ਸ਼ਗਨਾਂ ਦੇ ਗੀਤ/ਸਾਵੇਂ
ਸਾਵੇਂ
ਪੰਜਾਬੀਆਂ ਲਈ ਸਾਉਣ ਦੇ ਮਹੀਨੇ ਦੀ ਵਿਸ਼ੇਸ਼ ਮਹੱਤਤਾ ਹੈ। ਜੇਠ-ਹਾੜ੍ਹ ਦੀ ਅਤਿ ਦੀ ਗਰਮੀ ਅਤੇ ਲੂੰਹਦੀਆਂ ਲੋਆਂ ਮਗਰੋਂ ਸਾਉਣ ਮਹੀਨੇ ਦੀਆਂ ਠੰਢੀਆਂ ਠਾਰ ਅਤੇ ਮਹਿਕਦੀਆਂ ਹਵਾਵਾਂ ਵਾਤਾਵਰਣ ਨੂੰ ਰੁਮਾਂਚਕ ਬਣਾ ਦਿੰਦੀਆਂ ਹਨ। ਨਿੱਕੀ-ਨਿੱਕੀ ਕਣੀ ਦਾ ਮੀਂਹ, ਸਾਉਣ ਦੇ ਛਰਾਟੇ ਅਤੇ ਸਾਉਣ ਦੀਆਂ ਝੜੀਆਂ ਪੰਜਾਬ ਦੇ ਸਾਂਸਕ੍ਰਿਤਕ ਜੀਵਨ ਵਿਚ ਅਨੂਠਾ ਰੰਗ ਭਰਦੇ ਹਨ। ਸਾਰਾ ਵਾਤਾਵਰਣ ਨਸ਼ਿਆ ਜਾਂਦਾ ਹੈ। ਧਰਤੀ ਮੌਲਦੀ ਹੈ- ਬਨਸਪਤੀ 'ਤੇ ਨਵਾਂ ਨਿਖਾਰ ਆਉਂਦਾ ਹੈ। ਬੱਦਲਾਂ ਨੂੰ ਵੇਖ ਕਿਧਰੇ ਮੋਰ ਪੈਲਾਂ ਪਾਉਂਦੇ ਹਨ, ਕਿਧਰੇ ਕੋਇਲਾਂ ਕੂਕਦੀਆਂ ਹਨ। ਬ੍ਰਿਹਣਾਂ ਵਿਛੋੜੇ ਦੇ ਬਾਣ ਸਹਿੰਦੀਆਂ ਹੋਈਆਂ ਆਪਣੇ ਦਿਲਾਂ ਦੇ ਮਹਿਰਮਾਂ ਨੂੰ ਯਾਦ ਕਰਦੀਆਂ ਹਨ:
ਰਲ ਆਓ ਸਈਓ ਨੀ
ਸੱਭੇ ਤੀਆਂ ਖੇਡਣ ਜਾਈਏ
ਹੁਣ ਆ ਗਿਆ ਸਾਵਨ ਨੀ
ਪੀਂਘਾਂ ਪਿੱਪਲੀ ਜਾ ਕੇ ਪਾਈਏ
ਪਈ ਕੂ ਕੂ ਕਰਦੀ ਨੀ ਸਈਓ
ਕੋਇਲ ਹੰਝੂ ਡੋਲ੍ਹੇ
ਪਪੀਹਾ ਵੇਖੋ ਨੀ ਭੈੜਾ
ਪੀਆ ਪੀਆ ਬੋਲੇ
ਲੈ ਪੈਲਾਂ ਪਾਂਦੇ ਨੀ
ਬਾਗੀਂ ਮੋਰਾਂ ਸ਼ੋਰ ਮਚਾਇਆ
ਅਨੀ ਖਿੜ ਖਿੜ ਫੁੱਲਾਂ ਨੇ
ਸਾਨੂੰ ਮਾਹੀਆ ਯਾਦ ਕਰਾਇਆ
ਮੈਂ ਅੱਥਰੂ ਡੋਲ੍ਹਾਂ ਨੀ
ਕੋਈ ਸਾਰ ਨਾ ਲੈਂਦਾ ਮੇਰੀ
ਰਲ ਆਓ ਸਈਓ ਨੀ
ਸਭੇ ਤੀਆਂ ਖੇਡਣ ਜਾਈਏ
ਛਮ ਛਮ ਛਮ ਛਮ ਪੈਣ ਪੁਹਾਰਾਂ
ਬਿਜਲੀ ਦੇ ਰੰਗ ਨਿਆਰੇ
ਆਓ ਕੁੜੀਓ ਗਿੱਧਾ ਪਾਈਏ
ਸਾਨੂੰ ਸਾਉਣ ਸੈਨਤਾਂ ਮਾਰੇ
ਸਾਉਣ ਦਾ ਸੱਦਾ ਭਲਾ ਕੁੜੀਆਂ ਕਿਉਂ ਨਾ ਪ੍ਰਵਾਨ ਕਰਨ:-
ਸਾਉਣ ਮਹੀਨਾ ਦਿਨ ਗਿੱਧੇ ਦੇ
ਕੁੜੀਆਂ ਰਲ਼ ਕੇ ਆਈਆਂ।
ਨੱਚਣ-ਕੁੱਦਣ ਝੂਟਣ ਪੀਂਘਾਂ
ਵੱਡਿਆਂ ਘਰਾਂ ਦੀਆਂ ਜਾਈਆਂ
ਆਹ ਲੈ ਮਿੱਤਰਾ ਕਰ ਲੈ ਖਰੀਆਂ
ਬਾਂਕਾਂ ਮੇਚ ਨਾ ਆਈਆਂ
ਗਿੱਧਾ ਪਾ ਰਹੀਆਂ-
ਨਣਦਾਂ ਤੇ ਭਰਜਾਈਆਂ
ਸਾਉਣ ਦੀਆਂ ਕਾਲ਼ੀਆਂ ਘਟਾਵਾਂ ਬ੍ਰਿਹੋਂ ਕੁੱਠੀ ਨੂੰ ਤੜਫਾ ਦਿੰਦੀਆਂ ਹਨ:-
ਭਿੱਜ ਗਈ ਰੂਹ ਮਿੱਤਰਾ
ਸ਼ਾਮ ਘਟਾ ਚੜ੍ਹ ਆਈਆਂ
ਉਹ ਤਾਂ ਕੋਇਲ ਨੂੰ ਵੀ ਆਪਣੇ ਹੱਥਾਂ 'ਤੇ ਚੋਗ ਚੁਗਾਉਣਾ ਲੋਚਦੀ ਹੈ:-
ਪ੍ਰੀਤਾਂ ਦੀ ਮੈਨੂੰ ਕਦਰ ਬਥੇਰੀ
ਲਾ ਕੇ ਤੋੜ ਨਿਭਾਵਾਂ
ਨੀ ਕੋਇਲੇ ਸਾਉਣ ਦੀਏ
ਤੈਨੂੰ ਹੱਥ 'ਤੇ ਚੋਗ ਚੁਗਾਵਾਂ
ਇਸ ਰੁਮਾਂਚਕ ਵਾਤਾਵਰਣ ਵਿਚ ਪੰਜਾਬਣਾਂ ਦਾ ਹਰਮਨ- ਪਿਆਰਾ ਤਿਉਹਾਰ "ਤੀਆਂ ਦਾ ਤਿਉਹਾਰ' ਆਉਂਦਾ ਹੈ। ਤੀਆਂ ਜਿਸ ਨੂੰ 'ਤੀਜ ਅਤੇ 'ਸਾਵੇਂ' ਵੀ ਕਿਹਾ ਜਾਂਦਾ ਹੈ ਸਾਉਣ ਸੁਦੀ ਤਿੰਨ ਤੋਂ ਆਰੰਭ ਹੋ ਜਾਂਦਾ ਹੈ। ਇਸ ਤਿਉਹਾਰ ਦੇ ਤੀਜ ਤਿਥੀ ਨੂੰ ਆਰੰਭ ਹੋਣ ਕਰਕੇ ਹੀ ਇਸ ਦਾ ਨਾਂ ਤੀਜ ਅਥਵਾ ਤੀਆਂ ਪਿਆ ਹੈ। ਇਹ ਤਿਉਹਾਰ 7,8,9 ਜਾਂ 11ਦਿਨ ਕੁੜੀਆਂ ਦੀ ਮਰਜ਼ੀ ਅਨੁਸਾਰ ਮਨਾਇਆ ਜਾਂਦਾ ਹੈ। ਪੰਜਾਬ ਦੀਆਂ ਮੁਟਿਆਰਾਂ ਇਸ ਤਿਉਹਾਰ ਨੂੰ ਬੜੇ ਚਾਵਾਂ ਨਾਲ਼ ਉਡੀਕਦੀਆਂ ਹਨ। ਵਿਆਹੀਆਂ ਕੁੜੀਆਂ ਆਪਣੇ ਪੇਕਿਆਂ ਦੇ ਘਰ ਆ ਕੇ ਇਹ ਤਿਉਹਾਰ ਮਨਾਉਂਦੀਆਂ ਹਨ:-
ਮਹਿੰਦੀ ਤਾਂ ਪਾ ਕੇ ਮਾਏਂ ਸੁੱਕਣੀ
ਮਾਏਂ ਮੇਰੀਏ
ਮਹਿੰਦੀ ਦਾ ਰੰਗ ਨੀ ਉਦਾਸ
ਸਾਵਣ ਆਇਆ
ਨੂੰਹਾਂ ਨੂੰ ਭੇਜੀਂ ਮਾਏਂ ਪੇਕੜੇ
ਮਾਏਂ ਮੇਰੀਏ ਨੀ
ਧੀਆਂ ਨੂੰ ਲਈਂ ਨੀ ਮੰਗਾ
ਸਾਵਣ ਆਇਆ
ਜਿਹੜੀਆਂ ਵਿਆਹੀਆਂ ਕੁੜੀਆਂ ਤੀਆਂ ਦੇ ਦਿਨਾਂ ਵਿਚ ਪੇਕੀਂ ਨਹੀਂ ਆ ਸਕਦੀਆਂ ਉਨ੍ਹਾਂ ਲਈ ਮਾਪੇ ਤੀਆਂ ਦਾ ਸੰਧਾਰਾ ਭੇਜਦੇ ਹਨ। ਤੀਆਂ ਦੇ ਸੰਧਾਰੇ ਵਿਚ ਸੂਟ ਅਤੇ ਕੁਝ ਮਠਿਆਈ ਹੁੰਦੀ ਹੈ। ਤੀਆਂ ਦੇ ਸੰਧਾਰੇ ਦਾ ਕੁੜੀਆਂ ਨੂੰ ਕਿੰਨਾ ਚਾਅ ਹੁੰਦਾ ਹੈ, ਇਸ ਦੀ ਵਿਆਖਿਆ ਇਕ ਲੋਕ ਗੀਤ ਇਸ ਤਰ੍ਹਾਂ ਕਰਦਾ ਹੈ:-
ਭੇਜੀਂ ਨੀ ਅੰਮਾ ਰਾਣੀ ਸੂਹੜੇ
ਸੂਹਿਆਂ ਦੇ ਦਿਨ ਚਾਰ
ਸਾਵਣ ਆਇਆ
ਕਿੱਕੂੰ ਨੀ ਭੇਜਾਂ ਸੂਹੜੇ
ਪਿਓ ਤੇਰਾ ਪਰਦੇਸ
ਸਾਵਣ ਆਇਆ
ਲਿਖ ਲਿਖ ਭੇਜਾਂ ਬਾਬਲ ਚੀਰੀਆਂ
ਤੂੰ ਪਰਦੇਸਾਂ ਤੋਂ ਆ
ਸਾਵਣ ਆਇਆ
ਕਿਕੂੰ ਨੀ ਆਵਾਂ ਜਾਈਏ ਮੇਰੀਏ
ਨਦੀਆਂ ਨੇ ਲਿਆ ਨੀ ਉਛਾਲ
ਸਾਵਣ ਆਇਆ
ਪਾਵੋ ਵੇ ਮਲਾਹੋ ਬੇੜੀਆਂ
ਮੇਰਾ ਬਾਬਲ ਪਾਰ ਲੰਘਾਓ
ਸਾਵਣ ਆਇਆ
ਹੱਥ ਦੀ ਵੇ ਦੇਵਾਂ ਮੁੰਦਰੀ
ਗਲ਼ ਦਾ ਨੌਲੱਖਾ ਹਾਰ
ਸਾਵਣ ਆਇਆ
ਪੁਰਾਣੇ ਸਮਿਆਂ ਵਿਚ ਆਉਣ-ਜਾਣ ਦੇ ਸਾਧਨ ਸੀਮਤ ਸਨ, ਨਾ ਸੜਕਾਂ ਸਨ, ਨਾ ਨਦੀ-ਨਾਲਿਆਂ 'ਤੇ ਪੁਲ। ਪੰਜ-ਦਸ ਕੋਹ ਦੀ ਵਾਟ 'ਤੇ ਵਿਆਹੀ ਮੁਟਿਆਰ ਆਪਣੇ ਆਪ ਨੂੰ ਪ੍ਰਦੇਸਣ ਸਮਝਦੀ ਸੀ। ਵਰ੍ਹੇ ਛਿਮਾਹੀ ਮਗਰੋਂ ਹੀ ਕੋਈ ਮਿਲਣ ਆਉਂਦਾ। ਸਾਵਣ ਦੇ ਅਨੇਕਾਂ ਲੰਬੇ ਗੀਤ ਮਿਲਦੇ ਹਨ ਜਿਨ੍ਹਾਂ ਰਾਹੀਂ ਪ੍ਰਦੇਸਾਂ ਵਿਚ ਬੈਠੀ ਮੁਟਿਆਰ ਜਿਥੇ ਆਪਣੇ ਦੂਰ ਵਸੇਂਦੇ ਮਾਪਿਆਂ ਦੇ ਦਰਦ ਦਾ ਸੱਲ ਸਹਿੰਦੀ ਹੈ ਓਥੇ ਪ੍ਰਦੇਸੀਂ ਖੱਟੀ ਕਰਨ ਗਏ ਆਪਣੇ ਮਾਹੀ ਦੇ ਵਿਯੋਗ ਨੂੰ ਬੜੇ ਦਰਦੀਲੇ ਬੋਲਾਂ ਵਿਚ ਬਿਆਨ ਕਰਦੀ ਹੈ।
ਸਾਉਣ ਦੇ ਦਿਨਾਂ ਵਿਚ ਸਹੁਰੇ ਗਈ ਭੈਣ ਨੂੰ ਵੀਰ ਲੈਣ ਆਉਂਦਾ ਹੈ... ਸੱਸ ਨਣਾਨ ਉਹਨੂੰ ਵੇਖ ਮੱਥੇ ਵੱਟ ਪਾ ਲੈਂਦੀਆਂ ਹਨ....ਉਹ ਵੀਰ ਪਾਸੋਂ ਬੜੇ ਚਾਅ ਨਾਲ਼ ਆਪਣੇ ਪੇਕੇ ਪਰਿਵਾਰ ਦੀ ਸੁਖ ਸਾਂਦ ਪੁੱਛਦੀ ਹੈ। ਗੀਤ ਦੇ ਬੋਲ ਹਨ:-
ਸਾਵਣ ਆਇਆ ਨੀ ਸੱਸੀਏ
ਸਾਵਣ ਆਇਆ
ਇਕ ਤਾਂ ਆਇਆ ਮੇਰੀ ਅੰਮੀ ਦਾ ਜਾਇਆ
ਚੜ੍ਹਦੇ ਸਾਵਣ ਮੇਰਾ ਵੀਰ ਨੀ ਆਇਆ
ਆ ਜਾ ਵੇ ਵੀਰਾ
ਸੱਸ ਨਨਾਣ ਮੁੱਖ ਮੋੜਿਆ
ਆਜਾ ਵੀਰਾ ਚੜ੍ਹ ਉੱਚੀ ਅਟਾਰੀ
ਮੇਰੇ ਕਾਨ੍ਹ ਉਸਾਰੀ
ਦੇ ਜਾ ਵੀਰਾ ਮੇਰੀ ਮਾਂ ਦੇ ਸੁਨੇਹੜੇ ਰਾਮ
ਮਾਂ ਤਾਂ ਤੇਰੀ ਭੈਣੇ ਪਲੰਘੇ ਬਠਾਈ
ਪਲੰਘੋਂ-ਪੀਹੜੇ ਬਠਾਈ
ਸਾਥ ਅਟੇਰਨ ਸੂਹੀ ਰੰਗਲੀ ਰਾਮ
ਆ ਵੇ ਵੀਰਾ ਚੜ੍ਹੀਏ ਉੱਚੀ ਅਟਾਰੀ
ਮੇਰੇ ਕਾਨ੍ਹ ਉਸਾਰੀ
ਦੇ ਜਾ ਮੇਰੀ ਭਾਬੋ ਦੇ ਸੁਨੇਹੜੇ ਰਾਮ
ਭਾਬੋ ਤਾਂ ਤੇਰੀ ਬੀਬੀ ਗੀਗੜਾ ਜਾਇਆ
ਨੀ ਤੇਰਾ ਭਤੀਜੜਾ ਜਾਇਆ
ਉਠਦੀ ਬਹਿੰਦੀ ਦਿੰਦੀ ਲੋਰੀਆਂ ਰਾਮ
ਆ ਵੇ ਵੀਰਾ ਚੜ੍ਹ ਉੱਚੀ ਅਟਾਰੀ
ਮੇਰੇ ਕਾਨ੍ਹ ਉਸਾਰੀ
ਮੇਰੀਆਂ ਸਈਆ ਦੇ ਦੇ ਕੇ ਸੁਨੇਹੜੇ ਰਾਮ
ਸਈਆਂ ਤੇਰੀਆਂ ਭੈਣੇ ਛੋਪ ਨੀ ਪਾਏ
ਵਿਹੜੀਂ ਚਰਖੇ ਨੀ ਡਾਹੇ
ਤੂੰ ਹੀ ਪ੍ਰਦੇਸਣ ਬੈਠੀ ਦੂਰ ਨੀ ਰਾਮ
ਚਲ ਵੇ ਵੀਰਾ ਚਲੀਏ ਮਾਂ ਦੇ ਕੋਲ਼ੇ
ਸਾਡੀਆਂ ਸਖੀਆਂ ਕੋਲ਼ੇ
ਚੁੱਕ ਭਤੀਜੜਾ ਲੋਰੀ ਦੇਵਾਂਗੀ ਰਾਮ
ਜਦੋਂ ਇਹ ਗੀਤ ਗਾਇਆ ਜਾਂਦਾ ਹੈ ਤਾਂ ਸਰੋਤਿਆਂ ਦੀਆਂ ਅੱਖਾਂ ਵਿਚੋਂ ਵਯੋਗ ਦੇ ਹੰਝੂ ਵਹਿ ਤੁਰਦੇ ਹਨ। ਕਿੰਨਾ ਦਰਦ ਤੇ ਮੋਹ ਹੈ ਪੇਕੇ ਪਰਿਵਾਰ ਲਈ ਪ੍ਰਦੇਸਣ ਭੈਣ ਦੇ ਬੋਲਾਂ ਵਿਚ।
ਸਾਵੇਂ ਦੇ ਇਕ ਹੋਰ ਲੋਕ ਗੀਤ ਵਿਚ ਖੱਟੀ ਕਰਨ ਗਏ ਪ੍ਰਦੇਸੀ ਢੋਲਾ ਦੀ ਦਾਸਤਾਨ ਬੜੇ ਦਰਦੀਲੇ ਬੋਲਾਂ ਵਿਚ ਬਿਆਨ ਕੀਤੀ ਕਈ ਹੈ!
ਕੂੰਜੇ ਨੀ ਕੀ ਸਰ ਨ੍ਹਾਉਨੀ ਏਂ
ਕੀ ਪਛਤਾਉਨੀ ਏਂ
ਰਾਮ ਬਰੇਤੀਆਂ ਪੈ ਰਹੀਆਂ ਵੇ
ਬੀਬਾ ਵੇ ਲੰਬਾ ਸੀ ਵਿਹੜਾ
ਵਿਚ ਨਿਮ ਨਿਸ਼ਾਨੀ
ਡਾਹ ਪੀਹੜਾ ਹੇਠ ਬਹਿਨੀਆਂ ਵੇ
ਬੀਬਾ ਵੇ ਰੰਗਲਾ ਸੀ ਚਰਖਾ
ਚਿੱਟੀਆਂ ਸੀ ਪੂਣੀਆਂ
ਤੰਦ ਹੁਲਾਰੇ ਦਾ ਪਾਉਨੀਆਂ ਵੇ
ਬੀਬਾ ਵੇ ਲਾਹ ਗਲੋਟਾ
ਭਰ ਪਟਿਆਰੀ
ਹੱਟ ਪਸਾਰੀ ਦੀ ਜਾਨੀਆਂ ਵੇ
ਬੀਬਾ ਵੇ ਪਸਾਰੀ ਦਾ ਬੇਟੜਾ
ਜਾਤ ਪੁਛੇਂਦੜਾ ਵੇ
ਕੌਣ ਤੂੰ ਜਾਤ ਦੀ ਹੁੰਨੀ ਐਂ ਵੇ
ਬੀਬਾ ਵੇ ਨਾ ਮੈਂ ਬਾਹਮਣੀ ਨਾ ਖਤਰੇਟੜੀ
ਹੀਰ ਰਾਂਝੇ ਦੀ ਸਦਾਉਨੀਆਂ ਵੇ
ਸੱਸੇ ਨੀ ਧਨ ਤੇਰਾ ਕਾਲਜਾ
ਧਨ ਤੇਰਾ ਹੀਆ
ਪੁੱਤ ਪ੍ਰਦੇਸਾਂ ਨੂੰ ਤੋਰਿਆ ਨੀ
ਨੂੰਹੇ ਨੀ ਜਲੇ ਬੁਝੇ ਕਾਲਜਾ
ਅੱਗ ਲੱਗੇ ਹੀਆ
ਪੁੱਤ ਖੱਟੀ ਨੂੰ ਤੋਰਿਆ ਨੀ
ਨਣਦੇ ਨੀ ਕਢ ਫੁਲਕਾਰੀਆਂ
ਪੱਲਿਆਂ ਵਾਲ਼ੀਆਂ ਨੀ
ਜੇ ਤੇਰਾ ਵੀਰਜੁ ਆਉਂਦਾ ਨੀ
ਭਾਬੋ ਨੀ ਕੱਢੀਆਂ ਫੁਲਕਾਰੀਆਂ
ਪੱਲਿਆਂ ਵਾਲ਼ੀਆਂ ਨੀ
ਵੀਰਜੁ ਨੇ ਮੋੜਾ ਨਾ ਪਾਇਆ ਨੀ
ਭਾਬੋ ਨੀ ਲਿਪ ਬਨੇਰਾ
ਝਾਕ ਚੁਫੇਰਾ ਨੀ
ਜੇ ਤੇਰਾ ਕੰਤ ਆਵੇ ਨੀ
ਨਣਦੇ ਲਿੱਪਿਆ ਬਨੇਰਾ
ਝਾਕਿਆ ਚੁਫੇਰਾ ਨੀ
ਤੇਰੇ ਵੀਰਨ ਮੋੜਾ ਪਾਇਆ ਨੀ
ਸੱਸੇ ਨੀ ਦੰਮਾਂ ਦੀਆਂ ਬੋਰੀਆਂ
ਹੱਡਾਂ ਦੀਆਂ ਢੇਰੀਆਂ
ਉਹ ਤੇਰੇ ਕਿਸ ਕੰਮ ਆਈਆਂ ਨੀ
ਕੂੰਜੇ ਨੀ ਕੀ ਸਰ ਨ੍ਹਾਉਨੀ ਏਂ....
ਆਇਆ ਸਾਵਣ ਦਿਲ ਪਰਚਾਵਣ
ਝੜੀ ਲਗ ਗਈ ਭਾਰੀ
ਝੂਟੇ ਲੈਂਦੀ ਮਰੀਆਂ ਭਿੱਜ ਗਈ
ਨਾਲ਼ੇ ਰਾਮ ਪਿਆਰੀ
ਕੁੜਤੀ ਹਰੋ ਦੀ ਭਿੱਜੀ ਵਰੀ ਦੀ
ਕਿਸ਼ਨੋ ਦੀ ਫੁਲਕਾਰੀ
ਹਰਨਾਮੀ ਦੀ ਸੁੱਥਣ ਭਿੱਜਗੀ
ਬਹੁਤੇ ਗੋਟੇ ਵਾਲ਼ੀ
ਜੱਨਤ ਦੀਆਂ ਭਿੱਜੀਆਂ ਮੀਢੀਆਂ
ਗਿਣਤੀ 'ਚ ਪੂਰੀਆਂ ਚਾਲ਼ੀ
ਪੀਂਘ ਝੂਟਦੀ ਸੱਸੀ ਡਿਗ ਪਈ
ਨਾਲ਼ੇ ਨੂਰੀ ਨਾਭੇ ਵਾਲ਼ੀ
ਸ਼ਾਮੋਂ ਕੁੜੀ ਦੀ ਝਾਂਜਰ ਗੁਆਚ ਗਈ
ਆ ਰੱਖੀ ਨੇ ਭਾਲ਼ੀ
ਭਿੱਜ ਗਈ ਲਾਜੋ ਵੇ-
ਬਹੁਤੇ ਹਿਰਖਾਂ ਵਾਲ਼ੀ
ਪੀਂਘਾਂ ਝੂਟਦੀਆਂ ਹੋਈਆਂ ਭੈਣਾਂ ਪ੍ਰਦੇਸੀਂ ਗਏ ਵੀਰਾਂ ਨੂੰ ਵੀ ਯਾਦ ਕਰਦੀਆਂ ਹਨ:-
ਉੱਚੀ ਉੱਚੀ ਰੋੜੀ
ਵੀਰਾ ਦਮ ਦਮ ਵੇ
ਕੰਗਣ ਰੁੜ੍ਹਿਆ ਜਾਏ
ਮੇਰਾ ਵੀਰ ਮਿਲ਼ ਕੇ ਜਾਇਓ ਵੇ
ਕਿੱਕਣ ਮਿਲ਼ਾਂ ਭੈਣ ਮੇਰੀਏ
ਸਾਥੀ ਜਾਂਦੇ ਦੂਰ
ਮੇਰੀ ਭੈਣ ਫੇਰ ਮਿਲ਼ਾਂਗੇ ਨੀ
ਸਾਥੀਆਂ ਤੇਰਿਆਂ ਦੀ ਸੋਟੀ ਪਕੜਾਂ
ਤੇਰੀ ਪਕੜਾਂ ਬਾਂਹ
ਮੇਰਾ ਵੀਰ ਮਿਲ਼ ਕੇ ਜਾਇਓ ਵੇ
ਕਿੱਕਣ ਮਿਲ਼ਾਂ ਭੈਣ ਮੇਰੀਏ
ਸਾਥੀ ਜਾਂਦੇ ਦੂਰ
ਮੇਰੀ ਭੈਣ ਫੇਰ ਮਿਲ਼ਾਂਗੇ ਨੀ
ਸਾਥੀਆਂ ਤੇਰਿਆਂ ਨੂੰ ਮੂਹੜਾ ਪੀਹੜੀ
ਤੈਨੂੰ ਪਲੰਘ ਬਛੌਣਾ
ਮੇਰਾ ਵੀਰ ਮਿਲ਼ ਕੇ ਜਾਇਓ ਵੇ
ਕਿੱਕਣ ਮਿਲ਼ਾਂ ਨੀ ਭੈਣ ਮੇਰੀਏ
ਹੈਨੀ ਕੋਲ਼ ਰੁਪਏ
ਮੇਰੀ ਭੈਣ ਫੇਰ ਮਿਲਾਂਗੇ ਨੀ
ਖੋਹਲ ਸੰਦੁਕ ਵੀਰਾ ਕੱਢਾਂ ਰੁਪਿਆ
ਨੌਂ ਕਰੂੰਗੀ ਤੇਰਾ ਵੇ
ਮੇਰਾ ਵੀਰ ਮਿਲ਼ ਕੇ ਜਾਇਓ ਵੇ
ਗਿੱਧਾ ਪੰਜਾਬਣਾਂ ਦੇ ਰੋਮ ਰੋਮ ਵਿਚ ਸਮਾਂ ਚੁੱਕਾ ਹੈ। ਤੀਆਂ ਦਾ ਗਿੱਧਾ ਇਕ ਅਜਿਹਾ ਪਿੜ ਹੈ ਜਿੱਥੇ ਮੁਟਿਆਰਾਂ ਆਪਣੇ ਦਿੱਲਾਂ ਦੇ ਗੁੱਭ-ਗੁਭਾੜ ਕੱਢਦੀਆਂ ਹਨ। ਫੜੂਹਾ ਪਾਉਣ ਸਮੇਂ ਉਹ ਭਿੰਨ-ਭਿੰਨ ਸਾਂਗ ਕਢਦੀਆਂ ਹੋਈਆਂ ਸਮਾਂ ਬੰਨ੍ਹ ਦਿੰਦੀਆਂ ਹਨ। ਸੱਸ, ਜਠਾਣੀ, ਦਿਓਰ, ਅਨਜੋੜ ਪਤੀ, ਪ੍ਰਦੇਸੀ ਢੋਲਾ, ਵੀਰ ਅਤੇ ਦਿਲ ਦੇ ਮਹਿਰਮ ਬਾਰੇ ਅਨੇਕਾਂ ਗੀਤ ਗਾਏ ਜਾਂਦੇ ਹਨ ਅਤੇ ਬਿਦ ਬਿਦ ਕੋ ਬੋਲੀਆਂ ਪਾਈਆਂ ਜਾਂਦੀਆਂ ਹਨ। ਮਹਿੰਦੀ ਰੰਗੇ ਹੱਥ ਹਰਕਤ ਵਿਚ ਆਉਂਦੇ ਹਨ। ਗਿੱਧਾ ਮਘ ਪੈਂਦਾ ਹੈ। ਗਿੱਧੇ ਦਾ ਮਹੂਰਤ ਆਮ ਕਰਕੇ ਸੱਸਾਂ ਬਾਰੇ ਬੋਲੀਆਂ ਪਾ ਕੇ ਕੀਤਾ ਜਾਂਦਾ ਹੈ:-
ਆਪ ਸੱਸ ਮੰਜੇ ਲੇਟਦੀ
ਸਾਨੂੰ ਮਾਰਦੀ ਚੱਕੀ ਵੱਲ ਸੈਨਤਾਂ
ਮੇਰੀ ਸੱਸ ਨੇ ਮੱਕੀ ਦਾ ਟੁੱਕ ਮਾਰਿਆ
ਡੌਲ਼ੇ ਕੋਲ਼ੋਂ ਬਾਂਹ ਟੁੱਟਗੀ
ਮਾਪਿਆਂ ਨੇ ਰੱਖੀ ਲਾਡਲੀ
ਅੱਗੋਂ ਬੱਸ ਬਘਿਆੜੀ ਟੱਕਰੀ
ਸੱਸ ਦੇ ਸਤਾਰਾਂ ਕੁੜੀਆਂ
ਮੱਥਾ ਟੇਕਦੀ ਨੂੰ ਬਾਰਾਂ ਬਜ ਜਾਂਦੇ
ਸੁੱਥਣੇ ਸੂਫ ਦੀਏ
ਤੈਨੂੰ ਸੱਸ ਦੇ ਮਰੇ ਤੋਂ ਪਾਵਾਂ
ਕੋਈ ਜੇਠ ਤੋਂ ਸਤੀ ਹੋਈ ਆਪਣਾ ਗੁੱਭ-ਗੁਭਾੜ ਕੱਢਦੀ ਹੈ:-
ਪੌੜੀ ਵਿਚ ਅੱਧ ਮੇਰਾ
ਅਸੀਂ ਜੇਠ ਚੜ੍ਹਨ ਨੀ ਦੇਣਾ
ਵੀਰ ਪਿਆਰ ਦੀ ਭਾਵਨਾ ਵਾਲ਼ੀਆਂ ਬੋਲੀਆਂ ਵੀ ਗਿੱਧੇ ਦਾ ਸ਼ਿੰਗਾਰ ਬਣਦੀਆਂ ਹਨ:-
ਇਕ ਵੀਰ ਦੇਈਂ ਵੇ ਰੱਬਾ
ਸੌਂਹ ਖਾਣ ਨੂੰ ਬੜਾ ਚਿੱਤ ਕਰਦਾ
ਜਿਸ ਘਰ ਵੀਰ ਨਹੀਂ
ਭੈਣਾਂ ਰੋਂਦੀਆਂ ਪਛੋਕੜ ਖੜਕੇ
ਜਿੱਥੇ ਮੇਰਾ ਵੀਰ ਲੰਘਿਆ
ਕੌੜੀ ਨਿੰਮ ਨੂੰ ਪਤਾਸੇ ਲੱਗਦੇ
ਵੀਰਾ ਵੇ ਬੁਲਾ ਸੋਹਣਿਆਂ
ਤੈਨੂੰ ਦੇਖ ਕੇ ਭੁੱਖੀ-ਰੱਜ ਜਾਵਾਂ
ਬਾਪੂ ਤੇਰੇ ਮੰਦਰਾਂ 'ਚੋਂ
ਸਾਨੂੰ ਮੁਸ਼ਕ ਚੰਦਨ ਦਾ ਆਵੇ
ਚੰਦ ਚੜ੍ਹਿਆ ਬਾਪ ਦੇ ਖੇੜੇ
ਵੀਰ ਘਰ ਪੁੱਤ ਜੰਮਿਆਂ
ਤੀਆਂ ਦੇ ਪਿੜ ਵਿਚ ਕੋਈ ਬੰਦਸ਼ ਨਹੀਂ, ਕੋਈ ਰੋਕ-ਟੋਕ ਨਹੀਂ, ਨਾ ਸੱਸ ਦਾ ਡਰ, ਨਾ ਬਾਪੂ ਤੇ ਵੀਰ ਦੀ ਘੁਰਕੀ ਦਾ ਭੈਅ। ਮਨ ਦੇ ਗੁੱਭ-ਗੁਭਾੜ ਕੱਢ ਕੇ ਹੌਲ਼ੀਆਂ ਫੁੱਲ ਹੋ ਜਾਂਦੀਆਂ ਹਨ ਤੇ ਸਾਉਣ ਦੇ ਖ਼ਤਮ ਹੁੰਦੇ ਸਾਰ ਹੀ ਤੀਆਂ ਦਾ ਤਿਉਹਾਰ ਵੀ ਖ਼ਤਮ ਹੋ ਜਾਂਦਾ ਹੈ। ਭਾਦੋਂ ਚੜ੍ਹ ਜਾਂਦੀ ਹੈ। ਵਿਆਹੀਆਂ ਸਹੁਰੇ ਤੁਰ ਜਾਂਦੀਆਂ ਹਨ:-
ਭਾਦੋਂ ਕੜਕ ਚੜ੍ਹੀ
ਕੁੜੀਆਂ ਦੇ ਪੈਣ ਵਿਛੋੜੇ
ਭਾਦੋਂ ਵਿਚ ਬਹੁਤੀਆਂ ਕੁੜੀਆਂ ਦੇ ਮੁਕਲਾਵੇ ਤੋਰੇ ਜਾਂਦੇ ਹਨ:-
ਤੀਆਂ ਤੀਜ ਦੀਆਂ
ਭਾਦੋਂ ਦੇ ਮੁਕਲਾਵੇ
ਸਾਉਣ ਕੁੜੀਆਂ ਦੇ ਮੇਲ ਕਰਾਉਂਦਾ ਹੈ। ਇਸ ਲਈ ਉਹ ਸਾਉਣ ਮਹੀਨੇ ਨੂੰ ਆਪਣੇ ਵੀਰਾਂ ਜਿਹਾ ਸਨਮਾਨ ਦਿੰਦੀਆਂ ਹਨ:-
ਸਾਉਣ ਵੀਰ ਕੱਠੀਆਂ ਕਰੇ
ਭਾਦੋਂ ਚੰਦਰੀ ਵਿਛੋੜੇ ਪਾਵੇ