ਸਲੋਕ ਗੁਰੂ ਅਮਰ ਦਾਸ ਜੀ
1. ਰਾਗਾ ਵਿਚਿ ਸ੍ਰੀਰਾਗੁ ਹੈ
ਰਾਗਾ ਵਿਚਿ ਸ੍ਰੀਰਾਗੁ ਹੈ ਜੇ ਸਚਿ ਧਰੇ ਪਿਆਰੁ ॥
ਸਦਾ ਹਰਿ ਸਚੁ ਮਨਿ ਵਸੈ ਨਿਹਚਲ ਮਤਿ ਅਪਾਰੁ ॥
ਰਤਨੁ ਅਮੋਲਕੁ ਪਾਇਆ ਗੁਰ ਕਾ ਸਬਦੁ ਬੀਚਾਰੁ ॥
ਜਿਹਵਾ ਸਚੀ ਮਨੁ ਸਚਾ ਸਚਾ ਸਰੀਰ ਅਕਾਰੁ ॥
ਨਾਨਕ ਸਚੈ ਸਤਿਗੁਰਿ ਸੇਵਿਐ ਸਦਾ ਸਚੁ ਵਾਪਾਰੁ ॥1॥83॥
(ਸਚਿ=ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ, ਮਨਿ=
ਮਨ ਵਿਚ, ਅਕਾਰੁ=ਸਰੂਪ, ਸਰੀਰੁ ਅਕਾਰੁ=ਮਨੁੱਖਾ
ਸਰੀਰ, ਸਚਾ=ਸਫਲ, ਸਤਿਗੁਰਿ ਸੇਵਿਐ=ਜੇ ਗੁਰੂ ਦੀ
ਦੱਸੀ ਸੇਵਾ ਕਰੀਏ)
2. ਹੋਰੁ ਬਿਰਹਾ ਸਭ ਧਾਤੁ ਹੈ
ਹੋਰੁ ਬਿਰਹਾ ਸਭ ਧਾਤੁ ਹੈ ਜਬ ਲਗੁ ਸਾਹਿਬ ਪ੍ਰੀਤਿ ਨ ਹੋਇ ॥
ਇਹੁ ਮਨੁ ਮਾਇਆ ਮੋਹਿਆ ਵੇਖਣੁ ਸੁਨਣੁ ਨ ਹੋਇ ॥
ਸਹ ਦੇਖੇ ਬਿਨੁ ਪ੍ਰੀਤਿ ਨ ਊਪਜੈ ਅੰਧਾ ਕਿਆ ਕਰੇਇ ॥
ਨਾਨਕ ਜਿਨਿ ਅਖੀ ਲੀਤੀਆ ਸੋਈ ਸਚਾ ਦੇਇ ॥2॥83॥
(ਬਿਰਹਾ=ਪਿਆਰ, ਧਾਤੁ=ਮਾਇਆ, ਸਾਹਿਬ ਪ੍ਰੀਤਿ=ਮਾਲਕ
ਦਾ ਪਿਆਰ, ਸਹ=ਖਸਮ, ਜਿਨਿ=ਜਿਸ ਨੇ, ਸਚਾ=ਸਦਾ-ਥਿਰ
ਰਹਿਣ ਵਾਲਾ, ਸੱਚਾ)
3. ਗੁਰ ਸਭਾ ਏਵ ਨ ਪਾਈਐ
ਗੁਰ ਸਭਾ ਏਵ ਨ ਪਾਈਐ ਨਾ ਨੇੜੈ ਨਾ ਦੂਰਿ ॥
ਨਾਨਕ ਸਤਿਗੁਰੁ ਤਾਂ ਮਿਲੈ ਜਾ ਮਨੁ ਰਹੈ ਹਦੂਰਿ ॥2॥84॥
(ਗੁਰ ਸਭਾ=ਗੁਰੁ ਦਾ ਸੰਗ, ਏਵ=ਇਸ ਤਰ੍ਹਾਂ ਹਦੂਰਿ=
ਹਜ਼ੂਰੀ ਵਿਚ,ਚਰਨਾਂ ਵਿਚ,ਯਾਦ ਵਿਚ)
4. ਕਲਉ ਮਸਾਜਨੀ ਕਿਆ ਸਦਾਈਐ
ਕਲਉ ਮਸਾਜਨੀ ਕਿਆ ਸਦਾਈਐ ਹਿਰਦੈ ਹੀ ਲਿਖਿ ਲੇਹੁ ॥
ਸਦਾ ਸਾਹਿਬ ਕੈ ਰੰਗਿ ਰਹੈ ਕਬਹੂੰ ਨ ਤੂਟਸਿ ਨੇਹੁ ॥
ਕਲਉ ਮਸਾਜਨੀ ਜਾਇਸੀ ਲਿਖਿਆ ਭੀ ਨਾਲੇ ਜਾਇ ॥
ਨਾਨਕ ਸਹ ਪ੍ਰੀਤਿ ਨ ਜਾਇਸੀ ਜੋ ਧੁਰਿ ਛੋਡੀ ਸਚੈ ਪਾਇ ॥1॥84॥
(ਕਲਉ=ਕਲਮ, ਮਸਾਜਨੀ=ਦਵਾਤ, ਰੰਗਿ=ਪਿਆਰ ਵਿਚ,
ਸਹ ਪ੍ਰੀਤਿ=ਖਸਮ ਦਾ ਪਿਆਰ, ਧੁਰਿ=ਧੁਰ ਤੋਂ,ਆਪਣੇ ਦਰ
ਤੋਂ, ਸਚੈ=ਸਦਾ-ਥਿਰ ਪ੍ਰਭੂ ਨੇ, ਪਾਇ ਛੋਡੀ=ਪਾ ਦਿੱਤੀ ਹੈ)
5. ਨਦਰੀ ਆਵਦਾ ਨਾਲਿ ਨ ਚਲਈ
ਨਦਰੀ ਆਵਦਾ ਨਾਲਿ ਨ ਚਲਈ ਵੇਖਹੁ ਕੋ ਵਿਉਪਾਇ ॥
ਸਤਿਗੁਰਿ ਸਚੁ ਦ੍ਰਿੜਾਇਆ ਸਚਿ ਰਹਹੁ ਲਿਵ ਲਾਇ ॥
ਨਾਨਕ ਸਬਦੀ ਸਚੁ ਹੈ ਕਰਮੀ ਪਲੈ ਪਾਇ ॥2॥84॥
(ਕੋ=ਕੋਈ ਭੀ ਮਨੁੱਖ, ਵਿਉਪਾਇ=ਨਿਰਣਾ ਕਰ ਕੇ,
ਸਤਿਗੁਰਿ=ਗੁਰੂ ਨੇ, ਦ੍ਰਿੜਾਇਆ=ਪੱਕਾ ਕੀਤਾ ਹੈ, ਸਬਦੀ=
ਗੁਰੂ ਦੇ ਸ਼ਬਦ ਦੀ ਰਾਹੀਂ, ਕਰਮੀ=ਮਿਹਰ ਨਾਲ, ਪਲੈ ਪਾਇ=
ਮਿਲਦਾ ਹੈ)
6. ਕਲਮ ਜਲਉ ਸਣੁ ਮਸਵਾਣੀਐ
ਕਲਮ ਜਲਉ ਸਣੁ ਮਸਵਾਣੀਐ ਕਾਗਦੁ ਭੀ ਜਲਿ ਜਾਉ ॥
ਲਿਖਣ ਵਾਲਾ ਜਲਿ ਬਲਉ ਜਿਨਿ ਲਿਖਿਆ ਦੂਜਾ ਭਾਉ ॥
ਨਾਨਕ ਪੂਰਬਿ ਲਿਖਿਆ ਕਮਾਵਣਾ ਅਵਰੁ ਨ ਕਰਣਾ ਜਾਇ ॥1॥84॥
(ਜਲਉ=ਸੜ ਜਾਏ, ਸਣੁ=ਸਮੇਤ, ਜਲਿ ਬਲਉ=ਸੜ ਬਲ ਲਾਏ,
ਜਿਨਿ=ਜਿਸ ਨੇ, ਭਾਉ=ਪਿਆਰ, ਦੂਜਾ ਭਾਉ=ਪ੍ਰਭੂ ਨੂੰ ਛੱਡ ਕੇ
ਦੂਜੇ ਦਾ ਪਿਆਰ,ਮਾਇਆ ਦਾ ਪਿਆਰ)
7. ਹੋਰੁ ਕੂੜੁ ਪੜਣਾ ਕੂੜੁ ਬੋਲਣਾ
ਹੋਰੁ ਕੂੜੁ ਪੜਣਾ ਕੂੜੁ ਬੋਲਣਾ ਮਾਇਆ ਨਾਲਿ ਪਿਆਰੁ ॥
ਨਾਨਕ ਵਿਣੁ ਨਾਵੈ ਕੋ ਥਿਰੁ ਨਹੀ ਪੜਿ ਪੜਿ ਹੋਇ ਖੁਆਰੁ ॥2॥84॥
(ਕੂੜੁ=ਨਾਸਵੰਤ,ਵਿਅਰਥ)
8. ਹਉ ਹਉ ਕਰਤੀ ਸਭ ਮੁਈ
ਹਉ ਹਉ ਕਰਤੀ ਸਭ ਮੁਈ ਸੰਪਉ ਕਿਸੈ ਨ ਨਾਲਿ ॥
ਦੂਜੈ ਭਾਇ ਦੁਖੁ ਪਾਇਆ ਸਭ ਜੋਹੀ ਜਮਕਾਲਿ ॥
ਨਾਨਕ ਗੁਰਮੁਖਿ ਉਬਰੇ ਸਾਚਾ ਨਾਮੁ ਸਮਾਲਿ ॥1॥84॥
(ਸਭ=ਸਾਰੀ ਸ੍ਰਿਸ਼ਟੀ, ਮੁਈ=ਦੁਖੀ ਹੋਈ ਹੈ, ਹਉ ਹਉ
ਕਰਤੀ=ਅਹੰਕਾਰ ਕਰ ਕਰ ਕੇ, ਸੰਪਉ=ਧਨ, ਦੂਜੈ ਭਾਇ=
ਮਾਇਆ ਦੇ ਪਿਆਰ ਵਿਚ, ਜੋਹੀ=ਤੱਕੀ, ਕਾਲਿ=ਕਾਲਿ ਨੇ,
ਸਮਾਲਿ-ਸਾਂਭ ਕੇ)
9. ਹੁਕਮੁ ਨ ਜਾਣੈ ਬਹੁਤਾ ਰੋਵੈ
ਹੁਕਮੁ ਨ ਜਾਣੈ ਬਹੁਤਾ ਰੋਵੈ ॥
ਅੰਦਰਿ ਧੋਖਾ ਨੀਦ ਨ ਸੋਵੈ ॥
ਜੇ ਧਨ ਖਸਮੈ ਚਲੈ ਰਜਾਈ ॥
ਦਰਿ ਘਰਿ ਸੋਭਾ ਮਹਲਿ ਬੁਲਾਈ ॥
ਨਾਨਕ ਕਰਮੀ ਇਹ ਮਤਿ ਪਾਈ ॥
ਗੁਰ ਪਰਸਾਦੀ ਸਚਿ ਸਮਾਈ ॥1॥85॥
(ਰੋਵੈ=ਕਲਪਦਾ ਹੈ, ਧੋਖਾ=ਚਿੰਤਾ, ਧਨ=
ਜੀਵ-ਇਸਤ੍ਰੀ, ਦਰਿ=ਦਰ ਤੇ, ਮਹਿਲ=ਪ੍ਰਭੂ
ਦੇ ਮਹਲ ਵਿਚ,ਹਜ਼ੂਰੀ ਵਿਚ, ਕਰਮੀ=ਮਿਹਰ
ਨਾਲ)
10. ਮਨਮੁਖ ਨਾਮ ਵਿਹੂਣਿਆ
ਮਨਮੁਖ ਨਾਮ ਵਿਹੂਣਿਆ ਰੰਗੁ ਕਸੁੰਭਾ ਦੇਖਿ ਨ ਭੁਲੁ ॥
ਇਸ ਕਾ ਰੰਗੁ ਦਿਨ ਥੋੜਿਆ ਛੋਛਾ ਇਸ ਦਾ ਮੁਲੁ ॥
ਦੂਜੈ ਲਗੇ ਪਚਿ ਮੁਏ ਮੂਰਖ ਅੰਧ ਗਵਾਰ ॥
ਬਿਸਟਾ ਅੰਦਰਿ ਕੀਟ ਸੇ ਪਇ ਪਚਹਿ ਵਾਰੋ ਵਾਰ ॥
ਨਾਨਕ ਨਾਮ ਰਤੇ ਸੇ ਰੰਗੁਲੇ ਗੁਰ ਕੈ ਸਹਜਿ ਸੁਭਾਇ ॥
ਭਗਤੀ ਰੰਗੁ ਨ ਉਤਰੈ ਸਹਜੇ ਰਹੈ ਸਮਾਇ ॥2॥85॥
(ਛੋਛਾ=ਤੁੱਛ, ਪਚਿ ਮੁਏ=ਖ਼ੁਆਰ ਹੁੰਦੇ ਹਨ, ਕੀਟ=ਕੀੜੇ,
ਪਇ=ਪੈ ਕੇ, ਵਾਰੋ ਵਾਰ=ਮੁੜ ਮੁੜ, ਰੰਗੁਲੇ=ਸੋਹਣੇ, ਸਹਜਿ=
ਸਹਜ ਅਵਸਥਾ ਵਿਚ,ਅਡੋਲਤਾ ਵਿਚ, ਸਹਜੇ=ਸਹਜ ਵਿਚ)
11. ਪੜਿ ਪੜਿ ਪੰਡਿਤ ਬੇਦ ਵਖਾਣਹਿ
ਪੜਿ ਪੜਿ ਪੰਡਿਤ ਬੇਦ ਵਖਾਣਹਿ ਮਾਇਆ ਮੋਹ ਸੁਆਇ ॥
ਦੂਜੈ ਭਾਇ ਹਰਿ ਨਾਮੁ ਵਿਸਾਰਿਆ ਮਨ ਮੂਰਖ ਮਿਲੈ ਸਜਾਇ ॥
ਜਿਨਿ ਜੀਉ ਪਿੰਡੁ ਦਿਤਾ ਤਿਸੁ ਕਬਹੂੰ ਨ ਚੇਤੈ ਜੋ ਦੇਂਦਾ ਰਿਜਕੁ ਸੰਬਾਹਿ ॥
ਜਮ ਕਾ ਫਾਹਾ ਗਲਹੁ ਨ ਕਟੀਐ ਫਿਰਿ ਫਿਰਿ ਆਵੈ ਜਾਇ ॥
ਮਨਮੁਖਿ ਕਿਛੂ ਨ ਸੂਝੈ ਅੰਧੁਲੇ ਪੂਰਬਿ ਲਿਖਿਆ ਕਮਾਇ ॥
ਪੂਰੈ ਭਾਗਿ ਸਤਿਗੁਰੁ ਮਿਲੈ ਸੁਖਦਾਤਾ ਨਾਮੁ ਵਸੈ ਮਨਿ ਆਇ ॥
ਸੁਖੁ ਮਾਣਹਿ ਸੁਖੁ ਪੈਨਣਾ ਸੁਖੇ ਸੁਖਿ ਵਿਹਾਇ ॥
ਨਾਨਕ ਸੋ ਨਾਉ ਮਨਹੁ ਨ ਵਿਸਾਰੀਐ ਜਿਤੁ ਦਰਿ ਸਚੈ ਸੋਭਾ ਪਾਇ ॥1॥86॥
(ਵਖਾਣਹਿ=ਵਿਆਖਿਆ ਕਰਦੇ ਹਨ, ਸੁਆਇ=ਸੁਆਦ ਵਿਚ, ਜਿਨਿ=
ਜਿਸ ਹਰੀ ਨੇ, ਜੀਉ=ਜਿੰਦ, ਸੰਬਾਹਿ ਦੇਂਦਾ=ਅਪੜਾਂਦਾ ਹੈ, ਮਨਿ=ਮਨ
ਵਿਚ, ਮਾਣਹਿ=ਮਾਣਦੇ ਹਨ, ਸੁਖਿ=ਸੁਖ ਵਿਚ, ਸੁਖੇ ਸੁਖਿ=ਸੁਖ ਹੀ ਸੁਖ
ਵਿਚ, ਜਿਤੁ=ਜਿਸ ਦੀ ਰਾਹੀਂ)
12. ਸਤਿਗੁਰੁ ਸੇਵਿ ਸੁਖੁ ਪਾਇਆ
ਸਤਿਗੁਰੁ ਸੇਵਿ ਸੁਖੁ ਪਾਇਆ ਸਚੁ ਨਾਮੁ ਗੁਣਤਾਸੁ ॥
ਗੁਰਮਤੀ ਆਪੁ ਪਛਾਣਿਆ ਰਾਮ ਨਾਮ ਪਰਗਾਸੁ ॥
ਸਚੋ ਸਚੁ ਕਮਾਵਣਾ ਵਡਿਆਈ ਵਡੇ ਪਾਸਿ ॥
ਜੀਉ ਪਿੰਡੁ ਸਭੁ ਤਿਸ ਕਾ ਸਿਫਤਿ ਕਰੇ ਅਰਦਾਸਿ ॥
ਸਚੈ ਸਬਦਿ ਸਾਲਾਹਣਾ ਸੁਖੇ ਸੁਖਿ ਨਿਵਾਸੁ ॥
ਜਪੁ ਤਪੁ ਸੰਜਮੁ ਮਨੈ ਮਾਹਿ ਬਿਨੁ ਨਾਵੈ ਧ੍ਰਿਗੁ ਜੀਵਾਸੁ ॥
ਗੁਰਮਤੀ ਨਾਉ ਪਾਈਐ ਮਨਮੁਖ ਮੋਹਿ ਵਿਣਾਸੁ ॥
ਜਿਉ ਭਾਵੈ ਤਿਉ ਰਾਖੁ ਤੂੰ ਨਾਨਕੁ ਤੇਰਾ ਦਾਸੁ ॥2॥86॥
(ਸੇਵਿ=ਸੇਵਾ ਕਰ ਕੇ, ਗੁਣਤਾਸੁ=ਗੁਣਾਂ ਦਾ ਖ਼ਜ਼ਾਨਾ,
ਆਪੁ=ਆਪਣੇ ਆਪ ਨੂੰ, ਸਬਦਿ=ਸ਼ਬਦ ਦੀ ਰਾਹੀਂ,
ਸੰਜਮੁ=ਇੰਦ੍ਰੀਆਂ ਨੂੰ ਰੋਕਣ ਦਾ ਉੱਦਮ, ਧ੍ਰਿਗੁ=
ਫਿਟਕਾਰ-ਜੋਗ, ਮੋਹਿ=ਮੋਹ ਵਿਚ ਫਸ ਕੇ)
13. ਪੰਡਿਤੁ ਪੜਿ ਪੜਿ ਉਚਾ ਕੂਕਦਾ
ਪੰਡਿਤੁ ਪੜਿ ਪੜਿ ਉਚਾ ਕੂਕਦਾ ਮਾਇਆ ਮੋਹਿ ਪਿਆਰੁ ॥
ਅੰਤਰਿ ਬ੍ਰਹਮੁ ਨ ਚੀਨਈ ਮਨਿ ਮੂਰਖੁ ਗਾਵਾਰੁ ॥
ਦੂਜੈ ਭਾਇ ਜਗਤੁ ਪਰਬੋਧਦਾ ਨਾ ਬੂਝੈ ਬੀਚਾਰੁ ॥
ਬਿਰਥਾ ਜਨਮੁ ਗਵਾਇਆ ਮਰਿ ਜੰਮੈ ਵਾਰੋ ਵਾਰ ॥1॥86॥
(ਅੰਤਰਿ=ਆਪਣੇ ਅੰਦਰ, ਨ ਚੀਨਈ=ਨਹੀਂ ਪਛਾਣਦਾ,
ਮਨਿ=ਮਨ ਵਿਚ, ਦੂਜੈ ਭਾਇ=ਰੱਬ ਤੋਂ ਬਿਨਾ ਹੋਰ ਪਿਆਰ
ਵਿਚ, ਪਰਬੋਧਦਾ=ਜਗਾਂਦਾ ਹੈ,ਮੱਤਾਂ ਦੇਂਦਾ ਹੈ)
14. ਜਿਨੀ ਸਤਿਗੁਰੁ ਸੇਵਿਆ ਤਿਨੀ ਨਾਉ ਪਾਇਆ
ਜਿਨੀ ਸਤਿਗੁਰੁ ਸੇਵਿਆ ਤਿਨੀ ਨਾਉ ਪਾਇਆ ਬੂਝਹੁ ਕਰਿ ਬੀਚਾਰੁ ॥
ਸਦਾ ਸਾਂਤਿ ਸੁਖੁ ਮਨਿ ਵਸੈ ਚੂਕੈ ਕੂਕ ਪੁਕਾਰ ॥
ਆਪੈ ਨੋ ਆਪੁ ਖਾਇ ਮਨੁ ਨਿਰਮਲੁ ਹੋਵੈ ਗੁਰ ਸਬਦੀ ਵੀਚਾਰੁ ॥
ਨਾਨਕ ਸਬਦਿ ਰਤੇ ਸੇ ਮੁਕਤੁ ਹੈ ਹਰਿ ਜੀਉ ਹੇਤਿ ਪਿਆਰੁ ॥2॥86॥
(ਚੂਕੈ=ਮੁੱਕ ਜਾਂਦੀ ਹੈ, ਕੂਕ ਪੁਕਾਰ=ਕਲਪਣਾ, ਆਪੈ ਨੋ ਆਪੁ=
ਨਿਰੋਲ ਆਪਣੇ ਆਪ ਨੂੰ, ਮੁਕਤੁ=ਵਿਕਾਰਾਂ ਤੋਂ ਆਜ਼ਾਦ)
15. ਨਾਨਕ ਸੋ ਸੂਰਾ ਵਰੀਆਮੁ
ਨਾਨਕ ਸੋ ਸੂਰਾ ਵਰੀਆਮੁ ਜਿਨਿ ਵਿਚਹੁ ਦੁਸਟੁ ਅਹੰਕਰਣੁ ਮਾਰਿਆ ॥
ਗੁਰਮੁਖਿ ਨਾਮੁ ਸਾਲਾਹਿ ਜਨਮੁ ਸਵਾਰਿਆ ॥
ਆਪਿ ਹੋਆ ਸਦਾ ਮੁਕਤੁ ਸਭੁ ਕੁਲੁ ਨਿਸਤਾਰਿਆ ॥
ਸੋਹਨਿ ਸਚਿ ਦੁਆਰਿ ਨਾਮੁ ਪਿਆਰਿਆ ॥
ਮਨਮੁਖ ਮਰਹਿ ਅਹੰਕਾਰਿ ਮਰਣੁ ਵਿਗਾੜਿਆ ॥
ਸਭੋ ਵਰਤੈ ਹੁਕਮੁ ਕਿਆ ਕਰਹਿ ਵਿਚਾਰਿਆ ॥
ਆਪਹੁ ਦੂਜੈ ਲਗਿ ਖਸਮੁ ਵਿਸਾਰਿਆ ॥
ਨਾਨਕ ਬਿਨੁ ਨਾਵੈ ਸਭੁ ਦੁਖੁ ਸੁਖੁ ਵਿਸਾਰਿਆ ॥1॥86॥
(ਅਹੰਕਰਣੁ=ਅਹੰਕਾਰ, ਵਰੀਆਮੁ=ਸੂਰਮਾ, ਮਰਣੁ=ਮੌਤ, ਅੰਤ ਵੇਲਾ)
16. ਗੁਰਿ ਪੂਰੈ ਹਰਿ ਨਾਮੁ ਦਿੜਾਇਆ
ਗੁਰਿ ਪੂਰੈ ਹਰਿ ਨਾਮੁ ਦਿੜਾਇਆ ਤਿਨਿ ਵਿਚਹੁ ਭਰਮੁ ਚੁਕਾਇਆ ॥
ਰਾਮ ਨਾਮੁ ਹਰਿ ਕੀਰਤਿ ਗਾਈ ਕਰਿ ਚਾਨਣੁ ਮਗੁ ਦਿਖਾਇਆ ॥
ਹਉਮੈ ਮਾਰਿ ਏਕ ਲਿਵ ਲਾਗੀ ਅੰਤਰਿ ਨਾਮੁ ਵਸਾਇਆ ॥
ਗੁਰਮਤੀ ਜਮੁ ਜੋਹਿ ਨ ਸਾਕੈ ਸਾਚੈ ਨਾਮਿ ਸਮਾਇਆ ॥
ਸਭੁ ਆਪੇ ਆਪਿ ਵਰਤੈ ਕਰਤਾ ਜੋ ਭਾਵੈ ਸੋ ਨਾਇ ਲਾਇਆ ॥
ਜਨ ਨਾਨਕੁ ਨਾਮੁ ਲਏ ਤਾ ਜੀਵੈ ਬਿਨੁ ਨਾਵੈ ਖਿਨੁ ਮਰਿ ਜਾਇਆ ॥2॥86-87॥
(ਗੁਰਿ=ਗੁਰੂ ਨੇ, ਦ੍ਰਿੜਾਇਆ=ਹਿਰਦੇ ਵਿਚ ਪੱਕਾ ਕਰ ਦਿੱਤਾ,
ਭਰਮੁ=ਭਟਕਣਾ, ਕੀਮਤਿ=ਸਿਫ਼ਤਿ, ਮਗੁ=ਰਸਤਾ, ਨਾਮਿ=ਨਾਮ
ਵਿਚ, ਸਭੁ=ਹਰ ਥਾਂ, ਨਾਇ=ਨਾਮ ਵਿਚ, ਖਿਨੁ=ਪਲਕ,ਪਲ ਭਰ)
17. ਆਤਮਾ ਦੇਉ ਪੂਜੀਐ
ਆਤਮਾ ਦੇਉ ਪੂਜੀਐ ਗੁਰ ਕੈ ਸਹਜਿ ਸੁਭਾਇ ॥
ਆਤਮੇ ਨੋ ਆਤਮੇ ਦੀ ਪ੍ਰਤੀਤਿ ਹੋਇ ਤਾ ਘਰ ਹੀ ਪਰਚਾ ਪਾਇ ॥
ਆਤਮਾ ਅਡੋਲੁ ਨ ਡੋਲਈ ਗੁਰ ਕੈ ਭਾਇ ਸੁਭਾਇ ॥
ਗੁਰ ਵਿਣੁ ਸਹਜੁ ਨ ਆਵਈ ਲੋਭੁ ਮੈਲੁ ਨ ਵਿਚਹੁ ਜਾਇ ॥
ਖਿਨੁ ਪਲੁ ਹਰਿ ਨਾਮੁ ਮਨਿ ਵਸੈ ਸਭ ਅਠਸਠਿ ਤੀਰਥ ਨਾਇ ॥
ਸਚੇ ਮੈਲੁ ਨ ਲਗਈ ਮਲੁ ਲਾਗੈ ਦੂਜੈ ਭਾਇ ॥
ਧੋਤੀ ਮੂਲਿ ਨ ਉਤਰੈ ਜੇ ਅਠਸਠਿ ਤੀਰਥ ਨਾਇ ॥
ਮਨਮੁਖ ਕਰਮ ਕਰੇ ਅਹੰਕਾਰੀ ਸਭੁ ਦੁਖੋ ਦੁਖੁ ਕਮਾਇ ॥
ਨਾਨਕ ਮੈਲਾ ਊਜਲੁ ਤਾ ਥੀਐ ਜਾ ਸਤਿਗੁਰ ਮਾਹਿ ਸਮਾਇ ॥1॥87॥
(ਆਤਮਾ ਦੇਉ=ਪਰਮਾਤਮਾ, ਸਹਜਿ=ਸਹਜ ਵਿਚ, ਸੁਭਾਇ=
ਸੁਭਾਵ ਵਿਚ ਲੀਨ ਹੋ ਕੇ, ਪ੍ਰਤੀਤਿ=ਯਕੀਨ, ਪਰਚਾ=ਵਾਕਫ਼ੀ,
ਪਿਆਰ, ਨਾਇ=ਨ੍ਹਾਇ,ਨ੍ਹਾ ਲੈਂਦਾ ਹੈ)
18. ਮਨਮੁਖੁ ਲੋਕੁ ਸਮਝਾਈਐ
ਮਨਮੁਖੁ ਲੋਕੁ ਸਮਝਾਈਐ ਕਦਹੁ ਸਮਝਾਇਆ ਜਾਇ ॥
ਮਨਮੁਖੁ ਰਲਾਇਆ ਨਾ ਰਲੈ ਪਇਐ ਕਿਰਤਿ ਫਿਰਾਇ ॥
ਲਿਵ ਧਾਤੁ ਦੁਇ ਰਾਹ ਹੈ ਹੁਕਮੀ ਕਾਰ ਕਮਾਇ ॥
ਗੁਰਮੁਖਿ ਆਪਣਾ ਮਨੁ ਮਾਰਿਆ ਸਬਦਿ ਕਸਵਟੀ ਲਾਇ ॥
ਮਨ ਹੀ ਨਾਲਿ ਝਗੜਾ ਮਨ ਹੀ ਨਾਲਿ ਸਥ ਮਨ ਹੀ ਮੰਝਿ ਸਮਾਇ ॥
ਮਨੁ ਜੋ ਇਛੇ ਸੋ ਲਹੈ ਸਚੈ ਸਬਦਿ ਸੁਭਾਇ ॥
ਅੰਮ੍ਰਿਤ ਨਾਮੁ ਸਦ ਭੁੰਚੀਐ ਗੁਰਮੁਖਿ ਕਾਰ ਕਮਾਇ ॥
ਵਿਣੁ ਮਨੈ ਜਿ ਹੋਰੀ ਨਾਲਿ ਲੁਝਣਾ ਜਾਸੀ ਜਨਮੁ ਗਵਾਇ ॥
ਮਨਮੁਖੀ ਮਨਹਠਿ ਹਾਰਿਆ ਕੂੜੁ ਕੁਸਤੁ ਕਮਾਇ ॥
ਗੁਰ ਪਰਸਾਦੀ ਮਨੁ ਜਿਣੈ ਹਰਿ ਸੇਤੀ ਲਿਵ ਲਾਇ ॥
ਨਾਨਕ ਗੁਰਮੁਖਿ ਸਚੁ ਕਮਾਵੈ ਮਨਮੁਖਿ ਆਵੈ ਜਾਇ ॥2॥87॥
(ਮਨਮੁਖੁ=ਉਹ ਜਿਸ ਦਾ ਮੂੰਹ ਆਪਣੇ ਮਨ ਵਲ ਹੈ,
ਆਪ-ਹੁਦਰਾ, ਕਿਰਤੁ=ਕੀਤਾ ਹੋਇਆ ਕੰਮ, ਕਿਰਤਿ=
ਕੀਤੇ ਕੰਮ ਦੇ ਅਨੁਸਾਰ, ਪਇਐ ਕਿਰਤਿ=ਉਹਨਾਂ ਕੀਤੇ
ਕਰਮਾਂ ਦੇ ਸੰਸਕਾਰਾਂ ਅਨੁਸਾਰ ਜੋ ਪਿੱਛੇ ਇਕੱਠੇ ਹੋ ਚੁਕੇ
ਹਨ, ਧਾਤੁ=ਮਾਇਆ, ਸਥ=ਝਗੜਾ ਨਿਬੇੜਨ ਲਈ
ਪੰਚੈਤ ਇਕੱਠੀ ਕਰਨੀ, ਭੁੰਚੀਐ=ਛਕੀਏ, ਲੁਝਣਾ=
ਝਗੜਨਾ, ਜਿਣੈ=ਜਿੱਤ ਲਏ)
19. ਸਤਿਗੁਰੁ ਸੇਵੇ ਆਪਣਾ
ਸਤਿਗੁਰੁ ਸੇਵੇ ਆਪਣਾ ਸੋ ਸਿਰੁ ਲੇਖੈ ਲਾਇ ॥
ਵਿਚਹੁ ਆਪੁ ਗਵਾਇ ਕੈ ਰਹਨਿ ਸਚਿ ਲਿਵ ਲਾਇ ॥
ਸਤਿਗੁਰੁ ਜਿਨੀ ਨ ਸੇਵਿਓ ਤਿਨਾ ਬਿਰਥਾ ਜਨਮੁ ਗਵਾਇ ॥
ਨਾਨਕ ਜੋ ਤਿਸੁ ਭਾਵੈ ਸੋ ਕਰੇ ਕਹਣਾ ਕਿਛੂ ਨ ਜਾਇ ॥1॥88॥
(ਲੇਖੈ ਲਾਇ=ਸਫਲਾ ਕਰ ਲੈਂਦਾ ਹੈ, ਆਪੁ=ਆਪਾ-ਭਾਵ,ਅਹੰਕਾਰ)
20. ਮਨੁ ਵੇਕਾਰੀ ਵੇੜਿਆ
ਮਨੁ ਵੇਕਾਰੀ ਵੇੜਿਆ ਵੇਕਾਰਾ ਕਰਮ ਕਮਾਇ ॥
ਦੂਜੈ ਭਾਇ ਅਗਿਆਨੀ ਪੂਜਦੇ ਦਰਗਹ ਮਿਲੈ ਸਜਾਇ ॥
ਆਤਮ ਦੇਉ ਪੂਜੀਐ ਬਿਨੁ ਸਤਿਗੁਰ ਬੂਝ ਨ ਪਾਇ ॥
ਜਪੁ ਤਪੁ ਸੰਜਮੁ ਭਾਣਾ ਸਤਿਗੁਰੂ ਕਾ ਕਰਮੀ ਪਲੈ ਪਾਇ ॥
ਨਾਨਕ ਸੇਵਾ ਸੁਰਤਿ ਕਮਾਵਣੀ ਜੋ ਹਰਿ ਭਾਵੈ ਸੋ ਥਾਇ ਪਾਇ ॥2॥88॥
(ਵੇੜਿਆ=ਘਿਰਿਆ ਹੋਇਆ, ਬੂਝ=ਸਮਝ, ਕਰਮੀ=
ਮਿਹਰ ਨਾਲ, ਪਲੇ ਪਾਇ=ਮਿਲਦਾ ਹੈ, ਥਾਇ ਪਾਇ=
ਕਬੂਲ ਕਰਦਾ ਹੈ)
21. ਸਤਿਗੁਰੁ ਜਿਨੀ ਨ ਸੇਵਿਓ
ਸਤਿਗੁਰੁ ਜਿਨੀ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ ॥
ਅੰਤਰਿ ਗਿਆਨੁ ਨ ਆਇਓ ਮਿਰਤਕੁ ਹੈ ਸੰਸਾਰਿ ॥
ਲਖ ਚਉਰਾਸੀਹ ਫੇਰੁ ਪਇਆ ਮਰਿ ਜੰਮੈ ਹੋਇ ਖੁਆਰੁ ॥
ਸਤਿਗੁਰ ਕੀ ਸੇਵਾ ਸੋ ਕਰੇ ਜਿਸ ਨੋ ਆਪਿ ਕਰਾਏ ਸੋਇ ॥
ਸਤਿਗੁਰ ਵਿਚਿ ਨਾਮੁ ਨਿਧਾਨੁ ਹੈ ਕਰਮਿ ਪਰਾਪਤਿ ਹੋਇ ॥
ਸਚਿ ਰਤੇ ਗੁਰ ਸਬਦ ਸਿਉ ਤਿਨ ਸਚੀ ਸਦਾ ਲਿਵ ਹੋਇ ॥
ਨਾਨਕ ਜਿਸ ਨੋ ਮੇਲੇ ਨ ਵਿਛੁੜੈ ਸਹਜਿ ਸਮਾਵੈ ਸੋਇ ॥1॥88॥
(ਸਬਦਿ=ਸ਼ਬਦ ਦੀ ਰਾਹੀਂ, ਗਿਆਨੁ=ਉੱਚੀ ਸਮਝ,ਚਾਨਣ,
ਆਤਮਕ ਜੀਵਨ ਦੀ ਸੂਝ, ਮਿਰਤਕੁ=ਮੋਇਆ ਹੋਇਆ,
ਫੇਰੁ=ਫੇਰਾ,ਚੱਕਰ, ਸਤਿਗੁਰ ਕੀ ਸੇਵਾ=ਗੁਰੂ ਦੀ ਦੱਸੀ ਕਾਰ,
ਨਿਧਾਨੁ=ਖ਼ਜ਼ਾਨਾ, ਕਰਮਿ=ਮਿਹਰ ਨਾਲ, ਕਰਮ=ਮਿਹਰ)
22. ਸੋ ਭਗਉਤੀ ਜੁ ਭਗਵੰਤੈ ਜਾਣੈ
ਸੋ ਭਗਉਤੀ ਜੁ ਭਗਵੰਤੈ ਜਾਣੈ ॥
ਗੁਰ ਪਰਸਾਦੀ ਆਪੁ ਪਛਾਣੈ ॥
ਧਾਵਤੁ ਰਾਖੈ ਇਕਤੁ ਘਰਿ ਆਣੈ ॥
ਜੀਵਤੁ ਮਰੈ ਹਰਿ ਨਾਮੁ ਵਖਾਣੈ ॥
ਐਸਾ ਭਗਉਤੀ ਉਤਮੁ ਹੋਇ ॥
ਨਾਨਕ ਸਚਿ ਸਮਾਵੈ ਸੋਇ ॥2॥88॥
(ਭਗਉਤੀ=ਵਿਸ਼ਨੂੰ ਦੇ ਅਵਤਾਰ ਕ੍ਰਿਸ਼ਨ
ਦਾ ਭਗਤ ਜੋ ਨੱਚਣ ਕੁੱਦਣ ਦੀ ਰਾਹੀਂ
ਆਪਣੀ ਭਗਤੀ ਜ਼ਾਹਰ ਕਰਦਾ ਹੈ,
ਧਾਵਤੁ=ਦੌੜਦਾ, ਘਰਿ=ਘਰ ਵਿਚ,
ਆਣੈ=ਲਿਆਵੇ)
23. ਅੰਤਰਿ ਕਪਟੁ ਭਗਉਤੀ ਕਹਾਏ
ਅੰਤਰਿ ਕਪਟੁ ਭਗਉਤੀ ਕਹਾਏ ॥
ਪਾਖੰਡਿ ਪਾਰਬ੍ਰਹਮੁ ਕਦੇ ਨ ਪਾਏ ॥
ਪਰ ਨਿੰਦਾ ਕਰੇ ਅੰਤਰਿ ਮਲੁ ਲਾਏ ॥
ਬਾਹਰਿ ਮਲੁ ਧੋਵੈ ਮਨ ਕੀ ਜੂਠਿ ਨ ਜਾਏ ॥
ਸਤਸੰਗਤਿ ਸਿਉ ਬਾਦੁ ਰਚਾਏ ॥
ਅਨਦਿਨੁ ਦੁਖੀਆ ਦੂਜੈ ਭਾਇ ਰਚਾਏ ॥
ਹਰਿ ਨਾਮੁ ਨ ਚੇਤੈ ਬਹੁ ਕਰਮ ਕਮਾਏ ॥
ਪੂਰਬ ਲਿਖਿਆ ਸੁ ਮੇਟਣਾ ਨ ਜਾਏ ॥
ਨਾਨਕ ਬਿਨੁ ਸਤਿਗੁਰ ਸੇਵੇ ਮੋਖੁ ਨ ਪਾਏ ॥3॥88॥
(ਕਪਟੁ=ਖੋਟ, ਪਾਖੰਡ=ਵਿਖਾਵੇ ਨਾਲ, ਅੰਤਰਿ=
ਅੰਦਰ,ਮਨ ਵਿਚ, ਬਾਦੁ=ਝਗੜਾ, ਅਨਦਿਨੁ=ਰੋਜ਼,
ਸਦਾ, ਮੋਖੁ=ਮੁਕਤੀ,ਵਿਕਾਰਾਂ ਤੋਂ ਆਜ਼ਾਦੀ)
24. ਵੇਸ ਕਰੇ ਕੁਰੂਪਿ ਕੁਲਖਣੀ
ਵੇਸ ਕਰੇ ਕੁਰੂਪਿ ਕੁਲਖਣੀ ਮਨਿ ਖੋਟੈ ਕੂੜਿਆਰਿ ॥
ਪਿਰ ਕੈ ਭਾਣੈ ਨਾ ਚਲੈ ਹੁਕਮੁ ਕਰੇ ਗਾਵਾਰਿ ॥
ਗੁਰ ਕੈ ਭਾਣੈ ਜੋ ਚਲੈ ਸਭਿ ਦੁਖ ਨਿਵਾਰਣਹਾਰਿ ॥
ਲਿਖਿਆ ਮੇਟਿ ਨ ਸਕੀਐ ਜੋ ਧੁਰਿ ਲਿਖਿਆ ਕਰਤਾਰਿ ॥
ਮਨੁ ਤਨੁ ਸਉਪੇ ਕੰਤ ਕਉ ਸਬਦੇ ਧਰੇ ਪਿਆਰੁ ॥
ਬਿਨੁ ਨਾਵੈ ਕਿਨੈ ਨ ਪਾਇਆ ਦੇਖਹੁ ਰਿਦੈ ਬੀਚਾਰਿ ॥
ਨਾਨਕ ਸਾ ਸੁਆਲਿਓ ਸੁਲਖਣੀ ਜਿ ਰਾਵੀ ਸਿਰਜਨਹਾਰਿ ॥1॥89॥
(ਨਿਵਾਰਣਹਾਰਿ=ਨਿਵਾਰਨ ਜੋਗੀ, ਕਰਤਾਰਿ=ਕਰਤਾਰ ਨੇ,
ਸੁਆਲਿਉ=ਸੋਹਣੀ, ਰਾਵੀ=ਮਾਣੀ ਹੈ, ਸਿਰਜਨਹਾਰਿ=
ਸਿਰਜਨਹਾਰ ਨੇ)
25. ਮਾਇਆ ਮੋਹੁ ਗੁਬਾਰੁ ਹੈ
ਮਾਇਆ ਮੋਹੁ ਗੁਬਾਰੁ ਹੈ ਤਿਸ ਦਾ ਨ ਦਿਸੈ ਉਰਵਾਰੁ ਨ ਪਾਰੁ ॥
ਮਨਮੁਖ ਅਗਿਆਨੀ ਮਹਾ ਦੁਖੁ ਪਾਇਦੇ ਡੁਬੇ ਹਰਿ ਨਾਮੁ ਵਿਸਾਰਿ ॥
ਭਲਕੇ ਉਠਿ ਬਹੁ ਕਰਮ ਕਮਾਵਹਿ ਦੂਜੈ ਭਾਇ ਪਿਆਰੁ ॥
ਸਤਿਗੁਰੁ ਸੇਵਹਿ ਆਪਣਾ ਭਉਜਲੁ ਉਤਰੇ ਪਾਰਿ ॥
ਨਾਨਕ ਗੁਰਮੁਖਿ ਸਚਿ ਸਮਾਵਹਿ ਸਚੁ ਨਾਮੁ ਉਰ ਧਾਰਿ ॥2॥89॥
(ਗੁਬਾਰੁ=ਹਨੇਰਾ, ਭਲਕੇ=ਨਿੱਤ ਸਵੇਰੇ, ਭਉਜਲੁ=
ਸੰਸਾਰ-ਸਮੁੰਦਰ, ਉਰ=ਹਿਰਦਾ)
26. ਮਨਮੁਖ ਮੈਲੀ ਕਾਮਣੀ
ਮਨਮੁਖ ਮੈਲੀ ਕਾਮਣੀ ਕੁਲਖਣੀ ਕੁਨਾਰਿ ॥
ਪਿਰੁ ਛੋਡਿਆ ਘਰਿ ਆਪਣਾ ਪਰ ਪੁਰਖੈ ਨਾਲਿ ਪਿਆਰੁ ॥
ਤ੍ਰਿਸਨਾ ਕਦੇ ਨ ਚੁਕਈ ਜਲਦੀ ਕਰੇ ਪੂਕਾਰ ॥
ਨਾਨਕ ਬਿਨੁ ਨਾਵੈ ਕੁਰੂਪਿ ਕੁਸੋਹਣੀ ਪਰਹਰਿ ਛੋਡੀ ਭਤਾਰਿ ॥1॥89॥
(ਕਾਮਣੀ=ਜ਼ਨਾਨੀ, ਕੁਨਾਰਿ=ਭੈੜੀ ਨਾਰ, ਘਰਿ=ਘਰ ਵਿਚ,
ਤ੍ਰਿਸਨਾ=ਕਾਮ ਦੀ ਵਾਸਨਾ, ਕੁਰੂਪਿ=ਭੈੜੈ ਰੂਪ ਵਾਲੀ,
ਭਤਾਰਿ=ਭਤਾਰ ਨੇ, ਪਰਹਰਿ ਛੋਡੀ=ਤਿਆਗ ਛੱਡੀ ਹੈ)
27. ਸਬਦਿ ਰਤੀ ਸੋਹਾਗਣੀ
ਸਬਦਿ ਰਤੀ ਸੋਹਾਗਣੀ ਸਤਿਗੁਰ ਕੈ ਭਾਇ ਪਿਆਰਿ ॥
ਸਦਾ ਰਾਵੇ ਪਿਰੁ ਆਪਣਾ ਸਚੈ ਪ੍ਰੇਮਿ ਪਿਆਰਿ ॥
ਅਤਿ ਸੁਆਲਿਉ ਸੁੰਦਰੀ ਸੋਭਾਵੰਤੀ ਨਾਰਿ ॥
ਨਾਨਕ ਨਾਮਿ ਸੋਹਾਗਣੀ ਮੇਲੀ ਮੇਲਣਹਾਰਿ ॥2॥90॥
(ਭਾਇ=ਪਿਆਰ ਵਿਚ, ਸੁਆਲਿਉ=ਸੋਹਣੇ ਰੂਪ ਵਾਲੀ)
28. ਸਤਿਗੁਰ ਕੈ ਭਾਣੈ ਜੋ ਚਲੈ
ਸਤਿਗੁਰ ਕੈ ਭਾਣੈ ਜੋ ਚਲੈ ਤਿਸੁ ਵਡਿਆਈ ਵਡੀ ਹੋਇ ॥
ਹਰਿ ਕਾ ਨਾਮੁ ਉਤਮੁ ਮਨਿ ਵਸੈ ਮੇਟਿ ਨ ਸਕੈ ਕੋਇ ॥
ਕਿਰਪਾ ਕਰੇ ਜਿਸੁ ਆਪਣੀ ਤਿਸੁ ਕਰਮਿ ਪਰਾਪਤਿ ਹੋਇ ॥
ਨਾਨਕ ਕਾਰਣੁ ਕਰਤੇ ਵਸਿ ਹੈ ਗੁਰਮੁਖਿ ਬੂਝੈ ਕੋਇ ॥1॥90॥
(ਭਾਣੈ=ਹੁਕਮ ਵਿਚ, ਵਡਿਆਈ=ਆਦਰ, ਮਨਿ=ਮਨ ਵਿਚ,
ਕਰਮਿ=ਬਖ਼ਸ਼ਸ਼ ਦੀ ਰਾਹੀਂ)
29. ਨਾਨਕ ਹਰਿ ਨਾਮੁ ਜਿਨੀ ਆਰਾਧਿਆ
ਨਾਨਕ ਹਰਿ ਨਾਮੁ ਜਿਨੀ ਆਰਾਧਿਆ ਅਨਦਿਨੁ ਹਰਿ ਲਿਵ ਤਾਰ ॥
ਮਾਇਆ ਬੰਦੀ ਖਸਮ ਕੀ ਤਿਨ ਅਗੈ ਕਮਾਵੈ ਕਾਰ ॥
ਪੂਰੈ ਪੂਰਾ ਕਰਿ ਛੋਡਿਆ ਹੁਕਮਿ ਸਵਾਰਣਹਾਰ ॥
ਗੁਰ ਪਰਸਾਦੀ ਜਿਨਿ ਬੁਝਿਆ ਤਿਨਿ ਪਾਇਆ ਮੋਖ ਦੁਆਰੁ ॥
ਮਨਮੁਖ ਹੁਕਮੁ ਨ ਜਾਣਨੀ ਤਿਨ ਮਾਰੇ ਜਮ ਜੰਦਾਰੁ ॥
ਗੁਰਮੁਖਿ ਜਿਨੀ ਅਰਾਧਿਆ ਤਿਨੀ ਤਰਿਆ ਭਉਜਲੁ ਸੰਸਾਰੁ ॥
ਸਭਿ ਅਉਗਣ ਗੁਣੀ ਮਿਟਾਇਆ ਗੁਰੁ ਆਪੇ ਬਖਸਣਹਾਰੁ ॥2॥90॥
(ਅਨਦਿਨੁ=ਹਰ ਰੋਜ਼, ਲਿਵ ਤਾਰ=ਇਕ-ਰਸ, ਬੰਦੀ=ਦਾਸੀ,
ਹੁਕਮਿ ਸਵਾਰਣਹਾਰ=ਸਵਾਰਣਹਾਰ ਦੇ ਹੁਕਮ ਵਿਚ, ਮੋਖ=
ਮਾਇਆ ਦੇ ਬੰਧਨਾਂ ਤੋਂ ਖ਼ਲਾਸੀ, ਜੰਦਾਰੁ=ਜੰਦਾਲ,ਜ਼ਾਲਮ,
ਡਾਢਾ, ਗੁਣੀ=ਗੁਣਾਂ ਦੀ ਰਾਹੀਂ)
30. ਆਪਣੇ ਪ੍ਰੀਤਮ ਮਿਲਿ ਰਹਾ
ਆਪਣੇ ਪ੍ਰੀਤਮ ਮਿਲਿ ਰਹਾ ਅੰਤਰਿ ਰਖਾ ਉਰਿ ਧਾਰਿ ॥
ਸਾਲਾਹੀ ਸੋ ਪ੍ਰਭ ਸਦਾ ਸਦਾ ਗੁਰ ਕੈ ਹੇਤਿ ਪਿਆਰਿ ॥
ਨਾਨਕ ਜਿਸੁ ਨਦਰਿ ਕਰੇ ਤਿਸੁ ਮੇਲਿ ਲਏ ਸਾਈ ਸੁਹਾਗਣਿ ਨਾਰਿ ॥1॥90॥
(ਉਰਿ=ਹਿਰਦੇ ਵਿਚ, ਸਾਲਾਹੀ=ਮੈਂ ਸਿਫ਼ਤਿ ਕਰਾਂ, ਗੁਰ ਕੈ ਹੇਤਿ=
ਗੁਰੂ ਦੇ ਪੈਦਾ ਕੀਤੇ ਪਿਆਰ ਦੀ ਰਾਹੀਂ, ਸੁਹਾਗਣਿ=ਜੀਊਂਦੇ ਖਸਮ
ਵਾਲੀ)
31. ਗੁਰ ਸੇਵਾ ਤੇ ਹਰਿ ਪਾਈਐ
ਗੁਰ ਸੇਵਾ ਤੇ ਹਰਿ ਪਾਈਐ ਜਾ ਕਉ ਨਦਰਿ ਕਰੇਇ ॥
ਮਾਣਸ ਤੇ ਦੇਵਤੇ ਭਏ ਧਿਆਇਆ ਨਾਮੁ ਹਰੇ ॥
ਹਉਮੈ ਮਾਰਿ ਮਿਲਾਇਅਨੁ ਗੁਰ ਕੈ ਸਬਦਿ ਤਰੇ ॥
ਨਾਨਕ ਸਹਜਿ ਸਮਾਇਅਨੁ ਹਰਿ ਆਪਣੀ ਕ੍ਰਿਪਾ ਕਰੇ ॥2॥90॥
(ਮਿਲਾਇਅਨੁ=ਮਿਲਾਏ ਹਨ ਉਸ ਪ੍ਰਭੂ ਨੇ, ਸਹਿਜ=
ਅਡੋਲਤਾ ਵਿਚ, ਸਮਾਇਅਨੁ=ਲੀਨ ਕੀਤੇ ਹਨ ਉਸ
ਨੇ, ਕ੍ਰਿਪਾ ਕਰੇ=ਕ੍ਰਿਪਾ ਕਰ ਕੇ, ਕਰੇ=ਕਰਿ,ਕਰਿ ਕੇ)
32. ਜੀਉ ਪਿੰਡੁ ਸਭੁ ਤਿਸ ਕਾ
ਜੀਉ ਪਿੰਡੁ ਸਭੁ ਤਿਸ ਕਾ ਸਭਸੈ ਦੇਇ ਅਧਾਰੁ ॥
ਨਾਨਕ ਗੁਰਮੁਖਿ ਸੇਵੀਐ ਸਦਾ ਸਦਾ ਦਾਤਾਰੁ ॥
ਹਉ ਬਲਿਹਾਰੀ ਤਿਨ ਕਉ ਜਿਨਿ ਧਿਆਇਆ ਹਰਿ ਨਿਰੰਕਾਰੁ ॥
ਓਨਾ ਕੇ ਮੁਖ ਸਦ ਉਜਲੇ ਓਨਾ ਨੋ ਸਭੁ ਜਗਤੁ ਕਰੇ ਨਮਸਕਾਰੁ ॥1॥91॥
(ਜੀਉ=ਜਿੰਦ, ਪਿੰਡੁ=ਸਰੀਰ)
33. ਸਤਿਗੁਰ ਮਿਲਿਐ ਉਲਟੀ ਭਈ
ਸਤਿਗੁਰ ਮਿਲਿਐ ਉਲਟੀ ਭਈ ਨਵ ਨਿਧਿ ਖਰਚਿਉ ਖਾਉ ॥
ਅਠਾਰਹ ਸਿਧੀ ਪਿਛੈ ਲਗੀਆ ਫਿਰਨਿ ਨਿਜ ਘਰਿ ਵਸੈ ਨਿਜ ਥਾਇ ॥
ਅਨਹਦ ਧੁਨੀ ਸਦ ਵਜਦੇ ਉਨਮਨਿ ਹਰਿ ਲਿਵ ਲਾਇ ॥
ਨਾਨਕ ਹਰਿ ਭਗਤਿ ਤਿਨਾ ਕੈ ਮਨਿ ਵਸੈ ਜਿਨ ਮਸਤਕਿ ਲਿਖਿਆ ਧੁਰਿ ਪਾਇ ॥2॥91॥
(ਨਉਨਿਧਿ=ਕੁਬੇਰ ਦੇ ਖ਼ਜ਼ਾਨਿਆਂ ਦੀ ਗਿਣਤੀ 9 ਦੱਸੀ ਗਈ ਹੈ;
ਮਹਾ ਪਦਮ, ਪਦਮ, ਸ਼ੰਖ, ਮਕਰ, ਕੱਛਪ, ਮੁਕੁੰਦ, ਕੁੰਦ, ਨੀਲ,
ਖਰਵ, ਅਨਹਦ=ਇਕ-ਰਸ, ਧੁਨੀ=ਸੁਰ,ਸਿਮਰਨ ਦੀ ਰੌ, ਅਨਹਦ
ਧੁਨੀ ਵਜਦੇ=ਇਕ-ਰਸ ਟਿਕੇ ਰਹਿਣ ਵਾਲੀ ਸੁਰ ਵਾਲੇ ਵਾਜੇ ਵੱਜਦੇ
ਹਨ)
34. ਕਲਿ ਕੀਰਤਿ ਪਰਗਟੁ ਚਾਨਣੁ ਸੰਸਾਰਿ
ਕਲਿ ਕੀਰਤਿ ਪਰਗਟੁ ਚਾਨਣੁ ਸੰਸਾਰਿ ॥
ਗੁਰਮੁਖਿ ਕੋਈ ਉਤਰੈ ਪਾਰਿ ॥
ਜਿਸ ਨੋ ਨਦਰਿ ਕਰੇ ਤਿਸੁ ਦੇਵੈ ॥
ਨਾਨਕ ਗੁਰਮੁਖਿ ਰਤਨੁ ਸੋ ਲੇਵੈ ॥2॥145॥
(ਸੰਸਾਰਿ=ਸੰਸਾਰ ਵਿਚ, ਗੁਰਮੁਖਿ=ਜੋ ਮਨੁੱਖ
ਗੁਰੂ ਦੇ ਸਨਮੁਖ ਹੈ)
35. ਭੈ ਵਿਚਿ ਜੰਮੈ ਭੈ ਮਰੈ
ਭੈ ਵਿਚਿ ਜੰਮੈ ਭੈ ਮਰੈ ਭੀ ਭਉ ਮਨ ਮਹਿ ਹੋਇ ॥
ਨਾਨਕ ਭੈ ਵਿਚਿ ਜੇ ਮਰੈ ਸਹਿਲਾ ਆਇਆ ਸੋਇ ॥1॥149॥
(ਭੈ ਵਿਚਿ=ਸਹਮ ਵਿਚ, ਭਉ=ਸਹਮ, ਭੈ ਵਿਚਿ=ਪ੍ਰਭੂ
ਦੇ ਡਰ ਵਿਚ, ਸਹਿਲਾ=ਸਫਲਾ, ਮਰੈ=ਅਪਣੱਤ ਗਵਾਂਦਾ ਹੈ)
36. ਭੈ ਵਿਣੁ ਜੀਵੈ ਬਹੁਤੁ ਬਹੁਤੁ
ਭੈ ਵਿਣੁ ਜੀਵੈ ਬਹੁਤੁ ਬਹੁਤੁ ਖੁਸੀਆ ਖੁਸੀ ਕਮਾਇ ॥
ਨਾਨਕ ਭੈ ਵਿਣੁ ਜੇ ਮਰੈ ਮੁਹਿ ਕਾਲੈ ਉਠਿ ਜਾਇ ॥2॥149॥
(ਮੁਹਿ ਕਾਲੈ=ਕਾਲੇ ਮੂੰਹ ਨਾਲ,ਬਦਨਾਮੀ ਖੱਟ ਕੇ)
37. ਗਉੜੀ ਰਾਗਿ ਸੁਲਖਣੀ ਜੇ
ਗਉੜੀ ਰਾਗਿ ਸੁਲਖਣੀ ਜੇ ਖਸਮੈ ਚਿਤਿ ਕਰੇਇ ॥
ਭਾਣੈ ਚਲੈ ਸਤਿਗੁਰੂ ਕੈ ਐਸਾ ਸੀਗਾਰੁ ਕਰੇਇ ॥
ਸਚਾ ਸਬਦੁ ਭਤਾਰੁ ਹੈ ਸਦਾ ਸਦਾ ਰਾਵੇਇ ॥
ਜਿਉ ਉਬਲੀ ਮਜੀਠੈ ਰੰਗੁ ਗਹਗਹਾ ਤਿਉ ਸਚੇ ਨੋ ਜੀਉ ਦੇਇ ॥
ਰੰਗਿ ਚਲੂਲੈ ਅਤਿ ਰਤੀ ਸਚੇ ਸਿਉ ਲਗਾ ਨੇਹੁ ॥
ਕੂੜੁ ਠਗੀ ਗੁਝੀ ਨਾ ਰਹੈ ਕੂੜੁ ਮੁਲੰਮਾ ਪਲੇਟਿ ਧਰੇਹੁ ॥
ਕੂੜੀ ਕਰਨਿ ਵਡਾਈਆ ਕੂੜੇ ਸਿਉ ਲਗਾ ਨੇਹੁ ॥
ਨਾਨਕ ਸਚਾ ਆਪਿ ਹੈ ਆਪੇ ਨਦਰਿ ਕਰੇਇ ॥1॥311॥
(ਗਹਗਹਾ=ਗੂੜ੍ਹਾ)
38. ਹਉਮੈ ਜਗਤੁ ਭੁਲਾਇਆ
ਹਉਮੈ ਜਗਤੁ ਭੁਲਾਇਆ ਦੁਰਮਤਿ ਬਿਖਿਆ ਬਿਕਾਰ ॥
ਸਤਿਗੁਰੁ ਮਿਲੈ ਤ ਨਦਰਿ ਹੋਇ ਮਨਮੁਖ ਅੰਧ ਅੰਧਿਆਰ ॥
ਨਾਨਕ ਆਪੇ ਮੇਲਿ ਲਏ ਜਿਸ ਨੋ ਸਬਦਿ ਲਾਏ ਪਿਆਰੁ ॥3॥312॥
39. ਮਾਇਆਧਾਰੀ ਅਤਿ ਅੰਨਾ ਬੋਲਾ
ਮਾਇਆਧਾਰੀ ਅਤਿ ਅੰਨਾ ਬੋਲਾ ॥
ਸਬਦੁ ਨ ਸੁਣਈ ਬਹੁ ਰੋਲ ਘਚੋਲਾ ॥
ਗੁਰਮੁਖਿ ਜਾਪੈ ਸਬਦਿ ਲਿਵ ਲਾਇ ॥
ਹਰਿ ਨਾਮੁ ਸੁਣਿ ਮੰਨੇ ਹਰਿ ਨਾਮਿ ਸਮਾਇ ॥
ਜੋ ਤਿਸੁ ਭਾਵੈ ਸੁ ਕਰੇ ਕਰਾਇਆ ॥
ਨਾਨਕ ਵਜਦਾ ਜੰਤੁ ਵਜਾਇਆ ॥2॥313॥
(ਰੋਲ ਘਚੋਲਾ=ਰੌਲਾ-ਗੌਲਾ, ਗੁਰਮੁਖਿ
ਜਾਪੈ=ਗੁਰਮੁਖ ਦੀ ਪਛਾਣ ਇਹ ਹੈ ਕਿ)
40. ਮਨਮੁਖੁ ਅਹੰਕਾਰੀ ਮਹਲੁ ਨ ਜਾਣੈ
ਮਨਮੁਖੁ ਅਹੰਕਾਰੀ ਮਹਲੁ ਨ ਜਾਣੈ ਖਿਨੁ ਆਗੈ ਖਿਨੁ ਪੀਛੈ ॥
ਸਦਾ ਬੁਲਾਈਐ ਮਹਲਿ ਨ ਆਵੈ ਕਿਉ ਕਰਿ ਦਰਗਹ ਸੀਝੈ ॥
ਸਤਿਗੁਰ ਕਾ ਮਹਲੁ ਵਿਰਲਾ ਜਾਣੈ ਸਦਾ ਰਹੈ ਕਰ ਜੋੜਿ ॥
ਆਪਣੀ ਕ੍ਰਿਪਾ ਕਰੇ ਹਰਿ ਮੇਰਾ ਨਾਨਕ ਲਏ ਬਹੋੜਿ ॥2॥314॥
(ਖਿਨੁ=ਪਲਕ ਵਿਚ, ਸੀਝੈ=ਕਾਮਯਾਬ ਹੋਵੇ, ਕਰ=ਹੱਥ,
ਲਏ ਬਹੋੜਿ=ਮਨਮੁਖਤਾ ਵਲੋਂ ਮੋੜ ਲੈਂਦਾ ਹੈ)
41. ਜਿਨਿ ਗੁਰੁ ਗੋਪਿਆ ਆਪਣਾ
ਜਿਨਿ ਗੁਰੁ ਗੋਪਿਆ ਆਪਣਾ ਤਿਸੁ ਠਉਰ ਨ ਠਾਉ ॥
ਹਲਤੁ ਪਲਤੁ ਦੋਵੈ ਗਏ ਦਰਗਹ ਨਾਹੀ ਥਾਉ ॥
ਓਹ ਵੇਲਾ ਹਥਿ ਨ ਆਵਈ ਫਿਰਿ ਸਤਿਗੁਰ ਲਗਹਿ ਪਾਇ ॥
ਸਤਿਗੁਰ ਕੀ ਗਣਤੈ ਘੁਸੀਐ ਦੁਖੇ ਦੁਖਿ ਵਿਹਾਇ ॥
ਸਤਿਗੁਰੁ ਪੁਰਖੁ ਨਿਰਵੈਰੁ ਹੈ ਆਪੇ ਲਏ ਜਿਸੁ ਲਾਇ ॥
ਨਾਨਕ ਦਰਸਨੁ ਜਿਨਾ ਵੇਖਾਲਿਓਨੁ ਤਿਨਾ ਦਰਗਹ ਲਏ ਛਡਾਇ ॥1॥314॥
(ਗੋਪਿਆ=ਨਿੰਦਿਆ, ਹਲਤੁ ਪਲਤੁ=ਲੋਕ ਪਰਲੋਕ, ਗਣਤੈ=
ਨਿੰਦਿਆ ਕਾਰਣ, ਘੁਸੀਐ=ਮੌਕਾ ਖੁੰਝਾ ਲੈਂਦਾ ਹੈ, ਜਿਸੁ=ਉਸ
ਨੂੰ, ਵੇਖਾਲਿਓਨੁ=ਵਿਖਾਲਿਆ ਉਸ ਪ੍ਰਭੂ ਨੇ)
42. ਮਨਮੁਖੁ ਅਗਿਆਨੁ ਦੁਰਮਤਿ ਅਹੰਕਾਰੀ
ਮਨਮੁਖੁ ਅਗਿਆਨੁ ਦੁਰਮਤਿ ਅਹੰਕਾਰੀ ॥
ਅੰਤਰਿ ਕ੍ਰੋਧੁ ਜੂਐ ਮਤਿ ਹਾਰੀ ॥
ਕੂੜੁ ਕੁਸਤੁ ਓਹੁ ਪਾਪ ਕਮਾਵੈ ॥
ਕਿਆ ਓਹੁ ਸੁਣੈ ਕਿਆ ਆਖਿ ਸੁਣਾਵੈ ॥
ਅੰਨਾ ਬੋਲਾ ਖੁਇ ਉਝੜਿ ਪਾਇ ॥
ਮਨਮੁਖੁ ਅੰਧਾ ਆਵੈ ਜਾਇ ॥
ਬਿਨੁ ਸਤਿਗੁਰ ਭੇਟੇ ਥਾਇ ਨ ਪਾਇ ॥
ਨਾਨਕ ਪੂਰਬਿ ਲਿਖਿਆ ਕਮਾਇ ॥2॥314॥
(ਅਗਿਆਨੁ=ਵਿਚਾਰ-ਹੀਣ, ਖੁਇ=ਖੁੰਝ ਕੇ,
ਉਝੜਿ=ਕੁਰਾਹੇ)
43. ਗੁਰਮੁਖਿ ਗਿਆਨੁ ਬਿਬੇਕ ਬੁਧਿ ਹੋਇ
ਗੁਰਮੁਖਿ ਗਿਆਨੁ ਬਿਬੇਕ ਬੁਧਿ ਹੋਇ ॥
ਹਰਿ ਗੁਣ ਗਾਵੈ ਹਿਰਦੈ ਹਾਰੁ ਪਰੋਇ ॥
ਪਵਿਤੁ ਪਾਵਨੁ ਪਰਮ ਬੀਚਾਰੀ ॥
ਜਿ ਓਸੁ ਮਿਲੈ ਤਿਸੁ ਪਾਰਿ ਉਤਾਰੀ ॥
ਅੰਤਰਿ ਹਰਿ ਨਾਮੁ ਬਾਸਨਾ ਸਮਾਣੀ ॥
ਹਰਿ ਦਰਿ ਸੋਭਾ ਮਹਾ ਉਤਮ ਬਾਣੀ ॥
ਜਿ ਪੁਰਖੁ ਸੁਣੈ ਸੁ ਹੋਇ ਨਿਹਾਲੁ ॥
ਨਾਨਕ ਸਤਿਗੁਰ ਮਿਲਿਐ ਪਾਇਆ ਨਾਮੁ ਧਨੁ ਮਾਲੁ ॥1॥317॥
(ਬਿਬੇਕ=ਪਰਖ, ਬਾਸਨਾ=ਸੁਗੰਧੀ)
44. ਇਹੁ ਜਗਤੁ ਮਮਤਾ ਮੁਆ
ਇਹੁ ਜਗਤੁ ਮਮਤਾ ਮੁਆ ਜੀਵਣ ਕੀ ਬਿਧਿ ਨਾਹਿ ॥
ਗੁਰ ਕੈ ਭਾਣੈ ਜੋ ਚਲੈ ਤਾਂ ਜੀਵਣ ਪਦਵੀ ਪਾਹਿ ॥
ਓਇ ਸਦਾ ਸਦਾ ਜਨ ਜੀਵਤੇ ਜੋ ਹਰਿ ਚਰਣੀ ਚਿਤੁ ਲਾਹਿ ॥
ਨਾਨਕ ਨਦਰੀ ਮਨਿ ਵਸੈ ਗੁਰਮੁਖਿ ਸਹਜਿ ਸਮਾਹਿ ॥1॥508॥
(ਮਮ=ਮੇਰਾ, ਮਮਤਾ='ਮੇਰੀ' ਬਨਾਣ ਦਾ ਖ਼ਿਆਲ,
ਬਿਧਿ=ਜਾਚ, ਪਦਵੀ=ਦਰਜਾ, ਸਹਜਿ=ਅਡੋਲਤਾ
ਵਿਚ, ਨਦਰੀ=ਮਿਹਰ ਕਰਨ ਵਾਲਾ ਪ੍ਰਭੂ)
45. ਅੰਦਰਿ ਸਹਸਾ ਦੁਖੁ ਹੈ
ਅੰਦਰਿ ਸਹਸਾ ਦੁਖੁ ਹੈ ਆਪੈ ਸਿਰਿ ਧੰਧੈ ਮਾਰ ॥
ਦੂਜੈ ਭਾਇ ਸੁਤੇ ਕਬਹਿ ਨ ਜਾਗਹਿ ਮਾਇਆ ਮੋਹ ਪਿਆਰ ॥
ਨਾਮੁ ਨ ਚੇਤਹਿ ਸਬਦੁ ਨ ਵੀਚਾਰਹਿ ਇਹੁ ਮਨਮੁਖ ਕਾ ਆਚਾਰੁ ॥
ਹਰਿ ਨਾਮੁ ਨ ਪਾਇਆ ਜਨਮੁ ਬਿਰਥਾ ਗਵਾਇਆ ਨਾਨਕ ਜਮੁ ਮਾਰਿ ਕਰੇ ਖੁਆਰ ॥2॥508॥
(ਸਹਸਾ=ਤੌਖਲਾ, ਆਪੈ=ਆਪ ਹੀ, ਧੰਧੈ ਮਾਰ=ਧੰਧਿਆਂ ਦੀ ਮਾਰ,
ਆਚਾਰੁ=ਰਹਣੀ,ਵਰਤੋਂ)
46. ਸਾਹਿਬੁ ਮੇਰਾ ਸਦਾ ਹੈ
ਸਾਹਿਬੁ ਮੇਰਾ ਸਦਾ ਹੈ ਦਿਸੈ ਸਬਦੁ ਕਮਾਇ ॥
ਓਹੁ ਅਉਹਾਣੀ ਕਦੇ ਨਾਹਿ ਨਾ ਆਵੈ ਨਾ ਜਾਇ ॥
ਸਦਾ ਸਦਾ ਸੋ ਸੇਵੀਐ ਜੋ ਸਭ ਮਹਿ ਰਹੈ ਸਮਾਇ ॥
ਅਵਰੁ ਦੂਜਾ ਕਿਉ ਸੇਵੀਐ ਜੰਮੈ ਤੈ ਮਰਿ ਜਾਇ ॥
ਨਿਹਫਲੁ ਤਿਨ ਕਾ ਜੀਵਿਆ ਜਿ ਖਸਮੁ ਨ ਜਾਣਹਿ ਆਪਣਾ ਅਵਰੀ ਕਉ ਚਿਤੁ ਲਾਇ ॥
ਨਾਨਕ ਏਵ ਨ ਜਾਪਈ ਕਰਤਾ ਕੇਤੀ ਦੇਇ ਸਜਾਇ ॥1॥509॥
(ਅਉਹਾਣੀ=ਨਾਸ ਹੋਣ ਵਾਲਾ, ਨਿਹਫਲੁ=ਵਿਅਰਥ,
ਚਿਤੁ ਲਾਇ=ਚਿੱਤ ਲਾ ਕੇ, ਏਵ=ਇਸ ਤਰ੍ਹਾ, ਕੇਤੀ=ਕਿਤਨੀ)
47. ਸਚਾ ਨਾਮੁ ਧਿਆਈਐ
ਸਚਾ ਨਾਮੁ ਧਿਆਈਐ ਸਭੋ ਵਰਤੈ ਸਚੁ ॥
ਨਾਨਕ ਹੁਕਮੁ ਬੁਝਿ ਪਰਵਾਣੁ ਹੋਇ ਤਾ ਫਲੁ ਪਾਵੈ ਸਚੁ ॥
ਕਥਨੀ ਬਦਨੀ ਕਰਤਾ ਫਿਰੈ ਹੁਕਮੈ ਮੂਲਿ ਨ ਬੁਝਈ ਅੰਧਾ ਕਚੁ ਨਿਕਚੁ ॥2॥509॥
(ਸਭੋ=ਹਰ ਥਾਂ, ਸਚੁ=ਸਦਾ-ਥਿਰ ਰਹਿਣ ਵਾਲਾ ਪ੍ਰਭੂ,
ਕਥਨੀ=ਗੱਲਾਂ, ਬਦਨੀ=ਮੂੰਹ ਨਾਲ, ਕਥਨੀ ਬਦਨੀ=
ਮੂੰਹ ਦੀਆਂ ਗੱਲਾਂ, ਕਚੁ ਨਿਕਚੁ=ਨਿਰੋਲ ਕੱਚਾ)
48. ਸੋ ਜਪੁ ਸੋ ਤਪੁ
ਸੋ ਜਪੁ ਸੋ ਤਪੁ ਜਿ ਸਤਿਗੁਰ ਭਾਵੈ ॥
ਸਤਿਗੁਰ ਕੈ ਭਾਣੈ ਵਡਿਆਈ ਪਾਵੈ ॥
ਨਾਨਕ ਆਪੁ ਛੋਡਿ ਗੁਰ ਮਾਹਿ ਸਮਾਵੈ ॥1॥509॥
(ਆਪੁ=ਆਪਾ=ਭਾਵ,ਹਉਮੈ, ਜਿ ਸਤਿਗੁਰ
ਭਾਵੈ=ਜੋ ਗੁਰੂ ਨੂੰ ਚੰਗਾ ਲੱਗਦਾ ਹੈ)
49. ਗੁਰ ਕੀ ਸਿਖ ਕੋ ਵਿਰਲਾ ਲੇਵੈ
ਗੁਰ ਕੀ ਸਿਖ ਕੋ ਵਿਰਲਾ ਲੇਵੈ ॥
ਨਾਨਕ ਜਿਸੁ ਆਪਿ ਵਡਿਆਈ ਦੇਵੈ ॥2॥509॥
50. ਨਾਨਕ ਮੁਕਤਿ ਦੁਆਰਾ ਅਤਿ ਨੀਕਾ
ਨਾਨਕ ਮੁਕਤਿ ਦੁਆਰਾ ਅਤਿ ਨੀਕਾ ਨਾਨ੍ਹ੍ਹਾ ਹੋਇ ਸੁ ਜਾਇ ॥
ਹਉਮੈ ਮਨੁ ਅਸਥੂਲੁ ਹੈ ਕਿਉ ਕਰਿ ਵਿਚੁ ਦੇ ਜਾਇ ॥
ਸਤਿਗੁਰ ਮਿਲਿਐ ਹਉਮੈ ਗਈ ਜੋਤਿ ਰਹੀ ਸਭ ਆਇ ॥
ਇਹੁ ਜੀਉ ਸਦਾ ਮੁਕਤੁ ਹੈ ਸਹਜੇ ਰਹਿਆ ਸਮਾਇ ॥2॥509॥
(ਨੀਕਾ=ਨਿੱਕਾ ਜਿਹਾ, ਨਾਨ੍ਹ੍ਹਾ=ਨੰਨ੍ਹਾ,ਬਹੁਤ ਛੋਟਾ,
ਸੁ=ਉਹ ਮਨੁੱਖ, ਅਸਥੂਲੁ=ਮੋਟਾ, ਵਿਚੁ ਦੇ=ਵਿਚੋਂ
ਦੀ, ਜੋਤਿ=ਪ੍ਰਕਾਸ਼, ਚਾਨਣ, ਮੁਕਤੁ=ਆਜ਼ਾਦ)
51. ਸਤਿਗੁਰ ਸਿਉ ਚਿਤੁ ਨ ਲਾਇਓ
ਸਤਿਗੁਰ ਸਿਉ ਚਿਤੁ ਨ ਲਾਇਓ ਨਾਮੁ ਨ ਵਸਿਓ ਮਨਿ ਆਇ ॥
ਧ੍ਰਿਗੁ ਇਵੇਹਾ ਜੀਵਿਆ ਕਿਆ ਜੁਗ ਮਹਿ ਪਾਇਆ ਆਇ ॥
ਮਾਇਆ ਖੋਟੀ ਰਾਸਿ ਹੈ ਏਕ ਚਸੇ ਮਹਿ ਪਾਜੁ ਲਹਿ ਜਾਇ ॥
ਹਥਹੁ ਛੁੜਕੀ ਤਨੁ ਸਿਆਹੁ ਹੋਇ ਬਦਨੁ ਜਾਇ ਕੁਮਲਾਇ ॥
ਜਿਨ ਸਤਿਗੁਰ ਸਿਉ ਚਿਤੁ ਲਾਇਆ ਤਿਨ੍ਹ੍ਹ ਸੁਖੁ ਵਸਿਆ ਮਨਿ ਆਇ ॥
ਹਰਿ ਨਾਮੁ ਧਿਆਵਹਿ ਰੰਗ ਸਿਉ ਹਰਿ ਨਾਮਿ ਰਹੇ ਲਿਵ ਲਾਇ ॥
ਨਾਨਕ ਸਤਿਗੁਰ ਸੋ ਧਨੁ ਸਉਪਿਆ ਜਿ ਜੀਅ ਮਹਿ ਰਹਿਆ ਸਮਾਇ ॥
ਰੰਗੁ ਤਿਸੈ ਕਉ ਅਗਲਾ ਵੰਨੀ ਚੜੈ ਚੜਾਇ ॥1॥510॥
(ਮਨਿ=ਮਨ ਵਿਚ, ਧ੍ਰਿਗੁ=ਫਿਟਕਾਰ=ਜੋਗ, ਜੁਗ=ਜਨਮ,
ਮਨੁੱਖਾ ਜਨਮ, ਰਾਸਿ=ਪੂੰਜੀ, ਚਸਾ=ਪਹਰ ਦਾ ਵੀਹਵਾਂ
ਹਿੱਸਾ, ਪਾਜੁ=ਵਿਖਾਵਾ, ਹਥਹੁ ਛੁੜਕੀ=ਹਥੋਂ ਗੁਆਚੀ
ਹੋਈ, ਬਦਨੁ=(ਵਦਨ)ਮੂੰਹ, ਰੰਗ=ਪਿਆਰ, ਸਤਿਗੁਰ
ਸਉਪਿਆ=ਗੁਰੂ ਨੂੰ ਸੌਂਪਿਆ, ਜੀਅ ਮਹਿ=ਜਿੰਦ ਵਿਚ,
ਅਗਲਾ=ਬਹੁਤਾ, ਵੰਨੀ=ਰੰਗ)
52. ਮਾਇਆ ਹੋਈ ਨਾਗਨੀ
ਮਾਇਆ ਹੋਈ ਨਾਗਨੀ ਜਗਤਿ ਰਹੀ ਲਪਟਾਇ ॥
ਇਸ ਕੀ ਸੇਵਾ ਜੋ ਕਰੇ ਤਿਸ ਹੀ ਕਉ ਫਿਰਿ ਖਾਇ ॥
ਗੁਰਮੁਖਿ ਕੋਈ ਗਾਰੜੂ ਤਿਨਿ ਮਲਿ ਦਲਿ ਲਾਈ ਪਾਇ ॥
ਨਾਨਕ ਸੇਈ ਉਬਰੇ ਜਿ ਸਚਿ ਰਹੇ ਲਿਵ ਲਾਇ ॥2॥510॥
(ਨਾਗਨੀ=ਸੱਪਣੀ, ਲਪਟਾਇਆ ਰਹੀ=ਚੰਬੜ ਰਹੀ ਹੈ,
ਗਾਰੜੂ=ਗਾਰੁੜ=ਮੰਤ੍ਰ ਜਾਣਨ ਵਾਲਾ,ਸੱਪ ਦਾ ਜ਼ਹਰ
ਹਟਾਣ ਵਾਲਾ ਮੰਤਰ ਜਾਣਨ ਵਾਲਾ, ਮਲਿ=ਮਲ ਕੇ,
ਦਲਿ=ਦਲ ਕੇ, ਮਲਿ ਦਲਿ=ਚੰਗੀ ਤਰ੍ਹਾਂ ਮਲ ਕੇ,
ਤਿਨਿ=ਤਿਸ ਨੇ,ਉਸ ਨੇ)
53. ਸਭਨਾ ਕਾ ਸਹੁ ਏਕੁ ਹੈ
ਸਭਨਾ ਕਾ ਸਹੁ ਏਕੁ ਹੈ ਸਦ ਹੀ ਰਹੈ ਹਜੂਰਿ ॥
ਨਾਨਕ ਹੁਕਮੁ ਨ ਮੰਨਈ ਤਾ ਘਰ ਹੀ ਅੰਦਰਿ ਦੂਰਿ ॥
ਹੁਕਮੁ ਭੀ ਤਿਨ੍ਹ੍ਹਾ ਮਨਾਇਸੀ ਜਿਨ੍ਹ੍ਹ ਕਉ ਨਦਰਿ ਕਰੇਇ ॥
ਹੁਕਮੁ ਮੰਨਿ ਸੁਖੁ ਪਾਇਆ ਪ੍ਰੇਮ ਸੁਹਾਗਣਿ ਹੋਇ ॥1॥510॥
(ਹਜੂਰਿ=ਅੰਗ-ਸੰਗ, ਨਦਰਿ=ਮਿਹਰ ਦੀ ਨਜ਼ਰ,
ਸੁਹਾਗਣਿ=ਸੁ+ਭਾਗਣਿ,ਚੰਗੇ ਭਾਗਾਂ ਵਾਲੀ)
54. ਰੈਣਿ ਸਬਾਈ ਜਲਿ ਮੁਈ
ਰੈਣਿ ਸਬਾਈ ਜਲਿ ਮੁਈ ਕੰਤ ਨ ਲਾਇਓ ਭਾਉ ॥
ਨਾਨਕ ਸੁਖਿ ਵਸਨਿ ਸੁਹਾਗਣੀ ਜਿਨ੍ਹ੍ਹ ਪਿਆਰਾ ਪੁਰਖੁ ਹਰਿ ਰਾਉ ॥2॥510॥
(ਰੈਣਿ ਸਬਾਈ=ਜ਼ਿੰਦਗੀ ਰੂਪ ਸਾਰੀ ਰਾਤਿ,
ਭਾਉ=ਪਿਆਰ, ਸੁਖਿ=ਸੁਖ ਨਾਲ)
55. ਕਾਇਆ ਹੰਸ ਕਿਆ ਪ੍ਰੀਤਿ ਹੈ
ਕਾਇਆ ਹੰਸ ਕਿਆ ਪ੍ਰੀਤਿ ਹੈ ਜਿ ਪਇਆ ਹੀ ਛਡਿ ਜਾਇ ॥
ਏਸ ਨੋ ਕੂੜੁ ਬੋਲਿ ਕਿ ਖਵਾਲੀਐ ਜਿ ਚਲਦਿਆ ਨਾਲਿ ਨ ਜਾਇ ॥
ਕਾਇਆ ਮਿਟੀ ਅੰਧੁ ਹੈ ਪਉਣੈ ਪੁਛਹੁ ਜਾਇ ॥
ਹਉ ਤਾ ਮਾਇਆ ਮੋਹਿਆ ਫਿਰਿ ਫਿਰਿ ਆਵਾ ਜਾਇ ॥
ਨਾਨਕ ਹੁਕਮੁ ਨ ਜਾਤੋ ਖਸਮ ਕਾ ਜਿ ਰਹਾ ਸਚਿ ਸਮਾਇ ॥1॥510-511॥
(ਹੰਸ=ਜੀਵ-ਆਤਮਾ, ਕਿਆ ਪ੍ਰੀਤਿ=ਕਾਹਦੀ ਪ੍ਰੀਤ,
ਪਇਆ ਹੀ=ਪਈ ਨੂੰ ਹੀ, ਕਿ=ਕੀਹ, ਅੰਧੁ=
ਗਿਆਨ-ਹੀਣ, ਪਉਣੈ=ਪਉਣ ਨੂੰ,ਜੀਵਾਤਮਾ ਨੂੰ,
ਫਿਰਿ ਫਿਰਿ=ਮੁੜ ਮੁੜ, ਆਵਾ ਜਾਇ=ਆਉਂਦਾ
ਜਾਂਦਾ ਹਾਂ, ਜਿ=ਜਿਸ ਕਰਕੇ, ਰਹਾ=ਮੈਂ ਰਹਾਂ)
56. ਏਕੋ ਨਿਹਚਲ ਨਾਮ ਧਨੁ
ਏਕੋ ਨਿਹਚਲ ਨਾਮ ਧਨੁ ਹੋਰੁ ਧਨੁ ਆਵੈ ਜਾਇ ॥
ਇਸੁ ਧਨ ਕਉ ਤਸਕਰੁ ਜੋਹਿ ਨ ਸਕਈ ਨਾ ਓਚਕਾ ਲੈ ਜਾਇ ॥
ਇਹੁ ਹਰਿ ਧਨੁ ਜੀਐ ਸੇਤੀ ਰਵਿ ਰਹਿਆ ਜੀਐ ਨਾਲੇ ਜਾਇ ॥
ਪੂਰੇ ਗੁਰ ਤੇ ਪਾਈਐ ਮਨਮੁਖਿ ਪਲੈ ਨ ਪਾਇ ॥
ਧਨੁ ਵਾਪਾਰੀ ਨਾਨਕਾ ਜਿਨ੍ਹ੍ਹਾ ਨਾਮ ਧਨੁ ਖਟਿਆ ਆਇ ॥2॥511॥
(ਤਸਕਰੁ=ਚੋਰ, ਜੋਹਿ ਨ ਸਕਈ=ਤੱਕ ਨਹੀਂ ਸਕਦਾ,
ਓਚਕਾ=ਗੰਢ-ਕੱਪ, ਜੀਐ ਸੇਤੀ=ਜਿੰਦ ਦੇ ਨਾਲ ਹੀ,
ਪਲੇ ਨ ਪਾਇ=ਨਹੀਂ ਮਿਲਦਾ, ਧਨੁ=ਮੁਬਾਰਕ,ਭਾਗਾਂ
ਵਾਲੇ, ਆਇ=ਜਗਤ ਵਿਚ ਆ ਕੇ)
57. ਧ੍ਰਿਗੁ ਤਿਨ੍ਹ੍ਹਾ ਦਾ ਜੀਵਿਆ
ਧ੍ਰਿਗੁ ਤਿਨ੍ਹ੍ਹਾ ਦਾ ਜੀਵਿਆ ਜੋ ਹਰਿ ਸੁਖੁ ਪਰਹਰਿ ਤਿਆਗਦੇ ਦੁਖੁ ਹਉਮੈ ਪਾਪ ਕਮਾਇ ॥
ਮਨਮੁਖ ਅਗਿਆਨੀ ਮਾਇਆ ਮੋਹਿ ਵਿਆਪੇ ਤਿਨ੍ਹ੍ਹ ਬੂਝ ਨ ਕਾਈ ਪਾਇ ॥
ਹਲਤਿ ਪਲਤਿ ਓਇ ਸੁਖੁ ਨ ਪਾਵਹਿ ਅੰਤਿ ਗਏ ਪਛੁਤਾਇ ॥
ਗੁਰ ਪਰਸਾਦੀ ਕੋ ਨਾਮੁ ਧਿਆਏ ਤਿਸੁ ਹਉਮੈ ਵਿਚਹੁ ਜਾਇ ॥
ਨਾਨਕ ਜਿਸੁ ਪੂਰਬਿ ਹੋਵੈ ਲਿਖਿਆ ਸੋ ਗੁਰ ਚਰਣੀ ਆਇ ਪਾਇ ॥1॥511॥
(ਪਰਹਰਿ=ਛੱਡ ਕੇ, ਵਿਆਪੇ=ਫਸੇ ਹੋਏ, ਬੂਝ=ਸਮਝ,ਮੱਤ,
ਹਲਤਿ=ਇਸ ਲੋਕ ਵਿਚ, ਪਲਤਿ=ਪਰ-ਲੋਕ ਵਿਚ, ਪੂਰਬਿ=ਸ਼ੁਰੂ ਤੋਂ)
58. ਮਨਮੁਖੁ ਊਧਾ ਕਉਲੁ ਹੈ
ਮਨਮੁਖੁ ਊਧਾ ਕਉਲੁ ਹੈ ਨਾ ਤਿਸੁ ਭਗਤਿ ਨ ਨਾਉ ॥
ਸਕਤੀ ਅੰਦਰਿ ਵਰਤਦਾ ਕੂੜੁ ਤਿਸ ਕਾ ਹੈ ਉਪਾਉ ॥
ਤਿਸ ਕਾ ਅੰਦਰੁ ਚਿਤੁ ਨ ਭਿਜਈ ਮੁਖਿ ਫੀਕਾ ਆਲਾਉ ॥
ਓਇ ਧਰਮਿ ਰਲਾਏ ਨਾ ਰਲਨ੍ਹਿ ਓਨਾ ਅੰਦਰਿ ਕੂੜੁ ਸੁਆਉ ॥
ਨਾਨਕ ਕਰਤੈ ਬਣਤ ਬਣਾਈ ਮਨਮੁਖ ਕੂੜੁ ਬੋਲਿ ਬੋਲਿ ਡੁਬੇ ਗੁਰਮੁਖਿ ਤਰੇ ਜਪਿ ਹਰਿ ਨਾਉ ॥2॥511॥
(ਊਧਾ=ਉਲਟਾ, ਸਕਤੀ=ਮਾਇਆ, ਉਪਾਉ=ਉੱਦਮ,
ਮੁਖਿ=ਮੂੰਹੋਂ, ਆਲਾਉ=ਆਲਾਪ,ਬੋਲ,ਧਰਮਿ=ਧਰਮਵਿਚ,
ਰਲਾਏ=ਜੋੜੇ ਹੋਏ, ਸੁਆਉ=ਸੁਆਰਥ,ਖ਼ੁਦ-ਗ਼ਰਜ਼ੀ)
59. ਜਿ ਸਤਿਗੁਰੁ ਸੇਵੇ ਆਪਣਾ
ਜਿ ਸਤਿਗੁਰੁ ਸੇਵੇ ਆਪਣਾ ਤਿਸ ਨੋ ਪੂਜੇ ਸਭੁ ਕੋਇ ॥
ਸਭਨਾ ਉਪਾਵਾ ਸਿਰਿ ਉਪਾਉ ਹੈ ਹਰਿ ਨਾਮੁ ਪਰਾਪਤਿ ਹੋਇ ॥
ਅੰਤਰਿ ਸੀਤਲ ਸਾਤਿ ਵਸੈ ਜਪਿ ਹਿਰਦੈ ਸਦਾ ਸੁਖੁ ਹੋਇ ॥
ਅੰਮ੍ਰਿਤੁ ਖਾਣਾ ਅੰਮ੍ਰਿਤੁ ਪੈਨਣਾ ਨਾਨਕ ਨਾਮੁ ਵਡਾਈ ਹੋਇ ॥1॥511॥
(ਜਿ=ਜੋ ਮਨੁੱਖ, ਸਭੁ ਕੋਇ=ਹਰੇਕ ਪ੍ਰਾਣੀ, ਸੀਤਲ=ਸੀਤਲਤਾ,
ਠੰਢ, ਸਾਤਿ=ਸ਼ਾਂਤੀ, ਅੰਮ੍ਰਿਤੁ='ਨਾਮ')
60. ਏ ਮਨ ਗੁਰ ਕੀ ਸਿਖ ਸੁਣਿ
ਏ ਮਨ ਗੁਰ ਕੀ ਸਿਖ ਸੁਣਿ ਹਰਿ ਪਾਵਹਿ ਗੁਣੀ ਨਿਧਾਨੁ ॥
ਹਰਿ ਸੁਖਦਾਤਾ ਮਨਿ ਵਸੈ ਹਉਮੈ ਜਾਇ ਗੁਮਾਨੁ ॥
ਨਾਨਕ ਨਦਰੀ ਪਾਈਐ ਤਾ ਅਨਦਿਨੁ ਲਾਗੈ ਧਿਆਨੁ ॥2॥512॥
(ਅਨਦਿਨ=ਰਾਤਦਿਨ,ਹਰ ਵੇਲੇ)