ਸ਼ਹਿਰ ਗਿਆ ਕਾਂ/ਸ਼ਹਿਰ ਗਿਆ ਕਾਂ
ਸ਼ਹਿਰ ਗਿਆ ਕਾਂ
ਕਾਂ ਇਕ ਕਿਸਾਨ ਦੇ ਖੇਤ ਵਿਚ ਰਹਿੰਦਾ ਸੀ। ਉਸਨੇ ਕਿਸਾਨ ਦੇ ਖੇਤ ਵਿਚ ਖੜ੍ਹੀ ਕਿੱਕਰ ਉਪਰ ਆਪਣੇ ਰਹਿਣ ਲਈ ਆਲ੍ਹਣਾ ਬਣਾਇਆ ਹੋਇਆ ਸੀ।
ਕਾਂ ਕਿਸਾਨ ਦੇ ਖੇਤ ਵਿਚ ਵਧੀਆ ਦਿਨ ਬਤੀਤ ਕਰ ਰਿਹਾ ਸੀ। ਇਥੇ ਉਸਨੂੰ ਕੋਈ ਤੰਗੀ ਨਹੀਂ ਸੀ। ਜਿਸ ਕਿੱਕਰ ਉੱਪਰ ਕਾਂ ਦਾ ਆਲ੍ਹਣਾ ਸੀ, ਉਸਦੇ ਕੋਲ ਹੀ ਕਿਸਾਨ ਦਾ ਟਿਊਬਵੈੱਲ ਸੀ। ਟਿਊਬਵੈੱਲ ਤੋਂ ਕਾਂ ਨੂੰ ਹਰ ਵਕਤ ਤਾਜ਼ਾ ਤੇ ਸਾਫ਼ ਪਾਣੀ ਪੀਣ ਨੂੰ ਮਿਲਦਾ ਸੀ। ਕਾਂ ਨੂੰ ਕਿਸਾਨ ਦੇ ਖੇਤ ਵਿਚੋਂ ਚੋਗਾ ਵੀ ਅਸਾਨੀ ਨਾਲ ਮਿਲ ਜਾਂਦਾ ਸੀ।
ਭਾਵੇਂ ਕਾਂ ਨੂੰ ਇਥੇ ਕਿਸਾਨ ਦੇ ਖੇਤ ਵਿਚ ਕੋਈ ਤੰਗੀ ਨਹੀਂ ਸੀ, ਫਿਰ ਵੀ ਉਸਦਾ ਮਨ ਸ਼ਹਿਰ ਜਾਕੇ ਵਸਣ ਨੂੰ ਲਲਚਾਉਂਦਾ ਰਹਿੰਦਾ। ਕਾਂ ਦੋ-ਚਾਰ ਦਿਨ ਕਿਸੇ ਹੋਰ ਕਾਂ ਨਾਲ ਸ਼ਹਿਰ ਘੁੰਮਣ ਚਲਾ ਗਿਆ ਸੀ ਤੇ ਸ਼ਹਿਰੀ ਚਕਾਚੌਂਧ ਨੇ ਕਾਂ ਦਾ ਮਨ ਮੋਹ ਲਿਆ ਸੀ। ਹੁਣ ਕਾਂ ਦਾ ਦਿਲ ਕਰਦਾ ਕਿ ਕਿਹੜਾ ਵੇਲਾ ਹੋਵੇ, ਉਹ ਸ਼ਹਿਰ ਚਲਾ ਜਾਵੇ।
"ਸ਼ਹਿਰ ਜਾਕੇ ਮੈਂ ਵੀ ਰੋਜ਼ਾਨਾ ਸ਼ਾਮ ਨੂੰ ਗੋਲਗੱਪੇ, ਚਾਉਮਿਨ, ਬਰਗਰ ਤੇ ਹੋਰ ਚਟਪਟਾ ਖਾਇਆ ਕਰੂੰਗਾ। ਮੈਂ ਵੀ ਰੋਜ਼ਾਨਾ ਫ਼ਿਲਮ ਵੇਖਿਆ ਕਰੂੰਗਾ।" ਕਾਂ ਸੋਚਦਾ।
ਜਿਸ ਕਿੱਕਰ ਉੱਪਰ ਕਾਂ ਰਹਿੰਦਾ ਸੀ, ਉਸ ਕਿੱਕਰ ਉੱਪਰ ਇਕ ਤੋਤਾ ਵੀ ਰਹਿੰਦਾ ਸੀ। ਤੋਤਾ, ਕਾਂ ਨੂੰ ਵਾਰ-ਵਾਰ ਸ਼ਹਿਰ ਨਾ ਜਾਣ ਦੀ ਸਲਾਹ ਦਿੰਦਾ।
"ਕਾਂ ਭਰਾਵਾ! ਬਿਨਾਂ ਕਿਸੇ ਕਾਰਣ ਦੇ ਸਾਨੂੰ ਆਪਣਾ ਜੱਦੀ ਘਰ ਕਦੇ ਵੀ ਨਹੀਂ ਛੱਡਣਾ ਚਾਹੀਦਾ। ਉਂਜ ਜੇ ਤੇਰਾ ਦਿਲ ਕਰਦਾ ਹੈ ਤਾਂ ਸ਼ਹਿਰ ਜਾਕੇ ਘੁੰਮ ਫਿਰ ਆਇਆ ਕਰ।" ਤੋਤਾ, ਕਾਂ ਨੂੰ ਸਮਝਾਉਂਦਾ ਹੋਇਆ ਆਖਦਾ। ਪਰ ਕਾਂ ਨਾ ਮੰਨਿਆ। ਫਿਰ ਇਕ ਦਿਨ ਉਹ ਸ਼ਹਿਰ ਚਲਾ ਹੀ ਗਿਆ।
ਸ਼ਹਿਰ ਆਕੇ ਕਾਂ ਨੇ ਸੜਕ ਕੰਢੇ ਇਕ ਟਾਹਲੀ ਉੱਪਰ ਆਪਣਾ ਆਲ੍ਹਣਾ ਬਣਾ ਲਿਆ। ਇਥੇ ਆ ਕੇ ਕਾਂ ਰੋਜ਼ਾਨਾ ਸ਼ਾਮ ਨੂੰ ਗੋਲਗੱਪੇ, ਚਾਉਮਿਨ ਤੇ ਬਰਗਰ ਖਾਣ ਲੱਗ ਪਿਆ ਸੀ। ਉਹ ਰੋਜ਼ਾਨਾ ਕਿਸੇ ਨਾ ਕਿਸੇ ਥੀਏਟਰ ਵਿਚ ਵੜ੍ਹ ਕੇ ਫਿਲਮ ਵੀ ਵੇਖ ਆਉਂਦਾ ਸੀ। ਪਰ ਉਸਨੂੰ ਸਾਰੀ ਰਾਤ ਨੀਂਦ ਨਹੀਂ ਆਉਂਦੀ ਸੀ।
ਕਾਂ, ਕਿਸਾਨ ਦੇ ਖੇਤ ਵਿਚ ਏਕਾਂਤ ਤੇ ਸ਼ਾਂਤ ਮਾਹੌਲ ਵਿਚ ਸੌਣ ਦਾ ਆਦੀ ਸੀ। ਪਰ ਇਥੇ ਸੜਕ ਉੱਪਰ ਸਾਰੀ ਰਾਤ ਆਵਾਜਾਈ ਰਹਿੰਦੀ ਤੇ ਮੋਟਰ-ਗੱਡੀਆਂ ਦੀ ਬੇਸੁਰੀ ਆਵਾਜ਼ ਕਾਂ ਨੂੰ ਨੀਂਦ ਨਾ ਆਉਣ ਦਿੰਦੀ। ਮੋਟਰ-ਗੱਡੀਆਂ ਦਾ ਧੂੰਆਂ ਸਾਰੀ ਰਾਤ ਕਾਂ ਦੇ ਸਿਰ ਨੂੰ ਚੜ੍ਹਦਾ ਰਹਿੰਦਾ। ਧੂੰਏ ਨਾਲ ਕਾਂ ਦਾ ਸਿਰ ਦੁਖਣ ਲੱਗ ਪੈਂਦਾ।
ਕਾਂ ਕਈ ਦਿਨ ਵੇਖਦਾ ਰਿਹਾ। ਕਾਂ ਕਿਧਰੋਂ ਨੀਂਦ ਦੀ ਗੋਲ਼ੀ ਲੱਭ ਕੇ ਲਿਆਇਆ। ਉਸਨੇ ਨੀਂਦ ਦੀ ਗੋਲ਼ੀ ਵੀ ਖਾ ਕੇ ਵੇਖੀ ਪਰ ਨੀਂਦ ਨਾ ਆਈ। ਹਾਰ ਕੇ ਕਾਂ ਨੇ ਇਥੋਂ ਸ਼ਹਿਰ ਵਿਚ ਕਿਸੇ ਹੋਰ ਥਾਂ ਜਾਣ ਦਾ ਫ਼ੈਸਲਾ ਕਰ ਲਿਆ।
ਕਾਂ ਉਡਦਾ ਗਿਆ, ਉਡਦਾ ਗਿਆ ਤੇ ਉਸਨੇ ਆਲ੍ਹਣਾ ਬਣਾਉਣ ਲਈ ਸ਼ਹਿਰ ਵਿਚ ਇਕ ਹੋਰ ਨਿੰਮ ਲੱਭ ਲਈ। ਇਹ ਨਿੰਮ ਇਕ ਘੱਟ ਆਵਾਜਾਈ ਵਾਲੀ ਸੜਕ ਉੱਪਰ ਸੀ। ਇਥੇ ਕਾਂ ਦੀ ਨੀਂਦ ਤੇ ਸੁਖ-ਚੈਨ ਵਿਚ ਮੋਟਰ ਗੱਡੀਆਂ ਦੀ ਬੇਸੁਰੀ ਅਵਾਜ਼ ਨੇ ਵਿਘਨ ਨਹੀਂ ਪਾਉਣਾ ਸੀ। ਨਾ ਹੀ ਇਥੇ ਬਹੁਤਾ ਧੂੰਆਂ ਸੀ। ਪਰ ਕਾਂ ਇਥੇ ਵੀ ਬੇਚੈਨ ਹੀ ਰਹਿੰਦਾ ਸੀ। ਰੋਜ਼ਾਨਾ ਰਾਤ ਨੂੰ ਕਾਂ ਦੀ ਮਾੜੀ ਜਿਹੀ ਅੱਖ ਲਗਦੀ ਤੇ ਉਹ ਤ੍ਰਬਕ ਕੇ ਉਠ ਜਾਂਦਾ।
ਜਿੱਥੇ ਕਾਂ ਨੇ ਹੁਣ ਆਲ੍ਹਣਾ ਬਣਾਇਆ ਸੀ, ਉਥੇ ਨਿੰਮ ਦੇ ਕੋਲ ਏਟੀਐਮ ਲੱਗਾ ਹੋਇਆ ਸੀ। ਏਟੀਐਮ ਦੇ ਬਾਹਰ ਚੌਵੀਂ ਘੰਟੇ ਇਕ ਬੰਦੂਕ ਵਾਲਾ ਆਦਮੀ ਤਾਇਨਾਤ ਰਹਿੰਦਾ ਸੀ।ਏਟੀਐਮ ਦੇ ਬਾਹਰ ਬੰਦੂਕ ਲੈ ਕੇ ਪਹਿਰਾ ਦਿੰਦੇ ਆਦਮੀ ਨੇ ਕਾਂ ਨੂੰ ਕੁਝ ਨਹੀਂ ਆਖਣਾ ਸੀ। ਫਿਰ ਵੀ ਕਾਂ ਬੰਦੂਕ ਵਾਲੇ ਇਸ ਆਦਮੀ ਤੋਂ ਡਰਦਾ ਰਹਿੰਦਾ ਤੇ ਉਹ ਸਾਰੀ ਰਾਤ ਜਾਗਦਾ ਰਹਿੰਦਾ। ਨਿੱਕੇ ਹੁੰਦਿਆਂ ਕਾਂ ਆਪਣੇ ਬਜ਼ੁਰਗਾਂ ਤੋਂ ਸੁਣਦਾ ਹੁੰਦਾ ਸੀ ਕਿ ਇਸ ਤਰ੍ਹਾਂ ਦੇ ਬੰਦੂਕ ਵਾਲੇ ਆਦਮੀ ਪੰਛੀਆਂ ਨੂੰ ਮਾਰ ਮੁਕਾਉਂਦੇ ਹਨ।
ਕਿਸਾਨ ਦੇ ਖੇਤ ਵਿਚ ਜਿੱਥੇ ਕਾਂ ਰਹਿੰਦਾ ਸੀ, ਉਥੇ ਕਦੇ-ਕਦਾਈਂ ਹੀ ਕੋਈ ਬੰਦੂਕ ਵਾਲਾ ਆਦਮੀ ਆਉਂਦਾ ਹੁੰਦਾ ਸੀ। ਕਿਸਾਨ ਦੇ ਖੇਤ ਵਿਚ ਕਿਸੇ ਬੰਦੂਕ ਵਾਲੇ ਆਦਮੀ ਨੂੰ ਵੇਖਕੇ ਕਾਂ ਕੁਝ ਦੇਰ ਲਈ ਆਸੇ-ਪਾਸੇ ਹੋ ਜਾਂਦਾ ਹੁੰਦਾ ਸੀ ਪਰ ਇਥੇ ਸ਼ਹਿਰ ਵਿਚ ਬੰਦੂਕ ਵਾਲੇ ਆਦਮੀ ਤੋਂ ਆਸੇ-ਪਾਸੇ ਹੋਣ ਲਈ ਕਾਂ ਨੂੰ ਆਲ੍ਹਣਾ ਹੀ ਹੋਰ ਕਿਧਰੇ ਬਣਾਉਣਾ ਪੈਣਾ ਸੀ। ਇਸ ਤਰ੍ਹਾਂ ਬੰਦੂਕ ਵਾਲੇ ਆਦਮੀ ਤੋਂ ਡਰਦੇ ਮਾਰੇ ਕਾਂ ਨੇ ਇਥੇ ਵੀ ਨਾ ਰਹਿਣ ਦਾ ਫ਼ੈਸਲਾ ਕਰ ਲਿਆ। ਉਹ ਸ਼ਹਿਰ ਵਿਚ ਕੋਈ ਹੋਰ ਸੁਰੱਖਿਅਤ ਥਾਂ ਲੱਭਣ ਲੱਗ ਪਿਆ।
ਕਾਂ ਉਡਦਾ ਗਿਆ, ਉਡਦਾ ਗਿਆ ਤੇ ਉਸਨੇ ਬਸੇਰੇ ਵਾਸਤੇ ਸ਼ਹਿਰ ਵਿਚ ਇਕ ਹੋਰ ਘੱਟ ਆਵਾਜਾਈ ਵਾਲੀ ਸੜਕ ਲੱਭ ਲਈ। ਕਾਂ ਨੇ ਇਸ ਸੜਕ ਕੰਢੇ ਖੜ੍ਹੀ ਟਾਹਲੀ ਉੱਪਰ ਆਪਣਾ ਆਲ੍ਹਣਾ ਬਣਾ ਲਿਆ। ਭਾਵੇਂ ਇਸ ਟਾਹਲੀ ਦੇ ਨੇੜੇ ਕਿਧਰੇ ਵੀ ਏਟੀਐਮ ਨਹੀਂ ਸੀ, ਫਿਰ ਵੀ ਇਥੇ ਕਾਂ ਮੁਸ਼ਕਲ ਨਾਲ ਇਕ ਰਾਤ ਰਿਹਾ।
ਟਾਹਲੀ ਦੇ ਨੇੜੇ-ਤੇੜੇ ਕਿੰਨੀਆਂ ਹੀ ਵੈਲਡਿੰਗ ਕਰਨ ਵਾਲੀਆਂ ਦੁਕਾਨਾਂ ਸਨ ਤੇ ਵੈਲਡਿੰਗ ਦੀ ਤੇਜ਼ ਲਾਈਟ ਪੈ -ਪੈ ਕੇ ਕਾਂ ਦੀਆਂ ਇਕ ਦਿਨ ਵਿਚ ਹੀ ਅੱਖਾਂ ਸੁੱਜ ਗਈਆਂ ਸਨ।
ਹੁਣ ਕਾਂ ਨੇ ਸ਼ਹਿਰ ਵਿਚ ਸੜਕਾਂ ਤੋਂ ਪਿੱਛੇ ਘਰਾਂ ਕੋਲ ਰਹਿਣ ਦਾ ਫ਼ੈਸਲਾ ਕਰ ਲਿਆ। ਕਾਂ ਨੇ ਘੁੰਮ-ਫਿਰ ਕੇ ਘਰਾਂ ਵਿਚਾਲੇ ਇਕ ਪਾਰਕ ਲੱਭ ਲਿਆ| ਪਾਰਕ ਦੀ ਇਕ ਨੁੱਕਰ ਵਿਚ ਇਕ ਸ਼ਹਿਤੂਤ ਖੜ੍ਹਾ ਸੀ। ਕਾਂ ਨੇ ਸ਼ਹਿਤੂਤ ਉੱਪਰ ਆਪਣਾ ਆਲ੍ਹਣਾ ਬਣਾ ਲਿਆ।
ਇਸ ਪਾਰਕ ਵਿਚ ਆਕੇ ਕਾਂ ਬੇਹੱਦ ਖੁਸ਼ ਸੀ। ਪਾਰਕ ਵਿਚ ਸਾਰਾ ਦਿਨ ਰੌਣਕ ਲੱਗੀ ਰਹਿੰਦੀ ਸੀ। ਲੋਕ ਆਉਂਦੇ-ਜਾਂਦੇ ਰਹਿੰਦੇ ਸਨ ਤੇ ਬੱਚੇ ਖੇਡਦੇ ਰਹਿੰਦੇ ਸਨ। ਪਾਰਕ ਅਬਾਦੀ ਵਿਚ ਹੋਣ ਕਰਕੇ ਕਾਂ ਨੂੰ ਇਥੇ ਖਾਣ-ਪੀਣ ਦੀ ਵੀ ਮੌਜ ਹੋ ਗਈ ਸੀ। ਪਰ ਕਾਂ ਦੀ ਇਹ ਮੌਜ ਬਹੁਤ ਥੋੜ-ਚਿਰੀ ਸੀ।ਪਾਰਕ ਵਿਚ ਬੱਚੇ ਰੋਜ਼ਾਨਾ ਖੇਡਣ ਆਉਂਦੇ ਸਨ। ਬੱਚੇ ਪਾਰਕ ਵਿਚ ਆਕੇ ਗੁੱਲੀ-ਡੰਡਾ ਖੇਡਦੇ। ਜਦੋਂ ਬੱਚੇ ਗੁੱਲੀ-ਡੰਡਾ ਖੇਡਦੇ, ਕਾਂ ਨੂੰ ਬੇਹੱਦ ਡਰ ਲੱਗਦਾ। ਕਾਂ ਡਰਦਾ ਰਹਿੰਦਾ ਕਿ ਗੁੱਲੀ ਕਿਧਰੇ ਉਸਦੀ ਅੱਖ ਵਿਚ ਨਾ ਵੱਜ ਜਾਵੇ। ਉਂਜ ਵੀ ਬੱਚਿਆਂ ਨੂੰ ਇਕ ਹੋਰ ਖੇਡ ਲੱਭ ਪਈ ਸੀ। ਕਾਂ ਨੂੰ ਟਾਹਲੀ ਉੱਪਰ ਬੈਠੇ ਨੂੰ ਵੇਖ ਕੇ ਬੱਚੇ ਵੱਟੇ ਮਾਰਨ ਲੱਗ ਪੈਂਦੇ ਸਨ। ਤਿੱਖੇ ਤੇ ਨੁਕੀਲੇ ਵੱਟੇ ਕਦੀ ਕਾਂ ਦੇ ਸੱਜਿਓਂ ਨਿਕਲ ਜਾਂਦੇ ਤੇ ਕਦੀ ਖੱਭਿਓਂ। ਕਾਂ ਬੜੀ ਮੁਸ਼ਕਲ ਨਾਲ ਵੱਟਿਆਂ ਤੋਂ ਆਪਣਾ ਮੂੰਹ ਸਿਰ ਬਚਾਉਂਦਾ। ਕਾਂ, ਕਾਂ, ਕਾਂ ਕਰਕੇ ਬੱਚਿਆਂ ਨੂੰ ਖੇਡਣ ਵਾਲੀ ਥਾਂ ਨੂੰ ਗੰਦਾ ਨਾ ਕਰਨ ਦਾ ਵਿਸ਼ਵਾਸ ਦਿਵਾਉਂਦਾ, ਪਰ ਮਨਚਲੇ ਬੱਚੇ ਕਾਂ ਦੀ ਇਕ ਨਾ ਸੁਣਦੇ। ਹਾਰ ਕੇ ਕਾਂ ਨੇ ਇਸ ਪਾਰਕ ਵਿਚੋਂ ਵੀ ਕਿੱਧਰੇ ਹੋਰ ਜਾਣ ਦਾ ਫ਼ੈਸਲਾ ਕਰ ਲਿਆ।
ਸੋਚ-ਵਿਚਾਰ ਕੇ ਕਾਂ ਨੇ ਸ਼ਹਿਰ ਤੋਂ ਬਾਹਰ ਪਰ ਸ਼ਹਿਰ ਦੇ ਨੇੜੇ ਰਹਿਣ ਦਾ ਮਨ ਬਣਾ ਲਿਆ। ਕਾਂ ਨੇ ਸ਼ਹਿਰ ਤੋਂ ਬਾਹਰ ਇਕ ਕਿੱਕਰ ਉੱਪਰ ਆਲ੍ਹਣਾ ਬਣਾ ਲਿਆ। ਪਰ ਕਾਂ ਇਥੇ ਵੀ ਇਕ ਰਾਤ ਹੀ ਰਿਹਾ। ਸ਼ਹਿਰ ਵਿਚੋਂ ਨਿਕਲਦੇ ਸੜਿਆਂਦ ਮਾਰਦੇ ਪਾਣੀ ਨੇ ਇਕ ਰਾਤ ਵਿਚ ਹੀ ਕਾਂ ਨੂੰ ਨਾਨੀ ਚੇਤੇ ਕਰਵਾ ਦਿੱਤੀ। ਕਾਂ ਨੇ ਆਪਣੇ ਨੱਕ-ਮੂੰਹ ਨੂੰ ਬਥੇਰਾ ਰੁਮਾਲ ਨਾਲ ਕੱਜਿਆ। ਨੱਕ-ਮੂੰਹ ਰੁਮਾਲ ਨਾਲ ਕੱਜਣ ਦੇ ਬਾਵਜੂਦ ਵੀ ਸੜਿਆਂਦ ਮਾਰਦੇ ਪਾਣੀ ਦੀ ਬੋਅ ਸਾਰੀ ਰਾਤ ਕਾਂ ਦੇ ਸਿਰ ਨੂੰ ਚੜ੍ਹਦੀ ਰਹੀ। ਸਵੇਰ ਹੋਣ ਤੱਕ ਕਾਂ ਦਾ ਸਿਰ ਦਰਦ ਨਾਲ ਪਾਟਣ ਲੱਗ ਪਿਆ। ਕਾਂ ਸਮਝ ਗਿਆ ਕਿ ਜੇ ਉਹ ਇਥੇ ਰਿਹਾ ਤਾਂ ਬਸ ਕੁਝ ਦਿਨਾਂ ਦਾ ਮਹਿਮਾਨ ਹੈ। ਕਾਂ ਉਸੇ ਵਕਤ ਵਾਪਸ ਕਿਸਾਨ ਦੇ ਖੇਤ ਵਿਚਲੀ ਕਿੱਕਰ ਉੱਪਰ ਜਾਣ ਦੀ ਤਿਆਰੀ ਕਰਨ ਲੱਗ ਪਿਆ। ਕਾਂ ਨੇ ਸ਼ਹਿਰ ਵਿਚ ਥਾਂ-ਥਾਂ ਘੁੰਮ ਕੇ ਵੇਖ ਲਿਆ ਸੀ। ਉਹ ਸਮਝ ਗਿਆ ਸੀ ਕਿ ਕਿਸਾਨ ਦੇ ਖੇਤ ਵਾਲਾ ਸੁੱਖ ਤੇ ਮੌਜ ਸ਼ਹਿਰ ਵਿਚ ਕਿਧਰੇ ਵੀ ਨਹੀਂ ਹੈ।