ਵਿਆਹ ਦੇ ਗੀਤ – ਸੁਖਦੇਵ ਮਾਦਪੁਰੀ/ਕੁੜਮਾਂ ਜ਼ੋਰੋ ਸਾਡੇ ਆਈ

ਵਿਕੀਸਰੋਤ ਤੋਂ

ਕੁੜਮਾ ਜ਼ੋਰੋ ਸਾਡੇ ਆਈ

14.
ਪੋਸਤ ਦਾ ਕੀ ਬੀਜਣਾ
ਜੀਹਦੇ ਪੋਲੇ ਡੋਡੇ
ਕੁੜਮਾਂ ਜੋਰੋ ਜਾਰਨੀ ਵੇ
ਸਾਡੇ ਮਹਿਲੀਂ ਬੋਲੇ
ਦਿਨ ਨੂੰ ਬੋਲੇ ਚੋਰੀਏਂ
ਰਾਤੀਂ ਸੈਂਤਕ ਬੋਲੇ
ਦਿਨ ਨੂੰ ਖੋਹਲੇ ਮੋਰੀਆਂ
ਰਾਤੀਂ ਫਾਟਕ ਖੋਲੇ
ਦਿਨ ਨੂੰ ਡਾਹੇ ਪੀਹੜੀਆਂ
ਰਾਤੀਂ ਪਲੰਘ ਬਛਾਵੇ
ਦਿਨ ਨੂੰ ਖਾਵੇ ਰੋਟੀਆਂ
ਰਾਤੀਂ ਪੇੜੇ ਖਾਵੇ
ਦਿਨ ਨੂੰ ਆਉਂਦੇ ਬੁਢੜੇ
ਰਾਤੀਂ ਗੱਭਰੂ ਆਉਂਦੇ
ਦਿਨੇ ਘਲਾਵੇ ਬੀਬੀਆਂ
ਰਾਤੀਂ ਲਾਲ ਘਲਾਵੇ

75.
ਕੁੜਮਾਂ ਦੀ ਜ਼ੋਰੋ ਪਾਣੀ ਨੂੰ ਚੱਲੀ
ਅੱਗੇ ਤਾਂ ਸਾਡਾ ਚਾਚਾ ਜੀ ਟੱਕਰਿਆ
ਕਹਾਂ ਚੱਲੀ ਨਾਜੋ ਪਿਆਰੀ ਰੇ
ਮੁਸਾਫ਼ਰ ਗਿਰਦਾ ਦਾਰੀ
ਸਿਰ ਦੀ ਪਟਿਆਰੀ
ਭੂਏਂ ਨਾਲ ਮਾਰੀ
ਅੰਬਾਂ ਦੇ ਹੇਠ ਲਤਾੜੀ ਰੇ
ਮੁਸਾਫ਼ਰ ਗਿਰਦਾ ਦਾਰੀ

76.
ਭਲਿਆਂ ਘਰਾਂ ਦੀਆਂ ਧੀਆਂ ਨੂੰਹਾਂ
ਤੁਰਦੀਆਂ ਪੜਦੇ ਕਰਕੇ
ਕੁੜਮਾਂ ਜ਼ੋਰੋ ਪਾਣੀ ਨੂੰ ਚੱਲੀ ਐ
ਚਾਰ ਘੜੀ ਦੇ ਤੜਕੇ
ਬਦਨਾਮੀ ਲੈ ਲੀ
ਆਹੋ ਜੀ ਬਦਨਾਮੀ ਲੈ ਲੀ
ਭਲਿਆਂ ਘਰਾਂ ਦੀਆਂ ਧੀਆਂ ਨੂੰਹਾਂ
ਤੁਰਦੀਆਂ ਪੜਦੇ ਕਰਕੇ
ਬਦਨਾਮੀ ਲੈ ਲੀ
ਆਹੋ ਨੀ ਬਦਨਾਮੀ ਲੈ ਲੀ
ਧੀ ਆਪਣੀ ਨੂੰ ਮਾਂ ਸਮਝਾਵੇ
ਅਗਲੇ ਅੰਦਰ ਬੜ ਕੇ
ਭਲਿਆਂ ਘਰਾਂ ਦੀਆਂ ਧੀਆਂ ਨੂੰਹਾਂ
ਤੁਰਦੀਆਂ ਪਰਦੇ ਕਰਕੇ
ਬਦਨਾਮੀ ਲੈ ਲੀ
ਆਹੋ ਬਈ ਬਦਨਾਮੀ ਲੈ ਲੀ

77.
ਟੁੰਡੇ ਪਿਪਲੇ ਵੇ ਪੀਂਘਾਂ ਪਾਈਆਂ ਰਾਮਾਂ
ਕੁੜਮਾਂ ਜੋਰੋ ਵੇ ਝੂਟਣ ਆਈਆਂ ਰਾਮਾਂ
ਝੂਟਣ ਨਾ ਜਾਣਦੀ ਫੜ ਝੁਟਾਈਆਂ ਰਾਮਾਂ
ਹੱਥੀਂ ਗਜਰੇ ਵੇ ਪੈ ਗੇ ਝਗੜੇ ਰਾਮਾਂ
ਹੱਥੀਂ ਗੂਠੀਆਂ ਬਚਨੋਂ ਝੂਠੀਆਂ ਰਾਮਾਂ
ਹੱਥੀਂ ਥਾਲੀਆਂ ਵੇ ਬਾਰਾਂ ਤਾਲੀਆਂ ਰਾਮਾਂ

78.
ਮੇਰੇ ਇਨੂੰਏ ਲੰਬੀ ਲੰਬੀ ਡੋਰ
ਵੇ ਪਿੱਛੇ ਗਜ ਪੈਂਦੀ ਐ
ਕੁੜਮਾਂ ਜੋਰੋ ਨੂੰ ਲੈ ਗੇ ਚੋਰ
ਵੇ ਪਿੱਛੇ ਡੰਡ ਪੈਂਦੀ ਐ

79.
ਘਰ ਨਦੀ ਕਿਨਾਰੇ ਚਿੱਕੜ ਬੂਹੇ ਬਾਰੇ

ਵੇ ਜੋਰੋ ਤੇਰੀ ਕੁੜਮਾਂ ਗਈ ਜੁਲਾਹੇ ਨਾਲ਼
ਵੇ ਉਹ ਜਾਂਦੀ ਦੇਖੀ ਨੂਰਪੁਰੇ ਦੇ ਝਾੜੀਂ
ਉਹਦੇ ਹੱਥ ਵਿਚ ਖੁਰਪੀ ਡੱਗੀ ਡੂਮਾਂ ਵਾਲ਼ੀ
ਤੇ ਉਹ ਖ਼ੂਪ ਜੁਲਾਹੀ ਬਾਗ਼ੀ ਤਾਣਾ ਲਾਇਆ
ਵੇ ਤਣਦੀ ਥੱਕੀ ਤੈਂ ਫੇਰਾ ਨਾ ਪਾਇਆ
ਵੇ ਪੰਜ ਪਾਂਜੇ ਭੁਲਗੀ ਤਾੜ ਤਮਾਚਾ ਲਾਇਆ

80.
ਸ਼ੱਕਰ ਦੀ ਭਰੀ ਓ ਪਰਾਤ
ਵਿਚੇ ਆਰਸੀਆਂ
ਵੇ ਜੋ ਤੇਰੀ ਕੁੜਮਾ
ਪੜ੍ਹਦੀ ਐ ਫਾਰਸੀਆਂ
ਅਲਾ ਕਹੇ ਬਿਸਮਿੱਲਾ ਕਹੇ
ਉਹ ਰੋਜ਼ੇ ਰੱਖੇ ਪੰਜ ਚਾਰ
ਪੜ੍ਹਦੀ ਐ ਫ਼ਾਰਸੀਆਂ

81.
ਕੁੜਮਾਂ ਜੋ ਨੂੰ ਰਾਮੀਆਂ ਵੇ
ਟੁਟੜੀ ਜਹੀ ਮੰਜੜੀ ਦੇ ਵਿਚ
ਨੌਆਂ ਜਣਿਆਂ ਨੇ ਰਾਮੀਆਂ ਵੇ
ਦਸਵਾਂ ਫਿਰੇ ਅਲੱਥ ਦਿਲ ਜਾਨੀਆਂ ਵੇ
ਦਸਵਾਂ ਫਿਰੇ ਅਲੱਥ
ਨੌਆਂ ਜਣਿਆਂ ਨੇ ਪੀਤੀਆਂ ਲੱਸੀਆਂ
ਦਸਵੇਂ ਨੇ ਪੀਤੀ ਐ ਪਿੱਛ
ਦਿਲਜਾਨੀਆਂ ਵੇ ਦਸਵੇਂ ਨੀ ਪੀਤੀ ਐ ਪਿੱਛ
ਨੌਆਂ ਜਣਿਆਂ ਦੇ ਜੰਮੀਆਂ ਬੀਬੀਆਂ
ਦਸਵੇਂ ਦੇ ਜੰਮਿਆਂ ਰਿੱਛ
ਦਿਲਜਾਨੀਆਂ ਵੇ ਦਸਵੇਂ ਦੇ ਜੰਮਿਆ ਰਿਛ
ਕਿੱਥੇ ਤਾਂ ਮੰਗੀਏ ਬੀਬੀਆਂ ਵੇ
ਕਿੱਥੇ ਟਪਾਈਏ ਰਿੱਛ
ਮਾਦਪੁਰ ਮੰਗੀਏ ਬੀਬੀਆਂ ਵੇ
ਗੋਰੇ ਟਪਾਈਏ ਰਿੱਛ
ਦਿਲ ਜਾਨੀਆਂ ਵੇ ਗੋਰੇ ਟਪਾਈਏ ਰਿੱਛ

82.
ਕੁੜਮਾ ਜੋਰੋ ਸਾਡੀ ਆਈ
ਘਗਰੀ ਲਿਆਈ ਪਾਟੀ
ਸਮਾ ਲੈ ਨੀ
ਸਮਾ ਲੈ ਯਾਰਾਂ ਪਾਟੀ
ਸਮਾਂ ਲੈ ਨੀ
ਕੌਣ ਜੁ ਉਹਦੇ ਧਾਗੇ ਵੱਟੇ
ਕੌਣ ਜੁ ਲਾਵੇ ਟਾਕੀ
ਸਮਾ ਲੈ ਨੀ
ਸਮਾ ਲੈ ਯਾਰਾਂ ਪਾਟੀ
ਛੜੇ ਜੁ ਤੇਰੇ ਧਾਗੇ ਵੱਟਣ
ਉਹੀ ਲਾਉਣ ਟਾਕੀ
ਸਮਾ ਲੈ ਨੀ
ਸਮਾ ਲੈ ਯਾਰਾਂ ਪਾਟੀ
ਸਮਾ ਲੈ ਨੀ

83.
ਕੁੜਮਾਂ ਜੋਰੋ ਐਂ ਬੈਠੀ
ਜਿਵੇਂ ਫੁੱਟਾ ਭੜੋਲੇ ਦਾ ਥੱਲਾ
ਨਕਾਰੀਏ ਕੰਮ ਕਰ ਨੀ
ਤੂੰ ਕਿਉਂ ਛੱਡਿਆ ਧੰਦਾ
ਨਕਾਰੀਏ ਕੰਮ ਕਰ ਨੀ

84.
ਤੇਰੀ ਬੋਤਲ ਫੁਟਗੀ ਵੇ
ਕੁੜਮਾਂ ਸ਼ਰਾਬੀਆ ਲਾਲਚੀਆ
ਤੇਰੀ ਜੋਰੋ ਰੁਸਗੀ ਵੇ
ਕੁੜਮਾਂ ਸ਼ਰਾਬੀਆ ਲਾਲਚੀਆ
ਉਹਨੂੰ ਹੁਣ ਕੌਣ ਮਨਾਵੇ ਵੇ
ਕੁੜਮਾਂ ਸ਼ਰਾਬੀਆ ਲਾਲਚੀਆ
ਛੜਾ ਮਨਾਵੇ ਵੇ
ਕੁੜਮਾਂ ਸ਼ਰਾਬੀਆ ਲਾਲਚੀਆ

85.
ਕਿੱਕਣ ਜੀਵੇਂਗੀ ਨੀ ਕੁੜਮਾਂ ਜ਼ੋਰੋ ਯਾਰ ਬਿਨਾਂ
ਕਿੱਕਣ ਜੀਵੇਂਗੀ
ਤੂੰ ਤਾਂ ਐਂ ਸੁੰਨੀ
ਜਿਉਂ ਘੋੜਾ ਸੁੰਨਾ ਅਸਵਾਰ ਬਿਨਾਂ
ਕਿੱਕਣ ਜੀਵੇਂਗੀ ਨੀ ਕੁੜਮਾਂ ਜ਼ੋਰੋ ਯਾਰ ਬਿਨਾਂ
ਤੂੰ ਤਾਂ ਐਂ ਸੁੰਨੀ
ਜਿਉਂ ਰੋਹੀ ਸੁੰਨੀ ਬਘਿਆੜ ਬਿਨਾਂ
ਕਿੱਕਣ ਜੀਵੇਂਗੀ ਨੀ ਕੁੜਮਾਂ ਜ਼ੋਰੋ ਯਾਰ ਬਿਨਾਂ
ਤੂੰ ਤਾਂ ਐਂ ਸੁੰਨੀ
ਜਿਉਂ ਪਿੰਡ ਸੁੰਨਾ ਚੌਕੀਦਾਰ ਬਿਨਾਂ
ਕਿੱਕਣ ਜੀਵੇਂਗੀ ਨੀ ਕੁੜਮਾ ਜ਼ੋਰੋ ਯਾਰ ਬਿਨਾਂ
ਤੂੰ ਤਾਂ ਮੈਂ ਸੁੰਨੀ
ਜਿਉਂ ਪਰਜਾ ਸੁੰਨੀ ਸਰਕਾਰ ਬਿਨਾਂ
ਕਿੱਕਣ ਜੀਵੇਂਗੀ ਨੀ ਕੁੜਮਾ ਜੋਰੋ ਯਾਰ ਬਿਨਾਂ
ਕਿੱਕਣ ਜੀਵੇਂਗੀ

86.
ਨਿੱਕੀ ਜਹੀ ਕੋਠੜੀਏ
ਤੈਂ ਵਿਚ ਮੇਰਾ ਆਟਾ
ਕੁੜਮਾਂ ਜੋਰੋ ਉੱਧਲ ਚੱਲੀ
ਲੈ ਕੇ ਧੌਲ਼ਾ ਝਾਟਾ
ਨਿੱਕੀ ਜਿਹੀ ਕੋਠੜੀਏ
ਤੈਂ ਵਿਚ ਮੇਰੇ ਦਾਣੇ
ਕੁੜਮਾਂ ਜੋਰੋ ਉੱਧਲ ਚੱਲੀ
ਲੈ ਕੇ ਨਿੱਕੇ ਨਿਆਣੇ
ਨਿੱਕੀ ਜਿਹੀ ਕੋਠੜੀਏ
ਤੈਂ ਵਿਚ ਮੇਰੀ ਭੇਲੀ
ਕੁੜਮਾਂ ਜੋਰੋ ਉੱਧਲ ਚਲੀ
ਲੈ ਕੇ ਫੱਤੂ ਤੇਲੀ

87.
ਮੇਰੀ ਲਾਲ ਪੱਖੀ ਪੰਜ ਦਾਣਾ

ਸਹੀਓ ਨੀ ਮੇਰੀ ਲਾਲ ਪੱਖੀ ਪੰਜ ਦਾਣਾ
ਕੁੜਮਾਂ ਜੋਰੋ ਨੂੰ ਖਸਮ ਕਰਾਦੋ
ਇਕ ਅੰਨ੍ਹਾ ਦੂਜਾ ਕਾਣਾ
ਸਈਓ ਨੀ ਮੇਰੀ ਲਾਲ ਪੱਖੀ ਪੰਜ ਦਾਣਾ
ਕਾਣਾ ਤਾਂ ਉਹਦੀ ਰੋਟੀ ਲਾਹੇ
ਅੰਨ੍ਹਾ ਦੇਵੇ ਦੱਖੂ ਦਾਣਾ
ਸਹੀਓ ਨੀ ਮੇਰੀ ਲਾਲ ਪੱਖੀ ਪੰਜ ਦਾਣਾ
ਲਾੜੇ ਦੀ ਭੈਣ ਨੂੰ ਖਸਮ ਕਰਾ ਦੋ
ਇਕ ਅੰਨ੍ਹਾ ਦੂਜਾ ਕਾਣਾ
ਸਹੀਓ ਨੀ ਮੇਰੀ ਲਾਲ ਪੱਖੀ ਪੰਜ ਦਾਣਾ
ਕਾਣਾ ਤਾਂ ਉਹਦੀ ਰੋਟੀ ਲਾਹੇ
ਅੰਨ੍ਹਾ ਦੇਵੇ ਦੱਖੂ ਦਾਣਾ
ਸਈਓ ਨੀ ਮੇਰੀ ਲਾਲ ਪੱਖੀ ਪੰਜ ਦਾਣਾ

88.
ਕੁੜਮਾਂ ਜੋਰੋ ਕੈ ਕੁ ਤੇਰੇ ਯਾਰ ਨੀ
ਇਕ 'ਜ ਅੰਦਰ ਬੜੇ ਗਿਆ
ਦੂਜੇ ਨੇ ਰੋਕਿਆ ਬਾਰ ਨੀ
ਤੀਜਾ ਪੌੜੀ ਚੜ੍ਹੇ ਗਿਆ
ਚੌਥੇ ਨੇ ਚੱਕੀ ਡਾਂਗ ਨੀ
ਪੰਜਵਾਂ ਖੜਾ ਪਿਛੋਕੜ ਰੋਵੇ
ਛੇਵੇਂ ਦਾ ਕੀ ਹਾਲ ਨੀ
ਸੱਤਵਾਂ ਤੇਰੀ ਟਿੱਕੀ ਲਾਹੇ
ਅੱਠਵਾਂ ਪੜ੍ਹੇ ਨਮਾਜ਼ ਨੀ
ਨੌਵਾਂ ਤੈਨੂੰ ਸੈਨਤਾਂ ਮਾਰੇ
ਦਸਵਾਂ ਲੈ ਗਿਆ ਨਾਲ਼ ਨੀ
ਟੁੱਟੀ ਜਿਹੀ ਮੰਜੜੀ 'ਚ ਰੋਵੇ ਤੇਰਾ ਯਾਰ ਨੀ
ਕੁੜਮਾਂ ਜੋਰੇ ਕੈ ਕੁ ਤੇਰੇ ਯਾਰ ਨੀ

89.
ਕੁੜਮਾਂ ਜੋਰੋ ਦਾ ਬੜਾ ਦਮਾਲਾ ਮੌਜ ਦਾ
ਨੀ ਨਖਰੋ ਦਾ ਬੜਾ ਦਮਾਲਾ ਮੌਜ ਦਾ
ਨੀ ਵਿੱਚੇ ਲੰਗਰ ਖਾਨਾ

ਵਿੱਚੇ ਖੂਹੀ ਲਵਾਈ
ਖੱਟੇ ਮਿੱਠੇ ਲਾਏ
ਨੀ ਗੱਭਰੂ ਤੋੜਨ ਆਏ
ਨੀ ਅੰਨ੍ਹੇ ਟੋਹਾ ਟਾਹੀ
ਨੀ ਬੋਲੇ ਕੰਨ ਜਡ਼ੱਕੇ
ਨੀ ਡੁੱਡੇ ਲਤ ਚਲਾਈ
ਨੀ ਵਿੱਚੇ ਈਰੀ ਪੀਰੀ
ਨੀ ਵਿੱਚੇ ਸੁੰਢ ਪੰਜੀਰੀ
ਵਿੱਚੇ ਰੰਘੜੀ ਦਾਈ
ਕਾਣੀ ਕੁੜੀ ਜਮਾਈ
ਨੀ ਵਿਚੇ ਲੱਭੂ ਨਾਈ
ਘਰ ਘਰ ਦਵੇ ਵਧਾਈ
ਨੀ ਵਿੱਚੇ ਝਿਊਰ ਛੱਕਾ
ਨੀ ਪਾਣੀ ਭਰਦਾ ਥੱਕਾ
ਨੀ ਇਹਦਾ ਬੜਾ ਦਮਾਲਾ
ਨਖਰੋ ਦਾ ਬੜਾ ਦਮਾਲਾ
*