ਵਿਆਹ ਦੇ ਗੀਤ/ਦੋ ਸ਼ਬਦ

ਵਿਕੀਸਰੋਤ ਤੋਂ

ਦੋ ਸ਼ਬਦ

ਪੰਜਾਬੀ ਸਮਾਜ ਮੁੱਖ ਤੌਰ 'ਤੇ ਕਿਸਾਨੀ ਅਧਾਰਤ ਸਮਾਜ ਹੈ ਜਿਸ ਵਿਚ ਮੁੰਡੇ ਦੇ ਜਨਮ ਅਤੇ ਵਿਆਹ ਦੀ ਵਿਸ਼ੇਸ਼ ਮਹੱਤਤਾ ਰਹੀ ਹੈ। ਇਹ ਦੋਨੋਂ ਅਵਸਰ ਸਮੁੱਚੇ ਪੇਂਡੂ ਭਾਈਚਾਰੇ ਲਈ ਖ਼ੁਸ਼ੀਆਂ ਮਾਣਨ ਅਤੇ ਮਨਾਉਣ ਦੇ ਅਵਸਰ ਪ੍ਰਦਾਨ ਕਰਦੇ ਰਹੇ ਹਨ। ਵਿਆਹ ਕਿਸੇ ਦੇ ਘਰ ਹੋਣਾ, ਚਾਅ ਸਾਰੇ ਸ਼ਰੀਕੇ ਨੂੰ ਚੜ੍ਹ ਜਾਣਾ। ਮਹੀਨਾ ਮਹੀਨਾ ਪਹਿਲਾਂ ਮੁੰਡੇ-ਕੁੜੀ ਵਾਲ਼ਿਆਂ ਦੇ ਘਰ ਸ਼ਰੀਕੇ ਦੀਆਂ ਮੁਟਿਆਰਾਂ ਅਤੇ ਔਰਤਾਂ ਨੇ ਘੋੜੀਆਂ-ਸੁਹਾਗ ਗਾਉਣੇ। ਖ਼ੂਬ ਰੌਣਕਾਂ ਲੱਗਣੀਆਂ। ਉਨ੍ਹਾਂ ਦਿਨਾਂ ਵਿਚ ਬਰਾਤਾਂ ਰੱਥਾਂ, ਬੈਲ ਗੱਡੀਆਂ, ਊਠਾਂ ਅਤੇ ਘੋੜੇ ਘੋੜੀਆਂ 'ਤੇ ਚੜ੍ਹਦੀਆਂ ਸਨ। ਜਨਾਨੀਆਂ ਤੇ ਮੁਟਿਆਰਾਂ ਬਰਾਤ ਨਾਲ਼ ਨਹੀਂ ਸੀ ਜਾਂਦੀਆਂ। ਜੰਨ ਚੜ੍ਹਨ ਮਗਰੋਂ ਆਥਣੇ ਮੇਲਣਾਂ ਨੇ ਛੱਜ ਕੁਟਣਾ, ਗਿੱਧਾ ਪਾਉਣਾ ਤੇ ਰਾਤ ਸਮੇਂ ਜਾਗੋ ਕਢਣੀ ਅਤੇ ਨਾਨਕਿਆਂ ਦੇ ਮੇਲ਼ ਨੇ ਪਿੰਡ ਵਿਚ ਖੌਰੂ ਪਾਈ ਰੱਖਣਾ।

ਕੁੜੀ ਵਾਲ਼ੇ ਪਿੰਡ ਬਰਾਤਾਂ ਨੇ ਦੋ-ਦੋ, ਤਿੰਨ-ਤਿੰਨ ਦਿਨ ਠਹਿਰਨਾ। ਬਰਾਤ ਦਾ ਉਤਾਰਾ ਪਿੰਡ ਵਿਚ ਕਿਸੇ ਧਰਮਸ਼ਾਲਾ ਵਿਚ ਕੀਤਾ ਜਾਂਦਾ ਸੀ। ਬਰਾਤੀਆਂ ਲਈ ਮੰਜੇ ਬਿਸਤਰੇ ਪਿੰਡ ਦੇ ਘਰਾਂ ਵਿਚੋਂ ਹੀ 'ਕੱਠੇ ਕੀਤੇ ਜਾਂਦੇ ਸਨ। ਸਾਰਾ ਭਾਈਚਾਰਾ ਧੀ ਵਾਲ਼ਿਆਂ ਦੀ ਸਹਾਇਤਾ ਕਰਦਾ। ਓਦੋਂ ਵਿਆਹ ਅਤਿ ਸਾਦੇ ਹੁੰਦੇ ਸਨ। ਘਰ ਦੇ ਮੋਕਲ਼ੇ ਵਿਹੜੇ ਵਿਚ ਹੀ ਧੀ ਵਾਲ਼ਿਆਂ ਨੇ ਬਰਾਤੀਆਂ ਨੂੰ ਭੁੰਜੇ ਧਰਤੀ 'ਤੇ ਕੋਰਿਆਂ 'ਤੇ ਬਿਠਾ ਕੇ ਰੋਟੀ ਪਰੋਸਣੀ, ਪਿੰਡ ਦੇ ਗੱਭਰੂ ਹੀ ਰੋਟੀ ਵਰਤਾਉਂਦੇ ਜਿਨ੍ਹਾਂ ਨੂੰ ਪਰੀਹੇ ਆਖਦੇ ਸਨ। ਜਦੋਂ ਬਰਾਤੀ ਰੋਟੀ ਖਾਣ ਲਗਦੇ ਤਾਂ ਕੁੜੀਆਂ ਨੇ ਕੋਠਿਆਂ ਦੇ ਬਨੇਰਿਆਂ 'ਤੇ ਬੈਠ ਕੇ ਉਨ੍ਹਾਂ ਨੂੰ ਸਲੂਣੀਆਂ ਸਿਠਣੀਆਂ ਦੇ ਕੇ ਹਾਸੇ-ਠੱਠੇ ਦਾ ਮਾਹੌਲ ਸਿਰਜਣਾ। ਗੱਭਲੀ ਰੋਟੀ ਵਾਲ਼ੇ ਦਿਨ ਅਕਸਰ ਬਰਾਤੀਆਂ ਨਾਲ਼ ਆਏ ਕਵੀਸ਼ਰਾਂ ਅਤੇ ਢੱਡ ਸਾਰੰਗੀ ਵਾਲੇ ਗਮੰਤਰੀਆਂ ਨੇ ਅਖਾੜੇ ਲਾਉਣੇ, ਬਰਾਤੀਆਂ ਸਮੇਤ ਸਾਰੇ ਪਿੰਡ ਨੇ ਇਨ੍ਹਾਂ ਦਾ ਆਨੰਦ ਮਾਣਨਾ ਅਤੇ ਖ਼ੁਸ਼ੀਆਂ ਸਾਂਝੀਆਂ ਕਰਨੀਆਂ। ਕਈ ਵਾਰ ਨਕਲੀਏ ਵੀ ਆ ਕੇ ਬਰਾਤੀਆਂ ਦਾ ਮਨੋਰੰਜਨ ਕਰਦੇ। ਹੁਣ ਕਿੱਥੇ ਰਹੀਆਂ ਹਨ ਵਿਆਹਾਂ ਦੀਆਂ ਖ਼ੁਸ਼ੀਆਂ ਭਰਪੂਰ ਰੌਣਕਾਂ। ਅੱਜ ਕਲ੍ਹ ਤਾਂ ਮੈਰਿਜ ਪੈਲੇਸਾਂ ਵਿਚ ਹੁੰਦੇ ਇਕ-ਰੋਜ਼ਾ ਸ਼ੋਰ-ਭਰਪੂਰ ਵਿਆਹ ਸਮਾਗਮਾਂ ਨੇ ਵਿਆਹ ਨਾਲ਼ ਸਬੰਧਿਤ ਅਨੇਕਾਂ ਰਸਮਾਂ ਦਾ ਸਤਿਆਨਾਸ ਕਰਕੇ ਰੱਖ ਦਿੱਤਾ ਹੈ, ਜਿਸ ਸਦਕਾ ਇਨ੍ਹਾਂ ਰਸਮਾਂ ਸਮੇਂ ਗਾਏ ਜਾਂਦੇ ਲੋਕ ਗੀਤ ਵੀ ਸਮੇਂ ਦੀ ਧੂੜ ਵਿਚ ਗੁਆਚ ਰਹੇ ਹਨ। ਆਧੁਨਿਕ ਮਸ਼ੀਨੀ ਸਭਿਅਤਾ ਦਾ ਪ੍ਰਭਾਵ ਸਾਡੇ ਲੋਕ ਜੀਵਨ ਦੇ ਹਰ ਖੇਤਰ 'ਤੇ ਪਿਆ ਹੈ, ਜਿਸ ਦੇ ਫ਼ਲਸਰੂਪ ਪੰਜਾਬ ਦੇ ਆਰਥਿਕ, ਸਮਾਜਿਕ ਅਤੇ ਸਭਿਆਚਾਰਕ ਜੀਵਨ ਵਿਚ ਢੇਰ ਸਾਰੀਆਂ ਤਬਦੀਲੀਆਂ ਵਾਪਰੀਆਂ ਹਨ... ਪਿੰਡਾਂ ਦਾ ਸ਼ਹਿਰੀਕਰਨ ਹੋ ਗਿਆ ਹੈ... ਬਿਜਲਈ ਸੰਚਾਰ ਸਾਧਨਾਂ ਅਤੇ ਪ੍ਰਿੰਟ ਮੀਡੀਏ ਦੇ ਪ੍ਰਭਾਵ ਕਾਰਨ ਪੱਛਮੀ ਸਭਿਅਤਾ ਦਾ ਪਰਛਾਵਾਂ ਸਾਡੇ ਘਰਾਂ ਤਕ ਪੁੱਜ ਗਿਆ ਹੈ। ਪੈਸੇ ਦੀ ਹੋੜ, ਸ਼ੋਹਰਤ ਅਤੇ ਵਖਾਵੇ ਦੀ ਭੁੱਖ ਤੋਂ ਇਲਾਵਾ ਖਪਤ ਕਲਚਰ ਨੇ ਸਾਡੇ ਭਾਈਚਾਰਕ ਜੀਵਨ ਨੂੰ ਤਹਿਸ-ਨਹਿਸ ਕਰਕੇ ਰੱਖ ਦਿੱਤਾ ਹੈ। ਪਹਿਰਾਵਾ, ਰਹਿਣ-ਸਹਿਣ, ਖਾਣ-ਪੀਣ ਦੀਆਂ ਆਦਤਾਂ, ਰਸਮੋ ਰਿਵਾਜ ਅਤੇ ਨੈਤਿਕ ਕਦਰਾਂ-ਕੀਮਤਾਂ ਬਦਲ ਰਹੀਆਂ ਹਨ... ਸਾਂਝੇ ਟੱਬਰ ਟੁੱਟ ਰਹੇ ਹਨ ਅਤੇ ਮੋਹ ਮੁਹੱਬਤਾਂ ਦੀਆਂ ਬਾਤਾਂ ਬੀਤੇ ਸਮੇਂ ਦੀ ਵਾਰਤਾ ਬਣ ਕੇ ਰਹਿ ਗਈਆਂ ਹਨ।

ਪੰਜਾਬੀ ਲੋਕ ਜੀਵਨ ਵਿਚ ਪ੍ਰਚੱਲਤ ਵੰਨ-ਸੁਵੰਨੀਆਂ ਰਸਮਾਂ ਪੰਜਾਬੀ ਲੋਕਾਂ ਦੇ ਭਾਈਚਾਰਕ ਜੀਵਨ ਦੀ ਰਾਂਗਲੀ ਤਸਵੀਰ ਪੇਸ਼ ਕਰਦੀਆਂ ਹਨ। ਇਹ ਉਹ ਸਾਂਝ ਦੀਆਂ ਡੋਰਾਂ ਹਨ ਜਿਨ੍ਹਾਂ ਵਿਚ ਸਮੁੱਚਾ ਭਾਈਚਾਰਾ ਫੁੱਲਾਂ ਦੀ ਲੜੀ ਵਾਂਗ ਪਰੋਤਾ ਹੋਇਆ ਹੈ। ਵਿਆਹ ਦੀਆਂ ਭਿੰਨ-ਭਿੰਨ ਰਸਮਾਂ ਸਮੇਂ ਗਾਏ ਜਾਂਦੇ ਪਰੰਪਰਾਗਤ ਲੋਕ-ਗੀਤ ਪੰਜਾਬ ਦੀ ਲੋਕਧਾਰਾ ਅਤੇ ਸਭਿਆਚਾਰ ਦੇ ਅਣਵਿਧ ਮੋਤੀ ਹਨ। ਲੋਕ-ਗੀਤ ਕਿਸੇ ਵਿਸ਼ੇਸ਼ ਖਿੱਤੇ ਵਿਚ ਵਸਦੇ ਲੋਕਾਂ ਦੇ ਹਾਵਾਂ-ਭਾਵਾਂ, ਉਦਗਾਰਾਂ, ਆਸ਼ਾਵਾਂ, ਗ਼ਮੀਆਂ ਅਤੇ ਖ਼ੁਸ਼ੀਆਂ ਦਾ ਪ੍ਰਗਟਾਵਾ ਹੀ ਨਹੀਂ ਕਰਦੇ ਬਲਕਿ ਇਨ੍ਹਾਂ ਵਿਚ ਕਿਸੇ ਜਨ ਸਮੂਹ ਅਥਵਾ ਜਾਤੀ ਦੇ ਪਰੰਪਰਾਗਤ, ਸਾਂਸਕ੍ਰਿਤਕ ਅਤੇ ਸਭਿਆਚਾਰਕ ਤਤ ਸਮੋਏ ਹੁੰਦੇ ਹਨ। ਪੰਜਾਬ ਦੇ ਲੋਕ-ਗੀਤ ਪੰਜਾਬੀ ਲੋਕ ਜੀਵਨ ਦਾ ਦਰਪਨ ਹਨ ਜਿਨ੍ਹਾਂ ਵਿਚ ਪੰਜਾਬ ਦੀ ਨੱਚਦੀ ਗਾਉਂਦੀ ਸੰਸਕ੍ਰਿਤੀ ਸਾਫ਼ ਨਜ਼ਰੀਂ ਪੈਂਦੀ ਹੈ। ਇਹ ਪੰਜਾਬੀਆਂ ਦੀ ਮੁਲਵਾਨ ਵਿਰਾਸਤ ਹੈ ਜਿਸ ਨੂੰ ਸਾਂਭਣ ਦੀ ਅਤਿਅੰਤ ਲੋੜ ਹੈ। ਪੰਜਾਬ ਦੇ ਲੋਕ ਮੰਚ ਉਤੋਂ ਅਲੋਪ ਹੋ ਰਹੇ ਵਿਆਹ ਦੇ ਲੋਕ-ਗੀਤਾਂ ਨੂੰ ਜੋ ਵੱਖ-ਵੱਖ ਰਸਮਾਂ ਸਮੇਂ ਗਾਏ ਜਾਂਦੇ ਹਨ ਇਸ ਪੁਸਤਕ ਰਾਹੀਂ ਸਾਂਭਣ ਦਾ ਯਤਨ ਕੀਤਾ ਗਿਆ ਹੈ- ਸੁਹਾਗ, ਘੋੜੀਆਂ, ਸਿਠਣੀਆਂ, , ਜਾਗੋ ਅਤੇ ਗਿੱਧੇ ਦੀਆਂ ਬੋਲੀਆਂ ਵਿਆਹ ਦੇ ਪ੍ਰਮੁੱਖ ਗੀਤ ਰੂਪ ਹਨ ਜਿਨ੍ਹਾਂ ਨੂੰ ਇਸ ਸੈਂਚੀ ਵਿਚ ਸ਼ਾਮਲ ਕਰਕੇ ਇਨ੍ਹਾਂ ਬਾਰੇ ਲੋੜੀਂਦੀ ਜਾਣਕਾਰੀ ਵੀ ਪ੍ਰਦਾਨ ਕੀਤੀ ਗਈ ਹੈ।

-ਸੁਖਦੇਵ ਮਾਦਪੁਰੀ