ਸਮੱਗਰੀ 'ਤੇ ਜਾਓ

ਸ਼ਲੋਕ ਗੁਰੂ ਨਾਨਕ ਦੇਵ ਜੀ

ਵਿਕੀਸਰੋਤ ਤੋਂ
784ਸ਼ਲੋਕਗੁਰੂ ਨਾਨਕ ਦੇਵ ਜੀ

1. ਆਖਣਿ ਅਉਖਾ ਸੁਨਣਿ ਅਉਖਾ ਆਖਿ ਨ ਜਾਪੀ ਆਖਿ

ਆਖਣਿ ਅਉਖਾ ਸੁਨਣਿ ਅਉਖਾ ਆਖਿ ਨ ਜਾਪੀ ਆਖਿ ॥
ਇਕਿ ਆਖਿ ਆਖਹਿ ਸਬਦੁ ਭਾਖਹਿ ਅਰਧ ਉਰਧ ਦਿਨੁ ਰਾਤਿ ॥
ਜੇ ਕਿਹੁ ਹੋਇ ਤ ਕਿਹੁ ਦਿਸੈ ਜਾਪੈ ਰੂਪੁ ਨ ਜਾਤਿ ॥
ਸਭਿ ਕਾਰਣ ਕਰਤਾ ਕਰੇ ਘਟ ਅਉਘਟ ਘਟ ਥਾਪਿ ॥
ਆਖਣਿ ਅਉਖਾ ਨਾਨਕਾ ਆਖਿ ਨ ਜਾਪੈ ਆਖਿ ॥2॥(1240)॥

(ਆਖਣਿ ਅਉਖਾ ਸੁਨਣਿ ਅਉਖਾ=ਕਿਸੇ ਤਰ੍ਹਾਂ ਭੀ ਬਿਆਨ
ਕਰਨਾ ਮੁਸ਼ਕਿਲ ਹੈ, ਆਖਿ ਨ ਜਾਪੀ ਆਖਿ=ਆਖਿ ਆਖਿ
ਨ ਜਾਪੀ, ਨ ਜਾਪੀ=ਜਾਪਦਾ ਨਹੀਂ, ਆਖਿ ਆਖਿ=ਮੁੜ ਮੁੜ
ਬਿਆਨ ਕਰ ਕੇ ਭੀ, ਇਕਿ=ਕਈ ਜੀਵ, ਆਖਿ ਆਖਹਿ=
ਮੁੜ ਮੁੜ ਬਿਆਨ ਕਰਦੇ ਹਨ, ਭਾਖਹਿ=ਉਚਾਰਦੇ ਹਨ, ਅਰਧ
ਉਰਧ=ਹੇਠਾਂ ਉਤਾਂਹ ਹੋ ਕੇ,ਬੜੀ ਮਿਹਨਤ ਨਾਲ, ਕਿਹੁ=ਕੁਝ,ਕੋਈ
ਸਰੂਪ, ਨ ਜਾਪੈ=ਨਹੀਂ ਦਿੱਸਦਾ,ਅਉਘਟ=ਔਖੇ, ਘਟ=ਥਾਂ, ਥਾਪਿ=
ਥਾਪ ਕੇ,ਬਣਾ ਕੇ)

2. ਆਪੇ ਭਾਂਡੇ ਸਾਜਿਅਨੁ ਆਪੇ ਪੂਰਣੁ ਦੇਇ

ਆਪੇ ਭਾਂਡੇ ਸਾਜਿਅਨੁ ਆਪੇ ਪੂਰਣੁ ਦੇਇ ॥
ਇਕਨ੍ਹੀ ਦੁਧੁ ਸਮਾਈਐ ਇਕਿ ਚੁਲ੍ਹੈ ਰਹਨ੍ਹਿ ਚੜੇ ॥
ਇਕਿ ਨਿਹਾਲੀ ਪੈ ਸਵਨ੍ਹਿ ਇਕਿ ਉਪਰਿ ਰਹਨਿ ਖੜੇ ॥
ਤਿਨ੍ਹਾ ਸਵਾਰੇ ਨਾਨਕਾ ਜਿਨ੍ਹ ਕਉ ਨਦਰਿ ਕਰੇ ॥1॥(475)॥

(ਭਾਂਡੇ=ਸਰੀਰ, ਪੂਰਣੁ ਦੇਇ=ਭਰਦਾ ਹੈ, ਇਕਨ੍ਹੀ=ਕਈ ਭਾਂਡਿਆਂ ਵਿਚ,
ਸਮਾਈਐ=ਪੈਂਦਾ ਹੈ, ਨਿਹਾਲੀ=ਤੁਲਾਈ, ਪੈ ਸਵਨ੍ਹਿ=ਲੰਮੀਆਂ
ਤਾਣ ਕੇ ਸੌਂਦੇ ਹਨ, ਉਪਰਿ=ਸੇਵਾ,ਰਾਖੀ ਵਾਸਤੇ, ਨਦਰਿ=ਮਿਹਰ ਦੀ ਨਜ਼ਰ)

3. ਅੰਦਰਹੁ ਝੂਠੇ ਪੈਜ ਬਾਹਰਿ ਦੁਨੀਆ ਅੰਦਰਿ ਫੈਲੁ

ਅੰਦਰਹੁ ਝੂਠੇ ਪੈਜ ਬਾਹਰਿ ਦੁਨੀਆ ਅੰਦਰਿ ਫੈਲੁ ॥
ਅਠਸਠਿ ਤੀਰਥ ਜੇ ਨਾਵਹਿ ਉਤਰੈ ਨਾਹੀ ਮੈਲੁ ॥
ਜਿਨ੍ਹ ਪਟੁ ਅੰਦਰਿ ਬਾਹਰਿ ਗੁਦੜੁ ਤੇ ਭਲੇ ਸੰਸਾਰਿ ॥
ਤਿਨ੍ਹ ਨੇਹੁ ਲਗਾ ਰਬ ਸੇਤੀ ਦੇਖਨ੍ਹੇ ਵੀਚਾਰਿ ॥
ਰੰਗਿ ਹਸਹਿ ਰੰਗਿ ਰੋਵਹਿ ਚੁਪ ਭੀ ਕਰਿ ਜਾਹਿ ॥
ਪਰਵਾਹ ਨਾਹੀ ਕਿਸੇ ਕੇਰੀ ਬਾਝੁ ਸਚੇ ਨਾਹ ॥
ਦਰਿ ਵਾਟ ਉਪਰਿ ਖਰਚੁ ਮੰਗਾ ਜਬੈ ਦੇਇ ਤ ਖਾਹਿ ॥
ਦੀਬਾਨੁ ਏਕੋ ਕਲਮ ਏਕਾ ਹਮਾ ਤੁਮ੍ਹਾ ਮੇਲੁ ॥
ਦਰਿ ਲਏ ਲੇਖਾ ਪੀੜਿ ਛੁਟੈ ਨਾਨਕਾ ਜਿਉ ਤੇਲੁ ॥2॥(473)॥

(ਪੈਜ=ਪਾਜ,ਵਿਖਾਵਾ, ਫੈਲੁ=ਦਿਖਾਵਾ, ਪਟੁ=ਰੇਸ਼ਮ,ਉੱਤਮ,
ਗੁੱਦੜ=ਗੋਦੜੀ,ਸਾਦਾ,ਗਰੀਬੀ ਦਾਵਾ, ਤੇ=ਉਹ ਮਨੁੱਖ, ਸੇਤੀ=
ਨਾਲ, ਦੇਖਨ੍ਹੇ ਵੀਚਾਰਿ=ਰੱਬ ਨੂੰ ਵੇਖਣ ਦੇ ਧਿਆਨ ਵਿਚ,ਕਿਸੈ
ਕੇਰੀ=ਕਿਸੇ ਦੀ, ਨਾਹ=ਖਸਮ. ਨਾਮ, ਵਾਟ ਉਪਰਿ=ਰਾਹ ਵਿਚ,
ਖਰਚੁ ਮੰਗਾ=(ਨਾਮ-ਰੂਪ) ਖਾਣਾ ਹੀ ਮੰਗਦੇ ਹਨ, ਦੀਬਾਨੁ=ਅਦਾਲਤ,
ਹਮਾ ਤੁਮ੍ਹਾ ਮੇਲੁ=ਸਾਰੇ ਚੰਗੇ ਮੰਦੇ ਜੀਵਾਂ ਦਾ ਮੇਲਾ, ਜਿਉ ਤੇਲੁ=ਜਿਵੇਂ
ਪੀੜ ਕੇ ਤੇਲ ਕੱਢੀਦਾ ਹੈ)

4. ਭੈ ਵਿਚਿ ਪਵਣੁ ਵਹੈ ਸਦਵਾਉ

ਭੈ ਵਿਚਿ ਪਵਣੁ ਵਹੈ ਸਦਵਾਉ ॥
ਭੈ ਵਿਚਿ ਚਲਹਿ ਲਖ ਦਰੀਆਉ ॥
ਭੈ ਵਿਚਿ ਅਗਨਿ ਕਢੈ ਵੇਗਾਰਿ ॥
ਭੈ ਵਿਚਿ ਧਰਤੀ ਦਬੀ ਭਾਰਿ ॥
ਭੈ ਵਿਚਿ ਇੰਦੁ ਫਿਰੈ ਸਿਰ ਭਾਰਿ ॥
ਭੈ ਵਿਚਿ ਰਾਜਾ ਧਰਮ ਦੁਆਰੁ ॥
ਭੈ ਵਿਚਿ ਸੂਰਜੁ ਭੈ ਵਿਚਿ ਚੰਦੁ ॥
ਕੋਹ ਕਰੋੜੀ ਚਲਤ ਨ ਅੰਤੁ ॥
ਭੈ ਵਿਚਿ ਸਿਧ ਬੁਧ ਸੁਰ ਨਾਥ ॥
ਭੈ ਵਿਚਿ ਆਡਾਣੇ ਆਕਾਸ ॥
ਭੈ ਵਿਚਿ ਜੋਧ ਮਹਾਬਲ ਸੂਰ ॥
ਭੈ ਵਿਚਿ ਆਵਹਿ ਜਾਵਹਿ ਪੂਰ ॥
ਸਗਲਿਆ ਭਉ ਲਿਖਿਆ ਸਿਰਿ ਲੇਖੁ ॥
ਨਾਨਕ ਨਿਰਭਉ ਨਿਰੰਕਾਰੁ ਸਚੁ ਏਕੁ ॥1॥(464)॥

(ਭੈ ਵਿਚਿ=ਡਰ ਵਿਚ, ਪਵਣੁ ਵਹੈ=ਹਵਾ ਵਗਦੀ ਹੈ,
ਸਦਵਾਉ=ਸਦਾ ਹੀ, ਚਲਹਿ=ਚੱਲਦੇ ਹਨ, ਕਢੈ ਵੇਗਾਰਿ=
ਵਗਾਰ ਕੱਢਦੀ ਹੈ, ਭਾਰਿ=ਭਾਰ ਦੇ ਹੇਠ, ਇੰਦੁ=ਇੰਦਰ
ਦੇਵਤਾ,ਬੱਦਲ, ਫਿਰੈ=ਫਿਰਦਾ ਹੈ, ਸਿਰ ਭਾਰਿ=ਸਿਰ ਦੇ
ਭਾਰ, ਸਿਧ=ਪੁੱਗੇ ਹੋਏ ਜੋਗੀ, ਬੁਧ=ਗਿਆਨਵਾਨ, ਆਡਾਣੇ=
ਤਣੇ ਹੋਏ, ਮਹਾਬਲ=ਵੱਡੇ ਬਲ ਵਾਲੇ, ਆਵਹਿ=ਆਉਂਦੇ ਹਨ,
ਪੂਰ=ਸਾਰੇ ਜੀਵ ਜੋ ਇਸ ਸੰਸਾਰ-ਸਾਗਰ ਵਿਚ ਜ਼ਿੰਦਗੀ-ਰੂਪ
ਬੇੜੀ ਵਿਚ ਬੈਠੇ ਹੋਏ ਹਨ, ਸਗਲਿਆ ਸਿਰਿ=ਸਾਰੇ ਜੀਵਾਂ ਦੇ
ਸਿਰ ਉੱਤੇ, ਲੇਖੁ ਲਿਖਿਆ=ਭਉ ਰੂਪੀ ਲੇਖ ਲਿਖਿਆ ਹੈ)

5. ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵਿਆਹੁ

ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵਿਆਹੁ ॥
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ॥
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ ॥
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥
ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ ॥
ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ ॥
ਜਿਤੁ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰਿ ॥
ਨਾਨਕ ਤੇ ਮੁਖ ਊਜਲੇ ਤਿਤੁ ਸਚੈ ਦਰਬਾਰਿ ॥2॥(473)॥

(ਭੰਡਿ=ਇਸਤ੍ਰੀ ਤੋਂ, ਜੰਮੀਐ=ਜੰਮੀਦਾ ਹੈ, ਨਿੰਮੀਐ=
ਪ੍ਰਾਣੀ ਦਾ ਸਰੀਰ ਬਣਦਾ ਹੈ, ਭੰਡਹੁ=ਇਸਤ੍ਰੀ ਦੀ ਰਾਹੀਂ,
ਰਾਹੁ=ਉਤਪੱਤੀ ਦਾ ਰਸਤਾ, ਬੰਧਾਨੁ=ਰਿਸ਼ਤੇਦਾਰੀ, ਜਿਤੁ=
ਜਿਸ ਇਸਤ੍ਰੀ ਤੋਂ, ਭੰਡਹੁ ਹੀ ਭੰਡੁ=ਇਸਤ੍ਰੀ ਤੋਂ ਇਸਤ੍ਰੀ,
ਸਾਲਾਹੀਐ=ਪ੍ਰਭੂ ਦੀ ਸਿਫ਼ਤਿ-ਸਾਲਾਹ ਕਰੀਏ, ਭਾਗਾ ਰਤੀ
ਚਾਰਿ=ਭਾਗਾਂ ਦੀਆਂ ਚਾਰ ਰੱਤੀਆਂ,ਭਾਗਾਂ ਦੀ ਮਣੀ)

6. ਭਉ ਭੁਇ ਪਵਿਤੁ ਪਾਣੀ ਸਤੁ ਸੰਤੋਖੁ ਬਲੇਦ

ਭਉ ਭੁਇ ਪਵਿਤੁ ਪਾਣੀ ਸਤੁ ਸੰਤੋਖੁ ਬਲੇਦ ॥
ਹਲੁ ਹਲੇਮੀ ਹਾਲੀ ਚਿਤੁ ਚੇਤਾ ਵਤ੍ਰ ਵਖਤ ਸੰਜੋਗੁ ॥
ਨਾਉ ਬੀਜੁ ਬਖਸੀਸ ਬੋਹਲ ਦੁਨੀਆ ਸਗਲ ਦਰੋਗ ॥
ਨਾਨਕ ਨਦਰੀ ਕਰਮੁ ਹੋਇ ਜਾਵਹਿ ਸਗਲ ਵਿਜੋਗ ॥2॥955)॥

(ਭੁਇ=ਪੈਲੀ, ਪਵਿਤੁ=ਸੁੱਧ ਆਚਰਨ, ਬਲੇਦ=ਬਲਦ,
ਸੰਜੋਗੁ—ਗੁਰੂ ਨਾਲ ਮੇਲ, ਦਰੋਗ=ਨਾਸਵੰਤ, ਕਰਮੁ=ਬਖ਼ਸ਼ਸ਼,
ਹਲੇਮੀ=ਨਿਮ੍ਰਤਾ, ਚੇਤਾ=ਸਿਮਰਨ, ਵਖਤ=ਬੀਜਣ ਦਾ ਸਮਾਂ)

7. ਦਸ ਬਾਲਤਣਿ ਬੀਸ ਰਵਣਿ ਤੀਸਾ ਕਾ ਸੁੰਦਰੁ ਕਹਾਵੈ

ਦਸ ਬਾਲਤਣਿ ਬੀਸ ਰਵਣਿ ਤੀਸਾ ਕਾ ਸੁੰਦਰੁ ਕਹਾਵੈ ॥
ਚਾਲੀਸੀ ਪੁਰੁ ਹੋਇ ਪਚਾਸੀ ਪਗੁ ਖਿਸੈ ਸਠੀ ਕੇ ਬੋਢੇਪਾ ਆਵੈ ॥
ਸਤਰਿ ਕਾ ਮਤਿਹੀਣੁ ਅਸੀਹਾਂ ਕਾ ਵਿਉਹਾਰੁ ਨ ਪਾਵੈ ॥
ਨਵੈ ਕਾ ਸਿਹਜਾਸਣੀ ਮੂਲਿ ਨ ਜਾਣੈ ਅਪ ਬਲੁ ॥
ਢੰਢੋਲਿਮੁ ਢੂਢਿਮੁ ਡਿਠੁ ਮੈ ਨਾਨਕ ਜਗੁ ਧੂਏ ਕਾ ਧਵਲਹਰੁ ॥3॥(138)॥

(ਬਾਲਤਣਿ=ਬਾਲਕਪਨ ਵਿਚ, ਰਵਣਿ=ਕਾਮ-ਚੇਸ਼ਟਾ ਵਾਲੀ
ਅਵਸਥਾ ਵਿਚ, ਪੁਰੁ=ਭਰ-ਜੁਆਨ, ਪਗੁ=ਪੈਰ, ਖਿਸੈ=
ਤਿਲਕਦਾ ਹੈ, ਸਿਹਜਾਸਣੀ=ਮੰਜੇ ਉਤੇ ਆਸਣ ਰੱਖਣ
ਵਾਲਾ, ਅਪ ਬਲੁ=ਆਪਣਾ ਬਲ, ਧਵਲਹਰੁ=ਧੌਲਰ,ਚਿੱਟੇ ਮੰਦਰ)

8. ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ

ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ ॥
ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ ॥
ਨਾ ਏਹੁ ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨ ਜਾਇ ॥
ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ ॥
ਚਉਕੜਿ ਮੁਲਿ ਅਣਾਇਆ ਬਹਿ ਚਉਕੈ ਪਾਇਆ ॥
ਸਿਖਾ ਕੰਨਿ ਚੜਾਈਆ ਗੁਰੁ ਬ੍ਰਾਹਮਣੁ ਥਿਆ ॥
ਓਹੁ ਮੁਆ ਓਹੁ ਝੜਿ ਪਇਆ ਵੇਤਗਾ ਗਇਆ ॥1॥(471)॥

(ਦਇਆ= ਤਰਸ, ਜਤੁ=ਵੱਸ ਵਿਚ ਰੱਖਣਾ, ਗੰਢੀ=ਗੰਢਾਂ,
ਸਤੁ=ਸੁੱਚਾ ਆਚਰਨ, ਜੀਅ ਕਾ=ਆਤਮਾ ਦੇ ਵਾਸਤੇ, ਹਈ=
ਜੇ ਤੇਰੇ ਪਾਸ ਹੈ, ਤ=ਤਾਂ, ਨ ਜਾਇ=ਨਾ ਹੀ ਇਹ ਜਨੇਊ
ਗੁਆਚਦਾ ਹੈ, ਚਲੇ ਪਾਇ=ਜਿਨ੍ਹਾਂ ਨੇ ਪਾ ਲਿਆ ਹੈ, ਚਉਕੜਿ=
ਚਾਰ ਕੌਡੀਆਂ ਤੋਂ, ਅਣਾਇਆ=ਮੰਗਵਾਇਆ, ਸਿਖਾ=ਸਿਖਿਆ,
ਚੜਾਈਆ=ਦਿੱਤੀ,ਚਾੜ੍ਹੀ, ਥਿਆ=ਹੋ ਗਿਆ)

9. ਦੀਵਾ ਬਲੈ ਅੰਧੇਰਾ ਜਾਇ

ਦੀਵਾ ਬਲੈ ਅੰਧੇਰਾ ਜਾਇ ॥
ਬੇਦ ਪਾਠ ਮਤਿ ਪਾਪਾ ਖਾਇ ॥
ਉਗਵੈ ਸੂਰੁ ਨ ਜਾਪੈ ਚੰਦੁ ॥
ਜਹ ਗਿਆਨ ਪ੍ਰਗਾਸੁ ਅਗਿਆਨੁ ਮਿਟੰਤੁ ॥
ਬੇਦ ਪਾਠ ਸੰਸਾਰ ਕੀ ਕਾਰ ॥
ਪੜ੍ਹਿ ਪੜ੍ਹਿ ਪੰਡਿਤ ਕਰਹਿ ਬੀਚਾਰ ॥
ਬਿਨੁ ਬੂਝੇ ਸਭ ਹੋਇ ਖੁਆਰ ॥
ਨਾਨਕ ਗੁਰਮਿਖ ਉਤਰਸਿ ਪਾਰਿ ॥1॥(791)॥
(ਬੇਦ ਪਾਠ ਮਤਿ=ਵੇਦਾਂ ਦੇ ਪਾਠ ਵਾਲੀ ਮਤਿ,
ਪਾਪਾ ਖਾਇ=ਪਾਪਾਂ ਨੂੰ ਖਾ ਜਾਂਦੀ ਹੈ, ਬੇਦ ਪਾਠ=
ਵੇਦਾਂ ਦੇ ਨਿਰੇ ਪਾਠ, ਸੰਸਾਰ ਕੀ ਕਾਰ=ਦੁਨੀਆਵੀ
ਵਿਹਾਰ, ਬੀਚਾਰ=ਅਰਥ—ਬੋਧ)

10. ਧ੍ਰਿਗੁ ਤਿਨਾ ਕਾ ਜੀਵਿਆ ਜਿ ਲਿਖਿ ਲਿਖਿ ਵੇਚਹਿ ਨਾਉ

ਧ੍ਰਿਗੁ ਤਿਨਾ ਕਾ ਜੀਵਿਆ ਜਿ ਲਿਖਿ ਲਿਖਿ ਵੇਚਹਿ ਨਾਉ ॥
ਖੇਤੀ ਜਿਨ ਕੀ ਉਜੜੈ ਖਲਵਾੜੇ ਕਿਆ ਥਾਉ ॥
ਸਚੈ ਸਰਮੈ ਬਾਹਰੇ ਅਗੈ ਲਹਹਿ ਨ ਦਾਦਿ ॥
ਅਕਲਿ ਏਹ ਨ ਆਖੀਐ ਅਕਲਿ ਗਵਾਈਐ ਬਾਦਿ ॥
ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ ॥
ਅਕਲੀ ਪੜ੍ਹਿ ਕੈ ਬੁਝੀਐ ਅਕਲੀ ਕੀਚੈ ਦਾਨੁ ॥
ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ ॥1॥1245)॥

(ਜਿ=ਜੋ ਮਨੁੱਖ, ਨਾਉ=ਪ੍ਰਭੂ ਦਾ ਨਾਮ, ਕਿਆ ਥਾਉ=
ਕੋਈ ਥਾਂ ਨਹੀਂ, ਸਰਮ=ਉੱਦਮ, ਦਾਦਿ=ਕਦਰ,ਸ਼ਾਬਾਸ਼ੇ,
ਬਾਦਿ=ਵਿਅਰਥ, ਸੇਵੀਐ=ਸਿਮਰੀਏ, ਮਾਨੁ=ਇੱਜ਼ਤ,
ਕੀਚੈ ਦਾਨੁ=ਹੋਰਨਾਂ ਨੂੰ ਭੀ ਸਿਖਾਈਏ)

11. ਦੁਖੁ ਦਾਰੂ ਸੁਖੁ ਰੋਗੁ ਭਇਆ ਜਾ ਸੁਖੁ ਤਾਮਿ ਨ ਹੋਈ

ਦੁਖੁ ਦਾਰੂ ਸੁਖੁ ਰੋਗੁ ਭਇਆ ਜਾ ਸੁਖੁ ਤਾਮਿ ਨ ਹੋਈ ॥
ਤੂੰ ਕਰਤਾ ਕਰਣਾ ਮੈ ਨਾਹੀ ਜਾ ਹਉ ਕਰੀ ਨ ਹੋਈ ॥1॥
ਬਲਿਹਾਰੀ ਕੁਦਰਤਿ ਵਸਿਆ ॥
ਤੇਰਾ ਅੰਤੁ ਨ ਜਾਈ ਲਖਿਆ ॥1॥ਰਹਾਉ॥
ਜਾਤਿ ਮਹਿ ਜੋਤਿ ਜੋਤਿ ਮਹਿ ਜਾਤਾ ਅਕਲ ਕਲਾ ਭਰਪੂਰਿ ਰਹਿਆ ॥
ਤੂੰ ਸਚਾ ਸਾਹਿਬੁ ਸਿਫਤਿ ਸੁਆਲ੍ਹਿਉ ਜਿਨਿ ਕੀਤੀ ਸੋ ਪਾਰਿ ਪਇਆ ॥
ਕਹੁ ਨਾਨਕ ਕਰਤੇ ਕੀਆ ਬਾਤਾ ਜੋ ਕਿਛੁ ਕਰਣਾ ਸੁ ਕਰਿ ਰਹਿਆ ॥2॥(469)॥

(ਤਾਮਿ=ਤਦੋਂ, ਕਰਣਾ=ਕਰਨਹਾਰ, ਜਾ ਹਉ ਕਰੀ=ਜੇ ਮੈਂ ਆਪਣੇ ਆਪ
ਨੂੰ ਕੁਝ ਸਮਝ ਬੈਠਾਂ, ਨ ਹੋਈ=ਇਹ ਗੱਲ ਫਬਦੀ ਨਹੀਂ, ਜਾਤਿ=ਸ੍ਰਿਸ਼ਟੀ,
ਜੋਤਿ=ਰੱਬ ਦਾ ਨੂਰ, ਜੋਤਿ ਮਹਿ=ਸਾਰੇ ਜੀਵਾਂ ਵਿਚ, ਜਾਤਾ=ਦਿੱਸ ਰਿਹਾ ਹੈ,
ਅਕਲ=ਸੰਪੂਰਨ, ਕਲਾ=ਹਿੱਸਾ, ਅਕਲ ਕਲਾ=ਇਕ-ਰਸ ਸੰਪੂਰਣ ਪ੍ਰਭੂ=
ਸੁਆਲਿਉ=ਸੋਹਣੀ, ਜਿਨਿ ਕੀਤੀ=ਜਿਸਨੇ ਤੇਰੀ ਵਡਿਆਈ ਕੀਤੀ)

12. ਦੁਖ ਵਿਚਿ ਜੰਮਣੁ ਦੁਖਿ ਮਰਣੁ ਦੁਖਿ ਵਰਤਣੁ ਸੰਸਾਰਿ

ਦੁਖ ਵਿਚਿ ਜੰਮਣੁ ਦੁਖਿ ਮਰਣੁ ਦੁਖਿ ਵਰਤਣੁ ਸੰਸਾਰਿ ॥
ਦੁਖੁ ਦੁਖੁ ਅਗੈ ਆਖੀਐ ਪੜ੍ਹਿ ਪੜ੍ਹਿ ਕਰਹਿ ਪੁਕਾਰ ॥
ਦੁਖ ਕੀਆ ਪੰਡਾ ਖੁਲ੍ਹੀਆ ਸੁਖੁ ਨ ਨਿਕਲਿਓ ਕੋਇ ॥
ਦੁਖ ਵਿਚਿ ਜੀਉ ਜਲਾਇਆ ਦੁਖੀਆ ਚਲਿਆ ਰੋਇ ॥
ਨਾਨਕ ਸਿਫਤੀ ਰਤਿਆ ਮਨੁ ਤਨੁ ਹਰਿਆ ਹੋਇ ॥
ਦੁਖ ਕੀਆ ਅਗੀ ਮਾਰੀਅਹਿ ਭੀ ਦੁਖੁ ਦਾਰੂ ਹੋਇ ॥1॥1240)॥

(ਵਰਤਣੁ=ਕਾਰ-ਵਿਹਾਰ, ਸੰਸਾਰਿ=ਸੰਸਾਰ ਵਿਚ, ਅਗੈ=
ਅੱਗੇ ਅੱਗੇ, ਸਾਹਮਣੇ, ਪੜ੍ਹਿ=ਪੜ੍ਹ ਕੇ, ਕਰਹਿ ਪੁਕਾਰ=
ਪੁਕਾਰ ਕਰਦੇ ਹਨ, ਹਰਿਆ=ਹਰਾ,ਸ਼ਾਂਤੀ ਵਾਲਾ, ਅਗੀ=
ਅੱਗਾਂ ਨਾਲ, ਮਾਰੀਅਹਿ=ਮਾਰੀਦੇ ਹਨ)

13. ਗਲੀਂ ਅਸੀ ਚੰਗੀਆ ਆਚਾਰੀ ਬੁਰੀਆਹ

ਗਲੀਂ ਅਸੀ ਚੰਗੀਆ ਆਚਾਰੀ ਬੁਰੀਆਹ ॥
ਮਨਹੁ ਕੁਸੁਧਾ ਕਾਲੀਆ ਬਾਹਰਿ ਚਿਟਵੀਆਹ ॥
ਰੀਸਾ ਕਰਿਹ ਤਿਨਾੜੀਆ ਜੋ ਸੇਵਹਿ ਦਰੁ ਖੜੀਆਹ ॥
ਨਾਲਿ ਖਸਮੈ ਰਤੀਆ ਮਾਣਹਿ ਸੁਖਿ ਰਲੀਆ ॥
ਹੋਦੈ ਤਾਣਿ ਨਿਤਾਣੀਆ ਰਹਹਿ ਨਿਮਾਨਣੀਆਹ ॥
ਨਾਨਕ ਜਨਮੁ ਸਕਾਰਥਾ ਜੇ ਤਿਨ ਕੈ ਸੰਗਿ ਮਿਲਾਹ ॥2॥(85)॥

(ਆਚਾਰੀ=ਚਾਲ-ਚਲਣ ਵਿਚ, ਮਨਹੁ=ਮਨ ਤੋਂ,
ਕੁਸੁਧਾ=ਖੋਟੀਆਂ, ਤਿਨਾੜੀਆ=ਉਹਨਾਂ ਦੀਆਂ,
ਸੇਵਹਿ=ਸੇਵਾ ਕਰਦੀਆਂ ਹਨ, ਦਰੁ=ਬੂਹਾ, ਸਕਾਰਥਾ=
ਸਫਲ)

14. ਗਊ ਬਿਰਾਹਮਣ ਕਉ ਕਰੁ ਲਾਵਹੁ ਗੋਬਰਿ ਤਰਣੁ ਨ ਜਾਈ

ਗਊ ਬਿਰਾਹਮਣ ਕਉ ਕਰੁ ਲਾਵਹੁ ਗੋਬਰਿ ਤਰਣੁ ਨ ਜਾਈ ॥
ਧੋਤੀ ਟਿਕਾ ਤੈ ਜਪਮਾਲੀ ਧਾਨੁ ਮਲੇਛਾਂ ਖਾਈ ॥
ਅੰਤਰਿ ਪੂਜਾ ਪੜਹਿ ਕਤੇਬਾ ਸੰਜਮੁ ਤੁਰਕਾ ਭਾਈ ॥
ਛੋਡੀਲੇ ਪਾਖੰਡਾ ॥
ਨਾਮੁ ਲਈਐ ਜਾਹਿ ਤਰੰਦਾ ॥1॥(471)॥

(ਕਰੁ=ਮਸੂਲ, ਗੋਬਰਿ=ਗੋਹੇ ਨਾਲ ਪੋਚਾ ਫੇਰਿਆਂ,
ਤੈ=ਅਤੇ, ਜਪਮਾਲੀ=ਮਾਲੀ(ਛੋਟੀ ਮਾਲਾ), ਧਾਨੁ=
ਪਦਾਰਥ, ਮਲੇਛਾਂ=ਮੁਸਲਮਾਨਾਂ ਦਾ, ਖਾਈ=ਖਾਂਦਾ ਹੈ,
ਅੰਤਰਿ=ਅੰਦਰ,ਲੁਕ ਕੇ, ਸੰਜਮੁ=ਰਹਿਤ, ਤੁਰਕਾ=ਤੁਰਕਾਂ
ਵਾਲੀ, ਛੋਡੀਲੇ=ਛੱਡ ਦੇਹ, ਨਾਮਿ ਲਇਐ=ਜੇ ਨਾਮ ਲਏਂਗਾ,
ਜਾਹਿ ਤਰੰਦਾ=ਤਰ ਜਾਵੇਂਗਾ)

15. ਘੜੀਆ ਸਭੇ ਗੋਪੀਆ ਪਹਰ ਕੰਨ੍ਹ ਗੋਪਾਲ

ਘੜੀਆ ਸਭੇ ਗੋਪੀਆ ਪਹਰ ਕੰਨ੍ਹ ਗੋਪਾਲ ॥
ਗਹਣੇ ਪਉਣੁ ਪਾਣੀ ਬੈਸੰਤਰੁ ਚੰਦੁ ਸੂਰਜੁ ਅਵਤਾਰ ॥
ਸਗਲੀ ਧਰਤੀ ਮਾਲੁ ਧਨੁ ਵਰਤਣਿ ਸਰਬ ਜੰਜਾਲ ॥
ਨਾਨਕ ਮੁਸੈ ਗਿਆਨ ਵਿਹੂਣੀ ਖਾਇ ਗਇਆ ਜਮਕਾਲੁ ॥1॥(465)॥

(ਘੜੀਆ='ਘੜੀ' ਸਮੇ ਦੀ ਇਕ ਵੰਡ ਦਾ ਨਾਉਂ ਹੈ,ਜੋ 24
ਮਿੰਟਾਂ ਦੇ ਬਰਾਬਰ ਹੁੰਦੀ ਹੈ, ਗੋਪੀ=ਗੁਜਰੀ, ਪਹਰ=ਸਾਰੇ ਦਿਨ
ਦਾ ਅਠਵਾਂ ਹਿੱਸਾ,ਜੋ 3 ਘੰਟੇ ਦੇ ਬਰਾਬਰ ਹੁੰਦਾ ਹੈ, ਕੰਨ੍ਹ=ਕ੍ਰਿਸ਼ਨ,
ਗੋਪਾਲ=ਕ੍ਰਿਸ਼ਨ ਜੀ ਦਾ ਇਕ ਨਾਂ, ਬੈਸੰਤਰੁ=ਅੱਗ, ਮੁਸੈ=ਠੱਗੀ ਜਾ
ਰਹੀ ਹੈ, ਵਿਹੂਣੀ=ਸੱਖਣੀ,ਖ਼ਾਲੀ)

16. ਘਰਿ ਨਾਰਾਇਣੁ ਸਭਾ ਨਾਲਿ

ਘਰਿ ਨਾਰਾਇਣੁ ਸਭਾ ਨਾਲਿ ॥
ਪੂਜ ਕਰੇ ਰਖੈ ਨਾਵਾਲਿ ॥
ਕੁੰਗੂ ਚੰਨਣੁ ਫੁਲ ਚੜਾਏ ॥
ਪੈਰੀ ਪੈ ਪੈ ਬਹੁਤੁ ਮਨਾਏ ॥
ਮਾਣੂਆ ਮੰਗਿ ਮੰਗਿ ਪੈਨ੍ਹੈ ਖਾਇ ॥
ਅੰਧੀ ਕੰਮੀ ਅੰਧ ਸਜਾਇ ॥
ਭੁਖਿਆ ਦੇਇ ਨ ਮਰਦਿਆ ਰਖੈ ॥
ਅੰਧਾ ਝਗੜਾ ਅੰਧੀ ਸਥੈ ॥1॥1240)॥

(ਘਰਿ=ਘਰ ਵਿਚ, ਨਾਰਾਇਣੁ=ਠਾਕੁਰ
ਦੀ ਮੂਰਤੀ, ਸਭਾ ਨਾਲਿ=ਹੋਰ ਮੂਰਤੀਆਂ
ਸਮੇਤ, ਨਾਵਾਲਿ=ਇਸ਼ਨਾਨ ਕਰਾ ਕੇ,
ਕੁੰਗੂ=ਕੇਸਰ, ਮਾਣੂਆ=ਮਨੁੱਖਾਂ ਤੋਂ, ਅੰਧੀ
ਕੰਮੀ=ਅੰਨ੍ਹੇ ਕੰਮਾਂ ਵਿਚ,ਅਗਿਆਨਤਾ ਦੇ
ਕੰਮਾਂ ਵਿਚ, ਸਜਾਇ=ਦੰਡ, ਨ ਦੇਇ=
ਨਹੀਂ ਦੇਂਦਾ, ਰਖੈ=ਬਚਾਂਦਾ, ਝਗੜਾ=
ਰੇੜਕਾ, ਸਥੈ=ਸਭਾ ਵਿਚ)

17. ਗਿਆਨ ਵਿਹੂਣਾ ਗਾਵੈ ਗੀਤ

ਗਿਆਨ ਵਿਹੂਣਾ ਗਾਵੈ ਗੀਤ ॥
ਭੁਖੇ ਮੁਲਾਂ ਘਰੇ ਮਸੀਤਿ ॥
ਮਖਟੂ ਹੋਇ ਕੈ ਕੰਨ ਪੜਾਏ ॥
ਫਕਰੁ ਕਰੇ ਹੋਰੁ ਜਾਤਿ ਗਵਾਏ ॥
ਗੁਰੁ ਪੀਰੁ ਸਦਾਏ ਮੰਗਣ ਜਾਇ ॥
ਤਾ ਕੈ ਮੂਲਿ ਨ ਲਗੀਐ ਪਾਇ ॥
ਘਾਲਿ ਖਾਇ ਕਿਛੁ ਹਥਹੁ ਦੇਇ ॥
ਨਾਨਕ ਰਾਹੁ ਪਛਾਣਹਿ ਸੇਇ ॥1॥1245)॥

(ਵਿਹੂਣਾ=ਖ਼ਾਲੀ, ਘਰ=ਘਰ ਵਿਚ ਹੀ,
ਰੋਟੀ ਦੀ ਖ਼ਾਤਰ ਹੀ, ਮਖਟੂ=ਜੋ ਖੱਟ ਕਮਾ
ਨਾਹ ਸਕੇ, ਕੰਨ ਪੜਾਏ=ਜੋਗੀ ਬਣ ਜਾਂਦਾ ਹੈ,
ਫਕਰੁ ਕਰੇ=ਫ਼ਕੀਰ ਬਣ ਜਾਂਦਾ ਹੈ, ਜਾਤਿ ਗਵਾਏ=
ਕੁਲ ਦੀ ਅਣਖ ਛੱਡ ਬੈਠਦਾ ਹੈ, ਹੋਰੁ=ਇਕ ਹੋਰ
ਮਨੁੱਖ, ਸਦਾਏ=ਅਖਵਾਂਦਾ ਹੈ, ਤਾ ਕੈ ਪਾਇ=ਉਸ
ਦੇ ਪੈਰ ਉਤੇ, ਮੂਲਿ ਨ=ਬਿਲਕੁਲ ਨਹੀਂ, ਘਾਲਿ=
ਮਿਹਨਤ ਨਾਲ ਕਮਾ ਕੇ, ਪਛਾਣਹਿ=ਪਛਾਣਦੇ ਹਨ,
ਸੇਈ=ਉਹੀ ਬੰਦੇ)

18. ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ

ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ ॥
ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ ॥
ਗਲੀ ਭਿਸਤਿ ਨ ਜਾਈਐ ਛੁਟੈ ਸਚੁ ਕਮਾਇ ॥
ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲੁ ਨ ਜਾਇ ॥
ਨਾਨਕ ਗਲੀ ਕੂੜੀਈ ਕੂੜੋ ਪਲੈ ਪਾਇ ॥2॥(141)॥

(ਉਸੁ=ਮੁਸਲਮਾਨਾਂ ਅਤੇ ਹਿੰਦੂਆਂ ਲਈ, ਹਾਮਾ ਭਰੇ=
ਸਿਫ਼ਾਰਸ਼ ਕਰਦਾ ਹੈ, ਮੁਰਦਾਰੁ=ਮਸਾਲੇ ਪਰਾਇਆ ਹੱਕ,
ਭਿਸਤਿ=ਬਹਿਸ਼ਤ ਵਿਚ, ਛੁਟੈ=ਮੁਕਤੀ ਹਾਸਲ ਹੁੰਦੀ ਹੈ,
ਕਮਾਇ=ਕਮਾ ਕੇ, ਮਾਰਣ=ਮਸਾਲੇ (ਬਹਸ ਆਦਿਕ),
ਕੂੜੀਈ ਗਲੀ=(ਬਹਸ ਆਦਿਕ ਦੀਆਂ) ਕੂੜੀਆਂ ਗੱਲਾਂ
ਨਾਲ, ਪਲੈ ਪਾਇ=ਮਿਲਦਾ ਹੈ)

19. ਹਰਣਾਂ ਬਾਜਾਂ ਤੈ ਸਿਕਦਾਰਾਂ ਏਨ੍ਹਾ ਪੜ੍ਹਿਆ ਨਾਉ

ਹਰਣਾਂ ਬਾਜਾਂ ਤੈ ਸਿਕਦਾਰਾਂ ਏਨ੍ਹਾ ਪੜ੍ਹਿਆ ਨਾਉ ॥
ਫਾਂਧੀ ਲਗੀ ਜਾਤਿ ਫਹਾਇਨਿ ਅਗੈ ਨਾਹੀ ਥਾਉ ॥
ਸੋ ਪੜਿਆ ਸੋ ਪੰਡਿਤੁ ਬੀਨਾ ਜਿਨ੍ਹੀ ਕਮਾਣਾ ਨਾਉ ॥
ਪਹਿਲੋ ਦੇ ਜੜ ਅੰਦਰਿ ਜੰਮੈ ਉਪਰਿ ਹੋਵੈ ਛਾਂਉ ॥
ਰਾਜੇ ਸੀਹ ਮੁਕਦਮ ਕੁਤੇ ॥
ਜਾਇ ਜਗਾਇਨ੍ਹਿ ਬੈਠੇ ਸੁਤੇ ॥
ਚਾਕਰ ਨਹਦਾ ਪਾਇਨ੍ਹਿ ਘਾਉ ॥
ਰਤੁ ਪਿਤੁ ਕੁਤਿਹੋ ਚਟਿ ਜਾਹੁ ॥
ਜਿਥੈ ਜੀਆਂ ਹੋਸੀ ਸਾਰ ॥
ਨਕੀਂ ਵਢੀਂ ਲਾਇਤਬਾਰ ॥2॥1288)॥

(ਤੈ=ਅਤੇ, ਸਿਕਦਾਰ=ਅਹਲਕਾਰ, ਏਨ੍ਹਾ
ਪੜਿਆ ਨਾਉ=ਇਹਨਾਂ ਦਾ ਨਾਮ ਹੈ "ਪੜ੍ਹੇ
ਹੋਏ ।" ਫਾਂਧੀ=ਫਾਹੀ, ਅਗੈ=ਪ੍ਰਭੂ ਹੀ ਹਜ਼ੂਰੀ
ਵਿਚ, ਥਾਉ ਨਾਹੀ=ਕਬੂਲ ਨਹੀਂ ਹਨ, ਬੀਨਾ=
ਸਿਆਣਾ, ਪਹਿਲੋ ਦੇ=ਸਭ ਤੋਂ ਪਹਿਲਾ, ਮੁਕਦਮ=
ਮੁਸਾਹਿਬ, ਨਹਦਾ=ਨਹੁੰਦ੍ਰਾਂ, ਘਾਉ=ਜ਼ਖ਼ਮ, ਰਤੁ ਪਿਤੁ=
ਲਹੂ ਤੇ ਪਿੱਤਾ, ਕੁਤਿਹੋ=(ਮੁਕੱਦਮ) ਕੁੱਤਿਆਂ ਦੀ ਰਾਹੀਂ,
ਲਾਇਤਬਾਰ=ਬੇ-ਇਤਬਾਰੇ, ਸਾਰ=ਪਰਖ,ਕਦਰ, ਨਕੀਂ
ਵਢੀਂ=ਨੱਕ-ਵੱਢੇ)

20. ਹਉ ਮੈ ਕਰੀ ਤਾਂ ਤੂ ਨਾਹੀ ਤੂ ਹੋਵਹਿ ਹਉ ਨਾਹਿ

ਹਉ ਮੈ ਕਰੀ ਤਾਂ ਤੂ ਨਾਹੀ ਤੂ ਹੋਵਹਿ ਹਉ ਨਾਹਿ ॥
ਬੂਝਹੁ ਗਿਆਨੀ ਬੂਝਣਾ ਏਹ ਅਕਥ ਕਥਾ ਮਨ ਮਾਹਿ ॥
ਬਿਨੁ ਗੁਰ ਤਤੁ ਨ ਪਾਈਐ ਅਲਖੁ ਵਸੈ ਸਭਿ ਮਾਹਿ ॥
ਸਤਿਗੁਰੁ ਮਿਲੈ ਤ ਜਾਣੀਐ ਜਾਂ ਸਬਦੁ ਵਸੈ ਮਨ ਮਾਹਿ ॥
ਆਪੁ ਗਇਆ ਭ੍ਰਮੁ ਭਉ ਗਇਆ ਜਨਮ ਮਰਨ ਦੁਖ ਜਾਹਿ ॥
ਗੁਰਮਤਿ ਅਲਖੁ ਲਖਾਈਐ ਊਤਮ ਮਤਿ ਤਰਾਹਿ ॥
ਨਾਨਕ ਸੋਹੰ ਹੰਸਾ ਜਪੁ ਜਾਪਹੁ ਤ੍ਰਿਭਵਣ ਤਿਸੈ ਸਮਾਹਿ ॥1॥1093)॥

(ਬੂਝਣਾ=ਬੁਝਾਰਤ, ਅਕਥ ਕਥਾ=ਪ੍ਰਭੂ ਦੀ ਗੱਲ ਜਿਸ ਦਾ
ਸਰੂਪ ਦੱਸਿਆ ਨਹੀਂ ਜਾ ਸਕਦਾ, ਅਲਖੁ=ਜਿਸ ਦਾ ਕੋਈ
ਖ਼ਾਸ ਨਿਸ਼ਾਨ ਨਹੀਂ ਦਿੱਸਦਾ, ਆਪੁ=ਆਪਾ-ਭਾਵ, ਭਰਮੁ=
ਭਟਕਣਾ, ਜਨਮ ਮਰਨ ਦੁਖ=ਸਾਰੀ ਉਮਰ ਦੇ ਦੁੱਖ, ਊਤਮ
ਮਤਿ=ਉੱਜਲ ਬੁੱਧ ਵਾਲੇ, ਸੋਹੰ=ਉਹ ਮੈਂ ਹਾਂ, ਹੰਸਾ=ਮੈਂ ਉਹ
ਹਾਂ, ਸੋਹੰ ਹੰਸਾ ਜਪੁ=ਉਹ ਜਪ ਜਿਸ ਨਾਲ 'ਉਹ ਮੈਂ' ਤੇ 'ਮੈਂ
ਉਹ' ਹੋ ਜਾਏ)

21. ਹਉ ਮੁਆ ਮੈ ਮਾਰਿਆ ਪਉਣੁ ਵਹੈ ਦਰਿਆਉ

ਹਉ ਮੁਆ ਮੈ ਮਾਰਿਆ ਪਉਣੁ ਵਹੈ ਦਰਿਆਉ ॥
ਤ੍ਰਿਸਨਾ ਥਕੀ ਨਾਨਕਾ ਜਾ ਮਨੁ ਰਤਾ ਨਾਇ ॥
ਲੋਇਣ ਰਤੇ ਲੋਇਣੀ ਕੰਨੀ ਸੁਰਤਿ ਸਮਾਇ ॥
ਜੀਭ ਰਸਾਇਣਿ ਚੂਨੜੀ ਰਤੀ ਲਾਲ ਲਵਾਇ ॥
ਅੰਦਰੁ ਮੁਸਕਿ ਝਕੋਲਿਆ ਕੀਮਤਿ ਕਹੀ ਨ ਜਾਇ ॥2॥1091)॥

(ਹਉ ਮੁਆ=ਇਸ ਖ਼ਿਆਲ ਵਿਚ ਮਰਿਆ ਪਿਆ ਕਿ
ਮੈਂ ਵੱਡਾ ਹਾਂ, ਮੈ ਮਾਰਿਆ='ਮੈਂ' ਦਾ ਮਾਰਿਆ ਹੋਇਆ,
ਪਉਣੁ=ਹਵਾ,ਤ੍ਰਿਸ਼ਨਾ, ਨਾਇ=ਨਾਮ ਵਿਚ, ਲੋਇਣ=ਅੱਖਾਂ,
ਲੋਇਣੀ=ਆਪਣੇ ਆਪ ਵਿਚ ਹੀ, ਸੁਰਤਿ=ਸੁਣਨ ਦੀ ਤਾਂਘ,
ਰਸਾਇਣਿ=ਰਸਾਂ ਦੇ ਘਰ, ਚੂਨੜੀ=ਸੋਹਣਾ ਹੀਰਾ, ਲਵਾਇ=
ਉੱਚਾਰ ਕੇ, ਮੁਸਕਿ=ਮਹਕ ਕੇ, ਝਕੋਲਿਆ=ਲਪਟਾਂ ਦੇ ਰਿਹਾ ਹੈ)

22. ਹਉ ਵਿਚਿ ਆਇਆ ਹਉ ਵਿਚਿ ਗਇਆ

ਹਉ ਵਿਚਿ ਆਇਆ ਹਉ ਵਿਚਿ ਗਇਆ ॥
ਹਉ ਵਿਚਿ ਜੰਮਿਆ ਹਉ ਵਿਚਿ ਮੁਆ ॥
ਹਉ ਵਿਚਿ ਦਿਤਾ ਹਉ ਵਿਚਿ ਲਇਆ ॥
ਹਉ ਵਿਚਿ ਖਟਿਆ ਹਉ ਵਿਚਿ ਗਇਆ ॥
ਹਉ ਵਿਚਿ ਸਚਿਆਰੁ ਕੂੜਿਆਰੁ ॥
ਹਉ ਵਿਚਿ ਪਾਪ ਪੁੰਨ ਵੀਚਾਰੁ ॥
ਹਉ ਵਿਚਿ ਨਰਕਿ ਸੁਰਗਿ ਅਵਤਾਰੁ ॥
ਹਉ ਵਿਚਿ ਹਸੈ ਹਉ ਵਿਚਿ ਰੋਵੈ ॥
ਹਉ ਵਿਚਿ ਭਰਐ ਹਉ ਵਿਚਿ ਧੋਵੈ ॥
ਹਉ ਵਿਚਿ ਜਾਤੀ ਜਿਨਸੀ ਖੋਵੈ ॥
ਹਉ ਵਿਚਿ ਮੂਰਖ ਹਉ ਵਿਚਿ ਸਿਆਣਾ ॥
ਮੋਖ ਮੁਕਤਿ ਕੀ ਸਾਰ ਨ ਜਾਣਾ ॥
ਹਉ ਵਿਚਿ ਮਾਇਆ ਹਉ ਵਿਚਿ ਛਾਇਆ ॥
ਹਉਮੈ ਕਰਿ ਕਰਿ ਜੰਤ ਉਪਾਇਆ ॥
ਹਉਮੈ ਬੂਝੈ ਤਾ ਦਰੁ ਸੂਝੈ ॥
ਗਿਆਨ ਵਿਹੂਣਾ ਕਥਿ ਕਥਿ ਲੂਝੈ ॥
ਨਾਨਕ ਹੁਕਮੀ ਲਿਖੀਐ ਲੇਖੁ ॥
ਜੇਹਾ ਵੇਖਹਿ ਤੇਹਾ ਵੇਖੁ ॥1॥(466)॥

(ਹਉ=ਮੈਂ, ਗਇਆ=ਗੁਆਚਿਆ,ਨੁਕਸਾਨ ਹੋਇਆ,
ਭਰੀਐ=ਮਲੀਨ ਹੋ ਜਾਂਦਾ ਹੈ, ਜਾਤੀ ਜਿਨਸੀ=ਜ਼ਾਤ ਪਾਤ,
ਸਾਰ=ਸਮਝ, ਛਾਇਆ=ਮਾਇਆ ਦਾ ਸਾਇਆ, ਸੂਝੈ=ਸੁਝ
ਪੈਂਦਾ ਹੈ, ਕਥਿ ਕਥਿ=ਆਖ ਆਖ ਕੇ, ਲੂਝੈ=ਲੁੱਝਦਾ ਹੈ,
ਖਿੱਝਦਾ ਹੈ, ਲੇਖੁ=ਇਹ ਹਉਮੈ ਵਾਲਾ ਲੇਖ, ਵੇਖਹਿ=ਵੇਖਦੇ
ਹਨ, ਵੇਖੁ=ਦ੍ਰਿੱਸ਼,ਸ਼ਕਲ,ਹਉਂ)

23. ਹਿੰਦੂ ਕੈ ਘਰਿ ਹਿੰਦੂ ਆਵੈ

ਹਿੰਦੂ ਕੈ ਘਰਿ ਹਿੰਦੂ ਆਵੈ ॥
ਸੂਤੁ ਜਨੇਊ ਪੜਿ ਗਲਿ ਪਾਵੈ ॥
ਸੂਤੁ ਪਾਇ ਕਰੇ ਬੁਰਿਆਈ ॥
ਨਾਤਾ ਧੋਤਾ ਥਾਇ ਨ ਪਾਈ ॥
ਮੁਸਲਮਾਨੁ ਕਰੇ ਵਡਿਆਈ ॥
ਵਿਣੁ ਗੁਰ ਪੀਰੈ ਕੋ ਥਾਇ ਨ ਪਾਈ ॥
ਰਾਹੁ ਦਸਾਇ ਓਥੈ ਕੋ ਜਾਇ ॥
ਕਰਣੀ ਬਾਝਹੁ ਭਿਸਤਿ ਨ ਪਾਇ ॥
ਜੋਗੀ ਕੈ ਘਰਿ ਜੁਗਤਿ ਦਸਾਈ ॥
ਤਿਤੁ ਕਾਰਣਿ ਕਨਿ ਮੁੰਦ੍ਰਾ ਪਾਈ ॥
ਮੁੰਦ੍ਰਾ ਪਾਇ ਫਿਰੈ ਸੰਸਾਰਿ ॥
ਜਿਥੈ ਕਿਥੈ ਸਿਰਜਣਹਾਰੁ ॥
ਜੇਤੇ ਜੀਅ ਤੇਤੇ ਵਾਟਾਊ ॥
ਚੀਰੀ ਆਈ ਢਿਲ ਨ ਕਾਊ ॥
ਏਥੈ ਜਾਣੈ ਸੁ ਜਾਇ ਸਿਞਾਣੈ ॥
ਹੋਰੁ ਫਕੜੁ ਹਿੰਦੂ ਮੁਸਲਮਾਣੈ ॥
ਸਭਨਾ ਕਾ ਦਰਿ ਲੇਖਾ ਹੋਇ ॥
ਕਰਣੀ ਬਾਝਹੁ ਤਰੈ ਨ ਕੋਇ ॥
ਸਚੋ ਸਚੁ ਵਖਾਣੈ ਕੋਇ ॥
ਨਾਨਕ ਅਗੈ ਪੁਛ ਨ ਹੋਇ ॥2॥952)॥

(ਹਿੰਦੂ=ਹਿੰਦੂ ਬ੍ਰਾਹਮਣ, ਪੜਿ=ਪੜ੍ਹ ਕੇ, ਥਾਇ
ਨ ਪਾਈ=ਕਬੂਲ ਨਹੀਂ ਹੁੰਦਾ, ਦਸਾਇ=ਪੁੱਛਦਾ ਹੈ,
ਕਰਣੀ=ਚੰਗਾ ਆਚਰਣ, ਭਿਸਤਿ=ਬਹਿਸ਼ਤ,ਸੁਰਗ,
ਤਿਤੁ ਕਾਰਣਿ=ਉਸ ਦੀ ਖ਼ਾਤਰ, ਜਿਥੈ ਕਿਥੈ=ਹਰ ਥਾਂ,
ਵਾਟਾਊ=ਮੁਸਾਫ਼ਿਰ, ਚੀਰੀ=ਚਿੱਠੀ, ਏਥੈ=ਇਸ ਜੀਵਨ
ਵਿਚ, ਫਕੜੁ=ਫੋਕਾ ਦਾਹਵਾ, ਸਚੋ ਸਚੁ=ਕੇਵਲ ਸੱਚੇ ਪ੍ਰਭੂ ਨੂੰ)

24. ਹਿੰਦੂ ਮੂਲੇ ਭੂਲੇ ਅਖੁਟੀ ਜਾਂਹੀ

ਹਿੰਦੂ ਮੂਲੇ ਭੂਲੇ ਅਖੁਟੀ ਜਾਂਹੀ ॥
ਨਾਰਦਿ ਕਹਿਆ ਸਿ ਪੂਜ ਕਰਾਂਹੀ ॥
ਅੰਧੇ ਗੁੰਗੇ ਅੰਧ ਅੰਧਾਰੁ ॥
ਪਾਥਰੁ ਲੇ ਪੂਜਹਿ ਮੁਗਧ ਗਵਾਰ ॥
ਓਹਿ ਜਾ ਆਪਿ ਡੁਬੇ ਤੁਮ ਕਹਾ ਤਰਣਹਾਰੁ ॥2॥(556)॥

(ਮੂਲੇ=ਉੱਕਾ ਹੀ, ਅਖੁਟੀ ਜਾਂਹੀ=ਖੁੰਝੇ ਜਾ ਰਹੇ ਹਨ,ਨਾਰਦਿ=
ਨਾਰਦ ਨੇ, ਗਵਾਰ=ਉਜੱਡ, ਓਹਿ=ਉਹ ਪੱਥਰ, ਕਹਾ=ਕਿਵੇਂ)

25. ਹੁਕਮਿ ਰਜਾਈ ਸਾਖਤੀ ਦਰਗਹ ਸਚੁ ਕਬੂਲੁ

ਹੁਕਮਿ ਰਜਾਈ ਸਾਖਤੀ ਦਰਗਹ ਸਚੁ ਕਬੂਲੁ ॥
ਸਾਹਿਬੁ ਲੇਖਾ ਮੰਗਸੀ ਦੁਨੀਆ ਦੇਖਿ ਨ ਭੂਲੁ ॥
ਦਿਲ ਦਰਵਾਨੀ ਜੋ ਕਰੇ ਦਰਵੇਸੀ ਦਿਲੁ ਰਾਸਿ ॥
ਇਸਕ ਮੁਹਬਤਿ ਨਾਨਕਾ ਲੇਖਾ ਕਰਤੇ ਪਾਸਿ ॥1॥1090)॥

(ਸਾਖਤੀ=ਬਨਾਵਟ,ਪ੍ਰਭੂ ਨਾਲ ਜੋੜ, ਦਰਵਾਨੀ=ਰਾਖੀ,
ਦਿਲੁ ਰਾਸਿ=ਦਿਲ ਨੂੰ ਸਿੱਧੇ ਰਾਹ ਤੇ ਰੱਖਣਾ, ਰਜਾਈ=
ਰਜ਼ਾ ਦਾ ਮਾਲਕ ਪਰਮਾਤਮਾ )

26. ਜਾ ਹਉ ਨਾਹੀ ਤਾ ਕਿਆ ਆਖਾ ਕਿਹੁ ਨਾਹੀ ਕਿਆ ਹੋਵਾ

ਜਾ ਹਉ ਨਾਹੀ ਤਾ ਕਿਆ ਆਖਾ ਕਿਹੁ ਨਾਹੀ ਕਿਆ ਹੋਵਾ ॥
ਕੀਤਾ ਕਰਣਾ ਕਹਿਆ ਕਥਨਾ ਭਰਿਆ ਭਰਿ ਭਰਿ ਧੋਵਾਂ ॥
ਆਪਿ ਨ ਬੁਝਾ ਲੋਕ ਬੁਝਾਈ ਐਸਾ ਆਗੂ ਹੋਵਾਂ ॥
ਨਾਨਕ ਅੰਧਾ ਹੋਇ ਕੈ ਦਸੇ ਰਾਹੈ ਸਭਸੁ ਮੁਹਾਏ ਸਾਥੈ ॥
ਅਗੈ ਗਇਆ ਮੁਹੇ ਮੁਹਿ ਪਾਹਿ ਸੁ ਐਸਾ ਆਗੂ ਜਾਪੈ ॥2॥(140)॥

(ਹਉ=ਮੈਂ, ਕਿਆ ਹੋਵਾ=ਕਿੰਨਾ ਕੁਝ ਬਣ ਬਣ ਦਿਖਾਵਾਂ,
ਕੀਤਾ ਕਰਣਾ=ਕੰਮ-ਕਾਰ, ਕਹਿਆ ਕਥਨਾ=ਬੋਲ-ਚਾਲ,
ਮੁਹਾਏ=ਠਗਾਂਦਾ ਹੈ, ਮੁਹੇ ਮੁਹਿ=ਮੂੰਹ ਉਤੇ, ਪਾਹਿ=ਪੈਂਦੀਆਂ
ਹਨ, ਕਿਹੁ=ਕੁਝ,ਕੋਈ ਆਤਮਕ ਗੁਣ, ਭਰਿ ਭਰਿ=ਗੰਦਾ
ਹੋ ਕੇ, ਐਸਾ=ਇਹੋ ਜਿਹਾ ਭਾਵ ਹਾਸੋ-ਹੀਣਾ)

27. ਜਉ ਤਉ ਪ੍ਰੇਮ ਖੇਲਣ ਕਾ ਚਾਉ

ਜਉ ਤਉ ਪ੍ਰੇਮ ਖੇਲਣ ਕਾ ਚਾਉ ॥
ਸਿਰੁ ਧਰਿ ਤਲੀ ਗਲੀ ਮੇਰੀ ਆਉ ॥
ਇਤੁ ਮਾਰਗਿ ਪੈਰੁ ਧਰੀਜੈ ॥
ਸਿਰੁ ਦੀਜੈ ਕਾਣਿ ਨ ਕੀਜੈ ॥20॥1412)॥

(ਜਉ=ਜੇ, ਤਉ=ਤੈਨੂੰ, ਚਾਉ=ਸ਼ੌਕ, ਧਰਿ=
ਧਰ ਕੇ, ਸਿਰੁ=ਅਹੰਕਾਰ, ਇਤੁ ਮਾਰਗਿ=
ਇਸ ਰਸਤੇ ਵਿਚ, ਧਰੀਜੈ=ਧਰਨਾ ਚਾਹੀਦਾ
ਹੈ, ਕਾਣਿ=ਝਿਜਕ, ਨ ਕੀਜੈ=ਨਹੀਂ ਚਾਹੀਦੀ)

28. ਜੇ ਕਰਿ ਸੂਤਕੁ ਮੰਨੀਐ ਸਭ ਤੈ ਸੂਤਕੁ ਹੋਇ

ਜੇ ਕਰਿ ਸੂਤਕੁ ਮੰਨੀਐ ਸਭ ਤੈ ਸੂਤਕੁ ਹੋਇ ॥
ਗੋਹੇ ਅਤੈ ਲਕੜੀ ਅੰਦਰਿ ਕੀੜਾ ਹੋਇ ॥
ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ ॥
ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ ॥
ਸੂਤਕੁ ਕਿਉ ਕਰਿ ਰਖੀਐ ਸੂਤਕੁ ਪਵੈ ਰਸੋਇ ॥
ਨਾਨਕ ਸੂਤਕੁ ਏਵ ਨ ਉਤਰੈ ਗਿਆਨੁ ਉਤਾਰੇ ਧੋਇ ॥1॥

(ਸਭ ਤੈ=ਸਭ ਥਾਈਂ, ਜੀਆ ਬਾਝੁ=ਜੀਆਂ ਤੋਂ ਬਿਨਾ,
ਪਹਿਲਾ ਪਾਣੀ=ਸਭ ਤੋਂ ਪਹਿਲਾਂ ਪਾਣੀ, ਜਿਤੁ=ਜਿਸ
ਨਾਲ, ਸਭੁ ਕੋਇ=ਹਰੇਕ ਜੀਵ, ਹਰਿਆ=ਹਰਾ,ਜਿੰਦ
ਵਾਲਾ, ਏਵ=ਇਸ ਤਰ੍ਹਾਂ, ਉਤਾਰੈ ਧੋਇ=ਧੋ ਕੇ ਲਾਹ
ਦੇਂਦਾ ਹੈ)

ਮ : 1 ॥
ਮਨ ਕਾ ਸੂਤਕੁ ਲੋਭੁ ਹੈ ਜਿਹਵਾ ਸੂਤਕੁ ਕੂੜੁ ॥
ਅਖੀ ਸੂਤਕੁ ਵੇਖਣਾ ਪਰ ਤ੍ਰਿਅ ਪਰ ਧਨ ਰੂਪੁ ॥
ਕੰਨੀ ਸੂਤਕੁ ਕੰਨਿ ਪੈ ਲਾਇਤਬਾਰੀ ਖਾਹਿ ॥
ਨਾਨਕ ਹੰਸਾ ਆਦਮੀ ਬਧੇ ਜਮ ਪੁਰਿ ਜਾਹਿ ॥2॥

(ਕੂੜੁ=ਝੂਠੁ ਪਰ ਤ੍ਰਿਅ ਰੂਪੁ=ਪਰਾਈ ਇਸਤ੍ਰੀ ਦਾ ਰੂਪ,
ਕੰਨਿ=ਕੰਨ ਨਾਲ, ਲਾਇਤਬਾਰੀ=ਚੁਗ਼ਲੀ, ਪੈ ਖਾਹਿ=
ਬੇਪਰਵਾਹ ਹੋ ਕੇ ਚੁਗ਼ਲੀ ਸੁਣਦੇ ਹਨ, ਹੰਸਾ ਆਦਮੀ=
ਵੇਖਣ ਨੂੰ ਹੰਸਾਂ ਵਰਗੇ ਮਨੁੱਖ, ਜਮਪੁਰਿ=ਜਮਰਾਜ ਦੀ
ਪੁਰੀ ਵਿਚ,ਨਰਕ ਵਿਚ)

ਮ : 1 ॥
ਸਭੋ ਸੂਤਕੁ ਭਰਮੁ ਹੈ ਦੂਜੈ ਲਗੈ ਜਾਇ ॥
ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ ॥
ਖਾਣਾ ਪੀਣਾ ਪਵਿਤ੍ਰੁ ਹੈ ਦਿਤੋਨੁ ਰਿਜਕੁ ਸੰਬਾਹਿ ॥
ਨਾਨਕ ਜਿਨ੍ਹੀ ਗੁਰਮੁਖਿ ਬੁਝਿਆ ਤਿਨ੍ਹਾ ਸੂਤਕੁ ਨਾਹਿ ॥3॥(472)॥

(ਸਭੋ=ਉੱਕਾ ਕੀ, ਨਿਰਾ ਪੁਰਾ, ਦੂਜੈ ਜਾਇ=ਮਾਇਆ ਵਿਚ
ਫਸਿਆ, ਦਿਤੋਨੁ=ਦਿੱਤਾ ਹੈ, ਸੰਬਾਹਿ=ਇਕੱਠਾ ਕਰ ਕੇ)

29. ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ

ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ ॥
ਅਗੈ ਵਸਤੁ ਸਿਞਾਣੀਐ ਪਿਤਰੀ ਚੋਰ ਕਰੇਇ ॥
ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ ॥
ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ ॥1॥(472)॥

(ਮੋਹਾਕਾ=ਠੱਗ,ਚੋਰ, ਘਰੁ ਮੁਹੈ=ਘਰ ਠੱਗੇ, ਘਰੁ ਮੁਹਿ=
ਘਰ ਠੱਗ ਕੇ, ਪਿਤਰ=ਵੱਡੇਰੇ ਜੋ ਮਰ ਚੁਕੇ ਹੋਣ,ਵਸਤੁ=
ਚੀਜ਼, ਪਿਤਰੀ ਚੋਰ ਕਰੇਇ=ਪਿਤਰਾਂ ਨੂੰ ਚੋਰ ਬਣਾਂਦਾ ਹੈ,
ਵਢੀਅਹਿ=ਵੱਢੇ ਜਾਂਦੇ ਹਨ, ਹਥ ਦਲਾਲ ਕੇ=ਉਸ ਬ੍ਰਾਹਮਣ
ਦੇ ਹੱਥ ਜੋ ਲੋਕਾਂ ਦੇ ਪਿਤਰਾਂ ਨੂੰ ਪਦਾਰਥ ਅਪੜਾਣ ਲਈ
ਦਲਾਲ ਬਣਦਾ ਹੈ, ਮੁਸਫੀ ਏਹ ਕਰੇਇ=ਇਹ ਨਿਆਉਂ
ਕਰਦਾ ਹੈ, ਖਟੇ ਘਾਲੇ ਦੇਇ=ਕਮਾਂਦਾ ਹੈ ਤੇ ਹੱਥੋਂ ਦੇਂਦਾ ਹੈ)

30. ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ

ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ ॥
ਜੋ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ ॥
ਨਾਨਕ ਨਾਉ ਖੁਦਾਇ ਕਾ ਦਿਲਿ ਹਛੈ ਮੁਖਿ ਲੇਹੁ ॥
ਅਵਰਿ ਦਿਵਾਜੇ ਦੁਨੀ ਕੇ ਝੂਠੇ ਅਮਲ ਕਰੇਹੁ ॥1॥(140)॥

(ਜਾਮਾ=ਕੱਪੜਾ, ਰਤੁ=ਲਹੂ, ਮਾਣਸਾ=ਮਨੁੱਖਾਂ ਦਾ,
ਦਿਲਿ ਹਛੇ=ਸਾਫ਼ ਦਿਲ ਨਾਲ, ਮੁਖਿ=ਮੂੰਹੋਂ, ਦਿਵਾਜੇ=ਦਿਖਾਵੇ)

31. ਜਿਨਸਿ ਥਾਪਿ ਜੀਆਂ ਕਉ ਭੇਜੈ ਜਿਨਸਿ ਥਾਪਿ ਲੈ ਜਾਵੈ

ਜਿਨਸਿ ਥਾਪਿ ਜੀਆਂ ਕਉ ਭੇਜੈ ਜਿਨਸਿ ਥਾਪਿ ਲੈ ਜਾਵੈ ॥
ਆਪੇ ਥਾਪਿ ਉਥਾਪੈ ਆਪੇ ਏਤੇ ਵੇਸ ਕਰਾਵੈ ॥
ਜੇਤੇ ਜੀਅ ਫਿਰਹਿ ਅਉਧੂਤੀ ਆਪੇ ਭਿਖਿਆ ਪਾਵੈ ॥
ਲੇਖੈ ਬੋਲਣੁ ਲੇਖੈ ਚਲਣੁ ਕਾਇਤੁ ਕੀਚਹਿ ਦਾਵੇ ॥
ਮੂਲੁ ਮਤਿ ਪਰਵਾਣਾ ਏਹੋ ਨਾਨਕੁ ਆਖਿ ਸੁਣਾਏ ॥
ਕਰਣੀ ਉਪਰਿ ਹੋਇ ਤਪਾਵਸੁ ਜੇ ਕੋ ਕਹੈ ਕਹਾਏ ॥2॥1238)॥

(ਜਿਨਸਿ ਥਾਪਿ=ਭਾਂਤ ਭਾਂਤ ਦੇ ਸਰੀਰ ਰਚ ਰਚ ਕੇ,
ਉਥਾਪੈ=ਨਾਸ ਕਰਦਾ ਹੈ, ਏਤੇ=ਇੰਨੇ,ਕਈ ਕਿਸਮਾਂ ਦੇ,
ਜੇਤੇ ਜੀਅ=ਜਿਤਨੇ ਭੀ ਜੀਵ ਹਨ, ਅਉਧੂਤੀ=ਮੰਗਤੇ,
ਆਪੇ=ਆਪ ਹੀ, ਭਿਖਿਆ=ਖ਼ੈਰ, ਲੇਖੈ=ਲੇਖੇ ਵਿਚ,
ਕਾਇਤੁ=ਕਾਹਦੇ ਲਈ, ਕੀਚਹਿ=ਕੀਤੇ ਜਾਣ, ਕੀਚਹਿ
ਦਾਵੇ=ਮੱਲਾਂ ਮੱਲੀਆਂ ਜਾਣ, ਮੂਲੁ=ਜੜ੍ਹ,ਤੱਤ, ਪਰਵਾਣਾ=
ਮੰਨਿਆ-ਪ੍ਰਮੰਨਿਆ, ਕਰਣੀ=ਕੀਤੇ ਹੋਏ ਕਰਮ,ਤਪਾਵਸੁ=
ਨਿਆਂ, ਨਿਬੇੜਾ)

32. ਜਿਉ ਜੋਰੂ ਸਿਰਨਾਵਣੀ ਆਵੈ ਵਾਰੋ ਵਾਰ

ਜਿਉ ਜੋਰੂ ਸਿਰਨਾਵਣੀ ਆਵੈ ਵਾਰੋ ਵਾਰ ॥
ਜੂਠੇ ਜੂਠਾ ਮੁਖਿ ਵਸੈ ਨਿਤ ਨਿਤ ਹੋਇ ਖੁਆਰੁ ॥
ਸੂਚੇ ਏਹਿ ਨ ਆਖੀਅਹਿ ਬਹਨਿ ਜਿ ਪਿੰਡਾ ਧੋਇ ॥
ਸੂਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਇ ॥2॥(472)॥

(ਜੋਰੂ=ਇਸਤ੍ਰੀ, ਸਿਰਨਾਵਣੀ=ਮਾਹਵਾਰੀ ਖ਼ੂਨ, ਵਾਰੋ ਵਾਰ=
ਹਰ ਮਹੀਨੇ,ਸਦਾ, ਜੂਠੇ=ਝੂਠੇ ਮਨੁੱਖ ਦੇ, ਏਹਿ=ਅਜੇਹੇ ਮਨੁੱਖ,
ਸੂਚੇ=ਸੁੱਚੇ, ਆਖੀਅਹਿ=ਆਖੇ ਜਾਂਦੇ ਹਨ, ਜਿ=ਜੋ ਮਨੁੱਖ, ਸੋਈ=
ਉਹੀ ਮਨੁੱਖ, ਜਿਨ ਮਨਿ=ਜਿਨ੍ਹਾਂ ਦੇ ਮਨ ਵਿਚ, ਸੋਇ=ਉਹ ਪ੍ਰਭੂ)

33. ਜੂਠਿ ਨ ਰਾਗੀਂ ਜੂਠਿ ਨ ਵੇਦੀਂ

ਜੂਠਿ ਨ ਰਾਗੀਂ ਜੂਠਿ ਨ ਵੇਦੀਂ ॥
ਜੂਠਿ ਨ ਚੰਦ ਸੂਰਜ ਕੀ ਭੇਦੀ ॥
ਜੂਠਿ ਨ ਅੰਨੀ ਜੂਠਿ ਨ ਨਾਈ ॥
ਜੂਠਿ ਨ ਮੀਹੁ ਵਰ੍ਹਿਐ ਸਭ ਥਾਈ ॥
ਜੂਠਿ ਨ ਧਰਤੀ ਜੂਠਿ ਨ ਪਾਣੀ ॥
ਜੂਠਿ ਨ ਪਉਣੈ ਮਾਹਿ ਸਮਾਣੀ ॥
ਨਾਨਕ ਨਿਗੁਰਿਆ ਗੁਣੁ ਨਾਹੀ ਕੋਇ ॥
ਮੁਹਿ ਫੇਰਿਐ ਮੁਹੁ ਜੂਠਾ ਹੋਇ ॥1॥1240)॥

(ਰਾਗੀਂ=ਰਾਗ ਦੀ ਰਾਹੀਂ, ਵੇਦੀਂ=ਵੇਦ ਦੀ ਰਾਹੀਂ,
ਕੀ ਭੇਦੀ=ਦੇ ਭੇਦਾਂ ਦੀ ਰਾਹੀਂ, ਚੰਦ ਸੂਰਜ ਕੀ
ਭੇਦੀ=ਚੰਦ੍ਰਮਾ ਅਤੇ ਸੂਰਜ ਦੇ ਵਖ-ਵਖ ਮੰਨੇ ਹੋਏ
ਪਵਿੱਤਰ ਦਿਹਾੜਿਆਂ ਦੀ ਰਾਹੀਂ, ਅੰਨੀ=ਅੰੰਨ
ਨਾਲ,ਵਰਤ ਰੱਖਣ ਨਾਲ, ਨਾਈ=ਨ੍ਹਾਵਣ ਨਾਲ,
ਵਰ੍ਹਿਐ=ਵਰ੍ਹਨ ਨਾਲ, ਪਾਣੀ=ਪਾਣੀ ਨਾਲ, ਪਉਣ=
ਹਵਾ,ਸੁਆਸ, ਪਉਣੈ ਮਾਹਿ ਸਮਾਣੀ=ਸੁਆਸਾਂ ਨੂੰ
ਰੋਕਣ ਦੇ ਅੱਭਿਆਸ ਨਾਲ, ਨਿਗੁਰਿਆ=ਉਹਨਾਂ
ਮਨੁੱਖਾਂ ਵਿਚ ਜੋ ਗੁਰੂ ਦੇ ਦੱਸੇ ਰਸਤੇ ਉਤੇ ਨਹੀਂ
ਤੁਰਦੇ, ਮੁਹਿ ਫੇਰਿਐ=ਜੇ ਮੂੰਹ ਫੇਰੀ ਰੱਖੀਏ, ਜੂਠਾ=
ਅਪਵਿੱਤਰ)

34. ਜੁੜਿ ਜੁੜਿ ਵਿਛੁੜੇ ਵਿਛੁੜਿ ਜੁੜੇ

ਜੁੜਿ ਜੁੜਿ ਵਿਛੁੜੇ ਵਿਛੁੜਿ ਜੁੜੇ ॥
ਜੀਵਿ ਜੀਵਿ ਮੁਏ ਮੁਏ ਜੀਵੇ ॥
ਕੇਤਿਆ ਕੇ ਬਾਪ ਕੇਤਿਆ ਕੇ ਬੇਟੇ ਕੇਤੇ ਗੁਰ ਚੇਲੇ ਹੂਏ ॥
ਆਗੈ ਪਾਛੈ ਗਣਤ ਨ ਆਵੈ ਕਿਆ ਜਾਤੀ ਕਿਆ ਹਿਣ ਹੂਏ ॥
ਸਭੁ ਕਰਣਾ ਕਿਰਤੁ ਕਰਿ ਲਿਖੀਐ ਕਰਿ ਕਰਿ ਕਰਤਾ ਕਰੇ ਕਰੇ ॥
ਮਨਮੁਖਿ ਮਰੀਐ ਗੁਰਮੁਖਿ ਤਰੀਐ ਨਾਨਕ ਨਦਰੀ ਨਦਰਿ ਕਰੇ ॥2॥1238)॥

(ਜੁੜਿ=ਜੁੜ ਕੇ, ਮਿਲ ਕੇ, ਜੁੜਿ ਜੁੜਿ=ਮੁੜ ਮੁੜ ਜਨਮ ਲੈ ਕੇ,
ਵਿਛੁੜੇ=ਵਿਛੁੜਦੀ ਹੈ, ਜੀਵ ਮਰਦੇ ਹਨ, ਵਿਛੁੜਿ= ਮਰ ਕੇ,
ਜੀਵਿ ਜੀਵਿ=ਕਈ ਵਾਰੀ ਜੰਮ ਕੇ, ਆਗੈ ਪਾਛੈ=ਹੁਣ ਵਾਲੇ ਜਨਮ
ਤੋਂ ਪਹਿਲਾਂ ਤੇ ਇਸ ਤੋਂ ਅਗਾਂਹ, ਗਣਤ=ਗਿਣਤੀ, ਸਭੁ ਕਰਣਾ=
ਸਾਰਾ ਜਗਤ, ਕਿਰਤੁ ਕਰਿ=ਕੀਤੇ ਕਰਮਾਂ ਅਨੁਸਾਰ, ਨਦਰਿ=
ਨਜ਼ਰ ਕਰਨ ਵਾਲਾ ਪ੍ਰਭੂ, ਕਰਿ ਕਰਿ, ਕਰੇ ਕਰੇ=ਮੁੜ ਮੁੜ ਕਰੀ
ਜਾ ਰਿਹਾ ਹੈ, ਮਨਮੁਖਿ=ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ,
ਗੁਰਮੁਖਿ=ਗੁਰੂ ਦੇ ਦੱਸੇ ਰਾਹ ਉਤੇ ਤੁਰਨ ਵਾਲਾ ਮਨੁੱਖ)

35. ਕੈਹਾ ਕੰਚਨੁ ਤੁਟੈ ਸਾਰੁ

ਕੈਹਾ ਕੰਚਨੁ ਤੁਟੈ ਸਾਰੁ ॥
ਅਗਨੀ ਗੰਢੁ ਪਾਏ ਲੋਹਾਰੁ ॥
ਗੋਰੀ ਸੇਤੀ ਤੁਟੈ ਭਤਾਰੁ ॥
ਪੁਤੀਂ ਗੰਢੁ ਪਵੈ ਸੰਸਾਰਿ ॥
ਰਾਜਾ ਮੰਗੈ ਦਿਤੈ ਗੰਢੁ ਪਾਇ ॥
ਭੁਖਿਆ ਗੰਢੁ ਪਵੈ ਜਾ ਖਾਇ ॥
ਕਾਲਾ ਗੰਢੁ ਨਦੀਆ ਮੀਹ ਝੋਲ ॥
ਗੰਢੁ ਪਰੀਤੀ ਮਿਠੇ ਬੋਲ ॥
ਬੇਦਾ ਗੰਢੁ ਬੋਲੇ ਸਚੁ ਕੋਇ ॥
ਮੁਇਆ ਗੰਢੁ ਨੇਕੀ ਸਤੁ ਹੋਇ ॥
ਏਤੁ ਗੰਢਿ ਵਰਤੈ ਸੰਸਾਰੁ ॥
ਮੂਰਖੁ ਗੰਢੁ ਪਵੈ ਮੁਹਿ ਮਾਰ ॥
ਨਾਨਕ ਆਖੈ ਏਹੁ ਬੀਚਾਰੁ ॥
ਸਿਫਤੀ ਗੰਢੁ ਪਵੈ ਦਰਬਾਰਿ ॥2॥(143)॥

(ਕੰਚਨੁ=ਸੋਨਾ, ਸਾਰੁ=ਲੋਹਾ, ਗੰਢੁ=ਗਾਂਢਾ,
ਗੋਰੀ=ਇਸਤ੍ਰੀ,ਵਹੁਟੀ, ਕਾਲਾ ਗੰਢੁ=ਕਾਲਾਂ
ਦਾ ਖ਼ਾਤਮਾ, ਝੋਲ=ਬਹੁਤ ਮੀਂਹ, ਮੁਇਆ
ਗੰਢੁ=ਮੋਏ ਮਨੁੱਖਾਂ ਦਾ ਦੁਨੀਆ ਨਾਲ ਸੰਬੰਧ,
ਸਤੁ=ਦਾਨ, ਏਤੁ ਗੰਢਿ=ਇਸ ਗਾਂਢੇ ਨਾਲ,
ਮੁਹਿ=ਮੂੰਹ ਉਤੇ)

36. ਕਲਿ ਹੋਈ ਕੁਤੇ ਮੁਹੀ ਖਾਜੁ ਹੋਇਆ ਮੁਰਦਾਰੁ

ਕਲਿ ਹੋਈ ਕੁਤੇ ਮੁਹੀ ਖਾਜੁ ਹੋਇਆ ਮੁਰਦਾਰੁ ॥
ਕੂੜੁ ਬੋਲਿ ਬੋਲਿ ਭਉਕਣਾ ਚੂਕਾ ਧਰਮੁ ਬੀਚਾਰੁ ॥
ਜਿਨ ਜੀਵੰਦਿਆ ਪਤਿ ਨਹੀ ਮੁਇਆ ਮੰਦੀ ਸੋਇ ॥
ਲਿਖਿਆ ਹੋਵੈ ਨਾਨਕਾ ਕਰਤਾ ਕਰੇ ਸੁ ਹੋਇ ॥1॥1243)॥

(ਕਲਿ=ਕਲਜੁਗੀ ਸ੍ਰਿਸ਼ਟੀ, ਕੁਤੇ ਮੁਹੀ=ਕੁੱਤੇ ਦੇ ਮੂੰਹ ਵਾਲੀ,
ਮੁਰਦਾਰੁ=ਹਰਾਮ,ਵੱਢੀ, ਕੂੜੁ=ਝੂਠ, ਚੂਕਾ=ਮੁੱਕ ਗਿਆ, ਪਤਿ=
ਇੱਜ਼ਤ, ਸੋਇ=ਸੋਭਾ, ਮੰਦੀ ਸੋਇ=ਬਦਨਾਮੀ, ਲਿਖਿਆ ਹੋਵੈ=
ਮੱਥੇ ਤੇ ਲਿਖਿਆ ਲੇਖ ਹੀ ਉੱਘੜਦਾ ਹੈ, ਖਾਜੁ=ਮਨ-ਭਾਉਂਦਾ ਖਾਣਾ)

37. ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ

ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ ॥
ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ ॥
ਹਉ ਭਾਲਿ ਵਿਕੁੰਨੀ ਹੋਈ ॥
ਆਧੇਰੈ ਰਾਹੁ ਨ ਕੋਈ ॥
ਵਿਚਿ ਹਉਮੈ ਕਰਿ ਦੁਖੁ ਰੋਈ ॥
ਕਹੁ ਨਾਨਕ ਕਿਨਿ ਬਿਧਿ ਗਤਿ ਹੋਈ ॥1॥(145)॥

(ਕਲਿ=ਕਲਜੁਗੀ ਸੁਭਾਉ, ਕਾਤੀ=ਛੁਰੀ, ਕਾਸਾਈ=
ਕਸਾਈ, ਜ਼ਾਲਮ, ਪੰਖ=ਖੰਭ, ਅਮਾਵਸ=ਹਨੇਰੀ ਰਾਤ,
ਕਹ=ਕਿਥੇ, ਹਉ=ਮਂੈ, ਵਿਕੁੰਨੀ=ਵਿਆਕੁਲ, ਕਿਨਿ
ਬਿਧਿ=ਕਿਸ ਤਰ੍ਹਾਂ, ਗਤਿ=ਮੁਕਤਿ,ਖ਼ਲਾਸੀ)

38. ਕਮਰਿ ਕਟਾਰਾ ਬੰਕੁੜਾ

ਕਮਰਿ ਕਟਾਰਾ ਬੰਕੁੜਾ ਬੰਕੇ ਕਾ ਅਸਵਾਰੁ ॥
ਗਰਬੁ ਨ ਕੀਜੈ ਨਾਨਕਾ ਮਤੁ ਸਿਰ ਆਵੈ ਭਾਰੁ ॥3॥956)॥

(ਕਮਰਿ=ਲੱਕ ਦੁਆਲੇ, ਬੰਕੁੜਾ=ਬਾਂਕਾ ਜਿਹਾ,ਸੋਹਣਾ ਜਿਹਾ,
ਕਟਾਰਾ=ਖ਼ੰਜਰ, ਬੰਕੇ ਕਾ=ਸੋਹਣੇ ਘੋੜੇ ਦਾ, ਗਰਬੁ=ਅਹੰਕਾਰੁ,
ਮਤੁ=ਮਤਾਂ, ਸਿਰਿ=ਸਿਰ ਉੱਤੇ, ਆਵੈ ਭਾਰੁ=ਬੋਝ ਸਿਰ ਉੱਤੇ
ਆ ਜਾਏ, ਭਾਵ, ਸਿਰ-ਭਾਰ ਡਿੱਗ ਪਏ)

39. ਕਿਆ ਖਾਧੈ ਕਿਆ ਪੈਧੈ ਹੋਇ

ਕਿਆ ਖਾਧੈ ਕਿਆ ਪੈਧੈ ਹੋਇ ॥
ਜਾ ਮਨਿ ਨਾਹੀ ਸਚਾ ਸੋਇ ॥
ਕਿਆ ਮੇਵਾ ਕਿਆ ਘਿਉ ਗੁੜੁ ਮਿਠਾ ਕਿਆ ਮੈਦਾ ਕਿਆ ਮਾਸੁ ॥
ਕਿਆ ਕਪੜੁ ਕਿਆ ਸੇਜ ਸੁਖਾਲੀ ਕੀਜਹਿ ਭੋਗ ਬਿਲਾਸ ॥
ਕਿਆ ਲਸਕਰ ਕਿਆ ਨੇਬ ਖਵਾਸੀ ਆਵੈ ਮਹਲੀ ਵਾਸੁ ॥
ਨਾਨਕ ਸਚੇ ਨਾਮ ਵਿਣੁ ਸਭੇ ਟੋਲ ਵਿਣਾਸੁ ॥2॥(142)॥

(ਕੀਜਹਿ=ਕੀਤੇ ਜਾਣ, ਭੋਗ ਬਿਲਾਸ=ਰੰਗ-ਰਲੀਆਂ,ਨੇਬ=
ਚੋਬਦਾਰ, ਖਵਾਸੀ=ਚੌਰੀ-ਬਰਦਾਰ, ਟੋਲ=ਪਦਾਰਥ)

40. ਕਿਉ ਮਰੈ ਮੰਦਾ ਕਿਉ ਜੀਵੈ ਜੁਗਤਿ

ਕਿਉ ਮਰੈ ਮੰਦਾ ਕਿਉ ਜੀਵੈ ਜੁਗਤਿ ॥
ਕੰਨ ਪੜਾਇ ਕਿਆ ਖਾਜੈ ਭੁਗਤਿ ॥
ਆਸਤਿ ਨਾਸਤਿ ਏਕੋ ਨਾਉ ॥
ਕਉਣੁ ਸੁ ਅਖਰੁ ਜਿਤੁ ਰਹੈ ਹਿਆਉ ॥
ਧੂਪ ਛਾਵ ਜੇ ਸਮ ਕਰਿ ਸਹੈ ॥
ਤਾ ਨਾਨਕੁ ਆਖੈ ਗੁਰੁ ਕੋ ਕਹੈ ॥
ਛਿਅ ਵਰਤਾਰੇ ਵਰਤਹਿ ਪੂਤ ॥
ਨਾ ਸੰਸਾਰੀ ਨਾ ਅਉਧੂਤ ॥
ਨਿਰੰਕਾਰਿ ਜੋ ਰਹੈ ਸਮਾਇ ॥
ਕਾਹੇ ਭੀਖਿਆ ਮੰਗਣਿ ਜਾਇ ॥7॥953)॥

(ਮਰੈ=ਦੂਰ ਹੋਵੇ, ਮੰਦਾ=ਬੁਰਾਈ, ਕਿਉ=ਕਿਵੇਂ,
ਜੀਵੈ=ਸਹੀ ਜੀਵਨ ਜੀਵੇ, ਜੁਗਤਿ=ਇਸ ਤਰੀਕੇ
ਨਾਲ, ਕਿਆ ਖਾਜੈ=ਖਾਣ ਦਾ ਕੀਹ ਲਾਭ, ਭੁਗਤਿ=
ਜੋਗੀਆਂ ਦਾ ਚੂਰਮਾ, ਆਸਤਿ=ਮੌਜੂਦ ਹੈ, ਨਾਸਤਿ=
ਨਹੀਂ ਹੈ, ਹਿਆਉ=ਹਿਰਦਾ, ਧੂਪ ਛਾਵ=ਦੁੱਖ ਤੇ ਸੁਖ,
ਸਮ=ਬਰਾਬਰ, ਗੁਰੁ ਕਹੈ=ਗੁਰੂ ਗੁਰੂ ਆਖਦਾ ਹੈ, ਕੋ=
ਕੋਈ ਉਹ ਮਨੁੱਖ, ਛਿਅ ਵਰਤਾਰੇ=ਛੇ ਭੇਖਾਂ ਵਿਚ,
ਪੂਤ=ਚੇਲੇ, ਨਿਰੰਕਾਰਿ=ਨਿਰੰਕਾਰ ਵਿਚ)

41. ਕੂੜੁ ਬੋਲਿ ਮੁਰਦਾਰੁ ਖਾਇ

ਕੂੜੁ ਬੋਲਿ ਮੁਰਦਾਰੁ ਖਾਇ ॥
ਅਵਰੀ ਨੋ ਸਮਝਾਵਣਿ ਜਾਇ ॥
ਮੁਠਾ ਆਪਿ ਮੁਹਾਏ ਸਾਥੈ ॥
ਨਾਨਕ ਐਸਾ ਆਗੂ ਜਾਪੈ ॥1॥(139)

(ਮੁਰਦਾਰੁ=ਪਰਾਇਆ ਹੱਕ, ਮੁਠਾ=
ਠੱਗਿਆ, ਮੁਹਾਏ=ਲੁਟਾਂਦਾ ਹੈ, ਸਾਥੈ=
ਸਾਥ ਨੂੰ, ਜਾਪੈ=ਜਾਪਦਾ ਹੈ,)

42. ਕੂੜੁ ਰਾਜਾ ਕੂੜੁ ਪਰਜਾ ਕੂੜੁ ਸਭੁ ਸੰਸਾਰੁ

ਕੂੜੁ ਰਾਜਾ ਕੂੜੁ ਪਰਜਾ ਕੂੜੁ ਸਭੁ ਸੰਸਾਰੁ ॥
ਕੂੜੁ ਮੰਡਪ ਕੂੜੁ ਮਾੜੀ ਕੂੜੁ ਬੈਸਣਹਾਰੁ ॥
ਕੂੜੁ ਸੁਇਨਾ ਕੂੜੁ ਰੁਪਾ ਕੂੜੁ ਪੈਨ੍ਹਣਹਾਰੁ ॥
ਕੂੜੁ ਕਾਇਆ ਕੂੜੁ ਕਪੜੁ ਕੂੜੁ ਰੂਪੁ ਅਪਾਰੁ ॥
ਕੂੜੁ ਮੀਆ ਕੂੜੁ ਬੀਬੀ ਖਪਿ ਹੋਏ ਖਾਰੁ ॥
ਕੂੜਿ ਕੂੜੈ ਨੇਹੁ ਲਗਾ ਵਿਸਰਿਆ ਕਰਤਾਰੁ ॥
ਕਿਸੁ ਨਾਲਿ ਕੀਚੈ ਦੋਸਤੀ ਸਭੁ ਜਗੁ ਚਲਣਹਾਰੁ ॥
ਕੂੜੁ ਮਿਠਾ ਕੂੜੁ ਮਾਖਿਉ ਕੂੜੁ ਡੋਬੇ ਪੂਰੁ ॥
ਨਾਨਕੁ ਵਖਾਣੈ ਬੇਨਤੀ ਤੁਧੁ ਬਾਝੁ ਕੂੜੋ ਕੂੜੁ ॥1॥(468)॥

(ਕੂੜੁ=ਛਲ,ਭਰਮ, ਮੰਡਪ=ਸ਼ਾਮਿਆਨੇ, ਮਾੜੀ=ਮਹਲ,
ਬੈਸਣਹਾਰੁ=ਵੱਸਣ ਵਾਲਾ, ਰੁਪਾ=ਚਾਂਦੀ, ਕਾਇਆ=ਸਰੀਰ,
ਅਪਾਰੁ=ਬੇਅੰਤ, ਮੀਆ=ਪਤੀ, ਬੀਬੀ=ਬੀਵੀ,ਔਰਤ, ਖਪਿ=
ਖਪ ਕੇ, ਖਾਰੁ=ਖੁਆਰ, ਕੂੜਿ=ਛਲ ਵਿਚ, ਕੂੜੈ=ਕੂੜੇ ਮਨੁੱਖ ਦਾ,
ਛਲ ਵਿਚ ਫਸੇ ਹੋਏ ਜੀਵ ਦਾ, ਕੀਚੈ=ਕੀਤੀ ਜਾਏ, ਪੂਰੁ=ਸਾਰੇ
ਜੀਵ, ਵਖਾਣੈ=ਆਖਦਾ ਹੈ, ਕੂੜੋ ਕੂੜੁ=ਛਲ ਹੀ ਛਲ)

43. ਕੁਦਰਤਿ ਦਿਸੈ ਕੁਦਰਤਿ ਸੁਣੀਐ ਕੁਦਰਤਿ ਭਉ ਸੁਖ ਸਾਰੁ

ਕੁਦਰਤਿ ਦਿਸੈ ਕੁਦਰਤਿ ਸੁਣੀਐ ਕੁਦਰਤਿ ਭਉ ਸੁਖ ਸਾਰੁ ॥
ਕੁਦਰਤਿ ਪਾਤਾਲੀ ਆਕਾਸੀ ਕੁਦਰਤਿ ਸਰਬ ਆਕਾਰੁ ॥
ਕੁਦਰਤਿ ਵੇਦ ਪੁਰਾਣ ਕਤੇਬਾ ਕੁਦਰਤਿ ਸਰਬ ਵੀਚਾਰੁ ॥
ਕੁਦਰਤਿ ਖਾਣਾ ਪੀਣਾ ਪੈਨ੍ਹਣੁ ਕੁਦਰਤਿ ਸਰਬ ਪਿਆਰੁ ॥
ਕੁਦਰਤਿ ਜਾਤੀ ਜਿਨਸੀ ਰੰਗੀ ਕੁਦਰਤਿ ਜੀਅ ਜਹਾਨ ॥
ਕੁਦਰਤਿ ਨੇਕੀਆ ਕੁਦਰਤਿ ਬਦੀਆ ਕੁਦਰਤਿ ਮਾਨੁ ਅਭਿਮਾਨੁ ॥
ਕੁਦਰਤਿ ਪਉਣੁ ਪਾਣੀ ਬੈਸੰਤਰੁ ਕੁਦਰਤਿ ਧਰਤੀ ਖਾਕੁ ॥
ਸਭ ਤੇਰੀ ਕੁਦਰਤਿ ਤੂੰ ਕਾਦਿਰੁ ਕਰਤਾ ਪਾਕੀ ਨਾਈ ਪਾਕੁ ॥
ਨਾਨਕ ਹੁਕਮੈ ਅੰਦਰਿ ਵੇਖੈ ਵਰਤੈ ਤਾਕੋ ਤਾਕੁ ॥2॥(464)॥

(ਕੁਦਰਤਿ=ਅਸਚਰਜ ਤਮਾਸ਼ਾ, ਸੁਖ ਸਾਰੁ=ਸੁੱਖਾਂ ਦਾ ਸਾਰ,
ਸਰਬ ਆਕਾਰੁ=ਸਾਰਾ ਜਗਤ, ਕਤੇਬਾਂ=ਮੁਸਲਮਾਨਾਂ ਅਤੇ
ਈਸਾਈਆਂ ਦੀਆਂ ਧਰਮ-ਪੁਸਤਕਾਂ, ਸਰਬ ਵੀਚਾਰੁ=
ਸਾਰੀ ਵਿਚਾਰ-ਸੱਤਾ, ਬੈਸੰਤਰੁ=ਅੱਗ, ਪਾਕੀ=ਪਵਿੱਤਰ,
ਨਾਈ=ਸਿਫ਼ਤ, ਪਾਕੁ=ਪਵਿੱਤਰ ਹੈਂ, ਵੇਖੈ=ਸੰਭਾਲ ਕਰਦਾ ਹੈ,
ਤਾਕੋ ਤਾਕੁ=ਇਕੱਲਾ, ਵਰਤੈ=ਮੌਜੂਦ ਹੈ)

44. ਕੁਦਰਤਿ ਕਰਿ ਕੈ ਵਸਿਆ ਸੋਇ

ਕੁਦਰਤਿ ਕਰਿ ਕੈ ਵਸਿਆ ਸੋਇ ॥
ਵਖਤੁ ਵੀਚਾਰੇ ਸੁ ਬੰਦਾ ਹੋਇ ॥
ਕੁਦਰਤਿ ਹੈ ਕੀਮਤਿ ਨਹੀ ਪਾਇ ॥
ਜਾ ਕੀਮਤਿ ਪਾਇ ਤਾ ਕਹੀ ਨ ਜਾਇ ॥
ਸਰੈ ਸਰੀਅਤਿ ਕਰਹਿ ਬੀਚਾਰੁ ॥
ਬਿਨੁ ਬੂਝੇ ਕੈਸੇ ਪਾਵਹਿ ਪਾਰੁ ॥
ਸਿਦਕੁ ਕਰਿ ਸਿਜਦਾ ਮਨੁ ਕਰਿ ਮਖਸੂਦੁ ॥
ਜਿਹ ਧਿਰਿ ਦੇਖਾ ਤਿਹ ਧਿਰਿ ਮਉਜੂਦੁ ॥1॥(84)॥

(ਕਰਿ ਕੈ=ਪੈਦਾ ਕਰ ਕੇ, ਸੋਇ=ਉਹ ਪ੍ਰਭੂ
ਆਪ ਹੀ, ਵਖਤੁ=ਸਮਾਂ, ਸਰੈ=ਸ਼ਰ੍ਹਾ ਦਾ,
ਪਾਰੁ=ਪਾਰਲਾ ਬੰਨਾ, ਸਿਜਦਾ=ਰੱਬ ਅੱਗੇ
ਨਿਊਣਾ, ਮਖਸੂਦੁ=ਨਿਸ਼ਾਨਾ, ਜਿਹ ਧਿਰਿ=
ਜਿਸ ਪਾਸੇ, ਮਉਜੂਦੁ=ਹਾਜ਼ਰ)

45. ਲਬੁ ਪਾਪੁ ਦੁਇ ਰਾਜਾ ਮਹਤਾ ਕੂੜੁ ਹੋਆ ਸਿਕਦਾਰੁ

ਲਬੁ ਪਾਪੁ ਦੁਇ ਰਾਜਾ ਮਹਤਾ ਕੂੜੁ ਹੋਆ ਸਿਕਦਾਰੁ ॥
ਕਾਮੁ ਨੇਬੁ ਸਦਿ ਪੁਛੀਐ ਬਹਿ ਬਹਿ ਕਰੇ ਬੀਚਾਰੁ ॥
ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ ॥
ਗਿਆਨੀ ਨਚਹਿ ਵਾਜੇ ਵਾਵਹਿ ਰੂਪ ਕਰਹਿ ਸੀਗਾਰੁ ॥
ਊਚੇ ਕੂਕਹਿ ਵਾਦਾ ਗਾਵਹਿ ਜੋਧਾ ਕਾ ਵੀਚਾਰੁ ॥
ਮੂਰਖ ਪੰਡਿਤ ਹਿਕਮਤਿ ਹੁਜਤਿ ਸੰਜੈ ਕਰਹਿ ਪਿਆਰੁ ॥
ਧਰਮੀ ਧਰਮੁ ਕਰਹਿ ਗਾਵਾਵਹਿ ਮੰਗਹਿ ਮੋਖ ਦੁਆਰੁ ॥
ਜਤੀ ਸਦਾਵਹਿ ਜੁਗਤਿ ਨ ਜਾਣੈ ਛਡਿ ਬਹਹਿ ਘਰ ਬਾਰੁ ॥
ਸਭੁ ਕੋ ਪੂਰਾ ਆਪੇ ਹੋਵੈ ਘਟਿ ਨ ਕੋਈ ਆਖੈ ॥
ਪਤਿ ਪਰਵਾਣਾ ਪਿਛੈ ਪਾਈਐ ਤਾ ਨਾਨਕ ਤੋਲਿਆ ਜਾਪੈ ॥2॥(468)॥

(ਲਬੁ=ਜੀਭ ਦਾ ਚਸਕਾ, ਮਹਤਾ=ਵਜ਼ੀਰ, ਸਿਕਦਾਰੁ=ਚੌਧਰੀ,
ਨੇਬੁ=ਨਾਇਬ, ਅੰਧੀ ਰਯਤਿ=ਕਾਮਾਦਿਕ ਵਿਕਾਰਾਂ ਦੇ ਅਧੀਨ
ਰਹਿ ਕੇ ਅੰਨ੍ਹੇ ਹੋਏ ਜੀਵ, ਭਾਹਿ=ਤ੍ਰਿਸ਼ਨਾ ਦੀ ਅੱਗ, ਮੁਰਦਾਰੁ=
ਹਰਾਮ,ਵੱਢੀ, ਭਰੇ ਮੁਰਦਾਰੁ=ਰਯਤ ਚੱਟੀ ਭਰਦੀ ਹੈ, ਗਿਆਨੀ=
ਹੋਰਨਾਂ ਨੂੰ ਉਪਦੇਸ਼ ਕਰਨ ਵਾਲੇ, ਵਾਵਹਿ=ਵਜਾਂਦੇ ਹਨ, ਰੂਪ ਕਰਹਿ=
ਕਈ ਭੇਸ ਵਟਾਂਦੇ ਹਨ, ਵਾਦਾ=ਝਗੜੇ ਜੁੱਧਾਂ ਦੇ ਪਰਸੰਗ, ਜੋਧਾ ਕਾ
ਵੀਚਾਰੁ=ਸੂਰਮਿਆਂ ਦੀਆਂ ਕਹਾਣੀਆਂ ਦੀ ਵਿਆਖਿਆ, ਹਿਕਮਤਿ=
ਚਲਾਕੀ, ਹੁਜਤਿ=ਦਲੀਲ, ਸੰਜੈ=ਮਾਇਆ ਦੇ ਇਕੱਠਾ ਕਰਨ ਵਿਚ,
ਧਰਮੀ=ਆਪਣੇ ਆਪ ਨੂੰ ਧਰਮ-ਵਾਲਾ ਸਮਝਣ ਵਾਲੇ, ਗਾਵਾਵਹਿ=
ਗਵਾ ਲੈਂਦੇ ਹਨ, ਜਤੀ=ਆਪਣਿਆਂ ਇੰਦਰਿਆਂ ਨੂੰ ਕਾਬੂ ਰਖਣ ਵਾਲੇ,
ਜੁਗਿਤ=ਜਾਚ, ਛਡਿ ਬਹਹਿ=ਛੱਡ ਬੈਠਦੇ ਹਨ, ਘਰ ਬਾਰੁ=ਗ੍ਰਿਹਸਥ,
ਘਰ ਘਾਟ, ਪੂਰਾ=ਮੁਕੰਮਲ, ਘਟਿ=ਊਣਾ, ਪਰਵਾਣਾ=ਵੱਟਾ, ਪਿਛੈ=
ਤੱਕੜੀ ਦੇ ਪਿਛਲੇ ਛਾਬੇ ਵਿਚ)

46. ਲਖ ਚੋਰੀਆ ਲਖ ਜਾਰੀਆ ਲਖ ਕੂੜੀਆ ਲਖ ਗਾਲਿ

ਲਖ ਚੋਰੀਆ ਲਖ ਜਾਰੀਆ ਲਖ ਕੂੜੀਆ ਲਖ ਗਾਲਿ ॥
ਲਖ ਠਗੀਆ ਪਹਿਨਾਮੀਆ ਰਾਤਿ ਦਿਨਸੁ ਜੀਅ ਨਾਲਿ ॥
ਤਗੁ ਕਪਾਹਹੁ ਕਤੀਐ ਬਾਮ੍ਹਣੁ ਵਟੇ ਆਇ ॥
ਕੁਹਿ ਬਕਰਾ ਰਿੰਨ੍ਹਿ ਖਾਇਆ ਸਭੁ ਕੋ ਆਖੈ ਪਾਇ ॥
ਹੋਇ ਪੁਰਾਣਾ ਸੁਟੀਐ ਭੀ ਫਿਰਿ ਪਾਈਐ ਹੋਰੁ ॥
ਨਾਨਕ ਤਗੁ ਨ ਤੁਟਈ ਜੇ ਤਗਿ ਹੋਵੈ ਜੋਰੁ ॥2॥(471)॥

(ਕੂੜੀਆ=ਝੂਠ, ਪਹਿਨਾਮੀਆ=ਅਮਾਨਤ ਵਿਚ ਖ਼ਿਆਨਤ
ਕਰਨੀ, ਜੀਅ ਨਾਲਿ=ਆਪਣੇ ਮਨ ਨਾਲ, ਚੋਰੀ ਚੋਰੀ, ਤਗੁ=
ਤਾਗਾ, ਵਟੇ ਆਇ=ਆ ਕੇ ਵੱਟ ਦੇਂਦਾ ਹੈ (ਤੇ ਜਨੇਊ ਬਣਾ
ਦੇਂਦਾ ਹੈ), ਕੁਹਿ=ਵੱਢ ਕੇ, ਰਿੰਨ੍ਹਿ=ਰਿੰਨ੍ਹ ਕੇ, ਸਭੁ ਕੋ=ਹਰੇਕ
ਜੀਵ, ਪਾਇ=ਪਾ ਲਿਆ, ਤਗਿ=ਤਗ ਵਿਚ, ਜਨੇਊ ਵਿਚ)

47. ਲਖ ਮਣ ਸੁਇਨਾ ਲਖ ਮਣ ਰੁਪਾ ਲਖ ਸਾਹਾ ਸਿਰਿ ਸਾਹ

ਲਖ ਮਣ ਸੁਇਨਾ ਲਖ ਮਣ ਰੁਪਾ ਲਖ ਸਾਹਾ ਸਿਰਿ ਸਾਹ ॥
ਲਖ ਲਸਕਰ ਲਖ ਵਾਜੇ ਨੇੜੇ ਲਖੀ ਘੋੜੀ ਪਾਤਿਸਾਹ ॥
ਜਿਥੈ ਸਾਇਰੁ ਲੰਘਣਾ ਅਗਨਿ ਪਾਣੀ ਅਸਗਾਹ ॥
ਕੰਧੀ ਦਿਸਿ ਨ ਆਵਈ ਧਾਹੀ ਪਵੈ ਕਹਾਹ ॥
ਨਾਨਕ ਓਥੈ ਜਾਣੀਅਹਿ ਸਾਹ ਕੇਈ ਪਾਤਿਸਾਹ ॥4॥1287)॥

(ਰੁਪਾ=ਚਾਂਦੀ, ਘੋੜੀ ਪਾਤਿਸਾਹ=ਘੋੜਿਆਂ ਵਾਲੇ, ਸਾਇਰੁ=
ਸਮੁੰਦਰ, ਅਸਗਾਹ=ਬਹੁਤ ਡੂੰਘਾ, ਕੰਧੀ=ਕੰਢਾ, ਧਾਹੀ=ਧਾਹੀਂ,
ਕਹਾਹ=ਰੌਲਾ, ਧਾਹੀ ਕਹਾਹ=ਢਾਹਾਂ ਦਾ ਰੌਲਾ)

48. ਲਖ ਨੇਕੀਆ ਚੰਗਿਆਈਆ ਲਖ ਪੁੰਨਾ ਪਰਵਾਣੁ

ਲਖ ਨੇਕੀਆ ਚੰਗਿਆਈਆ ਲਖ ਪੁੰਨਾ ਪਰਵਾਣੁ ॥
ਲਖ ਤਪ ਉਪਰਿ ਤੀਰਥਾਂ ਸਹਜ ਜੋਗ ਬੇਬਾਣ ॥
ਲਖ ਸੂਰਤਣ ਸੰਗਰਾਮ ਰਣ ਮਹਿ ਛੁਟਹਿ ਪਰਾਣ ॥
ਲਖ ਸੁਰਤੀ ਲਖ ਗਿਆਨ ਧਿਆਨ ਪੜੀਅਹਿ ਪਾਠ ਪੁਰਾਣ ॥
ਜਿਨਿ ਕਰਤੈ ਕਰਣਾ ਕੀਆ ਲਿਖਿਆ ਆਵਣ ਜਾਣੁ ॥
ਨਾਨਕ ਮਤੀ ਮਿਥਿਆ ਕਰਮੁ ਸਚਾ ਨੀਸਾਣੁ ॥2॥(467)॥

(ਪੁੰਨਾ=ਧਰਮ ਦੇ ਕੰਮ, ਪਰਵਾਣੁ=ਜੋ ਕਬੂਲ ਹੋਣ, ਸਹਜ=ਸੁਭਾਵਕ,
ਸ਼ਾਂਤੀ-ਪੂਰਵਕ, ਜੋਗ=ਜੋਗ ਮੱਤ ਅਨੁਸਾਰ ਚਿੱਤ ਦੇ ਫੁਰਨਿਆਂ ਨੂੰ
ਰੋਕਣ ਦਾ ਨਾਉਂ 'ਜੋਗ' ਹੈ, ਬੇਬਾਣ=ਜੰਗਲਾਂ ਵਿਚ, ਛੁਟਹਿ ਪਰਾਣ=
ਪਰਾਣ ਨਿਕਲਣ, ਸੁਰਤੀ=ਧਿਆਨ ਜੋੜਨਾ, ਪੜੀਅਹਿ=ਪੜ੍ਹੇ ਜਾਣ,
ਪਾਠ ਪੁਰਾਣ=ਪੁਰਾਣਾਂ ਦੇ ਪਾਠ, ਲਿਖਿਆ=ਲਿਖ ਦਿੱਤਾ ਹੈ, ਆਵਣ
ਜਾਣੁ=ਜੀਵਾਂ ਦਾ ਜੰਮਣਾ ਮਰਨਾ, ਮਤੀ=ਹੋਰ ਮੱਤਾਂ, ਮਿਥਿਆ=ਵਿਅਰਥ,
ਕਰਮੁ=ਮਿਹਰ, ਸਚਾ ਨੀਸਾਣੁ=ਸੱਚਾ ਪਰਵਾਨਾ,ਰਾਹਦਾਰੀ)

49. ਲਿਖਿ ਲਿਖਿ ਪੜਿਆ

ਲਿਖਿ ਲਿਖਿ ਪੜਿਆ ॥
ਤੇਤਾ ਕੜਿਆ ॥
ਬਹੁ ਤੀਰਥ ਭਵਿਆ ॥
ਤੇਤੋ ਲਵਿਆ ॥
ਬਹੁ ਭੇਖ ਕੀਆ ਦੇਹੀ ਦੁਖੁ ਦੀਆ ॥
ਸਹੁ ਵੇ ਜੀਆ ਅਪਣਾ ਕੀਆ ॥
ਅੰਨੁ ਨ ਖਾਇਆ ਸਾਦੁ ਗਵਾਇਆ ॥
ਬਹੁ ਦੁਖੁ ਪਾਇਆ ਦੂਜਾ ਭਾਇਆ ॥
ਬਸਤ੍ਰ ਨ ਪਹਿਰੈ ॥
ਅਹਿਨਿਸਿ ਕਹਰੈ ॥
ਮੋਨਿ ਵਿਗੂਤਾ ॥
ਕਿਉ ਜਾਗੈ ਗੁਰ ਬਿਨੁ ਸੂਤਾ ॥
ਪਗ ਉਪੇਤਾਣਾ ॥
ਅਪਣਾ ਕੀਆ ਕਮਾਣਾ ॥
ਅਲੁ ਮਲੁ ਖਾਈ ਸਿਰਿ ਛਾਈ ਪਾਈ ॥
ਮੂਰਖਿ ਅੰਧੈ ਪਤ ਗਵਾਈ ॥
ਵਿਣੁ ਨਾਵੈ ਕਿਛੁ ਥਾਇ ਨ ਪਾਈ ॥
ਰਹੈ ਬੇਬਾਣੀ ਮੜੀ ਮਸਾਣੀ ॥
ਅੰਧੁ ਨ ਜਾਣੈ ਫਿਰਿ ਪਛੁਤਾਣੀ ॥
ਸਤਿਗੁਰੁ ਭੇਟੇ ਸੋ ਸੁਖੁ ਪਾਏ ॥
ਹਰਿ ਕਾ ਨਾਮੁ ਮਨਿ ਵਸਾਏ ॥
ਨਾਨਕ ਨਦਰਿ ਕਰੇ ਸੋ ਪਾਏ ॥
ਆਸ ਅੰਦੇਸੇ ਤੇ ਨਿਹਕੇਵਲੁ ਹਉਮੈ ਸਬਦਿ ਜਲਾਏ ॥2॥(468)॥

(ਲਿਖਿ ਲਿਖਿ ਪੜਿਆ=ਲਿਖਦਾ ਪੜ੍ਹਦਾ ਹੈ, ਤੇਤਾ=ਉਤਨਾ ਹੀ,
ਕੜਿਆ=ਅਹੰਕਾਰੀ ਹੋ ਜਾਂਦਾ ਹੈ, ਲਵਿਆ=ਕਾਂ ਵਾਂਗ ਲਉਂ ਲਉਂ
ਕਰਦਾ ਹੈ,ਭਾਵ ਦੱਸਦਾ ਹੈ, ਦੇਹੀ=ਸਰੀਰ, ਸਹੁ=ਸਹਾਰ, ਸਾਦ
ਗਵਾਇਆ=ਸੁਆਦ ਗਵਾ ਲੈਂਦਾ ਹੈ, ਦੂਜਾ=ਕੋਈ ਅਡੰਬਰ, ਭਾਇਆ=
ਚੰਗਾ ਲੱਗਾ, ਅਹਿ=ਦਿਨ, ਨਿਸਿ=ਰਾਤ, ਕਹਰੈ=ਦੁੱਖ ਸਹਾਰਦਾ ਹੈ, ਮੋਨਿ=
ਮੋਨ-ਧਾਰੀ ਜੋ ਚੁੱਪ ਬੈਠਾ ਰਹੇ, ਵਿਗੂਤਾ=ਕੁਰਾਹੇ ਪਿਆ ਹੋਇਆ ਹੈ, ਪਗ=
ਪੈਰ, ਉਪੇਤਾਣਾ=ਜੁੱਤੀ ਤੋਂ ਬਿਨਾ, ਅਲੁ ਮਲੁ=ਗੰਦੀਆਂ ਚੀਜ਼ਾਂ, ਛਾਈ=
ਸੁਆਹ, ਪਤਿ=ਇੱਜ਼ਤ, ਥਾਇ ਨ ਪਾਈ=ਕਬੂਲ ਨਹੀਂ ਹੁੰਦਾ, ਬੇਬਾਣੀ=
ਜੰਗਲਾਂ ਵਿਚ, ਅੰਧੁ=ਅੰਨ੍ਹਾ,ਮੂਰਖ ਮਨੁੱਖ, ਸਤਿਗੁਰੁ ਭੇਟੇ=ਗੁਰੂ ਮਿਲ ਪਏ,
ਮੰਨਿ=ਮਨ ਵਿਚ, ਅੰਦੇਸੇ=ਚਿੰਤਾ, ਤੇ=ਤੋਂ, ਨਿਹਕੇਵਲੁ=ਨਿਰਲੇਪ, ਸਬਦਿ=
ਸ਼ਬਦ ਦੁਆਰਾ)

50. ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ

ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ ॥
ਕਉਣੁ ਮਾਸੁ ਕਉਣੁ ਸਾਗੁ ਕਹਾਵੈ ਕਿਸੁ ਮਹਿ ਪਾਪ ਸਮਾਣੇ ॥
ਗੈਂਡਾ ਮਾਰਿ ਹੋਮ ਜਗ ਕੀਏ ਦੇਵਤਿਆ ਕੀ ਬਾਣੇ ॥
ਮਾਸੁ ਛੋਡਿ ਬੈਸਿ ਨਕੁ ਪਕੜਹਿ ਰਾਤੀ ਮਾਣਸ ਖਾਣੇ ॥
ਫੜੁ ਕਰਿ ਲੋਕਾਂ ਨੋ ਦਿਖਲਾਵਹਿ ਗਿਆਨੁ ਧਿਆਨੁ ਨਹੀ ਸੂਝੈ ॥
ਨਾਨਕ ਅੰਧੇ ਸਿਉ ਕਿਆ ਕਹੀਐ ਕਹੈ ਨ ਕਹਿਆ ਬੂਝੈ ॥
ਅੰਧਾ ਸੋਇ ਜਿ ਅੰਧੁ ਕਮਾਵੈ ਤਿਸੁ ਰਿਦੈ ਸਿ ਲੋਚਨ ਨਾਹੀ ॥
ਮਾਤ ਪਿਤਾ ਕੀ ਰਕਤੁ ਨਿਪੰਨੇ ਮਛੀ ਮਾਸੁ ਨ ਖਾਹੀ ॥
ਇਸਤ੍ਰੀ ਪੁਰਖੈ ਜਾਂ ਨਿਸਿ ਮੇਲਾ ਓਥੈ ਮੰਧੁ ਕਮਾਹੀ ॥
ਮਾਸਹੁ ਨਿੰਮੇ ਮਾਸਹੁ ਜੰਮੇ ਹਮ ਮਾਸੈ ਕੇ ਭਾਂਡੇ ॥
ਗਿਆਨੁ ਧਿਆਨੁ ਕਛੁ ਸੂਝੈ ਨਾਹੀ ਚਤੁਰੁ ਕਹਾਵੈ ਪਾਂਡੇ ॥
ਬਾਹਰ ਕਾ ਮਾਸੁ ਮੰਦਾ ਸੁਆਮੀ ਘਰ ਕਾ ਮਾਸੁ ਚੰਗੇਰਾ ॥
ਜੀਅ ਜੰਤ ਸਭਿ ਮਾਸਹੁ ਹੋਏ ਜੀਇ ਲਇਆ ਵਾਸੇਰਾ ॥
ਅਭਖੁ ਭਖਹਿ ਭਖੁ ਤਜਿ ਛੋਡਹਿ ਅੰਧੁ ਗੁਰੂ ਜਿਨ ਕੇਰਾ ॥
ਮਾਸਹੁ ਨਿੰਮੇ ਮਾਸਹੁ ਜੰਮੇ ਹਮ ਮਾਸੈ ਕੇ ਭਾਂਡੇ ॥
ਗਿਆਨੁ ਧਿਆਨੁ ਕਛੁ ਸੂਝੈ ਨਾਹੀ ਚਤੁਰੁ ਕਹਾਵੈ ਪਾਂਡੇ ॥
ਮਾਸੁ ਪੁਰਾਣੀ ਮਾਸੁ ਕਤੇਬੀਂ ਚਹੁ ਜੁਗਿ ਮਾਸੁ ਕਮਾਣਾ ॥
ਜਜਿ ਕਾਜਿ ਵਿਆਹਿ ਸੁਹਾਵੈ ਓਥੈ ਮਾਸੁ ਸਮਾਣਾ ॥
ਇਸਤ੍ਰੀ ਪੁਰਖ ਨਿਪਜਹਿ ਮਾਸਹੁ ਪਾਤਿਸਾਹ ਸੁਲਤਾਨਾਂ ॥
ਜੇ ਓਇ ਦਿਸਹਿ ਨਰਕਿ ਜਾਂਦੇ ਤਾਂ ਉਨ੍ਹ ਕਾ ਦਾਨੁ ਨ ਲੈਣਾ ॥
ਦੇਂਦਾ ਨਰਕਿ ਸੁਰਗਿ ਲੈਦੇ ਦੇਖਹੁ ਏਹੁ ਧਿਙਾਣਾ ॥
ਆਪਿ ਨ ਬੂਝੈ ਲੋਕ ਬੁਝਾਏ ਪਾਂਡੇ ਖਰਾ ਸਿਆਣਾ ॥
ਪਾਂਡੇ ਤੂ ਜਾਣੈ ਹੀ ਨਾਹੀ ਕਿਥਹੁ ਮਾਸੁ ਉਪੰਨਾ ॥
ਤੋਇਅਹੁ ਅੰਨੁ ਕਮਾਦੁ ਕਪਾਹਾਂ ਤੋਇਅਹੁ ਤ੍ਰਿਭਵਣੁ ਗੰਨਾ ॥
ਤੋਆ ਆਖੈ ਹਉ ਬਹੁ ਬਿਧਿ ਹਛਾ ਤੋਐ ਬਹੁਤੁ ਬਿਕਾਰਾ ॥
ਏਤੇ ਰਸ ਛੋਡਿ ਹੋਵੈ ਸੰਨਿਆਸੀ ਨਾਨਕੁ ਕਹੈ ਵਿਚਾਰਾ ॥2॥1289)॥

(ਝਗੜੇ=ਚਰਚਾ ਕਰਦਾ ਹੈ, ਗਿਆਨੁ=ਉੱਚੀ ਸਮਝ, ਧਿਆਨੁ=ਉੱਚੀ ਸੁਰਤਿ,
ਬਾਣੇ=ਆਦਤ ਅਨੁਸਾਰ, ਫੜੁ=ਪਖੰਡ, ਸਿ ਲੋਚਨ=ਉਹ ਅੱਖਾਂ, ਰਕਤੁ=ਲਹੂ,
ਨਿਪੰਨੇ=ਪੈਦਾ ਹੋਏ, ਨਿਸਿ=ਰਾਤ ਵੇਲੇ, ਮੰਧੁ=ਮੰਦ, ਬਾਹਰ ਕਾ ਮਾਸੁ=ਬਾਹਰੋਂ
ਲਿਆਂਦਾ ਹੋਇਆ ਮਾਸ, ਜੀਇ=ਜੀਵ ਨੇ, ਅਭਖੁ=ਨਾਹ ਖਾਣ ਵਾਲੀ ਸ਼ੈ, ਕੇਰਾ=
ਦਾ, ਕਤੇਬੀਂ=ਮੁਸਲਮਾਨਾਂ ਦੀਆਂ ਮਜ਼ਹਬੀ ਕਿਤਾਬਾਂ ਵਿਚ, ਕਮਾਣਾ=ਵਰਤਿਆ
ਜਾਂਦਾ ਹੈ, ਜਜਿ=ਜੱਗ ਵਿਚ, ਕਾਜਿ=ਵਿਆਹ ਵਿਚ, ਤੋਇਅਹੁ=ਪਾਣੀ ਤੋਂ, ਬਿਕਾਰਾ=
ਤਬਦੀਲੀਆਂ, ਸੰਨਿਆਸੀ=ਤਿਆਗੀ, ਮਾਰਿ=ਮਾਰ ਕੇ, ਛੋਡਿ=ਛੱਡ ਕੇ, ਬੈਸਿ=ਬੈਠ ਕੇ,
ਨਕੁ ਪਕੜਹਿ=ਨੱਕ ਬੰਦ ਕਰ ਲੈਂਦੇ ਹਨ, ਰਾਤੀ=ਰਾਤ ਨੂੰ,ਲੁਕ ਕੇ, ਮਾਣਸ ਖਾਣੇ=ਲੋਕਾਂ
ਦਾ ਲਹੂ ਪੀਣ ਦੀਆਂ ਸੋਚਾਂ ਸੋਚਦੇ ਹਨ, ਸੂਝੈ=ਸੁੱਝਦਾ, ਕਹੈ=ਜੇ ਕੋਈ ਸਮਝਾਏ, ਲਇਆ
ਵਾਸੇਰਾ=ਡੇਰਾ ਲਾਇਆ ਹੋਇਆ ਹੈ, ਭਖੁ=ਖਾਣ-ਜੋਗ ਚੀਜ਼, ਸੁਹਾਵੈ=ਸੋਭਦਾ ਹੈ, ਓਇ=
ਉਹ ਸਾਰੇ, ਧਿਙਾਣਾ=ਧੱਕੇ ਦੀ ਗੱਲ, ਰਸ=ਚਸਕੇ, ਏਤੇ ਰਸ=ਇਹਨਾਂ ਸਾਰੇ ਪਦਾਰਥਾਂ ਦੇ
ਚਸਕੇ, ਵਿਚਾਰਾ=ਵਿਚਾਰ ਦੀ ਗੱਲ, ਤ੍ਰਿਭਵਣੁ=ਸਾਰਾ ਜਗਤ)

51. ਮਛੀ ਤਾਰੂ ਕਿਆ ਕਰੇ ਪੰਖੀ ਕਿਆ ਆਕਾਸੁ

ਮਛੀ ਤਾਰੂ ਕਿਆ ਕਰੇ ਪੰਖੀ ਕਿਆ ਆਕਾਸੁ ॥
ਪਥਰ ਪਾਲਾ ਕਿਆ ਕਰੇ ਖੁਸਰੇ ਕਿਆ ਘਰ ਵਾਸੁ ॥
ਕੁਤੇ ਚੰਦਨੁ ਲਾਈਐ ਭੀ ਸੋ ਕੁਤੀ ਧਾਤੁ ॥
ਬੋਲਾ ਜੇ ਸਮਝਾਈਐ ਪੜੀਅਹਿ ਸਿੰਮ੍ਰਿਤਿ ਪਾਠ ॥
ਅੰਧਾ ਚਾਨਣੁ ਰਖੀਐ ਦੀਵੇ ਬਲਹਿ ਪਚਾਸ ॥
ਚਉਣੇ ਸੁਇਨਾ ਪਾਈਐ ਚੁਣਿ ਚੁਣਿ ਖਾਵਹਿ ਘਾਸੁ ॥
ਲੋਹਾ ਮਾਰਣਿ ਪਾਈਐ ਢਹੈ ਨ ਹੋਇ ਕਪਾਸ ॥
ਨਾਨਕ ਮੂਰਖ ਏਹਿ ਗੁਣ ਬੋਲੇ ਸਦਾ ਵਿਣਾਸੁ ॥1॥(143)॥

(ਤਾਰੂ=ਤਾਰੂ ਪਾਣੀ, ਬਹੁਤ ਡੂੰਘਾ ਪਾਣੀ, ਧਾਤੁ=ਅਸਲਾ,
ਪੜਿਅਹਿ=ਪੜ੍ਹੇ ਜਾਣ, ਚਉਣਾ=ਗਾਈਆਂ ਦਾ ਵੱਗ ਜੋ,
ਮਾਰਣਿ=ਮਾਰਨ ਲਈ, ਢਹੈ=ਢਲ ਕੇ, ਗੁਣ=ਵਾਦੀਆਂ,
ਵਿਣਾਸੁ=ਨੁਕਸਾਨ)

52. ਮਾਣਸ ਖਾਣੇ ਕਰਹਿ ਨਿਵਾਜ

ਮਾਣਸ ਖਾਣੇ ਕਰਹਿ ਨਿਵਾਜ ॥
ਛੁਰੀ ਵਗਾਇਨਿ ਤਿਨ ਗਲਿ ਤਾਗ ॥
ਤਿਨ ਘਰਿ ਬ੍ਰਹਮਣ ਪੂਰਹਿ ਨਾਦ ॥
ਉਨ੍ਹਾ ਭੀ ਆਵਹਿ ਓਈ ਸਾਦ ॥
ਕੂੜੀ ਰਾਸਿ ਕੂੜਾ ਵਾਪਾਰੁ ॥
ਕੂੜੁ ਬੋਲਿ ਕਰਹਿ ਆਹਾਰੁ ॥
ਸਰਮ ਧਰਮ ਕਾ ਡੇਰਾ ਦੂਰਿ ॥
ਨਾਨਕ ਕੂੜੁ ਰਹਿਆ ਭਰਪੂਰਿ ॥
ਮਥੈ ਟਿਕਾ ਤੇੜਿ ਧੋਤੀ ਕਖਾਈ ॥
ਹਥਿ ਛੁਰੀ ਜਗਤ ਕਾਸਾਈ ॥
ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣੁ ॥
ਮਲੇਛ ਧਾਨੁ ਲੇ ਪੂਜਹਿ ਪੁਰਾਣੁ ॥
ਅਭਾਖਿਆ ਕਾ ਕੁਠਾ ਬਕਰਾ ਖਾਣਾ ॥
ਚਉਕੇ ਉਪਰਿ ਕਿਸੈ ਨ ਜਾਣਾ ॥
ਦੇ ਕੈ ਚਉਕਾ ਕਢੀ ਕਾਰ ॥
ਉਪਰਿ ਆਇ ਬੈਠੇ ਕੂੜਿਆਰ ॥
ਮਤੁ ਭਿਟੈ ਵੇ ਮਤੁ ਭਿਟੈ ॥
ਇਹੁ ਅੰਨੁ ਅਸਾਡਾ ਫਿਟੈ ॥
ਤਨਿ ਫਿਟੈ ਫੇੜ ਕਰੇਨਿ ॥
ਮਨਿ ਜੂਠੈ ਚੁਲੀ ਭਰੇਨਿ ॥
ਕਹੁ ਨਾਨਕ ਸਚੁ ਧਿਆਈਐ ॥
ਸੁਚਿ ਹੋਵਹਿ ਤਾ ਸਚੁ ਪਾਈਐ ॥2॥(471)॥

(ਮਾਣਸ ਖਾਣੇ=ਮਨੁੱਖਾਂ ਨੂੰ ਖਾਣ ਵਾਲੇ,ਵੱਢੀਖ਼ੋਰ,
ਕਰਹਿ ਨਿਵਾਜ=ਨਮਾਜ਼ ਪੜ੍ਹਦੇ ਹਨ, ਛੁਰੀ ਵਗਾਇਨਿ=
ਜ਼ੁਲਮ ਕਰਦੇ ਹਨ, ਤਾਗ=ਜੰਞੂ,ਜਨੇਊ, ਤਿਨ ਘਰਿ=ਉਹਨਾਂ
ਦੇ ਘਰਾਂ ਵਿਚ, ਪੂਰਹਿ ਨਾਦ=ਸੰਖ ਵਜਾਂਦੇ ਹਨ, ਉਨ@ਾ ਭਿ=
ਉਹਨਾਂ ਬ੍ਰਾਹਮਣਾਂ ਨੂੰ ਭੀ, ਆਵਹਿ ਓਈ ਸਾਦ=ਉਹੀ ਸੁਆਦ
ਆਉਂਦੇ ਹਨ, ਕਰਹਿ ਆਹਾਰੁ=ਖਾਣਾ ਖਾਂਦੇ ਹਨ, ਸਰਮ=ਲੱਜਾ,
ਕਖਾਈ=ਗੇਰੀ ਰੰਗ ਵਾਲੀ, ਜਗਤ ਕਾਸਾਈ=ਜਗਤ ਤੇ ਜ਼ੁਲਮ
ਕਰਨ ਵਾਲਾ, ਹੋਵਹਿ ਪਰਵਾਣੁ=ਕਬੂਲ ਹੁੰਦੇ ਹਨ, ਭਾਵ, ਮੁਲਾਜ਼ਮਤ
ਵੇਲੇ ਨੀਲੇ ਕੱਪੜੇ ਪਹਿਨਦੇ ਹਨ, ਲੈ=ਲੈ ਕੇ, ਪੂਜਹਿ ਪੁਰਾਣੁ=ਪੁਰਾਣ
ਨੂੰ ਪੂਜਦੇ ਹਨ, ਅਭਾਖਿਆ=ਕਿਸੇ ਦੂਜੀ ਬੋਲੀ ਦਾ, ਕਲਮਾ ਪੜ੍ਹ ਕੇ, ਕੁਠਾ=
ਹਲਾਲ ਕੀਤਾ ਹੋਇਆ, ਮਤੁ ਭਿਟੈ=ਮਤਾਂ ਭਿੱਟਿਆ ਜਾਏ, ਫਿਟੈ=ਖ਼ਰਾਬ
ਹੋ ਜਾਏ, ਤਨਿ ਫਿਟੈ=ਫਿਟੇ ਹੋਏ ਸਰੀਰ ਨਾਲ,ਗੰਦੇ ਸਰੀਰ ਨਾਲ, ਸੁਚਿ=
ਪਵਿੱਤਰਤਾ, ਹੋਵੈ ਤਾ=ਤਦੋਂ ਹੁੰਦੀ ਹੈ)

53. ਮਨਹੁ ਜਿ ਅੰਧੇ ਕੂਪ ਕਹਿਆ ਬਿਰਦੁ ਨ ਜਾਣਨ੍ਹੀ

ਮਨਹੁ ਜਿ ਅੰਧੇ ਕੂਪ ਕਹਿਆ ਬਿਰਦੁ ਨ ਜਾਣਨ੍ਹੀ ॥
ਮਨਿ ਅੰਧੈ ਊਂਧੈ ਕਵਲਿ ਦਿਸਨ੍ਹਿ ਖਰੇ ਕਰੂਪ ॥
ਇਕਿ ਕਹਿ ਜਾਣਹਿ ਕਹਿਆ ਬੁਝਹਿ ਤੇ ਨਰ ਸੁਘੜ ਸਰੂਪ ॥
ਇਕਨਾ ਨਾਦ ਨ ਬੇਦ ਨ ਗੀਅ ਰਸੁ ਰਸ ਕਸ ਨ ਜਾਣੰਤਿ ॥
ਇਕਨਾ ਸੁਧਿ ਨ ਬੁਧਿ ਨ ਅਕਲਿ ਸਰ ਅਖਰ ਕਾ ਭੇਉ ਨ ਲਹੰਤਿ ॥
ਨਾਨਕ ਸੇ ਨਰ ਅਸਲਿ ਖਰ ਜਿ ਬਿਨੁ ਗੁਣ ਗਰਬੁ ਕਰੰਤਿ ॥2॥1246)॥

(ਅੰਧੇ ਕੂਪ=ਅੰਨ੍ਹੇ ਖੂਹ,ਬਹੁਤ ਹੀ ਮੂਰਖ, ਬਿਰਦੁ=ਫ਼ਰਜ਼, ਕਹਿਆ=
ਦੱਸਿਆਂ ਭੀ, ਮਨਿ ਅੰਧੈ=ਅੰਨ੍ਹੇ ਮਨ ਦੇ ਕਾਰਨ, ਊਂਧੈ ਕਵਲਿ=ਉਲਟੇ
ਹੋਏ (ਹਿਰਦੇ) ਕੰਵਲ ਦੇ ਕਾਰਨ, ਖਰੇ ਕਰੂਪ=ਬਹੁਤ ਕੋਝੇ, ਕਹਿ ਜਾਣਹਿ=
ਗੱਲ ਕਰਨੀ ਜਾਣਦੇ ਹਨ, ਸੁਘੜ=ਸੁਚੱਜੇ, ਨਾਦ ਰਸੁ=ਨਾਦ ਦਾ ਰਸ, ਬੇਦ
ਰਸੁ=ਵੇਦ ਦਾ ਰਸ, ਗੀਅ ਰਸੁ=ਗੀਤ ਦਾ ਰਸ, ਰਸ ਕਸ=ਮਿੱਠੇ ਕਸੈਲੇ ਰਸ,
ਸੁਧਿ=ਸੂਝ, ਸਰ=ਸਾਰ,ਸਮਝ, ਭੇਉ=ਭੇਤ, ਅਖਰ ਕਾ ਭੇਉ=ਪੜ੍ਹਨ ਦੀ ਜਾਚ,
ਅਸਲਿ ਖਰ=ਨਿਰੇ ਖੋਤੇ, ਗਰਬੁ=ਅਹੰਕਾਰ, ਜਿ=ਜਿਹੜੇ)

54. ਮਿਹਰ ਮਸੀਤਿ ਸਿਦਕੁ ਮੁਸਲਾ ਹਕੁ ਹਲਾਲੁ ਕੁਰਾਣੁ

ਮਿਹਰ ਮਸੀਤਿ ਸਿਦਕੁ ਮੁਸਲਾ ਹਕੁ ਹਲਾਲੁ ਕੁਰਾਣੁ ॥
ਸਰਮ ਸੁੰਨਤਿ ਸੀਲੁ ਰੋਜਾ ਹੋਹੁ ਮੁਸਲਮਾਣੁ ॥
ਕਰਣੀ ਕਾਬਾ ਸਚੁ ਪੀਰੁ ਕਲਮਾ ਕਰਮ ਨਿਵਾਜ ॥
ਤਸਬੀ ਸਾ ਤਿਸੁ ਭਾਵਸੀ ਨਾਨਕ ਰਖੈ ਲਾਜ ॥1॥(140)
(ਸਿਦਕੁ=ਨਿਸ਼ਚਾ, ਸਰਧਾ, ਮੁਸਲਾ=ਮੁਸੱਲਾ,ਉਹ ਸਫ਼
ਜਿਸ ਉਤੇ ਬੈਠ ਕੇ ਨਿਮਾਜ਼ ਪੜ੍ਹੀਦੀ ਹੈ, ਹਕੁ ਹਲਾਲੁ=
ਹੱਕ ਦੀ ਕਮਾਈ, ਸਰਮ=ਸ਼ਰਮ, ਸੀਲੁ=ਚੰਗਾ ਸੁਭਾਉ,
ਕਰਮ=ਚੰਗੇ ਕੰਮ, ਕਾਬਾ=ਮੱਕੇ ਵਿਚ ਉਹ ਮੰਦਰ ਜਿਸ
ਦਾ ਦਰਸਨ ਕਰਨ ਮੁਸਲਮਾਨ ਜਾਂਦੇ ਹਨ)

55. ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮ੍ਹਿਆਰ

ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮ੍ਹਿਆਰ ॥
ਘੜਿ ਭਾਂਡੇ ਇਟਾ ਕੀਆ ਜਲਦੀ ਕਰੇ ਪੁਕਾਰ ॥
ਜਲਿ ਜਲਿ ਰੋਵੈ ਬਪੁੜੀ ਝੜਿ ਝੜਿ ਪਵਹਿ ਅੰਗਿਆਰ ॥
ਨਾਨਕ ਜਿਨਿ ਕਰਤੈ ਕਾਰਣੁ ਕੀਆ ਸੋ ਜਾਣੈ ਕਰਤਾਰੁ ॥2॥(466)॥

(ਕੀਆ=ਬਣਾਈਆਂ, ਜਲਿ ਜਲਿ=ਸੜ ਸੜ ਕੇ, ਬਪੁੜੀ=ਵਿਚਾਰੀ,
ਪਵਹਿ=ਡਿਗਦੇ ਹਨ, ਜਿਨਿ ਕਰਤੈ=ਜਿਸ ਕਰਤਾਰ ਨੇ, ਕਾਰਣੁ=
ਜਗਤ ਦੀ ਮਾਇਆ)

56. ਮੁਸਲਮਾਨਾ ਸਿਫਤਿ ਸਰੀਅਤਿ ਪੜਿ ਪੜਿ ਕਰਹਿ ਬੀਚਾਰੁ

ਮੁਸਲਮਾਨਾ ਸਿਫਤਿ ਸਰੀਅਤਿ ਪੜਿ ਪੜਿ ਕਰਹਿ ਬੀਚਾਰੁ ॥
ਬੰਦੇ ਸੇ ਜਿ ਪਵਹਿ ਵਿਚਿ ਬੰਦੀ ਵੇਖਣ ਕਉ ਦੀਦਾਰੁ ॥
ਹਿੰਦੂ ਸਾਲਾਹੀ ਸਾਲਾਹਨਿ ਦਰਸਨ ਰੂਪਿ ਅਪਾਰੁ ॥
ਤੀਰਥ ਨਾਵਹਿ ਅਰਚਾ ਪੂਜਾ ਅਗਰ ਵਾਸੁ ਬਹਕਾਰੁ ॥
ਜੋਗੀ ਸੁੰਨਿ ਧਿਆਵਨ੍ਹਿ ਜੇਤੇ ਅਲਖ ਨਾਮੁ ਕਰਤਾਰੁ ॥
ਸੂਖਮ ਮੂਰਤਿ ਨਾਮੁ ਨਿਰੰਜਨ ਕਾਇਆ ਕਾ ਆਕਾਰੁ ॥
ਸਤੀਆ ਮਨਿ ਸੰਤੋਖੁ ਉਪਜੈ ਦੇਣੈ ਕੈ ਵੀਚਾਰਿ ॥
ਦੇ ਦੇ ਮੰਗਹਿ ਸਹਸਾ ਗੂਣਾ ਸੋਭ ਕਰੇ ਸੰਸਾਰੁ ॥
ਚੋਰਾ ਜਾਰਾ ਤੈ ਕੂੜਿਆਰਾ ਖਾਰਾਬਾ ਵੇਕਾਰ ॥
ਇਕਿ ਹੋਦਾ ਖਾਇ ਚਲੇ ਐਥਾਉ ਤਿਨਾ ਭਿ ਕਾਈ ਕਾਰ ॥
ਜਲਿ ਥਲਿ ਜੀਆ ਪੁਰੀਆ ਲੋਆ ਆਕਾਰਾ ਆਕਾਰ ॥
ਓਇ ਜਿ ਆਖਹਿ ਸੁ ਤੂੰਹੈ ਜਾਣਹਿ ਤਿਨਾ ਭਿ ਤੇਰੀ ਸਾਰ ॥
ਨਾਨਕ ਭਗਤਾ ਭੁਖ ਸਾਲਾਹਣੁ ਸਚੁ ਨਾਮੁ ਆਧਾਰੁ ॥
ਸਦਾ ਅਨੰਦ ਰਹਹਿ ਦਿਨੁ ਰਾਤੀ ਗੁਣਵੰਤਿਆ ਪਾ ਛਾਰੁ ॥1॥(466)॥

(ਬੰਦੇ ਸੇ=ਬੰਦੇ ਉਹੀ ਹਨ, ਬੰਦੀ=ਬੰਦਸ਼, ਦਰਸਨ=ਸ਼ਾਸਤਰ,
ਸਾਲਾਹਨਿ=ਸਲਾਹ ਕਰਦੇ ਹਨ, ਸਾਲਾਹੀ=ਸਾਲਾਹੁਣ-ਜੋਗ ਹਰੀ
ਨੂੰ, ਰੂਪਿ=ਸੁੰਦਰ, ਅਰਚਾ=ਪੂਜਾ, ਅਗਰਵਾਸੁ=ਚੰਦਨ ਦੀ ਵਾਸ਼ਨਾ,
ਬਹਕਾਰੁ=ਮਹਿਕਾਰ,ਖ਼ੁਸ਼ਬੋ, ਸੁੰਨਿ=ਸੁੰਨ ਵਿਚ,ਅਫੁਰ ਅਵਸਥਾ ਵਿਚ,
ਸੂਖਮ ਮੂਰਤਿ=ਰੱਬ ਦਾ ਉਹ ਸਰੂਪ ਜਿਹੜਾ ਅਸੀਂ ਨਹੀਂ ਵੇਖ ਸਕਦੇ,
ਸਤੀ=ਦਾਨੀ ਮਨੁੱਖ, ਦੇਣੈ ਕੇ ਵੀਚਾਰਿ=ਦੇਣ ਦੇ ਖ਼ਿਆਲ ਵਿਚ, ਸੰਤੋਖੁ=
ਖ਼ੁਸ਼ੀ,ਉਤਸ਼ਾਹ, ਸਹਸਾ ਗੂਣਾ=ਹਜ਼ਾਰ ਗੁਣਾ, ਜਾਰਾ=ਪਰ ਇਸਤ੍ਰੀ-ਗਾਮੀ,
ਤੈ=ਅਤੇ, ਕੂੜਿਆਰ=ਝੂਠ ਬੋਲਣ ਵਾਲੇ, ਵੇਕਾਰ=ਮੰਦ ਕਰਮੀ, ਇਕਿ=
ਕਈ ਮਨੁੱਖ, ਹੋਦਾ=ਕੋਲ ਹੁੰਦੀ ਵਸਤ, ਐਥਾਊ=ਏਥੋਂ,ਇਸ ਜਗਤ ਤੋਂ,
ਖਾਇ ਚਲਹਿ=ਖਾ ਕੇ ਤੁਰ ਪੈਂਦੇ ਹਨ, ਤਿਨਾ ਭਿ=ਉਹਨਾਂ ਨੂੰ ਭੀ, ਕਾਈ
ਕਾਰ=ਕੋਈ ਨ ਕੋਈ ਸੇਵਾ, ਲੋਅ=ਲੋਕ, ਆਕਾਰਾ ਆਕਾਰ=ਸਾਰੇ ਬ੍ਰਹਿਮੰਡਾਂ
ਦੇ, ਓਇ=ਉਹ ਸਾਰੇ ਜੀਵ , ਜਿ=ਜੋ ਕੁਝ, ਸਾਰ=ਬਲ,ਆਸਰਾ, ਭੁਖ
ਸਾਲਾਹਣੁ=ਸਿਫ਼ਤ-ਸਾਲਾਹ ਰੂਪੀ ਭੁੱਖ, ਆਧਾਰੁ=ਆਸਰਾ, ਪਾ ਛਾਰੁ=
ਪੈਰਾਂ ਦੀ ਖ਼ਾਕ)

57. ਮੁਸਲਮਾਣੁ ਕਹਾਵਣੁ ਮੁਸਕਲੁ ਜਾ ਹੋਇ ਤਾ ਮੁਸਲਮਾਣੁ ਕਹਾਵੈ

ਮੁਸਲਮਾਣੁ ਕਹਾਵਣੁ ਮੁਸਕਲੁ ਜਾ ਹੋਇ ਤਾ ਮੁਸਲਮਾਣੁ ਕਹਾਵੈ ॥
ਅਵਲਿ ਅਉਲਿ ਦੀਨੁ ਕਰਿ ਮਿਠਾ ਮਸਕਲ ਮਾਨਾ ਮਾਲੁ ਮੁਸਾਵੈ ॥
ਹੋਇ ਮੁਸਲਿਮੁ ਦੀਨ ਮੁਹਾਣੈ ਮਰਣ ਜੀਵਣ ਕਾ ਭਰਮੁ ਚੁਕਾਵੈ ॥
ਰਬ ਕੀ ਰਜਾਇ ਮੰਨੇ ਸਿਰ ਉਪਰਿ ਕਰਤਾ ਮੰਨੇ ਆਪੁ ਗਵਾਵੈ ॥
ਤਉ ਨਾਨਕ ਸਰਬ ਜੀਆ ਮਿਹਰੰਮਤਿ ਹੋਇ ਤ ਮੁਸਲਮਾਣੁ ਕਹਾਵੈ ॥1॥(141)॥

(ਅਵਲਿ ਅਉਲਿ=ਅਵਲਿ ਅਉਲਿ,ਪਹਿਲਾਂ ਪਹਿਲ, ਮਸਕਲ=
ਮਿਸਕਲਾ,ਜੰਗਾਲੁ ਲਾਹੁਣ ਵਾਲਾ ਹਥਿਆਰ, ਮਾਨਾ=ਮਾਨਿੰਦ, ਵਾਂਗ,
ਮੁਸਾਵੈ=ਠਗਾਵੈ,ਲੁਟਾਏ, ਦੀਨ ਮੁਹਾਣੈ=ਦੀਨ ਦੀ ਅਗਵਾਈ ਵਿਚ,
ਮਰਣ ਜੀਵਣ=ਸਾਰੀ ਉਮਰ, ਆਪੁ=ਹਉਮੈ, ਖ਼ੁਦੀ, ਮਿਹਰੰਮਤਿ=ਮਿਹਰ)

58. ਨਾਵਣ ਚਲੇ ਤੀਰਥੀ ਮਨਿ ਖੋਟੈ ਤਨਿ ਚੋਰ

ਨਾਵਣ ਚਲੇ ਤੀਰਥੀ ਮਨਿ ਖੋਟੈ ਤਨਿ ਚੋਰ ॥
ਇਕੁ ਭਾਉ ਲਥੀ ਨਾਤਿਆ ਦੁਇ ਭਾ ਚੜੀਅਸੁ ਹੋਰ ॥
ਬਾਹਰਿ ਧੋਤੀ ਤੂਮੜੀ ਅੰਦਰਿ ਵਿਸੁ ਨਿਕੋਰ ॥
ਸਾਧ ਭਲੇ ਅਣਨਾਤਿਆ ਚੋਰ ਸਿ ਚੋਰਾ ਚੋਰ ॥2॥(789)॥

(ਮਨਿ ਖੋਟੈ=ਖੋਟੇ ਮਨ ਨਾਲ, ਚੋਰ=ਕਾਮਾਦਿਕ ਚੋਰ,ਵਿਕਾਰ,
ਇਕੁ ਭਾਉ=ਇੱਕ ਹਿੱਸਾ, ਲਥੀ=ਲਹਿ ਗਈ, ਦੁਇ ਭਾ=ਦੋ ਹਿੱਸੇ,
ਹੋਰ=ਹੋਰ ਮੈਲ, ਤੂੰਮੜੀ=ਤੁੰਮੀ,ਪੇਟ, ਵਿਸੁ=ਜ਼ਹਿਰ, ਨਿਕੋਰ=ਨਿਰੋਲ)

59. ਨ ਭੀਜੈ ਰਾਗੀ ਨਾਦੀ ਬੇਦਿ

ਨ ਭੀਜੈ ਰਾਗੀ ਨਾਦੀ ਬੇਦਿ ॥
ਨ ਭੀਜੈ ਸੁਰਤੀ ਗਿਆਨੀ ਜੋਗਿ ॥
ਨ ਭੀਜੈ ਸੋਗੀ ਕੀਤੈ ਰੋਜਿ ॥
ਨ ਭੀਜੈ ਰੂਪੀਂ ਮਾਲੀਂ ਰੰਗਿ ॥
ਨ ਭੀਜੈ ਤੀਰਥਿ ਭਵਿਐ ਨੰਗਿ ॥
ਨ ਭੀਜੈ ਦਾਤੀਂ ਕੀਤੈ ਪੁੰਨਿ ॥
ਨ ਭੀਜੈ ਬਾਹਰਿ ਬੈਠਿਆ ਸੁੰਨਿ ॥
ਨ ਭੀਜੈ ਭੇੜਿ ਮਰਹਿ ਭਿੜਿ ਸੂਰ ॥
ਨ ਭੀਜੈ ਕੇਤੇ ਹੋਵਹਿ ਧੂੜ ॥
ਲੇਖਾ ਲਿਖੀਐ ਮਨ ਕੈ ਭਾਇ ॥
ਨਾਨਕ ਭੀਜੈ ਸਾਚੈ ਨਾਇ ॥2॥1237)॥

(ਨ ਭੀਜੈ=ਭਿੱਜਦਾ ਨਹੀਂ,ਪ੍ਰਸੰਨ ਨਹੀਂ ਹੁੰਦਾ,
ਨਾਦੀ=ਨਾਦ ਵਜਾਣ ਨਾਲ, ਬੇਦਿ=ਵੇਦ ਦੀ
ਰਾਹੀਂ, ਸੁਰਤੀ=ਸਮਾਧੀ ਨਾਲ, ਰੰਗਿ=ਰੰਗ-
ਤਮਾਸ਼ੇ ਨਾਲ, ਭਵਿਐ=ਨੰਗੇ ਭੌਣ ਨਾਲ, ਸੁੰਨਿ=
ਚੁੱਪ-ਚਾਪ ਰਹਿ ਕੇ, ਭੇੜਿ=ਜੰਗ ਵਿਚ, ਭਿੜਿ=
ਲੜ ਕੇ, ਸੂਰ=ਸੂਰਮੇ, ਹੋਵਹਿ ਧੂੜਿ=ਮਿੱਟੀ ਵਿਚ
ਲਿੱਬੜਦੇ ਹਨ, ਲੇਖਾ ਲਿਖੀਐ=ਲੇਖਾ ਲਿਖਿਆ
ਜਾਂਦਾ ਹੈ, ਮਨ ਕੈ ਭਾਇ=ਮਨ ਦੀ ਭਾਵਨਾ ਅਨੁਸਾਰ,
ਸਾਚੈ ਨਾਇ=ਸੱਚੇ ਨਾਮ ਦੀ ਰਾਹੀਂ)

60. ਨਦੀਆ ਹੋਵਹਿ ਧੇਣਵਾ ਸੁੰਮ ਹੋਵਹਿ ਦੁਧੁ ਘੀਉ

ਨਦੀਆ ਹੋਵਹਿ ਧੇਣਵਾ ਸੁੰਮ ਹੋਵਹਿ ਦੁਧੁ ਘੀਉ ॥
ਸਗਲੀ ਧਰਤੀ ਸਕਰ ਹੋਵੈ ਖੁਸੀ ਕਰੇ ਨਿਤ ਜੀਉ ॥
ਪਰਬਤੁ ਸੁਇਨਾ ਰੁਪਾ ਹੋਵੈ ਹੀਰੇ ਲਾਲ ਜੜਾਉ ॥
ਭੀ ਤੂੰਹੈ ਸਾਲਾਹਣਾ ਆਖਣ ਲਹੈ ਨ ਚਾਉ ॥1॥
(ਧੇਣਵਾ=ਗਾਈਆਂ, ਸੁੰਮ=ਸੋਮੇ,ਚਸ਼ਮੇ, ਜੀਉ=
ਜਿੰਦ, ਰੁਪਾ=ਚਾਂਦੀ, ਆਖਣ ਚਾਉ=ਤੇਰੀ ਵਡਿਆਈ
ਕਰਨ ਦਾ ਚਾਉ, ਤੂੰਹੈ=ਤੈਨੂੰ ਹੀ)

ਮ: 1 ॥
ਭਾਰ ਅਠਾਰਹ ਮੇਵਾ ਹੋਵੈ ਗਰੁੜਾ ਹੋਇ ਸੁਆਉ ॥
ਚੰਦੁ ਸੂਰਜੁ ਦੁਇ ਫਿਰਦੇ ਰਖੀਅਹਿ ਨਿਹਚਲੁ ਹੋਵੈ ਥਾਉ ॥
ਭੀ ਤੂੰਹੈ ਸਾਲਾਹਣਾ ਆਖਣ ਲਹੈ ਨ ਚਾਉ ॥2॥

(ਭਾਰ ਅਠਾਰਹ=18 ਭਾਰ,ਸਾਰੀ ਬਨਸਪਤੀ (ਪੁਰਾਤਨ
ਖ਼ਿਆਲ ਅਨੁਸਾਰ ਜੇ ਹਰੇਕ ਕਿਸਮ ਦੀ ਬਨਸਪਤੀ ਦਾ
ਇਕ ਇਕ ਪੱਤਰ ਲੈ ਕੇ ਇਕੱਠੇ ਤੋਲੇ ਜਾਣ ਤਾਂ ਸਾਰਾ
ਤੋਲ '18 ਭਾਰ' ਬਣਦਾ ਹੈ । ਇਕ ਭਾਰ ਦਾ ਵਜ਼ਨ ਹੈ
5 ਮਣ ਕੱਚੇ), ਗਰੁੜਾ=ਰਸੀਲਾ,ਸੁਆਉ=ਸੁਆਦ)

ਮ: 1 ॥
ਜੇ ਦੇਹੈ ਦੁਖੁ ਲਾਈਐ ਪਾਪ ਗਰਹ ਦੁਇ ਰਾਹੁ ॥
ਰਤੁ ਪੀਣੇ ਰਾਜੇ ਸਿਰੈ ਉਪਰਿ ਰਖੀਅਹਿ ਏਵੈ ਜਾਪੈ ਭਾਉ ॥
ਭੀ ਤੂੰਹੈ ਸਾਲਾਹਣਾ ਆਖਣ ਲਹੈ ਨ ਚਾਉ ॥3॥

(ਦੇਹੈ=ਸਰੀਰ ਨੂੰ, ਰਾਹੁ=ਰਾਹੂ, ਦੁਇ=ਦੋਵੇਂ ਰਾਹੂ ਤੇ ਕੇਤੂ ,
ਪਾਪ ਗਰਹ=ਪਾਪਾਂ ਦੇ ਗ੍ਰਹ, ਰਤੁ ਪੀਣੇ=ਜ਼ਾਲਮ, ਏਵੈ=
ਇਹੋ ਜਿਹੀ, ਭਾਉ=ਪਿਆਰ, ਜਾਪੈ=ਪਰਗਟ ਹੋਵੇ, ਏਵੈ=
ਇਸੇ ਤਰ੍ਹਾਂ)

ਮ: 1 ॥
ਅਗੀ ਪਾਲਾ ਕਪੜੁ ਹੋਵੈ ਖਾਣਾ ਹੋਵੈ ਵਾਉ ॥
ਸੁਰਗੈ ਦੀਆ ਮੋਹਣੀਆ ਇਸਤਰੀਆ ਹੋਵਨਿ ਨਾਨਕ ਸਭੋ ਜਾਉ ॥
ਭੀ ਤੂੰਹੈ ਸਾਲਾਹਣਾ ਆਖਣ ਲਹੈ ਨ ਚਾਉ ॥4॥141॥
(ਅਗੀ=ਅੱਗ,ਧੁੱਪ ਦਾ ਸੇਕ, ਪਾਲਾ=ਸਿਆਲੀ ਠੰਢ, ਵਾਉ=
ਹਵਾ, ਮੋਹਣੀਆ=ਮਨ ਨੂੰ ਮੋਹ ਲੈਣ ਵਾਲੀਆਂ, ਜਾਉ=ਨਾਸਵੰਤ)

61. ਨਾਨਕੁ ਆਖੈ ਰੇ ਮਨਾ ਸੁਣੀਐ ਸਿਖ ਸਹੀ

ਨਾਨਕੁ ਆਖੈ ਰੇ ਮਨਾ ਸੁਣੀਐ ਸਿਖ ਸਹੀ ॥
ਲੇਖਾ ਰਬੁ ਮੰਗੇਸੀਆ ਬੈਠਾ ਕਢਿ ਬਹੀ ॥
ਤਲਬਾ ਪਉਸਨਿ ਆਕੀਆ ਬਾਕੀ ਜਿਨਾ ਰਹੀ ॥
ਅਜਰਾਈਲੁ ਫਰੇਸਤਾ ਹੋਸੀ ਆਇ ਤਈ ॥
ਆਵਣੁ ਜਾਣੁ ਨ ਸੁਝਈ ਭੀੜੀ ਗਲੀ ਫਹੀ ॥
ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ ॥2॥953)॥

(ਸਹੀ=ਸੱਚੀ, ਸਿਖ=ਸਿੱਖਿਆ, ਵਹੀ=ਅਮਲਾਂ ਦੀ
ਕਿਤਾਬ, ਤਲਬਾ=ਸੱਦੇ, ਆਕੀ=ਬਾਗ਼ੀ, ਬਾਕੀ=ਲੇਖੇ
ਵਿਚੋਂ ਬਕਾਇਆ, ਅਜਰਾਈਲੁ ਫਰੇਸਤਾ=ਮੌਤ ਦਾ
ਫ਼ਰਿਸ਼ਤਾ, ਤਈ=ਤਿਆਰ, ਫਹੀ=ਫਸੀ ਹੋਈ,
ਨਿਖੁਟੇ=ਹਾਰ ਜਾਂਦੇ ਹਨ, ਸਚਿ=ਸੱਚਾ ਸੌਦਾ ਕੀਤਿਆਂ,
ਆਵਣ ਜਾਣੁ=ਕੋਈ ਚਾਰਾ)

62. ਨਾਨਕ ਚੁਲੀਆ ਸੁਚੀਆ ਜੇ ਭਰਿ ਜਾਣੈ ਕੋਇ

ਨਾਨਕ ਚੁਲੀਆ ਸੁਚੀਆ ਜੇ ਭਰਿ ਜਾਣੈ ਕੋਇ ॥
ਸੁਰਤੇ ਚੁਲੀ ਗਿਆਨ ਕੀ ਜੋਗੀ ਕਾ ਜਤੁ ਹੋਇ ॥
ਬ੍ਰਹਮਣ ਚੁਲੀ ਸੰਤੋਖ ਕੀ ਗਿਰਹੀ ਕਾ ਸਤੁ ਦਾਨੁ ॥
ਰਾਜੇ ਚੁਲੀ ਨਿਆਵ ਕੀ ਪੜਿਆ ਸਚੁ ਧਿਆਨੁ ॥
ਪਾਣੀ ਚਿਤੁ ਨ ਧੋਪਈ ਮੁਖਿ ਪੀਤੈ ਤਿਖ ਜਾਇ ॥
ਪਾਣੀ ਪਿਤਾ ਜਗਤ ਕਾ ਫਿਰਿ ਪਾਣੀ ਸਭੁ ਖਾਇ ॥2॥1240)॥

(ਜੇ ਕੋਇ=ਜੇ ਕੋਈ ਮਨੁੱਖ, ਭਰਿ ਜਾਣੈ=ਚੁਲੀ ਭਰਨੀ
ਜਾਣਦਾ ਹੋਵੇ, ਸੁਰਤਾ=ਵਿਦਵਾਨ ਮਨੁੱਖ, ਜਤੁ=ਮਨ ਨੂੰ
ਕਾਮ-ਵਾਸਨਾ ਵਲੋਂ ਰੋਕਣਾ, ਗਿਰਹੀ=ਗ੍ਰਿਹਸਤੀ, ਸਤੁ=
ਉੱਚਾ ਆਚਰਨ, ਦਾਨੁ=ਸੇਵਾ, ਨਿਆਵ=ਇਨਸਾਫ਼, ਪਾਣੀ=
ਪਾਣੀ ਨਾਲ, ਧੋਪਈ=ਧੁਪਦਾ, ਮੁਖਿ=ਮੂੰਹ ਨਾਲ, ਤਿਖ=
ਪਿਆਸ, ਜਗਤ ਕਾ ਪਿਤਾ=ਸਾਰੀ ਰਚਨਾ ਦਾ ਮੂਲ-ਕਾਰਨ,
ਸਭੁ=ਸਾਰੇ ਜਗਤ ਨੂੰ, ਖਾਇ=ਨਾਸ ਕਰਦਾ ਹੈ)

63. ਨਾਨਕ ਦੁਨੀਆ ਭਸੁ ਰੰਗੁ ਭਸੂ ਹੂ ਭਸੁ ਖੇਹ

ਨਾਨਕ ਦੁਨੀਆ ਭਸੁ ਰੰਗੁ ਭਸੂ ਹੂ ਭਸੁ ਖੇਹ ॥
ਭਸੋ ਭਸੁ ਕਮਾਵਣੀ ਭੀ ਭਸੁ ਭਰੀਐ ਦੇਹ ॥
ਜਾ ਜੀਉ ਵਿਚਹੁ ਕਢੀਐ ਭਸੂ ਭਰਿਆ ਜਾਇ ॥
ਅਗੈ ਲੇਖੈ ਮੰਗੀਐ ਹੋਰ ਦਸੂਣੀ ਪਾਇ ॥2॥1240)॥

(ਰੰਗੁ=ਆਨੰਦ, ਭਸੁ=ਸੁਆਹ, ਭਸੂ ਹੂ ਭਸੁ=ਨਿਰੀ ਭੱਸ
ਹੀ ਭੱਸ, ਖੇਹ=ਸੁਆਹ, ਭਸੂ ਭਰਿਆ=ਸੁਆਹ ਨਾਲ
ਲਿੱਬੜਿਆ ਹੋਇਆ, ਜਾਇ=ਜਾਂਦਾ ਹੈ, ਅਗੈ=ਪਰਲੋਕ
ਵਿਚ, ਲੇਖੈ ਮੰਗਿਐ=ਜਦੋਂ ਕੀਤੇ ਕਰਮਾਂ ਦਾ ਲੇਖਾ ਮੰਗੀਦਾ
ਹੈ, ਹੋਰ ਦਸੂਣੀ=ਹੋਰ ਦਸ-ਗੁਣੀ (ਸੁਆਹ), ਪਾਇ=ਲੈਂਦਾ ਹੈ)

64. ਨਾਨਕ ਇਹੁ ਜੀਉ ਮਛੁਲੀ ਝੀਵਰੁ ਤ੍ਰਿਸਨਾ ਕਾਲੁ

ਨਾਨਕ ਇਹੁ ਜੀਉ ਮਛੁਲੀ ਝੀਵਰੁ ਤ੍ਰਿਸਨਾ ਕਾਲੁ ॥
ਮਨੂਆ ਅੰਧੁ ਨ ਚੇਤਈ ਪੜੈ ਅਚਿੰਤਾ ਜਾਲੁ ॥
ਨਾਨਕ ਚਿਤੁ ਅਚੇਤੁ ਹੈ ਚਿੰਤਾ ਬਧਾ ਜਾਇ ॥
ਨਦਰਿ ਕਰੇ ਜੇ ਆਪਣੀ ਤਾ ਆਪੇ ਲਏ ਮਿਲਾਇ ॥2॥955)॥

(ਝੀਵਰੁ=ਮਾਛੀ, ਤ੍ਰਿਸਨਾ=ਇੱਛਾਵਾਂ, ਕਾਲੁ=ਮੌਤ,
ਆਤਮਕ ਮੌਤ ਲਿਆਉਣ ਵਾਲਾ, ਮਨੂਆ=ਮੂਰਖ ਮਨ,
ਅਚਿੰਤਾ=ਅਚਨਚੇਤ, ਅਚੇਤੁ=ਗਾਫ਼ਲ,ਬੇਪਰਵਾਹ)

65. ਨਾਨਕ ਮੇਰੁ ਸਰੀਰ ਕਾ ਇਕੁ ਰਥੁ ਇਕੁ ਰਥਵਾਹੁ

ਨਾਨਕ ਮੇਰੁ ਸਰੀਰ ਕਾ ਇਕੁ ਰਥੁ ਇਕੁ ਰਥਵਾਹੁ ॥
ਜੁਗੁ ਜੁਗੁ ਫੇਰਿ ਵਟਾਅਹਿ ਗਿਆਨੀ ਬੁਝਹਿ ਤਾਹਿ ॥
ਸਤਜੁਗਿ ਰਥੁ ਸੰਤੋਖ ਕਾ ਧਰਮੁ ਅਗੈ ਰਥਵਾਹੁ ॥
ਤ੍ਰੇਤੈ ਰਥੁ ਜਤੈ ਕਾ ਜੋਰੁ ਅਗੈ ਰਥਵਾਹੁ ॥
ਦੁਆਪੁਰਿ ਰਥੁ ਤਪੈ ਕਾ ਸਤੁ ਅਗੈ ਰਥਵਾਹੁ ॥
ਕਲਜੁਗਿ ਰਥੁ ਅਗਨਿ ਕਾ ਕੂੜੁ ਅਗੈ ਰਥਵਾਹੁ ॥1॥(470)॥

(ਮੇਰੁ=ਜਿਵੇਂ 'ਮੇਰੂ' ਪਰਬਤ ਦੇ ਦੁਆਲੇ ਸਾਰੇ ਗ੍ਰਹਿ (ਤਾਰੇ)
ਭੌਂਦੇ ਹਨ, ਸਾਰੇ 'ਦੀਪਾਂ' ਦਾ ਇਹ ਕੇਂਦਰ ਹੈ ਤਿਵੇਂ ਪ੍ਰਭੂ ਦੀ
ਰਚਨਾ ਦੀਆਂ ਬੇਅੰਤ ਜੂਨੀਆਂ ਵਿਚੋਂ ਸ਼ਿਰੋਮਣੀ ਜੂਨ ਮਨੁੱਖਾ-ਜੂਨ
'ਮੇਰੂ' ਅਖਵਾਂਦੀ ਹੈ, ਮੇਰੁ ਸਰੀਰ ਕਾ=ਸ਼ਿਰੋਮਣੀ ਸਰੀਰ ਦਾ, ਭਾਵ,
ਮਨੁੱਖਾ-ਸਰੀਰ ਦੇ ਵਾਸਤੇ, ਰਥੁ=ਸਰੀਰ, ਰਥਵਾਹੁ=ਰਥ ਨੂੰ ਚਲਾਣ ਵਾਲਾ
(ਆਤਮਾ), ਜੁਗੁ ਜੁਗੁ=ਹਰੇਕ ਜੁਗ ਵਿਚ, ਵਟਾਈਅਹਿ=ਵਟਾਏ ਜਾਂਦੇ ਹਨ,
ਸਤੁ=ਉੱਚਾ ਆਚਰਨ)

66. ਨਾਨਕ ਨਿਰਭਉ ਨਿਰੰਕਾਰੁ ਹੋਰਿ ਕੇਤੇ ਰਾਮ ਰਵਾਲ

ਨਾਨਕ ਨਿਰਭਉ ਨਿਰੰਕਾਰੁ ਹੋਰਿ ਕੇਤੇ ਰਾਮ ਰਵਾਲ ॥
ਕੇਤੀਆ ਕੰਨ੍ਹ ਕਹਾਣੀਆਂ ਕੇਤੇ ਬੇਦ ਬੀਚਾਰ ॥
ਕੇਤੇ ਨਚਹਿ ਮੰਗਤੇ ਗਿੜਿ ਮੁੜਿ ਪੂਰਹਿ ਤਾਲ ॥
ਬਾਜਾਰੀ ਬਾਜਾਰ ਮਹਿ ਆਇ ਕਢਹਿ ਬਾਜਾਰ ॥
ਗਾਵਹਿ ਰਾਜੇ ਰਾਣੀਆ ਬੋਲਹਿ ਆਲ ਪਤਾਲ ॥
ਲਖ ਟਕਿਆ ਕੇ ਮੁੰਦੜੇ ਲਖ ਟਕਿਆ ਕੇ ਹਾਰ ॥
ਜਿਤੁ ਤਨਿ ਪਾਈਅਹਿ ਨਾਨਕਾ ਸੇ ਤਨ ਹੋਵਹਿ ਛਾਰ ॥
ਗਿਆਨੁ ਨ ਗਲੀਈ ਢੂਢੀਐ ਕਥਨਾ ਕਰੜਾ ਸਾਰੁ ॥
ਕਰਮਿ ਮਿਲੈ ਤਾ ਪਾਈਐ ਹੋਰ ਹਿਕਮਤਿ ਹੁਕਮੁ ਖੁਆਰੁ ॥2॥(464)॥

(ਹੋਰਿ=ਨਿਰੰਕਾਰ ਤੋਂ ਬਿਨਾ ਹੋਰ ਸਾਰੇ, ਰਵਾਲ=ਧੂੜ, ਕੇਤੀਆ=
ਕਿੰਨੀਆਂ ਹੀ, ਕੰਨ੍ਹ ਕਹਾਣੀਆ=ਕ੍ਰਿਸ਼ਨ ਜੀ ਦੀਆਂ ਕਹਾਣੀਆਂ,
ਗਿੜਿ ਮੁੜਿ=ਪਰਤ ਪਰਤ ਕੇ, ਬਾਜਾਰੀ=ਰਾਸਧਾਰੀਏ, ਆਇ
ਕਢਹਿ ਬਾਜਾਰ=ਆ ਕੇ ਰਾਸਾਂ ਪਾਉਂਦੇ ਹਨ, ਆਲ=ਚਾਲ,ਠੱਗੀ,
ਆਲ ਪਤਾਲ=ਬੜੇ ਡੂੰਘੇ ਚਾਲਾਂ ਦੇ ਬਚਨ,ਆਮ ਬੋਲੀ ਵਿੱਚ ਫਜ਼ੂਲ,
ਮੁੰਦੜੇ=ਸੋਹਣੇ ਸੋਹਣੇ ਵਾਲੇ, ਜਿਤੁ ਤਨਿ=ਜਿਸ ਜਿਸ ਸਰੀਰ ਉੱਤੇ,
ਗਲੀਈ=ਗੱਲਾਂ ਦੀ ਰਾਹੀਂ, ਕਥਨਾ=ਬਿਆਨ ਕਰਨਾ, ਸਾਰੁ=ਲੋਹਾ,
ਕਰਮਿ=ਬਖ਼ਸ਼ਸ਼ ਨਾਲ, ਹਿਕਮਤਿ=ਚਲਾਕੀ,ਢੰਗ)

67. ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ

ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ ॥
ਫਿਕੋ ਫਿਕਾ ਸਦੀਐ ਫਿਕੇ ਫਿਕੀ ਸੋਇ ॥
ਫਿਕਾ ਦਰਗਹ ਸਟੀਐ ਮੁਹਿ ਥੁਕਾ ਫਿਕੇ ਪਾਇ ॥
ਫਿਕਾ ਮੂਰਖੁ ਆਖੀਐ ਪਾਣਾ ਲਹਿ ਸਜਾਇ ॥1॥(473)॥

(ਫਿਕੈ ਬੋਲਿਐ=ਜੇ ਫਿੱਕੇ ਬਚਨ ਬੋਲੀਏ, ਫਿਕੇ=ਰੁੱਖਾ ਬੋਲਣ
ਵਾਲੇ ਮਨੁੱਖ ਦੀ, ਸੋਇ=ਸੋਭਾ,ਲੋਕਾਂ ਦੀ ਰਾਇ, ਪਾਣਾ=ਜੁੱਤੀਆਂ)

68. ਨਾਨਕ ਸਾਵਣਿ ਜੇ ਵਸੈ ਚਹੁ ਓਮਾਹਾ ਹੋਇ

ਨਾਨਕ ਸਾਵਣਿ ਜੇ ਵਸੈ ਚਹੁ ਓਮਾਹਾ ਹੋਇ ॥
ਨਾਗਾਂ ਮਿਰਗਾਂ ਮਛੀਆਂ ਰਸੀਆਂ ਘਰਿ ਧਨੁ ਹੋਇ ॥

(ਸਾਵਣਿ=ਸਾਵਣ ਵਿਚ, ਓਮਾਹਾ=ਚਾਉ,ਰਸੀਆ=
ਰਸ ਦਾ ਆਸ਼ਕ, ਘਰਿ=ਘਰ ਵਿਚ)

ਮ : 1 ॥
ਨਾਨਕ ਸਾਵਣਿ ਜੇ ਵਸੈ ਚਹੁ ਵੇਛੋੜਾ ਹੋਇ ॥
ਗਾਈ ਪੁਤਾ ਨਿਰਧਨਾ ਪੰਥੀ ਚਾਕਰੁ ਹੋਇ ॥2॥1279)॥

(ਗਾਈਪੁਤ=ਬਲਦ, ਪੰਥੀ=ਰਾਹੀ, ਚਾਕਰੁ=ਨੌਕਰ)

69. ਨਾਨਕ ਤੁਲੀਅਹਿ ਤੋਲ ਜੇ ਜੀਉ ਪਿਛੈ ਪਾਈਐ

ਨਾਨਕ ਤੁਲੀਅਹਿ ਤੋਲ ਜੇ ਜੀਉ ਪਿਛੈ ਪਾਈਐ ॥
ਇਕਸੁ ਨ ਪੁਜਹਿ ਬੋਲ ਜੇ ਪੂਰੇ ਪੂਰਾ ਕਰਿ ਮਿਲੈ ॥
ਵਡਾ ਆਖਣੁ ਭਾਰਾ ਤੋਲੁ ॥
ਹੋਰ ਹਉਲੀ ਮਤੀ ਹਉਲੇ ਬੋਲ ॥
ਧਰਤੀ ਪਾਣੀ ਪਰਬਤ ਭਾਰੁ ॥
ਕਿਉ ਕੰਡੈ ਤੋਲੈ ਸੁਨਿਆਰੁ ॥
ਤੋਲਾ ਮਾਸਾ ਰਤਕ ਪਾਇ ॥
ਨਾਨਕ ਪੁਛਿਆ ਦੇਇ ਪੁਜਾਇ ॥
ਮੂਰਖ ਅੰਧਿਆ ਅੰਧੀ ਧਾਤੁ ॥
ਕਹਿ ਕਹਿ ਕਹਣੁ ਕਹਾਇਨਿ ਆਪੁ ॥1॥1239)॥

(ਤੋਲ ਤੁਲੀਅਹਿ=ਤੋਲ ਤੋਲੇ ਜਾਂਦੇ ਹਨ, ਜੀਉ=ਜਿੰਦ,
ਪਿਛੈ=ਪਿਛਲੇ ਛਾਬੇ ਵਿਚ, ਬੋਲ=ਬਚਨ,ਪ੍ਰਭੂ ਦਾ ਗੁਣਗਾਨ,
ਇਕਸੁ ਬੋਲ ਨ ਪੁਜਹਿ=ਸਿਫ਼ਤਿ-ਸਾਲਾਹ ਦੇ ਇਕ ਬਚਨ
ਨਾਲ ਸਾਵੇਂ ਨਹੀਂ ਹੋ ਸਕਦੇ, ਪੂਰੇ=ਪੂਰਨ ਪ੍ਰਭੂ ਨੂੰ, ਪੂਰਾ ਕਰਿ=
ਤੋਲ ਸਾਵਾਂ ਕਰ ਕੇ, ਵਡਾ ਆਖਣੁ=ਪ੍ਰਭੂ ਨੂੰ ਵੱਡਾ ਆਖਣਾ,
ਭਾਰਾ ਤੋਲੁ=ਵਜ਼ਨਦਾਰ ਸ਼ੈ, ਕੰਡੈ=ਕੰਡੇ ਉਤੇ, ਪਾਇ=ਪਾ ਕੇ,
ਦੇਇ ਪੁਜਾਇ=ਪੂਰਾ ਕਰ ਵਿਖਾਂਦਾ ਹੈ, ਅੰਧੀ ਧਾਤੁ=ਅੰਨ੍ਹਿਆਂ
ਵਾਲੀ ਦੌੜ-ਭੱਜ, ਕਹਾਇਨਿ=ਅਖਵਾਉਂਦੇ ਹਨ, ਆਪੁ=ਆਪਣੇ
ਆਪ ਨੂੰ, ਕਹਿ ਕਹਿ ਕਹਣੁ=ਮੁੜ ਮੁੜ ਆਖਣਾ)

70. ਨਾ ਸਤਿ ਦੁਖੀਆ ਨਾ ਸਤਿ ਸੁਖੀਆ ਨਾ ਸਤਿ ਪਾਣੀ ਜੰਤ ਫਿਰਹਿ

ਨਾ ਸਤਿ ਦੁਖੀਆ ਨਾ ਸਤਿ ਸੁਖੀਆ ਨਾ ਸਤਿ ਪਾਣੀ ਜੰਤ ਫਿਰਹਿ ॥
ਨਾ ਸਤਿ ਮੂੰਡ ਮੁਡਾਈ ਕੇਸੀ ਨਾ ਸਤਿ ਪੜਿਆ ਦੇਸ ਫਿਰਹਿ ॥
ਨਾ ਸਤਿ ਰੁਖੀ ਬਿਰਖੀ ਪਥਰ ਆਪੁ ਤਛਾਵਹਿ ਦੁਖ ਸਹਹਿ ॥
ਨਾ ਸਤਿ ਹਸਤੀ ਬਧੇ ਸੰਗਲ ਨਾ ਸਤਿ ਗਾਈ ਘਾਹੁ ਚਰਹਿ ॥
ਜਿਸੁ ਹਥਿ ਸਿਧਿ ਦੇਵੈ ਜੇ ਸੋਈ ਜਿਸ ਨੋ ਦੇਇ ਤਿਸੁ ਆਇ ਮਿਲੈ ॥
ਨਾਨਕ ਤਾ ਕਉ ਮਿਲੈ ਵਡਾਈ ਜਿਸੁ ਘਟ ਭੀਤਰਿ ਸਬਦੁ ਰਵੈ ॥
ਸਭਿ ਘਟ ਮੇਰੇ ਹਉ ਸਭਨਾ ਅੰਦਰਿ ਜਿਸਹਿ ਖੁਆਈ ਤਿਸੁ ਕਉਣੁ ਕਹੈ ॥
ਜਿਸਹਿ ਦਿਖਾਲਾ ਵਾਟੜੀ ਤਿਸਹਿ ਭੁਲਾਵੈ ਕਉਣੁ ॥
ਜਿਸਹਿ ਭੁਲਾਈ ਪੰਧ ਸਿਰਿ ਤਿਸਹਿ ਦਿਖਾਵੈ ਕਉਣੁ ॥1॥952)॥

(ਨਾਸਤਿ=ਨਹੀਂ ਹੈ, ਭਾਵ, ਸਿੱਧੀ ਤੇ ਵਡਿਆਈ ਨਹੀਂ ਹੈ,
ਮੂੰਡ=ਸਿਰ, ਮੂੰਡ ਕੇਸੀ ਮੁਡਾਈ=ਸਿਰ ਦੇ ਕੇਸ ਮੁਨਾਇਆਂ,
ਆਪੁ=ਆਪਣੇ ਆਪ ਨੂੰ, ਤਛਾਵਹਿ=ਕਟਾਂਦੇ ਹਨ, ਰਵੈ=
ਮੌਜੂਦ ਹੈ, ਖੁਆਈ=ਮੈਂ ਖੁੰਝਾਂਦਾ ਹਾਂ, ਵਾਟੜੀ=ਸੋਹਣਾ ਰਾਹ,
ਪੰਧ ਸਿਰਿ=ਸਫ਼ਰ ਦੇ ਸ਼ੁਰੂ ਵਿਚ ਹੀ)

71. ਨਵ ਛਿਅ ਖਟ ਕਾ ਕਰੇ ਬੀਚਾਰੁ

ਨਵ ਛਿਅ ਖਟ ਕਾ ਕਰੇ ਬੀਚਾਰੁ ॥
ਨਿਸਿ ਦਿਨ ਉਚਰੈ ਭਾਰ ਅਠਾਰ ॥
ਤਿਨਿ ਭੀ ਅੰਤੁ ਨ ਪਾਇਆ ਤੋਹਿ ॥
ਨਾਮ ਬਿਹੂਣ ਮੁਕਤਿ ਕਿਉ ਹੋਇ ॥
ਨਾਭਿ ਵਸਤ ਬ੍ਰਹਮੈ ਅੰਤੁ ਨ ਜਾਣਿਆ ॥
ਗੁਰਮੁਖਿ ਨਾਨਕ ਨਾਮੁ ਪਛਾਣਿਆ ॥3॥1237)॥

(ਨਵ=ਨੌ ਵਿਆਕਰਣ, ਛਿਅ=ਛੇ ਸ਼ਾਸਤ੍ਰ, ਖਟ=ਛੇ,
ਵੇਦਾਂਗ (ਸ਼ਿਕਸ਼ਾ, ਕਲਪ, ਵਿਆਕਰਣ, ਛੰਦ,
ਨਿਰੁਕਤ, ਜੋਤਿਸ਼), ਨਿਸਿ=ਰਾਤ, ਭਾਰ ਅਠਾਰ=
ਅਠਾਰਾਂ ਪਰਵਾਂ ਵਾਲਾ ਮਹਾਭਾਰਤ ਗ੍ਰੰਥ, ਤਿਨਿ=ਉਸ
ਨੇ, ਤੋਹਿ=ਤੇਰਾ, ਬਿਹੂਣ=ਸੱਖਣਾ, ਨਾਭਿ=ਕਮਲ ਦੀ
ਨਾਭੀ, ਵਸਤ=ਵੱਸਦਿਆਂ, ਬ੍ਰਹਮੈ=ਬ੍ਰਹਮਾ ਨੇ, ਗੁਰਮੁਖਿ=
ਗੁਰੂ ਦੇ ਸਨਮੁਖ ਹੋ ਕੇ)

72. ਪਹਿਲੇ ਪਿਆਰਿ ਲਗਾ ਥਣ ਦੁਧਿ

ਪਹਿਲੇ ਪਿਆਰਿ ਲਗਾ ਥਣ ਦੁਧਿ ॥
ਦੂਜੈ ਮਾਇ ਬਾਪ ਕੀ ਸੁਧਿ ॥
ਤੀਜੈ ਭਯਾ ਭਾਭੀ ਬੇਬ ॥
ਚਉਥੈ ਪਿਆਰਿ ਉਪੰਨੀ ਖੇਡ ॥
ਪੰਜਵੈ ਖਾਣ ਪੀਅਣ ਕੀ ਧਾਤੁ ॥
ਛਿਵੈ ਕਾਮੁ ਨ ਪੁਛੈ ਜਾਤਿ ॥
ਸਤਵੈ ਸੰਜਿ ਕੀਆ ਘਰ ਵਾਸੁ ॥
ਅਠਵੈ ਕ੍ਰੋਧੁ ਹੋਆ ਤਨ ਨਾਸੁ ॥
ਨਾਵੈ ਧਉਲੇ ਉਭੇ ਸਾਹ ॥
ਦਸਵੈ ਦਧਾ ਹੋਆ ਸੁਆਹ ॥
ਗਏ ਸਿਗੀਤ ਪੁਕਾਰੀ ਧਾਹ ॥
ਉਡਿਆ ਹੰਸੁ ਦਸਾਏ ਰਾਹ ॥
ਆਇਆ ਗਇਆ ਮੁਇਆ ਨਾਉ ॥
ਪਿਛੈ ਪਤਲਿ ਸਦਿਹੁ ਕਾਵ ॥
ਨਾਨਕ ਮਨਮੁਖਿ ਅੰਧੁ ਪਿਆਰੁ ॥
ਬਾਝੁ ਗੁਰੂ ਡੁਬਾ ਸੰਸਾਰੁ ॥2॥(137)॥

(ਪਹਿਲ=ਪਹਿਲੀ ਅਵਸਥਾ ਵਿਚ,
ਪਿਆਰਿ=ਪਿਆਰ ਨਾਲ, ਥਣ
ਦੁਧਿ=ਥਣਾਂ ਦੇ ਦੁੱਧ ਵਿਚ, ਸੁਧਿ=
ਸੋਝੀ, ਭਯਾ=ਭਾਈ, ਭਾਭੀ=
ਭਰਜਾਈ, ਬੇਬ=ਭੈਣ, ਧਾਤੁ=
ਕਾਮਨਾ, ਸੰਜਿ=ਇਕੱਠੇ ਕਰ ਕੇ,
ਸਿਗੀਤ=ਸੰਗੀ, ਦਸਾਏ=ਪੁੱਛਦਾ ਹੈ,
ਮੁਇਆ=ਮੁੱਕ ਗਿਆ, ਅੰਧੁ=ਅੰਨ੍ਹਾ,ਅਗਿਆਨੀ)

73. ਪੰਜਿ ਨਿਵਾਜਾ ਵਖਤ ਪੰਜਿ ਪੰਜਾ ਪੰਜੇ ਨਾਉ

ਪੰਜਿ ਨਿਵਾਜਾ ਵਖਤ ਪੰਜਿ ਪੰਜਾ ਪੰਜੇ ਨਾਉ ॥
ਪਹਿਲਾ ਸਚੁ ਹਲਾਲ ਦੁਇ ਤੀਜਾ ਖੈਰ ਖੁਦਾਇ ॥
ਚਉਥੀ ਨੀਅਤਿ ਰਾਸਿ ਮਨੁ ਪੰਜਵੀ ਸਿਫਤਿ ਸਨਾਇ ॥
ਕਰਣੀ ਕਲਮਾ ਆਖਿ ਕੈ ਤਾ ਮੁਸਲਮਾਣੁ ਸਦਾਇ ॥
ਨਾਨਕ ਜੇਤੇ ਕੂੜਿਆਰ ਕੂੜੈ ਕੂੜੀ ਪਾਇ ॥3॥(141)॥

(ਵਖਤ=ਵਕਤ, ਦੁਇ=ਦੂਜੀ, ਖੈਰ ਖੁਦਾਇ=ਰੱਬ ਤੋਂ
ਸਭ ਦਾ ਭਲਾ ਮੰਗਣਾ, ਰਾਸਿ=ਸਾਫ਼, ਸਨਾਇ=ਵਡਿਆਈ,
ਕੂੜੀ ਪਾਇ=ਝੂਠੀ ਇੱਜ਼ਤ)

74. ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਐ ਸਾਥ

ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਐ ਸਾਥ ॥
ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ ॥
ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ ॥
ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ ॥
ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ ॥1॥(467)॥

(ਲਦੀਅਹਿ=ਲੱਦੀਆਂ ਜਾਣ, ਭਰੀਅਹਿ ਸਾਥ=ਢੇਰਾਂ ਦੇ ਢੇਰ
ਲਾਏ ਜਾ ਸਕਣ, ਬੇੜੀ ਪਾਈਐ=ਇਕ ਬੇੜੀ ਭਰੀ ਜਾ ਸਕੇ,
ਗਡੀਅਹਿ=ਭਰੇ ਜਾ ਸਕਣ, ਖਾਤ=ਟੋਏ,ਖਾਤੇ, ਪੜੀਅਹਿ ਜੇਤ
ਬਰਸ ਬਰਸ=ਕਈ ਸਾਲਾਂ ਦੇ ਸਾਲ ਪੜ੍ਹ ਕੇ ਗੁਜ਼ਾਰੇ ਜਾ ਸਕਣ,
ਮਾਸ=ਮਹੀਨੇ, ਜੇਤੀ ਆਰਜਾ=ਜਿੰਨੀ ਉਮਰ ਹੈ)

75. ਪੜਿ ਪੁਸਤਕ ਸੰਧਿਆ ਬਾਦੰ

ਪੜਿ ਪੁਸਤਕ ਸੰਧਿਆ ਬਾਦੰ ॥
ਸਿਲ ਪੂਜਸਿ ਬਗੁਲ ਸਮਾਧੰ ॥
ਮਿਖ ਝੂਠ ਬਿਭੂਖਨ ਸਾਰੰ ॥
ਤ੍ਰੈਪਾਲ ਤਿਹਾਲ ਬਿਚਾਰੰ ॥
ਗਲਿ ਮਾਲਾ ਤਿਲਕੁ ਲਾਲਟੰ ॥
ਦੁਇ ਧੋਤੀ ਬਸਤ੍ਰ ਕਪਾਟੰ ॥
ਜੇ ਜਾਣਸਿ ਬ੍ਰਹਮੰ ਕਰਮੰ ॥
ਸਭਿ ਫੋਕਟਿ ਨਿਸਚਉ ਕਰਮੰ ॥
ਕਹੁ ਨਾਨਕ ਨਿਸਚਉ ਧਿਆਵੈ ॥
ਵਿਣੁ ਸਤਿਗੁਰ ਵਾਟਿ ਨ ਪਾਵੈ ॥2॥(470)॥

(ਪੁਸਤਕ=ਵੇਦ ਸ਼ਾਸਤਰ ਆਦਿਕ ਧਰਮ ਪੁਸਤਕਾਂ,
ਬਾਦੰ=ਚਰਚਾ, ਸਿਲ=ਪੱਥਰ ਦੀ ਮੂਰਤੀ, ਬਗੁਲ=
ਬਗਲਿਆਂ ਵਾਂਗ, ਬਿਭੂਖਣ=ਗਹਿਣੇ, ਸਾਰੰ=ਸ੍ਰੇਸ਼ਟ,
ਤ੍ਰੈਪਾਲ=ਤਿੰਨ ਪਾਲਾਂ ਵਾਲੀ, ਗਾਯਤ੍ਰੀ ਮੰਤਰ, ਤਿਹਾਲ=
ਤਿੰਨ ਵਾਰੀ, ਲਿਲਾਟੰ=ਮੱਥੇ ਉਤੇ, ਕਪਾਟੰ=ਸਿਰ ਉੱਤੇ,
ਬ੍ਰਹਮੰ ਕਰਮੰ=ਬ੍ਰਹਮ ਦੇ ਕੰਮ, ਫੋਕਟ=ਫੋਕੇ, ਨਿਸਚਉ=
ਨਿਸ਼ਚੇ ਕਰ ਕੇ, ਸ਼ਰਧਾ ਧਾਰ ਕੇ, ਵਾਟ=ਰਸਤਾ,)

76. ਪਹਿਲਾਂ ਮਾਸਹੁ ਨਿੰਮਿਆ ਮਾਸੈ ਅੰਦਰਿ ਵਾਸੁ

ਪਹਿਲਾਂ ਮਾਸਹੁ ਨਿੰਮਿਆ ਮਾਸੈ ਅੰਦਰਿ ਵਾਸੁ ॥
ਜੀਉ ਪਾਇ ਮਾਸੁ ਮੁਹਿ ਮਿਲਿਆ ਹਡੁ ਚੰਮੁ ਤਨੁ ਮਾਸੁ ॥
ਮਾਸਹੁ ਬਾਹਰਿ ਕਢਿਆ ਮੰਮਾ ਮਾਸੁ ਗਿਰਾਸੁ ॥
ਮੁਹੁ ਮਾਸੈ ਕਾ ਜੀਭ ਮਾਸੈ ਕੀ ਮਾਸੈ ਅੰਦਰਿ ਸਾਸੁ ॥
ਵਡਾ ਹੋਆ ਵੀਆਹਿਆ ਘਰਿ ਲੈ ਆਇਆ ਮਾਸੁ ॥
ਮਾਸਹੁ ਹੀ ਮਾਸੁ ਊਪਜੈ ਮਾਸਹੁ ਸਭੋ ਸਾਕੁ ॥
ਸਤਿਗੁਰਿ ਮਿਲਿਐ ਹੁਕਮੁ ਬੁਝੀਐ ਤਾਂ ਕੋ ਆਵੈ ਰਾਸਿ ॥
ਆਪਿ ਛੁਟੇ ਨਹ ਛੂਟੀਐ ਨਾਨਕ ਬਚਨਿ ਬਿਣਾਸੁ ॥1॥1289)॥

(ਨਿੰਮਿਆ=ਮੁਢ ਬੱਝਾ, ਜੀਉ ਪਾਇ=ਜਿੰਦ ਹਾਸਲ ਕਰ ਕੇ,
ਗਿਰਾਸੁ=ਗਿਰਾਹੀ,ਖ਼ੁਰਾਕ, ਕੋ=ਕੋਈ ਜੀਵ, ਆਵੈ ਰਾਸਿ=
ਰਾਸ ਆਉਂਦਾ ਹੈ,ਸਫਲ ਹੁੰਦਾ ਹੈ, ਆਪਿ ਛੁਟੇ=ਆਪਣੇ ਜ਼ੋਰ
ਨਾਲ ਬਚਿਆਂ, ਬਚਨਿ=ਬਚਨ ਨਾਲ,ਚਰਚਾ ਨਾਲ, ਬਿਣਾਸੁ=ਹਾਨੀ)

77. ਪਹਿਲਾ ਸੁਚਾ ਆਪਿ ਹੋਇ ਸੁਚੈ ਬੈਠਾ ਆਇ

ਪਹਿਲਾ ਸੁਚਾ ਆਪਿ ਹੋਇ ਸੁਚੈ ਬੈਠਾ ਆਇ ॥
ਸੁਚੇ ਅਗੈ ਰਖਿਓਨੁ ਕੋਇ ਨ ਭਿਟਿਓ ਜਾਇ ॥
ਸੁਚਾ ਹੋਇ ਕੈ ਜੇਵਿਆ ਲਗਾ ਪੜਣਿ ਸਲੋਕੁ ॥
ਕੁਹਥੀ ਜਾਈ ਸਟਿਆ ਕਿਸੁ ਏਹੁ ਲਗਾ ਦੋਖੁ ॥
ਅੰਨੁ ਦੇਵਤਾ ਪਾਣੀ ਦੇਵਤਾ ਬੈਸੰਤਰੁ ਦੇਵਤਾ ਲੂਣੁ ਪੰਜਵਾ ਪਾਇਆ ਘਿਰਤੁ ॥
ਤਾ ਹੋਆ ਪਾਕੁ ਪਵਿਤੁ ॥
ਪਾਪੀ ਸਿਉ ਤਨੁ ਗਡਿਆ ਥੁਕਾ ਪਈਆ ਤਿਤੁ ॥
ਜਿਤੁ ਮੁਖਿ ਨਾਮੁ ਨ ਊਚਰਹਿ ਬਿਨੁ ਨਾਵੈ ਰਸ ਖਾਹਿ ॥
ਨਾਨਕ ਏਵੈ ਜਾਣੀਐ ਤਿਤੁ ਮੁਖਿ ਥੁਕਾ ਪਾਹਿ ॥1॥(473)॥

(ਸੁਚੈ=ਸੁੱਚੇ ਚੌਕੇ ਵਿਚ, ਸੁਚੇ ਅਗੈ ਰਖਿਓਨੁ= ਨ੍ਹਾਤੇ-ਧੋਤੇ ਦੇ
ਅੱਗੇ ਰੱਖ ਦਿੱਤਾ, ਜੇਵਿਆ=ਖਾਧਾ, ਕੁਹਥੀ ਜਾਈ=ਗੰਦੇ ਥਾਂ
ਵਿਚ, ਪਾਕੁ=ਪਵਿੱਤਰ, ਤਨੁ=ਸਰੀਰ, ਗਡਿਆ=ਰਲਾਇਆ,
ਤਿਤੁ=ਉਸ ਉੱਤੇ, ਜਿਤੁ ਮੁਖਿ=ਜਿਸ ਮੂੰਹ ਨਾਲ, ਰਸ ਖਾਹਿ=
ਸੁਆਦਲੇ ਪਦਾਰਥ ਖਾਂਦੇ ਹਨ, ਏਵੈ=ਏਸੇ ਤਰ੍ਹਾਂ)

78. ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂਹ

ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂਹ ॥
ਦੀਪਾਂ ਲੋਆਂ ਮੰਡਲਾਂ ਖੰਡਾਂ ਵਰਭੰਡਾਂਹ ॥
ਅੰਡਜ ਜੇਰਜ ਉਤਭੁਜਾਂ ਖਾਣੀ ਸੇਤਜਾਂਹ ॥
ਸੋ ਮਿਤਿ ਜਾਣੈ ਨਾਨਕਾ ਸਰਾਂ ਮੇਰਾਂ ਜੰਤਾਹ ॥
ਨਾਨਕ ਜੰਤ ਉਪਾਇ ਕੈ ਸੰਮਾਲੇ ਸਭਨਾਹ ॥
ਜਿਨਿ ਕਰਤੈ ਕਰਣਾ ਕੀਆ ਚਿੰਤਾ ਭਿ ਕਰਣੀ ਤਾਹ ॥
ਸੋ ਕਰਤਾ ਚਿੰਤਾ ਕਰੇ ਜਿਨਿ ਉਪਾਇਆ ਜਗੁ ॥
ਤਿਸੁ ਜੋਹਾਰੀ ਸੁਅਸਤਿ ਤਿਸੁ ਤਿਸੁ ਦੀਬਾਣੁ ਅਭਗੁ ॥
ਨਾਨਕ ਸਚੇ ਨਾਮ ਬਿਨੁ ਕਿਆ ਟਿਕਾ ਕਿਆ ਤਗੁ ॥1॥(467)॥

(ਤਟ=ਨਦੀ ਦਾ ਕਿਨਾਰਾ, ਮੇਘ=ਬੱਦਲ, ਦੀਪ=ਟਾਪੂ, ਲੋਅ=ਲੋਕ,
ਤਿੰਨ ਲੋਕ ਹਨ(ਸੁਰਗ, ਪ੍ਰਿਥਵੀ ਅਤੇ ਪਤਾਲ),ਚੌਦਾਂ ਲੋਕ ਭੀ ਮੰਨੇ
ਜਾਂਦੇ ਹਨ, ਮੰਡਲ=ਚੱਕਰ ਜਿਵੇਂ ਸੂਰਜ-ਮੰਡਲ, ਖੰਡ=ਹਿੱਸਾ ਜਿਵੇਂ
'ਭਰਤਖੰਡ', ਵਰਭੰਡ=ਬ੍ਰਹਿਮੰਡ, ਅੰਡਜ=ਆਂਡਿਆਂ ਤੋਂ ਪੈਦਾ
ਹੋਣ ਵਾਲੇ ਜੀਵ,ਪੰਛੀ ਆਦਿਕ, ਜੇਰਜ=ਜਿਓਰ ਤੋਂ ਪੈਦਾ ਹੋਏ ਜੀਵ,
ਪਸ਼ੂ ਮਨੁੱਖ ਆਦਿਕ, ਉਤਭੁਜ=ਧਰਤੀ ਵਿਚੋਂ ਉੱਗਣ ਵਾਲੇ,ਬਨਸਪਤੀ,
ਖਾਣੀ=ਉਤਪੱਤੀ ਦੀ ਥਾਂ, ਸੇਤਜ=ਪਸੀਨੇ ਤੋਂ ਪੈਦਾ ਹੋਏ ਜੀਵ,ਜੂਆਂ
ਆਦਿਕ, ਸੋ=ਉਹ ਪ੍ਰਭੂ, ਮਿਤਿ=ਅੰਦਾਜ਼ਾ,ਮਰਯਾਦਾ, ਸਰਾਂ=ਸਰੋਵਰਾਂ
ਦੀ, ਮੇਰਾਂ=ਮੇਰੂ ਵਰਗੇ ਪਰਬਤਾਂ ਦੀ, ਜੰਤਾਹ=ਸਾਰੇ ਜੀਵਾਂ ਦੀ, ਸੰਮਾਲੇ=
ਸੰਭਾਲ ਕਰਦਾ ਹੈ, ਜਿਨਿ ਕਰਤੈ=ਜਿਸ ਕਰਤਾਰ ਨੇ, ਕਰਣਾ=ਸ੍ਰਿਸ਼ਟੀ,
ਤਾਹ=ਉਸ ਕਰਤਾਰ ਨੇ, ਜੋਹਾਰੀ=ਮੈਂ ਪ੍ਰਣਾਮ ਕਰਦਾ ਹਾਂ, ਸੁਅਸਤਿ
ਤਿਸੁ=ਉਸ ਪ੍ਰਭੂ ਦੀ ਜੈ ਹੋਵੇ, ਤਿਸੁ ਦੀਬਾਣੁ=ਉਸ ਪ੍ਰਭੂ ਦਾ ਆਸਰਾ,
ਅਭਗੁ=ਨਾ ਨਾਸ ਹੋਣ ਵਾਲਾ, ਕਿਆ ਟਿਕਾ ਕਿਆ ਤਗੁ=ਟਿੱਕਾ ਤੇ
ਜਨੇਊ ਆਦਿ ਬਾਹਰ ਦੇ ਦਿਖਾਵੇ ਦੇ ਚਿੰਨ੍ਹ ਵਿਅਰਥ ਹਨ)

79. ਰੰਨਾ ਹੋਈਆ ਬੋਧੀਆ ਪੁਰਸ ਹੋਏ ਸਈਆਦ

ਰੰਨਾ ਹੋਈਆ ਬੋਧੀਆ ਪੁਰਸ ਹੋਏ ਸਈਆਦ ॥
ਸੀਲੁ ਸੰਜਮੁ ਸੁਚ ਭੰਨੀ ਖਾਣਾ ਖਾਜੁ ਅਹਾਜੁ ॥
ਸਰਮੁ ਗਇਆ ਘਰਿ ਆਪਣੈ ਪਤਿ ਉਠਿ ਚਲੀ ਨਾਲਿ ॥
ਨਾਨਕ ਸਚਾ ਏਕੁ ਹੈ ਅਉਰੁ ਨ ਸਚਾ ਭਾਲਿ ॥2॥1243)॥

(ਰੰਨਾ=ਇਸਤ੍ਰੀਆਂ, ਬੋਧੀਆ=ਸਲਾਹਕਾਰ, ਸਈਆਦ=ਸ਼ਿਕਾਰੀ,
ਜ਼ਾਲਮ, ਸੀਲੁ=ਮਿਠਾ ਸੁਭਾਉ, ਸੰਜਮੁ=ਜੁਗਤਿ ਵਿਚ ਰਹਿਣਾ,
ਸੁਚ=ਦਿਲ ਦੀ ਸਫ਼ਾਈ, ਭੰਨੀ=ਦੂਰ ਹੋ ਰਹੀ ਹੈ, ਖਾਜੁ=
ਮਨ-ਭਾਉਂਦਾ ਖਾਣਾ, ਅਹਾਜੁ=ਨਾਹ ਹਜ਼ਮ ਹੋਣ ਵਾਲਾ,ਹਰਾਮ,
ਸਰਮੁ=ਹਯਾ, ਘਰਿ ਆਪਣੇ=ਕਿਤੇ ਆਪਣੇ ਘਰ ਵਿਚ, ਪਤਿ=
ਅਣਖ,ਇੱਜ਼ਤ, ਸਚਾ=ਸਦਾ ਕਾਇਮ ਰਹਿਣ ਵਾਲਾ)

80. ਸਾਮ ਕਹੈ ਸੇਤੰਬਰੁ ਸੁਆਮੀ ਸਚ ਮਹਿ ਆਛੈ ਸਾਚਿ ਰਹੇ

ਸਾਮ ਕਹੈ ਸੇਤੰਬਰੁ ਸੁਆਮੀ ਸਚ ਮਹਿ ਆਛੈ ਸਾਚਿ ਰਹੇ ॥
ਸਭੁ ਕੋ ਸਚਿ ਸਮਾਵੈ ॥
ਰਿਗੁ ਕਹੈ ਰਹਿਆ ਭਰਪੂਰਿ ॥
ਰਾਮ ਨਾਮੁ ਦੇਵਾ ਮਹਿ ਸੂਰੁ ॥
ਨਾਇ ਲਈਐ ਪਰਾਛਤ ਜਾਹਿ ॥
ਨਾਨਕ ਤਉ ਮੋਖੰਤਰੁ ਪਾਹਿ ॥
ਜੁਜ ਮਹਿ ਜੋਰਿ ਛਲੀ ਚੰਦ੍ਰਾਵਲਿ ਕਾਨ੍ਹ ਕ੍ਰਿਸਨੁ ਜਾਦਮੁ ਭਇਆ ॥
ਪਾਰਜਾਤੁ ਗੋਪੀ ਲੈ ਆਇਆ ਬਿੰਦ੍ਰਾਬਨ ਮਹਿ ਰੰਗੁ ਕੀਆ ॥
ਕਲਿ ਮਹਿ ਬੇਦੁ ਅਥਰਬਣੁ ਹੂਆ ਨਾਉ ਖੁਦਾਈ ਅਲਹੁ ਭਇਆ ॥
ਨੀਲ ਬਸਤ੍ਰ ਲੇ ਕਪੜੇ ਪਹਿਰੇ ਤੁਰਕ ਪਠਾਣੀ ਅਮਲੁ ਕੀਆ ॥
ਚਾਰੇ ਵੇਦ ਹੋਏ ਸਚਿਆਰ ॥
ਪੜਹਿ ਗੁਣਹਿ ਤਿਨ੍ਹ ਚਾਰ ਵੀਚਾਰ ॥
ਭਾਉ ਭਗਤਿ ਕਰਿ ਨੀਚੁ ਸਦਾਏ ॥
ਤਉ ਨਾਨਕ ਮੋਖੰਤਰੁ ਪਾਏ ॥2॥(470)॥

(ਸਾਮ=ਤੀਜਾ ਵੇਦ; ਪਹਿਲੇ ਦੋ ਰਿਗ ਅਤੇ
ਯਜੁਰ ਹਨ, ਰਾਮ ਨਾਮੁ=ਰਾਮ ਦਾ ਨਾਂ, ਦੇਵਾ
ਮਹਿ=ਦੇਵਤਿਆਂ ਵਿਚ, ਸੂਰੁ=ਸੂਰਜ, ਪਰਾਛਤ=
ਪਾਪ, ਜੋਰਿ=ਧੱਕੇ ਨਾਲ, ਚੰਦ੍ਰਾਵਲਿ=ਇਕ ਗੋਪੀ
ਦਾ ਨਾਂ, ਜਾਦਮੁ=ਸ੍ਰੀ ਕ੍ਰਿਸ਼ਨ, ਪਾਰਜਾਤੁ=ਇੰਦਰ
ਦੇ ਬਾਗ਼ 'ਨੰਦਨ' ਵਿਚ ਪੰਜ ਸ੍ਰੇਸ਼ਟ ਰੁੱਖਾਂ (ਮੰਦਾਰ,
ਪਾਰਜਾਤ, ਸੰਤਾਨ, ਕਲਪ-ਰੁੱਖ ਤੇ ਹਰੀ ਚੰਦਨ)
ਵਿਚੋਂ ਇਕ, ਕ੍ਰਿਸ਼ਨ ਜੀ ਨੇ ਇਹ ਰੁੱਖ ਉਸ ਬਾਗ਼ ਵਿਚੋਂ
ਲਿਆਂਦਾ ਤੇ ਆਪਣੀ ਪਿਆਰੀ 'ਸਤਯਭਾਮਾ' ਦੇ
ਬਾਗ਼ ਵਿਚ ਲਾ ਦਿੱਤਾ, ਗੋਪੀ='ਸਤਯਭਾਮਾ', ਕਲਿ ਮਹਿ=
ਕਲਿਜੁਗ ਵਿਚ, ਅਲਹੁ=ਅੱਲਾ, ਅਮਲੁ=ਹੁਕਮ, ਤੁਰਕ
ਪਠਾਣੀ=ਤੁਰਕਾਂ ਪਠਾਣਾਂ ਨੇ, ਪੜਹਿ=ਪੜ੍ਹਦੇ ਹਨ, ਗੁਣਹਿ=
ਜੋ ਵਿਚਾਰਦੇ ਹਨ, ਤਿਨ੍ਹ=ਉਹਨਾਂ ਦੇ, ਚਾਰ=ਸੁੰਦਰ)

81. ਸਾਵਣੁ ਰਾਤਿ ਅਹਾੜੁ ਦਿਹੁ ਕਾਮੁ ਕ੍ਰੋਧੁ ਦੁਇ ਖੇਤ

ਸਾਵਣੁ ਰਾਤਿ ਅਹਾੜੁ ਦਿਹੁ ਕਾਮੁ ਕ੍ਰੋਧੁ ਦੁਇ ਖੇਤ ॥
ਲਬੁ ਵਤ੍ਰ ਦਰੋਗੁ ਬੀਉ ਹਾਲੀ ਰਾਹਕੁ ਹੇਤ ॥
ਹਲੁ ਬੀਚਾਰੁ ਵਿਕਾਰ ਮਣ ਹੁਕਮੀ ਖਟੇ ਖਾਇ ॥
ਨਾਨਕ ਲੇਖੈ ਮੰਗਿਐ ਅਉਤੁ ਜਣੇਦਾ ਜਾਇ ॥1॥955)॥

(ਦਰੋਗੁ=ਝੂਠ, ਬੀਉ=ਬੀਜ, ਹਾਲੀ ਰਾਹਕੁ=ਹਲ ਵਾਹੁਣ
ਵਾਲਾ,ਬੀਜਣ ਵਾਲਾ, ਹੇਤ=ਮੋਹ, ਮਣ=ਬੋਹਲ, ਅਉਤੁ=
ਸੰਤਾਨ-ਹੀਣ, ਜਣੇਦਾ=ਪਿਉ)

82. ਸਬਾਹੀ ਸਾਲਾਹ ਜਿਨੀ ਧਿਆਇਆ ਇਕ ਮਨਿ

ਸਬਾਹੀ ਸਾਲਾਹ ਜਿਨੀ ਧਿਆਇਆ ਇਕ ਮਨਿ ॥
ਸੇਈ ਪੂਰੇ ਸਾਹ ਵਖਤੈ ਉਪਰਿ ਲੜਿ ਮੁਏ ॥
ਦੂਜੇ ਬਹੁਤੇ ਰਾਹ ਮਨ ਕੀ ਮਤੀ ਖਿੰਡੀਆ ॥
ਬਹੁਤੁ ਪਏ ਅਸਗਾਹ ਗੋਤੇ ਖਾਹਿ ਨ ਨਿਕਲਹਿ ॥
ਤੀਜੈ ਮੁਹੀ ਗਿਰਾਹ ਭੁਖ ਤਿਖਾ ਦੁਇ ਭਉਕੀਆ ॥
ਖਾਧਾ ਹੋਇ ਸੁਆਹ ਭੀ ਖਾਣੇ ਸਿਉ ਦੋਸਤੀ ॥
ਚਊਥੈ ਆਈ ਊਂਘ ਅਖੀ ਮੀਟਿ ਪਵਾਰਿ ਗਇਆ ॥
ਭੀ ਉਠਿ ਰਚਇਓਨੁ ਵਾਦੁ ਸੈ ਵਰ੍ਹਿਆ ਕੀ ਪਿੜ ਬਧੀ ॥
ਸਭੇ ਵੇਲਾ ਵਖਤ ਸਭਿ ਜੇ ਅਠੀ ਭਉ ਹੋਇ ॥
ਨਾਨਕ ਸਾਹਿਬੁ ਮਨਿ ਵਸੈ ਸਚਾ ਨਾਵਣੁ ਹੋਇ ॥1॥(145)॥

(ਸਬਾਹੀ=ਅੰਮ੍ਰਿਤ ਵੇਲੇ, ਵਖਤੈ ਉਪਰਿ=ਵੇਲੇ ਸਿਰ,
ਦੂਜੈ=ਦੂਜੇ ਪਹਰ, ਅਸਗਾਹ=ਅਥਾਹ ਸਮੁੰਦਰ, ਤੀਜੈ=
ਤੀਜੇ ਪਹਿਰ, ਮੁਹਿ=ਮੂੰਹ ਵਿਚ, ਗਿਰਾਹ=ਗਾਹੀਆਂ,
ਰੋਟੀ, ਭਉਕੀਆ=ਚਮਕੀਆਂ, ਪਵਾਰਿ=ਪਰਲੋਕ ਵਿਚ,
ਡੂੰਘੀ ਨੀਂਦਰ ਵਿਚ, (ਇਹ ਆਮ ਪ੍ਰਚਲਤ ਹੈ ਕਿ ਕਈ
ਵਾਰੀ ਕਿਸੇ ਬੰਦੇ ਦੇ ਪ੍ਰਾਣ ਜਮ ਭੁਲੇਖੇ ਨਾਲ ਲੈ ਜਾਂਦੇ ਹਨ
ਤੇ ਫਿਰ ਮੋੜ ਜਾਂਦੇ ਹਨ । ਇਤਨਾਂ ਸਮਾਂ ਉਸ ਬੰਦੇ ਨੂੰ
'ਪਵਾਰਿ ਗਿਆ' ਆਖੀਦਾ ਹੈ), ਵਾਦੁ=ਝਗੜਾ, ਪਿੜ=
ਅਖਾੜਾ)

83. ਸਭੇ ਸੁਰਤੀ ਜੋਗ ਸਭਿ ਸਭੇ ਬੇਦ ਪੁਰਾਣ

ਸਭੇ ਸੁਰਤੀ ਜੋਗ ਸਭਿ ਸਭੇ ਬੇਦ ਪੁਰਾਣ ॥
ਸਭੇ ਕਰਣੇ ਤਪ ਸਭਿ ਸਭੇ ਗੀਤ ਗਿਆਨ ॥
ਸਭੇ ਬੁਧੀ ਸੁਧਿ ਸਭਿ ਸਭਿ ਤੀਰਥਿ ਸਭਿ ਥਾਨ ॥
ਸਭਿ ਪਾਤਿਸਾਹੀਆ ਅਮਰ ਸਭਿ ਸਭਿ ਖੁਸੀਆ ਸਭਿ ਖਾਨ ॥
ਸਭੇ ਮਾਣਸ ਦੇਵ ਸਭਿ ਸਭੇ ਜੋਗ ਧਿਆਨ ॥
ਸਭੇ ਪੁਰੀਆ ਖੰਡ ਸਭਿ ਸਭੇ ਜੀਅ ਜਹਾਨ ॥
ਹੁਕਮਿ ਚਲਾਏ ਆਪਣੈ ਕਰਮੀ ਵਹੈ ਕਲਾਮ ॥
ਨਾਨਕ ਸਚਾ ਸਚਿ ਨਾਇ ਸਚੁ ਸਭਾ ਦੀਬਾਨੁ ॥2॥1241)॥

(ਸੁਰਤੀ=ਬ੍ਰਿਤੀ ਦਾ ਜੋੜਨਾ, ਸੁਧਿ=ਸੂਝ, ਅਮਰ=ਹੁਕਮ,
ਖਾਨ=ਖਾਣੇ, ਮਾਣਸ=ਮਨੁੱਖ, ਦੇਵ=ਦੇਵਤੇ, ਪੁਰੀਆ=ਧਰਤੀਆਂ,
ਖੰਡ=ਬ੍ਰਹਮੰਡ ਦੇ ਹਿੱਸੇ, ਕਲਾਮ=ਹੁਕਮ ਦੀ ਕਲਮ, ਕਰਮੀ=
ਕਰਮਾਂ ਅਨੁਸਾਰ, ਵਹੈ=ਚੱਲਦੀ ਹੈ, ਸਚਿ ਨਾਇ=ਸੱਚੇ ਨਾਮ
ਦੀ ਰਾਹੀਂ, ਦੀਬਾਨੁ=ਕਚਹਿਰੀ)

84. ਸਚੇ ਤੇਰੇ ਖੰਡ ਸਚੇ ਬ੍ਰਹਮੰਡ

ਸਚੇ ਤੇਰੇ ਖੰਡ ਸਚੇ ਬ੍ਰਹਮੰਡ ॥
ਸਚੇ ਤੇਰੇ ਲੋਅ ਸਚੇ ਆਕਾਰ ॥
ਸਚੇ ਤੇਰੇ ਕਰਣੇ ਸਰਬ ਬੀਚਾਰ ॥
ਸਚਾ ਤੇਰਾ ਅਮਰੁ ਸਚਾ ਦੀਬਾਣੁ ॥
ਸਚਾ ਤੇਰਾ ਹੁਕਮੁ ਸਚਾ ਫੁਰਮਾਣੁ ॥
ਸਚਾ ਤੇਰਾ ਕਰਮੁ ਸਚਾ ਨੀਸਾਣੁ ॥
ਸਚੇ ਤੁਧੁ ਆਖਹਿ ਲਖ ਕਰੋੜਿ ॥
ਸਚੈ ਸਭਿ ਤਾਣਿ ਸਚੈ ਸਭਿ ਜੋਰਿ ॥
ਸਚੀ ਤੇਰੀ ਸਿਫਤਿ ਸਚੀ ਸਾਲਾਹ ॥
ਸਚੀ ਤੇਰੀ ਕੁਦਰਤਿ ਸਚੇ ਪਾਤਿਸਾਹ ॥
ਨਾਨਕ ਸਚੁ ਧਿਆਇਨਿ ਸਚੁ ॥
ਜੋ ਮਰਿ ਜੰਮੇ ਸੁ ਕਚੁ ਨਿਕਚੁ ॥1॥(463)॥

(ਸਚੇ=ਸਦਾ ਰਹਿਣ ਵਾਲੇ ,ਖੰਡ=ਸ੍ਰਿਸ਼ਟੀ ਦ
ਹਿੱਸੇ, ਬ੍ਰਹਮੰਡ=ਸ੍ਰਿਸ਼ਟੀ, ਲੋਅ=ਚੌਦਾਂ ਲੋਕ,
ਆਕਾਰ=ਸਰੂਪ,ਸ਼ਕਲ, ਕਰਣੇ=ਕੰਮ, ਸਰਬ=
ਸਾਰੇ, ਅਮਰੁ=ਹੁਕਮੁ, ਦੀਬਾਣੁ=ਦੀਵਾਨ,ਦਰਬਾਰ,
ਨੀਸਾਣੁ=ਨਿਸ਼ਾਨ,ਜਲਵਾ,ਜ਼ਹੂਰ, ਕਰਮੁ=ਬਖ਼ਸ਼ਸ਼,
ਤਾਣਿ=ਤਾਣ ਵਿਚ, ਸਚੈ ਜੋਰਿ=ਸੱਚੇ ਦੇ ਜੋਰ ਵਿਚ,
ਕੁਦਰਤਿ=ਰਚਨਾ, ਮਰਿ ਜੰਮੇ=ਮਰਦੇ ਹਨ ਤੇ ਜੰਮਦੇ
ਹਨ, ਸੁ=ਉਹ ਜੀਵ, ਕਚੁ-ਨਿਕਚੁ=ਨਿਰੋਲ ਕੱਚੇ)

85. ਸਚਿ ਕਾਲ ਕੂੜੁ ਵਰਤਿਆ ਕਲਿ ਕਾਲਖ ਬੇਤਾਲ

ਸਚਿ ਕਾਲ ਕੂੜੁ ਵਰਤਿਆ ਕਲਿ ਕਾਲਖ ਬੇਤਾਲ ॥
ਬੀਉ ਬੀਜਿ ਪਤਿ ਲੈ ਗਏ ਅਬ ਕਿਉ ਉਗਵੈ ਦਾਲਿ ॥
ਜੇ ਇਕੁ ਹੋਇ ਤ ਉਗਵੈ ਰੁਤੀ ਹੂ ਰੁਤਿ ਹੋਇ ॥
ਨਾਨਕ ਪਾਹੈ ਬਾਹਰਾ ਕੋਰੈ ਰੰਗੁ ਨ ਸੋਇ ॥
ਭੈ ਵਿਚਿ ਖੁੰਬਿ ਚੜਾਈਐ ਸਰਮੁ ਪਾਹੁ ਤਨਿ ਹੋਇ ॥
ਨਾਨਕ ਭਗਤੀ ਜੇ ਰਪੈ ਕੂੜੈ ਸੋਇ ਨ ਕੋਇ ॥1॥(468)॥

(ਸਚਿ ਕਾਲੁ=ਸੱਚ ਵਿਚ ਕਾਲ ਪੈ ਗਿਆ ਹੈ, ਕਾਲਖ=ਵਿਕਾਰਾਂ
ਦੀ ਸਿਆਹੀ, ਬੇਤਾਲ=ਭੂਤ ਪ੍ਰੇਤ, ਬੀਉ=ਨਾਮ ਰੂਪ ਬੀਜ, ਕਿਉ
ਉਗਵੈ=ਨਹੀਂ ਉੱਗ ਸਕਦੀ, ਦਾਲਿ=ਦਾਣੇ ਦੇ ਦੋਵੇਂ ਹਿੱਸੇ ਵਖੋ ਵਖਰੇ,
ਇਕੁ=ਸਾਬਤ ਬੀਜ, ਰੁਤੀ ਹੂ ਰੁਤਿ=ਚੰਗੀ ਰੁਤ, ਪਾਹ=ਲਾਗ,ਕੱਪੜੇ
ਨੂੰ ਪੱਕਾ ਰੰਗ ਚਾੜ੍ਹਨ ਲਈ ਜੋ ਪਾਣੀ ਵਿਚ ਰੰਗ ਤੋਂ ਪਹਿਲਾਂ ਪਾਈਦੀ
ਹੈ, ਕੋਰੈ=ਕੋਰੇ ਕੱਪੜੇ ਨੂੰ, ਰੰਗੁ ਸੋਇ=ਉਹ ਵਧੀਆ ਪੱਕਾ ਰੰਗ, ਸਰਮੁ=
ਮਿਹਨਤ, ਰਪੈ=ਰੰਗਿਆ ਜਾਏ, ਕੂੜੈ=ਕੂੜ ਦੀ,ਠੱਗੀ ਦੀ, ਸੋਇ=ਖ਼ਬਰ)

86. ਸਚ ਕੀ ਕਾਤੀ ਸਚੁ ਸਭੁ ਸਾਰੁ

ਸਚ ਕੀ ਕਾਤੀ ਸਚੁ ਸਭੁ ਸਾਰੁ ॥
ਘਾੜਤ ਤਿਸ ਕੀ ਅਪਰ ਅਪਾਰ ॥
ਸਬਦੇ ਸਾਣ ਰਖਾਈ ਲਾਇ ॥
ਗੁਣ ਕੀ ਥੇਕੈ ਵਿਚਿ ਸਮਾਇ ॥
ਤਿਸ ਦਾ ਕੁਠਾ ਹੋਵੈ ਸੇਖੁ ॥
ਲੋਹੂ ਲਬੁ ਨਿਕਥਾ ਵੇਖੁ ॥
ਹੋਇ ਹਲਾਲੁ ਲਗੈ ਹਕਿ ਜਾਇ ॥
ਨਾਨਕ ਦਰਿ ਦੀਦਾਰ ਸਮਾਇ ॥2॥956)॥

(ਕਾਤੀ=ਕੈਂਚੀ,ਛੁਰੀ, ਸਾਰੁ=ਲੋਹਾ, ਥੇਕੈ=
ਮਿਆਨ, ਕੁਠਾ=ਕੋਹਿਆ ਹੋਇਆ, ਨਿਕਥਾ=
ਨਿਕਲਿਆ, ਹਕਿ=ਸਦਾ ਕਾਇਮ ਰਹਿਣ ਵਾਲੇ
ਰੱਬ ਵਿਚ, ਦਰਿ=ਪ੍ਰਭੂ ਦੇ ਦਰ ਉਤੇ, ਦੀਦਾਰਿ=
ਦੀਦਾਰ ਵਿਚ)

87. ਸਚੁ ਤਾ ਪਰੁ ਜਾਣੀਐ ਜਾ ਰਿਦੈ ਸਚਾ ਹੋਇ

ਸਚੁ ਤਾ ਪਰੁ ਜਾਣੀਐ ਜਾ ਰਿਦੈ ਸਚਾ ਹੋਇ ॥
ਕੂੜ ਕੀ ਮਲੁ ਉਤਰੈ ਤਨੁ ਕਰੇ ਹਛਾ ਧੋਇ ॥
ਸਚੁ ਤਾ ਪਰੁ ਜਾਣੀਐ ਜਾ ਸਚਿ ਧਰੇ ਪਿਆਰੁ ॥
ਨਾਉ ਸੁਣਿ ਮਨੁ ਰਹਸੀਐ ਤਾ ਪਾਏ ਮੋਖ ਦੁਆਰੁ ॥
ਸਚੁ ਤਾ ਪਰੁ ਜਾਣੀਐ ਜਾ ਜੁਗਤਿ ਜਾਣੈ ਜੀਉ ॥
ਧਰਤਿ ਕਾਇਆ ਸਾਧਿ ਕੈ ਵਿਚਿ ਦੇਇ ਕਰਤਾ ਬੀਉ ॥
ਸਚੁ ਤਾ ਪਰੁ ਜਾਣੀਐ ਜਾ ਸਿਖ ਸਚੀ ਲੇਇ ॥
ਦਇਆ ਜਾਣੈ ਜੀਅ ਕੀ ਕਿਛੁ ਪੁੰਨੁ ਦਾਨੁ ਕਰੇਇ ॥
ਸਚੁ ਤਾ ਪਰੁ ਜਾਣੀਐ ਜਾ ਆਤਮ ਤੀਰਥਿ ਕਰੇ ਨਿਵਾਸੁ ॥
ਸਤਿਗੁਰੂ ਨੋ ਪੁਛਿ ਕੈ ਬਹਿ ਰਹੈ ਕਰੇ ਨਿਵਾਸੁ ॥
ਸਚੁ ਸਭਨਾ ਹੋਇ ਦਾਰੂ ਪਾਪ ਕਢੈ ਧੋਇ ॥
ਨਾਨਕੁ ਵਖਾਣੈ ਬੇਨਤੀ ਜਿਨ ਸਚੁ ਪਲੈ ਹੋਇ ॥2॥(468)॥

(ਸਚੁ=ਅਸਲੀਅਤ, ਤਾ ਪਰੁ=ਤਾਂ ਹੀ, ਜਾਣੀਐ=ਜਾਣਿਆ
ਜਾ ਸਕਦਾ ਹੈ, ਰਿਦੈ=ਹਿਰਦੇ ਵਿਚ, ਸਚਾ=ਰੱਬ, ਕੂੜ ਕੀ
ਮਲੁ=ਮਾਇਆ ਰੂਪ ਛਲ ਦੀ ਮੈਲ, ਰਹਸੀਐ=ਖਿੜ ਪੈਂਦਾ ਹੈ,
ਜੁਗਤਿ=ਜ਼ਿੰਦਗੀ ਸੋਹਣੇ ਤਰੀਕੇ ਨਾਲ ਗੁਜ਼ਾਰਨ ਦਾ ਢੰਗ, ਧਰਤਿ
ਕਾਇਆ=ਸਰੀਰ ਰੂਪ ਧਰਤੀ, ਦੇਇ=ਬੀਜ ਦੇਵੇ, ਕਰਤਾ ਬੀਉ=
ਕਰਤਾਰ ਦਾ 'ਨਾਮ' ਰੂਪ ਬੀਜ, ਆਤਮ ਤੀਰਥਿ=ਆਤਮ ਰੂਪ
ਤੀਰਥ ਉੱਤੇ, ਬਹਿ ਰਹੈ=ਬੈਠਾ ਰਹੇ,ਮਨ ਨੂੰ ਵਿਕਾਰਾਂ ਤੋਂ ਮੋੜੇ)

88. ਸਹੰਸਰ ਦਾਨ ਦੇ ਇੰਦ੍ਰੁ ਰੋਆਇਆ

ਸਹੰਸਰ ਦਾਨ ਦੇ ਇੰਦ੍ਰੁ ਰੋਆਇਆ ॥
ਪਰਸ ਰਾਮੁ ਰੋਵੈ ਘਰਿ ਆਇਆ ॥
ਅਜੈ ਸੁ ਰੋਵੈ ਭੀਖਿਆ ਖਾਇ ॥
ਐਸੀ ਦਰਗਹ ਮਿਲੈ ਸਜਾਇ ॥
ਰੋਵੈ ਰਾਮੁ ਨਿਕਾਲਾ ਭਇਆ ॥
ਸੀਤਾ ਲਖਮਣੁ ਵਿਛੁੜਿ ਗਇਆ ॥
ਰੋਵੈ ਦਹਸਿਰੁ ਲੰਕ ਗਵਾਇ ॥
ਜਿਨਿ ਸੀਤਾ ਆਦੀ ਡਉਰੂ ਵਾਇ ॥
ਰੋਵਹਿ ਪਾਂਡਵ ਭਏ ਮਜੂਰ ॥
ਜਿਨ ਕੈ ਸੁਆਮੀ ਰਹਤ ਹਦੂਰਿ ॥
ਰੋਵੈ ਜਨਮੇਜਾ ਖੁਇ ਗਇਆ ॥
ਏਕੀ ਕਾਰਣਿ ਪਾਪੀ ਭਇਆ ॥
ਰੋਵਹਿ ਸੇਖ ਮਸਾਇਕ ਪੀਰ ॥
ਅੰਤਿ ਕਾਲਿ ਮਤੁ ਲਾਗੈ ਭੀੜ ॥
ਰੋਵਹਿ ਰਾਜੇ ਕੰਨ ਪੜਾਇ ॥
ਘਰਿ ਘਰਿ ਮਾਗਹਿ ਭਿਖਆ ਜਾਇ ॥
ਰੋਵਹਿ ਕਿਰਪਨ ਸੰਚਹਿ ਧਨੁ ਜਾਇ ॥
ਪੰਡਿਤ ਰੋਵਹਿ ਗਿਆਨੁ ਗਵਾਇ ॥
ਬਾਲੀ ਰੋਵੈ ਨਾਹਿ ਭਤਾਰੁ ॥
ਨਾਨਕ ਦੁਖੀਆ ਸਭੁ ਸੰਸਾਰੁ ॥
ਮੰਨੇ ਨਾਉ ਸੋਈ ਜਿਣਿ ਜਾਇ ॥
ਅਉਰੀ ਕਰਮ ਨ ਲੇਖੈ ਲਾਇ ॥1॥953)॥

(ਸਹੰਸਰ=ਹਜ਼ਾਰ, ਦਾਨ=ਡੰਨ, ਹਜ਼ਾਰ ਭਗਾਂ ਦਾ
ਡੰਨ ਜੋ ਇੰਦਰ ਦੇਵਤੇ ਨੂੰ ਗੋਤਮ ਰਿਸ਼ੀ ਨੇ ਸਰਾਪ
ਦੇ ਕੇ ਲਾਇਆ ਸੀ । ਇੰਦਰ ਨੇ ਰਿਸ਼ੀ ਦੀ ਇਸਤ੍ਰੀ
ਅਹੱਲਿਆ ਨਾਲ ਧੋਖਾ ਦੇ ਕੇ ਸੰਗ ਕੀਤਾ ਸੀ, ਪਰਸ
ਰਾਮੁ=ਬ੍ਰਾਹਮਣ ਸੀ, ਇਸ ਦੇ ਪਿਤਾ ਜਮਦਗਨੀ ਨੂੰ
ਸਹੱਸ੍ਰਬਾਹੂ ਨੇ ਮਾਰ ਦਿੱਤਾ ਸੀ; ਬਦਲੇ ਦੀ ਅੱਗ ਵਿਚ
ਪਰਸਰਾਮ ਨੇ ਖੱਤ੍ਰੀ-ਕੁਲ ਦਾ ਨਾਸ ਕਰਨਾ ਸ਼ੁਰੂ ਕੀਤਾ,
ਪਰ ਜਦੋਂ ਇਸ ਨੇ ਸ੍ਰੀ ਰਾਮ ਚੰਦ੍ਰ ਜੀ ਤੇ ਆਪਣਾ ਕੁਹਾੜਾ
ਚੁੱਕਿਆ ਤਾਂ ਉਹਨਾਂ ਇਸ ਦਾ ਬਲ ਖਿੱਚ ਲਿਆ, ਅਜੈ=
ਰਾਜਾ ਅਜੈ ਨੇ ਜੋ ਸ੍ਰੀ ਰਾਮ ਚੰਦ੍ਰ ਜੀ ਦਾ ਦਾਦਾ ਸੀ ਇਕ
ਸਾਧੂ ਨੂੰ ਭਿੱਖਿਆ ਵਿਚ ਲਿੱਦ ਦਿੱਤੀ ਸੀ, ਪਿੱਛੋਂ ਉਸ ਨੂੰ
ਆਪ ਖਾਣੀ ਪਈ, ਨਿਕਾਲਾ=ਦੇਸ-ਨਿਕਾਲਾ, ਦਹਸਿਰੁ=
ਰਾਵਣ, ਡਉਰੂ ਵਾਇ=ਡਉਰੂ ਵਜਾ ਕੇ,ਸਾਧੂ ਦਾ ਭੇਸ ਕਰ ਕੇ,
ਸੁਆਮੀ=ਕ੍ਰਿਸ਼ਨ ਜੀ, ਖੁਇ ਗਇਆ=ਖੁੰਝ ਗਿਆ, ਏਕੀ=
ਇਕ ਗ਼ਲਤੀ, ਜਨਮੇਜੇ ਨੇ 18 ਬ੍ਰਾਹਮਣਾਂ ਨੂੰ ਮਾਰ ਦਿੱਤਾ ਸੀ,
ਜਿਸ ਦਾ ਪ੍ਰਾਸ਼ਚਿਤ ਕਰਨ ਲਈ ਇਸ ਨੇ ਰਿਸ਼ੀ 'ਵੈਸ਼ੰਪਾਇਨ'
ਪਾਸੋਂ 'ਮਹਾਭਾਰਤ' ਸੁਣਿਆ ਸੀ, ਮਸਾਇਕ='ਸ਼ੇਖ' ਦਾ ਬਹੁ-ਵਚਨ,
ਭੀੜ=ਮੁਸੀਬਤ, ਰਾਜੇ=ਭਰਥਰੀ ਗੋਪੀਚੰਦ ਆਦਿਕ ਰਾਜੇ, ਕਿਰਪਨ=
ਕੰਜੂਸ, ਸੰਚਹਿ=ਇਕੱਠਾ ਕਰਦੇ ਹਨ, ਬਾਲੀ=ਲੜਕੀ, ਜਿਣਿ=ਜਿੱਤ ਕੇ,
ਅਉਰੀ=ਹੋਰ)

89. ਸਾਹਿਬੁ ਮੇਰਾ ਉਜਲਾ ਜੇ ਕੋ ਚਿਤਿ ਕਰੇਇ

ਸਾਹਿਬੁ ਮੇਰਾ ਉਜਲਾ ਜੇ ਕੋ ਚਿਤਿ ਕਰੇਇ ॥
ਨਾਨਕ ਸੋਈ ਸੇਵੀਐ ਸਦਾ ਸਦਾ ਜੋ ਦੇਇ ॥
ਨਾਨਕ ਸੋਈ ਸੇਵੀਐ ਜਿਤੁ ਸੇਵਿਐ ਦੁਖੁ ਜਾਇ ॥
ਅਵਗੁਣ ਵੰਞਨਿ ਗੁਣ ਰਵਹਿ ਮਨ ਸੁਖੁ ਵਸੈ ਆਇ ॥2॥956)॥

(ਉਜਲਾ=ਪਵਿਤਰ, ਚਿਤਿ ਕਰੇਇ=ਚਿੱਤ ਵਿਚ ਵਸਾਂਦਾ ਹੈ,
ਜਿਤੁ ਸੇਵਿਐ=ਜਿਸ ਦਾ ਸਿਮਰਨ ਕੀਤਿਆਂ, ਵੰਞਨਿ=ਦੂਰ
ਹੋ ਜਾਂਦੇ ਹਨ, ਰਵਹਿ=ਆ ਵੱਸਦੇ ਹਨ)

90. ਸਰਵਰ ਹੰਸ ਧੁਰੇ ਹੀ ਮੇਲਾ ਖਸਮੈ ਏਵੈ ਭਾਣਾ

ਸਰਵਰ ਹੰਸ ਧੁਰੇ ਹੀ ਮੇਲਾ ਖਸਮੈ ਏਵੈ ਭਾਣਾ ॥
ਸਰਵਰ ਅੰਦਰਿ ਹੀਰਾ ਮੋਤੀ ਸੋ ਹੰਸਾ ਕਾ ਖਾਣਾ ॥
ਬਗੁਲਾ ਕਾਗੁ ਨ ਰਹਈ ਸਰਵਰਿ ਜੇ ਹੋਵੈ ਅਤਿ ਸਿਆਣਾ ॥
ਓਨਾ ਰਿਜਕੁ ਨ ਪਇਓ ਓਥੈ ਓਨ੍ਹਾ ਹੋਰੋ ਖਾਣਾ ॥
ਸਚਿ ਕਮਾਣੈ ਸਚੋ ਪਾਈਐ ਕੂੜੈ ਕੂੜਾ ਮਾਣਾ ॥
ਨਾਨਕ ਤਿਨ ਕੌ ਸਤਿਗੁਰੁ ਮਿਲਿਆ ਜਿਨਾ ਧੁਰੇ ਪੈਯਾ ਪਰਵਾਣਾ ॥1॥956)॥

(ਧੁਰੇ ਹੀ=ਧੁਰ ਤੋਂ ਹੀ, ਮੇਲਾ=ਜੋੜ, ਖਸਮੈ=ਖਸਮ ਨੂੰ, ਸਰਵਰਿ=
ਸਰਵਰ ਵਿਚ, ਜੇ=ਭਾਵੇਂ, ਓਨਾ=ਉਹਨਾਂ ਕਾਂ ਤੇ ਬਗਲਿਆਂ ਦਾ, ਸਚਿ
ਕਮਾਣੈ=ਜੇ ਪ੍ਰਭੂ ਦਾ ਸਿਮਰਨ-ਰੂਪ ਕਮਾਈ ਕੀਤੀ ਜਾਏ, ਕੂੜੈ=ਕੂੜ
ਦੀ ਖੱਟੀ ਦਾ, ਪਰਵਾਣਾ=ਪਰਵਾਨਾ,ਹੁਕਮ)

91. ਸਤੀ ਪਾਪੁ ਕਰਿ ਸਤੁ ਕਮਾਹਿ

ਸਤੀ ਪਾਪੁ ਕਰਿ ਸਤੁ ਕਮਾਹਿ ॥
ਗੁਰ ਦੀਖਿਆ ਘਰਿ ਦੇਵਣ ਜਾਹਿ ॥
ਇਸਤਰੀ ਪੁਰਖੈ ਖਟਿਐ ਭਾਉ ॥
ਭਾਵੈ ਆਵਉ ਭਾਵੈ ਜਾਉ ॥
ਸਾਸਤੁ ਬੇਦੁ ਨ ਮਾਨੈ ਕੋਇ ॥
ਆਪੋ ਆਪੈ ਪੂਜਾ ਹੋਇ ॥
ਕਾਜੀ ਹੋਇ ਕੈ ਬਹੈ ਨਿਆਇ ॥
ਫੇਰੇ ਤਸਬੀ ਕਰੇ ਖੁਦਾਇ ॥
ਵਢੀ ਲੈ ਕੈ ਹਕੁ ਗਵਾਏ॥
ਜੇ ਕੋ ਪੁਛੈ ਤਾ ਪੜਿ ਸੁਣਾਏ ॥
ਤੁਰਕ ਮੰਤ੍ਰੁ ਕਨਿ ਰਿਦੈ ਸਮਾਹਿ ॥
ਲੋਕ ਮੁਹਾਵਹਿ ਚਾੜੀ ਖਾਹਿ ॥
ਚਉਕਾ ਦੇ ਕੈ ਸੁਚਾ ਹੋਇ ॥
ਐਸਾ ਹਿੰਦੂ ਵੇਖਹੁ ਕੋਇ ॥
ਜੋਗੀ ਗਿਰਹੀ ਜਟਾ ਬਿਭੂਤ ॥
ਆਗੈ ਪਾਛੈ ਰੋਵਹਿ ਪੂਤ ॥
ਜੋਗੁ ਨ ਪਾਇਆ ਜੁਗਤਿ ਗਵਾਈ ॥
ਕਿਤੁ ਕਾਰਣਿ ਸਿਰਿ ਛਾਈ ਪਾਈ ॥
ਨਾਨਕ ਕਲਿ ਕਾ ਏਹੁ ਪਰਵਾਣੁ ॥
ਆਪੇ ਆਖਣ ਆਪੇ ਜਾਣੁ ॥1॥951)॥

(ਸਤੀ=ਧਰਮੀ ਬੰਦੇ, ਸਤੁ=ਸੁੱਚਾ ਆਚਰਨ,ਧਰਮ,
ਗੁਰ ਜਾਹਿ=ਗੁਰੂ ਜਾਂਦੇ ਹਨ, ਘਰਿ=ਚੇਲਿਆਂ ਦੇ
ਘਰ ਵਿਚ, ਦੀਖਿਆ=ਸਿੱਖਿਆ, ਪੁਰਖੈ ਭਾਉ=ਪਤੀ
ਦਾ ਪਿਆਰ, ਆਪੋ ਆਪੈ ਪੂਜਾ=ਆਪੋ ਆਪਣੀ ਗ਼ਰਜ਼
ਦੀ ਪੂਜਾ, ਤੁਰਕ ਮੰਤ੍ਰੁ=ਤੁਰਕ ਦਾ ਮੰਤ੍ਰ, ਕਨਿ=ਕੰਨ ਵਿਚ,
ਸਮਾਹਿ=ਟਿਕਾ ਰੱਖਦੇ ਹਨ, ਮੁਹਾਵਹਿ=ਲੁਟਾਂਦੇ ਹਨ, ਚਾੜੀ=
ਚੁਗ਼ਲੀ, ਗਿਰਹੀ=ਗ੍ਰਿਹਸਤੀ, ਬਿਭੂਤ=ਸੁਆਹ, ਛਾਈ=ਸੁਆਹ,
ਪਰਵਾਣੁ=ਮਾਪ,ਪ੍ਰਭਾਵ, ਆਖਣੁ=ਆਖਣ ਵਾਲਾ, ਜਾਣੁ=ਜਾਣਨ ਵਾਲਾ)

92. ਸਉ ਓਲਾਮ੍ਹੇ ਦਿਨੈ ਕੇ ਰਾਤੀ ਮਿਲਨ੍ਹਿ ਸਹੰਸ

ਸਉ ਓਲਾਮ੍ਹੇ ਦਿਨੈ ਕੇ ਰਾਤੀ ਮਿਲਨ੍ਹਿ ਸਹੰਸ ॥
ਸਿਫਤਿ ਸਲਾਹਣੁ ਛਡਿ ਕੈ ਕਰੰਗੀ ਲਗਾ ਹੰਸੁ ॥
ਫਿਟੁ ਇਵੇਹਾ ਜੀਵਿਆ ਜਿਤੁ ਖਾਇ ਵਧਾਇਆ ਪੇਟੁ ॥
ਨਾਨਕ ਸਚੇ ਨਾਮ ਵਿਣੁ ਸਭੋ ਦੁਸਮਨੁ ਹੇਤੁ ॥2॥(790)॥

(ਸਹੰਸ=ਹਜ਼ਾਰਾਂ, ਕਰੰਗ=ਮੁਰਦਾਰ, ਹੰਸੁ= ਜੀਵ-ਰੂਪ ਹੰਸ,
ਜਿਤੁ=ਜਿਸ ਵਿਚ, ਸਭੋ ਹੇਤੁ=ਸਾਰਾ ਮੋਹ)

93. ਸਿੰਮਲ ਰੁਖੁ ਸਰਾਇਰਾ ਅਤਿ ਦੀਰਘ ਅਤਿ ਮੁਚੁ

ਸਿੰਮਲ ਰੁਖੁ ਸਰਾਇਰਾ ਅਤਿ ਦੀਰਘ ਅਤਿ ਮੁਚੁ ॥
ਓਇ ਜੇ ਆਵਹਿ ਆਸ ਕਰਿ ਜਾਹਿ ਨਿਰਾਸੇ ਕਿਤੁ ॥
ਫਲ ਫਿਕੇ ਫੁਲ ਬਕਬਕੇ ਕੰਮਿ ਨ ਆਵਹਿ ਪਤ ॥
ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ ॥
ਸਭੁ ਕੋ ਨਿਵੈ ਆਪ ਕਉ ਪਰ ਕਉ ਨਿਵੈ ਨ ਕੋਇ ॥
ਧਰਿ ਤਾਰਾਜੂ ਤੋਲੀਐ ਨਿਵੈ ਸੁ ਗਉਰਾ ਹੋਇ ॥
ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹਿ ॥
ਸੀਸਿ ਨਿਵਾਇਐ ਕਿਆ ਥੀਐ ਜਾ ਰਿਦੈ ਕੁਸੁਧੇ ਜਾਹਿ ॥1॥(470)॥

(ਸਰਾਇਰਾ=ਸਿੱਧਾ, ਦੀਰਘ=ਲੰਮਾ, ਮੁਚੁ=ਵੱਡਾ,ਮੋਟਾ
ਕਿਤੁ=ਕਿਉਂ, ਮਿਠਤੁ=ਮਿਠਾਸ, ਨੀਵੀ=ਨੀਵੇਂ ਰਹਿਣ
ਵਿਚ, ਤਤੁ=ਸਾਰ, ਆਪ ਕਉ=ਆਪਣੇ ਮਤਲਬ ਵਾਸਤੇ,
ਗਉਰਾ=ਭਾਰਾ, ਹੰਤਾ=ਮਾਰਨ ਵਾਲਾ, ਸੀਸ ਨਿਵਾਇਐ=
ਜੇ ਨਿਰਾ ਸਿਰ ਨਿਵਾਇਆ ਜਾਏ, ਕੁਸੁਧੇ=ਖੋਟੇ)

94. ਸੋ ਅਉਧੂਤੀ ਜੋ ਧੂਪੈ ਆਪੁ

ਸੋ ਅਉਧੂਤੀ ਜੋ ਧੂਪੈ ਆਪੁ ॥
ਭਿਖਿਆ ਭੋਜਨੁ ਕਰੈ ਸੰਤਾਪੁ ॥
ਅਉਹਠ ਪਟਣ ਮਹਿ ਭਿਖਆ ਕਰੈ ॥
ਸੋ ਅਉਧੂਤੀ ਸਿਵ ਪੁਰਿ ਚੜੈ ॥
ਬੋਲੈ ਗੋਰਖੁ ਸਤਿ ਸਰੂਪੁ ॥
ਪਰਮ ਤੰਤ ਮਹਿ ਰੇਖ ਨ ਰੂਪੁ ॥3॥952)॥

(ਅਉਧੂਤੀ=ਅਵਧੂਤ,ਮਾਇਆ ਦੇ ਬੰਧਨ ਤੋੜਨ
ਵਾਲਾ, ਧੂਪੈ=ਸਾੜ ਦੇਂਦਾ ਹੈ, ਆਪੁ=ਆਪਾ-ਭਾਵ,
ਸੰਤਾਪੁ=ਖਿੱਝ, ਸਿਵ=ਕਲਿਆਣ-ਰੂਪ ਪ੍ਰਭੂ, ਪੁਰਿ=
ਪੁਰੀ ਵਿਚ, ਅਉਹਠ=ਅਵਘੱਟ,ਹਿਰਦਾ, ਪਟਣ=ਸ਼ਹਿਰ)

95. ਸੋ ਬੈਰਾਗੀ ਜਿ ਉਲਟੇ ਬ੍ਰਹਮੁ

ਸੋ ਬੈਰਾਗੀ ਜਿ ਉਲਟੇ ਬ੍ਰਹਮੁ ॥
ਗਗਨ ਮੰਡਲ ਮਹਿ ਰੋਪੈ ਥੰਮੁ ॥
ਅਹਿਨਿਸਿ ਅੰਤਰਿ ਰਹੈ ਧਿਆਨਿ ॥
ਤੇ ਬੈਰਾਗੀ ਸਤ ਸਮਾਨਿ ॥
ਬੋਲੈ ਭਰਥਰਿ ਸਤਿ ਸਰੂਪੁ ॥
ਪਰਮ ਤੰਤ ਮਹਿ ਰੇਖ ਨ ਰੂਪੁ ॥6॥953)॥

(ਬੈਰਾਗ=ਦੁਨੀਆ ਵਲੋਂ ਉਪਰਾਮਤਾ, ਉਲਟੇ=ਫੇਰੇ,
ਗਗਨ ਮੰਡਲ=ਦਸਮ ਦੁਆਰ ਦਾ ਚੱਕਰ,ਉਹ ਅਵਸਥਾ
ਜਿਥੇ ਮਨੁੱਖ ਦੀ ਸੁਰਤਿ ਪ੍ਰਭੂ ਵਿਚ ਜੁੜਦੀ ਹੈ, ਰੋਪੈ=ਖੜਾ
ਕਰਦਾ ਹੈ, ਅਹਿ=ਦਿਨ, ਨਿਸਿ=ਰਾਤ, ਸਤ=ਸਦਾ ਕਾਇਮ
ਰਹਿਣ ਵਾਲਾ ਪ੍ਰਭੂ, ਸਮਾਨਿ=ਵਰਗਾ)

96. ਸੋ ਗਿਰਹੀ ਜੋ ਨਿਗ੍ਰਹੁ ਕਰੈ

ਸੋ ਗਿਰਹੀ ਜੋ ਨਿਗ੍ਰਹੁ ਕਰੈ ॥
ਜਪੁ ਤਪੁ ਸੰਜਮੁ ਭੀਖਿਆ ਕਰੈ ॥
ਪੁੰਨ ਦਾਨ ਕਾ ਕਰੇ ਸਰੀਰੁ ॥
ਸੋ ਗਿਰਹੀ ਗੰਗਾ ਕਾ ਨੀਰੁ ॥
ਬੋਲੈ ਈਸਰੁ ਸਤਿ ਸਰੂਪੁ ॥
ਪਰਮ ਤੰਤ ਮਹਿ ਰੇਖ ਨ ਰੂਪੁ ॥2॥952)॥

(ਗਿਰਹੀ=ਗ੍ਰਿਹਸਤੀ, ਨਿਗ੍ਰਹੁ=ਇੰਦ੍ਰਿਆਂ ਨੂੰ
ਵਿਕਾਰਾਂ ਵਲੋਂ ਰੋਕਣਾ, ਭੀਖਿਆ ਕਰੈ=ਖ਼ੈਰ ਮੰਗੇ,
ਨੀਰੁ=ਜਲ, ਸਤਿ=ਪਰਮ ਆਤਮਾ, ਤੰਤ=ਅਕਾਲ
ਪੁਰਖ, ਪੁੰਨ=ਭਲਾਈ, ਦਾਨ=ਸੇਵਾ)

97. ਸੋ ਜੀਵਿਆ ਜਿਸੁ ਮਨ ਵਸਿਆ ਸੋਇ

ਸੋ ਜੀਵਿਆ ਜਿਸੁ ਮਨ ਵਸਿਆ ਸੋਇ ॥
ਨਾਨਕ ਅਵਰੁ ਨਾ ਜੀਵੈ ਕੋਇ ॥
ਜੇ ਜੀਵੈ ਪਤਿ ਲਥੀ ਜਾਇ ॥
ਸਭੁ ਹਰਾਮੁ ਜੇਤਾ ਕਿਛੁ ਖਾਇ ॥
ਰਾਜਿ ਰੰਗੁ ਮਾਲਿ ਰੰਗੁ ॥
ਰੰਗਿ ਰਤਾ ਨਚੈ ਨੰਗੁ ॥
ਨਾਨਕ ਠਗਿਆ ਮੁਠਾ ਜਾਇ ॥
ਵਿਣੁ ਨਾਵੈ ਪਤਿ ਗਇਆ ਗਵਾਇ ॥1॥142॥

(ਰਾਜਿ=ਰਾਜ ਵਿਚ, ਰੰਗੁ=ਪਿਆਰ, ਨੰਗੁ=
ਬੇ-ਸ਼ਰਮ, ਮੁਠਾ=ਲੁੱਟਿਆ)

98. ਸੋ ਪਾਖੰਡੀ ਜਿ ਕਾਇਆ ਪਖਾਲੇ

ਸੋ ਪਾਖੰਡੀ ਜਿ ਕਾਇਆ ਪਖਾਲੇ ॥
ਕਾਇਆ ਕੀ ਅਗਨਿ ਬ੍ਰਹਮੁ ਪਰਜਾਲੇ ॥
ਸੁਪਨੈ ਬਿੰਦੁ ਨ ਦੇਈ ਝਰਣਾ ॥
ਤਿਸੁ ਪਾਖੰਡੀ ਜਰਾ ਨ ਮਰਣਾ ॥
ਬੋਲੈ ਚਰਪਟੁ ਸਤਿ ਸਰੂਪੁ ॥
ਪਰਮ ਤੰਤ ਮਹਿ ਰੇਖ ਨ ਰੂਪੁ ॥5॥952)॥

(ਪਾਖੰਡੀ=ਨਾਸਤਕ ਵਾਮ-ਮਾਰਗੀਆਂ ਦਾ ਇਕ
ਫ਼ਿਰਕਾ, ਪਖਾਲੇ=ਧੋਵੇ,ਪਾਪਾਂ ਤੋਂ ਸਾਫ਼ ਰੱਖੇ, ਅਗਨਿ
ਬ੍ਰਹਮੁ=ਰੱਬੀ ਜੋਤਿ, ਪਰਜਾਲੇ=ਰੌਸ਼ਨ ਕਰੇ, ਬਿੰਦੁ=ਵੀਰਜ,
ਜਰਾ=ਬੁਢੇਪਾ)

99. ਸੋਰਠਿ ਸਦਾ ਸੁਹਾਵਣੀ ਜੇ ਸਚਾ ਮਨਿ ਹੋਇ

ਸੋਰਠਿ ਸਦਾ ਸੁਹਾਵਣੀ ਜੇ ਸਚਾ ਮਨਿ ਹੋਇ ॥
ਦੰਦੀ ਮੈਲੁ ਨ ਕਤੁ ਮਨਿ ਜੀਭੈ ਸਚਾ ਹੋਇ ॥
ਸਸੁਰੈ ਪੇਈਐ ਭੈ ਵਸੀ ਸਤਿਗੁਰੁ ਸੇਵਿ ਨਿਸੰਗ ॥
ਪਰਹਰਿ ਕਪੜੁ ਜੇ ਪਿਰ ਮਿਲੈ ਖੁਸੀ ਰਾਵੈ ਪਿਰੁ ਸੰਗਿ ॥
ਸਦਾ ਸੀਗਾਰੀ ਨਾਉ ਮਨਿ ਕਦੇ ਨ ਮੈਲੁ ਪਤੰਗੁ ॥
ਦੇਵਰ ਜੇਠ ਮੁਏ ਦੁਖਿ ਸਸੂ ਕਾ ਡਰੁ ਕਿਸੁ ॥
ਜੇ ਪਿਰ ਭਾਵੈ ਨਾਨਕਾ ਕਰਮ ਮਣੀ ਸਭੁ ਸਚੁ ॥1॥(642)॥

(ਮਨਿ=ਮਨ ਵਿਚ, ਦੰਦੀ ਮੈਲੁ=ਦੰਦਾਂ ਵਿਚ ਮੈਲ,ਦੰਦ—ਕਥਾ,
ਨਿੰਦਿਆ, ਕਤੁ=ਵਿੱਥ, ਵੈਰ, ਸਸੁਰੈ=ਸਹੁਰੇ ਘਰ,ਪਰਲੋਕ ਵਿਚ,
ਪੇਈਐ=ਪੇਕੇ ਘਰ,ਇਸ ਲੋਕ ਵਿਚ, ਨਿਸੰਗ=ਨਿਝੱਕ, ਪਰਹਰਿ=
ਛੱਡ ਕੇ, ਕਪੜੁ=ਵਿਖਾਵਾ, ਪਿਰ=ਪਤੀ, ਰਾਵੈ=ਮਾਣਦਾ ਹੈ, ਪਤੰਗੁ=
ਰਤਾ ਭਰ ਭੀ, ਸਸੂ=ਮਾਇਆ, ਦੇਵਰ ਜੇਠ=ਮਾਇਆ ਦੇ ਪੁਤ੍ਰ,ਵਿਕਾਰ,
ਪਿਰ ਭਾਵੈ=ਪਤੀ ਨੂੰ ਚੰਗੀ ਲੱਗੇ,ਕਰਮ ਮਣੀ=ਭਾਗਾਂ ਦੀ ਮਣੀ)

100. ਸੋ ਉਦਾਸੀ ਜਿ ਪਾਲੇ ਉਦਾਸੁ

ਸੋ ਉਦਾਸੀ ਜਿ ਪਾਲੇ ਉਦਾਸੁ ॥
ਅਰਧ ਉਰਧ ਕਰੇ ਨਿਰੰਜਨ ਵਾਸੁ ॥
ਚੰਦ ਸੂਰਜ ਕੀ ਪਾਏ ਗੰਢਿ ॥
ਤਿਸੁ ਉਦਾਸੀ ਕਾ ਪੜੈ ਨ ਕੰਧੁ ॥
ਬੋਲੈ ਗੋਪੀ ਚੰਦੁ ਸਤਿ ਸਰੂਪੁ ॥
ਪਰਮ ਤੰਤ ਮਹਿ ਰੇਖ ਨ ਰੂਪੁ ॥4॥952)॥

(ਉਦਾਸੀ=ਵਿਰਕਤ, ਉਦਾਸੁ=ਮਾਇਆ ਤੋਂ
ਉਪਰਾਮਤਾ, ਪਾਲੇ=ਸਦਾ ਕਾਇਮ ਰੱਖਦਾ ਹੈ,
ਅਰਧ=ਨੇੜੇ,ਅੱਧ ਵਿਚਕਾਰ, ਉਰਧ=ਉਤਾਂਹ,
ਅਰਧ ਉਰਧ=ਨੇੜੇ ਤੇ ਉਤਾਂਹ,ਹਰ ਥਾਂ, ਨਿਰੰਜਨ=
ਮਾਇਆ ਤੋਂ ਰਹਿਤ, ਚੰਦ=ਸੀਤਲਤਾ,ਸ਼ਾਂਤੀ,
ਸੂਰਜ=ਗਿਆਨ ਦਾ ਤੇਜ, ਪੜੈ ਨ=ਨਹੀਂ ਢਹਿੰਦਾ,
ਕੰਧੁ=ਸਰੀਰ)

101. ਸੁਣੀਐ ਏਕੁ ਵਖਾਣੀਐ ਸੁਰਗਿ ਮਿਰਤਿ ਪਇਆਲਿ

ਸੁਣੀਐ ਏਕੁ ਵਖਾਣੀਐ ਸੁਰਗਿ ਮਿਰਤਿ ਪਇਆਲਿ ॥
ਹੁਕਮੁ ਨ ਜਾਈ ਮੇਟਿਆ ਜੋ ਲਿਖਿਆ ਸੋ ਨਾਲਿ ॥
ਕਉਣੁ ਮੂਆ ਕਉਣੁ ਮਾਰਸੀ ਕਉਣੁ ਆਵੈ ਕਉਣੁ ਜਾਇ ॥
ਕਉਣੁ ਰਹਸੀ ਨਾਨਕਾ ਕਿਸ ਕੀ ਸੁਰਤਿ ਸਮਾਇ ॥1॥1091)॥

(ਮਿਰਤਿ=ਧਰਤੀ ਤੇ, ਪਇਆਲਿ=ਪਾਤਾਲ ਵਿਚ, ਰਹਸੀ=
ਆਨੰਦ ਮਾਣਦਾ ਹੈ, ਕਉਣੁ=ਕੌਣ,ਪ੍ਰਭੂ ਆਪ ਹੀ)

102. ਤਗੁ ਨ ਇੰਦ੍ਰੀ ਤਗੁ ਨ ਨਾਰੀ

ਤਗੁ ਨ ਇੰਦ੍ਰੀ ਤਗੁ ਨ ਨਾਰੀ ॥
ਭਲਕੇ ਥੁਕ ਪਵੈ ਨਿਤ ਦਾੜੀ ॥
ਤਗੁ ਨ ਪੈਰੀ ਤਗੁ ਨ ਹਥੀ ॥
ਤਗੁ ਨ ਜਿਹਵਾ ਤਗੁ ਨ ਅਖੀ ॥
ਵੇਤਗਾ ਆਪੇ ਵਤੈ ॥
ਵਟਿ ਧਾਗੇ ਅਵਰਾ ਘਤੈ ॥
ਲੈ ਭਾੜਿ ਕਰੇ ਵਿਆਹੁ ॥
ਕਢਿ ਕਾਗਲੁ ਦਸੇ ਰਾਹੁ ॥
ਸੁਣਿ ਵੇਖਹੁ ਲੋਕਾ ਏਹੁ ਵਿਡਾਣੁ ॥
ਮਨਿ ਅੰਧਾ ਨਾਉ ਸੁਜਾਣੁ ॥4॥(471)॥

(ਇੰਦ੍ਰੀ=ਸਰੀਰਕ ਇੰਦਰਿਆਂ ਨੂੰ, ਨਾਰੀ=
ਨਾੜੀਆਂ, ਭਲਕੇ=ਨਿੱਤ, ਦਾੜੀ ਥੁਕ ਪਵੈ=
ਬੇਇੱਜ਼ਤੀ ਹੁੰਦੀ ਹੈ, ਵਤੈ=ਭੌਂਦਾ ਫਿਰਦਾ ਹੈ,
ਭਾੜਿ=ਭਾੜਾ,ਦੱਛਣਾ, ਕਾਗਲੁ=ਕਾਗਦ,ਪੱਤ੍ਰੀ,
ਏਹੁ ਵਿਡਾਣੁ=ਇਹ ਅਚਰਜ ਕੌਤਕ, ਸੁਜਾਣੁ=
ਸਿਆਣਾ,ਪੰਡਤ)

103. ਵਾਇਨਿ ਚੇਲੇ ਨਚਨਿ ਗੁਰ

ਵਾਇਨਿ ਚੇਲੇ ਨਚਨਿ ਗੁਰ ॥
ਪੈਰ ਹਲਾਇਨ ਫੇਰਨ੍ਹਿ ਸਿਰ ॥
ਉਡਿ ਉਡਿ ਰਾਵਾ ਝਾਟੈ ਪਾਇ ॥
ਵੇਖੈ ਲੋਕੁ ਹਸੈ ਘਰਿ ਜਾਇ ॥
ਰੋਟੀਆ ਕਾਰਣਿ ਪੂਰਹਿ ਤਾਲ ॥
ਆਪੁ ਪਛਾੜਹਿ ਧਰਤੀ ਨਾਲਿ ॥
ਗਾਵਨਿ ਗੋਪੀਆ ਗਾਵਨਿ ਕਾਨ੍ਹ ॥
ਗਾਵਨਿ ਸੀਤਾ ਰਾਜੇ ਰਾਮ ॥
ਨਿਰਭਉ ਨਿਰੰਕਾਰੁ ਸਚੁ ਨਾਮੁ ॥
ਜਾ ਕਾ ਕੀਆ ਸਗਲ ਜਹਾਨੁ ॥
ਸੇਵਕ ਸੇਵਹਿ ਕਰਮਿ ਚੜਾਉ ॥
ਭਿੰਨੀ ਰੈਣਿ ਜਿਨ੍ਹਾ ਮਨਿ ਚਾਉ ॥
ਸਿਖੀ ਸਿਖਿਆ ਗੁਰ ਵੀਚਾਰਿ ॥
ਨਦਰੀ ਕਰਮਿ ਲਘਾਏ ਪਾਰਿ ॥
ਕੋਲੂ ਚਰਖਾ ਚਕੀ ਚਕੁ ॥
ਥਲ ਵਾਰੋਲੇ ਬਹੁਤੁ ਅਨੰਤੁ ॥
ਲਾਟੂ ਮਾਧਾਣੀਆ ਅਨਗਾਹ ॥
ਪੰਖੀ ਭਉਦੀਆ ਲੈਨਿ ਨ ਸਾਹ ॥
ਸੂਐ ਚਾੜਿ ਭਵਾਈਅਹਿ ਜੰਤ ॥
ਨਾਨਕ ਭਉਦਿਆ ਗਣਤ ਨ ਅੰਤ ॥
ਬੰਧਨ ਬੰਧਿ ਭਵਾਏ ਸੋਇ ॥
ਪਇਐ ਕਿਰਤਿ ਨਚੈ ਸਭੁ ਕੋਇ ॥
ਨਚਿ ਨਚਿ ਹਸਹਿ ਚਲਹਿ ਸੇ ਰੋਇ ॥
ਉਡਿ ਨ ਜਾਹੀ ਸਿਧ ਨ ਹੋਇ ॥
ਨਚਣੁ ਕੁਦਣੁ ਮਨ ਕਾ ਚਾਉ ॥
ਨਾਨਕ ਜਿਨ੍ਹ ਮਨਿ ਭਉ ਤਿਨ੍ਹਾ ਮਨਿ ਭਾਉ ॥2॥(465)॥

(ਵਾਇਨਿ=ਸਾਜ ਵਜਾਉਂਦੇ ਹਨ, ਰਾਵਾ=ਘੱਟਾ, ਝਾਟੈ=
ਸਿਰ ਵਿਚ, ਪੂਰਹਿ ਤਾਲ=ਨੱਚਦੇ ਹਨ, ਪਛਾੜਹਿ=
ਪਛਾੜਦੇ ਹਨ,ਮਾਰਦੇ ਹਨ, ਗਾਵਨਿ ਗੋਪੀਆ=ਗੋਪੀਆਂ
ਦੇ ਸਾਂਗ ਬਣ ਕੇ ਗਾਉਂਦੇ ਹਨ, ਕਰਮਿ=ਬਖ਼ਸ਼ਸ਼ ਨਾਲ,
ਚੜਾਉ=ਚੜ੍ਹਦੀ ਕਲਾ, ਰੈਣਿ=ਰਾਤ,ਜ਼ਿੰਦਗੀ ਰੂਪ ਰਾਤ,
ਸਿਖੀ=ਸਿੱਖ ਲਈ, ਗੁਰ ਵੀਚਾਰਿ=ਗੁਰੂ ਦੀ ਵੀਚਾਰ ਦੀ
ਰਾਹੀਂ, ਥਲ ਵਾਰੋਲੇ=ਥਲਾਂ ਦੇ ਵਾਰੋਲੇ, ਅਨਗਾਹ=ਅੰਨ
ਗਾਹੁਣ ਵਾਲੇ ਫਲ੍ਹੇ, ਭਉਦੀਆ=ਭੰਭੀਰੀਆਂ, ਬੰਧਨ ਬੰਧਿ=
ਬੰਧਨਾਂ ਵਿਚ ਬੰਨ੍ਹ ਕੇ, ਪਇਐ ਕਿਰਤਿ=ਕੀਤੇ ਹੋਏ ਕਰਮ
ਦੇ ਸੰਸਕਾਰਾਂ ਅਨੁਸਾਰ, ਉਡਿ ਨ ਜਾਹੀ=ਉੱਡ ਕੇ ਨਹੀਂ
ਅੱਪੜਦੇ)

104. ਵਦੀ ਸੁ ਵਜਗਿ ਨਾਨਕਾ ਸਚਾ ਵੇਖੈ ਸੋਇ

ਵਦੀ ਸੁ ਵਜਗਿ ਨਾਨਕਾ ਸਚਾ ਵੇਖੈ ਸੋਇ ॥
ਸਭਨੀ ਛਾਲਾ ਮਾਰੀਆ ਕਰਤਾ ਕਰੇ ਸੁ ਹੋਇ ॥
ਅਗੈ ਜਾਤਿ ਨ ਜੋਰੁ ਹੈ ਅਗੈ ਜੀਉ ਨਵੇ ॥
ਜਿਨ ਕੀ ਲੇਖੈ ਪਤਿ ਪਵੈ ਚੰਗੇ ਸੇਈ ਕੇਇ ॥3॥(469)॥

(ਵਦੀ=ਮਿਥੀ ਹੋਈ, ਸੁ=ਉਹੀ ਗੱਲ, ਵਜਗਿ=ਵੱਜੇਗੀ,ਪਰਗਟ
ਹੋਵੇਗੀ, ਸਚਾ=ਸਦਾ-ਥਿਰ ਰਹਿਣ ਵਾਲਾ ਪ੍ਰਭੂ, ਵੇਖੈ=ਸੰਭਾਲ ਕਰ
ਰਿਹਾ ਹੈ, ਸਭਨੀ=ਸਭ ਜੀਵਾਂ ਨੇ, ਛਾਲਾ ਮਾਰੀਆ=ਆਪਣਾ ਜ਼ੋਰ
ਲਾਇਆ ਹੈ, ਸੁ ਹੋਇ=ਉਹੀ ਕੁਝ ਵਰਤਦਾ ਹੈ, ਅਗੈ=ਪਰਲੋਕ ਵਿੱਚ,
ਜਾਤਿ=ਉੱਚੀ-ਨੀਵੀਂ ਜਾਤ ਦਾ ਵਿਤਕਰਾ, ਜੋਰੁ=ਧੱਕਾ, ਸੇਈ ਕੇਇ=
ਉਹੀ ਕੋਈ ਕੋਈ, ਲੇਖੈ=ਲੇਖਾ ਹੋਣ ਵੇਲੇ)

105. ਵਡੀ ਵਡਿਆਈ ਜਾ ਵਡਾ ਨਾਉ

ਵਡੀ ਵਡਿਆਈ ਜਾ ਵਡਾ ਨਾਉ ॥
ਵਡੀ ਵਡਿਆਈ ਜਾ ਸਚੁ ਨਿਆਉ ॥
ਵਡੀ ਵਡਿਆਈ ਜਾ ਨਿਹਚਲ ਥਾਉ ॥
ਵਡੀ ਵਡਿਆਈ ਜਾਣੈ ਆਲਾਉ ॥
ਵਡੀ ਵਡਿਆਈ ਬੁਝੈ ਸਭਿ ਭਾਉ ॥
ਵਡੀ ਵਡਿਆਈ ਜਾ ਪੁਛਿ ਨ ਦਾਤਿ ॥
ਵਡੀ ਵਡਿਆਈ ਜਾ ਆਪੇ ਆਪਿ ॥
ਨਾਨਕ ਕਾਰ ਨ ਕਥਨੀ ਜਾਇ ॥
ਕੀਤਾ ਕਰਣਾ ਸਰਬ ਰਜਾਇ ॥2॥(463)॥

(ਜਾ=ਜਿਸ ਦਾ, ਨਾਉ=ਨਾਮ,ਜਸ, ਨਿਹਚਲ=
ਅਚੱਲ,ਅਬਿਨਾਸੀ, ਆਲਾਉ=ਜੋ ਕੁਝ ਜੀਵ
ਬੋਲਦੇ ਹਨ, ਭਾਉ=ਵਲਵਲੇ, ਪੁਛਿ=ਪੁੱਛ ਕੇ,
ਆਪੇ ਆਪਿ=ਆਪ ਹੀ ਆਪ ਹੈ, ਕਾਰ=
ਉਸ ਦੀ ਕੁਦਰਤੀ ਕਲਾ, ਕੀਤਾ ਕਰਣਾ=
ਉਸ ਦੀ ਰਚੀ ਹੋਈ ਸ੍ਰਿਸ਼ਟੀ, ਰਜਾਇ=
ਰੱਬ ਦੇ ਹੁਕਮ ਵਿਚ)

106. ਵੇਲਿ ਪਿੰਞਾਇਆ ਕਤਿ ਵੁਣਾਇਆ

ਵੇਲਿ ਪਿੰਞਾਇਆ ਕਤਿ ਵੁਣਾਇਆ ॥
ਕਟਿ ਕੁਟਿ ਕਰਿ ਖੁੰਬਿ ਚੜਾਇਆ ॥
ਲੋਹਾ ਵਢੇ ਦਰਜੀ ਪਾੜੇ ਸੂਈ ਧਾਗਾ ਸੀਵੈ ॥
ਇਉ ਪਤਿ ਪਾਟੀ ਸਿਫਤੀ ਸੀਪੈ ਨਾਨਕ ਜੀਵਤ ਜੀਵੈ ॥
ਹੋਇ ਪੁਰਾਣਾ ਕਪੜੁ ਪਾਟੈ ਸੂਈ ਧਾਗਾ ਗੰਢੈ ॥
ਮਾਹੁ ਪਖੁ ਕਿਹੁ ਚਲੈ ਨਾਹੀ ਘੜੀ ਮੁਹਤੁ ਕਿਛੁ ਹੰਢੈ ॥
ਸਚੁ ਪੁਰਾਣਾ ਹੋਵੈ ਨਾਹੀ ਸੀਤਾ ਕਦੇ ਨ ਪਾਟੈ ॥
ਨਾਨਕ ਸਾਹਿਬੁ ਸਚੋ ਸਚਾ ਤਿਚਰੁ ਜਾਪੀ ਜਾਪੈ ॥1॥956)॥

(ਲੋਹਾ=ਕੈਂਚੀ, ਇਉ=ਇਸੇ ਤਰ੍ਹਾਂ ਹੀ, ਪਤਿ ਪਾਟੀ=
ਗੁਆਚੀ ਹੋਈ ਇੱਜ਼ਤ, ਸਿਫਤੀ=ਪ੍ਰਭੂ ਦੀ ਸਿਫ਼ਤਿ-
ਸਾਲਾਹ ਕਰਨ ਨਾਲ, ਜੀਵਤ ਜੀਵੈ=ਅਸਲ ਜੀਵਨ
ਗੁਜ਼ਾਰਨ ਲੱਗ ਪੈਂਦਾ ਹੈ, ਮਾਹੁ=ਮਹੀਨਾ, ਪਖੁ=ਅੱਧਾ
ਮਹੀਨਾ, ਕਿਹੁ=ਕਿਛੁ,ਕੁਝ, ਚਲੈ=ਤੱਗਦਾ ਹੈ, ਮੁਹਤੁ=
ਮੁਹੂਰਤ,ਦੋ ਘੜੀ, ਤਿਚਰੁ ਜਾਪੀ ਜਾਪੇ=ਉਤਨਾ ਚਿਰ
ਦਿੱਸਦਾ ਹੈ ਜਿਤਨਾ ਚਿਰ ਜਪੀਏ)

107. ਵਿਣੁ ਗਾਹਕ ਗੁਣੁ ਵੇਚੀਐ ਤਉ ਗੁਣੁ ਸਹਘੋ ਜਾਇ

ਵਿਣੁ ਗਾਹਕ ਗੁਣੁ ਵੇਚੀਐ ਤਉ ਗੁਣੁ ਸਹਘੋ ਜਾਇ ॥
ਗੁਣ ਕਾ ਗਾਹਕੁ ਜੇ ਮਿਲੈ ਤਉ ਗੁਣੁ ਲਾਖ ਵਿਕਾਇ ॥
ਗੁਣ ਤੇ ਗੁਣ ਮਿਲਿ ਪਾਈਐ ਜੇ ਸਤਿਗੁਰ ਮਾਹਿ ਸਮਾਇ ॥
ਮੁਲਿ ਅਮੁਲੁ ਨ ਪਾਈਐ ਵਣਜ ਨ ਲੀਜੈ ਹਾਟਿ ॥
ਨਾਨਕ ਪੂਰਾ ਤੋਲੁ ਹੈ ਕਬਹੁ ਨ ਹੋਵੈ ਘਾਟਿ ॥1॥1086)॥

(ਸਹਘੋ=ਸਸਤਾ, ਗੁਣ ਤੇ=ਗੁਣਾਂ ਤੋਂ, ਗੁਣ ਮਿਲਿ=ਗੁਣਾਂ
ਵਿਚ ਮਿਲ ਕੇ, ਪਾਈਐ=ਮਿਲਦਾ ਹੈ, ਮੁਲਿ=ਕਿਸੇ ਕੀਮਤ
ਨਾਲ, ਅਮੁਲੁ=ਅਮੋਲਕ, ਵਣਜਿ=ਖ਼ਰੀਦ ਕੇ, ਹਾਟਿ=ਹੱਟ ਤੋਂ,
ਤੋਲੁ=ਬਰਾਬਰ ਦੀ ਚੀਜ਼, ਪੂਰਾ=ਮੁਕੰਮਲ)

108. ਵਿਸਮਾਦੁ ਨਾਦ ਵਿਸਮਾਦੁ ਵੇਦ

ਵਿਸਮਾਦੁ ਨਾਦ ਵਿਸਮਾਦੁ ਵੇਦ ॥
ਵਿਸਮਾਦੁ ਜੀਅ ਵਿਸਮਾਦੁ ਭੇਦ ॥
ਵਿਸਮਾਦੁ ਰੂਪ ਵਿਸਮਾਦੁ ਰੰਗ ॥
ਵਿਸਮਾਦੁ ਨਾਗੇ ਫਿਰਹਿ ਜੰਤ ॥
ਵਿਸਮਾਦੁ ਪਉਣੁ ਵਿਸਮਾਦੁ ਪਾਣੀ ॥
ਵਿਸਮਾਦੁ ਅਗਨੀ ਖੇਡਹਿ ਵਿਡਾਣੀ ॥
ਵਿਸਮਾਦੁ ਧਰਤੀ ਵਿਸਮਾਦੁ ਖਾਣੀ ॥
ਵਿਸਮਾਦੁ ਸਾਦਿ ਲਗਹਿ ਪ੍ਰਾਣੀ ॥
ਵਿਸਮਾਦੁ ਸੰਜੋਗੁ ਵਿਸਮਾਦੁ ਵਿਜੋਗੁ ॥
ਵਿਸਮਾਦੁ ਭੁਖ ਵਿਸਮਾਦੁ ਭੋਗੁ ॥
ਵਿਸਮਾਦੁ ਸਿਫਤਿ ਵਿਸਮਾਦੁ ਸਾਲਾਹ ॥
ਵਿਸਮਾਦੁ ਉਝੜ ਵਿਸਮਾਦੁ ਰਾਹ ॥
ਵਿਸਮਾਦੁ ਨੇੜੈ ਵਿਸਮਾਦੁ ਦੂਰਿ ॥
ਵਿਸਮਾਦੁ ਦੇਖੈ ਹਾਜਰਾ ਹਜੂਰਿ ॥
ਵੇਖਿ ਵਿਡਾਣੁ ਰਹਿਆ ਵਿਸਮਾਦੁ ॥
ਨਾਨਕ ਬੁਝਣੁ ਪੂਰੈ ਭਾਗਿ ॥1॥(463)॥

(ਵਿਦਮਾਦੁ=ਅਸਚਰਜਤਾ,ਹੈਰਾਨਗੀ, ਨਾਦ=
ਅਵਾਜ਼,ਰਾਗ, ਭੇਦ=ਜੀਵਾਂ ਦੇ ਭੇਦ, ਵਿਡਾਣੀ=
ਅਸਚਰਜ, ਖਾਣੀ=ਸ੍ਰਿਸ਼ਟੀ ਦੀ ਉਤਪਤੀ
ਦੀਆਂ ਚਾਰ ਖਾਣੀਆਂ (ਅੰਡਜ, ਜੇਰਜ,
ਉਤਭਜ, ਸੇਤਜ ਅਰਥਾਤ ਅੰਡਾ, ਜਿਉਰ,
ਪਾਣੀ ਤੇ ਮੁੜ੍ਹਕਾ), ਸਾਦਿ=ਸੁਆਦ ਵਿਚ,
ਸੰਜੋਗੁ=ਜੀਵਾਂ ਦਾ ਮੇਲ, ਭੋਗੁ=ਪਦਾਰਥਾਂ ਦਾ
ਵਰਤਣਾ, ਉਝੜ=ਅਸਲੀ ਰਾਹ ਤੋਂ ਖੁੰਝ ਕੇ
ਕੁ-ਰਸਤਾ, ਵਿਡਾਣੁ=ਅਸਚਰਜ ਕੌਤਕ,
ਰਹਿਆ ਵਿਸਮਾਦੁ=ਵਿਸਮਾਦ ਪੈਦਾ ਹੋ
ਰਿਹਾ ਹੈ, ਬੁਝਣੁ=ਸਮਝਣਾ)