ਵਿਚਕਾਰਲੀ ਭੈਣ/੧.

ਵਿਕੀਸਰੋਤ ਤੋਂ

੧.

ਕਿਸ਼ਨ ਦੀ ਮਾਂ, ਛੋਲੇ ਕਚਾਲੂ ਵੇਚ ਵੇਚ ਕੇ, ਬੜੀ ਔਖਿਆਈ ਨਾਲ ਪਾਲ ਕੇ, ਉਹਨੂੰ ਚੌਦਾਂ ਸਾਲਾਂ ਦਾ ਕਰਕੇ ਮਰ ਗਈ। ਕਿਸ਼ਨ ਦਾ ਸਾਰੇ ਪਿੰਡ ਵਿਚ ਕੋਈ ਆਸਰਾ ਨਹੀਂ ਸੀ। ਇਸ ਦੀ ਮਤੇਈ ਭੈਣ, ਕਾਦੰਬਨੀ ਦੀ ਹਾਲਤ ਕੁਝ ਚੰਗੀ ਸੀ, ਲੋਕਾਂ ਆਖਿਆ,"ਜਾਹ ਕਿਸ਼ਨ ਨੂੰ ਆਪਣੀ ਭੈਣ ਦੇ ਘਰ ਜਾ ਰਹੋ।" ਉਹ ਖਾਂਦੇ ਪੀਂਦੇ ਆਦਮੀ ਹਨ, ਦਿਨ ਚੰਗੇ ਲੰਘ ਜਾਣਗੇ।

ਮਾਤਾ ਦੇ ਵਿਯੋਗ ਵਿਚ ਕਿਸ਼ਨ ਐਨਾ ਰੋਇਆ ਕਿ ਉਸ ਨੂੰ ਰੋਂਦਿਆਂ ਰੋਂਦਿਆਂ ਕਸ ਚੜ੍ਹ ਗਈ। ਜਦੋਂ ਰਾਜ਼ੀ ਹੋਇਆ ਤਾਂ ਉਸ ਨੇ ਭਿਖਿਆ ਮੰਗ ਕੇ ਸਰਾਧ ਕੀਤਾ। ਇਸ ਤੋਂ ਪਿਛੋਂ ਉਹ ਆਪਣੇ ਮੁੰਨੇ ਹੋਏ ਸਿਰ ਤੇ ਪੋਟਲੀ ਰੱਖ ਕੇ ਆਪਣੀ ਭੈਣ ਦੇ ਘਰ, ਰਾਜ ਘਾਟ ਜਾ ਪੁੱਜਾ। ਭੈਣ ਉਹਨੂੰ ਸਿਆਣਦੀ ਸੀ। ਉਹ ਇਹਦੀ ਜਾਣ ਪਛਾਣ ਕਰਕੇ ਤੇ ਆਉਣ ਦਾ ਸਬੱਬ ਸੁਣ ਕੇ ਅੱਗ ਬਘੋਲਾ ਹੋ ਉਠੀ। ਉਹ ਰਾਜੇ ਨਾਲ ਆਪਣੇ ਬਾਲ ਬਚਿਆਂ ਦਾ ਗੁਜ਼ਾਰਾ ਲਈ ਜਾਂਦੀ ਸੀ, ਇਹ ਬਿੱਜ ਕਿਧਰੋਂ ਪੈ ਗਈ?

ਪਿੰਡ ਦਾ ਜਿਹੜਾ ਬੁੱਢਾ ਕਿਸ਼ਨ ਨੂੰ ਘਰ ਲੈਕੇ ਆਇਆ ਸੀ, ਉਸ ਨੂੰ ਪੰਜ ਸਤ ਖਰੀਆਂ ਖਰੀਆਂ ਸੁਣਾਉਣ ਤੋਂ ਪਿਛੋਂ 'ਕਾਦੰਬਨੀ' ਏਦਾਂ, ਕਹਿਣ ਲੱਗੀ, “ਵਾਹਵਾ! ਚੰਗਾ ਮੇਰੇ ਸਕੇ ਸੋਧਰੇ ਨੂੰ ਆਟਾ ਮੁਕਾਉਣ ਲਈ ਲਿਆਏ ਹੋ?" ਫੇਰ ਆਪਣੀ ਮਤੇਈ ਮਾਂ ਨੂੰ ਫੁਲ ਝੜਾਉਂਦੀ ਹੋਈ ਬੋਲੀ,"ਕਮਜ਼ਾਤ ਕਿਸੇ ਥਾਂ ਦੀ, ਜਦ ਤਕ ਜੀਊਂਦੀ ਰਹੀ ਕੱਦੇ ਖਾਲੀ ਹੱਥੀਂ ਵੀ ਆ ਕੇ ਪਤਾ ਨਹੀਂ ਲਿਆ, ਹੁਣ ਮਰ ਗਈ ਹੈ, ਤਾਂ ਪੁੱਤ ਨੂੰ ਭੇਜ ਦਿਤਾ ਸੋ, ਸਾਡਾ ਮਾਸ ਹੀ ਮੋਟਾ ਵੇਖ ਲਿਆ ਹੋਣਾ ਏਂ? ਜਾ! ਬਾਬਾ ਏਸ ਪਰਾਏ ਪੁੱਤ ਨੂੰ ਏਥੋਂ ਮੋੜ ਕੇ ਲੈ ਜਾਹ ਮੈਂ ਇਹ ਕਜੀਆ ਨਹੀਂ ਪਾਉਣਾ ਚਾਹੁੰਦੀ।"

ਬੁੱਢਾ ਜ਼ਾਤ ਦਾ ਨਾਈ ਸੀ ਤੇ ਕਿਸ਼ਨ ਦੀ ਮਾਂ ਤੇ ਉਹਦੀ ਕਾਫੀ ਸ਼ਰਧਾ ਸੀ। ਉਹ ਇਹਨੂੰ ਮਾਂ ਆਖ ਕੇ ਹੀ ਬੁਲਾਇਆ ਕਰਦਾ ਸੀ। ਇਸ ਕਰਕੇ ਐਨੀਆਂ ਗੱਲਾਂ ਸੁਣ ਕੇ ਵੀ, ਉਹਨੇ ਖਹਿੜਾ ਨਹੀਂ ਛੱਡਿਆ। ਉਹਨੇ ਮਿਨਤਜਹੀ ਕਰਕੇ ਆਖਿਆ,"ਮਾਂ ਤੇਰੇ ਘਰ ਕੀ ਪਰਵਾਹ ਹੈ। ਲਛਮੀ ਅੰਦਰ ਬਾਹਰ ਉੱਛਲ ਦੀ ਫਿਰਦੀ ਹੈ। ਬੇ ਹਿਸਾਬ, ਨੌਕਰ, ਟਹਿਲਣਾਂ ਮੰਗਤੇ ਤੇ ਹੋਰ ਕੁੱਤੇ ਬਿਲੇ ਖਾਂਦੇ ਫਿਰਦੇ ਹਨ। ਜੇ ਇਹ ਲੜਕਾ ਦੋ ਰੋਟੀਆਂ ਖਾ ਲਏਗਾ ਤੇ ਬਾਹਰ ਬਰਾਂਡੇ ਵਿਚ ਸੌਂ ਰਹੇਗਾ ਤੇ ਤੈਨੂੰ ਕੀ ਭਾਰ ਲੱਗਣ ਲੱਗਾ ਹੈ?"

ਬੜਾ ਸਮਝਦਾਰ ਹੈ। ਜੇ ਭਰਾ ਸਮਝਕੇ ਨਹੀਂ ਤਾਂ ਇਕ ਬ੍ਰਾਹਮਣ ਦਾ ਬੇ ਆਸਰਾ ਬੱਚਾ ਹੀ ਸਮਝਕੇ ਘਰ ਦੇ ਕਿਸੇ ਖੂੰਜੇ ਖਰਲੇ ਵਿੱਚ ਰਹਿਣ ਲਈ ਥਾਂ ਦੇ ਦਿਉ।

ਇਹੇ ਜਹੀਂ ਉਸਤਤੀ ਸਣਕੇ ਤਾਂ ਪੁਲਸ ਦਾ ਥਾਣੇਦਾਰ ਬੀ ਨਰਮ ਹੋ ਜਾਂਦਾ, ਕਾਦੰਬਨੀ ਤਾਂ ਇਕ ਇਸਤ੍ਰੀ ਸੀ। ਇਸ ਕਰ ਕੇ ਉਹ ਚੁੱਪ ਕਰ ਗਈ। ਬੁਢੇ ਨੇ ਕਿਸ਼ਨ ਨੂੰ ਉਹਲੇ ਲਿਜਾਕੇ ਉਹਦੇ ਕੰਨ ਵਿਚ ਘੁਸਰ ੨ ਕੀਤਾ ਜਿਸਨੂੰ ਸਮਝ ਕੇ ਉਹ ਅੱਖਾਂ ਪੂੰਝਦਾ ਹੋਇਆ ਬਾਹਰ ਨੂੰ ਤੁਰ ਗਿਆ ਕਿਸ਼ਨ ਨੂੰ ਆਸਰਾ ਮਿਲ ਗਿਆ।

ਕਾਦੰਬਨੀ ਦਾ ਪਤੀ ਨਵੀਨ ਚੰਦ ਚੌਲਾਂ ਦਾ ਆੜਤੀ ਸੀ। ਜਦੋਂ ਉਹ ਦੁਪਹਿਰ ਨੂੰ ਘਰ ਆਏ ਤਾਂ ਉਹਨਾਂ ਕਿਸ਼ਨ ਵੱਲ ਟੇਢੀਆਂ ਅੱਖਾਂ ਨਾਲ ਵੇਖਕੇ ਆਖਿਆ, 'ਇਹ ਕੌਣ ਹੈ?'।

ਕਾਦੰਬਨੀ ਨੇ ਮੂੰਹ ਮੋਮ ਜਿਹਾ ਕਰਕੇ ਆਖਿਆ, ‘ਤੁਹਾਡੇ ਸਕੇ ਸਾਲੇ ਹਨ'। ਇਹਨਾਂ ਨੂੰ ਖੁਆਓ, ਪਿਲਾਓ, ਵੱਡੇ ਕਰੋ ਤੁਹਾਡਾ ਪਰਲੋਕ ਸੌਰ ਜਾਇਗਾ।'

ਨਵੀਨ ਆਪਣੀ ਮਤੇਈ ਸੱਸ ਦਾ ਮਰਨਾ ਸੁਣ ਹੀ ਚੁਕੇ ਸਨ। ਸਾਰੀਆਂ ਗੱਲਾਂ ਸਮਝਕੇ ਕਹਿਣ ਲੱਗੇ, 'ਠੀਕ ਹੈ, ਬੜਾ ਸੁਹਣਾ ਸਡੌਲ ਸਰੀਰ ਹੈ।’

ਘਰ ਵਾਲੀ ਨੇ ਆਖਿਆ, 'ਸਰੀਰ ਸਡੌਲ ਕਿਉ ਨ ਹੋਵੇ, ਪਿਤਾ ਜੋ ਕੁਝ ਖਟ ਕਮਾ ਗਏ ਸਨ ਕਾਲੇ ਮੂੰਹ ਵਾਲੀ ਨੇ ਸਭ ਕੁਝ ਇਹਦੇ ਢਿੱਡ ਵਿੱਚ ਪਾ ਛੱਡਿਆ ਹੈ। ਮੈਨੂੰ ਤਾਂ ਕਦੇ ਕੱਚੀ ਕੌਡੀ ਵੀ ਨਹੀਂ ਸੀ ਦਿਤੀ।

ਸ਼ਾਇਦ ਇਹ ਗਲ ਦੱਸਣੀ ਜ਼ਰੂਰੀ ਨਾ ਹੋਵੇਗੀ ਕਿ ਉਹਦੇ ਪਿਤਾ ਦਾ ਧਨ ਦੌਲਤ, ਇਕ ਮਿੱਟੀ ਦੀ ਕੱਚੀ ਝੁੱਗੀ ਤੇ ਇਸਦੇ ਲਾਗੇ ਇਕ ਨਿੰਬੂਆਂ ਦਾ ਬੂਟਾ ਸੀ। ਉਸੇ ਝੁੱਗੀ ਵਿਚ ਵਿਚਾਗੇ ਸਿਰੋਂ ਨੰਗੀ ਰਹਿੰਦੀ ਸੀ ਤੇ ਨਿੰਬੂ ਵੇਚਕੇ

ਇਸਦੀ ਸਕੂਲ ਦੀ ਫੀਸ ਪੂਰੀ ਕਰਦੀ ਹੁੰਦੀ ਸੀ। ਨਵੀਨ ਨੇ ਗੁਸੇ ਨੂੰ ਰੋਕਕੇ ਆਖਿਆ ‘ਚੰਗੀ ਗਲ ਹੈ।'

ਕਾਦੰਬਨੀ ਨੇ ਆਖਿਆ, “ਚੰਗੀ ਨਹੀਂ ਤਾਂ ਕੀ ਮਾੜੀ ਹੈ ਤੁਹਾਡਾ ਨਿਗਦਾ ਸਾਕ ਹੈ, ਉਸੇਤਰਾਂ ਰਖਣਾ ਪਏਗਾ। ਇਸਦੇ ਪਾਸੋਂ ਮੇਰੇ ਗੋਪਾਲ ਵਾਸਤੇ ਇਕ ਬੁਰਕੀ ਵੀ ਖਾਣ ਨੂੰ ਬਚ ਜਾਏ ਤਾਂ ਧੰਨ ਭਾਗ ਹਨ, ਨਹੀਂ ਤਾਂ ਸਾਰੇ ਦੇਸ਼ ਵਿਚ ਬਦਨਾਮੀ ਹੋਵੇਗੀ।'

ਇਹ ਆਖਕੇ ਕਾਦੰਬਨੀ ਨੇ ਲਾਗਲੇ ਦੂਜੀ ਛੱਤ ਵੱਲ ਦੇ ਮਕਾਨ ਵੱਲ ਜਿਸਦੀ ਕਿ ਬਾਰੀ ਖੁਲ੍ਹੀ ਹੋਈ ਸੀ, ਕ੍ਰੋਧ ਭਰੀਆਂ ਅੱਖਾਂ ਨਾਲ ਤੱਕਿਆ, ਇਹ ਮਕਾਨ ਉਸਦੀ ਵਿਚਕਾਰਲੀ ਦਿਰਾਣੀ ਹੇਮਾਂਗਨੀ' ਦਾ ਸੀ।

ਦੂਜੇ ਪਾਸੇ ਕਿਸ਼ਨ ਬਰਾਂਡੇ ਵਿਚ ਊਂਧੀ ਪਾਈ ਸ਼ਰਮ ਦੇ ਮਾਰਿਆ ਮਰਦਾ ਜਾ ਰਿਹਾ ਸੀ। ਕਾਦੰਬਨੀ ਲੰਗਰ ਵਿਚ ਜਾ ਕੇ ਨਾਰੀਅਲ ਦੇ ਖੋਪੇ ਵਿਚ ਥੋੜਾ ਜਿਹਾ ਤੇਲ ਲਿਆ ਕੇ ਬੋਲੀ, “ਜਾਹ ਜਾ ਕੇ ਤਾਲ ਤੇ ਨ੍ਹਾ ਆ। ਹੁਣ ਐਵੇਂ ਝੂਠ ਮੂਠ ਦਾ ਕੀ ਲਾਹ? ਹਾਂ ਸੱਚ, ਕਿਤੇ ਤੈਨੂੰ ਅਤਰ ਉਤਰ ਲਾਉਣ ਦੀ ਆਦਤ ਤਾਂ ਨਹੀਂ?"

ਇਸਤੋਂ ਪਿਛੋਂ ਉਸਨੇ ਜ਼ੋਰ ਦੀ ਸੁਆਮੀ ਨੂੰ ਆਖਿਆ' “ਜਦੋਂ ਨ੍ਹਾਉਣ ਜਾਓ ਤਾਂ ਏਸ ਬਾਬੂ ਸਾਹਿਬ ਨੂੰ ਵੀ ਨਾਲ ਲੈ ਜਾਣਾ। ਜੇ ਕਿਤੇ ਡੁਬ ਗਏ ਤਾਂ ਸਾਰੇ ਘਰ ਵਾਲਿਆਂ ਦੇ ਗਲ ਵਿਚ ਰੱਸਾ ਪੈ ਜਾਇਗਾ।"

ਕਿਸ਼ਨ ਰੋਟੀ ਖਾਣ ਬਹਿ ਗਿਆ। ਇਕੇ ਤਾਂ ਉਹ ਉਂਝ ਹੀ ਜ਼ਿਆਦਾ ਖਾਂਦਾ ਸੀ, ਦੂਜਾ ਇਕ ਦੋ ਦਿਨ ਦਾ ਭਖਾ ਤੁਰਕੇ ਇੱਥੇ ਆਇਆ ਸੀ । ਇਹਨਾਂ ਕਾਰਨਾਂ ਕਰਕੇ ਥਾਲੀ ਵਿਚਲਾ ਸਭ ਕੁਝ ਖਾ ਕੇ ਵੀ ਉਹਦੀ ਭੁਖ ਦੂਰ ਨ ਹੋਈ। ਨਵੀਨ ਵੀ ਕੋਲ ਹੀ ਰੋਟੀ ਖਾ ਰਿਹਾ ਸੀ। ਇਹ ਵੇਖ ਕੇ ਉਸ ਨੇ ਕਿਹਾ! ਕਿਸ਼ਨ ਨੂੰ ਥੋੜੇ ਚੌਲ ਹੋਰ ਦਿਉ।"

"ਦੇਂਦੀ ਹਾ।" ਇਹ ਆਖ ਕੇ ਕਦੰਬਨੀ ਉਠੀ ਤੇ ਉਸਨੇ ਚੌਲਾਂ ਦੀ ਭਰੀ ਹੋਈ ਪੂਰੀ ਥਾਲੀ ਲਿਆ ਕੇ ਕਿਸ਼ਨ ਦੀ ਥਾਲੀ ਵਿਚ ਉਲੱਦ ਦਿਤੀ। ਹੱਸਦੀ ਹੋਈ ਕਹਿਣ ਲੱਗੀ, “ਇਹ ਤਾ ਚੰਗੀ ਹੋਈ, ਹਰ ਰੋਜ਼ ਇਸ ਹਾਥੀ ਦੀ ਖੁਰਾਕ ਪੂਰੀ ਕਰਦਿਆਂ ੨ ਸਾਡਾ ਤਾਂ ਚੰਡ ਨਿਕਲ ਜਾਇਆ ਕਰੇਗਾ ਸ਼ਾਮ ਨੂੰ ਹੱਟੀਓਂ ਦੋ ਮਣ ਮੋਟਾ ਚੌਲ ਭੇਜ ਦੇਣਾ ਨਹੀਂ ਤਾਂ ਭੰਡਣੀ ਹੋਵੇਗੀ।"

ਦਰਦ ਭਰੀ ਲਜਿਆ ਨਾਲ ਕਿਸ਼ਨ ਦਾ ਸਿਰ ਹੋਰ ਵੀ ਝੁਕ ਗਿਆ। ਉਹ ਅਪਣੀ ਮਾਂ ਦਾ ਇਕ ਹੀ ਪੁਤ੍ਰ ਸੀ। ਇਹ ਤਾਂ ਪਤਾ ਨਹੀਂ ਕਿ ਉਸਦੀ ਦੁਖੀਆ ਮਾਂ ਉਹਨੂੰ ਬਰੀਕ ਜਾਂ ਵਧੀਆ ਚੌਲ ਖਿਲਾਉਦੀ ਸੀ ਜਾਂ ਨਹੀਂ ਪਰ ਏਨੀ ਗੱਲ ਜ਼ਰੂਰ ਸੀ ਕਿ ਉਸਨੂੰ ਢਿੱਡ ਭਰ ਕੇ ਖਾਣ ਬਦਲੇ ਨੀਵੀਂ ਪਾਉਣੀ ਕਦੇ ਨਹੀਂ ਸੀ ਪਈ। ਉਹਨੂੰ ਚੇਤਾ ਆਇਆ ਕਿ ਖੂਬ ਢਿੱਡ ਭਰ ਕੇ ਖਾਣ ਤੇ ਵੀ ਮੈਂ ਅਪਣੀ ਮਾਂ ਦੀ ਹੋਰ ਖੁਲਾਉਣ ਦੀ ਖਾਹਿਸ਼ ਨੂੰ ਨਹੀਂ ਸਾਂ ਰੋਕ ਸਕਦਾ। ਉਹਨੂੰ ਇਹ ਵੀ ਚੇਤਾ ਆਇਆ ਕਿ ਕੁਝ ਚਿਰ ਪਹਿਲਾਂ ਅਪਣੀ ਮਾਂ ਪਾਸੋਂ ਕੁਝ ਖਰੀਦਣ ਲਈ, ਦੋ ਚਾਰ ਕੜਛੀਆਂ ਜ਼ਿਆਦਾ ਚੌਲ ਖਾ ਕੇ ਹੀ ਪੈਸੇ ਵਸੂਲ ਕੀਤੇ ਸਨ।

ਉਹਦੀਆਂ ਦੋਹਾਂ ਅੱਖਾਂ ਵਿੱਚੋਂ ਵੱਡੇ ੨ ਅੱਥਰੂ ਥਾਲੀ ਵਿਚ ਡਿਗਣ ਲੱਗੇ ਤੇ ਉਸੇ ਤਰਾਂ ਹੀ ਉਹ ਚੌਲ ਖਾਂਦਾ ਰਿਹਾ। ਉਹਨੂੰ ਏਨਾਂ ਹੌਂਸਲਾ ਵੀ ਨ ਪਿਆ ਕਿ ਖੱਬੇ ਹੱਥ ਨਾਲ ਅੱਖਾਂ ਦੇ ਅੱਥਰੂ ਹੀ ਪੂੰਝ ਲਏ। ਉਹ ਡਰਦਾ ਸੀ ਕਿ ਕਿਤੇ ਭੈਣ ਨ ਵੇਖ ਲਏ। ਅਜੇ ਥੋੜਾ ਚਿਰ ਪਹਿਲਾਂ ਐਵੇਂ ਝੂਠ ਮੂਠ ਅੱਖਾਂ ਪੂੰਝਣ ਦੇ ਅਪ੍ਰਾਧ ਵਿਚ ਝਿੜਕ ਖਾ ਚੁਕਾ ਸੀ ਤੇ ਇਹ ਝਿੜਕ ਹੀ ਉਹਦੇ ਐਡੇ ਵੱਡੇ, ਮਾਂ ਦੇ ਹਿਰਖ ਨੂੰ ਦਬਾ ਬੈਠੀ ਸੀ।