ਸਮੱਗਰੀ 'ਤੇ ਜਾਓ

ਸੀਹਰਫ਼ੀ 4 (ਅਲੀ ਹੈਦਰ ਮੁਲਤਾਨੀ)

ਵਿਕੀਸਰੋਤ ਤੋਂ


1. ਅਲਿਫ਼-ਇਹ ਅਵੱਲੜਾ ਹਮਜ਼ਾ ਕੋਈ

ਅਲਿਫ਼-ਇਹ ਅਵੱਲੜਾ ਹਮਜ਼ਾ ਕੋਈ,
ਗਮਜ਼ਾ ਏਹਨਾਂ ਅੱਖੀਆਂ ਦਾ ।
ਯਾ ਵੱਤ ਲਟਕਣ ਝੁੰਮਰ ਦੇ ਵਿੱਚ,
ਕੁੜੀਆਂ ਨਾਜ਼ਕ ਲੱਕੀਆਂ ਦਾ ।
ਯਾ ਵੱਤ ਨਾਜ਼ੋਂ ਕਰੇ ਨਜ਼ਾਕਤ,
ਹੱਥ ਲੱਗਾ ਟਕ ਦੱਖੀਆਂ ਦਾ ।
ਹੈਦਰ ਹਮਜ਼ਾ ਮੱਥੇ ਤੇ ਵਲ,
ਇਹ ਪ੍ਰੇਮ ਦੀਆਂ ਅੱਖੀਆਂ ਦਾ ।੨੯।

2. ਅਲਿਫ਼-ਉਹ ਸੁਲੱਖਣਾ ਯਾਰ ਮੈਂਡਾ

ਅਲਿਫ਼-ਉਹ ਸੁਲੱਖਣਾ ਯਾਰ ਮੈਂਡਾ,
ਮੈ ਤਾਂ ਲਿਖਿਆ ਚੂਨਚਿਗੂਨਾ ਨਹੀਂ ।
ਕਿਆ ਕੁਝ ਵਸਫ ਬਿਆਨ ਕਿਚੀਵੇ,
ਜੋ ਉਸਦਾ ਸ਼ਬੀਹ ਨਮੂਨਾ ਨਹੀਂ ।
ਸਭ ਪਰਚੂਨੀ ਜੂਨੀਂ ਚੁੰਨੀਆਂ ਵਾਲੜੇ,
ਉਸ ਦਾ ਤੋੜੇ ਚੂਨਾ ਨਹੀਂ ।
ਹੈਦਰ ਮਿੱਠੜੇ ਯਾਰ ਜੇਹਾ ਕੋਈ,
ਭਾਉਂਦਾ ਹੋਰ ਸਲੂਣਾ ਨਹੀਂ ।੧।

3. ਐਨ-ਅਜਬ ਕੇਹੀ ਮੁਸ਼ਕਲ ਗੱਲ ਉਹ

ਐਨ-ਅਜਬ ਕੇਹੀ ਮੁਸ਼ਕਲ ਗੱਲ ਉਹ,
ਨੈਣੀਂ ਵਸਦਾ ਤੇ ਦਿਸਦਾ ਨ ।
ਇਹ ਗੁਲ ਨਰਗਸ ਮੈਂਡੀ ਉਤੇ,
ਵਾਂਗੂੰ ਤ੍ਰੇਲ ਦੇ ਤਸਦਾ ਦਿਸਦਾ ਨ ।
ਚਲ ਕਰਨ ਨੈਣ ਗਲ ਪੌਣ ਮੈਥੋਂ,
ਲੁਕ ਲੁਕ ਹਸਦਾ ਦਿਸਦਾ ਨ ।
ਚੰਦਨ ਬਾਗ਼(ਮਾਂਘ) ਬਹਾਰ ਫਿਰ ਆਈ,
ਪਰਬਤ ਕੁਸਦਾ ਦਿਸਦਾ ਨ ।
ਅਲੀ ਹੈਦਰ ਪਲਕਾਂ ਲੈਣ ਕਲਾਵੇ,
ਪਰਬਤ ਨਸਦਾ ਦਿਸਦਾ ਨ ।੧੮।

ਐਨ-ਅਬਸ ਦਾ ਐਵੇਂ ਕੰਮ
ਸਭੀ ਬਾਝੋਂ ਯਾਰ ਦਾ ਕਾਰੋਬਾਰ ਐਵੇਂ ।
ਤੇਲ ਫੁਲੇਲ ਤੇ ਚੰਬਾ ਐਵੇਂ,
ਕੂੜੇ ਹਾਰ ਸ਼ਿੰਗਾਰ ਐਵੇਂ ।
ਸੋਹਣੇ ਰੰਗ ਪਲੰਘ ਭੀ ਐਵੇਂ,
ਬਾਝ ਪੁੰਨੂੰ ਛਨਕਾਰ ਐਵੇਂ ।
ਹੈਦਰ ਬਾਗ਼ ਬਹਾਰ ਨੇ ਐਵੇਂ,
ਸੁੰਬਲ ਬਾਝ ਸੋਹਣੇ ਦਿਲਦਾਰ ਐਵੇਂ ।

4. ਬੇ-ਬੱਸ ਮੀਆਂ ਜੀਉ ਵੱਸ ਨਾਹੀਂ

ਬੇ-ਬੱਸ ਮੀਆਂ ਜੀਉ ਵੱਸ ਨਾਹੀਂ
ਦਿਲ ਖੱਸ ਲਿਆ ਉਨ੍ਹਾਂ ਹਸਦਿਆਂ ।
ਕਾਕੁਲ(ਕਾਗਜ਼) ਮਸਤ ਅਸਾਡੜੇ ਲਿੱਖੇ,
ਉਹ ਲਬ ਮਿਲੇ ਤਰਸਦਿਆਂ ।
ਜੀਉ ਖੱਸੇਂ ਤੇ ਫੇਰ ਜਿਵਾਏਂ,
ਹਰਫ਼ ਅਸਾਨੂੰ ਦੱਸਦਿਆਂ ।
ਅਲੀ ਹੈਦਰ ਕਿਉਂਕਰ ਹਰਫ਼ ਪਕਾਵਾਂ,
ਮੈਂ ਦਿਲ ਸਬਕੋਂ ਨੱਸਦਿਆਂ ।੨।

5. ਦਾਲ-ਦਮਾਮੜਾ ਕੂਚ ਦਾ ਏ

ਦਾਲ-ਦਮਾਮੜਾ ਕੂਚ ਦਾ ਏ,
ਇਹ ਸਾਹ ਜੋ ਮੈਂਡੜਾ ਆਵੰਦਾ ਏ ।
ਕਾਰ ਇਲਹਾਰ ਜੋ ਦਿਲ ਵਿੱਚ ਮੱਚੇ
ਵਲ ਵਲ ਝਾਤੀਆਂ ਪਾਵੰਦਾ ਏ ।
ਭੁੱਜਦਾ ਤੇ ਧੜਕਦਾ ਸੀਨਾ,
ਖੱਲ ਵਿੱਚ ਸਾਹ ਨਾ ਮਾਵੰਦਾ ਏ ।
ਹੈਦਰ ਗਰਮੀ ਇਸ਼ਕ ਦੀ ਹੋਈ,
ਪੱਖੜਾ ਕੌਣ ਹਿਲਵੰਦਾ ਏ ।੮।

6. ਫੇ-ਫਿਕਰ ਤਸੱਵਰ ਫਹਮ ਸੁਖਨ ਮੈਨੂੰ

ਫੇ-ਫਿਕਰ ਤਸੱਵਰ ਫਹਮ ਸੁਖਨ ਮੈਨੂੰ,
ਸਭਾ ਮੁਤਾਲਾ ਯਾਰ ਦਾ ਏ ।
ਆਸ਼ਿਕ ਤੇ ਮਾਸ਼ੂਕਾਂ ਦਾ ਲਿਖਿਆ,
ਜ਼ੈਦ ਉਮਰ ਨੂੰ ਮਾਰਦਾ ਏ ।
ਨਾ ਵਤ ਮਾਰ ਤੂੰ ਜ਼ੈਦ ਉਮਰ ਨੂੰ,
ਐਵੇਂ ਮੁੱਲਾਂ ਨਹਵ ਸਵਾਰਦਾ ਏ ।
ਅਲੀ ਹੈਦਰ ਐਵੇਂ ਹਾਸੇ,
ਤਾਰ ਮਗਸ ਦਿਲਦਾਰ ਦਾ ਏ ।੨੦।

7. ਗ਼ੈਨ-ਗ਼ੈਰ ਕੇਹਾ ਮੈਂਡੀ ਜਾਨ ਦਾ ਮੁੱਲ

ਗ਼ੈਨ-ਗ਼ੈਰ ਕੇਹਾ ਮੈਂਡੀ ਜਾਨ ਦਾ ਮੁੱਲ,
ਇਕ ਧੁੱਪ ਨਿਗਾਹ ਦੇ ਚੋਕ ਮੀਆਂ ।
ਕਰਜ਼ ਕੇਹਾ ਤੇ ਹੁਧਾਰ ਕੇਹਾ,
ਹੱਥ ਦੇਹ ਜੋ ਦੇਣਾ ਏ ਰੋਕ ਮੀਆਂ ।
ਮੁੱਲ ਕੇਹਾ ਮੈਂ ਤਾਂ ਘੋਲ ਘੱਤਾਂ,
ਤੈਥੋਂ ਸਭ ਜਹਾਨ ਦਾ ਥੋਕ ਮੀਆਂ ।
ਅਲੀ ਹੈਦਰ ਸਦਕੇ ਰਾਂਝਣ ਉਤੋਂ,
ਮਹੀਂ ਭੀ ਨਾਲੇ ਝੋਕ ਮੀਆਂ ।੧੯।

8. ਹੇ-ਹਰਫ ਕੇਹੇ ਇਹ ਨਾਗ ਇਆਣੇ

ਹੇ-ਹਰਫ ਕੇਹੇ ਇਹ ਨਾਗ ਇਆਣੇ,
ਵਲ ਵਲ ਕੁੰਡਲ ਘਤਦੇ ਨੇ ।
ਉਹ ਮੁੱਲਾਂ ਦੇ ਹਨ ਇਹ ਸ਼ੋਖ ਕਲੰਦਰ,
ਬਗਲੀ ਜਾਏ ਵੱਤਦੇ ਨੇ ।
ਇਹ ਨਾਗ ਕੇਹੇ ਕਾਲੇ ਕਾਲੀਆਂ,
ਸੇਹਲੀਆਂ ਹੱਥ ਵਿੱਚ ਘੱਤਦੇ ਨੇ ।
ਹੈਦਰ ਕਮਲੀ ਕਮਲੀਆਂ ਨੂੰ,
ਮੰਤਰ ਮਰੇਂਦੜੇ ਵੱਤਦੇ ਨੇ ।੬।

9. ਹੇ-ਹੀਰੇ ਹੀਰੇ ਮੈਨੂੰ ਆਖਦਾ ਏ

ਹੇ-ਹੀਰੇ ਹੀਰੇ ਮੈਨੂੰ ਆਖਦਾ ਏ,
ਅਤੇ ਨਾਲ ਦਿਲਾਸੜੇ ਮਾਰਦਾ ਏ ।
ਹੁਰ ਹੁਰ ਕਰਕੇ ਗੇੜੇ ਵਾਂਗੂੰ,
ਨਾਲ ਘੁਮਾਣੀ ਉਡਾਰਦਾ ਏ ।
ਕੋਹ ਕੂਕ ਮੈਂਡੀ ਨ ਭਾਵੰਦੀ ਏ,
ਮੈਨੂੰ ਇਹ ਦਿਲਾਸੜਾ ਯਾਰ ਦਾ ਏ ।
ਵਿੱਚ ਸਿਆਲੀਂ ਦੇ ਰਾਂਝਣ ਵੇ ਹੈਦਰ,
ਸਰੂ ਜਿਵੇਂ ਗੁਲਜ਼ਾਰ ਦਾ ਏ ।੨੭।

10. ਜੀਮ-ਜੁਮੇ ਦੀ ਛੁੱਟੀ ਭਾਈ

ਜੀਮ-ਜੁਮੇ ਦੀ ਛੁੱਟੀ ਭਾਈ,
ਵੈਸਾਂ ਰਾਂਝਣ ਯਾਰ ਦਾਉਂ ।
ਬੁਲਬੁਲ ਛੁੱਟੀ ਪਿੰਜਰਿਉਂ ਹੁਣ,
ਵੈਸੀ ਉਸ ਗੁਲਜ਼ਾਰ ਦਾਉਂ ।
ਤੂਤੀ ਛੁੱਟੀ ਕੈਦ ਕੁਨੋਂ ਹੁਣ,
ਵੈਸੀ ਸਬਜ਼ਹ ਜ਼ਾਰ ਦਾਉਂ ।
ਹੈਦਰ ਜਿੱਥੜੇ ਯਾਰ ਪਿਆਰਾ,
ਵੈਸਾਂ ਉਸੇ ਪਾਰ ਦਾਉਂ ।੫।

11. ਕਾਫ-ਕਰਮ ਥੀਆ ਬਿਸਮਿੱਲਾ ਜੀਉ

ਕਾਫ-ਕਰਮ ਥੀਆ ਬਿਸਮਿੱਲਾ ਜੀਉ,
ਆ ਬਹਿ ਇਹਨਾਂ ਅੱਖੀਆਂ ਤੇ ।
ਇਹ ਸਿੱਕ ਸਿਕਦੀਆਂ ਰੋਂਦੀਆਂ ਰੋਂਦੀਆਂ,
ਰਾਹ ਭਲੇਂਦੀਆਂ ਥੱਕੀਆਂ ਤੇ ।
ਇਹ ਸੋਹਣੀ ਸੂਰਤ ਵੇਖਦੀਆਂ,
ਰਾਹ ਵੈਂਦੀਆਂ ਹੱਕੀਆਂ ਬੱਕੀਆਂ ਤੇ ।
ਹੈਦਰ ਹੁਣ ਜੇ ਮਿਲੇ ਪਿਆਰਾ,
ਅਖੀਆਂ ਤੇ ਦਿਲ ਭਖੀਆਂ ਤੇ ।੨੨।

12. ਕਾਫ਼-ਕਸਮ ਮੈਨੂੰ ਤੈਂਡੜੀ ਏ

ਕਾਫ਼-ਕਸਮ ਮੈਨੂੰ ਤੈਂਡੜੀ ਏ,
ਹੁਣ ਅਖੀਂ ਨਾ ਸੌਣਾ ਨਾ ਖਾਵਣੀਆਂ ।
ਮੂੰਹ ਮਿਸਵਾਕ ਨਾ ਦੰਦ ਮੱਸੀ,
ਨਾ ਮੈਂ ਕਾਜਲ ਪਾਵਣੀਆਂ ।
ਸਭ ਸਿਆਲੀਂ ਝੁੰਮਰ ਖੇਡਣ,
ਨੇਵਰ ਨ ਛਣਕਾਵਣੀਆਂ ।
ਹੈਦਰ ਰਾਂਝਣ ਮਾਹੀ ਬਾਝੋਂ,
ਮੈਲੜਾ ਵੇਸ ਹੰਢਾਵਣੀਆਂ ।੨੧।

13. ਖ਼ੇ-ਖ਼ੁਦਾ ਦਾ ਵਾਸਤਾ ਈ ਮੈਨੂੰ

ਖ਼ੇ-ਖ਼ੁਦਾ ਦਾ ਵਾਸਤਾ ਈ ਮੈਨੂੰ,
ਲਾਰਿਆਂ ਲਾਰਿਆਂ ਮਾਰ ਨਹੀਂ ।
ਕਿਉਂ ਵੱਤ ਭਾਹ ਅਸਾਡੜੇ ਮੁੜ,
ਭਾਲੇ ਦੀ ਤਲਵਾਰ ਨਹੀਂ ।
ਕਿਉਂ ਗੁੱਝੜਾ ਹਾਸਾ ਮੱਥੇ ਤੇ,
ਦਿਲ ਬਿਜਲੀ ਦਾ ਲਿਸ਼ਕਾਰ ਨਹੀਂ ।
ਹੈਦਰ ਯਾਰ ਜੇ ਏਵੇਂ ਭਾਵੇ,
ਤਾਂ ਗੋਲੀਆਂ ਨੂੰ ਇਨਕਾਰ ਨਹੀਂ ।੭।

14. ਲਾਮ-ਲਗਾ ਲਇਆ ਦਿਲ ਮੈਂਡਾ

ਲਾਮ-ਲਗਾ ਲਇਆ ਦਿਲ ਮੈਂਡਾ,
ਇਨ੍ਹਾਂ ਨੈਣਾਂ ਹੱਸ ਹੱਸ ਵੇਖਦਿਆਂ ।
ਸਿਹਰ ਕੀਤੋ ਨੇ ਠੱਗ ਲਇਓ ਨੇ,
ਐਵੇਂ ਰਸ ਰਸ ਵੇਖਦਿਆਂ ।
ਚੋਰੀ ਕੀਤੀ ਲੁਟ ਲੀਤੋ ਨੇ,
ਹਥੀਂ ਖੱਸ ਖੱਸ ਵੇਖਦਿਆਂ ।
ਹੱਥੀਂ ਪੌਂਦੇ ਤੀਰ ਚਲੈਂਦੇ,
ਹੈਦਰ ਕਸ ਕਸ ਵੇਖਦਿਆਂ ।੨੩।

15. ਲਾਮ-ਲਾਲਾ ਦੇ ਰੰਗ ਸਿਆਲੀਂ ਸਭ

ਲਾਮ-ਲਾਲਾ ਦੇ ਰੰਗ ਸਿਆਲੀਂ ਸਭ,
ਪਰ ਹੀਰੇ ਦਾ ਵਾਗ ਨਵੇਕਲਾ ਏ ।
ਸਭ ਸਿਆਲਾਂ ਦੀ ਮਹੀਂ ਮੰਗੂ,
ਪਰ ਹੀਰੇ ਦਾ ਭਾਗ ਨਵੇਕਲਾ ਏ ।
ਸਭ ਸਿਆਲੀਂ ਅੱਤਣ ਗਾਵਣ,
ਪਰ ਹੀਰੇ ਦਾ ਰਾਗ ਨਵੇਕਲਾ ਏ ।
ਹੈਦਰ ਘਾਹ ਤੇ ਬੂਟੀ ਲਬਾਂ,
ਪਰ ਹੀਰੇ ਦਾ ਬਾਗ ਨਵੇਕਲਾ ਏ ।੨੮।

16. ਮੀਮ-ਮੁਹੰਮਦ ਸਲੇ ਅੱਲਾਹ ਦਾ

ਮੀਮ-ਮੁਹੰਮਦ ਸਲੇ ਅੱਲਾਹ ਦਾ,
ਹਰਦਮ ਸਾਨੂੰ ਆਸਰਾ ਏ ।
ਓਸੇ ਦੀ ਉਮੀਦ ਅਸਾਹਾਂ,
ਅਮਲਾਂ ਦਾ ਨ-ਭਰਵਾਸੜਾ ਏ ।
ਓਸੇ ਦੇ ਦਰਬਾਰ ਦੇ ਸਾਇਲ,
ਹੱਥ ਅਸਾਡੇ ਕਾਸੜਾ ਏ ।
ਓਸੇ ਦੇ ਦਿਲਾਸੇ ਹੈਦਰ,
ਹੰਝੂ ਵਾਲਾ ਹਾਸੜਾ ਏ ।
ਸਭ ਜੱਗ ਦੇਵੇ ਝਿੜਕਾਂ ਹੈਦਰ,
ਓਸੇ ਦਾ ਇੱਕ ਦਿਲਾਸੜਾ ਏ ।੨੪।

17. ਨੂਨ-ਨਿਗ੍ਹਾ ਚੁਰਾਏ ਦਿਲ ਨੂੰ

ਨੂਨ-ਨਿਗ੍ਹਾ ਚੁਰਾਏ ਦਿਲ ਨੂੰ
ਨੈਣ ਤੈਂਡੇ ਕੇਹੇ ਕਾਲੜੇ ਨੇ ।
ਕਾਠੇ ਰਾਠ ਅਵੱਲੜੇ ਨੇ ਕੁੱਠੇ,
ਜ਼ਾਲਿਮ ਝੋਕਾਂ ਵਾਲੜੇ ਨੇ ।
ਇਹ ਮੂੰਹ ਤੈਂਡਾ ਦੇਂਹ ਥੀਂ ਰੌਸ਼ਨ,
ਦੇਂਹ ਵਿੱਚ ਦੀਵੇ ਬਾਲੜੇ ਨੇ ।
ਖੱਸ ਲਵਣ ਦਿਲ ਵਤ ਨ ਦੇਵਣ,
ਹੈਦਰ ਨੈਣ ਦਵਾਲੜੇ ਨੇ ।੨੫।

18. ਰੇ-ਰਾਤ ਵਿਸਾਲ ਦੀ ਅਫਜ਼ਲ ਮੈਨੂੰ

ਰੇ-ਰਾਤ ਵਿਸਾਲ ਦੀ ਅਫਜ਼ਲ ਮੈਨੂੰ,
ਕਦਰ ਅਤੇ ਸ਼ਬਰਾਤ ਕੁਨੋਂ ।
ਲਾਲ ਲਬਾਂ ਵਿੱਚ ਮਿੱਠੜਾ ਹਾਸਾ,
ਜਿਹੜਾ ਮਿੱਠੜਾ ਕੰਦ ਨਬਾਤ ਕੁਨੋਂ ।
ਸੁਖਨ ਮੁਬਾਰਕ ਤੰਗ ਦਹਨ ਥੀਂ,
ਬੇਹਤਰ ਹੈ ਆਯਾਤ ਕੁਨੋਂ ।
ਆਬ ਜ਼ਲਾਲ ਢੋਲਣ ਦਾ ਹੈਦਰ,
ਮੈਨੂੰ ਊਲਾ ਆਬ-ਹਾਯਾਤ ਕੁਨੋਂ ।੧੦।

19. ਸੀਨ-ਸਬਕ ਮੈਂਡਾ ਕੱਚੜਾ ਜੇਹਾ

ਸੀਨ-ਸਬਕ ਮੈਂਡਾ ਕੱਚੜਾ ਜੇਹਾ,
ਪਕਦਾ ਨਾਹੀਂ ਥੱਕੀਆਂ ਮੈਂ ।
ਹਾਇ ਦੋ ਚਸ਼ਮੀ ਵੇਖਾਂ ਯਾ ਵਤ,
ਵੇਖਾਂ ਤੈਂਡੀਆਂ ਅੱਖੀਆਂ ਮੈਂ ।
ਆ ਰਾਂਝਾ ਗਲ ਲੱਗ ਸੁਆਈਂ,
ਠੱਪ ਕਿਤਾਬਾਂ ਰੱਖੀਆਂ ਮੈਂ ।
ਅਲੀ ਹੈਦਰ ਕਿਤਨਾ ਨੇਹੁੰ ਛੁਪਾਵਾਂ,
ਸਭ ਸਿਆਲਾਂ ਲੱਖੀਆਂ ਮੈਂ ।੧੨।

20. ਸੇ-ਸਮਰਾ ਕੇਹਾ ਅਬਜਦ ਹੱਵਜ਼

ਸੇ-ਸਮਰਾ ਕੇਹਾ ਅਬਜਦ ਹੱਵਜ਼,
ਏਹੋ ਮਾਨੇ ਦੱਸ ਮੀਆਂ ।
ਐਵੇਂ ਮਗਜ਼ ਖਪਾ ਨ ਮੈਂਡਾ,
ਮੇਹਰ ਪਵੇ ਹੁਣ ਵਸ ਮੀਆਂ ।
ਆਪ ਜੁਦਾ ਨ ਥੀਂਵੇਂ ਸ਼ਾਲਾ,
ਤੀਰ ਕਿਉਂ ਮਾਰੇ ਕੱਸ ਮੀਆਂ ।
ਹੈਦਰ ਹਰਫ ਜੁਦਾਈ ਵਾਲਾ
ਕੀਨੂੰ ਆਖਾਂ ਹੋਂਵਦੇ ਵੱਸ ਮੀਆਂ ।੪।

21. ਸ਼ੀਨ-ਸ਼ਿਕਾਰੀ ਨੈਣ ਤੈਂਡੇ

ਸ਼ੀਨ-ਸ਼ਿਕਾਰੀ ਨੈਣ ਤੈਂਡੇ,
ਘੁੰਡ ਖੋਲ੍ਹ ਘੱਤ ਇਨ੍ਹਾਂ ਭੁੱਖੀਆਂ ਦੇ ।
ਸ਼ਾਹੀਂ ਸ਼ਾਹਾਂ ਵਾਲਿਆਂ ਦੇ ਇਹ,
ਕਾਰ ਸ਼ਿਕਾਰ ਦੇ ਰਖੀਆਂ ਦੇ ।
ਦਿਲਬਰ ਲਾਹ ਨ ਰੱਖ ਏਵੇਂ,
ਇਹਨਾਂ ਭੁੱਖੀਆਂ ਜ਼ਖਮਾਂ ਚਖੀਆਂ ਦੇ ।
ਬਾਵਰੀਆਂ ਮੈਂ ਬਾਵਲੀ ਹੈਦਰ,
ਇਹਨਾਂ ਤੇਜ਼ ਕਟਾਰੀਆਂ ਅੱਖੀਆਂ ਦੇ ।੧੩।
22. ਸੁਆਦ-'ਸੁਮਮ ਬੁਕਮਮ' ਹੋ ਰਹੀ ਮੈਨੂੰ

ਸੁਆਦ-'ਸੁਮਮ ਬੁਕਮਮ' ਹੋ ਰਹੀ ਮੈਨੂੰ,
ਉਸ ਬਿਨ ਕੁਝ ਨ ਆਵੰਦਾ ਏ ।
ਸੋਹਣੀ ਸੋਹਣਿਆਂ ਦੇਖ ਕੇ ਗੰਗਾ,
ਸਿਮਰ ਸਿਮਰ ਪਛਤਾਵੰਦਾ ਏ ।
ਕਾਇਦਾ ਮੈਨੂੰ ਜ਼ੁਲਫ ਸਜਣ ਦੀ,
ਸਤਰਾਂ ਨਾਲ ਬੁਝਾਵੰਦਾ ਏ ।
ਹੈਦਰ ਗੱਲਾਂ ਸਮਝ ਨ ਸਕਾਂ,
ਉਹ ਬਿਨ ਜੋੜ ਸੁਣਾਵੰਦਾ ਏ ।੧੪।

23. ਤੇ-ਤਕਰਾਰ ਸਬਕ ਦਾ ਕੇਹਾ

ਤੇ-ਤਕਰਾਰ ਸਬਕ ਦਾ ਕੇਹਾ,
ਅਸਾਂ ਸਿਆਲੀਂ ਜੱਟੀਆਂ ਨੂੰ ।
ਪੱਟੀਆਂ ਲਿਖ ਲਿਖ ਦੇਹ ਨ ਮੁੱਲਾਂ,
ਅਸਾਂ ਪ੍ਰੇਮ ਦੀਆਂ ਫੱਟੀਆਂ ਨੂੰ ।
ਫੱਟੀਆਂ ਉਤੇ ਹਰਫ ਪੜ੍ਹਾਂ,
ਕਿ ਘੁੱਟ ਘੁਟ ਬੰਨ੍ਹਾਂ ਪੱਟੀਆਂ ਨੂੰ ।
ਹੈਦਰ ਆਖ ਤਾਂ ਸੁੱਟ ਘੱਤਾਂ,
ਇਹਨਾਂ ਕਿਲਕਾਂ ਕਾਨੀਆਂ ਕੱਟੀਆਂ ਨੂੰ ।੩।

24. ਤੋਏ-ਤੂਰ ਦੀ ਆਤਿਸ਼ ਨਖਲ ਕੁਨੋਂ

ਤੋਏ-ਤੂਰ ਦੀ ਆਤਿਸ਼ ਨਖਲ ਕੁਨੋਂ,
ਯਾਂ ਗਾਹਲ ਦਿਸੀਵੇ ਜ਼ੁਲਫ ਕੁਨੋਂ ।
ਯਾ ਵਤ ਆਸਾ ਮੂਸਾ ਦਾ
ਤਮਸੀਲ ਕਚੀਵੇ ਜ਼ੁਲਫ ਕੁਨੋਂ ।
ਯਾ ਬਿਸਮਿਲਾ ਲਾਲ ਵਰਕ ਤੇ
ਮਿਸਲ ਰਖੀਵੇ ਜ਼ੁਲਫ ਕੁਨੋਂ ।
ਹੈਦਰ ਦੂਰ ਤਸਲਸਲ ਮਸਲੇ
ਸਬਕ ਪੜ੍ਹੀਵੇ ਜ਼ੁਲਫ ਕੁਨੋਂ ।੧੬।

25. ਵਾਉ-ਵਾਉ ਲੱਗੀ ਅੱਜ ਠੰਡੜੀ ਮੈਨੂੰ

ਵਾਉ-ਵਾਉ ਲੱਗੀ ਅੱਜ ਠੰਡੜੀ ਮੈਨੂੰ,
ਜੋ ਆਈ ਯਾਰ ਦੀ ਪਾਰ ਕੁਨੋਂ ।
ਵਾਉ ਝੂਲਣਾ ਕੁੰਡਲ ਪਾਏ,
ਜੋ ਆਇਆ ਜ਼ੁਲਫ ਦੀ ਤਾਰ ਕੁਨੋਂ ।
ਫੇਰੀਆਂ ਦੇਂਦਾ ਘੋਲੜੀ ਵੈਂਦਾ,
ਅੰਗ ਬਿਭੂਤ ਗ਼ੁਬਾਰ ਕੁਨੋਂ ।
ਹੈਦਰ ਨੇਹੁੰ ਦਾ ਝੋਲਾ ਲੱਗਾ,
ਸ਼ਾਹ ਪਰੀਆਂ ਦੀ ਡਾਰ ਕੁਨੋਂ ।੨੬।

26. ਯੇ-ਯਾਰ ਦੀ ਸੂਰਤ ਮੁਸਹਫ ਮੈਨੂੰ

ਯੇ-ਯਾਰ ਦੀ ਸੂਰਤ ਮੁਸਹਫ ਮੈਨੂੰ,
ਹੁਣ ਮੈਂ ਹਾਫਿਜ਼ ਹੋ ਰਹੀ ।
ਇਹ ਸੋਹਣੀ ਸੂਰਤ ਆਯਤ ਸੂਰਤ,
ਦਿੱਤੇ ਮੈਨੂੰ ਅਮਰ ਨਹੀਂ ।
ਉਹ ਗੁੱਝੜਾ ਹਾਸਾ ਮੱਥੇ ਤੇ ਵਲ,
ਸਭ ਕੁਝ ਏਹੀਆ ਅਮਰ ਨਹੀਂ ।
ਹੈਦਰ ਸ਼ੁਕਰ ਖੁਦਾ ਦਾ ਕੀਜੇ,
ਆਇਆ ਮੈਨੂੰ ਹਰਫ਼ ਸਹੀ ।੩੦।

27. ਜ਼ਾਲ-ਜ਼ਾਤ ਸਿਫਾਤ ਸਿਆਲੀਂ ਦੀ

ਜ਼ਾਲ-ਜ਼ਾਤ ਸਿਫਾਤ ਸਿਆਲੀਂ ਦੀ,
ਸਬ ਘੋਲੀ ਰਾਂਝਣ ਚਾਕ ਕੁਨੋਂ ।
ਮੁਸ਼ਕ ਅੰਬਰ ਤੇ ਅਤਰ ਭੀ ਸਦਕੇ,
ਮਹੀਂ ਦੇ ਪੈਰਾਂ ਦੀ ਖਾਕ ਕੁਨੋਂ ।
ਸੁੰਬਲ ਤੇ ਰੀਹਾਨ ਭੀ ਸਦਕੇ,
ਤਿਲੜੀ ਮੁਰਕ ਸਵਾਕ ਕੁਨੋਂ ।
ਅਲੀ ਹੈਦਰ ਬੇਲਾ ਬੇਲੀ ਵਾਲਾ,
ਮੈਨੂੰ ਚੰਗਾ ਬਾਗ ਇਰਾਕ ਕੁਨੋਂ ।੯।

28. ਜ਼ੇ-ਜ਼ਬਰ ਨ ਤਫਾਵਤ

ਜ਼ੇ-ਜ਼ਬਰ ਨ ਤਫਾਵਤ,
ਮੁਸਹਫ ਰੁਖ ਉਸ ਯਾਰ ਦਾ ਏ ।
ਨੁਕਤਾ ਬੇ ਬਿਸਮਿੱਲਾ ਦਾ ਉਹ,
ਖਤ ਸਿਆਹ ਰੁਖਸਾਰ ਦਾ ਏ ।
ਪਿੱਛੇ ਖਤ ਬਿਸਮਿੱਲਾ ਲਿੱਖੀ,
ਜ਼ੁਲਫ ਵਰਕ ਜ਼ਰਕਾਰ ਦਾ ਏ ।
ਅਲੀ ਹੈਦਰ ਵੇਖ ਅਲਹਮਦ ਪੜ੍ਹੀਵੇ,
ਲਿਖਿਆ ਇਹ ਸੱਤਾਰ ਦਾ ਏ ।੧੧।

29. ਜ਼ੋਏ-ਜ਼ਾਹਰ ਤੈਂਡੇ ਨੂਰੋਂ ਬਿਜਲੀ

ਜ਼ੋਏ-ਜ਼ਾਹਰ ਤੈਂਡੇ ਨੂਰੋਂ ਬਿਜਲੀ,
ਨਾਹੀਂ ਤੇ ਕਾਲੜਾ ਧਾਗੜਾ ਏ ।
ਤੈਂਡਾ ਹੁਸਨ ਬਹਾਰ ਚਮਨ ਦਾ ਆਹਾ,
ਤਾਹੀਂ ਤੇ ਬਾਕਰ ਫਾਗੜਾ ਏ ।
ਤੈਂਡੇ ਜ਼ੋਰੋਂ ਸ਼ੇਰ ਜ਼ੋਰਾਵਰ,
ਨਹੀਂ ਤੇ ਸਗ ਬੇ-ਧਾਗੜਾ ਏ ।
ਅਲੀ ਹੈਦਰ ਤੈਂਡੇ ਸ਼ਿਅਰ ਕੁਨੋਂ,
ਇਹ ਚੌਤੜਾ ਦਿਲੀ ਆਗਰਾ ਏ ।੧੭।

30. ਜ਼ੁਆਦ-ਜ਼ਰੂਰਤ ਸਾਨੂੰ ਕੇਹੀ

ਜ਼ੁਆਦ-ਜ਼ਰੂਰਤ ਸਾਨੂੰ ਕੇਹੀ,
ਸਿੱਖਾਂ ਬੰਨ ਅਲਾਵਣ ਨੂੰ ।
ਮਿਸਤਰ ਲੱਗੀ ਦਿਲ ਵਿੱਚ ਮੈਂਡੀ,
ਪ੍ਰੇਮ ਦੇ ਹਰਫ ਲਿਖਾਵਣ ਨੂੰ ।
ਰਗ ਰਗ ਤਾਰ ਤੰਬੂਰੇ ਵਾਲੀ,
ਨਾਖੁਨ ਨਾਲ ਵਜਾਵਣ ਨੂੰ ।
ਰਾਗ ਦੀ ਮਾਲਾ ਗਲ ਵਿੱਚ ਹੈਦਰ,
ਰੂਪ ਸਜਣ ਦਾ ਗਾਵਣ ਨੂੰ ।੧੫।