ਸਮੱਗਰੀ 'ਤੇ ਜਾਓ

ਸ਼ਗਨਾਂ ਦੇ ਗੀਤ/ਘੋੜੀਆਂ

ਵਿਕੀਸਰੋਤ ਤੋਂ

ਘੋੜੀਆਂ

"ਘੋੜੀਆਂ" ਪੰਜਾਬੀ ਲੋਕ ਕਾਵਿ ਦਾ ਹਰਮਨ ਪਿਆਰਾ ਕਾਵਿ-ਰੂਪ ਹਨ। ਇਹ ਮੁੰਡੇ ਦੇ ਵਿਆਹ ਨਾਲ਼ ਸੰਬੰਧਿਤ ਵਖ-ਵਖ ਰਸਮਾਂ ਰੀਤਾਂ ਸਮੇਂ ਗਾਏ ਜਾਣ ਵਾਲ਼ੇ ਲੋਕ ਗੀਤ ਹਨ ਜਿਨ੍ਹਾਂ ਨੂੰ ਔਰਤਾਂ ਜੋਟੇ ਬਣਾਕੇ ਜਾਂ ਕਦੀ ਕਦੀ ਸਮੂਹਕ ਰੂਪ ਵਿਚ ਲੰਬੀ ਹੇਕ ਨਾਲ਼ ਗਾਉਂਦੀਆਂ ਹਨ। ਇਹਨਾਂ ਗੀਤਾਂ ਰਾਹੀਂ ਜਿੱਥੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ ਓਥੇ ਵਿਆਂਹਦੜ ਮੁੰਡੇ ਦੇ ਬਾਪ-ਦਾਦੇ ਅਤੇ ਮਾਂ-ਦਾਦੀ ਆਦਿ ਨੇੜਲੇ ਸਾਕਾਂ ਨੂੰ ਵਧਾਈਆਂ ਵੀ ਦਿੱਤੀਆਂ ਜਾਂਦੀਆਂ ਹਨ।

ਮਧਕਾਲੀਨ ਸਮਿਆਂ ਵਿਚ ਪੰਜਾਬ ਵਿਚ ਆਉਣ ਜਾਣ ਦੇ ਸਾਧਨ ਜੋਖਮ ਭਰੇ ਸਨ। ਕੱਚੇ ਤੇ ਉਭੜੇ-ਖੁਭੜੇ ਰਾਹ ਕੋਈ ਸੜਕ ਨਹੀਂ, ਨਦੀਆਂ ਨਾਲੇ ਬਿਨਾਂ ਪੁਲਾਂ ਤੋਂ- ਰਾਹੀ ਜੰਗਲ ਬੀਆਬਾਨਾਂ 'ਚੋਂ ਲੰਘਦੇ ਡਰਦੇ ਸਨ- ਲੋਕ ਪੈਦਲ ਸਫਰ ਕਰਦੇ ਸਨ ਜਾਂ ਘੋੜੀਆਂ ਊਠਾਂ ਦੀ ਸਵਾਰੀ ਕਰਦੇ ਸਨ। ਉਹਨਾਂ ਦਿਨਾਂ ਵਿਚ ਬਰਾਤਾਂ ਸਜ-ਧਜ ਕੇ ਘੋੜੀਆਂ ਊਠਾਂ ਤੇ ਬੈਲ ਗੱਡੀਆਂ ਤੇ ਸਵਾਰ ਹੋ ਕੇ ਮੁੰਡੇ ਨੂੰ ਵਿਆਹੁਣ ਜਾਂਦੀਆਂ ਸਨ। ਲਾੜੇ ਨੂੰ ਘੋੜੀ ਤੇ ਚੜ੍ਹਾਉਣ ਦੀ ਕੇਂਦਰੀ ਰਸਮ ਹੁੰਦੀ ਸੀ। ਇਸ ਰਸਮ ਸਮੇਂ ਜਿਹੜੇ ਗੀਤ ਗਾਏ ਜਾਂਦੇ ਸਨ ਉਹਨਾਂ ਦਾ ਨਾਂ ਘੋੜੀ ਦੇ ਨਾਂ ਤੇ "ਘੋੜੀਆਂ" ਪ੍ਰਚੱਲਤ ਹੋ ਗਿਆ। ਲਾੜੇ ਦੀ ਜੰਨ ਦੀ ਤਿਆਰੀ ਅਤੇ ਜੰਨ ਚੜ੍ਹਨ ਸਮੇਂ ਦੇ ਸ਼ਗਨਾਂ ਵੇਲ਼ੇ ਗਾਏ ਜਾਣ ਵਾਲੇ ਗੀਤਾਂ ਨੂੰ ਵੀ 'ਘੋੜੀਆਂ' ਹੀ ਆਖਦੇ ਹਨ।

ਪੁਰਾਤਨ ਸਮੇਂ ਤੋਂ ਹੀ ਪੁੱਤ ਵਾਲ਼ੇ ਘਰ 'ਘੋੜੀਆਂ' ਗਾਉਣ ਦੀ ਰੀਤ ਚਲੀ ਆ ਰਹੀ ਹੈ। 'ਘੋੜੀਆਂ' ਸੰਬੋਧਨੀ ਗੀਤ ਹਨ ਜਿਨ੍ਹਾਂ ਵਿਚ ਭੈਣਾਂ ਅਪਣੇ ਵੀਰਾਂ ਨੂੰ ਸੰਬੋਧਿਤ ਹੁੰਦੀਆਂ ਹਨ। ਇਨ੍ਹਾਂ ਗੀਤਾਂ ਵਿਚ ਭੈਣ ਵਲੋਂ ਅਪਣੇ ਲਾੜੇ ਭਰਾ ਦਾ ਜਸ ਗਾਇਨ ਹੀ ਨਹੀਂ ਕੀਤਾ ਜਾਂਦਾ ਬਲਕਿ ਉਸ ਪ੍ਰਤੀ ਅਪਣੇ ਪਿਆਰ- ਅਪਣੱਤ ਅਤੇ ਪਿਤਰੀ ਅਧਿਕਾਰ ਦਾ ਪ੍ਰਗਟਾਵਾ ਵੀ ਕੀਤਾ ਜਾਂਦਾ ਹੈ।

ਪੰਜਾਬੀ ਸਮਾਜ ਮੁਖ ਤੌਰ ’ਤੇ ਕਿਸਾਨੀ ਅਧਾਰਿਤ ਸਮਾਜ ਹੈ ਜਿਸ ਵਿਚ ਮੁੰਡੇ ਦੇ ਜਨਮ ਅਤੇ ਵਿਆਹ ਦੇ ਅਵਸਰ ਦੀ ਵਿਸ਼ੇਸ਼ ਮਹੱਤਤਾ ਹੈ- ਇਹ ਦੋਨੋਂ ਅਵਸਰ ਸਮੁੱਚੇ ਭਾਈਚਾਰੇ ਲਈ ਖ਼ੁਸ਼ੀਆਂ ਮਾਣਨ ਅਤੇ ਮਨਾਉਣ ਦੇ ਮੌਕੇ ਪ੍ਰਦਾਨ ਕਰਦੇ ਹਨ। ਮੁੰਡੇ ਦੇ ਜਨਮ ਨਾਲ਼ ਜਿੱਥੇ ਪਰਿਵਾਰ ਦੀ ਵੇਲ ਵਧਦੀ ਹੈ ਓਥੇ ਵਿਆਹ ਨਾਲ਼ ਨਵੇਂ ਪਰਿਵਾਰ ਦਾ ਆਗਾਜ਼ ਹੁੰਦਾ ਹੈ- ਮੁੰਡੇ ਦੇ ਸਹੁਰੇ ਪਰਿਵਾਰ

ਨਾਲ਼ ਸਾਕਾਦਾਰੀ ਦੇ ਸੰਬੰਧ ਜੁੜਦੇ ਹਨ ਜਿਸ ਸਦਕਾ ਲਾੜੇ ਦੇ ਬਾਪ ਦਾਦੇ ਦਾ, ਅਪਣੇ ਭਾਈਚਾਰੇ ਵਿਚ, ਮਾਣ ਤਾਣ ਵਧਦਾ ਹੈ।

ਧੀ ਵਾਲ਼ਿਆਂ ਵੱਲੋਂ 11 ਜਾਂ 21 ਦਿਨ ਪਹਿਲਾਂ ਲਾੜੇ-ਪੁੱਤ ਵਾਲ਼ਿਆਂ ਦੇ ਘਰ 'ਸਾਹੇ ਚਿੱਠੀ' ਭੇਜੀ ਜਾਂਦੀ ਹੈ। ਇਹ ਚਿੱਠੀ ਭਾਈਚਾਰਾ ਕੱਠਾ ਕਰਕੇ ਪੜ੍ਹੀ ਜਾਂਦੀ ਹੈ ਜਿਸ ਵਿਚ ਧੀ ਵਾਲ਼ਿਆਂ ਵਲੋਂ ਵਿਅਹ ਦਾ ਦਿਨ ਨਿਸਚਿਤ ਕੀਤਾ ਹੁੰਦਾ ਹੈ। ਇਸ ਚਿੱਠੀ ਦਾ ਸੁਆਗਤ 'ਘੋੜੀਆਂ' ਗਾ ਕੇ ਕੀਤਾ ਜਾਂਦਾ ਹੈ। ਇਸੇ ਦਿਨ ਤੋਂ ਪੁੱਤ ਵਾਲ਼ੇ ਘਰ ਰਾਤ ਸਮੇਂ ਰੋਟੀ ਟੁੱਕ ਦਾ ਕੰਮ ਮੁਕਾ ਕੇ ਆਂਢ-ਗੁਆਂਢ ਅਤੇ ਸ਼ਰੀਕੇ ਦੀਆਂ ਤੀਵੀਆਂ ਤੇ ਮੁਟਿਆਰਾਂ ਕੱਠੀਆਂ ਹੋ ਕੇ 'ਘੋੜੀਆਂ' ਦੇ ਗੀਤ ਗਾਉਣੇ ਆਰੰਭ ਦੇਂਦੀਆਂ ਹਨ ਤੇ ਇਹ ਰੀਤ ਵਿਆਹ ਦੇ ਅੰਤਲੇ ਦਿਨ ਤਕ ਚਾਲੂ ਰਹਿੰਦੀ ਹੈ।

"ਸਾਹੇ ਚਿੱਠੀ" ਪੜ੍ਹਨ ਦੀ ਰਸਮ ਸਮੇਂ ਗਾਈਆਂ ਜਾਣ ਵਾਲ਼ੀਆਂ 'ਘੋੜੀਆਂ' ਵਿਚ ਭੈਣ ਜਿੱਥੇ ਸੁੱਖਾਂ ਲਧੜੇ ਵੀਰ ਨੂੰ ਮਿਥ ਨਾਇਕਾ ਰਾਧਾ ਅਤੇ ਸੀਤਾ ਵਰਗੀ ਸੁੰਦਰ ਭਾਬੋ ਵਿਆਹ ਕੇ ਲਿਆਉਣ ਲਈ ਸਰਾਹੁੰਦੀ ਹੈ ਓਥੇ ਉਹ ਉਸ ਨੂੰ ਆਪਣੀ ਮਾਂ, ਦਾਦੀ, ਨਾਨੀ, ਭੂਆਂ ਅਤੇ ਭੈਣ ਨੂੰ ਨਾ ਵਿਸਾਰਨ ਦੀ ਚਿਤਾਵਨੀ ਵੀ ਦੇਂਦੀ ਹੈ। ਉਸ ਦੇ ਅਚੇਤ ਮਨ ਵਿਚ ਇਹ ਡਰ ਵਸਿਆ ਹੋਇਆ ਹੈ ਮਤੇ ਉਸ ਦਾ ਵੀਰ ਅਪਣੀ ਨਵੀਂ-ਨਵੇਲੀ ਨਾਜੋ ਦੇ ਪ੍ਰਭਾਵ ਸਦਕਾ ਉਹਨਾਂ ਨੂੰ ਵਿਸਾਰ ਦੇਵੇ। ਉਹ ਉਹਨਾਂ ਦੀ ਕੀਰਤੀ ਯਾਦ ਕਰਵਾਉਂਦੀ ਹੈ:-

ਕੋਰੇ ਕੋਰੇ ਕਰੂਏ ਦੁਧ ਦਹੀਂ ਵੇ ਜਮਾਵਾਂ
ਸੁਖ ਲੱਧੜਿਆ ਵੀਰਾ
ਮਾਂ ਤੇਰੀ ਨੇ ਜਨਮ ਸਧਾਇਆ ਲਾਲ ਵੇ
ਕੋਰੇ ਕੋਰੇ ਕਰੂਏ ਦੁੱਧ ਦਹੀਂ ਵੇ ਜਮਾਵਾਂ
ਸੁਖ ਲੱਧੜਿਆ ਵੀਰਾ
ਨਾਨੀ ਤੇਰੀ ਨੇ ਜਨਮ ਸਧਾਇਆ ਲਾਲ ਵੇ
ਕੋਰੇ ਕੋਰੇ ਕਰੂਏ ਦੁਧ ਦਹੀਂ ਵੇ ਜਮਾਵਾਂ
ਸੁਖ ਲੱਧੜਿਆ ਵੀਰਾ
ਦਾਈ ਤੇਰੀ ਨੇ ਜਨਮ ਸਧਾਇਆ ਲਾਲ ਵੇ

ਭੈਣ ਉਸ ਨੂੰ ਬਚਪਨ ਦੇ ਉਹ ਦਿਨ ਵੀ ਯਾਦ ਕਰਵਾਉਂਦੀ ਹੈ ਜਦੋਂ ਭੂਆਂ ਤੇ ਭੈਣ ਉਸ ਨੂੰ ਲਾਡ ਲਡਾਉਂਦੀਆਂ ਸਨ:-

ਧੰਨ ਧੰਨ ਵੇ ਵੀਰਾ ਮਾਂ ਤੇਰੀ
ਜਿਨ੍ਹੇਂ ਤੂੰ ਕੁੱਖ ਨਮਾਇਆ
ਰਾਜੇ ਜਨਕ ਦੇ ਘਰ ਸੀਤਾ ਜਨਮੀ
ਰਾਮ ਚੰਦਰ ਵਰ ਪਾਇਆ ਵੇ

ਧੰਨ ਧੰਨ ਵੇ ਵੀਰਾ ਦਾਦੀ ਤੇਰੀ
ਜੀਹਨੇ ਤੇਰਾ ਜਨਮ ਸਧਾਇਆ ਵੇ

ਰਾਜੇ ਜਨਕ ਦੇ ਘਰ ਸੀਤਾ ਜਨਮੀ
ਰਾਮ ਚੰਦਰ ਵਰ ਪਾਇਆ ਵੇ

ਧੰਨ ਧੰਨ ਵੇ ਵੀਰਾ ਭੈਣ ਤੇਰੀ
ਜੀਹਨੇ ਤੂੰ ਗੋਦ ਘਲਾਇਆ ਵੇ
ਰਾਜੇ ਜਨਕ ਦੇ ਘਰ ਸੀਤਾ ਜਨਮੀ
ਰਾਮ ਚੰਦਰ ਵਰ ਪਾਇਆ ਵੇ

ਧੰਨ ਧੰਨ ਵੇ ਵੀਰਾ ਭੂਆ ਤੇਰੀ
ਜੀਹਨੇ ਤੂੰ ਲਾਡ ਲਡਾਇਆ ਵੇ
ਰਾਜੇ ਜਨਕ ਦੇ ਘਰ ਸੀਤਾ ਜਨਮੀ
ਰਾਮ ਚੰਦਰ ਵਰ ਪਾਇਆ ਵੇ

ਇਸ ਸ਼ੁਭ ਅਵਸਰ ਤੇ ਲਾੜੇ ਦੇ ਦਾਦੇ, ਨਾਨੇ, ਮਾਮੇ ਅਤੇ ਚਾਚੇ ਨੂੰ ਵੀ ਬੜੇ ਆਦਰ ਨਾਲ਼ ਯਾਦ ਕੀਤਾ ਜਾਂਦਾ ਹੈ:-

ਸਾਡੇ ਵਿਹੜੇ ਦਿਆ ਨਿੰਬੂਆ ਵੇ
ਤੇਰੀ ਠੰਡੜੀ ਠੰਡੜੀ ਛਾਂ
ਪੋਤਾ ਕੀਹਦਾ ਸੁਣੀਂਦਾ ਵੇ
ਕੀਹਨੇ ਧਰਿਆ ਸੀ ਨਾਂ

ਪੋਤਾ ਦਾਦੇ ਦਾ ਸੁਣੀਂਦਾ ਵੇ
ਜੀਹਨੇ ਧਰਿਆ ਸੀ ਨਾਂ
ਪੋਤਾ ਦਾਦੇ ਦਾ ਸੁਣੀਂਦਾ
ਰਾਜਾ ਧਰਿਆ ਸੀ ਨਾਂ

ਸਾਡੇ ਵਿਹੜੇ ਦਿਆ ਨਿਬੂੰਆ ਵੇ
ਤੇਰੀ ਠੰਡੜੀ ਠੰਡੜੀ ਛਾਂ
ਦੋਹਤਾ ਕੀਹਦਾ ਸੁਣੀਦਾਂ ਵੇ
ਕੀਹਨੇ ਧਰਿਆ ਸੀ ਨਾਂ

ਦੋਹਤਾ ਨਾਨੇ ਦਾ ਸੁਣੀਦਾ ਵੇ
ਜੀਹਨੇ ਧਰਿਆ ਸੀ ਨਾਂ
ਦੋਹਤਾ ਨਾਨੇ ਦਾ ਸੁਣੀਦਾਂ
ਰਾਜਾ ਧਰਿਆ ਸੀ ਨਾਂ

ਉਹਦੇ ਮਿੱਤਰ ਹਨ ਜਿਹੜੇ ਉਹਦੀ ਸਰੀਰਕ ਦੱਖ ਨੂੰ ਚਮਕਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ:-

ਧੋਬੀ ਦਾ ਬੇਟਾ ਤੇਰਾ ਮੀਤ ਵੀਰਾ
ਤੇਰਾ ਧੋ ਧੋ ਲਿਆਵੇ ਚੀਰਾ ਵੀਰਾ
ਤੂੰ ਪਹਿਨ ਦਲੀਜੇ ਬੈਠ ਚੰਦਾ ਵੇ
ਸੁਨਿਆਰੇ ਦਾ ਬੇਟਾ ਤੇਰਾ ਮੀਤ ਵੀਰਾ
ਤੇਰਾ ਘੜ ਘੜ ਲਿਆਵੇ ਕੈਂਠਾ ਵੀਰਾ
ਤੂੰ ਪਹਿਨ ਦਲੀਜੇ ਬੈਠ ਚੰਦਾ ਵੇ

ਕਲਪਣਾ ਹੀ ਸਹੀ, ਭੈਣ ਲਈ ਹੁਣ ਵੀਰਾ ਰਾਜ ਕੁਮਾਰ ਦੇ ਤੁਲ ਹੈ ਜਿਸ ਦੇ ਚੀਰੇ ਤੇ ਕਲਗੀ ਦਾ ਮੁੱਲ ਲਖ ਕਰੋੜ ਹੈ ਤੇ ਉਹਦੇ ਲਈ ਲਾਹੌਰ ਤੋਂ ਮਾਲਣ ਸਿਹਰਾ ਗੁੰਦ ਕੇ ਲਿਆਉਂਦੀ ਹੈ ਤੇ ਦਰਜਨ ਬੇਸ਼-ਕੀਮਤ ਜੋੜਾ:-

ਚੀਰਾ ਤਾਂ ਵੀਰਾ ਤੇਰਾ ਲੱਖ ਦਾ
ਕਲਗੀ ਕਰੋੜ ਦੀ
ਤੇਰੇ ਪਹਿਨਣ ਦੀ ਕੀ ਸਿਰਫਤ ਕਰਾਂ
ਤੇਰੀ ਚਾਲ ਮਲੂਕਾਂ
ਤੇਰੀ ਰਹਿਤ ਨਵਾਬਾਂ ਦੀ

ਇਸੇ ਕਰਕੇ ਤਾਂ ਲਾਹੌਰ ਤੋਂ ਉਹਦੇ ਲਈ ਸਿਹਰੇ ਤੇ ਜੋੜੇ ਆਉਂਦੇ ਹਨ:-

ਇਹਨੀਂ ਰਾਹੀਂ ਕਸੁਭੰੜਾ ਹੁਣ ਖਿੜਿਆ
ਇਹਨੀਂ ਰਾਹੀਂ ਮੇਰਾ ਵੀਰਾ ਹੁਣ ਤੁਰਿਆ
ਵੇ ਲਾਹੌਰੋਂ ਮਾਲਣ ਆਈ ਵੀਰਾ
ਤੇਰਾ ਸੇਹੀੜਾ ਗੁੰਦ ਲਿਆਈ ਵੀਰਾ
ਵੇ ਲਾਹੌਰੋਂ ਦਰਜਨ ਆਈ ਵੀਰਾ
ਤੇਰਾ ਜੋੜਾ ਸਿਊਂ ਲਿਆਈ ਵੀਰਾ
ਤੇਰੇ ਜੋੜੇ ਦਾ ਕੀ ਮੁੱਲ ਕੀਤਾ
ਇਕ ਲੱਖ ਤੇ ਡੇਢ ਹਜ਼ਾਰ ਵੀਰਾ

ਭੈਣ ਨੂੰ ਇਸ ਗੱਲ ਦਾ ਵੀ ਗੌਰਵ ਹੈ ਕਿ ਵੀਰ ਦੇ ਸਹੁਰੇ ਬਖਤਾਵਰ ਹਨ ਜਿਨ੍ਹਾਂ ਨੇ ਉਹਦੇ ਪਹਿਨਣ ਲਈ ਚੀਰਾ ਤੇ ਕੈਂਠਾ ਭੇਜੇ ਹਨ:-

ਵੀਰਾ ਵੇ ਤੇਰੇ ਸਿਰ ਦਾ ਚੀਰਾ
ਚੰਦਾ ਵੇ ਤੇਰੇ ਸਿਰ ਦਾ ਚੀਰਾ
ਤੇਰੀ ਵੇ ਸੱਸ ਰਾਣੀ ਨੇ ਭੇਜਿਆ
ਵੀਰਾ ਵੇ ਤੇਰੇ ਗਲ਼ ਦਾ ਕੈਂਠਾ
ਚੰਦਾ ਵੇ ਤੇਰੇ ਗਲ਼ ਦਾ ਕੈਂਠਾ
ਤੇਰੀ ਸੱਸ ਰਾਣੀ ਨੇ ਭੇਜਿਆ

ਜੇ ਵੀਰ ਦੇ ਸਹੁਰੇ ਬਖਤਾਵਰ ਹਨ ਤਾਂ ਉਹਨਾਂ ਦੇ ਮੁਕਾਬਲੇ ਤੇ ਉਹਦਾ ਪੇਕੜਾ ਪਰਿਵਾਰ ਵੀ ਘਟ ਨਹੀਂ। ਉਹ ਆਪਣੀ ਮਾਂ ਨੂੰ ਰਾਣੀ ਅਤੇ ਬਾਪ ਨੂੰ ਰਾਜੇ ਦੇ ਸਮਾਨ ਸਮਝਦੀ ਹੈ:-

ਤੇਰੇ ਚੀਰੇ ਨੂੰ ਅਤਰ ਲਵਾਂ ਦਿਨੀਂ ਆਂ
ਤੂੰ ਪਹਿਨ ਵੇ ਵੀਰਾ
ਵੇ ਰਾਣੀ ਬੇਗਮ ਦਿਆ ਜਾਇਆ
ਤੇਰੇ ਚੀਰੇ ਨੂੰ ਅਤਰ ਲਵਾ ਦਿੰਨੀਂ ਆਂ
ਤੂੰ ਪਹਿਨ ਵੇ ਵੀਰਾ
ਵੇ ਰਾਜੇ ਬਾਬਲ ਦਿਆ ਜਾਇਆ

ਭੈਣ ਦੀ ਕੋਸ਼ਿਸ਼ ਹੁੰਦੀ ਹੈ ਕਿ ਵੀਰ ਦੇ ਸਜ ਸਜਾ ਵਿਚ ਕੋਈ ਕਸਰ ਬਾਕੀ ਨਾ ਰਹਿ ਜਾਵੇ। ਉਹ ਮਾਲਣ ਨੂੰ ਸਜਰੀਆਂ ਕਲੀਆਂ ਦਾ ਸਿਹਰਾ ਗੁੰਦ ਕੇ ਲਿਆਉਣ ਲਈ ਆਖਦੀ ਹੈ:-

ਮੈਂ ਤੈਨੂੰ ਮਾਲਣੇ ਆਖਿਆ
ਉਠ ਸਵੇਰੇ ਵਿਹੜੇ ਆ
ਸਵੇਰੇ ਵਿਹੜੇ ਆਣ ਕੇ
ਬਾਗ਼ ਤਲੇ ਵਿਚ ਆ
ਬਾਗ਼ ਤਲੇ ਵਿਚ ਆਣ ਕੇ
ਨੀ ਤੂੰ ਕਲੀਆਂ ਚੁਗ ਲਿਆ
ਕਲੀਆਂ ਤੂੰ ਲਿਆਇਕੇ
ਸਿਹਰਾ ਗੁੰਦ ਲਿਆ
ਸਿਹਰਾ ਗੁੰਦ ਗੁੰਦਾ ਕੇ
ਨੀ ਤੂੰ ਵੀਰਨ ਮੱਥੇ ਲਾ

ਭੈਣ ਆਪ ਵੀ ਵੀਰ ਦੇ ਸਾਫੇ ਅਤੇ ਕੁੜਤੇ ਤੇ ਸਜਾਉਣ ਲਈ ਬਾਗ ਵਿਚ ਜਾ ਕੇ ਕਲੀਆਂ ਚੁਗ ਕੇ ਲਿਆਉਂਦੀ ਹੈ:-

ਲੰਬਾ ਸੀ ਵਿਹੜਾ ਵੇ ਵੀਰਨਾ
ਵਿਚ ਮਰੂਏ ਦਾ ਬੂਟਾ ਵੇ
ਸੋਹਣਿਆਂ ਵਿਚ ਮਰੂਏ ਦਾ ਬੂਟਾ ਵੇ
ਬੂਟਾ ਬੂਟਾ ਵੇ ਵੀਰਨਾ
ਉਹਨੂੰ ਲੱਗੇ ਸੀ ਡੋਡੇ ਵੇ
ਡੋਡੇ ਡੋਡੇ ਵੇ ਵੀਰਾ
ਉਹਨੂੰ ਖਿੜੀਆਂ ਸੀ ਕਲੀਆਂ
ਕਲੀਆਂ ਕਲੀਆਂ ਵੇ ਵੀਰਨਾ
ਤੇਰੇ ਸਾਫੇ ਨੂੰ ਜੜੀਆਂ ਵੇ

ਸੋਹਣਿਆਂ ਤੇਰੇ ਸਾਫੇ ਨੂੰ ਜੜੀਆਂ ਵੇ
ਜੜੀਆਂ ਜੜੀਆਂ ਵੇ ਵੀਰਨਾ
ਤੇਰੇ ਕੁੜਤੇ ਨੂੰ ਜੜੀਆ ਵੇ

ਵੀਰ ਦੀ ਦੱਖ ਨੂੰ ਲਿਸ਼ਕਾ ਕੇ ਭੈਣ ਹੁਣ ਆਪਣੀਆਂ ਸਹੇਲੀਆਂ ਨੂੰ ਸ਼ਗਨ ਮਨਾਉਣ ਦਾ ਸੱਦਾ ਦੇਂਦੀ ਹੈ:-

ਆਓ ਸੱਈਓ ਨੀ ਰਲ਼ ਮਿਲ਼ ਆਓ ਸੱਈਓ
ਵੀਰੇ ਦੇ ਸ਼ਗਨ ਮਨਾ ਲਈਏ
ਭਾਈਆਂ ਦੇ ਵਿਚ ਵੀਰਾਂ ਐਂ ਸਜੇ
ਜਿਵੇਂ ਚੰਦ ਸਜੇ ਵਿਚ ਤਾਰਿਆਂ ਦੇ
ਕੱਪੜੇ ਵੀਰ ਦੇ ਕੇਸਰ ਰੰਗੇ
ਜੁੱਤੀ ਜੜੀ ਐ ਨਾਲ਼ ਸਤਾਰਿਆਂ ਦੇ

ਵਿਆਹ ਵਿਚ ਚੰਗੀ ਨਸਲ ਦੀ ਘੋੜੀ ਹੀ ਫਵਦੀ ਹੈ, ਉਹਦਾ ਚੌਧਰੀ ਬਾਬਾ ਜਮਨਾ ਪਾਰ ਤੋਂ ਛਾਂਟਵੇਂ ਸਰੀਰ ਵਾਲ਼ੀ ਘੋੜੀ ਖਰੀਦ ਕੇ ਲਿਆਵੇਗਾ ਜਿਸ ਨਾਲ਼ ਵਿਆਹ ਸਮਾਗਮਾਂ 'ਚ ਰੌਣਕ ਵਧੇਗੀ:-

ਘੋੜੀਆਂ ਵਕੇਂਦੀਆਂ ਵੀਰਾ ਜਮਨਾਂ ਤੋਂ ਪਾਰ ਵੇ
ਬਾਬਾ ਤੇਰਾ ਚੌਧਰੀ ਘੋੜੀ ਲਿਆ ਦਿਊ ਅੱਜ ਦੇ
ਘੋੜੀਆਂ ਸੰਜੋਗੀਆਂ ਤੂੰ ਮੰਗ ਵੇ
ਬਾਬਲ ਤੇਰਾ ਚਾਵਲਾ ਘੋੜੀ ਲਿਆ ਦਿਊ ਅੱਜ ਵੇ

ਵੀਰ ਲਈ ਲਿਆਂਦੀ ਘੋੜੀ ਦਾ ਉਹ ਪੂਰਾ ਖਿਆਲ ਰਖਦੀ ਹੈ:-

ਚੱਪੇ ਚੱਪੇ ਵੀਰਾ ਖੂਹ ਵੇ ਲਵਾਉਂਨੀ ਆਂ
ਘੋੜੀ ਤੇਰੀ ਨੂੰ ਵੀ ਜਲ ਵੇ ਛਕਾਉਨੀ ਆਂ
ਘੋੜੀ ਟੱਪੇ ਟੱਪੇ ਮਹਿਲੀਂ ਧਮਕ ਪਵੇ

ਚੱਪੇ ਚੱਪੇ ਵੀਰਾਂ ਚੱਕੀ ਵੀ ਲਗਾਉਨੀ ਆਂ
ਘੋੜੀ ਤੇਰੀ ਨੂੰ ਦਾਣਾ ਵੇ ਦਲਾਉਨੀ ਆਂ
ਘੋੜੀ ਟੱਪੇ ਟੱਪੇ ਮਹਿਲੀਂ ਧਮਕ ਪਵੇ

ਲਾੜੇ ਦੇ ਘੋੜੀ ਚੜ੍ਹਨ ਸਮੇਂ ਭੈਣਾਂ ਜਿੱਥੇ ਘੋੜੀ ਦੀਆਂ ਸਿਫਤਾਂ ਕਰਦੀਆਂ ਹਨ ਓਥੇ ਉਸ ਨੂੰ ਗੋਰੀ ਭਾਬੋ ਵਿਆਹ ਕੇ ਲਿਆਉਣ ਦੀ ਸਧਰ ਵੀ ਜ਼ਾਹਰ ਕਰਦੀਆਂ ਹਨ:-

ਵੀਰਾ ਤੇਰੀ ਘੋੜੀ ਵੇ
ਘੁੰਗਰੂਆਂ ਦੀ ਜੋੜੀ ਵੇ
ਤੂੰ ਭਾਬੋ ਲਿਆਈਁ ਗੋਰੀ ਵੇ

ਜੇ ਗੋਰੀ ਨਾਜੋ ਪਤਲੀ ਪਤੰਗ ਹੋਵੇ ਤੇ ਨਾਲ਼ ਹੀ ਸੱਗੀਆਂ ਨਾਲ਼ ਸ਼ਿੰਗਾਰੀ ਹੋਵੇ ਤਾਂ ਉਸ ਦੇ ਰੂਪ ਨੇ ਤਾਂ ਫਬਣਾ ਹੀ ਹੈ:-

ਜੇ ਵੀਰਾ ਤੇਰੀ ਨੀਲੀ ਵੇ ਘੋੜੀ
ਬਾਗ ਚਰ ਘਰ ਆਵੇ
ਜੇ ਵੀਰਾ ਤੇਰਾ ਉੱਚਾ ਵੇ ਬੰਗਲਾ
ਬਾਲ ਚੁਫੇਰੇ ਦੀ ਆਵੇ
ਜੇ ਵੀਰਾ ਤੇਰੀ ਪਤਲੀ ਵੇ ਨਾਜੋ
ਸੱਗੀਆਂ ਦੇ ਨਾਲ਼ ਸੁਹਾਵੇ
ਵੀਰਾ ਤੇਰੀ ਨੀਲੀ ਵੇ ਘੋੜੀ
ਬਾਗ ਚਰ ਘਰ ਆਵੇ

ਉਹ ਤਾਂ ਰਾਧਾ ਵਰਗੀ ਭਾਬੋ ਦੀ ਕਾਮਨਾ ਵੀ ਕਰਦੀ ਹੈ:-

ਵੇ ਵੀਰਾ ਤੇਰੀ ਨੀਲੀ ਵੇ ਘੋੜੀ
ਹਰੇ ਹਰੇ ਜੌਂ ਵੇ ਚੁੱਗੇ
ਦਾਦੀ ਸੁਪੱਤੀ ਤੇਰੇ ਸ਼ਗਨ ਕਰੇ
ਦਾਦਾ ਸੁਪੱਤਾ ਤੇਰੇ ਦੰਮ ਫੜੇ
ਰਾਧਾ ਵਿਆਹ ਘਰ ਆਉਣਾ ਵੇ

ਘੋੜੀ ਚੜ੍ਹਾਉਣ ਦੀ ਰਸਮ ਵੇਲ਼ੇ ਸੁਆਣੀਆਂ ਲਾੜੇ ਦੇ ਬਾਪ ਦਾਦੇ ਨੂੰ ਵਧਾਈਆਂ ਦੇ ਕੇ ਅਪਣੀ ਖ਼ੁਸ਼ੀ ਸਾਂਝੀ ਕਰਦੀਆਂ ਹਨ:-

ਇਕ ਸੀ ਘੋੜੀ ਵੀਰਾ ਰਾਵਲੀ
ਗੰਗਾ ਜਮਨਾ ਤੋਂ ਆਈ
ਆਣ ਬੱਧੀ ਬਾਬੇ ਬਾਰ ਮਾਂ
ਕੁਲ ਹੋਈ ਐ ਵਧਾਈ
ਬਾਗ ਪਕੜ ਵੀਰਨ ਚੜ੍ਹ ਗਿਆ
ਅਪਣੀ ਚਤਰਾਈ
ਅਟਣ ਬਟਣ ਉਹਦੇ ਕਪੜੇ
ਕੇਸਰ ਹੋਈ ਛੜਕਾਈ

ਇਕ ਸੀ ਘੋੜੀ ਵੀਰਾ ਰਾਵਲੀ
ਗੰਗਾ ਜਮਨਾ ਤੋਂ ਆਈ
ਆਣ ਬੰਨ੍ਹੀ ਬਾਬਲ ਬਾਰ ਮਾਂ
ਕੁਲ ਹੋਈ ਐ ਵਧਾਈ
ਬਾਗ ਪਕੜ ਵੀਰਨ ਚੜ੍ਹ ਗਿਆ
ਅਪਣੀ ਚਤਰਾਈ
ਅਟਣ ਬਟਣ ਉਹਦੇ ਕਪੜੇ
ਕੇਸਰ ਹੋਈ ਛੜਕਾਈ

ਲਾੜੇ ਦੀ ਸਿਫਤ ਕਰਦੀਆਂ ਮੇਲਣਾਂ ਦੀ ਖ਼ੁਸ਼ੀ ਡੁਲ੍ਹ ਡੁਲ੍ਹ ਪੈਂਦੀ ਹੈ:-

ਘੋੜੀ ਸੋਂਹਦੀ ਕਾਠੀਆਂ ਦੇ ਨਾਲ਼
ਕਾਠੀ ਡੇਢ ਤੇ ਹਜ਼ਾਰ
ਉਮਰਾਵਾਂ ਦੀ ਤੇਰੀ ਚਾਲ
ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ

ਵਿਚ ਵਿਚ ਬਾਗਾਂ ਦੇ ਤੁਸੀਂ ਆਓ
ਚੋਟ ਨਗਾਰਿਆਂ ਤੇ ਲਾਓ
ਖਾਣਾ ਰਾਜਿਆਂ ਦਾ ਖਾਓ
ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ

ਛੈਲ ਨਵਾਬਾਂ ਦੇ ਘਰ ਢੁਕਣਾਂ
ਸਰਦਾਰਾਂ ਦੇ ਘਰ ਢੁਕਣਾਂ
ਉਮਰਾਵਾਂ ਦੀ ਤੇਰੀ ਚਾਲ
ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ

ਚੀਰਾ ਤੇਰਾ ਮੱਲਾ ਵੇ ਸੋਹਣਾ
ਬਣਦਾ ਕਲਗੀਆਂ ਦੇ ਨਾਲ਼
ਕਲਗੀ ਡੇਢ ਤੇ ਹਜ਼ਾਰ
ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ

ਕੈਂਠਾ ਤੇਰਾ ਮੱਲਾ ਵੇ ਸੋਹਣਾ
ਬਣਦਾ ਜੁਗਨੀਆਂ ਦੇ ਨਾਲ਼
ਜੁਗਨੀ ਡੇਢ ਤੇ ਹਜ਼ਾਰ
ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ

ਜਾਮਾ ਤੇਰਾ ਵੇ ਮੱਲਾ ਸੋਹਣਾ
ਬਣਦਾ ਤਣੀਆਂ ਦੇ ਨਾਲ਼
ਤਣੀ ਡੇਢ ਤੇ ਹਜ਼ਾਰ
ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ

ਜੁੱਤੀ ਤੇਰੀ ਵੇ ਮੱਲਾ ਸੋਹਣੀ
ਬਾਹਵਾ ਜੜੀ ਤਿੱਲੇ ਦੇ ਨਾਲ਼

ਕੇਹੀ ਸੋਹਣੀ ਤੇਰੀ ਚਾਲ
ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ

ਖ਼ੁਸ਼ੀਆਂ ਨਾਲ਼ ਮਖਮੂਰ ਹੋਈ ਭੈਣ ਅਪਣੇ ਵੀਰ ਨੂੰ ਮਿਥ ਨਾਇਕ ਕਾਹਨ ਨਾਲ਼ ਮੇਚ ਕੇ ਅਪਣੀ ਪਰਿਵਾਰਕ ਵਡੱਤਣ ਦਾ ਪ੍ਰਗਟਾਵਾ ਕਰਦੀ ਹੈ:-

ਘੋੜੀ ਚੜ੍ਹਿਆ ਮਾਂ ਦਾ ਨੰਦ ਐ ਵੇ
ਜਿਊਂ ਤਾਰਿਆਂ ਦੇ ਵਿਚ ਚੰਦ ਐ ਵੇ
ਵੇ ਵੀਰਾ ਤੇਰੀ ਘੋੜੀ
ਘੋੜੀ ਚੜ੍ਹ ਵੇ ਵੀਰਾ ਮੱਥੇ ਚੌਰ ਝੂਲੇ

ਘੋੜੀ ਚੜ੍ਹਿਆ ਦਾਦੇ ਦਾ ਪੋਤਾ ਵੇ
ਜਿਉਂ ਹਰਿਆਂ ਬਾਗਾਂ ਦਾ ਤੋਤਾ ਵੇ
ਵੇ ਵੀਰਾ ਤੇਰੀ ਘੋੜੀ
ਘੋੜੀ ਚੜ੍ਹ ਵੇ ਵੀਰਾ ਮੱਥੇ ਚੌਰ ਝੂਲੇ

ਘੋੜੀ ਚੜ੍ਹਿਆ ਭੈਣ ਦਾ ਭਾਈ ਐ ਵੇ
ਜਿਊਂ ਸੌਹਰੇ ਘਰ ਜਮਾਈ ਐ ਵੇ
ਵੇ ਵੀਰਾ ਤੇਰੀ ਘੋੜੀ
ਘੋੜੀ ਚੜ੍ਹ ਵੇ ਵੀਰਾ ਮੱਥੇ ਚੌਰ ਝੂਲੇ

ਮਾਂ ਦਾਦੀ ਲਈ ਪੁੱਤ ਪੋਤੇ ਦੇ ਵਿਆਹ ਦਾ ਦਿਨ ਸੁਲੱਖਣਾ ਅਤੇ ਨਾ ਭੁੱਲਣ ਵਾਲ਼ਾ ਹੁੰਦਾ ਹੈ ਉਹ ਚਾਈਁ ਚਾਈਁ ਸ਼ਗਨ ਮਨਾਉਂਦੀਆਂ ਹਨ:-

ਹਰੇ ਹਰੇ ਜੌਂ ਵੀਰਾ ਘੋੜੀ ਚੁੱਗੇ
ਪੈ ਗਈ ਲੰਬੜੇ ਰਾਹੀਂ ਬੀਬਾ
ਘੋੜੀ ਮਟਕ ਤੁਰੇ
ਦਾਦਾ ਤੇਰਾ ਜੰਨ ਚੜ੍ਹੇ
ਦਾਦੀ ਸੁਪੱਤੀ ਤੇਰੇ ਸ਼ਗਨ ਕਰੇ

ਹਰੇ ਹਰੇ ਜੌਂ ਵੀਰਾ ਘੋੜੀ ਚੁੱਗੇ
ਪੈ ਗਈ ਲੰਬੜੇ ਰਾਹੀਂ ਬੀਬਾ
ਘੋੜੀ ਮਟਕ ਤੁਰੇ
ਬਾਪ ਤੇਰਾ ਤੇਰੀ ਜੰਨ ਚੜ੍ਹੇ
ਮਾਂ ਸੁਪੱਤੀ ਤੇਰੇ ਸ਼ਗਨ ਕਰੇ

ਭਾਗਾਂ ਵਾਲ਼ਿਆਂ ਦੇ ਘਰ ਹੀ ਸੁਲਖਣੇ ਦਿਨ ਆਉਂਦੇ ਹਨ। ਗੀਤ ਦੇ ਬੋਲ ਹਨ:-

ਅੱਜ ਦਾ ਦਿਨ ਸੁਲੱਖਣਾ
ਜੀ ਭਾਗਾਂ ਵਾਲ਼ਿਆਂ ਦੇ ਆਵੇ
ਵੀਰਾ ਤੇਰੇ ਬਾਬਲ ਦੇ ਮਨ ਚਾਅ
ਮਾਤਾ ਸ਼ਗਨ ਮਨਾਵੇ

ਅਜ ਦਾ ਦਿਨ ਸੁਲੱਖਣਾ
ਜੀ ਭਾਗਾਂ ਵਾਲ਼ਿਆਂ ਦੇ ਆਵੇ
ਵੀਰਾ ਤੇਰੇ ਮਾਮੇ ਦੇ ਮਨ ਸ਼ਾਦੀਆਂ
ਮਾਮੀ ਸ਼ਗਨ ਮਨਾਵੇ

ਅਜ ਦਾ ਦਿਨ ਸੁਲੱਖਣਾ
ਜੀ ਭਾਗਾਂ ਵਾਲ਼ਿਆਂ ਦੇ ਆਵੇ
ਵੀਰਾ ਜੀਜੇ ਦੇ ਮਨ ਚਾਅ
ਭੈਣ ਸ਼ਗਨ ਮਨਾਵੇ

ਜੰਨ ਚੜ੍ਹਨ ਤੋਂ ਪਹਿਲਾਂ ਦੇ ਸ਼ਗਨ ਮਨਾ ਕੇ ਲਾੜਾ ਖੇੜੇ ਨੂੰ ਨਮਸਕਾਰ ਕਰਕੇ ਜੰਜ ਚੜ੍ਹ ਜਾਂਦਾ ਹੈ ਤੇ ਖੇੜਾ ਉਸ ਨੂੰ ਅਸੀਸਾਂ ਦੇਂਦਾ ਹੈ:-

ਵੀਰ ਵਿਆਹੁਣ ਚੱਲਿਆ
ਖੇੜੇ ਨੂੰ ਕਰੇ ਸਲਾਮ
ਸਿਹਰੇ ਗੁੰਦੋ ਨੀ ਗੁੰਦ ਲਿਆਓ
ਮਾਲਣ ਸੋਹੀੜੇ
ਖੇੜੇ ਨੇ ਸੀਸਾਂ ਦਿੱਤੀਆਂ
ਤੇਰਾ ਜੀਵੇ ਬਰਖੁਰਦਾਰ
ਸਿਹਰੇ ਗੁੰਦੋ ਨੀ ਗੁੰਦ ਲਿਆਓ
ਮਾਲਣ ਸੇਹੀੜੇ

ਭੈਣਾਂ ਡੋਲ਼ੀ ਦੀ ਉਡੀਕ ਬੜੇ ਚਾਵਾਂ ਮਲ੍ਹਾਰਾਂ ਨਾਲ਼ ਕਰਦੀਆਂ ਹਨ। ਵੀਰ ਰੱਤਾ ਡੋਲ਼ਾ ਲੈ ਕੇ ਜਦੋਂ ਆਪਣੇ ਘਰ ਆਉਂਦਾ ਹੈ ਤਾਂ ਉਹਦੀ ਸੁਹਾਗਣ ਮਾਂ ਸ਼ੁਭ ਸ਼ਗਨਾਂ ਨਾਲ਼ ਉਹਨਾਂ ਦੀ ਆਰਤੀ ਉਤਾਰਦੀ ਹੈ। ਇਸ ਸਮੇਂ ਸਾਰੇ ਵਾਤਾਵਰਣ ਵਿਚ ਖ਼ੁਸ਼ੀਆਂ ਦੀਆਂ ਫੁਆਰਾਂ ਵਹਿ ਤੁਰਦੀਆਂ ਹਨ:-

ਨਿੱਕੀ ਨਿੱਕੀ ਬੂੰਦੀਂ ਨਕਿਆਂ ਮੀਂਹ ਵੇ ਵਰ੍ਹੇ
ਮਾਂ ਵੇ ਸੁਹਾਗਣ ਤੇਰੇ ਸ਼ਗਨ ਕਰੇ
ਮਾਂ ਵੇ ਸੁਹਾਗਣ ਤੇਰੇ ਸ਼ਗਨ ਕਰੇ ਵੇ ਨਿਕਿਆ
ਦੰਮਾਂ ਦੀ ਬੋਰੀ ਤੇਰਾ ਬਾਬਾ ਫੜੇ
ਭੈਣ ਸੁਹਾਗਣ ਤੇਰੀ ਬਾਗ ਫੜੇ ਵੇ ਨਿਕਿਆ

ਪੀਲ਼ੀ ਪੀਲ਼ੀ ਦਾਲ਼ ਤੇਰੀ ਘੋੜੀ ਚਰੇ
ਪੀਲ਼ੀ ਪੀਲ਼ੀ ਦਾਲ਼ ਤੇਰੀ ਘੋੜੀ ਘੋੜੀ ਚਰੇ ਵੇ ਨਿਕਿਆ
ਭਾਬੀ ਸੁਹਾਗਣ ਤੈਨੂੰ ਸੁਰਮਾ ਪਾਵੇ
ਭਾਬੀ ਸੁਹਾਗਣ ਤੈਨੂੰ ਸੁਰਮਾ ਪਾਵੇ ਵੇ ਨਿਕਿਆ
ਰੱਤਾ ਰੱਤਾ ਡੋਲ਼ਾ ਮਿਹਲੀਂ ਆਣ ਬੜੇ
ਰੱਤਾ ਰੱਤਾ ਡੋਲ਼ਾ ਮਹਿਲੀਂ ਆਣ ਬੜੇ ਵੇ ਨਿਕਿਆ
ਮਾਂ ਵੇ ਸੁਹਾਗਣ ਪਾਣੀ ਵਾਰ ਪੀਵੇ

ਪਾਣੀ ਵਾਰਨ ਦੀ ਰਸਮ ਬੜੀ ਦਿਲਚਸਪ ਹੁੰਦੀ ਹੈ। ਚੰਦਨ ਚੌਂਕੀ ਤੇ ਬੰਨੇ-ਬੰਨੀ ਨੂੰ ਖੜ੍ਹਾ ਕੇ ਬੰਨੇ ਦੀ ਮਾਂ ਉਨ੍ਹਾਂ ਦੇ ਸਿਰਾਂ ਤੋਂ ਪਾਣੀ ਦੀ ਗੜਵੀ ਵਾਰ ਕੇ ਪਾਣੀ ਦੀਆਂ ਘੁੱਟਾਂ ਭਰਦੀ ਹੈ...ਗੀਤ ਦੇ ਬੋਲ ਉਭਰਦੇ ਹਨ:-

ਪਾਣੀ ਵਾਰ ਬੰਨੇ ਦੀਏ ਮਾਏਂ
ਬੰਨਾ ਬਾਹਰ ਖੜਾ
ਬੰਨਾ ਆਪਣੀ ਬੰਨੋ ਦੇ ਚਾਅ
ਬੰਨਾ ਬਾਹਰ ਖੜਾ
ਪਾਣੀ ਵਾਰ ਬੰਨੇ ਦੀਏ ਮਾਏਂ
ਨੀ ਬੰਨਾ ਬਾਹਰ ਖੜਾ
ਸੁੱਖਾਂ ਸੁੱਖਦੀ ਨੂੰ ਆਹ ਦਿਨ ਆਏ
ਪਾਣੀ ਵਾਰ ਬੰਨੇ ਦੀਏ ਮਾਏਂ
ਬੰਨਾਂ ਬਾਹਰ ਖੜਾ

'ਘੋੜੀਆਂ' ਨਿਰੀਆਂ ਤੁਕਬੰਦ ਰਚਨਾਵਾਂ ਨਹੀਂ। ਇਹਨਾਂ ਵਿੱਚ ਵਰਤੀ ਸ਼ਬਦਾਵਲੀ,ਰੂਪਕ,ਅਲੰਕਾਰ ਅਤੇ ਤਸ਼ਵੀਹਾਂ ਇਹਨਾਂ ਨੂੰ ਮਾਣਨ ਯੋਗ ਕਾਵਿ ਦਾ ਦਰਜਾ ਦੁਆਂਦੇ ਹਨ। ਇਹ ਸੰਵੇਦਨਸ਼ੀਲ ਗੁਮਨਾਮ ਸੁਆਣੀਆਂ ਦੀਆਂ ਕਾਵਿ ਮਈ ਰਚਨਾਵਾਂ ਹਨ ਜੋ ਸਰੋਤਿਆਂ ਨੂੰ ਸੁਹਜਆਤਮਕ ਆਨੰਦ ਪ੍ਰਦਾਨ ਕਰਕੇ ਸਰਸ਼ਾਰ ਕਰ ਦੇਂਦੀਆਂ ਹਨ। ਇਹ ਪੰਜਾਬੀ ਲੋਕ ਗੀਤਾਂ ਦਾ ਅਮੁੱਲ ਅੰਗ ਹਨ।