ਵਿਆਹ ਦੇ ਗੀਤ/ਸਿਠਨੀਆਂ

ਵਿਕੀਸਰੋਤ ਤੋਂ

ਸਿਠਣੀਆਂ

ਸਿਠਣੀਆਂ

'ਸਿਠਣੀਆਂ' ਪੰਜਾਬਣਾਂ ਦਾ ਹਰਮਨ ਪਿਆਰਾ ਲੋਕ ਕਾਵਿ ਰੂਪ ਹੈ। ਹੇਅਰੇ, ਸਿਠਣੀਆਂ, ਸੁਹਾਗ ਅਤੇ ਘੋੜੀਆਂ ਮੰਗਣੇ ਅਤੇ ਵਿਆਹ ਦੀਆਂ ਰਸਮਾਂ ਨਾਲ਼ ਸਬੰਧਿਤ ਲੋਕ-ਗੀਤ ਹਨ।

'ਮਹਾਨ ਕੋਸ਼' ਦੇ ਰਚੇਤਾ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ "ਸਿਠਣੀ ਦਾ ਭਾਵ ਅਰਥ ਵਯੰਗ ਨਾਲ਼ ਕਹੀ ਹੋਈ ਹੋਈ ਬਾਣੀ ਹੈ। ਵਿਆਹ ਸਮੇਂ ਇਸਤਰੀਆਂ ਜੋ ਗਾਲ਼ੀਆਂ ਨਾਲ਼ ਮਿਲ਼ਾ ਕੇ ਗੀਤ ਗਾਉਂਦੀਆਂ ਹਨ ਉਨ੍ਹਾਂ ਦੀ ਸਿਠਣੀ ਸੰਗਯਾ ਹੈ।"

ਮਨੋਰੰਜਨ ਦੇ ਮਨੋਰਥ ਨਾਲ਼ ਸਿਠਣੀਆਂ ਰਾਹੀਂ ਇਕ ਧਿਰ ਦੂਜੀ ਧਿਰ ਦਾ ਵਿਅੰਗ ਰਾਹੀਂ ਮਖ਼ੌਲ ਉਡਾਉਂਦੀ ਹੈ। ਇਹ ਗੀਤ ਕਿਸੇ ਮੰਦਭਾਵਨਾ ਅਧੀਨ ਨਹੀਂ ਬਲਕਿ ਸਦਭਾਵਨਾ ਅਧੀਨ ਵਿਨੋਦ ਭਾਵ ਉਪਜਾਉਣ ਲਈ ਗਾਏ ਜਾਂਦੇ ਹਨ। ਇਹ ਸੰਬੋਧਨੀ ਗੀਤ ਹਨ ਜਿਨ੍ਹਾਂ ਨੂੰ ਇਸਤਰੀਆਂ ਦੂਜੀ ਧਿਰ ਨੂੰ ਸੰਬੋਧਿਤ ਹੋ ਕੇ ਗਾਉਂਦੀਆਂ ਹਨ। ਸਿਠਣੀਆ ਗਾਉਣ ਨੂੰ ਸਿਠਣੀਆਂ ਦੇਣਾ ਆਖਿਆ ਜਾਂਦਾ ਹੈ। ਸਿਠਣੀਆਂ ਕੇਵਲ ਔਰਤਾਂ ਹੀ ਦੇਂਦੀਆਂ ਹਨ ਮਰਦ ਨਹੀਂ।

ਮੰਗਣੇ ਅਤੇ ਵਿਆਹ ਦੇ ਅਵਸਰ 'ਤੇ ਨਾਨਕੀਆਂ ਦਾਦਕੀਆਂ ਵਲੋਂ ਇਕ ਦੂਜੇ ਨੂੰ ਦਿੱਤੀਆਂ ਸਿਠਣੀਆਂ ਅਤੇ ਜੰਜ ਦੇ ਬਰਾਤੀਆਂ ਦਾ ਸਿਠਣੀਆਂ ਨਾਲ਼ ਕੀਤਾ ਸੁਆਗਤ ਦੋਹਾਂ ਧਿਰਾਂ ਲਈ ਖੁਸ਼ੀ ਪ੍ਰਦਾਨ ਕਰਦਾ ਹੈ।

ਵਿਆਹ ਦਾ ਸਮਾਂ ਹਾਸ ਹੁਲਾਸ ਦਾ ਸਮਾਂ ਹੁੰਦਾ ਹੈ। ਇਸ ਅਵਸਰ 'ਤੇ ਪੰਜਾਬੀ ਆਪਣੇ ਖਿੜਵੇਂ ਰੌਂ ਵਿਚ ਨਜ਼ਰ ਆਉਂਦੇ ਹਨ। ਪੰਜਾਬੀਆਂ ਦਾ ਖੁਲ੍ਹਾ ਡੁਲ੍ਹਾ ਹਾਸਾ ਤੇ ਸੁਭਾਅ ਵਿਆਹ ਸਮੇਂ ਹੀ ਉਘੜਵੇਂ ਰੂਪ ਵਿਚ ਪ੍ਰਗਟ ਹੁੰਦਾ ਹੈ।

ਪੁਰਾਤਨ ਸਮੇਂ ਤੋਂ ਹੀ ਇਹ ਰਵਾਇਤ ਚਲੀ ਆ ਰਹੀ ਹੈ। ਮੁੰਡੇ ਵਾਲ਼ੇ ਧੀ ਵਾਲਿਆਂ ਨਾਲੋਂ ਆਪਣੇ ਆਪ ਨੂੰ ਸਮਾਜਿਕ ਤੌਰ 'ਤੇ ਉੱਤਮ ਸਮਝਦੇ ਹਨ ਤੇ ਧੀ ਵਾਲ਼ੀਆਂ ਨੂੰ ਦੁਜੈਲੇ ਹੋਣ ਦਾ ਦਰਜਾ ਦਿੱਤਾ ਜਾਂਦਾ ਹੈ! ਜਿਸ ਕਰਕੇ ਧੀ ਵਾਲ਼ਿਆਂ ਵਿਚ ਹੀਨਭਾਵਨਾ ਪੈਦਾ ਹੋ ਜਾਂਦੀ ਹੈ! ਏਸ ਹੀਨਭਾਵਨਾ ਨੂੰ ਦੂਰ ਕਰਨ ਲਈ ਔਰਤਾਂ ਮੁੰਡੇ ਵਾਲ਼ੀ ਧਿਰ ਦਾ ਮਖ਼ੌਲ ਉਡਾਉਣ ਲਈ ਸਿਠਣੀਆਂ ਨੂੰ ਇਕ

* ਭਾਈ ਕਾਨ੍ਹ ਸਿੰਘ ਨਾਭਾ, 'ਮਹਾਨ ਕੋਸ਼', ਪੰਨਾ-195 ਹਥਿਆਰ ਵਜੋਂ ਵਰਤਦੀਆਂ ਹਨ। ਇਸ ਤੋਂ ਇਲਾਵਾ ਇਨ੍ਹਾਂ ਰਾਹੀਂ ਉਹ ਆਪਣੇ ਮਨਾਂ ਦਾ ਗੁਭ ਗੁਵਾੜ ਵੀ ਕਢਦੀਆਂ ਹਨ। ਉਂਜ ਤੇ ਤੀਵੀਆਂ ਨੂੰ ਕੌਣ ਕੁਸਕਣ ਦੇਂਦਾ ਹੈ। ਮਰਦ ਉਸ ’ਤੇ ਸਦਾ ਜ਼ੁਲਮ ਕਰਦਾ ਆਇਆ ਹੈ, ਉਹ ਉਹਨੂੰ ਮਾਰਦਾ ਕੁੱਟਦਾ ਹੈ, ਗੰਦੀਆਂ ਗਾਲ਼ੀਆਂ ਕੱਢਦਾ ਹੈ। ਸੱਸ ਸਹੁਰੇ ਦਾ ਦਾਬਾ ਵੱਖਰਾ। ਪੰਜਾਬਣ ਸਦਾ ਸੁੰਗੜੀ ਰਹੀ ਹੈ। ਸਿਰਫ਼ ਵਿਆਹ ਦਾ ਹੀ ਅਵਸਰ ਹੁੰਦਾ ਹੈ ਜਿੱਥੇ ਉਹ ਆਪਣੇ ਦੱਬੇ ਭਾਂਬੜ ਬਾਹਰ ਕਢਦੀ ਹੈ। ਉਹ ਸਿਠਣੀਆਂ ਦੇ ਰੂਪ ਵਿਚ ਲਾੜੇ ਨੂੰ, ਉਸ ਦੇ ਮਾਂ, ਬਾਪ, ਭੈਣਾਂ ਨੂੰ ਖ਼ੂਬ ਪੁਣਦੀ ਹੈ, ਉਨ੍ਹਾਂ ਦੀਆਂ ਕਮਜ਼ੋਰੀਆਂ ਦਾ ਮਖ਼ੌਲ ਉਡਾਉਂਦੀ ਹੈ। ਇਸ ਤੋਂ ਬਿਨਾਂ ਉਹ ਲਾੜੇ ਦੀ ਮਾਂ ਅਤੇ ਭੈਣ ਨੂੰ ਕਾਮੁਕ ਸਿਠਣੀਆਂ ਦੇ ਕੇ ਆਪਣੀਆਂ ਅਤ੍ਰਿਪਤ ਕਾਮੁਕ ਭਾਵਨਾਵਾਂ ਨੂੰ ਤ੍ਰਿਪਤ ਕਰਨ ਦਾ ਉਪਰਾਲਾ ਕਰਦੀ ਹੈ! ਹਰ ਪਾਸੇ ਮਖ਼ੌਲ ਹੀ ਮਖ਼ੌਲ, ਕੋਈ ਗੁੱਸੇ ਦਾ ਪ੍ਰਤੀਕਰਮ ਨਹੀਂ। ਫੇਰ ਉਹ ਅਜਿਹੇ ਅਵਸਰ ਦਾ ਲਾਭ ਕਿਉਂ ਨਾ ਉਠਾਵੇ।

ਨਾਨਕਿਆਂ ਦੇ ਮੇਲ਼ ਦਾ ਵਿਆਹ ਵਿਚ ਵਿਸ਼ੇਸ਼ ਹੱਥ ਹੁੰਦਾ ਹੈ- ਜਿਵੇਂ ਕਹਿੰਦੇ ਹਨ ਨਾਨਕਿਆਂ ਦਾ ਅੱਧਾ ਵਿਆਹ ਹੁੰਦਾ ਹੈ, ਚਾਹੇ ਕੁੜੀ ਦਾ ਹੋਵੇ, ਚਾਹੇ ਮੁੰਡੇ ਦਾ। ਇਸੇ ਕਰਕੇ ਨਾਨਕਿਆਂ ਦਾ ਮੇਲ਼ ਸਿਠਣੀਆਂ ਦੇ ਪਿੜ ਵਿਚ ਮੁਖ ਨਿਸ਼ਾਨਾ ਹੁੰਦਾ ਹੈ।

ਜਦੋਂ ਨਾਨਕਾ ਮੇਲ਼ ਆਉਂਦਾ ਹੈ ਤਾਂ ਪਿੰਡੋਂ ਬਾਹਰ ਉਨ੍ਹਾਂ ਦੇ ਸੁਆਗਤ ਲਈ ਪਿੰਡ ਦੀਆਂ ਜਨਾਨੀਆਂ ਪੁੱਜ ਜਾਂਦੀਆਂ ਹਨ। ਦੋਨੋਂ ਧਿਰਾਂ ਇਕ ਦੂਜੇ ਦਾ ਸੁਆਗਤ ਸਿਠਣੀਆਂ ਨਾਲ਼ ਕਰਦੀਆਂ ਹਨ:

ਹੁਣ ਕਿਧਰ ਗਈਆਂ
ਨੀ ਬੀਬੀ ਤੇਰੀਆਂ ਨਾਨਕੀਆਂ

ਅਸੀਂ ਹਾਜ਼ਰ ਨਾਜ਼ਰ ਫੁੱਲਾਂ ਬਰਾਬਰ ਖੜੀਆਂ
ਨੀ ਬੀਬੀ ਤੇਰੀਆਂ ਨਾਨਕੀਆਂ

ਨੀ ਕਿਧਰ ਗਈਆਂ
ਨੀ ਬੀਬੀ ਤੇਰੀਆਂ ਨਾਨਕੀਆਂ
ਚੱਬੀਆਂ ਸੀ ਮੱਠੀਆਂ
ਜੰਮੀਆਂ ਸੀ ਕੱਟੀਆਂ
ਕੱਟੀਆਂ ਚਰਾਵਣ ਗਈਆਂ
ਨੀ ਬੀਬੀ ਤੇਰੀ ਨਾਨਕੀਆਂ

ਚੱਬੇ ਸੀ ਪਕੌੜੇ
ਜੰਮੇ ਸੀ ਜੌੜੇ
ਜੌੜੇ ਖਿਡਾਵਣ ਗਈਆਂ
ਨੀ ਬੀਬੀ ਤੇਰੀਆਂ ਨਾਨਕੀਆਂ

ਖਾਧੇ ਸੀ ਲੱਡੂ
ਜੰਮੇ ਸੀ ਡੱਡੂ
ਟੋਭੇ ਛਡਾਵਣ ਗਈਆਂ
ਨੀ ਬੀਬੀ ਤੇਰੀਆਂ ਨਾਨਕੀਆਂ

ਹੁਣ ਕਿੱਧਰ ਗਈਆਂ
ਨੀ ਬੀਬੀ ਤੇਰੀਆਂ ਨਾਨਕੀਆਂ
ਅਸੀਂ ਹਾਜ਼ਰ ਨਾਜ਼ਰ
ਫੁੱਲਾਂ ਬਰਾਬਰ ਖੜੀਆਂ
ਨੀ ਬੇਬੀ ਤੇਰੀਆਂ ਨਾਨਕੀਆਂ

ਇਸੇ ਭਾਵਨਾ ਦੀ ਇਕ ਹੋਰ ਸਿੱਠਣੀ ਦਿੱਤੀ ਜਾਂਦੀ ਹੈ:

ਕਿੱਥੋਂ ਆਈਆਂ ਵੇ
ਸਰਵਣਾ ਤੇਰੀਆਂ ਨਾਨਕੀਆਂ

ਪੀਤੀ ਸੀ ਪਿੱਛ ਜੰਮੇ ਸੀ ਰਿੱਛ
ਹੁਣ ਕਲੰਦਰਾਂ ਵਿਹੜੇ ਵੇ
ਸਰਵਣਾ ਤੇਰੀਆਂ ਨਾਨਕੀਆਂ

ਖਾਧੇ ਸੀ ਲੱਡੂ ਜੰਮੇ ਸੀ ਡੱਡੂ
ਹੁਣ ਛੱਪੜਾਂ ਦੇ ਕੰਢੇ ਵੇ
ਸਰਵਣਾ ਤੇਰੀਆਂ ਨਾਨਕੀਆਂ

ਖਾਧੇ ਸੀ ਮਾਂਹ ਜੰਮੇ ਸੀ ਕਾਂ
ਕਾਂ ਕਾਂ ਕਰਦੀਆਂ ਵੇ
ਸਰਵਣਾ ਤੇਰੀਆਂ ਨਾਨਕੀਆਂ

ਖ਼ਾਧੇ ਸੀ ਖਜੂਰ ਜੰਮੇ ਸੀ ਸੂਰ

ਹੁਣ ਸੂਰਾਂ ਦੇ ਗਈਆਂ ਵੇ ਸਰਵਣਾ ਤੇਰੀਆਂ ਨਾਨਕੀਆਂ

ਖਾਧੀਆਂ ਸੀ ਖਿੱਲਾਂ ਜੰਮੀਆਂ ਸੀ ਇੱਲ੍ਹਾਂ ਹੁਣ ਅੰਬਰ ਭੌਂਦੀਆਂ ਵੇ ਸਰਵਣਾ ਤੇਰੀਆਂ ਨਾਨਕੀਆਂ

ਖਾਧੇ ਸੀ ਪਕੌੜੇ ਜੰਮੇ ਸੀ ਜੌੜੇ ਹੁਣ ਖਿਡਾਵਣ ਗਈਆਂ ਵੇ ਸਰਵਣਾ ਤੇਰੀਆਂ ਨਾਨਕੀਆਂ

ਸਿਰਾਂ 'ਤੇ ਟਰੰਕ ਹੱਥਾਂ 'ਚ ਮੋਰਨੀਆਂ ਵਾਲ਼ੇ ਝੋਲ਼ੇ ਫੜੀਂ ਆਉਂਦੇ ਨਾਨਕਾ ਮੇਲ਼ ਦਾ ਪਿੰਡ ਦੀ ਗਲ਼ੀ ਵਿਚ ਪ੍ਰਵੇਸ਼ ਕਰਨ ਤੇ ਗਲ਼ੀ ਦੀਆਂ ਔਰਤਾਂ ਹਾਸਿਆਂ ਮਖ਼ੌਲਾਂ ਨਾਲ਼ ਸੁਆਗਤ ਕਰਦੀਆਂ ਹਨ। ਸਿਠਣੀਆਂ ਦੀ ਛਹਿਬਰ ਲੱਗ ਜਾਂਦੀ ਹੈ:

ਛੱਜ ਓਹਲੇ ਛਾਨਣੀ
ਪਰਾਤ ਓਹਲੇ ਤਵਾ ਓਏ
ਨਾਨਕਿਆਂ ਦਾ ਮੇਲ਼ ਆਇਆ
ਸੂਰੀਆਂ ਦਾ ਰਵਾ ਓਏ

ਛੱਜ ਓਹਲੇ ਛਾਨਣੀ
ਪਰਾਤ ਓਹਲੇ ਗੁੱਛੀਆਂ
ਨਾਨਕਿਆਂ ਦਾ ਮੇਲ਼ ਆਇਆ
ਸੱਭੇ ਰੰਨਾਂ ਲੁੱਚੀਆਂ

ਛੱਜ ਓਹਲੇ ਛਾਨਣੀ
ਪਰਾਤ ਓਹਲੇ ਛੱਜ ਓਏ
ਨਾਨਕਿਆਂ ਦਾ ਮੇਲ਼ ਆਇਆ
ਗਾਉਣ ਦਾ ਨਾ ਚੱਜ ਓਏ

ਵਿਆਹ ਵਾਲ਼ੇ ਘਰ ਵਿਚ ਹਾਸੇ ਠੱਠੇ ਦਾ ਮਾਹੌਲ ਬਣਿਆ ਹੁੰਦਾ ਹੈ। ਇਸੇ ਰੌਲ਼ੇ ਰੱਪੇ ਦੇ ਮਾਹੌਲ ਵਿਚ ਮਾਸੀ, ਭੂਆਂ ਦਾ ਪਰਿਵਾਰ ਅਤੇ ਨਾਨਕਾ ਮੇਲ਼ ਘਰ ਵਿਚ ਪ੍ਰਵੇਸ਼ ਕਰਦਾ ਹੈ। ਉਹ ਆਪਣੀ ਪਹੁੰਚ ਸਿੱਠਣੀ ਦੇ ਰੂਪ ਵਿਚ ਦੇਂਦੇ ਹਨ:

ਸੁਰਜੀਤ ਕੁਰੇ ਕੁੜੀਏ
ਗੁੜ ਦੀ ਰੋੜੀ ਚਾਹ ਦੇ ਪੱਤੇ
ਦੁੱਧ ਬਜ਼ਾਰੋਂ ਲਿਆ ਦੇ
ਫੱਕਰ ਨੀ ਤੇਰੇ ਬਾਹਰ ਖੜੇ
ਸਾਨੂੰ ਚਾਹ ਦੀ ਘੁੱਟ ਪਲ਼ਾ ਦੇ
ਫੱਕਰ ਨੀ ਤੇਰੇ ਬਾਹਰ ਖੜੇ

ਸਾਨੂੰ ਆਇਆਂ ਨੂੰ ਮੰਜਾ ਨਾ ਡਾਹਿਆ
ਨੀ ਚੱਲੋ ਭੈਣੋਂ ਮੁੜ ਚੱਲੀਏ
ਸੋਡਾ ਵੇਹੜਾ ਭੀੜਾ ਨੀ
ਚੱਲੋ ਭੈਣੋਂ ਮੁੜ ਚੱਲੀਏ
ਸੋਡੇ ਕੋਠੇ ਤੇ ਥਾਂ ਹੈਨੀ
ਚੱਲੋ ਭੈਣੋਂ ਮੁੜ ਚੱਲੀਏ

ਨਾਨਕਾ ਮੇਲ਼ ਦਾ ਗ੍ਰਹਿ-ਪ੍ਰਵੇਸ਼ ਸ਼ਗਨਾਂ ਨਾਲ ਕੀਤਾ ਜਾਂਦਾ ਹੈ। ਵਿਆਂਦੜ ਮੁੰਡੇ-ਕੁੜੀ ਦੀ ਮਾਂ ਜਾਂ ਲਾਗਣ ਬੂਹੇ ਉਤੇ ਤੇਲ ਚੋ ਕੇ ਉਨ੍ਹਾਂ ਦਾ ਆਦਰ ਮਾਣ ਨਾਲ਼ ਸੁਆਗਤ ਕਰਦੀ ਹੈ।

ਐਨੇ ਨੂੰ ਬਰਾਤ ਆਉਣ ਦਾ ਸਮਾਂ ਨੇੜੇ ਢੁਕ ਜਾਂਦਾ ਹੈ... ਰੱਥਾਂ, ਗੱਡੀਆਂ, ਊਠਾਂ ਅਤੇ ਘੋੜੀਆਂ ਦੀ ਧੂੜ ਪਿੰਡ ਦੀਆਂ ਬਰੂਹਾਂ ਤਕ ਪੁੱਜ ਜਾਂਦੀ ਹੈ ਤੇ ਸਾਰੀਆਂ ਮੇਲਣਾਂ ਕੱਠੀਆਂ ਹੋ ਕੇ ਆਪਣੇ ਘਰ ਦੇ ਦਰਵਾਜ਼ੇ ਮੂਹਰੇ ਖੜ੍ਹ ਕੇ ਸੁਆਗਤੀ ਗੀਤ ਗਾਉਂਦੀਆਂ ਹਨ:

ਲੌਂਗਾਂ ਦੀ ਬਾੜ ਕਰੋ
ਜੀ ਜੰਨ ਨੇੜੇ ਨੇੜੇ
ਲੌਂਗਾਂ ਦੀ ਬਾੜ ਕਰੋ
ਜੀ ਜੰਨ ਨੇੜੇ ਨੇੜੇ

ਬੀਬੀ ਦੇ ਬਾਬਲ ਨੂੰ ਖ਼ਬਰ ਕਰੋ
ਜੀ ਜੰਨ ਨੇੜੇ ਨੇੜੇ
ਲੌਂਗਾਂ ਦੀ ਬਾੜ ਕਰੋ
ਜੀ ਜੰਨ ਨੇੜੇ ਨੇੜੇ

ਬੀਬੀ ਦੇ ਮਾਮੇ ਨੂੰ ਖ਼ਬਰ ਕਰੋ
ਜੀ ਜੰਨ ਨੇੜੇ ਨੇੜੇ
ਲੌਂਗਾਂ ਦੀ ਬਾੜ ਕਰੋ
ਜੀ ਜੰਨ ਨੇੜੇ ਨੇੜੇ

ਬਰਾਤ ਦੇ ਢੁਕਾਅ ਤੇ ਪਹਿਲਾਂ ਕੁੜਮਾਂ ਤੇ ਮਾਪਿਆਂ ਦੀ ਮਿਲਣੀ ਕਰਵਾਈ ਜਾਂਦੀ ਹੈ। ਮਿਲਣੀ ਉਪਰੰਤ ਸਾਰੇ ਵਾਤਾਵਰਣ ਵਿਚ ਖੁਸ਼ੀ ਦੀਆਂ ਫੁਹਾਰਾਂ ਵਹਿ ਤੁਰਦੀਆਂ ਹਨ ਤੇ ਸਾਰਾ ਮਾਹੌਲ ਖੁਲ੍ਹਾ ਖੁਲਾਸਾ ਬਣ ਜਾਂਦਾ ਹੈ। ਇਸੇ ਮਾਹੌਲ ਦਾ ਲਾਹਾ ਲੈਂਦੀਆਂ ਮੇਲਣਾਂ ਪਹਿਲਾਂ ਘਟ ਕਰਾਰੀਆਂ ਤੇ ਮਗਰੋਂ ਸਲੂਣੀਆਂ ਸਿਠਣੀਆਂ ਦੇਣੀਆਂ ਸ਼ੁਰੂ ਕਰ ਦੇਂਦੀਆਂ ਹਨ:

ਜਾਨੀ ਓਸ ਪਿੰਡੋਂ ਆਏ
ਜਿੱਥੇ ਰੁੱਖ ਵੀ ਨਾ
ਇਨ੍ਹਾਂ ਦੇ ਤੌੜਿਆਂ ਵਰਗੇ ਮੂੰਹ
ਉੱਤੇ ਮੁੱਛ ਵੀ ਨਾ

ਜਾਨੀ ਓਸ ਪਿੰਡੋਂ ਆਏ
ਜਿੱਥੇ ਤੂਤ ਵੀ ਨਾ
ਇਨ੍ਹਾਂ ਦੇ ਖਪੜਾਂ ਵਰਗੇ ਮੂੰਹ
ਉੱਤੇ ਰੂਪ ਵੀ ਨਾ

ਜਾਨੀ ਓਸ ਪਿੰਡੋਂ ਆਏ
ਜਿੱਥੇ ਟਾਲ੍ਹੀ ਵੀ ਨਾ
ਇਨ੍ਹਾਂ ਦੇ ਪੀਲ਼ੇ ਡੱਡੂ ਮੂੰਹ
ਉੱਤੇ ਲਾਲੀ ਵੀ ਨਾ

ਉਹ ਜਾਨੀਆਂ ਦੇ ਵਿਦ-ਵਿਦ ਨੁਕਸ ਛਾਟਦੀਆਂ ਹਨ:

ਚੰਨ ਚਾਨਣੀ ਰਾਤ
ਤਾਰਾ ਕੋਈ ਕੋਈ ਐ
ਜੰਨ ਬੁੱਢਿਆਂ ਦੀ ਆਈ
ਮੁੰਡਾ ਕੋਈ ਕੋਈ ਐ
ਚੰਨ ਚਾਨਣੀ ਰਾਤ
ਤਾਰਾ ਇਕ ਵੀ ਨਹੀਂ
ਜੰਨ ਕਾਣਿਆਂ ਦੀ ਆਈ
ਸਾਬਤ ਇਕ ਵੀ ਨਹੀਂ

ਏਥੇ ਹੀ ਬਸ ਨਹੀਂ:

ਸੱਦੇ ਸੀ ਅਸੀਂ ਪੰਜ ਪਰਾਹੁਣੇ
ਸੱਦੇ ਸੀ ਅਸੀਂ ਪੰਜ ਪਰਾਹੁਣੇ
ਟੋਲੇ ਬੰਨ੍ਹ ਬੰਨ੍ਹ ਆਏ
ਅਸੀਂ ਸੱਜਣ ਬੜੇ ਸਮਝਾਏ
ਧਰਮ ਨਾਲ਼ ਸੱਜਣ ਬੜੇ ਸਮਝਾਏ

ਸੱਦੇ ਸੀ ਅਸੀਂ ਸੋਹਣੇ ਮੋਹਣੇ
ਸੱਦੇ ਸੀ ਅਸੀਂ ਸੋਹਣੇ ਮੋਹਣੇ
ਪੰਜ ਦਵੰਜੇ ਆਏ
ਧਰਮ ਨਾਲ਼ ਪੰਜ ਦਵੰਜੇ ਆਏ

ਸੱਦੇ ਸੀ ਅਸੀਂ ਗੱਭਰੂ ਗੱਭਰੂ
ਸੱਦੇ ਸੀ ਅਸੀਂ ਗੱਭਰੂ ਗੱਭਰੂ
ਇਹ ਬੁਢੜੇ ਕਾਹਨੂੰ ਆਏ
ਅਸੀਂ ਸੱਜਣ ਬੜੇ ਸਮਝਾਏ
ਧਰਮ ਨਾਲ ਸੱਜਣ ਬੜੇ ਸਮਝਾਏ

ਉਹ ਜਾਨੀਆਂ ਨੂੰ ਪਾਣੀ ਪੀਣ ਬਦਲੇ ਖੂਹਾਂ ਵਾਲ਼ਿਆਂ ਨੂੰ ਆਪਣੀਆਂ ਮਾਵਾਂ ਦੇਣ ਲਈ ਕਹਿੰਦੀਆਂ ਹਨ:

ਸਾਡੇ ਖੂਹਾਂ ਦਾ ਠੰਡਾ ਠੰਡਾ ਪਾਣੀ
ਵੇ ਜਾਨੀਓਂ ਪੀ ਕੇ ਜਾਇਓ

ਖੂਹਾਂ ਵਾਲਿਆਂ ਨੂੰ ਦੇ ਕੇ ਜਾਇਓ ਮਾਂ
ਵੇ ਜਾਨੀਓਂ ਪੀ ਕੇ ਜਾਇਓ

ਸਾਡੀਆਂ ਬੇਰੀਆਂ ਦੇ ਮਿੱਠੇ ਮਿੱਠੇ ਬੇਰ
ਵੇ ਜਾਨੀਓਂ ਖਾ ਕੇ ਜਾਇਓ
ਬੇਰੀਆਂ ਵਾਲ਼ਿਆਂ ਨੂੰ ਦੇ ਕੇ ਜਾਇਓ ਮਾਂ
ਵੇ ਜਾਨੀਓਂ ਖਾ ਕੇ ਜਾਇਓ

ਸਾਡੇ ਤੂਤਾਂ ਦੀ ਠੰਡੀ ਠੰਡੀ ਛਾਂ
ਵੇ ਜਾਨੀਓਂ ਮਾਣ ਕੇ ਜਾਇਓ
ਸਾਡੇ ਤੂਤਾਂ ਦੀ ਠੰਡੀ ਠੰਡੀ ਛਾ
ਵੇ ਜਾਨੀਓਂ ਮਾਣ ਕੇ ਜਾਇਓ

ਹੋਰ:

ਕੋਰੀ ਤੇ ਤੌੜੀ ਅਸੀਂ ਰਿੰਨ੍ਹੀਆਂ ਗੁੱਲੀਆਂ
ਭੁੱਖ ਲੱਗੀ ਲਾੜਾ ਕੱਢਦਾ ਬੁੱਲ੍ਹੀਆਂ
ਰੋਟੀ ਭਜਾਉਣੀ ਪਈ
ਨਿਲੱਜਿਓ ਲੱਜ ਤੁਹਾਨੂੰ ਨਹੀਂ

ਭੈੜੇ ਭੈੜੇ ਤੁਸੀਂ ਕਰਦੇ ਹੋ ਕਾਰੇ
ਇਨ੍ਹੀ ਕਰਤੂਤੀਂ ਤੁਸੀਂ ਰਹੇ ਕੁਆਰੇ
ਕਰਤੂਤ ਤੇ ਛਿਪਦੀ ਨਹੀਂ
ਨਿਲੱਜਿਓ ਲੱਜ ਤੁਹਾਨੂੰ ਨਹੀਂ

ਸਾਡੇ ਤਾਂ ਵਿਹੜੇ ਮੁੱਢ ਮਕੱਈ ਦਾ
ਦਾਣੇ ਤਾਂ ਮੰਗਦਾ ਉਧਲ ਗਈ ਦਾ
ਭੱਠੀ ਤਪਾਉਣੀ ਪਈ
ਨਿਲੱਜਿਓ ਲੱਜ ਤੁਹਾਨੂੰ ਨਹੀਂ

ਸਾਡੇ ਤਾਂ ਵਿਹੜੇ ਤਾਣਾ ਤਣੀਂਦਾ
ਲਾੜੇ ਦਾ ਪਿਓ ਕਾਣਾ ਸੁਣੀਂਦਾ
ਐਨਕ ਲਵਾਉਣੀ ਪਈ
ਨਿਲੱਜਿਓ ਲੱਜ ਤੁਹਾਨੂੰ ਨਹੀਂ



ਕੁੜੀ ਤਾਂ ਸਾਡੀ ਤਿੱਲੇ ਦੀ ਤਾਰ ਏ
ਮੁੰਡਾ ਤਾਂ ਸੁਣੀਦਾ ਕੋਈ ਘੁਮਾਰ ਏ
ਜੋੜ ਤਾਂ ਜੁੜਦਾ ਨਹੀਂ
ਨਿਲੱਜਿਓ ਲਜ ਤੁਹਾਨੂੰ ਨਹੀਂ

ਪੈਸਾ ਪੈਸਾ ਸਾਡੇ ਪਿੰਡੋਂ ਜੀ ਪਾਓ
ਲਾੜੇ ਜੋਗਾ ਤੁਸੀਂ ਬਾਜਾ ਮੰਗਾਓ
ਜੰਨ ਤੇ ਸਜਦੀ ਨਹੀਂ
ਨਿਲੱਜਿਓ ਲੱਜ ਤੁਹਾਨੂੰ ਨਹੀਂ

ਆਏ ਬਰਾਤੀਆਂ 'ਤੇ ਵਿਅੰਗ ਕਸੇ ਜਾਂਦੇ ਹਨ। ਨਾ ਉਨ੍ਹਾਂ ਵਲੋਂ ਲਿਆਂਦੀ ਵਰੀ ਪਸੰਦ ਹੈ ਤੇ ਨਾ ਹੀ ਆਏ ਬਰਾਤੀ ਉਨ੍ਹਾਂ ਨੂੰ ਚੰਗੇ ਲੱਗਦੇ ਹਨ। ਉਹ ਬਰਾਤੀਆਂ ਦਾ ਮਖ਼ੌਲ ਉਡਾਉਂਦੀਆਂ ਹਨ:

ਮੈਂ ਲਾਜ ਮੋਈ ਮੈਂ ਲਾਜ ਮੋਈ
ਇਹ ਵਰੀ ਪੁਰਾਣੀ ਲਿਆਏ
ਮੈਂ ਲਾਜ ਮੋਈ ਮੈਂ ਲਾਜ ਮੋਈ
ਇਹ ਕੀ ਕੀ ਵਸਤ ਲਿਆਏ
ਮੈਂ ਲਾਜ ਮੋਈ ਮੈਂ ਲਾਜ ਮੋਈ
ਇਹ ਬੁਢੜੇ ਕਾਹਨੂੰ ਆਏ
ਮੈਂ ਲਾਜ ਮੋਈ ਮੈਂ ਲਾਜ ਮੋਈ
ਇਹ ਗੱਭਰੂ ਕਿਉਂ ਨਾ ਲਿਆਏ
ਮੈਂ ਲਾਜ ਮੋਈ ਮੈਂ ਲਾਜ ਮੋਈ
ਇਹ ਸਾਰੇ ਆਂਡਲ਼ ਆਏ

ਪਹਿਲੇ ਸਮਿਆਂ ਵਿਚ ਬਰਾਤਾਂ ਤਿੰਨ ਦਿਨ ਠਹਿਰਿਆ ਕਰਦੀਆਂ ਸਨ। ਇਕ ਦਿਨ ਆਉਣ ਦਾ ਤੇ ਇਕ ਦਿਨ ਵਿਦਾਇਗੀ ਦਾ। ਫੇਰ ਦੋ ਦਿਨ ਠਹਿਰਨ ਲੱਗੀਆਂ ਤੇ ਅੱਜ ਕਲ੍ਹ ਤਾਂ ਇਕ ਦਿਨ ਵਿਚ ਹੀ ਸਾਰੇ ਕਾਰਜ ਪੂਰੇ ਜਾਂਦੇ ਹਨ।

ਜੰਨ ਦਾ ਉਤਾਰਾ ਜਨ-ਘਰ ਜਾਂ ਧਰਮਸ਼ਾਲਾ ਵਿਚ ਕਰਵਾਇਆ ਜਾਂਦਾ ਸੀ। ਪਹਿਲੀ ਰਾਤ ਦੀ ਰੋਟੀ ਘਿਉ-ਬੂਰੇ ਜਾਂ ਚੌਲ ਸ਼ੱਕਰ ਨਾਲ਼ ਦਿੱਤੀ ਜਾਂਦੀ ਸੀ ਇਸ ਨੂੰ 'ਕੁਆਰੀ ਰੋਟੀ' ਜਾਂ 'ਮਿੱਠੀ ਰੋਟੀ' ਆਖਦੇ ਸਨ। ਗੈਸਾਂ ਅਤੇ ਲਾਲਟੈਣਾਂ ਦੇ ਚਾਨਣ ਵਿਚ ਬਰਾਤੀ ਕੋਰਿਆਂ ਉੱਤੇ ਬੈਠ ਕੇ ਰੋਟੀ ਛਕਦੇ। ਵਰਤਾਵੇ ਜਿਨ੍ਹਾਂ ਨੂੰ ਮਾਲਵੇ ਵਿਚ ਪਰੀਹੇ ਆਖਿਆ ਜਾਂਦਾ ਹੈ ਕੱਲੀ ਕੱਲੀ ਲਾਈਨ ਵਿਚ ਜਾ ਕੇ ਸ਼ੱਕਰ, ਬੂਰਾ ਤੇ ਘਿਓ ਆਦਿ ਵਰਤਾਉਂਦੇ। ਮਿੱਠੀ ਰੋਟੀ ਵੇਲੇ ਲਾੜਾ ਬਰਾਤ ਨਾਲ਼ ਨਹੀਂ ਸੀ ਜਾਂਦਾ, ਉਸ ਦੀ ਰੋਟੀ ਡੇਰੇ ਭੇਜੀ ਜਾਂਦੀ ਸੀ। ਬਰਾਤੀਆਂ ਨੇ ਰੋਟੀ ਖਾਣੀ ਸ਼ੁਰੂ ਕਰਨੀ ਓਧਰ ਬਨੇਰਿਆਂ 'ਤੇ ਬੈਠੀਆਂ ਸੁਆਣੀਆਂ ਨੇ ਸਿਠਣੀਆਂ ਦਾ ਨਿਸ਼ਾਨਾ ਕੁੜਮ ਨੂੰ ਬਣਾਉਣਾ:

ਕੁੜਮ ਚੱਲਿਆ ਗੰਗਾ ਦਾ ਨ੍ਹਾਉਣ
ਹਰ ਗੰਗਾ ਨਰੈਣ ਗੰਗਾ
ਪਹਿਲੇ ਗੋਤੇ ਗਿਆ ਪਤਾਲ਼
ਹਰ ਗੰਗਾ ਨਰੈਣ ਗੰਗਾ
ਮੱਛੀ ਨੇ ਫੜ ਲਿਆ ਮੁੱਛ ਦਾ ਵਾਲ਼
ਹਰ ਗੰਗਾ ਨਰੈਣ ਗੰਗਾ
ਛਡ ਦੇ ਮੇਰੀ ਮੁੱਛ ਦਾ ਵਾਲ਼
ਏਥੇ ਫੇਰ ਨਹੀਂ ਆਉਂਦਾ ਤੇਰੇ ਦਰਬਾਰ
ਹਰ ਗੰਗਾ ਨਰੈਣ ਗੰਗਾ
ਏਥੇ ਕਰਦੂੰ ਬੇਬੇ ਦਾ ਦਾਨ
ਹਰ ਗੰਗਾ ਨਰੈਣ ਗੰਗਾ

ਕੁੜਮ ਸਿਠਣੀਆਂ ਦਾ ਸ਼ਿਕਾਰ ਬਣਿਆਂ ਭਮੱਤਰ ਜਾਂਦਾ ਹੈ। ਕੋਈ ਉਸ ਦੇ ਸਰੀਰਕ ਨੁਕਸ ਲੱਭਦੀ ਹੈ, ਕੋਈ ਉਹਦੀ ਜ਼ੋਰੋ ਦੇ ਤਾਅਨੇ ਮਾਰਦੀ ਹੈ, ਬਰਾਤੀ ਮੁੱਛਾਂ ਵਿਚ ਮੁਸਕਰਾਉਂਦੇ ਹੋਏ ਅਨੂਠਾ ਆਨੰਦ ਮਾਣਦੇ ਹਨ। ਬਨੇਰੇ ਤੋਂ ਸਿੱਠਣੀਆਂ ਦੀਆਂ ਫੁਹਾਰਾਂ ਪੈ ਰਹੀਆਂ ਹਨ:

ਜੇ ਕੁੜਮਾਂ ਤੇਰੀਆਂ ਅੱਖਾਂ ਦੁਖਦੀਆਂ
ਮੋਗੇ ਲਾਜ ਕਰਾ ਲੈ ਵੇ
ਕੁੱਛ ਫੈਦਾ ਹੋ ਜੂ
ਇਕ ਗੁੜ ਦੀ ਡਲ਼ੀ
ਇਕ ਤੇਲ ਦੀ ਪਲ਼ੀ
ਵਿਚ ਮਿਰਚਾਂ ਦੀ ਲੱਪ ਪਵਾ ਲੈ ਵੇ
ਕੁੱਛ ਫੈਦਾ ਹੋ ਜੂ
ਮੋਗੇ ਲਾਜ ਕਰਾ ਲੈ ਵੇ

ਕੁੱਛ ਫੈਦਾ ਹੋ ਜੂ
ਇਕ ਗੁੜ ਦੀ ਡਲ਼ੀ
ਇਕ ਤੇਲ ਦੀ ਪਲ਼ੀ
ਵਿਚ ਬਿੱਲੀ ਦੀ ਪੂਛ ਫਰਾ ਲੈ ਵੇ
ਕੁੱਛ ਫੈਦਾ ਹੋ ਜੂ
ਮੋਗੇ ਲਾਜ ਕਰਾ ਲੈ ਵੇ
ਕੁਛ ਫੈਦਾ ਹੋ ਜੂ

ਕੁੜਮ ਦੀ ਜ਼ੋਰੋ ਬਾਰੇ ਅਨੇਕਾਂ ਸਿਠਣੀਆਂ ਦਿੱਤੀਆਂ ਜਾਂਦੀਆਂ ਹਨ ਉਸ 'ਤੇ ਚਰਿੱਤਰਹੀਣ ਹੋਣ ਦੇ ਦੂਸ਼ਣ ਲਾਏ ਜਾਂਦੇ ਹਨ। ਭਲਾ ਕੌਣ ਮਸਤੀ ਦੀ ਮੌਜ ਵਿਚ ਗਾ ਰਹੀਆਂ ਸੁਆਣੀਆਂ ਦੇ ਮੂੰਹ ਫੜ ਸਕਦਾ ਹੈ:

ਵੇ ਜ਼ੋਰੋ ਤੇਰੀ ਕੁੜਮਾਂ
ਕਰਦੀ ਪਾਣੀ ਪਾਣੀ
ਕੌਣ ਦਾਰੀ ਦਾ ਰਸੀਆ
ਕੌਣ ਲਿਆਵੇ ਪਾਣੀ
ਦਿਓਰ ਦਾਰੀ ਦਾ ਰਸੀਆ
ਓਹੋ ਲਿਆਵੇ ਪਾਣੀ
ਨੀ ਸਰ ਸੁਕਗੇ ਨਖਰੋ
ਕਿਥੋਂ ਲਿਆਵਾਂ ਪਾਣੀ
ਵੇ ਇਕ ਬੱਦਲ ਵਰ੍ਹਿਆ
ਵਿਚ ਰਾਹਾਂ ਦੇ ਪਾਣੀ

ਵੇ ਜ਼ੋਰੋ ਤੇਰੀ ਕੁੜਮਾ
ਕਰਦੀ ਡੇਲੇ ਡੇਲੇ
ਕੌਣ ਦਾਰੀ ਦਾ ਰਸੀਆ
ਉਹਦਾ ਦਿਓਰ ਦਾਰੀ ਦਾ ਰਸੀਆ
ਉਹਨੂੰ ਤੋੜ ਲਿਆਵੇ ਡੇਲੇ
ਨੀ ਬਣ ਸੁਕਰੇ ਨਖਰੋ
ਕਿੱਥੋਂ ਲਿਆਵਾਂ ਡੇਲੇ

ਕੁੜਮਣੀ 'ਤੇ ਕਈ ਪ੍ਰਕਾਰ ਦੇ ਦੋਸ਼ ਲਗਾਏ ਜਾਂਦੇ ਹਨ, ਮੇਲਣਾਂ ਵਿਦ ਵਿਦ ਕੇ ਸਿਠਣੀਆਂ ਦੈਂਦੀਆਂ ਹਨ:

ਨਿੱਕੀ ਜਹੀ ਕੋਠੜੀਏ
ਤੈਂ ਵਿਚ ਮੇਰਾ ਆਟਾ
ਕੁੜਮਾਂ ਜ਼ੋਰੋ ਉੱਧਲ ਚੱਲੀ
ਲੈ ਕੇ ਧੌਲ਼ਾ ਝਾਟਾ

ਨਿੱਕੀ ਜਿਹੀ ਕੋਠੜੀਏ
ਤੈਂ ਵਿਚ ਮੇਰੇ ਦਾਣੇ
ਕੁੜਮਾਂ ਜ਼ੋਰੋ ਉੱਧਲ ਚੱਲੀ
ਲੈ ਕੇ ਨਿੱਕੇ ਨਿਆਣੇ

ਨਿੱਕੀ ਜਿਹੀ ਕੋਠੜੀਏ
ਤੈਂ ਵਿਚ ਮੇਰੀ ਭੇਲੀ
ਕੁੜਮਾਂ ਜ਼ੋਰੋ ਉੱਧਲ ਚੱਲੀ
ਲੈ ਕੇ ਫੱਤੂ ਤੇਲੀ

ਉਹ ਉਸ ਨੂੰ ਯਾਰ ਹੰਢਾਉਣ ਦਾ ਮਿਹਣਾ ਮਾਰਦੀਆਂ ਹਨ:

ਕਿੱਕਣ ਜੀਵੇਂਗੀ ਨੀ ਕੁੜਮਾਂ ਜ਼ੋਰੋ ਯਾਰ ਬਿਨਾਂ
ਕਿੱਕਣ ਜੀਵੇਂਗੀ
ਤੂੰ ਤਾਂ ਮੈਂ ਸੁੰਨੀ
ਜਿਉਂ ਘੋੜਾ ਸੁੰਨਾ ਅਸਵਾਰ ਬਿਨਾਂ
ਕਿੱਕਣ ਜੀਵੇਂਗੀ ਨੀ ਕੁੜਮਾਂ ਜ਼ੋਰੋ ਯਾਰ ਬਿਨਾਂ
ਤੂੰ ਤਾਂ ਐਂ ਸੁੰਨੀ
ਜਿਉਂ ਰੋਹੀ ਸੁੰਨੀ ਬਘਿਆੜ ਬਿਨਾਂ
ਕਿੱਕਣ ਜੀਵੇਂਗੀ ਨੀ ਕੁੜਮਾਂ ਜ਼ੋਰੋ ਯਾਰ ਬਿਨਾਂ
ਤੂੰ ਤਾਂ ਐਂ ਸੁੰਨੀ
ਜਿਉਂ ਪਿੰਡ ਸੁੰਨਾ ਚੌਕੀਦਾਰ ਬਿਨਾਂ
ਕਿੱਕਣ ਜੀਵੇਂਗੀ ਨੀ ਕੁੜਮਾ ਜ਼ੋਰੋ ਯਾਰ ਬਿਨਾਂ
ਤੂੰ ਤਾਂ ਮੈਂ ਸੁੰਨੀ
ਜਿਉਂ ਪਰਜਾ ਸੁੰਨੀ ਸਰਕਾਰ ਬਿਨਾਂ
ਕਿੱਕਣ ਜੀਵੇਂਗੀ ਨੀ ਕੁੜਮਾ ਜ਼ੋਰੋ ਯਾਰ ਬਿਨਾਂ
ਕਿੱਕਣ ਜੀਵੇਂਗੀ

ਕੁੜਮ ਵਿਚਾਰਾ ਪਾਣੀਓਂ ਪਾਣੀ ਹੋਇਆ ਇਕ ਹੋਰ ਤੱਤੀ ਤੱਤੀ ਸਿਠਣੀ ਸੁਣਦਾ ਹੈ, ਮੁਟਿਆਰਾਂ ਦਾ ਜਲੌਅ ਝੱਲਿਆ ਨੀ ਜਾਂਦਾ:

ਕੁੜਮਾਂ ਜ਼ੋਰੋ ਸਾਡੇ ਆਈ
ਘਗਰੀ ਲਿਆਈ ਪਾਟੀ
ਸਮਾ ਲੈ ਨੀ
ਸਮਾ ਲੈ ਯਾਰਾਂ ਪਾਟੀ
ਸਮਾ ਲੈ ਨੀ
ਕੌਣ ਜੁ ਉਹਦੇ ਧਾਗੇ ਵੱਟੇ
ਕੌਣ ਜੁ ਲਾਵੇ ਟਾਕੀ
ਸਮਾ ਲੈ ਨੀ
ਸਮਾ ਲੈ ਯਾਰਾਂ ਪਾਟੀ
ਛੜੇ ਜੋ ਤੇਰੇ ਧਾਗੇ ਵੱਟਣ
ਉਹੀ ਲਾਉਣ ਟਾਕੀ
ਸਮਾ ਲੈ ਨੀ
ਸਮਾ ਲੈ ਯਾਰਾਂ ਪਾਟੀ
ਸਮਾ ਲੈ ਨੀ

ਦੂਜੀ ਭਲਕ, ਫੇਰਿਆਂ ਤੋਂ ਮਗਰੋਂ, ਗੱਭਲੀ ਰੋਟੀ ਜਿਸ ਨੂੰ 'ਖੱਟੀ ਰੋਟੀ' ਵੀ ਆਖਦੇ ਹਨ, ਸਮੇਂ ਲਾੜਾ ਬਰਾਤ ਵਿਚ ਸ਼ਾਮਲ ਹੋ ਕੇ ਰੋਟੀ ਖਾਣ ਜਾਂਦਾ ਹੈ। ਜਾਨੀ ਪੂਰੀ ਟੌਹਰ ਵਿਚ ਹੁੰਦੇ ਹਨ ਓਧਰ ਬਨੇਰਿਆਂ 'ਤੇ ਬੈਠੀਆਂ ਮੁਟਿਆਰਾਂ ਤੇ ਔਰਤਾਂ ਲਾੜੇ ਨੂੰ ਆਪਣੀਆਂ ਸਿਠਣੀਆਂ ਦਾ ਨਿਸ਼ਾਨਾ ਬਣਾਉਂਦੀਆਂ ਹਨ:

ਲਾੜਿਆ ਪਗ ਟੇਢੀ ਨਾ ਬੰਨ੍ਹ ਵੇ
ਸਾਨੂੰ ਹੀਣਤ ਆਵੇ
ਤੇਰੀ ਬੇਬੇ ਵੇ ਉਧਲੀ
ਸਾਡੇ ਮਹਿਲਾਂ ਨੂੰ ਆਵੇ
ਤੇਰੀ ਬੇਬੇ ਦੇ ਬਦਣੀ
ਬੈਠੀ ਜੋਕਾਂ ਵੇ ਲਾਵੇ
ਇਕ ਜੋਕ ਗਵਾਚੀ
ਬੈਠੀ ਝਗੜਾ ਪਾਵੇ
ਇਕ ਪੈਸਾ ਨੀ ਲੈ ਲੈ



ਝਗੜਾ ਛਡ ਬਦਕਾਰੇ
ਪੈਸਾ ਨਹੀਓਂ ਲੈਣਾ
ਝਗੜਾ ਜਾਊ ਸਰਕਾਰੇ
ਸਾਡਾ ਚਾਚਾ ਛੈਲ
ਝਗੜਾ ਜਿਤ ਘਰ ਆਵੇ

ਉਹ ਲਾੜੇ ਦਾ ਬੜੀ ਬੇਰਹਿਮੀ ਨਾਲ਼ ਮਖੌਲ ਉਡਾਉਂਦੀਆਂ ਹਨ:

ਅਸਾਂ ਨਾ ਲੈਣੇ
ਪੱਤਾਂ ਬਾਝ ਕਰੇਲੇ
ਅਸਾਂ ਨਾ ਲੈਣੇ
ਲਾੜਾ ਭੌਂਦੂ ਐਂ ਝਾਕੇ
ਜਿਮੇਂ ਚਾਮ ਚੜਿਕ ਦੇ ਡੇਲੇ
ਅਸਾਂ ਨਾ ਲੈਣੇ
ਪੱਤਾਂ ਬਾਝ ਕਰੇਲੇ

ਉਹ ਉਸ ਦੀ ਭੈਣ ਅਤੇ ਭੂਆ 'ਤੇ ਚਰਿੱਤਰ ਹੀਣ ਹੋਣ ਦਾ ਇਲਜ਼ਾਮ ਲਾ ਕੇ ਉਸ ਨੂੰ ਠਿਠ ਕਰ ਦੇਂਦੀਆਂ ਹਨ:

ਪਿਛਲੇ ਅੰਦਰ ਹਨ੍ਹੇਰਾ
ਸੱਪਾਂ ਦਾ ਡੇਰਾ
ਸੱਪਾਂ ਤੋਂ ਮੈਂ ਡਰਦੀ ਆਂ
ਲਾੜੇ ਦੀ ਭੈਣ ਛਨਾਲ਼
ਖੇਲੇ ਮੁੰਡਿਆਂ ਨਾਲ਼
ਮੁੰਡੇ ਇਹਦੇ ਯਾਰ
ਉਲਾਂਭੇ ਤੋਂ ਮੈਂ ਡਰਦੀ ਆਂ
ਪਿਛਲੇ ਅੰਦਰ ਹਨ੍ਹੇਰਾ
ਸੱਪਾਂ ਦਾ ਡੇਰਾ
ਸੱਪਾਂ ਤੋਂ ਮੈਂ ਡਰਦੀ ਆਂ
ਲਾੜੇ ਦੀ ਭੂਆ ਛਨਾਲ਼
ਖੇਲੇ ਮੁੰਡਿਆਂ ਨਾਲ਼



ਮੁੰਡੇ ਇਹਦੇ ਯਾਰ
ਉਲਾਂਭੇ ਤੋਂ ਮੈਂ ਡਰਦੀ ਆਂ

ਲਾੜੇ ਦੀ ਭੈਣ ਬਾਰੇ ਇਕ ਪ੍ਰਤੀਕਆਤਮਕ ਸਿਠਣੀ ਦਿੱਤੀ ਜਾਂਦੀ ਹੈ:



ਲਾੜੇ ਭੈਣ ਦੀ ਕੱਚੀ ਖੂਹੀ ਕੱਚੀ ਖੂਹੀ
ਡੋਲ ਫਰ੍ਹਾ ਗਿਆ ਕੋਈ ਹੋਰ
ਹੋਰ ਭੈਣੇ ਹੋਰ ਬਾਗ਼ੀ ਕੂਕਦੇ ਸੀ ਮੋਰ
ਡੋਲ ਫਰ੍ਹਾ ਗਿਆ ਕੋਈ ਹੋਰ

ਲਾੜੇ ਭੈਣ ਦੀ ਖਿੜ ਗਈ ਕਿਆਰੀ
ਖਿੜੀ ਕਿਆਰੀ ਅੱਧੀ ਰਾਤ
ਟੀਂਡਾ ਤੋੜ ਗਿਆ ਕੋਈ ਹੋਰ
ਬਾਗ਼ੀ ਬੋਲਦੇ ਸੀ ਮੋਰ
ਟੀਂਡਾ ਤੋੜ ਗਿਆ ਕੋਈ ਹੋਰ

ਲਾੜੇ ਦੀ ਭੈਣ ਦੀ ਖੁਲ੍ਹੀ ਖਿੜਕੀ
ਖੁਲ੍ਹੀ ਖਿੜਕੀ ਅੱਧੀ ਰਾਤ
ਕੁੰਡਾ ਲਾ ਗਿਆ ਕੋਈ ਹੋਰ
ਬਾਗੀਂ ਬੋਲਦੇ ਸੀ ਮੋਰ
ਕੁੰਡਾ ਲਾ ਗਿਆ ਕੋਈ ਹੋਰ

ਲਾੜੇ ਦੇ ਕੋੜਮੇ ਨੂੰ ਪੁਣਦੀਆਂ ਹੋਈਆਂ ਮੁਟਿਆਰਾਂ ਸਾਰੇ ਮਾਹੌਲ ਵਿਚ ਹਾਸੇ ਛਣਕਾ ਦੇਂਦੀਆਂ ਹਨ। ਕੋਈ ਵਡਾਰੂ ਕੁੜੀਆਂ ਨੂੰ ਸਲੂਣੀਆਂ ਸਿਠਣੀਆਂ ਦੇਣ ਤੋਂ ਵਰਜਣ ਲਗਦਾ ਹੈ ਤਾਂ ਅੱਗੋਂ ਕੋਈ ਰਸੀਆ ਆਖ ਦੇਂਦਾ ਹੈ, "ਦੇ ਲੋ ਭਾਈ ਦੇ ਲੋ- ਆਹ ਦਿਨ ਕਿਹੜਾ ਰੋਜ਼ ਰੋਜ਼ ਆਉਣੈ।" ਇੰਨੇ ਨੂੰ ਸਿੱਠਣੀ ਦੇ ਬੋਲ ਉਭਰਦੇ ਹਨ:



ਲਾੜਿਆ ਵੇ ਮੇਰਾ ਨੌਕਰ ਲਗ ਜਾ ਵੇ
ਟਕਾ ਮਜੂਰੀ ਦਵਾ ਦਿੰਨੀ ਆਂ
ਮੇਰੇ ਅੰਦਰੋਂ ਸੁੰਭਰ ਮੇਰੇ ਬਾਹਰੋਂ ਸੁੰਭਰ
ਮੇਰੇ ਮਹਿਲੀਂ ਰੜਕਾ ਫੇਰ ਆਈਂ ਵੇ
ਟਕਾ ਮਜੂਰੀ ਦਵਾ ਦਿੰਨੀਆਂ



ਮੇਰਾ ਉਤਲਾ ਧੋ
ਮੇਰੀ ਕੁੜਤੀ ਧੋ
ਚੀਰੇ ਵਾਲ਼ੇ ਦੀ ਜਾਕਟ ਧੋ ਲਿਆਈਂ ਵੇ
ਟਕਾ ਮਜੂਰੀ ਦਵਾ ਦਿੰਨੀ ਆਂ
ਮੇਰੀ ਮੱਝ ਨਲ੍ਹਾ
ਮੇਰੀ ਕੱਟੀ ਨਲ੍ਹਾ
ਚੀਰੇ ਵਾਲ਼ੇ ਦਾ ਘੋੜਾ ਨਲ੍ਹਾ ਲਿਆਈਂ ਵੇ
ਟਕਾ ਮਜੂਰੀ ਦਵਾ ਦਿੰਨੀ ਆਂ

ਨਮੋਸ਼ੀ ਦਾ ਮਾਰਿਆ ਲਾੜਾ ਤਾਂ ਨਿਗਾਹ ਚੁੱਕ ਕੇ ਬਨੇਰਿਆਂ 'ਤੇ ਬੈਠੀਆਂ ਮੁਟਿਆਰਾਂ ਵਲ ਝਾਕਣ ਦੀ ਜੁਰਅਤ ਵੀ ਨਹੀਂ ਕਰ ਸਕਦਾ। ਜਦੋਂ ਵੇਖਦਾ ਹੈ ਝਟ ਟੋਕਾ ਟਾਕੀ ਸ਼ੁਰੂ ਹੋ ਜਾਂਦੀ ਹੈ:



ਲਾੜਿਆ ਆਪਣੀਆਂ ਵਲ ਵੇਖ ਵੇ
ਕਿਉਂ ਲਵੇਂ ਪ੍ਰਈਆਂ ਬਿੜਕਾਂ
ਘਰ ਭੈਣ ਜੁ ਤੇਰੀ ਕੰਨਿਆ ਕੁਆਰੀ
ਤੂੰ ਉਹਦਾ ਦੇ ਦੇ ਸਾਕ ਵੇ
ਕਿਉਂ ਲਵੇਂ ਪਰਾਈਆਂ ਬਿੜਕਾਂ
ਤੂੰ ਆਪਣੀਆਂ ਵਲ ਝਾਕ ਵੇ
ਕਿਉਂ ਲਵੇਂ ਪਰਾਈਆਂ ਬਿੜਕਾਂ

ਸਿਠਣੀਆਂ ਦੇਣ ਦਾ ਰਿਵਾਜ ਹੁਣ ਖ਼ਤਮ ਹੋ ਗਿਆ ਹੈ। ਇਕ ਦਿਨ ਦੇ ਵਿਆਹ ਨੇ, ਉਹ ਵੀ ਮੈਰਿਜ਼ ਪੈਲੇਸਾਂ ਵਿਚ ਹੋਣ ਕਾਰਨ, ਵਿਆਹ ਦੀਆਂ ਸਾਰੀਆਂ ਰਸਮਾਂ ਤੇ ਰੌਣਕਾਂ ਸਮਾਪਤ ਕਰ ਦਿੱਤੀਆਂ ਹਨ। ਬਸ ਸ਼ੋਰ ਹੀ ਰਹਿ ਗਿਆ ਹੈ। ਸੈਂਕੜਿਆਂ ਦੀ ਗਿਣਤੀ ਵਿਚ ਸਿੱਠਣੀਆਂ ਉਪਲਬਧ ਹਨ। ਇਨ੍ਹਾਂ ਨੂੰ ਸਾਂਭਣ ਦੀ ਅਤਿਅੰਤ ਲੋੜ ਹੈ। ਇਹ ਸਾਡੀ ਵਿਰਾਸਤ ਦਾ ਵੱਡਮੁੱਲਾ ਸਰਮਾਇਆ ਹਨ।

*

ਨਾਨਕਿਆਂ ਦਾ ਮੇਲ਼ ਆਇਆ

1.
ਹੁਣ ਕਿਧਰ ਗਈਆਂ ਨੀ ਬੀਬੀ ਤੇਰੀਆਂ ਨਾਨਕੀਆਂ
ਨੀ ਬੀਬੀ ਤੇਰੀਆਂ ਨਾਨਕੀਆਂ
ਨੀ ਕਿਧਰ ਗਈਆਂ
ਨੀ ਬੀਬੀ ਤੇਰੀਆਂ ਨਾਨਕੀਆਂ
ਚੱਬੀਆਂ ਸੀ ਮੱਠੀਆਂ
ਜੰਮੀਆਂ ਸੀ ਕੱਟੀਆਂ
ਕੱਟੀਆਂ ਚਰਾਵਣ ਗਈਆਂ
ਨੀ ਬੀਬੀ ਤੇਰੀ ਨਾਨਕੀਆਂ

ਹੁਣ ਕਿਧਰ ਗਈਆਂ
ਨੀ ਬੀਬੀ ਤੇਰੀਆਂ ਨਾਨਕੀਆਂ
ਚੱਬੇ ਸੀ ਪਕੌੜੇ
ਜੰਮੇ ਸੀ ਜੌੜੇ
ਜੌੜੇ ਖਿਡਾਵਣ ਗਈਆਂ
ਨੀ ਬੀਬੀ ਤੇਰੀਆਂ ਨਾਨਕੀਆਂ

ਨੀ ਕਿਧਰ ਗਈਆਂ
ਬੀਬੀ ਤੇਰੀਆਂ ਨਾਨਕੀਆਂ
ਖਾਧੇ ਸੀ ਲੱਡੂ
ਜੰਮੇ ਸੀ ਡੱਡੂ
ਟੋਭੇ ਛੁਡਾਵਣ ਗਈਆਂ
ਨੀ ਬੀਬੀ ਤੇਰੀਆਂ ਨਾਨਕੀਆਂ

2.
ਕਿੱਥੋਂ ਆਈਆਂ ਵੇ
ਸਰਵਣਾ ਤੇਰੀਆਂ ਨਾਨਕੀਆਂ

ਪੀਤੀ ਸੀ ਪਿੱਛ ਜੰਮੇ ਸੀ ਰਿੱਛ
ਹੁਣ ਕਲੰਦਰਾਂ ਵਿਹੜੇ ਵੇ
ਸਰਵਣਾ ਤੇਰੀਆਂ ਨਾਨਕੀਆਂ
ਖਾਧੇ ਸੀ ਲੱਡੂ ਜੰਮੇ ਸੀ ਡੱਡੂ
ਹੁਣ ਛੱਪੜਾਂ ਦੇ ਕੰਢੇ ਵੇ
ਸਰਵਣਾ ਤੇਰੀਆਂ ਨਾਨਕੀਆਂ
ਖਾਧੇ ਸੀ ਮਾਂਹ ਜੰਮੇ ਸੀ ਕਾਂ
ਕਾਂ ਕਾਂ ਕਰਦੀਆਂ ਵੇ
ਸਰਵਣਾ ਤੇਰੀਆਂ ਨਾਨਕੀਆਂ
ਖਾਧੇ ਸੀ ਖਜੂਰ ਜੰਮੇ ਸੀ ਸੂਰ
ਹੁਣ ਸੂਰਾਂ ਦੇ ਗਈਆਂ ਵੇ
ਸਰਵਣਾ ਤੇਰੀਆਂ ਨਾਨਕੀਆਂ
ਖਾਧੀਆਂ ਸੀ ਖਿੱਲਾਂ
ਜੰਮੀਆਂ ਸੀ ਇਲ੍ਹਾਂ
ਹੁਣ ਅੰਬਰ ਭੌਂਦੀਆਂ ਵੇ
ਸਰਵਣਾ ਤੇਰੀਆਂ ਨਾਨਕੀਆਂ
ਖਾਧੇ ਸੀ ਪਕੌੜੇ
ਜੰਮੇ ਸੀ ਜੌੜੇ
ਹੁਣ ਖਿਡਾਵਣ ਗਈਆਂ ਵੇ
ਸਰਵਣਾ ਤੇਰੀਆਂ ਨਾਨਕੀਆਂ

3.
ਛੱਜ ਓਹਲੇ ਛਾਨਣੀ
ਪਰਾਤ ਓਹਲੇ ਤਵਾ ਓਏ
ਨਾਨਕਿਆਂ ਦਾ ਮੇਲ਼ ਆਇਆ
ਸੂਰੀਆਂ ਦਾ ਰਵਾ ਓਏ

ਛੱਜ ਓਹਲੇ ਛਾਨਣੀ
ਪਰਾਤ ਓਹਲੇ ਗੁੱਛੀਆਂ
ਨਾਨਕਿਆਂ ਦਾ ਮੇਲ਼ ਆਇਆ
ਸੱਭੇ ਰੰਨਾਂ ਲੁੱਚੀਆਂ

ਛੱਜ ਓਹਲੇ ਛਾਨਣੀ
ਪਰਾਤ ਓਹਲੇ ਛੱਜ ਓਏ
ਨਾਨਕਿਆਂ ਦਾ ਮੇਲ਼ ਆਇਆ
ਗਾਉਣ ਦਾ ਨਾ ਚੱਜ ਓਏ

4.
ਸੁਰਜੀਤ ਕੁਰੇ ਕੁੜੀਏ
ਗੁੜ ਦੀ ਰੋੜੀ ਚਾਹ ਦੇ ਪੱਤੇ
ਦੁੱਧ ਬਜ਼ਾਰੋਂ ਲਿਆ ਦੇ
ਫੱਕਰ ਨੀ ਤੇਰੇ ਬਾਹਰ ਖੜੇ
ਸਾਨੂੰ ਚਾਹ ਦੀ ਘੁੱਟ ਪਲ਼ਾ ਦੇ
ਫੱਕਰ ਨੀ ਤੇਰੇ ਬਾਹਰ ਖੜੇ

5.
ਸਾਨੂੰ ਆਇਆਂ ਨੂੰ ਮੰਜਾ ਨਾ ਡਾਹਿਆ
ਨੀ ਚਲੋ ਭੈਣੋਂ ਮੁੜ ਚੱਲੀਏ
ਸੋਡਾ ਵੇਹੜਾ ਭੀੜਾ ਨੀ
ਚਲੋ ਭੈਣੋਂ ਮੁੜ ਚੱਲੀਏ
ਸੋਡੇ ਕੋਠੇ ਤੇ ਥਾਂ ਹੈਨੀ
ਚਲੋ ਭੈਣੋਂ ਮੁੜ ਚੱਲੀਏ

6.
ਮੋਠ ਕੁੜੇ ਨੀ ਮੋਠ ਕੁੜੇ
ਮਾਮਾ ਸੁੱਕ ਕੇ ਤੀਲਾ ਹੋਇਆ
ਮਾਮੀ ਹੋ ਗਈ ਤੋਪ ਕੁੜੇ
ਮਰਹੱਟੇ ਵਾਲ਼ੀ ਤੋਪ ਕੁੜੇ
ਫਰੰਗੀ ਵਾਲ਼ੀ ਤੋਪ ਕੁੜੇ

ਜੰਨ ਦਾ ਸੁਆਗਤ

7.
ਲੌਂਗਾਂ ਦੀ ਬਾੜ ਕਰੋ
ਜੀ ਜੰਨ ਨੇੜੇ ਨੇੜੇ
ਲੌਂਗਾਂ ਦੀ ਬਾੜ ਕਰੋ
ਜੀ ਜੰਨ ਨੇੜੇ ਨੇੜੇ

ਬੀਬੀ ਦੇ ਬਾਬਲ ਨੂੰ ਖ਼ਬਰ ਕਰੋ
ਜੀ ਜੰਨ ਨੇੜੇ ਨੇੜੇ
ਲੌਂਗਾਂ ਦੀ ਬਾੜ ਕਰੋ
ਜੀ ਜੰਨ ਨੇੜੇ ਨੇੜੇ

ਬੀਬੀ ਦੇ ਮਾਮੇ ਨੂੰ ਖ਼ਬਰ ਕਰੋ
ਜੀ ਜੰਨ ਨੇੜੇ ਨੇੜੇ
ਲੌਂਗਾਂ ਦੀ ਬਾੜ ਕਰੋ
ਜੀ ਜੰਨ ਨੇੜੇ ਨੇੜੇ

ਬੀਬੀ ਦੇ ਚਾਚਿਆਂ ਨੂੰ ਖ਼ਬਰ ਕਰੋ
ਜੀ ਜੰਨ ਨੇੜੇ ਨੇੜੇ
ਲੌਂਗਾਂ ਦੀ ਬਾੜ ਕਰੇ
ਜੀ ਜੰਨ ਨੇੜੇ ਨੇੜੇ

8.
ਆਉਂਦੇ ਸਜਨਾਂ ਨੂੰ ਕੋਰੇ ਵਛਾ ਦਿਓ
ਦਰੀਆਂ ਦੇ ਮੇਲ਼ ਮਲਾ ਦਿਓ
ਮਨ ਸੋਚ ਕੇ ਗੁਰਾਂ ਵਲ ਜਾਇਓ
ਆਉਂਦੇ ਸਜਨਾਂ ਦੇ ਹੱਥ ਧੁਆ ਦਿਓ
ਗੜਬਿਆਂ ਦੇ ਮੇਲ਼ ਮਿਲਾ ਦਿਓ
ਮਨ ਸੋਚ ਕੇ ਗੁਰਾਂ ਵਲ ਜਾਇਓ

9.
ਮੈਂ ਲਾਜ ਮੋਈ ਮੈਂ ਲਾਜ ਮੋਈ
ਇਹ ਵਰੀ ਪੁਰਾਣੀ ਲਿਆਏ
ਮੈਂ ਲਾਜ ਮੋਈ ਮੈਂ ਲਾਜ ਮੋਈ
ਇਹ ਕੀ ਕੀ ਵਸਤ ਲਿਆਏ
ਮੈਂ ਲਾਜ ਮੋਈ ਮੈਂ ਲਾਜ ਮੋਈ
ਇਹ ਬੁਢੜੇ ਕਾਹਨੂੰ ਆਏ
ਮੈਂ ਲਾਜ ਮੋਈ ਮੈਂ ਲਾਜ ਮੋਈ
ਇਹ ਗੱਭਰੂ ਕਿਉਂ ਨਾ ਲਿਆਏ
ਮੈਂ ਲਾਜ ਮੋਈ ਮੈਂ ਲਾਜ ਮੋਈ
ਇਹ ਸਾਰੇ ਆਂਡਲ ਆਏ

10.
ਜਾਨੀ ਓਸ ਪਿੰਡੋਂ ਆਏ
ਜਿੱਥੇ ਰੁੱਖ ਵੀ ਨਾ
ਇਨ੍ਹਾਂ ਦੇ ਤੌੜਿਆਂ ਵਰਗੇ ਮੂੰਹ
ਉੱਤੇ ਮੁੱਛ ਵੀ ਨਾ

ਜਾਨੀ ਓਸ ਪਿੰਡੋਂ ਆਏ
ਜਿੱਥੇ ਤੂਤ ਵੀ ਨਾ
ਇਨ੍ਹਾਂ ਦੇ ਖਪੜਾਂ ਵਰਗੇ ਮੂੰਹ
ਉੱਤੇ ਰੂਪ ਵੀ ਨਾ

ਜਾਨੀ ਓਸ ਪਿੰਡੋਂ ਆਏ
ਜਿੱਥੇ ਟਾਲ੍ਹੀ ਵੀ ਨਾ
ਇਨ੍ਹਾਂ ਦੇ ਪੀਲ਼ੇ ਡੱਡੂ ਮੂੰਹ
ਉੱਤੇ ਲਾਲੀ ਵੀ ਨਾ

11.
ਪਾਰਾਂ ਤੋਂ ਦੋ ਗੜਵੇ ਆਏ
ਵਿਚ ਗੜਵਿਆਂ ਦੇ ਭੂਕਾਂ
ਲੰਦਨ ਨੂੰ ਜਾਣਾ
ਵਿਆਹੇ ਵਿਆਹੇ ਜੰਨ ਚੜ੍ਹ ਆਏ


ਛੜੇ ਮਾਰਦੇ ਕੂਕਾਂ
ਲੰਦਨ ਨੂੰ ਜਾਣਾ

12.
ਚਾਦਰ ਵੀ ਕੁੜਮਾ ਮੇਰੀ ਪੰਜ ਪਟੀ
ਵਿਚ ਗੁਲਾਬੀ ਫੁੱਲ
ਜਦ ਮੈਂ ਨਿਕਲੀ ਪਹਿਨ ਕੇ
ਤੇਰੀ ਸਾਰੀ ਜਨੇਤ ਦਾ ਮੁੱਲ

13.
ਚੰਨ ਚਾਨਣੀ ਰਾਤ
ਤਾਰਾ ਕੋਈ ਕੋਈ ਐ
ਜੰਨ ਬੁੱਢਿਆਂ ਦੀ ਆਈ
ਮੁੰਡਾ ਕੋਈ ਕੋਈ ਐ
ਚੰਨ ਚਾਨਣੀ ਰਾਤ
ਤਾਰਾ ਇਕ ਵੀ ਨਹੀਂ
ਜੰਨ ਕਾਣਿਆਂ ਦੀ ਆਈ
ਸਾਬਤ ਇਕ ਵੀ ਨਹੀਂ

14.
ਸੱਦੇ ਸੀ ਅਸੀਂ ਪੰਜ ਪਰਾਹੁਣੇ
ਸੱਦੇ ਸੀ ਅਸੀਂ ਪੰਜ ਪਰਾਹੁਣੇ
ਟੋਲੇ ਬੰਨ੍ਹ ਬੰਨ੍ਹ ਆਏ
ਅਸੀਂ ਸੱਜਣ ਬੜੇ ਸਮਝਾਏ
ਧਰਮ ਨਾਲ਼ ਸੱਜਣ ਬੜੇ ਸਮਝਾਏ

ਸੱਦੇ ਸੀ ਅਸੀਂ ਸੋਹਣੇ ਮੋਹਣੇ
ਸੱਦੇ ਸੀ ਅਸੀਂ ਸੋਹਣੇ ਮੋਹਣੇ
ਪੰਜ ਦਵੰਜੇ ਆਏ
ਧਰਮ ਨਾਲ਼ ਪੰਜ ਦਵੰਜੇ ਆਏ
ਸੱਦੇ ਸੀ ਅਸੀਂ ਗੱਭਰੂ ਗੱਭਰੂ
ਸੱਦੇ ਸੀ ਅਸੀਂ ਗੱਭਰੂ ਗੱਭਰੂ
ਇਹ ਬੁਢੜੇ ਕਾਹਨੂੰ ਆਏ
ਅਸੀਂ ਸੱਜਣ ਬੜੇ ਸਮਝਾਏ
ਧਰਮ ਨਾਲ਼ ਸੱਜਣ ਬੜੇ ਸਮਝਾਏ

15.
ਪੰਜ ਦਵੰਜੇ ਆਏ
ਅੜੀਓ ਪੰਜ ਦਵੰਜੇ
ਪੰਜ ਦਵੰਜੇ ਆਏ
ਨੀ ਬੂ ਪੰਜ ਦਵੰਜੇ
ਢੋਲ ਸਿਰੇ
ਢਮਕੀਰੀ ਢਿੱਡੇ
ਪੰਜ ਦਵੰਜੇ ਆਏ
ਅੜੀਓ ਪੰਜ ਦਵੰਜੇ

ਲਾੜਾ ਤੇ ਸਰਵਾਲਾ ਆਏ
ਭੈਣਾਂ ਨਾਲ਼ ਲਿਆਏ
ਪੰਜ ਦਵੰਜੇ ਆਏ
ਅੜੀਓ ਪੰਜ ਦਵੰਜੇ
ਪੰਜ ਦਵੰਜੇ ਆਏ
ਨੀ ਬੂ ਪੰਜ ਦਵੰਜੇ

16.
ਸਾਡੇ ਖੂਹਾਂ ਦਾ ਠੰਡਾ ਠੰਡਾ ਪਾਣੀ
ਵੇ ਜਾਨੀਓਂ ਪੀ ਕੇ ਜਾਇਓ
ਖੂਹਾਂ ਵਾਲ਼ਿਆਂ ਨੂੰ ਦੇ ਕੇ ਜਾਇਓ ਮਾਂ
ਵੇ ਜਾਨੀਓਂ ਪੀ ਕੇ ਜਾਇਓ

ਸਾਡੀਆਂ ਬੇਰੀਆਂ ਦੇ ਮਿੱਠੇ ਮਿੱਠੇ ਬੇਰ
ਵੇ ਜਾਨੀਓਂ ਖਾ ਕੇ ਜਾਇਓ
ਬੇਰੀਆਂ ਵਾਲ਼ਿਆਂ ਨੂੰ ਦੇ ਕੇ ਜਾਇਓ ਮਾਂ
ਵੇ ਜਾਨੀਓਂ ਮਾਣ ਕੇ ਜਾਇਓ
ਸਾਡੇ ਤੂਤਾਂ ਦੀ ਠੰਡੀ ਠੰਡੀ ਛਾਂ
ਵੇ ਜਾਨੀਓਂ ਮਾਣ ਕੇ ਜਾਇਓ
ਸਾਡੇ ਤੂਤਾਂ ਦੀ ਠੰਡੀ ਠੰਡੀ ਛਾ
ਵੇ ਜਾਨੀਓਂ ਮਾਣ ਕੇ ਜਾਇਓ

ਲਾੜਾ ਲਾਡਲਾ ਨੀ

17.
ਆ ਜਾ ਝੱਟ ਬਹਿ ਜਾ ਕ੍ਰਿਸ਼ਨਾ
ਕੰਵਲ ਫੁੱਲਾਂ ਦੀ ਠੰਡੀ ਛਾਂ
ਵੇ ਪਾਣੀ ਤੈਨੂੰ ਮੈਂ ਦਿੰਨੀ ਆਂ
ਸਾਬਣ ਦੇਵੇਗੀ ਤੇਰੀ ਮਾਂ

ਆ ਜਾ ਝਟ ਬਹਿ ਜਾ ਕ੍ਰਿਸ਼ਨਾ
ਕੰਵਲ ਫੁੱਲਾਂ ਦੀ ਠੰਡੀ ਛਾਂ
ਵੇ ਬਸਤਰ ਤੈਨੂੰ ਮੈਂ ਦਿੰਨੀ ਆਂ
ਪਲੰਘ ਦੇਵੇਗੀ ਤੇਰੀ ਮਾਂ

ਆ ਜਾ ਝਟ ਬਹਿ ਜਾ ਕ੍ਰਿਸ਼ਨਾ
ਕੰਵਲ ਫੁੱਲਾਂ ਦੀ ਠੰਡੀ ਛਾਂ
ਬੂਟ ਤੈਨੂੰ ਮੈਂ ਦਿੰਨੀ ਆਂ
ਮੁਕਟ ਦੇਵੇਗੀ ਤੇਰੀ ਮਾਂ

ਆ ਜਾ ਝਟ ਬਹਿ ਜਾ ਕ੍ਰਿਸ਼ਨਾ
ਕੰਵਲ ਫੁੱਲਾਂ ਦੀ ਠੰਡੀ ਛਾਂ
ਕੁੜਤਾ ਤੈਨੂੰ ਮੈਂ ਦਿੰਨੀ ਆਂ
ਬਟਨ ਦੇਵੇਗੀ ਤੇਰੀ ਮਾਂ

ਆ ਜਾ ਝਟ ਬਹਿ ਜਾ ਕ੍ਰਿਸ਼ਨਾ
ਕੰਵਲ ਫੁੱਲਾਂ ਦੀ ਠੰਡੀ ਛਾਂ
ਵੇ ਭੋਜਨ ਤੈਨੂੰ ਮੈਂ ਦਿੰਨੀ ਆਂ
ਥਾਲ਼ੀ ਦੇਵੇਗੀ ਤੇਰੀ ਮਾਂ
ਆ ਜਾ ਝਟ ਬਹਿ ਜਾ ਕ੍ਰਿਸ਼ਨਾ
ਕੰਵਲ ਫੁੱਲਾਂ ਦੀ ਠੰਡੀ ਛਾਂ

18.

ਤੇਰੀ ਮਦ ਵਿਚ ਮਦ ਵਿਚ ਮਦ ਵਿਚ ਵੇ
ਬੂਟਾ ਰਾਈ ਦਾ
ਤੂੰ ਪੁੱਤ ਐਂ ਲਾੜਿਆ ਵੇ
ਸਾਡੇ ਨਾਈ ਦਾ

ਤੇਰੀ ਮਦ ਵਿਚ ਮਦ ਵਿਚ ਮਦ ਵਿਚ ਵੇ
ਬੂਟਾ ਜਾਮਣ ਦਾ
ਤੂੰ ਪੁੱਤ ਐਂ ਲਾੜਿਆ ਵੇ
ਸਾਡੇ ਬਾਹਮਣ ਦਾ

ਤੇਰੀ ਮਦ ਵਿਚ ਮਦ ਵਿਚ ਮਦ ਵਿਚ ਵੇ
ਬੂਟਾ ਗੋਭੀ ਦਾ
ਤੂੰ ਪੁੱਤ ਹੈਂ ਲਾੜਿਆ ਵੇ
ਕਿਸੇ ਸੂਮ ਤੇ ਲੋਭੀ ਦਾ

19.
ਲਾੜਿਆ ਕੱਲੜਾ ਕਿਉਂ ਆਇਆ ਵੇ
ਅੱਜ ਦੀ ਘੜੀ
ਨਾਲ ਅੰਮਾਂ ਨੂੰ ਨਾ ਲਿਆਇਆ ਵੇ
ਅੱਜ ਦੀ ਘੜੀ
ਤੇਰੀ ਬੇਬੇ ਸਾਡਾ ਬਾਪੂ
ਜੋੜੀ ਅਜਬ ਬਣੀ

20.
ਲਾੜਿਆ ਅਪਣੀਆਂ ਵੱਲ ਵੇਖ ਵੇ
ਕਿਉਂ ਲਵੇਂ ਪਰਾਈਆਂ ਬਿੜਕਾਂ
ਘਰ ਭੈਣ ਜੁ ਤੇਰੀ ਕੰਨਿਆ ਕੁਮਾਰੀ
ਤੂੰ ਉਹਦਾ ਦੇ ਦੇ ਸਾਕ ਵੇ
ਕਿਉਂ ਲਵੇਂ ਪਰਾਈਆਂ ਬਿੜਕਾਂ
ਤੂੰ ਆਪਣੀਆਂ ਵਲ ਝਾਕ ਵੇ
ਕਿਉਂ ਲਵੇਂ ਪਰਾਈਆਂ ਬਿੜਕਾਂ
ਘਰ ਭੂਆ ਜੁ ਤੇਰੀ ਕੰਨਿਆ ਕੁਮਾਰੀ


ਤੂੰ ਉਹਦਾ ਦੇ ਦੇ ਸਾਕ ਵੇ
ਕਿਉਂ ਲਵੇਂ ਪਰਾਈਆਂ ਬਿੜਕਾਂ

21.
ਕੋਰੀ ਤੇ ਤੌੜੀ ਅਸੀਂ ਕਿੰਨੀਆਂ ਗੁੱਲੀਆਂ
ਭੁੱਖ ਲੱਗੀ ਲਾੜਾ ਕੱਢਦਾ ਬੁੱਲ੍ਹੀਆਂ
ਰੋਟੀ ਭਜਾਉਣੀ ਪਈ
ਨਿਲੱਜਿਓ ਲੱਜ ਤੁਹਾਨੂੰ ਨਹੀਂ

ਭੈੜੇ ਭੈੜੇ ਤੁਸੀਂ ਕਰਦੇ ਹੋ ਕਾਰੇ
ਇਨ੍ਹੀਂ ਕਰਤੂਤੀਂ ਤੁਸੀਂ ਰਹੇ ਕੁਆਰੇ
ਕਰਤੂਤ ਤੇ ਛਿਪਦੀ ਨਹੀਂ
ਨਿਲੱਜਿਓ ਲੱਜ ਤੁਹਾਨੂੰ ਨਹੀਂ

ਸਾਡੇ ਤਾਂ ਵਿਹੜੇ ਮੁੱਢ ਮਕੱਈ ਦਾ
ਦਾਣੇ ਤਾਂ ਮੰਗਦਾ ਉਧਲ ਗਈ ਦਾ
ਭੱਠੀ ਤਪਾਉਣੀ ਪਈ
ਨਿਲੱਜਿਓ ਲੱਜ ਤੁਹਾਨੂੰ ਨਹੀਂ

ਸਾਡੇ ਤਾਂ ਵਿਹੜੇ ਤਾਣਾ ਤਣੀਂਦਾ
ਲਾੜੇ ਦਾ ਪਿਓ ਕਾਣਾ ਸੁਣੀਂਦਾ
ਐਨਕ ਲਵਾਉਣੀ ਪਈ
ਨਿਲੱਜਿਓ ਲੱਜ ਤੁਹਾਨੂੰ ਨਹੀਂ

ਕੁੜੀ ਤਾਂ ਸਾਡੀ ਤਿੱਲੇ ਦੀ ਤਾਰ ਏ
ਮੁੰਡਾ ਤਾਂ ਸੁਣੀਂਦਾ ਕੋਈ ਘੁਮਾਰ ਏ
ਜੋੜ ਤਾਂ ਜੁੜਦਾ ਨਹੀਂ
ਨਿਲੱਜਿਓ ਲੱਜ ਤੁਹਾਨੂੰ ਨਹੀਂ

ਪੈਸਾ ਪੈਸਾ ਸਾਡੇ ਪਿੰਡੋਂ ਜੀ ਪਾਓ
ਲਾੜੇ ਜੋਗਾ ਤੁਸੀਂ ਬਾਜਾ ਮੰਗਾਓ
ਜੰਨ ਤੇ ਸਜਦੀ ਨਹੀਂ
ਨਿਲੱਜਿਓ ਲੱਜ ਤੁਹਾਨੂੰ ਨਹੀਂ

22.
ਲਾੜਿਆ ਪਗ ਟੇਢੀ ਨਾ ਬੰਨ੍ਹ ਵੇ
ਸਾਨੂੰ ਹੀਣਤ ਆਵੇ
ਤੇਰੀ ਬੇਬੇ ਵੇ ਉਧਲੀ
ਸਾਡੇ ਮਹਿਲਾਂ ਨੂੰ ਆਵੇ
ਤੇਰੀ ਬੇਬੇ ਦੇ ਬਦਣੀ
ਬੈਠੀ ਜੋਕਾਂ ਵੇ ਲਾਵੇ
ਇਕ ਜੋਕ ਗਵਾਚੀ
ਬੈਠੀ ਝਗੜਾ ਪਾਵੇ
ਇਕ ਪੈਸਾ ਨੀ ਲੈ ਲੈ
ਝਗੜਾ ਛਡ ਬਦਕਾਰੇ
ਪੈਸਾ ਨਹੀਓਂ ਲੈਣਾ
ਝਗੜਾ ਜਾਊ ਸਰਕਾਰੇ
ਸਾਡਾ ਚਾਚਾ ਛੈਲ
ਝਗੜਾ ਜਿਤ ਘਰ ਆਵੇ

23.
ਲਾੜਾ ਲਾਡਲਾ ਨੀ
ਅੱਧੀ ਰਾਤ ਮੰਗੇ ਪਿੱਛ
ਲਾੜੇ ਦਾ ਬਾਪੂ ਐਂ ਬੈਠਾ
ਜਿਵੇਂ ਕੀਲੇ ਬੰਨ੍ਹਿਆ ਰਿੱਛ
ਲਾੜਾ ਲਾਡਲਾ ਨੀ
ਅੱਧੀ ਰਾਤ ਮੰਗੇ ਪਿੱਛ

24.
ਸੁਣ ਲਾੜਿਆ ਵੇ
ਕੱਟੇ ਨੂੰ ਬਾਪੂ ਆਖਿਆ ਕਰ
ਸੁਣ ਕੱਟਿਆ ਵੇ
ਬਾਪੂ ਕਹੇ ਤੇ ਟੱਪਿਆ ਕਰ
ਸੁਣ ਲਾੜਿਆ ਵੇ
ਕਾਟੋ ਨੂੰ ਬੇਬੇ ਆਖਿਆ ਕਰ
ਸੁਣ ਕਾਟੋ ਨੀ
ਬੇਬੇ ਕਹੇ ਤੇ ਟੱਪਿਆ ਕਰ

25.
ਕੀ ਗੱਲ ਪੁੱਛਾਂ ਲਾੜਿਆ ਵੇ
ਕੀ ਗੱਲ ਪੁੱਛਾ ਵੇ
ਨਾ ਤੇਰੇ ਦਾੜ੍ਹੀ ਭੌਂਦੂਆ ਵੇ
ਨਾ ਤੇਰੇ ਮੁੱਛਾਂ ਵੇ
ਬੋਕ ਦੀ ਲਾ ਲੈ ਦਾੜ੍ਹੀ
ਚੂਹੇ ਦੀਆਂ ਮੁੱਛਾਂ ਵੇ

26.
ਲਾੜੇ ਦੇ ਪਿਓ ਦੀ ਦਾਹੜ੍ਹੀ ਦੇ
ਦੋ ਕੁ ਵਾਲ਼ ਦੋ ਕੁ ਵਾਲ਼
ਦਾੜ੍ਹੀ ਮੁੱਲ ਲੈ ਲੈ ਵੇ
ਮੁੱਛਾਂ ਵਿਕਣ ਬਾਜ਼ਾਰ

27.
ਮੇਰਾ ਮੁਰਗਾ ਗ਼ਰੀਬ
ਕਿਨ੍ਹੇ ਮਾਰਿਆ ਭੈਣੋਂ
ਨਾ ਮੇਰੇ ਮੁਰਗੇ ਦੇ ਟੰਗਾਂ ਬਾਹਾਂ
ਨਾ ਮੇਰੇ ਮੁਰਗੇ ਦੇ ਢੂਹੀ
ਮੇਰੇ ਮੁਰਗੇ ਨੇ ਹਿੰਮਤ ਕੀਤੀ
ਲਾੜੇ ਦੀ ਭੈਣ ਧੂਹੀ
ਮੇਰਾ ਮੁਰਗਾ ਗ਼ਰੀਬ
ਕਿਨ੍ਹੇ ਮਾਰਿਆ ਭੈਣੋਂ

28.
ਮੇਰੇ ਈਨੂੰ ਦੀ
ਲੰਮੀ ਲੰਮੀ ਡੋਰ
ਤੋੜੀ ਨਾ ਟੁੱਟਦੀ
ਮੇਰੇ ਈਨੂੰ ਦੀ
ਲੰਮੀ ਲੰਮੀ ਡੋਰ

ਲਾੜੇ ਦੀ ਭੈਣਾ ਬਹੇਲ
ਵੇ ਮੋੜੀ ਨਾ ਮੁੜਦੀ
ਲਾੜੇ ਦੀ ਭੈਣ ਬਹੇਲ
ਵੇ ਮੋੜੀ ਨਾ ਮੁੜਦੀ

ਸਰਵਾਲੇ ਦੀ ਭੈਣਾ ਬਹੇਲ
ਵੇ ਮੋੜੀ ਨਾ ਮੁੜਦੀ
ਸਰਵਾਲੇ ਦੀ ਭੈਣਾ ਬਹੇਲ
ਵੇ ਮੋੜੀ ਨਾ ਮੁੜਦੀ

ਮੇਰੇ ਈਨੂੰ ਦੀ
ਲੰਮੀ ਲੰਮੀ ਡੋਰ
ਤੋੜੀ ਨਾ ਟੁੱਟਦੀ
ਮੇਰੇ ਈਨੂੰ ਦੀ
ਲੰਮੀ ਲੰਮੀ ਡੋਰ

29.
ਸ਼ਾਮ ਸਿੰਹਾਂ ਭੈਣਾਂ ਨੂੰ ਸਮਝਾ ਲੈ ਵੇ
ਗੱਲਾਂ ਬੁਰੀਆਂ ਕਰਦੀ
ਸ਼ਾਮ ਸਿੰਹਾਂ ਭੈਣਾਂ ਨੂੰ ਸਮਝਾ ਲੈ ਵੇ
ਗੱਲਾਂ ਬੁਰੀਆਂ ਕਰਦੀ

ਸਾਡੇ ਮੁੰਡਿਆਂ ਦੇ ਚਿੱਟੇ ਵਿਛੌਣੇ
ਚਿੱਟੇ ਮੈਲ਼ੇ ਕਰਦੀ ਵੇ
ਸਾਡੇ ਮੁੰਡਿਆਂ ਦੇ ਚਿੱਟੇ ਵਿਛੌਣੇ
ਚਿੱਟੇ ਮੈਲ਼ੇ ਕਰਦੀ ਵੇ

ਸ਼ਾਮ ਸਿੰਹਾਂ ਭੈਣਾਂ ਨੂੰ ਸਮਝਾ ਲੈ ਵੇ
ਗੱਲਾਂ ਬੁਰੀਆਂ ਕਰਦੀ
ਸ਼ਾਮ ਸਿੰਹਾਂ ਭੈਣਾਂ ਨੂੰ ਸਮਝਾ ਲੈ ਵੇ
ਗੱਲਾਂ ਬੁਰੀਆਂ ਕਰਦੀ

30.
ਲਾੜਿਆ ਵੇ ਮੇਰਾ ਨੌਕਰ ਲਗ ਜਾ ਵੇ
ਟਕਾ ਮਜੂਰੀ ਦਵਾ ਦਿੰਨੀ ਆਂ
ਮੇਰੇ ਅੰਦਰੋਂ ਸੁੰਭਰ ਮੇਰੇ ਬਾਹਰੋਂ ਸੁੰਭਰ
ਮੇਰੇ ਮਹਿਲੀਂ ਰੜਕਾ ਫੇਰ ਆਈਂ ਵੇ
ਟਕਾ ਮਜੂਰੀ ਦਵਾ ਦਿੰਨੀਆਂ
ਮੇਰਾ ਉਤਲਾ ਧੋ

ਮੇਰੀ ਕੁੜਤੀ ਧੋ
ਚੀਰੇ ਵਾਲ਼ੇ ਦੀ ਜਾਕਟ ਧੋ ਲਿਆਈਂ ਵੇ
ਟਕਾ ਮਜੂਰੀ ਦਵਾ ਦਿੰਨੀ ਆਂ
ਮੇਰੀ ਮੱਝ ਨਲ੍ਹਾ
ਮੇਰੀ ਕੱਟੀ ਨਲ੍ਹਾ
ਚੀਰੇ ਵਾਲੇ ਦਾ ਘੋੜਾ ਨਲ੍ਹਾ ਲਿਆਈਂ ਵੇ
ਟਕਾ ਮਜੂਰੀ ਦਵਾ ਦਿੰਨੀ ਆਂ

31.
ਅਸਾਂ ਨੇ ਕੀ ਕਰਨੇ ਬੇ-ਬਹਾਰੇ ਕੱਦੂ
ਅਸਾਂ ਨੇ ਕੀ ਕਰਨੇ ਬੇ-ਬਹਾਰੇ ਕੱਦੂ
ਲਾੜਾ ਬੈਠਾ ਐਂ ਝਾਕੇ
ਜਿਉਂ ਛੱਪੜ ਕੰਢੇ ਡੱਡੂ

32.
ਅਸਾਂ ਨਾ ਲੈਣੇ
ਪੱਤਾਂ ਬਾਝ ਕਰੇਲੇ
ਲਾੜੇ ਦਾ ਚਾਚਾ ਐਂ ਝਾਕੇ
ਜਿਵੇਂ ਚਾਮਚੜਿਕ ਦੇ ਡੇਲੇ

33.
ਨੀ ਮੈਂ ਅੱਜ ਸੁਣਿਆਂ ਨੀ
ਬਾਰੀ ਦੇ ਓਹਲੇ ਵਜ਼ੀਰ ਖੜਾ
ਨੀ ਮੈਂ ਅੱਜ ਸੁਣਿਆਂ ਨੀ
ਲਾੜੇ ਦੀ ਅੰਮਾਂ ਦਾ ਯਾਰ ਖੜਾ
ਲਾੜੇ ਦੀਏ ਮਾਏਂ ਨੀ
ਸੁਨਿਆਰ ਤੇਰਾ ਯਾਰ
ਨੀ ਸੁਨਿਆਰ ਲਿਆਵੇ ਚੂੜੀਆਂ
ਸੁਨਿਆਰ ਲਿਆਵੇ ਹਾਰ
ਨੀ ਪਹਿਨ ਲੈ ਪਿਆਰੀਏ
ਮੈਂ ਨੀ ਤੇਰਾ ਯਾਰ

34.
ਨੀ ਮੈਂ ਹੁਣ ਦੇਖਿਆ

ਬਾਰੀ ਦੇ ਓਹਲੇ ਵਜ਼ੀਰ ਖੜਾ
ਨੀ ਮੈਂ ਹੁਣ ਦੇਖਿਆ

ਨੀ ਮੈਂ ਹੁਣ ਸੁਣਿਆਂ
ਲਾੜੇ ਦੀ ਬੇਬੇ ਦਾ ਯਾਰ ਖੜਾ
ਨੀ ਮੈਂ ਹੁਣ ਸੁਣਿਆਂ
ਲਾੜੇ ਦੀ ਬੇਬੇ ਦਾ ਯਾਰ ਖੜਾ

ਨੀ ਸੁਨਿਆਰਾ ਤੇਰਾ ਯਾਰ
ਸੁਨਿਆਰਾ ਤੇਰਾ ਯਾਰ
ਨੀ ਸੁਨਿਆਰਾ ਲਿਆਵੇ ਚੂੜੀਆਂ
ਸੁਨਿਆਰਾ ਲਿਆਵੇ ਹਾਰ

ਨੀ ਪਹਿਨ ਮੇਰੀਏ ਪਿਆਰੀਏ
ਮੈਂ ਨਵਾਂ ਤੇਰਾ ਯਾਰ
ਨੀ ਪਹਿਨ ਮੇਰੀਏ ਪਿਆਰੀਏ
ਮੈਂ ਨਵਾਂ ਤੇਰਾ ਯਾਰ

35.
ਮੇਰੇ ਰਾਮ ਜੀ
ਬਾਜ਼ਾਰ ਵਿਕੇ ਤੇਲ ਦੀ ਕੜਾਹੀ
ਲਾੜੇ ਦੀ ਬੇਬੇ ਦਾ ਯਾਰ ਵੇ ਹਲਵਾਈ
ਮੇਰੇ ਰਾਮ ਜੀ
ਅੱਧੀ-ਅੱਧੀ ਰਾਤੀਂ ਦਿੰਦਾ ਮਠਿਆਈ
ਖਾ ਕੇ ਮਠਿਆਈ
ਇਹਨੂੰ ਨੀਂਦ ਕਿਹੋ ਜਹੀ ਆਈ

36.
ਸਾਡੇ ਵੇਹੜੇ ਮਾਂਦਰੀ ਬਈ ਮਾਂਦਰੀ
ਲਾੜੇ ਦੀ ਭੈਣ ਬਾਂਦਰੀ ਬਈ ਬਾਂਦਰੀ

37.
ਬਾਪੂ ਓਏ ਬੂੰਦੀ ਆਈ ਐ
ਚੁੱਪ ਕਰ ਸਾਲ਼ਿਆ ਮਸੀਂ ਥਿਆਈ ਐ

38.
ਹੋਰ ਜਾਨੀ ਲਿਆਏ ਊਠ ਘੋੜੇ
ਲਾੜਾ ਲਿਆਇਆ ਟੱਟੂ
ਨੀ ਮੰਨੋ ਦੇ ਜਾਣਾ
ਬੇਹੜੇ ਦੀ ਜੜ ਪੱਟੂ
ਨੀ ਮੰਨੋ ਦੇ ਜਾਣਾ

39.
ਲਾੜੇ ਦੀ ਭੈਣ
ਚੜ੍ਹ ਗਈ ਡੇਕ
ਚੜ੍ਹ ਗਈ ਡੇਕ
ਟੁੱਟ ਗਿਆ ਟਾਹਣਾ
ਡਿਗ ਪਈ ਹੇਠ
ਪੁੱਛ ਲਓ ਮੁੰਡਿਓ ਰਾਜ਼ੀ ਐ?
ਰਾਜ਼ੀ ਐ ਬਈ ਰਾਜ਼ੀ ਐ
ਸਾਡੇ ਆਉਣ ਨੂੰ ਰਾਜ਼ੀ ਐ
ਤੁਸੀਂ ਲੈਣੀ ਐਂ ਕਿ ਨਾ?
ਨਾ ਜੀ ਨਾ
ਸਾਡੇ ਕੰਮ ਦੀ ਵੀ ਨਾ

40.
ਲਾੜੇ ਭੈਣ ਦੀ ਕੱਚੀ ਖੂਹੀ ਕੱਚੀ ਖੂਹੀ
ਡੋਲ ਫਰ੍ਹਾ ਗਿਆ ਕੋਈ ਹੋਰ
ਹੋਰ ਭੈਣੇ ਹੋਰ ਬਾਗ਼ੀ ਕੂਕਦੇ ਸੀ ਮੋਰ
ਡੋਲ ਫੜ੍ਹਾ ਗਿਆ ਕੋਈ ਹੋਰ

ਲਾੜੇ ਭੈਣ ਦੀ ਖਿੜ ਗਈ ਕਿਆਰੀ
ਖਿੜੀ ਕਿਆਰੀ ਅੱਧੀ ਰਾਤ
ਟੀਂਡਾ ਤੋੜ ਗਿਆ ਕੋਈ ਹੋਰ
ਬਾਗੀਂ ਬੋਲਦੇ ਸੀ ਮੋਰ
ਟੀਂਡਾ ਤੋੜ ਗਿਆ ਕੋਈ ਹੋਰ

ਲਾੜੇ ਦੀ ਭੈਣ ਦੀ ਖੁਲ੍ਹੀ ਖਿੜਕੀ
ਖੁਲ੍ਹੀ ਖਿੜਕੀ ਅੱਧੀ ਰਾਤ

ਕੁੰਡਾ ਲਾ ਗਿਆ ਕੋਈ ਹੋਰ
ਬਾਗੀਂ ਬੋਲਦੇ ਸੀ ਮੋਰ
ਕੁੰਡਾ ਲਾ ਗਿਆ ਕੋਈ ਹੋਰ

41.
ਲਾੜੇ ਦੀ ਭੈਣ ਕੰਜਰੀ ਸੁਣੀਂਦੀ
ਕੰਜਰੀ ਸੁਣੀਂਦੀ ਬਹੇਲ ਸੁਣਾਂਦੀ
ਕੋਠੇ ਚੜ੍ਹ ਜਾਂਦੀ ਬਿਨ ਪੌੜੀ
ਨੀ ਕੰਜਰਾਂ ਨੇ ਮੱਤ ਨਾ ਦਿੱਤੀ
ਸਾਗ ਘੋਟਦੀ ਨੇ ਭੰਨਤੀ ਤੌੜੀ
ਨੀ ਕੰਜਰਾਂ ਨੇ ਮੱਤ ਨਾ ਦਿੱਤੀ

42.
ਨੀ ਏਥੇ ਮੇਰਾ ਰਣ ਬਟੂਆ
ਰਣ ਬਟੂਏ ਦੀਆਂ ਡੋਰਾਂ
ਨੀ ਏਥੇ ਮੇਰਾ ਰਣ ਬਟੂਆ
ਖੋਹਲੋ ਬਟੂਆ ਕੱਢੋ ਪੈਸੇ
ਲਿਆਓ ਪਤਾਸੇ ਭੰਨੋ ਲਾੜੇ ਦੀ ਭੈਣ ਦੇ ਪਾਸੇ
ਨੀ ਏਥੇ ਮੇਰਾ ਰਣ ਬਟੂਆ
ਰਣ ਬਟੂਏ ਦੀਆਂ ਡੋਰਾਂ
ਨੀ ਏਥੇ ਮੇਰਾ ਰਣ ਬਟੂਆ
ਖੋਹਲੋ ਬਟੂਆ ਕੱਢੋ ਪੈਸੇ
ਲਿਆਓ ਪਤਾਸੇ ਭੰਨੋ ਕੁੜਮਾਂ ਜੋਰੂ ਦੇ ਪਾਸੇ
ਨੀ ਏਥੇ ਮੇਰਾ ਰਣ ਬਟੂਆ

43.
ਲਾੜਿਆ ਭਰ ਲਿਆ ਪਾਣੀ ਦਾ ਡੋਲ
ਪਹਿਲੀ ਘੁੱਟ ਮੈਂ ਭਰਦੀ ਆਂ
ਤੂੰ ਦੇ ਦੇ ਭੈਣਾਂ ਦਾ ਸਾਕ
ਵਚੋਲਣ ਮੈਂ ਬਣਦੀ ਆਂ
ਤੂੰ ਕਰਦੇ ਭੈਣਾਂ ਨੂੰ ਤਿਆਰ
ਜੱਕਾ ਭਾੜੇ ਮੈਂ ਕਰਦੀ ਆਂ
ਤੂੰ ਗੱਡ ਦੇ ਬੇਹੜੇ ਵਿਚ ਬੇਦੀ
ਪਿਪੜੇ ਮੈਂ ਪੜ੍ਹਦੀ ਆਂ

44.
ਪਿਛਲੇ ਅੰਦਰ ਹਨ੍ਹੇਰਾ
ਸੱਪਾਂ ਦਾ ਡੇਰਾ
ਸੱਪਾਂ ਤੋਂ ਮੈਂ ਡਰਦੀ ਆਂ
ਲਾੜੇ ਦੀ ਭੈਣ ਛਨਾਲ਼
ਖੇਲੇ ਮੁੰਡਿਆਂ ਨਾਲ਼
ਮੁੰਡੇ ਇਹਦੇ ਯਾਰ
ਉਲਾਂਭੇ ਤੋਂ ਮੈਂ ਡਰਦੀ ਆਂ...

ਪਿਛਲੇ ਅੰਦਰ ਹਨ੍ਹੇਰਾ
ਸੱਪਾਂ ਦਾ ਡੇਰਾ
ਸੱਪਾਂ ਤੋਂ ਮੈਂ ਡਰਦੀ ਆਂ
ਲਾੜੇ ਦੀ ਭੂਆ ਛਨਾਲ਼
ਖੇਲੇ ਮੁੰਡਿਆਂ ਨਾਲ਼
ਮੁੰਡੇ ਇਹਦੇ ਯਾਰ
ਉਲਾਂਭੇ ਤੋਂ ਮੈਂ ਡਰਦੀ ਆਂ

ਪਿਛਲੇ ਅੰਦਰ ਹਨੇਰਾ
ਸੱਪਾਂ ਦਾ ਡੇਰਾ
ਸੱਪਾਂ ਤੋਂ ਮੈਂ ਡਰਦੀ ਆਂ
ਕੁੜਮਾਂ ਜ਼ੋਰੋ ਛਨਾਲ
ਖੇਲੇ ਮੁੰਡਿਆਂ ਨਾਲ਼
ਮੁੰਡੇ ਇਹਦੇ ਯਾਰ
ਉਲਾਂਭੇ ਤੋਂ ਮੈਂ ਡਰਦੀ ਆਂ

45.
ਚੱਬੀਂ ਵੇ ਚੱਬੀਂ ਲਾੜਿਆ ਮੱਠੀਆਂ
ਤੇਰੀ ਭੈਣ ਵਿਕੇਂਦੀ ਹੱਟੀਆਂ
ਵੇ ਗਾਹਕ ਇਕ ਵੀ ਨਹੀਂ

ਚੱਬੀਂ ਵੇ ਚੱਬੀਂ ਲਾੜਿਆ ਨੌਂ ਮਣ ਦਾਣੇ
ਤੇਰੀ ਬੇਬੇ ਦੇ ਨੌਂ ਵੇ ਨਿਆਣੇ
ਸਾਬਤ ਇਕ ਵੀ ਨਹੀਂ

ਚੱਬੀਂ ਵੇ ਚੱਬੀਂ ਲਾੜਿਆ ਨੌਂ ਮਣ ਦਾਣੇ
ਤੇਰੇ ਕਿੰਨੇ ਬਾਪੂ ਤੇਰੀ ਬੇਬੇ ਜਾਣੇ
ਸਾਬਤ ਇਕ ਵੀ ਨਹੀਂ

46.
ਹਲ਼ ਜਹੀਆਂ ਟੰਗਾਂ
ਪਲਾਹ ਜਹੀਆਂ ਬਾਹਾਂ
ਦੇਖੀਂ ਵੇ ਲਾੜਿਆ
ਤੂੰ ਡਿਗ ਪੈਂਦਾ ਠਾਹਾਂ
ਭਨਾਉਣੀਆਂ ਸੀ ਟੰਗਾਂ
ਭਨਾ ਲਈਆਂ ਬਾਹਾਂ

47.
ਅਸਾਂ ਨਾ ਲੈਣੇ
ਪੱਤਾਂ ਬਾਝ ਕਰੇਲੇ
ਅਸਾਂ ਨਾ ਲੈਣੇ
ਲਾੜਾ ਭੌਂਦੂ ਐਂ ਝਾਕੇ
ਜਿਵੇਂ ਚਾਮ ਚੜਿੱਕ ਦੇ ਡੇਲੇ
ਅਸਾਂ ਨਾ ਲੈਣੇ
ਪੱਤਾਂ ਬਾਝ ਕਰੇਲੇ

48.
ਭਲਾ ਮੈਂ ਆਖਦੀ ਵੇ
ਵੇ ਲਾੜਿਆ ਲੱਕੜੀਆਂ ਚੁਗ ਲਿਆ
ਭਲਾ ਮੈਂ ਆਖਦਾ ਨੀ
ਮੇਰੇ ਹੱਥ ਕੁਹਾੜਾ ਨਾ
ਭਲਾ ਮੈਂ ਆਖਦੀ ਵੇ
ਭੈਣ ਵੇਚ ਕੁਹਾੜਾ ਲਿਆ
ਭਲਾ ਮੈਂ ਆਖਦਾ ਨੀ
ਕੋਈ ਲੈਂਦਾ ਵੀ ਨਾ

49.
ਮੇਰੀ ਲੌਂਗਾਂ ਦੀ ਕਿਆਰੀ
ਬੂਟਾ ਬਦਾਮਾਂ ਦਾ
ਲਾੜੇ ਦੀ ਭੈਣ ਦੁੱਧ ਮੰਗੇ

ਪੁੱਤ ਮੰਗੇ
ਖਸਮ ਮੰਗੇ ਪਟਵਾਰੀ
ਮੇਰੀ ਲੌਂਗਾਂ ਦੀ ਕਿਆਰੀ
ਬੂਟਾ ਬਦਾਮਾਂ ਦਾ
ਕੁੜਮਾਂ ਜ਼ੋਰੋ ਦੁੱਧ ਮੰਗੇ
ਪੁੱਤ ਮੰਗੇ
ਖਸਮ ਮੰਗੇ ਪਟਵਾਰੀ
ਮੇਰੀ ਲੌਗਾਂ ਦੀ ਕਿਆਰੀ
ਬੂਟਾ ਬਦਾਮਾਂ ਦਾ
ਲਾੜੇ ਦੀ ਭੂਆ ਦੁੱਧ ਮੰਗੇ
ਪੁੱਤ ਮੰਗੇ
ਖਸਮ ਮੰਗੇ ਪਟਵਾਰੀ
ਮੇਰੀ ਲੌਂਗਾਂ ਦੀ ਕਿਆਰੀ
ਬੂਟਾ ਬਦਾਮਾਂ ਦਾ
ਲਾੜੇ ਦੀ ਮਾਸੀ ਦੁੱਧ ਮੰਗੇ
ਪੁੱਤ ਮੰਗੇ
ਖਸਮ ਮੰਗੇ ਪਟਵਾਰੀ
ਮੇਰੀ ਲੌਂਗਾਂ ਦੀ ਕਿਆਰੀ

50.
ਲਾੜਿਆ ਜੁੜ ਜਾ ਮੰਜੇ ਦੇ ਨਾਲ਼
ਮੰਜਾ ਤੇਰਾ ਕੀ ਲੱਗਦਾ
ਬੀਬੀ ਕਿੱਕਣ ਜੁੜਾਂ ਮੰਜੇ ਨਾਲ਼
ਮੰਜਾ ਮੇਰਾ ਪਿਓ ਲੱਗਦਾ
ਕਿੱਕਣ ਜੁੜਾਂ ਮੰਜੇ ਨਾਲ਼
ਮੰਜਾ ਮੇਰਾ ਪਿਓ ਲੱਗਦਾ

51.
ਲਾੜਿਆ ਵੇ ਕੰਗਣ ਖੀਸਾ ਲਾਇਕੇ
ਲੱਡੂ ਲਏ ਚੁਰਾ
ਤੇਰੇ ਮਗਰ ਪਿਆਦਾ ਲਾ ਕੇ
ਸਾਵੇਂ ਲਏ ਕਢਾ
ਵੇ ਭੌਂਦੂਆ ਲੱਖਾਂ ਦੀ ਤੇਰੀ ਪੱਤ ਗਈ

ਆਪੇ ਲਈ ਵੇ ਗੰਵਾ
ਭੌਂਦੂਆ ਲੱਖਾਂ ਦੀ ਤੇਰੀ ਪੱਤ ਗਈ

52.
ਘੁੰਮ ਨੀ ਮਧਾਣੀਏਂ ਘੁੰਮ ਨੀ
ਘੁੰਮ ਨੀ ਨੇਤਰੇ ਨਾਲ਼
ਲਾੜੇ ਦੀ ਮਾਂ ਉੱਧਲ ਚੱਲੀ
ਕੋਈ ਲੱਭੋ ਨੀ ਮਸ਼ਾਲਾਂ ਬਾਲ਼
ਚਲੋ ਵੇ ਨਿਆਣਿਓਂ ਚਲੋ ਵੇ ਸਿਆਣਿਓਂ
ਲਭੋ ਮਸ਼ਾਲਾਂ ਬਾਲ਼
ਸਾਡੇ ਮੁੰਡਿਆਂ ਲਭ ਲਿਆਂਦੀ
ਪਿੰਡ ਦੀ ਜੂਹ 'ਚੋਂ ਭਾਲ਼
ਸਾਂਝੇ ਮਾਲ ਦੀ ਕਰੋ ਨਿਲਾਮੀ
ਢੋਲ ਢਮੱਕਿਆਂ ਨਾਲ਼
ਨੀ ਕੋਈ ਢੋਲ ਢਮੱਕਿਆਂ ਨਾਲ਼

53.
ਨੀ ਡੱਕਾ ਡੇਕ ਦਾ
ਨਾਲ਼ੇ ਲਾੜਾ ਬੇਬੇ ਦੇਵੇ
ਨਾਲ਼ੇ ਮੱਥਾ ਟੇਕਦਾ
ਹਾਂ ਨੀ ਚਰਖੇ ਬੀੜੀਆਂ
ਨਾਲ਼ੇ ਲਾੜਾ ਬੇਬੇ ਦੇਵੇ
ਨਾਲ਼ੇ ਪਾਉਂਦਾ ਤਿਊੜੀਆਂ
ਨੀ ਡੱਕਾ ਡੇਕ ਦਾ

54.
ਜੇ ਲਾੜਿਆ ਤੇਰਾ ਵਿਆਹ ਨੀ ਹੁੰਦਾ
ਕੁੱਤੀ ਨਾਲ਼ ਕਰਾ ਲੈ
ਸੰਜੋਗ ਤੇਰੇ
ਆਹੋ ਸੰਜੋਗ ਤੇਰੇ
ਜੇ ਕੁੱਤੀ ਦੀ ਲੰਬੀ ਪੂਛ
ਛਮ ਛਮ ਫੇਰੇ ਲੈ ਲੈ
ਸੰਜੋਗ ਤੇਰੇ
ਆਹੋ ਸੰਜੋਗ ਤੇਰੇ

ਜੇ ਕੁੱਤੀ ਦੀਆਂ ਗੋਲ਼ ਅੱਖਾਂ
ਅੱਖ ਮਟੱਕੇ ਲਾ ਲੈ
ਸੰਜੋਗ ਤੇਰੇ
ਆਹੋ ਸੰਜੋਗ ਤੇਰੇ

55.
ਮੇਰੀ ਮੱਛਲੀ ਦਾ ਪੁੱਤ ਹਿੱਲਿਆ
ਪਰ ਮੱਲੋ ਮੱਲੀ ਪਰ ਧੱਕੋ ਧੱਕੀ
ਨੀ ਲਾੜਾ ਹਰਾਮ ਦਾ ਜੰਮਿਆ
ਪਰ ਮੱਲੋ ਮੱਲੀ ਪਰ ਧੱਕੋ ਧੱਕੀ
ਖੇਲਣੇ ਨੂੰ ਮੰਗਦਾ ਗੁੱਲੀ ਚੁਟੁੱਲੀ
ਈਲੀ ਪਟੀਲੀ ਚਟਾਕਾ ਪਟਾਕਾ
ਹਰਾਮ ਦਾ ਥੋੜ੍ਹਿਆ ਦਿਨਾਂ ਦਾ
ਮੇਰੀ ਮੱਛਲੀ ਦਾ ਪੱਤ ਹਿੱਲਿਆ...

56.
ਸਾਡੇ ਨਵੇਂ ਸੱਜਣ ਘਰ ਆਏ
ਸਲੋਨੀ ਦੇ ਨੈਣ ਭਰੇ
ਸਾਨੂੰ ਕੀ ਕੀ ਵਸਤ ਲਿਆਏ
ਸਲੋਨੀ ਦੇ ਨੈਣ ਭਰੇ
ਸਾਨੂੰ ਖੋਪਾ ਖੋਪੇ ਦੀਆਂ ਤੁਰੀਆਂ
ਲਾੜੇ ਦੀ ਮਾਂ ਨੂੰ ਬਣੀਆਂ
ਲਾੜੇ ਮਾਂ ਜਾਰਨੀਏਂ
ਸਾਡੇ ਨਵੇਂ ਸੱਜਣ ਘਰ ਆਏ
ਸਲੋਨੀ ਦੇ ਨੈਣ ਭਰੇ

57.
ਮੇਰਾ ਸੋਨੇ ਦਾ ਸ਼ੀਸ਼ਾ ਵਿਚ ਰੁਪਏ ਦੀ ਧਾਰੀ
ਲਾੜੇ ਦੀ ਅੰਮਾ ਨੀ ਫਿਰੇ ਹਾਰੀ ਸ਼ਿੰਗਾਰੀ
ਇਹ ਰੂਪ ਸ਼ਿੰਗਾਰ ਵੇ ਪਾ ਧਰਿਓ ਪਟਾਰੀ
ਇਹਦਾ ਜੋਬਨ ਖਿੜਿਆ ਵੇ
ਜਿਊਂ ਖ਼ਰਬੂਜ਼ੇ ਦੀ ਫਾੜੀ
ਵੇ ਇਹਦੀ ਡੁੱਲ੍ਹ ਨਾ ਜਾਵੇ ਵੇ
ਸੁਰਮੇ ਦੀ ਧਾਰੀ

ਲਾੜੇ ਦੀ ਅੰਮਾ ਨੀ ਫਿਰੇ ਹਾਰੀ ਸ਼ਿੰਗਾਰੀ
ਸਾਡੇ ਪਿੰਡ ਦੇ ਮੁੰਡਿਓ ਵੇ
ਸਾਂਭਿਓ ਖ਼ਰਬੂਜ਼ੇ ਦੀ ਫਾੜੀ

58.
ਪਾਰਾਂ ਤੇ ਦੋ ਬਗਲੇ ਆਏ
ਕੇਹੜੀ ਕੁੜੀ ਸਦਾਏ
ਬੋਲੀ ਬੋਲ ਜਾਣਗੇ ਜੀ
ਇਹ ਲਾੜੇ ਭੈਣ ਸਦਾਏ
ਬੋਲੀ ਬੋਲ ਜਾਣਗੇ ਜੀ
ਇਹਦੀ ਚਾਦਰ ਬੜੀ ਗਰਾਬਣ
ਮੁੰਡੇ ਤਾਣ ਸੌਣਗੇ ਜੀ
ਇਹਦਾ ਓਟਾ ਮੋਰੀਆਂ ਵਾਲ਼ਾ
ਮੁੰਡੇ ਝਾਕ ਜਾਣਗੇ ਜੀ

59.
ਰਸ ਭੌਰਿਆ ਵੇ
ਅੰਬ ਪੱਕੇ ਟਾਹਲੀ ਬੂਰ ਪਿਆ
ਰਸ ਭੌਰਿਆ ਵੇ
ਅੰਬ ਪੱਕੇ ਟਾਹਲੀ ਬੂਰ ਪਿਆ

ਰਸ ਭੌਰਿਆ ਵੇ
ਜੀਜਾ ਭੈਣ ਨੂੰ ਵੇਚਣ ਤੁਰ ਪਿਆ
ਰਸ ਭੌਰਿਆ ਵੇ
ਜੀਜਾ ਭੈਣ ਨੂੰ ਵੇਚਣ ਤੁਰ ਪਿਆ
ਰਸ ਭੌਰਿਆ ਵੇ
ਕੀ ਨਖਰੇਲੋ ਦਾ ਮੁੱਲ ਪਿਆ
ਰਸ ਭੌਰਿਆ ਵੇ
ਕੀ ਨਖਰੇਲੋ ਦਾ ਮੁੱਲ ਪਿਆ
ਰਸ ਭੌਰਿਆ ਵੇ
ਬੂਰਾ ਝੋਟਾ ਕਾਣੀ ਕੌਡੀ
ਨਖਰੇਲੇ ਦਾ ਮੁੱਲ ਪਿਆ
ਰਸ ਭੌਰਿਆ ਵੇ

ਬੂਰਾ ਝੋਟਾ ਕਾਣੀ ਕੌਡੀ
ਨਖਰੇਲੋ ਦਾ ਮੁੱਲ ਪਿਆ

60.
ਤੂੰ ਮਦ ਪੀ ਮਦ ਪੀ ਵੇ ਲਾੜਿਆ ਲਾਲਚੀਆ
ਤੂੰ ਮਦ ਪੀ ਮਦ ਪੀ ਵੇ ਲਾੜਿਆ ਲਾਲਚੀਆ

ਤੇਰੀ ਮਦ ਵਿਚ ਮਦ ਵਿਚ ਵੇ ਬੂਟਾ ਧਾਮਣ ਦਾ
ਤੇਰੀ ਮਦ ਵਿਚ ਮਦ ਵਿਚ ਵੇ ਬੂਟਾ ਧਾਮਣ ਦਾ
ਤੂੰ ਪੁੱਤ ਵੇ ਲਾੜਿਆ ਵੇ ਸਾਡੇ ਬ੍ਹਾਮਣ ਦਾ
ਤੂੰ ਪੁੱਤ ਵੇ ਲਾੜਿਆ ਵੇ ਸਾਡੇ ਬ੍ਹਾਮਣ ਦਾ

ਤੂੰ ਮਦ ਪੀ ਮਦ ਪੀ ਵੇ ਲਾੜਿਆ ਲਾਲਚੀਆ
ਤੂੰ ਮਦ ਪੀ ਮਦ ਪੀ ਵੇ ਲਾੜਿਆ ਲਾਲਚੀਆ

ਤੇਰੀ ਮਦ ਵਿਚ ਮਦ ਵਿਚ ਵੇ ਬੂਟਾ ਰਾਈ ਦਾ
ਤੇਰੀ ਮਦ ਵਿਚ ਮਦ ਵਿਚ ਵੇ ਬੂਟਾ ਰਾਈ ਦਾ
ਤੂੰ ਪੁੱਤ ਐਂ ਲਾੜਿਆ ਵੇ, ਸਾਡੇ ਨਾਈ ਦਾ
ਤੂੰ ਪੁੱਤ ਐਂ ਲਾੜਿਆ ਵੇ, ਸਾਡੇ ਨਾਈ ਦਾ

ਤੂੰ ਮਦ ਪੀ ਮਦ ਪੀ ਵੇ ਲਾੜਿਆ ਲਾਲਚੀਆ
ਤੂੰ ਮਦ ਪੀ ਮਦ ਪੀ ਵੇ ਲਾੜਿਆ ਲਾਲਚੀਆ
ਤੇਰੀ ਮਦ ਵਿਚ ਵੇ ਬੂਟਾ ਚਮੇਲੀ ਦਾ
ਤੇਰੀ ਮਦ ਵਿਚ ਵੇ ਬੂਟਾ ਚਮੇਲੀ ਦਾ
ਤੂੰ ਪੁੱਤ ਐਂ ਲਾੜਿਆ ਵੇ, ਸਾਡੇ ਤੇਲੀ ਦਾ
ਤੂੰ ਪੁੱਤ ਐਂ ਲਾੜਿਆ ਵੇ, ਸਾਡੇ ਤੇਲੀ ਦਾ

61.
ਲਾੜਾ ਲਾਡਲਾ ਵੇ ਅੱਧੀ ਰਾਤੋਂ ਮੰਗੇ ਪਿੱਛ
ਲਾੜਾ ਲਾਡਲਾ ਵੇ ਅੱਧੀ ਰਾਤੋਂ ਮੰਗੇ ਪਿੱਛ
ਲਾੜੇ ਦਾ ਪਿਓ ਇਉਂ ਬੈਠਾ ਜਿਵੇਂ ਮੁੰਨੀ ਬੰਧਾ ਰਿੱਛ
ਲਾੜਾ ਲਾਡਲਾ ਵੇ ਅੱਧੀ ਰਾਤੋਂ ਮੰਗੇ ਪਿੱਛ

ਬੀਬੀ ਲਾਡਲੀ ਨੀ ਅੱਧੀ ਰਾਤ ਮੰਗੇ ਪਾਣੀ
ਬੀਬੀ ਲਾਡਲੀ ਨੀ ਅੱਧੀ ਰਾਤ ਮੰਗੇ ਪਾਣੀ

ਬੀਬੀ ਦੀ ਮਾਂ ਇਉਂ ਬੈਠੀ ਜਿਵੇਂ ਰਾਜੇ ਪਾਸ ਰਾਣੀ
ਬੀਬੀ ਲਾਡਲੀ ਨੀ ਅੱਧੀ ਰਾਤ ਮੰਗੇ ਪਾਣੀ

ਲਾੜਾ ਲਾਡਲਾ ਨੀ ਅੱਧੀ ਰਾਤੋਂ ਮੰਗੇ ਰੋਟੀ
ਲਾੜਾ ਲਾਡਲਾ ਨੀ ਅੱਧੀ ਰਾਤੋਂ ਮੰਗੇ ਰੋਟੀ
ਲਾੜੇ ਦੀ ਮਾਂ ਇਉਂ ਬੈਠੀ ਜਿਵੇਂ ਕਿੱਲੇ ਬੱਧੀ ਝੋਟੀ
ਲਾੜਾ ਲਾਡਲਾ ਨੀ ਅੱਧੀ ਰਾਤੋਂ ਮੰਗੇ ਰੋਟੀ

ਬੀਬੀ ਲਾਡਲੀ ਨੀ ਅੱਧੀ ਰਾਤ ਮੰਗੇ ਖੀਰ
ਬੀਬੀ ਲਾਡਲੀ ਨੀ ਅੱਧੀ ਰਾਤ ਮੰਗੇ ਖੀਰ
ਬੀਬੀ ਦਾ ਮਾਂ ਇਉਂ ਬੈਠੀ ਜਿਵੇਂ ਰਾਜੇ ਪਾਸ ਵਜ਼ੀਰ
ਬੀਬੀ ਲਾਡਲੀ ਨੀ ਅੱਧੀ ਰਾਤ ਮੰਗੇ ਖੀਰ

ਕੁੜਮ ਬੈਟਰੀ ਵਰਗਾ

62.
ਜੈਸੀ ਵੇ ਕਾਲ਼ੀ ਕੁੜਮਾਂ ਕੰਬਲ਼ੀ
ਓਸੀ ਤੇਰੀ ਜੋ
ਮਾਘ ਮਹੀਨੇ ਪੁੰਨ ਕਰੀਂ
ਪੁੰਨ ਪ੍ਰਾਪਤ ਹੋ

63.
ਕੁੜਮਾ ਹੱਥ ਖੋਦਿਆ
ਗੜਵੇ ਵਿਚ ਬੜ
ਨਹੀਂ ਅੰਮਾਂ ਨੂੰ ਬਾੜ
ਨਹੀਂ ਬੋਬੋ ਨੂੰ ਬਾੜ
ਨਹੀਂ ਤੇਰੀ ਬਾਰੀ ਆਈ ਐ
ਤੂੰਹੀਓਂ ਬੜ

64.
ਕੁੜਮਾਂ ਕੱਲੜਾ ਕਿਉਂ ਆਇਆ
ਵੇ ਤੂੰ ਅੱਜ ਦੀ ਘੜੀ
ਨਾਲ ਜ਼ੋਰੋ ਨੂੰ ਨਾ ਲਿਆਇਆ

ਵੇ ਅੱਜ ਦੀ ਘੜੀ
ਬੀਬੀ ਕਿੱਥੋਂ ਲਿਆਮਾਂ ਜ਼ੋਰੋ
ਉਹਨੂੰ ਜੰਮੀ ਆ ਕੁੜੀ
ਦੇਮਾਂ ਸੁੰਢ ਤੇ ਜਮੈਣ
ਨਾਲ਼ੇ ਲੌਂਗਾਂ ਦੀ ਪੁੜੀ
ਕੁੜਮਾਂ ਕੱਲੜਾ ਕਿਉਂ ਆਇਆ
ਵੇ ਤੂੰ ਅੱਜ ਦੀ ਘੜੀ

65.
ਕੁੜਮ ਚਲਿਆ ਗੰਗਾ ਦਾ ਨ੍ਹਾਉਣ
ਹਰ ਗੰਗਾ ਨਰੈਣ ਗੰਗਾ
ਪਹਿਲੇ ਗੋਤੇ ਗਿਆ ਪਤਾਲ਼
ਹਰ ਗੰਗਾ ਨਰੈਣ ਗੰਗਾ
ਮੱਛੀ ਨੇ ਫੜ ਲਿਆ ਮੁੱਛ ਦਾ ਵਾਲ਼
ਹਰ ਗੰਗਾ ਨਰੈਣ ਗੰਗਾ
ਮੁੜ ਕੇ ਨੀ ਆਉਂਦਾ ਤੇਰੇ ਦਰਬਾਰ
ਹਰ ਗੰਗਾ ਨਰੈਣ ਗੰਗਾ
ਕਰਦੂੰ ਗਾ ਬੇਬੇ ਦਾ ਦਾਨ
ਹਰ ਗੰਗਾ ਨਰੈਣ ਗੰਗਾ

66.
ਸਭ ਗੈਸ ਬੁਝਾ ਦਿਓ ਜੀ
ਕੁੜਮ ਬੈਟਰੀ ਵਰਗਾ
ਕੋਈ ਕੰਡਾ ਕਢਾ ਲੋ ਜੀ
ਕੁੜਮ ਮੋਚਨੇ ਵਰਗਾ
ਕੋਈ ਬਾੜ ਗਡਾ ਲੋ ਜੀ
ਕੁੜਮ ਗੰਦਾਲੇ ਵਰਗਾ

67.
ਕੁੜਮਾਂ ਨੂੰ ਖਲ਼ ਕੁੱਟ ਦਿਓ ਜੀ
ਜੀਹਨੇ ਧੌਣ ਪੱਚੀ ਸੇਰ ਖਾਣਾ
ਸਾਨੂੰ ਪੂਰੀਆਂ ਵੇ
ਜਿਨ੍ਹਾਂ ਮੁਸ਼ਕ ਲਏ ਰੱਜ ਜਾਣਾ

68.
ਮੇਰੀ ਹਾਜ਼ਰੀ ਰੱਬਾ
ਮੋਠਾਂ ਨੂੰ ਲੱਗੀਆਂ ਨੌਂ ਫ਼ਲੀਆਂ
ਮੇਰੀ ਹਾਜ਼ਰੀ ਰੱਬਾ
ਕੁੜਮਾਂ ਦੇ ਜੰਮੀਆਂ ਨੌਂ ਕੁੜੀਆਂ
ਮੇਰੀ ਹਾਜ਼ਰੀ ਰੱਬਾ
ਨਾ ਮੰਗੀਆਂ ਨਾ ਟੰਗੀਆਂ
ਮੇਰੀ ਹਾਜ਼ਰੀ ਰੱਬਾ
ਨਾ ਮੰਗੀਆਂ ਨਾ ਟੰਗੀਆਂ
ਨਾ ਸਾਨੂੰ ਦਿੱਤੀਆਂ
ਮੇਰੀ ਹਾਜ਼ਰੀ ਰੱਬਾ
ਪਾ ਕੇ ਭੜੋਲੇ ਵਿਚ ਮੁੰਦ ਦਿੱਤੀਆਂ
ਵੇ ਮੇਰੀ ਹਾਜ਼ਰੀ ਰੱਬਾ
ਨੌਆਂ ਨੂੰ ਦਿੱਤੀਆਂ ਨੌਂ ਚੁੰਨੀਆਂ
ਵੇ ਮੇਰੀ ਹਾਜ਼ਰੀ ਰੱਬਾ

69.
ਕੁੜਮ ਜੁ ਚਲਿਆ ਦੂਣੀ ਨੀ
ਬਰਜੰਗ ਬਜਾ ਲੈ
ਜੋਰੋ ਪਾ ਲਈ ਗੂਣੀਂ ਨੀ
ਬਰਜੰਗ ਬਜਾ ਲੈ
ਗੂਣਾਂ ਪਾਟਣ ਆਈਆਂ ਨੀ
ਬਰਜੰਗ ਬਜਾ ਲੈ
ਸ਼ਾਬਾ ਨੀ ਬਰਜੰਗ ਬਜਾ ਲੈ
ਰੜੇ ਲਿਆ ਪਟਕਾਈਆਂ ਨੀ
ਬਰਜੰਗ ਬਜਾ ਲੈ
ਨਾਲ਼ੇ ਰੋਵੇ ਨਾਲ਼ੇ ਦੱਸੇ ਨੀ
ਬਰਜੰਗ ਬਜਾ ਲੈ
ਸ਼ਾਬਾ ਨੀ ਬਰਜੰਗ ਬਜਾ ਲੈ

70.
ਵੇ ਜੋਰੋ ਤੇਰੀ ਕੁੜਮਾ
ਕਰਦੀ ਪਾਣੀ ਪਾਣੀ

ਕੌਣ ਦਾਰੀ ਦਾ ਰਸੀਆ
ਕੌਣ ਲਿਆਵੇ ਪਾਣੀ
ਦਿਓਰ ਦਾਰੀ ਦਾ ਰਸੀਆ
ਓਹੋ ਲਿਆਵੇ ਪਾਣੀ
ਨੀ ਸਰ ਸੁੱਕਗੇ ਨਖਰੋ
ਕਿੱਥੋਂ ਲਿਆਵਾਂ ਪਾਣੀ
ਵੇ ਇਕ ਬੱਦਲ ਵਰ੍ਹਿਆ
ਵਿਚ ਰਾਹਾਂ ਦੇ ਪਾਣੀ

ਵੇ ਜੋਰੋ ਤੇਰੀ ਕੁੜਮਾਂ
ਕਰਦੀ ਡੇਲੇ ਡੇਲੇ
ਕੌਣ ਦਾਰੀ ਦਾ ਰਸੀਆ
ਉਹਨੂੰ ਤੋੜ ਲਿਆਵੇ ਡੇਲੇ
ਉਹਦਾ ਦਿਓਰ ਦਾਰੀ ਦਾ ਰਸੀਆ
ਉਹਨੂੰ ਤੋੜ ਲਿਆਵੇ ਡੇਲੇ
ਨੀ ਬਣ ਸੁੱਕਗੇ ਨਖਰੋ
ਕਿੱਥੋਂ ਲਿਆਵਾਂ ਡੇਲੇ

71.
ਜੇ ਕੁੜਮਾਂ ਤੇਰੀਆਂ ਅੱਖਾਂ ਦੁਖਦੀਆਂ
ਮੋਗੇ ਲਾਜ ਕਰਾ ਲੈ ਵੇ
ਕੁੱਛ ਫੈਦਾ ਹੋ ਜੂ
ਇਕ ਗੁੜ ਦੀ ਡਲ਼ੀ
ਇਕ ਤੇਲ ਦੀ ਪਲ਼ੀ
ਵਿਚ ਮਿਰਚਾਂ ਦੀ ਲੱਪ ਪਵਾ ਲੈ
ਵੇ ਕੁਛ ਫੈਦਾ ਹੋ ਜੂ

ਇਕ ਗੁੜ ਦੀ ਡਲ਼ੀ
ਇਕ ਤੇਲ ਦੀ ਪਲ਼ੀ
ਵਿਚ ਬਿੱਲੀ ਦੀ ਪੂਛ ਫਰਾ ਲੈ ਵੇ
ਕੁਛ ਫੈਦਾ ਹੋ ਜੂ

ਮੋਗੇ ਲਾਜ ਕਰਾ ਲੈ ਵੇ
ਕੁਛ ਫੈਦਾ ਹੋ ਜੂ

72.
ਕੁੜਮ ਜੁ ਚੜ੍ਹ ਆਇਆ ਜੰਨ
ਗੁਰੂ ਜਾਣੇ ਸ਼ਾਵਾ ਗੁਰੂ ਜਾਣੇ
ਮਗਰੇ ਹੀ ਚੜ੍ਹ ਆਈ ਰੰਨ
ਗੁਰੂ ਜਾਣੇ ਸ਼ਾਵਾ ਗੁਰੂ ਜਾਣੇ
ਜੇ ਤੇਰੀ ਮੁੜ ਆਵੇ ਰੰਨ
ਗੁਰੂ ਜਾਣੇ ਸ਼ਾਵਾ ਗੁਰੂ ਜਾਣੇ
ਸਾਡੇ ਪੀਰਾਂ ਫ਼ਕੀਰਾਂ ਨੂੰ ਮੰਨ
ਗੁਰੂ ਜਾਣੇ ਸ਼ਾਵਾ ਗੁਰੂ ਜਾਣੇ

73.
ਸੁਣਿਆਂ ਨੀ ਮਾਸੜ ਦੇ ਪਿੱਸੂ ਲੜਿਆ
ਹਾਂ ਜੀ ਹਾਂ ਪਿੱਸੂ ਲੜਿਆ
ਪਿੰਸੂ ਕਮਲ਼ਾ ਦੀਵਾਨਾ
ਕੁੜਮ ਦੀ ਗੋਗੜ ਉੱਤੇ ਚੜ੍ਹਿਆ
ਹਾਂ ਜੀ ਹਾਂ ਗੋਗੜ 'ਤੇ ਚੜ੍ਹਿਆ
ਓਥੇ ਬੜੀ ਰੇਲ ਚੱਲੀ
ਓਥੇ ਬੜਾ ਤਮਾਸ਼ਾ ਹੋਇਆ
ਓਥੇ ਵੇਖਣ ਲੋਕ ਆਇਆ
ਨੀ ਕਹਿੰਦੇ ਪਿੰਸੂ ਲੜਿਆ
ਹਾਂ ਜੀ ਹਾਂ ਪਿੱਸੂ ਲੜਿਆ

ਕੁੜਮਾ ਜ਼ੋਰੋ ਸਾਡੇ ਆਈ

14.
ਪੋਸਤ ਦਾ ਕੀ ਬੀਜਣਾ
ਜੀਹਦੇ ਪੋਲੇ ਡੋਡੇ
ਕੁੜਮਾਂ ਜੋਰੋ ਜਾਰਨੀ ਵੇ
ਸਾਡੇ ਮਹਿਲੀਂ ਬੋਲੇ
ਦਿਨ ਨੂੰ ਬੋਲੇ ਚੋਰੀਏਂ
ਰਾਤੀਂ ਸੈਂਤਕ ਬੋਲੇ
ਦਿਨ ਨੂੰ ਖੋਹਲੇ ਮੋਰੀਆਂ
ਰਾਤੀਂ ਫਾਟਕ ਖੋਲੇ
ਦਿਨ ਨੂੰ ਡਾਹੇ ਪੀਹੜੀਆਂ
ਰਾਤੀਂ ਪਲੰਘ ਬਛਾਵੇ
ਦਿਨ ਨੂੰ ਖਾਵੇ ਰੋਟੀਆਂ
ਰਾਤੀਂ ਪੇੜੇ ਖਾਵੇ
ਦਿਨ ਨੂੰ ਆਉਂਦੇ ਬੁਢੜੇ
ਰਾਤੀਂ ਗੱਭਰੂ ਆਉਂਦੇ
ਦਿਨੇ ਘਲਾਵੇ ਬੀਬੀਆਂ
ਰਾਤੀਂ ਲਾਲ ਘਲਾਵੇ

75.
ਕੁੜਮਾਂ ਦੀ ਜ਼ੋਰੋ ਪਾਣੀ ਨੂੰ ਚੱਲੀ
ਅੱਗੇ ਤਾਂ ਸਾਡਾ ਚਾਚਾ ਜੀ ਟੱਕਰਿਆ
ਕਹਾਂ ਚੱਲੀ ਨਾਜੋ ਪਿਆਰੀ ਰੇ
ਮੁਸਾਫ਼ਰ ਗਿਰਦਾ ਦਾਰੀ
ਸਿਰ ਦੀ ਪਟਿਆਰੀ
ਭੂਏਂ ਨਾਲ ਮਾਰੀ
ਅੰਬਾਂ ਦੇ ਹੇਠ ਲਤਾੜੀ ਰੇ
ਮੁਸਾਫ਼ਰ ਗਿਰਦਾ ਦਾਰੀ

76.
ਭਲਿਆਂ ਘਰਾਂ ਦੀਆਂ ਧੀਆਂ ਨੂੰਹਾਂ
ਤੁਰਦੀਆਂ ਪੜਦੇ ਕਰਕੇ
ਕੁੜਮਾਂ ਜ਼ੋਰੋ ਪਾਣੀ ਨੂੰ ਚੱਲੀ ਐ
ਚਾਰ ਘੜੀ ਦੇ ਤੜਕੇ
ਬਦਨਾਮੀ ਲੈ ਲੀ
ਆਹੋ ਜੀ ਬਦਨਾਮੀ ਲੈ ਲੀ
ਭਲਿਆਂ ਘਰਾਂ ਦੀਆਂ ਧੀਆਂ ਨੂੰਹਾਂ
ਤੁਰਦੀਆਂ ਪੜਦੇ ਕਰਕੇ
ਬਦਨਾਮੀ ਲੈ ਲੀ
ਆਹੋ ਨੀ ਬਦਨਾਮੀ ਲੈ ਲੀ
ਧੀ ਆਪਣੀ ਨੂੰ ਮਾਂ ਸਮਝਾਵੇ
ਅਗਲੇ ਅੰਦਰ ਬੜ ਕੇ
ਭਲਿਆਂ ਘਰਾਂ ਦੀਆਂ ਧੀਆਂ ਨੂੰਹਾਂ
ਤੁਰਦੀਆਂ ਪਰਦੇ ਕਰਕੇ
ਬਦਨਾਮੀ ਲੈ ਲੀ
ਆਹੋ ਬਈ ਬਦਨਾਮੀ ਲੈ ਲੀ

77.
ਟੁੰਡੇ ਪਿਪਲੇ ਵੇ ਪੀਂਘਾਂ ਪਾਈਆਂ ਰਾਮਾਂ
ਕੁੜਮਾਂ ਜੋਰੋ ਵੇ ਝੂਟਣ ਆਈਆਂ ਰਾਮਾਂ
ਝੂਟਣ ਨਾ ਜਾਣਦੀ ਫੜ ਝੁਟਾਈਆਂ ਰਾਮਾਂ
ਹੱਥੀਂ ਗਜਰੇ ਵੇ ਪੈ ਗੇ ਝਗੜੇ ਰਾਮਾਂ
ਹੱਥੀਂ ਗੂਠੀਆਂ ਬਚਨੋਂ ਝੂਠੀਆਂ ਰਾਮਾਂ
ਹੱਥੀਂ ਥਾਲੀਆਂ ਵੇ ਬਾਰਾਂ ਤਾਲੀਆਂ ਰਾਮਾਂ

78.
ਮੇਰੇ ਇਨੂੰਏ ਲੰਬੀ ਲੰਬੀ ਡੋਰ
ਵੇ ਪਿੱਛੇ ਗਜ ਪੈਂਦੀ ਐ
ਕੁੜਮਾਂ ਜੋਰੋ ਨੂੰ ਲੈ ਗੇ ਚੋਰ
ਵੇ ਪਿੱਛੇ ਡੰਡ ਪੈਂਦੀ ਐ

79.
ਘਰ ਨਦੀ ਕਿਨਾਰੇ ਚਿੱਕੜ ਬੂਹੇ ਬਾਰੇ

ਵੇ ਜੋਰੋ ਤੇਰੀ ਕੁੜਮਾਂ ਗਈ ਜੁਲਾਹੇ ਨਾਲ਼
ਵੇ ਉਹ ਜਾਂਦੀ ਦੇਖੀ ਨੂਰਪੁਰੇ ਦੇ ਝਾੜੀਂ
ਉਹਦੇ ਹੱਥ ਵਿਚ ਖੁਰਪੀ ਡੱਗੀ ਡੂਮਾਂ ਵਾਲ਼ੀ
ਤੇ ਉਹ ਖ਼ੂਪ ਜੁਲਾਹੀ ਬਾਗ਼ੀ ਤਾਣਾ ਲਾਇਆ
ਵੇ ਤਣਦੀ ਥੱਕੀ ਤੈਂ ਫੇਰਾ ਨਾ ਪਾਇਆ
ਵੇ ਪੰਜ ਪਾਂਜੇ ਭੁਲਗੀ ਤਾੜ ਤਮਾਚਾ ਲਾਇਆ

80.
ਸ਼ੱਕਰ ਦੀ ਭਰੀ ਓ ਪਰਾਤ
ਵਿਚੇ ਆਰਸੀਆਂ
ਵੇ ਜੋ ਤੇਰੀ ਕੁੜਮਾ
ਪੜ੍ਹਦੀ ਐ ਫਾਰਸੀਆਂ
ਅਲਾ ਕਹੇ ਬਿਸਮਿੱਲਾ ਕਹੇ
ਉਹ ਰੋਜ਼ੇ ਰੱਖੇ ਪੰਜ ਚਾਰ
ਪੜ੍ਹਦੀ ਐ ਫ਼ਾਰਸੀਆਂ

81.
ਕੁੜਮਾਂ ਜੋ ਨੂੰ ਰਾਮੀਆਂ ਵੇ
ਟੁਟੜੀ ਜਹੀ ਮੰਜੜੀ ਦੇ ਵਿਚ
ਨੌਆਂ ਜਣਿਆਂ ਨੇ ਰਾਮੀਆਂ ਵੇ
ਦਸਵਾਂ ਫਿਰੇ ਅਲੱਥ ਦਿਲ ਜਾਨੀਆਂ ਵੇ
ਦਸਵਾਂ ਫਿਰੇ ਅਲੱਥ
ਨੌਆਂ ਜਣਿਆਂ ਨੇ ਪੀਤੀਆਂ ਲੱਸੀਆਂ
ਦਸਵੇਂ ਨੇ ਪੀਤੀ ਐ ਪਿੱਛ
ਦਿਲਜਾਨੀਆਂ ਵੇ ਦਸਵੇਂ ਨੀ ਪੀਤੀ ਐ ਪਿੱਛ
ਨੌਆਂ ਜਣਿਆਂ ਦੇ ਜੰਮੀਆਂ ਬੀਬੀਆਂ
ਦਸਵੇਂ ਦੇ ਜੰਮਿਆਂ ਰਿੱਛ
ਦਿਲਜਾਨੀਆਂ ਵੇ ਦਸਵੇਂ ਦੇ ਜੰਮਿਆ ਰਿਛ
ਕਿੱਥੇ ਤਾਂ ਮੰਗੀਏ ਬੀਬੀਆਂ ਵੇ
ਕਿੱਥੇ ਟਪਾਈਏ ਰਿੱਛ
ਮਾਦਪੁਰ ਮੰਗੀਏ ਬੀਬੀਆਂ ਵੇ
ਗੋਰੇ ਟਪਾਈਏ ਰਿੱਛ
ਦਿਲ ਜਾਨੀਆਂ ਵੇ ਗੋਰੇ ਟਪਾਈਏ ਰਿੱਛ

82.
ਕੁੜਮਾ ਜੋਰੋ ਸਾਡੀ ਆਈ
ਘਗਰੀ ਲਿਆਈ ਪਾਟੀ
ਸਮਾ ਲੈ ਨੀ
ਸਮਾ ਲੈ ਯਾਰਾਂ ਪਾਟੀ
ਸਮਾਂ ਲੈ ਨੀ
ਕੌਣ ਜੁ ਉਹਦੇ ਧਾਗੇ ਵੱਟੇ
ਕੌਣ ਜੁ ਲਾਵੇ ਟਾਕੀ
ਸਮਾ ਲੈ ਨੀ
ਸਮਾ ਲੈ ਯਾਰਾਂ ਪਾਟੀ
ਛੜੇ ਜੁ ਤੇਰੇ ਧਾਗੇ ਵੱਟਣ
ਉਹੀ ਲਾਉਣ ਟਾਕੀ
ਸਮਾ ਲੈ ਨੀ
ਸਮਾ ਲੈ ਯਾਰਾਂ ਪਾਟੀ
ਸਮਾ ਲੈ ਨੀ

83.
ਕੁੜਮਾਂ ਜੋਰੋ ਐਂ ਬੈਠੀ
ਜਿਵੇਂ ਫੁੱਟਾ ਭੜੋਲੇ ਦਾ ਥੱਲਾ
ਨਕਾਰੀਏ ਕੰਮ ਕਰ ਨੀ
ਤੂੰ ਕਿਉਂ ਛੱਡਿਆ ਧੰਦਾ
ਨਕਾਰੀਏ ਕੰਮ ਕਰ ਨੀ

84.
ਤੇਰੀ ਬੋਤਲ ਫੁਟਗੀ ਵੇ
ਕੁੜਮਾਂ ਸ਼ਰਾਬੀਆ ਲਾਲਚੀਆ
ਤੇਰੀ ਜੋਰੋ ਰੁਸਗੀ ਵੇ
ਕੁੜਮਾਂ ਸ਼ਰਾਬੀਆ ਲਾਲਚੀਆ
ਉਹਨੂੰ ਹੁਣ ਕੌਣ ਮਨਾਵੇ ਵੇ
ਕੁੜਮਾਂ ਸ਼ਰਾਬੀਆ ਲਾਲਚੀਆ
ਛੜਾ ਮਨਾਵੇ ਵੇ
ਕੁੜਮਾਂ ਸ਼ਰਾਬੀਆ ਲਾਲਚੀਆ

85.
ਕਿੱਕਣ ਜੀਵੇਂਗੀ ਨੀ ਕੁੜਮਾਂ ਜ਼ੋਰੋ ਯਾਰ ਬਿਨਾਂ
ਕਿੱਕਣ ਜੀਵੇਂਗੀ
ਤੂੰ ਤਾਂ ਐਂ ਸੁੰਨੀ
ਜਿਉਂ ਘੋੜਾ ਸੁੰਨਾ ਅਸਵਾਰ ਬਿਨਾਂ
ਕਿੱਕਣ ਜੀਵੇਂਗੀ ਨੀ ਕੁੜਮਾਂ ਜ਼ੋਰੋ ਯਾਰ ਬਿਨਾਂ
ਤੂੰ ਤਾਂ ਐਂ ਸੁੰਨੀ
ਜਿਉਂ ਰੋਹੀ ਸੁੰਨੀ ਬਘਿਆੜ ਬਿਨਾਂ
ਕਿੱਕਣ ਜੀਵੇਂਗੀ ਨੀ ਕੁੜਮਾਂ ਜ਼ੋਰੋ ਯਾਰ ਬਿਨਾਂ
ਤੂੰ ਤਾਂ ਐਂ ਸੁੰਨੀ
ਜਿਉਂ ਪਿੰਡ ਸੁੰਨਾ ਚੌਕੀਦਾਰ ਬਿਨਾਂ
ਕਿੱਕਣ ਜੀਵੇਂਗੀ ਨੀ ਕੁੜਮਾ ਜ਼ੋਰੋ ਯਾਰ ਬਿਨਾਂ
ਤੂੰ ਤਾਂ ਮੈਂ ਸੁੰਨੀ
ਜਿਉਂ ਪਰਜਾ ਸੁੰਨੀ ਸਰਕਾਰ ਬਿਨਾਂ
ਕਿੱਕਣ ਜੀਵੇਂਗੀ ਨੀ ਕੁੜਮਾ ਜੋਰੋ ਯਾਰ ਬਿਨਾਂ
ਕਿੱਕਣ ਜੀਵੇਂਗੀ

86.
ਨਿੱਕੀ ਜਹੀ ਕੋਠੜੀਏ
ਤੈਂ ਵਿਚ ਮੇਰਾ ਆਟਾ
ਕੁੜਮਾਂ ਜੋਰੋ ਉੱਧਲ ਚੱਲੀ
ਲੈ ਕੇ ਧੌਲ਼ਾ ਝਾਟਾ
ਨਿੱਕੀ ਜਿਹੀ ਕੋਠੜੀਏ
ਤੈਂ ਵਿਚ ਮੇਰੇ ਦਾਣੇ
ਕੁੜਮਾਂ ਜੋਰੋ ਉੱਧਲ ਚੱਲੀ
ਲੈ ਕੇ ਨਿੱਕੇ ਨਿਆਣੇ
ਨਿੱਕੀ ਜਿਹੀ ਕੋਠੜੀਏ
ਤੈਂ ਵਿਚ ਮੇਰੀ ਭੇਲੀ
ਕੁੜਮਾਂ ਜੋਰੋ ਉੱਧਲ ਚਲੀ
ਲੈ ਕੇ ਫੱਤੂ ਤੇਲੀ

87.
ਮੇਰੀ ਲਾਲ ਪੱਖੀ ਪੰਜ ਦਾਣਾ

ਸਹੀਓ ਨੀ ਮੇਰੀ ਲਾਲ ਪੱਖੀ ਪੰਜ ਦਾਣਾ
ਕੁੜਮਾਂ ਜੋਰੋ ਨੂੰ ਖਸਮ ਕਰਾਦੋ
ਇਕ ਅੰਨ੍ਹਾ ਦੂਜਾ ਕਾਣਾ
ਸਈਓ ਨੀ ਮੇਰੀ ਲਾਲ ਪੱਖੀ ਪੰਜ ਦਾਣਾ
ਕਾਣਾ ਤਾਂ ਉਹਦੀ ਰੋਟੀ ਲਾਹੇ
ਅੰਨ੍ਹਾ ਦੇਵੇ ਦੱਖੂ ਦਾਣਾ
ਸਹੀਓ ਨੀ ਮੇਰੀ ਲਾਲ ਪੱਖੀ ਪੰਜ ਦਾਣਾ
ਲਾੜੇ ਦੀ ਭੈਣ ਨੂੰ ਖਸਮ ਕਰਾ ਦੋ
ਇਕ ਅੰਨ੍ਹਾ ਦੂਜਾ ਕਾਣਾ
ਸਹੀਓ ਨੀ ਮੇਰੀ ਲਾਲ ਪੱਖੀ ਪੰਜ ਦਾਣਾ
ਕਾਣਾ ਤਾਂ ਉਹਦੀ ਰੋਟੀ ਲਾਹੇ
ਅੰਨ੍ਹਾ ਦੇਵੇ ਦੱਖੂ ਦਾਣਾ
ਸਈਓ ਨੀ ਮੇਰੀ ਲਾਲ ਪੱਖੀ ਪੰਜ ਦਾਣਾ

88.
ਕੁੜਮਾਂ ਜੋਰੋ ਕੈ ਕੁ ਤੇਰੇ ਯਾਰ ਨੀ
ਇਕ 'ਜ ਅੰਦਰ ਬੜੇ ਗਿਆ
ਦੂਜੇ ਨੇ ਰੋਕਿਆ ਬਾਰ ਨੀ
ਤੀਜਾ ਪੌੜੀ ਚੜ੍ਹੇ ਗਿਆ
ਚੌਥੇ ਨੇ ਚੱਕੀ ਡਾਂਗ ਨੀ
ਪੰਜਵਾਂ ਖੜਾ ਪਿਛੋਕੜ ਰੋਵੇ
ਛੇਵੇਂ ਦਾ ਕੀ ਹਾਲ ਨੀ
ਸੱਤਵਾਂ ਤੇਰੀ ਟਿੱਕੀ ਲਾਹੇ
ਅੱਠਵਾਂ ਪੜ੍ਹੇ ਨਮਾਜ਼ ਨੀ
ਨੌਵਾਂ ਤੈਨੂੰ ਸੈਨਤਾਂ ਮਾਰੇ
ਦਸਵਾਂ ਲੈ ਗਿਆ ਨਾਲ਼ ਨੀ
ਟੁੱਟੀ ਜਿਹੀ ਮੰਜੜੀ 'ਚ ਰੋਵੇ ਤੇਰਾ ਯਾਰ ਨੀ
ਕੁੜਮਾਂ ਜੋਰੇ ਕੈ ਕੁ ਤੇਰੇ ਯਾਰ ਨੀ

89.
ਕੁੜਮਾਂ ਜੋਰੋ ਦਾ ਬੜਾ ਦਮਾਲਾ ਮੌਜ ਦਾ
ਨੀ ਨਖਰੋ ਦਾ ਬੜਾ ਦਮਾਲਾ ਮੌਜ ਦਾ
ਨੀ ਵਿੱਚੇ ਲੰਗਰ ਖਾਨਾ

ਵਿੱਚੇ ਖੂਹੀ ਲਵਾਈ
ਖੱਟੇ ਮਿੱਠੇ ਲਾਏ
ਨੀ ਗੱਭਰੂ ਤੋੜਨ ਆਏ
ਨੀ ਅੰਨ੍ਹੇ ਟੋਹਾ ਟਾਹੀ
ਨੀ ਬੋਲੇ ਕੰਨ ਜਡ਼ੱਕੇ
ਨੀ ਡੁੱਡੇ ਲਤ ਚਲਾਈ
ਨੀ ਵਿੱਚੇ ਈਰੀ ਪੀਰੀ
ਨੀ ਵਿੱਚੇ ਸੁੰਢ ਪੰਜੀਰੀ
ਵਿੱਚੇ ਰੰਘੜੀ ਦਾਈ
ਕਾਣੀ ਕੁੜੀ ਜਮਾਈ
ਨੀ ਵਿਚੇ ਲੱਭੂ ਨਾਈ
ਘਰ ਘਰ ਦਵੇ ਵਧਾਈ
ਨੀ ਵਿੱਚੇ ਝਿਊਰ ਛੱਕਾ
ਨੀ ਪਾਣੀ ਭਰਦਾ ਥੱਕਾ
ਨੀ ਇਹਦਾ ਬੜਾ ਦਮਾਲਾ
ਨਖਰੋ ਦਾ ਬੜਾ ਦਮਾਲਾ
*

ਸਤਨਾਜਾ

90.
ਕਾਣਿਆਂ ਵੇ ਕੱਜ ਮਾਰਿਆ
ਕਾਹਨੂੰ ਆਇਆ ਸੰਸਾਰ
ਹੱਥ ਨਾ ਬੰਨ੍ਹਿਆਂ ਕੰਗਣਾ
ਤੇਰੇ ਬੂਹੇ ਨਾ ਬੈਠੀ ਨਾਰ
ਕਾਣਿਆਂ ਵੇ ਕੱਜ ਮਾਰਿਆ
ਕਦੀ ਚੱਲੀਂ ਸਾਡੇ ਖੇਤ
ਗੰਨਾ ਦੇਵਾਂ ਪੁੱਟ ਕੇ
ਤੇਰੀ ਅੱਖ 'ਚ ਪਾਵਾਂ ਰੇਤ

91.
ਸਾਡਾ ਬਾਹਮਣ ਲਾਡਲਾ
ਕੰਨੀਂ ਸੋਨੇ ਦਾ ਬਾਲ਼ਾ
ਕੁੜਮਾਂ ਦਾ ਬਾਹਮਣ ਲਾਡਲਾ
ਕੰਨੀਂ ਗੱਤੇ ਦਾ ਪਹੀਆ
ਕੁੜਮਾਂ ਦਾ ਬਾਹਮਣ ਕਿੱਥੇ ਵਿਆਹਿਆ
ਕੋਟਲੀ ਜੀ ਕੋਟਲੀ
ਕੁੜਮਾਂ ਦੇ ਬਾਹਮਣ ਨੂੰ ਕੀ ਕੁਝ ਦੇਈਏ
ਦਈਏ ਜੂਆਂ ਦੀ ਪੋਟਲੀ ਜੀ ਪੋਟਲੀ
ਕੁੜਮਾਂ ਦਿਆ ਵੇ ਬਾਹਮਣਾ ਮੋਤੀ ਕਰਕੇ ਜਾਣੀ
ਕੁੜਮਾਂ ਦਾ ਬਾਹਮਣ ਕਿੱਥੇ ਵਿਆਹਿਆ
ਧੂਰੀ ਜੀ ਧੂਰੀ
ਕੁੜਮਾਂ ਦੇ ਬਾਹਮਣ ਨੂੰ ਕੀ ਕੁਝ ਦਿੱਤਾ
ਦਿੱਤੀ ਕੁੱਤੀ ਬੂਰੀ ਜੀ ਬੂਰੀ
ਕੁੜਮਾਂ ਦਿਆ ਵੇ ਬਾਹਮਣਾ
ਇਹਨੂੰ ਝੋਟੀ ਕਰਕੇ ਜਾਣੀਂ
ਕੁੜਮਾਂ ਦਾ ਬਾਹਮਣ ਕਿੱਥੇ ਵਿਆਹਿਆ
ਘਨੌਰੀ ਜੀ ਘਨੌਰੀ
ਕੁੜਮਾਂ ਦੇ ਬਾਹਮਣ ਨੂੰ ਕੀ ਕੁਝ ਦਿੱਤਾ

ਦਿੱਤੀ ਫੁੱਟੀ ਜੀ ਤੌੜੀ
ਕੁੜਮਾਂ ਦਿਆ ਵੇ ਬਾਹਮਣਾ
ਗਾਗਰ ਕਰਕੇ ਜਾਣੀ

92.
ਆਮਦੜੀਏ ਵੇ ਵੀਰਾ ਸਾਹਮਣੇ ਚੁਬਾਰੇ
ਤੇਰੀ ਮਾਂ ਰੁਪਿਆ ਬਾਰੇ
ਤੇਰੀ ਸੱਸ ਬੜੀ ਬਦਕਾਰ
ਉਧਲ ਆਈ ਕੁੜਮਾਂ ਨਾਲ਼
ਆਮਦੜੀਏ ਘਰ ਸੇਹੀੜੇ
ਆਮਦੜੀਏ ਵੀਰਾ ਆਪਣੀ ਹਵੇਲੀ
ਤੇਰੀ ਮਾਂ ਫਿਰੇ ਅਲਬੇਲੀ
ਤੇਰੀ ਸੱਸ ਬੜੀ ਬਦਕਾਰ
ਉਧਲ ਆਈ ਕੁੜਮਾਂ ਨਾਲ਼
ਆਮਦੜੀਏ ਘਰ ਸੇਹੀੜੇ

93.
ਸਾਡਾ ਗੋਹਾ ਗਿੱਲਾ ਵੇ
ਇਸ ਰਾਣੀ ਉੱਤੇ ਬਿੱਲਾ ਵੇ
ਸਾਡੀਆਂ ਬੀਹੀਆਂ ਗਿੱਲੀਆਂ
ਇਸ ਰਾਣੀ ਦੀ ਗੋਦੀ ਬਿੱਲੀਆਂ

94.
ਨੀ ਭਜਨੋ ਨਖਰੋ
ਜੱਟ ਨਾਲ਼ ਵੱਢਦੀ ਸੀ ਹਾੜ੍ਹੀ
ਨੀ ਤੈਂ ਕਿੱਥੇ ਦੇਖੀ
ਜੱਟ ਨਾਲ ਵਢਦੀ ਹਾੜ੍ਹੀ
ਨੀ ਮੈਂ ਓਥੇ ਦੇਖੀ
ਨੂਰ ਮਹਿਲ ਦੇ ਝਾੜੀਂ
ਨੀ ਜੱਟ ਛਾਵੇਂ ਬੈਠਾ
ਆਪ ਵੱਢਦੀ ਸੀ ਹਾੜ੍ਹੀ

95.
ਤੂੰ ਘੁੰਮ ਮੇਰਿਆ ਚਰਖਿਆ
ਲਟਕ ਗਲ਼ ਦਿਆ ਹਾਰਾ
ਛਿੰਦਰ ਨਖਰੋ ਦੀ
ਕੋਈ ਲੈ ਗਿਆ ਘੱਗਰੀ

ਤੇ ਕੋਈ ਲੈ ਗਿਆ ਨਾਲ਼ਾ
ਨੀ ਕੀ ਕਰਨੀ ਘੱਗਰੀ
ਤੇ ਕੀ ਕਰਨਾ ਨਾਲ਼ਾ
ਤੇੜ ਪਾਉਣੀ ਘੱਗਰੀ
ਨੇਫ਼ੇ ਪਾਉਣਾ ਨਾਲ਼ਾ

96.
ਮੇਰੇ ਰਾਮ ਜੀ
ਭਰੇ ਬਾਜ਼ਾਰ ਵਿਚ ਤੇਲ ਦੀ ਕੜਾਹੀ
ਮੇਰੇ ਰਾਮ ਜੀ
ਭਰੇ ਬਾਜ਼ਾਰ ਵਿਚ ਤੇਲ ਦੀ ਕੜਾਹੀ
ਮੇਰੇ ਰਾਮ ਜੀ
ਸੰਤੋ ਕੁੜੀ ਦਾ ਯਾਰ ਹੈ ਹਲਵਾਈ
ਮੇਰੇ ਰਾਮ ਜੀ
ਸੰਤੋ ਕੁੜੀ ਦਾ ਯਾਰ ਹੈ ਹਲਵਾਈ
ਮੇਰੇ ਰਾਮ ਜੀ
ਅੱਧੜੀ ਕੁ ਰਾਤ ਉਹਨੂੰ ਦੇ ਗਿਆ ਮਠਿਆਈ
ਮੇਰੇ ਰਾਮ ਜੀ
ਅੱਧੜੀ ਕੁ ਰਾਤ ਉਹਨੂੰ ਦੇ ਗਿਆ ਮਠਿਆਈ
ਮੇਰੇ ਰਾਮ ਜੀ
ਯਾਰ ਦੀ ਮਠਿਆਈ ਉਹਨੇ ਰਤਾ-ਰਤਾ ਵਰਤਾਈ
ਮੇਰੇ ਰਾਮ ਜੀ
ਯਾਰ ਦੀ ਮਠਿਆਈ ਉਹਨੇ ਰਤਾ-ਰਤਾ ਵਰਤਾਈ
ਮੇਰੇ ਰਾਮ ਜੀ
ਖਾ ਕੇ ਮਠਿਆਈ ਉਹਨੂੰ ਨੀਂਦ ਕਹਿਰ ਦੀ ਆਈ
ਮੇਰੇ ਰਾਮ ਜੀ
ਖਾ ਕੇ ਮਠਿਆਈ ਉਹਨੂੰ ਨੀਂਦ ਕਹਿਰ ਦੀ ਆਈ
ਮੇਰੇ ਰਾਮ ਜੀ
ਅੱਧੜੀ ਕੁ ਰਾਤ ਉਹਨੇ ਚੂੰਢੀ ਵੱਢ ਜਗਾਈ
ਮੇਰੇ ਰਾਮ ਜੀ
ਉਹਨੇ ਚੂੰਢੀ ਵੱਢ ਜਗਾਈ

97.
ਸ਼ਾਮੋ ਨੀ ਕੁੜੀਏ

ਤੈਨੂੰ ਝਿੜੀ ਵਾਲ਼ਾ ਬਾਬਾ ਬਲਾਉਂਦਾ ਸੀ
ਨੀ ਨਖਰੇਲੋ
ਝਿੜੀ ਵਾਲ਼ਾ ਬਾਬਾ ਬਲਾਉਂਦਾ ਸੀ
ਖਾਣ ਨੂੰ ਦਿੰਦਾ ਖੋਏ ਮਠਿਆਈਆਂ
ਪੀਣ ਨੂੰ ਦਿੰਦਾ ਦੁੱਧ ਮਲਾਈਆਂ
ਸੌਣ ਨੂੰ ਦਿੰਦਾ ਲੇਫ ਤਲਾਈਆਂ
ਛਮਕਾਂ ਮਾਰ ਜਗਾਉਂਦਾ ਸੀ
ਨੀ ਨਖਰੇਲੋ
ਝਿੜੀ ਵਾਲ਼ਾ ਬਾਬਾ ਬਲਾਉਂਦਾ ਸੀ

ਤਾਰੋ ਨੀ ਕੁੜੀਏ
ਤੈਨੂੰ ਝਿੜੀ ਵਾਲ਼ਾ ਬਾਬਾ ਬਲਾਉਂਦਾ ਸੀ
ਨੀ ਨਖਰੇਲੋ
ਝਿੜੀ ਵਾਲ਼ਾ ਬਾਬਾ ਬਲਾਉਂਦਾ ਸੀ
ਖਾਣ ਨੂੰ ਦਿੰਦਾ ਖੋਏ ਮਠਿਆਈਆਂ
ਪੀਣ ਨੂੰ ਦਿੰਦਾ ਦੁੱਧ ਮਲਾਈਆਂ
ਸੌਣ ਨੂੰ ਦਿੰਦਾ ਲੇਫ ਤਲਾਈਆਂ
ਛਮਕਾਂ ਮਾਰ ਜਗਾਉਂਦਾ ਸੀ
ਨੀ ਨਖਰੇਲੋ
ਝਿੜੀ ਵਾਲ਼ਾ ਬਾਬਾ ਬਲਾਉਂਦਾ ਸੀ

98.
ਪੋਸਤ ਦਾ ਕੀ ਬੀਜਣਾ
ਵੇ ਜੀਹਦੇ ਪੋਲੇ ਡੋਡੇ
ਪੋਸਤ ਦਾ ਕੀ ਬੀਜਣਾ
ਵੇ ਜੀਹਦੇ ਪੋਲੇ ਡੋਡੇ

ਸੰਤੋ ਕੁੜੀਆ ਯਾਰਨੀ
ਵੇ ਸਾਡੇ ਮਹਿਲੀਂ ਬੋਲੇ
ਸੰਤੋ ਕੁੜੀਆਂ ਯਾਰਨੀ
ਸਾਡੇ ਮਹਿਲੀਂ ਬੋਲੇ
ਦਿਨ ਨੂੰ ਬੋਲੇ ਚੋਰੀਓਂ
ਵੇ ਰਾਤੀਂ ਸੈਂਤਕ ਬੋਲੇ
ਦਿਨ ਨੂੰ ਬੋਲੇ ਚੋਰੀਓਂ

ਰਾਤੀਂ ਸੈਂਤਕ ਬੋਲੇ

ਦਿਨ ਨੂੰ ਖੋਹਲੇ ਮੋਰੀਆਂ
ਵੇ ਰਾਤੀਂ ਫਾਟਕ ਖੋਹਲੇ
ਦਿਨ ਨੂੰ ਖੋਹਲੇ ਮੋਰੀਆਂ
ਰਾਤੀਂ ਫਾਟਕ ਖੋਹਲੇ
ਦਿਨ ਨੂੰ ਖਿਡਾਵੇ ਬੀਬੀਆਂ
ਵੇ ਰਾਤੀਂ ਲਾਲ ਖਿਡਾਵੇ
ਦਿਨ ਨੂੰ ਖਿਡਾਵੇ ਬੀਬੀਆਂ
ਰਾਤੀਂ ਲਾਲ ਖਿਡਾਵੇ

99.
ਮੇਰੀ ਆਰਸੀਏ ਨੀ
ਕਿਹੜੀ ਕੁੜੀ ਦਾ ਡੂੰਘਾ ਥੱਲਾ ਡੁਬਕੂੰ-ਡੁਬਕੂੰ
ਮੇਰੀ ਆਰਸੀਏ ਨੀ
ਕਿਹੜੀ ਕੁੜੀ ਦਾ ਡੂੰਘਾ ਥੱਲਾ ਡੂਬਕੂੰ-ਡੁਬਕੂੰ
ਮੇਰੀ ਆਰਸੀਏ ਨੀ
ਸ਼ਾਮੋ ਕੁੜੀ ਦਾ ਡੂੰਘਾ ਥੱਲਾ ਡੂਬਕੂੰ-ਡੁਬਕੂੰ

ਮੇਰੀ ਆਰਸੀਏ ਨੀ
ਵਿਚੇ ਝਿਊਰੀ ਦਾਣੇ ਭੁੰਨੇ ਤਿੜਕੂੰ-ਤਿੜਕੂੰ
ਮੇਰੀ ਆਰਸੀਏ ਨੀ
ਵਿਚੇ ਝਿਊਰੀ ਦਾਣੇ ਭੁੰਨੇ ਤਿੜਕੂੰ-ਤਿੜਕੂੰ
ਮੇਰੀ ਆਰਸੀਏ ਨੀ
ਵਿਚੇ ਜੱਟ ਦਾ ਹਲੀਆ ਵਗੇ ਵਾਹਦੂੰ-ਵਾਹਦੂੰ

ਮੇਰੀ ਆਰਸੀਏ ਨੀ
ਵਿਚੇ ਤਖਾਣ ਦਾ ਤੇਸਾ ਚੱਲੇ ਛਿਲਦੂੰ-ਛਿਲਦੂੰ
ਮੇਰੀ ਆਰਸੀਏ ਨੀ
ਵਿਚੇ ਤਖਾਣ ਦਾ ਤੇਸਾ ਚੱਲੇ ਛਿਲਦੂੰ-ਛਿਲਦੂੰ

ਮੇਰੀ ਆਰਸੀਏ ਨੀ
ਵਿਚੇ ਕਬੂਤਰਾਂ ਦੀ ਡਾਰ ਫਿਰੇ ਗੁਟਕੂੰ-ਗੁਟਕੂੰ
ਮੇਰੀ ਆਰਸੀਏ ਨੀ

ਵਿਚੇ ਕਬੂਤਰਾਂ ਦੀ ਡਾਰ ਫਿਰੇ ਗੁਟਕੂੰ-ਗੁਟਕੂੰ

100.
ਨੀ ਛਿੰਦਰ ਨਖਰੋ
ਬਿੱਲੇ ਨਾਲ਼ ਦੋਸਤੀ ਨਾ ਲਾਈਂ
ਨੀ ਦੁੱਧ ਸਾਰਾ ਪੀ ਗਿਆ
ਉੱਤੇ ਦੀ ਖਾ ਗਿਆ ਮਲ਼ਾਈ
ਨੀ ਨਾ ਮਾਰੀਂ ਨਖਰੋ
ਤੇਰੇ ਤਾਂ ਬਾਪ ਦਾ ਜੁਆਈ

101.
ਲੰਬਾ ਸੀ ਵਿਹੜਾ ਨੇਂਬੂ ਪਾਏ ਵਿਹੜੇ ਵਿਚ
ਨੀ ਨਖੱਤੀਏ ਨੇਂਬੂ ਪਾਏ ਵਿਹੜੇ ਵਿਚ
ਲੜੀਏ ਭਿੜੀਏ ਰੋਟੀ ਨਾ ਛੱਡੀਏ
ਕੌਣ ਮਨਾਊ ਤੈਨੂੰ ਨਿੱਤ
ਨੀ ਨਖੱਤੀਏ ਕੌਣ ਮਨਾਊ ਤੈਨੂੰ ਨਿੱਤ
ਲੜੀਏ ਭਿੜੀਏ ਭੁੰਜੇ ਨਾ ਪਈਏ
ਕੀੜੇ ਪਤੰਗੇ ਦੀ ਰੁੱਤ
ਨੀ ਨਖੱਤੀਏ ਕੀੜੇ ਪਤੰਗੇ ਦੀ ਰੁੱਤ

102.
ਭਜਨੋ ਨੀ
ਤੇਰਾ ਢਿੱਡ ਬੜਾ ਚਟ ਕੂਣਾ
ਨੀ ਤੂੰ ਖਾਂਦੀ ਸਭਨਾਂ ਤੋਂ ਦੂਣਾ

103.
ਮੱਕੀ ਦਾ ਦਾਣਾ ਰਾਹ ਵਿਚ ਵੇ
ਬਚੋਲਾ ਨੀ ਰਖਣਾ ਵਿਆਹ ਵਿਚ ਵੇ
ਮੱਕੀ ਦਾ ਦਾਣਾ ਦਰ ਵਿਚ ਵੇ
ਬਚੋਲਾ ਨੀ ਰੱਖਣਾ ਘਰ ਵਿਚ ਵੇ
ਮੱਕੀ ਦਾ ਦਾਣਾ ਟਿੰਡ ਵਿਚ ਵੇ
ਬਚੋਲਾ ਨੀ ਰਖਣਾ ਪਿੰਡ ਵਿਚ ਵੇ
ਮੱਕੀ ਦਾ ਦਾਣਾ ਖੂਹ ਵਿਚ ਵੇ
ਬਚੋਲਾ ਨੀ ਰੱਖਣਾ ਜੂਹ ਵਿਚ ਵੇ
*

ਗਿੱਧਾ

ਗਿੱਧਾ

ਕਿਸੇ ਵਿਸ਼ੇਸ਼ ਮੌਕੇ 'ਤੇ ਜਦੋਂ ਸਾਡੇ ਅੰਦਰੋਂ ਖ਼ੁਸ਼ੀ ਦੀਆਂ ਤਰੰਗਾਂ ਉਗਮਦੀਆਂ ਹਨ ਤਾਂ ਸਾਡਾ ਮਨ ਵਜਦ ਵਿਚ ਆ ਜਾਂਦਾ ਹੈ ਤੇ ਅਸੀਂ ਆਪਣੇ ਸਰੀਰ ਦੀਆਂ ਹਰਕਤਾਂ ਰਾਹੀਂ ਇਸ ਦਾ ਪ੍ਰਗਟਾਵਾ ਕਰਦੇ ਹਾਂ। ਰਾਗ ਅਤੇ ਤਾਲ ਦੇ ਸੁਮੇਲ ਨਾਲ਼ ਮਨੁੱਖ ਨੱਚ ਉਠਦਾ ਹੈ। ਕੱਲੇ ਮਨੁੱਖ ਦੀ ਖ਼ੁਸ਼ੀ ਵਿਚ ਸ਼ਾਮਲ ਹੋਣ ਲਈ ਜਦੋਂ ਉਸ ਦੇ ਦੂਜੇ ਸਾਥੀ ਉਸ ਨਾਲ਼ ਰਲ਼ ਕੇ ਨੱਚਣ ਲਗਦੇ ਹਨ ਤਾਂ ਇਹ ਨਾਚ ਸਮੂਹਿਕ ਨਾਚ ਦਾ ਰੂਪ ਧਾਰ ਲੈਂਦਾ ਹੈ ਜਿਸ ਨੂੰ ਅਸੀਂ ਲੋਕ ਨਾਚ ਦਾ ਨਾਂ ਦੇਂਦੇ ਹਾਂ।

ਲੋਕ ਨਾਚ ਗਿੱਧਾ ਪੰਜਾਬੀ ਮੁਟਿਆਰਾਂ ਦਾ ਜਜ਼ਬਿਆਂ ਮੱਤਾ ਮਨਮੋਹਕ ਲੋਕ ਨਾਚ ਹੈ। ਗਿੱਧੇ ਦੇ ਨੱਚਣ ਨੂੰ ਗਿੱਧਾ ਪਾਉਣਾ ਆਖਦੇ ਹਨ। ਗਿੱਧਾ ਕਿਸੇ ਵੀ ਖ਼ੁਸ਼ੀ ਦੇ ਅਵਸਰ ਤੇ ਪਾਇਆ ਜਾ ਸਕਦਾ ਹੈ। ਪੁਰਾਤਨ ਸਮੇਂ ਤੋਂ ਹੀ ਵਿਆਹ-ਸ਼ਾਦੀ ਦੇ ਅਵਸਰ 'ਤੇ ਨਾਨਕਾ ਮੇਲ਼ ਅਤੇ ਹੋਰ ਰਿਸ਼ਤੇਦਾਰੀਆਂ ਨਾਲ਼ ਆਈਆਂ ਸੁਆਣੀਆਂ ਤੇ ਮੁਟਿਆਰਾਂ ਵਲੋਂ ਗਿੱਧਾ ਪਾਉਣ ਦੀ ਪਰੰਪਰਾ ਪ੍ਰਚੱਲਤ ਰਹੀ ਹੈ। ਜਾਗੋ ਕੱਢਣ ਸਮੇਂ ਵੀ ਨਾਨਕਾ ਮੇਲ਼ ਗਿੱਧਾ ਪਾਉਂਦਾ ਹੈ ਜਿਸ ਨੂੰ ਜਾਗੋ ਦਾ ਗਿੱਧਾ ਆਖਦੇ ਹਨ। ਪੁਰਾਣੇ ਸਮੇਂ ਵਿਚ ਔਰਤਾਂ ਬਰਾਤ ਨਾਲ ਨਹੀਂ ਸੀ ਜਾਂਦੀਆਂ। ਬਰਾਤ ਦੇ ਕਈ ਕਈ ਦਿਨ ਵਾਪਸ ਨਾ ਪਰਤਣ ਕਾਰਨ ਵਿਆਹ ਸਮਾਗਮ ਵਿਚ ਆਈਆਂ ਮੇਲਣਾਂ ਗਿੱਧਾ ਪਾ ਕੇ ਵਿਹਲੇ ਸਮੇਂ ਨੂੰ ਸਯੋਗ ਢੰਗ ਨਾਲ਼ ਬਤੀਤ ਕਰਦੀਆਂ ਸਨ। ਗਿੱਧੇ ਵਿਚ ਵਿਆਂਹਦੜ ਪਰਿਵਾਰ ਦੇ ਸ਼ਰੀਕੇ ਦੀਆਂ ਔਰਤਾਂ ਵੀ ਸ਼ਾਮਲ ਹੁੰਦੀਆਂ ਸਨ।

ਗਿੱਧਾ ਪਾਉਣ ਸਮੇਂ ਕੇਵਲ ਨੱਚਿਆ ਹੀ ਨਹੀਂ ਜਾਂਦਾ ਸਗੋਂ ਮਨ ਦੇ ਹਾਵ-ਭਾਵ ਪ੍ਰਗਟਾਉਣ ਲਈ ਬੋਲੀਆਂ ਵੀ ਪਾਈਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਗਿੱਧੇ ਦੀਆਂ ਬੋਲੀਆਂ ਆਖਦੇ ਹਨ। ਇਨ੍ਹਾਂ ਬੋਲੀਆਂ ਰਾਹੀਂ ਮੁਟਿਆਰਾਂ ਆਪਣੇ ਦਿਲਾਂ ਦੇ ਗੁਭ-ਗੁਭਾੜ ਕਢਦੀਆਂ ਹਨ। ਔਰਤਾਂ ਦੇ ਗਿੱਧੇ ਨੂੰ ਮਰਦ ਨਹੀਂ ਵੇਖਦੇ ਜਿਸ ਕਰਕੇ ਮੁਟਿਆਰਾਂ ਨਿਸੰਗ ਹੋ ਕੇ ਗਿੱਧਾ ਪਾਉਂਦੀਆਂ ਹਨ। ਪੰਜਾਬ ਦੀ ਔਰਤ ਸਦੀਆਂ ਤੋਂ ਗੁਲਾਮਾਂ ਵਾਲ਼ੀ ਜ਼ਿੰਦਗੀ ਬਤੀਤ ਕਰਦੀ ਆਈ ਹੈ... ਉਹ ਆਪਣੇ ਮਨੋਭਾਵਾਂ ਨੂੰ ਦਬਾਉਂਦੀ ਰਹੀ ਹੈ... ਪੇਕੀਂ ਵੀ ਬੰਦਸ਼ਾਂ ਸਹੁਰੀਂ ਵੀ