ਸ਼ਰਤ

ਵਿਕੀਸਰੋਤ ਤੋਂ
Jump to navigation Jump to search

ਸ਼ਰਦੀਆਂ ਦੀ ਉਸ ਘੋਰ ਹਨ੍ਹੇਰੀ ਰਾਤ ਵਿੱਚ ਇੱਕ ਬੁਢਾ ਸਾਹੂਕਾਰ ਆਪਣੇ ਅਧਿਅਨ ਕਮਰੇ ਵਿੱਚ ਚਹਿਲਕਦਮੀ ਕਰ ਰਿਹਾ ਸੀ। ਉਸਨੂੰ ਯਾਦ ਆ ਰਹੀ ਸੀ 15 ਸਾਲ ਪਹਿਲਾਂ ਦੀ ਸ਼ਰਦ ਪੂਰਨਮਾਸ਼ੀ ਦੀ ਉਹ ਰਾਤ ਜਦੋਂ ਉਸਨੇ ਇੱਕ ਦਾਅਵਤ ਦਿੱਤੀ ਸੀ। ਉਸ ਪਾਰਟੀ ਵਿੱਚ ਕਈ ਵਿਦਵਾਨ ਵਿਅਕਤੀ ਆਏ ਹੋਏ ਸਨ ਅਤੇ ਬਹੁਤ ਰੌਚਕ ਗੱਲਬਾਤ ਚੱਲ ਰਹੀ ਸੀ। ਅਤੇ ਚਲਦੇ ਚਲਦੇ ਗੱਲ ਮੌਤ ਦੀ ਸਜਾ ਤੇ ਆ ਗਈ। ਮਹਿਮਾਨਾਂ ਵਿੱਚ ਕਈ ਵਿਦਵਾਨ ਵਿਅਕਤੀ ਅਤੇ ਸੰਪਾਦਕ ਵੀ ਸਨ ਜੋ ਮੌਤ ਦੀ ਸਜਾ ਦੇ ਵਿਰੁਧ ਸਨ ਅਤੇ ਮੰਨਦੇ ਸਨ ਕਿ ਇਹ ਪ੍ਰਥਾ ਖ਼ਤਮ ਹੋ ਜਾਣੀ ਚਾਹੀਦੀ ਕਿਉਂਕਿ ਉਹ ਸਭਿਆਚਾਰਕ ਸਮਾਜ ਲਈ ਅਸ਼ੋਭਨੀ ਅਤੇ ਨੀਤੀ-ਵਿਰੁੱਧ ਹੈ। ਉਹਨਾਂ ਵਿਚੋਂ ਕੁੱਝ ਲੋਕਾਂ ਦਾ ਕਹਿਣਾ ਸੀ ਕਿ ਮੌਤ ਦੀ ਸਜਾ ਦੀ ਥਾਂ ਉਮਰ ਕੈਦ ਹੋਣੀ ਚਾਹੀਦੀ ਹੈ। ਮੇਜਬਾਨ ਨੇ ਕਿਹਾ ਮੈਂ ਇਸ ਨਾਲ ਅਸਹਮਤ ਹਾਂ। ਉਂਜ ਨਾ ਤਾਂ ਮੈਨੂੰ ਮੌਤ ਦੀ ਸਜਾ ਦਾ ਹੀ ਅਨੁਭਵ ਹੈ ਅਤੇ ਨਾ ਹੀ ਮੈਂ ਉਮਰ ਕੈਦ ਦੇ ਬਾਰੇ ਵਿੱਚ ਹੀ ਕੁੱਝ ਜਾਣਦਾ ਹਾਂ। ਪਰ ਮੇਰੇ ਵਿਚਾਰ ਵਿੱਚ ਮੌਤ ਦੀ ਸਜਾ ਉਮਰ ਕੈਦ ਨਾਲੋਂ ਜਿਆਦਾ ਨੈਤਿਕ ਅਤੇ ਮਾਨਵੀ ਹੈ। ਫਾਂਸੀ ਨਾਲ ਤਾਂ ਮੁਲਜ਼ਮ ਦੀ ਤੱਤਕਾਲ ਮੌਤ ਹੋ ਜਾਂਦੀ ਹੈ ਪਰ ਉਮਰ ਕੈਦ ਦੀ ਸਜ਼ਾ ਤਾਂ ਹੌਲੀ-ਹੌਲੀ ਤੜਪਾ ਤੜਪਾ ਕੇ ਜਾਨ ਲੈਂਦੀ ਹੈ। ਹੁਣ ਦੱਸੋ ਕਿਸ ਨੂੰ ਜਿਆਦਾ ਦਿਆਲੂ ਅਤੇ ਮਾਨਵੀ ਕਿਹਾ ਜਾਵੇਗਾ ? ਜੋ ਕੁੱਝ ਹੀ ਪਲਾਂ ਵਿੱਚ ਇੱਕੋ ਝਟਕੇ ਜੀਵਨ ਖ਼ਤਮ ਕਰ ਦੇਵੇ ਜਾਂ ਹੌਲੀ – ਹੌਲੀ ਤਰਸਾ ਤਰਸਾ ਕੇ ਮਾਰੇ? ਇੱਕ ਮਹਿਮਾਨ ਬੋਲਿਆ ਦੋਨ੍ਹੋਂ ਹੀ ਨੀਤੀ-ਵਿਰੁੱਧ ਹਨ ਕਿਉਂਕਿ ਮਕਸਦ ਤਾਂ ਦੋਨ੍ਹੋਂ ਦਾ ਇੱਕ ਹੀ ਹੈ ਜੀਵਨ ਨੂੰ ਖ਼ਤਮ ਕਰ ਦੇਣਾ ਅਤੇ ਸਰਕਾਰ ਰੱਬ ਤਾਂ ਹੈ ਨਹੀਂ। ਉਹਨੂੰ ਇਹ ਅਧਿਕਾਰ ਨਹੀਂ ਹੋਣਾ ਚਾਹੀਦਾ ਕਿ ਉਹ ਉਹ ਚੀਜ਼ ਲੈ ਸਕੇ ਜਿਸਨੂੰ ਵਾਪਸ ਨਹੀਂ ਕਰ ਸਕਦੀ। ਉਥੇ ਹੀ ਉਨ੍ਹਾਂ ਮਹਿਮਾਨਾਂ ਵਿੱਚ ਇੱਕ ਪੰਝੀ ਸਾਲ ਦਾ ਜਵਾਨ ਵਕੀਲ ਵੀ ਸੀ। ਉਸਦੀ ਰਾਏ ਪੁੱਛੇ ਜਾਣ ਤੇ ਉਹ ਕਹਿਣ ਲਗਾ, “ਮੌਤ ਦੀ ਸਜਾ ਜਾਂ ਉਮਰ ਕੈਦ ਦੋਨ੍ਹੋਂ ਹੀ ਨੀਤੀ-ਵਿਰੁੱਧ ਹਨ। ਪਰ ਜੇਕਰ ਮੈਨੂੰ ਦੋਨਾਂ ਵਿਚੋਂ ਇੱਕ ਨੂੰ ਚੁਣਨ ਦਾ ਅਵਸਰ ਮਿਲੇ ਤਾਂ ਮੈਂ ਤਾਂ ਜੀਉਂਦੇ ਜੀ ਸਜ਼ਾ ਹੀ ਨੂੰ ਚਾਹਾਂਗਾ। ਨਾ ਜੀਣ ਨਾਲੋਂ ਤਾਂ ਕਿਸੇ ਤਰ੍ਹਾਂ ਦਾ ਵੀ ਜੀਵਨ ਹੋਵੇ ਉਸਨੂੰ ਹੀ ਮੈਂ ਬਿਹਤਰ ਸਮਝਾਂਗਾਗਾ।”

ਇਸ ਪਰ ਕਾਫ਼ੀ ਜੋਸ਼ੀਲੀ ਬਹਿਸ ਛਿੜ ਗਈ। ਉਹ ਸਾਹੂਕਾਰ ਮਹਾਜਨ ਜੋ ਕਿ ਮੇਜਬਾਨ ਸੀ ਅਤੇ ਉਸ ਸਮੇਂ ਜਵਾਨ ਸੀ ਅਤੇ ਅਤਿਅੰਤ ਅਧੀਰ ਸੁਭਾ ਦਾ ਸੀ ਇੱਕਦਮ ਗੁੱਸੇ ਵਿੱਚ ਆ ਗਿਆ। ਉਸਨੇ ਆਪਣੇ ਹੱਥ ਦੀ ਮੁੱਠੀ ਨੂੰ ਜ਼ੋਰ ਨਾਲ ਮੇਜ ਤੇ ਮਾਰਿਆ ਅਤੇ ਚੀਖ ਕੇ ਕਹਿਣ ਲਗਾ ,”ਤੂੰ ਝੂਠ ਬੋਲ ਰਿਹਾ ਹੈਂ। ਮੈਂ ਸ਼ਰਤ ਲਾ ਕੇ ਕਹਿ ਸਕਦਾ ਹਾਂ ਕਿ ਤੂੰ ਇਸ ਪ੍ਰਕਾਰ ਕੈਦ ਵਿੱਚ ਪੰਜ ਸਾਲ ਵੀ ਨਹੀਂ ਰਹਿ ਸਕੇਂਗਾ।” ਇਸ ਤੇ ਜਵਾਨ ਵਕੀਲ ਬੋਲਿਆ, “ਜੇਕਰ ਤੁਸੀਂ ਸ਼ਰਤ ਲਾਉਂਦੇ ਹੋ ਤਾਂ ਮੈਂ ਵੀ ਸ਼ਰਤੀਆ ਕਹਿੰਦਾ ਹਾਂ ਕਿ ਪੰਜ ਤਾਂ ਕੀ ਮੈਂ ਪੰਦਰਾਂ ਸਾਲ ਰਹਿ ਕੇ ਦਿਖਾ ਸਕਦਾ ਹਾਂ। ਬੋਲੋ ਕੀ ਸ਼ਰਤ ਹੈ?” “ਪੰਦਰਾਂ ਸਾਲ। ਮੈਨੂੰ ਮਨਜ਼ੂਰ ਹੈ। ਮੈਂ ਦੋ ਕਰੋੜ ਰੁਪਏ ਦਾਅ ਤੇ ਲਾਉਂਦਾ ਹਾਂ।” “ਗੱਲ ਪੱਕੀ ਹੋਈ। ਤੁਸੀਂ ਦੋ ਕਰੋੜ ਰੁਪਏ ਲਗਾ ਰਹੇ ਹੋ ਅਤੇ ਮੈਂ ਪੰਦਰਾਂ ਸਾਲ ਦੀ ਆਪਣੀ ਅਜਾਦੀ ਨੂੰ ਦਾਅ ਤੇ ਲਾ ਰਿਹਾ ਹਾਂ। ਹੁਣ ਤੁਸੀਂ ਮੁੱਕਰ ਨਹੀਂ ਸਕਦੇ।”ਜਵਾਨ ਵਕੀਲ ਨੇ ਕਿਹਾ।

ਇਸ ਪ੍ਰਕਾਰ ਇਹ ਬੇਹੂਦਾ ਊਟਪਟਾਂਗ ਸ਼ਰਤ ਲੱਗ ਗਈ। ਉਸ ਸਾਹੂਕਾਰ ਦੇ ਕੋਲ ਉਸ ਸਮੇਂ ਕਈ ਕਰੋੜ ਰੁਪਏ ਸਨ ਜਿਨ੍ਹਾਂ ਦੇ ਜੋਰ ਤੇ ਉਹ ਘਮੰਡ ਵਿੱਚ ਫੁਲਿਆ ਨਹੀਂ ਸਮਾਉਂਦਾ ਸੀ। ਉਹ ਕਾਫ਼ੀ ਬਿਗੜਿਆ ਹੋਇਆ ਅਤੇ ਸਨਕੀ ਕਿਸਮ ਦਾ ਆਦਮੀ ਸੀ। ਖਾਣਾ ਖਾਂਦੇ ਸਮੇਂ ਉਹ ਉਸ ਜਵਾਨ ਵਕੀਲ ਨੂੰ ਮਜਾਕ ਵਿੱਚ ਕਹਿਣ ਲਗਾ ,”ਓਏ ,ਹੁਣ ਵੀ ਸਮਾਂ ਹੈ ਸੰਭਲ ਜਾ। ਮੇਂਰੇ ਲਈ ਤਾਂ ਦੋ ਕਰੋੜ ਰੁਪਏ ਕੁੱਝ ਵੀ ਨਹੀਂ ਹੈ। ਪਰ ਤੁਹਾਡੇ ਲਈ ਆਪਣੇ ਜੀਵਨ ਦੇ ਤਿੰਨ ਜਾਂ ਚਾਰ ਸਭ ਤੋਂ ਕੀਮਤੀ ਸਾਲ ਗੁਆ ਲੈਣਾ ਬਹੁਤ ਵੱਡੀ ਚੀਜ ਹੈ। ਮੈ ਤਿੰਨ ਜਾਂ ਚਾਰ ਸਾਲ ਇਸ ਲਈ ਕਹਿ ਰਿਹਾ ਹਾਂ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਸ ਤੋਂ ਜਿਆਦਾ ਤੂੰ ਰਹਿ ਹੀ ਨਹੀ ਸਕੇਂਗਾ। ਇਹ ਵੀ ਮਤ ਭੁੱਲ ਕਿ ਆਪਣੀ ਇੱਛਾ ਅਤੇ ਬੰਧਨ ਵਿੱਚ ਬੜਾ ਅੰਤਰ ਹੈ। ਜਦੋਂ ਇਹ ਵਿਚਾਰ ਤੇਰੇ ਮਨ ਵਿੱਚ ਆਵੇਗਾ ਕਿ ਤੁਸੀਂ ਜਦੋਂ ਚਾਹੋ ਮੁਕਤੀ ਪਾ ਸਕਦੇ ਹੋ ਤਾਂ ਉਹ ਤੁਹਾਡੇ ਜੇਲ੍ਹ ਦੇ ਜੀਵਨ ਨੂੰ ਪੂਰੀ ਤਰ੍ਹਾਂ ਜਹੰਨਮ ਬਣਾ ਦੇਵੇਗਾ। ਮੈਨੂੰ ਤਾਂ ਤੇਰੇ ਤੇ ਬੜਾ ਤਰਸ ਆ ਰਿਹਾ ਹੈ।”

ਤੇ ਅੱਜ ਉਹ ਸਾਹੂਕਾਰ ਬੀਤੇ ਦਿਨਾਂ ਦੀਆਂ ਉਹ ਗੱਲਾਂ ਯਾਦ ਕਰ ਰਿਹਾ ਸੀ। ਉਸਨੇ ਆਪਣੇ ਆਪ ਨੂੰ ਪੁੱਛਿਆ ,”ਮੈਂ ਕਿਉਂ ਅਜਿਹੀ ਸ਼ਰਤ ਲਗਾਈ ਸੀ ? ਉਸ ਨਾਲ ਕਿਸ ਨੂੰ ਫ਼ਾਇਦਾ ਹੋਇਆ ? ਉਸ ਵਕੀਲ ਨੇ ਤਾਂ ਆਪਣੇ ਜੀਵਨ ਦੇ 15ਮਹੱਤਵਪੂਰਣ ਸਾਲ ਨਸ਼ਟ ਕਰ ਦਿੱਤੇ ਅਤੇ ਮੈਂ ਆਪਣੇ ਦੋ ਕਰੋੜ ਰੁਪਏ ਗੁਆ ਲਏ। ਕੀ ਇਸ ਨਾਲ ਲੋਕ ਇਹ ਮੰਨ ਲੈਣਗੇ ਕਿ ਮੌਤ ਦੀ ਸਜਾ ਨਾਲੋਂ ਉਮਰ ਕੈਦ ਬਿਹਤਰ ਹੈ ਜਾਂ ਨਹੀਂ ? ਇਹ ਸਭ ਬਕਵਾਸ ਹੈ। ਮੇਰੇ ਅੰਦਰ ਤਾਂ ਇਹ ਇੱਕ ਅਮੀਰ ਆਦਮੀ ਦੀ ਸਨਕ ਸੀ ਅਤੇ ਉਸ ਵਕੀਲ ਲਈ ਇਹ ਅਮੀਰ ਹੋਣ ਦੀ ਅੰਨ੍ਹੀ ਲਾਲਸਾ।”

ਉਸਨੂੰ ਇਹ ਵੀ ਯਾਦ ਆਇਆ ਕਿ ਉਸ ਪਾਰਟੀ ਦੇ ਬਾਅਦ ਇਹ ਤੈਅ ਹੋਇਆ ਸੀ ਕਿ ਉਹ ਵਕੀਲ ਆਪਣੇ ਸਜ਼ਾ ਦੇ ਦਿਨ ਸਖ਼ਤ ਨਿਗਰਾਨੀ ਤਹਿਤ ਉਸ ਸਾਹੂਕਾਰ ਦੇ ਬਗੀਚੇ ਵਾਲੇ ਹਿੱਸੇ ਵਿੱਚ ਕੱਟੇਗਾ। ਇਹ ਵੀ ਤੈਅ ਹੋ ਗਿਆ ਸੀ ਕਿ ਜਦੋਂ ਤੱਕ ਉਹ ਇਸ ਜੇਲ੍ਹ ਵਿੱਚ ਹੈ ਉਹ ਕਿਸੇ ਨਾਲ ਵੀ ਨਹੀ ਮਿਲ ਸਕੇਗਾ ਨਾ ਹੀ ਕਿਸੇ ਨਾਲ ਗੱਲ ਹੀ ਕਰ ਸਕੇਗਾ। ਉਸਨੂੰ ਕੋਈ ਅਖਬਾਰ ਵੀ ਨਹੀਂ ਮਿਲਣਗੇ ਅਤੇ ਨਾ ਹੀ ਕੋਈ ਚਿਠੀ ਪੱਤਰ। ਹਾਂ ਉਸਨੂੰ ਕੋਈ ਸੰਗੀਤ ਸਾਜ਼ ਦਿੱਤਾ ਜਾ ਸਕਦਾ ਹੈ। ਪੜ੍ਹਨ ਲਈ ਉਸ ਨੂੰ ਕਿਤਾਬਾਂ ਮਿਲ ਜਾਣਗੀਆਂ ਅਤੇ ਉਹ ਪੱਤਰ ਵੀ ਲਿਖ ਸਕੇਗਾ। ਸ਼ਰਾਬ ਪੀ ਸਕਦਾ ਹੈ ਅਤੇ ਧੂਮਰਪਾਨ ਵੀ ਕਰ ਸਕਦਾ ਹੈ। ਇਹ ਸਹਿਮਤੀ ਹੋ ਗਈ ਕਿ ਬਾਹਰ ਦੀ ਦੁਨੀਆਂ ਨਾਲ ਸੰਪਰਕ ਲਈ ਉਹ ਕੇਵਲ ਉੱਥੇ ਬਣੀ ਹੋਈ ਖਿੜਕੀ ਵਿੱਚੋਂ ਚੁਪਚਾਪ ਆਪਣੇ ਲਿਖਤੀ ਨੋਟ ਭੇਜ ਸਕੇਗਾ। ਹਰ ਲੋੜ ਦੀ ਚੀਜ ਜਿਵੇਂ ਕਿਤਾਬਾਂ ਸੰਗੀਤ ਸ਼ਰਾਬ ਆਦਿ ਉਹ ਜਿੰਨੀ ਚਾਹੇ ਉਸੀ ਖਿੜਕੀ ਵਿੱਚੋਂ ਲੈ ਸਕਦਾ ਹੈ। ਐਗਰੀਮੇਂਟ ਵਿੱਚ ਹਰ ਛੋਟੀ ਤੋਂ ਛੋਟੀ ਗੱਲ ਨੂੰ ਧਿਆਨ ਵਿੱਚ ਰੱਖਿਆ ਗਿਆ ਸੀ। ਇਸ ਕਾਰਨ ਉਹ ਸਜ਼ਾ ਇੱਕਦਮ ਕਾਲ ਕੋਠਰੀ ਦੇ ਸਮਾਨ ਹੋ ਗਈ ਸੀ ਅਤੇ ਉਸ ਵਿੱਚ ਉਸ ਵਕੀਲ ਨੇ 14 ਨਵੰਬਰ 1870 ਦੇ 12 ਵਜੇ ਰਾਤ ਤੋਂ 14ਨਵੰਬਰ 1885 ਦੀ ਰਾਤ ਨੂੰ ਬਾਰਾਂ ਵਜੇ ਤੱਕ ਪੂਰੇ ਪੰਦਰਾਂ ਸਾਲ ਰਹਿਣਾ ਸੀ। ਉਸ ਵਿੱਚ ਕਿਸੇ ਵੀ ਪ੍ਰਕਾਰ ਦੀ ਵੀ ਕਮੀ ਹੋਣ ਨਾਲ ਚਾਹੇ ਉਹ ਦੋ ਮਿੰਟ ਦੀ ਵੀ ਹੋਵੇ ਸਾਹੂਕਾਰ ਦੋ ਕਰੋੜ ਰੁਪਏ ਦੇਣ ਦੇ ਫਰਜ ਤੋਂ ਅਜ਼ਾਦ ਕਰ ਦਿੱਤਾ ਜਾਵੇਗਾ।

ਇਸ ਸਜ਼ਾ ਦੇ ਪਹਿਲੇ ਸਾਲ , ਜਿਥੋਂ ਤੱਕ ਉਸਦੀਆਂ ਲਿਖੀਆਂ ਪਰਚੀਆਂ ਤੋਂ ਪਤਾ ਲਗਿਆ ਹੈ , ਉਸਨੇ ਇੱਕਲ ਅਤੇ ਅਕੇਵਾਂ ਮਹਿਸੂਸ ਕੀਤਾ। ਰਾਤ ਦਿਨ ਉਸ ਦੇ ਵਿੰਗ ਵਿਚੋਂ ਪਿਆਨੋ ਦੀਆਂ ਆਵਾਜਾਂ ਆਉਂਦੀਆਂ ਸਨ। ਉਸਨੇ ਸ਼ਰਾਬ ਅਤੇ ਤੰਬਾਕੂ ਤਿਆਗ ਦਿੱਤੇ ਅਤੇ ਲਿਖਿਆ ਕਿ ਇਹ ਵਸਤਾਂ ਉਸਦੀਆਂ ਵਾਸਨਾਵਾਂ ਨੂੰ ਜਾਗ੍ਰਤ ਕਰਦੀਆਂ ਹਨ ਅਤੇ ਇਹ ਇੱਛਾਵਾਂ ਅਤੇ ਵਾਸਨਾਵਾਂ ਹੀ ਤਾਂ ਇੱਕ ਬੰਦੀ ਦੀਆਂ ਮੁੱਖ ਦੁਸਮਨ ਹੁੰਦੀਆਂ ਹਨ। ਇਕੱਲੇ ਵਧੀਆ ਸ਼ਰਾਬ ਪੀਣ ਵਿੱਚ ਵੀ ਕੋਈ ਮਜਾ ਨਹੀਂ। ਸਿਗਰਟ ਨਾਲ ਕਮਰੇ ਵਿੱਚ ਧੂੰਆਂ ਫੈਲ ਜਾਂਦਾ ਹੈ ਅਤੇ ਉੱਥੇ ਦਾ ਮਾਹੌਲ ਦੂਸਿ਼ਤ ਹੋ ਜਾਂਦਾ ਹੈ। ਪਹਿਲੇ ਸਾਲ ਉਸ ਨੇ ਹਲਕੀਆਂ ਫੁਲਕੀਆਂ ਕਿਤਾਬਾਂ ਪੜ੍ਹੀਆਂ ਜਿਹਨਾਂ ਵਿੱਚ ਜਿਆਦਾਤਰ ਸੁਖਾਂਤਕ ,ਕਾਮ ਉਤੇਜਕ , ਜੁਰਮ –ਸਬੰਧੀ ਜਾਂ ਇਸੇ ਤਰ੍ਹਾਂ ਦੇ ਨਾਵਲ ਸਨ।

ਦੂਜੇ ਸਾਲ ਵਿੱਚ ਪਿਆਨੋ ਬਜਣਾ ਬੰਦ ਹੋ ਗਿਆ ਅਤੇ ਬੰਦੀ ਨੇ ਜਿਆਦਾਤਰ ਉੱਤਮ ਅਤੇ ਸ਼ਾਸਤਰੀ ਸਾਹਿਤ ਵਿੱਚ ਰੁਚੀ ਲਈ। ਪੰਜਵੇਂ ਸਾਲ ਵਿੱਚ ਫਿਰ ਸੰਗੀਤ ਸੁਣਿਆ ਜਾਣ ਲਗਾ ਅਤੇ ਸ਼ਰਾਬ ਦੀ ਵੀ ਮੰਗ ਆਈ। ਖਿੜਕੀ ਤੋਂ ਝਾਕ ਕੇ ਵੇਖਿਆ ਗਿਆ ਕਿ ਉਹ ਜਿਆਦਾਤਰ ਖਾਣ ਪੀਣ ਅਤੇ ਸੋਣ ਵਿੱਚ ਹੀ ਆਪਣਾ ਸਮਾਂ ਗੁਜ਼ਾਰਦਾ ਰਿਹਾ। ਅਕਸਰ ਉਹ ਅੰਗੜਾਈਆਂ ਲੈਂਦਾ ਵੇਖਿਆ ਗਿਆ ਅਤੇ ਕਦੇ ਕਦੇ ਆਪਣੇ ਆਪ ਨਾਲ ਗ਼ੁੱਸੇ ਵਿੱਚ ਬੋਲਦਾ ਰਹਿੰਦਾ। ਪੜ੍ਹਨਾ ਵੀ ਉਸਦਾ ਬਹੁਤ ਘੱਟ ਹੋ ਗਿਆ ਸੀ। ਕਦੇ ਕਦੇ ਰਾਤ ਨੂੰ ਲਿਖਣ ਬੈਠ ਜਾਂਦਾ ਅਤੇ ਬਹੁਤ ਦੇਰ ਤੱਕ ਲਿਖਦਾ ਰਹਿੰਦਾ ਅਤੇ ਸਵੇਰੇ ਨੂੰ ਉਹ ਸਭ ਲਿਖਿਆ ਹੋਇਆ ਪਾੜ ਕੇ ਸੁੱਟ ਦਿੰਦਾ। ਕਈ ਵਾਰ ਉਹਨੂੰ ਰੋਂਦੇ ਹੋਏ ਵੀ ਵੇਖਿਆ ਗਿਆ ਸੀ। ਔਰ ਛੇਵੇਂ ਸਾਲ ਦੇ ਅੰਤ ਵਿੱਚ ਉਹ ਭਾਸ਼ਾ ,ਸਾਹਿਤ ,ਦਰਸ਼ਨ ਸ਼ਾਸਤਰ ਅਤੇ ਇਤਿਹਾਸ ਵਿੱਚ ਰੁਚੀ ਲੈਣ ਲਗ ਪਿਆ ਸੀ। ਉਹ ਬਹੁਤ ਤੇਜੀ ਨਾਲ ਪੜ੍ਹਦਾ ਰਿਹਾ ਅਤੇ ਇੱਥੇ ਤੱਕ ਕਿ ਸਾਹੂਕਾਰ ਨੂੰ ਉਸਦੀ ਕਿਤਾਬਾਂ ਦੀ ਮੰਗ ਨੂੰ ਪੂਰਾ ਕਰਨਾ ਔਖਾ ਹੋ ਗਿਆ। ਚਾਰ ਵਿਸ਼ਿਆਂ ਵਿੱਚ ਉਸਦੀ ਮੰਗ ਤੇ ਘੱਟ ਤੋਂ ਘੱਟ ਛੇ ਸੌ ਕਿਤਾਬਾਂ ਪਹੁੰਚਾਈਆਂ ਗਈਆਂ। ਇਸ ਮੰਗ ਦੇ ਦੌਰਾਨ ਉਸਨੇ ਸਾਹੂਕਾਰ ਨੂੰ ਲਿਖਿਆ ,’ਮੇਰੇ ਪਿਆਰੇ ਜੇਲਰ , ਮੈਂ ਇਹ ਪੱਤਰ ਛੇ ਭਾਸ਼ਾਵਾਂ ਵਿੱਚ ਲਿਖ ਰਿਹਾ ਹਾਂ। ਇਸ ਨੂੰ ਵੱਖ ਵੱਖ ਵਿਸ਼ੇਸ਼ਗਿਆਤਿਆਂ ਨੂੰ ਦਿਖਾ ਕੇ ਉਹਨਾਂ ਦੀ ਰਾਏ ਲਵੋ ਅਤੇ ਜੇਕਰ ਇਸ ਵਿੱਚ ਇੱਕ ਵੀ ਗਲਤੀ ਨਾ ਹੋਵੇ ਤਾਂ ਆਪਣੇ ਬਗੀਚੇ ਵਿੱਚ ਬੰਦੂਕ ਚਲਾ ਦੇਣੀ ਜਿਸ ਨਾਲ ਮੈਨੂੰ ਇਹ ਗਿਆਤ ਹੋ ਜਾਵੇ ਕਿ ਮੇਰੀ ਮਿਹਨਤ ਬੇਕਾਰ ਨਹੀ ਗਈ ਹੈ। ਸਭਨਾਂ ਦੇਸਾਂ ਅਤੇ ਸਭਨਾਂ ਸਮਿਆਂ ਦੇ ਪ੍ਰਤਿਭਾਸ਼ੀਲ ਲੋਕ ਆਪਣੀਆਂ ਆਪਣੀਆਂ ਭਾਸ਼ਾਵਾਂ ਵਿੱਚ ਲਿਖ ਗਏ ਹਨ। ਪਰ ਉਨ੍ਹਾਂ ਸਭਨਾਂ ਵਿੱਚ ਉਹੀ ਜੋਤੀ ਜਗਮਗਾਉਂਦੀ ਹੈ। ਕਾਸ਼ ! ਤੁਸੀ ਮੇਰੀ ਉਸ ਸਵਰਗੀ ਖੁਸ਼ੀ ਨੂੰ ਜੋ ਮੈਨੂੰ ਇਸ ਸਮੇਂ ਮਿਲ ਰਹੀ ਹੈ ਸਮਝ ਸਕੋ। ਕੈਦੀ ਦੀ ਇੱਛਾ ਪੂਰੀ ਕੀਤੀ ਗਈ ਅਤੇ ਸਾਹੂਕਾਰ ਦੇ ਆਦੇਸ਼ ਤੇ ਬਗੀਚੇ ਵਿੱਚ ਦੋ ਗੋਲੀਆਂ ਦਾਗੀਆਂ ਗਈਆਂ।

ਦਸ ਸਾਲ ਦੇ ਬਾਅਦ ਉਹ ਬੰਦੀ ਆਪਣੀ ਮੇਜ ਦੇ ਸਾਹਮਣੇ ਜੜ੍ਹ ਦਸ਼ਾ ਵਿੱਚ ਬੈਠਾ ਬੈਠਾ ਕੇਵਲ ਬਾਈਬਲ ਦਾ ਨਿਊ ਟੇਸਟਾਮੇਂਟ ਪੜ੍ਹਦਾ ਰਹਿੰਦਾ। ਸਾਹੂਕਾਰ ਨੂੰ ਇਹ ਬੜਾ ਅਜੀਬ ਲਗਾ ਕਿ ਜਦੋਂ ਉਸਨੇ ਚਾਰ ਸਾਲਾਂ ਵਿੱਚ 600 ਵਿਦਵਤਾ ਪੂਰਨ ਕਿਤਾਬਾਂ ਨੂੰ ਪੜ੍ਹ ਕੇ ਉਨ੍ਹਾਂ ਪਰ ਪੂਰੀ ਤਰ੍ਹਾਂ ਕੌਸ਼ਲਤਾ ਪ੍ਰਾਪਤ ਕਰ ਲਈ ਸੀ ਤਾਂ ਕਿਵੇਂ ਉਹ ਸਾਲ ਭਰ ਤੱਕ ਨਿਊ ਟੇਸਟਾਮੇਂਟ ਹੀ ਪੜ੍ਹਦਾ ਰਿਹਾ ਹੈ ਜੋ ਕਿ ਛੋਟੀ ਜਿਹੀ ਕਿਤਾਬ ਹੈ। ਉਸ ਵਿੱਚ ਉਸਨੇ ਕੀ ਵੇਖਿਆ ? ਨਿਊ ਟੇਸਟਾਮੇਂਟ ਦੇ ਬਾਅਦ ਉਸਨੇ ਧਰਮਾਂ ਦਾ ਇਤਹਾਸ ਅਤੇ ਬ੍ਰਹਮ – ਵਿਦਿਆ ਦਾ ਅਧਿਅਨ ਸ਼ੁਰੂ ਕੀਤਾ।

ਆਪਣੀ ਸਜ਼ਾ ਦੇ ਅੰਤਮ ਦੋ ਸਾਲਾਂ ਵਿੱਚ ਉਸਨੇ ਗ਼ੈਰ-ਮਾਮੂਲੀ ਤੌਰ ਤੇ ਜੋ ਕੁੱਝ ਵੀ ਉਸਦੀ ਸਮਝ ਵਿੱਚ ਆਇਆ ਅੰਧਾਧੁੰਦ ਪੜ੍ਹਿਆ। ਪਹਿਲਾਂ ਤਾਂ ਉਸਨੇ ਕੁਦਰਤੀ ਵਿਗਿਆਨ ਵਿੱਚ ਧਿਆਨ ਲਗਾਇਆ। ਉਸਦੇ ਬਾਅਦ ਬਾਇਰਨ ਅਤੇ ਸ਼ੇਕਸਪੀਅਰ ਨੂੰ ਪੜ੍ਹਿਆ। ਫਿਰ ਉਸਦੇ ਕੋਲੋਂ ਅਜਿਹੀ ਮੰਗ ਵੀ ਆਈ ਜਦੋਂ ਉਹਨੇ ਇਕੋ ਸਮੇਂ ਰਸਾਇਣ ਸ਼ਾਸਤਰ ਅਤੇ ਚਿਕਿਤਸਾ ਸ਼ਾਸਤਰ , ਇੱਕ ਨਾਵਲ ਅਤੇ ਫਿਲਾਸਫੀ ਅਤੇ ਥਿਆਲੋਜੀ ਤੇ ਵਿਵੇਚਨਾ ਉਸਦੀਆਂ ਮੰਗਾਂ ਵਿੱਚ ਸ਼ਾਮਲ ਸੀ। ਅਜਿਹਾ ਲੱਗ ਰਿਹਾ ਸੀ ਜਿਵੇਂ ਉਹ ਕਿਸੇ ਸਾਗਰ ਵਿੱਚ ਤੈਰਦਾ ਜਾ ਰਿਹਾ ਹੈ ਅਤੇ ਉਸਦੇ ਚਾਰੇ ਪਾਸੇ ਉਸਦੇ ਬਰਬਾਦ ਜਹਾਜ ਮਲਬਾ ਬਿਖਰਿਆ ਹੋਇਆ ਹੈ ਅਤੇ ਉਹ ਆਪਣਾ ਜੀਵਨ ਬਚਾਉਣ ਲਈ ਹਾਫਲਿਆਂ ਵਾਂਗ ਬਾਅਦ ਕਦੇ ਕਿਸੇ ਮਸਤੂਲ ਨੂੰ ਫੜ੍ਹਨ ਦਾ ਯਤਨ ਕਰਦਾ ਹੈ ਤੇ ਝੱਟ ਉਹਨੂੰ ਛੱਡ ਕੇ ਦੂਜੇ ਵੱਲ ਔਹਲਦਾ ਹੈ।

ਇਹ ਸਭ ਕੁਝ ਸਾਹੂਕਾਰ ਦੇ ਚੇਤੇ ਵਿੱਚ ਚੱਲ ਰਿਹਾ ਸੀ ਅਤੇ ਉਹ ਸੋਚ ਰਿਹਾ ਸੀ ਕਿ ਕੱਲ ਉਹ ਦਿਨ ਵੀ ਆ ਰਿਹਾ ਹੈ ਜਦੋਂ ਇਕਰਾਰਨਾਮੇ ਦੇ ਮੁਤਾਬਕ ਕੈਦੀ ਨੂੰ ਉਸਦੀ ਮੁਕਤੀ ਮਿਲ ਜਾਵੇਗੀ ਅਤੇ ਮੈਨੂੰ ਦੋ ਕਰੋੜ ਰੁਪਏ ਦੇਣੇ ਪੈਣਗੇ। ਅਤੇ ਜੇਕਰ ਮੈਨੂੰ ਇਹ ਸਭ ਦੇਣਾ ਪੈ ਗਿਆ ਤੱਦ ਮੈਂ ਤਾਂ ਕੰਗਾਲ ਹੋ ਜਾਵਾਂਗਾ। ਪੰਦਰਾਂ ਸਾਲ ਪਹਿਲਾਂ ਜਦੋਂ ਇਹ ਸ਼ਰਤ ਲਾਈ ਗਈ ਸੀ ਉਦੋਂ ਤਾਂ ਇਸ ਸਾਹੂਕਾਰ ਦੇ ਕੋਲ ਬੇਹਿਸਾਬ ਦੌਲਤ ਸੀ। ਪਰ ਉਹ ਸਭ ਧਨ ਤਾਂ ਉਸਨੇ ਸੱਟੇ ਅਤੇ ਜੂਏ ਵਿੱਚ ਗਵਾ ਦਿੱਤਾ। ਜਿਸ ਭੈੜੀ ਆਦਤ ਨੂੰ ਉਹ ਛੱਡ ਹੀ ਨਹੀ ਸਕਿਆ ਅਤੇ ਉਸਦਾ ਸਾਰਾ ਕੰਮ-ਕਾਜ ਨਸ਼ਟ ਹੋ ਗਿਆ। ਆਪਣੇ ਧਨ ਦੇ ਨਸ਼ੇ ਵਿੱਚ ਚੂਰ ਉਹ ਹੰਕਾਰੀ ਸਾਹੂਕਾਰ ਹੁਣ ਸਧਾਰਣ ਸ਼੍ਰੇਣੀ ਵਿੱਚ ਆ ਗਿਆ ਸੀ ਜੋ ਕਿ ਛੋਟੇ ਤੋਂ ਛੋਟੇ ਘਾਟੇ ਨੂੰ ਵੀ ਬਰਦਾਸ਼ਤ ਨਹੀ ਸੀ ਕਰ ਸਕਦਾ ਅਤੇ ਘਬਰਾ ਜਾਂਦਾ ਸੀ। ਆਪਣਾ ਸਿਰ ਫੜ ਕੇ ਉਹ ਸੋਚਣ ਲਗਾ ਮੈਂ ਕੀ ਬੇਵਕੂਫੀ ਕੀਤੀ ਸੀ ਉਸ ਸਮੇਂ ?ਅਤੇ ਉਹ ਬੇਵਕੂਫ ਵਕੀਲ ਜੇਲ੍ਹ ਵਿੱਚ ਮਰਿਆ ਵੀ ਤਾਂ ਨਹੀਂ। ਉਹ ਤਾਂ ਕੇਵਲ ਚਾਲ੍ਹੀ ਸਾਲ ਦਾ ਹੀ ਹੈ ਅਤੇ ਹੁਣ ਉਹ ਮੇਰੇ ਤੋਂ ਪਾਈ ਪਾਈ ਹਿਸਾਬ ਲਵੇਗਾ ਅਤੇ ਮੇਰੇ ਉਸ ਧਨ ਪਰ ਐਸ਼ ਕਰੇਗਾ, ਵਿਆਹ ਕਰਕੇ ਮਜੇ ਲੁਟੇਗਾ, ਸੱਟਾ ਖੇਲੇਗਾ ਅਤੇ ਮੈਂ ਉਸਦੇ ਸਾਹਮਣੇ ਮੰਗਤਾ ਬਣ ਕੇ ਉਸਦੀਆਂ ਟਿੱਚਰਾਂ ਸੁਣਨੀਆਂ ਪਿਆ ਕਰਨਗੀਆਂ ਕਿ ਮੈਨੂੰ ਇਹ ਮਜੇ ਤੂੰ ਹੀ ਦਿੱਤੇ ਹਨ ਅਤੇ ਇਹਨਾਂ ਵਾਸਤੇ ਮੈਂ ਤੁਹਾਡਾ ਅਹਿਸਾਨਮੰਦ ਹਾਂ। ਮੈਂ ਤੁਹਾਡੀ ਕੀ ਮਦਦ ਕਰ ਸਕਦਾ ਹਾਂ? ਨਹੀਂ ! ਇਹ ਗੱਲ ਮੈਂ ਕਿਵੇਂ ਜਰ ਸਕਾਂਗਾ? ਇਸ ਜਿੱਲਤ ਤੋਂ ਛੁਟਕਾਰਾ ਪਾਉਣ ਲਈ ਕੈਦੀ ਨੂੰ ਮਾਰਨਾ ਹੀ ਪਵੇਗਾ।

ਘੜੀ ਨੇ ਤਿੰਨ ਬਜਾਏ ਸਨ। ਸਾਹੂਕਾਰ ਨੇ ਬਿੜਕ ਲਈ। ਬਾਕੀ ਘਰ ਦੇ ਸਭ ਲੋਕ ਸੌਂ ਰਹੇ ਸਨ। ਸਾਰਾ ਮਾਹੌਲ ਸੁੰਨਸਾਨ ਸੀ ਇਲਾਵਾ ਰੁਖਾਂ ਦੀ ਸਾਂ ਸਾਂ ਦੀ ਅਵਾਜ ਦੇ। ਬਿਨਾਂ ਕੋਈ ਅਵਾਜ ਕੀਤੇ ਉਸਨੇ ਆਪਣੀ ਤਿਜੋਰੀ ਵਿਚੋਂ ਉਹ ਚਾਬੀ ਕੱਢੀ ਜਿਸਦੇ ਨਾਲ ਉਸ ਕੈਦੀ ਦਾ ਕਮਰਾ ਪੰਦਰਾਂ ਸਾਲ ਪਹਿਲਾਂ ਬੰਦ ਕੀਤਾ ਗਿਆ ਸੀ। ਉਸਦੇ ਬਾਅਦ ਉਹ ਆਪਣਾ ਓਵਰਕੋਟ ਪਹਿਨ ਕੇ ਆਪਣੇ ਘਰ ਤੋਂ ਬਾਹਰ ਨਿਕਲਿਆ। ਬਗੀਚੇ ਵਿੱਚ ਬਹੁਤ ਠੰਡ ਸੀ ਅਤੇ ਬਾਹਰ ਘਟਾਟੋਪ ਅੰਧਕਾਰ ਸੀ। ਮੀਂਹ ਵੀ ਪੈ ਰਿਹਾ ਸੀ। ਤੇਜੀ ਨਾਲ ਹਵਾ ਵਿੱਚ ਰੁਖ ਝੂਮ ਰਹੇ ਸਨ। ਕੁੱਝ ਵੀ ਦਿਖਾਈ ਨਹੀਂ ਦੇ ਰਿਹਾ ਸੀ ਅਤੇ ਉਹ ਟਟੋਲਦੇ ਟਟੋਲਦੇ ਬੰਦੀਖਾਨੇ ਤੱਕ ਅੱਪੜਿਆ। ਉੱਥੇ ਉਸਨੇ ਚੌਂਕੀਦਾਰ ਨੂੰ ਦੋ ਅਵਾਜਾਂ ਮਾਰੀਆਂ ਪਰ ਕੋਈ ਜਵਾਬ ਨਹੀਂ ਮਿਲਿਆ। ਸਪਸ਼ਟ ਸੀ ਕਿ ਚੌਂਕੀਦਾਰ ਨੇ ਖ਼ਰਾਬ ਮੌਸਮ ਦੇ ਕਾਰਨ ਕਿਸੇ ਨਿਘੀ ਥਾਂ ਪਨਾਹ ਲੈ ਲਈ ਹੋਣੀ ਹੈ ਅਤੇ ਹੁਣ ਰਸੋਈ ਜਾਂ ਗ੍ਰੀਨ ਹਾਊਸ ਵਿੱਚ ਘੂਕ ਸੁੱਤਾ ਹੋਣਾ ਹੈ।

ਸਾਹੂਕਾਰ ਨੇ ਸੋਚਿਆ ,’ ਜੇਕਰ ਮੇਰੇ ਆਪਣੇ ਇਰਾਦੇ ਨੂੰ ਨੇਪਰੇ ਚਾੜ੍ਹਨ ਦੀ ਹਿੰਮਤ ਹੋਈ ਤਾਂ ਇਸ ਸਾਰੇ ਮਾਮਲੇ ਵਿੱਚ ਪਹਿਲਾ ਸ਼ਕ ਤਾਂ ਚੌਂਕੀਦਾਰ ਪਰ ਹੀ ਜਾਵੇਗਾ।’ ਹਨੇਰੇ ਵਿੱਚ ਉਸਨੇ ਪੌੜੀਆਂ ਟੋਲ੍ਹੀਆਂ ਅਤੇ ਫਿਰ ਦਰਵਾਜਾ ਤੇ ਉਹ ਲਾੱਜ ਦੀ ਐਂਟਰੀ ਵਿੱਚ ਵੜ ਗਿਆ। ਉਸਦੇ ਬਾਅਦ ਉਹ ਇੱਕ ਗਲਿਆਰੇ ਵਿਚੋਂ ਹੋਕੇ ਬੰਦੀਖਾਨੇ ਦੇ ਦਵਾਰ ਤੱਕ ਅੱਪੜਿਆ ਅਤੇ ਉੱਥੇ ਜਾਕੇ ਆਪਣੀ ਮਾਚਿਸ ਦੀ ਸੀਖ ਬਾਲੀ। ਉਸਨੇ ਵੇਖਿਆ ਕਿ ਤਾਲੇ ਤੇ ਲੱਗੀ ਹੋਈ ਸੀਲ ਠੀਕ ਤਰ੍ਹਾਂ ਸੁਰੱਖਿਅਤ ਹੈ। ਮਾਚਿਸ ਬੁਝ ਜਾਣ ਦੇ ਬਾਅਦ ਉਸਨੇ ਕੰਬਦੇ ਅਤੇ ਘਬਰਾਉਂਦੇ ਹੋਏ ਖਿੜਕੀ ਵਿੱਚ ਝਾਕਿਆ ਅਤੇ ਵੇਖਿਆ ਕਿ ਕੈਦੀ ਦੇ ਕਮਰੇ ਵਿੱਚ ਇੱਕ ਮੋਮਬੱਤੀ ਜਲ਼ ਰਹੀ ਸੀ ਜਿਸ ਨਾਲ ਹਲਕੀ ਹਲਕੀ ਰੋਸ਼ਨੀ ਸੀ। ਕੈਦੀ ਆਪਣੀ ਮੇਜ ਦੇ ਸਾਹਮਣੇ ਬੈਠਾ ਸੀ ਅਤੇ ਉਸਦੀ ਪਿੱਠ ,ਉਸਦੇ ਹੱਥ ਅਤੇ ਵਾਲ ਦਿਖਾਈ ਦੇ ਰਹੇ ਸਨ। ਉਸਦੇ ਕੋਲ ਮੇਜ ਉਤੇ ਅਤੇ ਦੋ ਕੁਰਸੀਆਂ ਅਤੇ ਮੰਜੀ ਉਤੇ ਖੁਲ੍ਹੀਆਂ ਕਿਤਾਬਾਂ ਬਿਖਰੀਆਂ ਪਈਆਂ ਸਨ।

ਪੰਜ ਮਿੰਟ ਗੁਜ਼ਰ ਗਏ ਅਤੇ ਇਸ ਵਿੱਚ ਵਿੱਚ ਕੈਦੀ ਇੱਕ ਵਾਰ ਵੀ ਨਹੀਂ ਹਿੱਲਿਆ। 15 ਸਾਲ ਦੀ ਸਜ਼ਾ ਨੇ ਉਸਨੂੰ ਬਿਨਾਂ ਹਿਲੇ ਜੁਲੇ ਬੈਠਾ ਰਹਿਣਾ ਸਿਖਾ ਦਿੱਤਾ ਸੀ। ਸਾਹੂਕਾਰ ਨੇ ਖਿੜਕੀ ਤੇ ਖਟ ਖਟ ਆਵਜ ਕੀਤੀ ਪਰ ਫਿਰ ਵੀ ਕੈਦੀ ਨੇ ਕੋਈ ਹਰਕਤ ਨਹੀ ਕੀਤੀ। ਤੱਦ ਉਸ ਸਾਹੂਕਾਰ ਨੇ ਬਹੁਤ ਸਾਵਧਾਨੀ ਨਾਲ ਉਸਦੇ ਦਰਵਾਜੇ ਦੀ ਸੀਲ ਤੋੜੀ ਅਤੇ ਤਾਲੇ ਵਿੱਚ ਆਪਣੀ ਚਾਬੀ ਪਾਈ। ਤਾਲੇ ਵਿੱਚ ਜੰਗ ਲਗਾ ਹੋਇਆ ਸੀ ਪਰ ਕੁੱਝ ਜ਼ੋਰ ਲਾਉਣ ਨਾਲ ਉਹ ਚਰਰ ਚਰਰ ਦੀ ਆਵਾਜ਼ ਕਰਦੇ ਹੋਏ ਖੁੱਲ ਗਿਆ ਤੇ ਬੂਹਾ ਚਰਮਰਾਇਆ। ਸਾਹੂਕਾਰ ਦਾ ਖਿਆਲ ਸੀ ਕਿ ਇਸ ਦੇ ਬਾਅਦ ਕਦਮਾਂ ਦੀ ਅਤੇ ਚੌਂਕਣ ਦੀ ਆਵਾਜ਼ ਸੁਣਾਈ ਦੇਵੇਗੀ।ਤਿੰਨ ਮਿੰਟ ਬੀਤ ਗਏ ਪਰ ਸਭ ਕੁੱਝ ਉਂਜ ਦਾ ਉਂਜ ਸ਼ਾਂਤ ਰਿਹਾ। ਫਿਰ ਕੁੱਝ ਦੇਰ ਰੁੱਕ ਕੇ ਉਹ ਕਮਰੇ ਵਿੱਚ ਘੁਸਿਆ।

ਉਸਨੇ ਵੇਖਿਆ ਕਿ ਕੁਰਸੀ ਤੇ ਮੇਜ ਦੇ ਸਾਹਮਣੇ ਜੋ ਮਾਨਵੀ ਸ਼ਕਲ ਬੈਠੀ ਸੀ ਉਹ ਕੇਵਲ ਇੱਕ ਪਿੰਜਰ ਮਾਤਰ ਹੀ ਸੀ ਜਿਸ ਨੂੰ ਖੱਲ ਨਾਲ ਢਕਿਆ ਹੋਇਆ ਹੋਵੇ। ਉਸਦੇ ਵਾਲ ਔਰਤਾਂ ਵਰਗੇ ਲੰਬੇ ਸਨ ਘੁੰਗਰਾਲੀਆਂ ਜੁਲਫਾਂ ਅਤੇ ਮੂੰਹ ਤੇ ਲੰਮੀ ਭਰਵੀਂ ਦਾੜ੍ਹੀ ਸੀ।ਉਹਦਾ ਚਿਹਰਾ ਪੀਲਾ ਜ਼ਰਦ ਸੀ ਜਿਸ ਵਿੱਚੋਂ ਮਟਮੈਲੀ ਝਲਕ ਮਾਰਦੀ ਸੀ।ਉਹਦੀਆਂ ਗੱਲ੍ਹਾਂ ਚਿੱਬੀਆਂ ਸਨ। ਉਹਦੀ ਢੂਹੀ ਲੰਮੀ ਅਤੇ ਪਤਲੀ ਸੀ ਅਤੇ ਉਸਦੇ ਹੱਥ, ਜਿਨ੍ਹਾਂ ਦੇ ਸਹਾਰੇ ਉਹਨੇ ਆਪਣਾ ਸਿਰ ਟਿਕਾਇਆ ਹੋਇਆ ਸੀ , ਸੁੱਕੜ ਡੱਕਿਆਂ ਵਰਗੇ ਸਨ ਤੇ ਉਹਨਾਂ ਨੂੰ ਵੇਖ ਕੇ ਡਰ ਲੱਗਦਾ ਸੀ। ਉਹਦੇ ਵਾਲਾਂ ਵਿੱਚ ਚਾਂਦੀ ਰੰਗੇ ਧੌਲੇ ਵਾਹਵਾ ਝਾਤੀਆਂ ਮਾਰਨ ਲੱਗ ਪਏ ਸਨ। ਉਸਦਾ ਮਰੀਅਲ ਅਤੇ ਬੁੜਿਆਂ ਵਰਗਾ ਚਿਹਰਾ ਵੇਖ ਕੇ ਕਿਸੇ ਨੂੰ ਵਿਸ਼ਵਾਸ ਹੀ ਨਹੀਂ ਹੋ ਸਕਦਾ ਸੀ ਕਿ ਉਹ ਕੇਵਲ ਚਾਲ੍ਹੀ ਸਾਲ ਦਾ ਸੀ। ਉਹ ਸੁੱਤਾ ਪਿਆ ਸੀ ਅਤੇ ਉਸਦੇ ਸਾਹਮਣੇ ਮੇਜ ਤੇ ਇੱਕ ਕਾਗਜ ਪਿਆ ਹੋਇਆ ਸੀ ਜਿਸ ਤੇ ਕੁੱਝ ਲਿਖਿਆ ਵੀ ਸੀ।

ਸਾਹੂਕਾਰ ਨੇ ਸੋਚਿਆ , ‘ਬੇਚਾਰਾ ਸੌਂ ਰਿਹਾ ਹੈ। ਸ਼ਾਇਦ ਉਹ ਆਪਣੇ ਸੁਫਨਿਆਂ ਵਿੱਚ ਉਹ ਕਰੋੜਾਂ ਰੁਪਏ ਵੇਖ ਰਿਹਾ ਹੈ ਜੋ ਉਸਨੂੰ ਮੇਰੇ ਕੋਲੋਂ ਮਿਲਣਗੇ। ਪਰ ਮੈਂ ਤਾਂ ਬਸ ਇਸਨੂੰ ਬਿਸਤਰੇ ਤੇ ਸੁੱਟ ਕੇ ਤਕੀਏ ਨਾਲ ਜਰਾ ਕੁ ਇਹਦਾ ਸਾਹ ਘੁਟਣਾ ਹੈ। ਫਿਰ ਕੋਈ ਸਿਰੇ ਦਾ ਪ੍ਰਬੀਨ ਮਾਹਿਰ ਵੀ ਇਹ ਪਤਾ ਨਹੀਂ ਲਗਾ ਸਕੇਗਾ ਕਿ ਉਸਦੀ ਮੌਤ ਕਿਵੇਂ ਹੋਈ। ਸਾਰੇ ਇਸਨੂੰ ਕੁਦਰਤੀ ਮੌਤ ਹੀ ਸਮਝਣਗੇ। ਪਰ ਇਸ ਤੋਂ ਪਹਿਲਾਂ ਮੈਂ ਇਹ ਤਾਂ ਵੇਖ ਲਵਾਂ ਕਿ ਇਸ ਕਾਗਜ ਵਿੱਚ ਉਸਨੇ ਕੀ ਲਿਖਿਆ ਹੈ ?’ ਇਹ ਸੋਚ ਕੇ ਸਾਹੂਕਾਰ ਨੇ ਮੇਜ ਤੋਂ ਉਹ ਕਾਗਜ ਚੁੱਕਿਆ ਅਤੇ ਪੜ੍ਹਨ ਲਗਾ :

”ਕੱਲ ਰਾਤ ਨੂੰ 12 ਵਜੇ ਮੈਨੂੰ ਮੇਰੀ ਮੁਕਤੀ ਮਿਲ ਜਾਵੇਗੀ ਅਤੇ ਸਭ ਲੋਕਾਂ ਨਾਲ ਮਿਲਣ ਦਾ ਅਧਿਕਾਰ ਵੀ ਮਿਲ ਜਾਵੇਗਾ। ਲੇਕਿਨ ਇਹ ਕਮਰਾ ਛੱਡਣ ਅਤੇ ਸੂਰਜ ਦੇਵਤੇ ਦੇ ਦਰਸ਼ਨ ਕਰਨ ਤੋਂ ਪਹਿਲਾਂ ਮੈਂ ਸਮਝਦਾ ਹਾਂ ਕਿ ਤੁਸੀ ਲੋਕਾਂ ਦੇ ਲਈ ਆਪਣੇ ਵਿਚਾਰ ਕਲਮਬੰਦ ਕਰ ਦੇਵਾਂ। ਰੱਬ ਨੂੰ ਹਾਜ਼ਰ ਨਾਜ਼ਰ ਜਾਣਕੇ ਅਤੇ ਆਪਣੀ ਨਿਰਮਲ ਜ਼ਮੀਰ ਨਾਲ ਮੈਂ ਇਹ ਕਹਿ ਰਿਹਾ ਹਾਂ ਕਿ ਆਪਣੀ ਇਹ ਮੁਕਤੀ ਆਪਣਾ ਇਹ ਜੀਵਨ , ਸਵਾਸਥ ਅਤੇ ਉਹ ਸਭ ਕੁੱਝ ਜਿਸਨੂੰ ਕਿਤਾਬਾਂ ਵਿੱਚ ਜੀਵਨ ਲਈ ਵਰਦਾਨ ਕਿਹਾ ਗਿਆ ਹੈ ਇਸ ਸਭ ਨੂੰ ਘਿਰਣਾ ਕਰਦਾ ਹਾਂ।

“ਇਹਨਾਂ 15 ਸਾਲਾਂ ਵਿੱਚ ਮੈਂ ਇਸ ਸੰਸਾਰਿਕ ਜੀਵਨ ਦੀ ਗਹਿਣ ਪੜ੍ਹਾਈ ਕੀਤੀ ਹੈ। ਇਹ ਤਾਂ ਸੱਚ ਹੈ ਕਿ ਨਾ ਤਾਂ ਮੈਂ ਧਰਤੀ ਜਾਂ ਉਸ ਪਰ ਰਹਿਣ ਵਾਲਿਆਂ ਨੂੰ ਵੇਖਿਆ ਹੈ ਪਰ ਉਨ੍ਹਾਂ ਦੀ ਲਿਖੀਆਂ ਕਿਤਾਬਾਂ ਵਿੱਚੋਂ ਮੈਂ ਸੁਗੰਧਿਤ ਸੁਰਾ ਦਾ ਪਾਨ ਕੀਤਾ ਹੈ, ਮਧੁਰ ਸੰਗੀਤ ਦਾ ਸਵਾਦ ਲਿਆ ਹੈ ਅਤੇ ਜੰਗਲਾਂ ਵਿੱਚ ਹਿਰਨਾਂ ਅਤੇ ਜੰਗਲੀ ਸੂਰਾਂ ਦਾ ਸ਼ਿਕਾਰ ਕੀਤਾ ਹੈ। ਰਮਣੀਆਂ ਨਾਲ ਪਿਆਰ ਕੀਤਾ ਹੈ। ਬੱਦਲਾਂ ਵਾਂਗ ਤਰਲ ਤੇ ਕੋਮਲ ਰਮਣੀਆਂ ਜਿਹਨਾਂ ਨੂੰ ਕਵੀਆਂ ਅਤੇ ਪ੍ਰਤਿਭਾਸ਼ੀਲ ਸ਼ਖਸ਼ੀਅਤਾਂ ਦੀ ਚਮਤਕਾਰੀ ਕਰਤਾਰੀ ਕਲਪਨਾ ਨੇ ਸਿਰਜਿਆ ਹੁੰਦਾ ਹੈ ਉਹ ਮੇਰੇ ਕੋਲ ਰਾਤਾਂ ਰਹਿਣ ਆਈਆਂ ਹਨ ਅਤੇ ਉਹ ਮੈਨੂੰ ਰਸੀਲੀਆਂ ਕਹਾਣੀਆਂ ਸੁਣਾਉਂਦੀਆਂ ਜਿਨ੍ਹਾਂ ਨੂੰ ਸੁਣ ਕੇ ਮੈਂਨੂੰ ਖੁਮਾਰੀ ਚੜ੍ਹ ਜਾਂਦੀ। ਤੁਹਾਡੀਆਂ ਕਿਤਾਬਾਂ ਮੈਨੂੰ ਮਾਊਂਟ ਬਲੈਂਕ ਅਤੇ ਐਲਬੁਰਜ਼ ਦੀਆਂ ਚੋਟੀਆਂ ਤੇ ਲੈ ਜਾਂਦੀਆਂ। ਉਹਨਾਂ ਚੋਟੀਆਂ ਤੋਂ ਮੈਂ ਪਹੁ ਫੁਟਾਲਾ ਵੇਖਿਆ ਹੈ ਅਤੇ ਆਥਣ ਦੇ ਦਰਸ਼ਨ ਕੀਤੇ ਹਨ ਜਦੋਂ ਛਿਪਦੇ ਸੂਰਜ ਦੇ ਧੁਪਿਆਲੇ ਹੜ੍ਹ ਨੇ ਅਸਮਾਨ,ਮਹਾਸਾਗਰ ਅਤੇ ਪਰਬਤੀ ਸਿਖਰਾਂ ਨੂੰ ਸੁਨਹਿਰੀ ਅਤੇ ਕਿਰਮਚੀ ਪੁਠ ਚਾੜ੍ਹੀ ਹੁੰਦੀ। ਮੈਂ ਵੇਖਿਆ ਹੈ ਕਿ ਕਿਵੇਂ ਮੇਰੇ ਸਿਰ ਦੇ ਕੋਲ ਲਿਸ਼ਕਦੀ ਬਿਜਲੀ ਬਦਲਾਂ ਨੂੰ ਪਾੜ ਦਿੰਦੀ ਹੈ। ਮੈਂ ਹਰੇ ਭਰੇ ਜੰਗਲ ਅਤੇ ਖੇਤਾਂ ਨੂੰ ,ਨਦੀਆਂ ਝੀਲਾਂ ਅਤੇ ਸ਼ਹਿਰਾਂ ਨੂੰ ਵੇਖਿਆ ਹੈ। ਮੈਂ ਮੋਹਣੀਆਂ ਸੂਰਤਾਂ ਦੇ ਗੀਤ ਸੁਣੇ ਹਨ ਅਤੇ ਅਯਾਲੀਆਂ ਪਾਲੀਆਂ ਦੀਆਂ ਵੰਝਲੀਆਂ ਦਾ ਰਾਗ ਵੀ। ਮੈਂ ਉਹਨਾਂ ਦਰਸ਼ਨੀ ਫਰਿਸ਼ਤਿਆਂ ਦੇ ਪਰਾਂ ਨੂੰ ਛੂਹ ਕੇ ਦੇਖਿਆ ਜਿਹੜੇ ਰੱਬ ਦੀਆਂ ਬਾਤਾਂ ਕਰਨ ਲਈ ਅਰਸਾਂ ਤੋਂ ਉਡਾਰੀ ਮਾਰ ਕੇ ਹੇਠਾਂ ਮੇਰੇ ਕੋਲ ਆਉਂਦੇ ਸਨ।……ਤੁਹਾਡੀਆਂ ਕਿਤਾਬਾਂ ਵਿੱਚ ਮੈਂ ਅਥਾਹ ਗਹਿਰਾਈਆਂ ਤੱਕ ਟੁਭੀਆਂ ਲਾਈਆਂ ਹਨ ਪੂਰੀਆਂ ਸਲਤਨਤਾਂ ਤੇ ਫਤਹਿ ਹਾਸਲ ਕੀਤੀ ਹੈ। …… “ਤੁਹਾਡੀਆਂ ਕਿਤਾਬਾਂ ਕੋਲੋਂ ਮੈਨੂੰ ਬਹੁਤ ਸਿਆਣਪ ਮਿਲੀ ਹੈ। ਮਨੁੱਖ ਦੀ ਅਣਥੱਕ ਸੋਚ ਨੇ ਜੋ ਕੁਝ ਸਦੀਆਂ ਵਿੱਚ ਇੱਕਠਾ ਕੀਤਾ ਹੈ ਉਹ ਮੇਰੇ ਮਸਤਕ ਵਿੱਚ ਇੱਕ ਗ੍ਰੰਥੀ ਬਣ ਕੇ ਜਮ੍ਹਾ ਹੋ ਗਿਆ ਹੈ ਅਤੇ ਹੁਣ ਮੈਂ ਜਾਣਦਾ ਹਾਂ ਕਿ ਤੁਸੀਂ ਸਭ ਲੋਕਾਂ ਨਾਲੋਂ ਮੈਂ ਜਿਆਦਾ ਸਿਆਣਾ ਹਾਂ।

“ਫਿਰ ਵੀ ਮੈਂ ਇਹਨਾਂ ਕਿਤਾਬਾਂ ਨੂੰ ਤੁੱਛ ਸਮਝਦਾ ਹਾਂ ,ਮੈਂ ਸਿਆਣਪ ਅਤੇ ਸੰਸਾਰ ਦੀਆਂ ਬਰਕਤਾਂ ਨੂੰ ਤੁੱਛ ਜਾਣਦਾ ਹਾਂ। ਇੱਥੇ ਹਰ ਚੀਜ ਮਿਰਗ ਤ੍ਰਿਸ਼ਨਾ ਦੇ ਵਾਂਗ ਵਿਅਰਥ, ਥੋੜਚਿਰੀ ,ਮਾਇਆ ਹੈ , ਗੁਮਰਾਹਕੁਨ ਹੈ। ਤੁਸੀਂ ਲੋਕ ਭਾਵੇਂ ਜਿੰਨਾ ਮਰਜੀ ਮਾਣ ਕਰੋ ,ਸੁਹਣੇ ਤੇ ਸਿਆਣੇ ਬਣੇ ਫਿਰੋ ਪਰ ਮੌਤ ਨੇ ਤੁਹਾਨੂੰ ਸਭ ਨੂੰ ਇਥੋਂ ਹੂੰਝ ਦੇਣਾ ਹੈ ਜਿਵੇਂ ਤੁਹਾਡੀ ਹੈਸੀਅਤ ਖੁੱਡਾਂ ਵਿੱਚ ਦੁਬਕੇ ਚੂਹਿਆਂ ਤੋਂ ਵਧ ਨਾ ਹੋਵੇ। ਤੁਹਾਡੀ ਸਦੀਵਤਾ,ਤੁਹਾਡਾ ਇਤਹਾਸ ਅਤੇ ਅਮਰ ਪ੍ਰਤਿਭਾ ਸਭ ਕੁਝ ਭਸਮ ਹੋ ਜਾਏਗਾ ਜਾਂ ਧਰਤੀ ਸਮੇਤ ਜੰਮ ਜਾਏਗਾ।

“ਤੁਹਾਡੀ ਅਕਲ ਮਾਰੀ ਗਈ ਹੈ ,ਤੁਸੀਂ ਗੁਮਰਾਹ ਹੋ ਗਏ ਹੋ ਅਤੇ ਸੱਚ ਨੂੰ ਝੂਠ ਅਤੇ ਬਦਸੂਰਤੀ ਨੂੰ ਸੁਹਪਣ ਸਮਝ ਬੈਠੇ ਹੋ।ਅਗਰ ਕੁਝ ਅਨੋਖੀਆਂ ਘਟਨਾਵਾਂ ਵਾਪਰ ਜਾਣ ਅਤੇ ਸੇਬ ਤੇ ਸੰਤਰੇ ਦੇ ਬੂਟਿਆਂ ਨੂੰ ਫਲ ਲੱਗਣ ਦੀ ਬਜਾਏ ਡੱਡੂ ਅਤੇ ਕਿਰਲੇ ਲੱਗਣ ਲੱਗ ਪੈਣ ਅਤੇ ਗੁਲਾਬ ਦੇ ਫੁੱਲਾਂ ਤੋਂ ਘੋੜੇ ਦੇ ਮੁੜਕੇ ਵਰਗੀ ਗੰਧ ਆਉਣ ਲੱਗੇ ਤਾਂ ਤੁਹਾਨੂੰ ਅਚੰਭਾ ਹੋਏਗਾ।ਉਸੇ ਤਰ੍ਹਾਂ ਮੈਨੂੰ ਆਚੰਭਾ ਹੈ ਕਿ ਤੁਸੀਂ ਧਰਤੀ ਦੇ ਸੁੱਖ ਲੈਣ ਲਈ ਇਹਦਾ ਸਵਰਗ ਨਾਲ ਵੱਟਾ ਕਰ ਲਿਆ ਹੈ।ਮੈਂ ਤੁਹਾਨੂੰ ਸਮਝਣਾ ਨਹੀਂ ਚਾਹੁੰਦਾ। ” ਇਸ ਲਈ ਇਹ ਸਿਧ ਕਰਨ ਲਈ ਕਿ ਉਨ੍ਹਾਂ ਸਭ ਸੁੱਖਾਂ ਨੂੰ ਕਿੰਨਾ ਤੁਛ ਸਮਝਦਾ ਹਾਂ ਜਿਹਨਾਂ ਖਾਤਰ ਤੁਸੀਂ ਮਰਦੇ ਹੋ ਮੈਂ ਦੋ ਕਰੋੜ ਦਾ ਤਿਆਗ ਕਰਦਾ ਹਾਂ ਜਿਸ ਨੂੰ ਮੈਂ ਕਦੇ ਸਵਰਗ ਸਮਝਦਾ ਸਾਂ ਅਤੇ ਜਿਸ ਨੂੰ ਹੁਣ ਮੈਂ ਟਿਚ ਜਾਣਦਾ ਹਾਂ। ਮੈਂ ਤੈਅ ਕਰ ਲਿਆ ਹੈ ਕਿ ਆਪਣੀ ਸਜ਼ਾ ਦੇ ਮਿਥੇ ਅੰਤ ਤੋਂ ਪੰਜ ਮਿੰਟ ਪਹਿਲਾਂ ਹੀ ਨਿਕਲ ਜਾਵਾਂਗਾ ਅਤੇ ਇਕਰਾਰ ਤੋੜ ਦਿਆਂਗਾ ਤਾਂ ਜੋ ਧਨ ਉਤੇ ਮੇਰਾ ਹੱਕ ਨਾ ਰਹੇ।”

ਸਾਹੂਕਾਰ ਨੇ ਉਸ ਪੱਤਰ ਨੂੰ ਪੜ੍ਹਨ ਦੇ ਬਾਅਦ ਉਥੇ ਹੀ ਮੇਜ ਤੇ ਰੱਖ ਦਿੱਤਾ ਅਤੇ ਉਸ ਅਨੋਖੇ ਵਿਅਕਤੀ ਦੇ ਸਿਰ ਨੂੰ ਚੁੰਮਿਆ ਤੇ ਫਿਰ ਰੋਂਦਾ ਰੋਂਦਾ ਉੱਥੋਂ ਚਲਾ ਗਿਆ। ਉਸਨੂੰ ਆਪਣੇ ਉੱਤੇ ਇੰਨੀ ਗਲਾਨੀ ਹੋ ਰਹੀ ਸੀ ਜਿਹੋ ਜਿਹੀ ਪਹਿਲਾਂ ਕਦੇ ਸੱਟਾਕ ਐਕਸਚੇਂਜ ਵਿੱਚ ਭਾਰੀ ਘਾਟੇ ਪੈਣ ਸਮੇਂ ਵੀ ਨਹੀਂ ਸੀ ਹੋਈ। ਆਪਣੇ ਕਮਰੇ ਵਿੱਚ ਆ ਕੇ ਉਹ ਬਿਸਤਰਰੇ ਤੇ ਲਿਟ ਗਿਆ ਪਰ ਉਸਨੂੰ ਆਪਣੇ ਹਿਰਦੇ ਵਿੱਚ ਮਲਾਲ ਦੇ ਕਾਰਨ ਨਾ ਤਾਂ ਬਹੁਤ ਦੇਰ ਤੱਕ ਨੀਂਦ ਹੀ ਆਈ ਅਤੇ ਨਾ ਹੀ ਉਸਦੇ ਹੰਝੂ ਰੁਕੇ। ਅਗਲੇ ਦਿਨ ਪ੍ਰਭਾਤ ਬੇਚਾਰਾ ਚੌਂਕੀਦਾਰ ਪੀਲਾ ਭੂਕ ਭੱਜਦਾ ਹੋਇਆ ਆਇਆ ਅਤੇ ਉਸਨੇ ਦੱਸਿਆ ਕਿ ਉਹ ਕੈਦੀ ਖਿੜਕੀ ਵਿੱਚੋਂ ਕੁੱਦ ਕੇ ਫਾਟਕ ਦੇ ਬਾਹਰ ਚਲਾ ਗਿਆ। ਸਾਹੂਕਾਰ ਨੌਕਰਾਂ ਨੂੰ ਲੈ ਕੇ ਫੌਰਨ ਕੈਦੀ ਦੇ ਕਮਰੇ ਵਿੱਚ ਗਿਆ ਅਤੇ ਆਪਣੇ ਕੈਦੀ ਦੀ ਫਰਾਰੀ ਦੀ ਤਸੱਲੀ ਕੀਤੀ। ਅਫਵਾਹਾਂ ਤੋਂ ਬਚਣ ਲਈ ਉਹਨੇ ਮੇਜ ਤੇ ਪਏ ਉਸ ਕਰੋੜਾਂ ਦੇ ਤਿਆਗ ਵਾਲਾ ਕਾਗਜ ਚੁੱਕ ਲਿਆ ਅਤੇ ਘਰ ਜਾ ਕੇ ਆਪਣੀ ਤੀਜੋਰੀ ਵਿੱਚ ਜਿੰਦਰਾ ਲਾ ਦਿੱਤਾ।