ਵਰਤੋਂਕਾਰ:Jayantanth /ਨਵੀਆਂ ਸੋਚਾਂ

ਵਿਕੀਸਰੋਤ ਤੋਂ

ਨਵੀਆਂ ਸੋਚਾਂ

ਕ੍ਰਿਤ
ਪ੍ਰੋਫ਼ੈਸਰ ਤੇਜਾ ਸਿੰਘ, ਐਮ. ਏ.
ਖਾਲਸਾ ਕਾਲਜ, ਅੰਮ੍ਰਿਤਸਰ

ਲਾਹੌਰ

ਪ੍ਰਕਾਸ਼ਕ
ਪੰਜ ਦਰਿਆ
ਨਿਸਬਤ ਰੋਡ, ਲਹੌਰ

ਪਹਿਲੀ ਵਾਰ ੧੯੪੧ [ਮੂਲ ਸਣੇ ਜਿਲਦ ੧॥) ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/2 ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/3

ਨਵਾਂ ਜ਼ਮਾਨਾ

ਸਭ ਤੋਂ ਪਹਿਲੀ ਗੱਲ ਜੋ ਨਵੇਂ ਜ਼ਮਾਨੇ ਦੀ ਦਿਸਦੀ ਹੈ, ਉਹ ਇਹ ਹੈ ਕਿ ਸੰਸਾਰ ਜੋ ਵੱਡਾ ਸਾਰਾ ਦਿਸਦਾ ਸੀ, ਹੁਣ ਨਿੱਕਾ ਜਿਹਾ ਭਾਸਣ ਲੱਗਾ ਹੈ। ਦੇਸ ਤੇ ਕਾਲ ਦੀ ਵਿਥ ਬਹੁਤ ਘਟ ਗਈ ਹੈ। ਮਨੁੱਖਾਂ ਦੇ ਮੇਲ ਜੋਲ ਦੇ ਵਸੀਲੇ ਵਧ ਤੋਂ ਵਧ ਸੁਖੈਨ ਤੇ ਤੇਜ਼ ਹੋ ਰਹੇ ਹਨ। ਰੇਲਾਂ, ਮੋਟਰਾਂ ਤੇ ਹਵਾਈ ਜਹਾਜ਼ਾਂ ਨੇ ਦੇਸਾਂ ਅਤੇ ਮਨੁੱਖਾਂ ਦੇ ਵਿਚਕਾਰਲੀ ਵਿਥ ਬਹੁਤ ਘਟਾ ਦਿੱਤੀ ਹੈ। ਤਾਰ ਤੇ ਬੇਤਾਰ ਬਰਕੀ ਨੇ ਸਮੇਂ ਦੀ ਵਿਥ ਦਾ ਕਰੀਬਨ ਅਭਾਵ ਹੀ ਕਰ ਦਿੱਤਾ ਹੈ। ਇਸ ਮੇਲ ਜੋਲ ਦੇ ਵਧ ਜਾਣ ਨਾਲ ਕੌਮਾਂ ਦੀ ਆਪੋ ਵਿਚ ਦੀ ਵਾਕਫੀ ਤੇ ਸਾਂਝ ਬਹੁਤ ਵਧ ਗਈ ਹੈ। ਸਾਹਿਤ, ਬੋਲੀ ਤੇ ਖ਼ਿਆਲ ਦਾ ਵਟਾਂਦਰਾ ਮਨੁੱਖਾਂ ਦੀ ਸਮਝ, ਜਜ਼ਬੇ ਤੇ ਸਦਾਚਾਰ ਨੂੰ ਇੱਕੋ ਜਿਹਾ ਬਣਾ ਰਿਹਾ ਹੈ। ਇਥੋਂ ਤਕ ਕਿ ਖਾਣ ਪੀਣ, ਪਹਿਨਣ ਦੇ ਢੰਗ ਭੀ ਇਕਮਈ ਹੋ ਰਹੇ ਹਨ। ਮਨੁੱਖ ਜਾਤੀ ਇਕ-ਸਮਾਨ ਹੋ ਰਹੀ ਹੈ। ਹੁਣ ਲੋਕਾਂ ਨੂੰ ਭੂਗੋਲਿਕ ਅਤੇ ਨਸਲੀ ਵੰਡਾਂ ਬਹੁਤ ਚਿਰ ਅੱਡ ਨਹੀਂ ਰੱਖ ਸਕਣਗੀਆਂ, ਅਤੇ ਨਾ ਹਕੂਮਤਾਂ ਦੇ ਅੱਡ ਅੱਡ ਪ੍ਰਬੰਧ ਲੋਕਾਂ ਦੇ ਦਿਲਾਂ ਨੂੰ ਇਕ ਦੂਜੇ ਤੋਂ ਪਾੜ ਕੇ ਰੱਖ ਸਕਣਗੇ, ਕਿਉਂਕਿ ਰਹਿਣੀ ਬਹਿਣੀ, ਸਦਾਚਾਰ, ਵਿਹਾਰ, ਵਿਦਿਆ ਅਤੇ ਮਾਨਸਕ ਤੇ ਆਤਮਕ ਲੋੜਾਂ ਨੇ ਭੂਗੋਲਿਕ ਅਤੇ ਪੁਲੀਟੀਕਲ ਹਦ-ਬੰਨੇ ਟੱਪ ਕੇ ਲੋਕਾਂ ਦੇ ਅੰਦਰਲੇ ਜੀਵਣ ਨੂੰ ਸਾਂਝਾ ਬਣਾ ਦਿੱਤਾ ਹੈ। ਹੁਣ "ਮਾਨਸ ਕੀ ਜਾਤਿ ਸਭ ਏਕੈ ਪਹਿਚਾਨਬੋ" ਵਾਲਾ ਹੁਕਮ ਪੂਰਾ ਹੋ ਰਿਹਾ ਹੈ।

ਮਨੁੱਖ ਜਾਤੀ ਨਿਰੀ ਇਕ-ਮਿਕ ਹੀ ਨਹੀਂ ਹੋ ਰਹੀ, ਸਗੋਂ ਸਰੀਰਕ, ਮਾਨਸਕ ਤੇ ਆਤਮਕ ਤੌਰ ਤੇ ਤਰੱਕੀ ਕਰ ਰਹੀ ਹੈ। ਚੂੰਕਿ ਇਹ ਤਰੱਕੀ ਹਰ ਥਾਂ ਇਕਸਾਰ ਨਹੀਂ ਹੋ ਰਹੀ, ਇਸ ਲਈ ਕਈ ਥਾਵਾਂ ਦੇ ਲੋਕ ਮੇਰੇ ਇਸ ਖ਼ਿਆਲ ਨਾਲ ਸਹਿਮਤ ਨਹੀਂ ਹੋਣਗੇ, ਪਰ ਜੇ ਸਾਰੇ ਸੰਸਾਰ ਉੱਤੇ ਸਮੁੱਚੀ ਨਜ਼ਰ ਸੁੱਟੀ ਜਾਵੇ, ਅਤੇ ਖ਼ਾਸ ਕਰਕੇ ਉਨ੍ਹਾਂ ਦੇਸਾਂ ਨੂੰ ਦੇਖਿਆ ਜਾਵੇ ਜਿਨ੍ਹਾਂ ਨੂੰ ਨਵੇਂ ਜ਼ਮਾਨੇ ਦੀ ਹਵਾ ਲੱਗੀ ਹੈ, ਤਾਂ ਉਥੇ ਇਸ ਤਰੱਕੀ ਦੇ ਨਿਸ਼ਾਨ ਮਿਲਣਗੇ। ਮਸਲਨ ਇੰਗਲੈਂਡ, ਅਮਰੀਕਾ, ਫਰਾਂਸ ਆਦਿ ਮੁਲਕਾਂ ਵਿਚ ਲੋਕਾਂ ਦੀ ਸਰੀਰਕ ਰਖਿਆ ਦੇ ਪ੍ਰਬੰਧ ਅੱਗੇ ਨਾਲੋਂ ਬਹੁਤ ਚੰਗੇ ਹਨ, ਇਸ ਲਈ ਨਾ ਕੇਵਲ ਅਰੋਗਤਾ ਵਿਚ ਉੱਨਤੀ ਹੋ ਰਹੀ ਹੈ, ਬਲਕਿ ਸਰੀਰਕ ਸੁੰਦਰਤਾ ਵਿਚ ਭੀ ਵਾਧਾ ਹੋ ਰਿਹਾ ਹੈ। ਪਿੰਡ ਦੀ ਇਕ ਸਧਾਰਨ ਮੁਟਿਆਰ ਆਪਣੇ ਰੂਪ ਵਿਚ ਪੁਰਾਣੇ ਜ਼ਮਾਨੇ ਦੀਆਂ ਮਸ਼ਹੂਰ ਸੁੰਦਰੀਆਂ ਨਾਲੋਂ ਬਿਹਤਰ ਹੋਵੇਗੀ। ਇਹੋ ਗਲ ਨੌਜਵਾਨ ਮਰਦਾਂ ਦੇ ਰੂਪ ਬਾਬਤ ਕਹਿ ਸਕਦੇ ਹਾਂ।

ਦਿਮਾਗ਼ੀ ਤੌਰ ਤੇ ਵਿਦਿਆ ਦੇ ਚਾਨਣੇ ਨੇ ਲੋਕਾਂ ਨੂੰ ਬਹੁਤ ਉੱਨਤ ਕਰ ਦਿਤਾ ਹੈ। ਨਾ ਸਿਰਫ਼ ਆਮ ਵਾਕਫ਼ੀ ਵਿਚ ਵਾਧਾ ਹੋਇਆ ਹੈ, ਸਗੋਂ ਦਿਮਾਗ਼ ਵਧੇਰੇ ਚੁਸਤ ਅਤੇ ਛੇਤੀ ਸੋਚਣ ਵਾਲਾ ਹੋ ਗਿਆ ਹੈ। ਜਿਹੜੀ ਸੋਚ ਅਗੇ ਪੰਦਰਾਂ ਮਿੰਟਾਂ ਵਿਚ ਫੁਰਦੀ ਸੀ, ਉਹ ਹੁਣ ਇਕ ਮਿੰਟ ਵਿਚ ਫੁਰ ਪੈਂਦੀ ਹੈ। ਮੋਟਰ ਚਲਾਣ ਵਾਲੇ ਨੂੰ ਅੱਗੋਂ ਆਉਂਦੇ ਆਦਮੀ ਨੂੰ ਰਸਤੇ ਵਿਚੋਂ ਹਟਾਣ ਲਈ ਛੇਤੀ ਹਾਰਨ ਵਜਾਉਣਾ ਪੈਂਦਾ ਹੈ, ਅਤੇ ਮੋਟਰ ਨੂੰ ਇਧਰ ਉਧਰ ਮੋੜਨ ਲਈ ਤਤ-ਫਟ ਫ਼ੈਸਲਾ ਕਰਨਾ ਪੈਂਦਾ ਹੈ। ਅਗੋਂ ਹਟਣ ਵਾਲੇ ਨੂੰ ਵੀ ਫ਼ੈਸਲਾ ਕਰਨ ਲਈ ਇਕ ਦੋ ਸਕਿੰਡਾਂ ਤੋਂ ਵਧੀਕ ਸਮਾਂ ਨਹੀਂ ਮਿਲਦਾ। ਪੁਰਾਣੇ ਜ਼ਮਾਨੇ ਦਾ ਆਦਮੀ, ਜਿਸ ਦੇ ਮਨ ਨੇ ਤਰੱਕੀ ਨਹੀਂ ਕੀਤੀ, ਅਤੇ ਅਜੇ ਗੱਡੇ ਦੀ ਰਫ਼ਤਾਰ ਨਾਲ ਚਲ ਰਿਹਾ ਹੈ, ਅਜੇਹੀ ਔਕੜ ਦੇ ਵੇਲੇ ਕਈ ਸਕਿੰਡ ਸੋਚਣ ਵਿਚ ਹੀ ਲਾ ਦਿੰਦਾ ਹੈ, ਅਤੇ ਅਜੇ ਸਜੇ ਖੱਬੇ ਝਾਕ ਰਿਹਾ ਹੁੰਦਾ ਹੈ ਕਿ ਮੋਟਰ ਉਹਨੂੰ ਹੇਠਾਂ ਸੁਟ ਕੇ ਅਗਾਂਹ ਲੰਘ ਜਾਂਦੀ ਹੈ। ਸਿਨੇਮਾ ਵਿਚ ਵੀ ਅੰਗ੍ਰੇਜ਼ੀ ਮੂਰਤਾਂ ਇੱਨੀ ਛੇਤੀ ਚਲਦੀਆਂ ਹਨ ਅਤੇ ਗੱਲਾਂ ਬਾਤਾਂ ਇੱਨੀ ਕਾਹਲੀ ਨਾਲ ਹੁੰਦੀਆਂ ਹਨ ਕਿ ਅਣਹਿੱਲੇ ਦਰਸ਼ਕ ਦਾ ਮਨ ਦੌੜ ਦੌੜ ਕੇ ਹਫ਼ ਜਾਂਦਾ ਹੈ ਜਾਂ ਪਿੱਛੇ ਰਹਿ ਜਾਂਦਾ ਹੈ। ਹਾਂ, ਹਿੰਦੁਸਤਾਨੀ ਫ਼ਿਲਮਾਂ ਵਿਚ ਆਮ ਲੋਕਾਂ ਦੀ ਦਿਮਾਗ਼ੀ ਹਾਲਤ ਦੇ ਮੁਤਾਬਕ ਇੱਨੀ ਛੇਤੀ ਨਹੀਂ ਵਰਤੀ ਹੁੰਦੀ। ਜੇ ਗਾਣਾ ਲੈ ਬਹਿੰਦੇ ਹਨ ਤਾਂ ਕਈ ਮਿੰਟਾਂ ਤੀਕ ਗਾਣਾ ਹੀ ਚਲੀ ਜਾਂਦਾ ਹੈ। ਗੱਲਾਂ ਭੀ ਲੰਮੀਆਂ ੨ ਲੈਕਚਰ ਸਮਾਨ ਹੁੰਦੀਆਂ ਹਨ। ਕਿਤਾਬਾਂ ਪੜ੍ਹਨ ਵਿਚ ਵੀ ਉੱਨੀ ਹੀ ਛੇਤੀ ਆ ਗਈ ਹੈ। ਚੰਗੇ ਪੜ੍ਹਨ ਵਾਲੇ ਇਕ ਇਕ ਦਿਨ ਵਿਚ ਕਈ ਪੁਸਤਕਾਂ ਮੁਕਾ ਲੈਂਦੇ ਹਨ। ਓਹ ਸਭ ਕੁਝ ਨਹੀਂ ਪੜ੍ਹਦੇ। ਅਖਬਾਰ ਜਾਂ ਕਿਤਾਬ ਦੀ ਸਾਰੀ ਲਿਖਤ ਨੂੰ ਓਹੀ ਪੜ੍ਹਦਾ ਹੈ ਜਿਸ ਦੀ ਸੋਚ ਹੌਲੀ ੨ ਚਲਦੀ ਹੈ, ਕਿਉਂਕਿ ਉਸ ਨੂੰ ਇਤਨੀ ਸਮਝ ਨਹੀਂ ਹੁੰਦੀ ਕਿ ਮਜ਼ਮੂਨ ਦੇ ਆਲੇ-ਦੁਆਲੇ ਦਾ ਖ਼ਿਆਲ ਕਰ ਕੇ ਬੇਲੋੜੀਆਂ ਗਲਾਂ ਛੱਡੀ ਜਾਏ ਅਤੇ ਕੇਵਲ ਸੰਬੰਧਕ ਗੱਲਾਂ ਵਲ ਹੀ ਧਿਆਨ ਦੇਵੇ। ਚੰਗਾ ਪੜ੍ਹਿਆ ਆਦਮੀ ਤਾਂ ਕਿਸੇ ਪੈਰੇ ਨੂੰ ਸ਼ੁਰੂ ਕਰਦਿਆਂ ਹੀ ਤਾੜ ਜਾਂਦਾ ਹੈ ਕਿ ਇਸ ਵਿਚ ਕੀ ਲਿਖਿਆ ਹੈ। ਉਹ ਮਤਲਬ ਦੀ ਗੱਲ ਵਲ ਵੇਖਦਾ ਅਤੇ ਹੋਰ ਸਭ ਕੁਝ ਛੱਡੀ ਜਾਂਦਾ ਹੈ। ਇਹ ਛੱਡ ਛੱਡ ਕੇ ਪੜ੍ਹਨ ਦੀ ਜਾਚ ਵਰਤਮਾਨ ਸਮੇਂ ਦਾ ਇਕ ਵੱਡਾ ਹੁਨਰ ਹੈ। ਅਜ ਕਲ ਸਭ ਤੋਂ ਵਧ ਕੇ ਉਹ ਪੜ੍ਹਦਾ ਹੈ ਜੋ ਸਭ ਤੋਂ ਘਟ ਪੜ੍ਹਦਾ ਹੈ।

ਕਈ ਥਾਵਾਂ ਤੇ ਕਈ ਹਾਲਤਾਂ ਵਿਚ ਵਲਵਲੇ ਅਤੇ ਇਖ਼ਲਾਕ ਵਿਚ ਇੱਨਾ ਵਾਧਾ ਨਹੀਂ ਹੋਇਆ ਜਿੱਨਾ ਗਿਆਨ ਵਿਚ। ਇਸ ਦਾ ਕਾਰਨ ਇਹ ਹੈ ਕਿ ਸਾਇੰਸ ਨੇ ਥੋੜੇ ਮੁਦੇ ਵਿਚ ਹੀ ਮਨੁੱਖ ਦੇ ਦਿਮਾਗ਼ ਵਿਚ ਇੱਨੇ ਨਵੇਂ ਵਾਕਿਆਤ ਭਰ ਦਿੱਤੇ ਹਨ ਕਿ ਉਨ੍ਹਾਂ ਵਾਕਿਆਤ ਨੂੰ ਮਨੁੱਖਾਂ ਦਾ ਵਲਵਲਾ ਤੇ ਇਖ਼ਲਾਕੀ ਬ੍ਰਿਤੀ ਸੰਭਾਲ ਨਹੀਂ ਸਕੀ, ਅਤੇ ਨਾ ਹੀ ਪੂਰੀ ਤਰ੍ਹਾਂ ਹਜ਼ਮ ਕਰ ਕੇ ਆਪਣੇ ਆਚਰਣ ਦਾ ਹਿਸਾ ਬਣਾ ਸਕੀ ਹੈ। ਗਿਆਨ ਵਧ ਵਧ ਕੇ ਬਹੁਤ ਅਗਾਂਹ ਲੰਘ ਗਿਆ ਹੈ, ਅਤੇ ਧਰਮ ਅਤੇ ਸਦਾਚਾਰ ਨੂੰ ਨਾਲ ਨਹੀਂ ਲਿਜਾ ਸਕਿਆ, ਜਿਵੇਂ ਯੂਰਪ ਵਿਚ ਯਹੂਦੀਆਂ ਨਾਲ ਹੋ ਰਹੀ ਬਦ-ਸਲੂਕੀ ਜਾਂ ਰਾਜਸੀ ਲਾਲਚ ਪਿਛੇ ਆਪਣੇ ਦਿੱਤੇ ਪ੍ਰਣ ਉਤੇ ਕਾਇਮ ਨਾ ਰਹਿਣ ਵਾਲੀ ਹਿਟਲਰੀ ਪਾਲਿਸੀ। ਪ੍ਰੰਤੂ ਇਹ ਪਿਛਾਂਹ-ਖਿਚੂ ਪਾਲਿਸੀਆਂ ਕੁਝ ਚਿਰ ਲਈ ਚਲਣਗੀਆਂ, ਅਤੇ ਅਗਾਹਾਂ ਵਧ ਰਹੀ ਸਭਿੱਤਾ ਦੀ ਰੌ ਨੂੰ ਨਹੀਂ ਰੋਕ ਸਕਣਗੀਆਂ। ਸਭਿੱਤਾ ਦੀ ਰੌ ਅਗਾਂਹ ਵਧ ਰਹੀ ਹੈ, ਜਿਸ ਦਾ ਪ੍ਰਤੱਖ ਸਬੂਤ ਮਨੁੱਖੀ ਹਿਰਦੇ ਦੀ ਵਧ ਰਹੀ ਕੋਮਲਤਾ ਹੈ। ਮਨੁਖ ਦਾ ਦਿਲ ਅਗੇ ਨਾਲੋਂ ਵਧੇਰੇ ਬਰੀਕ ਹੋ ਰਿਹਾ ਹੈ; ਇਸ ਦਾ ਇਹਸਾਸ ਕੋਮਲ ਹੋ ਗਿਆ ਹੈ। ਅਗੇ ਬੰਗਾਲ ਦੇ ਫਤ੍ਹੇ ਹੋਣ ਵੇਲੇ ਨਾਲ ਦੇ ਸੂਬੇ ਅਵਧ ਜਾਂ ਮਦਰਾਸ ਨੂੰ ਕੁਝ ਪਤਾ ਨਹੀਂ ਸੀ ਲਗਦਾ, ਸਗੋਂ ਮਦਰਾਸੀਆਂ ਨੂੰ ਲੈ ਕੇ ਬੰਗਾਲ ਫਤ੍ਹੇ ਕਰ ਲੈਂਦੇ ਸਨ, ਜਾਂ ਪੂਰਬੀਆਂ ਨੂੰ ਲੈ ਕੇ ਪੰਜਾਬ ਫਤ੍ਹੇ ਕਰ ਲੈਂਦੇ ਸਨ; ਪਰ ਲੋਕਾਂ ਨੂੰ ਇਕ ਦੂਜੇ ਦੇ ਦੇਸ-ਭਾਈ ਹੋਣ ਦਾ ਖ਼ਿਆਲ ਤਕ ਨਹੀਂ ਸੀ ਆਉਂਦਾ। ਹੁਣ ਫ਼ਲਸਤੀਨ, ਫਿਨਲੈਂਡ, ਚੀਨ, ਜਾਂ ਐਬੀਸੀਨੀਆ ਦੇ ਲੋਕਾਂ ਦੇ ਦੁਖੜੇ ਸੁਣ ਸੁਣ ਕੇ ਪੰਜਾਬੀਆਂ ਅਤੇ ਬੰਗਾਲੀਆਂ ਦੇ ਦਿਲ ਪਏ ਪਘਰਦੇ ਹਨ। ਸਭਿਤਾ ਦੀ ਉੱਨਤੀ ਇਸ ਗਲ ਤੋਂ ਨਹੀਂ ਮਿਣਨੀ ਚਾਹੀਦੀ ਕਿ ਲੀਗ ਔਫ ਨੇਸ਼ਨਜ਼ ਨੇ ਅਮੁਕਾ ਜੰਗ ਰੋਕਿਆ ਕਿ ਨਹੀਂ, ਸਗੋਂ ਇਸ ਗਲ ਤੋਂ ਜਾਚਣੀ ਚਾਹੀਦੀ ਹੈ ਕਿ ਆਮ ਲੋਕਾਂ ਦੇ ਦਿਲ ਕਿਸੇ ਬੇਇਨਸਾਫ਼ੀ ਨੂੰ ਦੇਖ ਕੇ ਕਿਤਨੇ ਕੁ ਤੜਫ਼ਦੇ ਹਨ। ਇਹ ਪ੍ਰਤੱਖ ਹੈ ਕਿ ਮਨੁੱਖੀ ਦਿਲ ਦਾ ਵਲਵਲਾ ਤੇ ਇਖ਼ਲਾਕੀ ਇਹਸਾਸ ਬਹੁਤ ਕੋਮਲ ਹੋ ਗਿਆ ਹੈ। ਸੜਕਾਂ ਦੀ ਸੇਧ ਜਾਂ ਪਧਰ ਦੇ ਵਿੰਗ, ਮਕਾਨਾਂ ਦਾ ਕੋਝਪੁਣਾ, ਹਰਿਆਵਲ ਦੀ ਅਣਹੋਂਦ ਇੱਨੀ ਦੁਖਦਾਈ ਹੁੰਦੀ ਹੈ ਜਿੰਨੀ ਕਿ ਗੰਦਗੀ ਦੀ ਢੇਰੀ। ਰਹਿਣੀ ਬਹਿਣੀ ਵਿਚ ਸਫ਼ਾਈ, ਚੁਸਤੀ, ਸੁਚੱਜਤਾ ਵਧੇਰੇ ਹੈ। ਸ਼ਰਾਫ਼ਤ ਇਸ ਸਮੇਂ ਦਾ ਖ਼ਾਸ ਗੁਣ ਹੈ। ਇਸ ਇਹਸਾਸ ਵਿਚ ਇੱਨੀ ਕੋਮਲਤਾ ਆ ਗਈ ਹੈ ਕਿ ਹੁਣ ਬਾਦਸ਼ਾਹ ਭੀ ਆਪਣੇ ਆਪ ਵਲੋਂ 'ਮਾ ਬਦੌਲਤ', 'ਹਮ' ਆਦਿ ਲਫਜ਼ ਵਰਤਣ ਤੋਂ ਸੰਕੋਚ ਕਰਦੇ ਹਨ। ਅੱਗੇ ਤਾਂ ਵੱਡੇ ਵੱਡੇ ਮਹਾਤਮਾ, ਅਵਤਾਰ, ਤੇ ਪੀਰ ਪਗੰਬਰ ਆਪਣੇ ਆਪ ਨੂੰ ਖ਼ਾਸ ਅਧਿਕਾਰੀ ਮੰਨ ਕੇ ਆਮ ਲੋਕਾਂ ਨੂੰ ਹਾਕਮਾਨਾ ਲਹਿਜੇ ਵਿਚ ਆਗਿਆ ਕਰਦੇ ਸਨ ਅਤੇ ਐਹੋ ਜਹੀ ਬੋਲੀ ਵਰਤਦੇ ਸਨ: "ਹੇ ਥਕੇ ਹੋਇਓ! ਮੇਰੇ ਪਾਸ ਆਓ, ਮੈਂ ਤੁਹਾਨੂੰ ਜ਼ਿੰਦਗੀ ਦਾ ਪਾਣੀ ਦੇਵਾਂਗਾ।" "ਸਾਰੇ ਰਸਤੇ ਮੇਰੇ ਵਲ ਲਿਆਉਂਦੇ ਹਨ।" ਇਹੋ ਜਹੇ ਲਫ਼ਜ਼ ਅਜ ਕਲ ਦੀ ਵਧੀ ਹੋਈ ਸਭਿੱਤਾ ਦੇ ਅਨੁਕੂਲ ਨਹੀਂ, ਕਿਉਂਕਿ ਇਨ੍ਹਾਂ ਵਿਚ ਉਹ ਬਰੀਕ ਜਹੀ ਨਿਮਰਤਾ ਨਹੀਂ ਜੋ ਇਕ ਉੱਚੀ ਸ਼ਰਾਫ਼ਤ ਵਾਲੇ ਜੈਂਟਲਮੈਨ ਵਿਚ ਹੋਣੀ ਚਾਹੀਦੀ ਹੈ। ਨੇਕੀ ਦਾ ਭਾਵ ਬਹੁਤ ਕੋਮਲ ਹੋ ਗਿਆ ਹੈ, ਅਤੇ ਨਾਲ ਹੀ ਇਸ ਦੀ ਪਰਖ ਦਾ ਮਿਆਰ ਭੀ ਉੱਚਾ ਹੋ ਗਿਆ ਹੈ, ਜਿਸ ਨਾਲ ਦਿਆਨਤਦਾਰੀ ਅਤੇ ਪਬਲਕ ਆਚਰਣ ਦੇ ਨੇਮਾਂ ਦੀ ਜ਼ਰਾ ਜਿੰਨੀ ਉਲੰਘਣਾ ਭੀ ਝਟ ਪਟ ਪ੍ਰਤੀਤ ਹੋ ਜਾਂਦੀ ਹੈ। ਜੰਗ ਕਰਨਾ ਅਜੇ ਨਾਮੁਮਕਨ ਤਾਂ ਨਹੀਂ ਹੋ ਗਿਆ, ਪਰ ਜੰਗ ਕਰਨ ਵੇਲੇ ਹਰ ਇਕ ਧਿਰ ਇਸ ਨੂੰ ਬੁਰਾ ਸਮਝ ਕੇ ਇਸ ਦੀ ਜ਼ਿਮੇਂਵਾਰੀ ਲੈਣ ਤੋਂ ਕੰਨੀ ਕਤਰਾਂਦੀ ਹੈ। ਅੱਗੇ ਉਹ ਜ਼ਮਾਨਾ ਸੀ ਕਿ ਬਾਬਰ ਜਹੇ ਭਲੇਮਾਣਸ ਭੀ ਤਲਵਾਰ ਲੈ ਕੇ ਕਿਸੇ ਹੋਰ ਦੇਸ ਉਤੇ ਹਮਲਾ ਕਰਨ ਨੂੰ ਮਰਦਾਨਗੀ ਸਮਝਦੇ ਸਨ, ਬਲਕਿ 'ਸੁਲਤਾਨ' ਅਖਵਾ ਹੀ ਉਹ ਸਕਦਾ ਸੀ ਜੋ ਤਲਵਾਰ ਦੇ ਜ਼ੋਰ ਨਾਲ ਕਿਸੇ ਮੁਲਕ ਨੂੰ ਨਿਵਾ ਲਵੇ। ਹੁਣ ਹਿਟਲਰ ਭੀ ਕਹਿੰਦਾ ਹੈ ਕਿ ਤਲਵਾਰ ਮੇਰੇ ਹਥ ਵਿਚ ਧੀਂਗੋ ਜ਼ੋਰੀ ਦੂਜੀ ਧਿਰ ਨੇ ਫੜਾਈ ਹੈ। ਇਹ ਗਲ ਆਖਣ ਵਿਚ ਭਾਵੇਂ ਉਸ ਦੀ ਨੀਅਤ ਠੀਕ ਨਹੀਂ, ਪਰ ਤਲਵਾਰ ਉਠਾਉਣ ਦੀ ਜ਼ਿਮੇਵਾਰੀ ਨੂੰ ਤਾਂ ਉਹ ਮਾੜਾ ਹੀ ਮੰਨਦਾ ਹੈ। ਇਹ ਗਲ ਕਰੀਬਨ ਹਰ ਇਕ ਮਹੱਜ਼ਬ ਦੇਸ ਮੰਨ ਗਿਆ ਹੈ ਕਿ ਕਿਸੇ ਕੌਮ ਉਤੇ ਉਸ ਦੀ ਮਰਜ਼ੀ ਦੇ ਵਿਰੁਧ ਕਿਸੇ ਹੋਰ ਕੌਮ ਦਾ ਰਾਜ ਕਰਨਾ ਠੀਕ ਨਹੀਂ। ਕੌਮਾਂਤਰੀ ਲੀਗ ਦਾ ਬਣਨਾ ਹੀ ਦਸਦਾ ਹੈ ਕਿ ਸੰਸਾਰ ਦੀਆਂ ਆਗੂ ਕੌਮਾਂ ਜੰਗ ਦੇ ਖ਼ਿਆਲ ਨੂੰ ਬੁਰਾ ਸਮਝਣ ਲੱਗ ਪਈਆਂ ਹਨ, ਅਤੇ ਆਪੋ ਵਿਚ ਦੇ ਝਗੜਿਆਂ ਨੂੰ ਪ੍ਰਸਪਰ ਵਿਚਾਰ ਅਤੇ ਗਲ ਬਾਤ ਦੇ ਰਾਹੀਂ ਨਿਪਟਾਣ ਨੂੰ ਚੰਗਾ ਸਮਝਣ ਲੱਗ ਪਈਆਂ ਹਨ। ਕੌਮਾਂਤਰੀ ਲੀਗ ਦੀ ਕਵਨੈਂਟ ਦੇ ਨੇਮ ੨੨ ਦੇ ਅਨੁਸਾਰ ਕਿਸੇ ਕੌਮ ਨੂੰ ਦੂਜੀ ਕੌਮ ਉਤੇ ਰਾਜ ਕਰਨ ਦਾ ਮੈਂਡੇਟ (ਅਧਿਕਾਰ) ਮਹਕੂਮ ਕੌਮ ਦੀ ਮਰਜ਼ੀ ਨਾਲ ਹੀ ਮਿਲ ਸਕਦਾ ਹੈ।

ਰਾਜ-ਪ੍ਰਬੰਧ ਦੇ ਤਰੀਕਿਆਂ ਵਿਚ ਭੀ ਇਹ ਬਿਹਤਰੀ ਹੋ ਗਈ ਹੈ ਕਿ ਅੱਗੇ ਸਾਰੇ ਰਾਜ ਦੀ ਤਾਕਤ ਤੇ ਆਮਦਨੀ ਇਕ ਰਾਜੇ ਦੀ ਪਾਲਨਾ ਅਤੇ ਉਸ ਦੇ ਐਸ਼ ਆਰਾਮ ਵਾਸਤੇ ਖ਼ਰਚ ਹੁੰਦੀ ਸੀ, ਅਤੇ ਇਸ ਗੱਲ ਦਾ ਕੋਈ ਪ੍ਰਬੰਧ ਨਹੀਂ ਸੀ ਹੁੰਦਾ ਕਿ ਉਹ ਲੋਕਾਂ ਦਾ ਭਲਾ ਸੋਚੇ ਜਾਂ ਨਾ ਸੋਚੇ, ਪਰ ਹੁਣ ਰਾਜ-ਪ੍ਰਬੰਧ ਦਾ ਮੁਖ ਮੰਤਵ ਲੋਕਾਂ ਦਾ ਭਲਾ ਤੇ ਆਰਾਮ ਹੁੰਦਾ ਹੈ।

ਇਹ ਸਾਰੀਆਂ ਗੱਲਾਂ ਦਸਦੀਆਂ ਹਨ ਕਿ ਦੁਨੀਆਂ ਸਮੁੱਚੇ ਤੌਰ ਤੇ ਉੱਨਤੀ ਵਲ ਜਾ ਰਹੀ ਹੈ। ਸਤਿਜੁਗ ਪਿੱਛੇ ਨਹੀਂ ਸੀ, ਅੱਗੋਂ ਆਉਣ ਵਾਲਾ ਹੈ; ਸ਼ਾਇਦ ਕਦੀ ਭੀ ਨਾ ਆਵੇ, ਪਰ ਘਟ ਤੋਂ ਘਟ ਇਹ ਗਲ ਨਿਸਚੇ ਹੈ ਕਿ ਸਤਿਜੁਗ ਪਿਛੇ ਨਹੀਂ ਸੀ। ਹੌਲੀ ਹੌਲੀ ਦੁਨੀਆਂ ਚੰਗਰੀ ਤੋਂ ਚੰਗੇਰੀ ਹੋ ਰਹੀ ਹੈ।

ਸਭ ਤੋਂ ਚੰਗੀ ਗੱਲ ਜੋ ਵਰਤਮਾਨ ਸਭਿੱਤਾ ਨੇ ਲਿਆਂਦੀ ਹੈ ਉਹ ਦਿਮਾਗ਼ੀ ਨਿਮਰਤਾ ਹੈ। ਮਨੁਖ ਵਿਚ ਜਿਤਨੀ ਸਮਝ ਥੋੜੀ ਹੁੰਦੀ ਹੈ, ਉਤਨਾ ਹੀ ਉਸ ਵਿਚ ਆਪਣੀ ਰਾਏ ਦਾ ਹੱਠ ਜਾਂ ਗੁਮਾਨ ਹੋਵੇਗਾ, ਅਤੇ ਜਿਤਨਾ ਗਿਆਨ ਵਧੇਰੇ ਹੋਵੇਗਾ, ਉਤਨੀ ਹੀ ਆਪਣੀ ਰਾਏ ਉਤੇ ਜ਼ੋਰ ਦੇਣ ਵਿਚ ਝਿਜਕ ਹੋਵੇਗੀ।

ਪੁਰਾਣੇ ਜ਼ਮਾਨੇ ਦੇ ਲੋਕਾਂ ਵਿਚ ਇਕ ਦਿਮਾਗ਼ੀ ਹੱਠ ਹੁੰਦਾ ਸੀ, ਜਿਸ ਨੂੰ ਅੰਗ੍ਰੇਜ਼ੀ ਵਿਚ dogmatism ਕਹਿੰਦੇ ਹਨ। ਉਹ ਹਰ ਇਕ ਚੀਜ਼ ਨੂੰ ਹੋਰਨਾਂ ਚੀਜ਼ਾਂ ਤੋਂ ਨਿਖੇੜ ਕੇ ਪੱਕੀ ਤਰ੍ਹਾਂ ਵੰਡੀਆਂ ਪਾਉਣ ਦੀ ਆਦਤ ਸੀ। ਉਨ੍ਹਾਂ ਦੇ ਖ਼ਿਆਲ ਵਿਚ ਕਾਲੇ ਨਿਰੇ ਕਾਲੇ ਤੇ ਚਿੱਟੇ ਨਿਰੇ ਚਿੱਟੇ ਹੁੰਦੇ ਸਨ। ਉਨ੍ਹਾਂ ਵਿਚ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ ਸੀ। ਜਿਥੇ ਕੁਝ ਭੀ ਨਾ ਪਤਾ ਹੋਵੇ, ਉਥੇ ਭੀ ਦਿੜ੍ਹ ਕਰਕੇ ਕਹਿਣ ਦੀ ਸਮਰਥਾ ਸੀ ਕਿ ਇਹ ਗਲ ਇਉਂ ਹੈ ਤੇ ਇਉਂ ਨਹੀਂ। ਜੇ ਸ਼੍ਰਿਸ਼ਟੀ ਦੀ ਰਚਨਾ ਦਾ ਢੰਗ ਜਾਂ ਸਮਾਂ ਨਾ ਭੀ ਪਤਾ ਹੋਵੇ, ਤਾਂ ਭੀ ਅਡੋਲ ਹੀ ਕਹਿ ਦਿੰਦੇ ਸਨ ਕਿ ਸ੍ਰਿਸ਼ਟੀ ਇਉਂ ਬਣੀ ਅਤੇ ਇਸ ਨੂੰ ਬਣਿਆਂ ਇਤਨੇ ਅਰਬ, ਇਤਨੇ ਕਰੋੜ, ਇਤਨੇ ਲਖ, ਇਤਨੇ ਹਜ਼ਾਰ, ਇਤਨੇ ਸੌ ਤੇ ਇਤਨੇ ਸਾਲ ਹੋਏ ਹਨ। ਬਲਕਿ ਈਸਾਈਆਂ ਦੀ ਪੁਸਤਕ ਵਿਚ ਰਚਨਾ ਦਾ ਸਮਾਂ ਈਸਾ ਤੋਂ ੪੦੦੪ ਸਾਲ ਪਹਿਲੋਂ ਦਾ ਦਸਿਆ ਹੈ। ਕਈ ਤਾਂ ਉਸ ਸੰਨ ਦੇ ੧੧ ਨਵੰਬਰ ਦੇ ੧੧ ਵਜੇ ਦਿਨ ਦੇ ਦ੍ਰਿਸ਼ਟੀ ਰਚਨਾ ਦਾ ਸਮਾਂ ਦਸਦੇ ਹਨ। ਉਨ੍ਹਾਂ ਨੂੰ ਇਹ ਗੱਲ ਮੰਨਣ ਤੋਂ ਸੰਗ ਆਉਂਦੀ ਸੀ ਕਿ "ਜਾਂ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ।" "ਆਪ ਆਪਣੀ ਬੁਧਿ ਹੈ ਜੇਤੀ। ਬਰਣਤ ਭਿੰਨ ਭਿੰਨ ਤੁਹਿ ਤੇਤੀ। ਤੁਮਰਾ ਲਖਾ ਨ ਜਾਇ ਪਸਾਰਾ। ਕਿਹ ਬਿਧ ਸਜਾ ਪ੍ਰਥਮ ਸੰਸਾਰਾ।"

ਇਸੇ ਤਰਾਂ ਹੁਨਰ ਵਿਚ ਰੰਗਾਂ ਦੀ ਵਰਤੋਂ ਕਰਨ ਲੱਗਿਆਂ ਹਰ ਇਕ ਚੀਜ਼ ਦਾ ਆਪੋ ਆਪਣਾ ਰੰਗ ਬੱਧਾ ਹੋਇਆ ਸੀ। ਮੂੰਹ ਲਾਲ ਜਾਂ ਗੰਦਮੀ, ਵਾਲ ਕਾਲੇ, ਕਪੜੇ ਹਰੇ, ਪੀਲੇ ਜਾਂ ਕਿਸੇ ਹੋਰ ਖ਼ਾਸ ਰੰਗ ਦੇ ਚਿਤਰਦੇ ਸਨ। ਰੰਗਾਂ ਦੀ ਮਿਲਾਵਟ ਦਾ ਕੋਈ ਖ਼ਿਆਲ ਨਹੀਂ ਸੀ। ਇਹ ਨਹੀਂ ਸੀ ਪਤਾ ਕਿ ਇਕ ਇਕ ਰੰਗ ਹੌਲੀ ਹੌਲੀ ਦੂਜੇ ਰੰਗ ਵਿਚ ਰਲਦਾ ਜਾਂਦਾ ਹੈ। ਸ਼ਾਮ ਦੇ ਵੇਲੇ ਪਹਾੜਾਂ ਦੇ ਰੰਗ ਵਿਚ ਜਿਥੇ ਲਹਿੰਦੇ ਸੂਰਜ ਦੀ ਪੀਲੱਤਣ ਹੈ, ਉਥੇ ਆਉਂਦੀ ਰਾਤ ਦੀ ਕਲੱਤਣ ਤੇ ਪੌਦਿਆਂ ਦੇ ਹਰੇਪਣ ਦੀ ਸਬਜ਼ੀ ਭੀ ਸ਼ਾਮਲ ਹੈ, ਕੁਝ ਕੁਝ ਗਗਨਾਂ ਦੀ ਨੀਲੱਤਣ ਵੀ ਝਲਕਾਰੇ ਮਾਰਦੀ ਹੈ, ਅਤੇ ਧਰਤੀ ਦੀ ਗੁਲਾਬੀ ਭਾਹ ਭੀ ਸ਼ਾਮਲ ਹੈ।

ਇਸੇ ਤਰਾਂ ਫ਼ਿਲਸਫ਼ੇ ਵਿਚ ਮਨ ਨੂੰ ਚੇਤੰਨ ਅਤੇ ਮਾਦਾ ਨੂੰ ਨਿਰੋਲ ਜੜ ਕਰਕੇ ਨਿਖੇੜਿਆ ਹੋਇਆ ਸੀ। ਇਹ ਨਹੀਂ ਸੀ ਪਤਾ ਕਿ ਮਾਦਾ ਵਿਚ ਮਨ ਦੀਆਂ ਕੁਝ ਕੁਝ ਸ਼ਕਤੀਆਂ ਵਿਆਪਕ ਹਨ, ਅਤੇ ਪ੍ਰਕ੍ਰਿਤੀ ਦੇ ਤਤਾਂ ਵਿਚੋਂ ਹੀ ਮਨ ਉਸਰਦਾ ਹੈ, ਭਾਵੇਂ ਇਸ ਉਸਾਰੇ ਦੇ ਉਤਲੇ ਸਿਰੇ ਹਰੀ ਦੀ ਜੋਤ ਨਾਲ ਪ੍ਰਜ੍ਵਲਿਤ ਹੋ ਕੇ ਜੋਤ ਸਰੂਪ ਹੋ ਜਾਂਦੇ ਹਨ। ਇਸ ਲਈ ਜਿਥੇ ਇਹ ਕਿਹਾ ਹੈ ਕਿ "ਮਨ ਤੂੰ ਜੋਤਿ ਸਰੂਪ ਹੈਂ" (ਆਸਾ ਮ: ੩), ਉਥੇ ਮਨ ਬਾਬਤ ਇਹ ਭੀ ਕਿਹਾ ਹੈ: "ਇਹੁ ਮਨੁ ਕਰਮਾ ਇਹੁ ਮਨੁ ਧਰਮਾ। ਇਹੁ ਮਨੁ ਪੰਚ ਤਤੁ ਤੇ ਜਨਮਾ" (ਆਸਾ ਮ: ੧)। ਇਸ ਨੂੰ "ਪੰਚ-ਭੂ-ਆਤਮਾ" ਭੀ ਕਿਹਾ ਹੈ।

ਮਨੁਖ ਦੇ ਆਚਰਣ ਬਾਬਤ ਭੀ ਇਵੇਂ ਹੀ ਵੰਡ ਕੀਤੀ ਹੁੰਦੀ ਸੀ। ਚੰਗਿਆਂ ਵਿਚ ਕੋਈ ਨੁਕਸ ਨਹੀਂ ਸੀ ਮੰਨਦੇ, ਤੇ ਮੰਦਿਆਂ ਵਿਚ ਕੋਈ ਚੰਗਿਆਈ ਨਹੀਂ ਸੀ ਦੇਖਦੇ। ਇਹ ਨਹੀਂ ਸੀ ਪਤਾ ਕਿ ਚੰਗਾ ਆਦਮੀ ਮਨੁਖ ਹੋਣ ਕਰਕੇ ਜ਼ਰੂਰ ਕਿਧਰੇ ਨਾ ਕਿਧਰੇ ਭੁਲ ਕਰ ਹੀ ਬੈਠਦਾ ਹੈ, ਅਤੇ ਮੰਦਾ ਆਦਮੀ ਭਾਵੇਂ ਕਿੰਨਾ ਮੰਦਾ ਹੋਵੇ, ਉਸਦੇ ਅੰਦਰ ਨੇਕੀ ਦੀ ਅੰਸ਼ ਜ਼ਰੂਰ ਬਾਕੀ ਹੁੰਦੀ ਹੈ, ਕਿਉਂਕਿ ਉਹ ਚੰਗੇ ਰੱਬ ਦਾ ਬਣਾਇਆ ਹੋਇਆ ਹੈ, ਸ਼ੈਤਾਨ ਦਾ ਨਹੀਂ। ਉਹ 'ਰਾਮ ਕੀ ਅੰਸ਼' ਹੋਣ ਕਰਕੇ ਜ਼ਰੂਰ ਨੇਕੀ ਦੇ ਭਾਵ ਰਖਦਾ ਹੈ। ਚੋਰ ਤੇ ਡਾਕੂ ਭੀ, ਜੋ ਕਿਸੇ ਨਾਲ ਧੱਕਾ ਕਰਨ ਦੇ ਆਹਰ ਵਿਚ ਹੈ, ਆਪਣੇ ਪੁਤਰ ਨੂੰ ਪਿਆਰ ਕਰਦਾ ਹੈ, ਅਤੇ ਉਸ ਦੇ ਦਿਲ ਅੰਦਰ ਆਪਣੇ ਪੁਤਰ ਲਈ ਕੁਰਬਾਨੀ ਦਾ ਭਾਵ ਮੌਜੂਦ ਹੈ। ਇਹੋ ਕੁਰਬਾਨੀ ਤੇ ਪਿਆਰ ਦਾ ਭਾਵ ਉਸ ਦੇ ਦਿਲ ਦੀਆਂ ਡੂੰਘਿਆਈਆਂ ਵਿਚ ਕੰਮ ਕਰਦਾ ਕਿਸੇ ਵੇਲੇ ਬਾਹਰ ਭੀ ਆ ਨਿਕਲਦਾ ਅਤੇ ਉਪਕਾਰ ਦੀ ਸ਼ਕਲ ਫੜ ਲੈਂਦਾ ਹੈ। ਜ਼ਿੰਦਗੀ ਇਕ ਰਲ-ਮਿਲਵੀਂ ਖੇਡ ਹੈ। ਇਸ ਵਿਚ ਚੰਗੇ ਮੰਦੇ ਦੀ ਪਛਾਣ ਇਤਨੀ ਸੌਖੀ ਤੇ ਸਪਸ਼ਟ ਨਹੀਂ, ਜਿਤਨੀ ਕਿ ਲੋਕੀਂ ਸਮਝਦੇ ਸਨ। ਨਵੇਂ ਜ਼ਮਾਨੇ ਦਾ ਖ਼ਾਸਾ ਹੀ ਇਹ ਹੈ ਕਿ ਮਨੁਖੀ ਆਚਰਣ ਦੀਆਂ ਔਕੜਾਂ ਤੇ ਗੰਝਲਾਂ ਨੂੰ ਸਮਝ ਕੇ ਵਰਤੋਂ ਕੀਤੀ ਜਾਵੇ, ਤੇ ਛੇਤੀ ਛੇਤੀ ਫ਼ਤਵੇ ਲਾਣ ਤੋਂ ਸੰਕੋਚ ਕੀਤੀ ਜਾਵੇ। ਇਸ ਨਵੇਂ ਜ਼ਮਾਨੇ ਦੀ ਵੱਡੀ ਤੋਂ ਵੱਡੀ ਲਭਤ ਮਨੁੱਖਤਾ ਦੀ ਕਦਰ ਹੈ। ਅੱਗੇ ਸੰਸਾਰ ਵਿਚ ਵਡਿਆਈ ਕਰਾਮਾਤੀ ਪੁਰਸ਼ਾਂ ਜਾਂ ਅਵਤਾਰਾਂ ਦੀ ਹੁੰਦੀ ਸੀ। ਜਿਹੜਾ ਮਨੁੱਖ ਭੀ ਕਿਸੇ ਵੱਡੇ ਕੰਮ ਲਈ ਉਘਾ ਹੁੰਦਾ, ਉਸ ਨੂੰ ਲੋਕ ਮਨੁੱਖਤਾ ਦੇ ਦਰਜੇ ਤੋਂ ਉਚਿਆ ਕੇ ਅਵਤਾਰ ਜਾਂ ਸਾਖਿਆਤ ਰੱਬ ਮੰਨਣ ਲੱਗ ਪੈਂਦੇ ਸਨ। ਮਨੁੱਖ ਨੂੰ ਮਨੁੱਖ ਦੇ ਤੌਰ ਤੇ ਉੱਚਾ ਨਹੀਂ ਸਨ ਮੰਨਦੇ। ਇਤਿਹਾਸ ਵਿਚ ਕਈ ਮਿਸਾਲਾਂ ਮਿਲਦੀਆਂ ਹਨ ਜਿਨ੍ਹਾਂ ਤੋਂ ਇਹ ਮਲੂਮ ਹੁੰਦਾ ਹੈ ਕਿ ਕਈ ਨੀਚ ਜ਼ਾਤ ਦੇ ਲੋਕ ਭੀ ਉੱਚੇ ਮੰਨੇ ਗਏ। ਭੀਲਣੀ ਦੇ ਜੂਠੇ ਬੇਰ ਸ੍ਰੀ ਰਾਮ ਚੰਦਰ ਨੇ ਖਾਧੇ। ਕਬੀਰ ਜੁਲਾਹਿਆ, ਨਾਮਦੇਵ ਛੀਂਬਾ, ਰਵਿਦਾਸ ਚਮਾਰ ਆਦਿ ਨਿੰਕੀਆਂ ਜਾਤਾਂ ਵਾਲੇ ਵੱਡੇ ਮੰਨੇ ਗਏ। ਪਰ ਇਨ੍ਹਾਂ ਮਿਸਾਲਾਂ ਵਿਚ ਕਸਰ ਇਹ ਰਹਿ ਜਾਂਦੀ ਸੀ ਕਿ ਇਹ ਭਗਤ ਲੋਕ ਭਗਤੀ ਕਰ ਕੇ ਉੱਚੇ ਹੋਏ; ਓਹ ਇਸ ਲਈ ਕਦਰ ਦੇ ਯੋਗ ਹੋਏ ਕਿ ਉਨ੍ਹਾਂ ਦੇ ਅੰਦਰ ਕਦਰ ਦੇ ਯੋਗ ਰੱਬ ਸੀ। ਜੁਲਾਹਿਆਂ ਵਿਚੋਂ ਕੇਵਲ ਕਬੀਰ ਹੀ ਉੱਚਾ ਮੰਨਿਆ ਗਿਆ; ਹੋਰ ਜੁਲਾਹੇ ਨੀਵੇਂ ਹੀ ਰਹੇ। ਚਮਾਰਾਂ ਵਿਚੋਂ ਕੇਵਲ ਰਵਿਦਾਸ ਦੀ ਇੱਜ਼ਤ ਦੇ ਲਾਇਕ ਬਣਿਆ। ਰਵਿਦਾਸ ਆਪ ਬੜੇ ਫ਼ਖ਼ਰ ਨਾਲ ਕਹਿੰਦਾ ਹੈ ਕਿ ਦੇਖੋ ਭਗਤੀ ਦੇ ਕਾਰਣ ਮੈਨੂੰ ਲੋਕ ਹੁਣ ਇਤਨਾ ਉੱਚਾ ਮੰਨਦੇ ਹਨ ਕਿ 'ਅਚਾਰ ਸਹਿਤ ਬਿਪ੍ਰ ਕਰਹਿ ਡੰਡਉਤਿ', ਵਡੇ ਵਡੇ ਬ੍ਰਾਹਮਣ ਆ ਕੇ ਵਿਧੀ ਸਹਿਤ ਮੇਰੇ ਅਗੇ ਨਿਉਂਦੇ ਹਨ; ਪਰ ਮੇਰੇ ਨਾਲ ਦੇ ਚਮਾਰ ਅਜੇ ਤਕ ਉਸੇ ਤਰ੍ਹਾਂ ਬਨਾਰਸ ਦੇ ਆਸ ਪਾਸ ਢੋਰ ਪਏ ਢੋਂਦੇ ਹਨ; ਉਨ੍ਹਾਂ ਨੂੰ ਕੋਈ ਪੁਛਦਾ ਭੀ ਨਹੀਂ। ਨਵੀਂ ਸਭਿੱਤਾ ਦੇ ਗੁਰੂ ਦਸਮੇਸ਼ ਜੀ ਨੇ ਦਸਿਆ ਕਿ "ਮਾਨਸ ਕੀ ਜਾਤਿ ਸਭ ਏਕੈ ਪਹਿਚਾਨਬੋ"; "ਏਕੈ ਨੈਨ ਏਕੈ ਕਾਨ, ਏਕੈ ਦੇਹ ਏਕੈ ਬਾਨ, ਖਾਕ ਬਾਦ ਆਤਸ਼ ਓ ਆਬ ਕੋ ਰਲਾਓ ਹੈ।" ਜਿਹੜੇ ਜਿਹੜੇ ਮਨੁੱਖ, ਦੋ ਅੱਖਾਂ ਵਾਲੇ, ਦੋ ਕੰਨਾਂ ਵਾਲੇ ਤੇ ਇੱਕੋ ਜਹੇ ਸਰੀਰ ਵਾਲੇ ਹਨ ਜੋ ਚਾਰ ਤੱਤਾਂ ਤੋਂ ਬਣਿਆ ਹੈ, ਓਹ ਇਕ-ਸਮਾਨ ਹਨ। ਇਹ ਸਿਖਿਆ ਨਵੀਨ ਜ਼ਮਾਨੇ ਦੀ ਹੈ, ਜੋ ਪੱਛਮ ਤੇ ਪੂਰਬ ਵਿਚ ਮੁਹੱਜ਼ਬ ਦੁਨੀਆਂ ਦੇ ਆਗੂ ਦੇ ਦੇ ਕੇ ਮਨੁੱਖਾਂ ਨੂੰ ਉਚਿਆ ਰਹੇ ਸਨ। ਇਸੇ ਸਿਖਿਆ ਦੇ ਸਦਕੇ ਮੁਲਕਾਂ ਵਿਚੋਂ ਗੁਲਾਮ ਰਖਣ ਦਾ ਰਿਵਾਜ ਹਟਿਆ ਤੇ ਹਟ ਰਿਹਾ ਹੈ। ਇਸੇ ਸਿਖਿਆ ਦੇ ਸਦਕੇ ਵੇਗਾਰ ਦੂਰ ਹੁੰਦੀ, ਆਮ ਜਨਤਾ ਦੇ ਹੱਕਾਂ ਦੀ ਸੋਝੀ ਅਤੇ ਲੋਕ-ਰਾਜ ਦੀ ਕਾਇਮੀ ਹੋ ਰਹੀ ਹੈ।

ਇਹ ਲੋਕ-ਰਾਜ ਦਾ ਭਾਵ ਤਦ ਤੋਂ ਸ਼ੁਰੂ ਨਹੀਂ ਹੋਇਆ ਜਦ ਤੋਂ ਲੋਕੀ ਵੋਟ ਦੇਣ ਜਾਂ ਬਹੁ-ਸਮਤੀ ਨਾਲ ਮਤੇ ਪਾਸ ਕਰਨੇ ਸਿਖੇ ਹਨ, ਬਲਕਿ ਤਦ ਤੋਂ ਸ਼ੁਰੂ ਹੋਇਆ ਜਦ ਤੋਂ ਇਕ ਮਨੁੱਖ ਆਪਣੇ ਗਵਾਂਢੀ ਦੇ ਹੱਕਾਂ ਦੀ ਸੋਝੀ ਰਖਣ ਲੱਗਾ, ਅਤੇ ਆਪਣੇ ਹੱਕਾਂ ਦੇ ਨਾਲ ਨਾਲ ਹੋਰਨਾਂ ਦੇ ਹੱਕਾਂ ਲਈ ਲੜਨਾ ਤੇ ਮਰਨਾ ਸਿਖਣ ਲੱਗਾ। ਇਸ ਨਵੀਨ ਸਮੇਂ ਦੀ ਮੁਢ ਤਦ ਤੋਂ ਬੱਝਣ ਲਗਾ, ਜਦ ਤੋਂ ਮਨੁੱਖ ਨੇ ਇਹ ਮੰਨਣਾ ਸ਼ੁਰੂ ਕੀਤਾ ਕਿ ਜਿਹੜਾ ਮੇਰਾ ਖ਼ਿਆਲ ਹੈ, ਉਹ ਕੁਝ ਗ਼ਲਤ ਹੋ ਸਕਦਾ ਹੈ ਤੇ ਕਿਸੇ ਹੋਰ ਦਾ ਸਹੀ ਹੋ ਸਕਦਾ ਹੈ; ਯਾ ਇਹ ਕਿ ਜਿਹੜਾ ਮੇਰਾ ਅਸੂਲ ਹੈ, ਉਸ ਦੇ ਮੁਕਾਬਲੇ ਤੇ ਕਿਸੇ ਹੋਰ ਦਾ ਭੀ ਠੀਕ ਹੋ ਸਕਦਾ ਹੈ। ਸਚਾਈ ਅਸਲ ਵਿਚ ਤਾਂ ਇੱਕ ਹੈ, ਪਰ ਉਸ ਨੂੰ ਮਨੁੱਖੀ ਗਿਆਨ ਪੂਰੀ ਤਰ੍ਹਾਂ ਨਹੀਂ ਲਭ ਸਕਦਾ। ਜੇ ਪੂਰਣ ਪੁਰਖ ਮਹਾਤਮਾ ਲਭ ਕੇ ਦਸ ਵੀ ਜਾਣ, ਤਾਂ ਉਨ੍ਹਾਂ ਦੇ ਪੈਰੋਕਾਰ ਉਸ ਦੇ ਸਮਝਣ ਵਿਚ ਕਸਰ ਖਾ ਜਾਂਦੇ ਹਨ। ਇਸ ਲਈ ਆਪਣੀ ਲਭੀ ਹੋਈ ਸਚਾਈ ਨੂੰ ਹੋਰਨਾਂ ਦੀਆਂ ਲਭੀਆਂ ਹੋਈਆਂ ਸਚਾਈਆਂ ਦੇ ਟਾਕਰੇ ਤੇ ਪੂਰਾ ਨਹੀਂ ਮੰਨ ਲੈਣਾ ਚਾਹੀਦਾ। ਅਗਲੇ ਜ਼ਮਾਨੇ ਦੇ ਵਿਚਾਰਵਾਨ ਲੋਕ ਆਪਣੀ ਲਭੀ ਸਚਾਈ ਨੂੰ ਹੀ ਅਟੱਲ ਤੇ ਪੂਰਨ ਮੰਨ ਲੈਂਦੇ ਸਨ ਅਤੇ ਹੋਰਨਾਂ ਦੀ ਲਭੀ ਸਚਾਈ ਨੂੰ ਝੂਠ ਜਾਂ ਕੁਫਰ ਕਰਕੇ ਸਮਝਦੇ ਸਨ। ਇਸੇ ਕਰਕੇ ਪੁਰਾਣੇ ਧਾਰਮਿਕ ਆਗੂਆਂ ਦੇ ਇਹੋ ਜਹੇ ਕਥਨ ਮਿਲਦੇ ਹਨ: 'ਮੈਂ ਹਾਂ ਦਰਵਾਜ਼ਾ ਮੁਕਤੀ ਦਾ। ਜਿਸ ਕਿਸੇ ਨੇ ਰੱਬ ਪਾਸ ਜਾਣਾ ਹੋਵੇ ਉਹ ਮੇਰੇ ਪਾਸ ਆਵੇ।' ਨਵੀਨ ਜ਼ਮਾਨੇ ਦੀ ਸਭ ਤੋਂ ਪਹਿਲੀ ਅਵਾਜ਼ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਠਾਈ। ਉਨ੍ਹਾਂ ਨੇ ਆਪਣੇ ਧਰਮ ਦੀ ਨੀਂਹ "ਸਚ" ਤੇ ਰਖੀ। ਰੱਬ ਨੂੰ "ਆਦਿ ਸਚੁ ਜੁਗਾਦਿ ਸਚੁ" ਆਖਿਆ, ਅਤੇ ਮਨੁਖ ਨੂੰ ਭੀ "ਸਚਿਆਰ" ਹੋਣ ਲਈ ਜਾਂ ਸਚਖੰਡ ਪਹੁੰਚਣ ਲਈ ਸੱਦਾ ਦਿੱਤਾ। ਪਰ "ਸਚ" ਦਾ ਨਿਰਨਾ ਕਰਨ ਵੇਲੇ ਇਹ ਹੱਠ ਨਹੀਂ ਕੀਤਾ ਕਿ ਸਾਰਾ ਸੱਚ ਸਾਡੇ ਪਾਸ ਹੀ ਹੈ, ਤੇ ਹੋਰ ਕਿਸੇ ਪਾਸ ਸੱਚ ਹੈ ਈ ਨਹੀਂ। ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਫਰਮਾਉਂਦੇ ਹਨ:

ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ।
ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ॥

ਹੇ ਵਾਹਿਗੁਰੂ! ਇਹ ਸੰਸਾਰ ਸੜ ਰਿਹਾ ਹੈ, ਇਸ ਨੂੰ ਬਚਾ ਲੈ। ਮੈਂ ਨਹੀਂ ਕਹਿੰਦਾ ਕਿ ਮੇਰੀਆਂ ਹੀ ਬਾਲਟੀਆਂ ਨਾਲ ਇਹ ਅੱਗ ਬੁਝੇ। ਜੇ ਹੋਰ ਕੋਈ ਸੱਜਣ ਭੀ ਬਾਲਟੀਆਂ ਪਾਣ ਦਾ ਉੱਦਮ ਕਰਨ ਤਾਂ ਉਨ੍ਹਾਂ ਦੇ ਰਾਹੋਂ ਭੀ ਅੱਗ ਨੂੰ ਬੁਝਾਉਣ ਦੀ ਕਿਰਪਾਲਤਾ ਕਰ। ਅਰਥਾਤ ਕੇਵਲ ਸਿੱਖ ਧਰਮ ਹੀ ਮੁਕਤੀ ਦੇਣ ਵਾਲਾ ਨਹੀਂ; ਮੁਹੰਮਦ ਸਾਹਿਬ, ਹਜ਼ਰਤ ਈਸਾ, ਸ੍ਰੀ ਰਾਮ ਚੰਦਰ ਜੀ, ਸ੍ਰੀ ਕ੍ਰਿਸ਼ਨ ਜੀ ਆਦਿ ਦੇ ਮੰਨਣ ਵਾਲੇ ਭੀ ਤਰ ਸਕਦੇ ਹਨ। ਇਸੇ ਖ਼ਿਆਲ ਨਾਲ ਪੰਚਮ ਪਾਤਸ਼ਾਹ ਨੇ ਆਪਣੇ ਅਸੂਲਾਂ ਨੂੰ ਨਿਰੋਲ ਰਖਣ ਦੇ ਬਾਵਜੂਦ ਭਗਤਾਂ ਦੀ ਪ੍ਰੇਮ-ਪੂਰਤ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਚੜ੍ਹਾਇਆ ਤੇ ਇਸ ਗਲ ਦੀ ਪ੍ਰਵਾਹ ਨਾ ਕੀਤੀ ਕਿ ਫ਼ਰੀਦ ਆਵਾਗਉਣ ਨੂੰ ਨਹੀਂ ਮੰਨਦਾ (ਗੋਰਾਂ ਸੇ ਨਿਮਾਣੀਆਂ ਬਹਸਨਿ ਰੂਹਾਂ ਮਲਿ) ਜਾਂ ਧੰਨਾ ਪੱਥਰ ਪੂਜਦਾ ਸੀ।

ਇਹ ਖ਼ਿਆਲ ਨਵੀਨ ਜ਼ਮਾਨੇ ਦਾ ਅਰੰਭ ਹੈ। ਇਸੇ ਤੋਂ ਧਾਰਮਕ ਤੇ ਪਲੀਟੀਕਲ ਰਵਾਦਾਰੀ ਪੈਦਾ ਹੁੰਦੀ ਹੈ। ਇਸੇ ਉਤੇ ਜਥੇਬੰਦੀਆਂ ਦੀ ਨੀਂਹ ਰਖੀ ਜਾ ਸਕਦੀ ਹੈ। ਇਸੇ ਨਾਲ ਮਨੁੱਖਾਂ ਅਤੇ ਕੌਮਾਂ ਦੀ ਆਪੋ ਵਿਚ ਦੀ ਬਰਾਬਰੀ ਮੰਨੀ ਜਾ ਸਕਦੀ ਹੈ। ਜੇਕਰ ਕਿਸੇ ਜਥੇਬੰਦੀ ਦਾ ਹਰ ਇਕ ਮਿੰਬਰ ਆਪਣੇ ਹੀ ਖ਼ਿਆਲ ਜਾਂ ਰਾਏ ਨੂੰ ਨਿਰੋਲ ਸੱਚੀ ਜਾਂ ਅਟੱਲ ਮੰਨ ਲਏ ਤਾਂ ਉਹ ਹੋਰਨਾਂ ਨਾਲ ਰੱਲ ਕੇ ਕੰਮ ਨਹੀਂ ਕਰ ਸਕਦਾ; ਨਾ ਕੋਈ ਸਾਂਝੀ ਰਾਏ ਬਣ ਸਕਦੀ ਹੈ। ਵਖੋ ਵਖ ਰਾਵਾਂ ਨੂੰ ਮਿਲਾ ਕੇ ਮਤਾ ਪਾਸ ਕਰਨ ਦਾ ਨੇਮ ਇਸ ਗੱਲ ਉਤੇ ਹੀ ਚੱਲ ਸਕਦਾ ਹੈ ਕਿ ਆਪਣੀ ਰਾਏ ਨੂੰ ਅਟੱਲ ਸਚਾਈ ਦੇ ਦਰਜੇ ਤੋਂ ਹੇਠਾਂ ਲਾਹ ਕੇ ਹੋਰਨਾਂ ਦੀ ਰਾਏ ਨੂੰ ਉੱਚਾ ਮੰਨਣ ਦੀ ਗੁੰਜਾਇਸ਼ ਰਖੀਏ।

ਸਰਬ-ਸਮਤੀ ਦੇ ਖ਼ਿਆਲ ਨੂੰ ਛੱਡ ਕੇ ਬਹੁ-ਸੰਮਤੀ ਦਾ ਫ਼ੈਸਲਾ ਮੰਨਣਾ ਮਨਾਉਣਾ ਭੀ ਇਕ ਭਾਰੀ ਤਰੱਕੀ ਹੈ, ਕਿਉਂਕਿ ਇਸ ਵਿਚ ਘਟ ਗਿਣਤੀ ਵਾਲੇ ਪੱਖ ਦਾ ਜ਼ਬਤ ਕੰਮ ਕਰਦਾ ਹੈ, ਜਿਸ ਨਾਲ ਰਾਵਾਂ ਦਾ ਵਖੇਵਾਂ ਹੁੰਦਿਆਂ ਦੂਜੇ ਦੀ ਰਾਏ ਦਾ ਨਿਰਾ ਸਤਕਾਰ ਹੀ ਨਹੀਂ ਕਰਨਾ ਪੈਂਦਾ, ਬਲਕਿ ਪਾਸ ਹੋਈ ਰਾਏ ਨੂੰ ਆਪਣੀ ਸਮਝ ਕੇ ਉਸ ਉਤੇ ਚਲਣ ਦੀ ਉਦਾਰਤਾ ਵਰਤਣੀ ਪੈਂਦੀ ਹੈ। ਬਹੁ-ਸਮਤੀ ਵਾਲੇ ਭੀ ਆਪਣੀ ਰਾਏ ਦੀ ਕਦਰ ਤਦੇ ਕਰਾ ਸਕਦੇ ਹਨ ਜਿ ਘਟ ਗਿਣਤੀ ਵਾਲਿਆਂ ਦੀ ਕੁਰਬਾਨੀ ਦੀ ਕਦਰ ਕਰਨ ਅਤੇ ਉਨ੍ਹਾਂ ਦੇ ਹੱਕਾਂ ਦੀ ਰਾਖੀ ਉਵੇਂ ਹੀ ਕਰਨ ਜਿਵੇਂ ਆਪਣੇ ਹੱਕਾਂ ਦੀ ਕਰਦੇ ਹਨ। ਜਿਉਂ ਜਿਉਂ ਨਵੀਂ ਤਹਿਜ਼ੀਬ ਵਧ ਰਹੀ ਹੈ, ਖੁਸ਼ੀ ਦੇ ਪੁਰਾਣੇ ਢੰਗ ਬਦਲ ਰਹੇ ਹਨ। ਦਿਲ ਦੀ ਖੁਸ਼ੀ ਮੂੰਹ ਨਾਲ ਜ਼ਾਹਰ ਕਰਨ ਦੇ ਬਹੁਤ ਸਾਦੇ ਤ੍ਰਿਕੇ ਦੋ ਹੀ ਹੁੰਦੇ ਸਨ: ਇਕ ਖਿੜ-ਖਿੜਾ ਕੇ ਹੱਸਣਾ ਤੇ ਦੂਜਾ ਉੱਚਾ ਕੂਕਣਾ;ਪਰ ਨਵੀਂ ਰੌਸ਼ਨੀ ਵਾਲੇ ਲੋਕ ਇਨ੍ਹਾਂ ਦੋਹਾਂ ਤੋਂ ਕੰਨੀ ਕਤਰਾਂਦੇ ਹਨ।

ਜਦ ਦਿਲ ਵਿਚ ਖੁਸ਼ੀ ਦੀ ਤਰੰਗ ਆਈ ਤਾਂ ਸਿੱਧੇ ਸਾਦੇ ਲੋਕ ਜ਼ੋਰ ਨਾਲ ਬਾਛਾਂ ਖੋਲ੍ਹ ਕੇ ਖਹਿ ਖਹਿ ਕਰ ਕੇ ਹੱਸਦੇ ਸਨ, ਜਿਹਦੇ ਨਾਲ ਫਿਫੜਿਆਂ ਦੀ ਖ਼ੂਬ ਕਸਰਤ ਹੁੰਦੀ ਸੀ, ਸਗੋਂ ਸਾਰਾ ਜੁੱਸਾ ਹਿਲ ਜਾਂਦਾ ਸੀ ਤੇ ਮੂੰਹ ਉਤੇ ਤ੍ਰੇਲੀ ਆ ਜਾਂਦੀ ਸੀ; ਵੇਖਣ ਤੇ ਸੁਣਨ ਵਾਲੇ ਦੀ ਭੀ ਤਬੀਅਤ ਸਾਫ਼ ਹੋ ਜਾਂਦੀ ਸੀ, ਅਤੇ ਖੜੋਤੇ ਮਨ ਵਿਚ ਇਕ ਲਹਿਰ ਜਿਹੀ ਫਿਰ ਜਾਂਦੀ ਸੀ; ਇਕ ਦਾ ਹਾਸਾ ਸਾਰੀ ਸੰਗਤ ਨੂੰ ਖੁਸ਼ੀ ਦਾ ਹੁਲਾਰਾ ਦੇ ਜਾਂਦਾ ਸੀ।

ਪਰ ਇਹੋ ਜਿਹਾ ਹਾਸਾ ਅੱਜ ਕੱਲ ਬੇਤਮੀਜ਼ੀ ਤੇ ਗਵਾਰਪੁਣੇ ਦੀ ਨਿਸ਼ਾਨੀ ਸਮਝਿਆ ਜਾਂਦਾ ਹੈ। ਜੇ ਸਕੂਲ ਵਿਚ ਕਿਸੇ ਮੁੰਡੇ ਨੂੰ ਖੁੱਲ੍ਹ ਕੇ ਹਾਸਾ ਆ ਜਾਵੇ, ਤਾਂ ਮਾਸਟਰ ਝੱਟ ਬੋਲ ਉੱਠਦਾ ਹੈ, "ਓਏ! ਹਿਣਕਦਾ ਕਿਉਂ ਹੈਂ?" ਮਾਸਟਰ ਹੋਰਾਂ ਨੂੰ ਇਹ ਨਹੀਂ ਪਤਾ ਕਿ ਹਿਣਕਣਾ ਅਤੇ ਹੱਸਣਾ ਇੱਕੋ ਸ਼ਬਦ ਹਨ। ਦਫ਼ਤਰਾਂ ਕਚਹਿਰੀਆਂ ਵਿਚ ਅਫ਼ਸਰ ਲੋਕ ਹਾਸੇ ਨੂੰ ਬੜੀ ਗੁਸਤਾਖ਼ੀ ਖ਼ਿਆਲ ਕਰਦੇ ਹਨ। ਇਹ ਵੇਖਿਆ ਗਿਆ ਹੈ ਕਿ ਬਹੁਤ ਹਾਸਾ ਬਚਪਨ ਤੇ ਜਵਾਨੀ ਵਿਚ ਆਉਂਦਾ ਹੈ। ਫਿਰ ਜਿਉਂ ਜਿਉਂ ਉਮਰ ਵਧਦੀ ਜਾਂਦੀ ਹੈ ਤੇ ਮੂੰਹ ਤੇ ਝੁਰੜੀਆਂ ਆਉਣ ਲੱਗਦੀਆਂ ਹਨ,ਤਿਉਂ ਤਿਉਂ ਹੜਵਾਠਿਆਂ ਦੇ ਪੇਚ ਢਿੱਲੇ ਪੈਂਦੇ ਜਾਂਦੇ ਹਨ ਅਤੇ ਹਾਸੇ ਦੀ ਥਾਂ ਮੁਸਕ੍ਰਾਹਟ ਫੜ ਲੈਂਦੀ ਹੈ। ਜਿਵੇਂ ਸਮੁੰਦਰ ਦੇ ਵਿਚਕਾਰ ਬੜੀਆਂ ਬੜੀਆਂ ਸ਼ੂਕਦੀਆਂ ਲਹਿਰਾਂ ਦੇ ਉਛਾਲੇ ਆਉਂਦੇ ਹਨ, ਪਰ ਕੰਢੇ ਕੋਲ ਆ ਕੇ ਓਹੋ ਉਛਾਲੇ ਕੇਵਲ ਨਿੱਕੇ ਨਿੱਕੇ ਪਾਣੀ ਦੇ ਵੱਟ ਜਿਹੇ ਰਹਿ ਜਾਂਦੇ ਹਨ, ਤਿਵੇਂ ਹੀ ਮਨੁੱਖ ਜਵਾਨੀ ਵਿਚ ਗੱਜ ਕੇ ਹੱਸਦਾ ਹੈ, ਪਰ ਜਿਉਂ ਜਿਉਂ ਉਸ ਦੀ ਉਮਰ ਮੌਤ ਦੇ ਕੰਢੇ ਵਲ ਵਧਦੀ ਹੈ, ਤਿਉਂ ਤਿਉਂ ਉਸ ਦਾ ਹਾਸਾ ਲੋਪ ਹੋ ਹੋ ਕੇ ਕੇਵਲ ਹੋਠਾਂ ਅਤੇ ਅੱਖਾਂ ਦੀਆਂ ਗੁੱਠਾਂ ਵਿਚ ਮਾੜੇ ਮਾੜੇ ਵੱਟ ਜਿਹੇ ਰਹਿ ਜਾਂਦੇ ਹਨ। ਸੰਸਾਰ ਦੇ ਇਤਿਹਾਸ ਵਿਚ ਭੀ ਸ਼ੁਰੂ ਸ਼ੁਰੂ ਵਿਚ ਹਾਸਾ ਵਧੇਰੇ ਸੀ, ਪਰ ਹੁਣ ਜਿਉਂ ਜਿਉਂ ਸਮਾਂ ਗੁਜ਼ਰਦਾ ਜਾਂਦਾ ਹੈ, ਤਿਉਂ ਤਿਉਂ ਹਾਸੇ ਦੀ ਥਾਂ ਕੇਵਲ ਮੁਸਕ੍ਰਾਣਾ ਹੀ ਰਹਿ ਗਿਆ ਹੈ।

ਲੋਕੀ ਪਾਰਟੀਆਂ ਉੱਤੇ ਮਿਲਦੇ ਹਨ ਤਾਂ ਮੁਸਕ੍ਰਾਉਂਦੇ ਹਨ, ਸਗੋਂ ਮਸਕ੍ਰਾਉਣਾ ਇੰਨਾ ਵਧ ਗਿਆ ਹੈ ਕਿ ਬਹੁਤ ਸਾਰਾ ਤਾਂ ਦੰਭ ਹੀ ਹੁੰਦਾ ਹੈ। ਦਿੱਲੋਂ ਭਾਵੇਂ ਆਦਮੀ ਕੁੜ੍ਹਦਾ ਹੀ ਹੋਵੇ, ਪਰ ਮਿਲਣ ਵੇਲੇ ਐਊਂ ਦੰਦੀਆਂ ਕੱਢ ਕੇ ਮਿਲਦਾ ਹੈ ਕਿ ਸਿੱਧੇ ਸਾਦੇ ਆਦਮੀ ਨੂੰ ਵੇਖ ਕੇ ਹਾਸਾ ਹੀ ਆ ਜਾਂਦਾ ਹੈ, ਪਰ ਵਿਚਾਰਾ ਆਸ ਪਾਸ ਵੇਖ ਕੇ ਡਰਦੇ ਮਾਰਿਆਂ ਅਵਾਜ਼ ਨਹੀਂ ਕੱਢਦਾ ਕਿ ਕਿਤੇ ਲੋਕੀ ਮੂਰਖ ਨਾ ਆਖਣ। ਪਾਰਟੀਆਂ ਵਿਚ ਤਾਂ ਭਲਾ ਬਹੁਤ ਆਦਮੀ ਹੁੰਦੇ ਹਨ, ਇਸ ਲਈ ਉੱਚਾ ਹੱਸਣਾ ਮਨ੍ਹਾਂ ਹੀ ਸਹੀ, ਪਰ ਅਨਰਥ ਇਹ ਹੈ ਕਿ ਬਾਹਰ ਬਜ਼ਾਰ ਵਿਚ, ਜਾਂ ਰਾਹ ਪੈਂਡੇ ਜਿੱਥੇ ਇਕ ਦੋ ਸੱਜਣ ਅਪਣੇ ਮੇਲੀ ਮਿੱਤਰ ਹੀ ਮਿਲਣ, ਉੱਥੇ ਭੀ ਖਿੜ ਖਿੜਾ ਕੇ ਹੱਸਣੋਂ ਰੁਕਦੇ ਹਨ।

ਇਸ ਦੇ ਦੋ ਕਾਰਣ ਹਨ: ਇੱਕ ਤਾਂ ਇਹ ਕਿ ਲੋਕਾਂ ਦੇ ਦਿਮਾਗ਼ ਇਤਨੇ ਕਮਜ਼ੋਰ ਹੋ ਗਏ ਹਨ ਕਿ ਉੱਚੀ ਅਵਾਜ਼ ਸਹਿ ਨਹੀਂ ਸਕਦੇ; ਦੂਜੇ ਇਹ ਕਿ ਮੁਸਕ੍ਰਾਉਣਾ ਸਿਆਣਪ ਦੀ ਨਿਸ਼ਾਨੀ ਗਿਣਿਆ ਜਾਂਦਾ ਹੈ। ਜਦ ਗੁਰੂ ਨਾਨਕ ਸਾਹਿਬ ਨੂੰ ਉਨ੍ਹਾਂ ਦਾ ਭਣਵੱਈਆ, ਭਾਈ ਜੈਰਾਮ, ਲੋਦੀ ਨਵਾਬ ਪਾਸ ਨੌਕਰੀ ਦਿਵਾਣ ਲਈ ਲਿਆਇਆ ਤਾਂ ਸਾਖੀ ਵਿਚ ਲਿਖਿਆ ਹੈ ਕਿ ਗੁਰੁ ਜੀ ਮੁਸਕ੍ਰਾਏ। ਇਹ ਵੇਖ ਕੇ ਨਵਾਬ ਕਹਿਣ ਲੱਗਾ, "ਨਾਨਕ ਭਲਾ ਤੇ ਸਿਆਣਾ ਮਲੂਮ ਹੁੰਦਾ ਹੈ।" ਹੋਰ ਭੀ ਵੱਡੇ ਵੱਡੇ ਪੀਰ ਪੈਗੰਬਰ ਲੋਕਾਂ ਦੀ ਮੂਰਖਤਾ ਨੂੰ ਵੇਖ ਕੇ ਜਾਂ ਮਨ ਦੀਆਂ ਡੂੰਘਿਆਈਆਂ ਤੋਂ ਨਿਕਲੇ ਹੋਏ ਗੁੱਝੇ ਵਿਗਾਸ ਦੇ ਕਾਰਣ ਮੁਸਕ੍ਰਾਉਂਦੇ ਦੱਸੇ ਗਏ ਹਨ; ਇਸ ਲਈ ਲੋਕੀ ਭੀ ਸਿਆਣਾ ਤੇ ਗੰਭੀਰ ਅਖਵਾਣ ਦੇ ਚਾ ਵਿਚ ਮੁਸਕ੍ਰਾਣ ਦੀ ਆਦਤ ਪਾ ਰਹੇ ਹਨ। ਕੋਈ ਦਿਨ ਆਵੇਗਾ ਕਿ ਹਾਸਾ ਸੰਸਾਰ ਤੋਂ ਬਿਲਕੁਲ ਲੋਪ ਹੋ ਜਾਵੇਗਾ। ਇਸ ਦੇ ਨਾਲ ਨਾਲ ਸਾਡੀ ਰਹਿਣੀ ਬਹਿਣੀ ਤੇ ਸਾਹਿੱਤ ਵਿੱਚੋਂ ਉੱਚੀ ਉੱਚੀ ਹਸਾਣ ਵਾਲੇ ਠੱਠੇ ਤੇ ਮਖੌਲ ਭੀ ਉੱਡ ਰਹੇ ਹਨ; ਨਿਰੀਆਂ ਬ੍ਰੀਕ ਬ੍ਰੀਕ ਮੁਸਕ੍ਰਾਣ ਵਾਲੀਆਂ ਗੱਲਾਂ ਵਧ ਰਹੀਆਂ ਹਨ।

ਹਾਸੇ ਦੇ ਨਾਲ ਨਾਲ ਉੱਚਾ ਕੂਕਣ ਦੀ ਆਦਤ ਭੀ ਜਾਂਦੀ ਰਹੀ ਹੈ। ਤੁਸਾਂ ਪਿੰਡਾਂ ਵਿਚ ਵੇਖਿਆ ਹੋਣਾ ਹੈ ਕਿ ਕਿਵੇਂ ਇਕ ਬੱਕਰੀਆਂ ਚਾਰਨ ਵਾਲਾ ਆਜੜੀ ਇਕ ਢੱਕੀ ਉੱਤੇ ਖਲੋਤਾ ਹੋਇਆ ਦੂਜੀ ਢਕੀ ਉਤੇ ਭੱਜੀ ਜਾਂਦੀ ਬੱਕਰੀ ਦੇ ਪਿੱਛੇ ਵੱਟਾ ਵਾਹ ਕੇ ਜ਼ੋਰ ਦੀ ਚੀਕ ਲਾਂਦਾ ਹੈ। ਉਸ ਨੂੰ ਆਪਣੀ ਅਵਾਜ਼ ਉੱਤੇ ਬੜਾ ਮਾਣ ਹੈ। ਜਦ ਉਹ ਆਪਣੇ ਸਾਥੀ ਨੂੰ (ਜੋ ਜ਼ਰਾ ਪਰ੍ਹੇ ਖੜੋਤਾ ਹੁੰਦਾ ਹੈ) ਅਵਾਜ਼ ਮਾਰਦਾ ਹੈ, ਤਾਂ ਭੀ ਲੋੜ ਤੋਂ ਵਧੀਕ ਉੱਚੀ ਚੀਕ ਕੱਢਦਾ ਹੈ। ਉਸ ਨੂੰ ਪਤਾ ਹੈ ਕਿ ਥੋੜੀ ਅਵਾਜ਼ ਭੀ ਪਹੁੰਚ ਜਾਵੇਗੀ, ਪਰ ਉਸ ਨੂੰ ਤਾਂ ਆਪਣੀ ਕੂਕ ਉੱਤੇ ਫ਼ਖ਼ਰ ਹੈ, ਅਤੇ ਉਸ ਨੂੰ ਜ਼ੋਰ ਦੀ ਅਵਾਜ਼ ਵਿਚ ਇਕ ਅਣੋਖਾ ਰਸ ਲੱਭਦਾ ਹੈ, ਜੋ ਕਮਰਿਆਂ ਦੇ ਅੰਦਰ ਬਹਿ ਕੇ ਘੁਸਮੁਸ ਕਰਨ ਵਾਲਿਆਂ ਨੂੰ ਮਲੂਮ ਨਹੀਂ ਹੋ ਸਕਦਾ। ਇਹ ਸਿੱਧੇ ਸਾਦੇ ਲੋਕ ਜਦ ਆਪਸ ਵਿਚ ਮਿਲਦੇ ਜਾਂ ਗੱਲਾਂ ਕਰਦੇ ਹਨ ਤਾਂ ਭੀ ਓਨਾ ਹੀ ਉੱਚਾ ਬੋਲਦੇ ਹਨ, ਜਿੰਨੀ ਘੁੱਟ ਕੇ ਜੱਫੀ ਪਾਂਦੇ ਹਨ।

ਪਰ ਤਹਿਜ਼ੀਬ ਇਸ ਦੇ ਉਲਟ ਹੈ। ਨਵੀਂ ਰੌਸ਼ਨੀ ਦੇ ਵਧਣ ਨਾਲ ਮਨੁੱਖਾਂ ਦੀ ਅਵਾਜ਼ ਮੱਧਮ ਪੈ ਰਹੀ ਹੈ। ਡਾਕਟਰ ਟੈਗੋਰ ਨਾਲ ਗੱਲਾਂ ਕਰੋ ਤਾਂ ਬੜਾ ਹੌਲੀ ਹੌਲੀ "ਸਪਤ ਪਾਤਾਲ ਕੀ ਬਾਣੀ" ਵਤ ਅਵਾਜ਼ ਕੱਢੇਗਾ। ਇਹੋ ਉਸ ਦੇ ਸਿਆਣੇ ਤੇ ਤਹਿਜ਼ੀਬ ਦੇ ਮਾਲਕ ਹੋਣ ਦੀ ਨਿਸ਼ਾਨੀ ਹੈ। ਕਾਲਜਾਂ, ਦਫ਼ਤਰਾਂ, ਕਲੱਬਾਂ ਵਿਚ ਜਿੱਨਾ ਚੁੱਪ ਰਹਿਣ ਤੇ ਜਾਂ ਹੌਲੀ ਬੋਲਣ ਉੱਤੇ ਜ਼ੋਰ ਦਿੱਤਾ ਜਾਂਦਾ ਹੈ ਓਨਾ ਕਿਸੇ ਹੋਰ ਗੱਲ ਉੱਤੇ ਨਹੀਂ। ਜਿਉਂ ਜਿਉਂ ਸੰਸਾਰ ਤ੍ਰੱਕੀ ਕਰੀ ਜਾਂਦਾ ਹੈ ਤਿਉਂ ਤਿਉਂ ਮਨੁੱਖ ਦੀ ਅਵਾਜ਼ ਮੱਧਮ ਪੈਂਦੀ ਜਾਂਦੀ ਹੈ। ਪੜ੍ਹਿਆਂ ਹੋਇਆਂ ਸਿੱਖਾਂ ਨੂੰ ਕਹੋ ਖਾਂ ਜ਼ਰਾ 'ਸਤਿ ਸ੍ਰੀ ਅਕਾਲ' ਦਾ ਜੈਕਾਰਾ ਤਾਂ ਛੱਡਣ! ਦੰਦਾਂ ਤੋਂ ਬਾਹਰ ਅਵਾਜ਼ ਨਹੀਂ ਨਿਕਲੇਗੀ। ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਇਨ੍ਹਾਂ ਜੈਕਾਰਿਆਂ ਦੇ ਜ਼ੋਰ ਨਾਲ ਥੋੜ੍ਹੇ ਜਿਹੇ ਸਿੱਖਾਂ ਨੇ ਦੁਸ਼ਮਣਾਂ ਦੀਆਂ ਠਾਠਾਂ ਮਾਰਦੀਆਂ ਫੌਜਾਂ ਨੂੰ ਕਈ ਘੰਟਿਆਂ ਤੱਕ ਰੋਕੀ ਰੱਖਿਆ ਸੀ। ਹੁਣ ਭੀ ਜੇ ਕਿਸੇ ਔਕੜ ਵਿਚ ਪਏ ਹੋਵੀਏ ਤਾਂ ਜਿਸ ਵੇਲੇ ਸਾਰੇ ਰੱਲ ਕੇ ਜ਼ੋਰ ਦਾ ਜੈਕਾਰਾ ਛੱਡਦੇ ਹਾਂ ਤਾਂ ਉਸ ਵਿਚ ਸਾਰੇ ਸਿੱਖ ਇਤਿਹਾਸ ਦੀ ਅਕਾਲੀ ਗੂੰਜ ਸੁਣਾਈ ਦੇਂਦੀ ਹੈ ਜੋ ਕੰਬਦੇ ਦਿਲਾਂ ਨੂੰ ਤਕੜਾ ਕਰਦੀ ਤੇ ਢਹਿੰਦੀਆਂ ਕਲਾਂ ਤੋਂ ਚੜ੍ਹਦੀਆਂ ਕਲਾਂ ਵਿਚ ਬਦਲ ਦੇਂਦੀ ਹੈ।

ਹਾਸ-ਰਸ ਨਵੇਂ ਜ਼ਮਾਨੇ ਦੀ ਕਾਢ ਤਾਂ ਨਹੀਂ, ਪਰ ਇਸ ਰਸ ਦੀ ਲੋੜ ਨੂੰ ਇਸੇ ਸਮੇਂ ਨੇ ਅਪਣਾਇਆ ਹੈ। ਕਾਰਣ ਇਹ ਹੈ ਕਿ ਅਜ ਕਲ ਦੀ ਜ਼ਿੰਦਗੀ ਬੜੇ ਰੁਝੇਵੇਂ ਵਾਲੀ ਹੈ, ਜਿਸ ਨਾਲ ਨਾ ਕੇਵਲ ਸਰੀਰ ਹੀ ਆਕੜ ਜਾਂਦਾ ਹੈ, ਸਗੋਂ ਮਨ ਭੀ ਅੱਕ ਥੱਕ ਕੇ ਸੁੰਗੜ ਜਾਂਦਾ ਹੈ। ਇਸ ਨੂੰ ਅਰੋਗਤਾ ਤੋਂ ਇਲਾਵਾ ਕਿਸੇ ਅਜੇਹੇ ਤਜਰਬੇ ਜਾਂ ਵਰਤੋਂ ਦੀ ਲੋੜ ਰਹਿੰਦੀ ਹੈ ਜਿਸ ਨਾਲ ਸਰੀਰ ਦਾ ਅਕੜੇਵਾਂ ਤੇ ਮਨ ਦਾ ਸੁਕੜੇਵਾਂ ਦੂਰ ਹੋ ਜਾਵੇ ਅਤੇ ਇਹ ਫੇਰ ਤਾਜ਼ਾ ਤੇ ਨੌ-ਬਰ-ਨੌ ਹੋ ਕੇ ਕੰਮ ਵਿਚ ਜੁਟ ਪੈਣ। ਇਸ ਲੋੜ ਨੂੰ, ਇਸ ਵਰਤਮਾਨ ਸਮੇਂ ਦੀ ਖ਼ਾਸ ਲੋੜ ਨੂੰ ਨਿਰੀ ਨੇਕੀ, ਪਾਰਸਾਈ ਜਾਂ ਧਾਰਮਕ ਸੰਜਮ ਪੂਰਾ ਨਹੀਂ ਕਰ ਸਕਦੀ। ਸਰੀਰ ਨੂੰ ਰਿਸ਼ਟ ਪੁਸ਼ਟ ਰੱਖਣ ਲਈ ਕਸਰਤ ਜਾਂ ਖੇਡ ਦੀ ਲੋੜ ਹੈ। ਸ਼ਾਇਦ ਕੇਸ਼ਬ ਚੰਦਰ ਸੇਨ ਨੇ ਇਸੇ ਲਈ ਕਿਹਾ ਸੀ ਕਿ ਕਈ ਵੇਰ ਤੁਸੀਂ ਫੁਟ-ਬਾਲ ਖੇਡ ਕੇ ਰੱਬ ਦੇ ਉੱਨੇ ਹੀ ਨੇੜੇ ਹੋ ਸਕਦੇ ਹੋ ਜਿੱਨੇ ਕਿ ਗੀਤਾ ਦਾ ਪਾਠ ਕਰ ਕੇ। ਉਸ ਦਾ ਭਾਵ ਇਹ ਨਹੀਂ ਸੀ ਕਿ ਗੀਤਾ ਦਾ ਪਾਠ ਕਰਨਾ ਚੰਗਾ ਨਹੀਂ। ਉਹ ਕੇਵਲ ਇਹ ਦਸਣਾ ਚਾਹੁੰਦਾ ਸੀ ਕਿ ਖੇਡ ਭੀ ਸਰੀਰ ਨੂੰ ਚੁਸਤ ਬਣਾ ਕੇ ਮਨ ਨੂੰ ਨਿਖਾਰਦੀ ਤੇ ਤਿਆਰ-ਬਰ-ਤਿਆਰ ਕਰਦੀ ਹੈ; ਨਹੀਂ ਤਾਂ ਰੋਗੀ ਸਰੀਰ ਵਾਲਾ ਆਦਮੀ ਮਨ ਕਰਕੇ ਭੀ ਕ੍ਰਿਝੂ ਤੇ ਸੁਕੜੂ ਜਿਹਾ ਬਣ ਜਾਂਦਾ ਹੈ। ਉਸ ਵਿਚ ਮਨੁਖਾਂ ਲਈ ਹਮਦਰਦੀ ਦੀ ਲਿਚਕ ਨਹੀਂ ਰਹਿੰਦੀ ਅਤੇ ਨਾ ਹੀ ਪਰਮਾਨੰਦ ਹਰੀ ਨੂੰ ਆਪਣੇ ਅੰਦਰ ਵਸਾਉਣ ਦੀ ਸਮ੍ਰਥਾ। ਕਦੀ ਸਮਾਂ ਸੀ ਕਿ ਸਿਆਣੇ ਲੋਕੀ ਮਨ ਨੂੰ ਅਸਲ ਚੀਜ਼ ਸਮਝਦੇ ਤੇ ਏਸੇ ਨੂੰ ਗਹੁ ਨਾਲ ਸਮਝਣ ਸਮਝਾਣ ਦੀ ਵਾਹ ਲਾਂਦੇ ਸਨ, ਅਤੇ ਸਰੀਰ ਨੂੰ ਇਕ ਬੇਲੋੜੇ ਪਸ਼ੂ ਦੀ ਤਰ੍ਹਾਂ ਔਖਾ ਸੌਖਾ ਹੋ ਕੇ ਬੂਹੇ ਅਗੇ ਬੰਨ੍ਹ ਰਖਣ ਦੀ ਜ਼ਿਮੇਵਾਰੀ ਨਿਬਾਹੁੰਦੇ ਸਨ। ਪਰ ਮੌਜੂਦਾ ਸਮੇਂ ਦੇ ਸਿਆਣੇ ਇਸ ਨੂੰ ਮਨ ਜਿੱਡੀ ਉੱਚੀ ਰੱਬੀ ਦਾਤ ਸਮਝਦੇ ਤੇ ਇਸ ਨੂੰ ਉਸੇ ਤਰ੍ਹਾਂ ਚੰਗੀ ਹਾਲਤ ਵਿਚ ਰਖਣਾ ਜੀਵਣ ਸਫਲਤਾ ਲਈ ਜ਼ਰੂਰੀ ਖ਼ਿਆਲ ਕਰਦੇ ਹਨ। ਸਰੀਰਕ ਤੌਰ ਤੇ ਹਰ ਇਕ ਦੀ ਇਹੋ ਚਾਹ ਰਹਿੰਦੀ ਹੈ ਕਿ ਸਦਾ ਨੌਜਵਾਨ ਬਣੇ ਰਹੀਏ, ਅਤੇ ਖੇਡ ਕੁੱਦ ਕੇ ਇਸ ਨੂੰ ਖਿੜਾਉ ਵਿਚ ਰਖੀਏ।

ਪੂਰਣਤਾ ਲਈ ਜਿਵੇਂ ਸਰੀਰ ਦਾ ਹੁਲਾਰੇ ਵਿਚ ਰਹਿਣਾ ਜ਼ਰੂਰੀ ਹੈ ਤਿਵੇਂ ਹੀ ਮਨ ਦਾ। ਜਿਵੇਂ ਸਰੀਰ ਦੇ ਅਰੋਗ ਤੇ ਖ਼ੁਸ਼ ਹੋਣ ਨਾਲ ਮੂੰਹ ਉਤੋਂ ਤੀਉੜੀਆਂ ਤੇ ਵੱਟ ਦੂਰ ਹੋ ਕੇ ਹਾਸਾ ਜਾਂ ਮੁਸਕ੍ਰਾਹਟ ਆ ਜਾਂਦੀ ਹੈ, ਤਿਵੇਂ ਮਨ ਦੇ ਖਿੜਨ ਨਾਲ ਅੰਦਰੋ ਅੰਦਰ ਇਕ ਹੁਲਾਰਾ ਪੈਦਾ ਹੁੰਦਾ ਹੈ, ਜਿਸ ਨੂੰ 'ਹਾਸ-ਰਸ' ਕਹਿੰਦੇ ਹਨ। ਇਹ ਅੰਦਰ ਦਾ ਗੁਣ ਹੈ, ਜਿਸ ਦੀ ਹੋਂਦ ਬਾਹਰਵਾਰ ਹਸਣ, ਕੂਕਣ, ਜਾਂ ਮੁਸਕ੍ਰਾਹਟ ਦੀ ਸ਼ਕਲ ਵਿਚ ਪਰਗਟ ਹੁੰਦੀ ਹੈ। ਪਰ ਇਹ ਬਾਹਰ ਦੇ ਚਿੰਨ੍ਹ ਕਦੀ ਨਹੀਂ ਵੀ ਦਿਸਦੇ। ਇਸ ਲਈ ਇਸ ਨੂੰ ਬਿਆਨ ਕਰ ਕੇ ਸਮਝਾਉਣਾ ਔਖਾ ਹੈ। ਇਤਨਾ ਕਹਿ ਸਕਦੇ ਹਾਂ ਕਿ ਸਾਡੇ ਦਿਲ ਵਿਚ ਕਿਸੇ ਚੀਜ਼ ਦੀਆਂ ਦੋ ਉਲਟੀਆਂ ਹਾਲਤਾਂ ਦੇ ਟਕਰਾਉਣ ਨਾਲ ਜੋ ਚਮਤਕਾਰ ਪੈਦਾ ਹੁੰਦਾ ਹੈ ਉਹ ਹਾਸ-ਰਸ ਹੈ। ਮਸਲਨ, ਇਕ ਨੰਗੇ ਪਿੰਡੇ ਵਾਲੇ ਜਾਂਗਲੀ ਨੂੰ ਸਿਰ ਤੇ ਟੋਪ ਧਰਿਆ ਵੇਖ ਕੇ ਹਸ ਪਈਦਾ ਹੈ। ਕਿਉਂ? ਇਸ ਲਈ ਕਿ ਜਿਸ ਜਾਂਗਲੀ ਨੂੰ ਅਸੀਂ ਸਦਾ ਨੰਗੇ ਪਿੰਡੇ ਦੇਖਦੇ ਹਾਂ ਅਜ ਇਕ ਹੋਰ ਤੇ ਉਲਟੀ ਹਾਲਤ ਵਿਚ ਦਿਸਦਾ ਹੈ। ਇਨ੍ਹਾਂ ਦੋਹਾਂ ਹਾਲਤਾਂ ਦੇ ਟਾਕਰੇ ਤੋਂ ਇਕ ਖੁਸ਼ੀ ਤੇ ਹਰਾਨਗੀ ਦੀ ਝਰਨਾਟ ਛਿੜਦੀ ਹੈ ਜਿਸ ਨਾਲ ਅਸੀਂ ਹਸ ਪੈਂਦੇ ਹਾਂ। ਇਸੇ ਤਰ੍ਹਾਂ ਜੇ ਪਜਾਮੇ ਨੂੰ ਸਿਰ ਤੇ ਪੱਗ ਵਾਂਗੂ ਬੰਨ੍ਹ ਲਈਏ, ਜਾਂ ਕੁਰਸੀ ਨੂੰ ਸਿਰ ਤੇ ਚੁਕ ਕੇ ਬਹਿ ਜਾਈਏ, ਤਾਂ ਇਹ ਅਣਮਿਲ ਹਾਲਤ ਹਾਸੇ ਵਾਲੀ ਬਣ ਜਾਂਦੀ ਹੈ। ਇਹ ਅਣਮੇਲ ਦੋ ਤਰ੍ਹਾਂ ਦਾ ਹੁੰਦਾ ਹੈ: ਇਕ ਕਿਸੇ ਕੰਮ ਜਾਂ ਮੌਕੇ ਦਾ ਤੇ ਦੂਜਾ ਜ਼ਬਾਨ ਜਾਂ ਲਿਖਤ ਦਾ। ਉੱਤੇ ਦੱਸੀਆਂ ਮਿਸਾਲਾਂ ਅਮਲੀ ਹਾਸੇ ਦੀਆਂ ਹਨ। ਪੁਰਾਣੇ ਜ਼ਮਾਨੇ ਵਿਚ ਜਾਂ ਆਮ ਲੋਕਾਂ ਵਿਚ ਮਖ਼ੌਲ ਕਰਨੀ ਦਾ ਹੁੰਦਾ ਸੀ। ਇਸ ਵਿਚ ਜ਼ਬਾਨ ਨਹੀਂ ਵਰਤੀ ਜਾਂਦੀ, ਸਗੋਂ ਕਿਸੇ ਚੀਜ਼ ਨੂੰ ਵਿਗਾੜ ਕੇ ਜਾਂ ਭੰਨ ਕੇ ਦੇਖਣ ਦਾ ਚਾਉ ਹੁੰਦਾ ਹੈ। ਜਿਵੇਂ, ਬੁਢੀ ਦਾਦੀ ਦੀ ਆਉ-ਭਗਤ ਲਈ ਉਸ ਦੇ ਅੱਗੇ ਟੁੱਟਾ ਮੂੜ੍ਹਾ ਡਾਹ ਦੇਣਾ, ਜਾਂ ਜੀਜੇ ਹੋਰਾਂ ਦੀ ਜੁੱਤੀ ਛੁਪਾ ਛਡਣੀ ਜਾਂ ਉਸ ਨੂੰ ਸਾਗ ਦੀ ਥਾਂ ਮਹਿੰਦੀ ਘੋਲ ਕੇ ਖੁਆਉਣੀ, ਜਾਂ ਉਸ ਦੇ ਸੋਹਣੇ ਰੇਸ਼ਮੀ ਕਪੜਿਆਂ ਉਤੇ ਚਿਕੜ ਜਾਂ ਰੰਗ ਸੁੱਟ ਕੇ ਤੰਗ ਕਰਨਾ। ਇਹੋ ਜਿਹੇ ਹਾਸੇ ਤੇ ਮਖ਼ੌਲ ਕਰਨ ਦੇ ਮੌਕੇ ਸਾਂਵਿਆਂ, ਤੀਆਂ ਅਤੇ ਹੋਲੀਆਂ ਵਿਚ ਬਹੁਤ ਹੁੰਦੇ ਆਏ ਹਨ। ਕਈ ਵਾਰੀ ਹਾਸੇ ਦਾ ਮੜ੍ਹਾਸਾ ਹੋ ਜਾਂਦਾ ਸੀ, ਮਸਲਨ, ਜੰਵ ਨੂੰ ਭਗ ਪਿਆ ਦੇਣ ਨਾਲ ਕਈ ਖਰੂਦ ਮਚਦੇ ਸਨ ਜਾਂ ਨਾਸ਼ਪਾਤੀਆਂ ਤੇ ਸੇਬਾਂ ਵਿਚ ਸੂਈਆਂ ਟੁੰਗ ਦੇਣ ਨਾਲ ਖਾਣ ਵਾਲਿਆਂ ਦੇ ਗਲੇ ਛਿਲੇ ਜਾਂਦੇ ਸਨ, ਅਤੇ ਕਈ ਵੇਰੀ ਮੌਤ ਤਕ ਨੌਬਤ ਆ ਪੁਜਦੀ ਸੀ।

ਤਾਲੀਮ ਤੇ ਸਭਿੱਤਾ ਦੇ ਵਧਣ ਨਾਲ ਇਹ ਖਰਵੇ ਹਾਸੇ ਘਟ ਗਏ ਹਨ। ਪਰ ਅਮਲੀ ਹਾਸੇ ਤੇ ਮਖੌਲ ਵਧੇਰੇ ਕੋਮਲ ਸ਼ਕਲਾਂ ਵਿਚ ਕਾਇਮ ਹਨ ਤੇ ਕਾਇਮ ਰਹਿਣਗੇ।

ਅਮਲੀ ਹਾਸੇ ਦੀ ਇਕ ਸ਼ਕਲ 'ਕਾਰਟੂਨ' ਜਾਂ ਨਕਲੀ ਤਸਵੀਰ ਹੈ, ਜੋ ਹੁਨਰ ਦੇ ਵਾਧੇ ਨਾਲ ਪ੍ਰਚੱਲਤ ਹੋਈ ਹੈ, ਅਤੇ ਪੱਛਮ ਤੋਂ ਆਈ ਹੈ।

ਜਿਉਂ ਜਿਉਂ ਲੋਕਾਂ ਦੇ ਸੁਭਾ ਕੋਮਲ ਹੁੰਦੇ ਜਾਂਦੇ ਹਨ ਹਾਸ-ਰਸ ਭੀ ਕੋਮਲ ਹੁੰਦਾ ਜਾਂਦਾ ਅਤੇ ਜ਼ਬਾਨ ਜਾਂ ਸਾਹਿੱਤ ਵਿਚ ਵਧੇਰੇ ਪ੍ਰਵੇਸ਼ ਕਰ ਰਿਹਾ ਹੈ। ਪਿੰਡਾਂ ਦੇ ਗਾਉਣਾਂ ਵਿਚ ਹਾਸੇ ਦੀਆਂ ਝਾਕੀਆਂ ਮਿਲਦੀਆਂ ਹਨ। ਇਕ ਤੀਵੀਂ ਖੂਹ ਉਤੇ ਪਣੀ ਭਰ ਰਹੀ ਹੈ। ਕੋਲੋਂ ਲੰਘਦਾ ਸਿਪਾਹੀ ਠਹਿਰ ਜਾਂਦਾ ਹੈ ਤੇ ਕਹਿੰਦਾ ਹੈ:

ਖੂਹ ਤੇ ਪਾਣੀ ਭਰਦੀਏ ਮੁਟਿਆਰੇ ਨੀ!
ਘੁਟ ਕੁ ਪਾਣੀ ਪਿਲਾ, ਭੋਲੀਏ ਨਾਰੇ ਨੀ!
ਅਪਣਾ ਕਢਿਆ ਵਾਰੀ ਨ ਦਿਆਂ, ਸਪਾਹੀਆ ਵੇ!
ਆਪੇ ਕਢ ਕੇ ਪੀ, ਭੋਲਿਆ ਰਾਹੀਆ ਵੇ!
ਲਜ ਤੇਰੀ ਨੂੰ ਘੁੰਗਰੂ, ਮੁਟਿਆਰੇ ਨੀ!
ਹੱਥ ਲਾਇਆਂ ਝੜ ਪੈਣ, ਭੋਲੀਏ ਨਾਰੇ ਨੀ!
ਸੂਤਨੇ ਦੀ ਵਟ ਲੈ ਡੋਰ, ਸਪਾਹੀਆ ਵੇ!
ਛਿੱਤਰ ਬਣਾ ਲੈ ਡੋਲ, ਸਪਾਹੀਆ ਵੇ!

ਸੂਤਨੇ ਤੇ ਛਿੱਤਰ ਨੂੰ ਕਿਹੜੇ ਕੰਮ ਲਾ ਦੇਣ ਦੀ ਸਲਾਹ ਦੇ ਰਹੀ ਹੈ! ਇਸ ਅਣਮੇਲ ਤੋਂ ਹਾਸਾ ਬਣ ਗਿਆ ਹੈ।

ਲੋਹੜੀ ਦੇ ਗੀਤਾਂ ਵਿਚ ਵੀ ਹਾਸੇ ਦੀਆਂ ਗੱਲਾਂ ਆ ਜਾਂਦੀਆਂ ਹਨ। ਇਸ ਮੌਕੇ ਤੇ ਕੁੜੀਆਂ ਮੁੰਡੇ ਸ਼ਾਮ ਨੂੰ ਆਟਾ, ਦਾਣੇ, ਜਾਂ ਪੈਸੇ ਮੰਗਣ ਚੜ੍ਹਦੇ ਹਨ; ਨਾਲੇ ਮੰਗਦੇ ਹਨ, ਨਾਲੇ ਘੂਰਦੇ ਹਨ। ਦੇਰ ਕਰਨ ਵਾਲੇ ਨੂੰ ਨਿਹੋਰੇ ਤੇ ਮਿਹਣੇ ਦਿੱਤੇ ਜਾਂਦੇ ਹਨ ਜੋ ਹਾਸੇ ਵਾਲੀ ਬੋਲੀ ਵਿਚ ਹੋਣ ਕਰਕੇ ਕਿਸੇ ਨੂੰ ਨਰਾਜ਼ ਨਹੀਂ ਕਰਦੇ। ਜਿਵੇਂ

ਤੇਰੇ ਕੋਠੇ ਉਤੇ ਮੋਰ,
ਸਾਨੂੰ ਛੇਤੀ ਛੇਤੀ ਤੋਰ।
ਤੇਰੇ ਘਗਰੇ ਦੀ ਲੌਣ,
ਸਾਡਾ ਵਰ੍ਹੇ ਪਿਛੋਂ ਔਣ॥
ਤੂੰ ਤਾਂ ਕੰਮ ਕਰਦੀ ਐਂ ਨੀ,
ਸਾਨੂੰ ਰਾਤ ਪੈਂਦੀ ਹੈ ਨੀ।

ਜਾਂ ਢੇਰ ਚਿਰ ਗਾਉਣ ਮਗਰੋਂ ਇਕ ਛੱਕਾ ਦਾਣੇ ਭੀ ਨਾ ਮਿਲਣ ਤਾਂ ਨਿੰਦਾ ਰਸ ਅਰੰਭ ਹੁੰਦਾ ਹੈ:

ਕੋਠੇ ਉਤੇ ਤੂੜੀ। ਤੇਰੀ ਮਾਂ ਹੋ ਗਈ ਚੂਹੜੀ।
ਕੋਠੇ ਉਤੇ ਮੋਰਨੀ। ਤੇਰੀ ਮਾਂ ਹੋ ਗਈ ਚੋਰਨੀ।
ਤੇਰੀ ਕੋਠੀ ਹੇਠਾਂ ਕੁੱਤਾ। ਕੋਈ ਰਹਿਜੇ ਥੌਡਾ ਸੁੱਤਾ।

ਵਿਆਹਾਂ ਉਤੇ ਜਾਂਞੀਆਂ ਨੂੰ ਰੋਟੀ ਖਾਣ ਵੇਲੇ ਸਿਠਣੀਆਂ ਸੁਣਾ ਸੁਣਾ ਕੇ ਛੇੜਿਆ ਜਾਂਦਾ ਸੀ। ਸਾਲੀਆਂ ਵਲੋਂ ਭੀ ਜੀਜੇ ਨੂੰ ਮਸ਼ਕਰੀਆਂ, ਠਠੇ ਠਠੋਲੀਆਂ ਦੇ ਰਾਹੀਂ ਖ਼ੂਬ ਤੰਗ ਕੀਤਾ ਜਾਂਦਾ ਸੀ, ਅਤੇ ਜੀਜੇ ਦੇ ਪਿਉ ਨੂੰ ਵੀ ਦੂਰੋਂ ਦੂਰੋਂ ਸਿਠਾਂ ਸੁਣਾ ਕੇ ਹਸਾਇਆ ਜਾਂਦਾ ਸੀ:

ਬਾਰਾਂ ਮਹੀਨੇ ਸੁਨਿਆਰਾ ਬਿਠਾਇਆ।
ਚਾਂਦੀ ਦੇ ਗਹਿਣਿਆਂ ਤੇ ਸੋਨਾ ਚੜ੍ਹਾਇਆ।
ਪਿਤਲ ਹੀ ਪਾਵੋ ਆ ਸਹੀ।

'ਥਾਲ' ਰਾਹੀਂ ਭੀ ਸਿਠਣੀਆਂ ਦਿਤੀਆਂ ਜਾਂਦੀਆਂ ਸਨ:

ਚੌਧਰੀਆਂ ਦੀ ਜੰਵ ਆਈ, ਨਾਲ ਆਇਆ ਬਿੱਲਾ।
ਬਿੱਲੇ ਦੀ ਮੈਂ ਟੋਪੀ ਸੀਤੀ, ਚੱਪੇ ਚੱਪੇ ਤਿੱਲਾ।
ਨੀ ਲਾਹੌਰ ਸ਼ਹਿਰ ਬਿੱਲਾ, ਨੀ ਪਸ਼ੌਰ ਸ਼ਹਿਰ ਬਿੱਲਾ।
ਬਿੱਲੇ ਦੇ ਸਿਰ 'ਚ ਠੋਕਿਆ ਕਿੱਲਾ।
ਆਲ ਮਾਲ ਹੋਇਆ ਥਾਲ।

ਥਾਲ ਰਾਹੀਂ ਹੋਰਨਾਂ ਨਾਲ ਭੀ ਮਸ਼ਕਰੀ ਕੀਤੀ ਜਾਂਦੀ ਸੀ:

ਨਿਨਾਣੇ ਨੀ ਨਿਨਾਣੇ! ਤੇਰੇ ਭੇਡ ਜਿੱਨੇ ਆਨੇ।
ਨੀ ਬਘਿਆੜ ਜਿੱਡਾ ਮੂੰਹ, ਨੀ ਤੂੰ ਕਿਸ ਚੰਦਰੇ ਦੀ ਨੂੰਹ?
ਆਲ ਮਾਲ ਹੋਇਆ ਥਾਲ।

ਕਈ ਹੋਰ ਤਰ੍ਹਾਂ ਭੀ ਸਾਂਗਾਂ ਲਾਉਂਦੇ ਸੁਣੀਦੇ ਹਨ:

ਸਿਰ ਸੋਹੇ ਦਸਤਾਰ ਕਿ ਪਿੰਨਾ ਵਾਣ ਦਾ!
ਤੇੜ ਪਈ ਸਲਵਾਰ ਕਿ ਬੁੱਗ ਸਤਾਰ ਦਾ!
ਢਿਡ ਭੜੋਲੇ ਹਾਰ ਕਿ ਮਟਕਾ ਪੋਚਿਆ!
ਵੇਖੋ ਮੇਰਾ ਯਾਰ ਕਿ ਬਣਿਆ ਸਾਂਗ ਹੈ!

ਪੰਜਾਬ ਵਿਚ ਮਨੁੱਖਾਂ, ਬ੍ਰਾਦਰੀਆਂ, ਪਿੰਡਾਂ ਤੇ ਇਲਾਕਿਆਂ ਦੇ ਔਗੁਣ ਦਸਣ ਵਾਲੇ ਗੀਤ ਭੀ ਪ੍ਰਚੱਲਤ ਹਨ, ਜਿਨ੍ਹਾਂ ਨੂੰ "ਸਿੱਠਾਂ" ਕਹਿੰਦੇ ਹਨ; ਜਿਵੇਂ ਇਕ ਪਹਾੜ ਉਤੇ ਵਸਦੇ ਪਿੰਡ ਵਿਆਹੀ ਹੋਈ ਕੁੜੀ ਨੇ ਆਪਣੇ ਸਾਹੁਰੇ ਪਿੰਡ ਦੀ ਸਿੱਠ ਇਉਂ ਜੋੜੀ ਹੈ:

ਨਾ ਦੇਈਂ ਬਾਬਲ 'ਢੱਲੇ'। ਸਿਰ ਪੀੜ ਕਲੇਜਾ ਹੱਲੇ।
ਬਾਹਵਾਂ ਰਹੀਆਂ ਚੱਕੀ। ਤੇ ਲੱਤਾਂ ਰਹੀਆਂ ਢੱਕੀ।
ਦੋ ਨੈਣ ਵੰਞਾਏ ਰੋ ਰੋ। ਸਿਰ ਖੁਥਾ ਪਾਣੀ ਢੋ ਢੋ।

ਇਸੇ ਤਰ੍ਹਾਂ ਜੱਟਾਂ, ਕਿਰਾੜਾਂ, ਆਦਿ ਦੀਆਂ ਸੁਭਾਵਕ ਕਮਜ਼ੋਰੀਆਂ ਬਾਬਤ ਅਖਾਉਣ ਬਣੇ ਮਿਲਦੇ ਹਨ; ਜਿਵੇਂ ਬੰਨੇ ਜੱਟ ਨਾ ਛੇੜੀਏ, ਤੇ ਹੱਟੀ ਤੇ ਕਿਰਾੜ। ਬੇੜੀ ਮਲਾਹ ਨਾ ਛੇੜੀਏ, ਮਤਾਂ ਭੰਨ ਦੇਇ ਬੁਥਾੜ। ਗਿੱਧੇ ਵਿਚ ਵੀ ਲੋਕੀਂ ਆਪਣੇ ਪਿੰਡਾਂ ਦੀ ਰਹਿਣੀ ਬਹਿਣੀ ਉਤੇ ਨਜ਼ਰ ਮਾਰਦੇ ਅਤੇ ਦਿਲ ਦੇ ਹੁਲਾਰੇ ਜ਼ਾਹਿਰ ਕਰਦੇ ਹਨ। ਨਵੇਂ ਜ਼ਮਾਨੇ ਦੀ ਰੋਸ਼ਨੀ ਵਿੱਚ ਗਿੱਧਾ ਮੋਇਆ ਨਹੀਂ, ਸਗੋਂ ਹੋਰ ਚਮਕ ਉਠਿਆ ਹੈ। ਇਸ ਦੇ ਰਾਹੀਂ ਭੀ ਹਾਸ-ਰਸ ਜ਼ਾਹਿਰ ਹੁੰਦਾ ਹੈ, ਪਰ ਜ਼ਮਾਨੇ ਦੀ ਬਰੀਕੀ ਮੁਤਾਬਕ ਨਿਮ੍ਹਾ ਨਿਮ੍ਹਾ:

ਸੁਰਮਾ ਤਿੰਨ ਰੱਤੀਆਂ
ਡਾਕ ਗੱਡੀ ਵਿਚ ਆਇਆ।

... ... ...

ਜਣ ਕੇ ਨੌਂ ਕੁੜੀਆਂ——
ਤੇਰੀ ਚੀਨ ਦੀ ਖੱਟੀ ਦਾ ਮੂੰਹ ਭੰਨ ਦੂੰ।
             ... ... ...
ਕਾਲਿਆਂ ਨੂੰ ਖ਼ਬਰ ਕਰੋ——
ਗੋਰਾ ਰੰਗ ਡੱਬੀਆਂ ਵਿਚ ਆਇਆ।
             ... ... ...
ਸਿਰ ਗੁੰਦ ਦੇ, ਕੁਪੱਤੀਏ ਨੈਣੇ!
ਉੱਤੇ ਪਾ ਦੇ ਡਾਕ ਬੰਗਲਾ।
             ... ... ...
ਹੁਣ ਦੇ ਬਾਬੂਆਂ ਦੇ
ਚਿੱਟੇ ਕਪੜੇ ਤੇ ਖੀਸੇ ਖ਼ਾਲੀ!
             ... ... ...
ਆਰੀਆਂ ਨੇ ਅਤਿ ਚੱਕ ਲਈ——
ਸਾਰੇ ਪਿੰਡ ਦੇ ਸ਼ਰਾਧ ਬੰਦ ਕੀਤੇ।
             ... ... ...
ਬਣ ਗਿਆ ਸਿੰਘ-ਸਭੀਆ——
ਜਦੋਂ ਮੁੱਕ ਗਏ ਘੜੇ 'ਚੋਂ ਦਾਣੇ।
             ... ... ...
ਮੈਂ 'ਕਾਲਣ ਬਣ ਗਈ ਵੇ——
'ਕਾਲੀਆ! ਤੇਰਿਆਂ ਦੁੱਖਾਂ ਦੀ ਮਾਰੀ।
             ... ... ...
ਹੋ ਗਏ ਬੇਮੋਹੇ——
ਕਿ ਜਿਹੜੇ ਸੰਗ 'ਕਾਲੀਆਂ ਦੇ ਰਲ ਗਏ।
             ... ... ...

ਛੇਤੀ ਛੇਤੀ ਤੋਰ ਯੱਕੇ ਨੂੰ——
ਮੈਂ ਯਾਰ ਦੀ ਤਰੀਕੀ ਜਾਣਾ।
... ... ...
ਕਾਹਲੀ ਏ ਤਾਂ ਰੇਲ ਚੜ੍ਹ ਜਾ——
ਮੇਰੇ ਯੱਕੇ ਨੇ ਮਟਕ ਨਾਲ ਤੁਰਨਾ।
... ... ...

ਜ਼ਬਾਨੀ ਮਖ਼ੌਲਾਂ ਦਾ ਜ਼ਿਕਰ ਕਰ ਕੇ ਹੁਣ ਆਓ ਪੰਜਾਬੀ ਸਾਹਿੱਤ ਵਿਚ ਹਾਸ-ਰਸ ਨੂੰ ਲੈਂਦੇ ਹਾਂ।

ਸਿਖ ਗੁਰੂਆਂ ਵਿਚ ਚੋਖਾ ਹਾਸ-ਰਸ ਸੀ। ਇਸ ਦੇ ਨਮੂਨੇ ਅਗਲੇ ਕਾਂਡ ਵਿਚ ਦੇਖ ਲੈਣੇ। ਇਨ੍ਹਾਂ ਤੋਂ ਇਲਾਵਾ ਸੁਥਰੇ ਅਤੇ ਜਲ੍ਹਣ ਜੱਟ ਵਰਗੇ ਕਈ ਮੌਜੀ ਭਗਤ ਹੋਏ ਹਨ ਜੋ ਗੱਲਾਂ ਮਖ਼ੌਲ ਵਾਲੀਆਂ ਪਰ ਸਦਾ ਟਿਕਾਣੇ ਦੀਆਂ ਕਰਦੇ ਸਨ।

'ਸੁਥਰਾ ਚਾਲੀ ਮੇਰੀ ਕਹਿੰਦਾ ਹਾਸੇ ਵਿਚ ਲਪੇਟੀ।'
'ਜਲ੍ਹਿਆ! ਰਬ ਦਾ ਕੀ ਪਾਉਣਾ:
ਐਧਰੋਂ ਪੁੱਟਣਾ ਤੇ ਔਧਰ ਲਾਉਣਾ।'
'ਨਿੱਕੇ ਹੁੰਦੇ ਢੱਗੇ ਚਾਰੇ, ਵੱਡੇ ਹੋਏ ਹਲ ਵਾਹਿਆ।
ਬੁਢੇ ਹੋਏ ਮਾਲਾ ਫੇਰੀ, ਰੱਬ ਦਾ ਉਲਾਂਭਾ ਲਾਹਿਆ।'

ਇਨ੍ਹਾਂ ਤੋਂ ਇਲਾਵਾ ਦਮੋਦਰ, ਵਾਰਸ ਸ਼ਾਹ ਆਦਿ ਲਿਖਾਰੀ ਆਪਣੀ ਰਚਨਾ ਵਿਚ ਕਈ ਥਾਈਂ ਹਾਸੇ ਦੀਆਂ ਗੱਲਾਂ ਲਿਖਦੇ ਹਨ। ਦਮੋਦਰ ਵਿਚ ਉਹ ਮੌਜੀ ਤੇ ਖੁਲ੍ਹੀ ਤਬੀਅਤ ਨਹੀਂ ਜੋ ਵਾਰਸ ਸ਼ਾਹ ਦੀ ਸੀ। ਦਮੋਦਰ ਨੇ ਹੀਰ ਦਾ ਕਿੱਸਾ ਉਸ ਵੇਲੇ ਲਿਖਿਆ ਜਦੋਂ ਪੰਜਾਬੀ ਬੋਲੀ ਅਜੇ ਬਹੁਤ ਉੱਨਤੀ ਨਹੀਂ ਸੀ ਕਰ ਚੁਕੀ। ਫੇਰ ਭੀ ਉਸ ਦੀ ਰਚਨਾ ਵਿਚ ਇਕੜ ਦੁਕੜ ਤੁਕਾਂ ਬਹੁਤ ਸਵਾਦੀ ਮਿਲਦੀਆਂ ਹਨ। ਜਿਵੇਂ——

'ਅੱਧਾ ਧੜ ਹੰਨੇ ਵਿਚ ਫਾਥਾ, ਅੱਧਾ ਢੱਠਾ ਧਰਤੀ।
ਆਖ ਦਮੋਦਰ ਕੀਕਣ ਦਿਸੇ: ਜਿਉਂ ਧੋਬੀ ਸੁਥਣ ਘੱਤੀ!'

ਵਾਰਸ ਸ਼ਾਹ ਇਕੜ ਦੁਕੜ ਤੁਕਾਂ ਵਿਚ ਨਹੀਂ, ਬਲਕਿ ਸਾਰੇ ਪੈਰੇ ਦੇ ਪੈਰੇ ਵਿਚ ਹਾਸੇ ਦਾ ਮੌਕਾ ਰਚਦਾ ਹੈ। ਦਮੋਦਰ ਦੇ ਹਾਸੇ ਦਾ ਸਵਾਦ ਇਉਂ ਆਉਂਦਾ ਹੈ ਜਿਵੇਂ ਮੇਜ਼ ਤੇ ਪਏ ਗੁਲਦਸਤੇ ਵਿਚੋਂ ਇਕ ਦੋ ਫੁਲਾਂ ਨੂੰ ਦੇਖ ਕੇ ਆਉਂਦਾ ਹੈ; ਅਤੇ ਵਾਰਸ ਸ਼ਾਹ ਦੇ ਹਾਸੇ ਦਾ ਸਵਾਦ ਇਉਂ ਹੈ ਜਿਵੇਂ ਚੁਬਾਰੇ ਦੀ ਬਾਰੀ ਵਿਚੋਂ ਕਿਸੇ ਖੁਲ੍ਹੇ ਨਜ਼ਾਰੇ ਨੂੰ ਵੇਖੀਏ ਜਿਸ ਵਿਚ ਪਹਾੜ ਦਰਿਆ ਤੇ ਵਾਦੀ ਦੀਆਂ ਕੁਦਰਤੀ ਖੂਬਸੂਰਤੀਆਂ ਭਰੀਆਂ ਪਈਆਂ ਹੋਣ। ਮਿਸਾਲ ਵਜੋਂ ਹੇਠਲੇ ਬੈਂਤ ਲਓ:——

ਮਾਲਾ ਫੇਰਦਾ ਇਸ਼ਕ ਪ੍ਰੋਹਤਣੀ ਦਾ,
ਅੱਗੇ ਭਟਣੀ ਦਾ ਖੜਾ ਕਵਿਤ ਲਾਈ।
ਚੜ੍ਹਿਆ ਊਠ ਤੇ ਇਸ਼ਕ ਬਲੋਚਣੀ ਦਾ,
ਮਾਰੇ ਪਾਸਣੇ ਤੇ ਫਿਰੇ ਸਾਂਗ ਲਾਈ।
ਉਜ਼ੂ-ਸਾਜ਼ਿਆ ਇਸ਼ਕ ਸੱਯਦਾਣੀਆਂ ਦਾ,
ਅੱਗੇ ਖੜਾ ਅਰਾਇਣ ਦਾ ਫੁਲ ਚਾਈ।
ਕੂੰਜ ਵਾਂਗ ਕੁਰਲਾਂਵਦਾ ਸਿਪਾਹਣੀ ਦਾ,
ਜਿਦ੍ਹਾ ਕੰਤ ਪਰਦੇਸੀ, ਨ ਵਾਹ ਕਾਈ।

ਹਰ ਇਕ ਕੌਮ ਦੀ ਔਰਤ ਦਾ ਪ੍ਰੇਮ ਦਸਣ ਲੱਗਿਆਂ ਥੋੜੇ ਲਫ਼ਜ਼ਾਂ ਵਿਚ ਸਾਰੀ ਕੌਮ ਦੀ ਰਹਿਣੀ ਬਹਿਣੀ ਤੇ ਖਾਸ ਖਾਸ ਗੁਣਾਂ ਔਗਣਾਂ ਵਲ ਇਸ਼ਾਰਾ ਕੀਤਾ ਹੈ। ਹੀਰ ਦੇ ਦਾਜ ਵਿਚ ਜੋ ਅਣਗਿਣਤ ਵਸਿੱਤਰ ਰਖੀ ਗਈ, ਉਸ ਵਿਚ ਕੁਝ ਦੇਗਾਂ ਭੀ ਸਨ, ਜਿਨ੍ਹਾਂ ਨੂੰ ਰੱਸੇ ਤੇ ਸੰਗਲਾਂ ਪਾ ਕੇ ਇਉਂ ਖਿਚਦੇ ਸਨ ਜਿਵੇਂ ਸ਼ਾਹੀ ਫੌਜਾਂ ਤੋਪਾਂ ਖਿਚਦੀਆਂ ਹਨ!

'ਦੇਗਾਂ ਖਿਚੀਦੀਆਂ ਘਤ ਜ਼ੰਜੀਰ ਰੱਸੇ,
ਤੋਪਾਂ ਖਿਚਦੇ ਕਟਕ ਪਾਤਸ਼ਾਹੀਆਂ ਦੇ।'

ਦਾਲ ਜਾਂ ਪੁਲਾਉ ਰਿਨ੍ਹਣ ਵਾਲੀਆਂ ਦੇਗਾਂ ਨੂੰ ਜੰਗੀ ਤੋਪਾਂ ਨਾਲ ਤਸ਼ਬੀਹ ਦੇਣਾ ਐਸੇ ਅਣਮੇਲਾਂ ਨੂੰ ਮੇਲਣਾ ਹੈ ਕਿ ਪੜ੍ਹ ਕੇ ਹਾਸਾ ਆ ਜਾਂਦਾ ਹੈ। ਰਾਂਝੇ ਨੇ ਜੋਗੀ ਬਣਨ ਵੇਲੇ ਜੋ ਬਾਲ ਨਾਥ ਨੂੰ ਖੁਸ਼ ਰਹਿਣ ਤੋਂ ਹੋੜਨ ਉਤੇ ਸਲਵਾਤਾਂ ਸੁਣਾਈਆਂ, ਓਹ ਭੀ ਉਸ ਦੇ ਪੰਜਾਬੀਪੁਣੇ ਦਾ ਨਮੂਨਾ ਹਨ। ਉਹ ਕਹਿੰਦਾ ਹੈ:

'ਅਸੀਂ ਜੱਟ ਹਾਂ ਨ੍ਹਾੜੀਆਂ ਕਰਨ ਵਾਲੇ, ਅਸਾਂ ਕਚਕੜੇ ਨਹੀਂ ਪਰੋਵਣੇ ਨੀ।
ਸਾਥੋਂ ਖਪਰੀ ਨਾਦ ਨ ਜਾਇ ਭੀ, ਅਸਾਂ ਢਗੇ ਹੀ ਅੰਤ ਨੂੰ ਜੋਵਣੇ ਨੀ।
ਹਸ ਖੇਡਣਾ ਤੁਸਾਂ ਚਾ ਮਨ੍ਹਾ ਕੀਤਾ, ਅਸਾਂ ਧੂਏਂ ਦੇ ਗੋਹੇ ਨਹੀਂ ਢੋਵਣੇ ਨੀ।'

ਵਰਤਮਾਨ ਸਮੇਂ ਵਿਚ ਐਸ. ਐਸ. ਚਰਨ ਸਿੰਘ 'ਸ਼ਹੀਦ' ਅਤੇ ਈਸ਼ਰ ਸਿੰਘ 'ਈਸ਼ਰ' ਨੇ ਹਾਸ-ਰਸ ਨੂੰ ਚੰਗਾ ਨਿਬਾਹਿਆ ਹੈ। 'ਸ਼ਹੀਦ' ਜੀ ਨੇ ਆਪਣੀ ਕਵਿਤਾ ਦੀ ਕਿਤਾਬ 'ਬਾਦਸ਼ਾਹੀਆਂ' ਵਿਚ ਸੁਥਰੇ ਸ਼ਾਹ ਦੀ ਬਾਦਸ਼ਾਹੀ ਰੁਚੀ ਨੂੰ ਮੁੜ ਸੁਰਜੀਤ ਕੀਤਾ ਹੈ। ਪਰ ਉਨ੍ਹਾਂ ਦੀ ਕਵਿਤਾ ਵਿਚ ਉਹ ਸੰਜਮ ਨਹੀਂ ਜੋ ਅਸਲ ਸੁਥਰੇ ਦੀਆਂ ਗੱਲਾਂ ਵਿਚ ਹੁੰਦੀ ਸੀ, ਇਸ ਲਈ ਇਕੜ ਦੁਕੜ ਤੁਕਾਂ ਯਾਦ ਉਤੇ ਨਹੀਂ ਚੜ੍ਹਦੀਆਂ; ਪਰ ਉਨ੍ਹਾਂ ਦੀ ਕੋਈ ਪੂਰੀ ਕਵਿਤਾ ਲਓ, ਉਸ ਵਿਚ ਸਮੁੱਚੇ ਤੌਰ ਤੇ ਓਹੀ ਸਵਾਦ ਆਵੇਗਾ ਜੋ ਕਿਸੇ ਪੂਰਨ ਹਾਸ-ਰਸ ਵਾਲੀ ਕਵਿਤਾ ਵਿਚੋਂ ਆਉਣਾ ਚਾਹੀਦਾ ਹੈ। ਇਹ ਕਵੀ ਹਸਾਉਣੇ 'ਵਾਕਿਆ' ਨੂੰ ਬਿਆਨ ਕਰਨ ਵਾਲਾ ਹੈ ਨਾ ਕਿ ਹਸਾਉਣੇ 'ਵਾਕ' ਰਚਨ ਵਾਲਾ। ਹਾਂ, 'ਮਜ਼ੇਦਾਰ ਬੇਵਫ਼ਾਈਆਂ', 'ਮੰਗਤਾ ਪਾਤਸ਼ਾਹ' ਆਦਿ ਹਸਾਉਣੇ ਲਫ਼ਜ਼ ਜਾਂ ਇਸਤਰ੍ਹਾਂ ਦੇ ਕਥਨ ਜ਼ਰੂਰ ਯਾਦ ਵਿਚ ਰਹਿ ਜਾਂਦੇ ਹਨ; ਜਿਵੇਂ——

'ਨਿਆਜ਼ ਯਾਰ੍ਹਵੀਂ ਦੀਆਂ ਰੋਟੀਆਂ ਢੇਰ ਮੁੱਲਾਂ ਨੂੰ ਆਈਆਂ।
ਵਾਂਗ ਪਾਥੀਆਂ, ਬਾਹਰ ਮਸੀਤੋਂ, ਧੁੱਪੇ ਸੁਕਣੇ ਪਾਈਆਂ।'

'ਸ਼ਹੀਦ' ਜੀ ਨਸਰ ਵਿਚ ਵੀ ਹਸੌਣੇ ਲੇਖਾਂ ਦਾ ਮੁਢ ਬੰਨ੍ਹ ਗਏ ਹਨ, ਖ਼ਾਸ ਕਰਕੇ ਬਾਬੇ ਵਰਿਆਮੇ ਜਿਹਾ ਇਕ ਐਸਾ ਦਿਲ-ਖਿਚਵਾਂ ਤੇ ਮਖੌਲੀ ਪਾਤਰ ਬਣਾ ਗਏ ਹਨ ਕਿ ਹੁਣ ਤਕ ਉਸ ਦੇ ਨਾਲ ਦਾ ਨਾ ਕੋਈ ਪੰਜਾਬੀ ਸੰਸਾਰ ਵਿਚ ਤੇ ਨਾ ਪੰਜਾਬੀ ਸਾਹਿੱਤ ਵਿਚ ਜੰਮਿਆ ਹੈ। ਹਾਂ ਉਸ ਦੀਆਂ ਨਕਲਾਂ ਕਰਨ ਵਾਲੇ ਹਰ ਇਕ ਅਖਬਾਰ ਵਿਚ ਜੰਮ ਪਏ ਹਨ।

ਈਸ਼ਰ ਸਿੰਘ 'ਈਸ਼ਰ' ਦਾ 'ਭਾਈਆ' ਚੰਗੀ ਮਖ਼ੌਲੀ ਕਿਤਾਬ ਹੈ, ਅਤੇ ਇਸ ਸੰਬੰਧ ਵਿਚ ਬਹੁਤ ਕਦਰ ਜੋਗ ਹੈ। ਇਹ ਲਿਖਾਰੀ ਹਾਸਾ ਲਿਆਉਣ ਲਈ ਕਈ ਤਰੀਕੇ ਵਰਤਦਾ ਹੈ। ਕਦੀ ਤਾਂ ਹਸਾਉਣੇ ਮੌਕੇ ਪੈਦਾ ਕਰਦਾ ਹੈ, ਜਿਵੇਂ ਭਾਈਏ ਦੀ ਕੁਕੜੀ, ਭਾਈਏ ਦਾ ਨੱਕ, ਭਾਈਏ ਦੇ ਸ਼ਗਨ ਮਗਨ, ਆਦਿ, ਜਿਨ੍ਹਾਂ ਦਾ ਖ਼ਿਆਲ ਕਰਦਿਆਂ ਹੀ ਦਿਲ ਵਿਚ ਕੁਤਕੁਤਾਰੀਆਂ ਹੋਣ ਲਗ ਪੈਂਦੀਆਂ ਹਨ। ਨਾਲ ਹੀ ਬੋਲੀ ਭੀ ਸਮੇਂ ਦੇ ਅਨਕੂਲ ਬਹੁਤ ਚੁਸਤ, ਢੁਕਵੀਂ ਤੇ ਮੁਹਾਵਰਿਆਂ ਨਾਲ ਜੜਤ ਹੋਈ ਵਰਤਦਾ ਹੈ। ਜਿਵੇਂ——

'ਆਮਦ ਸਾਡੀ ਉਤੇ ਘਰ ਵਿਚ ਨਾ ਸੀ ਠੀਕਰ ਕਾਣੀ।
ਭਾਈਏ ਜੀ ਦੇ ਥਲਿਓਂ ਸਾਰਾ ਨਿਕਲ ਚੁਕਾ ਸੀ ਪਾਣੀ।'

'ਇਕ ਦਿਨ ਭਾਈਏ ਨੇ ਕਾਣੀ ਜਹੀ ਮਝ ਬੂਰੀ
ਮੁੱਲ ਲੈ ਆਂਦੀ ਕਰਜ਼ਾ ਚਾ ਕੇ ਤੇ।
ਅੱਗੋਂ ਸਿੰਙ ਮਾਰੇ, ਪਿੱਛੋਂ ਲੱਤ ਮਾਰੇ,
ਦੁਧ ਚੋਈਏ ਪਰ ਪਾਸੇ ਭੰਨਾ ਕੇ ਤੇ।

ਚਾਰ ਸੇਰ ਤੋਂ ਦੁਧ ਨਾ ਵਧ ਦੇਂਦੀ,
ਛੇ ਸੇਰ ਪੂਰਾ ਵੰਡਾ ਖਾ ਕੇ ਤੇ।'
... ... ...

'ਬੂੜੀ ਖੋਤੀ ਦੀ ਦਸ ਤੂੰ ਚਾਲ ਕੀ ਏ,
ਅਰਬੀ ਸੋਹਣੇ ਜਹੇ ਘੋੜੇ ਦੀ ਦੌੜ ਅੱਗੇ?
ਤੇਰੀ ਫੱਟੀ ਹੋਈ ਪੱਗ ਦੀ ਜਾਨ ਕੀ ਏ,
ਮੇਰੇ ਥਾਨ ਦੇ ਬੱਧੇ ਗੌੜ ਅੱਗੇ?'

ਆਓ ਹੁਣ ਬੋਲੀ ਵਿਚ ਹਾਸਾ ਲਿਆਉਣ ਦੇ ਕੁਝ ਕੁ ਢੰਗਾਂ ਦੀ ਫੋਲਾ ਫਾਲੀ ਕਰੀਏ।

(੧) ਅਜੋੜਵੇਂ ਲਫ਼ਜ਼ ਇਕੱਠੇ ਕਰਨੇ: ਜਿਵੇਂ-'ਕਿਸੇ ਖੋਤੀ ਵਾਹ ਖਾਧੀ, ਕਿਸੇ ਪੋਥੀ ਵਾਹ ਖਾਧੀ'। ਏਥੇ 'ਖੋਤੀ ਵਾਹੁਣਾ' ਤਾਂ ਸਧਾਰਨ ਗੱਲ ਸੀ, ਪਰ ਜਦੋਂ 'ਪੋਥੀ ਵਾਹੁਣ' ਦਾ ਖਿਆਲ ਆਇਆ ਤਾਂ ਇਕ ਨਵਾਂ ਚਮਤਕਾਰ ਪੈਦਾ ਹੋ ਗਿਆ। ਇਸੇ ਤਰ੍ਹਾਂ ਲਓ: 'ਮਿੱਠਾ ਮਹੁਰਾ'; 'ਨਮਾਜ਼ੀ ਕਾਫ਼ਰਾਂ ਦਾ ਖ਼ੂਨ ਸ਼ਹੀਦਾਂ ਤੇ ਟਪਕਦਾ ਹੈ'; 'ਸੜਕਾਂ ਚੋ ਪਈਆਂ'; 'ਛੰਦ ਬਹਿ ਕੇ ਆਈਏ; ਆਈਏ ਆਈਏ, ਨਾ ਆਈਏ ਤਾਂ ਨਾ ਹੀ ਆਈਏ'; 'ਵਾਹ ਬਈ ਵਾਹ! ਰੋਟੀਆਂ ਨੇ ਕਿ ਗਾਗਰਾਂ ਨੇ'; ਸ੍ਰੀ ਮਤੀ ਗੋਭੀ ਜੀ ਦੇ ਚੀਰ ਹਰਨ ਕੀਤੇ'; 'ਪਾਂਡੇ ਤੁਮਰੀ ਗਾਇਤ੍ਰੀ ਲੋਧੇ ਕਾ ਖੇਤੁ ਖਾਤੀ ਥੀ, ਲੈ ਕਰਿ ਠੇਂਗਾ ਟੰਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ'; ਨੂਰ ਘਟਾਂ ਬੰਨ੍ਹ ਕੇ ਆਇਆ ਹੈਂ'; 'ਦੁਸ਼ਮਣਾਂ ਦਾ ਸਿਰ ਦੁਖਦਾ ਹੈਂ'; 'ਸੁਖ ਨਾਲ ਲੱਤਾਂ ਭੰਨਾ ਆਏ ਹਨ'; 'ਰਲੋ ਮਿਲੋ ਖਾਂ ਤੁਸੀਂ ਸਹੇਲੀਓ ਨੀ, ਲੰਙੇ ਚੁਗਲ ਦੀ ਪੈਜ ਸਵਾਰੀਏ ਨੀ'; ਸਾਰੀ ਹਕੀਕਤ ਇੰਨ ਬਿੰਨ ਸੋਲਾਂ ਆਨੇ ਤੋਲਵੀਂ, ਚਾਲੀ ਸੇਰੀ ਗੇਣਵੀਂ, ਤੇ ਅਲਫ਼ ਤੋਂ ਜ਼ੈੱਡ, ਏ ਤੋਂ ੜਾੜੇ ਅਤੇ ਊੜੇ ਤੋਂ ਯੇ ਤਕ ਸੁਣਾ ਦਿਤੀ'; 'ਚਿੜੀਆਂ ਦਾ ਦੁਧ'; 'ਸੰਗਤਰੇ ਦੀ ਵੇਲ'; 'ਕਣਕ ਦਾ ਦਰਖਤ'; 'ਝੋਟਾ ਚੋਇਆ'; 'ਭੇਡਾਂ ਸਿੰਙ ਕਦੋਂ ਨੇ ਜੰਮੇਂ'; 'ਅਸੀਂ ਦੋ ਕੁ ਮਿੰਟ ਤਿਲਕੇ ਰਹੇ'।

(੨) ਲਫ਼ਜ਼ ਨੂੰ ਵਿਗਾੜਨਾ: ਡਾਕਦਾਰ; ਮਬ੍ਹਜੀ; ਚੀਪ ਹਡੀਟਰ; ਨੁਸ਼ਕਾਨ; ਲੰਬੜ; ਨੌਂਤੀ ਸੌ; ਵਾਫ਼ਕੀ; ਫ਼ਾਇਤਾ (ਫ਼ਾਤਿਹਾ ਦੀ ਥਾਂ)।

(੩) ਲਫ਼ਜ਼ ਦੇ ਅਰਥ ਨੂੰ ਵਿਗਾੜਨਾ: ਸਲਵਾਤਾਂ ਸੁਣਾਈਆਂ ਸੋਹਲੇ ਸੁਣਾਏ।

(੪) ਲਫ਼ਜ਼ ਨੂੰ ਵਡਿਆ ਕੇ ਵਰਤਣਾ: ਚੁਤ੍ਹਾਲ ਸੌ; ਦਾਲਾ; ਮੁਛਹਿਰੇ ਦਾੜ੍ਹਾ; ਜੂਤ, ਚਾਹਟਾ।

(੫) ਗੱਲ ਵਧਾ ਕੇ ਕਹਿਣੀ: ਲਖ ਵਾਰੀ ਕਿਹਾ; ਮੀਂਹ ਦੋ ਘੰਟੇ ਵੱਸੇ ਤਾਂ ਛੱਤ ਛੇ ਘੰਟੇ ਵਸਦੀ ਹੈ; 'ਵਾਰਸ ਸ਼ਾਹ ਨ ਮੁੜਾਂ ਰੰਝੇਟੜੇ ਤੋਂ ਭਾਵੇਂ ਬਾਪ ਦੇ ਬਾਪ ਦਾ ਬਾਪ ਆਵੇ'; 'ਵਾਰਸ ਸ਼ਾਹ ਨ ਥਾਉਂ ਦਮ ਮਾਰਨੇ ਦਾ, ਚ੍ਹਵਾਂ ਚਸ਼ਮਾਂ ਦੀ ਜਦੋਂ ਘਮਸਾਨ ਹੋਈ'; 'ਜਾਂ ਮੈਂ ਮੰਗਿਆ ਤਾਂ ਲੱਗਾ ਪੈਣ ਘੋਟੂ'।

(੬) ਮਸ਼ਹੂਰ ਕਵਿਤਾ ਜਾਂ ਅਖਾਉਣਾਂ ਦੀ ਸਾਂਗ ਉਤਾਰਨੀ (Parody):

'ਉਠੀ ਫ਼ਜ਼ਰੀ ਪੁੰਨੂੰ ਨਜ਼ਰੀ ਨ ਆਇਆ,
ਹਾਏ ਕੀ ਕਹਿਰ ਕੀਤੋਈ ਖ਼ੁਦਾਇਆ!'

ਇਹ ਇਕ ਮਸ਼ਹੂਰ ਪੁਰਾਣਾ ਸੋਗਕੀ ਗੀਤ ਹੈ। ਇਸ ਦੀ ਨਕਲ ਇਕ ਸਜਣ ਨੇ ਇਉਂ ਕੀਤੀ ਹੈ:

'ਉਠੀ ਫ਼ਜ਼ਰੀ ਪੁੰਨੂ ਬੈਠਾ ਸੀ ਚੁਲ੍ਹੇ,
ਹਾਏ ਕੀ ਕਹਿਰ ਦਾ ਧੂੰਆਂ ਈ ਪਾਇਆ।'

ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ 'ਸਿਖੀ' ਦੇ ਕਈ ਸਾਂਗ ਉਤਾਰੇ ਮਿਲਦੇ ਹਨ; ਜਿਵੇਂ 'ਪੇਟੂ' ਤੇ 'ਘੋਟੂ'। ਇਸੇ ਤਰ੍ਹਾਂ 'ਦਿੱਲੀ-ਤੋੜ ਸਿੰਘ' ਦੇ ਵਜ਼ਨ ਉਤੇ 'ਪਾਪੜ-ਤੋੜ ਸਿੰਘ' ਜਾਂ 'ਤਹ-ਤੋੜ ਸਿੰਘ',ਅਤੇ 'ਬੋਨਾ ਪਾਰਟ' ਦੇ ਵਜ਼ਨ ਉਤੇ 'ਪੋਨਾ-ਪਾੜ' ਬਣਾਣਾ ਇਕ ਮਸ਼ਕੂਲਾ ਹੈ।

(੭) ਬਹੁ-ਅਰਥੇ ਲਫਜ਼ ਵਰਤਣੇ। ਇਸ ਨੂੰ ਯਮਕ ਅਲੰਕਾਰ ਭੀ ਕਹਿੰਦੇ ਹਨ। ਇਸ ਦੀ ਵਰਤੋਂ ਅਜ ਕਲ ਬਹੁਤ ਪਸੰਦ ਨਹੀਂ ਕੀਤੀ ਜਾਂਦੀ। ਮਿਸਾਲ:

'ਭਾਈ ਲਹਿਣਾ! ਤੇ ਲਹਿਣਾ ਤੇ ਮੈਂ ਦੇਣਾ।'

'ਰਾਹ ਦੇ ਰਾਹ ਦੇ ਹਰ ਕੋਈ ਆਖੇ; ਕਿਸ ਕਿਸ ਨੂੰ ਉਹ ਰਾਹ ਦੇ? ਜੇ ਰਾਧੇ ਨਿਤ ਨਾਮ ਅਰਾਧੇ, ਤਦ ਭੇਦ ਖੁਲ੍ਹਣ ਉਸ ਰਾਹ ਦੇ। ਇਕ ਰਾਧੇ ਦੇ ਵੇਖਣ ਕਾਰਨ, ਕਈ ਖੜੇ ਵਿਚ ਰਾਹ ਦੇ! ਬਿਨ ਰਾਹ ਦਸਿਆਂ ਭੇਦ ਨ ਖੁਲ੍ਹਦਾ, ਕਈ ਭੁਲੇ ਫਿਰਨ ਵਿਚ ਰਾਹ ਦੇ।'

ਕਈ ਵੇਰ ਲਫਜ਼ ਦੇ ਇਕ ਭਾਵ ਨੂੰ ਸਾਹਮਣੇ ਲਿਆ ਜਾਂਦਾ ਹੈ, ਪਰ ਉਸ ਦੇ ਦੂਜੇ ਭਾਵ ਵਲ ਗੁਝਾ ਇਸ਼ਾਰਾ ਹੁੰਦਾ ਹੈ ਜੋ ਇਕ ਨਵਾਂ ਚਮਤਕਾਰ ਪੈਦਾ ਕਰ ਦਿੰਦਾ ਹੈ। ਜਿਵੇਂ———

'ਮੋਟਰ ਦਾ ਤੇਲ ਵੀ ਮਸੇਂ ਬਨਾਰਸ ਮੁੜ ਪਹੁੰਚਣ ਜੋਗਾ ਰਹਿ ਗਿਆ ਸੀ ਤੇ ਅੱਗੇ ਰਾਹ ਭੀ ਕੋਈ ਨਹੀਂ ਸੀ। ਤਾਂਤੇ ਸਿਧ ਹੋਇਆ ਕਿ ਕਾਂਸ਼ੀ ਜੀ ਪੁਜੇ ਬਗੈਰ 'ਗਤੀ' ਹੋਣੀ ਮੁਸ਼ਕਲ ਹੈ।'

'ਸੁਥਰਾ ਹਸਿਆ। ਜਾਤ-ਜੂਤ ਤੋਂ ਸੌ ਸੌ ਕੋਹਾਂ ਨਸਿਆ
('ਬਾਦਸ਼ਾਹੀਆਂ')।

ਇਥੇ 'ਜੂਤ' ਦੋ ਤਰ੍ਹਾਂ ਨਾਲ ਵਰਤਿਆ ਗਿਆ ਹੈ: ਇਕ ਤਾਂ ਮੁਹਮਲ ਕਰਕੇ; ਜਿਵੇਂ ਕਹੀਦਾ ਹੈ 'ਮੈਂ ਮਤ ਸ਼ਤ ਕੋਈ ਨਹੀਂ ਦਿੰਦਾ, 'ਤੂੰ ਖ਼ਬਰ ਅਤਰ ਲੈਣ ਨਹੀਂ ਆਇਆ।' ਦੂਜਾ ਅਰਥ 'ਜੁਤੀ ਨੂੰ ਵਡਿਆ ਕੇ 'ਜੂਤ' ਕਹੀਦਾ ਹੈ। ਸਾਡੇ ਦੇਸ ਵਿਚ ਹਾਸ-ਰਸ ਦਾ ਘਾਟਾ ਨਹੀਂ। ਜਿਥੇ ਅਰੋਗਤਾ, ਖੁਲ੍ਹ ਤੇ ਖ਼ੁਸ਼-ਦਿਲੀ ਹੈ, ਉਥੇ ਹਾਸਾ ਮਖ਼ੌਲ ਜ਼ਰੂਰ ਹੋਵੇਗਾ। ਪਰ ਸਿਆਣੇ ਤੇ ਧਾਰਮਕ ਲਿਖਾਰੀ ਆਮ ਤੌਰ ਤੇ ਇਸ ਤੋਂ ਕੰਨੀ ਕਤਰਾਉਂਦੇ ਦਿਸਦੇ ਹਨ।

ਸਾਹਿੱਤਵਾਦੀਆਂ ਨੇ ਨੌਂ ਰਸ ਮੰਨੇ ਹਨ। ਉਨ੍ਹਾਂ ਵਿਚ ਹਾਸ-ਰਸ ਨੂੰ ਥਾਂ ਤਾਂ ਦਿਤੀ ਹੈ, ਪਰ ਇਸ ਨੂੰ ਕੋਈ ਉੱਚਾ ਰਸ ਨਹੀਂ ਮੰਨਿਆ। ਇਸ ਨੂੰ ਇਕ ਨੀਵੇਂ ਦਰਜੇ ਦੀ ਰੁਚੀ ਮੰਨ ਕੇ ਬਹੁਤ ਅਪਣਾਇਆ ਨਹੀਂ। ਆਮ-ਤੌਰ ਤੇ ਹਾਸ-ਰਸ ਤੋਂ ਭਾਵ ਨਿਰਾ ਠੱਠਾ ਮਖ਼ੌਲ ਹੀ ਲਿਆ ਜਾਂਦਾ ਹੈ, ਪਰ ਜਿਉਂ ਜਿਉਂ ਮਨੁੱਖੀ ਆਚਰਣ ਦੇ ਕੋਮਲ ਪਾਸਿਆਂ ਵਲ ਵਧੇਰੇ ਧਿਆਨ ਕੀਤਾ ਜਾ ਰਿਹਾ ਹੈ, ਤਿਉਂ ਤਿਉਂ ਹਾਸ-ਰਸ ਦੀ ਲੋੜ ਅਤੇ ਇਹਦੇ ਡੂੰਘੇ ਭਾਵਾਂ ਦੀ ਕਦਰ ਵਧ ਰਹੀ ਹੈ।

ਅਸਲ ਵਿਚ ਹਾਸ-ਰਸ ਕੋਈ ਵੇਲਾ ਟਪਾਉਣ ਦਾ ਸਮਿਆਨ ਜਾਂ ਵਿਹਲੜਾਂ ਦੀ ਗੱਪ ਸ਼ੱਪ ਦਾ ਨਾਂ ਨਹੀਂ। ਇਹ ਸਾਡੇ ਅੰਦਰ ਜ਼ਮੀਰ ਜਾਂ ਅੰਤਹਕਰਣ ਵਾਂਗੂ ਇਕ ਕੋਮਲ ਭਾਵ ਬਣਾ ਕੇ ਰਖਿਆ ਗਿਆ ਹੈ, ਜਿਸ ਦੀ ਮਦਦ ਨਾਲ ਅਸੀਂ ਕੁਢੰਗੀ ਗਲ ਝਟ ਪਛਾਣ ਜਾਂਦੇ ਹਾਂ ਅਤੇ ਅਤਿ ਚੁਕਣ ਤੋਂ ਬਚੇ ਰਹਿੰਦੇ ਹਾਂ। ਜਿਵੇਂ ਜ਼ਮੀਰ ਜਾਂ ਅੰਤਹਕਰਣ ਦਾ ਕੰਮ ਹੈ ਕਿ ਜਦ ਕੋਈ ਖ਼ਿਆਲ ਜਾਂ ਕੰਮ ਇਖ਼ਲਾਕੀ ਤੌਰ ਤੇ ਮੰਦਾ ਹੋਣ ਲਗੇ ਤਾਂ ਸਾਨੂੰ ਝਟ ਪਟ ਆਗਾਹ ਕਰ ਦੇਵੇ, ਤਿਵੇਂ ਹਾਸ-ਰਸ ਦਾ ਕੰਮ ਹੈ ਕਿ ਜਦ ਸਾਡੇ ਸਾਹਮਣੇ ਕੋਈ ਗਲ ਯੋਗਤਾ ਦੇ ਠਿਕਾਣੇ ਤੋਂ ਹਿਲ ਜਾਵੇ ਜਾਂ ਸੁਹਜ ਦੇ ਪੈਂਤੜੇ ਤੋਂ ਕੁਢੰਗਾ ਰੌਂ ਪਕੜਦੀ ਦਿਸੇ, ਤਾਂ ਝਟ ਸਾਨੂੰ ਪਤਾ ਦੇ ਦੇਵੇ, ਅਤੇ ਜੇ ਅਸੀਂ ਆਪ ਕੋਈ ਬੇਸੁਰੀ ਗਲ ਕਰਨ ਲਗੀਏ ਤਾਂ ਰੁਕ ਜਾਈਏ, ਅਤੇ ਜੇ ਕੋਈ ਹੋਰ ਕਰਨ ਲਗੇ ਤਾਂ ਉਸ ਨੂੰ ਵੇਖਦਿਆਂ ਹਸ ਪਈਏ ਜਾਂ ਦਿਲ ਹੀ ਦਿਲ ਵਿਚ ਗੜ੍ਹਕੀਏ।

ਇਹ ਰਸ ਸਾਡੇ ਸਦਾਚਾਰ ਵਧਾਉਣ ਵਿਚ ਭੀ ਕੰਮ ਆਉਂਦਾ ਹੈ, ਕਿਉਂਕਿ ਇਸ ਦੀ ਹੋਂਦ ਰੂਹ ਦੇ ਨਰੋਏ ਤੇ ਤਕੜਾ ਹੋਣ ਦੀ ਨਿਸ਼ਾਨੀ ਹੈ। ਭਾਵੇਂ ਇਸ ਗੱਲ ਨੂੰ ਅਸੀਂ ਕਿਵੇਂ ਪਏ ਜਾਚੀਏ, ਇਹਦੇ ਵਿਚ ਸ਼ਕ ਨਹੀਂ ਕਿ ਜਿਥੇ ਪਕੀ ਸਿਆਣਪ ਅਤੇ ਆਚਰਣ ਦੀ ਪੂਰਣਤਾ ਹੈ, ਉਥੇ ਹਾਸੇ ਵਾਲੀ ਤਬੀਅਤ ਭੀ ਜ਼ਰੂਰ ਹੁੰਦੀ ਹੈ। ਜਿਥੇ ਹੁਲਾਰੇ ਵਾਲੀ ਤਬੀਅਤ ਨਹੀਂ, ਨਿਰੀ ਪੀਲ-ਮੂੰਹੀ ਉਦਾਸੀ ਹੈ ਜਾਂ ਗਿੱਲੀ ਕਮਲੀ ਦੀ ਝੁਮ ਮਾਰੀ ਹੋਈ ਸੰਜੀਦਗੀ, ਉਥੇ ਕਚਪੁਣਾ ਹੈ, ਕਠੋਰਪੁਣਾ ਹੈ, ਅਲ੍ਹੜਪੁਣਾ ਹੈ, ਜਿਸ ਦੇ ਹੁੰਦਿਆਂ ਆਚਰਣ ਦੀ ਉਸਾਰੀ ਅਧੂਰੀ ਹੀ ਰਹਿੰਦੀ ਹੈ। ਹਾਸ-ਰਸ ਤੋਂ ਬਿਨਾਂ ਨੇਕੀ ਭੀ ਇਕ-ਪਾਸੀ ਜਹੀ, ਰੁੱਖੀ ਅਲੂਣੀ ਜਹੀ, ਜਾਂ ਇਤਨੀ ਮਿੱਠੀ ਹੋਵੇਗੀ ਕਿ ਜੀ ਮਤਲਾ ਜਾਵੇਗਾ।

ਇਹ ਹਾਸ-ਰਸ ਦੀ ਹੋਂਦ ਹੀ ਹੈ ਜਿਸ ਨਾਲ ਸਾਡੀਆਂ ਇਖ਼ਲਾਕੀ ਰੁਚੀਆਂ ਆਪੋ ਆਪਣੀਆਂ ਹੱਦਾਂ ਅੰਦਰ ਰਹਿ ਕੇ ਕੰਮ ਕਰਦੀਆਂ ਅਤੇ ਮਨੁਖਾਂ ਅੰਦਰ ਪ੍ਰਸਪਰ ਪ੍ਰੇਮ ਤੇ ਮੇਲ ਜੋਲ ਵਧਾਉਂਦੀਆਂ ਹਨ। ਨਹੀਂ ਤਾਂ ਪਿਆਰ ਰੋਂਦੂ ਜਿਹਾ ਅਕਾਉਣ ਵਾਲਾ, ਤੇ ਕੁਰਬਾਨੀ ਚੀਕ ਪੁਕਾਰ ਵਾਲੀ ਭਾਰੂ ਜਹੀ ਹੁੰਦੀ। ਇਹ ਰਸ ਭਾਈਚਾਰੇ ਦੀ ਮਸ਼ੀਨ ਦੇ ਪੁਰਜ਼ਿਆਂ ਵਿਚ ਤੇਲ ਦਾ ਕੰਮ ਦਿੰਦਾ ਹੈ, ਜਿਸ ਨਾਲ ਆਪੋ ਵਿਚ ਦੀ ਰਗੜ ਘਟ ਜਾਂਦੀ ਅਤੇ ਰਵਾਦਾਰੀ ਅਤੇ ਮਿਲਵਰਤਣ ਵਧਦੀ ਹੈ। ਇਸ ਦੇ ਨਾ ਹੋਣ ਨਾਲ ਮਹਾਂਭਾਰਤ ਦਾ ਜੰਗ ਹੋਇਆ। ਜੇ ਕੌਰਵਾਂ ਦੇ ਆਗੂ ਵਿਚ ਇਕ ਤੀਵੀਂ ਦੇ ਮਖ਼ੌਲ ਦੇ ਜਰਨ ਦੀ ਤਾਕਤ ਹੁੰਦੀ, ਤਾਂ ਉਹ ਇੱਨਾ ਗੁੱਸਾ ਕਿਉਂ ਕਰਦਾ ਤੇ ਮਹਾਂਭਾਰਤ ਦਾ ਜੰਗ ਕਿਉਂ ਹੁੰਦਾ? ਜੇ ਦੁਰਬਾਸ਼ਾ ਰਿਸ਼ੀ ਜਾਦਵਾਂ ਦੇ ਹਾਸੇ ਨੂੰ ਝਲ ਸਕਦਾ, ਤਾਂ ਜਾਦਵਾਂ ਦੀ ਸਾਰੀ ਕੁਲ ਦਾ ਨਾਸ ਕਿਉਂ ਹੁੰਦਾ? ਫਿਰ ਭੀ ਹਿੰਦੂ ਇਤਿਹਾਸ ਵਿਚ ਹਾਸ-ਰਸ ਦਾ ਘਾਟਾ ਨਹੀਂ। ਨਾਰਦ ਰਿਸ਼ੀ ਭਗਤਾਂ ਦਾ ਗੁਰੂ ਹੋਇਆ ਹੈ, ਪਰ ਉਸ ਵਿਚ ਮਖ਼ੌਲ ਕਰਨ ਦੀ ਆਦਤ ਚੰਗੀ ਸੀ, ਜਿਸ ਤੋਂ ਜ਼ਾਹਿਰ ਹੁੰਦਾ ਹੈ ਕਿ ਹਾਸ-ਰਸ ਦੇ ਹੁੰਦਿਆਂ ਭੀ ਆਦਮੀ ਧਰਮੀ ਹੋ ਸਕਦਾ ਹੈ। ਬਲਕਿ ਮੇਰਾ ਤਾਂ ਖ਼ਿਆਲ ਹੈ ਕਿ ਪੂਰਨ ਧਰਮੀਆਂ ਵਿਚ ਇਹ ਰਸ ਵਧੇਰੇ ਹੁੰਦਾ ਹੈ।

ਕਈ ਸਜਣ ਹਜ਼ਰਤ ਈਸਾ ਵਿਚ ਹਾਸੇ ਵਾਲੀ ਤਬੀਅਤ ਨਹੀਂ ਦੇਖਦੇ, ਅਤੇ ਉਸ ਨੂੰ 'ਮੈਨ ਔਫ ਸਾਰੋ' (ਉਦਾਸ ਮਨੁਖ) ਕਹਿ ਕੇ ਖੁਸ਼ ਹੁੰਦੇ ਹਨ। ਪਰ ਉਸ ਦੇ ਜੀਵਣ ਦੇ ਹਾਲਾਤ ਪੜ੍ਹਨ ਤੋਂ ਪਤਾ ਲਗਦਾ ਹੈ ਕਿ ਉਹ ਬੜਾ ਖੁਸ਼-ਦਿਲ ਸੀ, ਅਤੇ ਉਸ ਨੂੰ 'ਉਦਾਸ ਮਨੁਖ' ਕਹਿਣਾ ਉਸ ਦੀ ਹਤਕ ਕਰਨਾ ਹੈ। ਜਿਹੜਾ ਬੱਚਿਆਂ ਨਾਲ ਪਿਆਰ ਕਰ ਕੇ ਖੇਡ ਸਕਦਾ ਹੈ, ਉਹ ਕਿਵੇਂ ਸ਼ੋਕਾਤਰ ਹੋ ਸਕਦਾ ਹੈ? ਉਸ ਨੇ ਤਾਂ ਸਗੋਂ ਇਹ ਕਿਹਾ ਹੈ ਕਿ ਅਸਮਾਨ ਦੀ ਬਾਦਸ਼ਾਹਤ ਹੀ ਉਨ੍ਹਾਂ ਦੀ ਹੈ ਜੋ ਬੱਚਿਆਂ ਵਾਕਰ ਬਾਲ-ਬੁਧਿ ਹੋ ਕੇ ਰਹਿੰਦੇ ਹਨ। ਈਸਾ ਦਾ ਹਾਸਾ ਬੜਾ ਕੋਮਲ ਜਿਹਾ ਹੁੰਦਾ ਸੀ ਜੋ ਬਰੀਕ ਤਬੀਅਤ ਵਾਲੇ ਹੀ ਸਮਝ ਸਕਦੇ ਸਨ। ਇਕ ਵੇਰ ਉਸ ਦੇ ਵੈਰੀ ਇਕ ਤੀਵੀਂ ਨੂੰ ਫੜ ਕੇ ਉਸ ਦੇ ਪਾਸ ਲਿਆਏ, ਤੇ ਆਖਣ ਲਗੇ, 'ਲੈ ਭਈ! ਤੂੰ ਕਹਿੰਦਾ ਸੈਂ ਮੈਂ ਤੁਹਾਡਾ ਬਾਦਸ਼ਾਹ ਹਾਂ। ਬਾਦਸ਼ਾਹ ਲੋਕ ਨਿਆਂ ਕੀਤਾ ਕਰਦੇ ਹਨ। ਤੂੰ ਭੀ ਨਿਆਂ ਕਰ। ਇਹ ਤੀਵੀਂ ਬਦਚਲਨੀ ਕਰਦੀ ਫੜੀ ਗਈ ਹੈ। ਇਸ ਨੂੰ ਕੀ ਦੰਡ ਦਈਏ?' ਈਸਾ ਨੇ ਕਿਹਾ- 'ਤੁਹਾਡੀ ਧਰਮ ਪੁਸਤਕ ਕੀ ਕਹਿੰਦੀ ਹੈ?' ਕਹਿਣ ਲਗੇ ਕਿ ਇਸ ਅਪ੍ਰਾਧ ਵਾਲੀ ਇਸਤਰੀ ਨੂੰ ਪਥਰ ਮਾਰ ਮਾਰ ਕੇ ਮਾਰ ਦੇਣਾ ਚਾਹੀਦਾ ਹੈ। ਈਸਾ ਨੇ ਕਿਹਾ, 'ਠੀਕ ਹੈ। ਤੁਹਾਡੇ ਵਿਚੋਂ ਜਿਸ ਕਿਸੇ ਨੇ ਇਹ ਗੁਨਾਹ ਨਹੀਂ ਕੀਤਾ, ਉਹ ਇਸ ਨੂੰ ਪਹਿਲਾ ਪਥਰ ਮਾਰ ਕੇ ਆਪਣੇ ਹਥ ਸਫਲੇ ਕਰੇ।' ਇਹ ਸੁਣ ਕੇ ਸਾਰੇ ਇਕ ਇਕ ਕਰਕੇ ਖਿਸਕ ਗਏ, ਅਤੇ ਈਸਾ ਹੋਰੀ ਮੁਸਕ੍ਰਾਉਂਦੇ ਰਹਿ ਗਏ। ਕੌਣ ਕਹਿ ਸਕਦਾ ਹੈ ਕਿ ਇਸ ਤਰ੍ਹਾਂ ਦੀਆਂ ਗਲਾਂ ਕਰਨ ਵਾਲੇ ਵਿਚ ਹਾਸ-ਰਸ ਨਹੀਂ ਸੀ?

ਹਜ਼ਰਤ ਮੁਹੰਮਦ ਸਾਹਿਬ ਬਾਬਤ ਤਾਂ ਜ਼ਰੂਰ ਲੋਕੀ ਖ਼ਿਆਲ ਕਰਦੇ ਹਨ ਕਿ ਓਹ ਹਾਸ-ਰਸ ਤੋਂ ਖ਼ਾਲੀ ਸਨ, ਬਲਕਿ ਉਨ੍ਹਾਂ ਬਾਬਤ ਇਹੋ ਜਹੀਆਂ ਰਵਾਇਤਾਂ ਦਸੀਆਂ ਜਾਂਦੀਆਂ ਹਨ ਕਿ ਉਨ੍ਹਾਂ ਵਿਚ ਬਹੁਤ ਗੁੱਸਾ ਸੀ; ਜਦ ਉਹ ਜੋਸ਼ ਨਾਲ ਵਾਹਜ਼ ਕਰਦੇ ਸਨ, ਤਾਂ ਉਨ੍ਹਾਂ ਦੇ ਮੱਥੇ ਦੀ ਨਾੜ ਉਭਰ ਆਉਂਦੀ ਸੀ। ਪਰ ਜਿਹੜੇ ਉਨ੍ਹਾਂ ਦੇ ਜੀਵਣ ਨੂੰ ਵਧੇਰੇ ਗਹੁ ਨਾਲ ਵਿਚਾਰਦੇ ਹਨ, ਉਨ੍ਹਾਂ ਨੂੰ ਮੁਹੰਮਦ ਸਾਹਿਬ ਬੜੇ ਤਰਸਵਾਨ, ਕੋਮਲ ਅਤੇ ਹਸ-ਮੁਖ ਦਿਸ ਆਉਂਦੇ ਹਨ। ਜਿਹੜਾ ਆਦਮੀ ਵੱਡੀ ਉਮਰ ਵਿਚ ਜਾ ਕੇ ਇਕ ਛੋਟੀ ਉਮਰ ਦੀ ਬਾਲੜੀ ਨਾਲ ਵਿਆਹ ਕਰ ਸਕਦਾ ਅਤੇ ਉਸ ਨੂੰ ਖੁਸ਼ ਰਖ ਸਕਦਾ ਹੈ, ਉਹ ਜ਼ਰੂਰ ਖੁਸ਼-ਦਿਲ ਹੋਣਾ ਹੈ। ਕਹਿੰਦੇ ਹਨ ਕਿ ਹਜ਼ਰਤ ਆਇਸ਼ਾ ਨਾਲ ਬੱਚਿਆਂ ਵਾਕਰ ਦੌੜਦੇ ਭਜਦੇ ਅਤੇ ਤਾੜੀ ਵਜਾਉਂਦੇ ਸਨ। ਆਹਾ! ਉਹ ਕਿਹਾ ਸੋਹਣਾ ਨਜ਼ਾਰਾ ਹੋਣਾ ਹੈ ਜਦੋਂ ਹਜ਼ਰਤ ਮੁਹੰਮਦ ਸਾਹਿਬ ਆਪਣਿਆਂ ਦੋਹਤਿਆਂ ਲਈ ਜ਼ਿਮੀਂ ਉਤੇ ਦੂਹਰੇ ਹੋ ਕੇ ਘੋੜਾ ਬਣਦੇ ਸਨ ਤਾਕਿ ਬਾਲਕ ਉਨ੍ਹਾਂ ਦੀ ਪਿਠ ਤੇ ਸਵਾਰੀ ਕਰਨ! ਇਕ ਵਾਰੀ ਕਹਿੰਦੇ ਹਨ ਕਿ ਹਜ਼ਰਤ ਮੁਹੰਮਦ ਸਾਹਿਬ ਅਤੇ ਹਜ਼ਰਤ ਅੱਲੀ ਖਜੂਰਾਂ ਖਾਣ ਬੈਠੇ। ਦੋਹਾਂ ਦੇ ਵਿਚਕਾਰ ਮੈਚ ਹੋ ਪਿਆ। ਦੋਵੇਂ ਬਿਟ ਬਿਟ ਕੇ ਖਜੂਰਾਂ ਖਾਣ ਲਗੇ, ਅਤੇ ਖਾ ਖਾ ਕੇ ਹਿਟਕਾਂ ਦੇ ਢੇਰ ਲਾਣ ਲਗੇ। ਛੇਕੜ ਹਿਟਕਾਂ ਗਿਣ ਕੇ ਪਤਾ ਲਗਣਾ ਸੀ ਕਿ ਕਿਸ ਨੇ ਖਜੂਰਾਂ ਵਧੇਰੇ ਖਾਧੀਆਂ। ਮੁਹੰਮਦ ਸਾਹਿਬ ਅੱਖ ਬਚਾ ਕੇ ਮਲਕੜੇ ਜਹੇ ਆਪਣੀ ਹਿਟਕ ਅੱਲੀ ਦੇ ਢੇਰ ਉਤੇ ਰਖ ਦਿੰਦੇ। ਇਸ ਤਰ੍ਹਾਂ ਕਰਦਿਆਂ ਅੱਲੀ ਦਾ ਢੇਰ ਵਧਦਾ ਗਿਆ ਅਤੇ ਮੁਹੰਮਦ ਸਾਹਿਬ ਵਾਲੇ ਪਾਸੇ ਥੋੜੀਆਂ ਜਹੀਆਂ ਹਿਟਕਾਂ ਦਿਸਣ ਲਗੀਆਂ। ਅੰਤ ਜਦ ਮੈਂਚ ਖ਼ਤਮ ਹੋਇਆ ਤਾਂ ਮੁਹੰਮਦ ਸਾਹਿਬ ਨੇ ਹੱਸ ਕੇ ਪੁਛਿਆ, 'ਅੱਲੀ! ਖਜੂਰਾਂ ਕਿਸ ਨੇ ਵਧੇਰੇ ਖਾਧੀਆਂ?' ਅਲੀ ਆਖਣ ਲੱਗਾ, 'ਜੀ! ਉਸ ਨੇ ਵਧੇਰੇ ਖਾਧੀਆਂ ਜਿਹੜਾ ਹਿਟਕਾਂ ਸਮੇਤ ਖਾਈ ਗਿਆ।'

ਸਿਖ ਗੁਰੂ ਸਾਹਿਬਾਨ ਵਿਚ ਭੀ ਹਾਸ-ਰਸ ਚੋਖਾ ਸੀ। ਓਹ ਗੁਰੂ ਹੋਣ ਦੇ ਬਾਵਜੂਦ ਖੁਸ਼-ਰਹਿਣੇ ਪੰਜਾਬੀ ਭੀ ਸਨ। ਪੰਜਾਬੀ ਖ਼ਾਸ ਤੌਰ ਤੇ ਅਰੋਗ ਜੁਸੇ ਤੇ ਨਰੋਈ ਜਵਾਨ ਤਬੀਅਤ ਵਾਲਾ ਹੁੰਦਾ ਹੈ। ਇਸੇ ਲਈ ਸਰ ਸੱਯਦ ਨੇ ਉਸ ਨੂੰ 'ਜ਼ਿੰਦਾ-ਦਿਲ' ਕਿਹਾ ਹੈ। ਉਸ ਨੂੰ ਖ਼ਿਆਲ ਦੀਆਂ ਗੁੰਝਲਾਂ ਨਾਲ ਇੱਨਾ ਵਾਸਤਾ ਨਹੀਂ ਪੈਂਦਾ, ਜਿੱਨਾ ਕਿ ਅਮਲੀ ਕੰਮਾਂ ਨਾਲ। ਉਹ ਸਦਾ ਚੜ੍ਹਦੀਆਂ ਕਲਾਂ ਵਿਚ ਰਹਿੰਦਾ ਹੈ। ਉਸ ਦੇ ਹਾਸ-ਰਸ ਵਿਚ ਭੀ ਇਹੋ ਗੁਣ ਪਾਏ ਜਾਂਦੇ ਹਨ। ਇਹ ਰਸ ਨਰੋਆ, ਆਸਵੰਦ ਅਤੇ ਅਮਲੀ ਜ਼ਿੰਦਗੀ ਵਾਲਾ ਹੁੰਦਾ ਹੈ। ਇਸ ਦੇ ਵਿਚ ਖ਼ਿਆਲੀ ਚਲਾਕੀਆਂ ਜਾਂ ਲਫ਼ਜ਼ੀ ਹੇਰਾ ਫੇਰੀਆਂ ਨਹੀਂ ਹੁੰਦੀਆਂ। ਇਹ ਅਮਲੀ ਜ਼ਿੰਦਗੀ ਵਿਚੋਂ ਨਿਕਲਦਾ ਅਤੇ ਅਮਲੀ ਕੰਮਾਂ ਵਿਚ ਜ਼ਾਹਰ ਹੁੰਦਾ ਹੈ। ਲਫ਼ਜ਼ ਲੋੜ ਅਨੁਸਾਰ ਥੋੜੇ ਅਤੇ ਸਾਦੇ ਹੁੰਦੇ ਹਨ। ਜਿਵੇਂ ਜਲ੍ਹਣ ਦਾ ਅਖਾਣ: 'ਜਲ੍ਹਿਆ! ਰੱਬ ਦਾ ਕੀ ਪਾਵਣਾ। ਐਧਰੋਂ ਪੁਟਣਾ ਤੇ ਓਧਰ ਲਾਵਣਾ।' ਜਾਂ 'ਨਿੱਕੇ ਹੁੰਦੇ ਢੱਗੇ ਚਾਰੇ, ਵੱਡੇ ਹੋਏ ਹੱਲ ਵਾਹਿਆ। ਬੁੱਢੇ ਹੋਏ ਮਾਲਾ ਫੇਰੀ, ਰੱਬ ਦਾ ਭੀ ਉਲਾਂਭਾ ਲਾਹਿਆ।'

ਇਹੋ ਜਹੀ ਹਾਸ-ਰਸ ਵਾਲੀ ਤਬੀਅਤ ਸ੍ਰੀ ਗੁਰੂ ਨਾਨਕ ਜੀ ਦੀ ਸੀ। ਦੁਨੀ ਚੰਦ ਇਕ ਧਨਾਢ ਨੂੰ ਸੂਈ ਦੇ ਕੇ ਕਹਿੰਦੇ ਹਨ ਕਿ ਇਹ ਸੂਈ ਮੇਰੇ ਲਈ ਅਗਲੇ ਜਹਾਨ ਲੈ ਚਲੋ; ਉਥੇ ਆ ਕੇ ਮੈਂ ਤੁਹਾਥੋਂ ਲੈ ਲਵਾਂਗਾ। ਉਨ੍ਹਾਂ ਵਿਚ ਇਹ ਰਸ ਨਾਟਕੀ ਢੰਗ ਨਾਲ ਪ੍ਰਗਟ ਹੁੰਦਾ ਸੀ। ਇਕ ਦਿਨ ਗੁਰੂ ਜੀ ਹਰਦੁਆਰ ਜਾ ਨਿਕਲੇ। ਉਥੇ ਗੰਗਾ ਵਿਚ ਖੜੇ ਕਈ ਹਿੰਦੂ ਚੜ੍ਹਦੇ ਪਾਸੇ ਵਲ ਪਾਣੀ ਸੁਟਦੇ ਦੇਖੇ। ਗੁਰੂ ਜੀ ਨੂੰ ਮੌਜ ਆਈ, ਤੇ ਉਹ ਲਹਿੰਦੇ ਵਲ ਛਾਟੇ ਮਾਰਨ ਲਗ ਪਏ। ਲੋਕਾਂ ਪੁਛਿਆ, 'ਇਹ ਕੀ ਕਰ ਰਹੇ ਹੋ?' ਗੁਰੂ ਜੀ ਅਗੋਂ ਪੁਛਣ ਲਗੇ, 'ਤੁਸੀਂ ਕੀ ਕਰ ਰਹੇ ਹੋ?' ਲੋਕਾਂ ਕਿਹਾ, 'ਅਸੀਂ ਆਪਣੇ ਪਿਤਰਾਂ ਨੂੰ ਪਾਣੀ ਦੇ ਰਹੇ ਹਾਂ।' 'ਤੇ ਅਸੀਂ ਕਰਤਾਰਪੁਰ ਵਿਚ ਆਪਣੀਆਂ ਖੇਤੀਆਂ ਨੂੰ ਪਾਣੀ ਦੇ ਰਹੇ ਹਾਂ।' ਸਵਾਲ ਹੋਇਆ, 'ਕਰਤਾਰ ਪੁਰ ਇਥੋਂ ਕਿਤਨੇ ਦੂਰ ਹੈ?' ਉਤਰ: 'ਤਿੰਨ ਕੁ ਸੌ ਮੀਲ।' 'ਫੇਰ ਏਡੇ ਦੂਰ ਤੁਹਾਡਾ ਪਾਣੀ ਕਿਵੇਂ ਪੁਜ ਸਕਦਾ ਹੈ?' 'ਤੇ ਤੁਹਾਡੇ ਪਿਤਰਾਂ ਨੂੰ ਕਿਵੇਂ ਪਾਣੀ ਪੁਜ ਸਕਦਾ ਹੈ, ਜੋ ਅਗਲੇ ਜਹਾਨ ਵਿਚ ਬੈਠੇ ਸੁਣੀਦੇ ਹਨ?' ਇਹੋ ਜਿਹਾ ਨਾਟਕੀ ਮਖ਼ੌਲ ਵਰਤਾ ਕੇ ਗੁਰੂ ਜੀ ਨੇ ਮੱਕੇ ਵਾਲਿਆਂ ਨੂੰ ਅਮਲੀ ਸਿਖਿਆ ਦਿਤੀ ਕਿ ਰੱਬ ਦਾ ਘਰ ਕਿਸੇ ਖ਼ਾਸ ਪਾਸੇ ਵਲ ਨਹੀਂ ਹੁੰਦਾ। ਬਗ਼ਦਾਦ ਵਿਚ ਬਾਂਗ ਦੇ ਕੇ ਇਹੋ ਜਿਹਾ ਕੌਤਕ ਵਰਤਾਇਆ। ਇਕ ਵੇਰ ਮੇਕਰਾਨ ਵਲ ਜਾਂਦਿਆਂ ਰਸਤੇ ਵਿਚ ਇਕ ਪਿੰਡ ਦੇ ਮੁੰਡੇ ਇਕੱਠੇ ਹੋ ਕੇ ਨਚਦੇ ਤੇ ਕੁਦਦੇ ਵੇਖੇ। ਇਹੋ ਜਹੀ ਮਾਸੂਮ ਖ਼ੁਸ਼ੀ ਦਾ ਨਜ਼ਾਰਾ ਵੇਖ ਕੇ ਗੁਰੂ ਜੀ ਕੋਲੋਂ ਰਿਹਾ ਨਾ ਗਿਆ, ਅਤੇ ਆਪਣੀ ਬੁਵੇਲ ਸੰਜੀਦਗੀ ਦਾ ਜੁੱਲਾ ਲਾਹ ਕੇ ਝਟ ਪਟ ਉਨ੍ਹਾਂ ਮੁੰਡਿਆਂ ਦੀ ਟੋਲੀ ਨਾਲ ਰਲ ਪਏ ਅਤੇ ਰਜ ਕੇ ਨਚੇ ਤੇ ਗਿਧਾ ਪਾਇਆ। ਇਨ੍ਹਾਂ ਮੌਕਿਆਂ ਤੇ ਜਦੋਂ ਗੁਰੂ ਜੀ ਬਾਹਰ ਜਾਂਦੇ ਸਨ, ਤਾਂ ਪਹਿਰਾਵਾ ਭੀ ਅਜੀਬ ਜਿਹਾ ਕਰ ਲੈਂਦੇ ਸਨ: ਗੱਲ ਵਿਚ ਖਫਣੀ ਤੇ ਹੱਡੀਆਂ ਦੀ ਮਾਲਾ, ਲੱਕ ਵਿਚ ਚੰਮ ਦੀ ਤਹਿਮਤ ਤੇ ਕਛ ਵਿਚ ਕੂਜ਼ਾ ਤੇ ਮੁਸੱਲਾ।

ਇਹ ਭੀ ਲੋਕਾਂ ਦੇ ਤਰਾਂ ਤਰ੍ਹਾਂ ਦੇ ਭੇਖਾਂ ਦੀ ਮਿਲ-ਗੋਭਾ ਨਕਲ ਸੀ, ਜਿਸ ਤੋਂ ਭਾਵ ਉਨ੍ਹਾਂ ਨੂੰ ਹਾਸ-ਰਸ ਦੇ ਰਾਹੀਂ ਠੀਕ ਕਰਨਾ ਸੀ। ਗੁਰੂ ਜੀ ਨੂੰ ਜਿੰਦਗੀ ਦੀ ਸਧਾਰਣ ਰਹਿਣੀ ਬਹਿਣੀ ਛੱਡ ਕੇ ਕਈ ਤਰ੍ਹਾਂ ਦੇ ਉਸ਼ਟੰਡ ਖੜੇ ਕਰਨ ਵਾਲੀ ਫਕੀਰੀ ਚੰਗੀ ਨਹੀਂ ਲਗਦੀ ਸੀ। ਜਦ ਉਹ ਵੇਖਦੇ ਸਨ ਕਿ ਕਈ ਲੋਕ———

"ਝੰਡੀ ਪਾਇ ਬਹਨਿ ਨਿਤਿ ਮਰਣੈ ਦੜਿ ਦੀਬਾਣਿ ਨ ਜਾਹੀ।
ਲਕੀ ਕਾਸੇ ਹਥੀ ਫੁੰਮਣ ਅਰੋ-ਪਿਛੀ ਜਾਹੀ।"

ਤਾਂ ਉਨ੍ਹਾਂ ਨੂੰ ਬੜਾ ਹਾਸਾ ਆਉਂਦਾ ਸੀ। ਇਹੋ ਜਹੇ 'ਦਾਨਹੁ ਤੇ ਇਸਨਾਨਹੁ ਵੰਜੇ' ਹੋਏ ਕੁਚੀਲ ਲੋਕਾਂ ਨੂੰ ਪਹਿਲੋਂ ਤਾਂ ਪਾਣੀ ਜਿਹੀ ਲਾਭਵੰਦੀ ਚੀਜ਼ ਤੋਂ ਨਾ ਸੰਗਣ ਦੀ ਸਿਖਿਆ ਦਿੰਦੇ ਹਨ, ਪਰ ਜਦ ਦੇਖਦੇ ਹਨ ਕਿ ਬਝੀ ਹੋਈ ਰਸਮ ਦੇ ਗ਼ੁਲਾਮ ਕਦੋਂ ਬਣੀ ਹੋਈ ਖੋ ਨੂੰ ਛਡਦੇ ਹਨ, ਤਾਂ ਹਸ ਕੇ ਉਨ੍ਹਾਂ ਨੂੰ ਇਉਂ ਕਹਿ ਕੇ ਛੱਡ ਦਿੰਦੇ ਹਨ:

"ਜੇ ਸਿਰ-ਖੁਬੇ ਨਾਵਨਿ ਨਾਹੀ ਤਾ ਸਤਿ ਚਟੇ ਸਿਰਿ ਛਾਈ।"

ਵਾਰ ਮਾਝ ਦੀ ੨੬ ਵੀਂ ਪਉੜੀ ਦਾ ਇਹ ਸਾਰਾ ਸ਼ਲੋਕ ਪੜ੍ਹਨ ਜੋਗਾ ਹੈ।

ਗੁਰੂ ਅਰਜਨ ਦੇਵ ਜੀ ਨੂੰ ਭੀ ਹਾਸ-ਰਸ ਦੀ ਕਦਰ ਮਲੂਮ ਸੀ, ਇਸੇ ਲਈ ਜਦ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹਿੰਦ ਦੇ ਵਖੋ ਵਖ ਇਲਾਕਿਆਂ ਦੇ ਭਗਤਾਂ ਦੀ ਬਾਣੀ ਚੜ੍ਹਾਉਣ ਲਗੇ, ਤਾਂ ਹਾਸੇ ਵਾਲੇ ਸ਼ਬਦ ਭੀ ਚੁਣ ਚੁਣ ਕੇ ਚੜ੍ਹਾਏ। ਜਿਵੇਂ ਧੰਨਾ ਜੀ ਹਰੀ ਅਗੇ ਅਰਦਾਸ ਕਰਨ ਲਗਿਆਂ ਘਰ ਦੀਆਂ ਸਾਰੀਆਂ ਲੁੜੀਂਦੀਆਂ ਵਸਤਾਂ ਬੜੇ ਮਜ਼ੇ ਨਾਲ ਮੰਗਦੇ ਹਨ:

ਦਾਲਿ ਸੀਧਾ ਮਾਗਉ ਘੀਉ। ਹਮਰਾ ਖੁਸੀ ਕਰੈ ਨਿਤ ਜੀਉ।
ਪਨ੍ਹੀਆ [ਜੁਤੀ] ਛਾਦਨੁ [ਕਪੜਾ] ਨੀਕਾ [ਚੰਗਾ, ਸੋਹਣਾ]।
ਅਨਾਜੁ ਮੰਗਉ ਸਤ ਸੀ ਕਾ ।੧। ਗਊ ਭੈਸ ਮੰਗਉ ਲਾਵੇਰੀ।
ਇਕ ਤਾਜਨਿ [ਘੋੜੀ] ਤੁਰੀ ਚੰਗੇਰੀ। ਘਰ ਕੀ ਗੀਹਨਿ [ਔਰਤ]
ਚੰਗੀ। ਜਨੁ ਧੰਨਾ ਲੇਵੈ ਮੰਗੀ ।੨।

ਕਬੀਰ ਜੀ ਭੀ ਭਗਤੀ ਦੀ ਲਹਿਰ ਵਿਚ ਆ ਕੇ ਇਹੋ ਜਹੀਆਂ ਮੰਗਾਂ ਆਪਣੇ ਸਕੇ ਨਜ਼ਦੀਕੀ ਰੱਬ ਅਗੇ ਰਖਦੇ ਹਨ ਅਤੇ ਉਹਨੂੰ ਨੋਟਸ ਦਿੰਦੇ ਹਨ ਕਿ ਜੇ ਸਾਡੀ ਗਲ ਨਹੀਂਊ ਮੰਨਣੀ ਤਾਂ ਅਹਿ ਲਓ ਆਪਣੀ ਮਾਲਾ, ਅਸੀ ਮੁਫ਼ਤ ਨਹੀਂ ਫੇਰ ਸਕਦੇ। ਭੂਖੇ ਭਗਤਿ ਨ ਕੀਜੈ! ਯਹ ਮਾਲਾ ਅਪਨੀ ਲੀਜੈ ।੧। ਮਾਧੋ ਕੈਸੀ ਬਨੈ ਤੁਮ ਸੰਗੇ। ਆਪਿ ਨ ਦੇਹੁ ਤ ਲੇਵਉ ਮੰਗੇ। ਰਹਾਉ। ਦੁਇ ਸੇਰ ਮਾਂਗਉ ਚੂਨਾ [ਆਟਾ]। ਪਾਉ ਘੀਉ ਸੰਗਿ ਲੂਨਾ। ਅਧ ਸੇਰੁ ਮਾਂਗਉ ਦਾਲੇ। ਮੋਕਉ ਦੋਨਉ ਵਖਤ ਜਵਾਲੇ।੨। ਖਾਟ ਮਾਂਗਉ ਚਉਪਾਈ [ਚੌਹਾਂ ਪਾਵਿਆਂ ਵਾਲੀ ਹੋਵੇ, ਮਤਾਂ ਔਖੀ ਕਰਦੀ ਰਹੇ]। ਸਿਰਹਾਨਾ ਅਵਰ ਤੁਲਾਈ। ਊਪਰ ਕਉ ਮਾਂਗਉ ਖੀਂਧਾ। ਤੇਰੀ ਭਗਤਿ ਕਰੈ ਜਨ ਥੀਂਧਾ(ਥਿੰਧਾ ਹੋ ਕੇ, ਘਿਉ ਆਦਿ ਤਰ ਚੀਜ਼ਾਂ ਖਾ ਕੇ, ਪੇਟ ਵਲੋਂ ਖੂਬ ਤਿਆਰ-ਬਰ-ਤਿਆਰ ਹੋ ਕੇ]।੩। ਮੈ ਨਾਹੀ ਕੀੜਾ ਲਬੋ [ਕੋਈ ਨਹੀਂ। ਕੌਣ ਕਹਿੰਦਾ ਹੈ?]। ਇਕੁ ਨਾਉ ਤੇਰਾ ਮੈ ਫਬੋ। ਕਹਿ ਕਬੀਰ ਮਨੁ ਮਾਨਿਆ। ਮਨੁ ਮਾਨਿਆ ਤਉ ਹਰਿ ਜਾਨਿਆ।੪। [ਠੀਕ ਹੈ ਭਈ! ਮਨ ਰਾਜੀ ਹੋਵੇ ਤਾਹੀਓਂ ਹਰੀ ਵਲ ਧਿਆਨ ਕਰ ਸਕੀਦਾ ਹੈ। ਜੇ ਪੇਟ ਨ ਪਈਆਂ ਰੋਟੀਆਂ, ਤਾਂ ਸਭੇ ਗੱਲਾਂ ਖੋਟੀਆਂ]।

ਸਿਖ ਇਤਿਹਾਸ ਵਿਚ ਭਾਈ ਬਿਧੀ ਚੰਦ ਇਕ ਮਸ਼ਹੂਰ ਸਿੱਖ ਹੋਇਆ ਹੈ ਜੋ ਗੁਰੂ ਹਰਗੋਬਿੰਦ ਸਾਹਿਬ ਦੀ ਸੇਵਾ ਤਾਂ ਕਰਦਾ ਸੀ, ਪਰ ਉਸ ਦੀ ਹਰ ਇਕ ਗਲ ਵਿਚ ਮਖ਼ੌਲ ਤੇ ਹਾਸਾ ਭਰਿਆ ਪਿਆ ਹੁੰਦਾ ਸੀ। ਉਸ ਦੇ ਮੌਜ-ਭਰੇ ਕਾਰਨਾਮਿਆਂ ਦਾ ਜ਼ਿਕਰ ਕਰਨ ਲਗਿਆਂ ਮੈਕਾਲਫ਼ ਜਿਹਾ ਬੇਰਸਾ ਲਿਖਾਰੀ ਭੀ ਮੌਜ ਵਿਚ ਆ ਕੇ ਆਪਣੀ ਕਲਮ ਦਾ ਥਕੇਵਾਂ ਲਾਹੁੰਦਾ ਹੈ।

ਪਰ ਧਰਮ ਵਿਚ ਹਾਸ-ਰਸ ਦੀ ਸਭ ਤੋਂ ਵਧੇਰੇ ਯਕੀਨ ਦੁਆਣ ਵਾਲੀ ਮਿਸਾਲ ਸੁਥਰੇ ਸ਼ਾਹ ਦੀ ਹੈ। ਇਹ ਸਜਣ ਜਿਤਨਾ ਧਰਮ ਵਿਚ ਪੱਕਾ ਤੇ ਅਡੋਲ ਸਿਦਕੀ ਸੀ, ਉਤਨਾ ਹੀ ਹਸਮੁਖ ਤੇ ਮਖੌਲੀਆ ਭੀ ਸੀ। ਇਸ ਨੇ ਸਾਰੀ ਉਮਰ ਧਰਮ ਦਾ ਪ੍ਰਚਾਰ ਕਰਦੇ ਬਿਤਾਈ, ਪਰ ਇਸ ਪ੍ਰਚਾਰ ਦਾ ਵਸੀਲਾ ਕੇਵਲ ਹਾਸ-ਰਸ ਸੀ।

ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਹਾਸ-ਰਸ ਨੂੰ ਵਰਤਣ ਵਿਚ ਹੱਦ ਹੀ ਮੁਕਾ ਦਿੱਤੀ। ਉਨ੍ਹਾਂ ਦੀ ਬਾਣੀ ਵਿਚ ਚਪੇ ਚਪੇ ਤੇ ਘੁਘੂ-ਮਟ ਵਾਸੀਆਂ ਤੇ ਅਖਾਂ ਵਿਚ ਤੇਲ ਪਾਣ ਵਾਲੇ ਦੰਭੀਆਂ ਉਤੇ ਮਖ਼ੌਲ ਉਡਾਇਆ ਹੋਇਆ ਹੈ। ਇਕ ਵੇਰ ਉਨ੍ਹਾਂ ਨੇ ਇਕ ਖੋਤੇ ਨੂੰ ਸ਼ੇਰ ਦੀ ਖਲ ਪਵਾ ਕੇ ਖੇਤਾਂ ਵਿਚ ਛੱਡ ਦਿਤਾ। ਲੋਕ ਦੇਖ ਕੇ ਡਰ ਗਏ। ਪਰ ਜਦ ਉਸ ਦੇ ਹੀਂਗਣ ਦੀ ਅਵਾਜ਼ ਸੁਣੀ ਤਾਂ ਹਸ ਪਏ। ਗੁਰੂ ਜੀ ਨੇ ਸਿਖਾਂ ਨੂੰ ਕਿਹਾ ਕਿ ਤੁਹਾਨੂੰ ਮੈਂ ਸ਼ੇਰ ਦਾ ਬਾਣਾ ਦਿਤਾ ਹੈ; ਇਸ ਦੀ ਲਾਜ ਰਖਣੀ; ਅਜੇਹਾ ਨ ਹੋਵੇ ਕਿ ਉਤੋਂ ਉਤੋਂ ਸ਼ਕਲ ਸਿੰਘਾਂ ਵਾਲੀ ਹੋਵੇ, ਤੇ ਵਿਚੋਂ ਅਵਿੱਦਯ ਤੇ ਮੂਰਖ ਰਹਿ ਕੇ ਪਰਖ ਵੇਲੇ ਖੋਤੇ ਵਾਲੀ ਹੀਂਗ ਸੁਣਾ ਦਸੋ। ਦੁਰਗਾ ਦੇ ਪ੍ਰਤੱਖ ਕਰਨ ਲਈ ਜੋ ਨਾਟਕੀ ਢੰਗ ਰਚ ਕੇ ਪੰਡਤਾਂ ਦੇ ਪੁਰਾਣੇ ਵਹਿਮ ਦਾ ਖ਼ਾਤਮਾ ਕੀਤਾ ਸੀ, ਉਹ ਭੀ ਇਸ ਧਾਰਮਕ ਹਾਸ-ਰਸ ਦਾ ਇਕ ਨਮੂਨਾ ਹੈ। ਪੰਜ ਪਿਆਰਿਆਂ ਦੀ ਚੋਣ ਦਾ ਢੰਗ ਭੀ ਇਸੇ ਨਾਟਕੀ ਰਸ ਦਾ ਨਤੀਜਾ ਸੀ।

'ਜੇਹਾ ਸੇਵੈ ਤੇਹੋ ਹੋਵੈ' ਅਨੁਸਾਰ, ਜਿਹਾ ਗੁਰੂ ਸੀ ਤੇਹੋ ਜਹੇ ਉਸ ਦੇ ਸਿੱਖ ਬਣੇ। ਉਨ੍ਹਾਂ ਵਿਚ ਇਕ ਅਣੋਖੀ ਰੰਗੀਲੀ ਤਬੀਅਤ ਸੀ, ਜੋ ਵੱਡੀਆਂ ਵੱਡੀਆਂ ਔਕੜਾਂ ਦੇ ਸਾਮ੍ਹਣੇ ਉਨ੍ਹਾਂ ਨੂੰ ਚੜ੍ਹਦੀਆਂ ਕਲਾਂ ਵਿਚ ਰਖਦੀ ਸੀ। ਮੁਕਤਸਰ ਦੇ ਜੰਗ ਵਿਚ ਜਦ ਸਿਖਾਂ ਨੇ ਦੇਖਿਆ ਕਿ ਅਸੀਂ ਥੋੜੇ ਜਹੇ ਹਾਂ ਤੇ ਦੁਸ਼ਮਣ ਬਹੁਤ ਹਨ, ਤਾਂ ਉਨ੍ਹਾਂ ਇਹ ਢੰਗ ਖੇਡਿਆ ਕਿ ਨਾਲ ਦੀਆਂ ਝਾੜੀਆਂ ਉਤੇ ਚਾਦਰਾਂ ਖਿਲਾਰ ਦਿਤੀਆਂ ਤਾਂ ਜੋ ਦੂਰੋਂ ਤੰਬੂ ਲੱਗੇ ਦਿਸਣ, ਅਤੇ ਪਲ ਪਲ ਮਗਰੋਂ ਸਤਿ ਸ੍ਰੀ ਅਕਾਲ ਦੇ ਜੈਕਾਰੇ ਛਡਣੇ ਸ਼ੁਰੂ ਕਰ ਦਿਤੇ, ਤਾਕਿ ਵੈਰੀ ਇਹ ਸਮਝੇ ਕਿ ਬਾਰ ਬਾਰ ਕੁਮਕ ਪਹੁੰਚ ਰਹੀ ਹੈ।

ਇਸ ਬਹਾਦਰ ਤੇ ਨਾ ਹਾਰਨ ਵਾਲੀ ਤਬੀਅਤ ਦਾ ਸਦਕਾ ਸਿੱਖਾਂ ਵਿਚ ਇਕ ਖ਼ਾਸ ਤਰ੍ਹਾਂ ਦੀ ਬੋਲੀ ਪ੍ਰਚਲਤ ਹੋ ਗਈ ਸੀ, ਜਿਸ ਦੇ ਵਾਚਣ ਤੋਂ ਇਉਂ ਜਾਪਦਾ ਹੈ ਜਿਵੇਂ ਸਿੱਖਾਂ ਲਈ ਦੁਖ ਤੇ ਭੈ ਦਾ ਨਾਸ ਹੀ ਹੋ ਗਿਆ ਹੁੰਦਾ ਹੈ। ਇਸ ਬੋਲੀ ਦੇ ਮੁਹਾਵਰਿਆਂ ਨੂੰ 'ਸਿੰਘਾਂ ਦੇ ਬੋਲੇ' ਕਹਿੰਦੇ ਸਨ। ਕੋਈ ਮਰ ਜਾਏ ਤਾਂ ਚੜ੍ਹਾਈ ਕਰ ਗਿਆ ਕਹਿੰਦੇ ਸਨ, ਮਾਨੋ ਪ੍ਰਾਣੀ ਅਗਲੇ ਜਹਾਨ ਉਤੇ ਹਮਲਾ ਕਰਨ ਗਿਆ ਹੈ। ਸਿੱਖ ਭੁੱਖਾ ਹੋਵੇ ਤਾਂ ਲੰਗਰ ਮਸਤਾਨੇ ਕਹਿੰਦੇ ਸਨ। ਛੋਲਿਆਂ ਨੂੰ ਬਦਾਮ, ਤੇ ਪਿਆਜ਼ ਨੂੰ ਰੁੱਪਾ ਕਹਿੰਦੇ ਸਨ ਅਤੇ ਰੁਪਿਆਂ ਨੂੰ ਛਿਲੜ। ਕੋਈ ਉੱਚਾ ਸੁਣਦਾ ਹੋਵੇ, ਤਾਂ ਕਹਿੰਦੇ ਸਨ ਕਿ ਖ਼ਾਲਸਾ ਚੁਬਾਰੇ ਚੜ੍ਹਿਆ ਹੋਇਆ ਹੈ। ਅੰਨ੍ਹੇ ਨੂੰ ਸੂਰਮਾ ਤੇ ਲੰਙੇ ਨੂੰ ਸੁਚਾਲਾ ਸਿੰਘ, ਮੋਟੇ ਸੋਟੇ ਨੂੰ ਅਕਲਦਾਨ ਜਾਂ ਕਾਨੂੰਗੋ, ਅਤੇ ਘਾਹ ਕਟਣ ਨੂੰ ਬਾਜ਼ ਉਡਾਉਣਾ! ਇਹੋ ਜਹੇ ਹਜ਼ਾਰਾਂ ਹੋਰ ਬੋਲੇ ਹਨ, ਜਿਨ੍ਹਾਂ ਤੋਂ ਇਹ ਪਤਾ ਲਗਦਾ ਹੈ ਕਿ ਸਿਖਾਂ ਵਿਚ ਜਿਥੇ ਧਰਮ ਸੀ, ਉਥੇ ਨਾਲ ਮਰਦਊਪੁਣਾ ਤੇ ਹਾਸ-ਰਸ ਭੀ ਸੀ। ਧਰਮ ਸਾਰੀ ਜ਼ਿੰਦਗੀ ਨੂੰ ਪ੍ਰਫੁੱਲਤ ਕਰਦਾ ਹੈ, ਤੇ ਜਿਥੇ ਇਹ ਸ਼ੁਭ ਕਰਮਾਂ ਦੇ ਪੱਤੇ ਪੈਦਾ ਕਰਦਾ ਹੈ, ਉਥੇ ਵਿਗਾਸ ਵਾਲੀ ਤਬੀਅਤ ਦਾ ਫੁੱਲ ਭੀ ਖਿੜਾਉਂਦਾ ਹੈ। ਘਰ ਇੱਟਾਂ ਜਾਂ ਵਟਿਆਂ ਦੇ ਬਣੇ ਕੋਠੇ ਨੂੰ ਨਹੀਂ ਕਹਿੰਦੇ। 'ਘਰ' ਤੋਂ ਭਾਵ ਉਹ ਥਾਂ ਹੈ, ਜਿਥੇ ਮਨੁਖ ਦੇ ਪਿਆਰ ਤੇ ਸਧਰਾਂ ਪਲਦੀਆਂ ਹਨ, ਜਿਥੇ ਬਾਲਪਨ ਵਿਚ ਮਾਂ ਭੈਣ ਤੇ ਭਰਾ ਕੋਲੋਂ ਲਾਡ ਲਿਆ ਹੁੰਦਾ ਹੈ, ਜਿਥੇ ਜਵਾਨੀ ਵਿਚ ਸਾਰੇ ਜਹਾਨ ਨੂੰ ਗਾਹ ਕੇ, ਲਿਤਾੜ ਕੇ, ਖਟੀ ਕਮਾਈ ਕਰ ਕੇ ਮੁੜ ਆਉਣ ਨੂੰ ਜੀ ਕਰਦਾ ਹੈ, ਜਿਥੇ ਬੁਢੇਪੇ ਵਿਚ ਬਹਿ ਕੇ ਸਾਰੇ ਜੀਵਨ ਦੇ ਝਮੇਲਿਆਂ ਤੋਂ ਮਿਲੀ ਵਿਹਲ ਨੂੰ ਅਰਾਮ ਨਾਲ ਕਟਣ ਵਿਚ ਇਉਂ ਸੁਆਦ ਆਉਂਦਾ ਹੈ ਜਿਵੇਂ ਬਚਪਨ ਵਿਚ ਮਾਂ ਦੀ ਝੋਲੀ ਵਿਚ ਆਉਂਦਾ ਸੀ। ਘਰ ਮਨੁਖ ਦੇ ਨਿਜੀ ਵਲਵਲਿਆਂ ਤੇ ਸ਼ਖ਼ਸੀ ਰਹਿਣੀ ਦਾ ਕੇਂਦਰ ਹੁੰਦਾ ਹੈ। ਉਸ ਦੇ ਆਚਰਣ ਬਣਾਉਣ ਵਿਚ ਜਿਥੇ ਸਮਾਜਕ ਤੇ ਮੁਲਕੀ ਆਲੇ-ਦੁਆਲੇ ਦਾ ਅਸਰ ਕੰਮ ਕਰਦਾ ਹੈ, ਉਥੇ ਘਰ ਦੀ ਚਾਰਦਿਵਾਰੀ ਅਤੇ ਇਸ ਦੇ ਅੰਦਰ ਦੇ ਹਾਲਾਤ ਦਾ ਅਸਰ ਵੀ ਘਟ ਕੰਮ ਨਹੀਂ ਕਰਦਾ। ਸਗੋਂ ਮਨੁਖ ਦਾ ਆਚਰਣ ਬਣਦਾ ਹੀ ਘਰ ਵਿਚ ਹੈ। ਇਹੋ ਉਸ ਦੀਆਂ ਰੁਚੀਆਂ ਅਤੇ ਸੁਭਾਉ ਦਾ ਸਾਂਚਾ ਹੈ। ਕਈ ਵਾਰੀ ਜਦ ਮੈਂ ਕਿਸੇ ਸਜਣ ਨੂੰ ਕੋਝੇ, ਸੜੀਅਲ ਜਾਂ ਖਿਝੂ ਸੁਭਾ ਵਾਲਾ ਦੇਖਦਾ ਹਾਂ ਤਾਂ ਮੈਂ ਦਿਲ ਵਿਚ ਕਹਿੰਦਾ ਹਾਂ, ਇਸ ਵਿਚਾਰੇ ਨੂੰ ਘਰ ਦਾ ਪਿਆਰ ਨਹੀਂ ਮਿਲਿਆ ਹੋਣਾ।

ਇਕ ਮੇਰੀ ਜਾਣਕਾਰ ਬਿਰਧ ਬੀਬੀ ਜੀ ਹਨ, ਜੋ ਨੇਕੀ ਤੇ ਉਪਕਾਰ ਦੀ ਪੁਤਲੀ ਹਨ। ਸਵੇਰੇ ਸ਼ਾਮ ਬਿਲਾ ਨਾਗਾ ਨਿਤਨੇਮ ਕਰਦੇ ਗੁਰਦੁਆਰੇ ਦੀ ਪ੍ਰਕਰਮਾ ਕਰਦੇ ਹਨ। ਕਿਸੇ ਦੇ ਦੁਖ ਨੂੰ ਦੇਖ ਕੇ ਕਦੀ ਜਰ ਨਹੀਂ ਸਕਦੇ। ਵਲਵਲਾ ਉਨ੍ਹਾਂ ਦਾ ਇੱਨਾ ਕੋਮਲ ਤੇ ਪਵਿੱਤਰ ਹੈ ਕਿ ਚਪੇ ਚਪੇ ਤੇ ਹਮਦਰਦੀ ਨਾਲ ਫਿਸ ਪੈਂਦੇ ਹਨ। ਬਚਿਆਂ ਨੂੰ ਦੇਖ ਕੇ ਤਾਂ ਬਚੇ ਹੀ ਬਣ ਜਾਂਦੇ ਹਨ। ਪਰ ਸੁਭਾ ਉਨ੍ਹਾਂ ਦਾ ਬਹੁਤ ਖਰ੍ਹਵਾ ਹੈ। ਨਿੱਕੀ ਨਿੱਕੀ ਗੱਲ ਤੋਂ ਖਿਝ ਪੈਂਦੇ ਹਨ ਅਤੇ ਗੁੱਸੇ ਵਿਚ ਆ ਕੇ ਆਪੇ ਤੋਂ ਬਾਹਰ ਹੋ ਜਾਂਦੇ ਹਨ। ਉਸ ਹਾਲਤ ਵਿਚ ਉਨ੍ਹਾਂ ਨੂੰ ਦੇਖੋ ਤਾਂ ਮਲੂਮ ਹੁੰਦਾ ਹੈ ਕਿ ਉਨ੍ਹਾਂ ਦੇ ਦਿਲ ਵਿਚ ਕੋਈ ਤਰਸ ਨਹੀਂ, ਕੋਈ ਪਿਆਰ ਨਹੀਂ, ਪਰ ਹੁੰਦੇ ਉਸ ਵਕਤ ਵੀ ਉੱਨੇ ਹੀ ਨਰਮ ਤੇ ਕੋਮਲ ਹਨ। ਕੇਵਲ ਇਹ ਕੋਮਲਤਾ ਤੇ ਨਰਮੀ ਗੁੱਸੇ ਦੇ ਪਰਦੇ ਹੇਠ ਛੁਪੀ ਹੁੰਦੀ ਹੈ। ਇਸ ਗੁੱਸੇ ਤੇ ਝਲਪੁਣੇ ਦਾ ਕਾਰਣ ਉਨ੍ਹਾਂ ਦੀ ਜਿੰਦਗੀ ਦਾ ਪਿੱਛਾ ਫੋਲਣ ਤੋਂ ਇਹ ਮਲੂਮ ਹੁੰਦਾ ਹੈ ਕਿ ਉਨ੍ਹਾਂ ਨੂੰ ਘਰ ਦਾ ਪਿਆਰ ਨਹੀਂ ਮਿਲਿਆ। ਪਤੀ ਜਵਾਨੀ ਵਿਚ ਹੀ ਸਾਥ ਛਡ ਗਿਆ, ਅਤੇ ਝੋਲ ਪੁਤਰਾਂ ਧੀਆਂ ਤੋਂ ਖ਼ਾਲੀ ਰਹੀ। ਕਿਸੇ ਨੇ ਨਿਕੀਆਂ ਨਿੱਕੀਆਂ ਬਾਹਾਂ ਗਲ ਵਿਚ ਪਾ ਕੇ ਨਹੀਂ ਆਖਿਆ, "ਬੀ ਜੀਓ! ਮੈਂ ਕਿੱਡਾ ਸ਼ੋਹਣਾ ਵਾਂ!"

ਮੈਂ ਕਈ ਵੱਡੇ ਵੱਡੇ ਕਥੱਕੜ ਦੇਖੇ ਹਨ ਜੋ ਬਾਹਰ ਪੰਡਾਲਾਂ ਵਿਚ ਕਥਾ ਕਰਦਿਆਂ ਜਾਂ ਵਖਿਆਨ ਦਿੰਦਿਆਂ ਲੋਕਾਂ ਨੂੰ ਆਪਣੀ ਸਿਆਣਪ ਤੇ ਵਿਦਿਆ ਦੇ ਚਮਤਕਾਰ ਦਸ ਕੇ ਹੈਰਾਨ ਕਰ ਦਿੰਦੇ ਹਨ। ਪਰ ਜੇ ਕੋਈ ਦੁਖੀਆ ਜਾਂ ਲੋੜਵੰਦ ਉਨ੍ਹਾਂ ਦੇ ਦਰ ਤੇ ਜਾ ਖੜੋਵੇ ਤਾਂ ਚਾਰ ਚਾਰ ਘੰਟੇ ਸ਼ਾਇਦ ਮੁਲਾਕਾਤ ਲਈ ਉਡੀਕਣਾ ਪਵੇ ਅਤੇ ਜੇ ਮਿਲਣ ਵੀ ਤਾਂ ਉਨ੍ਹਾਂ ਦਾ ਦਿਲ ਹਮਦਰਦੀ ਨਾਲ ਨਹੀਂ ਪੰਘਰਦਾ, ਅੱਖਾਂ ਨਮਰੂਦ ਦੀ ਕਬਰ ਵਾਂਗ ਸਦਾ ਸੁੱਕੀਆਂ ਹੀ ਰਹਿੰਦੀਆਂ ਹਨ, ਕਦੀ ਤਰਸ ਜਾਂ ਪਿਆਰ ਨਾਲ ਸਜਲ ਨਹੀਂ ਹੋਈਆਂ। ਇੱਡੀ ਕਰੜਾਈ ਦਾ ਕਾਰਨ? ਕੇਵਲ ਇਹ ਕਿ ਇਹੋ ਜਹੇ ਸੱਜਣ ਆਪਣਾ ਸਾਰਾ ਸਮਾਂ ਪੋਥੀਆਂ ਫੋਲਣ, ਲਿਖਣ ਜਾਂ-ਜਿਵੇਂ ਇਕ ਸਜਣ ਦੀ ਵਹੁਟੀ ਕਿਹਾ ਕਰਦੀ ਹੈ,-'ਭਾਈ ਹੋਰੀ ਆਪਣੀ ਸਾਰੀ ਜ਼ਿੰਦਗੀ ਹੈਂਡ-ਬੈਗ ਨਾਲ ਮੋਟਰਾਂ ਜਾਂ ਗਡੀਆਂ ਦੇ ਸਫ਼ਰ ਵਿਚ ਹੀ ਟਪਾ ਛਡਦੇ ਹਨ।' ਉਨ੍ਹਾਂ ਵਿਚ ਘਰ ਦਾ ਪਿਆਰ ਨਹੀਂ ਹੁੰਦਾ। ਇਸ ਲਈ ਉਨ੍ਹਾਂ ਦੀ ਜ਼ਿੰਦਗੀ ਰਸ ਤੋਂ, ਨਿਘ ਤੋਂ ਖ਼ਾਲੀ ਕੋਰੀ ਜਹੀ ਹੁੰਦੀ ਹੈ। ਇਹੋ ਜਹੇ ਉਪਦੇਸ਼ਕ ਤੇ ਲਿਖਾਰੀ ਵਡੇ ਵਡੇ ਗੁਰੂਆਂ ਤੇ ਪੈਗ਼ੰਬਰਾਂ ਦੇ ਜੀਵਣ ਵੀ ਆਪਣੇ ਨਮੂਨੇ ਉਤੇ ਢਾਲਦੇ ਹੋਏ ਉਨ੍ਹਾਂ ਮਹਾਂ ਪੁਰਖਾਂ ਨੂੰ ਭੀ ਆਪਣੇ ਜਹੇ ਕੋਰੇ ਤੇ ਘਰੋਗੀ ਪਿਆਰ ਤੋਂ ਸਖਣੇ ਬਣਾ ਦਸਦੇ ਹਨ। ਗੁਰੂ ਨਾਨਕ ਸਾਹਿਬ ਦਾ ਜੀਵਣ ਇਉਂ ਦਸਦੇ ਹਨ ਕਿ ਜਿਵੇਂ ਉਹ ਕਦੀ ਤੋਤਲੀਆਂ ਗੱਲਾਂ ਕਰਨ ਵਾਲੇ ਬਚਪਨ ਵਿਚੋਂ ਲੰਘੇ ਹੀ ਨਹੀਂ ਹੁੰਦੇ। ਬਾਲਪਣ ਤੋਂ ਹੀ ਉਤਨੀਆਂ ਸਿਆਣੀਆਂ ਤੇ ਪਰਮਾਰਥ ਦੀਆਂ ਗੱਲਾਂ ਕਰਦੇ ਹੁੰਦੇ ਸਨ ਜਿਤਨੀਆਂ ਕਿ ਵੱਡੀ ਉਮਰ ਵਿਚ। ਉਨ੍ਹਾਂ ਨੂੰ ਪਤਾ ਨਹੀਂ ਹੁੰਦਾ ਕਿ ਬਚਿਆਂ ਦਾ ਭੋਲਾਪਣ, ਅਲਬੇਲੀ ਤਬੀਅਤ, ਭੈਣ ਭਰਾ ਦਾ ਪਿਆਰ, ਲਾਡ ਤੇ ਰੁਸੇਵੇਂ ਮਹਾਂ ਪੁਰਖਾਂ ਦੀ ਬਣਤਰ ਲਈ ਉੱਨੇ ਹੀ ਜ਼ਰੂਰੀ ਹਨ, ਜਿੰਨੇ ਕਿ ਆਮ ਮਨੁਖਾਂ ਲਈ। ਇਸ ਤਜਰਬੇ ਵਿਚੋਂ ਲੰਘਣ ਨਾਲ ਖ਼ਿਆਲਾਂ ਵਲਵਲਿਆਂ ਤੇ ਅਮਲਾਂ ਦੀ ਉਸਾਰੀ ਕੁਦਰਤੀ ਤੌਰ ਤੇ ਹੁੰਦੀ ਹੈ। ਜਿਨ੍ਹਾਂ ਦੀ ਜ਼ਿੰਦਗੀ ਸਧਾਰਨ ਬਣਨੀ ਹੁੰਦੀ ਹੈ, ਉਨ੍ਹਾਂ ਨੂੰ ਬਚਪਨ ਦਾ ਇਹ ਤਜਰਬਾ ਸੰਸਾਰ ਦੇ ਆਮ ਕੰਮਾਂ ਲਈ ਤਿਆਰ ਕਰਦਾ ਹੈ, ਅਤੇ ਜਿਨ੍ਹਾਂ ਨੇ ਪੂਰਣਤਾ ਪ੍ਰਾਪਤ ਕਰਨੀ ਹੁੰਦੀ ਹੈ, ਉਨ੍ਹਾਂ ਲਈ ਘਰ ਦਾ ਪਿਆਰ, ਮਾਪਿਆਂ ਤੋਂ ਉਦਰੇਵਾਂ ਤੇ ਰੋਸਾ, ਭੈਣਾਂ ਦਾ ਥਾਂ ਥਾਂ ਤੇ ਵੀਰ ਨੂੰ ਬਚਾਉਣਾ ਇਕ ਅਜੇਹਾ ਚੁਗਿਰਦਾ ਬਣਾ ਰਖਦਾ ਹੈ, ਜਿਸ ਤੋਂ ਉਨ੍ਹਾਂ ਦੇ ਵਲਵਲੇ ਉਚੇ ਸਾਈਂ ਦੇ ਪਿਆਰ ਵਲ ਪ੍ਰੇਰੇ ਜਾਂਦੇ ਹਨ ਅਤੇ ਸਿਕਾਂ ਸਿਕਣ ਤੇ ਕੁਰਬਾਨੀਆਂ ਕਰਨ ਦੀ ਜਾਚ ਆਉਂਦੀ ਹੈ। ਜਿਨ੍ਹਾਂ ਲਿਖਾਰੀਆਂ ਨੇ ਬਚਪਨ ਦੇ ਜ਼ਰੂਰੀ ਤਜਰਬੇ ਨੂੰ ਨਹੀਂ ਸਮਝਿਆ, ਉਨ੍ਹਾਂ ਨੇ ਈਸਾ ਦਾ ਜੀਵਣ ਉਨ੍ਹਾਂ ਦੇ ਬਚਪਨ ਦਾ ਹਾਲ ਦੇਣ ਤੋਂ ਬਿਨਾਂ ਹੀ ਲਿਖ ਦਿਤਾ, ਅਤੇ ਬੁਧ ਮਹਾਰਾਜ ਅਤੇ ਗੁਰੂ ਨਾਨਕ ਦੇ ਮਾਪਿਆਂ ਦੇ ਆਚਰਣ ਨੂੰ ਬਹੁਤ ਕੋਝੇ ਰੰਗ ਵਿਚ ਰੰਗਿਆ। ਜੇ ਲਿਖਾਰੀਆਂ ਨੂੰ ਖ਼ਿਆਲ ਹੁੰਦਾ ਕਿ ਮਹਾਂ ਪੁਰਖ ਭੀ ਘਰ ਦੇ ਆਲੇ-ਦੁਆਲੇ ਵਿਚੋਂ ਚੰਗਾ ਅਸਰ ਲੈ ਸਕਦੇ ਹਨ, ਤਾਂ ਓਹ ਇਨ੍ਹਾਂ ਦੇ ਮਾਪਿਆਂ ਦਾ ਜ਼ਿਕਰ ਬੜੇ ਸਤਕਾਰ ਨਾਲ ਕਰਦੇ ਅਤੇ ਉਨ੍ਹਾਂ ਦੇ ਘਰੋਗੀ ਚੁਗਿਰਦੇ ਵਿਚੋਂ ਵੀ ਕੁਝ ਮਹਾਨਤਾ ਦੇ ਚਿੰਨ੍ਹ ਲਭਣ ਦਾ ਜਤਨ ਕਰਦੇ। ਮੈਨੂੰ ਤਾਂ ਗੁਰੂ ਨਾਨਕ ਦੇਵ ਦੀ ਜਨਮਸਾਖੀ ਵਿਚੋਂ ਵਧੀਕ ਤੋਂ ਵਧੀਕ ਦਰਦਨਾਕ ਤੇ ਰੋਮਾਂਚ ਕਰ ਦੇਣ ਵਾਲਾ ਨਜ਼ਾਰਾ ਉਹ ਲਭਦਾ ਹੈ, ਜਿਸ ਵਿਚ ਗੁਰੂ ਜੀ ਪਰਦੇਸ-ਯਾਤਰਾ ਕਰ ਕੇ ਘਰ ਨੂੰ ਪਰਤਦੇ ਹਨ, ਪਰ ਦਿਲ ਨੂੰ ਕਰੜਾ ਕਰ ਕੇ ਆਪ ਬਾਹਰ ਖੂਹ ਤੇ ਬਹਿ ਰਹਿੰਦੇ ਹਨ, ਅਤੇ ਭਾਈ ਮਰਦਾਨੇ ਨੂੰ ਆਪਣੇ ਘਰ ਵਾਲਿਆਂ ਦੀ ਖ਼ਬਰ-ਅਤਰ ਲੈਣ ਲਈ ਪਿੰਡ ਭੇਜਦੇ ਹਨ, ਪਰ ਕਹਿੰਦੇ ਹਨ, "ਇਹ ਨਾ ਦਸੀਂ ਕਿ ਮੈਂ ਵੀ ਇਥੇ ਆਇਆ ਹਾਂ।" ਮਰਦਾਨਾ ਮਾਤਾ ਤ੍ਰਿਪਤਾ ਜੀ ਪਾਸ ਪੁਜਦਾ ਹੈ ਅਤੇ ਘਰ ਦਾ ਹਾਲ ਪੁਛ ਕੇ ਵਿਦਾ ਹੋਣ ਲਗਦਾ ਹੈ, ਤਾਂ ਮਾਤਾ ਜੀ ਵੀ ਉਸ ਦੇ ਪਿਛੇ ਪਿਛੇ ਪਿੰਡ ਤੋਂ ਬਾਹਰ ਉਸ ਥਾਂ ਪੁਜਦੇ ਹਨ ਜਿਥੇ ਗੁਰੂ ਜੀ ਬੈਠੇ ਹਨ। ਜੇ ਕਿਸੇ ਨੇ ਮਾਂ ਦੇ ਵਡਿੱਤਣ ਤੇ ਅਰਸ਼ੀ ਅਸਰ ਨੂੰ ਦੇਖਣਾ ਹੋਵੇ ਤਾਂ ਇਸ ਨਜ਼ਾਰੇ ਦੇ ਹਾਲ ਨੂੰ ਪੜ੍ਹੇ। ਮਾਤਾ ਆਪਣੇ ਪੁਤਰ ਨੂੰ ਵੇਖ ਕੇ ਬਿਹਬਲ ਹੋ ਜਾਂਦੀ ਹੈ, ਅਤੇ ਓਸ ਵੇਲੇ ਜੋ ਮਮਤਾ ਵਾਲੇ ਲਫ਼ਜ਼ ਕਹਿੰਦੀ ਹੈ, ਉਨ੍ਹਾਂ ਦਾ ਕਰੁਣਾ-ਰਸ ਉੱਚੀ ਤੋਂ ਉੱਚੀ ਕਵਿਤਾ ਤੇ ਉਚੇ ਤੋਂ ਉਚੇ ਵਲਵਲੇ ਨੂੰ ਮਾਤ ਕਰਦਾ ਹੈ। ਪੁਤਰ ਦਾ ਮੱਥਾ ਚੁੰਮ ਕੇ ਉਹ ਕਹਿੰਦੀ ਹੈ: ਵੇ ਬੱਚਾ! ਮੈਂ ਵਾਰੀ! ਮੈਂ ਤੈਥੋਂ ਵਾਰੀ! ਮੈਂ ਉਨ੍ਹਾਂ ਦੇਸਾਂ ਤੋਂ ਵਾਰੀ! ਉਨ੍ਹਾਂ ਰਾਹਾਂ ਤੋਂ ਵਾਰੀ ਜਿਨ੍ਹਾਂ ਉੱਤੇ ਚਲ ਕੇ ਤੂੰ ਆਇਆ ਹੈਂ!" ਜੇ ਕੋਈ ਸੁਕਾ ਫ਼ਿਲਾਸਫ਼ਰ ਹੁੰਦਾ ਤਾਂ ਓਸ ਵੇਲੇ ਆਪਣੀ ਮਾਂ ਨੂੰ ਕਹਿੰਦਾ, "ਜਾ ਭਈ ਜਾ। ਇਨ੍ਹਾਂ ਤਿਲਾਂ ਵਿਚ ਤੇਲ ਨਹੀਂ। ਤੂੰ ਮਾਇਆ ਦਾ ਰੂਪ ਧਾਰ ਕੇ ਮੈਨੂੰ ਭਰਮਾਉਣ ਆਈ ਹੈ।" ਨਹੀਂ, ਗੁਰੂ ਜੀ ਮਾਤਾ ਜੀ ਦੇ ਬਚਨ ਸੁਣ ਕੇ ਫਿਸ ਪਏ ਅਤੇ ਉਸ ਦੇ ਚਰਨਾਂ ਉਤੇ ਡਿਗ ਕੇ ਰੋਏ, ਖੂਬ ਰੋਏ। ਓਹ ਅਥਰੂ ਹਜ਼ਾਰ ਗਿਆਨ ਧਿਆਨ ਦਾ ਨਚੋੜ ਸਨ, ਹਜ਼ਾਰ ਫ਼ਰਜ਼ਾਂ ਤੇ ਪਰਉਪਕਾਰਾਂ ਦੀ ਜੜ੍ਹ ਨੂੰ ਸਿੰਜਣ ਵਾਲੇ ਸਨ।

ਕੀ ਗੁਰੂ ਨਾਨਕ ਸਾਹਿਬ ਦੇ ਦਿਲ ਉਤੇ ਬੀਬੀ ਨਾਨਕੀ ਦੇ ਪਿਆਰ ਦਾ ਘਟ ਅਸਰ ਸੀ, ਜਿਸ ਨੇ ਬਚਪਨ ਵਿਚ ਲੋਰੀਆਂ ਦੇ ਕੇ ਕੁਛੜ ਚੁਕ ਕੇ ਪਾਲਿਆ ਸੀ ਅਤੇ ਪਿਤਾ ਦੀਆਂ ਚਪੇੜਾਂ ਤੋਂ ਬਚਾਇਆ ਅਤੇ ਖਰੇ ਸੌਦੇ ਕਰਦਿਆਂ ਸਲਾਹਿਆ ਤੇ ਉਤਸ਼ਾਹਿਆ ਸੀ? ਜੇ ਉਹ 'ਨਾਨਕ' ਸਨ ਤਾਂ ਕੀ ਉਹ 'ਨਾਨਕੀ' ਨਹੀਂ ਸੀ?

ਕੀ ਮੁਹੰਮਦ ਸਾਹਿਬ ਦੀ ਜ਼ਿੰਦਗੀ ਉਤੇ ਉਨ੍ਹਾਂ ਦੀ ਬੀਵੀ ਖ਼ਦੀਜਾ ਦਾ ਅਸਰ ਘਟ ਸੀ, ਜਿਸ ਨੇ ਔਖੇ ਤੋਂ ਔਖੇ ਵੇਲੇ ਉਨ੍ਹਾਂ ਦੀ ਮਦਦ ਕੀਤੀ ਤੇ ਉਨ੍ਹਾਂ ਦੇ ਜੀਵਣ-ਆਦਰਸ਼ ਨੂੰ ਸਭ ਤੋਂ ਪਹਿਲਾਂ ਸਮਝ ਕੇ ਉਸ ਵਿਚ ਯਕੀਨ ਕੀਤਾ ਅਤੇ ਸਦਾ ਹੌਸਲਾ ਵਧਾਇਆ? ਜਦ ਹਜ਼ਰਤ ਮੁਹੰਮਦ ਨੂੰ ਰੱਬ ਵਲੋਂ ਬਾਣੀ ਉਤਰਦੀ ਸੀ ਤਾਂ ਉਹ ਥਕ ਕੇ ਇੰਨੇ ਨਿਸਲ ਹੋ ਜਾਂਦੇ ਸਨ ਕਿ ਉਨ੍ਹਾਂ ਨੂੰ ਅਰਾਮ ਦੇ ਕੇ ਮੁੜ ਅਸਲੀ ਹਾਲਤ ਤੇ ਲਿਆਉਣ ਵਾਲੀ ਖ਼ਦੀਜਾ ਹੀ ਸੀ, ਜੋ ਉਨ੍ਹਾਂ ਦਾ ਸਿਰ ਆਪਣੇ ਪੱਟਾਂ ਉਤੇ ਰਖ ਕੇ ਪਿਆਰ ਨਾਲ ਸਭ ਥਕੇਵੇਂ ਦੂਰ ਕਰ ਦਿੰਦੀ ਸੀ।

ਜੇ ਕਾਰਲਾਈਲ ਆਪਣੀ ਤੀਵੀਂ ਨੂੰ ਪਿਆਰ ਕਰਦਾ ਤਾਂ ਉਹ ਇੰਨਾ ਕ੍ਰਿਝੂ ਤੇ ਸੜੂ ਨਾ ਹੁੰਦਾ। ਉਹ ਆਪਣੇ ਕਮਰੇ ਵਿਚ ਬੈਠਾ ਪੜ੍ਹਦਾ ਜਾਂ ਲਿਖਦਾ ਰਹਿੰਦਾ ਸੀ, ਅਤੇ ਉਸ ਦੀ ਵਹੁਟੀ ਵਖ ਬਰਾਂਡੇ ਵਿਚ ਬੈਠੀ ਆਏ ਗਏ ਨੂੰ ਤ੍ਰਾਂਹਦੀ ਰਹਿੰਦੀ। ਜਦ ਕਦੀ ਉਹ ਹੀਆ ਕਰ ਕੇ ਉਸ ਦੇ ਕਮਰੇ ਦਾ ਬੂਹਾ ਖੋਲ੍ਹ ਕੇ ਅੰਦਰ ਝਾਕਦੀ ਤਾਂ ਉਹ ਖਿਝ ਕੇ ਖਾਣ ਨੂੰ ਪੈਂਦਾ ਅਤੇ ਉਸ ਨੂੰ ਤ੍ਰਾਹ ਕੇ ਬਾਹਰ ਕੱਢ ਦਿੰਦਾ। ਉਸ ਦਾ ਸਾਰੇ ਸੰਸਾਰ ਨੂੰ 'ਚੁੱਪ' ਦੇ ਮਜ਼ਮੂਨ ਉਤੇ ਅਮੁੱਕ ਸਿਖਿਆ ਦੇਣ ਦਾ ਕੀ ਲਾਭ ਜਦ ਉਸ ਦੀ ਆਪਣੀ ਕਲਮ ਚੁਪ ਨਹੀਂ ਕਰਦੀ ਅਤੇ ਅਹਿਮਕ ਨਾਈ ਦੀ ਕੈਂਚੀ ਵਾਕਰ ਲੁਤਰ ਲੁਤਰ ਕਰਦੀ ਰਹਿੰਦੀ ਹੈ? ਉਸ ਦਾ ਲੰਮੇ ਲੰਮੇ ਲੇਖ ਲਿਖ ਕੇ ਲੋਕਾਂ ਨੂੰ ਚਾਬਕ ਵਰਗੀ ਵਰ੍ਹਦੀ ਤਾੜਨਾ ਕਰਨ ਦਾ ਕੀ ਲਾਭ ਜੇ ਉਹ ਆਪ ਇਕ ਘਰ ਦੀ ਸੁਆਣੀ ਨੂੰ ਭੀ ਅਰਾਮ ਨਾ ਦੇ ਸਕਿਆ?

ਅਜ ਕਲ ਬਹੁਤ ਸਾਰੀ ਦੁਰਾਚਾਰੀ ਦਾ ਕਾਰਣ ਘਰੋਗੀ ਵਸੋਂ ਦਾ ਘਾਟਾ ਅਤੇ ਬਾਜ਼ਾਰੀ ਰਹਿਣੀ-ਬਹਿਣੀ ਦਾ ਵਾਧਾ ਹੈ। ਘਰ ਘਟ ਰਹੇ ਹਨ, ਅਤੇ ਹੋਟਲ ਵਧ ਰਹੇ ਹਨ। ਲੋਕੀ ਘਰ ਦੇ ਸਦਾਚਾਰੀ ਅਸਰ ਨੂੰ ਨਾ ਜਾਣਦੇ ਹੋਏ, ਬਾਲ ਬੱਚੇ ਤੇ ਤੀਵੀਂ ਦੇ ਨਾਲ ਜੀਵਣ ਬਿਤਾਣ ਦੀ ਥਾਂ ਕਲੱਬਾਂ ਤੇ ਹੋਟਲਾਂ ਦੀ ਰਹਿਣੀ ਨੂੰ ਵਧੇਰੇ ਪਸੰਦ ਕਰਦੇ ਹਨ । ਇਸ ਦਾ ਸਿੱਟਾ ਇਹ ਨਿਕਲ ਰਿਹਾ ਹੈ ਕਿ ਲੋਕਾਂ ਵਿਚੋਂ ਉਹ ਘਰੋਗੀ ਜ਼ਿਮੇਵਾਰੀ, ਉਹ ਬਿਰਾਦਰੀ ਵਾਲੀ ਸ਼ਰਾਫ਼ਤ, ਅਤੇ ਉਹ ਮਿਠਤ ਤੇ ਨਿਮ੍ਰਤਾ ਵਾਲੇ ਗੁਣ ਘਟ ਰਹੇ ਹਨ, ਜੋ ਕੇਵਲ ਘਰੋਗੀ ਆਚਰਣ ਤੋਂ ਹੀ ਉਪਜਦੇ ਹਨ। ਇਸਤਰੀ ਤੇ ਬੱਚਿਆਂ ਵਿਚ ਕੇਵਲ ਇਤਨੀ ਦਿਲਚਸਪੀ ਦਸੀ ਜਾਂਦੀ ਹੈ ਜਿਤਨੀ ਕਿ ਉਨ੍ਹਾਂ ਨੂੰ ਘਰ ਤੋਂ ਬਾਹਰ ਲੋਕਾਂ ਦੇ ਸਾਹਮਣੇ ਸ਼ੂਕੇ ਬਾਂਕੇ ਬਣ ਕੇ ਦਿਖਾਣ ਜੋਗਾ ਬਣਾ ਦੇਵੇ। ਇਹ ਬਹੁਤ ਘਟ ਦੇਖਿਆ ਜਾਂਦਾ ਹੈ ਕਿ ਘਰ ਦਾ ਮਾਲਕ ਆਪਣੇ ਘਰ ਦੇ ਬੰਦਿਆਂ ਲਈ ਕੋਈ ਦਿਮਾਗੀ, ਸਦਾਚਾਰਕ ਜਾਂ ਆਤਮਕ ਉਨਤੀ ਵਾਲੇ ਸਾਧਨ ਇਕੱਠਾ ਕਰਦਾ ਹੋਵੇ ਜਾਂ ਖੇਡਾਂ, ਪੁਸਤਕਾਂ, ਸਵਾਦੀ ਤਮਾਸ਼ੇ ਜਾਂ ਧਾਰਮਕ ਸਿਖਿਆ ਦੇ ਸਮਿਆਨ ਵਧਾਣ ਦਾ ਜਤਨ ਕਰਦਾ ਹੋਵੇ।

ਮੁੰਡਿਆਂ ਅਤੇ ਵਿਦਿਆਰਥੀਆਂ ਬਾਬਤ ਭੀ ਸ਼ਕਾਇਤ ਕੀਤੀ ਜਾਂਦੀ ਹੈ ਕਿ ਉਹ ਸਮਾਜਕ ਵਰਤੋਂ ਵਿਚ ਕੋਰੇ ਜਹੇ ਗ਼ੈਰ-ਜ਼ਿੰਮੇਵਾਰ ਅਤੇ ਕਈ ਵੇਰ ਸਦਾਚਾਰ ਦੀਆਂ ਹੱਦਾਂ ਟੱਪ ਜਾਣ ਵਾਲੇ ਹੋ ਜਾਂਦੇ ਹਨ। ਇਸ ਦਾ ਕਾਰਣ ਭੀ ਘਰਾਂ ਨੂੰ ਛਡ ਕੇ ਬੋਰਡਿੰਗਾਂ ਦੀ ਰਹਿਣੀ-ਬਹਿਣੀ ਹੈ। ਜਿਹੜਾ ਮੁੰਡਾ ਬਚਪਨ ਤੋਂ ਲੈ ਕੇ ਉਮਰ ਦਾ ਚੋਖਾ ਹਿਸਾ ਮਾਂ, ਭੈਣ, ਭਰਾ ਤੇ ਗੁਆਂਢੀਆਂ ਤੋਂ ਵਖਰਾ ਰਹਿ ਕੇ ਬੋਰਡਿੰਗ ਵਿਚ ਕਟਦਾ ਹੈ, ਉਸ ਵਿਚ ਘਰੋਗੀ ਗੁਣ (ਲੱਜਾ, ਹਮਦਰਦੀ, ਬਰਾਦਰੀ ਦਾ ਸਨਮਾਨ ਆਦਿ) ਨਹੀਂ ਪੈਦਾ ਹੁੰਦੇ। ਚਾਚੀ ਮਰ ਜਾਏ, ਤਾਂ ਮੁੰਡੇ ਨੂੰ ਆਪਣੇ ਚਾਚੇ ਪਾਸ ਜਾ ਕੇ ਪਰਚਾਉਣੀ ਕਰਨ ਦੀ ਜਾਚ ਨਹੀਂ ਆਉਂਦੀ। ਮਾਂ ਨੂੰ ਨਾਲ ਜਾ ਕੇ ਕਹਿਣਾ ਪੈਂਦਾ ਹੈ, “ਕਾਕਾ ਚਾਚੀ ਲਈ ਅਫ਼ਸੋਸ ਕਰਨ ਆਇਆ ਹੈ।" ਇਹੋ ਜਿਹਾ ਰਿਸ਼ਤੇ ਸੰਬੰਧਾਂ ਤੋਂ ਕੋਰਾ ਅਤੇ ਘਰੋਗੀ ਪਿਆਰਾਂ ਤੋਂ ਭੁਖਾ ਰਖਿਆ ਹੋਇਆ ਮੁੰਡਾ ਜਦ ਸਾਲ ਮਗਰੋਂ ਆਪਣੇ ਪਿੰਡ ਜਾਂਦਾ ਹੈ ਤਾਂ ਕੁੜੀਆਂ ਨੂੰ ਵੇਖ ਕੇ ਆਪਣੀਆਂ ਅਖਾਂ ਜਾਂ ਦਿਲ ਨੂੰ ਸੰਭਾਲ ਨਹੀਂ ਸਕਦਾ, ਅਤੇ ਕਈ ਤਰ੍ਹਾਂ ਦੇ ਖਰੂਦ ਮਚਾਂਦਾ ਹੈ।

ਅਸਲੀ ਧਾਰਮਕ ਜੀਵਨ ਦੀ ਨੀਂਹ ਘਰ ਦੀ ਰਹਿਣੀ-ਬਹਿਣੀ ਵਿਚ ਰਖੀ ਜਾ ਸਕਦੀ ਹੈ। ਪਰ ਲੋਕਾਂ ਦੀ ਰੁਚੀ ਘਰਾਂ ਵਲ ਘਟ ਹੋਣ ਕਰਕੇ ਧਾਰਮਕ ਰਹਿਣੀ ਭੀ ਇਕ ਲੋਕਾਚਾਰ ਬਣ ਗਈ ਹੈ। ਧਰਮ ਘਰਾਂ ਵਿਚੋਂ ਨਿਕਲ ਕੇ ਬਜ਼ਾਰਾਂ ਵਿਚ ਆ ਗਿਆ ਹੈ। ਲੋਕੀ ਧਰਮ ਦੀ ਕਮਾਈ ਬਸ ਇਸੇ ਨੂੰ ਸਮਝੀ ਬੈਠੇ ਹਨ ਕਿ ਦਿਨ-ਦਿਹਾਰ ਨੂੰ ਕਿਸੇ ਦੀਵਾਨ ਵਿਚ ਹਾਜ਼ਰ ਹੋ ਕੇ ਪਾਠ ਲੈਕਚਰ ਜਾਂ ਅਰਦਾਸ ਨੂੰ ਸੁਣ ਛਡਣਾ। ਘਰ ਵਿਚ ਇਸਤਰੀ ਬਚਿਆਂ ਨਾਲ ਰਲ ਕੇ ਪਾਠ ਕਰਨਾ ਜਾਂ ਅਰਦਾਸ ਕਰਨੀ ਬਹੁਤ ਘਟ ਦੇਖੀ ਜਾਂਦੀ ਹੈ। ਪਰ ਅਸਲ ਵਿਚ ਧਾਰਮਕ ਰੁਚੀ ਕੇਵਲ ਉਸੇ ਆਦਮੀ ਦੇ ਅੰਦਰ ਪੈਦਾ ਹੋ ਸਕਦੀ ਹੈ ਜੋ ਘਰ ਵਾਲਿਆਂ ਨਾਲ ਰਲ ਕੇ ਕੋਈ ਧਾਰਮਕ ਸੰਸਕਾਰ ਕਰਦਾ ਜਾਂ ਆਪਣੇ ਰੱਬ ਨੂੰ ਯਾਦ ਕਰਦਾ ਹੈ।

ਜਿਹੜੇ ਲੋਕੀਂ ਘਰੋਗੀ ਜੀਵਣ ਛਡ ਕੇ ਸਾਧ ਸੰਤ ਬਣ ਕੇ ਧਰਮ ਕਮਾਉਣਾ ਚਾਹੁੰਦੇ ਹਨ, ਉਨ੍ਹਾਂ ਲਈ ਇਹ ਕੰਮ ਉਤਨਾ ਹੀ ਔਖਾ ਹੈ ਜਿਤਨਾ ਕਿ ਉਸ ਕਿਸਾਨ ਲਈ ਜੋ ਜ਼ਿਮੀਂ ਨੂੰ ਛਡ ਕੇ ਹਵਾ ਵਿਚ ਬੀ ਬੀਜਣਾ ਚਾਹੇ। ਵਡੇ ਵਡੇ ਮਹਾਂ ਪੁਰਖ ਅਖਵਾਣ ਵਾਲੇ ਜੋ ਗ੍ਰਿਹਸਤ ਤੋਂ ਕੰਨੀ ਕਤਰਾਂਦੇ ਸਨ, ਧਾਰਮਕ ਜਾਂ ਇਖ਼ਲਾਕੀ ਔਕੜ ਪੈਣ ਤੇ ਝਟ ਡਿਗ ਜਾਂਦੇ ਸਨ, (ਕਿਸੇ ਦਾ ਨਾਂ ਕੀ ਲੈਣਾ ਹੋਇਆ?)। ਤੁਸੀਂ ਕਈਆਂ ਦੀਆਂ ਸਾਖੀਆਂ ਪੜ੍ਹਦੇ ਹੋਵੋਗੇ ਕਿ ਓਹ ਸਾਰੀ ਉਮਰ ਜਤੀ ਰਹੇ, ਪਰ ਜਦ ਕਿਸੇ ਦਰਿਆ ਦੇ ਕੰਢੇ ਇਸਤ੍ਰੀਆਂ ਨ੍ਹਾਉਂਦੀਆਂ ਦੇਖੀਆਂ ਤਾਂ ਆਪਣੇ ਆਪ ਉਤੇ ਕਾਬੂ ਨਾ ਰਖ ਸਕੇ। ਕਈ ਤਾਂ ਇਸੇ ਡਰ ਤੋਂ ਕਿ ਕਿਧਰੇ ਮਾਇਆ ਵਿਚ ਵਸ ਨਾ ਜਾਵੀਏ, ਜੰਮਦਿਆਂ ਹੀ ਕਰਮੰਡਲ ਚੁਕ ਕੇ ਬਨਬਾਸ ਕਰਨ ਚਲੇ ਜਾਂਦੇ ਸਨ। ਅੰਤ ਇਹੋ ਜਹਿਆਂ ਨੂੰ ਭੀ ਠੀਕ ਰਸਤਾ ਲਭਦਾ ਸੀ ਤਾਂ ਗ੍ਰਿਸਤੀ ਰਾਜੇ ਜਨਕ ਵਰਗਿਆਂ ਤੋਂ। ਇਸੇ ਲਈ ਸਿਖ ਗੁਰੂਆਂ ਨੇ ਘਰੋਗੀ ਜੀਵਣ ਉਤੇ ਜ਼ੋਰ ਦਿਤਾ, ਕਿਉਂਕਿ ਸਦਾਚਾਰ ਬਣਦਾ ਹੀ ਘਰੋਗੀ ਜੀਵਣ ਤੋਂ ਹੈ। ਧੀਆਂ ਪੁਤਰ ਇਸਤਰੀ ਮਾਤਾ ਪਿਤਾ ਇਹ ਮਾਇਆ ਦੇ ਸੰਬੰਧ ਨਹੀਂ, ਸਗੋਂ ਹਰੀ ਨੇ ਆਪ ਸਾਡੇ ਆਚਰਣ ਢਾਲਣ ਲਈ ਪਵਿੱਤਰ ਸਾਂਚੇ ਬਣਾਏ ਹਨ:

"ਮਾਈ ਬਾਪ ਪੁਤ੍ਰ ਸਭਿ ਹਰਿ ਕੇ ਕੀਏ।
ਸਭਨਾ ਕਉ ਸਨਬੰਧੁ ਹਰਿ ਕਰਿ ਦੀਏ।'(ਗੂਜਰੀ ਮ: ੪)

ਜਿਸ ਨੇ ਕਿਸੇ ਵਿਹਾਰ ਵਿਚ ਪੈ ਕੇ ਨਿਤ ਨਿਤ ਬਦ-ਦਿਆਨਤੀ ਦਾ ਟਾਕਰਾ ਨਹੀਂ ਕੀਤਾ, ਉਸ ਨੇ ਦਿਆਨਤਦਾਰੀ ਦੇ ਗੁਣ ਨੂੰ ਕਿਵੇਂ ਸਿਖਣਾ ਹੋਇਆ? ਇਸੇ ਤਰ੍ਹਾਂ ਜਿਸ ਨੇ ਪਿਤਾ, ਮਾਤਾ, ਭਰਾ, ਭੈਣ, ਪੁਤਰ, ਧੀ ਬਣ ਕੇ ਇਨ੍ਹਾਂ ਔਕੜਾਂ ਦਾ ਮੁਕਾਬਲਾ ਨਹੀਂ ਕੀਤਾ, ਉਸ ਨੂੰ ਇਨ੍ਹਾਂ ਸੰਬੰਧਾਂ ਵਿਚੋਂ ਪੈਦਾ ਹੋਏ ਗੁਣ, ਪਿਤਾ-ਪੁਣਾ, ਪੁਤਰ-ਪੁਣਾ ਆਦਿ ਕਿਵੇਂ ਆ ਸਕਦੇ ਹਨ? ਪਿਆਰ, ਹਮਦਰਦੀ, ਕੁਰਬਾਨੀ, ਸੇਵਾ ਆਦਿ ਗੁਣ ਕਦੀ ਭੀ ਨਹੀਂ ਸਿਖੇ ਜਾ ਸਕਦੇ ਜਦ ਤਕ ਕਿ ਮਨੁਖ ਘਰ ਦੇ ਸੰਬੰਧੀਆਂ ਨਾਲ ਪਿਆਰ, ਉਨ੍ਹਾਂ ਦੀ ਸੰਭਾਲ ਲਈ ਉੱਦਮ ਤੇ ਲਿਆਕਤ ਨਾ ਪੈਦਾ ਕਰੇ।

ਘਰ ਦੇ ਪਿਆਰ ਤੋਂ ਹੀ ਸਮਾਜ ਅਤੇ ਦੇਸ ਦਾ ਪਿਆਰ ਪੈਦਾ ਹੁੰਦਾ ਹੈ। ਕੇਵਲ ਓਹੀ ਲੋਕ ਆਪਣੇ ਮੁਲਕ ਉੱਤੇ ਹਮਲੇ ਜਾਂ ਅਤਿਆਚਾਰ ਹੁੰਦੇ ਨਹੀਂ ਸਹਾਰ ਸਕਦੇ ਜਿਨ੍ਹਾਂ ਦੇ ਘਰਾਂ ਨੂੰ, ਟਬਰਾਂ ਨੂੰ, ਵਹੁਟੀ ਤੇ ਬੱਚਿਆਂ ਨੂੰ ਨੁਕਸਾਨ ਹੋਣ ਦਾ ਖ਼ਤਰਾ ਹੁੰਦਾ ਹੈ। ਮੈਨੂੰ ਹਿੰਦੁਸਤਾਨ ਉਤਨਾ ਹੀ ਪਿਆਰਾ ਹੈ ਜਿਤਨਾ ਕਿ ਮੈਨੂੰ ਆਪਣੇ ਅਡਿਆਲੇ ਪਿੰਡ ਦਾ ਕੱਚਾ ਕੋਠਾ ਅਤੇ ਉਸ ਵਿਚ ਵਸਦੇ ਬੰਦੇ ਪਿਆਰੇ ਹਨ। ਮੈਨੂੰ ਯਾਦ ਹੈ, ਜਦ ਮੈਂ ਰਾਵਲ ਪਿੰਡੀ ਪੜ੍ਹਦਾ ਹੁੰਦਾ ਸਾਂ ਤਾਂ ਹਰ ਹਫ਼ਤੇ ਐਤਵਾਰ ਕਟਣ ਨੂੰ ਆਪਣੇ ਪਿੰਡ ਜਾਂਦਾ ਹੁੰਦਾ ਸਾਂ। ਜਦ ਮੈਂ 'ਚੀਰ ਪੜਾਂ' ਤੋਂ ਲੰਘ ਕੇ 'ਤ੍ਰਪਿਆਂ' ਕੋਲ ਪੁਜਦਾ ਸਾਂ, ਜਿਥੋਂ ਇਕ ਟਿੱਬੇ ਦੇ ਓਹਲੇ ਮੇਰਾ ਪਿੰਡ ਵਸਦਾ ਦਿਸਦਾ ਸੀ, ਤਾਂ ਪਿੰਡ ਦੀ ਪਿਆਰੀ ਝਾਕੀ ਅੱਖਾਂ ਦੇ ਸਾਹਮਣੇ ਆਉਣ ਤੋਂ ਪਹਿਲਾਂ ਮੈਂ ਉਸ ਟਿੱਬੇ ਕੋਲ ਠਹਿਰ ਜਾਂਦਾ ਸੀ ਅਤੇ ਦਿਲ ਨੂੰ ਚੰਗੀ ਤਰ੍ਹਾਂ ਤਿਆਰ ਕਰ ਕੇ ਪਿੰਡ ਵਲ ਝਾਕਣ ਦਾ ਹੀਆ ਕਰਦਾ ਸਾਂ। ਮੁੜਦੀ ਵੇਰ ਭੀ ਪਿੰਡ ਨੂੰ ਅੱਖਾਂ ਤੋਂ ਓਹਲੇ ਹੋਣ ਤੋਂ ਪਹਿਲਾਂ ਮੁੜ ਮੁੜ ਦੇਖਦਾ ਸਾਂ। ਕਈ ਵੇਰੀ ਉਸ ਦੇ ਓਹਲੇ ਹੋ ਜਾਣ ਦੇ ਮਗਰੋਂ ਕੁਝ ਕਦਮ ਪਿੱਛੇ ਪਰਤ ਕੇ ਮੁੜ ਪਿੰਡ ਨੂੰ ਦੇਖਣ ਜਾਂਦਾ ਸਾਂ। ਪਿੰਡ ਕਿੱਡਾ ਪਿਆਰਾ ਹੈ! ਅਤੇ ਉਸ ਵਿਚ ਵਸਦੇ ਮੇਰੇ ਸੰਬੰਧੀ ਹੋਰ ਭੀ ਪਿਆਰੇ ਹਨ। ਕਈ ਲੋਕ ਕਾਫ਼ੀ ਨੂੰ ਇਕ ਰਾਗਣੀ ਕਹਿੰਦੇ ਹਨ। ਸਿਖਾਂ ਦੇ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਨਾਨਕ ਸਾਹਿਬ ਦੀਆਂ ਤਿੰਨ ਕਾਫ਼ੀਆਂ ਮਿਲਦੀਆਂ ਹਨ, ਇਕ ਗੁਰੂ ਅਮਰਦਾਸ ਜੀ ਦੀ, ਇਕ ਗੁਰੂ ਰਾਮਦਾਸ ਜੀ ਦੀ, ਦੋ ਗੁਰੂ ਅਰਜਨ ਦੇਵ ਜੀ ਦੀਆਂ ਅਤੇ ਇਕ ਗੁਰੂ ਤੇਗ ਬਹਾਦਰ ਜੀ ਦੀ। ਇਹ ਕਾਫ਼ੀਆਂ ਆਸਾ, ਸੂਹੀ, ਤਿਲੰਗ ਅਤੇ ਮਾਰੂ ਰਾਗਾਂ ਵਿਚ ਦਿਤੀਆਂ ਹਨ। ਇਹ ਗੱਲ ਧਿਆਨ ਦੇਣ ਯੋਗ ਹੈ ਕਿ ਇਹ ਰਾਗ ਮੁਸਲਮਾਣੀ ਇਲਾਕਿਆਂ ਦੇ ਰਾਗ ਹਨ, ਅਤੇ ਇਨ੍ਹਾਂ ਨੂੰ ਮੁਸਲਮਾਣ ਸੂਫ਼ੀ ਫ਼ਕੀਰਾਂ ਨੇ ਬਹੁਤ ਵਰਤਿਆ ਹੈ। ਇਨ੍ਹਾਂ ਕਾਫ਼ੀਆਂ ਦੀ ਬੋਲੀ ਵਿਚ ਵੀ ਲਹਿੰਦੀ ਤੇ ਮੁਲਤਾਨੀ ਬੋਲੀ ਦੇ ਲਫ਼ਜ਼ ਬਹੁਤ ਵਰਤੇ ਹਨ; ਜਿਵੇਂ ਗੁਰੂ ਅਰਜਨ ਦੇਵ ਦੀ ਸੂਹੀ ਰਾਗ ਵਾਲੀ ਕਾਫ਼ੀ ਲਓ:———

ਜੇ ਭੁੱਲੀ ਜੇ ਚੁੱਕੀ ਸਾਈਂ, ਭੀ ਤਹਿੰਜੀ ਕਾਂਢੀਆਂ।
ਜਿਨ੍ਹਾਂ ਨੇਹੁ ਦੂਜਾਣੇ ਲੱਗਾ, ਝੂਰਿ ਮਰਹੁ ਸੇ ਵਾਂਢੀਆਂ।
ਹਉਂ ਨ ਛੋਡਉ ਕੰਤ ਪਾਸਾਰਾ।
ਸਦਾ ਰੰਗੀਲਾ ਲਾਲੁ ਪਿਆਰਾ ਏਹੁ ਮਹਿੰਜਾ ਆਸਰਾ।੧। ਰਹਾਉ।
ਸਜਣੁ ਤੂਹੈ ਸੈਣੁ ਤੂੰ ਮੈ ਤੁਝ ਉਪਰਿ ਬਹੁ ਮਾਣੀਆ।
ਜਾ ਤੂ ਅੰਦਰਿ ਤਾ ਸੁਖੇ ਤੂੰ ਨਿਮਾਣੀ ਮਾਣੀਆ।੨।
ਜੇ ਤੂ ਤੁਠਾ ਕ੍ਰਿਪਾ-ਨਿਧਾਨ ਨਾ ਦੂਜਾ ਵੇਖਾਲਿ।
ਏਹਾ ਪਾਈ ਮੂ ਦਾਤੜੀ ਨਿਤ ਹਿਰਦੈ ਰਖਾ ਸਮਾਲਿ।੩।

ਇਸ ਤਰ੍ਹਾਂ ਦੇ ਪੰਜ ਬੰਦ ਹੋਰ ਹਨ। ਇਨ੍ਹਾਂ ਵਿਚ ਆਏ ਲਫ਼ਜ਼ ਸਾਈਂ, ਤਹਿੰਜੀ, ਦੂਜਾਣੇ, ਮਹਿੰਜਾ, ਮੂ———ਦਸਦੇ ਹਨ ਕਿ ਬੋਲੀ ਪੰਜਾਬ ਦੇ ਦਖਣ-ਪੱਛਮ ਦੀ ਹੈ।

ਅਸਲ ਵਿਚ ਕਾਫ਼ੀ ਪੰਜਾਬ ਦੇ ਦੱਖਣ-ਪੱਛਮ ਵਲੋਂ ਆਈ, ਜਿਧਰੋਂ ਸੂਫ਼ੀ ਮਤ ਦੇ ਫ਼ਕੀਰ ਲੋਕ ਆਏ। ਇਹ ਸੂਫ਼ੀ ਫ਼ਕੀਰਾਂ ਦੀਆਂ ਮਜਲਸਾਂ ਦੀ ਜੰਮ-ਪਲ ਹੈ। ਇਹ ਕੋਈ ਖ਼ਾਸ ਰਾਗ ਨਹੀਂ, ਅਤੇ ਨਾ ਛੰਦਾਬਦੀ ਦੀ ਕੋਈ ਖ਼ਾਸ ਜ਼ਾਤ ਹੈ, ਜਿਸ ਦੀਆਂ ਮਾਤ੍ਰਾਂ ਤੇ ਰੂਪ ਕਿਸੇ ਨੇਮ ਹੇਠਾਂ ਬਨ੍ਹੀ ਸਕਦੇ ਹੋਣ। 'ਕਾਫ਼ੀ' ਦਾ ਮਹਿਨਾ ਵਾਰ ਵਾਰ ਆਉਣਾ ਹੈ। ਜਦ ਸੂਫ਼ੀ ਫ਼ਕੀਰ ਪ੍ਰੇਮ-ਰਸ ਭਰੇ ਪਦ ਗਾਉਣ ਲਈ ਅਖਾੜਾ ਰਚਦੇ ਹਨ, ਤਾਂ ਇਕ ਮੁਖੀਆ ਅਗੇ ਅਗੇ ਉਚੀ ਸੁਰ ਨਾਲ ਰੱਬ ਦੇ ਪਿਆਰ ਵਿਚ ਕੁਝ ਗਾਉਂਦਾ ਹੈ ਤੇ ਬਾਕੀ ਦੇ ਸਿਰ ਹਿਲਾ ਹਿਲਾ ਕੇ ਤਾਲ ਦਿੰਦੇ ਰਹਿੰਦੇ ਹਨ; ਪਰ ਜਦੋਂ ਬੰਦ ਦੀ ਅੰਤਲੀ ਸਤਰ ਆਉਂਦੀ ਹੈ ਤਾਂ ਸਾਰੇ ਉਸ ਨੂੰ ਰੱਲ ਕੇ ਗਾਉਂਦੇ ਹਨ।

ਬਸ ਇਕ ਦੇ ਪਿੱਛੇ ਰੱਲ ਕੇ ਗਾਈ ਜਾਣ ਵਾਲੀ ਧਾਰਨਾ ਦੇ ਸਬਬ ਇਸ ਗੀਤ ਦਾ ਨਾਂ 'ਕਾਫ਼ੀ' ਪੈ ਗਿਆ ਹੈ। ਇਸ ਵਿਚ ਰੱਬ ਦੇ ਪਿਆਰ ਦਾ ਜੋਸ਼, ਲਹਿੰਦੀ ਬੋਲੀ ਦਾ ਅਸਰ ਅਤੇ ਬਾਰ ਬਾਰ ਆਉਣ ਵਾਲੀ ਧਾਰਨਾ ਦਾ ਹੋਣਾ ਜ਼ਰੂਰੀ ਹੈ। ਅਜ ਕਲ ਇਸ ਨੂੰ ਆਮ ਤੌਰ ਤੇ ਕੱਵਾਲ ਲੋਕ ਗਾਉਂਦੇ ਹਨ। ਇਨ੍ਹਾਂ ਕੱਵਾਲਾਂ ਦਾ ਮਸ਼ਹੂਰ ਅੱਡਾ ਜਲੰਧਰ ਦੇ ਜ਼ਿਲੇ ਨਕੋਦਰ ਵਿਚ ਹੈ। ਇਹ ਲੋਕ ਮੇਲਿਆਂ ਅਤੇ ਉਰਸਾਂ ਉਤੇ ਜਾਂਦੇ ਹਨ, ਅਤੇ ਬੁਲ੍ਹੇ ਸ਼ਾਹ, ਸ਼ਾਹ ਹੁਸੈਨ, ਅਲੀ ਹੈਦਰ ਆਦਿਕਾਂ ਦਾ ਮਾਰਫ਼ਤੀ ਕਲਾਮ ਸੁਣਾਂਦੇ ਹਨ। ਕਈ ਤਾਂ ਗਾਂਦੇ ਗਾਂਦੇ ਨੱਚ ਖਲੋਂਦੇ ਹਨ। ਕਈਆਂ ਨੂੰ ਹਾਲ ਪੈ ਜਾਂਦਾ ਹੈ। ਓਹ ਮਸਤਾਨੇ ਹੋ ਕੇ ਸਿਰ ਮਾਰਨ ਲੱਗ ਪੈਂਦੇ ਹਨ ਅਤੇ ਠਲ੍ਹਿਆਂ ਨਹੀਂ ਠਲ੍ਹੀਂਦੇ। ਤਕੜੇ ਤਕੜੇ ਲੋਕ ਇਨ੍ਹਾਂ ਨੂੰ ਲੱਕੋਂ ਫੜ ਕੇ ਸੰਭਾਲਣ ਦੀ ਕੋਸ਼ਸ਼ ਕਰਦੇ ਹਨ। ਬਹੁਤਾ ਜ਼ੋਰ ਕਰਨ ਵਾਲਿਆਂ ਨੂੰ ਰੱਸਿਆਂ ਨਾਲ ਜਕੜ ਕੇ ਦਰੱਖ਼ਤਾਂ ਨਾਲ ਪੁਠੇ ਲਮਕਾਇਆ ਜਾਂਦਾ ਹੈ। ਜਦ ਚੋਖੇ ਥੱਕ ਜਾਣ ਤਾਂ ਥੱਲੇ ਲਾਹ ਕੇ ਦੱਬ ਘੁਟ ਕੇ ਹੋਸ਼ ਵਿਚ ਲਿਆਇਆ ਜਾਂਦਾ ਹੈ।

ਹੁਣ ਤਾਂ ਭਾਵੇਂ ਹਿੰਦੂ ਤੇ ਸਿੱਖ ਭੀ ਕਾਫ਼ੀਆਂ ਲਿਖਣ ਲਗ ਪਏ ਹਨ, ਪਰ ਸ਼ੁਰੂ ਸ਼ੁਰੂ ਵਿਚ ਇਹ ਗੀਤ ਸੂਫ਼ੀ ਫ਼ਕੀਰਾਂ ਨੇ ਹੀ ਵਰਤਿਆ। ਸੂਫ਼ੀ ਮੱਤ ਈਰਾਨ ਵਿਚ ਪੈਦਾ ਹੋਇਆ, ਜਿੱਥੇ ਸ਼ਾਮੀ ਨਸਲ ਦੇ ਅਰਬੀ ਖ਼ਿਆਲਾਂ ਦਾ ਟਾਕਰਾ ਆਰੀਆ ਨਸਲ ਦੀ ਈਰਾਨੀ ਤਹਿਜ਼ੀਬ ਨਾਲ ਹੋਇਆ। ਸ਼ਾਮੀ (ਜਾਂ ਸੈਮਟਿਕ) ਨਸਲ ਦੇ ਲੋਕ ਰੱਬ ਨੂੰ ਕੁਦਰਤ ਤੋਂ ਬਾਹਰ ਤੇ ਉੱਚਾ ਮੰਨਦੇ ਸਨ, ਅਤੇ ਆਰੀਆ ਨਸਲ ਦੇ ਲੋਕ ਰੱਬ ਨੂੰ ਕੁਦਰਤ ਦੇ ਅੰਦਰ ਪਸਰਿਆ ਹੋਇਆ ਵੇਖਦੇ ਸਨ। ਜਦ ਇਸਲਾਮ ਦਾ ਪਰਚਾਰ ਈਰਾਨ ਵਿਚ ਹੋਇਆ ਤਾਂ ਉਥੇ ਇਨ੍ਹਾਂ ਦੋਹਾਂ ਖ਼ਿਆਲਾਂ ਦਾ ਮੇਲ ਹੋ ਗਿਆ, ਜਿਸ ਤੋਂ ਸੂਫ਼ੀ ਖ਼ਿਆਲ ਦੀ ਨੀਂਹ ਬੱਝੀ। ਸੂਫ਼ੀ ਮਤ ਵਿਚ ਰੱਬ ਨੂੰ ਸਭ ਦੇ ਅੰਦਰ ਤੇ ਸਭ ਦੇ ਬਾਹਰ ਮੰਨਿਆ ਗਿਆ, ਸਗੋਂ ਵੇਦਾਂਤੀਆਂ ਵਾਕਰ ਸਭ ਕੁਝ ਰੱਬ ਹੀ ਰੱਬ ਮੰਨਿਆ ਗਿਆ। ਇਸ ਤੇ ਸ਼ਾਮੀ ਜਾਂ ਮੁਸਲਮਾਣੀ ਅੰਸ਼ ਨੇ ਵਾਧਾ ਇਹ ਕੀਤਾ ਕਿ ਸੂਫ਼ੀ ਮਤ ਵਿਚ ਨਿਰੀ ਫਿਲਸਫ਼ਿਆਨਾ ਵਹਦਾਨੀਅਤ ਦੀ ਥਾਂ ਭਗਤੀ ਵਾਲੀ ਵਹਦਾਨੀਅਤ ਦਾ ਅਸੂਲ ਕੰਮ ਕਰਨ ਲਗਾ। ਰੱਬ ਨਾਲ ਅਭੇਦਤਾ ਦਾ ਅਸੂਲ ਸ਼ਰਈ ਲੋਕਾਂ ਨੂੰ ਖ਼ਤਰਨਾਕ ਭਾਸਿਆ ਕਰਦਾ ਹੈ, ਇਸ ਲਈ ਸੂਫ਼ੀ ਲੋਕ ਆਪਣੇ ਆਲੇ ਜ਼ਰਾ ਲੁਕਵੀਂ ਬੋਲੀ ਜਾਂ ਦੋਅਰਥੇ ਲਫ਼ਜ਼ਾਂ ਵਿਚ ਜ਼ਾਹਰ ਕਰਨ ਲਗ ਪਏ।

ਫੇਰ ਜਦ ਇਹ ਮਤ ਮੁਲਤਾਨ ਵਾਲੇ ਰਸਤੇ ਪੰਜਾਬ ਵਿਚ ਦਾਖ਼ਲ ਹੋਇਆ, ਤਾਂ ਇਸ ਉਤੇ ਪੰਜਾਬੀਅਤ ਦਾ ਅਸਰ ਹੋ ਗਿਆ। ਜਿਥੇ ਅਗੇ ਮਨਸੂਰ, ਜ਼ਕਰੀਏ ਤੇ ਯੂਸਫ ਦਾ ਜ਼ਿਕਰ ਹੁੰਦਾ ਸੀ, ਉਥੇ ਰਾਂਝੇ ਤੇ ਕ੍ਰਿਸ਼ਨ ਨੂੰ ਵੀ ਨਾਲ ਰਲਾ ਲੀਤਾ ਗਿਆ।

ਇਸ ਜੋਗੀ ਦੀ ਕੀ ਨਿਸ਼ਾਨੀ? ਕੰਨ ਵਿਚ ਮੁੰਦਰਾਂ ਗਲ ਵਿਚ ਗਾਨੀ।

ਸੂਰਤ ਉਸ ਦੀ ਯੂਸਫ਼ ਸਾਨੀ। ਉਸ ਅਲਫ਼ੋ ਅਹਦ ਬਣਾਇਆ ਨੀ।
(ਬੁਲ੍ਹੇ ਸ਼ਾਹ)

ਇਹ ਜੋ ਮੁਰਲੀ ਕਾਨ੍ਹ ਬਜਾਈ, ਮੇਰੇ ਦਿਲ ਨੂੰ ਚੇਟਕ ਲਾਈ,
ਆਹੀਂ ਨ੍ਹਾਰੇ ਕਰਦੀ ਆਹੀ, ਮੈਂ ਰੋਵਾਂ ਜ਼ਾਰੋ ਜ਼ਾਰੀ।(ਬੁਲ੍ਹਾ)

ਨਜਦ ਦੇ ਜੰਗਲਾਂ ਦੀ ਥਾਂ ਸੱਸੀ ਦੇ ਥਲਾਂ ਨੇ ਮਲ ਲਈ, ਅਤੇ ਦਜਲੇ ਦੀ ਥਾਂ ਝਨਾਂ ਸ਼ੂਕਣ ਲਗ ਪਈ। ਮੂਸਾ ਦੇ ਇਜੜਾਂ ਦੀ ਥਾਂ ਰਾਂਝੇ ਦੀ ਸੁਰੀਲੀ ਬੰਸਰੀ ਮਗਰ ਕੁੰਡੀਆਂ ਤੇ ਬੂਰੀਆਂ ਦੇ ਵੱਗ ਭਜਦੇ ਦਿਸਣ ਲਗ ਪਏ। ਰੱਬ ਆਜੜੀ ਵਲ ਜਿੰਦ ਬਕਰੀ ਵਾਂਗੂ ਭਜਦੀ ਆਉਂਦੀ ਦਿਸੀ:

"ਵੇਖ ਬਘਿਆੜ ਤੇ ਵਾਗੀਆਂ ਨੂੰ ਤ੍ਰਹਿ ਤ੍ਰਹਿ ਤੁਧ ਈ ਵਲ ਆਵਨੀਆਂ।
ਛੀਂ ਛੀਂ ਕਰੇਂ ਮੈਨੂੰ ਚੱਜ ਨਾ ਆਵੇ, ਗੱਲ ਘੁੰਗਰੂ ਮੈਂ ਛਣਕਾਵਨੀਆਂ।
ਉਗਲ ਉਗਲ ਕੇ ਜ਼ਿਕਰ ਤੈਂਡਾ ਦਿਲ ਜੀਉ ਤੋਂ ਛਿਕ ਲਿਆਵਨੀਆਂ।
ਈਦ ਹੋਵੇ ਕੁਰਬਾਨੀ ਥੀਵਾਂ ਤਾਂ ਸੂਹਾ ਵੇਸ ਬਣਾਵਨੀਆਂ।
ਘਾਹ ਚਰਾਂ ਕਿਵੇਂ ਮੋਟੀ ਥੀਵਾਂ ਲਿੱਸੀ ਕੰਮ ਨ ਆਵਨੀਆਂ।
ਪਰ ਕਿਉਂਕਰ "ਹੈਦਰ" ਮੋਟੜੀ ਥੀਵਾਂ ਖ਼ੰਜਰ ਤੋਂ ਤਰਸਾਵਨੀਆਂ।"

ਜਿਥੇ ਈਰਾਨੀ ਸੂਫ਼ੀਆਂ ਦੀਆਂ ਮਹਫ਼ਲਾਂ ਵਿਚ ਸ਼ਰਾਬ ਦੇ ਦੌਰਾਂ ਦਾ ਜ਼ਿਕਰ ਹੁੰਦਾ ਸੀ, ਉਥੇ ਹੁਣ ਕੱਤਣ ਤੁੰਮਣ ਦਾ ਜ਼ਿਕਰ ਹੋਣ ਲੱਗਾ:

ਭੈਣਾ, ਮੈਂ ਕਤਦੀ ਕਤਦੀ ਹੁੱਟੀ।
ਪੜੀ ਪਛੀ ਪਛਵਾੜੇ ਰਹਿ ਗਈ, ਹੱਥ ਵਿਚ ਰਹਿ ਗਈ ਜੁੱਟੀ।
ਅੱਗੇ ਚਰਖਾ ਪਿਛੇ ਪੀਹੜਾ, ਹੱਥ ਮੇਰਿਓ ਤੰਦ ਟੁੱਟੀ।
ਸੈ ਵਰ੍ਹਿਆਂ ਪਿਛੋਂ ਛਲੀ ਲਾਹੀ, ਕਾਗ ਮਰੇਂਦਾ ਝੁੱਟੀ।
ਭਲਾ ਹੋਇਆ ਮੇਰਾ ਚਰਖਾ ਟੁਟਾ, ਜਿੰਦ ਅਜ਼ਾਬੋਂ ਛੁੱਟੀ।(ਬੁੱਲ੍ਹਾ)

ਇਸੇ ਤਰ੍ਹਾਂ ਸ਼ਾਹ ਹੁਸੈਨ, ਜੋ ਜੁਲਾਹੇ ਦਾ ਕੰਮ ਕਰਦੇ ਸਨ, ਆਪਣੇ ਕਸਬ ਦੇ ਰਾਹੀਂ ਉੱਚੇ ਤੋਂ ਉੱਚੇ ਮਾਰਫ਼ਤ ਦੇ ਖ਼ਿਆਲ ਜ਼ਾਹਰ ਕਰਦੇ ਹਨ:——

ਜਿੰਦੂ ਮੈਂਡੜੀਏ! ਤੇਰਾ ਨਲੀਆਂ ਦਾ ਵਖਤ ਵਿਹਾਣਾ।
ਰਾਤੀਂ ਕਤੈਂ ਰਾਤੀਂ ਅਟੇਰੈਂ ਗੋਸ਼ੇ ਲਾਇਓ ਤਾਣਾ।
ਇਕ ਜੁ ਤੰਦ ਅਵੱਲਾ ਪੈ ਗਿਆ, ਸਾਹਿਬ ਮੂਲ ਨਾ ਭਾਣਾ।

ਪੰਜਾਬ ਦੀ ਜੱਟ ਕੌਮ ਭੀ ਸੂਫ਼ੀਆਂ ਦੇ ਲੇਖੇ ਲਗ ਗਈ। ਮੀਰਾਂ ਸ਼ਾਹ ਜਲੰਧਰੀ ਕਹਿੰਦਾ ਹੈ:——

ਲੋਕ ਅਸਾਂ ਨੂੰ ਆਖਣ ਜੱਟੀਆਂ।
ਜਟੀਆਂ ਹਾਂ, ਪਰ ਇਸ਼ਕ ਨੇ ਪੱਟੀਆਂ,
ਨੈਣ ਮਾਹੀ ਸੰਗ ਲਾਏ, ਇਸ਼ਕੋਂ ਹਟਕ ਨਹੀਂ।

ਪੰਜਾਬ ਦੇ ਦਰਿਆ, ਪੰਜਾਬ ਦੇ ਪਤਣ, ਪੰਜਾਬ ਦਾ ਇਤਿਹਾਸ, ਪੰਜਾਬੀਆਂ ਦੀ ਕਿਸਮਤ ਨਾਲ ਸੂਫ਼ੀ ਫ਼ਕੀਰਾਂ ਨੇ ਅਪਣਿਅਤ ਪਾ ਲਈ। ਬੁਲ੍ਹੇ ਸ਼ਾਹ "ਬੁਰਾ ਹਾਲ ਹੋਇਆ ਪੰਜਾਬ ਦਾ, ਦਰ ਖੁਲ੍ਹਾ ਹਸ਼ਰ ਅਜ਼ਾਬ ਦਾ" ਦੇਖ ਕੇ ਲਹੂ ਦੇ ਹੰਝੂ ਰੋਂਦਾ ਹੈ। ਉਹ ਮੁਗਲਾਂ ਦੇ ਜ਼ਹਿਰੀ ਸ਼ਰਾਬ ਪੀ ਪੀ ਕੇ ਗ਼ਰਕ ਹੋਣ ਅਤੇ ਭੂਰਿਆਂ ਵਾਲੇ ਸਿਖਾਂ ਨੂੰ ਚੜ੍ਹਦੀਆਂ ਕਲਾਂ ਵਿਚ ਵੇਖ ਕੇ ਰੱਬ ਦੀ ਰਜ਼ਾ ਨੂੰ ਚੇਤੇ ਕਰਦਾ ਹੈ:——

"ਭੂਰਿਆਂ ਵਾਲੇ ਰਾਜੇ ਕੀਤੇ। ਮੁਗ਼ਲਾਂ ਜ਼ਹਿਰ ਪਿਆਲੇ ਪੀਤੇ।"

ਗੁਰੂ ਨਾਨਕ ਤੋਂ ਬਾਅਦ ਸਭ ਤੋਂ ਪੁਰਾਣੀਆਂ ਕਾਫ਼ੀਆਂ ਸ਼ਾਹ ਹੁਸੈਨ ਲਾਹੌਰੀ ਦੀਆਂ ਮਿਲਦੀਆਂ ਹਨ। ਇਹ ਸੰਨ ੯੪੫ ਹਿ: ਤੋਂ ੧੦੦੮ ਤਕ ਜੀਵੇ। ਇਹ ਇਕ ਹਿੰਦੂਓਂ ਬਣੇ ਮੁਸਲਮਾਣ ਦੇ ਘਰ ਪੈਦਾ ਹੋਏ ਸਨ, ਅਤੇ ਇਨ੍ਹਾਂ ਦੇ ਖ਼ਿਆਲਾਂ ਵਿਚ ਕੁਝ ਕੁਝ ਝਲਕ ਆਵਾਗੌਣ ਦੇ ਖ਼ਿਆਲ ਦੀ ਮਿਲਦੀ ਹੈ। ਉਹ ਕਹਿੰਦੇ ਹਨ:———

ਇਸ ਚੋਪਟ ਦੇ ਚੁਰਾਸੀ ਖ਼ਾਨੇ।
ਜੁਗ ਜੁਗ ਵਿਛੜੇ ਮਿਲ ਚੋਟਾਂ ਖਾਂਦੇ।
ਕੀ ਜਾਣਾਂ ਕੀ ਪਉਸੀ ਦਾ।
ਨਰਦ ਇਕੇਲੀ ਫਿਰ ਫਿਰ ਮਰਸੀ।
ਜੋ ਪਕ ਗਈ ਸੋ ਫਿਰ ਨਾ ਮਰਸੀ।
ਚੜ੍ਹਸੀ ਪਉਸੀ ਪੂਰਾ ਦਾ।

ਇਨ੍ਹਾਂ ਦੀ ਬੋਲੀ ਬਹੁਤ ਸਰਲ, ਸਾਫ਼ ਤੇ ਸਾਦੀ ਹੁੰਦੀ ਹੈ। ਤਸ਼ਬੀਹਾਂ ਆਮ ਵਰਤੋਂ———ਦਾਣੇ ਭੁਨਾਣ, ਚਰਖਾ ਕਤਣ, ਪਾਣੀ ਭਰਨ———ਤੋਂ ਲਭੀਆਂ ਹੁੰਦੀਆਂ ਹਨ।

ਕਾਫ਼ੀ ਦੀ ਉਸਾਰੀ ਅਤੇ ਸੂਫ਼ੀ ਖ਼ਿਆਲ ਦੀ ਤਰਤੀਬ ਤੇ ਤਰੱਕੀ, ਜੋ ਸੱਯਦ ਬੁਲ੍ਹੇ ਸ਼ਾਹ ਦੇ ਹੱਥੋਂ ਹੋਈ, ਉਸ ਦਾ ਕੋਈ ਅੰਤ ਨਹੀਂ। ਇਨ੍ਹਾਂ ਨੇ ਕਾਫ਼ੀ ਨੂੰ ਰਾਗ, ਬੋਲੀ ਦੀ ਵਿਸ਼ਾਲਤਾ ਅਤੇ ਰੱਬੀ ਇਸ਼ਕ ਨਾਲ ਭਰਪੂਰ ਕਰ ਕੇ ਇਤਨਾ ਹਰ-ਮਨ-ਪਿਆਰਾ ਬਣਾ ਦਿਤਾ ਕਿ ਉਸ ਵਕਤ ਤੋਂ ਲੈ ਕੇ ਹੁਣ ਤਕ ਇਨ੍ਹਾਂ ਦੀ ਰਚਨਾ ਹਿੰਦੂਆਂ ਮੁਸਲਮਾਣਾਂ ਦੀ ਜ਼ਬਾਨ ਤੇ ਚੜ੍ਹੀ ਆਉਂਦੀ ਹੈ।

ਬੁਲ੍ਹੇ ਸ਼ਾਹ ਕਸੂਰ ਦੇ ਨੇੜੇ ਪੰਡੋਕ ਜ਼ਿਲਾ ਲਾਹੌਰ ਵਿਚ ੧੬੮੦ ਵਿਚ ਪੈਦਾ ਹੋਏ। ਇਹ ਹੋਰ ਸੂਫ਼ੀਆਂ ਵਾਕਰ ਆਪਣੇ ਖ਼ਿਆਲਾਂ ਨੂੰ ਕੱਚੇ ਪਿਲੇ ਲੋਕਾਂ ਦੀ ਨਜ਼ਰ ਤੋਂ ਬਚਾਣ ਲਈ ਦੋਅਰਥੇ ਲਫ਼ਜ਼ਾਂ ਵਿਚ ਜ਼ਾਹਰ ਕਰਦੇ ਸਨ:———

ਰਾਂਝੇ ਨੂੰ ਮੈਂ ਗਾਲੀਆਂ ਦੇਵਾਂ, ਮਨ ਵਿਚ ਕਰਾਂ ਦੁਆਈਂ।
ਮੈਂ ਤੇ ਰਾਂਝਾ ਇਕੋ, ਐਵੇਂ ਲੋਕਾਂ ਨੂੰ ਅਜ਼ਮਾਈਂ।
ਜਿਸ ਬੇਲੇ ਵਿਚ ਬੇਲੀ ਵੱਸੇ, ਉਸ ਦੀਆਂ ਲਵਾਂ ਬਲਾਈਂ।
ਬੁਲ੍ਹਾ ਸ਼ਹੁ ਨੂੰ ਪਾਸੇ ਛਡ ਕੇ ਜੰਗਲ ਵਲ ਨਾ ਜਾਈਂ।

ਕਈ ਵਾਰੀ ਲੋਕਾਂ ਦੀ ਬੇਸਮਝੀ ਤੋਂ ਅੱਕ ਕੇ ਕਹਿ ਉਠਦੇ ਸਨ:

"ਬੁਲ੍ਹਿਆ ਤੈਨੂੰ ਕਾਫ਼ਰ ਕਾਫ਼ਰ ਆਖਦੇ, ਤੂੰ ਆਹੋ ਆਹੋ ਆਖ।"

ਪਰ ਆਮ ਤੌਰ ਤੇ ਉਹ ਬਚ ਕੇ ਹੀ ਰਹਿੰਦੇ ਸਨ। ਕਹਿੰਦੇ ਹਨ:
"ਸ਼ਰੀਅਤ ਸਾਡੀ ਦਾਈ ਹੈ। ਤਰੀਕਤ ਸਾਡੀ ਮਾਈ ਹੈ।
ਅਗੋਂ ਹਕ ਹਕੀਕਤ ਪਾਈ ਹੈ। ਤੇ ਮਾਰਫਤੋਂ ਕੁਝ ਪਾਇਆ ਹੈ।"

ਉਨ੍ਹਾਂ ਦਾ ਨਿਸਚਾ ਸੀ ਕਿ ਰੱਬ ਤਕ ਪਹੁੰਚਣ ਲਈ ਗੁਰੂ ਪੀਰ ਦੀ ਲੋੜ ਹੈ:———

"ਜੇ ਕੋਈ ਉਸ ਨੂੰ ਭਾਲਣ ਜਾਵੇ। ਬਾਝ ਵਸੀਲੇ ਹਥ ਨਾ ਆਵੇ।
ਸ਼ਾਹ ਅਨਾਇਤ ਭੇਤ ਬਤਾਵੇ। ਤਾਂ ਖੁਲ੍ਹੇ ਸਭ ਅਸਰਾਰ।"

ਇਕ ਵਾਰੀ ਕਿਧਰੇ ਆਪਣਾ ਖ਼ਿਆਲ ਬਹੁਤ ਖੁਲ੍ਹੇ ਲਫਜ਼ਾਂ ਵਿਚ ਇਉਂ ਕਹਿ ਬੈਠੇ:

"ਹਾਜੀ ਲੋਕ ਮਕੇ ਨੂੰ ਜਾਂਦੇ, ਅਸਾਂ ਜਾਣਾ ਤਖ਼ਤ ਹਜ਼ਾਰੇ।
ਜਿਤ ਵਲ ਯਾਰ ਉਤੇ ਵਲ ਕਾਬਾ, ਭਾਵੇਂ ਵੇਖ ਕਤਾਬਾਂ ਚਾਰੇ।
ਭਠ ਨਮਾਜ਼ਾਂ, ਚਿਕੜ ਰੋਜ਼ੇ, ਕਲਮੇ ਤੇ ਫਿਰ ਗਈ ਸਿਆਹੀ।
ਬੁਲ੍ਹੇ ਸ਼ਾਹ ਸ਼ਹੁ ਅੰਦਰ ਮਿਲਿਆ, ਭੁੱਲੀ ਫਿਰੇ ਲੁਕਾਈ।"

ਇਹੋ ਜਹੀਆਂ ਗਲਾਂ ਸੁਣ ਕੇ ਬੁਲ੍ਹੇ ਦੇ ਪੀਰ ਅਨਾਇਤ ਸ਼ਾਹ ਹੁਰੀ ਗੁੱਸੇ ਹੋ ਗਏ, ਅਤੇ ਉਹਨੂੰ ਆਪਣੇ ਦਾਇਰੇ ਵਿਚੋਂ ਕਢ ਦਿਤਾ। ਇਸ ਤੇ ਬੁਲ੍ਹੇ ਸ਼ਾਹ ਨੇ ਕਈ ਬਹੁਤ ਵਿਛੋੜੇ ਭਰੀਆਂ ਕਾਫ਼ੀਆਂ ਆਖਣੀਆਂ ਸ਼ੁਰੂ ਕਰ ਦਿਤੀਆਂ:

"ਮੈਂ ਨ੍ਹਾਤੀ ਧੋਤੀ ਰਹਿ ਗਈ। ਕਾਈ ਗੰਢ ਮਾਹੀ ਦਿਲ ਪੈ ਗਈ।

ਦੁਖ ਸੂਲਾਂ ਨੇ ਕੀਤਾ ਏਕਾ। ਨਾ ਕੋਈ ਸਹੁਰਾ ਨਾ ਕੋਈ ਪੇਕਾ।
ਦਰਦ-ਵਿਹੂਣ! ਪਈ ਦਰ ਤੇਰੇ, ਤੂੰਹੀ ਦਰਦ-ਰੰਞਾਣੀ ਦਾ।"

ਆਪਣੇ ਪੀਰ ਦੇ ਪਿਛੇ ਪਿਛੇ ਪਏ ਫਿਰਦੇ ਸਨ। ਇਕ ਵੇਰ ਜਦ ਪੀਰ ਹੋਰੀ ਮੋਢੇ ਤੇ ਕੰਬਲ ਅਤੇ ਹਥ ਵਿਚ ਸੋਟੀ ਲਈ ਮਸੀਤੋਂ ਨਿਕਲੇ ਤਾਂ ਬੁਲ੍ਹੇ ਹੋਰੀ ਖ਼ੁਸ਼ੀ ਵਿਚ ਮਸਤ ਹੋ ਕੇ ਇਉਂ ਗਾਉਣ ਲਗੇ:———

ਬਸ ਕਰ ਜੀ, ਹੁਣ ਬਸ ਕਰ ਜੀ। ਕਾਈ ਗੱਲ ਅਸਾਂ ਨਾਲ ਹੱਸ ਕਰ ਜੀ

ਤੂੰ ਮੋਇਆਂ ਨੂੰ ਮਾਰ ਨ ਮੁਕਦਾ ਸੈਂ।
ਫੜ ਖਿੱਦੋ ਵਾਂਗੂ ਸੁਟਦਾ ਸੈਂ।
ਗੱਲ ਕਰਦੇ ਸਾਂ ਗਲ ਘੁਟਦਾ ਸੈਂ।
ਹੁਣ ਤੀਰ ਲਾਇਓ ਈ ਕੱਸ ਕਰ ਜੀ।
ਤੁਸੀਂ ਛਪਦੇ ਸੀ, ਅਸੀਂ ਪਕੜੇ ਹੋ।
ਤੁਸੀਂ ਅਜੇ ਛਪਣ ਨੂੰ ਤਕੜੇ ਹੋ।
ਅਸੀਂ ਹਿਰਦੇ ਅੰਦਰ ਜਕੜੇ ਹੋ।
ਹੁਣ ਕਿਧਰ ਜਾਸੋ ਨੱਸ ਕਰ ਜੀ।

ਇਹ ਸੁਣ ਕੇ ਸ਼ਾਹ ਅਨਾਇਤ ਨੇ ਫ਼ਰਮਾਇਆ, 'ਓਏ ਤੂੰ ਬੁਲ੍ਹਾ, ਏ?' ਆਪ ਨੇ ਉੱਤਰ ਦਿਤਾ, 'ਨਹੀਂ ਜੀ, ਭੁੱਲਾ ਹਾਂ।' ਫੇਰ ਕੀ ਸੀ ਪੀਰ ਹੋਰਾਂ ਨੇ ਖ਼ੁਸ਼ ਹੋ ਕੇ ਛਾਤੀ ਨਾਲ ਲਾ ਲਿਆ ਅਤੇ ਬੁਲ੍ਹੇ ਹੋਰੀ ਖ਼ੁਸ਼ੀ ਵਿਚ ਨਚਣ ਤੇ ਗਾਉਣ ਲਗ ਪਏ

ਆਓ ਸਹੀਓ! ਰਲ ਦਿਓ ਨੀ ਵਧਾਈ, ਮੈਂ ਵਰ ਪਾਇਆ ਰਾਂਝਾ ਮਾਹੀ।
ਅਜ ਦਾ ਰੋਜ਼ ਮੁਬਾਰਕ ਚੜ੍ਹਿਆ, ਰਾਂਝਾ ਸਾਡੇ ਵਿਹੜੇ ਵੜਿਆ।
ਹਥ ਖੂੰਡੀ ਮੋਢੇ ਕੰਬਲ ਧਰਿਆ, ਚਾਕਾਂ ਵਾਲੀ ਸ਼ਕਲ ਬਣਾਈ।

ਮੁਰਸ਼ਦ ਦੇ ਮਿਲਣ ਨਾਲ ਰੱਬ ਮਿਲਦਾ ਹੈ। ਇਸ ਮੇਲ ਦਾ ਨਕਸ਼ਾ ਇਉਂ ਖਿਚਿਆ ਹੈ:———

"ਹੀਰ ਰਾਂਝੇ ਦੇ ਹੋ ਗਏ ਮੇਲੇ। ਭੁੱਲੀ ਹੀਰ ਢੂੰਡੇਦੀ ਬੇਲੇ।
ਰਾਂਝਾ ਯਾਰ ਬੁਕਲ ਵਿਚ ਖੇਲੇ। ਸੁਧ ਨ ਰਹੀਆ ਸੁਰਤ ਸੰਭਾਲ।
ਇਸ਼ਕ ਦੀ ਨਵੀਓਂ ਨਵੀਂ ਬਹਾਰ।"

"ਬਾਤਨ ਹੋ ਕੇ ਜ਼ਾਹਰ ਧਾਇਓ। ਘੁੰਗਟ ਖੋਲ੍ਹ ਜਮਾਲ ਦਿਖਾਇਓ।
ਸ਼ਾਹ ਅਨਾਇਤ ਬਣ ਕਰ ਆਇਓ। ਅਤੇ ਬੁਲਾ ਨਾਮ ਧਰਾਇਓ।"

ਹੁਣ ਹਿੰਦੂ ਮੁਸਲਮਾਣ ਦੇ ਵਿਤਕਰੇ ਮਿਟ ਗਏ:———

"ਕਿਤੇ ਰਾਮ ਦਾਸ, ਕਿਤੇ ਫਤ੍ਹੇ ਮੁਹੰਮਦ, ਇਹੋ ਕਦੀਮੀ ਸ਼ੋਰ।
ਮਿਟ ਗਿਆ ਦੋਹਾਂ ਦਾ ਝਗੜਾ, ਨਿਕਲ ਪਿਆ ਕੁਝ ਹੋਰ।"

ਇਸ਼ਕ ਦੇ ਅੰਤਲੇ ਦਰਜੇ 'ਫ਼ਨਾ ਫ਼ਿੱਲਾ' ਤੇ ਪੁਜ ਗਏ, ਅਤੇ ਆਪਣੇ ਆਪ ਨੂੰ ਸਭ ਤੋਂ ਮੁਢਲੀ ਹਸਤੀ ਨਾਲ ਇਕ-ਮਿਕ ਹੋਇਆ ਮੰਨਣ ਲਗੇ:———

"ਹਾਬੀਲ ਕਾਬੀਲ ਆਦਮ ਦੇ ਜਾਏ, ਆਦਮ ਕਿਸ ਦਾ ਜਾਇਆ?
ਬੁਲ੍ਹਾ ਉਨ੍ਹਾਂ ਤੋਂ ਭੀ ਅੱਗੇ ਆਹਾ, ਦਾਦਾ ਗੋਦ ਖਿਡਾਇਆ।
ਢੋਲਾ ਆਦਮੀ ਬਣ ਆਇਆ।"

ਬਸ,"ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ।
ਸੱਦੋ ਨੀ ਮੈਨੂੰ ਧੀਦੋ ਰਾਂਝਾ, ਹੀਰ ਨ ਆਖੋ ਕੋਈ।"

ਬੁਲ੍ਹੇ ਸ਼ਾਹ ਦੀ ਰਚਨਾ ਦੀ ਇਤਨੀ ਧਾਕ ਪੈ ਗਈ ਕਿ ਕਈ ਫ਼ਕੀਰ ਹਿੰਦੂ ਤੇ ਮੁਸਲਮਾਣ ਇਨ੍ਹਾਂ ਦੀ ਨਕਲ ਕਰਨ ਲਗ ਪਏ।

ਸੰਤ ਸੁਰਜਨ ਦਾਸ ਆਜ਼ਾਦ ਅਤੇ ਮੀਰਾਂ ਸ਼ਾਹ ਜਲੰਧਰੀ ਬੁਲ੍ਹੇ ਦੀ ਤਰਜ਼ ਤੇ ਲਿਖਦੇ ਆਏ ਹਨ। ਸੂਫੀ ਆਕਲ ਮੁਹੰਮਦ ਸਾਕਨ ਹੜੰਦ, ਅਤੇ ਮੌਲਵੀ ਜਮਾਲ ਦੀਨ ਵੀ ਇਨ੍ਹਾਂ ਨਕਲ ਕਰਨ ਵਾਲਿਆਂ ਵਿਚੋਂ ਸਨ, ਭਾਵੇਂ ਇਨ੍ਹਾਂ ਦੀ ਨਕਲ ਵਿਚ ਕੁਝ ਅਕਲ ਵੀ ਦਿਸ ਪੈਂਦੀ ਹੈ।

ਅਲੀ ਹੈਦਰ ਅਤੇ ਹਾਸ਼ਮ ਭੀ ਕਾਫ਼ੀਆਂ ਲਿਖ ਗਏ। ਉਨ੍ਹਾਂ ਦਾ ਸਵਾਦ ਆਪਣਾ ਹੈ, ਪਰ ਵਕਤ ਥੋੜ੍ਹਾ ਹੋਣ ਕਰਕੇ ਮੈਂ ਨਮੂਨੇ ਨਹੀਂ ਦੇ ਸਕਦਾ। ਹਾਂ ਮੀਆਂ ਨੌ-ਰੋਜ਼ ਦੀ ਇਕ ਕਾਫੀ ਦੇ ਕੇ ਖ਼ਤਮ ਕਰਦਾ ਹਾਂ। ਇਹ ਰਿਆਸਤ ਬਹਾਵਲਪੁਰ ਦੇ ਵਸਨੀਕ ਸਨ ਅਤੇ ਮੁਲਤਾਨੀ ਤਰਜ਼ ਦੀ ਕਾਫ਼ੀ ਲਿਖਦੇ ਸਨ:———

ਪਤਣੋਂ ਜੀਵੇਂ ਪਾਰ ਲੰਘਾ, ਬੇੜੀ ਵਾਲਿਆ ਮੀਰ ਮਲਾਹ!
ਵੱਞਣਾ ਯਾਰ ਦੀ ਝੋਕ ਜ਼ਰੂਰੇ, ਲੰਘਣਾ ਸਾਕੋਂ ਪਹਿਲੜੇ ਪੂਰੇ,
ਨਾ ਕਰ ਝਗੜਾ ਵੰਝ ਉਠਾ।
ਵੰਝ ਤੇ ਚਪੇ ਸੰਭਲ ਤੇ ਚੋਲੀ,
ਸਾਕੋਂ ਅਧ ਦਰਿਆ ਨ ਰੋਲੀਂ, ਹੈ ਗਲ ਤੈਂਡੇ ਲਾਜ ਕੇਹਾ।
ਤੂੰ ਸਰਦਾਰ ਪਤਣ ਦਾ ਸਾਈਂ, ਸਾਕੋਂ ਕੰਧੀ ਪਾਰ ਪੁਚਾਈਂ,
ਡੇਸੀ ਤੈਂਕੋ ਅਜਰ ਖ਼ੁਦਾ। ਬੇੜੀ ਵਾਲਿਆ ਮੀਰ ਮਲਾਹ!

ਮੈਂ ਉਸ ਨੂੰ ਨਿਕਿਆਂ ਹੁੰਦਿਆਂ ਤੋਂ ਜਾਣਦਾ ਸਾਂ, ਕਿਉਂਕਿ ਉਹ ਮੇਰੇ ਭਾਈਏ ਹੋਰਾਂ ਜੋਗੇ ਬੂਟ ਬਣਾਉਂਦਾ ਹੁੰਦਾ ਸੀ। ਉਹ ਅੰਮ੍ਰਿਤਸਰ ਵਿਚ ਸ਼ੇਰ ਸਿੰਘ ਦੇ ਕਟੜੇ ਵਿਚ ਇਕ ਦੁਕਾਨ ਵਿਚ ਕੰਮ ਕਰਦਾ ਹੁੰਦਾ ਸੀ। ਇਹ ਹੱਟੀ ਦੋ ਹੱਟੀਆਂ ਰਲਾ ਕੇ ਇੱਕੋ ਬਣੀ ਹੋਈ ਸੀ। ਹੁਣ ਤਾਂ ਇਹ ਬਜ਼ਾਰ ਬੜਾ ਉਜਾੜ ਜਿਹਾ ਹੈ ਤੇ ਘਟ ਵਧ ਹੀ ਕੋਈ ਉਧਰੋਂ ਲੰਘਦਾ ਹੈ, ਪਰ ਕਦੇ ਉਥੇ ਬੜੀ ਰੌਣਕ ਹੁੰਦੀ ਸੀ।

ਇਹ ਅਣੋਖੀ ਤਰ੍ਹਾਂ ਦਾ ਹੀ ਦੁਕਾਨਦਾਰ ਸੀ। ਇਸ ਦੀ ਹੱਟੀ ਉਤੇ ਕੋਈ ਵੱਡਾ ਸਾਰਾ ਸਾਈਨ-ਬੋਰਡ ਨਹੀਂ ਸੀ ਲੱਗਾ ਹੋਇਆ। ਨਾ ਉਹ ਕਿਸੇ ਦਾ ਚੀਫ਼ ਏਜੰਟ ਸੀ। ਨਾ ਉਸ ਨੇ ਕਿਤੇ ਇਹ ਲਿਖਿਆ ਸੀ ਕਿ ਉਸ ਦੇ ਬਣਾਏ ਬੂਟ ਸਰਕਾਰ ਖਰੀਦਦੀ ਹੈ। ਨਾ ਹੀ ਕੋਈ ਸ਼ੀਸ਼ਿਆਂ ਵਾਲੀਆਂ ਅਲਮਾਰੀਆਂ ਰਖ ਕੇ ਉਨ੍ਹਾਂ ਵਿਚ ਰੰਗ-ਬਰੰਗੇ ਬੂਟ ਸਜਾਏ ਹੋਏ ਸਨ। ਨਾ ਭਾਂਤ ਭਾਂਤ ਦੇ ਡੱਬੇ ਦਿਸਦੇ ਸਨ। ਹੱਟੀ ਲਭਣ ਵਾਲਿਆਂ ਦੀ ਅਗਵਾਈ ਲਈ ਉਥੇ ਇੱਕੋ ਨਿਸ਼ਾਨੀ ਸੀ। ਉਸ ਨੇ ਇਕ ਗੱਤੇ ਉਤੇ ਆਪੇ ਹੀ ਕੇਵਲ ਆਪਣਾ ਨਾਂ 'ਗੰਗਾ ਦੀਨ' ਲਿਖ ਕੇ ਧਾਗੇ ਨਾਲ ਬੂਹੇ ਤੇ ਲਟਕਾ ਛਡਿਆ ਸੀ। ਇਹ ਭੀ ਉਸ ਨੇ ਡਾਕੀਏ ਤੇ ਹੋਰ ਕਈ ਇਕ ਗਾਹਕਾਂ ਦੇ ਕਹਿਣ ਤੇ ਕੀਤਾ ਸੀ।

ਹੱਟੀ ਦੇ ਵਧਵੇਂ ਫੱਟੇ ਉਤੇ ਪਾਣੀ ਦੀ ਇਕ ਬਾਲਟੀ ਤੇ ਲੋਹੇ ਦੀ ਇਕ ਪੁਰਾਣੀ ਕੁਰਸੀ ਪਈ ਰਹਿੰਦੀ ਸੀ। ਜਾਂ ਉਥੇ ਦੋ ਜੋੜੇ ਪੁਰਾਣੇ ਬੂਟਾਂ ਦੇ ਸਜੇ ਹੁੰਦੇ ਸਨ। ਮੈਂ ਸਾਰੀ ਉਮਰ ਉਹੀ ਦੋ ਜੋੜੇ ਉਥੇ ਪਏ ਵੇਖਦਾ ਰਿਹਾ, ਕਿਉਂਕਿ ਉਹ ਵਾਧੂ ਜੋੜੇ ਬਣਾਉਂਦਾ ਹੀ ਨਹੀਂ ਸੀ। ਉਹ ਕੇਵਲ ਸਾਈ ਦੇ ਜੋੜੇ ਬਣਾਉਂਦਾ ਸੀ। ਉਹ ਇਉਂ ਨਹੀਂ ਸੀ ਕਰਦਾ ਕਿ ਐਵੇਂ ਬੂਟ ਬਣਾ ਬਣਾ ਰਖੀ ਜਾਵੇ ਤੇ ਜਿਹੜਾ ਜਿਸ ਗਾਹਕ ਦੀ ਪੈਰੀਂ ਆ ਜਾਵੇ ਉਹ ਉਸ ਦੇ ਗਲ ਮੜ੍ਹ ਦੇਵੇ। ਉਹ ਹਰ ਇਕ ਗਾਹਕ ਦੇ ਦੋਹਾਂ ਪੈਰਾਂ ਦਾ ਅਡ ਅਡ ਮੇਚਾ ਲੈਂਦਾ ਸੀ, ਉਸ ਦੇ ਪੈਰ ਦੀ ਇਕ ਇਕ ਉਂਗਲ ਨੂੰ ਵੇਖਦਾ ਸੀ ਕਿ ਉਹ ਕਿਥੋਂ ਲੰਮੀ ਹੈ ਤੇ ਕਿਥੋਂ ਉੱਚੀ, ਤਾਂ ਜੋ ਬੂਟ ਉਚੇਚਾ ਓਸੇ ਦੇ ਪੈਰਾਂ ਲਈ ਬਣੇ ਤੇ ਅਜੇਹਾ ਬਣੇ ਜੋ ਉਸ ਦੀ ਇਕ ਇਕ ਉਂਗਲ ਨਾਲ ਠੀਕ ਆਵੇ, ਕਿਧਰੇ ਭੀ ਲੱਗੇ ਨਾ ਤੇ ਨਾ ਹੀ ਛੇਤੀ ਖ਼ਰਾਬ ਹੋਵੇ। ਇਹ ਕਦੇ ਨਹੀਂ ਸੀ ਹੋਇਆ ਕਿ ਉਸ ਦਾ ਬਣਾਇਆ ਬੂਟ ਗਾਹਕ ਨੂੰ ਠੀਕ ਮੇਰੇ ਨਾ ਆਇਆ ਹੋਵੇ।

ਫਿਰ ਇਹ ਦੋ ਜੋੜੇ ਜੋ ਬਾਹਰ ਪਏ ਰਹਿੰਦੇ ਸਨ, ਕਿਥੋਂ ਆ ਗਏ? ਕੀ ਇਹ ਉਸ ਨੇ ਖਰੀਦੇ ਹੋਣਗੇ? ਇਹ ਭੀ ਅਣਹੋਣੀ ਗਲ ਹੈ। ਉਹ ਤਾਂ ਕਦੇ ਭੀ ਆਪਣੀ ਦੁਕਾਨ ਤੇ ਘਰ ਦੀ ਹਦ ਵਿਚ ਚਮੜੇ ਦੀ ਅਜੇਹੀ ਚੀਜ਼ ਨਹੀਂ ਸੀ ਲਿਆ ਸਕਦਾ, ਜਿਸ ਉਤੇ ਉਸ ਨੇ ਆਪ ਮਿਹਨਤ ਨਾ ਕੀਤੀ ਹੋਵੇ। ਨਾਲੇ ਓਹ ਦੋਵੇਂ ਬੂਟ ਡਾਢੇ ਪੱਕੇ ਤੇ ਡਾਢੇ ਸੋਹਣੇ ਸਨ। ਉਨ੍ਹਾਂ ਨੂੰ ਚਮੜਾ ਬੜਾ ਕੀਮਤੀ ਲੱਗਾ ਹੋਇਆ ਸੀ। ਉਨ੍ਹਾਂ ਨੂੰ ਵੇਖਦਿਆਂ ਹੀ ਬੂਟ ਖਰੀਦਣ ਨੂੰ ਜੀਅ ਕਰ ਆਉਂਦਾ ਸੀ। ਓਹ ਨਮੂਨੇ ਦੇ ਬੂਟ ਸਨ ਤੇ ਉਨ੍ਹਾਂ ਨੂੰ ਕੇਵਲ ਉਹੀ ਬਣਾ ਸਕਦਾ ਸੀ ਜੋ ਦਿਲੋਂ ਆਪਣੇ ਕੰਮ ਨਾਲ ਪਿਆਰ ਰਖਦਾ ਹੋਵੇ ਤੇ ਨਮੂਨੇ ਦੀਆਂ ਚੀਜ਼ਾਂ ਫ਼ਰਜ਼ ਕਰ ਕੇ ਉਨ੍ਹਾਂ ਨੂੰ ਬਣਾਉਣ ਲਈ ਵਾਹ ਲਾਉਂਦਾ ਹੋਵੇ।

ਇਹ ਠੀਕ ਹੈ ਕਿ ਉਸ ਬਾਬਤ ਇਹ ਸਾਰੀਆਂ ਗੱਲਾਂ ਮੈਨੂੰ ਢੇਰ ਚਿਰ ਪਿਛੋਂ ਜਾ ਕੇ ਸੁਝੀਆਂ ਸਨ, ਪਰ ਜਦੋਂ ਮੈਂ ੧੪ ਸਾਲ ਦੀ ਉਮਰ ਵਿਚ ਉਸ ਦੀ ਹੱਟੀ ਤੇ ਪਹਿਲੀ ਵਾਰੀ ਗਿਆ ਸਾਂ, ਓਦੋਂ ਭੀ ਮੇਰੇ ਉਤੇ ਉਸ ਦੇ ਤੇ ਉਸ ਦੇ ਭਰਾ ਦੇ ਵਡੱਪਣ ਦਾ ਬੜਾ ਭਾਰੀ ਅਸਰ ਪਿਆ ਸੀ, ਕਿਉਂਕਿ ਹਿੰਦ ਵਿਚ ਹਥੀਂ ਬੂਟ ਬਣਾਉਣੇ—ਫਿਰ ਇਹੋ ਜਹੇ ਬੂਟ ਬਣਾਉਣੇ-ਮੇਰੇ ਲਈ ਇਕ ਅਚੰਭਾ ਤੇ ਗੁੰਝਲ ਸੀ। ਮੈਂ ਉਸ ਦਿਨ ਤਕ ਇਹੋ ਸਮਝਦਾ ਰਿਹਾ ਸਾਂ ਕਿ ਸਾਰੇ ਬੂਟ ਵਲੈਤੋਂ ਹੀ ਆਉਂਦੇ ਹਨ ਤੇ ਕੇਵਲ ਮਸ਼ੀਨਾਂ ਨਾਲ ਹੀ ਬਣ ਸਕਦੇ ਹਨ।

ਮੈਨੂੰ ਯਾਦ ਹੈ ਕਿ ਇਕ ਦਿਨ ਮੇਚਾ ਦੇਦਿਆਂ ਮੈਂ ਸੰਗਦਿਆਂ ਸੰਗਦਿਆਂ ਉਸ ਨੂੰ ਕਿਹਾ, 'ਗੰਗਾ ਦੀਨ, ਇਹ ਤੁਹਾਡਾ ਕੰਮ ਮੈਨੂੰ ਤਾਂ ਬੜਾ ਔਖਾ ਜਾਪਦਾ ਹੈ।' ਉਸ ਦਾ ਉਤਰ ਭੀ ਮੈਨੂੰ ਚੇਤੇ ਹੈ। ਉਸ ਨੇ ਆਪਣੀ ਕਰਬੜੀ ਹੋ ਚੁੱਕੀ ਦਾੜ੍ਹੀ ਵਿਚੋਂ ਮੁਸਕਰਾ ਕੇ ਕਿਹਾ ਸੀ, 'ਹਾਂ, ਸਰਦਾਰ ਜੀ, ਇਹ ਵੀ ਇਕ ਉੱਚਾ ਹੁਨਰ ਹੈ।'

ਗੰਗਾ ਦੀਨ ਆਪ ਬਹੁਤ ਮਧਰਾ ਸੀ। ਉਸ ਦਾ ਚਿਹਰਾ ਮੁਹਰਾ ਉਸ ਦੇ ਆਪਣੇ ਬਣਾਏ ਬੂਟਾਂ ਵਰਗਾ ਸਾਫ਼ ਸੀ। ਉਸ ਉਤੇ ਕੋਈ ਦਿਖਾਵਾ ਜਾਂ ਹੋਛਾਪਣ ਨਹੀਂ ਸੀ। ਉਸ ਦੇ ਸਿਰ ਤੇ ਦਾੜ੍ਹੀ ਦੇ ਵਾਲ ਭੂਰੇ ਹੋ ਚੁੱਕੇ ਸਨ। ਪਰ ਉਸ ਦੀ ਅਵਾਜ਼ ਬੜੀ ਸਾਫ਼ ਸੀ। ਉਹ ਬੜੇ ਠਰ੍ਹੰਮੇ ਵਾਲਾ ਸੀ ਤੇ ਸਭ ਕੰਮ ਠੰਢੇ ਦਿਲ ਨਾਲ ਕਰਦਾ ਸੀ। ਉਸ ਦੀਆਂ ਅੱਖਾਂ ਵਿਚ ਚਮਕ ਸੀ, ਜੋ ਦਸਦੀ ਸੀ ਕਿ ਇਨ੍ਹਾਂ ਅੱਖਾਂ ਦਾ ਮਾਲਕ ਹਰ ਇਕ ਕੰਮ ਨਮੂਨੇ ਦਾ ਕਰਦਾ ਹੈ, ਆਪਣੀ ਸਾਰੀ ਵਾਹ ਲਾ ਕੇ ਕਰਦਾ ਹੈ ਅਤੇ ਆਪਣੇ ਦਿਲ ਦੇ ਪੂਰੇ ਚਾਉ ਨਾਲ ਕਰਦਾ ਹੈ। ਉਸ ਦਾ ਵੱਡਾ ਭਰਾ ਭਾਵੇਂ ਰਤਾ ਪਿਲੱਤਣ ਉਤੇ ਸੀ ਤੇ ਕੁਝ ਪਤਲਾ ਤੇ ਕੁੱਬਾ ਭੀ ਸੀ, ਪਰ ਉਹ ਗੰਗਾ ਦੀਨ ਨਾਲ ਏੱਨਾ ਰਲਦਾ ਸੀ ਕਿ ਮੈਨੂੰ ਕਈ ਵਾਰ ਪਤਾ ਹੀ ਨਹੀਂ ਸੀ ਲਗਦਾ ਕਿ ਮੈਂ ਉਨ੍ਹਾਂ ਵਿਚੋਂ ਕਿਸ ਨਾਲ ਗੱਲਾਂ ਕਰ ਰਿਹਾ ਹਾਂ। ਫੇਰ ਵੀ ਇਕ ਨਿਸ਼ਾਨੀ ਮੈਨੂੰ ਲਭੀ ਹੋਈ ਸੀ। ਜੇ ਤਾਂ ਮੇਰੇ ਨਾਲ ਗੱਲਾਂ ਕਰਨ ਵਾਲਾ ਕਹਿੰਦਾ ਕਿ ਮੈਂ ਭਰਾ ਨੂੰ ਪੁਛਾਂਗਾ ਤਾਂ ਮੈਂ ਸਮਝ ਲੈਂਦਾ ਕਿ ਇਹ ਵੱਡਾ ਭਰਾ ਹੈ; ਜੇ ਉਹ ਇਹ ਨਾ ਕਹਿੰਦਾ ਤਾਂ ਗੰਗਾ ਦੀਨ ਹੁੰਦਾ।

ਲੋਕੀ ਵੱਡੀਆਂ ਦੁਕਾਨਾਂ ਦੇ ਬਿਲ ਚੋਖਾ ਚੋਖਾ ਚਿਰ ਰੋਕ ਛਡਦੇ ਹਨ, ਪਰ ਗੰਗਾ ਦੀਨ ਦਾ ਬਿਲ ਕੋਈ ਨਹੀਂ ਸੀ ਰੋਕਦਾ। ਸਭ ਨੂੰ ਪਤਾ ਹੁੰਦਾ ਸੀ ਕਿ ਉਸ ਵਿਚਾਰੇ ਦਾ ਏੱਨਾ ਪਾਹਣਾ ਨਹੀਂ। ਉਹ ਤਾਂ ਇਕ ਮਿਹਨਤੀ ਸੀ ਤੇ ਰੋਜ਼ ਮਜੂਰੀ ਕਰ ਕੇ ਰੋਟੀ ਖਾਂਦਾ ਸੀ। ਜੇ ਉਸ ਦੇ ਅੱਗਲੇ ਪੈਸੇ ਦੇਣੇ ਹੋਣ ਤਾਂ ਉਸ ਕੋਲ ਜਾਂਦਿਆਂ ਹੀ ਸ਼ਰਮ ਆਉਂਦੀ ਸੀ। ਉਸ ਦਾ ਗਾਹਕ ਵਰ੍ਹੇ ਛਿਮਾਹੀ ਹੀ ਉਸ ਵਲ ਫੇਰਾ ਪਾਉਂਦਾ ਸੀ, ਕਿਉਂਕਿ ਉਸ ਦੇ ਬਣਾਏ ਬੂਟ ਥੋੜੇ ਕੀਤੇ ਟੁਟਦੇ ਨਹੀਂ ਸਨ।

ਉਸ ਦੀ ਦੁਕਾਨ ਉਤੇ ਹੋਰਨਾਂ ਦੁਕਾਨਾਂ ਵਾਂਗੂੰ ਕਾਹਲੀ ਵਿਚ ਨਹੀਂ ਸੀ ਜਾਈਦਾ, ਸਗੋਂ ਓਥੇ ਤਾਂ ਓਨੇ ਠੰਢੇ ਦਿਲ ਨਾਲ ਜਾਈਦਾ ਸੀ, ਜਿੱਨੇ ਨਾਲ ਧਾਰਮਕ ਮੰਦਰ ਵਿਚ। ਬਹੁਤ ਕਰਕੇ ਦੁਕਾਨ ਖ਼ਾਲੀ ਪਈ ਰਹਿੰਦੀ ਸੀ ਤੇ ਉਥੇ ਲੋਹੇ ਦੀ ਕੁਰਸੀ ਉਤੇ ਗਾਹਕ ਜਾ ਕੇ ਕੁਝ ਪਲ ਬੈਠਾ ਰਹਿੰਦਾ ਸੀ। ਉਚਰ ਨੂੰ ਛਤ ਉਤੋਂ ਜਾਂ ਦੁਕਾਨ ਦੇ ਦੂਜੇ ਸਿਰੇ ਤੋਂ ਬੜੇ ਭਾਰੇ ਭਾਰੇ ਸਲੀਪਰਾਂ ਦੀ ਅਵਾਜ਼ ਸੁਣੀਂਦੀ ਸੀ ਤੇ ਗੰਗਾ ਦੀਨ ਜਾਂ ਉਸ ਦਾ ਭਰਾ ਗਾਹਕ ਦੇ ਸਾਹਮਣੇ ਆ ਪੁਜਦਾ ਸੀ। ਉਹ ਰਤਾ ਕੋਡਾ ਹੋ ਕੇ ਗਾਹਕ ਨੂੰ ਪੁਛਦਾ, 'ਆਓ ਜੀ?' ਉਸ ਦੇ ਚਿਹਰੇ ਤੋਂ ਇਉਂ ਜਾਪਦਾ ਜਿਵੇਂ ਬੂਟਾਂ ਦੇ ਕਿਸੇ ਸੁਫਣੇ ਵਿਚੋਂ ਜਾਗਿਆ ਹੁੰਦਾ ਹੈ।

ਓਸ ਵੇਲੇ ਮੈਂ ਉਸ ਨੂੰ ਕਹਿੰਦਾ ਸਾਂ, 'ਸੁਣਾਓ, ਗੰਗਾ ਦੀਨ, ਕੀ ਹਾਲ ਹੈ? ਮੈਨੂੰ ਇਕ ਕਾਲਾ ਬੂਟ ਚਾਹੀਦਾ ਹੈ।'

ਉਹ ਬਿਨਾਂ ਕੁਝ ਬੋਲਣ ਦੇ ਮੇਰੇ ਕੋਲੋਂ ਚਲਾ ਜਾਂਦਾ ਸੀ ਤੇ ਦੁਕਾਨ ਦੇ ਓਸੇ ਸਿਰੇ ਤੇ ਜਾ ਪੁਜਦਾ ਸੀ ਜਿਥੋਂ ਉਹ ਆਇਆ ਸੀ। ਮੈਂ ਉਸੇ ਕੁਰਸੀ ਤੇ ਬੈਠਾ ਚਮੜੇ ਦੀ ਬੋ ਸੁੰਘਦਾ ਰਹਿੰਦਾ ਸਾਂ। ਜਲਦੀ ਹੀ ਉਹ ਚਮੜੇ ਦਾ ਇਕ ਟੋਟਾ ਹੱਥ ਵਿਚ ਫੜੀ ਆ ਜਾਂਦਾ ਸੀ ਤੇ ਕਹਿੰਦਾ ਸੀ, 'ਦੇਖੋ ਜੀ, ਇਹ ਕਿੱਡਾ ਸੋਹਣਾ ਟੋਟਾ ਹੈ!' ਜਦੋਂ ਮੈਂ ਭੀ ਉਸ ਦੇ ਸੋਹਲੇ ਗਾ ਚੁਕਦਾ ਤਾਂ ਉਹ ਪੁਛਦਾ, 'ਤੁਹਾਨੂੰ ਬੂਟ ਕਦੋਂ ਚਾਹੀਦਾ ਹੈ?' ਮੇਰਾ ਉਤਰ ਹੁੰਦਾ, 'ਜਦੋਂ ਤੁਸੀਂ ਸੌਖ ਨਾਲ ਦੇ ਸਕੋ।' ਤਾਂ ਉਹ ਸੋਚ ਸੋਚ ਕੇ ਕਹਿੰਦਾ, 'ਹਛਾ ਜੀ, ਅਜ ਤੋਂ ਪੰਦਰਵੇਂ ਦਿਨ ਸਹੀ।' ਜੇ ਗੰਗਾ ਦੀਨ ਦਾ ਵੱਡਾ ਭਰਾ ਹੁੰਦਾ ਤਾਂ ਉਹ ਕਹਿੰਦਾ, 'ਮੈਂ ਆਪਣੇ ਭਰਾ ਨੂੰ ਪੁਛਾਂਗਾ।'

ਫਿਰ ਮੈਂ ਉਠ ਬਹਿੰਦਾ ਸਾਂ ਤੇ ਮੈਨੂੰ ਦੁਕਾਨ ਤੋਂ ਜਾਂਦੇ ਨੂੰ ਵੇਖ ਕੇ ਉਹ 'ਸਤਿ ਸ੍ਰੀ ਅਕਾਲ' ਬੁਲਾ ਦੇਂਦਾ ਸੀ, ਪਰ ਉਸ ਦੀ ਨਜ਼ਰ ਅਜੇ ਵੀ ਉਸ ਚਮੜੇ ਉਤੇ ਹੀ ਗਡੀ ਹੁੰਦੀ ਸੀ।

ਜੇ ਭਲਾ ਕੋਈ ਨਵੀਂ ਕਿਸਮ ਦਾ ਬੂਟ ਬਣਾਉਣਾ ਹੁੰਦਾ, ਜਿਸ ਦੇ ਨਾਲ ਦਾ ਉਸ ਨੇ ਕਦੇ ਮੇਰੇ ਲਈ ਨਾ ਬਣਾਇਆ ਹੋਵੇ ਤਾਂ ਉਹ ਮੇਰੇ ਪੈਰੋਂ ਬੂਟ ਲੁਹਾ ਲੈਂਦਾ ਅਤੇ ਮੇਰੇ ਪੈਰ ਤੇ ਬੂਟ ਨੂੰ ਡਾਢੇ ਪਿਆਰ ਤੇ ਰੀਝ ਨਾਲ ਵੇਖਦਾ। ਉਸ ਦੀ ਤੱਕਣੀ ਤੋਂ ਇਉਂ ਜਾਪਦਾ ਸੀ ਜਿਵੇਂ ਉਹ ਪਹਿਲਾ ਬੂਟ ਬਣਾਉਣ ਵਾਲੇ ਕਾਰੀਗਰ ਦੇ ਚਿਤ ਤਕ ਪੁਜਣ ਦੀ ਕੋਸ਼ਸ਼ ਕਰ ਰਿਹਾ ਹੈ। ਜੇ ਉਸ ਨੂੰ ਉਸ ਵਿਚ ਕੋਈ ਨੁਕਸ ਦਿਸਦਾ ਤਾਂ ਉਸ ਦਾ ਚਿਹਰਾ ਬਦਲ ਜਾਂਦਾ ਤੇ ਇਹੋ ਜਾਪਦਾ ਕਿ ਉਹ ਕਾਰੀਗਰ ਨੂੰ ਲਾਹਨਤਾਂ ਪਾ ਰਿਹਾ ਹੈ, ਜੋ ਉਸ ਨੇ ਕਿਉਂ ਏਡੇ ਚੰਗੇ ਕੰਮ ਨੂੰ ਇਸ ਬੇਪਰਵਾਹੀ ਨਾਲ ਕੀਤਾ ਹੈ। ਫੇਰ ਉਹ ਮੇਰੇ ਪੈਰ ਨੂੰ ਇਕ ਕਾਗਜ਼ ਉਤੇ ਰਖਦਾ ਤੇ ਦੋ ਤਿੰਨ ਵਾਰੀ ਉਸ ਦੇ ਆਲੇ ਦੁਆਲੇ ਲੀਕ ਵਾਹੁੰਦਾ। ਫਿਰ ਉਹ ਮੇਰੀਆਂ ਉਂਗਲਾਂ ਨੂੰ ਟੋਂਹਦਾ ਤੇ ਇਉਂ ਮੇਰੇ ਪੈਰਾਂ ਦੀਆਂ ਲੋੜਾਂ ਨੂੰ ਜਾਚਦਾ।

ਉਸ ਦੀ ਹੱਟੀ ਦਾ ਇਕ ਸਾਕਾ ਮੈਨੂੰ ਕਦੇ ਨਹੀਂ ਭੁੱਲ ਸਕਦਾ। ਮੈਂ ਉਸ ਦੀ ਹੱਟੀ ਤੇ ਗਿਆ ਤੇ ਕਿਹਾ, 'ਗੰਗਾ ਦੀਨ, ਤੁਹਾਡਾ ਪਿਛਲਾ ਬੂਟ ਬੜੀ ਛੇਤੀ ਟੁੱਟ ਗਿਆ ਹੈ।'

ਉਹ ਕੁਝ ਚਿਰ ਚੁਪ ਚਾਪ ਮੇਰੇ ਵਲ ਵੇਖਦਾ ਰਿਹਾ, ਜਿਵੇਂ ਕਿਤੇ ਉਹ ਇਸ ਉਡੀਕ ਵਿਚ ਹੁੰਦਾ ਹੈ ਕਿ ਮੈਂ ਆਪਣੀ ਕਹੀ ਹੋਈ ਗੱਲ ਨੂੰ ਵਾਪਸ ਲੈ ਲਵਾਂਗਾ ਜਾਂ ਕੁਝ ਠੀਕ ਕਰ ਕੇ ਕਹਾਂਗਾ। ਐਉਂ ਜਾਪਦਾ ਸੀ ਜਿਵੇਂ ਇਹ ਗੱਲ ਉਸ ਦੇ ਮੰਨਣ ਵਿਚ ਨਹੀਂ ਆਈ। ਅੰਤ ਨੂੰ ਉਹ ਕਹਿਣ ਲੱਗਾ, 'ਉਸ ਨੂੰ ਟੁਟਣਾ ਨਹੀਂ ਸੀ ਚਾਹੀਦਾ।'

'ਪਰ ਉਹ ਟੁੱਟ ਗਿਆ ਹੈ, ਗੰਗਾ ਦੀਨ!'

'ਤੁਸੀਂ ਉਸ ਨੂੰ ਨਵੇਂ ਨੂੰ ਹੀ ਭਿਉਂ ਲਿਆ ਹੋਣਾ ਹੈ।'

'ਮੇਰਾ ਨਹੀਂ ਖਿਆਲ।'

ਇਹ ਸੁਣਦਿਆਂ ਹੀ ਉਸ ਨੇ ਅੱਖਾਂ ਨੀਵੀਆਂ ਪਾ ਲਈਆਂ ਤੇ ਐਉਂ ਜਾਪਦਾ ਸੀ ਜਿਵੇਂ ਉਹ ਬੂਟਾਂ ਦੇ ਬਣਾਉਣ ਦੇ ਵੇਲੇ ਨੂੰ ਯਾਦ ਕਰ ਰਿਹਾ ਹੈ। ਮੈਨੂੰ ਬੜਾ ਹਿਰਖ ਲੱਗਾ ਜੋ ਮੈਂ ਕਾਹਨੂੰ ਇਹੋ ਜਹੀ ਗੱਲ ਉਸ ਨੂੰ ਆਖ ਬੈਠਾ। ਉਹ ਕਹਿਣ ਲੱਗਾ, 'ਤੁਸੀਂ ਟੁਟਾ ਹੋਇਆ ਬੂਟ ਮੇਰੇ ਵਲ ਭੇਜ ਦੇਣਾ, ਖਵਰੇ ਉਹ ਠੀਕ ਹੋ ਸਕੇ। ਇਹ ਸੁਣਦਿਆਂ ਹੀ ਮੇਰੇ ਦਿਲ ਵਿਚ ਕਈ ਖ਼ਿਆਲ ਦੌੜਨ ਲਗੇ। ਮੈਂ ਆਪਣੀ ਮਿਥਣ ਸ਼ਕਤੀ ਨਾਲ ਵੇਖ ਸਕਦਾ ਸਾਂ ਕਿ ਉਹ ਕਿਵੇਂ ਉਨ੍ਹਾਂ ਬੂਟਾਂ ਉਤੇ ਨਵੇਂ ਸਿਰੇ ਮਿਹਨਤ ਕਰੇਗਾ। ਉਹ ਫਿਰ ਹੌਲੀ ਜਿਹੀ ਬੋਲਿਆ, 'ਕਈ ਬੂਟ ਜਨਮ ਤੋਂ ਹੀ ਭੈੜੇ ਹੁੰਦੇ ਹਨ। ਜੇ ਮੈਂ ਉਨ੍ਹਾਂ ਨੂੰ ਠੀਕ ਨਾ ਕਰ ਸਕਿਆ ਤਾਂ ਮੈਂ ਤੁਹਾਡੇ ਕੋਲੋਂ ਉਸ ਦੇ ਪੈਸੇ ਨਹੀਂ ਲਵਾਂਗਾ।'

ਇਕ ਵਾਰੀ, ਤੇ ਕੇਵਲ ਇਕੋ ਵਾਰੀ, ਮੈਂ ਉਸ ਦੀ ਦੁਕਾਨ ਤੇ ਇਕ ਅਜੇਹਾ ਬੂਟ ਪਾ ਕੇ ਚਲਿਆ ਗਿਆ ਜੋ ਕਿਤੇ ਕਾਹਲੀ ਵੇਲੇ ਮੈਂ ਕਿਸੇ ਵੱਡੀ ਦੁਕਾਨ ਤੋਂ ਖਰੀਦਿਆ ਸੀ। ਉਸ ਨੇ ਚਮੜਾ ਦਿਖਾਉਣ ਤੋਂ ਬਿਨਾਂ ਹੀ ਮੈਥੋਂ ਸਾਈ ਲੈ ਲਈ ਅਤੇ ਮੈਂ ਦੇਖ ਰਿਹਾ ਸਾਂ ਕਿ ਮੇਰੀ ਪੈਰੀਂ ਬਜ਼ਾਰੀ ਬੂਟ ਵੇਖ ਕੇ ਉਸ ਨੂੰ ਦੁਖ ਹੋ ਰਿਹਾ ਹੈ। ਛੇਕੜ ਉਸ ਕਹਿ ਹੀ ਦਿਤਾ, 'ਇਹ ਮੇਰੇ ਬਣੇ ਹੋਏ ਬੂਟ ਨਹੀਂ।'

ਇਹ ਗੱਲ ਉਸ ਨੇ ਕਿਸੇ ਗੁੱਸੇ, ਅਫ਼ਸੋਸ ਜਾਂ ਘਿਰਣਾ ਨਾਲ ਨਹੀਂ ਸੀ ਕਹੀ, ਸਗੋਂ ਇਸ ਵਿਚ ਇਕ ਅਜੇਹੀ ਸ਼ਾਂਤੀ ਸੀ, ਜੋ ਲਹੂ ਨੂੰ ਠੰਢਾ ਕਰ ਸਟਦੀ ਸੀ। ਉਸ ਨੇ ਬਹਿ ਕੇ ਮੇਰੇ ਖਬੇ ਬੂਟ ਨੂੰ ਉਥੋਂ ਹੀ ਨੱਪਿਆ ਜਿੱਥੋਂ ਉਹ ਲਗਦਾ ਸੀ ਤੇ ਕਹਿਣ ਲੱਗਾ, 'ਇਹ ਬੂਟ ਤੁਹਾਨੂੰ ਇਥੋਂ ਲਗਦਾ ਹੈ। ਇਨ੍ਹਾਂ ਵਡੀਆਂ ਦੁਕਾਨਾਂ ਨੂੰ ਆਪਣੀ ਇਜ਼ਤ ਦੀ ਕੋਈ ਪਰਵਾਹ ਨਹੀਂ ਹੁੰਦੀ।' ਫਿਰ ਉਹ ਕਿੰਨਾ ਚਿਰ ਹੀ ਬੋਲਦਾ ਰਿਹਾ। ਸਾਰੀ ਜ਼ਿੰਦਗੀ ਵਿਚ ਇਹ ਪਹਿਲਾ ਤੇ ਅਖ਼ੀਰੀ ਸਮਾਂ ਸੀ ਜਦ ਮੈਂ ਉਸ ਨੂੰ ਬੂਟਾਂ ਦੇ ਕੰਮ ਤੇ ਵਪਾਰ ਦੀਆਂ ਔਖਿਆਈਆਂ ਬਾਬਤ ਵਿਚਾਰ ਕਰਦਿਆਂ ਸੁਣਿਆ। ਉਹ ਫਿਰ ਬੋਲਿਆ, 'ਓਹ ਇਸ਼ਤਿਹਾਰ ਕਰ ਕਰ ਕੇ ਗਾਹਕ ਫਸਾ ਲੈਂਦੇ ਹਨ। ਪੈਸੇ ਭੀ ਚੰਗੇ ਮੁਛਦੇ ਹਨ। ਕੰਮ ਦੀ ਉਨ੍ਹਾਂ ਨੂੰ ਕੋਈ ਪਰਵਾਹ ਨਹੀਂ। ਮੈਨੂੰ ਭੀ ਇਕ ਦੋ ਦੁਕਾਨਾਂ ਵਾਲਿਆਂ ਆਖਿਆ ਹੈ ਕਿ ਸਾਨੂੰ ਬੂਟ ਬਣਾ ਕੇ ਦੇ ਦਿਆ ਕਰ, ਪਰ ਮੈਥੋਂ ਬਜ਼ਾਰੀ ਕੰਮ ਨਹੀਂ ਕਰਨ ਹੁੰਦਾ। ਅਸੀਂ ਆਖਦੇ ਹਾਂ ਥੋੜ੍ਹਾ ਕਰੋ, ਪਰ ਸੋਹਣਾ ਕਰੋ। ਓਹ ਕਹਿੰਦੇ ਹਨ, ਅਸਾਂ ਪੈਸੇ ਕੱਠੇ ਕਰਨੇ ਹਨ। ਸਾਨੂੰ ਕੀ ਭਾਵੇਂ ਬੂਟ ਰਾਹ ਵਿਚ ਹੀ ਟੁਟ ਜਾਵੇ? ਉਹ ਏਥੇ ਆਉਂਦੇ ਹਨ ਤੇ ਸਦਾ ਸਸਤਾ-ਮੇਲ ਚੀਜ਼ ਬਣਾਉਣ ਲਈ ਕਹਿੰਦੇ ਹਨ, ਪਰ ਨਾਲ ਇਹ ਆਖਦੇ ਹਨ ਕਿ ਬਾਹਰੋਂ ਬੜਾ ਚਮਕਦਾ ਹੋਵੇ। ਉਨ੍ਹਾਂ ਦੀ ਤਾਂ ਉਹ ਗੱਲ ਹੈ ਪਈ ਲਾਗੀਆਂ ਲਾਗ ਲੈ ਲੈਣਾ ਏਂ, ਪਰਾਈ ਧੀ ਭਾਵੇਂ ਘਰ ਜਾਂਦਿਆਂ ਹੀ ਰੰਡੀ ਬਹਿ ਜਾਏ।

ਸਾਥੋਂ ਤਾਂ ਜੀ ਇਹ ਪਾਪ ਨਹੀਂ ਹੁੰਦਾ; ਅਸੀਂ ਤਾਂ ਚੀਜ਼ ਚੰਗੀ ਬਣਾਉਂਦੇ ਹਾਂ। ਚੰਗੀ ਚੀਜ਼ ਦਾ ਗਾਹਕ ਅਜ ਕਲ ਬੜਾ ਘਟ ਹੈ, ਪਰ ਉਹ ਜਾਣੇ! ਸਾਨੂੰ ਇਹੀ ਬੜੀ ਖੁਸ਼ੀ ਹੈ ਕਿ ਅਸੀਂ ਚੀਜ਼ ਮਿਹਨਤ ਨਾਲ ਬਣਾਈ ਹੈ। ਏਨ੍ਹਾਂ ਲੋਕਾਂ ਨੇ ਰੱਦੀ ਚੀਜ਼ਾਂ ਦੇ ਕੇ ਭਾ ਭੀ ਬੜੇ ਘਟਾ ਛਡੇ ਹਨ। ਚੰਗੀ ਚੀਜ਼ ਉਸ ਲੇਖੇ ਪੁਗਦੀ ਨਹੀਂ। ਪਰ ਕੀ ਕਰੀਏ?'

ਜਦ ਉਹ ਇਹ ਗੱਲਾਂ ਕਰ ਰਿਹਾ ਸੀ ਤਾਂ ਮੈਂ ਉਸ ਦੇ ਚਿਹਰੇ ਤੇ ਉਹ ਕੁਝ ਵੇਖਿਆ ਜੋ ਅਗੇ ਕਦੇ ਨਹੀਂ ਸੀ ਵੇਖਿਆ। ਮੈਂ ਦੇਖਿਆ ਕਿ ਉਹ ਦੁਖੀ ਹੈ। ਉਹ ਅਚਨਚੇਤ ਅਜ ਮੈਨੂੰ ਅੱਗੇ ਨਾਲੋਂ ਕਈ ਗੁਣਾ ਵਧੇਰੇ ਬੁਢਾ ਜਾਪਿਆ ਤੇ ਮੈਨੂੰ ਪਤਾ ਲਗਾ ਕਿ ਉਸ ਵਿਚਾਰੇ ਨੂੰ ਖਰਾ ਕੰਮ ਕਰਨ ਦੀ ਖੁਸ਼ੀ ਕਿੰਨੀ ਮਹਿੰਗੀ ਪੈਂਦੀ ਹੈ।

ਮੈਂ ਉਸ ਨੂੰ ਚੰਗੀ ਤਰ੍ਹਾਂ ਖੋਲ੍ਹ ਕੇ ਦਸਿਆ ਕਿ ਕਿਨ੍ਹਾਂ ਹਾਲਤਾਂ ਵਿਚ ਮੈਨੂੰ ਉਹ ਬਜ਼ਾਰੀ ਬੂਟ ਖਰੀਦਣਾ ਪਿਆ ਸੀ। ਤਾਂ ਭੀ ਉਸ ਦੇ ਚਿਹਰੇ ਤੇ ਉਸ ਦੇ ਬੋਲਣ ਨੇ ਮੇਰੇ ਉੱਤੇ ਇੰਨਾ ਅਸਰ ਪਾਇਆ ਕਿ ਉਨ੍ਹਾਂ ਕੁਝ ਮਿੰਟਾਂ ਵਿਚ ਮੈਂ ਕਈ ਬੂਟਾਂ ਦੀ ਸਾਈ ਦਿਤੀ। ਉਸ ਦੇ ਬੂਟ ਟੁਟਦੇ ਨਹੀਂ ਸਨ। ਇਸ ਲਈ ਦੋ ਵਰ੍ਹੇ ਮੈਂ ਉਸ ਕੋਲ ਨਾ ਜਾ ਸਕਿਆ।

ਦੋ ਸਾਲਾਂ ਪਿਛੋਂ ਇਕ ਵਾਰੀ ਮੈਂ ਉਧਰੋਂ ਲੰਘਿਆ ਤਾਂ ਮੈਂ ਵੇਖਿਆ ਕਿ ਓਸੇ ਦੁਕਾਨ ਦੇ ਦੋ ਹਿਸੇ ਹੋਏ ਹੋਏ ਹਨ ਤੇ ਇਕ ਹਿਸੇ ਉਤੇ ਬੜਾ ਸ਼ਾਨਦਾਰ ਸਾਈਨ-ਬੋਰਡ ਲਗਾ ਹੋਇਆ ਹੈ। ਇਹ ਵੀ ਬੂਟ ਵੇਚਣ ਵਾਲਿਆਂ ਦਾ ਸੀ। ਬੋਰਡ ਤੇ ਲਿਖਿਆ ਸੀ ਕਿ ਉਨ੍ਹਾਂ ਦੀ ਦੁਕਾਨ ਰਾਜਿਆਂ, ਮਹਾਰਾਜਿਆਂ ਤੇ ਰਾਣੀਆਂ ਲਈ ਬੂਟ ਬਣਾਉਂਦੀ ਹੈ। ਓਹ ਪੁਰਾਣੇ ਦੋ ਜੋੜੇ ਦੂਜੇ ਹਿਸੇ ਦੀ ਨੁਕਰ ਵਲ ਪਏ ਸਨ। ਗੰਗਾ ਦੀਨ ਵਾਲਾ ਹਿਸਾ ਹੁਣ ਅੱਗੇ ਨਾਲੋਂ ਵੀ ਵਧੇਰੇ ਹਨੇਰਾ ਤੇ ਬੋ ਵਾਲਾ ਹੋ ਗਿਆ ਸੀ। ਪਰ ਦੂਜੇ ਹਿਸੇ ਵਿਚ ਅਲਮਾਰੀਆਂ ਵਿਚ ਬੂਟ ਲਿਸ਼ਕ ਰਹੇ ਸਨ। ਅੱਗੇ ਨਾਲੋਂ ਵੀ ਵਧੇਰੇ ਚਿਰ ਪਿਛੋਂ ਗੰਗਾ ਦੀਨ ਮੇਰੇ ਸਾਹਮਣੇ ਆਇਆ ਤੇ ਮੈਂ ਕਿਹਾ, 'ਤੁਹਾਡੇ ਬੂਟ ਬਹੁਤ ਪੱਕੇ ਤੇ ਹੰਢਣਸਾਰ ਹੁੰਦੇ ਹਨ। ਇਹ ਬੂਟ ਦੋ ਸਾਲ ਪਾਉਂਦਿਆਂ ਹੋ ਗਏ ਹਨ, ਅਜੇ ਨਵਾਂ ਜਾਪਦਾ ਹੈ। ਇਹ ਕਹਿੰਦਿਆਂ ਮੈਂ ਆਪਣਾ ਪੈਰ ਅਗੇ ਕੀਤਾ।

ਉਸ ਨੇ ਬੂਟ ਵਲ ਵੇਖਿਆ। ਇਉਂ ਜਾਪਦਾ ਸੀ ਜਿਵੇਂ ਬੜੇ ਚਿਰਾਂ ਮਗਰੋਂ ਉਹ ਕਿਸੇ ਮਿੱਤਰ ਨੂੰ ਮਿਲਿਆ ਹੋਵੇ ਤੇ ਉਸ ਨੂੰ ਵੇਖ ਰਿਹਾ ਹੋਵੇ। ਉਸ ਬੂਟ ਵਿਚ ਉਸ ਦੀ ਰੂਹ ਸੀ। ਉਸ ਨੇ ਪੈਸਿਆਂ ਲਈ ਕਦੇ ਬੂਟ ਨਹੀਂ ਸਨ ਬਣਾਏ, ਸਗੋਂ ਉਹ ਬੂਟ ਬਣਾਉਣ ਵਿਚ ਆਪ ਮਸਤ ਹੋ ਜਾਂਦਾ ਸੀ।

ਉਹ ਕਹਿਣ ਲਗਾ, 'ਪਰ ਲੋਕਾਂ ਨੂੰ ਚੰਗੇ ਤੇ ਹੰਢਣਸਾਰ ਬੂਟਾਂ ਦੀ ਲੋੜ ਨਹੀਂ ਰਹੀ।'

ਮੈਨੂੰ ਡਰ ਸੀ ਕਿ ਉਸ ਦਿਨ ਵਾਂਗ ਫਿਰ ਕਿਤੇ ਕਿੱਸਾ ਨਾ ਛੋਹ ਬਹੇ। ਮੈਂ ਗਲ ਟਾਲਣ ਲਈ ਛੇਤੀ ਨਾਲ ਪੁਛਿਆ, 'ਤੁਸਾਂ ਦੁਕਾਨ ਨੂੰ ਕੀ ਕੀਤਾ ਹੈ?'

ਉਸ ਨੇ ਠਰ੍ਹੰਮੇ ਨਾਲ ਉੱਤਰ ਦਿੱਤਾ, 'ਕਰਾਇਆ ਬਹੁਤਾ ਸੀ। ਮੰਦੇ ਮੰਦਵਾੜੇ ਦੇ ਦਿਨ ਨੇ। ਸਚ ਤੁਹਾਨੂੰ ਹੋਰ ਬੂਟ ਚਾਹੀਦੇ ਨੇ?'

ਮੈਂ ਤਿੰਨ ਬੂਟਾਂ ਦੀ ਸਾਈ ਦਿਤੀ, ਹਾਲਾਂਕਿ ਮੈਨੂੰ ਲੋੜ ਕੇਵਲ ਦੋ ਬੂਟਾਂ ਦੀ ਸੀ, ਤੇ ਮੈਂ ਛੇਤੀ ਨਾਲ ਚਲਦਾ ਬਣਿਆ। ਮੈਨੂੰ ਇਉਂ ਜਾਪਦਾ ਸੀ ਜਿਵੇਂ ਉਸ ਦਾ ਖ਼ਿਆਲ ਇਹ ਹੈ ਕਿ ਸਾਰਾ ਸ਼ਹਿਰ ਵੱਡੀਆਂ ਹੱਟੀਆਂ ਤੋਂ ਸੌਦਾ ਲੈ ਕੇ ਉਸ ਨੂੰ ਉਜਾੜਨ ਤੇ ਲਕ ਬੰਨ੍ਹੀ ਬੈਠਾ ਹੈ।

ਕਈ ਮਹੀਨਿਆਂ ਪਿਛੋਂ ਮੈਂ ਫੇਰ ਉਨ੍ਹਾਂ ਦੀ ਹੱਟੀ ਤੇ ਗਿਆ ਤੇ ਉਥੇ ਮੈਨੂੰ ਜਾਪਿਆ ਕਿ ਮੈਂ ਗੰਗਾ ਦੀਨ ਦੇ ਵਡੇ ਭਰਾ ਨਾਲ ਗੱਲਾਂ ਕਰ ਰਿਹਾ ਹਾਂ। ਉਸ ਦੇ ਹੱਥ ਵਿਚ ਉਸੇ ਤਰ੍ਹਾਂ ਚਮੜੇ ਦਾ ਟੋਟਾ ਸੀ।

ਮੈਂ ਕਿਹਾ, 'ਸੁਣਾਓ ਜੀ, ਕੀ ਹਾਲ ਹੈ?'

ਤੁਹਾਡੀ ਮਿਹਰਬਾਨੀ! ਮੈਂ ਤਾਂ ਬਿਲਕੁਲ ਰਾਜ਼ੀ ਹਾਂ, ਪਰ ਮੇਰਾ ਵਡਾ ਭਰਾ ਗੁਜ਼ਰ ਗਿਆ ਹੈ।' ਇਹ ਸੁਣ ਕੇ ਮੈਨੂੰ ਪਤਾ ਲਗਾ ਕਿ ਮੈਂ ਗੰਗਾ ਦੀਨ ਦੇ ਵਡੇ ਭਰਾ ਨਾਲ ਨਹੀਂ ਸਗੋਂ ਗੰਗਾ ਦੀਨ ਨਾਲ ਹੀ ਗੱਲ ਬਾਤ ਕਰ ਰਿਹਾ ਹਾਂ। ਉਹ ਹੁਣ ਬਹੁਤ ਬੁੱਢਾ ਹੋ ਚੁਕਾ ਸੀ। ਮੈਂ ਅਗੇ ਕਦੇ ਇਸ ਨੂੰ ਭਰਾ ਦੀ ਕੋਈ ਗੱਲ ਕਰਦਿਆਂ ਨਹੀਂ ਸੀ ਵੇਖਿਆ। ਮੈਨੂੰ ਉਸ ਦੇ ਭਰਾ ਦੇ ਮਰਨ ਦਾ ਬੜਾ ਦੁਖ ਹੋਇਆ ਤੇ ਮੈਂ ਕਿਹਾ, 'ਓਹੋ! ਇਹ ਤਾਂ ਬੜਾ ਮਾੜਾ ਹੋਇਆ। ਭਰਾ ਮਰਨ ਨਾਲ ਤਾਂ ਬਾਹਾਂ ਭਜ ਜਾਂਦੀਆਂ ਹਨ।'

ਉਹ ਬੋਲਿਆ, 'ਹਾਂ ਜੀ, ਵਿਚਾਰਾ ਬੜਾ ਚੰਗਾ ਸੀ। ਬੜੇ ਸੋਹਣੇ ਬੂਟ ਬਣਾਉਂਦਾ ਸੀ।' ਇਹ ਕਹਿੰਦਿਆਂ ਹੀ ਉਸ ਨੇ ਆਪਣੇ ਨੰਗੇ ਸਿਰ ਤੇ ਹੱਥ ਫੇਰਿਆ। ਉਥੇ ਵਾਲ ਓਨੇ ਕੁ ਹੀ ਰਹਿ ਗਏ ਸਨ ਜਿੰਨੇ ਕੁ ਉਸ ਦੇ ਭਰਾ ਦੇ ਸਿਰ ਤੇ ਹੁੰਦੇ ਸਨ, ਤੇ ਫਿਰ ਕਹਿਣ ਲਗਾ, 'ਉਸ ਤੋਂ ਦੁਕਾਨ ਖੁੱਸਣ ਦੀ ਸਟ ਨਹੀਂ ਸਹਾਰੀ ਗਈ। ਕੀ ਤੁਹਾਨੂੰ ਕੋਈ ਬੂਟ ਚਾਹੀਦਾ ਹੈ?' ਉਸ ਨੇ ਹਥਲਾ ਚਮੜਾ ਮੈਨੂੰ ਵਿਖਾਇਆ ਤੇ ਕਹਿਣ ਲਗਾ, 'ਇਹ ਚਮੜਾ ਬੜਾ ਸੋਹਣਾ ਹੈ।'

ਮੈਂ ਦੋ ਕੁ ਜੋੜਿਆਂ ਦੀ ਸਾਈ ਦੇ ਦਿਤੀ। ਕਈ ਸਾਤੇ ਲੰਘਣ ਪਿਛੋਂ ਮੈਨੂੰ ਬੂਟ ਮਿਲੇ, ਪਰ ਇਹ ਅੱਗੇ ਨਾਲੋਂ ਭੀ ਚੰਗੇ ਸਨ। ਉਨ੍ਹਾਂ ਨੂੰ ਜਿੰਨਾ ਵਰਤਦਾ ਸਾਂ ਓਨੇ ਹੀ ਸੋਹਣੇ ਨਿਕਲਦੇ ਆਉਂਦੇ ਸਨ! ਛੇਤੀ ਹੀ ਮੈਨੂੰ ਕਿਤੇ ਬਾਹਰ ਜਾਣਾ ਪੈ ਗਿਆ।

ਵਰ੍ਹੇ ਤੋਂ ਵਧੀਕ ਮੈਂ ਬਾਹਰ ਰਿਹਾ। ਵਾਪਸ ਆ ਕੇ ਮੈਂ ਪਹਿਲਾਂ ਪਹਿਲ ਗੰਗਾ ਦੀਨ ਦੀ ਦੁਕਾਨ ਤੇ ਹੀ ਗਿਆ। ਮੈਂ ੬੦ ਵਰ੍ਹੇ ਦਾ ਗੰਗਾ ਦੀਨ ਛਡ ਕੇ ਗਿਆ ਸਾਂ ਤੇ ਇਕ ਵਰ੍ਹੇ ਪਿਛੋਂ ੭੫ ਵਰ੍ਹਿਆਂ ਦੇ ਗੰਗਾ ਦੀਨ ਨੂੰ ਆ ਵੇਖਿਆ। ਇਕ ਵਰ੍ਹੇ ਵਿਚ ਉਹ ੧੫ ਵਰ੍ਹੇ ਜਿੰਨਾ ਬੁਢਾ ਹੋ ਗਿਆ ਸੀ। ਉਸ ਨੇ ਪਹਿਲਾਂ ਤਾਂ ਮੈਨੂੰ ਸਿਵਾਣਿਆ ਹੀ ਨਾ।

ਤਾਂ ਮੈਂ ਉਸ ਨੂੰ ਕਿਹਾ, 'ਗੰਗਾ ਦੀਨ! ਤੁਹਾਡੇ ਬੂਟ ਬਹੁਤ ਸੋਹਣੇ ਹੁੰਦੇ ਹਨ। ਮੈਂ ਇਹ ਬੂਟ ਓਦੋਂ ਦਾ ਰੋਜ਼ ਪਾਉਂਦਾ ਹਾਂ, ਅਜੇ ਭੀ ਇਹ ਨਵੇਂ ਨਿਕੋਰ ਦਿਸਦੇ ਹਨ।'

ਗੰਗਾ ਦੀਨ ਕਿੰਨਾ ਚਿਰ ਮੇਰੇ ਬੂਟਾਂ ਵਲ ਵੇਖਦਾ ਰਿਹਾ। ਫੇਰ ਉਨ੍ਹਾਂ ਨੂੰ ਟੋਹ ਟਾਹ ਕੇ ਕਹਿਣ ਲਗਾ, 'ਇਹ ਅਡੀ ਵਲੋਂ ਲੱਗੇ ਤਾਂ ਨਹੀਂ? ਮੈਨੂੰ ਡਰ ਹੀ ਰਿਹਾ ਸੀ।'

'ਨਹੀਂ। ਇਹ ਬੜੇ ਸੋਹਣੇ ਮੇਚੇ ਆਏ ਸਨ।'

ਉਹ ਪੁਛਣ ਲਗਾ, 'ਹੋਰ ਜੋੜਾ ਚਾਹੀਦਾ ਹੈ? ਮੈਂ ਛੇਤੀ ਹੀ ਬਣਾ ਦਿਆਂਗਾ। ਅਜ ਕਲ ਕੰਮ ਕੋਈ ਨਹੀਂ।' ਮੈਂ ਕਿਹਾ, 'ਹਾਂ, ਹਾਂ, ਮੈਨੂੰ ਬੂਟ ਚਾਹੀਦੇ ਨੇ।'

ਉਹ ਆਖਣ ਲਗਾ, 'ਤਾਂ ਫਿਰ ਮੈਂ ਨਵਾਂ ਮੇਚਾ ਲੈਂਦਾ ਹਾਂ। ਤੁਹਾਡਾ ਪੈਰ ਜ਼ਰੂਰ ਅੱਗੇ ਨਾਲੋਂ ਥੋੜਾ ਬਹੁਤ ਵਡਾ ਹੋ ਗਿਆ ਹੋਣਾ ਹੈ।' ਇਹ ਕਹਿ ਕੇ ਉਸ ਨੇ ਅੱਗੇ ਵਾਂਗ ਹੀ ਮੇਰੇ ਦੋਹਾਂ ਪੈਰਾਂ ਦਾ ਖ਼ਾਕਾ ਖਿਚਿਆ ਤੇ ਉਂਗਲਾਂ ਦੇ ਨਿਵਾਣ ਉਚਾਣ ਨੂੰ ਜਾਚਿਆ। ਇਹ ਕੰਮ ਕਰਦਿਆਂ ਉਸ ਕੇਵਲ ਇਕੋ ਵਾਰੀ ਉਤਾਂਹ ਤਕਿਆ ਤੇ ਕਹਿਣ ਲਗਾ, 'ਮੈਂ ਖਵਰੇ ਤੁਹਾਨੂੰ ਦਸਿਆ ਸੀ ਕਿ ਨਹੀਂ ਕਿ ਮੇਰਾ ਵੱਡਾ ਭਰਾ ਗੁਜ਼ਰ ਗਿਆ ਹੈ।'

ਉਹ ਇੰਨਾ ਲਿੱਸਾ ਹੋ ਚੁਕਾ ਸੀ ਕਿ ਉਸ ਵਲ ਵੇਖਦਿਆਂ ਹੀ ਤਰਸ ਆਉਂਦਾ ਸੀ। ਉਥੋਂ ਬਾਹਰ ਨਿਕਲ ਆਉਣ ਤੇ ਹੀ ਮੈਨੂੰ ਸੁਖ ਦਾ ਸਾਹ ਆਇਆ।

ਮੈਂ ਉਨ੍ਹਾਂ ਬੂਟਾਂ ਦੀ ਆਸ ਲਾਹ ਬੈਠਾ ਸਾਂ, ਜੋ ਇਕ ਦਿਨ ਓਹ ਮੇਰੇ ਘਰ ਆ ਪੁਜੇ। ਮੈਂ ਚਾਰੇ ਜੋੜੇ ਇਕ ਪਾਲ ਵਿਚ ਰਖ ਲਏ। ਮੈਂ ਇਕ ਇਕ ਕਰਕੇ ਉਨ੍ਹਾਂ ਨੂੰ ਪੈਰੀਂ ਪਾ ਕੇ ਵੇਖਿਆ। ਸ਼ਕਲ ਵਿਚ, ਮੇਰੇ ਆਉਣ ਵਿਚ, ਬਣਾਉਣ ਦੀ ਕਾਰੀਗਰੀ ਵਿਚ ਤੇ ਚਮੜੇ ਦੀ ਚੰਗਿਆਈ ਵਿਚ ਓਹ ਉਸ ਦੇ ਪਹਿਲੇ ਬਣੇ ਸਭ ਬੂਟਾਂ ਨਾਲੋਂ ਵਧੀਆ ਸਨ। ਇਕ ਬੂਟ ਦੇ ਤਸਮਿਆਂ ਵਿਚ ਉਸ ਨੇ ਆਪਣਾ ਸਿਧਾ ਜਿਹਾ ਬਿਲ ਅੜੁੰਗਿਆ ਹੋਇਆ ਸੀ। ਪੈਸੇ ਤਾਂ ਅਗੇ ਜਿੰਨੇ ਹੀ ਸਨ, ਪਰ ਅੱਗੇ ਕਦੇ ਉਸ ਨੇ ਨਾਲ ਹੀ ਬਿਲ ਨਹੀਂ ਸੀ ਭੇਜਿਆ, ਸਗੋਂ ਛੇਈਂ ਮਹੀਨੀਂ ਕੱਠਾ ਲੇਖਾ ਕਰੀਦਾ ਸੀ ਤੇ ਲੰਘਦਿਆਂ ਲੰਘਦਿਆਂ ਕਦੇ ਸਹਿਜ-ਭਾ ਨਾਲ ਆਪੇ ਦੇ ਆਈਦੇ ਸਨ। ਮੈਨੂੰ ਸੁਝ ਗਈ ਕਿ ਉਸ ਨੂੰ ਡਾਢੀ ਹੀ ਲੋੜ ਪਈ ਹੋਣੀ ਹੈ। ਮੈਂ ਓਸੇ ਵੇਲੇ ਨੌਕਰ ਹਥ ਪੈਸੇ ਭੇਜ ਦਿੱਤੇ।

੧੦ ਕੁ ਦਿਨ ਪਿਛੋਂ ਮੈਂ ਉਧਰੋਂ ਲੰਘ ਰਿਹਾ ਸਾਂ। ਮੈਂ ਸੋਚਿਆ ਗੰਗਾ ਦੀਨ ਨੂੰ ਦੱਸ ਹੀ ਚਲੀਏ ਕਿ ਉਸ ਦੇ ਬੂਟ ਬਹੁਤ ਸੋਹਣੇ ਆਏ ਹਨ। ਮੈਂ ਜਦ ਦੁਕਾਨ ਤੇ ਪੁਜਾ ਤਾਂ ਮੈਂ ਵੇਖਿਆ ਕਿ ਉਹ ਗੱਤੇ ਦਾ ਬੋਰਡ ਉਥੇ ਹੈ ਨਹੀਂ, ਪਰ ਉਥੇ ਬੂਟ ਭਾਂਤ ਭਾਂਤ ਦੇ ਪਏ ਸਨ ਤੇ ਦੁਕਾਨ ਸਜੀ ਹੋਈ ਸੀ। ਮੈਂ ਘਬਰਾਇਆ ਹੋਇਆ ਅੰਦਰ ਵੜਿਆ। ਦੋਵੇਂ ਦੁਕਾਨਾਂ ਫਿਰ ਇਕੋ ਬਣੀਆਂ ਹੋਈਆਂ ਸਨ ਤੇ ਮੈਨੂੰ ਇਕ ਜਵਾਨ ਆਦਮੀ ਸਾਫ਼ ਕਪੜਿਆਂ ਵਿਚ ਕਸਿਆ ਹੋਇਆ ਮਿਲਿਆ।

ਮੈਂ ਕਿਹਾ, 'ਗੰਗਾ ਦੀਨ ਅੰਦਰ ਹੈ?'

ਉਸ ਨੇ ਹਰਾਨੀ ਨਾਲ ਮੇਰੇ ਵੱਲ ਤਕਿਆ, ਤੇ ਕਹਿਣ ਲਗਾ, 'ਨਹੀਂ ਜੀ, ਨਹੀਂ। ਤੁਸੀ ਹੁਕਮ ਕਰੋ। ਇਹ ਸਾਰੀ ਦੁਕਾਨ ਅਸਾਂ ਲੈ ਲਈ ਹੈ। ਤੁਸੀਂ ਸਾਡਾ ਬੋਰਡ ਨਹੀਂ ਦੇਖਿਆ? ਅਸੀਂ ਵਡੇ ਵਡੇ ਘਰਾਂ ਵਿਚ ਬੂਟ ਭੇਜਦੇ ਹਾਂ। ਤੁਸੀਂ ਹੁਕਮ ਕਰੋ।'

'ਠੀਕ ਹੈ, ਪਰ ਗੰਗਾ ਦੀਨ?'

'ਉਹ ਤਾਂ ਮਰ ਗਿਆ'

'ਮਰ ਗਿਆ! ਉਹ ਕਦੋਂ? ਅਜੇ ਅਗਲੇ ਦਿਨ ਤਾਂ ਮੈਂ ਉਸ ਤੋਂ ਬੂਟ ਮੰਗਵਾਏ ਹਨ।'

'ਉਹ ਵਿਚਾਰਾ ਭੁੱਖਾ ਹੀ ਮਰ ਗਿਆ। ਹਕੀਮ ਨੇ ਕਿਹਾ ਸੀ ਕਿ ਉਹ ਕੰਮ ਬਹੁਤਾ ਕਰਦਾ ਰਿਹਾ ਹੈ ਤੇ ਖਾਣ ਨੂੰ ਘਟ ਮਿਲਦਾ ਰਿਹਾ ਸੂ। ਉਹ ਬੂਟ ਏਨੀ ਰੀਝ ਨਾਲ ਬਣਾਉਂਦਾ ਸੀ ਕਿ ਸਾਈਆਂ ਦੇਣ ਵਾਲੇ ਕਾਹਲੇ ਪੈ ਜਾਂਦੇ ਸਨ ਤੇ ਉਹ ਕਈ ਦਿਨ ਲਾ ਛਡਦਾ ਸੀ। ਇਉਂ ਉਸ ਦੇ ਗਾਹਕ ਸਾਰੇ ਟੁਟ ਗਏ ਸਨ ਤੇ ਵਿਚਾਰਾ ਪੈਸਿਆਂ ਖੁਣੋਂ ਹੀ ਮਰ ਗਿਆ। ਉਸ ਜਿਹੇ ਬੂਟ ਸਾਰੇ ਪੰਜਾਬ ਵਿਚ ਕੋਈ ਨਹੀਂ ਸੀ ਬਣਾ ਸਕਦਾ। ਪਰ ਦੇਖੋ ਨਾ ਜੀ, ਅਜ ਕਲ ਮੁਕਾਬਲੇ ਦੇ ਦਿਨ ਹੋਏ। ਉਸ ਕਦੇ ਇਸ਼ਤਿਹਾਰ ਨਹੀਂ ਸੀ ਕੀਤਾ। ਉਹ ਚਮੜਾ ਬੜਾ ਕੀਮਤੀ ਵਰਤਦਾ ਸੀ, ਤੇ ਸਾਰਾ ਕੰਮ ਆਪਣੀ ਹੱਥੀਂ ਕਰਦਾ ਸੀ। ਭਲਾ ਅਜ ਕਲ ਏਦਾਂ ਗੁਜ਼ਾਰਾ ਪਿਆ ਹੈ!' ਮੈਂ ਕਿਹਾ, 'ਠੀਕ ਹੈ।' ਉਹ ਜਵਾਨ ਫੇਰ ਬੋਲਿਆ-'ਸਚ ਜਾਣਨਾ ਉਹ ਬੂਟ ਬਣਾਉਣ ਵਿਚ ਦਿਨ ਰਾਤ ਇੱਕ ਕਰ ਛਡਦਾ ਸੀ। ਮਰਦੇ ਦਮ ਤੋੜੀ ਵਿਚਾਰਾ ਆਪਣੇ ਕੰਮ ਲੱਗਾ ਰਿਹਾ। ਉਸ ਨੂੰ ਖਾਣ ਪੀਣ ਦੀ ਤੇ ਆਪਣੇ ਆਪ ਦੀ ਕੋਈ ਸੋਝੀ ਹੀ ਨਹੀਂ ਸੀ ਰਹਿੰਦੀ। ਘਰ ਵਿਚ ਵਿਚਾਰੇ ਦੇ ਭੁਖ ਨੰਗ ਹੀ ਸੀ। ਸਾਰੀ ਵਟਕ ਕਿਰਾਏ ਤੇ ਚਮੜੇ ਵਿਚ ਹੀ ਰੁੜ੍ਹ ਜਾਂਦੀ ਸੀ। ਪਤਾ ਨਹੀਂ ਉਹ ਏਨੇ ਵਰ੍ਹੇ ਵੀ ਕਿਵੇਂ ਜੀਉਂਦਾ ਰਿਹਾ? ਉਹ ਬੜਾ ਹੀ ਅਣੋਖਾ ਆਦਮੀ ਸੀ। ਬੂਟ ਤਾਂ ਡਾਢੇ ਸੋਹਣੇ ਤੇ ਪੱਕੇ ਬਣਾਉਂਦਾ ਸੀ ਅਤੇ ਬੇਈਮਾਨੀ ਦਾ ਨਾਂ ਨਹੀਂ ਸੀ ਜਾਣਦਾ।'

ਮੈਂ ਕਿਹਾ, 'ਹਾਂ ਬੂਟ ਡਾਢੇ ਪੱਕੇ ਹੰਢਣਸਾਰ ਤੇ ਸੋਹਣੇ ਬਣਾਉਂਦਾ ਸੀ।' ਮੈਂ ਛੇਤੀ ਨਾਲ ਉਥੋਂ ਮੁੜ ਪਿਆ, ਤੇ ਬਾਹਰ ਆ ਗਿਆ, ਕਿਉਂਕਿ ਮੈਂ ਨਹੀਂ ਸਾਂ ਚਾਹੁੰਦਾ ਜੋ ਉਹ ਗਭਰੂ ਮੇਰੀਆਂ ਅੱਖਾਂ ਵਿਚ ਉਤਰ ਰਹੇ ਅਥਰੂ ਵੇਖ ਲਵੇ। ਗੁਰੂ ਨਾਨਕ ਸਾਹਿਬ ਦੇ ਦਿਲ ਵਿਚ ਜਿਥੇ ਸਾਰੇ ਸੰਸਾਰ ਲਈ ਪ੍ਰੇਮ ਸੀ, ਉਥੇ ਆਪਣੇ ਵਤਨ ਲਈ ਭੀ ਖ਼ਾਸ ਲਗਨ ਸੀ। ਤੁਖਾਰੀ ਛੰਤ ਮਹਲਾ ੧ ਤੋਂ ਮਲੂਮ ਹੁੰਦਾ ਹੈ ਕਿ ਜਦ ਗੁਰੂ ਜੀ ਜੋਤੀ ਜੋਤਿ ਸਮਾਉਣ ਲਗੇ, ਤਾਂ ਇਕ ਪਾਸੇ ਖ਼ੁਸ਼ੀ ਸੀ ਕਿ ਆਪਣੇ ਵਾਹਿਗੁਰੂ ਦੇ ਪਾਸ ਜਾਣ ਲਗੇ ਹਾਂ, ਪਰ ਦੂਜੇ ਪਾਸੇ ਆਪਣੇ ਸੋਹਣੇ ਦੇਸ ਤੋਂ ਵਿਛੜਨ ਦਾ ਭੀ ਖ਼ਿਆਲ ਸੀ। ਭਾਵੇਂ ਗੁਰੂ ਜੀ ਆਪਣੀਆਂ ਅੱਖਾਂ ਕਰਤਾਰਪੁਰ ਵਿਚ ਮੀਟਦੇ ਹਨ, ਪਰ ਜਿਹੜੇ ਨਜ਼ਾਰੇ ਅੱਖਾਂ ਅੱਗੇ ਲਿਆਉਂਦੇ ਹਨ, ਓਹ ਨਨਕਾਣੇ ਸਾਹਿਬ ਦੇ ਹਨ, ਜਿਥੇ ਬਚਪਨ ਗੁਜ਼ਾਰਿਆ ਸੀ, ਅਤੇ ਜਿਥੇ ਪਸ਼ੂ ਚਾਰਦਿਆਂ ਕੜਕਦੀ ਦੁਪਹਿਰ ਵੇਲੇ ਕਿਧਰੇ ਲੰਮੇ ਪਿਆਂ ਪਿਆਂ ਬੀਂਡਾ ਬੋਲਦਾ ਸੁਣਿਆ ਸੀ ('ਟੀਡੁ ਲਵੈ ਮੰਝਿ ਬਾਰੇ')। ਅੱਧੀ ਸਦੀ ਮਗਰੋਂ ਚੇਤੇ ਆਉਂਦਾ ਹੈ ਕਿ ਹੁਣ ਮੇਰੀ ਜਨਮ-ਭੂਮੀ 'ਬਾਰ' ਵਿਚ ਵਣ ਦਾ ਰੁੱਖ ਫੁੱਲਿਆ ਹੋਣਾ ਹੈ ('ਬਨ ਫੁਲੇ ਮੰਝ ਬਾਰਿ'), ਜਾਂ ਹੁਣ ਉਥੇ ਲੰਮੇ ਲੰਮੇ ਘਾਹਾਂ ਨੇ ਬੁੰਬਲ ਕਢੇ ਹੋਣੇ ਨੇ ('ਕੁਕਹ ਕਾਹ ਸਿ ਫੁਲੇ)। ਇਹੋ ਜਹੇ ਹੋਰ ਕਈਆਂ ਸ਼ਬਦਾਂ ਤੋਂ ਸਿਧ ਹੁੰਦਾ ਹੈ ਕਿ ਜਿਹੜਾ ਗੁਰੂ ਨਾਨਕ ਸਾਰੇ ਜਹਾਨ ਦਾ ਸੀ, ਉਹ ਪੰਜਾਬ ਦਾ ਪੰਜਾਬੀ ਅਤੇ ਉਸ ਦੇ ਇਕ ਖ਼ਾਸ ਇਲਾਕੇ 'ਬਾਰ' ਦਾ ਵਸਨੀਕ ਭੀ ਸੀ, ਜਿਥੇ ਕਣਕ, ਕਪਾਹ ਤੇ ਗੰਨੇ ਬਹੁਤ ਹੁੰਦੇ ਹਨ।

ਵਤਨ-ਪਿਆਰ ਦੀ ਤਹਿ ਵਿਚ ਘਰ ਦਾ ਪਿਆਰ ਹੁੰਦਾ ਹੈ, ਜਿਸ ਨਾਲ ਘਰ ਦੇ ਲੋਕ, ਘਰੋਕੀ ਵਸਤਾਂ ਅਤੇ ਘਰੋਕੀ ਰਹਿਣੀ ਬਹਿਣੀ ਚੰਗੀ ਲਗਦੀ ਹੈ। ਇਸ ਸੰਬੰਧ ਵਿਚ ਘਰੋਕੀ ਬੋਲੀ ਤੇ ਸੰਜਮ ਦਾ ਪਿਆਰ ਬਹੁਤ ਪ੍ਰਬਲ ਹੁੰਦਾ ਹੈ, ਕਿਉਂਕਿ ਇਨ੍ਹਾਂ ਦੇ ਹੀ ਆਸਰੇ ਸਾਡਾ ਕੌਮੀ ਆਚਰਣ ਬਣਦਾ ਅਤੇ ਕੌਮੀ ਸੱਭਿਤਾ ਉਸਰਦੀ ਤੇ ਨਿਸਰਦੀ ਹੈ। ਕੌਮੀ ਜਾਗ੍ਰਤ ਆ ਜਾਣ ਨਾਲ ਕਿਸੇ ਬਗਾਨੀ ਕੌਮ ਦੇ ਪਾਏ ਹੋਏ ਜੁੱਲੇ ਝਲਣ ਨਹੀਂ ਹੁੰਦੇ। ਗੁਰੂ ਨਾਨਕ ਸਾਹਿਬ ਧਨਾਸਰੀ ਰਾਗ ਵਿਚ ਆਪਣੇ ਦੇਸ-ਵਾਸੀਆਂ ਦੀ ਗ਼ੁਲਾਮੀ ਵਲ ਇਸ਼ਾਰਾ ਕਰ ਕੇ ਉਨ੍ਹਾਂ ਨੂੰ ਆਪਣਾ ਕੌਮੀ ਫ਼ਰਜ਼ ਪਛਾਣਨ ਲਈ ਵੰਗਾਰਦੇ ਹਨ। ਉਹ ਕਹਿੰਦੇ ਹਨ:

ਖਤ੍ਰੀਆ ਤ ਧਰਮੁ ਛੋਡਿਆ ਮਲੇਛ-ਭਾਖਿਆ ਗਹੀ।
ਸ੍ਰਿਸਟਿ ਸਭ ਇਕ-ਵਰਨ ਹੋਈ ਧਰਮ ਕੀ ਗਤਿ ਰਹੀ।

ਗੁਰੂ ਜੀ ਕਿਸੇ ਬੋਲੀ ਦੇ ਵਿਰੁਧ ਨਹੀਂ ਸਨ। ਉਹ ਆਪ ਫ਼ਾਰਸੀ ਵਰਤਦੇ ਸਨ। ਪਰ ਉਹ ਦੇਸ ਦੀ ਰਖਿਆ ਕਰਨ ਵਾਲੇ ਛਤਰੀਆਂ ਦੀ ਉਸ ਗ਼ੁਲਾਮੀ ਵਲ ਧਿਆਨ ਦੁਆਂਦੇ ਹਨ ਕਿ ਇਕ ਪਾਸੇ ਮੁਸਲਮਾਣਾਂ ਨੂੰ 'ਮਲੇਛ' ਆਖਣਾ ਤੇ ਦੂਜੇ ਪਾਸੇ ਆਪਣੀ ਬੋਲੀ ਛਡ ਕੇ ਉਨ੍ਹਾਂ ਦੀ ਬੋਲੀ ਆਪਣੀ ਬਣਾ ਲੈਣੀ!

ਛਤਰੀ ਲੋਕਾਂ ਦਾ ਫ਼ਰਜ਼ ਸੀ ਕਿ ਆਪਣੇ ਦੇਸ ਦੇ ਧਰਮ ਕਰਮ ਤੇ ਬੋਲੀ ਨੂੰ ਬਚਾ ਕੇ ਰਖਦੇ, ਪਰ ਉਨ੍ਹਾਂ ਦੀ ਅਣਗਹਿਲੀ ਕਰਕੇ ਆਮ ਜਨਤਾ ਇਕੋ ਮੁਸਲਮਾਣੀ ਅਸਰ ਹੇਠਾਂ ਆ ਰਹੀ ਸੀ। ਇਹ ਗ਼ੁਲਾਮੀ ਵਾਲੀ ਏਕਤਾ ਸੀ। ਇਸ ਵਿਚ ਧਰਮ ਦੀ ਉੱਨਤੀ ਨਹੀਂ ਸੀ ਹੋ ਸਕਦੀ। ਇਸੇ ਤਰ੍ਹਾਂ ਆਸਾ ਦੀ ਵਾਰ ਵਿਚ ਫੁਰਮਾਉਂਦੇ ਹਨ:

"ਅੰਤਰਿ ਪੂਜਾ ਪੜਹਿ ਕਤੇਬਾ ਸੰਜਮੁ ਤਰਕਾ ਭਾਈ।"

ਭਾਵ ਘਰਾਂ ਅੰਦਰ ਬਹਿ ਕੇ ਤਾਂ ਹਿੰਦੂਆਂ ਵਾਲੀ ਪੂਜਾ ਪਾਠ ਕਰਦੇ ਹਨ, ਪਰ ਬਾਹਰ ਦਿਖਾਵੇ ਲਈ ਮੁਸਲਮਾਣਾਂ ਦੀਆਂ ਕਿਤਾਬਾਂ ਪੜ੍ਹਦੇ ਅਤੇ ਉਨ੍ਹਾਂ ਦੀ ਰਹਿਣੀ ਬਹਿਣੀ ਬਣਾ ਦਸਦੇ ਹਨ। ਜਿਵੇਂ ਅਜ ਕਲ ਸਰਕਾਰ ਦਰਬਾਰ ਵਿਚ ਮਨਜ਼ੂਰ ਹੋਣ ਲਈ ਲੋਕੀ ਕੋਟ ਪਤਲੂਣ ਕੱਸ ਲੈਂਦੇ ਹਨ, ਤਿਵੇਂ ਉਨ੍ਹੀਂ ਦਿਨੀਂ ਕੌਮੀ ਗ਼ੈਰਤ ਤੋਂ ਹੀਣੇ ਲੋਕ ਪ੍ਰਧਾਨ ਕੌਮ ਨੂੰ ਪ੍ਰਸੰਨ ਕਰਨ ਲਈ ਨੀਲੇ ਕਪੜੇ ਪਾਣ ਦਾ ਫ਼ੈਸ਼ਨ ਧਾਰ ਲੈਂਦੇ ਸਨ: "ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣੁ।" ਇਕ ਪਾਸੇ ਮੁਸਲਮਾਣਾਂ ਨਾਲ ਧਾਰਮਕ ਤੌਰ ਤੇ ਨਫ਼ਰਤ ਕਰਨੀ ਅਤੇ ਉਨ੍ਹਾਂ ਨੂੰ ਚੌਂਕੇ ਦੇ ਨੇੜੇ ਨਾ ਢੁਕਣ ਦੇਣਾ ਅਤੇ ਦੂਜੇ ਪਾਸੇ ਆਪਣੇ ਹਥੀਂ ਮਾਸ ਬਣਾਣ ਦੀ ਥਾਂ ਮੁਸਲਮਾਣੀ ਕਲਮਾ ਪੜ੍ਹੀ ਕੇ ਹਲਾਲ ਕੀਤਾ ਹੋਇਆ ਬਕਰਾ ਖਾਣਾ:

"ਅਭਾਖਿਆ ਕਾ ਕੁਠਾ ਬਕਰਾ ਖਾਣਾ!
ਚਉਕੇ ਉਪਰਿ ਕਿਸੈ ਨ ਜਾਣਾ।
ਦੇ ਕੈ ਚਉਕਾ ਕਢੀ ਕਾਰ।
ਉਪਰਿ ਆਇ ਬੈਠੇ ਕੂੜਿਆਰ।
ਮਤੁ ਭਿਟੈ ਵੇ ਮਤੁ ਭਿਟੈ।
ਇਹੁ ਅੰਨੁ ਅਸਾਡਾ ਫਿਟੈ॥"

ਲੋਕੀ ਏਡੇ ਨਿੱਘਰ ਗਏ ਸਨ ਕਿ (ਅਜ ਕਲ ਦੇ ਮਿਸਟਰ ਅਖਵਾਣ ਵਾਲੇ ਬਾਬੂਆਂ ਦੀ ਤਰ੍ਹਾਂ) ਆਪਣੇ ਆਪ ਨੂੰ 'ਮੀਆਂ' ਅਖਵਾਣ ਵਿੱਚ ਰਾਜ਼ੀ ਹੁੰਦੇ ਸਨ, ਅਤੇ ਆਪਣੀ ਦੇਸ਼-ਭਾਸ਼ਾ ਛੱਡ ਕੇ ਦੂਜਿਆਂ ਦੀ ਬੋਲੀ ਭਾਵ ਫ਼ਾਰਸੀ ਨੂੰ ਅਪਣਿਆਉਂਦੇ ਸਨ:

'ਘਰਿ ਘਰਿ ਮੀਆ ਸਭਨਾਂ ਜੀਆਂ ਬੋਲੀ ਅਵਰ ਤੁਮਾਰੀ' (ਬਸੰਤ)।

ਗੁਰੂ ਜੀ ਦੇ ਇਨ੍ਹਾਂ ਖ਼ਿਆਲਾਂ ਦੀ ਤਹਿ ਵਿੱਚ ਕੌਮੀ ਨਫ਼ਰਤ ਨਹੀਂ ਸੀ, ਸਗੋਂ ਕੌਮੀ ਸੱਭਿਤਾ ਦੇ ਬਚਾਣ ਦਾ ਫ਼ਿਕਰ ਸੀ। ਉਦੋਂ ਗੁਰੂ ਜੀ ਦੇ ਦਿਲ ਵਿਚ ਮੁਸਲਮਾਣਾਂ ਲਈ ਚੋਖੀ ਕਦਰ ਸੀ। ਜਦ ਬਾਬਰ ਨੇ ਹਿੰਦ ਉਤੇ ਹੱਲਾ ਕੀਤਾ ਤਾਂ ਕੀ ਹਿੰਦੂ ਤੇ ਕੀ ਮੁਸਲਮਾਣ ਸਾਰੇ ਹਿੰਦ-ਵਾਸੀਆਂ ਦੀ ਬੁਰੀ ਬਾਬ ਹੋਈ। ਗੁਰੂ ਨਾਨਕ ਦੇਵ ਇਕ ਸੱਚੇ ਦੇਸ਼-ਭਗਤ ਵਾਕਰ ਜਿਥੇ ਹਿੰਦੂਆਂ ਦੇ ਦੁਖੜੇ ਬਿਆਨ ਕਰ ਕੇ 'ਖ਼ੂਨ ਕੇ ਸੋਹਲੇ' ਗਾਉਂਦੇ ਹਨ, ਉਥੇ ਮੁਸਲਮਾਣਾਂ ਤੇ ਮੁਸਲਮਾਣੀਆਂ ਦੀ ਦੁਰਗਤੀ ਦਾ ਪਹਿਲਾਂ ਜ਼ਿਕਰ ਕਰਦੇ ਹਨ।

'ਇਕਨਾ ਵਖਤ ਖੁਆਈਅਹਿ ਇਕਨਾ ਪੂਜਾ ਜਾਇ' (ਆਸਾ)। ਭਾਵ ਮੁਸਲਮਾਣਾਂ ਨੂੰ ਨਮਾਜ਼ ਪੜ੍ਹਨੀ ਨਾ ਮਿਲੀ ਤੇ ਹਿੰਦੂਆਂ ਦੀ ਪੂਜਾ ਘੁਸ ਗਈ। 'ਥਾਨ ਮੁਕਾਮ ਜਲੇ ਬਿਜ ਮੰਦਰ' (ਆਸਾ)। ਭਾਵ ਮੁਸਲਮਾਣਾਂ ਦੇ ਤਕੀਏ ਤੇ ਟਿਕਾਣੇ ਸਾੜੇ ਗਏ, ਤੇ ਹਿੰਦੂਆਂ ਦੇ ਪੱਕੇ ਮੰਦਰ ਸਾੜੇ ਗਏ। 'ਇਕਨਾ ਪੇਰਣ ਸਿਰ-ਖੁਰ ਪਾਟੇ ਇਕਨਾ ਵਾਸ ਮਸਾਣੀ' (ਆਸਾ)। ਭਾਵ ਮੁਸਲਮਾਣੀਆਂ ਦੇ ਬੁਰਕੇ ਸਿਰ ਤੋਂ ਪੈਰਾਂ ਤੀਕ ਫਾੜੇ ਗਏ (ਬੇਪਤੀ ਕੀਤੀ ਗਈ), ਅਤੇ ਹਿੰਦਵਾਣੀਆਂ ਸਿਰੋਂ ਮਾਰੀਆਂ ਗਈਆਂ। 'ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ। ਮੁਸਲਮਾਣੀਆਂ ਪੜਹਿ ਕਤੇਬਾ ਕਸਟ ਮਹਿ ਕਰਹਿ ਖ਼ੁਦਾਇ ਵੇ ਲਾਲੋ। ਜਾਤਿ ਸਨਾਤੀ ਹੋਰਿ ਹਿਦਵਾਣੀਆ ਏਹਿ ਭੀ ਲੇਖੈ ਲਾਇ ਵੇ ਲਾਲੋ' (ਤਿਲੰਗ)। ਇਨ੍ਹਾਂ ਤੁਕਾਂ ਵਿਚ ਭੀ ਪਹਿਲਾਂ ਮੁਸਲਮਾਣੀਆਂ ਉਤੇ ਹੋਏ ਜ਼ੁਲਮਾਂ ਦਾ ਜ਼ਿਕਰ ਹੈ, ਤੇ ਉਪਰੰਤ ਹਿੰਦਵਾਣੀਆਂ ਦਾ। ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਗੁਰੂ ਜੀ ਜਿਥੇ ਹਿੰਦੂਆਂ ਦਾ ਦੁਖ ਮਹਿਸੂਸ ਕਰਦੇ ਸਨ, ਉਥੇ ਮੁਸਲਮਾਣਾਂ ਦਾ ਭੀ ਕਰਦੇ ਸਨ। ਇਹ ਸਾਂਝੀ ਹਮਦਰਦੀ ਹੀ ਸੱਚੀ ਦੇਸ਼-ਭਗਤੀ ਦੀ ਨਿਸ਼ਾਨੀ ਹੈ।

ਸੱਚਾ ਦੇਸ-ਭਗਤ ਆਪਣੇ ਦੇਸ ਦੀ ਬੇਪਤੀ ਕਰਨ ਵਾਲੇ ਤੋਂ ਡਰਦਾ ਨਹੀਂ, ਅਤੇ ਨਾ ਹੀ ਉਸ ਦੇ ਸਾਮ੍ਹਣੇ ਝੁਕਦਾ ਅਤੇ ਪਿਠ ਪਿਛੇ ਕਾਇਰਾਂ ਵਾਕਰ ਗਾਲ੍ਹਾਂ ਕਢਦਾ ਹੈ। ਗੁਰੂ ਜੀ ਬਾਬਰ-ਵਾਣੀ ਦੇ ਸਮੇਂ ਬਾਬਰ ਦੇ ਸਾਮ੍ਹਣੇ ਉਸ ਦੇ ਜਬਰ ਦਾ ਗਿਲਾ ਕਰਦੇ ਹਨ:

'ਜਿਨਿ ਉਪਾਈ ਰੰਗਿ ਰਵਾਈ ਬੈਠਾ ਵੇਖੈ ਵਖਿ ਇਕੇਲਾ।
ਸਚਾ ਸੋ ਸਾਹਿਬੁ ਸਚੁ ਤਪਾਵਸੁ ਸਚੜਾ ਨਿਆਉ ਕਰੇਗੁ ਮਸੋਲਾ।

ਕਾਇਆ ਕਪੜੁ ਟੁਕੁ ਟੁਕੁ ਹੋਸੀ ਹਿੰਦੁਸਤਾਨੁ ਸਮਾਲਸੀ ਬੋਲਾ।
ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ।
ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ' (ਤਿਲੰਗ)।

ਉਹ ਕਹਿੰਦੇ ਹਨ ਕਿ ਹੇ ਮੁਗ਼ਲੋ! ਜਿਸ ਵਾਹਿਗੁਰੂ ਨੇ ਇਹ ਲੁਕਾਈ ਪੈਦਾ ਕੀਤੀ ਹੈ ਅਤੇ ਵਖੋ ਵਖ ਹਾਲਤਾਂ ਵਿਚ ਲਾ ਰਖੀ ਹੈ, ਉਹ ਆਪ ਵਖਰਾ ਬੈਠ ਕੇ ਇਹ ਖੇਡ ਦੇਖ ਰਿਹਾ ਹੈ। ਉਹ ਸੱਚਾ ਮਾਲਕ ਹੈ, ਤੇ ਉਸ ਦਾ ਫ਼ੈਸਲਾ ਸਚਾ ਹੁੰਦਾ ਹੈ। ਇਸ ਲਈ ਉਹ ਸਚੇ ਨਿਆਂ ਵਾਲਾ ਹੁਕਮ ਕਰੇਗਾ। ਤੁਹਾਡੇ ਸਰੀਰ ਕਪੜੇ ਵਾਂਗੂ ਲੀਰਾਂ ੨ ਕੀਤੇ ਜਾਣਗੇ, ਅਤੇ ਹਿੰਦੁਸਤਾਨ ਮੇਰੇ ਇਸ ਅਗੰਮੀ ਵਾਕ ਨੂੰ ਯਾਦ ਕਰੇਗਾ। ਮੁਗਲ ਸੰਮਤ ੧੫੭੮ ਵਿਚ ਆਉਂਦੇ ਹਨ, ਅਤੇ ੧੫੯੭ ਵਿਚ ਚਲੇ ਜਾਣਗੇ, ਜਦ ਸ਼ੇਰ ਸ਼ਾਹ ਸੂਰੀ ਵਰਗਾ ਬਹਾਦਰ ਆਦਮੀ ਦੇਸ ਵਿਚ ਆ ਦੜਕੇਗਾ। ਮੈਂ ਸੱਚੀ ਗਲ ਆਖ ਰਿਹਾ ਹਾਂ, ਅਤੇ ਸੱਚ ਜ਼ਰੂਰ ਆਖਾਂਗਾ, ਕਿਉਂਕਿ ਸੱਚ ਸੁਣਾਉਣ ਦਾ ਇਹੋ ਵੇਲਾ ਹੈ। (ਪਿਛੋਂ ਜਦ ਬਾਬਰ ਚਲਾ ਗਿਆ ਤਾਂ ਇਹ ਗੱਲਾਂ ਕਹਿਣ ਦਾ ਕੀ ਲਾਭ ਹੋਵੇਗਾ?)

ਸੱਚਾ ਦੇਸ-ਭਗਤ ਜਿਥੇ ਦੇਸ ਦੇ ਵੈਰੀ ਨੂੰ ਸੱਚ ਆਖਣ ਵਿਚ ਦਲੇਰੀ ਕਰਦਾ ਹੈ, ਉਥੇ ਆਪਣੇ ਦੇਸ ਵਾਸੀਆਂ ਦੀਆਂ ਭੁਲਾਂ ਜਾਂ ਕਮਜ਼ੋਰੀਆਂ ਦਸਣ ਤੋਂ ਭੀ ਨਹੀਂ ਝਿਜਕਦਾ। ਜਦ ਭਾਈ ਮਰਦਾਨੇ ਨੇ ਮੁਗ਼ਲਾਂ ਦੇ ਹਥੋਂ ਹਿੰਦੁਸਤਾਨੀਆਂ ਨੂੰ ਹਾਰ ਖਾਂਦਿਆਂ ਦੇਖਿਆ ਤਾਂ ਪੁਛਣ ਲਗਾ, "ਗੁਰੂ ਜੀ! ਸਾਡੇ ਦੇਸ-ਵਾਸੀ ਇਤਨੀ ਗਿਣਤੀ ਦੇ ਹੁੰਦਿਆਂ ਕਿਉਂ ਹਾਰ ਗਏ?" ਇਹ ਸਵਾਲ ਸਾਡੇ ਇਤਿਹਾਸ ਵਿਚ ਕਈ ਵੇਰ ਪੁਛਿਆ ਗਿਆ, ਅਤੇ ਪੁਛਿਆ ਜਾਏਗਾ, ਪਰ ਇਸ ਦਾ ਉਤਰ ਵਖੋ ਵਖ ਲੋਕ ਕਈ ਤਰੀਕਿਆਂ ਨਾਲ ਦਿੰਦੇ ਹਨ। ਕਈ ਕਹਿੰਦੇ ਹਨ ਕਿ ਹਿੰਦ-ਵਾਸੀ ਨੇਕ ਸਨ, ਪਵਿੱਤਰ ਸਨ, ਪਰ ਜਥੇਬੰਦ ਨਹੀਂ ਸਨ, ਇਸ ਲਈ ਹਾਰ ਗਏ। (ਦੇਖੋ ਭਾਈ ਪਰਮਾਨੰਦ ਜੀ ਦਾ ਲਿਖਿਆ ਪੰਜਾਬ ਦਾ ਇਤਿਹਾਸ।) ਪਰ ਗੁਰੂ ਨਾਨਕ ਦੇਵ ਜੀ, ਜੋ ਉਸ ਸਾਕੇ ਦੇ ਸਮਕਾਲੀ ਸਨ ਅਤੇ ਸਾਡੀ ਕਮਜ਼ੋਰੀ ਨੂੰ ਸਾਮ੍ਹਣੇ ਦੇਖ ਰਹੇ ਸਨ, ਇਉਂ ਫ਼ੁਰਮਾਉਂਦੇ ਹਨ:

'ਜਿਸ ਨੋ ਆਪਿ ਖੁਆਏ ਕਰਤਾ ਖੁਸਿ ਲਏ ਚੰਗਿਆਈ' (ਆਸਾ)।

ਜਿਸ ਨੂੰ ਹਰੀ ਨੇ ਆਪ ਭੁਲਾਣਾ ਹੁੰਦਾ ਹੈ, ਉਸ ਤੋਂ ਨੇਕੀ ਖੋਹ ਲੈਂਦਾ ਹੈ। ਹਿੰਦ-ਵਾਸੀਆਂ ਦੇ ਹਾਰ ਜਾਣ ਦਾ ਕਾਰਨ ਇਹ ਸੀ ਕਿ ਉਨ੍ਹਾਂ ਵਿਚੋਂ ਨੇਕੀ ਨਿਕਲ ਗਈ ਸੀ। ਇਨ੍ਹਾਂ ਲੋਕਾਂ ਵਿਚੋਂ ਸਾਦਗੀ, ਪਵਿੱਤਰਤਾ, ਕੁਰਬਾਨੀ ਅਤੇ ਹਰੀ ਦਾ ਪਿਆਰ ਗੁੰਮ ਹੋ ਚੁਕਾ ਸੀ। ਜਿਹੜੇ ਲੋਧੀ ਸੁਲਤਾਨ ਇਨ੍ਹਾਂ ਉਤੇ ਰਾਜ ਕਰ ਰਹੇ ਸਨ ਓਹਨਾਂ ਨੂੰ ਹਿੰਦ ਜਹੇ ਕੀਮਤੀ ਰਤਨ ਦੀ ਕਦਰ ਨਹੀਂ ਸੀ:

'ਰਤਨ ਵਿਗਾੜਿ ਵਿਗੋਏ ਕੁਤੀਂ ਮੁਇਆਂ ਸਾਰ ਨ ਕਾਈ' (ਆਸਾ)।

ਇਨ੍ਹਾਂ ਕਮੀਨੇ ਪਠਾਣਾਂ ਨੇ ਹੀਰੇ ਵਰਗੇ ਹਿੰਦੁਸਤਾਨ ਨੂੰ ਘਟੇ ਕੌਡੀ ਰੋਲ ਦਿਤਾ ਹੈ (ਭਾਵ ਮੁਗ਼ਲਾਂ ਦੇ ਸਾਮ੍ਹਣੇ ਬਹੁਤ ਅੜੇ ਨਹੀਂ ਤੇ ਇਹੋ ਜਿਹਾ ਕੀਮਤੀ ਦੇਸ ਐਵੇਂ ਹੀ ਖੁਹਾ ਬੈਠੇ ਹਨ)। ਮਰਨ ਪਿਛੋਂ ਇਨ੍ਹਾਂ ਨੂੰ ਕਿਸੇ ਚੇਤੇ ਵੀ ਨਹੀਂ ਕਰਨਾ।

ਜਿਥੇ ਰਾਜਿਆਂ ਨੂੰ 'ਕਲ ਕਾਤੀ ਰਾਜੇ ਕਾਸਾਈ' ਜਾਂ 'ਲਬੁ ਪਾਪੁ ਦੋਇ ਰਾਜਾ ਮਹਿਤਾ' ਕਿਹਾ ਹੈ, ਉਥੇ ਪਰਜਾ ਦੀ ਕਮਜ਼ੋਰੀ ਦਸਣ ਵਿਚ ਸੰਕੋਚ ਨਹੀਂ ਕੀਤਾ। 'ਅੰਧੀ ਰਈਯਤਿ ਗਿਆਨ ਵਿਹੂਣੀ ਭਾਹਿ ਭਰਹਿ ਮੁਰਦਾਰ' (ਵਾਰ ਆਸਾ)। ਭਾਵ ਰਈਅਤਿ ਬੇਸਮਝੀ ਦੇ ਕਾਰਨ ਅੰਨ੍ਹੀ ਹੋਈ ਪਈ ਹੈ, ਅਤੇ ਮੁਰਦਿਆਂ ਵਾਕਰ ਵਫ਼ਾਦਾਰੀ ਦਾ ਦਮ ਭਰਦੀ ਹੈ! ਇਹੋ ਜਹੀ ਕਮਜ਼ੋਰੀ ਕਰਕੇ ਸਾਰੀ ਦੀ ਸਾਰੀ ਕੌਮ ਪ੍ਰਦੇਸੀ ਹਮਲਾ-ਆਵਰਾਂ ਦੇ ਅਗੇ ਭੇਡਾਂ ਬਕਰੀਆਂ ਵਾਕਰ ਹੀਣੀ ਹੋ ਕੇ ਚਲਦੀ ਹੈ। ਜਦ ਮੁਗ਼ਲਾਂ ਨੇ ਸ਼ੇਰਾਂ ਵਾਕਰ ਇਨ੍ਹਾਂ ਉਤੇ ਹੱਲਾ ਬੋਲ ਦਿੱਤਾ, ਤਾਂ ਹਿੰਦ-ਵਾਸੀ ਗਾਈਆਂ ਵਾਕਰ ਕਟੇ ਵਢੇ ਗਏ। ਗੁਰੂ ਜੀ ਉਸ ਨਜ਼ਾਰੇ ਨੂੰ ਅਖੀਂ ਵੇਖ ਕੇ ਵਿਸਮਾਦ ਵਿਚ ਆਏ ਅਤੇ ਇਹ ਸ਼ਬਦ ਉਚਾਰਿਆ:

'ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ।
ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ।
ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦੁ ਨ ਆਇਆ।੧।
ਕਰਤਾ ਤੂੰ ਸਭਨਾ ਕਾ ਸੋਈ।
ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ।੧।ਰਹਾਉ।
ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈਂ (ਆਸਾ)।

ਇਸ ਸ਼ਬਦ ਵਿਚ ਰੱਬ ਕੋਲੋਂ ਪੁਛਦੇ ਹਨ ਕਿ ਹੇ ਸਭ ਦੇ ਸਾਂਝੇ ਕਰਤਾਰ! ਕੀ ਐਸੀ ਮਾਰ ਪੈਂਦੀ ਦੇਖ ਕੇ ਤੈਨੂੰ ਦਰਦ ਨਾ ਆਇਆ? ਤੂੰ ਨਿਰਾ ਮੁਗਲਾਂ ਦਾ ਨਹੀਂ ਸੈਂ। ਤੂੰ ਤਾਂ ਹਿੰਦ-ਵਾਸੀਆਂ ਦਾ ਭੀ ਸੈਂ। ਫੇਰ ਕਿਉਂ ਐਸਾ ਹੋਣ ਦਿਤੋਈ? ਜੇਕਰ ਇਕ ਬਲਵਾਨ ਕਿਸੇ ਦੂਜੇ ਬਲਵਾਨ ਨੂੰ ਮਾਰੇ ਤਾਂ ਦਿਲ ਵਿਚ ਰੋਸ ਨਹੀਂ ਹੁੰਦਾ, ਭਾਵ ਜਿਸ ਤਰ੍ਹਾਂ ਬਾਬਰ ਦੇ ਆਦਮੀ ਤਾਕਤਵਰ ਸਨ, ਜੇ ਸਾਡੇ ਪਾਸੇ ਦੇ ਲੋਕ ਭੀ ਤਾਕਤ ਰਖਦੇ, ਤੇ ਚੰਗੀ ਤਰ੍ਹਾਂ ਲੜ ਕੇ ਹਾਰ ਖਾ ਜਾਂਦੇ, ਤਾਂ ਮੈਨੂੰ ਅਫ਼ਸੋਸ ਨਾ ਹੁੰਦਾ, ਪਰ ਜੇ ਇਕ ਪਾਸੇ ਸ਼ੇਰ ਹੋਵੇ, ਤੇ ਦੂਜੇ ਪਾਸੇ ਨਿਰਾ ਗਾਈਆਂ ਦਾ ਵੱਗ ਹੋਵੇ, ਤਾਂ ਭੇੜ ਇਕ-ਪਾਸਾ ਜਿਹਾ ਹੁੰਦਾ ਹੈ। ਐਸੀ ਹਾਲਤ ਵਿਚ ਉਸ ਵੱਗ ਦੇ ਮਾਲਕ ਤੋਂ ਪੁਛ ਹੁੰਦੀ ਹੈ ਕਿ ਤੂੰ ਕਿਥੇ ਸੈਂ?

ਉਸ ਸਮੇਂ ਹਿੰਦ-ਵਾਸੀ ਇਕ ਗਾਈਆਂ ਦੇ ਵੱਗ ਵਾਂਗ ਨਿਹੱਥੇ ਤੇ ਨਿਤਾਣੇ ਸਨ, ਅਤੇ ਉਨ੍ਹਾਂ ਉਤੇ ਕੋਈ ਨਾ ਕੋਈ ਸ਼ੇਰ ਆ ਹੀ ਪੈਂਦਾ ਸੀ। ਇਨ੍ਹਾਂ ਦੇ ਬਚਾਉ ਲਈ ਕਈਆਂ ਨੇ ਜਤਨ ਕੀਤੇ। ਕਈਆਂ ਨੇ ਇਨ੍ਹਾਂ ਦੇ ਦੁਆਲੇ ਜਾਤਿ-ਪਾਤਿ ਤੇ ਛੂਤ ਛਾਤ ਦੀਆਂ ਕੰਧਾਂ ਉਸਾਰ ਕੇ ਵਰਣ-ਆਸ਼੍ਰਮ ਦੀ ਕਿਲ੍ਹਾ-ਬੰਦੀ ਕਰ ਦਿਤੀ। ਇਹ ਸਾਧਨ ਮੁਦਤਾਂ ਤੀਕ ਹੁੰਦੀਆਂ ਨੂੰ ਖੇਰੂ ਖੇਰੂ ਹੋਣ ਤੋਂ ਬਚਾਂਦੇ ਰਹੇ। ਪਰ ਜਦ ਭੀ ਇਹ ਗਊਆਂ ਕਿਲ੍ਹੇ ਤੋਂ ਬਾਹਰ ਮਦਾਨ ਵਿਚ ਆਉਂਦੀਆਂ, ਕਿਸੇ ਨਾ ਕਿਸੇ ਸ਼ੇਰ ਦਾ ਸ਼ਿਕਾਰ ਬਣ ਜਾਂਦੀਆਂ। ਗੁਰੂ ਨਾਨਕ ਦੇਵ ਨੇ ਇਕ ਸਚੇ ਆਗੂ ਦੀ ਤਰ੍ਹਾਂ ਇਨ੍ਹਾਂ ਦੇ ਬਚਾਉ ਦਾ ਪੱਕਾ ਤੇ ਸਦੀਵੀ ਪ੍ਰਬੰਧ ਕਰਨ ਦੀ ਸਲਾਹ ਕੀਤੀ। ਇਨ੍ਹਾਂ ਨੇ ਇਨ੍ਹਾਂ ਗਊਆਂ ਨੂੰ ਹੀ ਸ਼ੇਰ ਬਣਾ ਦੇਣ ਦਾ ਖਿਆਲ ਕੀਤਾ, ਤਾਕਿ ਅੰਦਰਲੀਆਂ ਬਾਹਰਲੀਆਂ ਕਮਜ਼ੋਰੀਆਂ ਦੂਰ ਹੋ ਕੇ ਹਰ ਤਰ੍ਹਾਂ ਦੇ ਹਮਲਾ-ਆਵਰਾਂ ਤੋਂ ਬਚ ਕੇ ਰਹਿਣ ਦਾ ਹੀਆ ਕਰ ਸਕਣ। ਸਿਖ ਇਤਿਹਾਸ ਵਿਚ ਇਸੇ ਕੌਮੀ ਉਸਾਰੀ ਦਾ ਜ਼ਿਕਰ ਹੈ ਕਿ ਕਿਸ ਤਰ੍ਹਾਂ ਨਿਮਾਣੀਆਂ ਗਊਆਂ ਵਰਗੇ ਲੋਕ ਉਪਰੋਥੱਲੀ ਦਸ ਆਗੂਆਂ ਦੀ ਅਮਲੀ ਸਿਖਿਆ ਤੇ ਅਗਵਾਈ ਨਾਲ ਤਕੜੇ ਹੁੰਦੇ ਗਏ, ਅਤੇ ਅੰਤ ਸੰਨ ੧੭੯੯ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਹਥੋਂ ਅੰਮ੍ਰਿਤ ਛਕ ਕੇ 'ਸਿੰਘ' ਸਜ ਗਏ, ਭਾਵ ਗਊਆਂ ਸ਼ੇਰ ਬਣ ਗਈਆਂ।

(ਨਲਕੇ ਦੀ ਆਪਣੀ ਜ਼ਬਾਨੀ)

ਮਿਤਰੋ! ਸ਼ਹਿਰ ਦੇ ਵਿਚਕਾਰ ਇਕ ਕੰਧ ਦੀ ਛਾਵੇਂ ਮੇਰਾ ਟਿਕਾਣਾ ਹੈ। ਮੈਂ ਸ਼ਹਿਰ ਦੇ ਵਿਚਾਲੇ ਹੁੰਦਾ ਹੋਇਆ ਵੀ ਇਕ ਨੁਕਰੇ ਲੱਗਾ ਰਹਿੰਦਾ ਹਾਂ। ਇਕ ਟੰਗ ਦੇ ਭਾਰ ਸੂਰਜ ਚੜ੍ਹਦੇ ਤੋਂ ਸੂਰਜ ਡੁਬਦੇ ਤੀਕ ਅਤੇ ਸੂਰਜ ਡੁਬਣ ਤੋਂ ਸੂਰਜ ਚੜ੍ਹਨ ਤੀਕ ਖੜੋਤਾ ਹੋਇਆਂ ਰਾਹੀਆਂ ਦੀਆਂ ਮੌਜਾਂ ਵੇਖਦਾ ਹਾਂ। ਮੈਂ ਇਕੱਲਾ ਨਹੀਂ। ਇਕੱਲਾ ਤਾਂ ਰੱਬ ਕਰਕੇ ਕੋਈ ਰੁਖ ਵੀ ਨਾ ਹੋਵੇ! ਮੇਰੇ ਨਾਲ ਕਈ ਮੇਰੇ ਦਰਦੀ ਤੇ ਸਹਾਈ ਹਨ। ਕਈ ਬੁਰੇ ਹਾਲ ਤੇ ਬੌਂਕੇ ਦਿਹਾੜਿਆਂ ਵਾਲੇ ਮੇਰੇ ਸਰ੍ਹਾਣੇ ਆ ਕੇ ਸਾਹ ਲੈਂਦੇ ਹਨ। ਕਈ ਕਿਸਮਤ ਦੇ ਧਿਕਾਰੇ ਤੇ ਕਰਮਾਂ ਦੇ ਮਾਰੇ ਮੇਰੇ ਨਾਲ ਮਿਲ ਕੇ ਆਪਣੇ ਦੁਖੀ ਦਿਲ ਦਾ ਭਾਰ ਹੌਲਾ ਕਰਦੇ ਹਨ। ਮੈਂ ਉਨ੍ਹਾਂ ਨੂੰ ਵੀ ਪਨਾਹ ਦੇਣੋਂ ਸੰਕੋਚ ਨਹੀਂ ਕਰਦਾ।

ਇਥੇ ਹੀ ਬਸ ਨਹੀਂ। ਕਈ ਵਡਭਾਗੇ 'ਲਾਹੌਰ ਦੇ ਸ਼ੁਕੀਨ ਤੇ ਬੋਝੇ ਵਿਚ ਗਾਜਰਾਂ' ਮੇਰੇ ਕੋਲੋਂ ਦੀ ਕਿਸਮਤ ਉਤੇ ਝੂਰਦੇ ਤੇ ਕਰਮਾਂ ਨੂੰ ਕੋਸਦੇ ਲੰਘਦੇ ਹਨ। ਤੁਰੇ ਜਾਂਦੇ ਓਹ ਚੋਰ-ਅੱਖੀਂ ਮੇਰੇ ਲੋਹੇ ਦੇ ਸਰੀਰ, ਪਰ ਪਾਣੀ ਵਰਗੇ ਦਿਲ ਵਾਲੇ ਸ਼ਹੀਦ ਵਲ ਤਕਦੇ ਹਨ। ਉਨ੍ਹਾਂ ਦੀ ਇਹ ਹਾਲਤ ਵੇਖ ਕੇ ਮੇਰੇ ਦਿਲ ਵਿਚ ਤਰਸ ਦਾ ਸੋਮਾਂ ਫੁਟ ਪੈਂਦਾ ਹੈ। ਮੇਰੀ ਹਮਦਰਦੀ ਦੇ ਹੰਝੂਆਂ ਵਲ ਵੇਖ ਕੇ ਉਨ੍ਹਾਂ ਨੂੰ ਮੇਰੇ ਕੋਲ ਆਉਣ ਦਾ ਹੀਆ ਪੈ ਜਾਂਦਾ ਹੈ। ਉਨ੍ਹਾਂ ਵਿਚੋਂ ਕੋਈ ਆਉਂਦਾ ਹੈ ਅਤੇ ਪ੍ਰੇਮ ਪਿਆਲਾ ਪੀ ਘੜੀ ਦੋ ਘੜੀਆਂ ਲਈ ਮੇਰੇ ਪਿਆਰ ਦੇ ਰੰਗ ਵਿਚ ਰੰਗਿਆ ਜਾਂਦਾ ਹੈ। ਫਿਰ ਉਹ ਬੇਹੋਸ਼ ਕਰਨ ਵਾਲੇ ਪਾਣੀ ਤੋਂ (ਜੋ ਔਹ ਸਾਹਮਣੇ ਵਿਕਦਾ ਹੈ) ਤੋਬਾ ਕਰਦਾ ਹੈ ਤੇ ਕੰਨਾਂ ਨੂੰ ਹੱਥ ਲਾਉਂਦਾ ਦੂਰ ਪਰ੍ਹੇ ਚਲਾ ਜਾਂਦਾ ਹੈ। ਹੇ ਫਰਿਸ਼ਤਿਆਂ ਦੇ ਮੱਥਾ ਟੇਕਣ ਦੀ ਥਾਂ ਇਨਸਾਨ! ਬਸ ਤੇਰੇ ਵਿਚ ਇਕੋ ਘਾਟਾ ਹੈ ਤੇ ਉਹ ਹੈ ਇਕਰਾਰ ਤੋੜਨਾ। ਸ੍ਰਿਸ਼ਟੀ ਦੇ ਮੁਢ ਤੋਂ ਹੀ ਤੇਰੇ ਵਡੇਰੇ ਹਜ਼ਰਤ ਆਦਮ ਨੇ ਇਕਰਾਰ ਤੋੜਿਆ ਅਤੇ ਪਰਮਾਤਮਾ ਦੀਆਂ ਦਾਤਾਂ ਨੂੰ ਮਿਟੀ ਘੱਟੇ ਰੋਲਿਆ। ਹੇ ਮਨੁੱਖ! ਜੇ ਤੂੰ ਵਫ਼ਾ ਦਾ ਗੁਣ ਕਾਇਮ ਰਖਦੋਂ ਤਾਂ ਤੂੰ ਪੂਰਣ ਹਸਤੀ ਹੋਂਦੋਂ।

ਆਹ! ਮੇਰੇ ਉੱਚਾ ਸਿੱਧਾ ਚਲਣ ਵਾਲੇ ਦੋਸਤ! ਹੇ ਦੋ ਅਖਾਂ ਵਾਲੇ ਅੰਨ੍ਹੇ ਪੰਧਾਊ! ਕੀ ਤੂੰ ਏਦਾਂ ਹੀ ਗੁਮਰਾਹੀ ਦਾ ਪੁਜਾਰੀ ਰਹੇਂਗਾ? ਤੇਰੀਆਂ ਹੋਰ ਭੁੱਲਾਂ ਤੈਨੂੰ ਮੁਬਾਰਕ! ਜਿਹੜੀਆਂ ਭੁੱਲਾਂ ਤੈਥੋਂ ਅਭੋਲ ਹੀ ਹੋ ਜਾਣ ਉਨ੍ਹਾਂ ਦੀ ਖਿਮਾਂ ਦਾ ਤੂੰ ਹਕਦਾਰ ਹੈਂ, ਪਰ ਜਿਹੜੀ ਬੇਹੋਸ਼ੀ ਤੂੰ ਆਪ ਖਰੀਦਦਾ ਹੈਂ, ਜਿਹੜੀਆਂ ਭੁੱਲਾਂ ਨੂੰ ਜਾਣ ਬੁਝ ਕੇ ਕਰਦਾ ਹੈਂ ਅਤੇ ਜੋ ਤੇਰੀ ਇਸ ਦੋ ਘੜੀਆਂ ਦੀ ਖੁਸ਼ੀ ਬਦਲੇ ਸਹੇੜੀਆਂ ਹੋਈਆਂ ਹਨ, ਯਾਦ ਰਖ ਓਹ ਤੈਨੂੰ ਨਰਕਾਂ ਦਾ ਭਾਗੀ ਬਣਾਉਣਗੀਆਂ। ਇਨ੍ਹਾਂ ਹੀ ਭੁੱਲਾਂ ਦੇ ਕਾਰਣ ਤੂੰ ਅਗ ਵਿਚ ਸੜੇਂਗਾ।

ਮੈਨੂੰ ਪਤਾ ਹੈ, ਮੇਰਾ ਲੰਮਾ ਚੌੜਾ ਉਪਦੇਸ਼ ਤੈਨੂੰ ਨਹੀਂ ਭਾਉਂਦਾ। ਕੀ ਕਰਾਂ? ਮਿਤਰੋ! ਇਹ ਗੁਣਗੁਣੇ ਬੜੀ ਵਿਸ ਘੋਲਦੇ ਰਹਿੰਦੇ ਹਨ। ਮੈਂ ਵੀ ਨੱਕ ਵਿੱਚ ਬੋਲਦਾ ਹਾਂ ਅਤੇ ਮਿਠੇ ਮਿਠੇ ਬਚਨਾਂ ਰਾਹੀਂ ਲੋਕਾਂ ਦੀ ਪਿਆਸ ਮਿਟਾਉਂਦਾ ਹਾਂ।

ਮੇਰੀਆਂ ਸਿਫ਼ਤਾਂ ਲਈ ਇਕ ਵਡੇ ਦਫ਼ਤਰ ਦੀ ਲੋੜ ਹੈ। ਮੈਨੂੰ ਨਿਰਾ ਪੁਰਾ ਗਾਲੜੀ ਹੀ ਨਾ ਸਮਝਣਾ। ਰਤਾ ਮੇਰੀਆਂ ਖੂਬੀਆਂ ਵੀ ਸੁਣੋ। ਮੇਰੇ ਵਰਗਾ ਹੁਸ਼ਿਆਰ ਚੌਂਕੀਦਾਰ ਜੇ ਦੀਵਾ ਲੈ ਕੇ ਢੂੰਢਣ ਚੜ੍ਹੋ ਤਾਂ ਭੀ ਨਾ ਲਭੇ। ਮੈਂ ਸਭ ਤੋਂ ਵਧੇਰੇ ਲੋਕਾਂ ਦੇ ਕੰਮ ਆਉਣ ਵਾਲਾ ਸੇਵਾਦਾਰ ਜੇ। ਹਰ ਇਕ ਮਹਿਕਮੇ ਦਾ ਸਭ ਤੋਂ ਵਡਾ ਸਰਦਾਰ ਹਾਂ। ਸਭ ਨਾਲੋਂ ਵੱਡਾ ਹੁੰਦਿਆਂ ਹੋਇਆਂ ਵੀ ਸਭ ਤੋਂ ਨੀਵਾਂ ਹਾਂ। ਰਾਤ ਦਿਨ ਲੋਕਾਂ ਦੇ ਕੰਮ ਆਉਂਦਾ ਹਾਂ। ਮਜ਼ਹਬੀ ਝਗੜਿਆਂ ਝੇੜਿਆਂ ਤੋਂ ਦੂਰ ਰਹਿ ਕੇ ਮੈਂ ਹਰ ਇਕ ਦੀ ਸੇਵਾ ਲਈ ਮੱਥੇ ਵੱਟ ਪਾਉਣ ਤੋਂ ਬਿਨਾਂ ਹੀ ਤਿਆਰ ਬਰ ਤਿਆਰ ਰਹਿੰਦਾ ਹਾਂ।

ਹਰ ਰੁੱਤ ਵਿਚ ਮੇਰੀ ਦੁਕਾਨ ਖੁਲ੍ਹੀ ਰਹਿੰਦੀ ਹੈ। ਸੌਣਾ ਮੇਰੇ ਲਈ ਸੁਪਨਾ ਹੈ। ਪੁਰਾਣੇ ਸਮੇਂ ਦੇ ਰਿਸ਼ੀਆਂ ਮੁਨੀਆਂ ਵਾਂਗ ਇਕ ਲਤ ਦੇ ਭਾਰ ਆਪਣੇ ਕੰਮ ਵਿਚ ਅਥੱਕ ਤੇ ਸਚੇਤ ਖੜਾ ਰਹਿੰਦਾ ਹਾਂ। ਦਿਨੇ ਆਪਣੇ ਸਖ਼ੀ ਹਥਾਂ ਨਾਲ ਅੰਮ੍ਰਿਤ ਦੀ ਦਾਤ ਲੁਟਾਉਂਦਾ ਹਾਂ। ਰਾਤ ਨੂੰ ਭੁਲੇ ਭਟਕਿਆਂ ਲਈ ਰੋ ੨ ਕੇ ਪਰਮਾਤਮਾ ਦੀ ਦਰਗਾਹੇ ਬੇਨਤੀ ਕਰਦਾ ਹਾਂ, "ਹੇ ਸੱਚੇ ਮਾਲਕ! ਆਪਣੇ ਨਿਤਾਣੇ ਬੰਦੇ ਦੀ ਜਿਸ ਨੂੰ ਤੂੰ ਲੋਕਾਂ ਦੀ ਤੇਹ ਨੂੰ ਕੁਦਰਤੀ ਤਰੀਕੇ ਨਾਲ ਮਿਟਾਉਣ ਲਈ ਇਸ ਸੰਸਾਰ ਤੇ ਭੇਜਿਆ ਹੈ ਸੁਣ! ਉਨ੍ਹਾਂ ਨੂੰ ਕੌੜੇ ਪਾਣੀ ਦੇ ਪਿਆਲੇ ਭਰ ਭਰ ਪੀਣ ਤੋਂ ਹਟਾ।"

ਮੈਂ ਇਕ ਹੱਥ ਵਾਲਾ ਹਾਂ, ਪਰ ਮੇਰੀ ਬੇਨਤੀ ਧੁਰ ਦਰਗਾਹੇ ਅਪੜ ਕੇ ਕਬੂਲ ਪੈ ਜਾਂਦੀ ਹੈ। ਪਰਮਾਤਮਾ ਨੂੰ ਮੇਰੇ ਹੰਝੂ ਵੇਖ ਕੇ ਤਰਸ ਆਉਂਦਾ ਹੈ ਤੇ ਉਹ ਇਸ ਨਿਮਾਣੇ ਦੇ ਕੀਰਨਿਆਂ ਦੀ ਕਦਰ ਕਰਦਾ ਹੈ। ਸ਼ੋਕ! ਆਦਮੀ ਦੋ ਹੱਥਾਂ ਦਾ ਮਾਲਕ ਹੈ। ਜੇ ਇਹ ਦੋਵੇਂ ਹਥ ਜੋੜ ਕੇ ਬੇਨਤੀ ਕਰੇ ਤਾਂ ਕੀ ਉਹ ਕਬੂਲ ਨਾ ਹੋਵੇ? ਜ਼ਰੂਰ ਹੋਵੇਗੀ, ਪਰ ਓਦੋਂ ਜਦੋਂ ਇਸ ਦੇ ਪੱਲੇ ਵਿਚੋਂ ਸ਼ਰਾਬ ਦੀ ਬੋ ਦੀ ਥਾਂ ਹਲੀਮੀ ਤੇ ਅਧੀਨਗੀ ਦੀ ਖੁਸ਼ਬੋ ਆਏਗੀ। ਉਸ ਵੇਲੇ ਇਸ ਦੀ ਆਤਮਕ ਸ਼ਕਤੀ ਵੇਖ ਕੇ ਸਾਰੀ ਦੁਨੀਆਂ ਦੇ ਗੁਨਾਹ ਇਸ ਤੋਂ ਭਜ ਜਾਣਗੇ। ਇਹ ਤਦ ਹੀ ਹੋ ਸਕਦਾ ਹੈ ਜੇ ਇਹ ਹੋਸ਼ ਦੀ ਦਵਾਈ ਕਰਾਏ। ਮਾਫ ਕਰਨਾ, ਮੈਂ ਫਿਰ ਉਪਦੇਸ਼ ਵਿਚ ਵਹਿ ਤੁਰਿਆ ਹਾਂ। ਇਹ ਮੇਰੇ ਵਸ ਦੀ ਗਲ ਨਹੀਂ। ਮੈਨੂੰ ਮਨੁਖ ਦੀ ਹਾਲਤ ਉਤੇ ਤਰਸ ਆਉਂਦਾ ਹੈ।

ਪੁਲਸ ਦਾ ਸਿਪਾਹੀ, ਸਫਾਈ ਦਾ ਦਰੋਗਾ, ਨਗਰ ਸਭਾ ਦਾ ਮੈਂਬਰ, ਲੋਕਾਂ ਦੀ ਸਿਹਤ ਦਾ ਰਾਖਾ ਮੈਂ ਹੀ ਹਾਂ। ਜੇ ਕਮੇਟੀ ਦੀ ਚੋਣ ਵਿਚ ਮੇਰਾ ਨਾਂ ਰੱਦੀ ਦੀ ਟੋਕਰੀ ਵਿਚ ਸੁਟਿਆ ਜਾਏ ਤਾਂ ਇਹ ਇਨਸਾਫ ਕਾਹਦਾ? ਕਿਉਂਕਿ (ਇਹ ਇਕ ਭੇਦ ਹੈ) ਅਗਲੀ ਚੋਣ ਵਿਚ ਮੈਂ ਵੀ ਉਮੈਦਵਾਰ ਹਾਂ। ਦੂਜੇ ਤੁਰਨ ਫਿਰਨ ਵਾਲੇ ਬੰਦੇ ਤਾਂ ਵੋਟਾਂ ਲਈ ਮਰਦੇ ਫਿਰਦੇ ਹਨ। ਵੋਟਾਂ ਲੈਣ ਲਈ ਸ਼ਰਾਬ ਦੀ ਵਰਤੋਂ ਕਰਦੇ ਹਨ, ਪਰ ਖਬਰੇ ਉਨ੍ਹਾਂ ਮੇਰੇ ਮਿਠੇ ਪ੍ਰੇਮ ਪਿਆਲੇ ਨੂੰ ਚੱਖਿਆ ਨਹੀਂ। ਮੈਂ ਆਪਣੀ ਜਾਨ, ਆਪਣੀ ਪਿਆਰੀ ਜਾਨ ਵੋਟਰਾਂ ਤੋਂ ਵਾਰਣ ਲਈ ਤਿਆਰ ਹਾਂ। ਮੈਨੂੰ ਆਪਣੇ ਦੁਸ਼ਮਨ ਦੀ ਐਵੇਂ ਕਦਰ ਹੁੰਦਿਆਂ ਵੇਖ ਡਰ ਲਗਦਾ ਹੈ, ਪਰ ਫੇਰ ਵੀ ਹੀਲਾ ਜ਼ਰੂਰੀ ਹੈ।

ਆਹ ਵੇਖੋ, ਮੇਰਾ ਪਾਣੀ ਕਿੰਨਾ ਠੰਢਾ ਅਤੇ ਚੰਗਾ ਹੈ! ਅਜੇਹੀ ਧੁਪ ਅਤੇ ਗਰਮੀ ਤੋਂ ਲੋਕ ਪਨਾਹ ਚਾਹੁੰਦੇ ਹਨ। ਵੇਖੋ ਲੋਕ ਕੜਾਕੇ ਦੀ ਧੁੱਪ ਤੋਂ ਕਿਸ ਤਰ੍ਹਾਂ ਤੰਗ ਹਨ! ਔਹ ਵੇਖੋ, ਇਕ ਆਦਮੀ ਸਿਰ ਨਿਵਾਈ, ਪਾਟੇ ਲੀੜੇ ਪਾਈ ਮੇਰੀ ਵਲ ਆ ਰਿਹਾ ਹੈ। ਵੇਖੋ ਜੁੱਤੀ ਦਾ ਤਲਾ ਛੱਪਰ ਨਾਲੋਂ ਵੱਖਰਾ ਹੋ ਰਿਹਾ ਹੈ! ਕਿੰਨਾ ਘੱਟਾ ਉਸ ਦੀ ਜੁੱਤੀ ਨਾਲ ਉਡ ਰਿਹਾ ਹੈ! ਉਹ ਕੁਝ ਬੁੜ ਬੁੜ ਕਰਦਾ ਹੈ। ਖਬਰੇ ਉਹ ਆਪਣੇ ਸਮੇਂ ਨੂੰ ਕੋਸਦਾ ਹੈ ਜਾਂ ਆਪਣੀ ਕਿਸਮਤ ਉਤੇ ਝੂਰ ਰਿਹਾ ਹੈ। ਕਿੰਨੇ ਆਦਮੀ ਇਸ ਆਦਮੀ ਵਾਂਗ ਨਹੀਂ ਕਰਦੇ? ਓਹ ਆਪਣੀਆਂ ਬਦ-ਪਰਹੇਜ਼ੀਆਂ ਦੇ ਕਾਰਣ ਆਪਣੇ ਪੈਰੀਂ ਆਪ ਕੁਹਾੜਾ ਮਾਰਦੇ ਹਨ। ਆਪਣੀਆਂ ਕੁਚਾਲਾਂ ਨਾਲ ਆਪਣੇ ਰਾਹ ਵਿਚ ਕੰਡੇ ਬੀਜਦੇ ਹਨ ਅਤੇ ਫੇਰ ਦੋਸ਼ ਦੂਜਿਆਂ ਦੇ ਸਿਰ ਮੜ੍ਹਦੇ ਤੇ ਪਰਮਾਤਮਾ ਨੂੰ ਭੀ ਭੰਡਣ ਲਗ ਪੈਂਦੇ ਹਨ। ਓਹ ਕਈ ਭੁੱਲਾਂ ਕਰ ਕੇ ਆਪਣੀ ਜੜ੍ਹੀਂ ਆਪ ਤੇਲ ਦੇਂਦੇ ਹਨ। ਓਹ ਆਪਣਾ ਝੁਗਾ ਆਪ ਉਜਾੜਦੇ ਹਨ ਤੇ ਫਿਰ ਆਪੇ ਦੋ ਹੱਥੜਾਂ ਮਾਰ ਮਾਰ ਪਿਟਦੇ ਹਨ।

ਆ ਮਿਤਰਾ! ਕਚਹਿਰੀਓਂ ਵਿਹਲਾ ਹੋ ਆਇਆ ਏਂ? ਗਵਾਹ ਚੰਗੇ ਭੁਗਤੇ? ਤੇਰਾ ਖੀਸਾ ਹੌਲਾ ਹੌਲਾ ਕਿਉਂ ਜਾਪਦਾ ਹੈ? (ਸਬਰ ਕਰ,ਗੱਲ ਤਾਂ ਪੁਛਣ ਦਿਹ) ਕੀ ਵੱਡੀ ਦੁਕਾਨ ਬੰਦ ਸੀ ਜੋ ਏਧਰ ਆ ਨਿਕਲਿਓਂ? ਉਫ਼! ਨਿਰਾਸਤਾ! ਰਕਮ ਵੀ ਭੰਗ ਦੇ ਭਾੜੇ ਗਈ, ਗਵਾਹ ਵੀ ਉਲਟੇ ਵਗੇ! ਇਕ ਜ਼ਮੀਨ ਦੇ ਇੰਤਕਾਲ ਨੇ ਤੇਰੀ ਮਹੀਨਿਆਂ ਦੀ ਕਮਾਈ ਰੋੜ੍ਹ ਦਿਤੀ ਹੈ ਤੇ ਅਜੇ ਪਤਾ ਨਹੀਂ ਇਹ ਬੋਤਲ ਕੀ ਕੀ ਚੰਨ ਚਾੜ੍ਹੇ। ਕਿੰਨੇ ਆਦਮੀ ਇਸ ਬੋਤਲ ਵਿਚ ਡੁਬ ਗਏ! ਕਿੰਨੇ ਇਸ ਅਥਾਹ ਸਾਗਰ ਵਿਚ ਗੋਤਾ ਖਾ ਕੇ ਗ਼ਰਕ ਹੋ ਗਏ! ਕਿੰਨੇ ਇਸ ਘਮਣ-ਘੇਰੀ ਵਿਚ ਫਸ ਕੇ ਮੁੜ ਪਾਰ ਨਾ ਲਗੇ! ਇਸ ਦਾ ਜ਼ਿੰਮੇਵਾਰ ਕੌਣ ਹੈ? ਤੂੰ......ਤੂੰ........ਤੂੰ।

ਜਿਸ ਵੇਲੇ ਤੇਰੇ ਬੱਚਿਆਂ ਤੇ ਤੇਰੀ ਵਿਚਾਰੀ ਘਰ ਵਾਲੀ ਦਾ ਮੈਨੂੰ ਚੇਤਾ ਆਉਂਦਾ ਹੈ ਤਾਂ ਮੇਰੀਆਂ ਅੱਖਾਂ ਸਾਉਣ ਭਾਦੋਂ ਦੇ ਬਦਲਾਂ ਵਾਂਗ ਝੜੀਆਂ ਲਾ ਦੇਂਦੀਆਂ ਹਨ। ਜੇ ਤੂੰ ਮੇਰੇ ਅੰਦਰ ਝਾਤੀ ਪਾ ਕੇ ਵੇਖਣ ਦੀ ਹਿੰਮਤ ਰਖਦਾ ਹੈਂ ਤਾਂ ਵੇਖ, ਦਿਲ ਤੋਂ ਅੱਖਾਂ ਤੀਕ ਕਿਸ ਤਰ੍ਹਾਂ ਹੰਝੂਆਂ ਦਾ ਸਾਗਰ ਠਾਠਾਂ ਮਾਰ ਰਿਹਾ ਹੈ!

ਆ ਮਿਤਰਾ! ਆਪਣੀ ਤ੍ਰੇਹ ਨੂੰ ਦੂਰ ਕਰ। ਵੇਖ, ਕਿੰਨਾ ਮਿਠਾ ਤੇ ਸਾਫ ਪਾਣੀ ਹੈ! ਇਸ ਤੋਂ ਚੰਗਾ ਤੂੰ ਕਦੋਂ ਅਤੇ ਕਿਥੇ ਡਿਠਾ? ਜੋੜਾ ਲਾਹ, ਬਾਹਵਾਂ ਉਤਾਂਹ ਟੁੰਗ ਅਤੇ ਮੂੰਹ ਹੱਥ ਧੋ। ਪਾਣੀ ਪੀ ਅਤੇ ਅਨੰਦ ਮਾਣ। ਵੇਖ, ਪਾਣੀ ਪੀਂਦਿਆਂ ਥਕੇਵਾਂ ਕੋਹਾਂ ਦੂਰ ਨਸਦਾ ਹੈ ਕਿ ਨਹੀਂ? ਹੁਣ ਰਤਾ ਅਰਾਮ ਕਰ ਤੇ ਸ਼ਰਾਬ ਦੇ ਅਉਗੁਣਾਂ ਦੇ ਟਾਕਰੇ ਉਤੇ ਮੇਰੇ ਗੁਣਾਂ ਨੂੰ ਗਹੁ ਨਾਲ ਵਿਚਾਰ। ਰਤਾ ਇਕ ਪਾਸੇ ਹੋਣ ਦੀ ਖੇਚਲ ਕਰੀਂ, ਵਿਚਾਰੇ ਖੋਤੇ ਨੂੰ ਆਪਣੀ ਦਿਲ ਦੀ ਲਗੀ ਬੁਝਾ ਲੈਣ ਦਿਹ।

ਵੇਖ, ਔਲੂ ਵਿਚ ਪਾਣੀ ਕਿਸ ਤਰ੍ਹਾਂ ਥਲੇ ਲਹਿੰਦਾ ਜਾਂਦਾ ਹੈ! ਖੋਤਾਂ ਚਿਰਾਂ ਦਾ ਤਿਹਾਇਆ ਮਲੂਮ ਹੁੰਦਾ ਹੈ। ਹੁਣ ਪਾਣੀ ਪੀ ਕੇ ਮੇਰੀ ਵਲ ਤਕਦਾ ਹੈ ਅਤੇ ਪਰਮਾਤਮਾ ਦਾ ਸ਼ੁਕਰ ਕਰਦਾ ਹੈ। ਹਾਂ, ਭਾਈ, ਤੂੰ ਪਸੂ ਹੈਂ। ਸ਼ੁਕਰ ਕਰ ਕਿ ਤੂੰ ਬੰਦਾ ਨਹੀਂ। ਆਪਣੇ ਮਾਲਕ ਦਾ ਭਾਰ ਢੋ ਕੇ ਕੇਵਲ ਆਪਣੇ ਚਾਰੇ ਅਤੇ ਪਾਣੀ ਉਤੇ ਸਬਰ ਕਰਦਾ ਹੈਂ। ਤੈਨੂੰ ਖੋਤਾ ਕਹਿੰਦਿਆਂ ਮੈਨੂੰ ਤਾਂ ਸ਼ਰਮ ਆਉਂਦੀ ਹੈ। ਹੁਣ ਜਦੋਂ ਪਾਣੀ ਪੀ ਕੇ ਤੂੰ ਸਿਰ ਉੱਚਾ ਕਰ ਕੇ ਉਸ ਅਰਸ਼ੀ ਪ੍ਰੀਤਮ ਦਾ ਸ਼ੁਕਰ ਕਰਦਾ ਹੈਂ ਅਤੇ ਆਪਣੇ ਮਾਲਕ ਵਲ ਪਾਰਖੂ ਸਿਰ ਨਾਲ ਸਿਜਦੇ ਕਰਦਾ ਹੈਂ ਤਾਂ ਮੈਨੂੰ ਦੇਖ ਕੇ ਬੜੀ ਖੁਸ਼ੀ ਹੁੰਦੀ ਹੈ ਕਿ ਇਸ ਸੰਸਾਰ ਵਿਚ ਮੈਨੂੰ ਇੱਕ ਤਾਂ ਰੱਬ ਨੂੰ ਪਛਾਣਨ ਵਾਲਾ ਲਭਾ ਹੈ। ਜਦ ਤੂੰ ਆਪਣੇ ਸਿਆਣੇ ਕੰਨਾਂ ਨੂੰ ਇਧਰ ਉਧਰ ਹਿਲਾਉਂਦਾ ਹੈਂ, ਤਾਂ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਤੂੰ ਅਕਲ ਦੇ ਦਫਤਰ ਦੀਆਂ ਫਾਈਲਾਂ ਫੋਲਦਾ ਮੇਰੇ ਪਾਣੀ, ਮੇਰੇ ਠੰਢੇ ਤੇ ਮਿਠੇ ਪਾਣੀ ਦੇ ਗੁਣਾਂ ਉਤੇ ਵਿਚਾਰ ਕਰਦਾ ਹੈਂ। ਉਸ ਵੇਲੇ ਮੈਂ ਖੁਸ਼ੀ ਵਿਚ ਮੌਲਦਾ ਹਾਂ। ਹੁਣ ਜ਼ਰਾ ਲੱਕ ਸਿਧਾ ਕਰਨ ਵਾਸਤੇ ਪਰੇ ਹੋ ਕੇ ਲੇਟ ਜਾ।

ਔਹ ਵੇਖੋ, ਮੇਰਾ ਨਿੱਕਾ ਜਿਹਾ ਦੋਸਤ ਸਕੂਲੋਂ ਛੁੱਟੀ ਹੋਣ ਤੇ ਆ ਰਿਹਾ ਹੈ। ਕਿਡਾ ਹਸੂੰ ਹਸੂੰ ਕਰਦਾ ਚਿਹਰਾ ਹੈ! ਬਸਤਾ ਕਛ ਵਿਚ ਹੈ! ਏਧਰ ਆ ਮਿਤਰਾ, ਬਸਤਾ ਮੇਰੇ ਮੋਢੇ ਤੇ ਰਖ ਦੇ। ਸ਼ਾਲਾ ਮੇਰੇ ਹੱਥ ਹੁੰਦੇ ਤਾਂ ਮੈਂ ਆਪਣੇ ਹੱਥਾਂ ਨਾਲ ਇਸ ਚੰਨ ਵਰਗੇ ਮੁਖੜੇ ਨੂੰ ਧੋਂਦਾ। ਤੇਰੇ ਨਿਕੇ ਬੁਕ ਵਿਚ ਕਿੰਨਾ ਕੁ ਪਾਣੀ ਆ ਜਾਊ ਅਤੇ ਕਿੰਨਾ ਚਿਰ ਤੂੰ ਪਾਣੀ ਪੀਂਦਾ ਰਹੇਂਗਾ! ਇਉਂ ਨਾ ਕਰ। ਮੇਰੇ ਢਿਡ ਤੋਂ ਲੋਹੇ ਦਾ ਪਿਆਲਾ ਲਾਹ, ਸੰਗਲੀ ਖੋਲ੍ਹ ਤੇ ਪਿਆਲੇ ਨੂੰ ਮੇਰੇ ਨੱਕ ਥਲੇ ਕਰ ਲੈ ਹੁਣੇ ਆਉਂਦਾ ਹੈ ਪਾਣੀ। ਚੰਗੀ ਤਰ੍ਹਾਂ ਮੂੰਹ ਧੋ ਲੈ ਤੇ ਰੱਜ ਕੇ ਪਾਣੀ ਪੀ। ਕਿਸਤਰ੍ਹਾਂ ਦਾ ਸਾਫ਼ ਪਾਣੀ ਹੈ! ਤੇਰੇ ਭੋਲੇ ਭਾਲੇ ਚਿਹਰੇ ਉਤੇ ਰੱਬੀ ਨੂਰ ਲਿਸ਼ਕਦਾ ਹੈ। ਜੇ ਕਿਤੇ ਮੇਰੀਆਂ ਬਾਹਾਂ ਹੁੰਦੀਆਂ ਤਾਂ ਮੈਂ ਤੈਨੂੰ ਘੁਟ ਕੇ ਗਲਵਕੜੀ ਪਾਉਂਦਾ। ਮੌਜਾਂ ਮਾਣ, ਬੁਲੇ ਲੁਟ, ਆਦਮੀ ਦੇ ਬੱਚੇ! ਤੇਰਾ ਖਿੜਿਆ ਹੋਇਆ ਚਿਹਰਾ ਦਸਦਾ ਹੈ ਕਿ ਤੇਰਾ ਮੂੰਹ ਸ਼ਰਾਬ ਪੀਣ ਜੋਗਾ ਨਹੀਂ ਬਣਿਆ। ਤੈਨੂੰ ਇਸੇ ਸਾਫ ਪਾਣੀ ਦੀ ਸਹੁੰ, ਹੁਣ ਬਚਨ ਦਿਹ ਕਿ ਕਦੇ ਵੀ ਇਨ੍ਹਾਂ ਮਾਸੂਮ ਬੁਲ੍ਹਾਂ ਨੂੰ ਅੰਗੂਰੀ ਸ਼ਰਾਬ ਨਾਲ ਪਲੀਤ ਨਾ ਕਰੇਂਗਾ। ਤੇਰੀ "ਹਾਂ" ਉਤੇ ਅਰਸ਼ਾਂ ਵਿਚੋਂ ਵੀ "ਇਸੇ ਤਰ੍ਹਾਂ ਹੋਵੇ" ਦੀ ਅਵਾਜ਼ ਆਉਂਦੀ ਹੈ। ਤੈਨੂੰ ਕੀ ਪਤਾ, ਤੇਰੇ ਰਾਹ ਵਿਚ ਕਿੰਨੀਆਂ ਕੁ ਫਾਹੀਆਂ ਹਨ! ਕੀ ਇਹ ਸ਼ਰਾਬ ਖ਼ਾਨਾ ਖ਼ਰਾਬ ਤੈਨੂੰ ਭੀ ਆਪਣੀ ਘੁਮਣ-ਘੇਰੀ ਵਿਚ ਫਸਾ ਕੇ ਕਲਪਾਏਗੀ? ਨਹੀਂ ਨਹੀਂ। ਚੰਗਾ, ਸਤਿ ਸ੍ਰੀ ਅਕਾਲ! ਮੇਰੀਆਂ ਆਸਾਂ ਦੇ ਨਿੱਕੇ ਜਿਹੇ ਬੂਟੇ! ਜਾਹ, ਸੰਸਾਰ ਵਿਚ ਵਧ ਤੇ ਫੁੱਲ।

ਔਹ ਇਕ ਸਿੰਘ ਸਰਦਾਰ ਹੁਰੀਂ ਆ ਰਹੇ ਹਨ! ਦਾੜ੍ਹੀ ਸਫਾ ਚੱਟ ਅਤੇ ਨਾਂ ਦੇ ਸਿੰਘ! (ਉਸ ਦੀਆਂ ਲਾਲ ਅਖਾਂ ਵਿਚੋਂ ਸ਼ਰਾਬ ਦੀ ਝਲਕ ਪੈ ਰਹੀ ਹੈ।) ਜੀ ਆਇਆਂ ਨੂੰ! ਭਰਾਵਾ! ਆ, ਵੇਖ ਅੱਗ ਪਈ ਵਰ੍ਹਦੀ ਹੈ, ਕੋਈ ਜਨੌਰ ਤੀਕ ਵੀ ਨਹੀਂ ਦਿਸਦਾ। ਏਨੇ ਚਰਾਕੇ ਦਰਸ਼ਨ? ਕਦੇ ਕਦੇ ਭੁਲ ਚੁਕ ਕੇ ਹੀ ਫੇਰਾ ਪਾ ਜਾਇਆ ਕਰ। ਆਹ! ਇਹ ਜਵਾਨੀ ਤੇ ਸੁਹੱਪਣ! ਤੇ ਉਸ ਉਤੇ ਸ਼ਰਾਬ ਦਾ ਰੰਗ! ਹੇ ਭਾਰਤ! ਮੇਰੇ ਵਰਗੇ ਸੇਵਾਦਾਰਾਂ ਨੂੰ ਠੁਕਰਾਉਣ ਵਾਲੇ ਭਾਰਤ! ਪੁਰਾਣੇ ਕਾਰਨਾਮਿਆਂ ਦੀ ਪੱਟੀ ਮੇਸ ਦੇਣ ਵਾਲੇ ਭਾਰਤ! ਤੈਨੂੰ ਕੀ ਖ਼ਬਰ ਹੈ ਕਿ ਕਿਨ੍ਹਾਂ ਕਿਨ੍ਹਾਂ ਸੂਰਬੀਰਾਂ ਦੀਆਂ ਹੱਡੀਆਂ ਤੇਰੀ ਛਾਤੀ ਉਤੇ ਖਿਲਰੀਆਂ ਪਈਆਂ ਹਨ? ਕਿਨ੍ਹਾਂ ਕਿਨ੍ਹਾਂ ਦੀ ਸੁਆਹ ਤੇਰੇ ਮੱਥੇ ਦੀ ਸ਼ਾਨ ਹੈ? ਤੇਰੇ ਇਸ ਅਨਪੜ੍ਹ, ਬੇਸਮਝ ਵਾਸੀ ਦੀ, ਇਸ ਕਰਤੂਤ ਦੇ ਕਾਰਣ ਉਨ੍ਹਾਂ ਹੱਡੀਆਂ ਅਤੇ ਸੁਆਹ ਨੂੰ ਕਿੱਨਾ ਦੁਖ ਹੋ ਰਿਹਾ ਹੋਣਾ ਹੈ? ਗੰਗਾ ਜੀ ਦੇ ਪੇਟ ਵਿਚ ਰਿਸ਼ੀਆਂ ਮੁਨੀਆਂ ਦੀਆਂ ਪਾਕ ਤੇ ਪਵਿਤਰ ਹੱਡੀਆਂ ਦੇ ਢੇਰ ਸ਼ਰਮ ਦੀ ਅੱਗ ਵਿਚ ਸੜਦੇ ਹੋਣਗੇ।

ਆ ਭੁਲਿਆ ਜਵਾਨਾ ਆ! ਤੇਰਾ ਆਉਣਾ ਸਿਰ ਮੱਥੇ ਉਤੇ! ਜੇ ਆਪਣਾ ਅੰਤ ਜਾਣਦੋਂ ਕਿ ਕਿਸ ਤਰ੍ਹਾਂ ਤੂੰ ਆਪਣੇ ਦੇਸ ਦੇ ਨੱਕ ਨਮੂਜ ਅਤੇ ਆਚਰਣ ਨੂੰ ਇਕ ਪਿਆਲੇ ਦੇ ਬਦਲੇ ਵੇਚ ਰਿਹਾ ਹੈਂ ਤਾਂ ਤੇ ਸ਼ਰਮ ਦਾ ਮਾਰਿਆ ਜ਼ਮੀਨ ਵਿਚ ਗ਼ਰਕ ਹੋ ਜਾਂਦੇ। ਕੀ ਪਿਆ ਹੈ ਸ਼ਰਾਬ ਵਿਚ? ਇਹ ਨਸ਼ਾ ਜਿਸ ਵਿਚ ਹਜ਼ਾਰ ਬਕੜਵਾਹ ਦੇ ਬਦਲੇ ਲੋਕਾਂ ਦੀ ਘਿਰਣਾ ਮੁਲ ਲੈਂਦਾ ਹੈ ਕੀ ਨਫਾ ਦੇਵੇਗੀ? ਇਹ ਜ਼ਹਿਰੀਲੀ ਖੁਸ਼ੀ ਜੋ ਕਈ ਦਿਲ-ਸਾੜੂ ਹੌਕਿਆਂ ਪਿਛੋਂ ਮਿਲਦੀ ਹੈ, ਇਸ ਦਾ ਕੀ ਲਾਭ? ਆਪਣੇ ਗਾੜ੍ਹੇ ਪਸੀਨੇ ਦੀ ਕਮਾਈ ਮੂਰਖਪੁਣੇ ਅਤੇ ਬੇਸਮਝੀ ਦੇ ਕਾਰਨ ਗੁਆਂਦਾ ਹੈ, ਇਸ ਵਿਚ ਕਿਹੜਾ ਲਾਭ ਵੇਖਦਾ ਹੈਂ? ਆ! ਬਾਜ਼ ਆ! ਇਸ ਰਸਤੇ ਵਿਚ ਤਾਂ ਤੈਨੂੰ ਨਿਤ ਦੀ ਭਿਛਿਆ ਮੰਗਣ ਲਈ ਵੀ ਮਾਇਆ ਦੀ ਲੋੜ ਹੈ, ਗ਼ਰੀਬੀ ਤੇ ਦੁਰੇ ਦੁਰੇ ਹਾਸਲ ਕਰਨ ਵਾਸਤੇ ਭੀ ਲਖਾਂ ਖੁਸ਼ਾਮਦਾਂ ਕਰਨੀਆਂ ਪੈਂਦੀਆਂ ਹਨ।

'ਸ਼ਰਾਬ'! ਇਸ ਦਾ ਨਾਂ ਲੈਂਦਿਆਂ ਮੇਰਾ ਲੋਹੇ ਦਾ ਜੁੱਸਾ ਵੀ ਕੰਬ ਉਠਦਾ ਹੈ। ਮੈਂ ਬੜੇ ਸਾਲਾਂ ਤੋਂ ਇਸੇ ਥਾਂ ਇਕ ਲੱਤ ਦੇ ਭਾਰ ਖੜਾ ਹਾਂ। ਪਹਿਲਾਂ ਕਦੇ ਵੀ ਮੈਂ ਅਜ ਕਲ ਜਿੰਨੀ ਸ਼ਰਾਬ ਵਿਕਦੀ ਨਹੀਂ ਸੀ ਡਿਠੀ। ਕਿਉਂ ਸੰਗਦਾ ਹੈਂ? ਆ, ਠੰਢਾ ਤੇ ਮਿਠਾ ਪਾਣੀ ਪੀ ਕੇ ਆਪਣੇ ਤਪੇ ਹੋਏ ਦਿਲ ਨੂੰ ਠਾਰ। ਇਥੇ ਸ਼ਰਮ ਦੀ ਕਿਹੜੀ ਗਲ? ਇਸ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ। ਇਥੇ ਕਿਸੇ ਭੜੂਏ ਦਾ ਡਰ ਨਹੀਂ। ਬਿਨਾਂ ਪੈਸਿਆਂ ਤੋਂ ਸੌਦਾ ਤੇ ਫੇਰ ਏਨਾ ਸੰਕੋਚ! ਰਬਾ! ਮੁਫਤ ਚੀਜ਼ ਦੀ ਏਨੀ ਬੇਕਦਰੀ! ਪਰਮਾਤਮਾ! ਜੇ ਹਰ ਰੁਤੇ ਚੰਬੇ, ਮੋਤੀਏ, ਜਾਂ ਗੁਲਾਬ ਦੇ ਖਿੜਨ ਤੋਂ ਪਹਿਲਾਂ ਤੂੰ ਢੰਢੋਰਾ ਪਿਟ ਦਿਆ ਕਰੇਂ ਕਿ ਫਲਾਣੇ ਵੇਲੇ ਫ਼ਲਾਣੀ ਕਿਸਮ ਦੇ ਫੁੱਲ ਪੈਦਾ ਹੋਣਗੇ, ਤਾਂ ਆਸ ਹੈ ਕਿ ਸਾਰੀ ਲੁਕਾਈ ਹਸਦੀ ਖੇਡਦੀ ਸ਼ਹਿਰ ਨੂੰ ਛੱਡ ਬਾਗਾਂ ਵਿਚ ਜਾ ਡੇਰੇ ਲਾਵੇ ਅਤੇ ਕੁਦਰਤੀ ਨਜ਼ਾਰਿਆਂ ਪਿਛੇ ਹਰ ਜੰਗਲ ਅਤੇ ਬਾਗ ਨੂੰ ਗਾਹ ਛਡੇ। ਜੇ ਤੂੰ ਪਾਣੀ ਦੀ ਕੀਮਤ ਰਖਦੋਂ ਤਾਂ ਇਸ ਦੀ ਕਦਰ ਵੀ ਸ਼ਰਾਬ ਵਾਂਗ ਹੁੰਦੀ। ਸੁਣਨ ਵਿਚ ਆਇਆ ਹੈ ਕਿ ਪੈਰਸ ਵਿਚ, ਜਿਥੇ ਸ਼ਰਾਬ ਵਧੇਰੇ ਵਿਕਦੀ ਹੈ, ਪਾਣੀ ਉਪਰ ਵੀ ਟੈਕਸ ਲਾਇਆ ਗਿਆ ਹੈ ਤਾਂ ਜੋ ਐਸ਼ ਲੁਟਣ ਵਾਲੇ ਇਸ ਦਾਤ ਦੀ ਕਦਰ ਕਰਨ।

ਹੇ ਨਸ਼ੇ ਵਿਚ ਖੀਵੇ ਲੋਕੋ! ਹੋਸ਼ ਕਰੋ, ਸੰਭਲੋ। ਹਾਲਾਂ ਵੀ ਡੁਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਉਸ ਮਾਲਕ ਦੇ ਕਰੜੇ ਡੰਨ ਤੋਂ ਪਹਿਲਾਂ ਹੀ ਇਸ ਕੁਦਰਤੀ ਲਹਿਰ ਦੇ ਅਗੇ ਸਿਰ ਨਿਵਾਓ ਅਤੇ ਮੇਰੀ ਜਿਨਸ ਦੀ ਕਦਰ ਕਰੋ। ਮੇਰਾ ਸਭਾ ਪ੍ਰਮਾਤਮਾ ਨੇ ਕੁਝ ਅਜੇਹਾ ਬਣਾਇਆ ਹੈ ਕਿ "ਜਿਸ ਲਾਈ ਗੱਲੀਂ, ਉਸੇ ਨਾਲ ਉਠ ਚਲੀ।" ਮੈਂ ਜਣੇ ਖਣੇ ਨਾਲ ਝਟ ਜਾਣ ਪਛਾਣ ਕਰ ਲੈਂਦਾ ਹਾਂ। ਬਹੁਤ ਕਰਕੇ ਇਹ ਵੇਖਿਆ ਜਾਂਦਾ ਹੈ ਕਿ ਜਿਹੜੇ ਬਹੁਤਿਆਂ ਨੂੰ ਪਿਆਰ ਕਰਦੇ ਹੋਣ, ਓਹ ਕਿਸੇ ਇਕ ਨੂੰ ਸੱਚੇ ਦਿਲੋਂ ਪਿਆਰ ਨਹੀਂ ਕਰ ਸਕਦੇ। ਅੰਗਰੇਜ਼ੀ ਦਾ ਇਕ ਉੱਘਾ ਲਿਖਾਰੀ ਲਿਖਦਾ ਹੈ, "ਬਹੁਤਿਆਂ ਦਾ ਜਾਣੂ ਕਿਸੇ ਇਕ ਨਾਲ ਗੂੜ੍ਹਾ ਪਿਆਰ ਨਹੀਂ ਕਰ ਸਕਦਾ।" ਮੇਰੇ ਇਨ੍ਹਾਂ ਜਾਣੂਆਂ ਵਿਚੋਂ ਇੱਕ ਸਰਦਾਰ ਪ੍ਰੀਤਮ ਸਿੰਘ ਸੀ। ਉਸ ਦਾ ਸੁਭਾ ਮਾਲਕ ਨੇ ਕੁਝ ਅਣੋਖਾ ਜਿਹਾ ਬਣਾਇਆ ਸੀ। ਸਚੀ ਗਲ ਤਾਂ ਇਹ ਹੈ ਕਿ ਉਹ ਹਸਮੁਖਾਂ ਵਿਚੋਂ ਹਸਮੁਖ, ਦੁਖੀਆਂ ਨਾਲ ਦੁਖੀ ਤੇ ਦਾਨੀਆਂ ਵਿਚੋਂ ਵਡਾ ਦਾਨੀ ਸੀ। ਪਤਾ ਨਹੀਂ ਉਸ ਨੂੰ ਇਹ ਕੀ ਵਾਦੀ ਸੀ ਕਿ ਉਹ ਸਦਾ ਆਪਣਾ ਆਪ ਲੁਕਾਉਂਦਾ ਹੀ ਰਹਿੰਦਾ ਸੀ। ਕੋਈ ਦੁਖੀ ਉਸ ਕੋਲ ਆਵੇ ਤਾਂ ਲੋਕਾਂ ਸਾਹਮਣੇ ਉਸਨੂੰ ਗਾਲ੍ਹਾਂ ਕੱਢਦਾ, ਬੁਰਾ ਭਲਾ ਕਹਿੰਦਾ, ਪਰ ਉਸਦੀ ਮਦਦ ਭੀ ਜ਼ਰੂਰ ਕਰਦਾ, ਉਸ ਨਾਲ ਦੁਖ ਵੰਡਾਉਂਦਾ, ਪਰ ਚੋਰੀ ਚੋਰੀ। ਦਿਲ ਵਿਚ ਭਾਵੇਂ ਉਹਨੂੰ ਤਰਸ ਆ ਰਿਹਾ ਹੋਵੇ, ਪਰ ਮੂੰਹੋਂ ਦੁਖੀਏ ਨੂੰ ਗਾਲ੍ਹਾਂ ਕਢਣੋਂ ਭੀ ਨਾ ਟਲਦਾ। ਦਾਨੀ ਬੜਾ ਸੀ, ਪਰ ਲੁਕਵਾਂ। ਜਿਸ ਸੁਸਾਇਟੀ, ਸਭਾ ਜਾਂ ਆਸ਼ਰਮ ਨੂੰ ਦਾਨ ਦੇਂਦਾ, ਪਹਿਲਾਂ ਇਹ ਸ਼ਰਤ ਮਨਾ ਲੈਂਦਾ ਕਿ ਉਸਦਾ ਨਾਂ ਅਖਬਾਰ ਵਿਚ ਨਹੀਂ ਦਿਤਾ ਜਾਵੇਗਾ। ਜਿਥੇ ਲੋਕ ਉਸਨੂੰ ਜਾਣਦੇ ਨਾ, ਉਥੇ ਉਹ ਆਪਣਾ ਨਾਂ ਭੀ ਨਾ ਦਸਦਾ।

ਉਸਨੂੰ ਵੀਣੀ ਨਾਲ ਘੜੀ ਰਖਣ ਦਾ ਬੜਾ ਚਾਉ ਸੀ। ਉਸਦੀ ਘੜੀ ਵੀਣੀ ਤੋਂ ਚਾਰ ਉਂਗਲਾਂ ਦੀ ਵਿਥ ਤੇ ਹੁੰਦੀ, ਜੋ ਕੋਈ ਵੇਖ ਨਾ ਲਵੇ। ਵਕਤ ਵੇਖਣ ਲਈ ਉਹ ਚੋਰੀ ਚੋਰੀ ਘੜੀ ਨੰਗੀ ਕਰਦਾ ਤੇ ਵਕਤ ਵੇਖ ਕੇ ਮੁੜ ਕੱਜ ਲੈਂਦਾ। ਜੇ ਘੜੀ ਉਸਦੀ ਜੇਬ ਵਿਚ ਹੁੰਦੀ, ਤਾਂ ਉਹ ਕਦੇ ਘੜੀ ਬਾਹਰ ਨਾ ਕੱਢਦਾ, ਹਥੋਂ ਆਪਣਾ ਮੂੰਹ ਜੇਬ ਵਿਚ ਪਾ ਵਕਤ ਵੇਖ ਲੈਂਦਾ। ਅੱਜ ਕਲ ਦੇ ਲੋਕੀ ਘੜੀਆਂ ਵਿਖਾਣ ਲਈ ਕੁੜਤਿਆਂ ਦੀਆਂ ਬਾਹਾਂ ਟੰਗੀ ਫਿਰਦੇ ਹਨ। ਸਿਰ ਵਿਚ ਦੰਦ ਦਾ ਕੰਘਾ ਹੋਵੇ ਤਾਂ ਪਗੋਂ ਬਾਹਰ ਨੰਗਾ ਰਖਦੇ ਹਨ। ਹੋਰ ਤਾਂ ਹੋਰ, ਦੁਆਨੀ ਦੁਆਨੀ ਦੇ ਨਾਲੇ ਵਿਖੌਣ ਲਈ ਪਤਲੇ ਕੁੜਤੇ ਪਾਉਂਦੇ ਹਨ ਜਾਂ ਨਾਲਾ ਥਲੇ ਲਮਕਾਂ ਛੱਡਦੇ ਹਨ ਤਾਂ ਜੋ ਬਾਹਰੋਂ ਇਹੋ ਦਿਸੇ ਕਿ ਨਾਲਾ ਜੰਮੂ ਜਾਂ ਪਟਿਆਲੇ ਦਾ ਹੀ ਹੈ। ਇਥੇ ਹੀ ਬੱਸ ਨਹੀਂ, ਕਿਤੇ ਚੀਚੀ ਵਿਚ ਮੁੰਦਰੀ ਹੋਵੇ ਸਹੀ, ਬਸ ਹਰ ਗਲੇ ਓਹ ਚੀਚੀ ਅਗੇ ਕਰ ਕਰ ਵਿਖਾਣਗੇ। ਲੋਕੀ ਕਿਸੇ ਸਭਾ ਨੂੰ ਚੰਦਾ ਭੇਜਦੇ ਹਨ ਤਾਂ ਨਾਲ ਹੀ ਲਿਖ ਦੇਂਦੇ ਹਨ, "ਅਖਬਾਰ ਵਿਚ ਛੇਤੀ ਛਪਵਾ ਦੇਣਾ।" ਪਰ ਇਕ ਪ੍ਰੀਤਮ ਸਿੰਘ ਹੀ ਅਜੇਹਾ ਡਿਠਾ ਜੋ ਕਦੇ ਆਪਣਾ ਆਪ ਵਿਖਾ ਕੇ ਰਾਜ਼ੀ ਨਾ ਹੁੰਦਾ। ਅਜੇਹੀਆਂ ਸ਼ੁਕੀਨੀਆਂ ਵਿਖਾਣ ਤੋਂ ਉਸਨੂੰ ਸਦਾ ਸੰਗ ਆਉਂਦੀ। ਦਾਨ ਦੇਣ ਲੱਗਿਆਂ ਉਹ ਵੇਖ ਲੈਂਦਾ ਕਿ ਕਿਤੇ ਕੋਈ ਉਸਦਾ ਜਾਣੂ ਉਸਨੂੰ ਵੇਖਦਾ ਨਾ ਹੋਵੇ। ਜਿਸ ਦਾ ਉਹ ਭਲਾ ਕਰਨਾ ਚਾਹੁੰਦਾ ਉਸ ਨਾਲ ਉਹ ਲੋਕਾਂ ਸਾਹਮਣੇ ਸਿਧੇ ਸਬੇ ਕੂੰਦਾ ਵੀ ਨਾ। ਲੋਕੀ ਇਕ ਪੈਸਾ ਦੇ ਕੇ ਸੌ ਨੂੰ ਸੁਣਾਉਂਦੇ ਹਨ, ਪਰ ਪ੍ਰੀਤਮ ਸਿੰਘ ਆਪਣੇ ਆਪਨੂੰ ਇੱਨਾ ਲੁਕਾਉਂਦਾ ਕਿ ਉਸ ਨਾਲ ਘੜੀ ਪਲ ਬੋਲ ਚਾਲ ਕੇ ਜੇ ਕੋਈ ਉਸਦੇ ਸੁਭਾ ਤੇ ਚਾਨਣਾ ਪਾਣ ਦਾ ਯਤਨ ਕਰੇ ਤਾਂ ਉਹ ਜ਼ਰੂਰ ਦਿਨ ਨੂੰ ਰਾਤ ਹੀ ਦਸੇ। ਭਾਵ ਇਹ ਕਿ ਉਹ ਉਸਨੂੰ "ਇਕ ਸੜਿਆ ਬਲਿਆ ਤੇ ਕੰਜੂਸ ਆਦਮੀ" ਕਹੇ।

ਉਸਦੀ ਇਹ ਭੀ ਇਕ ਵਾਦੀ ਸੀ ਕਿ ਜੋ ਕੁਝ ਉਸ ਕਰਨਾ ਹੁੰਦਾ, ਉਸ ਤੋਂ ਉਹ ਉਲਟ ਹੀ ਕਹਿੰਦਾ। ਜਦ ਕਦੇ ਉਹ ਵਪਾਰ ਦੇ ਉਲਟ ਬੋਲ ਰਿਹਾ ਹੁੰਦਾ ਤਾਂ ਮੈਂ ਜਾਣ ਜਾਂਦਾ ਕਿ ਇਹ ਕਿਸੇ ਨਾ ਕਿਸੇ ਦੁਕਾਨ ਵਿਚ ਹਿੱਸਾ ਪਾਣ ਨੂੰ ਤਿਆਰ ਹੈ। ਜਦ ਉਹ ਪੜ੍ਹਾਈ ਦੇ ਉਲਟ ਬੋਲਦਾ ਤਾਂ ਮੈਨੂੰ ਸੁਝ ਜਾਂਦੀ ਕਿ ਇਹ ਆਪਣੇ ਕਿਸੇ ਪੁਤਰ ਧੀ ਨੂੰ ਪੜ੍ਹਨੇ ਪਾਉਣ ਵਾਲਾ ਹੈ। ਜਦ ਉਹ ਕਿਸੇ ਨੂੰ ਗੁਸੇ ਹੋ ਰਿਹਾ ਹੁੰਦਾ ਤਾਂ ਮੈਂ ਸਮਝਦਾ ਜੋ ਉਸ ਤੇ ਇਸ ਦੀ ਡਾਢੀ ਕਿਰਪਾ ਦੀ ਨਜ਼ਰ ਹੈ।

ਇੱਕ ਦਿਨ ਮੈਂ ਅੰਮ੍ਰਿਤਸਰ ਤੋਂ ਤਰਨ ਤਾਰਨ ਨੂੰ ਮੱਸਿਆ ਵੇਖਣ ਲਈ ਤੁਰਿਆ। ਗੱਡੀ ਤੇ ਪ੍ਰੀਤਮ ਸਿੰਘ ਮਿਲ ਪਿਆ। ਉਹ ਭੀ ਮੱਸਿਆ ਤੇ ਜਾ ਰਿਹਾ ਸੀ। ਉਸ ਮੇਲਿਆਂ ਤੇ ਜਾਣ ਦੇ ਉਲਟ ਲੈਕਚਰ ਦੇਣਾ ਸ਼ੁਰੂ ਕਰ ਦਿੱਤਾ। ਉਹ ਕਹਿਣ ਲੱਗਾ, "ਖਬਰੇ ਲੋਕਾਂ ਨੂੰ ਭੀੜ ਭੜੱਕੇ ਵਿਚ ਜਾਣ ਕੇ ਧੱਕੇ ਖਾਣ ਦਾ ਕੀ ਸੁਆਦ ਆਉਂਦਾ ਹੈ। ਖਬਰੇ ਲੋਕੀ ਕਿਉਂ ਐਨੇ ਪੈਸੇ ਖਰਚ ਕੇ ਐਡੀ ਐਡੀ ਦੂਰੋਂ ਭੱਜੇ ਆਉਂਦੇ ਹਨ। ਕਈਆਂ ਨੂੰ ਆ ਕੇ ਮੱਥਾ ਟੇਕਣਾ ਵੀ ਨਸੀਬ ਨਹੀਂ ਹੁੰਦਾ। ਕਈ ਭਲੇਮਾਣਸ ਇਨ੍ਹਾਂ ਪਵਿੱਤਰ ਥਾਵਾਂ ਤੇ ਆ ਕੇ ਸ਼ਰਾਬਾਂ ਪੀਂਦੇ ਹਨ, ਬਦਮਾਸ਼ੀਆਂ ਕਰਦੇ ਹਨ। ਚੋਰਾਂ ਲਈ ਵੀ ਨਾਦਰਸ਼ਾਹੀ ਲੁਟ ਦਾ ਸਮਾਂ ਇਹੋ ਹੁੰਦਾ ਹੈ। ਇਹਦੇ ਨਾਲੋਂ ਓਹ ਅੱਗੇ ਪਿੱਛੇ ਕਿਉਂ ਨਹੀਂ ਆਉਂਦੇ ਕਿ ਸੁਖ ਅਰਾਮ ਨਾਲ ਦਰਸ਼ਨ ਕਰਨ, ਭੀੜ ਭੜੱਕੇ ਤੇ ਧੱਕੇ ਧੋੜੇ ਤੋਂ ਬਚਣ, ਇਸ਼ਨਾਨ ਕਰ ਖੁਸ਼ੀ ੨ ਘਰ ਜਾਣ। ਨਾ ਕੋਈ ਚੋਰੀ ਹੋਵੇ ਨਾ ਖੀਸੇ ਕੱਟੇ ਜਾਣ, ਤੇ ਨਾ ਭੀੜ ਭੜੱਕੇ ਵਿਚ ਬਾਲ ਬੱਚੇ ਮਰਨ ਜਾਂ ਗੁੰਮ ਹੋ ਜਾਣ। ਸਚੀ ਗਲ ਤਾਂ ਇਹ ਹੈ ਕਿ ਆਪਾਂ ਤੇ ਭੀੜ ਹਟੀ ਤਾਂ ਮਥਾ ਟੇਕਣ ਜਾਣਾ ਏ, ਭਾਵੇਂ ਰਾਤ ਹੀ ਪੈ ਜਾਵੇ।" ਪਲਕੁ ਚੁਪ ਕਰ ਉਹ ਫੇਰ ਬੋਲਿਆ, "ਹੋਰ ਦੇਖੋ, ਇਹ ਲੋਕੀ ਬਾਲ ਬੱਚੇ ਤੇ ਜ਼ਨਾਨੀਆਂ ਨੂੰ ਭੀ ਨਾਲ ਲੈ ਜਾਂਦੇ ਹਨ। ਓਹ ਉਥੇ ਕਿੱਡੇ ਕੁ ਔਖੇ ਹੁੰਦੇ ਹੋਣਗੇ! ਗੱਡੀ ਵਿਚ ਕਿੰਨੀ ਭੀੜ ਹੈ!"

ਮੈਨੂੰ ਇਹ ਗਲ ਸੁਣਦਿਆਂ ਹੀ ਖੁੜਕ ਗਈ। ਉਹ ਗੋਹਲਵੜ ਵਰਪਾਲ ਦੇ ਸਟੇਸ਼ਨ ਤੇ ਉਤਰਿਆ। ਮੈਂ ਦੇਖਦਾ ਰਿਹਾ। ਉਹ ਪਿੱਛੇ ਇਕ ਜ਼ਨਾਨੀ ਗੱਡੀ ਵੱਲ ਗਿਆ ਤੇ ਉਥੇ ਆਪਣੇ ਇੱਕ ਬੱਚੇ ਨੂੰ ਕੁਝ ਫਲ ਮੁਲ ਲੈ ਕੇ ਦੇ ਆਇਆ। ਉਸ ਦੇ ਮੁੜ ਕੇ ਪੁੱਜਣ ਤੋਂ ਪਹਿਲਾਂ ਹੀ ਮੈਂ ਆਪਣੀ ਥਾਂ ਤੇ ਮਚਲਾ ਹੋ ਕੇ ਬਹਿ ਗਿਆ, ਜਿਵੇਂ ਕਿ ਮੈਂ ਉਹਨੂੰ ਦੇਖਿਆ ਹੀ ਨਹੀਂ ਹੁੰਦਾ। ਆਉਂਦਿਆਂ ਉਸ ਫੇਰ ਉਹੋ ਚੱਕੀ ਝੋ ਦਿਤੀ-"ਹੇ ਰੱਬਾ! ਦੇਖੋ ਜੀ ਕਿੱਨੀ ਭੀੜ ਹੈ! ਕਿਤੇ ਤਿਲ ਸਿੱਟਿਆਂ ਭੁੰਜੇ ਨਹੀਂ ਪੈਂਦਾ। ਲੋਕੀ ਬਾਹਰ ਲਮਕੇ ਪਏ ਹਨ ਤੇ ਕਈ ਉਤਾਂਹ ਗਡੀ ਦੀ ਛੱਤ ਤੇ ਚੜ੍ਹੇ ਬੈਠੇ ਹਨ। ਮੈਂ ਸਾਰੀ ਗੱਡੀ ਫਿਰ ਆਇਆ ਹਾਂ। ਤੀਜੇ ਦਰਜੇ ਵਿਚ ਤਾਂ ਬੜਾ ਭੈੜਾ ਹਾਲ ਹੈ। ਅਜੇਹੀ ਭੀੜ ਵੇਲੇ ਜ਼ਨਾਨੀਆਂ ਨੂੰ ਨਾਲ ਲਿਆਉਣਾ ਕਿਧਰ ਦੀ ਸਿਆਣਪ ਹੈ?"

ਗੱਡੀ ਤੁਰ ਪਈ। ਪਤਾ ਨਹੀਂ ਇਹ ਚਰਚਾ ਅਜੇ ਕਦੋਂ ਕੁ ਮੁਕਣੀ ਸੀ, ਕਿ ਸਾਡੇ ਵਾਲੇ ਡੱਬੇ ਵਿੱਚ ਚਿਮਟਾ ਵੱਜਣਾ ਸ਼ੁਰੂ ਹੋ ਗਿਆ। ਇਹ ਇੱਕ ਭਾਟੜਾ ਮੁੰਡਾ ਸੀ, ਜੋ ਗਾ ਕੇ ਪੈਸੇ ਮੰਗਦਾ ਸੀ। ਉਸ ਗੀਤ ਮੁਕਾਇਆ, ਤੇ ਪੈਸਿਆਂ ਲਈ ਹੱਥ ਅੱਡੇ। ਪ੍ਰੀਤਮ ਸਿੰਘ ਕਦੀ ਮੇਰੇ ਵਲ ਤੇ ਕਦੀ ਉਸ ਵਲ ਤੱਕੇ। ਮੈਂ ਜਾਣ ਬੁਝ ਕੇ ਉਠਿਆ ਤੇ ਬਾਰੀ ਥਾਣੀਂ ਬਾਹਰ ਝਾਕਣ ਲਗ ਪਿਆ। ਮੈਂ ਚੋਰ-ਅੱਖੀਂ ਉਸ ਵਲ ਧਿਆਨ ਰੱਖਿਆ। ਪ੍ਰੀਤਮ ਸਿੰਘ ਨੇ ਮੇਰਾ ਧਿਆਨ ਬਾਹਰ ਜਾਣ ਕੇ ਉਸ ਨੂੰ ਇਕ ਚੁਆਨੀ ਦੇ ਦਿਤੀ, ਤੇ ਫਿਰ ਅਗੇ ਵਾਂਗੂ ਗੁਸੈਲਾ ਮੂੰਹ ਬਣਾ ਕੇ ਬਹਿ ਗਿਆ। ਉਹ ਮੁੰਡਾ ਦੂਖ ਨਿਵਾਰਨ ਦੇ ਸਟੇਸ਼ਨ ਤੇ ਉਤਰ ਗਿਆ।

ਪ੍ਰੀਤਮ ਸਿੰਘ-ਇਨ੍ਹਾਂ ਮੁੰਡਿਆਂ ਨੂੰ ਕਦੇ ਕੁਝ ਨਹੀਂ ਦੇਣਾ ਚਾਹੀਦਾ। ਇਹ ਇੱਦਾਂ ਪੈਸੇ ਕੱਠੇ ਕਰ ਮਾਪਿਆਂ ਨੂੰ ਭੇਜਦੇ ਹਨ।

ਮੈਂ-ਤੇ ਜੇਹੜੇ ਯਤੀਮ ਹੋਣ?

ਪ੍ਰੀਤਮ ਸਿੰਘ-ਓਹ ਯਤੀਮਖਾਨੇ ਜਾਣ। ਉਥੇ ਰੋਟੀ ਕਪੜਾ ਮਿਲ ਜਾਂਦਾ ਏ। ਨਾਲੇ ਪੜ੍ਹਾਈ ਸਿਖਾਈ ਦਾ ਪ੍ਰਬੰਧ ਹੈ। ਇਹ ਮੁੰਡੇ ਗਿਲਤੀਆਂ ਬੰਨ੍ਹ ਕੇ ਆਪਣੇ ਆਪ ਨੂੰ ਸੰਤ ਤੇ ਯਤੀਮ ਦੱਸਦੇ ਹਨ। ਇਹ ਭਲੇਮਾਣਸ ਨਹੀਂ ਹੁੰਦੇ। ਇਨ੍ਹਾਂ ਕੋਲ ਪੈਸੇ ਚੋਖੇ ਆ ਜਾਂਦੇ ਹਨ। ਸਿਆਣਿਆਂ ਦੇ ਕਹਿਣ ਵਾਂਗੂੰ "ਸਿਰ ਤੇ ਨਹੀਂ ਕੁੰਡਾ ਤੇ ਹਾਥੀ ਫਿਰੇ ਲੁੰਡਾ", ਮਾਪੇ ਸਿਰ ਤੇ ਨਾ ਹੋਣ ਕਰਕੇ ਬੇਮੁਹਾਰੇ ਪਏ ਫਿਰਦੇ ਹਨ, ਤੇ ਕਈ ਖ਼ਰਾਬੀਆਂ ਕਰਦੇ ਹਨ। ਤਮਾਕੂ ਤੇ ਸਿਗਰਟ ਪੀਂਦੇ ਹਨ। ਜੂਆ ਖੇਡਦੇ ਤੇ ਸੱਟੇਬਾਜ਼ੀ ਕਰਦੇ ਹਨ। ਸ਼ਰਾਬ ਤਕ ਤੋਂ ਭੀ ਨਹੀਂ ਟਲਦੇ। ਇਹੋ ਜੇਹੇ ਕਈ ਖੀਸੇ ਕਟਦੇ ਫੜੇ ਗਏ ਹਨ।

ਇੱਨੇ ਨੂੰ ਗਡੀ ਤਰਨ ਤਾਰਨ ਪੁਜ ਗਈ। ਉਹ ਛੇਤੀ ਛੇਤੀ ਮੈਥੋਂ ਨਿਖੜ ਗਿਆ ਤੇ ਕਹਿਣ ਲਗਾ, "ਲੌਢੇ ਵੇਲੇ ਦੀ ਗੱਡੀ ਮੁੜ ਮਿਲਾਂਗੇ।" ਮੈਂ ਉਹਦਾ ਖਹਿੜਾ ਛੱਡਣ ਵਾਲਾ ਕਿੱਥੋਂ ਸਾਂ! ਉਸ ਦੀ ਅੱਖ ਬਚਾ ਮੈਂ ਉਹਨਾਂ ਦੇ ਪਿਛੇ ਤੁਰ ਪਿਆ। ਉਸ ਆਪਣੀ ਇਸਤਰੀ ਤੇ ਲੜਕਿਆਂ ਸਣੇ ਦਰਬਾਰ ਸਾਹਿਬ ਦਾ ਰਾਹ ਲਿਆ। ਮੈਂ ਭੀ ਪਿਛੇ ਸਾਂ। ਰਾਹ ਵਿੱਚ ਜੋ ਮੰਗਤਾ ਆਇਆ ਉਸ ਨੂੰ ਉਹ ਆਨਾ, ਦੁਆਨੀ, ਪੈਸਾ ਜਰੂਰ ਦੇਈ ਗਿਆ। ਜਿੱਥੇ ਉਹ ਇਸ਼ਨਾਨ ਕਰਨ ਬੈਠਾ, ਮੈਂ ਵੀ ਰਤਾ ਪਰੇਡੇ ਲਗ ਪਿਆ। ਉਸ ਦਾ ਟਬਰ ਪੋਣੇ ਵਿੱਚੋਂ ਇਸ਼ਨਾਨ ਕਰ ਆਇਆ ਤੇ ਉਹ ਭੀ ਨਹਾ ਬੈਠਾ। ਪ੍ਰਕਰਮਾ ਵਿੱਚ ਮੋਢੇ ਨਾਲ ਮੋਢਾ ਠਹਿਕਦਾ ਸੀ। ਉਹ ਸਣੇ ਟੱਬਰ ਭੀੜ ਵਿੱਚ ਵੜ ਗਿਆ, ਤੇ ਦਰਸ਼ਨ ਕਰਨ ਨੂੰ ਅੰਦਰ ਜਾਣ ਲਈ ਧਕਮਧੱਕਾ ਕਰਨ ਲੱਗ ਪਿਆ। ਮੈਂ ਇੱਕ ਪਵਿੱਤਰ ਤੇ ਪੂਜਨੀਕ ਥਾਂ ਤੇ ਬੈਠਾ ਸਾਂ, ਪਰ ਹੱਸਣੋਂ ਨਾ ਰੁਕ ਸਕਿਆ, ਕਿ ਹੁਣੇ ਉਹ ਭੀੜ ੨ ਕਹਿ ਕੇ ਮੇਰੇ ਕੰਨ ਪਿਆ ਖਾਂਦਾ ਸੀ ਤੇ ਕਹਿੰਦਾ ਸੀ ਕਿ "ਭਾਵੇਂ ਰਾਤ ਪੈ ਜਾਏ ਭੀੜ ਹਟੀ ਤੇ ਅੰਦਰ ਜਾਣਾ ਏ;" ਪਰ ਹੁਣ ਤੇ ਇਕ ਪਲ ਵੀ ਨਹੀਂ ਸੂ ਉਡੀਕਿਆ ਤੇ ਧੁਸ ਦੇਈ ਅੰਦਰ ਜਾ ਰਿਹਾ ਹੈ। ਦਰਸ਼ਨ ਪਰਸ਼ਨ ਕਰ ਅਸੀਂ ਲੌਢੇ ਵੇਲੇ ਫੇਰ ਗੱਡੀ ਤੇ ਆ ਮਿਲੇ।

ਸਟੇਸ਼ਨ ਤੇ ਇਕ ਲੂਲ੍ਹਾ ਮੰਗ ਰਿਹਾ ਸੀ। ਉਸ ਸਾਡੇ ਅਗੇ ਬੀ ਆ ਸੁਆਲ ਕੀਤਾ। ਮੈਂ ਧਿਆਨ ਪਰਲੇ ਪਾਸੇ ਕਰ ਲਿਆ। ਪ੍ਰੀਤਮ ਸਿੰਘ ਉਸ ਨੂੰ ਆਨਾ ਦੇ ਕੇ ਮੈਨੂੰ ਸੁਣਾਣ ਮਾਰਿਆਂ ਕਹਿਣ ਲਗਾ, "ਜਾਹ, ਭਾਈ ਜਾਹ, ਐਵੇਂ ਕੰਨ ਨਾ ਖਾਹ। ਕੁਝ ਹਥੀਂ ਕਾਰ ਕਰਿਆ ਕਰ। ਤੇਰੇ ਵਰਗੇ ਕਈ ਦਰਜ਼ੀ ਬਣ ਕੇ ਅਜ ਤਿੰਨ ਚਾਰ ਰੁਪਏ ਦਿਹਾੜੀ ਕਮਾ ਲੈਂਦੇ ਹਨ।" ਉਹ ਵਿਚਾਰਾ ਤੁਰਦਾ ਹੋਇਆ।

ਗੱਡੀ ਆਈ। ਚੜ੍ਹੇ। ਇੱਕ ਬੰਦਾ ਕਿਸੇ ਯਤੀਮਖ਼ਾਨੇ ਲਈ ਪੈਸੇ ਮੰਗਣ ਆ ਗਿਆ। ਉਹ ਯਤੀਆਂ ਦੇ ਦੁਖੜੇ ਫੋਲ ੨ ਸੁਣਾਵੇ। ਉਸ ਦੇ ਨਾਲ ਦੋ ਯਤੀਮ ਸਨ। ਓਹ ਕਰੁਣਾ-ਰਸ ਭਰੇ ਗੀਤ ਗਾਣ। ਇਧਰ ਪ੍ਰੀਤਮ ਸਿੰਘ ਦਾ ਚਿਹਰਾ ਕੁਮਲਾਉਂਦਾ ਜਾਵੇ। ਅਖਾਂ ਉਹਦੀਆਂ ਭਰ ਆਈਆਂ। ਆਪਣੀ ਇਹ ਕਮਜ਼ੋਰੀ ਮੈਥੋਂ ਲੁਕਾਣ ਲਈ ਉਠਿਆ, ਬਾਰੀ ਵੱਲ ਗਿਆ, ਮੂੰਹ ਪੂੰਝੀ ਆਉਂਦਾ ਹੋਇਆ ਉਨ੍ਹਾਂ ਦੀ ਸੰਦੂਕੜੀ ਵਿੱਚ ਪੰਜਾਂ ਦਾ ਨੋਟ ਪਾ ਆਇਆ। ਫਿਰ ਮੇਰੇ ਕੋਲ ਆ ਕੇ ਬਹਿ ਗਿਆ। ਉਨ੍ਹਾਂ ਦੇ ਚਲੇ ਜਾਣ ਪਿਛੋਂ ਕਹਿਣ ਲੱਗਾ, "ਦੇਖੋ ਜੀ, ਇਹ ਆਪ ਕਹੇ ਸੋਹਣੇ ਕੱਪੜੇ ਪਾਈ ਫਿਰਦੇ ਹਨ ਤੇ ਮੁੰਡਿਆਂ ਦਾ ਕੀਹ ਹਾਲ ਹੈ! ਇਨ੍ਹਾਂ ਦਾ ਚੋਖਾ ਰੁਪਿਆ ਬੰਕ ਵਿੱਚ ਜੰਮ੍ਹਾ ਹੈ। ਫੇਰ ਭੀ ਮੰਗਦੇ ਫਿਰਦੇ ਨੇ! ਸਟੇਸ਼ਨ ਦੇ ਲਾਗੇ ਯਤੀਮਖ਼ਾਨਾ ਹੈ। ਇਨ੍ਹਾਂ ਦੀ ਆਪਣੀ ਜ਼ਮੀਨ ਹੈ। ਉਥੇ ਖਾਣ ਜੋਗੀ ਕਣਕ ਹੋ ਪੈਂਦੀ ਹੈ। ਖੱਡੀਆਂ ਆਪਣੀਆਂ ਹਨ। ਉਥੇ ਬਣ ਕੇ ਕੱਪੜਾ ਵਿਕਦਾ ਹੈ। ਹੋਰ ਇਨ੍ਹਾਂ ਕੀ ਲੈਣਾ ਹੈ? ਇਨ੍ਹਾਂ ਨੂੰ ਕੁਝ ਨਹੀਂ ਦੇਣਾ ਚਾਹੀਦਾ।"

ਅੰਮ੍ਰਿਤਸਰ ਉਤਰੇ ਤਾਂ ਜੀ ਆਈ, ਪਈ ਚਲੋ ਯਤੀਮਖ਼ਾਨੇ ਹੀ ਹੋ ਆਈਏ। ਪ੍ਰੀਤਮ ਸਿੰਘ ਘਰ ਨੂੰ ਗਿਆ। ਮੈਂ ਯਤੀਮਖ਼ਾਨੇ ਵਲ ਤੁਰਿਆ। ਜਾਂਦਿਆਂ ਹੀ ਵੇਖਿਆ ਕਿ ਪ੍ਰੀਤਮ ਸਿੰਘ ਦਾ ਨੌਕਰ ਲੱਡੂ ਲੈ ਕੇ ਆਇਆ ਹੈ। ਪੁਛਿਆ ਤਾਂ ਕਹਿਣ ਲਗਾ, "ਜੀ ਸਵੇਰੇ ਸਰਦਾਰ ਸਾਹਿਬ ਹੁਕਮ ਕਰ ਗਏ ਸਨ। ਹਲਵਾਈ ਨੇ ਹੁਣੇ ਬਣਾਏ ਨੇ। ਇਥੇ ਵੰਡਣ ਆਇਆ ਹਾਂ।" ਮੈਂ ਜਾਣ ਬੁੱਝ ਕੇ ਹੈਰਾਨ ਹੋ ਕੇ ਕਿਹਾ, "ਹੈਂ! ਸਰਦਾਰ ਪ੍ਰੀਤਮ ਸਿੰਘ ਹੋਰੀਂ ਵੀ ਇਥੇ ਦਾਨ ਦੇਂਦੇ ਹਨ?" ਨੌਕਰ ਬੋਲਿਆ, "ਜੀ ਆਹ ਦੋਵੇਂ ਕਮਰੇ ਉਨ੍ਹਾਂ ਹੀ ੧੦੦੦) ਖਰਚ ਕੇ ਪੁਆਏ ਹਨ। ਹਰ ਦਿਨ ਦਿਹਾਰ ਨੂੰ ਕੁਝ ਨਾ ਕੁਝ ਭੇਜਦੇ ਹਨ। ਫਿਰ ਹਰ ਸਾਲ ੧੫੦) ਵੱਖ ਦੇਂਦੇ ਹਨ।"

ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ। ਹੋਰ ਸਾਰਿਆਂ ਕਮਰਿਆਂ ਉਤੇ ਦਾਤਿਆਂ ਦੇ ਨਾਂ ਲਿਖੇ ਹੋਏ ਸਨ। ਪਰ ਇਹੀ ਦੋ ਖ਼ਾਲੀ ਸਨ। ਪ੍ਰਬੰਧਕਾਂ ਨੂੰ ਪੁਛਣ ਤੋਂ ਪਤਾ ਲਗਾ ਕਿ ਓਹ ਸਰਦਾਰ ਪ੍ਰੀਤਮ ਸਿੰਘ ਦੇ ਬਣਾਏ ਹੋਏ ਹਨ, ਤੇ ਉਹ ਆਪਣਾ ਨਾਮ ਨਹੀਂ ਲਿਖਾਉਣਾ ਚਾਹੁੰਦੇ।

ਮੈਂ ਇਨ੍ਹਾਂ ਗਲਾਂ ਕਰਕੇ ਕਦੇ ਉਸ ਨਾਲ ਗੁਸੇ ਨਹੀਂ ਹੁੰਦਾ, ਹੱਥੋਂ ਉਸ ਦੀਆਂ ਗੱਲਾਂ ਸੁਣ ਕੇ ਹਰਾਨ ਤੇ ਖੁਸ਼ ਹੁੰਦਾ ਹਾਂ।

ਹਿੰਦੁਸਤਾਨ ਵਿਚ ਜਾਤੀਆਂ ਦੀ ਪਰਸਪਰ ਸਾਂਝ-ਸੰਝਾਲੀ ਦਾ ਮਸਲਾ ਅਤਿਅੰਤ ਜ਼ਰੂਰੀ ਹੈ। ਬਤੌਰ ਕੌਮ ਦੇ ਅਸੀਂ ਓਨਾ ਚਿਰ ਅੱਗੇ ਨਹੀਂ ਵਧ ਸਕਦੇ-ਨਹੀਂ ਨਹੀਂ, ਅਸੀਂ ਇੱਕ ਕੌਮ ਹੀ ਨਹੀਂ ਅਖਵਾ ਸਕਦੇ-ਜਿੱਨਾ ਚਿਰ ਇਥੋਂ ਦੀਆਂ ਮਜ਼੍ਹਬੀ ਬਰਾਦਰੀਆਂ ਵਿਚ ਦਿਲੀ ਮੇਲ ਨਹੀਂ ਹੋ ਜਾਂਦਾ। ਅਚਨਚੇਤੀ ਲੋੜ ਜਾਂ ਭੀੜ ਸਮੇਂ ਨਿਰੇ ਝਟ-ਟਪਾਉ ਨੀਤਕ ਸਿਰ-ਜੋੜ ਜਾਂ ਕਿਸੇ ਤੀਜੀ ਧਿਰ ਦੇ ਵਿਰੁੱਧ ਨਿਰੀਆਂ ਆਰਜ਼ੀ ਸੰਧੀਆਂ ਕਾਫ਼ੀ ਨਹੀਂ ਹਨ। ਦੁਵੱਲੀ ਸੁਭਾਵਾਂ ਦੇ ਪੇਉਂਦ ਦੀ ਲੋੜ ਹੈ, ਜਿਸ ਵਿਚੋਂ ਇੱਕ ਸਾਂਝੀ ਕੌਮੀਅਤ ਦਾ ਬੂਟਾ ਨਿਸਰੇ, ਅਤੇ ਇੱਕੋ ਧਰਤੀ ਤੇ ਇੱਕੋ ਹਵਾ ਵਿਚੋਂ ਖ਼ੁਰਾਕ ਲੈਂਦਾ ਹੋਇਆ ਇੱਕੋ ਤਰ੍ਹਾਂ ਦੇ ਫੁੱਲ ਤੇ ਇੱਕੋ ਤਰ੍ਹਾਂ ਦਾ ਫਲ ਦੇਵੇ।

ਹੁਣ ਤਕ ਇਸ ਮਨੋਰਥ ਦੀ ਸਿਧੀ ਲਈ ਜਿਤਨੀਆਂ ਕੋਸ਼ਸ਼ਾਂ ਕੀਤੀਆਂ ਗਈਆਂ ਹਨ ਸਾਰੀਆਂ ਨਿਸਫਲ ਰਹੀਆਂ ਹਨ। ਇਹ ਤਿੰਨ ਤਰ੍ਹਾਂ ਦੀਆਂ ਕੋਸ਼ਸ਼ਾਂ ਸਨ। ਇਕ ਤਾਂ ਮਹਾਤਮਾ ਗਾਂਧੀ ਦਾ ਜਤਨ ਸੀ, ਜੋ 'ਖ਼ਿਲਾਫ਼ਤ ਲਹਿਰ' ਦੇ ਸਮੇਂ ਤਜਵੀਜ਼ ਕੀਤਾ ਗਿਆ। ਉਹ ਇਹ ਸੀ ਕਿ ਹਿੰਦੂ ਆਪਣੇ ਮੁਸਲਮਾਣ ਭਰਾਵਾਂ ਦਾ ਦਰਦ ਵੰਡਾਣ ਤੇ ਮੁਸਲਮਾਣ ਹਿੰਦੂਆਂ ਲਈ ਕਸ਼ਟ ਸਹਿਣ। ਸਾਂਝੇ ਕਸ਼ਟ ਦੀ ਕੁਠਾਲੀ ਵਿਚ ਪੈ ਕੇ ਦੋਵੇਂ ਧਿਰਾਂ ਢਲ ਕੇ ਇੱਕ ਹੋ ਜਾਣਗੀਆਂ। ਇਸ ਤਜਰਬੇ ਲਈ ਇਕ ਦੋ ਗੱਲਾਂ ਦਾ ਹੋਣਾ ਜ਼ਰੂਰੀ ਹੈ, ਜੋ ਏਸ ਵੇਲੇ ਮੌਜੂਦ ਨਹੀਂ। ਇਕ ਤਾਂ ਅਤਿਅੰਤ ਤੀਬਰ ਇੱਛਾ ਹੋਵੇ ਇਕ ਦੂਏ ਨਾਲ ਭਲਾ ਕਰਨ ਦੀ; ਅਤੇ ਦੂਜੀ ਇਕ ਆਦਰਸ਼ਕ ਬ੍ਰਿਤੀ ਹੋਵੇ ਜਿਸ ਨਾਲ ਦੂਏ ਧਿਰ ਦੇ ਹੱਕ ਆਪਣੇ ਹੱਕਾਂ ਦੇ ਬਰਾਬਰ ਦਿਸਣ। ਨਾਲੇ ਇਸ ਤਜਰਬੇ ਲਈ ਜ਼ਰੂਰੀ ਹੈ ਕਿ ਇਕ ਦੂਜੇ ਲਈ ਕਸ਼ਟ ਝਲਣ ਦੇ ਮੌਕੇ ਮਿਲਦੇ ਰਹਿਣ। ਪਰ ਹੋ ਸਕਦਾ ਹੈ ਕਿ ਹਾਲਾਤ ਹੀ ਐਸੇ ਹੋਣ ਕਿ ਇਹ ਮੌਕੇ ਮਿਲਣ ਹੀ ਨਾ, ਕਿਉਂਕਿ ਇਹ ਮੌਕੇ ਬਣਾਣਾ ਕਿਸੇ ਤੀਜੀ ਧਿਰ ਦੇ ਵਸ ਹੈ, ਜੋ ਸਿਆਣੀ ਤੇ ਚੇਤੰਨ ਹੋ ਸਕਦੀ ਹੈ। ਇਹ ਇਕ ਉਬਾਲੀ ਇਲਾਜ ਹੈ, ਤੇ ਸਿਰਫ਼ ਭੀੜਾਂ ਤੇ ਅਚਨਚੇਤੀ ਲੋੜਾਂ ਸਮੇਂ ਕੰਮ ਆ ਸਕਦਾ ਹੈ। ਇਹ ਕੌਮੀ ਉਸਾਰੀ ਦੇ ਪ੍ਰੋਗਰਾਮ ਦਾ ਪੱਕਾ ਤੇ ਸਥਾਈ ਅੰਗ ਨਹੀਂ ਬਣ ਸਕਦਾ, ਤੇ ਨਾ ਹੀ ਮਨੁੱਖੀ ਸੁਭਾ ਇਕੋਸਾਹੇ ਇਸ ਵਿਚ ਜੁੱਟਿਆ ਰਹਿ ਸਕਦਾ ਹੈ।

ਲਾਲਾ ਲਾਜਪਤ ਰਾਇ ਵਰਗੇ ਲੀਡਰਾਂ ਨੇ ਇਕ ਹੋਰ ਉਪਾ ਭੀ ਦਸਿਆ ਹੈ, ਜਿਸ ਦੀ ਪ੍ਰੋਢਤਾ ਅਜਕਲ ਦੇ ਖੁਲ੍ਹੇ ਜ਼ਮਾਨੇ ਵਿਚ ਬਹੁਤ ਹੋ ਰਹੀ ਹੈ। ਉਹ ਇਹ ਹੈ ਕਿ ਹਿੰਦੂ ਤੇ ਮੁਸਲਮਾਣ ਆਪਣੀਆਂ ਧਾਰਮਕ ਰਹੁ-ਰੀਤਾਂ ਵਿਚ ਘਟ ਸ਼ਿਡਈ ਹੋ ਜਾਣ, ਅਤੇ ਇਨ੍ਹਾਂ ਨੂੰ ਕੌਮੀ ਏਕਤਾ ਉਤੇ ਕੁਰਬਾਨ ਕਰ ਦੇਣ। ਇਹ ਮੰਗ ਉਤੋਂ ਉਤੋਂ ਬਹੁਤ ਵਾਜਬੀ ਦਿਸਦੀ ਹੈ, ਪਰ ਅਸਲ ਵਿਰ ਇਹ ਮੰਨਣੀ ਬਹੁਤ ਔਖੀ ਹੈ। ਜਿਵੇਂ ਮਜ਼੍ਹਬ ਦੀ ਬਣਤਰ ਹੈ ਜਾਂ ਅਸਾਂ ਹਿੰਦੁਸਤਾਨੀਆਂ ਨੇ ਇਹਨੂੰ ਸਮਝ ਰਖਿਆ ਹੈ, ਇਸ ਵਿਚ ਜਾਣ ਬੁਝ ਕੇ ਤਬਦੀਲੀ ਕਰਨ ਦੀ ਗੁੰਜਾਇਸ਼ ਨਹੀਂ। ਇਕ ਹਿੰਦੂ ਭਾਵੇਂ ਘਰ ਵਿਚ ਹਵਨ ਕਰੇ ਜਾਂ ਨਾ ਕਰੇ, ਪਰ ਜਿਸ ਵੇਲੇ ਅਨਮਤੀ ਲੋਕ ਉਸ ਦੇ ਇਸ ਹੱਕ ਵਿਚ ਦਖ਼ਲ ਦੇਣ ਤਾਂ ਉਹ ਹਰ ਇਕ ਨੁਕਸਾਨ ਸਹਾਰ ਕੇ ਇਸ ਦੀ ਰਖਵਾਲੀ ਲਈ ਉਠ ਖੜਾ ਹੋਵੇਗਾ। ਹਿੰਦੂ ਗਊ ਨੂੰ ਪਵਿੱਤਰ ਮੰਨਦੇ ਹਨ, ਪਰ ਮੁਸਲਮਾਣਾਂ ਵਿਚ ਗਊ ਦੀ ਕੁਰਬਾਨੀ ਧਾਰਮਕ ਅਸੂਲ ਹੈ। ਉਨ੍ਹਾਂ ਦਾ ਇਹ ਇਕ ਪਵਿੱਤਰ ਹੱਕ ਹੈ। ਜੇ ਓਹ ਚਾਹੁਣ ਤਾਂ ਇਸ ਹੱਕ ਨੂੰ ਭਾਵੇਂ ਕਦੇ ਭੀ ਨਾ ਵਰਤਣ, ਪਰ ਜੇ ਇਸ ਵਿਚ ਕੋਈ ਅਨਮਤੀ ਜਾਣ ਬੁਝ ਕੇ ਅੜਿੱਕਾ ਡਾਹੇ, ਤਦ ਓਹ ਮੂਤਾਣੇ ਹੋ ਖੜੋਣਗੇ। ਕਈਆਂ ਹਾਲਤਾਂ ਵਿਚ ਇਨ੍ਹਾਂ ਹੱਕਾਂ ਤੇ ਡੱਟ ਖਲੋਣਾ ਮਨੁੱਖ ਦੇ ਧਰਮ ਦੀ ਜ਼ਰੂਰੀ ਸਰਤ ਹੋ ਜਾਂਦੀ ਹੈ। ਇਨ੍ਹਾਂ ਧਾਰਮਕ ਹੱਕਾਂ ਦੀ ਖਿੱਚ ਖਿੱਚੀ ਦਾ ਇਲਾਜ ਇਹ ਨਹੀਂ ਕਿ ਇਕ ਧਿਰ ਨੂੰ ਆਪਣੇ ਹੱਕ ਛਡ ਦੇਣ ਉੱਤੇ ਮਜਬੂਰ ਕੀਤਾ ਜਾਵੇ, ਬਲਕਿ ਦੋਹਾਂ ਧਿਰਾਂ ਦੀ ਇਕ ਦੂਜੇ ਵਲ ਬ੍ਰਿਤੀ ਬਦਲਣੀ ਚਾਹੀਦੀ ਹੈ। ਕਿਸੇ ਇਕ ਨੂੰ ਦੂਜੇ ਦੇ ਰਸਮ ਰਵਾਜ ਪੂਰਾ ਕਰਨ ਵਿਚ ਉਜ਼ਰ ਨਹੀਂ ਹੋਣਾ ਚਾਹੀਦਾ। ਜੇ ਹਿੰਦੂ ਹਵਨ ਕਰਨ, ਤਾਂ ਮੁਸਲਮਾਣਾਂ ਨੂੰ ਖੁਸ਼ੀ ਹੋਣੀ ਚਾਹੀਦੀ ਹੈ, ਅਤੇ ਜੇ ਮੁਸਲਮਾਣ ਗਊ-ਬਧ ਕਰਨ ਤਾਂ ਹਿੰਦੂਆਂ ਨੂੰ ਨੱਕ ਨਹੀਂ ਚਾੜ੍ਹਨਾ ਚਾਹੀਦਾ। (ਇਉਂ ਕਰਨ ਨਾਲ ਖਵਰੇ ਗਊਆਂ ਘਟ ਮਰੀਣਗੀਆਂ, ਜਿਵੇਂ ਕਿ ਨਿਰੋਲ ਮੁਸਲਮਾਣੀ ਮੁਲਕਾਂ ਵਿਚ ਹੁੰਦਾ ਹੈ।) ਮੁਸਲਮਾਣਾਂ ਨੂੰ ਮਸੀਤ ਦੇ ਸਾਮ੍ਹਣੇ ਵਾਜਾ ਵਜਣ ਤੇ ਰੋਸ ਨਹੀਂ ਹੋਣਾ ਚਾਹੀਦਾ। ਹਿੰਦੂਆਂ ਤੇ ਸਿੱਖਾਂ ਨੂੰ ਭੀ ਚਾਹੀਦਾ ਹੈ ਕਿ ਜਦ ਮਸੀਤ ਵਿਚ ਨਮਾਜ਼ ਪੜ੍ਹੀਂਦੀ ਹੋਵੇ, ਤਾਂ ਅਦਬ ਵਜੋਂ ਆਪੇ ਵਾਜਾ ਬੰਦ ਕਰ ਦੇਣ ਜਾਂ ਵਾਜੇ ਵਾਲੇ ਜਲੂਸ ਦਾ ਵਕਤ ਹੀ ਐਸਾ ਰੱਖਣ ਕਿ ਉਸ ਵਕਤ ਨਮਾਜ਼ ਨਾ ਪੜ੍ਹੀਂਦੀ ਹੋਵੇ। ਮੈਂ ਤਾਂ ਜਦ ਮੁਸਲਮਾਣਾਂ ਨੂੰ ਹਜ਼ਾਰਾਂ ਦੀ ਗਿਣਤੀ ਵਿਚ ਨਮਾਜ਼ ਪੜ੍ਹਦੇ ਦੇਖਦਾ ਹਾਂ ਤਾਂ ਮੇਰਾ ਦਿਲ ਧਾਰਮਕ ਹੁਲਾਰੇ ਵਿਚ ਆ ਜਾਂਦਾ ਹੈ ਅਤੇ ਸਿਰ ਅਦਬ ਨਾਲ ਝੁਕ ਜਾਂਦਾ ਹੈ। ਉਥੇ ਮੇਰੇ ਸੋਹਣੇ ਭਰਾ ਮੇਰੇ ਆਪਣੇ ਸੋਹਣੇ ਰੱਬ ਦੀਆਂ ਸੋਹਣੀਆਂ ਸਿਫ਼ਤਾਂ ਕਰ ਰਹੇ ਹੁੰਦੇ ਹਨ! ਉਥੇ ਮੇਰੇ ਦਿਲ ਨੂੰ ਖੁਲ੍ਹਾ ਕਰਨ ਲਈ ਦਸਮੇਸ਼ ਜੀ ਦੀ ਵੰਗਾਰ ਪੈਂਦੀ ਹੈ: "ਦੇਹੁਰਾ ਮਸੀਤਿ ਸੋਈ, ਪੂਜਾ ਔ ਨਿਵਾਜ ਓਹੀ, ਮਾਨਸ ਸਭੇ ਏਕ, ਪੈ ਅਨੇਕ ਕੌ ਪ੍ਰਭਾਉ ਹੈ।"

ਤੀਜਾ ਇਕ ਹੋਰ ਉਪਾ ਹੈ ਜੋ ਬਾਕੀ ਉਪਾਵਾਂ ਤੋਂ ਨਿਰਾਸ ਹੋ ਕੇ ਪੇਸ਼ ਕੀਤਾ ਗਿਆ ਹੈ। ਉਹ ਇਹ ਹੈ ਕਿ ਭਿੰਨ ਭਿੰਨ ਜਾਤੀਆਂ ਨੂੰ ਮਜ਼੍ਹਬੀ ਬਿਨਾ ਤੇ ਵਖੋ ਵਖ ਸੰਗਠਨ ਜਾਂ ਤਨਜ਼ੀਮ ਵਿਚ ਪਰੋ ਕੇ ਆਪੋ ਆਪਣਾ ਬਚਾਉ ਕਰਨ ਦੇ ਲਾਇਕ ਬਣਾਇਆ ਜਾਵੇ, ਤਾਂ ਕਿ ਇਕ ਦੂਜੇ ਉਤੇ ਹਮਲਾ ਕਰਨ ਦਾ ਹੀਆ ਈ ਨਾ ਪਏ, ਤੇ ਇਕ ਦੂਜੇ ਦੀ ਇਜ਼ਤ ਕਰਨ ਦੀ ਪ੍ਰੇਰਨਾ ਹੋਵੇ। ਇਸ ਦਾ ਸਿੱਟਾ ਇਹ ਤਾਂ ਹੋ ਸਕਦਾ ਹੈ ਕਿ ਹਰ ਇਕ ਫ਼ਿਰਕਾ ਆਪੋ ਆਪਣੀ ਸੁਰਤ ਸੰਭਾਲ ਕੇ ਦੂਜੇ ਦੇ ਵਾਰਾਂ ਤੋਂ ਬਚਣ ਲਈ ਕਾਫੀ ਤਕੜਾ ਹੋ ਜਾਵੇ, ਪਰ ਇਸ ਦਾ ਇਹ ਨਤੀਜਾ ਕਦੇ ਨਹੀਂ ਹੋ ਸਕਦਾ ਕਿ ਇਹ ਫਿਰਕੇ ਢਲ ਢੁਲ ਕੇ ਇਕ ਕੌਮ ਬਣ ਜਾਣ। ਬਲਕਿ ਤੁਸਾਂ ਵੇਖਿਆ ਹੋਣਾ ਹੈ ਕਿ ਇਸ ਲਹਿਰ ਦੇ ਸਿਟੇ ਵਜੋਂ ਇਕ ਧਿਰ ਨੂੰ ਏਲਾਨੀਆ ਤੌਰ ਤੇ ਇਹ ਆਖਣ ਦਾ ਹੀਆ ਪੈ ਗਿਆ ਹੈ ਕਿ ਹਿੰਦੁਸਤਾਨ ਹਿੰਦੂਆਂ ਦਾ ਹੈ, ਤੇ ਦੂਜੀ ਧਿਰ ਇਹ ਰਾਇ ਬਣਾ ਰਹੀ ਹੈ ਕਿ ਮੁਸਲਮਾਣਾਂ ਦੀ ਇਕ ਵਖਰੀ ਕੌਮ ਹੈ, ਜਿਸ ਦਾ ਵਤਨ ਹਿੰਦ ਹੀ ਨਹੀਂ ਬਲਕਿ ਚੀਨ, ਤੁਰਕਿਸਤਾਨ, ਈਰਾਨ ਅਰਬ ਆਦਿ ਸਾਰੇ ਮੁਲਕ ਹਨ। ਹਿੰਦ ਵਿਚ ਭੀ ਓਹ ਆਪਣੇ ਲਈ ਵਖਰੇ ਇਲਾਕੇ ਮੰਗ ਰਹੇ ਹਨ, ਜਿਨ੍ਹਾਂ ਵਿਚ ਓਹ ਆਪਣੀ ਸਭਿੱਤਾ ਤੇ ਆਪਣੀ ਰਹਿਣੀ ਬਹਿਣੀ ਸੰਭਾਲ ਕੇ ਵਖਰੀ ਤੇ ਨਰੋਲ ਰਖ ਸਕਣ। ਸਚ ਹੈ, ਜੇ ਹਿੰਦ ਹਿੰਦੂਆਂ ਦਾ ਹੈ, ਤਾਂ ਮੁਸਲਮਾਣਾਂ ਲਈ ਕੋਈ ਆਪਣਾ ਵਖਰਾ ਦੇਸ ਹੋਣਾ ਚਾਹੀਦਾ ਹੈ। ਇਹ ਦੋਵੇਂ ਖਿਆਲ ਰੋਗੀ ਮਨ ਤੋਂ ਪੈਦਾ ਹੋਏ ਹਨ, ਤੇ ਇਹ ਰੋਗ ਸੰਗਠਨ ਤੇ ਤਨਜ਼ੀਮ ਦੇ ਪ੍ਰਚਾਰ ਨੇ ਪੈਦਾ ਕੀਤਾ ਹੈ। ਹਿੰਦੁਸਤਾਨੀ ਕੌਮ ਇੱਕ ਹੈ, ਜਿਸ ਦੇ ਅੰਗ ਹਿੰਦੂ ਭੀ ਹਨ ਤੇ ਮੁਸਲਮਾਣ ਭੀ; ਜਾਂ ਇਉਂ ਕਹੋ, ਜਿਵੇਂ ਸਰ ਸਈਅਦ ਅਹਿਮਦ ਕਿਹਾ ਕਰਦੇ ਸਨ, ਕਿ ਹਿੰਦ ਇਕ ਸੁੰਦਰੀ ਹੈ ਜਿਸ ਦੀ ਇਕ ਅੱਖ ਹਿੰਦੂ ਹਨ ਤੇ ਦੂਜੀ ਅੱਖ ਮੁਸਲਮਾਣ। ਇਕ ਅੱਖ ਦੇ ਵਿਗੜਨ ਨਾਲ ਸਾਰੇ ਸਰੀਰ ਦੀ ਸੁੰਦਰਤਾ ਮਾਰੀ ਜਾਂਦੀ ਹੈ। ਇਹ ਕੌਮੀ ਏਕਤਾ ਦਾ ਖਿਆਲ ਤਦ ਸਫਲ ਹੋ ਸਕਦਾ ਹੈ। ਜੇਕਰ ਦੋਵੇਂ ਧਿਰਾਂ ਆਪਣੇ ਆਪ ਨੂੰ ਅਤੇ ਇਕ ਦੂਜੇ ਨੂੰ ਇੱਕ ਕੌਮ ਦਾ ਅੰਗ ਸਮਝਣ, ਅਤੇ ਨਿਰੇ ਆਪਣੇ ਹੱਕਾਂ ਲਈ ਨਹੀਂ ਬਲਕਿ ਆਪਣੇ ਗੁਆਂਢੀਆਂ ਲਈ ਭੀ ਲੜਨਾ ਤੇ ਕਸ਼ਟ ਸਹਿਣਾ ਸਿਖਣ।

ਇਹ ਸਚ ਹੈ ਕਿ ਹਿੰਦੁਸਤਾਨ ਅਜੇ ਤੀਕਣ ਇਸ ਔਕੜ ਦਾ ਹੱਲ ਨਹੀਂ ਲਭ ਸਕਿਆ। ਪਰ ਕੀ ਕਿਸੇ ਹੋਰ ਕੌਮ ਨੇ ਲਭਾ ਹੈ? ਤੁਸੀਂ ਕਹੋਗੇ ਯੂਰਪ ਵਿਚ ਰੋਮਨ-ਕੈਥੋਲਿਕ ਤੇ ਪ੍ਰਾਟੈਸਟੈਂਟ ਜਾਂ ਹੋਰ ਕਈ ਫਿਰਕੇ ਕੋਲੋ ਕੋਲ ਵਸਦੇ ਰਸਦੇ ਹਨ ਅਤੇ ਉਨ੍ਹਾਂ ਦੀਆਂ ਆਪਸ ਵਿਚ ਦੀਆਂ ਤੇੜਾਂ ਆਪੋ ਆਪਣੀ ਕੌਮੀਅਤ ਦਾ ਹਿਸਾ ਬਣ ਕੇ ਰਹਿਣ ਵਿਚ ਕੋਈ ਫ਼ਰਕ ਨਹੀਂ ਪਾਂਦੀਆਂ। ਇਹ ਮਿਸਾਲ ਸਾਨੂੰ ਮਦਦ ਨਹੀਂ, ਕਰ ਸਕਦੀ, ਕਿਉਂਕਿ ਉਨ੍ਹਾਂ ਦੀਆਂ ਆਪਸ ਦੀਆਂ ਤੇੜਾਂ ਸਭਿਆਚਾਰੀ ਤੇੜਾਂ ਨਹੀਂ। ਓਹ ਲੋਕ ਕੇਵਲ ਧਾਰਮਕ ਯਕੀਨ ਵਿਚ ਜਾਂ ਪੂਜਾ ਪਾਠ ਦੀ ਰੀਤ ਵਿਚ ਵਖ ਵਖ ਦਿਸਦੇ ਹਨ, ਪਰ ਆਮ ਰਹਿਣ ਬਹਿਣ, ਕਿਰਤ ਵਿਰਤ, ਸੋਚਣ ਵਿਚਾਰਣ ਜਾਂ ਮਹਿਸੂਸਣ ਦੇ ਢੰਗਾਂ ਵਿਚ ਇੱਕੋ ਜਿਹਾ ਵਰਤਦੇ ਹਨ। ਇਸ ਲਈ ਉਨ੍ਹਾਂ ਦੇ ਵਖੇਵੇਂ ਮੇਟਣੇ ਔਖੇ ਨਹੀਂ। ਪੱਛਮੀ ਦੇਸਾਂ ਵਿਚ ਅਡ ਅਡ ਸਭਿਆਚਾਰਾਂ ਵਿਚ ਪਲੇ ਲੋਕਾਂ ਨੂੰ ਜੋੜ ਕੇ ਇੱਕ ਕਰਨ ਦਾ ਤਜਰਬਾ ਕਦੇ ਸਫਲ ਨਹੀਂ ਹੋਇਆ। ਉਥੇ ਸਮੇਂ ਸਮੇਂ ਇਹ ਔਕੜ ਕਈਆਂ ਦੇਸਾਂ ਨੂੰ ਵਾਪਰਦੀ ਰਹੀ ਹੈ, ਪਰ ਇਸ ਦਾ ਹਲ ਹਮੇਸ਼ਾਂ ਮਾੜੇ ਧੜੇ ਨੂੰ ਮਦਾਨੋਂ ਹੀ ਕਢ ਦੇਣ ਵਿਚ ਸਮਝਿਆ ਗਿਆ ਹੈ, ਭਾਵ ਇਹ ਕਿ ਅਜੇਹੀ ਗੁੰਝਲ ਨੂੰ ਖਿੜੇ-ਮਥੇ ਸੁਲਝਾਉਣ ਦੀ ਥਾਂ ਮੂਲੋਂ ਕਟ ਹੀ ਦੇਂਦੇ ਰਹੇ ਹਨ।

ਅਠਵੀਂ ਤੋਂ ਪੰਦਰਵੀਂ ਸਦੀ ਦੇ ਅੰਤ ਤਕ ਸਪੇਨ ਮੁਸਲਮਾਣਾਂ ਦੇ ਹਥ ਰਿਹਾ, ਪਰ ਜਦ ੧੪੯੨ ਵਿਚ ਇਨ੍ਹਾਂ ਦਾ ਰਾਜ ਖ਼ਤਮ ਹੋ ਗਿਆ, ਤਾਂ ਭੀ ਦੇਸ ਵਿਚ ਚੋਖਾ ਤੇ ਕਾਰਵੰਦਾ ਹਿਸਾ ਇਨ੍ਹਾਂ ਦੀ ਵਸੋਂ ਦਾ ਸੀ। ਉਸ ਵੇਲੇ ਈਸਾਈਆਂ ਦੀ ਨਵੀਂ ਹਕੂਮਤ ਅੱਗੇ ਉਹੋ ਸਵਾਲ ਪੇਸ਼ ਹੋਇਆ ਜੋ ਸਾਡੇ ਸਾਮ੍ਹਣੇ ਹੈ ਕਿ ਇਨ੍ਹਾਂ ਅਡਰੀ ਸੱਭਿਤਾ ਵਾਲੇ ਲੋਕਾਂ ਨੂੰ ਆਪਣੇ ਅੰਦਰ ਕਿਵੇਂ ਸਮੇਟਿਆ ਜਾਏ। ਈਸਾਈ ਹਾਕਮ ਆਪਣੀ ਪਾਲਿਸੀ ਐਸੀ ਬਣਾ ਸਕਦੇ ਸਨ ਜਿਸ ਦੇ ਨਾਲ ਮੁਸਲਮਾਣ ਈਸਾਈਆਂ ਵਿਚ ਰਚ ਮਿਚ ਕੇ ਇਕ ਰਲਵੀਂ ਕੌਮ ਦਾ ਹਿਸਾ ਬਣ ਜਾਂਦੇ। ਇਸ ਨਾਲ ਸਪੇਨ ਨੂੰ ਬਹੁਤ ਲਾਭ ਪੁਜਦਾ, ਕਿਉਂਕਿ ਮੁਸਲਮਾਣ ਲੋਕ ਕਾਰੀਗਰੀ ਅਤੇ ਸਭਿਆਚਾਰ ਵਿਚ ਈਸਾਈਆਂ ਪਾਸੋਂ ਬਹੁਤ ਅਗਾਹਾਂ ਲੰਘੇ ਹੋਏ ਸਨ। ਪਰ ਐਸਾ ਨਾ ਕੀਤਾ ਗਿਆ। ਪਹਿਲੋਂ ਤਾਂ ਮੁਸਲਮਾਣਾਂ ਨੂੰ ਕਿਹਾ ਗਿਆ ਕਿ ਆਪਣੇ ਨਾਂ ਈਸਾਈਆਂ ਵਾਲੇ ਰਖ ਲਓ, ਭਾਵੇਂ ਧਰਮ ਨਾ ਬਦਲੋ। ਫਿਰ ਸਭ ਨੂੰ ਹੁਕਮ ਹੋ ਗਿਆ ਕਿ ਜਾਂ ਤਾਂ ਈਸਾਈ ਮਤ ਧਾਰਨ ਕਰ ਲਓ, ਜਾਂ ਬਿਸਤਰਾ ਬੋਰੀਆ ਚੁਕ ਕੇ ਮਲਕ ਤੋਂ ਬਾਹਰ ਹੋ ਜਾਓ। ਕੇਹਾ ਸੌਖਾ ਤਰੀਕਾ ਸੀ ਏਕਤਾ ਵਰਤਾਉਣ ਦਾ! ਸਪੇਨ ਤੇ ਪੁਰਤਗਾਲ ਵਿਚ ਏਹੋ ਤਰੀਕਾ ਯਹੂਦੀਆਂ ਨਾਲ ਵਰਤਿਆ ਗਿਆ। ਇੰਗਲੈਂਡ ਵਾਲਿਆਂ ਨੇ ਯਹੂਦੀਆਂ ਨੂੰ ੧੨੯੦ ਵਿਚ ਦੇਸ-ਨਿਕਾਲਾ ਦੇ ਦਿਤਾ, ਅਤੇ ਓਹ ਕਈ ਸਦੀਆਂ ਤੀਕ ਇਸ ਦੇਸ ਤੋਂ ਬਾਹਰ ਰਹੇ। ਫੇਰ ਆਏ ਭੀ, ਤਾਂ ਚਿਰਾਂ ਤੀਕ ਪੂਰੇ ਹਕ ਨਾ ਲੈ ਸਕੇ। ਅੰਤ ੧੮੫੮ ਵਿਚ ਪਾਰਲੀਮਿੰਟ ਦੀ ਮਿੰਬਰੀ ਦਾ ਹੱਕ ਮਿਲਿਆ। ਫਰਾਂਸ ਵਾਲਿਆਂ ਨੇ ਉਨ੍ਹਾਂ ਨੂੰ ਬਰਾਬਰੀ ਦਾ ਹੱਕ ੧੭੯੦ ਵਿਚ ਦਿੱਤਾ ਤੇ ਜਰਮਨੀ ਵਾਲਿਆਂ ਨੇ ੧੮੭੧ ਵਿਚ, ਪਰ ਇਹ ਹਕ ਮੁੜ ਹਿਟਲਰ ਦੀ ਹਕੂਮਤ ਨੇ ਖੋਹ ਲਏ ਤੇ ਇਹ ਵਿਚਾਰੇ ਹੁਣ ਦਰ-ਬ-ਦਰ ਧਕੇ ਖਾ ਰਹੇ ਹਨ। ਇਨ੍ਹਾਂ ਨੇ ਜੋ ਦੁਖੜੇ ਰੂਸ, ਪੋਲੈਂਡ ਤੇ ਆਸਟਰੀਆ ਹੰਗਰੀ ਵਿਚ ਸਹੇ ਹਨ, ਉਨ੍ਹਾਂ ਦੀ ਕਹਾਣੀ ਲੂੰ ਕੰਡੇ ਕਰ ਦੇਣ ਵਾਲੀ ਹੈ। ਯੂਰਪ ਮੁਸਲਮਾਣਾਂ ਤੇ ਯਹੂਦੀਆਂ ਨੂੰ ਆਪਣੇ ਅੰਦਰ ਕਿਉਂ ਨਹੀਂ ਸਮਾ ਸਕਿਆ? ਕੇਵਲ ਇਸ ਲਈ ਕਿ ਇਹ ਲੋਕ ਆਸ ਪਾਸ ਦੇ ਲੋਕਾਂ ਕੋਲੋਂ ਸਭਿਆਚਾਰ ਵਿਚ ਵਖਰੇ ਸਨ। ਇਨ੍ਹਾਂ ਨੂੰ ਸਮਾਜਕ ਅਰਾਮ ਉਤਨਾ ਕੁ ਹੀ ਮਿਲਿਆ ਹੋਇਆ ਹੈ ਜਿੱਨਾ ਕੁ ਇਹ ਲੋਕ ਆਪਣੇ ਸਭਿਆਚਾਰ ਨੂੰ ਛੱਡ ਕੇ ਪਰਾਇਆ ਸਭਿਆਚਾਰ ਗ੍ਰਹਿਣ ਕਰ ਸਕੇ ਹਨ। ਤੁਰਕ ਲੋਕ ਸਦੀਆਂ ਤੀਕ ਯੂਰਪੀਨ ਕੌਮਾਂ ਦੀ ਅੱਖ ਦਾ ਕੰਡਾ ਬਣੇ ਰਹੇ। ਅੰਤ ਉਨ੍ਹਾਂ ਨੂੰ ਪਤਾ ਲਗ ਗਿਆ ਕਿ ਯੂਰਪੀਨ ਕੌਮਾਂ ਨਾਲ ਇਕ-ਮਿਕ ਹੋਣ ਵਿਚ ਉਨ੍ਹਾਂ ਦਾ ਏਸ਼ਿਆਈ ਸਭਿਆਚਾਰ ਹੀ ਇਕ ਵੱਡੀ ਰੁਕਾਵਟ ਹੈ। ਸੋ ਓਹ ਛੇਤੀ ਛੇਤੀ ਆਪਣੇ ਸਭਿਆਚਾਰ ਦਾ ਜੁੱਲਾ ਲਾਹ ਕੇ ਪਰ੍ਹਾਂ ਸੁਟ ਰਹੇ ਹਨ ਅਤੇ ਪਛਮੀ ਜੀਵਣ ਦਾ ਸਾਂਗ ਭਰ ਰਹੇ ਹਨ, ਤਾਂ ਜੋ ਯੂਰਪ ਦੀ ਪਵਿੱਤਰ ਧਰਤੀ ਉਤੇ ਵਸਣ ਵਾਲੇ ਲੋਕਾਂ ਦੀ ਨਜ਼ਰ ਵਿਚ ਪ੍ਰਵਾਨ ਹੋ ਸਕਣ! ਕਦੀ ਸਮਾਂ ਸੀ ਜਦੋਂ ਅਰਬੀ ਸਭਿਆਚਾਰ ਦਾ ਜ਼ੋਰ ਸੀ ਤੇ ਯੂਰਪੀਨ ਲੋਕ ਭੀ ਦੂਰੋਂ ਦੂਰੋਂ ਚਲ ਕੇ ਮਰਾਕੋ ਤੇ ਸਪੇਨ ਦੀਆਂ ਮੁਸਲਿਮ ਯੂਨੀਵਰਸਟੀਆਂ ਵਿਚ ਅਰਬੀ ਦੇ ਰਾਹੀਂ ਉੱਚੀ ਵਿਦਿਆ ਲੈਣ ਆਉਂਦੇ ਸਨ, ਇਨ੍ਹਾਂ ਲੋਕਾਂ ਦੀ ਰਹਿਣੀ ਬਹਿਣੀ ਦੀ ਨਕਲ ਕਰਦੇ ਅਤੇ ਪਾਤਸ਼ਾਹਾਂ ਤਕ ਇਨ੍ਹਾਂ ਦੇ ਸੋਫ਼ਿਆਂ, ਗਲੀਚਿਆਂ, ਪਰਦਿਆਂ, ਪਿਰਚਾਂ ਪਿਆਲੀਆਂ, ਚਾਹਾਂ ਤੇ ਕਾਹਵਿਆਂ ਦੀ ਵਰਤੋਂ ਕਰਨ ਵਿਚ ਫਖ਼ਰ ਸਮਝਦੇ ਸਨ। ਪਰ ਹੁਣ ਇਸੇ ਸੱਭਿਤਾ ਦੇ ਮੋਢੀਆਂ ਦੀ ਉਲਾਦ ਅਰਬੀ ਅਖਰਾਂ ਤੇ ਬੋਲੀ ਨੂੰ ਛੱਡ ਲਾਤੀਨੀ ਅੱਖਰਾਂ ਤੇ ਰੀਝ ਰਹੀ ਹੈ ਤੇ ਆਪਣੀ ਬੋਲੀ ਵਿਚੋਂ ਅਰਬੀ ਲਫ਼ਜ਼ਾਂ ਨੂੰ ਕਢ ਕੇ ਯੂਰਪੀਨ ਬੋਲੀਆਂ ਦੇ ਲਫ਼ਜ਼ ਭਰ ਰਹੀ ਹੈ। ਜਿਨ੍ਹਾਂ ਲੋਕਾਂ ਨੇ ਦਾੜ੍ਹੀ ਤੇ ਪਗੜੀ ਦਾ ਰਿਵਾਜ ਸਪੇਨ ਤੋਂ ਲੈ ਆਸਾਮ ਬੰਗਾਲ ਤਕ ਫੈਲਾਇਆ ਸੀ, ਅਜ ਓਹੀ ਇਨ੍ਹਾਂ ਚੀਜ਼ਾਂ ਨੂੰ ਅਸੱਭਿਤਾ ਦੇ ਨਿਸ਼ਾਨ ਮੰਨ ਕੇ ਮੂੰਹ ਸਿਰ ਦਾ ਫੈਸ਼ਨ ਕੁਝ ਹੋਰ ਹੀ ਬਣਾ ਰਹੇ ਹਨ। ਇਸ ਵਿਚ ਦੋਹਾਂ ਸਭਿੱਤਾਂ ਦਾ ਮੇਲ ਨਹੀਂ, ਬਲਕਿ ਇਕ ਸਭਿੱਤਾ ਦੀ ਭਾਂਜ ਤੇ ਦੂਜੀ ਦਾ ਦਾਬਾ ਮੰਨਿਆ ਗਿਆ ਹੈ। ਇਹ ਉਹ ਸੁਲਹ ਹੈ ਜਿਸ ਵਿਚ ਇਕ ਧਿਰ ਦੂਜੀ ਧਿਰ ਦੀਆਂ ਸ਼ਰਤਾਂ ਮੰਨ ਕੇ ਆਪਣੇ ਹਥਿਆਰ ਸੁਟ ਦੇਵੇ। ਇਹ ਗਲ ਸਾਫ਼ ਹੈ ਕਿ ਯੂਰਪ ਦੇ ਇਤਿਹਾਸ ਵਿਚੋਂ ਇਕ ਮਿਸਾਲ ਵੀ ਨਹੀਂ ਮਿਲਦੀ ਜਿਥੇ ਭਿੰਨ ਭਿੰਨ ਸਭਿਆਚਾਰਾਂ ਵਾਲੇ ਫ਼ਿਰਕਿਆਂ ਜਾਂ ਕੌਮਾਂ ਨੂੰ ਜੋੜ ਕੇ ਇਕਮਈ ਕੀਤਾ ਗਿਆ ਹੋਵੇ। ਅਮਰੀਕਾ ਤੇ ਅਫ਼ਰੀਕਾ ਵਿਚ ਵੀ ਪਛਮੀ ਸੱਭਿਤਾ ਵਾਲੇ ਲੋਕ ਅਡਰੀ ਸੱਭਿਤਾ ਵਾਲੇ ਏਸ਼ਿਆਈਆਂ ਨਾਲ ਇਕ-ਮਿਕ ਨਹੀਂ ਹੋ ਸਕਦੇ। ਉਥੇ ਭੀ ਇਹੋ ਜਹੀ ਔਕੜ ਨੂੰ ਹਲ ਕਰਨ ਵਾਸਤੇ ਊਹੋ ਪੁਰਾਣਾ ਹਥਿਆਰ ਵਰਤਿਆ ਜਾਂਦਾ ਹੈ ਕਿ ਓਪਰੇ ਨੂੰ ਨਾਲ ਮੇਲਣ ਦੀ ਥਾਂ ਘਰੋਂ ਹੀ ਕਢ ਦਿਓ।

ਹੱਛਾ, ਤਾਂ ਫਿਰ ਇਸ ਔਕੜ ਦਾ ਕੋਈ ਹੱਲ ਨਹੀਂ? ਜੇ ਹੋਰਨਾਂ ਲੋਕਾਂ ਦਾ ਇਤਿਹਾਸ ਇਸ ਗਲ ਵਿਚ ਸਾਡੀ ਬਾਹੁੜੀ ਨਹੀਂ ਕਰਦਾ, ਤਾਂ ਕੀ ਸਾਡਾ ਆਪਣਾ ਇਤਿਹਾਸ ਭੀ ਕੋਈ ਰਾਹ ਨਹੀਂ ਦਸਦਾ? ਮੇਰਾ ਆਪਣਾ ਖ਼ਿਆਲ ਹੈ ਕਿ ਸਾਡੇ ਇਤਿਹਾਸ ਵਿਚ ਇਕ ਅਜੇਹਾ ਸਮਾਂ ਆਇਆ ਸੀ ਜਦੋਂ ਇਸ ਮੁਸ਼ਕਲ ਦਾ ਸਹੀ ਹੱਲ ਲਭਣ ਦਾ ਜਤਨ ਕੀਤਾ ਗਿਆ ਮੀ, ਭਾਵੇਂ ਇਹ ਜਤਨ ਭੀ ਰੁਕ ਸਕਣ ਵਾਲੇ ਕਾਰਨਾਂ ਕਰਕੇ ਨਿਸਫਲ ਹੀ ਰਿਹਾ। ਮੇਰਾ ਇਸ਼ਾਰਾ ਸ਼ਹਿਨਸ਼ਾਹ ਅਕਬਰ ਦੀ ਉਸ ਪਾਲਿਸੀ ਵਲ ਹੈ, ਜੋ ਉਸ ਨੇ ਹਿੰਦੂ ਮੁਸਲਮਾਣਾਂ ਨੂੰ ਸਭਿਆਚਾਰੀ ਤੌਰ ਤੇ ਇੱਕ ਕਰ ਦੇਣ ਲਈ ਵਰਤੀ। ਇਸ ਆਸ਼ੇ ਵਿਚ ਉਹ ਇਕੱਲਾ ਨਹੀਂ ਸੀ। ਸਮੇਂ ਦੀ ਸਾਰੀ ਰੁਚੀ ਉਸ ਦੇ ਨਾਲ ਕੰਮ ਕਰ ਰਹੀ ਸੀ। ਜਦ ਮੁਸਲਮਾਣਾਂ ਨੂੰ ਹਿੰਦੁਸਤਾਨ ਵਿਚ ਰਹਿੰਦਿਆਂ ਚੋਖਾ ਚਿਰ ਹੋ ਗਿਆ ਅਤੇ ਬਹੁਤ ਸਾਰੇ ਹਿੰਦੂ ਇਸਲਾਮ ਦੇ ਦਾਇਰੇ ਵਿਚ ਆ ਗਏ, ਤਾਂ ਉਨ੍ਹਾਂ ਲਈ ਇਹ ਦੇਸ ਬਿਗਾਨਾ ਨਾ ਰਿਹਾ। ਉਸ ਵੇਲੇ ਕੁਦਰਤੀ ਸੀ ਕਿ ਕੋਈ ਐਸੇ ਵਿਚਾਰਵਾਨ ਸਜਣ ਨਿਕਲਦੇ ਜੋ ਉਨ੍ਹਾਂ ਦਾ ਇਸ ਨਵੀਂ ਸਹੇੜੀ ਧਰਤੀ ਨਾਲ ਪਿਆਰ ਪਾਉਂਦੇ ਅਤੇ ਕੋਈ ਅਜੇਹਾ ਪੈਂਤੜਾ ਲਭਦੇ ਜਿਸ ਉਤੇ ਅਸਲੀ ਵਸਨੀਕਾਂ ਤੇ ਨਵੇਂ ਆਇਆਂ ਦੀ ਮਿਲੌਣੀ ਬਝ ਸਕਦੀ।

ਸ਼ੁਰੂ ਸ਼ੁਰੂ ਵਿਚ ਜਤਨ ਹੋਇਆ ਕਿ ਲੋਕਾਂ ਦੇ ਧਾਰਮਕ ਜੀਵਣ ਨੂੰ ਇੱਕ ਕਰ ਦਈਏ। ਗੁਰੂਆਂ ਤੇ ਭਗਤਾਂ ਨੇ ਹਿੰਦੂਆਂ ਦੇ ਦਿਲਾਂ ਵਿਚੋਂ ਮੁਸਲਮਾਣਾਂ ਦੇ ਵਿਰੁੱਧ ਜੋ ਪਖਪਾਤ ਦੇ ਤੌਖਲੇ ਬਣੇ ਹੋਏ ਸਨ ਕਢਣ ਦਾ ਜਤਨ ਕੀਤਾ ਅਤੇ ਐਸੀ ਸਾਂਝੀ ਸਿਖਿਆ ਦਿੱਤੀ ਜੋ ਹਿੰਦੂਆਂ ਤੇ ਮੁਸਲਮਾਣਾਂ ਦੋਹਾਂ ਨੂੰ ਰੁਚਦੀ ਸੀ। ਬੰਗਾਲ ਵਿਚ ਗੌੜ ਦੇ ਸੁਲਤਾਨ ਹੁਸੈਨ ਸ਼ਾਹ ਨੇ ਦੋਹਾਂ ਧਿਰਾਂ ਲਈ ਇਕ ਸਾਂਝੇ ਰੱਬ ਦੀ ਪੂਜਾ ਸ਼ੁਰੂ ਕਰਾਈ, ਜਿਸ ਦਾ ਨਾਂ 'ਸਤਿਆ ਪੀਰ' ਰਖਿਆ। ਸਾਧੂ ਪ੍ਰਾਨ ਨਾਥ ਨੇ ਵੇਦ ਤੇ ਕੁਰਾਨ ਵਿਚੋਂ ਸਾਂਝੀਆਂ ਤੁਕਾਂ ਕਢ ਕੇ ਇਕ ਨਵੀਂ ਪੁਸਤਕ ਤਿਆਰ ਕੀਤੀ ਅਤੇ ਹਿੰਦੂਆਂ ਤੇ ਮੁਸਲਮਾਣਾਂ ਲਈ ਇਕ ਸਾਂਝਾ ਮਤ ਬਣਾਇਆ, ਜਿਸ ਦੇ ਅਨੁਸਾਰੀ ਖਾਣ ਪੀਣ ਵਿਚ ਸਾਂਝ ਵਰਤਦੇ ਸਨ। ਪੰਜਾਬ ਦੇ ਦੁਖਣ-ਪੱਛਮ ਵਿਚ ਸਖੀ ਸਰਵਰ ਨੇ ਇਹੋ ਜਹੀ ਸਾਂਝੀ ਲਹਿਰ ਚਲਾਈ। ਸਰਹਦੀ ਇਲਾਕੇ ਵਿਚ ਬਿਆਜ਼ੀਦ ਨੇ 'ਰੋਸ਼ਨੀਆ' ਨਾਂ ਦਾ ਇਕ ਮਲੰਗੀ ਫਿਰਕਾ ਚਲਾਇਆ। ਅਕਬਰ ਬਾਦਸ਼ਾਹ ਨੇ ਆਪ ਇਕ ਸਾਂਝੇ ਧਰਮ ਦੀ ਨੀਂਹ ਰਖੀ, ਜਿਸ ਦਾ ਨਾਂ 'ਦੀਨਿ-ਇਲਾਹੀਂ' ਸੀ। ਇਸ ਵਿਚ ਸਾਰੇ ਧਰਮਾਂ ਵਿਚੋਂ ਚੰਗੀਆਂ ਗੱਲਾਂ ਚੁਣ ਕੇ ਸ਼ਾਮਲ ਕੀਤੀਆਂ। ਪਰ ਇਹ ਸਾਰੇ ਜਤਨ ਬਿਰਥੇ ਗਏ, ਕਿਉਂਕਿ ਧਰਮ ਕੋਈ ਹੁਨਰ ਜਾਂ ਫ਼ਿਲਸਫ਼ਾ ਨਹੀਂ ਜੋ ਚੰਗੀਆਂ ੨ ਗੱਲਾਂ ਦੇ ਇਕੱਠੀਆਂ ਕਰਨ ਤੋਂ ਬਣ ਜਾਵੇ। ਇਹ ਤਾਂ ਇਕ ਜਿੰਦਗੀ ਹੈ ਜਿਸ ਦੀ ਰੌ ਚਲਾਣ ਵਾਲੀ ਕੋਈ ਅਪਾਰ ਸ਼ਖ਼ਸੀਅਤ ਹੋ ਸਕਦੀ ਹੈ। ਇਹ ਸ਼ਖ਼ਸੀਅਤ ਅਕਬਰ ਦੇ ਅੰਦਰ ਨਹੀਂ ਸੀ। ਇਸ ਲਈ ਉਹ ਹਿੰਦੂਆਂ ਤੇ ਮੁਸਲਮਣਾਂ ਦੇ ਧਾਰਮਕ ਜੀਵਣ-ਪ੍ਰਵਾਹ ਨੂੰ ਇਕ ਵਾਹੇ ਵਿਚ ਨਾ ਚਲਾ ਸਕਿਆ। ਪਰ ਕੌਮੀ ਏਕਤਾ ਲਈ ਜਿਹੜੇ ਹੋਰ ਉਪਰਾਲੇ ਉਸ ਨੇ ਕੀਤੇ ਓਹ ਠੀਕ ਸਨ, ਅਤੇ ਉਹ ਜ਼ਰੂਰ ਕਾਮਯਾਬ ਹੋ ਜਾਂਦੇ ਜੇਕਰ ਉਸ ਦੇ ਪਿਛੋਂ ਆਉਣ ਵਾਲੇ ਬਾਦਸ਼ਾਹ ਉਸ ਦੇ ਕੰਮ ਨੂੰ ਅਧਵਾਟੇ ਨਾ ਵਿਚਲਾ ਦਿੰਦੇ।

ਇਸ ਕੰਮ ਦਾ ਮਨੋਰਥ ਇਹ ਸੀ ਕਿ ਦੇਸ ਵਿਚ ਪ੍ਰਚਲਤ ਭਿੰਨ ਭਿੰਨ ਸਭਿਆਚਾਰਾਂ ਨੂੰ, ਜੋ ਵਖੇਵਿਆਂ ਤੇ ਵਿੱਥਾਂ ਦਾ ਮੂਲ ਕਾਰਨ ਸਨ, ਇੱਕ ਪੈਂਤੜੇ ਤੇ ਲਿਆ ਕੇ ਮੇਲ ਦਿੱਤਾ ਜਾਵੇ। ਲੋਕੀ ਧਰਮਾਂ ਨੂੰ ਇਕੱਠਾ ਨਹੀਂ ਹੋਣ ਦਿੰਦੇ, ਪਰ ਜੇ ਉਨ੍ਹਾਂ ਦੇ ਹੁਨਰੀ ਜਜ਼ਬਿਆਂ ਤੇ ਸੁਹਜ-ਸੁਆਦਾਂ ਨੂੰ ਸਿਧਾ ਅਪੜ ਕੇ ਪ੍ਰੇਰਿਆ ਜਾਵੇ ਤਾਂ ਓਹ ਅਗੋਂ ਇੱਨੇ ਤਡਿੰਗ ਨਹੀਂ ਹੁੰਦੇ। ਜੇ ਅਸੀਂ ਉਨ੍ਹਾਂ ਦੇ ਦਿਲਾਂ ਉਤੇ ਆਪਣੇ ਧਾਰਮਕ ਖਿਆਲਾਂ ਦਾ ਸਿੱਕਾ ਬਿਠਾਣ ਦਾ ਜਤਨ ਕਰੀਏ, ਤਾਂ ਓਹ ਝਟ ਕੰਨ ਖੜੇ ਕਰ ਲੈਂਦੇ ਹਨ ਅਤੇ ਇਉਂ ਦਿੱਲਾਂ ਦੇ ਬੂਹੇ ਮਾਰ ਕੇ ਅੰਦਰ ਵੜ ਬਹਿੰਦੇ ਹਨ ਕਿ ਚੰਗੇ ਤੋਂ ਚੰਗੇ ਕਹੇ ਦਾ ਕੋਈ ਅਸਰ ਨਹੀਂ ਹੁੰਦਾ। ਪਰ ਜਦ ਅਸੀਂ ਹੁਨਰ ਦੀਆਂ ਖ਼ੂਬਸੂਰਤੀਆਂ ਅਤੇ ਖਿਆਲ ਜਾਂ ਬੋਲੀ ਦੀਆਂ ਬਰੀਕੀਆਂ ਤੇ ਕੋਮਲਤਾਈਆਂ ਦੇ ਰਾਹੀਂ ਉਨ੍ਹਾਂ ਪਾਸ ਅਪੜਦੇ ਹਾਂ, ਤਾਂ ਓਹ ਬੜੇ ਬੀਬੇ ਤੇ ਸੁਲੱਗ ਬਣ ਜਾਂਦੇ ਹਨ। ਹੇਵਲ ਸਾਹਬ ਆਪਣੀ ਪੁਸਤਕ 'ਹਿੰਦ ਦਾ ਇਮਾਰਤੀ ਹੁਨਰ' ਵਿਚ ਲਿਖਦਾ ਹੈ: "ਮੁਸਲਮਾਣ ਬਾਦਸ਼ਾਹਾਂ ਨੇ ਹੁਨਰਾਂ ਅਤੇ ਵਿਦਿਆ ਨੂੰ ਬਿਨਾਂ ਪਖਪਾਤ ਦੇ ਅਪਣਿਆ ਕੇ ਫਿਰਕੂ ਵੱਟਾਂ ਬੰਨਿਆਂ ਨੂੰ ਦੂਰ ਕਰਨ ਦਾ ਸਭ ਤੋਂ ਚੰਗਾ ਸਾਧਨ ਬਣਾਇਆ।" ਅਕਬਰ ਨੇ ਬਦੌਨੀ, ਫ਼ੈਜ਼ੀ, ਨਕੀਬ ਖ਼ਾਨ ਆਦਿ ਮੁਸਲਮਾਣ ਆਲਮਾਂ ਨੂੰ ਹਿੰਦੂ ਗ੍ਰੰਥ ਪੜ੍ਹਨ ਤੇ ਉਲਥਣ ਤੇ ਲਾਇਆ ਤੇ ਮੁਸਲਮਾਣਾਂ ਦੀਆਂ ਕਿਤਾਬਾਂ ਨੂੰ ਹਿੰਦੂਆਂ ਦੇ ਦ੍ਰਿਸ਼ਟੀ ਗੋਚਰੇ ਕੀਤਾ। ਨਵਾਜ਼, ਜੈਸੀ, ਆਦਿ ਮੁਸਲਮਾਣ ਕਵੀ ਆਪਣੀ ਕਵਿਤਾ ਹਿੰਦੀ ਜਾਂ ਬ੍ਰਿਜ-ਭਾਸ਼ਾ ਵਿਚ ਲਿਖਣ ਲਗੇ, ਜਿਸ ਵਿਚ ਫ਼ਾਰਸੀ ਦੇ ਲਫ਼ਜ਼ ਢੁਕਵੇਂ ਬਧੇ ਜਾਂਦੇ ਸਨ। ਕਈ ਹਿੰਦੂ ਕਵੀ ਭੀ ਆਪਣੀ ਹਿੰਦੀ ਰਚਨਾ ਵਿਚ ਫ਼ਾਰਸੀ ਵਰਤਣ ਲਗ ਪਏ। ਸਿੱਟਾ ਇਹ ਹੋਇਆ ਕਿ ਹਿੰਦੂਆਂ ਤੇ ਮੁਸਲਮਾਣਾਂ ਦੀ ਇਕ ਸਾਂਝੀ ਬੋਲੀ ਤਿਆਰ ਹੋ ਗਈ, ਜਿਸ ਨੂੰ 'ਉਰਦੂ' ਆਖਣ ਲਗੇ। ਇਹ ਗਲ ਗ਼ਲਤ ਹੈ ਕਿ ਉਰਦੂ ਸ਼ਾਹ ਜਹਾਨ ਦੇ ਵੇਲੇ ਇਕਵਾਰਗੀ ਹੀ ਦੇਸ ਵਿਚ ਪ੍ਰਚਲਤ ਹੋ ਗਈ। ਇਹ ਤਾਂ ਹਿੰਦੂਆਂ ਤੇ ਮੁਸਲਮਾਣਾਂ ਦੀਆਂ ਬੋਲੀਆਂ ਦੇ ਰਚਣ ਮਿਚਣ ਤੋਂ ਸਹਿਜੇ ਸਹਿਜੇ ਬਣੀ ਤੇ ਸ਼ਾਹ ਜਹਾਨ ਦੇ ਵੇਲੇ ਇਸ ਨੇ ਵਰਤਮਾਨ ਸ਼ਕਲ ਫੜੀ। ਇਸ ਦੀ ਉਸਰਗੀ ਦੇ ਸਬੂਤ ਸਾਨੂੰ ਚਾਂਦ (੧੧੯੩), ਅਮੀਰ ਖ਼ੁਸਰੋ (੧੩੨੫), ਕਬੀਰ (੧੪੪੦-੧੫੧੮), ਗੁਰੂ ਨਾਨਕ (੧੪੬੯-੧੫੩੮}, ਤੁਲਸੀ ਦਾਸ (੧੬੨੩), ਆਦਿ ਦੀਆਂ ਰਚਨਾਵਾਂ ਵਿਚੋਂ ਮਿਲਦੇ ਹਨ। ਇਸ ਨੂੰ ਬ੍ਰਿਜ-ਭਾਸ਼ਾ ਤੇ ਅਰਬੀ ਫ਼ਾਰਸੀ ਦੀਆਂ ਖ਼ਾਸ ਖ਼ਾਸ ਖ਼ੂਬੀਆਂ ਗੁੜ੍ਹਤੀ ਵਿਚ ਮਿਲੀਆਂ। ਬ੍ਰਿਜ-ਭਾਸ਼ਾ ਵਿਚ ਜ਼ੋਰ ਬਿਆਨ ਤੇ ਹੁੰਦਾ ਹੈ, ਅਤੇ ਫ਼ਾਰਸੀ ਅਰਬੀ ਦਾ ਵਿਚਾਰ ਉਤੇ। ਮੁਹੰਮਦ ਹੁਸੈਨ 'ਆਜ਼ਾਦ' ਆਪਣੀ ਕਿਤਾਬ 'ਆਬਿ-ਹੱਯਾਤ' ਵਿਚ ਦਸਦੇ ਹਨ ਕਿ ਬ੍ਰਿਜ-ਭਾਸ਼ਾ ਵਿਚ ਲਿਖਾਰੀ ਦਾ ਆਸ਼ਾ ਇਹ ਹੁੰਦਾ ਹੈ ਕਿ ਪੜ੍ਹਨ ਵਾਲੇ ਨੂੰ ਕਿਸੇ ਗਲ ਦੇ ਸੋਹਣੇ ੨ ਵੇਰਵੇ ਦਸ ਕੇ ਚਕ੍ਰਿਤ ਕੀਤਾ ਜਾਵੇ ਤੇ ਫ਼ਾਰਸੀ ਅਰਬੀ ਵਿਚ ਅਸਲ ਦੀ ਨਿਕੀ ਜਹੀ ਗਰੀ ਉਤੇ ਅਲੰਕਾਰਾਂ ਤੇ ਪ੍ਰਮਾਣਾਂ ਦਾ ਵਡਾ ਸਾਰਾ ਖੋਪਾ ਚਾੜ੍ਹਿਆ ਹੁੰਦਾ ਹੈ, ਜਿਸ ਵਿਚੋਂ ਕਈ ਵੇਰ ਗਰੀ ਲਭਣੀ ਹੀ ਔਖੀ ਹੋ ਜਾਂਦੀ ਹੈ। ਇਕ ਬਾਹਲਾ ਕਰਕੇ ਬਣਾਉ ਤੇ ਨਿਭਾਉ ਵਿਚ ਮੂਰਤਕ ( sculptural ) ਹੈ ਤੇ ਦੂਜੀ ਚਿਤ੍ਰਕਾਰੀ ਵਾਂਗੂ ਸੂਰਤਕ ( picturesque ), ਜਿਸ ਵਿਚ ਸ਼ਿਅਰ ਤੇ ਸ਼ਿਅਰ (ਬਿਨਾਂ ਕਿਸੇ ਕੇਂਦਰੀ ਖਿਆਲ ਦੇ) ਇਉਂ ਜੜਿਆ ਹੁੰਦਾ ਹੈ ਜਿਵੇਂ ਪਚਰਕਾਰੀ ਵਿਚ ਵਖੋ ਵਖ ਪਚਰਾਂ। ਉਰਦੂ ਵਿਚ ਇਹ ਦੋਵੇਂ ਗੁਣ ਆ ਗਏ। ਸਮਾਂ ਪਾ ਕੇ ਇਹ ਸਾਰੇ ਹਿੰਦ ਦੀ ਸਾਂਝੀ ਬੋਲੀ ਬਣ ਜਾਂਦੀ, ਜੇਕਰ ਅਕਬਰ ਤੋਂ ਪਿਛੋਂ ਆਉਣ ਵਾਲੇ ਲੋਕ ਇਸ ਨੂੰ ਫ਼ਾਰਸੀ ਗ਼ਜ਼ਲ ਤੇ ਕਸੀਦੇ ਦੀ ਚੇਟਕ ਨਾ ਲਾ ਦਿੰਦੇ। ਫਿਰ ਭੀ ਮੁਹੰਮਦ ਮੀਰ ਤਕੀ ਦੀਆਂ ਮਸਨਵੀਆਂ ਅਤੇ ਆਜ਼ਾਦ, ਹਾਲੀ, ਤੇ ਨਜ਼ੀਰ ਦੀਆਂ ਰਚਨਾਵਾਂ ਦਸ ਰਹੀਆਂ ਹਨ ਕਿ ਉਰਦੂ ਦੇ ਕੌਮੀ ਜ਼ਬਾਨ ਬਣ ਜਾਣ ਦਾ ਚੋਖਾ ਮੌਕਾ ਹੈ। ਇਹ ਮੌਕਾ ਓਦੋਂ ਬਹੁਤ ਜ਼ਿਆਦਾ ਸੀ ਜਦੋਂ ਹਿੰਦੁਸਤਾਨ ਦੀਆਂ ਸੂਬਕ ਬੋਲੀਆਂ ਇਕ ਦੂਜੇ ਦੇ ਬਹੁਤ ਨੇੜੇ ਸਨ। ਹੁਣ ਤਾਂ ਅੰਗ੍ਰੇਜ਼ੀ ਨੇ ਵਿੱਚ ਪੈ ਕੇ ਇਨ੍ਹਾਂ ਨੂੰ ਇਕ ਦੂਜੀ ਤੋਂ ਬਹੁਤ ਦੂਰ ਸਿਟ ਦਿਤਾ ਹੈ, ਕਿਉਂਕਿ ਅੰਗ੍ਰੇਜ਼ੀ ਦਾ ਮੂਲਿਕ ਸੰਬੰਧ ਕਿਸੇ ਸਥਾਨਕ ਬੋਲੀ ਨਾਲ ਨਹੀਂ। ਜੇ ਇਸ ਦੀ ਥਾਂ ਕੋਈ ਹਿੰਦ ਦੀ ਆਪਣੀ ਬੋਲੀ ਕੇਂਦਰੀ ਥਾਂ ਮਲਦੀ, ਤਾਂ ਆਸ ਪਾਸ ਦੀਆਂ ਸਥਾਨਕ ਬੋਲੀਆਂ ਨਾਲ ਮੂਲਿਕ ਸਾਂਝ ਹੋਣ ਕਰਕੇ ਸਾਰਿਆਂ ਨੂੰ ਜੋੜੀ ਰਖਦੀ। ਪਰ ਅੰਗ੍ਰੇਜ਼ੀ ਓਪਰੀ ਹੋਣ ਕਰਕੇ ਸਾਰੀਆਂ ਪ੍ਰਾਂਤਕ ਬੋਲੀਆਂ ਨੂੰ ਨਖੇੜੀ ਰਖਦੀ ਹੈ। ਇਸੇ ਲਈ ਭਾਵੇਂ ਨਾਮਦੇਵ ਦੀ ਬੋਲੀ ਅਜੇ ਭੀ ਪੰਜਾਬ ਵਿਚ ਸਮਝ ਆ ਸਕਦੀ ਹੈ, ਪਰ ਪਟੇਲ ਦੀ ਮਰਾਠੀ ਸਾਡੇ ਮੁਹਾਵਰੇ ਤੋਂ ਬਹੁਤ ਦੂਰ ਜਾ ਪਈ ਹੈ। ਇਸੇ ਤਰ੍ਹਾਂ ਕਬੀਰ ਦੀ ਹਿੰਦੀ ਪੰਜਾਬੀ ਤੋਂ ਇੱਨੀ ਦੂਰ ਨਹੀਂ ਜਿੱਨੀ ਕਿ ਅਜਕਲ ਦੇ ਕਿਸੇ ਉੱਚ-ਕੋਟੀ ਦੇ ਹਿੰਦੀ ਲਿਖਾਰੀ ਦੀ। ਜ਼ਬਾਨ ਦੀ ਜੋ ਏਕਤਾ ਤਿੰਨ ਸੌ ਵਰ੍ਹੇ ਪਹਿਲਾਂ ਸੀ ਉਹ ਹੁਣ ਨਹੀਂ ਰਹੀ।

ਜ਼ਬਾਨ ਦੀ ਏਕਤਾ ਤੋਂ ਇਲਾਵਾ ਹਿੰਦੁਸਤਾਨ ਦੇ ਸਾਂਝੇ ਤੇ ਮਿਲਵੇਂ ਹੁਨਰ ਪੈਦਾ ਕਰਨ ਲਈ ਸਫਲ ਜਤਨ ਕੀਤਾ ਗਿਆ। ਬਾਬਰ ਤੇ ਹੁਮਾਯੂੰ ਆਪਣੇ ਕਲਾ-ਰਸ ਵਿਚ ਪਰਦੇਸੀ ਸਨ, ਪਰ ਅਕਬਰ ਦੇ ਦਿਲ ਵਿਚ, ਜਿਵੇਂ ਫ਼ਰਗੂਸਨ ਲਿਖਦਾ ਹੈ, ਹਿੰਦੂ ਹੁਨਰਾਂ ਲਈ ਓਨਾ ਹੀ ਪਿਆਰ ਸੀ ਜਿੱਨਾ ਕਿ ਮੁਸਲਮਾਣੀ ਹੁਨਰਾਂ ਨਾਲ। ਉਸ ਨੇ ਨਾ ਕੇਵਲ ਇਮਾਰਤੀ ਹੁਨਰ ਵਿਚ ਬਲਕਿ ਰਾਗ ਤੇ ਚਿਤਰਕਾਰੀ ਵਿਚ ਵੀ ਦੋਹਾਂ ਤਰਜ਼ਾਂ ਦੇ ਵਧੀਆ ਗੁਣਾਂ ਨੂੰ ਮਿਲਾ ਕੇ ਇਕ ਸਾਂਝੀ ਕੌਮੀ ਤਰਜ਼ ਕਢੀ, ਜੋ ਸਾਰੇ ਦੇਸ ਵਿਚ ਪ੍ਰਚਲਤ ਹੋ ਗਈ ਅਤੇ ਹੁਣ ਤਕ ਚਲੀ ਆਉਂਦੀ ਹੈ। ਸ਼ਖ਼ਸੀ ਉਪਾਸਨਾ ਵਿਚ ਯਕੀਨ ਰਖਣ ਵਾਲੇ ਹਿੰਦੂਆਂ ਦੇ ਮੰਦਰ ਨੋਕਦਾਰ ਸਿਖਰ ਲੈ ਕੇ ਅਸਮਾਨ ਵਲ ਵਧਦੇ ਹਨ, ਪਰ ਉਨ੍ਹਾਂ ਵਿਚ ਬੈਠਣ ਲਈ ਥਾਂ ਕੇਵਲ ਇੱਕ ਪੁਜਾਰੀ ਲਈ ਹੁੰਦੀ ਹੈ। ਮੁਸਲਮਾਣ ਜਮਾਇਤ ਵਿਚ ਯਕੀਨ ਰਖਦੇ ਹਨ, ਇਸ ਲਈ ਉਨ੍ਹਾਂ ਦੀਆਂ ਮਸੀਤਾਂ ਵਿਚ ਥਾਂ ਬਹੁਤ ਖੁਲ੍ਹੀ ਹੁੰਦੀ ਹੈ। ਅਕਬਰ ਦੀ ਚਲਾਈ ਹੋਈ ਤਰਜ਼ ਅਨੁਸਾਰ ਇਮਾਰਤਾਂ ਬਹੁਤ ਉੱਚੀਆਂ ਤੇ ਖੁਲ੍ਹੀਆਂ ਬਣਨ ਲਗੀਆਂ। ਸਿਖਰ ਦੀ ਥਾਂ ਗੁੰਬਦ ਨੇ ਮੱਲ ਲਈ,ਪਰ ਗੁੰਬਦ ਭੀ ਛੱਤ ਤੋਂ ਸਿੱਧੀ ਨਹੀਂ ਉੱਠਦੀ ਤੇ ਨਾ ਏਡੀ ਭਰਵੀਂ ਹੁੰਦੀ ਹੈ, ਬਲਕਿ ਹੇਠਾਂ ਤੋਂ ਵਲ ਖਾ ਕੇ ਗੋਲ ਹੁੰਦੀ ਤੇ ਕੰਵਲ ਦੀਆਂ ਪਤੀਆਂ ਨਾਲ ਸਜਾਈ ਜਾਂਦੀ ਹੈ। ਹਿੰਦੂ ਕਲਾ ਦੇ ਪੰਜਰਤਨੀ ਖ਼ਿਆਲ ਮੂਜਬ ਗੁੰਬਦਾਂ ਭੀ ਇਕ ਦੀ ਥਾਂ ਪੰਜ ਹੁੰਦੀਆਂ ਹਨ। ਚੋਟੀ 'ਸਿਖਰ' ਦੀ ਸ਼ਕਲ ਦੀ ਬਣੀ ਹੁੰਦੀ ਹੈ। ਇਸ ਵਿਚ ਹਿੰਦੂਆਂ ਦੇ ਮੂਰਤਕ ਢਾਂਚੇ ਉਤੇ ਅਰਬ ਤੇ ਈਰਾਨ ਦੀਆਂ ਸਜਾਵਟਾਂ ਕੀਤੀਆਂ ਹੁੰਦੀਆਂ ਹਨ, ਹਿੰਦੂਆਂ ਦੀਆਂ ਬਗਲਦਾਰ ਕਾਨਸਾਂ ਤੇ ਛੱਜਿਆਂ ਉਤੇ ਮੁਸਲਮਾਣੀ ਕਮਾਨਚੇ ਚੜ੍ਹਾਏ ਹੁੰਦੇ ਹਨ। ਦਰਵਾਜ਼ਾ ਹਾਥੀ ਦੇ ਮੁਹਾਂਦਰੇ ਦਾ ਅਤੇ ਪਉੜੀਆਂ ਉਤੇ ਹੌਦੇ ਦੀ ਸ਼ਕਲ ਦਾ ਕੱਜਣ ਬਣਿਆ ਹੁੰਦਾ ਹੈ। ਅਕਬਰ ਦੇ ਪਿਛੋਂ ਜੋ ਇਮਾਰਤਾਂ ਤਾਜ-ਮਹੱਲ ਵਰਗੀਆਂ ਬਣਾਈਆਂ ਗਈਆਂ ਓਹ ਆਗਰੇ ਤੇ ਫਤ੍ਹੇਪੁਰ ਸੀਕਰੀ ਵਿਚ ਬਣੀਆਂ ਸਾਂਝੀ ਤਰਜ਼ ਵਾਲੀਆਂ ਇਮਾਰਤਾਂ ਦੀ ਪੈ ਵਿਚ ਹੀ ਹਨ। ਉਨ੍ਹਾਂ ਵਿਚ ਅਕਬਰੀ ਤਰਜ਼ ਨੂੰ ਬਿਲਕੁਲ ਨਹੀਂ ਭੰਨਿਆ ਗਿਆ। ਹਾਂ ਪਿਛੋਂ ਜਾ ਕੇ ਇਸ ਤਰਜ਼ ਵਿਚ ਫ਼ਰਕ ਜ਼ਰੂਰ ਪਿਆ, ਪਰ ਓਦੋਂ ਜਦੋਂ ਔਰੰਗਜ਼ੇਬ ਨੇ ਹਿੰਦੂ ਕਾਰੀਗਰਾਂ ਦਾ ਬਾਈਕਾਟ ਕਰ ਕੇ ਨਰੋਲ ਮੁਸਲਮਾਣਾਂ ਨੂੰ ਲਾਉਣਾ ਅਰੰਭ ਦਿੱਤਾ, ਅਤੇ ਇਸਤਰ੍ਹਾਂ ਹਿੰਦੁਸਤਾਨੀ ਹੁਨਰ ਵਿਚ ਉਹੋ ਖੱਪਾ ਫੇਰ ਆਣ ਪਿਆ ਜਿਸ ਉਤੇ ਅਕਬਰ ਨੇ ਪੁਲ-ਬੰਦੀ ਕਰਨ ਦਾ ਜਤਨ ਕੀਤਾ ਸੀ। ਇਸ ਦਾ ਸਿੱਟਾ ਇਹ ਹੋਇਆ ਕਿ ਮੁਗ਼ਲ ਦਰਬਾਰ ਦੀ ਕਲਾ-ਬੁਧਿ ਗਿਰਾਵਟ ਵਿਚ ਆ ਗਈ। ਪਰ ਜਿਹੜੀ ਚਾਲ ਇਕ ਵਾਰ ਬਝ ਤੁਰੇ, ਉਹ ਥੋੜੀ ਕੀਤਿਆਂ ਫੇਰ ਨਹੀਂ ਹਟਦੀ। ਇਸ ਨੂੰ ਪੰਜਾਬ ਵਿਚ ਸਿਖ ਰਾਜਿਆਂ, ਰਾਜਪੂਤਾਨੇ ਤੇ ਗੁਜਰਾਤ ਵਿਚ ਹਿੰਦੂ ਰਾਜਿਆਂ ਤੇ ਹੋਰ ਦੇਸੀ ਆਜ਼ਾਦ ਰਜਵਾੜਿਆਂ ਨੇ ਚਲਦਾ ਰਖਿਆ।

ਸੰਗੀਤ ਵਿਚ ਵੀ ਤਾਨ ਸੈਨ ਜਹੇ ਰਾਗ ਦੇ ਮਾਹਿਰਾਂ ਨੇ ਕੁਝ ਜੋੜ-ਤੋੜ ਕੀਤੇ। ਉਸ ਬਾਰੇ ਅਬੁਲ ਫ਼ਜ਼ਲ ਲਿਖਦਾ ਹੈ ਕਿ ਉਸ ਨੇ ਆਪਣੇ ਹੁਨਰ ਵਿਚ ਕਈ ਨਵੀਆਂ ਪਲਟਾਂ ਲਿਆਂਦੀਆਂ। ਪੁਰਾਣੇ ਖਿਆਲਾਂ ਦੇ ਹਿੰਦੂ ਉਸ ਉਤੇ ਇਹ ਦੂਸ਼ਣ ਲਾਂਦੇ ਹਨ ਕਿ ਉਸ ਨੇ ਸੰਪਰਦਾਈ ਰਾਗਾਂ ਨੂੰ ਵਿਗਾੜ ਦਿੱਤਾ ਸੀ। ਉਨ੍ਹਾਂ ਦੇ ਇਸ ਕਥਨ ਤੋਂ ਮਲੂਮ ਹੁੰਦਾ ਹੈ ਕਿ ਉਸ ਨੇ ਪੁਰਾਣੀਆਂ ਲੀਹਾਂ ਨੂੰ ਛਡ ਕੇ ਰਾਗ ਨੂੰ ਕਿਸੇ ਐਸੇ ਰਾਹੇ ਪਾਇਆ ਜੋ ਮੁਸਲਮਾਣੀ ਰਸ ਨੂੰ ਭੀ ਸੂਤ ਬਹਿ ਸਕੇ। ਨਵੇਂ ਜ਼ਮਾਨੇ ਦੀਆਂ ਲੋੜਾਂ ਨੂੰ ਮੁਖ ਰਖ ਕੇ ਸਿਖ ਗੁਰੂ ਸਾਹਿਬਾਨ ਨੇ ਭੀ ਕੁਝ ਅਦਲਾ ਬਦਲੀਆਂ ਕੀਤੀਆਂ। ਓਹ ਅਜੇਹੀ ਖੁਸ਼ੀ ਦੇ ਖਿਲਾਫ ਸਨ ਜੋ ਮਨੁਖ ਨੂੰ ਝੱਲਾ ਕਰ ਕੇ ਸੰਜੀਦਗੀ ਦੀਆਂ ਹੱਦਾਂ ਟਪਾ ਦੇਵੇ, ਇਸ ਲਈ ਉਨ੍ਹਾਂ ਨੇ ਮੇਘ, ਹਿੰਡੋਲ ਆਦਿ ਰਾਗਾਂ ਨੂੰ ਵਰਤਣਾ ਛੱਡ ਦਿੱਤਾ। ਓਹ ਐਸੇ ਵੈਰਾਗ ਦੇ ਭੀ ਖਿਲਾਫ਼ ਸਨ ਜੋ ਮਨੁਖ ਨੂੰ ਸਾੜ ਭੁੰਨ ਕੇ ਕਿਸੇ ਕੰਮ ਜੋਗਾ ਹੀ ਨਾ ਛੱਡੇ, ਇਸ ਲਈ ਦੀਪਕ, ਜੋਗ ਆਦਿ ਰਾਗਾਂ ਨੂੰ ਭੀ ਤਿਲਾਂਜਲੀ ਦੇ ਦਿਤੀ। ਹਾਂ ਇਨ੍ਹਾਂ ਨੂੰ ਬਸੰਤ, ਗੌੜੀ ਆਦਿ ਸੰਜੀਦਾ ਰਾਗਾਂ ਨਾਲ ਮਿਲਾ ਕੇ ਵਰਤਣ ਵਿਚ ਕੋਈ ਹਰਜ ਨਹੀਂ ਸਮਝਿਆ। ਜੋਸ਼ ਦੁਆਣ ਲਈ ਵਾਰਾਂ ਦੀਆਂ ਨਵੀਆਂ ੨ ਧਾਰਨਾਂ ਪ੍ਰਚਲਤ ਕੀਤੀਆਂ, ਜਾਂ ਪੁਰਾਣੀਆਂ ਧਾਰਨਾਂ ਨੂੰ ਮਾਂਜ ਲਿਸ਼ਕਾ ਕੇ ਨਵੇਂ ਢੰਗ ਨਾਲ ਵਰਤਿਆ। ਆਸਾ, ਤਿਲੰਗ ਆਦਿ ਸਰਹੱਦੀ ਰਾਗਾਂ ਵਿਚ ਨਾ ਕੇਵਲ ਹੁਨਰੀ ਮੇਲ ਕੀਤਾ, ਬਲਕਿ ਉਨ੍ਹਾਂ ਵਿਚ ਗਾਏ ਜਾਣ ਵਾਲੇ ਸ਼ਬਦਾਂ ਵਿਚ ਭੀ ਰਾਗ ਦੀਆਂ ਲੋੜਾਂ ਨੂੰ ਪੂਰਾ ਕਰਨ ਵਾਸਤੇ ਹਿੰਦੀ ਦੇ ਨਾਲ ਨਾਲ ਫ਼ਾਰਸੀ ਤੇ ਅਰਬੀ ਦੇ ਲਫਜ਼ ਭੀ ਭਰ ਦਿੱਤੇ। ਮਜ਼੍ਹਬਾਂ ਨੂੰ ਇੱਕ ਕਰਨਾ ਤਾਂ ਔਖਾ ਸੀ, ਪਰ ਇਨ੍ਹਾਂ ਮਜ਼੍ਹਬਾਂ ਦੇ ਪਿੱਛੇ ਕੰਮ ਕਰਨ ਵਾਲੇ ਸਭਿਆਚਾਰੀ ਭਾਵਾਂ ਦਾ ਮੇਲ ਕਰਨਾ ਔਖਾ ਨਹੀਂ ਸੀ। ਇਹ ਮੇਲ ਅੱਗੇ ਹੀ ਸੂਫ਼ੀ ਮਤ ਵਾਲੇ ਖਿਆਲਾਂ ਵਿਚ ਚੋਖਾ ਸੀ। ਅਕਬਰ ਇਨ੍ਹਾਂ ਸੂਫ਼ੀਆਂ ਨੂੰ ਬਹੁਤ ਚਾਹੁੰਦਾ ਸੀ। ਹੋਰ ਲੋਕ ਭੀ, ਭਾਵੇਂ ਹਿੰਦੂ ਹੋਣ ਭਾਵੇਂ ਮੁਸਲਮਾਣ, ਇਨ੍ਹਾਂ ਸੂਫ਼ੀਆਂ ਦੇ ਅਸਰ ਹੇਠਾਂ ਸਨ। ਇਸ ਅਸਰ ਨੇ ਮੁਲਕ ਵਿਚ ਖਿਆਲਾਂ ਦੀ ਇਕ ਸਾਂਝੀ ਰੌ ਪੈਦਾ ਕੀਤੀ, ਜਿਸ ਦੇ ਉਘੇ ੨ ਅੰਗ ਇਹ ਸਨ:

(੧) ਦੇਵੀ ਦੇਵਤਿਆਂ ਦੀ ਥਾਂ ਇਕ ਰੱਬ ਨੂੰ ਮੰਨਣਾ।

(੨) ਮਨੁੱਖਾਂ ਨੂੰ ਜਾਤ ਪਾਤ ਵਿਚ ਵੰਡਣ ਦੀ ਥਾਂ ਸਭ ਨੂੰ ਇਕੋ ਭਾਈਚਾਰਾ ਮੰਨਣਾ।

(੩) ਧਰਮ ਪਿਆਰ ਹੈ, ਨਾ ਕਿ ਗਿਆਨ ਜਾਂ ਕਰਮ।

(੪) ਬ੍ਰਾਹਮਣਾਂ, ਮੁਲਾਣਿਆਂ ਜਾਂ ਪੁਜਾਰੀਆਂ ਦੀ ਥਾਂ ਇਕ ਸਰਬ-ਸਾਂਝੇ ਗੁਰੂ ਜੀ ਪੀਰ ਦੀ ਲੋੜ।

(੫) ਸੰਸਕ੍ਰਿਤ ਦੀ ਥਾਂ ਆਪਣੀ ਲੋਕ-ਬੋਲੀ ਨੂੰ ਉਪਾਸਨਾ ਜਾਂ ਇਬਾਦਤ ਲਈ ਵਰਤਣਾ।

ਰੱਬ ਦੀ ਏਕਤਾ ਦੇ ਵਿਚਾਰ ਵਿਚ ਭੀ ਕੁਝ ਤਬਦੀਲੀ ਆਈ। ਹੁਣ ਉਹ ਪੂਰਬੀ ਫ਼ਿਲਸਫ਼ੇ ਵਾਲਾ ਨਿਰੀ ਇਕ ਨਿਰਗੁਣ ਮਨੌਤ ਨਹੀਂ ਸੀ ਰਿਹਾ, ਅਤੇ ਨਾ ਹੀ ਰਚਨਾ ਤੋਂ ਬਾਹਰਵਾਰ ਕੋਈ ਦੂਰ ਅਰਸ਼ਾਂ ਤੇ ਬੈਠੀ ਪਰੇ ਪਰੇਰੀ ਹਸਤੀ ਸੀ, ਜਿਸ ਦਾ ਖਿਆਲ ਮੁਸਲਮਾਣਾਂ ਨੇ ਆਪਣੇ ਨਾਲ ਲਿਆਂਦਾ ਸੀ। ਉਸ ਦੀ ਬਾਬਤ ਇਕ ਸਾਂਝਾ ਖਿਆਲ ਇਹ ਬਣਿਆ ਕਿ ਉਹ ਸਾਡੇ ਨਾਲ ਇਕ ਵਸਦੀ ਰਸਦੀ ਸ਼ਖ਼ਸੀਅਤ ਹੈ ਜੋ ਸਰਬ-ਵਿਆਪਕ ਹੋਣ ਦੇ ਬਾਵਜੂਦ ਨਿਰਲੇਪ ਤੇ ਅਗੰਮ ਹੈ।

'ਕੋ ਕਹਤੋ ਸਭ ਬਾਹਰਿ ਬਾਹਰਿ, ਕੋ ਕਹਤੋ ਸਭ ਮਹੀਅਉ।
ਬਰਨੁ ਨ ਦੀਸੈ ਚਿਹਨੁ ਨ ਲਖੀਐ, ਸੁਹਾਗਨਿ ਸਾਤਿ ਬੁਝਹੀਅਉ।੧।

ਸਰਬ-ਨਿਵਾਸੀ ਘਟਿ ਘਟਿ ਵਾਸੀ, ਲੇਪੁ ਨਹੀਂ ਅਲਪਹੀਅਉ।
ਨਾਨਕੁ ਕਹਤ ਸੁਨਹੁ ਰੇ ਲੋਗਾ, ਸੰਤ ਰਸਨ ਕੋ ਬਸਹੀਅਉ।੨।
(ਜੈਤਸਰੀ ਮ: ੫)

ਇਹ ਵਿਚਾਰ ਹਿੰਦੁਸਤਾਨ ਦੀਆਂ ਸਭਨਾਂ ਜਾਤੀਆਂ ਵਿਚ ਪਸਰ ਗਏ, ਤੇ ਇਨ੍ਹਾਂ ਨੇ ਆਪਸ ਵਿਚ ਦੇ, ਮਤ-ਭੇਦ ਤੇ ਪਖ-ਪਾਤ ਨੂੰ ਐਸਾ ਮਿਟਾਇਆ ਕਿ ਸਾਰਿਆਂ ਪਾਸਿਆਂ ਦੇ ਆਗੂ ਆਪੋ ਵਿਚ ਭਰਾਵਾਂ ਤੇ ਮਿਤਰਾਂ ਵਾਂਗ ਮਿਲਣ ਲਗ ਪਏ। ਸਾਡੇ ਦਿਲ ਕਿਡੇ ਖੁਸ਼ ਹੁੰਦੇ ਹਨ ਜਦ ਅਸੀਂ ਪੜ੍ਹਦੇ ਹਾਂ ਕਿ ਗੁਰੂ ਨਾਨਕ ਦੇਵ ਤੇ ਬਾਬਾ ਫਰੀਦ ਜੀ ਕਿਵੇਂ ਜੱਫੀ ਪਾ ਕੇ ਮਿਲਦੇ ਸਨ ਤੇ ਸਾਰੀ ਰਾਤ ਆਪਣੇ ਸਾਂਝੇ ਰੱਬ ਦੀਆਂ ਸਿਫ਼ਤਾਂ ਗਾਉਂਦੇ ਤੇ ਆਪਸ ਵਿਚ ਦੇ ਪਿਆਰ ਦੀਆਂ ਗਲਾਂ ਕਰਦੇ ਬਿਤਾਂਦੇ ਸਨ! ਖਿਆਲਾਂ ਦੀ ਸਾਂਝ ਇਤਨੀ ਵਧ ਗਈ ਸੀ ਕਿ ਜਦ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕਰਨ ਲੱਗੇ ਤਾਂ ਉਨ੍ਹਾਂ ਨੂੰ ਆਪਣੀ ਬਾਣੀ ਦੇ ਨਾਲ ਹਿੰਦੂ ਤੇ ਮੁਸਲਮਾਣ ਫਕੀਰਾਂ ਦੀ ਬਾਣੀ ਚੜ੍ਹਾਣ ਲਗਿਆਂ ਕੋਈ ਸੰਗ ਨਾ ਜਾਪੀ।

ਇਹ ਤਰੀਕੇ ਸਨ ਜਿਨ੍ਹਾਂ ਨਾਲ ਅੱਗੇ ਹਿੰਦੁਸਤਾਨ ਵਿਚ ਏਕਤਾ ਆਈ ਸੀ। ਅਤੇ ਹੁਣ ਵੀ ਜੇਕਰ ਅਸੀਂ ਇਕ-ਮੁਠ ਹੋਣਾ ਹੈ ਤਾਂ ਏਹੋ ਜਹੇ ਤਰੀਕੇ ਵਰਤਣੇ ਪੈਣਗੇ। ਪਰ ਅਸੀਂ ਤਾਂ ਇਨ੍ਹਾਂ ਵਿਚੋਂ ਹਰ ਇਕ ਤਰੀਕੇ ਦੇ ਉਲਟ ਜਾ ਰਹੇ ਹਾਂ। ਸਾਰੇ ਹਿੰਦੁਸਤਾਨ ਲਈ ਇਕ ਜ਼ਬਾਨ ਪ੍ਰਚਲਤ ਕਰਨ ਦੀ ਥਾਂ ਅਸੀਂ ਹਿੰਦੀ ਨੂੰ ਨਰੋਲ ਹਿੰਦੂ ਰੰਗ ਦੇ ਕੇ ਇਸ ਵਿਚ ਸੰਸਕ੍ਰਿਤ ਦੇ ਛੁਟੜ ਲਫ਼ਜ਼ ਭਰ ਰਹੇ ਹਾਂ, ਜਿਵੇਂ ਕਿ ਮੁਸਲਮਾਣਾਂ ਦਾ ਇਸ ਨਾਲ ਕੋਈ ਵਾਸਤਾ ਹੀ ਨਹੀਂ ਹੁੰਦਾ, ਅਤੇ ਉਰਦੂ ਨੂੰ ਫ਼ਾਰਸੀ ਦੀ ਅਜੇਹੀ ਪੁੱਠ ਚਾੜ੍ਹ ਰਹੇ ਹਾਂ ਕਿ ਹਿੰਦੂ ਇਸ ਦੇ ਨਾਂ ਤੋਂ ਕਤਰਾਂਦੇ ਹਨ। ਇਨ੍ਹਾਂ ਵਿਚੋਂ ਕਿਸੇ ਇਕ ਲਈ ਇਹ ਦਾਹਵਾ ਕਰਨਾ ਹੀ ਕਾਫ਼ੀ ਨਹੀਂ ਕਿ ਇਹ ਸਾਰੇ ਹਿੰਦ ਦੀ ਕੌਮੀ ਬੋਲੀ ਹੈ। ਇਸ ਦੀ ਬਣਤਰ ਤੇ ਇਸ ਦੀ ਸ਼ਬਦਾਵਲੀ ਨੂੰ ਇਉਂ ਢਾਲਣਾ ਚਾਹੀਦਾ ਹੈ ਕਿ ਸਾਰੇ ਹਿੰਦਵਾਸੀ ਇਸ ਨੂੰ ਆਪਣੀ ਆਖ ਸਕਣ।

ਇਕ ਦੂਜੇ ਨੂੰ ਸਮਝਣ ਲਈ ਜ਼ਰੂਰੀ ਹੈ ਕਿ ਹਿੰਦੂ ਮੁਸਲਮਾਣਾਂ ਦੀ ਅਤੇ ਮੁਸਲਮਾਣ ਹਿੰਦੂਆਂ ਦੀ ਰਹਿਣੀ ਬਹਿਣੀ ਨੂੰ ਹਮਦਰਦੀ ਨਾਲ ਜੋਖਣ ਪਰਖਣ, ਤੇ ਜਿਹੜੀਆਂ ਗੱਲਾਂ ਗ੍ਰਹਿਣ ਕਰਨ ਵਾਲੀਆਂ ਹੋਣ ਉਨ੍ਹਾਂ ਨੂੰ ਪਿਆਰ ਨਾਲ ਅਪਣਿਆਉਣ। ਪਰ ਹਿੰਦੂ ਤੇ ਮੁਸਲਮਾਣ ਤਾਂ ਆਪੋ ਆਪਣੇ ਫਿਰਕੂ ਆਸ਼੍ਰਮਾਂ ਦੀਆਂ ਚਾਰ ਦਿਵਾਰੀਆਂ ਵਿਚ ਬੈਠੇ ਆਪਣੇ ਹੀ ਪਿੱਛੇ ਉਤੇ ਮਾਣ ਕਰਦੇ ਤੇ ਆਪਣੇ ਹੀ ਪਿੱਛੇ ਦੀ ਖੋਜ ਪੜਤਾਲ ਵਿਚ ਲੱਗੇ ਰਹਿੰਦੇ ਹਨ। ਕਿਤਨੇ ਹਿੰਦੂ ਆਸ਼੍ਰਮਾਂ ਵਿਚ ਫ਼ਾਰਸੀ, ਅਰਬੀ ਜਾਂ ਪੰਜਾਬੀ ਪੜ੍ਹਾਈ ਜਾਂਦੀ ਹੈ? ਤੇ ਕਿਤਨੇ ਮੁਸਲਿਮ ਆਸ਼੍ਰਮਾਂ ਵਿਚ ਸੰਸਕ੍ਰਿਤ, ਹਿੰਦੀ ਜਾਂ ਪੰਜਾਬੀ ਦੇ ਪੜ੍ਹਾਣ ਦਾ ਪ੍ਰਬੰਧ ਹੈ? ਕਿਤਨੇ ਹਿੰਦੂ ਫ਼ਾਰਸੀ ਜਾਂ ਅਰਬੀ ਪੜ੍ਹਦੇ ਹਨ? ਅਤੇ ਕਿਤਨੇ ਮੁਸਲਮਾਣ ਸੰਸਕ੍ਰਿਤ, ਹਿੰਦੀ ਜਾਂ ਪੰਜਾਬੀ ਲੈਂਦੇ ਹਨ? ਇਕ ਹਿੰਦੂ ਨੂੰ ਲੰਦਨ ਦੇ ਸਾਰੇ ਬਜ਼ਾਰਾਂ ਦਾ ਪਤਾ ਹੋ ਸਕਦਾ ਹੈ। ਉਸ ਨੂੰ ਇਹ ਭੀ ਪਤਾ ਹੋ ਸਕਦਾ ਹੈ ਕਿ ਯੂਰਪ ਵਿਚ ਜਾਗ੍ਰਤ ਕਿਵੇਂ ਤੇ ਕਦੋਂ ਆਈ, ਉਥੇ ਦੀਆਂ ਰੋਮਾਂਟਿਕ ਤੇ ਕਲਾਸਿਕ ਲਹਿਰਾਂ ਦਾ ਕੀ ਭਿੰਨ ਭੇਤ ਹੈ। ਪਰ ਉਸ ਨੂੰ ਇਤਨਾ ਨਹੀਂ ਪਤਾ ਹੋਣਾ ਕਿ ਅਸ਼ਰ ਦੀ ਨਮਾਜ਼ ਕਿਹਨੂੰ ਕਹਿੰਦੇ ਹਨ? ਨਮਾਜ਼ ਵਿਚ ਕੀ ਪੜ੍ਹਿਆ ਜਾਂਦਾ ਹੈ? ਸੁੱਨੀਆਂ ਦਾ ਸ਼ੀਆ ਜਾਂ ਵਹਾਬੀ ਲੋਕਾਂ ਨਾਲ ਕੀ ਝਗੜਾ ਹੈ? ਥੋੜਾ ਚਿਰ ਹੋਇਆ ਇਕ ਉਘਾ ਹਿੰਦੂ ਲੀਡਰ ਸਿੱਖਾਂ ਨੂੰ ਇਕੋ ਬਾਟੇ ਵਿਚੋਂ ਅੰਮ੍ਰਿਤ ਛਕਦਿਆਂ ਦੇਖ ਕੇ ਹਰਾਨ ਹੋ ਰਿਹਾ ਸੀ। ਕਈ ਵੇਰ ਚੰਗੇ ਨੇਕ-ਦਿਲ ਹਿੰਦੂ ਸਜਣ ਸਿੱਖਾਂ ਨੂੰ ਸਿਗਰਟ ਪੇਸ਼ ਕਰਦੇ ਦੇਖੇ ਜਾਂਦੇ ਹਨ। ਕਿਤਨੇ ਕੁ ਮੁਸਲਮਾਣ ਭਰਾ ਕ੍ਰਿਸ਼ਨ ਮਹਾਰਾਜ ਜਾਂ ਸ੍ਰੀ ਰਾਮ ਚੰਦਰ ਦੀ ਕਹਾਣੀ ਚੰਗੀ ਤਰ੍ਹਾਂ ਜਾਣਦੇ ਹਨ? ਕਿਤਨੇ ਕੁ ਹਿੰਦੂ ਸਜਣ ਹੋਣਗੇ ਜਿਨ੍ਹਾਂ ਨੂੰ ਹਸਨ ਹੁਸੈਨ ਦੀ ਸ਼ਹੀਦੀ ਦੀ ਸਾਰੀ ਵਾਰਤਾ ਆਉਂਦੀ ਹੈ? ਇਕ ਦੂਜੇ ਬਾਬਤ ਇਤਨੇ ਕੋਰੇ ਤੇ ਬੇਖ਼ਬਰ ਰਹਿੰਦਿਆਂ ਹੋਇਆਂ ਜੇ ਪਿਪਲ ਦੀ ਟਾਹਣੀ ਟੁਟ ਜਾਣ ਤੇ ਹਜ਼ਾਰਾਂ ਜਾਨਾਂ ਦਾ ਨੁਕਸਾਨ ਹੋ ਜਾਏ ਤਾਂ ਕੀ ਹਰਾਨੀ ਹੈ?

ਫਿਰ ਦੇਖੋ ਅਸੀਂ ਹੁਨਰ ਦੇ ਮਾਮਲੇ ਵਿਚ ਕਿਤਨੇ ਪਿਛਾਂਹ-ਖਿਚੂ ਹੋ ਗਏ ਹਾਂ! ਸਾਹਿੱਤ ਵਾਂਗੂੰ ਹੁਨਰ ਨੂੰ ਭੀ ਮੁੜ ਸੁਰਜੀਤ ਕਰਨ ਦੇ ਉਪਰਾਲੇ ਹੋ ਰਹੇ ਹਨ, ਪਰ ਇਹ ਹੁਨਰ ਉਹ ਨਹੀਂ ਜੋ ਸਾਡੇ ਵਡਿਆਂ ਨੇ ਰਲਾ ਮਿਲਾ ਕੇ ਇੱਕ ਕੀਤਾ ਸੀ, ਬਲਕਿ ਉਹ ਹੈ ਜੋ ਮੁਸਲਮਾਣਾਂ ਦੇ ਆਉਣ ਤੋਂ ਪਹਿਲਾਂ ਸਮਰਕੰਦ ਜਾਂ ਬਗ਼ਦਾਦ ਵਿਚ ਪ੍ਰਚਲਤ ਸੀ ਜਾਂ ਮਥਰਾ ਬਿੰਦਰਾਬਨ ਦੇ ਮੰਦਰਾਂ ਵਿਚ ਵਰਤਿਆ ਜਾਂਦਾ ਸੀ। ਹਿੰਦੂ ਆਪਣੇ ਕਾਲਜ, ਆਸ਼੍ਰਮ ਤੇ ਹੋਰ ਪਬਲਕ ਇਮਾਰਤਾਂ ਨਰੋਲ ਹਿੰਦੂ ਸ਼ਕਲ ਦੀਆਂ ਬਣਾ ਰਹੇ ਹਨ, ਜਿਨ੍ਹਾਂ ਵਿਚ ਪੁਰਾਣੇ ਸ਼ਿਵਾਲੇ ਦੇ ਸਿਖਰੀ ਢੰਗ ਨਾਲ ਨਾਲ ਸਸਤੇ ਬਾਰਕਮਾਸਤਰੀ ਢੰਗ ਦੀਆਂ ਨੀਵੀਆਂ ਡਾਟਾਂ ਦਾ ਰੱਲਾ ਤਾਂ ਪਿਆ ਹੋਵੇਗਾ, ਪਰ ਕਮਾਨੀਦਾਰ ਡਾਟਾਂ ਤੇ ਗੁੰਬਦਾਂ ਦਾ ਨਾਂ ਨਿਸ਼ਾਨ ਨਹੀਂ ਹੋਵੇਗਾ, ਕਿਉਂਕਿ ਇਹ ਚੀਜ਼ਾਂ ਮੁਸਲਮਾਣੀ ਸੱਭਿਤਾ ਨੂੰ ਯਾਦ ਕਰਾਉਂਦੀਆਂ ਹਨ। ਇਸੇ ਤਰ੍ਹਾਂ ਮੁਸਲਮਾਣੀ ਆਪਣੀਆਂ ਇਮਾਰਤਾਂ ਪੁਰਾਣੀ ਮੁਸਲਮਾਣੀ ਉਸਾਰਗੀਰੀ ਦੇ ਢੰਗ ਨਾਲ ਬਣਾ ਰਹੇ ਹਨ। ਇਹੋ ਮਨਬਿਰਤੀ ਮੁਸੱਵਰੀ ਵਿਚ ਕੰਮ ਕਰ ਰਹੀ ਹੈ। ਬੰਗਾਲ ਦੇ ਚਿਤਰਕਾਰ, ਪੁਰਾਣੀ ਸਮਾਧਿ-ਬ੍ਰਿਤੀ ਅਨੁਸਾਰ ਜੋ ਨਰੋਲ ਹਿੰਦੂ ਬ੍ਰਿਤੀ ਹੈ, ਆਪਣੀਆਂ ਤਸਵੀਰਾਂ ਵਿਚ ਪਲਾਤਾ ਲਾਤਾ ਰੰਗ ਭਰਦੇ ਹਨ ਅਤੇ ਆਪਣੇ ਭਾਵ ਨੂੰ ਪੂਰੀ ਤਰ੍ਹਾਂ ਸਤ੍ਹਾ ਤੇ ਨਹੀਂ ਲਿਆਉਂਦੇ। ਇਹ ਤਰਜ਼ ਨਰੋਲ ਹਿੰਦੂ ਹੋ ਸਕਦੀ ਹੈ, ਪਰ ਇਹ ਸਾਰੇ ਵਰਤਮਾਨ ਹਿੰਦ ਦੀ ਤਰਜ਼ ਨਹੀਂ ਅਖਵਾ ਸਕਦੀ, ਕਿਉਂਕਿ ਇਸ ਵਿਚ ਉਸ ਤਬਦੀਲੀ ਦਾ ਨਾਂ ਨਿਸ਼ਾਨ ਨਹੀਂ ਜੋ ਸਾਡੀ ਰੂਹ ਵਿਚ ਬਲਕਾਰ ਮੁਸਲਮਾਣੀ ਅਸਰ ਨੇ ਲਿਆਂਦੀ। ਦੂਜੇ ਪਾਸੇ ਚੁਗ਼ਤਾਈ ਵਰਗੇ ਮੁਸਲਮਾਣ ਮੁਸੱਵਰ, ਹਿੰਦੂਆਂ ਵਰਗੀ ਡੂੰਘਿਆਈ ਨਾ ਰਖਦੇ ਹੋਏ ਸਾਰਾ ਭਾਵ ਸਤ੍ਹਾ ਉਤੇ ਹੀ ਡੋਲ੍ਹ ਦਿੰਦੇ ਹਨ। ਐਸ ਵੇਲੇ ਸਰਦਾਰ ਠਾਕਰ ਸਿੰਘ ਵਰਗੇ ਟਾਂਵੇਂ ੨ ਸਿਖ ਮੁਸੱਵਰ ਦੋਹਾਂ ਤਰਜ਼ਾਂ ਦੇ ਵਿਚਕਾਰ ਇਕ ਵਾਸਤਵਿਕ ਸ਼ੈਲੀ ਚਲਾ ਰਹੇ ਹਨ। ਬਾਕੀ ਦੇ ਮੁਸੱਵਰ ਜਾਂ ਤਾਂ ਨਵੇਂ ੨ ਯੂਰਪੀ ਢੰਗ ਵਰਤ ਰਹੇ ਹਨ। (ਜਿਵੇਂ ਰੂਪ ਕ੍ਰਿਸ਼ਨਾ) ਜਾਂ ਊਹੋ ਪੁਰਾਣੀਆਂ ਲੀਹਾਂ ਉਘਾੜ ਰਹੇ ਹਨ। ਫ਼ਿਲਸਫ਼ੇ ਵਿਚ ਵੀ ਓਹੀ ਵਖੇਵਾਂ ਦਿਸ ਰਿਹਾ ਹੈ। ਮੁਸਲਮਾਣ ਆਪਣੇ ਬਾਹਰੋਂ ਲਿਆਂਦੇ ਖਿਆਲਾਂ ਉਤੇ ਜ਼ੋਰ ਦੇ ਰਹੇ ਹਨ, ਅਤੇ ਹਿੰਦੂ ਜਦ ਹਿੰਦੁਸਤਾਨ ਦੇ ਫ਼ਿਲਸਫ਼ੇ ਦਾ ਜ਼ਿਕਰ ਕਰਦੇ ਹਨ ਤਾਂ ਉਨ੍ਹਾਂ ਦਾ ਭਾਵ ਉਪਨਿਸ਼ਦਾਂ ਜਾਂ ਛੇ ਸ਼ਾਸਤਰਾਂ ਤੋਂ ਹੁੰਦਾ ਹੈ। ਆਪਣਾ ਸਾਰਾ ਤਾਣ ਇਸੇ ਪੁਰਾਣੇ ਗਿਆਨ ਨੂੰ ਮੁੜ ਸੁਰਜੀਤ ਕਰਨ ਤੇ ਲਾ ਦਿੰਦੇ ਹਨ। ਓਹ ਇਹ ਨਹੀਂ ਸੋਚਦੇ ਕਿ ਵਿਚਕਾਰਲੇ ਜ਼ਮਾਨੇ ਦੇ ਭਗਤਾਂ ਤੇ ਫਕੀਰਾਂ ਨੇ ਇਸ ਗਿਆਨ ਦੇ ਨਾਲ ਮੁਸਲਮਾਣੀ ਖ਼ਿਆਲ ਰਲਾ ਕੇ ਇਕ ਨਵੀਂ ਸੰਧੀ ਕਾਇਮ ਕੀਤੀ ਸੀ ਅਤੇ ਹਿੰਦੁਸਤਾਨ ਲਈ ਇਕ ਨਵਾਂ ਤੇ ਸਾਂਝਾ ਫਿਲਸਫਾ ਤਿਆਰ ਕੀਤਾ ਸੀ, ਜਿਸ ਨੂੰ ਛਡ ਕੇ ਫਿਰ ਪੁਰਾਣੀਆਂ ਲੀਹਾਂ ਉਤੇ ਚਲਣਾ ਆਪਣੇ ਵਡੇ ਵਡੇਰਿਆਂ ਦੀ ਸਦੀਆਂ ਦੀ ਕੀਤੀ ਕਮਾਈ ਨੂੰ ਰੋੜ੍ਹਨਾ ਹੈ।

ਪਰ ਹੋ ਕੀ ਰਿਹਾ ਹੈ? ਹਰ ਇਕ ਧਿਰ ਆਪਣਾ ਵਖਰਾ ਵਾਯੂ-ਮੰਡਲ ਕਾਇਮ ਰੱਖਣਾ ਚਾਹੁੰਦੀ ਹੈ ਅਤੇ ਕੋਈ ਐਸੀ ਮਿਲੌਣੀ ਵਾਲੀ ਗਲ ਨਹੀਂ ਕਰਨਾ ਚਾਹੁੰਦੀ ਜਿਸ ਤੋਂ ਦੂਜੀ ਧਿਰ ਦਾ ਚੇਤਾ ਆ ਜਾਏ। ਦੋਵੇਂ ਲੋਕ ਆਪਣੀ ਸਾਰੀ ਵਾਹ, ਵਿਦਿਆ, ਹੁਨਰ ਤੇ ਧਰਮ ਰਾਹੀਂ, ਆਪੋ ਆਪਣੇ ਖ਼ਿਆਲਾਂ ਤੇ ਜਜ਼ਬਿਆਂ ਨੂੰ ਅਡ ਅਡ ਰਖਣ ਵਿਚ ਲਾ ਦਿੰਦੇ ਹਨ, ਤੇ ਫਿਰ ਗਿਲਾ ਕਰਦੇ ਹਨ ਹਨ ਕਿ ਅਸੀਂ ਹਮਦਰਦੀ ਤੇ ਵਿਚਾਰ ਵਿਚ ਇਕ ਦੂਜੇ ਤੋਂ ਲਾਂਭੇ ਜਾ ਰਹੇ ਹਾਂ! ਦੋਵੇਂ ਧਿਰਾਂ ਇਕ ਅਜੇਹੇ ਵਿਆਹੇ ਹੋਏ ਜੋੜੇ ਵਾਂਗੂ ਹਨ ਜੋ ਆਪਣਾ ਪਿੱਛਾ ਫੋਲ ਫੋਲ ਕੇ ਇਕ ਦੂਜੇ ਨੂੰ ਚਿੜ੍ਹਾਂਦੇ ਰਹਿੰਦੇ ਹਨ: ਇਕ ਕਹਿੰਦਾ ਹੈ ਕਿ ਤੈਨੂੰ ਸਹੇੜਨ ਤੋਂ ਪਹਿਲਾਂ ਮੈਂ ਕੇਡਾ ਖੁਸ਼ ਸਾਂ! ਤੇ ਦੂਜੀ ਕਹਿੰਦੀ ਹੈ, ਤੇਰੇ ਪੱਲੇ ਪੈਣ ਤੋਂ ਪਹਿਲਾਂ ਜਦ ਮੈਂ ਪੇਕੇ ਵਸਦੀ ਜਾਂ ਤਾਂ ਬਾਪੂ ਜੀ ਇਹ ਚੀਜ਼ਾਂ ਲਿਆ ਦਿੰਦੇ ਸਨ, ਔਹ ਚੀਜ਼ਾਂ ਲਿਆ ਦਿੰਦੇ ਸਨ! ਇਹ ਨਹੀਂ ਸਮਝਦੇ ਕਿ ਹੁਣ ਓਹ ਵਿਆਹੇ ਹੋਏ ਹਨ। ਨਾ ਉਹ ਇਸ ਨੂੰ ਛਡ ਕੇ ਨਵੇਕਲੇ ਗੁਲ-ਛਰ੍ਹੇ ਉਡਾ ਸਕਦਾ ਹੈ, ਤੇ ਨਾ ਇਹ ਮੁੜ ਕੰਵਾਰੀ ਬਣ ਕੇ ਪੇਕੇ ਜਾ ਸਕਦੀ ਹੈ। ਹੁਣ ਤਾਂ ਇਕੱਠੇ ਰਹਿਣ ਦੀਆਂ ਹੀ ਜਾਚਾਂ ਸਿਖਣੀਆਂ ਪੈਣਗੀਆਂ। ਕਈਆਂ ਲੋਕਾਂ ਦਾ ਜਤਨ ਹੁੰਦਾ ਹੈ ਕਿ ਆਪਣੇ ਵੱਡਿਆਂ ਦੀ ਵਡਿਆਈ ਦਾ ਅਸਰ ਵਧਾਉਣ ਲਈ ਉਨ੍ਹਾਂ ਨੂੰ ਅਨਪੜ੍ਹ ਸਾਬਤ ਕਰਨ, ਤਾਂਜੋ ਲੋਕੀ ਇਹ ਵੇਖ ਕੇ ਹੈਰਾਨ ਹੋ ਜਾਣ ਕਿ ਇਤਨੀ ਉੱਚੀ ਸਿਖਿਆ ਦੇਣ ਵਾਲਾ ਜਾਂ ਇੰਨੀ ਪ੍ਰੱਭਤਾ ਦਾ ਮਾਲਕ ਆਪ ਕਿਸੇ ਤੋਂ ਕੁਝ ਨਹੀਂ ਪੜ੍ਹਿਆ। ਇਸੇ ਲਈ ਹਜ਼ਰਤ ਮੁਹੰਮਦ, ਸ਼ਹਿਨਸ਼ਾਹ ਅਕਬਰ ਅਤੇ ਸਤਿਗੁਰ ਨਾਨਕ ਦੇਵ ਬਾਬਤ ਦਸਦੇ ਹਨ ਕਿ ਉਨ੍ਹਾਂ ਨੇ ਵਿਦਿਆ ਕਿਸੇ ਤੋਂ ਪ੍ਰਾਪਤ ਨਹੀਂ ਕੀਤੀ, ਅਰਥਾਤ ਲਿਖਣਾ ਪੜ੍ਹਨਾ ਨਹੀਂ ਸਿਖਿਆ, ਜੋ ਕੁਝ ਪਾਇਆ ਧੁਰ ਦਰਗਾਹੋਂ ਹੀ ਪਾਇਆ, ਅਤੇ ਜੋ ਕੁਝ ਕਢਿਆ ਆਪਣੇ ਅੰਦਰੋਂ ਹੀ ਕਢਿਆ।

ਮੁਗ਼ਲਾਂ ਦੇ ਸਮੇਂ ਤੋਂ ਲੈ ਕੇ ਤਾਲੀਮ ਦਾ ਸਿਲਸਲਾ ਅਜੇਹਾ ਬਾਕਾਇਦਾ ਚਲਾ ਆਇਆ ਹੈ ਕਿ ਆਮ ਲੋਕਾਂ ਨੂੰ ਹੋਰ ਕੋਈ ਤਰੀਕਾ ਤਾਲੀਮ ਦਾ ਸੁਝਦਾ ਹੀ ਨਹੀਂ। ਜੇ ਕੋਈ ਆਦਮੀ ਕਿਸੇ ਮਕਤਬ ਮਦਰਸੇ ਜਾਂ ਸਕੂਲ ਕਾਲਜ ਵਿਚ ਬਹਿ ਕੇ ਲਗਾਤਾਰ ਨਾ ਪੜ੍ਹੇ, ਉਸ ਨੂੰ ਪੜ੍ਹਿਆ ਹੋਇਆ ਨਹੀਂ ਗਿਣਦੇ। ਪਰ ਜੇ ਵਾਕਿਆਤ ਨੂੰ ਵੇਖੀਏ ਤਾਂ ਪਤਾ ਲਗਦਾ ਹੈ ਕਿ ਮੌਜੂਦਾ ਜ਼ਮਾਨੇ ਵਿਚ ਵੀ ਕਈ ਵਡੇ ਵਡੇ ਵਿਦਵਾਨ ਤੇ ਕਵੀ ਆਪਣੇ ਆਪ ਪੜ੍ਹੇ ਹਨ ਅਤੇ ਕਿਸੇ ਬਾਕਾਇਦਾ ਸਕੂਲ ਵਿਚ ਨਹੀਂ ਗਏ। ਰਾਬਰਟ ਬ੍ਰੋਨਿੰਗ ਅੰਗਰੇਜ਼ੀ ਦਾ ਭਾਰੀ ਕਵੀ ਹੋਇਆ ਹੈ, ਜਿਸ ਦੀ ਵਿਦਵਤਾ ਦਾ ਟਾਕਰਾ ਅਜ ਕਲ ਦਾ ਕੋਈ ਹੋਰ ਕਵੀ ਨਹੀਂ ਕਰ ਸਕਦਾ, ਪਰ ਉਹ ਕਿਸੇ ਸਕੂਲ ਜਾਂ ਕਾਲਜ ਵਿਚ ਨਹੀਂ ਸੀ ਪੜ੍ਹਿਆ। ਹਿੰਦ ਦਾ ਮਹਾਂ ਕਵੀ ਟੈਗੋਰ, ਜਿਸ ਦੀ ਵਿਦਵਤਾ ਦਾ ਸਿੱਕਾ ਪੱਛਮੀ ਲੋਕਾਂ ਨੇ ਭੀ ਮੰਨਿਆ ਹੈ, ਕਿਸੇ ਬਾਕਾਇਦਾ ਸਕੂਲ ਜਾਂ ਕਾਲਜ ਦਾ ਪੜ੍ਹਿਆ ਹੋਇਆ ਨਹੀਂ। ਇਕ ਹੋਰ ਗੱਲ ਭੀ ਹੈ। ਆਮ ਤੌਰ ਤੇ ਲੋਕ ਲਿਖਣ ਪੜ੍ਹਨ ਨੂੰ ਵਿਦਿਆ ਕਹਿੰਦੇ ਹਨ। ਅਸਲ ਵਿਚ ਲਿਖਣਾ ਪੜ੍ਹਨਾ ਇਕ ਵਸੀਲਾ ਹੈ ਵਿਦਿਆ ਸਿਖਣ ਦਾ। ਇਲਮ ਦੇ ਖਜ਼ਾਨੇ ਲਿਖਤ ਵਿਚ ਹਨ, ਇਸ ਲਈ ਸਧਾਰਨ ਤੌਰ ਤੇ ਇਉਂ ਹੀ ਹੁੰਦਾ ਹੈ ਕਿ ਜਿਹੜਾ ਆਦਮੀ ਇਲਮ ਦੇ ਖਜ਼ਾਨੇ ਤਕ ਪਹੁੰਚਣਾ ਚਾਹੀਦਾ ਹੈ, ਉਸ ਨੂੰ ਲਿਖਤ ਪੜ੍ਹਤ ਦੀ ਕੁੰਜੀ ਵਰਤਣੀ ਪੈਂਦੀ ਹੈ, ਪਰ ਇਹ ਜ਼ਰੂਰੀ ਨਹੀਂ ਕਿ ਆਦਮੀ ਇਸੇ ਕੁੰਜੀ ਨੂੰ ਵਰਤੇ। ਸਮ੍ਰਥ ਲੋਕਾਂ ਵਾਸਤੇ ਹੋਰ ਵੀ ਸਾਧਨ ਹੋ ਸਕਦਾ ਹੈ। ਅਕਬਰ ਲਿਖਣ ਪੜ੍ਹਨ ਵਲੋਂ ਤਾਂ ਕੋਰਾ ਸੀ, ਪਰ ਫ਼ਾਰਸੀ, ਤੁਰਕੀ ਆਦਿ ਸਾਹਿੱਤ ਦਾ ਸਵਾਦ ਉਤਨਾ ਹੀ ਚਖਦਾ ਸੀ ਜਿਤਨਾ ਕਿ ਕੋਈ ਪੜ੍ਹਿਆ ਲਿਖਿਆ ਚਖ ਸਕਦਾ ਹੈ। ਉਹ ਵਡੇ ਵਡੇ ਵਿਦਵਾਨਾਂ ਦੀ ਸੰਗਤ ਕਰਦਾ ਸੀ, ਉਨ੍ਹਾਂ ਕੋਲੋਂ ਹਾਫ਼ਜ਼ ਆਦਿ ਕਵੀਆਂ ਦੀ ਕਵਿਤਾ ਸੁਣਦਾ ਸੀ। ਉਸ ਦੇ ਦਰਬਾਰ ਵਿਚ ਹਿੰਦੂ, ਮੁਸਲਮਾਣ, ਈਸਾਈ ਆਗੂਆਂ ਦੀ ਇਲਮੀ ਤੇ ਮਜ੍ਹਬੀ ਚਰਚਾ ਹੁੰਦੀ ਰਹਿੰਦੀ ਸੀ, ਅਤੇ ਉਹ ਉਸ ਵਿਚ ਸਾਲਸ ਹੋ ਕੇ ਚੋਖਾ ਹਿੱਸਾ ਲੈਂਦਾ ਸੀ। ਕੌਣ ਕਹਿ ਸਕਦਾ ਹੈ ਕਿ ਉਹ ਅਨਪੜ੍ਹ ਸੀ? ਕਿਸੇ ਨੇ ਵਿਦਿਆ ਅੱਖਾਂ ਦੇ ਰਾਹੋਂ ਪ੍ਰਾਪਤ ਕੀਤੀ, ਕਿਸੇ ਨੇ ਕੰਨਾਂ ਵਾਰਾ ਪ੍ਰਾਪਤ ਕੀ੭ਤੀ, ਫ਼ਰਕ ਕੀ ਹੋਇਆ? ਵਿਦਿਆ ਤਾਂ ਅੰਦਰ ਚਲੀ ਗਈ। ਇਸੇ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨੂੰ ਅਨ-ਪੜ੍ਹ ਕਹਿਣਾ ਭੁੱਲ ਹੈ। ਭਾਵੇਂ ਉਸ ਨੂੰ ਅੱਖਰੀ ਇਲਮ ਨਹੀਂ ਸੀ ਆਉਂਦਾ, ਫਿਰ ਭੀ ਉਹ ਫ਼ਾਰਸੀ, ਪੰਜਾਬੀ ਆਦਿ ਜ਼ਬਾਨਾਂ ਜਾਣਦਾ ਸੀ ਅਤੇ ਕਵੀਆਂ ਦੀਆਂ ਕਵਿਤਾ ਸੁਣਦਾ, ਇਨਾਮ ਦੇਂਦਾ ਤੇ ਆਪਣੇ ਦਫ਼ਤਰ ਵਾਲਿਆਂ ਕੋਲੋਂ ਫ਼ਾਰਸੀ ਚਿਠੀ ਪਤਰ ਦੇ ਮਸੌਦੇ ਸੁਣਦਾ ਅਤੇ ਆਪ ਲਿਖਵਾਉਂਦਾ ਸੀ। ਉਸ ਨੂੰ ਅਨਪੜ੍ਹ ਕੌਣ ਆਖ ਸਕਦਾ ਹੈ?

ਸ੍ਰੀ ਗੁਰੁ ਨਾਨਕ ਦੇਵ ਜੀ ਦੀ ਇਲਮੀ ਲਿਆਕਤ ਬਾਬਤ ਭੀ ਇਉਂ ਹੀ ਵਿਚਾਰ ਕਰਨੀ ਪਏਗੀ। ਸਿੱਖ ਲਿਖਾਰੀਆਂ ਦਾ ਖਿਆਲ ਹੈ ਕਿ ਜੇਕਰ ਗੁਰੂ ਜੀ ਦਾ ਪਾਂਧੇ ਕੋਲੋਂ ਪੜ੍ਹਨਾ ਲਿਖਣਾ ਮੰਨੀਏ ਤਾਂ ਗੁਰੂ ਜੀ ਦੀ ਵਡਿਆਈ ਵਿਚ ਘਾਟਾ ਪੈਂਦਾ ਹੈ। ਇਸ ਲਈ ਓਹ ਲਿਖਦੇ ਹਨ ਕਿ ਗੁਪਾਲ ਪੰਡਿਤ ਪਾਸ ਪੜ੍ਹਨੇ ਤਾਂ ਪਾਏ ਗਏ ਸਨ, ਪਰ ਉਨ੍ਹਾਂ ਉਸ ਪਾਸੋਂ ਸਿਖਿਆ ਕੁਝ ਨਹੀਂ। ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਜੇ ਅਸੀਂ ਛੀਂਵੇਂ ਅਤੇ ਦਸਵੇਂ ਪਾਤਸ਼ਾਹ ਬਾਬਤ ਮੰਨ ਲੈਂਦੇ ਹਾਂ ਕਿ ਉਨ੍ਹਾਂ ਨੇ ਮਨੁੱਖਾਂ ਪਾਸੋਂ ਸੰਸਾਰੀ ਵਿਦਿਆ ਲਈ, ਤਾਂ ਸ੍ਰੀ ਗੁਰੂ ਨਾਨਕ ਦੇਵ ਬਾਬਤ ਭੀ ਮੰਨਦਿਆਂ ਗੁਰੂ ਜੀ ਦੀ ਕੋਈ ਹਿਰਤੀ ਨਹੀਂ ਹੁੰਦੀ, ਕਿ ਉਨ੍ਹਾਂ ਨੇ ਪਾਂਧੇ ਪਾਸੋਂ ਅੱਖਰ ਲਿਖਣੇ ਤੇ ਹਿਸਾਬ ਕਿਤਾਬ ਰਖਣਾ ਸਿਖਿਆ। ਗੱਲ ਇਹ ਹੈ ਕਿ ਗੁਰੂ ਜੀ ਰੱਬੀ ਜੋਤ ਸਨ, ਪਰ ਉਨ੍ਹਾਂ ਨੇ ਮਨੁੱਖੀ ਜਾਮਾ ਭੀ ਧਾਰਨ ਕੀਤਾ ਹੋਇਆ ਸੀ। ਮਨੁੱਖੀ ਰੂਪ ਧਾਰਨ ਕਰਨ ਲੱਗਿਆਂ ਮਨੁੱਖੀ ਜੀਵਣ ਦੀਆਂ ਸਧਾਰਨ ਹਾਲਤਾਂ ਭੀ ਅੱਖਤਿਆਰ ਕੀਤੀਆਂ ਸਨ, ਅਰਥਾਤ ਮਨੁੱਖੀ ਬੋਲੀ ਉਨ੍ਹਾਂ ਵਰਤੀ ਜੋ ਲੋਕ ਵਰਤਦੇ ਸਨ, ਸਰੀਰਕ ਚੋਲੇ ਦੀ ਭਜਣ ਬਣਣ ਵਾਲੀ ਹਾਲਤ, ਲਿਖਣ ਪੜ੍ਹਨ ਦੀ ਅੱਖਰੀ ਸਿਖਿਆ ਉਹੀ ਵਰਤੀ ਜੋ ਹੋਰ ਵਰਤਦੇ ਸਨ। ਹਾਂ ਉਨ੍ਹਾਂ ਨੇ ਆਤਮਕ ਸਿਖਿਆ ਵਾਹਿਗੁਰੂ ਤੋਂ ਬਿਨਾਂ ਕਿਸੇ ਹੋਰ ਕੋਲੋਂ ਨਹੀਂ ਸਿਖੀ। ਇਸੇ ਵਿਚ ਉਨ੍ਹਾਂ ਦੀ ਵਡਿਆਈ ਹੈ। ਹਿੰਦੂ ਸਜਣ (ਡਾਕਟਰ ਗੋਕਲ ਚੰਦ ਨਾਰੰਗ ਆਦਿ) ਚਾਹੁੰਦੇ ਹਨ ਕਿ ਗੁਰੂ ਜੀ ਦੇ ਖ਼ਿਆਲ ਵੇਦਾਂ ਸ਼ਾਸਤ੍ਰਾਂ ਬਾਬਤ ਪ੍ਰਮਾਣੀਕ ਨਾ ਮੰਨੇ ਜਾਣ, ਇਸ ਲਈ ਓਹ ਲਿਖਦੇ ਹਨ ਕਿ ਗੁਰੂ ਜੀ ਦੀ ਇਲਮੀ ਲਿਆਕਤ ਬਹੁਤ ਨਹੀਂ ਸੀ, ਇਸ ਲਈ ਉਨ੍ਹਾਂ ਨੇ ਵੇਦਾਂ ਸ਼ਾਸਤ੍ਰਾਂ ਨੂੰ ਪੜ੍ਹ ਕੇ ਕੋਈ ਸਿੱਟੇ ਨਹੀਂ ਕਦੇ, ਕੇਵਲ ਸੁਣੀ ਸੁਣਾਈ ਗੱਲ ਦੇ ਅਧਾਰ ਤੇ ਜਾਂ ਹਿੰਦੂਆਂ ਦੀ ਆਮ ਵਰਤਣ ਤੋਂ ਜਾਚ ਕੇ ਨੁਕਤਾਚੀਨੀ ਕਰ ਦਿਤੀ ਸੀ।

ਇਨ੍ਹਾਂ ਸਜਣਾਂ ਦੀ ਇਸ ਦਲੀਲ ਤੇ ਹਾਸਾ ਆਉਂਦਾ ਹੈ। ਕਦੀ ਤਾਂ ਜਦੋਂ ਸਤਿਗੁਰੂ ਜੀ ਨੂੰ ਸੰਸਕ੍ਰਿਤ ਦੀਆਂ ਪੁਸਤਕਾਂ ਦਾ ਆਸਰਾ ਲੈਂਦਾ ਹੋਇਆ ਸਾਬਤ ਕਰਨਾ ਚਾਹੁੰਦੇ ਹਨ ਤਾਂ ਕਹਿੰਦੇ ਹਨ ਕਿ ਵੇਖੋ "ਤਿਸ ਦੇ ਚਾਨਣਿ ਸਭ ਮਹਿ ਚਾਨਣੁ ਹੋਇ" ਵਾਲੀ ਤੁਕ ਮੁੰਡਕ ਉਪਨਿਸ਼ਦ (੨. ੨.੧੦) ਦਾ ਉਲਥਾ ਹੈ, ਅਤੇ "ਭੈ ਵਿਚਿ ਪਵਣੁ ਵਹੈ ਸਦ ਵਾਉ" ਵਾਲੀਆਂ ਤੁਕਾਂ ਤੈਤ੍ਰੀਯ ਉਪਨਿਸ਼ਦ ਵਿਚੋਂ ਲਈਆਂ ਹਨ। ਪਰ ਜਦੋਂ ਗੁਰੂ ਜੀ ਨੂੰ ਇਹ ਆਖਦਾ ਦੇਖਦੇ ਹਨ ਕਿ "ਬ੍ਰਹਮਾ ਮੂਲੁ ਵੇਦ ਅਭਿਆਸਾ, ਤਿਸਤੇ ਉਪਜੇ ਦੇਵ ਮੋਹ ਪਿਆਸਾ; ਤ੍ਰੈਗੁਣ ਭਰਮੇ ਨਾਹੀ ਨਿਜ ਘਰਿ ਵਾਸਾ ਤਾਂ ਕਹਿ ਉਠਦੇ ਹਨ ਕਿ ਗੁਰੂ ਜੀ ਨੇ ਵੇਦ ਪੜ੍ਹ ਕੇ ਨਹੀਂ ਦੇਖੇ, ਐਵੇਂ ਸੁਣੀ ਸੁਣਾਈ ਗੱਲ ਕਰ ਛਡੀ!

ਫ਼ਾਰਸੀ ਕਿਤਾਬਾਂ ਵਾਲਿਆਂ ਨੇ ਗੁਰੂ ਜੀ ਦੀ ਵਿਦਵਤਾ ਨੂੰ ਮੰਨਿਆ ਹੈ। ਤਾਰੀਖ਼ ਪੰਜਾਬ, ਕ੍ਰਿਤ ਗ਼ੁਲਾਮ ਮੁਹੀਉੱਦੀਨ ਬੂਟੇ ਸ਼ਾਹ, ਨੇ ਗੁਰੂ ਜੀ ਦਾ ਹਿੰਦੀ ਤੇ ਫ਼ਾਰਸੀ ਇਲਮ ਤੋਂ ਵਾਕਫ਼ ਹੋਣਾ ਮੰਨਿਆ ਹੈ। 'ਚਹਾਰ ਗੁਲਸ਼ਨ' ਵਿਚ ਆਉਂਦਾ ਹੈ ਕਿ———

"ਬਿਆਨੇ ਕਮਾਲਾਤਸ਼ ਅਜ਼ ਤਕਰੀਰ ਓ ਤਹਿਰੀਰ ਮੁਸਤਗਨੀ।"

(ਉਸ ਦੇ ਕਮਾਲਾਂ ਦਾ ਬਿਆਨ ਬੋਲਣ ਤੇ ਲਿਖਣ ਤੋਂ ਬਾਹਰ ਹੈ।)

ਮੁਨਸ਼ੀ ਸੋਹਣ ਲਾਲ ਦੀ ਲਿਖੀ ਹੋਈ ਕਿਤਾਬ 'ਉਮਦਤੁਤ ਤਵਾਰੀਖ਼' ਵਿਚ ਲਿਖਿਆ ਹੈ ਕਿ———

"ਅਜ਼ ਇਸ਼ਾਰਾਤ ਵਾ ਕਨਾਯਾਤ ਇਲਮੇ ਫ਼ਾਰਸੀ ਨੇਕ ਮੁਤਲਾ।"

ਉਸ ਦੇ ਇਸ਼ਾਰਿਆਂ ਅਤੇ ਹਵਾਲਿਆਂ ਤੋਂ ਪਤਾ ਲਗਦਾ ਹੈ ਕਿ ਉਸ ਨੂੰ ਫ਼ਾਰਸੀ ਦਾ ਇਲਮ ਚੰਗੀ ਤਰ੍ਹਾਂ ਆਉਂਦਾ ਸੀ।

ਮੌਲਵੀ ਗੁਲਾਮ ਅਲੀ (ਫ਼ਰੁਖ਼ਸੀਅਰ ਦਾ ਮੁਨਸ਼ੀ) ਲਿਖਦਾ ਹੈ, ਕਿ "ਗੁਰੂ ਜੀ ਪਾਸ ਇਲਮ ਤੇ ਹੁਨਰ ਜਿਤਨਾ ਨਬੀਆਂ ਪਾਸ ਹੁੰਦਾ ਹੈ ਪੂਰਾ ਪੂਰਾ ਸੀ, ਉਹਨਾਂ ਤੋਂ ਵਧ ਕਿਸੇ ਹੋਰ ਨੂੰ ਪ੍ਰਾਪਤ ਨਹੀਂ ਹੋਇਆ"।

'ਸੀਅਰੁਲ ਮੁਤਾਖ਼ਰੀਨ' ਵਾਲਾ ਲਿਖਦਾ ਹੈ ਕਿ ਗੁਰੂ ਸਾਹਿਬ ਦੇ ਗੁਆਂਢ ਵਿਚ ਮੌਲਵੀ ਸੱਯਦ ਹਸਨ ਸਾਹਿਬ ਬੜੇ ਆਲਮ ਫ਼ਾਜ਼ਲ ਰਹਿੰਦੇ ਸਨ, ਅਤੇ ਗੁਰੂ ਜੀ ਨੂੰ ਬਹੁਤ ਪਿਆਰ ਕਰਦੇ ਸਨ। ਉਨ੍ਹਾਂ ਪਾਸੋਂ ਗੁਰੂ ਜੀ ਨੇ ਫ਼ਾਰਸੀ ਸਿਖੀ।

ਮੈਕਾਲਿਫ਼ ਸਾਹਿਬ ਭੀ ਮੰਨਦਾ ਹੈ ਕਿ ਗੁਰੂ ਜੀ ਨੇ ਫ਼ਾਰਸੀ ਪੜ੍ਹੀ। ਯੰਗ ਸਾਹਿਬ "ਇਨਸਾਈਕਲੋਪੀਡੀਆ ਆਫ਼ ਐਥਿਕਸ" ਵਿਚ ਲਿਖਦੇ ਹਨ ਕਿ ਗੁਰੂ ਸਾਹਿਬ ਜੀ ਨੇ ਨੌਂ ਵਰ੍ਹੇ ਦੀ ਉਮਰ ਵਿਚ ਫ਼ਾਰਸੀ ਪੜ੍ਹੀ। ਵਲਾਇਤ ਵਾਲੀ ਜਨਮ ਸਾਖੀ ਵਿਚ ਭੀ ਆਉਂਦਾ ਹੈ ਕਿ ਗੁਰੂ ਜੀ ਨੇ ਤੋਰਕੀ ਪੜ੍ਹੀ, ਜਿਸ ਤੋਂ ਭਾਵ ਫ਼ਾਰਸੀ ਹੀ ਹੈ। ਕਨਿੰਘਮ ਆਪਣੀ 'ਹਿਸਟਰੀ ਆਫ਼ ਦੀ ਸਿਖਸ' ਵਿਚ ਲਿਖਦਾ ਹੈ ਕਿ "ਸਾਡੇ ਪਾਸ ਇਹ ਯਕੀਨ ਕਰਨ ਲਈ ਕਾਫ਼ੀ ਦਲੀਲਾਂ ਮੌਜੂਦ ਹਨ ਕਿ ਗੁਰੂ ਨਾਨਕ ਸਾਹਿਬ ਨੇ ਹਿੰਦੂਆਂ ਤੇ ਮੁਸਲਮਾਣਾਂ ਦੇ ਧਰਮਾਂ ਦੀ ਵਾਕਫ਼ੀ ਕਰ ਲਈ ਸੀ, ਅਤੇ ਉਨ੍ਹਾਂ ਨੂੰ ਕੁਰਾਨ ਤੇ ਹਿੰਦੂ ਸ਼ਾਸਤ੍ਰਾਂ ਦੀ ਭੀ ਆਮ ਵਾਕਫ਼ੀ ਸੀ।

'ਪੰਥ ਪ੍ਰਕਾਸ਼' ਵਾਲਾ ਲਿਖਦਾ ਹੈ ਕਿ ਗੁਰੂ ਜੀ ਨੇ ਸੱਤ ਵਰ੍ਹੇ ਦੀ ਉਮਰ ਵਿਚ ਹਿੰਦੀ ਵਿਚ ਹਿਸਾਬ ਕਿਤਾਬ ਲਿਖਣਾ ਸ਼ੁਰੂ ਕੀਤਾ ਅਤੇ ਨੌਂ ਵਰ੍ਹੇ ਦੀ ਉਮਰ ਵਿਚ ਸੰਸਕ੍ਰਿਤ ਪੜ੍ਹਨੀ ਅਰੰਭੀ।

ਉਨ੍ਹੀਂ ਦਿਨੀਂ ਪੰਜਾਬ ਵਿਚ ਜੋ ਵਿਦਿਆ ਦਾ ਪ੍ਰਬੰਧ ਸੀ, ਉਹ ਗੁਰੂ ਜੀ ਨੇ ਚੰਗੀ ਤਰ੍ਹਾਂ ਵਰਤਿਆ। ਪਿੰਡਾਂ ਵਿਚ ਹਿੰਦੀ ਟਾਕਰੇ ਪੜਾਣ ਲਈ ਪਾਂਧੇ ਹੁੰਦੇ ਸਨ, ਅਤੇ ਫ਼ਾਰਸੀ ਪੜ੍ਹਾਣ ਲਈ ਮੌਲਵੀ। ਇਨ੍ਹਾਂ ਤੋਂ ਵਧ ਕੇ ਜੇ ਕੋਈ ਦੀਨੀ ਇਲਮ ਪੜ੍ਹਨਾ ਚਾਹੇ ਤਾਂ ਲਾਹੌਰ, ਕਸੂਰ, ਪਾਕਪਟਨ ਆਦਿ ਥਾਵਾਂ ਤੇ ਪੀਰਾਂ ਫ਼ਕੀਰਾਂ ਦੇ ਵਡੇ ੨ ਅੱਡੇ ਹੁੰਦੇ ਸਨ, ਜਿਨ੍ਹਾਂ ਵਿਚ ਮੁਸਲਮਾਣੀ ਇਲਮ ਉੱਚੇ ਦਰਜੇ ਦਾ ਪੜ੍ਹਾਇਆ ਜਾਂਦਾ ਸੀ। ਜੇ ਹਿੰਦੂ ਧਰਮ ਦੀ ਉੱਚੀ ਤਾਲੀਮ ਲੈਣੀ ਹੋਵੇ ਤਾਂ ਕਾਂਸ਼ੀ ਜਾਣਾ ਪੈਂਦਾ ਸੀ। ਗੁਰੂ ਜੀ ਨੇ ਆਪਣੇ ਪਿੰਡ ਦੇ ਪਾਂਧੇ ਪਾਸੋਂ ਹਿੰਦੀ ਅੱਖਰ ਤੇ ਦਾਰਿਆਂ ਵਿਚ ਹਿਸਾਬ ਕਿਤਾਬ ਸਿਖਿਆ। ਵਿਚਾਰੇ ਪਾਂਧੇ ਪਾਸ ਜਿਹੜਾ ਕੁਝ ਥੋੜਾ ਜਿਹਾ ਤੋਸ਼ਾ ਸੀ, ਉਹ ਗੁਰੂ ਜੀ ਥੋੜ੍ਹੇ ਜਿਹੇ ਦਿਨਾਂ ਵਿਚ ਹੀ ਮੁਕਾ ਬੈਠੇ ਅਤੇ ਅਗੋਂ ਉਸ ਨੂੰ ਪੜ੍ਹਾਣਾ ਆਵੇ ਨਾ, ਇਸ ਲਈ ਗੁਰੂ ਜੀ ਉਸ ਤੋਂ ਉਠ ਕੇ ਫ਼ਾਰਸੀ ਵਾਲੇ ਪਾਸ ਗਏ ਅਤੇ ਉਸ ਪਾਸੋਂ ਫ਼ਾਰਸੀ ਲਿਖਣੀ ਪੜ੍ਹਨੀ ਸਿਖੀ ਅਤੇ ਮੁਸਲਮਾਣੀ ਮਤਿ ਦੀਆਂ ਕਿਤਾਬਾਂ ਦਾ ਮੁਤਾਲਿਆ ਕੀਤਾ। ਕੁਝ ਚਿਰ ਮਗਰੋਂ ਸੰਸਕ੍ਰਿਤ ਪੜ੍ਹਨੀ ਭੀ ਸਿਖੀ। ਮੈਕਾਲਿਫ਼ ਲਿਖਦਾ ਹੈ ਕਿ ਪਿੰਡ ਤੋਂ ਬਾਹਰ ਜੰਗਲ ਹੀ ਜੰਗਲ ਸੀ, ਜਿਸ ਵਿਚ ਕਈ ਪੜ੍ਹੇ ਹੋਏ ਸੰਤ ਮਹਾਤਮਾਂ ਰਹਿੰਦੇ ਸਨ। ਉਨ੍ਹਾਂ ਦੇ ਪਾਸ ਅਕਸਰ ਗੁਰੂ ਜੀ ਆਂਦੇ ਜਾਂਦੇ ਸਨ। ਹਿੰਦੂ ਮਤਿ ਦੇ ਗਰੰਥਾਂ ਦਾ ਮੁਤਾਲਿਆ, ਇਹਨੀ ਦਿਨੀਂ ਕੀਤਾ ਹੋਣਾ ਹੈ। ਇਹ ਮੁਤਾਲੇ ਦਾ ਕੰਮ ਬਹੁਤ ਸਾਰਾ ਗੁਰੂ ਜੀ ਨੇ ਆਪ ਕੀਤਾ।

ਜਦ ਸੁਲਤਾਨਪੁਰ ਦੇ ਨਵਾਬ ਪਾਸ ਭਾਈਏ ਜੈਰਾਮ ਹੋਰਾਂ ਨੇ ਗੁਰੂ ਜੀ ਲਈ ਨੌਕਰੀ ਦੀ ਸਫਾਰਸ਼ ਕੀਤੀ ਤਾਂ ਨਾਲ ਇਹੋ ਕਿਹਾ ਸੀ ਕਿ ਨਾਨਕ ਚੰਗਾ ਪੜ੍ਹਿਆ ਲਿਖਿਆ ਆਦਮੀ ਹੈ, ਅਤੇ ਕੰਮ ਭੀ ਉਹ ਸੌਂਪਿਆ ਗਿਆ, ਜਿਸ ਵਿਚ ਲਿਖਤ ਪੜ੍ਹ ਅਤੇ ਲੇਖਾ ਕਰਨ ਦੀ ਲੋੜ ਪੈਂਦੀ ਸੀ। ਇਸ ਤੋਂ ਸਾਬਤ ਹੋਇਆ ਕਿ ਗੁਰੂ ਜੀ ਪੜ੍ਹੇ ਲਿਖੇ ਸਨ।

ਜਦ ਸੁਲਤਾਨਪੁਰ ਛੱਡ ਕੇ ਗੁਰੂ ਜੀ ਨੇ ਦੇਸ ਦਾ ਰਟਨ ਕਰਨਾ ਅਰੰਭਿਆ, ਤਾਂ ਗੁਰੂ ਜੀ ਖ਼ਾਸ ਕਰਕੇ ਉਨ੍ਹਾਂ ਥਾਵਾਂ ਤੇ ਗਏ, ਜਿਥੇ ਹਿੰਦੂਆਂ ਤੇ ਮੁਸਲਮਾਣਾਂ ਦੇ ਚੋਟੀ ਦੇ ਵਿਦਵਾਨਾਂ ਦੇ ਅੱਡੇ ਸਨ। ਉਨ੍ਹਾਂ ਦੇ ਨਾਲ ਚਰਚਾ ਕਰਨ ਲਈ ਉਨ੍ਹਾਂ ਦੀਆਂ ਪੁਸਤਕਾਂ ਤੇ ਧਾਰਮਕ ਅਸੂਲਾਂ ਦੀ ਡੂੰਘੀ ਵਾਕਫ਼ੀ ਦੀ ਲੋੜ ਸੀ। ਡਾ: ਗੋਕਲ ਚੰਦ ਜੀ ਨਾਰੰਗ ਮੰਨਦੇ ਹਨ ਕਿ:——— "The Nawab of Sultanpur, the Qazis of Mecca, the Pandits of Hardwar, and the Pandits of Kurukshetra; every one bowed before his manly courage and fearless logic of facts" (Transformation of Sikhism, P. 10). [ਨਵਾਬ ਸੁਲਤਾਨ ਪੁਰ, ਮੱਕੇ ਦੇ ਕਾਜ਼ੀ, ਹਰਦਵਾਰ ਦੇ ਪੰਡਤ ਅਤੇ ਕੁਰਖੇਤਰ ਦੇ ਪਾਂਡੇ ਸਭ ਲੋਕ ਗੁਰੂ ਜੀ ਦੀ ਦਲੇਰੀ ਅਤੇ ਵਾਕਿਆਤ ਦੇ ਨਿਰਭੈ ਗਿਆਨ ਤੇ ਦਲੀਲ ਵੇਖ ਕੇ ਉਨ੍ਹਾਂ ਅੱਗੇ ਸਿਰ ਝੁਕਾਂਦੇ ਸਨ।]

ਪੰਡਤਾਂ ਤੇ ਮੌਲਵੀਆਂ ਉਤੇ ਦਿਗ-ਬਿਜੈ ਤਦ ਹੀ ਕਰ ਸਕਦੇ ਸਨ ਜੇਕਰ ਉਹ ਆਪ ਉਨ੍ਹਾਂ ਪਾਸੋਂ ਵਧੇਰੇ ਵਿਦਵਾਨ ਹੋਣ ਅਤੇ ਨਿਰੀਆਂ ਸੁਣੀਆਂ ਸੁਣਾਈਆਂ ਗੱਲਾਂ ਦਾ ਆਸਰਾ ਲੈਣ ਦੀ ਥਾਂ ਖੋਜ ਭਰੀਆਂ ਗੱਲਾਂ ਕਰ ਸੱਕਣ।

ਗੁਰੂ ਜੀ ਦੀ ਆਪਣੀ ਬਾਣੀ ਦੀ ਰਚਨਾ ਤੇ ਖਿਆਲਾਂ ਉਤੇ ਵਿਚਾਰ ਕਰ ਕੇ ਵੇਖੀਏ, ਤਾਂ ਭੀ ਮੰਨਣਾ ਪਏਗਾ ਕਿ ਗੁਰੂ ਜੀ ਦੀ ਵਿਦਵਤਾ ਬਹੁਤ ਉੱਚੀ ਅਤੇ ਬਾਕਾਇਦਾ ਸੀ। ਇਕ ਜਪੁਜੀ ਤੇ ਆਸਾ ਦੀ ਵਾਰ ਦੀਆਂ ਪਉੜੀਆਂ ਦੀ ਸਿਲਸਿਲੇਵਾਰ ਰਚਨਾ ਅਤੇ ਉਨ੍ਹਾਂ ਵਿਚ ਦੇ ਖ਼ਿਆਲ ਦੀ ਲੜੀ ਨੂੰ ਹੀ ਲੈ ਕੇ ਦੇਖੋ, ਤਾਂ ਗੁਰੂ ਜੀ ਦੀ ਵਿਦਵਤਾ ਦਾ ਸਿੱਕਾ ਮੰਨਣਾ ਪਏਗਾ। "ਮਨਿ ਜੀਤੈ ਜਗੁ ਜੀਤ", "ਸਚੁ ਪੁਰਾਣਾ ਹੋਵੈ ਨਾਹੀ", "ਸਤੁ ਸੁਹਾਣੁ ਸਦਾ ਮਨਿ ਚਾਉ", "ਮਿਠਤਿ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ", ਆਦਿ ਤੁਕਾਂ ਦੀ ਬਣਾਵਟ ਤੇ ਖ਼ਿਆਲ ਹੀ ਦਸਦੇ ਹਨ ਕਿ ਕਿਸੇ ਆਲਮ ਤੇ ਸਾਹਿੱਤ ਦੇ ਜਾਣੂ ਦੇ ਲਿਖੇ ਹੋਏ ਹਨ।

"ਨਾਨਕ ਮੇਰੁ ਸਰੀਰ ਕਾ, ਇਕ ਰਥੁ ਇਕੁ ਰਬਵਾਹੁ। ਜੁਗੁ ਜੁਗੁ ਫੇਰਿ ਵਟਾਈਅਹਿ ਗਿਆਨੀ ਬੁਝਹਿ ਤਾਹਿ" (ਆਸਾ ਦੀ ਵਾਰ)। ਇਨ੍ਹਾਂ ਤੁਕਾਂ ਵਿਚ ਜੋ ਰਥ ਦਾ ਜਿਕਰ ਆਇਆ ਹੈ, ਉਸ ਨੂੰ ਪੁਰਾਣੀਆਂ ਪੁਸਤਕਾਂ ਦੇ ਪੜ੍ਹੇ ਹੋਏ ਗਿਆਨੀ ਹੀ ਸਮਝ ਸਕਦੇ ਹਨ। ਮਸਲਨ, 'ਮਲਿੰਦਾ ਪਨਹਾ' ਵਿੱਚ ਤੇ 'ਕਾਠੋਪਨਿਸ਼ਦ' ਵਿਚ ਸਰੀਰ ਨੂੰ ਰਥ ਨਾਲ ਤਸ਼ਬੀਹ ਦਿਤੀ ਹੈ। ਰਥ ਤੇ ਰਥਵਾਨ ਦਾ ਜੁਗ ਜੁਗ ਅਨੁਸਾਰ ਵਟਾਣ ਵਾਲਾ ਖਿਆਲ ਭੀ ਵਿਦਵਾਨ ਲੋਕ ਹੀ ਸਮਝ ਸਕਦੇ ਹਨ। ਇਹੋ ਜਿਹੇ ਸੈਂਕੜੇ ਸ਼ਬਦ ਹਨ, ਜਿਨ੍ਹਾਂ ਤੋਂ ਮਲੂਮ ਹੁੰਦਾ ਹੈ ਕਿ ਗੁਰੂ ਜੀ ਨੂੰ ਹਿੰਦੂ ਮੱਤ ਦੀਆਂ ਪੁਸਤਕਾਂ ਦੀ ਪੂਰੀ ੨ ਵਾਕਫ਼ੀ ਸੀ।

'ਸਿਧ ਗੋਸਟਿ' ਆਦਿ ਬਾਣੀਆਂ, ਜੋ ਜੋਗੀਆਂ ਪ੍ਰਤੀ ਉਚਾਰਨ ਹੋਈਆਂ, ਇਤਨੇ ਗੂੜ੍ਹ ਭਾਵਾਂ ਵਾਲੀਆਂ ਹਨ, ਅਤੇ ਉਨ੍ਹਾਂ ਵਿਚ ਕਿਤਾਬੀ ਖਿਆਲਾਂ ਵਲ ਇਤਨੇ ਇਸ਼ਾਰੇ ਹਨ ਕਿ ਵਿਦਵਾਨ ਪੁਰਸ਼ ਤੋਂ ਬਿਨਾਂ ਉਨ੍ਹਾਂ ਨੂੰ ਕੋਈ ਸਮਝ ਨਹੀਂ ਸਕਦਾ।

ਇਸੇ ਤਰ੍ਹਾਂ ਗੁਰੂ ਜੀ ਦੀ ਬਾਣੀ ਵਿਚ ਮੁਸਲਮਾਣਾਂ ਦੀਆਂ ਪੁਸਤਕਾਂ ਵਿਚ ਦਿੱਤੀਆਂ ਗੱਲਾਂ ਅਤੇ ਉਹਨਾਂ ਦੇ ਧਾਰਮਕ ਅਸੂਲਾਂ ਵਲ ਇਸ਼ਾਰੇ ਹਨ ਜਿਨ੍ਹਾਂ ਨੂੰ ਵਿਚਾਰ ਕੇ ਅਸੀਂ ਕਹਿ ਸਕਦੇ ਹਾਂ ਕਿ ਗੁਰੂ ਜੀ ਨੂੰ ਉਨ੍ਹਾਂ ਦੇ ਘਰ ਦੀ ਭੀ ਪੂਰੀ ੨ ਵਾਕਫ਼ੀ ਸੀ।

ਕਈ ਸਜਣਾਂ ਨੇ ਆਸਾ ਤੇ ਤਿਲੰਗ ਰਾਗ ਵਾਲੇ ਫਾਰਸੀ-ਨੁਮਾ ਸ਼ਬਦਾਂ ਨੂੰ ਲੈ ਕੇ ਉਟੰਕਨ ਕੀਤੀ ਹੈ ਕਿ ਗੁਰੂ ਜੀ ਦੀ ਫ਼ਾਰਸੀ ਕੂਣ-ਕਸਰ ਵਾਲੀ ਸੀ।

"ਬਦਬਖ਼ਤ ਹਮ ਚੁ ਬਖੀਲ ਗਾਫਲ ਬੇ ਨਜ਼ਰ ਬੇਬਾਕ।
ਨਾਨਕੁ ਬੁਗੋਯਦ ਜਨ ਤੁਰਾ ਤੇਰੇ ਚਾਕਰਾ ਪੈ ਖ਼ਾਕ।"

ਕਹਿੰਦੇ ਹਨ ਕਿ ਇਹ ਫ਼ਾਰਸੀ ਠੀਕ ਨਹੀਂ। ਹਾਂ ਜੇ ਇਸ ਨੂੰ ਫ਼ਾਰਸੀ ਕਰਕੇ ਲਈਏ ਤਾਂ ਤੇ ਮੁਹਾਵਰਾ ਰਲਾ ਮਿਲਾ ਹੋਣ ਕਰਕੇ ਠੀਕ ਨਹੀਂ। ਪਰ ਅਸਲ ਵਿਚ ਇਹ ਸ਼ਬਦ ਫ਼ਾਰਸੀ ਵਿਚ ਨਹੀਂ। ਇਹ ਤਾਂ ਉਸ ਮਿਲਵੀਂ ਜਿਹੀ ਬੋਲੀ ਵਿਚ ਹਨ ਜੋ ਗੁਰੂ ਜੀ ਦੇ ਵੇਲੇ ਹਿੰਦੁਸਤਾਨੀ ਮੁਸਲਮਾਣਾਂ ਦੀ ਪ੍ਰਚਲਤ ਬੋਲੀ (ਵਰਨੈਕੁਲਰ) ਬਣ ਰਹੀ ਸੀ। ਉਰਦੂ ਅਜੇ ਬਣਿਆ ਨਹੀਂ ਸੀ। ਇਸ ਲਈ ਫ਼ਾਰਸੀ ਜਾਨਣ ਵਾਲੇ ਮੁਸਲਮਾਣ ਲੋਕ ਕੁਝ ਹਿੰਦੀ ਦੇ ਲਫ਼ਜ਼ ਚਲਾ ਕੇ ਇਕ ਖਿਚੜੀ ਜਿਹੀ ਬਣਾ ਲੈਂਦੇ ਸਨ ਜਿਸ ਨੂੰ 'ਰੇਖ਼ਤਾ' ਕਹਿੰਦੇ ਸਨ। ਇਹੋ ਬੋਲੀ ਹੁੰਦੇ ਹੁੰਦੇ ਜਹਾਂਗੀਰ, ਸ਼ਾਹ ਜਹਾਨ ਦੇ ਵੇਲੇ ਉਰਦੂ ਜਾ ਬਣੀ। ਇਸ ਰਲ-ਗਡ ਜਹੀ ਬੋਲੀ ਦੇ ਨਮੂਨੇ ਕਵੀ ਚਾਂਦ ਦੇ 'ਪ੍ਰਿਥੀ ਰਾਜ ਰਾਸੋ' ਵਿਚ ਤੇ ਉਸ ਵੇਲੇ ਦੀਆਂ ਹੋਰਨਾਂ ਪੁਸਤਕਾਂ ਵਿਚ ਭੀ ਮਿਲਦੇ ਹਨ। ਸੋ ਇਨ੍ਹਾਂ ਸ਼ਬਦਾਂ ਨੂੰ ਗੁਰੂ ਸਾਹਿਬ ਦੀ ਫ਼ਾਰਸੀ ਦਾ ਨਮੂਨਾ ਨਹੀਂ ਸਮਝਣਾ ਚਾਹੀਦਾ, ਸਗੋਂ ਉਸ ਵਕਤ ਬਣ ਰਹੀ ਇਕ ਨਵੀਂ ਬੋਲੀ ਦਾ ਨਮੂਨਾ ਸਮਝਣਾ ਚਾਹੀਦਾ ਹੈ। ਗੁਰੂ ਸਾਹਿਬ ਨੇ ਜਿਥੇ ਹਿੰਦੂਆਂ ਮੁਸਲਮਾਣਾਂ ਦੇ ਰਾਗਾਂ ਨੂੰ ਮਿਲਾਇਆ ਹੈ (ਮਸਲਨ ਤਿਲੰਗ ਤੇ ਆਸਾ), ਉਥੇ ਉਨ੍ਹਾਂ ਦੋਹਾਂ ਕੌਮਾਂ ਦੀਆਂ ਬੋਲੀਆਂ ਨੂੰ ਭੀ ਮਿਲਾ ਕੇ ਵਰਤਿਆ ਹੈ।

ਗੁਰਮੁਖੀ ਵਰਣਮਾਲਾ ਭੀ ਗੁਰੂ ਨਾਨਕ ਜੀ ਨੇ ਬਣਾਈ, ਭਾਵੇਂ ਇਸ ਦੀ ਬਾਹਲੀ ਵਰਤੋਂ ਗੁਰਬਾਣੀ ਲਿਖਣ ਲਿਖਣ ਵਿਚ ਗੁਰੂ ਅੰਗਦ ਜੀ ਨੇ ਕੀਤੀ। ਦੇਖੋ ਪਟੀ ਆਸਾ। ਇਸ ਵਿਚ ਗੁਰਮੁਖੀ ਦੇ ੩੫ ਅੱਖਰ ਲਏ ਹਨ, ਅਤੇ ਇਸ ਵਿਚ ਗੁਰਮੁਖੀ ਦਾ ਖਾਸ ਅੱਖਰ 'ੜ' ਭੀ ਆਉਂਦਾ ਹੈ, ਜਿਸ ਤੋਂ ਮਲੂਮ ਹੁੰਦਾ ਹੈ ਕਿ ਗੁਰੂ ਨਾਨਕ ਦੇਵ ਨੂੰ ਗੁਰਮੁਖੀ ਪੈਂਤੀ ਦਾ ਪਤਾ ਸੀ।

ਜਦ ਪਿਛਲੀ ਸਦੀ ਦੇ ਸਨ ਅੱਸੀ ਨਵੇ ਦੇ ਵਿਚਕਾਰ ਧਾਰਮਕ ਸੁਧਾਰ ਦੀ ਲਹਿਰ ਜਾਰੀ ਹੋਈ, ਤਾਂ ਇਹ ਜ਼ਰੂਰੀ ਸੀ ਕਿ ਸਿਖਾਂ ਦਾ ਧਿਆਨ ਵਿਦਿਆ ਵਲ ਵੀ ਜਾਂਦਾ, ਕਿਉਂਕਿ ਕਿਸੇ ਕੌਮ ਵਿਚ ਜਾਗ੍ਰਤ ਪੈਦਾ ਕਰਨ ਲਈ ਵਿਦਿਆ ਤੋਂ ਬਿਨਾਂ ਹੋਰ ਕੋਈ ਹਥਿਆਰ ਨਹੀਂ। ਉਨ੍ਹੀਂ ਦਿਨੀਂ ਸੁਧਾਰਕ ਸਿਖਾਂ ਦੀ ਅਗਵਾਈ 'ਖਾਲਸਾ ਦੀਵਾਨ' ਲਾਹੌਰ ਦੇ ਹੱਥ ਸੀ, ਜਿਸ ਵਿਚ ਵਿਦਿਅਕ ਕੰਮਾਂ ਦੇ ਮੋਢੀ ਸਰਦਾਰ ਗੁਰਮੁਖ ਸਿੰਘ ਜੀ ਓਰੀਅੰਟਲ ਕਾਲਜ ਵਾਲੇ ਅਤੇ ਸਰਦਾਰ ਜਵਾਹਰ ਸਿੰਘ ਜੀ ਰੇਲਵੇ ਦਫ਼ਤਰ ਵਾਲੇ ਸਨ। ਇਹ ਸਜਣ ਸਧਾਰਨ ਜਹੇ ਸਿਖ ਸਨ, ਪਰ ਪੰਥਕ ਜੋਸ਼ ਇਨ੍ਹਾਂ ਵਿਚ ਠਾਠਾਂ ਮਾਰਦਾ ਸੀ। ਸਿਖਾਂ ਵਿਚ ਜਿਸ ਪਾਸੇ ਇਹ ਜਾਂਦੇ ਸਨ ਜੋਸ਼ ਦੀ ਲਹਿਰ ਵੱਗ ਤੁਰਦੀ ਸੀ। ਸਰਕਾਰ ਅਤੇ ਰਿਆਸਤਾਂ ਕੋਲੋਂ ਭੀ ਮਦਦ ਲੈਣੀ ਜਾਣਦੇ ਸਨ।

ਉਨ੍ਹੀਂ ਦਿਨੀਂ ਸਿਖ ਲੋਕ ਸਰਕਾਰ ਅੰਗਰੇਜ਼ੀ ਨੂੰ ਆਪਣਾ ਪੱਕਾ ਦੋਸਤ ਕਰਕੇ ਜਾਣਦੇ ਸਨ, ਅਤੇ ਸਰਕਾਰ ਭੀ ਸਿਖਾਂ ਦੀ ਦੋਸਤੀ ਨੂੰ ਕਈ ਮੌਕਿਆਂ ਉਤੇ ਪਰਖ ਕੇ ਚੰਗੀ ਕਦਰ ਵਾਲੀ ਚੀਜ਼ ਸਮਝਦੀ ਸੀ। ਲਾਰਡ ਲੈਨਸਡਊਨ ਵਾਇਸਰਾਏ ਹਿੰਦ ਨੇ ੨੩ ਅਕਤੂਬਰ ੧੮੯੦ ਨੂੰ ਪਟਿਆਲੇ ਵਿਚ ਤਕਰੀਰ ਕਰਦਿਆਂ ਆਖਿਆ ਸੀ ਕਿ "ਸਿਖਾਂ ਦੀ ਇਸ ਵਿਦਿਅਕ ਲਹਿਰ ਨਾਲ ਸਰਕਾਰ ਹਿੰਦ ਦੀ ਪੂਰੀ ਪੂਰੀ ਹਮਦਰਦੀ ਹੈ। ਸਿਖਾਂ ਵਿਚ ਜੋ ਖਾਸ ਗੁਣ ਹਨ, ਉਹਨਾਂ ਦੀ ਕਦਰ ਸਾਡੇ ਦਿਲ ਵਿਚ ਬਹੁਤ ਹੈ। ਸਾਨੂੰ ਇਹ ਵੇਖ ਕੇ ਬਹੁਤ ਖੁਸ਼ੀ ਹੋਂਦੀ ਹੈ ਕਿ ਇਹੋ ਸਿਖ ਜੋ ਕਦੀ ਸਾਡੇ ਲਈ ਡਾਢੇ ਕਰੜੇ ਤੇ ਬਹਾਦਰ ਵੈਰੀ ਸਨ, ਹੁਣ ਮਹਾਰਾਣੀ ਵਿਕਟੋਰੀਆ ਦੇ ਸੱਚੇ ਮਿਤਰ ਤੇ ਵਫ਼ਾਦਾਰ ਪਰਜਾ ਹਨ।" ਪੰਜਾਬ ਦੇ ਲਾਟ ਸਰ ਜੇਮਜ਼ ਲਾਇਲ ਨੇ ਭੀ ੫ ਮਾਰਚ ੧੮੯੨ ਨੂੰ ਖਾਲਸਾ ਕਾਲਜ ਦੀ ਵਡੀ ਬਿਲਡਿੰਗ ਦੀ ਨੀਂਹ ਰਖਦਿਆਂ ਹੋਇਆਂ ਇਹੋ ਜਿਹਾ ਪ੍ਰਸੰਨਤਾ ਭਰਿਆ ਖਿਆਲ ਪਰਗਟ ਕੀਤਾ ਸੀ ਕਿ "ਪੰਜਾਬੀ ਫੌਜਾਂ ਨੇ ਜੋ ਹਿੰਦੁਸਤਾਨ, ਚੀਨ, ਅਫਰੀਕਾ, ਮਿਸਰ, ਅਤੇ ਕਾਬਲ ਦੀਆਂ ਮੁਹਿੰਮਾਂ ਜਿੱਤੀਆਂ ਹਨ, ਉਨ੍ਹਾਂ ਦਾ ਸਿਹਰਾ ਬਹੁਤ ਕਰਕੇ ਸਿੱਖਾਂ ਦੇ ਸਿਰ ਹੀ ਹੈ, ਅਤੇ ਸਰਕਾਰ ਬਰਤਾਨੀਆ ਉਨ੍ਹਾਂ ਦਾ ਬਹੁਤ ਹਸਾਨ ਮੰਨਦੀ ਹੈ।"

ਸਿਖ ਭੀ ਆਪਣੇ ਵਲੋਂ ਇਸ ਹਮਦਰਦੀ ਦੀ ਚੋਖੀ ਕਦਰ ਕਰਦੇ ਸਨ। ਜਦ ੨੨ ਅਕਤੂਬਰ ੧੮੯੩ ਨੂੰ ਖਾਲਸਾ ਕਾਲਜ ਸਕੂਲ ਦੀ ਅਰੰਭਕ ਰਸਮ ਅਦਾ ਕੀਤੀ ਗਈ ਤਾਂ ਕਾਲਜ ਦੇ ਸਕੱਤ੍ਰ ਸਾਹਿਬ ਨੇ ਕਾਲਜ ਕੌਂਸਲ ਦੇ ਅੰਗਰੇਜ਼ ਮਿੰਬਰਾਂ ਦੀ ਸਹਾਇਤਾ ਵਲ ਧਿਆਨ ਦੁਆਂਦਿਆਂ ਹੋਇਆਂ ਆਖਿਆ: "ਇਹ ਸਜਣ ਜਿਹੜੀ ਮਦਦ ਸਾਨੂੰ ਦੇ ਰਹੇ ਹਨ, ਉਹ ਨਰੋਲ ਉਪਕਾਰ ਤੇ ਮਿਤਰਤਾ ਵਾਲੀ ਹੈ, ਇਸ ਲਈ ਅਸੀਂ ਇਨ੍ਹਾਂ ਦੇ ਅਤੀ ਧਨਵਾਦੀ ਹਾਂ।"

ਕਾਲਜ ਦੇ ਬਣਾਣ ਅਤੇ ਪ੍ਰਬੰਧ ਕਰਨ ਵਿਚ ਕਰਨੈਲ ਹਾਲਰਾਇਡ (ਡਾਇਰੈਕਟਰ ਵਿਦਿਅਕ ਮਹਿਕਮੇ ਦਾ), ਮਿ: ਜੇ. ਸਾਈਮ (ਇਕ ਹੋਰ ਡੀ. ਪੀ. ਆਈ), ਸਰ ਵਿਲੀਅਮ ਰੈਟੀਗਨ (ਜਿਨ੍ਹਾਂ ਦੇ ਨਾਂ ਉਤੇ ਕਾਲਜ ਦੀ ਡਿਸਪੈਂਸਰੀ ਬਣੀ ਹੋਈ ਹੈ),ਮਿ: ਡਬਲਯੂ ਬੈੱਲ (ਪ੍ਰਿੰਸੀਪਲ ਗੁਰਮਿੰਟ ਕਾਲਜ), ਅਤੇ ਹੋਰ ਕਈ ਅੰਗ੍ਰੇਜ਼ ਅਫਸਰ ਸਿੱਖਾਂ ਦੇ ਨਾਲ ਮਿਲ ਕੇ ਕੰਮ ਕਰਦੇ ਸਨ। ਇਨ੍ਹਾਂ ਨੂੰ ਸਿਖਾਂ ਨੇ ਆਪਣੀ ਮਰਜ਼ੀ ਨਾਲ ਪ੍ਰਬੰਧ ਵਿਚ ਸ਼ਾਮਲ ਕੀਤਾ ਹੋਇਆ ਸੀ ਅਤੇ ਓਹ ਭੀ ਆਪਣਾ ਦਾਬਾ ਕਾਇਮ ਕਰਨ ਲਈ ਨਹੀਂ, ਸਗੋਂ ਨਰੋਲ ਮਦਦ ਦੇਣ ਲਈ ਸਿਖਾਂ ਨਾਲ ਮੋਢਾ ਡਾਹੁੰਦੇ ਸਨ।

ਪਹਿਲੇ ਪਹਿਲ ਖਿਆਲ ਸੀ ਕਿ ਕਾਲਜ ਲਹੌਰ ਵਿਚ ਬਣਾਇਆ ਜਾਵੇ। ਖਾਲਸਾ ਦੀਵਾਨ ਵਾਲੇ ਜਿਨ੍ਹਾਂ ਦਾ ਡੇਰਾ ਲਹੌਰ ਵਿਚ ਸੀ ਇਹੋ ਚਾਹੁੰਦੇ ਸਨ। ਸਰਕਾਰ ਭੀ ਇਹੋ ਸਲਾਹ ਦਿੰਦੀ ਸੀ। ਲਾਟ ਸਾਹਿਬ ਕਹਿੰਦਾ ਸੀ ਕਿ ਲਹੌਰ ਵਿਦਿਆ ਤੇ ਸਮਾਜਕ ਉੱਨਤੀ ਦਾ ਕੇਂਦਰ ਹੈ। ਜੇ ਤੁਸਾਂ ਕਾਲਜ ਇਥੇ ਨਾ ਬਣਾਇਆ ਤਾਂ ਪੜ੍ਹਾਈ ਵਲੋਂ "ਊਤ ਦੇ ਊਤ ਹੀ ਰਹੋਗੇ।" ਪਰ ਅੰਮ੍ਰਿਤਸਰ ਵਾਲੇ ਸਜਣ ਜੋਰ ਦਿੰਦੇ ਸਨ ਕਿ ਕਾਲਜ ਅੰਮ੍ਰਿਤਸਰ ਵਿਚ ਬਣੇ। ਬਹੁਤ ਚਿਰ ਇਸੇ ਗਲ ਉਤੇ ਝਗੜਾ ਰਿਹਾ, ਅੰਤ ਫੈਸਲਾ ਅੰਮ੍ਰਿਤਸਰ ਦੇ ਹਕ ਵਿਚ ਹੋਇਆ।

ਹੁਣ ਵਿਚਾਰ ਹੋਈ ਕਿ ਕਾਲਜ ਲਈ ਥਾਂ ਕਿਹੜੀ ਚੁਣੀ ਜਾਵੇ। ਪਹਿਲਾਂ ਸਲਾਹ ਹੋਈ ਕਿ ਰਾਮ ਬਾਗ ਵਿਚ ਬਣਾਇਆ ਜਾਵੇ। ਸਰਕਾਰ ਭੀ ਇਸ ਗਲ ਤੇ ਰਾਜੀ ਸੀ ਅਤੇ ਰਾਮ ਬਾਗ ਤੋਂ ਲੈ ਕੇ ਰੇਲ ਦੇ ਸਟੇਸ਼ਨ ਤੋੜੀ ਸਾਰੀ ਥਾਂ ਦੇਣ ਲਈ ਤਿਆਰ ਸੀ, ਪਰ ਇਸ ਗਲ ਵਿਚ ਭੀ ਕਈਆਂ ਨੇ ਹਾਨੀ ਪਾਈ ਕਿ ਸ਼ਹਿਰ ਦੇ ਨੇੜੇ ਹੋਣ ਕਰਕੇ ਮੁੰਡੇ ਵਿਗੜ ਜਾਣਗੇ। ਅੰਤ ਮਿਸਟਰ ਨਿੱਕਲ (ਸਕੱਤ੍ਰ ਮਿਉਨਸੀਪਲ ਕਮੇਟੀ) ਦੀ ਮਦਦ ਨਾਲ ਪਿੰਡ ਕੋਟ ਸੈਦ ਮਹਮੂਦ ਦੇ ਲਾਗੇ ਅਜਕਲ ਵਾਲੀ ਥਾਂ, ਜੋ ੧੦੦ ਏਕੜ ਦੇ ਕਰੀਬ ਹੈ, ਕੇਵਲ ਦਸ ਹਜਾਰ ਰੁਪਏ ਥੋਂ ਮੁਲ ਲਈ ਗਈ ਅਤੇ ਇਸ ਦੇ ਬਦਲੇ ਇਸ ਪਿੰਡ ਦੇ ਲੋਕਾਂ ਨਾਲ ਇਕਰਾਰ ਕੀਤਾ ਗਿਆ ਕਿ ਉਨ੍ਹਾਂ ਦੇ ਮੁੰਡਿਆਂ ਪਾਸੋਂ ਫ਼ੀਸ ਨਹੀਂ ਲਈ ਜਾਏਗੀ।

ਇਹ ਥਾਂ ਬੜੀ ਇਤਿਹਾਸਕ ਹੈ। ਗੁਰੂ ਹਰਿਗੋਬਿੰਦ ਸਾਹਿਬ ਦੇ ਵੇਲੇ ਸਿਖਾਂ ਦਾ ਜੋ ਪਹਿਲਾ ਜੰਗ ਮੁਗਲਾਂ ਨਾਲ ਹੋਇਆ ਸੀ ਉਹ ਇਸੇ ਥਾਂ ਹੋਇਆ ਸੀ। ਹੁਣ ਤਕ ਕਈ ਥਾਂ ਤੋਂ ਜਿਮੀਂ ਖੁਟਣ ਲਗਿਆਂ ਪੁਰਾਣੀਆਂ ਹਡੀਆਂ ਨਿਕਲਦੀਆਂ ਹਨ। ਕੇਹਾ ਸੋਹਣਾ ਢੋ ਢੁਕਾ ਕਿ ਸਦੀਆਂ ਮਗਰੋਂ ਉਹੀ ਪੰਥਕ ਰਖਿਆ ਦਾ ਮਦਾਨ ਪੰਥ ਦੀ ਵਿਦਿਅਕ ਉੱਨਤੀ ਦਾ ਮਦਾਨ ਆ ਬਣਿਆ, ਅਤੇ ਜਿੱਥੇ ਸਿੱਖ ਤੇ ਮੁਸਲਮਾਣ ਕਦੀ ਇਕ ਦੂਜੇ ਦਾ ਸਿਰ ਭੰਨਣ ਲਈ ਇਕੱਠੇ ਹੋਏ ਸਨ ਅਜ ਉਸੇ ਥਾਂ ਉਨ੍ਹਾਂ ਦੀ ਸੰਤਾਨ ਭਰਾਵਾਂ ਵਾਂਗ ਸਿਰ ਜੋੜ ਕੇ ਬਹਿੰਦੀ ਹੈ ਜਾਂ ਖੇਡਾਂ ਦੀਆਂ ਟੀਮਾਂ ਬਣਾ ਕੇ ਖੇਡਦੀ ਹੈ!

੨੨ ਅਕਤੂਬਰ ੧੮੯੩ ਨੂੰ ਮਿਡਲ ਦੀ ਪੜ੍ਹਾਈ ਸ਼ੁਰੂ ਹੋਈ, ਅਤੇ ੧੮੯੬ ਵਿਚ ਹਾਈ ਦੀ। ਉਸੇ ਸਾਲ ਐਫ. ਏ. ਦੀਆਂ ਜਮਾਤਾਂ ਖੁਲ੍ਹੀਆਂ। ਫਿਰ ੧੮੯੯ ਵਿਚ ਬੀ. ਏ. ਅਤੇ ੧੯੦੫ ਵਿਚ ਐਫ. ਐਸ. ਸੀ. ਅਤੇ ਬੀ. ਐਸ. ਸੀ. ਦੀਆਂ ਜਮਾਤਾਂ ਬਣੀਆਂ। ੧੯੧੬ ਤੋਂ ਐਮ. ਏ. ਤਕ ਪੜ੍ਹਾਈ ਹੋਣ ਲਗੀ।

ਉਨ੍ਹੀਂਵੀਂ ਸਦੀ ਦੇ ਅੰਤਲੇ ਸਾਲਾਂ ਵਿਚ ਖਾਲਸਾ ਦੀਵਾਨ ਦੇ ਮੋਢੀ ਕੁਝ ਤਾਂ ਚਲਾਣਾ ਕਰ ਗਏ ਅਤੇ ਬਾਕੀ ਦੇ ਇਧਰ ਉਧਰ ਕਹਿਣ ਕਹਿਣ ਖਿੰਡ ਫੁੰਡ ਗਏ, ਜਿਸ ਦਾ ਸਿੱਟਾ ਇਹ ਨਿਕਲਿਆ ਕਿ ਦੀਵਾਨ ਦਾ ਕੰਮ ਬਹੁਤ ਢਿਲਾ ਪੈ ਗਿਆ। ਇਹਦੇ ਨਾਲ ਕਾਲਜ ਦੀ ਭੀ ਮਾਲੀ ਹਾਲਤ ਬਹੁਤ ਵਿਗੜ ਗਈ। ਇਥੋਂ ਤਕ ਕਿ ਮੈਕਵਰਥ ਯੰਗ (ਲਾਟ ਸਾਹਿਬ ਪੰਜਾਬ) ਨੇ ਸਲਾਹ ਦਿੱਤੀ ਕਿ ਕਾਲਜ ਦੀਆਂ ਜਮਾਤਾਂ ਤੋੜ ਦਿਓ। ਪਰ ਕਾਲਜ ਦੇ ਚੰਗੇ ਭਾਗਾਂ ਕਰਕੇ ਉਨ੍ਹੀਂ ਦਿਨੀਂ ਚੀਫ ਖਾਲਸਾ ਦੀਵਾਨ ਨੇ ਜਨਮ ਲਿਆ। ਸਰਦਾਰ ਸੁੰਦਰ ਸਿੰਘ ਸਾਹਿਬ ਮਜੀਠਾ, ਜੋ ਇਸ ਨਵੇਂ ਦੀਵਾਨ ਦੇ ਮੋਢੀ ਸਨ, ੧੯੦੨ ਵਿਚ ਖਾਲਸਾ ਕਾਲਜ ਦੇ ਸਕੱਤਰ ਬਣੇ।

ਕਾਲਜ ਦੀ ਕੌਂਸਲ ਬਹੁਤ ਵੱਡੀ ਹੋਣ ਕਰਕੇ ਕੰਮ ਠੀਕ ਚਲਦਾ ਨਹੀਂ ਸੀ, ਇਸ ਲਈ ਲਾਟ ਸਾਹਿਬ ਦੀ ਸਲਾਹ ਨਾਲ ੧੩ ਆਦਮੀਆਂ ਦੀ ਇਕ ਪ੍ਰਬੰਧਕ ਕਮੇਟੀ ਬਣਾਈ ਗਈ। ਕੰਮ ਚੰਗਾ ਰਿੜ੍ਹ ਪਿਆ ਅਤੇ ਕਾਲਜ ਦਿਨੋ ਦਿਨ ਚੜ੍ਹਦੀਆਂ ਕਲਾਂ ਵਿਚ ਹੋਣ ਲੱਗਾ। ੧੨ ਅਪ੍ਰੈਲ, ੧੯੦੪, ਨੂੰ ਪੰਥ ਦੇ ਮਾਣਨੀਯ ਬਿਰਧ ਮਹਾਰਾਜਾ ਸਰ ਹੀਰਾ ਸਿੰਘ ਸਾਹਿਬ ਨਾਭਾ ਦੀ ਪ੍ਰਧਾਨਗੀ ਹੇਠ ਇਕ ਵੱਡਾ ਸਾਰਾ ਜਲਸਾ ਕੀਤਾ ਗਿਆ ਜਿਸ ਵਿਚ ਰਾਜਿਆਂ ਮਹਾਰਾਜਿਆਂ, ਸਰਦਾਰਾਂ, ਅਮੀਰਾਂ ਗਰੀਬਾਂ ਨੇ ਦਰਸ਼ਨ ਦਿਤੇ। (ਪੰਥ ਵਿਚ ਇਹੋ ਜਿਹਾ ਅਦੁੱਤੀ ਇਕੱਠ ਫਿਰ ਮੁੜ ਕੇ ਕਦੀ ਨਹੀਂ ਹੋਇਆ। ਮਹਾਰਾਜਾ ਹੀਰਾ ਸਿੰਘ ਜੀ ਆਪਣੇ ਹਥੀਂ ਸੰਗਤਾਂ ਨੂੰ ਪੱਖਾ ਝਲਦੇ ਸਨ। ਜਦ ਉਨ੍ਹਾਂ ਨੇ ਕਾਲਜ ਲਈ ਆਪਣੀ ਝੋਲੀ ਅੱਡ ਕੇ ਅਪੀਲ ਕੀਤੀ ਅਤੇ ਆਖਿਆ ਕਿ "ਖਾਲਸਾ ਜੀ! ਮੈਂ ਆਪ ਦਾ ਕੂਕਰ ਆਪ ਦੇ ਦਰ ਤੇ ਭਿਖਾਰੀ ਬਣ ਕੇ ਆਇਆ ਹਾਂ", ਤਾਂ ਚੌਹਾਂ ਪਾਸਿਆਂ ਤੋਂ ਲਖਾਂ ਤੇ ਹਜ਼ਾਰਾਂ ਰੁਪਯਾਂ ਦੇ ਦਾਨ ਦੀਆਂ ਅਵਾਜ਼ਾਂ ਆਉਣ ਲਗੀਆਂ। ਪਟਿਆਲੇ ਵਲੋਂ ੬ ਲਖ, ਜੀਂਦ ਵਲੋਂ ੨ ਲਖ ੬੫ ਹਜ਼ਾਰ, ਕਪੂਰਥਲੇ ਵਲੋਂ ੧ ਲਖ ੧੭ ਹਜ਼ਾਰ, ਫਰੀਦਕੋਟ ਵਲੋਂ ੧ ਲਖ ਰੁਪਏ ਦਾ ਏਲਾਨ ਹੋਇਆ। ਨਾਭੇ ਵਲੋਂ ਭੀ ੩ ਲੱਖ ੨੦ ਹਜ਼ਾਰ ਦੇਣਾ ਕੀਤਾ ਗਿਆ। ਕੁਲ ਉਗਰਾਹੀ (ਨਕਦ ਤੇ ਇਕਰਾਰੀ) ਵੀਹ ਲਖ ਤਕ ਜਾ ਪੁਜੀ। ਇਨਡਉਮੈਂਟ ਫੰਡ ਲਈ ੧੫,੩੦,੪੭੭ ਰੁਪਏ ਨਕਦ ਜਮ੍ਹਾਂ ਹੋ ਗਏ ਅਤੇ ਵੱਡੀ ਇਮਾਰਤ ਲਈ ੩,੨੮,੪੮੦ ਰੁਪਏ ਰੋਕ ਬਣੇ, ਜਿਨ੍ਹਾਂ ਵਿਚੋਂ ੫੦,੦੦੦ ਸਰਕਾਰ ਵਲੋਂ ਸੀ। ਸਿਖਾਂ ਦੀ ਮੰਗ ਉਤੇ ਸਰ ਚਾਰਲਸ ਰਿਵਾਜ਼, ਲਾਟ ਸਾਹਿਬ ਪੰਜਾਬ, ਨੇ ਇਕ ਹੋਰ ਭੀ ਉਦਮ ਕੀਤਾ। ਉਹ ਇਹ ਕਿ ਸਿਖ ਜ਼ਿਮੀਂਦਾਰਾਂ ਪਾਸੋਂ ਅਧਿਆਨੀ ਰੁਪੱਯਾ ਸਰਕਾਰੀ ਮਾਮਲੇ ਨਾਲ ਉਗਰਾਹਿਆ ਗਿਆ। ਇਸੇ ਲਾਟ ਸਾਹਿਬ ਦੇ ਨਾਂ ਉਤੇ ਕਾਲਜ ਦੇ ਹਾਲ ਦਾ ਨਾਂ 'ਰਿਵਾਜ਼ ਹਾਲ' ਹੈ।

ਖਾਲਸਾ ਕਾਲਜ ਪਹਿਲਾਂ ਪਟਿਆਲਾ ਹੋਸਟਲ ਦੇ ਹੇਠਲਿਆਂ ਕਮਰਿਆਂ ਵਿਚ ਲਗਦਾ ਹੁੰਦਾ ਸੀ। ਫਿਰ ੧੭ ਨਵੰਬਰ ੧੯੦੪ ਨੂੰ ਵੱਡੀ ਇਮਾਰਤ ਦੀ ਨੀਂਹ ਰਖੀ ਗਈ। ਇਸ ਇਮਾਰਤ ਦਾ ਨਕਸ਼ਾ ਭਾਈ ਰਾਮ ਸਿੰਘ, ਪ੍ਰਿੰਸੀਪਲ ਮਿਓ ਸਕੂਲ ਔਫ ਆਰਟ ਲਾਹੌਰ, ਨੇ ਬਣਾਇਆ ਸੀ। ਇਸ ਵਿਚ ਖਾਸ ਖੂਬੀ ਇਹ ਰਖੀ ਗਈ ਕਿ ਇਸ ਦੇ ਇਮਾਰਤੀ ਢੰਗ ਵਿਚ ਹਿੰਦੂ ਅਤੇ ਮੁਸਲਮਾਣੀ ਢੰਗਾਂ ਦਾ ਮੇਲ ਕੀਤਾ ਗਿਆ। ਜਿਥੇ ਗੁੰਬਦਾਂ ਮੁਸਲਮਾਣੀ ਹਨ, ਉਥੇ ਹਿੰਦੂਆਂ ਦੇ ਪੰਜ-ਰਤਨੀ ਖਿਆਲ ਮੁਤਾਬਕ ਗਿਣਤੀ ਵਿਚ ਪੰਜ ਹਨ, ਫਾੜੀਦਾਰ ਹਨ ਅਤੇ ਉਤੇ ਕੰਵਲ ਦੀਆਂ ਪੱਤੀਆਂ ਬਣੀਆਂ ਹੋਈਆਂ ਹਨ। ਜੇ ਡਾਟਾਂ ਮੁਸਲਮਾਣੀ ਹਨ, ਤਾਂ ਹੇਠਾਂ ਬ੍ਰੈਕਟ ਹਿੰਦਵਾਣੀ ਹਨ।

ਇਮਾਰਤ ਦੀ ਉਸਾਰੀ ਦਾ ਕੰਮ ਸਰਦਾਰ ਧਰਮ ਸਿੰਘ ਜੀ ਘਰਜਾਖੀਏ ਦੇ ਸਪੁਰਦ ਸੀ। ਇਹ ਪ੍ਰੇਮ ਦੀ ਸੇਵਾ ਕਰਦੇ ਸਨ। ਇਨ੍ਹਾਂ ਦਾ ਖਿਆਲ ਸੀ ਕਿ ਇਮਾਰਤ ਉਤੇ ਇਨਾ ਰੁਪਈਆ ਨਹੀਂ ਖਰਚਣਾ ਚਾਹੀਦਾ। ਇਸ ਲਈ ਕੰਧਾਂ ਦੇ ਬਾਹਰਵਾਰ ਇੱਟਾਂ ਦੀ ਚਿਣਾਈ ਪੱਕੀ ਹੁੰਦੀ ਸੀ, ਅਤੇ ਅੰਦਰਵਾਰ ਕੱਚੀ। ਜਦ ਲਾਟ ਸਾਹਿਬ ਨੇ ਇਕ ਵਾਰ ਆਪ ਆ ਕੇ ਇਹ ਕਚੀ-ਪੱਕੀ ਉਸਾਰੀ ਵੇਖੀ ਤਾਂ ਕਹਿਣ ਲਗੇ, "ਸਰਕਾਰ ਚਾਹੁੰਦੀ ਹੈ ਕਿ ਸਿੱਖਾਂ ਦੇ ਇਸ ਕੇਂਦਰੀ ਆਸ਼੍ਰਮ ਦੀ ਇਮਾਰਤ ਖਾਲਸੇ ਦੀ ਸ਼ਾਨ ਮੁਤਾਬਕ ਚੰਗੀ ਤੋਂ ਚੰਗੀ ਬਣੇ। ਇਸ ਲਈ ਇਹ ਕੱਚੀ ਚਿਣਾਈ ਵਾਲੀ ਗੱਲ ਸਾਨੂੰ ਪਸੰਦ ਨਹੀਂ। ਲਾਟ ਸਾਹਿਬ ਦੀ ਮਰਜ਼ੀ ਨੂੰ ਪੂਰਾ ਕਰਨ ਲਈ ਤਜਵੀਜ਼ ਹੋਈ ਕਿ ਸਰਦਾਰ ਧਰਮ ਸਿੰਘ ਜੀ ਦੀ ਥਾਂ ਇਕ ਅੰਗ੍ਰੇਜ਼ ਇੰਜੀਨੀਅਰ ਰਖਿਆ ਜਾਵੇ। ਉਸ ਮੌਕੇ ਤੇ ਕਿਸੇ ਸਜਣ ਨੇ ਕਿਹਾ ਕਿ ਨਵਾਂ ਇੰਜੀਨੀਅਰ ਵਡੀ ਤਨਖਾਹ ਲਵੇਗਾ, ਪਰ ਸ. ਧਰਮ ਸਿੰਘ ਹੋਰੀਂ ਤਾਂ ਪ੍ਰੇਮ ਦੀ ਸੇਵਾ ਕਰਦੇ ਹਨ। ਇਸ ਤੇ ਮੇਜਰ ਹਿੱਲ ਦੇ ਮੂੰਹੋਂ ਨਿਕਲ ਗਿਆ, "ਪ੍ਰੇਮ ਦੀ ਸੇਵਾ ਫਜ਼ੂਲ ਹੈ।" ਮੇਜਰ ਹਿੱਲ ਦੇ ਇਸ ਕਥਨ ਨੇ ਸਿਖਾਂ ਵਿਚ ਬੜੀ ਤਰਥੱਲੀ ਮਚਾ ਦਿਤੀ। ਲੋਕਾਂ ਨੇ ਥਾਂ ਥਾਂ ਰੋਸ ਵਜੋਂ ਜਲਸੇ ਕੀਤੇ, ਅਤੇ ੭੫ ਕੁ ਪੰਥਕ ਸਭਾਵਾਂ ਤੇ ਦੀਵਾਨਾਂ ਨੇ ਰੋਸ ਦੇ ਮਤੇ ਪਾਸ ਕਰ ਕੇ ਭੇਜੇ। ਕਾਲਜ ਦੀ ਮੈਨੇਜਿੰਗ ਕਮੇਟੀ ਨੂੰ ਭੀ ਇਸ ਦੁਖਾਵੇਂ ਕਥਨ ਵਲੋਂ ਨਾ-ਪਸੰਦੀ ਜ਼ਾਹਰ ਕਰਨੀ ਪਈ।

ਉਹ ਦਿਨ ੧੯੦੭ ਦੇ ਸਨ, ਜਦੋਂ ਸਾਰੇ ਹਿੰਦ ਵਿਚ ਹਲ-ਚਲ ਮਚੀ ਹੋਈ ਸੀ। ਮਿਸਟਰ ਗੋਖਲੇ ਅੰਮ੍ਰਿਤਸਰ ਆਇਆ ਹੋਇਆ ਸੀ, ਅਤੇ ਉਸ ਦੀ ਗੱਡੀ ਕਾਲਜ ਦੇ ਵਿਦਿਆਰਥੀਆਂ ਨੇ ਮੋਢਾ ਦੇ ਕੇ ਖਿੱਚੀ ਸੀ। ਆਸ ਪਾਸ ਜੋਸ਼ ਹੀ ਜੋਸ਼ ਸੀ। ਇਨ੍ਹਾਂ ਹਾਲਤਾਂ ਵਿਚ ਜੱਦ ਨਵਾਂ ਅੰਗ੍ਰੇਜ਼ ਇੰਜੀਨੀਅਰ ੧੦ ਫਰਵਰੀ ੧੯੦੭ ਨੂੰ ਕਾਲਜ ਵਿਚ ਆਇਆ, ਤਾਂ ਕੁਝ ਮੁੰਡਿਆਂ ਨੇ ਉਸਨੂੰ ਫਕੜੀ ਮਾਰੀ, ਅਤੇ ਸਾਰੇ ਵਿਦਿਆਰਥੀਆਂ ਨੇ ਭੁੱਖ ਹੜਤਾਲ ਕੀਤੀ ਤੇ ਕਾਲੇ ਬਿੱਲੇ ਬਧੇ। ਇਸ ਹਾਦਸੇ ਨਾਲ ਕਾਲਜ ਨੂੰ ਸਰਕਾਰ ਕੁਝ ਸ਼ਕ ਨਾਲ ਦੇਖਣ ਲਗ ਪਈ, ਫੂਲਕੀਆਂ ਦੀਆਂ ਰਿਆਸਤਾਂ ਨੇ ਭੀ ਆਪਣੇ ਵਲੋਂ ਸਾਲਾਨਾ ਸੂਦ ਦੀ ਗ੍ਰਾਂਟ ਬੰਦ ਕਰ ਦਿਤੀ, ਅਤੇ ਯੂਨੀਵਰਸਟੀ ਨੇ ਸੰਬੰਧ ਤੋੜ ਲੈਣ ਦੀ ਧਮਕੀ ਦਿੱਤੀ। ਸਰਕਾਰ ਨੂੰ ਨਿਸਚਾ ਹੋ ਗਿਆ ਕਿ ਕਾਲਜ ਦੀ ਹਾਲਤ ਸੁਧਰ ਦੇ ਸਕਦੀ ਹੈ ਜੇਕਰ ਇਸ ਦੇ ਪ੍ਰਬੰਧ ਵਿਚ ਸਰਕਾਰ ਦਾ ਆਪਣਾ ਹਥ ਹੋਵੇ।

ਸੋ ੧੦ ਜੂਨ ੧੯੦੮ ਨੂੰ ਕਾਲਜ ਦਾ ਪ੍ਰਬੰਧ ਬਦਲਿਆ ਗਿਆ ਅਤੇ ਕਮਿਸ਼ਨਰ ਸਾਹਿਬ ਕਾਲਜ ਕੌਂਸਲ ਦੇ ਪ੍ਰਧਾਨ ਅਤੇ ਡਿਪਟੀ ਕਮਿਸ਼ਨਰ ਵਾਈਸ ਪ੍ਰਧਾਨ ਬਣੇ। ਸਕੱਤ੍ਰ ਤੇ ਪ੍ਰਿੰਸੀਪਲ ਸਰਕਾਰ ਵਲੋਂ ਨੀਅਤ ਹੋਣ ਲਗੇ। ਇਸ ਨਾਲ ਕਾਲਜ ਤਾਂ ਬਚ ਗਿਆ, ਪਰ ਸਿਖਾਂ ਵਿਚ ਕਾਲਜ ਵਲੋਂ ਉਪਰਾਮਤਾ ਵਰਤ ਗਈ। ਅਣਖੀਲੇ ਸਰਦਾਰ ਹਰਬੰਸ ਸਿੰਘ ਜੀ ਅਟਾਰੀ ਵਾਲੇ ਅਸਤੀਫਾ ਦੇ ਕੇ ਮਿੰਬਰੀ ਤੋਂ ਵੱਖ ਹੋ ਗਏ, ਅਤੇ ਸ. ਸੁੰਦਰ ਸਿੰਘ ਜੀ ਦਾ ਭੀ ਸ਼ਾਮਲ ਰਹਿਣਾ ਮੁਸ਼ਕਲ ਹੋ ਗਿਆ। ਸਤੰਬਰ ੧੯੧੨ ਵਿਚ ਕੁਝ ਏਹੋ ਜਹੀਆਂ ਹੋਰ ਤਬਦੀਲੀਆਂ ਕੀਤੀਆਂ ਗਈਆਂ, ਜਿਨ੍ਹਾਂ ਕਰਕੇ ਸਰਦਾਰ ਜੀ ਨੂੰ ਭੀ ਅਸਤੀਫਾ ਦੇਣਾ ਪਿਆ। ਪ੍ਰੋਫੈਸਰ ਜੋਧ ਸਿੰਘ ਜੀ, ਐਮ. ਏ., ਅਤੇ ਉਨ੍ਹਾਂ ਦੇ ਸਾਥੀ ਸ. ਨਾਰਾਇਣ ਸਿੰਘ ਜੀ, ਐਮ. ਏ., ਨੂੰ ਭੀ ਨੌਕਰੀ ਛਡਣੀ ਪਈ। ਸਰਕਾਰ ਨੇ ਮਦਦ ਵਜੋਂ ਤਿੰਨ ਅੰਗ੍ਰੇਜ਼ ਪ੍ਰੋਫੈਸਰ ਆਪਣੇ ਵਿਦਿਅਕ ਮਹਿਕਮੇ ਵਿਚੋਂ ਲੈ ਕੇ ਖਾਲਸਾ ਕਾਲਜ ਨੂੰ ਹੁਦਾਰੇ ਦੇਣੇ ਕੀਤੇ। ਇਸ ਨਿਰਾਸਤਾ ਵਾਲੀ ਹਾਲਤ ਵਿਚ ਕਾਲਜ ਨੂੰ ਸਰਕਾਰ ਵਲੋਂ ਇਕ ਅਜੇਹਾ ਚੰਗਾ ਪ੍ਰਿੰਸੀਪਲ ਮਿਲ ਗਿਆ, ਜਿਸ ਦੀ ਸ਼ਖ਼ਸੀਅਤ ਨੇ ਸਿੱਖਾਂ ਦਾ ਗਿਆ ਗਵਾਚਾ ਇਤਬਾਰ ਤੇ ਹਮਦਰਦੀ ਬਹੁਤ ਸਾਰੀ ਮੋੜ ਲਿਆਂਦੀ। ਇਹ ਸੀ ਮਿਸਟਰ ਜੀ. ਏ. ਵਾਦਨ। ਇਹ ਸਿਖਾਂ ਦਾ ਸੱਚਾ ਖੈਰ-ਖ਼ਾਹ ਤੇ ਹਮਦਰਦ ਸੀ। ਇਸ ਨੇ ਨਾ ਕੇਵਲ ਕਾਲਜ ਨੂੰ ਹਰ ਪਾਸਿਉਂ ਤਰੱਕੀ ਦਿੱਤੀ, ਅਤੇ ਇਸ ਦੇ ਵਿਦਿਆਰਥੀਆਂ ਨੂੰ ਹਮਦਰਦੀ ਦੱਸ ਕੇ ਅਤੇ ਨੌਕਰੀਆਂ ਦਿਵਾ ਕੇ ਜੱਸ ਖਟਿਆ, ਸਗੋਂ ਕਾਲਜ ਨੂੰ ਯੂਨੀਵਰਸਟੀ ਬਣਾਣ ਦਾ ਖਿਆਲ ਪਹਿਲਾਂ ਪਹਿਲ ਸਿੱਖਾਂ ਦੇ ਸਾਮ੍ਹਣੇ ਰਖਿਆ। ਉਸ ਦਾ ਖਿਆਲ ਕੁਝ ਪੂਰਾ ਹੁੰਦਾ ਭੀ ਦਿਸਦਾ ਸੀ ਕਿ ਪ੍ਰਿੰਸ ਔਫ਼ ਵੇਲਜ਼ ਆਪ ਆ ਕੇ ਸਿਖ ਯੂਨੀਵਰਸਟੀ ਦੀ ਨੀਂਹ ਰਖੇ, ਪਰ ੧੯੨੦ ਵਿਚ ਅਕਾਲੀ ਤਹਿਰੀਕ ਦੇ ਚਲਣ ਨਾਲ ਸਿਖਾਂ ਦੀ ਰੁਚੀ ਕਿਸੇ ਹੋਰ ਪਾਸੇ ਖਿੱਚੀ ਗਈ, ਅਤੇ ਇਹ ਕੰਮ ਸਿਰੇ ਨਾ ਚੜ੍ਹ ਸਕਿਆ। ਹਾਂ ਇਸ ਹੱਲੇ ਵਿਚ ਕਾਲਜ ਦਾ ਪ੍ਰਬੰਧ ਸਿੱਖਾਂ ਦੇ ਹੱਥ ਆ ਗਿਆ।

ਮੁਲਕ ਵਿਚ ਨਾਮਿਲਵਰਤਣ ਦੀ ਲਹਿਰ ਜ਼ੋਰਾਂ ਤੇ ਸੀ। ਖਾਸ ਕਰਕੇ ਲੋਕੀ ਵਿਦਿਅਕ ਆਸ਼੍ਰਮਾਂ ਦਾ ਸੰਬੰਧ ਸਰਕਾਰੀ ਮਹਿਕਮੇ ਅਤੇ ਯੂਨੀਵਰਸਟੀ ਨਾਲੋਂ ਤੋੜ ਲੈਣ ਉਤੇ ਜ਼ੋਰ ਦੇ ਰਹੇ ਸਨ। ਮਹਾਤਮਾ ਗਾਂਧੀ ਪੰਜਾਬ ਦਾ ਦੌਰਾ ਕਰ ਰਿਹਾ ਸੀ। ਉਹ ਅੰਮ੍ਰਿਤਸਰ ਵੀ ਆਇਆ। ਸਭ ਨੂੰ ਡਰ ਸੀ ਕਿ ਖਾਲਸਾ ਕਾਲਜ ਵੀ ਇਸੇ ਹੜ ਵਿਚ ਰੁੜ੍ਹ ਜਾਏਗਾ। ਪਰ ਮਿਸਟਰ ਵਾਦਨ ਨੂੰ ਪੱਕੀ ਉਮੀਦ ਸੀ ਕਿ ਸਿਖ ਕੌਮ ਇਸ ਵੇਲੇ ਹੋਸ਼ ਤੋਂ ਕੰਮ ਲਵੇਗੀ। ਉਹ ਮਹਾਤਮਾ ਗਾਂਧੀ ਦੇ ਅਸਰ ਤੋਂ ਨਾ ਡਰਿਆ, ਅਤੇ ਸਟਾਫ ਦੀ ਸਿਆਣਪ, ਵਫਾਦਾਰੀ ਅਤੇ ਹਮਦਰਦੀ ਉਤੇ ਭਰੋਸਾ ਕਰਦਿਆਂ ਹੋਇਆਂ ਮਹਾਤਮਾ ਜੀ ਨੂੰ ਕਾਲਜ ਵਿਚ ਸੱਦ ਕੇ ਵੰਗਾਰਿਆ ਕਿ ਆਓ ਆਪਣੀ ਪੂਰੀ ਵਾਹ ਲਾ ਲਓ। ਮਹਾਤਮਾ ਜੀ ਆਏ ਅਤੇ ਦੁਵੱਲੀ ਖੁਲ੍ਹੀਆਂ ਗਲਾਂ ਬਾਤਾਂ ਹੋਈਆਂ।

ਮਿ. ਵਾਦਨ: "ਮਹਾਤਮਾ ਜੀ! ਤੁਸੀ ਖ਼ਾਲਸਾ ਕਾਲਜ ਨੂੰ ਤੋੜਨ ਆਏ ਹੋ?"

ਮਹਾਤਮਾ: "ਹਾਂ, ਮੈਂ ਇਸ ਨੂੰ ਤੋੜਨ ਆਇਆ ਹਾਂ।"

ਮਿ. ਵਾਦਨ ਉਸ ਨੂੰ ਬਾਹੋਂ ਫੜ ਕੇ ਖੁਲ੍ਹੀ ਥਾਂ ਤੇ ਲੈ ਗਿਆ ਅਤੇ ਕਾਲਜ ਦੀ ਆਲੀ-ਸ਼ਾਨ ਇਮਾਰਤ ਵਲ ਇਸ਼ਾਰਾ ਕਰ ਕੇ ਕਿਹਾ: "ਮਹਾਤਮਾ ਜੀ! ਇਹ ਕਾਲਜ ਸਿਖਾਂ ਦੇ ਖੂਨ ਨਾਲ ਬਣਿਆ ਹੈ। ਇਹ ਸਿਖਾਂ ਦੇ ਪਿਆਰ ਤੇ ਕੁਰਬਾਨੀ ਦਾ ਨਮੂਨਾ ਹੈ। ਕੀ ਤੁਹਾਡਾ ਜੀ ਕਰਦਾ ਹੈ ਕਿ ਏਹੋ ਜੇਹੇ ਮਹਾਨ ਆਸ਼੍ਰਮ ਨੂੰ ਨੁਕਸਾਨ ਪੁਚਾਓ? ਮਹਾਤਮਾ ਜੀ! ਤੁਸੀਂ ਇਸ ਆਸ਼੍ਰਮ ਦਾ ਕੀ ਸੰਵਾਰਿਆ ਹੈ, ਇਸ ਦੀ ਕੀ ਸੇਵਾ ਕੀਤੀ ਹੈ, ਕਿ ਇਸ ਨੂੰ ਤੋੜਨ ਦਾ ਹੀਆ ਕਰੋ? ਤੁਸੀਂ ਤੇ ਮੈਂ ਤੇ ਇਹ ਸਾਰੇ ਲੋਕ ਇਸ ਦੀ ਮਹਾਨਤਾ ਦੇ ਸਾਮ੍ਹਣੇ ਤੁੱਛ ਹਨ। ਅਸੀਂ ਤੁਸੀਂ ਇਸ ਦਾ ਕੁਝ ਨਹੀਂ ਵਿਗਾੜ ਸਕਦੇ। ਅਸੀਂ ਮਿੱਟ ਜਾਂਗੇ, ਪਰ ਇਹ ਕਾਇਮ ਰਹੇਗਾ, ਸਦਾ ਕਾਇਮ ਰਹੇਗਾ। ਸਤਿ ਸ੍ਰੀ ਅਕਾਲ ਦਾ ਜੈਕਾਰਾ ਆਵੇ।" ਜੈਕਾਰਿਆਂ ਦੀ ਗੂੰਜ ਵਿਚ ਮਹਾਤਮਾ ਜੀ ਨਿਰਾਸ ਹੋ ਕੇ ਪਰਤ ਗਏ।

ਕਾਲਜ ਦੇ ਸਟਾਫ਼ ਨੇ ਨਾਮਿਲਵਰਤਣ ਨਾ ਕੀਤੀ, ਪਰ ਇਸ ਲਹਿਰ ਤੋਂ ਜੋ ਮੁਲਕ ਵਿਚ ਜੋਸ਼ ਫੈਲਿਆ ਹੋਇਆ ਸੀ, ਉਸ ਤੋਂ ਫਾਇਦਾ ਉਠਾ ਕੇ ਕਾਲਜ ਦੇ ਪ੍ਰਬੰਧ ਨੂੰ ਠੀਕ ਕਰਾ ਲਿਆ। ਖ਼ਤਰਾ ਸੀ ਕਿ ਜੇ ਸਰਕਾਰੀ ਦਖਲ ਵਾਲੀ ਕਮਜ਼ੋਰੀ ਕਾਇਮ ਰਹੀ, ਤਾਂ ਕਾਲਜ ਨੂੰ ਨਾਮਿਲਵਰਤਣ ਦੇ ਹੱਲੇ ਤੋਂ ਬਚਾਣਾ ਔਖਾ ਹੋ ਜਾਏਗਾ। ਇਸ ਵਧਦੀ ਰੌ ਨੂੰ ਠਲ੍ਹਣ ਲਈ ਕੁਝ ਤੱਤ-ਫਟ ਦਾਰੂ ਕਰਨ ਦੀ ਲੋੜ ਸੀ। ੨੪ ਅਕਤੂਬਰ ੧੯੨੦ ਨੂੰ ਪ੍ਰੋਫੈਸਰਾਂ ਨੇ ਮਤਾ ਪਾਸ ਕਰ ਕੇ ਸਰਕਾਰ ਪਾਸੋਂ ਮੰਗ ਕੀਤੀ ਕਿ ਕਾਲਜ ਦੇ ਪ੍ਰਬੰਧ ਵਿੱਚੋਂ ਆਪਣੇ ਮਿੰਬਰ ਹਟਾ ਲਵੇ। ਇਸ ਮੌਕੇ ਤੇ ਸਟਾਫ਼ ਨੇ ਬੜੀ ਸਿਆਣਪ ਤੋਂ ਕੰਮ ਲਿਆ: ਇਕ ਤਾਂ ਬਾਹਰਲੇ ਲੋਕਾਂ ਨੂੰ ਕਾਲਜ ਦੇ ਅੰਦਰ ਆ ਕੇ ਮੁੰਡਿਆਂ ਨੂੰ ਉਕਸਾਉਣ ਦਾ ਮੌਕਾ ਨਾ ਦਿੱਤਾ ਅਤੇ ਨਾ ਆਪ ਹੀ ਕੋਈ ਭੜਕਾਊ ਗਲ ਕੀਤੀ। ਦੂਜੇ ਜੋ ਮੰਗ ਕੀਤੀ ਉਹ ਸਾਰੇ ਪੰਥ ਦੀ ਰਲਵੀਂ ਮੰਗ ਸੀ। ਅਸਤੀਫਿਆਂ ਦਾ ਅਰਦਾਸਾ ਭੀ ਸ. ਜੋਧ ਸਿੰਘ ਜੀ ਐਮ. ਏ. ਪਾਸੋਂ ਕਰਾਇਆ, ਅਤੇ ਹਰ ਕਦਮ ਤੇ ਸ. ਹਰਬੰਸ ਸਿੰਘ ਜੀ ਅਟਾਰੀ ਵਾਲਿਆਂ ਨੂੰ ਨਾਲ ਰਖਿਆ। ਸਰਕਾਰੀ ਮਿੰਬਰਾਂ ਦੀ ਥਾਂ ਪੁਰ ਕਰਨ ਲਈ ਜਦ ਨਾਂ ਮੰਗੇ ਗਏ ਤਾਂ ਭੀ ਮਾਡਰੇਟ ਸਰਦਾਰਾਂ ਦੇ ਹੀ ਦਿਤੇ, ਅਤੇ ਪ੍ਰਬੰਧ ਵਿਚ ਰਿਆਸਤੀ ਅੰਗ ਨੂੰ ਨਾ ਛੇੜਿਆ।

ਜੇ ਕੁਝ ਖਿਚੋਤਾਣ ਮਗਰੋਂ ੪ ਦਸੰਬਰ ਨੂੰ ਸਰਕਾਰ ਨੇ ਸਿਖਾਂ ਦੀ ਇਹ ਮੰਗ ਮੰਨ ਲਈ (ਭਾਵੇਂ ਇਸ ਦੌਰਾਨ ਵਿਚ ੧੩ ਪ੍ਰੋਫੈਸਰਾਂ ਦੇ ਅਸਤੀਫੇ ਦੇਣ ਤਕ ਨੌਬਤ ਪਹੁੰਚੀ) ਅਤੇ ਕਾਲਜ ਨਾਮਿਲਵਰਤਣ ਦੀ ਲਹਿਰ ਤੋਂ ਬਚ ਗਿਆ। ਸਿਖਾਂ ਦੀ ਇਹ ਪੁਰਾਣੀ ਮੰਗ ਪੂਰੀ ਕਰਨ ਵਿਚ ਸਰਕਾਰ ਨੇ ਸਿਖਾਂ ਦੀ ਕਾਹਲੀ ਉਤੇ ਕੋਈ ਗੁੱਸਾ ਨਹੀਂ ਕੀਤਾ, ਸਗੋਂ ਆਪਣੀ ਉਦਾਰ ਸਹਾਇਤਾ ਦਾ ਹੱਬ ਕਾਲਜ ਦੇ ਸਿਰ ਉਤੇ ਉਸੇ ਤਰ੍ਹਾਂ ਰਖੀ ਰਖਿਆ। ਸਰਦਾਰ ਬਹਾਦਰ ਸੁੰਦਰ ਸਿੰਘ ਜੀ ਮਜੀਠਾ ਕਾਲਜ ਕਮੇਟੀ ਦੇ ਪ੍ਰਧਾਨ ਬਣੇ ਅਤੇ ਸਰਦਾਰ ਹਰਬੰਸ ਸਿੰਘ ਜੀ ਅਟਾਰੀ ਵਾਲੇ ਸਕੱਤਰ ਬਣੇ। ਇਹ ਦੋਵੇਂ ਸਰਦਾਰ ਆਪਣੇ ਅੰਤਮ ਸਵਾਸਾਂ ਤਕ ਇਸ ਪੰਥਕ ਆਸ਼੍ਰਮ ਦੀ ਸੇਵਾ ਕਰਦੇ ਰਹੇ ਅਤੇ ਇਸ ਵਿਚ ਸਿੱਖੀ ਸਿਦਕ ਦੇ ਕਾਇਮ ਰਖਣ ਲਈ ਪੂਰੀ ਵਾਹ ਲਾਉਂਦੇ ਰਹੇ।

ਨਵੇਂ ਜ਼ਮਾਨੇ ਦੀ ਹਵਾ ਲਗਣ ਨਾਲ ਜਿੱਥੇ ਪ੍ਰਬੰਧ ਨਰੋਲ ਸਿੱਖਾਂ ਦਾ ਹੋ ਗਿਆ ਉੱਥੇ ਕੁਝ ਮੁੱਦੇ ਪਿਛੋਂ ਕਾਲਜ ਦਾ ਪ੍ਰਿੰਸੀਪਲ ਭੀ ਸਿੱਖ ਮੁਕਰਰ ਹੋਣ ਲੱਗਾ। ਸਰਦਾਰ ਬਹਾਦਰ ਬਿਸ਼ਨ ਸਿੰਘ ਜੀ ਅਤੇ ਸਰਦਾਰ ਜੋਧ ਸਿੰਘ ਜੀ ਦੀ ਪ੍ਰਿੰਸਪਲੀ ਦੇ ਸਮੇਂ ਕਾਲਜ ਨੇ ਕਈ ਪਾਸਿਆਂ ਤੋਂ ਚੋਖੀ ਉੱਨਤੀ ਕੀਤੀ ਹੈ। ਇਨ੍ਹਾਂ ਦੇ ਅੱਥਕ ਜਤਨਾਂ ਦੇ ਸਦਕੇ, ਬਾਵਜੂਦ ਸ਼ਹਿਰ ਵਿਚ ਦੋ ਹੋਰ ਕਾਲਜ ਅਤੇ ਸੂਬੇ ਭਰ ਵਿਚ ਕਈ ਨਵੇਂ ਕਾਲਜ ਖੁਲ੍ਹਣ ਦੇ, ਇਸ ਕਾਲਜ ਨੂੰ ਕੋਈ ਘਾਟਾ ਨਹੀਂ ਵਾਪਰਿਆ। ਸਗੋਂ ਵਿਦਿਆਰਥੀਆਂ ਦੀ ਗਿਣਤੀ ਬਾਬਰ ਵਧਦੀ ਆਈ ਹੈ, ਅਤੇ ਚੰਗੇ ਨੰਬਰ ਲੈ ਕੇ ਪਾਸ ਹੋਣ ਵਾਲੇ ਵਿਦਿਆਰਥੀ ਵਧੇਰੀ ਗਿਣਤੀ ਵਿਚ ਦਾਖਲ ਹੋਂਦੇ ਹਨ।

ਪਹਿਲਾਂ ਪਹਿਲ ਇਥੇ ਕ੍ਰਿਕਟ ਦਾ ਜ਼ੋਰ ਸੀ ਅਤੇ ਇਸ ਦੇ ਮੈਚਾਂ ਦੀ ਧੁੰਮ ਸਾਰੇ ਸੂਬੇ ਵਿਚ ਪਈ ਰਹਿੰਦੀ ਸੀ। ਫੇਰ ਹਾਕੀ ਦੀ ਵਾਰੀ ਆਈ। ਹੁਣ ਫੁਟਬਾਲ ਜੋਰਾਂ ਤੇ ਹੈ। ਖੇਡਾਂ ਦੀਆਂ ਟ੍ਰਾਫ਼ੀਆਂ ਜਿੱਤਣ ਵਿਚ ਇਹ ਕਾਲਜ ਕਿਸੇ ਤੋਂ ਪਿਛੋਂ ਨਹੀਂ। ਇਮਤਿਹਾਨਾਂ ਦੇ ਨਤੀਜੇ ਭੀ, ਖ਼ਾਸ ਕਰਕੇ ਸਾਇੰਸ ਦੀਆਂ ਉੱਚੀਆਂ ਜਮਾਤਾਂ ਦੇ, ਬਹੁਤ ਚੰਗੇ ਨਿਕਲਦੇ ਹਨ। ਆਰਟਸ ਵਾਲੇ ਪਾਸੇ ਐਮ. ਏ. ਅੰਗ੍ਰੇਜੀ ਤਕ ਪੜ੍ਹਾਈ ਹੈ ਅਤੇ ਸਾਇੰਸ ਵਾਲੇ ਪਾਸੇ ਕੈਮਿਸਟਰੀ ਦਾ ਐਮ. ਐਸ. ਸੀ (ਖੋਜ ਪੱਖ) ਅਤੇ ਬਾਟਨੀ, ਫਿਜ਼ਿਕਸ ਅਤੇ ਖੇਤੀ-ਬਾੜੀ ਦੀ ਬੀ. ਐਸ. ਸੀ. ਤਕ ਹੈ।

ਸਨ ੧੯੩੦ ਤੋਂ ਲੈ ਕੇ ਸਿਖ ਇਤਿਹਾਸ ਦੀ ਖੋਜ ਦਾ ਮਹਿਕਮਾ ਜਾਰੀ ਕੀਤਾ ਗਿਆ ਹੈ, ਜਿਸ ਦੇ ਰਾਹੀਂ ਇਤਿਹਾਸਕ ਪੁਸਤਕਾਂ ਦਾ ਭੰਡਾਰ ਇਕੱਠਾ ਕਰਕੇ ਵਡਮੁਲੀ ਖੋਜ ਦੀ ਨੀਂਹ ਰੱਖੀ ਜਾ ਰਹੀ ਹੈ।

ਇਸ ਆਸ਼੍ਰਮ ਵਿਚ ਕਈ ਲੋੜਵੰਦੀਆਂ ਤੇ ਆਰਾਮ ਵਾਲੀਆਂ ਚੀਜ਼ਾਂ ਹਨ ਜਿਹੜੀਆਂ ਇਥੇ ਦਾ ਖ਼ਾਸ ਭੂਸ਼ਣ ਹਨ; ਜਿਵੇਂ ਕਿ ਤਾਜ਼ਾ ਪਾਣੀ ਦਾ ਤਲਾ, ਖੇਡਾਂ ਲਈ ੨੫ ਗਰਾਊਂਡਾਂ, ਕਸਰਤ ਲਈ ਜਿਮਨੇਜ਼ੀਅਮ, ਦੁਧ ਮਖਣ ਲਈ ਡੇਅਰੀ ਫਾਰਮ, ਬੀਮਾਰਾਂ ਲਈ ਹਸਪਤਾਲ ਜੋ ਕਾਲਜ ਦੇ ਆਪਣੇ ਇਕ ਲਾਇਕ, ਤਜਰਬੇਕਾਰ ਤੇ ਮਿਹਨਤੀ ਡਾਕਟਰ ਦੇ ਸਪੁਰਦ ਹੈ; ਲੋੜੀਂਦੀਆਂ ਚੀਜ਼ਾਂ ਸਸਤੇ ਭਾ ਵੇਚਣ ਲਈ ਇਕ ਕੁਆਪਰੇਟਿਵ ਸਟੋਰ, ਪੁਸਤਕ ਭੰਡਾਰ, ੨੦ ਹਜ਼ਾਰ ਪੁਸਤਕਾਂ ਵਾਲੀ ਲਾਇਬ੍ਰੇਰੀ, ਫਲਦਾਰ ਤੇ ਫੁਲਦਾਰ ਬੂਟਿਆਂ ਦੀ ਪਨੀਰੀ, ਆਦਿ।

ਵਿਦਿਆਰਥੀਆਂ ਦੀ ਰਿਹਾਇਸ਼ ਲਈ ਸੱਤ ਵਡੇ ਖੁਲ੍ਹੇ ਬੋਰਡਿੰਗ ਹਨ, ਜਿਨ੍ਹਾਂ ਵਿਚੋਂ ਇਕ ਹਿੰਦੂਆਂ ਲਈ ਤੇ ਇਕ ਮੁਸਲਮਾਣਾਂ ਲਈ ਭੀ ਹੈ।

ਇਸ ਕਾਲਜ ਦੀ ਇਕ ਖ਼ਾਸ ਖੂਬੀ ਇਹ ਹੈ ਕਿ ਇਸ ਵਿਚ ਸਿਖ ਉਸਤਾਦਾਂ ਤੇ ਵਿਦਿਆਰਥੀਆਂ ਦੇ ਨਾਲ ੨ ਗ਼ੈਰ-ਸਿਖ ਉਸਤਾਦ ਅਤੇ ਵਿਦਿਆਰਥੀ ਭੀ ਬਿਨਾਂ ਰੋਕ ਟੋਕ ਦੇ ਲਏ ਜਾਂਦੇ ਹਨ। ਗੁਰੂ ਨਾਨਕ ਦੇਵ ਦੇ ਘਰ ਵਾਂਗੂ ਜੋ ਵੀ ਆਦਮੀ ਉਸਤਾਦ ਜਾਂ ਵਿਦਿਆਰਥੀ ਹੋ ਕੇ ਇਸ ਦੇ ਇਹਾਤੇ ਅੰਦਰ ਆ ਵੜਦਾ ਹੈ, ਉਸ ਨਾਲ ਕਿਸੇ ਤਰ੍ਹਾਂ ਦਾ ਵਿਤਕਰਾ ਨਹੀਂ ਕੀਤਾ ਜਾਂਦਾ।

ਧਰਮ-ਵਿਦਿਆ ਦੀ ਪੜ੍ਹਾਈ ਦਾ ਖ਼ਾਸ ਇੰਤਜ਼ਾਮ ਹੈ। ਹਰ ਰੋਜ਼ ਸਵੇਰੇ ਅਤੇ ਸ਼ਾਮ ਸਾਰੇ ਵਿਦਿਆਰਥੀ ਅਤੇ ਉਸਤਾਦ ਗੁਰਦੁਆਰੇ ਵਿਚ ਕੀਰਤਨ ਪਾਠ ਸੁਣਨ ਲਈ ਹਾਜ਼ਰ ਹੁੰਦੇ ਹਨ। ਇਸ ਨੇਮ ਦਾ ਜੋ ਅਸਰ ਹੁੰਦਾ ਹੈ ਉਹ ਬਾਵਜੂਦ ਵਰਤਮਾਨ ਸਮੇਂ ਦੀਆਂ ਔਕੜਾਂ ਦੇ ਵਿਦਿਆਰਥੀਆਂ ਦੀ ਰਹਿਣੀ ਬਹਿਣੀ ਦੇ ਅੰਦਰ ਘਰ ਕਰ ਜਾਂਦਾ ਹੈ। ਇਸ ਦਾ ਸਬੂਤ ਇਸ ਤੋਂ ਵਧ ਕੇ ਕੀ ਹੋ ਸਕਦਾ ਹੈ ਕਿ ਜਿਤਨੇ ਮੁਖੀ ਸੇਵਕ ਏਸ ਵੇਲੇ ਸਿੱਖਾਂ ਵਿਚ ਕੰਮ ਕਰ ਰਹੇ ਹਨ, ਓਹ ਖਾਲਸਾ ਕਾਲਜ ਅੰਮ੍ਰਿਤਸਰ ਦੇ ਪੁਰਾਣੇ ਵਿਦਿਆਰਥੀ ਹਨ। ਇਹ ਕਹਿਣਾ ਮੁਬਾਲਗਾ ਨਹੀਂ ਹੋਵੇਗਾ ਕਿ ਖਾਲਸਾ ਕਾਲਜ ਨਾ ਕੇਵਲ ਸਿੱਖਾਂ ਦਾ ਸਭ ਤੋਂ ਵੱਡਾ ਵਿਦਿਆ-ਮੰਦਰ ਹੈ, ਸਗੋਂ ਕੌਮੀ ਉਸਾਰੀ, ਧਾਰਮਕ ਸੁਧਾਰ, ਅਤੇ ਸਮਾਜਕ-ਉੱਨਤੀ ਦਾ ਕੇਂਦਰ ਹੈ।

ਸਾਊ ਉਹ ਹੈ ਜੋ ਸੋਹਣਾ ਵਰਤੇ। ਅੰਗ੍ਰੇਜੀ ਦੇ ਲਫ਼ਜ਼ 'ਜੰਟਲਮੈਨ ਵਾਂਗੂ' 'ਸਾਊ' ਦੇ ਅਰਥ ਭੀ ਬਦਲਦੇ ਆਏ ਹਨ। ਪਹਿਲਾਂ ਪਹਿਲ ਇਹ ਲਫ਼ਜ਼ ਸਮਾਜਕ ਜਾਂ ਖਾਨਦਾਨੀ ਵਡਿਆਈ ਦਾ ਵਾਚਕ ਸੀ। ਸਾਊ ਜਾਂ ਰਾਠ ਓਹ ਲੋਕ ਹੁੰਦੇ ਸਨ ਜਿਹੜੇ ਰਾਜੇ ਦੇ 'ਸਾਥੀ' ਹੋਣ, ਰਾਜ-ਦਰਬਾਰ ਜਾਂ ਜੰਗ ਵਿਚ ਸ਼ਾਮਲ ਹੋ ਕੇ ਉਸ ਦਾ ਸਾਥ ਦੇਣ, ਜਿਹੜੇ ਆਮ ਲੋਕਾਂ ਵਾਂਗ ਮਿਹਨਤ ਮਜੂਰੀ ਕਰ ਕੇ ਪੇਟ ਪਾਲਣ ਦੀਆਂ ਲੋੜਾਂ ਤੋਂ ਉੱਤੇ ਹੋਣ। "ਨਾਈਆਂ ਦੀ ਜੰਵ ਸਭੇ ਸਾਊ" ਦੇ ਅਖਾਣ ਵਿਚ ਇਸੇ ਵੰਡ ਵਲ ਇਸ਼ਾਰਾ ਹੈ। ਸਾਊ ਲੋਕ "ਭੁਈਂ ਨਹੀਂ ਦੇ ਸਾਂਈਂ" ਹੁੰਦੇ ਸਨ; ਚੰਗਾ ਖਾਂਦੇ ਤੇ ਸੋਹਣਾ ਹੰਢਾਂਦੇ ਸਨ। ਉਨ੍ਹਾਂ ਦੇ ਜੁੱਸੇ ਮਖਣਾਂ ਦੇ ਪੱਲੇ ਹੋਏ ਸੋਹਣੇ ਸੁਡੌਲ ਤੇ ਨਕਸ਼ ਤਿੱਖੇ ਹੁੰਦੇ ਸਨ। 'ਜੇਡਾ ਸਿਰ ਤੇਡੀ ਸਿਰਿ ਪੀੜਾ' ਦਾ ਅਖਾਣ ਦਸਦਾ ਹੈ ਕਿ ਸਿਰ ਸਾਊਆਂ ਦੇ ਵੱਡੇ ਹੁੰਦੇ ਸਨ, ਅਤੇ ਉਨ੍ਹਾਂ ਉਤੇ ਉੱਨੀਆਂ ਹੀ ਵੱਡੀਆਂ ਪੱਗਾਂ। ਉਨ੍ਹਾਂ ਦਾ ਪਹਿਰਾਵਾ ਠੁਕ ਅਬਰੋ ਵਾਲਾ ਤੇ ਆਮ ਲੋਕਾਂ ਲਈ ਨਮੂਨੇ ਦਾ ਕੰਮ ਦਿੰਦਾ ਸੀ। ਖ਼ਾਸ ਕਰਕੇ ਉਨ੍ਹਾਂ ਦੇ ਬੋਲ ਮਿੱਠੇ ਕੋਮਲ ਤੇ ਸਭਿੱਤਾ ਵਾਲੇ ਹੁੰਦੇ ਸਨ। ਉਨ੍ਹਾਂ ਨੂੰ ਮੌਕੇ ਸਿਰ ਪਹਿਤੀ ਗੱਲ ਆਖਣ ਦੀ ਜਾਚ ਆਉਂਦੀ ਸੀ। ਚਾਲ ਢਾਲ ਵਿਚ ਬਿਨਾਂ ਹੈਂਕੜ ਦੇ ਗੰਭੀਰ, ਅਝੱਕ ਹੋਣ ਦੇ ਬਾਵਜੂਦ ਨਿਮ੍ਹੀ ੨ ਲੱਜਾ ਵਾਲੇ ਤੇ ਹੋਛੇ ਦਿਖਾਵੇ ਤੋਂ ਬਿਨਾਂ ਉਦਾਰ-ਚਿਤ ਤੇ ਮਿਤਰਾਨਾ ਸਲੂਕ ਵਾਲੇ ਹੁੰਦੇ ਸਨ। ਆਪਣੀ ਅਣਖ ਉਤੇ ਮਰ ਮਿਟਣਾ, ਬਾਂਹ ਫੜੀ ਦੀ ਲਾਜ ਰਖਣੀ, ਬਚਨ ਦਾ ਪੱਕਾ ਹੋਣਾ, ਔਕੜ ਦੇ ਵੇਲੇ ਢੇਰੀ ਨਾ ਢਾਹ ਬਹਿਣਾ, ਬਲਕਿ ਖਿੜੇ ਮਥੇ ਹੌਸਲੇ ਨਾਲ ਮੁਸੀਬਤ ਦਾ ਟਾਕਰਾ ਕਰਨਾ-ਇਹ ਉਨ੍ਹਾਂ ਦੇ ਖ਼ਾਸ ਗੁਣ ਹੁੰਦੇ ਸਨ। ਇਨ੍ਹਾਂ ਦੇ ਉਲਟ ਅਸਾਊ ਜਾਂ ਕੰਮੀ ਲੋਕਾਂ ਦਾ ਖ਼ਾਸ ਔਗਣ 'ਕਮੀਨਗੀ' ਹੁੰਦਾ ਸੀ, ਜਿਸ ਵਿਚ ਨੀਚਤਾ, ਕਾਇਰਤਾ, ਹੋਛਾਪਣ, ਤੰਗਦਿਲੀ, ਨਿਲੱਜਤਾ, ਸੰਗਾਊਪੁਣਾ, ਅਵੈੜ, ਮੋਟੀ ਠੁਲ੍ਹੀ ਬੋਲੀ ਤੇ ਹਰ ਤਰ੍ਹਾਂ ਦਾ ਕੋਝ ਸ਼ਾਮਲ ਸੀ।

ਜਿਉਂ ਜਿਉਂ ਸਮਾਜ ਦੀ ਬਣਤਰ ਬਦਲਦੀ ਗਈ ਅਤੇ ਖ਼ਾਸ ੨ ਵਿਹਲੀਆਂ ਜਮਾਤਾਂ ਦੀ ਥਾਂ ਆਮ ਲੋਕਾਂ ਦੀ ਕਦਰ ਵਧਦੀ ਗਈ, ਊਚ ਨੀਚ ਦਾ ਭਾਵ ਨਸਲੀ ਜਾਂ ਖ਼ਾਨਦਾਨੀ ਵਿਤਕਰੇ ਉਤੇ ਨਿਰਭਰ ਹੋਣ ਦੀ ਥਾਂ ਸ਼ਖ਼ਸੀ ਆਚਰਣ ਉਤੇ ਨਿਰਭਰ ਹੋਣ ਲਗਾ, ਤਿਉਂ ਤਿਉਂ ਸਾਊਪੁਣਾ ਭੀ ਸ਼ਖ਼ਸੀ ਗੁਣਾਂ ਲਈ ਵਰਤੀਣ ਲੱਗਾ | ਹੁਣ ਇਹ ਗੁਣ ਨਿਰੀਆਂ ਉਚੀਆਂ ਜਾਤੀਆਂ ਵਿਚ ਹੀ ਨਹੀਂ ਵੇਖਿਆ ਜਾਂਦਾ, ਬਲਕਿ ਸਧਾਰਨ ਲੋਕਾਂ ਵਿਚ ਵੀ ਮਿਲਦਾ ਹੈ। ਇਸੇ ਦਾ ਨਾਂ ਸ਼ਰਾਫ਼ਤ, ਭਲਮਣਸਊ, ਬੀਬਾਪੁਣਾ ਹੈ।

ਇਸ ਗੁਣ ਦੀ ਅਜਕਲ ਖ਼ਾਸ ਲੋੜ ਹੈ। ਲੋਕਾਂ ਵਿਚੋਂ ਭਾਵੇਂ ਨਸਲੀ ਵਿਤਕਰੇ ਘਟ ਰਹੇ ਹਨ, ਪਰ ਹੋਰ ਕਈ ਤਰ੍ਹਾਂ ਦੇ ਵਖੇਵੇਂ ਦਮਾਗੀ ਤੇ ਸਮਾਜਕ ਉਨਤੀ ਅਵੁਨਤੀ ਦੇ ਕਾਰਣ ਵਧ ਰਹੇ ਹਨ। ਪੜ੍ਹਿਆਂ ਹੋਇਆਂ ਦੀ ਅਨਪੜ੍ਹਾਂ ਨਾਲ, ਅਮੀਰਾਂ ਦੀ ਗ਼ਰੀਬਾਂ ਨਾਲ, ਅਤੇ ਧਰਮ ਦੇ ਠੇਕੇਦਾਰਾਂ ਦੀ ਆਮ ਖੁਲ੍ਹ-ਖਿਆਲੀਆਂ ਤੇ ਖੁਲ੍ਹ-ਵਰਤੀਆਂ ਨਾਲ ਖਹਿ-ਮਖਹਿ ਬਣੀ ਰਹਿੰਦੀ ਹੈ। ਇਸ ਟਾਕਰੇ ਵਿਚ ਹਰ ਵਕਤ ਇਹ ਖਤਰਾ ਰਹਿੰਦਾ ਹੈ ਕਿ ਇਕ ਧਿਰ ਦੂਜੀ ਧਿਰ ਨਾਲ ਵਰਤਦਿਆਂ ਸੱਭਿਤਾ ਦੇ ਪੈਂਤੜੇ ਤੋਂ ਥਿੜਕ ਜਾਏ।

ਫਿਰ ਜਿੰਦਗੀ ਦੀ ਦੌੜ ਭੱਜ, ਰੋਜ਼ੀ ਕਮਾਉਣ ਦੀ ਹਫੜਾ-ਦਫੜੀ ਇੰਨੀ ਵਧ ਗਈ ਹੈ ਕਿ ਇਸ ਖੇਡ ਵਿਚ ਸਾਊਪੁਣੇ ਦੇ ਨੇਮ ਪਾਲਣੇ ਔਖੇ ਹੋ ਜਾਂਦੇ ਹਨ। ਹਰ ਇਕ ਆਦਮੀ ਆਪਣਾ ਹੀ ਕੰਮ ਸਾਰਨਾ ਚਾਹੁੰਦਾ ਹੈ, ਤੇ ਹੋਰਨਾਂ ਤੋਂ ਅਗਾਹਾਂ ਲੰਘ ਕੇ ਛੇਤੀ ਹੀ ਕਾਮਯਾਬੀ ਦਾ ਮੂੰਹ ਦੇਖਣਾ ਚਾਹੁੰਦਾ ਹੈ। ਇਸ ਉਤਾਵਲ ਵਿਚ ਕਈ ਵੇਰ ਸ਼ਰਾਫ਼ਤ ਦਾ ਪੱਲਾ ਹਥੋਂ ਛੁੜਕ ਜਾਂਦਾ ਹੈ।

ਅਜਕਲ ਲੋਕਾਂ ਵਿਚ ਸ੍ਵੈਮਾਨਤਾ ਦਾ ਇਕ ਗ਼ਲਤ ਖਿਆਲ ਘਰ ਕਰ ਗਿਆ ਹੈ। ਉਹ ਹੈ ਆਪਣੀ ਪੁਜ਼ੀਸ਼ਨ ਕਾਇਮ ਰੱਖਣ ਦੀ ਹੈਂਕੜ। ਅੱਗੇ ਲੋਕਾਂ ਨੂੰ ਖਿਆਲ ਹੁੰਦਾ ਸੀ ਕਿ ਹਾਏ ਸਾਡਾ ਨੱਕ ਨਹੀਂ ਰਹਿੰਦਾ। ਹੁਣ ਉਸ ਦੀ ਥਾਂ ਪਦਵੀ ਦੇ ਦਿਖਾਵੇ ਨੇ ਮੱਲ ਲਈ ਹੈ। ਗੱਡੀ ਦੇ ਡੱਬੇ ਵਿਚ ਕੋਲ ਬੈਠਾ ਮੁਸਾਫ਼ਰ ਤੇਹ ਨਾਲ ਜਾਂ ਬੀਮਾਰੀ ਨਾਲ ਤੜਫ਼ ਰਿਹਾ ਹੋਵੇ, ਪਰ ਬਾਬੂ ਹੋਰੀ ਉਸ ਨਾਲ ਕੂਣ ਗੇ ਭੀ ਨਹੀਂ, ਕਿਉਂਕਿ ਉਸ ਨਾਲ ਜਾਣ-ਪਛਾਣ ਨਹੀਂ ਕਰਾਈ ਗਈ! ਮਿੱਟੀ ਵਿਚ ਰੁਲਦੇ ਫੱਟੜ ਨੂੰ ਮੋਢੇ ਤੇ ਚੁਕ ਕੇ ਹਸਪਤਾਲ ਪੁਚਾਣ ਲਈ ਕੋਈ ਮੈਲੇ ਕਪੜਿਆਂ ਵਾਲਾ ਮਜ਼ੂਰ ਨਿਤਰ ਪਵੇ ਤਾਂ ਨਿਤਰ ਪਵੇ, ਪਰ ਇਹ ਕੰਮ ਬੂਟ ਸੂਟ ਪਹਿਨੇ ਹੋਏ ਜੰਟਲਮੈਨ ਕੋਲੋਂ ਨਹੀਂ ਹੋਣਾ, ਕਿਉਂਕਿ ਇਉਂ ਕਰਨ ਨਾਲ ਉਸ ਦੀ ਪੈਂਟ ਦੀ ਭਾਨ ਵਿੰਗੀ ਹੋ ਜਾਂਦੀ ਹੈ, ਜਾਂ ਕੋਟ ਦੀ ਤਹਿ ਭਜ ਜਾਂਦੀ ਹੈ! ਲੋਕੀ ਵਡਿਆਈ ਇਸੇ ਵਿਚ ਸਮਝਦੇ ਹਨ ਕਿ ਮੂੰਹ ਵੱਟ ਕੇ ਮੱਥੇ ਤੇ ਤਿਉੜੀ ਪਾਈ ਰਖਣਾ, ਨਾ ਕਿਸੇ ਨਾਲ ਖੁਲ੍ਹ ਕੇ ਬੋਲਣਾ ਨਾ ਹਸਣਾ। ਅਜਕਲ ਅਫਸਰੀ ਦਾ ਅਹੁਦਾ ਇਕ ਉਚੀ ਪਹਾੜ ਦੀ ਟੀਸੀ ਹੈ ਜਿਸ ਉਤੇ ਨਿਰੀ ਠੰਢੀ ਸੰਦ ਤੇ ਇਕੱਲ ਵਰਤੀ ਰਹਿੰਦੀ ਹੈ। ਐਹੋ ਜਿਹੇ ਬਦਨਸੀਬ ਅਫ਼ਸਰ ਨੂੰ ਆਪਣੇ ਨਾਲ ਜਾਂ ਹੇਠਾਂ ਕੰਮ ਕਰਨ ਵਾਲਿਆਂ ਨਾਲ ਕੋਈ ਭਰਾਵੱਲੀ ਦੀ ਸਾਂਝ ਨਹੀਂ ਹੁੰਦੀ। ਉਸ ਨੂੰ ਜੀ ਕਰਦਾ ਭੀ ਹੋਵੇ ਤਾਂ ਭੀ ਹੀਆ ਨਹੀਂ ਪੈਂਦਾ ਕਿ ਆਪਣੀ ਪਦਵੀ ਦੇ ਮਾਣ ਤੋਂ ਹੇਠਾਂ ਲਹਿ ਕੇ ਕਿਸੇ ਨੂੰ ਸਾਥੀ ਸਮਝ ਕੇ ਗਲਵਕੜੀ ਪਾ ਲਵੇ ਜਾਂ ਹਾਸੇ ਨੂੰ ਹੀ ਆਪਣੇ ਹੋਠਾਂ ਤੋਂ ਬਾਹਰ ਨਿਕਲਣ ਦੇਵੇ। ਇਹ ਫੋਕਾ ਰੋਅਬ ਦਾਬ ਹੈ, ਸ੍ਵੈਮਾਨਤਾ ਨਹੀਂ। ਅਸਲ ਸ੍ਵੈਮਾਨਤਾ ਬਾਹਰ ਦਿਖਾਵੇ ਵਿਚ ਨਹੀਂ ਆਉਂਦੀ। ਇਹ ਦਿਸੇ ਭੀ ਤਾਂ ਲੋਕਾਚਾਰ ਦੀ ਗੁਲਾਮੀ ਤੋਂ ਸੁਤੰਤਰਤਾ, ਸਚਾਈ ਦੇ ਅਟਲ ਪਿਆਰ ਤੇ ਆਚਰਣ ਦੀ ਸਫ਼ਾਈ ਤੇ ਦ੍ਰਿੜ੍ਹਤਾ ਵਿਚ ਦਿਸਦੀ ਹੈ। ਇਸੇ ਸ੍ਵੈਮਾਨ ਦੇ ਕਾਰਨ ਗ਼ਰੀਬ ਆਦਮੀ ਆਪਣੇ ਕੱਚੇ ਕੋਠੇ ਨੂੰ ਲਿੰਬ ਪੋਚ ਕੇ ਰਖਦਾ, ਲੋਕਾਂ ਦੇ ਸਾਮ੍ਹਣੇ ਸੁਅੱਛ ਕਪੜੇ ਪਾ ਕੇ ਆਉਂਦਾ ਅਤੇ ਬਿਗਾਨਿਆਂ ਅਗੇ ਆਪਣੇ ਦੁਖੜੇ ਫੋਲਣ ਤੋਂ ਸੰਗਦਾ ਹੈ। ਐਸੀ ਸ੍ਵੈਮਾਨਤਾ ਵਾਲਾ ਆਦਮੀ ਹੰਗਤਾ, ਚਾਪਲੂਸੀ ਤੇ ਹੋਛੀ ਟਿਚਕਰ ਤੋਂ ਪਰ੍ਹੇ ਨਸਦਾ ਹੈ, ਆਪਣੇ ਗੁੱਸੇ ਨੂੰ ਕਾਬੂ ਵਿਚ ਰਖ ਕੇ ਲੋਕਾਂ ਸਾਮ੍ਹਣੇ ਝਗੜਨ ਜਾਂ ਛਿੱਥਾ ਪੈਣ ਤੋਂ ਝਕਦਾ ਹੈ, ਅਤੇ ਜੇ ਕਿਧਰੇ ਕਿਸੇ ਨਾਲ ਕਰੜਾ ਇਨਸਾਫ਼ ਵਰਤਣਾ ਪਏ, ਤਾਂ ਆਪਣੇ ਫੈਸਲੇ ਨੂੰ ਹੈਂਕੜ ਤੋਂ ਸਾਫ਼ ਕਰ ਕੇ ਸੋਹਣੇ, ਕੋਮਲ ਤੇ ਤਰਸਵਾਨ ਲਹਿਜੇ ਵਿਚ ਜ਼ਾਹਰ ਕਰਦਾ ਹੈ।

ਸਾਊਪਣੇ ਦੀ ਵਰਤੋਂ ਵਿਚ ਇਕ ਹੋਰ ਔਕੜ ਇਸ ਜ਼ਮਾਨੇ ਦੀ ਆਪਣੀ ਪੈਦਾ ਕੀਤੀ ਹੋਈ ਹੈ। ਉਹ ਹੈ ਮਨੁਖਾਂ ਦੀ ਪਰਸਪਰ ਸਮਾਨਤਾ ਦਾ ਖਿਆਲ। ਇਸ ਨਵੇਂ ਖਿਆਲ ਨੇ ਜਿਥੇ ਪੁਰਾਣੀਆਂ ਗ਼ੁਲਾਮੀਆਂ ਦੂਰ ਕਰਨ ਵਿਚ ਸਹਾਇਤਾ ਕੀਤੀ ਹੈ, ਉਥੇ ਕਈ ਤਰ੍ਹਾਂ ਦੀ ਸ਼ੋਖ਼ੀ ਤੇ ਗੁਸਤਾਖ਼ੀ ਵਧਾ ਦਿੱਤੀ ਹੈ, ਜਿਸ ਨਾਲ ਸਾਊਪੁਣਾ ਕਾਇਮ ਨਹੀਂ ਰਹਿੰਦਾ। ਮਸਲਨ, ਕਈਆਂ ਲੋਕਾਂ ਨੂੰ ਖਿਆਲ ਹੋ ਗਿਆ ਹੈ ਕਿ ਪੂਰੀ ਪੂਰੀ ਸਮਾਨਤਾ ਤਦੇ ਹੋ ਸਕਦੀ ਹੈ ਜੇ ਉਮਰ ਅਕਲ ਤੇ ਪਦਵੀ ਦੀ ਵਡਿਆਈ ਦਾ ਲਿਹਾਜ਼ ਛਡ ਕੇ ਸਭ ਨੂੰ ਇਕੋ ਜਿਹਾ ਠੁਠ ਦਿਖਾਇਆ ਜਾਵੇ। ਹੋ ਸਕਦਾ ਹੈ ਕਿ ਸਾਡੇ ਮਾਪੇ ਪੜ੍ਹਾਈ ਵਿਚ ਸਾਥੋਂ ਘਟੀਆ ਹੋਣ, ਪਰ ਇਸ ਕਾਰਣ ਉਨ੍ਹਾਂ ਦੀ ਸਮਝ ਤੇ ਤਜਰਬੇ ਨੂੰ ਹੇਚ ਸਮਝਣਾ ਉਨ੍ਹਾਂ ਦੀ ਨਿਰਾਦਰੀ ਕਰਨਾ ਹੈ। ਸ਼ਰਾਫ਼ਤ ਇਸ ਵਿਚ ਹੈ ਕਿ ਉਨ੍ਹਾਂ ਦੀ ਪਦਵੀ ਦਾ ਅਦਬ ਕਰਦੇ ਹੋਏ ਉਨ੍ਹਾਂ ਦੀਆਂ ਦਲੀਲਾਂ ਨੂੰ ਧੀਰਜ ਨਾਲ ਸੁਣੀਏ ਤੇ ਜੇ ਗ਼ਲਤ ਭੀ ਹੋਣ ਤਾਂ ਭੀ ਪਿਆਰ ਵਾਲੇ ਹਾਸੇ ਨਾਲ ਟਾਲ ਦਈਏ ਅਤੇ ਆਪਣੀ ਜਿੱਤ ਦਾ ਦਿਖਾਵਾ ਨਾ ਕਰੀਏ। ਉਸਤਾਦਾਂ ਤੇ ਸ਼ਗਿਰਦਾਂ ਦਾ ਸੰਬੰਧ ਵੀ ਇਕ ਪਿਆਰ ਤੇ ਆਦਰ ਵਾਲਾ ਸੰਬੰਧ ਹੈ। ਸਮਾਨਤਾ ਦੇ ਖਿਆਲ ਨਾਲ ਕਈ ਵਾਰੀ ਵਿਦਿਆਰਥੀਆਂ ਨੂੰ ਇਹ ਤੌਖਲਾ ਹੋ ਜਾਂਦਾ ਹੈ ਕਿ ਕਾਲਜ ਵੀ ਕਾਰਖਾਨਿਆਂ ਵਾਕਰ ਹੁੰਦੇ ਹਨ, ਜਿਨ੍ਹਾਂ ਵਿਚ ਮੁੰਡੇ ਮਜ਼ਦੂਰਾਂ ਵਾਕਰ ਕੰਮ ਕਰਦੇ ਹਨ, ਜਾਂ ਇਉਂ ਕਹੋ ਕਿ ਮੁੰਡੇ ਫੀਸ ਦੀ ਸ਼ਕਲ ਵਿਚ ਮਜ਼ੂਰੀ ਦੇਂਦੇ ਹਨ ਤੇ ਪ੍ਰੋਫ਼ੈਸਰ ਪੈਸੇ ਲੈ ਕੇ ਪੜ੍ਹਾਈ ਕਰਾਉਂਦੇ ਹਨ। ਜਦ ਭੀ ਪ੍ਰੋਫੈਸਰਾਂ ਜਾਂ ਪ੍ਰਬੰਧਕਾਂ ਨਾਲ ਵਿਦਿਆਰਥੀਆਂ ਦਾ ਵਖੇਵਾਂ ਹੋਇਆ, ਝਟ ਹੜਤਾਲ ਦੇ ਰਾਹੋਂ ਉਨ੍ਹਾਂ ਉਤੇ ਦਾਬਾ ਪਾ ਕੇ ਆਪਣੀਆਂ ਸ਼ਰਤਾਂ ਮੰਨਵਾ ਲਈਆਂ। ਕਈ ਵਾਰੀ ਵਿਦਿਆਰਥੀ ਕਾਲਜ ਨੂੰ ਕਲੱਬ ਜਾਂ ਸਭਾ ਮੰਨ ਕੇ ਸਾਰੇ ਫੈਸਲੇ ਆਪਣੀਆਂ ਰਾਵਾਂ ਦੀ ਬਹੁ-ਸੰਮਤੀ ਨਾਲ ਮੰਨਵਾਣਾ ਚਾਹੁੰਦੇ ਹਨ। ਯਾਦ ਰਖਣਾ ਚਾਹੀਦਾ ਹੈ ਕਿ ਕਾਲਜ ਸਭਾ (association) ਨਹੀਂ, ਆਸ਼੍ਰਮ (institution) ਹੁੰਦਾ ਹੈ। ਜਿਵੇਂ ਘਰ ਵਿਚ ਮਾਪਿਆਂ ਨੂੰ ਬਾਲ ਬਚੇ ਦੀ ਰਾਇ ਦੀ ਕਦਰ ਕਰਨੀ ਚਾਹੀਦੀ ਹੈ, ਬਲਕਿ ਰਾਇ ਬਣਾਣ ਤੇ ਉਸ ਨੂੰ ਮਨਾਣ ਦੀ ਜਾਚ ਸਿਖਾਲਨੀ ਚਾਹੀਦੀ ਹੈ, ਪਰ ਅੰਤਮ ਫੈਸਲਾ ਮਾਪਿਆਂ ਦੇ ਹੱਥ ਹੋਣਾ ਚਾਹੀਦਾ ਹੈ, ਨਾਕਿ ਸਾਰੇ ਟੱਬਰ ਦੀ ਬਹੁ-ਸੰਮਤੀ ਉਤੇ; ਇਸੇ ਤਰ੍ਹਾਂ ਵਿਦਿਅਕ ਆਸ਼੍ਰਮਾਂ ਵਿਚ ਪ੍ਰਬੰਧਕਾਂ ਦਾ ਫਰਜ਼ ਹੈ ਕਿ ਉਹ ਵਿਦਿਆਰਥੀਆਂ ਨੂੰ ਸੁਤੰਤਰ ਰਾਇ ਬਣਾਣ ਤੇ ਉਸ ਨੂੰ ਯੋਗਤਾ ਦੇ ਆਸਰੇ ਮੰਨਵਾਣ ਦੀ ਜਾਚ ਸਿਖਾਲਣ,ਪਰ ਵਿਦਿਆਰਥੀਆਂ ਨੂੰ ਆਪਣੀਆਂ ਰਾਵਾਂ ਦੀ ਬਹੁਲਤਾ ਜਾਂ ਆਮਦਨੀ ਦੇ ਘਾਟੇ ਦੇ ਡਰਾਵੇ ਦੇ ਜ਼ੋਰ ਨਾਲ ਆਪਣੀ ਈਨ ਮਨਾਣ ਦੀ ਕੋਸ਼ਸ਼ ਨਹੀਂ ਕਰਨੀ ਚਾਹੀਦੀ। ਸਭਾ ਤੇ ਆਸ਼੍ਰਮ ਵਿਚ ਫ਼ਰਕ ਇਹੋ ਹੁੰਦਾ ਹੈ ਕਿ ਸਭਾ ਵਿਚ ਸਾਰੇ ਮਿੰਬਰ ਆਪੋ ਆਪਣੀ ਸੁਤੰਤਰ ਰਾਇ ਰਖਦੇ ਹਨ ਤੇ ਉਨ੍ਹਾਂ ਦੇ ਅਧਿਕਾਰ ਬ੍ਰਾਬਰ ਹੁੰਦੇ ਹਨ, ਪਰ ਆਸ਼੍ਰਮ ਵਿਚ ਸਿਖਾਂਦਰੂ ਇਕੱਠੇ ਹੁੰਦੇ ਹਨ ਜਿਨ੍ਹਾਂ ਦੀ ਰਾਏ ਅਜੇ ਸੁਤੰਤਰ ਬਣ ਰਹੀ ਹੁੰਦੀ ਹੈ, ਪਰ ਪੂਰੀ ਤਰ੍ਹਾਂ ਬਣੀ ਨਹੀਂ ਹੁੰਦੀ, ਅਤੇ ਪ੍ਰਬੰਧ ਵਿਚ ਤਾਂ ਉਨ੍ਹਾਂ ਦੇ ਅਧਿਕਾਰ ਦੀ ਥਾਂ ਈ ਨਹੀਂ ਹੁੰਦੀ। ਐਸੀ ਹਾਲਤ ਵਿਚ ਆਪਣੀ ਰਾਇ ਪ੍ਰਬੰਧਕਾਂ ਤਕ ਪੁਚਾਣਾ ਤਾਂ ਫਰਜ਼ ਹੈ, ਪਰ ਉਸ ਨੂੰ ਨਿਰੀ ਬਹੁਲਤਾ ਦੇ ਆਸਰੇ ਮਨਵਾਣਾ ਠੀਕ ਨਹੀਂ। ਨਾਲੇ ਏਥੇ ਰਿਸ਼ਤਾ ਮਾਲਕਾਂ ਤੇ ਮਜੂਰਾਂ ਵਾਲਾ ਨਹੀਂ ਹੁੰਦਾ, ਬਲਕਿ ਘਰ ਦੇ ਬੰਦਿਆਂ ਵਾਲਾ ਹੁੰਦਾ ਹੈ, ਜਿਨ੍ਹਾਂ ਨੇ ਰੱਲ ਕੇ ਕੁਝ ਸਿਖਣਾ ਸਿਖਾਣਾ ਹੈ, ਕੁਝ ਬਣਨਾ ਬਣਾਣਾ ਹੈ, ਨਾ ਕਿ ਕੁਝ ਦੇਣਾ ਜਾਂ ਲੈਣਾ।

ਸਾਊਪੁਣਾ ਕੀ ਹੈ? ਮਨੁਖਾਂ ਦੀ ਆਪੋ ਵਿਚ ਦੀ ਸੋਹਣੀ ਵਰਤੋਂ। ਇਹ ਮਨ ਦੀ ਇਕ ਹਾਲਤ ਹੁੰਦੀ ਹੈ ਜੋ ਸਦੀਆਂ ਦੀ ਮਿਹਨਤ ਤੇ ਕਈ ਪੀਹੜੀਆਂ ਦੀ ਰਲਵੀਂ ਤੇ ਲਗਾਤਾਰ ਵਰਤੋਂ ਤੋਂ ਪੈਦਾ ਹੁੰਦੀ ਹੈ। ਇਸ ਵਿਚ ਬਹੁਤਾ ਹਿੱਸਾ ਖ਼ਾਨਦਾਨੀ ਜੀਵਣ-ਜਾਚ ਜਾਂ ਰੀਤੀ ਦਾ ਹੁੰਦਾ ਹੈ। ਫਿਰ ਉਸ ਵਿਚ ਮਨੁਖ ਦੀ ਆਪਣੀ ਸਮਾਜਕ ਰਹਿਣੀ ਦੀਆਂ ਸੁੰਦਰਤਾਈਆਂ ਆ ਸ਼ਾਮਲ ਹੁੰਦੀਆਂ ਹਨ।

ਸਾਊ ਦਾ ਸਭ ਤੋਂ ਵਡਾ ਗੁਣ ਇਹ ਹੈ ਕਿ ਉਹ ਕਿਸੇ ਦਾ ਦਿਲ ਨਹੀਂ ਦੁਖਾਣਾ ਚਾਹੁੰਦਾ। ਉਹ 'ਸਭਨਾ ਮਨ ਮਾਣਿਕ, ਠਾਹੁਣ ਮੂਲਿ ਮਚਾਂਗਵਾ' ਵਾਲੇ ਹੁਕਮ ਉਤੇ ਚਲਦਾ ਹੈ। ਗੱਲਾਂ ਕਰਦਿਆਂ ਜੇ ਕਿਤੇ ਰਾਇ ਦਾ ਫ਼ਰਕ ਹੋ ਪਵੇ ਤਾਂ ਉਹ ਆਪਣੀ ਰਾਇ ਦੇ ਕੇ ਦੂਜੇ ਦੀ ਵਿਚਾਰ ਗੋਚਰੇ ਛਡ ਦਿੰਦਾ ਹੈ। ਮੁੜ ਮੁੜ ਆਪਣੀ ਰਾਇ ਨੂੰ ਦੁਹਰਾ ਕੇ ਕਿਸੇ ਨੂੰ ਤੰਗ ਕਰਨ ਤੋਂ ਸੰਕੋਚ ਕਰਦਾ ਹੈ। ਇਕ ਵਾਰੀ ਆਪਣੀ ਵਿਚਾਰ ਪੇਸ਼ ਕਰ ਕੇ ਦੇਖਦਾ ਹੈ ਕਿ ਜੇ ਅਗਲਾ ਆਪਣੀ ਰਾਇ ਨੂੰ ਨਹੀਂ ਬਦਲਦਾ ਤਾਂ ਗਲ ਨੂੰ ਘਸੀਟਦਾ ਨਹੀਂ, ਸਗੋਂ ਉਥੇ ਹੀ ਛੱਡ ਕੇ ਕਿਸੇ ਹੋਰ ਪਹਿਲੂ ਨੂੰ ਲੈ ਲੈਂਦਾ ਹੈ ਜਾਂ ਗੱਲ ਹੀ ਪਤਾ ਜਾਂਦਾ ਹੈ। ਦਲੀਲ ਵਿਚ ਧੌਂਸ ਜਾਂ ਆਪਣੀ ਪਦਵੀ ਦਾ ਦਾਬਾ ਨਹੀਂ ਜਤਾਂਦਾ। ਅਗਲੇ ਨੂੰ ਆਪਣੇ ਨਾਲ ਦਾ ਸਮਝ ਕੇ ਹੌਲੀ ੨ ਠਰ੍ਹੰਮੇ ਨਾਲ ਗਲ ਕਰਦਾ ਹੈ। ਉਹ ਉੱਚਾ ਨਹੀਂ ਬੋਲਦਾ, ਪੱਛੋਂ ਪੁਛ ਪੁਛ ਕੇ ਤੰਗ ਨਹੀਂ ਕਰਦਾ, ਬਲਕਿ ਆਪਣੀ ਗਲ ਬਿਆਨ ਕਰ ਕੇ ਸਮਝਾਂਦਾ ਹੈ। ਆਪਸ ਵਿਚ ਵਿਚਾਰ ਕਰਦਿਆਂ ਦੂਜੇ ਦੀ ਕਮਜ਼ੋਰੀ ਦਾ ਨਾਜਾਇਜ਼ ਫ਼ਾਇਦਾ ਨਹੀਂ ਉਠਾਂਦਾ, ਸਗੋਂ ਉਸ ਦੀ ਦਲੀਲ ਦੇ ਚਗੇ ਹਿਸੇ ਨੂੰ ਮੰਨ ਕੇ ਤੇ ਪੂਰੀ ਪੂਰੀ ਕਦਰ ਕਰ ਕੇ ਅਗਾਹਾਂ ਚਲਦਾ ਹੈ। ਉਹ ਵਿਰੋਧੀ ਦੇ ਅੰਦਰ ਵੜ ਕੇ ਉਸ ਦੇ ਖਿਆਲਾਂ ਨੂੰ ਸਮਝਣ ਦੀ ਕੋਸ਼ਸ਼ ਕਰਦਾ ਹੈ, ਤਾਂ ਉਸ ਨਾਲ ਬੇਇਨਸਾਫੀ ਹੋ ਜਾਏ। ਆਪਣੀ ਬਾਬਤ ਬਹੁਤ ਗੱਲਾਂ ਕਰਨ ਵਾਲਾ ਭੀ ਸਾਊ ਨਹੀਂ ਹੁੰਦਾ, ਕਿਉਂਕਿ ਉਸ ਨੂੰ ਆਪਣੇ ਉਤੇ ਮਾਣ ਹੁੰਦਾ ਹੈ ਤੇ ਦੂਜਿਆਂ ਨੂੰ ਤੁਛ ਸਮਝ ਕੇ ਉਨ੍ਹਾਂ ਦੀ ਗੱਲ ਵਿਚ ਰੁਚੀ ਨਹੀਂ ਦਸਦਾ। ਸਾਊ ਆਦਮੀ ਕਿਸੇ ਨੂੰ ਗਲ ਕਰਦਿਆਂ ਟੋਕਦਾ ਨਹੀਂ; ਜਦ ਤਕ ਉਹ ਗਲ ਪੂਰੀ ਨਾ ਕਰ ਲਵੇ ਆਪਣੀ ਗਲ ਨਹੀਂ ਚਲਾਂਦਾ। ਹੋਰਨਾਂ ਨੂੰ ਧੀਰਜ ਨਾਲ ਸੁਣਨ ਦੀ ਵਾਦੀ ਚੰਗਿਆਂ ਦੀ ਨਿਸ਼ਾਨੀ ਹੈ। ਇਸ ਦੀ ਤਹਿ ਵਿਚ ਇਕ ਨਿਮ੍ਰਤਾ ਤੇ ਮਿਠਾਸ ਹੈ ਜੋ ਸਾਰੇ ਗੁਣਾਂ ਦਾ ਤਤ ਹੈ। ਗੁਰੂ ਨਾਨਕ ਦੇਵ ਜੀ ਕਹਿੰਦੇ ਹਨ:———

"ਮਿਠਤਿ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ" (ਵਾਰ ਆਸਾ)। ਇਹ ਨਿਮ੍ਰਤਾ ਤੇ ਮਿਠਾਸ ਸਾਰੇ ਬਜ਼ੁਰਗਾਂ ਵਿਚ ਦੇਖੀ ਜਾਂਦੀ ਹੈ। ਸਾਹਦੀ ਜੀ ਕਹਿੰਦੇ ਹਨ, "ਸਿਆਣਾ ਆਦਮੀ ਹਲੀਮੀ ਵਰਤਦਾ ਹੈ, ਜਿਵੇਂ ਫਲ ਨਾਲ ਲਦੀ ਹੋਈ ਟਹਿਣੀ ਧਰਤੀ ਵਲ ਝੁਕਦੀ ਹੈ।" ਨਿਊਟਨ, ਜੋ ਇੰਗਲਸਤਾਨ ਦਾ ਇਕ ਉਘਾ ਸਾਇੰਸਦਾਨ ਹੋਇਆ ਹੈ, ਆਪਣੀ ਅਪਾਰ ਵਿਦਿਆ ਦੇ ਬਾਵਜੂਦ ਕਹਿੰਦਾ ਹੈ ਕਿ ਗਿਆਨ ਇਕ ਅਥਾਹ ਸਮੁੰਦਰ ਵਾਕਰ ਮੇਰੇ ਸਾਮ੍ਹਣੇ ਖਿਲਰਿਆ ਪਿਆ ਹੈ, ਤੇ ਮੈਂ ਉਸ ਦੇ ਕੰਢੇ ਇਕ ਇਆਣੇ ਬਾਲ ਵਾਕਰ ਘੋਗੇ ਚੁਣ ਰਿਹਾ ਹਾਂ। ਸੁਕਰਾਤ ਜੋ ਯੂਨਾਨ ਦਾ ਸਭ ਤੋਂ ਸਿਆਣਾ ਫ਼ਲਾਸਫ਼ਰ ਹੋਇਆ ਹੈ ਕਹਿੰਦਾ ਹੈ ਕਿ ਮੈਨੂੰ ਪੜ੍ਹ ਪੜ੍ਹ ਕੇ ਅੰਤ ਇਕੋ ਗਲ ਨਿਸਚੇ ਹੋਈ ਹੈ ਕਿ ਮੈਨੂੰ ਕੁਝ ਨਹੀਂ ਆਉਂਦਾ।

ਇਹ ਨਿਮ੍ਰਤਾ ਸਭ ਤੋਂ ਵੱਧ ਅਸਰ ਵਾਲੀ ਤਦੇ ਹੁੰਦੀ ਹੈ ਜਦੋਂ 'ਹੋਂਦੇ ਤਾਣਿ ਨਿਤਾਣੀਆਂ ਰਹਹਿ ਨਿਮਾਣਨੀਆਂ' ਵਾਲੀ ਹੋਵੇ। ਹਜ਼ਰਤ ਮੁਹੰਮਦ ਨੇ ਸਾਰੀ ਉਮਰ ਵਿਚ ਕਿਸੇ ਨੂੰ 'ਸਲਾਮ ਅਲੈਕੁਮ' ਆਪਣੇ ਤੋਂ ਪਹਿਲਾਂ ਨਹੀਂ ਸੀ ਕਹਿਣ ਦਿੱਤਾ। ਕਈ ਸਜਣ ਕੋਸ਼ਸ਼ ਕਰਦੇ ਰਹੇ ਕਿ ਸਲਾਮ ਕਰਨ ਵਿਚ ਪਹਿਲ ਕਰਨ, ਪਰ ਨਾ ਹੋ ਸਕੀ। ਇਕ ਵੇਰ ਨਬੀ ਆਪਣੇ ਨੌਕਰ ਨਾਲ ਮਦੀਨੇ ਜਾ ਰਹੇ ਸਨ। ਉਨ੍ਹਾਂ ਪਾਸ ਇਕੋ ਊਠ ਸੀ, ਜਿਸ ਉਤੇ ਵਾਰੋ ਵਾਰੀ ਚੜ੍ਹਦੇ ਸਨ। ਜਦ ਮਦੀਨੇ ਸ਼ਹਿਰ ਵਿਚ ਵੜਨ ਲਗੇ ਤਾਂ ਵਾਰੀ ਨੌਕਰ ਦੀ ਸੀ। ਨਬੀ ਨੂੰ ਨੌਕਰ ਨੇ ਕਿਹਾ, "ਰਸੂਲ ਕਰੀਮ! ਤੁਸੀਂ ਚੜ੍ਹੋ। ਲੋਕੀ ਵੇਖਣਗੇ ਤਾਂ ਕੀ ਕਹਿਣਗੇ?" ਸ਼ਰਾਫਤ ਦੇ ਪੁਤਲੇ ਨਬੀ ਨੇ ਕਿਹਾ, "ਨਹੀਂ ਤੂੰਹੀ ਚੜ੍ਹ। ਮੈਂ ਇਉਂ ਹੀ ਚੰਗਾ ਲਗਦਾ ਹਾਂ।" ਸ਼ਰਾਫ਼ਤ ਦੀ ਪਰਖ ਹੀ ਇਹ ਹੈ ਕਿ ਕੋਈ ਵਡੀ ਪਦਵੀ ਵਾਲਾ ਆਪਣੇ ਨੌਕਰਾਂ ਚਾਕਰਾਂ ਜਾਂ ਆਪਣੇ ਹੇਠਾਂ ਕੰਮ ਕਰਨ ਵਾਲਿਆਂ ਨਾਲ ਕਿਵੇਂ ਵਰਤਦਾ ਹੈ। ਗੁਰੂ ਨਾਨਕ ਆਪਣੀ ਇਲਾਹੀ ਵਡਿਤੱਣ ਦੇ ਹੁੰਦਿਆਂ ਆਪਣੇ ਆਪ ਨੂੰ 'ਸਗ ਨਾਨਕ', 'ਨਾਨਕੁ ਨੀਚੁ', 'ਹਮ ਆਦਮੀ ਹਾਂ ਇਕ ਦਮੀ', 'ਹਉ ਢਾਢੀ ਵੇਕਾਰ ਕਹਿੰਦਾ ਹੈ। ਉਹ ਪੈਗੰਬਰਾਂ ਤੇ ਅਵਤਾਰਾਂ ਵਿਚੋਂ ਨਮੂਨੇ ਦਾ ਸਾਊ ਹੋਇਆ ਹੈ, ਜਿਸ ਨੇ ਅਤੁਟ ਵਖੇਵੇਂ ਰਖਦਿਆਂ ਹੋਇਆਂ ਕਦੀ ਕਿਸੇ ਦੇ ਧਰਮ ਉਤੇ ਸਮੁੱਚੇ ਤੌਰ ਤੇ ਹਮਲਾ ਨਹੀਂ ਕੀਤਾ। ਪਾਪੀਆਂ ਨੂੰ ਭੀ ਰਾਹੇ ਪਾਣ ਲੱਗਿਆਂ ਉਨ੍ਹਾਂ ਦੇ ਦਿਲ ਨੂੰ ਠੀਸ ਨਹੀਂ ਲਗਣ ਦਿੱਤੀ। ਸਜਣ ਠੱਗ ਨੂੰ ਸੁਧਾਰਣ ਲਗਿਆਂ (ਦੇਖੋ ਰਾਗ ਸੂਹੀ ਵਿਚ 'ਉਜਲ ਕੈਹਾ ਚਿਲਕਣਾ' ਵਾਲਾ ਸ਼ਬਦ) ਉਸ ਨੂੰ ਐਸੇ ਸਾਊ ਤਰੀਕੇ ਨਾਲ ਸਮਝਾਇਆ ਹੈ ਕਿ ਉਸ ਨੂੰ ਅੰਦਰੋ ਅੰਦਰੀ ਸ਼ਰਮ ਆਵੇ ਤਾਂ ਪਈ ਆਵੇ, ਪਰ ਬਾਹਰੋਂ ਗੁਰੂ ਜੀ ਦੇ ਸਾਹਮਣੇ ਮੂੰਹ ਕਜਣ ਦੀ ਲੋੜ ਨਾ ਪਏ। ਪਹਿਲਾਂ ਉਸ ਦੇ ਨਾਂ ਉੱਤੇ ਟਕੋਰ ਕਰਦੇ ਹਨ:

'ਸਜਣ ਸੇਈ ਨਾਲਿ ਮੈ ਚਲਦਿਆ ਨਾਲ ਚਲੰਨਿ।
ਜਿਥੈ ਲੇਖਾ ਮੰਗੀਐ ਤਿਥੈ ਖੜੇ ਦਿਸੰਨਿ।'

ਫੇਰ ਬਾਹਰੋਂ ਚਿਤਰੇ ਹੋਏ ਕੋਠਿਆਂ, ਤੀਰਥਾਂ ਉਤੇ ਬੈਠੇ ਬਗਲਿਆਂ, ਉਚੇ ਲੰਮੇ ਸਿੰਮਲ ਰੁਖ ਵਲ ਇਸ਼ਾਰਾ ਕਰ ਕੇ ਉਸ ਦਾ ਧਿਆਨ ਆਪਣੀ ਦੰਭ ਵਾਲੀ ਜਿੰਦਗੀ ਵਲ ਦੁਆਂਦੇ ਹਨ। ਪਰ ਕਿਤੇ ਵੀ ਇਹ ਮਹਿਸੂਸ ਹੋਣ ਨਹੀਂ ਦਿੰਦੇ ਕਿ ਉਹ ਨੀਵਾਂ ਹੈ ਤੇ ਗੁਰੂ ਜੀ ਉਸ ਤੋਂ ਉਚੇ ਹਨ। ਬਲਕਿ ਇਹ ਆਖ ਕੇ ਆਪਣੇ ਆਪ ਨੂੰ ਉਸ ਦੇ ਨਾਲ ਸ਼ਾਮਲ ਕਰ ਲੈਂਦੇ ਹਨ:

'ਅੰਧਲੇ ਭਾਰੁ ਉਠਾਇਆ, ਡੂੰਗਰ ਵਾਟ ਬਹੁਤੁ।
ਅਖੀ ਲੋੜੀ ਨਾ ਲਹਾ, ਹਉ ਚੜਿ ਲੰਘਾ ਕਿਤੁ?'

ਉਹ ਨਹੀਂ ਕਹਿੰਦੇ ਕਿ ਹੇ ਸਜਣ! ਤੂੰ ਅੰਨ੍ਹਾ ਹੈਂ, ਤੂੰ ਪਾਪਾਂ ਦਾ ਭਾਰ ਸਿਰ ਤੇ ਚੁਕਿਆ ਹੋਇਆ ਹੈ। ਨਹੀਂ, ਸਗੋਂ ਆਪਣੇ ਆਪ ਨੂੰ ਕਹਿੰਦੇ ਹਨ ਕਿ ਮੈਂ ਅੰਨ੍ਹਾ ਹਾਂ, ਮੈਂ ਸਿਰ ਤੇ ਭਾਰ ਚੁਕਿਆ ਹੈ, ਤੇ ਰਸਤਾ ਬਹੁਤ ਪਹਾੜੀ ਹੈ, ਅੱਖਾਂ ਨਾਲ ਟੋਲਦਾ ਹਾਂ ਪਰ ਰਸਤਾ ਲਭਦਾ ਨਹੀਂ, ਮੈਂ ਕਿਵੇਂ ਚੜ੍ਹ ਕੇ ਪਾਰ ਹੋਵਾਂ?

ਇਸੇ ਤਰ੍ਹਾਂ ਇਕ ਵੇਰ ਲੋਕੀ ਇਕ ਤੀਵੀਂ ਨੂੰ ਬਦਕਾਰੀ ਕਰਦਿਆਂ ਫੜ ਕੇ ਈਸਾ ਜੀ ਪਾਸ ਲਿਆਏ। ਈਸਾ ਜੀ ਨੇ ਲੋਕਾਂ ਨੂੰ ਤਾਂ ਆਪਣੀ ਨੇਕੀ ਦੀ ਹੈਂਕੜ ਉਤੇ ਸ਼ਰਮਿੰਦਾ ਕਰ ਕੇ ਤੋਰ ਦਿਤਾ, ਪਰ ਤੀਵੀਂ ਉਥੇ ਹੀ ਜਿਮੀਂ ਤੇ ਬੈਠੀ ਰਹਿ ਗਈ। ਉਹ ਨਜ਼ਾਰਾ ਬੜਾ ਦਰਦਨਾਕ ਹੈ। ਇਕ ਪਾਸੇ ਪਾਪ ਤੋਂ ਸ਼ਰਮ ਖਾਂਦੀ ਇਸਤਰੀ ਬੈਠੀ ਹੋਈ ਜਿਮੀਂ ਖੋਤਰ ਰਹੀ ਹੈ। ਦੂਜੇ ਪਾਸੇ ਉਸ ਕੋਲੋਂ ਵੀ ਵਧੀਕ ਲੱਜਾਵਾਨ ਹੋਇਆ ਈਸਾ ਬੈਠਾ ਰੇਤ ਉਤੇ ਲੀਕਾਂ ਵਾਹ ਰਿਹਾ ਹੈ, ਤੇ ਅੱਖ ਚਕ ਕੇ ਵੀ ਉਸ ਵਲ ਨਹੀਂ ਵੇਖਦਾ, ਮਤਾਂ ਵਿਚਾਰੀ ਨੂੰ ਮੇਰੇ ਵਲੋਂ ਲੱਜਾ ਆਵੇ! ਅੰਤ ਈਸਾ ਨੇ ਤਰਸ ਤੇ ਪਿਆਰ ਦੇ ਜ਼ੋਰ ਨਾਲ ਕਿਹਾ:-ਬੀਬੀ! ਜਾਹ ਇਉਂ ਫੇਰ ਨਾ ਕਰੀਂ।

ਸਾਊ ਆਦਮੀ ਕਿਸੇ ਦੀ ਭੁੱਲ ਦੇਖ ਕੇ ਆਪਣੇ ਨਿਰਦੋਸ਼ਪੁਣੇ ਦੀ ਆਕੜ ਵਿਚ ਘ੍ਰਿਣਾ ਨਹੀਂ ਕਰਦਾ, ਸਗੋਂ ਉਸ ਦੇ ਅੰਦਰ ਵੜ ਕੇ ਉਸ ਦੀਆਂ ਮਜਬੂਰੀਆਂ, ਸਮਾਜ ਤੇ ਘਰ ਬਾਰ ਦੇ ਆਲੇ-ਦੁਆਲੇ ਦੀਆਂ ਕਮਜ਼ੋਰੀਆਂ ਅਤੇ ਭੁੱਲ ਕਰਨ ਦੇ ਖਾਸ ਕਾਰਨਾਂ ਅਤੇ ਮੌਕਿਆਂ ਉੱਤੇ ਵਿਚਾਰ ਕਰ ਕੇ ਦੋਸ਼ੀ ਨਾਲ ਹਮਦਰਦੀ ਕਰਦਾ ਤੇ ਉਸ ਨੂੰ ਭੁੱਲ ਵਿਚੋਂ ਕਢਣ ਦੇ ਆਹਰ ਲਗਦਾ ਹੈ। ਉਸ ਵਿਚ ਕਿਸੇ ਨੂੰ ਆਪਣੇ ਆਪ ਤੋਂ ਨੀਵਾਂ ਸਮਝਣ ਦੀ ਰੁਚੀ ਤੇ ਸ਼ਰਮਿੰਦਾ ਕਰਨ ਦੀ ਵਿਹਲ ਹੀ ਨਹੀਂ ਹੁੰਦੀ।

ਉਹ ਨਕਸ ਉਸੇ ਆਦਮੀ ਦੇ ਕਢਦਾ ਹੈ ਜਿਸ ਨੂੰ ਉਹ ਆਪ ਪਿਆਰ ਕਰਦਾ ਹੈ ਤੇ ਨੁਕਸਾਂ ਤੋਂ ਬਰੀ ਦੇਖਣਾ ਚਾਹੁੰਦਾ ਹੈ। ਨੁਕਸ ਭੀ ਓਹੀ ਦਸਦਾ ਹੈ ਜਿਹੜੇ ਦੂਰ ਹੋ ਸਕਦੇ ਹੋਣ। ਉਹ ਕਿਸੇ ਦੇ ਕੁਦਰਤੀ ਘਾਟਿਆਂ ਜਾਂ ਦੋਸ਼ਾਂ ਵਲ ਇਸ਼ਾਰਾ ਨਹੀਂ ਕਰਦਾ। ਮਸਲਨ, ਉਹ ਅੰਨ੍ਹੇ ਜਾਂ ਲੂਲ੍ਹੇ ਨੂੰ ਦੇਖ ਕੇ ਉਸ ਦੀ ਸਰੀਰਕ ਹਾਲਤ ਉਤੇ ਮਖ਼ੌਲ ਨਹੀਂ ਕਰਦਾ, ਕਿਉਂਕਿ ਉਹ ਜਾਣਦਾ ਹੈ ਕਿ ਇਹ ਉਸ ਦੇ ਵੱਸ ਦੀ ਗਲ ਨਹੀਂ। ਕਿਸੇ ਦੀ ਗ਼ਰੀਬੀ ਨੂੰ ਭੀ ਆਪਣੀ ਟਿਚਕਰ ਦਾ ਨਿਸ਼ਾਨਾ ਨਹੀਂ ਬਣਾਉਂਦਾ।

ਉਹ ਉਪਕਾਰ ਕਰਨ ਵੇਲੇ ਦਿਖਾਵਾ ਨਹੀਂ ਕਰਦਾ। ਉਹ ਖਿਆਲ ਰਖਦਾ ਹੈ ਕਿ ਜਿਸ ਨਾਲ ਭਲਾ ਕਰਨ ਲੱਗਾ ਹਾਂ ਉਸ ਦੇ ਮਨ ਨੂੰ ਠੀਸ ਨਾ ਲਗੇ, ਉਸ ਨੂੰ ਆਪਣੀ ਗਰੀਬੀ ਜਾਂ ਅਸਮ੍ਰਥਾ ਉਤੇ ਲੱਜਾ ਨਾ ਆਵੇ। ਅਸੀਂ ਕਈ ਵਾਰੀ ਦਾਨ ਕਰਨ ਲੱਗਿਆਂ ਨਾ ਕੇਵਲ ਆਪਣੀ ਉਦਾਰਤਾ ਦਾ ਵਿਖਾਵਾ ਹੀ ਕਰਦੇ ਹਾਂ, ਸਗੋਂ ਜਿਸ ਗ਼ਰੀਬ ਦੀ ਸਹਾਇਤਾ ਕਰਦੇ ਹਾਂ ਉਸ ਨੂੰ ਸ਼ਰਮਿੰਦਾ ਕਰ ਕੇ ਉਸ ਦੀ ਮਨੁੱਖਤਾ ਦੀ ਹਤਕ ਕਰਦੇ ਹਾਂ। ਸਾਊ ਮਨੁਖ ਨੂੰ ਸ਼ਬਦ-ਭੇਟ ਦਾ ਏਲਾਨ ਕਰਾਂਦਿਆਂ, ਗੁਰਦੁਆਰਿਆਂ ਦੀਆਂ ਚਿਟੀਆਂ ਸਿਲਾਂ ਉਤੇ ਆਪਣੇ ਢਾਈ ਰੁਪਏ ਦੇ ਦਾਨ ਦਾ ਇਸ਼ਤਿਹਾਰ ਸਦਾ ਲਈ ਉਕਰਵਾਂਦਿਆਂ, ਜਾਂ ਮੁਸਾਫ਼ਰਖਾਨੇ ਲਈ ਚਾਦਰਾਂ ਤੇ ਮੰਜਿਆਂ ਦੇ ਦਾਨ ਦਾ ਅਰਦਾਸੇ ਵਿਚ ਜ਼ਿਕਰ ਕਰਾਂਦਿਆਂ ਸ਼ਰਮ ਆਵੇਗੀ। ਸਾਊ ਦਾਨ ਨਹੀਂ ਕਰਦਾ, ਭੇਟ ਕਰਦਾ ਹੈ; ਗ਼ਰੀਬ ਨੂੰ ਆਪਣੇ ਸਾਮ੍ਹਣੇ ਹਥ ਟਡਦਾ ਵੇਖ ਕੇ ਖੁਸ਼ ਨਹੀਂ ਹੁੰਦਾ, ਸਗੋਂ ਉਸ ਦੀ ਪੀੜਾ ਨੂੰ ਆਪਣੀ ਪੀੜਾ ਸਮਝ ਕੇ ਉਸ ਦੇ ਪਾਸ ਹਾਜ਼ਰ ਹੁੰਦਾ ਹੈ ਤੇ ਜੋ ਕੁਝ ਦਿੰਦਾ ਹੈ ਉਸ ਦੀ ਭੇਟ ਕਰਦਾ ਹੈ, ਨਜ਼ਰ ਚੜ੍ਹਾਉਂਦਾ ਹੈ।

ਯਤੀਮ ਬਚਿਆਂ ਨੂੰ ਪੀਲੇ ਪੀਲੇ ਕੋਝੇ ਕਪੜੇ ਪਵਾ ਕੇ ਗੱਡੀਆਂ ਵਿਚ ਜਾਂ ਦੀਵਾਨਾਂ ਵਿਚ ਦਾਨ ਮੰਗਣ ਲਈ ਲਈ ਫਿਰਨਾ ਉਨ੍ਹਾਂ ਦੀ ਇਨਸਾਨੀਅਤ ਦੀ ਦੁਰਗੱਤੀ ਕਰਨੀ ਹੈ। ਉਨ੍ਹਾਂ ਨੂੰ ਇਹ ਖਿਆਲ ਦੇਣਾ ਕਿ ਓਹ ਲਾਵਾਰਸ ਹਨ, ਹੀਣੇ ਹਨ, ਉਨ੍ਹਾਂ ਦੇ ਬਾਦਸ਼ਾਹੀ ਦਿਲਾਂ ਨੂੰ ਸ੍ਵੈ-ਸਤਿਕਾਰ ਤੋਂ ਵਾਂਝਿਆ ਰਖਣਾ ਹੈ। ਆਸ਼੍ਰਮ ਦਾ ਨਾਂ ਭੀ ਯਤੀਮਖ਼ਾਨਾ ਕਿਉਂ ਹੋਵੇ? ਓਹ ਯਤੀਮ ਨਿਮਾਣੇ ਕਿਉਂ ਅਖਵਾਣ? ਜੇ ਤੁਸੀਂ ਉਨ੍ਹਾਂ ਦੇ ਮਾਪੇ ਨਹੀਂ ਬਣ ਸਕਦੇ ਤੇ ਉਨ੍ਹਾਂ ਲਈ ਇਕ ਪਿਆਰਾ 'ਘਰ', ਉਨ੍ਹਾਂ ਦੀਆਂ ਸਧਰਾਂ ਦਾ ਕੇਂਦਰ ਨਹੀਂ ਬਣਾ ਸਕਦੇ, ਤਾਂ ਤੁਹਾਡਾ ਕੋਈ ਹਕ ਨਹੀਂ ਕਿ ਤੁਸੀਂ ਉਨ੍ਹਾਂ ਦੇ ਪਾਲਣ ਦਾ ਬੀੜਾ ਚੁਕੋ।

ਉਹ ਨੇਕੀ ਨੇਕੀ ਨਹੀਂ ਜਿਸ ਦੇ ਕਰਦਿਆਂ ਕਿਸੇ ਦੀ ਹੇਠੀ ਹੁੰਦੀ ਹੋਵੇ। ਜ਼ਾਤ ਪਾਤ, ਛੂਤ ਛਾਤ, ਸ਼ੁਧੀ ਅਸ਼ੁਧੀ, ਮਜ਼੍ਹਬੀ, ਰਾਮਦਾਸੀਏ ਦੇ ਵਿਤਕਰੇ ਸਾਰੇ ਪਰਸਪਰ ਘ੍ਰਿਣਾ ਤੇ ਅਸਾਊਪੁਣੇ ਦੀਆਂ ਨਿਸ਼ਾਨੀਆਂ ਹਨ। ਇਨ੍ਹਾਂ ਨੂੰ ਕਿਸੇ ਸ਼ਕਲ ਵਿਚ ਵੀ ਮੰਨਣਾ ਨਾ ਕੇਵਲ ਧਰਮ ਦੇ ਸਗੋਂ ਸਧਾਰਣ ਮਨੁਖਤਾ ਦੇ ਉਲਟ ਹੈ। ਧਾਰਮਕ ਵਖੇਵਿਆਂ ਵਿਚ ਭੀ ਅਸੀਂ ਆਮ ਤੌਰ ਤੇ ਅਸੱਭਿਤਾ ਤੋਂ ਕੰਮ ਲੈਂਦੇ ਹਾਂ। ਆਪੋ ਆਪਣਾ ਮਜ਼੍ਹਬ ਹਰ ਇਕ ਨੂੰ ਪਿਆਰਾ ਹੋਣਾ ਚਾਹੀਦਾ ਹੈ, ਅਤੇ ਉਸੇ ਉਤੇ ਦ੍ਰਿੜ੍ਹ ਹੋਣ ਨਾਲ ਉਸ ਦਾ ਅਸਰ ਜਿੰਦਗੀ ਵਿਚ ਕੰਮ ਕਰ ਸਕਦਾ ਹੈ। ਮੈਂ ਇਸ ਖੁਲ੍ਹ ਦੇ ਹਕ ਵਿਚ ਨਹੀਂ ਕਿ ਆਦਮੀ ਆਪਣਾ ਕੋਈ ਮਜ਼੍ਹਬ ਨਾ ਰਖਦਾ ਹੋਇਆ ਸਾਰਿਆਂ ਮਜ਼੍ਹਬਾਂ ਦਾ ਇਕੋ ਜਿਹਾ ਸ਼ਰਧਾਲੂ ਅਖਵਾਵੇ। ਇਹੋ ਜਿਹਾ ਆਦਮੀ ਬੇਮਜ਼੍ਹਬਾ ਹੀ ਹੁੰਦਾ ਹੈ। ਪਰ ਸਾਊਪੁਣੇ ਦੇ ਲਿਹਾਜ਼ ਨਾਲ ਉਹ ਆਦਮੀ ਧਰਮੀ ਨਹੀਂ ਜੋ ਹੋਰਨਾਂ ਦੇ ਮਜ਼੍ਹਬਾਂ ਉਤੇ ਹਮਲੇ ਕਰਦਾ ਹੈ, ਜਾਂ ਇਹ ਕਹਿੰਦਾ ਹੈ ਕਿ ਮੇਰਾ ਮਜ਼੍ਹਬ ਹੀ ਤਾਰਨ ਯੋਗ ਹੈ, ਕਿਸੇ ਹੋਰ ਦਾ ਨਹੀਂ। ਸ਼ਰਾਫ਼ਤ ਇਸ ਗਲ ਦੀ ਮੰਗ ਕਰਦੀ ਹੈ ਕਿ ਮਨੁਖ ਮਜ਼੍ਹਬੀ ਮਾਮਲਿਆਂ ਵਿਚ ਪੂਰੀ ਪੂਰੀ ਰਵਾਦਾਰੀ ਵਰਤੇ। ਇਹ ਰਵਾਦਾਰੀ ਨਿਭ ਨਹੀਂ ਸਕਦੀ ਜਦ ਤਕ ਕਿ ਕੋਈ ਧਿਰ ਇਹ ਯਕੀਨ ਕਰਦੀ ਹੈ ਕਿ ਸਾਰੀ ਸਚਾਈ ਉਸੇ ਦੇ ਧਰਮ ਵਿਚ ਆਈ ਹੈ ਤੇ ਹੋਰ ਸਭ ਕੁਫ਼ਰ ਦਾ ਘਰ ਹਨ। ਸਾਊ ਨਿਸਚਾ ਇਹ ਹੈ ਕਿ ਵਾਹਿਗੁਰੂ ਦੇ ਹਜ਼ੂਰ ਹਿੰਦੂ ਮੁਸਲਮਾਣ ਈਸਾਈ ਸਭ ਇਕੋ ਜਹੇ ਹਨ। ਉਥੇ ਨਿਬੇੜਾ ਇਸ ਗੱਲ ਉਤੇ ਨਹੀਂ ਹੋਣਾ ਕਿ ਅਮੁਕਾ ਆਦਮੀ ਸਿਖ ਸੀ ਜਾਂ ਮੁਸਲਮਾਣ, ਬਲਕਿ ਇਸ ਉਤੇ ਹੋਣਾ ਹੈ ਕਿ ਮਨੁਖ ਵਿਚ ਚੰਗਿਆਈ ਕਿਤਨੀ ਸੀ ਅਤੇ ਉਸ ਦਾ ਦਿਲ ਰੱਬ ਦੇ ਨੇੜੇ ਕਿੰਨਾ ਕੁ ਸੀ। ਨੇਕੀ ਤੇ ਪਿਆਰ ਗ੍ਰਹਿਣ ਕਰਨ ਲਈ ਅਤੇ ਆਪਣੀ ਸ਼ਖ਼ਸੀਅਤ ਢਾਲਣ ਲਈ ਕਿਸੇ ਨਮੂਨੇ ਦੀ ਸ਼ਖ਼ਸੀਅਤ ਨੂੰ ਸਾਮ੍ਹਣੇ ਰਖਣਾ ਪੈਂਦਾ ਹੈ, ਪਰ ਇਸ ਦਾ ਇਹ ਅਰਥ ਨਹੀਂ ਕਿ ਜਿਸ ਕਿਸੇ ਨੇ ਈਸਾ ਦੇ ਸਾਂਚੇ ਵਿਚ ਜਿੰਦਗੀ ਢਾਲਣੀ ਹੈ, ਉਹ ਇਹ ਮੰਨ ਲਵੇ ਕਿ ਕਿਸੇ ਹੋਰ ਲਈ ਏਹੋ ਕੰਮ ਗੁਰੂ ਗੋਬਿੰਦ ਸਿੰਘ ਜੀ ਦਾ ਜਾਂ ਮੁਹੰਮਦ ਸਾਹਿਬ ਦਾ ਸਾਂਚਾ ਨਹੀਂ ਕਰ ਸਕਦਾ। ਪੂਰੀ ੨ ਰਵਾਦਾਰੀ ਲਈ ਇਹ ਮਨੌਤ ਜ਼ਰੂਰੀ ਹੈ ਕਿ ਆਪੋ ਆਪਣੀ ਥਾਂ ਸਾਰੇ ਧਰਮ ਮਨੁਖ ਨੂੰ ਪੂਰਣਤਾ ਦੇ ਸਕਦੇ ਹਨ।

ਜੇ ਇਹ ਖਿਆਲ ਮੰਨ ਲਈਏ ਤਾਂ ਅਜਕਲ ਦੀਆਂ ਆਮ ਮਿਸ਼ਨਰੀ ਮੁਹਿੰਮਾਂ ਸਾਊਪੁਣੇ ਦੇ ਮਇਆਰ ਤੇ ਪੂਰੀਆਂ ਨਹੀਂ ਉਤਰਦੀਆਂ। ਹਰ ਇਕ ਆਦਮੀ ਨੂੰ ਇਹ ਖੁਲ੍ਹ ਹੋਣੀ ਚਾਹੀਦੀ ਹੈ ਕਿ ਉਹ ਕੋਈ ਧਰਮ ਧਾਰਨ ਕਰ ਲਵੇ, ਅਤੇ ਉਸ ਦੇ ਇਸ ਕੰਮ ਵਿਚ ਸਰੇ ਬਣੇ ਸਾਨੂੰ ਹਰ ਤਰ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ, ਪਰ ਇਸ ਕੰਮ ਵਿਚ ਨਿਰੀ ਗਿਣਤੀ ਵਧਾ ਕੇ ਪੁੰਨ ਖਟਣ ਦਾ ਖਿਆਲ ਜਾਂ ਜਿੱਤ ਪ੍ਰਾਪਤ ਕਰਨ ਦਾ ਭਾਵ ਚੰਗਾ ਨਹੀਂ। ਇਹ ਇੱਕ ਪੁਰਾਣੀ ਸ਼ਹਨਸ਼ਾਨੀਅਤ ਵਾਲਾ ਖਿਆਲ ਹੈ, ਜੋ ਜਿਵੇਂ ਮੁਲਕੀ ਮਾਮਲਿਆਂ ਵਿਚੋਂ ਦੂਰ ਹੋ ਰਿਹਾ ਹੈ ਤਿਵੇਂ ਧਰਮ ਦੇ ਦਾਇਰੇ ਵਿਚੋਂ ਵੀ ਦੂਰ ਹੋ ਜਾਏਗਾ। ਸੇਵਾ ਜਾਂ ਉਪਕਾਰ ਦੇ ਇਰਾਦੇ ਨਾਲ ਸਕੂਲ ਜਾਂ ਹਸਪਤਾਲ ਖੋਲ੍ਹਣੇ ਚੰਗੇ ਹਨ, ਪਰ ਉਨ੍ਹਾਂ ਦੇ ਪਰਦੇ ਹੇਠ ਦੂਜਿਆਂ ਦੇ ਦਿਲਾਂ ਉਤੇ ਮਜ਼੍ਹਬੀ ਗ਼ਲਬਾ ਪਾਉਣ ਦਾ ਜਤਨ ਕਰਨਾ ਨਾ ਸਿਰਫ ਅਸਾਊਪੁਣਾ ਹੈ ਬਲਕਿ ਪਾਪ ਹੈ। ਇਕ ਸਿਖ ਦਾ ਕਿਸੇ ਚੰਗੇ ਭਲੇ ਗੈਰ-ਸਿਖ ਭਰਾ ਨੂੰ ਗਰੀਬੀ ਵਿਚ ਤਕ ਕੇ ਕਹਿਣਾ ਕਿ ਤੂੰ ਆਪਣਾ ਧਰਮ ਛਡ ਕੇ ਮੇਰੇ ਧਰਮ ਵਿਚ ਆ ਜਾ ਨਿਰੀ ਗੁਸਤਾਖੀ ਹੈ। ਏਥੇ ਮੈਨੂੰ ਅਜਕਲ ਦੇ ਇਕ ਧਰਮੀ ਸਾਊ ਦੀ ਮਿਸਾਲ ਚੇਤੇ ਆਉਂਦੀ ਹੈ। ਭਾਈ ਤਾਰਾ ਸਿੰਘ ਸ਼ਾਹਦਰਾ (ਲਾਹੌਰ) ਦਾ ਵਸਨੀਕ ਸੀ। ਉਸ ਦਾ ਇਕ ਮੁਸਲਮਾਣ ਦੋਸਤ ਮਰਨ ਲਗਿਆਂ ਆਪਣੀ ਤਿੰਨ ਸਾਲ ਦੀ ਛੋਟੀ ਧੀ ਉਸ ਦੇ ਹਵਾਲੇ ਕਰ ਗਿਆ। ਉਸ ਨੇ ਇਸ ਅਮਾਨਤ ਨੂੰ ਚੰਗੀ ਤਰ੍ਹਾਂ ਨਿਬਾਹਿਆ। ਉਸ ਨੇ ਉਸ ਬਾਲੜੀ ਨੂੰ ਧੀਆਂ ਵਾਂਗ ਪਾਲ ਪੋਸ ਕੇ ਵੱਡਾ ਕੀਤਾ, ਪਰ ਉਸ ਦੇ ਧਰਮ ਜਾਂ ਨਿਸਚੇ ਵਿਚ ਕਿਸੇ ਤਰ੍ਹਾਂ ਨਾਲ ਦਖ਼ਲ ਨਾ ਦਿੱਤਾ। ਉਸ ਨੂੰ ਇਕ ਹਾਫ਼ਜ਼ ਰੱਖ ਕੇ ਕੁਰਾਨ ਮਜੀਦ ਦਾ ਪਾਠ ਪੜ੍ਹਾਇਆ ਤੇ ਸਮਝਾਇਆ ਅਤੇ ਇਕ ਚੰਗੇ ਮੁਸਲਮਾਣ ਵਰਗੀ ਤਾਲੀਮ ਦੁਆਈ। ਜਦ ਵਿਆਹੁਣ ਜੋਗੀ ਹੋਈ ਤਾਂ ਆਪਣੇ ਪਾਸੋਂ ਸਾਰਾ ਖ਼ਰਚ ਕਰ ਕੇ ਇਕ ਚੰਗੇ ਲਾਇਕ ਮੁਸਲਮਾਣ ਨਾਲ ਉਸ ਦਾ ਨਿਕਾਹ ਪੜ੍ਹਵਾ ਦਿੱਤਾ। ਇਹੋ ਜਿਹੀ ਸ਼ਰਾਫ਼ਤ ਦੇ ਨਮੂਨੇ ਮੁਸਲਮਾਣਾਂ ਤੇ ਹਿੰਦੂਆਂ ਵਿਚ ਵੀ ਮਿਲਦੇ ਹਨ।

ਸ਼ਰਾਫ਼ਤ ਦੇ ਹੋਰ ਭੀ ਕਈ ਗੁਣ ਹਨ ਜੋ ਭਾਈਚਾਰੇ ਦੀ ਸੋਹਣੀ ਵਰਤੋਂ ਵਿਚ ਸ਼ਾਮਲ ਹਨ। ਸਾਊ ਲੋਕ ਕਿਸੇ ਦੇ ਸਾਮ੍ਹਣੇ ਕਾਨਾਫੂਸੀ ਨਹੀਂ ਕਰਦੇ, ਦੂਜਿਆਂ ਦੀ ਪਿਠ ਪਿਛੇ ਨਿੰਦਾ ਨਹੀਂ ਕਰਦੇ, ਲੋਕਾਂ ਦੇ ਸਾਮ੍ਹਣੇ ਨੌਕਰਾਂ ਜਾਂ ਬਚਿਆਂ ਨੂੰ ਉੱਚੀ ਉੱਚੀ ਨਹੀਂ ਕੋਸਦੇ, ਨਾ ਹੀ ਘਰ ਦੇ ਝਗੜੇ ਛੇੜ ਬਹਿੰਦੇ ਹਨ। ਪ੍ਰਾਹੁਣੇ ਦੇ ਸਾਮ੍ਹਣੇ ਕਿਸੇ ਨੂੰ ਗੁਸੇ ਹੋਣਾ ਪ੍ਰਾਹੁਣੇ ਦੀ ਨਿਰਾਦਰੀ ਕਰਨਾ ਹੈ। ਕਿਸੇ ਦੇ ਮੂੰਹ ਉਤੇ ਉਸ ਦੀ ਸਿਫ਼ਤ ਕਰਨਾ ਉਸ ਨੂੰ ਸ਼ਰਮਿੰਦਾ ਕਰਨਾ ਹੈ, ਇਸ ਲਈ ਇਹ ਕਮੀਨਗੀ ਵਿਚ ਸ਼ਾਮਲ ਹੈ। ਬਿਨਾਂ ਕੰਮ ਦੇ ਕਿਸੇ ਪਾਸ ਬਹਿ ਰਹਿਣਾ, ਲੰਮੀਆਂ ਲੰਮੀਆਂ ਗਲਾਂ ਕਰ ਕੇ ਵਕਤ ਗੁਆਉਣਾ, ਤੇ ਉਸ ਨੂੰ ਮੁੜ ਮੁੜ ਘੜੀ ਕਢ ਕੇ ਦਿਖਾਉਣ ਤੇ ਮਜਬੂਰ ਕਰਨਾ ਚੰਗਾ ਨਹੀਂ। ਜਦ ਕਿਸੇ ਪਾਸ ਜਾਈਏ, ਤਾਂ ਜਦ ਤਕ ਉਹ ਆਪੇ ਕੁਰਸੀ ਨਾ ਦਏ ਜਾਂ ਬੈਠਣ ਲਈ ਨਾ ਕਹੇ, ਤਦ ਤਕ ਬੈਠਣਾ ਨਹੀਂ ਚਾਹੀਦਾ। (ਕਈ ਤਾਂ ਐਸੇ ਅਲ੍ਹੜ ਜਾਂ ਆਕੜਖ਼ਾਨ ਹੁੰਦੇ ਹਨ ਕਿ ਚਿਰਾਂ ਤਾਈਂ ਖੜੇ ਰਹੋ ਤਾਂ ਭੀ ਓਹ ਬਹਿਣ ਲਈ ਨਹੀਂ ਕਹਿੰਦੇ। ਆਪਣੀ ਅਫ਼ਸਰੀ ਇਸੇ ਵਿਚ ਸਮਝਦੇ ਹਨ।) ਆਪਣੇ ਵਤਨੀ ਭਰਾ ਨਾਲ ਆਪਣੀ ਮਾਦਰੀ ਬੋਲੀ ਛੱਡ ਕੇ ਕਿਸੇ ਹੋਰ ਬੋਲੀ ਵਿਚ ਗਲ ਬਾਤ ਕਰਨੀ ਇਕ ਤਰ੍ਹਾਂ ਦਾ ਦਿਖਾਵਾ ਹੈ, ਜੋ ਸਾਊ ਆਦਮੀਆਂ ਨੂੰ ਨਹੀਂ ਜਚਦਾ। ਜਦ ਸਭਾ ਲਗੀ ਹੋਵੇ ਤਾਂ ਦੇਰ ਨਾਲ ਆਉਣਾ ਚੰਗਾ ਨਹੀਂ। ਜਦ ਆਓ ਤਾਂ ਖਿਮਾ ਮੰਗ ਕੇ ਬੈਠੋ। ਜਿਹੜਾ ਆਦਮੀ ਗਲ ਬਾਤ ਕਰ ਰਿਹਾ ਹੈ, ਉਸ ਨੂੰ ਚਾਹੀਦਾ ਹੈ ਕਿ ਨਵੇਂ ਆਏ ਸਜਣ ਲਈ ਜੋ ਕੁਝ ਕਿਹਾ ਜਾ ਚੁਕਾ ਹੈ ਜਾਂ ਜੋ ਕੁਝ ਨਜਿਠਿਆ ਜਾ ਚੁਕਾ ਹੈ, ਉਸ ਦਾ ਸਾਰ-ਅੰਸ ਸੁਣਾ ਦੇਵੇ। ਸੁਣਨ ਵਾਲਿਆਂ ਨੂੰ ਉਬਾਸੀਆਂ ਨਹੀਂ ਲੈਣੀਆਂ ਚਾਹੀਦੀਆਂ, ਕਿਉਂਕਿ ਜਿਵੇਂ ਘੜੀ ਦਸਣ ਨਾਲ ਮਿਲਣ ਆਇਆ ਆਦਮੀ ਚਲੇ ਜਾਣ ਤੇ ਮਜਬੂਰ ਹੁੰਦਾ ਹੈ, ਤਿਵੇਂ ਸੁੱਤਿਆਂ ਨੂੰ ਉਬਾਸੀਆਂ ਲੈਂਦਿਆਂ ਦੇਖ ਕੇ ਲੈਕਚਰਾਰ ਨੂੰ ਆਪਣਾ ਲੈਕਚਰ ਬੰਦ ਕਰਨ ਦੀ ਸੂਚਨਾ ਹੁੰਦੀ ਹੈ। ਜਾਣ ਲਗਿਆਂ, ਆਗਿਆ ਲੈ ਕੇ ਬਾਹਰ ਜਾਣਾ ਚਾਹੀਦਾ ਹੈ। ਕਿਸੇ ਦੇ ਅਗੋਂ ਨਹੀਂ ਲੰਘਣਾ ਚਾਹੀਦਾ। ਕਿਸੇ ਦੇ ਅੰਗ ਨੂੰ ਛੋਹਣ ਲਗ ਜਾਂ ਕਪੜੇ ਨੂੰ ਪੈਰ ਲਗ ਜਾਵੇ ਤਾਂ ਖਿਮਾ ਮੰਗ ਲੈਣੀ ਚਾਹੀਦੀ ਹੈ। ਕਿਸੇ ਨੂੰ ਸਿਰ ਨੰਗੇ ਜਾਂ ਅਧੜ-ਵੰਝੇ ਨਹੀਂ ਮਿਲਣਾ ਚਾਹੀਦਾ। ਜੇ ਸਰੀਰ ਅਧ-ਕਜਿਆ ਹੋਵੇ ਤਾਂ ਖਿਮਾ ਮੰਗ ਲੈਣੀ ਚਾਹੀਦੀ ਹੈ। ਸਭਾ ਸੁਸਾਇਟੀ ਵਿਚ ਬੈਠਣ ਲਗਿਆਂ ਕਮੀਜ਼ ਜਾਂ ਕੋਟ ਦੇ ਬਟਨ ਖੁਲ੍ਹੇ ਨਹੀਂ ਰਖਣੇ ਚਾਹੀਦੇ। ਬਜ਼ਾਰ ਵਿਚ ਜਾਂ ਆਮ ਪਬਲਕ ਥਾਂ ਤੇ ਖਾਣ ਪੀਣ ਲਈ ਮੂੰਹ ਮਾਰਦਾ ਆਦਮੀ ਚੰਗਾ ਨਹੀਂ ਲਗਦਾ। ਖਤ ਲਿਖਣ ਵੇਲੇ ਸੋਹਣੀ ਲਿਖਤ ਕਰਨੀ ਚਾਹੀਦੀ ਹੈ। ਛੇਤੀ ਛੇਤੀ ਜਾਂ ਸ਼ਿਕਸਤਾ ਲਿਖਣਾ ਪੜ੍ਹਨ ਵਾਲੇ ਦੀ ਨਿਰਾਦਰੀ ਕਰਨਾ ਹੈ।

ਸਾਊ ਆਦਮੀ ਲੋਕਾਂ ਨੂੰ ਬਹੁਤ ਨਸੀਹਤਾਂ ਨਹੀਂ ਕਰਦਾ। ਇਹ ਭੀ ਗੁਸਤਾਖੀ ਗਿਣੀ ਜਾਂਦੀ ਹੈ। ਚੰਗਾ ਫਿਰ ਮੈਂ ਭੀ ਇਹ ਗੁਸਤਾਖੀ ਬੰਦ ਕਰਦਾ ਹਾਂ। ਅਜਕਲ ਦੀ ਜ਼ਿੰਦਗੀ ਇਕ ਹੁੱਲੜ ਹੈ, ਵਾਵਰੋਲਾ ਹੈ। ਇਸ ਵਿਚ ਵਿਹਲ ਕਿਥੇ? ਤੇ ਵਿਹਲੀਆਂ ਗੱਲਾਂ ਦਾ ਮੌਕਾ ਕਿਥੇ? ਫਿਰ ਸਾਰੇ ਸਿਆਣੇ, ਧਾਰਮਕ ਲਿਖਾਰੀ ਤੇ ਸਮਾਜਕ ਆਗੂ ਇਸ ਗਲ ਦੇ ਵਿਰੁਧ ਹਨ ਕਿ ਕੋਈ ਸਮਾਂ ਗੱਪਾਂ ਵਿਚ ਬਿਤਾਇਆ ਜਾਏ। ਕਹਿੰਦੇ ਨੇ ਕਿ ਜਿਥੇ ਅਸਾਂ ਆਪਣੇ ਹਰ ਕਰਮ ਦਾ ਜਵਾਬ ਦੇਣਾ ਹੈ, ਉਥੇ ਹਰ ਕਥਨ ਦਾ ਭੀ ਗਿਣ ੨ ਕੇ ਲੇਖਾ ਦੇਣਾ ਪਏਗਾ। ਇਸ ਲਈ ਹਰ ਇਕ ਆਦਮੀ ਨੂੰ ਆਪਣੀ ਜੀਭ ਨੂੰ ਲਗਾਮ ਪਾ ਕੇ ਰਖਣਾ ਚਾਹੀਦਾ ਹੈ। ਸਿਰਫ਼ ਲੋੜ ਪਏ ਤੇ ਮੂੰਹ ਖੋਲ੍ਹਣਾ ਚਾਹੀਦਾ ਹੈ। ਜਦ ਮਤਲਬ ਦੀ ਗੱਲ ਪੂਰੀ ਹੋ ਗਈ ਤਾਂ ਝਟ ਜੰਦਾ ਲਾ ਕੇ ਚੁੱਪ ਵੱਟ ਲੈਣੀ ਚਾਹੀਦੀ ਹੈ। ਚੁੱਪ ਜਹੀ ਕੋਈ ਚੀਜ਼ ਨਹੀਂ। 'ਚੁਪ ਸੁਨਹਿਰੀ ਹੈ ਤੇ ਬੋਲ ਰੁਪਹਿਰੀ।' ਕਈਆਂ ਨੇ ਤਾਂ ਚੁੱਪ ਦੇ ਮਜ਼ਮੂਨ ਉਤੇ ਕਿਤਾਬਾਂ ਲਿਖ ਮਾਰੀਆਂ ਹਨ। ਇਹ ਤਾਂ ਇਉਂ ਹੋਇਆ, ਜਿਵੇਂ ਕੋਈ ਅਰਾਮ ਢੂੰਡਣ ਲਈ ਸੌ ਕੋਹ ਪੈਂਡਾ ਮਾਰੇ, ਜਾਂ ਵਰਤਾਂ ਦੀ ਤਿਆਰੀ ਲਈ ਰੋਟੀਆਂ ਦਾ ਕੋਠਾ ਭਰ ਲਵੇ। ਚੁੱਪ ਦੇ ਇਤਨੇ ਗੁਣ ਗਾਏ ਗਏ ਹਨ ਕਿ ਹੁਣ ਹਰ ਇਕ ਸਿਆਣੇ ਆਦਮੀ ਨੂੰ ਚੁੱਪ ਦਾ ਅਭਿਆਸ ਕਰਨਾ ਪੈਂਦਾ ਹੈ। ਹਫ਼ਤੇ ਭਰ ਦੇ ਲੈਕਚਰਾਂ ਤੇ ਇੰਟਰਵਿਊਆਂ ਮਗਰੋਂ ਮਹਾਤਮਾ ਗਾਂਧੀ ਨੂੰ ਪ੍ਰਾਸਚਿਤ ਵਜੋਂ ਇਕ ਦਿਨ ਮੌਨ ਵਰਤ ਰਖਣਾ ਪੈਂਦਾ ਹੈ। ਜਿਤਨਾ ਕੋਈ ਆਦਮੀ ਧਰਮਾਤਮਾ ਜਾਂ ਉੱਚੀ ਸ਼ਾਨ ਵਾਲਾ ਹੁੰਦਾ ਹੈ ਉਤਨਾ ਹੀ ਚੁੱਪੂ ਤੇ ਖੁਲ੍ਹੀਆਂ ਗੱਲਾਂ ਕਰਨ ਤੋਂ ਸੰਗਣ ਵਾਲਾ ਹੁੰਦਾ ਹੈ। ਉਸ ਨੂੰ ਹਰ ਵਕਤ ਖਤਰਾ ਰਹਿੰਦਾ ਹੈ ਕਿ ਮੇਰੀ ਕਿਸੇ ਗਲ ਤੋਂ ਕੋਈ ਗ਼ਲਤ ਫਾਇਦਾ ਨਾ ਉਠਾ ਲਵੇ। ਨਾਲੇ ਕਈ ਵੱਡੇ ਨਿਰੇ ਧਨ ਕਰਕੇ ਜਾਂ ਪਦਵੀ ਕਰਕੇ ਵੱਡੇ ਹੁੰਦੇ ਹਨ। ਉਨ੍ਹਾਂ ਵਿਚ ਕੋਈ ਗੁਣ ਵੱਡਾ ਨਹੀਂ ਹੁੰਦਾ। ਇਸ ਲਈ ਓਹ ਆਪਣਾ ਕੰਮ ਪ੍ਰਾਈਵੇਟ ਸਕਤ੍ਰਾਂ ਰਾਹੀਂ ਟਪਾ ਲੈਂਦੇ ਹਨ, ਅਤੇ ਲੋਕਾਂ ਸਾਮ੍ਹਣਿਓਂ ਮੱਥੇ ਤੇ ਘੂਰੀ ਪਾਂਦੇ ਜਾਂ ਮੁੱਛਾਂ ਨੂੰ ਤਾਅ ਦੇਂਦੇ ਲੰਘ ਜਾਂਦੇ ਹਨ। ਫ਼ਾਰਸੀ ਦੇ ਅਖਾਣ ਮਮੂਜਬ, ਜਦ ਤੋੜੀ ਓਹ ਮੂੰਹ ਖੋਲ੍ਹ ਕੇ ਗੱਲ ਨਹੀਂ ਕਰਦੇ, ਤਦ ਤੋੜੀ ਉਨ੍ਹਾਂ ਦੇ ਗੁਣ ਔਗੁਣ ਛੁਪੇ ਰਹਿੰਦੇ ਹਨ।

ਜੇ ਉਨ੍ਹਾਂ ਅੰਦਰ ਗੁਣ ਹੋਣ ਭੀ, ਤਾਂ ਭੀ ਜ਼ਰੂਰੀ ਨਹੀਂ ਕਿ ਓਹ ਦੱਸ ਸਕਣ। ਕਿਉਂਕਿ ਗਲ ਬਾਤ ਕਰਨ ਦਾ ਵੱਲ ਹਰ ਇਕ ਨੂੰ ਨਹੀਂ ਆਉਂਦਾ। ਆਮ ਲੋਕੀ ਤਾਂ ਸੰਗਲ ਫੜ ਕੇ ਨਹਾ ਛਡਦੇ ਹਨ। ਖੁਲ੍ਹੀ ਤਾਰੀ ਕੋਈ ਹੀ ਲਾਉਂਦਾ ਹੈ। ਪਰ ਜਦ ਤਕ ਕੋਈ ਆਦਮੀ ਖੁਲ੍ਹ ਕੇ ਗੱਲ ਨਾ ਕਰੇ ਉਸ ਦੇ ਦਿਲ ਦਾ ਰੌਂ ਪਤਾ ਨਹੀਂ ਲਗ ਸਕਦਾ।

ਆਮ ਤੌਰ ਤੇ ਵੱਡਿਆਂ ਦੇ ਦਿਲ ਤੱਕ ਪਹੁੰਚਣਾ ਔਖਾ ਹੁੰਦਾ ਹੈ। ਲੋਕੀ ਕਹਿੰਦੇ ਤਾਂ ਹਨ ਕਿ ਬੋਲੀ ਅੰਦਰ ਦਾ ਭਾਵ ਜ਼ਾਹਰ ਕਰਨ ਵਾਸਤੇ ਬਣੀ ਹੈ (ਵਿਆਕਰਣ ਦੇ ਮੁਢਲੇ ਭਾਗ ਵਿਚ ਇਉਂ ਹੀ ਪੜ੍ਹੀਦਾ ਹੈ), ਪਰ ਅਮਲ ਵਿਚ ਜੋ ਗਲ ਦੇਖੀ ਜਾਂਦੀ ਹੈ ਉਹ ਇਹ ਹੈ ਕਿ ਅਜਕਲ ਬੋਲੀ ਬਹੁਤ ਕਰਕੇ ਦਿਲ ਦੇ ਭਾਵ ਨੂੰ ਲੁਕਾਣ ਲਈ ਵਰਤੀ ਜਾਂਦੀ ਹੈ। ਵਡਿਆਂ ਦੇ ਚਿਹਰੇ ਨੂੰ ਵੇਖ ਕੇ ਭੀ ਅਨੁਮਾਨ ਲਾਣਾ ਔਖਾ ਹੁੰਦਾ ਹੈ। ਚਿਹਰਾ ਕੀ ਹੁੰਦਾ ਹੈ ਦਿਲ ਦੇ ਬੂਹੇ ਤੇ ਪਿਆ ਇਕ ਪਰਦਾ, ਜਿਸ ਦੇ ਰੰਗ-ਬਰੰਗੀ ਚਿਤਰਾਂ ਤੋਂ ਅੰਦਰ ਦਾ ਅਸਲੀ ਹਾਲ ਲਭਣਾ ਔਖਾ ਹੁੰਦਾ ਹੈ। ਇਹੋ ਜਹੇ ਆਦਮੀ ਦੀ ਹਰ ਗਲ, ਹਰ ਹਰਕਤ ਰਸਮੀ ਹੋਵੇਗੀ। ਜੇ ਕਿਤੇ ਉਹ ਆਪਣੇ ਅਸਲੀ ਰੂਪ ਵਿਚ ਦੇਖਿਆ ਜਾ ਸਕਦਾ ਹੈ ਤਾਂ ਕੇਵਲ ਉਸ ਵੇਲੇ ਜਦ ਉਹ ਆਪਣੇ ਦੋ ਚਾਰ ਮਿਤਰਾਂ ਨਾਲ ਅੰਦਰਖ਼ਾਨੇ ਬਹਿ ਕੇ ਵਿਹਲੀਆਂ ਗੱਪਾਂ ਮਾਰ ਰਿਹਾ ਹੁੰਦਾ ਹੈ। ਉਸ ਵੇਲੇ ਉਸ ਦੇ ਮੂੰਹ ਤੋਂ, ਦਿਲ ਤੋਂ, ਬੋਲੀ ਤੋਂ ਪਰਦਾ ਲਹਿ ਗਿਆ ਹੁੰਦਾ ਹੈ ਤੇ ਉਹ ਪਲ ਛਿਨ ਲਈ ਆਪਣੇ ਆਪ ਨੂੰ ਹਊ ਬਹੂ ਜਾਹਰ ਕਰ ਰਿਹਾ ਹੁੰਦਾ ਹੈ।

ਇਸ ਪੈਂਤੜੇ ਤੋਂ ਦੇਖੀਏ ਤਾਂ ਵਿਹਲੀਆਂ ਗੱਲਾਂ ਲੈਕਚਰਾਂ ਤੇ ਉਪਦੇਸ਼ਾਂ ਕੋਲੋਂ ਵਧੇਰੇ ਨਰੋਲ ਤੇ ਸਚ-ਪਰਖਾਊ ਹੁੰਦੀਆਂ ਹਨ, ਕਿਉਂਕਿ ਲੈਕਚਰ, ਕਥਾ ਜਾਂ ਬਹਿਸ ਕਰਨ ਵੇਲੇ ਆਦਮੀ ਇਕ ਰਸਮੀ ਚੋਗਾ ਆਪਣੇ ਮਨ ਤੇ ਬੋਲੀ ਉਤੇ ਪਾ ਲੈਂਦਾ ਹੈ, ਜਿਸ ਦੇ ਹੇਠਾਂ ਉਸ ਦਾ ਆਪਣਾ ਅਸਲਾ ਛੁਪਿਆ ਰਹਿੰਦਾ ਹੈ। ਪਰ ਓਹੀ ਆਦਮੀ ਜਦ ਨਵੇਕਲਾ ਬਹਿ ਕੇ ਕਿਸੇ ਨਾਲ ਖੁਲ੍ਹੀਆਂ ਗੱਲਾਂ ਕਰਦਾ ਹੈ, ਤਾਂ ਉਸ ਦਾ ਅੰਦਰਾ ਵਧੇਰੇ ਨਿਖਰ ਕੇ, ਸਭ ਸੁਕੜੇਵੇਂ ਤੇ ਦਿਖਾਵੇ ਦੂਰ ਕਰ ਕੇ, ਪ੍ਰਤੱਖ ਹੁੰਦਾ ਹੈ। ਉਸ ਵੇਲੇ ਉਸ ਦੀ ਸਾਰੀ ਸ਼ਖ਼ਸੀਅਤ ਖਿੜ ਕੇ ਬਾਹਰ ਆਉਂਦੀ ਹੈ। ਇਹ ਸ਼ਖ਼ਸੀਅਤ ਉਸ ਦੀ ਆਪਣੀ ਹੁੰਦੀ ਹੈ। ਇਸ ਵਿਚ ਕਿਸੇ ਹੋਰ ਦਾ ਰਲਾ ਨਹੀਂ ਹੁੰਦਾ। ਬੋਲੀ ਭੀ ਉਸ ਵੇਲੇ ਸੁਤੰਤਰ, ਨਰੋਲ ਅਤੇ ਸਭ ਬਣਾਵਟਾਂ ਤੋਂ ਬਰੀ ਹੁੰਦੀ ਹੈ। ਉਹ ਕਿਸੇ ਉਤੇ ਖ਼ਾਸ ਅਸਰ ਪਾਣ ਲਈ 'ਚਰਨਾਰਬਿੰਦ', 'ਮੁਖਾਰਬਿੰਦ', 'ਦੋਹਾਂ ਜਹਾਨਾਂ ਦੇ ਵਾਲੀ', 'ਜਗਤ ਰਖਿਅਕ', ਆਦਿ ਰਸਮੀ ਇਤਲਾਹਾਂ ਵਰਤਣ ਤੇ ਮਜਬੂਰ ਨਹੀਂ ਹੁੰਦਾ। ਉਹ 'ਸੀਤਲ ਜਲ ਛਕਦੇ ਹਨ' ਨਹੀਂ ਕਹਿੰਦਾ, ਬਲਕਿ 'ਠੰਢਾ ਪਾਣੀ ਪੀਓ' ਜਹੇ ਸਧਾਰਨ ਵਾਕ ਵਰਤਦਾ ਹੈ।

ਕਈ ਸਜਣ ਆਪਣੇ ਖ਼ਿਆਲਾਂ ਨੂੰ ਲੈਕਚਰ ਦੀ ਸ਼ਕਲ ਵਿਚ ਜ਼ਾਹਰ ਕਰਨੋਂ ਝਕਦੇ ਹਨ। ਜੇ ਔਖੇ ਸੌਖੇ ਹੋ ਕੇ ਖੜੇ ਹੋ ਭੀ ਜਾਣ ਤਾਂ ਉਨ੍ਹਾਂ ਦੇ ਖ਼ਿਆਲ ਦੀ ਸੰਗਲੀ ਟੁਟ ਟੁਟ ਪੈਂਦੀ ਹੈ, ਅਤੇ ਬੋਲੀ ਭੀ ਰਸਮੀ ਵਾਹਾਂ ਵਿਚ ਵਹਿਣ ਤੋਂ ਸੰਗਦੀ ਹੈ। ਪਰ ਜਦ ਓਹ ਵਿਹਲੇ ਬਹਿ ਕੇ ਗੱਲਾਂ ਕਰਨ ਲਗਣ ਤਾਂ ਬਹੁਤ ਸੋਹਣਾ ਅਸਰ ਪਾਂਦੇ ਹਨ। ਕਈ ਵਾਰੀ ਡੂੰਘੇ ਖ਼ਿਆਲਾਂ ਵਾਲੇ ਜਾਂ ਬਹੁਤ ਪਿਘਲਦੇ ਜਜ਼ਬੇ ਵਾਲੇ ਲੋਕ ਆਪਣੇ ਆਪ ਨੂੰ ਬਝਵੇਂ ਵਖਿਆਨਾਂ ਰਾਹੀਂ ਨਹੀਂ ਜ਼ਾਹਰ ਕਰ ਸਕਦੇ। ਪਰ ਨਿਜੀ ਤੌਰ ਤੇ ਆਪਣੇ ਸੰਗੀਆਂ ਸਾਥੀਆਂ ਵਿਚ ਬੈਠੇ ਓਹ ਓਹ ਗੱਲਾਂ ਕਰ ਸਕਦੇ ਹਨ ਜਿਨ੍ਹਾਂ ਦਾ ਅਸਰ ਸਦੀਵੀ ਤੇ ਜੀਵਣ-ਪਪਲਾਊ ਹੁੰਦਾ ਹੈ। ਜਿਸ ਕਿਸੇ ਨੂੰ ਭਗਤ ਲਛਮਣ ਸਿੰਘ ਜੀ ਅਤੇ ਭਾਈ ਵੀਰ ਸਿੰਘ ਜੀ ਨਾਲ ਬਹਿ ਕੇ ਗੱਲਾਂ ਕਰਨ ਦਾ ਅਵਸਰ ਮਿਲਿਆ ਹੈ, ਓਹ ਦਸ ਸਕਦੇ ਹਨ ਕਿ ਪ੍ਰਾਈਵੇਟ ਗਲ ਬਾਤ ਕਰਨ ਵਿਚ ਇਹ ਸਜਣ ਕਿਤਨੀ ਕਰਾਮਾਤੀ ਸ਼ਕਤੀ ਰਖਦੇ ਹਨ। ਇਨ੍ਹਾਂ ਨੇ ਆਪਣੀਆਂ ਲਿਖਤਾਂ ਦੁਆਰਾ ਜੋ ਅਸਰ ਲੋਕਾਂ ਦੇ ਆਚਰਣ ਬਣਾਉਣ ਵਿਚ ਕੀਤਾ ਹੈ ਉਸ ਤੋਂ ਬਹੁਤ ਜਿਆਦਾ ਅਸਰ ਇਨ੍ਹਾਂ ਦੀਆਂ ਗੱਲਾਂ ਦਾ ਹੋਇਆ ਹੈ। ਭਗਤ ਜੀ ਨੇ ਪਿੰਡੀ ਤੋਂ ਸੈਦਪੁਰ ਨੂੰ ਜਾਂਦੀ ਸੜਕ ਉਤੇ ਸੈਰ ਕਰਦਿਆਂ ਆਪਣੀਆਂ ਅਮੁੱਕ ਗੱਲਾਂ ਨਾਲ ਕਿਤਨਿਆਂ ਨੌਜਵਾਨਾਂ ਦੇ ਦਿਲਾਂ ਵਿਚ ਦਸਮੇਸ਼ ਜੀ ਲਈ ਸ਼ਰਧਾ ਭਰੀ, ਪੰਥਕ ਸੇਵਾ ਲਈ ਉਤਸ਼ਾਹ ਦਿਤਾ ਤੇ ਕੋਸ ਕੇ, ਪੁਚਕਾਰ ਕੇ, ਕੁਰਾਹੋਂ ਰਾਹੇ ਪਾਇਆ! ਭਾਈ ਵੀਰ ਸਿੰਘ ਜੀ ਨੇ ਆਪਣੇ ਸੋਹਣੇ ਬਾਗ਼ ਦੇ ਕੋਮਲ ਦੁਆਲੇ ਵਿਚ ਬਹਿ ਕੇ, ਆਪਣੀਆਂ ਗੱਲਾਂ ਦੀ ਮੀਂਹ ਵਾਂਗੂ ਕਿਣ-ਮਿਣ ਲਾ ਕੇ, ਕਿਤਨਿਆਂ ਦੇ ਜੀਵਣ ਵਿਚ ਰਸ ਭਰਿਆ, ਸੁਗੰਧਤ ਕੀਤਾ ਤੇ ਕੋਮਲ ਬਣਾਇਆ!

ਇਸੇ ਤਰ੍ਹਾਂ ਹਰ ਸ਼ਹਿਰ, ਹਰ ਪਿੰਡ ਵਿਚ ਕੁਝ ਕੁ ਆਦਮੀ ਹੁੰਦੇ ਹਨ ਜੋ ਕਿਤਾਬਾਂ ਤਾਂ ਨਹੀਂ ਲਿਖਦੇ, ਤੇ ਨਾ ਕਿਧਰੇ ਖੜੋ ਕੇ ਲੈਕਚਰ ਕਰਦੇ ਹਨ, ਪਰ ਪਰ੍ਹੇ ਵਿਚ ਬਹਿ ਕੇ ਜੋ ਅਸਰ ਓਹ ਆਪਣੀਆਂ ਗੱਲਾਂ ਨਾਲ ਪਾਂਦੇ ਹਨ, ਉਸ ਦੇ ਨਾਲ ਦਾ ਅਸਰ ਪਿੰਡ ਦਾ ਗ੍ਰੰਥੀ, ਪੰਡਤ ਜਾਂ ਮੱਲਾਂ ਭੀ ਨਹੀਂ ਪਾ ਸਕਦਾ। ਗੁਰਦੁਆਰਿਆਂ, ਮੰਦਰਾਂ ਤੇ ਮਸੀਤਾਂ ਵਿਚ ਜੋ ਕੁਝ ਥੋਕ ਕਰਕੇ ਵਿਕਦਾ ਹੈ, ਇਥੇ ਪਰਚੂਣ ਕਰਕੇ ਵਿਹਾਜਿਆ ਜਾਂਦਾ ਹੈ; ਜੋ ਉਥੇ ਖ਼ਰਾਸ ਵਾਂਗੂ ਦਰਾਲ੍ਹਿਆ ਜਾਂਦਾ ਹੈ, ਇਥੇ ਚੱਕੀ ਵਾਂਗੂ ਮਹੀਨ ਪੀਠਾ ਜਾਂਦਾ ਹੈ; ਜਾਂ ਇਉਂ ਕਹੋ ਕਿ ਜੋ ਉਥੇ ਬਿਨਾਂ ਸੋਚੇ ਸਮਝੇ ਨਿਗਲਿਆ ਜਾਂਦਾ ਹੈ, ਉਹ ਉਥੇ ਉਗਾਲੀ ਕਰ ਕੇ ਪਚਾਇਆ ਜਾਂਦਾ ਹੈ। ਇਹ ਇਕ ਪਾਰਲੀਮਿੰਟ ਹੈ ਜੋ ਹਰ ਥਾਂ ਹਰ ਵੇਲੇ ਲਗੀ ਰਹਿੰਦੀ ਹੈ। ਇਸ ਵਿਚ ਆਮ ਰਾਇ ਬਣਦੀ, ਵੱਡੀਆਂ ਵੱਡੀਆਂ ਗੱਲਾਂ ਦੇ ਫੈਸਲੇ ਹੁੰਦੇ, ਕੌਮਾਂ ਉਸਰਦੀਆਂ, ਨਿਸਰਦੀਆਂ ਤੇ ਢਹਿੰਦੀਆਂ ਹਨ। ਕੌਂਸਲਾਂ ਤੇ ਐਸੰਬਲੀਆਂ ਵਿਚ ਜਾ ਕੇ ਮਤੇ ਪਿੱਛੋਂ ਪਾਸ ਹੁੰਦੇ ਹਨ, ਪਰ ਪਹਿਲਾਂ ਓਹ ਮਤੇ ਇਥੇ ਬਣਦੇ, ਵੋਟਾਂ ਦੀ ਤਿਆਰੀ ਹੁੰਦੀ ਤੇ ਪਾਸ ਫ੍ਹੇਲ ਕਰਨ ਦੇ ਮਨਸੂਬੇ ਬੱਝਦੇ ਹਨ। ਜੋ ਜੋ ਖ਼ਿਆਲ ਅੰਤਮ ਸ਼ਕਲ ਵਿਚ ਅਖਬਾਰਾਂ ਮੇਗਜ਼ੀਨਾਂ ਤੇ ਕਿਤਾਬਾਂ ਵਿਚ ਪ੍ਰਕਾਸ਼ਤ ਹੁੰਦੇ ਹਨ, ਪਹਿਲਾਂ ਵਿਹਲੀਆਂ ਗੱਪਾਂ ਦੀ ਸ਼ਕਲ ਵਿਚ ਇਧਰ ਉਧਰ ਗੇੜੇ ਲਾਂਦੇ ਰਹਿੰਦੇ ਹਨ। ਜਦ ਓਹ ਇਸ ਛੱਜ ਵਿਚੋਂ ਛਟ ਛਟੀ ਕੇ ਸਾਫ਼ ਹੋ ਕੇ ਸਾਰੀ ਜਨਤਾ ਦੇ ਸਾਮ੍ਹਣੇ ਆਉਂਦੇ ਹਨ ਤਾਂ ਵਧੇਰੇ ਪ੍ਰਮਾਣੀਕ ਗਿਣੇ ਜਾਂਦੇ ਹਨ। ਪਰ ਕੀ ਇਹ ਛਟਣ ਛਟਾਣ ਵਾਲਾ ਕੰਮ ਨਿਕੰਮਾ ਹੈ? ਇਸ ਤੋਂ ਬਿਨਾਂ ਕੋਈ ਖਿਆਲ, ਕੋਈ ਰਾਇ ਪੱਕੀ ਨਹੀਂ ਹੋ ਸਕਦੀ, ਅਤੇ ਜੋ ਉਸਾਰੀ ਕੌਮ ਦੀ ਜਾਂ ਇਸ ਦੇ ਕੰਮਾਂ ਦੀ ਹੋਵੇਗੀ ਉਹ ਕੱਚੀ ਪਿਲੀ ਜਾਂ ਛੇਤੀ ਬਦਲਣ ਵਾਲੀ ਹੋਵੇਗੀ। ਇਹੋ ਇਕ ਸਕੂਲ ਹੈ ਜਿਸ ਵਿਚ ਅਕਬਰ, ਰਣਜੀਤ ਸਿੰਘ, ਡਿਕਨਸ, ਟੈਗੋਰ, ਬ੍ਰਾਊਨਿੰਗ, ਆਦਿ ਮਹਾਂ ਪੁਰਖ ਪੜ੍ਹੇ।

ਆਮ ਗਲ ਬਾਤ ਉਤੇ ਕੋਈ ਕਾਪੀ ਰਾਈਟ ਦਾ ਦਾਬਾ ਨਹੀਂ ਹੁੰਦਾ। ਜਿਹੜਾ ਭੀ ਖਿਆਲ ਚੰਗਾ ਲਗੇ ਉਹੋ ਤੁਸੀਂ ਲੈ ਕੇ ਆਪਣਾ ਬਣਾ ਸਕਦੇ ਹੋ। ਕੋਈ ਨੁਕਤਾਚੀਨ ਜਾਂ ਪੜਚੋਲੀਆ ਤੁਹਾਡੇ ਖਿਆਲਾਂ ਦੇ ਸੋਮੇਂ ਲਭ ਲਭ ਕੇ ਤੁਹਾਨੂੰ ਚੋਰ ਨਹੀਂ ਆਖ ਸਕਦਾ।

ਇਸ ਵਿਚ ਆਜ਼ਾਦੀ ਪੂਰੀ ਪੂਰੀ ਹੈ। ਨਾ ਇਸ ਵਿਚ ਖ਼ੁਫੀਆ ਪੁਲਸ ਦਾ ਡਰ, ਨਾ ਕਿਸੇ ਕਨੂੰਨ ਨੂੰ ਉਲੰਘਣ ਦਾ। (ਘਰ ਬੈਠੇ ਜੁ ਇਕ ਦੋ ਨਾਲ ਗਲ ਕਰਨੀ ਹੋਈ) ਕਿਤਾਬ ਲਿਖਣ ਲਈ ਹਜ਼ਾਰ ਪਿਟਣੇ ਕਰਨੇ ਪੈਂਦੇ ਹਨ: ਪਹਿਲਾਂ ਮਸਾਲਾ ਇਕਠਾ ਕਰਨਾ ਹੈ; ਫਿਰ ਉਸ ਨੂੰ ਸੋਧ ਕੇ ਇਉਂ ਛਾਪਣਾ ਕਿ ਕੋਈ ਗ਼ਲਤੀ ਨਾ ਪਕੜ ਸਕੇ; ਫਿਰ ਸਜਣਾਂ ਮਿਤਰਾਂ ਦੀਆਂ ਨਰਾਜਗੀਆਂ, ਲੋਕਾਂ ਦੇ ਵਹਿਮਾਂ ਤੇ ਕਨੂੰਨ ਦੀਆਂ ਪਕੜਾਂ ਤੋਂ ਬਚਣਾ। ਜਬਾਨੀ ਗਲ ਕਥ ਕਰਨ ਵਿਚ ਇਹ ਪਵਾੜੇ, ਇਹ ਸੋਘਾਂ, ਇਹ ਰੁਕਾਵਟਾਂ ਨਹੀਂ ਹੁੰਦੀਆਂ; ਇਸ ਲਈ ਇਸ ਵਿਚ ਵਧੇਰੇ ਖੁਲ੍ਹ ਹੁੰਦੀ ਹੈ, ਜਿਸ ਕਰਕੇ ਇਸ ਵਿਚ ਵਧੇਰੇ ਅਪਣੱਤ, ਵਧੇਰੇ ਨੇਕ-ਨੀਤੀ, ਵਧੇਰੇ ਦਿਆਨਤਦਾਰੀ ਵਰਤਣ ਦਾ ਅਵਸਰ ਮਿਲਦਾ ਹੈ।

ਜੇ ਇਸ ਖੁਲ੍ਹ ਦੇ ਵਰਤਣ ਦੀ ਜਾਚ ਜਾਂ ਜੁਮੇਵਾਰੀ ਦਾ ਭਾਵ ਨਾ ਹੋਵੇ ਤਾਂ ਇਹ ਖੁਲ੍ਹ ਬਹੁਤ ਖਰੂਦ ਮਚਾਂਦੀ ਹੈ। ਆਪ-ਹੁਦਰਾ ਆਦਮੀ ਗੱਪ ਸ਼ਪ ਨੂੰ ਵੈਰ ਕਢਣ ਦਾ ਸਾਧਨ ਬਣਾ ਲੈਂਦਾ ਹੈ। ਉਹ ਲੋਕਾਂ ਦੀ ਨਿੰਦਾ ਚੁਗਲੀ ਕਰਦਾ, ਘਰ ਨੂੰ ਘਰ ਤੋਂ ਪਾੜਦਾ, ਦੋਸਤਾਂ ਮਿਤਰਾਂ ਵਿਚ ਗ਼ਲਤਫਹਿਮੀਆਂ ਪਾ ਕੇ ਨਖੇੜਦਾ ਤੇ ਸਾਰੇ ਭਾਈਚਾਰੇ ਵਿਚ ਕੁਰੱਸ ਤੇ ਗੁੰਝਲਾਂ ਪਾ ਦਿੰਦਾ ਹੈ। ਪਰ ਗੱਪੀ ਹੋਣ ਕਰਕੇ ਉਸ ਦੇ ਅੰਦਰ ਦੇ ਔਗਣ ਛੇਤੀ ਬਾਹਰ ਆ ਜਾਂਦੇ ਹਨ। ਲੋਕੀ ਉਸ ਨੂੰ ਪਛਾਣ ਕੇ ਜਾਂ ਤਾਂ ਉਸੇ ਵੇਲੇ ਕੁਟ ਕੁਟਾ ਕਰ ਕੇ ਸੋਧ ਲੈਂਦੇ ਹਨ, ਜਾਂ ਉਸ ਤੋਂ ਦੂਰ ਰਹਿ ਕੇ ਉਸ ਤੋਂ ਪਿੱਛਾ ਛੁੜਾ ਲੈਂਦੇ ਹਨ।

ਖੁਲ੍ਹੀਆਂ ਗਲਾਂ ਕਰਨ ਦਾ ਵੀ ਇਕ ਹੁਨਰ ਹੈ, ਜੋ ਹਰ ਕਿਸੇ ਨੂੰ ਨਹੀਂ ਆਉਂਦਾ। ਇਸ ਨੂੰ ਕਾਮਯਾਬੀ ਨਾਲ ਨਿਬਾਹੁਣ ਲਈ ਕਈ ਗੁਣਾਂ ਦੀ ਲੋੜ ਹੈ। ਸਭ ਤੋਂ ਪਹਿਲੀ ਲੋੜ ਇਸ ਗਲ ਦੀ ਹੈ ਕਿ ਗੱਲ ਕਰਨ ਵਾਲਾ ਹਸਮੁਖ ਹੋਵੇ। ਉਸ ਦੇ ਦਿਲ ਵਿਚ ਲਮੇ ੨ ਵੈਰ ਨਾ ਹੋਣ। ਉਸ ਦੀ ਆਮ ਵਾਕਫ਼ੀ ਤੇ ਤਜਰਬਾ ਬਹੁਤ ਹੋਵੇ, ਜੋ ਬਹੁਤ ਕਰਕੇ ਸਫ਼ਰ ਕਰਨ ਤੇ ਦੇਸਾਂ ਵਿਚ ਭਉਣ ਚਉਣ ਤੋਂ ਮਿਲਦਾ ਹੈ। ਸ਼ਾਇਦ ਇਸੇ ਲਈ ਗੁਰੂ ਨਾਨਕ ਜੀ ਨੇ ਕਿਹਾ ਹੈ: 'ਬਹੁ ਤੀਰਥ ਭਵਿਆ ਤੇਤੋ ਲਵਿਆ।' ਜੋ ਕੁਝ ਆਲੇ-ਦੁਆਲੇ ਵਿਚ ਵਰਤ ਰਿਹਾ ਹੋਵੇ ਉਸ ਦੀ ਪਛਾਣ ਰਖਦਾ ਹੋਵੇ, ਨਹੀਂ ਤਾਂ ਉਸ ਦੀਆਂ ਗਲਾਂ, ਉਸ ਦੇ ਮਖੌਲ, ਇਕ ਦੋ ਵਾਰੀ ਦੁਹਰਾਏ ਜਾ ਕੇ ਬਾਸੀ ਜਹੇ ਲਗਣ ਲਗ ਪੈਣ ਗੇ। ਉਸ ਨੂੰ ਲੋਕਾਂ ਦੇ ਸੁਭਾ ਤੇ ਮੌਕਾ ਪਛਾਨਣ ਦੀ ਜਾਚ ਹੋਵੇ, ਲੋਕਾਂ ਦੀਆਂ ਆਮ ਰੁਚੀਆਂ ਨਾਲ ਹਮਦਰਦੀ ਹੋਵੇ ਅਤੇ ਆਪਣੀ ਰਾਇ ਤੇ ਦਲੀਲ ਉਤੇ ਹੱਠ ਨਾ ਕਰੇ। ਖਾਸ ਕਰਕੇ ਆਪਣੀ ਬੋਲੀ ਉਤੇ ਚੰਗਾ ਕਾਬੂ ਹੋਵੇ।

ਇਹੋ ਜਿਹਾ ਗੱਲਾਂ ਦਾ ਹੁਨਰਮੰਦ ਭਾਈਚਾਰੇ ਦਾ ਭੂਸ਼ਣ ਹੁੰਦਾ ਹੈ। ਲੋਕੀ ਸਿਖੇ ਸਿਖਾਏ ਵਿਹਲੀਆਂ ਗੱਲਾਂ ਨੂੰ ਐਵੇਂ ਪਏ ਨਿੰਦਣ, ਪਰ ਦਿਲੋਂ ਹਰ ਕੋਈ ਜਾਣਦਾ ਹੈ ਕਿ ਵਿਹਲੀਆਂ ਗੱਲਾਂ ਬਿਨਾਂ ਗੁਜ਼ਾਰਾ ਨਹੀਂ। ਅਜਕਲ ਦੀ ਘੂਠੀ ਹੋਈ ਚਲਦੀ ਦੁਨੀਆਂ ਵਿਚ ਜਿਥੇ ਇੰਨੇ ਦੁਖ ਤੇ ਰੁਝੇਵੇਂ ਹਨ ਵਿਹਲੀਆਂ ਗੱਲਾਂ ਦਾ ਹੁਨਰ ਬਹੁਤ ਲਾਭਵੰਦਾ ਹੈ। ਕਾਰਖ਼ਾਨੇ ਵਿਚ ਕੰਮ ਕਰ ਕਰ ਕੇ ਥਕੇ ਟੁਟੇ ਮਜੂਰਾਂ ਦੀ ਥੱਕੀ ਹੋਈ ਤਬੀਅਤ ਲਈ ਇਹ ਇਕ ਤਰ੍ਹਾਂ ਦੀ ਮਲ੍ਹਮ ਹੈ। ਜੇ ਦਫ਼ਤ੍ਰੋਂ ਆਏ ਬਾਬੂ ਨੂੰ ਆਪਣੀ ਵਹੁਟੀ ਸਾਰੇ ਦਿਨ ਦੀਆਂ ਚੋਂਦੀਆਂ ਚੋਂਦੀਆਂ ਗੱਲਾਂ ਨਾ ਸੁਣਾਏ, ਜਾਂ ਸ਼ਾਮ ਨੂੰ ਉਸ ਦਾ ਮਿਤਰ ਸੈਰ ਕਰਦੇ ਕਰਦੇ ਵਿਹਲੀਆਂ ਠੋਕ ਕੇ ਉਸਨੂੰ ਨਾ ਹਸਾਏ, ਤਾਂ ਉਸ ਵਿਚਾਰੇ ਦਾ ਥੋੜੇ ਦਿਨਾਂ ਵਿਚ ਹੀ ਘਾਣ ਹੋ ਜਾਏ।

ਜੇ ਕਿਸੇ ਸੰਬੰਧੀ ਦੇ ਘਰ ਮਰਨੇ ਉਤੇ ਜਾ ਕੇ ਪਰਚਾਉਣੀ ਕਰਨੀ ਪਏ ਤਾਂ ਲਕੀਰ ਦਾ ਫਕੀਰ ਤਾਂ ਆਪਣੇ ਸੰਬੰਧੀ ਨੂੰ ਮੌਤ ਚੇਤੇ ਕਰਾ ਕਰਾ ਕੇ ਉਸਦੇ ਅੱਲੇ ਘਾ ਇਉਂ ਉਚੇੜੇਗਾ, "ਵਿਚਾਰਿਆ! ਤੇਰਾ ਕੁਝ ਨਹੀਂ ਰਿਹਾ! ਤੇਰਾ ਹੁਣ ਜੀਣਾ ਕਿਸ ਅਰਥ?" ਪਰ ਜਿਹੜਾ ਆਦਮੀ ਸਮਝਦਾਰ ਹੈ, ਉਹ ਗੱਲਾਂ ਗੱਲਾਂ ਵਿਚ ਆਪਣੇ ਦੁਖੀ ਸੰਬੰਧੀ ਨੂੰ ਆਪਣੀ ਹਮਦਰਦੀ ਦਸ ਦਏਗਾ, ਪਰ ਉਮੈਦ ਵਾਲੀਆਂ, ਢਾਰਸ ਵਾਲੀਆਂ ਗੱਲਾਂ ਦੇ ਜ਼ਰੀਹੇ ਉਸਦੇ ਖਿਆਲ ਨੂੰ ਮੌਤ ਤੇ ਇਸ ਦੇ ਨਾਲ ਆਏ ਕਸ਼ਟਾਂ ਨੂੰ ਉਸਦੀਆਂ ਅੱਖਾਂ ਤੋਂ ਓਹਲੇ ਰਖਣ ਦੀ ਕੋਸ਼ਿਸ਼ ਕਰੇਗਾ। ਇਉਂ ਕਰਨ ਲਈ ਬਹੁਤ ਸਾਰੀਆਂ ਵਿਹਲੀਆਂ ਗੱਲਾਂ ਦੀ ਲੋੜ ਹੈ ਜੋ ਇਸ ਹੁਨਰ ਵਿਚ ਪਰਪੱਕ ਆਦਮੀ ਹੀ ਕਰ ਸਕਦਾ ਹੈ।

ਇਸੇ ਤਰ੍ਹਾਂ ਜਦ ਭੀ ਕੋਈ ਜ਼ਰੂਰੀ ਕੰਮ ਦੀ ਗਲ ਕਰਨ ਲਗੋ, ਤਾਂ ਭੂਮਿਕਾ ਦੇ ਤੌਰ ਤੇ ਕੁਝ ਚਿਰ ਆਸ ਪਾਸ ਦੀਆਂ ਵਿਹਲੀਆਂ ਗੱਲਾਂ ਕਰਨ ਦੀ ਲੋੜ ਹੁੰਦੀ ਹੈ। ਕਿਸੇ ਮਿਤਰ ਪਾਸੋਂ (ਜੋ ਸ਼ਾਹੂਕਾਰ ਨਾ ਹੋਵੇ) ਉਧਾਰ ਲੈਣ ਜਾਓ ਤਾਂ ਤੁਹਾਨੂੰ ਹਜ਼ਾਰ ਵੇਲਣੇ ਸਿਧੇ ਪੁਠੇ ਵੇਲਣੇ ਪੈਣਗੇ, ਤਦ ਜਾ ਕੇ ਅਸਲੀ ਮਜ਼ਮੂਨ ਵਲ ਆਓਗੇ। ਗਲ ਸ਼ੁਰੂ ਕਰਨੀ ਹੀ ਔਖੀ ਹੁੰਦੀ ਹੈ। ਜਦ ਇਕ ਵੇਰ ਗਲ ਰਿੜ੍ਹ ਪਏ ਤਾਂ ਖਿਦੋ ਵਾਂਗੂ ਖੇਡ ਜਾਰੀ ਰਹਿੰਦੀ ਹੈ। ਵਿਚ ਵਿਚਾਲੇ ਜਿਥੇ ਭੀ ਮੌਕਾ ਲਗ ਜਾਏ, ਆਪਣੇ ਮਤਲਬ ਦੀ ਗਲ ਠੇਲ੍ਹ ਦਈਦੀ ਹੈ।

"ਸੁਣਾ ਯਾਰ! ਤੂੰ ਤਾਂ ਈਦ ਦਾ ਚੰਨ ਹੀ ਹੋ ਗਿਓਂ। ਕਿਥੇ ਰਹਿੰਦਾ ਏ?"

"ਰਹਿਣਾ ਕੀ ਏ? ਕਈ ਦਿਨਾਂ ਤੋਂ ਮੰਜੇ ਤੇ ਪਿਆ ਪਾਸੇ ਮਾਰਦਾ ਹਾਂ। ਗੋਡੇ ਵਿਚ ਜੁ ਦਰਦ ਆ ਨਿਕਲੀ ਐ।"

"ਹਾਂ ਜੀ! ਧਨੀ ਲੋਕਾਂ ਦੀਆਂ ਬੀਮਾਰੀਆਂ ਵੀ ਆਰਾਮ ਵਾਲੀਆਂ ਹੁੰਦੀਆਂ ਨੇ। ਡਾਕਟਰ ਹੋ ਨਾਂ। ਲੋਕੀ ਮੰਜੇ ਤੇ ਪਿਆਂ ਨੂੰ ਭੀ ਆ ਦੁਆਈ ਪੁਛਦੇ ਨੇ ਤੇ ਫੀਸਾਂ ਪਏ ਦਿੰਦੇ ਨੇ। ਜੇ ਮੇਰੇ ਵਰਗਾ ਕੰਗਾਲ ਹੁੰਦੋਂ, ਤਾਂ ਬੀਮਾਰ ਪਏ ਦੇਖਦੋਂ ਕਿ ਕਿਨੀਂ ਵੀਹੀਂ ਸੌ ਹੁੰਦਾ ਹੈ!'

"ਵਾਹ ਭਈ! ਤੂੰ ਕਦੋਂ ਦਾ ਕੰਗਾਲ ਹੋ ਗਿਓਂ?"

"ਤੈਨੂੰ ਪਤਾ ਨਹੀਂ? ਮਕਾਨ ਬਣਾ ਬੈਠਾ ਹਾਂ। ਸਭ ਕੁਝ ਵਿਚੇ ਲਗ ਗਿਐ। ਛੇ ਕੁ ਮਹੀਨੇ ਦੀ ਔੜ ਹੈ। ਫੇਰ ਜਲ ਥਲ ਹੋ ਜਾਏਗਾ। ਹਾਂ ਸਚੀਂ! ਇਕ ਸੌ ਰੁਪਏ ਦੀ ਡਾਢੀ ਲੋੜ ਹੈ। ਭਰਜਾਈ ਕੋਲੋਂ ਪੁਛ ਖਾਂ, ਕਿਤੇ ਏਧਰ ਓਧਰ ਰਖੇ ਹੋਣ ਤਾਂ ਕੁਝ ਦਿਨਾਂ ਲਈ ਦੇ ਦੇਵੇ।"

ਬਸ ਇਥੋਂ ਆਪਣੇ ਮਤਲਬ ਦੀ ਗਲ ਸਿਧੀ ਸ਼ੁਰੂ ਕਰ ਲਈਦੀ ਹੈ। ਔਖ ਕੇਵਲ ਸ਼ੁਰੂ ਕਰਨ ਵਿਚ ਹੀ ਹੁੰਦਾ ਹੈ। ਸੋ ਇਹ ਸ਼ੁਰੂ ਕਰਨ ਦਾ ਹੁਨਰ ਹੀ ਗਪ ਸ਼ਪ ਅਖਵਾਂਦਾ ਹੈ। ਕੋਈ ਦੁਖ ਵਾਲਾ ਸੁਨੇਹਾ ਦੇਣਾ ਹੋਵੇ, ਕੋਈ ਸਫਾਰਸ਼ ਪਾਣੀ ਹੋਵੇ, ਕੋਈ ਸਾਕ ਸੰਬੰਧ ਕਰਨਾ ਪਏ, ਤਾਂ ਅਸਲੀ ਮਤਲਬ ਦੀ ਇਮਾਰਤ ਖੜੀ ਕਰਨ ਤੋਂ ਪਹਿਲਾਂ ਕੁਝ ਵਿਹਲੀਆਂ ਗੱਲਾਂ ਦੀ ਡੇਉੜ੍ਹੀ ਉਸਾਰਨੀ ਪੈਂਦੀ ਹੈ। ਕੌਣ ਕਹਿ ਸਕਦਾ ਹੈ ਕਿ ਇਹ ਕੰਮ ਸੌਖਾ ਹੈ ਜਾਂ ਲੋੜੀਦਾ ਨਹੀਂ?

ਪਿਆਰ ਦੇ ਮਾਮਲੇ ਵਿਚ ਤਾਂ ਵਿਹਲੀਆਂ ਗੱਲਾਂ ਇਕ ਖ਼ਾਸ ਮਹਾਨਤਾ ਰਖਦੀਆਂ ਹਨ। ਇਹ ਪ੍ਰੇਮੀਆਂ ਦੇ ਰੂਹ ਦੀ ਖੁਰਾਕ ਹਨ। ਹਰ ਇਕ ਪ੍ਰੇਮੀ ਏਹੋ ਕਹਿੰਦਾ ਹੈ, ਕਿ ਦੁਨੀਆਂ ਸਾਰੀ ਲਾਂਭੇ ਹੋ ਜਾਏ ਤੇ ਬਸ 'ਇਕ ਤੂੰ ਹੋਵੇਂ ਤੇ ਇਕ ਮੈਂ ਹੋਵਾਂ, ਤੇ ਦੋਵੇਂ ਬਹਿ ਕੇ ਗੱਲਾਂ ਕਰੀਏ।

"ਟਾਲ੍ਹੀ ਦੇ ਥੱਲੇ, ਬਹਿ ਕੇ,
ਹਾਂ ਮਾਹੀਆ ਵੇ!
ਆ ਕਰੀਏ ਦਿਲ ਦੀਆਂ ਗੱਲਾਂ।
ਤੂੰ ਮੇਰਾ ਦਰਦ ਵੰਡਾਵੇਂ,
ਮੈਂ ਤੇਰੇ ਦਰਦ ਉਥੱਲਾਂ।"

ਅੰਬੀ ਦਾ ਬੂਟਾ ਹੋਵੇ, ਜਾਂ ਖੜ ਖੜ ਕਰਦੇ ਪਤਰਾਂ ਵਾਲਾ ਪਿਪਲ, ਜਿਥੇ ਭੀ ਬਹਿ ਕੇ ਦਿਲ ਦੀਆਂ ਕੋਮਲ ਗੱਲਾਂ ਕੀਤੀਆਂ ਹੋਣ ਉਹ ਥਾਂ ਦਿਲ ਤੋਂ ਨਹੀਂ ਭੁਲਦਾ, ਬਲਕਿ ਯਾਦਗਾਰ ਕਾਇਮ ਕਰਨ ਦੇ ਲਾਇਕ ਹੋ ਜਾਂਦਾ ਹੈ।

"ਜਿਥੇ ਬਹਿ ਗੱਲਾਂ ਕੀਤੀਆਂ।
ਬੂਟਾ ਰਖਿਆ ਨਿਸ਼ਾਨੀ।"

ਮੈਨੂੰ ਆਪਣੇ ਮਿਤਰ ਤੇ ਜਮਾਤੀ ਚਰਨਜੀਤ ਸਿੰਘ ਦੇ ਪਿਆਰ ਦੀਆਂ ਯਾਦਗਾਰਾਂ ਵਿਚੋਂ ਸਭ ਤੋਂ ਵਧੇਰੇ ਯਾਦ ਰਹਿਣ ਵਾਲੀ ਉਹ ਝਾਕੀ ਹੈ ਕਿ ਜਦੋਂ ਅਸੀਂ ਅੰਟ੍ਰੈਂਸ ਦੇ ਇਮਤਿਹਾਨ ਤੋਂ ਵਿਹਲੇ ਹੋ ਕੇ ਕਾਲਜ ਦੇ ਸਾਮ੍ਹਣੇ ਵਾਲੇ ਕਿਕਰ* ਹੇਠਾਂ ਰਲ ਕੇ ਬੈਠੇ ਸਾਂ ਤੇ ਘੰਟਿਆਂ ਬਧੀ ਅਗੇ ਪਿਛੇ ਦੀਆਂ ਗੱਲਾਂ ਕਰਦੇ ਰਹੇ ਸਾਂ। ਪਿਛਲੀਆਂ ਯਾਦਾਂ ਤੇ ਅੱਗੇ ਆਉਣ ਵਾਲੇ ਵਿਛੋੜੇ ਦੇ ਖਿਆਲ ਨੇ ਸਾਡੀਆਂ ਨਾੜਾਂ ਨੂੰ ਤਣ ਰਖਿਆ ਸੀ ਤੇ ਅਸੀਂ ਇੱਨੇ ਸੂਖਮ ਭਾਵ ਵਾਲੇ ਹੋ ਗਏ ਸਾਂ ਕਿ ਲਹਿੰਦੇ ਸੂਰਜ ਦੀ ਟਿਕੀ ਉਤੋਂ ਸਰਕਦੇ ਬੱਦਲਾਂ ਦੇ ਪਰਛਾਵੇਂ ਨੂੰ ਆਪਣੇ ਉਤੋਂ ਲੰਘਦੇ ਦੇਖ ਕੇ ਤ੍ਰਿਬਕ ਪੈਂਦੇ ਸਾਂ, ਅਤੇ ਗੁਰਦੁਆਰੇ ਦੇ ਤੀਜੇ ਧੌਂਸੇ ਦੀ ਉਡੀਕ ਵਿਚ ਗੱਲਾਂ ਕਾਹਲੀ ਕਾਹਲੀ ਕਰਨ ਲਗ ਪੈਂਦੇ ਸਾਂ। ਪਰ ਗੱਲਾਂ ਅਮੁੱਕ ਸਨ। ਓਹ ਅਜੇ ਤਾਈਂ ਨਹੀਂ ਮੁਕੀਆਂ। 'ਕਰਾਮਾਤ' ਦਾ ਅਰਥ ਹੈ ਵਡਿਆਈ, ਤੇ ਵਡਿਆਈ ਦਾ ਭਾਵ, ਜੋ ਅਸੀਂ ਸਮਝ ਰਖਿਆ ਹੈ, ਉਲੰਘਣਾ ਕਰਨ ਦੀ ਸਮ੍ਰਥਾ ਹੈ। ਨੇਮਾਂ ਅੰਦਰ ਰਹਿਣਾ ਆਮ ਲੋਕਾਂ ਦਾ ਕੰਮ ਹੈ। ਵੱਡੇ ਲੋਕ ਕਨੂੰਨ ਜਾਂ ਨੇਮ ਤੋਂ ਉਤਾਹਾਂ ਗਿਣੇ ਜਾਂਦੇ ਹਨ। ਕਿਧਰੇ ਮੈਚ ਹੁੰਦਾ ਹੋਵੇ ਜਾਂ ਛਿੰਝ ਪੈਂਦੀ ਹੋਵੇ ਅਤੇ ਪ੍ਰਬੰਧਕਾਂ ਨੇ ਪਿੜ ਦੁਆਲੇ ਰਸੀ ਖਿੱਚੀ ਹੋਵੇ, ਤਾਂ ਦੇਖੋਗੇ ਕਿ ਆਮ ਭੀੜ ਤਾਂ ਰੱਸੀ ਦੇ ਪਿੱਛੇ ਖੜੀ ਹੋਵੇਗੀ, ਪਰ ਉਨ੍ਹਾਂ ਵਿਚੋਂ ਦੋ ਚਾਰ ਉਚਦੁਮਾਲੀਏ ਅਗਾਹਾਂ ਨਿਤਰ ਆਉਣਗੇ ਅਤੇ ਪਿੜ ਦੇ ਅੰਦਰ ਇਧਰ ਉਧਰ ਭੁੜਕਦੇ ਫਿਰਨਗੇ। ਬਸ ਏਹੋ ਵਡੇ ਹੋਣ ਦੀ ਨਿਸ਼ਾਨੀ ਜੇ। ਆਮ ਲੋਕ ਤਾਂ ਸਿਧੇ ਤੇ ਬਝਵੇਂ ਰਸਤੇ ਤੇ ਚਲਣਗੇ, ਭਾਵੇਂ ਲੰਮਾ ਤੇ ਵਲਦਾਰ ਹੋਵੇ, ਪਰ ਜਿਨ੍ਹਾਂ ਦੇ ਦਿਲ ਵਿਚ ਵਡੇ ਹੋਣ ਦਾ ਮਾਣ ਹੈ ਵਾੜਾਂ ਨੂੰ ਤੋੜਦੇ, ਰਾਖਵੇਂ ਘਾਹਾਂ ਨੂੰ ਲਤਾੜਦੇ ਤੇ ਚੋਰ-ਪਗਡੰਡੀਆਂ ਬਣਾਂਦੇ ਲੰਘਣਗੇ।

ਇਹ ਸਚ ਹੈ ਕਿ ਕਈ ਵਾਰੀ ਅਸਲੀ ਵੱਡੇ ਆਦਮੀਆਂ ਨੂੰ ਕਿਸੇ ਉਚੇਰੇ ਕਨੂੰਨ ਦੀ ਰਖਿਆ ਲਈ ਮਨੁੱਖਾਂ ਦੇ ਪਾਏ ਬੇਮਹਿਨੀ ਬੰਧਨਾਂ ਨੂੰ ਤੋੜਨਾ ਪੈਂਦਾ ਹੈ। ਪਰ ਓਹ ਇਸ ਤੋੜ-ਫੋੜ ਨੂੰ ਆਪਣੇ ਵਡਿੱਤਣ ਦਾ ਖ਼ਾਸ ਹਕ ਨਹੀਂ ਮੰਨਦੇ, ਬਲਕਿ ਸਮਾਜਕ ਉੱਨਤੀ ਜਾਂ ਸੁਧਾਰ ਲਈ ਇਕ ਜ਼ਰੂਰੀ ਫ਼ਰਜ਼ ਸਮਝਦੇ ਹਨ, ਜਿਸ ਦੀ ਪੂਰਤੀ ਲਈ ਓਹ ਆਪਣੇ ਉਤੇ ਹਰ ਤਰ੍ਹਾਂ ਦੇ ਕਸ਼ਟ ਸਹਾਰਨ ਲਈ ਤਿਆਰ ਰਹਿੰਦੇ ਹਨ। ਪਰ ਜਿਨ੍ਹਾਂ ਵਡੇ ਲੋਕਾਂ ਦਾ ਮੈਂ ਜ਼ਿਕਰ ਕਰ ਰਿਹਾ ਹਾਂ ਓਹ ਨੇਮਾਂ ਨੂੰ ਭੰਗ ਕਰਨ ਵਿਚ ਹੀ ਆਪਣੀ ਵਡਿਆਈ ਸਮਝਦੇ ਹਨ, ਅਤੇ ਕਿਸੇ ਡੰਡ ਦਾ ਨਾਂ ਲੈਣਾ ਤਾਂ ਉਨ੍ਹਾਂ ਦੀ ਹਤਕ ਕਰਨਾ ਹੈ। ਇਸੇ ਖਿਆਲ ਦੇ ਪ੍ਰਚਲਤ ਹੋਣ ਨਾਲ ਕਈ ਵਾਰੀ ਅਸੀਂ ਨਿਰੇ ਕਨੂੰਨ ਤੋੜਨ ਨੂੰ ਬਹਾਦਰੀ ਸਮਝਣ ਲਗ ਪੈਂਦੇ ਹਾਂ, ਅਤੇ ਬੇਟਿਕਟੇ ਸਫ਼ਰ ਕਰਨ ਵਾਲਿਆਂ ਜਾਂ ਸਰਕਾਰ ਨੂੰ ਗਾਲਾਂ ਕਢ ਕੇ ਜੇਲ੍ਹ ਜਾਣ ਵਾਲਿਆਂ ਨੂੰ ਹੀਰੋ ਸਮਝ ਕੇ ਸਲਾਹੁੰਦੇ ਹਾਂ।

ਜਦ ਕਨੂੰਨ ਦੀਆਂ ਹਦ-ਬੰਦੀਆਂ ਤੋਂ ਉਤਾਹਾਂ ਹੋਣਾ ਹੀ ਵਡਿਆਈ ਦੀ ਨਿਸ਼ਾਨੀ ਹੈ, ਤਾਂ ਜੋ ਭੀ ਸਾਡੀ ਨਜ਼ਰ ਵਿਚ ਵੱਡਾ ਹੋਵੇਗਾ ਅਸੀਂ ਉਸਨੂੰ ਕੁਦਰਤੀ ਤੇ ਅਖ਼ਲਾਕੀ ਨੇਮਾਂ ਤੋਂ ਉਚੇਰਾ ਮੰਨਾਂਗੇ। ਰਾਜੇ ਇਸੇ ਲਈ ਨਿਹ-ਕਲੰਕ ਮੰਨੇ ਗਏ ਹਨ, ਅਤੇ ਨਬੀ, ਪੈਗੰਬਰ ਤੇ ਅਵਤਾਰ ਰੱਬ ਦੇ ਸਧਾਰਨ ਨੇਮਾਂ ਤੋਂ ਬਰੀ ਦਸੇ ਗਏ ਹਨ। ਓਹ ਸਮੁੰਦਰ ਉਤੇ ਪੈਦਲ ਚਲ ਸਕਦੇ ਸਨ, ਹਵਾ ਵਿਚ ਉਡ ਸਕਦੇ ਸਨ, ਕੰਧਾਂ ਦੁੜਾ ਸਕਦੇ ਸਨ, ਇੱਕੋ ਵੇਲੇ ਦੋ ਥਾਂ ਤੇ ਮੌਜੂਦ ਹੋ ਸਕਦੇ ਸਨ, ਜਾਂ ਗੁਪਤ ਪ੍ਰਗਟ ਹੋ ਕੇ ਵਿਚਰ ਸਕਦੇ ਸਨ। ਇਉਂ ਮਲੂਮ ਹੁੰਦਾ ਹੈ ਕਿ ਜਿਵੇਂ ਉਨ੍ਹਾਂ ਲਈ ਕੋਈ ਕੁਦਰਤ ਦਾ ਕਨੂੰਨ ਹੁੰਦਾ ਈ ਨਹੀਂ।

ਇਹ ਕੁਦਰਤ ਦਾ ਕਾਨੂੰਨ ਹੈ ਕੀ? ਅਸੀਂ ਸਮਝਦੇ ਹਾਂ ਕਿ ਜਿਵੇਂ ਪਰਜਾ ਦੇ ਪ੍ਰਬੰਧ ਲਈ ਸਰਕਾਰ ਨੇ ਨੇਮ ਬਣਾਏ ਹਨ, ਤਿਵੇਂ ਮਾਦੀ ਦੁਨੀਆਂ ਦੇ ਚਲਾਣ ਲਈ ਸਾਇੰਸ ਨੇ ਕੋਈ ਕਨੂੰਨ ਘੜੇ ਹਨ, ਜਿਨ੍ਹਾਂ ਦਾ ਆਤਮਕ ਦੁਨੀਆਂ ਨਾਲ ਕੋਈ ਸੰਬੰਧ ਨਹੀਂ। ਅਸਲ ਵਿਚ ਇਹ ਭੁਲੇਖਾ ਹੈ। ਕੁਦਰਤ ਦੇ ਕਨੂੰਨ ਸਾਇੰਸਦਾਨਾਂ ਨੇ ਨਹੀਂ ਬਣਾਏ, ਰੱਬ ਨੇ ਆਪ ਬਣਾਏ ਹਨ। ਬਣਾਏ ਵੀ ਕਾਹਨੂੰ? ਰੱਬ ਦੀ ਰਜ਼ਾ ਹੀ ਕੁਦਰਤ ਹੈ। ਇਹ ਰਜ਼ਾ ਮਾਦੀ ਤੇ ਆਤਮਕ ਦੋਹਾਂ ਮੰਡਲਾਂ ਵਿਚ ਕੰਮ ਕਰਦੀ ਹੈ। ਜਿਥੋਂ ਤਕ ਇਸ ਦਾ ਤੁਅੱਲਕ ਸਰੀਰਕ ਦੁਨੀਆਂ ਨਾਲ ਹੈ ਇਸ ਨੂੰ 'ਕੁਦਰਤ' ਕਹਿੰਦੇ ਹਨ, ਅਤੇ ਜਿਥੋਂ ਤਕ ਇਹ ਪਾਰ-ਸਰੀਰਕ ਦੁਨੀਆਂ ਵਿਚ ਕੰਮ ਕਰਦੀ ਹੈ ਇਸ ਨੂੰ ਆਤਮ-ਰਾਮ ਜਾਂ ਆਤਮ-ਜੋਤਿ ਕਹਿੰਦੇ ਹਨ। ਕੁਦਰਤ ਦੇ ਕਨੂੰਨ ਤੇ ਆਤਮ ਮੰਡਲ ਦੇ ਕਨੂੰਨ ਇਕੋ ਕਿਤਾਬ ਦੇ ਭਿੰਨ ਭਿੰਨ ਅਧਿਆ ਹਨ। ਇਕ ਦਾ ਗਿਆਨ ਸਾਇੰਸ ਤੋਂ ਮਿਲਦਾ ਹੈ, ਤੇ ਦੂਜੇ ਦਾ ਧਰਮ ਪੁਸਤਕਾਂ ਤੋਂ। ਹੈਣ ਦੋਵੇਂ ਹੀ ਰੱਬ ਦੀ ਰਜ਼ਾ ਦੇ ਪਹਿਲੂ। ਇਹ ਗਿਆਨ ਲਭਣ ਵਾਲੇ ਮਨੁੱਖਾਂ ਨੂੰ ਅਧੂਰਾਂ ਲਭਾ ਹੋ ਸਕਦਾ ਹੈ, ਪਰ ਜਿਤਨਾ ਕੁ ਲਭਾ ਹੈ ਦੋਹਾਂ ਹਾਲਤਾਂ ਵਿਚ ਇੱਜ਼ਤ ਦੇ ਲਾਇਕ ਹੈ। ਸਾਇੰਸ ਨੂੰ ਧਰਮ ਵਲ ਕੈਰੀਆਂ ਅੱਖਾਂ ਨਾਲ ਨਹੀਂ ਦੇਖਣਾ ਚਾਹੀਦਾ, ਤੇ ਨਾ ਹੀ ਧਰਮ ਨੂੰ ਸਾਇੰਸ ਨਾਲ ਘ੍ਰਿਣਾ ਹੋਣੀ ਚਾਹੀਦੀ ਹੈ।

ਜੇ ਸਾਇੰਸ ਵਿਚ ਭੁੱਲਾਂ ਭੀ ਹਨ, ਤਾਂ ਭੀ ਇਸ ਵਿਚ ਕੁਦਰਤਿ ਦਾ ਕਸੂਰ ਨਹੀਂ। ਕੁਦਰਤਿ ਤਾਂ ਰੱਬ ਦੀ ਹੈ, ਸਾਇੰਸ ਜਾਂ ਸਾਇੰਸਦਾਨਾਂ ਦੀ ਨਹੀਂ: "ਸਭ ਤੇਰੀ ਕੁਦਰਤਿ ਤੂੰ ਕਾਦਰੁ ਕਰਤਾ" (ਵਾਰ ਆਸਾ)। ਇਹ ਕੁਦਰਤਿ ਸਾਡਾ ਆਪਣਾ ਮਿਥਿਆ ਨਾਂ ਹੈ। ਇਹ ਆਪ ਕੋਈ ਵਖਰੀ ਚੀਜ਼ ਨਹੀਂ। ਇਹ ਤਾਂ ਰੱਬੀ ਰਜ਼ਾ ਦੇ ਵਹਿਣਾਂ ਦਾ ਨਾਂ ਹੈ। 'ਪਾਣੀ ਨਿਵਾਣ ਵਲ ਵਹਿੰਦਾ ਹੈ'——— ਇਹ ਨੇਮ ਰੱਬ ਦੀ ਆਪਣੀ ਰਜ਼ਾ ਦਾ ਹੈ, ਜੋ ਪਾਣੀ ਵਿਚ ਵਹਿੰਦੀ, ਅੱਗ ਵਿਚ ਬਲਦੀ ਤੇ ਰੋਸ਼ਨੀ ਦਿੰਦੀ ਹੈ। ਇਹ ਰਜ਼ਾ ਅੰਨ੍ਹੇ-ਵਾਹ ਕੰਮ ਨਹੀਂ ਕਰਦੀ, ਬਲਕਿ "ਵਰਤੈ ਤਾਕੋ ਤਾਕੁ," ਸੋਚ ਸਮਝ ਕੇ ਕਿਸੇ ਮੰਨਤਵ ਨੂੰ ਲੈ ਕੇ ਸਭ ਤੱਤਾਂ ਨੂੰ ਚਲਾ ਰਹੀ ਹੈ।

ਇਹ ਰਜ਼ਾ ਰੱਬ ਦੀ ਹੈ, ਜੋ ਸਿਆਣਾ ਬਿਆਣਾ ਹੋ ਕੇ ਵਰਤਦਾ ਹੈ। ਉਹ ਕਿਵੇਂ ਆਪਣੀ ਰਜ਼ਾ ਦੇ ਖ਼ਿਲਾਫ਼ ਜਾ ਸਕਦਾ ਹੈ? ਜੇ ਕਰਾਮਾਤ ਦਾ ਅਰਥ ਹੈ ਕੁਦਰਤ ਦੇ ਕਨੂੰਨ ਦੇ ਵਿਰੁਧ ਜਾਣਾ, ਤਦ ਤਾਂ ਕਰਾਮਾਤ ਦੇ ਮੰਨਣ ਨਾਲ ਇਹ ਮੰਨਣਾ ਪਏਗਾ ਕਿ ਰੱਬ ਕਿਸੇ ਦੇ ਆਖੇ ਲਗ ਕੇ ਆਪਣੀ ਮਰਜ਼ੀ ਦੇ ਵਿਰੁਧ ਕੰਮ ਕਰ ਸਕਦਾ ਹੈ। ਇਹ ਹੋ ਨਹੀਂ ਸਕਦਾ। ਕੋਈ ਸਹੀ ਦਮਾਗ਼ ਵਾਲਾ ਸਮ੍ਰਥ ਆਦਮੀ ਆਪਣੀ ਰਜ਼ਾ ਦੇ ਉਲਟ ਨਹੀਂ ਚਲਦਾ। ਫਿਰ ਰਬ ਕਿਵੇਂ ਚਲ ਸਕਦਾ ਹੈ?

ਰੱਬ ਬਾਬਤ ਇਹ ਤੌਖਲਾ ਕਿਵੇਂ ਬਣਿਆ ਕਿ ਉਹ ਆਪਣੀ ਰਜ਼ਾ ਬੇਨੇਮੀ ਹੀ ਚਲਾਂਦਾ ਹੈ? ਇਸ ਦੀ ਤਹਿ ਵਿਚ ਇਕ ਭਰਮ ਹੈ ਜੋ ਪੁਰਾਣੇ ਜ਼ਮਾਨੇ ਵਿਚ ਕੰਮ ਕਰਦਾ ਰਿਹਾ ਹੈ। ਉਹ ਇਹ ਹੈ ਕਿ ਲੋਕੀ ਰੱਬ ਦੀ ਕੋਈ ਸ਼ਖ਼ਸੀਅਤ ਜਾਂ ਆਚਰਣ ਨਹੀਂ ਸੀ ਮੰਨਦੇ। ਉਸ ਨੂੰ ਇਕ ਹੋਂਦ ਤਾਂ ਮੰਨਦੇ ਸਨ, ਪਰ ਖਾਲੀ ਜਹੀ, ਨਿਰੀ ਦਰਸ਼ਕ ਜਹੀ, ਇਕ ਪਸਰੀ ਹੋਈ ਮਹਾਨ ਤਾਕਤ ਜਿਸ ਦੀ ਕੋਈ ਆਪਣੀ ਠੁੱਕ ਤਮੀਜ਼ ਵਾਲੀ ਮਰਜ਼ੀ ਨਹੀਂ ਸੀ ਹੁੰਦੀ। ਫਿਰ ਜਦ ਉਸ ਨੂੰ ਇਕ ਸ਼ਖ਼ਸੀਅਤ ਦਿੱਤੀ ਭੀ ਗਈ, ਤਾਂ ਭੀ ਉਸ ਦਾ ਕੋਈ ਬਝਵਾਂ ਸੁਭਾ ਜਾਂ ਆਚਰਣ ਨਾ ਮੰਨਿਆ ਗਿਆ। ਜਿਵੇਂ ਚਾਹੇ, ਬਿਨਾਂ ਸੋਚੇ ਵਿਚਾਰੇ, ਇਕ ਨਿਕੀ ਜਹੀ ਗਲ ਤੋਂ ਗੁੱਸੇ ਹੋ ਕੇ ਕੌਮਾਂ ਦਾ ਘਾਣ ਕਰ ਛਡਣਾ, ਪੰਜ ਸਤ ਸਾਲ ਦੀਆਂ ਭੁੱਲਾਂ ਬਦਲੇ ਨਿਤਾਣੇ ਬੇਵਸ ਮਨੁੱਖਾਂ ਨੂੰ ਸਦੀਆਂ ਦੇ ਨਰਕਾਂ ਵਿਚ ਜਕੜ ਛਡਣਾ, ਕਦੀ ਕਿਸੇ ਪਾਪੀ ਦੇ ਅੰਤਲੇ ਸੁਆਸਾਂ ਨਾਲ ਭੁਲ ਕੇ 'ਨਾਰਾਇਣ' ਕਹਿ ਛਡਣ ਨਾਲ ਖੁਸ਼ ਹੋ ਜਾਣਾ ਤੇ ਸਾਰੀ ਉਮਰ ਦੇ ਗੁਨਾਹਾਂ ਨੂੰ ਬਖ਼ਸ਼ ਦੇਣਾ, ਅਤੇ ਕਦੀ ਕਿਸੇ ਟਬਰ ਦੇ ਸ਼ੋਰ ਕਰਨ ਨਾਲ ਇਕ ਰਿਸ਼ੀ ਦੀ ਬ੍ਰਿਤੀ ਉਚਾਟ ਹੋ ਜਾਣ ਤੇ ਇੱਨਾ ਗੁੱਸੇ ਹੋ ਜਾਣਾ ਕਿ ਉਸ ਵਿਚਾਰੇ ਟਬਰ ਨੂੰ ਇੱਕ ਨਜ਼ਰ ਨਾਲ ਭਸਮ ਕਰ ਕੇ ਭੀ ਰਾਜ਼ੀ ਨਾ ਹੋਣਾ, ਬਲਕਿ ਉਸਦੀ ਗਤੀ ਲਈ ਹਜ਼ਾਰਾਂ ਸਾਲ ਦੀ ਇਕ-ਟੰਗੀ ਭਗਤੀ ਕਰ ਕੇ ਗੰਗਾ ਲਿਆਣ ਉਤੇ ਮਜਬੂਰ ਕਰਨਾ! ਏਹੋ ਜਿਹੇ ਬੇਥਵੇ ਰੱਬ ਦੀ ਰਜ਼ਾ ਕੀ ਹੋ ਸਕਦੀ ਹੈ? ਬੇਥ੍ਹਵੀ। ਇਹੋ ਜਿਹੇ ਰੱਬ ਦੀ ਮਰਜ਼ੀ ਕਿਸੇ ਨੇਮ ਹੇਠਾਂ ਨਹੀਂ ਆ ਸਕਦੀ। ਜਿਵੇਂ ਲੋਕੀ ਵਕਤ ਦੇ ਪਾਤਸ਼ਾਹ ਨੂੰ ਖ਼ੁਦਸਰ, ਬੇਥ੍ਹਵੀ ਰਜ਼ਾ ਦਾ ਮਾਲਕ ਦੇਖਦੇ ਸਨ, ਉਸੇ ਤਰ੍ਹਾਂ ਦਾ ਰੱਬ ਮੰਨ ਲੈਂਦੇ ਸਨ। ਰਬ ਕੀ ਸੀ, ਇਕ ਵਡੇ ਦਰਜੇ ਦਾ ਮੁਗ਼ਲ ਸੀ।

ਪਰ ਮੌਜੂਦਾ ਸਮੇਂ ਵਿਚ ਜਿਵੇਂ ਸੰਸਾਰੀ ਪਾਤਸ਼ਾਹ ਬਾਬਤ ਖਿਆਲ ਬਦਲ ਗਿਆ ਹੈ, ਤਿਵੇਂ ਰੱਬ ਬਾਬਤ ਭੀ ਪੁਰਾਣਾ ਯਕੀਨ ਬਦਲ ਗਿਆ ਹੈ। ਹੁਣ ਅਸੀਂ ਖਿਆਲ ਕਰਨ ਲਗ ਪਏ ਹਾਂ ਕਿ ਰੱਬ ਦਾ ਆਪਣਾ ਇਕ-ਰਸ ਸੁਭਾ ਹੈ, ਇਕ ਨੇਮ-ਪਾਲੂ ਵਤੀਰਾ ਹੈ, ਅਤੇ ਉਹ ਨਿਕੀ ਨਿਕੀ ਗੱਲ ਪਿਛੇ ਆਪਣੀ ਰਚਨਾ ਦੇ ਕੰਮਾਂ ਵਿਚ ਸਿੱਧਾ ਦਖਲ ਨਹੀਂ ਦਿੰਦਾ। ਉਹ ਆਪਣੀ ਮਰਜ਼ੀ ਤਾਂ ਹਰ ਵਕਤ ਵਰਤਦਾ ਹੈ, ਪਰ ਇਹ ਮਰਜ਼ੀ ਬਝਵੇਂ ਨੇਮਾਂ ਅਨੁਸਾਰ ਚਲਦੀ ਹੈ, ਜਿਨ੍ਹਾਂ ਨੂੰ ਕੁਦਰਤ ਦੇ ਨੇਮ ਆਖਦੇ ਹਨ। ਉਹ ਮੂੰਹ ਪਾੜ ਕੇ ਆਪ ਕਦੀ ਨਹੀਂ ਬੋਲਿਆ। ਜਦ ਕੋਈ ਗੱਲ ਮਨੁਖਾਂ ਤਕ ਪੁਚਾਣਾ ਚਾਹੁੰਦਾ ਹੈ ਤਾਂ ਮਨੁੱਖਾਂ ਦੇ ਹੀ ਹਿਰਦਿਆਂ ਰਾਹੀਂ ਉਨ੍ਹਾਂ ਦੀ ਹੀ ਬੋਲੀ ਵਿਚ ਬੋਲਦਾ ਹੈ। ਜ਼ਰੂਰੀ ਨਹੀਂ ਕਿ ਪੈਗੰਬਰਾਂ ਰਾਹੀਂ ਜਾਂ ਖਾਸ ਪੁਸਤਕਾਂ ਰਾਹੀਂ ਹੀ ਬੋਲੇ। ਆਮ ਮਨੁਖਾਂ ਦੇ ਦਿਲਾਂ ਨੂੰ ਆਪਣੇ ਬੋਲਣ ਦਾ ਜ਼ਰੀਆ ਬਣਾਂਦਾ ਹੈ। 'ਦਿਲਾ ਕਾ ਮਾਲਕੁ ਕਰੇ ਹਾਕੁ। ਕੁਰਾਨ ਕਤੇਬ ਤੇ ਪਾਕੁ' (ਰਾਮਕਲੀ ਮ: ੫)। 'ਬਾਣੀ ਪ੍ਰਭ ਕੀ ਸਭੁ ਕੋ ਬੋਲੈ। ਆਪਿ ਅਡੋਲੁ ਨ ਕਬਹੂ ਡੋਲੈ (ਸੁਖਮਨੀ)। ਜਿਹੜਾ ਭੀ ਕੰਮ ਕਰਨਾ ਹੁੰਦਾ ਹੈ, ਉਹ ਆਪਣੀ ਕੁਦਰਤਿ ਰਾਹੋਂ ਕਰਦਾ ਹੈ। ਇਸ ਤੋਂ ਬਾਹਰ ਕੁਝ ਨਹੀਂ ਹੁੰਦਾ। ਆਸਾ ਦੀ ਵਾਰ ਦੀ ਤੀਜੀ ਪੌੜੀ ਦੇ ਦੂਜੇ ਸ਼ਲੋਕ ਵਿਚ ਗੁਰੂ ਨਾਨਕ ਸਾਹਿਬ ਇਹ ਗਲ ਸਾਫ਼ ਕਰ ਕੇ ਦਸਦੇ ਹਨ ਕਿ ਜੋ ਕੁਝ ਦਿਸਦਾ ਜਾਂ ਸੁਣੀਦਾ ਹੈ ਰੱਬ ਦੀ ਕੁਦਰਤਿ ਅਨੁਸਾਰ ਹੁੰਦਾ ਹੈ। ਸਾਡੇ ਖਾਣ ਪੀਣ ਪਹਿਨਣ ਵਿਚ ਕੁਦਰਤਿ ਕੰਮ ਕਰਦੀ ਹੈ। ਨੇਕੀ ਬਦੀ ਮਾਨ ਅਪਮਾਨ ਦੇ ਭਾਵ ਕੁਦਰਤੀ ਤੌਰ ਤੇ ਸਾਡੇ ਅੰਦਰ ਪੈਦਾ ਹੁੰਦੇ ਤੇ ਸਾਡੇ ਪਾਸੋਂ ਕਰਮ ਕਰਾਉਂਦੇ ਹਨ।

ਸਾਡੀ ਗਤੀ ਰੱਬ ਦੇ ਹੁਕਮ ਥਲੇ ਹੈ। ਪਰ ਉਸ ਦੇ ਹੁਕਮ ਦੀ ਕਲਮ ਸਾਡੇ ਕਰਮਾਂ ਦੇ ਅਨੁਸਾਰ ਚਲਦੀ ਹੈ।

"ਕਰਮੀ ਕਰਮੀ ਹੋਇ ਵਿਚਾਰੁ।
ਸਚਾ ਆਪਿ ਸਚਾ ਦਰਬਾਰੁ।"(ਜਪੁ)।

"ਕਰਮੀ ਵਹੈ ਕਲਾਮ" (ਵਾਰ ਸਾਰਗ ਮ: ੧।

ਇਸੇ ਤਰ੍ਹਾਂ ਰੱਬ ਦੀ ਵਰਤੋਂ ਦੀਆਂ ਹੋਰ ਗੱਲਾਂ ਭਗਤਾਂ ਨੇ ਲਭੀਆਂ ਹੋਈਆਂ ਹਨ। ਉਹ ਕਿਸੇ ਤਰੀਕੇ ਨਾਲ, ਮਰਯਾਦਾ ਨਾਲ ਕੰਮ ਕਰਦਾ ਹੈ, ਅੰਨ੍ਹੇ ਵਾਹ ਨਹੀਂ ਕਰਦਾ। ਇਸ ਲਈ ਉਸ ਦੇ ਸੁਭਾ ਬਾਬਤ ਕਿਸੇ ਨੂੰ ਭੁਲੇਖਾ ਨਹੀਂ ਪੈ ਸਕਦਾ। ਅਸੀਂ ਸਭ ਕੁਝ ਉਸ ਦੀ ਬਾਬਤ ਨਹੀਂ ਜਾਣ ਸਕਦੇ, ਪਰ ਗੁਰੂ ਪੀਰ ਦੀ ਸਹਾਇਤਾ ਨਾਲ ਉਸ ਦੇ ਭਾਣੇ ਦੀਆਂ ਲੀਹਾਂ ਪਛਾਣ ਸਕਦੇ ਹਾਂ, ਜਿਨ੍ਹਾਂ ਉਤੇ ਚਲ ਕੇ ਆਪਣੇ ਜੀਵਣ ਨੂੰ ਅੰਧ-ਗਤੀ ਦੀਆਂ ਠੋਕਰਾਂ ਤੋਂ ਬਚਾ ਸਕਦੇ ਹਾਂ।

ਇਨ੍ਹਾਂ ਹਾਲਤਾਂ ਵਿਚ ਇਹ ਗਲ ਮੰਨਣੀ ਔਖੀ ਹੈ ਕਿ ਰੱਬ ਆਪਣੀ ਕੁਦਰਤਿ ਦੇ ਨੇਮਾਂ ਦੀ ਉਲੰਘਣਾ ਕਰਦਾ ਹੈ ਜਾਂ ਕਰਨ ਦਿੰਦਾ ਹੈ।

ਇਨ੍ਹਾਂ ਰੱਬੀ ਨੇਮਾਂ ਦੀ ਉਲੰਘਣਾ ਕਰਨ ਦਾ ਖ਼ਿਆਲ ਹੀ ਉਲਟੇ ਪਾਸੇ ਦਾ ਸਵਾਦ ਹੈ, ਇਸੇ ਲਈ ਗੁਰੂ ਨਾਨਕ ਸਾਹਿਬ ਜਪੁ ਜੀ ਵਿਚ 'ਰਿਧਿ ਸਿਧਿ' ਨੂੰ 'ਅਵਰਾ ਸਾਦੁ' ਕਹਿੰਦੇ ਹਨ। ਜਿਸ ਨੂੰ ਇਹ ਚਸਕਾ ਪੈ ਜਾਵੇ ਉਸ ਦੇ ਦਿਲ ਵਿਚ ਹਰੀ ਦਾ ਖ਼ਿਆਲ ਨਹੀਂ ਆ ਸਕਦਾ:

'ਰਿਧਿ ਸਿਧਿ ਸਭੁ ਮੋਹੁ ਹੈ, ਨਾਮੁ ਨ ਵਸੈ ਮਨਿ ਆਇ।'
(ਮਃ ੩, ਵਾਰ ਵਡਹੰਸ ਮਃ ੪)

ਜਦ ਗੁਰੂ ਨਾਨਕ ਜੀ ਪਾਸੋਂ ਜੋਗੀਆਂ ਨੇ ਕਰਾਮਾਤ ਕਰਨ ਦੀ ਮੰਗ ਕੀਤੀ ਸੀ, ਤਾਂ ਗੁਰੂ ਜੀ ਨੇ ਕਿਹਾ ਸੀ ਕਿ:

'ਗੁਰਬਾਣੀ ਸੰਗਤਿ ਬਿਨਾਂ ਦੂਜੀ ਓਟ ਨਹੀਂ ਹੈ। ਰਾਈ'
(ਭਾਈ ਗੁਰਦਾਸ ਵਾਰ ੧)

ਭਾਵ ਅਸੀਂ ਆਪਣੇ ਕੰਮ ਵਿਚ ਬਾਣੀ ਤੇ ਸੰਗਤ ਨੂੰ ਹੀ ਵਰਤਦੇ ਹਾਂ; ਸਾਨੂੰ ਕਰਾਮਾਤ ਆਦਿ ਕਿਸੇ ਹੋਰ ਚੀਜ਼ ਦਾ ਆਸਰਾ ਨਹੀਂ। ਗੁਰੂ ਹਰਿ ਗੋਬਿੰਦ ਸਾਹਿਬ ਜੀ ਬਾਬਾ ਅਟਲ ਉਤੇ ਕਰਾਮਾਤ ਕਰਨ ਲਈ ਗੁੱਸੇ ਹੋਏ ਸਨ।

ਗੁਰੂ ਗੋਬਿੰਦ ਸਿੰਘ ਸਾਹਿਬ ਇਸ ਨੂੰ 'ਨਾਟਕ ਚੇਟਕ' ਤੇ 'ਕੁਕਾਜ' ਕਹਿੰਦੇ ਹਨ:

'ਨਾਟਕ ਚੇਟਕ ਕਰਤ ਕੁਕਾਜਾ।
ਪ੍ਰਭ ਲੋਗਨ ਕੋ ਆਵਤ ਲਾਜਾ।' (ਵਚਿਤ੍ਰ ਨਾਟਕ)

ਉਹ ਕਹਿੰਦੇ ਹਨ ਕਿ ਗੁਰੂ ਤੇਗ਼ ਬਹਾਦਰ ਸਾਹਿਬ ਨੇ ਆਪਣੇ ਬਚਾਉ ਲਈ ਕਰਾਮਾਤ ਕਰਨ ਤੋਂ ਨਾਂਹ ਕਰ ਦਿਤੀ ਸੀ, ਕਿਉਂਕਿ ਹਰੀ ਦੇ ਭਗਤਾਂ ਨੂੰ ਇਹੋ ਜਹੇ ਤਮਾਸ਼ੇ ਕਰਨ ਤੋਂ ਸ਼ਰਮ ਆਉਂਦੀ ਹੈ।

ਤਾਂ ਕੀ ਫਿਰ ਕਰਾਮਾਤ ਹੁੰਦੀ ਹੀ ਨਹੀਂ? ਹੁੰਦੀ ਜ਼ਰੂਰ ਹੈ, ਪਰ ਹੋਰ ਤਰ੍ਹਾਂ ਦੀ।

ਕਰਾਮਾਤ ਉਹ ਹਰਾਨ ਕਰਨ ਵਾਲੀ ਘਟਨਾ ਹੈ ਜਿਸ ਨੂੰ ਵਿਚਾਰ ਜਾਂ ਦਲੀਲ ਨਾਲ ਬਿਆਨ ਨਾ ਕਰ ਸਕੀਏ। ਲੋਕ ਤਾਂ ਕੁਦਰਤ ਦੇ ਆਮ ਵਤੀਰੇ ਤੋਂ ਉਲਟ ਗੱਲਾਂ ਨੂੰ ਕਰਾਮਾਤ ਕਹਿੰਦੇ ਹਨ, ਪਰ ਗੁਰੂ ਨਾਨਕ ਜਹੇ ਅਸਲੀਅਤ ਪਛਾਣਨ ਵਾਲੇ ਹਵਾ, ਪਾਣੀ, ਅੱਗ ਤੇ ਧਰਤੀ ਜਹੀਆਂ ਸਧਾਰਣ ਚੀਜ਼ਾਂ ਨੂੰ ਰੱਬ ਦੀਆਂ ਕਰਾਮਾਤਾਂ ਮੰਨਦੇ ਹਨ।

"ਵਿਸਮਾਦੁ ਪਉਣੁ ਵਿਸਮਾਦੁ ਪਾਣੀ ਸੀ।
ਵਿਸਮਾਦੁ ਅਗਨੀ ਖੇਡਹਿ ਵਿਡਾਣੀ।
ਵਿਸਮਾਦੁ ਧਰਤੀ ਵਿਸਮਾਦੁ ਖਾਣੀ।
ਵਿਸਮਾਦੁ ਸਾਦਿ ਲਗਹਿ ਪ੍ਰਾਣੀ।" (ਵਾਰ ਆਸਾ)

ਪਾਣੀ ਕਿਉਂ ਗਿੱਲਾ ਕਰਦਾ ਹੈ? ਅੱਗ ਕਿਉਂ ਸਾੜਦੀ ਤੇ ਭਾਪ ਗੈਸ ਆਦਿ ਪੈਦਾ ਕਰ ਕੇ ਤਰ੍ਹਾਂ ਤਰ੍ਹਾਂ ਦੇ ਕ੍ਰਿਸ਼ਮੇ ਕਰ ਦਸਦੀ ਹੈ? ਮਨੁਖਾਂ ਦੇ ਦਿਲ ਦੇ ਕਿਤਨੇ ਸਵਾਦ ਹਨ! ਇਹ ਕੀਹ ਹਨ? ਕਿਉਂ ਹਨ? ਇਕ ਸੁਹਜ-ਸਵਾਦ ਹੀ ਲਓ । ਰਾਗ ਦਾ ਰਸ ਹੀ ਲਓ। ਇਹ ਕਿਉਂ ਇਤਨੀਆਂ ਖਿੱਚਾਂ ਪੈਦਾ ਕਰਦੇ ਹਨ? ਰੂਹ ਨੂੰ ਕਿਉਂ ਗੁਝੇ ਤਰੀਕੇ ਨਾਲ ਥਰਰਾਉਂਦੇ ਹਨ? ਇਨ੍ਹਾਂ ਗੱਲਾਂ ਦਾ ਜਵਾਬ ਸਾਇੰਸ ਭੀ ਨਹੀਂ ਦੇ ਸਕਦੀ। ਸਾਇੰਸ ਤਾਂ ਕੇਵਲ ਚੀਜ਼ਾਂ ਦੇ ਕੰਮ ਕਰਨ ਦੇ ਤਰੀਕੇ ਦਸਦੀ ਹੈ, ਉਨ੍ਹਾਂ ਚੀਜ਼ਾਂ ਦੀ ਉਤਪਤੀ ਦਾ ਕਾਰਣ ਨਹੀਂ ਦਸ ਸਕਦੀ। ਉਹ 'ਕਿਵੇਂ' ਦਾ ਜਵਾਬ ਦਿੰਦੀ ਹੈ 'ਕਿਉਂ' ਤੇ 'ਕੀਹ' ਦਾ ਨਹੀਂ। ਇਸ ਨੁਕਤੇ ਤੋਂ ਦੇਖੀਏ, ਤਾਂ ਕੁਦਰਤਿ ਆਪ ਇਕ ਮੁਅਜਜ਼ਾ ਹੈ। ਇਸ ਤੋਂ ਵਡਾ ਮੁਅਜਜ਼ਾ ਹੋਰ ਕੋਈ ਨਹੀਂ।

ਖੂਬਸੂਰਤੀ ਭੀ ਇਕ ਕਰਾਮਾਤ ਹੈ। ਕੀ ਤੁਸੀਂ ਨਕ, ਮੂੰਹ, ਹੋਠ, ਅੱਖਾਂ ਦੇਖ ਕੇ ਦਸ ਸਕਦੇ ਹੋ ਕਿ ਸੁੰਦਰਤਾ ਕਿਸ ਵਿਚ ਹੈ? ਕੀ ਰੰਗ ਸੁੰਦਰਤਾ ਹੈ, ਜਾਂ ਸੁਡੌਲਤਾ? ਚੰਮ ਸੁੰਦਰਤਾ ਹੈ ਜਾਂ ਇਸ ਦੀ ਨਰਮਾਈ ਤੇ ਕੋਮਲਤਾ? ਇਹ ਇਕ ਅਚੰਭਾ ਹੈ, ਜਿਸ ਦਾ ਕਾਰਨ ਲਭਣਾ ਔਖਾ ਹੈ। ਕਈ ਕਹਿਣਗੇ ਕਿ ਇਹ ਵੇਖਣ ਵਾਲੀਆਂ ਚੀਜ਼ਾਂ ਵਿਚ ਹੁੰਦੀ ਹੈ, ਖਾਸ ਕਰਕੇ ਉਨਾਂ ਦੀ ਉਤਲੀ ਸਤ੍ਹਾ ਵਿਚ। ਕਈ ਕਹਿਣਗੇ, ਨਹੀਂ, ਇਹ ਤਾਂ ਮਨੁਖੀ ਮਨ ਦੇ ਅੰਦਰ ਦਾ ਗੁਣ ਹੈ।

ਨੇਕੀ ਦਾ ਭਾਵ ਭੀ ਕਰਾਮਾਤ ਹੈ, ਕਿਉਂਕਿ ਇਸ ਨੂੰ ਭੀ ਅਸੀਂ ਦਲੀਲ ਦੀ ਕਸਵਟੀ ਉਤੇ ਨਹੀਂ ਚਾੜ੍ਹ ਸਕਦੇ। ਨੇਕ ਉਹ ਹੈ ਜੋ "ਅਪੁਨਾ ਬਿਗਾੜਿ ਬਿਗਾਨਾ ਸਾਂਢੈ।" ਕੀ ਇਹ ਆਮ ਵਿਚਾਰ ਦੇ ਅਨਕੂਲ ਹੈ? ਮੈਂ ਭਲਾ ਕਿਉਂ ਕਰਾਂ? ਕੀ ਲਾਭ? ਲਾਭ ਦਾ ਖ਼ਿਆਲ ਹੀ ਨੇਕੀ ਦੀ ਅੰਸ਼ ਘਟਾ ਦਿੰਦਾ ਹੈ।

ਕੀ ਪਿਆਰ ਇਕ ਮੁਅਜਜ਼ਾ ਨਹੀਂ? ਕਿਸੇ ਤੀਵੀਂ ਜਾਂ ਮਰਦ ਵਿਚ ਬਹੁਤ ਗੁਣ ਨਾ ਭੀ ਹੋਣ, ਪਰ ਫੇਰ ਭੀ ਓਹ ਇਕ ਦੂਜੇ ਉਤੇ ਜਾਨ ਵਾਰਨ ਲਈ ਤਿਆਰ ਹੁੰਦੇ ਹਨ। ਇਕ ਦੂਜੇ ਨੂੰ ਵੇਖੇ ਬਿਨਾਂ ਰਹਿ ਨਹੀਂ ਸਕਦੇ। ਕੀ ਇਹ ਵਿਚਾਰ ਦੇ ਅਨਕੂਲ ਹੈ? ਕੀ ਆਮ ਲੋਕ ਇਨ੍ਹਾਂ ਪ੍ਰੇਮੀਆਂ ਨੂੰ ਦੇਖ ਕੇ ਕਹਿ ਸਕਦੇ ਹਨ ਕਿ ਇਨ੍ਹਾਂ ਦੀ ਖਿਚ ਵਿਚ ਵਾਜਬੀ ਕਾਰਨ ਮੌਜੂਦ ਹਨ? ਨਹੀਂ। ਤਾਂ ਫੇਰ ਪਿਆਰ ਮੁਅਜਜ਼ਾ ਹੀ ਹੋਇਆ ਨਾਂ, ਜੋ ਇਨ੍ਹਾਂ ਦੀਆਂ ਅੱਖਾਂ ਨੂੰ ਉਹ ਕੁਝ ਦਿਖਾ ਰਿਹਾ ਹੈ, ਅਤੇ ਦਿਲਾਂ ਨੂੰ ਉਹ ਕੁਝ ਸਮਝਾ ਰਿਹਾ ਹੈ ਜੋ ਸਧਾਰਨ ਕਾਰਜ ਤੇ ਕਾਰਨ ਵਾਲੇ ਸੰਬੰਧ ਤੋਂ ਪਰੇ ਹੈ।

ਮੈਂ ਕਰਾਮਾਤ ਵਿਚ ਪੂਰੀ ਤਰ੍ਹਾਂ ਯਕੀਨ ਰਖਦਾ ਹਾਂ, ਜਦ ਮੈਂ ਖੜੋ ਕੇ ਵਾਹਿਗੁਰੂ ਅਗੇ ਬੇਨਤੀ ਕਰਦਾ ਹਾਂ ਕਿ ਹੇ ਪ੍ਰਭੂ! ਮੇਰੇ ਭਰਾ ਨੂੰ ਬਿਮਾਰੀ ਤੋਂ ਬਚਾ ਲੈ। ਜੇ ਮੈਂ ਕਰਾਮਾਤ ਵਿਚ ਯਕੀਨ ਨਾ ਕਰਦਾ ਤਾਂ ਡਾਕਟਰ ਦੀ ਦਵਾਈ ਉਤੇ ਪੂਰੀ ਤਰ੍ਹਾਂ ਭਰੋਸਾ ਕਰ ਕੇ ਰਬ ਦਾ ਬੂਹਾ ਨਾ ਖੜਕਾਂਦਾ। ਮੈਂ ਕਹਿੰਦਾ, ਜਿਸ ਕਰਕੇ ਬੀਮਾਰੀ ਆਈ ਹੈ ਜਦ ਉਹ ਕਾਰਨ ਦੂਰ ਹੋ ਜਾਣਗੇ ਤਾਂ ਆਪੇ ਅਰੋਗਤਾ ਆ ਜਾਵੇਗੀ। ਪਰ ਨਹੀਂ, ਮੈਂ ਅਰਦਾਸ ਉਤੇ ਯਕੀਨ ਰਖਦਾ ਹਾਂ, ਅਤੇ ਉਮੇਦ ਕਰਦਾ ਹਾਂ ਕਿ ਰੱਬ ਮੇਰੇ ਤਰਲੇ ਸੁਣ ਕੇ ਬਹੁੜੇਗਾ, ਮੇਰੇ ਲਈ ਖ਼ਾਸ ਬਹੁੜੇਗਾ, ਅਤੇ ਸਭ ਕਾਰਨਾਂ ਵਿਚ ਦਖਲ ਦੇ ਕੇ 'ਕਰਾਮਾਤ' ਕਰੇਗਾ ਤੇ ਮੇਰੇ ਭਰਾ ਨੂੰ ਬਚਾ ਲਏਗਾ। ਅਰਦਾਸ ਵਿਚ ਯਕੀਨ ਕਰਨਾ ਕਰਾਮਾਤ ਨੂੰ ਮੰਨਣਾ ਹੈ। ਜਦੋਂ ਭੀ ਅਰਦਾਸ ਸੁਣੀ ਜਾਂਦੀ ਹੈ, ਮੁਅਜਜ਼ਾ ਹੁੰਦਾ ਹੈ। ਨਹੀਂ ਤਾਂ ਕੋਈ ਅਰਦਾਸ ਕਰੇ ਹੀ ਨਾ।

ਰੱਬ ਅਰਦਾਸ ਸੁਣਦਾ ਹੈ, ਅਤੇ ਮੁਅਜਜ਼ਾ ਕਰਦਾ ਹੈ। ਪਰ ਕਰਦਾ ਆਪਣੀ ਕੁਦਰਤ ਦੇ ਰਾਹੋਂ ਹੈ। ਅਸੀਂ ਮੀਂਹ ਮੰਗਦੇ ਹਾਂ। ਰਬ ਮੀਂਹ ਪਾਂਦਾ ਹੈ। ਪਰ ਕਿਵੇਂ? ਸਾਡੀ ਅਰਦਾਸ ਸੁਣ ਕੇ ਰਬ ਆਪਣੀ ਕੁਦਰਤ ਦੀਆਂ ਸਧਾਰਨ ਸ਼ਕਤੀਆਂ ਨੂੰ ਕੰਮ ਵਿਚ ਲਿਆਂਦਾ ਹੈ ਤੇ ਮੀਂਹ ਪਾਂਦਾ ਹੈ। ਮੀਂਹ ਖਰਿਓਂ ਨਹੀਂ ਵਰ੍ਹਦਾ। ਪਹਿਲਾਂ ਝੜ ਪੈਂਦਾ ਹੈ। ਫੇਰ ਉਨ੍ਹਾਂ ਵਿਚੋਂ ਕਣੀਆਂ ਵਸਦੀਆਂ ਹਨ। ਜੇ ਅੰਨ੍ਹਾ ਅਰਦਾਸ ਕਰੇ ਕਿ ਮੇਰੀਆਂ ਅਖਾਂ ਵਲ ਹੋ ਜਾਣ, ਤਾਂ ਰੱਬ ਹਾਲਾਤ ਮੁਤਾਬਕ ਅਰਦਾਸ ਸੁਣਦਾ ਹੈ। ਅੰਨ੍ਹੇ ਦੀਆਂ ਅੱਖਾਂ ਨੌ ਬਰ ਨੌ ਹੋ ਜਾਂਦੀਆਂ ਹਨ। ਪਰ ਕਿਵੇਂ? ਉਸ ਦੇ ਆਨਿਆਂ ਵਿਚ ਜਾਂ ਅੱਖਾਂ ਨੂੰ ਦਮਾਗ਼ ਨਾਲ ਜੋੜਨ ਵਾਲੀਆਂ ਨਾੜਾਂ ਵਿਚ ਜੋ ਖਰਾਬੀਆਂ ਸਨ ਓਹ ਦੁਰ ਹੋ ਕੇ ਪੁਰਾਣੇ ਸੰਬੰਧ ਜੁੜ ਜਾਂਦੇ ਹਨ। ਪਰ ਜੇ ਅਖਾਂ ਦੇ ਆਨੇ ਕਢੇ ਹੋਏ ਹੋਣ, ਜਾਂ ਉਸ ਅੰਗ ਦੇ ਹੋਰ ਜ਼ਰੂਰੀ ਹਿਸੇ ਮੌਜੂਦ ਹੀ ਨਾ ਹੋਣ, ਤਾਂ ਉਨ੍ਹਾਂ ਅੰਦਰ ਸੁਜਾਖਾ ਹੋਣ ਦੀ ਤਬਦੀਲੀ ਨਹੀਂ ਹੋ ਸਕਦੀ। ਇਸ ਤਰ੍ਹਾਂ ਮੁਰਦੇ ਭੀ ਜਿੰਦਾ ਹੋ ਸਕਦੇ ਹਨ, ਪਰ ਸਧਾਰਨ ਕੁਦਰਤੀ ਤਰੀਕੇ ਨਾਲ। ਅਰਥਾਤ ਮੌਤ ਦੇ ਥੋੜੇ ਚਿਰ ਪਿਛੋਂ (ਜਦੋਂ ਅਜੇ ਸਰੀਰ ਗਲਨਾ ਸੜਨਾ ਸ਼ੁਰੂ ਨਹੀਂ ਹੋਇਆ) ਅਰਦਾਸ ਦੇ ਜ਼ਰੀਏ ਰੱਬ ਦੀ ਰਜ਼ਾ ਨੂੰ ਪ੍ਰੇਰਿਆ ਜਾਏ ਤਾਂ ਹੋ ਸਕਦਾ ਹੈ ਕਿ ਸਰੀਰ ਦੀਆਂ ਨਾੜਾਂ ਵਿਚ ਲਹੂ ਫਿਰ ਗੇੜਾ ਲਾਣਾ ਸ਼ੁਰੂ ਕਰ ਦੇਵੇ। ਪਰ ਜੇ ਸਰੀਰ ਸੜ ਕੇ ਸੁਆਹ ਹੋ ਗਿਆ ਹੋਵੇ, ਤਾਂ ਇਹ ਮੁਅਜਜ਼ਾ ਨਹੀਂ ਹੋ ਸਕਦਾ, ਕਿਉਂਕਿ ਕੁਦਰਤ ਦੇ ਸਮਿਆਨ ਖਿੰਡ ਫੁੰਡ ਗਏ ਹਨ। ਅਸੀਂ ਇਹੋ ਜਹੇ ਮੁਅਜਸ਼ੇ ਜਿਥੇ ਭੀ ਕਿਤਾਬਾਂ ਵਿਚ ਲਿਖੇ ਹੋਏ ਪੜ੍ਹਦੇ ਹਾਂ, ਉਥੇ ਇਹ ਕਦੀ ਨਹੀਂ ਹੋਇਆ ਕਿ ਮੁਰਦੇ ਦਾ ਸਰੀਰ ਦਫ਼ਨ ਕੀਤਾ ਗਿਆ ਹੋਵੇ ਜਾਂ ਸਾੜ ਦਿਤਾ ਗਿਆ ਹੋਵੇ, ਤੇ ਫੇਰ ਸੁਰਜੀਤ ਕੀਤਾ ਗਿਆ ਹੋਵੇ।

ਇਸੇ ਤਰ੍ਹਾਂ ਦਰਖਤਾਂ ਵਿਚ ਕੌੜੇ ਰਸ ਦੀ ਥਾਂ ਕੁਦਰਤੀ ਤੌਰ ਤੇ ਮਿਠਾ ਰਸ ਵਹਿਣ ਲਗ ਪਏ ਤਾਂ ਸੰਭਵ ਹੈ, (ਜਿਵੇਂ ਗੁਰ ਨਾਨਕ ਸਾਹਿਬ ਨੇ ਕੌੜੇ ਰੀਠੇ ਦੇ ਰੁਖ ਨੂੰ ਮਿਠਾ ਕਰ ਦਿਤਾ), ਪਰ ਕਿਕਰ ਨਾਲ ਜਲੇਬ ਨਹੀਂ ਲਗ ਸਕਦੇ। ਊਹੋ ਕਿਕਰ ਦੀਆਂ ਫਲੀਆਂ ਕੌੜੇ ਰਸ ਦੀ ਥਾਂ ਮਿਠੇ ਰਸ ਵਾਲੀਆਂ ਹੋ ਸਕਦੀਆਂ ਹਨ, ਪਰ ਇਹ ਨਹੀਂ ਹੋ ਸਕਦਾ ਕਿ ਕੜਾਹੀ ਵਿਚ ਤਲੀਣ ਵਾਲੀ ਮੈਦੇ ਦੀ ਚੀਜ਼ ਰੁਖ ਬਿਰਖ ਦਾ ਹਿਸਾ ਬਣ ਜਾਵੇ। ਇਹ ਕੁਦਰਤ ਦੇ ਨੇਮ ਦੇ ਉਲਟ ਹੈ। ਅਰਥਾਤ ਰਬ ਦੀ ਰਜ਼ਾ ਦੇ ਵਿਰੁਧ ਹੈ, ਇਸ ਲਈ ਅਸੰਭਵ ਹੈ।

ਅਗੋਂ ਰੱਬ ਦੀਆਂ ਰੱਬ ਜਾਣੇ।