ਸਮੱਗਰੀ 'ਤੇ ਜਾਓ

ਸੀਹਰਫ਼ੀ 5 (ਅਲੀ ਹੈਦਰ ਮੁਲਤਾਨੀ)

ਵਿਕੀਸਰੋਤ ਤੋਂ
802ਸੀਹਰਫ਼ੀ 5ਅਲੀ ਹੈਦਰ ਮੁਲਤਾਨੀ


1. ਅਲਿਫ਼-ਆ ਜ਼ਬਰ ਆ ਜ਼ੇਰ ਆ ਪੇਸ਼

ਅਲਿਫ਼-ਆ ਜ਼ਬਰ ਆ ਜ਼ੇਰ ਆ ਪੇਸ਼,
ਅਲਿ ਉਸਫ਼ ਰੋਕੀਆਂ ਮੈਂ ।
ਜ਼ੇਰਾਂ ਜ਼ਬਰਾਂ ਕਾਤੀਆਂ ਛੁਰੀਆਂ,
ਇਸ਼ਕ ਰਾਂਝਣ ਦੇ ਚੋਕੀਆਂ ਮੈਂ ।
ਮੈਂ ਕੀ ਜਾਣਾ ਦਰਸ ਤੇ ਮਕਤਬ,
ਰਾਂਝਣ ਝੋਕੀ ਝੋਕੀਆਂ ਮੈਂ ।
ਅਲੀ ਹੈਦਰ ਕਾਇਦਾ ਇਸ਼ਕ ਦਾ ਪੜ੍ਹਿਆ,
ਭੇਤੀਆਂ ਭੇਤ ਅਣੋਖੀਆਂ ਮੈ ।੧।

ਅਲਿਫ਼-ਅਨ ਬਨ ਇਨ੍ਹਾਂ ਸੋਹਣਿਆਂ ਦੇ,
ਕੋਈ ਭਾ ਅਸਾਡੜੇ ਵਾਇਦਾ ਏ ।
ਅਲਿਫ਼ ਬੇ ਤੇ ਸਬਕ ਇਨ੍ਹਾਂ ਦਾ,
ਅਤੇ ਆਸ਼ਿਕਾਂ ਨੂੰ ਹੀਏ ਹਾਏ ਦਾ ਏ ।
ਜ਼ਬਰ ਜ਼ੇਰ ਕਰ ਸ਼ਹਰਤੂ ਮੈਂਡੀ,
ਦਰਦਮੰਦਾਂ ਨਾਲ ਦਾ ਕਾਇਦਾ ਏ ।
ਹੈਦਰ ਕਹੇ ਮੇਹਰ ਕਚੀਵੇ,
ਵਾਸਤਾ ਨਾਮ ਖੁਦਾਇਦਾ ਏ ।

2. ਅਲਿਫ਼-ਅੱਖੀਂ ਦਾ ਹਮਜ਼ਾ ਗਮਜ਼ਾ

ਅਲਿਫ਼-ਅੱਖੀਂ ਦਾ ਹਮਜ਼ਾ ਗਮਜ਼ਾ,
ਬਰਕੰਦਾਜ਼ ਤੁਫੰਗ ਦਾ ਏ ।
ਗੋੜੇ ਕੋਹੜੇ ਦੇ ਤੀਰ ਚਲੈਂਦਾ,
ਬੜਾ ਬਹਾਦਰ ਜੰਗ ਦਾ ਏ ।
ਵਿਚ ਰਕੂ' ਸਜੂਦ ਮਰਾਕਬ,
ਫਤਹ ਨੈਣਾਂ ਦੀ ਮੰਗਦਾ ਏ ।
ਹੈਦਰ ਢੋਲਣ ਬਾਂਹ ਪਕੜੀ,
ਡਿਗੜਾ ਟੋਟੜਾ ਵੰਗ ਦਾ ਏ ।੨੯।

3. ਐਨ-ਅਬਸ ਐਵੇਂ ਕੰਮ ਸੱਭੇ

ਐਨ-ਅਬਸ ਐਵੇਂ ਕੰਮ ਸੱਭੇ,
ਬਾਝੋਂ ਯਾਰ ਦੇ ਕਾਰ ਤੇ ਬਾਰ ਐਵੇਂ ।
ਤੇਲ ਫੁਲੇਲ ਤੇ ਚੰਬਾ ਭੀ ਐਵੇਂ,
ਹਾਰ ਅਤੇ ਸਿੰਗਾਰ ਐਵੇਂ ।
ਸੋਹਣੇ ਰੰਗ ਪਲੰਘ ਭੀ ਐਵੇਂ,
ਨੇਵਰ ਦੀ ਛਣਕਾਰ ਐਵੇਂ ।
ਅਲੀ ਹੈਦਰ ਬਾਗ ਬਹਾਰ ਚਮਨ ਦੀ,
ਬਾਝੋਂ ਰਾਂਝਣ ਯਾਰ ਐਵੇਂ ।੧੮।

ਐਨ-ਅਲਹਦੜਸਤੀ ਦਾ ਰੰਗ
ਤੇ ਪਾਨਾਂ ਦਾ ਰੰਗ ਅਲਹਦੜਾ ਏ ।
ਸ਼ਾਨ ਸ਼ਫਕ ਦਾ ਰੰਗ ਅਲਹਦੜਾ,
ਤੇ ਤਲੀਆਂ ਦਾ ਰੰਗ ਅਲਹਦੜਾ ਏ ।
ਉਹ ਲਬ ਗਾਲੀਆਂ ਦੈਂਦੜਾ ਮੈਨੂੰ,
ਏਨਹਾਂ ਦਾ ਜੰਗ ਅਲਹਦੜਾ ਏ ।
ਹੈਦਰ ਲਾਲ ਲਬਾਂ ਦਾ ਸਾਇਲ,
ਤੇ ਖਾਲ ਪਲੰਗ ਅਲਹਦੜਾ ਏ ।

4. ਬੇ-ਬਾਬਤ ਮਸ਼ਕ ਸਿਤਮ ਕੀ ਕਰਦੇ

ਬੇ-ਬਾਬਤ ਮਸ਼ਕ ਸਿਤਮ ਕੀ ਕਰਦੇ,
ਜ਼ਾਲਿਮ ਲਿੱਖਣ ਵਾਲੜੇ ਨੇ ।
ਖਤ ਉਤੇ ਸਿਰੋਪਾ ਸੁਨਹਰੀ,
ਕੰਨ ਸੋਨੇ ਦੇ ਵਾਲੜੇ ਨੇ ।
ਜ਼ੁਲਫ਼ ਵਿੱਚੋਂ ਚੰਨ ਬਿਜਲੀ ਵਾਂਗੂੰ,
ਘੁੰਗਟ ਘੱਤ ਵਿਖਾਲੜੇ ਨੇ ।
ਹੈਦਰ ਮੁਸ਼ਕੀ ਵਾਲਾਂ ਵਾਲੜੇ,
ਗ਼ੈਰ ਦੀ ਰੱਖਣ ਵਾਲੜੇ ਨੇ ।੨।

5. ਦਾਲ-ਧਮਾਲ ਅਸਾਂ ਖੇਡਣਾ ਏ

ਦਾਲ-ਧਮਾਲ ਅਸਾਂ ਖੇਡਣਾ ਏ,
ਹੁਣ ਨੱਚਣ ਲੱਗੀ ਤੇ ਘੁੰਗਟ ਕਿਆ ।
ਘੁੰਗਟ ਕੱਢਣ ਝੁੰਮਰ ਖੇਡਣ,
ਪਰਦੇ ਦੇ ਵਿੱਚ ਪੋਪਟ ਕਿਆ ।
ਵਹਸਾਂ ਬੇਲੇ ਬੇਲੀ ਵਾਲੇ,
ਇਹ ਜੂਹ ਘਰ ਥੋਂ ਅੰਗਟ ਕਿਆ ।
ਜੀਆ ਸਾਡਾ ਇਸ਼ਕ ਤੋਂ ਘਿਰਦਾ,
ਇਹਨਾਂ ਤਬੀਬਾਂ ਦਾ ਝੁਰਮਟ ਕਿਆ ।
ਹੈਦਰ ਵੇਲਾ ਹੱਥ ਨ ਆਵੇ,
ਹੱਥੋਂ ਤਿੱਤਰ ਛੁੱਟ ਗਿਆ ।੮।

6. ਫੇ-ਫਹਮ ਨਹੀਂ ਏਹਨਾਂ ਜੱਟੀਆਂ ਮੂਲੇ

ਫੇ-ਫਹਮ ਨਹੀਂ ਏਹਨਾਂ ਜੱਟੀਆਂ ਮੂਲੇ,
ਸਹਨੀਆਂ ਸੱਮੀਆਂ ਨੱਸੀਆਂ ਨੂੰ ।
ਕਿਉਂ ਵੱਤ ਮੈਂ ਤੇ ਲੈ ਲੈ ਆਵਣ,
ਕੁੜੀਆਂ ਫੱਟੀਆਂ ਹੱਸੀਆਂ ਨੂੰ ।
ਭਾਹ ਲੱਗੇ ਇਹਨਾਂ ਫਾਹੀਆਂ ਨੂੰ,
ਮੈਂ ਗਲ ਕਿਵੇਂ ਘੱਤਾਂ ਰੱਸੀਆਂ ਨੂੰ ।
ਕਿਉਂ ਵੱਤ ਨਾਉਂ ਖੇੜੇ ਦਾ ਕਹਿੰਦਾ,
ਅਸਾਂ ਰਾਂਝਣ ਦੀਆਂ ਤੱਸੀਆਂ ਨੂੰ ।
ਹੈਦਰ ਵੱਸ ਅਸਾਡੜਾ ਨਾਹੀਂ,
ਮਤ ਕਹ ਇਸ਼ਕ ਦੀਆਂ ਕੱਸੀਆਂ ਨੂੰ ।੨੦।

7. ਗੈਨ-ਗੱਲੜਾ ਏਨ੍ਹਾਂ ਹੰਝੂਆਂ ਦਾ

ਗੈਨ-ਗੱਲੜਾ ਏਨ੍ਹਾਂ ਹੰਝੂਆਂ ਦਾ
ਹੁਣ ਮਿਣ ਮਿਣ ਅੱਖੀਆਂ ਪੀਂਦੀਆਂ ਨੇ ।
ਜਿਉਂ ਜਿਉਂ ਪੀਵਣ ਦਾਨੀਆਂ ਥੀਵਣ,
ਇਹ ਨਿਸ਼ਾਨੀਆਂ ਨੇਹੁੰ ਦੀਆਂ ਨੇ ।
ਮਾਰੇ ਮਾਰ ਜਿਵਾਲੇ ਇਹ ਵੱਤ
ਗਾਲੀਂ ਨੇਹੁੰ ਦੇ ਸ਼ੀਂਹ ਦੀਆਂ ਨੇ ।
ਹੈਦਰ ਵੱਸਣ ਲਾਲੜੀਆਂ ਇਹ,
ਕਣੀਆਂ ਕਹੀਏ ਮੀਂਹ ਦੀਆਂ ਨੇ ।੧੯।

8. ਹੇ-ਹਿਆ ਇਮਾਨ ਕੁਨੋਂ

ਹੇ-ਹਿਆ ਇਮਾਨ ਕੁਨੋਂ
ਇਹਨਾਂ ਨੈਣਾਂ ਦਾ ਨਿੱਤ ਬਹਾਨੜਾ ਏ ।
ਦਿਲ ਵੇਖਦੇ ਨੱਸੇ ਸ਼ਰਮ ਕੁਨੋਂ,
ਦਿਲ ਦੇਣ ਉਤੇ ਦੀਵਾਨੜਾ ਏ ।
ਆਬ ਸ਼ਰਾਬ ਮਸਤੀ ਉਨ੍ਹਾਂ ਅੰਦਰੇ,
ਸੂਰਤ ਭੀ ਮੈਖਾਨੜਾ ਏ ।
ਹੈਦਰ ਕੱਜਲਾ ਰਸਮਿਸ ਘੁਲਿਆ,
ਇਹ ਰਿੰਦ ਸਿਆਹ ਮਸਤਾਨੜਾ ਏ।੬।

9. ਹੇ-ਹੋਰ ਨੇ ਜਿਨ੍ਹਾਂ ਨਾਲ ਮੁਹੱਬਤ ਲਾਕੇ

ਹੇ-ਹੋਰ ਨੇ ਜਿਨ੍ਹਾਂ ਨਾਲ ਮੁਹੱਬਤ ਲਾਕੇ,
ਛੋੜ ਲਾਹੌਰ ਵੰਜਣ ।
ਸੋਨੜੇ ਰੰਗੀਆਂ ਮਯੱਸਰ ਕਰਕੇ,
ਦੇਖਕੇ ਨੱਕ ਮਰੋੜ ਵੰਜਣ ।
ਨੀਂਦਰ ਦੇ ਵਿੱਚ ਸੱਸੀ ਵਾਂਗੂੰ,
ਸੇਜ ਤੇ ਸੁੱਤਿਆਂ ਛੋੜ ਵੰਜਣ ।
ਹੈਦਰ ਨਾਲ ਪਿਆਰੇ ਵੈਸਾਂ,
ਝੰਗ ਵੰਜਣ ਭਾਵੇਂ ਸ਼ੋਰ ਵੰਜਣ ।੨੭।

10. ਜੀਮ-ਜਮਾਲ ਇਨ੍ਹਾਂ ਸੋਹਣਿਆਂ ਦਾ

ਜੀਮ-ਜਮਾਲ ਇਨ੍ਹਾਂ ਸੋਹਣਿਆਂ ਦਾ,
ਕੋਈ ਭਾ ਅਸਾਡੜੇ ਫਾਹ ਥੀਆ ।
ਦੂਰ ਚਰਾਗ ਇੰਨ੍ਹਾਂਦੜਾ ਮੈਨੂੰ,
ਸੀਨੇ ਅੰਦਰ ਫਾਹ ਥੀਆ ।
ਕੇਹੀ ਫੜਕ ਲੱਗੀ ਪਰਵਾਨੜੇ ਨੂੰ,
ਇਹ ਘੋਲੀਆਂ ਖਾਹ ਸ਼ਾਹ ਥੀਆ ।
ਹੈਦਰ ਕੇਹਾ ਪਰਵਾਨੜਾ ਏਹਾ ਥਾ,
ਸੋ ਮੌਤੋਂ ਬੇ-ਪਰਵਾਹ ਥੀਆ ।੫।

11. ਕਾਫ-ਕਤਾ ਭਲਾਵਤ ਹੱਥ ਜੇ ਨਾਹੀਂ

ਕਾਫ-ਕਤਾ ਭਲਾਵਤ ਹੱਥ ਜੇ ਨਾਹੀਂ,
ਨਾਲ ਸੱਜਣ ਗਲ ਵੰਗੜੀਆਂ ।
ਹੱਥ ਹਥੌੜੀਆਂ ਯਾਰ ਬਿਨਾਂ ਮੈਨੂੰ
ਸੋਹਣੀਆਂ ਇਹ ਵੰਗੜੀਆਂ ।
ਕੱਚੀਆਂ ਵੰਗਾਂ ਇਕ ਨ ਥੀਵਣ,
ਪੋਪਟ ਵਿੱਚ ਦਿਲ ਸੰਗੜੀਆਂ ।
ਜਿਨ੍ਹਾਂ ਢੋਲਣ ਦੀ ਬਾਂਹ ਸਿਰ੍ਹਾਣੇ,
ਹੈਦਰ ਸੋਈਓ ਨੇ ਚੰਗੜੀਆਂ ।੨੧।

12. ਕਾਫ-ਕੀ ਜਾਣਾ ਨੇਹੁੰ ਕਿਵੇਹਾ

ਕਾਫ-ਕੀ ਜਾਣਾ ਨੇਹੁੰ ਕਿਵੇਹਾ,
ਥੀਂਦਾ ਕੌਣ ਬਲਾ ਵਲੇ ।
ਜ਼ੁਲਫ਼ ਦੀ ਫਾਹੀ ਤੇ ਖਾਲ ਦਾ ਦਾਨਾ,
ਲਇਆ ਸੂ ਜੀਉ ਫਾਹ ਵਲੇ ।
ਅੱਲਾ ਹੋ ਅਕਬਰ ਤੇਗ ਨਿਗਾਹ ਦੀ,
ਕੁੱਠੜਾ ਨੇ ਮੈਨੂੰ ਚਾ ਵਲੇ ।
ਅਲੀ ਹੈਦਰ ਭੁੰਨ ਕਬਾਬ ਕੀਤੋਈ,
ਇਸ਼ਕੇ ਦੀ ਆਤਿਸ਼ ਲਾ ਵਲੇ ।੨੨।

ਕਾਫ-ਕੁਝ ਨਾ ਸੀ ਕੁਨ ਕੰਨ ਪਇਆ,
ਮਥਾ ਕੁਝ ਕਨਫ ਯਕੂਨ ਥੀਆ ।
ਕੁਨ ਦੀ ਕਾਫ ਸੀ ਖੂੰਡੀ ਹੋਈ
ਤੇ ਖੂੰਡੀ ਦਾ ਸਿਰ ਤੂੰ ਥੀਆ ।
ਕੁਨ ਭੀ ਆਹਾ ਤੇ ਕਣ ਮੀਂਹ ਭੀ,
ਕਣ ਕਣ ਗੋਨਾ-ਗੂਨ ਥੀਆ ।
ਵੱਜਿਆ ਮਾਰੂ ਇਸ਼ਕੇ ਵਾਲਾ,
ਸੁਧ ਬੁਧ ਹੋਸ਼ ਜਨੂਨ ਥੀਆ ।
ਆਈ ਲੈਲਾ ਇਹ ਜਿੰਦ ਮੈਂਡੇ,
ਕੇਸ ਖਲਾ ਮਜਨੂੰ ਥੀਆ ।
ਤੇਸਾ ਢਇਆ ਸੁਖਨ ਸ਼ੀਰੀਂ
ਫਰਹਾਦ ਨਿਮਾਨੜਾ ਖੂਨ ਥੀਆ ।
ਸਾਹਿਬਾਂ ਨੂੰ ਲੈ ਮਿਰਜ਼ਾ ਜਾਂਦਾ,
ਜ਼ੀਦਾ ਸ਼ਾਨ ਜ਼ਬੂਨ ਥੀਆ ।
ਕਲੀਏ ਪੁਲਾ ਸ਼ੀਰੀਨੀ ਸ਼ਰਬਤ,
ਫਹਿਆਂ ਉੱਤੇ ਲੂਨ ਥੀਆ ।
ਸਾਰੇ ਆਸ਼ਿਕ ਕੁੱਠੇ ਵੇ ਹੈਦਰ,
ਜਾਣ ਸੈ ਕੁਨ ਫਾ' ਕੂਨ ਥੀਆ ।

13. ਖੇ-ਖੂਬੀ ਤੈਂਡੀ ਬਿਜਲੀ ਡਿੱਠੀ

ਖੇ-ਖੂਬੀ ਤੈਂਡੀ ਬਿਜਲੀ ਡਿੱਠੀ,
ਚੋਲੜੀ ਸਹਜ ਨਾ ਮਾਵੰਦੀ ਏ ।
ਝੁੰਮਰ ਖੇੜੇ ਹੈਬਤ ਮਾਰੇ,
ਆ ਰਾਂਝਾ ਕਰ ਗਾਵੰਦੀ ਏ ।
ਰੱਤੀਆਂ ਸਾਵੀਆਂ ਪੱਟ ਦੀਆਂ ਲਾਸਾਂ,
ਉਚੜ ਪੀਂਘ ਉਡਾਵੰਦੀ ਏ ।
ਹੈਦਰ ਲੰਬੜੇ ਝੂਟੇ ਲੈਂਦੀ,
ਉੜ ਕਰ ਝਾਤੀਆਂ ਪਾਵੰਦੀ ਏ ।੭।

14. ਲਾਮ-ਲਿਖਾਂ ਨਾਲ ਖੂਨ ਜਿਗਰ ਦੇ

ਲਾਮ-ਲਿਖਾਂ ਨਾਲ ਖੂਨ ਜਿਗਰ ਦੇ,
ਤੈਂ ਵਲ ਚਿੱਠੇ ਚਿੱਠੀਆਂ ਵੇ ।
ਲਗਾ ਬੈਠੀ ਰਾਹ ਉਨ੍ਹਾਂ ਦਾ,
ਸਬਜ਼ ਕਬੂਤਰ ਲੁੱਠਿਆਂ ਦੇ ।
ਰਤ ਵੱਸਣ ਅਖੀਂ ਬਹਿੰਦੇ ਨਾਲੇ,
ਮੈਂ ਜੇਹੇ ਇਸ਼ਕ ਦੇ ਕੁੱਠਿਆਂ ਦੇ ।
ਹੈਦਰ ਛਾਲੇ ਪੈਰੀਂ ਲਿਸ਼ਕਣ,
ਰਾਹ ਪ੍ਰੇਮ ਦੇ ਢੱਠਿਆਂ ਦੇ ।੨੩।

15. ਲਾਮ-ਲੁਕ ਲੁਕ ਵਾਂਗੂੰ ਦੂਤੀਆਂ ਵੇਖਣ

ਲਾਮ-ਲੁਕ ਲੁਕ ਵਾਂਗੂੰ ਦੂਤੀਆਂ ਵੇਖਣ,
ਕੁੜੀਆਂ ਇਹ ਅਦਾ ਵਲੇ ।
ਹੱਸ ਹੱਸ ਵਾਂਗੂੰ ਹਸਦੀਆਂ ਮੈਨੂੰ,
ਗਲ ਨਾ ਬਾਂਹ ਵਲਾ ਵਲੇ ।
ਕੜਾ ਅਸਾਡੜਾ ਤੋੜ ਨ ਢੋਲਣ,
ਨੇਵਰ ਨ ਛਣਕਾ ਵਲੇ ।
ਆਪ ਨ ਬੀੜਾ ਖੜਕਾਉ ਵੇ ਹੈਦਰ,
ਲੋਕਾਂ ਕੁਨੋਂ ਛੁਪਾ ਵਲੇ ।੨੮।

16. ਮੀਮ-ਮੁਹੰਮਦ ਮੰਨ ਯਾਰ ਪਿਆਰਾ

ਮੀਮ-ਮੁਹੰਮਦ ਮੰਨ ਯਾਰ ਪਿਆਰਾ,
ਤੇ ਮੰਨਣ ਫਜ਼ਲ ਖ਼ੁਦਾ ਦਾ ਏ ।
ਮੀਮ ਤੇ ਨੂਨ ਗਵਾਹੀ ਦੇਂਦੇ,
ਮੰਨ ਸ਼ਰਹ ਦਾ ਕਾਇਦਾ ਏ ।
ਜ਼ੇਰ ਜ਼ਬਰ ਵਸ ਖਤ ਨਿਸ਼ਾਨੀ,
ਲਿਖਿਆ ਸੰਜ ਸਬਾ ਦਾ ਏ ।
ਮੀਮ ਦੇ ਪਿੱਛੇ ਨੂਨ ਜੋ ਆਵੇ,
ਏਸ ਰਮਜ਼ ਦਾ ਫ਼ਾਇਦਾ ਏ ।
ਹੈਦਰ ਖੁਸ਼ਖੂ ਮੁਹਰਾਂ ਲੱਗੀਆਂ
ਲਿਖਿਆ ਕਦਰ ਕਜ਼ਾ ਦਾ ਏ ।੨੪।

17. ਨੂਨ-ਨਾਲ ਉਮੀਦ ਦੇ ਜਿੰਦਾ ਮੀਆਂ

ਨੂਨ-ਨਾਲ ਉਮੀਦ ਦੇ ਜਿੰਦਾ ਮੀਆਂ,
ਨਾਹੀ ਤਾ ਨਾ ਵਜੂਦ ਅਸਾਂ ।
ਬਹਰ ਗਮਾਂ ਦੀਆਂ ਖੂਨੀ ਠਾਠਾਂ
ਹੋਣੀਆਂ ਆਣ ਨਮੂਦ ਅਸਾਂ ।
ਵਾਂਗ ਨਿਮਾਜ਼ੀ ਦੇ ਉੜਿਆ ਜੁੱਸਾ,
ਬਾਝ ਰਕੂ' ਸਜੂਦ ਅਸਾਂ ।
ਹੈਦਰ ਜਿੰਦ ਖਿਆਲ ਢੋਲਣ ਦਾ,
ਚੰਮ ਤੇ ਹੱਡ ਗਦੂਦ ਅਸਾਂ ।੨੫।

18. ਰੇ-ਰਕੂ ਸਜੂਦ ਅਸਾਡੜਾ ਸਭ ਕੁਛ

ਰੇ-ਰਕੂ ਸਜੂਦ ਅਸਾਡੜਾ ਸਭ ਕੁਛ,
ਰਾਂਝਣ ਯਾਰ ਦਾਉਂ ।
ਮੂੰਹ ਮੁਕਾਬਲ ਕਿਬਲੇ ਦੇ ਹੋਵੇ,
ਦਿਲ ਵੱਤ ਉਸ ਦੇ ਪਾਰ ਦਾਉਂ ।
ਉਹ ਮੂੰਹ ਮੱਕਾ ਸੂਰਤ ਕਾਬਾ,
ਹੱਜ ਓਸੇ ਦਰਬਾਰ ਦਾਉਂ ।
ਅਲੀ ਹੈਦਰ ਅਕਬਰ ਹੱਜ ਥੀਆ,
ਮੈਂ ਵਿਚ ਮੀਨਾ ਬਾਜ਼ਾਰ ਦਾਉਂ ।੧੦।

19. ਸੀਨ-ਸੇਜ ਉੱਤੇ ਗੁਲ-ਖਾਰ ਚੁਭਣ

ਸੀਨ-ਸੇਜ ਉੱਤੇ ਗੁਲ-ਖਾਰ ਚੁਭਣ,
ਨੈਣੀਂ ਨੀਂਦ ਨਾਹੀ ਉਸ ਯਾਰ ਬਿਨਾਂ ।
ਕੁੱਠੜੇ ਵਾਂਗਰ ਪਈ ਤੜਫਾਂ ਮੈਂ,
ਢੋਲਣ ਦੀ ਤਲਵਾਰ ਬਿਨਾਂ ।
ਦੇਂਹ ਤੇ ਰਾਤ ਨ ਜਾਤਾ ਮੈਂ,
ਉਸ ਜ਼ੁਲਫ਼ ਅਤੇ ਰੁਖ਼ਸਾਰ ਬਿਨਾਂ ।
ਹੈਦਰ ਦਾਰੁਮਦਾਰ ਢੋਲਣ ਤੇ,
ਦਾਰ ਹੋਵੇ ਦੀਦਾਰ ਬਿਨਾਂ ।੧੨।

20. ਸੇ-ਸਿੱਕਾ ਨਿਜ਼ਾਮ ਉਲਮੁਲਕ ਦਾ ਏ

ਸੇ-ਸਿੱਕਾ ਨਿਜ਼ਾਮ ਉਲਮੁਲਕ ਦਾ ਏ,
ਇਹ ਨੈਣ ਮੈਂਡੇ ਬਾਦਸ਼ਾਹ ਦੇ ਨੇ ।
ਆਪ ਸਲੂਣੇ ਭਾਵੇਂ ਮਿੱਠੇ,
ਮੁਨਕਰ ਲੂਣ ਦੇ ਰਾਹ ਦੇ ਨੇ ।
ਕਰ ਮਨਸੂਬਾ ਦਿੱਲੀ ਲੁਟੇਂਦੇ,
ਇਹ ਅਮੀਰ ਸਿਪਾਹ ਦੇ ਨੇ ।
ਹੈਦਰ ਦੌਰ ਕਮਰ ਭੀ ਸਦਕੇ,
ਉਸ ਮੂੰਹ ਸੋਹਣੇ ਮਾਹ ਦੇ ਨੇ ।੪।

21. ਸ਼ੀਨ-ਸ਼ਤਰੰਜ ਵਿਛਾ ਨੈਣਾਂ ਦੀ

ਸ਼ੀਨ-ਸ਼ਤਰੰਜ ਵਿਛਾ ਨੈਣਾਂ ਦੀ,
ਇਹ ਮਨਸੂਬਾ ਭੀ ਲਾਵਣੀਆਂ ।
ਕਜਲਾ ਹਾਥੀ ਪਲਕ ਪਿਆਦੇ,
ਅਸਪ ਨਿਗਾਹ ਤੇ ਪਾਵਣੀਆਂ ।
ਫਰਜ਼ੀਂ ਬੰਦ ਕਮੰਦ ਉਹ ਜ਼ੁਲਫ਼ਾਂ,
ਗਲ ਅਸਾਡੇ ਪਾਵਣੀਆਂ ।
ਹੈਦਰ ਸ਼ਾਹਰੁਖ ਮਾਤ ਕੀਤਾ,
ਇਹ ਅੱਚਣ ਖੇਡ ਖਿਡਾਵਣੀਆਂ ।੧੩।

22. ਸੁਆਦ-ਸਦਾਰਤ ਨੈਣਾਂ ਤਾਈਂ

ਸੁਆਦ-ਸਦਾਰਤ ਨੈਣਾਂ ਤਾਈਂ,
ਬਖਸ਼ੀ ਕੁਲ ਸਿਪਾਹ ਦੀ ਭੀ ।
ਆਲਮ ਆਲਮ ਸਭ ਰਈਅਤ,
ਹਾਕਮ ਸ਼ਰ੍ਹਾ ਪਨਾਹ ਦੀ ਭੀ ।
ਮੇਹਰ ਕਰਨ ਪਰਵਾਨੜੇ ਤੇ ਤਾਂ,
ਮੇਹਰ ਪਵੇ ਤਨ ਭਾਹ ਦੀ ਭੀ ।
ਤਨ ਤਸਦੀ ਦੇਵਣ ਹੈਦਰ,
ਘਾਇਲ ਇੱਕ ਨਿਗਾਹ ਦੀ ਭੀ ।੧੪।

23. ਤੇ-ਤਲਵਾਰ ਨਿਗਾਹ ਨੈਣਾਂ ਦੀ

ਤੇ-ਤਲਵਾਰ ਨਿਗਾਹ ਨੈਣਾਂ ਦੀ,
ਪਲਕਾਂ ਤੀਰ ਖਦੰਗ ਦੇ ਨੇ ।
ਮੋਰਚੇ ਬੰਨ੍ਹਣ ਪਿਪਲੀਆਂ ਦੇ,
ਗਮਜ਼ੇ ਤੀਰ ਤੁਫੰਗ ਦੇ ਨੇ ।
ਇਹ ਈਰਾਨੀ ਨਾਦਰ ਜ਼ਾਲਿਮ,
ਕੋਹਨੋਂ ਮੂਲ ਨ ਸੰਗਦੇ ਨੇ ।
ਮੈਂਡੀ ਦਿਲ ਦੀ ਦਿੱਲੀ ਲੁੱਟੀ ਵੇ ਹੈਦਰ,
ਹੋਰ ਕੀ ਸਾਥੋਂ ਮੰਗਦੇ ਨੇ ।੩।

24. ਤੋਏ-ਤੂਬਾ ਕੱਦ ਤੇ ਖਦ ਗੁਲਿਸਤਾਂ

ਤੋਏ-ਤੂਬਾ ਕੱਦ ਤੇ ਖਦ ਗੁਲਿਸਤਾਂ,
ਬਾਗ ਬਹਿਸ਼ਤ ਜਮਾਲ ਥੀਆ ।
ਸੁੰਬਲ ਜ਼ੁਲਫ਼ਾਂ ਔ ਲਬ ਕੌਸਰ
ਖਾਲ ਸਿਆਹ ਬਲਾਲ ਥੀਆ ।
ਨੈਣ ਝਰੋਖੜੇ, ਪਲਕਾਂ ਛੱਜੇ,
ਮੋਮਨ ਨੂਰ ਮਿਸਾਲ ਥੀਆ ।
ਰਮਜ਼ਾਂ ਗਮਜ਼ੇ ਹੂਰਾਂ ਰਿਜ਼ਵਾਂ,
ਹੈਦਰ ਵੇਖ ਨਿਹਾਲ ਥੀਆ ।੧੬।

25. ਵਾਉ-ਵਕੀਲ ਅੱਖੀਂ ਮੈਂਡੀਆਂ ਤੈਂਡੀਆਂ

ਵਾਉ-ਵਕੀਲ ਅੱਖੀਂ ਮੈਂਡੀਆਂ ਤੈਂਡੀਆਂ,
ਨੈਣਾਂ ਦੇ ਨਾਲ ਛੜੈਂਦੀਆਂ ਨੇ ।
ਇਹਨਾਂ ਢਾਡੀਆਂ ਸ਼ੋਖ ਅਲਾਉਣੀਆਂ,
ਇਹ ਰੋ ਰੋ ਅਰਜ਼ ਧਰੈਂਦੀਆਂ ਨੇ ।
ਤੀਰ ਸਵਾਲ ਜਵਾਬ ਇਹਨਾਂ ਦੇ,
ਰੋ ਰੋ ਰੱਤ ਬੁਝੈਂਦੀਆਂ ਨੇ ।
ਗੁੱਝੜੇ ਹਾਸੇ ਵੇਖ ਨੈਣਾਂ ਦੇ,
ਦਿਲ ਦਾ ਜੋੜ ਕਰੈਂਦੀਆਂ ਨੇ ।
ਹੈਦਰ ਸ਼ਾਬਸ਼ ਅੱਖੀਆਂ ਨੂੰ,
ਇਹ ਦੇਖ ਕੇ ਤਾਬ ਝਲੈਂਦੀਆਂ ਨੇ ।੨੬।

26. ਯੇ-ਯਕਾ ਯਕ ਆਖੀਂ ਪਾਂਧੇ

ਯੇ-ਯਕਾ ਯਕ ਆਖੀਂ ਪਾਂਧੇ,
ਹਾਲ ਅਸਾਡੜਾ ਬੇਲੀਆਂ ਨੂੰ ।
ਅੰਗ ਬਿਭੂਤ ਤੇ ਗਲ ਵਿਚ ਖਿਰਕਾ,
ਜ਼ਰਦ ਸਿਆਲੀ ਚੇਲੀਆਂ ਨੂੰ ।
ਗਲ ਵਿਚ ਘੱਤਾਂ ਕਾਲੀਆਂ ਸੇਲ੍ਹੀਆਂ,
ਜ਼ੁਲਫ਼ਾਂ ਤੇਲ ਫੁਲੇਲੀਆਂ ਨੂੰ ।
ਹੈਦਰ ਵੇਖ ਕੇ ਹੁੱਬ ਲੱਗੀ ਮੈਨੂੰ,
ਹੀਰ ਅਤੇ ਸਹੇਲੀਆਂ ਨੂੰ ।੩੦।

27. ਜ਼ਾਲ-ਜ਼ੇਹਨ ਨਾ ਸਮਝੇ ਸੋਹਣਿਆਂ ਦਾ

ਜ਼ਾਲ-ਜ਼ੇਹਨ ਨਾ ਸਮਝੇ ਸੋਹਣਿਆਂ ਦਾ,
ਇਹ ਨਾਲ ਅਸਾਡੜੇ ਅਣ ਬਣ ਕਿਆ ।
ਅਸੀਂ ਨੇਵਰ ਪਕੜੇ ਪੈਰ ਉਨ੍ਹਾਂ ਦੇ,
ਛੰਡਣ ਅਤੇ ਛਣ ਛਣ ਕਿਆ ।
ਬੁੱਕਲ ਵਿਚ ਤੰਬੂਰੇ ਰੱਖਣ,
ਨਾਖੁਨ ਉੱਤੇ ਤੁਣ-ਤੁਣ ਕਿਆ ।
ਹੈਦਰ ਮੀਂਹ ਕਰਮ ਦੇ ਵੱਸਣ,
ਕਾਰਕੁਨ ਅਤੇ ਕੁਨ ਕੁਨ ਕਿਆ ।੯।

28. ਜ਼ੇ-ਜ਼ਿਆਰਤ ਸੋਹਣਿਆਂ ਦੀ ਨੇ

ਜ਼ੇ-ਜ਼ਿਆਰਤ ਸੋਹਣਿਆਂ ਦੀ ਨੇ,
ਖੱਸ ਮੈਂਡੀ ਤਦਬੀਰ ਲਈ ।
ਨ ਵੱਤ ਮਾਲ ਢਾਕੇ ਦੇ ਡੋਗਰ,
ਨ ਵੱਤ ਲੁੱਟ ਵਸੀਰ ਲਈ ।
ਇਸ ਮਿੱਠੜੇ ਹਾਸੜੇ ਨਾਲ ਭੁਲਾਵੜੇ,
ਹਿਕਸੇ ਠੱਗ ਉਹ ਹੀਰ ਲਈ ।
ਗੁਝੜਾ ਹਾਸੜਾ ਨਾਵਕ ਹੈਦਰ,
ਪੜ੍ਹ ਮੈਂਡੀ ਤਕਬੀਰ ਲਈ ।੧੧।

29. ਜ਼ੋਏ-ਜ਼ੁਲਮ ਇਹਨਾਂ ਸੋਹਣਿਆਂ ਦਾ

ਜ਼ੋਏ-ਜ਼ੁਲਮ ਇਹਨਾਂ ਸੋਹਣਿਆਂ ਦਾ,
ਕੋਈ ਸੋਹਣਿਆਂ ਪੜ੍ਹ ਭਾਵਣਾ ਏਂ ।
ਖੰਜਰ ਇਹਨਾਂ ਸੋਹਣਿਆਂ ਦੀ ਭੀ,
ਆਬਿਹਿਆਤ ਪਿਵਾਵਣਾ ਏਂ ।
ਈਸਾ ਵਾਂਗੂੰ ਬਿਸਮਿਲ ਤਾਈਂ
ਦਮ ਦੇ ਨਾਲ ਜਿਵਾਵਣਾ ਏਂ ।
ਹੈਦਰ ਵਾਂਗੂੰ ਕਬੂਤਰ ਲੋਟਣ,
ਜਿਉਂਦਾ ਪਕੜ ਕੁਹਾਵਣਾ ਏਂ ।੧੭।

30. ਜ਼ੁਆਦ-'ਜ਼ੁਹਾ, ਤੇ ਲੈਲ ਸਜਾ' ਸਭੋ

ਜ਼ੁਆਦ-'ਜ਼ੁਹਾ, ਤੇ ਲੈਲ ਸਜਾ' ਸਭੋ,
ਜ਼ੁਲਫ਼ ਅਤੇ ਰੁਖ਼ਸਾਰ ਦੀ ਏ ।
ਸ਼ਸਮ ਜ਼ੁਹਾ ਤੇ ਕਮਰ ਤਲਾਹਾ,
ਵਸਫ ਮੈਂਡੇ ਦਿਲਦਾਰ ਦੀ ਏ ।
ਤਾਹਾ ਤੇ ਯਾਸੀਨ ਮੁੱਜ਼ਮਲ,
ਮਦਹ ਇੱਕ ਮੈਂਡੇ ਯਾਰ ਦੀ ਏ ।
ਚਾਰ ਕਿਤਾਬਾਂ ਸਾਬਤ ਹੈਦਰ,
ਨਾ'ਤ ਨਬੀ ਮੁਖਤਾਰ ਦੀ ਏ ।੧੫।