ਸਮੱਗਰੀ 'ਤੇ ਜਾਓ

ਸਰਦਾਰ ਹਰੀ ਸਿੰਘ

ਵਿਕੀਸਰੋਤ ਤੋਂ
ਸਰਦਾਰ ਹਰੀ ਸਿੰਘ  (1925) 
ਕਾਦਰਯਾਰ

੧ਓ ਸਤਿਗੁਰਪ੍ਰਸਾਦਿ॥

(ਅਥ ਕਿੱਸਾ ਸਰਦਾਰ ਹਰੀਸਿੰਘ ਲਿਖਯਤੇ)
ਅਲਫ਼ ਆਫ਼ਰੀਂ ਜੰਮਣਾ ਕਹਿਣ ਸਾਰੇ
ਹਰੀ ਸਿੰਘ ਦੂਲੋ ਸਰਦਾਰ ਤਾਈਂ।
ਜਮਾਦਾਰ ਬੇਲੀ ਰਾਜੇ ਸਾਹਿਬ ਕੋਲੋ
ਕੱਦ ਉੱਚਾ ਬੁਲੰਦ ਸਰਦਾਰ ਤਾਈਂ।
ਧਨੀ ਤੇਗ਼ ਦਾ ਮਰਦ ਨਸੀਬ ਵਾਲਾਂ
ਸਾਯਾ ਓਸਦਾ ਕੁੱਲ ਸੰਸਾਰ ਤਾਈਂ।
ਕਾਦਰਯਾਰ ਪਹਾੜਾਂ ਨੂੰ ਸੇਧਿਓ ਸੂ
ਕਾਬਲ ਕੰਬਿਆਂ ਖੌਫ਼ ਕੰਧਾਰ ਤਾਈਂ॥੧॥
ਬੇ ਬਹੁਤ ਹੋਯਾ ਹਰੀ ਸਿੰਘ ਦੂਲੋ
ਜਿਸਦਾ ਨਾਮ ਰੌਸ਼ਨ ਦੂਰ ਦੂਰ ਸਾਰੇ।
ਦਿੱਲੀ ਦੱਖਨ ਤੇ ਚੀਨ ਮਚੀਨ ਤਾਈਂ
ਬਾਦਸ਼ਾਹਾਂ ਨੂੰ ਖ਼ੌਫ਼ ਜ਼ਰੂਰ ਸਾਰੇ।

ਰਾਜਾ ਕਰਣ ਤੇ ਬਿੱਕ੍ਰਮਾਜੀਤ ਵਾਂਗੂੰ
ਹਾਤਮ ਤਾਈ ਵਾਂਗੂੰ ਮਸ਼ਾਹੂਰ ਸਾਰੇ।
ਕਾਦਰਯਾਰ ਜਹਾਨ ਤੋਂ ਨਹੀਂ ਹੋਨੇ
ਸਖੀ ਓਹ ਬਲੰਦ ਹਜੂਰ ਸਾਰੇਂ ॥੨॥
ਤੇ ਤੇਗ਼ ਮੈਦਾਨ ਮੇਂ ਬਹੁਤ ਚੱਲੇ
ਨਾਲ ਤੇਗ਼ ਦੇ ਰਾਜ ਕਮਾਂਵਦਾ ਏ।
ਚੜਤਲ ਸ਼ੇਰ ਦੀ ਚੜ੍ਹੇ ਮੈਦਾਨ ਅੰਦਰ
ਕਿਲੇ ਮਾਰ ਲੈਂਦਾ ਫ਼ਤੇ ਪਾਂਵਦਾ ਏ।
ਓਦੋਂ ਭਾਂਜ ਪੈਂਦੀ ਵੱਡੇ ਖੈਹਬਰਾਂ ਨੂੰ
ਜਦੋ ਧਮਕ ਪਸ਼ੌਰ ਨੂੰ ਲਾਂਵਦਾਏ।
ਕਾਦਰ ਯਾਰ ਕੰਧਾਰੀਆ ਦੋਸਤ ਮੁਹੰਮਦ
ਡਰਦਾ ਕਾਬਲੋਂ ਉਰਾਂ ਨਾਂ ਆਵਦਾ ਏਂ ॥੩॥
ਸੇ ਸਾਬਤੀ ਦੇ ਨਾਲ ਕਾਲ ਪੁੰਨਾਂ
ਹਰੀ ਸਿੰਘ ਦਾ ਏਸ ਜਹਾਨ ਵਿੱਚੋਂ।
ਚੜ੍ਹੇ ਮਾਹਿ ਵਿਸਾਖ ਦੇ ਦੋਸਤ ਮੁਹੰਮਦ
ਫੌਜਾਂ ਸੱਦ ਲਈਆਂ ਖੁਰਾਸਾਨ ਵਿੱਚੋਂ।

ਹਰੀ ਸਿੰਘ ਸਰਕਾਰ ਵਲ ਲਿਖੀ ਅਰਜ਼ੀ
ਢੁੱਕੇ ਆਣ ਮੁਦਈ ਈਰਾਨ ਵਿੱਚੋਂ।
ਕਾਦਰ ਯਾਰ ਗੁਲਾਮ ਦੀ ਖਬਰ ਲੈਣਾ
ਲਸ਼ਕਰ ਭੇਜਣਾ ਸ਼ਹਿਰ ਮੈਦਾਨ ਵਿੱਚੋਂ।੪॥
ਜੀਮ ਜੰਗ ਦੀ ਥੈਲੀ ਨਾ ਤੋੜ ਪਹੁੰਚੀ
ਭਾਵੀ ਰੱਬਦੀ ਨੂੰ ਲਿਖਿਆ ਕੋਣ ਮੋੜੇ।
ਚੜੇ ਲੱਖ ਜੁਆਨ ਦੁਰਾਨੀਆਂ ਦੇ
ਜਿਨ੍ਹਾਂ ਮੋਰਚੇ ਜਾਇ ਜਮਰੋਤ ਜੋੜੇ।
ਮਹਾਂਸਿੰਘ ਪੁਤਰੇਲੇ ਨੂੰ ਘੇਰਿਆ ਨੇ
ਮਾਰੇ ਤੋਪਾਂ ਦੇ ਕੀਤੇ ਨੇ ਬੁਰਜ ਖੋਰੇ
ਕਾਦਰਯਾਰਪਰਲ ਸ਼ਕਰ ਤੇ ਕਾਇਮ ਰਹਿਣਾ
ਬਾਹਰ ਬਹੁਤ ਲਸ਼ਕਰਅੰਦ੍ਰ ਹੈਨਥੋੜੇ॥੫॥
ਹੇ ਹੁਕਮ ਕੀਤਾ ਹਰੀਸਿੰਘ ਦੂਲੋ
ਘੋੜੇ ਕਾਠੀਆਂ ਜ਼ੀਨਾਂ ਸ਼ਤਾਬ ਪਾਵੋ॥
ਕਿਲਾ ਕਾਇਮ ਕਰਕੇ ਬਾਲੇ ਸਾਰ ਵਾਲਾਂ
ਅੰਦਰ ਓਸਦੇ ਚੁੱਕ ਅਸਬਾਬ ਪਾਵੋ।

ਚਲੋ ਤਰਫ ਜਮਰੌਦ ਦੀ ਜੰਗ ਕਰੀਏ
ਲੜ ਮਰੋ ਸ਼ਹੀਦ ਸਵਾਬ ਪਾਵੋ।
ਕਾਦਰਯਾਰ ਮੈਂ ਬਖਸ਼ਾਂਗਾ ਕੈਂਠਿਆਂ ਦੇ
ਏਥੇ ਲੜੋ ਤੇ ਹੋਰ ਖਤਾਬ ਪਾਵੋ॥੬॥
ਖੇ ਖੁਸ਼ੀ ਦੇ ਨਾਲ ਤੰਬੂਰ ਵੱਜਾ
ਧੌਂਸਾ ਮਾਰ ਸਰਦਾਰ ਤਿਆਰ ਹੋਯਾ
ਬਾਹਰ ਬੰਨਕੇ ਪੜਤਲ ਦਰਵੇਸ਼ੀਆਂਦੀ
ਅੰਦਰ ਲੈ ਫੌਜਾਂ ਨਮੂਦਾਰ ਹੋਇਆ।
ਝੱਟ ਫੌਜ ਤੱਯਾਰ ਕਰ ਲਈ ਸਾਰੀ
ਜਦੋਂ ਜੰਗ ਦਾ ਆ ਗੁਬਾਰ ਹੋਇਆ।
ਕਾਦਰਯਾਰ ਸਰਦਾਰ ਦੇ ਨਾਲ ਓਥੇ,
ਕਾਯਮ ਆਦਮੀ ਅੱਠਹਜ਼ਾਰ ਹੋਇਆ॥੭॥
ਦਾਲ ਦੇਸ ਹੈਰਾਨ ਹੋ ਗਿਆ ਕਾਬਲ
ਸੈਯਾਂ ਲਸ਼ਕਰਾਂ ਦੇ ਜਿੱਥੇ ਆਨ ਲੱਥੇ॥
ਵਾਲੀ ਆਪ ਹੈ ਥੋੜਿਆਂ ਬਹੁਤਿਆਂ ਦਾ
ਤੇਗਾਂ ਪਕੜ ਮੈਦਾਨ ਜਵਾਨ ਲਥੇ।

ਹਰੀਸਿੰਘ ਸਰਦਾਰ ਦੀ ਫਤੇ ਪਹਿਲੀ
ਓਥੇ ਸੈਯਾਂ ਪਠਾਣਾਂ ਦੇ ਘਾਣ ਲੱਥੇ॥
ਕਾਦਰਯਾਰ ਹਥਿਆਰਾਂ ਦੀ ਵਾਰ ਦੂਜੀ
ਭੁੱਖੇ ਬਾਜ ਸ਼ਕਾਰ ਨੂੰ ਖਾਣ ਲੱਥੇ॥੮॥
ਜ਼ਾਲ ਜ਼ਰਾ ਨਾ ਡੋਲਿਆ ਕੋਈ ਪਾਸਾ
ਤਿੰਨ ਪਹਿਰ ਗੁਜ਼ਰੇ ਓਨ੍ਹਾਂ ਲੜਦਿਆਂਨੂੰ।
ਚੌਥੇ ਪਹਿਰ ਦੁਰਾਨੀਆਂ ਫ਼ਤੇ ਪਾਈ
ਬੰਨਾ ਨਾਪਾਇਆ ਮੁਦਈਆਂਦੇ ਮਰਦਿਆਂ ਨੂੰ।
ਸੇਧੇ ਡਾਹਕੇ ਜੇਹਲ ਦਾ ਤੋਪਖਾਨਾ
ਭੁੰਨ ਸੁਟਿਆ ਨੇ ਸਿਰ ਕਰਦਿਆਂ ਨੂੰ।
ਕਾਦਰਯਾਰ ਪਰ ਪੜਤਲ ਨਜੀਬਾਂ ਵਾਲੀ
ਮਾਰੀ ਗਈ ਸਰਦਾਰ ਦੇ ਚੜਦਿਆਂਨੂੰ।੯॥
ਰੇ ਰੰਗ ਤਗਯਰ ਹੋ ਗਿਆ ਨੇ ਜੀ
ਪੈਰ ਛੱਡ ਚੱਲੇ ਦਿਲੋਂ ਹਾਰਕੇ ਜੀ।
ਪਿੱਛੇ ਰਹੇ ਸਰਦਾਰ ਦੇ ਚਾਰ ਘੌੜੇ
ਮੁੜ ਆਇਆ ਜੇ ਫੌਜਾਂ ਵੰਗਾਰ ਕੇ ਜੀ।

ਕਿੱਥੇ ਜਾਓਗੇ ਨਹੀਂ ਲਾਹੌਰ ਨੇੜੇ
ਏਥੇ ਸਾਸ ਦੇਣੇ ਦਿਲੋਂ ਧਾਰਕੇ ਜੀ।
ਕਾਦਰਯਾਰ ਜਹਾਨ ਤੇ ਨਹੀਂ ਰਹਿਣਾ
ਸਿੰਘੋ ਮੁੜੋ ਮੁਦਈਆਂ ਨੂੰ ਮਾਰਕੇ ਜੀ।੧੦।
ਜ਼ੇ ਜ਼ੋਰ ਕਰ ਪਰਤੀਆਂ ਫੇਰ ਫੌਜਾਂ
ਓਥੇ ਫੇਰ ਵੱਡੇ ਹਥਿਆਰ ਹੋਏ।
ਸੇਹਧੇ ਡਾਹਿਕੇ ਜੇਹਲ ਦਾ ਤੋਪਖਾਨਾ
ਸਿੰਘ ਜਾ ਜ਼ਖਮੀ ਦੂਜੀ ਵਾਰ ਹੋਏ।
ਜਦੋਂ ਆਪ ਸਰਦਾਰ ਤਿਆਰ ਹੋਇਆ
ਸਭੋ ਨਾਲ ਇਸਦੇ ਨਮੂਦਾਰ ਹੋਏ।
ਕਾਦਰਯਾਰ ਸਰਕਾਰ ਵਲ ਲਿਖੇ ਅਰਜ਼ੀ
ਅਸੀ ਬਹੁਤ ਹੀ ਆ ਲਾਚਾਰ ਹੋਏ ॥੧੧॥
ਸੀਨ ਸੀਨੇ ਸਰਦਾਰ ਦੇ ਜ਼ਖਮ ਲੱਗਾ
ਭੰਨ ਗਿਆਸੁ ਤੀਰ ਸਰੀਰ ਸਾਰਾ।
ਲੱਕ ਬੰਨ ਕੇ ਘੋੜੇ ਤੇ ਚੀਸ ਵੱਟੀ
ਅੱਖੀਂ ਚੱਲ ਪਿਆ ਜਦੋਂ ਨੀਰ ਸਾਰਾ।


ਘਰ ਬਾਰ ਧੀਆਂ ਪੁਤਰ ਯਾਦ ਆਏ
ਲੱਗਾ ਸੱਲ ਵਿਛੋੜੇ ਦਾ ਤੀਰ ਭਾਰਾ।
ਕਾਦਰਯਾਰ ਜਾਇਕੇ ਕਿਲੇਬੈਠਾਲਿਓਨੇ
ਸਣੇ ਪੰਥ ਹੋਗਿਆ ਦਲਗੀਰ ਸਾਰਾ॥੧੨॥
ਜਾਕੇ ਵੇਖ ਸਰਦਾਰ ਦਾ ਦਿਲ ਮਾਂਦਾ।
ਖਿਦਮਤਗਾਰ ਨੂੰ ਪਾਸ ਬਹਾਲਿਆ ਨੇ
ਦੀਵੇ ਵੱਟੀ ਦਾ ਵਕਤ ਵਿਹਾ ਜਾਂਦਾ।
ਕੋਈ ਲਿਆਓ ਗਊ ਮਨਸਾਓ ਮੈਥੋਂ
ਇਨਾਂ ਸਾਸਾਂ ਦਾਕੀਵਿਸਾਹ ਜਾਂਦਾ।
ਕਾਦਰਯਾਰ ਨਾ ਮੋਯਾਂ ਦਾ ਨਾਂ ਲੈਣਾ
ਮਤਾਂ ਦੋਸ ਮੁਹੰਮਦ ਆ ਲੁੱਟ ਪਾਂਦਾ ॥੧੩॥
ਸ੍ਵਾਦ ਸਾਹਿਬ ਬਾਝੋਂ ਨਹੀਂ ਜੇਕੋਈ ਬੇਲੀ
ਏਥੇ ਕੰਮ ਹੈ ਬਹੁਤ ਦਲੇਰੀਆਂ ਦੇ।
ਹਰੀ ਸਿੰਘ ਸਰਦਾਰ ਹੋ ਗਿਆ ਰੁਖਸਤ
ਮਨ ਵਕਤ ਹਕੀਕਤਾਂ ਮੇਰੀਆਂ ਦੇ।

ਤੂੰ ਤਾਂ ਖ਼ੁਸ਼ੀ ਮਾਂਣੇ ਵਿਚ ਲਾਹੌਰ ਦੇ ਜੀ
ਏਥੇ ਘਾਣ ਲੱਥੇ ਫੌਜਾਂ ਤੇਰੀਆਂ ਦੇ।
ਕਾਦਰਯਾਰ ਮੁਦਈ ਪਰ ਆਣ ਢੁੱਕੇ
ਮੱਲ ਖੜੇ ਸਾਂ ਆਸਰੇ ਦੇਰੀਆਂ ਦੇ।੧੪।
ਜ਼੍ਵਾਦ ਜ਼ੋਰ ਨ ਰਬ ਦੇ ਨਾਲ ਚੱਲੇ
ਝਲੇ ਦਰਦ ਸਰਦਾਰ ਨੇ ਸ੍ਵਾਸ ਛਡੇ।
ਟਹਿਲ ਵਾਲਿਆਂ ਮਾਰਕੇ ਗੁੱਝੀ ਹਾਂਈ
ਪਿੱਟ ਪਿੱਟ ਕੇ ਆਪਣੇ ਸਾਸ ਛੱਡੇ।
ਆਈ ਅੰਧ ਗੁਬਾਰ ਦੀ ਰਾਤ ਯਾਰਾਂ
ਸਭੋ ਨਾਲ ਉਸਨੇ ਅਪਨੇ ਦਾਸ ਛੱਡੇ।
ਕਾਦਰਯਾਰ ਸਰਦਾਰ ਨੇ ਆਪ ਓਥੇ।
ਪੜਦੇ ਨਾਲ ਫ਼ਰਜ਼ੰਦ ਸਮਝਾਇ ਛੱਡੇ ॥੧੫॥
ਤੋਏ ਤੁਰਤ ਸ੍ਰਕਾਰ ਵਲ ਖਤ ਲਿਖਯਾ
ਝੱਬ ਬਹੁੜ ਆਕੇ ਬਾਲਾ ਸਾਰ ਅੰਦਰ।
ਹਰੀ ਸਿੰਘ ਹੋ ਗਿਆ ਰੁਖਸਤ
ਅਜੇ ਨਹੀਂ ਕੀਤਾ ਸਸਕਾਰ ਅੰਦਰ।

ਮਾਲਕ ਹੈਂ ਤਾਂ ਝੱਬ ਤੂੰ ਬਹੁੜ ਏਥੇ
ਨਹੀਂ ਤਾਂ ਲੁੱਟ ਪੈਂਦੀ ਬਾਲਾਸਾਰ ਅੰਦਰ।
ਕਾਦਰਯਾਰ ਅਜੇ ਖੌਫ ਜੀਂਵਦੇ ਦਾ
ਨਹੀਂ ਮੋਏ ਦੀ ਖਬਰ ਕੰਧਾਰ ਅੰਦਰ॥੧੬॥
ਜ਼ੋਇ ਜ਼ਾਹਰ ਸ੍ਰਕਾਰ ਵਲ ਲਿਖੀ ਅਰਜ਼ੀ
ਚਿਠੀ ਮਿਲੀ ਗੁਜਰਾਤ ਦੇ ਆਣ ਡੇਰੇ।
ਮੁਨਸ਼ੀ ਹਾਲ ਹਕੀਕਤ ਸੁਨਾਇ ਦਿੱਤੀ
ਲਿਖਿਆ ਆਇਆ ਹੀ ਬਾਦਸ਼ਾਹ ਪਾਸ ਤੇਰੇ।
ਆਪ ਬੈਠਾ ਦੀਵਾਨ ਲਗਾਇਕੇ ਤੂੰ
ਉਠ ਗਿਆਈ ਪਾਸੋਂ ਵਜ਼ੀਰ ਤੇਰੇ।
ਕਾਦਰਯਾਰ ਸਰਕਾਰ ਨੇ ਆਪ ਕਹਿਆ
ਸਭੋ ਨਾਲ ਹੋਣਾ ਨਮੂਦਾਰ ਮੇਰੇ॥੧੭॥
ਐਨ ਐਨ ਸਰਕਾਰ ਨੇ ਗੱਲ ਸਮਝੀ
ਰੋ ਰੋ ਕੇ ਤਦੋਂ ਰਵਾਨ ਹੋਇਆ।
ਚਲੇ ਦਰਦ ਨ ਠਲੀਆਂ ਰਹਿਣ ਹੰਝੂ
ਅੱਜ ਸ਼ਾਹ ਤੇ ਬਡਾ ਤੁਫਾਨ ਹੋਇਆ।

ਘਰ ਬੈਠਿਆਂ ਖਬਰਾਂ ਮੈਂ ਪੁੱਛਦਾ ਸਾਂ
ਕੁਛ ਨਹੀਂ ਮੇਰਾ ਨੁਕਸਾਨ ਹੋਇਆ।
ਕਾਦਰਯਾਰ ਤਕਦੀਰ ਦੀ ਕੇਹੀ ਵਰਤੀ
ਓਥੇ ਇਕ ਮੇਰਾ ਲੈ ਜਵਾਨ ਕੋਹਿਆ ॥੧੮॥
ਗ਼ੈਨ ਗ਼ੰਮ ਆ ਦੇਸ ਦੇ ਨਾਲ ਚਲਯਾ
ਬਾਦਸ਼ਾਹ ਨਾ ਰੋ ਜ਼ਾਰੋਜ਼ਾਰ ਚੜ੍ਹਨਾ।
ਬਿਗਲ ਵੱਜਾ ਹੋ ਸ਼ੈਹਰ ਪੰਜਾਬ ਅੰਦਰ
ਦਿਨੇ ਰਾਤ ਨਾਂ ਕਿਤੇ ਮੁਕਾਮ ਕਰਨਾਂ।
ਸੈਆਂ ਕੋਹਾਂ ਦੀ ਵਾਟ ਨੂੰ ਚੀਰਕੇ ਤੇ
ਬੀੜਾ ਈਨ ਦਾ ਵਿਚ ਮੈਦਾਨ ਧਰਨਾ।
ਕਾਦਰਯਾਰ ਸਰਦਾਰ ਨੇ ਆਪ ਕਿਹਾ
ਓਹਹਟ ਜਾਵਨ ਤੁਸਾਂ ਨਹੀਂ ਮੂਲ ਹਟਨਾਂ ।੧੯।
ਫੇ ਫੋਜ ਤਮਾਮ ਪਸ਼ੌਰ ਪਹੁਚੀ
ਜਦ ਮੋਇਆ ਸੁਣਲਿਆ ਸਰਦਾਰ ਓਨਾਂ।
ਬਾਹਾਂ ਵੱਢ ਪਠਾਣ ਜੋ ਖਾਣ ਲਗੇ।
ਹਥੋਂ ਸੁੱਟ ਘਤੇ ਹਥਿਆਰ ਓਨਾਂ

ਸਾਨੂੰ ਖੋਫ਼ ਰਹਿਆ ਇਸਦੇ ਜੀਂਵਣੇ ਦਾ
ਜ਼ਰਾ ਭੇਤ ਨ ਕਢਿੱਆ ਬਾਹਰ ਓਨਾਂ।
ਕਾਦਰਯਾਰ ਜੇ ਮੋਏ ਦੀ ਖਬਰ ਹੁੰਦੀ
ਬੰਨਾ ਪਾ ਦੇਂਦੇ ਅਟਕੋਂ ਪਾਰ ਓਨਾਂ।੨੦।
ਕਾਫ ਕੁਦਰਤ ਰੱਬ ਦੀ ਵੇਖ ਭਾਈ
ਅਟਕ ਅਟਕੀ ਨਾ ਜ਼ਰਾ ਸਰਕਾਰ ਅੱਗੇ।
ਖ੍ਵਾਜਾ ਖਿਜਰ ਦਾ ਨਾਮ ਧਿਆਇਕੇ ਜੀ
ਘੋੜਾ ਠੇਲਿਆ ਸੀ ਵਿਚਸ੍ਰਕਾਰ ਅੱਗੇ।
ਗੋਡੇ ਗੋਡੇ ਦਰਯਾ ਸਭ ਹੋਇਆ ਸੀ
ਜਬ ਫੌਜ ਗਈ ਉਰਵਾਰ ਅੱਗੇ।
ਕਾਦਰ ਯਾਰ ਸਰਕਾਰ ਭੀ ਪਾਰ ਲੰਘੀ
ਚੜਿਆ ਅਟਕ ਸੀ ਬੇਸ਼ੁਮਾਰ ਅੱਗੇ।੨੧।
ਕਾਫ਼ ਕੋਈ ਜਹਾਨ ਤੇ ਨਹੀਂ ਹੋਣਾਂ
ਹਰੀ ਸਿੰਘ ਜਿਹਾ ਕੋਈ ਓਟ ਵਾਲਾ।
ਪਹਿਲਾਂ ਹੱਥ ਸਰਕਾਰ ਨੂੰ ਦੱਸਿਆਸੂ
ਕਿਲਾ ਫਤੇ ਕੀਤਾ ਸਿਆਲਕੋਟ ਵਾਲਾ।

ਦੂਜਾ ਹੱਥ ਸਰਕਾਰ ਨੂੰ ਦੱਸਿਆਸੂ
ਕਿਲਾ ਮਾਰ ਮੋਇਆ ਜਮਰੋਦ ਵਾਲਾ।
ਕਾਦਰਯਾਰ ਜਹਾਂਨ ਤੇ ਨਹੀਂ ਹੋਣੇ
ਲਸ਼ਕਰ ਮਿਲ ਗਿਆ ਜੇ ਮਮਰੋਟਵਾਲਾ।੨੨।
ਲਾਮ ਲਿਆ ਸੀ ਘੇਰ ਦਲੇਰ ਭਾਈ
ਹਰੀ ਸਿੰਘ ਸਰਦਾਰ ਦੁਰਾਨੀਆਂ ਨੇ।
ਕਰਦਾ ਕੀ ਜੋ ਫੋਜ ਨੇ ਹਾਰ ਦਿਤੀ
ਮਾਰੇਜਾਨ ਦੀਆਂ ਏਹ ਨਿਸ਼ਾਨੀਆਂਨੇ।
ਉਪਰ ਕਿਲੇ ਜਮਰੋਤ ਦੇ ਮਾਰਿਆ ਸੀ
ਹਰੀ ਸਿੰਘ ਨੂੰ ਜੁਲਮ ਦੇ ਬਾਨੀਆਂ ਨੇ
ਕਾਦਰ ਯਾਰ ਮੀਆਂ ਹਰੀ ਸਿੰਘ ਦੀਆਂ
ਰਹੀਆਂ ਜੱਗ ਦੇ ਵਿਚ ਨਿਸ਼ਾਨੀਆਂ ਨੇ।੨੩।
ਮੀਮ ਮੁਸ਼ਕਲਾਂ ਉਸ਼ਕਲਾਂ ਨਾਲ ਓਹਨਾਂ
ਹਰੀ ਸਿੰਘ ਸਰਦਾਰ ਨੂੰ ਮਾਰਿਆ ਸੀ।
ਨਹੀਂ ਤਾਂ ਕਈ ਹਜ਼ਾਰ ਦੁਰਾਨੀਆਂ ਨੂੰ
ਘੇਰ ਘਾਰਕੇ ਓਨਾਂ ਪਛਾੜਿਆ ਸੀ।

ਜੋ ਕੋਈ ਹੋਇਆ ਮੁਕਾਬਲੇ ਓਸਦੇ ਸੀ
ਓੜਕ ਵਿੱਚ ਮੈਦਾਨ ਦੇ ਹਰਿਆ ਸੀ।
ਕਾਦਰਯਾਰ ਸਰਕਾਰ ਨੂੰ ਖਬਰ ਹੋਈ
ਜਦੋਂ ਅਜਲ ਨੇ ਆਨਪੁਕਾਰਿਆ ਸੀ॥੨੪॥
ਨੂੰਨ ਨਾਮ ਸੁਨ ਓਸਦੇ ਕਾਲ ਸੰਦਾ
ਸਰਕਾਰ ਗਮਗੀਨ ਨਿਢਾਲ ਹੋਈ
ਕਹਿੰਦਾ ਐਸੇ ਸਰਦਾਰ ਦਲੇਰ ਵਾਲੀ
ਲੋਥ ਖਾਕਦੇ ਵਿੱਚ ਪਾਮਾਲ ਹੋਈ।
ਓਸੇ ਵਕਤ ਸਰਕਾਰ ਤਿਯਾਰ ਹੋਕੇ
ਦਾਖਲ ਕਿਲੇ ਉਤੇ ਚਾਲੋ ਚਾਲ ਹੋਈ
ਕਾਦਰਯਾਰ ਮੀਆਂ ਵੇਖ ਉਸਨੂੰ ਜੀ।
ਗਮ ਖਾਇਕੇ ਬਹੁਤ ਬਿਹਾਲ ਹੋਈ॥੨੫॥
ਵਾਉ ਵਿੱਚ ਸਭ ਫੌਜ ਦੇ ਓਸ ਵੇਲੇ
ਮਹਾਰਾਜ ਨੇ ਕੀਤਾ ਫ਼ਰਮਾਨ ਲੋਕੋ।
ਕਮਰਾਂ ਖੋਲ ਬੇਫਿਕਰ ਹੋ ਜਾਓ ਸਾਰੇ
ਕਰੋ ਜੰਗ ਦਾ ਨ ਸਾਮਾਨ ਲੋਕੋ।

ਦਿੱਤੇ ਭੇਜ ਵਕੀਲ ਅਸੀਲ ਸੱਭੇ
ਕਾਰਣ ਰੋਕਣੇ ਮਿਲੋ ਪ੍ਰਤਾਣ ਲੋਕੋ।
ਕਾਦਰਯਾਰ ਸਭ ਸੁਲਾ ਤੇ ਹੋਇ ਰਾਜ਼ੀ
ਉਸੇ ਗੱਲ ਤੇ ਅਮਲ ਕਮਾਨ ਲੋਕੋ॥੨੬॥
ਹੇ ਹੋਯਾ ਸੀ ਕੌਲ ਕਰਾਰ ਏਹੋ
ਕਰੇ ਹੁਕਮ ਸਰਕਾਰ ਪਸ਼ੌਰ ਅੰਦਰ।
ਅਤੇ ਦੋਸਤ ਮੁਹੰਮਦ ਰਹੇ ਕਾਯਮ
ਸਦਾ ਆਪਣੀ ਰਈਯਤ ਦੀ ਗੋਰ ਅੰਦਰ
ਗਜ਼ਨੀ ਚੀਨ ਮਚੀਨ ਤੇ ਅਰਬ ਕਾਬਲ
ਭਾਵੇਂ ਰਹੇ ਕੰਧਾਰ ਦੀ ਠੌਰ ਅੰਦਰ।
ਕਾਦਰਯਾਰ ਸਰਕਾਰ ਦੇ ਰਹਿਣ ਸੰਦੀ
ਜਾਗ੍ਹਾਂ ਚੰਗੀ ਹੈ ਸ਼ਹਿਰ ਲਾਹੌਰ ਅੰਦਰ॥੨੭॥
ਲਾਮ ਲੋਕਾਂ ਪਠਾਨਾਂ ਨੂੰ ਖਬਰ ਨਾ ਸੀ
ਹਰੀ ਸਿੰਘ ਮਦਾਨ ਵਿੱਚ ਮਰ ਗਿਆ।
ਏਸੇ ਵਾਸਤੇ ਦੋਸਤ ਮੁਹੰਮਦ ਜੇਹਾ
ਸੁਲਾ ਨਾਲ ਵਕੀਲਾਂ ਸੀ ਕਰ ਗਿਆ।

ਹਰੀ ਸਿੰਘ ਸਰਦਾਰ ਦੀ ਧਮਕ ਭਾਰੀ
ਓਸੇ ਜੰਗ ਤੋਂ ਤੰਗ ਡਰ ਗਿਆ।
ਕਾਦਰਯਾਰ ਮੀਆਂ ਜਾਣੇ ਖਲਕ ਸਾਰੀ
ਹਰੀ ਸਿੰਘ ਪਸ਼ੌਰ ਵਿੱਚ ਲੜ ਗਿਆ ॥੨੮॥

ਅਲਫ਼ ਆਪਣੇ ਕੋਲ ਤੇ ਰਹਿਣ ਸਾਬਤ
ਜਿਨਾਂ ਲੋਕਾਂ ਨੂੰ ਰੱਬ ਵਡਿਆਂਵਦਾ ਈ।
ਉਧਰ ਦੋਸਤ ਮੁਹੰਮਦ ਵੀ ਪਰਤ ਪਯਾ
ਤੇ ਰਣਜੀਤ ਸਿੰਘ ਕਿਲੇ ਵਿਚ ਜਾਂਵਦਾ ਈ।
ਅਤੇ ਚੰਦਨ ਚਿਖਾ ਬਨਾਇਕੇ ਜੀ
ਹਰੀ ਸਿੰਘ ਸਸਕਾਰ ਕਰਾਂਵਦਾ ਈ।
ਕਾਦਰਯਾਰ ਬਠਾਕੇ ਬਹੁਤ ਦੌਲਤ
ਵਟੀ ਉਚੀ ਸਮਾਧ ਬਣਾਵਦਾਈ॥ ੨੯॥
ਯੇ ਯਾਦ ਕਰਕੇ ਗੁਰੂ ਆਪਣੇ ਨੂੰ
ਸਰਕਾਰ ਮੁੜ ਪਰਤਕੇ ਆਂਵਦੀਏ।
ਉਪਰ ਕਿਲੇ ਜਮਰੌਧ ਦੇ ਖੂਬ ਪਹਿਰਾ
ਹਥੀਂ ਆਪਣੀ ਚਾ ਬਹਾਂਵਦੀ ਏ।
ਅਤੇ ਆਪ ਪਸ਼ੌਰ ਵਿਚ ਜਾਇਕੇ ਜੀ
ਅਪਣਾਂ ਤਖਤ ਸਮੱਲਤ ਬਹਾਂਵਈਏ।
ਕਾਦਰ ਯਾਰ ਮੀਆਂ ਹਰੀ ਸਿੰਘ ਸੰਦਾ
ਸਾਰੀ ਖਲਕ ਪਈ ਗੁਣ ਗਾਂਵਦੀਏ ॥੩੦॥