ਸਮੱਗਰੀ 'ਤੇ ਜਾਓ

ਸ਼ਬਦ ਗੁਰੂ ਅਮਰ ਦਾਸ ਜੀ

ਵਿਕੀਸਰੋਤ ਤੋਂ

1. ਬਹੁ ਭੇਖ ਕਰਿ ਭਰਮਾਈਐ

ਬਹੁ ਭੇਖ ਕਰਿ ਭਰਮਾਈਐ ਮਨਿ ਹਿਰਦੈ ਕਪਟੁ ਕਮਾਇ ॥
ਹਰਿ ਕਾ ਮਹਲੁ ਨ ਪਾਵਈ ਮਰਿ ਵਿਸਟਾ ਮਾਹਿ ਸਮਾਇ ॥੧॥
ਮਨ ਰੇ ਗ੍ਰਿਹ ਹੀ ਮਾਹਿ ਉਦਾਸੁ ॥
ਸਚੁ ਸੰਜਮੁ ਕਰਣੀ ਸੋ ਕਰੇ ਗੁਰਮੁਖਿ ਹੋਇ ਪਰਗਾਸੁ ॥੧॥ਰਹਾਉ ॥
ਗੁਰ ਕੈ ਸਬਦਿ ਮਨੁ ਜੀਤਿਆ ਗਤਿ ਮੁਕਤਿ ਘਰੈ ਮਹਿ ਪਾਇ ॥
ਹਰਿ ਕਾ ਨਾਮੁ ਧਿਆਈਐ ਸਤਸੰਗਤਿ ਮੇਲਿ ਮਿਲਾਇ ॥੨॥
ਜੇ ਲਖ ਇਸਤਰੀਆ ਭੋਗ ਕਰਹਿ ਨਵ ਖੰਡ ਰਾਜੁ ਕਮਾਹਿ ॥
ਬਿਨੁ ਸਤਗੁਰ ਸੁਖੁ ਨ ਪਾਵਈ ਫਿਰਿ ਫਿਰਿ ਜੋਨੀ ਪਾਹਿ ॥੩॥
ਹਰਿ ਹਾਰੁ ਕੰਠਿ ਜਿਨੀ ਪਹਿਰਿਆ ਗੁਰ ਚਰਣੀ ਚਿਤੁ ਲਾਇ ॥
ਤਿਨਾ ਪਿਛੈ ਰਿਧਿ ਸਿਧਿ ਫਿਰੈ ਓਨਾ ਤਿਲੁ ਨ ਤਮਾਇ ॥੪॥
ਜੋ ਪ੍ਰਭ ਭਾਵੈ ਸੋ ਥੀਐ ਅਵਰੁ ਨ ਕਰਣਾ ਜਾਇ ॥
ਜਨੁ ਨਾਨਕੁ ਜੀਵੈ ਨਾਮੁ ਲੈ ਹਰਿ ਦੇਵਹੁ ਸਹਜਿ ਸੁਭਾਇ ॥੫॥੨॥੩੫॥੨੬॥

(ਭੇਖ ਕਰਿ=ਧਾਰਮਿਕ ਪਹਿਰਾਵੇ ਪਹਿਨ ਕੇ, ਕਰਿ=ਕਰ ਕੇ,
ਭਰਮਾਈਐ=ਭਟਕਣਾ ਵਿਚ ਪੈ ਜਾਈਦਾ ਹੈ, ਮਨਿ=ਮਨ ਵਿਚ,
ਕਪਟੁ=ਧੋਖਾ, ਕਮਾਇ=ਕਮਾ ਕੇ,ਕਰ ਕੇ, ਮਹਲੁ=ਟਿਕਾਣਾ,
ਪਾਵਈ=ਪਾਵੈ,ਲੱਭ ਲੈਂਦਾ ਹੈ, ਮਰਿ=ਮਰ ਕੇ,ਆਤਮਕ ਮੌਤ
ਸਹੇੜ ਕੇ, ਵਿਸਟਾ ਮਾਹਿ=ਗੰਦ ਵਿਚ,ਵਿਕਾਰਾਂ ਦੇ ਗੰਦ ਵਿਚ,
ਸਚੁ=ਸਦਾ-ਥਿਰ ਪ੍ਰਭੂ ਦਾ ਨਾਮ, ਸੰਜਮੁ=ਵਿਕਾਰਾਂ ਵਲੋਂ ਪਰਹੇਜ਼,
ਕਰਣੀ=ਕਰਤੱਬ, ਕਰਨ-ਜੋਗ ਕੰਮ, ਗੁਰਮੁਖਿ=ਗੁਰੂ ਦੀ ਸਰਨ ਪੈ
ਕੇ, ਪਰਗਾਸੁ=ਅਚਾਨਣ,ਸੂਝ, ਸਬਦਿ=ਸ਼ਬਦ ਦੀ ਰਾਹੀਂ, ਗਤਿ=
ਉੱਚੀ ਆਤਮਕ ਅਵਸਥਾ, ਮੁਕਤਿ=ਵਿਕਾਰਾਂ ਤੋਂ ਖ਼ਲਾਸੀ, ਘਰੈ
ਮਹਿ=ਘਰ ਹੀ ਵਿੱਚ, ਮੇਲਿ=ਮੇਲ ਵਿਚ, ਮਿਲਾਇ=ਮਿਲ ਕੇ,
ਨਵਖੰਡ ਰਾਜੁ=ਸਾਰੀ ਧਰਤੀ ਦਾ ਰਾਜ, ਨ ਪਾਵਹੀ=ਤੂੰ ਨਹੀਂ ਪ੍ਰਾਪਤ
ਕਰੇਂਗਾ, ਕੰਠਿ=ਗਲ ਵਿਚ, ਲਾਇ=ਲਾ ਕੇ, ਰਿਧਿ ਸਿਧਿ=ਕਰਾਮਾਤੀ
ਤਾਕਤ, ਤਿਲੁ=ਰਤਾ ਭਰ, ਤਮਾਇ=ਤਮਹ,ਲਾਲਚ, ਜੀਵੈ=ਆਤਮਕ
ਜੀਵਨ ਪ੍ਰਾਪਤ ਕਰ ਸਕੇ, ਸਹਜਿ=ਆਤਮਕ ਅਡੋਲਤਾ ਵਿਚ, ਸੁਭਾਇ=
ਪ੍ਰੇਮ ਵਿਚ)

2. ਗੋਵਿਦੁ ਗੁਣੀ ਨਿਧਾਨੁ ਹੈ

ਗੋਵਿਦੁ ਗੁਣੀ ਨਿਧਾਨੁ ਹੈ ਅੰਤੁ ਨ ਪਾਇਆ ਜਾਇ ॥
ਕਥਨੀ ਬਦਨੀ ਨ ਪਾਈਐ ਹਉਮੈ ਵਿਚਹੁ ਜਾਇ ॥
ਸਤਗੁਰਿ ਮਿਲਿਐ ਸਦ ਭੈ ਰਚੈ ਆਪਿ ਵਸੈ ਮਨਿ ਆਇ ॥੧॥
ਭਾਈ ਰੇ ਗੁਰਮੁਖਿ ਬੂਝੈ ਕੋਇ ॥
ਬਿਨੁ ਬੂਝੇ ਕਰਮ ਕਮਾਵਣੇ ਜਨਮੁ ਪਦਾਰਥੁ ਖੋਇ ॥੧॥ਰਹਾਉ ॥
ਜਿਨੀ ਚਾਖਿਆ ਤਿਨੀ ਸਾਦੁ ਪਾਇਆ ਬਿਨੁ ਚਾਖੇ ਭਰਮਿ ਭੁਲਾਇ ॥
ਅੰਮ੍ਰਿਤੁ ਸਾਚਾ ਨਾਮੁ ਹੈ ਕਹਣਾ ਕਛੂ ਨ ਜਾਇ ॥
ਪੀਵਤ ਹੂ ਪਰਵਾਣੁ ਭਇਆ ਪੂਰੈ ਸਬਦਿ ਸਮਾਇ ॥੨॥
ਆਪੇ ਦੇਇ ਤ ਪਾਈਐ ਹੋਰੁ ਕਰਣਾ ਕਿਛੂ ਨ ਜਾਇ ॥
ਦੇਵਣ ਵਾਲੇ ਕੈ ਹਥਿ ਦਾਤਿ ਹੈ ਗੁਰੂ ਦੁਆਰੈ ਪਾਇ ॥
ਜੇਹਾ ਕੀਤੋਨੁ ਤੇਹਾ ਹੋਆ ਜੇਹੇ ਕਰਮ ਕਮਾਇ ॥੩॥
ਜਤੁ ਸਤੁ ਸੰਜਮੁ ਨਾਮੁ ਹੈ ਵਿਣੁ ਨਾਵੈ ਨਿਰਮਲੁ ਨ ਹੋਇ ॥
ਪੂਰੈ ਭਾਗਿ ਨਾਮੁ ਮਨਿ ਵਸੈ ਸਬਦਿ ਮਿਲਾਵਾ ਹੋਇ ॥
ਨਾਨਕ ਸਹਜੇ ਹੀ ਰੰਗਿ ਵਰਤਦਾ ਹਰਿ ਗੁਣ ਪਾਵੈ ਸੋਇ ॥੪॥੧੭॥੫੦॥੩੩॥

(ਗੋਵਿਦੁ=ਧਰਤੀ ਦੇ ਜੀਵਾਂ ਦੇ ਦਿਲ ਦੀ ਜਾਣਨ ਵਾਲਾ
ਪਰਮਾਤਮਾ, ਨਿਧਾਨੁ=ਖ਼ਜ਼ਾਨਾ, ਕਥਨੀ=ਕਹਿਣ ਨਾਲ,
ਬਦਨੀ=ਬੋਲਣ ਨਾਲ, ਸਦ=ਸਦਾ, ਭੈ=ਡਰ ਵਿਚ, ਰਚੈ=
ਰਚ ਜਾਏ,ਇਕ-ਮਿਕ ਹੋ ਜਾਏ, ਗੁਰਮੁਖਿ=ਗੁਰੂ ਦੀ ਸਰਨ
ਪੈ ਕੇ, ਖੋਇ=ਗਵਾ ਲਈਦਾ ਹੈ, ਸਾਦੁ=ਸੁਆਦ, ਭਰਮਿ=
ਭਟਕਣਾ ਵਿਚ, ਭੁਲਾਇ=ਕੁਰਾਹੇ ਪੈ ਜਾਂਦਾ ਹੈ, ਕਛੂ=ਕੋਈ,
ਪੀਵਤ ਹੂ=ਪੀਂਦਾ ਹੀ, ਕੈ ਹਥਿ=ਦੇ ਹੱਥ ਵਿਚ, ਗੁਰੂ ਦੁਆਰੈ=
ਗ੍ਰੁੂਰ ਦੀ ਰਾਹੀਂ, ਕੀਤੋਨੁ=ਉਨਿ ਕੀਤੋ, ਉਸ ਨੇ ਕੀਤਾ, ਜੇਹੇ=
ਉਹੋ ਜਿਹੇ, ਜਤੁ=ਕਾਮਵਾਸਨਾ ਵਲੋਂ ਬਚਣ ਦਾ ਉੱਦਮ, ਸਤੁ=
ਉੱਚਾ ਆਚਰਨ, ਸੰਜਮੁ=ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਰੋਕਣ ਦਾ
ਜਤਨ, ਵਿਣੁ ਨਾਵੈ=ਨਾਮ ਤੋਂ ਬਿਨਾ, ਸਬਦਿ=ਸਬਦ ਦੀ ਰਾਹੀਂ,
ਸਹਜੇ=ਆਤਮਕ ਅਡੋਲਤਾ ਵਿਚ, ਰੰਗਿ=ਪ੍ਰਭੂ ਦੇ ਪ੍ਰੇਮ ਵਿਚ,
ਵਰਤਦਾ=ਜੀਵਨ ਬਿਤੀਤ ਕਰਦਾ ਹੈ, ਸੋਇ=ਉਹੀ ਮਨੁੱਖ)

3. ਕਾਂਇਆ ਸਾਧੈ ਉਰਧ ਤਪੁ ਕਰੈ

ਕਾਂਇਆ ਸਾਧੈ ਉਰਧ ਤਪੁ ਕਰੈ ਵਿਚਹੁ ਹਉਮੈ ਨ ਜਾਇ ॥
ਅਧਿਆਤਮ ਕਰਮ ਜੇ ਕਰੇ ਨਾਮੁ ਨ ਕਬ ਹੀ ਪਾਇ ॥
ਗੁਰ ਕੈ ਸਬਦਿ ਜੀਵਤੁ ਮਰੈ ਹਰਿ ਨਾਮੁ ਵਸੈ ਮਨਿ ਆਇ ॥੧॥
ਸੁਣਿ ਮਨ ਮੇਰੇ ਭਜੁ ਸਤਗੁਰ ਸਰਣਾ ॥
ਗੁਰ ਪਰਸਾਦੀ ਛੁਟੀਐ ਬਿਖੁ ਭਵਜਲੁ ਸਬਦਿ ਗੁਰ ਤਰਣਾ ॥੧॥ਰਹਾਉ ॥
ਤ੍ਰੈ ਗੁਣ ਸਭਾ ਧਾਤੁ ਹੈ ਦੂਜਾ ਭਾਉ ਵਿਕਾਰੁ ॥
ਪੰਡਿਤੁ ਪੜੈ ਬੰਧਨ ਮੋਹ ਬਾਧਾ ਨਹ ਬੂਝੈ ਬਿਖਿਆ ਪਿਆਰਿ ॥
ਸਤਗੁਰਿ ਮਿਲਿਐ ਤ੍ਰਿਕੁਟੀ ਛੂਟੈ ਚਉਥੈ ਪਦਿ ਮੁਕਤਿ ਦੁਆਰੁ ॥੨॥
ਗੁਰ ਤੇ ਮਾਰਗੁ ਪਾਈਐ ਚੂਕੈ ਮੋਹੁ ਗੁਬਾਰੁ ॥
ਸਬਦਿ ਮਰੈ ਤਾ ਉਧਰੈ ਪਾਏ ਮੋਖ ਦੁਆਰੁ ॥
ਗੁਰ ਪਰਸਾਦੀ ਮਿਲਿ ਰਹੈ ਸਚੁ ਨਾਮੁ ਕਰਤਾਰੁ ॥੩॥
ਇਹੁ ਮਨੂਆ ਅਤਿ ਸਬਲ ਹੈ ਛਡੇ ਨ ਕਿਤੈ ਉਪਾਇ ॥
ਦੂਜੈ ਭਾਇ ਦੁਖੁ ਲਾਇਦਾ ਬਹੁਤੀ ਦੇਇ ਸਜਾਇ ॥
ਨਾਨਕ ਨਾਮਿ ਲਗੇ ਸੇ ਉਬਰੇ ਹਉਮੈ ਸਬਦਿ ਗਵਾਇ ॥੪॥੧੮॥੫੧॥੩੩॥

(ਕਾਂਇਆ=ਸਰੀਰ, ਸਾਧੈ=ਸਾਧਦਾ ਹੈ,ਵੱਸ ਵਿਚ ਰੱਖਣ
ਦੇ ਜਤਨ ਕਰਦਾ ਹੈ, ਉਰਧ=ਪੁੱਠਾ ਲਟਕ ਕੇ, ਅਧਿਆਤਮ
ਕਰਮ=ਆਤਮਾ ਸੰਬੰਧੀ ਕੰਮ, ਕਬ ਹੀ=ਕਦੇ ਭੀ, ਜੀਵਤੁ
ਮਰੈ=ਜੀਊਂਦਾ ਮਰੇ, ਦੁਨੀਆ ਦੀ ਕਿਰਤ-ਕਾਰ ਕਰਦਾ
ਹੋਇਆ ਹੀ ਵਿਕਾਰਾਂ ਵਲੋਂ ਬਚਿਆ ਰਹੇ, ਭਜੁ ਸਰਣਾ=
ਸਰਨ ਪਉ, ਛੁਟੀਐ=ਬਚੀਦਾ ਹੈ, ਬਿਖੁ=ਜ਼ਹਰ, ਭਵ ਜਲੁ=
ਸੰਸਾਰ-ਸਮੁੰਦਰ, ਤ੍ਰੈ ਗੁਣ=ਮਾਇਆ ਦੇ ਤਿੰਨ ਗੁਣ, ਰਜੋ ਗੁਣ,
ਤਮੋ ਗੁਣ, ਸਤੋ ਗੁਣ, ਧਾਤੁ=ਮਾਇਆ, ਦੂਜਾ ਭਾਉ=ਹੋਰ ਪਿਆਰ,
ਬਿਖਿਆ ਪਿਆਰਿ=ਮਾਇਆ ਦੇ ਪਿਆਰ ਵਿਚ, ਤ੍ਰਿਕੁਟੀ=ਤਿੰਨ
ਵਿੰਗੀਆਂ ਲਕੀਰਾਂ,ਮੱਥੇ ਦੀ ਤਿਊੜੀ,ਅੰਦਰ ਦੀ ਖਿੱਝ, ਚਉਥੈ
ਪਦਿ=ਉਸ ਆਤਮਕ ਦਰਜੇ ਵਿਚ ਜੋ ਮਾਇਆ ਦੇ ਤਿੰਨ ਗੁਣਾਂ
ਤੋਂ ਉਤਾਂਹ ਹੈ, ਤੇ=ਤੋਂ, ਮਾਰਗੁ=ਰਸਤਾ, ਗੁਬਾਰੁ=ਹਨੇਰਾ, ਉਧਰੈ=
ਬਚ ਜਾਂਦਾ ਹੈ, ਮੋਖ ਦੁਆਰੁ=ਖ਼ਲਾਸੀ ਦਾ ਦਰਵਾਜ਼ਾ, ਮਿਲਿ ਰਹੈ=
ਜੁੜਿਆ ਰਹੇ, ਸਬਲ=ਬਲਵਾਨ, ਕਿਤੈ ਉਪਾਇ=ਕਿਸੇ ਉਪਾਵ ਦੀ
ਰਾਹੀਂ ਭੀ, ਦੂਜੈ ਭਾਇ=ਮਾਇਆ ਦੇ ਪ੍ਰੇਮ ਵਿਚ, ਦੇਇ=ਦੇਂਦਾ ਹੈ,
ਸਬਦਿ=ਸ਼ਬਦ ਦੀ ਰਾਹੀਂ, ਜਲਾਇ=ਸਾੜ ਕੇ)

4. ਇਕੋ ਆਪਿ ਫਿਰੈ ਪਰਛੰਨਾ

ਇਕੋ ਆਪਿ ਫਿਰੈ ਪਰਛੰਨਾ ॥
ਗੁਰਮੁਖਿ ਵੇਖਾ ਤਾ ਇਹੁ ਮਨੁ ਭਿੰਨਾ ॥
ਤ੍ਰਿਸਨਾ ਤਜਿ ਸਹਜ ਸੁਖੁ ਪਾਇਆ ਏਕੋ ਮੰਨਿ ਵਸਾਵਣਿਆ ॥੧॥
ਹਉ ਵਾਰੀ ਜੀਉ ਵਾਰੀ ਇਕਸੁ ਸਿਉ ਚਿਤੁ ਲਾਵਣਿਆ ॥
ਗੁਰਮਤੀ ਮਨੁ ਇਕਤੁ ਘਰਿ ਆਇਆ ਸਚੈ ਰੰਗਿ ਰੰਗਾਵਣਿਆ ॥੧॥ਰਹਾਉ ॥
ਇਹੁ ਜਗੁ ਭੂਲਾ ਤੈਂ ਆਪਿ ਭੁਲਾਇਆ ॥
ਇਕੁ ਵਿਸਾਰਿ ਦੂਜੈ ਲੋਭਾਇਆ ॥
ਅਨਦਿਨੁ ਸਦਾ ਫਿਰੈ ਭ੍ਰਮਿ ਭੂਲਾ ਬਿਨੁ ਨਾਵੈ ਦੁਖੁ ਪਾਵਣਿਆ ॥੨॥
ਜੋ ਰੰਗਿ ਰਾਤੇ ਕਰਮ ਬਿਧਾਤੇ ॥
ਗੁਰ ਸੇਵਾ ਤੇ ਜੁਗ ਚਾਰੇ ਜਾਤੇ ॥
ਜਿਸ ਨੋ ਆਪਿ ਦੇਇ ਵਡਿਆਈ ਹਰਿ ਕੈ ਨਾਮਿ ਸਮਾਵਣਿਆ ॥੩॥
ਮਾਇਆ ਮੋਹਿ ਹਰਿ ਚੇਤੈ ਨਾਹੀ ॥
ਜਮਪੁਰਿ ਬਧਾ ਦੁਖ ਸਹਾਹੀ ॥
ਅੰਨਾ ਬੋਲਾ ਕਿਛੁ ਨਦਰਿ ਨ ਆਵੈ ਮਨਮੁਖ ਪਾਪਿ ਪਚਾਵਣਿਆ ॥੪॥
ਇਕਿ ਰੰਗਿ ਰਾਤੇ ਜੋ ਤੁਧੁ ਆਪਿ ਲਿਵ ਲਾਏ ॥
ਭਾਇ ਭਗਤਿ ਤੇਰੈ ਮਨਿ ਭਾਏ ॥
ਸਤਿਗੁਰੁ ਸੇਵਨਿ ਸਦਾ ਸੁਖਦਾਤਾ ਸਭ ਇਛਾ ਆਪਿ ਪੁਜਾਵਣਿਆ ॥੫॥
ਹਰਿ ਜੀਉ ਤੇਰੀ ਸਦਾ ਸਰਣਾਈ ॥
ਆਪੇ ਬਖਸਿਹਿ ਦੇ ਵਡਿਆਈ ॥
ਜਮਕਾਲੁ ਤਿਸੁ ਨੇੜਿ ਨ ਆਵੈ ਜੋ ਹਰਿ ਹਰਿ ਨਾਮੁ ਧਿਆਵਣਿਆ ॥੬॥
ਅਨਦਿਨੁ ਰਾਤੇ ਜੋ ਹਰਿ ਭਾਏ ॥
ਮੇਰੈ ਪ੍ਰਭਿ ਮੇਲੇ ਮੇਲਿ ਮਿਲਾਏ ॥
ਸਦਾ ਸਦਾ ਸਚੇ ਤੇਰੀ ਸਰਣਾਈ ਤੂੰ ਆਪੇ ਸਚੁ ਬੁਝਾਵਣਿਆ ॥੭॥
ਜਿਨ ਸਚੁ ਜਾਤਾ ਸੇ ਸਚਿ ਸਮਾਣੇ ॥
ਹਰਿ ਗੁਣ ਗਾਵਹਿ ਸਚੁ ਵਖਾਣੇ ॥
ਨਾਨਕ ਨਾਮਿ ਰਤੇ ਬੈਰਾਗੀ ਨਿਜ ਘਰਿ ਤਾੜੀ ਲਾਵਣਿਆ ॥੮॥੩॥੪॥੧੧੧॥

(ਪਰਛੰਨਾ=ਢਕਿਆ ਹੋਇਆ, ਭਿੰਨਾ=ਭਿੱਜ ਗਿਆ, ਤਜਿ=
ਛੱਡ ਕੇ, ਸਹਜੁ ਸੁਖੁ=ਆਤਮਕ ਅਡੋਲਤਾ ਦਾ ਆਨੰਦ,
ਮੰਨਿ=ਮਨ ਵਿਚ, ਹਉ=ਮੈਂ, ਇਕਸੁ ਸਿਉ=ਸਿਰਫ਼ ਇਕ
ਨਾਲ, ਇਕਤੁ ਘਰਿ=ਇਕ ਘਰ ਵਿਚ, ਬਿਸਾਰਿ=ਭੁਲਾ ਕੇ,
ਦੂਜੈ=ਤੈਥੋਂ ਬਿਨਾ ਕਿਸੇ ਹੋਰ ਵਿਚ, ਅਨਦਿਨੁ=ਹਰ ਰੋਜ਼,
ਭ੍ਰਮਿ=ਭਟਕਣਾ ਵਿਚ, ਰੰਗਿ=ਪ੍ਰੇਮ ਵਿਚ, ਕਰਮ ਬਿਧਾਤਾ=
ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਪੈਦਾ ਕਰਨ ਵਾਲਾ, ਤੇ=ਤੋਂ,
ਨਾਲ, ਜੁਗ ਚਾਰੇ=ਚੌਹਾਂ ਜੁਗਾਂ ਵਿਚ,ਸਦਾ ਲਈ, ਜਾਤੇ=ਪ੍ਰਸਿੱਧ
ਹੋ ਜਾਂਦੇ ਹਨ, ਦੇਇ=ਦੇਂਦਾ ਹੈ, ਨਾਮਿ=ਨਾਮ ਵਿਚ, ਮੋਹਿ=ਮੋਹ
ਵਿਚ, ਜਮ ਪੁਰਿ=ਜਮ ਦੀ ਨਗਰੀ ਵਿਚ, ਸਹਾਹੀ=ਸਹਾਰਦਾ ਹੈ,
ਮਨਮੁਖ=ਆਪਣੇ ਮਨ ਦੇ ਪਿੱਛੇ ਤੁਰਨ ਵਾਲਾ, ਪਾਪਿ=ਪਾਪ ਵਿਚ,
ਪਚਾਵਣਿਆ=ਸੜਦੇ ਹਨ,ਦੁਖੀ ਹੁੰਦੇ ਹਨ, ਤੁਧੁ=ਤੂੰ, ਭਾਇ=ਪ੍ਰੇਮ
ਵਿਚ, ਮਨ=ਮਨ ਵਿਚ, ਭਾਏ=ਪਿਆਰੇ ਲੱਗੇ, ਸੇਵਨਿ=ਸੇਂਵਦੇ ਹਨ,
ਹਰਿ ਜੀਉ=ਹੇ ਪ੍ਰਭੂ ਜੀ, ਜਾਤਾ=ਸਾਂਝ ਪਾ ਲਈ,ਪਛਾਣ ਲਿਆ,
ਵਖਾਣੇ=ਵਖਾਣ ਕੇ,ਉਚਾਰ ਕੇ, ਬੈਰਾਗੀ=ਵੈਰਾਗਵਾਨ,ਮਾਇਆ
ਤੋਂ ਉਪਰਾਮ, ਨਿਜ ਘਰਿ=ਆਪਣੇ ਘਰ ਵਿਚ, ਤਾੜੀ=ਸਮਾਧੀ)

5. ਐਥੈ ਸਾਚੇ ਸੁ ਆਗੈ ਸਾਚੇ

ਐਥੈ ਸਾਚੇ ਸੁ ਆਗੈ ਸਾਚੇ ॥
ਮਨੁ ਸਚਾ ਸਚੈ ਸਬਦਿ ਰਾਚੇ ॥
ਸਚਾ ਸੇਵਹਿ ਸਚੁ ਕਮਾਵਹਿ ਸਚੋ ਸਚੁ ਕਮਾਵਣਿਆ ॥੧॥
ਹਉ ਵਾਰੀ ਜੀਉ ਵਾਰੀ ਸਚਾ ਨਾਮੁ ਮੰਨਿ ਵਸਾਵਣਿਆ ॥
ਸਚੇ ਸੇਵਹਿ ਸਚਿ ਸਮਾਵਹਿ ਸਚੇ ਕੇ ਗੁਣ ਗਾਵਣਿਆ ॥੧॥ਰਹਾਉ ॥
ਪੰਡਿਤ ਪੜਹਿ ਸਾਦੁ ਨ ਪਾਵਹਿ ॥
ਦੂਜੈ ਭਾਇ ਮਾਇਆ ਮਨੁ ਭਰਮਾਵਹਿ ॥
ਮਾਇਆ ਮੋਹਿ ਸਭ ਸੁਧਿ ਗਵਾਈ ਕਰਿ ਅਵਗਣ ਪਛੋਤਾਵਣਿਆ ॥੨॥
ਸਤਿਗੁਰੁ ਮਿਲੈ ਤਾ ਤਤੁ ਪਾਏ ॥
ਹਰਿ ਕਾ ਨਾਮੁ ਮੰਨਿ ਵਸਾਏ ॥
ਸਬਦਿ ਮਰੈ ਮਨੁ ਮਾਰੈ ਅਪੁਨਾ ਮੁਕਤੀ ਕਾ ਦਰੁ ਪਾਵਣਿਆ ॥੩॥
ਕਿਲਵਿਖ ਕਾਟੈ ਕ੍ਰੋਧੁ ਨਿਵਾਰੇ ॥
ਗੁਰ ਕਾ ਸਬਦੁ ਰਖੈ ਉਰ ਧਾਰੇ ॥
ਸਚਿ ਰਤੇ ਸਦਾ ਬੈਰਾਗੀ ਹਉਮੈ ਮਾਰਿ ਮਿਲਾਵਣਿਆ ॥੪॥
ਅੰਤਰਿ ਰਤਨੁ ਮਿਲੈ ਮਿਲਾਇਆ ॥
ਤ੍ਰਿਬਿਧਿ ਮਨਸਾ ਤ੍ਰਿਬਿਧਿ ਮਾਇਆ ॥
ਪੜਿ ਪੜਿ ਪੰਡਿਤ ਮੋਨੀ ਥਕੇ ਚਉਥੇ ਪਦ ਕੀ ਸਾਰ ਨ ਪਾਵਣਿਆ ॥੫॥
ਆਪੇ ਰੰਗੇ ਰੰਗੁ ਚੜਾਏ ॥
ਸੇ ਜਨ ਰਾਤੇ ਗੁਰ ਸਬਦਿ ਰੰਗਾਏ ॥
ਹਰਿ ਰੰਗੁ ਚੜਿਆ ਅਤਿ ਅਪਾਰਾ ਹਰਿ ਰਸਿ ਰਸਿ ਗੁਣ ਗਾਵਣਿਆ ॥੬॥
ਗੁਰਮੁਖਿ ਰਿਧਿ ਸਿਧਿ ਸਚੁ ਸੰਜਮੁ ਸੋਈ ॥
ਗੁਰਮੁਖਿ ਗਿਆਨੁ ਨਾਮਿ ਮੁਕਤਿ ਹੋਈ ॥
ਗੁਰਮੁਖਿ ਕਾਰ ਸਚੁ ਕਮਾਵਹਿ ਸਚੇ ਸਚਿ ਸਮਾਵਣਿਆ ॥੭॥
ਗੁਰਮੁਖਿ ਥਾਪੇ ਥਾਪਿ ਉਥਾਪੇ ॥
ਗੁਰਮੁਖਿ ਜਾਤਿ ਪਤਿ ਸਭੁ ਆਪੇ ॥
ਨਾਨਕ ਗੁਰਮੁਖਿ ਨਾਮੁ ਧਿਆਏ ਨਾਮੇ ਨਾਮਿ ਸਮਾਵਣਿਆ ॥੮॥੧੨॥੧੩॥੧੧੬॥

(ਐਥੈ=ਇਸ ਲੋਕ ਵਿਚ, ਸੁ=ਉਹ ਬੰਦੇ, ਆਗੈ=ਪਰਲੋਕ ਵਿਚ,
ਸਚਾ=ਸਦਾ-ਥਿਰ,ਅਡੋਲ, ਮੰਨਿ=ਮਨਿ, ਮਨ ਵਿਚ, ਸਾਦੁ=ਸੁਆਦ,
ਆਤਮਕ ਆਨੰਦ, ਦੂਜੈ ਭਾਇ=ਮਾਇਆ ਦੇ ਮੋਹ ਵਿਚ, ਭਰਮਾਵਹਿ=
ਭਟਕਾਂਦੇ ਹਨ, ਮੋਹਿ=ਮੋਹ ਵਿਚ, ਸੁਧਿ=ਸੂਝ, ਕਰਿ=ਕਰ ਕੇ, ਤਾ=ਤਦੋਂ,
ਤਤੁ=ਅਸਲੀਅਤ, ਮਰੈ=ਮਰਦਾ ਹੈ, ਕਿਲਵਿਖ=ਪਾਪ, ਨਿਵਾਰੇ=ਦੂਰ
ਕਰਦਾ ਹੈ, ਉਰ=ਹਿਰਦਾ, ਧਾਰੇ=ਧਾਰ ਕੇ, ਬੈਰਾਗੀ=ਮਾਇਆ ਦੇ ਮੋਹ
ਵਲੋਂ ਉਪਰਾਮ, ਅੰਤਰਿ=ਸਰੀਰ ਦੇ ਅੰਦਰ, ਤ੍ਰਿਬਿਧਿ=ਤਿੰਨ ਕਿਸਮਾਂ
ਵਾਲੀ, ਮਨਸਾ=ਕਾਮਨਾ, ਤ੍ਰਿਬਿਧਿ=ਤਿੰਨ ਗੁਣਾਂ ਵਾਲੀ, ਮੋਨੀ=ਮੋਨਧਾਰੀ
ਰਿਸ਼ੀ, ਚਉਥਾ ਪਦੁ=ਉਹ ਆਤਮਕ ਅਵਸਥਾ ਜੋ ਮਾਇਆ ਦੇ ਤਿੰਨ
ਗੁਣਾਂ ਦੇ ਅਸਰ ਤੋਂ ਉਤਾਂਹ ਰਹਿੰਦੀ ਹੈ, ਸਾਰ=ਸੂਝ, ਸੇ ਜਨ=ਉਹ ਬੰਦੇ,
ਸਬਦਿ=ਸ਼ਬਦ ਵਿਚ, ਅਪਾਰਾ=ਬੇਅੰਤ, ਰਸਿ=ਰਸ ਵਿਚ, ਸਚੁ ਸੋਈ=
ਉਹ ਸਦਾ-ਥਿਰ ਪਰਮਾਤਮਾ ਹੀ, ਨਾਮਿ=ਨਾਮ ਵਿਚ, ਥਾਪੇ=ਸਾਜਦਾ ਹੈ,
ਥਾਪਿ=ਸਾਜ ਕੇ, ਉਥਾਪੇ=ਨਾਸ ਕਰਦਾ ਹੈ)

6. ਮਨਮੁਖ ਪੜਹਿ ਪੰਡਿਤ ਕਹਾਵਹਿ

ਮਨਮੁਖ ਪੜਹਿ ਪੰਡਿਤ ਕਹਾਵਹਿ ॥
ਦੂਜੈ ਭਾਇ ਮਹਾ ਦੁਖੁ ਪਾਵਹਿ ॥
ਬਿਖਿਆ ਮਾਤੇ ਕਿਛੁ ਸੂਝੈ ਨਾਹੀ ਫਿਰਿ ਫਿਰਿ ਜੂਨੀ ਆਵਣਿਆ ॥੧॥
ਹਉ ਵਾਰੀ ਜੀਉ ਵਾਰੀ ਹਉਮੈ ਮਾਰਿ ਮਿਲਾਵਣਿਆ ॥
ਗੁਰ ਸੇਵਾ ਤੇ ਹਰਿ ਮਨਿ ਵਸਿਆ ਹਰਿ ਰਸੁ ਸਹਜਿ ਪੀਆਵਣਿਆ ॥੧॥ਰਹਾਉ ॥
ਵੇਦੁ ਪੜਹਿ ਹਰਿ ਰਸੁ ਨਹੀ ਆਇਆ ॥
ਵਾਦੁ ਵਖਾਣਹਿ ਮੋਹੇ ਮਾਇਆ ॥
ਅਗਿਆਨਮਤੀ ਸਦਾ ਅੰਧਿਆਰਾ ਗੁਰਮੁਖਿ ਬੂਝਿ ਹਰਿ ਗਾਵਣਿਆ ॥੨॥
ਅਕਥੋ ਕਥੀਐ ਸਬਦਿ ਸੁਹਾਵੈ ॥
ਗੁਰਮਤੀ ਮਨਿ ਸਚੋ ਭਾਵੈ ॥
ਸਚੋ ਸਚੁ ਰਵਹਿ ਦਿਨੁ ਰਾਤੀ ਇਹੁ ਮਨੁ ਸਚਿ ਰੰਗਾਵਣਿਆ ॥੩॥
ਜੋ ਸਚਿ ਰਤੇ ਤਿਨ ਸਚੋ ਭਾਵੈ ॥
ਆਪੇ ਦੇਇ ਨ ਪਛੋਤਾਵੈ ॥
ਗੁਰ ਕੈ ਸਬਦਿ ਸਦਾ ਸਚੁ ਜਾਤਾ ਮਿਲਿ ਸਚੇ ਸੁਖੁ ਪਾਵਣਿਆ ॥੪॥
ਕੂੜੁ ਕੁਸਤੁ ਤਿਨਾ ਮੈਲੁ ਨ ਲਾਗੈ ॥
ਗੁਰ ਪਰਸਾਦੀ ਅਨਦਿਨੁ ਜਾਗੈ ॥
ਨਿਰਮਲ ਨਾਮੁ ਵਸੈ ਘਟ ਭੀਤਰਿ ਜੋਤੀ ਜੋਤਿ ਮਿਲਾਵਣਿਆ ॥੫॥
ਤ੍ਰੈ ਗੁਣ ਪੜਹਿ ਹਰਿ ਤਤੁ ਨ ਜਾਣਹਿ ॥
ਮੂਲਹੁ ਭੁਲੇ ਗੁਰ ਸਬਦੁ ਨ ਪਛਾਣਹਿ ॥
ਮੋਹ ਬਿਆਪੇ ਕਿਛੁ ਸੂਝੈ ਨਾਹੀ ਗੁਰ ਸਬਦੀ ਹਰਿ ਪਾਵਣਿਆ ॥੬॥
ਵੇਦੁ ਪੁਕਾਰੈ ਤ੍ਰਿਬਿਧਿ ਮਾਇਆ ॥
ਮਨਮੁਖ ਨ ਬੂਝਹਿ ਦੂਜੈ ਭਾਇਆ ॥
ਤ੍ਰੈ ਗੁਣ ਪੜਹਿ ਹਰਿ ਏਕੁ ਨ ਜਾਣਹਿ ਬਿਨੁ ਬੂਝੇ ਦੁਖੁ ਪਾਵਣਿਆ ॥੭॥
ਜਾ ਤਿਸੁ ਭਾਵੈ ਤਾ ਆਪਿ ਮਿਲਾਏ ॥
ਗੁਰ ਸਬਦੀ ਸਹਸਾ ਦੂਖੁ ਚੁਕਾਏ ॥
ਨਾਨਕ ਨਾਵੈ ਕੀ ਸਚੀ ਵਡਿਆਈ ਨਾਮੋ ਮੰਨਿ ਸੁਖੁ ਪਾਵਣਿਆ ॥੮॥੩੦॥੩੧॥੧੨੮॥

(ਮਨਮੁਖ=ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ, ਦੂਜੈ ਭਾਇ=
ਮਾਇਆ ਦੇ ਪਿਆਰ ਵਿਚ, ਬਿਖਿਆ=ਮਾਇਆ, ਮਾਤੇ=ਮਸਤ,
ਗੁਰ ਸੇਵਾ ਤੇ=ਗੁਰੂ ਦੀ ਸਰਨ ਪਿਆਂ, ਸਹਜਿ=ਆਤਮਕ ਅਡੋਲਤਾ
ਵਿਚ, ਰਸੁ=ਸੁਆਦ,ਆਨੰਦ, ਵਾਦੁ=ਝਗੜਾ, ਅਗਿਆਨ=ਬੇ-ਸਮਝੀ,
ਅਕਥੋ=ਜਿਸ ਦਾ ਸਰੂਪ ਬਿਆਨ ਨਾਹ ਕੀਤਾ ਜਾ ਸਕੇ, ਸੁਹਾਵੈ=
ਪਿਆਰਾ ਲੱਗਦਾ ਹੈ, ਸਚੋ=ਸਦਾ-ਥਿਰ ਪ੍ਰਭੂ, ਰਵਹਿ=ਸਿਮਰਦੇ ਹਨ,
ਭਾਵੈ=ਚੰਗਾ ਲੱਗਦਾ ਹੈ, ਦੇਇ=ਦੇਂਦਾ ਹੈ, ਜਾਤਾ=ਸਾਂਝ ਪਾ ਲਈ, ਜਾਗੈ=
ਸੁਚੇਤ ਰਹਿੰਦਾ ਹੈ, ਤ੍ਰੈਗੁਣ=ਤ੍ਰਿਗੁਣੀ ਮਾਇਆ ਦੀ ਖ਼ਾਤਰ, ਤਤੁ=
ਅਸਲੀਅਤ, ਮੂਲਹੁ=ਮੂਲ ਤੋਂ, ਤਿਸੁ ਭਾਵੈ=ਉਸ ਪ੍ਰਭੂ ਨੂੰ ਚੰਗਾ ਲੱਗਦਾ
ਹੈ, ਸਹਸਾ=ਸਹਮ)

7. ਇਕਿ ਗਾਵਤ ਰਹੇ ਮਨਿ ਸਾਦੁ ਨ ਪਾਇ

ਇਕਿ ਗਾਵਤ ਰਹੇ ਮਨਿ ਸਾਦੁ ਨ ਪਾਇ ॥
ਹਉਮੈ ਵਿਚਿ ਗਾਵਹਿ ਬਿਰਥਾ ਜਾਇ ॥
ਗਾਵਣਿ ਗਾਵਹਿ ਜਿਨ ਨਾਮ ਪਿਆਰੁ ॥
ਸਾਚੀ ਬਾਣੀ ਸਬਦ ਬੀਚਾਰੁ ॥੧॥
ਗਾਵਤ ਰਹੈ ਜੇ ਸਤਿਗੁਰ ਭਾਵੈ ॥
ਮਨੁ ਤਨੁ ਰਾਤਾ ਨਾਮਿ ਸੁਹਾਵੈ ॥੧॥ਰਹਾਉ ॥
ਇਕਿ ਗਾਵਹਿ ਇਕਿ ਭਗਤਿ ਕਰੇਹਿ ॥
ਨਾਮੁ ਨ ਪਾਵਹਿ ਬਿਨੁ ਅਸਨੇਹ ॥
ਸਚੀ ਭਗਤਿ ਗੁਰ ਸਬਦ ਪਿਆਰਿ ॥
ਅਪਨਾ ਪਿਰੁ ਰਾਖਿਆ ਸਦਾ ਉਰਿ ਧਾਰਿ ॥੨॥
ਭਗਤਿ ਕਰਹਿ ਮੂਰਖ ਆਪੁ ਜਣਾਵਹਿ ॥
ਨਚਿ ਨਚਿ ਟਪਹਿ ਬਹੁਤੁ ਦੁਖੁ ਪਾਵਹਿ ॥
ਨਚਿਐ ਟਪਿਐ ਭਗਤਿ ਨ ਹੋਇ ॥
ਸਬਦਿ ਮਰੈ ਭਗਤਿ ਪਾਏ ਜਨੁ ਸੋਇ ॥੩॥
ਭਗਤਿ ਵਛਲੁ ਭਗਤਿ ਕਰਾਏ ਸੋਇ ॥
ਸਚੀ ਭਗਤਿ ਵਿਚਹੁ ਆਪੁ ਖੋਇ ॥
ਮੇਰਾ ਪ੍ਰਭੁ ਸਾਚਾ ਸਭ ਬਿਧਿ ਜਾਣੈ ॥
ਨਾਨਕ ਬਖਸੇ ਨਾਮੁ ਪਛਾਣੈ ॥੪॥੪॥੨੪॥੧੫੮॥

(ਸਾਦੁ=ਆਨੰਦ,ਸੁਆਦ, ਜਾਇ=ਜਾਂਦਾ ਹੈ, ਸਤਿਗੁਰ
ਭਾਵੈ=ਗੁਰੂ ਨੂੰ ਚੰਗਾ ਲੱਗੇ, ਸੁਹਾਵੈ=ਸੋਹਣੇ ਜੀਵਨ
ਵਾਲਾ ਬਣ ਜਾਂਦਾ ਹੈ, ਭਗਤਿ ਕਰੇਹਿ=ਰਾਸਾਂ ਪਾਂਦੇ
ਹਨ, ਅਸਨੇਹ=ਪਿਆਰ, ਪਿਆਰਿ=ਪਿਆਰ ਵਿਚ,
ਉਰਿ=ਹਿਰਦੇ ਵਿਚ, ਆਪੁ ਜਣਾਵਹਿ=ਆਪਣੇ ਆਪ
ਨੂੰ ਭਗਤ ਜ਼ਾਹਰ ਕਰਦੇ ਹਨ, ਮਰੈ=ਆਪਾ-ਭਾਵ ਵਲੋਂ
ਮਰਦਾ ਹੈ, ਸੋਇ=ਉਹ ਹੀ, ਵਛਲੁ=(ਵਤਸਲ)ਪਿਆਰ
ਕਰਨ ਵਾਲਾ, ਸਚੀ=ਸਦਾ-ਥਿਰ ਰਹਿਣ ਵਾਲੀ,ਪਰਵਾਨ,
ਸਭ ਬਿਧਿ=ਹਰੇਕ ਢੰਗ)

8. ਮਨ ਕਾ ਸੂਤਕੁ ਦੂਜਾ ਭਾਉ

ਮਨ ਕਾ ਸੂਤਕੁ ਦੂਜਾ ਭਾਉ ॥
ਭਰਮੇ ਭੂਲੇ ਆਵਉ ਜਾਉ ॥੧॥
ਮਨਮੁਖਿ ਸੂਤਕੁ ਕਬਹਿ ਨ ਜਾਇ ॥
ਜਿਚਰੁ ਸਬਦਿ ਨ ਭੀਜੈ ਹਰਿ ਕੈ ਨਾਇ ॥੧॥ਰਹਾਉ ॥
ਸਭੋ ਸੂਤਕੁ ਜੇਤਾ ਮੋਹੁ ਆਕਾਰੁ ॥
ਮਰਿ ਮਰਿ ਜੰਮੈ ਵਾਰੋ ਵਾਰ ॥੨॥
ਸੂਤਕੁ ਅਗਨਿ ਪਉਣੈ ਪਾਣੀ ਮਾਹਿ ॥
ਸੂਤਕੁ ਭੋਜਨੁ ਜੇਤਾ ਕਿਛੁ ਖਾਹਿ ॥੩॥
ਸੂਤਕਿ ਕਰਮ ਨ ਪੂਜਾ ਹੋਇ ॥
ਨਾਮਿ ਰਤੇ ਮਨੁ ਨਿਰਮਲੁ ਹੋਇ ॥੪॥
ਸਤਿਗੁਰੁ ਸੇਵਿਐ ਸੂਤਕੁ ਜਾਇ ॥
ਮਰੈ ਨ ਜਨਮੈ ਕਾਲੁ ਨ ਖਾਇ ॥੫॥
ਸਾਸਤ ਸਿੰਮ੍ਰਿਤਿ ਸੋਧਿ ਦੇਖਹੁ ਕੋਇ ॥
ਵਿਣੁ ਨਾਵੈ ਕੋ ਮੁਕਤਿ ਨ ਹੋਇ ॥੬॥
ਜੁਗ ਚਾਰੇ ਨਾਮੁ ਉਤਮੁ ਸਬਦੁ ਬੀਚਾਰਿ ॥
ਕਲਿ ਮਹਿ ਗੁਰਮੁਖਿ ਉਤਰਸਿ ਪਾਰਿ ॥੭॥
ਸਾਚਾ ਮਰੈ ਨ ਆਵੈ ਜਾਇ ॥
ਨਾਨਕ ਗੁਰਮੁਖਿ ਰਹੈ ਸਮਾਇ ॥੮॥੧॥੨੨੯॥

(ਸੂਤਕੁ=ਬਾਲਕ ਦੇ ਜਨਮ ਨਾਲ ਘਰ
ਵਿਚ ਪੈਦਾ ਹੋਈ ਅਪਵਿਤ੍ਰਤਾ, ਦੂਜਾ
ਭਾਉ=ਪਰਮਾਤਮਾ ਨੂੰ ਵਿਸਾਰ ਕੇ ਹੋਰ
ਨਾਲ ਪਾਇਆ ਹੋਇਆ ਪਿਆਰ,
ਆਵਉ ਜਾਉ=ਜਨਮ ਮਰਨ ਦਾ ਗੇੜ,
ਮਨਮੁਖਿ=ਆਪਣੇ ਮਨ ਦੇ ਪਿੱਛੇ ਤੁਰਨ
ਵਾਲਾ ਮਨੁੱਖ, ਸਬਦਿ=ਸ਼ਬਦ ਵਿਚ,
ਭੀਜੈ=ਭਿੱਜਦਾ ਹੈ, ਨਾਇ=ਨਾਮ ਵਿਚ,
ਸਭੋ=ਸਾਰਾ ਹੀ, ਜੇਤਾ=ਜਿਤਨਾ ਹੀ,
ਆਕਾਰੁ=ਇਹ ਦਿੱਸਦਾ ਜਗਤ, ਮਾਹਿ=
ਵਿਚ, ਜੇਤਾ ਕਿਛੁ=ਜਿਤਨਾ ਕੁਝ, ਸੂਤਕਿ=
ਅਪਵਿਤ੍ਰਤਾ ਦੇ ਕਾਰਨ, ਸੇਵਿਐ=ਜੇ ਸੇਵਾ
ਕੀਤੀ ਜਾਏ, ਜਾਇ=ਦੂਰ ਹੁੰਦਾ ਹੈ, ਸੋਧਿ
ਦੇਖਹੁ=ਵਿਚਾਰ ਕੇ ਵੇਖ ਲਵੋ, ਕੋ=ਕੋਈ
ਮਨੁੱਖ, ਮੁਕਤਿ=ਸੂਤਕ ਤੋਂ ਖ਼ਲਾਸੀ, ਜੁਗ
ਚਾਰੇ=ਚੌਹਾਂ ਜੁਗਾਂ ਵਿਚ, ਸਬਦੁ ਬੀਚਾਰਿ=
ਗੁਰੂ ਦੇ ਸ਼ਬਦ ਨੂੰ ਵਿਚਾਰ ਕੇ, ਕਲਿ ਮਹਿ=
ਇਸ ਸਮੇ ਵਿਚ ਭੀ ਜਿਸਨੂੰ ਕਲਿਜੁਗ ਕਹਿ
ਰਹੇ ਹਾਂ, ਗੁਰਮੁਖਿ=ਗੁਰੂ ਦੀ ਸਰਨ ਪਿਆ
ਮਨੁੱਖ, ਨ ਆਵੈ ਜਾਇ=ਆਉਂਦਾ ਜਾਂਦਾ ਨਹੀਂ,
ਗੁਰਮੁਖਿ=ਗੁਰੂ ਦੀ ਸਰਨਿ ਰਹਿਣ ਵਾਲਾ ਮਨੁੱਖ)

9. ਸਬਦਿ ਮਰੈ ਤਿਸੁ ਸਦਾ ਅਨੰਦ

ਸਬਦਿ ਮਰੈ ਤਿਸੁ ਸਦਾ ਅਨੰਦ ॥
ਸਤਿਗੁਰ ਭੇਟੇ ਗੁਰ ਗੋਬਿੰਦ ॥
ਨਾ ਫਿਰਿ ਮਰੈ ਨ ਆਵੈ ਜਾਇ ॥
ਪੂਰੇ ਗੁਰ ਤੇ ਸਾਚਿ ਸਮਾਇ ॥੧॥
ਜਿਨ੍ਹ੍ਹ ਕਉ ਨਾਮੁ ਲਿਖਿਆ ਧੁਰਿ ਲੇਖੁ ॥
ਤੇ ਅਨਦਿਨੁ ਨਾਮੁ ਸਦਾ ਧਿਆਵਹਿ ਗੁਰ ਪੂਰੇ ਤੇ ਭਗਤਿ ਵਿਸੇਖੁ ॥੧॥ਰਹਾਉ ॥
ਜਿਨ੍ਹ੍ਹ ਕਉ ਹਰਿ ਪ੍ਰਭੁ ਲਏ ਮਿਲਾਇ ॥
ਤਿਨ੍ਹ੍ਹ ਕੀ ਗਹਣ ਗਤਿ ਕਹੀ ਨ ਜਾਇ ॥
ਪੂਰੈ ਸਤਿਗੁਰ ਦਿਤੀ ਵਡਿਆਈ ॥
ਊਤਮ ਪਦਵੀ ਹਰਿ ਨਾਮਿ ਸਮਾਈ ॥੨॥
ਜੋ ਕਿਛੁ ਕਰੇ ਸੁ ਆਪੇ ਆਪਿ ॥
ਏਕ ਘੜੀ ਮਹਿ ਥਾਪਿ ਉਥਾਪਿ ॥
ਕਹਿ ਕਹਿ ਕਹਣਾ ਆਖਿ ਸੁਣਾਏ ॥
ਜੇ ਸਉ ਘਾਲੇ ਥਾਇ ਨ ਪਾਏ ॥੩॥
ਜਿਨ੍ਹ੍ਹ ਕੈ ਪੋਤੈ ਪੁੰਨੁ ਤਿਨ੍ਹ੍ਹਾ ਗੁਰੂ ਮਿਲਾਏ ॥
ਸਚੁ ਬਾਣੀ ਗੁਰੁ ਸਬਦੁ ਸੁਣਾਏ ॥
ਜਹਾਂ ਸਬਦੁ ਵਸੈ ਤਹਾਂ ਦੁਖੁ ਜਾਏ ॥
ਗਿਆਨਿ ਰਤਨਿ ਸਾਚੈ ਸਹਜਿ ਸਮਾਏ ॥੪॥
ਨਾਵੈ ਜੇਵਡੁ ਹੋਰੁ ਧਨੁ ਨਾਹੀ ਕੋਇ ॥
ਜਿਸ ਨੋ ਬਖਸੇ ਸਾਚਾ ਸੋਇ ॥
ਪੂਰੈ ਸਬਦਿ ਮੰਨਿ ਵਸਾਏ ॥
ਨਾਨਕ ਨਾਮਿ ਰਤੇ ਸੁਖੁ ਪਾਏ ॥੫॥੧੧॥੫੦॥੩੬੪॥

(ਸਤਿਗੁਰ ਭੇਟੇ=ਗੁਰੂ ਨੂੰ ਮਿਲਦਾ ਹੈ, ਤੇ=ਤੋਂ,
ਸਾਚਿ=ਸਦਾ-ਥਿਰ ਪ੍ਰਭੂ ਵਿਚ, ਧੁਰਿ=ਪ੍ਰਭੂ ਦੀ
ਹਜ਼ੂਰੀ ਤੋਂ, ਤੇ=ਉਹ ਬੰਦੇ, ਵਿਸੇਖੁ=ਮੱਥੇ ਉਤੇ
ਕੇਸਰ ਆਦਿਕ ਦਾ ਟਿੱਕਾ, ਗਹਣ=ਡੂੰਘੀ,
ਗਤਿ=ਆਤਮਕ ਅਵਸਥਾ, ਪੂਰੈ ਸਤਿਗੁਰ=
ਗੁਰ ਪੂਰੇ ਨੇ, ਥਾਪਿ=ਥਾਪ ਕੇ, ਉਥਾਪਿ=
ਉਥਾਪੇ, ਨਾਸ ਕਰਦਾ ਹੈ, ਕਹਿ ਕਹਿ ਕਹਣਾ=
ਮੁੜ ਮੁੜ ਆਖਣਾ, ਪੋਤੈ=ਖ਼ਜ਼ਾਨੇ ਵਿਚ, ਸਚੁ=
ਸਦਾ-ਥਿਰ ਪ੍ਰਭੂ, ਗਿਆਨਿ=ਗਿਆਨ ਦੀ ਰਾਹੀਂ,
ਰਤਨਿ=ਰਤਨ ਦੀ ਰਾਹੀਂ, ਨਾਵੈ ਜੇਵਡੁ=ਨਾਮ ਦੇ
ਬਰਾਬਰ, ਸਾਚਾ=ਸਦਾ-ਥਿਰ ਪ੍ਰਭੂ, ਮੰਨਿ=ਮਨ ਵਿਚ)

10. ਨਿਰਤਿ ਕਰੇ ਬਹੁ ਵਾਜੇ ਵਜਾਏ

ਨਿਰਤਿ ਕਰੇ ਬਹੁ ਵਾਜੇ ਵਜਾਏ ॥
ਇਹੁ ਮਨੁ ਅੰਧਾ ਬੋਲਾ ਹੈ ਕਿਸੁ ਆਖਿ ਸੁਣਾਏ ॥
ਅੰਤਰਿ ਲੋਭੁ ਭਰਮੁ ਅਨਲ ਵਾਉ ॥
ਦੀਵਾ ਬਲੈ ਨ ਸੋਝੀ ਪਾਇ ॥੧॥
ਗੁਰਮੁਖਿ ਭਗਤਿ ਘਟਿ ਚਾਨਣੁ ਹੋਇ ॥
ਆਪੁ ਪਛਾਣਿ ਮਿਲੈ ਪ੍ਰਭੁ ਸੋਇ ॥੧॥ਰਹਾਉ ॥
ਗੁਰਮੁਖਿ ਨਿਰਤਿ ਹਰਿ ਲਾਗੈ ਭਾਉ ॥
ਪੂਰੇ ਤਾਲ ਵਿਚਹੁ ਆਪੁ ਗਵਾਇ ॥
ਮੇਰਾ ਪ੍ਰਭੁ ਸਾਚਾ ਆਪੇ ਜਾਣੁ ॥
ਗੁਰ ਕੈ ਸਬਦਿ ਅੰਤਰਿ ਬ੍ਰਹਮੁ ਪਛਾਣੁ ॥੨॥
ਗੁਰਮੁਖਿ ਭਗਤਿ ਅੰਤਰਿ ਪ੍ਰੀਤਿ ਪਿਆਰੁ ॥
ਗੁਰ ਕਾ ਸਬਦੁ ਸਹਜਿ ਵੀਚਾਰੁ ॥
ਗੁਰਮੁਖਿ ਭਗਤਿ ਜੁਗਤਿ ਸਚੁ ਸੋਇ ॥
ਪਾਖੰਡਿ ਭਗਤਿ ਨਿਰਤਿ ਦੁਖੁ ਹੋਇ ॥੩॥
ਏਹਾ ਭਗਤਿ ਜਨੁ ਜੀਵਤ ਮਰੈ ॥
ਗੁਰ ਪਰਸਾਦੀ ਭਵਜਲੁ ਤਰੈ ॥
ਗੁਰ ਕੈ ਬਚਨਿ ਭਗਤਿ ਥਾਇ ਪਾਇ ॥
ਹਰਿ ਜੀਉ ਆਪਿ ਵਸੈ ਮਨਿ ਆਇ ॥੪॥
ਹਰਿ ਕ੍ਰਿਪਾ ਕਰੇ ਸਤਿਗੁਰੂ ਮਿਲਾਏ ॥
ਨਿਹਚਲ ਭਗਤਿ ਹਰਿ ਸਿਉ ਚਿਤੁ ਲਾਏ ॥
ਭਗਤਿ ਰਤੇ ਤਿਨ੍ਹ੍ਹ ਸਚੀ ਸੋਇ ॥
ਨਾਨਕ ਨਾਮਿ ਰਤੇ ਸੁਖੁ ਹੋਇ ॥੫॥੧੨॥੫੧॥੩੬੪॥

(ਨਿਰਤਿ=ਨਾਚ, ਕਿਸੁ=ਕਿਸ ਨੂੰ, ਆਖਿ=
ਆਖ ਕੇ, ਅਨਲ=ਅੱਗ, ਵਾਉ=ਹਵਾ,
ਝੱਖੜ, ਗੁਰਮੁਖਿ=ਗੁਰੂ ਦੀ ਸਰਨ ਪੈ ਕੇ,
ਘਟਿ=ਹਿਰਦੇ ਵਿਚ, ਆਪੁ=ਆਪਣੇ ਆਪ
ਨੂੰ, ਆਪਣੇ ਆਤਮਕ ਜੀਵਨ ਨੂੰ, ਪਛਾਣਿ=
ਪਛਾਣ ਲੈਂਦਾ ਹੈ, ਭਾਉ=ਪ੍ਰੇਮ, ਆਪੁ=ਹਉਮੈ,
ਜਾਣੁ=ਜਾਣੂ, ਸਬਦਿ=ਸ਼ਬਦ ਦੀ ਰਾਹੀਂ, ਪਛਾਣੁ=
ਪਛਾਣੂ, ਸਹਜਿ=ਆਤਮਕ ਅਡੋਲਤਾ ਵਿਚ,
ਸਚੁ=ਸਦਾ-ਥਿਰ ਰਹਿਣ ਵਾਲਾ ਪ੍ਰਭੂ, ਪਾਖੰਡਿ=
ਪਖੰਡ ਨਾਲ, ਪਰਸਾਦੀ=ਕਿਰਪਾ ਨਾਲ, ਭਵਜਲੁ=
ਸੰਸਾਰ-ਸਮੁੰਦਰ, ਥਾਇ ਪਾਇ=ਕਬੂਲ ਹੋ ਜਾਂਦੀ
ਹੈ, ਥਾਇ=ਥਾਂ ਵਿਚ,ਲੇਖੇ ਵਿਚ, ਨਿਹਚਲ=ਨਾਹ
ਡੋਲਣ ਵਾਲੀ, ਸਿਉ=ਨਾਲ, ਸੋਇ=ਸੋਭਾ, ਸਚੀ=
ਸਦਾ-ਥਿਰ)

11. ਅਤੁਲੁ ਕਿਉ ਤੋਲਿਆ ਜਾਇ

ਅਤੁਲੁ ਕਿਉ ਤੋਲਿਆ ਜਾਇ ॥
ਦੂਜਾ ਹੋਇ ਤ ਸੋਝੀ ਪਾਇ ॥
ਤਿਸ ਤੇ ਦੂਜਾ ਨਾਹੀ ਕੋਇ ॥
ਤਿਸ ਦੀ ਕੀਮਤਿ ਕਿਕੂ ਹੋਇ ॥੧॥
ਗੁਰ ਪਰਸਾਦਿ ਵਸੈ ਮਨਿ ਆਇ ॥
ਤਾ ਕੋ ਜਾਣੈ ਦੁਬਿਧਾ ਜਾਇ ॥੧॥ਰਹਾਉ ॥
ਆਪਿ ਸਰਾਫੁ ਕਸਵਟੀ ਲਾਏ ॥
ਆਪੇ ਪਰਖੇ ਆਪਿ ਚਲਾਏ ॥
ਆਪੇ ਤੋਲੇ ਪੂਰਾ ਹੋਇ ॥
ਆਪੇ ਜਾਣੈ ਏਕੋ ਸੋਇ ॥੨॥
ਮਾਇਆ ਕਾ ਰੂਪੁ ਸਭੁ ਤਿਸ ਤੇ ਹੋਇ ॥
ਜਿਸ ਨੋ ਮੇਲੇ ਸੁ ਨਿਰਮਲੁ ਹੋਇ ॥
ਜਿਸ ਨੋ ਲਾਏ ਲਗੈ ਤਿਸੁ ਆਇ ॥
ਸਭੁ ਸਚੁ ਦਿਖਾਲੇ ਤਾ ਸਚਿ ਸਮਾਇ ॥੩॥
ਆਪੇ ਲਿਵ ਧਾਤੁ ਹੈ ਆਪੇ ॥
ਆਪਿ ਬੁਝਾਏ ਆਪੇ ਜਾਪੇ ॥
ਆਪੇ ਸਤਿਗੁਰੁ ਸਬਦੁ ਹੈ ਆਪੇ ॥
ਨਾਨਕ ਆਖਿ ਸੁਣਾਏ ਆਪੇ ॥੪॥੨॥੭੯੭॥

(ਅਤੁਲੁ=ਜਿਸ ਦੇ ਬਰਾਬਰ ਦਾ ਹੋਰ
ਕਿਉ ਤੋਲਿਆ ਜਾਇ=ਨਹੀਂ ਤੋਲਿਆ
ਜਾ ਸਕਦਾ, ਦੂਜਾ=ਕੋਈ ਹੋਰ, ਸੋਝੀ=
ਸਮਝ, ਤਿਸ ਤੇ=ਉਸ ਪ੍ਰਭੂ ਤੋਂ, ਕਿਕੂ=
ਕਿਵਂੇ, ਪਰਸਾਦਿ=ਕਿਰਪਾ ਨਾਲ, ਤਾ=
ਤਦੋਂ, ਕੋ=ਕੋਈ ਮਨੁੱਖ, ਜਾਣੈ=ਜਾਣ-ਪਛਾਣ
ਬਣਾਂਦਾ ਹੈ, ਦੁਬਿਧਾ=ਮੇਰ-ਤੇਰ, ਜਾਇ=ਦੂਰ
ਹੋ ਜਾਂਦੀ ਹੈ, ਸਰਾਫੁ=ਪਰਖਣ ਵਾਲਾ,
ਕਸਵਟੀ=ਉਹ ਵੱਟੀ ਜਿਸ ਉਤੇ ਸੋਨੇ ਨੂੰ ਰਗੜ
ਕੇ ਵੇਖਿਆ ਜਾਂਦਾ ਹੈ ਕਿ ਇਹ ਖਰਾ ਹੈ ਜਾਂ
ਨਹੀਂ, ਆਪੇ=ਆਪ ਹੀ, ਚਲਾਏ=ਪਰਚਲਤ
ਕਰਦਾ ਹੈ, ਏਕੋ ਸੋਇ=ਸਿਰਫ਼ ਉਹ ਹੀ,
ਨਿਰਮਲ=ਪਵਿੱਤ੍ਰ, ਲਾਏ=ਚੰਬੋੜਦਾ ਹੈ,
ਆਇ=ਆ ਕੇ, ਲਗੈ=ਚੰਬੜ ਜਾਂਦੀ ਹੈ,
ਸਚਿ=ਸਦਾ-ਥਿਰ ਪ੍ਰਭੂ ਵਿਚ, ਧਾਤੁ=
ਮਾਇਆ, ਬੁਝਾਏ=ਸਮਝ ਬਖ਼ਸ਼ਦਾ ਹੈ,
ਜਾਪੇ=ਜਪਦਾ ਹੈ, ਆਖਿ=ਉਚਾਰ ਕੇ)

12. ਵਾਜੇ ਪੰਚ ਸਬਦ ਤਿਤੁ ਘਰਿ ਸਭਾਗੈ

ਵਾਜੇ ਪੰਚ ਸਬਦ ਤਿਤੁ ਘਰਿ ਸਭਾਗੈ ॥
ਘਰਿ ਸਭਾਗੈ ਸਬਦ ਵਾਜੇ ਕਲਾ ਜਿਤੁ ਘਰਿ ਧਾਰੀਆ ॥
ਪੰਚ ਦੂਤ ਤੁਧੁ ਵਸਿ ਕੀਤੇ ਕਾਲੁ ਕੰਟਕੁ ਮਾਰਿਆ ॥
ਧੁਰਿ ਕਰਮਿ ਪਾਇਆ ਤੁਧੁ ਜਿਨ ਕਉ ਸਿ ਨਾਮਿ ਹਰਿ ਕੈ ਲਾਗੇ ॥
ਕਹੈ ਨਾਨਕੁ ਤਹ ਸੁਖੁ ਹੋਆ ਤਿਤੁ ਘਰਿ ਅਨਹਦ ਵਾਜੇ ॥੫॥੯੧੭॥

(ਵਾਜੇ=ਵੱਜਦੇ ਹਨ, ਪੰਚ ਸਬਦ=ਪੰਜ ਕਿਸਮਾਂ ਦੇ ਸਾਜ਼ਾਂ
ਦੀਆਂ ਮਿਲਵੀਆਂ ਸੁਰਾਂ, ਤਿਤੁ=ਉਸ ਵਿਚ, ਤਿਤੁ ਘਰਿ=
ਉਸ ਹਿਰਦੇ-ਘਰਿ ਵਿਚ, ਸਭਾਗੈ=ਭਾਗਾਂ ਵਾਲੇ ਵਿਚ,
ਕਲਾ=ਸੱਤਿਆ, ਜਿਤੁ ਘਰਿ=ਜਿਸ ਘਰ ਵਿਚ, ਧਾਰੀਆ=
ਤੂੰ ਪਾਈ ਹੈ, ਪੰਚ ਦੂਤ=ਕਾਮਾਦਿਕ ਪੰਜ ਵੈਰੀ, ਕੰਟਕੁ ਕਾਲੁ=
ਡਰਾਉਣਾ ਕਾਲ, ਧੁਰਿ=ਧੁਰ ਤੋਂ, ਕਰਮਿ=ਮੇਹਰ ਨਾਲ, ਸਿ=
ਉਹ ਬੰਦੇ, ਅਨਹਦ=ਅਨ-ਹਦ,ਬਿਨਾ ਵਜਾਏ ਵੱਜਣ ਵਾਲੇ,
ਇਕ-ਰਸ,ਲਗਾਤਾਰ)

13. ਬਾਬਾ ਜਿਸੁ ਤੂ ਦੇਹਿ ਸੋਈ ਜਨੁ ਪਾਵੈ

ਬਾਬਾ ਜਿਸੁ ਤੂ ਦੇਹਿ ਸੋਈ ਜਨੁ ਪਾਵੈ ॥
ਪਾਵੈ ਤ ਸੋ ਜਨੁ ਦੇਹਿ ਜਿਸ ਨੋ ਹੋਰਿ ਕਿਆ ਕਰਹਿ ਵੇਚਾਰਿਆ ॥
ਇਕਿ ਭਰਮਿ ਭੂਲੇ ਫਿਰਹਿ ਦਹ ਦਿਸਿ ਇਕਿ ਨਾਮਿ ਲਾਗਿ ਸਵਾਰਿਆ ॥
ਗੁਰ ਪਰਸਾਦੀ ਮਨੁ ਭਇਆ ਨਿਰਮਲੁ ਜਿਨਾ ਭਾਣਾ ਭਾਵਏ ॥
ਕਹੈ ਨਾਨਕੁ ਜਿਸੁ ਦੇਹਿ ਪਿਆਰੇ ਸੋਈ ਜਨੁ ਪਾਵਏ ॥੮॥੯੧੮॥

(ਬਾਬਾ=ਹੇ ਹਰੀ, ਦੇਹਿ=ਦੇਂਦਾ ਹੈਂ, ਹੋਰਿ ਵੇਚਾਰਿਆ=
ਹੋਰ ਵਿਚਾਰੇ ਜੀਵ, ਕਿਆ ਕਰਹਿ=ਕੀਹ ਕਰ ਸਕਦੇ
ਹਨ, ਇਕਿ=ਕਈ ਜੀਵ, ਭਰਮਿ=ਭਟਕਣਾ ਵਿਚ,
ਦਹਦਿਸਿ=ਦਸੀਂ ਪਾਸੀਂ, ਭਾਣਾ=ਰਜ਼ਾ)

14. ਏ ਮਨ ਪਿਆਰਿਆ ਤੂ ਸਦਾ ਸਚੁ ਸਮਾਲੇ

ਏ ਮਨ ਪਿਆਰਿਆ ਤੂ ਸਦਾ ਸਚੁ ਸਮਾਲੇ ॥
ਏਹੁ ਕੁਟੰਬੁ ਤੂ ਜਿ ਦੇਖਦਾ ਚਲੈ ਨਾਹੀ ਤੇਰੈ ਨਾਲੇ ॥
ਸਾਥਿ ਤੇਰੈ ਚਲੈ ਨਾਹੀ ਤਿਸੁ ਨਾਲਿ ਕਿਉ ਚਿਤੁ ਲਾਈਐ ॥
ਐਸਾ ਕੰਮੁ ਮੂਲੇ ਨ ਕੀਚੈ ਜਿਤੁ ਅੰਤਿ ਪਛੋਤਾਈਐ ॥
ਸਤਿਗੁਰੂ ਕਾ ਉਪਦੇਸੁ ਸੁਣਿ ਤੂ ਹੋਵੈ ਤੇਰੈ ਨਾਲੇ ॥
ਕਹੈ ਨਾਨਕੁ ਮਨ ਪਿਆਰੇ ਤੂ ਸਦਾ ਸਚੁ ਸਮਾਲੇ ॥੧੧॥੯੧੮॥

(ਸਮਾਲੇ=ਸਮਾਲਿ,ਚੇਤੇ ਰੱਖ, ਜਿ=ਜੇਹੜਾ, ਮੂਲੇ ਨ=
ਬਿਲਕੁਲ ਨਹੀਂ, ਕੀਚੈ=ਕਰਨਾ ਚਾਹੀਦਾ, ਜਿਤੁ=
ਜਿਸ ਕਰਕੇ, ਅੰਤਿ=ਆਖ਼ਰ ਨੂੰ)

15. ਭਗਤਾ ਕੀ ਚਾਲ ਨਿਰਾਲੀ

ਭਗਤਾ ਕੀ ਚਾਲ ਨਿਰਾਲੀ ॥
ਚਾਲਾ ਨਿਰਾਲੀ ਭਗਤਾਹ ਕੇਰੀ ਬਿਖਮ ਮਾਰਗਿ ਚਲਣਾ ॥
ਲਬੁ ਲੋਭੁ ਅਹੰਕਾਰੁ ਤਜਿ ਤ੍ਰਿਸਨਾ ਬਹੁਤੁ ਨਾਹੀ ਬੋਲਣਾ ॥
ਖੰਨਿਅਹੁ ਤਿਖੀ ਵਾਲਹੁ ਨਿਕੀ ਏਤੁ ਮਾਰਗਿ ਜਾਣਾ ॥
ਗੁਰ ਪਰਸਾਦੀ ਜਿਨੀ ਆਪੁ ਤਜਿਆ ਹਰਿ ਵਾਸਨਾ ਸਮਾਣੀ ॥
ਕਹੈ ਨਾਨਕੁ ਚਾਲ ਭਗਤਾ ਜੁਗਹੁ ਜੁਗੁ ਨਿਰਾਲੀ ॥੧੪॥੯੧੮-੯੧੯॥

(ਭਗਤ=ਆਤਮਕ ਆਨੰਦ ਮਾਣਨ ਵਾਲੇ ਬੰਦੇ,
ਚਾਲ=ਜੀਵਨ ਜੁਗਤੀ, ਨਿਰਾਲੀ=ਵੱਖਰੀ, ਕੇਰੀ=
ਦੀ, ਬਿਖਮ=ਔਖਾ, ਮਾਰਗਿ=ਰਾਹ ਉਤੇ, ਤਜਿ=
ਤਿਆਗ ਕੇ, ਖੰਨਿਅਹੁ=ਖੰਡੇ ਨਾਲੋਂ,ਤਲਵਾਰ ਨਾਲੋਂ,
ਵਾਲਹੁ=ਵਾਲ ਨਾਲੋਂ, ਨਿਕੀ=ਬਾਰੀਕ, ਏਤੁ ਮਾਰਗਿ=
ਇਸ ਰਸਤੇ ਉਤੇ, ਆਪੁ=ਆਪਾ-ਭਾਵ, ਜੁਗਹੁ ਜੁਗੁ=
ਹਰੇਕ ਜੁਗ ਵਿਚ, ਸਦਾ ਹੀ)

16. ਕਰਮੀ ਸਹਜੁ ਨ ਊਪਜੈ

ਕਰਮੀ ਸਹਜੁ ਨ ਊਪਜੈ ਵਿਣੁ ਸਹਜੈ ਸਹਸਾ ਨ ਜਾਇ ॥
ਨਹ ਜਾਇ ਸਹਸਾ ਕਿਤੈ ਸੰਜਮਿ ਰਹੇ ਕਰਮ ਕਮਾਏ ॥
ਸਹਸੈ ਜੀਉ ਮਲੀਣੁ ਹੈ ਕਿਤੁ ਸੰਜਮਿ ਧੋਤਾ ਜਾਏ ॥
ਮੰਨੁ ਧੋਵਹੁ ਸਬਦਿ ਲਾਗਹੁ ਹਰਿ ਸਿਉ ਰਹਹੁ ਚਿਤੁ ਲਾਇ ॥
ਕਹੈ ਨਾਨਕੁ ਗੁਰ ਪਰਸਾਦੀ ਸਹਜੁ ਉਪਜੈ ਇਹੁ ਸਹਸਾ ਇਵ ਜਾਇ ॥੧੮॥੯੧੯॥

(ਕਰਮੀ=ਕੰਮਾਂ ਨਾਲ,ਕਰਮ-ਕਾਂਡ ਦੀ ਰਾਹੀਂ, ਸਹਜੁ=ਅਡੋਲਤਾ,
ਆਤਮਕ ਆਨੰਦ, ਸਹਸਾ=ਚਿੰਤਾ-ਸਹਿਮ, ਕਿਤੈ ਸੰਜਮਿ=ਕਿਸੇ
ਜੁਗਤੀ ਨਾਲ, ਰਹੇ=ਥੱਕ ਗਏ, ਮਲੀਣੁ=ਮੈਲਾ, ਕਿਤੁ=ਕਿਸ ਦੀ
ਰਾਹੀਂ, ਕਿਤੁ ਸੰਜਮਿ=ਕਿਸ ਤਰੀਕੇ ਨਾਲ, ਮੰਨੁ=ਮਨ, ਇਵ=ਇਸ ਤਰ੍ਹਾਂ)

17. ਜੀਅਹੁ ਮੈਲੇ ਬਾਹਰਹੁ ਨਿਰਮਲ

ਜੀਅਹੁ ਮੈਲੇ ਬਾਹਰਹੁ ਨਿਰਮਲ ॥
ਬਾਹਰਹੁ ਨਿਰਮਲ ਜੀਅਹੁ ਤ ਮੈਲੇ ਤਿਨੀ ਜਨਮੁ ਜੂਐ ਹਾਰਿਆ ॥
ਏਹ ਤਿਸਨਾ ਵਡਾ ਰੋਗੁ ਲਗਾ ਮਰਣੁ ਮਨਹੁ ਵਿਸਾਰਿਆ ॥
ਵੇਦਾ ਮਹਿ ਨਾਮੁ ਉਤਮੁ ਸੋ ਸੁਣਹਿ ਨਾਹੀ ਫਿਰਹਿ ਜਿਉ ਬੇਤਾਲਿਆ ॥
ਕਹੈ ਨਾਨਕੁ ਜਿਨ ਸਚੁ ਤਜਿਆ ਕੂੜੇ ਲਾਗੇ ਤਿਨੀ ਜਨਮੁ ਜੂਐ ਹਾਰਿਆ ॥੧੯॥੯੧੯॥

(ਜੀਅਹੁ=ਜਿੰਦ ਤੋਂ,ਮਨ ਵਿਚੋਂ, ਤਿਨੀ=ਉਹਨਾਂ ਬੰਦਿਆਂ ਨੇ,
ਮਰਣੁ=ਮੌਤ, ਬੇਤਾਲੇ=ਭੂਤਨੇ, ਤਾਲ ਤੋਂ ਖੁੰਝੇ ਹੋਏ, ਜਿਨ=ਜਿਨ੍ਹਾਂ ਨੇ)

18. ਜੀਅਹੁ ਨਿਰਮਲ ਬਾਹਰਹੁ ਨਿਰਮਲ

ਜੀਅਹੁ ਨਿਰਮਲ ਬਾਹਰਹੁ ਨਿਰਮਲ ॥
ਬਾਹਰਹੁ ਤ ਨਿਰਮਲ ਜੀਅਹੁ ਨਿਰਮਲ ਸਤਿਗੁਰ ਤੇ ਕਰਣੀ ਕਮਾਣੀ ॥
ਕੂੜ ਕੀ ਸੋਇ ਪਹੁਚੈ ਨਾਹੀ ਮਨਸਾ ਸਚਿ ਸਮਾਣੀ ॥
ਜਨਮੁ ਰਤਨੁ ਜਿਨੀ ਖਟਿਆ ਭਲੇ ਸੇ ਵਣਜਾਰੇ ॥
ਕਹੈ ਨਾਨਕੁ ਜਿਨ ਮੰਨੁ ਨਿਰਮਲੁ ਸਦਾ ਰਹਹਿ ਗੁਰ ਨਾਲੇ ॥੨੦॥੯੧੯॥

(ਸਤਿਗੁਰ ਤੇ=ਗੁਰੂ ਤੋਂ, ਕਰਣੀ=ਆਚਰਨ,ਕਰਨ-ਜੋਗ ਕੰਮ,
ਕਮਾਣੀ=ਕਮਾਈ ਹੈ, ਕੂੜ=ਮਾਇਆ ਦਾ ਮੋਹ, ਸੋਇ=ਖ਼ਬਰ,
ਮਨਸਾ=ਮਨ ਦਾ ਫੁਰਨਾ, ਸਚਿ=ਪ੍ਰਭੂ ਦੇ ਸਿਮਰਨ ਵਿਚ,
ਵਣਜਾਰੇ=ਵਣਜ ਕਰਨ ਆਏ ਬੰਦੇ, ਮੰਨੁ=ਮਨ)

19. ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ

ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ ॥
ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ ॥
ਜਿਨ ਕਉ ਨਦਰਿ ਕਰਮੁ ਹੋਵੈ ਹਿਰਦੈ ਤਿਨਾ ਸਮਾਣੀ ॥
ਪੀਵਹੁ ਅੰਮ੍ਰਿਤੁ ਸਦਾ ਰਹਹੁ ਹਰਿ ਰੰਗਿ ਜਪਿਹੁ ਸਾਰਿਗਪਾਣੀ ॥
ਕਹੈ ਨਾਨਕੁ ਸਦਾ ਗਾਵਹੁ ਏਹ ਸਚੀ ਬਾਣੀ ॥੨੩॥੯੨੦॥

(ਸਚੀ ਬਾਣੀ=ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਾਲੀ ਬਾਣੀ,
ਸਿਰ=ਸਿਰ ਉਤੇ,ਸਭ ਤੋਂ ਸ੍ਰੇਸ਼ਟ, ਨਦਰਿ=ਮੇਹਰ ਦੀ ਨਜ਼ਰ,
ਕਰਮੁ=ਬਖ਼ਸ਼ਸ਼, ਹਰਿ ਰੰਗਿ=ਹਰੀ ਦੇ ਪਿਆਰ ਵਿਚ, ਸਾਰਿਗ
ਪਾਣੀ=ਧਨੁਖਧਾਰੀ ਪ੍ਰਭੂ, ਕੇਰੀ=ਦੀ, ਅੰਮ੍ਰਿਤ=ਆਤਮਕ ਆਨੰਦ
ਦੇਣ ਵਾਲਾ ਨਾਮ-ਜਲ)

20. ਸਿਮ੍ਰਿਤਿ ਸਾਸਤ੍ਰ ਪੁੰਨ ਪਾਪ ਬੀਚਾਰਦੇ

ਸਿਮ੍ਰਿਤਿ ਸਾਸਤ੍ਰ ਪੁੰਨ ਪਾਪ ਬੀਚਾਰਦੇ ਤਤੈ ਸਾਰ ਨ ਜਾਣੀ ॥
ਤਤੈ ਸਾਰ ਨ ਜਾਣੀ ਗੁਰੂ ਬਾਝਹੁ ਤਤੈ ਸਾਰ ਨ ਜਾਣੀ ॥
ਤਿਹੀ ਗੁਣੀ ਸੰਸਾਰੁ ਭ੍ਰਮਿ ਸੁਤਾ ਸੁਤਿਆ ਰੈਣਿ ਵਿਹਾਣੀ ॥
ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰਿ ਮਨਿ ਵਸਿਆ ਬੋਲਹਿ ਅੰਮ੍ਰਿਤ ਬਾਣੀ ॥
ਕਹੈ ਨਾਨਕੁ ਸੋ ਤਤੁ ਪਾਏ ਜਿਸ ਨੋ ਅਨਦਿਨੁ ਹਰਿ ਲਿਵ ਲਾਗੈ ਜਾਗਤ ਰੈਣਿ ਵਿਹਾਣੀ ॥੨੭॥੯੨੦॥

(ਤਤੈ ਸਾਰ=ਤੱਤ ਦੀ ਸੂਝ,ਅਸਲੀਅਤ ਦੀ ਸਮਝ, ਤਿਹੀ ਗੁਣੀ=
ਮਾਇਆ ਦੇ ਤਿੰਨ ਸੁਭਾਵਾਂ ਵਿਚ, ਭ੍ਰਮਿ=ਭਟਕ ਭਟਕ ਕੇ, ਰੈਣਿ=
ਉਮਰ,ਰਾਤ, ਸੇ=ਉਹ ਬੰਦੇ, ਮਨਿ=ਮਨ ਵਿਚ, ਅਨਦਿਨੁ=ਹਰ ਰੋਜ਼,
ਅੰਮ੍ਰਿਤ ਬਾਣੀ=ਆਤਮਕ ਜੀਵਨ ਦੇਣ ਵਾਲੀ ਬਾਣੀ, ਜਾਗਤ=
ਵਿਕਾਰਾਂ ਵਲੋਂ ਸੁਚੇਤ ਰਹਿੰਦਿਆਂ)

21. ਹਰਿ ਆਪਿ ਅਮੁਲਕੁ ਹੈ

ਹਰਿ ਆਪਿ ਅਮੁਲਕੁ ਹੈ ਮੁਲਿ ਨ ਪਾਇਆ ਜਾਇ ॥
ਮੁਲਿ ਨ ਪਾਇਆ ਜਾਇ ਕਿਸੈ ਵਿਟਹੁ ਰਹੇ ਲੋਕ ਵਿਲਲਾਇ ॥
ਐਸਾ ਸਤਿਗੁਰੁ ਜੇ ਮਿਲੈ ਤਿਸ ਨੋ ਸਿਰੁ ਸਉਪੀਐ ਵਿਚਹੁ ਆਪੁ ਜਾਇ ॥
ਜਿਸ ਦਾ ਜੀਉ ਤਿਸੁ ਮਿਲਿ ਰਹੈ ਹਰਿ ਵਸੈ ਮਨਿ ਆਇ ॥
ਹਰਿ ਆਪਿ ਅਮੁਲਕੁ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰਿ ਪਲੈ ਪਾਇ ॥੩੦॥੯੨੧॥

(ਅਮੁਲਕੁ=ਜੋ ਕਿਸੇ ਕੀਮਤ ਤੋਂ ਮਿਲ ਨ ਸਕੇ, ਮੁਲਿ=ਕੀਮਤ ਨਾਲ,
ਕਿਸੈ ਵਿਟਹੁ=ਕਿਸੇ ਭੀ ਬੰਦੇ ਤੋਂ, ਵਿਲਲਾਇ=ਖਪ ਖਪ ਕੇ, ਰਹੇ=
ਰਹਿ ਗਏ, ਹਾਰ ਗਏ, ਆਪੁ=ਆਪਾ-ਭਾਵ, ਜਿਸ ਦਾ=ਜਿਸ
ਪਰਮਾਤਮਾ ਦਾ ਪੈਦਾ ਕੀਤਾ ਹੋਇਆ, ਜੀਉ=ਜੀਵ, ਪਲੈ ਪਾਇ=
ਗੁਰੂ ਦੇ ਲੜ ਲਾ ਦੇਂਦਾ ਹੈ)

22. ਏ ਰਸਨਾ ਤੂ ਅਨ ਰਸਿ ਰਾਚਿ ਰਹੀ

ਏ ਰਸਨਾ ਤੂ ਅਨ ਰਸਿ ਰਾਚਿ ਰਹੀ ਤੇਰੀ ਪਿਆਸ ਨ ਜਾਇ ॥
ਪਿਆਸ ਨ ਜਾਇ ਹੋਰਤੁ ਕਿਤੈ ਜਿਚਰੁ ਹਰਿ ਰਸੁ ਪਲੈ ਨ ਪਾਇ ॥
ਹਰਿ ਰਸੁ ਪਾਇ ਪਲੈ ਪੀਐ ਹਰਿ ਰਸੁ ਬਹੁੜਿ ਨ ਤ੍ਰਿਸਨਾ ਲਾਗੈ ਆਇ ॥
ਏਹੁ ਹਰਿ ਰਸੁ ਕਰਮੀ ਪਾਈਐ ਸਤਿਗੁਰੁ ਮਿਲੈ ਜਿਸੁ ਆਇ ॥
ਕਹੈ ਨਾਨਕੁ ਹੋਰਿ ਅਨ ਰਸ ਸਭਿ ਵੀਸਰੇ ਜਾ ਹਰਿ ਵਸੈ ਮਨਿ ਆਇ ॥੩੨॥੯੨੧॥

(ਏ ਰਸਨਾ=ਹੇ ਮੇਰੀ ਜੀਭ, ਅਨ ਰਸਿ=ਹੋਰ ਹੋਰ ਰਸ ਵਿਚ,
ਰਾਚਿ ਰਹੀ=ਮਸਤ ਹੋ ਰਹੀ ਹੈਂ, ਪਿਆਸ=ਸੁਆਦਾਂ ਦਾ ਚਸਕਾ,
ਹੋਰਤੁ ਕਿਤੈ=ਕਿਸੇ ਹੋਰ ਥਾਂ ਤੋਂ, ਪਲੈ ਨ ਪਾਇ=ਨਹੀਂ ਮਿਲਦਾ,
ਪੀਐ=ਪੀਂਦਾ ਹੈ, ਬਹੁੜਿ=ਮੁੜ, ਫਿਰ, ਕਰਮੀ=ਪ੍ਰਭੂ ਦੀ ਮੇਹਰ
ਨਾਲ, ਹੋਰਿ ਅਨ ਰਸ=ਹੋਰ ਦੂਜੇ ਸਾਰੇ ਸੁਆਦ)

23. ਏ ਨੇਤ੍ਰਹੁ ਮੇਰਿਹੋ

ਏ ਨੇਤ੍ਰਹੁ ਮੇਰਿਹੋ ਹਰਿ ਤੁਮ ਮਹਿ ਜੋਤਿ ਧਰੀ ਹਰਿ ਬਿਨੁ ਅਵਰੁ ਨ ਦੇਖਹੁ ਕੋਈ ॥
ਹਰਿ ਬਿਨੁ ਅਵਰੁ ਨ ਦੇਖਹੁ ਕੋਈ ਨਦਰੀ ਹਰਿ ਨਿਹਾਲਿਆ ॥
ਏਹੁ ਵਿਸੁ ਸੰਸਾਰੁ ਤੁਮ ਦੇਖਦੇ ਏਹੁ ਹਰਿ ਕਾ ਰੂਪੁ ਹੈ ਹਰਿ ਰੂਪੁ ਨਦਰੀ ਆਇਆ ॥
ਗੁਰ ਪਰਸਾਦੀ ਬੁਝਿਆ ਜਾ ਵੇਖਾ ਹਰਿ ਇਕੁ ਹੈ ਹਰਿ ਬਿਨੁ ਅਵਰੁ ਨ ਕੋਈ ॥
ਕਹੈ ਨਾਨਕੁ ਏਹਿ ਨੇਤ੍ਰ ਅੰਧ ਸੇ ਸਤਿਗੁਰਿ ਮਿਲਿਐ ਦਿਬ ਦ੍ਰਿਸਟਿ ਹੋਈ ॥੩੬॥੯੨੨॥

(ਨੇਤ੍ਰ=ਅੱਖਾਂ, ਜੋਤਿ=ਰੋਸ਼ਨੀ, ਨਿਹਾਲਿਆ=ਨਿਹਾਲੋ,ਵੇਖੋ, ਨਦਰੀ=
ਨਜ਼ਰ ਨਾਲ,ਅੱਖਾਂ ਨਾਲ, ਵਿਸੁ=ਵਿਸ਼ਵ,ਸਾਰਾ, ਨਦਰੀ ਆਇਆ=
ਦਿੱਸਦਾ ਹੈ, ਅੰਧ=ਅੰਨ੍ਹੇ, ਸੇ=ਸਨ, ਦਿਬ=ਦਿਵਯ,ਚਮਕੀਲੀ,
ਦ੍ਰਿਸਟਿ=ਨਜ਼ਰ)

24. ਏ ਸ੍ਰਵਣਹੁ ਮੇਰਿਹੋ

ਏ ਸ੍ਰਵਣਹੁ ਮੇਰਿਹੋ ਸਾਚੈ ਸੁਨਣੈ ਨੋ ਪਠਾਏ ॥
ਸਾਚੈ ਸੁਨਣੈ ਨੋ ਪਠਾਏ ਸਰੀਰਿ ਲਾਏ ਸੁਣਹੁ ਸਤਿ ਬਾਣੀ ॥
ਜਿਤੁ ਸੁਣੀ ਮਨੁ ਤਨੁ ਹਰਿਆ ਹੋਆ ਰਸਨਾ ਰਸਿ ਸਮਾਣੀ ॥
ਸਚੁ ਅਲਖ ਵਿਡਾਣੀ ਤਾ ਕੀ ਗਤਿ ਕਹੀ ਨ ਜਾਏ ॥
ਕਹੈ ਨਾਨਕੁ ਅੰਮ੍ਰਿਤ ਨਾਮੁ ਸੁਣਹੁ ਪਵਿਤ੍ਰ ਹੋਵਹੁ ਸਾਚੈ ਸੁਨਣੈ ਨੋ ਪਠਾਏ ॥੩੭॥੯੨੨॥

(ਸ੍ਰਵਣ=ਕੰਨ, ਪਠਾਏ=ਭੇਜੇ, ਸਾਚੈ=ਸਦਾ-ਥਿਰ ਪ੍ਰਭੂ ਨੇ,
ਸਤਿ ਬਾਣੀ=ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੀ
ਬਾਣੀ, ਜਿਤੁ=ਜਿਸ ਦੀ ਰਾਹੀਂ, ਜਿਤੁ ਸੁਣੀ=ਜਿਸ ਦੇ ਸੁਣਨ
ਨਾਲ, ਰਸਿ=ਆਨੰਦ ਵਿਚ, ਹਰਿਆ=ਖਿੜਿਆ, ਵਿਡਾਣੀ=
ਅਸਚਰਜ, ਗਤਿ=ਹਾਲਤ, ਅੰਮ੍ਰਿਤ=ਆਤਮਕ ਆਨੰਦ ਦੇਣ ਵਾਲਾ)

25. ਅਨਦੁ ਸੁਣਹੁ ਵਡਭਾਗੀਹੋ

ਅਨਦੁ ਸੁਣਹੁ ਵਡਭਾਗੀਹੋ ਸਗਲ ਮਨੋਰਥ ਪੂਰੇ ॥
ਪਾਰਬ੍ਰਹਮੁ ਪ੍ਰਭੁ ਪਾਇਆ ਉਤਰੇ ਸਗਲ ਵਿਸੂਰੇ ॥
ਦੂਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ॥
ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ॥
ਸੁਣਤੇ ਪੁਨੀਤ ਕਹਤੇ ਪਵਿਤੁ ਸਤਿਗੁਰੁ ਰਹਿਆ ਭਰਪੂਰੇ ॥
ਬਿਨਵੰਤਿ ਨਾਨਕੁ ਗੁਰ ਚਰਣ ਲਾਗੇ ਵਾਜੇ ਅਨਹਦ ਤੂਰੇ ॥੪੦॥੧॥੯੨੨॥

(ਵਿਸੂਰੇ=ਚਿੰਤਾ-ਝੋਰੇ, ਸੰਤਾਪ=ਕਲੇਸ਼, ਸਚੀ ਬਾਣੀ=
ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ, ਸਰਸੇ=
ਸ-ਰਸ, ਆਨੰਦ-ਭਰਪੂਰ, ਗੁਰ ਤੇ=ਗੁਰੂ ਤੋਂ, ਸਤਿਗੁਰੁ
ਰਹਿਆ ਭਰਪੂਰੇ=ਗੁਰੂ ਆਪਣੀ ਬਾਣੀ ਵਿਚ ਭਰਪੂਰ ਹੈ,
ਬਾਣੀ ਗੁਰੂ-ਰੂਪ ਹੈ, ਅਨਹਦ=ਇਕ-ਰਸ, ਤੂਰੇ=ਵਾਜੇ,
ਮਨੋਰਥ=ਮਨ ਦੀਆਂ ਦੌੜਾਂ)

26. ਜਹ ਬੈਸਾਲਹਿ ਤਹ ਬੈਸਾ ਸੁਆਮੀ

ਜਹ ਬੈਸਾਲਹਿ ਤਹ ਬੈਸਾ ਸੁਆਮੀ ਜਹ ਭੇਜਹਿ ਤਹ ਜਾਵਾ ॥
ਸਭ ਨਗਰੀ ਮਹਿ ਏਕੋ ਰਾਜਾ ਸਭੇ ਪਵਿਤੁ ਹਹਿ ਥਾਵਾ ॥੧॥
ਬਾਬਾ ਦੇਹਿ ਵਸਾ ਸਚ ਗਾਵਾ ॥
ਜਾ ਤੇ ਸਹਜੇ ਸਹਜਿ ਸਮਾਵਾ ॥੧॥ਰਹਾਉ ॥
ਬੁਰਾ ਭਲਾ ਕਿਛੁ ਆਪਸ ਤੇ ਜਾਨਿਆ ਏਈ ਸਗਲ ਵਿਕਾਰਾ ॥
ਇਹੁ ਫੁਰਮਾਇਆ ਖਸਮ ਕਾ ਹੋਆ ਵਰਤੈ ਇਹੁ ਸੰਸਾਰਾ ॥੨॥
ਇੰਦ੍ਰੀ ਧਾਤੁ ਸਬਲ ਕਹੀਅਤ ਹੈ ਇੰਦ੍ਰੀ ਕਿਸ ਤੇ ਹੋਈ ॥
ਆਪੇ ਖੇਲ ਕਰੈ ਸਭਿ ਕਰਤਾ ਐਸਾ ਬੂਝੈ ਕੋਈ ॥੩॥
ਗੁਰ ਪਰਸਾਦੀ ਏਕ ਲਿਵ ਲਾਗੀ ਦੁਬਿਧਾ ਤਦੇ ਬਿਨਾਸੀ ॥
ਜੋ ਤਿਸੁ ਭਾਣਾ ਸੋ ਸਤਿ ਕਰਿ ਮਾਨਿਆ ਕਾਟੀ ਜਮ ਕੀ ਫਾਸੀ ॥੪॥
ਭਣਤਿ ਨਾਨਕੁ ਲੇਖਾ ਮਾਗੈ ਕਵਨਾ ਜਾ ਚੂਕਾ ਮਨਿ ਅਭਿਮਾਨਾ ॥
ਤਾਸੁ ਤਾਸੁ ਧਰਮ ਰਾਇ ਜਪਤੁ ਹੈ ਪਏ ਸਚੇ ਕੀ ਸਰਨਾ ॥੫॥੧॥੯੯੩॥

(ਜਹ=ਜਿੱਥੇ, ਬੈਸਾਲਹਿ=ਤੂੰ ਬਿਠਾਲਦਾ ਹੈਂ, ਤਹ=ਉਥੇ, ਬੈਸਾ=
ਮੈਂ ਬੈਠਦਾ ਹਾਂ, ਸਭ ਨਗਰੀ ਮਹਿ=ਸਾਰੀ ਸ੍ਰਿਸ਼ਟੀ ਵਿਚ, ਹਹਿ=
ਹਨ, ਬਾਬਾ=ਹੇ ਪ੍ਰਭੂ, ਵਸਾ=ਵੱਸਾਂ, ਸਚ ਗਾਵਾ=ਸਦਾ-ਥਿਰ
ਰਹਿਣ ਵਾਲੇ ਪ੍ਰਭੂ ਦੇ ਗਾਉਂ (ਪਿੰਡ) ਵਿਚ, ਜਾ ਤੇ=ਜਿਸ ਦੀ
ਬਰਕਤਿ ਨਾਲ, ਸਹਜੇ=ਸਹਜਿ ਹੀ, ਸਮਾਵਾ=ਸਮਾਵਾਂ, ਆਪਸ
ਤੇ=ਹਉਮੈ ਦੇ ਕਾਰਨ, ਏਈ=ਇਹ ਹੀ, ਸਗਲ=ਸਾਰੇ, ਇਹੁ=
ਇਹ ਹੁਕਮ, ਵਰਤੈ=ਵਰਤ ਰਿਹਾ ਹੈ, ਇੰਦ੍ਰੀ ਧਾਤੁ=ਇੰਦ੍ਰਿਆਂ
ਦੀ ਦੌੜ-ਭੱਜ, ਸਬਲ=ਬਲ ਵਾਲੀ, ਕਿਸ ਤੇ=ਕਿਸ ਤੋਂ, ਲਿਵ=
ਲਗਨ, ਦੁਬਿਧਾ=ਮੇਰ-ਤੇਰ, ਤਿਸ ਭਾਣਾ=ਉਸ ਪ੍ਰਭੂ ਨੂੰ ਚੰਗਾ
ਲੱਗਾ, ਸਤਿ=ਠੀਕ, ਜਮ=ਮੌਤ, ਫਾਸੀ=ਫਾਹੀ, ਭਣਤਿ=ਆਖਦਾ
ਹੈ, ਮਾਗੈ ਕਵਨਾ=ਕੌਣ ਮੰਗ ਸਕਦਾ ਹੈ, ਜਾ=ਜਦੋਂ, ਚੂਕਾ=ਮੁੱਕ
ਗਿਆ, ਤਾਸੁ ਤਾਸੁ=ਤ੍ਰਾਹ ਤ੍ਰਾਹ,ਬਚਾ ਲੈ ਬਚਾ ਲੈ)

27. ਆਪੇ ਆਪੁ ਉਪਾਇ ਉਪੰਨਾ

ਆਪੇ ਆਪੁ ਉਪਾਇ ਉਪੰਨਾ ॥
ਸਭ ਮਹਿ ਵਰਤੈ ਏਕੁ ਪਰਛੰਨਾ ॥
ਸਭਨਾ ਸਾਰ ਕਰੇ ਜਗਜੀਵਨੁ ਜਿਨਿ ਅਪਣਾ ਆਪੁ ਪਛਾਤਾ ਹੇ ॥੧॥
ਜਿਨਿ ਬ੍ਰਹਮਾ ਬਿਸਨੁ ਮਹੇਸੁ ਉਪਾਏ ॥
ਸਿਰਿ ਸਿਰਿ ਧੰਧੈ ਆਪੇ ਲਾਏ ॥
ਜਿਸੁ ਭਾਵੈ ਤਿਸੁ ਆਪੇ ਮੇਲੇ ਜਿਨਿ ਗੁਰਮੁਖਿ ਏਕੋ ਜਾਤਾ ਹੇ ॥੨॥
ਆਵਾ ਗਉਣੁ ਹੈ ਸੰਸਾਰਾ ॥
ਮਾਇਆ ਮੋਹੁ ਬਹੁ ਚਿਤੈ ਬਿਕਾਰਾ ॥
ਥਿਰੁ ਸਾਚਾ ਸਾਲਾਹੀ ਸਦ ਹੀ ਜਿਨਿ ਗੁਰ ਕਾ ਸਬਦੁ ਪਛਾਤਾ ਹੇ ॥੩॥
ਇਕਿ ਮੂਲਿ ਲਗੇ ਓਨੀ ਸੁਖੁ ਪਾਇਆ ॥
ਡਾਲੀ ਲਾਗੇ ਤਿਨੀ ਜਨਮੁ ਗਵਾਇਆ ॥
ਅੰਮ੍ਰਿਤ ਫਲ ਤਿਨ ਜਨ ਕਉ ਲਾਗੇ ਜੋ ਬੋਲਹਿ ਅੰਮ੍ਰਿਤ ਬਾਤਾ ਹੇ ॥੪॥
ਹਮ ਗੁਣ ਨਾਹੀ ਕਿਆ ਬੋਲਹ ਬੋਲ ॥
ਤੂ ਸਭਨਾ ਦੇਖਹਿ ਤੋਲਹਿ ਤੋਲ ॥
ਜਿਉ ਭਾਵੈ ਤਿਉ ਰਾਖਹਿ ਰਹਣਾ ਗੁਰਮੁਖਿ ਏਕੋ ਜਾਤਾ ਹੇ ॥੫॥
ਜਾ ਤੁਧੁ ਭਾਣਾ ਤਾ ਸਚੀ ਕਾਰੈ ਲਾਏ ॥
ਅਵਗਣ ਛੋਡਿ ਗੁਣ ਮਾਹਿ ਸਮਾਏ ॥
ਗੁਣ ਮਹਿ ਏਕੋ ਨਿਰਮਲੁ ਸਾਚਾ ਗੁਰ ਕੈ ਸਬਦਿ ਪਛਾਤਾ ਹੇ ॥੬॥
ਜਹ ਦੇਖਾ ਤਹ ਏਕੋ ਸੋਈ ॥
ਦੂਜੀ ਦੁਰਮਤਿ ਸਬਦੇ ਖੋਈ ॥
ਏਕਸੁ ਮਹਿ ਪ੍ਰਭੁ ਏਕੁ ਸਮਾਣਾ ਅਪਣੈ ਰੰਗਿ ਸਦ ਰਾਤਾ ਹੇ ॥੭॥
ਕਾਇਆ ਕਮਲੁ ਹੈ ਕੁਮਲਾਣਾ ॥
ਮਨਮੁਖੁ ਸਬਦੁ ਨ ਬੁਝੈ ਇਆਣਾ ॥
ਗੁਰ ਪਰਸਾਦੀ ਕਾਇਆ ਖੋਜੇ ਪਾਏ ਜਗਜੀਵਨੁ ਦਾਤਾ ਹੇ ॥੮॥
ਕੋਟ ਗਹੀ ਕੇ ਪਾਪ ਨਿਵਾਰੇ ॥
ਸਦਾ ਹਰਿ ਜੀਉ ਰਾਖੈ ਉਰ ਧਾਰੇ ॥
ਜੋ ਇਛੇ ਸੋਈ ਫਲੁ ਪਾਏ ਜਿਉ ਰੰਗੁ ਮਜੀਠੈ ਰਾਤਾ ਹੇ ॥੯॥
ਮਨਮੁਖੁ ਗਿਆਨੁ ਕਥੇ ਨ ਹੋਈ ॥
ਫਿਰਿ ਫਿਰਿ ਆਵੈ ਠਉਰ ਨ ਕੋਈ ॥
ਗੁਰਮੁਖਿ ਗਿਆਨੁ ਸਦਾ ਸਾਲਾਹੇ ਜੁਗਿ ਜੁਗਿ ਏਕੋ ਜਾਤਾ ਹੇ ॥੧੦॥
ਮਨਮੁਖੁ ਕਾਰ ਕਰੇ ਸਭਿ ਦੁਖ ਸਬਾਏ ॥
ਅੰਤਰਿ ਸਬਦੁ ਨਾਹੀ ਕਿਉ ਦਰਿ ਜਾਏ ॥
ਗੁਰਮੁਖਿ ਸਬਦੁ ਵਸੈ ਮਨਿ ਸਾਚਾ ਸਦ ਸੇਵੇ ਸੁਖਦਾਤਾ ਹੇ ॥੧੧॥
ਜਹ ਦੇਖਾ ਤੂ ਸਭਨੀ ਥਾਈ ॥
ਪੂਰੈ ਗੁਰਿ ਸਭ ਸੋਝੀ ਪਾਈ ॥
ਨਾਮੋ ਨਾਮੁ ਧਿਆਈਐ ਸਦਾ ਸਦ ਇਹੁ ਮਨੁ ਨਾਮੇ ਰਾਤਾ ਹੇ ॥੧੨॥
ਨਾਮੇ ਰਾਤਾ ਪਵਿਤੁ ਸਰੀਰਾ ॥
ਬਿਨੁ ਨਾਵੈ ਡੂਬਿ ਮੁਏ ਬਿਨੁ ਨੀਰਾ ॥
ਆਵਹਿ ਜਾਵਹਿ ਨਾਮੁ ਨਹੀ ਬੂਝਹਿ ਇਕਨਾ ਗੁਰਮੁਖਿ ਸਬਦੁ ਪਛਾਤਾ ਹੇ ॥੧੩॥
ਪੂਰੈ ਸਤਿਗੁਰਿ ਬੂਝ ਬੁਝਾਈ ॥
ਵਿਣੁ ਨਾਵੈ ਮੁਕਤਿ ਕਿਨੈ ਨ ਪਾਈ ॥
ਨਾਮੇ ਨਾਮਿ ਮਿਲੈ ਵਡਿਆਈ ਸਹਜਿ ਰਹੈ ਰੰਗਿ ਰਾਤਾ ਹੇ ॥੧੪॥
ਕਾਇਆ ਨਗਰੁ ਢਹੈ ਢਹਿ ਢੇਰੀ ॥
ਬਿਨੁ ਸਬਦੈ ਚੂਕੈ ਨਹੀ ਫੇਰੀ ॥
ਸਾਚੁ ਸਲਾਹੇ ਸਾਚਿ ਸਮਾਵੈ ਜਿਨਿ ਗੁਰਮੁਖਿ ਏਕੋ ਜਾਤਾ ਹੇ ॥੧੫॥
ਜਿਸ ਨੋ ਨਦਰਿ ਕਰੇ ਸੋ ਪਾਏ ॥
ਸਾਚਾ ਸਬਦੁ ਵਸੈ ਮਨਿ ਆਏ ॥
ਨਾਨਕ ਨਾਮਿ ਰਤੇ ਨਿਰੰਕਾਰੀ ਦਰਿ ਸਾਚੈ ਸਾਚੁ ਪਛਾਤਾ ਹੇ ॥੧੬॥੮॥੧੦੫੧॥

(ਆਪੇ=ਪ੍ਰਭੂ ਨੇ ਆਪ ਹੀ, ਆਪੁ=ਆਪਣੇ ਆਪ ਨੂੰ, ਉਪਾਇ=
ਪੈਦਾ ਕਰ ਕੇ, ਉਪੰਨਾ=ਪਰਗਟ ਹੋਇਆ ਹੈ, ਮਹਿ=ਵਿਚ,
ਪਰਛੰਨਾ=ਗੁਪਤ, ਸਾਰ=ਸੰਭਾਲ, ਜਗ ਜੀਵਨੁ=ਜਗਤ ਦਾ
ਆਸਰਾ ਪ੍ਰਭੂ, ਜਿਨਿ=ਜਿਸ ਨੇ, ਮਹੇਸੁ=ਸ਼ਿਵ, ਸਿਰਿ ਸਿਰਿ=
ਹਰੇਕ ਦੇ ਸਿਰ ਉੱਤੇ, ਆਵਾਗਉਣੁ=ਆਉਣਾ ਜਾਣਾ,ਜੰਮਣਾ
ਮਰਨਾ, ਚਿਤੈ=ਚਿਤਵਦਾ ਹੈ, ਥਿਰੁ=ਟਿਕਿਆ ਰਹਿਣ ਵਾਲਾ,
ਸਦ=ਸਦਾ, ਇਕਿ=ਕਈ, ਮੂਲਿ=ਮੁੱਢ ਵਿਚ, ਓਨੀ=ਉਹਨਾਂ ਨੇ,
ਡਾਲੀ=ਡਾਲੀਆਂ ਵਿਚ, ਕਉ=ਨੂੰ, ਬੋਲਹਿ=ਬੋਲਦੇ ਹਨ, ਅੰਮ੍ਰਿਤ
ਬਾਤਾ=ਆਤਮਕ ਜੀਵਨ ਦੇਣ ਵਾਲੀਆਂ ਗੱਲਾਂ, ਤੋਲਹਿ=ਤੂੰ
ਜਾਂਚਦਾ ਤੋਲਦਾ ਹੈਂ, ਜਾ=ਜਾਂ,ਜਦੋਂ, ਤੁਧੁ ਭਾਣਾ=ਤੈਨੂੰ ਚੰਗੇ ਲੱਗੇ,
ਕਾਰੈ=ਕਾਰ ਵਿਚ, ਛੋਡਿ=ਛੱਡ ਕੇ, ਨਿਰਮਲੁ=ਪਵਿੱਤਰ, ਕੈ
ਸਬਦਿ=ਦੇ ਸ਼ਬਦ ਦੀ ਰਾਹੀਂ, ਦੇਖਾ=ਦੇਖਾਂ, ਦੂਜੀ=ਮਾਇਆ
ਦੀ ਝਾਕ ਵਾਲੀ, ਦੁਰਮਤਿ=ਖੋਟੀ ਮਤਿ, ਸਮਾਣਾ=ਲੀਨ ਹੈ,
ਰੰਗਿ=ਮੌਜ ਵਿਚ, ਰਾਤਾ=ਮਸਤ, ਕਾਇਆ ਕਮਲੁ=ਸਰੀਰ
ਵਿਚ ਦਾ ਹਿਰਦਾ-ਕੌਲ ਫੁੱਲ, ਇਆਣਾ=ਬੇ-ਸਮਝ, ਪਰਸਾਦੀ=
ਕਿਰਪਾ ਨਾਲ, ਕੋਟ=ਕਿਲ੍ਹਾ, ਸਰੀਰ-ਕਿਲ੍ਹਾ, ਕੋਟ ਗਹੀ ਕੇ
ਪਾਪ=ਸਰੀਰ ਨੂੰ ਗ੍ਰਸਣ ਵਾਲੇ ਪਾਪ, ਨਿਵਾਰੇ=ਦੂਰ ਕਰ ਲੈਂਦਾ
ਹੈ, ਰਾਖੈ=ਰੱਖਦਾ ਹੈ, ਉਰ ਧਾਰੇ=ਹਿਰਦੇ ਵਿਚ ਟਿਕਾ ਕੇ, ਰੰਗੁ
ਮਜੀਠੈ=ਮਜੀਠ ਦਾ ਰੰਗ, ਰਾਤਾ=ਰੱਤਾ ਹੋਇਆ, ਠਉਰ=ਟਿਕਾਣਾ,
ਸਾਲਾਹੇ=ਸਿਫ਼ਤਿ-ਸਾਲਾਹ ਕਰਦਾ ਹੈ, ਸਬਾਏ=ਸਾਰੇ, ਸੇਵੇ=
ਸੇਵਾ-ਭਗਤੀ ਕਰਦਾ ਹੈ, ਜਹ=ਜਿੱਥੇ, ਨਾਮੋ ਨਾਮੁ=ਨਾਮ ਹੀ
ਨਾਮ, ਬਿਨੁ ਨੀਰਾ=ਪਾਣੀ ਤੋਂ ਬਿਨਾ ਹੀ, ਆਵਹਿ=ਜੰਮਦੇ ਹਨ,
ਜਾਵਹਿ=ਮਰ ਜਾਂਦੇ ਹਨ, ਨਹੀ ਬੂਝਹਿ=ਕਦਰ ਨਹੀਂ ਸਮਝਦੇ,
ਬੂਝ=ਸਮਝ, ਮੁਕਤਿ=ਵਿਕਾਰਾਂ ਤੋਂ ਖ਼ਲਾਸੀ, ਸਹਜਿ=ਆਤਮਕ
ਅਡੋਲਤਾ ਵਿਚ, ਰੰਗਿ=ਪ੍ਰੇਮ-ਰੰਗ ਵਿਚ, ਢਹਿ=ਢਹ ਕੇ, ਚੂਕੈ=
ਮੁੱਕਦੀ, ਫੇਰੀ=ਜਨਮ ਮਰਨ ਦਾ ਗੇੜ, ਸਾਚੁ ਪਛਾਤਾ=ਸਦਾ-ਥਿਰ
ਪ੍ਰਭੂ ਨਾਲ ਸਾਂਝ ਪਾ ਲਈ)

28. ਜਾਤਿ ਕਾ ਗਰਬੁ ਨ ਕਰੀਅਹੁ ਕੋਈ

ਜਾਤਿ ਕਾ ਗਰਬੁ ਨ ਕਰੀਅਹੁ ਕੋਈ ॥
ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ ॥੧॥
ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ ॥
ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ ॥੧॥ਰਹਾਉ ॥
ਚਾਰੇ ਵਰਨ ਆਖੈ ਸਭੁ ਕੋਈ ॥
ਬ੍ਰਹਮੁ ਬਿੰਦ ਤੇ ਸਭ ਓਪਤਿ ਹੋਈ ॥੨॥
ਮਾਟੀ ਏਕ ਸਗਲ ਸੰਸਾਰਾ ॥
ਬਹੁ ਬਿਧਿ ਭਾਂਡੇ ਘੜੈ ਕੁਮ੍ਹ੍ਹਾਰਾ ॥੩॥
ਪੰਚ ਤਤੁ ਮਿਲਿ ਦੇਹੀ ਕਾ ਆਕਾਰਾ ॥
ਘਟਿ ਵਧਿ ਕੋ ਕਰੈ ਬੀਚਾਰਾ ॥੪॥
ਕਹਤੁ ਨਾਨਕ ਇਹੁ ਜੀਉ ਕਰਮ ਬੰਧੁ ਹੋਈ ॥
ਬਿਨੁ ਸਤਿਗੁਰ ਭੇਟੇ ਮੁਕਤਿ ਨ ਹੋਈ ॥੫॥੧॥੧੧੨੭-੧੧੨੮॥

(ਗਰਬੁ=ਅਹੰਕਾਰ, ਬ੍ਰਹਮੁ=ਪਰਮਾਤਮਾ, ਬਿੰਦੇ=
ਜਾਣਦਾ ਹੈ, ਵਿਕਾਰਾ=ਭੈੜ, ਚਾਰੇ=ਚਾਰ ਹੀ,
ਵਰਨ=ਬ੍ਰਾਹਮਣ, ਖੱਤ੍ਰੀ, ਵੈਸ਼, ਸ਼ੂਦਰ, ਤੇ=ਤੋਂ,
ਬ੍ਰਹਮੁ ਬਿੰਦ ਤੇ=ਪਰਮਾਤਮਾ ਦੀ ਜੋਤਿ-ਰੂਪ
ਅਸਲੇ ਤੋਂ, ਓਪਤਿ=ਉਤਪੱਤੀ, ਘਟਿ=ਥੋੜ੍ਹੇ,
ਕਹਤੁ=ਆਖਦਾ ਹੈ, ਜੀਉ=ਜੀਵ, ਕਰਮ ਬੰਧੁ=
ਆਪਣੇ ਕੀਤੇ ਕਰਮਾਂ ਦਾ ਬੱਧਾ ਹੋਇਆ,
ਭੇਟੇ=ਮਿਲਿਆਂ, ਮੁਕਤਿ=ਖ਼ਲਾਸੀ)

29. ਆਪੇ ਦੈਤ ਲਾਇ ਦਿਤੇ ਸੰਤ ਜਨਾ ਕਉ

ਆਪੇ ਦੈਤ ਲਾਇ ਦਿਤੇ ਸੰਤ ਜਨਾ ਕਉ ਆਪੇ ਰਾਖਾ ਸੋਈ ॥
ਜੋ ਤੇਰੀ ਸਦਾ ਸਰਣਾਈ ਤਿਨ ਮਨਿ ਦੁਖੁ ਨ ਹੋਈ ॥੧॥
ਜੁਗਿ ਜੁਗਿ ਭਗਤਾ ਕੀ ਰਖਦਾ ਆਇਆ ॥
ਦੈਤ ਪੁਤ੍ਰੁ ਪ੍ਰਹਲਾਦੁ ਗਾਇਤ੍ਰੀ ਤਰਪਣੁ ਕਿਛੂ ਨ ਜਾਣੈ ਸਬਦੇ ਮੇਲਿ ਮਿਲਾਇਆ ॥੧॥ਰਹਾਉ ॥
ਅਨਦਿਨੁ ਭਗਤਿ ਕਰਹਿ ਦਿਨ ਰਾਤੀ ਦੁਬਿਧਾ ਸਬਦੇ ਖੋਈ ॥
ਸਦਾ ਨਿਰਮਲ ਹੈ ਜੋ ਸਚਿ ਰਾਤੇ ਸਚੁ ਵਸਿਆ ਮਨਿ ਸੋਈ ॥੨॥
ਮੂਰਖ ਦੁਬਿਧਾ ਪੜ੍ਹਹਿ ਮੂਲੁ ਨ ਪਛਾਣਹਿ ਬਿਰਥਾ ਜਨਮੁ ਗਵਾਇਆ ॥
ਸੰਤ ਜਨਾ ਕੀ ਨਿੰਦਾ ਕਰਹਿ ਦੁਸਟੁ ਦੈਤੁ ਚਿੜਾਇਆ ॥੩॥
ਪ੍ਰਹਲਾਦੁ ਦੁਬਿਧਾ ਨ ਪੜੈ ਹਰਿ ਨਾਮੁ ਨ ਛੋਡੈ ਡਰੈ ਨ ਕਿਸੈ ਦਾ ਡਰਾਇਆ ॥
ਸੰਤ ਜਨਾ ਕਾ ਹਰਿ ਜੀਉ ਰਾਖਾ ਦੈਤੈ ਕਾਲੁ ਨੇੜਾ ਆਇਆ ॥੪॥
ਆਪਣੀ ਪੈਜ ਆਪੇ ਰਾਖੈ ਭਗਤਾਂ ਦੇਇ ਵਡਿਆਈ ॥
ਨਾਨਕ ਹਰਣਾਖਸੁ ਨਖੀ ਬਿਦਾਰਿਆ ਅੰਧੈ ਦਰ ਕੀ ਖਬਰਿ ਨ ਪਾਈ ॥੫॥੧੧॥੨੧॥੧੧੩੩॥

(ਦੈਤ=ਦੈਂਤ,ਦੁਸ਼ਟ, ਆਪੇ=ਆਪ ਹੀ, ਤਿਨ ਮਨਿ=
ਉਹਨਾਂ ਦੇ ਮਨ ਵਿਚ, ਜੁਗਿ ਜੁਗਿ=ਹਰੇਕ ਜੁਗ ਵਿਚ,
ਤਰਪਣੁ=ਪਿਤਰਾਂ ਨਿਮਿਤ ਪਾਣੀ ਅਰਪਣ ਕਰਨਾ,
ਗਾਇਤ੍ਰੀ=ਇਕ ਬੜੀ ਪਵਿਤ੍ਰ ਤੁਕ, ਜਿਸ ਦਾ ਪਾਠ
ਹਰੇਕ ਬ੍ਰਾਹਮਣ ਸਵੇਰੇ ਸ਼ਾਮ ਕਰਦਾ ਹੈ, ਅਨਦਿਨੁ=
ਹਰ ਰੋਜ਼,ਹਰ ਵੇਲੇ, ਦੁਬਿਧਾ=ਮੇਰ-ਤੇਰ, ਖੋਈ=ਮੁਕਾ
ਲਈ, ਨਿਰਮਲ=ਪਵਿੱਤਰ, ਰਾਤੇ=ਰੰਗੇ ਹੋਏ, ਦੁਬਿਧਾ
ਪੜ੍ਹਹਿ=ਵਿਤਕਰੇ ਪੈਦਾ ਕਰਨ ਵਾਲੀ ਵਿੱਦਿਆ ਪੜ੍ਹਦੇ
ਹਨ, ਮੂਲੁ=ਜਗਤ ਦਾ ਪੈਦਾ ਕਰਨ ਵਾਲਾ, ਬਿਰਥਾ=
ਵਿਅਰਥ, ਚਿੜਾਇਆ=ਚੁੱਕਿਆ, ਨਖੀ=ਨਖੀਂ,ਨਹੁੰਆਂ
ਨਾਲ, ਬਿਦਾਰਿਆ=ਚੀਰ ਦਿੱਤਾ, ਅੰਧੈ=ਅਹੰਕਾਰ ਵਿਚ
ਅੰਨ੍ਹੇ ਹੋ ਚੁਕੇ ਨੇ, ਦਰ=ਪਰਮਾਤਮਾ ਦਾ ਦਰ, ਖਬਰਿ=ਸੂਝ)