ਸ਼ਬਦ ਗੁਰੂ ਅਰਜਨ ਦੇਵ ਜੀ

ਵਿਕੀਸਰੋਤ ਤੋਂ
MF-Warburg (ਗੱਲ-ਬਾਤ | ਯੋਗਦਾਨ) (2 ਸੁਧਾਈਆਂ ਦੀ ਦਰਾਮਦ ਹੋਈ: from oldWikisource) ਦੁਆਰਾ ਕੀਤਾ ਗਿਆ 20:32, 27 ਅਪਰੈਲ 2017 ਦਾ ਦੁਹਰਾਅ




ਸ਼ਬਦ ਗੁਰੂ ਅਰਜਨ ਦੇਵ ਜੀ
1. ਕਿਆ ਤੂ ਰਤਾ ਦੇਖਿ ਕੈ

ਕਿਆ ਤੂ ਰਤਾ ਦੇਖਿ ਕੈ ਪੁਤ੍ਰ ਕਲਤ੍ਰ ਸੀਗਾਰ ॥
ਰਸ ਭੋਗਹਿ ਖੁਸੀਆ ਕਰਹਿ ਮਾਣਹਿ ਰੰਗ ਅਪਾਰ ॥
ਬਹੁਤੁ ਕਰਹਿ ਫੁਰਮਾਇਸੀ ਵਰਤਹਿ ਹੋਇ ਅਫਾਰ ॥
ਕਰਤਾ ਚਿਤਿ ਨ ਆਵਈ ਮਨਮੁਖ ਅੰਧ ਗਵਾਰ ॥1॥
ਮੇਰੇ ਮਨ ਸੁਖਦਾਤਾ ਹਰਿ ਸੋਇ ॥
ਗੁਰ ਪਰਸਾਦੀ ਪਾਈਐ ਕਰਮਿ ਪਰਾਪਤਿ ਹੋਇ ॥1॥ ਰਹਾਉ ॥
ਕਪੜਿ ਭੋਗਿ ਲਪਟਾਇਆ ਸੁਇਨਾ ਰੁਪਾ ਖਾਕੁ ॥
ਹੈਵਰ ਗੈਵਰ ਬਹੁ ਰੰਗੇ ਕੀਏ ਰਥ ਅਥਾਕ ॥
ਕਿਸ ਹੀ ਚਿਤਿ ਨ ਪਾਵਹੀ ਬਿਸਰਿਆ ਸਭ ਸਾਕ ॥
ਸਿਰਜਣਹਾਰਿ ਭੁਲਾਇਆ ਵਿਣੁ ਨਾਵੈ ਨਾਪਾਕ ॥2॥
ਲੈਦਾ ਬਦ ਦੁਆਇ ਤੂੰ ਮਾਇਆ ਕਰਹਿ ਇਕਤ ॥
ਜਿਸ ਨੋ ਤੂੰ ਪਤੀਆਇਦਾ ਸੋ ਸਣੁ ਤੁਝੈ ਅਨਿਤ ॥
ਅਹੰਕਾਰੁ ਕਰਹਿ ਅਹੰਕਾਰੀਆ ਵਿਆਪਿਆ ਮਨ ਕੀ ਮਤਿ ॥
ਤਿਨਿ ਪ੍ਰਭਿ ਆਪਿ ਭੁਲਾਇਆ ਨਾ ਤਿਸੁ ਜਾਤਿ ਨ ਪਤਿ ॥3॥
ਸਤਿਗੁਰਿ ਪੁਰਖਿ ਮਿਲਾਇਆ ਇਕੋ ਸਜਣੁ ਸੋਇ ॥
ਹਰਿ ਜਨ ਕਾ ਰਾਖਾ ਏਕੁ ਹੈ ਕਿਆ ਮਾਣਸ ਹਉਮੈ ਰੋਇ ॥
ਜੋ ਹਰਿ ਜਨ ਭਾਵੈ ਸੋ ਕਰੇ ਦਰਿ ਫੇਰੁ ਨ ਪਾਵੈ ਕੋਇ ॥
ਨਾਨਕ ਰਤਾ ਰੰਗਿ ਹਰਿ ਸਭ ਜਗ ਮਹਿ ਚਾਨਣੁ ਹੋਇ ॥4॥1॥71॥42॥

(ਰਤਾ=ਰੱਤਾ,ਮਸਤ, ਭੋਗਹਿ=ਤੂੰ ਭੋਗਦਾ ਹੈਂ, ਅਪਾਰ=ਬੇਅੰਤ,
ਫੁਰਮਾਇਸੀ=ਹੁਕਮ, ਅਫਾਰ=ਅਹੰਕਾਰੀ, ਚਿਤਿ=ਚਿੱਤ ਵਿਚ,
ਸੋਇ=ਉਹ ਹੀ, ਗੁਰੁ ਪਰਸਾਦੀ=ਗੁਰੂ ਦੀ ਕਿਰਪਾ ਨਾਲ, ਕਰਮਿ=
ਮਿਹਰ ਨਾਲ, ਕਪੜਿ=ਕੱਪੜੇ ਵਿਚ, ਭੋਗਿ=ਖਾਣ ਵਿਚ, ਲਪਟਾਇਆ=
ਫਸਿਆ ਹੋਇਆ, ਰੁਪਾ=ਚਾਂਦੀ, ਖਾਕੁ=ਧਰਤੀ, ਹੈਵਰ=ਵਧੀਆ ਘੋੜੇ,
ਗੈਵਰ=ਵਧੀਆ ਹਾਥੀ, ਅਥਾਕ=ਅਥੱਕ, ਪਾਵਹੀ=ਤੂੰ ਪਾਂਦਾ, ਸਾਕ=
ਸਨਬੰਧੀ, ਸਿਰਜਣਹਾਰਿ=ਸਿਰਜਨਹਾਰ ਨੇ, ਨਾਪਾਕ=ਗੰਦਾ,ਮਲੀਨ,
ਬਦ ਦੁਆਇ=ਬਦ ਅਸੀਸਾਂ, ਇਕਤ=ਇਕਤ੍ਰ,ਇਕੱਠੀ, ਪਤੀਆਇਦਾ=
ਖ਼ੁਸ਼ ਕਰਦਾ ਹੈਂ, ਸਣੁ=ਸਮੇਤ, ਤੁਝੈ=ਤੇਰੇ ਸਮੇਤ, ਅਨਿਤ=ਨਾਹ ਨਿੱਤ
ਰਹਿਣ ਵਾਲਾ,ਨਾਸਵੰਤ, ਵਿਆਪਿਆ=ਫਸਿਆ ਹੋਇਆ, ਤਿਨਿ=ਉਸ
ਨੇ, ਤਿਨਿ ਪ੍ਰਭਿ=ਉਸ ਪ੍ਰਭੂ ਨੇ, ਪਤਿ=ਇੱਜ਼ਤ, ਸਤਿਗੁਰਿ ਪੁਰਖਿ=ਅਕਾਲ
ਪੁਰਖ ਦੇ ਰੂਪ ਗੁਰੂ ਨੇ, ਮਾਣਸ=ਮਨੁੱਖ, ਰੋਇ=ਰੋਂਦਾ ਹੈ, ਦਰਿ=ਦਰ ਤੇ,
ਫੇਰੁ=ਮੋੜਾ, ਰੰਗਿ=ਪ੍ਰੇਮ ਵਿਚ)

2. ਸਭੇ ਥੋਕ ਪਰਾਪਤੇ

ਸਭੇ ਥੋਕ ਪਰਾਪਤੇ ਜੇ ਆਵੈ ਇਕੁ ਹਥਿ ॥
ਜਨਮੁ ਪਦਾਰਥੁ ਸਫਲੁ ਹੈ ਜੇ ਸਚਾ ਸਬਦੁ ਕਥਿ ॥
ਗੁਰ ਤੇ ਮਹਲੁ ਪਰਾਪਤੇ ਜਿਸੁ ਲਿਖਿਆ ਹੋਵੈ ਮਥਿ ॥1॥
ਮੇਰੇ ਮਨ ਏਕਸ ਸਿਉ ਚਿਤੁ ਲਾਇ ॥
ਏਕਸ ਬਿਨੁ ਸਭ ਧੰਧੁ ਹੈ ਸਭ ਮਿਥਿਆ ਮੋਹੁ ਮਾਇ ॥1॥ ਰਹਾਉ ॥
ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ ॥
ਨਿਮਖ ਏਕ ਹਰਿ ਨਾਮੁ ਦੇਇ ਮੇਰਾ ਮਨੁ ਤਨੁ ਸੀਤਲੁ ਹੋਇ ॥
ਜਿਸ ਕਉ ਪੂਰਬਿ ਲਿਖਿਆ ਤਿਨਿ ਸਤਿਗੁਰ ਚਰਨ ਗਹੇ ॥2॥
ਸਫਲ ਮੂਰਤੁ ਸਫਲਾ ਘੜੀ ਜਿਤੁ ਸਚੇ ਨਾਲਿ ਪਿਆਰੁ ॥
ਦੂਖੁ ਸੰਤਾਪੁ ਨ ਲਗਈ ਜਿਸੁ ਹਰਿ ਕਾ ਨਾਮੁ ਅਧਾਰੁ ॥
ਬਾਹ ਪਕੜਿ ਗੁਰਿ ਕਾਢਿਆ ਸੋਈ ਉਤਰਿਆ ਪਾਰਿ ॥3॥
ਥਾਨੁ ਸੁਹਾਵਾ ਪਵਿਤੁ ਹੈ ਜਿਥੈ ਸੰਤ ਸਭਾ ॥
ਢੋਈ ਤਿਸ ਹੀ ਨੋ ਮਿਲੈ ਜਿਨਿ ਪੂਰਾ ਗੁਰੂ ਲਭਾ ॥
ਨਾਨਕ ਬਧਾ ਘਰੁ ਤਹਾਂ ਜਿਥੈ ਮਿਰਤੁ ਨ ਜਨਮੁ ਜਰਾ ॥4॥6॥76॥44॥

(ਥੋਕ=ਪਦਾਰਥ,ਚੀਜ਼ਾਂ, ਹਥਿ ਆਵੈ=ਮਿਲ ਜਾਏ, ਜਨਮੁ ਪਦਾਰਥੁ=
ਕੀਮਤੀ ਮਨੁੱਖਾ ਜਨਮ, ਸਫਲੁ=ਫਲ ਸਹਿਤ,ਕਾਮਯਾਬ, ਕਥਿ=ਕਥੀਂ,
ਮੈਂ ਉਚਾਰਾਂ, ਸਚਾ=ਸਦਾ-ਥਿਰ ਰਹਿਣ ਵਾਲਾ, ਮਹਲੁ=ਨਿਵਾਸ, ਜਿਸੁ
ਮਥਿ=ਜਿਸ ਦੇ ਮੱਥੇ ਉੱਤੇ, ਏਕਸ ਸਿਉ=ਸਿਰਫ਼ ਇੱਕ ਨਾਲ, ਧੰਧੁ=
ਜੰਜਾਲ, ਮੋਹੁ ਮਾਇ=ਮਾਇਆ ਦਾ ਮੋਹ, ਨਦਰਿ=ਮਿਹਰ ਦੀ ਨਿਗਾਹ,
ਨਿਮਖ=ਅੱਖ ਝਮਕਣ ਜਿੰਨਾ ਸਮਾਂ, ਸੀਤਲੁ=ਠੰਢਾ,ਸ਼ਾਂਤ, ਪੂਰਬਿ=
ਪਹਿਲੇ ਜਨਮ ਵਿਚ, ਤਿਨਿ=ਉਸ ਨੇ, ਗਹੇ=ਫੜ ਲਏ, ਮੂਰਤੁ=ਸਮਾਂ,
ਮੂਰਤਿ=ਸਰੂਪ, ਜਿਤੁ=ਜਿਸ ਵਿਚ, ਲਗਈ=ਲੱਗੇ, ਅਧਾਰੁ=ਆਸਰਾ,
ਗੁਰਿ=ਗੁਰੂ ਨੇ, ਸੰਤ ਸਭਾ=ਸਾਧ ਸੰਗਤਿ, ਢੋਈ=ਆਸਰਾ, ਨੋ=ਨੂੰ,
ਜਿਨਿ=ਜਿਸ ਨੇ, ਬਧਾ ਘਰੁ=ਪੱਕਾ ਟਿਕਾਣਾ ਬਣਾ ਲਿਆ, ਮਿਰਤੁ=
ਆਤਮਕ ਮੌਤ, ਜਨਮੁ=ਜਨਮ-ਮਰਨ ਦਾ ਗੇੜ, ਜਰਾ=ਬੁਢੇਪਾ)

3. ਮਿਠਾ ਕਰਿ ਕੈ ਖਾਇਆ

ਮਿਠਾ ਕਰਿ ਕੈ ਖਾਇਆ ਕਉੜਾ ਉਪਜਿਆ ਸਾਦੁ ॥
ਭਾਈ ਮੀਤ ਸੁਰਿਦ ਕੀਏ ਬਿਖਿਆ ਰਚਿਆ ਬਾਦੁ ॥
ਜਾਂਦੇ ਬਿਲਮ ਨ ਹੋਵਈ ਵਿਣੁ ਨਾਵੈ ਬਿਸਮਾਦੁ ॥1॥
ਮੇਰੇ ਮਨ ਸਤਗੁਰ ਕੀ ਸੇਵਾ ਲਾਗੁ ॥
ਜੋ ਦੀਸੈ ਸੋ ਵਿਣਸਣਾ ਮਨ ਕੀ ਮਤਿ ਤਿਆਗੁ ॥1॥ ਰਹਾਉ ॥
ਜਿਉ ਕੂਕਰੁ ਹਰਕਾਇਆ ਧਾਵੈ ਦਹ ਦਿਸ ਜਾਇ ॥
ਲੋਭੀ ਜੰਤੁ ਨ ਜਾਣਈ ਭਖੁ ਅਭਖੁ ਸਭ ਖਾਇ ॥
ਕਾਮ ਕ੍ਰੋਧ ਮਦਿ ਬਿਆਪਿਆ ਫਿਰਿ ਫਿਰਿ ਜੋਨੀ ਪਾਇ ॥2॥
ਮਾਇਆ ਜਾਲੁ ਪਸਾਰਿਆ ਭੀਤਰਿ ਚੋਗ ਬਣਾਇ ॥
ਤ੍ਰਿਸਨਾ ਪੰਖੀ ਫਾਸਿਆ ਨਿਕਸੁ ਨ ਪਾਏ ਮਾਇ ॥
ਜਿਨਿ ਕੀਤਾ ਤਿਸਹਿ ਨ ਜਾਣਈ ਫਿਰਿ ਫਿਰਿ ਆਵੈ ਜਾਇ ॥3॥
ਅਨਿਕ ਪ੍ਰਕਾਰੀ ਮੋਹਿਆ ਬਹੁ ਬਿਧਿ ਇਹੁ ਸੰਸਾਰੁ ॥
ਜਿਸ ਨੋ ਰਖੈ ਸੋ ਰਹੈ ਸੰਮ੍ਰਿਥੁ ਪੁਰਖੁ ਅਪਾਰੁ ॥
ਹਰਿ ਜਨ ਹਰਿ ਲਿਵ ਉਧਰੇ ਨਾਨਕ ਸਦ ਬਲਿਹਾਰੁ ॥4॥21॥91॥50॥

(ਉਪਜਿਆ=ਪੈਦਾ ਹੋਇਆ, ਸਾਦੁ=ਸੁਆਦ,ਸਿੱਟਾ,
ਸੁਰਿਦ=ਮਿੱਤਰ, ਬਿਖਿਆ=ਮਾਇਆ, ਬਾਦੁ=ਝਗੜਾ,
ਬਿਲਮ=ਦੇਰ, ਚਿਰ ਹੋਵਈ=ਹੋਵਏ, ਬਿਸਮਾਦੁ=
ਅਸਚਰਜ, ਵਿਣਸਣਾ=ਨਾਸਵੰਤ, ਕੂਕਰੁ=ਕੁੱਤਾ,
ਹਰਕਾਇਆ=ਹਲਕਾ ਹੋਇਆ, ਦਹ=ਦਸ, ਦਿਸ=ਪਾਸੇ,
ਜਾਇ=ਜਾਂਦਾ ਹੈ, ਅਭਖੁ=ਜੋ ਚੀਜ਼ ਖਾਣ ਦੇ ਲਾਇਕ ਨਹੀਂ,
ਮਦਿ=ਨਸ਼ੇ ਵਿਚ, ਬਿਆਪਿਆ=ਫਸਿਆ ਹੋਇਆ,
ਪਸਾਰਿਆ=ਖਿਲਾਰਿਆ, ਭੀਤਰਿ=ਵਿਚ, ਫਾਸਿਆ=
ਫਸਾਇਆ ਹੋਇਆ, ਨਿਕਸੁ=ਨਿਕਾਸ,ਖ਼ਲਾਸੀ, ਜਿਨਿ=
ਜਿਸ ਨੇ, ਬਹੁ ਬਿਧਿ=ਬਹੁਤ ਤਰੀਕਿਆਂ ਨਾਲ, ਸੰਮ੍ਰਿਥੁ=
ਤਾਕਤ ਵਾਲਾ, ਅਪਾਰੁ=ਬੇਅੰਤ, ਉਧਰੇ=ਬਚ ਗਏ)

4. ਤਿਚਰੁ ਵਸਹਿ ਸੁਹੇਲੜੀ

ਤਿਚਰੁ ਵਸਹਿ ਸੁਹੇਲੜੀ ਜਿਚਰੁ ਸਾਥੀ ਨਾਲਿ ॥
ਜਾ ਸਾਥੀ ਉਠੀ ਚਲਿਆ ਤਾ ਧਨ ਖਾਕੂ ਰਾਲਿ ॥1॥
ਮਨਿ ਬੈਰਾਗੁ ਭਇਆ ਦਰਸਨੁ ਦੇਖਣੈ ਕਾ ਚਾਉ ॥
ਧੰਨੁ ਸੁ ਤੇਰਾ ਥਾਨੁ ॥1॥ ਰਹਾਉ ॥
ਜਿਚਰੁ ਵਸਿਆ ਕੰਤੁ ਘਰਿ ਜੀਉ ਜੀਉ ਸਭਿ ਕਹਾਤਿ ॥
ਜਾ ਉਠੀ ਚਲਸੀ ਕੰਤੜਾ ਤਾ ਕੋਇ ਨ ਪੁਛੈ ਤੇਰੀ ਬਾਤ ॥2॥
ਪੇਈਅੜੈ ਸਹੁ ਸੇਵਿ ਤੂੰ ਸਾਹੁਰੜੈ ਸੁਖਿ ਵਸੁ ॥
ਗੁਰ ਮਿਲਿ ਚਜੁ ਅਚਾਰੁ ਸਿਖੁ ਤੁਧੁ ਕਦੇ ਨ ਲਗੈ ਦੁਖੁ ॥3॥
ਸਭਨਾ ਸਾਹੁਰੈ ਵੰਞਣਾ ਸਭਿ ਮੁਕਲਾਵਣਹਾਰ ॥
ਨਾਨਕ ਧੰਨੁ ਸੋਹਾਗਣੀ ਜਿਨ ਸਹ ਨਾਲਿ ਪਿਆਰੁ ॥4॥23॥93॥50॥

(ਤਿਚਰੁ=ਉਤਨਾ ਚਿਰ, ਵਸਹਿ=ਤੂੰ ਵੱਸੇਂਗੀ, ਸੁਹੇਲੜੀ=
ਸੌਖੀ, ਸਾਥੀ=ਜੀਵਾਤਮਾ,ਸਾਥੀ, ਜਾ=ਜਦੋਂ, ਧਨ=ਹੇ ਧਨ,
ਹੇ ਕਾਇਆਂ, ਖਾਕੂ ਰਾਲਿ=ਮਿੱਟੀ ਵਿਚ ਰਲ ਗਈ,
ਮਨਿ=ਮਨ ਵਿਚ, ਬੈਰਾਗੁ=ਪ੍ਰੇਮ, ਧੰਨੁ=ਭਾਗਾਂ ਵਾਲਾ,
ਸੁ=ਉਹ, ਥਾਨੁ=ਨਿਵਾਸ, ਘਰਿ=ਘਰ ਵਿਚ, ਕੰਤੁ=ਖਸਮ,
ਜੀਉ ਜੀਉ=ਜੀ ਜੀ, ਉਠੀ=ਉਠਿ,ਉੱਠ ਕੇ, ਚਲਸੀ=
ਚਲਾ ਜਾਇਗਾ, ਕੰਤੜਾ=ਵਿਚਾਰਾ ਕੰਤ, ਪੇਈਅੜੈ=ਪੇਕੇ
ਘਰ ਵਿਚ,ਇਸ ਲੋਕ ਵਿਚ, ਸਹੁ=ਖਸਮ, ਸੇਵਿ=ਸਿਮਰ,
ਸਾਹੁਰੜੈ=ਸਹੁਰੇ ਘਰ ਵਿਚ,ਪਰਲੋਕ ਵਿਚ, ਸੁਖਿ=ਸੁਖ
ਨਾਲ, ਗੁਰ ਮਿਲਿ=ਗੁਰੂ ਨੂੰ ਮਿਲ ਕੇ, ਚਜੁ=ਕੰਮ ਕਰਨ
ਦੀ ਜਾਚ, ਅਚਾਰੁ=ਚੰਗਾ,ਚਲਨ, ਸਿਖੁ=ਸਿੱਖੁ, ਵੰਞਣਾ=
ਜਾਣਾ, ਸਭਿ=ਸਾਰੀਆਂ, ਸਹ ਨਾਲਿ=ਖਸਮ ਦੇ ਨਾਲ)

5. ਮੇਰਾ ਮਨੁ ਲੋਚੈ

ਮੇਰਾ ਮਨੁ ਲੋਚੈ ਗੁਰ ਦਰਸਨ ਤਾਈ ॥
ਬਿਲਪ ਕਰੇ ਚਾਤ੍ਰਿਕ ਕੀ ਨਿਆਈ ॥
ਤ੍ਰਿਖਾ ਨ ਉਤਰੈ ਸਾਂਤਿ ਨ ਆਵੈ ਬਿਨੁ ਦਰਸਨ ਸੰਤ ਪਿਆਰੇ ਜੀਉ ॥1॥
ਹਉ ਘੋਲੀ ਜੀਉ ਘੋਲਿ ਘੁਮਾਈ ਗੁਰ ਦਰਸਨ ਸੰਤ ਪਿਆਰੇ ਜੀਉ ॥1॥ਰਹਾਉ ॥
ਤੇਰਾ ਮੁਖੁ ਸੁਹਾਵਾ ਜੀਉ ਸਹਜ ਧੁਨਿ ਬਾਣੀ ॥
ਚਿਰੁ ਹੋਆ ਦੇਖੇ ਸਾਰਿੰਗਪਾਣੀ ॥
ਧੰਨੁ ਸੁ ਦੇਸੁ ਜਹਾ ਤੂੰ ਵਸਿਆ ਮੇਰੇ ਸਜਣ ਮੀਤ ਮੁਰਾਰੇ ਜੀਉ ॥2॥
ਹਉ ਘੋਲੀ ਹਉ ਘੋਲਿ ਘੁਮਾਈ ਗੁਰ ਸਜਣ ਮੀਤ ਮੁਰਾਰੇ ਜੀਉ ॥1॥ਰਹਾਉ ॥
ਇਕ ਘੜੀ ਨ ਮਿਲਤੇ ਤਾ ਕਲਿਜੁਗੁ ਹੋਤਾ ॥
ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ ॥
ਮੋਹਿ ਰੈਣਿ ਨ ਵਿਹਾਵੈ ਨੀਦ ਨ ਆਵੈ ਬਿਨੁ ਦੇਖੇ ਗੁਰ ਦਰਬਾਰੇ ਜੀਉ ॥3॥
ਹਉ ਘੋਲੀ ਜੀਉ ਘੋਲਿ ਘੁਮਾਈ ਤਿਸੁ ਸਚੇ ਗੁਰ ਦਰਬਾਰੇ ਜੀਉ ॥1॥ਰਹਾਉ ॥
ਭਾਗੁ ਹੋਆ ਗੁਰਿ ਸੰਤੁ ਮਿਲਾਇਆ ॥
ਪ੍ਰਭੁ ਅਬਿਨਾਸੀ ਘਰ ਮਹਿ ਪਾਇਆ ॥
ਸੇਵ ਕਰੀ ਪਲੁ ਚਸਾ ਨ ਵਿਛੁੜਾ ਜਨ ਨਾਨਕ ਦਾਸ ਤੁਮਾਰੇ ਜੀਉ ॥4॥
ਹਉ ਘੋਲੀ ਜੀਉ ਘੋਲਿ ਘੁਮਾਈ ਜਨ ਨਾਨਕ ਦਾਸ ਤੁਮਾਰੇ ਜੀਉ॥ਰਹਾਉ॥1॥8॥96॥

(ਲੋਚੈ=ਲੋਚਦਾ ਹੈ,ਤਾਂਘਦਾ ਹੈ, ਤਾਈ=ਤਾਈਂ, ਵਾਸਤੇ, ਬਿਲਪ=ਵਿਰਲਾਪ,
ਨਿਆਈ=ਨਿਆਈਂ,ਵਾਂਗ, ਤ੍ਰਿਖਾ=ਤ੍ਰੇਹ, ਹਉ=ਮੈਂ, ਘੋਲੀ=ਸਦਕੇ, ਘੋਲਿ
ਘੁਮਾਈ=ਸਦਕੇ,ਕੁਰਬਾਨ, ਸੁਹਾਵਾ=ਸੁਖ ਦੇਣ ਵਾਲਾ, ਸਹਜ ਧੁਨਿ=ਆਤਮਕ
ਅਡੋਲਤਾ ਦੀ ਰੌ ਪੈਦਾ ਕਰਨ ਵਾਲੀ, ਬਾਣੀ=ਸਿਫ਼ਤਿ-ਸਾਲਾਹ, ਸਾਰਿੰਗ ਪਾਣੀ=
ਹੇ ਪਰਮਾਤਮਾ, (ਸਾਰਿੰਗ=ਧਨੁਖ, ਪਾਣੀ=ਹੱਥ), ਧਨੁਖ-ਧਾਰੀ, ਧੰਨੁ=ਭਾਗਾਂ
ਵਾਲਾ, ਦੇਸੁ=ਹਿਰਦਾ-ਦੇਸ, ਜਹਾ=ਜਿੱਥੇ, ਮੁਰਾਰੇ=ਮੁਰਾਰੀ, (ਮੁਰ+ਅਰਿ)
'ਮੁਰ' ਦੈਂਤ ਦਾ ਵੈਰੀ, ਪ੍ਰਿਅ ਭਗਵੰਤਾ=ਹੇ ਪਿਆਰੇ ਭਗਵਾਨ, ਤੁਧੁ=ਤੈਨੂੰ,
ਮੋਹਿ=ਮੇਰੀ, ਰੈਣਿ=ਰਾਤ, ਨੀਦ=ਸ਼ਾਂਤੀ, ਸਚੇ=ਸਦਾ-ਥਿਰ ਰਹਿਣ ਵਾਲੇ,
ਭਾਗੁ ਹੋਆ=ਕਿਸਮਤਿ ਜਾਗ ਪਈ ਹੈ, ਸੰਤੁ=ਸ਼ਾਂਤ-ਮੂਰਤੀ ਪ੍ਰਭੂ, ਅਬਿਨਾਸੀ=
ਨਾਸ-ਰਹਿਤ, ਘਰ ਮਹਿ=ਹਿਰਦੇ ਵਿਚ, ਕਰੀ=ਮੈਂ ਕਰਦਾ ਹਾਂ, ਚਸਾ=ਪਲ ਦਾ
ਤ੍ਰੀਹਵਾਂ ਹਿੱਸਾ, ਵਿਛੁੜਾ=ਵਿੱਛੁੜਾਂ,ਮੈਂ ਵਿੱਛੁੜਦਾ)

6. ਤੂੰ ਪੇਡੁ ਸਾਖ ਤੇਰੀ ਫੂਲੀ

ਤੂੰ ਪੇਡੁ ਸਾਖ ਤੇਰੀ ਫੂਲੀ ॥
ਤੂੰ ਸੂਖਮੁ ਹੋਆ ਅਸਥੂਲੀ ॥
ਤੂੰ ਜਲਨਿਧਿ ਤੂੰ ਫੇਨੁ ਬੁਦਬੁਦਾ ਤੁਧੁ ਬਿਨੁ ਅਵਰੁ ਨ ਭਾਲੀਐ ਜੀਉ ॥1॥
ਤੂੰ ਸੂਤੁ ਮਣੀਏ ਭੀ ਤੂੰਹੈ ॥
ਤੂੰ ਗੰਠੀ ਮੇਰੁ ਸਿਰਿ ਤੂੰਹੈ ॥
ਆਦਿ ਮਧਿ ਅੰਤਿ ਪ੍ਰਭੁ ਸੋਈ ਅਵਰੁ ਨ ਕੋਇ ਦਿਖਾਲੀਐ ਜੀਉ ॥2॥
ਤੂੰ ਨਿਰਗੁਣੁ ਸਰਗੁਣੁ ਸੁਖਦਾਤਾ ॥
ਤੂੰ ਨਿਰਬਾਣੁ ਰਸੀਆ ਰੰਗਿ ਰਾਤਾ ॥
ਅਪਣੇ ਕਰਤਬ ਆਪੇ ਜਾਣਹਿ ਆਪੇ ਤੁਧੁ ਸਮਾਲੀਐ ਜੀਉ ॥3॥
ਤੂੰ ਠਾਕੁਰੁ ਸੇਵਕੁ ਫੁਨਿ ਆਪੇ ॥
ਤੂੰ ਗੁਪਤੁ ਪਰਗਟੁ ਪ੍ਰਭ ਆਪੇ ॥
ਨਾਨਕ ਦਾਸੁ ਸਦਾ ਗੁਣ ਗਾਵੈ ਇਕ ਭੋਰੀ ਨਦਰਿ ਨਿਹਾਲੀਐ ਜੀਉ॥4॥21॥28॥102॥

(ਪੇਡੁ=ਰੁੱਖ, ਸਾਖ=ਸਾਖਾਂ, ਫੂਲੀ=ਫੁੱਟੀਆਂ ਹੋਈਆਂ, ਸੂਖਮੁ=
ਅਦ੍ਰਿਸ਼ਟ, ਅਸਥੂਲ=ਦ੍ਰਿਸ਼ਟਮਾਨ ਜਗਤ, ਜਲਨਿਧਿ=ਸਮੁੰਦਰ,
ਫੇਨੁ=ਝੱਗ, ਬੁਦਬੁਦਾ=ਬੁਲਬੁਲਾ, ਸੂਤੁ=ਧਾਗਾ,ਡੋਰੀ, ਮਣੀਏ=
ਮਣਕੇ, ਗੰਠੀ=ਗੰਢ, ਮੇਰੁ=ਸਿਰੇ ਦਾ ਮਣਕਾ, ਸਿਰਿ=ਸਿਰ ਉੱਤੇ,
ਆਦਿ=ਮੁੱਢ ਵਿਚ, ਮਧਿ=ਵਿਚਕਾਰ, ਅੰਤਿ=ਅਖ਼ੀਰ ਵਿਚ,
ਨਿਰਗੁਣੁ=ਮਾਇਆ ਦੇ ਤਿੰਨ ਗੁਣਾਂ ਤੋਂ ਰਹਿਤ, ਸਰਗੁਣ=ਮਾਇਆ
ਦੇ ਤਿੰਨ ਗੁਣਾਂ ਵਾਲਾ, ਨਿਰਬਾਣੁ=ਵਾਸਨਾ-ਰਹਿਤ, ਰਸੀਆ=ਆਨੰਦ
ਲੈਣ ਵਾਲਾ, ਰੰਗਿ=ਮਾਇਆ ਦੇ ਰੰਗ ਵਿਚ, ਸਮਾਲੀਐ=ਸੰਭਾਲਦਾ,
ਫੁਨਿ=ਫਿਰ, ਮੁੜ ਭੀ, ਆਪੇ=ਆਪ ਹੀ, ਇਕ ਭੋਰੀ=ਥੋੜ੍ਹਾ ਸਮਾਂ ਹੀ,
ਨਿਹਾਲੀਐ=ਵੇਖੋ)

7. ਤੂੰ ਮੇਰਾ ਪਿਤਾ

ਤੂੰ ਮੇਰਾ ਪਿਤਾ ਤੂੰਹੈ ਮੇਰਾ ਮਾਤਾ ॥
ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ ॥
ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕੇਹਾ ਕਾੜਾ ਜੀਉ ॥1॥
ਤੁਮਰੀ ਕ੍ਰਿਪਾ ਤੇ ਤੁਧੁ ਪਛਾਣਾ ॥
ਤੂੰ ਮੇਰੀ ਓਟ ਤੂੰਹੈ ਮੇਰਾ ਮਾਣਾ ॥
ਤੁਝ ਬਿਨੁ ਦੂਜਾ ਅਵਰੁ ਨ ਕੋਈ ਸਭੁ ਤੇਰਾ ਖੇਲੁ ਅਖਾੜਾ ਜੀਉ ॥2॥
ਜੀਅ ਜੰਤ ਸਭਿ ਤੁਧੁ ਉਪਾਏ ॥
ਜਿਤੁ ਜਿਤੁ ਭਾਣਾ ਤਿਤੁ ਤਿਤੁ ਲਾਏ ॥
ਸਭ ਕਿਛੁ ਕੀਤਾ ਤੇਰਾ ਹੋਵੈ ਨਾਹੀ ਕਿਛੁ ਅਸਾੜਾ ਜੀਉ ॥3॥
ਨਾਮੁ ਧਿਆਇ ਮਹਾ ਸੁਖੁ ਪਾਇਆ ॥
ਹਰਿ ਗੁਣ ਗਾਇ ਮੇਰਾ ਮਨੁ ਸੀਤਲਾਇਆ ॥
ਗੁਰਿ ਪੂਰੈ ਵਜੀ ਵਾਧਾਈ ਨਾਨਕ ਜਿਤਾ ਬਿਖਾੜਾ ਜੀਉ ॥4॥24॥31॥103॥

(ਬੰਧਪੁ=ਸਨਬੰਧੀ, ਥਾਈ=ਥਾਈਂ, ਕਾੜਾ=ਚਿੰਤਾ, ਤੇ=ਤੋਂ,ਨਾਲ,
ਤੁਧੁ=ਤੈਨੂੰ, ਪਛਾਣਾ=ਮੈਂ ਪਛਾਣਦਾ ਹਾਂ, ਓਟ=ਆਸਰਾ, ਅਵਰੁ=ਹੋਰ,
ਅਖਾੜਾ=ਪਿੜ, ਸਭਿ=ਸਾਰੇ, ਤੁਧੁ=ਤੂੰ ਹੀ, ਉਪਾਏ=ਪੈਦਾ ਕੀਤੇ ਹਨ,
ਜਿਤੁ=ਜਿਸ ਪਾਸੇ, ਭਾਣਾ=ਤੈਨੂੰ ਚੰਗਾ ਲੱਗਾ, ਤਿਤੁ=ਉਸ ਵਿਚ, ਅਸਾੜਾ=
ਸਾਡਾ, ਧਿਆਇ=ਸਿਮਰ ਕੇ, ਸੀਤਲਾਇਆ=ਠੰਢਾ ਹੋ ਗਿਆ, ਗੁਰਿ ਪੂਰੈ=
ਪੂਰੇ ਗੁਰੂ ਦੀ ਰਾਹੀਂ, ਵਜੀ ਵਾਧਾਈ=ਉਤਸ਼ਾਹ ਦੀ ਹਾਲਤ ਪ੍ਰਬਲ ਹੋ ਰਹੀ ਹੈ,
(ਜਿਵੇਂ ਢੋਲ ਵੱਜਦਾ ਹੈ ਤੇ ਹੋਰ ਨਿੱਕੇ ਮੋਟੇ ਖੜਾਕ ਸੁਣੇ ਨਹੀਂ ਜਾਂਦੇ), ਬਿਖਾੜਾ=
ਬਿਖਮ ਅਖਾੜਾ,ਔਖੀ ਕੁਸ਼ਤੀ)

8. ਆਪਨ ਤਨੁ ਨਹੀ ਜਾ ਕੋ ਗਰਬਾ

ਆਪਨ ਤਨੁ ਨਹੀ ਜਾ ਕੋ ਗਰਬਾ ॥
ਰਾਜ ਮਲਿਖ ਨਹੀ ਆਪਨ ਦਰਬਾ ॥1॥
ਆਪਨ ਨਹੀ ਕਾ ਕਉ ਲਪਟਾਇਓ ॥
ਆਪਨ ਨਾਮੁ ਸਤਗੁਰ ਤੇ ਪਾਇਓ ॥1॥ਰਹਾਉ ॥
ਸੁਤ ਬਨਤਾ ਆਪਨ ਨਹੀ ਭਾਈ ॥
ਇਸਟ ਮੀਤ ਆਪ ਬਾਪੁ ਨ ਮਾਈ ॥2॥
ਸੁਇਨਾ ਰੂਪਾ ਫੁਨਿ ਨਹੀ ਦਾਮ ॥
ਹੈਵਰ ਗੈਵਰ ਆਪਨ ਨਹੀ ਕਾਮ ॥3॥
ਕਹੁ ਨਾਨਕ ਜੋ ਗੁਰਿ ਬਖਸਿ ਮਲਾਇਆ ॥
ਤਿਸ ਕਾ ਸਭੁ ਕਛੁ ਜਿਸ ਕਾ ਹਰਿ ਰਾਇਆ ॥4॥37॥106॥187॥

(ਤਨੁ=ਸਰੀਰ, ਜਾ ਕੋ=ਜਿਸ ਦਾ, ਗਰਬਾ=ਅਹੰਕਾਰ,
ਮਿਲਖ=ਜ਼ਮੀਨ, ਦਰਬਾ=ਧਨ, ਕਾ ਕਉ=ਕਿਸ ਨੂੰ,
ਲਪਟਾਇਓ=ਚੰਬੜਿਆ ਹੋਇਆ,ਮੋਹ ਕਰ ਰਿਹਾ,
ਤੇ=ਤੋਂ, ਸੁਤ=ਪੁੱਤਰ, ਬਨਿਤਾ=ਇਸਤ੍ਰੀ, ਇਸਟ=
ਪਿਆਰੇ, ਆਪ=ਆਪਣਾ, ਮਾਈ=ਮਾਂ, ਰੂਪਾ=ਚਾਂਦੀ,
ਫੁਨਿ=ਭੀ, ਦਾਮ=ਦੌਲਤ, ਹੈਵਰ=ਵਧੀਆ ਘੋੜੇ, ਗੈਵਰ=
ਵਧੀਆ ਹਾਥੀ, ਜੋ=ਜਿਸ ਨੂੰ, ਗੁਰਿ=ਗੁਰੂ ਨੇ, ਬਖਸਿ=
ਬਖ਼ਸ਼ਸ਼ ਕਰ ਕੇ)

9. ਕਰੈ ਦੁਹਕਰਮ ਦਿਖਾਵੈ ਹੋਰੁ

ਕਰੈ ਦੁਹਕਰਮ ਦਿਖਾਵੈ ਹੋਰੁ ॥
ਰਾਮ ਕੀ ਦਰਗਹ ਬਾਧਾ ਚੋਰੁ ॥1॥
ਰਾਮੁ ਰਮੈ ਸੋਈ ਰਾਮਾਣਾ ॥
ਜਲਿ ਥਲਿ ਮਹੀਅਲਿ ਏਕੁ ਸਮਾਣਾ ॥1॥ਰਹਾਉ ॥
ਅੰਤਰਿ ਬਿਖੁ ਮੁਖਿ ਅੰਮ੍ਰਿਤੁ ਸੁਣਾਵੈ ॥
ਜਮ ਪੁਰਿ ਬਾਧਾ ਚੋਟਾ ਖਾਵੈ ॥2॥
ਅਨਿਕ ਪੜਦੇ ਮਹਿ ਕਮਾਵੈ ਵਿਕਾਰ ॥
ਖਿਨ ਮਹਿ ਪ੍ਰਗਟ ਹੋਹਿ ਸੰਸਾਰ ॥3॥
ਅੰਤਰਿ ਸਾਚਿ ਨਾਮਿ ਰਸਿ ਰਾਤਾ ॥
ਨਾਨਕ ਤਿਸੁ ਕਿਰਪਾਲੁ ਬਿਧਾਤਾ ॥4॥71॥140॥194॥

(ਦੁਹਕਰਮ=ਮੰਦੇ ਕੰਮ, ਹੋਰ=ਹੋਰ ਪਾਸਾ,
ਰਮੈ=ਸਿਮਰਦਾ ਹੈ, ਰਾਮਾਣਾ=ਰਾਮ ਦਾ ਸੇਵਕ,
ਜਲਿ=ਜਲ ਵਿਚ, ਥਲਿ=ਧਰਤੀ ਵਿਚ, ਮਹੀਅਲਿ=
ਮਹੀ ਤਲਿ=ਧਰਤੀ ਦੇ ਤਲੇ ਉਤੇ,ਪੁਲਾੜ ਵਿਚ,
ਬਿਖੁ=ਜ਼ਹਰ, ਮੁਖਿ=ਮੂੰਹ ਨਾਲ, ਜਮਪੁਰਿ=ਜਮ
ਦੀ ਪੁਰੀ ਵਿਚ, ਪੁਰਿ=ਸ਼ਹਰ ਵਿਚ, ਹੋਹਿ=ਹੋ ਜਾਂਦੇ
ਹਨ, ਸਾਚਿ ਨਾਮਿ=ਸਦਾ-ਥਿਰ ਰਹਿਣ ਵਾਲੇ ਪ੍ਰਭੂ
ਦੇ ਨਾਮ ਵਿਚ, ਰਸਿ=ਰਸ ਵਿਚ, ਬਿਧਾਤਾ=
ਸਿਰਜਣਹਾਰ ਪ੍ਰਭੂ)

10. ਥਿਰੁ ਘਰਿ ਬੈਸਹੁ ਹਰਿ ਜਨ ਪਿਆਰੇ

ਥਿਰੁ ਘਰਿ ਬੈਸਹੁ ਹਰਿ ਜਨ ਪਿਆਰੇ ॥
ਸਤਿਗੁਰਿ ਤੁਮਰੇ ਕਾਜ ਸਵਾਰੇ ॥1॥ਰਹਾਉ ॥
ਦੁਸਟ ਦੂਤ ਪਰਮੇਸਰਿ ਮਾਰੇ ॥
ਜਨ ਕੀ ਪੈਜ ਰਖੀ ਕਰਤਾਰੇ ॥1॥
ਬਾਦਿਸਾਹ ਸਾਹ ਸਭ ਵਸਿ ਕਰਿ ਦੀਨੇ ॥
ਅੰਮ੍ਰਿਤ ਨਾਮ ਮਹਾ ਰਸ ਪੀਨੇ ॥2॥
ਨਿਰਭਉ ਹੋਇ ਭਜਹੁ ਭਗਵਾਨ ॥
ਸਾਧਸੰਗਤਿ ਮਿਲਿ ਕੀਨੋ ਦਾਨੁ ॥3॥
ਸਰਣਿ ਪਰੇ ਪ੍ਰਭ ਅੰਤਰਜਾਮੀ ॥
ਨਾਨਕ ਓਟ ਪਕਰੀ ਪ੍ਰਭ ਸੁਆਮੀ ॥4॥108॥201॥

(ਥਿਰੁ=ਅਡੋਲ-ਚਿੱਤ, ਘਰਿ=ਹਿਰਦੇ-ਘਰ ਵਿਚ,
ਪਰਮੇਸਰਿ=ਪਰਮੇਸਰ ਨੇ, ਜਨ ਕੀ ਪੈਜ=ਸੇਵਕ ਦੀ
ਲਾਜ, ਕਰਤਾਰੇ=ਕਰਤਾਰ ਨੇ, ਵਸਿ=ਵੱਸ ਵਿਚ,
ਪੀਨੇ=ਪੀਂਦੇ ਹਨ, ਮਿਲਿ=ਮਿਲ ਕੇ, ਕੀਨੋ=ਕੀਤਾ ਹੈ,
ਅੰਤਰਜਾਮੀ=ਹੇ ਹਰੇਕ ਦੇ ਦਿਲ ਦੀ ਜਾਣਨ ਵਾਲੇ,
ਓਟ=ਆਸਰਾ)

11. ਦੁਖ ਭੰਜਨੁ ਤੇਰਾ ਨਾਮੁ ਜੀ

ਦੁਖ ਭੰਜਨੁ ਤੇਰਾ ਨਾਮੁ ਜੀ ਦੁਖ ਭੰਜਨੁ ਤੇਰਾ ਨਾਮੁ ॥
ਆਠ ਪਹਰ ਆਰਾਧੀਐ ਪੂਰਨ ਸਤਿਗੁਰ ਗਿਆਨੁ ॥1॥ਰਹਾਉ ॥
ਜਿਤੁ ਘਟਿ ਵਸੈ ਪਾਰਬ੍ਰਹਮੁ ਸੋਈ ਸੁਹਾਵਾ ਥਾਉ ॥
ਜਮ ਕੰਕਰੁ ਨੇੜਿ ਨ ਆਵਈ ਰਸਨਾ ਹਰਿ ਗੁਣ ਗਾਉ ॥1॥
ਸੇਵਾ ਸੁਰਤਿ ਨ ਜਾਣੀਆ ਨਾ ਜਾਪੈ ਆਰਾਧਿ ॥
ਓਟ ਤੇਰੀ ਜਗਜੀਵਨਾ ਮੇਰੇ ਠਾਕੁਰ ਅਗਮ ਅਗਾਧਿ ॥2॥
ਭਏ ਕ੍ਰਿਪਾਲ ਗੁਸਾਈਆ ਨਠੇ ਸੋਗ ਸੰਤਾਪ ॥
ਤਤੀ ਵਾਉ ਨ ਲਗਈ ਸਤਿਗੁਰਿ ਰਖੇ ਆਪਿ ॥3॥
ਗੁਰੁ ਨਾਰਾਇਣੁ ਦਯੁ ਗੁਰੁ ਗੁਰੁ ਸਚਾ ਸਿਰਜਣਹਾਰੁ ॥
ਗੁਰਿ ਤੁਠੈ ਸਭ ਕਿਛੁ ਪਾਇਆ ਜਨ ਨਾਨਕ ਸਦ ਬਲਿਹਾਰ ॥4॥2॥170॥218॥

(ਦੁਖ ਭੰਜਨੁ=ਦੁੱਖਾਂ ਦਾ ਨਾਸ ਕਰਨ ਵਾਲਾ, ਗਿਆਨੁ=ਪ੍ਰਭੂ
ਨਾਲ ਸਾਂਝ ਪਾਣ ਵਾਲਾ ਉਪਦੇਸ਼, ਜਿਤੁ ਘਟਿ=ਜਿਸ ਹਿਰਦੇ
ਵਿਚ, ਜਮ ਕੰਕਰੁ=ਜਮ ਦਾ ਦਾਸ,ਜਮਦੂਤ, ਨੇੜਿ=ਨੇੜੇ,
ਰਸਨਾ=ਜੀਭ, ਸੁਰਤਿ=ਸੂਝ, ਨਾ ਜਾਪੈ ਆਰਾਧਿ=ਮੈਨੂੰ ਤੇਰਾ
ਆਰਾਧਨ ਕਰਨਾ ਨਹੀਂ ਸੁੱਝਦਾ, ਜਗ ਜੀਵਨਾ=ਹੇ ਜਗਤ ਦੀ
ਜ਼ਿੰਦਗੀ ਦੇ ਆਸਰੇ, ਅਗਮ=ਅਪਹੁੰਚ, ਅਗਾਧਿ=ਅਥਾਹ,
ਗੁਸਾਈਆ=ਸ੍ਰਿਸ਼ਟੀ ਦਾ ਮਾਲਕ, ਦਯੁ=ਪਿਆਰ ਕਰਨ ਵਾਲਾ
ਪ੍ਰਭੂ, ਸਚਾ=ਸਦਾ-ਥਿਰ ਰਹਿਣ ਵਾਲਾ, ਗੁਰਿ ਤੁਠੈ=ਜੇ ਗੁਰੂ ਤਰੁੱਠ
ਪਏ, ਗੁਰਿ=ਗੁਰੂ ਦੀ ਰਾਹੀਂ, ਤੁਠੈ=ਤਰੁੱਠੇ ਹੋਏ ਦੀ ਰਾਹੀਂ)

12. ਬ੍ਰਹਮ ਗਿਆਨੀ ਸਦਾ ਨਿਰਲੇਪ

ਬ੍ਰਹਮ ਗਿਆਨੀ ਸਦਾ ਨਿਰਲੇਪ ॥
ਜੈਸੇ ਜਲ ਮਹਿ ਕਮਲ ਅਲੇਪ ॥
ਬ੍ਰਹਮ ਗਿਆਨੀ ਸਦਾ ਨਿਰਦੋਖ ॥
ਜੈਸੇ ਸੂਰੁ ਸਰਬ ਕਉ ਸੋਖ ॥
ਬ੍ਰਹਮ ਗਿਆਨੀ ਕੈ ਦ੍ਰਿਸਟਿ ਸਮਾਨਿ ॥
ਜੈਸੇ ਰਾਜ ਰੰਕ ਕਉ ਲਾਗੈ ਤੁਲਿ ਪਵਾਨ ॥
ਬ੍ਰਹਮ ਗਿਆਨੀ ਕੈ ਧੀਰਜੁ ਏਕ ॥
ਜਿਉ ਬਸੁਧਾ ਕੋਊ ਖੋਦੈ ਕੋਊ ਚੰਦਨ ਲੇਪ ॥
ਬ੍ਰਹਮ ਗਿਆਨੀ ਕਾ ਇਹੈ ਗੁਨਾਉ ॥
ਨਾਨਕ ਜਿਉ ਪਾਵਕ ਕਾ ਸਹਜ ਸੁਭਾਉ ॥1॥272॥

(ਨਿਰਲੇਪ=ਬੇਦਾਗ਼, ਅਲੇਪ=ਚਿੱਕੜ ਤੋਂ ਰਹਿਤ,
ਨਿਰਦੋਖ=ਦੋਖ-ਰਹਿਤ, ਸੂਰੁ=ਸੂਰਜ, ਸੋਖ=
ਸੁਕਾਉਣ ਵਾਲਾ, ਦ੍ਰਿਸਟਿ=ਨਜ਼ਰ, ਸਮਾਨਿ=
ਇਕੋ ਜਿਹੀ, ਰੰਕ=ਕੰਗਾਲ, ਤੁਲਿ=ਬਰਾਬਰ,
ਪਵਾਨ=ਪਵਨ,ਹਵਾ, ਏਕ=ਇਕ-ਤਾਰ, ਬਸੁਧਾ=
ਧਰਤੀ, ਲੇਪ=ਪੋਚੈ,ਲੇਪਣ, ਗੁਨਾਉ=ਗੁਣ, ਪਾਵਕ=
ਅੱਗ, ਸਹਜ=ਕੁਦਰਤੀ)

13. ਕਈ ਕੋਟਿ ਖਾਣੀ ਅਰੁ ਖੰਡ

ਕਈ ਕੋਟਿ ਖਾਣੀ ਅਰੁ ਖੰਡ ॥
ਕਈ ਕੋਟਿ ਅਕਾਸ ਬ੍ਰਹਮੰਡ ॥
ਕਈ ਕੋਟਿ ਹੋਏ ਅਵਤਾਰ ॥
ਕਈ ਜੁਗਤਿ ਕੀਨੋ ਬਿਸਥਾਰ ॥
ਕਈ ਬਾਰ ਪਸਰਿਓ ਪਾਸਾਰ ॥
ਸਦਾ ਸਦਾ ਇਕੁ ਏਕੰਕਾਰ ॥
ਕਈ ਕੋਟਿ ਕੀਨੇ ਬਹੁ ਭਾਤਿ ॥
ਪ੍ਰਭ ਤੇ ਹੋਏ ਪ੍ਰਭ ਮਾਹਿ ਸਮਾਤਿ ॥
ਤਾ ਕਾ ਅੰਤੁ ਨ ਜਾਨੈ ਕੋਇ ॥
ਆਪੇ ਆਪਿ ਨਾਨਕ ਪ੍ਰਭੁ ਸੋਇ ॥7॥276॥

(ਖਾਣੀ=ਸਾਰੇ ਜਗਤ-ਜੀਵਾਂ ਦੀ ਉਤਪੱਤੀ ਦੇ
ਚਾਰ ਵਸੀਲੇ (ਖਾਣਾਂ) ਮੰਨੇ ਗਏ ਹਨ,(ਅੰਡਜ=
ਅੰਡੇ ਤੋਂ ਪੈਦਾ ਹੋਣ ਜੀਵ; ਜੇਰਜ=ਜਿਓਰ ਤੋਂ
ਪੈਦਾ ਹੋਣ ਵਾਲੇ; ਸੇਤਜ=ਮੁੜ੍ਹਕੇ ਤੋਂ ਅਤੇ ਉਤਭੁਜ=
ਪਾਣੀ ਦੀ ਰਾਹੀਂ ਧਰਤੀ ਵਿਚੋਂ ਪੈਦਾ ਹੋਣ ਵਾਲੇ,
ਅਰੁ=ਅਤੇ, ਖੰਡ=ਸਾਰੀ ਧਰਤੀ ਦੇ ਨੌ ਹਿੱਸੇ ਜਾਂ
ਨੌ ਖੰਡ ਮੰਨੇ ਗਏ ਹਨ, ਕਈ ਜੁਗਤਿ=ਕਈ
ਜੁਗਤੀਆਂ ਨਾਲ, ਪਸਰਿਓ=ਖਿਲਾਰਿਆ ਹੈ,
ਪਾਸਾਰ=ਖਿਲਾਰਾ, ਭਾਤਿ=ਕਿਸਮ, ਸਮਾਤਿ=
ਲੀਨ ਹੋ ਜਾਂਦੇ ਹਨ, ਅਵਤਾਰ=ਪੈਦਾ ਕੀਤੇ ਹੋਏ ਜੀਵ)

14. ਕੋਟਿ ਬ੍ਰਹਮੰਡ ਕੋ ਠਾਕੁਰੁ ਸੁਆਮੀ

ਕੋਟਿ ਬ੍ਰਹਮੰਡ ਕੋ ਠਾਕੁਰੁ ਸੁਆਮੀ ਸਰਬ ਜੀਆ ਕਾ ਦਾਤਾ ਰੇ ॥
ਪ੍ਰਤਿਪਾਲੈ ਨਿਤ ਸਾਰਿ ਸਮਾਲੈ ਇਕੁ ਗੁਨੁ ਨਹੀ ਮੂਰਖਿ ਜਾਤਾ ਰੇ ॥1॥
ਹਰਿ ਆਰਾਧਿ ਨ ਜਾਨਾ ਰੇ ॥
ਹਰਿ ਹਰਿ ਗੁਰੁ ਗੁਰੁ ਕਰਤਾ ਰੇ ॥
ਹਰਿ ਜੀਉ ਨਾਮੁ ਪਰਿਓ ਰਾਮਦਾਸੁ ॥ਰਹਾਉ ॥
ਦੀਨ ਦਇਆਲ ਕ੍ਰਿਪਾਲ ਸੁਖ ਸਾਗਰ ਸਰਬ ਘਟਾ ਭਰਪੂਰੀ ਰੇ ॥
ਪੇਖਤ ਸੁਨਤ ਸਦਾ ਹੈ ਸੰਗੇ ਮੈ ਮੂਰਖ ਜਾਨਿਆ ਦੂਰੀ ਰੇ ॥2॥
ਹਰਿ ਬਿਅੰਤੁ ਹਉ ਮਿਤਿ ਕਰਿ ਵਰਨਉ ਕਿਆ ਜਾਨਾ ਹੋਇ ਕੈਸੋ ਰੇ ॥
ਕਰਉ ਬੇਨਤੀ ਸਤਿਗੁਰ ਅਪੁਨੇ ਮੈ ਮੂਰਖ ਦੇਹੁ ਉਪਦੇਸੋ ਰੇ ॥3॥
ਮੈ ਮੂਰਖ ਕੀ ਕੇਤਕ ਬਾਤ ਹੈ ਕੋਟਿ ਪਰਾਧੀ ਤਰਿਆ ਰੇ ॥
ਗੁਰੁ ਨਾਨਕੁ ਜਿਨ ਸੁਣਿਆ ਪੇਖਿਆ ਸੇ ਫਿਰਿ ਗਰਭਾਸਿ ਨ ਪਰਿਆ ਰੇ ॥4॥2॥13॥612॥

(ਬ੍ਰਹਮੰਡ=ਸ੍ਰਿਸ਼ਟੀ, ਕੋ=ਦਾ, ਠਾਕੁਰੁ=ਪਾਲਣਹਾਰ, ਰੇ=ਹੇ ਭਾਈ, ਸਾਰਿ=
ਸਾਰ ਲੈ ਕੇ, ਸਮਾਲੈ=ਸੰਭਾਲ ਕਰਦਾ ਹੈ, ਆਰਾਧਿ ਨ ਜਾਨਾ=ਆਰਾਧਨਾ
ਕਰਨੀ ਨਹੀਂ ਸਮਝੀ, ਕਰਤਾ=ਕਰਦਾ ਹਾਂ, ਹਰਿ ਜੀਉ=ਹੇ ਪ੍ਰਭੂ ਜੀ, ਪਰਿਓ=
ਪੈ ਗਿਆ ਹੈ, ਰਾਮ ਦਾਸੁ=ਰਾਮ ਦਾ ਦਾਸ, ਭਰਪੂਰੀ=ਵਿਆਪਕ, ਸਰਬ ਘਟਾ=
ਸਾਰੇ ਸਰੀਰਾਂ ਵਿਚ, ਸੰਗੇ=ਨਾਲ ਹੀ, ਹਉ=ਮੈਂ, ਮਿਤਿ=ਹੱਦ=ਬੰਦੀ, ਕਰਿ=ਕਰ
ਕੇ, ਵਰਨਉ=ਵਰਨਉਂ,ਮੈਂ ਬਿਆਨ ਕਰਦਾ ਹਾਂ, ਕਿਆ ਜਾਨਾ=ਮੈਂ ਕੀਹ ਜਾਣਦਾ
ਹਾਂ, ਕਰਉ=ਕਰਉਂ, ਕੇਤਕ ਬਾਤ ਹੈ=ਕੋਈ ਵੱਡੀ ਗੱਲ ਨਹੀਂ, ਕੋਟਿ=ਕ੍ਰੋੜਾਂ, ਜਿਨ=
ਜਿਨ੍ਹਾਂ ਨੇ, ਗਰਭਾਸਿ=ਗਰਭ-ਆਸ਼ੈ ਵਿਚ,ਗਰਭ=ਜੋਨਿ ਵਿਚ)

15. ਸਗਲ ਬਨਸਪਤਿ ਮਹਿ ਬੈਸੰਤਰੁ

ਸਗਲ ਬਨਸਪਤਿ ਮਹਿ ਬੈਸੰਤਰੁ ਸਗਲ ਦੂਧ ਮਹਿ ਘੀਆ ॥
ਊਚ ਨੀਚ ਮਹਿ ਜੋਤਿ ਸਮਾਣੀ ਘਟਿ ਘਟਿ ਮਾਧਉ ਜੀਆ ॥1॥
ਸੰਤਹੁ ਘਟਿ ਘਟਿ ਰਹਿਆ ਸਮਾਹਿਓ ॥
ਪੂਰਨ ਪੂਰਿ ਰਹਿਓ ਸਰਬ ਮਹਿ ਜਲਿ ਥਲਿ ਰਮਈਆ ਆਹਿਓ ॥1॥ਰਹਾਉ ॥
ਗੁਣ ਨਿਧਾਨ ਨਾਨਕੁ ਜਸੁ ਗਾਵੈ ਸਤਿਗੁਰਿ ਭਰਮੁ ਚੁਕਾਇਓ ॥
ਸਰਬ ਨਿਵਾਸੀ ਸਦਾ ਅਲੇਪਾ ਸਭ ਮਹਿ ਰਹਿਆ ਸਮਾਇਓ ॥2॥1॥29॥617॥

(ਸਗਲ ਬਨਸਪਤਿ=ਸਾਰੀ ਬਨਸਪਤੀ,ਬੂਟੇ, ਬੈਸੰਤਰੁ=ਅੱਗ, ਘੀਆ=ਘਿਓ,
ਸਮਾਣੀ=ਸਮਾਈ ਹੋਈ ਹੈ, ਘਟਿ ਘਟਿ=ਹਰੇਕ ਸਰੀਰ ਵਿਚ, ਮਾਧਉ=ਮਾਧਵ,
ਮਾਇਆ ਦਾ ਪਤੀ,ਪਰਮਾਤਮਾ, ਜੀਆ=ਸਭ ਜੀਵਾਂ ਵਿਚ, ਰਹਿਆ ਸਮਾਹਿਓ=
ਸਮਾ ਰਿਹਾ ਹੈ, ਪੂਰਨ=ਪੂਰੇ ਤੌਰ ਤੇ, ਜਲਿ=ਪਾਣੀ ਵਿਚ, ਆਹਿਓ=ਹੈ, ਗੁਣ ਨਿਧਾਨ
ਜਸੁ=ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦਾ ਜਸ, ਭਰਮੁ=ਭੁਲੇਖਾ, ਚੁਕਾਇਓ=ਦੂਰ ਕਰ ਦਿੱਤਾ ਹੈ,
ਅਲੇਪਾ=ਨਿਰਲੇਪ)

16. ਦਹ ਦਿਸ ਛਤ੍ਰ ਮੇਘ ਘਟਾ ਘਟ ਦਾਮਨਿ ਚਮਕਿ ਡਰਾਇਓ

ਦਹ ਦਿਸ ਛਤ੍ਰ ਮੇਘ ਘਟਾ ਘਟ ਦਾਮਨਿ ਚਮਕਿ ਡਰਾਇਓ ॥
ਸੇਜ ਇਕੇਲੀ ਨੀਦ ਨਹੁ ਨੈਨਹ ਪਿਰੁ ਪਰਦੇਸਿ ਸਿਧਾਇਓ ॥1॥
ਹੁਣਿ ਨਹੀ ਸੰਦੇਸਰੋ ਮਾਇਓ ॥
ਏਕ ਕੋਸਰੋ ਸਿਧਿ ਕਰਤ ਲਾਲੁ ਤਬ ਚਤੁਰ ਪਾਤਰੋ ਆਇਓ ॥ਰਹਾਉ ॥
ਕਿਉ ਬਿਸਰੈ ਇਹੁ ਲਾਲੁ ਪਿਆਰੋ ਸਰਬ ਗੁਣਾ ਸੁਖਦਾਇਓ ॥
ਮੰਦਰਿ ਚਰਿ ਕੈ ਪੰਥੁ ਨਿਹਾਰਉ ਨੈਨ ਨੀਰਿ ਭਰਿ ਆਇਓ ॥2॥
ਹਉ ਹਉ ਭੀਤਿ ਭਇਓ ਹੈ ਬੀਚੋ ਸੁਨਤ ਦੇਸਿ ਨਿਕਟਾਇਓ ॥
ਭਾਂਭੀਰੀ ਕੇ ਪਾਤ ਪਰਦੋ ਬਿਨੁ ਪੇਖੇ ਦੂਰਾਇਓ ॥3॥
ਭਇਓ ਕਿਰਪਾਲੁ ਸਰਬ ਕੋ ਠਾਕੁਰੁ ਸਗਰੋ ਦੂਖੁ ਮਿਟਾਇਓ ॥
ਕਹੁ ਨਾਨਕ ਹਉਮੈ ਭੀਤਿ ਗੁਰਿ ਖੋਈ ਤਉ ਦਇਆਰੁ ਬੀਠਲੋ ਪਾਇਓ ॥4॥
ਸਭੁ ਰਹਿਓ ਅੰਦੇਸਰੋ ਮਾਇਓ ॥
ਜੋ ਚਾਹਤ ਸੋ ਗੁਰੂ ਮਿਲਾਇਓ ॥
ਸਰਬ ਗੁਨਾ ਨਿਧਿ ਰਾਇਓ ॥ਰਹਾਉ ਦੂਜਾ ॥11॥61॥624॥

(ਦਹਦਿਸ=ਦਸੀਂ ਪਾਸੀਂ, ਮੇਘ=ਬੱਦਲ, ਛਤ੍ਰ=ਛਤਰੀ,
ਘਟਾ ਘਟ=ਘਟਾਂ ਹੀ ਘਟਾਂ, ਦਾਮਨਿ=ਬਿਜਲੀ, ਚਮਕਿ=
ਚਮਕ ਕੇ, ਨਹੁ=ਨਹੀਂ, ਨੈਨਹ=ਅੱਖਾਂ ਵਿਚ, ਪਿਰੁ=ਪਤੀ,
ਪਰਦੇਸਿ=ਬਿਗਾਨੇ ਦੇਸ ਵਿਚ, ਸੰਦੇਸਰੋ=ਸਨੇਹਾ, ਮਾਇਓ=
ਹੇ ਮਾਂ, ਕੋਸਰੋ=ਕੋਹ, ਸਿਧਿ ਕਰਤ=ਤੈ ਕਰਦਾ ਸੀ, ਚਤੁਰ
ਪਾਤਰੋ=ਚਾਰ ਪਤੀਆਂ,ਚਾਰ ਚਿੱਠੀਆਂ, ਬਿਸਰੈ=ਭੁੱਲ ਜਾਏ,
ਸੁਖ ਦਾਇਓ=ਸੁਖ ਦੇਣ ਵਾਲਾ, ਮੰਦਰਿ=ਮੰਦਰ ਉੱਤੇ,ਕੋਠੇ ਉੱਤੇ,
ਚਰਿ ਕੈ=ਚੜ੍ਹ ਕੇ, ਪੰਥੁ=ਰਸਤਾ, ਨਿਹਾਰਉ=ਨਿਹਾਰਉਂ,ਮੈਂ ਵੇਖਦੀ
ਹਾਂ, ਨੀਰਿ=ਨੀਰ ਨਾਲ,ਵੈਰਾਗ, ਭੀਤਿ=ਕੰਧ, ਹਉ ਹਉ ਭੀਤਿ=
ਹਉਮੈ ਦੀ ਕੰਧ, ਬੀਚੋ=ਵਿਚਕਾਰ, ਦੇਸਿ=ਦੇਸ ਵਿਚ,ਦਿਲ ਵਿਚ,
ਨਿਕਟਾਇਓ=ਨੇੜੇ ਹੀ, ਕੇ=ਦੇ, ਪਾਤ=ਖੰਭ, ਪਰਦੋ=ਪਰਦਾ, ਕੋ=
ਦਾ, ਸਗਰੋ=ਸਾਰਾ, ਗੁਰਿ=ਗੁਰੂ ਨੇ, ਤਉ=ਤਦੋਂ, ਦਇਆਰੁ=
ਦਇਆਲ, ਬੀਠਲੋ=ਮਾਇਆ ਦੇ ਪ੍ਰਭਾਵ ਤੋਂ ਪਰੇ ਰਹਿਣ ਵਾਲਾ
ਪਰਮਾਤਮਾ, ਰਹਿਣ=ਮੁੱਕ ਗਿਆ, ਅੰਦੇਸਰੋ=ਫ਼ਿਕਰ, ਗੁਨਾ ਨਿਧਿ=
ਗੁਣਾਂ ਦਾ ਖ਼ਜ਼ਾਨਾ, ਰਾਇਓ=ਪ੍ਰਭੂ=ਪਾਤਿਸ਼ਾਹ,ਰਾਜਾ)

17. ਗਈ ਬਹੋੜੁ ਬੰਦੀ ਛੋੜੁ

ਗਈ ਬਹੋੜੁ ਬੰਦੀ ਛੋੜੁ ਨਿਰੰਕਾਰੁ ਦੁਖਦਾਰੀ ॥
ਕਰਮੁ ਨ ਜਾਣਾ ਧਰਮੁ ਨ ਜਾਣਾ ਲੋਭੀ ਮਾਇਆਧਾਰੀ ॥
ਨਾਮੁ ਪਰਿਓ ਭਗਤੁ ਗੋਵਿੰਦ ਕਾ ਇਹ ਰਾਖਹੁ ਪੈਜ ਤੁਮਾਰੀ ॥1॥
ਹਰਿ ਜੀਉ ਨਿਮਾਣਿਆ ਤੂ ਮਾਣੁ ॥
ਨਿਚੀਜਿਆ ਚੀਜ ਕਰੇ ਮੇਰਾ ਗੋਵਿੰਦੁ ਤੇਰੀ ਕੁਦਰਤਿ ਕਉ ਕੁਰਬਾਣੁ ॥ਰਹਾਉ ॥
ਜੈਸਾ ਬਾਲਕੁ ਭਾਇ ਸੁਭਾਈ ਲਖ ਅਪਰਾਧ ਕਮਾਵੈ ॥
ਕਰਿ ਉਪਦੇਸੁ ਝਿੜਕੇ ਬਹੁ ਭਾਤੀ ਬਹੁੜਿ ਪਿਤਾ ਗਲਿ ਲਾਵੈ ॥
ਪਿਛਲੇ ਅਉਗੁਣ ਬਖਸਿ ਲਏ ਪ੍ਰਭੁ ਆਗੈ ਮਾਰਗਿ ਪਾਵੈ ॥2॥
ਹਰਿ ਅੰਤਰਜਾਮੀ ਸਭ ਬਿਧਿ ਜਾਣੈ ਤਾ ਕਿਸੁ ਪਹਿ ਆਖਿ ਸੁਣਾਈਐ ॥
ਕਹਣੈ ਕਥਨਿ ਨ ਭੀਜੈ ਗੋਬਿੰਦੁ ਹਰਿ ਭਾਵੈ ਪੈਜ ਰਖਾਈਐ ॥
ਅਵਰ ਓਟ ਮੈ ਸਗਲੀ ਦੇਖੀ ਇਕ ਤੇਰੀ ਓਟ ਰਹਾਈਐ ॥3॥
ਹੋਇ ਦਇਆਲੁ ਕਿਰਪਾਲੁ ਪ੍ਰਭੁ ਠਾਕੁਰੁ ਆਪੇ ਸੁਣੈ ਬੇਨੰਤੀ ॥
ਪੂਰਾ ਸਤਗੁਰੁ ਮੇਲਿ ਮਿਲਾਵੈ ਸਭ ਚੂਕੈ ਮਨ ਕੀ ਚਿੰਤੀ ॥
ਹਰਿ ਹਰਿ ਨਾਮੁ ਅਵਖਦੁ ਮੁਖਿ ਪਾਇਆ ਜਨ ਨਾਨਕ ਸੁਖਿ ਵਸੰਤੀ ॥4॥12॥62॥624॥

(ਗਈ ਬਹੋੜੁ=ਗਵਾਚੀ ਹੋਈ (ਰਾਸਿ=ਪੂੰਜੀ) ਨੂੰ ਵਾਪਸ ਦਿਵਾਣ
ਵਾਲਾ, ਬੰਦੀ ਛੋੜੁ=ਵਿਕਾਰਾਂ ਦੀ ਕੈਦ ਵਿਚੋਂ ਛੁਡਾਣ ਵਾਲਾ, ਦੁਖ
ਦਾਰੀ=ਦੁੱਖਾਂ ਵਿਚ ਧੀਰਜ ਦੇਣ ਵਾਲਾ, ਪੈਜ=ਇੱਜ਼ਤ, ਨਿਚੀਜਿਆ=
ਨਕਾਰਿਆਂ ਨੂੰ, ਚੀਜ ਕਰੇ=ਆਦਰ=ਜੋਗ ਬਣਾ ਦੇਂਦਾ ਹੈ, ਭਾਇ=
ਪ੍ਰੇਮ ਨਾਲ, ਸੁਭਾਈ=ਆਪਣੇ ਸੁਭਾਵ ਅਨੁਸਾਰ, ਕਰਿ=ਕਰ ਕੇ,
ਬਹੁ ਭਾਤੀ=ਕਈ ਤਰੀਕਿਆਂ ਨਾਲ, ਬਹੁੜਿ=ਮੁੜ, ਫਿਰ, ਗਲਿ=
ਗਲ ਨਾਲ, ਮਾਰਗਿ=ਸਿੱਧੇ ਰਸਤੇ ਉਤੇ, ਅੰਤਰਜਾਮੀ=ਦਿਲ ਦੀ
ਜਾਣਨ ਵਾਲਾ, ਸਭ ਬਿਧਿ=ਹਰੇਕ ਹਾਲਤ, ਪਹਿ=ਪਾਸ, ਕਥਨਿ=
ਜ਼ਬਾਨੀ ਕਹਿ ਦੇਣ ਨਾਲ, ਭੀਜੈ=ਖ਼ੁਸ਼ ਹੁੰਦਾ, ਭਾਵੈ=ਚੰਗਾ ਲੱਗਦਾ ਹੈ,
ਪੈਜ=ਇੱਜ਼ਤ, ਓਟ=ਆਸਰਾ, ਰਹਾਈਐ=ਰੱਖੀ ਹੋਈ ਹੈ, ਹੋਇ=ਹੋ
ਕੇ, ਆਪੇ=ਆਪ ਹੀ, ਮੇਲਿ=ਮੇਲੇ,ਮੇਲਦਾ ਹੈ, ਚੂਕੇ=ਮੁੱਕ ਜਾਂਦੀ ਹੈ,
ਚਿੰਤੀ=ਚਿੰਤਾ, ਅਵਖਦੁ=ਦਵਾਈ, ਮੁਖਿ=ਮੂੰਹ ਵਿਚ, ਸੁਖਿ=ਆਤਮਕ
ਆਨੰਦ ਵਿਚ, ਵਸੰਤੀ=ਵੱਸਦਾ ਹੈ)

18. ਬਿਨੁ ਜਲ ਪ੍ਰਾਨ ਤਜੇ ਹੈ ਮੀਨਾ

ਬਿਨੁ ਜਲ ਪ੍ਰਾਨ ਤਜੇ ਹੈ ਮੀਨਾ ਜਿਨਿ ਜਲ ਸਿਉ ਹੇਤੁ ਬਢਾਇਓ ॥
ਕਮਲ ਹੇਤਿ ਬਿਨਸਿਓ ਹੈ ਭਵਰਾ ਉਨਿ ਮਾਰਗੁ ਨਿਕਸਿ ਨ ਪਾਇਓ ॥1॥
ਅਬ ਮਨ ਏਕਸ ਸਿਉ ਮੋਹੁ ਕੀਨਾ ॥
ਮਰੈ ਨ ਜਾਵੈ ਸਦ ਹੀ ਸੰਗੇ ਸਤਿਗੁਰ ਸਬਦੀ ਚੀਨਾ ॥1॥ਰਹਾਉ ॥
ਕਾਮ ਹੇਤਿ ਕੁੰਚਰੁ ਲੈ ਫਾਂਕਿਓ ਓਹੁ ਪਰ ਵਸਿ ਭਇਓ ਬਿਚਾਰਾ ॥
ਨਾਦ ਹੇਤਿ ਸਿਰੁ ਡਾਰਿਓ ਕੁਰੰਕਾ ਉਸ ਹੀ ਹੇਤ ਬਿਦਾਰਾ ॥2॥
ਦੇਖਿ ਕੁਟੰਬੁ ਲੋਭਿ ਮੋਹਿਓ ਪ੍ਰਾਨੀ ਮਾਇਆ ਕਉ ਲਪਟਾਨਾ ॥
ਅਤਿ ਰਚਿਓ ਕਰਿ ਲੀਨੋ ਅਪੁਨਾ ਉਨਿ ਛੋਡਿ ਸਰਾਪਰ ਜਾਨਾ ॥3॥
ਬਿਨੁ ਗੋਬਿੰਦ ਅਵਰ ਸੰਗਿ ਨੇਹਾ ਓਹੁ ਜਾਣਹੁ ਸਦਾ ਦੁਹੇਲਾ ॥
ਕਹੁ ਨਾਨਕ ਗੁਰ ਇਹੈ ਬੁਝਾਇਓ ਪ੍ਰੀਤਿ ਪ੍ਰਭੂ ਸਦ ਕੇਲਾ ॥4॥2॥670॥

(ਤਜੇ ਹੈ=ਤਿਆਗ ਦੇਂਦੀ ਹੈ, ਮੀਨਾ=ਮੱਛੀ, ਜਿਨਿ=ਜਿਸ ਨੇ, ਸਿਉ=ਨਾਲ,
ਹੇਤੁ=ਪਿਆਰ, ਕਮਲ ਹੇਤਿ=ਕੌਲ=ਫੁੱਲ ਦੇ ਪਿਆਰ ਵਿਚ, ਉਨਿ=ਉਸ ਭੌਰੇ
ਨੇ, ਮਾਰਗੁ=ਰਸਤਾ, ਨਿਕਸਿ=ਨਿਕਲ ਕੇ, ਅਬ=ਹੁਣ,ਇਸ ਮਨੁੱਖਾ ਜਨਮ
ਵਿਚ, ਮੋਹੁ=ਪ੍ਰੇਮ, ਸਦ ਹੀ=ਸਦਾ ਹੀ, ਸਬਦੀ=ਸ਼ਬਦ ਦੀ ਰਾਹੀਂ, ਚੀਨਾ=
ਪਛਾਣ ਲਿਆ, ਕਾਮਿ ਹੇਤਿ=ਕਾਮ=ਵਾਸ਼ਨਾ ਦੀ ਖ਼ਾਤਰ, ਕੁੰਚਰੁ=ਹਾਥੀ,
ਫਾਂਕਿਓ=ਫੜਿਆ ਗਿਆ, ਓਹੁ=ਉਹ ਹਾਥੀ, ਵਸਿ=ਵੱਸ ਵਿਚ, ਨਾਦ ਹੇਤਿ=
ਘੰਡੇਹੇੜੇ ਦੀ ਆਵਾਜ਼ ਦੇ ਮੋਹ ਵਿਚ, ਕੁਰੰਕਾ=ਹਰਨ, ਬਿਦਾਰਾ=ਮਾਰਿਆ
ਗਿਆ, ਦੇਖਿ=ਦੇਖ ਕੇ, ਕੁਟੰਬੁ=ਪਰਵਾਰ, ਲੋਭਿ=ਲੋਭ ਵਿਚ, ਲਪਟਾਨਾ=
ਚੰਬੜਿਆ ਰਿਹਾ, ਅਤਿ ਰਚਿਓ=ਬਹੁਤ ਮਗਨ ਹੋ ਗਿਆ, ਉਨਿ=ਉਸ
ਮਨੁੱਖ ਨੇ, ਸਰਾਪਰ=ਜ਼ਰੂਰ, ਸੰਗਿ=ਨਾਲ, ਨੇਹਾ=ਪਿਆਰ, ਦੁਹੇਲਾ=ਦੁੱਖੀ,
ਗੁਰਿ=ਗੁਰੂ ਨੇ, ਸਦ=ਸਦਾ, ਕੇਲਾ=ਆਨੰਦ)

19. ਬਾਜੀਗਰਿ ਜੈਸੇ ਬਾਜੀ ਪਾਈ

ਬਾਜੀਗਰਿ ਜੈਸੇ ਬਾਜੀ ਪਾਈ ॥
ਨਾਨਾ ਰੂਪ ਭੇਖ ਦਿਖਲਾਈ ॥
ਸਾਂਗੁ ਉਤਾਰਿ ਥੰਮ੍ਹਿਓ ਪਾਸਾਰਾ ॥
ਤਬ ਏਕੋ ਏਕੰਕਾਰਾ ॥1॥
ਕਵਨ ਰੂਪ ਦ੍ਰਿਸਟਿਓ ਬਿਨਸਾਇਓ ॥
ਕਤਹਿ ਗਇਓ ਉਹੁ ਕਤ ਤੇ ਆਇਓ ॥1॥ਰਹਾਉ ॥
ਜਲ ਤੇ ਊਠਹਿ ਅਨਿਕ ਤਰੰਗਾ ॥
ਕਨਿਕ ਭੂਖਨ ਕੀਨੇ ਬਹੁ ਰੰਗਾ ॥
ਬੀਜੁ ਬੀਜਿ ਦੇਖਿਓ ਬਹੁ ਪਰਕਾਰਾ ॥
ਫਲ ਪਾਕੇ ਤੇ ਏਕੰਕਾਰਾ ॥2॥
ਸਹਸ ਘਟਾ ਮਹਿ ਏਕੁ ਆਕਾਸੁ ॥
ਘਟ ਫੂਟੇ ਤੇ ਓਹੀ ਪ੍ਰਗਾਸੁ ॥
ਭਰਮ ਲੋਭ ਮੋਹ ਮਾਇਆ ਵਿਕਾਰ ॥
ਭ੍ਰਮ ਛੂਟੇ ਤੇ ਏਕੰਕਾਰ ॥3॥
ਓਹੁ ਅਬਿਨਾਸੀ ਬਿਨਸਤ ਨਾਹੀ ॥
ਨਾ ਕੋ ਆਵੈ ਨਾ ਕੋ ਜਾਹੀ ॥
ਗੁਰਿ ਪੂਰੈ ਹਉਮੈ ਮਲੁ ਧੋਈ ॥
ਕਹੁ ਨਾਨਕ ਮੇਰੀ ਪਰਮ ਗਤਿ ਹੋਈ ॥4॥1॥736॥

(ਬਾਜੀਗਰਿ=ਬਾਜੀਗਰ ਨੇ, ਨਾਨਾ ਰੂਪ=ਅਨੇਕਾਂ ਰੂਪ,
ਸਾਂਗੁ=ਨਕਲੀ ਸ਼ਕਲ, ਉਤਾਰਿ=ਲਾਹ ਕੇ, ਥੰਮ੍ਹਿਓ=
ਰੋਕ ਦਿੱਤਾ, ਪਾਸਾਰਾ=ਖੇਡ ਦਾ ਖਿਲਾਰ, ਏਕੰਕਾਰਾ=
ਪਰਮਾਤਮਾ, ਕਵਨ ਰੂਪ=ਕੇਹੜੇ ਕੇਹੜੇ ਰੂਪ,ਅਨੇਕਾਂ
ਰੂਪ, ਦ੍ਰਿਸਟਿਓ=ਦਿੱਸਿਆ, ਬਿਨਸਾਇਓ=ਨਾਸ
ਹੋਇਆ, ਕਤਹਿ=ਕਿੱਥੇ, ਉਹੁ=ਜੀਵ, ਕਤ ਤੇ=
ਕਿੱਥੋਂ, ਤੇ=ਤੋਂ, ਊਠਹਿ=ਉੱਠਦੇ ਹਨ, ਤਰੰਗ=
ਲਹਿਰਾਂ, ਕਨਿਕ=ਸੋਨਾ, ਭੂਖਨ=ਗਹਿਣੇ, ਕੀਨੇ=
ਬਣਾਏ ਜਾਂਦੇ ਹਨ, ਬੀਜਿ=ਬੀਜ ਕੇ, ਫਲ ਪਾਕੇ
ਤੇ=ਫਲ ਪੱਕਣ ਨਾਲ, ਸਹਸ=ਹਜ਼ਾਰਾਂ, ਘਟ=
ਘੜਾ, ਘਟ ਫੂਟੇ ਤੇ=ਘੜੇ ਟੁੱਟਣ ਨਾਲ, ਭਰਮ=
ਭਟਕਣਾ, ਅਬਿਨਾਸੀ=ਨਾਸ=ਰਹਿਤ, ਕੋ=ਕੋਈ
ਜੀਵ, ਆਵੈ=ਜੰਮਦਾ ਹੈ, ਜਾਹੀ=ਜਾਹਿ, ਜਾਂਦੇ ਹਨ,
ਮਰਦੇ ਹਨ, ਗੁਰਿ=ਗੁਰੂ ਨੇ, ਪਰਮ ਗਤਿ=ਉੱਚੀ
ਆਤਮਕ ਅਵਸਥਾ)

20. ਘਰ ਮਹਿ ਠਾਕੁਰੁ ਨਦਰਿ ਨ ਆਵੈ

ਘਰ ਮਹਿ ਠਾਕੁਰੁ ਨਦਰਿ ਨ ਆਵੈ ॥
ਗਲ ਮਹਿ ਪਾਹਣੁ ਲੈ ਲਟਕਾਵੈ ॥1॥
ਭਰਮੇ ਭੂਲਾ ਸਾਕਤੁ ਫਿਰਤਾ ॥
ਨੀਰੁ ਬਿਰੋਲੈ ਖਪਿ ਖਪਿ ਮਰਤਾ ॥1॥ਰਹਾਉ ॥
ਜਿਸੁ ਪਾਹਣ ਕਉ ਠਾਕੁਰੁ ਕਹਤਾ ॥
ਓਹੁ ਪਾਹਣੁ ਲੈ ਉਸ ਕਉ ਡੁਬਤਾ ॥2॥
ਗੁਨਹਗਾਰ ਲੂਣ ਹਰਾਮੀ ॥
ਪਾਹਣ ਨਾਵ ਨ ਪਾਰਗਿਰਾਮੀ ॥3॥
ਗੁਰ ਮਿਲਿ ਨਾਨਕ ਠਾਕੁਰੁ ਜਾਤਾ ॥
ਜਲਿ ਥਲਿ ਮਹੀਅਲਿ ਪੂਰਨ ਬਿਧਾਤਾ ॥4॥3॥9॥739॥

( ਘਰ ਮਹਿ=ਹਿਰਦੇ=ਘਰ ਵਿਚ, ਪਾਹਣੁ=
ਪੱਥਰ ਦੀ ਮੂਰਤੀ, ਭਰਮੇ=ਭਟਕਣਾ ਵਿਚ
ਪੈ ਕੇ, ਸਾਕਤੁ=ਪਰਮਾਤਮਾ ਨਾਲੋਂ ਟੁੱਟਾ
ਹੋਇਆ, ਨੀਰੁ=ਪਾਣੀ, ਬਿਰੋਲੈ=ਰਿੜਕਦਾ
ਹੈ, ਖਪਿ ਖਪਿ=ਵਿਅਰਥ ਮੇਹਨਤ ਕਰ ਕੇ,
ਮਰਤਾ=ਆਤਮਕ ਮੌਤ ਸਹੇੜਦਾ ਹੈ, ਕਉ=ਨੂੰ,
ਕਹਤਾ=ਆਖਦਾ ਹੈ, ਗੁਨਹਗਾਰ=ਹੇ ਗੁਨਹਗਾਰ,
ਹੇ ਪਾਪੀ, ਲੂਣ ਹਰਾਮੀ=ਹੇ ਅਕਿਰਤਘਣ, ਨਾਵ=
ਬੇੜੀ, ਪਾਰ ਗਿਰਾਮੀ=ਪਾਰ ਲੰਘਾਣ ਵਾਲੀ, ਗੁਰ
ਮਿਲਿ=ਗੁਰੂ ਨੂੰ ਮਿਲ ਕੇ, ਜਾਤਾ=ਸਾਂਝ ਪਾਈ,
ਜਲਿ=ਪਾਣੀ ਵਿਚ, ਥਲਿ=ਧਰਤੀ ਵਿਚ, ਮਹੀਅਲਿ=
ਮਹੀ ਤਲਿ,ਧਰਤੀ ਦੇ ਤਲ ਉਤੇ,ਆਕਾਸ਼ ਵਿਚ,
ਬਿਧਾਤਾ=ਰਚਣਹਾਰ ਕਰਤਾਰ)

21. ਕਿਰਪਾ ਕਰਹੁ ਦੀਨ ਕੇ ਦਾਤੇ

ਕਿਰਪਾ ਕਰਹੁ ਦੀਨ ਕੇ ਦਾਤੇ ਮੇਰਾ ਗੁਣੁ ਅਵਗਣੁ ਨ ਬੀਚਾਰਹੁ ਕੋਈ ॥
ਮਾਟੀ ਕਾ ਕਿਆ ਧੋਪੈ ਸੁਆਮੀ ਮਾਣਸ ਕੀ ਗਤਿ ਏਹੀ ॥1॥
ਮੇਰੇ ਮਨ ਸਤਿਗੁਰੁ ਸੇਵਿ ਸੁਖੁ ਹੋਈ ॥
ਜੋ ਇਛਹੁ ਸੋਈ ਫਲੁ ਪਾਵਹੁ ਫਿਰਿ ਦੂਖੁ ਨ ਵਿਆਪੈ ਕੋਈ ॥1॥ਰਹਾਉ ॥
ਕਾਚੇ ਭਾਡੇ ਸਾਜਿ ਨਿਵਾਜੇ ਅੰਤਰਿ ਜੋਤਿ ਸਮਾਈ ॥
ਜੈਸਾ ਲਿਖਤੁ ਲਿਖਿਆ ਧੁਰਿ ਕਰਤੈ ਹਮ ਤੈਸੀ ਕਿਰਤਿ ਕਮਾਈ ॥2॥
ਮਨੁ ਤਨੁ ਥਾਪਿ ਕੀਆ ਸਭੁ ਅਪਨਾ ਏਹੋ ਆਵਣ ਜਾਣਾ ॥
ਜਿਨਿ ਦੀਆ ਸੋ ਚਿਤਿ ਨ ਆਵੈ ਮੋਹਿ ਅੰਧੁ ਲਪਟਾਣਾ ॥3॥
ਜਿਨਿ ਕੀਆ ਸੋਈ ਪ੍ਰਭੁ ਜਾਣੈ ਹਰਿ ਕਾ ਮਹਲੁ ਅਪਾਰਾ ॥
ਭਗਤਿ ਕਰੀ ਹਰਿ ਕੇ ਗੁਣ ਗਾਵਾ ਨਾਨਕ ਦਾਸੁ ਤੁਮਾਰਾ ॥4॥1॥882॥

(ਦੀਨ=ਗ਼ਰੀਬ, ਦਾਤੇ=ਹੇ ਦਾਤਾਂ ਦੇਣ ਵਾਲੇ, ਕਿਆ ਧੋਪੈ=
ਕੀਹ ਧੁਪ ਸਕਦਾ ਹੈ, ਸੁਆਮੀ=ਮਾਲਕ, ਗਤਿ=ਹਾਲਤ,
ਦਸ਼ਾ, ਸੇਵਿ=ਸਰਨ ਪਿਆ ਰਹੁ, ਇਛਹੁ=ਮੰਗੇਂਗਾ, ਨ
ਵਿਆਪੈ=ਜ਼ੋਰ ਨਹੀਂ ਪਾ ਸਕਦਾ, ਕਾਚੇ ਭਾਂਡੇ=ਨਾਸਵੰਤ
ਸਰੀਰ, ਸਾਜਿ=ਬਣਾ ਕੇ, ਨਿਵਾਜੇ=ਵਡਿਆਈ ਦਿੱਤੀ ਹੈ,
ਸਮਾਈ=ਟਿਕੀ ਹੋਈ ਹੈ, ਲਿਖਤੁ=ਲੇਖ, ਧੁਰਿ=ਧੁਰ
ਦਰਗਾਹ ਤੋਂ, ਕਰਤੈ=ਕਰਤਾਰ ਨੇ, ਕਿਰਤਿ=ਕਾਰ, ਥਾਪਿ
ਕੀਆ=ਮਿਥ ਲਿਆ,ਸਮਝ ਲਿਆ, ਏਹੋ=ਇਹ ਅਪਣੱਤ
ਹੀ, ਜਿਨਿ=ਜਿਸ ਨੇ, ਚਿਤਿ=ਚਿੱਤ ਵਿਚ, ਮੋਹ=ਮੋਹ
ਵਿਚ, ਮਨੁ=ਜਿੰਦ, ਅੰਧੁ=ਅੰਨ੍ਹਾ ਮਨੁੱਖ, ਜਿਨਿ=ਜਿਸ ਨੇ,
ਸੇਈ=ਉਹ ਪ੍ਰਭੂ ਹੀ, ਮਹਲੁ=ਟਿਕਾਣਾ,ਉੱਚਾ ਆਸਣ,
ਅਪਾਰਾ=ਬੇਅੰਤ,ਜਿਸ ਦਾ ਪਾਰਲਾ ਬੰਨਾ ਨਹੀਂ ਲੱਭ
ਸਕਦਾ, ਕਰੀ=ਕਰੀਂ,ਮੈਂ ਕਰਾਂ, ਗਾਵਾ=ਗਾਵਾਂ)

22. ਕੋਈ ਬੋਲੈ ਰਾਮ ਰਾਮ

ਕੋਈ ਬੋਲੈ ਰਾਮ ਰਾਮ ਕੋਈ ਖੁਦਾਇ ॥
ਕੋਈ ਸੇਵੈ ਗੁਸਈਆ ਕੋਈ ਅਲਾਹਿ ॥1॥
ਕਾਰਣ ਕਰਣ ਕਰੀਮ ॥
ਕਿਰਪਾ ਧਾਰਿ ਰਹੀਮ ॥1॥ਰਹਾਉ॥
ਕੋਈ ਨਾਵੈ ਤੀਰਥਿ ਕੋਈ ਹਜ ਜਾਇ ॥
ਕੋਈ ਕਰੈ ਪੂਜਾ ਕੋਈ ਸਿਰੁ ਨਿਵਾਇ ॥2॥
ਕੋਈ ਪੜੈ ਬੇਦ ਕੋਈ ਕਤੇਬ ॥
ਕੋਈ ਓਢੈ ਨੀਲ ਕੋਈ ਸੁਪੇਦ ॥3॥
ਕੋਈ ਕਹੈ ਤੁਰਕੁ ਕੋਈ ਕਹੈ ਹਿੰਦੂ ॥
ਕੋਈ ਬਾਛੈ ਭਿਸਤੁ ਕੋਈ ਸੁਰਗਿੰਦੂ ॥4॥
ਕਹੁ ਨਾਨਕ ਜਿਨਿ ਹੁਕਮੁ ਪਛਾਤਾ ॥
ਪ੍ਰਭ ਸਾਹਿਬ ਕਾ ਤਿਨਿ ਭੇਦੁ ਜਾਤਾ ॥5॥9॥885॥

(ਗੁਸਈਆ=ਗੋਸਾਈਂ, ਅਲਾਇ=ਅੱਲਾ,
ਕਾਰਣ ਕਰਣ=ਜਗਤ ਦਾ ਕਾਰਣ,ਜਗਤ
ਦਾ ਮੂਲ, ਕਰਣ=ਜਗਤ, ਕਰਮੁ=ਬਖ਼ਸ਼ਸ਼,
ਕਰੀਮ=ਬਖ਼ਸ਼ਸ਼ ਕਰਨ ਵਾਲਾ, ਕਿਰਪਾ
ਧਾਰਿ=ਕਿਰਪਾ ਕਰਨ ਵਾਲਾ, ਰਹੀਮ=
ਰਹਿਮ ਕਰਨ ਵਾਲਾ, ਨਾਵੈ=ਇਸ਼ਨਾਨ
ਕਰਦਾ ਹੈ, ਤੀਰਥਿ=ਤੀਰਥ ਉੱਤੇ, ਹਜ
ਜਾਇ=ਕਾਅਬੇ ਦਾ ਦਰਸ਼ਨ ਕਰਨ ਜਾਂਦਾ
ਹੈ, ਸਿਰੁ ਨਿਵਾਇ=ਨਮਾਜ਼ ਪੜ੍ਹਦਾ ਹੈ,
ਕਤੇਬ=ਕੁਰਾਨ, ਅੰਜੀਲ ਆਦਿਕ ਪੱਛਮੀ
ਧਰਮਾਂ ਦੇ ਧਾਰਮਿਕ ਗ੍ਰੰਥ, ਓਢੈ=ਪਹਿਨਦਾ
ਹੈ, ਨੀਲ=ਨੀਲੇ ਕੱਪੜੇ, ਸੁਪੇਦ=ਚਿੱਟੇ ਕੱਪੜੇ,
ਤੁਰਕੁ=ਮੁਸਲਮਾਨ, ਬਾਛੈ=ਮੰਗਦਾ ਹੈ,ਚਾਹੁੰਦਾ
ਹੈ, ਭਿਸਤੁ=ਬਹਿਸ਼ਤ, ਸੁਰਗਿੰਦੂ=ਸੁਰਗ-ਇੰਦੂ,
ਇੰਦਰ ਦੇਵਤੇ ਦਾ ਸੁਰਗ, ਜਿਨਿ=ਜਿਸ ਮਨੁੱਖ
ਨੇ, ਤਿਨਿ=ਮਨੁੱਖ ਨੇ)

23. ਪਵਨੈ ਮਹਿ ਪਵਨੁ ਸਮਾਇਆ

ਪਵਨੈ ਮਹਿ ਪਵਨੁ ਸਮਾਇਆ ॥
ਜੋਤੀ ਮਹਿ ਜੋਤਿ ਰਲਿ ਜਾਇਆ ॥
ਮਾਟੀ ਮਾਟੀ ਹੋਈ ਏਕ ॥
ਰੋਵਨਹਾਰੇ ਕੀ ਕਵਨ ਟੇਕ ॥1॥
ਕਉਨੁ ਮੂਆ ਰੇ ਕਉਨੁ ਮੂਆ ॥
ਬ੍ਰਹਮ ਗਿਆਨੀ ਮਿਲਿ ਕਰਹੁ ਬੀਚਾਰਾ
ਇਹੁ ਤਉ ਚਲਤੁ ਭਇਆ ॥1॥ਰਹਾਉ ॥
ਅਗਲੀ ਕਿਛੁ ਖਬਰਿ ਨ ਪਾਈ ॥
ਰੋਵਨਹਾਰੁ ਭਿ ਊਠਿ ਸਿਧਾਈ ॥
ਭਰਮ ਮੋਹ ਕੇ ਬਾਂਧੇ ਬੰਧ ॥
ਸੁਪਨੁ ਭਇਆ ਭਖਲਾਏ ਅੰਧ ॥2॥
ਇਹੁ ਤਉ ਰਚਨੁ ਰਚਿਆ ਕਰਤਾਰਿ ॥
ਆਵਤ ਜਾਵਤ ਹੁਕਮਿ ਅਪਾਰਿ ॥
ਨਹ ਕੋ ਮੂਆ ਨ ਮਰਣੈ ਜੋਗੁ ॥
ਨਹ ਬਿਨਸੈ ਅਬਿਨਾਸੀ ਹੋਗੁ ॥3॥
ਜੋ ਇਹੁ ਜਾਣਹੁ ਸੋ ਇਹੁ ਨਾਹਿ ॥
ਜਾਨਣਹਾਰੇ ਕਉ ਬਲਿ ਜਾਉ ॥
ਕਹੁ ਨਾਨਕ ਗੁਰਿ ਭਰਮੁ ਚੁਕਾਇਆ ॥
ਨਾ ਕੋਈ ਮਰੈ ਨ ਆਵੈ ਜਾਇਆ ॥4॥10॥885॥

(ਪਵਨੈ ਮਹਿ=ਹਵਾ ਵਿਚ ਹੀ, ਪਵਨੁ=ਹਵਾ,ਸੁਆਸ,
ਸਮਾਇਆ=ਮਿਲ ਜਾਂਦਾ ਹੈ, ਕਵਨ ਟੇਕ=ਕੇਹੜਾ
ਆਸਰਾ? ਭੁਲੇਖੇ ਦੇ ਕਾਰਨ ਹੀ, ਕਉਨੁ ਮੂਆ=
ਅਸਲ ਵਿਚ ਕੋਈ ਭੀ ਨਹੀਂ ਮਰਦਾ, ਬ੍ਰਹਮ
ਗਿਆਨੀ=ਪਰਮਾਤਮਾ ਨਾਲ ਡੂੰਘੀ ਸਾਂਝ ਪਾਣ
ਵਾਲਾ ਮਨੁੱਖ,ਗੁਰਮੁਖ,ਗੁਰੂ, ਮਿਲਿ=ਮਿਲ ਕੇ,
ਤਉ=ਤਾਂ, ਚਲਤੁ=ਖੇਡ,ਤਮਾਸ਼ਾ, ਅਗਲੀ=ਅਗਾਂਹ
ਵਰਤਣ ਵਾਲੀ, ਊਠਿ=ਉੱਠ ਕੇ, ਸਿਧਾਈ=ਚਲਾ
ਜਾਂਦਾ ਹੈ, ਬੰਧ=ਬੰਧਨ, ਭਖਲਾਏ=ਬਰੜਾਉਂਦਾ ਹੈ,
ਅੰਧ=ਅੰਨ੍ਹਾ ਹੋਇਆ ਮਨੁੱਖ, ਕਰਤਾਰਿ=ਕਰਤਾਰ
ਨੇ, ਹੁਕਮਿ=ਪ੍ਰਭੂ ਦੇ ਹੁਕਮ ਵਿਚ ਹੀ, ਅਪਾਰਿ
ਹੁਕਮਿ=ਕਦੇ ਖ਼ਤਮ ਨਾਹ ਹੋਣ ਵਾਲੇ ਹੁਕਮ ਦੀ
ਰਾਹੀਂ, ਜੋ=ਜਿਹੋ ਜਿਹਾ, ਜਾਣਹੁ=ਤੁਸੀ ਸਮਝਦੇ
ਹੋ, ਇਹੁ=ਇਹ ਜੀਵਾਤਮਾ ਨੂੰ, ਸੋ=ਉਹੋ ਜਿਹਾ,
ਕਉ=ਨੂੰ,ਤੋਂ, ਬਲਿ ਜਾਉ=ਬਲਿ ਜਾਉਂ, ਮੈਂ ਸਦਕੇ
ਜਾਂਦਾ ਹਾਂ, ਗੁਰਿ=ਗੁਰੂ ਨੇ, ਭਰਮੁ=ਭੁਲੇਖਾ, ਆਵੈ=
ਜੰਮਦਾ ਹੈ, ਜਾਇਆ=ਮਰਦਾ ਹੈ)

24. ਚਾਰਿ ਪੁਕਾਰਹਿ ਨਾ ਤੂ ਮਾਨਹਿ

ਚਾਰਿ ਪੁਕਾਰਹਿ ਨਾ ਤੂ ਮਾਨਹਿ ॥
ਖਟੁ ਭੀ ਏਕਾ ਬਾਤ ਵਖਾਨਹਿ ॥
ਦਸ ਅਸਟੀ ਮਿਲਿ ਏਕੋ ਕਹਿਆ ॥
ਤਾ ਭੀ ਜੋਗੀ ਭੇਦੁ ਨ ਲਹਿਆ ॥1॥
ਕਿੰਕੁਰੀ ਅਨੂਪ ਵਾਜੈ ॥
ਜੋਗੀਆ ਮਤਵਾਰੋ ਰੇ ॥1॥ਰਹਾਉ ॥
ਪ੍ਰਥਮੇ ਵਸਿਆ ਸਤ ਕਾ ਖੇੜਾ ॥
ਤ੍ਰਿਤੀਏ ਮਹਿ ਕਿਛੁ ਭਇਆ ਦੁਤੇੜਾ ॥
ਦੁਤੀਆ ਅਰਧੋ ਅਰਧਿ ਸਮਾਇਆ ॥
ਏਕੁ ਰਹਿਆ ਤਾ ਏਕੁ ਦਿਖਾਇਆ ॥2॥
ਏਕੈ ਸੂਤਿ ਪਰੋਏ ਮਣੀਏ ॥
ਗਾਠੀ ਭਿਨਿ ਭਿਨਿ ਭਿਨਿ ਭਿਨਿ ਤਣੀਏ ॥
ਫਿਰਤੀ ਮਾਲਾ ਬਹੁ ਬਿਧਿ ਭਾਇ ॥
ਖਿੰਚਿਆ ਸੂਤੁ ਤ ਆਈ ਥਾਇ ॥3॥
ਚਹੁ ਮਹਿ ਏਕੈ ਮਟੁ ਹੈ ਕੀਆ ॥
ਤਹ ਬਿਖੜੇ ਥਾਨ ਅਨਿਕ ਖਿੜਕੀਆ ॥
ਖੋਜਤ ਖੋਜਤ ਦੁਆਰੇ ਆਇਆ ॥
ਤਾ ਨਾਨਕ ਜੋਗੀ ਮਹਲੁ ਘਰੁ ਪਾਇਆ ॥4॥
ਇਉ ਕਿੰਕੁਰੀ ਆਨੂਪ ਵਾਜੈ ॥
ਸੁਣਿ ਜੋਗੀ ਕੈ ਮਨਿ ਮੀਠੀ ਲਾਗੈ ॥1॥ਰਹਾਉ ਦੂਜਾ॥1॥12॥886॥

(ਚਾਰਿ=ਚਾਰ ਵੇਦ, ਪੁਕਾਰਹਿ=ਜ਼ੋਰ
ਦੇ ਕੇ ਆਖਦੇ ਹਨ, ਖਟੁ=ਛੇ ਸ਼ਾਸਤਰ,
ਏਕਾ ਬਾਤ=ਇਕੋ ਗੱਲ, ਵਖਾਨਹਿ=
ਬਿਆਨ ਕਰਦੇ ਹਨ, ਦਸ ਅਸਟੀ=
ਅਠਾਰਾਂ ਪੁਰਾਨ, ਮਿਲਿ=ਮਿਲ ਕੇ,
ਏਕੋ=ਇਕ ਬਚਨ, ਜੋਗੀ=ਹੇ ਜੋਗੀ,
ਭੇਦੁ=ਹਰੇਕ ਹਿਰਦੇ ਵਿਚ ਵੱਸ ਰਹੀ
ਸੋਹਣੀ ਕਿੰਗੁਰੀ ਦਾ ਭੇਤ, ਲਹਿਆ=ਲੱਭਾ,
ਕਿੰਕੁਰੀ=ਕਿੰਗਰੀ,ਸੋਹਣੀ ਕਿੰਗ, ਅਨੂਪ=
ਉਪਮਾ=ਰਹਿਤ,ਬੇ-ਮਿਸਾਲ, ਵਾਜੈ=ਵੱਜ
ਰਹੀ ਹੈ, ਮਤਵਾਰੋ=ਮਤਵਾਲਾ,ਮਸਤ, ਪ੍ਰਥਮੇ=
ਪਹਿਲੇ ਜੁਗ ਸਤਜੁਗ ਵਿਚ, ਖੇੜਾ=ਨਗਰ,
ਸਤ=ਦਾਨ, ਤ੍ਰਿਤੀਏ ਮਹਿ=ਤ੍ਰੇਤੇ ਜੁਗ ਵਿਚ,
ਦੁਤੇੜਾ=ਦੁਫੇੜਾ,ਘਾਟ, ਅਰਧੋ ਅਰਧਿ=ਅੱਧ
ਅੱਧ ਵਿਚ, ਏਕੁ ਰਹਿਆ=ਧਰਮ ਦਾ ਸਿਰਫ਼
ਇੱਕ ਪੈਰ ਰਹਿ ਗਿਆ, ਏਕੁ=ਇੱਕ ਪਰਮਾਤਮਾ,
ਦੁਤੀਆ=ਦੁਆਪਰ ਜੁਗ, ਏਕੈ ਸੂਤਿ=ਇਕੋ ਧਾਗੇ
ਵਿਚ, ਇਕੋ ਪਰਮਾਤਮਾ ਦੀ ਚੇਤਨ-ਸੱਤਾ ਵਿਚ,
ਸੂਤਿ=ਸੂਤਰ ਵਿਚ, ਗਾਠੀ=ਗੰਢਾਂ,ਸ਼ਕਲਾਂ, ਭਿਨਿ
ਭਿਨਿ=ਵੱਖ ਵੱਖ, ਤਣੀਏ=ਤਾਣੀਆਂ ਹੋਈਆਂ ਹਨ,
ਮਾਲਾ=ਸੰਸਾਰ-ਚੱਕਰ, ਬਹੁ ਬਿਧਿ=ਕਈ ਤਰੀਕਿਆਂ
ਨਾਲ, ਬਹੁ ਭਾਇ=ਕਈ ਜੁਗਤੀਆਂ ਨਾਲ, ਸੂਤ=ਮਾਲਾ
ਦਾ ਧਾਗਾ, ਆਈ ਥਾਇ=ਸਾਰੀ ਮਾਲਾ ਇਕੋ ਥਾਂ ਵਿਚ
ਆ ਜਾਂਦੀ ਹੈ (ਸਾਰੀ ਸ੍ਰਿਸ਼ਟੀ ਇਕੋ ਪਰਮਾਤਮਾ ਵਿਚ
ਹੀ ਲੀਨ ਹੋ ਜਾਂਦੀ ਹੈ), ਚਹੁ ਮਹਿ=ਚਹੁੰਆਂ ਜੁਗਾਂ ਵਿਚ,
ਏਕੈ ਮਟੁ=ਇਕੋ ਪਰਮਾਤਮਾ ਦਾ ਹੀ (ਜਗਤ) ਮਠ, ਤਹ=
ਇਸ (ਜਗਤ-ਮਠ) ਵਿਚ, ਬਿਖੜੇ=ਔਖੇ, ਅਨਿਕ
ਖਿੜਕੀਆ=ਅਨੇਕਾਂ ਜੂਨਾਂ, ਦੁਆਰੇ=ਗੁਰੂ ਦੇ ਦਰ ਤੇ,
ਜੋਗੀ=ਜੋਗੀ ਨੇ,ਪ੍ਰਭੂ-ਚਰਨਾਂ ਵਿਚ ਜੁੜੇ ਮਨੁੱਖ ਨੇ,
ਮਹਲੁ=ਪ੍ਰਭੂ ਦਾ ਮਹਲ, ਘਰੁ=ਪ੍ਰਭੂ ਦਾ ਘਰ, ਮਹਲੁ
ਘਰੁ=ਪ੍ਰਭੂ ਦੇ ਚਰਨਾਂ ਵਿਚ ਨਿਵਾਸ, ਇਉ=ਇਸ ਤਰ੍ਹਾਂ,
ਸੁਣਿ=ਸੁਣ ਕੇ, ਜੋਗੀ ਕੈ ਮਨਿ=ਪ੍ਰਭੂ=ਚਰਨਾਂ ਵਿਚ ਜੁੜੇ
ਮਨੁੱਖ ਦੇ ਮਨ ਵਿਚ)

25. ਮੁਖ ਤੇ ਪੜਤਾ ਟੀਕਾ ਸਹਿਤ

ਮੁਖ ਤੇ ਪੜਤਾ ਟੀਕਾ ਸਹਿਤ ॥
ਹਿਰਦੈ ਰਾਮੁ ਨਹੀ ਪੂਰਨ ਰਹਤ ॥
ਉਪਦੇਸੁ ਕਰੇ ਕਰਿ ਲੋਕ ਦ੍ਰਿੜਾਵੈ ॥
ਅਪਨਾ ਕਹਿਆ ਆਪਿ ਨ ਕਮਾਵੈ ॥1॥
ਪੰਡਿਤ ਬੇਦੁ ਬੀਚਾਰਿ ਪੰਡਿਤ ॥
ਮਨ ਕਾ ਕ੍ਰੋਧੁ ਨਿਵਾਰਿ ਪੰਡਿਤ ॥1॥ਰਹਾਉ ॥
ਆਗੈ ਰਾਖਿਓ ਸਾਲ ਗਿਰਾਮੁ ॥
ਮਨੁ ਕੀਨੋ ਦਹ ਦਿਸ ਬਿਸ੍ਰਾਮੁ ॥
ਤਿਲਕੁ ਚਰਾਵੈ ਪਾਈ ਪਾਇ ॥
ਲੋਕ ਪਚਾਰਾ ਅੰਧੁ ਕਮਾਇ ॥2॥
ਖਟੁ ਕਰਮਾ ਅਰੁ ਆਸਣੁ ਧੋਤੀ ॥
ਭਾਗਠਿ ਗ੍ਰਿਹਿ ਪੜੈ ਨਿਤ ਪੋਥੀ ॥
ਮਾਲਾ ਫੇਰੈ ਮੰਗੈ ਬਿਭੂਤ ॥
ਇਹ ਬਿਧਿ ਕੋਇ ਨ ਤਰਿਓ ਮੀਤ ॥3॥
ਸੋ ਪੰਡਿਤੁ ਗੁਰ ਸਬਦੁ ਕਮਾਇ ॥
ਤ੍ਰੈ ਗੁਣ ਕੀ ਓਸੁ ਉਤਰੀ ਮਾਇ ॥
ਚਤੁਰ ਬੇਦ ਪੂਰਨ ਹਰਿ ਨਾਇ ॥
ਨਾਨਕ ਤਿਸ ਕੀ ਸਰਣੀ ਪਾਇ ॥4॥6॥17॥887॥

(ਤੇ=ਤੋਂ, ਮੁਖ ਤੇ=ਮੂੰਹੋਂ, ਟੀਕਾ ਸਹਿਤ=ਅਰਥਾਂ ਸਮੇਤ,
ਹਿਰਦੈ=ਹਿਰਦੇ ਵਿਚ, ਰਹਤ=ਰਹਿਣੀ,ਆਚਰਨ, ਕਰਿ=
ਕਰ ਕੇ, ਦ੍ਰਿੜਾਵੈ=ਪੱਕਾ ਨਿਸ਼ਚਾ ਦਿਵਾਂਦਾ ਹੈ, ਬੀਚਾਰਿ=
ਸੋਚ-ਮੰਡਲ ਵਿਚ ਟਿਕਾਈ ਰੱਖ,ਮਨ ਵਿਚ ਵਸਾਈ ਰੱਖ,
ਨਿਵਾਰਿ=ਦੂਰ ਕਰ, ਆਗੈ=ਆਪਣੇ ਸਾਹਮਣੇ, ਰਾਖਿਓ=
ਰੱਖਿਆ ਹੋਇਆ ਹੈ, ਸਾਲਗਿਰਾਮੁ=ਠਾਕੁਰ ਦੀ ਮੂਰਤੀ,
ਦਹ ਦਿਸ=ਦਸੀਂ ਪਾਸੀਂ, ਚਰਾਵੈ=ਮੱਥੇ ਉੱਤੇ ਲਾਂਦਾ ਹੈ,
ਪਾਈ=ਪਾਈਂ,ਪੈਰੀਂ, ਪਾਇ=ਪੈਂਦਾ ਹੈ, ਪਚਾਰਾ=ਪਰਚਾਉਣ
ਦਾ ਕੰਮ, ਅੰਧੁ=ਅੰਨ੍ਹਾ ਮਨੁੱਖ, ਖਟੁ ਕਰਮਾ=ਸ਼ਾਸਤ੍ਰਾਂ ਦੇ ਦੱਸੇ
ਹੋਏ ਛੇ ਧਾਰਮਿਕ ਕੰਮ (ਦਾਨ ਦੇਣਾ ਤੇ ਲੈਣਾ; ਜੱਗ ਕਰਨਾ ਤੇ
ਕਰਾਣਾ; ਵਿੱਦਿਆ ਪੜ੍ਹਨੀ ਤੇ ਪੜ੍ਹਾਣੀ), ਅਰੁ=ਅਤੇ, ਭਾਗਠਿ=
ਭਾਗਾਂ ਵਾਲਾ ਮਨੁੱਖ, ਧਨਾਢ, ਗ੍ਰਿਹਿ=ਘਰ ਵਿਚ, ਬਿਭੂਤ=ਧਨ,
ਮੀਤ=ਹੇ ਮਿੱਤਰ, ਸਬਦੁ ਕਮਾਇ=ਸ਼ਬਦ ਅਨੁਸਾਰ ਜੀਵਨ ਢਾਲਦਾ
ਹੈ, ਓਸੁ=ਉਸ ਮਨੁੱਖ ਦੀ, ਉਤਰੀ=ਲਹਿ ਜਾਂਦੀ ਹੈ, ਤ੍ਰੈ ਗੁਣ ਕੀ
ਮਾਇ=ਤਿੰਨ ਗੁਣਾਂ ਵਾਲੀ ਮਾਇਆ, ਚਤੁਰ=ਚਾਰ, ਨਾਇ=ਨਾਮ ਵਿਚ,
ਤਿਸ ਕੀ=ਉਸ ਦੀ, ਪਾਇ=ਪੈਂਦਾ ਹੈ)

26. ਵਿਦਿਆ ਵੀਚਾਰੀ ਤਾਂ ਪਰਉਪਕਾਰੀ

ਮਹਿਮਾ ਨ ਜਾਨਹਿ ਬੇਦ ॥
ਬ੍ਰਹਮੇ ਨਹੀ ਜਾਨਹਿ ਭੇਦ ॥
ਅਵਤਾਰ ਨ ਜਾਨਹਿ ਅੰਤੁ ॥
ਪਰਮੇਸਰੁ ਪਾਰਬ੍ਰਹਮ ਬੇਅੰਤੁ ॥1॥
ਅਪਨੀ ਗਤਿ ਆਪਿ ਜਾਨੈ ॥
ਸੁਣਿ ਸੁਣਿ ਅਵਰ ਵਖਾਨੈ ॥1॥ਰਹਾਉ ॥
ਸੰਕਰਾ ਨਹੀ ਜਾਨਹਿ ਭੇਵ ॥
ਖੋਜਤ ਹਾਰੇ ਦੇਵ ॥
ਦੇਵੀਆ ਨਹੀ ਜਾਨੈ ਮਰਮ ॥
ਸਭ ਊਪਰਿ ਅਲਖ ਪਾਰਬ੍ਰਹਮ ॥2॥
ਅਪਨੈ ਰੰਗਿ ਕਰਤਾ ਕੇਲ ॥
ਆਪਿ ਬਿਛੋਰੈ ਆਪੇ ਮੇਲ ॥
ਇਕਿ ਭਰਮੇ ਇਕਿ ਭਗਤੀ ਲਾਏ ॥
ਅਪਣਾ ਕੀਆ ਆਪਿ ਜਣਾਏ ॥3॥
ਸੰਤਨ ਕੀ ਸੁਣਿ ਸਾਚੀ ਸਾਖੀ ॥
ਸੋ ਬੋਲਹਿ ਜੋ ਪੇਖਹਿ ਆਖੀ ॥
ਨਹੀ ਲੇਪੁ ਤਿਸੁ ਪੁੰਨਿ ਨ ਪਾਪਿ ॥
ਨਾਨਕ ਕਾ ਪ੍ਰਭੁ ਆਪੇ ਆਪਿ ॥4॥25॥36॥894॥

(ਮਹਿਮਾ=ਵਡਿਆਈ, ਨ ਜਾਨਹਿ=ਨਹੀਂ ਜਾਣਦੇ,
ਬੇਦ=ਚਾਰੇ ਵੇਦ, ਬ੍ਰਹਮੇ=ਅਨੇਕਾਂ ਬ੍ਰਹਮਾ, ਭੇਦ=ਦਿਲ
ਦੀ ਗੱਲ, ਗਤਿ=ਹਾਲਤ, ਜਾਨੈ=ਜਾਣਦਾ ਹੈ, ਸੁਣਿ=
ਸੁਣ ਕੇ, ਅਵਰ=ਹੋਰਨਾਂ ਪਾਸੋਂ, ਵਖਾਨੈ=ਬਿਆਨ
ਕਰਦਾ ਹੈ, ਸੰਕਰ=ਅਨੇਕਾਂ ਸ਼ਿਵ, ਭੇਵ=ਭੇਦ, ਹਾਰੇ=
ਥੱਕ ਗਏ, ਜਾਨੈ=ਜਾਣਦੀ, ਮਰਮ=ਭੇਦ, ਅਲਖ=ਅਲੱਖ,
ਜਿਸ ਦਾ ਸਹੀ ਸਰੂਪ ਬਿਆਨ ਨਾਹ ਕੀਤਾ ਜਾ ਸਕੇ,
ਅਪਨੈ ਰੰਗਿ=ਆਪਣੀ ਮੌਜ ਵਿਚ, ਕਰਤਾ=ਕਰਦਾ ਰਹਿੰਦਾ
ਹੈ, ਕੇਲ=ਖੇਲ, ਕੌਤਕ, ਤਮਾਸ਼ੇ, ਬਿਛੋਰੈ=ਵਿਛੋੜਦਾ ਹੈ,
ਆਪੇ=ਆਪ ਹੀ, ਇਕਿ=ਅਨੇਕ ਜੀਵ, ਭਰਮੇ=ਭਰਮ
ਵਿਚ ਹੀ, ਕੀਆ=ਪੈਦਾ ਕੀਤਾ ਹੋਇਆ ਜਗਤ, ਜਣਾਏ=
ਸੂਝ ਦੇਂਦਾ ਹੈ, ਸਾਚੀ ਸਾਖੀ=ਸਦਾ ਕਾਇਮ ਰਹਿਣ ਵਾਲੀ
ਗੱਲ, ਸੋ=ਉਹ ਕੁਝ, ਬੋਲਹਿ=ਬੋਲਦੇ ਹਨ, ਪੇਖਹਿ=ਵੇਖਦੇ
ਹਨ, ਆਖੀ=ਅੱਖਾਂ ਨਾਲ, ਲੇਪੁ=ਪ੍ਰਭਾਵ,ਅਸਰ, ਪੁੰਨਿ=ਪੁੰਨ
ਨੇ, ਪਾਪਿ=ਪਾਪ ਨੇ, ਆਪੇ ਆਪਿ=ਆਪਣੇ ਵਰਗਾ ਹੀ)

27. ਕਾਰਨ ਕਰਨ ਕਰੀਮ

ਕਾਰਨ ਕਰਨ ਕਰੀਮ ॥
ਸਰਬ ਪ੍ਰਤਿਪਾਲ ਰਹੀਮ ॥
ਅਲਹ ਅਲਖ ਅਪਾਰ ॥
ਖੁਦਿ ਖੁਦਾਇ ਵਡ ਬੇਸੁਮਾਰ ॥1॥
ਓਂ ਨਮੋ ਭਗਵੰਤ ਗੁਸਾਈ ॥
ਖਾਲਕੁ ਰਵਿ ਰਹਿਆ ਸਰਬ ਠਾਈ ॥1॥ਰਹਾਉ ॥
ਜਗੰਨਾਥ ਜਗਜੀਵਨ ਮਾਧੋ ॥
ਭਉ ਭੰਜਨ ਰਿਦ ਮਾਹਿ ਅਰਾਧੋ ॥
ਰਿਖੀਕੇਸ ਗੋਪਾਲ ਗੁ?ਵਿੰਦ ॥
ਪੂਰਨ ਸਰਬਤ੍ਰ ਮੁਕੰਦ ॥2॥
ਮਿਹਰਵਾਨ ਮਉਲਾ ਤੂਹੀ ਏਕ ॥
ਪੀਰ ਪੈਕਾਂਬਰ ਸੇਖ ॥
ਦਿਲਾ ਕਾ ਮਾਲਕੁ ਕਰੇ ਹਾਕੁ ॥
ਕੁਰਾਨ ਕਤੇਬ ਤੇ ਪਾਕੁ ॥3॥
ਨਾਰਾਇਣ ਨਰਹਰ ਦਇਆਲ ॥
ਰਮਤ ਰਾਮ ਘਟ ਘਟ ਆਧਾਰ ॥
ਬਾਸੁਦੇਵ ਬਸਤ ਸਭ ਠਾਇ ॥
ਲੀਲਾ ਕਿਛੁ ਲਖੀ ਨ ਜਾਇ ॥4॥
ਮਿਹਰ ਦਇਆ ਕਰਿ ਕਰਨੈਹਾਰ ॥
ਭਗਤਿ ਬੰਦਗੀ ਦੇਹਿ ਸਿਰਜਣਹਾਰ ॥
ਕਹੁ ਨਾਨਕ ਗੁਰਿ ਖੋਏ ਭਰਮ ॥
ਏਕੋ ਅਲਹੁ ਪਾਰਬ੍ਰਹਮ ॥5॥34॥45॥896॥

(ਕਾਰਨ ਕਰਨ=ਜਗਤ ਦਾ ਪੈਦਾ ਕਰਨ ਵਾਲਾ,
ਕਰਮੁ=ਬਖ਼ਸ਼ਸ਼, ਕਰੀਮ=ਬਖ਼ਸ਼ਸ਼ ਕਰਨ ਵਾਲਾ,
ਪ੍ਰਤਿਪਾਲ=ਪਾਲਣ ਵਾਲਾ, ਰਹੀਮ=ਰਹਿਮ ਕਰਨ
ਵਾਲਾ, ਅਲਹ=ਰੱਬ, ਅਲਖ=ਅਲੱਖ,ਜਿਸ ਦਾ ਸਹੀ
ਸਰੂਪ ਬਿਆਨ ਨ ਹੋ ਸਕੇ, ਖੁਦਿ=ਆਪ ਹੀ, ਖੁਦਾਇ=
ਮਾਲਕ, ਬੇਸੁਮਾਰ=ਗਿਣਤੀ-ਮਿਣਤੀ ਤੋਂ ਬਾਹਰਾ,
ਓਂ ਨਮੋ=ਸਰਬ-ਵਿਆਪਕ ਨੂੰ ਨਮਸਕਾਰ, ਗੁਸਾਈ=
ਗੋ-ਸਾਈਂ, ਧਰਤੀ ਦਾ ਮਾਲਕ, ਖਾਲਕੁ=ਖ਼ਲਕਤ ਦਾ
ਪੈਦਾ ਕਰਨ ਵਾਲਾ, ਰਵਿ ਰਹਿਆ=ਵਿਆਪਕ ਹੈ,
ਮੌਜੂਦ ਹੈ, ਸਰਬ=ਸਾਰੇ, ਠਾਈ=ਠਾਈਂ,ਥਾਵਾਂ ਵਿਚ,
ਮਾਧੋ=ਮਾਧਵ, ਮਾਇਆ ਦਾ ਪਤੀ, ਅਰਾਧੋ=ਅਰਾਧੁ,
ਸਿਮਰਨ=ਜੋਗ, ਰਿਦ=ਹਿਰਦਾ, ਰਿਖੀਕੇਸ=ਇੰਦ੍ਰਿਆਂ
ਦਾ ਮਾਲਕ, ਸਰਬਤ੍ਰ=ਸਭ ਥਾਈਂ, ਮੁਕੰਦ=ਮੁਕਤੀ=ਦਾਤਾ,
ਮਉਲਾ=ਨਜਾਤ (ਮੁਕਤੀ) ਦੇਣ ਵਾਲਾ, ਪੈਕਾਂਬਰ=ਪੈਗ਼ੰਬਰ
{ਪੈਗ਼ਾਮ+ਬਰ} ਰੱਬ ਦਾ ਸੁਨੇਹਾ ਲਿਆਉਣ ਵਾਲਾ, ਸੇਖ=
ਸ਼ੇਖ, ਕਰੇ ਹਾਕੁ=ਹੱਕੋ-ਹੱਕ ਕਰਦਾ ਹੈ,ਨਿਆਂ ਕਰਦਾ ਹੈ,
ਤੇ=ਤੋਂ, ਨਾਰਾਇਣ=ਜਲ ਵਿਚ ਨਿਵਾਸ ਰੱਖਣ ਵਾਲਾ,ਵਿਸ਼ਨੂ,
ਨਰਹਰ=ਨਰਸਿੰਘ, ਰਮਤ=ਸਭ ਵਿਚ ਰਮਿਆ ਹੋਇਆ, ਘਟ
ਘਟ ਆਧਾਰ=ਹਰੇਕ ਹਿਰਦੇ ਦਾ ਆਸਰਾ, ਬਾਸੁਦੇਵ=(ਸ੍ਰੀ ਕ੍ਰਿਸ਼ਨ)
ਪਰਮਾਤਮਾ, ਠਾਇ=ਥਾਂ ਵਿਚ, ਲੀਲਾ=ਇਕ ਚੋਜ,ਖੇਡ, ਲਖੀ ਨ
ਜਾਇ=ਬਿਆਨ ਨਹੀਂ ਹੋ ਸਕਦੀ, ਕਰਨੈਹਾਰ=ਹੇ ਪੈਦਾ ਕਰਨ ਵਾਲੇ,
ਗੁਰਿ=ਗੁਰੂ ਨੇ, ਖੋਏ=ਨਾਸ ਕੀਤੇ, ਭਰਮ=ਭੁਲੇਖੇ)

28. ਚਾਦਨਾ ਚਾਦਨੁ ਆਂਗਨਿ

ਚਾਦਨਾ ਚਾਦਨੁ ਆਂਗਨਿ ਪ੍ਰਭ ਜੀਉ ਅੰਤਰਿ ਚਾਦਨਾ ॥1॥
ਆਰਾਧਨਾ ਅਰਾਧਨੁ ਨੀਕਾ ਹਰਿ ਹਰਿ ਨਾਮੁ ਅਰਾਧਨਾ ॥2॥
ਤਿਆਗਨਾ ਤਿਆਗਨੁ ਨੀਕਾ ਕਾਮੁ ਕ੍ਰੋਧੁ ਲੋਭੁ ਤਿਆਗਨਾ ॥3॥
ਮਾਗਨਾ ਮਾਗਨੁ ਨੀਕਾ ਹਰਿ ਜਸੁ ਗੁਰ ਤੇ ਮਾਗਨਾ ॥4॥
ਜਾਗਨਾ ਜਾਗਨੁ ਨੀਕਾ ਹਰਿ ਕੀਰਤਨ ਮਹਿ ਜਾਗਨਾ ॥5॥
ਲਾਗਨਾ ਲਾਗਨੁ ਨੀਕਾ ਗੁਰ ਚਰਣੀ ਮਨੁ ਲਾਗਨਾ ॥6॥
ਇਹ ਬਿਧਿ ਤਿਸਹਿ ਪਰਾਪਤੇ ਜਾ ਕੈ ਮਸਤਕਿ ਭਾਗਨਾ ॥7॥
ਕਹੁ ਨਾਨਕ ਤਿਸੁ ਸਭੁ ਕਿਛੁ ਨੀਕਾ ਜੋ ਪ੍ਰਭ ਕੀ ਸਰਨਾਗਨਾ ॥8॥1॥4॥1018॥

(ਚਾਦਨਾ ਚਾਦਨੁ=ਚਾਨਣਾਂ ਵਿਚੋਂ ਚਾਨਣ, ਆਂਗਨਿ=ਵਿਹੜੇ ਵਿਚ,
ਪ੍ਰਭ ਜੀਉ ਚਾਦਨਾ=ਪ੍ਰਭੂ ਜੀ ਦੇ ਨਾਮ ਦਾ ਚਾਨਣ, ਅੰਤਰਿ=ਅੰਦਰ,
ਹਿਰਦੇ ਵਿਚ, ਨੀਕਾ=ਸੋਹਣਾ,ਚੰਗਾ, ਆਰਾਧਨਾ ਅਰਾਧਨੁ=ਸਿਮਰਨਾਂ
ਵਿਚੋਂ ਸਿਮਰਨ, ਤਿਆਗਨਾ=ਛਡ ਦੇਣਾ, ਮਾਗਨਾ ਮਾਗਨੁ=ਮੰਗਣ ਵਿਚੋਂ
ਮੰਗਣ, ਗੁਰ ਤੇ=ਗੁਰੂ ਪਾਸੋਂ, ਹਰਿ ਕੀਰਤਨ ਮਹਿ=ਪਰਮਾਤਮਾ ਦੀ
ਸਿਫ਼ਤਿ-ਸਾਲਾਹ ਕਰਨ ਵਿਚ, ਲਾਗਨਾ ਲਾਗਨੁ ਨੀਕਾ=ਹੋਰ ਹੋਰ ਪਿਆਰ
ਬਣਨ ਨਾਲੋਂ ਸੋਹਣਾ ਪਿਆਰ, ਇਹ ਬਿਧਿ=ਇਹ ਜੁਗਤਿ, ਜਾ ਕੈ ਮਸਤਕਿ=
ਜਿਸ ਦੇ ਮੱਥੇ ਉੱਤੇ, ਸਰਨਾਗਨਾ=ਸਰਣ ਆ ਜਾਂਦਾ ਹੈ)

29. ਬਿਰਖੈ ਹੇਠਿ ਸਭਿ ਜੰਤ ਇਕਠੇ

ਬਿਰਖੈ ਹੇਠਿ ਸਭਿ ਜੰਤ ਇਕਠੇ ॥
ਇਕਿ ਤਤੇ ਇਕਿ ਬੋਲਨਿ ਮਿਠੇ ॥
ਅਸਤੁ ਉਦੋਤੁ ਭਇਆ ਉਠਿ ਚਲੇ ਜਿਉ ਜਿਉ ਅਉਧ ਵਿਹਾਣੀਆ ॥1॥
ਪਾਪ ਕਰੇਦੜ ਸਰਪਰ ਮੁਠੇ ॥
ਅਜਰਾਈਲਿ ਫੜੇ ਫੜਿ ਕੁਠੇ ॥
ਦੋਜਕਿ ਪਾਏ ਸਿਰਜਣਹਾਰੈ ਲੇਖਾ ਮੰਗੈ ਬਾਣੀਆ ॥2॥
ਸੰਗਿ ਨ ਕੋਈ ਭਈਆ ਬੇਬਾ ॥
ਮਾਲੁ ਜੋਬਨੁ ਧਨੁ ਛੋਡਿ ਵਞੇਸਾ ॥
ਕਰਣ ਕਰੀਮ ਨ ਜਾਤੋ ਕਰਤਾ ਤਿਲ ਪੀੜੇ ਜਿਉ ਘਾਣੀਆ ॥3॥
ਖੁਸਿ ਖੁਸਿ ਲੈਦਾ ਵਸਤੁ ਪਰਾਈ ॥
ਵੇਖੈ ਸੁਣੇ ਤੇਰੈ ਨਾਲਿ ਖੁਦਾਈ ॥
ਦੁਨੀਆ ਲਬਿ ਪਇਆ ਖਾਤ ਅੰਦਰਿ ਅਗਲੀ ਗਲ ਨ ਜਾਣੀਆ ॥4॥
ਜਮਿ ਜਮਿ ਮਰੈ ਮਰੈ ਫਿਰਿ ਜੰਮੈ ॥
ਬਹੁਤੁ ਸਜਾਇ ਪਇਆ ਦੇਸਿ ਲੰਮੈ ॥
ਜਿਨਿ ਕੀਤਾ ਤਿਸੈ ਨ ਜਾਣੀ ਅੰਧਾ ਤਾ ਦੁਖੁ ਸਹੈ ਪਰਾਣੀਆ ॥5॥
ਖਾਲਕ ਥਾਵਹੁ ਭੁਲਾ ਮੁਠਾ ॥
ਦੁਨੀਆ ਖੇਲੁ ਬੁਰਾ ਰੁਠ ਤੁਠਾ ॥
ਸਿਦਕੁ ਸਬੂਰੀ ਸੰਤੁ ਨ ਮਿਲਿਓ ਵਤੈ ਆਪਣ ਭਾਣੀਆ ॥6॥
ਮਉਲਾ ਖੇਲ ਕਰੇ ਸਭਿ ਆਪੇ ॥
ਇਕਿ ਕਢੇ ਇਕਿ ਲਹਰਿ ਵਿਆਪੇ ॥
ਜਿਉ ਨਚਾਏ ਤਿਉ ਤਿਉ ਨਚਨਿ ਸਿਰਿ ਸਿਰਿ ਕਿਰਤ ਵਿਹਾਣੀਆ ॥7॥
ਮਿਹਰ ਕਰੇ ਤਾ ਖਸਮੁ ਧਿਆਈ ॥
ਸੰਤਾ ਸੰਗਤਿ ਨਰਕਿ ਨ ਪਾਈ ॥
ਅੰਮ੍ਰਿਤ ਨਾਮ ਦਾਨੁ ਨਾਨਕ ਕਉ ਗੁਣ ਗੀਤਾ ਨਿਤ ਵਖਾਣੀਆ ॥8॥2॥8॥12॥20॥1020॥

(ਬਿਰਖ=ਰੁੱਖ, ਸਭਿ=ਸਾਰੇ, ਤਤੇ=ਖਰ੍ਹਵੇ, ਤਿੱਖੇ, ਬੋਲਨਿ=ਬੋਲਦੇ
ਹਨ, ਅਸਤੁ=ਡੁੱਬਾ ਹੋਇਆ, ਉਦੋਤੁ ਭਇਆ=ਉਦੈ ਹੁੰਦਾ ਹੈ,
ਅਕਾਸ਼ ਵਿਚ ਚੜ੍ਹ ਪੈਂਦਾ ਹੈ, ਉਠਿ=ਉੱਠ ਕੇ, ਅਉਧ=ਉਮਰ,
ਵਿਹਾਣੀਆ=ਬੀਤ ਜਾਂਦੀ ਹੈ, ਕਰੇਦੜ=ਕਰਨ ਵਾਲੇ, ਸਰਪਰ=
ਜ਼ਰੂਰ, ਮੁਠੇ=ਲੁੱਟੇ ਜਾਂਦੇ ਹਨ, ਅਜਰਾਈਲਿ=ਅਜਰਾਈਲ ਨੇ,ਮੌਤ
ਦੇ ਫ਼ਰਿਸ਼ਤੇ ਨੇ, ਫੜੇ ਫੜਿ=ਫੜ ਫੜ ਕੇ, ਕੁਠੇ=ਕੁਹ ਸੁੱਟੇ, ਦੋਜਕਿ=
ਦੋਜ਼ਕ ਵਿਚ, ਮੰਗੈ=ਮੰਗਦਾ ਹੈ, ਬਾਣੀਆ=ਕਰਮਾਂ ਦਾ ਲੇਖਾ ਲਿਖਣ
ਵਾਲਾ ਧਰਮਰਾਜ, ਸੰਗਿ=ਨਾਲ, ਭਈਆ=ਭਰਾ, ਬੇਬਾ=ਭੈਣ, ਜੋਬਨੁ=
ਜਵਾਨੀ, ਛੋਡਿ=ਛੱਡ ਕੇ, ਵਞੇਸਾ= ਤੁਰ ਪਏਗਾ, ਕਰੀਮ=ਬਖ਼ਸ਼ਸ਼
ਕਰਨ ਵਾਲਾ, ਕਰਣ ਕਰਤਾ=ਜਗਤ ਦਾ ਰਚਨਹਾਰ, ਜਾਤੋ=ਜਾਣਿਆ,
ਸਾਂਝ ਪਾਈ, ਘਾਣੀ=ਕੋਹਲੂ ਵਿਚ ਪੀੜਨ ਵਾਸਤੇ ਇਕ ਵਾਰੀ ਜੋਗੇ
ਪਾਏ ਹੋਏ ਤਿਲ, ਖੁਸਿ ਖੁਸਿ=ਖੋਹ ਖੋਹ ਕੇ, ਪਰਾਈ=ਬਿਗਾਨੀ,
ਵਸਤੁ=ਚੀਜ਼, ਖੁਦਾਈ=ਖ਼ੁਦਾ,ਰੱਬ, ਦੁਨੀਆ ਲਬਿ=ਦੁਨੀਆ ਦੇ
ਚਸਕੇ ਵਿਚ, ਖਾਤ=ਟੋਆ, ਗਲ=ਗੱਲ, ਅਗਲੀ=ਅਗਾਂਹ ਵਾਪਰਨ
ਵਾਲੀ, ਜਮਿ ਜਮਿ ਮਰੈ=ਮੁੜ ਮੁੜ ਜੰਮ ਕੇ,ਮਰਨ ਦੇ ਗੇੜ ਵਿਚ ਪੈ
ਜਾਂਦਾ ਹੈ, ਸਜਾਇ=ਸਜ਼ਾ,ਦੰਡ, ਦੇਸਿ ਲੰਮੈ=ਲੰਮੇ ਦੇਸ ਵਿਚ,ਲੰਮੇ
ਪੈਂਡੇ ਵਿਚ, ਜਿਨਿ=ਜਿਸ ਨੇ, ਕੀਤਾ=ਪੈਦਾ ਕੀਤਾ, ਅੰਧਾ=ਅੰਨ੍ਹਾ,
ਤਾ=ਤਾਂ,ਤਾਂਹੀਏਂ, ਸਹੈ=ਸਹਾਰਦਾ ਹੈ, ਪਰਾਣੀਆ=ਜੀਵ, ਖਾਲਕ=
ਪੈਦਾ ਕਰਨ ਵਾਲਾ, ਥਾਵਹੁ=ਥਾਂ ਤੋਂ,ਵੱਲੋਂ, ਭੁਲਾ=ਭੁੱਲਾ, ਮੁਠਾ=ਠੱਗਿਆ
ਜਾ ਰਿਹਾ ਹੈ, ਖੇਲੁ=ਤਮਾਸ਼ਾ,ਜਾਦੂ ਦੀ ਖੇਡ, ਬੁਰਾ=ਭੈੜਾ, ਰੁਠ=ਰੁੱਠਾ,
ਰੁੱਸਿਆ, ਤੁਠਾ=ਖ਼ੁਸ਼ ਹੋਇਆ, ਸਿਦਕੁ=ਸ਼ਾਂਤੀ,ਤਸੱਲੀ, ਸਬੂਰੀ=ਸਬਰ,
ਰਜੇਵਾਂ, ਸੰਤੁ=ਗੁਰੂ, ਵਤੈ=ਭਟਕਦਾ ਫਿਰਦਾ ਹੈ, ਆਪਣ ਭਾਣੀਆ=ਆਪਣੇ
ਮਨ ਦੀ ਮਰਜ਼ੀ ਅਨੁਸਾਰ, ਮਉਲਾ=ਖ਼ੁਦਾ,ਰੱਬ, ਸਭਿ=ਸਾਰੇ, ਇਕਿ=ਕਈ,
ਵਿਆਪੇ=ਫਸੇ ਹੋਏ, ਨਚਾਏ=ਨਚਾਂਦਾ ਹੈ, ਨਚਨਿ=ਨੱਚਦੇ ਹਨ, ਸਿਰਿ ਸਿਰਿ=
ਹਰੇਕ ਦੇ ਸਿਰ ਉੱਤੇ, ਕਿਰਤ=ਕਮਾਈ, ਵਿਹਾਣੀਆ=ਬੀਤਦੀ ਹੈ,ਅਸਰ
ਪਾਂਦੀ ਹੈ, ਤਾ=ਤਾਂ,ਤਦੋਂ, ਧਿਆਈ=ਧਿਆਈਂ,ਮੈਂ ਧਿਆਵਾਂ, ਨਰਕਿ=ਨਰਕ
ਵਿਚ, ਅੰਮ੍ਰਿਤ=ਆਤਮਕ ਜੀਵਨ ਦੇਣ ਵਾਲਾ, ਦਾਨੁ=ਖੈਰ, ਕਉ=ਨੂੰ, ਗੁਣ
ਗੀਤਾ=ਗੁਣਾਂ ਦੇ ਗੀਤ, ਵਖਾਣੀਆ=ਮੈਂ ਵਖਾਣਾਂ,ਗਾਵਾਂ)

30. ਅਚੁਤ ਪਾਰਬ੍ਰਹਮ ਪਰਮੇਸੁਰ ਅੰਤਰਜਾਮੀ

ਅਚੁਤ ਪਾਰਬ੍ਰਹਮ ਪਰਮੇਸੁਰ ਅੰਤਰਜਾਮੀ ॥
ਮਧੁਸੂਦਨ ਦਾਮੋਦਰ ਸੁਆਮੀ ॥
ਰਿਖੀਕੇਸ ਗੋਵਰਧਨ ਧਾਰੀ ਮੁਰਲੀ ਮਨੋਹਰ ਹਰਿ ਰੰਗਾ ॥1॥
ਮੋਹਨ ਮਾਧਵ ਕ੍ਰਿਸਨ ਮੁਰਾਰੇ ॥
ਜਗਦੀਸੁਰ ਹਰਿ ਜੀਉ ਅਸੁਰ ਸੰਘਾਰੇ ॥
ਜਗਜੀਵਨ ਅਬਿਨਾਸੀ ਠਾਕੁਰ ਘਟ ਘਟ ਵਾਸੀ ਹੈ ਸੰਗਾ ॥2॥
ਧਰਣੀਧਰ ਈਸ ਨਰਸਿੰਘ ਨਾਰਾਇਣ ॥
ਦਾੜਾ ਅਗ੍ਰੇ ਪ੍ਰਿਥਮਿ ਧਰਾਇਣ ॥
ਬਾਵਨ ਰੂਪੁ ਕੀਆ ਤੁਧੁ ਕਰਤੇ ਸਭ ਹੀ ਸੇਤੀ ਹੈ ਚੰਗਾ ॥3॥
ਸ੍ਰੀ ਰਾਮਚੰਦ ਜਿਸੁ ਰੂਪੁ ਨ ਰੇਖਿਆ ॥
ਬਨਵਾਲੀ ਚਕ੍ਰਪਾਣਿ ਦਰਸਿ ਅਨੂਪਿਆ ॥
ਸਹਸ ਨੇਤ੍ਰ ਮੂਰਤਿ ਹੈ ਸਹਸਾ ਇਕੁ ਦਾਤਾ ਸਭ ਹੈ ਮੰਗਾ ॥4॥
ਭਗਤਿ ਵਛਲੁ ਅਨਾਥਹ ਨਾਥੇ ॥
ਗੋਪੀ ਨਾਥੁ ਸਗਲ ਹੈ ਸਾਥੇ ॥
ਬਾਸੁਦੇਵ ਨਿਰੰਜਨ ਦਾਤੇ ਬਰਨਿ ਨ ਸਾਕਉ ਗੁਣ ਅੰਗਾ ॥5॥
ਮੁਕੰਦ ਮਨੋਹਰ ਲਖਮੀ ਨਾਰਾਇਣ ॥
ਦ੍ਰੋਪਤੀ ਲਜਾ ਨਿਵਾਰਿ ਉਧਾਰਣ ॥
ਕਮਲਾਕੰਤ ਕਰਹਿ ਕੰਤੂਹਲ ਅਨਦ ਬਿਨੋਦੀ ਨਿਹਸੰਗਾ ॥6॥
ਅਮੋਘ ਦਰਸਨ ਆਜੂਨੀ ਸੰਭਉ ॥
ਅਕਾਲ ਮੂਰਤਿ ਜਿਸੁ ਕਦੇ ਨਾਹੀ ਖਉ ॥
ਅਬਿਨਾਸੀ ਅਬਿਗਤ ਅਗੋਚਰ ਸਭੁ ਕਿਛੁ ਤੁਝ ਹੀ ਹੈ ਲਗਾ ॥7॥
ਸ੍ਰੀਰੰਗ ਬੈਕੁੰਠ ਕੇ ਵਾਸੀ ॥
ਮਛੁ ਕਛੁ ਕੂਰਮੁ ਆਗਿਆ ਅਉਤਰਾਸੀ ॥
ਕੇਸਵ ਚਲਤ ਕਰਹਿ ਨਿਰਾਲੇ ਕੀਤਾ ਲੋੜਹਿ ਸੋ ਹੋਇਗਾ ॥8॥
ਨਿਰਾਹਾਰੀ ਨਿਰਵੈਰੁ ਸਮਾਇਆ ॥
ਧਾਰਿ ਖੇਲੁ ਚਤੁਰਭੁਜੁ ਕਹਾਇਆ ॥
ਸਾਵਲ ਸੁੰਦਰ ਰੂਪ ਬਣਾਵਹਿ ਬੇਣੁ ਸੁਨਤ ਸਭ ਮੋਹੈਗਾ ॥9॥
ਬਨਮਾਲਾ ਬਿਭੂਖਨ ਕਮਲ ਨੈਨ ॥
ਸੁੰਦਰ ਕੁੰਡਲ ਮੁਕਟ ਬੈਨ ॥
ਸੰਖ ਚਕ੍ਰ ਗਦਾ ਹੈ ਧਾਰੀ ਮਹਾ ਸਾਰਥੀ ਸਤਸੰਗਾ ॥10॥
ਪੀਤ ਪੀਤੰਬਰ ਤ੍ਰਿਭਵਣ ਧਣੀ ॥
ਜਗੰਨਾਥੁ ਗੋਪਾਲੁ ਮੁਖਿ ਭਣੀ ॥
ਸਾਰਿੰਗਧਰ ਭਗਵਾਨ ਬੀਠੁਲਾ ਮੈ ਗਣਤ ਨ ਆਵੈ ਸਰਬੰਗਾ ॥11॥
ਨਿਹਕੰਟਕੁ ਨਿਹਕੇਵਲੁ ਕਹੀਐ ॥
ਧਨੰਜੈ ਜਲਿ ਥਲਿ ਹੈ ਮਹੀਐ ॥
ਮਿਰਤ ਲੋਕ ਪਇਆਲ ਸਮੀਪਤ ਅਸਥਿਰ ਥਾਨੁ ਜਿਸੁ ਹੈ ਅਭਗਾ ॥12॥
ਪਤਿਤ ਪਾਵਨ ਦੁਖ ਭੈ ਭੰਜਨੁ ॥
ਅਹੰਕਾਰ ਨਿਵਾਰਣੁ ਹੈ ਭਵ ਖੰਡਨੁ ॥
ਭਗਤੀ ਤੋਖਿਤ ਦੀਨ ਕ੍ਰਿਪਾਲਾ ਗੁਣੇ ਨ ਕਿਤ ਹੀ ਹੈ ਭਿਗਾ ॥13॥
ਨਿਰੰਕਾਰੁ ਅਛਲ ਅਡੋਲੋ ॥
ਜੋਤਿ ਸਰੂਪੀ ਸਭੁ ਜਗੁ ਮਉਲੋ ॥
ਸੋ ਮਿਲੈ ਜਿਸੁ ਆਪਿ ਮਿਲਾਏ ਆਪਹੁ ਕੋਇ ਨ ਪਾਵੈਗਾ ॥14॥
ਆਪੇ ਗੋਪੀ ਆਪੇ ਕਾਨਾ ॥
ਆਪੇ ਗਊ ਚਰਾਵੈ ਬਾਨਾ ॥
ਆਪਿ ਉਪਾਵਹਿ ਆਪਿ ਖਪਾਵਹਿ ਤੁਧੁ ਲੇਪੁ ਨਹੀ ਇਕੁ ਤਿਲੁ ਰੰਗਾ ॥15॥
ਏਕ ਜੀਹ ਗੁਣ ਕਵਨ ਬਖਾਨੈ ॥
ਸਹਸ ਫਨੀ ਸੇਖ ਅੰਤੁ ਨ ਜਾਨੈ ॥
ਨਵਤਨ ਨਾਮ ਜਪੈ ਦਿਨੁ ਰਾਤੀ ਇਕੁ ਗੁਣੁ ਨਾਹੀ ਪ੍ਰਭ ਕਹਿ ਸੰਗਾ ॥16॥
ਓਟ ਗਹੀ ਜਗਤ ਪਿਤ ਸਰਣਾਇਆ ॥
ਭੈ ਭਇਆਨਕ ਜਮਦੂਤ ਦੁਤਰ ਹੈ ਮਾਇਆ ॥
ਹੋਹੁ ਕ੍ਰਿਪਾਲ ਇਛਾ ਕਰਿ ਰਾਖਹੁ ਸਾਧ ਸੰਤਨ ਕੈ ਸੰਗਿ ਸੰਗਾ ॥17॥
ਦ੍ਰਿਸਟਿਮਾਨ ਹੈ ਸਗਲ ਮਿਥੇਨਾ ॥
ਇਕੁ ਮਾਗਉ ਦਾਨੁ ਗੋਬਿਦ ਸੰਤ ਰੇਨਾ ॥
ਮਸਤਕਿ ਲਾਇ ਪਰਮ ਪਦੁ ਪਾਵਉ ਜਿਸੁ ਪ੍ਰਾਪਤਿ ਸੋ ਪਾਵੈਗਾ ॥18॥
ਜਿਨ ਕਉ ਕ੍ਰਿਪਾ ਕਰੀ ਸੁਖਦਾਤੇ ॥
ਤਿਨ ਸਾਧੂ ਚਰਣ ਲੈ ਰਿਦੈ ਪਰਾਤੇ ॥
ਸਗਲ ਨਾਮ ਨਿਧਾਨੁ ਤਿਨ ਪਾਇਆ ਅਨਹਦ ਸਬਦ ਮਨਿ ਵਾਜੰਗਾ ॥19॥
ਕਿਰਤਮ ਨਾਮ ਕਥੇ ਤੇਰੇ ਜਿਹਬਾ ॥
ਸਤਿ ਨਾਮੁ ਤੇਰਾ ਪਰਾ ਪੂਰਬਲਾ ॥
ਕਹੁ ਨਾਨਕ ਭਗਤ ਪਏ ਸਰਣਾਈ ਦੇਹੁ ਦਰਸੁ ਮਨਿ ਰੰਗੁ ਲਗਾ ॥20॥
ਤੇਰੀ ਗਤਿ ਮਿਤਿ ਤੂਹੈ ਜਾਣਹਿ ॥
ਤੂ ਆਪੇ ਕਥਹਿ ਤੈ ਆਪਿ ਵਖਾਣਹਿ ॥
ਨਾਨਕ ਦਾਸੁ ਦਾਸਨ ਕੋ ਕਰੀਅਹੁ ਹਰਿ ਭਾਵੈ ਦਾਸਾ ਰਾਖੁ ਸੰਗਾ ॥21॥2॥11॥1082॥

(ਅਚੁਤ=ਨਾਹ ਨਾਸ ਹੋਣ ਵਾਲਾ, ਅੰਤਰਜਾਮੀ=ਸਭ ਦੇ ਦਿਲਾਂ
ਵਿਚ ਅੱਪੜਨ ਵਾਲਾ, ਮਧੁਸੂਦਨ=ਮਧੂ ਦੈਂਤ ਨੂੰ ਮਾਰਨ ਵਾਲਾ,
ਦਾਮੋਦਰ={ਦਾਮ+ਉਦਰ} ਜਿਸ ਦੇ ਪੇਟ ਦੇ ਦੁਆਲੇ ਰੱਸੀ ਹੈ,
ਰਿਖੀਕੇਸ=ਜਗਤ ਦੇ ਗਿਆਨ-ਇੰਦ੍ਰਿਆਂ ਦਾ ਮਾਲਕ, ਗੋਵਰਧਨ
ਧਾਰੀ=ਗੋਵਰਧਨ ਪਹਾੜ ਨੂੰ ਚੁੱਕਣ ਵਾਲਾ, ਮੁਰਲੀ ਮਨੋਹਰ=
ਸੋਹਣੀ ਮੁਰਲੀ ਵਾਲਾ, ਰੰਗਾ=ਅਨੇਕਾਂ ਕੌਤਕ-ਤਮਾਸ਼ੇ, ਮਾਧਵ=
ਮਾਇਆ ਦਾ ਪਤੀ, ਮੁਰਾਰੇ=ਮੁਰ-ਦੈਂਤ ਦਾ ਵੈਰੀ {ਮਰੁ+ਅਰਿ},
ਅਸੁਰ ਸੰਘਾਰੇ=ਦੈਂਤਾਂ ਦਾ ਨਾਸ ਕਰਨ ਵਾਲਾ, ਘਟ ਘਟ ਵਾਸੀ=
ਸਭਨਾਂ ਸਰੀਰਾਂ ਵਿਚ ਵੱਸਣ ਵਾਲਾ, ਸੰਗਾ=ਸੰਗਿ,ਨਾਲ ਧਰਣੀ ਧਰ=
ਧਰਤੀ ਦਾ ਸਹਾਰਾ, ਈਸ=ਈਸ਼,ਮਾਲਕ, ਨਾਰਾਇਣ=(ਨਾਰ=ਜਲ,
ਅਯਨ=ਘਰ) ਜਿਸ ਦਾ ਘਰ ਪਾਣੀ ਵਿਚ ਹੈ, ਦਾੜਾ ਅਗ੍ਰੇ=ਦਾੜ੍ਹਾਂ ਦੇ
ਉੱਤੇ, ਪ੍ਰਿਥਮਿ=ਧਰਤੀ, ਧਰਾਇਣ=ਚੁੱਕਣ ਵਾਲਾ, ਬਾਵਨ ਰੂਪੁ=ਵਾਮਨ
(ਬੌਣਾ) ਅਵਤਾਰ, ਸੇਤੀ=ਨਾਲ, ਰੇਖਿਆ=ਚਿਹਨ-ਚੱਕ੍ਰ, ਬਨਵਾਲੀ=ਬਨ
ਹੈ ਮਾਲਾ ਜਿਸ ਦੀ, ਚਕ੍ਰਪਾਣਿ=ਜਿਸ ਦੇ ਹੱਥ ਵਿਚ ਚੱਕ੍ਰ ਹੈ, ਦਰਸਿ
ਅਨੂਪਿਆ=ਉਪਮਾ-ਰਹਿਤ ਦਰਸਨ ਵਾਲਾ, ਸਹਸ ਨੇਤ੍ਰ=ਹਜ਼ਾਰਾਂ ਅੱਖਾਂ
ਵਾਲਾ, ਸਹਸਾ=ਹਜ਼ਾਰਾਂ, ਮੰਗਾ=ਮੰਗਣ ਵਾਲੇ, ਭਗਤਿ ਵਛਲੁ=ਭਗਤੀ ਨੂੰ
ਪਿਆਰ ਕਰਨ ਵਾਲਾ, ਅਨਾਥਹ ਨਾਥੇ=ਹੇ ਅਨਾਥਾਂ ਦੇ ਨਾਥ, ਗੋਪੀ ਨਾਥੁ=
ਗੋਪੀਆਂ ਦਾ ਨਾਥ, ਨਿਰੰਜਨੁ=ਮਾਇਆ ਦੇ ਮੋਹ ਦੀ ਕਾਲਖ ਤੋਂ ਰਹਿਤ,
ਬਰਨਿ ਨ ਸਾਕਉਂ=ਮੈਂ ਬਿਆਨ ਨਹੀਂ ਕਰ ਸਕਦਾ, ਮੁਕੰਦ=ਮੁਕਤੀ ਦੇਣ
ਵਾਲਾ, ਲਖਮੀ ਨਾਰਾਇਣ=ਲੱਛਮੀ ਦਾ ਪਤੀ ਨਾਰਾਇਣ, ਨਿਵਾਰਿ=ਬੇ-ਪਤੀ
ਤੋਂ ਬਚਾ ਕੇ, ਉਧਾਰਣ=ਬਚਾਣ ਵਾਲਾ, ਕਮਲਾ ਕੰਤ=ਹੇ ਮਾਇਆ ਦੇ ਪਤੀ,
ਕੰਤੂਹਲ=ਕੌਤਕ ਤਮਾਸ਼ੇ, ਬਿਨੋਦੀ=ਆਨੰਦ ਮਾਣਨ ਵਾਲਾ, ਨਿਸੰਗਾ=ਨਿਰਲੇਪ,
ਅਮੋਘ=ਕਦੇ ਖ਼ਾਲੀ ਨਾਹ ਜਾਣ ਵਾਲਾ, ਆਜੂਨੀ=ਜੂਨਾਂ ਤੋਂ ਰਹਿਤ, ਸੰਭਉ=
ਆਪਣੇ ਆਪ ਤੋਂ ਪਰਗਟ ਹੋਣ ਵਾਲਾ, ਅਕਾਲ ਮੂਰਤਿ=ਜਿਸ ਦੀ ਹਸਤੀ
ਕਾਲ ਤੋਂ ਰਹਿਤ ਹੈ, ਖਉ=ਨਾਸ, ਅਬਗਤ=ਅਦ੍ਰਿਸ਼ਟ, ਅਗੋਚਰ=ਗਿਆਨ-
ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਰਹਿਣ ਵਾਲਾ, ਲਗਾ=ਆਸਰੇ, ਸ੍ਰੀ ਰੰਗ=ਲਛਮੀ
ਦੇ ਪਤੀ, ਕੂਰਮੁ=ਕਛੂਕੁੰਮਾ, ਅਉਤਰਾਸੀ=ਅਵਤਾਰ ਲਿਆ, ਕੇਸਵ=ਸੋਹਣੇ ਲੰਮੇ
ਕੇਸਾਂ ਵਾਲੇ, ਨਿਰਾਲੇ=ਅਨੋਖੇ, ਕੀਤਾ ਲੋੜਹਿ=ਤੂੰ ਕਰਨਾ ਚਾਹੁੰਦਾ ਹੈਂ, ਨਿਰਾਹਰੀ=
ਅੰਨ ਤੋਂ ਬਿਨਾ, ਸਮਾਇਆ=ਸਭ ਵਿਚ ਵਿਆਪਕ, ਧਾਰਿ=ਧਾਰ ਕੇ,ਰਚ ਕੇ, ਖੇਲੁ=
ਜਗਤ-ਤਮਾਸ਼ਾ, ਚਤੁਰਭੁਜ=ਚਾਰ ਬਾਹਾਂ ਵਾਲਾ,ਬ੍ਰਹਮਾ, ਸਾਵਲ=ਸਾਂਵਲੇ ਰੰਗ ਵਾਲਾ,
ਬਣਾਵਹਿ=ਤੂੰ ਬਣਾਂਦਾ ਹੈਂ, ਬੇਣੁ=ਬੰਸਰੀ, ਸੁਨਤ=ਸੁਣਦਿਆਂ, ਬਨਮਾਲਾ=ਗਿੱਟਿਆਂ ਤਕ
ਲਟਕਣ ਵਾਲੀ ਜਾਂਗਲੀ ਫੁੱਲਾਂ ਦੀ ਮਾਲਾ,ਵੈਜਯੰਤੀ ਮਾਲਾ, ਬਿਭੂਖਨ=ਗਹਿਣੇ, ਨੈਨ=
ਅੱਖਾਂ, ਬੈਨ=ਬੇਨ,ਬੰਸਰੀ, ਗਦਾ=ਗੁਰਜ, ਸਾਰਥੀ=ਰਥਵਾਹੀ, ਪੀਤ=ਪੀਲਾ, ਪੀਤੰਬਰ=
ਪੀਲੇ ਬਸਤ੍ਰਾਂ ਵਾਲਾ, ਧਣੀ=ਮਾਲਕ, ਭਣੀ=ਮੈਂ ਉਚਾਰਦਾ ਹਾਂ, ਸਾਰਿੰਗਧਰ=ਧਨੁਖ-ਧਾਰੀ,
ਬੀਠੁਲਾ=ਮਾਇਆ ਦੇ ਪ੍ਰਭਾਵ ਤੋਂ ਪਰੇ ਰਹਿਣ ਵਾਲਾ, ਸਰਬੰਗਾ=ਸਰਬ ਅੰਗਾ,ਸਾਰੇ ਗੁਣ,
ਨਿਹਕੰਟਕੁ=ਜਿਸ ਦਾ ਕੋਈ ਵੈਰੀ ਨਹੀਂ, ਨਿਹਕੇਵਲੁ=ਵਾਸਨਾ-ਰਹਿਤ, ਧਨੰਜੈ=ਸਾਰੇ ਜਗਤ
ਦੇ ਧਨ ਨੂੰ ਜਿੱਤਣ ਵਾਲਾ, ਮਹੀਐ=ਧਰਤੀ ਉੱਤੇ, ਮਿਰਤ ਲੋਕ=ਮਾਤ ਲੋਕ, ਪਇਆਲ=
ਪਤਾਲ, ਸਮੀਪਤ=ਨੇੜੇ, ਅਸਥਿਤ=ਸਦਾ ਕਾਇਮ ਰਹਿਣ ਵਾਲਾ, ਅਭਗਾ=ਅਟੁੱਟ, ਪਤਿਤ=
ਵਿਕਾਰਾਂ ਵਿਚ ਡਿੱਗੇ ਹੋਏ, ਪਾਵਨ=ਪਵਿੱਤਰ, ਭੈ=ਸਾਰੇ ਡਰ, ਭੰਜਨੁ=ਨਾਸ ਕਰਨ ਵਾਲਾ,
ਨਿਵਾਰਣੁ=ਦੂਰ ਕਰਨ ਵਾਲਾ, ਭਵ=ਜਨਮ ਮਰਨ ਦਾ ਗੇੜ, ਤੋਖਿਤ=ਪ੍ਰਸੰਨ ਹੁੰਦਾ ਹੈ, ਕਿਤ
ਹੀ ਗੁਣੇ=ਕਿਸੇ ਭੀ ਹੋਰ ਗੁਣ ਨਾਲ, ਭਿਗਾ=ਭਿੱਜਦਾ,ਪਤੀਜਦਾ, ਮਉਲੋ=ਖਿੜਿਆ ਹੋਇਆ ਹੈ,
ਆਪਹੁ=ਆਪਣੇ ਜਤਨ ਨਾਲ, ਆਪੇ=ਆਪ ਹੀ, ਕਾਨਾ=ਕ੍ਰਿਸ਼ਨ, ਬਾਨਾ=ਬਨ ਵਿਚ, ਉਪਾਵਹਿ=
ਤੂੰ ਪੈਦਾ ਕਰਦਾ ਹੈਂ, ਖਪਾਵਹਿ=ਤੂੰ ਨਾਸ ਕਰਦਾ ਹੈਂ, ਲੇਪੁ=ਪ੍ਰਭਾਵ, ਇਕੁ ਤਿਲੁ=ਰਤਾ ਭਰ ਭੀ,
ਰੰਗਾ=ਦੁਨੀਆ ਦੇ ਰੰਗ-ਤਮਾਸ਼ਿਆਂ ਦਾ, ਜੀਹ=ਜੀਭ, ਕਵਨ=ਕਿਹੜੇ ਕਿਹੜੇ, ਸਹਸ=ਹਜ਼ਾਰ,
ਫਨੀ=ਫਣਾਂ ਵਾਲਾ, ਸੇਖ=ਸ਼ੇਸ਼ਨਾਗ, ਨਵਤਨ=ਨਵਾਂ, ਇਕੁ ਗੁਣੁ ਪ੍ਰਭ=ਪ੍ਰਭੂ ਦਾ ਇੱਕ ਭੀ ਗੁਣ,
ਕਹਿ ਸੰਗਾ=ਕਹਿ ਸਕਦਾ, ਗਹੀ=ਫੜੀ, ਭਇਆਨਕ=ਡਰਾਉਣੇ, ਦੁਤਰ=ਜਿਸ ਤੋਂ ਪਾਰ ਲੰਘਣਾ
ਔਖਾ ਹੈ, ਇਛਾ=ਚੰਗੀ ਭਾਵਨਾ, ਦ੍ਰਿਸਟਿਮਾਨ=ਜੋ ਕੁਝ ਦਿੱਸ ਰਿਹਾ ਹੈ, ਮਿਥੇਨਾ=ਨਾਸਵੰਤ,
ਮਾਗਉ=ਮੈਂ ਮੰਗਦਾ ਹਾਂ, ਰੇਨਾ=ਚਰਨ-ਧੂੜ, ਮਸਤਕਿ=ਮੱਥੇ ਉਤੇ, ਲਾਇ=ਲਾ ਕੇ, ਪਰਮ ਪਦੁ=
ਸਭ ਤੋਂ ਉੱਚਾ ਆਤਮਕ ਦਰਜਾ, ਪਾਵਉ=ਮੈਂ ਪ੍ਰਾਪਤ ਕਰਾਂ, ਜਿਸੁ ਪ੍ਰਾਪਤਿ=ਜਿਸ ਦੇ ਭਾਗਾਂ ਵਿਚ
ਪ੍ਰਾਪਤੀ ਲਿਖੀ ਹੋਈ ਹੈ, ਕਰੀ=ਕੀਤੀ, ਜਿਨ ਕਉ=ਜਿਨ੍ਹਾਂ ਉੱਤੇ, ਰਿਦੈ=ਹਿਰਦੇ ਵਿਚ, ਪਰਾਤੇ=ਪਰੋਤੇ,
ਨਾਮ ਨਿਧਾਨੁ=ਨਾਮ ਦਾ ਖ਼ਜ਼ਾਨਾ, ਅਨਹਦ=ਇਕ-ਰਸ, ਮਨਿ=ਮਨ ਵਿਚ, ਵਾਜੰਗਾ=ਵੱਜਦੇ ਹਨ,
ਕਿਰਤਮ=ਬਣਾਏ ਹੋਏ,ਘੜੇ ਹੋਏ, ਪਰਾ ਪੂਰਬਲਾ=ਮੁੱਢ-ਕਦੀਮਾਂ ਦਾ, ਰੰਗੁ=ਆਤਮਕ ਆਨੰਦ, ਗਤਿ=
ਆਤਮਕ ਹਾਲਤ, ਮਿਤਿ=ਮਿਣਤੀ, ਤੇਰੀ ਗਤਿ ਮਿਤਿ=ਤੂੰ ਕਿਹੋ ਜਿਹਾ ਹੈਂ ਤੇ ਕਿਤਨਾ ਵੱਡਾ ਹੈਂ, ਤੈ=
ਅਤੇ, ਕੋ=ਦਾ, ਦਾਸਾ ਸੰਗਾ=ਦਾਸਾਂ ਦੀ ਸੰਗਤਿ ਵਿਚ)

31. ਅਲਹ ਅਗਮ ਖੁਦਾਈ ਬੰਦੇ

ਅਲਹ ਅਗਮ ਖੁਦਾਈ ਬੰਦੇ ॥
ਛੋਡਿ ਖਿਆਲ ਦੁਨੀਆ ਕੇ ਧੰਧੇ ॥
ਹੋਇ ਪੈ ਖਾਕ ਫਕੀਰ ਮੁਸਾਫਰੁ ਇਹੁ ਦਰਵੇਸੁ ਕਬੂਲੁ ਦਰਾ ॥1॥
ਸਚੁ ਨਿਵਾਜ ਯਕੀਨ ਮੁਸਲਾ ॥
ਮਨਸਾ ਮਾਰਿ ਨਿਵਾਰਿਹੁ ਆਸਾ ॥
ਦੇਹ ਮਸੀਤਿ ਮਨੁ ਮਉਲਾਣਾ ਕਲਮ ਖੁਦਾਈ ਪਾਕੁ ਖਰਾ ॥2॥
ਸਰਾ ਸਰੀਅਤਿ ਲੇ ਕੰਮਾਵਹੁ ॥
ਤਰੀਕਤਿ ਤਰਕ ਖੋਜਿ ਟੋਲਾਵਹੁ ॥
ਮਾਰਫਤਿ ਮਨੁ ਮਾਰਹੁ ਅਬਦਾਲਾ ਮਿਲਹੁ ਹਕੀਕਤਿ ਜਿਤੁ ਫਿਰਿ ਨ ਮਰਾ ॥3॥
ਕੁਰਾਣੁ ਕਤੇਬ ਦਿਲ ਮਾਹਿ ਕਮਾਹੀ ॥
ਦਸ ਅਉਰਾਤ ਰਖਹੁ ਬਦ ਰਾਹੀ ॥
ਪੰਚ ਮਰਦ ਸਿਦਕਿ ਲੇ ਬਾਧਹੁ ਖੈਰਿ ਸਬੂਰੀ ਕਬੂਲ ਪਰਾ ॥4॥
ਮਕਾ ਮਿਹਰ ਰੋਜਾ ਪੈ ਖਾਕਾ ॥
ਭਿਸਤੁ ਪੀਰ ਲਫਜ ਕਮਾਇ ਅੰਦਾਜਾ ॥
ਹੂਰ ਨੂਰ ਮੁਸਕੁ ਖੁਦਾਇਆ ਬੰਦਗੀ ਅਲਹ ਆਲਾ ਹੁਜਰਾ ॥5॥
ਸਚੁ ਕਮਾਵੈ ਸੋਈ ਕਾਜੀ ॥
ਜੋ ਦਿਲੁ ਸੋਧੈ ਸੋਈ ਹਾਜੀ ॥
ਸੋ ਮੁਲਾ ਮਲਊਨ ਨਿਵਾਰੈ ਸੋ ਦਰਵੇਸੁ ਜਿਸੁ ਸਿਫਤਿ ਧਰਾ ॥6॥
ਸਭੇ ਵਖਤ ਸਭੇ ਕਰਿ ਵੇਲਾ ॥
ਖਾਲਕੁ ਯਾਦਿ ਦਿਲੈ ਮਹਿ ਮਉਲਾ ॥
ਤਸਬੀ ਯਾਦਿ ਕਰਹੁ ਦਸ ਮਰਦਨੁ ਸੁੰਨਤਿ ਸੀਲੁ ਬੰਧਾਨਿ ਬਰਾ ॥7॥
ਦਿਲ ਮਹਿ ਜਾਨਹੁ ਸਭ ਫਿਲਹਾਲਾ ॥
ਖਿਲਖਾਨਾ ਬਿਰਾਦਰ ਹਮੂ ਜੰਜਾਲਾ ॥
ਮੀਰ ਮਲਕ ਉਮਰੇ ਫਾਨਾਇਆ ਏਕ ਮੁਕਾਮ ਖੁਦਾਇ ਦਰਾ ॥8॥
ਅਵਲਿ ਸਿਫਤਿ ਦੂਜੀ ਸਾਬੂਰੀ ॥
ਤੀਜੈ ਹਲੇਮੀ ਚਉਥੈ ਖੈਰੀ ॥
ਪੰਜਵੈ ਪੰਜੇ ਇਕਤੁ ਮੁਕਾਮੈ ਏਹਿ ਪੰਜਿ ਵਖਤ ਤੇਰੇ ਅਪਰਪਰਾ ॥9॥
ਸਗਲੀ ਜਾਨਿ ਕਰਹੁ ਮਉਦੀਫਾ ॥
ਬਦ ਅਮਲ ਛੋਡਿ ਕਰਹੁ ਹਥਿ ਕੂਜਾ ॥
ਖੁਦਾਇ ਏਕੁ ਬੁਝਿ ਦੇਵਹੁ ਬਾਂਗਾਂ ਬੁਰਗੂ ਬਰਖੁਰਦਾਰ ਖਰਾ ॥10॥
ਹਕੁ ਹਲਾਲੁ ਬਖੋਰਹੁ ਖਾਣਾ ॥
ਦਿਲ ਦਰੀਆਉ ਧੋਵਹੁ ਮੈਲਾਣਾ ॥
ਪੀਰੁ ਪਛਾਣੈ ਭਿਸਤੀ ਸੋਈ ਅਜਰਾਈਲੁ ਨ ਦੋਜ ਠਰਾ ॥11॥
ਕਾਇਆ ਕਿਰਦਾਰ ਅਉਰਤ ਯਕੀਨਾ ॥
ਰੰਗ ਤਮਾਸੇ ਮਾਣਿ ਹਕੀਨਾ ॥
ਨਾਪਾਕ ਪਾਕੁ ਕਰਿ ਹਦੂਰਿ ਹਦੀਸਾ ਸਾਬਤ ਸੂਰਤਿ ਦਸਤਾਰ ਸਿਰਾ ॥12॥
ਮੁਸਲਮਾਣੁ ਮੋਮ ਦਿਲਿ ਹੋਵੈ ॥
ਅੰਤਰ ਕੀ ਮਲੁ ਦਿਲ ਤੇ ਧੋਵੈ ॥
ਦੁਨੀਆ ਰੰਗ ਨ ਆਵੈ ਨੇੜੈ ਜਿਉ ਕੁਸਮ ਪਾਟੁ ਘਿਉ ਪਾਕੁ ਹਰਾ ॥13॥
ਜਾ ਕਉ ਮਿਹਰ ਮਿਹਰ ਮਿਹਰਵਾਨਾ ॥
ਸੋਈ ਮਰਦੁ ਮਰਦੁ ਮਰਦਾਨਾ ॥
ਸੋਈ ਸੇਖੁ ਮਸਾਇਕੁ ਹਾਜੀ ਸੋ ਬੰਦਾ ਜਿਸੁ ਨਜਰਿ ਨਰਾ ॥14॥
ਕੁਦਰਤਿ ਕਾਦਰ ਕਰਣ ਕਰੀਮਾ ॥
ਸਿਫਤਿ ਮੁਹਬਤਿ ਅਥਾਹ ਰਹੀਮਾ ॥
ਹਕੁ ਹੁਕਮੁ ਸਚੁ ਖੁਦਾਇਆ ਬੁਝਿ ਨਾਨਕ ਬੰਦਿ ਖਲਾਸ ਤਰਾ ॥15॥3॥12॥1083॥

(ਅਗਮ=ਅਪਹੁੰਚ ਰੱਬ, ਖੁਦਾਈ ਬੰਦੇ=ਹੇ ਖ਼ੁਦਾ ਦੇ ਬੰਦੇ, ਧੰੰਧੇ=ਝੰਬੇਲੇ,
ਪੈ ਖਾਕੁ ਫਕੀਰ=ਫ਼ਕੀਰਾਂ ਦੇ ਪੈਰਾਂ ਦੀ ਖ਼ਾਕ, ਹੋਇ=ਹੋ ਕੇ, ਮੁਸਾਫਰੁ=
ਪਰਦੇਸੀ, ਦਰਾ=ਦਰ ਤੇ, ਸਚੁ=ਸਦਾ-ਥਿਰ ਹਰਿ-ਨਾਮ ਦਾ ਸਿਮਰਨ,
ਯਕੀਨ=ਸ਼ਰਧਾ, ਮੁਸਲਾ=ਮੁਸੱਲਾ,ਉਹ ਫੂਹੜੀ ਜਿਸ ਉੱਤੇ ਮੁਸਲਮਾਨ
ਨਿਮਾਜ਼ ਪੜ੍ਹਦਾ ਹੈ, ਮਨਸਾ=ਮਨ ਦਾ ਫੁਰਨਾ, ਮਾਰਿ=ਮਾਰ ਕੇ, ਨਿਵਾਰਿਹੁ=
ਦੂਰ ਕਰੋ, ਆਸਾ=ਫ਼ਕੀਰ ਦਾ ਸੋਟਾ, ਦੇਹ=ਸਰੀਰ, ਮਉਲਾਣਾ=ਮੌਲਵੀ,
ਕਲਮ ਖੁਦਾਈ=ਖ਼ੁਦਾ ਦਾ ਕਲਮਾ, ਪਾਕੁ=ਪਵਿੱਤਰ, ਸਰਾ ਸਰੀਅਤਿ=
ਧਾਰਮਿਕ ਰਹਿਣੀ, ਲੇ=ਲੈ ਕੇ, ਤਰੀਕਤਿ=ਮਨ ਨੂੰ ਪਵਿੱਤਰ ਕਰਨ ਦਾ
ਤਰੀਕਾ, ਤਰਕ=ਤਿਆਗ, ਖੋਜਿ=ਖੋਜ ਕੇ, ਟੋਲਾਵਹੁ=ਲੱਭੋ, ਮਾਰਫਤਿ=
ਗਿਆਨ,ਆਤਮਕ ਜੀਵਨ ਦੀ ਸੂਝ, ਅਬਦਾਲਾ=ਹੇ ਅਬਦਾਲ ਫ਼ਕੀਰ,
(ਫ਼ਕੀਰਾਂ ਦੇ ਪੰਜ ਦਰਜੇ=ਵਲੀ, ਗ਼ੌਂਸ, ਕੁਤਬ, ਅਬਦਾਲ, ਕਲੰਦਰ),
ਹਕੀਕਤਿ=ਮੁਸਲਮਾਨਾਂ ਅਨੁਸਾਰ ਚੌਥਾ ਪਦ ਜਿਥੇ ਰੱਬ ਨਾਲ ਮਿਲਾਪ
ਹੋ ਜਾਂਦਾ ਹੈ, ਜਿਤੁ=ਜਿਸ ਦੀ ਰਾਹੀਂ, ਮਰਾ=ਮੌਤ,ਆਤਮਕ ਮੌਤ, ਮਾਹਿ=
ਵਿਚ, ਕਮਾਹੀ=ਨਾਮ ਸਿਮਰਨ ਦੀ ਕਮਾਈ ਕਰ, ਦਸ ਅਉਰਾਤ=ਦਸ
ਔਰਤਾਂ ਨੂੰ,ਦਸ ਇੰਦ੍ਰਿਆਂ ਨੂੰ, ਬਦ ਰਾਹੀ=ਭੈੜੇ ਰਾਹ ਤੋਂ, ਪੰਚ ਮਰਦ=
ਕਾਮਾਦਿਕ ਪੰਜ ਸੂਰਮੇ, ਸਿਦਕਿ=ਸਿਦਕ ਦੀ ਰਾਹੀਂ, ਲੇ=ਲੈ ਕੇ, ਬਾਧਹੁ=
ਬੰਨ੍ਹ ਰੱਖੋ, ਖੈਰਿ=ਦਾਨ ਦੀ ਰਾਹੀਂ, ਖੈਰਿ ਸਬੂਰੀ=ਸੰਤੋਖ ਦੇ ਖ਼ੈਰ ਦੀ ਰਾਹੀਂ,
ਕਬੂਲ=ਪਰਵਾਨ, ਮਕਾ=ਮੱਕਾ,ਹਜ਼ਰਤ ਮੁਹੰਮਦ ਸਾਹਿਬ ਮੱਕੇ ਵਿਚ ਹੀ ਪੈਦਾ
ਹੋਏ ਸਨ, ਮਿਹਰ=ਤਰਸ, ਦਇਆ, ਰੋਜਾ=ਰੋਜ਼ਾ, ਪੈ ਖਾਕਾ=ਸਭਨਾਂ ਦੇ ਪੈਰਾਂ
ਦੀ ਖ਼ਾਕ ਹੋਣਾ, ਭਿਸਤੁ=ਬਹਿਸ਼ਤ, ਪੀਰ ਲਫਜ=ਗੁਰੂ ਦੇ ਬਚਨ, ਅੰਦਾਜਾ=
ਅੰਦਾਜ਼ੇ ਨਾਲ, ਹੂਰ=ਬਹਿਸ਼ਤ ਦੀਆਂ ਸੁੰਦਰ ਇਸਤ੍ਰੀਆਂ, ਨੂਰ=ਪਰਮਾਤਮਾ ਦਾ
ਪ੍ਰਕਾਸ਼, ਮੁਸਕੁ=ਸੁਗੰਧੀ, ਖੁਦਾਇਆ=ਖ਼ੁਦਾ ਦੀ ਬੰਦਗੀ, ਬੰਦਗੀ ਅਲਹ=ਅੱਲਾ
ਦੀ ਬੰਦਗੀ, ਆਲਾ=ਆਹਲਾ, ਹੁਜਰਾ=ਬੰਦਗੀ ਕਰਨ ਲਈ ਵੱਖਰਾ ਨਿੱਕਾ ਜਿਹਾ
ਕਮਰਾ, ਸਚੁ=ਸਦਾ ਕਾਇਮ ਰਹਿਣ ਵਾਲੇ ਖ਼ੁਦਾ ਦੀ ਯਾਦ, ਸੋਧੈ=ਸੋਧਦਾ ਹੈ,
ਹਾਜੀ=ਮੱਕੇ ਦਾ ਹੱਜ ਕਰਨ ਵਾਲਾ, ਮਲਊਨ=ਵਿਕਾਰਾਂ ਨੂੰ, ਨਿਵਾਰੈ=ਦੂਰ ਕਰਦਾ
ਹੈ, ਜਿਸੁ ਧਰਾ=ਜਿਸ ਦਾ ਆਸਰਾ, ਵਖਤ=ਵਕਤ, ਖਾਲਕੁ=ਖ਼ਲਕਤ ਨੂੰ ਪੈਦਾ
ਕਰਨ ਵਾਲਾ, ਦਸ ਮਰਦਨੁ=ਦਸਾਂ ਇੰਦ੍ਰਿਆਂ ਨੂੰ ਮਲ ਦੇਣ ਵਾਲਾ ਰੱਬ, ਸੀਲੁ=
ਚੰਗਾ ਸੁਭਾਉ, ਬੰਧਾਨਿ=ਪਰਹੇਜ਼, ਵਿਕਾਰਾਂ ਵਲੋਂ ਸੰਕੋਚ, ਬਰਾ=ਸ੍ਰੇਸ਼ਟ, ਸਭ=
ਸਾਰੀ ਸ੍ਰਿਸ਼ਟੀ, ਫਿਲਹਾਲਾ=ਨਾਸਵੰਤ,ਚੰਦ-ਰੋਜ਼ਾ, ਬਿਰਾਦਰ=ਹੇ ਭਾਈ, ਖਿਲਖਾਨਾ=
ਟੱਬਰ-ਟੋਰ, ਹਮੂ=ਸਾਰਾ, ਮੀਰ=ਸ਼ਾਹ, ਉਮਰੇ=ਅਮੀਰ ਲੋਕ, ਫਾਨਾਇਆ=ਨਾਸਵੰਤ,
ਮੁਕਾਮ=ਕਾਇਮ ਰਹਿਣ ਵਾਲਾ, ਅਵਲਿ=ਨਿਮਾਜ਼ ਦਾ ਪਹਿਲਾ ਵਕਤ, ਦੂਜੀ=ਦੂਜੀ
ਨਿਮਾਜ਼, ਸਾਬੂਰੀ=ਸੰਤੋਖ, ਤੀਜੈ=ਤੀਜੇ ਵਕਤ ਵਿਚ, ਹਲੇਮੀ=ਨਿਮ੍ਰਤਾ, ਚਉਥੈ=ਚੌਥੈ
ਵਕਤ ਵਿਚ, ਖੈਰੀ=ਸਭ ਦਾ ਭਲਾ ਮੰਗਣਾ, ਪੰਜੇ=ਪੰਜ ਹੀ, ਇਕਤੁ ਮੁਕਾਮੈ=ਇੱਕੋ ਥਾਂ
ਵਿਚ,ਵੱਸ ਵਿਚ, ਅਪਰ ਪਰਾ=ਪਰੇ ਤੋਂ ਪਰੇ,ਬਹੁਤ ਵਧੀਆ, ਸਗਲੀ=ਸਾਰੀ ਸ੍ਰਿਸ਼ਟੀ
ਵਿਚ, ਮਉਦੀਫਾ=ਵਜ਼ੀਫ਼ਾ,ਇਸਲਾਮੀ ਸਰਧਾ ਅਨੁਸਾਰ ਸਦਾ ਜਾਰੀ ਰੱਖਣ ਵਾਲਾ ਇਕ
ਪਾਠ, ਬਦ ਅਮਲ=ਭੈੜੇ ਕੰਮ, ਹਥਿ=ਹੱਥ ਵਿਚ, ਕੂਜਾ=ਕੂਜ਼ਾ,ਲੋਟਾ,ਅਸਤਾਵਾ, ਬੁਝਿ=
ਸਮਝ ਕੇ, ਬੁਰਗੂ=ਸਿੰਙ ਜੋ ਮੁਸਲਮਾਨ ਫ਼ਕੀਰ ਵਜਾਂਦੇ ਹਨ, ਬਰਖੁਰਦਾਰ=ਭਲਾ ਬੱਚਾ,
ਖਰਾ=ਚੰਗਾ, ਹਕੁ=ਹੱਕ ਦੀ ਕਮਾਈ, ਬਖੋਰਹੁ=ਖਾਵੋ, ਮੈਲਾਣਾ=ਵਿਕਾਰਾਂ ਦੀ ਮੈਲ, ਪੀਰੁ=
ਗੁਰੂ, ਭਿਸਤੀ=ਬਹਿਸ਼ਤ ਦਾ ਹੱਕਦਾਰ, ਦੋਜ=ਦੋਜ਼ਕ ਵਿਚ, ਠਰਾ=ਸੁੱਟਦਾ, ਕਾਇਆ=ਸਰੀਰ,
ਕਿਰਦਾਰ=ਚੰਗੇ ਮੰਦੇ ਕਰਮ, ਅਉਰਤ ਯਕੀਨਾ=ਪਤਿਬ੍ਰਤਾ ਇਸਤ੍ਰੀ, ਹਕੀਨਾ=ਹੱਕ ਦੇ,ਰੱਬੀ
ਮਿਲਾਪ ਦੇ, ਨਾਪਾਕ=ਅਪਵਿੱਤਰ, ਪਾਕੁ=ਪਵਿੱਤਰ, ਹਦੀਸ=ਪੈਗ਼ੰਬਰੀ ਪੁਸਤਕ ਜਿਸ ਨੂੰ
ਕੁਰਾਨ ਤੋਂ ਦੂਜਾ ਦਰਜਾ ਦਿੱਤਾ ਜਾਂਦਾ ਹੈ, ਇਸ ਵਿਚ ਮੁਸਲਮਾਨੀ ਸ਼ਰਹ ਦੀ ਹਿਦਾਇਤ ਹੈ,
ਹਦੂਰਿ ਹਦੀਸਾ=ਹਜ਼ੂਰੀ ਹਦੀਸ,ਰੱਬੀ ਸ਼ਰਹ ਦੀ ਪੁਸਤਕ, ਸਾਬਤ ਸੂਰਤਿ=ਸੁੰਨਤਿ,ਲਬਾਂ
ਕੱਟਣ ਆਦਿਕ ਦੀ ਸ਼ਰਹ ਨਾਹ ਕਰ ਕੇ ਸਰੀਰ ਨੂੰ ਜਿਉਂ ਕਾ ਤਿਉਂ ਰੱਖਣਾ, ਦਸਤਾਰ ਸਿਰਾ=
ਸਿਰ ਉਤੇ ਦਸਤਾਰ, ਮੋਮ ਦਿਲਿ=ਮੋਮ ਵਰਗੇ ਨਰਮ ਦਿਲ ਵਾਲਾ, ਅੰਤਰ ਕੀ=ਅੰਦਰ ਦੀ,
ਤੇ=ਤੋਂ, ਕੁਸਮ=ਫੁੱਲ, ਪਾਟੁ=ਪੱਟ,ਰੇਸ਼ਮ, ਹਰਾ=ਹਰਨ ਦੀ ਖੱਲ,ਮ੍ਰਿਗ ਛਾਲਾ, ਮਰਦਾਨਾ=ਸੂਰਮਾ,
ਸੇਖੁ=ਸ਼ੇਖ਼ੁ, ਨਰਾ=ਪਰਮਾਤਮਾ, ਕੁਦਰਤਿ ਕਾਦਰ=ਕਾਦਰ ਦੀ ਕੁਦਰਤਿ ਨੂੰ, ਕਰਤਾਰ ਦੀ ਰਚਨਾ,
ਕਰਣ ਕਰੀਮਾ=ਬਖ਼ਸ਼ਿੰਦ ਪ੍ਰਭੂ ਦੇ ਰਚੇ ਜਗਤ ਨੂੰ, ਰਹੀਮ=ਰਹਿਮ ਕਰਨ ਵਾਲਾ ਰੱਬ, ਹਕੁ=ਸਦਾ
ਕਾਇਮ ਰਹਿਣ ਵਾਲੇ ਪਰਮਾਤਮਾ ਦੇ ਨਾਮ ਨੂੰ, ਬੁਝਿ=ਸਮਝ ਕੇ, ਬੰਦਿ=ਮਾਇਆ ਦੇ ਮੋਹ ਦੇ ਬੰਧਨ,
ਤਰਾ=ਤਰ ਜਾਈਦਾ ਹੈ)

32. ਵਰਤ ਨ ਰਹਉ ਨ ਮਹ ਰਮਦਾਨਾ

ਵਰਤ ਨ ਰਹਉ ਨ ਮਹ ਰਮਦਾਨਾ ॥
ਤਿਸੁ ਸੇਵੀ ਜੋ ਰਖੈ ਨਿਦਾਨਾ ॥1॥
ਏਕੁ ਗੁਸਾਈ ਅਲਹੁ ਮੇਰਾ ॥
ਹਿੰਦੂ ਤੁਰਕ ਦੁਹਾਂ ਨੇਬੇਰਾ ॥1॥ਰਹਾਉ ॥
ਹਜ ਕਾਬੈ ਜਾਉ ਨ ਤੀਰਥ ਪੂਜਾ ॥
ਏਕੋ ਸੇਵੀ ਅਵਰੁ ਨ ਦੂਜਾ ॥2॥
ਪੂਜਾ ਕਰਉ ਨ ਨਿਵਾਜ ਗੁਜਾਰਉ ॥
ਏਕ ਨਿਰੰਕਾਰ ਲੇ ਰਿਦੈ ਨਮਸਕਾਰਉ ॥3॥
ਨਾ ਹਮ ਹਿੰਦੂ ਨ ਮੁਸਲਮਾਨ ॥
ਅਲਹ ਰਾਮ ਕੇ ਪਿੰਡੁ ਪਰਾਨ ॥4॥
ਕਹੁ ਕਬੀਰ ਇਹੁ ਕੀਆ ਵਖਾਨਾ ॥
ਗੁਰ ਪੀਰ ਮਿਲਿ ਖੁਦਿ ਖਸਮੁ ਪਛਾਨਾ ॥5॥3॥1136॥

(ਰਹਉ=ਰਹਉਂ,ਮੈਂ ਰਹਿੰਦਾ ਹਾਂ, ਮਹ ਰਮਦਾਨਾ=
ਰਮਜ਼ਾਨ ਦਾ ਮਹੀਨਾ ਜਦੋਂ ਰੋਜ਼ੇ ਰੱਖੇ ਜਾਂਦੇ ਹਨ,
ਤਿਸੁ=ਉਸ ਪ੍ਰਭੂ ਨੂੰ, ਸੇਵੀ=ਮੈਂ ਸਿਮਰਦਾ ਹਾਂ,
ਰਖੈ=ਰੱਖਿਆ ਕਰਦਾ ਹੈ, ਨਿਦਾਨਾ=ਆਖ਼ਰ ਨੂੰ,
ਗੁਸਾਈ=ਧਰਤੀ ਦਾ ਖਸਮ, ਦੁਹਾਂ ਨੇਬੇਰਾ=ਦੁਹਾਂ
ਤੋਂ ਸੰਬੰਧ ਨਿਬੇੜ ਲਿਆ ਹੈ, ਏਕੋ ਸੇਵੀ=ਇਕ
ਪਰਮਾਤਮਾ ਨੂੰ ਹੀ ਮੈਂ ਸਿਮਰਦਾ ਹਾਂ,ਕਰਉ ਨ
ਗੁਜਾਰਉ=ਮੈਂ ਨਹੀਂ ਗੁਜ਼ਾਰਦਾ, ਮੈਂ ਨਿਮਾਜ਼ ਨਹੀਂ
ਪੜ੍ਹਦਾ, ਲੈ=ਲੈ ਕੇ, ਰਿਦੈ=ਹਿਰਦੇ ਵਿਚ, ਹਮ=
ਅਸੀਂ, ਪਿੰਡ=ਸਰੀਰ, ਪਰਾਨ=ਪ੍ਰਾਣ, ਕਹੁ=ਆਖ,
ਗੁਰ ਮਿਲਿ=ਗੁਰੂ ਨੂੰ ਮਿਲ ਕੇ, ਪੀਰ ਮਿਲਿ=ਪੀਰ
ਨੂੰ ਮਿਲ ਕੇ, ਖੁਦਿ=ਆਪਣਾ)

33. ਦਸ ਮਿਰਗੀ ਸਹਜੇ ਬੰਧਿ ਆਨੀ

ਦਸ ਮਿਰਗੀ ਸਹਜੇ ਬੰਧਿ ਆਨੀ ॥
ਪਾਂਚ ਮਿਰਗ ਬੇਧੇ ਸਿਵ ਕੀ ਬਾਨੀ ॥1॥
ਸੰਤਸੰਗਿ ਲੇ ਚੜਿਓ ਸਿਕਾਰ ॥
ਮ੍ਰਿਗ ਪਕਰੇ ਬਿਨੁ ਘੋਰ ਹਥੀਆਰ ॥1॥ਰਹਾਉ ॥
ਆਖੇਰ ਬਿਰਤਿ ਬਾਹਰਿ ਆਇਓ ਧਾਇ ॥
ਅਹੇਰਾ ਪਾਇਓ ਘਰ ਕੈ ਗਾਂਇ ॥2॥
ਮ੍ਰਿਗ ਪਕਰੇ ਘਰਿ ਆਣੇ ਹਾਟਿ ॥
ਚੁਖ ਚੁਖ ਲੇ ਗਏ ਬਾਂਢੇ ਬਾਟਿ ॥3॥
ਏਹੁ ਅਹੇਰਾ ਕੀਨੋ ਦਾਨੁ ॥
ਨਾਨਕ ਕੈ ਘਰਿ ਕੇਵਲ ਨਾਮੁ ॥4॥4॥1136॥

(ਦਸ ਮਿਰਗੀ=ਦਸ ਹਿਰਨੀਆਂ,ਦਸ ਇੰਦ੍ਰੀਆਂ,
ਸਹਜੇ=ਆਤਮਕ ਅਡੋਲਤਾ ਵਿਚ, ਬੰਧਿ=ਬੰਨ੍ਹ ਕੇ,
ਆਨੀ=ਲੈ ਆਂਦੀਆਂ, ਪਾਂਚ ਮਿਰਗ=ਪੰਜ ਹਿਰਨ,
ਬੇਧੇ=ਵਿੰਨ੍ਹ ਲਏ, ਸਿਵ ਕੀ ਬਾਨੀ=ਸ਼ਿਵ ਦੇ ਤੀਰਾਂ
ਨਾਲ,ਗੁਰੂ ਦੀ ਬਾਣੀ ਨਾਲ, ਸੰਤ ਸੰਗਿ ਲੇ=ਸਾਧ
ਸੰਗਤਿ ਵਿਚ ਟਿਕ ਕੇ, ਚੜਿਓ ਸਿਕਾਰ=ਸ਼ਿਕਾਰ
ਖੇਡਣ ਲਈ ਚੜ੍ਹ ਪਿਆ, ਮ੍ਰਿਗ ਪਕਰੇ=ਹਿਰਨ ਕਾਬੂ
ਕਰ ਲਏ, ਘੋਰ=ਘੋੜੇ, ਆਖੇਰ=ਆਖੇਟ,ਸ਼ਿਕਾਰ ਖੇਡਣਾ,
ਆਖੇਰ ਬਿਰਤਿ=ਸ਼ਿਕਾਰ ਖੇਡਣ ਦਾ ਕਸਬ (ਸੁਭਾਉ),
ਧਾਇ=ਧਾ ਕੇ,ਦੌੜ ਕੇ, ਅਹੇਰਾ=ਸ਼ਿਕਾਰ,ਜਿਸ ਨੂੰ
ਫੜਨਾ ਸੀ ਉਹ ਮਨ, ਕੈ ਗਾਂਇ=ਦੇ ਪਿੰਡ ਵਿਚ,
ਘਰ ਕੈ ਗਾਂਇ=ਸਰੀਰ-ਘਰ ਦੇ ਪਿੰਡ ਵਿਚ, ਮ੍ਰਿਗ=
ਕਾਮਾਦਿਕ ਪੰਜੇ ਹਿਰਨ, ਘਰਿ ਆਣੇ ਹਾਟਿ=ਘਰ ਵਿਚ
ਹੱਟੀ ਵਿਚ ਲੈ ਆਂਦੇ,ਵੱਸ ਵਿਚ ਕਰ ਲਏ, ਚੁਖ ਚੁਖ=
ਰਤਾ ਰਤਾ ਕਰ ਕੇ, ਲੇ ਗਏ=ਲੈ ਗਏ, ਬਾਂਢੇ ਬਾਟਿ=
ਬਿਗਾਨੇ ਰਸਤੇ ਵਿਚ, ਅਹੇਰਾ=ਸ਼ਿਕਾਰ, ਕੈ ਘਰਿ=ਦੇ
ਘਰ ਵਿਚ,ਦੇ ਹਿਰਦੇ ਵਿਚ)

34. ਬਿਨੁ ਬਾਜੇ ਕੈਸੋ ਨਿਰਤਿਕਾਰੀ

ਬਿਨੁ ਬਾਜੇ ਕੈਸੋ ਨਿਰਤਿਕਾਰੀ ॥
ਬਿਨੁ ਕੰਠੈ ਕੈਸੇ ਗਾਵਨਹਾਰੀ ॥
ਜੀਲ ਬਿਨਾ ਕੈਸੇ ਬਜੈ ਰਬਾਬ ॥
ਨਾਮ ਬਿਨਾ ਬਿਰਥੇ ਸਭਿ ਕਾਜ ॥1॥
ਨਾਮ ਬਿਨਾ ਕਹਹੁ ਕੋ ਤਰਿਆ ॥
ਬਿਨੁ ਸਤਿਗੁਰ ਕੈਸੇ ਪਾਰਿ ਪਰਿਆ ॥1॥ਰਹਾਉ ॥
ਬਿਨੁ ਜਿਹਵਾ ਕਹਾ ਕੋ ਬਕਤਾ ॥
ਬਿਨੁ ਸ੍ਰਵਨਾ ਕਹਾ ਕੋ ਸੁਨਤਾ ॥
ਬਿਨੁ ਨੇਤ੍ਰਾ ਕਹਾ ਕੋ ਪੇਖੈ ॥
ਨਾਮ ਬਿਨਾ ਨਰੁ ਕਹੀ ਨ ਲੇਖੈ ॥2॥
ਬਿਨੁ ਬਿਦਿਆ ਕਹਾ ਕੋਈ ਪੰਡਿਤ ॥
ਬਿਨੁ ਅਮਰੈ ਕੈਸੇ ਰਾਜ ਮੰਡਿਤ ॥
ਬਿਨੁ ਬੂਝੇ ਕਹਾ ਮਨੁ ਠਹਰਾਨਾ ॥
ਨਾਮ ਬਿਨਾ ਸਭੁ ਜਗੁ ਬਉਰਾਨਾ ॥3॥
ਬਿਨੁ ਬੈਰਾਗ ਕਹਾ ਬੈਰਾਗੀ ॥
ਬਿਨੁ ਹਉ ਤਿਆਗਿ ਕਹਾ ਕੋਊ ਤਿਆਗੀ ॥
ਬਿਨੁ ਬਸਿ ਪੰਚ ਕਹਾ ਮਨ ਚੂਰੇ ॥
ਨਾਮ ਬਿਨਾ ਸਦ ਸਦ ਹੀ ਝੂਰੇ ॥4॥
ਬਿਨੁ ਗੁਰ ਦੀਖਿਆ ਕੈਸੇ ਗਿਆਨੁ ॥
ਬਿਨੁ ਪੇਖੇ ਕਹੁ ਕੈਸੋ ਧਿਆਨੁ ॥
ਬਿਨੁ ਭੈ ਕਥਨੀ ਸਰਬ ਬਿਕਾਰ ॥
ਕਹੁ ਨਾਨਕ ਦਰ ਕਾ ਬੀਚਾਰ ॥5॥6॥19॥1140॥

(ਕੈਸੇ=ਕਿਹੋ ਜਿਹਾ,ਫਬਦਾ ਨਹੀਂ, ਨਿਰਤਿਕਾਰੀ=
ਨਾਚ, ਕੰਠ=ਗਲਾ, ਜੀਲ=ਤੰਦੀ, ਸਭਿ=ਸਾਰੇ,
ਕਹਹੁ=ਦੱਸੋ, ਕੋ=ਕੌਣ, ਕੈਸੇ=ਕਿਵੇਂ, ਜਿਹਵਾ=
ਜੀਭ, ਕੋ=ਕੋਈ, ਬਕਤਾ=ਬੋਲਣ-ਜੋਗਾ, ਸ੍ਰਵਨ=
ਕੰਨ, ਪੇਖੈ=ਵੇਖ ਸਕਦਾ ਹੈ, ਕਹੀ ਨ ਲੇਖੈ=ਕਿਤੇ
ਭੀ ਲੇਖੇ ਵਿਚ ਨਹੀਂ, ਅਮਰ=ਹੁਕਮ, ਰਾਜ ਮੰਡਿਤ=
ਰਾਜ ਦੀ ਸਜਾਵਟ, ਠਹਰਾਨਾ=ਟਿਕ ਸਕਦਾ ਹੈ,
ਬਉਰਾਨਾ=ਝੱਲਾ, ਬੈਰਾਗੁ=ਉਪਰਾਮਤਾ,ਨਿਰਮੋਹਤਾ,
ਹਉ=ਹਉਮੈ, ਬਸਿ=ਵੱਸ ਵਿਚ, ਪੰਚ=ਕਾਮਾਦਿਕ
ਪੰਜੇ, ਚੂਰੇ=ਮਾਰਿਆ ਜਾ ਸਕੇ, ਸਦ=ਸਦਾ,
ਦੀਖਿਆ=ਉਪਦੇਸ਼, ਗਿਆਨੁ=ਆਤਮਕ ਜੀਵਨ
ਦੀ ਸੂਝ, ਬਿਨੁ ਪੇਖੇ=ਵੇਖਣ ਤੋਂ ਬਿਨਾ, ਕਹੁ=ਦੱਸੋ,
ਕੈਸੋ=ਕਿਹੋ ਜਿਹਾ, ਬਿਨੁ ਭੈ=ਡਰ-ਅਦਬ ਤੋਂ ਬਿਨਾ,
ਕਥਨੀ=ਕਹਣੀ, ਵਿਕਾਰ=ਵਿਕਾਰਾਂ ਦਾ ਮੂਲ)

35. ਹਉਮੈ ਰੋਗੁ ਮਾਨੁਖ ਕਉ ਦੀਨਾ

ਹਉਮੈ ਰੋਗੁ ਮਾਨੁਖ ਕਉ ਦੀਨਾ ॥
ਕਾਮ ਰੋਗਿ ਮੈਗਲੁ ਬਸਿ ਲੀਨਾ ॥
ਦ੍ਰਿਸਟਿ ਰੋਗਿ ਪਚਿ ਮੁਏ ਪਤੰਗਾ ॥
ਨਾਦ ਰੋਗਿ ਖਪਿ ਗਏ ਕੁਰੰਗਾ ॥1॥
ਜੋ ਜੋ ਦੀਸੈ ਸੋ ਸੋ ਰੋਗੀ ॥
ਰੋਗ ਰਹਿਤ ਮੇਰਾ ਸਤਿਗੁਰੁ ਜੋਗੀ ॥1॥ਰਹਾਉ ॥
ਜਿਹਵਾ ਰੋਗਿ ਮੀਨੁ ਗ੍ਰਸਿਆਨੋ ॥
ਬਾਸਨ ਰੋਗਿ ਭਵਰੁ ਬਿਨਸਾਨੋ ॥
ਹੇਤ ਰੋਗ ਕਾ ਸਗਲ ਸੰਸਾਰਾ ॥
ਤ੍ਰਿਬਿਧਿ ਰੋਗ ਮਹਿ ਬਧੇ ਬਿਕਾਰਾ ॥2॥
ਰੋਗੇ ਮਰਤਾ ਰੋਗੇ ਜਨਮੈ ॥
ਰੋਗੇ ਫਿਰਿ ਫਿਰਿ ਜੋਨੀ ਭਰਮੈ ॥
ਰੋਗ ਬੰਧ ਰਹਨੁ ਰਤੀ ਨ ਪਾਵੈ ॥
ਬਿਨੁ ਸਤਿਗੁਰ ਰੋਗੁ ਕਤਹਿ ਨ ਜਾਵੈ ॥3॥
ਪਾਰਬ੍ਰਹਮਿ ਜਿਸੁ ਕੀਨੀ ਦਇਆ ॥
ਬਾਹ ਪਕੜਿ ਰੋਗਹੁ ਕਢਿ ਲਇਆ ॥
ਤੂਟੇ ਬੰਧਨ ਸਾਧਸੰਗੁ ਪਾਇਆ ॥
ਕਹੁ ਨਾਨਕ ਗੁਰਿ ਰੋਗੁ ਮਿਟਾਇਆ ॥4॥7॥20॥1140॥

(ਕਉ=ਨੂੰ, ਰੋਗਿ=ਰੋਗ ਨੇ, ਮੈਗਲੁ=ਹਾਥੀ,
ਬਸਿ=ਵੱਸ ਵਿਚ, ਪਚਿ ਮੁਏ=ਸੜ ਮੁਏ,
ਦ੍ਰਿਸਟਿ ਰੋਗਿ=ਵੇਖਣ ਦੇ ਰੋਗ ਵਿਚ, ਨਾਦ=
ਘੰਡੇ ਹੇੜੇ ਦੀ ਆਵਾਜ਼,ਹਿਰਨਾਂ ਨੂੰ ਫੜਨ ਲਈ
ਮੜ੍ਹੇ ਹੋਏ ਘੜੇ ਦੀ ਆਵਾਜ਼, ਕੁਰੰਗਾ=ਹਿਰਨ,
ਜੋਗੀ=ਪ੍ਰਭੂ ਵਿਚ ਜੁੜਿਆ ਹੋਇਆ, ਮੀਨੁ=ਮੱਛ,
ਗ੍ਰਸਿਆਨੋ=ਫੜਿਆ ਹੋਇਆ, ਬਾਸਨ=ਸੁਗੰਧੀ,
ਹੇਤ=ਮੋਹ, ਤ੍ਰਿਬਿਧਿ ਰੋਗ ਮਹਿ=ਤ੍ਰਿਗੁਣੀ ਮਾਇਆ
ਦੇ ਮੋਹ ਵਿਚ, ਬਧੇ=ਬੱਝੇ ਹੋਏ, ਬਿਕਾਰਾ=ਵਿਕਾਰ,
ਐਬ, ਭਰਮੈ=ਭਟਕਦਾ ਹੈ, ਬੰਧੁ=ਬੰਧਨ, ਰਹਨੁ=
ਭਟਕਣਾ ਤੋਂ ਖ਼ਲਾਸੀ,ਸ਼ਾਂਤੀ, ਰਤੀ=ਰਤਾ ਭਰ ਭੀ,
ਕਤਹਿ=ਕਿਸੇ ਤਰ੍ਹਾਂ ਭੀ, ਰੋਗਹੁ=ਰੋਗ ਤੋਂ)

36. ਤੂ ਮੇਰਾ ਪਿਤਾ ਤੂਹੈ ਮੇਰਾ ਮਾਤਾ

ਤੂ ਮੇਰਾ ਪਿਤਾ ਤੂਹੈ ਮੇਰਾ ਮਾਤਾ ॥
ਤੂ ਮੇਰੇ ਜੀਅ ਪ੍ਰਾਨ ਸੁਖਦਾਤਾ ॥
ਤੂ ਮੇਰਾ ਠਾਕੁਰੁ ਹਉ ਦਾਸੁ ਤੇਰਾ ॥
ਤੁਝ ਬਿਨੁ ਅਵਰੁ ਨਹੀ ਕੋ ਮੇਰਾ ॥1॥
ਕਰਿ ਕਿਰਪਾ ਕਰਹੁ ਪ੍ਰਭ ਦਾਤਿ ॥
ਤੁਮ੍ਹ੍ਹਰੀ ਉਸਤਤਿ ਕਰਉ ਦਿਨ ਰਾਤਿ ॥1॥ਰਹਾਉ ॥
ਹਮ ਤੇਰੇ ਜੰਤ ਤੂ ਬਜਾਵਨਹਾਰਾ ॥
ਹਮ ਤੇਰੇ ਭਿਖਾਰੀ ਦਾਨੁ ਦੇਹਿ ਦਾਤਾਰਾ ॥
ਤਉ ਪਰਸਾਦਿ ਰੰਗ ਰਸ ਮਾਣੇ ॥
ਘਟ ਘਟ ਅੰਤਰਿ ਤੁਮਹਿ ਸਮਾਣੇ ॥2॥
ਤੁਮ੍ਹ੍ਹਰੀ ਕ੍ਰਿਪਾ ਤੇ ਜਪੀਐ ਨਾਉ ॥
ਸਾਧਸੰਗਿ ਤੁਮਰੇ ਗੁਣ ਗਾਉ ॥
ਤੁਮ੍ਹ੍ਹਰੀ ਦਇਆ ਤੇ ਹੋਇ ਦਰਦ ਬਿਨਾਸੁ ॥
ਤੁਮਰੀ ਮਇਆ ਤੇ ਕਮਲ ਬਿਗਾਸੁ ॥3॥
ਹਉ ਬਲਿਹਾਰਿ ਜਾਉ ਗੁਰਦੇਵ ॥
ਸਫਲ ਦਰਸਨੁ ਜਾ ਕੀ ਨਿਰਮਲ ਸੇਵ ॥
ਦਇਆ ਕਰਹੁ ਠਾਕੁਰ ਪ੍ਰਭ ਮੇਰੇ ॥
ਗੁਣ ਗਾਵੈ ਨਾਨਕੁ ਨਿਤ ਤੇਰੇ ॥4॥18॥31॥1144॥

(ਜੀਅ=ਜੀਵਨ, ਪ੍ਰਾਨ ਦਾਤਾ=ਪ੍ਰਾਣ ਦੇਣ
ਵਾਲਾ, ਠਾਕੁਰੁ=ਮਾਲਕ, ਹਉ=ਮੈਂ, ਅਵਰੁ
ਕੋ=ਕੋਈ ਹੋਰ, ਕਰਿ=ਕਰ ਕੇ, ਉਸਤਤਿ=
ਸਿਫ਼ਤਿ-ਸਾਲਾਹ, ਜੰਤ=ਜੰਤ੍ਰ,ਸਾਜ਼, ਤਉ
ਪਰਸਾਦਿ=ਤੇਰੀ ਕਿਰਪਾ ਨਾਲ, ਘਟ ਘਟ
ਅੰਤਰਿ=ਹਰੇਕ ਸਰੀਰ ਵਿਚ, ਤੁਮਹਿ=ਤੂੰ ਹੀ,
ਤੇ=ਤੋਂ,ਨਾਲ, ਜਪੀਐ=ਜਪਿਆ ਜਾ ਸਕਦਾ ਹੈ,
ਸਾਧ ਸੰਗਿ=ਗੁਰੂ ਦੀ ਸੰਗਤਿ ਵਿਚ, ਬਿਨਾਸੁ=
ਨਾਸ, ਮਇਆ=ਕਿਰਪਾ, ਬਿਗਾਸੁ=ਖੇੜਾ, ਹਉ=
ਮੈਂ, ਜਾਉ=ਮੈਂ ਜਾਵਾਂ, ਸਫਲ=ਫਲ ਦੇਣ ਵਾਲਾ,
ਨਿਰਮਲ=ਪਵਿੱਤਰ ਕਰਨ ਵਾਲੀ)

37. ਪੰਚ ਮਜਮੀ ਜੋ ਪੰਚਨ ਰਾਖੈ

ਪੰਚ ਮਜਮੀ ਜੋ ਪੰਚਨ ਰਾਖੈ ॥
ਮਿਥਿਆ ਰਸਨਾ ਨਿਤ ਉਠਿ ਭਾਖੈ ॥
ਚਕ੍ਰ ਬਣਾਇ ਕਰੈ ਪਾਖੰਡ ॥
ਝੁਰਿ ਝੁਰਿ ਪਚੈ ਜੈਸੇ ਤ੍ਰਿਅ ਰੰਡ ॥1॥
ਹਰਿ ਕੇ ਨਾਮ ਬਿਨਾ ਸਭ ਝੂਠੁ ॥
ਬਿਨੁ ਗੁਰ ਪੂਰੇ ਮੁਕਤਿ ਨ ਪਾਈਐ ਸਾਚੀ ਦਰਗਹਿ ਸਾਕਤ ਮੂਠੁ ॥1॥ਰਹਾਉ ॥
ਸੋਈ ਕੁਚੀਲੁ ਕੁਦਰਤਿ ਨਹੀ ਜਾਨੈ ॥
ਲੀਪਿਐ ਥਾਇ ਨ ਸੁਚਿ ਹਰਿ ਮਾਨੈ ॥
ਅੰਤਰੁ ਮੈਲਾ ਬਾਹਰੁ ਨਿਤ ਧੋਵੈ ॥
ਸਾਚੀ ਦਰਗਹਿ ਅਪਨੀ ਪਤਿ ਖੋਵੈ ॥2॥
ਮਾਇਆ ਕਾਰਣਿ ਕਰੈ ਉਪਾਉ ॥
ਕਬਹਿ ਨ ਘਾਲੈ ਸੀਧਾ ਪਾਉ ॥
ਜਿਨਿ ਕੀਆ ਤਿਸੁ ਚੀਤਿ ਨ ਆਣੈ ॥
ਕੂੜੀ ਕੂੜੀ ਮੁਖਹੁ ਵਖਾਣੈ ॥3॥
ਜਿਸ ਨੋ ਕਰਮੁ ਕਰੇ ਕਰਤਾਰੁ ॥
ਸਾਧਸੰਗਿ ਹੋਇ ਤਿਸੁ ਬਿਉਹਾਰੁ ॥
ਹਰਿ ਨਾਮ ਭਗਤਿ ਸਿਉ ਲਾਗਾ ਰੰਗੁ ॥
ਕਹੁ ਨਾਨਕ ਤਿਸੁ ਜਨ ਨਹੀ ਭੰਗੁ ॥4॥40॥53॥1151॥

(ਪੰਚ ਮਜਮੀ=ਪੰਜ ਪੀਰਾਂ ਦਾ ਉਪਾਸਕ,
ਕਾਮਾਦਿਕ ਪੰਜ ਪੀਰਾਂ ਦਾ ਉਪਾਸਕ,
ਪੰਚਨ=ਕਾਮਾਦਿਕ ਪੰਜਾਂ ਨੂੰ, ਮਿਥਿਆ=
ਝੂਠ, ਰਸਨਾ=ਜੀਭ, ਨਿਤ ਉਠਿ=ਹਰ ਰੋਜ਼,
ਭਾਖੈ=ਬੋਲਦਾ ਹੈ, ਚਕ੍ਰ=ਗਣੇਸ਼ ਆਦਿਕ ਦੇ
ਨਿਸ਼ਾਨ, ਪਾਖੰਡ=ਧਰਮੀ ਹੋਣ ਦਾ ਵਿਖਾਵਾ,
ਝੁਰਿ ਝੁਰਿ=ਮਾਇਆ ਦੀ ਖ਼ਾਤਰ ਤਰਲੇ ਲੈ
ਲੈ ਕੇ, ਪਚੈ=ਅੰਦਰੇ ਅੰਦਰ ਸੜਦਾ ਹੈ, ਤ੍ਰਿਆ
ਰੰਡ=ਵਿਧਵਾ ਇਸਤ੍ਰੀ, ਮੁਕਤਿ=ਵਿਕਾਰਾਂ ਤੋਂ
ਖ਼ਲਾਸੀ, ਸਾਚੀ ਦਰਗਹਿ=ਸਦਾ ਕਾਇਮ ਰਹਿਣ
ਵਾਲੇ ਪਰਮਾਤਮਾ ਦੀ ਹਜ਼ੂਰੀ ਵਿਚ, ਸਾਕਤ
ਮੂਠੁ=ਸਾਕਤਾਂ ਦਾ ਪਾਜ, ਸੋਈ=ਉਹੀ ਮਨੁੱਖ,
ਕੁਚੀਲੁ=ਗੰਦੀ ਰਹਿਣੀ ਵਾਲਾ, ਜਾਨੈ=ਪਛਾਣਦਾ,
ਲੀਪਿਐ ਥਾਇ=ਜੇ ਚੌਂਕਾ ਪੋਚਿਆ ਜਾਏ, ਸੁਚਿ=
ਪਵਿੱਤ੍ਰਤਾ, ਮਾਨੈ=ਮੰਨਦਾ, ਅੰਤਰੁ=ਅੰਦਰਲਾ,
ਹਿਰਦਾ, ਬਾਹਰੁ=ਬਾਹਰਲਾ ਪਾਸਾ, ਪਤਿ=ਇੱਜ਼ਤ,
ਕਾਰਣਿ=ਕਮਾਣ ਵਾਸਤੇ, ਉਪਾਉ=ਹੀਲਾ, ਘਾਲੈ=
ਘੱਲਦਾ,ਧਰਦਾ, ਸੀਧਾ ਪਾਉ=ਸਿੱਧਾ ਪੈਰ, ਜਿਨਿ=
ਜਿਸ ਨੇ, ਚੀਤਿ=ਚਿੱਤ ਵਿਚ, ਆਣੈ=ਲਿਆਉਂਦਾ,
ਕੂੜੀ ਕੂੜੀ=ਝੂਠ-ਮੂਠ, ਮੁਖਹੁ=ਮੂੰਹੋਂ, ਕਰਮੁ=
ਬਖ਼ਸ਼ਸ਼, ਬਿਉਹਾਰੁ=ਵਰਤਣ-ਵਿਹਾਰ, ਸਿਉ=
ਨਾਲ, ਰੰਗੁ=ਪਿਆਰ, ਭੰਗੁ=ਤੋਟ)

38. ਹਟਵਾਣੀ ਧਨ ਮਾਲ ਹਾਟੁ ਕੀਤੁ

ਹਟਵਾਣੀ ਧਨ ਮਾਲ ਹਾਟੁ ਕੀਤੁ ॥
ਜੂਆਰੀ ਜੂਏ ਮਾਹਿ ਚੀਤੁ ॥
ਅਮਲੀ ਜੀਵੈ ਅਮਲੁ ਖਾਇ ॥
ਤਿਉ ਹਰਿ ਜਨੁ ਜੀਵੈ ਹਰਿ ਧਿਆਇ ॥1॥
ਅਪਨੈ ਰੰਗਿ ਸਭੁ ਕੋ ਰਚੈ ॥
ਜਿਤੁ ਪ੍ਰਭਿ ਲਾਇਆ ਤਿਤੁ ਤਿਤੁ ਲਗੈ ॥1॥ਰਹਾਉ ॥
ਮੇਘ ਸਮੈ ਮੋਰ ਨਿਰਤਿਕਾਰ ॥
ਚੰਦ ਦੇਖਿ ਬਿਗਸਹਿ ਕਉਲਾਰ ॥
ਮਾਤਾ ਬਾਰਿਕ ਦੇਖਿ ਅਨੰਦ ॥
ਤਿਉ ਹਰਿ ਜਨ ਜੀਵਹਿ ਜਪਿ ਗੋਬਿੰਦ ॥2॥
ਸਿੰਘ ਰੁਚੈ ਸਦ ਭੋਜਨੁ ਮਾਸ ॥
ਰਣੁ ਦੇਖਿ ਸੂਰੇ ਚਿਤ ਉਲਾਸ ॥
ਕਿਰਪਨ ਕਉ ਅਤਿ ਧਨ ਪਿਆਰੁ ॥
ਹਰਿ ਜਨ ਕਉ ਹਰਿ ਹਰਿ ਆਧਾਰੁ ॥3॥
ਸਰਬ ਰੰਗ ਇਕ ਰੰਗ ਮਾਹਿ ॥
ਸਰਬ ਸੁਖਾ ਸੁਖ ਹਰਿ ਕੈ ਨਾਇ ॥
ਤਿਸਹਿ ਪਰਾਪਤਿ ਇਹੁ ਨਿਧਾਨੁ ॥
ਨਾਨਕ ਗੁਰੁ ਜਿਸੁ ਕਰੇ ਦਾਨੁ ॥4॥2॥1180॥

(ਹਟਵਾਣੀ=ਦੁਕਾਨਦਾਰ, ਹਾਟੁ=ਹੱਟ,
ਕੀਤੁ=ਕਰਦਾ ਹੈ, ਮਾਹਿ=ਵਿਚ, ਅਮਲੀ=
ਅਫੀਮੀ, ਖਾਇ=ਖਾ ਕੇ, ਜੀਵੈ=ਆਤਮਕ
ਜੀਵਨ ਪ੍ਰਾਪਤ ਕਰਦਾ ਹੈ, ਧਿਆਇ=ਸਿਮਰ
ਕੇ, ਅਪਨੈ ਰੰਗਿ=ਆਪਣੇ ਮਨ-ਭਾਉਂਦੇ
ਸੁਆਦ ਵਿਚ, ਰਚੈ=ਮਸਤ ਰਹਿੰਦਾ ਹੈ,
ਜਿਤੁ=ਜਿਸ ਵਿਚ, ਤਿਤੁ=ਉਸ ਵਿਚ, ਮੇਘ=
ਬੱਦਲ, ਨਿਰਤਿਕਾਰ=ਨਾਚ,ਪੈਲ, ਦੇਖਿ=ਵੇਖ
ਕੇ, ਬਿਗਸਹਿ=ਖਿੜਦੀਆਂ ਹਨ, ਕਉਲਾਰ=
ਕੰਮੀਆਂ , ਹਰਿ ਜਨ=ਪਰਮਾਤਮਾ ਦੇ ਭਗਤ,
ਜੀਵਹਿ=ਆਤਮਕ ਜੀਵਨ ਹਾਸਲ ਕਰਦੇ ਹਨ,
ਸਿੰਘ=ਸ਼ੇਰ, ਰੁਚੈ=ਖ਼ੁਸ਼ ਹੁੰਦਾ ਹੈ, ਸਦ=ਸਦਾ,
ਰਣੁ=ਜੁੱਧ, ਸੂਰ=ਸੂਰਮਾ, ਉਲਾਸ=ਜੋਸ਼,
ਕਿਰਪਨ=ਕੰਜੂਸ,ਸੂਮ, ਆਧਾਰੁ=ਆਸਰਾ,
ਸਰਬ=ਸਾਰੇ, ਇਕ ਰੰਗ ਮਾਹਿ=ਇਕ ਨਾਮ
ਰੰਗ ਵਿਚ, ਹਰਿ ਕੇ ਨਾਇ=ਹਰੀ ਦੇ ਨਾਮ
ਵਿਚ, ਤਿਸਹਿ=ਉਸ ਨੂੰ ਹੀ, ਨਿਧਾਨੁ=ਖ਼ਜ਼ਾਨਾ)

39. ਤਿਸੁ ਬਸੰਤੁ ਜਿਸੁ ਪ੍ਰਭੁ ਕ੍ਰਿਪਾਲੁ

ਤਿਸੁ ਬਸੰਤੁ ਜਿਸੁ ਪ੍ਰਭੁ ਕ੍ਰਿਪਾਲੁ ॥
ਤਿਸੁ ਬਸੰਤੁ ਜਿਸੁ ਗੁਰੁ ਦਇਆਲੁ ॥
ਮੰਗਲੁ ਤਿਸ ਕੈ ਜਿਸੁ ਏਕੁ ਕਾਮੁ ॥
ਤਿਸੁ ਸਦ ਬਸੰਤੁ ਜਿਸੁ ਰਿਦੈ ਨਾਮੁ ॥1॥
ਗ੍ਰਿਹਿ ਤਾ ਕੇ ਬਸੰਤੁ ਗਨੀ ॥
ਜਾ ਕੈ ਕੀਰਤਨੁ ਹਰਿ ਧੁਨੀ ॥1॥ਰਹਾਉ ॥
ਪ੍ਰੀਤਿ ਪਾਰਬ੍ਰਹਮ ਮਉਲਿ ਮਨਾ ॥
ਗਿਆਨੁ ਕਮਾਈਐ ਪੂਛਿ ਜਨਾਂ ॥
ਸੋ ਤਪਸੀ ਜਿਸੁ ਸਾਧਸੰਗੁ ॥
ਸਦ ਧਿਆਨੀ ਜਿਸੁ ਗੁਰਹਿ ਰੰਗੁ ॥2॥
ਸੇ ਨਿਰਭਉ ਜਿਨ੍ਹ੍ਹ ਭਉ ਪਇਆ ॥
ਸੋ ਸੁਖੀਆ ਜਿਸੁ ਭ੍ਰਮੁ ਗਇਆ ॥
ਸੋ ਇਕਾਂਤੀ ਜਿਸੁ ਰਿਦਾ ਥਾਇ ॥
ਸੋਈ ਨਿਹਚਲੁ ਸਾਚ ਠਾਇ ॥3॥
ਏਕਾ ਖੋਜੈ ਏਕ ਪ੍ਰੀਤਿ ॥
ਦਰਸਨ ਪਰਸਨ ਹੀਤ ਚੀਤਿ ॥
ਹਰਿ ਰੰਗ ਰੰਗਾ ਸਹਜਿ ਮਾਣੁ ॥
ਨਾਨਕ ਦਾਸ ਤਿਸੁ ਜਨ ਕੁਰਬਾਣੁ ॥4॥3॥1180॥

(ਬਸੰਤੁ=ਬਸੰਤ ਰੁੱਤ,ਖਿੜਾਉ, ਮੰਗਲੁ=
ਆਨੰਦ, ਖ਼ੁਸ਼ੀ, ਕਾਮੁ=ਕੰਮ, ਸਦ=ਸਦਾ,
ਰਿਦੈ=ਹਿਰਦੇ ਵਿਚ, ਗ੍ਰਿਹਿ ਤਾ ਕੇ=ਉਸ
ਮਨੁੱਖ ਦੇ ਹਿਰਦੇ ਵਿਚ, ਗਨੀ=ਮੈਂ ਸਮਝਦਾ
ਹਾਂ, ਧੁਨੀ=ਧੁਨਿ,ਲਗਨ, ਮਉਲਿ=ਖਿੜਿਆ
ਰਹੁ, ਪੂਛਿ ਜਨਾਂ=ਸੰਤ ਜਨਾਂ ਤੋਂ ਪੁੱਛ ਕੇ,
ਧਿਆਨੀ=ਜੁੜੇ ਮਨ ਵਾਲਾ, ਗੁਰਹਿ ਰੰਗੁ=
ਗੁਰੂ ਦਾ ਪਿਆਰ, ਸੇ=ਉਹ ਮਨੁੱਖ, ਭਉ=
ਪਰਮਾਤਮਾ ਦਾ ਡਰ, ਭ੍ਰਮੁ=ਭਟਕਣਾ, ਇਕਾਂਤੀ=
ਇਕਾਂਤ ਥਾਂ ਵਿਚ ਰਹਿਣ ਵਾਲਾ, ਰਿਦਾ=ਹਿਰਦਾ,
ਥਾਇ=ਇਕ ਥਾਂ ਤੇ,ਸ਼ਾਂਤ, ਨਿਹਚਲੁ=ਅਡੋਲ-ਚਿੱਤ,
ਸਾਚ ਠਾਇ=ਸਦਾ ਕਾਇਮ ਰਹਿਣ ਵਾਲੇ ਪਰਮਾਤਮਾ
ਦੇ ਚਰਨਾਂ ਵਿਚ, ਠਾਇ=ਥਾਂ ਵਿਚ, ਖੋਜੈ=ਭਾਲਦਾ ਹੈ,
ਪਰਸਨ=ਛੁਹ, ਹੀਤ=ਹਿਤ,ਪਿਆਰ, ਸਹਜਿ=ਆਤਮਕ
ਅਡੋਲਤਾ ਵਿਚ, ਕੁਰਬਾਣੁ=ਸਦਕੇ)

40. ਕਿਆ ਤੂ ਸੋਚਹਿ ਕਿਆ ਤੂ ਚਿਤਵਹਿ

ਕਿਆ ਤੂ ਸੋਚਹਿ ਕਿਆ ਤੂ ਚਿਤਵਹਿ ਕਿਆ ਤੂੰ ਕਰਹਿ ਉਪਾਏ ॥
ਤਾ ਕਉ ਕਹਹੁ ਪਰਵਾਹ ਕਾਹੂ ਕੀ ਜਿਹ ਗੋਪਾਲ ਸਹਾਏ ॥1॥
ਬਰਸੈ ਮੇਘੁ ਸਖੀ ਘਰਿ ਪਾਹੁਨ ਆਏ ॥
ਮੋਹਿ ਦੀਨ ਕ੍ਰਿਪਾ ਨਿਧਿ ਠਾਕੁਰ ਨਵ ਨਿਧਿ ਨਾਮਿ ਸਮਾਏ ॥1॥ਰਹਾਉ ॥
ਅਨਿਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਬਿੰਜਨ ਮਿਸਟਾਏ ॥
ਕਰੀ ਪਾਕਸਾਲ ਸੋਚ ਪਵਿਤ੍ਰਾ ਹੁਣਿ ਲਾਵਹੁ ਭੋਗੁ ਹਰਿ ਰਾਏ ॥2॥
ਦੁਸਟ ਬਿਦਾਰੇ ਸਾਜਨ ਰਹਸੇ ਇਹਿ ਮੰਦਿਰ ਘਰ ਅਪਨਾਏ ॥
ਜਉ ਗ੍ਰਿਹਿ ਲਾਲੁ ਰੰਗੀਓ ਆਇਆ ਤਉ ਮੈ ਸਭਿ ਸੁਖ ਪਾਏ ॥3॥
ਸੰਤ ਸਭਾ ਓਟ ਗੁਰ ਪੂਰੇ ਧੁਰਿ ਮਸਤਕਿ ਲੇਖੁ ਲਿਖਾਏ ॥
ਜਨ ਨਾਨਕ ਕੰਤੁ ਰੰਗੀਲਾ ਪਾਇਆ ਫਿਰਿ ਦੂਖੁ ਨ ਲਾਗੈ ਆਏ ॥4॥1॥1266॥

(ਕਉ=ਨੂੰ, ਤਾ ਕਉ=ਉਸ ਨੂੰ, ਸਹਾਏ=ਸਹਾਈ, ਮੇਘੁ=
ਬੱਦਲ, ਸਖੀ=ਸਹੇਲੀ, ਘਰਿ=ਘਰ ਵਿਚ, ਪਾਹੁਨ=ਪ੍ਰਾਹੁਣਾ,
ਲਾੜਾ, ਮੋਹਿ ਦੀਨ=ਮੈਨੂੰ ਗਰੀਬ ਨੂੰ, ਕ੍ਰਿਪਾ ਨਿਧਿ=ਕਿਰਪਾ ਦੇ
ਖ਼ਜ਼ਾਨੇ, ਨਵਨਿਧਿ ਨਾਮਿ=ਨਾਮ ਵਿਚ ਜੋ ਨੌ ਹੀ ਖ਼ਜ਼ਾਨੇ ਹੈ,
ਸਮਾਏ=ਲੀਨ ਕਰ, ਅਨਿਕ ਪ੍ਰਕਾਰ=ਕਈ ਕਿਸਮਾਂ ਦੇ, ਕੀਏ=
ਤਿਆਰ ਕੀਤੇ, ਬਿੰਜਨ ਮਿਸਟਾਏ=ਮਿੱਠੇ ਸੁਆਦਲੇ ਭੋਜਨ,
ਪਾਕਸਾਲ=ਰਸੋਈ,ਹਿਰਦਾ, ਸੋਚ=ਸੁੱਚ, ਲਾਵਹੁ ਭੋਗ=ਖਾਵੋ,
ਪਹਿਲਾਂ ਤੁਸੀ ਖਾਵੋ, ਬਿਦਾਰੇ=ਨਾਸ ਕਰ ਦਿੱਤੇ, ਰਹਸੇ=ਖ਼ੁਸ਼
ਹੋਏ, ਅਪਨਾਏ=ਆਪਣੇ ਬਣਾ ਲਏ, ਗ੍ਰਿਹਿ=ਹਿਰਦੇ ਘਰ ਵਿਚ,
ਰੰਗੀਓ=ਰੰਗੀਲਾ,ਸੁਹਣਾ)

41. ਖੀਰ ਅਧਾਰਿ ਬਾਰਿਕੁ ਜਬ ਹੋਤਾ

ਖੀਰ ਅਧਾਰਿ ਬਾਰਿਕੁ ਜਬ ਹੋਤਾ ਬਿਨੁ ਖੀਰੈ ਰਹਨੁ ਨ ਜਾਈ ॥
ਸਾਰਿ ਸਮ੍ਹ੍ਹਾਲਿ ਮਾਤਾ ਮੁਖਿ ਨੀਰੈ ਤਬ ਓਹੁ ਤ੍ਰਿਪਤਿ ਅਘਾਈ ॥1॥
ਹਮ ਬਾਰਿਕ ਪਿਤਾ ਪ੍ਰਭੁ ਦਾਤਾ ॥
ਭੂਲਹਿ ਬਾਰਿਕ ਅਨਿਕ ਲਖ ਬਰੀਆ ਅਨ ਠਉਰ ਨਾਹੀ ਜਹ ਜਾਤਾ ॥1॥ਰਹਾਉ ॥
ਚੰਚਲ ਮਤਿ ਬਾਰਿਕ ਬਪੁਰੇ ਕੀ ਸਰਪ ਅਗਨਿ ਕਰ ਮੇਲੈ ॥
ਮਾਤਾ ਪਿਤਾ ਕੰਠਿ ਲਾਇ ਰਾਖੈ ਅਨਦ ਸਹਜਿ ਤਬ ਖੇਲੈ ॥2॥
ਜਿਸ ਕਾ ਪਿਤਾ ਤੂ ਹੈ ਮੇਰੇ ਸੁਆਮੀ ਤਿਸੁ ਬਾਰਿਕ ਭੂਖ ਕੈਸੀ ॥
ਨਵ ਨਿਧਿ ਨਾਮੁ ਨਿਧਾਨੁ ਗ੍ਰਿਹਿ ਤੇਰੈ ਮਨਿ ਬਾਂਛੈ ਸੋ ਲੈਸੀ ॥3॥
ਪਿਤਾ ਕ੍ਰਿਪਾਲਿ ਆਗਿਆ ਇਹ ਦੀਨੀ ਬਾਰਿਕੁ ਮੁਖਿ ਮਾਂਗੈ ਸੋ ਦੇਨਾ ॥
ਨਾਨਕ ਬਾਰਿਕੁ ਦਰਸੁ ਪ੍ਰਭ ਚਾਹੈ ਮੋਹਿ ਹ੍ਰਿਦੈ ਬਸਹਿ ਨਿਤ ਚਰਨਾ ॥4॥2॥1266॥

(ਖੀਰ ਅਧਾਰਿ=ਦੁੱਧ ਦੇ ਆਸਰੇ ਨਾਲ, ਹੋਤਾ=ਹੁੰਦਾ ਹੈ, ਬਿਨੁ ਖੀਰੈ=
ਦੁੱਧ ਤੋਂ ਬਿਨਾ, ਸਾਰਿ=ਸਾਰ ਲੈ ਕੇ, ਮੁਖਿ=ਮੂੰਹ ਵਿਚ, ਨੀਰੈ=ਪ੍ਰੋਸਦੀ
ਹੈ, ਤ੍ਰਿਪਤਿ ਅਘਾਈ=ਚੰਗੀ ਤਰ੍ਹਾਂ ਰੱਜ ਜਾਂਦਾ ਹੈ, ਭੂਲਹਿ=ਭੁੱਲਦੇ ਹਨ,
ਬਰੀਆ=ਵਾਰੀ, ਅਨ=ਹੋਰ, ਠਉਰ=ਥਾਂ, ਜਹ=ਜਿੱਥੇ, ਚੰਚਲ=ਚੁਲਬੁਲੀ,
ਬਪੁਰੋ ਕੀ=ਵੀਚਾਰੇ ਦੀ, ਸਰਪ=ਸੱਪ, ਕਰ=ਹੱਥ, ਕੰਠਿ=ਗਲ ਨਾਲ,
ਲਾਇ=ਲਾ ਕੇ, ਸਹਜਿ=ਅਡੋਲਤਾ ਨਾਲ, ਗ੍ਰਿਹਿ ਤੇਰੈ=ਤੇਰੇ ਘਰ ਵਿਚ,
ਬਾਂਛੈ=ਮੰਗਦਾ ਹੈ, ਲੈਸੀ=ਲੈ ਲਏਗਾ, ਦਰਸੁ ਪ੍ਰਭ=ਪ੍ਰਭੂ ਦਾ ਦਰਸਨ,
ਮੋਹਿ ਹ੍ਰਿਦੈ=ਮੇਰੇ ਹਿਰਦੇ ਵਿਚ, ਬਸਹਿ=ਵੱਸਦੇ ਰਹਿਣ)

42. ਬਿਸਰਿ ਗਈ ਸਭ ਤਾਤਿ ਪਰਾਈ

ਬਿਸਰਿ ਗਈ ਸਭ ਤਾਤਿ ਪਰਾਈ ॥
ਜਬ ਤੇ ਸਾਧਸੰਗਤਿ ਮੋਹਿ ਪਾਈ ॥1॥ਰਹਾਉ ॥
ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ ॥1॥
ਜੋ ਪ੍ਰਭ ਕੀਨੋ ਸੋ ਭਲ ਮਾਨਿਓ ਏਹ ਸੁਮਤਿ ਸਾਧੂ ਤੇ ਪਾਈ ॥2॥
ਸਭ ਮਹਿ ਰਵਿ ਰਹਿਆ ਪ੍ਰਭੁ ਏਕੈ ਪੇਖਿ ਪੇਖਿ ਨਾਨਕ ਬਿਗਸਾਈ ॥3॥8॥1299॥

(ਬਿਸਰਿ ਗਈ=ਭੁੱਲ ਗਈ ਹੈ, ਤਾਤਿ=ਈਰਖਾ,ਸਾੜਾ,
ਤਾਤਿ ਪਰਾਈ=ਦੂਜਿਆਂ ਦਾ ਸੁਖ ਵੇਖ ਕੇ ਅੰਦਰੇ ਅੰਦਰ
ਸੜਨ ਦੀ ਆਦਤ, ਤੇ=ਤੋਂ, ਜਬ ਤੇ=ਜਦੋਂ ਤੋਂ, ਮੋਹਿ=ਮੈਂ,
ਕੋ=ਕੋਈ, ਸਗਲ ਸੰਗਿ=ਸਭਨਾਂ ਨਾਲ, ਹਮ ਕਉ ਬਨਿ
ਆਈ=ਮੇਰਾ ਪਿਆਰ ਬਣਿਆ ਹੋਇਆ ਹੈ, ਭਲ=ਭਲਾ,
ਚੰਗਾ, ਸੁਮਤਿ=ਚੰਗੀ ਅਕਲ, ਸਾਧੂ ਤੇ=ਗੁਰੂ ਪਾਸੋਂ, ਰਵਿ
ਰਹਿਆ=ਮੌਜੂਦ ਹੈ, ਪੇਖਿ=ਵੇਖ ਕੇ, ਬਿਗਸਾਈ=ਬਿਗਸਾਈਂ;
ਮੈਂ ਖ਼ੁਸ਼ ਹੁੰਦਾ ਹਾਂ)

43. ਚਉਬੋਲੇ

ਸੰਮਨ ਜਉ ਇਸ ਪ੍ਰੇਮ ਕੀ ਦਮ ਕਯਿਹੁ ਹੋਤੀ ਸਾਟ ॥
ਰਾਵਨ ਹੁਤੇ ਸੁ ਰੰਕ ਨਹਿ ਜਿਨਿ ਸਿਰ ਦੀਨੇ ਕਾਟਿ ॥1॥

ਪ੍ਰੀਤਿ ਪ੍ਰੇਮ ਤਨੁ ਖਚਿ ਰਹਿਆ ਬੀਚੁ ਨ ਰਾਈ ਹੋਤ ॥
ਚਰਨ ਕਮਲ ਮਨੁ ਬੇਧਿਓ ਬੂਝਨੁ ਸੁਰਤਿ ਸੰਜੋਗ ॥2॥

ਸਾਗਰ ਮੇਰ ਉਦਿਆਨ ਬਨ ਨਵ ਖੰਡ ਬਸੁਧਾ ਭਰਮ ॥
ਮੂਸਨ ਪ੍ਰੇਮ ਪਿਰੰਮ ਕੈ ਗਨਉ ਏਕ ਕਰਿ ਕਰਮ ॥3॥

ਮੂਸਨ ਮਸਕਰ ਪ੍ਰੇਮ ਕੀ ਰਹੀ ਜੁ ਅੰਬਰੁ ਛਾਇ ॥
ਬੀਧੇ ਬਾਂਧੇ ਕਮਲ ਮਹਿ ਭਵਰ ਰਹੇ ਲਪਟਾਇ ॥4॥

ਜਪ ਤਪ ਸੰਜਮ ਹਰਖ ਸੁਖ ਮਾਨ ਮਹਤ ਅਰੁ ਗਰਬ ॥
ਮੂਸਨ ਨਿਮਖਕ ਪ੍ਰੇਮ ਪਰਿ ਵਾਰਿ ਵਾਰਿ ਦੇਂਉ ਸਰਬ ॥5॥

ਮੂਸਨ ਮਰਮੁ ਨ ਜਾਨਈ ਮਰਤ ਹਿਰਤ ਸੰਸਾਰ ॥
ਪ੍ਰੇਮ ਪਿਰੰਮ ਨ ਬੇਧਿਓ ਉਰਝਿਓ ਮਿਥ ਬਿਉਹਾਰ ॥6॥

ਘਬੁ ਦਬੁ ਜਬ ਜਾਰੀਐ ਬਿਛੁਰਤ ਪ੍ਰੇਮ ਬਿਹਾਲ ॥
ਮੂਸਨ ਤਬ ਹੀ ਮੂਸੀਐ ਬਿਸਰਤ ਪੁਰਖ ਦਇਆਲ ॥7॥

ਜਾ ਕੋ ਪ੍ਰੇਮ ਸੁਆਉ ਹੈ ਚਰਨ ਚਿਤਵ ਮਨ ਮਾਹਿ ॥
ਨਾਨਕ ਬਿਰਹੀ ਬ੍ਰਹਮ ਕੇ ਆਨ ਨ ਕਤਹੂ ਜਾਹਿ ॥8॥

ਲਖ ਘਾਟੀਂ ਊਂਚੌ ਘਨੋ ਚੰਚਲ ਚੀਤ ਬਿਹਾਲ ॥
ਨੀਚ ਕੀਚ ਨਿਮ੍ਰਿਤ ਘਨੀ ਕਰਨੀ ਕਮਲ ਜਮਾਲ ॥9॥

ਕਮਲ ਨੈਨ ਅੰਜਨ ਸਿਆਮ ਚੰਦ੍ਰ ਬਦਨ ਚਿਤ ਚਾਰ ॥
ਮੂਸਨ ਮਗਨ ਮਰੰਮ ਸਿਉ ਖੰਡ ਖੰਡ ਕਰਿ ਹਾਰ ॥10॥

ਮਗਨੁ ਭਇਓ ਪ੍ਰਿਅ ਪ੍ਰੇਮ ਸਿਉ ਸੂਧ ਨ ਸਿਮਰਤ ਅੰਗ ॥
ਪ੍ਰਗਟਿ ਭਇਓ ਸਭ ਲੋਅ ਮਹਿ ਨਾਨਕ ਅਧਮ ਪਤੰਗ ॥11॥1363॥

(ਚਉਬੋਲਾ=ਇਕ ਛੰਤ ਦਾ ਨਾਮ ਹੈ, ਸੰਮਨ=ਹੇ ਮਨ ਵਾਲੇ ਬੰਦੇ,
ਹੇ ਦਾਨੀ ਮਨੁੱਖ, ਜਉ=ਜੇ, ਦਮ=ਦਮੜੇ,ਧਨ, ਕਯਿਹੁ=ਤੋਂ,
ਸਾਟ=ਵਟਾਂਦਰਾ, ਹੋਤੀ=ਹੋ ਸਕਦੀ, ਹੁਤੇ=ਵਰਗੇ, ਰੰਕ=ਕੰਗਾਲ,
ਜਿਨਿ=ਜਿਸ ਨੇ, ਸੁ=ਉਹ, ਸਿਰ ਦੀਨੇ ਕਾਟਿ=ਸ਼ਿਵ ਜੀ ਨੂੰ ਪ੍ਰਸੰਨ
ਕਰਨ ਲਈ 11 ਵਾਰੀ ਆਪਣੇ ਸਿਰ ਕੱਟ ਕੇ ਦਿੱਤੇ, ਤਨੁ=ਸਰੀਰ,
ਖਚਿ ਰਹਿਆ=ਮਗਨ ਹੋਇਆ ਰਹਿੰਦਾ ਹੈ, ਬੀਚੁ=ਅੰਤਰਾ,ਵਿੱਥ,
ਰਾਈ=ਰਾਈ ਜਿਤਨਾ ਭੀ,ਰਤਾ ਭਰ, ਚਰਨ ਕਮਲ=ਕੌਲ ਫੁੱਲਾਂ
ਵਰਗੇ ਚਰਨਾਂ ਵਿਚ, ਬੇਧਿਓ=ਵਿੱਝ ਗਿਆ, ਬੂਝਨੁ=ਸਮਝ, ਸੁਰਤਿ
ਸੰਜੋਗ=ਸੁਰਤਿ ਨਾਲ ਮਿਲ ਗਈ ਹੈ, ਸਾਗਰ=ਸਮੁੰਦਰ, ਮੇਰ=ਸੁਮੇਰ
ਆਦਿਕ ਪਹਾੜ, ਉਦਿਆਨ=ਜੰਗਲ, ਬਨ=ਜੰਗਲ, ਬਸੁਧਾ=ਧਰਤੀ,
ਨਵ ਖੰਡ ਬਸੁਧਾ=ਨੌ ਹਿੱਸਿਆਂ ਵਾਲੀ ਧਰਤੀ, ਭਰਮ=ਭ੍ਰਮਣ,ਤੁਰੇ
ਫਿਰਨਾ, ਮੂਸਨ=ਹੇ ਲੁੱਟੇ ਜਾ ਰਹੇ ਮਨੁੱਖ, ਆਤਮਕ ਸਰਮਾਇਆ
ਲੁਟਾ ਰਹੇ ਹੇ ਮਨੁੱਖ, ਪ੍ਰੇਮ ਪਿਰੰਮ ਕੈ=ਪਿਆਰੇ ਦੇ ਪ੍ਰੇਮ ਦੇ ਰਸਤੇ
ਵਿਚ, ਗਨਉ=ਗਨਉਂ,ਮੈਂ ਗਿਣਦਾ ਹਾਂ, ਏਕ ਕਰਿ ਕਰਮ=ਇਕ
ਕਦਮ ਕਰ ਕੇ, ਮਸਕਰ=ਚਾਂਦਨੀ,ਚੰਦ ਦੀ ਚਾਨਣੀ, ਅੰਬਰੁ=
ਆਕਾਸ਼, ਛਾਇ ਰਹੀ=ਛਾ ਰਹੀ ਹੈ, ਬੀਧੇ=ਵਿੱਝੇ ਹੋਏ, ਬਾਂਧੇ=
ਬੱਝੇ ਹੋਏ, ਰਹੇ ਲਪਟਾਇ=ਲਪਟ ਰਹੇ ਹਨ, ਜਪ=ਮੰਤ੍ਰਾਂ ਦੇ ਜਾਪ,
ਤਪ=ਧੂਣੀਆਂ ਤਪਾਣੀਆਂ, ਸੰਜਮ=ਇੰਦ੍ਰਿਆਂ ਨੂੰ ਵਿਕਾਰਾਂ ਵਲੋਂ
ਹਟਾਣ ਦੇ ਜਤਨ, ਹਰਖ=ਖ਼ੁਸ਼ੀ, ਮਾਨ=ਇੱਜ਼ਤ, ਮਹਤ=ਵਡਿਆਈ,
ਅਰੁ=ਅਤੇ, ਗਰਬ=ਅਹੰਕਾਰ, ਨਿਮਖਕ=ਅੱਖ ਝਮਕਣ ਜਿੰਨੇ ਸਮੇ
ਲਈ, ਪਰਿ=ਤੋਂ,ਉੱਤੋਂ, ਵਾਰਿ ਦੇਂਉ=ਮੈਂ ਕੁਰਬਾਨ ਕਰਦਾ ਹਾਂ, ਮਰਮੁ=
ਭੇਤ, ਜਾਨਈ=ਜਾਨੈ,ਜਾਣਦਾ, ਮਰਤ=ਆਤਮਕ ਮੌਤੇ ਮਰ ਰਿਹਾ,
ਹਿਰਤ=ਲੁੱਟਿਆ ਜਾ ਰਿਹਾ, ਪ੍ਰੇਮ ਪਿਰੰਮ=ਪਿਆਰੇ ਦੇ ਪਿਆਰ ਵਿਚ,
ਬੇਧਿਓ=ਵਿੱਝਿਆ, ਮਿਥ=ਨਾਸਵੰਤ, ਘਬੁ=ਘਰ, ਦਬੁ=ਧਨ-ਪਦਾਰਥ,
ਜਾਰੀਐ=ਸੜ ਜਾਂਦਾ ਹੈ, ਬਿਹਾਲ=ਦੁੱਖੀ, ਤਬ ਹੀ=ਤਦੋਂ ਹੀ, ਮੂਸੀਐ=
ਲੁੱਟੇ ਜਾਈਦਾ ਹੈ, ਕੋ=ਦਾ, ਸੁਆਉ=ਸੁਆਰਥ, ਚਿਤਵ=ਯਾਦ, ਮਾਹਿ=
ਵਿਚ, ਬਿਰਹੀ=ਪ੍ਰੇਮੀ, ਬ੍ਰਹਮ=ਪਰਮਾਤਮਾ, ਆਨ ਕਤਹੂ=ਕਿਸੇ ਭੀ ਹੋਰ
ਥਾਂ, ਜਾਹਿ=ਜਾਂਦੇ, ਲਖ=ਨਿਸ਼ਾਨਾ, ਘਨੋ=ਬਹੁਤ, ਬਿਹਾਲ=ਦੁੱਖੀ, ਕੀਚ=
ਚਿੱਕੜ, ਨਿਮ੍ਰਿਤ=ਨਿਮ੍ਰਤਾ,ਗਰੀਬੀ, ਘਨੀ=ਬਹੁਤੀ, ਕਰਨੀ=ਜੀਵਨ-ਕਰਤੱਬ,
ਜਮਾਲ=ਕੋਮਲ ਸੁੰਦਰਤਾ, ਨੈਨ=ਅੱਖਾਂ, ਅੰਜਨ=ਸੁਰਮਾ, ਸਿਆਮ=ਕਾਲਾ,
ਬਦਨ=ਮੂੰਹ, ਚੰਦ੍ਰ ਬਦਨ=ਚੰਦ ਵਰਗਾ ਸੋਹਣਾ ਮੂੰਹ, ਚਾਰ=ਸੋਹਣਾ, ਚਿਤ
ਚਾਰ=ਸੋਹਣੇ ਚਿੱਤ ਵਾਲਾ, ਮਰੰਮ=ਮਰਮ,ਭੇਤ, ਸਿਉ=ਨਾਲ, ਖੰਡ ਖੰਡ=ਟੋਟੇ
ਟੋਟੇ, ਕਰਿ=ਕਰ ਦੇਹ, ਹਾਰ=ਹਾਰਾਂ ਨੂੰ, ਮਗਨੁ=ਮਸਤ, ਪ੍ਰਿਅ ਪ੍ਰੇਮ ਸਿਉ=
ਪਿਆਰੇ ਦੀਵੇ ਦੇ ਪ੍ਰੇਮ ਵਿਚ, ਸੂਧ=ਸੁੱਧ-ਬੁੱਧ, ਸਿਮਰਤ=ਯਾਦ ਕਰਦਿਆਂ,
ਸੂਧ ਨ ਅੰਗ=ਸਰੀਰ ਦੀ ਸੁੱਧ-ਬੁੱਧ ਨਹੀਂ ਰਹਿੰਦੀ, ਸਭ ਲੋਅ ਮਹਿ=ਸਾਰੇ
ਜਗਤ ਵਿਚ, ਅਧਮ=ਨੀਚ,ਛੋਟਾ, ਪਤੰਗ=ਭੰਬਟ)