ਸਰਦਾਰ ਭਗਤ ਸਿੰਘ/ਸ: ਭਗਤ ਸਿੰਘ ਤੋਂ ਪਹਿਲਾਂ ਤੇ ਪਿਛਲੇ ਸ਼ਹੀਦਾਂ ਦੀ ਕਹਾਣੀ

ਵਿਕੀਸਰੋਤ ਤੋਂ
ਸਰਦਾਰ ਭਗਤ ਸਿੰਘ ਗਿਆਨੀ ਤ੍ਰਿਲੋਕ ਸਿੰਘ ਜੀ
ਸ: ਭਗਤ ਸਿੰਘ ਤੋਂ ਪਹਿਲਾਂ ਤੇ ਪਿਛਲੇ ਸ਼ਹੀਦਾਂ ਦੀ ਕਹਾਣੀ

ਸ੍ਰ: ਭਗਤ ਸਿੰਘ ਤੋਂ ਪਹਿਲਾਂ ਤੇ

ਪਿਛਲੇ

ਸ਼ਹੀਦਾਂ ਦੀ ਕਹਾਣੀ

ਸ੍ਵਤੰਤ੍ਰਤਾ ਕੁਰਬਾਨੀ ਨਾਲ ਆਉਂਦੀ ਹੈ। ਜਿਨ੍ਹਾਂ ਵੀ ਦੇਸ਼ਾਂ ਦੀ ਜਨਤਾ ਨੇ ਗੁਲਾਮੀ, ਮਾੜੀ ਸ਼ਹਿਨਸ਼ਾਹੀਅਤ ਅਤੇ ਸਰਮਾਏਦਾਰੀ ਸਾਮਰਾਜ ਦੇ ਵਿਰੁਧ ਘੋਲ ਕੀਤਾ ਹੈ, ਉਸ ਨੂੰ ਫਤਹ ਤੋਂ ਪਹਿਲਾਂ ਜਾਨ ਤੇ ਮਾਲ ਦੀ ਭਾਰੀ ਕੁਰਬਾਨੀ ਦੇਣੀ ਪਈ ਹੈ। ਫਰਾਂਸ ਰੂਸ ਅਤੇ ਚੀਨ ਦੀ ਜਨਤਾ ਨੂੰ ਤਾਂ ਆਪਣੇ ਬੱਚਿਆਂ ਦੇ ਲਹੂ ਵਿਚ ਨ੍ਹਾਉਣਾ ਪਿਆ ਹੈ। ਪੂਰੇ ਚਾਲੀ ਸਾਲ ਕਠਣ ਘੋਲ ਕਰਨ ਪਿੱਛੋਂ ਅਜ ਚੀਨ ਦੀ ਜਨਤਾ ਨੇ ਸਰਮਾਏਦਾਰੀ, ਧੱਕੜਸ਼ਾਹੀ, ਨੌਕਰਸ਼ਾਹੀ ਅਤੇ ਸ਼ਹਿਨਸ਼ਾਹੀਅਤ ਤੋਂ ਮਸਾਂ ਛੁਟਕਾਰਾ ਪਾਇਆ ਹੈ। ਹੁਣ ਕੋਰੀਆ ਦੀ ਜਨਤਾ ਸਚੀ ਸ੍ਵਤੰਤ੍ਰਤਾ ਵਾਸਤੇ ਲਾਲਚੀ ਸਰਮਾਏਦਾਰੀ ਸਾਮਰਾਜਾਂ ਨਾਲ ਜਾਨ ਤੋੜਕੇ ਲੜ ਰਹੀ ਹੈ।

ਅੰਗਰੇਜ਼ੀ ਸਾਮਰਾਜ ਦੇ ਵਿਰੁਧ ਹਿੰਦੀਆਂ ਨੇ ਸੰਨ ੧੮੫੭ ਵਿਚ ਪਹਿਲੀ ਬਗ਼ਾਵਤ ਕੀਤੀ। ਉਹ ਬਗ਼ਾਵਤ ਫੇਹਲ ਹੋ ਗਈ। ਹਜ਼ਾਰਾਂ ਹਿੰਦੀ ਆਪਣੀਆਂ ਜਾਨਾਂ ਕੁਰਬਾਨ ਕਰ ਗਏ। ਉਸਦੇ ਫੇਹਲ ਹੋਣ ਦੇ ਕੁਝ ਕੁ ਕਾਰਨ ਇਹ ਸਨ ਕਿ ਲੀਡਰੀ ਰਾਜਿਆਂ ਤੇ ਸ਼ਾਹਜ਼ਾਦਿਆਂ ਦੇ ਹੱਥ ਸੀ। ਉਹ ਕੁਝ ਆਪਣੀਆਂ ਖੁੱਸੀਆਂ ਰਿਆਸਤਾਂ ਹਾਸਲ ਕਰਨਾ ਚਾਹੁੰਦੇ ਸਨ। ਜਨਤਾ ਜਥੇ ਬੰਦ ਨਹੀਂ ਸੀ, ਜਨਤਾ ਤੇ ਰਾਜਿਆਂ ਦੇ ਲਾਭ ਅੱਡਰੇ ਅੱਡਰੇ ਸਨ। ਖੁਦਗ਼ਰਜ਼ੀ ਦਾ ਬੋਲ ਬਾਲਾ ਸੀ। ਭਾਵੇਂ ਉਹ ਬਗ਼ਾਵਤ ਫੇਹਲ ਹੋਈ। ਗੋਰਾ ਤਾਕਤ ਨੇ ਦਬਾ ਦਿੱਤਾ। ਪਰ ਬਹਾਦਰ ਹਿੰਦੀਆਂ ਨੇ ਆਪਣੇ ਵਤਨ-ਪਿਆਰ ਦਾ ਚੰਗਾ ਸਬੂਤ ਦਿੱਤਾ। ਮੇਰਠ, ਲਖਨਊ, ਕਾਹਨਪੁਰ ਤੇ ਦਿਲੀ ਵਿੱਚ ਗੋਰਿਆਂ ਨਾਲ ਚੰਗੀ ਟੱਕਰ ਲਈ ਤੋ ਸ਼ਹੀਦੀਆਂ ਪ੍ਰਾਪਤ ਕੀਤੀਆਂ।

ਸਿੱਖ ਰਾਜ ਦਾ ਅੰਤ ਹੋ ਗਿਆ ਪਿਆਰਾ ਪੰਜਾਬ ਆਪਣੀ ਸ੍ਵਤੰਤ੍ਰਤਾ ਖੋਹ ਬੈਠਾ। ਸਿੱਖ ਰਾਜ ਦੀਆਂ ਫੌਜਾਂ ਨੂੰ ਤੋੜ ਦਿੱਤਾ ਗਿਆ। ਫੌਜਾਂ ਟੁਟਣ ਤੇ ਫੋਜੀ ਸਿਪਾਹੀ ਤੇ ਅਫਸਰ ਘਰੀਂ ਆ ਬੈਠੇ। ਜੋ ਅਫਸਰ ਅਣਖੀਲੇ ਸਿਖੀ ਪਿਆਰ ਅਤੇ ਸਿਖ ਰਾਜ ਦੀ ਮਹਾਨਤਾ ਦੇ ਆਸ਼ਕ ਸਨ, ਉਨ੍ਹਾਂ ਨੇ ਸਿਖ ਰਾਜ ਦੇ ਜਾਣ ਤੇ ਸਿਖ ਫੌਜਾਂ ਦੀ ਤਾਕਤ ਦੇ ਖੇਰੂ ਖੇਰੂ ਹੋਣ ਨੂੰ ਬਹੁਤ ਅਨਭਵ ਕੀਤਾ, ਉਨ੍ਹਾਂ ਦੇ ਦਿਲ ਛਾਨਣੀ ਹੋ ਗਏ। ਪਰ ਉਹ ਬਿਨਾਂ ਹਮਦਰਦੀ ਜਾਂ ਦਿਲ ਵਿੱਚ ਪੀੜਾ ਨੱਪਣ ਦੇ ਹੋਰ ਕੁਝ ਕਰ ਨਹੀਂ ਸਕਦੇ ਸਨ। ਕਿਉਂਕਿ ਉਹ ਨਿਰਬਲ ਸਨ। ਕਿਸੇ ਰਾਜ ਨਾਲ ਸਬੰਧਤ ਨਹੀਂ ਸਨ ਉਨ੍ਹਾਂ ਦੀ ਆਤਮਾਂ ਬਦੇਸ਼ੀ ਰਾਜ ਦੇ ਵਿਰੁੱਧ ਤੜਪ ਰਹੀ ਸੀ।

ਉਪਰੋਕਤ ਅਣਖੀਲੇ, ਦੇਸ਼ ਦਰਦੀ, ਗੁਰ ਸਿੱਖ ਅਤੇ ਸ੍ਵਤੰਤ੍ਰਤਾ ਦੇ ਪ੍ਰੇਮੀਆਂ ਵਿਚੋਂ ਇੱਕ ਬਾਬਾ ਰਾਮ ਸਿੰਘ ਜੀ ਨਾਮਧਾਰੀ ਸਨ[1]। ਆਪ ਸਿੱਖ ਰਾਜ ਸਮੇਂ ਕੰਵਲ ਨੌ ਨਿਹਾਲ ਸਿੰਘ ਜੀ ਦੇ ਤੋਪਖਾਨੇ ਵਿੱਚ ਨੌਕਰ ਸਨ। ਪਲਟਨਾਂ ਟੁਟਣ ਵੇਲੇ ਘਰ ਪੁਜਣ ਦੀ ਥਾਂ ਬਾਬਾ ਬਾਲਕ ਸਿੰਘ ਜੀ ਜਗਿਆਸੀ ਕੋਲ ਹਜ਼ਰੋ ਜ਼ਿਲਾ ਰਾਵਲਪਿੰਡੀ ਵਿੱਚ ਪੁੱਜ ਗਏ। ਕੁਝ ਚਿਰ ਨਾਮ ਦਾ ਅਭਿਆਸ ਕਰਨ ਪਿੱਛੋਂ ਆਪਣੇ ਪਿੰਡ ਭੈਣੀ ਆ ਗਏ। ਆਪ ਨੇ ਨਾਮਧਾਰੀ ਸੰਪਰਦਾਇ ਦਾ ਮੁਢ ਬੰਨ੍ਹਿਆਂ, ਇਨ੍ਹਾਂ ਦੇ ਚੇਲਿਆਂ ਨੂੰ ਨਾਮਧਾਰੀ ਜਾਂ ਕੂਕੇ ਆਖਿਆ ਜਾਣ ਲੱਗਾ। ਬਾਬਾ ਜੀ ਆਪ ਤੇ ਉਨ੍ਹਾਂ ਦੇ ਚੇਲੇ ਅੰਗ੍ਰੇਜ਼ੀ ਰਾਜ ਅਤੇ ਬਦੇਸ਼ੀ ਚੀਜ਼ਾਂ ਦੀ ਵਰਤੋਂ ਦੇ ਕੱਟੜ ਵਿਰੋਧੀ ਹੋ ਗਏ। ਜਿਨ੍ਹਾਂ ਵੀ ਫੌਜੀ ਨੌ-ਜੁਆਨਾਂ ਨੂੰ ਅੰਗ੍ਰੇਜ਼ ਦੇ ਵਿਰੁਧ ਕੋਈ ਗੁਸਾ-ਗਿਲਾ ਸੀ ਉਹ ਘਰ ਛੱਡ ਕੇ ਬਾਬਾ ਜੀ ਕੋਲ ਆ ਗਏ। ਸਿੱਖ ਰਾਜ ਵੇਲੇ ਅੰਮ੍ਰਿਤਸਰ ਤੇ ਹੋਰ ਕਈਆਂ ਸ਼ਹਿਰਾਂ ਵਿਚ "ਗਊ-ਕਤਲ" ਦੇ ਬੁਚੜਖਾਨੇ ਨਹੀਂ ਸਨ ਨਾ ਕਿਸੇ ਦਿਨ ਦਿਹਾਰ ਤੇ ਗਊ ਮਾਰੀ ਜਾਂਦੀ ਸੀ। ਪਰ ਸਿੱਖ ਰਾਜ ਦੇ ਅੰਤ ਪਿੰਛੋਂ ਅੰਮ੍ਰਿਤਸਰ ਵਰਗੇ ਸ਼ਹਿਰਾਂ ਵਿਚ ਵੀ "ਗਊ ਖੂਨ" ਹੋਣ ਲੱਗਾ। ਇਹ ਵੇਖ ਤੇ ਸੁਣ ਕੇ ਬਾਬਾ ਰਾਮ ਸਿੰਘ ਜੀ ਨੂੰ ਬਹੁਤ ਦੁਖ ਹੋਇਆ। ਉਹਨਾਂ ਨੇ ਦੂਰਅੰਦੇਸ਼ੀ ਨਾਲ ਸਮਝਿਆ ਤੇ ਸੋਚਿਆ ਕਿ ਬੁਚੜਖਾਨਿਆਂ


ਦਾ ਖੁਲ੍ਹਣਾ ਅੰਗ੍ਰੇਜ਼ ਦੀ ਬੇਈਮਾਨੀ ਤੇ ਚਾਲ ਹੈ। ਉਹ ਸਿੱਖਾਂ ਨੂੰ ਕਮਜ਼ੋਰ ਕਰਨਾ ਚਾਹੁੰਦਾ ਤੇ ਉਹਨਾਂ ਦੇ ਧਾਰਮਿਕ ਵਲਵਲੇ ਤੇ ਨਿਸਚੇ ਨੂੰ ਕੁਚਲਣਾ ਚਾਹੁੰਦਾ ਹੈ। ਉਨ੍ਹਾਂ ਆਪਣੇ ਚੇਲਿਆਂ ਸਮੇਤ ਬੁਚੜਾਂ, ਮੜ੍ਹੀਆਂ, ਮਸਾਣੀਆਂ, ਮਨ-ਮਤੀਆਂ ਦੇ ਵਿਰੁਧ ਜਜ਼ਬਾ ਪੈਦਾ ਕੀਤਾ। ਥੋੜੇ ਸਮੇਂ ਵਿਚ ਹੀ ਜਿਸਦਾ ਇਹ ਅਸਰ ਹੋਇਆ ਕਿ ਅੰਮ੍ਰਿਤਸਰ, ਰਾਏਕੋਟ, ਮਲੌਦ, ਮਲੇਰ ਕੋਟਲਾ ਦੇ ਬੁਚੜਾਂ ਉਤੇ ਨਾਮ ਧਾਰੀਆਂ ਨੇ ਹਮਲੇ ਕੀਤੇ। ਬੁਚੜਾਂ ਨੂੰ ਮਾਰਿਆ ਗਿਆ। ਉਨ੍ਹਾਂ ਬੁਚੜਾਂ ਦੇ ਕਤਲਾਂ ਬਦਲੇ ਨਾਮਧਾਰੀ ਸਿੰਘਾਂ ਨੂੰ ਵੱਡੀ ਕੁਰਬਾਨੀ ਕਰਨੀ ਪਈ। ਅੰਮ੍ਰਤਸਰ ਦੇ ਬੁਚੜਾਂ ਦੇ ਮਾਰਨ ਦੇ ਦੋਸ਼ ਵਿਚ ਇਨ੍ਹਾਂ ਸਿੰਘਾਂ ਨੂੰ ਫਾਂਸੀ ਦੀ ਸਜ਼ਾ ਹੋਈ:-

(੧) ਭਾਈ ਫਤਹਿ ਸਿੰਘ ਦੁਕਾਨਦਾਰ ਅੰਮ੍ਰਤਸਰ
(੨) ਭਾ: ਵੀਹਲਾ ਸਿੰਘ ਪਿੰਡ ਨਾਰਲੀ, ਲਾਹੌਰ
(੩) ਹਾਕਮ ਸਿੰਘ ਪਿੰਡ ਮੌੜੇ ਅੰਮ੍ਰਤਸਰ।
(੪) ਭਾ: ਲਹਿਣਾ ਸਿੰਘ ਰੰਧਾਵੇ ਪਖੋਕੇ ਗੁਰਦਾਸਪੁਰ
ਕਾਲੇ ਪਾਣੀ ਦੀ ਸਜ਼ਾ:-
(੫) ਲਾਲ ਸਿੰਘ ਅੰਮ੍ਰਤਸਰ।
(੬) ਲਹਿਣਾ ਸਿੰਘ ਅੰਮ੍ਰਤਸਰ।

ਰਾਏ ਕੋਟ ਦੇ ਕਤਲ ਦੇ ਸਬੰਧ ਵਿਚ ਜਿਨ੍ਹਾਂ ਨੂੰ ਫਾਂਸੀ ਦੀ ਸਜ਼ਾ ਮਿਲੀ ਉਹ ਭਾਈ ਮਸਤਾਨ ਸਿੰਘ, ਭਾ: ਗੁਰਮੁਖ ਸਿੰਘ ਤੇ ਭਾ: ਮੰਗਲ ਸਿੰਘ ਜੀ ਤੇ ਗਿਆਨੀ ਰਤਨ ਸਿੰਘ ਜੀ ਸਨ।

ਨਾਮਧਾਰੀ ਸਿੰਘਾਂ ਨੂੰ ਸਭ ਤੋਂ ਵਡੀ ਕੁਰਬਾਨੀ ਮਲੇਰ, ਕੋਟਲੇ ਵਿਚ ਕਰਨੀ ਪਈ। ੧੫ ਜਨਵਰੀ ੧੮੭੨ ਨੂੰ ਸੌ ਕੁ ਨਾਮਧਾਰੀ ਸਿੰਘਾਂ ਨੇ ਮਲੇਰ ਕੋਟਲੇ ਉਤੇ ਹੱਲਾ ਬੋਲਿਆ ਸੀ ਸਿੰਘਾਂ ਤੇ ਪੁਲਸ ਵਾਲਿਆਂ ਦੇ ਵਿਚਾਲੇ ਮੁਕਾਬਲਾ ਹੋਇਆ। ਅਹਿਮਦਖਾਨ ਕੋਤਵਾਲ ਤੇ ਸਠ ਸਿਪਾਹੀ ਮਲੇਰ ਕੋਟਲੀਆਂ ਦੇ ਮਰੇ ਅਤੇ ਸਤਾਂ ਕੂਕਿਆਂ ਨੇ ਸ਼ਹੀਦੀ ਪਾਈ। ਲੜਾਈ ਤੇ ਲੁਟ ਮਾਰ ਪਿਛੋਂ ਨਾਮਧਾਰੀਏ ਸ਼ਹਿਰੋਂ ਬਾਹਰ ਨਿਕਲ ਗਏ। ਪਰ ਮਿਸਟਰ ਕਾਵਨ ਡਿਪਟੀ ਕਮਿਸ਼ਨਰ ਦੇ ਯਤਨ ਨਾਲ ਜਥਾ ਘੇਰ ਲਿਆ ਗਿਆ। ਮਿਸਟਰ ਕਾਵਨ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਬਿਨਾਂ ਕਿਸੇ ਮੁਕਦਮਾ ਚਲਾਏ ਦੇ ੪੯ ਨਾਮਧਾਰੀਆਂ ਨੂੰ ਤੋਪਾਂ ਨਾਲ ਉਡਾ ਦਿੱਤਾ। ਇੱਕ ਨੂੰ ਤਲਵਾਰ ਨਾਲ ਕਟ ਕੇ ਟੋਟੇ ਟੋਟੇ ਕੀਤਾ। ਇਸਦੇ ਪਿਛੋਂ ਕਮਿਸ਼ਨਰ ਟੀ. ਡੀ. ਫੌਰਸਾਈਥ ਕੋਟਲੇ ਪਜਾ। ਉਸ ਨੇ ਵੀ ਢਿਲ ਨਾ ਕੀਤੀ। ਬਗਾਵਤ ਦੇ ਦੋਸ਼ ਵਿਚ ਹੇਠ ਲਿਖੇ ੧੬ ਸਿੰਘਾਂ ਨੂੰ ੧੮ ਜਨਵਰੀ ੧੮੭੨ ਈ: ਨੂੰ ਆਪਣੀਆਂ ਅੱਖਾਂ ਸਾਹਮਣੇ ਤੋਪਾਂ ਨਾਲ ਉਡਾਉਣ ਦਾ ਹੁਕਮ ਦਿੱਤਾ:-

(੧) ਭਾਈ ਅਲਬੇਲ ਸਿੰਘ ਪਿੰਡ ਵਾਲੀਆਂ ਪਟਿਆਲਾ
(੨) ਭਾਈ ਰੂੜ ਸਿੰਘ ਪਿੰਡ ਮੱਲੂ ਮਾਜਰਾ ,,
(੩) ਭਾਈ ਕੇਸਰ ਸਿੰਘ ਪਿੰਡ ਗਿੱਲਾਂ ਨਾਭਾ।
(੪) ਭਾਈ ਜੇਠਾ ਸਿੰਘ ਪਿੰਡ ਰੱਬੋਂ ਲੁਧਿਆਣਾ।
(੫) ਭਾਈ ਅਨੂਪ ਸਿੰਘ ਪਿੰਡ ਸਕਰੌਦੀ ਪਟਿਆਲਾ।
(੬) ਭਾਈ ਸੋਭਾ ਸਿੰਘ ਪਿੰਡ ਰੱਬੋ ਲੁਧਿਆਣਾ।
(੭) ਭਾਈ ਵਰਿਆਮ ਸਿੰਘ ਪਿੰਡ ,, ,,
(੮) ਭਾਈ ਸ਼ਾਮ ਸਿੰਘ ਜੋਗੇ ਨਾਭਾ।

(੯) ਭਾਈ ਹੀਰਾ ਸਿੰਘ ਪਿੱਥੋਕੀ ਨਾਭਾ।
(੧੦) ਭਾਈ ਭਗਤ ਸਿੰਘ ਕਾਂਝਲਾ ਪਟਿਆਲਾ।
(੧੧) ਭਾਈ ਹਾਕਮ ਸਿੰਘ ਝਬਾਲ ਅੰਮ੍ਰਿਤਸਰ।
(੧੨) ਭਾਈ ਵਰਿਆਮ ਸਿੰਘ ਮਰਾਜ ਫੀਰੋਜ਼ਪੁਰ।
(੧੩) ਭਾਈ ਸੋਭਾ ਸਿੰਘ ਭੱਦਲ ਨਾਭਾ।
(੧੪) ਸੁਜਾਨ ਸਿੰਘ ਰੱਬੋਂ ਲੁਧਿਆਣਾ।
(੧੫) ਬੇਲਾ ਸਿੰਘ ਲੁਧਿਆਣਾ।
(੧੬) ਜਵਾਹਰ ਸਿੰਘ ਵਾਲੀਆ ਪਟਿਆਲਾ[2]

ਇਨ੍ਹਾਂ ਤੋਂ ਬਿਨਾਂ ਕਈਆਂ ਨੂੰ ਉਮਰ ਕੈਦ ਦੀ ਸਜ਼ਾ ਦੇ ਕੇ ਕਾਲੇ ਪਾਣੀਆਂ ਨੂੰ ਤੋਰਿਆ ਗਿਆ। ਬਾਬਾ ਰਾਮ ਸਿੰਘ ਜੀ ਨੂੰ ਮਿਸਟਰ ਫੋਰਸਾਈਬ ਨੇ ਆਪਣੇ ਹੁਕਮ ਨਾਲ ਜਲਾਵਤਨ ਕੀਤਾ। ਅਲਾਹਬਾਦ ਦੇ ਜੇਹਲ ਖਾਨੇ ਵਿਚ ਕੁਝ ਚਿਰ ਰਖਣ ਪਿੱਛੋਂ ਆਪ ਨੂੰ ਰੰਗੂਨ ਭੇਜ ਦਿੱਤਾ ਗਿਆ। ਜਿਥੇ ਆਪ ਸੰਨ ੧੮੮੫ ਵਿੱਚ ਅਕਾਲ ਚਲਾਣਾ ਕਰ ਗਏ। ਨਾਮਧਾਰੀਆਂ ਦੀਆਂ ਸ਼ਹੀਦੀਆਂ ਬਾਬਾ ਰਾਮ ਸਿੰਘ ਜੀ ਤੇ ਉਨ੍ਹਾਂ ਦੇ ਬਹੁਤ ਸਾਰੇ ਸਾਥੀਆਂ ਦੀਆਂ ਜਲਾਵਤਨੀਆਂ ਦੀਆਂ ਲੰਮੇਰੀਆਂ ਕੈਦਾਂ ਨੇ ਭਾਰਤ ਦੀ ਆਜ਼ਾਦੀ ਦੀ ਲਹਿਰ ਨੂੰ ਚੰਗੀ ਹਵਾ ਦਿੱਤੀ। ਏਸੇ ਸਾਲ (੧੮੮੫) ਵਿੱਚ ਹੀ ਸਰਬ ਹਿੰਦ ਕੌਮੀ ਕਾਂਗਰਸ ਦੀ ਨੀਂਹ ਰਖੀ ਗਈ। ਦੋ ਸਾਲ (੧੮੮੭) ਪਿੱਛੋਂ ਹਿੰਦੁਸਤਾਨ ਦੀ ਆਜ਼ਾਦੀ ਦੀਆਂ ਵਿਉਂਤਾਂ ਸੋਚਦਾ ਹੋਇਆ ਜਲਾਵਤਨ ਮਹਾਰਾਜਾ ਦਲੀਪ


ਸਿੰਘ ਫਰਾਂਸ ਵਿੱਚ ਚਲਾਣਾ ਕਰ ਗਿਆ। ਉਸ ਦੀ ਰੂਹ ਨੇ ਵੀ ਕਈਆਂ ਭਾਰਤੀਆਂ ਦੇ ਲਹੂ ਨੂੰ ਗਰਮਾਇਆ।

ਵੀਹਵੀਂ ਸਦੀ ਸ਼ੁਰੂ ਹੋ ਗਈ, ਭਾਰਤ ਦੀ ਜਨਤਾ ਖਾਸ ਕਰਕੇ ਨੌਜੁਆਨ ਤਬਕੇ ਨੇ ਗੁਲਾਮੀ ਦੇ ਭਾਰ ਨੂੰ ਅਨੁਭਵ ਕੀਤਾ ਸ੍ਵਤੰਤ੍ਰਤਾ ਨੂੰ ਹਾਸਲ ਕਰਨ ਵਾਸਤੇ ਉਨਾਂ ਨੇ ਕਮਰ ਕੱਸੇ ਕੀਤੇ। ਜੀਵਨ ਦੀ ਬਾਜ਼ੀ ਲਾਉਣ ਦੀ ਸੌਂਹ ਚੁਕ ਲਈ ਉਨਾਂ ਦੇਸ ਪ੍ਰੇਮੀਆਂ ਵਿਚੋਂ ਖੁਦੀ ਰਾਮ ਬੋਸ, ਪ੍ਰ੍ਰਫੁਲ ਕੁਮਾਰ, ਕਨਰਾਲੀ ਲਾਲ ਦਤ, ਸ: ਅਜੀਤ ਸਿੰਘ ਤੇ ਲਾ: ਲਾਜਪਤ ਰਾਏ ਜਹੇ ਕੁਝਕੁ ਚੋਣਵੇਂ ਸਜਨ ਸਨ। ਜਿਨਾਂ ਨੇ ਸੁਤੇ ਦੇਸ਼ ਨੂੰ ਜਗਾਉਣ ਦਾ ਯਤਨ ਕੀਤਾ, ਖੁਦੀ ਰਾਮ ਬੋਸ ਨੇ ਚੰਦਰੇ ਅੰਗਰੇਜ਼ ਅਫਸਰ ਨੂੰ ਮਾਰਿਆ ਜੋ ਹਿੰਦੁਸਤਾਨੀਆਂ ਨੂੰ ਕਰੜੀਆਂ ਸਜ਼ਾਵਾਂ ਦੇਂਦਾ ਤੇ ਜ਼ਲੀਲ ਕਰਦਾ ਸੀ। ਉਸੇ ਦੋਸ਼ ਵਿਚ ਆਪ ਨੂੰ ਫਾਂਸੀ ਦੀ ਰਸੀ ਗਲ ਪਵਾਉਣੀ ਪਈ ਤੇ ਸ਼ਹੀਦ ਹੋ ਗਿਆ। ਸਰਦਾਰ ਅਜੀਤ ਸਿੰਘ ਜੀ (ਸਰਦਾਰ ਭਗਤ ਸਿੰਘ ਦੇ ਚਾਚੇ) ਨੂੰ ਜਲਾ ਵਤਨ ਕੀਤਾ ਗਿਆ। ਹਿੰਦੁਸਤਾਨ ਅਜ਼ਾਦ ਹੋਣ ਪਿਛੋਂ ਵਤਨ ਆਏ ਤੇ ਕੁਝ ਸਾਲ ਹੋਏ ਨੇ ਉਨ੍ਹਾਂ ਦਾ ਦੇਹਾਂਤ ਹੋ ਗਿਆ ਹੈ।

ਵੀਹਵੀਂ ਸਦੀ ਦੇ ਸ਼ੁਰੂ ਵਿਚ ਮੰਦਵਾੜਾ ਬਹੁਤਸੀ ਪੰਜਾਬ ਵਰਗੇ ਰਜੇ-ਪੁਜੇ ਸੂਬੇ ਦੀ ਆਮ ਜਨਤਾ ਪਾਈ ਪਾਈ ਨੂੰ ਤੰਗ ਸੀ, ਜ਼ਮੀਨਾਂ ਵਾਲੇ ਜ਼ਮੀਨ ਦਾ ਮਾਮਲਾ ਵੀ ਨਹੀਂ ਸਨ ਤਾਰ ਸਕਦੇ। ਪੈਸੇ ਦੀ ਥੁੜੋਂ ਕਰਕੇ ਅੰਨ ਤੋਂ ਬਿਨਾਂ ਜੀਵਨ ਦੀਆਂ ਹੋਰ ਲੋੜਾਂ ਪੂਰੀਆਂ ਨਹੀਂ ਸਨ ਹੁੰਦੀਆਂ। ਬੰਗਾਲੀ, ਮਦਰਾਸੀ ਅਤੇ ਪੰਜਾਬੀ ਪੈਸੇ ਕਮਾਉਣ ਵਾਸਤੇ ਪ੍ਰਦੇਸ਼ਾਂ ਨੂੰ ਤੁਰ ਪਏ। ਅਨਪੜ ਹੋਣ ਕਰਕੇ ਸਭ ਨੂੰ ਮਜ਼ਦੂਰੀ ਕਰਨੀ ਪੈਂਦੀ ਸੀ, ਬ੍ਰਹਮਾ, ਮਲਾਯਾ, ਹਾਂਗਕਾਂਗ, ਸ਼ੰਘਾਈ ਮਨੀਲਾ ਅਤੇ ਅਫਰੀਕਾ ਵਿਚ ਹਿੰਦੀਆਂ ਦੀ ਗਿਣਤੀ ਚੋਖੀ ਹੌ ਗਈ, ਆਪਣੇ ਬਲ ਤੇ ਈਮਾਨਦਾਰੀ ਦੇ ਕਾਰਨ ਪੰਜਾਬੀਆਂ ਨੇ ਉਪਰੋਕਤ ਦੇਸ਼ਾਂ ਵਿਚ ਬਹੁਤ ਮਾਨ ਪ੍ਰਾਪਤ ਕੀਤਾ, ਪੈਸੇ ਵੀ ਚੰਗੇ ਕਮਾਏ। ਮਲਾਯਾ ਤੇ ਚੀਨ ਵਿਚੋਂ ਕੁਝਕੁ ਪੰਜਾਬੀ ਅਮਰੀਕਾ ਚਲੇ ਗਏ। ਅੰਗਰੇਜ਼ੀ ਸਾਮਰਾਜ ਦੀ ਨੌਕਰਸ਼ਾਹੀ ਸਰਕਾਰ ਹਿੰਦੀਆਂ ਦਾ ਪ੍ਰਦੇਸ਼ਾਂ ਵਿਚ ਖੁਲ੍ਹਾ ਫਿਰਨਾ, ਪੈਸੇ ਕਮਾਉਣਾ ਤੇ ਚੰਗੇਰੀ ਸੂਝ-ਬੂਝ ਹਾਸਲ ਕਰਨਾ ਚੰਗਾ ਨਹੀਂ ਸੀ ਸਮਝਦੀ ਉਸ ਸਰਕਾਰ ਤੇ ਉਹਦੇ ਚਾਟੜਿਆਂ ਨੇ ਹਿੰਦੀਆਂ ਨੂੰ ਤੰਗ ਕੀਤਾ। ਉਸ ਤੰਗੀ ਦਾ ਨਤੀਜਾ ਇਹ ਨਿਕਲਿਆ ਕਿ ਪ੍ਰਦੇਸੀ ਹਿੰਦੀ ਹਿੰਦ ਨੂੰ ਆਜ਼ਾਦ ਕਰਾਉਣ ਦੇ ਦੀਵਾਨੇ ਹੋ ਗਏ। ਲਖਾਂ ਦੀਆਂ ਜਾਇਦਾਦਾਂ ਤੇ ਅਨੇਕਾਂ ਪ੍ਰਕਾਰ ਦੇ ਸੁਖਾਂ ਨੂੰ ਛਡਕੇ ਆਪਣੇ ਵਤਨ ਆਏ ਤੇ ਹਿੰਦ ਦੀ ਜਨਤਾ ਨੂੰ ਨਾਲ ਲੈਕੇ ਉਨ੍ਹਾਂ ਨੇ ਅੰਗਰੇਜ਼ੀ ਸਾਮਰਾਜ ਦੇ ਵਿਰੁਧ ਘੋਲ ਸ਼ੁਰੂ ਕਰਨਾ ਚਾਹਿਆ। ਪਰ ਅੰਗਰੇਜ਼ ਦੇ ਖਰੀਦੇ ਹੋਏ ਗ਼ਦਾਰ' ਹਿੰਦੁਸਤਾਨੀਆਂ ਨੇ ਮੁਕਬਰੀਆਂ ਕਰਕੇ ਉਨ੍ਹਾਂ ਦੀਆਂ ਸਕੀਮਾਂ ਨੇਪਰੇ ਨਾ ਚੜ੍ਹਨ ਦਿਤੀਆਂ। ਉਨ੍ਹਾਂ ਦੇਸ਼ ਭਗਤਾਂ ਵਿਚੋਂ ਮਸ਼ਹੂਰ ਸਜਨ ੧੯੧੪-੧੫ ਵਾਲੇ ਬਾਬੇ, ਭਾ: ਗੁਰਦਿਤ ਸਿੰਘ ਜੀ ਸਰਹਾਲੀ (ਅੰਮ੍ਰਤਸਰ) ਤੇ ਉਨ੍ਹਾਂ ਦੇ ਸਾਥੀ ਗੁਰੁ ਨਾਨਕ ਜਹਾਜ਼ ਵਾਲੇ, ਸ੍ਰੀ ਰਾਸ਼ ਬਿਹਾਰੀ ਬੋਸ ਤੇ ਉਨ੍ਹਾਂ ਦੇ ਬੰਗਾਲੀ ਸਾਥੀ ਹਨ। ਜਿਨਾਂ ਦੀਆਂ ਕੁਰਬਾਨੀਆਂ ਤੇ ਜੀਵਨ ਘਟਨਾਵਾਂ ਵਾਸਤੇ ਇਕ ਵਡੇ ਗ੍ਰੰਥ ਨੂੰ ਲਿਖਣ ਦੀ ਲੋੜ ਹੈ। ਬਾ: ਸੋਹਣ ਸਿੰਘ ਜੀ ਭਰਨਾ, ਬਾ: ਜਵਾਲਾਸਿੰਘ ਜੀ ਸ: ਕਰਤਾਰ ਸਿੰਘ ਜੀ ਸਰਾਭਾ ਆਦਿ ਨੂੰ ਫੜਕੇ ਸਰਕਾਰ ਵਲੋਂ ਲਾਹੌਰ ਸਾਜ਼ਸ਼ ਕੇਸ ਚਲਾਇਆ ਗਿਆ। ਉਹ ਮੁਕਦਮਾ ਸੰਟਰਲ ਜੇਹਲ ਲਾਹੌਰ ਵਿਚ ਚਲਿਆ ਤੇ ੨੩ ਸਤੰਬਰ ੧੯੧੫ ਨੂੰ ਤ੍ਰੇਹਠਾਂ ਮੁਲਜ਼ਮਾਂ (ਰਾਜਸੀ ਦੋਸ਼ੀਆਂ) ਦੇ ਮੁਕਦਮੇ ਦਾ ਫੈਸਲਾ ਸੁਣਾਇਆ ਗਿਆ, ਅਦਾਲਤ ਨੇ ਨਿਰਦੇਸ਼ੇ ਦੇਸ਼-ਭਗਤਾਂ ਨੂੰ ਬਗਾਵਤ, ਕਤਲ, ਡਕੈਤੀ ਦੇ ਝੂਠੇ ਦੋਸ਼ ਠੱਪਕੇ ੨੪ ਸਜਨਾਂ ਨੂੰ ਫਾਂਸੀ ਦਾ ਹੁਕਮ ਤੇ ਬਾਕੀ ਦਿਆਂ ਨੂੰ ਲੰਮੀਆਂ ਸਜ਼ਾਵਾਂ ਸੁਣਾ ਦਿੱਤੀਆਂ।

ਲਾਰਡ ਹਾਰਡਿੰਗ ਵਾਇਸਰਾਏ ਹਿੰਦ ਨੇ ਫਾਂਸੀ ਵਾਲੇ ੨੪ ਸਜਨਾਂ ਵਿਚੋਂ ਛਿਆਂ ਦੀ ਬਹਾਲ ਰਖੀ ਤੇ ਦੂਸਰਿਆਂ ਨੂੰ ਉਮਰ ਕੈਦ ਦਾ ਹੁਕਮ ਦਿਤਾ। ਜੇਹੜੇ ਛੇ ਗਭਰੂ ਫਾਂਸੀ ਵਾਲੇ ਸਨ, ਉਨ੍ਹਾਂ ਦੇ ਨਾਮ ਇਹ ਹਨ:-

(੧) ਸਰਦਾਰ ਕਰਤਾਰ ਸਿੰਘ ਸਰਾਭਾ। (੨) ਸਰਦਾਰ ਜਗਤ ਸਿੰਘ ਸੁਰ ਸਿੰਘ (ਅੰਮ੍ਰਿਤਸਰ)। (੩) ਸਰਦਾਰ ਹਰਨਾਮ ਸਿੰਘ ਭਟੀਗਰਾਂ (ਸਿਆਲਕੋਟ)। (੪) ਵਿਸ਼ਨੂੰ ਗਣੇਸ਼ ਪਿੰਗਲੇ ਤਲੇਗਾਉਂ ਪੂਨਾ। (੫) ਸਰਦਾਰ ਬਖਸ਼ੀਸ਼ ਸਿੰਘ। (੬) ਸਰਦਾਰ ਸੁਰੈਣ ਸਿੰਘ ਗਿਲਵਾਲੀ ਜ਼ਿਲਾ ਅੰਮ੍ਰਿਤਸਰ।

ਉਪਰੋਕਤ ਛਿਆਂ ਦੇਸ਼ ਭਗਤਾਂ ਨੂੰ ਲਾਹੌਰ ਸੰਟਰਲ ਜੇਹਲ ਵਿੱਚ ਫਾਂਸੀ ਦਿੱਤਾ ਗਿਆ। ਉਨ੍ਹਾਂ ਵਿਚੋਂ ਸਰਦਾਰ ਕਰਤਾਰ ਸਿੰਘ ਸਰਾਭਾ ਸਭ ਤੋਂ ਛੋਟੀ ਉਮਰ ਦਾ ਸੀ। ਹਵਾਈ ਜਹਾਜ਼ਾਂ ਦੇ ਚਲਾਉਣ ਤੇ ਬਣਾਉਣ ਦਾ ਕੰਮ ਸਿਖ ਕੇ ਅਮ੍ਰੀਕਾ ਤੋਂ ਆਇਆ ਸੀ। ਗ਼ਦਰ ਪਾਰਟੀ ਦੇ ਮੁਖੀਆਂ ਵਿਚੋਂ ਤੇ ਬਗਾਵਤ ਦਾ ਮੋਹਰੀ ਸੀ। ਆਪ ਦੀ ਗ੍ਰਿਫਤਾਰੀ ਵਜ਼ੀਰਾਬਾਦ ਛੌਣੀ ਵਿੱਚ ਹੋਈ ਸੀ।

ਜੇਹੜੇ ਸਜਨ ਪਹਿਲਾਂ ਨਹੀਂ ਸਨ ਫੜੇ ਗਏ। ਉਨ੍ਹਾਂ ਨੂੰ ਪਿਛੋਂ ਗ੍ਰਿਫ਼ਤਾਰ ਕੀਤਾ ਗਿਆ, ਦੂਸਰੇ ਲਾਹੌਰ ਸਾਜ਼ਸ਼ ਕੇਸ ਵਿੱਚ ਉਨ੍ਹਾਂ ਨੂੰ ਲੰਮੀਆਂ ਸਜ਼ਾਵਾਂ ਦੇ ਕੇ ਲਾਹੌਰ, ਮੁਲਤਾਨ, ਮਾਂਡਲੇ ਤੇ ਕਾਲੇ ਪਾਣੀ ਦੀਆਂ ਜੇਹਲਾਂ ਵਿੱਚ ਡੱਕ ਦਿੱਤਾ।

".....ਇਨ੍ਹਾਂ ਦੋ ਸਾਜ਼ਸ਼ ਕੇਸਾਂ ਤੋਂ ਬਿਨਾਂ,' ਜਥੇਦਾਰ ਪ੍ਰਤਾਪ ਸਿੰਘ ਜੀ ਆਪਣੀ ਪੁਸਤਕ "ਅਕਾਲੀ ਲਹਿਰ" ਦੇ ਸਫਾ ੭੦ ਉਤੇ ਲਿਖਦੇ ਹਨ, "......ਹੋਰ ਵੀ ਕਈ ਮੁਕੱਦਮੇ ਚਲਾਏ ਗਏ। ਜਿਨ੍ਹਾਂ ਵਿੱਚ ਪੰਡਤ ਕਾਂਸ਼ੀ ਰਾਮ ਮੜੋਲੀ (ਅੰਬਾਲਾ) ਉੱਤਮ ਸਿੰਘ ਪਿੰਡ ਹੰਸ ਜ਼ਿਲਾ ਲੁਧਿਆਨਾ, ਈਸ਼ਰ ਸਿੰਘ ਢੁਡੀਕੇ, ਧਿਆਨ ਸਿੰਘ ਚੰਦਾ ਸਿੰਘ ਪਿੰਡ ਬੂੜ ਚੰਦ ਜ਼ਿਲਾ ਲਾਹੌਰ, ਜੀਵਨ ਸਿੰਘ ਜਗਤ ਸਿੰਘ ਚੰਦਾ ਸਿੰਘ ਨੰਬਰ ੨ ਧਿਆਨ ਸਿੰਘ ਨੰਬਰ ੨ ਆਦਿਕ ਨੂੰ ਫਾਂਸੀ ਹੋਈ। ਭਾਈ ਲਾਲ ਸਿੰਘ ਨੂੰ ਫੀਰੋਜ਼ਪੁਰ ਫਾਂਸੀ ਦਿੱਤਾ ਗਿਆ।"

"ਸਰਦਾਰ ਲਛਮਨ ਸਿੰਘ ਚੂਸਲੇ ਵਿੰਡ (ਅੰਮ੍ਰਿਤਸਰ) ਇੰਦਰ ਸਿੰਘ ਜੀਉ ਬਾਲਾ, ਇੰਦਰ ਸਿੰਘ ਸ਼ਾਹਬਾਜ਼ਪੁਰ (ਅੰਮ੍ਰਿਤਸਰ) ਬੁਧ ਸਿੰਘ ਢੋਟੀਆਂ, ਮੋਤਾ ਸਿੰਘ ਭਗਤ ਸਿੰਘ ਤੇ ਵਸਾਵਾ ਸਿੰਘ ਰੂੜੀ ਵਾਲਾ, ਗੁਜਰ ਸਿੰਘ, ਜੇਠਾ ਸਿੰਘ ਤੇ ਤਾਰਾ ਸਿੰਘ ਲੌਹਕੇ ਜ਼ਿਲਾ ਅੰਮ੍ਰਿਤਸਰ, ੨੩ ਨੰਬਰ ਰਸਾਲੇ ਦੇ ਦੋ ਸਿੰਘਾਂ ਨੂੰ ਅੰਬਾਲਾ ਜੇਹਲ ਵਿਚ ਫਾਂਸੀ ਦਿਤੀ ਗਈ।"

ਜਥੇਦਾਰ ਜੀ ਅਗੇ ਲਿਖਦੇ ਨੇ "...ਭਾਈ ਬਲਵੰਤ ਸਿੰਘ ਜੀ ਕਨੇਡੀਅਨ, ਨਰਿੰਜਨ ਸਿੰਘ, ਨਰਾਇਣ ਸਿੰਘ, ਮਾਲਾ ਸਿੰਘ, ਚਾਲੀਆ ਰਾਮ, ਸੋਹਣ ਲਾਲ, ਪਾਠਕ ਪੱਟੀ ਤੇ ਵਸਾਵਾ ਸਿੰਘ ਨੂੰ ਬਰਮਾ ਤੇ ਮਲਾਯਾ ਵਿਚ ਬਗ਼ਾਵਤ ਕਰਾਉਣ ਦੇ ਜੁਰਮ ਵਿਚ ਬਰਮਾ ਤੇ ਸਿੰਘਾਪੁਰ ਦੀਆਂ ਜੇਲ੍ਹਾਂ ਵਿਚ ਫਾਂਸੀ ਲਾਇਆ ਗਿਆ।.....ਡਾਕਟਰ ਮਥਰਾ ਦਾਸ ਤੇ ਭਾਈ ਬਾਲ ਮੁਕੰਦ ਧਨੀ ਤੇ ਪੋਠੋਹਾਰ ਦੇ ਸ਼ਹੀਦ ਹਨ। (ਲਾਹੌਰ ਸੰਟਰਲ ਜੇਲ੍ਹ ਵਿਚ ਫਾਂਸੀ ਲਾਇਆ ਗਿਆ ਸੀ)..... (ਸਫਾ ੭੧ ਅਕਾਲੀ ਲਹਿਰ) "..... ਸ: ਆਤਮਾ ਸਿੰਘ ਤੇ ਹਰਨਾਮ ਸਿੰਘ ਠੱਠੀ ਖਾਰਾ (ਜ਼ਿਲਾ ਅੰਮ੍ਰਿਤਸਰ) ਕਾਲਾ ਸਿੰਘ ਜਗਤ ਪੁਰਾ, ਚੰਦਨ ਸਿੰਘ, ਬੂੜ ਚੰਦ (ਲਾਹੌਰ)..... ਜੀਉ ਬਗਾ, ਇੰਦਰ ਸਿੰਘ ਪਧਰੀ, ਅਰਜਨ ਸਿੰਘ ਨਾਮਾ (ਫੀਰੋਜ਼ਪੁਰ),ਸ: ਜਵੰਦ ਸਿੰਘ ਨੰਗਲ ਕਲਾਂ (ਹੁਸ਼ਿਆਰਪੁਰ) ਸ: ਬੂਟਾ ਸਿੰਘ ਛੀਨਾ ਲਧਿਆਨਾ, ਬੰਤਾ ਸਿੰਘ ਖੁਰਦਪੁਰ (ਜਲੰਧਰ), ਬੀਰ ਸਿੰਘ ਬਾਹੋਵਾਲ (ਹੁਸ਼ਿਆਰਪੁਰ) ਡਾ: ਅਰੂੜ ਸਿੰਘ ਸੰਘਵਾਲ (ਜਲੰਧਰ) ਰੰਗਾ ਸਿੰਘ ਖੁਰਦਪੁਰ ਆਦਿਕਾਂ ਨੂੰ ਫਾਂਸੀ ਦਿਤੀ ਗਈ।"

ਭਾਈ ਭਾਗ ਸਿੰਘ ਕਨੇਡੀਅਨ ਤੇ ਬਤਨ ਸਿੰਘ ਨੂੰ ਕਨੇਡਾ ਦੇ ਇੱਕ ਗੁਰਦਵਾਰੇ ਵਿਚ ਹੀ ਬੇਲਾ ਸਿੰਘ ਨਾਮੇ ਪਾਪੀ ਤੇ ਗ਼ਦਾਰ ਨੇ ਅੰਗ੍ਰੇਜ਼ਾਂ ਦੇ ਆਖੇ ਲਗਕੇ ਪਸਤੌਲ ਦੀਆਂ ਗੋਲੀਆਂ ਨਾਲ ਸ਼ਹੀਦ ਕੀਤਾ। ਦੋਹਾਂ ਦੇਸ਼ ਭਗਤਾਂ ਉਤੇ ਜਦੋਂ ਵਾਰ ਕੀਤਾ ਗਿਆ, ਤਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਅਰਦਾਸ ਹੋ ਰਹੀ ਸੀ।

ਬਰਤਾਨਵੀ ਹਕੂਮਤ ਦੀ ਮਸ਼ੀਨਰੀ ਦੇ ਪੁਰਜੇ ਰਾਜਸੀ ਜਾਗਰਤਾ ਨੂੰ ਦਬਾਉਣ ਵਾਸਤੇ ਜਿੰਨਾ ਜ਼ੁਲਮ ਕਰਦੇ ਰਹੇ ਉਤਨੀ ਹੀ ਰਾਜਸੀ ਜਾਗਰਤਾ ਵਧਦੀ ਗਈ। ਗੇਂਦ ਨੂੰ ਸਟ ਲਾਇਆਂ, ਜਿਵੇਂ ਉਹ ਉਪਰ ਨੂੰ ਉਛਲਦਾ ਹੈ ਤਿਵੇਂ ਸ੍ਰਕਾਰ ਦੇਸ਼ ਭਗਤਾਂ ਨੂੰ ਜਿੰਨੀਆਂ ਲੰਮੀਆਂ ਸਜ਼ਾਵਾਂ ਦੇ ਕੇ ਜੇਹਲਾਂ ਵਿਚ ਭੇਜਦੀ ਰਹੀ, ਨੌ ਜੁਆਨਾਂ ਨੂੰ ਫਾਂਸੀਆਂ ਦੇ ਤਖਤਿਆਂ ਉਤੇ ਖਲਿਹਾਰਨ ਵਿਚ ਕਾਮਯਾਬ ਹੁੰਦੀ ਰਹੀ, ਆਜ਼ਾਦੀ ਦਾ ਜਜ਼ਬਾ ਉੱਨਾ ਹੀ ਬਹੁਤਾ ਵਧਦਾ ਗਿਆ। ਨੌ-ਜਵਾਨ ਕਈ ਗੁਣਾ ਵਧ ਗਿਣਤੀ ਵਿਚ ਜਾਨਾਂ ਵਾਰਨ ਵਾਸਤੇ ਤਿਆਰ ਹੁੰਦੇ ਰਹੇ।

ਵੱਡੀ ਲੜਾਈ ਮੁਕ ਗਈ ੧੯੧੯ ਤੱਕ ਅੰਗ੍ਰੇਜ਼ ਨੇ ਆਪਣੀ ਵਲੋਂ ਹਿੰਦ ਦੀਆਂ ਰਾਜਸੀ ਲਹਿਰਾਂ ਨੂੰ ਕਰੜੇ ਕਾਨੂੰਨਾਂ ਤੇ ਲੰਮੀਆਂ ਸਜ਼ਾਵਾਂ ਨਾਲ ਦਬਾ ਦਿੱਤਾ। ਪਰ ਸ੍ਵਤੰਤ੍ਰਤਾ ਦੀਆਂ ਲਹਿਰਾਂ ਸਦਾ ਵਾਸਤੇ ਨਹੀਂ ਦਬਾਈਆਂ ਜਾਂਦੀਆਂ। ੧੯੧੯ ਵਿਚ ਜਲ੍ਹਿਆਂ ਵਾਲੇ ਬਾਗ ਦਾ ਖੂਨੀ ਕਾਂਡ ਹੋ ਗਿਆ। ਜਿਸਦਾ ਪੂਰਾ ਹਾਲ ਏਸੇ ਪੁਸਤਕ ਦੇ ਅਗਲੇ ਕਾਂਡਾਂ ਵਿਚ ਪੜ੍ਹੋਗੇ। ਉਸ ਹੱਤਿਆ ਕਾਂਡ ਨੇ ਸਾਰੇ ਭਾਰਤ ਵਿਚ ਲੰਬੂ ਲਾ ਦਿਤਾ। ਅੰਗ੍ਰੇਜ਼ੀ ਸਾਮਰਾਜ ਤੇ ਅੰਗ੍ਰੇਜ਼ ਨਸਲ ਦੇ ਵਿਰੁਧ ਗੁੱਸੇ ਦਾ ਇਕ ਤੂਫ਼ਾਨ ਉਠ ਪਿਆ। ਸ਼ਾਹਜ਼ਾਦਾ ਬ੍ਰਤਾਨੀਆਂ ਦੌਰੇ ਵਾਸਤੇ ਹਿੰਦ ਆਇਆ। ਮਹਾਤਮਾ ਗਾਂਧੀ ਦੀ ਅਗਵਾਈ ਹੇਠ ਨਾ-ਮਿਲਵਰਤਨ ਲਹਿਰ ਚਲੀ। ਹੜਤਾਲਾਂ ਹੋਈਆਂ ਕਾਲੀਆਂ ਝੰਡੀਆਂ ਨਾਲ ਸ਼ਾਹਜਾਦੇ ਦਾ ਸਵਾਗਤ ਕੀਤਾ ਗਿਆ। ਚੋਰਾਚਾਰੀ ਵਿਚ ਗੋਲੀ ਚਲੀ। ਕਈ ਕਿਸਾਨ ਸ਼ਹੀਦ ਹੋ ਗਏ।

ਪੰਜਾਬ ਦੇ ਵਿਚ ਗੁਰਦੁਵਾਰਾ ਸੁਧਾਰ ਲਹਿਰ ਚਲੀ। ਗੁਰਦੁਵਾਰਾ ਨਨਕਾਣਾ ਸਾਹਿਬ ਵਿਚ ਮਹੰਤ ਨਰੈਣੂ ਨੇ ੮੬ ਸਿੰਘਾਂ ਨੂੰ ਦਰਬਾਰ ਸਾਹਿਬ ਦੇ ਅੰਦਰ ਸ਼ਹੀਦ ਕਰ ਦਿਤਾ। ਉਸ ਸ਼ਹੀਦੀ ਜੱਥੇ ਦੇ ਜਥੇਦਾਰ ਸ: ਲਛਮਣ ਸਿੰਘ ਜੀ ਧਾਰੋਵਾਲੀ ਸਨ। ਜਥੇਦਾਰ ਜੀ ਨੂੰ ਜੰਡ ਨਾਲ ਬੰਨ੍ਹਕੇ ਮਿਟੀ ਦਾ ਤੇਲ ਪਾ ਕੇ ਜੀਉਂਦੇ ਨੂੰ ਸਾੜਿਆ ਗਿਆ। ਬਾਕੀ ੮੫ ਸਿੰਘਾਂ ਦੇ ਅੰਗ ਅੰਗ ਨੂੰ ਕਟਿਆ ਗਿਆ। ਗੁਰੂ ਕਾ ਬਾਗ਼ ਤੇ ਹੋਰ ਮੋਰਚਿਆਂ ਵਿਚ ਸਿੰਘ ਦੀਆਂ ਗ੍ਰਿਫ਼ਤਾਰੀਆਂ ਅਗਿਣਤ ਹੋਈਆਂ, ਪਰ ਸ਼ਹੀਦੀਆਂ ਵਲੋਂ ਮੇਹਰ ਰਹੀ। ਜੈਤੋ ਦੇ ਮੋਰਚੇ ਵਿਚ ੧੬੩ ਸਿੰਘ ਨਾਭਾ ਜੈਤੋ ਦੀਆਂ ਜੇਹਲਾਂ ਵਿਚ ਸ਼ਹੀਦ ਹੋਏ ਤੇ ਬਹੁਤ ਸਾਰੇ ਸਿੰਘ ਪਹਿਲੇ ਜਥੇ ਉਤੇ ਗੋਲੀ ਚਲਣ ਦੇ ਕਾਰਨ ਸ਼ਹੀਦੀਆਂ ਪ੍ਰਾਪਤ ਕਰ ਗਏ। ਪੰਥ ਦੇ ਅਮੋਲਕ ਹੀਰੇ ਸ੍ਰ: ਤੇਜਾ ਸਿੰਘ ਜੀ ਸਮੁੰਦਰੀ ਜੇਹਲ ਵਿਚ ਚੜ੍ਹਾਈ ਕਰ ਗਏ।

ਜਦੋਂ ਕਦੀ ਨਿਰਪੱਖਤਾ ਨਾਲ ਅਜ਼ਾਦੀ ਦੇ ਘੋਲ ਦਾ ਸਹੀ ਇਤਿਹਾਸ ਲਿਖਿਆ ਜਾਵੇਗਾ ਤਦੋਂ 'ਬਬਰ ਅਕਾਲੀਆਂ' ਦੀਆਂ ਕੁਰਬਾਨੀਆਂ ਨੂੰ ਬਹੁਤ ਸਤਿਕਾਰਿਆ ਜਾਵੇਗਾ। ਉਨ੍ਹਾਂ ਦੀਆਂ ਜੀਵਨੀਆਂ ਸੁਨਹਿਰੀ ਅੱਖਰਾਂ ਵਿਚ ਲਿਖੀਆਂ ਜਾਣਗੀਆਂ। 'ਬਬਰ ਅਕਾਲੀ' ਸਚ ਮੁਚ ਹੀ ਬੱਬਰ ਸ਼ੇਰ ਸਨ। ਉਨ੍ਹਾਂ ਦੀ ਦਲੇਰੀ, ਅਣਖ, ਵਤਨ-ਪ੍ਰੇਮ ਦ੍ਰਿੜਤਾ ਅਤੇ ਜੀਵਨ ਮਨੋਰਥ ਇੱਛਾ ਆਪਣੀ ਮਸਾਲ ਆਪ ਸੀ।

ਸੰਸਾਰ ਦੇ ਹਰ ਰਾਜ,ਹਰ ਦੇਸ਼ ਅਤੇ ਹਰ ਪਾਰਟੀ ਵਿਚ ਜੇ ਕਿਸੇ ਨੂੰ ਬਹੁਤ ਬੁਰਾ ਗਿਣਿਆਂ ਜਾਂਦਾ ਹੈ ਤਾਂ ਉਹ ਗ਼ਦਾਰ ਹੁੰਦਾ ਹੈ। 'ਗ਼ਦਾਰ' ਉਸਨੂੰ ਆਖਿਆ ਜਾਂਦਾ ਹੈ, ਜੋ ਦੁਸ਼ਮਨਾਂ ਦੇ ਆਖੇ ਲੱਗ ਕੇ ਆਪਣਿਆਂ ਨੂੰ ਨੁਕਸਾਨ ਪਹੁੰਚਾਵੇ। ਆਪਣੇ ਵਤਨ ਦੇ ਗੁਝੇ ਭੇਤ ਦੁਸ਼ਮਨ ਨੂੰ ਇਸ ਵਾਸਤੇ ਦਸੇ ਕਿ ਦੁਸ਼ਮਨ ਨੇ ਊਸਨੂੰ ਕਿਸੇ ਤਰ੍ਹਾਂ ਦਾ ਕੋਈ ਲਾਲਚ ਦਿੱਤਾ ਹੋਇਆ ਹੋਵੇ। ਪੱਛਮੀ ਦੇਸ਼ਾਂ ਵਿਚ ਵਤਨ ਗ਼ਦਾਰਾਂ ਨੂੰ ਬਹੁਤ ਵਡੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਨੇ। ਆਮ ਉਨ੍ਹਾਂ ਵਾਸਤੇ ਸਜ਼ਾਏ-ਮੌਤ ਹੀ ਹੁੰਦੀ ਹੈ। ਅੰਗ੍ਰੇਜ਼ੀ ਰਾਜ ਨੇ ਜੋ ਕਈ ਸੌ ਸਾਲ ਹਿੰਦ ਵਿਚ ਅਤੇ ਸੌ ਸਾਲ ਪੰਜਾਬ ਵਿਚ ਰਾਜ ਕੀਤਾ ਹੈ ਤਾਂ ਟੋਡੀਆਂ ਤੇ ਗ਼ਦਾਰਾਂ ਦੇ ਬਲ-ਬੋਤੇ ਆਸਰੇ ਰਾਜ ਕੀਤਾ ਹੈ। ਨਹੀਂ ਤੇ ਅਣਖੀਲੇ ਤੇ ਬਹਾਦਰ ਪੰਜਾਬ ਵਿਚ ਉਹ ਕਦੀ ਰਾਜ ਨਹੀਂ ਸੀ ਕਰ ਸਕਦਾ।.... ਜ਼ੈਲਦਾਰ, ਲੰਬਰਦਾਰ, ਤਹਿਸੀਲਦਾਰ ਅਤੇ ਠਾਣੇਦਾਰ ਤੋਂ ਬਿਨਾਂ ਸਰਕਾਰ ਨੇ ਐਸੇ ਆਦਮੀਆਂ ਨੂੰ ਖਥੀਦਿਆ ਹੋਇਆ ਸੀ, ਜਿਨ੍ਹਾਂ ਦਾ ਅਸਰ-ਰਸੂਖ ਜਨਤਾ ਵਿਚ ਚੰਗਾ ਸੀ, ਉਹ ਰਾਜਸੀ ਪਾਰਟੀਆਂ ਦੇ ਗੁਪਤ ਤੇ ਪ੍ਰਗਟ ਕੰਮਾਂ ਦੀਆਂ ਡੈਰੀਆਂ ਸਰਕਾਰ ਨੂੰ ਦੇਂਦੇ ਰਹਿੰਦੇ। ਕਈ ਵਾਰ ਜਾਤੀ ਦੁਸ਼ਮਨੀ ਦੇ ਕਾਰਨ ਕਈਆਂ ਨਿਰਦੋਸ਼ੀਆਂ ਦੇ ਵਿਰੁਧ ਝੂਠੀਆਂ ਡੈਰੀਆਂ ਦੇ ਕੇ ਉਨ੍ਹਾਂ ਨੂੰ ਸਜ਼ਾਵਾਂ ਦਿਵਾਉਣ ਵਿਚ ਸਫਲਤਾ ਹਾਸਲ ਕਰ ਲੈਂਦੇ। ਕਾਂਗ੍ਰਸੀਏ ਤੇ ਜੁਗ-ਗਰਦ ਦੇਸ਼-ਭਗਤ ਉਨ੍ਹਾਂ ਟੋਡੀ ਤੇ ਸਰਕਾਰੀ ਚੱਠੂ-ਵਟਿਆਂ ਕੋਲੋਂ ਬਹੁਤ ਤੰਗ ਸਨ। ੧੯੧੪-੧੫ ਤੇ ਮਾਰਸ਼ਲ ਲਾਅ ਵੇਲੇ ਜੋ ਵੀ ਮੁਕਦਮੇ ਚਲੇ ਅਤੇ ਤਿੰਨ ਚਾਰ ਸੌ ਦੇਸ਼ ਭਗਤਾਂ ਨੂੰ ਜੋ ਸਜ਼ਾਵਾਂ ਮਿਲੀਆਂ ਉਹ ਦੁਸ਼ਟ ਟੋਡੀਆਂ (ਗ਼ਦਾਰਾਂ) ਦੀ ਹੀ ਮੇਹਰਬਾਨੀ ਸੀ। ਫਾਸੀ ਲਗ ਚੁਕੇ ਤੇ ਜੇਹਲਾਂ ਵਿਚ ਸਜ਼ਾਵਾਂ ਭੁਗਤ ਰਹੇ ਦੇਸ਼-ਭਗਤਾਂ ਦੇ ਮਿਤ੍ਰਾਂ ਸਾਥੀਆਂ ਤੇ ਕੁਝ ਰਿਸ਼ਤੇਦਾਰਾਂ ਨੇ ਇਹ ਫੈਸਲਾ ਕਰ ਲਿਆ ਹੈ ਕਿ ਉਹ ਟੋਡੀਆਂ ਤੇ ਗ਼ਦਾਰਾਂ ਨੂੰ ਸੋਧਣਗੇ। ਉਸ ਗ਼ਦਰ-ਸੋਧ ਪਾਰਟੀ ਦਾ ਨਾਮ "ਬਬਰ ਅਕਾਲੀ" ਸੀ। ਇਸ ਪਾਰਟੀ ਦੇ ਮੁਖੀ ਸ: ਕਿਸ਼ਨ ਸਿੰਘ ਵਿਣਗ, ਬਾਬੂ ਬੰਤਾ ਸਿੰਘ, ਮਾਸਟਰ ਮੋਤਾ ਸਿੰਘ, ਸ: ਹਰੀ ਸਿੰਘ ਜਲੰਧਰੀ ਤੇ ਸ: ਪਿਆਰਾ ਸਿੰਘ ਜੀ ਲੰਗੇਰੀ (ਹੁਣ ਐਮ. ਐਲ. ਏ. ਪੰਜਾਬ) ਸਨ। ਆਪਣੇ ਮਿੱਥੇ ਪ੍ਰੋਗਰਾਮ ਨੂੰ ਕਾਮਯਾਬ ਕਰਨ ਵਾਸਤੇ ਏਧਰੋਂ ਉਧਰੋਂ ਹਥਿਆਰ ਇਕੱਠੇ ਕੀਤੇ। ਇਹ ਵੀ ਸਲਾਹ ਸੀ ਕਿ ਚੋਖੀ ਗਿਣਤੀ ਵਿਚ ਜਾਨਾਂ ਕੁਰਬਾਨ ਕਰਨ ਵਾਲੇ ਅਣਖੀਲੇ ਹਿੰਦੀ ਮਿਲ ਜਾਣ ਤਾਂ ਹਥਿਆਰ ਬੰਦ ਬਗ਼ਾਵਤ ਵੀ ਕੀਤੀ ਜਾਵੇ। ਸਾਰੇ ਦੁਆਬੇ (ਜ਼ਿਲਾ ਜਲੰਧਰ, ਕਪੂਰਥਲਾ ਤੇ ਹੁਸ਼ਿਆਰ ਪੁਰ) ਵਿਚ ਦੇ ਪਿੰਡਾਂ ਵਿਚ ਇਹ ਚਰਚਾ ਆਮ ਹੋਣ ਲਗ ਪਈ ਕਿ ਟੋਡੀਆਂ, ਝੋਲੀ ਝੁਕਾਂ ਤੇ ਰਾਜਸੀ ਵਰਕਰਾਂ ਦੇ ਵਿਰੁਧ ਗਵਾਹੀਆਂ ਦੇਣ ਵਾਲਿਆਂ ਨੂੰ ਮਾਰਨ ਵਾਸਤੇ ਆਦਮੀ ਫਿਰ ਰਹੇ ਨੇ। 'ਬਬਰ ਅਕਾਲੀ' ਨੇ ਇਸ਼ਤਿਹਾਰ ਵੀ ਵੰਡੇ। ਲੋਕਾਂ ਦੀਆਂ ਗੱਲਾਂ ਸੁਣਕੇ ਅਤੇ ਇਸ਼ਤਿਹਾਰਾਂ ਨੂੰ ਪੜਕੇ ਸਰਕਾਰੀ ਆਦਮੀ ਬਹੁਤ ਡਰ ਗਏ। ਉਹਨਾਂ ਨੇ ਝਟ ਜਾ ਕੇ ਉਪਰਲੇ ਅਫਸਰਾਂ ਨੂੰ ਖ਼ਬਰਾਂ ਦੇ ਦਿੱਤੀਆਂ ਕਈ ਪਿੰਡ ਛੱਡ ਕੇ ਅਗੇ-ਪਿਛੇ ਹੋ ਗਏ। ਨਿਰੇ ਇਸ਼ਤਿਹਾਰਾਂ ਉਤੇ ਹੀ ਗੱਲ ਨਾ ਰਹੀ ਸਗੋਂ 'ਬਬਰ ਅਕਾਲੀਆਂ ਨੇ ਚੰਦਰੇ ਬਿਸ਼ਨ ਸਿੰਘ ਜ਼ੈਲਦਾਰ ਰਾਣੀ ਪੁਰ (ਕਪੂਰਥਲਾ) ਬੂਟਾ ਸਿੰਘ ਨੰਬਰਦਾਰ, ਨੰਗਲ ਸ਼ਾਮਾ(ਜ਼ਲੰਧਰ) ਦਿਤੂ ਤੇ ਦੀਵਾਨਾ ਨੂੰ ਮਾਰ ਦਿਤਾ। ਇਹ ਝੋਲੀ ਚੁਕ ਤੇ ਮੁਖਬਰ ਸਨ। ਇਨ੍ਹਾਂ ਦੁਸ਼ਮਨਾਂ ਨੇ ਕਈਆਂ ਦੇਸ਼ ਭਗਤਾਂ ਦੇ ਵਿਰੁਧ ਬਹੁਤ ਝੂਠੀਆਂ ਸਚੀਆਂ ਗੁਵਾਹੀਆਂ ਦਿਤੀਆਂ ਹੋਈਆਂ ਸਨ। ਇਨ੍ਹਾਂ ਦੇ ਕਤਲ ਕਰਨ ਦੀਆਂ ਖਬਰਾਂ ਬਿਜਲੀ ਦੀ ਤਰ੍ਹਾਂ ਸਾਰੇ ਦੁਆਬੇ ਵਿਚ ਫਿਰ ਗਈਆਂ। ਜੋ ਦੇਸ਼-ਭਗਤੀ ਨਾਲ ਹਿਤ ਰਖਦੇ ਸਨ, ਉਹ ਬਹੁਤ ਖੁਸ਼ ਹੋਏ ਤੇ ਝੋਲੀ ਚੁਕਾਂ ਦੇ ਮਾਪੇ ਮਰ ਗਏ। ਪੁਲਸ ਬਬਰਾਂ ਨੂੰ ਲੱਭਣ ਵਾਸਤੇ ਚੜ੍ਹੀ। ਪਰ ਪੁਲਸ ਨੂੰ ਕੋਈ ਸੂਹ ਨਹੀਂ ਸੀ ਮਿਲਦੀ। ਕਿਉਂਕਿ ਬਬਰਾਂ ਤੋਂ ਡਰਦੇ ਲੋਕ ਪੁਲਸ ਨਾਲ ਮਿਲ ਵਰਤਣ ਨਹੀਂ ਸਨ ਕਰਦੇ। ਕੋਈ ਉਨ੍ਹਾਂ (ਬਬਰਾਂ) ਵਲ ਉੱਗਲ ਕਰਨ ਵਾਸਤੇ ਤਿਆਰ ਨਹੀਂ ਸੀ।

ਬਬਰ ਇਕੱਠੇ ਹੋ ਕੇ ਟੋਡੀਆਂ ਦੇ ਪਿੰਡਾਂ ਉਤੇ ਹਲੇ ਬੋਲਦੇ ਸਨ। ਉਨ੍ਹਾਂ ਦੇ ਪਾਪਾਂ ਦਾ ਫਲ ਉਨ੍ਹਾਂ ਨੂੰ ਲਲਕਾਰ ਕੇ ਚਿੱਟੇ ਦਿਨ ਦੇਦੇ ਸਨ। ਕੌਲ ਗੜ੍ਹ ਦੇ ਮੁਖ਼ਬਰ ਹਰਨਾਮ ਸਿੰਘ ਸਫੈਦ ਪੋਸ਼ ਨੂੰ ਉਸ ਦੇ ਪਿੰਡ ਹੀ ਮਾਰਿਆ।

ਮਿਸਟਰ ਸੀ. ਡਬਲਿਉ ਜੈਨਬ ਡਿਪਟੀ ਕਮਿਸ਼ਨਰ ਜਲੰਧਰ ਪੰਜਾਬ ਸਰਕਾਰ ਨੂੰ ਲਿਖਿਆ ਕਿ ਸੂਬੇ ਦੀ ਖੁਫੀਆ ਪੁਲਸ ਨੇ ਬਬਰ ਅਕਾਲੀਆਂ ਨੂੰ ਨਾ ਫੜਿਆ ਤੇ ਦੇਸ਼ ਵਿਚ ਬਗ਼ਾਵਤ ਹੋ ਜਾਵੇਗੀ। ਪੰਜਾਬ ਸਰਕਾਰ ਨੇ ਖਾਂ ਸਾਹਿਬ ਮੀਰ ਅਫਜ਼ਲ ਇਮਾਮ ਨੂੰ ਬਬਰਾਂ ਦੀ ਗ੍ਰਿਫਤਾਰੀ ਵਾਸਤੇ ਤਿਆਰ ਕੀਤਾ ਤੇ ਸੂਬੇਦਾਰ ਗੇਂਦਾ ਸਿੰਘ ਉਸ ਦੀ ਸਹੈਤਾ ਵਾਸਤੇ ਮਿਥਿਆ ਗਿਆ।

ਪਿੰਡ ਬਬੇਲੀ (ਕਪੂਰਥਲਾ)ਮੁੰਡੇਰ (ਜਾਲੰਧਲ)ਮੰਨਣ ਹਾਣਾ (ਹੁਸ਼ਿਆਰਪੁਰ) ਵਿਚ ਪੁਲਸ ਤੇ ਬਬਰਾਂ ਦਾ ਟਾਕਰਾ ਹੋਇਆ ਜਿਸ ਵਿਚ ਭਾ: ਕਰਮ ਸਿੰਘ ਦੌਲਤਪੁਰ, ਸ੍ਰ: ਉਦੈ ਸਿੰਘ ਰਾਮਗੜ, ਸ੍ਰ: ਬਿਸ਼ਨ ਸਿੰਘ ਮਾਂਗਟ, ਸ੍ਰ: ਮਹਿੰਦਰ ਸਿੰਘ, ਨਥਾ ਸਿੰਘ, ਜੁਆਲਾ ਸਿੰਘ, ਬੰਤਾ ਸਿੰਘ, ਭਾਈ ਧੰਨਾ ਸਿੰਘ ਤੇ ਭਾਈ ਵਰਿਆਮ ਸਿੰਘ ਬਬਰ ਸ਼ਹੀਦ ਹੋ ਗਏ।

ਭਾਈ ਧੰਨਾ ਸਿੰਘ ਜੀ ਦੀ ਸ਼ਹੀਦੀ ਦੀ ਵਾਰਤਾ ਬੜੀ ਅਸਚਰਜ ਹੈ। ਜਿਸ ਵੇਲੇ ਧੰਨਾ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਤਦੋਂ ਆਪ ਦੇ ਕੋਲ ਕੱਛ ਵਿਚ ਬੰਬ ਸਨ। ਇਕ ਅੰਗ੍ਰੇਜ਼ ਅਫਸਰ ਤੇ ਪੰਜ ਸਿਪਾਹੀ ਓਸ ਦੇ ਨੇੜੇ ਹੋਏ। ਜਦੋਂ ਉਹ ਬਹੁਤ ਕੋਲ ਝੁਕ ਗਏ ਤਾਂ ਧੰਨਾ ਸਿੰਘ ਨੇ ਬੰਬ ਹੇਠਾਂ ਸੁਟ ਦਿਤਾ। ਜਿਸ ਨਾਲ ਉਹ ਆਪ ਵੀ ਸ਼ਹੀਦ ਹੋ ਗਿਆ। ਤੇ ਨਾਲ ਪੰਜ ਸਿਪਾਹੀ ਇਕ ਅੰਗ੍ਰੇਜ਼ ਅਫਸਰ ਨੂੰ ਵੀ ਨਰਕਾਂ ਨੂੰ ਤੋਰ ਗਿਆ। ਸੂਬੇਦਾਰ ਗੇਂਦਾ ਸਿੰਘ ਨੂੰ ਵੀ ਮਾਰ ਦਿਤਾ ਗਿਆ।

ਸਿਆਣੇ ਕਹਿੰਦੇ ਹਨ ਜਦ ਕੋਈ ਮਰਦਾ ਹੈ ਤਾਂ ਉਹ ਆਪਣਿਆਂ ਹੱਥੋਂ ਮਰਦਾ ਹੈ। ਦਸ਼ਮਨ ਕੋਲੋਂ ਮਰਨਾ ਔਖਾ ਹੈ। ਜਿਸ ਮਹਾਨ ਕਾਰਜ ਨੂੰ ਬਬਰ ਕਰ ਰਹੇ ਸਨ ਉਸ ਕਾਰਜ ਨੂੰ ਸਰਕਾਰ ਨੇ ਸਿਰੇ ਨਾ ਚੜ੍ਹਣ ਦਿੱਤਾ ਕਿਉਂਕਿ ਸੰਤ ਕਰਤਾਰ ਸਿੰਘ ਪਿੰਡ ਪ੍ਰਾਗਪੁਰ (ਜਲੰਧਰ) ਇਕ ਐਸਾ ਆਦਮੀ ਪੁਲਸ ਦੇ ਹੱਥ ਆ ਗਿਆ, ਜੋ ਮੌਤ ਕੋਲੋਂ ਡਰਦਾ ਸੀ।ਉਸ ਨੂੰ ਗ੍ਰਿਫਤਾਰ ਕਰਕੇ ਪੁਲਸ ਨੇ ਜਦੋਂ ਸਖਤੀ ਕੀਤੀ ਉਹ ਸਰਕਾਰੀ ਗਵਾਹ ਬਣਨ ਵਾਸਤੇ ਤਿਆਰ ਹੋ ਪਿਆ। ਜਿਨ੍ਹਾਂ ਮਿੱਤਰਾਂ ਦੀ ਜਾਨ ਤੇ ਮਾਲ ਦੀ ਰਾਖੀ ਕਰਨ ਦੀ ਸੌਂਹ ਖਾਧੀ ਸੀ, ਉਨ੍ਹਾਂ ਮਿਤ੍ਰਾਂ ਦੇ ਟਕਾਣੇ ਦਸ ਦਸ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਾਂਉਣ ਲੱਗਾ। ਅਨੇਕਾਂ ਉਨ੍ਹਾਂ ਲੋਕਾਂ ਨੂੰ ਵੀ ਤੰਗ ਕਰਵਾਇਆ ਜੋ ਗੁਪਤ ਢੰਗ ਨਾਲ ਬਬਰਾਂ ਦੀ ਸਹੈਤਾ ਕਰਦੇ ਸਨ। ੯੧ ਆਦਮੀ ਫੜੇ ਗਏ ਤੇ ਇਕ ਸਪੈਸ਼ਲ ਮੈਜਿਸਟ੍ਰੇਟ (ਲਾਹੌਰ) ਦੀ ਅਦਾਲਤ ਵਿੱਚ ੮੬ ਆਦਮੀਆਂ ਦੇ ਵਿਰੁਧ ਕਿੰਨਾ ਚਿਰ ਮੁਕਦਮਾ ਚਲਦਾ ਰਿਹਾ। ੨੮ ਫਰਵਰੀ ੧੯੨੫ ਨੂੰ ਮੁਕਦਮੇਂ ਦਾ ਫੈਸਲਾ ਹੋਇਆ। ਪੰਜ ਦੋਸ਼ੀਆਂ ਨੂੰ ਫਾਂਸੀ, ੧੧ ਨੂੰ ਉਮਰ ਕੈਦ ਤੇ ੩੮ ਨੂੰ ਚਾਰ ਸਾਲ ਤੋਂ ੧੧ ਸਾਲ ਤਕ ਕੈਦ ਦੀ ਸਜ਼ਾ ਦਿੱਤੀ। ਬਾਕੀ ਦੇ ਸਾਰੇ ਬਾ-ਇਜ਼ਤ ਬਰੀ ਕਰ ਦਿੱਤੇ। ਜਿਨ੍ਹਾਂ ਸਜਣਾਂ ਨੂੰ ਫਾਂਸੀ ਦੀ ਸਜ਼ਾ ਮਿਲੀ ਉਹ ਇਹ ਹਨ:-

(੧) ਸ: ਕਿਸ਼ਨ ਸਿੰਘ ਜੀ ਵਿਣਗ ਲੀਡਰ ਬਬਰ ਅਕਾਲੀ।
(੨) ਸ: ਕਰਮ ਸਿੰਘ ਜੀ (ਸੂਬੇਦਾਰ ਗੇਂਦਾ ਸਿੰਘ ਦੇ ਕਤਲ ਦੇ ਦੋਸ਼ ਵਿੱਚ)ਸੂਬੇਦਾਰ ਗੇਂਦਾ ਸਿੰਘ ਦੇ ਕਤਲ ਦੇ ਦੋਸ਼ ਵਿੱਚ
(੩) ਸ ਨੰਦ ਸਿੰਘ ਜੀ
(੪) ਬਾਬੂ ਬੰਤਾ ਸਿੰਘ ਜੀ।
(੫) ਸ: ਦਲੀਪ ਸਿੰਘ ਜੀ ਧਾਮੀਆ (ਉਮਰ ੧੬ ਸਾਲ)।
(੬) ਸ: ਧਰਮ ਸਿੰਘ ਜੀ (ਇਨ੍ਹਾਂ ਨੂੰ ਹਾਈ ਕੋਰਟ ਨੇ ਫਾਂਸੀ ਦਾ ਹੁਕਮ ਦਿੱਤਾ)।

ਛਿਨਾਂ ਦੇ ਫਾਂਸੀ ਲਗਣ ਤੇ ਕਈਆਂ ਨੂੰ ਸਖਤ ਸਜ਼ਾਵਾਂ ਮਿਲਣ ਤੇ ਵੀ ਬਬਰ ਅਕਾਲੀ ਲਹਿਰ ਦਾ ਬਿਲਕੁਲ ਖਾਤਮਾ ਨਾ ਹੋਇਆ, ਟਾਵੇਂ ਟਾਵੇਂ ਬਹਾਦਰ ਰਹਿ ਗਏ ਜੋ ਟੋਡੀਆਂ ਨੂੰ ਸੋਧਨ ਦਾ ਕੰਮ ਕਰਦੇ ਰਹੇ।

ਦੁਸ਼ਟ ਆਤਮਾ ਬੇਲਾ ਸਿੰਘ ਪਿੰਡ ਜੈਣ (ਹੁਸ਼ਿਆਰ ਪੁਰ), ਜਿਸ ਨੇ ਭਾਈ ਭਾਗ ਸਿੰਘ ਕਨੇਡੀਅਨ ਨੂੰ ਵੈਨਕੋਵਰ ਦੇ ਗੁਰਦੁਵਾਰੇ ਵਿਚ ਗੋਲੀਆਂ ਮਾਰੀਆਂ ਤੇ ਸ਼ਹੀਦ ਕੀਤਾ ਸੀ, ਉਹ ਕਨੇਡਾ ਤੋਂ ਪਿੰਡ ਆ ਚੁਕਾ ਸੀ। ਗਿਆਨੀ ਗੁਰਦਿਤ ਸਿੰਘ ਤੇ ਸ: ਕਰਤਾਰ ਸਿੰਘ ਨੇ ਉਸ ਪਾਪੀ ਬੇਲਾ ਸਿੰਘ ਨੂੰ ਕਤਲ ਕਰ ਦਿਤਾ। ਜਿਸ ਕਤਲ ਦੇ ਦੋਸ਼ ਵਿਚ ਗਿਆਨੀ ਗੁਰਦਿਤ ਸਿੰਘ ਤੇ ਸ: ਕਰਤਾਰ ਸਿੰਘ ਜੀ ਨੂੰ ਫਾਂਸੀ ਦੀ ਸਜ਼ਾ ਮਿਲੀ। ਗਿਆਨੀ ਹਰਬੰਸ ਸਿੰਘ ਨੂੰ ਵੀ ਕਿਸੇ ਕਤਲ ਦੇ ਦੋਸ਼ ਵਿਚ ਫਾਂਸੀ ਦੀ ਸਜ਼ਾ ਮਿਲੀ ਸੀ।

ਉਨ੍ਹਾਂ ਬਬਰ ਅਕਾਲੀਆਂ ਸੂਰਬੀਰਾਂ ਦੀਆਂ ਕੁਰਬਾਨੀਆਂ ਦਾ ਫਲ ਹੈ ਕਿ ਦੁਆਬਾ ਅਜ ਦੇਸ਼ ਭਗਤੀ ਲਹਿਰ ਵਿੱਚ ਸਭ ਤੋਂ ਅਗੇ ਹੈ ਤੇ ਟੋਡੀਆਂ ਅਖਬਾਰਾਂ ਦੀ ਗਿਣਤੀ ਬਹੁਤ ਘਟ ਗਈ ਹੈ। "ਬਬਰ ਅਕਾਲੀ ਜ਼ਿੰਦਾਬਾਦ"।

... ... ... ... ... ...

੧੯੨੭ ਤੋਂ ੧੯੩੨ (ਪੰਜ ਸਾਲ) ਦੇ ਅਖੀਰ ਤਕ ਸਾਰੇ ਭਾਰਤ ਵਿੱਚ ਕਈ ਤਰ੍ਹਾਂ ਦੀਆਂ ਆਜ਼ਾਦੀ ਦੀਆਂ ਲਹਿਰਾਂ ਚਲੀਆਂ। ਇਨ੍ਹਾਂ ਸਾਲਾਂ ਵਿੱਚ ਕਾਂਗ੍ਰਸੀਆਂ ਨੇ ਵੀ ਸ਼ਾਂਤ ਮਈ-ਸਤਿਆਗ੍ਰਹਿ ਦੀਆਂ ਕਈ ਗਰਮ ਤੇ ਨਰਮ ਲਹਿਰਾਂ ਚਲਾਈਆਂ ਤੇ ਅੰਗ੍ਰੇਜ਼ ਨਾਲ ਸਮਝੌਤੇ ਕਰ ਕਰਕੇ ਵਿਚਾਲੇ ਹੀ ਛੱਡੀਆਂ। ਕਿਸੇ ਲਹਿਰ ਵਿਚ ਕਾਂਗਰਸ ਨੂੰ ਸਫਲਤਾ ਹਾਸਲ ਨਾ ਹੋਈ।

ਭਾਰਤ ਦਾ ਨੌਜੁਆਨ ਕਾਂਗਰਸ-ਅੰਗ੍ਰੇਜ਼ ਦੇ ਨਿਤ ਦੇ ਸਮਝੋਤਿਆਂ ਤੇ ਅਸਫਲ ਲੜਾਈਆਂ ਤੋਂ ਤੰਗ ਆਕੇ ਇਨਕਲਾਬ ਦੇ ਰਾਹ ਤੁਰ ਪਿਆ। ਪੰਜਾਬ, ਬੰਗਾਲ, ਬਿਹਾਰ ਤੇ ਸੀ. ਪੀ. ਵਿੱਚ ਕਈ ਥਾਈਂ ਯਰਕਾਊ ਘਟਨਾਵਾਂ ਵਾਪਰੀਆਂ। ਬੰਬਾਂ, ਪਸਤੌਲਾਂ ਤੇ ਬੰਦੂਕਾਂ ਦੀ ਵਰਤੋਂ ਨਾਲ ਉਨਾਂ ਅਫਸਰਾਂ ਨੂੰ ਮਾਰਿਆ ਗਿਆ ਜੋ ਦੇਸ਼ ਭਗਤਾਂ ਨੂੰ ਕਰੜੀਆਂ ਸਜ਼ਾਵਾਂ ਦੇਂਦੇ ਸਨ। ਉਨ੍ਹਾਂ ਦੋਸ਼ਾਂ ਦੇ ਇਲਜ਼ਾਮ ਵਿੱਚ ਕਈਆਂ ਨੂੰ ਲੰਮੀਆਂ ਸਜ਼ਾਵਾਂ ਮਿਲੀਆਂ ਤੇ ਕਈ ਨੌ-ਜਵਾਨ ਲਾਹੌਰ, ਕਾਹਨਪੁਰ, ਲਖਨਊ ਤੇ ਕਲਕਤੇ ਦੀਆਂ ਜੇਹਲਾਂ ਵਿੱਚ ਫਾਂਸੀਆਂ ਤੇ ਲਟਕਾਏ ਗਏ। ਜਿਨ੍ਹਾਂ ਦੀ ਪੂਰਨ ਸੂਚੀ ਪੱਤ੍ਰ ਛਾਪਣ ਵਾਸਤੇ ਇਕ ਵਖਰੀ ਪੁਸਤਕ ਦੀ ਲੋੜ ਹੈ ਕੁਝ ਕੁ ਹਾਲ ਏਸੇ ਪੁਸਤਕ ਦੇ ਅਗਲੇ ਸਫਿਆਂ ਵਿੱਚ ਪੜ੍ਹੋਗੇ।

ਉਪਰੋਕਤ ਸਾਲਾਂ ਵਿੱਚ ਜਿਥੇ ਅੰਗ੍ਰੇਜ਼ੀ ਹਿੰਦ ਇਲਾਕੇ ਵਿੱਚ ਜਨਤਾ ਨੇ ਸੁਤੰਤ੍ਰਤਾ ਦੇ ਘੋਲ ਘੁਲੇ ਉਥੇ ਦੇਸੀ ਰਿਆਸਤਾਂ ਵਿੱਚ ਵੀ ਰਾਜਿਆਂ ਦੇ ਵਿਰੁਧ ਅਜ਼ਾਦੀ ਦੀਆਂ ਲੜਾਈਆਂ ਲੜੀਆਂ ਗਈਆਂ। ਪੰਜਾਬ ਦੀਆਂ ਦੇਸੀ ਰਿਆਸਤਾਂ ਵਿੱਚ ਪਟਿਆਲਾ ਰਿਆਸਤ ਦੀਆਂ ਨਾ-ਮਿਲਵਰਤਨ ਲਹਿਰਾਂ ਬਹੁਤੀਆਂ ਪ੍ਰਸਿੱਧ ਹਨ। ਕਿਉਂਕਿ ਪਟਿਆਲਾ ਮਹਾਰਾਜਾ (ਭੂਪਿੰਦਰ ਸਿੰਘ) ਬੜਾ ਐਸ਼ ਪ੍ਰਸਤ ਜਨਾਹੀ ਤੇ ਅੰਗ੍ਰੇਜ਼ ਪ੍ਰਸਤ ਸੀ। ਰਾਜੇ ਦੀ ਜਨਤਾ ਬਹੁਤ ਦੁਖੀ ਸੀ। ਜਨਤਾ ਦਾ ਆਗੂ ਸ: ਸੇਵਾ ਸਿੰਘ ਜੀ ਠੀਕਰੀ ਵਾਲਾ ਸੀ। ਸ: ਸੇਵਾ ਸਿੰਘ ਨੂੰ ਮਹਾਰਾਜੇ ਨੇ ਫੜ ਕੇ ਜੇਹਲ ਵਿਚ ਸੁਟ ਦਿੱਤਾ ਅਨੇਕਾਂ ਤਰ੍ਹਾਂ ਦੇ ਦੁੱਖ ਦਿੱਤੇ। ਜੇਹਲ ਹਾਕਮਾਂ ਦੀ ਸਖਤੀ ਤੋਂ ਅੱਕ ਕੇ ਸਰਦਾਰ ਸਾਹਿਬ ਨੇ ਭੁਖ ਹੜਤਾਲ ਕਰ ਦਿਤੀ। ਤਿੰਨ ਮਹੀਨ ਦੀ ਲੰਮੀ ਭੁਖ ਹੜਤਾਲ ਦੀ ਕਮਜ਼ੋਰੀ ਦੇ ਕਾਰਨ ਪਟਿਆਲਾ ਸੰਟਰਲ ਜੇਹਲ ਵਿਚ ਹੀ ਆਪ ਸ਼ਹੀਦੀ ਪਾ ਗਏ। ਆਪ ਦੀ ਸ਼ਹੀਦੀ ਦਾ ਇਹ ਅਸਰ ਹੋਇਆ ਕਿ ਰਿਆਸਤ ਦੀ ਜਨਤਾ ਭੜਕ ਉੱਠੀ, ਆਖਰ ਅੰਗ੍ਰੇਜ਼ ਦੀਆਂ ਤਾਕਤਾਂ ਚਲਾਕੀਆਂ ਤੇ ਲਾਲਚਾਂ ਦੇ ਕਾਰਨ ਬਗਾਵਤ ਨਾ ਹੋ ਸਕੀ, ਪਰ ਸੁਧਾਰ ਕਈ ਹੋ ਗਏ। ਰਿਆਸਤ ਦੀ ਪਰਜਾ ਅਜੇ ਵੀ ਜਾਗੀਰਦਾਰਾਂ, ਵਿਸਵੇਦਾਰਾਂ ਤੇ ਮਹਾਰਾਜੇ ਦੇ ਹਮੈਤੀਆਂ ਕੋਲੋਂ ਛੁਟਕਾਰਾ ਪਾਉਣ ਵਾਸਤੇ ਸ੍ਵਤੰਤ੍ਰਤਾ ਦਾ ਘੋਲ ਲੜੀ ਜਾ ਰਹੀ ਹੈ।

ਪੰਦਰਾਂ ਕੁ ਸਾਲ ਹੋਏ ਨੇ ਪਟਿਆਲਾ ਦੇ ਨੌ-ਜਵਾਨ ਸ: ਊਧਮ ਸਿੰਘ ਨੇ ਵਲੈਤ ਜਾਕੇ ਜਲ੍ਹਿਆਂ ਵਾਲੇ ਬਾਗ਼ ਦੇ ਹੱਤਿਆ ਕਾਂਡ ਦੇ ਮੁਖੀ ਗਵਰਨਰ ਮੀਚਲ ਓਡਵਾਇਰ ਨੂੰ ਮਾਰਿਆ। ਉਸ ਵੇਲੇ ਮਾਰਿਆ ਜਦੋਂ ਓਡਵਾਇਰ ਕਿਤੇ ਲੈਕਚਰ ਦੇ ਰਿਹਾ ਸੀ। ਗ੍ਰਿਫਤਾਰੀ ਤੇ ਮੁਕੱਦਮੇ ਵੇਲੇ ਸਰਦਾਰ ਊਧਮ ਸਿੰਘ ਨੇ ਕਿਹਾ, “ਮੈਂ ਓਡਵਾਇਰ ਨੂੰ ਮਾਰ ਕੇ ਨਿਰਦੋਸ਼ੇ ਹਿੰਦੀਆਂ ਦੇ ਖੂਨ ਦਾ ਬਦਲਾ ਲਿਆ ਹੈ। ਮੈਂ ਇਸਦੇ ਮਾਰਨ ਵਾਸਤੇ ਹੀ ਹਿੰਦਸਤਾਨੋਂ ਇੰਗਲੈਂਡ ਆਇਆ ਹਾਂ।” ਬ੍ਰਤਾਨਵੀ ਸਰਕਾਰ ਨੇ ਆਪ ਨੂੰ ਫਾਂਸੀਂ ਦੀ ਸਜ਼ਾ ਦਿੱਤੀ।

ਬਗ਼ਾਵਤ ਤੋਂ ਡਰ ਕੇ ਅੰਗ੍ਰੇਜ਼ ਨੇ ੧੯੩੫ ਵਿਚ ਹਿੰਦੁਸਤਾਨੀ ਰਾਜ ਬਣਤਰ ਨੂੰ ਬਦਲਿਆ। ਮਾਮੂਲੀ ਜਹੀ ਸੂਬਿਕ ਆਜ਼ਾਦੀ ਦਿੱਤੀ। ਪਰ ਉਹ ਫਿਰਕੂ ਲੀਹਾਂ ਉਤੇ ਐਸੀ ਭੈੜੀ ਸੀ, ਜਿਸ ਨੇ ਹਿੰਦੀਆਂ ਨੂੰ ਲਾਭ ਦੀ ਥਾਂ ਨੁਕਸਾਨ ਦਿੱਤਾ। ਮੁਸਲਮਾਨ ਤੇ ਹਿੰਦੂ ਇਕ ਦੁਸਰੇ ਕੋਲੋਂ ਬਹੁਤ ਦੂਰ ਚਲੇ ਗਏ। ਮੁਸਲਮਾਨ ਮੁਸਲਮ ਲੀਗ ਦੇ ਪਿੱਛੇ ਲੱਗ ਗਏ ਤੇ ਹਿੰਦੂ ਕਾਂਗਰਸ ਦੇ। ਸਿੰਧ ਤੇ ਫਰੰਟੀਅਰ ਵਿਚ ਮੁਸਲਮ ਰਾਜ ਕਾਇਮ ਹੋ ਗਏ। ਪੰਜਾਬ ਵਿਚ ਹਿੰਦੂ ਮੁਸਲਮਾਨ ਸਾਂਝਾ (ਮੁਸਲਮਾਨਾਂ ਦੀ ਬਹੁ ਗਿਣਤੀ ਸੀ) ਬਾਕੀ ਸੂਬਿਆਂ ਵਿਚ ਹਿੰਦੁ (ਕਾਂਗਰਸ) ਰਾਜ ਕਾਇਮ ਹੋ ਗਿਆ। ਕੌਂਸਲਾਂ ਦਾ ਨਾਂ ਅਸੈਂਬਲੀਆਂ ਰਖਿਆ ਗਿਆ। ਮੈਂਬਰਾਂ ਦੀਆਂ ਚੋਣਾਂ ਹੋਈਆਂ। ਵਜ਼ੀਰ ਹਿੰਦੁਸਤਾਨੀ ਬਣੇ, ਪਰ ਉਹਨਾਂ ਵਜ਼ੀਰਾਂ ਦੇ ਹੱਥ ਤਾਕਤ ਕੁਝ ਨਹੀਂ ਸੀ। ਉਹ ਅੰਗ੍ਰੇਜ਼ ਗਵਰਨਰ ਦੇ ਨੌਕਰ ਸਨ। ਜਨਤਾ ਹੋਰ ਦੁਖੀ ਹੋਈ। ਇਹ ਲਾਭ ਹੋਇਆ ਕਿ ੧੯੧੪-੧੫ ਮਾਰਸ਼ਲ ਲਾਅ, ਬਬਰ ਅਕਾਲੀ ਤੇ ਹੋਰ ਇਨਕਲਾਬੀ ਸਜਣ ਜੋ ਜੇਹਲਾਂ ਵਿਚ ਸਨ ਉਨ੍ਹਾਂ ਨੂੰ ਰਿਹਾ ਕੀਤਾ ਗਿਆ। ਕਾਲੇ ਪਾਣੀ ਦੀ ਜੇਹਲ ਤੋੜ ਦਿਤੀ ਗਈ ਕੈਦੀ ਹਿੰਦੁਸਤਾਨ ਦੀਆਂ ਜੇਹਲਾਂ ਵਿਚ ਤਬਦੀਲ ਕੀਤੇ ਗਏ..........।

ਪਹਿਲੀ ਸਤੰਬਰ ੧੯੩੯ ਨੂੰ ਜਰਮਨ ਨੇ ਦੂਸਰੀ ਸੰਸਾਰ ਜੰਗ ਦਾ ਆਦ ਕੀਤਾ। ੩ ਸਤੰਬਰ ਨੂੰ ਬ੍ਰਤਾਨੀਆਂ ਤੇ ਫਰਾਂਸ ਵੀ ਲੜਾਈ ਵਿਚ ਸ਼ਾਮਲ ਹੋ ਗਏ। ਬ੍ਰਤਾਨੀਆਂ ਦੀ ਵਜ਼ਾਰਤ ਦੇ ਇਸ਼ਾਰੇ ਉਤੇ ਹਿੰਦੁਸਤਾਨ ਦੇ ਵਾਇਸਰਾਏ ਨੇ ਬਿਨਾਂ ਹਿੰਦੁਸਤਾਨ ਦੀ ਜਨਤਾ ਦੀ ਰਾਏ ਲਏ ਬਿਨਾਂ ਹੀ ਜਰਮਨ ਤੇ ਇਟਲੀ ਦੇ ਵਿਰੁਧ ਜੰਗ ਦਾ ਐਲਾਨ ਕਰ ਦਿੱਤਾ। ਕਾਂਗਰਸੀ ਨਰਾਜ਼ ਹੋ ਗਏ। ਉਹਨਾਂ ਨੇ ਵਜ਼ਾਰਤਾਂ ਛੱਡ ਦਿਤੀਆਂ। ਕਮਿਊਨਿਸਟਾਂ ਨੇ ਦੇਸ਼ ਦੇ ਵਿਚ ਤੋੜ ਫੋੜ ਦੀ ਪਾਲਸੀ ਅਖਤਿਆਰ ਕਰ ਲਈ ਤਾਂ ਕਿ ਜੰਗ ਵਿਚ ਰੁਕਾਵਟ ਪਾਈ ਜਾਵੇ। ਸਰਕਾਰ ਨੇ ਕਮਿਊਨਿਸਟਾਂ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਗ੍ਰਿਫਤਾਰੀਆਂ ਵਿਚ ਪੰਜਾਬੀਆਂ ਦੀ ਗਿਣਤੀ ਚੋਖੀ ਸੀ। ਉਹ ਲੋਕ ਵੀ ਫੜੇ ਗਏ ਜੋ ਅੱਗੇ-ਵਧੂ ਜਾਂ ਖੱਬੇ ਧੜਿਆਂ ਨਾਲ ਸਬੰਧ ਰਖਦੇ ਹਨ। ਖੱਬੇ-ਧੜਿਆਂ ਦਾ ਵਿਚਾਰ ਸੀ ਕਿ ਹਥਿਆਰਬੰਦ ਬਗਾਵਤ ਕੀਤੀ ਜਾਵੇ। ਕਿਉਂਕਿ ਅੰਗ੍ਰੇਜ਼ ਯੂਰਪ ਵਿਚ ਜਰਮਨ ਨਾਲ ਲੜ ਰਿਹਾ ਸੀ। ਉਸ ਨੂੰ ਆਪਣੇ ਘਰ ਦੀ ਰਾਖੀ ਵਾਸਤੇ ਫੌਜਾਂ ਦੀ ਲੋੜ ਹੈ, ਉਹ ਬਾਹਰ ਫੌਜਾਂ ਨਹੀਂ ਭੇਜ ਸਕੇਗਾ। ਕਮਿਊਨਿਸਟ ਵਰਕਰਾਂ ਨੇ ਹਿੰਦ ਦੀਆਂ ਫੌਜਾਂ ਵਿਚ ਵੀ ਅੰਗ੍ਰੇਜ਼ੀ ਸਾਮਰਾਜ ਦੇ ਵਿਰੁਧ ਪ੍ਰਚਾਰ ਕਰਨਾ ਸ਼ੁਰੂ ਕਰ ਦਿਤਾ। ਬਹੁਤ ਸਾਰੇ ਕਮਿਊਨਿਸਟ ਵਰਕਰ ਖੁਦ ਵੀ ਫੌਜਾਂ ਵਿਚ ਭਰਤੀ ਹੋ ਗਏ। ਜਿਸ ਦਾ ਇਹ ਅਸਰ ਹੋਇਆ ਕਿ ਇਕ ਦੋ ਪਲਟਨਾ ਨੇ ਸਮੁੰਦਰੋਂ ਪਾਰ ਪ੍ਰਦੇਸਾਂ ਵਿਚ ਲੜਨ ਵਾਸਤੇ ਜਾਣ ਤੋਂ ਨਾਂਹ ਕਰ ਦਿਤੀ। ਉਨ੍ਹਾਂ ਫੌਜੀਆਂ ਨੂੰ ਕਰੜੀਆਂ ਸਜ਼ਾਵਾਂ ਦਿੱਤੀਆਂ ਗਈਆਂ। ਜੰਗ ਦੇ ਪਹਿਲੇ ਤੇ ਦੂਸਰੇ ਸਾਲ ਵਿਚ ਜਰਮਨ ਤੇ ਉਸ ਦੇ ਸਾਥੀਆਂ ਨੇ ਕਈ ਦੇਸ਼ ਫਤਹ ਕਰ ਲਏ। ਅੰਗ੍ਰੇਜ਼ਾਂ ਨੂੰ ਹਾਰ ਤੇ ਹਾਰ ਆਉਣ ਲਗ ਪਈ। ਅੰਗ੍ਰੇਜ਼ ਘਬਰਾ ਗਿਆ। ਉਹ ਕਾਂਗ੍ਰਸ ਨਾਲ ਕਈ ਤਰ੍ਹਾਂ ਦੇ ਸਮਝੌਤੇ ਕਰਨ ਲੱਗਾ, ਪਰ ਕੋਈ ਸਮਝੌਤਾ ਸਿਰੇ ਨਾ ਚੜ੍ਹ ਸਕਿਆ। ਮਹਾਤਮਾ ਗਾਂਧੀ ਨੇ ਵੀ ਸਿਵਲ-ਨਾਫੁਰਮਾਨੀ ਸ਼ਰੂ ਕਰ ਦਿਤੀ। ਗ੍ਰਿਫਤਾਰੀਆਂ ਹੋਈਆਂ ਕ੍ਰਿਪਸ ਮਿਸ਼ਨ ਦੇ ਆਉਣ ਉਤੇ ਗੱਲ ਬਾਤ ਹੋਈ, ਪਰ ਫਿਰਕੂ ਖਿੱਚੋ-ਤਾਣ ਹੋਣ ਕਰਕੇ ਨਾ ਕਾਂਗਰਸ, ਮੁਸਲਮ ਲੀਗ ਤੇ ਸਿੱਖ (ਅਕਾਲੀ ਪਾਰਟੀ ਵਾਲੇ) ਕਿਸੇ ਫੈਸਲੇ ਨੂੰ ਪ੍ਰਵਾਨ ਕਰ ਸਕੇ ਨਾ ਅੰਗ੍ਰੇਜ਼ ਨੇ ਕੋਈ ਸ਼ਰਤ ਮੰਨੀ। ਆਖਰ ਅਗਸਤ ੧੯੪੨ ਆ ਗਿਆ। ਅਗਸਤ ਦੇ ਪਹਿਲੇ ਹਫਤੇ ਕਾਂਗ੍ਰਸ ਵਰਕਿੰਗ ਕਮੇਟੀ ਦਾ ਇਜਲਾਸ ਬੰਬਈ ਵਿਚ ਬੁਲਾਇਆ ਗਿਆ। ਸਾਰੇ ਮੈਂਬਰ ਹਾਜ਼ਰ ਹੋਏ। "ਅੰਗ੍ਰੇਜ਼ੋ ਹਿੰਦ ਛੱਡੋ" ਦਾ ਨਾਹਰਾ ਬੁਲੰਦ ਕਰਨਾ ਸੀ। ਨਾਲ ਉਹ ਵੀ ਮਤਾ ਪਾਸ ਹੋਣਾ ਸੀ ਜਿਸ ਵਿਚ ਦੇਸ਼ ਨੂੰ ਆਜ਼ਾਦੀ ਵਾਸਤੇ ਅੰਤਮ ਘੋਲ ਕਰਨ ਦੀ ਪ੍ਰੇਰਣਾ ਹੋਣੀ ਸੀ। ਸਰਕਾਰ ਹਿੰਦ ਦੀ ਸੀ. ਆਈ. ਡੀ. ਦੀ ਕਰੜੀ ਮੇਹਨਤ ਨੇ ਸਾਰੇ ਭੇਤ ਵਾਇਸਰਾਏ ਕੋਲ ਖੋਲ੍ਹ ਦਿੱਤੇ। ਵਾਇਸਰਾਏ ਨੇ ਹੁਕਮ ਕੀਤਾ ਕਿ ਮਹਾਤਮਾਂ ਗਾਂਧੀ ਸਮੇਤ ਸਾਰੀ ਵਰਕਿੰਗ ਕਮੇਟੀ ਨੂੰ ਗ੍ਰਿਫਤਾਰ ਕਰਕੇ ਕਿਸੇ ਅਣਡਿੱਠ ਥਾਂ ਉਤੇ ਅਨਿਸਚਿਤ ਸਮੇਂ ਵਾਸਤੇ ਨਜ਼ਰ ਬੰਦ ਕਰ ਦਿਓ। ਅੱਠ ਅਗਸਤ ਦੀ ਰਾਤ ਦੇ ਬਾਰਾਂ ਵਜੇ ਨੂੰ ਵਰਕਿੰਗ ਕਮੇਟੀ ਦੇ ਸਾਰੇ ਮੈਂਬਰ ਗ੍ਰਿਫ਼ਤਾਰ ਕਰ ਲੈ ਗਏ। ਉਨ੍ਹਾਂ ਨੂੰ ਸਰ ਆਗਾ ਖ਼ਾਨ ਮਹੱਲ ਪੂਨੇ ਵਿਚ ਨਜ਼ਰ ਬੰਦ ਕਰ ਦਿੱਤਾ ਗਿਆ।

ਲੀਡਰਾਂ ਦੀ ਗ੍ਰਿਫਤਾਰੀ ਨੂੰ ਸੁਣ ਕੇ ਸਾਰਾ ਦੇਸ਼ ਭੜਕ ਉੱਠਿਆ। ਅੰਗ੍ਰੇਜ਼ ਸਾਮਰਾਜ ਦੇ ਵਿਰੁਧ ਗੁੱਸੇ ਦਾ ਇਕ ਤੂਫਾਨ ਉੱਠਿਆ, ਜਿਸ ਨੇ ਅੰਗ੍ਰੇਜ਼ ਨੂੰ ਵਖਤ ਪਾ ਦਿੱਤਾ। ਰੇਲਾਂ ਦੀਆਂ ਲੈਨਾਂ ਟੁੱਟੀਆਂ। ਡਾਕਖਾਨੇ, ਰੇਲਵੇ ਸਟੇਸ਼ਨ, ਡਾਕ ਬੰਗਲੇ, ਸਰਕਾਰੀ ਦਫ਼ਤਰ ਲੁੱਟੇ ਤੇ ਸਾੜੇ ਗਏ। ਬਿਹਾਰ ਤੇ ਬੰਗਾਲ ਦੇ ਕਈਆਂ ਜ਼ਿਲਿਆਂ ਵਿਚ ਤਾਂ ਭੜਕੀ ਹੋਈ ਜਨਤਾ ਨੇ ਰਾਜ ਪ੍ਰਬੰਧ ਆਪਣੇ ਹੱਥ ਕਰ ਲਿਆ। ਥਾਣੇ ਲੁਟੇ ਤੇ ਸਾੜੇ ਗਏ। ਬਹੁਤ ਸਾਰੀ ਥਾਈਂ ਅੰਗ੍ਰੇਜ਼ ਤੇ ਹਿੰਦੁਸਤਾਨੀ ਅਫਸਰ ਵੀ ਮਾਰੇ ਗਏ। ਸ਼ਾਂਤਮਈ ਵਾਲੇ ਮਹਾਤਮਾ ਗਾਂਧੀ ਦੇ ਚੇਲੇ ਵੀ ਤੋੜ-ਫੋੜ ਦੀ ਪਾਲਸੀ ਤੇ ਅਮਲ ਕਰਨ ਲਗੇ। ਅੰਗ੍ਰੇਜ਼ ਫੌਜਾਂ ਤੇ ਅੰਗ੍ਰੇਜ਼ਾਂ ਦੇ ਚਾਟੜਿਆਂ, ਟੋਡੀਆਂ ਤੇ ਅੰਗ੍ਰੇਜ਼ ਸਾਮਰਾਜ ਦੇ ਹਮੈਤੀ ਸਰਮਾਏਦਾਰਾਂ ਨੇ ਇਸ ਗੜ ਬੜ ਨੂੰ ਦਬਾਉਣ ਵਾਸਤੇ ਪੂਰਾ ਯਤਨ ਕੀਤਾ। ਹਿੰਦੁਸਤਾਨੀ ਜਨਤਾ ਨੂੰ ਮਾਰਨ ਲੱਗਿਆਂ ਰਤਾ ਤਰਸ ਨਾ ਕਰਦੇ। ਮਾਸੂਮ ਬੱਚਿਆਂ ਨੂੰ ਅੱਗਾਂ ਵਿੱਚ ਸੁਟਿਆ ਗਿਆ। ਬੰਗਾਲ ਤੇ ਉੜੀਸਾ ਦੇ ਕਈਆਂ ਪਿੰਡਾਂ ਵਿੱਚ ਸਤਵੰਤੀਆਂ ਤੇ ਕੁਵਾਰੀਆਂ ਹਿੰਦੀ ਲੜਕੀਆਂ ਨਾਲ ਗੋਰਿਆਂ ਤੇ ਕਾਲਿਆਂ ਫੌਜੀਆਂ ਨੇ ਧੱਕੇ ਕੀਤੇ। ਇਕ ਇਕ ਦੇਵੀ ਨਾਲ ਵੀਹ ਵੀਹ ਗੋਰਿਆਂ ਨੇ ਕਾਲੇ ਮੂੰਹ ਕੀਤੇ। ਸ਼ਰਮ ਤੇ ਪੀੜਾ ਨਾਲ ਉਹ ਦੇਵੀਆਂ ਸ਼ਹੀਦ ਹੋ ਗਈਆਂ। ਕਈਆਂ ਦੇਸ਼ ਭਗਤਾਂ ਨੂੰ ਜੀਊਂਦਿਆਂ ਚੀਰ ਕੇ ਦੋ ਕਰ ਦਿੱਤਾ ਗਿਆ, ਜਿਵੇਂ ਤਰਖਾਣ ਗੇਲੀ ਦੇ ਦੋ ਫੱਟ ਕਰ ਦੇਂਦਾ ਹੈ। ਗਰੀਬਾਂ ਦੀਆਂ ਝੁਗੀਆਂ ਸਾੜੀਆਂ ਗਈਆਂ। ਇਸਤ੍ਰੀਆਂ ਤੇ ਮਰਦਾਂ ਨੂੰ ਅਲਫ ਨੰਗਿਆਂ ਕਰ ਕਰ ਕੇ ਸੂਰਜ ਦੇ ਚਾਨਣੇ ਵਿੱਚ ਰੁੱਖਾਂ ਨਾਲ ਬੰਨ੍ਹ ਬੰਨ੍ਹ ਕੇ ਕੁਟਿਆ ਗਿਆ। ਮਾਂ ਤੇ ਭਾਈ ਦੇ ਹੁੰਦਿਆਂ ਮੁਟਿਆਰ ਕੰਨਿਆਂ ਨੂੰ ਨੰਗਿਆਂ ਕਰਕੇ ਉਸ ਨਾਲ ਮੂੰਹ ਕਾਲਾ ਕੀਤਾ ਗਿਆ। ਏਥੇ ਹੀ ਬਸ ਨਹੀਂ ਰਾਸ਼ਨ ਬੰਦ ਕਰਕੇ ਮਾਸੂਮਾਂ ਨੂੰ ਭੁੱਖਿਆਂ ਮਾਰਨਾ ਸ਼ੁਰੂ ਕੀਤਾ। ਸਭਿਅਤਾ ਦੀ ਡੀਂਗ ਮਾਰਨ ਵਾਲੇ ਗੋਰੇ ਨੇ ਪੰਜਵੀਂ ਛੇਵੀਂ ਸਦੀ ਵਾਲੇ ਵਹਿਸ਼ੀ ਤੇ ਪਸ਼ੂ ਪਨ ਦਾ ਚੰਗਾ ਦਿਖਾਵਾ ਕੀਤਾ। ਕਿਉਂਕਿ ਗੜ-ਬੜ ਜਥੇ ਬੰਦ ਨਹੀਂ ਸੀ। ਜਨਤਾ ਦੇ ਪਿਛੇ ਫੌਜੀ ਤਾਕਤ ਕੋਈ ਨਹੀਂ ਸੀ। ਇਸ ਵਾਸਤੇ ਜਨਤਾ ਹਾਰ ਗਈ। ਦਬਾਈ ਗਈ, ਸ਼ਾਹੀ ਮਹੱਲਾਂ ਵਿੱਚ ਸੁਖ ਨਾਲ ਬੈਠੇ (ਨਜ਼ਰ ਬੰਦ) ਲੀਡਰਾਂ ਨੇ ਅੰਗ੍ਰੇਜ਼ ਨਾਲ ਸਮਝੌਤਾ ਕਰ ਲਿਆ ਉਹ ਨਜ਼ਰ ਬੰਦੀ ਵਿਚੋਂ ਬਾਹਰ ਆਕੇ ਵਜ਼ੀਰ ਬਣ ਗਏ। ਜ਼ਾਲਮ, ਪਾਪੀ ਜਨਾਹੀ ਤੇ ਬੇਈਮਾਨ ਅੰਗ੍ਰੇਜ਼ ਨਾਲ ਸੌਦੇ ਕਰਕੇ ਲੀਡਰਾਂ ਨੇ ਅੰਗ੍ਰੇਜ਼ ਸਾਮਰਾਜ ਨਾਲ ਮਿਤ੍ਰਤਾ ਪੱਕੀ ਕਰ ਲਈ। ਜਨਤਾ ਨੂੰ ਮਰਵਾ ਦਿੱਤਾ। ਕੁਵਾਰੀ ਕੰਨਿਆਂ ਦੀ ਲੁਟੀ ਇੱਜ਼ਤ ਵਲ ਖਿਆਲ ਨਾ ਕੀਤਾ। ਬੰਗਾਲ ਵਿੱਚ ਕਾਲ ਪਾਕੇ ਪੰਜਾਹ ਲੱਖ ਤੋਂ ਉਪਰ ਬੰਗਾਲੀ ਭੁੱਖ ਨਾਲ ਮਾਰ ਦਿੱਤੇ ਗਏ। ਉਨ੍ਹਾਂ ਪੰਜਾਹ, ਲੱਖ ਖੂਨਾਂ ਦੀ ਜੁਵਾਬ ਤਲਬੀ ਅੰਗ੍ਰੇਜ਼ ਕੋਲੋਂ ਨਾ ਕੀਤੀ। ਕਈਆਂ ਗਰੀਬ ਦੇਸ਼ ਭਗਤਾਂ ਨੂੰ ਫਾਂਸੀਆਂ ਦੇ ਤਖਤਿਆਂ ਉਤੇ ਖੜਾ ਕੀਤਾ ਗਿਆ ਉਨ੍ਹਾਂ ਗਰੀਬਾਂ ਦੇ ਜੀਵਨ-ਹਾਲ ਵੀ ਅਜ ਪ੍ਰਾਪਤ ਨਹੀਂ ਹੁੰਦੇ। ਉਨ੍ਹਾਂ ਵਿਚੋਂ ਇਕ ਅੰਮ੍ਰਿਤਸਰ ਦੇ ਸ਼ਹੀਦ ਭਾਈ ਆਤਮਾ ਸਿੰਘ 'ਨਿਹੰਗ' ਵੀ ਸਨ। ਆਪ ਪਿੰਡ ਕੱਥੂ ਨੰਗਲ (ਅੰਮ੍ਰਿਤਸਰ) ਦੇ ਵਸਨੀਕ ਤੇ ਪਿਛੇ ਰਹੀਆਂ ਸਰੇਣੀਆਂ ਵਿਚੋਂ ਸਨ। ਅਜੇ ਜੁਆਨ ਉਮਰ ਸੀ। ਨੀਲੇ ਕਪੜੇ ਰੱਖਦਾ। ਦੇਸ਼ ਭਗਤੀ ਦੇ ਵਲਵਲੇ ਨਾਲ ਦੀਵਾਨਾ ਹੋਕੇ ਆਪਣੇ ਸਾਥੀਆਂ ਸਮੇਤ ਉਹ ਭਗਤਾਂ ਵਾਲਾ ਸਟੇਸ਼ਨ (ਅੰਮ੍ਰਿਤਸਰ) ਨੂੰ ਲੁਟਨ ਜਾ ਪਿਆ। ਕੈਸ਼ ਬਕਸ ਨੂੰ ਚੁਕਿਆ ਤਾਂ ਸਟੇਸ਼ਨ ਮਾਸਟਰ ਗਲ ਪਿਆ। ਪਸਤੌਲ ਦੀਆਂ ਗੋਲੀਆਂ ਨਾਲ ਸਟੇਸ਼ਨ ਮਾਸਟਰ ਨੂੰ ਸਦਾ ਵਾਸਤੇ ਠੰਢਾ ਕੀਤਾ ਗਿਆ।

ਨਿਹੰਗ ਸਿੰਘ ਫੜਿਆ ਗਿਆ। ਮੁਕਦਮਾ ਚਲਿਆ। ਸ਼ਿਸ਼ਨ ਨੇ ਮੌਤ ਦੀ ਸਜ਼ਾ ਦਿੱਤੀ ਸਭ ਅਪੀਲਾਂ ਖਾਰਜ ਹੋਣ ਉਤੇ ਲਾਹੌਰ ਸੰਟ੍ਰਲ ਜੇਹਲ ਵਿਚ ਆਪ ਨੂੰ ਫਾਂਸੀ ਲਾਇਆ ਗਿਆ। ਚੰਦ ਮਿੱਤ੍ਰਾਂ ਤੋਂ ਬਿਨਾ ਕਿਸੇ ਪਾਰਟੀ ਨੇ ਕੋਈ ਸਹੈਤਾ ਨਾ ਕੀਤੀ। ਅਜ ਮਿਤ੍ਰ ਵੀ ਉਸ ਨੂੰ ਭੁਲ ਗਏ ਨੇ ਕਿ ਕੋਈ ਹੁੰਦਾ ਸੀ "ਆਤਮਾਂ ਸਿੰਘ ਨਿਹੰਗ"। ਬੇਸ਼ਕ ਹਿੰਦ ਨੂੰ ਅੰਗ੍ਰੇਜ਼ ਛੱਡ ਗਿਆ ਪਰ ਲੀਡਰਾਂ ਨੂੰ ਬੁੱਧੂ ਬਣਾਕੇ ਆਪਣੀ ਜਾਨ ਤੇ ਮਾਲ ਨੂੰ ਪੂਰਾ ਇੰਗਲਸਤਾਨ ਲੈ ਗਿਆ। ਹਿੰਦੀਆਂ ਨੂੰ ਬਰਬਾਦ ਕਰਕੇ ਰੱਖ ਗਿਆ। ਉਹ ਕਾਂਗ੍ਰਸੀ ਲੀਡਰਾਂ ਦਾ ਕੱਢਿਆ ਹੋਇਆ ਹਿੰਦ ਵਿਚੋਂ ਨਹੀਂ ਗਿਆ। ਉਸ ਨੂੰ ਪਤਾ ਸੀ ਕਿ ਜਿੰਨੇ ਜ਼ੁਲਮ ਕੀਤੇ ਨੇ ਆਖਰ ਇਹ "ਖੁਨੀ ਇਨਕਲਾਬ" ਦਾ ਰੂਪ ਧਾਰਨ ਕਰਨਗੇ ਤੇ ਇੱਕ ਵੀ ਗੋਰੇ ਬੱਚੇ ਨੂੰ ਜੀਊਂਦੇ ਜੀ ਇੰਗਲਸਤਾਨ ਨਹੀਂ ਪਹੁੰਚਣ ਦੇਣਗੇ।

ਸ਼ਹੀਦਾਂ ਦੀ ਕਹਾਣੀ ਏਥੇ ਹੀ ਨਹੀਂ ਮੁੱਕਦੀ। ਅਜ਼ਾਦੀ ਦੇ ਪ੍ਰਵਾਨੇ ਪ੍ਰਦੇਸਾਂ ਵਿਚ ਵੀ ਅਜ਼ਾਦੀ ਸ਼ਮਾਂ ਉਤੇ ਸੜੇ ਆਪਣੀਆਂ ਜੀਵਨ ਪੂੰਜੀਆਂ ਨੂੰ ਗੁਆਇਆ। ਉਮਰ ਦੀ ਕਮਾਈ ਅਜ਼ਾਦੀ ਦੇ ਘੋਲ ਵਿਚ ਖਰਚੀ ਤੇ ਕਈਆਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਉਹ ਹਨ "ਅਜ਼ਾਦ ਹਿੰਦ ਦੇ ਸਿਪਾਹੀ"।

ਜਪਾਨ ਦਾ ਜ਼ੋਰ ਪੈਣ ਉਤੇ ਅੰਗ੍ਰੇਜ਼ ਨੇ ਧੁਰਪੂਰਬ ਸਾਰਾ ਖਾਲੀ ਕਰ ਦਿੱਤਾ। ਧੁਰ-ਪੂਰਬ ਦਾ ਅੰਤਮ ਦੇਸ਼ਬ੍ਰਹਮਾ ਸੀ ਉਹ ਵੀ ਖੁਸ ਗਿਆ। ਧੁਰ-ਪੂਰਬ ਦੇ ਦਸਾਂ ਦੇਸਾਂ ਵਿਚ ਹਿੰਦੁਸਤਾਨੀਆਂ ਦੀ ਬਹੁਤ ਗਿਣਤੀ ਸੀ ਉਨ੍ਹਾਂ ਹਿੰਦੀਆਂ ਦੀ ਮਾਲੀ ਤੇ ਸਮਾਜਿਕ ਹਾਲਤ ਚੰਗੇਰੀ ਹੋਣ ਦੇ ਨਾਲ ਰਾਜਸੀ ਸੂਝ ਬੂਝ ਵੀ ਚੰਗੇਰੀ ਸੀ। ਉਨ੍ਹਾਂ ਨੇ ਇਕੱਠੇ ਹੋਕੇ ਹਿੰਦੁਸਤਾਨ ਦੀ ਸ੍ਵਤੰਤਤਾ ਦਾ ਘੋਲ ਲੜਨ ਦੀ ਸਲਾਹ ਕੀਤੀ। ਮੁਢਲੇ ਯਤਨ ਕਰਨ ਵਾਲਿਆਂ ਵਿੱਚ ਸ੍ਰ: ਪ੍ਰੀਤਮ ਸਿੰਘ ਸਿੱਖ ਮਿਸ਼ਨਰੀ ਬੰਕੋਕ ਸੀ। ਇਹ ਨੌਜੁਆਨ ਸਿਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਦਾ ਵਿਦਿਆਰਥੀ ਸੀ। ਇਸ ਨੇ ਨਸ ਭਜ ਕੇ ਹਿੰਦੁਸਤਾਨੀਆਂ ਨੂੰ ਇਕੱਠਿਆਂ ਕੀਤਾ ਤੇ "ਇੰਡੀਪੈਂਡੈਂਸ ਲੀਗ ਆਫ ਇੰਡੀਆ" ਨਾਂ ਦੀ ਕੇਂਦਰੀ ਜਥੇਬੰਦੀ ਕਾਇਮ ਕੀਤੀ।

ਹਾਂਗ ਕਾਂਗ, ਸਿੰਘਪੁਰ, ਮਲਾਯਾ, ਬ੍ਰਹਮਾਂ ਤੇ ਥਾਈਲੈਂਡ ਵਿਚੋਂ ਨਸਦਾ ਹੋਇਆ ਅੰਗਰੇਜ਼ ਮਤ੍ਰੇਈ ਦੇ ਪੁਤਰਾਂ ਵਾਂਗ ਹਿੰਦੁਸਤਾਨੀ ਸਿਪਾਹੀਆਂ ਨੂੰ ਪਿੱਛੇ ਛੱਡ ਆਇਆ ਸੀ ਤੇ ਗੋਰਿਆਂ ਨੂੰ ਕੱਢਕੇ ਹਿੰਦੁਸਤਾਨ ਲੈ ਆਇਆ ਸੀ, ਜੇਹੜੀਆਂ ਹਿੰਦੁਸਤਾਨੀ ਫੌਜਾਂ ਉਪਰਲੇ ਦੇਸਾਂ ਵਿਚ ਰਹਿ ਗਈਆਂ ਉਨ੍ਹਾਂ ਵਿੱਚ ਕੈਪਟਨ ਮੋਹਨ ਸਿੰਘ ਸੀ, ਸ: ਪ੍ਰੀਤਮ ਸਿੰਘ ਦੇ ਕਹਿਣ ਉਤੇ ਸ: ਮੋਹਨ ਸਿੰਘ ਜੀ ਨੇ ਜਾਪਾਨ ਨਾਲ ਸਮਝੌਤਾ ਕਰਕੇ ਅੰਗਰੇਜ਼ ਸਾਮਰਾਜ ਨੂੰ ਹਿੰਦ ਵਿਚੋਂ ਖਤਮ ਕਰਨ ਦਾ ਉਪਰਾਲਾ ਕੀਤਾ। 'ਆਜ਼ਾਦ ਹਿੰਦ ਫੌਜ' ਨਾਂ ਦੀ ਜਥੇਬੰਦੀ ਕਾਇਮ ਕੀਤੀ। ਜਪਾਨੋਂ ਸਿੰਘਾ ਪੁਰ ਪੁਜ ਕੇ ਇਸੇ ਜਥੇਬੰਦੀ ਦਾ ਚਾਰਜ ਨੇਤਾ ਜੀ ਸੁਬਾਸ਼ ਚੰਦਰ ਬੋਸ ਨੇ ਜੂਨ ੧੯੪੩ ਵਿੱਚ ਲਿਆ। ਆਰਜ਼ੀ ਆਜ਼ਾਦ ਹਿੰਦ ਸਰਕਾਰ ਕਾਇਮ ਕੀਤੀ ਗਈ। ਉਸ ਸਰਕਾਰ ਦੀ ਛਤਰ-ਛਾਇਆ ਹੇਠਾਂ ਆਜ਼ਾਦ ਹਿੰਦ ਫੌਜਾਂ ਨੇ ਹਿੰਦ ਦੀ ਸਰਹੱਦ ਮਨੀਪੁਰ (ਰਿਆਸਤ) ਵਿੱਚ ਅੰਗ੍ਰੇਜ਼ੀ ਫੌਜਾਂ ਨਾਲ ਟਕਰ ਲਈ ਤੇ ਬਹਾਦਰੀ ਦਿਖਾਈ। ਕਈ ਸੈਂਕੜਿਆਂ ਵਿੱਚ ਹਿੰਦੀ ਸਿਪਾਹੀਆਂ ਨੇ ਕੁਰਬਾਨੀਆਂ ਕੀਤੀਆਂ। ਹਜ਼ਾਰਾਂ ਹਿੰਦੀਆਂ ਨੇ ਆਪਣੇ ਵਤਨ ਦੀ ਸ੍ਵਤੰਤ੍ਰਤਾ ਵਾਸਤੇ ਆਪਣਾ ਘਰ, ਮਾਲ-ਡੰਗਰ ਅਤੇ ਸਰਮਾਇਆ ਆਜ਼ਾਦ ਹਿੰਦ ਫੌਜ ਤੇ ਆਜ਼ਾਦ ਹਿੰਦ ਸਰਕਾਰ ਦੇ ਹਵਾਲੇ ਕਰ ਦਿਤਾ। ਹਜ਼ਾਰਾਂ ਸਪਾਹੀਆਂ ਨੇ ਲੰਮੀ ਫੌਜੀ ਨੌਕਰੀ ਨੂੰ ਭੰਗ ਦੇ ਭਾੜੇ ਗੁਵਾ ਦਿੱਤਾ। ਜਦੋਂ ਅੰਗ੍ਰੇਜ਼ਾਂ ਨੇ ਮੁੜਕੇ ਬਰਮਾ ਤੇ ਮਲਾਯਾ ਉਤੇ ਕਬਜ਼ਾ ਕਰ ਲਿਆ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ "ਆਜ਼ਾਦ ਹਿੰਦ ਫੌਜ" ਦੇ ਸਿਪਾਹੀ ਤੇ ਅਫ਼ਸਰ ਕੈਦ ਕਰ ਲਏ। ਜਿਨ੍ਹਾਂ ਵਿਚੋਂ ਜਰਨਲ ਮੋਹਨ ਸਿੰਘ ਕਰਨਲ ਗੁਰਬਖਸ਼ ਸਿੰਘ ਢਿਲੋਂ ਤੇ ਕਰਨਲ ਸਹਿਗਲ ਉਤੇ ਲਾਲ ਕਿਲੇ ਦਿੱਲੀ ਵਿੱਚ ਮੁਕਦਮਾ ਚਲਾਇਆ ਗਿਆ। ਇਨ੍ਹਾਂ ਤਿੰਨਾਂ ਨੂੰ ਮੁਖੀ ਸਮਝਿਆ ਗਿਆ ਬਾਕੀ ਸਿਪਾਹੀਆਂ ਤੇ ਅਫਸਰਾਂ ਉਤੇ ਵੀ ਮੁਕਦਮੇ ਚਲਾਏ ਤੇ ਉਨ੍ਹਾਂ ਨੂੰ ਹਿੰਦੁਸਤਾਨ ਦੀਆਂ ਸਾਰੀਆਂ ਜੇਹਲਾਂ ਵਿੱਚ ਖਿਲਾਰ ਕੇ ਬੰਦ ਕਰ ਦਿੱਤਾ। ਹਿੰਦੁਸਤਾਨ ਦੀ ਜਨਤਾ ਦੇ ਰੌਲਾ ਪਾਉਣ ਉਤੇ ਤਿੰਨਾਂ ਹੀ ਜਰਨੈਲਾਂ ਨੂੰ ਬਾ-ਇੱਜ਼ਤ ਬਰੀ ਕੀਤਾ ਗਿਆ। ਸਭ ਤੋਂ ਵਡੀ ਕੁਰਬਾਨੀ ਜੋ "ਆਜ਼ਾਦ ਹਿੰਦ ਫੌਜ ਤੇ ਸਰਕਾਰ" ਵਲੋਂ ਹੋਈ ਉਹ ਨੇਤਾ ਜੀ ਸੁਬਾਸ ਚੰਦਰ ਬੋਸ ਤੇ ਸ: ਪ੍ਰੀਤਮ ਸਿੰਘ ਜੀ ਦੀ ਸ਼ਹੀਦੀ ਹੈ, ਜੋ ਵਖੋ ਵੱਖ ਸਮੇਂ ਜਪਾਨ ਨੂੰ ਜਾਂਦੇ ਹੋਏ ਹਵਾਈ ਜਹਾਜ਼ਾਂ ਦੀਆਂ ਚੰਦਰੀਆਂ ਘਟਨਾਵਾਂ ਦੇ ਹੋਣ ਕਰਕੇ ਸ਼ਹੀਦੀਆਂ ਪ੍ਰਾਪਤ ਕਰ ਗਏ ਨੇ। ਹਿੰਦ ਇਤਹਾਸ ਤੇ ਹਿੰਦ ਦੀ ਜਨਤਾ ਇਨ੍ਹਾਂ ਅਮਰ ਸ਼ਹੀਦਾਂ ਨੂੰ ਕਦੀ ਨਹੀਂ ਭੁਲੇਗੀ।

ਅੰਗ੍ਰੇਜ਼ੀ ਸਾਮਰਾਜ ਦੇ ਦਬਾਓ ਹੇਠੋਂ ਜਦੋਂ ਧੁਰ-ਪੂਰਬ ਸੁਤੰਤ੍ਰ ਹੋਵੇਗਾ ਤਾਂ ਇਨ੍ਹਾਂ ਬਹਾਦਰਾਂ ਦਾ ਇਤਿਹਾਸ ਬੜੇ ਸਤਕਾਰ ਨਾਲ ਲਿਖਿਆ ਜਾਵੇਗਾ। ਸਰਦਾਰ ਭਗਤ ਸਿੰਘ ਨੇ ਹਿੰਦ ਦੀ ਜਨਤਾ ਨੂੰ "ਇਨਕਲਾਬ ਜ਼ਿੰਦਾਬਾਦ' ਦਾ ਨਾਹਰਾ ਦਿੱਤਾ ਅਤੇ "ਆਜ਼ਾਦ ਹਿੰਦ ਫੌਜ" ਦੇ ਬਹਾਦਰ ਸਿਪਾਹੀਆਂ ਨੇ "ਜੈ ਹਿੰਦ" ਦਾ ਨਾਹਰਾ।

੧੯੪੫ ਵਿੱਚ ਅਮ੍ਰੀਕਾ ਨੇ ਜਪਾਨ ਦੇ ਸ਼ਹਿਰ 'ਹੀਰੋਸ਼ੀਮਾ' ਵਿੱਚ 'ਪ੍ਰਮਾਣੂ ਬੰਬ' ਸੁਟਿਆ। ਉਸ ਬੰਬ ਨਾਲ ਹੋਏ ਮਨੁਖੀ ਨੁਕਸਾਨ ਨੂੰ ਦੇਖ ਕੇ ਬਾਦਸ਼ਾਹ ਜਪਾਨ ਨੇ ਅੰਗ੍ਰੇਜ਼ਾਂ ਤੇ ਉਸਦੇ ਸਾਥੀਆਂ ਅਗੇ ਹਥਿਆਰ ਸੁਟ ਦਿੱਤੇ। ਸੰਸਾਰ ਦਾ ਦੂਸਰਾ ਮਹਾਨ ਯੁੱਧ ਸਮਾਪਤ ਹੋ ਗਿਆ। ਇਤਹਾਦੀਆਂ, ਅਮ੍ਰੀਕਾ, ਫ਼ਰਾਂਸ, ਚੀਨ ਤੇ ਅੰਗ੍ਰੇਜ਼ਾਂ ਦੀ ਫਤਹ ਹੋਈ। ਜਰਮਨ, ਇਟਲੀ ਤੇ ਜਾਪਾਨ ਦੀਆਂ ਮਹਾਨ ਫੌਜੀ ਤਾਕਤਾਂ ਖਤਮ ਹੋ ਗਈਆਂ। ਮਸੋਲੋਨੀ ਤੇ ਹਿਟਲਰ ਤਾਂ ਮਰ ਗਏ ਅਤੇ ਜਪਾਨ ਦਾ ਜਰਨੈਲ ਤੋਜੋ ਕੈਦ ਕਰ ਲਿਆ ਗਿਆ। ਸੰਸਾਰ ਦੇ ਤਿੰਨੇ ਆਜ਼ਾਦ ਦੇਸ ਗੁਲਾਮ ਹੋ ਗਏ। ਅੰਗ੍ਰੇਜ਼ ਨੇ ਫ਼ਤਹ ਤਾਂ ਹਾਸਲ ਕਰ ਲਈ, ਪਰ ਇਸਦੀ ਇਹ ਫਤਹ ਹਾਰ ਨਾਲੋਂ ਬਹੁਤੀ ਮੰਦੀ ਸੀ। ਕਿਉਂਕਿ ਸਾਰੇ ਸਾਮਰਾਜ ਦੀ ਮਾਲੀ ਹਾਲਤ ਬਹੁਤ ਕਮਜ਼ੋਰ ਹੋ ਗਈ। ਅਰਬਾਂ ਪੌਂਡ ਕਰਜਾ ਸਿਰ ਚੜ੍ਹ ਗਿਆ। ਆਰਥਿਕ ਤੌਰ ਤੋ ਅਮਰੀਕਾ ਦਾ ਗੁਲਾਮ ਹੋਣਾ ਪਿਆ। ਆਪਣੀ ਕਮਜ਼ੋਰੀ ਨੂੰ ਤੇ ਹਿੰਦ ਦੀ ਆਜ਼ਾਦੀ ਦੀ ਲਹਿਰ ਦੀ ਮਜ਼ਬੂਤੀ ਨੂੰ ਅਨੁਭਵ ਕਰ ਕੇ ਅੰਗ੍ਰੇਜ਼ਾਂ ਨੇ ਹਿੰਦ ਨੂੰ ਛੱਡਣ ਦੀ ਸਲਾਹ ਕਰ ਲਈ। ਉਹ ਵੀ ਇਸ ਢੰਗ ਨਾਲ ਕਿ ਅੰਗ੍ਰੇਜ਼ ਰਾਜ ਤੇ ਕੌਮ ਨੂੰ ਜਿਸ ਨਾਲ ਲਾਭ ਪਹੁੰਚੇ। ਮਾਊਂਟ ਬੇਟਨ ਨੂੰ ਵਿਚੋਲਾ ਬਣਾਕੇ ਦੇਸ਼ ਦੇ ਕਾਂਗਸੀਆਂ, ਰਾਜਿਆਂ ਤੇ ਸਰਮਾਇਆਦਾਰਾਂ ਦੀਆਂ ਜੁੰਡਲੀਆਂ ਨਾਲ ਸਮਝੌਤਾ ਕੀਤਾ। ਇਹ ਜੁੰਡਲੀਆਂ ਅੰਗਰੇਜ਼ੀ ਸਾਮਰਾਜ ਨੂੰ ਅਮਰ ਰੱਖਣ ਦੀਆਂ ਹਾਮੀ ਸਨ। ਇਹਨਾਂ ਨਾਲ ਸਲਾਹ ਕਰਕੇ ਦੇਸ਼ ਨੂੰ ਦੋ ਹਿੱਸਿਆਂ ਵਿਚ ਵੰਡ ਦਿਤਾ। ਇਕ ਹਿੱਸਾ ਮੁਸਲਮਾਨਾਂ ਤੇ ਦੂਸਰਾ ਹਿੰਦੂਆਂ ਨੂੰ ਦੇ ਕੇ ਦੋ ਅੱਡਰੇ ਦੇਸ਼-ਪਾਕਸਤਾਨ ਤੇ ਹਿੰਦੁਸਤਾਨ ਬਣਾ ਦਿੱਤੇ। ੧੫ ਅਗਸਤ ੧੯੪੭ ਨੂੰ ਦੇਸ਼ ਆਜ਼ਾਦ ਹੋਇਆ। ਜਿਸ ਦਿਨ ਨਵੀਂ ਦਿਲੀ ਦੇ ਅਸੈਂਬਲੀ ਚੈਂਬਰ, ਜਿਸ ਚੈਂਬਰ ਵਿਚ ਸ: ਭਗਤ ਸਿੰਘ ਜੀ ਨੇ ਬੰਬ ਸੁਟਿਆ ਸੀ- ਵਿਚ ਆਜ਼ਾਦੀ ਦਾ ਐਲਾਨ ਪੜ੍ਹਿਆ ਜਾ ਰਿਹਾ ਸੀ ਤੇ ਦੇਸ਼ ਦੇ ਸਰਮਾਏਦਾਰ, ਰਾਜੇ, ਜਗੀਰਦਾਰ ਤੇ ਮੌਕਾ ਤਾੜੂ ਹਿੰਦੂ, ਸਿੱਖ ਤੇ ਮੁਸਲਮਾਨ ਖੁਸ਼ੀ ਮਨਾ ਰਹੇ ਸਨ, ਉਸ ਵੇਲੇ ਜਮਨਾ ਤੋਂ ਲਗਕੇ ਦਰਿਆ ਅਟਕ ਤਕ ਪੰਜਾਬ ਤੇ ਸਿੰਧ ਸਾਰਾ ਸੜ ਰਿਹਾ ਸੀ। ਮਾਸੂਮ ਬੱਚੇ ਭੁੱਖੇ, ਰਾਹਾਂ ਦੀ ਥਕਾਵਟ, ਫਿਰਕੂ ਭੂਤ ਦੀ ਖੰਜਰ ਅਤੇ ਲਾਲਚ ਦੀ ਤਲਵਾਰ ਨਾਲ ਬੇਦਰਦੀ ਨਾਲ ਮਾਰੇ ਜਾ ਰਹੇ ਸਨ। ਕੁਵਾਰੀਆਂ ਤੇ ਵਿਆਹੀਆਂ ਦੇਵੀਆਂ ਦੇ ਸਤ ਲੁਟਣ ਵਿਚ ਰਤਾ ਗ਼ੁਰੇਜ਼ ਨਹੀਂ ਸੀ ਕੀਤਾ ਜਾਂਦਾ। ਲਹੂ ਦੀਆਂ ਨਦੀਆਂ ਵਹਿ ਰਹੀਆਂ ਸਨ ਪਰ ਮਕਾਨ ਛੱਡੇ ਜਾ ਰਹੇ ਸਨ। ਆਪਣਿਆਂ ਨੂੰ ਦਸ਼ਮਨ ਤੇ ਦੁਸ਼ਮਨਾਂ ਨੂੰ ਮਿਤ੍ਰ ਜਾਣਿਆ ਜਾ ਰਿਹਾ ਸੀ....। ਜਨਤਾ ਦੀ ਕੁਰਲਾਹਟ ਦਿੱਚ ਜਵਾਹਰ ਲਾਲ ਤੇ ਬਲਦੇਵ ਸਿੰਘ ਰੇਡੀਓ ਉਤੇ ਲੰਮੀਆਂ ਤਕਰੀਰਾਂ ਕਰ ਰਹੇ ਸਨ। ਉਨ੍ਹਾਂ ਦੇ ਐਲਾਨ, ਉਨ੍ਹਾਂ ਦੀਆਂ ਬੋਲੀਆਂ ਨੂੰ ਹਿੰਦ ਦੇ ਚੰਦ ਸਰਮਾਏਦਾਰ, ਜਾਗੀਰਦਾਰ. ਰਾਜੇ ਤੇ ਸੁਖਾਂ ਵਿੱਚ ਵਸਣ ਵਾਲੇ ਮੁੱਠੀ-ਭਰ ਲੋਕ ਸੁਣ ਰਹੇ ਸਨ। ਉਨ੍ਹਾਂ ਦੇ ਘਰ ਦੀਵਾਲੀ ਸੀ। ਪੰਜਾਬੀ ਜਨਤਾ ਦੀ ਇੱਜ਼ਤ, ਇਤਫਾਕ, ਜਾਨ ਤੇ ਮਾਲ ਦੀ ਚਿੱਖਾ ਬਲ ਰਹੀ ਸੀ। ਇਉਂ ਹਿੰਦ ਆਜ਼ਾਦ ਹੋਇਆ।

ਹੁਣ ਹਿੰਦ ਆਜ਼ਾਦ ਹੈ ਕਿ ਗੁਲਾਮ?

ਇਸ ਸੁਵਾਲ ਦਾ ਜੁਵਾਬ ਹਿੰਦ ਦੀ ਗਰੀਬ ਜਨਤਾ ਕੋਲੋਂ ਪੁੱਛੋ, ਜਿਸ ਬਦਲੇ ਭਗਤ ਸਿੰਘ, ਸੁਖਦੇਵ ਤੇ ਰਾਜ ਗੁਰੂ ਫਾਹੇ ਲਗੇ[3]

ਤ੍ਰਿਲੋਕ ਸਿੰਘ


  1. *ਜਨਮ ੩ ਫਰਵਰੀ ੧੮੧੬ ਈ: ਮੁਤਾਬਿਕ ਮਾਘ ਸੁਦੀ ੫ ਸੰਮਤ ੧੮੭੨ ਬਿਕ੍ਰਮੀ ਨੂੰ ਮਾਈ ਸਦਾ ਕੌਰ ਦੀ ਕੁਖੌਂ ਪਿੰਡ ਭੈਣੀ ਰਾਈਆਂ ਜ਼ਿਲਾ ਲੁਧਿਆਣਾ ਵਿੱਚ ਹੋਇਆ ਆਪ ਦੇ ਪਿਤਾ ਦਾ ਨਾਮ ਸ੍ਰ: ਜੱਸਾ ਸਿੰਘ ਸੀ।
  2. *ਕੂਕਿਆਂ ਦੀ ਵਿਥਿਆ ਲਿਖਤ ਪ੍ਰੋ: ਗੰਡਾ ਸਿੰਘ ਜੀ ਸਫਾ ੧੮੮ ਤੇ ੧੮੯।
  3. ਆਜ਼ਾਦੀ ਘੋਲ ਦੀ ਇਸ ਮੁਖਤਸਰ ਕਹਾਣੀ ਨੂੰ ਲਿਖਣ ਵਾਸਤੇ ਮੈਂ ਇਨ੍ਹਾਂ ਪੁਸਤਕਾਂ ਤੋਂ ਸਹੈਤਾ ਲਈ ਹੈ:-

    (੧) ਕਾਂਗਰਸ ਦਾ ਇਤਿਹਾਸ (ਅੰਗ੍ਰੇਜ਼ੀ) ਲੇਖਕ ਡਾਕਟਰ ਪਟਾਬਾਈ ਸੀਤਾਰਾਮੀਆ ਜੀ।
    (੨) ਕੂਕਿਆਂ ਦੀ ਵਿਥਿਆ, ਪ੍ਰੋਫੈਸਰ ਗੰਡਾ ਸਿੰਘ ਜੀ।
    (੩) ਜੀਵਨ ਭਾਈ ਸ: ਭਾਈ ਮੋਹਨ ਸਿੰਘ ਜੀ ਵੈਦ, ਲੇਖਕ ਮੁਨਸ਼ਾ ਸਿੰਘ ਜੀ ਦੁੱਖੀ।
    (੪) ਸ਼ਹੀਦੀ ਜੀਵਨ (ਨਨਕਾਣਾ ਸਾਹਿਬ ਦੇ) ਸ਼ਹੀਦ ਲੇਖਕ ਗੁਰਬਖਸ਼ ਸਿੰਘ ਜੀ 'ਸ਼ਮਸ਼ੇਰ' ਝਬਾਲੀਆ'।
    (੫)'ਅਕਾਲੀ ਲਹਿਰ' ਸ: ਪ੍ਰਤਾਪ ਸਿੰਘ ਜੀ ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ, ਅਨੰਦਪੁਰ।