ਸਮੱਗਰੀ 'ਤੇ ਜਾਓ

ਸ਼ੀਰੀਂ ਫ਼ਰਹਾਦ ਹਾਸ਼ਮ ਸ਼ਾਹ

ਵਿਕੀਸਰੋਤ ਤੋਂ
ਸ਼ੀਰੀਂ ਫ਼ਰਹਾਦ ਹਾਸ਼ਮ ਸ਼ਾਹ
ਹਾਸ਼ਮ ਸ਼ਾਹ

ਪ੍ਰਿਥਮੇ ਉਸਤਤਿ ਸਾਹਿਬ ਦੀ-

ਸਾਹਿਬ ਰੱਬੁ ਕਾਰੀਗਰ ਅਜ਼ਲੀ, ਕੁਦਰਤਿ ਅਪਰ ਅਪਾਰਾ।
ਹਰ ਹਰ ਦਿਲ ਵਿਚ ਨੂਰ ਉਸੇ ਦਾ, ਪਰ ਉਹ ਆਪ ਨਿਆਰਾ।੧।

ਇਕ ਦਾਤਾ ਸਭ ਜਗਤ ਭਿਖਾਰੀ, ਕੁਲ ਖ਼ਲਕਾਂ ਦਾ ਵਾਲੀ।
ਗਿਣ ਗਿਣ ਰਿਜ਼ਕ ਪੁਚਾਵੇ ਸਭਨਾਂ, ਕੋਇ ਨ ਰਹਿੰਦਾ ਖਾਲੀ।੨।

ਨਾਗਰ ਮੱਛ ਕੁੰਮੇ ਜਲਹੋੜੇ, ਜਲ ਵਿਚਿ ਰਹਿਣ ਹਮੇਸ਼ਾ।
ਤਾਜ਼ਾ ਰਿਜ਼ਕ ਪੁਚਾਵੇ ਓਨ੍ਹਾਂ, ਨਾ ਉਹ ਕਰਨ ਅੰਦੇਸ਼ਾ।੩।

ਹਾਥੀ ਸ਼ੇਰ ਪਰਿੰਦੇ ਪੰਛੀ, ਸੱਪ ਅਠੂੰਹੇ ਕੀੜੇ।
ਨ ਉਹ ਵਾਹੁਣ ਨ ਉਹ ਬੀਜਣ, ਹੋਣ ਨ ਰਿਜ਼ਕੋਂ ਭੀੜੇ।੪।

ਕਿਤਨੇ ਹੋਰ ਨ ਗਿਣਤੀ ਆਵਣ, ਸੁਣੇ ਨ ਡਿਠੇ ਭਾਲੇ।
ਰੱਬ ਤਿਨ੍ਹਾਂ ਦੀ ਗੌਰ ਕਰੇਂਦਾ, ਨਾਲ ਮੁਹੱਬਤਿ ਪਾਲੇ।੫।

ਇਕ ਦਿਨ ਰਾਤ ਜਪੇਂਦੇ ਉਸ ਨੂੰ, ਜ਼ੁਹਦ ਇਬਾਦਤ ਵਾਲੇ।
ਓਹੋ ਲੁਤਫ਼ ਉਨ੍ਹਾਂ ਤੇ ਕਰਦਾ, ਪਾਸਿ ਲੈ ਸੱਦ ਬਹਾਲੇ।੬।

ਇਕਨਾ ਬੁਖ਼ਲ ਬਖ਼ੀਲੀ ਪੇਸ਼ਾ, ਦੰਦਾਗੀਰ ਜ਼ਿਨਾਹੀ।
ਪਾਲੇ ਰੱਬ ਢਕੇਂਦਾ ਪੜਦੇ, ਧੱਕਿ ਸੁਟੇਂਦਾ ਨਾਹੀ।੭।

ਲਖ ਲਖ ਰੰਗ ਰੰਗਾਂ ਵਿਚ ਕਰਕੇ, ਭਰਿਆ ਬਾਗ਼ ਜਹਾਨੀ।
ਰੋਜ਼ ਬਿਅੰਤ ਕਈ ਗੁਲਜ਼ਾਰਾਂ, ਖਿੜ ਖਿੜ ਹੋਵਣ ਫ਼ਾਨੀ।੮।

ਅਫ਼ਲਾਤੂੰਨ ਸਿਕੰਦਰ ਜੇਹੇ, ਕਰਿ ਕਰਿ ਜ਼ੋਰ ਸਿਧਾਰੇ।
ਐਵੇਂ ਹਰ ਇਕ ਅਪਣੋ ਅਪਣੀ, ਖਿੜਿਆ ਚੇਤ ਬਹਾਰੇ।੯।

ਹੁਣ ਇਕ ਬਾਗ਼ ਬਹਾਰ ਅਸਾਡੀ, ਗੁਲਹਾ ਕਿ ਕੰਡਿਆਰੀ ?
ਭਲਕੇ ਹੋਰ ਨਵੇਂ ਲਖ ਹੋਸਣ, ਮੈਂ ਤੂੰ ਕੌਣ ਵਿਚਾਰੀ।੧੦।

ਐਡ ਪਸਾਰੇ ਕਰਦਾ ਇਹ ਕੁਛ, ਕੁੱਵਤ ਉਸ ਦੇ ਤਾਈਂ।
ਜੋ ਕਿਛੁ ਕਰੇ ਸੁ ਲਾਇਕ ਉਸ ਨੂੰ, ਉਹ ਸਿਫ਼ਤਾਂ ਦਾ ਸਾਈਂ।੧੧।

ਲੱਖ ਕਰੋੜ ਡਿਗੇ ਦਰ ਉਸ ਦੇ, ਪਲ ਪਲ ਸਾਰ ਲਹੇਹੇ।
ਆਵਾਵਰਦ ਨਿਮਾਣੇ ਆਜਿਜ਼, ਹੋਰ ਅਸਾਡੇ ਜੇਹੇ।੧੨।
ਪਿਛਲੇ ਔਰ ਇਸ ਸਮੇਂ ਕੀ ਬਾਰਤਾ-

ਪਿਛਲਾ ਨੇਕ ਜ਼ਮਾਨਾ ਆਹਾ, ਲੋਕ ਸਫ਼ਾਈ ਵਾਲੇ।
ਅਸੀਂ ਖ਼ਰਾਬ ਨਫ਼ਸ ਦੇ ਹਿਰਸੀ, ਜੀਭ ਮਿਠੀ ਦਿਲ ਕਾਲੇ।੧੩।

ਸ਼ਾਇਰ ਸ਼ੇਅਰ ਕਰੇਂਦੇ ਆਹੇ, ਨਫ਼ਸ ਛੁਰੀ ਮੂੰਹ ਧਰ ਕੇ।
ਹਰ ਇਕ ਸੁਖਨ ਲਿਆਵਣ ਬਾਹਰ, ਖ਼ੂਨ ਅਲੂਦਾ ਕਰਕੇ।੧੪।

ਫਿਰਿ ਓਹ ਦਸਤ ਸਰਾਫ਼ਾਂ ਪੈਂਦੇ, ਹੀਰੇ ਸੁਖ਼ਨ ਪਰੋਤੇ।
ਓਹੁ ਸਰਾਫ਼ ਜਿਨ੍ਹਾਂ ਹਥ ਅਪਣੇ, ਜਾਨ ਜਹਾਨੋਂ ਧੋਤੇ।੧੫।

ਫਿਰਿ ਉਹ ਐਬ ਸਬਾਬ ਸੁਖ਼ਨ ਦਾ, ਲੱਭਦੇ ਨਾਲ ਫ਼ਿਕਰ ਦੇ।
ਨਾਕਸ ਰੱਦ ਸੁਟੇਂਦੇ ਕਾਮਲ, ਲਿਖਦੇ ਵਿਚ ਜਿਗਰ ਦੇ।੧੬।

ਏਸ ਸਮੇਂ ਵਿਚ ਹਾਸ਼ਮ ਜੇਹੇ, ਨਾਕਸ ਸ਼ਾਇਰ ਸਦਾਉਣ।
ਮੁਨਸੁਬ ਚਾਰ ਇਯਾਲੀ ਰਲ ਕੇ, ਸ਼ੇਅਰ ਸੁਣਨ ਨੂੰ ਆਉਣ।੧੭।

ਓਸ ਸਮੇਂ ਦੇ ਫ਼ਕਰ ਫ਼ਕੀਰੀ, ਕਰਦੇ ਸਾਫ਼ ਰਿਆਓਂ।
ਸਾਬਰ ਸ਼ਾਕਰ ਕਾਮਲ ਹੁੰਦੇ, ਡਰਦੇ ਖ਼ੌਫ਼ ਰਜ਼ਾਓਂ।੧੮।

ਸਿਰ ਦੇਂਦੇ ਦੁਖ ਸਹਿੰਦੇ ਆਜਿਜ਼, ਪਰ ਉਹ ਸਿਰਰ ਨ ਦੇਂਦੇ।
ਸੂਲੀ ਪਕੜ ਚੜ੍ਹਾਏ ਲੋਕਾਂ, ਮੌਤ ਕਬੂਲ ਕਰੇਂਦੇ।੧੯।

ਕੰਚਨੀਆਂ ਦੇ ਸਹਿਣ ਟਹੋਲੇ, ਭੇਤ ਲੁਕਾਉਣ ਕਾਰਣ।
ਤਰਕ ਲਿਬਾਸ ਖ਼ੁਸ਼ੀ ਦੇ ਕਰਦੇ, ਨਫਸ ਕੁੱਤੇ ਨੂੰ ਮਾਰਨ।੨੦।

ਇਕ ਹੁਣ ਅਸੀਂ ਫ਼ਕੀਰ ਕਹਾਈਏ, ਸਬਰ ਹਿਦਾਇਤ ਵਾਲੇ।
ਹੋਸਣ ਰੱਬ ਹਜ਼ੂਰ ਅਸਾਡੇ, ਖੂਬ ਭਯਾ ! ਮੂੰਹ ਕਾਲੇ।੨੧।

ਕਿਆ ਨਾਚੀਜ਼ ਜ਼ਨਾਂ ਦੀ ਉਲਫ਼ਤ, ਨਾਕਸ ਯਾਰ ਜ਼ਨਾਂ ਦੇ।
ਓਹ ਭੀ ਓਸੁ ਸਮੇਂ ਦੇ ਅੰਦਰ, ਸਾਬਤ ਸਿਦਕ ਉਨ੍ਹਾਂ ਦੇ।੨੨।

ਇਕਸੇ ਵਾਰ ਅਫ਼ੀਮ ਜਨੂੰਨੀ, ਖਾਧੀ ਸ਼ੋਖ ਨਜ਼ਰ ਦੀ।
ਮਸਤ ਹੋਏ ਫਿਰ ਖ਼ਬਰ ਨ ਰਹੀਆ, ਮਜ਼ਹਬ ਦੀਨ ਕੁਫ਼ਰ ਦੀ।੨੩।

ਜਾਨ ਜਹਾਨੁ ਈਮਾਨੁ ਭੁਲਾਯਾ, ਹੋਸ਼ ਨਾ ਰਹੀਆ ਕੋਈ।
ਜਿਤ ਵਲਿ ਜਾਣ ਸੋਈ ਦੁਰਕਾਰੇ, ਕਿਤ ਵਲਿ ਮਿਲੇ ਨ ਢੋਈ।੨੪।

ਜੋ ਦਮ ਰਹੇ ਹਯਾਤ ਸੋਈ ਦਮ, ਰਹੇ ਜਿਗਰ ਨੂੰ ਖਾਂਦੇ।
ਓਹੋ ਦਰਦ ਵੜੇ ਲੈ ਕਬਰੀਂ, ਸਾਬਤ ਸਿਦਕ ਉਨ੍ਹਾਂ ਦੇ।੨੫।

ਜਬ ਲਗ ਸੂਰਜ ਚੰਦ ਟਿਕਾਣੇ, ਧਰਤਿ ਅਕਾਸ਼ ਖੜੋਸੀ।
ਤਬਿ ਲਗ ਸੋਜ਼ ਉਨ੍ਹਾਂ ਦੇ ਦਿਲ ਦਾ, ਫੁਟ ਫੁਟ ਜ਼ਾਹਿਰ ਹੋਸੀ।੨੬।

ਹੁਣ ਦੇ ਯਾਰ ਲਗਾਉਣ ਯਾਰੀ, ਖਰੀ ਨਿਹਾਯਤ ਗੂੜ੍ਹੀ।
ਸਾਰੀ ਰਾਤ ਰਹੇ ਦਮ ਓਸੇ, ਬਣੇ ਦੁਪਹਿਰੀਂ ਕੂੜੀ।੨੭।

ਸੋ ਭੀ ਕੋਈ ਯਕੀਨਾਂ ਵਾਲੇ, ਸਾਬਤਿ ਰਾਤ ਲੰਘਾਉਣ।
ਹੋਰ ਹਮਾਤੜ ਚਾਰ ਪਹਿਰ ਵਿਚ, ਸੌ ਸੌ ਯਾਰ ਬਣਾਉਣ।੨੮।

ਪਿਛਲੇ ਸਾਹਿਬ ਤਖ਼ਤ ਸੁਣੀਂਦੇ, ਜ਼ੋਰ ਹਕੂਮਤਿ ਵਾਲੇ।
ਮੱਲ੍ਹਮ ਦਰਦਵੰਦਾਂ ਦੀ ਹੁੰਦੇ, ਖ਼ੌਫ਼ ਅਦਾਲਤਿ ਵਾਲੇ।੨੯।

ਪੁਤ ਭਧੀਜਾ ਖ਼ਾਸ ਉਨ੍ਹਾਂ ਦਾ, ਜੇ ਕਿਸੇ ਸੰਤਾਵੇ।
ਜ਼ੋਰੇ ਨਾਲ ਗਰੀਬ ਕਿਸੇ ਦਾ, ਚੁਗਦਾ ਮੁਰਗ਼ ਹਟਾਵੇ।੩੦।

ਇਤਨਾ ਜ਼ੁਲਮ ਨ ਹੋਣੇ ਦੇਂਦੇ, ਸ਼ਹਿਰੋਂ ਬਦਰ ਕਰੇਂਦੇ।
ਇਕ ਪਲ ਮੌਤ ਵਿਸਾਰਨ ਨਾਹੀਂ, ਰੱਬ ਦੇ ਖ਼ੌਫ਼ ਡਰੇਂਦੇ।੩੧।

ਜਿਸ ਵਿਚ ਨੀਂਦ ਨ ਸ਼ਹਵਤਿ ਆਵੇ, ਖ਼ੁਰਸ ਅਜੇਹੀ ਖਾਂਦੇ।
ਜ਼ਾਹਿਰ ਤਖ਼ਤ ਹਕੂਮਤ ਵਾਲੇ, ਦਿਲ ਵਿਚ ਫ਼ਕਰ ਕਮਾਂਦੇ।੩੨।

ਦਿਨੇ ਵਜ਼ੀਰ ਅੰਬੀਰਾਂ ਵਾਲੇ, ਬਖਸ਼ਣ ਮੁਲਖ ਜਗੀਰਾਂ।
ਰਾਤੀਂ ਸੈਲ ਸ਼ਹਿਰ ਦਾ ਕਰਦੇ, ਵਾਂਗ ਯਤੀਮ ਫ਼ਕੀਰਾਂ।੩੩।

ਦਰ ਦਰ ਗਲੀ ਸ਼ਹਿਰ ਦੀ ਫਿਰਦੇ, ਵੇਖਣ ਹਾਲ ਗ਼ਰੀਬਾਂ।
ਦੁਖੀਆ ਨਜ਼ਰ ਪਵੇ ਤਿਸ ਦਾਰੂ, ਕਰਦੇ ਵਾਂਗੁ ਤਬੀਬਾਂ।੩੪।

ਦੋ ਦਿਨ ਬੀਜ ਗਏ ਭਲਿਆਈ, ਦੁਨੀਆਂ ਰਹੀ ਨ ਦਾਇਮੁ।
ਨੇਕੀ ਨਾਮ ਹਜ਼ਾਰਾਂ ਸਦੀਆਂ, ਰਹੁਗੁ ਉਨ੍ਹਾਂ ਦਾ ਕਾਇਮੁ।੩੫।

ਦੁਨੀਆਂ ਵਿਚ ਮੁਤ੍ਹਾਜ ਨ ਹੋਏ, ਮੁਇਆਂ ਬਹਿਸ਼ਤ ਸਮਾਲੇ।
ਏਥੇ ਓਥੇ ਦੋਹੀਂ ਜਹਾਨੀਂ, ਭਾਗ ਨਸੀਬਾਂ ਵਾਲੇ।੩੬।

ਕਹੁ ਹੁਣ ਹਾਲ ਹਕੀਕਤਿ ਹਾਸ਼ਮ, ਹੁਣ ਦਿਆਂ ਬਾਦਸ਼ਾਹਾਂ ਦੀ।
ਜ਼ੁਲਮੋਂ ਕੂਕ ਗਈ ਅਸਮਾਨੀਂ, ਦੁਖੀਆ ਰੇਸ਼ ਦਿਲਾਂ ਦੀ।੩੭।

ਆਦਮੀਆਂ ਦੀ ਸੂਰਤਿ ਦਿਸਦੇ, ਰਾਕਸ਼ ਆਦਮਖੋਰੇ।
ਜ਼ਾਲਮ ਚੋਰ ਪਲੀਤ ਜ਼ਿਨਾਹੀ, ਖ਼ੌਫ਼ ਖ਼ੁਦਾਓਂ ਕੋਰੇ।੩੮।

ਬਸ ਹੁਣ ਹੋਰੁ ਨਹੀਂ ਮੈਂ ਕਹਿੰਦਾ, ਖ਼ੂਬ ਇਹੋ ਚੁਪ ਰਹਿਣਾ।
ਇਹ ਗੱਲ ਨਹੀਂ ਫ਼ਕੀਰਾਂ ਲਾਇਕ, ਬੁਰਾ ਕਿਸੇ ਨੂੰ ਕਹਿਣਾ।੩੯।

ਜੇਹਾ ਵਖਤ ਤੇਹਾ ਸਭ ਕੋਈ, ਦੋਸ਼ੁ ਨ ਕਿਸੈ ਧਰੀਏ।
ਜੋ ਦਮ ਖ਼ੌਫ਼ ਰਜ਼ਾਓਂ ਗੁਜ਼ਰੇ, ਸ਼ੁਕਰ ਹਜ਼ਾਰਾਂ ਕਰੀਏ।੪੦।

ਜੇਕਰ ਕਰੇਂ ਉਨ੍ਹਾਂ ਦੀਆਂ ਰੀਸਾਂ, ਹਾਸ਼ਮ ਬਣਂੇ ਦੀਵਾਨਾ।
ਸੁਖ਼ਨ ਉਨ੍ਹਾਂ ਦੇ ਲਾਲ ਜਵਾਹਰ, ਸਾਹਿਬ ਯੁਮਨ ਜ਼ਬਾਨਾਂ।੪੧।

ਜੇਹਾ ਹੋਸ਼ ਤੇਹਾ ਕੁਛ ਕਹਿਸਾਂ, ਸ਼ੌਕ ਦਿਲੇ ਵਿਚ ਧਰ ਕੇ।
ਸਾਹਿਬ ਦਰਦ ਸਨਾਸ਼ਾਂ ਵਾਲੇ, ਪੜ੍ਹਨ ਮੁਹੱਬਤਿ ਕਰਕੇ।੪੨।

ਸੋਹਣੀ ਮੇਹੀਂਵਾਲ, ਜ਼ੁਲੈਖਾਂ, ਮਿਰਜ਼ਾ, ਹੀਰ ਸਲੇਟੀ।
ਸੱਸੀ ਹੋਤ, ਜਲਾਲੀ, ਮਜਨੂੰ, ਮਲਕੀ ਇਸ਼ਕ ਜਟੇਟੀ।੪੩।

ਹਿੰਦ ਜ਼ੁਬਾਨ ਕਹੇ ਸ਼ੁਅਰਾਵਾਂ, ਸਭੇ ਇਸ਼ਕ ਇਨ੍ਹਾਂ ਦੇ।
ਸ਼ੀਰੀਂ ਤੇ ਫ਼ਰਹਾਦ ਨ ਆਖੇ, ਰਹੇ ਅਸਾਡੇ ਛਾਦੇ।੪੪।
ਅਥ ਕਥਾ ਸ਼ੀਰੀਂ ਫ਼ਰਹਾਦ ਕੀ-

ਇਸਤੰਬੋਲ ਸ਼ਹਿਰ ਸਿਰ ਸ਼ਹਿਰਾਂ, ਸੁਣਿਆਂ ਤਰਫ ਗ਼ਰਬ ਦੀ।
ਸ਼ਾਮ ਵਿਲਾਇਤ ਤਖ਼ਤ ਨਿਆਰਾ, ਸਾਂਝੋ ਸਾਂਝ ਅਰਬ ਦੀ।੪੫।

ਨਾਮ ਅਜੀਜ਼ ਸ਼ਹਿਨਸ਼ਾਹ ਸ਼ਾਹਾਂ, ਸਾਹਿਬ ਤਖ਼ਤ ਸ਼ਹਿਰ ਦਾ।
ਤਖ਼ਤ ਬੁਲੰਦ ਸਖ਼ਾਉਤ ਆਦਲ, ਗ਼ਾਲਬ ਤੇਗ ਜ਼ਫਰ ਦਾ।੪੬।

ਜਿਤਨੇ ਹੋਰ ਜ਼ਿਮੀਂ ਪਰ ਆਹੇ, ਤਖ਼ਤ ਹਕੂਮਤਿ ਸੰਦੇ।
ਤਾਬਯਾਦਾਰੀ ਰੱਯਤ ਉਸ ਦੀ, ਨਫ਼ਰ ਕਹਾਉਣ ਬੰਦੇ।੪੭।

ਸੋਲਾਂ ਲਾਖ ਸਵਾਰ ਸਿਪਾਹੀ, ਇਕ ਦੂੰ ਇਕ ਵਧੇਰੇ।
ਰਹੇ ਹਮੇਸ਼ ਤਿਆਰ ਖੜੋਤਾ, ਇਸਤੰਬੋਲ ਚੁਫੇਰੇ।੪੮।

ਅਸਪਾਂ ਦੇ ਵਿਚ ਅਸਪੁ ਨ ਲਾਇਕ, ਆਹਾ ਡੇਢ ਹਜ਼ਾਰਾ।
ਚੁਣ ਚੁਣ ਚੀਨ ਮਚੀਨੋਂ ਆਂਦੇ, ਗ਼ਜ਼ਨੀ ਬਲਖ਼ ਬੁਖਾਰਾ।੪੯।

ਸੋਨੇ ਸੀਮ ਭਰੇ ਸਿਰ ਪੈਰੀਂ, ਅਸਪ ਜਿਮੇਂ ਤਸਵੀਰਾਂ।
ਸਾਰੋਂ ਸਾਖਤ ਨਾਲਿ ਸੁਨਹਿਰੀ, ਹੀਰੇ ਜੜਤ ਜੰਜ਼ੀਰਾਂ।੫੦।

ਜਦ ਉਹ ਚਾਲ ਪਵਣ ਮਿਲ ਲਸ਼ਕਰ, ਚੁਕ ਚੁਕ ਪੈਰ ਨਿਆਰੇ।
ਬਣੇ ਜ਼ਮੀਨ ਮਿਸਾਲ ਫ਼ਲਕ ਦੀ, ਚਮਕਣ ਲਾਖ ਸਤਾਰੇ।੫੧।

ਚਾਕਰ ਮਰਦ ਸਿਪਾਹੀ ਆਹੇ, ਜ਼ੰਗੀ ਤੂਰ ਈਰਾਨੀ।
ਹਿੰਦ ਹਿਰਾਤੀ ਸਿੰਧੀ ਹੋਰੁ, ਦੁਰਾਨੀ ਤਬਰੁਸਤਾਨੀ।੫੨।

ਜੇ ਸੌ ਕਰਾਂ ਤਰੀਫ ਨ ਹੋਵੇ, ਕੋ ਕਿਛੁ ਸ਼ਾਨ ਉਨ੍ਹਾਂ ਦਾ।
ਇਸਤੰਬੋਲ ਸ਼ਹਿਰ ਦਾ ਵਾਲੀ, ਸਾਹਿਬ ਬਾਦਸ਼ਾਹਾਂ ਦਾ।੫੩।

ਇਹ ਗੱਲ ਆਮ ਖ਼ੁਦਾਈ ਜਾਣੇ, ਇਸਫਾ ਨਿਸਫ ਜਹਾਨੀਂ।
ਉਸ ਦੀ ਹਾਲ ਹਕੀਕਤਿ ਜ਼ਾਹਰ, ਮੈਂ ਕੀ ਕਹਾਂ ਜ਼ੁਬਾਨੀ।੫੪।

ਸਭ ਥੋਂ ਕਹਿਣ ਬਹਿਸ਼ਤ ਨਿਹਾਯਤ, ਜ਼ੀਨਤ ਜ਼ੇਬ ਅਸਰ ਨੂੰ।
ਉਹ ਭੀ ਵੇਖ ਹੋਵਣ ਸ਼ਰਮਿੰਦੇ, ਇਸਤੰਬੋਲ ਸ਼ਹਿਰ ਨੂੰ।੫੫।

ਆਦਲ ਸ਼ਾਹ ਅਜ਼ੀਜ਼ ਅਜੇਹਾ, ਗ਼ਮੀ ਨ ਦਿਲ ਪੁਰ ਕਿਸੇ।
ਚੋਟਾ ਚੁਗਲ ਬਖ਼ੀਲ ਜ਼ਿਨਾਹੀ, ਸੁਫ਼ਨੇ ਕਿਸੇ ਨ ਦਿਸੇ।੫੬।

ਆਦਲ ਸ਼ਾਹ ਦਲੀਲਾਂ ਕਰਿ ਕਰਿ, ਲਾਖ ਰਹਿਆ ਕਰ ਹੀਲੇ।
ਸੇ ਇਕ ਚੋਰ ਦਿਲਾਂ ਦੀ ਚੋਰੀ, ਕਰਦੇ ਨੈਣ ਰਸੀਲੇ।੫੭।

ਜ਼ਾਲਮੁ ਹੋਰ ਨ ਆਹਾ ਕੋਈ, ਗਿਰਦੇ ਓਸ ਸ਼ਹਿਰ ਦੇ।
ਦੀਪਕ ਨਾਲ ਪਤੰਗਾਂ ਜ਼ਾਲਮ, ਜ਼ੁਲਮ ਹਮੇਸ਼ਾ ਕਰਦੇ।੫੮।

ਦਰਦਵੰਦਾਂ ਦੇ ਨੈਣ ਸ਼ਹਿਰ ਵਿਚ, ਆਹੇ ਚੁਗਲ ਵਸੇਂਦੇ।
ਲੁਕਿਆ ਦਰਦ ਦਿਲਾਂ ਦਾ ਰੋ ਰੋ, ਜ਼ਾਹਿਰ ਚਾਇ ਕਰੇਂਦੇ।੫੯।

ਅੱਖੀਂ ਲੋਕ ਸ਼ਰਾਬ ਨ ਵੇਖਣ, ਮਿਲੇ ਤੰਬੀਹ ਅਜ਼ਾਬੋਂ।
ਸੇ ਇਕ ਚਾਲ ਦਿਵਾਨੀ ਚਲਦੇ, ਹਾਥੀ ਮਸਤ ਸ਼ਰਾਬੋਂ।੬੦।

ਐਸਾ ਅਮਨੁ ਅਦਾਲਤਿ ਉਸ ਦੀ , ਕੀ ਕਛੁ ਆਖ ਸੁਣਾਈ।
ਹਿੰਦੂ ਤੁਰਕ ਨਜੀਬ ਕਮੀਨਾ, ਹਰ ਇਕ ਦੇਸੁ ਦੁਆਈ।੬੧।

ਬੇਟੇ ਬੇਟੀ ਖੇਸ਼ ਕਬੀਲਾ, ਦੌਲਤ ਕਮੀ ਨ ਕਾਈ।
ਨੀਅਤ ਸਾਫ਼ ਪਿਛੇ ਰੱਬ ਉਸ ਦੀ, ਸਭ ਕਿਛੁ ਆਸ ਪੁਜਾਈ।੬੨।

ਬੇਟੀ ਇਕ ਅਜੀਜ਼ ਅਜੀਜ਼ੇ, ਆਹੀ ਬਹੁਤ ਨਿਹਾਯਤ।
ਸਭ ਕੁਰਬਾਨ ਕਰੇਂਦਾ ਉਸ ਦੇ, ਸਿਰ ਤੋਂ ਸ਼ਹਿਰ ਵਿਲਾਯਤ।੬੩।

ਸ਼ੀਰੀਂ ਨਾਮ ਫਰਿਸ਼ਤੇ ਕੋਲੋਂ, ਸਾਫ਼ ਤਬੀਅਤ ਨੂਰੋਂ।
ਪਰੀਆਂ ਵੇਖ ਲਜਾਉਣ ਉਸ ਨੂੰ, ਹੁਸਨ ਜ਼ਿਆਦਾ ਹੂਰੋਂ।੬੪।

ਇਕ ਉਹੁ ਚੰਦ ਸਮਾਂ ਪੁਰ ਨੂਰੀ, ਸਾਹਿਬ ਰੱਬ ਟਿਕਾਯਾ।
ਦੂਜਾ ਸ਼ਾਮ ਸ਼ਹਿਰ ਵਿਚ ਸ਼ੀਰੀਂ, ਖ਼ਾਕੀ ਚੰਦ ਬਣਾਇਆ।੬੫।

ਉਸ ਨੂੰ ਵੇਖ ਫਰਿਸ਼ਤੇ ਜੀਵਣ, ਆਸ਼ਕ ਹੋਣ ਸਤਾਰੇ।
ਪੰਛੀ ਵੇਖ ਡਿਗਣ ਅਸਮਾਨੋਂ, ਆਦਮ ਕੌਣ ਵਿਚਾਰੇ।੬੬।

ਘਾਇਲ ਹੋਣ ਲਿਬਾਸਾਂ ਵਾਲੇ, ਉਸ ਦੇ ਨਕਸ਼ ਨਿਗਾਰੋਂ।
ਖ਼ੂਨੀ ਤੇਗ਼ ਸਿਹਰ ਦੀ ਸੂਰਤਿ, ਸਾਦੀ ਹਾਰ ਸ਼ਿੰਗਾਰੋਂ।੬੭।

ਜਿਤ ਵਲ ਧਯਾਨ ਕਰੇਂਦੀ ਆਕਲ,ਵਹਿਸ਼ੀ ਹੋਣ ਦੀਵਾਨੇ।
ਸ਼ੀਰੀਂ ਸੁਖ਼ਨ ਕਰੇ ਜਦ ਸ਼ੀਰੀਂ, ਲਗਦੇ ਤੀਰ ਨਿਸ਼ਾਨੇ।੬੮।

ਸਦਕੇ ਲਾਲ ਲਬਾਂ ਪਰ ਹੋਵਣ, ਜਾਂ ਕਰਿ ਲਾਡ ਹਸੇਂਦੀ।
ਦਰਦਵੰਦਾਂ ਦੇ ਦਿਲ ਦੀਆਂ ਚੁਲੀਆਂ, ਭਰ ਭਰ ਰੱਤ ਪੀਵੇਂਦੀ।੬੯।

ਨਾਜ਼ਕ ਪੈਰ ਭਰੇ ਨਗ ਹੀਰੀਂ, ਨਾਜ਼ ਨਿਆਜ਼ਾਂ ਵਾਲੇ।
ਜੇ ਉਹੁ ਪੈਰ ਜ਼ਿਮੀਂ ਪੁਰ ਧਰਦੀ, ਪੁਰ ਪੁਰ ਪੈਂਦੇ ਛਾਲੇ।੭੦।

ਮਿਲ ਮਿਲ ਕਰਨ ਤਰੀਫ਼ ਹੁਸਨ ਦੀ, ਮਿਰਗ ਮੁਰਗ ਵਿਚ ਝੱਲਾਂ।
ਸ਼ੀਰੀਂ ਹੁਸਨ ਜਗਤ ਵਿਚ ਰੌਸ਼ਨ, ਦੇਸ ਬਿਦੇਸੀਂ ਗੱਲਾਂ।੭੧।

ਕਹੁ ਫ਼ਰਹਾਦ ਵਲੋਂ ਗੱਲ ਕੀਕੁਰ, ਬਣਿਆ ਇਸ਼ਕ ਮੁਜੇਰਾ।
ਹੁਣ ਉਹ ਵੇਖ, ਗਲੀ ਇਸ ਹਾਸ਼ਮ, ਫੇਰ ਕਰੇਸਾਂ ਫੇਰਾ।੭੨।
ਹਕੀਕਤ ਫ਼ਰਹਾਦ ਕੀ-

ਵਸਦਾ ਇਕ ਤਰਖਾਣ ਵਿਚਾਰਾ, ਓਸੇ ਸ਼ਾਮ ਸ਼ਹਿਰ ਵਿਚ।
ਉਸਤਾਕਾਰ ਇਮਾਰਤ ਕਰਦਾ, ਬਾਦਸ਼ਾਹਾਂ ਦੇ ਘਰ ਵਿਚ।੭੩।

ਬੇਟਾ ਉਸ ਦਾ ਅਕਲ ਹੁਨਰ ਵਿਚ, ਉਸ ਥੀਂ ਵਡਾ ਅਲਾਮਾ।
ਅਫਲਾਤੂੰਨ ਜੇਹੇ ਵਿਚ ਹਿਕਮਤਿ, ਹੋਣ ਗ਼ੁਲਾਮ ਗ਼ੁਲਾਮਾਂ।੭੪।

ਕਹਿੰਦੇ ਲੋਕ ਫ਼ਰਿਸ਼ਤਾ ਉਸ ਨੂੰ, ਆਕਲ ਓਸ ਸਮੇਂ ਦੇ।
ਉਸ ਦਾ ਨਾਮ ਸ਼ਹਿਰ ਵਿਚ ਘਰ ਵਿਚ, ਸੇ ਫ਼ਰਹਾਦ ਸਦੇਂਦੇ।੭੫।

ਸਾਹਿਬ ਹੁਸਨ ਅਵਾਇਲ ਉਮਰੇ, ਨਾਜ਼ਕ ਸੁਖ਼ਨ ਰਸੀਲੇ।
ਜੀਕੁਰ ਸਰੂ ਚਮਨ ਵਿਚ ਹੋਵੇ, ਤਿਉਂ ਵਿਚ ਖੇਸ਼ ਕਬੀਲੇ।੭੬।

ਸਾਹਿਬ ਦਰਦ ਤਬੀਅਤ ਜੌਲਾਂ, ਹਰਫ਼ ਸਿੰਞਾਣਨ ਵਾਲਾ।
ਚਮਕ ਮਰੋੜ ਮਹਿਬੂਬਾਂ ਵਾਲੀ, ਖ਼ੂਬ ਪਛਾਣਨ ਵਾਲਾ।੭੭।

ਆਹਾ ਮਰਦ ਗ਼ਰੀਬ ਵਿਚਾਰਾ, ਵਸਦਾ ਵਿਚ ਸ਼ਹਿਰ ਦੇ।
ਖ਼ਾਤਰ ਵਿਚ ਅੰਬੀਰ ਨਾ ਰਖਦਾ, ਆਪਣੇ ਜ਼ੋਰ ਹੁਨਰ ਦੇ।੭੮।

ਲਸ਼ਕਰ ਫ਼ੌਜ ਵਲੋਂ ਮਗ਼ਰੂਰੀ, ਦਿਲ ਵਿਚ ਤਾਜਵਰਾਂ ਦੇ।
ਸਾਹਿਬ ਹੁਨਰ ਜ਼ਿਆਦਾ ਰਖਦੇ, ਗਾਹਕ ਲਾਖ ਜਿਨ੍ਹਾਂ ਦੇ।੭੯।

ਹਰਦਮ ਨਾਲ ਅੰਦੇਸ਼ੇ ਰਹਿੰਦੇ, ਜ਼ੋਰ ਹਕੂਮਤਿ ਵਾਲੇ।
ਆਜਿਜ਼ ਬੇਪਰਵਾਹ ਹਮੇਸ਼ਾ, ਸਬਰ ਕਿਨਾਇਤ ਵਾਲੇ।੮੦।

ਸਾਹਿਬ ਜ਼ੋਰ ਵਿਲਾਇਤ ਖਾਵਣ, ਮਾਰਿ ਕਿਸੇ ਯਾ ਮਰਿ ਕੇ।
ਆਜਿਜ਼ ਐਸ਼ ਕਰਨ ਵਿਚ ਘਰ ਦੇ, ਜ਼ੁਹਦ ਮਜੂਰੀ ਕਰਕੇ।੮੧।

ਦੋ ਦਮ ਮਾਣ ਜੁਦਾਈ ਝੂਠੀ, ਵਿਚ ਅੰਬੀਰ ਫ਼ਕੀਰਾਂ।
ਓੜਕ ਹੋਣ ਸਭੀ ਇਕ ਜੇਹੇ, ਪੈ ਕੇ ਮੌਤ ਜੰਜ਼ੀਰਾਂ।੮੨।

ਨਾਲ ਪਿਊ ਫ਼ਰਹਾਦ ਹਮੇਸ਼ਾਂ, ਕਰਦਾ ਉਸਤਾਕਾਰੀ।
ਅੰਦਰ ਸ਼ੀਸ਼ ਮਹਿਲ ਜ਼ਨਾਨੇ, ਕਰਦੇ ਸੇ ਗੁਲਕਾਰੀ।੮੩।

ਦੌਲਤਿਵੰਦ ਹਕੂਮਤਿ ਵਾਲੇ, ਹਰਗਿਜ਼ ਪਹੁੰਚ ਨ ਹੋਵੇ।
ਸਾਹਿਬ ਹੋਸ਼ ਅਕਲ ਦੇ ਜ਼ੋਰੇ, ਜਿਸ ਥਾਂ ਜਾਇ ਖੜੋਵੇ।੮੪।

ਓਹੁ ਮਹੱਲ ਅਜੇਹਾ ਆਹਾ, ਸ਼ੀਰੀਂ ਨਾਮ ਪਰੀ ਦਾ।
ਜੇ ਕੋ ਨਜ਼ਰ ਕਰੇਂਦਾ ਉਸ ਵਲ, ਤੀਰੀਂ ਲੇਖੁ ਕਰੀਂਦਾ।੮੫।

ਪੰਖੀ ਪੰਖ ਨ ਫੜਕੇ ਉਤ ਵਲਿ, ਜਾਨ ਦਿਲੋਂ ਸਭ ਡਰਦੇ।
ਤਿਸ ਦੇ ਵਿਚ ਪਿਊ ਪੁਤ ਦੋਵੇਂ, ਕਾਰ ਹਮੇਸ਼ਾਂ ਕਰਦੇ।੮੬।

ਹੋਵਣਹਾਰੁ ਇਹੋ ਕੁਛ ਆਹੀ, ਰੱਬ ਸੱਚੇ ਦੀ ਕਰਨੀ।
ਲਿਖਿਆ ਕੌਣ ਮਿਟਾਵੇ ਹਾਸ਼ਮ, ਗਯਾਨ ਕਥਾ ਜਗ ਤੁਰਨੀ।੮੭।

ਇਕ ਦਿਨ ਨਜ਼ਰ ਪਈ ਫ਼ਰਹਾਦੇ, ਮਹਿਲ ਸਰਾਂ ਵਿਚ ਫਿਰਦੀ।
ਸ਼ੀਰੀਂ ਮਿਸਲ ਪਰੀ ਸ਼ਹਿਜ਼ਾਦੀ, ਇਸਤੰਬੋਲ ਸ਼ਹਿਰ ਦੀ।੮੮।

ਲੱਗਾ ਤੀਰ ਝਰੋਖੇ ਵਿਚਿ ਵਿਚਿ, ਚਾਨਕ ਵਿਚ ਜਿਗਰ ਦੇ।
ਉਡੀ ਅਕਲ ਦਿਮਾਗੋਂ ਵਿਸਰੇ, ਰਸਤੇ ਅਕਲ ਫ਼ਿਕਰ ਦੇ।੮੯।

ਪਰੀਆਂ ਵੇਖ ਲਜਾਉਨੁ ਸੂਰਤ, ਸ਼ੀਰੀਂ ਜਿਸਮ ਬਣਾਯਾ।
ਕਹੁ ਕੀ ਅਕਲ ਰਹੇ ਉਸ ਜਿਸੁ ਪੁਰ, ਪਵੈ ਪਰੀ ਦਾ ਸਾਯਾ।੯੦।

ਲੜਿਆ ਨਾਗ ਬਿਰਹੁੰ ਦਾ ਦਿਲ ਨੂੰ, ਜ਼ਾਲਮ ਜ਼ਹਿਰ ਅਲੂਦਾ।
ਔਖਧਿ ਵੈਦੁ ਨ ਜਿਸ ਦਾ ਕੋਈ, ਮੰਤਰ ਪਵੇ ਬਿਹੂਦਾ।੯੧।

ਛੁਟਾ ਤੀਰ ਸਿਹਰ ਦਾ ਮਹਿਲੋਂ, ਸਿਹਰੀ ਹੁਸਨ ਚਲਾਯਾ।
ਬੇਤਕਸੀਰ ਮਜੂਰਾਂ ਆਜਿਜ਼ ਨਾਹੱਕ ਮਾਰ ਗਵਾਯਾ।੯੨।

ਪਰ ਸਰਕਾਰ ਮਹਬੂਬਾਂ ਵਾਲੀ, ਏਸ ਬਬਰਚੀਖ਼ਾਨੇ।
ਸੋਈ ਪਕੜਿ ਕੁਹਾਯਨ ਖਾਯਨ, ਤਾਜ਼ੇ ਹੋਣ ਤਵਾਨੇ।੯੩।

ਲਿਖਣਾ ਭੁਲ ਗਯਾ ਫ਼ਰਹਾਦੋਂ, ਉਟਕੀ ਨਜ਼ਰ ਦਿਵਾਰੋਂ।
ਚਮਕੀ ਤਾਂਘ ਝਰੋਖੇ ਵਲ ਦੀ, ਮੁੜ ਕੇ ਨਕਸ਼ ਨਿਗਾਰੋਂ।੯੪।

ਅਚਰਜ ਸਾਕ ਇਸ਼ਕ ਦਾ ਬਣਿਆ, ਖੁਸ਼ ਹੋ ਜਾਨ ਗਵਾਵੇ।
ਢੂੰਢਣ ਮਿਰਗ਼ ਸ਼ਿਕਾਰੀ ਤਾਈਂ, ਫੇਰ ਕਿਤੇ ਮੁੜਿ ਆਵੇ।੯੫।

ਡਰਦਾ ਖ਼ੌਫ਼ ਪਿਊ ਦੇ ਮੁੜਿ ਮੁੜਿ, ਪਕੜੇ ਕਲਮ ਲਚਾਰੀ।
ਡੋਲਣ ਦਸਤ ਨ ਚਾਹੁਣ ਚਸ਼ਮਾਂ, ਕੌਣ ਕਰੇ ਗੁਲਕਾਰੀ।੯੬।

ਹਠ ਦੇ ਪਾਇ ਜੰਜ਼ੀਰ ਜਿਗਰ ਨੂੰ, ਦਸਤੀਂ ਕਾਰ ਕਰੇਂਦਾ।
ਚੋਰੀ ਨਜ਼ਰ ਝਰੋਖੇ ਦੀ ਵਲ, ਸ਼ੀਰੀਂ ਰਾਹੇ ਤਕੇਂਦਾ।੯੭।

ਸਾਧੂ ਮਕਰ ਫ਼ਰੇਬ ਨ ਜਾਣਨ, ਹੋਣ ਸਫ਼ਾਈ ਵਾਲੇ।
ਪਰ ਜਦ ਇਸ਼ਕ ਉਨ੍ਹਾਂ ਵਲ ਆਵੇ, ਸੌ ਸੌ ਮਕਰ ਸਿਖਾਲੇ।੯੮।

ਮੁੜਿ ਮੁੜਿ ਕਲਮ ਦਵਾਤੁ ਬਣਾਵੇ, ਕਰ ਕਰ ਲਾਖ ਬਹਾਨੇ।
ਚੋਰੀ ਚਸ਼ਮ ਚੁਰਾਵੇ ਪਿਉ ਥੀਂ, ਰੱਖਦਾ ਨਜ਼ਰ ਨਿਸ਼ਾਨੇ।੯੯।

ਦਿਨੇ ਹਮੇਸ਼ ਤਰੀਕਾ ਏਹੋ, ਮਿਹਨਤ ਉਮਰ ਗੁਜ਼ਾਰੀ।
ਰਾਤੀ ਨਾਲ ਰੱਬੇ ਦੇ ਝਗੜਾ, ਕਰਦਾ ਗਿਰੀਆ ਜ਼ਾਰੀ।੧੦੦।

ਰੱਬਾ ! ਬੂਦ ਕੀਤਾ ਨਬੂਦੋਂ, ਆਦਮ ਜਿਨਸ ਉਪਾਯੋ।
ਪਰ ਵਸ ਫੇਰ ਕੀਤੋਨੇ ਮਾਂ ਪਿਉ, ਖਿਜਮਤਗਾਰ ਬਣਾਯੋ।੧੦੧

ਸੂਰਤਿ ਸ਼ਕਲ ਬਣਾਈ ਖ਼ਾਕੋਂ, ਬਣਦਾ ਕਿਸੇ ਨ ਦਿੱਸੇ।
ਹਰ ਹਰ ਵਾਲ ਜੁੱਸੇ ਦੇ ਅੰਦਰ, ਹੋਰ ਹਜ਼ਾਰਾਂ ਜੁੱਸੇ।੧੦੨।

ਜੁਦਾ ਜੁਦਾ ਹਰ ਜੁੱਸੇ ਅੰਦਰ, ਖ਼ੂਬੀ ਸਿਫ਼ਤਿ ਬਣਾਈ।
ਖ਼ੂਬੀ ਬਾਝ ਨ ਲਾਇਕ ਜਾਗ੍ਹਾ, ਹਰਗਿਜ਼ ਰਹੀ ਨ ਕਾਈ।੧੦੩।

ਜੇ ਕਰ ਪੈਰ ਗ਼ਰੂਰਤਿ ਕੀਤੀ ਚਾਹੁਣ ਪੇਸ਼ ਨ ਜਾਵੇ।
ਜੋ ਕੁਛ ਕਾਰ ਹੱਥਾਂ ਦੀ ਹੋਵੇ, ਪੈਰੀਂ ਰਾਸ ਨ ਆਵੇ।੧੦੪।

ਫਿਰ ਤੁਧ ਅਕਲ ਹਯਾਉ ਮੁਹਬਤਿ ਏਸ ਜਿਸਮ ਵਿਚ ਪਾਯਾ।
ਸ਼ਹਿਵਤ ਹਿਰਸ ਗ਼ਰੂਰਤਿ ਕੀਨਾ, ਕਰਿ ਕੈ ਸ਼ਹਿਰ ਵਸਾਯਾ।੧੦੫।

ਪਾਣੀ ਸਰਦ ਹਵਾਉ ਰਸੀਲੀ, ਇਸ਼ਰਤ ਐਸ਼ ਜਵਾਨੀ।
ਇਤਨੇ ਸਾਜ਼ ਜਹਾਨੀ ਕਰਿ ਕੈ, ਫੇਰ ਦਿਤੀ ਜ਼ਿੰਦਗਾਨੀ।੧੦੬।

ਇਤਨੇ ਥੋਕ ਦਿਤੇ ਰੱਬ ਸਾਈਆਂ ! ਮੰਗੇ ਬਾਝੁ ਗ਼ਰੀਬਾਂ।
ਮੱਲ੍ਹਮ ਏਸ ਜ਼ਖਮ ਦੀ ਹੁਣ ਮੈਂ, ਢੂੰਢਾਂ ਕਿਨ੍ਹਾਂ ਤਬੀਬਾਂ।੧੦੭।

ਤੂੰ ਹੈਂ ਸ਼ਾਹੁ ਸ਼ਾਹਾਂ ਦਾ ਦੁਖੀਆ, ਦਾਦ ਇਤੇ ਦਰ ਪਾਵੇ।
ਤੂੰ ਹੈਂ ਚਾਇ ਭੁਲਾਵੇਂ ਜਿਸ ਨੂੰ, ਕੈਂ ਦਰ ਕੂਕ ਸੁਣਾਵੇ।੧੦੮।

ਕੀਟ ਪਤੰਗ ਦਿਵਾਨੇ ਹਾਸ਼ਮ, ਆਵਾਵਰਦ ਨਿਮਾਣੇ।
ਰੱਬ ਤਿਨ੍ਹਾਂ ਦੀ ਪਰਵ੍ਰਸ਼ ਕਰਦਾ, ਹਾਲ ਦਿਲਾਂ ਦਾ ਜਾਣੇ।੧੦੯।

ਭੀ ਫ਼ਰਹਾਦ ਰੱਬੇ ਦੀ ਤਰਫ਼ੋਂ, ਕਰਿ ਕੇ ਅਰਜ਼ ਨਿਮਾਣੀ।
ਝਗੜਾ ਨਾਲ ਨਸੀਬਾਂ ਕਰਦਾ, ਛਿੜਦੀ ਹੋਰੁ ਕਹਾਣੀ।੧੧੦।

ਹੁਣ ਮੈਂ ਆਣਿ ਬਣੀ ਸਿਰ ਜਾਲੁਗੁ, ਸਦਾ ਹਯਾਤੀ ਨਾਹੀਂ।
ਬਖ਼ਤੋਂ ਸਖ਼ਤ ਤੁਸਾਡੇ ਜੇਹੇ, ਮਿਲਣ ਨ ਦੁਸ਼ਮਣ ਤਾਈਂ।੧੧੧।

ਜਿਸ ਨੂੰ ਹੋਸ਼ ਦਿਤੀ ਰੱਬ ਸਾਹਿਬੁ, ਬਣੇ ਮਰਾਤਬ ਭਾਰੀ।
ਜੀਵਣ ਜ਼ਹਿਰ ਹੋਯਾ ਫ਼ਰਹਾਦੇ, ਨਾਲ ਤੁਸਾਡੇ ਯਾਰੀ।੧੧੨।

ਏਸੇ ਹਾਲ ਤਪੇਂਦੇ ਸਿਕਦੇ, ਨਿਬੜੇ ਰਾਤ ਹਿਜਰ ਦੀ।
ਬੋਲਣ ਕਾਗ ਕਹਿਣ ਦਿਨ ਚੜ੍ਹਿਆ, ਚਮਕੇ ਸ਼ਕਲ ਫ਼ਜ਼ਰ ਦੀ।੧੧੩।

ਸੁਣ ਕੇ ਕਾਗ ਬੁਲੇਂਦੇ ਕਹਿੰਦਾ, ਰੋ ਰੋ ਤਰਫ਼ ਉਨ੍ਹਾਂ ਦੀ-
'ਤੁਸੀਂ ਤਬੀਬ ਤੁਸਾਡੀ ਬੋਲੀ, ਮਹਿਰਮ ਰੇਸ਼ ਦਿਲਾਂ ਦੀ'।੧੧੪।

ਭੀ ਫ਼ਰਹਾਦ ਸਮਾਲੇ ਅਪਣੀ, ਕਲਮ ਦਵਾਤ ਕਦੀਮੀ।
ਉਠਦੋ ਮਹਿਲ ਸਰਾਂ ਵਲਿ ਦੌੜੇ, ਢੂੰਢੇ ਅਮਲ ਅਫ਼ੀਮੀ।੧੧੫।

ਓਹੋ ਹਾਲ ਹਮੇਸ਼ਾਂ ਵਾਲਾ, ਨਜ਼ਰ ਝਰੋਖ਼ੇ ਤਾਈਂ।
ਬਿਜੁਲੀ ਵਾਂਗ ਬੱਦਲ ਵਿਚ ਦਿਸਦੀ, ਸ਼ੀਰੀਂ ਕਦੇ ਕਦਾਈਂ।੧੧੬।

ਜਿਸ ਦਿਨ ਨਜ਼ਰ ਪਵੇ ਫ਼ਰਹਾਦੇ, ਸ਼ੀਰੀਂ ਸ਼ੁਕਰ ਕਰੇਂਦਾ।
ਭਾਂਬੜ ਸ਼ੌਕ ਤਿਵੇਂ ਤਿਉਂ ਭੜਕੇ, ਵਸਲੋਂ ਤੇਲ ਪਵੇਂਦਾ।੧੧੭।

ਸਾਇਤ ਨਜ਼ਰ ਪਵੇ ਨਹੀਂ ਜਿਸ ਦਿਨ, ਬਲਦੀ ਚਿਖਾ ਸਵਾਈ।
ਭੁਜਦੀ ਜਾਨ ਕਬਾਬਾਂ ਵਾਂਗੂੰ, ਆਤਸ਼ ਤੇਜ਼ ਜੁਦਾਈ।੧੧੮।

ਏਹੋ ਚਾਲ ਹਮੇਸ਼ ਇਸ਼ਕ ਦੀ, ਕਿਵੇਂ ਅਰਾਮੁ ਨ ਆਵੇ।
ਮਿਲਿਆਂ ਚੋਟ ਸਵਾਈ ਲਗਦੀ, ਵਿਛੁੜੇ ਪ੍ਰੇਮ ਸੰਤਾਵੇ।੧੧੯।

ਖਾਵਣ ਪੀਣ ਗਯਾ ਫ਼ਰਹਾਦੋਂ, ਨੀਂਦ ਅਰਾਮ ਨ ਆਵੇ।
ਬਿਰਹੋਂ ਸ਼ੇਰ ਪਯਾ ਵਿਚ ਦਿਲ ਦੇ, ਖ਼ੂੰਨ ਹਮੇਸ਼ਾਂ ਖਾਵੇ।੧੨੦।

ਜਬ ਲਗ ਇਸ਼ਕ ਇਆਣਾ ਆਹਾ, ਰਹੀਆ ਹੋਸ਼ ਟਿਕਾਣੇ।
ਪਰ ਜਦ ਜ਼ੋਰ ਇਸ਼ਕ ਨੇ ਫੜਿਆ, ਕੌਣ ਅਕਲ ਨੂੰ ਜਾਣੇ।੧੨੧।

ਲੋਹੂ ਖੁਸ਼ਕ ਹੋਯਾ ਗ਼ਮ ਚਰਿਆ, ਚਰਬੀ ਮਾਸ ਸੁਕਾਯਾ।
ਜ਼ਾਹਿਰ ਹੋਣ ਉਤੇ ਹੁਣ ਆਯਾ, ਲੁਕਿਆ ਭੇਤ ਲੁਕਾਯਾ।੧੨੨।

ਜੇ ਫੜਿ ਕਲਮ ਲਿਖਣ ਵਲਿ ਆਵੇ, ਨੀਰ ਅੱਖੀਂ ਛੁਟਿ ਜਾਵੇ।
ਬੂਟਾ ਵੇਲ ਨ ਆਉਸੁ ਕੋਈ, ਸ਼ੀਰੀਂ ਸ਼ਕਲ ਬਣਾਵੇ।੧੨੩।

ਸੀ ਫ਼ਰਹਾਦ ਲਿਖੇਂਦਾ ਸੂਰਤਿ, ਨਜ਼ਰ ਪਿਊ ਦੀ ਆਯਾ।
ਨਾ ਉਹ ਵੇਲ ਨਹੀਂ ਗੁਲ ਬੂਟਾ, ਨਵਾਂ ਤਰੀਕ ਉਠਾਯਾ।੧੨੪।

ਪੀਨਕੁ ਵਿਚ ਅਫ਼ੀਮੀ ਧਸਿਆ, ਹੋਸ਼ ਨਹੀਂ ਤਨ ਮਨ ਦੀ।
ਬੇਖ਼ੁਦ ਕਾਰ ਕਰੇਂਦਾ ਲਿਖਦਾ, ਸੂਰਤਿ ਯਾਰ ਸੱਜਣ ਦੀ।੧੨੫।

ਗ਼ਮ ਦੇ ਨਾਲ ਗਯਾ ਵਿਚ ਗੋਤੇ, ਤੀਰ ਲਗਾ ਵਿਚ ਛਾਤੀ।੧੨੬।

ਜਾਂ ਪਲੁ ਬੀਤ ਗਯਾ ਮੁੜ ਆਈ, ਪਿਊ ਨੂੰ ਹੋਸ਼ ਜਹਾਨੀਂ।
ਲਗਾ ਬਾਪ ਨਸੀਹਤ ਕਰਨੇ, 'ਸੁਣ ਮੇਰੀ ਜ਼ਿੰਦਗਾਨੀ !੧੨੭।

ਕਿਤਨੇ ਰੋਜ਼ ਹੁਏ ਵਲ ਤੇਰੀ, ਮੈਂ ਨਿਤ ਨਜ਼ਰ ਕਰੇਂਦਾ।
ਨ ਉਹੁ ਹੋਸ਼ ਨ ਸੂਰਤਿ ਤੇਰੀ, ਘਟਦੇ ਰੋਜ਼ ਦਿਸੇਂਦਾ।੧੨੮।

ਇਸਤੰਬੋਲ ਸ਼ਹਿਰ ਵਿਚ ਨਹਿੰਸੀ, ਕਾਬਲ ਕਾਰ ਇਜੇਹਾ।
ਕੀ ਤਕਸੀਰ ਹੁਈ ਸਚੁ ਆਖੀਂ, ਰਹਯੋਂ ਨ ਕਿਸੇ ਜੇਹਾ।੧੨੯।

ਮੈਂ ਖ਼ੁਸ਼ਬਾਸ਼ ਫਿਰੇਂਦਾ ਆਹਾ, ਮਾਣ ਮੇਰੀ ਜਿੰਦ ਤੇਰੇ।
ਭੰਨੀ ਡਾਂਗ ਜ਼ਹੀਫ਼ੀ ਵੇਲੇ, ਬਖ਼ਤ ਬੁਰੇ ਦਿਨ ਮੇਰੇ।੧੩੦।

ਬੂਟਾ ਸੇਬ ਲਯਾ ਦਰਗਾਹੋਂ, ਜ਼ੁਹਦ ਦੁਆਈਂ ਕਰਕੇ।
ਮੁਦਤਿ ਟਹਿਲ ਕਰੇਂਦਿਆਂ ਗੁਜ਼ਰੀ, ਆਸ ਰੱਬੇ ਦੀ ਧਰਕੇ।੧੩੧।

ਜਾਂ ਗੁਲਜ਼ਾਰ ਹੋਯਾ ਫਲੁ ਭਰਿਆ, ਬਣਿਆ ਬਿਰਛੁ ਮੁਰਾਦੀ।
ਵੱਗੀ ਵਾਉ ਜ਼ਮਾਨੇ ਵਾਲੀ, ਕਿਸਮਤਿ ਵੇਖ ਅਸਾਡੀ।੧੩੨।

ਵੇਦਨ ਦੱਸ ਕੋਈ ਫ਼ਰਹਾਦਾ ! ਲਾaੁਂਗੁ ਜ਼ੋਰੁ ਬਤੇਰਾ।
ਔਖਧਿ ਵੈਦ ਗਰੀਬਾਂ ਵਾਲਾ, ਜ਼ੋਰ ਜੇਹਾ ਕੁਛ ਮੇਰਾ'।੧੩੩।

ਸੁਣ ਕੇ ਹਾਲ ਹਕੀਕਤਿ ਸਾਰੀ, ਪਿਉ ਦੇ ਹਾਲ ਹਵਾਲੋਂ।
ਭੀ ਫ਼ਰਹਾਦ ਜ਼ਬਾਨੋਂ ਹਾਸ਼ਮ, ਕਹਯਾ ਜਬਾਬੁ ਸੁਆਲੋਂ।੧੩੪।

'ਔਖਧਿ ਵੈਦ ਨ ਮੇਰਾ ਕੋਈ, ਵਾਹ ਨ ਲਗਦੀ ਤੇਰੀ।
ਜ਼ਹਿਮਤ ਤਾਪ ਸਿਰਾਉ ਨ ਮੈਨੂੰ, ਜਾਤ ਸਫ਼ਾਤ ਨ ਮੇਰੀ।੧੩੫।

ਮਜ਼ਹਬ ਦੀਨ ਕੁਫ਼ਰ ਸਭ ਧੋਤੇ, ਭਾਈ ਬਾਪੁ ਨ ਮਾਈ।
ਜਾਨੁ ਜਹਾਨੁ ਮਕਾਨੁ ਨ ਮੇਰਾ, ਮੈਂ ਹੁਣ ਬਰਾ ਖ਼ੁਦਾਈ।੧੩੬।

ਰਲਿ ਮਿਲਿ ਨਾਲ ਤੁਸਾਡੇ ਬੈਠਾ, ਜਿਚਰਕੁ ਰੱਬ ਮਿਲਾਇਆ।
ਹੁਣ ਮੈਂ ਯਾਰ ਦੁਖਾਂ ਦਾ ਦੁਖੀਆ, ਏਹੋ ਲੇਖੁ ਲਿਖਾਇਆ।੧੩੭।

ਸੁਫ਼ਨੇ ਪੂਤ ਤੁਸਾਡਾ ਬਣਿਆ, ਨਾਲ ਤੁਸਾਡੇ ਰਲਿਆ।
ਮੈਂ ਦੁਖੀਆ ਦੁਖ ਮਾਂ ਪਿਉ ਮੇਰੇ, ਦਰਦ ਦੁਖਾਂ ਵਿਚ ਪਲਿਆ'।੧੩੮।

ਸੁਣਿ ਕੇ ਸੁਪਨ(ਸੁਖ਼ਨ) ਪਿਊ ਦੇ ਦਿਲ ਦੀ, ਛੁਟੀ ਵਾਗ ਹਥਾਓਂ।
ਜੀਵਣ ਜ਼ਹਿਰ ਹੋਯਾ ਪਲ ਉਸ ਨੂੰ, ਮੰਗੀ ਮਉਤ ਖ਼ੁਦਾਓਂ।੧੩੯।

ਦੁਖਾਂ ਨਾਲ ਪਿਊ ਦੁਖ ਭਰਿਆ, ਨੈਣ ਲੋਹੂ ਭਰ ਆਏ।
ਲਈਆਂ ਸਾਂਭ ਦਵਾਤਾਂ ਕਲਮਾਂ, ਕਸਬੋਂ ਦਸਤ ਉਠਾਏ।੧੪੦।

ਬਾਹੋਂ ਪਕੜਿ ਲਿਆ ਉਸ ਬੇਟਾ, ਚਲੁ ਫਰਜ਼ੰਦ ਪਿਆਰੇ।
ਘੁੰਮਣਘੇਰਿ ਪਇਆ ਹੁਣ ਬੇੜਾ, ਜੇ ਰੱਬ ਪਾਰ ਉਤਾਰੇ।੧੪੧।

ਮੁੜਦੇ ਬਾਪ ਡਿਠਾ ਵਲ ਧੌਲਰ, ਦਰਦ ਦਰੇਗ਼ੋਂ ਭਰ ਕੇ।
ਸ਼ੀਰੀਂ ਮਹਲ ਬੰਨੇ ਹੱਥ ਜੋੜੇ, ਕਹਿਆ ਸਲਾਮਾਂ ਕਰਕੇ।੧੪੨।

'ਮੈਂ ਹੁਣ ਤੋੜਿ ਮੁਰਾਦਾਂ ਤੁਰਿਆ, ਛੋਡਿ ਸਿਧਾਯਾ ਤੈਨੂੰ।
ਜੇ ਕਿਛੁ ਯਾਰ ਤੇਰੇ ਵਿਚ ਬਰਕਤ, ਫੇਰਿ ਲਿਆਵੀਂ ਮੈਨੂੰ'।੧੪੩।

ਲੈ ਕੇ ਬਾਪ ਗਯਾ ਫ਼ਰਹਾਦੇ, ਪਾਸ ਹਕੀਮ ਤਬੀਬਾਂ।
ਰੋ ਰੋ ਅਰਜ਼ ਕਰੇ ਦਿਲ ਘਾਇਲ, 'ਦਾਰੂ ਕਰੋ ਗ਼ਰੀਬਾਂ'।੧੪੪।

ਵੇਖਣ ਨਜ਼ਰ ਕਰੂਰਾ ਢੂੰਡਣ, ਹਿੰਦੀ ਵੈਦ ਯੁਨਾਨੀ।
ਜ਼ਹਿਮਤ ਰੋਗ ਨ ਸਮਝਣ ਕੋਈ, ਆਫ਼ਤ ਉਹ ਅਸਮਾਨੀ।੧੪੫।

ਕਰਿਕੇ ਖ਼ਿਆਲ ਤਬੀਬਾਂ ਅਕਲੋਂ, ਵੇਦਨ ਇਹ ਠਹਿਰਾਈ।
ਜ਼ਹਿਮਤ ਰੋਗ ਨਹੀਂ ਕਛੁ ਇਸਨੂੰ, ਹੈ ਤਹਿਕੀਕ ਸ਼ੁਦਾਈ।੧੪੬।

ਦਾਰੂ ਕਰਨ ਸ਼ੁਦਾਈਆਂ ਵਾਲੇ, ਹੀਲੇ ਫ਼ਸਤ ਜੁਲਾਬੋਂ।
ਚੰਦਨ ਲੇਪ ਕਰਨ ਹੋਰੁ ਸ਼ਰਬਤ, ਦੇਣ ਅਨਾਰ ਗੁਲਾਬੋਂ।੧੪੭।

ਕਰਿ ਤਦਬੀਰ ਰਹੇ ਪਰ ਹਿਕਮਤਿ, ਕਾਰ ਨ ਕੋਈ ਆਵੇ।
ਮੁਦਤਿ ਹੋਈ ਅਨਾਜੁ ਨ ਖਾਧਾ, ਦਸਤ ਕਿਥਾਊਂ ਆਵੇ।੧੪੮।

ਨਸ਼ਤਰ ਮਾਰ ਰਹੇ ਇਕ ਜ਼ਰਰਾ, ਖ਼ੂੰਨ ਨ ਬਾਹਰ ਆਵੇ।
ਓਥੇ ਇਸ਼ਕ ਬਘੇਲਾ ਵਸਦਾ, ਖ਼ੂੰਨ ਹਮੇਸ਼ਾ ਖਾਵੇ।੧੪੯।

ਜਿਉਂ ਜਿਉਂ ਸਰਦ ਦਵਾਈ ਦੇਵਣ, ਸ਼ਰਬਤ ਸ਼ੀਰੇ ਕਰਕੇ।
ਤਿਉਂ ਤਿਉਂ ਇਸ਼ਕ ਸ਼ੀਰੀਂ ਦੀ ਆਤਸ਼, ਹੋਰੁ ਸਵਾਈ ਭੜਕੇ।੧੫੦।

ਓੜਕ ਹੋਇ ਲਾਚਾਰ ਤਬੀਬਾਂ, ਦਸਤ ਦਵਾਓਂ ਧੋਤੇ।
ਕੌਣ ਗ਼ਰੀਬਾਂ ਦੇ ਦੁਖ ਦੁਖਦਾ, ਹੋਇ ਲਾਚਾਰ ਖੜੋਤੇ।੧੫੧।

ਭੀ ਫ਼ਰਹਾਦ ਲਇਆ ਫੜਿ ਬਾਹੋਂ, ਆਜਿਜ਼ ਬਾਪ ਨਿਮਾਣੇ।
ਲੈ ਕੇ ਪਾਸ ਗਯਾ ਉਲਮਾਵਾਂ, ਦੁਖੀਆ ਦਰਦ ਰੰਞਾਣੇ।੧੫੨।

ਜਾ ਫ਼ਰਯਾਦ ਕੀਤੀ ਦਿਲ ਘਾਇਲ, ਪਾਸ ਉਨ੍ਹਾਂ ਉਲਮਾਵਾਂ।
ਆਖੀਂ ਹਾਲ ਹਕੀਕਤਿ ਆਪਣੀ, ਸੋਜ਼ੁ ਜਿਵੇਂ ਫੁਕਰਾਵਾਂ।੧੫੩।

'ਤੋੜੀ ਆਸ ਤਬੀਬਾਂ ਕੋਲੋਂ, ਪਾਸ ਤੁਸਾਡੇ ਆਯਾ।
ਵੇਖੋ ਹਾਲ ਜਿ ਹੋਵੇ ਉਸ ਨੂੰ, ਦੇਉ ਪਰੀ ਦਾ ਸਾਯਾ'।੧੫੪।

ਜ਼ਾਹਦ ਲੋਕ ਪੁਰਾਣੇ ਬੁਜ਼ਰਕ, ਬੈਠੇ ਵਿਚ ਮਸੀਤੀਂ।
ਦਹ ਦਹ ਸੇਰ ਜਿਨ੍ਹਾਂ ਦੇ ਤਸਬੇ, ਭਰੇ ਸੰਦੂਕ ਤਵੀਤੀਂ।੧੫੫।

ਇਕ ਇਕ ਮਰਦ ਅਜੇਹੇ ਆਹੇ, ਸਾਦਕ ਵਿਚ ਉਨ੍ਹਾਂ ਦੇ।
ਸਾਰੀ ਉਮਰ ਮਸੀਤੋਂ ਬਾਹਰ, ਪਏ ਨ ਪੈਰ ਜਿਨ੍ਹਾਂ ਦੇ।੧੫੬।

ਮੂਹਰੇਦਾਰ ਸਿਰੀਂ ਦਸਤਾਰਾਂ, ਸਬਜ਼ ਪੇਰਾਹਨ ਖ਼ਾਸੇ।
ਸੂਰਤਿ ਖਿਦਰ ਕਿਤਾਬਾਂ ਬਗਲੀਂ, ਦਸਤਿ ਸੁਨਹਿਰੀ ਆਸੇ ੧੫੭।

ਇਕ ਥੋਂ ਇਕ ਜ਼ਿਆਦਾ ਸਾਹਿਬ, ਅਕਲ ਇਲਮ ਵਿਚ ਆਹੇ।
ਪਰ ਫ਼ਰਹਾਦ ਵਲੋਂ ਹੁਣ ਹਾਸ਼ਮ, ਵੇਖ ਜਿਵੇਂ ਰੱਬ ਚਾਹੇ।੧੫੮।

ਕੀਤੀ ਨਜ਼ਰ ਬਜ਼ੁਰਗਾਂ ਉਸ ਵਲ, ਸਖ਼ਤ ਹਵਾਲ ਡਿਠੋਨੇ।
ਚੌਂਕਾ ਡਾਰ ਉਜੂ ਕਰ ਤਾਜ਼ੇ, ਬੈਠ ਤਵੀਤ ਲਿਖਿਓਨੇ।੧੫੯।

ਝਾੜੀਂ ਜ਼ੋਰ ਪਇਆ ਚੌਤਰਫੋਂ, ਕਾਮਲ ਧੂਪ ਧੁਖਾਏ।
ਗਿਰਦੇ ਲੋਕ ਤਮਾਸ਼ੇ ਕਾਰਣ, ਕਾਗ ਸਰਾਧੀਂ ਆਏ।੧੬੦।

ਇਕ ਫ਼ਰਹਾਦ ਬਿਰਹੁੰ ਦਾ ਜ਼ਖਮੀ, ਤੀਰ ਜਿਗਰ ਵਿਚ ਰੜਕੇ।
ਦੂਜਾ ਪਏ ਬਲਾਇ ਮੁਲਾਣੇ, ਕਲਮ ਦਵਾਤਾਂ ਫੜ ਕੇ।੧੬੧।

ਕਰ ਤਦਬੀਰ ਰਹੇ ਸਭ ਇਲਮੀ, ਪੜਿ ਪੜਿ ਇਲਮ ਕਿਤਾਬਾਂ।
ਸਾਬਤ ਕੌਣ ਕਰੇ ਫਿਰ ਮੁੜਿ ਕੇ, ਜਲਿਆਂ ਸਖ਼ਤ ਕਬਾਬਾਂ।੧੬੨।

ਅਗੇ ਹੋਸ਼ੁ ਆਹੀ ਫ਼ਰਹਾਦੇ, ਇਸ਼ਕ ਜੂਏ ਵਿਚ ਹਾਰੀ।
ਮਗਰੋਂ ਹੋਰ ਜਹਾਨੀ ਗੌਗੇ, ਅਕਲ ਵਧੇਰੇ ਮਾਰੀ।੧੬੩।

ਸੀ ਫ਼ਰਹਾਦ ਜਨੂੰਨੀ ਵਹਿਸ਼ੀ, ਮਗਰੋਂ ਢੋਲ ਵਜਾਯਾ।
ਅਗੇ ਯਾਰ ਦੀਵਾਨਾ ਆਹਾ, ਭੂਤ ਪਿਛੋਂ ਚੰਬੜਾਯਾ।੧੬੪।

ਪਗੜੀ ਲਾਹਿ ਸੁਟੀ ਕਰ ਲੀਰਾਂ, ਨਾਲ ਜ਼ਿਮੀਂ ਪਟਕਾਈ।
ਟੁਟਾ ਨੰਗ ਨਮੂਸ ਜਹਾਨੀਂ, ਛਾਰ ਲਈ ਸਿਰ ਪਾਈ।੧੬੫।

ਜਾਂ ਇਹ ਹਾਲ ਡਿਠਾ ਉਲਮਾਵਾਂ, ਖਿਸਕੇ ਨਾਲ ਬਹਾਨੇ।
ਇਕ ਉਡ ਕਰਨ ਗਏ ਇਸਤੰਜਾਂ, ਇਕਨਾ ਪੜ੍ਹੇ ਦੁਗਾਨੇ।੧੬੬।

ਜਾਂ ਫ਼ਰਹਾਦ ਵਲੋਂ ਪਿਉ ਤਾਈਂ, ਰਹੀ ਉਮੈਦ ਨ ਕਾਈ।
ਓਸੇ ਦਾਹੁ ਮੁਇਆ ਦਿਨ ਦੂਜੇ, ਬੀਤ ਗਈ ਸਿਰ ਆਈ।੧੬੭।

ਬਾਪ ਜੰਜ਼ੀਰ ਆਹਾ ਫ਼ਰਹਾਦੇ, ਨਹਿੰ ਸੀ ਖ਼ਿਆਲ ਛਡੇਂਦਾ।
ਬੈਠੇ ਪਾਸ ਰਹੇ ਨਿਤ ਬੈਠਾ, ਫਿਰਦੇ ਨਾਲ ਫਿਰੇਂਦਾ।੧੬੮।

ਭੀ ਬੇਕੈਦੁ ਨਿਖਸਮਾ ਹੋਯਾ, ਵਾਰਸੁ ਕੋਈ ਨ ਵਾਲੀ।
ਦਰਦਵੰਦਾਂ ਦੀ ਚਾਲ ਕਦੀਮੀ, ਸੋ ਫ਼ਰਹਾਦ ਸਮਾਲੀ।੧੬੯।

ਦੋਸਤੁ ਯਾਰ ਕਦੀਮੀਂ ਆਹੇ, ਕਰਨ ਮਜ਼ਾਖ਼ਾਂ ਸੋਈ।
ਜਿਥੇ ਰਾਤ ਪਈ ਡਿਗ ਰਹਿੰਦਾ, ਥਾਉਂ ਮਕਾਨੁ ਨ ਕੋਈ।੧੭੦।

ਡੁਲ੍ਹੇ ਨੈਣ ਗੁਬਾਰ ਜਨੂੰਨੀ, ਖੁਲ੍ਹੜੇ ਵਾਲ ਵਿਯੋਗੀ।
ਤੋਰੀ ਰੰਗ ਕੁਰੰਗੋਂ ਆਹੀ, ਤਾਰ ਵਜੇ ਜਯੋਂ ਜੋਗੀ।੧੭੧।

ਸ਼ੀਰੀਂ ਆਬਹਯਾਤ ਢੂੰਡੇਂਦਾ, ਘਾਇਲ ਜਾਨ ਪਿਆਸੀ।
ਜ਼ਰਰਾ ਹੋਸ਼ ਅਰਾਮੁ ਨ ਉਸ ਨੂੰ, ਬਿਰਹੋਂ ਪੰਥ ਉਦਾਸੀ।੧੭੨।

ਪਿਛਲੀ ਗਈ ਗਵਾਤੀ ਉਸ ਥੋਂ, ਖ਼ੂਬੀ ਤੇ ਵਡਿਆਈ।
ਭੀ ਫ਼ਰਹਾਦ ਨਿਸ਼ਾਨਾ ਹੋਇਆ, ਤੀਰੰਦਾਜ਼ ਲੁਕਾਈ।੧੭੩।

ਦਿਲ ਦੇ ਬਾਝ ਕਿਤੇ ਵਲ ਹਰਗਿਜ਼, ਵੈਰ ਪ੍ਰੀਤਿ ਨ ਰਾਖੈ।
ਅਪਣੀ ਪੀੜ ਪਿਆ ਜਿਸ ਕਿਸ ਦਾ, ਸ਼ੌਕ ਹੋਵੇ ਸੋਈ ਆਖੈ।੧੭੪।

ਛੇੜਨ ਕਰਨ ਮਜ਼ਾਖਾਂ ਲੜਕੇ, ਆਵਾਵਰਦ ਬਣਾਯਾ।
ਔਰਤ ਮਰਦ ਵੜੇ ਜਿਸ ਵੇਹੜੇ, ਕਹਿਣ 'ਦੀਵਾਨਾ ਆਯਾ'।੧੭੫।

ਦਿਲ ਵਿਚ ਸੋਜ਼ ਕਬਾਬ ਕਲੇਜਾ, ਰਹੇ ਦੁਖੀ ਮਨੁ ਮਾਰੀ।
ਸੂਲੀ ਜਾਨ ਅਤੀਤ ਇਸ਼ਕ ਦਾ, ਫਿਰੇ ਸਦਾ ਤਪੁ ਧਾਰੀ।੧੭੬।

ਜੋ ਕੁਛੁ ਲੋਕ ਕਰੇਨ ਮਲ੍ਹਾਮਤ, ਜ਼ਰਾ ਨ ਉਸ ਨੂੰ ਜਾਣੇ।
ਗ਼ੈਰਤ ਮਾਣ ਨ ਰਖਦੇ ਹਰਗਿਜ਼, ਦੁਖੀਏ ਦਰਦ ਰੰਞਾਣੇ।੧੭੭।

ਗ਼ੈਰਤ ਤਮਕ ਗ਼ਰੂਰਤ ਮਸਤੀ, ਬਖਸ਼ੀ ਰੱਬ ਤਿਨ੍ਹਾਂ ਨੂੰ।
ਦੌਲਤ ਦਰਦ ਨਸੀਬ ਨ ਕੀਤਾ, ਗਫ਼ਲਤਿ ਮਿਲੀ ਜਿਨ੍ਹਾਂ ਨੂੰ।੧੭੮।

ਲਾਹਾ ਮੂਲ ਜਗਤ ਦਾ ਏਨਾ, ਸਹੀ ਇਹਾ ਗੱਲ ਕੀਤੀ।
ਸ਼ਹਿਵਤ ਨੀਂਦ ਨਿਆਮਤ ਖਾਵਣ, ਖਾ ਖਾ ਕਰਨ ਪਲੀਤੀ।੧੭੯।

ਹੱਸਣ ਖੇਡਣ ਕਰਨ ਮਜ਼ਾਖਾਂ, ਸ਼ੌਕ ਤਿਨ੍ਹਾਂ ਨੂੰ ਭਾਵੇ।
ਭਰੀਏ ਪੇਟ ਅਨਾਜੋਂ ਦਿਲ ਪੁਰ, ਚਰਬੀ ਗ਼ੈਰ ਜਮਾਵੇ।੧੮੦।

ਦੋ ਦਿਨ ਪੇਟ ਅਨਾਜੋਂ ਜੇ ਕਰ, ਰਹੇ ਕਿਸੇ ਦਾ ਊਣਾ।
ਸ਼ਹਿਵਤ ਨੀਂਦ ਨ ਆਵੇ ਉਸ ਨੂੰ, ਜ਼ਰਾ ਨ ਭਾਉਸੁ ਕੂਣਾ।੧੮੧।

ਨਾਕਸ ਨੀਚ ਨਫ਼ਸ ਦੇ ਤਾਲਿਬ, ਬਣਨ ਮਸਾਇਕ ਬਾਤੀਂ।
ਕੌਡੀ ਦਾਮ ਕਿਤੋਂ ਹੱਥ ਆਵੇ, ਢੂੰਡ ਇਹੋ ਦਿਨ ਰਾਤੀਂ।੧੮੨।

ਛੁਟੇ ਲਾਟ ਗ਼ਰੂਰਤ ਮਗ਼ਜ਼ੋਂ, ਰਾਹੋਂ ਚਾਇ ਭੁਲਾਵੇ।
ਆਜਿਜ਼ ਹੋਰ ਪੈਦਾਇਸ਼ ਰੱਬ ਦੀ, ਨਜ਼ਰ ਨ ਕੋਈ ਆਵੇ।੧੮੩।

ਚਾਮੋ ਦਾਮ ਚਲਾਵੇ ਕਿਚਰਕੁ, ਗ਼ਾਫ਼ਲ ਉਮਰ ਵੰਞਾਵੇ।
ਹੈਸੀ ਹੋਗੁ ਹਮੇਸ਼ਾਂ ਕਾਇਮ, ਸੋ ਰੱਬੁ ਚਾਇ ਭੁਲਾਵੇ।੧੮੪।

ਪੂੰਜੀ ਉਮਰ ਮਿਲੀ ਹੱਥ ਸਿਫ਼ਲੇ, ਕਦਰ ਨ ਇਸ ਦੀ ਜਾਣੇ।
ਦੇਵਣਦਾਰ ਬਣੇ ਜਿਸ ਗੱਲ ਵਿਚ, ਸੋ ਗੱਲ ਕਰੇ ਧਿਙਾਣੇ।੧੮੫।

ਓੜਕ ਪੇਸ਼ ਨ ਜਾਉਸੁ ਕੋਈ, ਡੁਬਦਾ ਦੂਹੀਂ ਸਰਾਈਂ।
ਜਾਂ ਫਿਰ ਬਾਂਹ ਨ ਪਕੜਸੁ ਕੋਈ, ਆਉਸੁ ਕਦਰ ਤਿਦਾਈਂ।੧੮੬।

ਭੁੱਲਾ ਰੱਬ ਜਿਨ੍ਹਾਂ ਦੀ ਖ਼ਾਤਰ, ਯਾਰ ਨ ਹੋਵਸੁ ਕੋਈ।
ਢੂੰਢੇ ਨਾਉਂ ਜਹਾਨੀਂ ਅਕਲੋਂ, ਨਾਉਂ ਨ ਰਹਿੰਦਾ ਕੋਈ।੧੮੭।

ਅੱਵਲ ਆਖ਼ਰ ਜ਼ਾਹਰ ਬਾਤਨ, ਖੇਡ ਇਸ਼ਕ ਦੀ ਤਾਜ਼ੀ।
ਭਾਵੇਂ ਇਸ਼ਕ ਹਕੀਕੀ ਹੋਵੇ, ਭਾਵੇਂ ਇਸ਼ਕ ਮਜਾਜ਼ੀ।੧੮੮।

ਬਾਦਸ਼ਾਹਾਂ ਦੀ ਮਜਲਸ ਅੰਦਰ, ਵਿੱਚ ਅਮੀਰ ਫ਼ਕੀਰਾਂ।
ਹਰ ਥਾਂ ਜ਼ਿਕਰ ਉਨ੍ਹਾਂ ਦਾ ਸੁਣੀਏ, ਲਿਖਿਆ ਸਾਫ਼ ਜ਼ਮੀਰਾਂ।੧੮੯।

ਕਉਣ ਪਤੰਗ ਚਕੋਰ ਨਿਮਾਣੇ, ਬੁਲਬੁਲ ਕਉਣ ਵਿਚਾਰੀ।
ਜਾਂ ਉਹ ਯਾਰ ਇਸ਼ਕ ਦੇ ਹੋਏ, ਜਾਨ ਇਸ਼ਕ ਵਿਚ ਹਾਰੀ।੧੯੦।

ਸੀ ਫ਼ਰਹਾਦ ਅਸੀਰ ਇਸ਼ਕ ਦਾ, ਘਾਇਲ ਨੈਣ ਗੁਲਾਬੀ।
ਭਰ ਭਰ ਜਾਮ ਪੀਵੇਂਦਾ ਗ਼ਮ ਦੇ, ਅੱਠੇ ਪਹਿਰ ਸ਼ਰਾਬੀ।੧੯੧।

ਢੱਠੀ ਰੂਹ ਉਜਾੜੀਂ ਵੱਸਦੀ, ਕਿਤੇ ਅਰਾਮ ਨ ਆਵੇ।
ਉਠੇ ਸ਼ੌਕ ਦਿਲੋਂ ਜਿਸ ਵਲ ਦਾ, ਜਾਵੇ ਭੀ ਮੁੜ ਆਵੇ।੧੯੨।

ਫਿਰਦੇ ਸ਼ਹਿਰ ਪਵੇ ਸਿਰ ਪੈਰੀਂ, ਰਾਹੋਂ ਗ਼ਰਦ ਗੁਬਾਰੀ।
ਧੋਂਦਾ ਨਾਲ ਅੱਖੀਂ ਦੇ ਤਨ ਤੋਂ, (ਚਸ਼ਮਾਂ) ਬਰਸਨ ਅਬਰ ਬਹਾਰੀ।੧੯੩।

ਜਾਂ ਉਹੁ ਜ਼ੋਰ ਕਰੇਂਦੀ ਆਤਸ਼, ਕਹਿੰਦਾ ਨਾਲਿ ਜ਼ਹੀਰੀ।
'ਕੇਹੀ ਤਲਖ਼ ਹੋਈ ਜ਼ਿੰਦਗਾਨੀ, ਸ਼ੌਕ ਤੇਰੇ ਵਿਚ ਸ਼ੀਰੀਂ।੧੯੪।

ਤੇਰੇ ਸ਼ੌਕ ਪਿਛੇ ਜਿੰਦ ਹਾਰੀ, ਛੁਟਾ ਖੇਸ਼ ਕਬੀਲਾ।
ਭੀ ਤੂੰ ਹਾਲ ਨ ਵੇਖੇਂ ਮੇਰਾ, ਕੌਣ ਉਠਾਵਾਂ ਹੀਲਾ।੧੯੫।

ਸੁਣੀਏ ਕੂਕ ਅਸਾਡੀ ਜੇ ਪਲੁ, ਵੇਖੈਂ ਹਾਲ ਅਸਾਡਾ।
ਸ਼ੀਰੀਂ ਆਬਹਯਾਤ ਉੇਡੀਕੇ, ਪਯਾ ਸ਼ਹੀਦ ਤੁਸਾਡਾ।੧੯੬।

ਓਹਾ ਨਜ਼ਰ ਝਰੋਖੇ ਵਾਲੀ, ਭੋਰਾ ਦੇਹੁ ਅਸਾਂਹੀ।
ਮਿਲਸੀ ਆਬਹਯਾਤ ਮੁਏ ਨੂੰ, ਦੇਉਗੁ ਦੁਆਉ ਤੁਸਾਂਹੀ'।੧੯੭।

ਫੇਰਿ ਖ਼ਿਆਲ ਉਠੇ ਇਸ ਤਰਫ਼ੋਂ, ਹੋਰਿ ਕਿਸੇ ਵਲ ਜਾਏ।
'ਕਿਉਂ ਫ਼ਰਹਾਦ ਪਵਰਦਾ ਕੀਤੋ, ਨਿਜ ਜਣੇਂਦੀ ਮਾਏ।੧੯੮।

ਏਹੋ ਚਾਲ ਹਮੇਸ਼ਾ ਉਸ ਦੀ, ਖ਼ੂੰਨ ਜਿਗਰ ਦਾ ਪੀਵੇ।
ਐਵੇਂ ਨਾਲ ਦਲੀਲਾਂ ਮਰਦਾ, ਨਾਲ ਦਲੀਲਾਂ ਜੀਵੇ।੧੯੯।

ਘਾਇਲ ਲੋਕ ਖ਼ਿਆਲੀ ਆਸ਼ਕ, ਕਿਆ ਇਹ ਆਣ ਰਸੀਲੀ।
ਨਾਲ ਦਲੀਲਾਂ ਖੇਡ ਹਮੇਸ਼ਾ, ਕਰਦੇ ਕਸਬੁ ਦਲੀਲੀ।੨੦੦।

ਮਤਲਬੁ ਗਰਜ਼ ਨ ਆਹੀ ਉਸ ਨੂੰ, ਨਾਲ ਜਗਤ ਦੇ ਕੋਈ।
ਆਹੀ ਤਲਬ ਦਿਲੋਂ ਜਿਸ ਵਲਿ ਦੀ, ਫਿਰੇ ਢੂੰਡੇਂਦਾ ਸੋਈ।੨੦੧।

ਕੋਈ ਬਾਤ ਸ਼ੀਰੀਂ ਦੀ ਕਰਦਾ, ਉਸ ਵਲਿ ਧਿਆਨ ਧਰੇਂਦਾ।
ਓਥੇ ਮੂੰਹੋਂ ਬੁਲੇਂਦਾ ਉਸ ਨੂੰ, ਫੇਰਿ ਸਵਾਲ ਕਰੇਂਦਾ-।੨੦੨।

'ਕੀਕੁਰ ਕਹੀ ਸੁਣੀ ਕਿਸ ਤਰਫ਼ੋਂ, ਆਖ ਸੁਣਾਉ ਅਸਾਂਹੀ।
ਤਾਂ ਰੱਬ ਸੁਣਗੁ ਦੁਆਉ ਅਸਾਡੀ, ਦੇਸੀ ਅਜੁਰੁ ਤੁਸਾਂਹੀ'।੨੦੩।

ਜਿਚਰਕੁ ਬਾਤ ਸੁਣੇਂਦਾ ਉਸ ਥੋਂ, ਬਹੁਤ ਖ਼ੁਸ਼ੀ ਖ਼ੁਸ਼ ਹੋਂਦਾ।
ਕਰਿ ਕਰਿ ਯਾਦ ਪਿੱਛੋਂ ਉਸ ਗੱਲ ਨੂੰ, ਨਾਲ ਦੁਖਾਂ ਬਹਿ ਰੋਂਦਾ।੨੦੪।

ਉਸ ਨੂੰ ਸ਼ੌਕ ਜੋ ਕੋਈ ਹਰਦਮ, ਕਰ ਕਰ ਬਾਤ ਸੁਣਾਵੇ।
ਹਾਸ਼ਮ ਸਮਝ ਗ਼ਰੀਬਾਂ ਇਤਨੀ, ਖ਼ਾਤਰ ਕੌਣ ਉਠਾਵੇ।੨੦੫।

ਦੂਜਾ ਬਾਦਸ਼ਾਹਾਂ ਦਾ ਦਿਲ ਵਿਚ, ਖ਼ੌਫ਼ ਸਭੀ ਜਗੁ ਡਰਦਾ।
ਆਜਿਜ਼ ਜ਼ੋਰਾਵਰ ਦੀ ਕਹੁ ਤੂੰ, ਬਾਤ ਕੋਈ ਕਦ ਕਰਦਾ।੨੦੬।

ਪਰ ਇਹ ਇਸ਼ਕ ਕੁਹਾੜਾ ਖ਼ੂੰਨੀ, ਪੈਰ ਜਿਦ੍ਹਾਂਵੇ ਧਰਦਾ।
ਓਲਾ ਪੱਤ ਦਰਖ਼ਤ ਨ ਛੱਡਦਾ, ਰਹਿਣ ਨਾ ਦੇਂਦਾ ਪੜਦਾ।੨੦੭।

ਚੋਰੀ ਬਾਤ ਲਗੀ ਇਹ ਤੁਰਨੇ, ਇਸਤੰਬੋਲ ਸ਼ਹਿਰ ਵਿਚ।
ਤੀਵੀਂ ਮਰਦ ਗ਼ਰੀਬ ਤਵੰਗਰੁ, ਕਰਨ ਕਹਾਣੀ ਘਰ ਵਿਚ।੨੦੮।

ਤੁਰਦੀ ਤੁਰਦੀ ਬਾਤ ਹਮੇਸ਼ਾਂ, ਚਮਕੀ ਜ਼ਰਾ ਵਧੇਰੇ।
ਇਕ ਥੋਂ ਬਾਤ ਦੂਏ ਤਕ ਪਹੁਤੀ, ਉਸ ਥੋਂ ਗਈ ਅਗੇਰੇ।੨੦੯।

ਦਉਲਤਵੰਦ ਅੰਬੀਰਾਂ ਸੁਣਿਆ, ਪਹੁਤੀ ਪਾਸ ਵਜ਼ੀਰਾਂ।
ਰਲ ਕੇ ਚਾਰ ਬਹਨਿ ਜਿਸ ਥਾਈਂ, ਕਰਨ ਇਹੋ ਤਤਬੀਰਾਂ।੨੧੦।

ਜਿਉਂ ਜਿਉਂ ਬਹੁਤ ਦਿਹਾੜੇ ਗੁਜ਼ਰਨ, ਤਿਉਂ ਤਿਉਂ ਚਰਚ ਸਵਾਈ।
ਕਿਸਮਤ ਖੇਡ ਮਚਾਈ ਹਾਸ਼ਮੁ, ਕਿਸ ਬਿਧਿ ਰਹੇ ਮਿਟਾਈ।੨੧੧।

ਓੜਕ ਬਾਪ ਅਜ਼ੀਜ਼ ਸ਼ੀਰੀਂ ਦੇ, ਸੁਣੀ ਹਕੀਕਤਿ ਵਰਤੀ।
ਸੁਣ ਕੇ ਬਹੁਤ ਪਿਆ ਵਿਚ ਹੈਰਤ, ਵੇਹਲ ਨ ਦੇਉਸੁ ਧਰਤੀ।੨੧੨।

ਆਹਾ ਸ਼ਾਹ ਅਦਾਲਤ ਵਾਲਾ, ਖ਼ੌਫ਼ ਖ਼ੁਦਾਓਂ ਡਰਦਾ।
ਦੁਨੀਆਂ ਖ਼ਾਬ ਖ਼ਿਆਲੀ ਬਦਲੇ, ਜ਼ੁਲਮ ਨ ਆਹਾ ਕਰਦਾ।੨੧੩।

ਪੁਛਿਆ ਬੈਠ ਵਜ਼ੀਰਾਂ ਕੋਲੋਂ, 'ਕੀ ਤਤਬੀਰ ਕਰਾਹੀਂ।
ਅਚਣਚੇਤ ਜਹਾਨੀ ਸ਼ੁਹਰਤ, ਇਹ ਕੀ ਬਣੀ ਅਸਾਂਹੀ ?੨੧੪।

ਕਰੋ ਦਲੀਲ ਅਕਲ ਦੀ ਕੋਈ, ਦਿਲ ਦੀ ਗਰਮ ਦੁਕਾਨੋਂ।
ਜਿਸ ਵਿਚ ਜ਼ੁਲਮ ਨ ਹੋਵੇ ਦੂਜਾ, ਰਹੈ ਹਯਾਉ ਜਹਾਨੋਂ।੨੧੫।

ਜੇ ਮੈਂ ਖੇਸ਼ ਕਬੀਲੇ ਵਲ ਦੀ, ਉਲਫ਼ਤਿ ਬਹੁਤ ਵਧਾਵਾਂ।
ਕਹਿਸੀ ਕੌਣ ਸਿਆਣਾ ਮੈਨੂੰ, ਸਾਹਿਬ ਰੱਬ ਭੁਲਾਵਾਂ।੨੧੬।

ਸੋਨਾ ਵੇਚ ਸੁਆਹ ਖ਼ਰੀਦੇ, ਬਣੇ ਦੀਵਾਨਾ ਸੋਈ।
ਵਖਤ ਵਿਹਾਵੇ ਤਾਂ ਪਛੁਤਾਵੇ, ਕਾਜੁ ਨ ਸਰਦਾ ਕੋਈ।੨੧੭।

ਦੋਸਤੁ ਯਾਰ ਜਹਾਨੀਂ ਝੂਠੇ, ਨੰਗ ਨਮੂਸ ਕੂੜਾਵਾ।
ਕਰਕੇ ਜ਼ੁਲਮ ਕੁਹਾੜਾ ਆਪਣੀ, ਪੈਰੀਂ ਆਪ ਵਗਾਵਾਂ।੨੧੮।

ਬੇਟੀ ਬਾਲ ਕੁਆਰੀ ਹੁੰਦੀ, ਕਿਤੇ ਨ ਨਾਉਂ ਧਰੇਂਦਾ।
ਜ਼ਰਾ ਵਿਚਾਰ ਨ ਕਰਨੀ ਪੈਂਦੀ, ਚਾਇ ਕਿਸੇ ਨੂੰ ਦੇਂਦਾ।੨੧੯।

ਕਰੋ ਦਲੀਲ ਅਜੇਹੀ ਕੋਈ, ਕਰਿ ਕੇ ਫ਼ਿਕਰੁ ਜ਼ਰੂਰੀ।
ਦੁਨੀਆਂ ਦੀਨ ਨ ਵਿਗੜੇ ਕੋਈ, ਪਵੇ ਦੁਤਰਫ਼ੋਂ ਪੂਰੀ'।੨੨੦।

ਰਲਿ ਕੇ ਫ਼ਿਕਰ ਦੁੜਾਵਣ ਲੱਗੇ, ਦਾਨਸ਼ਮੰਦ ਪੁਰਾਣੇ।
ਪੰਖਾਂ ਬਾਝ ਉਡਾਉਣ ਪੰਛੀ, ਅਫ਼ਲਾਤੂੰਨ ਸਿਆਣੇ।੨੨੧।

ਇਕਨਾ ਕਹਿਆ ਇਲਾਜ ਇਜੇਹਾ, ਕਰਿ ਕੇ ਜ਼ੋਰ ਫ਼ਿਕਰ ਦਾ।
ਦੌਲਤ ਜੇਡ ਜੰਜ਼ੀਰ ਨ ਕੋਈ, ਲੋਭ ਦਿਖਾਈਏ ਜ਼ਰ ਦਾ।੨੨੨।

ਇਕਨਾਂ ਹੋਰ ਦਨਾਵਾਂ ਕਹਿਆ, ਕਰਿ ਕੇ ਜ਼ੋਰ ਡਰਾਈਏ।
ਸੂਲੀ ਸਾਜ ਤਯਾਰੀ ਕਰਿ ਕੈ, ਉਸ ਨੂੰ ਪਾਸ ਲੈ ਜਾਈਏ।੨੨੩।

ਝੂਠਾ ਸ਼ੋਰ ਸ਼ਰਾਬਾ ਕਰਿ ਕੈ, ਖ਼ੌਫ਼ ਦਿਲੇ ਵਿਚ ਪਾਈਏ।
ਓਥੈ ਫੇਰਿ ਨਸੀਹਤ ਕਰੀਏ, ਖ਼ੂੰਨੀ ਸ਼ਕਲ ਬਣਾਈਏ।੨੨੪।

'ਤੋਬਾ ਕਰੇਂ ਮੁੜੇਂ ਇਸ ਰਾਹੋਂ, ਮਨਸਬਦਾਰ ਕਰੇਸਾਂ।
ਜੇ ਤੂੰ ਬਾਜ਼ ਨ ਆਵੈਂ ਇਸ ਥੋਂ, ਸੂਲੀ ਚਾਇ ਦਿਵੇਸਾਂ'।੨੨੫।

ਕਰਿ ਕੇ ਫ਼ਿਕਰ ਅੰਬੀਰ ਵਜ਼ੀਰਾਂ, ਇਹੋ ਇਲਾਜੁ ਬਣਾਇਆ।
ਇਸਤੰਬੋਲ ਸ਼ਹਿਰ ਦੇ ਵਾਲੀ, ਤਾਈਂ ਜਾਇ ਸੁਣਾਇਆ।੨੨੬।

ਕਹਿਆ ਅਜ਼ੀਜ਼ ਇਹੋ ਗੱਲ ਬਿਹਤਰ, ਕਰੋ ਕਮਾਓ ਜਲਦੀ।
ਜਿਸ ਬਿਧਿ ਬੁਝੇ ਬਝਾਈ ਸ਼ੁਹਰਤ, ਚਿਖਾ ਬੁਝਾਓ ਜਲਦੀ।੨੨੭।

ਏਹੋ ਡੌਲ ਵਜ਼ੀਰਾਂ ਮਿਲ ਕੇ, ਗੋਸ਼ੇ ਇਕਤੁ ਬਣਾਈ।
ਪੜਦੇ ਵਿਚ ਜ਼ਾਹਰ ਨ ਹੋਵੇ, ਸੁਣੇ ਨ ਆਮ ਖ਼ੁਦਾਈ।੨੨੮।

ਸੂਲੀ ਤਾਣ ਧਰੀ ਉਮਰਾਵਾਂ, ਪਾਸ ਜਲਾਦ ਬਹਾਏ।
ਦੂਜਾ ਲਾਲ ਜਵਾਹਰ ਮਾਣਕ, ਮੋਤੀ ਕੋਲ ਵਿਛਾਏ।੨੨੯।

ਦੋਜ਼ਕ ਪਾਸ ਬਹਿਸ਼ਤ ਦਨਾਵਾਂ, ਕਰਿ ਸਮਿਯਾਨ ਬਣਾਯਾ।
ਤਾਂ ਫ਼ਰਹਾਦ ਨਿਮਾਣਾ ਆਜਿਜ਼, ਸ਼ਹਿਰੋਂ ਪਕੜਿ ਮੰਗਾਯਾ।੨੩੦।

ਮਿਲਿਆ ਦਸਤ ਜਲਾਦਾਂ ਆਜਿਜ਼, ਹਾਜ਼ਰ ਆਣ ਖੜੋਤਾ।
ਸੂਲੀ ਬਾਝ ਜ਼ੁਬਾਨੋਂ ਸੁਖ਼ਨੀਂ, ਸੂਲੀ ਨਾਲ ਪਰੋਤਾ।੨੩੧।

ਸੂਬੇਦਾਰ ਅੰਬੀਰ ਚੁਫੇਰੇ, ਹਾਕਮ ਹਫ਼ਤ-ਹਜ਼ਾਰੀ।
ਨੇਜੇ ਤੀਰ ਤੁਫ਼ੰਗ ਦਿਖਾਉਣ, ਖਿਚ ਖਿਚ ਪੈਨਿ ਕਟਾਰੀ।੨੩੨।

ਆਖਣ ਇਕ ਗਡਾਓ ਧਰਤੀ, ਤੀਰੀਂ ਲੇਖੁ ਕਰਾਓ।
ਦੂਜੇ ਕਹਿਣ ਜਲਾਦਾਂ ਆਖੋ, ਸੂਲੀ ਚਾਇ ਚੜ੍ਹਾਓ।੨੩੩।

ਨਿਮਕੁ ਹਰਾਮੁ ਬੇਅਦਬੁ ਅਜੇਹਾ, ਉਲਟੀ ਖੱਲ ਲਹਾਓ।
ਇਕ ਇਕ ਕਹਿਣ ਕਮੀਨੇ ਤਾਈਂ, ਆਤਸ਼ ਵਿਚ ਜਲਾਓ।੨੩੪।

ਵਿਚ ਵਿਚ ਹੋਰ ਕਹਿਣ ਸਸਤਾਓ, ਡਰੋ ਖ਼ੁਦਾ ਦੇ ਗਜ਼ਬੋਂ।
ਬਖ਼ਸ਼ੋ ਜਾਨ ਕਰਾਓ ਤੋਬਾ, ਨਾਮਾਕੂਲ ਬਿਅਦਬੋਂ।੨੩੫।

ਆਜਿਜ਼ ਲੋਕ ਦਿਵਾਨਾ ਆਹਾ, ਮੁੜ ਕੇ ਨਾਉਂ ਨ ਲੈਸੀ।
ਦੌਲਤ ਚਾਇ ਦਿਹੋ ਸਭ ਇਸ ਨੂੰ, ਜਾਇ ਕਿਤੇ ਵਲ ਰਹਿਸੀ।੨੩੬।

ਏਹੋ ਕਰਨ ਵਿਚਾਰਾਂ ਹਾਸ਼ਮ, ਦਬਕੇ ਦੇਣ ਡਰਾਉਣ।
ਖ਼ਾਤਰ ਓਸ ਕੱਢਣ ਦੇ ਤਾਈਂ, ਬਹੁਤ ਦਲੀਲ ਉਠਾਉਣ।੨੩੭।

ਜਾਂ ਫ਼ਰਹਾਦ ਸੁਣੇ ਸਭ ਝੇੜੇ, ਹਾਜ਼ਰ ਆਣਿ ਖੜੋਇਆ।
ਡਿਠਾ ਤਰਫ਼ ਸੂਲੀ ਦੀ ਹੱਸਿਆ, ਫਿਰ ਹੰਝੂ ਭਰ ਰੋਇਆ।੨੩੮।

ਹੋਰ ਸਵਾਲ ਜਵਾਬ ਜ਼ਬਾਨੋਂ, ਸੁਖ਼ਨ ਨ ਕੀਤਾ ਜ਼ਰਰਾ।
ਸ਼ਾਹ ਮਨਸੂਰ ਹੋਯਾ ਉਸ ਵੇਲੇ, ਸਾਬਤ ਸਿਦਕੁ ਮੁਕਰਰਾ।੨੩੯।

ਵੇਖਿ ਵਜ਼ੀਰ ਅੰਬੀਰ ਤਮਾਸ਼ਾ, ਉਸ ਦਾ ਬਹੁਤ ਹੈਰਾਨੇ।
'ਹੱਸਣ ਰੋਣ ਕਿਹਾ ਇਸ ਵੇਲੇ, ਸਚੁ ਕਹੁ ਆਖ ਦਿਵਾਨੇ !੨੪੦।

ਮੌਤੋਂ ਰੋਣ ਮੁਕਰਰਾ ਆਵੇ, ਖ਼ੁਸ਼ੀ ਨ ਆਵੇ ਮਾਸਾ।
ਸੂਲੀ ਪਾਸ ਹਸੇਂਨਾ ਖਫ਼ਤੀ, ਇਹ ਕਿਵੇਹਾ ਹਾਸਾ' ?੨੪੧।

ਭੀ ਫ਼ਰਹਾਦ ਜਵਾਬ ਸੁਖ਼ਨ ਦਾ, ਕਹਿਆ ਅੰਬੀਰ ਵਜ਼ੀਰਾਂ।
'ਜੀਉਣ ਮਰਣ ਅਸਾਂ ਇਕ ਜੇਹਾ, ਘਾਇਲ ਦਿਲਾਂ ਫ਼ਕੀਰਾਂ।੨੪੨।

ਪਰ ਮੈਂ ਵੇਖ ਸੂਲੀ ਨੂੰ ਹੱਸਿਆ, ਖ਼ੁਸ਼ ਹੋ ਬਹੁਤ ਹਿਸਾਬੋਂ।
ਖ਼ੂੰਨੀ ਇਸ਼ਕ ਕਸਾਈ ਕੋਲੋਂ, ਛੁਟਸੀ ਜਾਨ ਅਜ਼ਾਬੋਂ।੨੪੩।

ਰੁੰਨਾ ਕਰਿ ਅਫ਼ਸੋਸ ਅਜਾਈਂ, ਮੁਇਆਂ ਘਾਟ ਨ ਘਰ ਦਾ।
ਸ਼ੀਰੀਂ ਪਾਸ ਖੜੋਵੇ ਤਾਂ ਉਹੁ, ਵੇਖੇ ਆਸ਼ਕ ਮਰਦਾ।੨੪੪।

ਦੇਉਗੁ ਰੂਹ ਦੁਆਇ ਤੁਸਾਹੀਂ, ਮੈਂ ਇਹ ਮੌਤ ਕਬੂਲੀ।
ਧੌਲਰ ਪਾਸ ਸ਼ੀਰੀਂ ਦੇ ਖੜ ਕੇ, ਚਾਇ ਚੜ੍ਹਾਓ ਸੂਲੀ'।੨੪੫।

ਜਦ ਇਹ ਲਿਆ ਜਵਾਬ ਵਜ਼ੀਰਾਂ, ਮੁੜਕੇ ਬਾਤ ਨ ਕੀਤੀ।
ਪਾਸ ਅਜ਼ੀਜ਼ ਸ਼ਹਿਨਸ਼ਾਹ ਆਖੀ, ਜਾਇ ਜਿਵੇਂ ਜਿਉਂ ਬੀਤੀ।੨੪੬।

ਸੁਣਿ ਕੇ ਹੋਸ਼ੁ ਗਈ ਸ਼ਹਿ ਆਦਲ, ਗਏ ਜ਼ਬਾਨੀ ਕਿੱਸੇ।
ਔਖਾ ਰੋਗ ਲਗਾ ਇਹ ਦਿਲ ਨੂੰ, ਦਾਰੂ ਕੋਈ ਨ ਦਿਸੇ।੨੪੭।

ਕਹਿਆ ਅਜ਼ੀਜ਼ 'ਨ ਆਖੋ ਉਸ ਨੂੰ, ਹਰਗਿਜ਼ ਸਖ਼ਤ ਜ਼ੁਬਾਨੋਂ।
ਹੈ ਇਹ ਇਸ਼ਕ ਮੁਕਰਰਾ ਸਾਦਕ, ਬਾਹਰ ਹਿਰਸ ਜਹਾਨੋਂ'।੨੪੮।

ਸਾਹਿਬ ਤਖ਼ਤ ਹਕੂਮਤ ਆਪਣੀ, ਇਕਸੇ ਮੁਲਖੁ ਚਲਾਵੇ।
ਛੁਟੇ ਆਹ ਅਜੇਹੇ ਦਿਲ ਦੀ, ਚੌਦਾਂ ਤਬਕ ਹਿਲਾਵੇ।੨੪੯।

ਹੋਰੁ ਇਲਾਜੁ ਨਹੀਂ ਕਛੁ ਉਸ ਦਾ, ਅੰਦਰ ਏਸ ਜ਼ਮਾਨੇ।
ਬਾਹਰ ਸ਼ਹਿਰ ਕੋਈ ਕਛੁ ਹਰਗਿਜ਼, ਕਹੋ ਨ ਓਸ ਦੀਵਾਨੇ।੨੫੦।

ਦੁਨੀਆਂ ਖ਼ਾਬ ਮੁਸਾਫ਼ਰਖ਼ਾਨਾ, ਕਿਚਰਕੁ ਹੁਕਮ ਚਲਾਈਏ।
ਕਿਉਂ ਇਹ ਖ਼ਲਕ ਪੈਦਾਇਸ਼ ਰੱਬ ਦੀ, ਕਰਿਕੇ ਜ਼ੁਲਮ ਦੁਖਾਈਏ।੨੫੧।

ਜ਼ਾਲਮ ਜ਼ੁਲਮ ਕਰੇਂਦਾ ਦੋ ਦਿਨ, ਖ਼ਲਕ ਖ਼ੁਦਾਈ ਲੁਟਦਾ।
ਮਾਲਕ ਏਸ ਮੁਲਕ ਨ ਵੇਖੇ, ਬਦਲਾ ਕਿਵੇਂ ਨ ਛੁਟਦਾ'।੨੫੨।

ਕਹਿਆ ਅਜ਼ੀਜ਼ ਅੰਬੀਰਾਂ ਤਾਈਂ, ਏਹੋ ਸੁਖ਼ਨ ਜ਼ਬਾਨੋਂ।
ਕਿਸ ਨੇ ਨਾਲਿ ਖੜੀ ਇਹ ਦੁਨੀਆਂ, ਚਲਦੀ ਵਾਰ ਜਹਾਨੋਂ।੨੫੩।

ਹਾਸ਼ਮੁ ਸ਼ੌਂਕ ਸ਼ੀਰੀਂ ਵਿਚ ਉਸ ਦਾ, ਕਹੁ ਕਛੁ ਹੈਸੀ ਜ਼ਰਰਾ।
ਦਿਲ ਨੂੰ ਰਾਹ ਦਿਲਾਂ ਵਿਚ ਆਖਣ, ਕਾਮਲ ਲੋਕ ਮੁਕਰਰਾ।੨੫੪।
ਅਥ ਸ਼ੀਰੀਂ ਕੀ ਬਾਰਤਾ-

ਸ਼ੀਰੀਂ ਗਿਰਦ ਹਜ਼ਾਰਾਂ ਆਹੀਆਂ, ਖਿਜ਼ਮਤਦਾਰ ਕਨੀਜ਼ਾਂ।
ਇਕ ਦੋ ਵਿਚ ਉਨ੍ਹਾਂ ਦੇ ਹੈਸਨ, ਮਹਰਮੁ ਰਾਜ਼ ਅਜ਼ੀਜ਼ਾਂ।੨੫੫।

ਖਿਜਮਤ ਹੋਰੁ ਉਨ੍ਹਾਂ ਦੇ ਤਾਈਂ, ਜ਼ਰਾ ਨ ਆਹੀ ਕਾਈ।
ਉਪਰ ਸੀਸ ਮਹੱਲ ਚੁਫ਼ੇਰੇ, ਰੱਖਣ ਨਜ਼ਰ ਦੁੜਾਈ।੨੫੬।

ਹਰ ਹਰ ਗਲੀ ਮਹੱਲੇ ਕੂਚੇ, ਰੱਖਣ ਨਜ਼ਰ ਮਹੱਲੋਂ।
ਵੇਖਣ ਜੋ ਫ਼ਰਹਾਦ ਦਿਵਾਨਾ, ਨਜ਼ਰ ਪਵੇ ਕਿਸਿ ਵਲੋਂ।੨੫੭।

ਸੀ ਫ਼ਰਹਾਦ ਤਰੀਕ ਹਮੇਸ਼ਾ, ਸ਼ਹਿਰ ਬਜ਼ਾਰੋਂ ਫਿਰਦੇ।
ਦੋ ਦਸ ਵਾਰ ਮੁਕਰਰਾ ਆਵੇ, ਮਹਿਲ ਸ਼ੀਰੀਂ ਦੇ ਗਿਰਦੇ।੨੫੮।

ਜਾਂ ਉਹ ਨਜ਼ਰ ਗੁਲਾਮਾਂ ਪੌਂਦਾ, ਫਿਰਦਾ ਜਿਗਰ ਕਬਾਬੀ।
ਓਸੇ ਵਖਤ ਸ਼ੀਰੀਂ ਸ਼ਹਿਜ਼ਾਦੀ , ਦੇਵਣ ਖਬਰ ਸ਼ਿਤਾਬੀ।੨੫੯।

ਜਾਂ ਫ਼ਰਹਾਦ ਸ਼ੀਰੀਂ ਨੂੰ ਦਿਸਦਾ, ਉਠਦਾ ਦਾਹੁ ਕਲੇਜੇ।
ਰੋਂਦੀ ਵੇਖ ਹਵਾਲ ਸੱਜਣ ਦਾ, ਚੈਨ ਨ ਆਉਸੁ ਸੇਜੇ।੨੬੦।

ਜਾਂ ਮਿਲਿ ਨਾਲ ਸਹੀਆਂ ਦੇ ਬਹਿੰਦੀ, ਨਾਲ ਅਕਲ ਦੇ ਜ਼ੋਰੇ।
ਹਿਕਮਤਿ ਨਾਲ ਬਿਗਾਨੇ ਮੂੰਹੋਂ, ਬਾਤ ਸੱਜਣ ਦੀ ਤੋਰੇ।੨੬੧।

ਜਾਂ ਫ਼ਰਹਾਦ ਵਲੋਂ ਗੱਲ ਤੁਰਦੀ, ਵਿਚ ਹੁਸਨ ਦੇ ਡੇਰੇ।
ਆਪੋ ਧਾਪ ਅਵਾਇਲ ਉਮਰੇ, ਹਸਿ ਹਸਿ ਕਰਨ ਵਧੇਰੇ।੨੬੨।

ਲਾਉਨੁ ਸਾਂਗ ਬਣੇ ਇਕ ਸ਼ੀਰੀਂ, ਇਕ ਫ਼ਰਹਾਦ ਬਣਾਉਣ।
ਗਲ ਵਿਚ ਵਾਲ ਦਿਵਾਨੀ ਸੂਰਤ, ਅੰਗ ਬਿਭੂਤ ਲਗਾਉਣ।੨੬੩।

ਦੇਵਣ ਫੇਰ ਨਸੀਹਤ ਉਸ ਨੂੰ, ਗਿਰਦ-ਬਗਿਰਦੀ ਬਹਿਕੇ।
'ਤੁਧ ਕਿਉਂ ਮੌਤ ਵਿਹਾਝੀ ਆਪਣੀ, ਭੇਤੁ ਜ਼ੁਬਾਨੋਂ ਕਹਿਕੇ।੨੬੪।

ਅੱਵਲ ਹੋਸ਼ੁ ਕਰੇ ਸਭ ਕੋਈ, ਅਪਣਾ ਕਦਰ ਪਛਾਣੇ।
ਅੱਖੀਂ ਮੀਟ ਅਨ੍ਹੇਰਾ ਕੀਤੋ, ਖਾਧੀ ਜ਼ਹਿਰ ਧਿਙਾਣੇ।੨੬੫।

ਕੌਣ ਮਜੂਬ ਅਨਾਥ ਵਿਚਾਰਾ, ਗਿਣਤੀ ਕਿਸੇ ਨ ਲੇਖੇ।
ਰੱਖੀ ਨਜ਼ਰ ਉਥਾਈਏਂ ਜਿਸਨੂੰ, ਸੂਰਜ ਚੰਦ ਨ ਦੇਖੇ'।੨੬੬।

ਜਾਂ ਇਹ ਸੁਖ਼ਨ ਸੁਣੇ ਤਦ ਸ਼ੀਰੀਂ, ਕਰਕ ਕਲੇਜੇ ਕਰਕੇ।
ਗ਼ੈਰਤ ਨਾਲ ਸਹੀਆਂ ਨੂੰ ਕਹਿੰਦੀ, ਸਖ਼ਤ ਤਬੀਅਤ ਕਰਕੇ।੨੬੭।

'ਇਹ ਗੱਲ ਕਹੋ ਨ ਹਰਗਿਜ਼ ਉਸ ਨੂੰ, ਆਜਿਜ਼ ਨੀਚ ਕਮੀਨਾ।
ਹੈ ਉਹ ਦੀਨ ਦੁਨੀ ਵਿਚ ਮੇਰਾ, ਕਾਬਾ ਮੁਲਕ ਮਦੀਨਾ'।੨੬੮।

ਹਰਦਮ ਕੋਲ ਜਿਨ੍ਹਾਂ ਦੇ ਵਜਦਾ ਫ਼ਾਨੀ ਕੂਚ ਨਗਾਰਾ।
ਘੱਤਣ ਖੂਹ ਜਹਾਨੀਂ ਝੂਠਾ, ਸ਼ੌਕਤ ਸ਼ਾਨ ਨਿਕਾਰਾ।੨੬੯।

ਖ਼ਾਬ ਖ਼ਿਆਲ ਹਕੂਮਤਿ ਸਾਡੀ, ਜਿਤਨਾ ਸ਼ੋਰ ਸੁਣੀਂਦਾ।
ਉਸਦਾ ਨਾਮ ਹਮੇਸ਼ਾ ਕਾਯਮ, ਜਬ ਲਗ ਤਖਤ ਜ਼ਿਮੀਂ ਦਾ।੨੭੦।

ਲਿਖਿਆ ਵਿਚ ਕਿਤਾਬ ਇਸ਼ਕ ਦੀ, ਮਜ਼ਹਬ ਸਾਫ ਦਿਲਾਂ ਦੇ।
ਖੇਲਣੁ ਇਸ਼ਕ ਹਰਾਮ ਤਿਨ੍ਹਾਂ ਨੂੰ, ਮੈਂ ਤੂੰ ਵਿਚ ਜਿਨ੍ਹਾਂ ਦੇ।੨੭੧।

ਮਿਲਿਆ ਯਾਰ ਮੁਰੱਬੀ ਜਿਸਨੂੰ, ਗਏ ਦੁਰੰਗੀ ਕਿੱਸੇ।
ਸ਼ਾਹੁ ਗਦਾਉ ਨਜੀਬ ਕਮੀਨਾ, ਕੋਈ ਨ ਉਸ ਨੂੰ ਦਿਸੇ।੨੭੨।

ਏਹੋ ਰੋਜ਼ ਸਹੀਆਂ ਨੂੰ ਸ਼ੀਰੀਂ, ਕਰਕੇ ਸੁਖ਼ਨ ਸੁਣਾਵੇ।
ਗੋਇਆ ਕਰੇ ਹਿਦਾਇਤ, ਬਣਕੇ ਰਹਿਬਰੁ ਰਾਹੁ ਸਿਖਾਵੇ।੨੭੩।

ਆਹਾ ਸ਼ੁਗਲ ਏਹੋ ਦਿਨ ਰਾਤੀ, ਨਰਦ ਇਸ਼ਕ ਦੀ ਖੇਲੇ।
ਗਿਣਦੀ ਚਾਲ ਮਿਲਣ ਦੀ ਕਾਈ, ਜੇ ਰੱਬ ਉਸ ਨੂੰ ਮੇਲੇ।੨੭੪।

ਵਸਦੀ ਸੀਸ-ਮਹੱਲੀਂ ਆਹੀ, ਹਾਰ ਸ਼ਿੰਗਾਰ ਚੁਫ਼ੇਰੇ।
ਪਰ ਉਹ ਸੋਜ਼ ਦੀਵਾਨੇ ਕੋਲੋਂ, ਰਖਦੀ ਜ਼ਰਾ ਵਧੇਰੇ।੨੭੫।

ਮੁੱਦਤ ਰਹਯਾ ਤਰੀਕਾ ਏਹੋ, ਖੇਡ ਇਸ਼ਕ ਦੀ ਤਾਜ਼ੀ।
ਦਿਲ ਦਾ ਖ਼ੂਨ ਖੁਰਾਕ ਦੁਹਾਂ ਦੀ, ਬਣੀ ਸਿਰੇ ਸਿਰ ਬਾਜ਼ੀ।੨੭੬।

ਪਰੁ ਏਹੁ ਲੋਕ ਜਹਾਨੀ ਹਾਸ਼ਮ, ਕਿਵੇਂ ਨ ਖ਼ਯਾਲ ਛਡੇਂਦੇ।
ਮਾਰਨ ਮਾਰ ਸੁਟਣ ਮੁੜਿ ਵੇਖਣ, ਮੁਇਆਂ ਫੇਰਿ ਮਰੇਂਦੇ।੨੭੭।

ਰਲਿ ਕੇ ਫੇਰ ਬਖ਼ੀਲਾਂ ਕਹਿਆ ਬਾਪ ਸ਼ੀਰੀਂ ਦੇ ਤਾਈਂ-
'ਕੀਤਾ ਬਹੁਤ ਖਰਾਬ ਦੀਵਾਨੇ, ਖ਼ਿਆਲ ਛੁਡੇਂਦਾ ਨਾਹੀਂ।੨੭੮।

ਹੋਇਆ ਬਲਕਿ ਮਲੂਮ ਅਸਾਨੂੰ, ਏਨ ਫ਼ਸਾਦ ਵਧਾਇਆ।
ਇਸਦੇ ਇਸ਼ਕ ਜ਼ਨਾਨੀ ਮਹਲੀਂ, ਸ਼ੋਰ ਖਰੂਦ ਮਚਾਇਆ।੨੭੯।

ਸ਼ੀਰੀਂ ਆਪ ਝਰੋਖੇ ਦੇ ਵਿਚ, ਰਹੇ ਇਸੇ ਵਲ ਤੱਕਦੀ।
ਕਰੇ ਕਲਾਮ ਹਮੇਸ਼ਾਂ ਇਸਦੀ, ਕਰਦੀ ਕਦੇ ਨ ਥਕਦੀ'।੨੮੦।

ਸ਼ਾਹਦ ਹੋਰ ਉਠੇ ਦਸ ਪਾਸੋਂ, ਏਹੋ ਸੁਖ਼ਨ ਪਕਾਇਆ।
ਕਰਿਕੇ ਬਹੁਤ ਬਖ਼ੀਲੀ ਚੁਗਲੀ, ਫੇਰ ਅਜ਼ੀਜ਼ ਤਪਾਇਆ ੨੮੧।

ਤਪਿਆ ਬਹੁਤ ਅਜ਼ੀਜ਼ ਸ਼ਿਤਾਬੀ, ਫੇਰ ਵਜ਼ੀਰ ਬੁਲਾਏ।
ਦਾਨਸ਼ਵੰਦ ਹੋਏ ਸਭ ਹਾਜ਼ਰ, ਪਾਸੋ ਪਾਸ ਬਹਾਏ।੨੮੨।

ਕਹਿਆ ਅਜ਼ੀਜ਼ ਕਰੋ ਕੁਛੁ ਹੀਲਾ, ਰਲਿਕੇ ਤੁਸੀਂ ਸਿਆਣੇ।
ਕੀਤਾ ਬਹੁਤ ਖ਼ਰਾਬ ਦਿਵਾਨੇ, ਖਪਤੀ ਏਸ ਨਿਮਾਣੇ।੨੮੩।

ਸਖ਼ਤੀ ਕਰੋ ਨ ਹਰਗਿਜ਼ ਕੋਈ, ਖ਼ੂਨ ਨ ਗਰਦਨ ਆਵੇ।
ਸ਼ਹਿਰੋਂ ਕਿਵੇਂ ਨਿਕਾਲੋ ਉਸਨੂੰ, ਉਠਿ ਕਿਤੇ ਵਲ ਜਾਵੇ।੨੮੪।

ਕੀਤੀ ਅਰਜ਼ ਵਜ਼ੀਰਾਂ ਸੁਣ ਕੇ, ਕਹਿਆ ਸ਼ਹਿਨਸ਼ਾਹ ਤਾਈਂ।
ਕਿਸ ਬਿਧਿ ਸ਼ਹਿਰ ਛੁਡਾਈਏ ਉਸ ਥੋਂ, ਕਿਵੇਂ ਛੁਡੇਂਦਾ ਨਾਹੀਂ।੨੮੫।

ਗ਼ੈਰਤ ਨਾਲ ਜੇ ਇਸ ਦੇ ਤਾਈਂ, ਜਾਨੋਂ ਮਾਰ ਗਵਾਈਏ।
ਸ਼ੁਹਰਤ ਮੁਲਖ ਵਧੇਰੇ ਹੋਸੀ, ਗਰਦਨ ਖ਼ੂਨ ਲਿਖਾਈਏ।੨੮੬।

ਦੌਲਤ ਖ਼ਾਕ ਬਰਾਬਰ ਜਾਣੇ, ਮਰਣੁ ਨ ਜਾਣੇ ਕੇਹਾ।
ਸੁਣਿਆਂ ਕਦੇ ਨ ਡਿਠਾ ਕੋਈ, ਆਦਮੁ ਹੋਰ ਇਜੇਹਾ।੨੮੭।

ਸ਼ੀਰੀਂ ਬਾਝ ਬਿਜ਼ਾਰ ਫਿਰੇਂਦਾ, ਖ਼ਲਕੋਂ ਖ਼ਲਕ ਖ਼ੁਦਾਓਂ।
ਜਿਸ ਦਿਨ ਰਹਿਗੁ ਹਯਾਉ ਤਿਸੇ ਦਿਨ, ਜਾਪਗੁ ਏਸ ਬਲਾਓਂ।੨੮੮।

ਕਹੀ ਕਲਾਮ ਨ ਸੁਣਦਾ ਹਰਗਿਜ਼, ਕਰੇ ਨ ਆਪੁ ਜ਼ਬਾਨੋਂ।
ਕਿਥੋਂ ਏਨ ਅਸਾਨੂੰ ਆਫ਼ਤ, ਲੱਧਾ ਢੂੰਢ ਜਹਾਨੋਂ।੨੮੯।

ਫੇਰ ਅਜ਼ੀਜ਼ ਕਹਿਆ ਕਰ ਗ਼ੈਰਤ, ਡੁਬੀ ਅਕਲ ਤੁਸਾਡੀ।
ਭਲਕੇ ਖ਼ਾਕ ਕਹਾਓਂ ਆਕਲ, ਕਰੋਂ ਵਿਜ਼ਾਰਤੁ ਸਾਡੀ।੨੯੦।

ਡੁਬਾ ਤਖ਼ਤ ਤਸੱਲਤੁ ਸਾਡਾ, ਨਾਲੇ ਸ਼ਾਹ ਅਜੇਹੇ।
ਦਾਨਸ਼ਮੰਦ ਵਜ਼ੀਰ ਜਿਨ੍ਹਾਂ ਦੇ, ਬਣੇ ਤੁਸਾਡੇ ਜੇਹੇ।੨੯੧।

ਡਿੱਠਾ ਬਹੁਤ ਵਜ਼ੀਰਾਂ ਤਪਿਆ, ਵਾਲੀ ਸ਼ਾਮ ਸ਼ਹਿਰ ਦਾ।
ਉਠੇ ਕੰਬ ਪਇਆ ਦਿਲ ਖ਼ਤਰਾ, ਬਣਿਆ ਰੋਜ਼ ਹਸ਼ਰ ਦਾ।੨੯੨।

ਕਹਿਆ ਅਜ਼ੀਜ਼ ਸ਼ਹਿਨਸ਼ਾਹ ਤਾਈਂ, ਫੇਰ ਵਜ਼ੀਰਾਂ ਰਲ ਕੇ।
ਕਰਕੇ ਕੋਈ ਦਲੀਲ ਅਕਲ ਦੀ, ਅਰਜ਼ ਕਰੇਸਾਂ ਭਲਕੇ।੨੯੩।

ਰੁਖਸਤੁ ਲਈ ਗਏ ਇਕ ਗੋਸ਼ੇ, ਪਏ ਦਲੀਲੀਂ ਸਾਰੇ।
ਖਾਵਣ ਪੀਣ ਗਇਆ ਸੁਖ ਸੋਵਣ, ਫੜੇ ਅਜ਼ਾਬ ਵਿਚਾਰੇ।੨੯੪।

ਆਪੋ ਆਪ ਵਿਚਾਰਨ ਖੋਜਣ, ਢੂੰਢਣ ਢੂੰਡ ਸਵਾਈ।
ਢਾਹੁਣ ਹੋਰ ਸਲਾਹ ਉਸਾਰਨ, ਸਾਬਤ ਪਵੇ ਨ ਕਾਈ।੨੯੫।

ਸੀ ਇਕ ਵਿਚ ਵਜ਼ੀਰ ਉਨ੍ਹਾਂ ਦੇ, ਸਭ ਥੋਂ ਵਡਾ ਸਿਆਣਾ।
ਡਿਠੇ ਕਈ ਜ਼ਮਾਨੇ ਵਰਤੇ, ਪਾਪੀ ਵਡਾ ਪੁਰਾਣਾ।੨੯੬।

ਹੁੱਜਤ ਓਨ ਉਠਾਈ ਗਿਣਕੇ, ਬੁਰਾ ਕਮਾਉਣ ਵਾਲੇ।
ਕਹਿਆ ਅੰਬੀਰ ਵਜ਼ੀਰਾਂ ਤਾਈਂ, ਸੱਦ ਨਜ਼ੀਕ ਬਹਾਲੇ।੨੯੭।

ਅੱਵਲਿ ਨਾਲ ਉਨ੍ਹਾਂ ਦੇ ਕੀਤੀ, ਸਖ਼ਤ ਜ਼ੁਬਾਨ ਨਸੀਹਤ।
ਬਣੇ ਵਜ਼ੀਰ ਤੁਸਾਡੇ ਜੇਹੇ, ਲੜਕੇ ਖ਼ਾਮ-ਤਬੀਅਤ।੨੯੮।

ਹੋਸ਼ੁ ਦਲੀਲ ਵਜ਼ੀਰਤ ਲਾਇਕ, ਜ਼ਰਾ ਤੁਸਾਂ ਵਿਚ ਨਾਹੀਂ।
ਮੈਨੂੰ ਏਹੋ ਹੌਲ ਤੁਸਾਡਾ, ਮਰਸੋਂ ਕਿਤੇ ਅਜਾਈਂ।੨੯੯।

ਕਰਕੇ ਹੋਰ ਮਲ੍ਹਾਮਤ ਗੁੱਸਾ, ਮਗਰੋਂ ਕਹਿਆ ਉਨ੍ਹਾਂ ਨੂੰ।
ਕਰੋ ਇਲਾਜ ਦਿਵਾਨੇ ਵਾਲਾ, ਜੋ ਕੁਛ ਕਹਾਂ ਤੁਸਾਨੂੰ।੩੦੦।

ਪਾਸ ਅਜ਼ੀਜ਼ ਸ਼ਹਿਨਸ਼ਾਹ ਰਲ ਕੇ, ਉਠ ਸਵੇਰੇ ਜਾਈਏ।
ਓਥੇ ਉਹੁ ਦੀਵਾਨਾ ਵਹਿਸ਼ੀ, ਪਕੜਿ ਹਜੂਰ ਮੰਗਾਈਏ।੩੦੧।

ਕਹੀਏ ਓਸ ਫ਼ਸਾਦੀ ਤਾਈਂ, ਸੁਕਦਾ ਬਾਗ਼ ਸ਼ੀਰੀਂ ਦਾ।
ਹੈ ਉਹੁ ਗਰਮੁ ਕਰੇਂਦਾ ਗਰਮੀ, ਤਖ਼ਤਾ ਸ਼ੋਰ ਜ਼ਿਮੀਂ ਦਾ।੩੦੨।

ਖੂਹੇ ਚਰਸ ਰਹੇ ਕਰ ਹੀਲੇ, ਕਿਵੇਂ ਨ ਥੀਵੇ ਹਰਿਆ।
ਤਾਂ ਉਹ ਫੜੇ ਸ਼ਗੂਫਾ ਸ਼ਬਜ਼ੀ, ਰਹੇ ਹਮੇਸ਼ਾ ਹਰਿਆ।੩੦੩।

ਨੇੜੇ ਪਾਸ ਪਰੇਡੇ ਉਸ ਦੇ, ਨਦੀ ਹਮੇਸ਼ਾ ਜਾਰੀ।
ਉਸ ਦੀ ਆਬ ਦ੍ਰਖ਼ਤਾਂ ਤਾਈਂ, ਖਰੀ ਨਿਹਾਇਤ ਕਾਰੀ।੩੦੪।

ਬਾਗੋਂ ਹੋਗੁ ਨਦੀ ਕੋਹ ਦੋ ਇਕ, ਬੂਟਾ ਝਾੜ ਉਜਾੜੀ।
ਕੋਹਕੁ ਨਰਮ ਜ਼ਿਮੀਨ ਵਰਾਨੀ, ਕੋਹਕੁ ਸਖ਼ਤ ਪਹਾੜੀ।੩੦੫।

ਜੇ ਤੂੰ ਨਹਰ ਕਦੀ ਉਸ ਨਦੀਓਂ, ਚੀਰ ਪਹਾੜ ਲਿਆਵੇਂ।
ਜਾਪੇ ਇਸ਼ਕ ਤਿਸੇ ਦਿਨ ਕਾਮਲ, ਆਣ ਅਨਾਇਤ ਪਾਵੇਂ।੩੦੬।

ਜਿਉਂ ਕਰ ਹੋਰ ਗ਼ੁਲਾਮ ਸ਼ੀਰੀਂ ਦੇ, ਮੁਢ ਕਦੀਮੀਂ ਖ਼ਾਸੇ।
ਦਿਤੀ ਫੇਰ ਇਜਾਜ਼ਤ ਤੈਨੂੰ, ਰਹੀਂ ਹਮੇਸ਼ਾ ਪਾਸੇ।੩੦੭।

ਜਾਂ ਇਹ ਬਾਤ ਦਿਵਾਨੇ ਕਹਿਸਾਂ, ਕਹਿਆ ਵਜ਼ੀਰ ਪੁਰਾਣੇ।
ਕਰਨੋਂ ਕਦੇ ਨ ਰਹਿਸੀ ਖਪਤੀ, ਸਮਝੋ ਤੁਸੀਂ ਸਿਆਣੇ।੩੦੮।

ਐਵੇਂ ਮਾਣ ਨਹੀਂ ਉਹ ਆਫ਼ਤ, ਬਿਨਾ ਉਮੈਦੋਂ ਆਸੋਂ।
ਲਾਉਗੁ ਜ਼ੋਰ ਅਜੇਹੀ ਸੁਣ ਕੇ, ਗੱਲ ਅਸਾਡੇ ਪਾਸੋਂ।੩੦੯।

ਹਿਕਮਤਿ ਨਾਲ ਨਿਕਾਲੋ ਸ਼ਹਿਰੋਂ, ਡਾਲੋ ਵਿਚ ਪਹਾੜੀ।
ਚੀਤੇ ਸ਼ੇਰ ਹਜ਼ਾਰਾਂ ਵਸਦੇ, ਗਹਿਰ ਗੰਭੀਰ ਉਜਾੜੀਂ।੩੧੦।

ਭੁੱਖਾ ਰਹਿਸੁ ਮਰੇਸੀ ਪਾਲੇ, ਹੋਰ ਬਲਾਈਂ ਜੂਹੀਂ।
ਰਾਕਸ਼ ਭੂਤ ਚੁੜੇਲਾਂ ਪਰਬਤ, ਭਰਿਆ ਸੱਪ ਅਠੂਹੀਂ।੩੧੧।

ਸ਼ਰਮ ਹਯਾਉ ਗਵਾਯਾ ਜਗ ਵਿਚ, ਆਫ਼ਤ ਏਨ ਅਸਾਡਾ।
ਮੁੜ ਕੇ ਵਾਜ ਕਲਾਮ ਨ ਸੁਣਸਾਂ, ਮਗਰੋਂ ਲਹੁਗੁ ਤਗਾਦਾ।੩੧੨।

ਜਾਂ ਇਹੁ ਸੁਣੀ ਅੰਬੀਰ ਵਜ਼ੀਰਾਂ, ਹਿਕਮਤਿ ਓਸ ਬਜ਼ੁਰਗੋਂ।
ਹੋਏ ਸ਼ਾਦ ਏਹਾ ਗੱਲ ਮੁੜਿ ਮੁੜਿ, ਸੁਣਨ ਪੁਰਾਣੇ ਗ਼ੁਰਗ਼ੋਂ।੩੧੩।

ਨਿਉਂ ਨਿਉਂ ਕਰਨ ਸਲਾਮਾਂ ਉਸ ਨੂੰ, ਚੁੰਮਣ ਪੈਰ ਚੁਫ਼ੇਰੇ।
ਐਸੀ ਅਕਲ ਵਜ਼ੀਰਾਂ ਵਾਲੀ, ਕੌਣ ਗਿਣੇ ਬਿਨ ਤੇਰੇ।੩੧੪

ਕੀਤੀ ਬਾਤ ਪਸਿੰਦੁ ਨਿਹਾਇਤ, ਸ਼ਾਦ ਹੋਇ ਸੁਣ ਸਾਰੇ।
ਚੱਲੋ ਜਾਇ ਅਜ਼ੀਜ਼ ਸੁਣਾਈਏ, ਓਸੇ ਵਖ਼ਤ ਸਿਧਾਰੇ।੩੧੫।

ਕੀਤੀ ਅਰਜ਼ ਅੰਬੀਰ ਵਜ਼ੀਰਾਂ, ਜਾਇ ਹਜ਼ੂਰ ਖੜੋਤੇ।
ਸੁਣ ਕੇ ਸ਼ਾਹ ਹੋਇਆ ਖ਼ੁਸ਼ ਦਿਲ ਵਿਚ, ਮੋਤੀ ਸੁਖ਼ਨ ਪਰੋਤੇ।੩੧੬।

ਕਹਿਆ ਅਜ਼ੀਜ਼ ਵਜ਼ੀਰਾਂ ਤਾਈਂ, ਇਹ ਗੱਲ ਖ਼ੂਬ ਵਿਚਾਰੀ।
ਆਖੋ ਓਸ ਦਿਵਾਨੇ ਤਾਈਂ, ਗੋਸ਼ੇ ਇਕਸ ਨਿਆਰੀ।੩੧੭।

ਭੇਜੇ ਨਫ਼ਰ ਗ਼ੁਲਾਮ ਵਜ਼ੀਰਾਂ, ਪਾਸ ਦਿਵਾਨੇ ਜਾਓ।
ਬਾਹਰ ਸ਼ਹਿਰ ਮਹੱਲਾ ਕੂਚਾ, ਢੂੰਡ ਸ਼ਿਤਾਬ ਲਿਆਓ।੩੧੮।

ਜਾਂ ਮੁੜ ਰਾਤ ਗ਼ੁਲਾਮਾਂ ਆਈ, ਫਿਰਦਿਆਂ ਵਿਚ ਸ਼ਹਿਰ ਦੇ।
ਲੱਧਾ ਇਕਸੁ ਕਿਨਾਰੇ ਬੈਠਾ, ਪਾਸ ਫਲੂਦਾਗਰ ਦੇ।੩੧੯।

ਆਹਾ ਖ਼ੂਬ ਫਲੂਦਾ ਉਸ ਦਾ, ਲਾਇਕ ਸਿਫ਼ਤ ਅੰਬੀਰੀ।
ਹੋਕਾ ਨਾਲ ਅਵਾਜ਼ਾਂ ਦੇਂਦਾ, "ਲਓ ਫਲੂਦਾ ਸ਼ੀਰੀਂ'।੩੨੦।

ਖਾਤਰ ਏਸ ਦਿਵਾਨਾ ਡਿਗਿਆ, ਓਸ ਦੁਕਾਨ ਚਰੋਕਾ।
ਲਗਦਾ ਉਸ ਨੂੰ ਬਹੁਤ ਪਿਆਰਾ, ਸੁਣੇ ਉਸੇ ਦਾ ਹੋਕਾ।੩੨੧।

ਆਂਦਾ ਪਕੜ ਗ਼ੁਲਾਮਾਂ ਓਥੋਂ, ਆਜ਼ਿਜ਼ ਸਾਥ ਸਥੋਈ।
ਤੁਰਿਆ ਉਠ ਚੁਪਾਇਆਂ ਵਾਂਗੂੰ, ਸੁਖ਼ਨ ਨ ਕੀਤਾ ਕੋਈ।੩੨੨।

ਖੜਿਆ ਪਾਸ ਅੰਬੀਰ ਵਜ਼ੀਰਾਂ, ਬੰਦੀਵਾਨ ਨਿਮਾਣਾ।
ਘਾਇਲ ਜਾਨ ਕਬਾਬ ਨਿਖਸਮਾ, ਆਜਿਜ਼ ਲੋਕ ਨਿਤਾਣਾ।੩੨੩।

ਕਹਿਆ ਅੰਬੀਰ ਵਜ਼ੀਰਾਂ ਉਸ ਨੂੰ, ਕਰਕੇ ਲੁਤਫ਼ ਘਨੇਰਾ।
ਸੁਣ ਤੂੰ ਯਾਰ ਦਿਵਾਨੇ ! ਸਿਰ ਪਰ, ਤੁਹਿੰ ਦੁਖ ਸਹਿਆ ਬਤੇਰਾ।੩੨੪।

ਪਿਛਲੇ ਬਖਸ਼ ਗ਼ੁਨਾਹ ਅਸਾਨੂੰ, ਅਸੀਂ ਬਿਅਦਬ ਗ਼ੁਨਾਹੀਂ।
ਕੰਬੇ ਵੇਖ ਹਵਾਲ ਤੇਰੇ ਨੂੰ, ਸਖ਼ਤ ਮਰੇਨੇਂ ਆਹੀਂ।੩੨੫।

ਹੁਣ ਇਹ ਚਾਲ ਸ਼ੁਦਾਈਆਂ ਵਾਲੀ, ਛੋਡ ਤਰੀਕ ਬਿਹੋਸ਼ੀ।
ਜ਼ਾਹਰ ਭੇਤ ਨ ਕਰ ਤੂੰ ਹਰਗਿਜ਼, ਪਕੜ ਹਯਾਉ ਖਮੋਸ਼ੀ।੩੨੬।

ਕੀਤਾ ਹੁਕਮ ਅਸਾਂ ਹੁਣ ਤੈਨੂੰ, ਸ਼ਾਹ ਇਹੋ ਫ਼ਰਮਾਇਆ।
ਰਹੁ ਖਾਂ ਪਾਸ ਸ਼ੀਰੀਂ ਦੇ ਹੁਣ ਤੂੰ, ਖਿਜਮਤਦਾਰ ਬਣਾਇਆ।੩੨੭।

ਪਰ ਉਹ ਬਾਗ਼ ਸ਼ੀਰੀਂ ਦਾ ਸੁਕਦਾ, ਉਸ ਦੀ ਵਡੀ ਖ਼ਰਾਬੀ।
ਤੈਨੂੰ ਦਰਦ ਤੂੰਹੇ ਕੁਛ ਕਰਸੇਂ, ਢੂੰਢ ਇਲਾਜ ਸ਼ਿਤਾਬੀ।੩੨੮।

ਉਸ ਨੂੰ ਨਹਿਰ ਕਿਵੇਂ ਦਰਿਆਓਂ, ਚੀਰ ਪਹਾੜ ਲਿਆਵੇਂ।
ਆਪਣਾ ਕੰਮ ਕਰੇਸੇਂ ਘਰ ਦਾ, ਜਗ ਵਿਚ ਮਰਦ ਕਹਾਵੇਂ।੩੨੯।

ਆਖਣ ਦੇਣ ਪਿਆਰ ਦਿਲਾਸਾ, ਦਿਲੋਂ ਦਲੀਲੋਂ ਖੋਟੇ।
ਧੋਹੀ ਲੋਕ ਜ਼ਬਾਨੋਂ ਉਲਫ਼ਤ, ਬੁਰੇ ਅਨੀਤੇ ਚੋਟੇ।੩੩੦।

ਅਸਲੋਂ ਜ਼ੋਰਾਵਰ ਨੂੰ ਲਗਦੇ, ਕੌਣ ਵਧੀਕ ਪਿਆਰੇ।
ਧੋਹੀ ਚੁਗਲ ਬਖ਼ੀਲ ਬਿਦਰਦੀ, ਝੂਠ ਕਮਾਵਣਹਾਰੇ।੩੩੧।

ਤੱਕਣ ਬੁਰਾ ਬਿਗ਼ਾਨਾ ਹਰਦਮ, ਖ਼ੂਨ ਪਰਾਏ ਨ੍ਹਾਉਣ।
ਬੋਲਣ ਝੂਠ ਕੁਸ਼ਾਮਦ ਕਾਰਣ, ਜ਼ੋਰਾਵਰਾਂ ਰੀਝਾਉਣ।੩੩੨।

ਹਿਰਫ਼ਤ ਦਗ਼ਾ ਬਖ਼ੀਲੀ ਜਿਸ ਵਿਚ, ਗਿਣਤੀ ਰਹੇ ਬਿਗ਼ਾਨੀ।
ਸੋਈ ਬਣੇ ਮਰਾਤਬ ਵਾਲਾ, ਕਾਬਲ ਕਾਰ ਜਹਾਨੀਂ।੩੩੩।

ਗ਼aੁਗਾ ਹਿਰਸ ਗ਼ਰੂਰਤ ਮਸਤੀ, ਦੁਨੀਆਂ ਨਾਉਂ ਇਸੇ ਦਾ।
ਅੱਖੀਂ ਨੱਕ ਨਹੀਂ ਕਛੁ ਹੋਰੂੰ, ਬਣਿਆ ਜਿਸਮ ਕਿਸੇ ਦਾ।੩੩੪ ਹਿਰ।

ਭੁੱਲਾ ਆਪਣਾ ਆਪ ਜਿਨ੍ਹਾਂ ਥੋਂ, ਹੋਸ਼ ਹੋਈ ਗੁੰਮ ਸਾਰੀ।
ਕੀਕੁਰ ਹੋਣ ਜਹਾਨੀਂ ਕਾਬਲ, ਬਣਨ ਮਰਾਤਬ ਭਾਰੀ।੩੩੫।

ਜਾਂ ਫ਼ਰਹਾਦ ਵਜ਼ੀਰਾਂ ਕੋਲੋਂ, ਸੁਣੀ ਹਕਾਇਤ ਸਾਰੀ।
ਲਗੀ ਚਮਕ ਪਤੰਗ ਵਧੇਰੇ, ਕੀਤੀ ਮਉਤ ਤਿਆਰੀ।੩੩੬।

ਭੀ ਫ਼ਰਹਾਦ ਨਿਮਾਣਾ ਹੋ ਕੇ, ਕਹਿਆ ਵਜ਼ੀਰਾਂ ਤਾਈਂ।
'ਸਖਤ ਪਹਾੜ ਕਟੇਸਾਂ ਕੀਕੁਰ, ਪਾਸ ਮੇਰੇ ਕਛੁ ਨਾਹੀਂ'।੩੩੭।

ਤੇਸਾ ਮੁੱਲ ਖ਼ਰੀਦ ਬਜ਼ਾਰੋਂ, ਓਸੇ ਵਖਤ ਮੰਗਾਇਆ।
ਰਲ ਕੇ ਉਨ੍ਹਾਂ ਬਿਦਰਦਾਂ, ਦਸਤੋ ਦਸਤਿ ਗ਼੍ਰੀਬ ਫੜਾਇਆ।੩੩੮।

ਬੱਧੀ ਕਮਰ ਲਇਆ ਹਥ ਤੇਸਾ, ਗਇਆ ਪਹਾੜ ਕਿਨਾਰੇ।
ਕੀਤਾ ਸ਼ੁਕਰ ਅੰਬੀਰ ਵਜ਼ੀਰਾਂ, ਖ਼ੁਸ਼ੀ ਹੋਏ ਸੁਣ ਸਾਰੇ।੩੩੯।

ਬੇੜੀ ਬਾਝ ਕੁਪੱਤਣ ਵੜਿਆ, ਮਨਤਾਰੂ ਬਿਨੁ ਸਾਥੀ।
ਕੀੜੀ ਨਾਲ ਪਹਾੜ ਭਿੜਾਏ, ਬ੍ਰਿਹੁੰ ਕਸਾਈ ਹਾਥੀ।੩੪੦।

ਡਿਠਾ ਗਿਰਦ ਚੁਫ਼ੇਰੇ ਫਿਰ ਕੇ, ਕੋਹ ਦਿਵਾਨੇ ਸਾਰਾ।
ਖਾਰਾ ਸੈਲ ਸਿਆਹ ਚੁਤਰਫ਼ੋਂ, ਸਖ਼ਤ ਨਿਹਾਯਤ ਭਾਰਾ।੩੪੧।

ਪਰਬਤ ਵੇਖ ਰਿਹਾ ਫਿਰ ਘਿਰ ਕੇ, ਨਰਮ ਕਿਤੇ ਵਲ ਆਵੇ।
ਉਡਣ ਅੱਗ ਅਵਾੜੇ ਸਿਰ ਤੋਂ, ਤੇਸਾ ਜ਼ਰਾ ਛੁਹਾਵੇ।੩੪੨।

ਸੁਟੇ ਸਾੜ ਪਹਾੜੀਂ ਆਤਸ਼, ਉਠੇ ਸ਼ੋਖ ਪਲੀਤਾ।
ਤਾਂ ਫ਼ਰਹਾਦ ਪਛਾਤਾ ਦਿਲ ਵਿਚ, ਦਗ਼ਾ ਵਜ਼ੀਰਾਂ ਕੀਤਾ।੩੪੩।

ਉਹ ਫ਼ਰਹਾਦ ਅਲਾਮਾ ਆਹਾ, ਜਿਸ ਵਿਚ ਅਕਲ ਖਜ਼ਾਨਾ।
ਕੀਕੁਰ ਦਗ਼ਾ ਪਛਾਣੇ ਨਾਹੀਂ, ਜੇ ਸੌ ਭਇਆ ਦਿਵਾਨਾ।੩੪੪।

ਆਸ਼ਕ ਹੋਣ ਮਜੂਬ ਨ ਐਸੇ, ਜੇ ਕਰ ਹੋਣ ਦਿਵਾਨੇ।
ਦੂਣੀ ਅਕਲ ਜਹਾਨੋਂ ਹੋਵੇ, ਪਰ ਉਹੁ ਕੈਦ ਬਿਗ਼ਾਨੇ।੩੪੫।

ਹੈ ਇਹ ਇਸ਼ਕ ਜ਼ਿਆਦਾ ਅਕਲੋਂ, ਘਾਇਲ ਅਕਲ ਬਣਾਵੇ।
ਝੋਕਾਂ ਯਾਰ ਵਸੇਰਾ ਆਜਿਜ਼, ਸ਼ੌਕੀ ਇਸ਼ਕ ਕਮਾਵੇ।੩੪੬।

ਆਸ਼ਕ ਕੋਟ ਅਕਲ ਦੇ ਹੋਵਣ, ਪਰ ਉਹ ਅਕਲ ਕਿਵੇਹੀ।
ਤਪਕੇ ਨਾਲ ਇਸ਼ਕ ਦੀ ਆਤਸ਼, ਬਣੇ ਜਲਾਵੇ ਦੇਹੀ।੩੪੭।

ਜਿਉਂ ਜਿਉਂ ਆਣ ਬਣਨ ਦੁਖ ਡਾਢੇ, ਸ਼ੁਹਰਤੁ ਵਧੇ ਜਹਾਨੀਂ।
ਤਿਉਂ ਤਿਉਂ ਅਕਲ ਉਤੇ ਵਲ ਢੋਵੇ, ਯਾਰ ਜਿਤੇ ਵਲ ਜਾਨੀ।੩੪੮।

ਭੀ ਫ਼ਰਹਾਦ ਵਿਚਾਰੀ ਮਨ ਵਿਚ, ਜੇ ਮੈਂ ਪੈਰ ਹਟਾਵਾਂ।
ਤਾਂ ਹੁਣ ਲਾਜ ਇਸ਼ਕ ਨੂੰ ਲਗਦੀ, ਨਾਕਸ ਸਿਦਕੁ ਸਦਾਵਾਂ।੩੪੯।

ਜੇ ਕਰ ਪਵੇ ਪਤੰਗ ਦਲੀਲੀਂ, ਘਾਟਾ ਨਫ਼ਾ ਵਿਚਾਰੇ।
ਤਾਂ ਉਹ ਫੇਰ ਦਿਵਾਨਾ ਕੀਕੁਰ, ਜਾਨ ਜੂਏ ਵਿਚ ਹਾਰੇ।੩੫੦।

ਏਹੋ ਇਸ਼ਕ ਚਿਖਾ ਵਿਚ ਬਲਦੀ, ਮੀਟ ਅੱਖੀਂ ਜਲ ਮਰਨਾ।
ਥੋੜੋ ਹੋਰ ਖ਼ੁਦਾਈ ਰਲ ਕੇ, ਢੋਲ ਨਗਾਰਾ ਧਰਨਾ।੩੫੧।

ਜੇ ਕਰ ਲੇਖ ਮੇਰੇ ਵਿਚ ਲਿਖਦਾ, ਸਾਹਿਬ ਤਲਬ ਅਰਾਮੀ।
ਰੱਜਣ ਖਾਣ ਇਹੋ ਕੁਝ ਸਿਖਦਾ, ਕਰਦਾ ਕਿਤੇ ਗ਼ੁਲਾਮੀ।੩੫੨।

ਬੈਲਾਂ ਵਾਂਗੁ ਬਿਅਕਲ ਬਿਚਾਰੇ, ਨੀਂਦ ਸੁਖਾਲੀ ਸਉਂਦੇ।
ਜਿਤਨੇ ਤੇਜ਼ ਤਬੀਅਤ ਵਾਲੇ, ਫਿਰਣ ਸ਼ੁਦਾਈ ਭੌਂਦੇ।੩੫੩।

ਹੇ ਦਿਲ ! ਆਖ ਪਹਾੜੋਂ ਹਟ ਕੇ, ਕਾਰ ਕਰੇਸਾਂ ਕੇਹੜੀ।
ਰੋਵਗੁ ਫੇਰ ਫਿਰਗੁ ਵਿਚ ਗਲੀਆਂ, ਚਾਲ ਕਦੀਮੀਂ ਜੇਹੜੀ।੩੫੪।

ਤਾਂ ਤੂੰ ਸਮਝ ਨਿਹਾਇਤ ਉਸ ਥੋਂ, ਕੰਮ ਏਹੋ ਹੁਣ ਚੋਖਾ।
ਟੱਕਰ ਨਾਲ ਪਹਾੜਾਂ ਕਰਕੇ, ਫੇਰ ਕਿਵੇਹਾ ਧੋਖਾ ?੩੫੫।

ਜਬ ਲਗ ਜਾਨ ਟਿਕਾਣੇ ਆਹੀ, ਕਾਰ ਇਹੋ ਹੁਣ ਕਰਸਾਂ।
ਜੇ ਰੱਬ ਯਾਰ ਮਿਲਾਵੇ ਮਿਲਸਾਂ, ਨਹੀਂ ਇਥਾਵੇਂ ਮਰਸਾਂ।੩੫੬।

ਭੀ ਫ਼ਰਹਾਦ ਦਲੀਲਾਂ ਕਰਕੇ, ਸਾਬਤੁ ਪੈਰ ਟਿਕਾਇਆ।
ਭਾਰੀ ਬੋਝ ਫੁਲਾਦੀ ਤੇਸਾ, ਕਰਕੇ ਜ਼ੋਰ ਚਲਾਇਆ।੩੫੭।

ਤੇਸੇ ਨਾਲ ਪਹਾੜੋਂ ਚਮਕਣ, ਚਮਕਾਂ ਅੱਗ ਅਵਾੜੇ।
ਗੋਇਆ ਆਤਸ਼ਬਾਜ਼ ਬਣਾਇਆ, ਆਣ ਦੁਕਾਨ ਪਹਾੜੇ।੩੫੮।

ਅੱਗੇ ਅੱਗ ਬ੍ਰਿਹੁੰ ਦੀ ਆਹੀ, ਦੂਜੀ ਹੋਰੁ ਮਚਾਈ।
ਨੱਠੇ ਸ਼ੇਰ ਬਘੇਲੇ ਡਰਦੇ, ਛਡਿ ਛਡਿ ਜਾਣ ਖ਼ੁਦਾਈ।੩੫੯।

ਜਿਸ ਦਿਨ ਧਾਰ ਕੋਈ ਨਰਮੇਰੀ, ਜ਼ਰਾ ਸੁਖਾਲੀ ਆਵੇ।
ਤੇਸਾ ਨਾਲ ਖ਼ੁਸ਼ੀ ਦੇ ਖ਼ੁਸ਼ ਹੋ, ਕਰਿ ਕਰਿ ਜ਼ੋਰ ਚਲਾਵੇ।੩੬੦।

ਜਾਂ ਉਹ ਫੇਰ ਕਿਦਾਹੋਂ ਆਵੇ, ਸੈਲ ਨਿਖਸਮਾ ਕੋਰਾ।
ਭੋਰਾ ਕਾਟ ਨ ਕਰਦਾ ਤੇਸਾ, ਪੇਸ਼ ਨ ਜਾਉਸੁ ਜ਼ੋਰਾ।੩੬੧।

ਲੋਹੂ ਲਾਲ ਹੋਵਣ ਹੱਥ ਛਾਲੀਂ, ਨੈਣ ਭਰਨ ਰਸ ਖ਼ੂਨੋਂ।
ਤੇਸਾ ਸੁਟ ਘੱਤੇ ਹੱਥ ਮਾਰੇ, ਸਿਰ ਦੇ ਨਾਲ ਜਨੂੰਨੋਂ।੩੬੨।

ਖਾਲੀ ਪੇਟ ਮੁਹਿੰਮੁ ਪਰਾਈ, ਇਕ-ਜਣਾ ਇਕਲਾਪਾ।
ਏਹੋ ਜ਼ੋਰ ਵਧੇਰੇ ਉਸ ਦਾ, ਕਰਦਾ ਰੋਜ਼ੁ ਸਿਆਪਾ।੩੬੩।

ਜਾਂ ਮੁੜ ਫੇਰ ਹੱਥਾਂ ਵਲ ਵੇਖੇ, ਚਮਕੇ ਚਮਕ ਸਵਾਈ।
ਲੋਹੂ ਨਾਲ ਹੋਏ ਗੁਲ ਲਾਲਾ, ਮਹਿੰਦੀ ਇਸ਼ਕ ਲਗਾਈ।੩੬੪।

ਰੋ ਰੋ ਹਾਲ ਵੰਞਾਏ ਮਾਰੇ, ਦਰਦ ਦਰੇਗੋਂ ਆਹੀਂ।
ਆਖੇ ਐਬ ਤੁਸਾਂ ਵਿਚ ਜਿਤਨਾ, ਦੋਸ਼ ਮੇਰੇ ਵਿਚ ਨਾਹੀਂ।੩੬੫।

ਸਿਖੇ ਕਰਨ ਤੁਸੀਂ ਗੁਲਕਾਰੀ, ਪਹੁਤੇ ਸੀਸ ਮਹੱਲੀਂ।
ਕਿਉਂ ਨ ਪੇਸ਼ ਤੁਹਾਡੇ ਆਵੇ, ਰਾਹੀਂ ਪਏ ਅਵੱਲੀਂ।੩੬੬।

ਜਾਂ ਭਰਿ ਨੀਰ ਅੱਖੀਂ ਵਿਚਿ ਆਵੇ, ਲਾਲ ਹੋਈਆਂ ਦੁਖ ਦੇਵਣ।
ਚੋਵਣ ਵਾਂਗੁ ਕਬਾਬਾਂ ਤਪੀਆਂ, ਗਿਰਦ ਚੁਫ਼ੇਰਾ ਭੇਵਣ।੩੬੭।

ਭੀ ਫ਼ਰਹਾਦ ਉਨ੍ਹਾਂ ਦੇ ਤਾਈਂ, ਹੀਲਾ ਹਾਲ ਸੁਣਾਵੇ।
ਵੇਲਾ ਐਸ਼ ਖ਼ੁਮਾਰੀ ਵਾਲਾ, ਪਿਛਲਾ ਯਾਦ ਕਰਾਵੇ।੩੬੮।

ਹੈ ਹੈ ! ਆਖ ਰਹਿਆ ਮੈਂ ਚਸ਼ਮੋਂ ! ਇਤ ਵਲ ਤੁਸੀਂ ਨ ਜਾਵੋ।
ਆਪਣੇ ਆਪ ਪਰਿੰਦਾਂ ਵਾਂਗੂੰ, ਗਲ ਵਿਚ ਜਾਲ ਨ ਪਾਵੋ।੩੬੯।

ਹੈ ਇਹ ਚੋਗ ਪਿਆਰੀ ਲਗਦੀ, ਪਰ ਇਹ ਜ਼ਹਿਰ-ਅਲੂਦਾ।
ਲੋਹਾ ਹੋਗੁ ਚੁਗਣ ਦੇ ਵੇਲੇ, ਦਿਸਦਾ ਨਰਮ ਫਲੂਦਾ।੩੭੦।

ਜਿਉਂ ਜਿਉਂ ਰੋਜ਼ ਨਸੀਹਤ ਕਰਦਾ, ਚਾਮਲ ਚੜ੍ਹੇ ਵਧੇਰੇ।
ਸੋ ਹੁਣ ਓਸ ਸਮੇਂ ਦਾ ਪਾਉਗੁ, ਪਲ ਪਲ ਸੁਆਦ ਅਗੇਰੇ।੩੭੧।

ਏਹੋ ਸੁਖ਼ਨ ਕਰੇਂਦਾ ਜਾਂ ਮੁੜ, ਮਗਰੋਂ ਦਾਉ ਕਰੇਂਦੀ।
ਕਾਫ਼ਰ ਸੋਜ਼ ਅੰਨ੍ਹੇਰੀ ਬ੍ਰਿਹੋਂ, ਸੁਧ ਬੁਧ ਰਹਿਣ ਨ ਦੇਂਦੀ।੩੭੨।

ਬੇਖ਼ੁਦ ਹੋਇ ਜ਼ਿਮੀਂ ਪੁਰ ਡਿਗਦਾ, ਹੋਸ਼ ਹਵਾਸ਼ੋਂ ਕਾਰੋਂ।
ਮੁੜ ਕੇ ਜਾਨ ਭਵੇ ਪਲ ਬੀਤੇ, ਆਪਣੇ ਯਾਰ ਪਵਾਰੋਂ।੩੭੩।

ਤੇਸਾ ਫੇਰ ਸਮਾਲੇ ਆਜਿਜ਼, ਦਰਦ ਦੁਖਾਂ ਦਾ ਪਲਿਆ।
ਘਾਇਲ ਜੁਮਲ ਜਹਾਨੋਂ ਬਾਹਰ, ਲੇਖ ਨਸੀਬੋਂ ਜਲਿਆ।੩੭੪।

ਏਹੋ ਤੌਰ ਰਿਹਾ ਚਿਰ ਉਸ ਦਾ, ਗੁਜ਼ਰੇ ਕਈ ਦਿਹਾੜੇ।
ਜਾਲੇ ਬਹੁਤ ਜ਼ਮਾਨੇ ਵਾਲੇ, ਸਿਰ ਪਰ ਸਖ਼ਤ ਪਵਾੜੇ।੩੭੫।

ਤਾਂ ਉਹ ਕੂਕ ਨਿਮਾਣੇ ਦਿਲ ਦੀ, ਸੁਣੀ ਜਨਾਬ ਇਲਾਹੀ।
ਬੀਤੀ ਬੀਤ ਗਈ ਉਹ ਜਿਤਨੀ, ਉਮਰ ਦੁਖਾਂ ਦੀ ਆਹੀ।੩੭੬।

ਹੋਇਆ ਹੁਕਮ ਫ਼ਰਿਸ਼ਤਿਆਂ ਤਾਈਂ, ਤੋੜ ਸ਼ਿਤਾਬੀ ਜਾਓ।
ਚੋਰੀ ਨਹਿਰ ਪੁਜਾਓ ਮਜ਼ਲੇ, ਉਲਫ਼ਤੁ ਨਾਲ ਬਣਾਓ।੩੭੭।

ਮੱਦਤ ਰੇਸ਼ ਦਿਲਾਂ ਦੀ ਉਤਰੀ, ਅਮਰੋਂ ਮਲਕ ਹਜ਼ੂਰੀ।
ਲਗੇ ਨਹਿਰ ਬਣਾਉਣ ਸਿਦਕੋਂ, ਆਸ਼ਕ ਕਾਰ ਜ਼ਰੂਰੀ।੩੭੮।

ਤੇਸਾ ਨਾਉਂ ਰਹਿਆ ਫਿਰ ਉਸ ਦਾ, ਚਾਲ ਜਹਾਨੀ ਕਰਕੇ।
ਵਗਣ ਲਾਖ ਕੁਹਾੜੇ ਗ਼ੈਬੋਂ, ਪਰਬਤ ਥਰਹਰ ਥਰਕੇ।੩੭੯।

ਲੱਗਾ ਢਹਿ ਢਹਿ ਪਉਣ ਧਿਙਾਣੇ, ਉਡ ਉਡ ਜਾਣ ਤੁੰਬਾਲੇ।
ਚੌਦਾਂ ਤਬਕ ਨ ਅਟਕਣ ਜਿਤ ਵਲ, ਡਹਿਣ ਯਕੀਨਾਂ ਵਾਲੇ।੩੮੦।

ਥੋੜੇ ਰੋਜ਼ ਦਿਹਾਂ ਵਿਚ ਪਰਬਤ, ਸੁਟ ਕਿਤੇ ਵਲ ਪਾਇਆ।
ਢੁੱਕਾ ਆਣ ਨਜ਼ੀਕ ਸ਼ਿਤਾਬੀ, ਸਾਦਕੁ ਯਾਰੁ ਲਿਆਇਆ।੩੮੧।

ਲਗੇ ਲੋਕ ਤਮਾਸ਼ੇ ਆਉਣ, ਖ਼ਲਕਤ ਆਮ ਖ਼ੁਦਾਈ।
ਐਸੀ ਚੀਜ਼ ਅਚਰਜ ਸ਼ਕੂਫ਼ਾ, ਆਸ਼ਕ ਮਰਦ ਬਣਾਈ।੩੮੨।

ਧੁੰਮੀ ਧੁੰਮ ਬਿਦੇਸੀਂ ਮੁਲਖੀ, ਸ਼ਹਿਰ ਨ ਕੋਈ ਖਾਲੀ।
ਢੁਕੀ ਆਣ ਚੌਤਰਫ਼ੋਂ ਖ਼ਲਕਤ, ਸੰਗ ਨਿਗਾਹੇ ਵਾਲੀ।੩੮੩।

ਆਤਸ਼ ਵਿਚ ਕੱਖਾਂ ਦੇ ਆਹੀ, ਮੁੱਦਤ ਰਹੀ ਲੁਕਾਈ।
ਭਾਂਬੜ ਆਣ ਨਿਹਾਯਤ ਕੀਤਾ, ਆਸ਼ਕ ਫੂਕ ਮਚਾਈ।੩੮੪।

ਫੇਰ ਅਜ਼ੀਜ਼ ਸ਼ਹਿਨਸ਼ਾਹ ਆਦਲ, ਸੁਣਿਆ ਨਹਿਰ ਤਮਾਸ਼ਾ।
ਟੁੱਟਾ ਤਖ਼ਤ ਹਕੂਮਤਿ ਵਾਲਾ, ਮਾਣ ਨ ਰਹਿਓਸੁ ਮਾਸਾ।੩੮੫।

ਫੇਰ ਅੰਬੀਰ ਵਜ਼ੀਰ ਪੁਰਾਣੇ, ਯਾਦ ਸਲਾਹੀ ਕੀਤੇ।
ਹਾਜ਼ਰ ਆਣ ਹੋਏ ਸ਼ਰਮਿੰਦੇ, ਢੱਠੇ ਰੂਹ ਅਨੀਤੇ।੩੮੬।

ਕਹਿਆ ਵਜ਼ੀਰ ਅੰਬੀਰਾਂ ਤਾਈਂ, ਸ਼ਾਬਸ਼ ! ਅਕਲ ਤੁਸਾਡੀ।
ਰੱਖੀ ਤੁਸਾਂ ਦਨਾਵਾਂ ਰਲਿ ਕੇ, ਹੁਰਮਤਿ ਖ਼ੂਬ ਅਸਾਡੀ !੩੮੭।

ਅਗੇ ਬਾਤ ਸ਼ਹਿਰ ਵਿਚ ਆਹੀ, ਜਾਣੀ ਕਿਨੇ ਨ ਜਾਣੀ।
ਜ਼ਾਹਰ ਅਕਲ ਤੁਸਾਡੀ ਕੀਤਾ, ਹਰ ਹਰ ਮੁਲਖ਼ ਟਿਕਾਣੀਂ।੩੮੮।

ਜੇ ਕਰ ਖ਼ੌਫ਼ ਖ਼ੁਦਾਇ ਨ ਹੋਵੇ, ਲਾਇਕ ਏਹ ਅਸਾਨੂੰ।
ਤੀਰੀਂ ਲੇਖ ਕਰਾਈਏ ਇਕ ਇਕ, ਮਿਲੇ ਇਨਾਮ ਤੁਸਾਨੂੰ।੩੮੯।

ਜੋੜੇ ਦਸਤ ਵਜ਼ੀਰਾਂ ਕੀਤੀ, ਅਰਜ਼ ਸਲਾਮਾਂ ਕਰਕੇ।
ਆਦਲੁ ਹੋਇ ਅਦਾਲਤ ਕਰੀਏ, ਧਿਆਨੁ ਰੱਬੇ ਵਲੁ ਧਰਕੇ।੩੯੦।

ਹੈਸੀ ਸਖ਼ਤ ਪਹਾੜ ਇਜੇਹਾ, ਮੇਖ਼ ਖ਼ੁਦਾਵੰਦ ਲਾਈ।
ਰੋਜ਼ ਕਿਆਮਤ ਤਾਕ ਨ ਤੋੜੇ, ਉਸ ਨੂੰ ਆਮ ਖ਼ੁਦਾਈ।੩੯੧।

ਸੋ ਉਨ ਖ਼ਬਰ ਨ ਕੀਤੀ ਹਰਗਿਜ਼, ਨਹਿਰ ਇਜੇਹੀ ਪੁੱਟੀ।
ਫੂੜੀ ਵਾਂਗੁ ਲਪੇਟ ਪਹਾੜੀ, ਚਾਇ ਕਿਤੇ ਵਲ ਸੁੱਟੀ।੩੯੨।

ਹੋਰ ਹਜ਼ਾਰ ਉਥਾਈਂ ਆਹੀ, ਵਸਦੀ ਭੂਤ ਜਨਾਇਤ।
ਉਹ ਭੀ ਵੇਖ ਗਏ ਉਸ ਤਾਈਂ, ਡਰਦੇ ਛੋਡ ਵਲਾਇਤ।੩੯੩।

ਚੀਤੇ ਸ਼ੇਰ ਕਰੋੜਾਂ ਆਹੇ, ਵਸਦੇ ਓਸ ਉਜਾੜੀਂ।
ਵੇਖੋ ਤੁਖ਼ਮ ਨਹੀਂ ਹੁਣ ਦਿਸਦਾ, ਖਾਲੀ ਪਈ ਪਹਾੜੀ।੩੯੪।

ਮੌਤੇ ਮਰੇ ਨ ਆਫ਼ਤ ਉਸ ਨੂੰ, ਹੈ ਉਹ ਮਰਦ ਅਜੇਹਾ।
ਦਿਲ ਨੂੰ ਢੂੰਢ ਅਦਾਲਤ ਕਰੀਏ, ਦੋਸ਼ ਅਸਾਂ ਵਿਚ ਕੇਹਾ।੩੯੫।

ਸ਼ਾਇਤ ਅਜਰਾਈਲ ਜੇਹੇ ਨੂੰ, ਜੇ ਉਹ ਸ਼ਕਲ ਦਿਖਾਵੇ।
ਉਹ ਭੀ ਏਸ ਜ਼ਿਮੀ ਪਰ ਡਰਦਾ, ਹਰਗਿਜ਼ ਪੈਰ ਨ ਪਾਵੇ।੩੯੬।

ਆਦਮੀਆਂ ਦੀ ਸੂਰਤ ਦਿਸਦਾ, ਸਵੇ ਨ ਪੀਵੇ ਖਾਵੇ।
ਹੈ ਉਹ ਕੌਣ ਕਿਵੇਹੀ ਆਫ਼ਤ, ਲਖਿਆ ਭੇਤੁ ਨ ਜਾਵੇ।੩੯੭।

ਸੁਣ ਕੇ ਅਰਜ਼ ਵਜ਼ੀਰਾਂ ਵਾਲੀ, ਨਰਮੁ ਹੋਇਆ ਦਿਲ ਕਹਿਰੋਂ।
ਗੁੱਸਾ ਦੂਰ ਹੋਇਆ ਗੱਲ ਸਮਝੀ, ਮੁੜੀ ਤਬੀਅਤ ਲਹਿਰੋਂ।੩੯੮।

ਕਹਿਆ ਅਜ਼ੀਜ਼ ਵਜ਼ੀਰਾਂ ਤਾਈਂ, ਕਰੋ ਕੋਈ ਹੁਣ ਕਾਰੀ।
ਪਹੁਤਾ ਆਣ ਦਿਵਾਨਾ ਮਜ਼ਲੇ, ਬਣੀ ਅਸਾਨੂੰ ਭਾਰੀ।੩੯੯।

ਡਰਦੇ ਨੰਗ ਨਮੂਸੋਂ ਆਹੇ, ਸੋ ਤਾਂ ਗਇਆ ਗਵਾਤਾ।
ਸ਼ੀਰੀਂ ਇਸ਼ਕ ਪਹਾੜ ਚਿਰਾਯਾ, ਆਮ ਖ਼ੁਦਾਈ ਜਾਤਾ।੪੦੦।

ਦੂਜਾ ਹੋਰ ਤਗਾਦਾ ਬਣਿਆ, ਆਪਣੀ ਅਕਲ ਬਣਾਇਆ।
ਕਰਕੇ ਕੌਲ ਕਰਾਰ ਜ਼ਬਾਨੋਂ, ਆਪ ਪਹਾੜ ਚਿਰਾਇਆ।੪੦੧।

ਜੇ ਹੁਣ ਅਮਲੁ ਨ ਕਰੀਏ ਉਸ ਤੇ, ਮੁੜੀਏ ਕੌਲ ਕਰਾਰੋਂ।
ਕਾਫ਼ਰ ਹੋਣ ਕਰਾਰੋਂ ਝੂਠੇ, ਸੁਣਿਆ ਲਾਖ ਹਜ਼ਾਰੋਂ।੪੦੨।

ਝੂਠੋਂ ਪਰੇ ਗ਼ੁਨਾਹ ਨ ਕੋਈ, ਝੂਠ ਬੁਰਾ ਸਭ ਐਬੋਂ।
ਦੁਹੀਂ ਜਹਾਨੀਂ ਲਾਨ੍ਹਤ ਉਸ ਨੂੰ, ਕਰਨ ਫਰਸ਼ ਤੇ ਗ਼ੈਬੋਂ।੪੦੩।

ਝੂਠਾ ਸੁਖ਼ਨ ਕਰਾਰ ਜ਼ੁਬਾਨੋਂ, ਕਰੇ ਨ ਕਰਦਾ ਸੋਈ।
ਦੋਸਤੁ ਯਾਰ ਬਿਗਾਨਾ ਉਸ ਦੀ, ਕਰੇ ਉਮੈਦ ਨ ਕੋਈ।੪੦੪।

ਸੁਣਿ ਕੇ ਸੁਖ਼ਨ ਸ਼ਹਿਨਸ਼ਾਹ ਕੋਲੋਂ, ਫੇਰਿ ਵਜ਼ੀਰ ਪੁਕਾਰੇ।
ਕੀਤੀ ਅਰਜ਼ ਗ਼ਰੀਬਾਂ ਵਾਂਗੂ, ਬਣੇ ਲਚਾਰ ਵਿਚਾਰੇ।੪੦੫।

ਸੂਲੀ ਚਾਇ ਚੜ੍ਹਾਵੋ ਸਾਨੂੰ, ਹੋਰ ਜਿਵੇਂ ਮਨ ਭਾਵੇ।
ਪਰ ਹੁਣ ਹੋਰ ਇਲਾਜ ਅਸਾਨੂੰ, ਇਸ ਦਾ ਸਮਝਿ ਨ ਆਵੇ।੪੦੬।

ਜਿਤਨਾ ਹੋਸ਼ ਅਸਾਡਾ ਆਹਾ, ਕੀਤਾ ਖ਼ਰਚ ਬਤੇਰਾ।
ਦਾਰੂ ਰੋਗ ਘਟਣ ਦਾ ਕਰੀਏ, ਤਿਉਂ ਤਿਉਂ ਵਧੇ ਵਧੇਰਾ।੪੦੭।

ਗ਼ੈਰਤ ਨਾਲ ਅਜ਼ੀਜ਼ ਸ਼ਹਿਨਸ਼ਹਿ, ਕੈਦ ਵਜ਼ੀਰ ਕਰਾਏ।
ਕੀਤੇ ਸਖ਼ਤ ਅਸੀਰ ਜੰਜ਼ੀਰਾਂ, ਗਲ ਵਿਚ ਤਬਕ ਪਵਾਏ।੪੦੮।

ਇਸਤੰਬੋਲ ਸ਼ਹਿਰ ਵਿਚ ਹੋਈ, ਇਹ ਗੱਲ ਜ਼ਾਹਿਰ ਸਾਰੇ।
ਦਿਤਾ ਸਾਫ਼ ਜਵਾਬੁ ਵਜ਼ੀਰਾਂ, ਕਰ ਤਤਬੀਰਾਂ ਹਾਰੇ।੪੦੯।

ਤਾਂ ਇਕ ਵਿਚ ਸ਼ਹਿਰ ਦੇ ਆਹੀ, ਵਸਦੀ ਨੇਕ ਮਕਾਰਾਂ।
ਕਾਬਲ ਏਸ ਇਲਮੁ ਵਿਚ ਆਹੀ, ਹੋਰ ਸ਼ਗਿਰਦ ਹਜ਼ਾਰਾਂ।੪੧੦।

ਸੀ ਉਸਤਾਦ ਅਜੇਹੀ ਕਾਮਲ, ਅੰਦਰ ਕਸਬ ਜ਼ਨਾਨੇ।
ਸ਼ੈਤਾਂ ਅਦਬ ਕਰੇਂਦਾ ਉਸ ਤੋਂ, ਸਿਖਦਾ ਮਕਰ ਬਹਾਨੇ।੪੧੧।

ਆਹੀ ਅਹਿਲ ਹਯਾਉ ਨ ਵੇਖੇ, ਮਰਦੁ ਬਿਗਾਨੇ ਤਾਈਂ।
ਚੋਰੀ ਨਾਲ ਖਰਾਂ ਦੇ ਕਰਦੀ, ਸ਼ਹਿਵਤ ਕਦੀ ਕਦਾਈਂ।੪੧੨।

ਚੁਗਲੀ ਨਾਲ ਜ਼ੁਬਾਨ ਨ ਕਰਦੀ, ਰੱਬ ਦਾ ਖ਼ੌਫ਼ ਕਰੇਂਦੀ।
ਸੁੱਤਾ ਨਾਲ ਕਿਸੇ ਦੇ ਕੋਈ, ਸੈਨਤ ਨਾਲ ਦਸੇਂਦੀ।੪੧੩।

ਕਰਕੇ ਸ਼ਰਮੁ ਦਲੀਜੋਂ ਬਾਹਰ, ਹਰਗਿਜ਼ ਪੈਰ ਨ ਪਾਵੈ।
ਬੈਠੀ ਸਤਰ ਚੁਪਾਤੀ ਪਰਬਤ, ਪਰਬਤ ਨਾਲ ਭਿੜਾਵੈ।੪੧੪।

ਸੁਣਿਆ ਓਨੁ ਵਿਚਾਰੀ ਆਜਿਜ਼, ਸ਼ੋਰ ਦੀਵਾਨੇ ਸੰਦਾ।
ਥੱਕੇ ਜ਼ੋਰ ਲਗਾਇ ਅਕਲ ਦਾ, ਹਾਲ ਵਜ਼ੀਰਾਂ ਮੰਦਾ।੪੧੫।

ਹੱਸੀ ਬਹੁਤ ਖ਼ੁਸ਼ ਹੋਈ ਸੁਣ ਕੇ, ਕਹਿਆ ਸ਼ਗਿਰਦਾਂ ਤਾਈਂ।
ਹੈ ਕਿਆ ਚੀਜ਼ ਫੜੇ ਜਿਸ ਬਦਲੇ, ਅਕਲ ਵਜ਼ੀਰਾਂ ਨਾਹੀਂ।੪੧੬।

ਆਤਸ਼ ਬਾਲ ਸਮੁੰਦ ਜਲਾਈਏ, ਤਾਰੇ ਤੋੜ ਲਿਆਈਏ।
ਐਸੇ ਲਾਖ ਬਿਅਕਲ ਦਿਵਾਨੇ, ਪਲ ਵਿਚ ਮਾਰਿ ਗਵਾਈਏ।੪੧੭।

ਪਰ ਹੁਣ ਇਹ ਭੀ ਕਾਰ ਅਸਾਨੂੰ, ਕਰਨੀ ਪਈ ਜ਼ਰੂਰੀ।
ਚੱਲੋ ਪਾਸ ਸ਼ਹਿਨਸ਼ਾਹ ਜਾਈਏ, ਕਰੀਏ ਅਰਜ਼ ਹਜ਼ੂਰੀ।੪੧੮।

ਲਈਆਂ ਨਾਲ ਸ਼ਗਿਰਦਾਂ ਇਕ ਦੋ, ਵਾਕਫ਼ ਏਸ ਕਿਤਾਬੋਂ।
ਆਸਾ ਪਕੜਿ ਤੁਰੀ ਸਿਰ ਹਿਲਦੇ, ਬਖ਼ਰਾ ਲੈਣ ਸਵਾਬੋਂ।੪੧੯।

ਜਾਇ ਹਜ਼ੂਰ ਖੜੋਤੀ ਆਜਿਜ਼, ਕੀਤੇ ਸੁਖ਼ਨ ਮੁਲਾਇਮੁ।
ਸੁਣੀਏ ਅਰਜ਼ ਗ਼ੁਲਾਮੋਂ ਸ਼ਾਲਾ ! ਰਹੇ ਤਸੱਲਦ ਕਾਇਮੁ।੪੨੦।

ਮੁੱਦਤ ਸ਼ਹਿਰ ਤੁਸਾਡੇ ਅੰਦਰ, ਜਾਲ ਗ਼ਰੀਬਾਂ ਕੀਤੀ।
ਇਸ਼ਰਤ ਐਸ਼ ਤਮਾਸ਼ੇ ਅੰਦਰ, ਉਮਰੁ ਅਸਾਡੀ ਬੀਤੀ।੪੨੧।

ਏਸੇ ਸ਼ਹਿਰ ਜੁਆਨੀ ਗੁਜ਼ਰੀ, ਨਿਮਕ ਪ੍ਰਵਰਦਾ ਹੋਏ।
ਪਰ ਦਰਬਾਰ ਤੁਸਾਡੇ ਗ਼ਾਫਲ, ਹਾਜ਼ਰ ਕਦੀ ਨ ਹੋਏ।੪੨੨।

ਜੇ ਕਰ ਹੁਕਮ ਅਸਾਨੂੰ ਹੋਵੇ, ਹੈ ਇਹ ਮਿਹਰ ਤੁਸਾਡੀ।
ਕਰੀਏ ਫ਼ਿਕਰ ਦਿਵਾਨੇ ਵਾਲਾ, ਜੋ ਕਿਛੁ ਅਕਲ ਅਸਾਡੀ।੪੨੩।

ਬਹੁਤ ਅਜ਼ੀਜ਼ ਹੋਇਆ ਖ਼ੁਸ਼ ਸੁਣ ਕੇ, ਉਸਦਾ ਸੁਖ਼ਨੁ ਜ਼ੁਬਾਨੋਂ।
ਗੋਇਆ ਜਾਨ ਗਈ ਮੁੜ ਆਈ, ਅਗਲੇ ਹੋਸ਼ੁ ਜਹਾਨੋਂ।੪੨੪।

ਕਹਿਆ ਅਜ਼ੀਜ਼ ਜ਼ਿਆਰਤ ਤੇਰੀ, ਕਰਿ ਕੇ ਅਸਾਂ ਪਛਾਤਾ।
ਕਰਸੇਂ ਕੋਈ ਖ਼ਿਆਲ ਮੁਕਰਰਾ, ਦੀਨ ਦੁਨੀ ਦੀ ਮਾਤਾ।੪੨੫।

ਪਰ ਹੁਣ ਕਰੋ ਇਲਾਜ ਸ਼ਿਤਾਬੀ, ਏਹੋ ਵਖ਼ਤ ਤੁਸਾਡਾ।
ਹੁਣ ਭੀ ਕਿਵੇਂ ਜਗਤ ਵਿਚ ਰਹਿੰਦਾ, ਰਹੇ ਹਯਾਉ ਅਸਾਡਾ।੪੨੬।

ਲੈ ਕੇ ਹੁਕਮ ਸ਼ਹਿਨਸ਼ਾਹ ਕੋਲੋਂ, ਸਾਜੁ ਸਮਾਜੁ ਬਣਾਇਆ।
ਕੀਤਾ ਹੋਰ ਤਿਆਰ ਕ੍ਰਿਸ਼ਮਾ, ਅਗਲਾ ਭੇਸ ਵਟਾਇਆ।੪੨੭।

ਭਗਵੇ ਭੇਸ ਬਣਾਈ ਚਾਦਰੁ, ਨੀਲੇ ਅਲਫ਼ ਵਗਾਏ।
ਖਿਲਕਾ ਸਬਜ਼ ਪਿਆ ਵਿਚ ਗਲ ਦੇ, ਤਕਮੇ ਖ਼ੂਬ ਲਗਾਏ।੪੨੮।

ਸੇਲੀ ਕਮਰ ਗਲੇ ਵਿਚ ਤਸਬੀ, ਪਕੜੀ ਦਸਤ ਬੈਰਾਗਣ।
ਗੋਯਾ ਸੈਲ ਮਦੀਨਿਓਂ ਕਰਕੇ, ਮੁੜੀ ਘਰਾਂ ਨੂੰ ਹਾਜਣ।੪੨੯।

ਹਲਵਾ ਨਾਨ ਖ਼ਰੀਦ ਬਜ਼ਾਰੋਂ, ਧਰਿ ਕੇ ਆਪ ਹਥਾਲੀ।
ਚਲੀ ਵੇਖ ਤਲੀ ਪੁਰ ਧਰਿ ਕੇ, ਮੌਤ ਦਿਵਾਨੇ ਵਾਲੀ।੪੩੦।

ਬਣ ਕੇ ਬਹੁਤ ਖਿਜ਼ੁਰ ਦੀ ਸੂਰਤ, ਆਜਿਜ਼ ਦਰਦ-ਰੰਞਾਣੀ।
ਪਹੁਤੀ ਜਾਇ ਦਿਵਾਨੇ ਤੋੜੀਂ, ਕੁਟਣੀ ਸ਼ਕਲ ਨਿਮਾਣੀ।੪੩੧।

ਸੀ ਫ਼ਰਹਾਦ ਕਰੇਂਦਾ ਅਪਣੀ, ਕਾਰ ਫੜੀਂ ਹੱਥ ਤੇਸਾ।
ਸਤੀਆਂ ਵਾਂਗੁ ਚਿਖਾ ਪਰ ਚੜ੍ਹਿਆ, ਸੋਜ਼ ਜਨੂੰਨੀ ਪੇਸ਼ਾ।੪੩੨।

ਜਾਇ ਨਜ਼ੀਕ ਖੜੋਤੀ ਉਸ ਦੇ, ਕੁਟਣੀ ਮਕਰ ਪਸਾਰੇ।
ਹਲਵਾ ਨਾਨ ਜ਼ਿਮੀ ਪੁਰ ਧਰਿ ਕੇ, ਬੈਠੀ ਨਹਿਰ ਕਿਨਾਰੇ।੪੩੩।

ਆਹੀਂ ਮਾਰ ਉਠੀ ਭਰਿ ਚਸ਼ਮਾਂ, ਲਗੀ ਬਕਣ ਫ਼ਰੇਬੋਂ।
ਜਿਉਂ ਕਰ ਦਰਦ ਸਫ਼ਾਈ ਵਾਲੇ, ਕਰਨ ਕਲਾਮ ਦਰੇਗ਼ੋਂ।੪੩੪।

ਲੱਗੀ ਕਹਿਣ 'ਨਿਕਾਰੀ ਦੁਨੀਆਂ, ਝੂਠਾ ਮਾਣ ਤੱਤੀ ਦਾ।
ਭਲਕੇ ਵਖ਼ਤੁ ਕਿਵੇਹਾ ਹੋਸੀ, ਨਹੀਂ ਵਿਸਾਹੁ ਰੱਤੀ ਦਾ'।੪੩੫।

ਐਸੇ ਸੁਖ਼ਨ ਕਰੇਂਦੀ ਆਹੀ, ਰੋਂਦੀ ਨਾਲ ਅਵਾਜ਼ੇ।
ਸੁਣ ਕੇ ਠਹਿਰ ਗਿਆ ਉਸ ਕਾਰੋਂ, ਦਰਦ ਹੋਇਆ ਫ਼ਰਹਾਦੇ।੪੩੬।

ਤਾਂ ਫ਼ਰਹਾਦ ਗਇਆ ਉਠ ਨੇੜੇ, ਬੈਠ ਕਹਿਆ, 'ਹੇ ਮਾਈ !
ਹੈਂ ਤੂੰ ਕੌਣ ਤੇਰੀ ਇਸ ਗਿਰੀਆ, ਮੈਂ ਬੀ ਕਾਰ ਭੁਲਾਈ'।੪੩੭।

ਕੁਟਣੀ ਦੇਖ ਕਿਹਾ, 'ਰੇ ਬਾਬੂ ! ਕਾਰ ਕਰੋ ਮਤ ਬੋਲੋ।
ਹੈਂ ਹਮ ਲੋਕ ਫ਼ਕੀਰ ਹਮਾਰੀ, ਜਾਤ ਕਛੂ ਮਤ ਟੋਲੋ'।੪੩੮।

ਭੀ ਫ਼ਰਹਾਦ ਕਹਿਆ ਡਿਗ ਪੈਰੀਂ, 'ਕਿਉਂ ਤੂੰ ਦੂਰ ਹਟਾਵੇਂ।
ਮੈਨੂੰ ਦਰਦ ਹਿਦਾਇਤ ਵਾਲੀ, ਮੁਨਸਬ ਨਜ਼ਰੀਂ ਆਵੇਂ।੪੩੯।

ਮੈਂ ਭੀ ਖ਼ਾਕ ਘਣੀ ਸਿਰ ਪਾਈ, ਕੂਚੇ ਗਲੀ ਸ਼ਹਿਰ ਦੀ।
ਬਣ ਕੇ ਵੈਦ ਸੁਣੇਂ ਦੁਖ ਮੇਰਾ, ਕੋਈ ਨ ਮਿਲਿਆ ਦਰਦੀ'।੪੪੦।

ਅਸਲੋਂ ਜਾਣੁ ਇਹੋ ਗੱਲ ਹਾਸ਼ਮ, ਹਰ ਇਕ ਸਾਥ ਢੂੰਡੇਂਦਾ।
ਦਿਲ ਨੂੰ ਸ਼ੌਕ ਹੋਵੇ ਜਿਸ ਵਲ ਦਾ, ਓਹੋ ਸੁਖ਼ਨ ਕਰੇਂਦਾ।੪੪੧।

ਵਹਿਸ਼ੀ ਓਸ ਪਿਆਰੇ ਲਗਦੇ, ਜੋ ਦਿਲੁ ਆਪ ਦੀਵਾਨਾ।
ਸ਼ਹਿਵਤ ਜ਼ੋਰ ਕਰੇ ਜਿਸ ਤਾਈਂ, ਢੂੰਡੇ ਸਾਥ ਜ਼ਨਾਨਾ।੪੪੨।

ਸੁਘੜਾਂ ਨਾਲ ਮਿਲੇ ਸੁਖ ਪਾਵੇ, ਜੋ ਦਿਲ ਸੁਘੜ ਸਿਆਣਾ।
ਖ਼ੁਸ਼ ਹੋ ਨਾਲ ਨਿਮਾਣੇ ਮਿਲਦਾ, ਆਜਿਜ਼ ਲੋਕ ਨਿਤਾਣਾ।੪੪੩।

ਕਿਬਰੀ ਪਾਸ ਤਕੱਬਰ ਵਾਲੇ, ਬਣਿ ਕੇ ਯਾਰ ਖੜੋਂਦਾ।
ਘਾਇਲ ਚਸ਼ਮ ਅਲੂਦਾ ਅਪਣਾ, ਸਾਥ ਉਡੀਕੇ ਰੋਂਦਾ।੪੪੪।

ਕੁਟਣੀ ਫੇਰ ਕਹਿਆ, 'ਰੇ ਬਾਬੂ ! ਹਮਰੀ ਬਿਰਤ ਅਕਾਸ਼ੀ।
ਪੰਛੀ ਲੋਕ ਫ਼ਕੀਰ ਜਗਤ ਮੈਂ, ਨਿਸ ਦਿਨ ਫਿਰੈਂ ਉਦਾਸੀ।੪੪੫।

ਕੇਤਕ ਬਰਸ ਹੋਏ ਹਮ ਫਿਰਕੈ, ਸੈਰੁ ਜਗਤ ਮੈਂ ਕੀਨਾ।
ਪਸ਼ਚਮ ਔਰ ਉਦੈ ਤਕ ਦੇਖਾ, ਕਾਬਾ ਔਰ ਮਦੀਨਾ।੪੪੬।

ਉਪਮਾ ਏਸ ਨਗਰ ਕੀ ਸੁਣਿ ਕੈ, ਮਨੂਆ ਭਇਆ ਵੈਰਾਗੀ।
ਹਿਤ ਕਰ ਏਸ ਦਿਸ਼ਾ ਮਗ ਦੌੜੇ, ਭ੍ਰਮਤਾ ਸਭੀ ਤਿਆਗੀ।੪੪੭।

ਜਬ ਹਮ ਆਣ ਇਹਾਂ ਤਕ ਪਹੁਤੇ, ਦੇਖੀ ਚਾਲ ਨਗਰ ਕੀ।
ਦੁਖ ਮੈਂ ਬਹੁਤ ਦੁਖੀ ਅਰ ਰੋਵੈਂ, ਜੋ ਜੀਅ ਜੰਤ ਸ਼ਹਿਰ ਕੀ।੪੪੮।

ਐਸੋ ਨਗਰ ਦੁਖੀ ਜਬ ਦੇਖਾ, ਤਜਿ ਹਮ ਚਲੇ ਅਗੇਰਾ।
ਅਬ ਹਮ ਔਰ ਨਗਰ ਮੈਂ ਜਾ ਕਰ, ਦੋ ਦਿਨ ਕਰੈਂ ਬਸੇਰਾ'।੪੪੯।

ਭੀ ਫ਼ਰਹਾਦ ਕਹਿਆ, 'ਹੇ ਮਾਈ ! ਕਿਆ ਤੈਂ ਸੁਖ਼ਨ ਸੁਣਾਇਆ।
ਐਸੇ ਨਗਰ ਸੁਹਾਵੇ ਤਾਈਂ, ਦੁਖੀਆ ਚਾਇ ਬਣਾਇਆ।੪੫੦।

ਸ਼ਾਹ ਅਜ਼ੀਜ਼ ਸ਼ਹਿਰ ਦਾ ਵਾਲੀ, ਆਦਲੁ ਸਖੀ ਰਸੀਲਾ।
ਸੁਟਦਾ ਵਾਰ ਮੁਸਾਫ਼ਰ ਉਤੋਂ, ਅਪਣਾ ਖੇਸ਼ ਕਬੀਲਾ।੪੫੧।

ਅਪਣਾ ਆਪ ਸਹੀ ਕਰ ਜਾਣੇ, ਅਪਣਾ ਔਰ ਬਿਗ਼ਾਨਾ।
ਉਸ ਦੇ ਰਾਜ ਕਹੇਂ ਜਗ ਦੁਖੀਆ, ਮੈਂ ਇਹ ਬਾਤ ਨ ਮਾਨਾਂ'।੪੫੨।

ਕੁਟਣੀ ਫੇਰ ਕਹਿਆ, 'ਰੇ ਬਾਬੂ ! ਤੁਮਰੀ ਸਮਝਿ ਨ ਆਈ।
ਤੁਮਨੇ ਔਰ ਕੋਊ ਕੁਛ ਸਮਝਾ, ਹਮ ਨੇ ਔਰ ਬਤਾਈ।੪੫੩।

ਵਹ ਜੋ ਕਹੇ ਅਜ਼ੀਜ਼ ਸ਼ਹਿਨਸ਼ਾਹ, ਬੇਟੀ ਉਸੇ ਜੋ ਆਹੀ।
ਸ਼ੀਰੀਂ ਨਾਮ ਉਸੇ ਅਬ ਤਲਖੀ, ਮਲਕੁਲ ਮੌਤ ਚਖਾਈ।੪੫੪।

ਉਸ ਕੇ ਸੋਗੁ ਨਗਰ ਮੈਂ ਅਤ ਹੀ, ਲੋਕ ਭਰੇ ਦੁਖ ਸੋਗੀ।
ਹਸ ਕਰ ਬਾਤ ਕਰੇ ਨਹੀਂ ਕੋਈ, ਕਿਆ ਜੋਗੀ ਕਿਆ ਭੋਗੀ।੪੫੫।

ਥਾ ਕਛੁ ਆਜ ਉਨ੍ਹੋਂ ਨੇ ਉਸ ਕਾ, ਖ਼ਤਮ ਦਰੂਦੁ ਦਿਲਾਇਆ।
ਹਲਵਾ ਨਾਨ ਊਹਾਂ ਸੇ ਇਤਨਾ, ਹਾਥ ਹਮਾਰੇ ਆਇਆ'।੪੫੬।

ਜਾਂ ਫ਼ਰਹਾਦੁ ਸੁਣੀ ਇਹ ਹਾਸ਼ਮ, ਤਰ੍ਹਾ ਹਕੀਕਤਿ ਸਾਰੀ।
ਤੇਸਾ ਮਾਰ ਮੁਆ ਮੁੜ ਕੀਤਾ, ਸੁਖ਼ਨ ਨ ਦੂਜੀ ਵਾਰੀ।੪੫੭।

ਜੋ ਜੀ ਜੰਤ ਪੈਦਾਇਸ਼ ਰੱਬ ਦੀ, ਅਰਦ ਸਮਾਂ ਵਿਚ ਹੋਈ।
ਸਾਹਿਬ ਹੁਨਰ ਬਿਹੁਨਰੇ ਮਨਇਮ, ਮੁਫਲਸੁ ਰਹਿਆ ਨ ਕੋਈ।੪੫੮।

ਪਰ ਤੂੰ ਸਮਝ ਪਿਆਰੇ ਹਾਸ਼ਮ, ਓੜਕ ਤੁਧ ਭੀ ਮਰਨਾ।
ਏਹੋ ਖ਼ੂਬ ਇਸ਼ਕ ਵਿਚ ਮਰ ਤੂੰ, ਮਰਨ ਨਹੀਂ ਇਹ ਤਰਨਾ।੪੫੯।

ਆਸ਼ਕ ਅੰਗ ਨ ਸਾਕ ਕਿਸੇ ਦੇ, ਲੋਕ ਉਨ੍ਹਾਂ ਨਿਤ ਗਾਉਣ।
ਸਿਦਕ ਉਨ੍ਹਾਂ ਦੇ ਜ਼ੋਰੋ ਜ਼ੋਰੀ, ਅਪਣਾ ਨਾਮ ਜਪਾਉਣ।੪੬੦।

ਪਰ ਇਹ ਇਸ਼ਕ ਸੁਖਾਲਾ ਨਾਹੀਂ, ਖਰਾ ਔਖੇਰਾ ਮਰਨਾ।
ਇਕ ਵਾਰੀ ਮਰ ਜਾਵੇ ਹਰ ਇਕ, ਆਸ਼ਕ ਪਲ ਪਲ ਮਰਨਾ।੪੬੧।

ਸਾਬਤ ਮੁਇਆ ਸੁ ਕਾਮਲ ਹੋਇਆ, ਮੁਕਤ ਮੁਇਆਂ ਬਿਨ ਨਾਹੀਂ।
ਹਾਸ਼ਮ ਜਾਨ ਬਚਾਏਂ ਮਰਨੋਂ, ਰਹਿਆ ਖ਼ਰਾਬ ਤਦਾਹੀਂ।੪੬੨।

ਛਡ ਹੁਣ ਹੋਰ ਕਜ਼ੀਆ ਅਪਣਾ, ਜੋ ਤੁਧ ਕਹੀ ਸੁ ਜਾਣੀ।
ਅਗਲੀ ਆਖਿ ਹਕੀਕਤਿ ਹਾਸ਼ਮ, ਕਿਤ ਬਿਧਿ ਹੋਈ ਵਿਹਾਣੀ ?੪੬੩।

ਇਹ ਗੱਲ ਹੋਈ ਜਗਤ ਵਿਚ ਜ਼ਾਹਰ, ਕੁਟਣੀ ਧੋਹੁ ਕਮਾਇਆ।
ਕਰਕੇ ਮਕਰ ਜ਼ਨਾਨਾ ਆਸ਼ਕ, ਸਾਦਕੁ ਮਾਰ ਵੰਞਾਇਆ।੪੬੪।

ਸੁਣੀ ਅਜ਼ੀਜ਼ ਅੰਬੀਰਾਂ ਸੁਣਿਆ, ਪਹੁਤੀ ਖ਼ਬਰ ਜ਼ਨਾਨੀ।
ਲੱਗੀ ਹੋਰੁ ਵਧੇਰੇ ਓੜਕ, ਸ਼ੁਹਰਤਿ ਮਗਰ ਜਹਾਨੀਂ।੪੬੫।

ਸੁਣ ਕੇ ਹਾਲ ਸ਼ਹੀਦ ਸੱਜਣ ਦਾ ਸ਼ੀਰੀਂ ਦਰਦ-ਰੰਞਾਣੀ।
ਰੁਖ਼ਸਤ ਜਾਨ ਉਸੇ ਦਮ ਕੀਤੀ, ਇਕਸੇ ਆਹ ਨਿਮਾਣੀ।੪੬੬।

ਤੂੰ ਭੀ ਲਾਫ਼ ਮਰੇਂਨਾ ਹਾਸ਼ਮ, ਪੈਰ ਇਸ਼ਕ ਵਿਚ ਧਰਕੇ।
ਹੈ ਸਦ ਹੈਫ਼, ਨ ਕਿਧਰੇ ਪਹੁਤੋਂ, ਮਜ਼ਾ ਨ ਪਾਇਓ ਮਰਕੇ।੪੬੭।

ਗ਼ੌਗਾ ਸ਼ੋਰ ਸ਼ਹਿਰ ਵਿਚ ਹੋਇਆ, ਰੋਂਦਾ ਹਰ ਇਕ ਦਿਸੇ।
ਸੁਣਿਆ ਕਦੀ ਨ ਡਿਠੀ ਆਹੀ, ਮੌਤ ਅਜੇਹੀ ਕਿਸੇ।੪੬੮।

ਸ਼ੀਰੀਂ ਤੇ ਫ਼ਰਹਾਦੇ ਕਜ਼ੀਆ, ਖ਼ੂੰਨੀ ਇਸ਼ਕੁ ਵਧਾਇਆ।
ਜੋ ਰੱਬ ਆਪੁ ਉਘਾੜੇ ਪੜਦਾ, ਕਿਤ ਬਿਧਿ ਰਹੇ ਲੁਕਾਇਆ।੪੬੯।

ਟੁਟਾ ਨੰਗ ਨਮੂਸ ਅਜ਼ੀਜ਼ੋਂ, ਰੋਵੇ ਖਲਕ ਚੁਫ਼ੇਰੇ।
ਸੀ ਉਹ ਸ਼ਾਹ ਫ਼ਕੀਰ ਨਿਹਾਇਤ, ਆਜ਼ਿਜ਼ ਹੋਇਆ ਵਧੇਰੇ।੪੭੦।

ਕੀਤਾ ਹੁਕਮ ਅੰਬੀਰਾਂ ਤਾਈਂ, ਤਰਫ਼ ਨਹਿਰ ਦੀ ਜਾਓ।
ਦੇ ਕੇ ਗੁਸਲ ਦਿਵਾਨੇ ਤਾਈਂ, ਮੰਜ਼ਲ ਗੋਰ ਪੁਜਾਓ।੪੭੧।

ਸੀ ਉਹੁ ਸਾਹਿਬ ਸਿਦਕ ਨਿਹਾਇਤ, ਆਸ਼ਕ ਪਾਕ ਫ਼ਰਿਸ਼ਤਾ।
ਕਰਕੇ ਅਦਬ ਅਦਾਬ ਯਕੀਨੋਂ, ਕਰਿਓ ਖ਼ੂਬ ਸ਼ਰਿਸ਼ਤਾ।੪੭੨।

ਢੱਠੇ ਰੂਹ ਹੋਇ ਦਿਲ ਘਾਇਲ, ਆਪ ਗਇਆ ਵਲ ਸ਼ੀਰੀਂ।
ਮੱਯਤ ਵੇਖ ਪਿਊ ਦਾ ਹਿਜਰੋਂ, ਜਿਗਰ ਹੋਇਆ ਪੁਰ ਤੀਰੀਂ।੪੭੩।

ਕੀਤੀ ਦੂਰ ਹਜੂਮ ਜਹਾਨੀਂ, ਗ਼ੌਗਾ ਦੂਰ ਹਟਾਇਆ।
ਮੂੰਹ ਥੀਂ ਫੇਰ ਅਜ਼ੀਜ਼ ਨ ਕੂਇਆ, ਰੱਬ ਦਾ ਸ਼ੁਕਰ ਵਜਾਇਆ।੪੭੪।

ਉਹ ਦਿਨ ਸ਼ਾਮ ਸ਼ਹਿਰ ਵਿਚ ਕਹੁ ਤੂੰ, ਸੀ ਕਿਸ ਰੂਪ ਕਿਵੇਹਾ।
ਸਾਇਤ ਹੋਗੁ ਕਿਆਮਤ ਵਾਲਾ, ਜ਼ਾਲਮੁ ਸਖਤ ਅਜੇਹਾ।੪੭੫।

ਕਿਆ ਕੁਛ ਸ਼ਕਤਿ ਮੁਹੱਬਤਿ ਸਾਹਿਬੁ, ਆਪ ਦਿਲਾਂ ਵਿਚ ਪਾਈ।
ਮਾਂ ਪਿਉ ਭੈਣ ਭਿਰਾਉ ਬਣਾਏ, ਉਲਫ਼ਤਿ ਬਹੁਤ ਵਧਾਈ।੪੭੬।

ਖਾਹਸ਼ ਏਸ ਉਲਾਦ ਜਨਾਉਰ, ਕਿਆ ਕੁਛ ਜ਼ੁਹਦ ਉਠਾਉਣ।
ਆਦਮੀਆਂ ਨੂੰ ਲਾਜ਼ਮ ਏਹੋ, ਨਾਲ ਮੁਇਆਂ ਮਰ ਜਾਉਣ।੪੭੭।

ਸੀ ਇਕ ਬਾਗ਼ ਸ਼ਜ਼ਾਈ ਵਾਲਾ, ਅੰਦਰ ਚੌਂਕ ਜ਼ਨਾਨੇ।
ਜੀਕੁਰ ਚੰਦ ਚੁਫੇਰ ਸਤਾਰੇ, ਗਿਰਦੇ ਮਹਿਲ ਸ਼ਹਾਨੇ।੪੭੮।

ਹਰ ਹਰ ਮੁਲਖ ਵਲਾਇਤ ਵਾਲੇ, ਮੇਵੇ ਫੁਲ ਬਹਾਰੀ।
ਸਭ ਉਸ ਬਾਗ ਜੜੇ ਉਸਤਾਦਾਂ, ਕਰ ਕਰ ਉਸਤਾਕਾਰੀ।੪੭੯।

ਹਰ ਹਰ ਸ਼ਾਖ ਸ਼ਗੂਫ਼ਾ ਸਬਜ਼ੀ, ਰੰਗਾਮੇਜ਼ ਬਹਾਰੇ।
ਜ਼ੀਨਤ ਜ਼ੇਬ ਨਿਹਾਇਤ ਵਾਲੇ, ਹਰ ਹਰ ਚੌਂਕ ਨਿਆਰੇ।੪੮੦।

ਉਚੇ ਖੂਹ ਵਗਣ ਅਸਮਾਨੀ, ਨੀਵੇਂ ਹੋਰ ਵਧੇਰੇ।
ਨਹਿਰਾਂ ਫਿਰਨ ਦੀਵਾਰਾਂ ਉਪਰ, ਜਾਰੀ ਬਾਗ ਚੁਫੇਰੇ।੪੮੧।

ਰੱਖੇ ਖ਼ੂਬ ਅਰਾਕਾਂ ਵਿਚ ਵਿਚ, ਉਸਤਾਕਾਰ ਫੁਹਾਰੇ।
ਕਰਿ ਕਰਿ ਲਾਖ ਦਲੀਲਾਂ ਤਖ਼ਤੇ, ਮਿਹਨਤ ਨਾਲ ਸਵਾਰੇ।੪੮੨।

ਸੰਗੀ ਫਰਸ਼ ਹੋਇਆ ਗੁਲਕਾਰੀ, ਸਾਰੀ ਓਸ ਜ਼ਮੀਨੇ।
ਲਾਏ ਲਾਖ ਕਰੋੜ ਨਕਾਸ਼ਾਂ, ਹੀਰੇ ਲਾਲ ਨਗੀਨੇ।੪੮੩।

ਗਿਰਦੇ ਆਬ ਰਵਾਂ ਹਰ ਤਖਤੇ, ਜੁਜ਼ ਵਲ ਜਿਵੇਂ ਕਿਤਾਬੀ।
ਗੁਲ ਲਾਲਾ ਗੁਲ ਨਰਗਸ ਸੋਸਨੁ, ਸਤਰਾਂ ਗਿਰਦ ਗੁਲਾਬੀ।੪੮੪।

ਆਤਸ਼ਬਾਜ਼ੀ ਵਾਂਗੁ ਫੁਹਾਰੇ, ਬਣਿ ਬਣਿ ਪੈਣ ਫੁਹਾਰਾਂ।
ਪਾਸੋਂ ਅਕਸ ਗੁਲਾਂ ਦੇ ਪੈ ਪੈ, ਫਿਰਦੇ ਰੰਗ ਹਜ਼ਾਰਾਂ।੪੮੫।

ਫਿਰਕੇ ਫੇਰ ਬੁਲੰਦ ਦ੍ਰਖ਼ਤੋਂ, ਬਰਗ ਗੁਲਾਂ ਪਰ ਪੌਂਦੇ।
ਗਰਦ ਗ਼ੁਬਾਰ ਜ਼ਮਾਨੇ ਵਾਲੀ, ਰਹਿਣ ਹਮੇਸ਼ਾਂ ਧੋਂਦੇ।੪੮੬।

ਗੂੜ੍ਹੀ ਛਾਉਂ ਸੁਹਾਣੀ ਉਸ ਵਿਚ, ਜ਼ੋਰੁ ਦਰਖ਼ਤਾਂ ਫੜਿਆ।
ਸੂਰਜੁ ਨਜ਼ਰ ਨ ਆਵੇ ਹਰਗਿਜ਼, ਚੰਦੁ ਨ ਜਾਪੇ ਚੜ੍ਹਿਆ।੪੮੭।

ਇਕ ਉਹੁ ਸੁਰਖ ਜਵਾਹਰ ਦਮਕਣ, ਲਾਲੀ ਹੋਰ ਗੁਲਾਂ ਦੀ।
ਸੇ ਉਹ ਸੂਰਜ ਆਪ ਹਜ਼ਾਰਾਂ, ਖ਼ਾਤਰ ਅਹਿਲ ਦਿਲਾਂ ਦੀ।੪੮੮।

ਉਸਤਾਕਾਰ ਫ਼ਰਾਸ਼ ਚਮਨ ਦਾ, ਬਾਦਿ ਸਬ੍ਹਾ ਜਦ ਆਵੇ।
ਹਰ ਹਰ ਕਿਸਮ ਵਲੋਂ ਖ਼ੁਸ਼ਬੋਈ, ਖੋਲ੍ਹ ਫਰੂਸ਼ ਵਿਛਾਵੇ।੪੮੯।

ਸੰਦਲ ਦੀਪ ਹੋਵੇ ਸ਼ਰਮਿੰਦਾ, ਉਸ ਦੀ ਮੁਸ਼ਕ ਬਹਾਰੋਂ।
ਨਾਫਾ ਨਾਮੁ ਛਪਾਵੇ ਅਪਣਾ, ਜਾਵੇ ਆਬ ਤਤਾਰੋਂ।੪੯੦।

ਹੋਵਣ ਮਸਤ ਬਿਹੋਸ਼ ਜਨਾਉਰ, ਮੋਰ ਚਕੋਰ ਪਰਿੰਦੇ।
ਆਸ਼ਕ ਹੋਣ ਅਵਾਜ਼ਾਂ ਸੁਣ ਸੁਣ, ਬਾਸ਼ੇ, ਬਾਜ਼, ਦਰਿੰਦੇ।੪੯੧।

ਹਰ ਹਰ ਸ਼ਾਖ ਜਨਾਉਰ ਲੋਟਨ, ਮਸਤ ਬਿਹੋਸ਼ੀ ਕਰਕੇ।
ਬਾਂਸਾਂ ਨਾਲ ਜਿਵੇਂ ਨਟ ਖੇਲਣ, ਜਾਨ ਤਲੀ ਪਰ ਧਰ ਕੇ।੪੯੨।

ਬਾਂਕੀ ਚਾਲ ਝਿੰਗਾਰਨ ਹਾਰਟ, ਪਾਵਣ ਸ਼ੋਰ ਝੁਲਾਰਾਂ।
ਬੋਲਣ ਮੋਰ ਪਪੀਹੇ ਕੋਕਲ, ਪੰਛੀ ਹੋਰ ਹਜ਼ਾਰਾਂ।੪੯੩।

ਹਰ ਹਰ ਚੌਂਕ ਪੰਘੂੜੇ ਪੀਂਘਾਂ, ਰੇਸ਼ਮ ਸਾਜ ਸਿੰਗਾਰੀ।
ਧੌਲਰ ਮਹਿਲ ਚੁਫੇਰੇ ਚਮਕਣ, ਤਾਕ ਝਰੋਖੇ ਬਾਰੀ।੪੯੪।

ਸੀ ਉਹ ਮਹਿਲ ਕਬੂਤਰਖਾਨਾ, ਅੰਤ ਸ਼ੁਮਾਰ ਨ ਆਵੇ।
ਬੀਬੀ ਬਹੂ ਸਹੇਲੀ ਬਾਂਦੀ, ਹਰ ਹਰ ਮਹਿਲ ਸੁਹਾਵੇ।੪੯੫।

ਇਕਨਾ ਹਾਰ ਸ਼ਿੰਗਾਰ ਜਵਾਹਰ, ਜ਼ੇਵਰ ਜ਼ਰੀ ਪੁਸ਼ਾਕਾਂ।
ਤੀਰੰਦਾਜ਼ ਸਿਪਾਹੀ ਬੈਠੇ, ਸਾਂਭ ਝਰੋਖਿਆਂ ਤਾਕਾਂ।੪੯੬।

ਇਕ ਇਕ ਸਾਦ ਮੁਰਾਦੀ ਸੂਰਤ, ਦਰਦਵੰਦਾਂ ਹੱਕ ਫਾਹੀ।
ਨਾਜ਼ ਨਿਆਜ਼ ਉਨ੍ਹਾਂ ਦੀ ਹਾਸ਼ਮ, ਜਲਵਾ ਜਾਤ ਇਲਾਹੀ।੪੯੭।

ਯਾ ਉਹੁ ਮਾਨ ਸਰੋਵਰ ਕਹੀਏ, ਹੰਸਾਂ ਵਾਸੁ ਚੁਫੇਰੇ।
ਯਾ ਉਹੁ ਸੁਰਖ਼ ਜਹਾਨੋਂ ਸਾਰੇ, ਆਣਿ ਉਥਾਈਏਂ ਘੇਰੇ।੪੯੮।

ਬਾਹਰ ਸਿਫ਼ਤ ਉਨ੍ਹਾਂ ਦੀ ਅਕਲੋਂ, ਨਾਕਸ ਇਹ ਤਤਬੀਰਾਂ।
ਉਲਫ਼ਤ ਨਾਲ ਮੁਸੱਵਰ ਅਜ਼ਲੀ, ਲਿਖੀਆਂ ਉਹ ਤਸਵੀਰਾਂ।੪੯੯।

ਪਰ ਉਹ ਨਾਲ ਸ਼ਹਿਜ਼ਾਦੀ ਆਹੀਆਂ, ਹਾਰ ਸ਼ਿੰਗ੍ਹਾਰ ਹਵਾਈਂ।
ਲੱਦੇ ਭਾਰ ਗਇਆ ਵਣਜਾਰਾ, ਖਾਲੀ ਛੱਡ ਸਰਾਈਂ।੫੦੦।

ਬਣਿਆ ਬਾਗ ਡਰਾਉਣ ਵਾਲਾ, ਸੋਗੀ ਮਹਿਲ ਮੁਨਾਰੇ।
ਆਹੀਂ ਬਾਝੁ ਅਵਾਜ਼ ਨ ਸੁਣੀਏ, ਬਾਗ਼ ਬਜ਼ਾਰੀਂ ਸਾਰੇ।੫੦੧।

ਕੀਤੀ ਓਸ ਚਮਨ ਵਿਚ ਤੁਰਬਤ, ਸ਼ੀਰੀਂ ਸੀਮ-ਬਦਨ ਦੀ।
ਰੱਖੀ ਨਹਿਰ ਕਿਨਾਰੇ ਮੱਯਤ, ਆਜ਼ਿਜ਼ ਕੋਹ-ਸ਼ਿਕਨ ਦੀ।੫੦੨।

ਜਾਂ ਵਿਚ ਲਹਦ ਰੱਖੀ ਸ਼ਹਿਜ਼ਾਦੀ, ਫਰਸ਼ ਬਣਾਇਆ ਖ਼ਾਕੋਂ।
ਖੋਲ੍ਹੇ ਬੰਦ ਪਿਊ ਮੁਖ ਵੇਖਣ, ਕਾਰਣ ਦਰਦ ਫ਼ਿਰਾਕੋਂ।੫੦੩।

ਖਾਲੀ ਕਫਨੁ ਪਿਆ ਵਿਚ ਕਬਰੇ, ਮੱਯਤ ਨਜ਼ਰ ਨ ਆਈ।
ਵੇਖ ਅਜ਼ੀਜ਼ ਤਅੱਜਬ ਹੋਇਆ, ਹੈਰਤ ਵਿਚ ਲੁਕਾਈ।੫੦੪।

ਦਾਨਸ਼ਵੰਦ ਹਜ਼ਾਰਾਂ ਆਹੇ, ਹਾਜ਼ਰ ਓਸ ਟਿਕਾਣੇ।
ਢੂੰਡਣ ਕਰਨ ਦਲੀਲਾਂ ਹਿਕਮਤ, ਕੌਣ ਰੱਬਾਨੀ ਜਾਣੇ।੫੦੫।

ਸੀ ਇਕ ਦੂਰੰਦੇਸ਼ ਉਨ੍ਹਾਂ ਵਿਚ, ਆਖਿਆ ਓਨ ਤਦਾਹੀਂ।
'ਚਾਹੀਏ ਕਬਰ ਦਿਵਾਨੇ ਦੇਖੀ, ਹੈ ਵਿਚ ਓਹੁ ਕਿ ਨਾਹੀਂ' ?੫੦੬।

ਸੁਣ ਕੇ ਸੁਖ਼ਨ ਕਹਿਆ ਸ਼ਾਹ ਆਦਲ, 'ਜਾਂ ਰਬੁ ਖੇਡ ਮਚਾਵੇ।
ਵੇਖੋ ਹਾਲ ਬੇਉਜ਼ਰੇ ਹੋ ਕੇ, ਜੋ ਰੱਬੁ ਹੋਰ ਵਿਖਾਵੇ'।੫੦੭।

ਓਹੋ ਮੁਲਖੁ ਸ਼ਹਿਰ ਦਾ ਮੇਲਾ, ਤੁਰਿਆ ਤਰਫ਼ ਦੀਵਾਨੇ।
ਮੁਇਆਂ ਖਲਕ ਖ਼ਿਆਲ ਨ ਛਡਦੀ, ਸਾਹਿਬ ਦਰਦ ਨਿਸ਼ਾਨੇ।੫੦੮।

ਅਗੇ ਦਫ਼ਨ ਦਿਵਾਨਾ ਆਹਾ, ਸਾਬਤ ਕਬਰ ਬਣਾਈ।
ਮਗਰੋਂ ਜਾਇ ਹਜੂਮੀ ਮੇਲੇ, ਓਵੇਂ ਫੇਰ ਖੁਲ੍ਹਾਈ।੫੦੯।

ਕੀਤਾ ਕਬਰ ਚੁਫੇਰੇ ਪੜਦਾ, ਖ਼ਲਕਤ ਦੂਰ ਹਟਾਈ।
ਖ਼ਾਸੇ ਲੋਕ ਕਹਿਣ ਉਸ ਅੰਦਰ, ਨਜ਼ਰ ਹਕੀਕਤ ਆਈ।੫੧੦।

ਆਵੇ ਮੁਸ਼ਕ ਬਹਿਸ਼ਤੀ ਬਾਹਰ, ਜਲਵਾ ਜਾਤ ਦਸੀਵੇ।
ਰੌਸ਼ਨ ਲਹਦ ਅਜੇਹੀ ਜੀਕੁਰ, ਬਲਣ ਹਜ਼ਾਰਾਂ ਦੀਵੇ।੫੧੧।

ਆਸ਼ਕ ਤੇ ਮਾਸ਼ੂਕ ਉਨ੍ਹਾਂ ਨੂੰ, ਨਜ਼ਰਿ ਉਥਾਵੇਂ ਆਏ।
ਕਾਮਲ ਸਿਦਕ ਪਿਛੇ ਰੱਬ ਸਾਹਿਬ, ਯਾਰਾਂ ਯਾਰ ਮਿਲਾਏ।੫੧੨।

ਕਿੱਸੇ ਛੱਡ ਦਲੀਲੀ ਹਾਸ਼ਮ, ਨਾ ਕਰ ਐਡ ਪਸਾਰੇ।
ਤੂੰ ਕੀ ਸਿਫਤ ਉਨ੍ਹਾਂ ਦੀ ਕਰਸੇਂ, ਜੋ ਰੱਬ ਆਪ ਸਵਾਰੇ।੫੧੩।