੁਖੀ ਕਰਨਾ, ਦੂਜੇ ਨੂੰ ਅਜਿਹੀ ਗੱਲ ਕਹਿਣੀ ਜਿਸ ਨਾਲ਼ ਅਗਲਾ ਦੁਖੀ ਹੋ ਜਾਵੇ।
ਕਲੇਜਾ ਕੰਬ ਜਾਣਾ-ਡਰ ਪੈ ਜਾਣਾ, ਸਹਿਮ ਜਾਣਾ, ਘਬਰਾ ਜਾਣਾ।
ਕਲੇਜਾ ਠੰਡਾ ਹੋਣਾ-ਤਸੱਲੀ ਹੋਣੀ, ਖ਼ੁਸ਼ੀ ਹੋਣੀ।
ਕਲੇਜਾ ਡਿਗੂੰ ਡਿਗੂੰ ਕਰਨਾ-ਡਰ ਕਾਰਨ ਦਿਲ ਦੀ ਧੜਕਣ ਤੇਜ਼ ਹੋ ਜਾਣੀ।
ਕਲੇਜਾ ਪਾਟਣ ਲੱਗਣਾ-ਦਿਲ 'ਤੇ ਸੱਟ ਵੱਜਣੀ।
ਕਲੇਜਾ ਫੜਕੇ ਬਹਿ ਜਾਣਾ-ਅਤਿ ਦੁਖੀ ਹੋਣਾ, ਦੁਖ ਸਹਾਰਿਆ ਨਾ ਜਾਣਾ।

ਕਲੇਜਾ ਵਿੰਨ੍ਹਿਆ ਜਣਾ-ਬਹੁਤ ਦੁਖੀ ਹੋਣਾ।
ਕਲੇਜੇ ਛੇਕ ਪਾਉਣਾ-ਚੁੱਭਵੀਂ ਗੱਲ ਆਖਣੀ।
ਕਲੇਜੇ ਧੂਹ ਪਾਉਣਾ-ਪ੍ਰੇਮ ਦੀ ਖਿੱਚ ਪੈਣੀ।
ਕਲੇਜੇ ਭਾਂਬੜ ਬਾਲਣਾ-ਕ੍ਰੋਧ ਦੀ ਅੱਗ ਬਾਲਣੀ, ਦੁਖੀ ਕਰਨਾ।
ਕਲੇਜੇ ਲੂਹੇ ਜਾਣੇ-ਅਤਿ ਦਾ ਦੁੱਖ ਪੁੱਜਣਾ, ਦੁਖੀ ਹੋਣਾ।
ਕਲੋਲਾਂ ਕਰਨਾ-ਪਿਆਰ ਵਿੱਚ ਮਸਤੀ ਕਰਨੀ, ਨਖ਼ਰੇ ਕਰਨੇ।
ਕੜਿਆਲੇ ਚੱਬਣੇ-ਗੁੱਸਾ ਪ੍ਰਗਟ ਕਰਨਾ, ਗੁੱਸੇ ਹੋਣਾ।
ਕਾਇਆ ਪਲਟ ਦੇਣਾ-ਪੂਰੀ ਤਬਦੀਲੀ ਲੈ ਆਉਣੀ, ਨਵਾਂ ਨਰੋਆ ਕਰ ਦੇਣਾ।
ਕਾਗਜ਼ੀ ਘੋੜੇ ਦੁੜਾਉਣੇ-ਚਿੱਠੀ ਪੱਤਰ ਲਿਖ ਕੇ ਕੰਮ ਸਾਰਨਾ।
ਕਾਂਜੀ ਘੋਲਣਾ-ਬੇਸੁਆਦੀ ਪੈਦਾ ਕਰਨੀ, ਖ਼ਰਾਬੀ ਕਰਨੀ।
ਕਾਂਟਾ ਬਦਲਣਾ-ਆਪਣੇ ਵਿਚਾਰ ਬਦਲਣੇ, ਪੈਂਤੜਾ ਬਦਲ ਲੈਣਾ।
ਕਾਠ ਦਾ ਬੁੱਤ ਬਣਨਾ-ਹੈਰਾਨੀ ਨਾਲ਼ ਚੁੱਪ ਵੱਟ ਲੈਣੀ, ਡੌਰ ਭੌਰ ਹੋ ਜਾਣਾ।
ਕਾਠ ਮਾਰਨਾ-ਸਾਂਭ ਕੇ ਰੱਖਣਾ, ਬਾਹਰ ਨਾ ਕੱਢਣਾ।
ਕਾਠੀ ਪਾ ਲੈਣਾ-ਦੂਜੇ 'ਤੇ ਆਪਣਾ ਪ੍ਰਭਾਵ ਪਾ ਕੇ ਆਪਣੇ ਕਾਬੂ ਵਿੱਚ ਕਰ ਲੈਣਾ, ਵਿਗਾਰ ਲੈਣੀ।
ਕਾਣੀ ਕੌਡੀ ਪੱਲੇ ਨਾ ਹੋਣਾ-ਪੈਸੇ ਧੇਲੇ ਵਜੋਂ ਕਮਜ਼ੋਰ ਹੋਣਾ, ਅਤਿ ਦਾ ਗ਼ਰੀਬ ਹੋਣਾ।
ਕਾਫ਼ੀਆ ਤੰਗ ਕਰਨਾ-ਬਹੁਤ ਹੀ ਔਖਾ ਕਰਨਾ, ਔਕੜ ਵਿੱਚੋਂ ਨਿਕਲਣ ਨਾ ਦੇਣਾ, ਉਲਝਾਈ ਰੱਖਣਾ।
ਕਾਫ਼ੂਰ ਹੋ ਜਾਣਾ-ਨੱਸਣ ਲੱਗਿਆਂ ਪਤਾ ਨਾ ਲੱਗਣ ਦੇਣਾ।
ਕਾਰਜ ਸਿੱਧ ਹੋਣਾ-ਮੁਸ਼ਕਲ ਕੰਮ ਸਿਰੇ ਚੜ੍ਹ ਜਾਣਾ।
ਕਾਰਾ ਕਰ ਜਾਣਾ-ਕੋਈ ਮਾੜਾ ਕੰਮ ਕਰਨਾ।
ਕਾਲਜੇ ਛੁਰੀਆਂ ਮਾਰਨਾ-ਬੋਲ ਕਬੋਲ ਬੋਲ ਕੇ ਸੁਣਨ ਵਾਲ਼ੇ ਨੂੰ ਤੜਫ਼ਾ ਦੇਣਾ।
ਕਾਲਜੇ ਠੰਢ ਪੈਣਾ-ਵਿਰੋਧੀ ਤੋਂ ਬਦਲਾ ਲੈ ਕੇ ਖ਼ੁਸ਼ ਹੋਣਾ।
ਕਾਲ਼ਾ ਦਾਗ਼ ਲਾਉਣਾ-ਬਦਨਾਮੀ ਖਟਣੀ, ਚੋਭ ਲਾਉਣੀ, ਦੁਖੀ ਕਰਨਾ।
ਕਾਵਾਂ ਰੌਲੀ ਪਾਉਣਾ-ਰੌਲ਼ਾ ਪਾਉਣਾ, ਆਪਣੀ ਆਪਣੀ ਮਾਰੀ ਜਾਣੀ।
ਕਿਸਮਤ ਸੜ ਜਾਣਾ-ਮਾੜੇ ਦਿਨ ਆਉਣੇ, ਘਾਟੇ 'ਤੇ ਘਾਟਾ ਪੈਣਾ।


ਕਿਸਮਤ ਸੌਂ ਜਾਣਾ-ਮਾੜੇ ਦਿਨ ਆਉਣੇ।
ਕਿੱਸਾ ਛੋਹ ਲੈਣਾ-ਲੰਬੀ ਗੱਲ ਸ਼ੁਰੂ ਕਰ ਦੇਣੀ।
ਕਿੱਸਾ ਮੁਕਾਉਣਾ-ਕਿਸੇ ਗੱਲ ਨੂੰ ਖ਼ਤਮ ਕਰਨਾ, ਭੋਗ ਪਾਉਣਾ।
ਕਿਸੇ ਜੁੱਗ ਦਾ ਬਦਲਾ ਲੈਣਾ-ਪੁਰਾਣੀ ਦੁਸ਼ਮਣੀ ਕਢਣੀ, ਪੁਰਾਣਾ ਵੈਰ ਲੈਣਾ।
ਕਿਸੇ ਤੇ ਮਰਨਾ-ਕਿਸੇ 'ਤੇ ਮੋਹਿਤ ਹੋ ਜਾਣਾ, ਪਿਆਰ ਕਰਨਾ, ਆਸ਼ਕ ਹੋ ਜਾਣਾ।
ਕਿਸੇ ਦਾ ਹੋ ਜਾਣਾ-ਆਗਿਆਕਾਰੀ ਹੋ ਜਾਣਾ, ਚਾਕਰ ਬਣ ਜਾਣਾ।
ਕਿਨਾਰਾ ਕਰਨਾ-ਛੱਡ ਦੇਣਾ, ਖਹਿੜਾ ਹੀ ਛੱਡ ਦੇਣਾ।
ਕੀਤਾ ਪਾਉਣਾ-ਮਾੜੇ ਕੰਮਾਂ ਦੀ ਸਜ਼ਾ ਪਾਉਣੀ, ਆਪਣੀ ਕਰਨੀ ਦਾ ਫ਼ਲ ਭੁਗਤਣਾ।
ਕੀਤੀ ਕਰਾਈ ਖੂਹ ਪਾਉਣੀ-ਸਾਰੀ ਮਿਹਨਤ ਅਜਾਈਂ ਚਲੀ ਜਾਣੀ।
ਕੀੜੀ ਘਰ ਭਗਵਾਨ ਆਉਣਾ-ਕਿਸੇ ਗ਼ਰੀਬ ਦੇ ਘਰ ਵੱਡੇ ਆਦਮੀ ਨੇ ਆਉਣਾ।
ਕੁੱਕੜ ਖੋਹੀ ਕਰਨਾ-ਕਿਸੇ ਵਸਤੂ ਨੂੰ ਹਾਸਲ ਕਰਨ ਲਈ ਆਪਸ ਵਿੱਚ ਖਿੱਚ ਧੂਹ ਕਰਨੀ।
ਕੁੱਖ ਬੰਨ੍ਹਣਾ-ਪੁੱਤ੍ਰ ਪ੍ਰਾਪਤ ਕਰਨ ਲਈ ਦੂਜੇ 'ਤੇ ਜਾਦੂ ਟੂਣਾ ਕਰਨਾ।
ਕੁੱਛੜ ਖ਼ਾਲੀ ਹੋਣਾ-ਬੱਚਾ ਪੈਦਾ ਨਾ ਹੋਣਾ, ਗੋਦ ਖ਼ਾਲੀ ਰਹਿਣੀ।
ਕੁੱਛੜ ਬਹਿ ਕੇ ਦਾੜੀ ਖੋਹਣੀ-ਸਾਹਮਣੇ ਹੀ ਬੇਇੱਜ਼ਤੀ ਕਰਨੀ।
ਕੁੱਜੇ ਵਿੱਚ ਸਮੁੰਦਰ ਬੰਦ ਕਰਨਾ-ਲੰਬੀ ਚੌੜੀ ਵਾਰਤਾਲਾਪ ਨੂੰ ਥੋੜ੍ਹੇ ਸ਼ਬਦਾਂ 'ਚ ਬਿਆਨ ਕਰਨਾ।
ਕੁਝ ਘੋਲ਼ ਕੇ ਪਲਾਉਣਾ-ਦੂਜੇ ਨੂੰ ਆਪਣੇ ਪ੍ਰਭਾਵ ਥੱਲ੍ਹੇ ਲਿਆਉਣਾ।
ਕੁਝ ਬਣਨਾ-ਲਾਭ ਪ੍ਰਾਪਤ ਹੋਣਾ।
ਕੁੱਤੇ ਦੀ ਮੌਤ ਮਰਨਾ-ਔਖੀ ਜ਼ਿੰਦਗੀ ਬਤੀਤ ਕਰਨੀ, ਖੁਆਰ ਹੋ ਕੇ ਮਰਨਾ।
ਕੁੱਤੇ ਲਾਣਾ-ਤੁਹਮਤਾਂ ਲਾਉਣੀਆਂ, ਬੇਇਜ਼ਤੀ ਕਰਨੀ।
ਕੁੱਬੇ ਨੂੰ ਲੱਤ ਰਾਸ ਆਉਣੀ-ਦੁੱਖ ਵਿੱਚੋਂ ਸੁੱਖ ਪ੍ਰਾਪਤ ਹੋ ਜਾਣਾ, ਮਾੜੇ ਸਲੂਕ ਵਿੱਚੋਂ ਵੀ ਸੁੱਖ ਮਿਲ ਜਾਣਾ।
ਕੁੜ ਕੁੜ ਕਰਨਾ-ਗੁੱਸੇ ਵਿੱਚ ਅਵਾ ਤਵਾ ਬੋਲਣਾ।
ਕੁੰਡਾ ਕਰਵਾ ਲੈਣਾ-ਤਬਾਹੀ ਕਰਵਾ ਲੈਣੀ, ਸਭ ਕੁਝ ਗਵਾ ਲੈਣਾ।


ਕੈਰੀ ਅੱਖ ਰੱਖਣਾ-ਬੁਰੀ ਨਿਗਾਹ ਨਾਲ਼ ਝਾਕਣਾ, ਚੰਗਾ ਨਾ ਸਮਝਣਾ, ਗੁੱਸੇ ਨਾਲ਼ ਦੇਖਣਾ।
ਕੋਈ ਮੁਕਾਬਲਾ ਨਾ ਹੋਣਾ-ਆਪਸ ਵਿੱਚ ਬਹੁਤ ਫ਼ਰਕ ਹੋਣਾ।
ਕੋਈ ਰਾਹ ਨਾ ਲੱਭਣਾ-ਕਿਸੇ ਸਮੱਸਿਆ ਦਾ ਕੋਈ ਹੱਲ ਨਾ ਲੱਭਣਾ।
ਕੋਠੀ ਸੱਖਣੀ ਹੋਣੀ-ਬਹੁਤ ਗਰੀਬ ਹੋਣਾ, ਘਰ ਦਾਣੇ ਨਾ ਹੋਣ।
ਕੋਠੇ ਜਿੱਡੀ ਹੋਣਾ-ਕੁੜੀ ਦਾ ਮੁਟਿਆਰ ਹੋ ਜਾਣਾ, ਜਵਾਨ ਹੋਣਾ।
ਕੋਠੇ ਟੱਪਣੇ-ਪਰਾਏ ਘਰ ਵੱਲ ਝਾਕਣਾ।
ਕੋਠੇ 'ਤੇ ਚੜ੍ਹ ਕੇ ਨੱਚਣਾ-ਕੋਈ ਸ਼ਰਮ ਹਯਾ ਨਾ ਰੱਖਣੀ।
ਕੋਰਾ ਜਵਾਬ ਦੇਣਾ-ਟਕੇ ਵਰਗਾ ਜਵਾਬ ਦੇ ਦੇਣਾ, ਬੇਨਤੀ ਨਾ ਮੰਨਣੀ, ਨਾਂਹ ਕਰ ਦੇਣੀ।
ਕ੍ਰੋਧ ਨਾਲ਼ ਲਾਲ ਹੋਣਾ-ਪੂਰੇ ਗੁੱਸੇ ਵਿੱਚ ਆਉਣਾ, ਗੁੱਸੇ ਵਿੱਚ ਅੱਖਾਂ ਲਾਲ ਕਰ ਲੈਣੀਆਂ।
ਕੌਡੀ ਕੰਮ ਦਾ ਨਾ ਹੋਣਾ-ਨਿਕੰਮਾ ਹੋਣਾ, ਬੇਕਾਰ ਹੋਣਾ।
ਕੌਲ ਪਾਲਣਾ-ਇਕਰਾਰ ਪੂਰਾ ਕਰਨਾ।
ਕੌੜ ਚੜ੍ਹਨਾ-ਗੁੱਸੇ 'ਚ ਆਉਣਾ।
ਕੌੜਾ ਘੁੱਟ ਭਰਨਾ-ਨਾ-ਪਸੰਦ ਚੀਜ਼ ਵੀ ਪ੍ਰਵਾਨ ਕਰ ਲੈਣੀ, ਮਾੜੀ ਗੱਲ ਨੂੰ ਜਰ ਜਾਣਾ।
ਕੌੜਾ ਬੋਲਣਾ-ਗੁੱਸੇ ਵਿੱਚ ਮਾੜੇ ਬੋਲ ਬੋਲਣੇ।
ਕੌੜਾ ਲੱਗਣਾ-ਵਿਰੋਧੀ ਦੀ ਸੱਚੀ ਆਖੀ ਗੱਲ ਵੀ ਮਾੜੀ ਲੱਗਣੀ।
ਕੰਘਾ ਹੋ ਜਾਣਾ-ਨੁਕਸਾਨ ਹੋ ਜਾਣਾ, ਤਬਾਹੀ ਹੋ ਜਾਣੀ।
ਕੰਠ ਕਰਨਾ-ਜ਼ਬਾਨੀ ਯਾਦ ਕਰਨਾ।
ਕੰਡ ਲਾਉਣਾ-ਹਰਾ ਦੇਣਾ।
ਕੰਡ ਲਾਉਣੀ-ਪਿੱਠ ਦੇਣੀ, ਸਾਥ ਛੱਡ ਦੇਣਾ।
ਕੰਡਾ ਕੱਢਣਾ-ਵਿਰੋਧੀ ਨੂੰ ਮਾਰ ਦੇਣਾ, ਨਾ-ਪਸੰਦ ਵਸਤੂ ਨੂੰ ਰਾਹ 'ਚੋਂ ਚੁੱਕਣਾ, ਵੈਰੀ ਦਾ ਫਸਤਾ ਵੱਢ ਦੇਣਾ।
ਕੰਡੇ ਬੀਜਣੇ-ਕਿਸੇ ਨਾਲ ਬੁਰਿਆਈ ਕਰਨੀ, ਮਾੜੇ ਕੰਮ ਕਰਨੇ ਜਿਨ੍ਹਾਂ ਨਾਲ ਅੱਗੇ ਜਾ ਕੇ ਨੁਕਸਾਨ ਹੋਵੇ।
ਕੰਧ ਉਸਾਰਨਾ-ਭਾਈਆਂ ਵਿੱਚ ਵੰਡੀਆਂ ਪਾਉਣੀਆਂ, ਬੇ-ਇਤਫ਼ਾਕੀ ਪਾਉਣੀ।

'ਕੰਧੀ ਦੇਣਾ-ਮੁਰਦੇ ਦੀ ਅਰਥੀ ਨੂੰ ਮੋਢਾ ਦੇਣਾ।
'ਕੰਧੀਂ ਲੱਗਣਾ-ਉਹਲੇ ਹੋ ਕੇ ਗੱਲ ਸੁਨਣੀ, ਡਾਵਾਂਡੋਲ ਹੋ ਜਾਣਾ।
'ਕੰਧਾਂ ਨਾਲ਼ ਗੱਲਾਂ ਕਰਨੀਆਂ-ਆਪਣੇ ਆਪ ਹੀ ਗੱਲਾਂ ਮਾਰੀ ਜਾਣੀਆਂ।
'ਕੰਨ ਹੋਣਾ-ਚਿਤਾਵਨੀ ਹੋਣੀ, ਸਬਕ ਮਿਲਣਾ।
'ਕੰਨ ਕਤਰਨਾ-ਬਹੁਤ ਚੁਸਤ ਹੋਣਾ, ਚਲਾਕੀ ਨਾਲ ਠੱਗਣਾ।
'ਕੰਨ ਖੜ੍ਹੇ ਹੋਣੇ-ਆਉਣ ਵਾਲ਼ੇ ਖ਼ਤਰੇ ਨੂੰ ਭਾਂਪ ਲੈਣਾ, ਸਾਵਧਾਨ ਹੋਣਾ।
'ਕੰਨ ਦੇਣਾ-ਧਿਆਨ ਪੂਰਵਕ ਸੁਣਨਾ।
'ਕੰਨ ਨਾ ਹਲਾਉਣਾ-ਪਸ਼ੂ ਦਾ ਅਸ਼ੀਲ ਹੋਣਾ।
'ਕੰਨ ਧਰਨਾ-ਧਿਆਨ ਨਾਲ਼ ਸੁਣਨਾ।
'ਕੰਨ ਪਈ ਵਾਜ ਨਾ ਸੁਣਨੀ-ਰੌਲਾ ਰੱਪਾ ਹੋਣਾ, ਰੌਲੇ ਵਿੱਚ ਕੋਈ ਗੱਲ ਸੁਣ ਨਾ ਹੋਣੀ।
'ਕੰਨ ਭਰਨਾ-ਉਲਟੀ ਸਿੱਖਿਆ ਦੇਣੀ, ਦੂਜੇ ਨੂੰ ਚੁੱਕਣਾ, ਪੱਟੀ ਪੜ੍ਹਾਉਣੀ, ਸ਼ਕਾਇਤ ਕਰਨੀ।
'ਕੰਨ ਮਰੋੜਨਾ-ਕਾਬੂ ਕਰਕੇ ਆਪਣਾ ਕੰਮ ਕੱਢ ਲੈਣਾ, ਹੁਸ਼ਿਆਰ ਤੇ ਚੁਕੰਨਾ ਕਰਨਾ।
'ਕੰਨ ਲਾ ਕੇ ਖਲੋਣਾ-ਧਿਆਨ ਨਾਲ ਗੱਲ ਸੁਣਨੀ।
'ਕੰਨ ਵਲ੍ਹੇਟ ਕੇ ਸੌਣਾ-ਬੇਫ਼ਿਕਰ ਹੋ ਕੇ ਸੌਣਾ। ਆਲੇ-ਦੁਆਲੇ ਦੀ ਕੋਈ ਖ਼ਬਰ ਨਾ ਹੋਣੀ।
'ਕੰਨ ਵਲ੍ਹੇਟ ਕੇ ਤੁਰਨਾ-ਆਪਣੀ ਮਰਜ਼ੀ ਕਰਨੀ, ਕਿਸੇ ਦੂਜੇ ਦੀ ਨਾ ਸੁਣਨੀ।
'ਕੰਨ ਵਲੇਟਣੇ-ਚੁਪ ਚੁਪੀਤੇ ਪਾਸਾ ਵੱਟ ਲੈਣਾ।
'ਕੰਨਾਂ ਉੱਤੇ ਹੱਥ ਧਰਨਾ-ਨਾਂਹ ਕਰ ਦੇਣੀ, ਤੋਬਾ ਕਰਨੀ।
'ਕੰਨਾਂ ਉੱਤੇ ਮਾਰਨਾ-ਤਾਹਨੇ ਮਿਹਣੇ ਮਾਰਨੇ।
'ਕੰਨਾਂ ਤੀਕ ਮੂੰਹ ਪਾਟਣਾ-ਮੂੰਹ ਫਟ ਹੋਣਾ, ਬਿਨਾਂ ਸੋਚੇ ਗੱਲਾਂ ਆਖੀ ਜਾਣੀਆਂ।
'ਕੰਨਾਂ ਦੇ ਕੱਚੇ ਹੋਣਾ-ਲਾਈ ਲੱਗ ਹੋਣਾ, ਚੁਗਲੀਆਂ ਸੁਣਨੀਆਂ ਤੇ ਉਹਨਾਂ ਤੇ ਇਤਬਾਰ ਕਰ ਲੈਣਾ।
'ਕੰਨਾਂ ਨੂੰ ਹੱਥ ਲਵਾਉਣਾ-ਤੋਬਾ ਕਰਵਾ ਦੇਣੀ, ਨੱਕ ਨਾਲ਼ ਲਕੀਰਾਂ ਕਢਵਾ ਦੇਣੀਆਂ, ਨਾਨੀ ਚੇਤੇ ਕਰਾ ਦੇਣੀ।
'ਕੰਨਾਂ ਵਿੱਚ ਉਂਗਲੀਆਂ ਦੇਣਾ-ਬੁਰੀਆਂ ਗੱਲਾਂ ਨਾ ਸੁਣਨੀਆਂ, ਅਣਸੁਣੀ ਕਰਨਾ।


ਕੰਨਾਂ ਵਿੱਚ ਗੂੰਜਣਾ-ਮੁੜ ਮੁੜ ਧਿਆਨ ਲਾਉਣਾ, ਵਾਰ ਵਾਰ ਯਾਦ ਆਉਣਾ।
ਕੰਨਾਂ ਵਿੱਚ ਤੇਲ ਪਾਈ ਰੱਖਣਾ-ਬੇਪ੍ਰਵਾਹ ਬਣੇ ਰਹਿਣਾ।
ਕੰਨਾਂ ਵਿੱਚ ਫੂਕ ਮਾਰਨਾ-ਪੱਟੀ ਪੜ੍ਹਾਉਣੀ, ਕੰਨ ਵਿੱਚ ਗੱਲ ਸਮਝਾਉਣੀ।
ਕੰਨਾਂ ਵਿੱਚ ਰੂੰ ਦੇਣਾ-ਕੋਈ ਵੀ ਗੱਲ ਨਾ ਸੁਣਨੀ।
ਕੰਨੀਂ ਕਤਰਾਣਾ-ਦੂਰ-ਦੂਰ ਰਹਿਣਾ, ਸਾਹਮਣੇ ਨਾ ਹੋਣਾ, ਕੋਈ ਕੰਮ ਕਰਨ ਤੋਂ ਟਾਲਾ ਲਾਉਣਾ।
ਕੰਨੀਂ ਖਿਸਕਾਉਣਾ-ਖਿਹੜਾ ਛੁਡਾਉਣਾ।
ਕੰਨੀਂ ਪਾਇਆਂ ਨਾ ਦੁਖਣਾ-ਦੁੱਖ ਨਾ ਦੇਣ ਵਾਲੀ ਵਸਤੂ ਬਣਨਾ
ਕੰਨੀਂ ਬੁੱਜੇ ਦੇ ਛੱਡਣਾ-ਜਾਣ-ਬੁੱਝ ਕੇ ਕੋਈ ਗੱਲ ਨਾ ਸੁਣਨੀ, ਕੰਨ ਬੰਦ ਰੱਖਣੇ।
ਕੰਨੋਂ ਫੜਨਾ-ਜ਼ਬਰਦਸਤੀ ਕੰਨੋਂ ਫੜਕੇ ਹਾਜ਼ਰ ਕਰਨਾ।
ਕੰਮ ਸਾਰਨਾ-ਕੰਮ ਕੱਢਣਾ, ਗੋਂ ਪੂਰਾ ਕਰਨਾ।
ਕੰਮ ਕਰ-ਕਰ ਮਰਨਾ-ਮਿਹਨਤ ਨਾਲ ਕੰਮ ਕਰਨਾ, ਹੱਡ ਭੰਨਵੀਂ ਕਾਰ ਕਰਨੀ।
ਕੰਮ ਰਾਸ ਹੋਣਾ-ਕੰਮ ਪੂਰਾ ਹੋ ਜਾਣਾ, ਮਰਜ਼ੀ ਅਨੁਸਾਰ ਕੰਮ ਸਿਰੇ ਚੜ੍ਹ ਜਾਣਾ।
ਕੰਮ ਵਿੱਚ ਲਿਆਉਣਾ-ਵਰਤਣਾ।


ਖਹਿ ਖਹਿ ਮਰ ਜਾਣਾ-ਸਾਧਾਰਨ ਗੱਲਾਂ ਪਿੱਛੇ ਝਗੜਾ ਕਰ ਲੈਣਾ, ਆਪਸ ਵਿੱਚ ਅਜਾਈਂ ਲੜੀ ਜਾਣਾ।
ਖਹਿੜੇ ਪੈ ਜਾਣਾ-ਕਿਸੇ ਗੱਲ ਨੂੰ ਵਾਰ-ਵਾਰ ਪੁੱਛਣਾ, ਅਕਾ ਦੇਣਾ, ਪਿੱਛੇ ਹੀ ਪਿਆ ਰਹਿਣਾ।
ਖਟਕਦੇ ਰਹਿਣਾ-ਅੱਖਾਂ ਵਿੱਚ ਰੜਕਣਾ, ਵੇਖ ਕੇ ਚੁੱਭਣਾ, ਵੇਖ ਕੇ ਬਰਦਾਸ਼ਤ ਨਾ ਹੋ ਸਕਣਾ।
ਖੱਟੇ ਪੈਣਾ-ਕਿਸੇ ਕੰਮ ਦਾ ਅੱਧ ਵਿਚਕਾਰ ਲਟਕਣਾ, ਗੱਲ ਦਾ ਨਿਪਟਾਰਾ ਨਾ ਹੋਣਾ, ਫ਼ੈਸਲਾ ਨਾ ਹੋਣਾ।
ਖੱਪਾ ਪੂਰਨਾ-ਘਾਟ ਪੂਰੀ ਕਰ ਦੇਣੀ।
ਖ਼ਬਰ ਲੱਗਣਾ-ਹੋਸ਼ ਆਉਣੀ, ਦੁਖੀ ਹੋ ਕੇ ਪਛਤਾਵਾ ਕਰਨਾ।
ਖਰੀਆਂ-ਖਰੀਆਂ ਸੁਣਾਉਣੀਆਂ-ਕਿਸੇ ਦੇ ਔਗੁਣਾਂ ਨੂੰ ਬਿਨਾਂ ਕਿਸੇ ਝਿਜਕ ਦੇ ਉਹਦੇ ਮੂੰਹ 'ਤੇ ਸੁਣਾ ਦੇਣਾ।

ਖਲੋਣ ਜੋਗਾ ਨਾ ਛੱਡਣਾ-ਬਹੁਤ ਬੇਇਜ਼ਤੀ ਕਰਵਾਉਣੀ, ਅਜਿਹਾ ਵਿਵਹਾਰ ਕਰਨਾ ਜਿਸ ਨਾਲ਼ ਵੱਡਿਆਂ ਨੂੰ ਸ਼ਰਮ ਆਵੇ।
ਖੜਕਾ ਦੜਕਾ ਕਰਨਾ-ਲੜਾਈ ਵਿੱਢ ਲੈਣੀ, ਝਗੜਾ ਕਰਨਾ।
ਖੜੀ ਮਾਲੀ ਲੈਣੀ-ਬਿਨਾਂ ਕੰਮ ਕੀਤੇ ਇਨਾਮ ਪ੍ਰਾਪਤ ਕਰਨਾ।
ਖੜੀ ਲੱਤ ਹੋਣਾ-ਲਗਾਤਾਰ ਕੰਮ ਕਰਨਾ, ਸਾਹ ਨਾ ਲੈਣਾ।
ਖਾ ਲੈਣਾ-ਕਿਸੇ ਨੂੰ ਸਤਾ ਸਤਾ ਕੇ ਜਾਨੋਂ ਮਾਰ ਦੇਣਾ, ਜਾਨ ਲੈ ਲੈਣੀ।
ਖਾਕ ਛਾਣਨਾ-ਵਿਹਲੇ ਰਹਿਣਾ, ਕੋਈ ਕੰਮ ਨਾ ਕਰਨਾ, ਅਵਾਰਾਗਰਦੀ ਕਰਨੀ।
ਖਾਣ ਨੂੰ ਪੈਣਾ-ਅੜਬੈੜਾ ਬੋਲਣਾ, ਗੁੱਸੇ 'ਚ ਬੋਲਣਾ।
ਖਾਤਰ ਜਮਾਂ ਰੱਖਣਾ-ਬੇਫ਼ਿਕਰ ਹੋ ਜਾਣਾ, ਨਿਸ਼ਚਿੰਤ ਹੋ ਜਾਣਾ, ਦ੍ਰਿੜ੍ਹ ਇਰਾਦਾ ਰੱਖਣਾ।
ਖਾਧਾ ਪੀਤਾ ਲੱਗਣਾ-ਖਾਧੀ ਖੁਰਾਕ ਦਾ ਸਿਹਤ 'ਤੇ ਅਸਰ ਹੋਣਾ, ਚੰਗੀ ਸਿਹਤ ਹੋਣੀ।
ਖਾਨਾ ਖ਼ਰਾਬ ਹੋਣਾ-ਘਰ ਉਜੜ ਜਾਣਾ, ਘਰ ਬਰਬਾਦ ਹੋ ਜਾਣਾ
ਖ਼ਾਬ ਵਿੱਚ ਨਾ ਆਉਣਾ-ਅਣਹੋਣੀ ਵਾਪਰਨੀ, ਚਿਤ ਚੇਤੇ ਵੀ ਨਾ ਹੋਣਾ।
ਖਾਰ ਖਾਣਾ-ਸੜਨਾ, ਵਿਰੋਧ ਕਰਨਾ, ਚੁੱਭਣਾ, ਦੇਖ ਕੇ ਨਾ ਸੁਖਾਣਾ।
ਖ਼ਿਆਲਾਂ ਵਿੱਚ ਗੁੰਮ ਹੋਣਾ-ਕਿਸੇ ਡੂੰਘੀ ਸੋਚ ਵਿੱਚ ਡੁੱਬ ਜਾਣਾ।
ਖਿਆਲ ਵਿੱਚ ਨਾ ਲਿਆਉਣਾ-ਰੱਤੀ ਭਰ ਵੀ ਪ੍ਰਵਾਹ ਨਾ ਕਰਨੀ।
ਖਿਆਲੀ ਪਲਾਓ ਪਕਾਉਣਾ-ਨਾ ਪੂਰੇ ਹੋਣ ਵਾਲੇ ਸੁਪਨੇ ਲੈਣੇ, ਕਲਪਨਾ ਦੇ ਘੋੜੇ 'ਤੇ ਸਵਾਰ ਰਹਿਣਾ।
ਖਿੱਚ ਪਾਉਣੀ-ਆਪਣੇ ਵੱਲ ਖਿਚ ਲੈਣਾ, ਮੋਹ ਮੁਹੱਬਤ ਪਾਉਣੀ।
ਖਿਚੜੀ ਪਕਾਉਣਾ-ਲੁਕ ਕੇ ਸਲਾਹ-ਮਸ਼ਵਰਾ ਕਰਨਾ।
ਖਿੱਲੀ ਉਡਾਉਣਾ-ਮਖੌਲ ਉਡਾਉਣਾ, ਹਾਸਾ ਮਚਾਉਣਾ।
ਖਿੱਲੀ ਪਾਉਣੀ-ਟਿੱਚਰਾਂ-ਮਖੌਲ ਕਰਨੇ।
ਖਿੜ ਖਿੜ ਜਾਣਾ-ਬਹੁਤ ਖ਼ੁਸ਼ ਹੋਣਾ, ਬਾਗੋ ਬਾਗ ਹੋ ਜਾਣਾ।
ਖੀਸੇ ਭਰਨੇ-ਅਥਾਹ ਕਮਾਈ ਕਰਨੀ, ਨੋਟਾਂ ਨਾਲ ਜੇਬਾਂ ਭਰ ਲੈਣੀਆਂ।
ਖ਼ੁਸ਼ੀ ਨਾਲ਼ ਥੀਵੇ ਹੋਣਾ-ਖ਼ੁਸ਼ੀ ਵਿੱਚ ਮਸਤੀ ਚੜ੍ਹ ਜਾਣੀ।
ਖੁਨਾਮੀ ਕਰਨੀ-ਬਹੁਤ ਭਾਰੀ ਗਲਤੀ ਕਰਨੀ।
ਖੁੰਭ ਟੱਪਣਾ-ਚੰਗੀ ਮਾਤ ਦੇਣੀ, ਕਰੜੀ ਮਾਰ ਕੁਟਾਈ ਕਰਨੀ।


ਖੰਭ ਵਾਂਗ ਉਠਣਾ-ਅਛੋਪਲੇ ਜਿਹੇ ਨਿਕਲ਼ ਆਉਣਾ।
ਖੁਰਾ ਖੋਜ ਨਾ ਲੱਭਣਾ-ਨਾਮੋ ਨਿਸ਼ਾਨ ਨਾ ਰਹਿਣਾ, ਕੁਝ ਵੀ ਨਾ ਬਚਣਾ, ਤਬਾਹੀ ਹੋ ਜਾਣੀ।
ਖੁਰਾ ਖੋਜ ਮਿਟਾ ਦੇਣਾ-ਤਬਾਹੀ ਕਰ ਦੇਣੀ, ਨਾਮੋ ਨਿਸ਼ਾਨ ਮਿਟਾ ਦੇਣਾ।
ਖੁਰੀ ਪਿੱਛੇ ਮਤ ਹੋਣਾ-ਬੇਵਕੂਫ਼ ਹੋਣਾ, ਮੂਰਖ਼ ਹੋਣਾ, ਉਲਟੀ ਮੱਤ ਹੋਣਾ।
ਖੁੱਲ੍ਹਮ ਖੁੱਲ੍ਹੀਆਂ ਆਖਣੀਆਂ-ਅਗਲੇ ਦੇ ਮੂੰਹ 'ਤੇ ਅਗਲੇ ਦੇ ਨੁਕਸ ਦੱਸਣੇ, ਖ਼ਰੀਆਂ-ਖ਼ਰੀਆਂ ਸੁਣਾਉਣੀਆਂ।
ਖੂਹ ਖਾਤੇ ਪਾਉਣਾ-ਅਜਿਹੀ ਥਾਂ 'ਤੇ ਸੁੱਟਣਾ ਕਿ ਜਿੱਥੋਂ ਮੁੜ ਕੇ ਲੱਭੇ ਹੀ ਨਾ, ਖਪਾ ਦੇਣਾ।
ਖੂਹ ਦੀ ਮਿੱਟੀ ਖੂਹ ਲੱਗਣਾ-ਆਈ ਚਲਾਈ ਚੱਲਣਾ, ਨਾ ਲਾਭ ਹੋਣਾ ਨਾ ਘਾਟਾ ਹੋਣਾ, ਜਿੰਨੀ ਆਮਦਨ ਓਨਾ ਹੀ ਖ਼ਰਚ ਹੋਣਾ।
ਖੂਹ ਨਖੁੱਟ ਜਾਣਾ-ਸਾਰੀ ਰਾਸ਼ੀ ਮੁੱਕ ਜਾਣੀ, ਅਮੀਰੀ ਤੋਂ ਗਰੀਬੀ ਆ ਜਾਣੀ।
ਖੂਹ ਪੁੱਟਣਾ-ਅਜਿਹਾ ਕੰਮ ਕਰਨਾ ਜਿਸ ਨਾਲ ਨਵੀਂ ਮੁਸੀਬਤ ਖੜੀ ਹੋ ਜਾਵੇ।
ਖ਼ੂਨ ਉਬਲਣਾ-ਗੁੱਸੇ ਕਾਰਨ ਜੋਸ਼ ਵਿੱਚ ਆਉਣਾ।
ਖ਼ੂਨ ਸਫ਼ੈਦ ਹੋਣਾ-ਸਕੇ-ਸਬੰਧੀਆਂ ਦਾ ਪਿਆਰ ਨਾ ਰਹਿਣਾ, ਖ਼ੁਦਗਰਜ਼ ਹੋ ਜਾਣਾ।
ਖ਼ੂਨ ਕਰਨਾ-ਕਤਲ ਕਰਨਾ, ਜਾਨੋਂ ਮਾਰ ਦੇਣਾ।
ਖ਼ੂਨ ਖੌਲਣਾ-ਗੁੱਸੇ 'ਚ ਜੋਸ਼ ਆਉਣਾ, ਗੁੱਸੇ ਨਾਲ ਨਫ਼ਰਤ ਹੋ ਜਾਣੀ।
ਖ਼ੂਨ ਦਾ ਪਿਆਸਾ ਹੋਣਾ-ਜਾਨ ਦਾ ਵੈਰੀ ਹੋ ਜਾਣਾ।
ਖ਼ੂਨ ਨਚੋੜਨਾ-ਜ਼ੁਲਮ ਕਰਨਾ, ਕਾਮਿਆਂ ਤੋਂ ਜ਼ੋਰ ਦਾ ਕੰਮ ਕਰਵਾਉਣਾ ਪਰ ਮਿਹਨਤ ਪੂਰੀ ਨਾ ਦੇਣੀ।
ਖੇਹ ਉਡਾਉਣਾ-ਬਦਨਾਮੀ ਕਰਨੀ, ਮਿੱਟੀ ਪੱਟਣੀ।
ਖੇਹ ਖਾਣਾ-ਭੈੜੇ ਕੰਮ 'ਚ ਇਧਰ-ਉਧਰ ਟੱਕਰਾਂ ਮਾਰਨੀਆਂ, ਵਿਹਲੇ ਫਿਰਨਾ।
ਖੇਹ ਛਾਣਦੇ ਫਿਰਨਾ-ਦਰ ਦਰ ਠੋਕਰਾਂ ਖਾਣੀਆਂ।
ਖੇਰੂੰ-ਖੇਰੂੰ ਹੋ ਜਾਣਾ-ਇਤਫ਼ਾਕ ਨਾ ਹੋਣ ਕਰਕੇ ਆਪੋ ਵਿੱਚ ਪਾਟ ਕੇ ਤਬਾਹ ਹੋ ਜਾਣਾ।
ਖੈਰ ਝੋਲੀ ਪਾਉਣੀ-ਮੰਗ ਪੂਰੀ ਕਰ ਦੇਣੀ, ਮਨੋਕਾਮਨਾ ਪੂਰੀ ਕਰ ਦੇਣੀ।
ਖੈਰ ਨਾ ਗੁਜ਼ਾਰਨਾ-ਕੋਈ ਬਿਪਤਾ ਸਹੇੜ ਲੈਣੀ।

ਖੋਹਣੂ ਖੋਹਣਾ-ਸਫ਼ਲ ਹੋਣਾ, ਇਲਾਜ ਕਰਨਾ, ਕੁਝ ਨਾ ਕੁਝ ਸੰਵਾਰਨਾ।
ਖੋਪਰੀ ਵਿੱਚ ਆਉਣਾ-ਸਮਝ ਆ ਜਾਣੀ, ਦਿਮਾਗ ਵਿੱਚ ਆਉਣੀ, ਗੱਲ ਸੁਝਣੀ।
ਖੌਰੂ ਪਾਉਣਾ-ਟੱਪਣਾ, ਗੜਬੜ ਕਰਨੀ।
ਖੰਡ ਖੀਰ ਹੋਣਾ-ਘਿਓ ਖਿਚੜੀ ਹੋ ਜਾਣਾ, ਪੂਰੀ ਏਕਤਾ ਹੋ ਜਾਣੀ, ਪਿਆਰ-ਭਾਵ ਪੈਦਾ ਹੋ ਜਾਣੇ।
ਖੰਭ ਖੁਹਾਣਾ-ਆਪਣੇ ਆਪ ਨੂੰ ਕਮਜ਼ੋਰ ਕਰ ਲੈਣਾ, ਆਪਣਾ ਨੁਕਸਾਨ ਕਰਨਾ।
ਖੰਭ ਝੜਨਾ-ਜੋਸ਼ ਮੱਠਾ ਪੈ ਜਾਣਾ, ਉਤਸ਼ਾਹ ਨਾ ਰਹਿਣਾ।
ਖੰਭ ਲੱਗ ਜਾਣਾ-ਜੋਸ਼ ਭਰ ਜਾਣਾ, ਤੇਜ਼ੀ ਆ ਜਾਣੀ।
ਖੰਭ ਲਾ ਕੇ ਉੱਡਣਾ-ਏਧਰ-ਓਧਰ ਛਿਪ ਜਾਣਾ, ਥਹੁ ਪਤਾ ਨਾ ਲੱਗਣਾ।


ਗਈ ਗੁਜ਼ਰੀ ਕਰ ਛੱਡਣਾ-ਗੱਲ ਆਈ ਗਈ ਕਰ ਦੇਣੀ, ਭੁੱਲਾ ਦੇਣਾ, ਕਿਸੇ ਦਾ ਕਸੂਰ ਮਾਫ਼ ਕਰ ਛੱਡਣਾ।
ਗਹਿਣੇ ਕਰਨਾ-ਕੋਈ ਗਹਿਣਾ ਜ਼ਮੀਨ ਜਾਂ ਮਕਾਨ ਕਿਸੇ ਕੋਲ ਗਿਰਵੀ ਰੱਖ ਕੇ ਰੁਪਏ ਲੈਣੇ।
ਗਹਿਮਾ ਗਹਿਮ ਹੋਣੀ-ਬਹੁਤ ਰੌਣਕ ਹੋਣੀ, ਭੀੜ ਲੱਗ ਜਾਣੀ।
ਗਹਿਰੇ ਗੱਫੇ ਲਾਉਣੇ-ਰੱਜ ਕੇ ਕਮਾਈ ਕਰਨੀ, ਜੀ ਭਰਕੇ ਖਾਣਾ।
ਗੱਚ ਭਰ ਜਾਣਾ-ਗਲਾ ਭਰ ਆਉਣਾ, ਅੱਖਾਂ 'ਚ ਹੰਝੂ ਆ ਜਾਣੇ, ਰੋਣ ਹਾਕਾ ਹੋ ਜਾਣਾ।
ਗੱਜ ਵੱਜ ਕੇ ਆਉਣਾ-ਜੋਸ਼ ਨਾਲ ਆਉਣਾ, ਵੱਜ ਵਜਾ ਕੇ ਆਉਣਾ, ਵਗਾਰ ਕੇ ਆਉਣਾ, ਧਮਾਲਾਂ ਪਾਉਂਦੇ ਹੋਏ ਆਉਣਾ।
ਗਜ਼ਬ ਕਰਨਾ-ਲੋਹੜਾ ਮੋਰਨਾ, ਬਹੁਤ ਜ਼ੁਲਮ ਕਰਨਾ, ਵਧੀਕੀ ਕਰਨੀ।
ਗਜ਼ਬ ਵਿੱਚ ਹੋਣਾ-ਪੂਰੇ ਜੋਸ਼ ’ਤੇ ਗੁੱਸੇ ਵਿੱਚ ਹੋਣਾ।
ਗੱਟੀਆਂ ਗਿਣਨੀਆਂ-ਸੋਚਾਂ ’ਚ ਪੈ ਜਾਣਾ, ਸੋਚਾਂ ਸੋਚਣੀਆਂ।
ਗਤ ਬਨਾਉਣੀ-ਮਾਰ ਕੁਟਾਈ ਕਰਨੀ, ਬੁਰੀ ਹਾਰ ਦੇਣੀ।
ਗਦ ਗਦ ਹੋਣਾ-ਬਹੁਤ ਖ਼ੁਸ਼ ਹੋ ਜਾਣਾ।


ਗਦੋ ਖੁਰਕਣੀ ਕਰਨਾ-ਚਾਪਲੂਸੀ ਕਰਨਾ, ਖ਼ੁਸ਼ਾਮਦ ਕਰਨਾ।
ਗਧੇ ਚਾੜ੍ਹਨਾ-ਕਿਸੇ ਦੇ ਬੁਰਾ ਕੰਮ ਕਰਨ ਤੋਂ ਮੂੰਹ ਕਾਲਾ ਕਰਕੇ ਗਧੇ 'ਤੇ ਚੜ੍ਹਾ ਦੇਣਾ, ਬੇਇਜ਼ਤੀ ਕਰਨੀ।
ਗ੍ਰਹਿ ਦਿਸ਼ਾ ਹੋਣਾ-'ਮਾੜੇ ਦਿਨ ਹੋਣੇ, ਅਸ਼ੁੱਭ ਸਤਾਰੇ ਦੇ ਪ੍ਰਭਾਵ ਥੱਲੇ ਹੋਣਾ, ਮਾੜੀ ਕਿਸਮਤ ਹੋਣੀ।
ਗਰਦਨ 'ਤੇ ਛੁਰੀ ਰੱਖਣਾ-ਡਰਾਉਣਾ ਧਮਕਾਉਣਾ, ਡਰਾ ਕੇ ਕੰਮ ਕਰਵਾਉਣਾ, ਜ਼ਬਰਦਸਤੀ ਕਰਨਾ।
ਗਰਮ ਹੋਣਾ-ਗੁੱਸੇ ਵਿੱਚ ਆਉਣਾ।
ਗਰਮਜੋਸ਼ੀ ਆਉਣੀ-ਉਤਸ਼ਾਹ ਪੈਦਾ ਹੋਣਾ।
ਗਰਾਹੀ ਬਣਨਾ-ਕਿਸੇ ਦੇ ਹੱਥੋਂ ਧੋਖਾ ਖਾ ਜਾਣਾ, ਧੋਖੇ ਕਾਰਨ ਤਬਾਹ ਹੋ ਜਾਣਾ।
ਗ਼ਰੀਬ ਮਾਰ ਕਰਨਾ-ਨਿਮਾਣੇ ਤੇ ਨਿਰਬਲ ਤੇ ਜ਼ੁਲਮ ਕਰਨਾ।
ਗੱਲ ਉਡਾਉਣੀ-ਝੂਠੀ ਗੱਲ ਫੈਲਾ ਦੇਣੀ।
ਗਲ਼ ਉੱਤੇ ਛੁਰੀ ਰੱਖਣਾ-ਧੱਕਾ ਕਰਨਾ, ਜ਼ੁਲਮ ਕਰਨਾ, ਅਨਿਆਂ ਕਰਨਾ।
ਗਲ਼ ਸਿਆਪਾ ਪੈ ਜਾਣਾ-ਅਜਿਹਾ ਕੰਮ ਕਰਨਾ ਪੈ ਜਾਣਾ ਜਿਸ ਨੂੰ ਕਰਨ ਲਈ ਮਨ ਨਾ ਮੰਨਦਾ ਹੋਵੇ।
ਗੱਲ ਕਿਸੇ 'ਤੇ ਛੱਡਣਾ-ਗੱਲ ਦਾ ਫ਼ੈਸਲਾ ਕਿਸੇ ਦੂਜੇ ਦੇ ਸਹਾਰੇ ਛੱਡ ਦੇਣਾ।
ਗੱਲ ਖਿਲਰਨਾ-ਕਿਸੇ ਗੁਪਤ ਗੱਲ ਜਾਂ ਫ਼ੈਸਲੇ ਦਾ ਸਾਰਿਆਂ ਨੂੰ ਪਤਾ ਲੱਗ ਜਾਣਾ।
ਗੱਲ ਖੋਹਲਣਾ-ਭੇਤ ਦੱਸਣਾ, ਕੋਈ ਸੌਦਾ ਵਿਸਥਾਰ ਨਾਲ਼ ਕਰਨਾ, ਖੁੱਲ੍ਹ ਕੇ ਗੱਲ ਕਰਨੀ।
ਗੱਲ ਗਰਮ ਹੋਣਾ-ਕਿਸੇ ਗੱਲ ਦੀ ਚਰਚਾ ਆਮ ਹੋ ਜਾਣੀ।
ਗਲ਼ ਗਲ਼ ਖੁਭਣਾ-ਕਿਸੇ ਮੁਸ਼ਕਿਲ ਕੰਮ ਜਾਂ ਕਰਜ਼ੇ ਵਿੱਚ ਬੁਰੀ ਤਰ੍ਹਾਂ ਜਕੜਿਆਂ ਜਾਣਾ।
ਗਲ਼ ਗਲਾਵਾਂ ਪੈਣਾ-ਝਗੜਾ ਖੜ੍ਹਾ ਹੋ ਜਾਣਾ, ਕਜ਼ੀਆ ਪੈ ਜਾਣਾ।
ਗੱਲ ਗੁਆ ਦੇਣਾ-ਚੰਗੀ ਗੱਲ ਕਹੀ ਦਾ ਅਸਰ ਨਾ ਹੋਣਾ, ਗੱਲ ਨੂੰ ਚੰਗੀ ਤਰ੍ਹਾਂ ਸਮਝਣਾ ਹੀ ਨਾ।
ਗੱਲ ਗੌਲਣਾ-ਸਲਾਹ ਦੇਣੀ, ਸਲਾਹ ਮੰਨ ਲੈਣਾ, ਕਹੇ ਦਾ ਅਸਰ ਹੋਣਾ।
ਗਲ਼ ਘੁਟਣਾ-ਮਾੜੇ ਬੰਦੇ 'ਤੇ ਜ਼ੁਲਮ ਕਰਨਾ, ਅਨਿਆ ਕਰਨਾ, ਜਾਨੋਂ ਮਾਰ ਦੇਣਾ।

ਗੱਲ ਚੁੱਕਣਾ-ਦਬੀ ਗੱਲ ਨੂੰ ਉਛਾਲਣਾ, ਮੁਆਮਲਾ ਖੜ੍ਹਾ ਕਰਨਾ
ਗੱਲ ਛਿੜਨਾ-ਕਿਸੇ ਗੱਲ `ਤੇ ਬਹਿਸ ਹੋਣੀ, ਗੱਲ ਸ਼ੁਰੂ ਹੋ ਜਾਣੀ।
ਗੱਲ ਟੁੱਕਣਾ-ਗੱਲ ਕਰਦੇ ਹੋਏ ਬੰਦੇ ਨੂੰ ਟੋਕਣਾ, ਵਿੱਚ ਬੋਲ ਪੈਣਾ।
ਗੱਲ ਠੰਢੀ ਪੈਣਾ-ਕਿਸੇ ਗੱਲ ਦੀ ਚਰਚਾ ਖ਼ਤਮ ਹੋ ਜਾਣਾ, ਚਰਚਾ ਵਾਲੀ ਗੱਲ ਨੂੰ ਲੋਕਾਂ ਨੇ ਭੁੱਲਾ ਦੇਣਾ।
ਗੱਲ ਤੇ ਤੁਰਨਾ-ਸਿੱਖਿਆ ਵਾਲੀ ਗੱਲ ਮੰਨਣੀ।
ਗਲ ਦੱਬ ਦੇਣਾ-ਕਿਸੇ ਗੱਲ ਦਾ ਜ਼ਿਕਰ ਕਰਕੇ ਮੁੜਕੇ ਗੱਲ ਨਾ ਗੌਲਣਾ, ਭੋਗ ਪਾ ਦੇਣਾ।
ਗਲ਼ ਦਾ ਹਾਰ ਹੋਣਾ-ਹਰ ਵੇਲੇ ਦੀ ਚਿੰਤਾ ਦਾ ਕਾਰਨ ਬਣਨਾ।
ਗਲ਼ ਦਾ ਹਾਰ ਬਣਨਾ-ਹਰ ਵੇਲੇ ਨਾਲ਼ ਰਹਿਣਾ, ਖਹਿੜਾ ਨਾ ਛੱਡਣਾ।
ਗੱਲ ਦਿਲ ਨੂੰ ਚੁੱਭਣੀ-ਗੱਲ ਚੰਗੀ ਲੱਗਣੀ, ਪਸੰਦ ਆਉਣੀ
ਗੱਲ ਨਾ ਪਚਾ ਸਕਣਾ-ਭੇਤ ਵਾਲੀ ਗੱਲ ਦਿਲ ਵਿੱਚ ਨਾ ਰੱਖ ਸਕਣਾ।
ਗੱਲ ਨਾ ਪੋਹਣੀ-ਸਿੱਖਿਆ ਦਾ ਅਸਰ ਨਾ ਹੋਣਾ।
ਗਲ਼ ਨਾਲ ਲਾਉਣਾ-ਆਪਣਾ ਬਣਾ ਲੈਣਾ, ਪਿਆਰ ਤੇ ਸਨੇਹ ਪ੍ਰਗਟਾਉਣਾ।
ਗੱਲ ਨਿਤਾਰਨਾ-ਨਿਰਣਾ ਕਰਨਾ।
ਗਲ਼ ਪਿਆ ਢੋਲ ਵਜਾਉਣਾ-ਕੋਈ ਅਜਿਹਾ ਕੰਮ ਕਰਨ ਲਈ ਮਜ਼ਬੂਰ ਹੋ ਜਾਣਾ ਜਿਸ ਨੂੰ ਕਰਨ ਨੂੰ ਮਨ ਨਾ ਮੰਨਦਾ ਹੋਵੇ।
ਗੱਲ ਪੀ ਜਾਣਾ-ਮਾੜੀ ਗੱਲ ਸੁਣ ਕੇ ਚੁੱਪ ਵੱਟ ਲੈਣੀ, ਮੰਦੀ ਗੱਲ ਸਹਾਰਨੀ।
ਗਲ਼ ਪੈ ਜਾਣਾ-ਝਗੜਾ ਕਰਨਾ।
ਗਲ਼ ਪੰਜਾਲੀ ਪਾਉਣਾ-ਵਿਆਹ ਕਰਨਾ, ਜੰਜਾਲਾਂ 'ਚ ਫਸਾਉਣਾ।
ਗੱਲ ਪੱਲੇ ਬੰਨ੍ਹਣਾ-ਦਿੱਤੀ ਸਿੱਖਿਆ ਸਦਾ ਲਈ ਆਪਣੇ ਹਿਰਦੇ ਵਿੱਚ ਵਸਾ ਲੈਣੀ।
ਗਲ਼ ਪਵਾਉਣਾ-ਵਿਪਤਾ ਸਹੇੜ ਲੈਣਾ, ਅਵੈੜੇ ਸੁਭਾਅ ਵਾਲੇ ਬੰਦੇ ਨੂੰ ਗਲ਼ ਪੁਆ ਲੈਣਾ।
ਗੱਲ ਬਾਹਰ ਨਿਕਲਣੀ-ਭੇਤ ਦਾ ਪ੍ਰਗਟ ਹੋ ਜਾਣਾ, ਭੇਤ ਵਾਲੀ ਗੱਲ ਜ਼ਾਹਰ ਹੋ ਜਾਣੀ।
ਗਲ਼ ਮੜ੍ਹਨਾ-ਕਿਸੇ ਨੂੰ ਕੋਈ ਵਸਤੂ ਜ਼ਬਰਦਸਤੀ ਦੇਣੀ।
ਗੱਲ ਮੂੰਹੋਂ ਕੱਢਣਾ-ਭੇਤ ਵਾਲੀ ਗੱਲ ਦੱਸ ਦੇਣੀ।


ਗਲ਼ ਲੀਰਾਂ ਲਮਕਾਉਣਾ-ਫੱਟੇ ਪੁਰਾਣੇ ਕੱਪੜੇ ਪਾਉਣੇ।
ਗੱਲ ਵਧਾਉਣਾ-ਕਿਸੇ ਗੱਲ 'ਤੇ ਬਹਿਸ ਕਰਨੀ, ਗੱਲ ਤੋਂ ਗੱਲ ਛੇੜਨੀ।
ਗਲ਼ਾ ਭਰ ਆਉਣਾ-ਅੱਥਰੂ ਆ ਜਾਣੇ, ਰੋਣ ਹਾਕਾ ਹੋ ਜਾਣਾ
ਗੱਲਾਂ ਜੋੜਨਾ-ਕਿਸੇ ਦੀ ਬਦਨਾਮੀ ਕਰਨ ਲਈ ਝੂਠੀਆਂ ਕਹਾਣੀਆਂ ਜੋੜਨੀਆਂ।
ਗੱਲਾਂ ਬਣਾਉਣਾ-ਕਿਸੇ ਨੂੰ ਬਦਨਾਮ ਕਰਨ ਲਈ ਝੂਠੀਆਂ ਗੱਲਾਂ ਕਰਨੀਆਂ।
ਗੱਲਾਂ ਵਿੱਚ ਆਉਣਾ-ਕਿਸੇ ਦੀਆਂ ਮਿੱਠੀਆਂ ਤੇ ਚੋਪੜੀਆਂ ਗੱਲਾਂ ਸੁਣ ਕੇ ਉਹਦੇ ਮਗਰ ਲੱਗ ਕੇ ਧੋਖਾ ਖਾਣਾ।
ਗਲ਼ੀ ਗਲ਼ੀ ਸੁੰਘਦੇ ਫਿਰਨਾ-ਗਲ਼ੀ ਵਿੱਚ ਫ਼ਿਰਕੇ ਤਾੜ ਰੱਖਣੀ।
ਗਲ਼ੀਆਂ ਕੱਛਣਾ-ਅਵਾਰਾ ਫਿਰਨਾ।
ਗਲ਼ੀਆਂ ਦੇ ਕੱਖਾਂ ਨਾਲ਼ੋਂ ਹੌਲ਼ੇ ਹੌਣਾ- ਕੋਈ ਇੱਜ਼ਤ ਮਾਣ ਨਾ ਹੋਣਾ।
ਗਲ਼ੋਂ ਗਲਾਵਾ ਲਾਹੁਣਾ-ਗਲ਼ ਪਿਆ ਕੰਮ ਮੁਕਾਉਣਾ, ਆਪਣੀ ਬੇਵਸੀ ਦੀ ਹਾਲਤ ਖ਼ਤਮ ਕਰ ਦੇਣੀ।
ਗਲ਼ੋਂ ਲਾਹੁਣਾ-ਟਾਲ ਦੇਣਾ।
ਗੜੇ ਮਾਰ ਹੋ ਜਾਣੀ-ਉਤਸ਼ਾਹ ਦਾ ਮਾਰਿਆ ਜਾਣਾ, ਦਿਲ ਢਹਿ ਜਾਣਾ, ਖਾਹਿਸ਼ ਪੂਰੀ ਨਾ ਹੋਣੀ।
ਗਾਹ ਪਾਉਣਾ-ਖ਼ਲਾਰਾ ਪਾਉਣਾ।
ਗਲ਼ੇ ਤੋਂ ਬਿਨਾਂ ਚੱਕੀ ਪੀਹਣੀ-ਦਿਲ ਲਾ ਕੇ ਕੰਮ ਨਾ ਕਰਨਾ, ਬੇਧਿਆਨ ਹੋ ਕੇ ਕੰਮ ਕਰਨਾ।
ਗਿਣ ਗਿਣ ਕੇ ਬਦਲੇ ਲੈਣੇ-ਸਾਰੇ ਵੈਰ ਕੱਢਣੇ, ਆਪਣੇ 'ਤੇ ਕੀਤੇ ਵੈਰਾਂ ਦਾ ਬਦਲਾ ਲੈਣਾ।
ਗਿਣ ਮਿੱਥ ਲੈਣਾ-ਸੋਚ ਵਿਚਾਰ ਕਰਕੇ ਕੋਈ ਕੰਮ ਕਰਨਾ।
ਗਿਣਤੀ ਕਰਨਾ-ਲੇਖਾ ਕਰਨਾ, ਚਿੰਤਾ ਕਰਨੀ।
ਗਿਣਤੀ 'ਚ ਪੈਣਾ-ਚਿੰਤਾ ਵਿੱਚ ਡੁੱਬ ਜਾਣਾ।
ਗਿਣਤੀ ਵਿੱਚ ਹੀ ਨਾ ਲੈਣਾ-ਉੱਕਾ ਹੀ ਪ੍ਰਵਾਹ ਨਾ ਕਰਨੀ।
ਗਿੱਦੜ ਕੁੱਟ ਦੇਣਾ-ਮਾਰ-ਮਾਰ ਕੇ ਬੁਰਾ ਹਾਲ ਕਰ ਦੇਣਾ।
ਗਿਰੇਵਾਨ ਵਿੱਚ ਮੂੰਹ ਪਾਉਣਾ-ਆਪਣੇ ਐਬਾਂ ਦਾ ਖ਼ਿਆਲ ਰੱਖਣਾ।


ਗਿੱਲ ਗਾਲ਼ ਦੇਣਾ-ਬਣਿਆ ਬਣਾਇਆ ਕੰਮ ਖ਼ਰਾਬ ਕਰ ਦੇਣਾ, ਥੋੜਾ ਵਿਗੜੇ ਕੰਮ ਨੂੰ ਜ਼ਿਆਦਾ ਖ਼ਰਾਬ ਕਰਨਾ।
ਗਿੱਲਾ ਪੀਹਣ ਪਾਉਣਾ-ਕੰਮ ਨੂੰ ਲਮਕਾਈ ਜਾਣਾ।
ਗਿੱਲੇ ਗੋਹੇ ਵਾਂਗ ਧੁਖਣਾ-ਦੁੱਖ ਵਿੱਚ ਸੜਨਾ, ਅੰਦਰੋਂ ਦੁਖੀ ਹੋਣਾ।
ਗੀਟੀਆਂ ਗਾਲ਼ਣਾ-ਐਵੇਂ ਬੇਅਰਥ ਸੋਚਾਂ 'ਚ ਡੁੱਬਿਆ ਰਹਿਣਾ।
ਗੁਆਚ ਜਾਣਾ-ਆਪਣਾ ਆਪ ਭੁੱਲ ਜਾਣਾ।
ਗੁੱਸਾ ਪੀਣਾ-ਗੁੱਸੇ ਨੂੰ ਕਾਬੂ ਕਰਨਾ, ਗੁੱਸਾ ਦਬਾ ਦੇਣਾ।
ਗੁੱਸੇ ਦੀਆਂ ਲਾਟਾਂ ਨਿਕਲਣੀਆਂ-ਬਹੁਤ ਗੁੱਸੇ ਹੋਣਾ।
ਗੁੱਸੇ ਨਾਲ਼ ਦੰਦ ਪੀਹਣਾ-ਬੇਵਸੀ ਦੀ ਹਾਲਤ ਵਿੱਚ ਕ੍ਰੋਧ ਨਾਲ਼ ਕਚੀਚੀਆਂ ਵੱਟਣੀਆਂ।
ਗੁੱਸੇ ਵਿੱਚ ਉਬਲਣਾ-ਬਹੁਤ ਗੁੱਸੇ ਵਿੱਚ ਸੜਨਾ, ਖਿਝਣਾ।
ਗੁਗੱਲ ਹੋ ਜਾਣਾ-ਜ਼ਾਇਆ ਹੋ ਜਾਣਾ, ਖ਼ਤਮ ਹੋ ਜਾਣਾ।
ਗੁੱਝੀ ਸੱਟ ਮਾਰਨਾ-ਲੁਕਵਾਂ ਵੈਰ ਕਮਾਉਣਾ।
ਗੁੱਝੀਆਂ ਲਾਉਣਾ-ਗੱਲਾਂ-ਗੱਲਾਂ 'ਚ ਮਿਹਣੇ ਤਾਹਨੇ ਮਾਰਨੇ, ਸੁਣੌਤੀਆਂ ਸੁਣਾਉਣੀਆਂ।
ਗੁੱਟ ਹੋਣਾ-ਨਸ਼ੇ ਵਿੱਚ ਗੜੂੰਦ ਹੋ ਜਾਣਾ, ਨਸ਼ੇ ਦੇ ਅਸਰ ਨਾਲ਼ ਸੁਰਤ ਮਾਰੀ ਜਾਣੀ।
ਗੁੱਡੀ ਚੜ੍ਹਨੀ-ਉੱਚੀਆਂ ਜੋਟਾਂ ਵਿੱਚ ਹੋਣਾ, ਉੱਚੀ ਪਦਵੀ ਤੇ ਵਡਿਆਈ ਹਾਸਲ ਕਰਨੀ।
ਗੁੱਥਮ ਗੁੱਥਾ ਹੋਣਾ-ਆਪਸ ਵਿੱਚ ਲੜਨਾ, ਹੂਰੋ ਹੂਰੀ ਹੋ ਜਾਣਾ।
ਗੁਬਾਰ ਨਿਕਲ਼ਣਾ-ਮਨ ਦਾ ਗੁੱਸਾ ਨਿਕਲ਼ ਜਾਣਾ!
ਗੁੰਮ ਹੋ ਜਾਣਾ-ਹੋਸ਼ ਜਾਂਦੀ ਰਹਿਣੀ।
ਗੁਰੂ ਦਾ ਬਚਨ ਦੇਣਾ-ਗੁਰੂ ਦੀ ਸਹੁੰ ਚੁੱਕ ਕੇ ਇਕਰਾਰ ਕਰਨਾ
ਗਲਛੱਰੇ ਉਡਾਉਣਾ-ਐਸ਼ ਕਰਨੀ, ਮੌਜਾਂ ਮਾਰਨੀਆਂ।
ਗੁੜ ਗੋਹਾ ਹੋ ਜਾਣਾ-ਕੀਤੀ ਮਿਹਨਤ ਅਜਾਈਂ ਚਲੀ ਜਾਣੀ।
ਗੇੜ ਵਿੱਚ ਪਾਉਣਾ-ਲੰਮੀ ਫਾਹੀ ਵਿੱਚ ਫਸਾਉਣਾ।
ਗੋਂਗਲੂ ਤੋਂ ਮਿੱਟੀ ਲਾਹੁਣਾ-ਟਾਲ਼-ਮਟੋਲ਼ ਕਰਨੀ, ਬਹਾਨੇ ਘੜਨੇ।


ਗੋਡਿਆਂ ਵਿੱਚ ਸਿਰ ਤੁੰਨਣਾ-ਬਹੁਤ ਉਦਾਸ ਹੋ ਕੇ ਸੋਚਾਂ 'ਚ ਡੁੱਬ ਜਾਣਾ।
ਗੋਤੇ ਖਾਣਾ-ਸੋਚਾਂ ਸੋਚਣੀਆਂ।
ਗੋਡੇ ਟੇਕਣੇ-ਹਾਰ ਮੰਨ ਲੈਣੀ।
ਗੋਦ ਹਰੀ ਹੋਣਾ-ਬੱਚਾ ਪੈਦਾ ਹੋਣਾ।
ਗੋਦ ਭਰੀ ਜਾਣੀ-ਬਾਲ ਜੰਮਣਾ।
ਗੋਦੜੀ ਵਿੱਚ ਲਾਲ ਹੋਣਾ-ਗੁੱਝੇ ਗੁਣਾਂ ਵਾਲਾ ਹੋਣਾ।
ਗੋਦ ਲੈਣਾ-ਦੂਜੇ ਦੇ ਪੁੱਤਰ ਨੂੰ ਆਪਣਾ ਪੁੱਤਰ ਬਣਾਉਣਾ।
ਗੰਗਾ ਜਲੀ ਚੁੱਕਣਾ-ਗੰਗਾ ਜਲੀ ਸਿਰ 'ਤੇ ਰੱਖ ਕੇ ਸਹੁੰ ਖਾਣੀ।
ਗੰਢ ਕੱਟਣਾ-ਖੀਸੇ ਕੱਟਣੇ, ਲੁੱਟਣਾ, ਮਹਿੰਗੇ ਸੌਦੇ ਵੇਚਣਾ।
ਗੰਢ ਬੱਝ ਜਾਣਾ-ਕਿਸੇ ਨਾਲ਼ ਦਿਲੋਂ ਨਫ਼ਰਤ ਹੋ ਜਾਣੀ।
ਗੰਡਾਂ ਭੇਜਣਾ-ਵਿਆਹ ਦਾ ਸੱਦਾ ਭੇਜਣਾ।
ਗੰਢ ਲੈਣਾ-ਆਪਣੇ ਪੱਖ ਦਾ ਕਰ ਲੈਣਾ, ਆਪਣਾ ਹਾਮੀ ਬਣਾ ਲੈਣਾ।
ਗ਼ਮ ਵਿੱਚ ਸੁੱਕਣਾ-ਬਹੁਤ ਸੋਗ ਮਹਿਸੂਸ ਕਰਕੇ ਆਪਣੀ ਸਿਹਤ ਖ਼ਰਾਬ ਕਰ ਲੈਣੀ।


ਘੱਟ ਨਾ ਕਰਨਾ-ਪੂਰੀ ਕੋਸ਼ਿਸ਼ ਕਰਨਾ, ਕੋਈ ਕਸਰ ਨਾ ਛੱਡਣੀ, ਪੂਰਾ ਬਦਲਾ ਲੈਣਾ।
ਘੱਟਾ ਉਡਾਉਣਾ-ਬੇਇਜ਼ਤੀ ਕਰਨੀ, ਬਦਨਾਮੀ ਕਰਨੀ
ਘੱਟਾ ਛਾਣਨਾ-ਅਵਾਰਾਗਰਦੀ ਕਰਨੀ, ਵਿਹਲੇ ਫਿਰਨਾ।
ਘੱਟੇ ਕੌਡੀਆਂ ਰਲਾਉਣਾ-ਕਿਸੇ ਗੱਲ ਦੀ ਆਈ ਗਈ ਨਾ ਦੇਣੀ।
ਘਰ ਉਜੜਨਾ-ਘਰਵਾਲੀ ਦਾ ਪ੍ਰਲੋਕ ਸਿਧਾਰ ਜਾਣਾ, ਘਰ ਬਰਬਾਦ ਹੋ ਜਾਣਾ।
ਘਰ ਕਰ ਜਾਣਾ-ਦਿਲ 'ਤੇ ਪੂਰਾ ਅਸਰ ਹੋਣਾ, ਪੂਰੀ ਤਰ੍ਹਾਂ ਸਮਝ 'ਚ ਪੈ ਜਾਣਾ, ਚੰਗਾ ਲੱਗਣਾ।
ਘਰ ਗਾਲਣਾ-ਹਾਨੀ ਪਹੁੰਚਾਉਣੀ, ਮਾੜੇ ਕੰਮਾਂ ਕਰਕੇ ਘਰ ਉਜਾੜ ਦੇਣਾ।
ਘਰ ਦਾ ਨਾਂ ਡੋਬਣਾ-ਮੰਦੇ ਕੰਮ ਕਾਰ ਕਰਕੇ ਆਪਣੇ ਮਾਂ-ਬਾਪ ਅਤੇ ਪਰਿਵਾਰ ਨੂੰ ਬਦਨਾਮ ਕਰਨਾ।


ਘਰ ਦੀ ਲੰਕਾ ਫੂਕਣਾ-ਆਪਣਾ ਨੁਕਸਾਨ ਆਪ ਕਰਨਾ।
ਘਰ ਨੂੰ ਸਿਆਣਾ ਹੋਣਾ-ਆਪਣਾ ਨੁਕਸਾਨ ਨਾ ਹੋਣ ਦੇਣਾ।
ਘਰ ਪਾਟਣਾ-ਭਰਾਵਾਂ ਵਿੱਚ ਫੁੱਟ ਪੈ ਜਾਣੀ, ਇਤਫ਼ਾਕ ਨਾ ਰਹਿਣਾ।
ਘਰ ਪੂਰਾ ਕਰਨਾ-ਪੂਰੀ ਤਸੱਲੀ ਕਰਵਾਉਣੀ, ਪੂਰਾ ਹੱਕ ਦੇਣਾ।
ਘਰ ਫੂਕ ਤਮਾਸ਼ਾ ਦੇਖਣਾ-ਆਪਣਾ ਘਰ ਬਰਬਾਦ ਕਰਕੇ ਮੌਜ ਮਸਤੀ ਕਰਨਾ।
ਘਰ ਭੰਨਣਾ-ਕੰਧ ਪਾੜਕੇ ਚੋਰੀ ਕਰਨੀ, ਸੰਨ੍ਹ ਮਾਰਨੀ।
ਘਰੋਂ ਘਾਟੋ ਜਾਣਾ-ਬੁਰੀ ਤਰ੍ਹਾਂ ਬਰਬਾਦ ਹੋ ਜਾਣਾ, ਬੇਘਰ ਹੋ ਜਾਣਾ।
ਘੜਿਆ ਘੜਾਇਆ ਉੱਤਰ ਦੇਣਾ-ਪਹਿਲਾਂ ਸੋਚਿਆ ਉੱਤਰ ਦੇ ਕੇ ਗੱਲ ਟਾਲ਼ ਦੇਣੀ।
ਘੜੀ 'ਚ ਤੋਲਾ ਘੜੀ 'ਚ ਮਾਸਾ ਹੋਣਾ-ਛੇਤੀ ਰੁੱਸ ਜਾਣਾ ਤੇ ਛੇਤੀ ਹੀ ਦਿਆਲ ਹੋ ਜਾਣਾ, ਤਰੁੱਠ ਪੈਣਾ।
ਘੜੀਆਂ ਗਿਣਨਾ-ਘਬਰਾਹਟ ਵਿੱਚ ਸਮਾਂ ਬਤੀਤ ਕਰਨਾ।
ਘੜੀਆਂ ਪਲਾਂ ਤੇ ਹੋਣਾ-ਮਰਨ ਕੰਢੇ ਹੋਣਾ।
ਘਾਣ ਬੱਚਾ ਪੀੜਿਆ ਜਾਣਾ-ਪੂਰੀ ਤਰ੍ਹਾਂ ਬਰਬਾਦ ਹੋ ਜਾਣਾ, ਕੁਝ ਵੀ ਨਾ ਬਚਣਾ।
ਘਾਪਾ ਮੇਲਣਾ-ਅਧੂਰੀ ਥਾਂ ਪੂਰੀ ਕਰਨੀ, ਖ਼ਾਲੀ ਥਾਂ ਪੂਰਨੀ।
ਘਾਪਾ ਪੂਰਾ ਹੋਣਾ-ਥੁੱੜ-ਮੁੱਕ ਜਾਣੀ, ਘਾਟ ਪੂਰੀ ਹੋ ਜਾਣੀ, ਵਿਗੋਚਾ ਨਾ ਰਹਿਣਾ।
ਘਾਲਣਾ ਘਾਲਣੀ-ਕੁਰਬਾਨੀ ਦੇਣੀ, ਮਿਹਨਤ ਕਰਕੇ ਕੋਈ ਰੁਤਬਾ ਹਾਸਿਲ ਕਰਨਾ।
ਘਾਵਾਂ ਤੇ ਲੂਣ ਛਿੜਕਣਾ-ਸਤਾਏ ਹੋਏ ਨੂੰ ਹੋਰ ਸਤਾਉਣਾ, ਤਾਹਨੇ ਮਿਹਣ ਮਾਰਨੇ।
ਘਿਉ ਸ਼ੱਕਰ ਹੋਣਾ-ਆਪਸ ਵਿੱਚ ਘੁਲ਼-ਮਿਲ਼ ਜਾਣਾ, ਕੋਈ ਭੇਦਭਾਵ ਨਾ ਰੱਖਣਾ।
ਘਿਉ ਖਿੱਚੜੀ ਹੋਣਾ-ਆਪਸ ਵਿੱਚ ਡੂੰਘਾ ਪਿਆਰ ਪਾ ਲੈਣਾ, ਅਭੇਦ ਹੋ ਜਾਣਾ।
ਘਿਉ ਦੇ ਕੁੱਪੇ ਰੁੜ੍ਹਨੇ-ਬਹੁਤ ਹਾਨੀ ਹੋਣੀ, ਨੁਕਸਾਨ ਹੋ ਜਾਣਾ
ਘੁਸਰ ਮੁਸਰ ਕਰਨਾ-ਨੀਵੀਂ ਸੁਰ ਵਿੱਚ ਕੋਈ ਗੁਪਤ ਸਲਾਹ ਮਸ਼ਵਰਾ ਕਰਨਾ।
ਘੁੱਟ ਘੁੱਟ ਮਿਲਣਾ-ਪਿਆਰ ਨਾਲ ਮਿਲਣਾ, ਪਿਆਰ ਪਾਉਣਾ।


ਘੁੱਟ ਵੱਟਣਾ-ਸਬਰ ਕਰ ਲੈਣਾ।
ਘੁੱਟੇ ਘੁੱਟੇ ਰਹਿਣਾ-ਉਦਾਸੀ ਕਾਰਨ ਬਹੁਤ ਘੱਟ ਬੋਲਣਾ।
ਘੁੰਡੀ ਖੋਲ੍ਹਣੀ-ਭੇਤ ਵਾਲ਼ੀ ਗੱਲ ਵਿਸਥਾਰ ਨਾਲ਼ ਸਮਝਾਉਣੀ।
ਘੁਣ ਲੱਗਣਾ-ਗੁੱਝੀ ਬੀਮਾਰੀ ਲੱਗਣੀ, ਦੁਖੀ ਹੋਣਾ, ਸਰੀਰ ਦੀ ਕਮਜ਼ੋਰੀ ਪੈ ਜਾਣੀ।
ਘੁਰ ਘੁਰ ਕਰਨਾ-ਆਪਸ ਵਿੱਚ ਗੱਲਬਾਤ ਹੌਲੀ ਸੁਰ ਵਿੱਚ ਕਰਨੀ।
ਘੁਲ਼ ਘੁਲ਼ ਕੇ ਮਰਨਾ-ਅਤਿ ਦਾ ਦੁਖੀ ਹੋ ਕੇ ਲੰਬੀ ਬੀਮਾਰੀ ਕਾਰਨ ਮਰਨਾ।
ਘੁਲ਼-ਮਿਲ਼ ਜਾਣਾ-ਆਪਸ ਵਿੱਚ ਰਚ ਮਿਚ ਜਾਣਾ, ਓਪਰਾਪਣ ਦੂਰ ਹੋ ਜਾਣਾ।
ਘੇਸ ਮਾਰਨੀ-ਗੱਲ ਧਿਆਨ ਨਾਲ਼ ਨਾ ਸੁਣਨੀ, ਪ੍ਰਵਾਹ ਨਾ ਕਰਨੀ, ਕਹੀ ਗੱਲ ਦਾ ਅਸਰ ਨਾ ਹੋਣਾ।
ਘੇਰ ਚੌੜਾ ਹੋਣਾ-ਖ਼ਲਾਰਾ ਪਾਇਆ ਹੋਇਆ-ਕੋਈ ਕੰਮ ਵਿਉਂਤ ਅਨੁਸਾਰ ਨਾ ਕਰਨਾ।
ਘੋਗਲ਼ ਕੰਨਾ ਹੋਣਾ-ਮਚਲਾ ਬਣ ਜਾਣਾ, ਸੁਣੀ ਗੱਲ ਨੂੰ ਅਣਸੁਣੀ ਕਰ ਛੱਡਣਾ।
ਘੋਗਾ ਚਿੱਤ ਕਰਨਾ-ਮਾਰ ਮੁਕਾਉਣਾ, ਜਾਨੋਂ ਮਾਰ ਦੇਣਾ, ਅਲਖ ਮੁਕਾ ਦੇਣੀ।
ਘੋਟ ਘੋਟ ਗੱਲਾਂ ਕਰਨੀਆਂ-ਖੁਸ਼ੀ ਵਿੱਚ ਖੀਵੇ ਹੋਏ ਚਾਮਲ਼ ਚਾਮਲ਼ ਗੱਲਾਂ ਕਰਨੀਆਂ।
ਘੋਟ ਘੋਟ ਪੀਣਾ-ਕਿਸੇ ਵਸਤੂ ਦਾ ਹੌਲ਼ੀ-ਹੌਲ਼ੀ ਸੇਵਨ ਕਰਨਾ, ਇਕੋ ਵਸਤੂ ਨੂੰ ਥੋੜ੍ਹੀ-ਥੋੜ੍ਹੀ ਕਰਕੇ ਵਰਤਣਾ।
ਘੋਰ ਤੱਪ ਕਰਨਾ-ਕਠਿਨ ਮਿਹਨਤ ਕਰਨੀ, ਬੜੀ ਔਖ ਮਗਰੋਂ ਸੁੱਖ ਪ੍ਰਾਪਤ ਕਰਨਾ।
ਘੋਲ ਕੇ ਪੀਣਾ-ਨਾਮੋ ਨਿਸ਼ਾਨ ਨਾ ਰਹਿਣ ਦੇਣਾ।
ਘੋੜੇ ਕੰਨ ਬਰਾਬਰ ਹੋਣਾ-ਖ਼ਰਚੀਲਾ ਹੋਣਾ, ਜਿੰਨਾ ਕਮਾਉਣਾ ਉਨਾ ਹੀ ਖ਼ਰਚ ਹੋ ਜਾਣਾ।


ਚਉਲਾਂ ਭਰਿਆ ਵਾਤ-ਆਰ ਪਰਿਵਾਰ ਵਾਲ਼ੀ ਹੋਣਾ, ਦੁੱਧ ਪੁੱਤ ਵਾਲ਼ੀ ਹੋਣਾ।
ਚਹੇ ਖੁੱਲ੍ਹਣਾ-ਵੱਡਿਆਂ ਦੀ ਪ੍ਰਵਾਹ ਨਾ ਕਰਨੀ, ਸ਼ਰਮ ਹਯਾ ਨੂੰ ਕਿੱਲੀ ਟੰਗਣਾ, ਖੰਭ ਲੱਗਣੇ।


ਚਹੁੰ ਬੰਦਿਆਂ ਵਿੱਚ ਬੈਠਣ ਵਾਲ਼ਾ-ਭਾਈਚਾਰੇ ਵਿੱਚ ਮਾਣ ਸਨਮਾਨ ਵਾਲ਼ਾ, ਇੱਜ਼ਤਦਾਰ ਵਿਅਕਤੀ।
ਚੱਕ ਬੰਨ੍ਹਣਾ-ਪਿੰਡ ਵਸਾਉਣਾ, ਪਿੰਡ ਦੀ ਨੀਂਹ ਰੱਖਣੀ।
ਚੱਕ ਮਾਰਨਾ-ਦੰਦੀ ਵੱਢਣੀ, ਦੁਖੀ ਕਰਨਾ, ਰਿਸ਼ਵਤ ਲੈਣੀ, ਵੱਢੀ ਲੈਣੀ।
ਚੱਕਰ ਬੰਨ੍ਹਣਾ-ਵਾਰ-ਵਾਰ ਗੇੜੇ ਮਾਰਨਾ।
ਚੱਕਰ ਵਿੱਚ ਪੈ ਜਾਣਾ-ਮਾੜੇ ਦਿਨ ਆਉਣੇ, ਬਿਪਤਾ ਵਿੱਚ ਪੈ ਜਾਣਾ।
ਚੱਕਰ ਵਿੱਚ ਪਾਉਣਾ-ਫ਼ਿਕਰਾਂ ਵਿੱਚ ਪਾ ਦੇਣਾ, ਚਿੰਤਾ ਲਾ ਦੇਣੀ
ਚੱਕਰੀ ਭਉਂ ਜਾਣੀ-ਸੁਰਤ ਟਿਕਾਣੇ ਸਿਰ ਨਾ ਰਹਿਣੀ, ਠੀਕ ਸਮਝ ਨਾ ਪੈਣੀ।
ਚੱਕੀ ਝੋਣਾ-ਨਾ ਮੁੱਕਣ ਵਾਲੀ ਗੱਲ ਛੇੜ ਲੈਣੀ।
ਚੱਟ ਕਰ ਜਾਣਾ-ਸਭ ਕੁਝ ਖਾ ਜਾਣਾ, ਖਾ ਕੇ ਪਲੇਟ ਸਾਫ਼ ਕਰ ਦੇਣੀ।
ਚੱਟ ਚੁੰਮ ਕੇ ਰੱਖਣਾ-ਬਹੁਤ ਲਾਡ ਪਿਆਰ ਨਾਲ਼ ਰੱਖਣਾ।
ਚੱਟਣੀ ਬਣਾ ਦੇਣੀ-ਕਿਸੇ ਨੂੰ ਮਾਰ ਕੁੱਟ ਕੇ ਹੱਸਲੀਆਂ ਪੱਸਲੀਆਂ ਤੋੜ ਦੇਣੀਆਂ।
ਚੱਟੀ ਪਈ ਹੋਣੀ-ਬਿਪਤਾ ਪੈ ਜਾਣੀ, ਵਿਗਾਰ ਗਲ ਪੈਣੀ।
ਚੱਡੇ ਗਾਟੇ ਕਰਨਾ-ਧੌਣ ਮਰੋੜ ਕੇ ਚੱਡਿਆਂ ਨਾਲ਼ ਲਾ ਦੇਣੀ, ਕਰਾਰੀ ਹਾਰ ਦੇਣੀ।
ਚੱਪਣੀ ਵਿੱਚ ਨੱਕ ਡੋਬ ਕੇ ਮਰਨਾ-ਸ਼ਰਮੋ ਸ਼ਰਮੀ ਹੋਣਾ, ਸ਼ਰਮ ਨਾਲ਼ ਮਰ ਜਾਣਾ।
ਚਪੜ ਚਪੜ ਕਰਨਾ-ਆਪਣੇ ਤੋਂ ਵੱਡੇ ਅੱਗੇ ਬਹੁਤ ਬੋਲਣਾ, ਗੁਸਤਾਖ਼ੀ ਕਰਨੀ।
ਚਮਕ ਉੱਠਣਾ-ਗੁੱਸੇ ਵਿੱਚ ਤੜਪ ਉੱਠਣਾ, ਗੁੱਸੇ ਨਾਲ ਅੱਖਾਂ 'ਚ ਡੋਰੇ ਚਮਕ ਪੈਣੇ।
ਚਲਦੀ ਗੱਡੀ ਵਿੱਚ ਰੋੜਾ ਅਟਕਾਉਣਾ-ਹੋ ਰਹੇ ਕੰਮ ਵਿੱਚ ਵਿਘਨ ਪਾਉਣਾ।
ਚੜ੍ਹ ਮਚਣੀ- ਕਿਸੇ ਦੀ ਬੱਲੇ ਬੱਲੇ ਹੋ ਜਾਣੀ, ਆਪਣੇ ਪੱਖ ਦੀ ਗੱਲ ਸੁਣ ਕੇ ਖੁਸ਼ ਹੋਣਾ।
ਚੜ੍ਹਦੀ ਕਲਾ ਵਿੱਚ ਹੋਣਾ-ਬੁਲੰਦ ਹੌਸਲੇ ਵਿੱਚ ਹੋਣਾ, ਸਦਾ ਉੱਚੀਆਂ ਉਡਾਰੀਆਂ ਲਾਉਣੀਆਂ।
ਚੜ੍ਹੀ ਲੱਥੀ ਦੀ ਨਾ ਹੋਣੀ-ਬੇਸ਼ਰਮ ਮਨੁੱਖ ਜਿਸ ਨੂੰ ਆਪਣੀ ਬੇਇੱਜ਼ਤੀ ਦਾ ਅਹਿਸਾਸ ਨਾ ਹੋਵੇ।
ਚਾਘੀਆਂ ਮਾਰਨੀਆਂ-ਕਿਸੇ ਦਾ ਨੁਕਸਾਨ ਹੋਏ ਤੇ ਖ਼ੁਸ਼ ਹੋਣਾ, ਮਖੌਲ ਕਰਨਾ।

ਚਾਂਦੀ ਹੋਣਾ-ਵਿਉਪਾਰ ਵਿੱਚ ਬਹੁਤ ਨਫ਼ਾ ਹੋਣਾ।
ਚਾਂਦੀ ਦੀ ਜੁੱਤੀ ਮਾਰਨੀ-ਰਿਸ਼ਵਤ ਦੇਣੀ, ਵੱਢੀ ਦੇਣੀ।
ਚਾਨਣ ਪਾਉਣਾ-ਵਿਸਥਾਰ ਨਾਲ ਗੱਲ ਸਮਝਾਉਣੀ, ਖੋਲ੍ਹ ਕੇ ਦੱਸਣਾ।
ਚਾਬੀ ਮਰੋੜਨਾ-ਕਿਸੇ ਨੂੰ ਗੱਲੀਂ-ਬਾਤੀਂ ਆਪਣੇ ਮਗਰ ਲਾ ਲੈਣਾ, ਆਪਣੇ ਵਸ ’ਚ ਕਰਕੇ ਆਪਣੀ ਮਰਜ਼ੀ ਦੇ ਕੰਮ ਕਰਵਾਉਣੇ।
ਚਾਰ ਅੱਖਰ ਪੜ੍ਹਿਆ ਹੋਣਾ-ਥੋੜ੍ਹਾ ਬਹੁਤਾ ਪੜ੍ਹਿਆ ਹੋਣਾ।
ਚਾਰ ਸੌ ਵੀਹ ਕਰਨੀ-ਕਿਸੇ ਨਾਲ ਠੱਗੀ ਮਾਰਨੀ।
ਚਾਰ ਚੰਨ ਲੱਗ ਜਾਣੇ-ਬਹੁਤ ਵੱਡਿਆਈ ਹੋਣੀ, ਪ੍ਰਸਿੱਧੀ ਮਿਲਣੀ।
ਚਾਰ ਦੇਣਾ-ਕਿਸੇ ਨਾਲ਼ ਧੋਖਾ ਕਰਨਾ, ਠੱਗੀ ਮਾਰਨੀ।
ਚਾਲ਼ੀ ਮੇਰੀ ਗੱਲ ਕਰਨੀ-ਸਹੀ ਤੇ ਸਿਆਣੀ ਗੱਲ ਕਰਨੀ।
ਚਾਲੇ ਫੜ ਲੈਣੇ-ਮੰਦੇ ਕੰਮਾਂ ਵਿੱਚ ਪੈ ਜਾਣਾ, ਭੈੜੀਆਂ ਕਰਤੂਤਾਂ ਕਰਨੀਆਂ।
ਚਿਹਰਾ ਖਿੜਨਾ-ਖੁਸ਼ੀ ਵਿੱਚ ਚਿਹਰੇ 'ਤੇ ਚਮਕ ਆ ਜਾਣੀ।
ਚਿਹਰਾ ਫੱਕ ਹੋਣਾ-ਮਾੜ੍ਹੀ ਗੱਲ ਜਾਂ ਦੁੱਖ ਦੀ ਗੱਲ ਸੁਣ ਕੇ ਚਿਹਰਾ ਮੁਰਝਾ ਜਾਣਾ, ਸ਼ਰਮਿੰਦਾ ਹੋ ਜਾਣਾ।
ਚਿਹਰਾ ਲਾਲ ਹੋਣਾ-ਬਹੁਤ ਗੁੱਸਾ ਚੜ੍ਹਨਾ।
ਚਿਹਰੇ ਤੇ ਗਿੱਠ ਗਿੱਠ ਲਾਲੀ ਹੋਣਾ-ਖ਼ੁਸ਼ੀ ਨਾਲ ਚਿਹਰਾ ਚਮਕ ਪੈਣਾ, ਖੁਸ਼ੀ ਦਾ ਪ੍ਰਭਾਵ ਪੈਣਾ।
ਚਿਹਰੇ 'ਤੇ ਲਾਲੀ ਭੱਖਣੀ-ਮੂੰਹ 'ਤੇ ਜਲਾਲ ਟਪਕਣਾ।
ਚਿੱਕੜ ਸੁੱਟਣਾ-ਕਿਸੇ 'ਤੇ ਗੰਦੇ ਦੂਸ਼ਨ ਲਾਉਣੇ।
ਚਿੱਕੜ ਵਿੱਚ ਕੰਵਲ ਹੋਣਾ-ਮਾੜੇ ਪਰਿਵਾਰ ਵਿੱਚ ਨੇਕ ਵਿਅਕਤੀ ਹੋਣਾ, ਮੰਦਿਆਂ 'ਚ ਚੰਗਾ ਹੋਣਾ।
ਚਿੱਠਾ ਤਾਰਨਾ-ਭੇਤ ਵਾਲੀ ਗੱਲ ਅਗਾਂਹ ਦੱਸ ਦੇਣੀ।
ਚਿੱਤ ਸਵਾਇਆ ਹੋਣਾ-ਬਹੁਤ ਖ਼ੁਸ਼ ਹੋਣਾ, ਹੌਂਸਲਾ ਵੱਧਣਾ।
ਚਿੱਤ ਹੋਣਾ-ਹਾਰ ਜਾਣਾ, ਮਰ ਜਾਣਾ।
ਚਿੱਤ ਚਾ ਲੈਣਾ-ਉਦਾਸ ਹੋ ਜਾਣਾ।
ਚਿੱਤ ਚੇਤੇ ਨਾ ਆਉਣਾ-ਰਤੀ ਭਰ ਵੀ ਖ਼ਿਆਲ ਨਾ ਆਉਣਾ।
ਚਿੰਤਾ ਵਿੱਚ ਡੁੱਬਣਾ-ਸੋਚਾਂ ਵਿੱਚ ਪੈ ਜਾਣਾ।
ਚਿਪ ਚੜ੍ਹਨਾ-ਖਿੱਝੇ ਹੋਏ ਹੋਣਾ।


ਚਿੜੀ ਨਾ ਫੜਕਣਾ-ਕਿਸੇ ਨੂੰ ਨੇੜੇ ਨਾ ਢੁੱਕਣ ਦੇਣਾ।
ਚੀਂ ਪੀਂ ਕਰਨਾ-ਨਾਂਹ-ਨੁੱਕਰ ਕਰਨੀ।
ਚੀਣਾ ਖਿਲਾਰਨਾ-ਖੇਰੂੰ ਖੇਰੂ ਹੋ ਜਾਣਾ, ਖਿੰਡ ਪੁੰਡ ਜਾਣਾ।
ਚੀਣਾ ਚੀਣਾ ਹੋ ਜਾਣਾ-ਕਿਣਕਾ ਕਿਣਕਾ ਹੋ ਜਾਣਾ।
ਚੁਆਤੀਆਂ ਲਾਉਣੀਆਂ-ਖਰਵਾ ਬੋਲ ਬੋਲ ਕੇ ਦੁਖੀਏ ਨੂੰ ਸਤਾਉਣਾ।
ਚੁਸਕੀ ਲਾ ਲੈਣੀ-ਦੋ ਘੁਟ ਸ਼ਰਾਬ ਛਕ ਲੈਣੀ, ਕੰਮ ਦੇ ਰੁਝੇਵੇਂ ਵਿੱਚ ਸਮਾਂ ਕੱਢ ਕੇ ਨਸ਼ੇ ਤੇ ਰਾਗ ਆਦਿ ਦਾ ਅਨੰਦ ਮਾਣਨਾ।
ਚੁੱਕ ਵਿੱਚ ਆਉਣਾ-ਕਿਸੇ ਦੀਆਂ ਗੱਲਾਂ ਵਿੱਚ ਆ ਕੇ ਦੂਜੇ ਦੇ ਖ਼ਿਲਾਫ਼ ਹੋ ਜਾਣਾ, ਪ੍ਰੇਰਿਆ ਜਾਣਾ।
ਚੁੰਜ ਸੁਆਰਨਾ-ਤਿਆਰ ਹੋਣਾ।
ਚੁੰਝ-ਚਰਚਾ-ਬਹਿਸ-ਵਿਮਰਸ਼ ਕਰਨਾ।
ਚੁਟਕੀਆਂ ਭਰਨੀਆਂ-ਮੁੜ-ਮੁੜ ਯਾਦ ਆਉਣਾ।
ਚੁੱਪ ਵਰਤ ਜਾਣੀ-ਖ਼ਾਮੋਸ਼ੀ ਛਾ ਜਾਣੀ।
ਚੁਰਾਹੇ ਵਿੱਚ ਹਾਂਡੀ ਭੰਨਣੀ-ਭੇਤ ਖੋਲ੍ਹ ਦੇਣਾ, ਕਰਤੂਤ ਪ੍ਰਗਟ ਕਰ ਦੇਣੀ, ਬੇਇੱਜ਼ਤੀ ਕਰਨੀ।
ਚੁੱਲੇ ਅੱਗ ਨਾ ਬਲਣੀ-ਅਤਿ ਦੀ ਗ਼ਰੀਬੀ ਆ ਜਾਣੀ, ਅਤਿ ਸ਼ੋਕ ਕਾਰਨ ਘਰ ਰੋਟੀ ਨਾ ਪੱਕਣੀ।
ਚੂਲ਼ ਢਿੱਲੀ ਰਹਿ ਜਾਣੀ-ਕੋਈ ਨਾ ਕੋਈ ਘਾਟ ਰਹਿ ਜਾਣੀ।
ਚੁਲ਼ਾਂ ਉਖੜੀਆਂ ਰਹਿਣਾ-ਕੋਈ ਨਾ ਕੋਈ ਰੋਗ ਚਿੰਬੜਿਆ ਰਹਿਣਾ।
ਚੂਲੀ ਪਾਉਣਾ-ਕਿਸੇ ਹੋਰ ਦੇ ਹਵਾਲੇ ਕਰ ਦੇਣਾ।
ਚੂੰ ਚਾਂ ਕਰਨਾ-ਨਾਂਹ-ਨੁੱਕਰ ਕਰਨੀ, ਕਿਸੇ ਗੱਲੋਂ ਇਨਕਾਰ ਕਰ ਦੇਣੀ।
ਚੂੰ ਨਾ ਕਰ ਸਕਣਾ-ਅੱਗੋਂ ਕੁਸਕਣਾ ਨਾ, ਕੋਈ ਹੀਲ ਹੁੱਜਤ ਨਾ ਕਰਨੀ।
ਚਿਹਰਾ ਉਤਰਿਆ ਜਾਣਾ-ਕਮਜ਼ੋਰ ਹੋ ਜਾਣਾ, ਸਰੀਰਕ ਤੌਰ 'ਤੇ ਲਿੱਸਾ ਹੋ ਜਾਣਾ।
ਚਿਹਰਾ ਕਾਲਾ ਪੈ ਜਾਣਾ-ਮੁਰਝਾ ਜਾਣਾ, ਬਦਨਾਮੀ ਕਾਰਨ ਚਿਹਰੇ ਦਾ ਰੰਗ ਉੱਤਰ ਜਾਣਾ।
ਚਿਹਰੇ ਤੇ ਹਵਾਈਆਂ ਉਡਣੀਆਂ-ਸ਼ਰਮ ਕਾਰਨ ਰੰਗ ਫੱਕ ਹੋ ਜਾਣਾ।
ਚਿਹਰੇ ਖਿੜਨੇ-ਖ਼ੁਸ਼ੀ ਕਾਰਨ ਚਿਹਰੇ 'ਤੇ ਜਲਾਲ ਆ ਜਾਣਾ, ਚਮਕ ਆ ਜਾਣੀ, ਲਿਸ਼ਕ ਮਾਰਨੀ।

ਚੇਟਕ ਲਾਉਣੀ-ਲਗਨ ਪੈਦਾ ਕਰਨੀ।
ਚੈਨ ਦਾ ਸਾਹ ਆਉਣਾ-ਡਰ ਦੂਰ ਹੋਣ ਕਾਰਨ ਸੁਖ ਦਾ ਸਾਹ ਆਉਣਾ।
ਚੋ ਚੋ ਪੈਣਾ-ਫੁਟ ਫੁਟ ਕੇ ਨਿਕਲਣਾ, ਸਾਵਾਂ ਵਖਾਈ ਦੇਣਾ।
ਚੋਟੀ ਆਕਾਸ਼ ਲਾਉਣਾ-ਬਹੁਤ ਵਡਿਆਈ ਕਰਨੀ।
ਚੋਭ ਮਾਰਨਾ-ਵਿਅੰਗ ਕੱਸਣਾ, ਬੋਲੀ ਮਾਰਨੀ, ਅਜਿਹੀ ਗੱਲ ਕਹਿਣੀ ਜਿਸ ਨਾਲ਼ ਸੁਣਨ ਵਾਲੇ ਨੂੰ ਦੁੱਖ ਲੱਗੇ।
ਚੋਰ ਅੱਖਾਂ ਨਾਲ਼ ਵੇਖਣਾ-ਲੁਕਵੇਂ ਰੂਪ ਵਿੱਚ ਝਾਤੀਆਂ ਮਾਰਨੀਆਂ, ਅੱਖ ਬਚਾ ਕੇ ਵੇਖਣਾ।
ਚੋਲਾ ਛੱਡਣਾ-ਸੁਰਗਵਾਸ ਹੋ ਜਾਣਾ, ਮਰ ਜਾਣਾ।
ਚੌਕੜੀ ਮਾਰਨੀ-ਚੱਪ ਮਾਰ ਕੇ ਬੈਠਣਾ।
ਚੌਂਕਾ ਭਾਂਡਾ ਕਰਨਾ-ਰਸੋਈ ਦਾ ਕੰਮ ਕਰਨਾ।
ਚੌਕਾ ਪੈ ਜਾਣਾ-ਬਰਬਾਦ ਹੋ ਜਾਣਾ।
ਚੌਕੇ ਚੜ੍ਹਨਾ-ਰਸੋਈ ਦੇ ਕੰਮ ਲੱਗਣਾ।
ਚੌੜਾ ਹੋਣਾ-ਆਪਣੀ ਵਡਿਆਈ ਸੁਣ ਕੇ ਫੁਲ ਜਾਣਾ।
ਚੰਗਿਆੜੀ ਮਘਣੀ-ਚੰਗੀ ਤਰ੍ਹਾਂ ਜੋਸ਼ ਪ੍ਰਗਟ ਹੋ ਜਾਣਾ, ਲੜਾਈ 'ਚ ਵਾਧਾ ਹੋ ਜਾਣਾ।
ਚੰਗੀ ਮੰਦੀ ਸੁਣਨਾ-ਨਿੰਦਾ ਤੇ ਚੁਗਲੀ ਸੁਣਨਾ।
ਚੰਡਾਲ ਆਉਣਾ-ਕ੍ਰੋਧ ਆਉਣਾ।
ਚੰਡਿਆ ਹੋਣਾ-ਚੰਗੀ ਤਰ੍ਹਾਂ ਸਿੱਖਿਆ ਪ੍ਰਾਪਤ ਕੀਤੀ ਹੋਣੀ, ਆਪਣੇ ਕਸਬ ਵਿੱਚ ਮਾਹਰ ਹੋਣਾ, ਚੰਗੇ ਉਸਤਾਦ ਪਾਸੋਂ ਸਿੱਖਿਆ ਲਈ ਹੋਣੀ।
ਚੰਨ ਚਾੜ੍ਹਨਾ-ਕੋਈ ਮਾੜਾ ਕੰਮ ਕਰਕੇ ਆਉਣਾ।
ਚੰਨ ਚੜ੍ਹ ਆਉਣਾ-ਕਿਸੇ ਪੁਰਸ਼ ਦੇ ਬਹੁਤ ਚਿਰ ਪਿੱਛੋਂ ਦਰਸ਼ਣ ਹੋਣੇ, ਅਚਨਚੇਤ ਹੀ ਕਿਸੇ ਦਾ ਆ ਜਾਣਾ, ਬਹੁਤ ਖੁਸ਼ੀ ਹੋਣੀ, ਖ਼ੁਸ਼ੀ ਨਾਲ਼ ਮੱਥਾ ਖਿੜ ਜਾਣਾ।
ਚੰਨ ਚੜ੍ਹਾ ਬੈਠਣਾ-ਕੋਈ ਮੂਰਖਾਂ ਵਾਲਾ ਕੰਮ ਕਰ ਲੈਣਾ।
ਚੰਨ ਤਾਰੇ ਵਾਂਗ ਵੇਖਣਾ-ਪਿਆਰ ਵਿੱਚ ਉਡੀਕਣਾ।
ਚੰਮ ਉਧੇੜਨਾ-ਬਹੁਤ ਮਾਰਨਾ, ਕੁੱਟਣਾ।


ਛਹਿ ਜਾਣਾ-ਸਹਿਮ ਨਾਲ਼ ਦੁਬਕ ਕੇ ਬਹਿ ਜਾਣਾ।
ਛੱਕਾ ਪਊਆ ਕਰਨਾ-ਅਵਾਰਾਗਰਦੀ ਕਰਨੀ, ਵਿਹਲੇ ਫਿਰਨਾ।
ਛੱਕੇ ਛੁੱਟਣੇ-ਹੋਸ਼ ਉੱਡ ਜਾਣੇ, ਘਬਰਾ ਜਾਣਾ।
ਛੱਕੇ ਛੁਡਾਉਣੇ-ਹੋਸ਼ ਗਵਾ ਦੇਣੇ, ਹੱਥਾਂ-ਪੈਰਾਂ ਦੀ ਪੈ ਜਾਣੀ।
ਛਜ ਛਜ ਰੋਣਾ-ਬਹੁਤ ਰੋਣਾ।
ਛੱਜ 'ਚ ਪਾ ਕੇ ਛੱਟਣਾ-ਖੁੱਲ੍ਹਮ ਖੁੱਲ੍ਹਾ ਭੰਡਣਾ, ਬਦਨਾਮੀ ਕਰਨੀ।
ਛੱਜੀਂ ਖਾਰੀ ਵੱਸਣਾ-ਮੂਸਲਾਧਾਰ ਬਾਰਿਸ਼ ਹੋਣੀ।
ਛੱਟ ਆ ਪੈਣੀ-ਜ਼ਿੰਮੇਵਾਰੀ ਗਲ਼ ਪੈ ਜਾਣੀ, ਬੋਝ ਪੈ ਜਾਣਾ, ਬਿਪਤਾ ਪੈ ਜਾਣੀ। ਛੱਟਿਆ ਫੂਕਿਆ ਹੋਣਾ-ਬਹੁਤ ਹੀ ਭੈੜਾ ਹੋਣਾ।
ਛੱਤ ਸਿਰ ਤੇ ਚੁੱਕਣਾ-ਬਹੁਤ ਹੀ ਰੌਲਾ ਪਾਉਣਾ, ਉੱਚੀ ਉੱਚੀ ਜ਼ੋਰ ਨਾਲ਼ ਬੋਲਣਾ।
ਛੱਤ ਪਾੜ ਕੇ ਰੱਬ ਬਹੁੜਨਾ-ਬਿਨਾਂ ਮੰਗਿਆਂ ਅਚਾਨਕ ਕੋਈ ਸਹਾਇਤਾ ਪ੍ਰਾਪਤ ਹੋ ਜਾਣੀ।
ਛਮ ਛਮ ਰੋਣਾ-ਬੇਮੁਹਾਰੇ ਅੱਥਰੂ ਕੇਰਨੇ, ਜ਼ਾਰੋ ਜ਼ਾਰ ਰੋਣਾ।
ਛਲ ਤਾੜਨਾ-ਧੋਖੇ ਦੀ ਗੱਲ ਸਮਝ ਕੇ ਆਪਣਾ ਬਚਾ ਕਰ ਲੈਣਾ।
ਛੇੜ ਛੇੜਨਾ-ਲੜਾਈ ਝਗੜੇ ਦਾ ਬਾਨਣੂ ਬੰਨ੍ਹਣਾ,ਲੜਾਈ ਛੇੜ ਲੈਣੀ।
ਛਾਊਂ ਮਾਊਂ ਹੋ ਜਾਣਾ-ਏਧਰ-ਓਧਰ ਲੁੱਕ ਜਾਣਾ।
ਛਾਉਣੀ ਪਾਉਣੀ-ਕਿਸੇ ਇੱਕੋ ਥਾਂ ਜਾ ਕੇ ਪੱਕੇ ਡੇਰੇ ਲਾ ਦੇਣੇ।
ਛਾਈਂ ਮਾਈਂ ਹੋ ਜਾਣਾ-ਲੁਕ ਜਾਣਾ, ਮੁਕ ਜਾਣਾ।
ਛਾਤੀ ਉੱਪਰ ਮੂੰਗੀ ਦਲਣੀ-ਦੂਜੇ ਲਈ ਦੁੱਖ ਦਾ ਕਾਰਨ ਬਣਨ ਵਾਲੇ ਕੰਮ ਧੰਦੇ ਕਰਨੇ।
ਛਾਤੀ 'ਤੇ ਪੱਥਰ ਧਰਨਾ-ਆਪ ਦੁੱਖ ਸਹਿ ਕੇ ਦੂਜੇ ਨੂੰ ਸੁਖ ਦੇਣਾ।
ਛਾਤੀ 'ਤੇ ਹੱਥ ਮਾਰ ਕੇ ਕਹਿਣਾ-ਪੱਕੇ ਵਿਸ਼ਵਾਸ਼ ਨਾਲ਼ ਗੱਲ ਕਰਨੀ, ਗੱਜ ਵੱਜ ਕੇ ਗੱਲ ਕਹਿਣੀ।
ਛਾਤੀ 'ਤੇ ਚੱਕੀ ਝੋਣੀ-ਦੁੱਖ ਦੇਣਾ, ਜ਼ਬਰਦਸਤੀ ਕਰਨੀ।
ਛਾਤੀ ਪਾਟਣਾ-ਅਫ਼ਸੋਸ ਹੋਣਾ, ਗੱਲ ਸੁਣ ਕੇ ਬਹੁਤ ਗੁੱਸੇ 'ਚ ਆ ਜਾਣਾ।


ਛਾਨਣੀ ਛਾਨਣੀ ਹੋਣਾ-ਕਿਸੇ ਕੱਪੜੇ 'ਚ ਬਹੁਤ ਸਾਰੀਆਂ ਮੋਰੀਆਂ ਹੋ ਜਾਣੀਆਂ।
ਛਾਪ ਲੱਗਣਾ-ਕਿਸੇ ਦਾ ਅਸਰ ਕਬੂਲ ਕਰਨਾ, ਪ੍ਰਭਾਵ ਥੱਲ੍ਹੇ ਆ ਜਾਣਾ, ਅਸਰ ਪੈਣਾ।
ਛਿੱਕੇ 'ਤੇ ਟੰਗਣਾ-ਉੱਕਾ ਹੀ ਪ੍ਰਵਾਹ ਨਾ ਕਰਨੀ।
ਛਿੰਝ ਪਾਉਣੀ-ਝੱਜੂ ਪਾਉਣਾ, ਲੜਾਈ ਝਗੜਾ ਪਾ ਕੇ ਬੈਠ ਜਾਣਾ।
ਛਿੱਤਰ ਖੌਸੜਾ ਹੋਣਾ-ਆਪਸ ਵਿੱਚ ਲੜਾਈ ਝਗੜਾ ਕਰਨਾ।
ਛਿੱਤਰ ਦੀ ਪ੍ਰਵਾਹ ਨਾ ਕਰਨਾ-ਉੱਕਾ ਹੀ ਬੇਪ੍ਰਵਾਹ ਹੋਣਾ, ਕਿਸੇ ਦੀ ਪ੍ਰਵਾਹ ਨਾ ਕਰਨੀ।
ਛਿੱਤਰ ਵਿਖਾਣਾ-ਮਾਰਨ ਦੀ ਧਮਕੀ ਦੇਣੀ, ਪ੍ਰਵਾਹ ਨਾ ਕਰਨੀ।
ਛਿੱਤਰੋ ਛਿਤਰੀ ਹੋਣਾ-ਆਪਸ ਵਿੱਚ ਲੜਾਈ ਕਰਨੀ।
ਛਿੰਨ ਭਿੰਨ ਹੋ ਜਾਣਾ-ਉਡ-ਪੁੱਡ ਜਾਣਾ, ਖ਼ਤਮ ਹੋ ਜਾਣਾ।
ਛਿੱਲ ਲਾਹੁਣਾ-ਬਹੁਤ ਮਹਿੰਗਾ ਸੌਦਾ ਵੇਚਣਾ, ਠੱਗ ਲੈਣਾ, ਲੁੱਟ ਲੈਣਾ।
ਛੁਹਾਰਾ ਪਾਉਣਾ-ਮੁੰਡੇ ਦੀ ਕੁੜਮਾਈ ਕਰਨੀ, ਮੰਗਣਾ ਕਰਨਾ।
ਛਲਕ ਛਲਕ ਪੈਣਾ-ਖ਼ੁਸ਼ੀ ਵਿੱਚ ਛਾਲਾਂ ਮਾਰਨੀਆਂ, ਨੱਚਣਾ ਟੱਪਣਾ।
ਛੋਲੇ ਦੇ ਕੇ ਪੜ੍ਹਨਾ-ਨਾਲਾਇਕ ਹੋਣਾ, ਬੇਅਕਲ ਹੋਣਾ।



ਜਸ ਖੱਟਣਾ-ਪ੍ਰਸ਼ੰਸਾ ਪ੍ਰਾਪਤ ਕਰਨੀ, ਵਡਿਆਈ ਲੈਣੀ।
ਜੱਸ ਦਾ ਟਿੱਕਾ ਲੈਣਾ-ਵਡਿਆਈ ਮਿਲਣੀ।
ਜਹਾਦ ਖੜ੍ਹਾ ਕਰਨਾ-ਅਜਾਈਂ ਰੌਲਾ ਪਾਉਣਾ, ਹੋਰਨਾਂ ਨੂੰ ਕਿਸੇ ਵਿਰੁੱਧ ਉਕਸਾਉਣਾ।
ਜ਼ਹਿਰ ਘੋਲਣਾ-ਅੰਦਰੋਂ ਅੰਦਰ ਵਿਸ ਘੋਲਣਾ, ਖਿਝਣਾ।
ਜ਼ਹਿਰ ਫੈਲਾਉਣਾ-ਕਿਸੇ ਵਿਰੁੱਧ ਨਫ਼ਰਤ ਫੈਲਾਉਣੀ, ਤੁਖਣਾ ਦੇਣੀ।
ਜ਼ਹਿਰ ਲੱਗਣਾ-ਬੁਰਾ ਲੱਗਣਾ, ਮੰਦਾ ਲੱਗਣਾ।
ਜ਼ਖ਼ਮਾਂ 'ਤੇ ਫਾਹਾ ਧਰਨਾ-ਕਿਸੇ ਦੁਖੀ ਨੂੰ ਦਿਲਾਸਾ ਦੇ ਕੇ ਉਹਦਾ ਦੁੱਖ ਦੂਰ ਕਰਨਾ।
ਜ਼ਖ਼ਮਾਂ ਤੇ ਮੱਲਮ ਲਾਉਣੀ-ਦੁਖੀ ਦਿਲ ਨੂੰ ਢਾਰਸ ਦੇਣੀ।


ਜ਼ਖ਼ਮਾਂ 'ਤੇ ਲੂਣ ਛਿੜਕਣਾ-ਦੁਖੀਏ ਨੂੰ ਹੋਰ ਸਤਾਉਣਾ।
ਜੱਗ ਰੱਖਣਾ-ਲੋਕ ਲਾਜ ਦੀ ਪਾਲਣਾ ਕਰਨਾ, ਲੋਕਾਂ ਦਾ ਮੂੰਹ ਰੱਖਣਾ, ਲੋਕ ਰਾਏ ਮੰਨਣੀ।
ਜੱਗ ਵਿੱਚ ਰੌਸ਼ਨ ਕਰਨਾ-ਮਸ਼ਹੂਰੀ ਕਰਨੀ, ਪ੍ਰਸਿੱਧੀ ਦੁਆਉਣੀ।
ਜਣਦਿਆਂ ਨੂੰ ਰੋਣਾ-ਬਹੁਤ ਅਫ਼ਸੋਸ ਹੋਣਾ।
ਜੱਦ ਸਵਾਰਨਾ-ਆਪਣੇ ਖ਼ਾਨਦਾਨ ਨੂੰ ਉੱਨਤੀ ਦੇ ਮਾਰਗ 'ਤੇ ਪਾਉਣਾ, ਤਰੱਕੀ ਦਿਵਾਉਣੀ।
ਜ਼ਫ਼ਰ ਜਾਲ-ਕਰੜੀ ਮਿਹਨਤ ਨਾਲ ਕਮਾਈ ਕਰਨੀ, ਔਖੇ ਦਿਨ ਕੱਟਣੇ।
ਜ਼ਬਾਨ ਸਾਂਝੀ ਕਰਨੀ-ਗੱਲਬਾਤ ਕਰਨੀ।
ਜ਼ਬਾਨ ਹਲਾਉਣਾ-ਗੱਲ ਕਰਨੀ, ਹਾਂ ਕਰਨੀ।
ਜ਼ਬਾਨ ਦੇਣਾ-ਇਕਰਾਰ ਕਰਨਾ, ਵਿਸ਼ਵਾਸ਼ ਦੁਆਉਣਾ।
ਜ਼ਬਾਨ ਖੋਹਲਣਾ-ਅੰਦਰ ਰੁਕੀ ਗੱਲ ਆਖ ਦੇਣੀ।
ਜ਼ਬਾਨ ਖੰਡ ਦੀ ਛੁਰੀ ਹੋਣਾ-ਉਪਰੋਂ ਮਿੱਠੀਆਂ-ਮਿੱਠੀਆਂ ਗੱਲਾਂ ਕਰਨੀਆਂ ਪਰ ਅੰਦਰੋਂ ਮਾੜੀਆਂ ਸੋਚਾਂ ਸੋਚਣੀਆਂ।
ਜ਼ਬਾਨ ਢਹਿ ਪੈਣੀ-ਬੋਲਣ ਦੀ ਸਮਰੱਥਾ ਨਾ ਰਹਿਣੀ।
ਜ਼ਬਾਨ ਦੱਬ ਲੈਣਾ-ਬੋਲਦਿਆਂ ਬੋਲਦਿਆਂ ਰੁਕ ਜਾਣਾ।
ਜ਼ਬਾਨ ਚਲਾਣਾ-ਬਹੁਤ ਗੱਲਾਂ ਕਰਨੀਆਂ, ਸਵਾਲ ਜਵਾਬ ਕਰਨੇ।
ਜ਼ਬਾਨ ਦਾ ਧਨੀ ਹੋਣਾ-ਆਪਣੇ ਬੋਲਾਂ ਤੇ ਪਹਿਰਾ ਦੇਣ ਵਾਲਾ, ਕੀਤੇ ਇਕਰਾਰ ਪੂਰੇ ਕਰਨ ਵਾਲਾ, ਜ਼ਬਾਨ ਦਾ ਪੱਕਾ।
ਜ਼ਬਾਨ ਨੂੰ ਖੁੱਲ੍ਹ ਦੇਣਾ-ਵਾਧੂ-ਘਾਟੂ ਗੱਲਾਂ ਮਾਰਨੀਆਂ, ਬੇਥਵੀਆਂ ਗੱਲਾਂ ਕਰਨੀਆਂ।
ਜ਼ਬਾਨ ਨੂੰ ਲਗਾਮ ਦੇਣਾ-ਸੋਚ ਸਮਝ ਕੇ ਗੱਲ ਕਰਨੀ, ਆਪਣੀ ਜ਼ਬਾਨ ਕਾਬੂ ਚ ਰੱਖਣੀ।
ਜ਼ਬਾਨ ਫੜਨਾ-ਕਿਸੇ ਨੂੰ ਅਜਾਈਂ ਗੱਲਾਂ ਕਹਿਣੋਂ ਰੋਕ ਸਕਣਾ।
ਜ਼ਬਾਨ ਫੜੀ ਨਾ ਜਾਣੀ-ਕਿਸੇ ਨੂੰ ਨਿੰਦਿਆ ਚੁਗਲੀ ਕਰਨ ਤੋਂ ਰੋਕ ਸਕਣਾ।
ਜ਼ਬਾਨ ਫੇਰ ਲੈਣਾ-ਕੀਤੇ ਇਕਰਾਰ ਨੂੰ ਪੂਰਾ ਨਾ ਕਰਨਾ, ਜ਼ਬਾਨੋਂ ਮੁੱਕਰ ਜ ਬਚਨ ਪੂਰਾ ਨਾ ਕਰਨਾ।


ਜ਼ਬਾਨ ਬੰਦ ਕਰ ਲੈਣਾ-ਚੁੱਪ ਸਾਧ ਲੈਣੀ, ਬੋਲਣੋਂ ਮਨ੍ਹਾ ਕਰ ਦੇਣਾ।
ਜ਼ਬਾਨ ਮੂੰਹ ਵਿੱਚ ਨਾ ਪੈਣੀ-ਹਰਦਮ ਬੋਲੀ ਜਾਣਾ।
ਜ਼ਬਾਨ ਲੰਬੀ ਹੋਣਾ-ਬਹੁਤ ਲੰਬੀਆਂ ਗੱਲਾਂ ਕਰਨੀਆਂ।
ਜ਼ਬਾਨੀ ਜਮਾਂ ਖ਼ਰਚ ਕਰਨਾ-ਫੜ੍ਹਾਂ ਮਾਰਨੀਆਂ, ਫੋਕੀਆਂ ਫੜ੍ਹਾਂ ਮਾਰਨੀਆਂ।
ਜ਼ਬਾਨੋਂ ਭੈੜਾ ਹੋਣਾ-ਗੁੱਸੇ ਵਿੱਚ ਅਵੈੜੇ ਤੇ ਮੰਦੇ ਬੋਲ ਬੋਲਣ ਵਾਲ਼ਾ, ਗੁਸੈਲੇ ਸੁਭਾਅ ਵਾਲ਼ਾ।
ਜਮ ਹੋ ਕੇ ਚਿੰਬੜਨਾ-ਬਹੁਤ ਦੁਖੀ ਕਰਨਾ, ਖਹਿੜੇ ਪੈ ਜਾਣਾ।
ਜਮ ਕੇ ਬੈਠਣਾ-ਧਰਨਾ ਮਾਰ ਕੇ ਬੈਠ ਜਾਣਾ, ਪੱਕੇ ਤੌਰ 'ਤੇ ਬਹਿ ਜਾਣਾ।
ਜਮ ਦੇ ਮੂੰਹੋਂ ਵਾਪਸ ਆਉਣਾ-ਮੌਤ ਦੇ ਮੂੰਹੋਂ ਬਚ ਕੇ ਆ ਜਾਣਾ।
ਜ਼ਮੀਨ ਅਸਮਾਨ ਦੇ ਕਲਾਵੇ ਮੇਲਣਾ-ਬੇਅੰਤ ਝੂਠੀਆਂ ਗੱਲਾਂ ਕਰਨੀਆਂ।
ਜ਼ਮੀਨ ਤੇ ਅੱਡੀ ਨਾ ਲਾਉਣੀ-ਆਕੜ ਆਕੜ ਤੁਰਨਾ, ਘੁਮੰਡ ਵਖਾਉਣਾ
ਜ਼ਮੀਨ ਵਿੱਚ ਨਿਘਰ ਜਾਣਾ-ਬਹੁਤ ਸ਼ਰਮਿੰਦਾ ਹੋਣਾ।
ਜ਼ਰ ਫੂਕਣਾ-ਸਾਰਾ ਰੁਪਿਆ ਬਰਬਾਦ ਕਰ ਦੇਣਾ।
ਜਵਾਬ ਦੇ ਜਾਣਾ-ਸਾਥ ਛੱਡ ਦੇਣਾ, ਮੁੱਕਰ ਜਾਣਾ।
ਜੜ ਪੁੱਟਣਾ-ਮੂਲੋਂ ਹੀ ਖ਼ਤਮ ਕਰ ਦੇਣਾ।
ਜੜ ਹਰੀ ਰਹਿਣਾ-ਸੰਤਾਨ ਹੋਣੀ, ਸੰਤਾਨ 'ਚ ਵਾਧਾ ਹੋਣਾ।
ਜੜ੍ਹ ਪਤਾਲ ਤੱਕ ਲੱਗਣੀ-ਕਿਸੇ ਕੰਮ ਦੀ ਪੱਕੀ ਨੀਂਹ ਬੱਝ ਜਾਣੀ।
ਜੜ੍ਹ ਮੇਖ ਪੁੱਟਣਾ-ਮਲੀਆ ਮੇਟ ਕਰ ਦੇਣੇ, ਨਾਂ ਨਿਸ਼ਾਨ ਖ਼ਤਮ ਕਰ ਦੇਣਾ।
ਜੜ੍ਹੀਂ ਤੇਲ ਦੇਣਾ-ਨੁਕਸਾਨ ਪਹੁੰਚਾਉਣਾ, ਨਾਸ਼ ਕਰਨਾ।
ਜਾ ਵੱਜਣਾ-ਕਿਸੇ ਥਾਂ ਅਚਾਨਕ ਜਾ ਪੁੱਜਣਾ।
ਜਾਗ ਲੱਗਣਾ-ਆਦਤ ਪੈ ਜਾਣਾ, ਅਸਰ ਹੋ ਜਾਣਾ।
ਜਾਦੂ ਦਾ ਅਸਹ ਕਰਨਾ-ਕਰਾਮਾਤ ਕਰ ਵਿਖਾਉਣੀ।
ਜਾਨ ਉੱਤੇ ਖੇਡਣਾ-ਜਾਨ ਦੀ ਕੁਰਬਾਨੀ ਦੇ ਦੇਣਾ, ਆਪਾ ਵਾਰ ਦੇਣਾ।
ਜਾਨ ਸੁੱਕਣਾ-ਡਰ ਕਾਰਨ ਸਹਿਮ ਜਾਣਾ।
ਜਾਨ ਹੂਲਣਾ-ਆਪਣੇ ਵੱਲੋਂ ਪੂਰੀ ਸ਼ਿੱਦਤ ਨਾਲ ਕੰਮ ਕਰਨਾ, ਵਿਤ ਬਾਹਰਾ ਜ਼ੋਰ ਲਾ ਕੇ ਯਤਨ ਕਰਨਾ।
ਜਾਨ ਕੁੰਦਲ ਆਉਣੀ-ਕਿਸੇ ਔਕੜ ਵਿੱਚ ਫਸ ਜਾਣਾ, ਤਾਣੀ 'ਚ ਉਲਝ ਜਾਣਾ।

ਜਾਨ ਖਾਣਾ-ਬਹੁਤ ਹੀ ਤੰਗ ਕਰਨਾ।
ਜਾਨ ਗਾਲ਼ਣਾ-ਫ਼ਿਕਰ ਜਾਂ ਮਿਹਨਤ ਨਾਲ ਕੰਮ 'ਚ ਰੁੱਝ ਜਾਣਾ, ਸਿਹਤ ਖ਼ਰਾਬ ਕਰ ਲੈਣੀ।
ਜਾਨ ਛੁੱਟਣੀ-ਕਿਸੇ ਮੁਸੀਬਤ ਤੋਂ ਖਹਿੜਾ ਛੁੱਟ ਜਾਣਾ।
ਜਾਨ ਤਲੀ 'ਤੇ ਧਰਨਾ-ਜਾਨ ਦਾ ਖ਼ਤਰਾ ਮੁੱਲ ਲੈ ਕੇ ਕੰਮ ਕਰਨਾ।
ਜਾਨ ਤੇ ਬਣਨੀ-ਜ਼ਿੰਦਗੀ ਖ਼ਤਰੇ 'ਚ ਪੈ ਜਾਣੀ, ਕੋਈ ਮੁਸੀਬਤ ਗਲ਼ ਪੈ ਜਾਣੀ।
ਜਾਨ ਤੋੜ ਕੇ ਲੜਨਾ-ਪੂਰੇ ਜ਼ੋਰ ਨਾਲ਼ ਕੰਮ ਕਰਨਾ।
ਜਾਨ ਦੇਣਾ-ਪਿਆਰ 'ਚ ਜਾਨ ਹਾਜ਼ਰ ਕਰ ਦੇਣੀ, ਜਾਨ ਦੀ ਕੁਰਬਾਨੀ ਦੇ ਦੇਣੀ।
ਜਾਨ ਨਾਲ਼ੋਂ ਵੱਧ ਰੱਖਣਾ-ਬਹੁਤ ਹੀ ਪਿਆਰ ਨਾਲ਼ ਰੱਖਣਾ।
ਜਾਨ ਨੂੰ ਸਿਆਪੇ ਪਾਉਣੇ-ਅਜਾਈਂ ਮੁਸੀਬਤ ਗਲ਼ ਪੁਆ ਲੈਣੀ।
ਜਾਨ ਨੂੰ ਰੋਣਾ-ਦੁਖੀ ਹੋ ਕੇ ਦੂਜੇ ਨੂੰ ਕੋਸਣਾ।
ਜਾਨ ਪਾ ਦੇਣੀ-ਕਿਸੇ ਵਸਤੂ ਨੂੰ ਸੁੰਦਰ ਬਣਾ ਦੇਣਾ, ਖੜ੍ਹੇ ਕੰਮ ਨੂੰ ਨਵੇਂ ਸਿਰਿਓਂ ਤੋਰ ਦੇਣਾ।
ਜਾਨ ਮਾਰਨਾ-ਲਹੂ ਪਸੀਨਾ ਇਕ ਕਰਕੇ ਮਿਹਨਤ ਕਰਨੀ।
ਜਾਨ ਲਗਾਣਾ-ਪੂਰੀ ਲਗਨ ਤੇ ਮਿਹਨਤ ਨਾਲ਼ ਕੰਮ ਕਰਨਾ।
ਜਾਨ ਲਬਾਂ 'ਤੇ ਹੋਣੀ-ਮੌਤ ਦੇ ਕੰਢੇ ਹੋਣਾ।
ਜਾਨ ਵਿੱਚ ਜਾਨ ਆਉਣੀ-ਸੁੱਖ ਦਾ ਸਾਹ ਆਉਣਾ, ਆਸ ਬੱਝ ਜਾਣੀ, ਹੌਸਲਾ ਵੱਧਣਾ।
ਜਾਲ਼ ਵਿੱਚ ਫਸਣਾ-ਕਿਸੇ ਦੇ ਧੋਖੇ ਵਿੱਚ ਆ ਜਾਣਾ।
ਜਿਊਂਦਿਆਂ ਮਾਰਨਾ-ਬੇਇੱਜ਼ਤ ਕਰਨਾ, ਚਾਲ ਚੱਲਣੀ।
ਜਿਊਣਾ ਦੁੱਭਰ ਹੋਣਾ-ਬਹੁਤ ਹੀ ਔਖੇ ਦਿਨ ਬਤੀਤ ਕਰਨੇ।
ਜਿਸਮ ਟੁੱਟਣਾ-ਜ਼ੋਰ ਦਾ ਕੰਮ ਕਰਨ ਕਰਕੇ ਸਰੀਰਕ ਕਮਜ਼ੋਰੀ ਮਹਿਸੂਸ ਕਰਨੀ।
ਜਿਗਰ ਜਾਲਣਾ-ਸੜਨਾ, ਖਿਝਣਾ, ਦੁਖੀ ਹੋਣਾ।
ਜਿਗਰ ਨੂੰ ਠੰਢ ਪੈਣੀ-ਦਿਲ ਨੂੰ ਧੀਰਜ ਮਿਲਣਾ, ਮਨ ਸ਼ਾਂਤ ਹੋ ਜਾਣਾ
ਜਿੰਦ ਨੱਕ ਵਿੱਚ ਆਉਣੀ-ਦੁੱਖ ਸਹਿ ਨਾ ਹੋਣਾ, ਬਹੁਤ ਦੁਖੀ ਹੋਣਾ।
ਜਿੰਦ ਪ੍ਰਾਣ ਵਾਰ ਦੇਣਾ-ਆਪਣਾ ਸਭ ਕੁਝ ਕੁਰਬਾਨ ਕਰ ਦੇਣਾ।


ਜਿੰਦੜੀ ਦੀ ਬਾਜ਼ੀ ਲਾਉਣਾ-ਕੁਰਬਾਨੀ ਦੇਣ ਲਈ ਤਿਆਰ ਬਰ ਤਿਆਰ ਹੋ ਜਾਣਾ, ਜ਼ਿੰਦਗੀ ਨੂੰ ਖ਼ਤਰੇ ਵਿੱਚ ਪਾ ਲੈਣਾ।
ਜਿੰਦੜੀ ਘੁਮਾਉਣਾ-ਕੁਰਬਾਨ ਹੋ ਜਾਣਾ, ਵਾਰੀ ਘੋਲੀ ਹੋਣਾ, ਸਦਕੜੇ ਜਾਣਾ
ਜ਼ਿਮੀਂ ਅਸਮਾਨ ਦੇ ਕਲਾਵੇ ਮਿਲਾਉਣੇ- ਢੀਂਗਾਂ ਮਾਰਨੀਆਂ, ਫੜ੍ਹਾਂ ਮਾਰਨੀਆਂ।
ਜ਼ਿੰਮੇਵਾਰੀ ਸਿਰ ਚੁੱਕਣੀ-ਜ਼ਿੰਮੇਵਾਰੀ ਨਿਬਾਹੁਣ ਦਾ ਇਕਰਾਰ ਕਰਨਾ।
ਜੀਉਂਦੇ ਜੀ ਮਰ ਜਾਣਾ-ਸ਼ਰਮਿੰਦਗੀ ਕਾਰਨ ਕਿਸੇ ਨੂੰ ਮੂੰਹ ਵਿਖਾਉਣ ਜੋਗੇ ਨਾ ਰਹਿਣਾ।
ਜੀਅ ਉੱਛਲ ਉੱਛਲ ਪੈਣਾ-ਬਹੁਤ ਹੀ ਖ਼ੁਸ਼ੀ ਤੇ ਉਤਸ਼ਾਹ ਵਿੱਚ ਹੋਣਾ।
ਜੀਅ ਸੜ ਜਾਣਾ-ਕਿਸੇ ਮੰਦਭਾਗੀ ਗੱਲ ਤੋਂ ਮਨ ਨੂੰ ਰੋਸ ਆਉਣਾ, ਬਹੁਤ ਦੁੱਖ ਹੋਣਾ।
ਜੀਅ ਹੋਰ ਥੈ ਲਾਉਣਾ-ਕਿਸੇ ਚਿੰਤਾ ਨੂੰ ਘਟਾਉਣ ਖ਼ਾਤਿਰ ਆਪਣੇ ਚਿਤ ਨੂੰ ਕਿਸੇ ਹੋਰ ਪਾਸੇ ਲਾਉਣਾ।
ਜੀਅ ਹੌਲਾ ਹੋ ਜਾਣਾ-ਦਿਲ ਉੱਤੋਂ ਚਿੰਤਾ ਲੱਥ ਜਾਣੀ।
ਜੀਆ ਕੱਚਾ ਹੋਣਾ-ਉਲਟੀ ਆਉਣੀ, ਚਿੱਤ ਕੱਚਾ ਹੋ ਜਾਣਾ।
ਜੀਅ ਕੱਢਣਾ-ਹੌਸਲਾ ਵਖਾਉਣਾ, ਦਲੇਰੀ ਕਰਨੀ।
ਜੀਅ ਕਰਨਾ-ਕਿਸੇ ਕੰਮ ਨੂੰ ਕਰਨ ਦੀ ਇੱਛਾ ਹੋਣੀ।
ਜੀਅ ਕਾਹਲਾ ਪੈਣਾ-ਦਿਲ ਨਾ ਗੱਲਣਾ, ਕਿਸੇ ਥਾਂ 'ਤੇ ਘੁੱਟਣ ਮਹਿਸੂਸ ਕਰਨੀ।
ਜੀਆ ਖੱਟਾ ਹੋ ਜਾਣਾ-ਕਿਸੇ ਕਾਰਨ ਕਰਕੇ ਆਪਣੇ ਮਿੱਤਰ ਨਾਲ਼ ਪਿਆਰ ਘੱਟ ਜਾਣਾ, ਮਨ ਵਿੱਚ ਬੇਸੁਆਦੀ ਹੋਣੀ, ਕਿਸੇ ਤੋਂ ਘ੍ਰਿਣਾ ਹੋ ਜਾਣੀ।
ਜੀਅ ਖੱਪਣਾ-ਦਿਲ ਦਾ ਦੁਖੀ ਹੋ ਕੇ ਕਲਪਣਾ।
ਜੀਅ ਖਿੜਨਾ-ਮਨ ਦਾ ਖੁਸ਼ ਹੋ ਜਾਣਾ, ਦਿਲ ਪ੍ਰਸੰਨ ਹੋ ਜਾਣਾ।
ਜੀਅ ਖੁਸਣਾ-ਦਿਲ ਨੂੰ ਡੋਬੂ ਪੈਣੇ, ਉਦਾਸ ਹੋ ਜਾਣਾ।
ਜੀਅ ਥੋੜ੍ਹਾ ਹੋਣਾ-ਡੋਲ ਜਾਣਾ, ਘਬਰਾ ਜਾਣਾ।
ਜੀਅ ਘਾਊਂ ਮਾਉਂ ਹੋਣਾ-ਦਿਲ ਵਿੱਚ ਤਰਲੋ ਮੱਛੀ ਲੱਗ ਜਾਣੀ, ਫ਼ਿਕਰ ਲੱਗਿਆ ਰਹਿਣਾ।
ਜੀਅ ਘਿਰਨਾ-ਜੀਅ ਕੱਚਾ ਹੋਣਾ।
ਜੀਅ ਥੋੜ੍ਹਾ ਹੋਣਾ-ਹੌਸਲਾ ਪਸਤ ਹੋ ਜਾਣਾ, ਹਿੰਮਤ ਨਾ ਰਹਿਣੀ।

ਜੀਅ ਨੂੰ ਧੁੜਕੂ ਲੱਗਣਾ-ਹਰ ਵਕਤ ਫ਼ਿਕਰ ਤੇ ਚਿੰਤਾ ਲੱਗੀ ਰਹਿਣੀ।
ਜੀਅ ਪੈ ਜਾਣੇ-ਕੀੜੇ ਪੈ ਜਾਣੇ।
ਜੀਅ ਭਰ ਆਉਣਾ-ਕਿਸੇ ਦੀ ਮੰਦੀ ਹਾਲਤ ਵੇਖ ਕੇ ਤਰਸ ਆ ਜਾਣਾ।
ਜੀਅ ਭਰ ਜਾਣਾ-ਖਾ ਕੇ ਰੱਜ ਜਾਣਾ, ਕੋਈ ਖ਼ਾਹਿਸ਼ ਨਾ ਰਹਿਣੀ।
ਜੀਅ ਰੱਖਣਾ-ਕਿਸੇ ਨੂੰ ਖ਼ੁਸ਼ ਕਰਨਾ, ਹੌਂਸਲਾ ਦੇਣਾ।
ਜੀਅ ਲੱਗਣਾ-ਕੰਮ ਕਰਨ ਨੂੰ ਦਿਲ ਕਰਨਾ, ਓਪਰੇ ਥਾਂ ਜਾ ਕੇ ਦਿਲ ਲੱਗ ਜਾਣਾ।
ਜੀਣਾ ਦੁੱਭਰ ਕਰਨਾ-ਦਿਨ ਕੱਟਣੇ ਔਖੇ ਕਰ ਦੇਣਾ, ਅਜਾਈਂ ਦੁਖੀ ਕਰਨਾ।
ਜੀਭ ਸਲੂਣੀ ਰੱਖਣੀ-ਹਰ ਵੇਲੇ ਖਾਣ ਪਕਾਉਣ ਵਿੱਚ ਲੱਗੇ ਰਹਿਣਾ।
ਜੀਭ ਸੰਭਾਲ ਕੇ ਰੱਖਣਾ-ਆਪਣੀ ਬੋਲੀ ਤੇ ਕਾਬੂ ਰੱਖਣਾ।
ਜੀਭ ਗੰਦੀ ਕਰਨੀ-ਗਾਲ੍ਹਾਂ ਕੱਢਣੀਆਂ, ਮੰਦੇ ਬੋਲ ਬੋਲਣੇ।
ਜੀਭ ਤੇ ਜੰਦਰਾ ਲਾਉਣਾ-ਚੁੱਪ ਵੱਟ ਲੈਣੀ।
ਜੀਭ ਤੇ ਮੋਹਰ ਲਾਉਣਾ-ਚੁੱਪ ਚਾਪ ਹੋ ਜਾਣਾ, ਕੂਣਾ ਤੱਕ ਨਾ।
ਜੀਭ ਤੇ ਲਿਆਉਣਾ-ਅੰਦਰਲੀ ਗੱਲ ਮੂੰਹੋਂ ਆਖ ਦੇਣੀ।
ਜੀਭ ਦੰਦਾਂ ਹੇਠ ਦੇਣਾ-ਔਖਾ ਸਮਾਂ ਚੁੱਪ ਕਰਕੇ ਲੰਘਾ ਦੇਣਾ।
ਜੀਭ ਨਾ ਸੁਕਣੀ-ਹਰ ਵੇਲੇ ਗੱਲਾਂ ਕਰੀ ਜਾਣੀਆਂ।
ਜੀਭ ਨੂੰ ਲਗਾਮ ਦੇਣੀ-ਆਪਣੀ ਜ਼ਬਾਨ ਨੂੰ ਕਾਬੂ ਵਿੱਚ ਰੱਖਣਾ।
ਜੀਭ ਲਮਕਾਉਣਾ-ਖਾਣ ਲਈ ਤਰਲੇ ਕਰਨੇ, ਲਾਲਚ ਕਰਨਾ।
ਜੀਵਨ ਹਰਾਮ ਹੋ ਜਾਣਾ-ਜੀਵਨ ਦਾ ਅਤਿ ਦੁਖੀ ਹੋ ਜਾਣਾ, ਨਰਕ ਭਰੀ ਜ਼ਿੰਦਗੀ ਜਿਉਣੀ।
ਜੀਵਨ ਨਰਕ ਹੋਣਾ-ਦੁੱਖਾਂ ਭਰੀ ਜ਼ਿੰਦਗੀ ਬਤੀਤ ਕਰਨੀ, ਬਹੁਤ ਦੁਖੀ ਹੋਣਾ
ਜੀਵਨ ਮੱਸਿਆ ਦੀ ਰਾਤ ਹੋਣਾ-ਅਤਿ ਦੁੱਖਾਂ ਭਰਪੂਰ ਜੀਵਨ ਹੋਣਾ।
ਜੁਆਨੀ ਦੀ ਮੌਤ ਮਰਨਾ-ਮੁੰਡੇ ਜਾਂ ਕੁੜੀ ਦਾ ਜੁਆਨ ਅਵਸਥਾ ਵਿੱਚ ਮਰ ਜਾਣਾ।
ਜੁਆਬ ਦੇਣਾ-ਕੰਮ ਤੋਂ ਹਟਾ ਦੇਣਾ, ਨਾਂਹ ਕਰ ਦੇਣੀ।
ਜੁੱਸੇ ਨਾ ਸਮਾਉਣਾ-ਖ਼ੁਸ਼ੀ ਵਿੱਚ ਖੀਵੇ ਹੋ ਜਾਣ, ਬਹੁਤ ਹੀ ਖੁਸ਼ੀ ਹੋਣੀ।
ਜੁਹਦ ਜਾਲਣਾ-ਮੁਸੀਬਤ ਝੱਲਣੀ।.

ਜੁਗ ਬੀਤ ਜਾਣਾ-ਬਹੁਤ ਲੰਮਾ ਸਮਾਂ ਬਤੀਤ ਹੋ ਜਾਣਾ।
ਜੁੱਤੀ ਖੌਸੜੇ ਹੋਣਾ-ਆਪਸ ਵਿੱਚ ਝਗੜਾ ਕਰ ਲੈਣਾ।
ਜੁੱਤੀ ਦੀ ਨੋਕ 'ਤੇ ਲਿਖਣਾ-ਉੱਕਾ ਹੀ ਪ੍ਰਵਾਹ ਨਾ ਕਰਨੀ।
ਜੁੱਤੀ ਦੀ ਨੋਕ ਨਾਲ਼ ਜਾਣਨਾ-ਕਿਸੇ ਦੀ ਪ੍ਰਵਾਹ ਨਾ ਕਰਨਾ, ਟਿੱਚ ਕਰਕੇ ਜਾਣਨਾ।
ਜੁੱਤੀ ਫੇਰਨਾ-ਮਾਰਨਾ, ਕੁੱਟਣਾ, ਜੁੱਤੀਆਂ ਮਾਰ-ਮਾਰ ਕੇ ਬੇਇੱਜ਼ਤੀ ਕਰਨੀ।
ਜੁੱਤੀ ਵਿੱਚ ਪਾਣੀ ਪਿਲਾਉਣਾ-ਬਹੁਤ ਤੰਗ ਕਰਨਾ, ਬੇਇੱਜ਼ਤੀ ਕਰਨੀ।
ਜੁੱਤੀਆਂ ਚੱਲਣੀਆਂ-ਲੜਾਈ ਵਿੱਚ ਜੁੱਤੀਆਂ ਦੀ ਵਰਤੋਂ ਕਰਨੀ, ਇਕ-ਦੂਜੇ ਦੇ ਜੁੱਤੀਆਂ ਮਾਰਨੀਆਂ।
ਜੂਤ ਪਤਾਣ ਕਰਨਾ-ਇਕ-ਦੂਜੇ ਨਾਲ਼ ਲੜ ਪੈਣਾ, ਗਾਲ੍ਹਾਂ ਕੱਢਣੀਆਂ।
ਜੂਨ ਕੱਟਣਾ-ਗਰੀਬੀ ਕਾਰਨ ਔਖੇ ਦਿਨ ਬਤੀਤ ਕਰਨੇ।
ਜੂਨ ਬਦਲਣਾ-ਅਮੀਰ ਹੋ ਜਾਣਾ, ਗ਼ਰੀਬੀ ਖ਼ਤਮ ਹੋ ਜਾਣੀ।
ਜੇਬ ਵੱਲ ਵੇਖਣਾ-ਆਪਣੀ ਵਿੱਤ ਅਨੁਸਾਰ ਖ਼ਰਚ ਕਰਨਾ।
ਜੇਬਾਂ ਕੱਟਣਾ-ਮਹਿੰਗੇ ਸੌਦੇ ਵੇਚਣੇ, ਮਜ਼ਦੂਰਾਂ ਨੂੰ ਘੱਟ ਮਜ਼ਦੂਰੀ ਦੇਣੀ ਤੇ ਵੱਧ ਕੰਮ ਕਰਵਾਉਣਾ।
ਜੇਰਾ ਕਰਨਾ-ਹੌਸਲਾ ਕਰਨਾ, ਸਬਰ ਕਰਨਾ, ਸ਼ਾਂਤ ਹੋ ਕੇ ਜਰਨਾ।
ਜੋਕਾਂ ਪਾਲਣਾ-ਕਿਸੇ ਦੀ ਕਮਾਈ ਤੇ ਪਲਣਾ, ਹਰਾਮਖੋਰੀ ਕਰਨੀ।
ਜ਼ੋਰ ਕਰਨਾ-ਕਸਰਤ ਕਰਨੀ।
ਜ਼ੋਰ ਚੱਲਣਾ-ਵਾਹ ਚੱਲਣੀ, ਵੱਸ ਚੱਲਣਾ, ਮਰਜ਼ੀ ਚੱਲਣੀ।
ਜ਼ੋਰ ਚਲਾਉਣਾ-ਆਪਣਾ ਰਸੂਖ਼ ਵਰਤਣਾ, ਕੋਸ਼ਿਸ਼ ਕਰਨੀ।
ਜ਼ੋਰ ਦੇਣਾ-ਆਪਣੇ ਵੱਲੋਂ ਕਿਸੇ ਕੰਮ ਨੂੰ ਕਰਨ ਲਈ ਵਾਰ-ਵਾਰ ਆਖਣਾ
ਜ਼ੋਰ ਫੜਨਾ-ਵੱਧ ਜਾਣਾ, ਆਮ ਹੋ ਜਾਣਾ।
ਜੋੜ ਜੋੜ ਦੇਣਾ-ਮੁੰਡੇ-ਕੁੜੀ ਦਾ ਵਿਆਹ ਕਰਵਾ ਦੇਣਾ।
ਜੋੜ ਤੋੜ ਕਰਨੀ-ਗੰਢ ਤੁਪ ਕਰਨਾ।
ਜੰਗਲ ਪਾਣੀ ਹੋਣਾ-ਹਾਜ਼ਤ ਕਰਨਾ।
ਜੰਗਾਲੀ ਜੰਦਰੇ ਖੋਹਲਣਾ-ਉਸ ਵਿਅਕਤੀ ਦਾ ਵਿਆਹ ਕਰ ਦੇਣਾ ਜਿਸ ਦਾ ਵਿਆਹ ਨਾ ਹੋ ਰਿਹਾ ਹੋਵੇ, ਵਿਆਹ ਕਰਕੇ ਘਰ ਵਸਾ ਦੇਣਾ।


ਜੰਦਰੇ ਵੱਜਣੇ-ਘਰ ਜਾਂ ਦੁਕਾਨ ਬੰਦ ਹੋ ਜਾਣੀ।
ਜੰਮ ਦਾ ਰੂਪ ਹੋ ਕੇ ਟਕਰਨਾ-ਮੁਸੀਬਤਾਂ ਦਾ ਕਾਰਨ ਬਣਨਾ।
ਜੰਮਣ ਘੁੱਟੀ ਹੋਣਾ-ਛੋਟੀ ਉਮਰੇ ਹੀ ਕਿਸੇ ਗੱਲ ਦੀ ਚਾਟ ਲੱਗ ਜਾਣੀ।


ਝਸ ਪੂਰਾ ਕਰਨਾ-ਆਪਣੀ ਪੁਰਾਣੀ ਆਦਤ ਪੂਰੀ ਕਰਨੀ, ਪੁਰਾਣੀ ਆਦਤ ਦਾ ਸੁਆਦ ਚੱਖਣਾ।
ਝਸ ਮਾਰਨਾ-ਕੋਈ ਘਟੀਆ ਤੇ ਕਮੀਨੀ ਗੱਲ ਕਰਨੀ, ਝੂਠ ਮਾਰਨਾ, ਗੰਦੀ ਗੱਲ ਕਰਨੀ।
ਝੱਖੜ ਝੋਲੇ ਲੰਘਾਉਣੇ-ਔਖੇ ਤੇ ਮੁਸੀਬਤ ਭਰੇ ਦਿਨ ਬਤੀਤ ਕਰਨੇ, ਔਖੇ ਸਮੇਂ ਨੂੰ ਪਾਰ ਕਰਨਾ।
ਝੱਗ ਛੱਡਣਾ-ਗੁੱਸੇ ਵਿੱਚ ਆਉਣਾ, ਗੁੱਸੇ 'ਚ ਆ ਕੇ ਅਬਾ-ਤਬਾ ਬੋਲਣਾ।
ਝੱਟ ਲੰਘਾਉਣਾ-ਰੋਜ਼ ਦੀ ਰੋਟੀ ਦੇ ਖ਼ਰਚ ਜੋਗੇ ਪੈਸੇ ਕਮਾਉਣੇ, ਔਕੜਾਂ ਭਰੀ ਜ਼ਿੰਦਗੀ ਬਤੀਤ ਕਰਨੀ।
ਝੁਰਲੂ ਫੇਰਨਾ-ਆਪਣੀ ਗੱਲ ਮੰਨਵਾ ਲੈਣੀ, ਅਸਰ ਪਾ ਦੇਣਾ।
ਝੱਲ ਖਲਾਰਨਾ-ਮੂਰਖਾਂ ਵਾਲੀਆਂ ਗੱਲਾਂ ਕਰਨੀਆਂ, ਬੇਥਵੀਆਂ ਮਾਰਨੀਆਂ
ਝਲਕ ਦਿਖਾਉਣੀ-ਆਪਣੀ ਸੁੰਦਰਤਾ ਨਾਲ਼ ਮੋਹ ਲੈਣਾ।
ਝੜੀ ਲਾਉਣੀ-ਇਕੋ ਸਮੇਂ ਗੱਲ ਕਰੀ ਜਾਣੀ।
ਝਾਂਸੇ ਦੇਣਾ-ਸਬਜ਼ ਬਾਗ ਦਖਾਉਣੇ, ਝੂਠੇ ਇਕਰਾਰ ਕਰਨੇ।
ਝਾਂਸੇ ਵਿੱਚ ਆਉਣਾ-ਕਿਸੇ ਵੱਲੋਂ ਵਿਖਾਏ ਸਬਜ਼ ਬਾਗਾਂ ਕਾਰਨ ਠੱਗੇ ਜਾਣਾ, ਲਾਲਚ ਵਿੱਚ ਫਸ ਜਾਣਾ, ਲਾਲਚ ਕਰ ਬੈਠਣਾ।
ਝਾਟਾ ਖੋਹਣਾ-ਲੜਾਈ ਕਰਨੀ, ਆਪਣੇ ਕੇਸ ਆਪ ਹੀ ਪੁੱਟਣੇ।
ਝਾਟੇ ਵਿੱਚ ਸੁਆਹ ਪਾਉਣੀ-ਬੇਇੱਜ਼ਤੀ ਕਰਨੀ, ਖ਼ੁਆਰ ਕਰਨਾ।
ਝਾਤੀ ਮਾਰ-ਧਿਆਨ ਨਾਲ਼ ਪਰਖ਼ ਕਰਨੀ, ਗਹੁ ਨਾਲ਼ ਵੇਖਣਾ।
ਝਾਲ ਝੱਲਣਾ-ਵੱਡੇ ਦਾ ਖ਼ਰਚ ਝੱਲਣਾ, ਕਿਸੇ ਪੁਰਸ਼ ਜਾਂ ਇਸਤਰੀ ਦੀ ਸ਼ਖ਼ਸੀਅਤ ਦਾ ਤੇਜ਼ ਝੱਲਣਾ।
ਝਾੜ ਲੈਣਾ-ਠੱਗੀ ਮਾਰਨੀ, ਸਫ਼ਾਈ ਕਰ ਦੇਣੀ।
ਝਾੜੂ ਫਿਰਨਾ-ਤਬਾਹ ਹੋ ਜਾਣਾ, ਘਰ 'ਚ ਕਖ ਨਾ ਰਹਿਣਾ, ਸਫ਼ਾਈ ਹੋ ਜਾਣੀ।


ਝਿੱਕੀ ਮੰਜੀ ਲੈਣਾ-ਕਿਸੇ ਕੰਮ ਕਾਰ 'ਚ ਅਸਫ਼ਲ ਹੋ ਕੇ ਨਿਰਾਸ਼ ਹੋ ਜਾਣਾ ਤੇ ਦਿਲ ਛੱਡ ਦੇਣਾ।
ਝੀਕੋ ਝੀਕ ਚੜ੍ਹਾਉਣਾ-ਇਕੋ ਸਾਹ ਡੀਕ ਲਾ ਕੇ ਪੀ ਜਾਣਾ।
ਝੁੱਗਾ ਚੌੜ ਹੋਣਾ-ਸਭ ਕੁਝ ਬਰਬਾਦ ਹੋ ਜਾਣਾ।
ਝੱਗਾ ਚੌੜ ਕਰਨਾ-ਆਪਣਾ ਘਰ ਤੇ ਕਾਰੋਬਾਰ ਆਪ ਹੀ ਬਰਬਾਦ ਕਰ ਲੈਣਾ।
ਝੁਲਕਾ ਫਿਰਨਾ-ਦਿਲ ਵਿੱਚ ਦਰਦ ਪੈਦਾ ਹੋ ਜਾਣਾ।
ਝੂਠ ਤੋਲਣਾ-ਝੂਠ ਬੋਲਦੇ ਰਹਿਣਾ।
ਝੂਠ ਦੇ ਪਹਾੜ ਉਸਾਰਨੇ-ਬਹੁਤ ਝੂਠ ਬੋਲਣਾ, ਕੁਫ਼ਰ ਤੋਲੀ ਜਾਣਾ।
ਝੂਠੀਆਂ ਸੱਚੀਆਂ ਲਾਉਣਾ-ਮਨਘੜਤ ਤੇ ਝੂਠੀਆਂ ਗੱਲਾਂ ਕਰਕੇ ਉਕਸਾਉਣਾ
ਝੇਪ ਖਾ ਜਾਣਾ-ਝੁਕ ਜਾਣਾ, ਡਰ ਜਾਣਾ।
ਝੋਲ ਸੱਖਣੀ ਹੋਣੀ-ਸੰਤਾਨ ਤੋਂ ਬਾਂਝੇ ਹੋਣਾ, ਨਿਰਸੰਤਾਨ ਹੋਣਾ।
ਝੋਲ ਮਾਰ ਜਾਣਾ-ਅੰਗ ਝੂਲਦੇ ਰਹਿਣ ਦੀ ਬੀਮਾਰੀ ਲੱਗ ਜਾਣੀ, ਸਰੀਰ ਦਾ ਕੋਈ ਅੰਗ ਨਕਾਰਾ ਹੋ ਜਾਣਾ।
ਝੋਲੀ ਅੱਡਣੀ-ਭੀਖ ਮੰਗਣੀ, ਤਰਲੇ ਕਰਨੇ, ਅਰਦਾਸ ਕਰਕੇ ਮੰਗ ਮੰਗਣੀ
ਝੋਲੀ ਚੁੱਕਣਾ-ਵਡਿਆਈ ਕਰਨੀ, ਖੁਸ਼ਾਮਦ ਕਰਨੀ, ਚਾਪਲੂਸੀ ਕਰਨੀ।
ਝੋਲੀ ਪਾ ਦੇਣਾ-ਦੇ ਦੇਣਾ, ਸੌਂਪ ਦੇਣਾ, ਹਵਾਲੇ ਕਰਨਾ।
ਝੋਲੀ ਪਾ ਲੈਣੀ-ਮਨਜ਼ੂਰ ਕਰ ਲੈਣਾ, ਕਬੂਲ ਕਰ ਲੈਣਾ।
ਝੋਲੀ ਪਾਣਾ-ਰਕਮ ਸੌਂਪ ਦੇਣੀ।
ਝੋਲੀਆਂ ਮੂੰਹੀਂ ਆਉਣਾ-ਝੋਲੀਆਂ ਭਰ ਕੇ ਪ੍ਰਾਪਤੀ ਹੋਈ, ਬਹੁਤ ਆਮਦਨ ਹੋਣੀ।
ਝੰਡਾ ਲੱਗਣਾ-ਪੱਕਾ ਡੇਰਾ ਜਮਾ ਲੈਣਾ।


ਟੱਸ ਤੋਂ ਮੱਸ ਨਾ ਹੋਣਾ-ਬਿਲਕੁਲ ਚੁੱਪ ਰਹਿਣਾ, ਰੱਤੀ ਭਰ ਵੀ ਪ੍ਰਵਾਹ ਨਾ ਕਰਨੀ।
ਟਹਿ ਟਹਿ ਕਰਨਾ-ਖ਼ੁਸ਼ੀ ਵਿੱਚ ਖੀਵੇ ਹੋ ਜਾਣਾ, ਖਿੜ ਖਿੜ ਜਾਣਾ।
ਟੱਕਰ ਮਾਰਨਾ-ਅਜਿਹਾ ਕੰਮ ਕਰਨਾ ਜੋ ਹੋ ਨਾ ਸਕੇ, ਸ਼ਰਮਨਾਕ ਕੰਮ ਕਰਨ ਦਾ ਯਤਨ ਕਰਨਾ।

ਟੱਕਰ ਲਾਉਣੀ-ਕਿਸੇ ਦਾ ਮੁਕਾਬਲਾ ਕਰਨਾ, ਵਿਰੋਧ ਕਰਨਾ।
ਟੱਕਰਾਂ ਮਾਰਨਾ-ਅਜਾਈਂ ਭਟਕਣ 'ਚ ਪਏ ਰਹਿਣਾ।
ਟਕੇ ਚਾਲ ਚੱਲਣਾ-ਸੁਸਤ ਰਫ਼ਤਾਰ ਨਾਲ਼ ਕੰਮ ਕਰਨਾ।
ਟਕੇ ਵਰਗਾ ਜੁਆਬ ਦੇਣਾ-ਕੋਰਾ ਜਵਾਬ ਦੇ ਦੇਣਾ, ਸਪੱਸ਼ਟ ਨਾਂਹ ਕਰ ਦੇਣੀ।
ਟਕੋਰ ਕਰਨਾ-ਗੁੱਝੀ ਮਾਰ ਮਾਰਨੀ, ਸੱਟ ਵਾਲੀ ਥਾਂ 'ਤੇ ਕੋਸੇ ਪਾਣੀ ਦਾ ਛਿੜਕਾ ਕਰਨਾ।
ਟੱਟੀ ਉਹਲੇ ਸ਼ਿਕਾਰ ਖੇਡਣਾ-ਆਪਣੇ ਨਿੱਜੀ ਹਿੱਤਾਂ ਦੀ ਪਾਲਣਾ ਲਈ ਛੁਪ ਕੇ ਕੰਮ ਕਰਨਾ।
ਟੱਟੂ ਪਾਰ ਹੋਣਾ-ਕਾਮਯਾਬੀ ਹਾਸਲ ਕਰਨਾ, ਸਫ਼ਲਤਾ ਮਿਲਣੀ।
ਟੱਪਰੀ ਨਾ ਬੰਨ੍ਹਣ ਦੇਣਾ-ਟਿਕ ਕੇ ਨਾ ਬਹਿਣ ਦੇਣਾ, ਸਥਾਪਤ ਨਾ ਹੋਣ ਦੇਣਾ।
ਟਪੂੰ ਟਪੂੰ ਕਰਨਾ-ਫੁਦਕਦੇ ਫਿਰਨਾ, ਹੱਕ ਜਤਾਉਣਾ, ਫੜਾਂ ਮਾਰਨੀਆਂ।
ਟਰ ਟਰ ਕਰਨਾ-ਐਵੇਂ ਬੇਥਵੀਆਂ ਮਾਰਨੀਆਂ, ਬਕਵਾਸ ਕਰੀ ਜਾਣਾ।
ਟਰਕਾ ਦੇਣਾ-ਗੱਪਾਂ ਮਾਰ ਕੇ ਟਾਲ਼ਾ ਲਾ ਦੇਣਾ।
ਟਾਹਣਾ ਨਿਵਣਾ-ਕਿਸੇ ਪਾਸੇ ਤੋਂ ਅਚਾਨਕ ਮਦਦ ਮਿਲ ਜਾਣੀ।
ਟਾਹਣੀਆਂ ਤੇ ਚੜ੍ਹਨਾ-ਕਿਸੇ ਹੋਰ ਖ਼ਿਆਲਾਂ ਮਗਰ ਲੱਗ ਤੁਰਨਾ, ਅਜਾਈਂ ਵਕਤ ਗੁਆਉਣਾ।
ਟਾਲ਼ ਦੇਣਾ-ਇਧਰ ਉਧਰ ਦੀਆਂ ਮਾਰ ਕੇ ਭੇਤ ਵਾਲ਼ੀ ਗੱਲ ਦਾ ਪਤਾ ਨਾ ਲੱਗਣ ਦੇਣਾ।
ਟਾਲ਼ ਮਟੋਲ਼ ਕਰਨਾ-ਬਹਾਨੇਬਾਜ਼ੀ ਕਰਨੀ, ਬਹਾਨੇ ਲਾ ਕੇ ਕੋਈ ਵਸਤੂ ਆਦਿ ਨਾ ਦੇਣਾ।
ਟਿਕ ਜਾਣਾ-ਅਰਾਮ ਨਾਲ਼ ਇਕ ਥਾਂ ਬਹਿ ਜਾਣਾ, ਸੌਂ ਜਾਣਾ।
ਟੀਸ ਵੱਜਣੀ-ਮਾੜੀ ਗੱਲ ਮਨ 'ਚ ਚੁੱਭ ਜਾਣੀ, ਸਦਮਾ ਲੱਗਣਾ।
ਟੁੱਕਰ ਜੁੜਨਾ-ਭੁੱਖਾਂ ਭਰੀ ਜ਼ਿੰਦਗੀ ਬਤੀਤ ਕਰਨ ਮਗਰੋਂ ਦੋ ਵੇਲੇ ਦੀ ਰੋਟੀ ਨਸੀਬ ਹੋ ਜਾਣੀ।
ਟੁੱਟ ਕੇ ਪੈਣਾ-ਜ਼ੋਰ ਦਾ ਕੰਮ ਕਰਨ ਮਗਰੋਂ ਥੱਕ-ਟੁੱਟ ਕੇ ਪੈ ਜਾਣਾ, ਖਿਝ ਕੇ ਬੋਲਣਾ, ਖਾਣੇ ਨੂੰ ਹਾਬੜਿਆਂ ਵਾਂਗ ਪੈ ਜਾਣਾ।
ਟੁੱਟੀਆਂ ਗੰਢਣਾ-ਟੁੱਟੀ ਦੋਸਤੀ ਪੁਆ ਦੇਣੀ, ਮਿੱਤਰਤਾ ਗੰਢ ਦੇਣੀ।
ਟੁੱਲ ਵੱਜਣਾ-ਦਾਅ ਲੱਗ ਜਾਣਾ, ਤੀਰ ਨਿਸ਼ਾਨੇ 'ਤੇ ਜਾ ਲੱਗਣਾ।


ਟੇਟੇ ਚੜ੍ਹਨਾ-ਕਾਬੂ ਆਉਣਾ, ਕਿਸੇ ਦੇ ਪ੍ਰਭਾਵ ਥੱਲੇ ਆਉਣਾ, ਮਗਰ ਲੱਗ ਜਾਣਾ।
ਟੋਹਾ ਟਾਹੀ ਕਰਨਾ-ਭਾਲ਼ ਕਰਨੀ, ਖੋਜਣਾ।
ਟੋਰਾ ਟੋਰਨਾ-ਰਿਵਾਜ਼ ਪਾ ਦੇਣਾ, ਔਖੇ-ਸੌਖੇ ਗੁਜ਼ਾਰਾ ਕਰਨਾ।
ਟੋਲ਼ਿਆਂ ਨਾ ਲੱਭਣਾ-ਵਿਖਾਈ ਨਾ ਦੇਣਾ, ਘੱਟ ਹੋਣਾ।
ਟੰਗ ਅੜਾਉਣੀ-ਅਜਾਈਂ ਕਿਸੇ ਦੇ ਕੰਮ 'ਚ ਦਖ਼ਲ ਦੇਣਾ।


ਠਰਕ ਲੱਗਣਾ-ਆਦਤ ਪੈ ਜਾਣੀ।
ਠਰਕ ਭੋਰਨਾ-ਇਸ਼ਕੀਆ ਗੱਲਾਂ ਕਰਨੀਆਂ, ਚੁਸਕੀਆਂ ਲੈਣੀਆਂ।
ਠਰਕ ਪੈਣਾ-ਚਸਕਾ ਹੋ ਜਾਣਾ, ਕਿਸੇ ਕੰਮ ਵਿੱਚ ਬਹੁਤ ਸੁਆਦ ਆਉਣਾ।
ਠਾਹ ਠੀਆ ਕਰਨਾ-ਕਿਸੇ ਕੰਮ ਨੂੰ ਕੰਮ ਸਾਰਨ ਜੋਗਾ ਕਰਕੇ ਕਰ ਲੈਣਾ, ਗੰਢਤੁੱਪ ਕਰਨਾ।
ਠਾਠ ਬੰਨ੍ਹਣੀ-ਰੌਣਕਾਂ ਲਾ ਦੇਣੀਆਂ, ਗਾ ਕੇ ਮੰਤਰ ਮੁਗਧ ਕਰ ਦੇਣਾ।
ਠਾਰ ਦੇਣਾ-ਅੱਗੋਂ ਖਰਵਾ ਬੋਲ ਕੇ ਚੁੱਪ ਕਰਵਾ ਦੇਣਾ, ਵਰਜ ਦੇਣਾ।
ਠਾਰ ਭੰਨਣਾ-ਠੰਢੇ ਪਾਣੀ ਨੂੰ ਕੋਸਾ ਕਰਨਾ।
ਠੁਠ ਵਖਾਉਣਾ-ਮੁੱਕਰ ਜਾਣਾ, ਨਾਂਹ ਕਰ ਦੇਣੀ, ਕੋਈ ਵਸਤੂ ਦੇਣ ਤੋਂ ਇਨਕਾਰ ਕਰ ਦੇਣਾ।
ਠੁਮਕ ਠੁਮਕ ਤੁਰਨਾ-ਹੌਲੀ-ਹੌਲੀ ਮਜ਼ਾਜ਼ ਨਾਲ਼ ਤੁਰਨਾ।
ਠੁੱਲ੍ਹੀਆਂ ਗੱਲਾਂ ਕਰਨੀਆਂ-ਸਿੱਧੀਆਂ ਸਾਦੀਆਂ ਗੱਲਾਂ ਕਰਨੀਆਂ।
ਠੂਠਾ ਚੜ੍ਹਾਉਣਾ-ਸ਼ਰਾਬ ਦੇ ਨਸ਼ੇ ਵਿੱਚ ਗੁੱਟ ਹੋ ਜਾਣਾ।
ਠੂਠਾ ਮਿਲਣਾ-ਕੁਝ ਵੀ ਹੱਥ ਨਾ ਆਉਣਾ।
ਠੂਠੇ ਖੈਰ ਪਾਉਣੀ-ਘਰ ਆਏ ਮੰਗਤੇ ਨੂੰ ਕੁਝ ਦੇਣਾ, ਮੰਗ ਪੂਰੀ ਕਰਨੀ।
ਠੇਸ ਖਾਣਾ-ਸੱਟ ਵੱਜਣੀ, ਨਿਰਾਸ਼ਤਾ ਤੇ ਢਹਿੰਦੀ ਕਲਾ ਵਿੱਚ ਹੋਣਾ, ਕਿਸੇ ਕੰਮ 'ਚ ਕੌੜਾ ਅਨੁਭਵ ਹੋਣਾ।
ਠੇਕਾ ਲੈਣਾ-ਜ਼ਿੰਮੇਵਾਰੀ ਲੈਣੀ, ਕਿਸੇ ਕੰਮ ਨੂੰ ਨੇਪਰੇ ਚਾੜ੍ਹਨ ਦੀ ਜ਼ਿੰਮੇਵਾਰੀ ਚੁੱਕਣੀ।


ਠੇਡੇ ਖਾਣੇ-ਧੱਕੇ ਖਾਣੇ, ਮੁਸੀਬਤ ਗਲ਼ ਪੈਣੀ, ਔਕੜਾਂ 'ਚ ਪੈਣਾ।
ਠੰਢਾ ਹੋਣਾ-ਖ਼ੁਸ਼ੀ ਮਿਲਣੀ, ਖ਼ੁਸ਼ੀ ਭਰੀ ਖ਼ਬਰ ਸੁਣ ਕੇ ਮਨ ਖੁਸ਼ ਹੋ ਜਾਣਾ, ਦੁੱਖ ਮਗਰੋਂ ਸੁੱਖ ਪ੍ਰਾਪਤ ਹੋਣਾ।
ਠੰਢ ਪੈਣਾ-ਸੁੱਖ ਦਾ ਸਾਹ ਆਉਣਾ, ਖੁਸ਼ੀ ਪ੍ਰਾਪਤ ਕਰਨੀ।
ਠੰਢ ਵਰਤਣਾ-ਸਾਰੇ ਦੁੱਖ ਕਲੇਸ਼ ਮੁੱਕ ਜਾਣੇ, ਸ਼ਾਂਤੀ ਤੇ ਖੁਸ਼ੀ ਦੀ ਲਹਿਰ ਦੌੜ ਜਾਣੀ।
ਠੰਢਾ ਤੱਤਾ ਹੋਣਾ-ਗੁੱਸੇ-ਰਾਜ਼ੀ ਹੋਣਾ।
ਠੰਢਾ ਠਾਰ ਹੋ ਜਾਣਾ-ਮਰ ਮੁਕ ਜਾਣਾ, ਮਰਨ ਕਿਨਾਰੇ ਹੋਣਾ।
ਠੰਢੀਆਂ ਛਾਵਾਂ ਮਾਣਨਾ-ਮਾਤਾ-ਪਿਤਾ ਦੀ ਛਾਂ ਹੇਠ ਸੁੱਖ ਭੋਗਣਾ, ਸੁਖੀ ਤੇ ਆਨੰਦਮਈ ਜੀਵਨ ਜਿਊਣਾ।
ਠੰਢੇ ਦੁੱਧ ਨੂੰ ਫੂਕਾਂ ਮਾਰਨੀਆਂ-ਬਹੁਤ ਡਰ-ਡਰ ਕੇ ਕੰਮ ਕਰਨਾ, ਬਹੁਤ ਸੋਹਲ ਹੋਣਾ, ਨਖ਼ਰੇ ਕਰਨੇ, ਪ੍ਰਾਪਤ ਹੋਈ ਵਸਤੂ ਨੂੰ ਖੁਸ਼ੀ ਨਾਲ਼ ਨਾ ਕਬੂਲਣਾ।
ਠੂੰਗਾ ਮਾਰਨਾ-ਘੱਟ ਤੋਲਣਾ, ਡੰਡੀ ਮਾਰਨੀ।


ਡਕਾਰ ਮਾਰਨਾ-ਸਭ ਕੁਝ ਖਾ ਜਾਣਾ, ਹਜ਼ਮ ਕਰ ਜਾਣਾ।
ਡੱਕੋ ਡੋਲੇ ਖਾਣੇ-ਭਟਕਣਾਂ ਵਿੱਚ ਪੈ ਜਾਣਾ, ਡੋਲ ਜਾਣਾ, ਨਿਆਸਰਾ ਹੋ ਕੇ ਇਧਰ-ਉਧਰ ਭਟਕਣਾ।
ਡੱਡੀ ਮੱਛੀ ਹਜ਼ਮ ਕਰਨਾ-ਸਭ ਚੰਗਾ-ਮੰਦਾ ਡਕਾਰ ਲੈਣਾ, ਕੁਝ ਵੀ ਨਾ ਛੱਡਣਾ।
ਡਰਦੇ ਹਰ ਹਰ ਕਰਨਾ-ਡਰ ਡਰ ਕੇ ਸਮਾਂ ਲੰਘਾਉਣਾ।
ਡਾਂਗ ਚੱਲਣੀ-ਲੜਾਈ ਹੋ ਜਾਣੀ, ਡਾਂਗੋ-ਡਾਂਗ ਹੋ ਜਾਣਾ।
ਡਾਡਾਂ ਨਿਕਲ ਜਾਣੀਆਂ-ਭੁੱਬਾਂ ਮਾਰ-ਮਾਰ ਰੋਣਾ।
ਡਾਵਾਂਡੋਲ ਹੋ ਜਾਣਾ-ਹਰ ਪਾਸੇ ਤੋਂ ਨਿਰਾਸ਼ ਹੋ ਜਾਣਾ, ਨਿਰਾਸ਼ ਹੋ ਜਾਣਾ, ਵਿਸ਼ਵਾਸ਼ ਥਿੜਕ ਜਾਣਾ।
ਡਿਕੋ ਡੋਲੇ ਖਾਣੇ-ਇਧਰ-ਉਧਰ ਭੱੜਕਦੇ ਫਿਰਨਾ।
ਡਿੱਬਰ ਡਿੱਬਰ ਤੱਕਣਾ-ਹੈਰਾਨੀ ਵਿੱਚ ਅੱਖੀਆਂ ਫਾੜ ਫਾੜ ਦੇਖਣਾ।
ਡੂਬਕੂ ਡੁਬਕੂ ਕਰਨਾ-ਪਾਣੀ ਵਿੱਚ ਗੋਤੇ ਖਾਣੇ।


ਡੁੱਬਣ ਨੂੰ ਥਾਂ ਨਾ ਮਿਲਣੀ-ਬਹੁਤ ਬੇਇਜ਼ਤੀ ਹੋ ਜਾਣੀ, ਸ਼ਰਮ ਵਿੱਚ ਡੁੱਬ ਜਾਣਾ, ਬਹੁਤ ਇੱਜ਼ਤ ਹੋਣਾ।
ਡੁਲ੍ਹ ਪੈਣਾ-ਮੁਹੱਬਤ ਹੋ ਜਾਣੀ, ਕਿਸੇ 'ਤੇ ਮੋਹਿਤ ਹੋ ਜਾਣਾ, ਤਰਸ ਨਾਲ਼ ਭਰ ਜਾਣਾ।
ਡੂਮਾਂ ਹੱਥ ਕਟੋਰਾ ਆਉਣਾ-ਕਿਸੇ ਭੁੱਖੇ ਵਿਅਕਤੀ ਨੂੰ ਵਧੀਆ ਵਸਤੂ ਮਿਲ ਜਾਣੀ ਜਿਸ ਨੂੰ ਉਹ ਛੱਡਣ ਦਾ ਨਾਂ ਨਾ ਲਵੇ।
ਡੇਰਾ ਜਮਾਉਣਾ-ਕਬਜ਼ਾ ਕਰ ਲੈਣਾ, ਡੇਰੇ ਲਾ ਕੇ ਬੈਠ ਜਾਣਾ।
ਡੋਬੂ ਪੈਣਾ-ਉਦਾਸ ਹੋ ਜਾਣਾ, ਦਿਲ ਘਿਰਨਾ, ਬੇਹੋਸ਼ੀ ਹੋ ਜਾਣੀ।
ਡੋਰੇ ਸੁੱਟਣੇ-ਆਪਣੇ ਜਾਲ਼ ਵਿੱਚ ਫਸਾਉਣਾ।
ਡੋਰੇ ਪਾਉਣਾ-ਪਿਆਰ ਵਿੱਚ ਫਸਾਉਣਾ, ਇਸ਼ਕੀਆ ਗੱਲਾਂ ਕਰਨੀਆਂ।
ਡੋਲ ਜਾਣਾ-ਆਪਣੇ ਨਿਸ਼ਾਨੇ ਤੋਂ ਉਖੜ ਜਾਣਾ, ਘਬਰਾ ਜਾਣਾ, ਦਿਲ ਤੇ ਕਾਬੂ ਨਾ ਰਹਿਣਾ, ਉਦਾਸ ਹੋ ਜਾਣਾ।
ਡੋਲ਼ਾ ਦੇਣਾ-ਆਪਣੀ ਧੀ ਦਾ ਸਾਕ ਦੇਣਾ।
ਡੋਲ਼ੇ ਚੜ੍ਹਨਾ-ਸਹੁਰੇ ਜਾਣ ਲਈ ਪਾਲਕੀ 'ਚ ਬੈਠਣਾ।
ਡੌਂਡੀ ਪਿਟਣੀ-ਮੰਦੀ ਗੱਲ ਦੀ ਥਾਂ-ਥਾਂ ਜਾ ਕੇ ਮਸ਼ਹੂਰੀ ਕਰਨੀ, ਭੇਤ ਵਾਲ਼ੀ ਗੱਲ ਸਭ ਨੂੰ ਦੱਸ ਦੇਣੀ।
ਡੰਗਰ ਦਾ ਡੰਗਰ ਰਹਿਣਾ-ਬਹੁਤਾ ਬੇਅਕਲ ਹੋਣਾ, ਮੂਰਖ਼।
ਡੰਡਾ ਵਰ੍ਹਨਾ-ਡੰਡੇ ਨਾਲ਼ ਕੁੱਟਣਾ।
ਡੰਡੀ ਪਾ ਦੇਣਾ-ਠੀਕ ਰਸਤੇ 'ਤੇ ਪਾਉਣਾ, ਚੰਗੀ ਗੱਲ ਸਮਝਾਉਣੀ।
ਡੰਡੇ ਵਜਾਉਣਾ-ਵਿਹਲੇ ਤੁਰੇ ਫਿਰਨਾ, ਕੋਈ ਕੰਮ ਕਾਰ ਨਾ ਕਰਨਾ।


ਢਹਿ ਢੇਰੀ ਹੋ ਜਾਣਾ-ਬਰਬਾਦ ਹੋ ਜਾਣਾ, ਕੁਝ ਨਾ ਬਚਣਾ।
ਢਹੇ ਚੜ੍ਹਨਾ-ਕਿਸੇ ਦੇ ਮਗਰ ਲੱਗ ਜਾਣਾ, ਪ੍ਰਭਾਵ ਥੱਲੇ ਆਉਣਾ, ਕਾਬੂ 'ਚ ਆ ਜਾਣਾ।
ਢਕੀ ਰਿਝਣਾ-ਚੁੱਪ ਚੁਪੀਤੇ ਦੁੱਖ ਝੱਲਣਾ, ਪਰਦਾ ਬਣਾਈ ਰੱਖਣਾ।
ਢੱਠੇ ਖੂਹ ਵਿੱਚ ਪੈਣਾ-ਕੋਈ ਆਸਰਾ ਨਜ਼ਰ ਨਾ ਆਉਣਾ।

ਢੱਬ ਆ ਜਾਣਾ-ਕਿਸੇ ਕੰਮ ਦਾ ਵਲ ਆ ਜਾਣਾ, ਸਮਝ ਪੈ ਜਾਣੀ।
ਢੱਬ ਸਿਰ ਆ ਜਾਣਾ-ਠੀਕ ਰਾਹ 'ਤੇ ਪੈ ਜਾਣਾ, ਸੂਤ ਆ ਜਾਣਾ।
ਢਾਰਸ ਬੱਝਣਾ-ਹੌਸਲਾ ਬਝ ਜਾਣਾ, ਕਿਸੇ ਗੱਲ ਦੀ ਆਸ ਬਝ ਜਾਣੀ, ਮਨ ਤਕੜਾ ਹੋਣਾ।
ਢਿੱਗੀ ਢਾਹ ਬੈਠਣਾ-ਹੌਂਸਲਾ ਛੱਡ ਦੇਣਾ, ਹੌਸਲਾ ਹਾਰ ਦੇਣਾ।
ਢਿੱਡ ਅੜਿਕੇ ਲੈਣਾ-ਕਿਸੇ ਨਾਲ਼ ਲੜਾਈ ਝਗੜਾ ਕਰਨਾ।
ਢਿੱਡ ਨਾਲ਼ ਲੱਗ ਜਾਣਾ-ਬਹੁਤ ਦੁਖੀ ਹੋਣਾ, ਦੁਖ ਭੋਗਣਾ।
ਢਿੱਡ ਪਾਲਣਾ-ਪੇਟ ਭਰਨਾ, ਆਪਣਾ ਅੱਗਾ ਵੇਖਣਾ।
ਢਿੱਡ ਵਿੱਚ ਚੂਹੇ ਨੱਚਣੇ-ਬਹੁਤ ਭੁੱਖ ਲੱਗਣੀ।
ਢਿੱਡ ਵਿੱਚ ਰੱਖਣਾ-ਕਿਸੇ ਗੱਲ ਨੂੰ ਲਕੋ ਕੇ ਰੱਖਣਾ।
ਢਿੱਡੀ ਪੀੜਾਂ ਪੈਣੀਆਂ-ਬਹੁਤਾ ਹੱਸਣ ਨਾਲ਼ ਬੱਖੀਆਂ ਦੁਖਣ ਲੱਗ ਜਾਣੀਆਂ।
ਢਿੱਡੋ ਢਿੱਡ ਪਿੱਟਣਾ-ਬਹੁਤ ਰੋਣਾ।
ਢਿਬਰੀ ਟੈਟ ਕਰਨਾ-ਬਹੁਤ ਕਸਕੇ ਰੱਖਣਾ, ਤੰਗ ਕਰਨਾ।
ਢਿੱਲੇ ਹੋ ਕੇ ਬਹਿਣਾ-ਕੋਸ਼ਿਸ਼ ਨਾ ਕਰਨਾ।
ਢੇਰੀ ਹੋਣਾ-ਕੰਮ ਕਰਕੇ ਥੱਕ ਟੁੱਟ ਜਾਣਾ।
ਢੇਰੀ ਢਾਹੁਣਾ-ਹਿੰਮਤ ਹਾਰ ਜਾਣੀ, ਹੌਂਸਲਾ ਛੱਡ ਦੇਣਾ, ਨਿਰਾਸ਼ ਹੋ ਜਾਣਾ।
ਢੋ ਢੁਕਣਾ-ਲੋੜੀਂਦਾ ਅਵਸਰ ਮਿਲ ਜਾਣਾ, ਚੰਗਾ ਸਬੱਬ ਬਣ ਜਾਣਾ।
ਢੋ ਬਣਾਉਣਾ-ਵਿਉਂਤ ਬਣਾਉਣਾ, ਤਰੀਕਾ ਲੱਭਣਾ।


ਤਾਉਣੀ ਲਾਉਣਾ-ਮਾਰ ਕੁਟਾਈ ਕਰਨੀ।
ਤਸਵੀਰ ਖਿੱਚਣਾ-ਅਸਲੀਅਤ ਬਿਆਨ ਕਰ ਦੇਣੀ।
ਤੱਕ ਵਿੱਚ ਹੋਣਾ-ਧਿਆਨ ਵਿੱਚ ਹੋਣਾ, ਨਜ਼ਰ ਥੱਲ੍ਹੇ ਹੋਣਾ।
ਤਕਦੀਰ ਰੁਸ ਜਾਣੀ-ਮੁਸੀਬਤ ਪੈ ਜਾਣੀ, ਮਾੜੇ ਦਿਨ ਆ ਜਾਣੇ।
ਤਕਲ਼ਾ ਰਾਸ ਹੋਣਾ-ਦੁਖੀ ਹੋਇਆ ਮਨ ਖੁਸ਼ ਹੋ ਜਾਣਾ, ਵਿਗੜਿਆ ਕੰਮ ਰਾਸ ਆ ਜਾਣਾ।
ਤਕਲ਼ਾ ਵਿੰਗਾ ਹੋਣਾ-ਕਦੇ ਵੀ ਸਿੱਧੇ ਮੂੰਹ ਨਾ ਹੋਣਾ, ਵਿਗੜੇ ਰਹਿਣਾ, ਨਾਰਾਜ਼ ਰਹਿਣਾ।


ਤਖ਼ਤ ਮੂਧਾ ਹੋਣਾ-ਸ਼ਾਹੀ ਤੋਂ ਕੰਗਾਲੀ ਆ ਜਾਣੀ, ਸੱਤਾ ਜਾਂਦੀ ਰਹਿਣੀ।
ਤਣ ਜਾਣਾ-ਕਿਸੇ ਦੇ ਵਿਰੋਧ ਵਿੱਚ ਡਟ ਜਾਣਾ।
ਤਣਾਵਾਂ ਢਿੱਲੀਆਂ ਹੋਣੀਆਂ-ਹੌਸਲਾ ਪਸਤ ਹੋ ਜਾਣਾ।
ਤੱਤਾ ਹੋਣਾ-ਗੁੱਸੇ ਵਿੱਚ ਆ ਕੇ ਗਾਲ੍ਹਾਂ ਕੱਢਣੀਆਂ, ਉੱਚਾ ਬੋਲਣਾ।
ਤੱਤੀ ਫ਼ੂਕ ਨਾ ਸਹਾਰਨੀ-ਰਤਾ ਭਰ ਵੀ ਔਖਿਆਈ ਨਾ ਝੱਲਣੀ।
ਤੱਤੀ ਵਾ ਨਾ ਲੱਗਣੀ-ਰਤੀ ਭਰ ਵੀ ਦੁੱਖ ਨਾ ਹੋਣ ਦੇਣਾ।
ਤਨ ਨੂੰ ਲੱਗਣੀ-ਦੁੱਖ ਨਾਲ਼ ਮਨ ਨੂੰ ਗੁੱਸਾ ਲੱਗਣਾ, ਗੁੱਸੇ ਦੀ ਅੱਗ ਭਟਕਣੀ।
ਤਨ ਮਨ ਅੱਗ ਲਾਉਣਾ-ਬਹੁਤ ਹੀ ਗੁੱਸੇ 'ਚ ਆਉਣਾ।
ਤਨ ਮਨ ਮਾਰਨਾ-ਸਬਰ ਸਬੂਰੀ ਕਰਨੀ, ਬਹੁਤ ਹੀ ਮਿਹਨਤ ਨਾਲ਼ ਕੰਮ ਕਰਨਾ।
ਤਪਦੇ ਕੜਾਹੇ ਵਿੱਚ ਹੱਥ ਪਾਉਣਾ-ਆਪਣੇ ਆਪ ਨੂੰ ਬੇਕਸੂਰ ਸਾਬਤ ਕਰਨ ਦਾ ਯਤਨ ਕਰਨਾ।
ਤਰੱਟੀ ਚੌੜ ਕਰਨਾ-ਤਬਾਹੀ ਮਚਾ ਦੇਣੀ, ਬਣਦਾ ਕੰਮ ਵਿਗਾੜ ਦੇਣਾ।
ਤਰਥੱਲੀ ਮਚਾਉਣੀ-ਊਧਮ ਮਚਾ ਦੇਣਾ, ਹਫ਼ੜਾ-ਦਫ਼ੜੀ ਪਾ ਦੇਣੀ।
ਤਰਲੋ ਮੱਛੀ ਹੋਣਾ-ਬਹੁਤ ਹੀ ਕਾਹਲ਼ਾ ਪੈਣਾ।
ਤ੍ਰਾਸ ਤ੍ਰਾਸ ਕਰਨਾ-ਡਰ ਜਾਣਾ, ਸਹਿਮ ਜਾਣਾ।
ਤ੍ਰਾਹ ਕੱਢਣਾ-ਬਹੁਤ ਹੀ ਡਰਾ ਦੇਣਾ।
ਤ੍ਰਾਹ ਨਿਕਲ਼ ਜਾਣਾ-ਕੋਈ ਮੰਦੀ ਗੱਲ ਸੁਣ ਕੇ ਡਰ ਜਾਣਾ।
ਤ੍ਰਾਹ ਤ੍ਰਾਹ ਕਰਨਾ-ਬਹੁਤ ਹੀ ਲਾਹ-ਪਾਹ ਕਰਨੀ, ਫਿਟਕਾਰ ਪਾਉਣੀ
ਤ੍ਰੇਲੀਆਂ ਛੱਡਣਾ-ਮੱਥੇ 'ਤੇ ਮੁੜਕਾ ਆ ਜਾਣਾ।
ਤਰੇਲੀਓ ਤਰੇਲੀ ਹੋਣਾ-ਸ਼ਰਮਿੰਦਗੀ ਕਾਰਨ ਪਾਣੀ ਪਾਣੀ ਹੋ ਜਾਣਾ, ਕਿਸੇ ਬਿਪਤਾ ਵਿੱਚ ਘਬਰਾ ਜਾਣਾ।
ਤਰੇਲੀਆਂ ਛੁਟਣੀਆਂ-ਬਹੁਤ ਡਰ ਜਾਣਾ।
ਤਲਵਾਰ ਨੂੰ ਜੰਗ ਲੱਗਣੀ-ਤਲਵਾਰ ਦੀ ਵਰਤੋਂ ਨਾ ਹੋਣੀ।
ਤਲ਼ੀ ਗਰਮ ਕਰਨਾ-ਰਿਸ਼ਵਤ ਦੇਣਾ।
ਤਲ਼ੀ 'ਤੇ ਜਾਨ ਰੱਖਣੀ-ਜਾਨ ਹੂਲ ਕੇ ਕੁਰਬਾਨੀ ਦੇਣੀ, ਨਿਡਰ ਹੋ ਕੇ ਲੜਨਾ।
ਤਲ਼ੀਆਂ ਹੇਠਾਂ ਧਰਤੀ ਨਿਕਲਣੀ-ਬਹੁਤ ਹੀ ਹੈਰਾਨ ਹੋ ਜਾਣਾ।


ਤਲ਼ੀਆਂ ਨਾ ਲੱਗਣੀਆਂ-ਆਰਾਮ ਨਾ ਕਰਨਾ।
ਤਲ਼ੀਆਂ ਮਲਣਾ-ਪਛਤਾਉਣਾ।
ਤਵੀਤ ਹੋ ਜਾਣਾ-ਬਹੁਤ ਹੀ ਕਮਜ਼ੋਰ ਹੋ ਜਾਣਾ।
ਤੜਿੰਗ ਹੋਣਾ-ਲੜਾਈ ਕਰਨੀ, ਰੁੱਸ ਜਾਣਾ, ਆਕੜ ਜਾਣਾ।
ਤਾਕ ਹੋਣਾ-ਆਪਣੇ ਹੁਨਰ ਵਿੱਚ ਨਿਪੁੰਨ ਹੋਣਾ।
ਤਾਣਾ ਪੇਟਾ ਉਣਨਾ-ਮਾੜੀ ਵਿਉਂਤ ਬਣਾਉਣੀ
ਤਾਪ ਵਿਹਾਜਣਾ-ਮੁਸੀਬਤ ਗਲ਼ ਪੁਆ ਲੈਣੀ।
ਤਾਰ ਹਿਲਾਉਣੀ-ਕਿਸੇ ਨੂੰ ਆਪਣੀ ਮਰਜ਼ੀ ਅਨੁਸਾਰ ਚਲਾਉਣਾ।
ਤਾਰ ਤਾਰ ਹੋਣਾ-ਵੱਖ-ਵੱਖ ਹੋ ਜਾਣਾ, ਵੱਖਰੇ ਹੋ ਜਾਣਾ, ਫੁੱਟ ਪੈ ਜਾਣੀ।
ਤਾਰ ਦੇਣਾ-ਪਾਰ ਉਤਾਰਾ ਕਰਨਾ, ਕਿਸੇ ਨੂੰ ਦੁੱਖਾਂ ਤੋਂ ਨਿਜ਼ਾਤ ਦਿਲਾਉਣੀ।
ਤਾਰ ਵੱਜਣਾ-ਦੋ ਦਿਲਾਂ ਵਿੱਚ ਯਾਦਾਂ ਮਚਲ ਪੈਣੀਆਂ।
ਤਾਰੀਫਾਂ ਦੇ ਪੁਲ਼ ਬੰਨ੍ਹਣਾ-ਵਡਿਆਈ ਕਰਨੀ, ਸੋਭਾ ਵਧਾਉਣੀ।
ਤਾਰੇ ਗਿਣਨਾ-ਰਾਤ ਨੂੰ ਨੀਂਦ ਨਾ ਆਉਣੀ, ਜਾਗਦੇ ਰਹਿਣਾ।
ਤਾਰੇ ਤੋੜਨਾ-ਅਣਹੋਣਾ ਕੰਮ ਕਰ ਵਖਾਉਣਾ, ਗੈਬੀ ਗੱਲਾਂ ਕਰਨੀਆਂ।
ਤਾੜ ਜਾਣਾ-ਲੁਕਵੀਂ ਗੱਲ ਸਮਝ ਜਾਣੀ।
ਤਾੜੀ ਲਾ ਕੇ ਬੈਠਣਾ-ਅੱਖਾਂ ਬੰਦ ਕਰਕੇ ਸਮਾਧੀ ਦੀ ਅਵਸਥਾ 'ਚ ਬੈਠਣਾ
ਤਾੜੀ ਲਾ ਕੇ ਦੇਖਣਾ-ਨੀਝ ਲਾ ਕੇ ਇਕ ਟਿਕ ਵੇਖਣਾ।
ਤਾੜੀ ਵੱਜਣੀ-ਬਦਨਾਮੀ ਹੋਣੀ।
ਤਿਊੜੀ ਪਾਉਣੀ-ਗੁੱਸੇ ਨਾਲ਼ ਮੱਥੇ 'ਤੇ ਵਲ਼ ਪੈਣੇ।
ਤਿੱਖੀ ਧਾਰ ਤੇ ਤੁਰਨਾ-ਔਕੜਾਂ ਭਰੇ ਕੰਮ ਕਰਨੇ, ਔਖਿਆਈ ਵਿੱਚੋਂ ਲੰਘਦਾ
ਤਿਣਕਾ ਤੋੜਨਾ-ਆਪਸੀ ਸਬੰਧ ਤੋੜ ਲੈਣੇ।
ਤਿੱਤਰ ਬਿੱਤਰ ਹੋਣਾ-ਦੌੜ ਜਾਣਾ, ਖਿੰਡ-ਪੁੰਡ ਜਾਣਾ।
ਤਿੰਨੋ ਕਾਣੇ ਹੋਣੇ-ਕਿਸੇ ਪਾਸੇ ਵੀ ਸਫ਼ਲ ਨਾ ਹੋਣਾ।
ਤਿਲਾਂ ਪਾਸੋਂ ਤੇਲ ਲੈਣਾ-ਸਖ਼ਤੀ ਵਰਤਣੀ।
* ਤੇਰੇ ਪਿੱਛੇ ਗੋਰੀਏ ਰੰਨੇ, ਮੁੰਡਾ ਸੁੱਕ ਕੇ ਤਵੀਤ ਹੋ ਗਿਆ (ਲੋਕ ਗੀਤ)

ਤੀਰ ਹੋ ਜਾਣਾ-ਦੌੜ ਜਾਣਾ, ਨੱਸ ਜਾਣਾ।
ਤੀਰ ਕਮਾਨੋਂ ਨਿਕਲਣਾ-ਗੱਲ ਆਪਣੇ ਵਸ ਵਿੱਚ ਨਾ ਰਹਿਣੀ, ਗੱਲ ਮੂੰਹਾਂ ਨਿਕਲ਼ ਜਾਣੀ, ਮਾਮਲਾ ਵਿਤੋਂ ਬਾਹਰਾ ਹੋ ਜਾਣਾ।
ਤੀਰ ਛੱਡਣਾ-ਚੁੱਭਵੀਂ ਗੱਲ ਕਹਿਣੀ, ਦੁਖਦੀ ਗੱਲ ਆਖਣੀ।
ਤੀਰ ਨਿਸ਼ਾਨੇ ਬੈਠਣਾ-ਪੂਰੀ ਤਰ੍ਹਾਂ ਗੱਲ ਜਚ ਜਾਣੀ, ਚੁਕਿਆ ਕਦਮ ਸਹੀ ਟਿਕਾਣੇ 'ਤੇ ਰੱਖਣਾ।
ਤੀਲੀ ਲਾਉਣੀ-ਸ਼ਰਾਰਤ ਨਾਲ਼ ਝਗੜਾ ਕਰਵਾ ਦੇਣਾ।
ਤੀਲੀ ਲਾ ਦੇਣੀ-ਅੱਗ ਲਾ ਦੇਣੀ, ਸਾੜ ਦੇਣਾ।
ਤੁਣਕੇ ਮਾਰਨੇ-ਚੋਭਾਂ ਲਾਉਣੀਆਂ, ਖਿੱਚ ਪਾਉਣਾ।
ਤੁਰਮੁਰ ਤੁਰਮੁਰ ਵੇਖਣਾ-ਹੈਰਾਨ ਹੋ ਕੇ ਵੇਖਣਾ, ਬਿਟ ਬਿਟ ਤੱਕਣਾ।
ਤੁਲੇ ਹੋਣਾ-ਪੱਕਾ ਇਰਾਦਾ ਕਰਕੇ ਮਗਰ ਪੈ ਜਾਣਾ, ਅੜ ਖਲੋਣਾ।
ਤੂਫ਼ਾਨ ਖੜ੍ਹਾ ਕਰਨਾ-ਕਿਸੇ ਤੇ ਝੂਠੀਆਂ ਊਜਾਂ ਲਾ ਕੇ ਬਾਬੇਲਾ ਖੜ੍ਹਾ ਕਰ ਦੇਣਾ।
ਤੂਫ਼ਾਨ ਤੋਲਣਾ-ਬਹੁਤ ਹੀ ਕੂੜ ਬੋਲਣਾ, ਗੱਲਾਂ ਫੈਲਾਉਣੀਆਂ।
ਤੇਰਾਂ ਤਾਲੀ ਹੋਣਾ-ਬਹੁਤ ਚਲਾਕ ਹੋਣਾ।
ਤੇਲ ਚੋਣਾ-ਘਰ ਆਏ ਪ੍ਰਾਹੁਣੇ ਦਾ ਸਤਿਕਾਰ ਨਾਲ਼ ਆਦਰ ਮਾਣ ਕਰਨਾ।
ਤੇਲ ਦੀ ਕੜਾਹੀ ਵਿੱਚ ਪੈਣਾ-ਅਤਿ ਦਾ ਦੁਖੀ ਹੋਣਾ।
ਤੇੜ ਪੈਣੀ-ਲੱਕੜੀ ਜਾਂ ਫ਼ਰਸ਼ ਵਿੱਚ ਵਿਰਲ ਪੈ ਜਾਣੀ।
ਤੋਤੇ-ਚਸ਼ਮ ਹੋਣਾ-ਕੋਰਾ ਕਰਾਰਾ ਹੋਣਾ, ਕੀਤੀ ਭਲਾਈ ਨੂੰ ਭੁੱਲ ਜਾਣਾ, ਹੁਸ਼ਿਆਰ ਹੋਣਾ।
ਤੋਪੇ ਉਧੇੜਨੇ-ਭੇਦ ਦੱਸਣਾ, ਲੁਕਵੀਆਂ ਗੱਲਾਂ ਦੱਸ ਦੇਣੀਆਂ।
ਤੋੜ ਚੜ੍ਹਨਾ-ਪੂਰੀ ਹੋਣੀ, ਗੱਲ ਵਿੱਚ ਸਫ਼ਲਤਾ ਹੋਣੀ।
ਤੋੜ ਤੋੜ ਖਾਣਾ-ਹਰ ਵੇਲ਼ੇ ਦੁਖੀ ਕਰਨਾ।
ਤੋੜ ਨਿਬਾਹੁਣਾ-ਸਾਰੀ ਜ਼ਿੰਦਗੀ ਸਾਥ ਨਿਭਾਉਣਾ, ਸਦਾ ਸਾਥ ਦੇਣਾ।
ਤੋੜਾ ਝੜਨਾ-ਹਾਸੇ ਮਜ਼ਾਕ ਦਾ ਨਿਸ਼ਾਨਾ ਬਣਨਾ।
ਤੌਣੀ ਤਾਈ ਰੱਖਣੀ-ਹਰ ਵੇਲੇ ਦੁਖੀ ਕਰੀ ਜਾਣਾ, ਦੁਖਾਂ ਦੀ ਅੱਗ ਬਾਲਣੀ
ਤੋਰ ਬਦਲ ਜਾਣਾ-ਆਪਣਾ ਰਵੱਈਆ ਬਦਲ ਲੈਣਾ।


ਤੂੰ ਤੂੰ, ਮੈਂ ਮੈਂ ਕਰਨਾ-ਲੜਾਈ ਝਗੜਾ ਕਰਨਾ, ਮੰਦਾ ਬੋਲਣਾ।
ਤੰਗੀ ਕੱਟਣੀ-ਗਰੀਬੀ ਦੇ ਦਿਨ ਬਤੀਤ ਕਰਨੇ।
ਤੰਗੀ ਤੁਰਸ਼ੀ ਨਾਲ਼ ਗੁਜ਼ਾਰਾ ਕਰਨਾ-ਔਖ ਸੌਖ ਨਾਲ਼ ਗੁਜ਼ਾਰਾ ਕਰਨਾ।
ਤੰਦਾਂ ਵਲ਼ੀਆਂ ਜਾਣੀਆਂ-ਪ੍ਰੇਮ ਵਿੱਚ ਜਕੜੇ ਜਾਣਾ, ਪਿਆਰ ਪੀਘਾਂ ਪੈਣੀਆਂ।


ਥਈਆ ਥਈਆ ਕਰਨਾ-ਖੁਸ਼ੀ ਵਿੱਚ ਚਾਬੜਾਂ ਪਾਉਣੀਆਂ, ਨੱਚਣਾ ਟੱਪਣਾ।
ਥਹੁ ਆਉਣਾ-ਯਾਦ ਆ ਜਾਣੀ।
ਥਹੁ ਲੱਗਣਾ-ਅਤਾ ਪਤਾ ਮਿਲ਼ ਜਾਣਾ।
ਥਰ ਥਰ ਕੰਬਣਾ-ਬਹੁਤ ਡਰ ਜਾਣਾ, ਸਹਿਮ ਜਾਣਾ।
ਥੱਲਾ ਮਾਰ ਰੱਖਣਾ-ਜਮ ਕੇ ਧਰਤੀ 'ਤੇ ਬਹਿ ਜਾਣਾ।
ਥੱਲੇ ਲਹਿ ਜਾਣਾ-ਉਦਾਸ ਹੋ ਜਾਣਾ, ਨਿਰਾਸ਼ਤਾ 'ਚ ਡੁੱਬ ਜਾਣਾ, ਉਦਾਸੀ ਛਾ ਜਾਣੀ।
ਥੱਲੇ ਲੱਗਣਾ-ਹਿੰਮਤ ਹਾਰ ਜਾਣਾ, ਹੌਸਲਾ ਪਸਤ ਹੋ ਜਾਣਾ।
ਥਾਂਏਂ ਮਾਰਨਾ-ਬੈਠੇ ਬੈਠਾਏ ਨੂੰ ਮਾਰ ਦੇਣਾ, ਹੀਲ ਹੁੱਜਤ ਨਾ ਕਰਨ ਦੇਣੀ।
ਥਾਂ ਲੈਣਾ-ਕਿਸੇ ਵਿਛੜੇ ਹੋਏ ਦੀ ਥਾਂ 'ਤੇ ਆ ਕੇ ਪਹਿਲੇ ਵਰਗਾ ਸੁੱਖ ਦੇਣਾ।
ਥਾਇਂ ਪੈਣਾ-ਕੀਤੀ ਕਮਾਈ ਸਫ਼ਲ ਹੋ ਜਾਣੀ।
ਥਾਂਨੋਂ ਲੋਈ ਲਾਹੁਣਾ-ਬੇਸ਼ਰਮ ਹੋ ਕੇ ਗੱਲਾਂ ਕਰਨੀਆਂ, ਆਪਣੇ ਪਰਾਏ ਦੀ ਇੱਜ਼ਤ ਦਾ ਖ਼ਿਆਲ ਨਾ ਰੱਖਣਾ।
ਥਾਪੀ ਮਾਰਨਾ-ਅਖਾੜੇ ਵਿੱਚ ਪੱਟਾਂ ਤੇ ਹੱਥ ਮਾਰਨੇ, ਵੰਗਾਰਨਾ।
ਥੁੱਕ ਸਿਟਣਾ-ਛੱਡ ਦੇਣਾ, ਰੱਦ ਕਰ ਦੇਣਾ।
ਥੁੱਕ ਕੇ ਚੱਟਣਾ-ਇਕਰਾਰ ਕਰਕੇ ਮੁੱਕਰ ਜਾਣਾ।
ਥੁੱਕ ਲਾਉਣਾ-ਕਿਸੇ ਨਾਲ਼ ਠੱਗੀ ਕਰ ਜਾਣੀ, ਧੋਖਾ ਦੇ ਦੇਣਾ।
ਥੁੱਕਾਂ ਸਿੱਟਣਾ-ਨਫ਼ਰਤ ਕਰਨੀ, ਨੱਕ ਵੱਟਣਾ।
ਥੁੱਕਾਂ ਮੂੰਹ ਪੈਣਾ-ਕਿਸੇ ਦੂਜੇ ਦੀ ਨਿੰਦਾ ਚੁਗਲੀ ਕਰਕੇ ਆਪਣੀ ਨਿੰਦਿਆ ਕਰਵਾਉਣੀ।
ਥੁੱਕਾਂ ਮੋਢੇ ਤੋਂ ਸੁੱਟਣੀਆਂ-ਹੰਕਾਰ ਜਾਣਾ।


ਥੁੱਕੀਂ ਵੜੇ ਪਕਾਉਣੇ-ਬਿਨਾਂ ਪੈਸੇ ਤੋਂ ਗੱਲੀਂ-ਬਾਤੀਂ ਕਿਸੇ ਭਾਰੇ ਕੰਮ ਨੂੰ ਪੂਰਾ ਕਰਨ ਦੀਆਂ ਆਸਾਂ ਬਣਾਉਣੀਆਂ।
ਥੁਨੀਆਂ ਲਮਕਾਉਣਾ-ਮੂੰਹ ਮਰੋੜਨਾ, ਰੁੱਸਿਆ ਹੋਣਾ।
ਥੰਮ ਬਣਨਾ-ਅਡੋਲ ਖੜੋ ਜਾਣਾ, ਪੂਰੀ ਧਰੋਹਰ ਬਣਨਾ, ਪੂਰਾ ਸਾਥ ਨਿਭਾਉਣਾ।
ਥੰਮੀ ਖਿਚਣੀ-ਕਿਸੇ ਤੋਂ ਸਹਾਰਾ ਖੋਹ ਲੈਣਾ, ਆਸਰਾ ਛੱਡ ਦੇਣਾ, ਮਦਦ ਕਰਨੀ ਬੰਦ ਕਰ ਦੇਣੀ।


ਦਸ ਪਾਉਣਾ-ਜਾਣਕਾਰੀ ਦੇਣੀ, ਕਿਸੇ ਵਸਤੂ ਬਾਰੇ ਪਤਾ ਦੇਣਾ, ਮੁੰਡੇ ਕੁੜੀ ਦੇ ਰਿਸ਼ਤੇ ਬਾਰੇ ਜਾਣੂ ਕਰਵਾਉਣਾ।
ਦਸਾਂ ਨਹੁੰਆਂ ਦੀ ਕਿਰਤ ਕਰਨਾ-ਨੇਕ ਕਮਾਈ ਕਰਨੀ, ਹੱਕ ਦੀ ਕਮਾਈ ਕਰਨਾ।
ਦਗੜ ਦਗੜ ਕਰਨਾ-ਭੱਜੇ ਫਿਰਨਾ, ਨੱਸੇ ਫਿਰਨਾ।
ਦਫ਼ਾ ਪੁੱਟੀ ਜਾਣੀ-ਬੇਇੱਜ਼ਤੀ ਹੋਣੀ, ਖੁਨਾਮੀ ਗਲ ਪੈ ਜਾਣੀ।
ਦੱਬ ਲੈਣਾ-ਲਏ ਰੁਪਏ ਦੇਣ ਤੋਂ ਮੁੱਕਰ ਜਾਣਾ, ਵਾਪਸ ਕਰਨੋਂ ਨਾਂਹ ਕਰ ਦੇਣੀ।
ਦੱਬਿਆ ਹੋਣਾ-ਘੁਟਣ ਮਹਿਸੂਸ ਕਰਨਾ, ਕੈਦ ਮਹਿਸੂਸ ਕਰਨੀ, ਪੂਰੀ ਅਜ਼ਾਦੀ ਨਾ ਹੋਣੀ।
ਦਬੇ ਪੈਰੀਂ ਚੱਲਣਾ-ਹੌਲੀ ਹੌਲੀ ਤੁਰਨਾ ਤਾਂ ਜੋ ਪੈੜ ਚਾਪ ਸੁਣਾਈ ਨਾ ਦੇਵੇ
ਦਬੇ ਮੁਰਦੇ ਉਖੇੜਨਾ-ਭੁੱਲੀਆਂ ਵਿਸਰੀਆਂ ਕਸੈਲੀਆਂ ਗੱਲਾਂ ਯਾਦ ਕਰਨੀਆਂ
ਦਮ ਉਲਟ ਜਾਣਾ-ਦਮੇ ਦੇ ਰੋਗੀ ਦਾ ਸਾਹ ਰੁੱਕ ਜਾਣਾ, ਚੜ੍ਹ ਜਾਣਾ
ਦਮ ਖਿੱਚਣਾ-ਬਹੁਤ ਡਰਾਉਣਾ, ਕੰਮ ਵਿੱਚ ਹੁੰਭਾ ਦੇਣਾ।
ਦਮ ਖੁਸ਼ਕ ਹੋਣਾ-ਡਰ ਕਾਰਨ ਸਹਿਮ ਜਾਣਾ, ਹੌਸਲਾ ਢਹਿ ਜਾਣਾ
ਦਮਗਜ਼ੇ ਮਾਰਨੇ-ਫੜਾਂ ਮਾਰਨੀਆਂ, ਸੁੱਕੇ ਡਰਾਵੇ ਦੇਣੇ।
ਦਮ ਘੁਟਣਾ-ਘੁਟਣ ਮਹਿਸੂਸ ਕਰਨੀ, ਸਾਹ ਸੁਕ ਜਾਣਾ, ਸਾਹ ਬੰਦ ਹੋਣਾ, ਕਿਸੇ ਕਾਰਨ ਵਸ ਬਹੁਤ ਔਖਾ ਮਹਿਸੂਸ ਕਰਨਾ।
ਦਮ ਚੜ੍ਹਨਾ-ਦੌੜਨ ਸਮੇਂ ਸਾਹ ਦਾ ਤੇਜ਼ ਚੱਲਣਾ, ਹੱਫ ਜਾਣਾ।
ਦਮ ਚੜ੍ਹਾਉਣਾ-ਸੁਆਸ ਦਸਮ ਦੁਆਰ ਚੜਾਉਣੇ।
ਦਮ ਛੱਡਣਾ-ਅੰਤ ਵੇਲਾ ਆ ਜਾਣਾ, ਦਮ ਰੁੱਕ ਜਾਣਾ, ਮਰ ਜਾਣਾ।


ਦਮ ਦੁਆਉਣਾ-ਰਾਹਤ ਦੇਣੀ, ਕਿਸੇ ਕਾਮੇ ਨੂੰ ਬਿਠਾ ਕੇ ਉਹਦੀ ਥਾਂ ਕੰਮ ਕਰਨਾ, ਥੋੜੇ ਸਮੇਂ ਲਈ ਅਰਾਮ ਕਰਨ ਲਈ ਕਹਿਣਾ।
ਦਮ ਨਾ ਖਾਣਾ-ਵਿਸ਼ਵਾਸ਼ ਨਾ ਕਰਨਾ, ਹਾਮੀ ਨਾ ਭਰਨੀ।
ਦਮ ਨਿਕਲਣਾ-ਮਰ ਜਾਣਾ।
ਦਮਾਂ ਦੀ ਬਾਜ਼ੀ ਲਾਉਣੀ-ਜਾਨ ਤਲ਼ੀ 'ਤੇ ਰੱਖਣੀ।
ਦਮੋਂ ਕੱਢਣਾ-ਭਜਾ ਦੇਣਾ, ਕਿਸੇ ਦਾ ਅੰਤ ਵੇਖਣ ਦਾ ਯਤਨ ਕਰਨਾ।
ਦਰ ਦਰ ਦੀ ਖਾਕ ਛਾਨਣਾ-ਥਾਂ-ਥਾਂ ਧੱਕੇ ਖਾਣੇ, ਭਿੰਨ ਭਿੰਨ ਲੋਕਾਂ ਦੀ ਖ਼ੁਸ਼ਾਮਦ ਕਰਨੀ।
ਦਰ ਬਦਰ ਹੋਣਾ-ਘਰੋਂ ਨਿਕਲ ਕੇ ਖੁਆਰ ਹੋਣਾ।
ਦਲੀਜਾਂ ਉਖੇੜਨੀਆਂ-ਵਾਰ ਵਾਰ ਫੇਰੇ ਮਾਰਨੇ।
ਦਲੀਜਾਂ 'ਤੇ ਪੈਰ ਰੱਖਣਾ-ਘਰ ਵੜ ਜਾਣਾ।
ਦੜ ਜਾਣਾ-ਲੁਕ ਕੇ ਬੈਠ ਜਾਣਾ, ਲੰਮੇ ਪੈ ਜਾਣਾ।
ਦੜ ਵੱਟਣਾ-ਸੀ ਨਾ ਕਰਨੀ, ਉਭਾਰਨਾ ਨਾ, ਔਖੇ ਹੋ ਕੇ, ਚੁੱਪ ਕਰਕੇ ਗੁਜ਼ਾਰਾ ਕਰਨਾ।
ਦਾਅ ਮਾਰਨਾ-ਧੋਖਾ ਦੇਣਾ, ਮੌਕਾ ਵੇਖ ਕੇ ਧੋਖਾ ਦੇਣਾ।
ਦਾਅ ਲਾਉਣਾ-ਮੌਕਾ ਮਿਲਣ 'ਤੇ ਆਪਣਾ ਕੰਮ ਕੱਢ ਲੈਣਾ।
ਦਾਈਆ ਕਰਨਾ-ਫ਼ੈਸਲਾ ਕਰਨਾ।
ਦਾਈਏ ਬੰਨ੍ਹਣਾ-ਜੀਵਨ ਦਾ ਟੀਚਾ ਮਿੱਥਣਾ, ਪੱਕਾ ਫ਼ੈਸਲਾ ਕਰਨਾ।
ਦਾਹਵਾ ਠੋਕਣਾ-ਮੁਕੱਦਮਾ ਕਰਨਾ।
ਦਾਹਵੇ ਬੰਨ੍ਹਣਾ-ਫੋਕੀਆਂ ਫੜਾਂ ਮਾਰਨੀਆਂ।
ਦਾੜ੍ਹ ਥੱਲ੍ਹੇ ਆਉਣਾ-ਅੜਿੱਕੇ 'ਚ ਫਸ ਜਾਣਾ, ਵਸ ਵਿੱਚ ਆਉਣਾ, ਕਾਬੂ ਕਰਨਾ।
ਦਾਹੜੀ ਖੇਹ ਪਾਉਣੀ-ਬੇਇੱਜ਼ਤੀ ਕਰਵਾਉਣੀ, ਨਮੋਸ਼ੀ ਕਰਨੀ।
ਦਾੜ੍ਹੀ ਨਾਲੋਂ ਮੁੱਛਾਂ ਵੱਡੀਆਂ-ਮੂਲ ਨਾਲ਼ੋਂ ਵਿਆਜ ਵੱਧ ਜਾਣਾ।
ਦਾਹੜੀ ਪੱਟਣਾ-ਬੇਇੱਜ਼ਤੀ ਕਰਨੀ, ਭਰੀ ਸਭਾ ਵਿੱਚ ਖੱਜਲ ਕਰਨਾ।
ਦਾਹੜੀ ਬਿਗਾਨੇ ਹੱਥ ਫੜਾਉਣੀ-ਆਪਣੀ ਇੱਜ਼ਤ ਦੂਜੇ ਵੱਸ ਕਰਨੀ।
ਦਾਹੜੀ ਵੱਲ ਵੇਖਣਾ-ਵੱਡੀ ਉਮਰ ਦਾ ਖਿਆਲ ਰੱਖਣਾ, ਇੱਜ਼ਤ ਆਬਰੂ ਦਾ ਲਿਹਾਜ਼ ਕਰਨਾ।


ਦਾਗ ਲੱਗਣਾ-ਬਦਨਾਮੀ ਹੋਣੀ।
ਦਾਣਾ ਪਾਣੀ ਮੁੱਕ ਜਾਣਾ-ਮਰ ਜਾਣਾ, ਕਿਸੇ ਥਾਂ ਤੋਂ ਸਦਾ ਲਈ ਚਲੇ ਜਾਣਾ
ਦਾਦ ਦੇਣਾ-ਪ੍ਰਸ਼ੰਸਾ ਕਰਨਾ, ਵਾਹ ਵਾਹ ਕਰਨੀ।
ਦਾਲ਼ ਗਲ਼ਣਾ-ਕਿਸੇ ਥਾਂ ਗੱਲ ਬਣ ਜਾਣੀ, ਸਫ਼ਲ ਹੋ ਜਾਣਾ, ਸਤਿਕਾਰ ਮਿਲਣਾ।
ਦਾਲ਼ ਵਿੱਚ ਕੁਝ ਕਾਲ਼ਾ ਹੋਣਾ-ਸ਼ੱਕ ਦੀ ਗੁੰਜਾਇਸ਼ ਵਾਲ਼ੀ ਗੱਲ ਹੋਣੀ, ਸ਼ੱਕ ਪੈ ਜਾਣਾ।
ਦਿਨ ਕਟਣੇ-ਔਖ ਸੌਖ ਨਾਲ਼ ਗੁਜ਼ਾਰਾ ਕਰਨਾ, ਔਖ ਨਾਲ਼ ਨਿਰਬਾਹ ਕਰਨਾ।
ਦਿਨ ਦਿਹਾੜੇ ਤਾਰੇ ਵਿਖਾਉਣਾ-ਹੋਸ਼ ਭੁਲਾ ਦੇਣੀ, ਛੱਕੇ ਛੁਡਾਉਣੇ।
ਦਿਨ ਪਧਰੇ ਹੋਣੇ-ਸੁੱਖਾਂ ਭਰੇ ਦਿਨ ਆਉਣੇ
ਦਿਨ ਪੁੱਠੇ ਹੋਣੇ-ਮਾੜੇ ਦਿਨ ਆ ਜਾਣੇ, ਗੁਜ਼ਾਰਾ ਮੁਸ਼ਕਿਲ ਨਾਲ਼ ਹੋਣਾ, ਮੰਦੇ ਭਾਗ ਹੋਣੇ।
ਦਿਨ ਪੁੱਗਣੇ-ਮੌਤ ਕਰੀਬ ਆ ਜਾਣੀ, ਜ਼ਿੰਦਗੀ ਦੇ ਦਿਨ ਪੂਰੇ ਹੋ ਜਾਣੇ
ਦਿਨ ਪੂਰੇ ਕਰਨਾ-ਔਖਿਆਈ ਤੇ ਬਿਪਤਾ ਵਿੱਚ ਦਿਨ ਬਤੀਤ ਕਰਨੇ।
ਦਿਨ ਰਾਤ ਇਕ ਕਰਨਾ-ਤਨ ਮਨ ਨਾਲ਼ ਪੂਰੀ ਮਿਹਨਤ ਕਰਨੀ।
ਦਿਨਾਂ ਦਾ ਪ੍ਰਾਹੁਣਾ ਹੋਵੇ-ਮੌਤ ਦੇ ਕੰਢੇ ਹੋਣਾ।
ਦਿਨਾਂ ਦਾ ਫੇਰ ਹੋਣਾ-ਮਾੜੇ ਦਿਨ ਆ ਜਾਣੇ।
ਦਿਮਾਗ਼ ਚੱਟਣਾ-ਸਵਾਲ ਪੁੱਛ ਪੁੱਛ ਸਿਰ ਖਾ ਜਾਣਾ, ਅਕਾ ਦੇਣਾ।
ਦਿਮਾਗ ਨੂੰ ਚੱਕਰਾ ਦੇਣਾ-ਹੈਰਾਨ ਪ੍ਰੇਸ਼ਾਨ ਕਰ ਦੇਣਾ, ਗਧੀ ਗੇੜ ਵਿੱਚ ਪਾ
ਦੇਣਾ।
ਦਿਮਾਗ ਪਾਟਣਾ-ਸੋਚ ਸੋਚ ਗਸ਼ੀ ਵਰਗੀ ਹਾਲਤ ਹੋ ਜਾਣੀ।
ਦਿਮਾਗ ਲੜਾਉਣਾ-ਬਹੁਤ ਸੋਚਣਾ।
ਦਿਮਾਗ਼ ਵਿੱਚ ਹਵਾ ਭਰ ਜਾਣੀ-ਹੰਕਾਰ ਆ ਜਾਣਾ।
ਦਿਮਾਗ ਵਿੱਚ ਕੀੜੀਆਂ ਚੱਲਣੀਆਂ-ਪ੍ਰੇਸ਼ਾਨੀ ਵੱਧ ਜਾਣੀ, ਕਾਹਲਾ ਪੈਣਾ।
ਦਿਮਾਗ ਵਿੱਚ ਫ਼ਤੁਰ ਆਉਣਾ-ਬੇਥਵੀਆਂ ਮਾਰਨੀਆਂ, ਕਮਲ਼ਿਆਂ ਵਰਗੀਆਂ ਗੱਲਾਂ ਕਰਨੀਆਂ, ਹੰਕਾਰ ਆ ਜਾਣਾ।
ਦਿਲ ਉਛਲਣਾ-ਪਿਆਰ ਦੇ ਵਹਿਣ 'ਚ ਵਹਿ ਤੁਰਨਾ, ਉਪਰਾਮ ਹੋ ਜਾਣਾ
ਦਿਲ ਆ ਜਾਣਾ-ਕੋਈ ਵਸਤੂ ਪਸੰਦ ਆ ਜਾਣੀ, ਕਿਸੇ 'ਤੇ ਮੋਹਿਤ ਹੋ ਜਾਣਾ।
ਦਿਲ ਅੰਦਰ ਘਰ ਕਰਨਾ-ਗਹਿਰਾ ਪ੍ਰਭਾਵ ਪੈ ਜਾਣਾ।

ਦਿਲ ਹੱਥੋਂ ਜਾਂਦਾ ਰਹਿਣਾ-ਦਿਲ ਆਪਣੇ ਵਸ ਵਿੱਚ ਨਾ ਰਹਿਣਾ।
ਦਿਲ ਹਾਰਨਾ-ਹੌਸਲਾ ਹਾਰ ਜਾਣਾ, ਹਿੰਮਤ ਨਾ ਰਹਿਣੀ।
ਦਿਲ ਹੌਲ਼ਾ ਕਰਨਾ-ਦੁੱਖ ਦੀਆਂ ਗੱਲਾਂ ਕਰਕੇ ਮਨ ਨੂੰ ਸ਼ਾਂਤ ਕਰਨਾ।
ਦਿਲ ਕਾਇਮ ਹੋਣਾ-ਹਿੰਮਤ ਆ ਜਾਣੀ, ਹੌਸਲਾ ਵੱਧ ਜਾਣਾ।
ਦਿਲ ਖੱਟਾ ਹੋਣਾ-ਕਿਸੇ ਨਾਲ਼ ਨਫ਼ਰਤ ਹੋ ਜਾਣੀ, ਕਿਸੇ ਤੋਂ ਉਪਰਾਮ ਹੋ ਜਾਣਾ, ਉਕਤਾ ਜਾਣਾ।
ਦਿਲ ਗੁਆਚ ਜਾਣਾ-ਮਨ ਮੋਹਿਆ ਜਾਣਾ।
ਦਿਲ ਘਾਉਂ ਮਾਊਂ ਹੋਣਾ-ਦਿਲ ਨੂੰ ਘੇਰ ਪੈ ਜਾਣਾ, ਘਾਬਰ ਜਾਣਾ, ਦਿਲ ਘਬਰਾਉਣਾ।
ਦਿਲ 'ਚੋਂ ਕੱਢਣਾ-ਸਦਾ ਲਈ ਭੁਲਾ ਦੇਣਾ।
ਦਿਲ ਛੱਡਣਾ-ਹੌਸਲਾ ਹਾਰ ਜਾਣਾ।
ਦਿਲ ਜਿੱਤਣਾ-ਦੂਜੇ ਨੂੰ ਆਪਣਾ ਬਣਾ ਲੈਣਾ।
ਦਿਲ ਟਿਕਾਣੇ ਕਰਨਾ-ਹੌਸਲਾ ਦੇਣਾ, ਹੌਸਲਾ ਵਧਾਉਣਾ।
ਦਿਲ ਟੁੱਟ ਜਾਣਾ-ਬੁਰੀ ਤਰ੍ਹਾਂ ਹਾਰ ਜਾਣਾ, ਮਨ ਨੂੰ ਸੱਟ ਵੱਜਣੀ।
ਦਿਲ ਡਿਗੂੰ ਡਿਗੂੰ ਕਰਨਾ-ਦਿਲ ਢਹਿ ਜਾਣਾ, ਹਿੰਮਤ ਨੇ ਸਾਥ ਨਾ ਦੇਣਾ।
ਦਿਲ ਡੁੱਲ੍ਹਣਾ-ਦੂਜੇ 'ਤੇ ਦਿਲ ਆ ਜਾਣਾ, ਸਦਕੇ-ਬਲਿਹਾਰੀ ਜਾਣਾ।
ਦਿਲ ਡੋਲ ਜਾਣਾ-ਮਨ ਵਿੱਚ ਲਾਲਚ ਆ ਜਾਣਾ।
ਦਿਲ ਢਹਿਣਾ-ਉਦਾਸੀ ਛਾ ਜਾਣੀ।
ਦਿਲ 'ਤੇ ਰਾਜ ਕਰਨਾ-ਅਤਿ ਪਿਆਰਾ ਹੋਣਾ।
ਦਿਲ ਤੇ ਲਾਉਣਾ-ਅਸਰ ਹੋ ਜਾਣਾ, ਧਿਆਨ ਦੇਣਾ।
ਦਿਲ ਤੋੜ ਦੇਣਾ-ਨਿਰਾਸ਼ ਕਰ ਦੇਣਾ, ਹੌਸਲਾ ਢਾਹ ਦੇਣਾ।
ਦਿਲ ਦਾ ਸ਼ੀਸ਼ਾ ਦਖਾਉਣਾ-ਅਗਲੇ ਦੇ ਮੂੰਹ ਤੇ ਸਾਫ਼ ਸਾਫ਼ ਗੱਲ ਆਖ ਦੇਣੀ।
ਦਿਲ ਦਾ ਕਰੜਾ ਹੋਣਾ-ਮਜ਼ਬੂਤ ਤੇ ਪੱਕੇ ਇਰਾਦੇ ਵਾਲਾ ਹੋਣਾ।
ਦਿਲ ਦਾ ਖੋਟਾ ਹੋਣਾ-ਉਪਰੋਂ ਮਿਠਾ ਤੇ ਅੰਦਰੋਂ ਕੌੜੇ ਸੁਭਾਅ ਵਾਲ਼ਾ ਹੋਣਾ
ਦਿਲ ਦਾ ਗੁਬਾਰ ਕੱਢਣਾ-ਪੁਰਾਣੇ ਗਿਲੇ ਸ਼ਿਕਵੇ ਦੂਰ ਕਰਨੇ, ਮਨ ਦਾ ਗੁੱਸਾ ਦੂਰ ਕਰਨਾ।
ਦਿਲ ਤੇ ਬੋਝ ਹੋਣਾ-ਕਿਸੇ ਗੱਲ ਦੀ ਮਨ `ਚ ਚਿੰਤਾ ਹੋਣੀ।

ਦਿਲ ਦੀ ਕਾਲਖ ਧੋਣੀ-ਪਹਿਲਾਂ ਕੀਤੇ ਮੰਦੇ ਕੰਮਾਂ ਦੇ ਅਸਰ ਨੂੰ ਚੰਗੇ ਕੰਮ ਕਰਕੇ ਧੋਣਾ।
ਦਿਲ ਦੀ ਕੰਨੀ ਨੰਗੀ ਹੋਣੀ-ਗੁੱਝਾ ਭੇਤ ਜ਼ਾਹਰ ਹੋ ਜਾਣਾ।
ਦਿਲ ਦੀ ਘੁੰਡੀ ਖੋਲ੍ਹਣੀ-ਬਿਨਾਂ ਕਿਸੇ ਝਿਜਕ ਦੇ ਦਿਲ ਦੀ ਭੇਤ ਭਰੀ ਗੱਲ ਦੱਸ ਦੇਣੀ।
ਦਿਲਾਂ ਦੀਆਂ ਕਹਿਣਾ-ਬਿਨਾਂ ਝਿਜਕ ਦਿਲ ਦੀਆਂ ਖੁੱਲ੍ਹੀਆਂ ਗੱਲਾਂ ਕਰਨੀਆਂ
ਦਿਲ ਦੂਣਾ ਹੋਣਾ-ਹੌਸਲਾ ਵੱਧ ਜਾਣਾ, ਮਨ ਨੇ ਤਕੜਾਈ ਫੜ ਲੈਣੀ।
ਦਿਲ ਦੇ ਕੰਨਾਂ ਨਾਲ਼ ਸੁਣਨਾ-ਬਹੁਤ ਧਿਆਨ ਲਗਾ ਕੇ ਸੁਣਨਾ।
ਦਿਲ ਦੇ ਫੋੜੇ ਫੁਟਣੇ-ਦੁੱਖ ਭਰੀਆਂ ਯਾਦਾਂ ਮੁੜ ਚੇਤੇ ਆ ਜਾਣੀਆਂ।
ਦਿਲ ਧਰਨਾ-ਹੌਸਲਾ ਫੜਨਾ, ਦਲੇਰੀ ਵਖਾਉਣੀ।
ਦਿਲ ਪਿਘਲਣਾ-ਦੁਖੀ ਨੂੰ ਦੇਖ ਤਰਸ ਆ ਜਾਣਾ।
ਦਿਲ ਨੱਚ ਉਠਣਾ-ਚਾਅ ਚੜ੍ਹ ਜਾਣਾ।
ਦਿਲ ਨੰਗਾ ਕਰਨਾ-ਦਿਲ ਦਾ ਭੇਤ ਦੱਸ ਦੇਣਾ, ਦਿਲ ਫੋਲ ਦੇਣਾ।
ਦਿਲ ਨੂੰ ਹੌਲ ਪੈਣੇ-ਡਰ ਲੱਗਣਾ, ਸਹਿਮ ਜਾਣਾ।
ਦਿਲ ਨੂੰ ਡੋਬੂ ਪੈਣਾ-ਬਹੁਤ ਡਰ ਜਾਣਾ, ਸਹਿਮ ਜਾਣਾ।
ਦਿਲ ਨੂੰ ਭੁੰਨਣਾ-ਕੋਈ ਅਜਿਹੀ ਗੱਲ ਆਖਣੀ ਜਿਸ ਨਾਲ਼ ਦੁੱਖ ਦੀ ਅੱਗ ਭੜਕ ਜਾਵੇ।
ਦਿਲ ਨੂੰ ਲਾਉਣਾ-ਅਜਾਈਂ ਚਿੰਤਾ ਕਰਨੀ।
ਦਿਲ ਪਸੀਜਣਾ-ਦਿਲ ਪਿਘਲ ਜਾਣਾ, ਭਰੋਸਾ ਬੱਝ ਜਾਣਾ।
ਦਿਲ ਪੱਕਾ ਕਰਨਾ-ਠੋਸ ਇਰਾਦਾ ਕਰਨਾ।
ਦਿਲ ਪੱਥਰ ਹੋ ਜਾਣਾ-ਦਿਲ ਵਿੱਚ ਮੋਹ-ਮੁਹੱਬਤ ਨਾ ਰਹਿਣੀ।
ਦਿਲ ਪਾਟ ਜਾਣਾ-ਅਣਸੁਖਾਵੀਂ ਖ਼ਬਰ ਸੁਣ ਕੇ ਦਿਲ 'ਤੇ ਸੱਟ ਵੱਜਣੀ
ਦਿਲ ਫਿੱਕਾ ਪੈਣਾ-ਨਫ਼ਰਤ ਹੋ ਜਾਣੀ।
ਦਿਲ ਫੋਲਣਾ-ਦੁੱਖ ਦੀਆਂ ਗੱਲਾਂ ਸਾਂਝੀਆਂ ਕਰਨੀਆਂ।
ਦਿਲ ਬਾਦਸ਼ਾਹ ਹੋਣਾ-ਖੁੱਲ੍ਹੇ ਦਿਲ ਵਾਲ਼ਾ ਹੋਣਾ।
ਦਿਲ ਬਾਗ ਬਾਗ ਹੋਣਾ-ਬਹੁਤ ਖ਼ੁਸ਼ ਹੋਣਾ।
ਦਿਲ ਭਰ ਆਉਣਾ-ਕਿਸੇ ਦੁਖੀਏ ਨੂੰ ਤਕ ਕੇ ਤਰਸ ਆ ਜਾਣਾ।
ਦਿਲ ਭਿੱਜਣਾ-ਕਿਸੇ ਨਾਲ ਪਿਆਰ ਪੈ ਜਾਣਾ, ਪਸੀਜਣਾ।

ਦਿਲ ਮਸੋਸ ਕੇ ਬਹਿ ਜਾਣਾ-ਸ਼ੋਕ ਅਤੇ ਚਿੰਤਾ ਵਿੱਚ ਡੁੱਬ ਜਾਣਾ।
ਦਿਲ ਮਿਲਣਾ-ਪਿਆਰ ਪੈ ਜਾਣਾ।
ਦਿਲ ਮੁੱਠ ਵਿੱਚ ਲੈ ਆਉਣਾ-ਡਰ ਪੈਦਾ ਕਰ ਦੇਣਾ।
ਦਿਲ ਮੋਮ ਹੋਣਾ-ਦਿਲ ਪਿਘਲ ਜਾਣਾ, ਨਰਮ ਹੋ ਜਾਣਾ।
ਦਿਲ ਲਾਉਣਾ-ਕਿਸੇ ਕੰਮ ਵਿੱਚ ਮਨ ਲੱਗ ਜਾਣਾ, ਪੂਰਾ ਧਿਆਨ ਦੇਣਾ।
ਦਿਲ ਵਲੇਵੇਂ ਖਾਣੇ-ਡੂੰਘਾ ਅਸਰ ਕਰਨਾ।
ਦਿਲ ਵਿੱਚ ਰਹਿਣਾ-ਕੋਈ ਗੱਲ ਕਿਸੇ ਨੂੰ ਨਾ ਦੱਸਣੀ, ਮਨ ਦੀਆਂ ਮਨ ਵਿੱਚ ਰਹਿਣੀਆਂ।
ਦਿਲ ਵਿੱਚ ਕੰਡਾ ਬਣਕੇ ਚੁੱਭਣਾ-ਬਹੁਤ ਦੁਖੀ ਕਰਨਾ, ਸਤਾਉਣਾ।
ਦਿਲ ਵਿੱਚ ਪਾ ਲੈਣਾ-ਕਦੀ ਵੀ ਨਾ ਭੁੱਲਣਾ, ਯਾਦ ਰੱਖਣਾ।
ਦਿਲ ਵਿੱਚ ਥਾਂ ਦੇਣਾ-ਪਿਆਰ ਕਰਨਾ, ਆਦਰ ਕਰਨਾ।
ਦਿਲ ਵਿੱਚੋਂ ਧੂੰ ਨਿਕਲ਼ਣਾ-ਦਿਲ ਸੜ ਬਲ ਜਾਣਾ, ਹਿਉਕਾ ਨਿਕਲਣਾ।
ਦਿਲ ਵਿੰਨ੍ਹਣਾ-ਬਹੁਤ ਸਤਾਉਣਾ, ਅੰਤਾਂ ਦੀ ਤਕਲੀਫ਼ ਦੇਣੀ।
ਦਿਲਾਂ ਦੇ ਵੈਰ ਨਿਕਲਣਾ-ਪੁਰਾਣੀ ਦੁਸ਼ਮਣੀ ਭੁਲਾ ਕੇ ਮਿੱਤਰ ਬਣ ਜਾਣਾ।
ਦੀਦੇ ਗਾਲ਼ਣਾ-ਵਿਛੋੜੇ ਵਿੱਚ ਅੱਥਰੂ ਕੇਰਨੇ।
ਦੀਵਾ ਗੁਲ ਹੋਣਾ-ਮਰ ਜਾਣਾ, ਖ਼ਤਮ ਹੋ ਜਾਣਾ।
ਦੀਵੇ ਵਿੱਚ ਬੱਤੀ ਨਾ ਹੋਣੀ-ਅਤਿ ਗ਼ਰੀਬੀ ਦੀ ਹਾਲਤ ਹੋਣੀ।
ਦੁਹਾਈ ਪਾਹਰਿਆ ਕਰਨਾ-ਖ਼ਤਰੇ ਵਿੱਚ ਮਦਦ ਲਈ ਰੌਲਾ ਰੱਪਾ ਪਾਉਣਾ
ਦੁਹਾਈਆਂ ਦੇਣਾ-ਸ਼ੋਰ ਮਚਾਉਣਾ, ਤਰਲੇ ਕਰਨੇ।
ਦੁੱਖ ਸੁੱਖ ਫੋਲਣਾ-ਇਕ ਦੂਜੇ ਨਾਲ ਦੁੱਖ ਸੁੱਖ ਫੋਲਣਾ, ਆਪਣੀ ਹਾਲਤ ਦੱਸਣਾ ਤੇ ਦੂਜੇ ਦੀ ਸੁਣਨੀ।
ਦੁੱਖ ਹੌਲ਼ਾ ਕਰਨਾ-ਗੱਲਾਂ ਬਾਤਾਂ ਕਰਕੇ ਦੁੱਖ ਘਟਾਉਣਾ।
ਦੁੱਖ ਕੱਟਣਾ-ਦੁੱਖ ਦੂਰ ਕਰਨਾ।
ਦੁੱਖ ਨੂੰ ਖਾਣਾ-ਦੁੱਖ ਨੂੰ ਵਿਚੇ ਵਿੱਚ ਸਹਿ ਜਾਣਾ।
ਦੁੱਖ ਰੋਣਾ-ਸ਼ਿਕਾਇਤਾਂ ਕਰਨਾ, ਦੁੱਖ ਦੱਸਣਾ।
ਦੁੱਖ ਲੱਗਣਾ-ਗੁੱਸਾ ਲੱਗਣਾ।
ਦੁੱਖ ਵੰਡਣਾ-ਹਮਦਰਦੀ ਕਰਨੀ।
ਦੁੱਖਾਂ ਦੇ ਮੂੰਹ ਆਉਣਾ-ਤਕਲੀਫ਼ਾਂ ਵਿੱਚ ਫਸ ਜਾਣਾ।


ਦੁੱਧ ਉਤਰਨਾ-ਥਣਾਂ ਵਿੱਚ ਦੁੱਧ ਆ ਜਾਣਾ, ਸੰਤਾਨ ਹੋਣੀ, ਮਾਂ ਦਾ ਮੋਹ ਜਾਗ ਪੈਣਾ।
ਦੁੱਧ ਦਾ ਉਬਾਲ ਹੋਣਾ-ਥੋੜ੍ਹੇ ਸਮੇਂ ਦਾ ਜੋਸ਼ ਜਾਂ ਗੁੱਸਾ ਹੋਣਾ।
ਦੁੱਧ ਪਾਣੀ ਹੋ ਕੇ ਲੱਗਣਾ-ਖਾਧੀ ਖ਼ੁਰਾਕ ਦਾ ਸਰੀਰ 'ਤੇ ਕੋਈ ਅਸਰ ਨਾ ਹੋਣਾ।
ਦੁੱਧ ਪਾਣੀ ਹੋਣਾ-ਆਪਸ ਵਿੱਚ ਰਲ਼ਮਿਲ਼ ਜਾਣਾ, ਇਕਮਿਕ ਹੋਣਾ।
ਦੁੱਧ ਪਾਣੀ ਵੱਖ ਕਰਨਾ-ਪੂਰਾ ਪੂਰਾ ਇਨਸਾਫ਼ ਕਰਨਾ।
ਦੁੱਧ ਵਿੱਚ ਨਾਤਾ ਹੋਣਾ-ਉੱਕਾ ਹੀ ਬੇਗੁਨਾਹ ਤੇ ਪਵਿੱਤਰ ਹੋਣਾ।
ਦੁੱਧ ਵਿੱਚ ਮੀਂਗਣਾ ਪਾਣਾ-ਬੇਸੁਆਦੀ ਨਾਲ਼ ਕੰਮ ਕਰਨਾ, ਦਿਲੋਂ ਕੰਮ ਨਾ
ਕਰਨਾ।
ਦੁੰਨ ਵੱਟਾ ਬਣਨਾ-ਚੁੱਪ ਗੜੁੱਪ ਰਹਿਣਾ, ਦਿਲ ਦੀ ਗੱਲ ਨਾ ਦੱਸਣੀ।
ਦੁਨੀਆਂ ਰੱਖਣਾ-ਸਾਰਿਆਂ ਦੇ ਮੂੰਹ ਮੁਲਾਹਜ਼ੇ ਪੂਰੇ ਕਰਨੇ, ਸਭ ਨੂੰ ਖੁਸ਼ ਰੱਖਣਾ।
ਦੁਪਹਿਰੇ ਦੀਵੇ ਬਾਲਣੇ-ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਕਰ ਵਖਾਉਣਾ, ਦੀਵਾਲੀਆ ਹੋ ਜਾਣਾ।
ਦੁਫੇੜ ਪਾਉਣਾ-ਦੋ ਧਿਰਾਂ ਨੂੰ ਆਪਸ ਵਿੱਚ ਲੜਾ ਦੇਣਾ।
ਦੁਮ ਦਬਾ ਕੇ ਭੱਜਣਾ-ਭਾਂਜ ਖਾ ਕੇ ਦੌੜ ਜਾਣਾ।
ਦੁਰ ਦੁਰ ਕਰਨਾ-ਪਰੇ ਪਰੇ ਰੱਖਣਾ, ਫਟਕਾਰਨਾ, ਮਾੜਾ ਸਲੂਕ ਕਰਨਾ
ਦੂਰ ਦੀ ਸੁਝਣੀ-ਕੋਈ ਡੂੰਘੀ ਵਿਚਾਰ ਸੁਝ ਜਾਣੀ, ਦੂਰਅੰਦੇਸ਼ੀ ਦੀ ਗੱਲ।
ਦੂਰੋਂ ਮੱਥਾ ਟੇਕਣਾ-ਕਿਸੇ ਭੈੜੇ ਬੰਦੇ ਨਾਲ਼ ਕੋਈ ਸਾਂਝ ਨਾ ਰੱਖਣੀ, ਦੂਰ ਦੂਰ ਰਹਿਣਾ।
ਦੇਹੀ ਨੂੰ ਰੋਗ ਲਾਉਣਾ-ਚਿੰਤਾ ਸਹੇੜਨੀ, ਮੁਸੀਬਤ ਗਲ਼ ਪਾ ਲੈਣੀ।
ਦੇਖਦੇ ਰਹਿ ਜਾਣਾ-ਸੋਭਾ ਗਵਾ ਕੇ ਪਛਤਾਉਣਾ।
ਦੇਵ ਲੋਕ ਨੂੰ ਸਿਧਾਰਨਾ-ਮਰ ਜਾਣਾ।
ਦੋ ਹੱਥ ਕਰਨਾ-ਮੁਕਾਬਲਾ ਕਰਨਾ।
ਦੋਹੀਂ ਹੱਥੀਂ ਤਾੜੀ ਵੱਜਣੀ-ਦੋਹਾਂ ਧਿਰਾਂ ਦੀ ਵਧੀਕੀ ਕਾਰਨ ਝਗੜਾ ਹੋਣਾ।
ਦੋ ਚਾਰ ਹੋਣਾ-ਵਾਸਤਾ ਪੈਣਾ, ਵਾਹ ਪੈਣਾ, ਸਾਹਮਣਾ ਹੋ ਜਾਣਾ।
ਦੋ ਟੁੱਕ ਗੱਲ ਕਰਨਾ-ਸਾਫ਼ ਤੇ ਸਪੱਸ਼ਟ ਗੱਲ ਕਰਨੀ। ਲੁਕ ਲਪੇਟ ਨਾ ਰੱਖਣਾ।
ਦੋ ਟੁਕ ਜੁਆਬ ਦੇਣਾ-ਕੋਰੀ ਨਾਂਹ ਕਰ ਦੇਣੀ।
ਦੋ ਦਿਨ ਦੇ ਪ੍ਰਾਹੁਣੇ ਹੋਣਾ-ਮੌਤ ਦਾ ਸਮਾਂ ਨੇੜੇ ਢੁਕ ਜਾਣਾ।

ਦੋ ਬੇੜੀਆਂ ਵਿੱਚ ਸਵਾਰ ਹੋਣਾ-ਦੋਚਿੱਤੀ ਵਿੱਚ ਹੋਣਾ, ਕੋਈ ਠੋਸ ਫ਼ੈਸਲਾ ਨਾ ਕਰ ਸਕਣਾ।
ਦੋ ਰੰਗੀ ਚਲਾਣਾ-ਕਿਸੇ ਨੂੰ ਕੁਝ ਆਖਣਾ ਦੂਜੇ ਨੂੰ ਕੁਝ ਹੋਰ ਕਹਿਣਾ, ਇਕੋ ਜਿਹਾ ਵਰਤਾਅ ਨਾ ਕਰਨਾ।
ਦੋਹੀਂ ਹੱਥੀਂ ਲੱਡੂ ਹੋਣਾ-ਹਰ ਪਾਸੇ ਮੌਜਾਂ ਹੋਣੀਆਂ।
ਦੋਜ਼ਖ਼ ਦੀ ਅੱਗ ਵਿੱਚ ਸੜਨਾ-ਬਹੁਤ ਤਕਲੀਫ਼ ਵਿੱਚ ਹੋਣਾ, ਦੁਖੀ ਹੋਣਾ।
ਦੋਜ਼ਖ਼ ਭੋਗਣਾ-ਦੁੱਖਾਂ ਭਰੀ ਜ਼ਿੰਦਗੀ ਬਤੀਤ ਕਰਨੀ।
ਦੰਦ ਕੱਢਣਾ-ਕਿਸੇ 'ਤੇ ਘ੍ਰਿਣਾ ਨਾਲ਼ ਹੱਸਣਾ, ਮਖੌਲ ਉਡਾਉਣਾ।
ਦੰਦ ਕਥਾ ਕਰਨਾ-ਨਿੰਦਾ-ਚੁਗਲੀ ਕਰਨਾ, ਕਿਸੇ ਦੇ ਪਿੱਠ ਪਿੱਛੇ ਗੱਲਾਂ ਕਰਨੀਆਂ।
ਦੰਦ ਕਰੀਚਣਾ-ਕਚੀਚੀ ਵੱਟਣੀ, ਗੁੱਸੇ ਵਿੱਚ ਆਉਣਾ, ਮਾਰਨ ਨੂੰ ਪੈਣਾ।
ਦੰਦ ਖੱਟੇ ਕਰਨਾ-ਹਰਾ ਦੇਣਾ।
ਦੰਦ ਜੁੜ ਜਾਣਾ-ਹੈਰਾਨ ਹੋ ਜਾਣਾ, ਚੁੱਪ ਹੋ ਜਾਣਾ।
ਦੰਦ ਪੀਹਣਾ-ਗੁੱਸੇ ਨਾਲ਼ ਅੰਦਰੋਂ ਅੰਦਰ ਕਚੀਚੀਆਂ ਵੱਟਣੀਆਂ।
ਦੰਦ ਦੁਖਾਉਣਾ-ਕਿਸੇ ਨੂੰ ਝੂਠਾ ਕਰ ਦੇਣਾ, ਹੱਸਣਾ, ਡਰਾਉਣਾ।
ਦੰਦ ਵੱਜਣਾ-ਸਰਦੀ ਨਾਲ਼ ਦੰਦ ਵਜਣੇ।
ਦੰਦਾਂ ਹੇਠ ਜੀਭ ਦੇਣਾ-ਔਖੇ ਸੌਖੇ ਹੋ ਕੇ ਦਿਨ ਬਤੀਤ ਕਰਨੇ, ਚੁੱਪ ਵਟਕੇ ਦੁੱਖ ਜਰਨਾ।
ਦੰਦਾਂ ਦੀ ਮੈਲੁ ਲਾਹੁਣਾ-ਕਿਸੇ ਦੀਆਂ ਚੁਗਲੀਆਂ ਕਰਨੀਆਂ।
ਦੰਦਾਂ ਵਿੱਚ ਉੱਗਲੀ ਦੇਣਾ-ਹੈਰਾਨ ਹੋ ਜਾਣਾ, ਪਛਤਾਉਣਾ।
ਦੰਦੀਆਂ ਚਿਰਾਣਾ-ਖਿਝਾਉਣਾ, ਤੰਗ ਕਰਨਾ।
ਦੰਦੀਆਂ ਪੀਹਣਾ-ਗੁੱਸੇ ਹੋਣਾ, ਗੁੱਸੇ ਨੂੰ ਅੰਦਰ ਅੰਦਰ ਜਰਨ ਦੀ ਕੋਸ਼ਿਸ਼ ਕਰਨਾ।
ਦੰਮ ਤੋੜਨਾ-ਮਰ ਜਾਣਾ, ਥੱਕ ਜਾਣਾ, ਖ਼ਤਮ ਹੋ ਜਾਣਾ, ਸਿਸਕ ਸਿਸਕ ਕੇ ਮਰਨਾ।
ਦੰਮ ਕਰਨਾ-ਬਰਾਬਰੀ ਕਰਨੀ, ਆਕੜ ਕਰਨੀ।
ਦੰਮ ਲੱਗਣਾ-ਪੈਸੇ ਖ਼ਰਚ ਹੋਣੇ।
ਦੰਮ ਵੇਖਣਾ-ਕਿਸੇ ਦੀ ਤਾਕਤ ਦਾ ਅੰਤ ਵੇਖਣਾ।




ਧੱਕ ਦੇਣਾ-ਦੁਰਕਾਰਨਾ, ਸਦਾ ਲਈ ਸਾਥ ਛੱਡ ਦੇਣਾ, ਅਜਿਹੀ ਬਾਂਹ ਛੱਡਣੀ ਕਿ ਨਾ ਅੱਗੇ ਜੋਗਾ ਰਹਿਣ ਦੇਣਾ ਨਾ ਪਿੱਛੇ ਜੋਗਾ।
ਧੱਕਾ ਲੱਗਣਾ-ਕੋਈ ਮੰਦੀ ਜਾਂ ਦੁਖ ਭਰੀ ਘਟਨਾ ਬਾਰੇ ਜਾਣਕੇ ਮਨ ਨੂੰ ਸਦਮਾ ਪੁੱਜਣਾ, ਦਿਲ 'ਤੇ ਸੱਟ ਵੱਜਣੀ।
ਧੱਕੇ ਵੱਜਣੇ-ਭੀੜ ਭੜੱਕੇ ਵਿੱਚ ਧੱਕੇ ਖਾਣੇ, ਖੁਆਰ ਹੋਣਾ।
ਧੱਕੇ ਧੌਲੇ ਖਾਣੇ-ਮੁਸੀਬਤਾਂ 'ਚ ਫਸੇ ਹੋਣਾ, ਕਈ ਥਾਵਾਂ 'ਤੇ ਠੇਡੇ ਖਾਣੇ।
ਧੱਜੀਆਂ ਉਡਾਉਣੀਆਂ-ਬਹੁਤ ਮਾਰ ਕੁੱਟ ਕਰਨੀ, ਫ਼ਜ਼ੂਲ ਖ਼ਰਚੀ ਕਰਨੀ, ਬਿਨਾਂ ਸਮਝ ਪੈਸੇ ਉਡਾਣੇ, ਲੀਰੋ ਲੀਰ ਕਰਨਾ।
ਧਮੱਚੜ ਪੈਣਾ-ਰੌਲਾ ਰੱਪਾ ਪੈ ਜਾਣਾ, ਵੇਵੇਲਾ ਮਚਣਾ।
ਧਰਨਾ ਮਾਰਨਾ-ਆਪਣੀ ਮੰਗ ਮੰਨਵਾਉਣ ਲਈ ਅੜ ਬਹਿਣਾ।
ਧਰਤੀ ਵਿੱਚ ਧਸਣਾ-ਬਹੁਤ ਸ਼ਰਮਿੰਦਾ ਹੋਣਾ, ਬੇਇਜ਼ਤੀ ਮਹਿਸੂਸ ਕਰਨੀ।
ਧਰਮ ਕਮਾਉਣਾ-ਲੋਕ ਭਲਾਈ ਵਾਲ਼ੇ ਕੰਮ ਕਰਨੇ, ਫ਼ਰਜ਼ ਨਿਭਾਉਣੇ।
ਧਰਮ 'ਤੇ ਗੱਲ ਛੱਡਣੀ-ਕਿਸੇ ਦੀ ਦਿਆਨਤਦਾਰੀ ਦੇ ਆਸਰੇ 'ਤੇ ਗੱਲ ਛੱਡ ਦੇਣੀ।
ਧਰਮ ਨਾ ਹਾਰਨਾ-ਆਪਣੇ ਅਸੂਲਾਂ ਤੇ ਖੜ੍ਹੇ ਰਹਿਣਾ।
ਧਾਗਾ ਕਰਾਉਣਾ-ਤਵੀਤ ਤੇ ਜਾਦੂ ਟੂਣੇ ਕਰਾਉਣੇ।
ਧਾਂਕ ਪੈਣੀ-ਦਬਦਬਾ ਬੈਠ ਜਾਣਾ, ਬਹੁਤ ਪ੍ਰਸਿੱਧੀ ਹੋ ਜਾਣੀ।
ਧਾਂਕ ਬਿਠਾਉਣਾ-ਰੋਅਬ ਤੇ ਦਬਦਬਾ ਕਾਇਮ ਕਰਨਾ।
ਧਾਂਕ ਮੰਨਣੀ-ਆਪਣੇ ਤੋਂ ਸਿਆਣੇ ਦੀ ਅਕਲ ਅਤੇ ਸਿਆਣਪ 'ਤੇ ਫੁੱਲ ਚੜ੍ਹਾਉਣੇ, ਦੂਜੇ ਦੀ ਲਿਆਕਤ ਮੰਨਣੀ।
ਧਾਵਾ ਬੋਲਣਾ-ਹਮਲਾ ਕਰ ਦੇਣਾ।
ਧਾੜ ਪੈਣੀ-ਲੁੱਟ ਪੈਣੀ, ਹੱਲਾ ਪੈ ਜਾਣਾ।
ਧ੍ਰਿਗ ਦਾ ਜਿਊਣਾ-ਬੇਇਜ਼ਤੀ ਵਾਲ਼ਾ ਜੀਵਨ ਜਿਊਣਾ।
ਧੁਖ-ਧੁਖੀ ਲੱਗਣੀ-ਚਿੰਤਾ ਲੱਗਣੀ।
ਧੁੰਨ ਵਿੱਚ ਮਸਤ ਹੋਣਾ-ਆਪਣੇ ਖ਼ਿਆਲਾਂ ਜਾਂ ਸੋਚਾਂ ਵਿੱਚ ਡੁੱਬੇ ਰਹਿਣਾ।
ਧੁੰਮ ਪਾ ਦੇਣੀ-ਮਸ਼ਹੂਰ ਹੋ ਜਾਣਾ।


ਧੁੜਕੂ ਲੱਗਣਾ-ਚਿੰਤਾ ਬਣੀ ਰਹਿਣੀ।
ਧੂੰ ਕੱਢਣਾ-ਭੇਤ ਵਾਲ਼ੀ ਗੱਲ ਦੱਸ ਦੇਣੀ।
ਧੂੰ ਨਾ ਧੁਖਣ ਦੇਣਾ-ਕਿਸੇ ਨੂੰ ਭੇਤ ਨਾ ਦੱਸਣਾ, ਗੱਲ ਗੁਪਤ ਰੱਖਣੀ।
ਧੋਣੇ ਧੋਣੇ-ਗਿਲੇ ਸ਼ਿਕਵੇ ਦੂਰ ਕਰ ਦੇਣੇ, ਪੁਰਾਣੀਆਂ ਮੰਦੀਆਂ ਗੱਲਾਂ ਦੀ ਤਲਾਫ਼ੀ ਕਰਨੀ।
ਧੌਂਸ ਦੇਣਾ-ਰੋਅਬ ਪਾਉਣਾ, ਡਰਾਉਣਾ ਧਮਕਾਉਣਾ।
ਧੌਣ ਝੁਕਾਉਣਾ-ਹਰਾ ਦੇਣਾ।
ਧੌਲ਼ਿਆਂ ਦੀ ਲਾਜ ਰੱਖਣਾ-ਬਜ਼ੁਰਗੀ ਦਾ ਖ਼ਿਆਲ ਕਰਕੇ ਗੱਲ ਮੰਨ ਲੈਣੀ।
ਧੋਲ਼ਿਆਂ ਵਿੱਚ ਸੁਆਹ ਪਾਉਣਾ-ਵੱਡੀ ਉਮਰ ਵਿੱਚ, ਪੁੱਤਾਂ ਧੀਆਂ ਦੇ ਮਾੜੇ ਕੰਮਾਂ ਕਰਕੇ, ਮਾਪਿਆਂ ਦੀ ਬੇਇੱਜ਼ਤੀ ਹੋਣੀ।
ਧੌਲ਼ਿਆਂ ਵਿੱਚ ਘੱਟਾ ਪਾਉਣਾ-ਆਖ਼ਰੀ ਉਮਰ ਵਿੱਚ ਬੇਇੱਜ਼ਤੀ ਕਰਵਾਉਣੀ।
ਧੌਲ਼ ਆਉਣਾ-ਤਜਰਬਾ ਹਾਸਲ ਕਰਨਾ, ਵੱਧਦੀ ਉਮਰ ਕਾਰਨ ਸਿਰ ਦੇ ਵਾਲ ਚਿੱਟੇ ਹੋ ਜਾਣੇ।


ਨਸ ਭੱਜ ਕਰਨਾ-ਕਿਸੇ ਕੰਮ ਦੀ ਪੂਰਤੀ ਲਈ ਯਤਨ ਕਰਨੇ, ਤਕਲੀਫ਼ਾਂ ਝਲ ਕੇ ਕੰਮ ਕਰਨਾ
ਨਸ਼ਤਰ ਚਲਾਉਣਾ-ਮੰਦੇ-ਬੋਲ ਬੋਲ ਕੇ ਦੁਖੀ ਕਰਨਾ, ਗੁੱਝੀ ਮਾਰ ਕਰਨੀ।
ਨਸ਼ਾ ਪਾਣੀ ਕਰਨਾ-ਤਮਾਕੂ, ਅਫ਼ੀਮ ਤੇ ਸ਼ਰਾਬ ਦਾ ਸੇਵਨ ਕਰਨਾ।
ਨਸੀਬ ਜਾਗਣਾ-ਕਿਸਮਤ ਜਾਗ ਪੈਣੀ, ਖ਼ੁਸ਼ਕਿਸਮਤੀ ਆ ਜਾਣੀ।
ਨਸੀਬ ਤੁਟਣਾ-ਮਾੜੇ ਦਿਨ ਆ ਜਾਣੇ।
ਨਸੀਬ ਭਿੜਨਾ-ਸੰਜੋਗ ਹੋਣੇ।
ਨਹਾਉਣ ਹੋ ਜਾਣਾ-ਕਿਸੇ ਕੰਮ 'ਚ ਬਹੁਤ ਘਾਟਾ ਪੈ ਜਾਣਾ, ਤਬਾਹੀ ਵਾਪਰਨੀ।
ਨਹਿਲੇ ਤੇ ਦਹਿਲਾ ਮਾਰਨਾ-ਵਿਰੋਧੀ ਦੀ ਚਾਲ ਨੂੰ ਮਾਤ ਦੇਣੀ।
ਨਹੁੰ ਅੜਨਾ-ਮਾਮੂਲੀ ਸਹਾਰਾ ਮਿਲ ਜਾਣਾ, ਛੋਟੇ ਜਿਹੇ ਸਬਬ ਸਦਕਾ ਸਫ਼ਲਤਾ ਮਿਲਣੀ।
ਨਹੁੰ ਨਹੁੰ ਖੁੱਭਣਾ-ਬੁਰੀ ਤਰ੍ਹਾਂ ਕਰਜ਼ੇ 'ਚ ਫਸਿਆ ਹੋਣਾ, ਸਿਰ ਤੋਂ ਲੈ ਕੇ ਪੈਰਾਂ ਤੱਕ ਫਸ ਜਾਣਾ।

ਨਹੁੰ ਨਹੁੰ ਖੋਟਾ ਹੋਣਾ-ਪੂਰੀ ਤਰ੍ਹਾਂ ਧੋਖੇਬਾਜ਼ ਹੋਣਾ।
ਨਹੁੰ ਮਾਸ ਦਾ ਰਿਸ਼ਤਾ ਹੋਣਾ-ਅਟੁੱਟ ਸੰਬੰਧ ਹੋਣੇ।
ਨਹੁੰ ਲੈਣਾ-ਘੋੜੇ ਆਦਿ ਨੂੰ ਠੇਡਾ ਲੱਗਣਾ।
ਨਹੁੰਆਂ ਤਾਈਂ ਜ਼ੋਰ ਲਾਉਣਾ-ਪੂਰੀ ਕੋਸ਼ਿਸ਼ ਕਰਨੀ।
ਨੱਕ ਉੱਤੇ ਮੱਖੀ ਨਾ ਬੈਠਣ ਦੇਣੀ-ਬਹੁਤ ਹੁਸ਼ਿਆਰ ਹੋਣਾ, ਆਕੜ ਕਾਰਨ ਕਿਸੇ ਦੀ ਪ੍ਰਵਾਹ ਨਾ ਕਰਨੀ, ਪੈਰਾਂ ਤੇ ਪਾਣੀ ਨਾ ਪੈਣ ਦੇਣਾ।
ਨੱਕ ਹੇਠ ਨਾ ਲਿਆਉਣਾ-ਰੱਦ ਕਰ ਦੇਣਾ, ਪਸੰਦ ਨਾ ਕਰਨਾ, ਪ੍ਰਵਾਹ ਨਾ ਕਰਨੀ।
ਨੱਕ ਚਾੜ੍ਹਨਾ-ਨਫ਼ਰਤ ਕਰਨੀ, ਪਸੰਦ ਨਾ ਕਰਨਾ।
ਨੱਕ ਥੱਲ੍ਹੇ ਨਾ ਲਿਆਉਣਾ-ਉੱਕਾ ਹੀ ਪਸੰਦ ਨਾ ਕਰਨਾ।
ਨੱਕ ਦੀ ਸੇਧੇ ਜਾਣਾ-ਸਿੱਧਾ ਤੁਰੀ ਜਾਣਾ, ਆਪਣੇ ਵਡੇਰਿਆਂ ਦੇ ਪੂਰਨਿਆਂ 'ਤੇ ਤੁਰਨਾ।
ਨੱਕ ਨਾਲ ਲੀਕਾਂ ਕੱਢਣੀਆਂ-ਤੋਬਾ ਕਰਨੀ, ਤਰਲੇ ਮਿੰਨਤਾਂ ਕਰਨੀਆਂ, ਹਾੜ੍ਹੇ ਕੱਢਣੇ, ਮੁਆਫ਼ੀ ਮੰਗਣੀ।
ਨੱਕ ਨੱਕ ਪਾਣੀ ਆਉਣਾ-ਦੁੱਖਾਂ ਵਿੱਚ ਉਲਝ ਜਾਣਾ।
ਨੱਕ ’ਚ ਨਕੇਲ ਪਾਉਣੀ-ਵਸ ’ਚ ਕਰਨਾ, ਕਾਬੂ ਕਰਨਾ।
ਨੱਕ ਨਮੂਜ਼ ਰੱਖਣਾ-ਇੱਜ਼ਤ ਦਾ ਖ਼ਿਆਲ ਰੱਖਣਾ, ਧਰਮ ਦੀ ਪਾਲਣਾ ਕਰਨੀ।
ਨੱਕ ਨਾਲ ਲਕੀਰਾਂ ਕਢਾਣਾ-ਤੋਬਾ ਕਰਵਾਉਣੀ, ਕੰਨਾਂ ਨੂੰ ਹੱਥ ਲਾਉਣੇ।
ਨੱਕ ਬੰਦ ਕਰ ਦੇਣਾ-ਕਿਸੇ ਨੂੰ ਜ਼ਬਰਦਸਤੀ ਕਰਨੋਂ ਰੋਕ ਦੇਣਾ।
ਨੱਕ-ਮੂੰਹ ਵੱਟਣਾ-ਪਸੰਦ ਨਾ ਕਰਨਾ, ਬੁਰਾ ਮਨਾਉਣਾ।
ਨੱਕ-ਬੁੱਲ੍ਹ ਮਾਰਨੇ-ਨੁਕਸ ਛਾਂਟਣੇ, ਪਸੰਦ ਨਾ ਕਰਨਾ।
ਨੱਕ ਰੱਖਣਾ-ਭਾਈਚਾਰੇ ਵਿੱਚ ਇੱਜ਼ਤ ਕਾਇਮ ਰੱਖਣੀ, ਨਮੋਸ਼ੀ ਤੋਂ ਬਚਣਾ।
ਨੱਕ ਰਗੜਨਾ-ਮਿੰਨਤਾਂ ਕਰਨੀਆਂ, ਹਾੜ੍ਹੇ ਕੱਢਣੇ।
ਨੱਕ ਵੱਢ ਦੇਣਾ-ਬੇਇੱਜ਼ਤੀ ਕਰਵਾਉਣੀ, ਖੁਨਾਮੀ ਖੱਟਣੀ।
ਨੱਕ ਵਿੱਚੋਂ ਅਠੂੰਹੇ ਡਿੱਗਣੇ-ਨਗੋਝੀ ਹੋਣਾ, ਐਵੇਂ ਨੁਕਸ ਕੱਢੀ ਜਾਣੇ।
ਨੱਕੋ ਨੱਕ ਭਰ ਜਾਣਾ-ਮੂੰਹ ਤੱਕ ਭਰ ਜਾਣਾ, ਹੋਰ ਪਾਣ ਦੀ ਗੁੰਜਾਇਸ਼ ਨਾ ਰਹਿਣੀ।
ਨਗਾਰੇ ਦੀ ਚੋਟ ਨਾਲ ਆਖਣਾ-ਲਲਕਾਰ ਕੇ ਆਖਣਾ, ਠੋਕ ਵਜਾ ਕੇ ਆਖਣਾ।

ਨਜ਼ਰ ਸਵੱਲੀ ਹੋਣਾ-ਚੰਗੇਰੇ ਦਿਨ ਹੋਣੇ।
ਨਜ਼ਰ ਚੁਰਾਉਣਾ-ਨਮੋਸ਼ੀ ਕਾਰਨ ਅੱਖਾਂ ਸਾਹਮਣੇ ਨਾ ਆਉਣਾ, ਅੱਖ ਬਚਾ ਕੇ ਖਿਸਕ ਜਾਣਾ।
ਨਜ਼ਰਾਂ ਬਚਾਉਣਾ-ਟਿਭ ਜਾਣਾ, ਖਿਸਕ ਜਾਣਾ।
ਨਜ਼ਰਾਂ ਬਦਲਣਾ-ਪਿਆਰ ਵਿਸਾਰ ਦੇਣਾ, ਅੱਖਾਂ ਵੱਟਾ ਲੈਣੀਆਂ, ਪਹਿਲਾਂ ਵਰਗਾ ਵਿਵਹਾਰ ਨਾ ਕਰਨਾ।
ਨਜ਼ਰ ਭਰ ਕੇ ਵੇਖਣਾ-ਪੂਰੇ ਧਿਆਨ ਨਾਲ ਵੇਖਣਾ।
ਨਜ਼ਰ ਭੁੱਖੀ ਹੋਣਾ-ਮਨ ਦਾ ਰਜਿਆ ਨਾ ਹੋਣਾ, ਮਾੜੀ ਨੀਤ ਵਾਲ਼ਾ।
ਨਜ਼ਰ ਮਾਰਨਾ-ਵੇਖਣਾ ਚਾਖਣਾ।
ਨਜ਼ਰ ਲਾ ਦੇਣਾ-ਕਿਸੇ ਨੂੰ ਮੰਦੀ ਨਜ਼ਰ ਨਾਲ਼ ਵੇਖਣਾ, ਦੂਜੇ ਦੀ ਖੁਸ਼ੀ ਜਰ ਨਾ ਹੋਣੀ।
ਨਜ਼ਰਾਂ ਗਡਣੀਆਂ-ਲਗਾਤਾਰ ਵੇਖੀ ਜਾਣਾ।
ਨਜ਼ਰ ਰੱਖਣਾ-ਤਾੜ ਰੱਖਣੀ, ਧਿਆਨ ਰੱਖਣਾ, ਨਜ਼ਰਾਂ ਥੱਲੇ ਰੱਖਣਾ।
ਨੱਥ ਲੈਣਾ-ਪਸ਼ੂ ਦੇ ਨੱਕ ਵਿੱਚ ਨੱਥ ਪਾਉਣੀ, ਕਾਬੂ 'ਚ ਰੱਖਣਾ।
ਨਬਜ਼ ਪਛਾਨਣਾ-ਸੁਭਾਅ ਤੋਂ ਜਾਣੂੰ ਹੋ ਜਾਣਾ, ਚਾਲ ਢਾਲ ਸਮਝਣਾ।
ਨਮਦਾ ਕਸਣਾ-ਬਹੁਤ ਤੰਗ ਕਰਨਾ, ਕੁਸਕਣ ਨਾ ਦੇਣਾ।
ਨਰਕ ਭੋਗਣਾ-ਦੁੱਖਾਂ ਭਰਪੂਰ ਜੀਵਨ ਜਿਊਣਾ।
ਨਰਦਾਂ ਪੁੱਠੀਆਂ ਪੈਣੀਆਂ-ਸੋਚ ਦੇ ਉਲਟ ਹੋ ਜਾਣਾ, ਕਿਸਮਤ ਉਲਟ ਹੋ ਜਾਣੀ।
ਨਵਾਂ ਮੁਰਗਾ ਫਸਾਉਣਾ-ਕਿਸੇ ਅਣਜਾਣ ਬੰਦੇ ਨੂੰ ਆਪਣੀਆਂ ਚਾਲਾਂ ’ਚ ਫਸਾ ਲੈਣਾ।
ਨਵਾਂ ਲਹੂ ਰਗਾਂ ਵਿੱਚ ਕੁਦਣਾ-ਲੰਬੀ ਬੀਮਾਰੀ ਮਗਰੋਂ ਤੰਦਰੁਸਤ ਹੋ ਜਾਣਾ।
ਨਾਉਂ ਉੱਜਲ ਕਰਨਾ-ਨਾਂ ਕਮਾਉਣਾ, ਪ੍ਰਸ਼ੰਸਾ ਖੱਟਣੀ।
ਨਾਸਾਂ ਚਾੜ੍ਹਨੀਆਂ-ਨਖ਼ਰੇ ਕਰਨੇ, ਨਫ਼ਰਤ ਕਰਨੀ।
ਨਾਚ ਨਚਾਣਾ-ਆਪਣੀ ਮਰਜ਼ੀ ਅਨੁਸਾਰ ਕੰਮ ਕਰਵਾਉਣਾ, ਆਪਣੇ ਇਸ਼ਾਰੇ ਤੇ ਤੋਰਨਾ।
ਨਾਤਾ ਗੰਢਣਾ-ਰਿਸ਼ਤੇਦਾਰੀ ਪਾਉਣੀ।
ਨਾਨੀ ਚੇਤੇ ਆਉਣੀ-ਬਹੁਤ ਦੁਖੀ ਹੋਣਾ।

ਨਾਮ ਨੂੰ ਵੱਟਾ ਲਾਉਣਾ-ਬਦਨਾਮੀ ਖੱਟਣੀ।
ਨਾਮ ਪੈਦਾ ਕਰਨਾ-ਜਸ ਖੱਟਣਾ।
ਨਾਂ ਕੱਢਣਾ-ਮਸ਼ਹੂਰੀ ਹੋਣੀ ਜਾਂ ਬਦਨਾਮ ਹੋ ਜਾਣਾ।
ਨਾਂ ਨਮੂਜ ਡੋਬ ਦੇਣਾ-ਇੱਜ਼ਤ ਆਬਰੂ ਗੁਆ ਦੇਣੀ।
ਨਾਂ ਨਾ ਲੈਣਾ-ਉੱਕਾ ਹੀ ਨਾਂਹ ਕਰ ਦੇਣੀ।
ਨਾਂ ਪਿੱਛੇ ਮਰਨਾ-ਮਸ਼ਹੂਰੀ ਲਈ ਦੁੱਖ ਝੱਲਣੇ।
ਨਾਂ ਰੌਸ਼ਨ ਹੋਣਾ-ਵਡਿਆਈ ਮਿਲਣੀ, ਪ੍ਰਸਿੱਧੀ ਪ੍ਰਾਪਤ ਕਰਨੀ, ਮਸ਼ਹੂਰ ਹੋ ਜਾਣਾ।
ਨਾਂ ਵਟਾ ਛੱਡਣਾ-ਫਟਕਾਰ ਪਾਉਣੀ।
ਨਿਗਾਹ ਅਸਮਾਨੇ ਚੜ੍ਹਨੀ-ਹੰਕਾਰੀ ਬਣ ਜਾਣਾ।
ਨਿਤ ਨਵਾਂ ਗੁਲ ਖਿੜਾਉਣਾ-ਨਿਤ ਨਵੀਂ ਬਦਨਾਮੀ ਖੱਟਣੀ, ਰੋਜ਼ ਨਵਾਂ ਉਲਾਂਭਾ ਲੈਣਾ।
ਨਿਮਕ ਹਰਾਮ ਹੋਣਾ-ਕਿਸੇ ਦੇ ਕੀਤੇ ਨੂੰ ਭੁਲਾ ਦੇਣਾ।
ਨਿਮੋਝੂਣਾ ਹੋਣਾ-ਹਾਰਨ ਮਗਰੋਂ ਉਦਾਸ ਹੋ ਜਾਣਾ, ਬੇਵਸੀ ਵਿੱਚ ਹੋਣਾ।
ਨੀਅਤ ਵਿੱਚ ਫ਼ਰਕ ਹੋਣਾ-ਬੇਈਮਾਨ ਹੋ ਜਾਣਾ, ਅੰਦਰੋਂ ਧੋਖੇਬਾਜ਼ ਹੋਣਾ।
ਨੀਂਹ ਰੱਖਣਾ-ਸ਼ੁਰੂ ਕਰਨਾ, ਮੁੱਢ ਬੰਨ੍ਹਣਾ, ਇਮਾਰਤ ਦੀ ਉਸਾਰੀ ਲਈ ਪਹਿਲੀ ਇੱਟ ਰੱਖਣੀ।
ਨੀਤ ਭਰਨੀ-ਰੱਜ ਆ ਜਾਣਾ, ਸੰਤੁਸ਼ਟ ਹੋ ਜਾਣਾ।
ਨੀਂਦ ਹਰਾਮ ਹੋਣਾ-ਚਿੰਤਾ ਕਾਰਨ ਨੀਂਦ ਉਡ ਜਾਣੀ।
ਨੁੱਕਰ ਵਿੱਚ ਮੂੰਹ ਦੇ ਕੇ ਰੋਣਾ-ਕੱਲਿਆਂ ਦੁੱਖ ਝੱਲਣਾ, ਆਪਣਾ ਦੁੱਖ ਲੁਕ ਕੇ ਰੋਣਾ।
ਨੇਰ੍ਹੀ ਵਗਾ ਦੇਣੀ-ਬਹੁਤ ਰੌਲਾ ਰੱਪਾ ਪਾਉਣਾ, ਅਵਾਜ਼ ਉਠਾਉਣੀ।
ਨੈਤਰ ਭਰ ਆਉਣੇ-ਦੁੱਖ ਜਾਂ ਵਿਛੋੜੇ ਕਾਰਨ ਅੱਖਾਂ ਵਿੱਚ ਹੰਝੂ ਆ ਜਾਣੇ।
ਨੇਪਰੇ ਚਾੜ੍ਹਨਾ-ਕੰਮ ਮੁਕਾ ਦੇਣਾ, ਕੰਮ ਵਿੱਚ ਸਫ਼ਲਤਾ ਮਿਲਣੀ।
ਨੇੜੇ ਨਾ ਆਉਣਾ-ਉੱਕਾ ਹੀ ਪਰਵਾਹ ਨਾ ਕਰਨੀ।
ਨੂੰਹ ਧੀ ਨਾਲ਼ੋਂ ਘੱਟ ਨਾ ਹੋਣਾ-ਕਿਸੇ ਨਾਲੋਂ ਵੀ ਮਾੜੇ ਨਾ ਹੋਣਾ।
ਨੌਂ ਨਿਧਾਂ ਤੇ ਬਾਰਾਂ ਸਿਧਾਂ ਹੋਣੀਆਂ-ਹਰ ਪਾਸੇ ਸਫਲਤਾ ਮਿਲਣੀ, ਸੁਖੀ ਤੇ ਖ਼ੁਸ਼ਹਾਲ ਹੋਣਾ।

ਨੌ ਬਰ ਨੌ ਹੋਣਾ-ਤੰਦਰੁਸਤ ਹੋਣਾ, ਬੀਮਾਰੀ ਤੋਂ ਰਹਿਤ ਹੋਣਾ।
ਨੌਕਰੀ ਵਜਾਉਣਾ-ਆਪਣਾ ਫ਼ਰਜ਼ ਪੂਰਾ ਕਰਨਾ।
ਨੰਗ ਹੋਣਾ-ਗਰੀਬ ਹੋਣਾ, ਬੇਸ਼ਰਮ ਹੋਣਾ।
ਨੰਗੇ ਧੜ ਚੜ੍ਹਨਾ-ਇਕੱਠੇ ਔਖ ਸੌਖ ਸਹਿ ਕੇ ਜ਼ਿੰਦਗੀ ਕਟਣੀ।
ਨੰਨਾ ਫੜਨਾ-ਨਾਂਹ ਕਰੀ ਜਾਣੀ, ਉੱਕਾ ਹੀ ਨਾ ਮੰਨਣਾ।
ਨੰਨੇ ਦੀ ਪੱਟੀ-ਹਰ ਵਕਤ ਨਾਂਹ-ਨਾਂਹ ਕਰੀ ਜਾਣਾ।


ਪਸੀਨਾ ਪਸੀਨਾ ਹੋਣਾ-ਜ਼ੋਰ ਲਾ ਕੇ ਕੰਮ ਕਰਨਾ, ਘਬਰਾ ਜਾਣਾ।
ਪਸੀਨੇ ਦੀ ਥਾਂ ਲਹੂ ਡੋਲ੍ਹਣਾ-ਵਿੱਤੋਂ ਬਾਹਰੀ ਕੁਰਬਾਨੀ ਦੇਣੀ, ਸਮਰੱਥਾ ਤੋਂ ਬਾਹਰਾ ਕੰਮ ਕਰਨਾ।
ਪਹਾੜ ਨਾਲ਼ ਟੱਕਰ ਲੈਣਾ-ਤਕੜੇ ਮਨੁੱਖ ਨਾਲ਼ ਆਹਡਾ ਲਾਉਣਾ, ਸ਼ਕਤੀਸ਼ਾਲੀ ਵਿਅਕਤੀ ਨਾਲ਼ ਟੱਕਰ ਲੈਣੀ।
ਪੱਕੀ ਕਰਨਾ-ਵਾਰ ਵਾਰ ਚਿਤਾਵਨੀ ਦੇਣੀ।
ਪੱਕੀ ਗੱਲ ਕਰਨੀ-ਸਿਆਣੀ ਤੇ ਇਕਰਾਰ ਭਰਪੂਰ ਗੱਲ ਕਰਨੀ।
ਪੱਕੇ ਪੈਰਾਂ ਤੇ ਖੜੋਣਾ-ਕੰਮਕਾਰ ਦਾ ਪੱਕੇ ਤੌਰ 'ਤੇ ਚੱਲ ਪੈਣਾ, ਪੂਰਾ ਨਿਰਵਾਹ ਹੋਣਾ।
ਪੱਕੇ ਭਾਂਡੇ ਪੈਣਾ-ਖਾਧਾ ਜਾਣਾ, ਢਿੱਡ ਵਿੱਚ ਪੈਣਾ। ਪਖੰਡ ਖੜ੍ਹਾ ਕਰਨਾ-ਬਹਾਨੇ ਘੜਨੇ।
ਪੱਗ ਉਤਾਰਨਾ-ਬੇਇੱਜ਼ਤੀ ਕਰਨੀ।
ਪੱਗ ਨੂੰ ਹੱਥ ਪਾਉਣਾ-ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕਰਨੀ।
ਪੱਗ ਬੰਨ੍ਹਣਾ-ਬਾਪ ਦੀ ਮੌਤ ਮਗਰੋਂ ਪੁੱਤਰ ਦੇ ਸਿਰ ਜ਼ਿੰਮੇਂਵਾਰੀ ਦੀ ਪਗੜੀ ਬੰਨ੍ਹਣੀ।
ਪੱਗ ਵਟਾਉਣੀ-ਪੱਗ-ਵਟ ਭਰਾ ਬਣਨਾ।
ਪੱਗ ਲਾਹ ਲੈਣੀ-ਬੇਇੱਜ਼ਤੀ ਕਰਨਾ।
ਪਚਾਨਵੇਂ ਦਾ ਘਾਟਾ ਹੋਣਾ-ਨਿਰਾ ਘਾਟਾ ਹੋਣਾ।
ਪੱਛੀ ਲਾਉਣਾ-ਮੁੱਕਦੀ ਲੜਾਈ ਨੂੰ ਮਘਾ ਦੇਣਾ।
ਪੱਛਾਂ ਤੇ ਲੂਣ ਛਿੜਕਣਾ-ਦੁਖੀ ਨੂੰ ਹੋਰ ਸਤਾਉਣਾ।

ਪੱਜ ਪਾਉਣਾ-ਬਹਾਨੇ ਘੜਨੇ, ਪਖੰਡ ਕਰਨਾ।
ਪੱਟ ਦੇ ਪੰਘੂੜੇ ਝੂਟਣਾ-ਮੌਜ ਮਸਤੀ ਕਰਨੀ, ਐਸ਼ ਉਡਾਉਣੀ।
ਪਟਾਖ ਪਟਾਖ ਜਵਾਬ ਦੇਣਾ-ਤੁਰਤ ਹੀ ਉੱਤਰ ਮੋੜ ਦੇਣਾ।
ਪੱਟੀ ਪੜ੍ਹਾਉਣਾ-ਉਲਟੀ ਸਿੱਖਿਆ ਦੇਣੀ, ਸਲਾਹ ਦੇਣੀ।
ਪਤ ਪਤ ਚੂੰਢਣਾ-ਹਰ ਥਾਂ ਜਾ ਕੇ ਲੱਭਣਾ।
ਪਤਰਾ ਵਾਚ ਜਾਣਾ-ਨੱਸ ਜਾਣਾ, ਭੱਜ ਜਾਣਾ।
ਪੱਥਰ ਹੋਣਾ-ਕਿਸੇ ਗੱਲ ਦਾ ਅਸਰ ਮਹਿਸੂਸ ਨਾ ਕਰਨਾ, ਅਭਿੱਜ ਹੋ ਜਾਣਾ।
ਪੱਥਰ ਚੱਟ ਕੇ ਮੁੜਨਾ-ਕਿਸੇ ਗੱਲ ਦਾ ਅੰਤਵਾਰਾ ਲੈ ਕੇ ਮੁੜਨਾ, ਠੋਕਰਾਂ ਖਾ ਕੇ ਸੁਧਰਨਾ।
ਪੱਥਰ 'ਚੋਂ ਪਾਣੀ ਕੱਢਣਾ-ਅਣਹੋਣੀ ਗੱਲ ਕਰ ਵਿਖਾਉਣੀ, ਅਨੋਖਾ ਕਾਰਨਾਮਾ ਕਰਨਾ।
ਪੱਥਰ ਜਿਹਾ ਜੇਰਾ ਕਰਨਾ-ਦਿਲ ਮਜਬੂਤ ਕਰਨਾ।
ਪੱਥਰਾਂ ਨੂੰ ਰੁਆ ਦੇਣਾ-ਸਖ਼ਤ ਦਿਲਾਂ ਨੂੰ ਨਰਮ ਬਣਾ ਦੇਣਾ।
ਪੱਬਾਂ ਭਾਰ ਨੱਸਣਾ-ਤੇਜ਼ ਤੇਜ਼ ਦੌੜਨਾ, ਕੋਈ ਕੰਮ ਕਾਹਲੀ 'ਚ ਕਰਨਾ।
ਪਰ ਝਾੜਨੇ-ਕਿਸੇ ਦੀ ਆਕੜ ਭੰਨ ਦੇਣੀ।
ਪਰ ਨਾ ਫੜਕਣਾ-ਜ਼ਰਾ ਭਰ ਵੀ ਹਿਲ ਜੁਲ ਨਾ ਹੋਣੀ।
ਪਰ ਮਾਰਨਾ-ਹਿੰਮਤ ਕਰਨੀ, ਕਿਸੇ ਅਧੂਰੇ ਕੰਮ ਨੂੰ ਨੇਪਰੇ ਚਾੜ੍ਹਨ ਲਈ ਪੂਰੀ ਟਿਲ ਲਾਉਣੀ।
ਪਰ ਲੱਗਣਾ-ਹੋਸ਼ ਆਉਣੀ, ਆਪਣੇ ਆਪ ਜੋਗਾ ਹੋ ਜਾਣਾ।
ਪਰਛਾਵੇਂ ਤੋਂ ਡਰਨਾ-ਦੂਰ ਦੂਰ ਰਹਿਣਾ, ਨੇੜੇ ਨਾ ਢੁੱਕਣ ਦੇਣਾ।
ਪਰਛਾਵੇਂ ਤੋਂ ਬਚਾਉਣਾ-ਅਸਰ ਪੈਣੋਂ ਰੋਕਣਾ।
ਪਰਨਾਲਾ ਓਥੇ ਹੀ ਰਹਿਣਾ-ਆਪਣੀ ਜ਼ਿਦ ਪੁਗਾਉਣੀ।
ਪਰਬਤ ਚੀਰ ਸੁੱਟਣਾ-ਔਖੇ ਤੋਂ ਔਖੇ ਕੰਮ ਕਰ ਵਿਖਾਉਣਾ।
ਪਰਲੋ ਆਉਣੀ-ਮੁਸੀਬਤ ਆ ਪੈਣੀ, ਸੰਸਾਰ ਦਾ ਅੰਤਮ ਸਮਾਂ ਆ ਜਾਣਾ।
ਪ੍ਰਾਣ ਦੇਣਾ-ਮਰ ਜਾਣਾ, ਸੁਰਗਵਾਸ ਹੋ ਜਾਣਾ।
ਪਲ ਪਲ ਗਿਣ ਕੇ ਕੱਟਣਾ-ਉਡੀਕ ਅਤੇ ਦੁੱਖ ਦੇ ਪਲਾਂ ਨੂੰ ਬੜੀ ਮੁਸ਼ਕਿਲ ਨਾਲ ਬਤੀਤ ਕਰਨਾ।
ਪਲਕਾਂ ਨਾ ਲਾਉਣਾ-ਨੀਂਦ ਉੱਡ ਜਾਣੀ, ਸਾਰੀ ਰਾਤ ਜਾਗਦਿਆਂ ਲੰਘਾਉਣੀ।

ਪੱਲਾ ਗਲ਼ ਵਿੱਚ ਪਾਉਣਾ-ਅਰਜੋਈ ਕਰਨੀ।
ਪੱਲਾ ਛੁਡਾਉਣਾ-ਛੁਟਕਾਰਾ ਪਾ ਲੈਣਾ, ਖਲਾਸੀ ਕਰਾਉਣੀ।
ਪੱਲਾ ਝਾੜਨਾ-ਸਭ ਕੁਝ ਗੁਆ ਦੇਣਾ, ਬੁਰੀ ਤਰ੍ਹਾਂ ਹਾਰ ਜਾਣਾ।
ਪੱਲਾ ਨੀਵਾਂ ਕਰਨਾ-ਘੁੰਡ ਕੱਢਣਾ, ਪਰਦਾ ਕਰਨਾ।
ਪੱਲਾ ਫੜਨਾ-ਲੜ ਫੜਨਾ, ਆਸਰਾ ਲੈਣਾ, ਲੜ ਲੱਗਣਾ।
ਪਲਾਹ-ਸੋਟਾ ਮਾਰਨਾ-ਬਿਨਾਂ ਸੋਚੇ ਸਮਝੇ ਕੋਈ ਗੱਲ ਮੂੰਹੋਂ ਕੱਢ ਦੇਣੀ।
ਪੱਲੇ ਕੁਝ ਨਾ ਪੈਣਾ-ਗੱਲ ਦੀ ਸਮਝ ਨਾ ਆਉਣੀ।
ਪੱਲੇ ਬੰਨ੍ਹ ਲੈਣਾ-ਕੋਈ ਗੱਲ ਪੂਰੀ ਤਰ੍ਹਾਂ ਸਮਝ ਕੇ ਆਪਣੇ ਮਨ ਵਿੱਚ ਬਿਠਾ ਲੈਣੀ।
ਪੜਛੇ ਲਾਹੁਣੇ-ਬੇਕਿਰਕੀ ਨਾਲ਼ ਮਾਰਨਾ।
ਪਰਦੇ ਢੱਕਣੇ-ਕਿਸੇ ਦੀਆਂ ਬੁਰਾਈਆਂ ਨੂੰ ਲੁਕੋ ਲੈਣਾ।
ਪਰਦਾ ਫਾਸ਼ ਕਰਨਾ-ਭੇਦ ਵਾਲ਼ੀ ਗੱਲ ਦੱਸ ਦੇਣੀ।
ਪਰਦਾ ਰੱਖਣਾ-ਭੇਤ ਲੁਕੋ ਲੈਣਾ।
ਪਾ ਪਾਸਿਕ ਨਾ ਹੋਣਾ-ਜ਼ਰਾ ਭਰ ਵੀ ਮੁਕਾਬਲੇ ਦਾ ਨਾ ਹੋਣਾ, ਬਰਾਬਰਤਾ ਨਾ ਹੋਣੀ।
ਪਾਸਾ ਪਰਤਣਾ-ਚੰਗੇ ਦਿਨ ਆ ਜਾਣੇ।
ਪਾਸਾ ਪੈਣਾ-ਚੰਗੀ ਕਿਸਮਤ ਹੋਣੀ।
ਪਾਜ ਖੁੱਲ੍ਹ ਜਾਣਾ-ਭੇਤ ਨਸ਼ਰ ਹੋ ਜਾਣਾ, ਗੁੱਝੀ ਗੱਲ ਦਾ ਪਤਾ ਲੱਗ ਜਾਣਾ।
ਪਾਣੀ ਸਿਰੋਂ ਲੰਘਣਾ-ਮੁਆਮਲਾ ਹੱਦੋਂ ਟੱਪ ਜਾਣਾ, ਬਰਦਾਸ਼ਤ ਤੋਂ ਬਾਹਰੀ ਗੱਲ ਹੋ ਜਾਣੀ।
ਪਾਣੀ ਗਲ ਗਲ ਤੱਕ ਆਉਣਾ-ਕਿਸੇ ਗੱਲ ਦੀ ਅਤਿ ਹੋ ਜਾਣੀ, ਚਿੰਤਾ ਅਸਿਹ ਹੋ ਜਾਣੀ, ਦੁੱਖਾਂ ਨੇ ਬੁਰੀ ਤਰ੍ਹਾਂ ਘੇਰ ਲੈਣਾ।
ਪਾਣੀ ਨਾ ਚੜ੍ਹਨਾ-ਕਿਸੇ ਦਾ ਵੀ ਅਸਰ ਨਾ ਹੋਣਾ, ਆਪਣੀ ਗੱਲ ਨਾ ਮਨਾਈ ਜਾ ਸਕਣੀ।
ਪਾਣੀ ਪਾਣੀ ਹੋਣਾ-ਸ਼ਰਮਿੰਦਾ ਹੋ ਜਾਣਾ, ਸ਼ਰਮਸਾਰ ਹੋ ਜਾਣਾ।
ਪਾਣੀ ਪੀ ਪੀ ਕੋਸਣਾ-ਫਟਕਾਰ ਪਾਉਣੀ, ਲਾਅਨਤਾਂ ਪਾਉਣੀਆਂ।
ਪਾਣੀ ਫਿਰਨਾ-ਨਿਰਾਸ਼ ਹੋ ਜਾਣਾ, ਬਰਬਾਦ ਹੋ ਜਾਣਾ, ਸਰੀਰਕ ਤੌਰ ’ਤੇ ਤਕੜਾ ਹੋ ਜਾਣਾ।

ਪਾਣੀ ਬਦਲਣਾ-ਸਿਹਤ ਦੀ ਬਿਹਤਰੀ ਲਈ ਕਿਸੇ ਹੋਰ ਜਗ੍ਹਾ 'ਤੇ ਜਾ ਵਸਣਾ ਜਾਂ ਜਾ ਰਹਿਣਾ।
ਪਾਣੀ ਭਰਨਾ-ਦੂਜੇ ਦੀ ਸੇਵਾ ਕਰਨੀ, ਸ਼ਾਨੀ ਭਰਨੀ।
ਪਾਣੀ ਰਿੜਕਣਾ-ਬੇਅਰਥ ਮਿਹਨਤ ਕਰਨਾ, ਕੋਈ ਲਾਭ ਪ੍ਰਾਪਤ ਨਾ ਹੋਣਾ।
ਪਾਣੀ ਵਾਰ ਕੇ ਪੀਣਾ-ਸ਼ਗਨ ਮਨਾਉਣੇ।
ਪਾਣੀਓਂ ਪਤਲੇ ਕਰਨਾ-ਬੇਇੱਜ਼ਤੀ ਕਰਨੀ।
ਪਾਧਾ ਨਾ ਪੁੱਛਣਾ-ਬਿਨਾਂ ਸ਼ਗਨ ਅਪਸ਼ਗਨ ਵਿਚਾਰੇ ਕੰਮ ਸ਼ੁਰੂ ਕਰ ਦੇਣਾ।
ਪਾਪੜ ਵੇਲਣਾ-ਕਈ ਪ੍ਰਕਾਰ ਦੇ ਕੰਮ ਕਰਨੇ, ਉਪਜੀਵਕਾ ਲਈ ਯਤਨਸ਼ੀਲ ਰਹਿਣਾ, ਵਾਹ ਲਾਉਣਾ, ਚਲਾਕੀਆਂ ਕਰਨੀਆਂ।
ਪਾਰਾ ਚੜ੍ਹਨਾ-ਬਹੁਤ ਗੁੱਸੇ ਵਿੱਚ ਆ ਜਾਣਾ।
ਪਾੜ ਨਾ ਸਕਣਾ-ਵਿੱਥਾਂ ਨਾ ਪਾ ਸਕਣਾ, ਅੱਡ ਨਾ ਕਰ ਸਕਣਾ।
ਪਿਆਲਾ ਛਲਕ ਪੈਣਾ-ਆਪੇ ਤੋਂ ਬਾਹਰ ਹੋ ਜਾਣਾ, ਆਪਣੇ ਆਪ ਨੂੰ ਕਾਬੂ ਨਾ ਰੱਖ ਸਕਣਾ।
ਪਿੱਸੂ ਪਾ ਦੇਣਾ-ਫ਼ਿਕਰ ਪਾ ਦੇਣਾ, ਚਿੰਤਾ ਸਹੇੜ ਦੇਣੀ।
ਪਿਛਲੇ ਪੈਰੀਂ ਆਉਣਾ-ਬਹੁਤ ਛੇਤੀ ਆ ਜਾਣਾ।
ਪਿੱਛਾ ਛੱਡਣਾ-ਖਹਿੜਾ ਛੱਡ ਦੇਣਾ।
ਪਿੱਛਾ ਦੇਣਾ-ਸਾਥ ਛੱਡ ਦੇਣਾ, ਮਿੱਤਰ ਥ੍ਰੋਹ ਕਮਾਉਣਾ।
ਪਿਛਾਂਹ ਹਟਣਾ-ਸਾਂਝ-ਭਿਆਲੀ ਘਟਾ ਦੇਣੀ।
ਪਿੱਛੇ ਪਾਉਣਾ-ਬੱਚਤ ਕਰਨੀ, ਕੁਝ ਨਾ ਕੁਝ ਬਚਾਅ ਕੇ ਰੱਖਣਾ।
ਪਿੱਛੇ ਪੈ ਜਾਣਾ-ਕੋਈ ਕੰਮ ਕਰਵਾਉਣ ਲਈ ਮਗਰ ਲੱਗੇ ਰਹਿਣਾ, ਖਹਿੜੇ ਪੈਣਾ।
ਪਿੱਟਣਾ ਮੁਕਣਾ-ਰੋਜ਼-ਰੋਜ਼ ਦਾ ਕਲੇਸ਼ ਮੁੱਕ ਜਾਣਾ, ਝਗੜਾ ਖ਼ਤਮ ਹੋ ਜਾਣਾ।
ਪਿੱਠ ਠੋਕਣਾ-ਅੰਦਰੋਗਤੀ ਹੱਲਾ ਸ਼ੇਰੀ ਦੇਣੀ, ਮੱਦਦ ਕਰਨੀ, ਸ਼ਹਿ ਦੇਣਾ।
ਪਿੱਠ ਤੇ ਹੋਣਾ-ਮਦਦਗਾਰ ਹੋਣਾ, ਸਹਾਇਤਾ ਕਰਨ ਵਾਲ਼ਾ ਹੋਣਾ।
ਪਿੱਠ ਦੇਣਾ-ਹਿੰਮਤ ਹਾਰ ਜਾਣੀ, ਧੋਖਾ ਦੇ ਦੇਣਾ, ਮੂੰਹ ਭੁਆ ਲੈਣਾ।
ਪਿੱਠ ਪਿੱਛੇ ਰਹਿਣਾ-ਚੁਗ਼ਲੀਆਂ ਕਰਨੀਆਂ, ਚੋਰੀ ਚੋਰੀ ਨਿੰਦਿਆ ਕਰਨੀ।
ਪਿੱਠ ਮੋੜਨਾ-ਸਾਥ ਛੱਡ ਦੇਣਾ।

ਪਿੱਠ ਲੱਗਣਾ-ਢਹਿ ਜਾਣਾ, ਹਾਰ ਜਾਣਾ।
ਪਿੜ ਪੱਲੇ ਕੁਝ ਨਾ ਹੋਣਾ-ਬੇਸਮਝ ਹੋਣਾ।
ਪੀ ਜਾਣਾ-ਸਹਿ ਜਾਣਾ, ਸਹਾਰ ਜਾਣਾ, ਗੁੱਸਾ ਮਾਰ ਲੈਣਾ।
ਪੀਰ ਹੋ ਕੇ ਟੱਕਰਨਾ-ਉਸਤਾਦ ਹੋ ਕੇ ਟੱਕਰਨਾ, ਨਹਿਲੇ ਤੇ ਦਹਿਲਾ ਮਾਰਨਾ।
ਪੁਆੜਾ ਪਾਉਣਾ-ਲੜਾਈ ਝਗੜਾ ਕਰਨਾ, ਮੁਸੀਬਤ ਖੜ੍ਹੀ ਕਰ ਦੇਣੀ।
ਪੁੱਠਾ ਕਰਕੇ ਟੰਗਣਾ-ਕਰੜੀ ਸਜ਼ਾ ਦੇਣੀ।
ਪੁੱਠੀ ਖਲ ਲਾਹੁਣੀ-ਅਸਹਿ ਤਸੀਹੇ ਦੇਣੇ।
ਪੁੱਠੀਆਂ ਛਾਲ਼ਾਂ ਮਾਰਨੀਆਂ-ਬਹੁਤ ਖ਼ੁਸ਼ ਹੋਣਾ।
ਪੁਣ ਛਾਣ ਕਰਨਾ-ਘੋਖ ਕਰਨੀ, ਪੜਤਾਲ ਕਰਨੀ।
ਪੁੱਤਰ ਦੇਣਾ-ਝੂਠੇ ਇਕਰਾਰ ਕਰੀ ਜਾਣੇ, ਪਰ ਕੋਈ ਇਕਰਾਰ ਪੂਰਾ ਨਾ ਕਰਨਾ।
ਪੁਰਾਣੇ ਫੋਲਣੇ ਫੋਲਣਾ-ਭੁੱਲੀਆਂ ਵਿਸਰੀਆਂ ਦੁੱਖਦਾਈ ਗੱਲਾਂ ਚੇਤੇ ਕਰਨੀਆਂ।
ਪੁੜਪੁੜੀਆਂ ਗਰਮ ਹੋਣਾ-ਡੂੰਘੀ ਤੇ ਲੰਬੀ ਸੋਚ ਵਿਚਾਰ ਕਰਨੀ।
ਪੂਰਾ ਉਤਰਨਾ-ਆਪਣਾ ਵਾਅਦਾ ਪੂਰਾ ਕਰਨਾ, ਦੂਜੇ ਦੀ ਤਸੱਲੀ ਕਰਵਾ ਦੇਣੀ।
ਪੂਰੀਆਂ ਪਾਉਣਾ-ਕੋਈ ਵੀ ਕੰਮ ਸਿਰੇ ਨਾ ਚਾੜ੍ਹਨਾ, ਨਿਕੰਮਾ ਹੋਣਾ।
ਪੇਸ਼ ਨਾ ਜਾਣੀ-ਇੱਛਾ ਪੂਰੀ ਨਾ ਹੋਣੀ, ਦਾਲ਼ ਨਾ ਗਲ਼ਣੀ, ਸਾਰੇ ਯਤਨ ਫੇਲ੍ਹ ਹੋ ਜਾਣੇ।
ਪੇਸ਼ ਪੈ ਜਾਣਾ-ਨਿੱਕੀ ਨਿੱਕੀ ਗੱਲ ’ਤੇ ਘੂਰਨਾ, ਨੁਕਸ ਛਾਂਟਣੇ, ਦੁਖੀ ਕਰਨਾ, ਪਿੱਛੇ ਲੱਗ ਜਾਣਾ।
ਪੈਸਾ ਗੁਰ ਪੀਰ ਹੋਣਾ-ਪੈਸੇ ਖ਼ਾਤਰ ਹਰ ਤਰ੍ਹਾਂ ਦੀ ਗੁਲਾਮੀ ਕਰਨੀ।
ਪੈਂਤੜਾ ਬਦਲਣਾ-ਆਪਣੀ ਥਾਂ ਬਦਲ ਲੈਣਾ, ਨਵੀਂ ਚਾਲ ਚਲਣੀ, ਚਲਾਕੀ ਵਾਲੀ ਨਵੀਂ ਖੇਡ ਖੇਡਣੀ
ਪੈਰ ਉਖੜਨੇ-ਟਿਕ ਨਾ ਸਕਣਾ, ਸਫਲਤਾ ਪ੍ਰਾਪਤ ਨਾ ਹੋਣੀ, ਹਾਰ ਕੇ ਦੌੜ ਜਾਣਾ।
ਪੈਰ ਅੜਾਉਣਾ-ਦਖ਼ਲ ਅੰਦਾਜ਼ੀ ਕਰਨੀ, ਨਵੇਂ ਕਾਰੋਬਾਰ ਦੀ ਸ਼ੁਰੂਆਤ ਕਰਨੀ, ਨਿੱਕਾ ਮੋਟਾ ਕੰਮ ਕਰਨਾ।
ਪੈਰ ਚੁੰਮਣਾ-ਆਦਰ ਸਤਿਕਾਰ ਕਰਨਾ, ਖ਼ੁਸ਼ਾਮਦ ਕਰਨੀ, ਨਿਮਰਤਾ ਨਾਲ ਗੱਲ ਕਰਨੀ।

ਪੈਰ ਟਿਕਣੇ-ਕੰਮ ਕਾਰ ਵਿੱਚ ਸਥਿਰਤਾ ਆ ਜਾਣੀ, ਕੰਮ ਚੱਲ ਪੈਣਾ, ਮੁਕਾਬਲੇ ਵਿੱਚ ਖੜੋ ਜਾਣਾ।
ਪੈਰ ਧਰਤੀ ’ਤੇ ਨਾ ਲੱਗਣੇ-ਖੁਸ਼ੀਆਂ ਵਿੱਚ ਉੱਡਦੇ ਫਿਰਨਾ, ਬਹੁਤ ਖੁਸ਼ੀ ਹੋਣੀ।
ਪੈਰ ਧੋ ਧੋ ਕੇ ਪੀਣਾ-ਆਦਰ ਸਤਿਕਾਰ ਕਰਨਾ।
ਪੈਰ ਪਸਾਰਨਾ-ਕਬਜ਼ਾ ਕਰਨ ਦਾ ਯਤਨ ਕਰਨਾ, ਬਹੁਤੀ ਥਾਂ ਮੱਲਣੀ।
ਪੈਰ ਫੂਕ ਫੂਕ ਕੇ ਧਰਨਾ-ਬਹੁਤ ਹੀ ਸੁਚੇਤ ਹੋ ਕੇ ਕੋਈ ਕੰਮ ਕਰਨਾ।
ਪੈਰ ਭਾਰੇ ਹੋਣਾ-ਇਸਤਰੀ ਦਾ ਗਰਭਵਤੀ ਹੋ ਜਾਣਾ।
ਪੈਰਾਂ ਹੇਠ ਹੱਥ ਰੱਖਣੇ-ਬਹੁਤ ਹੀ ਇੱਜ਼ਤ ਮਾਣ ਕਰਨਾ, ਹੱਥੀਂ ਛਾਵਾਂ ਕਰਨੀਆਂ।
ਪੈਰਾਂ ਹੇਠੋਂ ਧਰਤੀ ਖਿਸਕ ਜਾਣਾ-ਕੋਈ ਮਾੜੀ ਖ਼ਬਰ ਸੁਣ ਕੇ ਘਬਰਾ ਜਾਣਾ, ਹੋਸ਼ ਉੱਡ ਜਾਣੇ।
ਪੈਰਾਂ ਥੱਲੇ ਤਲ਼ੀਆਂ ਰੱਖਣਾ-ਬਹੁਤ ਇੱਜ਼ਤ ਕਰਨੀ।
ਪੈਰਾਂ 'ਤੇ ਪਾਣੀ ਨਾ ਪੈਣ ਦੇਣਾ-ਆਪਣਾ ਕਸੂਰ ਨਾ ਮੰਨਣਾ, ਕਸੂਰਵਾਰ ਹੁੰਦੇ ਹੋਏ ਵੀ ਕਸੂਰ ਨਾ ਮੰਨਣਾ।
ਪੈਰਾਂ ਤੋਂ ਮਹਿੰਦੀ ਲਾਹੁਣੀ-ਨਖਰੇ ਕਰਨੇ, ਆਕੜ ਵਿਖਾਉਣੀ।
ਪੈਰੋਂ ਕੱਢ ਦੇਣਾ-ਗੱਲਾਂ ਬਾਤਾਂ ’ਚ ਕਸੂਰ ਮੰਨਵਾ ਲੈਣਾ, ਆਕੜ ਕੱਢ ਦੇਣੀ, ਹਰਾ ਦੇਣਾ।
ਪੋਟਾ ਪੋਟਾ ਦੁਖੀ ਹੋਣਾ-ਬਹੁਤ ਦੁਖੀ ਹੋਣਾ, ਇਕ ਪਲ ਲਈ ਵੀ ਸੁੱਖ ਦਾ ਸਾਹ ਨਾ ਆਉਣਾ।
ਪੋਟੇ ਭੰਨ ਭੰਨ ਪਾਲਣਾ-ਬਹੁਤ ਔਖਿਆਈ ਨਾਲ਼ ਪਾਲਣਾ ਕਰਨੀ, ਜਫਰ ਜਾਲ਼ ਕੇ ਪਾਲਣਾ।
ਪੋਲ ਖੁੱਲ੍ਹ ਜਾਣਾ-ਅਸਲੀਅਤ ਜ਼ਾਹਰ ਹੋ ਜਾਣੀ, ਭੇਤ ਦਾ ਪਤਾ ਲੱਗ ਜਾਣਾ।
ਪੌਂ ਬਾਰਾਂ ਹੋਣੀਆਂ-ਮੌਜਾਂ ਲੱਗ ਜਾਣੀਆਂ।
ਪੰਜ ਪਕਾਣਾ ਦਸ ਖਾਣਾ-ਆਪਣੇ ਆਪ ਹੀ ਨਬੇੜਾ ਕਰਨਾ, ਮਨਮਰਜ਼ੀ ਕਰਨੀ।
ਪੰਜੇ ਐਬ ਸ਼ਰੱਈ ਹੋਣਾ-ਛਟਿਆ ਹੋਇਆ ਬਦਮਾਸ਼ ਜੋ ਹਰ ਪ੍ਰਕਾਰ ਦਾ ਐਬੀ ਹੋਵੇ।
ਪੰਜੇ ਵਿੱਚੋਂ ਕੱਢਣਾ-ਦੁੱਖਾਂ ਤਕਲੀਫ਼ਾਂ ਤੋਂ ਨਜ਼ਾਤ ਦਿਵਾਉਣੀ।
ਪੰਡ ਚੁੱਕਣਾ-ਜੁੰਮੇਵਾਰੀ ਓਟਣੀ।

ਫ

ਫਸਤਾ ਵੱਢਣਾ-ਪੂਰੀ ਤਰ੍ਹਾਂ ਤਿਆਗ ਦੇਣਾ, ਮੁਕਾ ਦੇਣਾ, ਖ਼ਤਮ ਕਰ ਦੇਣ।
ਫਹੁ ਮਾਰਨਾ-ਜਭਲੀਆਂ ਮਾਰਨੀਆਂ, ਯਕੜ ਮਾਰਨੇ।
ਫੱਕੜ ਤੋਲਣਾ-ਝੂਠ ਬੋਲਣਾ, ਮੰਦੀਆਂ ਗਾਲ੍ਹਾਂ ਕੱਢਣੀਆਂ।
ਫੱਕਾ ਨਾ ਰਹਿਣਾ-ਬੁਰੀ ਤਰ੍ਹਾਂ ਨਸ਼ਟ ਹੋ ਜਾਣਾ।
ਫੱਟ ਸਿਊਣਾ-ਜ਼ਖ਼ਮਾਂ ’ਤੇ ਮੱਰ੍ਹਮ ਲਾਉਣੀ, ਦੁੱਖ ਭੁੱਲ ਜਾਣੇ, ਸ਼ੋਰ ਸ਼ਰਾਬਾ ਨਾ ਰਹਿਣਾ।
ਫਟ ਹਰੇ ਹੋ ਜਾਣੇ-ਮੰਦੀ ਖ਼ਬਰ ਸੁਣ ਕੇ ਪੁਰਾਣੇ ਦੁੱਖਾਂ ਦੀ ਯਾਦ ਤਾਜ਼ਾ ਹੋ ਜਾਣੀ।
ਫਟਕੜੀ ਫੁੱਲ ਕਰਨਾ-ਬਹੁਤ ਦੁੱਖ ਦੇਣਾ।
ਫੜਾ ਸੋਟਾ ਮਾਰਨਾ-ਬਿਨਾਂ ਸੋਚੇ ਮੂੰਹੋਂ ਗੱਲ ਕੱਢਣੀ।
ਫਾਵੇ ਹੋਣਾ-ਥੱਕ ਹਾਰ ਕੇ ਗਲ਼ਾ ਬੈਠ ਜਾਣਾ।
ਫਿਸ ਪੈਣਾ-ਕੋਈ ਦੁਰਘਟਨਾ ਵੇਖ ਕੇ ਜਾਂ ਦੁੱਖ ਸੁਣ ਕੇ ਰੋਣ ਲੱਗ ਜਾਣਾ।
ਫਿੱਕਾ ਪੈਣਾ-ਬੇਰਲੀ ਪੈਦਾ ਕਰਨੀ, ਬਦਮਗਜ਼ੀ ਪੈਦਾ ਹੋ ਜਾਣੀ, ਮੂੰਹੋਂ ਲਹਿ ਜਾਣਾ, ਸ਼ੋਖੀ ਤੇ ਸੁਆਦ ਘੱਟ ਜਾਣਾ।
ਫੁੱਟੀ ਅੱਖ ਨਾ ਭਾਉਣਾ-ਉੱਕਾ ਹੀ ਚੰਗਾ ਨਾ ਲੱਗਣਾ।
ਫੁੱਲ ਚੁਗਣੇ-ਸਿਵਿਆਂ ਵਿੱਚੋਂ ਮੁਰਦੇ ਦੀਆਂ ਹੱਡੀਆਂ ਚੁਣਨੀਆਂ।
ਫਲ ਝਾੜਨਾ-ਦੀਵੇ ਦੀ ਬੱਤੀ ਦੀ ਸੁਆਹ ਝਾੜਨੀ।
ਫੁੱਲ ਢੇਰਾਂ ਤੇ ਖਿੜਨੇ-ਮਾੜੇ ਹਾਲਾਤ ਵਿੱਚ ਚੰਗੇ ਮਨੁੱਖ ਪੈਦਾ ਹੋਣੇ।
ਫੁੱਲ ਫੁੱਲ ਬੈਠਣਾ-ਬਹੁਤ ਖ਼ੁਸ਼ ਹੋਣਾ।
ਫੁੱਲਾਂ ਨਾਲ਼ ਤੋਲਣਾ-ਬਹੁਤ ਪਿਆਰ ਤੇ ਲਾਡ ਨਾਲ਼ ਰੱਖਣਾ।
ਫੁੱਲੇ ਨਾ ਸਮਾਉਣਾ-ਬਹੁਤ ਖੁਸ਼ੀ ਪ੍ਰਗਟ ਕਰਨੀ।
ਫੂੰ ਫਾਂਹ ਕਰਨਾ-ਆਕੜ ਵਿਖਾਉਣੀ, ਸ਼ੇਖੀ ਮਾਰਨਾ।
ਫੂਹੜੀ ਬਛਾਉਣੀ-ਕਿਸੇ ਦੇ ਮਰ ਜਾਣ ’ਤੇ ਧਰਤੀ 'ਤੇ ਕੱਪੜਾ ਵਿਛਾ ਕੇ ਅਫ਼ਸੋਸ ਵਿੱਚ ਬੈਠਣਾ।
ਫੂਕ ਛਕਾਉਣਾ-ਖ਼ੁਸ਼ਾਮਦ ਕਰਨੀ।
ਫੂਕ ਨਿਕਲਣਾ-ਮਰ ਜਾਣਾ, ਸੁਆਸ ਮੁੱਕ ਜਾਣੇ।

ਫੂਕਾਂ ਮਾਰ ਉਡਾਉਣਾ-ਸੌਖ ਨਾਲ਼ ਸਫ਼ਲਤਾ ਪ੍ਰਾਪਤ ਕਰਨੀ, ਵੈਰੀ ਨੂੰ ਸੌਖਿਆਂ ਹੀ ਹਰਾ ਦੇਣਾ।
ਫੇਰ ਵਿੱਚ ਪੈ ਜਾਣਾ-ਉੱਜੜ ਜਾਣਾ, ਗਲਤੀ ਕਰ ਬੈਠਣੀ, ਉਕਾਈ ਖਾਣੀ।
ਫੇਰੀ ਲਾਉਣੀ-ਫਿਰ ਤੁਰ ਕੇ ਆਪਣਾ ਮਾਲ ਵੇਚਣਾ।
ਫੇਰੇ ਦੇਣੇ-ਵਿਆਹ ਕਰਨਾ, ਲਾਵਾਂ ਪੜ੍ਹਨੀਆਂ।


ਬਹਾਰ ਆਉਣਾ-ਮੌਜਾਂ ਹੀ ਮੌਜਾਂ ਹੋ ਜਾਣੀਆਂ, ਖ਼ੁਸ਼ੀ ਦਾ ਸਮਾਂ ਜਾਣਾ।
ਬਹਾਰੀ ਫਿਰਨਾ-ਤਬਾਹੀ ਮੱਚ ਜਾਣੀ, ਸਭ ਕੁਝ ਬਰਬਾਦ ਹੋ ਜਾਣਾ, ਪੱਲੇ ਕੱਖ ਨਾ ਰਹਿਣਾ।
ਬਚਨਾਂ ਤੇ ਫੁੱਲ ਚੜ੍ਹਾਉਣੇ-ਵਾਅਦੇ ਪੂਰੇ ਕਰਨੇ, ਕੀਤਾ ਇਕਰਾਰ ਨਿਭਾਉਣਾ।
ਬੱਜ ਲੱਗਣਾ-ਖੁਨਾਮੀ ਕਾਰਨ ਇੱਜ਼ਤ ਵਿੱਚ ਫ਼ਰਕ ਪੈ ਜਾਣਾ, ਸਰੀਰਕ ਨੁਕਸ ਕਾਰਨ ਸੁੰਦਰਤਾ ਮਾਰੀ ਜਾਣੀ।
ਬੱਧੀ ਚੱਟੀ ਭਰਨੀ-ਮਜਬੂਰੀ ਵਸ ਕੋਈ ਕੰਮ ਕਰਨਾ।
ਬਣ ਬਣ ਦੀ ਲੱਕੜੀ ਕੱਠੀ ਹੋਣੀ-ਵੱਖ ਵੱਖ ਥਾਵਾਂ ਅਤੇ ਵੱਖ-ਵੱਖ ਵਿਚਾਰਾਂ ਦੇ ਲੋਕ ਇਕ ਥਾਂ ਇਕੱਠੇ ਹੋਣੇ।
ਬਰ ਨਾ ਮਿਲਣਾ-ਬਰਾਬਰੀ ਨਾ ਕਰ ਸਕਣੀ।
ਬਰੂਦ ਦਾ ਪਲੀਤਾ ਬਣਨਾ-ਬਹੁਤ ਗੁੱਸੇ ਅਤੇ ਜੋਸ਼ ਵਿੱਚ ਆ ਜਾਣਾ।
ਬਲ ਬਲ ਜਾਣਾ-ਵਾਰੇ ਵਾਰੇ ਜਾਣਾ, ਕੁਰਬਾਨ ਹੋ ਜਾਣਾ।
ਬਲਦੀ ਉੱਤੇ ਤੇਲ ਪਾਉਣਾ-ਗੁੱਸੇ ਅਤੇ ਜੋਸ਼ ਆਦਿ ਨੂੰ ਵਧਾ ਦੇਣਾ, ਲੜਾਈ ਮਘਾ ਦੇਣੀ।
ਬਲਦੀ ਅੱਗ ਵਿੱਚ ਪੈਣਾ-ਹਰ ਕਿਸਮ ਦੀਆਂ ਮੁਸੀਬਤਾਂ ਝੱਲਣ ਲਈ ਤਿਆਰ ਹੋਣਾ।
ਬਲਾ ਟਲ਼ ਜਾਣੀ-ਔਖੇ ਦਿਨ ਬੀਤ ਜਾਣੇ, ਬਿਪਤਾ ਮੁੱਕ ਜਾਣੀ।
ਬਲਾਵਾਂ ਲੈਣਾ-ਸਦਕੇ ਜਾਣਾ, ਕੁਰਬਾਨ ਜਾਣਾ।
ਬਾਂਹ ਫੜਨਾ-ਸਹਾਇਤਾ ਕਰਨੀ, ਆਸਰਾ ਦੇਣਾ, ਢੋਈ ਦੇਣੀ।
ਬਾਂਹ ਭੱਜਣੀ-ਭਰਾ ਜਾਂ ਮਿੱਤਰ ਦੀ ਮੌਤ ਹੋ ਜਾਣੀ।
ਬਾਹਾਂ ਚੜ੍ਹਾਉਣੀਆਂ-ਲੜਾਈ ਲਈ ਤਿਆਰ ਹੋ ਜਾਣਾ।

ਬਾਚੀਆਂ ਖੁਲ੍ਹ ਜਾਣੀਆਂ-ਖਿੜ ਖਿੜ ਹੱਸਣਾ।
ਬਾਚੀਆਂ ਮੇਲਣਾ-ਮਾਰ ਕੁਟਾਈ ਕਰਨੀ।
ਬਾਛਾਂ ਖੁੱਲ੍ਹਣਾ-ਖ਼ੁਸ਼ ਹੋਣਾ।
ਬਾਜ਼ਾਰ ਗਰਮ ਹੋਣਾ-ਜ਼ੋਰ ਪੈ ਜਾਣਾ, ਗੱਲ ਧੁੰਮ ਜਾਣੀ।
ਬਾਜ਼ੀ ਲੈ ਜਾਣਾ-ਜਿੱਤ ਜਾਣਾ।
ਬਾਤ ਦਾ ਬਤੰਗੜ ਬਣਾਉਣਾ-ਨਿੱਕੀ ਜਿਹੀ ਗੱਲ ਨੂੰ ਵਧਾ ਚੜ੍ਹਾ ਕੇ ਨਸ਼ਰ ਕਰਨਾ।
ਬਾਨਣੂ ਬੰਨ੍ਹਣਾ-ਪ੍ਰਬੰਧ ਕਰਨਾ।
ਬਿਸਤਰਾ ਗੋਲ ਕਰਨਾ-ਘਰੋਂ ਕੱਢ ਦੇਣਾ, ਚਲਿਆ ਜਾਣਾ, ਪੱਕੇ ਤੌਰ 'ਤੇ ਸਥਾਨ ਛੱਡ ਜਾਣਾ।
ਬਿਗਾਨੀ ਛਾਹ ਤੇ ਮੁੱਛਾਂ ਮੁਨਾਉਣੀਆਂ-ਦੂਜੇ ਦੀ ਕਮਾਈ ਦੀ ਆਸ ’ਤੇ ਫ਼ਜ਼ੂਲ ਖ਼ਰਚੀ ਕਰਨੀ।
ਬਿਟ ਬਿਟ ਤੱਕਣਾ-ਕਿਸੇ ਅਨੋਖੀ ਵਸਤੂ ਨੂੰ ਵੇਖ ਕੇ ਹੈਰਾਨ ਹੋ ਜਾਣਾ, ਕਿਸੇ ਵੱਲ ਲਲਚਾਈਆਂ ਨਜ਼ਰਾਂ ਨਾਲ ਵੇਖਣਾ।
ਬਿਤਰ ਬਿਤਰ ਵੇਖਣਾ-ਹੈਰਾਨੀ ਵਿੱਚ ਟਿਕਟਿਕੀ ਬੰਨ੍ਹ ਕੇ ਵੇਖੀ ਜਾਣਾ।
ਬਿਧ ਬਣਾਉਣਾ-ਤਰੀਕਾ ਸੋਚਣਾ, ਢੰਗ ਲੱਭਣਾ।
ਬਿੱਲੀ ਨਿੱਛ ਜਾਣੀ-ਕਿਸੇ ਬਣਦੇ ਕੰਮ ਵਿੱਚ ਵਿਘਨ ਪੈ ਜਾਣਾ, ਬੇਇੱਜ਼ਤੀ ਹੋ ਜਾਣੀ।
ਬਿੱਲੀ ਭਾਣੇ ਛਿੱਕਾ ਟੁੱਟਣਾ-ਬਿਨਾਂ ਯਤਨ ਕਰਨ ਦੇ ਅਚਾਨਕ ਮਨ ਦੀ ਇੱਛਿਆ ਪੂਰੀ ਹੋ ਜਾਣੀ।
ਬਿਲੇ ਲਾਉਣਾ-ਖ਼ਤਮ ਕਰ ਦੇਣਾ, ਲੁਕੋ ਦੇਣਾ, ਮੁਕਾ ਦੇਣਾ।
ਬੀਜ ਨਾਸ਼ ਹੋ ਜਾਣਾ-ਖੁਰਾ ਖੋਜ ਮਿਟ ਜਾਣਾ, ਕਿਸੇ ਵਸਤੂ ਦੀ ਧੂੰ ਨਾ ਨਿਕਲਣੀ।
ਬੀਤੇ 'ਤੇ ਮਿੱਟੀ ਪਾਉਣੀ-ਹੋਈਆਂ ਬੀਤੀਆਂ ਭੁਲਾ ਦੇਣੀਆਂ।
ਬੀੜਾ ਚੁੱਕਣਾ-ਜੁੰਮੇਂਵਾਰੀ ਓਟਣੀ, ਕਿਸੇ ਮਹੱਤਵਪੂਰਨ ਕੰਮ ਨੂੰ ਕਰਨ ਲਈ ਆਪਣੇ ਆਪ ਨੂੰ ਪੇਸ਼ ਕਰਨਾ।
ਬੁੱਕਲ ਵਿੱਚ ਹਸਣਾ-ਚੋਰੀ ਚੋਰੀ ਹੱਸਣਾ, ਮੂੰਹ ਲੁਕੋ ਕੇ ਹੱਸਣਾ।
ਬੁੱਕਲ ਵਿੱਚ ਗੁੜ ਭੰਨਣਾ-ਗੁਪਤੋ ਗੁਪਤੀ ਕੋਈ ਕੰਮ ਕਰਨ ਦਾ ਯਤਨ ਕਰਨਾ।

ਬੁਝਿਆ ਬੁਝਿਆ ਰਹਿ-ਚਿੰਤਾ ਵਿੱਚ ਗਲਤਾਨ ਹੋਣਾ, ਉਦਾਸ ਰਹਿਣਾ।
ਬੁੱਤਾ ਸਾਰਨਾ-ਕਿਸੇ ਕੰਮ 'ਚ ਸਹਾਇਤਾ ਕਰਨੀ, ਕੰਮ ਸਾਰ ਦੇਣਾ, ਔਖੀ ਘੜੀ ’ਚ ਮਦਦ ਕਰਨੀ।
ਬੁਥਾੜ ਭੰਨਣਾ-ਚਪੇੜਾਂ ਮਾਰਨੀਆਂ।
ਬੁਰੀ ਵਾ ਵਗਣੀ-ਭੈੜਾ ਰਿਵਾਜ ਪੈ ਜਾਣਾ।
ਬੁਲਾਂ ਵਿੱਚ ਹੱਸਣਾ-ਨਿੰਮ੍ਹਾ ਨਿੰਮ੍ਹਾ ਮੁਸਕਰਾਉਣਾ।
ਬੁੱਲੇ ਲੁੱਟਣੇ-ਮੌਜ਼ਾਂ ਕਰਨੀਆਂ।
ਬੁੜ ਬੁੜ ਕਰਨਾ-ਗੁੱਸੇ ਤੋ ਰੋਸੇ ਵਿੱਚ ਆਪਣੇ ਮੂੰਹ ਵਿੱਚ ਹੀ ਬੋਲੀ ਜਾਣਾ।
ਬੂਟਾ ਲੱਗਣਾ-ਘਰ ਵਿੱਚ ਪੁੱਤਰ ਦਾ ਜਨਮ ਹੋਣਾ, ਜੜ੍ਹ ਕਾਇਮ ਹੋਣੀ।
ਬੇੜਾ ਗਰਕ ਹੋਣਾ-ਤਬਾਹੀ ਮੱਚ ਜਾਣੀ, ਸਭੋ ਕੁਝ ਖ਼ਤਮ ਹੋ ਜਾਣਾ।
ਬੇੜਾ ਡੁੱਬਣਾ-ਸੱਭੋ ਕੁਝ ਬਰਬਾਦ ਹੋ ਜਾਣਾ।
ਬੇੜਾ ਪਾਰ ਕਰਨਾ-ਸਫਲਤਾ ਪ੍ਰਾਪਤ ਹੋ ਜਾਣੀ, ਕੰਮ ਨੇਪਰੇ ਚੜ੍ਹ ਜਾਣਾ।
ਬੇੜੀਆਂ ਪੈਣਾ-ਘਰ ਦੇ ਜੰਜਾਲ ਵਿੱਚ ਬੱਝ ਜਾਣਾ, ਕੈਦ ਹੋਣਾ।
ਬੇੜੀਆਂ ਕੱਟਣੀਆਂ-ਗੁਲਾਮੀ ਦੂਰ ਕਰਨੀ।
ਬੇੜੀਆਂ ਵਿੱਚ ਵੱਟੇ ਪੈਣਾ-ਬਰਬਾਦੀ ਦਾ ਮੁੱਢ ਬੱਝਿਆ ਜਾਣਾ।
ਬੋਲ ਬੁਲਾਰਾ ਹੋ ਜਾਣਾ-ਆਪੋ ਵਿੱਤ ਚੁੱਭਵੀਆਂ ਗੱਲਾਂ ਕਰਕੇ ਮਾਮੂਲੀ ਝਗੜਾ ਹੋ ਜਾਣਾ।
ਬੋਲਾਂ ਵਿੱਚ ਸ਼ਹਿਦ ਦੇ ਘੁੱਟ ਹੋਣੇ-ਮਿੱਠੀ ਜ਼ਬਾਨ ਵਾਲਾ ਹੋਣਾ।
ਬੋਲੀਆਂ ਪਾਉਣਾ-ਗਿੱਧੇ ਦੇ ਟੱਪੇ ਗਾਉਣੇ।
ਬੋਲੀ ਦੇਣਾ-ਨੀਲਾਮੀ ਵੇਲੇ ਕਿਸੇ ਵਸਤੂ ਦਾ ਮੁੱਲ ਦੱਸਣਾ।
ਬੋਲੀ ਮਾਰਨਾ-ਤਾਹਨੇ ਮਾਰਨੇ, ਮਿਹਣੇ ਦੇਣੇ।
ਬੰਨ੍ਹ ਕੇ ਖੀਰ ਖਵਾਣਾ-ਅਜਿਹੇ ਬੰਦੇ ਨਾਲ ਭਲਾਈ ਕਰਨੀ ਜਿਸ ਨੂੰ ਇਹ ਗਿਆਨ ਨਾ ਹੋਵੇ ਕਿ ਕੋਈ ਉਸ ਨਾਲ ਭਲਾਈ ਕਰ ਰਿਹਾ ਹੈ।
ਬੰਨਾ ਪਾਉਣਾ-ਮੁਸੀਬਤਾਂ ਤੇ ਦੁੱਖਾਂ ਦੇ ਹੜ੍ਹ ਨੂੰ ਠਲ੍ਹ ਪਾਉਣਾ।


ਭਸਮ ਕਰਨਾ-ਮਲ਼ੀਆ ਮੇਟ ਕਰ ਦੇਣਾ, ਖ਼ਤਮ ਕਰ ਦੇਣਾ।
ਭੱਠ ਝੋਖਣਾ-ਵਿਅਰਥ ਜ਼ਿੰਦਗੀ ਬਤੀਤ ਕਰਨੀ, ਨਿਗੂਣੇ ਕੰਮ ਕਰਨੇ।

ਭੱਠ ਪੈਣਾ-ਦਫ਼ਾ ਹੋ ਜਾਣਾ, ਰਹਿਣਾ ਨਾ।
ਭੱਠ ਵਿੱਚ ਝੋਕਣਾ-ਦੁੱਖਾਂ ਤਕਲੀਫਾਂ ਵਿੱਚ ਪਾ ਦੇਣਾ।
ਭਰਿਆ ਪੀਤਾ ਹੋਣਾ-ਬਹੁਤ ਗੁੱਸੇ ਵਿੱਚ ਹੋਣਾ।
ਭਵਾਂ ਚਾੜ੍ਹਨਾ-ਤਿਊੜੀਆਂ ਪਾ ਲੈਣੀਆਂ, ਗੁੱਸਾ ਜ਼ਾਹਰ ਕਰਨਾ।
ਭੜਥੂ ਪਾਉਣਾ-ਰੌਲ਼ਾ ਪਾਉਣਾ, ਤਰਥੱਲੀ ਮਚਾ ਦੇਣੀ, ਉਧਮ ਮਚਾ ਦੇਣਾ।
ਭਾ ਦੀ ਲੈ ਆਉਣੀ-ਦੁਖੀ ਕਰਨਾ।
ਭਾਂ ਭਾਂ ਕਰਨਾ-ਐਨੀ ਸੁੰਨ ਮਸਾਣ ਹੋਣੀ ਕਿ ਡਰ ਲੱਗਣਾ।
ਭਾਗਾਂ ਦੀ ਹਾਰ ਹੋਣੀ-ਕਿਸਮਤ ਹਾਰ ਜਾਣੀ।
ਭਾਗਾਂ ਨੂੰ ਅੱਗ ਲੱਗਣੀ-ਮੰਦੇ ਦੇ ਦਿਨ ਆ ਜਾਣੇ, ਦੁੱਖ ਵਧ ਜਾਣੇ।
ਭਾਜੜ ਪੈ ਜਾਣੀ-ਹਫ਼ੜਾ ਦਫ਼ੜੀ ਮੱਚ ਜਾਣੀ।
ਭਾਂਡਾ ਚੁਰਾਹੇ ਵਿੱਚ ਭੱਜਣਾ-ਭੇਤ ਖੁੱਲ੍ਹ ਜਾਣਾ, ਪਾਜ ਉਘੜਨਾ।
ਭਾਂਡਾ ਭੱਜਣਾ-ਨਾਸ਼ ਹੋ ਜਾਣਾ।
ਭਾਣਾ ਵਰਤਣਾ-ਦੁਰਘਟਨਾ ਵਾਪਰ ਜਾਣੀ, ਕੁਦਰਤੀ ਆਫ਼ਤ ਆ ਜਾਣੀ।
ਭਾਨੀ ਮਾਰਨੀ-ਗੱਲ ਸਿਰੇ ਨਾ ਲੱਗਣ ਦੇਣੀ, ਢੁੱਚਰ ਢਾਹ ਕੇ ਹੁੰਦਾ ਕੰਮ ਵਿਗਾੜਨਾ।
ਭਾਂਪ ਲੈਣਾ-ਗੁੱਝੀ ਗੱਲ ਜਾਣ ਜਾਣੀ।
ਭਾਰ ਸਿਰੋਂ ਲਾਹੁਣਾ-ਆਪਣੀ ਜ਼ਿੰਮੇਵਾਰੀ ਮੁਕਾ ਛੱਡਣੀ।
ਭਾਰ ਸੁੱਟਣਾ-ਜੁੰਮੇਵਾਰੀ ਗਲ਼ ਪਾ ਦੇਣੀ।
ਭਾਰ ਚਾੜ੍ਹਨਾ-ਕਿਸੇ ਦੇ ਸਿਰ 'ਤੇ ਅਹਿਸਾਨ ਕਰ ਦੇਣਾ।
ਭਾਰ ਚੁੱਕਣੇ-ਜੁੰਮੇਂਵਾਰੀ ਸਿਰ 'ਤੇ ਲੈ ਲੈਣੀ।
ਭਾਰ ਵੰਡਣਾ-ਕੰਮ ਵਿੱਚ ਸਹਾਇਤਾ ਕਰਨੀ।
ਭਾਰਾ ਹੋ ਜਾਣਾ-ਮਿੰਨਤਾਂ ਕਰਵਾਉਣੀਆਂ, ਨਾਂਹ ਨੁੱਕਰ ਕਰਨਾ, ਅੜੀ ਕਰਨੀ।
ਭਾਰੂ ਹੋਣਾ-ਕਿਸੇ ਦਾ ਵਾਧੂ ਖ਼ਰਚ ਸਿਰ ’ਤੇ ਪੈ ਜਾਣਾ, ਚੰਗਾ ਨਾ ਲੱਗਣਾ।
ਭਿੱਜੀ ਬਿੱਲੀ ਬਣਨਾ-ਪਾਸਾ ਵੱਟ ਲੈਣਾ, ਦੜ ਵੱਟ ਲੈਣਾ।
ਭੁੰਏਂ ਤੇ ਪੈਰ ਨਾ ਲਾਉਣਾ-ਫੜਾਂ ਮਾਰਨੀਆਂ, ਆਕੜਾਂ ਵਿਖਾਉਣੀਆਂ, ਨਖ਼ਰੇ ਕਰਨੇ।
ਭੁੱਖ ਮਰ ਜਾਣੀ-ਚਿੰਤਾ ਕਾਰਨ ਭੁੱਖ ਨਾ ਲੱਗਣੀ।

ਭੁੱਖੀਆਂ ਅੱਖੀਆਂ ਹੋਣੀਆਂ-ਨਿਗਾਹ ਵਿੱਚ ਭੁੱਖ ਤੇ ਕਮੀਨਾਪਨ ਹੋਣਾ।
ਭੁੱਖੇ ਸ਼ੇਰ ਵਾਂਗ ਪੈਣਾ-ਰੁੱਖਾ ਬੋਲਣਾ, ਕੜਕ ਕੇ ਪੈਣਾ।
ਭੁਗਤ ਸੁਆਰਨਾ-ਛਿੱਤਰ ਪਰੇਡ ਕਰਨੀ, ਸਜ਼ਾ ਦੇਣੀ।
ਭੂਚਾਲ ਲੈ ਆਉਣਾ-ਘਬਰਾਹਟ ਪੈਦਾ ਕਰ ਦੇਣੀ, ਹੇਠਲੀ ਉੱਤੇ ਲੈ ਆਉਣੀ।
ਭੁੱਜੇ ਦਾਣੇ ਉੱਗਣੇ-ਕਿਸਮਤ ਜਾਗ ਪੈਣੀ, ਵਿਗੜੇ ਕੰਮ ਰਾਸ ਆ ਜਾਣੇ।
ਭੇਜੇ ਲੱਥ ਜਾਣਾ-ਚਿੰਤਾ ਵਿੱਚ ਡੁੱਬ ਜਾਣਾ।
ਭੁੰਨੇ ਤਿੱਤਰ ਉਡਾਉਣੇ-ਅਣਹੋਣੀਆਂ ਗੱਲਾਂ ਕਰਨੀਆਂ।
ਭੁੱਬਾਂ ਮਾਰਨੀਆਂ-ਡਾਡਾਂ ਮਾਰ ਮਾਰ ਰੋਣਾ।
ਭੂਏ ਚੜ੍ਹਨਾ-ਸ਼ੇਖ਼ੀਆਂ ਮਾਰਨੀਆਂ, ਵਧੀਕੀਆਂ ਕਰਨੀਆਂ, ਆਪਣੇ ਆਪ ਨੂੰ ਸ਼ੇਰ ਸਮਝਣਾ।
ਭੂੰਡਾਂ ਦੇ ਖੱਖਰ ਨੂੰ ਛੇੜਨਾ-ਭੈੜੇ ਪੁਰਸ਼ ਨੂੰ ਕੁਝ ਕਹਿ ਕੇ ਆਪਣੇ ਗਲ ਪੁਆ ਲੈਣਾ, ਭੈੜੇ ਨਾਲ ਮੱਥਾ ਲਾਉਣਾ, ਗਲ਼ ਪੁਆਉਣਾ।
ਭੂਤ ਉੱਤਰ ਜਾਣੇ-ਜਸ ਘੱਟ ਜਾਣਾ।
ਭੂਤ ਸਵਾਰ ਹੋਣਾ-ਗੁੱਸੇ ਜਾਂ ਕਿਸੇ ਵਿਚਾਰ ਕਾਰਨ ਆਪਣੀ ਧੁੰਨ ਵਿੱਚ ਮਸਤ ਹੋ ਜਾਣਾ, ਅੰਨ੍ਹੇ ਹੋ ਜਾਣਾ।
ਭੂਤ ਹੋ ਕੇ ਚੰਬੜਨਾ-ਗਲ਼ੋਂ ਨਾ ਲਹਿਣਾ।
ਭੂਤ ਕੱਢਣਾ-ਕਿਸੇ ਮੰਤਰ ਟੂਣੇ ਨਾਲ ਇਲਾਜ ਕਰਨਾ।
ਭੂਤਨਾ ਕੁਦ ਖੜੋਨਾ-ਬਹੁਤ ਗੁੱਸੇ ਵਿੱਚ ਆ ਜਾਣਾ।
ਭੂਤਾਂ ਦੇ ਸਤੂ ਬਣ ਜਾਣੇ-ਹੱਥੋ ਹੱਥ ਵਿਕ ਜਾਣਾ।
ਭੇਟ ਚੜ੍ਹਾ ਦੇਣਾ-ਕੁਰਬਾਨ ਕਰਨਾ, ਵਾਰ ਦੇਣਾ।
ਭੇਡਾਂ ਦੇ ਸਿੰਗ ਉਗਣੇ-ਮਾੜੇ ਬੰਦਿਆਂ ਵੱਲੋਂ ਭਲੇ ਦੀਆਂ ਗੱਲਾਂ ਕਰਨੀਆਂ।
ਭੋਹ ਦੇ ਭਾਣੇ ਜਾਣਾ-ਬੇਅਰਥ ਜੀਵਨ ਬਤੀਤ ਕਰਨਾ, ਅਜਾਈਂ ਜ਼ਿੰਦਗੀ ਗੁਆ ਦੇਣੀ।
ਭੋਗ ਲਾਉਣਾ-ਸ਼ਰਧਾਲੂਆਂ ਵੱਲੋਂ ਆਪਣੇ ਦੇਵਤਿਆਂ ਨੂੰ ਸ਼ਰਧਾ ਨਾਲ਼ ਭੋਜਨ ਖੁਆਉਣਾ।
ਭੰਗ ਭੁੱਜਣੀ-ਭੁੱਖ ਨੰਗ ਦਾ ਵਾਸਾ ਹੋਣਾ।
ਭੰਬਲ ਭੂਸੇ ਖਾਣੇ-ਅਗਿਆਨਤਾ ਵਿੱਚ ਟੱਕਰਾਂ ਮਾਰਨਾ, ਵਿਚਾਰ ਸਪੱਸ਼ਟ ਨਾ ਹੋਣੇ।



ਮੁੱਛ ਫੁੱਟਣਾ-ਦਾਹੜੀ ਦੇ ਵਾਲ਼ ਉੱਗਣੇ ਸ਼ੁਰੂ ਹੋ ਜਾਣੇ।
ਮਸਤੀ ਕੱਢਣਾ-ਮਾਰ ਮਾਰ ਕੇ ਸਿੱਧਾ ਕਰ ਦੇਣਾ।
ਮਹਿਲ ਚਾੜ੍ਹ ਕੇ ਪੌੜੀ ਖਿੱਚਣੀ-ਮਿੱਤਰ ਧਰੋਹ ਕਮਾਉਣਾ, ਸਿਰੇ ਚਾੜ੍ਹ ਕੇ ਸਾਥ ਛੱਡ ਦੇਣਾ, ਬੁਰੀ ਥਾਂ ਫਸਾਣਾ।
ਮਹੀਨਾ ਬੰਨ੍ਹਣਾ-ਮਹੀਨੇਵਾਰ ਪੈਸੇ ਦੇਣੇ।
ਮੱਕੂ ਬੰਨ੍ਹਣਾ-ਬਹੁਤ ਔਖਾ ਕਰਨਾ, ਬੁਰੀ ਤਰ੍ਹਾਂ ਫਸਾ ਦੇਣਾ।
ਮੱਖਣ ਵਿੱਚੋਂ ਵਾਲ ਵਾਂਗ ਕੱਢਣਾ-ਸੌਖ ਨਾਲ ਵੈਰੀ ਨੂੰ ਮਾਰ ਮੁਕਾਉਣਾ।
ਮੁੱਖ ਝਾੜਨਾ-ਬੇਇੱਜ਼ਤੀ ਕਰ ਦੇਣੀ।
ਮੱਖੀ ਤੇ ਮੱਖੀ ਮਾਰਨਾ-ਬਿਨਾਂ ਸੋਚੇ ਸਮਝੇ ਹੂ ਬ ਹੂ ਨਕਲ ਕਰਨੀ।
ਮੱਖੀ ਨਿਗਲਣਾ-ਘ੍ਰਿਣਾ ਵਾਲਾ ਕੰਮ ਕਰਨਾ, ਜਾਣ ਬੁੱਝ ਕੇ ਆਪਣਾ ਨੁਕਸਾਨ ਕਰਨਾ।
ਮੱਖੀਆਂ ਮਾਰਨਾ-ਵਿਹਲੇ ਬੈਠਣਾ।
ਮਗਜ਼ ਪੱਚੀ ਕਰਨਾ-ਸਿਰ ਖਪਾਈ ਕਰਨੀ।
ਮਗਰਮੱਛ ਦੇ ਹੰਝੂ ਕੇਰਨੇ-ਅੰਦਰੋਂ ਖੋਟ ਹੋਣਾ ਪਰ ਉੱਪਰੋਂ ਉੱਪਰੋਂ ਹਮਦਰਦੀ ਜਤਾਉਣੀ।
ਮੱਛੀ ਵਿਕਣਾ-ਸ਼ੋਰ ਸ਼ਰਾਬਾ ਹੋਣਾ, ਰੌਲਾ ਗੌਲਾ ਹੋਣਾ।
ਮਜਾਜ਼ ਵਿੱਚ ਹੋਣਾ-ਹੰਕਾਰ ਵਿੱਚ ਹੋਣਾ।
ਮਣ ਲਹੂ ਵੱਧਣਾ-ਖ਼ੁਸ਼ੀ ਨਾਲ ਆਫਰ ਜਾਣਾ।
ਮੱਤ ਮਾਰ ਦੇਣਾ-ਵਿਆਕੁਲ ਕਰ ਛੱਡਣਾ, ਸੂਝ-ਬੂਝ ਨਾ ਰਹਿਣ ਦੇਣੀ।
ਮਤਾ ਪਕਾਉਣਾ-ਰਲ ਕੇ ਸਲਾਹ ਮਸ਼ਵਰਾ ਕਰਨਾ।
ਮੱਥਾ ਡੂੰਮਣਾ-ਕਿਸੇ ਨੂੰ ਮਾੜੀ ਮੋਟੀ ਚੀਜ਼ ਦੇ ਕੇ ਆਪਣੇ ਗਲੋਂ ਲਾਹੁਣਾ।
ਮੱਥਾ ਖਿੜਨਾ-ਮੂੰਹ ਤੇ ਖ਼ੁਸ਼ੀ ਦੇ ਚਿੰਨ੍ਹ ਹੋਣੇ।
ਮੱਥਾ ਜੋੜਨਾ-ਨੇੜੇ ਵਹਿ ਕੇ ਘੁਸਰ ਮੁਸਰ ਕਰਨਾ।
ਮੱਥਾ ਠਣਕਣਾ-ਸ਼ੱਕ ਪੈ ਜਾਣਾ।
ਮੱਥਾ ਠੋਕਣਾ-ਮੱਥੇ 'ਤੇ ਹੱਥ ਮਾਰ ਕੇ ਪਛਤਾਵਾ ਪ੍ਰਗਟ ਕਰਨਾ।
ਮੱਥਾ ਰਗੜਨਾ-ਮਿੰਨਤਾਂ ਤਰਲੇ ਕਰਨੇ।

ਮੱਥਾ ਲਾਣਾ-ਸਾਕ ਸੰਬੰਧ ਜੋੜਨਾ, ਮੁਕਾਬਲਾ ਕਰਨਾ।
ਮੱਥੇ ਤੇ ਸੌ ਠੀਕਰੇ ਭੱਜਣੇ-ਬਹੁਤ ਤਿਊੜੀਆਂ ਪੈਣੀਆਂ।
ਮੱਥੇ 'ਤੇ ਰੱਖਣਾ-ਖੁਸ਼ੀ ਨਾਲ ਪ੍ਰਵਾਨ ਕਰਨਾ।
ਮੱਥੇ 'ਤੇ ਲਿਖਿਆ ਹੋਣਾ-ਭਾਗਾਂ ਵਿੱਚ ਹੋਣਾ।
ਮੱਥੇ 'ਤੇ ਭਾਗ ਜਾਗਣਾ-ਮਾੜੇ ਦਿਨਾਂ ਦੀ ਥਾਂ ਚੰਗੇ ਦਿਨ ਆਉਣੇ, ਉੱਨਤੀ ਕਰਨੀ।
ਮੱਥਾ ਨੀਵਾਂ ਕਰਨਾ-ਸ਼ਰਮਸ਼ਾਰ ਕਰਨਾ, ਬੇਇੱਜ਼ਤੀ ਕਰਵਾਉਣੀ, ਲੱਜਾਵਾਨ ਕਰ ਦੇਣਾ।
ਮੱਥਾ ਪਿੱਟਣਾ-ਸਿਰ ਖਪਾਉਣਾ।
ਮੱਥਾ ਫੜ ਕੇ ਵਹਿਣਾ-ਹਿੰਮਤ ਹਾਰ ਜਾਣੀ, ਘਬਰਾ ਜਾਣਾ।
ਮੱਥੇ ਮਾਰਨਾ-ਨਫ਼ਰਤ ਨਾਲ ਕਿਸੇ ਨੂੰ ਕੋਈ ਚੀਜ਼ ਦੇਣੀ।
ਮੱਥੇ ਲੱਗਣਾ-ਮਿਲਣਾ।
ਮਨ ਹੌਲਾ ਹੋਣਾ-ਦੁੱਖ ਦੀਆਂ ਗੱਲਾਂ ਕਰਕੇ ਮਨ ਨੂੰ ਸ਼ਾਂਤੀ ਆ ਜਾਣੀ।
ਮਨ ਲੱਗਣਾ-ਕੋਈ ਵਸਤ ਪਸੰਦ ਆ ਜਾਣੀ।
ਮਿਰਚਾਂ ਲੱਗਣਾ-ਸੱਚੀਆਂ ਸੱਚੀਆਂ ਸੁਣ ਕੇ ਗੁੱਸਾ ਕਰਨਾ।
ਮਰਨ ਜੀਣ ਦੀ ਸਾਂਝ ਹੋਣੀ-ਦੁੱਖਾਂ ਸੁੱਖਾਂ ਦਾ ਭਾਈਵਾਲ ਹੋਣਾ।
ਮਰਨ ਦੀ ਵਿਹਲ ਨਾ ਹੋਣਾ-ਬਹੁਤ ਰੁੱਝੇ ਹੋਣਾ।
ਮਰਨੋਂ ਪਾਰਲੇ ਪਾਰ ਹੋਣਾ-ਅਤਿਅੰਤ ਦੁਖੀ ਹੋਣਾ।
ਮਰੂੰ ਮਰੂੰ ਕਰਨਾ-ਰੋਂਦੇ ਪਿਟਦੇ ਜੀਵਨ ਜਿਊਣਾ।
ਮੱਲ ਮਾਰਨਾ-ਜਿੱਤ ਜਿੱਤਣੀ, ਸਫਲਤਾ ਪ੍ਰਾਪਤ ਕਰਨੀ।
ਮੜ੍ਹ ਦੇਣਾ-ਕੋਈ ਵਸਤੂ ਧੱਕੇ ਨਾਲ ਦੇ ਦੇਣੀ।
ਮੜੀ ਨੂੰ ਕੋਸਣਾ-ਮਰ ਮੁੱਕੇ ਵਿਅਕਤੀ ਦੇ ਔਗੁਣ ਦੱਸਣੇ।
ਮਾਂ ਦਾ ਦੁੱਧ ਹਰਾਮ ਕਰਨਾ-ਔਲਾਦ ਨਾਲਾਇਕ ਨਿਕਲਣਾ, ਨਾਲਾਇਕ ਸਾਬਤ ਹੋਣਾ।
ਮਾਸ ਨੋਚਣਾ-ਵੱਢ ਵੱਢ ਖਾਣਾ, ਦੁਖੀ ਕਰਨਾ।
ਮਾਂਗ ਵਿੱਚ ਸੁਆਹ ਪੈਣਾ-ਰੰਡੇਪਾ ਆ ਜਾਣਾ।
ਮਾਤ ਪਾ ਦੇਣਾ-ਪਿੱਛੇ ਛੱਡ ਜਾਣਾ, ਅਗਾਂਹ ਵੱਧਣਾ, ਜਿੱਤਾਂ ਜਿੱਤਣੀਆਂ।
ਮਾਮਲਾ ਠੰਡਾ ਪੈਣਾ-ਝਗੜਾ ਘੱਟ ਜਾਣਾ।
ਮਾਰ ਉੱਤੇ ਆਉਣਾ-ਵਿਸ਼ੇਸ਼ ਗਰਜ਼ ਲਈ ਆਉਣਾ।

ਮਾਰ ਮਾਰ ਕੇ ਦੁੰਬਾ ਬਣਾਉਣਾ-ਬਹੁਤ ਮਾਰ ਪਿਟਾਈ ਕਰਨੀ।
ਮਾਰਿਆ ਮਾਰਿਆ ਫਿਰਨਾ-ਦਰ ਦਰ ਧੱਕੇ ਖਾਣਾ, ਵਿਪਤਾ ਵਿੱਚ ਪੈਣਾ।
ਮਾਰੂ ਨਾਚ ਨੱਚਣਾ-ਮੌਤ ਦਾ ਸੁਨੇਹਾ ਲੈ ਕੇ ਆਉਣਾ।
ਮਾਰੋ ਮਾਰ ਕਰਨਾ-ਛੇਤੀ ਛੇਤੀ ਕੰਮ ਕਰਨਾ।
ਮਾਲ ਅਟੇਰਨਾ-ਕਿਸੇ ਭੋਲ਼ੇ ਭਾਲ਼ੇ ਬੰਦੇ ਨਾਲ਼ ਠੱਗੀ ਮਾਰਨਾ।
ਮਾਲ਼ਾ ਫੇਰਨਾ-ਹਰ ਦਮ ਯਾਦ ਕਰਨਾ।
ਮਾਵਾਂ ਭੈਣਾਂ ਪੁਣਨਾ-ਮਾਵਾਂ ਭੈਣਾਂ ਦੀਆਂ ਗਾਲ੍ਹਾਂ ਕੱਢਣੀਆਂ।
ਮਿੱਟੀ ਕਰ ਦੇਣੀ-ਬੇਕਦਰੀ ਕਰਨਾ।
ਮਿੱਟੀ ਖ਼ਰਾਬ ਕਰਨਾ-ਰੋਕਣਾ,ਬੇਇੱਜ਼ਤੀ ਕਰਨੀ।
ਮਿੱਟੀ ਛਾਣਨਾ-ਬਹੁਤ ਮਿਹਨਤ ਕਰਨੀ।
ਮਿੱਟੀ ਪਲੀਤ ਹੋਣਾ-ਬੇਇੱਜ਼ਤੀ ਹੋਣੀ, ਖੁਨਾਮੀ ਕੱਟਣੀ।
ਮਿੱਟੀ ਪਾਉਣਾ-ਮਾੜੀ ਗੱਲ ਦਬਾ ਦੇਣੀ, ਝਗੜਾ ਖ਼ਤਮ ਕਰਨਾ।
ਮਿੱਟੀ ਵਿੱਚ ਮਿਲ਼ ਜਾਣਾ-ਬੇਕਦਰੀ ਹੋਣੀ।
ਮਿਰਚ ਮਸਾਲਾ ਲਾਉਣਾ-ਕੋਈ ਗੱਲ ਵਧਾ ਚੜ੍ਹਾ ਕੇ ਕਰਨੀ।
ਮਿਰਚਾਂ ਲੜਨੀਆਂ-ਗੱਲ ਚੁੱਭਣੀ।
ਮੁਸ਼ਕ ਨਾ ਲੱਭਣਾ-ਦੁਰਲੱਭ ਹੋਣਾ, ਮਿਲ਼ ਨਾ ਸਕਣਾ।
ਮੁਸ਼ਕਲਾਂ ਨਾਲ ਦੋ ਚਾਰ ਹੋਣਾ-ਭੈੜੇ ਹਾਲਾਤ ਦਾ ਟਾਕਰਾ ਕਰਨਾ।
ਮੁਹਾਰਾਂ ਮੋੜਨਾ-ਤੁਰ ਪੈਣਾ, ਮੂੰਹ ਚੁੱਕ ਕੇ ਤੁਰ ਪੈਣਾ, ਵਾਪਸ ਪਰਤਣਾ।
ਮੁੱਠੀਆਂ ਭਰਨੀਆਂ-ਮੁੱਠੀ ਚਾਪੀ ਕਰਨੀ, ਖੁਸ਼ਾਮਦ ਕਰਨਾ।
ਮੁੱਛ ਦਾ ਵਾਲ ਬਣਨਾ-ਚਹੇਤਾ ਬਣਨਾ, ਬਹੁਤ ਨੇੜੇ ਦਾ ਸਲਾਹਕਾਰ ਬਣਨਾ।
ਮੁੱਛਾਂ ਨੂੰ ਤਾਅ ਦੇਣਾ-ਹੈਂਕੜ ਵਿਖਾਉਣੀ, ਰੋਅਬ ਦੇਣਾ।
ਮੁੱਠੀ ਗਰਮ ਕਰਨਾ-ਰਿਸ਼ ਦੇਣੀ।
ਮੁੱਠ ਵਿੱਚ ਹੋਣਾ-ਕਾਬੂ ਵਿੱਚ ਹੋਣਾ।
ਮੁਰਾਦਾਂ ਪੂਰੀਆਂ ਹੋਣਾ-ਦਿਲ ਦੀਆਂ ਖ਼ਾਹਿਸ਼ਾਂ ਪੂਰੀਆਂ ਹੋਣੀਆਂ।
ਮੂੰਹ ਉੱਤਰ ਜਾਣਾ-ਉਦਾਸੀ ਛਾ ਜਾਣੀ, ਮੂੰਹ ਦਾ ਰੰਗ ਫਿੱਕਾ ਪੈਣਾ।
ਮੂੰਹ ਤੇ ਹਵਾਈਆਂ ਉੱਡਣੀਆਂ-ਸਹਿਮ ਜਾਣਾ, ਮੁੰਹ ਫੱਕ ਹੋ ਜਾਣਾ।
ਮੂੰਹ ਅੱਡਣਾ-ਕੋਈ ਚੀਜ਼ ਮੰਗ ਕੇ ਲੈਣੀ।

ਮੂੰਹ ਸਾਵਾ ਪੀਲ਼ਾ ਹੋਣਾ-ਡਰ ਕਾਰਨ ਮੂੰਹ ਦੇ ਰੰਗ ਬਦਲਨੇ।
ਮੂੰਹ ਸੀਊਣਾ-ਸ਼ਾਂਤ ਰਹਿਣਾ, ਚੁੱਪ ਰਹਿਣਾ।
ਮੂੰਹ ਸੁੱਚਾ ਰੱਖਣਾ-ਕੋਈ ਚੀਜ਼ ਨਾ ਖਾਣੀ।
ਮੂੰਹ ਕਾਲ਼ਾ ਹੋਣਾ-ਬਦਨਾਮੀ ਹੋਣੀ।
ਮੂੰਹ ਕਾਲ਼ਾ ਕਰਨਾ-ਪਰਇਸਤਰੀ ਨਾਲ਼ ਸੰਭੋਗ ਕਰਨਾ।
ਮੂੰਹ ਕੌੜਾ ਕਰਨਾ-ਸ਼ਰਾਬ ਦੀ ਘੁੱਟ ਲਾਉਣੀ।
ਮੂੰਹ ਖੰਡ ਪਾਣਾ-ਚੰਗੇਰੀ ਖ਼ਬਰ ਦੇਣ ਵਾਲੇ ਦੀ ਪ੍ਰਸ਼ੰਸਾ 'ਚ ਸ਼ਬਦ ਬੋਲਣੇ।
ਮੂੰਹ ਖੁੱਲ੍ਹ ਜਾਣਾ-ਬੇਥਵੀਆਂ ਮਾਰਨ ਦੀ ਆਦਤ ਪੈ ਜਾਣੀ, ਬਕਵਾਸ ਕਰਨ ਦੀ ਆਦਤ ਪੈਣੀ।
ਮੂੰਹ ਖੋਲ੍ਹਣਾ-ਚੁੱਪ ਤੋੜਨੀ, ਭੇਤ ਦੀ ਗੱਲ ਦੱਸਣੀ।
ਮੂੰਹ ਚੜ੍ਹ ਬੋਲਣਾ-ਤੰਗ ਆ ਕੇ ਸਾਫ਼ ਸਾਫ਼ ਮੂੰਹ 'ਤੇ ਆਖ ਦੇਣੀ।
ਮੂੰਹ ਚੁੱਕ ਕੇ ਤੁਰਨਾ-ਬਿਨਾਂ ਵੇਖੇ ਬੇ-ਪਰਵਾਹੀ ਨਾਲ਼ ਤੁਰਨਾ।
ਮੂੰਹ ਚੁੱਕ ਚੁੱਕ ਕੇ ਵੇਖਣਾ-ਉਡੀਕ ਕਰਨੀ।
ਮੂੰਹ ਜੂਠਾ ਕਰਨਾ-ਕੁਝ ਖਾਣਾ ਪੀਣਾ।
ਮੂੰਹ ਤਕਦੇ ਰਹਿਣਾ-ਹੈਰਾਨੀ ਵਿੱਚ ਵੇਖਦੇ ਰਹਿ ਜਾਣਾ, ਘਬਰਾ ਜਾਣਾ।
ਮੂੰਹ ਤੇ ਹਵਾਈਆਂ ਉੱਡਣੀਆਂ-ਉਦਾਸੀ ਛਾ ਜਾਣੀ, ਘਬਰਾ ਜਾਣਾ।
ਮੂੰਹ 'ਤੇ ਗੱਲ ਕਰਨਾ-ਸਾਫ਼ ਸਾਫ਼ ਗੱਲ ਮੂੰਹ ਤੇ ਆਖ ਦੇਣੀ, ਕੋਈ ਲੁੱਕ ਲਪੇਟ ਨਾ ਰੱਖਣਾ।
ਮੂੰਹ ਤੇ ਮਾਸ ਨਾ ਰਹਿਣਾ-ਬਹੁਤ ਹੀ ਲਿੱਸਾ ਹੋ ਜਾਣਾ।
ਮੂੰਹ ਤੋਂ ਪੱਲਾ ਲਾਹੁਣਾ-ਸ਼ਰਮ ਹਯਾ ਛਿੱਕੇ ਟੰਗ ਦੇਣੀ, ਨਿਰਲੱਜ ਹੋ ਜਾਣਾ।
ਮੂੰਹ ਤੋੜ ਜਵਾਬ ਦੇਣਾ-ਟਕੇ ਵਰਗਾ ਜਵਾਬ ਦੇਣਾ, ਨਿਰ ਉੱਤਰ ਕਰ ਦੇਣਾ।
ਮੂੰਹ ਦਿਖਾਉਣ ਜੋਗਾ ਨਾ ਰਹਿਣਾ-ਕਿਸੇ ਮਾੜੀ ਕਰਤੂਤ ਕਾਰਨ ਸ਼ਰਮਿੰਦਾ ਹੋਣਾ, ਸ਼ਰਮਸ਼ਾਰ ਹੋਣਾ।
ਮੂੰਹ ਦੀ ਖਾਣੀ-ਕਿਸੇ ਤੇ ਵਧੀਕੀ ਕਰਨ ਲੱਗਿਆਂ ਅੱਗੋਂ ਭਰਵੀਂ ਮਾਰ ਖਾਣੀ, ਨਿਰਉੱਤਰ ਹੋ ਜਾਣਾ।
ਮੂੰਹ ਦੀ ਮੂੰਹ ਵਿੱਚ ਘੁੱਟ ਲੈਣਾ-ਕੁਝ ਵੀ ਨਾ ਕਰਨ ਦੇਣਾ, ਬੁਰਕੀ ਮੂੰਹ ਵਿੱਚ ਹੀ ਪਈ ਰਹਿਣੀ।
ਮੂੰਹ ਵਿਖਾਉਣ ਜੋਗਾ ਨਾ ਰਹਿਣਾ-ਬੇਝਿਜਕ ਕਿਸੇ ਦਾ ਸਾਹਮਣਾ ਨਾ ਕਰ ਸਕਣਾ।

ਮੂੰਹ ਧੋ ਛੱਡਣਾ-ਕੋਈ ਆਸ ਨਾ ਰਹਿਣੀ।
ਮੂੰਹ ਨਾ ਲਾਉਣਾ-ਬੋਲ ਚਾਲ ਬੰਦ ਕਰ ਦੇਣੀ।
ਮੂੰਹ ਨੂੰ ਲਹੂ ਲੱਗਣਾ-ਵੱਢੀ ਲੈਣ ਦਾ ਸੁਆਦ ਪੈ ਜਾਣਾ, ਹਰਾਮ ਦੀ ਕਮਾਈ ਕਰਨਾ।
ਮੂੰਹ ਫਿਰਨਾ-ਖਾ ਖਾ ਕੇ ਅੱਕ ਜਾਣਾ।
ਮੂੰਹ ਫੈਲਾਉਣਾ-ਰੋਸਾ ਕਰਨਾ, ਰੁੱਸ ਜਾਣਾ।
ਮੂੰਹ ਫੇਰਨਾ-ਧਿਆਨ ਨਾ ਦੇਣਾ, ਅਣਗੌਲਿਆਂ ਕਰ ਦੇਣਾ।
ਮੂੰਹ ਭੰਨਣਾ-ਅਗਲੇ ਦੇ ਮੂੰਹ 'ਤੇ ਖ਼ਰੀਆਂ ਖ਼ਰੀਆਂ ਸੁਣਾਉਣੀਆਂ।
ਮੂੰਹ ਭਵਾ ਬਹਿਣਾ-ਰੋਸ ਪ੍ਰਗਟ ਕਰਨ ਲਈ ਮੂੰਹ ਮੋੜ ਲੈਣਾ।
ਮੂੰਹ ਮੱਥੇ ਲੱਗਣਾ-ਮਿਲਣਾ ਗਿਲਣਾ।
ਮੂੰਹ ਰੱਖਣਾ-ਮੂੰਹ ਮੁਲਾਹਜ਼ਾ ਰੱਖਣਾ, ਇੱਜ਼ਤ ਮਾਣ ਕਰਨਾ।
ਮੂੰਹ ਮੋੜਨਾ-ਜਵਾਬ ਦੇ ਦੇਣਾ।
ਮੂੰਹ ਵਿੱਚ ਉਂਗਲਾਂ ਪਾਉਣੀਆਂ-ਹੈਰਾਨ ਹੋ ਜਾਣਾ।
ਮੂੰਹ ਵਿੱਚ ਗੱਲ ਨਾ ਹੋਣੀ-ਚੁੱਪਚਾਪ ਰਹਿਣਾ, ਕੋਈ ਗੱਲ ਨਾ ਕਹਿਣੀ।
ਮੂੰਹ ਵਿੱਚ ਪਾਣੀ ਭਰ ਆਉਣਾ-ਕੋਈ ਪਦਾਰਥ ਖਾਣ ਨੂੰ ਦਿਲ ਕਰਨਾ, ਜੀ ਲਲਚਾਉਣਾ।
ਮੂੰਹ ਵੇਖ ਕੇ ਚਪੇੜ ਮਾਰਨਾ-ਬੰਦਾ ਕਬੰਦਾ ਵੇਖ ਕੇ ਸਲੂਕ ਕਰਨਾ।
ਮੂੰਹ ਵੇਖਦੇ ਰਹਿ ਜਾਣਾ-ਬੇਵਸ ਹੋ ਜਾਣਾ, ਕਿਸੇ ਦਾ ਕੁਝ ਵੀ ਵਿਗਾੜ-ਸੰਵਾਰ ਨਾ ਸਕਣਾ।
ਮੂੰਹੋਂ ਕੱਢ ਕੇ ਦੇਣਾ-ਆਪਣੀ ਲੋੜ ਛੱਡ ਕੇ ਦੂਜੇ ਨੂੰ ਦੇਣਾ, ਆਪਣੀ ਲੋੜਾਂ ਦਾ ਉੱਕਾ ਹੀ ਪਰਵਾਹ ਨਾ ਕਰਨੀ।
ਮੂੰਹੋਂ ਝੱਗ ਸੁੱਟਣਾ-ਬਕਵਾਸ ਕਰੀ ਜਾਣਾ, ਮੂਰਖਾਂ ਤੇ ਪਾਗਲਾਂ ਵਾਂਗ ਵਰਤਾਉ ਕਰਨਾ।
ਮੂੰਹੋਂ ਫੁੱਟਣਾ-ਮੂੰਹ ਪਾੜ ਕੇ ਗੱਲ ਕਹਿਣੀ, ਆਪਣੀ ਮੰਗ ਦੱਸਣੀ, ਇਛਿਆ ਪ੍ਰਗਟ ਕਰਨੀ।
ਮੂੰਹੋਂ ਲਾਹੁਣਾ-ਕਿਸੇ ਨਾਲ ਮੋਹ-ਮੁਹੱਬਤ ਤੋੜ ਲੈਣੀ।
ਮੂਧੇ ਮੂੰਹ ਮਾਰਨਾ-ਬੁਰੀ ਤਰ੍ਹਾਂ ਹਾਰ ਦੇਣੀ, ਤਬਾਹ ਕਰ ਦੇਣਾ।
ਮੇਰ ਤੇਰ ਕਰਨਾ-ਦੁਰੈਤ ਕਰਨੀ, ਆਪਣਾ ਪਰਾਇਆ ਪਰਖਣਾ।
ਮੋਠਾਂ ਦੀ ਛਾਵੇਂ ਬਹਿਣਾ-ਖ਼ਾਹਿਸ਼ ਪੂਰੀ ਨਾ ਹੋ ਸਕਣੀ।

ਮੋਢੇ ਨਾਲ਼ ਮੋਢਾ ਖਹਿਣਾ-ਬਹੁਤ ਭੀੜ ਹੋਣੀ।
ਮੋਰਚਾ ਮਾਰਨਾ-ਸਫਲਤਾ ਪ੍ਰਾਪਤ ਕਰਨੀ।
ਮੋਰਚਾ ਲਾਉਣਾ-ਸਤਿਆਗ੍ਰਹਿ ਸ਼ੁਰੂ ਕਰਨਾ, ਮੁਕਾਬਲਾ ਕਰਨਾ।
ਮੋੜ ਪੈ ਜਾਣਾ-ਘਟਣਾ ਸ਼ੁਰੂ ਹੋ ਜਾਣਾ।
ਮੌਜੂ ਬਣਾਉਣਾ-ਮਖੌਲ ਉਡਾਉਣਾ, ਝੇਡਾਂ ਕਰਨੀਆਂ।
ਮੌਤ ਦੇ ਘਾਟ ਉਤਾਰਨਾ-ਜਾਨੋਂ ਮਾਰ ਦੇਣਾ।
ਮੌਤ ਨੂੰ 'ਵਾਜਾਂ ਮਾਰਨੀਆਂ-ਅਜਿਹਾ ਖ਼ਤਰੇ ਵਾਲਾ ਕੰਮ ਕਰਨਾ ਜਿਸ ਨਾਲ ਜਾਨ ਨੂੰ ਖ਼ਤਰਾ ਹੋਵੇ।
ਮੌਤ ਮਹਾਠ ਤੇ ਰੋਣਾ-ਮੌਤ ਕਿਨਾਰੇ ਹੋਣਾ, ਮੌਤ ਦਾ ਡਰ ਸਿਰ 'ਤੇ ਮੰਡਰਾਉਣਾ।
ਮੰਜੀ ਤੇ ਪੈ ਜਾਣਾ-ਬੀਮਾਰ ਹੋ ਜਾਣਾ, ਨਿਢਾਲ ਹੋ ਜਾਣਾ।
ਮੰਜੀ ਤੇ ਬਹਿਣ ਜੋਗਾ ਨਾ ਰਹਿਣਾ-ਕਿਸੇ ਨਾਲ ਬਰਾਬਰੀ ਕਰਨ ਦੇ ਯੋਗ ਨਾ ਰਹਿਣਾ।
ਮੰਜੀ ਨਿਕਲਣਾ-ਮੁਰਦੇ ਨੂੰ ਮੰਜੀ 'ਤੇ ਪਾ ਕੇ ਸ਼ਮਸ਼ਾਨ ਘਾਟ ਲੈ ਕੇ ਜਾਣਾ।


ਯਬਲੀਆਂ ਮਾਰਨੀਆਂ-ਏਧਰ ਓਧਰ ਦੀਆਂ ਬੇ-ਮਤਲਬ ਗੱਲਾਂ ਕਰਨੀਆਂ।
ਯਾਦ ਜਾਗਣਾ-ਯਾਦਾਂ ਆ ਜਾਣੀਆਂ।
ਯਾਦ ਪਏ ਕਰਨਾ-ਕਿਸੇ ਦੀ ਚੰਗਿਆਈ ਅਤੇ ਅਹਿਸਾਨ ਕਰਕੇ ਜਾਂ ਕਿਸੇ ਵੱਲੋਂ ਕੀਤੀ ਬੁਰਾਈ ਕਰਕੇ ਉਸ ਨੂੰ ਯਾਦ ਰੱਖਣਾ।


ਰਹਿ ਆਉਣਾ-ਇੱਜ਼ਤ ਆਬਰੂ ਬਣੀ ਰਹਿਣੀ।
ਰਹਿ ਜਾਣਾ-ਕਮਜ਼ੋਰ ਹੋ ਜਾਣਾ।
ਰਹਿ ਨਾ ਸਕਣਾ-ਕੋਈ ਕੰਮ ਕਰਨੋਂ ਰਹਿ ਨਾ ਹੋਣਾ, ਕੰਮ ਕਰਨੋਂ ਬਾਜ਼ ਨਾ ਆਉਣਾ।
ਰਕਮ ਭਰ ਦੇਣਾ-ਘਾਟਾ ਪੂਰਾ ਕਰ ਦੇਣਾ, ਨੁਕਸਾਨ ਤਾਰ ਦੇਣਾ।
ਰੱਖ ਨਾ ਜਾਣਨਾ-ਕਦਰ ਨਾ ਕਰਨੀ।
ਰਗ ਰਗ ਤੋਂ ਜਾਣੂੰ ਹੋਣਾ-ਪੂਰੀ ਤਰ੍ਹਾਂ ਵਾਕਿਫ਼ ਹੋਣਾ।

ਰਚ ਮਿਚ ਜਾਣਾ - ਘੁਲ਼ ਮਿਲ਼ ਜਾਣਾ।
ਰਜ਼ਾ ਵਿੱਚ ਰਾਜ਼ੀ ਹੋਣਾ- ਕਿਸੇ ਦੀ ਮਰਜ਼ੀ ਅਨੁਸਾਰ ਕੰਮ ਕਰਕੇ ਖੁਸ਼ੀ ਮਹਿਸੂਸ
ਕਰਨੀ।
ਰੱਟ ਲੈਣਾ- ਜ਼ਬਾਨੀ ਘੋਟਾ ਲਾਉਣਾ।
ਰੱਤ ਖੌਲਣ ਲੱਗਣਾ- ਬਹੁਤ ਗੁੱਸੇ ਵਿੱਚ ਹੋਣਾ।
ਰੱਤ ਪੀਣਾ- ਕਿਸੇ ਦੀ ਕਮਾਈ 'ਤੇ ਐਸ਼ ਕਰਨਾ, ਹੱਕ ਮਾਰਨਾ।
ਰਫਾ ਦਫਾ ਕਰਨਾ- ਕਿਸੇ ਝਗੜੇ ਨੂੰ ਖ਼ਤਮ ਕਰ ਦੇਣਾ।
ਰੱਬ ਦੀ ਮਾਰ ਪੈਣੀ-ਬਦਕਿਸਮਤੀ ਨੇ ਘੇਰ ਲੈਣਾ।
ਰੱਬ ਦੀ ਮਾਰ ਵਗਣੀ-ਰੱਬੀ ਕਹਿਰ ਵਾਪਰਨਾ, ਕੀਤੇ ਕੁਕਰਮਾਂ ਦੀ ਰੱਬ ਵੱਲੋਂ ਸਜ਼ਾ ਮਿਲਣੀ।
ਰੱਬ ਦੇ ਮਾਂਹ ਪੁੱਟਣੇ-ਅਜਾਈਂ ਨੁਕਸਾਨ ਹੋਈ ਜਾਣਾ, ਰੱਬ ਦਾ ਕੁਝ ਵਿਗਾੜਨਾ।
ਰਮਜ਼ਾਂ ਸਮਝਣਾ-ਗੁੱਝੇ ਇਸ਼ਾਰੇ ਤੇ ਭੇਤ ਸਮਝਣਾ।
ਰਾਈ ਦਾ ਪਹਾੜ ਬਣਾਉਣਾ-ਗੱਲ ਵਧਾ ਚੜ੍ਹਾ ਕੇ ਦੱਸਣੀ।
ਰਾਸ ਆਉਣਾ-ਸਫ਼ਲਤਾ ਪ੍ਰਾਪਤ ਹੋ ਜਾਣੀ, ਕੰਮ ਬਣ ਜਾਣਾ।
ਰਾਹ ਸਾਫ਼ ਹੋਣਾ- ਕੋਈ ਰੁਕਾਵਟ ਨਾ ਰਹਿਣੀ।
ਰਾਹ ਕਰਨਾ -ਗਲ਼ੀ ਕੱਢਣੀ, ਛੇਕ ਕਰਨਾ, ਅਕਲ ਦੀ ਗੱਲ ਕਰਨੀ।
ਰਾਹ ਜਾਂਦੇ ਨਾਲ਼ ਲੜਨਾ -ਖਾਹਮਖ਼ਾਹ ਸਿੰਗੜੀ ਛੇੜ ਲੈਣੀ, ਲੜਾਈ ਝਗੜਾ ਕਰ ਲੈਣਾ।
ਰਾਹ ਤੱਕਣਾ-ਉਡੀਕਾਂ ਕਰਨੀਆਂ।
ਰਾਹ ਜਾਂਦੀ ਗੱਲ ਗਲ਼ ਪਾਉਣੀ-ਕਿਸੇ ਹੋਰ ਦੀ ਬਿਪਤਾ ਆਪਣੇ ਗਲ਼ ਪੁਆ ਲੈਣੀ।
ਰਾਹ ਤੇ ਆਉਣਾ-ਸਿੱਧੇ ਰਸਤੇ ਪੈ ਜਾਣਾ, ਸੁਧਰ ਜਾਣਾ।
ਰਾਹ ਦਾ ਕੰਡਾ ਹੋਣਾ-ਔਕੜ ਪੈਦਾ ਕਰਨ ਦਾ ਸਬੱਬ ਬਣਨਾ।
ਰਾਹ ਦਾ ਕੰਡਾ ਕੱਢਣਾ-ਵਿਰੋਧੀ ਨੂੰ ਮਾਰ ਮੁਕਾਉਣਾ।
ਰਾਹ ਦੀ ਗੱਲ ਕਰਨੀ-ਸਾਫ਼ ਤੇ ਸਿੱਧੀ ਗੱਲ ਕਰਨੀ, ਚਾਲ਼ੀ ਸੇਰੀ ਗੱਲ ਕਰਨੀ।
ਰਾਹ ਨਾ ਆਉਣਾ-ਸਮਝ 'ਚ ਨਾ ਆਉਣੀ, ਜਾਚ ਨਾ ਸਿਖਣੀ।
ਰਾਹ ਨਾਲ਼ ਵਰਤਣਾ-ਸੰਜਮ ਨਾਲ ਰੁਪਏ ਪੈਸੇ ਖ਼ਰਚ ਕਰਨੇ, ਤਰੀਕੇ ਨਾਲ ਵਰਤੋਂ ਵਿਹਾਰ ਕਰਨਾ।

ਰਾਹ ਪੈ ਜਾਣਾ-ਤੁਰ ਜਾਣਾ।
ਰਾਹ ਵਿੱਚ ਰੋੜਾ ਅਟਕਾਉਣਾ-ਕੰਮ ਵਿੱਚ ਰੋਕ ਪਾਉਣੀ।
ਰਾਹੋਂ ਕੁਰਾਹੇ ਪੈਣਾ-ਔਝੜ ਵਿੱਚ ਪੈ ਜਾਣਾ, ਗ਼ਲਤ ਰਾਹ 'ਤੇ ਤੁਰਨਾ।
ਰਾਹੋਂ ਨਾ ਲੰਘਣਾ-ਨੇੜੇ ਨਾ ਆਉਣਾ, ਦੂਰ ਦੂਰ ਰਹਿਣਾ।
ਰਾਤ ਅੱਖਾਂ ਚ ਲੰਘਾਉਣੀ-ਸਾਰੀ ਰਾਤ ਜਾਗਦੇ ਰਹਿਣਾ।
ਰਾਤ ਦਿਨ ਇਕ ਕਰ ਛੱਡਣਾ-ਮਿਹਨਤ ਨਾਲ ਕੰਮ ਕਰਨਾ, ਦਿਨ ਰਾਤ ਕੰਮ 'ਚ ਜੁਟੇ ਰਹਿਣਾ।
ਰਾਮ ਨਾਮ ਸਤ ਹੋਣਾ-ਮਰ ਜਾਣਾ।
ਰਿਝਦਿਆਂ ਉੱਤੋਂ ਚੱਪਣੀ ਲਾਹੁਣੀ-ਲੁਕਵੀਆਂ ਕਰਤੂਤਾਂ ਜ਼ਾਹਰ ਕਰਨੀਆਂ।
ਰੀਂ ਰੀਂ ਕਰਨਾ-ਹੌਲੀ ਹੌਲੀ ਰੋਣਾ।
ਰੀਝਾਂ ਵਰ ਆਉਣੀਆਂ-ਮਨ ਦੀਆਂ ਮੁਰਾਦਾਂ ਪੂਰੀਆਂ ਹੋ ਜਾਣੀਆਂ।
ਰੁੱਗ ਭਰਿਆ ਜਾਣਾ-ਭੈੜੀ ਖ਼ਬਾਰ ਸੁਣ ਕੇ ਦਿਲ ’ਤੇ ਕਰਾਰੀ ਸੱਟ ਵੱਜਣੀ, ਕਾਲਜਾ ਮੁੱਠ ਵਿੱਚ ਆ ਜਾਣਾ।
ਰੁਚੀ ਜਾਗ ਉੱਠਣੀ-ਮਨ ਵਿੱਚ ਤਾਂਘ ਜਾਗਣੀ।
ਰੂਹ ਪਲਟਾ ਦੇਣੀ-ਸੁਭਾਅ ਬਦਲਾ ਦੇਣਾ।
ਰੂਹ ਭਟਕਣੀ-ਜੀਅ ਤਰਸਣਾ।
ਰੂਪ ਚੜ੍ਹਨਾ-ਸੁੰਦਰਤਾ ਦੋ ਬਾਲਾ ਹੋਣੀ।
ਰੂੜੀ ਤੇ ਸੁੱਟ ਦੇਣਾ-ਬੇਕਦਰੀ ਕਰਨੀ, ਸਹੀ ਮੁੱਲ ਨਾ ਪਾਉਣਾ।
ਰੇਖ ਵਿੱਚ ਮੇਖ ਮਾਰਨਾ-ਕਿਸਮਤ ਨੂੰ ਪਲਟਾ ਦੇਣਾ।
ਰੇੜਕਾ ਮੁੱਕਣਾ-ਨਿੱਤ ਦਾ ਲੜਾਈ ਝਗੜਾ ਖ਼ਤਮ ਹੋ ਜਾਣਾ।
ਰੇੜਕਾ ਪਾ ਦੇਣਾ-ਝਗੜਾ ਸ਼ੁਰੂ ਕਰ ਦੇਣਾ।
ਰੋਟੀ ਨਾ ਲੰਘਣੀ-ਬਹੁਤ ਚਿੰਤਾ ਹੋ ਜਾਣੀ, ਚਿੰਤਾ ਕਾਰਨ ਖਾਣਾ ਪੀਣਾ ਭੁੱਲ ਜਾਣਾ।
ਰੋਟੀ ਪਾਣੀ ਸਾਂਝਾ ਹੋਣਾ-ਗੂੜਾ ਮੇਲ ਮਿਲਾਪ ਹੋਣਾ।
ਰੋਟੀ ਮੰਨਣਾ-ਰੋਟੀ ਦਾ ਨਿਉਂਦਾ ਦੇਣਾ, ਰੋਟੀ ਵਰਜਣਾ।
ਰੌਂਗਟੇ ਖੜੇ ਹੋ ਜਾਣੇ-ਲੂੰ ਕੰਡੇ ਖੜੇ ਹੋ ਜਾਣੇ।
ਰੰਗ ਉਘੜਨਾ-ਅਸਲ ਪ੍ਰਗਟ ਹੋ ਜਾਣਾ, ਅਸਲਾ ਦਿਸਣਾ।
ਰੰਗ ਉੱਡ ਜਾਣਾ-ਘਬਰਾ ਜਾਣਾ, ਡਰ ਜਾਣਾ, ਰੰਗ ਫੱਕ ਹੋ ਜਾਣਾ।

ਰੰਗ ਉੱਡਣਾ-ਮੂੰਹ ਫੱਕ ਹੋ ਜਾਣਾ।
ਰੰਗ ਕੱਢਣਾ-ਸੁੰਦਰਤਾ ਚਮਕ ਪੈਣੀ।
ਰੰਗ ਚੜ੍ਹਨਾ-ਖ਼ੁਸ਼ੀ ਵਿੱਚ ਮਸਤ ਹੋਣਾ।
ਰੰਗ ਪੀਲ਼ਾ ਪੈ ਜਾਣਾ-ਬੀਮਾਰੀ ਨਾਲ਼ ਰੰਗ ਪੀਲ਼ਾ ਪੈ ਜਾਣਾ, ਸ਼ਰਮਿੰਦਾ ਹੋਣਾ, ਡਰ ਜਾਣਾ।
ਰੰਗ ਬਦਲਨਾ-ਪੈਂਤੜਾ ਬਦਲਣਾ, ਖ਼ਿਆਲ ਬਦਲ ਲੈਣੇ।
ਰੰਗ ਮਾਣਨਾ-ਖ਼ੁਸ਼ੀਆਂ ਮਾਣਨੀਆਂ।
ਰੰਗ ਲੱਗਣਾ-ਭਾਗ ਜਾਗ ਪੈਣੇ, ਮੌਜਾਂ ਲੱਗ ਜਾਣੀਆਂ।
ਰੰਗ ਲਿਆਉਣਾ-ਫਲ਼ ਪੈਣਾ, ਅਸਰ ਕਰਨਾ।
ਰੰਗ ਵਟਾ ਜਾਣਾ-ਅੱਖਾਂ ਫੇਰ ਲੈਣੀਆਂ, ਸਾਥ ਛੱਡ ਦੇਣਾ।
ਰੰਗ ਵਿੱਚ ਭੰਗ ਪੈਣਾ-ਕੋਈ ਚਿੰਤਾ ਲੱਗ ਜਾਣੀ, ਖ਼ੁਸ਼ੀ ਵਿੱਚ ਵਿਘਨ ਪੈ ਜਾਣਾ।
ਰੰਗ ਵਿੱਚ ਰੱਤਾ ਰਹਿਣਾ-ਕਿਸੇ ਪਿਆਰ ਜਾਂ ਸਵਾਦ ਵਿੱਚ ਮਸਤ ਰਹਿਣਾ।
ਰੰਗਾਂ ਵਿੱਚ ਵਸਣਾ-ਮੌਜ ਮਸਤੀ ਵਾਲਾ ਜੀਵਨ ਜੀਣਾ।
ਰੰਗਰਲੀਆਂ ਮਨਾਉਣਾ-ਜਸ਼ਨ ਮਨਾਉਣੇ, ਮੌਜ ਮਸਤੀ ਕਰਨੀ।


ਲਹਿਰ ਉੱਠਣੀ-ਜੋਸ਼ ਆਉਣਾ।
ਲਹਿਰਾਂ ਮਾਰਨਾ-ਠਾਠਾਂ ਮਾਰਨਾ।
ਲਹਿਰ ਲੱਗਣਾ-ਮੌਜ-ਬਹਾਰਾਂ ਹੋਣੀਆਂ।
ਲਹਿਰੇ ਲੁੱਟਣਾ-ਮੌਜ ਮਸਤੀ ਕਰਨੀ, ਐਸ਼ਾਂ ਕਰਨੀਆਂ।
ਲਹੂ ਉਬਲਣਾ-ਜੋਸ਼ ਆ ਜਾਣਾ।
ਲਹੂ ਸਾਂਝਾ ਹੋਣਾ-ਬੇਟੀ ਦੀ ਸਾਂਝ ਹੋਣੀ, ਸਾਂਝਾ ਭਾਈਚਾਰਾ।
ਲਹੂ ਸੁੱਕਣਾ-ਕਿਸੇ ਦੇ ਰੋਅਬ ਥੱਲੇ ਆ ਕੇ ਡਰ ਜਾਣਾ।
ਲਹੂ ਖਿੱਚਿਆ ਜਾਣਾ-ਸਾਹ ਸਤ ਨਾ ਰਹਿਣਾ, ਡਰ ਨਾਲ ਮੂੰਹ 'ਤੇ ਪਲੱਤਣ ਆ ਜਾਣੀ।
ਲਹੂ ਖੌਲਣਾ-ਜੋਸ਼ ਆ ਜਾਣਾ, ਸਰੀਰ ਵਿੱਚ ਬਹਾਦਰੀ ਜਾਗ ਪੈਣੀ।
ਲਹੂ ਚੂਸਣਾ-ਭੈ-ਭੀਤ ਹੋ ਜਾਣਾ, ਘਬਰਾ ਜਾਣਾ।

ਲਹੂ ਡੋਲ੍ਹਣ ਨੂੰ ਤਿਆਰ ਰਹਿਣਾ-ਕਿਸੇ ਖ਼ਾਤਰ ਕੁਰਬਾਨੀ ਦੇਣ ਨੂੰ ਤਿਆਰ ਹੋ ਜਾਣਾ।
ਲਹੂ ਦੇ ਘੁੱਟ ਭਰਨਾ-ਦੁੱਖ ਨੂੰ ਅੰਦਰੋਂ ਅੰਦਰ ਜਰਨਾ।
ਲਹੂ ਦੇ ਅੱਥਰੂ ਕੇਰਨਾ-ਬਹੁਤ ਰੋਣਾ ਧੋਣਾ, ਵਿਰਲਾਪ ਕਰਨਾ।
ਲਹੂ ਦਾ ਤਿਹਾਇਆ ਹੋਣਾ-ਪੱਕਾ ਵੈਰੀ ਹੋਣਾ।
ਲਹੂ ਵਿੱਚ ਨਹਾਉਣਾ-ਜ਼ੁਲਮ ਕਰਨਾ।
ਲਹੂ ਨਚੋੜਨਾ-ਸਖ਼ਤ ਕੰਮ ਕਰਨਾ, ਕਾਮਿਆਂ ਨੂੰ ਪੂਰੀ ਮਿਹਨਤ ਨਾ ਦੇਣੀ।
ਲਹੂ ਨਾਲ ਹੱਥ ਰੰਗਣੇ-ਜ਼ੁਲਮ ਕਰਨਾ, ਖੂਨ ਕਰਨਾ।
ਲਹੂ ਪਸੀਨਾ ਇਕ ਕਰਨਾ-ਡਾਹਢੀ ਮਿਹਨਤ ਮਜ਼ਦੂਰੀ ਕਰਨੀ।
ਲਹੂ ਪੀਣਾ-ਬਹੁਤ ਜ਼ੁਲਮ ਕਰਨਾ, ਦੁਖੀ ਕਰਨਾ, ਮਜ਼ਦੂਰਾਂ ਦਾ ਹੱਕ ਮਾਰਨਾ।
ਲਹੂ ਪੰਘਰਨਾ-ਗਲ ਭਰ ਆਉਣਾ, ਮੋਹ ਜਾਗ ਪੈਣਾ।
ਲੱਕ ਸਿੱਧਾ ਕਰਨਾ-ਸਾਹ ਲੈਣਾ, ਦਮ ਮਾਰਨਾ, ਥੋੜ੍ਹਾ ਜਿਹਾ ਥਕੇਵਾਂ ਲਾਹੁਣਾ।
ਲੱਕ ਟੁੱਟ ਜਾਣਾ-ਕਿਸੇ ਮੌਤ ਕਾਰਨ ਭਾਰੀ ਸੱਟ ਵੱਜਣੀ, ਹਿੰਮਤ ਹਾਰ ਜਾਣੀ, ਹੌਸਲਾ ਮੁੱਕ ਜਾਣਾ।
ਲੱਕ ਤੋੜ ਦੇਣਾ-ਹੌਸਲਾ ਢਾਹ ਦੇਣਾ।
ਲੱਕ ਦੂਹਰਾ ਹੋ ਜਾਣਾ-ਕੰਮ ਕਰਦਿਆਂ ਥੱਕ ਕੇ ਚੂਰ ਹੋ ਜਾਣਾ।
ਲੱਕ ਬੰਨ੍ਹਣਾ-ਪੱਕਾ ਇਰਾਦਾ ਬਣਾ ਲੈਣਾ, ਪੱਕੀ ਨੀਯਤ ਧਾਰ ਲੈਣੀ।
ਲਕੀਰ ਫੇਰਨਾ-ਖ਼ਤਮ ਕਰ ਦੇਣਾ, ਮਸਾ ਦੇਣਾ।
ਲੱਖ ਦੀ ਗੱਲ ਕਰਨਾ-ਸਿਆਣੀ ਗੱਲ ਆਖਣੀ।
ਲੱਖਾਂ ਵਿੱਚ ਖੇਡਣਾ-ਬਹੁਤ ਅਮੀਰ ਹੋ ਜਾਣਾ।
ਲਗਨ ਠੰਢੇ ਹੋਣਾ-ਕੰਮ ਵਿੱਚ ਕਾਮਯਾਬੀ ਨਾ ਹੋਣੀ, ਕਿਸਮਤ ਵਿੱਚ ਫ਼ਰਕ ਹੋਣਾ।
ਲਗਾਮ ਢਿੱਲੀ ਛੱਡਣੀ-ਸਿਰ 'ਤੇ ਅੰਕੁਸ਼ ਨਾ ਰੱਖਣਾ, ਖੁੱਲ੍ਹਾਂ ਦੇ ਦੇਣੀਆਂ।
ਲੱਛਮੀ ਘਰ ਵਿੱਚ ਆਉਣੀ-ਧਨ-ਪਦਾਰਥ ਪ੍ਰਾਪਤ ਹੋਣਾ।
ਲੱਟੂ ਹੋਣਾ-ਮੋਹਤ ਹੋ ਜਾਣਾ, ਆਸ਼ਕ ਹੋਣਾ।
ਲੱਤ ਅੜਾਉਣਾ-ਕਿਸੇ ਕੰਮ 'ਚ ਰੋਕ ਪਾਉਣੀ।
ਲੱਤ ਹੇਠੋ ਕੱਢਣਾ-ਹਰਾ ਦੇਣਾ।

ਲੱਤ ਹੇਠੋਂ ਲੰਘਣਾ-ਈਨ ਮੰਨਣੀ, ਲੋਹਾ ਮੰਨਣਾ।
ਲੱਤ ਨਾ ਲਾਣਾ-ਟਿਕ ਕੇ ਨਾ ਬੈਠਣਾ, ਇਨਕਾਰ ਕਰੀ ਜਾਣਾ, ਆਕੜ ਵਿਖਾਉਣੀ।
ਲੱਤ ਮਾਰਨਾ-ਕੰਮ ਵਿੱਚ ਵਿਗਾੜ ਪਾਉਣਾ, ਭਾਨੀ ਮਾਰਨੀ।
ਲੱਤਾਂ ਵਿੱਚ ਸਿੱਕਾ ਭਰ ਜਾਣਾ-ਤੁਰਨ ਲੱਗਿਆਂ ਲੱਤਾਂ ਭਾਰੀਆਂ-ਭਾਰੀਆਂ ਲੱਗਣੀਆਂ।
ਲਪੇਟ ਵਿੱਚ ਆਉਣਾ-ਧੋਖੇ ਵਿੱਚ ਫਸਣਾ।
ਲੱਲੇ ਪੱਪੇ ਕਰਨਾ-ਲਾਰਿਆਂ ਵਿੱਚ ਰੱਖਣਾ, ਪੱਕੀ ਗੱਲ ਨਾ ਕਰਨੀ, ਏਧਰ ਓਧਰ ਦੀਆਂ ਮਾਰਨੀਆਂ, ਝੂਠੀ ਆਸ ਬੰਨਾਉਣੀ।
ਲੜ ਫੜਨਾ-ਆਸਰਾ ਦੇਣਾ।
ਲੜ ਲੱਗਣਾ-ਇਸਤਰੀ ਦਾ ਕਿਸੇ ਪੁਰਸ਼ ਨਾਲ ਵਿਆਹਿਆ ਜਾਣਾ।
ਲਾਹ ਪਾਹ ਕਰਨਾ-ਝਾੜ ਝੰਬ ਕਰਨੀ, ਘੂਰ ਘਪ ਕਰਨੀ।
ਲਾਗ ਬਾਜ਼ੀ ਕਰਨਾ-ਕਿਸੇ ਨਾਲ ਜ਼ਿੰਦ ਰੱਖਣੀ, ਦੁਸ਼ਮਣੀ ਕਰਨੀ।
ਲਾਗ ਲੱਗਣਾ-ਅਸਰ ਹੋ ਜਾਣਾ।
ਲਾਂਘਾ ਲੰਘਣਾ-ਗੁਜਰਾਨ ਹੋਈ ਜਾਣੀ, ਦਿਨ ਕਟੀ ਕਰਨਾ।
ਲਾਲ ਪੀਲਾ ਹੋਣਾ-ਗੁੱਸੇ ਹੋਣਾ।
ਲਾਲਾਂ ਚੱਟਣੀਆਂ-ਤਰਲੇ ਕਰਨੇ, ਖੁਸ਼ਾਮਦ ਕਰਨੀ।
ਲਾਲਾਂ ਵਗਾਉਣਾ-ਲਲਚਾਉਣਾ।
ਲਿੱਦ ਕਰ ਦੇਣਾ-ਹੌਸਲਾ ਪਸਤ ਹੋ ਜਾਣਾ, ਘਟੀਆ ਸਾਬਤ ਹੋਣਾ, ਡਰਾਕਲਾਂ ਵਾਲੇ ਕੰਮ ਕਰਨੇ।
ਲਿਵ ਲੱਗਣਾ-ਸੁਰਤ ਜੁੜਨੀ।
ਲੀਹੇ ਤੁਰਨਾ-ਨੱਕ ਦੀ ਸੇਧ ਤੁਰਨਾ, ਰਸਤੇ ਰਸਤੇ ਜਾਣਾ।
ਲੀਕ ਮਿਟਾ ਦੇਣੀ-ਵਿਤਕਰੇ ਵਿੱਥਾਂ ਦੂਰ ਕਰ ਦੇਣੀਆਂ।
ਲੀਕ ਲੱਗਣੀ-ਤੋਹਮਤ ਲੱਗ ਜਾਣੀ, ਬੇਇੱਜ਼ਤੀ ਹੋਣੀ।
ਲੀਰਾਂ ਲਮਕਣਾ-ਅਤਿ ਦੀ ਗਰੀਬੀ ਆ ਜਾਣੀ, ਪਾਟੇ ਹੋਏ ਕੱਪੜੇ ਪਾ ਕੇ ਰੱਖਣਾ।

ਲੂਣ ਹਰਾਮ ਕਰਨਾ-ਕੀਤੇ ਨੂੰ ਭੁਲਾ ਦੇਣਾ, ਅਕਿਰਤਘਣ ਹੋਣਾ।
ਲੂਣ ਤੋਲਣਾ-ਝੂਠ ਤੇ ਕੁਫ਼ਰ ਤੋਲਣਾ, ਵਧਾ ਚੜ੍ਹਾ ਕੇ ਗੱਲ ਕਰਨੀ।
ਲੂਣ ਮਿਰਚ ਲਗਾਉਣਾ-ਵਧਾ ਚੜ੍ਹਾ ਕੇ ਗੱਲ ਕਰਨੀ।
ਲੇਖ ਸੜ ਜਾਣੇ-ਕਿਸਮਤ ਨੇ ਸਾਥ ਨਾ ਦੇਣਾ, ਕਾਰ ਵਿਹਾਰ ਵਿੱਚ ਘਾਟਾ ਪੈ ਜਾਣਾ, ਬਦਕਿਸਮਤੀ ਦਾ ਚੱਕਰ ਚੱਲ ਪੈਣਾ।
ਲੇਖਾ ਨਿਬੇੜਨਾ-ਹਿਸਾਬ ਕਿਤਾਬ ਕਰ ਦੇਣਾ, ਲੈਣ ਦੇਣ ਪੂਰਾ ਕਰ ਦੇਣਾ, ਬਦਲਾ ਲੈਣਾ।
ਲੇਡਾ ਫੁੱਲ ਜਾਣਾ-ਆਕੜ ਜਾਣਾ।
ਲੈਣੇ ਦੇ ਦੇਣੇ ਪੈ ਜਾਣੇ-ਲਾਭ ਦੀ ਥਾਂ ਹਾਨੀ ਹੋਣੀ।
ਲੋਈ ਲਾਹੁਣਾ-ਬੇਸ਼ਰਮ ਹੋ ਜਾਣਾ, ਕੋਈ ਸ਼ਰਮ ਹਯਾ ਨਾ ਰੱਖਣੀ।
ਲੋਹੜਾ ਆ ਜਾਣਾ-ਅਤਿ ਭੈੜਾ ਤੇ ਅਨੋਖਾ ਕੰਮ ਹੋ ਜਾਣਾ।
ਲੋਹਾ ਮੰਨਣਾ-ਕਿਸੇ ਦੀ ਲਿਆਕਤ ਦੇ ਪ੍ਰਭਾਵ ਹੇਠ ਆਉਣਾ, ਸ਼ਕਤੀ ਅੱਗੇ ਸਿਰ ਝੁਕਾਉਣਾ।
ਲੋਹਾ ਲਾਖ਼ਾ ਹੋਣਾ-ਬਹੁਤ ਗੁੱਸੇ ਹੋਣਾ।
ਲੋਹੇ ਨੂੰ ਹੱਥ ਪਾਉਣਾ-ਤਲਵਾਰਾਂ ਨਾਲ ਲੜਾਈ ਕਰਨੀ।
ਲੋਹੇ ਦੇ ਚਣੇ ਚਬਾਉਣਾ-ਔਖਾ ਕੰਮ ਕਰਨਾ ਪੈਣਾ, ਔਖ ਪੇਸ਼ ਆਉਣੀ।
ਲੋਹੇ ਦਾ ਥਣ ਹੋਣਾ-ਬਹੁਤ ਕੰਜੂਸ ਹੋਣਾ, ਪੱਥਰ ਦਿਲ ਹੋ ਜਾਣਾ, ਹੱਥੋਂ ਕੁਝ ਨਾ ਦੇਣਾ।
ਲੰਗ ਮਾਰਨਾ-ਲੰਗੜਾ ਕੇ ਤੁਰਨਾ।
ਲੰਗਰ ਲਾਣਾ-ਖੁੱਲਾ ਵੰਡਣਾ, ਦਿਲ ਖੋਲ੍ਹ ਕੇ ਵੰਡਣਾ, ਆਮ ਲੋਕਾਂ ਨੂੰ ਪ੍ਰਸ਼ਾਦੇ ਛਕਾਉਣੇ।
ਲੰਗਰ ਲੰਗੋਟੇ ਕੱਸਣੇ-ਪੂਰੇ ਜ਼ੋਰ ਸ਼ੋਰ ਨਾਲ ਤਿਆਰੀ 'ਚ ਜੁੱਟ ਜਾਣਾ।
ਲੰਮੀ ਡੋਰ ਦੇਣਾ-ਬਹੁਤ ਖੁੱਲ੍ਹ ਦੇਣੀ।
ਲੰਮੀਆਂ ਤਾਣ ਕੇ ਸੌਣਾ-ਨਿਸ਼ਚਿੰਤ ਹੋ ਕੇ ਨੀਂਦ ਕੱਢਣੀ, ਬੇ-ਪਰਵਾਹ ਹੋ ਜਾਣਾ।
ਲੰਮੇ ਚਾਲੇ ਪਾਉਣਾ-ਮਰ ਜਾਣਾ।
ਲੂੰ ਕੰਡੇ ਖੜੇ ਹੋਣਾ-ਜੋਸ਼ ਜਾਂ ਡਰ ਨਾਲ਼ ਸਰੀਰ ਦੇ ਰੋਮ ਖੜੇ ਹੋ ਜਾਣੇ।

ਵ


ਵੱਸ ਪੈਣਾ-ਕਿਸੇ ਦੇ ਪੱਲੇ ਪੈ ਜਾਣਾ, ਕਿਸੇ ਦੂਜੇ ਤੇ ਨਿਰਭਰ ਕਰਨਾ, ਕਿਸੇ ਦੀ ਮਰਜ਼ੀ ਅਨੁਸਾਰ ਚੱਲਣਾ।
ਵਹਿ ਨਿਕਲਣਾ-ਕੰਮ-ਕਾਰ ਵਿੱਚ ਸਿਆਣਾ ਹੋ ਜਾਣਾ।
ਵਹਿਣਾਂ ਵਿੱਚ ਗੋਤੇ ਖਾਣੇ-ਸੋਚਾਂ ਵਿੱਚ ਡੁੱਬ ਕੇ ਸਭ ਕੁਝ ਭੁਲਾ ਦੇਣਾ।
ਵਕਤ ਟਪਾਉਣਾ-ਔਕੜ ਸਮੇਂ ਕਿਸੇ ਦੀ ਮਦਦ ਕਰਨੀ, ਔਖਾ ਸਮਾਂ ਦੱਬ-ਘੁੱਟ ਕੇ ਬਤੀਤ ਕਰਨਾ।
ਵਕਤ ਨੂੰ ਧੱਕਾ ਦੇਣਾ-ਔਖੇ ਸੌਖੇ ਹੋ ਕੇ ਝੱਟ ਲੰਘਾਉਣਾ।
ਵਖ਼ਤ ਪਾ ਦੇਣਾ-ਮੁਸੀਬਤਾਂ ਖੜ੍ਹੀਆਂ ਕਰ ਦੇਣੀਆਂ, ਔਕੜ ਵਿੱਚ ਫਸਾਉਣਾ।
ਵਖਤਾਂ ਨੂੰ ਫੜੇ ਹੋਏ ਹੋਣਾ-ਕਿਸੇ ਬਿਪਤਾ ਵਿੱਚ ਫਸ ਜਾਣਾ।
ਵੱਟ ਖਾਣਾ-ਗੁੱਸਾ ਕਰਨਾ, ਦੁੱਧ ਦਾ ਖਟਿਆ ਜਾਣਾ।
ਵੱਟਾ ਲਾਉਣਾ-ਬਦਨਾਮੀ ਸਹੇੜਨੀ, ਖੁਨਾਮੀ ਖੱਟਣੀ।
ਵੱਡਾ ਹੋਣਾ-ਮਰ ਜਾਣਾ।
ਵੱਡਾ ਜਿਗਰਾ ਕਰਨਾ-ਮਾੜੇ ਮੋਟੇ ਨੁਕਸਾਨ ਦੀ ਪਰਵਾਹ ਨਾ ਕਰਨੀ, ਖੁਲੇ ਦਿਲ ਵਾਲਾ ਹੋਣਾ, ਦੁੱਖ ਦੀ ਪਰਵਾਹ ਨਾ ਕਰਨੀ।
ਵੱਢ ਵੱਢ ਖਾਣਾ-ਘੂਰ ਘੱਪ ਕਰਨੀ, ਟੁੱਟ ਟੁੱਟ ਪੈਣਾ, ਬਹੁਤ ਝਿੜਕਣਾ।
ਵੱਢਿਆਂ ਰੂਹ ਨਾ ਕਰਨਾ-ਮਨ ਦੀ ਸਥਿਤੀ ਕਾਰਨ ਕਿਸੇ ਵੀ ਕੰਮ ਨੂੰ ਕਰਨ ਨੂੰ ਦਿਲ ਨਾ ਕਰਨਾ, ਕਿਸੇ ਥਾਂ ਜਾਂ ਕੰਮ ਨਾਲ ਘ੍ਰਿਣਾ ਹੋ ਜਾਣੀ।
ਵਢੂੰ ਖਾਊਂ ਕਰਨਾ-ਖਾਣ ਨੂੰ ਪੈਣਾ।
ਵਢੂੰ ਵਢੂੰ ਕਰਨਾ-ਹਰ ਵੇਲੇ ਘੂਰਦੇ ਰਹਿਣਾ।
ਵਧ ਵਧ ਹੱਥ ਵਖਾਉਣਾ-ਬਹਾਦਰੀ ਕਰਨੀ।
ਵਧ ਵਧ ਕੇ ਪੈਰ ਮਾਰਨਾ-ਵਿਤੋਂ ਵੱਧ ਕੰਮ ਕਰਨਾ।
ਵਖਾਧ ਵੱਧ ਜਾਣਾ-ਮਾਮੂਲੀ ਝਗੜੇ ਤੋਂ ਲੜਾਈ ਨੇ ਤੂਲ ਫੜ ਲੈਣਾ।
ਵਰ੍ਹ ਪੈਣਾ-ਖੂਬ ਝਿੜਕਾਂ ਦੇਣੀਆਂ, ਮਾੜਾ ਚੰਗਾ ਬੋਲਣਾ।
ਵਲ਼ ਖਲੋਣਾ-ਘੇਰਾ ਘੱਤ ਲੈਣਾ, ਘੇਰ ਲੈਣਾ।
ਵਲ਼ ਖਾਣਾ-ਅੰਦਰੋਂ ਅੰਦਰ ਖਿਝਣਾ, ਜਲਣਾ, ਕੁੜ੍ਹਨਾ।
ਵਲ਼ ਛਲ਼ ਕਰਨਾ-ਧੋਖਾ ਦੇ ਜਾਣਾ, ਠੱਗੀ ਮਾਰ ਜਾਣੀ।

ਵਲ਼ ਪਾਉਣਾ-ਚਲਾਕੀ ਕਰਨੀ।
ਵਲ਼ਾ ਵਲ਼ਾ ਕੇ ਗੱਲ ਕਰਨੀ-ਦਿਲ ਦੀ ਗੱਲ ਲੁਕੋ ਕੇ ਹੋਰ ਹੋਰ ਗੱਲਾਂ ਕਰੀ ਜਾਣੀਆਂ।
ਵਾ ਖਾਣਾ-ਹਵਾ ਵਿੱਚ ਘੁੰਮਣਾ, ਸੈਰ ਕਰਨੀ।
ਵਾ ਦਾ ਰੁੱਖ ਦੇਖਣਾ-ਸਮੇਂ ਅਨੁਸਾਰ ਚੱਲਣਾ।
ਵਾ ਦੇ ਘੋੜੇ ਅਸਵਾਰ ਹੋਣਾ-ਹੰਕਾਰ ਜਾਣਾ।
ਵਾ ਵੱਗ ਜਾਣਾ-ਮੱਤ ਮਾਰੀ ਜਾਣੀ, ਰਿਵਾਜ ਪੈ ਜਾਣਾ।
ਵਾ ਵੱਲ ਨਾ ਵੇਖਣਾ-ਮਾੜੀ ਨਜ਼ਰ ਨਾਲ ਨਾ ਵੇਖ ਸਕਣਾ, ਕੋਈ ਨੁਕਸਾਨ ਕਰਨ ਦੀ ਜੁਰੱਅਤ ਨਾ ਕਰਨਾ।
ਵਾਸਤੇ ਪਾਉਣੇ-ਤਰਲੇ ਕਰਨੇ, ਹਾੜੇ ਕੱਢਣੇ।
ਵਾਹ ਪੈਣਾ-ਵਾਸਤਾ ਪੈਣਾ।
ਵਾਹ ਲਾਉਣਾ-ਯਤਨਸ਼ੀਲ ਹੋਣਾ।
ਵਾਗਡੋਰ ਫੜਨੀ-ਪ੍ਰਬੰਧ ਦੀ ਜੁੰਮੇਂਵਾਰੀ ਲੈਣੀ, ਆਗੂ ਬਣ ਜਾਣਾ।
ਵਾਛਾਂ ਖਿੜਨੀਆਂ-ਬਹੁਤ ਖੁਸ਼ ਹੋਣਾ।
ਵਾਤ ਨਾ ਪੁੱਛਣੀ-ਖ਼ਬਰਸਾਰ ਨਾ ਲੈਣੀ, ਪਰਵਾਹ ਨਾ ਕਰਨੀ, ਸਹਾਇਤਾ ਨਾ ਕਰਨੀ।
ਵਾਧਾ ਘਾਟਾ ਨਾ ਸਮਝਣਾ-ਮਾੜੇ ਚੰਗੇ ਅਤੇ ਘਾਟੇ ਵਾਧੇ ਬਾਰੇ ਵਿਚਾਰ ਨਾ ਕਰਨੀ।
ਵਾਧੀਆਂ ਘਾਟੀਆਂ ਕਰਨੀਆਂ-ਕਿਸੇ ਨਾਲ ਵਧੀਕੀ ਕਰਨੀ।
ਵਾਰੀ ਨਾ ਲੈਣ ਦੇਣਾ-ਗੱਲਾਂ ਬਾਤਾਂ ਵਿੱਚ ਦੂਜੇ ਨੂੰ ਬੋਲਣ ਨਾ ਦੇਣਾ, ਗੱਲ ਕਰਨ ਦਾ ਸਮਾਂ ਨਾ ਦੇਣਾ।
ਵਾਰਾਂ ਗਾਈ ਜਾਣਾ-ਬੜੀ ਸ਼ੋਭਾ ਵੱਡਿਆਈ ਹੋਣੀ, ਜੱਸ ਹੋਣਾ।
ਵਾਰੇ ਨਾ ਆ ਸਕਣਾ-ਬਹਿਸ ਵਿੱਚ ਦੂਜੇ ਨੂੰ ਬੋਲਣ ਨਾ ਦੇਣਾ।
ਵਾਲ਼ ਦੀ ਖਲ ਲਾਹੁਣਾ-ਬਹੁਤ ਬਰੀਕੀ ਨਾਲ ਪੁੱਛ ਪੜਤਾਲ ਕਰਨੀ।
ਵਾਲ਼ ਪੈਰਾਂ ਹੇਠਾਂ ਹੋਣਾ-ਬੜੀ ਹਲੀਮੀ ਨਾਲ ਗੱਲ ਤੋਰਨੀ।
ਵਾਲ਼ ਵਿੰਗਾ ਨਾ ਹੋਣ ਦੇਣਾ-ਰਤੀ ਭਰ ਵੀ ਔਖ ਨਾ ਆਉਣ ਦੇਣੀ।
ਵਿਸ ਘੋਲਣਾ-ਮਨ ਵਿੱਚ ਆਪਣੇ ਗੁੱਸੇ ਨੂੰ ਜਰ ਲੈਣਾ, ਅੰਦਰੋਂ ਅੰਦਰ ਵਿਸ ਘੋਲੀ ਜਾਣੀ, ਦਿਲ ਵਿੱਚ ਹੀ ਕੁੜ੍ਹਨਾ।

ਵਿਸਾਹ ਨਾ ਖਾਣਾ-ਕਿਸੇ 'ਤੇ ਇਤਬਾਰ ਨਾ ਕਰਨਾ, ਦੂਜੇ ਆਦਮੀ 'ਤੇ ਵਿਸ਼ਵਾਸ ਨਾ ਕਰਨਾ।
ਵਿਗੜੀ ਤਾਣੀ ਸੁਲਝਾਉਣੀ-ਵਿਗੜਿਆ ਕੰਮ ਸੰਵਾਰ ਦੇਣਾ।
ਵਿਗੜੀ ਬਣਾਉਣਾ-ਵਿਗੜੇ ਕੰਮਾਂ 'ਚ ਸੁਧਾਰ ਲਿਆਉਣਾ।
ਵਿੱਚ ਕੁਝ ਨਾ ਰਹਿਣਾ-ਮਾੜੇ ਹੋ ਜਾਣਾ।
ਵੇਖ ਕੇ ਭੁੱਖ ਲਹਿਣਾ-ਬਹੁਤ ਸੋਹਣਾ ਲੱਗਣਾ।
ਵੇਖ ਨਾ ਸੁਖਾਣਾ-ਕਿਸੇ ਨੂੰ ਵੱਧਦਾ ਫੁਲਦਾ ਵੇਖ ਕੇ ਸਾੜਾ ਕਰਨਾ।
ਵੇਲ ਵਧਣਾ-ਸੰਤਾਨ 'ਚ ਵਾਧਾ ਹੋਣਾ, ਧੀਆਂ ਪੁੱਤ ਜੰਮਣੇ।
ਵੇਲਾ ਕੁਵੇਲਾ ਭੁਗਤਾਣਾ-ਲੋੜ ਸਮੇਂ ਸਹਾਇਤਾ ਕਰਨੀ, ਆਸਰਾ ਦੇਣਾ।
ਵੇਲਾ ਟਪਾਉਣਾ-ਔਕੜ ਸਮੇਂ ਮਦਦ ਕਰਨਾ, ਮਾੜਾ ਸਮਾਂ ਲੰਘਾ ਦੇਣਾ।
ਵੇਲਾ ਟਾਲਣਾ-ਕਿਸੇ ਬਿਪਤਾ ਤੋਂ ਬਚਣ ਲਈ ਯਤਨ ਕਰਨਾ।
ਵੇਲਾ ਧੱਕਣਾ-ਕੰਮ ਸਾਰਨਾ, ਔਖੇ ਵੇਲੇ ਕੰਮ ਆਉਣਾ।
ਵੇਲੇ ਨੂੰ ਰੋਣਾ-ਸਮਾਂ ਅਜਾਈਂ ਗੁਆ ਕੇ ਪਛਤਾਉਣਾ।
ਵੈਰ ਕੱਢਣਾ-ਬਦਲਾ ਲੈਣਾ।
ਵੈਰ ਖ਼ਰੀਦਣਾ-ਵੈਰ ਪਾ ਲੈਣਾ, ਵੈਰ ਵਿਹਾਜਣਾ।
ਵੰਗਾਰ ਪਾਣਾ-ਸਹਾਇਤਾ ਲਈ ਪ੍ਰੇਰਨਾ, ਲਲਕਾਰ ਪਾਉਣੀ।
ਵਿੰਗਾ ਤੁਰਨਾ-ਮੰਦੇ ਕੰਮ ਕਰਨੇ, ਗ਼ਲਤੀ ਕਰਨੀ।