ਸੋਹਣੀ ਮਹੀਂਵਾਲ (ਫ਼ਜ਼ਲ ਸ਼ਾਹ)

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ

ਸੋਹਣੀ ਮਹੀਂਵਾਲ ਫ਼ਜ਼ਲ ਸ਼ਾਹ

1. ਮੰਗਲਾਚਰਨ
ਰੱਬ ਦੀ ਸਿਫ਼ਤ (ਦਰ ਬਿਆਨ ਹਮਦ)

ਅੱਵਲ ਹਮਦ ਸਨਾਇ ਖ਼ੁਦਾਇ ਤਾਈਂ,
ਜਿਸ ਇਸ਼ਕ ਥੀਂ ਕੁਲ ਜਹਾਨ ਕੀਤਾ।
ਨਬੀ ਪਾਕ ਰਸੂਲ ਮਾਸ਼ੂਕ ਕਰਕੇ,
ਮਖ਼ਲੂਕ ਕੋਲੋਂ ਆਲੀਸ਼ਾਨ ਕੀਤਾ।
ਲੋਹ ਕਲਮ ਚੌਦਾਂ ਤਬਕ ਅਰਸ਼ ਕੁਰਸੀ,
ਸਭ ਇਸ਼ਕ ਸੇਤੀ ਨਿਗ੍ਹਾਬਾਨ ਕੀਤਾ।
ਹੋਇਆ ਫ਼ਜ਼ਲ ਖ਼ੁਦਾਇ ਦਾ ਆਸ਼ਕਾਂ ਤੇ,
ਜਦੋਂ ਇਸ਼ਕ ਨੇ ਆਣ ਮਕਾਨ ਕੀਤਾ।
2. ਰਸੂਲ ਦੀ ਸਿਫ਼ਤ (ਨਅਤ)

ਦੂਜੀ ਨਅਤ ਆਖਾਂ ਨਬੀ ਪਾਕ ਤਾਈਂ,
ਜੈਂਦੇ ਸ਼ਾਨ ਕੁਰਾਨ ਨਜ਼ੂਲ ਹੋਇਆ।
ਅਹਦ ਨਾਲ ਹੋਇਆ ਇਕ ਜ਼ਾਤ ਅਹਿਮਦ,
ਜਿਸ ਰਾਤ ਵਸਾਲ ਵਸੂਲ ਹੋਇਆ।
ਨਬੀ ਔ ਅਦਨੇ ਕੋਲੋਂ ਹੈ ਅਕਬਰ,
ਵਿਚ ਖ਼ਾਸ ਜਨਾਬ ਕਬੂਲ ਹੋਇਆ।
ਫ਼ਜ਼ਲ ਸ਼ਾਹ ਪਰਵਾਹ ਕੀ ਉੱਮਤਾਂ ਨੂੰ,
ਜਿਨ੍ਹਾਂ ਪੁਸ਼ਤ ਪਨਾਹ ਰਸੂਲ ਹੋਇਆ।
3. ਰਸੂਲ ਦੇ ਚਾਰ ਯਾਰਾਂ ਦੀ ਸਿਫ਼ਤ

ਪਹਿਲਾ ਯਾਰ ਸਦੀਕ ਰਸੂਲ ਸੰਦਾ,
ਜਿਸ ਸਿਦਕ ਯਕੀਨ ਕਮਾਲ ਕੀਤਾ।
ਦੂਜਾ ਉਮਰ ਪਛਾਣ ਈਮਾਨ ਸੇਤੀ,
ਸੱਚਾ ਕੌਲ ਜਿਸਨੇ ਅਦਲ ਨਾਲ ਕੀਤਾ।
ਤੀਜਾ ਇਬਨਿ ਅੱਫ਼ਾਨ ਅਸਮਾਨ ਮੰਨੀਂ,
ਸਾਰੀ ਉਮਰ ਨਾ ਗ਼ੈਰ ਖ਼ਿਆਲ ਕੀਤਾ।
ਫ਼ਜ਼ਲ ਯਾਰ ਚੌਥਾ ਅਲੀ ਸ਼ਾਹ ਮਰਦਾਂ,
ਯਜ਼ਦਾ ਆਪ ਆਹਾ ਲਾਲੋ ਲਾਲ ਕੀਤਾ।
4. ਸੱਯਦ ਅਬਦੁਲ ਕਾਦਰ ਜੀਲਾਨੀ ਦੀ ਸਿਫ਼ਤ

ਅਲੀ ਪਾਕ ਜਨਾਬ ਹੈ ਗੌਸ ਆਜ਼ਮ,
ਮਹੀਯੁੱਦੀਨ ਜਹਾਨ ਦਾ ਪੀਰ ਮੀਆਂ।
ਨਾਲ ਇਕ ਨਿਗਾਹ ਦੇ ਸ਼ਾਹ ਕੀਤੇ,
ਕਈ ਲੱਖ ਕੰਗਾਲ ਫ਼ਕੀਰ ਮੀਆਂ।
ਬਾਹਰ ਕੱਢਿਆ ਡੁੱਬਦਿਆਂ ਬੇੜਿਆਂ ਨੂੰ,
ਕਰਾਮਾਤ ਦੇ ਪਾਇ ਜ਼ੰਜੀਰ ਮੀਆਂ।
ਫ਼ਜ਼ਲ ਸ਼ਾਹ ਨੂੰ ਕੁਝ ਪ੍ਰਵਾਹ ਨਾਹੀਂ,
ਜੈਂਦਾਂ ਪੀਰ ਪੀਰਾਂ ਦਸਤਗੀਰ ਮੀਆਂ।
5. ਕਿੱਸੇ ਦੀ ਉਥਾਨਕਾ

ਇਕ ਰੋਜ਼ ਆਹਾ ਚੰਗਾ ਈਦ ਕੋਲੋਂ,
ਰਲ ਸੈਰ ਗਏ ਸਾਰੇ ਯਾਰ ਮੀਆਂ।
ਬਾਗ਼ ਬਾਗ਼ ਹੋਏ ਯਾਰ ਬਾਗ਼ ਜਾ ਕੇ,
ਰੰਗਾ ਰੰਗ ਦੀ ਦੇਖ ਬਹਾਰ ਮੀਆਂ।
ਕਈ ਮਸਤ ਹੋਏ ਸਰੂ ਦੇਖ ਸਿੱਧਾ,
ਕਈ ਦੇਖ ਮਜਨੂੰ, ਮਜਨੂੰ ਵਾਰ ਮੀਆਂ।
ਅੱਖੀਂ ਯਾਰ ਦੇ ਨਾਲ ਮਿਸਾਲ ਦੇਂਦੇ,
ਕਈ ਨਰਗਸ ਨੂੰ ਦੇਖ ਬੀਮਾਰ ਮੀਆਂ।
ਕਈ ਰਖ ਖ਼ਿਆਲ ਮਹਿਬੂਬ ਵਾਲਾ,
ਮਹਿੰਦੀ ਦੇਖਦੇ ਦਸਤ ਚਨਾਰ ਮੀਆਂ।
ਕਈ ਦੇਖ ਸ਼ਮਸ਼ਾਦ ਦਿਲ ਸ਼ਾਦ ਹੋਏ,
ਕਈ ਮੋਤੀਏ ਦੇ ਦੇਖ ਹਾਰ ਮੀਆਂ।
ਫ਼ਜ਼ਲ ਸ਼ਾਹ ਸਾਰੇ ਯਾਰ ਸੈਰ ਕਰਕੇ,
ਓੜਕ ਬੈਠਦੇ ਨਾਲ ਕਰਾਰ ਮੀਆਂ।
6. ਯਾਰਾਂ ਵੱਲੋਂ ਕਿੱਸਾ ਲਿਖਣ ਦੀ ਫ਼ਰਮਾਇਸ਼

ਵਾਰੋ ਵਾਰ ਲਗੇ ਗੁਫ਼ਤਗੂ ਕਰਨੇ,
ਆਹੇ ਯਾਰ ਜੋ ਸੁਘੜ ਸੁਜਾਨ ਮੀਆਂ।
ਕੋਈ ਇਲਮ ਤੌਹੀਦ ਦਾ ਕਹੇ ਨੁਕਤਾ,
ਕੋਈ ਸ਼ਰਾ ਦਾ ਖੋਲ੍ਹ ਬਿਆਨ ਮੀਆਂ।
ਕੋਈ ਕਹੇ ਸਰੋਦ ਪ੍ਰੇਮ ਵਾਲਾ,
ਕੋਈ ਦੇਇ ਬੈਠਾ ਤਾਰ ਤਾਨ ਮੀਆਂ।
ਕੋਈ ਕਹੇ ਖ਼ੁਦਾਇ ਦੀ ਕਸਮ ਮੈਨੂੰ,
ਮੇਰਾ ਯਾਰ ਹੈ ਦੀਨ ਈਮਾਨ ਮੀਆਂ।
ਕੋਈ ਗੱਲ ਸੁਣਾਂਵਦਾ ਆਸ਼ਕਾਂ ਦੀ,
ਕੋਈ ਘੱਤ ਦਿੰਦਾ ਘਮਸਾਨ ਮੀਆਂ।
ਓੜਕ ਕਰਨ ਸਵਾਲ ਕਮਾਲ ਮੈਨੂੰ,
ਗੱਲਾਂ ਸਾਰੀਆਂ ਨੂੰ ਪੁਣ ਛਾਨ ਮੀਆਂ।
ਆਖਣ ਸੋਹਣੀ ਤੇ ਮਹੀਂਵਾਲ ਵਾਲਾ,
ਕਰੋ ਕੁੱਲ ਬਿਆਨ ਅੱਯਾਨ ਮੀਆਂ।
ਫ਼ਜ਼ਲ ਸ਼ਾਹ ਕਿੱਸਾ ਅਲਫ਼ੋਂ ਯੇ ਤੀਕਰ,
ਕਰੋ ਸ਼ਿਅਰ ਪੰਜਾਬ ਜ਼ੁਬਾਨ ਮੀਆਂ।
7. ਵਾਕ ਕਵੀ (ਮਕੂਲਾ ਸ਼ਾਇਰ)

ਯਾਰਾਂ ਅਕਲ ਸ਼ਊਰ ਥੀਂ ਦੂਰ ਕਹਿਆ,
ਏਸ ਬਾਤ ਕੋਲੋਂ ਪਰੇਸ਼ਾਨ ਹੋਇਆ।
ਮੈਨੂੰ ਪਿਆ ਧੋਖਾ ਸ਼ਿਅਰ ਬਹੁਤ ਔਖਾ,
ਕੋਤਾਹ ਅਕਲ ਦਾ ਬਹੁਤ ਹੈਰਾਨ ਹੋਇਆ।
ਓੜਕ ਹੋ ਲਾਚਾਰ ਕਬੂਲ ਕੀਤਾ,
ਕਿੱਸਾ ਜੋੜਨੇ ਤਰਫ਼ ਧਿਆਨ ਹੋਇਆ।
ਫ਼ਜ਼ਲ ਸ਼ਾਹ ਅੱਲਾਹ ਤੇ ਰੱਖ ਤਕਵਾ,
ਕਿਹੜਾ ਕੰਮ ਜੋ ਨਹੀਂ ਆਸਾਨ ਹੋਇਆ।
8. ਤਥਾ (ਪੁਰਾਣੇ ਆਸ਼ਕਾਂ ਦਾ ਬਿਆਨ)

ਬੈਠ ਜੀਉ ਦੇ ਨਾਲ ਸਲਾਹ ਕੀਤੀ,
ਪਾਇਆ ਦੋਸਤਾਂ ਜਦੋਂ ਸਵਾਲ ਮੀਆਂ।
ਕਿੱਸੇ ਇਸ਼ਕ ਦੇ ਨੂੰ ਨਾਲ ਹੋਸ਼ ਕਹਿਣਾ,
ਖ਼ਰਾ ਰਖਣਾ ਪੈਰ ਸੰਭਾਲ ਮੀਆਂ।
ਇਸ਼ਕ ਵਿਚ ਮੁਸੀਬਤਾਂ ਬਹੁਤ ਮੁਸ਼ਕਲ,
ਬੰਦਾ ਕੌਣ ਝੱਲੇ ਓਹਦੀ ਝਾਲ ਮੀਆਂ।
ਲੱਖਾਂ ਪੀਰ ਵਲੀ ਇਸ਼ਕ ਡੋਬ ਦਿੱਤੇ,
ਗਲ ਪਾ ਪ੍ਰੇਮ ਦੇ ਜਾਲ ਮੀਆਂ।
ਇਸ਼ਕ ਅਕਲ ਭੁਲਾ, ਖੁਵਾ ਦਾਣਾ,
ਆਦਮ ਜੱਨਤੋਂ ਦੇ ਨਿਕਾਲ ਮੀਆਂ।
ਇਬਰਾਹੀਮ ਤਾਈਂ ਏਸ ਇਸ਼ਕ ਜ਼ਾਲਮ,
ਦਿੱਤਾ ਚਿਖਾ ਨਮਰੂਦ ਦੀ ਡਾਲ ਮੀਆਂ।
ਯੂਸਫ਼ ਇਬਨ ਯਾਕੂਬ ਨੂੰ ਖੂਹ ਪਾਇਆ,
ਏਸ ਇਸ਼ਕ ਨੇ ਖ਼ਾਬ ਦਿਖਾਲ ਮੀਆਂ।
ਮੁੱਠੀ ਖ਼ਾਬ ਦੇ ਵਿਚ ਤੈਮੂਸ ਬੇਟੀ,
ਸੂਰਤ ਯੂਸਫ਼ ਦੀ ਦੇਖ ਕਮਾਲ ਮੀਆਂ।
ਜ਼ਾਲਮ ਇਸ਼ਕ ਨੇ ਮਾਰ ਸ਼ਹੀਦ ਕੀਤੇ,
ਬੀਬੀ ਫ਼ਾਤਮਾ ਦੇ ਦੋਵੇਂ ਲਾਲ ਮੀਆਂ।
ਢੋਲ ਰੂਮ ਤੇ ਸ਼ਾਮ ਦੇ ਸ਼ਾਹ ਤਾਈਂ,
ਇਸ਼ਕ ਮਾਰ ਲੀਤੇ ਢੋਲ ਢਾਲ ਮੀਆਂ।
ਸ਼ਾਹ ਕੈਸ ਜਿਸਨੂੰ ਮਜਨੂੰ ਲੋਕ ਸੱਦਣ,
ਹੋਇਆ ਸੁੱਕ ਮਿਸਾਲ ਹਲਾਲ ਮੀਆਂ।
ਲੈਲਾ ਵਿਚ ਮਹਿਲਾਂ ਨਿੱਤ ਰਹੇ ਰੋਂਦੀ,
ਵੇਖ ਯਾਰ ਦਾ ਮੰਦੜਾ ਹਾਲ ਮੀਆਂ।
ਰਾਂਝਾ ਤਖ਼ਤ ਹਜ਼ਾਰੇ ਦਾ ਚੌਧਰੀ ਸੀ,
ਏਸ ਇਸ਼ਕ ਕੀਤਾ ਚਰਵਾਲ ਮੀਆਂ।
ਬੇਲੇ ਵਿਚ ਬੇਲੀ ਪਿੱਛੇ ਫਿਰੇ ਕਮਲੀ,
ਕੁੱਠੀ ਇਸ਼ਕ ਦੀ ਹੀਰ ਸਿਆਲ ਮੀਆਂ।
ਆਦਮ ਜਾਮ ਬੇਟੀ ਜਿਦ੍ਹਾ ਨਾਮ ਸੱਸੀ,
ਗਈ ਯਾਰ ਪਿੱਛੇ ਖੁੱਲ੍ਹੇ ਵਾਲ ਮੀਆਂ।
ਪੁੰਨੂੰ ਕੇਚ ਮਕਰਾਨ ਤੋਂ ਇਸ਼ਕ ਆਂਦਾ,
ਥਲਾਂ ਵਿਚ ਮੋਇਆ ਸੱਸੀ ਨਾਲ ਮੀਆਂ।
ਫ਼ਰਹਾਦ ਪਹਾੜ ਨੂੰ ਚੀਰ ਮੋਇਆ,
ਸ਼ੀਰੀਂ ਵਾਸਤੇ ਕਠਨ ਮੁਹਾਲ ਮੀਆਂ।
ਸ਼ੀਰੀਂ ਦਰਦ ਫ਼ਿਰਾਕ ਦੇ ਨਾਲ ਰੁੰਨੀ,
ਸਾਰਾ ਜੀਉ ਦਾ ਖ਼ੂਨ ਉਛਾਲ ਮੀਆਂ।
ਮਾਹੀ ਯਾਰ ਦਿੱਤੀ ਜਾਨ ਯਾਰ ਤਾਈਂ,
ਚੰਦਨ ਬਦਨ ਮੋਈ ਕੌਲ ਪਾਲ ਮੀਆਂ।
ਮਿਰਜ਼ੇ ਤੀਰ ਖਾਧੇ ਖ਼ਾਤਰ ਸਾਹਿਬਾਂ ਦੇ,
ਗਏ ਮੁੱਢ ਕਲੇਜੇ ਨੂੰ ਭਾਲ ਮੀਆਂ।
ਮੋਈ ਸਾਹਿਬਾਂ ਵੀ ਏਸੇ ਇਸ਼ਕ ਅੰਦਰ,
ਕੀਤਾ ਯਾਰ ਦੇ ਨਾਲ ਵਸਾਲ ਮੀਆਂ।
ਮਨਸੂਰ ਸੂਲੀ ਉੱਤੇ ਚਾੜ੍ਹ ਦਿੱਤਾ,
ਏਸ ਇਸ਼ਕ ਮੱਲੀ ਏਹੋ ਚਾਲ ਮੀਆਂ।
ਸ਼ਮਸ ਜਿਹਾਂ ਦੀ ਖੱਲ ਉਧੇੜ ਸੁੱਟੀ,
ਕੀਮੇ ਮਲਕੀ ਨੂੰ ਪਏ ਜੰਜਾਲ ਮੀਆਂ।
ਮਸਤ ਹੋ ਚਕੋਰ ਨੇ ਦੀਦ ਲਾਈ,
ਵੇਖ ਚੰਦ ਦਾ ਹੁਸਨ ਜਮਾਲ ਮੀਆਂ।
ਚਕਵੇ ਚਕਵੀ ਨੂੰ ਇਸ਼ਕ ਕਮਾਲ ਹੋਇਆ,
ਰਾਤੀਂ ਕੰਢਿਆਂ ਤੇ ਕਰਨ ਜਾਲ ਮੀਆਂ।
ਭੌਰਿਆਂ ਬੁਲਬੁਲਾਂ ਨੇ ਬਹੁਤ ਪਿਆਰ ਸੇਤੀ,
ਨਾਲ ਫੁੱਲਾਂ ਕੀਤੀ ਕੀਲ ਕਾਲ ਮੀਆਂ।
ਲੱਖਾਂ ਮਰਨ ਪਤੰਗ ਬੇਰੰਗ ਹੋ ਕੇ,
ਸੂਰਤ ਸੋਹਣੀ ਵੇਖ ਜਮਾਲ ਮੀਆਂ।
ਪਹਿਲੋਂ ਸ਼ਹਿਦ ਪਿਆਲ ਵਸਾਲ ਸੰਦਾ,
ਪਿਛੋਂ ਦੇਇ ਅਲੰਬੜਾ ਬਾਲ ਮੀਆਂ।
ਬਿਨਾਂ ਮਾਰਿਆਂ ਮਰੇ ਨਾ ਮੂਲ ਜ਼ਾਲਮ,
ਗੋਰ ਤੀਕ ਨਾ ਛੱਡਦਾ ਖ਼ਿਆਲ ਮੀਆਂ।
ਲੱਖਾਂ ਆਸ਼ਕਾਂ ਨੂੰ ਏਸ ਇਸ਼ਕ ਜ਼ਾਲਮ,
ਕੀਤਾ ਬੱਕਰੇ ਵਾਂਗ ਹਲਾਲ ਮੀਆਂ।
ਰੋਡਾ ਮੋਇਆ ਜਲਾਲੀ ਦੇ ਇਸ਼ਕ ਪਿੱਛੇ,
ਆਜਜ਼ ਹੋ ਫ਼ਕੀਰ ਕੰਗਾਲ ਮੀਆਂ।
ਇਸ਼ਕ ਸੋਹਣੀ ਵਿਚ ਝਨਾਉਂ ਡੋਬੀ,
ਫੇਰ ਪੇਸ਼ ਪਿਆ ਮਹੀਂਵਾਲ ਮੀਆਂ।
ਜਿਨ੍ਹਾਂ ਨਾਲ ਇਸ ਇਸ਼ਕ ਦੇ ਨਿਹੁੰ ਲਾਇਆ,
ਸਾਰੀ ਉਮਰ ਕੀਤੀ ਹਾਲ ਹਾਲ ਮੀਆਂ।
ਫ਼ਜ਼ਲ ਸ਼ਾਹ ਮਰੇਲੜੇ ਇਸ਼ਕ ਖ਼ੂਨੀ,
ਕਈ ਖੂਹਣੀਆਂ ਸੁੱਟੀਆਂ ਗਾਲ ਮੀਆਂ।
9. ਤਥਾ

ਬੱਸ ਬੱਸ ਮੀਆਂ ਮੱਤੀਂ ਦੇ ਨਾਹੀਂ,
ਇਸ਼ਕ ਜਾਣਦਾ ਨਹੀਂ ਬਖੇੜਿਆਂ ਨੂੰ।
ਮੱਤਾਂ ਸਭ ਨਸੀਹਤਾਂ ਘੋਲ ਪੀਵੇ,
ਕਾਹਨੂੰ ਛੇੜਿਆ ਈ ਇਨ੍ਹਾਂ ਝੇੜਿਆਂ ਨੂੰ।
ਸੁਣ ਗੱਲ ਮਕਸੂਦ ਦੀ ਆਪ ਮੂੰਹੋਂ,
ਛੱਡ ਸਾਰਿਆਂ ਝਗੜਿਆਂ ਝੇੜਿਆਂ ਨੂੰ।
ਫ਼ਜ਼ਲ ਮੰਗ ਦੁਆਇ ਖ਼ੁਦਾਇ ਅੱਗੇ,
ਜਿਹੜਾ ਪਾਰ ਲਾਏ ਲੱਖਾਂ ਬੇੜਿਆਂ ਨੂੰ।
10. ਦੁਆ, ਅੱਲਾਹ ਦੀ ਦਰਗਾਹ ਵਿਚ

ਕੌਲ ਪਾਲਣਾ ਬਹੁਤ ਜ਼ਰੂਰ ਹੋਇਆ,
ਕੀਤਾ ਦੋਸਤਾਂ ਨਾਲ ਇਕਰਾਰ ਅੱਲਾਹ।
ਮੈਨੂੰ ਅਕਲ ਸ਼ਊਰ ਦੀ ਦਾਤ ਬਖਸ਼ੀਂ,
ਫ਼ਰਿਆਦ ਕਰਾਂ ਔਗਣਹਾਰ ਅੱਲਾਹ।
ਤੇਰੀ ਮਿਹਰ ਬਾਝੋਂ ਕੀਕਰ ਸ਼ਿਅਰ ਹੋਵੇ,
ਮੈਂਥੇ ਹਰਫ਼ ਦਾ ਨਹੀਂ ਤਕਰਾਰ ਅੱਲਾਹ।
ਵਗੇ ਸ਼ਿਅਰ ਦਾ ਬਹਿਰ ਪੁਰ ਲਹਿਰ ਡੂੰਘਾ,
ਨਹੀਂ ਸ਼ਿਅਰ ਸੰਦੀ ਮੈਨੂੰ ਸਾਰ ਅੱਲਾਹ।
ਕਰੀਂ ਸ਼ਿਅਰ ਮੇਰਾ ਪੁਰ ਸਿਹਰ ਸਾਈਆਂ,
ਤੈਥੀਂ ਫ਼ਜ਼ਲ ਦਾ ਨਹੀਂ ਸ਼ੁਮਾਰ ਅੱਲਾਹ।
ਫ਼ਜ਼ਲ ਸ਼ਾਹ ਫ਼ਕੀਰ ਦਿਲਗੀਰ ਸੰਦਾ,
ਕਰੀਂ ਫ਼ਜ਼ਲ ਸੇਤੀ ਬੇੜਾ ਪਾਰ ਅੱਲਾਹ।
11. ਕਿੱਸੇ ਦਾ ਮੁੱਢ

ਇਕ ਸ਼ਹਿਰ ਗੁਜਰਾਤ ਝਨਾਉਂ ਕੰਢੇ,
ਉਹਦੇ ਵਿਚ ਤੁੱਲਾ ਘੁਮਿਆਰ ਆਹਾ।
ਉੱਤਮ ਜਾਤ ਨਜੀਬ ਨਸੀਬ ਵਾਲਾ,
ਮਸ਼ਹੂਰ ਦਰਬਾਰ ਸਰਕਾਰ ਆਹਾ।
ਅਫ਼ਲਾਤੂਨ ਲੁਕਮਾਨ ਸ਼ਾਗਿਰਦ ਉਸਦੇ,
ਅਕਲ ਹੋਸ਼ ਦਾ ਬਹੁਤ ਹੁਸ਼ਿਆਰ ਆਹਾ।
ਗੋਇਆ ਚੀਨ ਦਾ ਸੀ ਚੀਨੀ ਸਾਜ਼ ਤੁੱਲਾ,
ਨਾਲ ਕਸਬ ਕਮਾਲ ਵਿਹਾਰ ਆਹਾ।
ਕੂਜ਼ੇ ਬਾਦੀਏ ਕਰੇ ਤਿਆਰ ਐਸੇ,
ਜਿਸ ਦੇਖਿਆ ਸੋ ਤਲਬਗਾਰ ਆਹਾ।
ਜਾ ਕੇ ਨਜ਼ਰ ਗੁਜ਼ਾਰਦਾ ਪੇਸ਼ ਸ਼ਾਹਾਂ,
ਏਸ ਚਾਲ ਕੋਲੋਂ ਮਾਲਦਾਰ ਆਹਾ।
ਸਾਰਾ ਮੁਲਕ ਪੰਜਾਬ ਉਹਦੇ ਭਾਂਡਿਆਂ ਦਾ,
ਬੜੇ ਸ਼ੌਕ ਸੇਤੀ ਖ਼ਰੀਦਦਾਰ ਆਹਾ।
ਫ਼ਜ਼ਲ ਸ਼ਾਹ ਹਰ ਸਿਫ਼ਤ ਮੌਸੂਫ਼ ਤੁੱਲਾ,
ਨੇਕ ਨਾਮ ਬੇਅੰਤ ਸ਼ੁਮਾਰ ਆਹਾ।
12. ਸੋਹਣੀ ਦੀ ਪੈਦਾਇਸ਼

ਇਕ ਰੋਜ਼ ਤੁੱਲਾ ਗਿਆ ਵਿਚ ਮਹਿਲੀਂ,
ਰੱਖ ਜੀਉ ਤੇ ਸ਼ੌਕ ਕਮਾਲ ਮੀਆਂ।
ਸੂਰਜ ਫ਼ੈਜ਼ ਦੇ ਆਣ ਕੇ ਚਮਕ ਮਾਰੀ,
ਪੱਥਰ ਵਿਚ ਪੈਦਾ ਹੋਇਆ ਲਾਲ ਮੀਆਂ।
ਸਿੱਪ ਅਬਰ ਨੈਸਾਨ ਦੇ ਕਰਮ ਕੋਲੋਂ,
ਬਾਰਦਾਰ ਹੋਇਆ ਮੋਤੀ ਨਾਲ ਮੀਆਂ।
ਕੀਤੇ ਕੰਮ ਖ਼ੁਦਾਇ ਦੇ ਰਾਸ ਹੋਏ,
ਹਮਲ ਨਾਲ ਹੋਈ ਉਸਦੀ ਜ਼ਾਲ ਮੀਆਂ।
ਜਦੋਂ ਗੁਜ਼ਰ ਗਏ ਨੌਂ ਮਾਹ ਪੂਰੇ,
ਕੀਤੀ ਦਰਦ ਨੇ ਬਹੁਤ ਬੇਹਾਲ ਮੀਆਂ।
ਦਾਈ ਆਣ ਕੀਤਾ ਸਭ ਕਾਰਖ਼ਾਨਾ,
ਜੋ ਕੁਝ ਜਗ ਜਹਾਨ ਦੀ ਚਾਲ ਮੀਆਂ।
ਪਿਛਲੀ ਰਾਤ ਲੜਕੀ ਪੈਦਾਵਾਰ ਹੋਈ,
ਚਿਹਰਾ ਚਮਕਦਾ ਚੰਨ ਮਿਸਾਲ ਮੀਆਂ।
ਫ਼ਜ਼ਲ ਸ਼ਾਹ ਸੋਹਣੀ ਉਸ ਦਾ ਨਾਮ ਰੱਖਣ,
ਸੋਹਣਾ ਵੇਖ ਕੇ ਹੁਸਨ ਜਮਾਲ ਮੀਆਂ।
13. ਸੋਹਣੀ ਦੀ ਪਰਵਰਿਸ਼ (ਪਾਲਣਾ)

ਸੋਹਣੀ ਰਾਤ ਸ਼ਬ ਕਦਰ ਦੇ ਜਨਮ ਲਿਆ,
ਵਿਚ ਪੋਤੜੇ ਇਸ਼ਕ ਦੇ ਪਾਇਓ ਨੇ।
ਜਿਹੜੀ ਗੁੜ੍ਹਤੀ ਮਿਲੀ ਸਾਰੇ ਆਸ਼ਕਾਂ ਨੂੰ,
ਸੋਈ ਸੋਹਣੀ ਦੇ ਮੁੱਖ ਲਾਇਓ ਨੇ।
ਜੋ ਕੁਝ ਸ਼ਰ੍ਹਾ ਸ਼ਰੀਫ਼ ਦੀ ਬਾਤ ਆਹੀ,
ਮੁੱਲਾਂ ਸੱਦ ਕੇ ਬਾਂਗ ਦਿਵਾਇਓ ਨੇ।
ਫ਼ਜ਼ਲ ਸ਼ਾਹ ਸੋਹਣੀ ਜੰਮਦੀ ਰੋਣ ਲੱਗੀ,
ਵੇਖ ਅਕਲ ਤੇ ਹੋਸ਼ ਭੁਲਾਇਓ ਨੇ।
14. ਵਰ੍ਹਾ ਪਹਿਲਾ

ਮਾਂ ਸੋਹਣੀ ਦੀ ਸਦਵਾ ਦਾਈ,
ਦਿੰਦੀ ਸੌਂਪ ਤੇ ਪਾਲਨੇ ਪਾਂਵਦੀ ਸੀ।
ਦਾਈ ਬਹੁਤ ਪਿਆਰ ਤੇ ਮਿਹਰ ਸੇਤੀ,
ਨਿੱਤ ਆਪਣਾ ਸ਼ੀਰ ਪਿਲਾਂਵਦੀ ਸੀ।
ਹੋਰ ਕਈ ਸ਼ਰੀਣੀਆਂ ਦੁੱਧ ਪੇੜੇ,
ਮੱਖਣ ਖੰਡ ਦੇ ਨਾਲ ਚਟਾਂਵਦੀ ਸੀ।
ਫ਼ਜ਼ਲ ਵਰ੍ਹੇ ਦੀ ਸੋਹਣੀ ਬਹਿਣ ਲੱਗੀ,
ਜੀਉ ਮਾਂ ਤੇ ਬਾਪ ਦੇ ਭਾਂਵਦੀ ਸੀ।
15. ਵਰ੍ਹਾ ਦੂਜਾ

ਦੂਜੇ ਵਰ੍ਹੇ ਦੀ ਸੋਹਣੀ ਟੁਰਨ ਲੱਗੀ,
ਕਰੇ ਨਾਲ ਇਸ਼ਾਰਤਾਂ ਗੱਲ ਮੀਆਂ।
ਜੇਕਰ ਗੱਲ ਕਰਦੀ ਲੱਖ ਵਲ ਪੈਂਦੇ,
ਅਜੇ ਗੱਲ ਦਾ ਨਹੀਂ ਸੀ ਵੱਲ ਮੀਆਂ।
ਮੁੱਖ ਚੌਧਵੀਂ ਰਾਤ ਦਾ ਚੰਦ ਆਹਾ,
ਸੋਹਨ ਤਖ਼ਤੀਆਂ ਹੱਸੀਆਂ ਗਲ ਮੀਆਂ।
ਫ਼ਜ਼ਲ ਲੱਖ ਸ਼ਰੀਣੀਆਂ ਮਾਉਂ ਉਸ ਦੀ,
ਕੋਲ ਬੈਠ ਖਵਾਂਵਦੀ ਝੱਲ ਮੀਆਂ।
16. ਵਰ੍ਹਾ ਤੀਜਾ

ਵਰ੍ਹੇ ਤੀਜੇ ਦੀ ਜਾਂ ਹੋਈ ਸੋਹਣੀ,
ਮੂੰਹੋਂ ਗਲ ਕਰਦੀ ਨਾਲ ਪਿਆਰ ਮੀਆਂ।
ਮਾਈ ਬਾਪ ਕਬੀਲੜਾ ਖਵੇਸ਼ ਸਾਰੇ,
ਕਰਦੇ ਜੀਉ ਤੇ ਜਾਨ ਨਿਸਾਰ ਮੀਆਂ।
ਕਦੇ ਨਾਲ ਕੁੜੀਆਂ ਬਹਿ ਕੇ ਖੇਡਦੀ ਸੀ,
ਕਦੇ ਰੋ ਪੈਂਦੀ ਜ਼ਾਰੋ ਜ਼ਾਰ ਮੀਆਂ।
ਫ਼ਜ਼ਲ ਸ਼ਾਹ ਖਿਡਾਵੀਆਂ ਸੋਹਣੀ ਦੀਆਂ,
ਕਈ ਗੋਲੀਆਂ ਸੀ ਟਹਿਲਦਾਰ ਮੀਆਂ।
17. ਵਰ੍ਹਾ ਚੌਥਾ

ਚੌਥੇ ਵਰ੍ਹੇ ਸਦਾਇ ਸੁਨਿਆਰ ਤਾਈਂ,
ਮਾਂ ਨੱਕ ਤੇ ਕੰਨ ਵਿਨ੍ਹਾਂਵਦੀ ਸੀ।
ਕਰੇ ਤੁਰੰਤ ਤਿਆਰ ਨਾ ਦੇਰ ਲਾਏ,
ਜੋ ਕੁਝ ਸੋਹਣੀ ਚਾਹੁੰਦੀ ਖਾਂਵਦੀ ਸੀ।
ਖੇਹਨੂੰ ਸੱਤ ਵੰਨਾਂ ਖ਼ਾਤਰ ਸੋਹਣੀ ਦੇ,
ਮਾਂ ਬੈਠ ਕੇ ਪਾਸ ਕਢਾਂਵਦੀ ਸੀ।
ਫ਼ਜ਼ਲ ਸ਼ਾਹ ਮੀਆਂ ਮਾਂ ਚਾਹ ਕਰਕੇ,
ਕੁੜੀਆਂ ਸੱਦ ਕੇ ਪਾਸ ਖਿਡਾਂਵਦੀ ਸੀ।
18. ਵਰ੍ਹਾ ਪੰਜਵਾਂ

ਵਰ੍ਹੇ ਪੰਜਵੇਂ ਚੂੰਡੀਆਂ ਸੋਹਣੀ ਦੀਆਂ,
ਮਾਂ ਗੁੰਦ ਕੇ ਖ਼ੂਬ ਸਵਾਰੀਆਂ ਜੇ।
ਗਲ ਪਾ ਕੁੜਤੀ ਉੱਤੇ ਦੇਇ ਚੁੰਨੀ,
ਫੌਜਾਂ ਹੁਸਨ ਦੇ ਮੁਲਕ ਤੇ ਚਾੜ੍ਹੀਆਂ ਜੇ।
ਪਾਈ ਮਸ਼ਰੂ ਦੀ ਤੇੜ ਸਲਵਾਰ ਉਸ ਦੇ,
ਰਹੇ ਖੇਡਦੀ ਨਾਲ ਕਵਾਰੀਆਂ ਜੇ।
ਫ਼ਜ਼ਲ ਸ਼ਾਹ ਅੱਖੀਂ ਸੁਰਮੇ ਧਾਰੀਆਂ ਸਨ,
ਜਿਵੇਂ ਤੇਜ਼ ਕਟਾਰੀਆਂ ਧਾਰੀਆਂ ਜੇ।
19. ਵਰ੍ਹਾ ਛੇਵਾਂ

ਵਰ੍ਹੇ ਛੇਵੇਂ ਦੀ ਗੁੱਡੀਆਂ ਖੇਡਦੀ ਸੀ,
ਸੱਦ ਪਿਆਰੀਆਂ ਅਹਿਲ ਸਹੇਲੀਆਂ ਨੂੰ।
ਲੈ ਕੇ ਬੈਠਦੀ ਬਹੁਤ ਪਿਆਰ ਸੇਤੀ,
ਸ਼ੀਸ਼ ਮਹਿਲ ਦੇ ਵਿਚ ਅਕੇਲੀਆਂ ਨੂੰ।
ਸੋਹਣੀ ਬਹੇ ਸਰਦਾਰ ਹੋ ਸੋਹਣੀਆਂ ਦੀ,
ਲਾਇਆ ਰੱਬ ਨੇ ਭਾਗ ਹਵੇਲੀਆਂ ਨੂੰ।
ਫ਼ਜ਼ਲ ਸ਼ਾਹ ਸਈਆਂ ਨਾਲ ਮਿਲੇ ਏਵੇਂ,
ਜਿਵੇਂ ਮਿਲਣ ਬੇਲੀ ਨਿੱਤ ਬੇਲੀਆਂ ਨੂੰ।
20. ਵਰ੍ਹਾ ਸੱਤਵਾਂ

ਵਰ੍ਹੇ ਸੱਤਵੇਂ ਪੜ੍ਹੇ ਕੁਰਾਨ ਸੋਹਣੀ,
ਨਾਲ ਨੇਕ ਜ਼ਬਾਨ ਸਫ਼ਾ ਮੀਆਂ।
ਐਨ ਹੇ ਹਮਜ਼ਾ ਹੋਰ ਹਰਫ਼ ਸਾਰੇ,
ਕਰੇ ਨਾਲ ਤਰੀਕ ਅਦਾ ਮੀਆਂ।
ਸਬਕ ਯਾਦ ਕਰਕੇ ਬੀਬੀ ਆਪਣੀ ਨੂੰ,
ਦੇਵੇ ਨੇਕ ਜ਼ਬਾਨ ਸੁਣਾ ਮੀਆਂ।
ਫ਼ਜ਼ਲ ਸ਼ਾਹ ਸੋਹਣੀ ਇਕ ਸਾਲ ਅੰਦਰ,
ਲਿਆ ਕੁੱਲ ਕੁਰਾਨ ਮੁਕਾ ਮੀਆਂ।
21. ਵਰ੍ਹਾ ਅੱਠਵਾਂ

ਵਰ੍ਹੇ ਅੱਠਵੇਂ ਸੱਦ ਸਹੇਲੀਆਂ ਨੂੰ,
ਨਾਲ ਪਿਆਰ ਦੇ ਛੋਪ ਰਲ ਪਾਂਵਦੀ ਸੀ।
ਮੱਥਾ ਚਮਕਦਾ ਬਦਰ ਮੁਨੀਰ ਵਾਕਰ,
ਨੱਕ ਨੱਥ ਬੁਲਾਕ ਸੁਹਾਂਵਦੀ ਸੀ।
ਨਾਜ਼ਕ ਬਾਂਹ ਉਲਾਰ ਕੇ ਤੰਦ ਪਾਵੇ,
ਨਾਲ ਸ਼ੌਂਕ ਦੇ ਕੱਤਦੀ ਗਾਂਵਦੀ ਸੀ।
ਫ਼ਜ਼ਲ ਸ਼ਾਹ ਵਾਂਗੂੰ ਖੁਸ਼ਹਾਲ ਰਹਿੰਦੀ,
ਗ਼ਮ ਜੀਉ ਤੇ ਮੂਲ ਨਾ ਲਿਆਂਵਦੀ ਸੀ।
22. ਵਰ੍ਹਾ ਨਾਵਾਂ

ਨਾਵੇਂ ਵਰ੍ਹੇ ਸੀ ਹੁਸਨ ਨੇ ਚਮਕ ਮਾਰੀ,
ਹੂਰਾਂ ਜੱਨਤੀ ਦੇਖ ਸ਼ਰਮਾਨ ਮੀਆਂ।
ਇਕੋ ਹਾਣ ਪਿਸਤਾਨ ਪਠਾਨ ਦੋਵੇਂ,
ਬੈਠੇ ਪਕੜ ਕੇ ਤੀਰ ਕਮਾਨ ਮੀਆਂ।
ਮਿਰਗ ਦੇਖ ਕੇ ਅੱਖੀਆਂ ਸੋਹਣੀਆਂ ਨੂੰ,
ਫਿਰਨ ਜੰਗਲਾਂ ਵਿਚ ਹੈਰਾਨ ਮੀਆਂ।
ਫ਼ਜ਼ਲ ਮੁੱਖ ਤੇ ਖਾਲ ਸਿਆਹ ਹਬਸ਼ੀ,
ਗੋਇਆ ਚੀਨ ਦਾ ਸੀ ਨਿਗ੍ਹਾਬਾਨ ਮੀਆਂ।
23. ਵਰ੍ਹਾ ਦਸਵਾਂ

ਦਸਵੇਂ ਵਰ੍ਹੇ ਚੜ੍ਹਾਂਵਦੀ ਦਸਤ ਵੰਗਾਂ,
ਚਾਂਦੀ ਸੋਨਿਓਂ ਰੰਗ ਸੁਵਾਰੀਆਂ ਨੂੰ।
ਕਦੀ ਓਢਨੀ ਲੈ ਕੇ ਕਪੂਰ ਧੂੜੀ,
ਕਦੀ ਜੋੜਦੀ ਨਾਲ ਫੁਲਕਾਰੀਆਂ ਨੂੰ।
ਕਦੀ ਲਏ ਸਾਲੂ ਕਦੀ ਲਏ ਭੋਛਨ,
ਕਦੀ ਛਾਇਲਾਂ ਛੋਪ ਸਾਲਾਰੀਆਂ ਨੂੰ।
ਫ਼ਜ਼ਲ ਕੁੜਤੀਆਂ ਨਾਲ ਲਵਾਂਵਦੀ ਸੀ,
ਸੋਹਣੀ ਸੁਰਖ ਸਫ਼ੈਦ ਕਨਾਰੀਆਂ ਨੂੰ।
24. ਵਰ੍ਹਾ ਯਾਰ੍ਹਵਾਂ

ਵਰ੍ਹੇ ਯਾਰ੍ਹਵੇਂ ਅਕਲ ਸ਼ਊਰ ਆਇਆ,
ਕੀਤਾ ਨੂਰ ਜ਼ਹੂਰ ਖ਼ੁਦਾ ਮੀਆਂ।
ਮਾਈ ਬਾਪ ਤਾਈਂ ਕਰਕੇ ਜੀ ਬੋਲੇ,
ਲਿਆਵੇ ਅਦਬ ਅਦਾਬ ਵਜਾ ਮੀਆਂ।
ਅੱਖੀਂ ਸ਼ਰਮ ਹਯਾ ਦੇ ਨਾਲ ਰੱਖੇ,
ਕਿਸੇ ਤਰਫ਼ ਨਾ ਦੇਖਣੀ ਚਾ ਮੀਆਂ।
ਫ਼ਜ਼ਲ ਭੁੱਲ ਜੇ ਕਰੇ ਨਿਗਾਹ ਸੋਹਣੀ,
ਕਈ ਸ਼ਾਹ ਹੋ ਜਾਣ ਗਦਾ ਮੀਆਂ।
25. ਵਰ੍ਹੇ ਬਾਰ੍ਹਵੇਂ ਸੋਹਣੀ ਦਾ ਹੁਸਨ

ਵਰ੍ਹੇ ਬਾਰ੍ਹਵੇਂ ਵਿਚ ਪਰਵਾਰ ਸੋਹਣੀ,
ਜਿਵੇਂ ਚੌਧਵੀ ਚੰਦ ਪਰਵਾਰ ਬੇਲੀ।
ਤ੍ਰਿੰਞਣ ਵਿਚ ਬੈਠੀ ਸਈਆਂ ਨਾਲ ਸੋਹਣੀ,
ਪੈਣ ਚਰਖਿਆਂ ਦੇ ਘੁਮਕਾਰ ਬੇਲੀ।
ਕੋਈ ਦੇਇ ਜੋਟੇ ਕੋਈ ਦੇਇ ਪੂਣੀ,
ਕੋਈ ਕੱਤਦੀ ਬਾਂਹ ਉਲਾਰ ਬੇਲੀ।
ਕੋਈ ਮਲੇ ਦੰਦਾਸੜਾ ਕੋਈ ਸੁਰਖੀ,
ਕੋਈ ਲਾਂਵਦੀ ਹਾਰ ਸ਼ਿੰਗਾਰ ਬੇਲੀ।
ਕੋਈ ਪਾ ਸੁਰਮਾ ਕੋਈ ਪਾ ਕੱਜਲ,
ਨੋਕਦਾਰ ਰੱਖੇ ਕਾਲੀਧਾਰ ਬੇਲੀ।
ਕੋਈ ਹੁਸਨ ਤੇ ਹੋ ਮਗ਼ਰੂਰ ਬੈਠੀ,
ਕੋਈ ਗੱਲ ਕਰਦੀ ਨਾਲ ਪਿਆਰ ਬੇਲੀ।
ਕੋਈ ਤੇਜ਼ ਨਿਗਾਹ ਦੇ ਨਾਲ ਵੇਖੇ,
ਤਿੱਖੇ ਨੈਣ ਜਿਉਂ ਤੇਜ਼ ਕਟਾਰ ਬੇਲੀ।
ਕੋਈ ਫਾਹੁਣੇ ਵਾਸਤੇ ਆਸ਼ਕਾਂ ਦੇ,
ਪਾਏ ਜ਼ੁਲਫ਼ਾਂ ਦੇ ਪੇਚ ਸਵਾਰ ਬੇਲੀ।
ਸਈਆਂ ਇਕ ਤੋਂ ਇਕ ਚੜ੍ਹੰਦੀਆਂ ਸਨ,
ਐਪਰ ਸੋਹਣੀ ਸੀ ਸਰਦਾਰ ਬੇਲੀ।
ਫ਼ਜ਼ਲ ਸ਼ਾਹ ਤਾਰੀਫ਼ ਹੁਣ ਸੋਹਣੀ ਦੀ,
ਅਸੀਂ ਆਖਦੇ ਹਾਂ ਮਜ਼ੇਦਾਰ ਬੇਲੀ।
26. ਤਥਾ

ਚਰਖਾ ਸੋਹਣੀ ਦਾ ਚੰਦਨ ਚੀਰ ਘੜਿਆ,
ਉਹਦੀ ਜੜਤ ਸੋਨੇ ਚਾਂਦੀ ਨਾਲ ਆਹੀ।
ਮਾਹਲ ਪੱਟ ਦੀ ਫੁੱਮਣਾਦਾਰ ਸੋਹਣੀ,
ਹੋਰ ਲੱਠ ਕਰੀਰ ਦੀ ਸਾਲ ਆਹੀ।
ਜਿਵੇਂ ਸੂਰਜੇ ਤਰਫ਼ ਨਾ ਧਿਆਨ ਹੋਵੇ,
ਏਵੇਂ ਹੁਸਨ ਦੀ ਜ਼ੋਰ ਮਸਾਲ ਆਹੀ।
ਸੀਨਾ ਸਾਫ਼ ਸੀ ਦੰਦ ਬਲੌਰ ਕੋਲੋਂ,
ਹੋਰ ਸਿਫ਼ਤ ਨਾ ਵਿਚ ਖ਼ਿਆਲ ਆਹੀ।
ਸੋਹਣੀ ਨਾਮ ਆਹਾ ਸੋਹਣੇ ਨੈਣ ਉਸਦੇ,
ਸੋਹਣੀ ਹੰਸ ਤੇ ਮੋਰ ਦੀ ਚਾਲ ਆਹੀ।
ਸੋਹਣੇ ਦੰਦ ਰੁਖ਼ਸਾਰ ਅਨਾਰ ਵਾਂਗੂੰ,
ਸੋਹਣੇ ਮੁੱਖੜੇ ਤੇ ਸੋਹਣੀ ਖਾਲ ਆਹੀ।
ਸੋਹਣੇ ਵਾਲ ਕਮਾਲ ਦਰਾਜ਼ ਉਸ ਦੇ,
ਸੋਹਣੇ ਹੋਠ ਸੁਰਖੀ ਲਾਲੋ ਲਾਲ ਆਹੀ।
ਫ਼ਜ਼ਲ ਸੱਚ ਦੀ ਸੋਹਣੀ ਸੋਹਣੀ ਸੀ,
ਲੜੀ ਮੋਤੀਆਂ ਦੀ ਵਾਲ ਵਾਲ ਆਹੀ।
27. ਤਥਾ

ਉਹਦੇ ਨੈਣ ਕਸੁੰਭੇ ਦੇ ਰੰਗ ਆਹੇ,
ਸੁਰਮਾ ਪਾਂਵਦੀ ਖ਼ੂਨ ਗੁਜ਼ਾਰਿਆਂ ਨੂੰ।
ਨੱਕ ਵਾਂਗ ਤਲਵਾਰ ਦੀ ਧਾਰ ਆਹਾ,
ਪਾਏ ਧਾੜ ਹਜ਼ਾਰ ਵੇਚਾਰਿਆਂ ਨੂੰ।
ਮੱਥਾ ਚੌਧਵੀਂ ਰਾਤ ਦਾ ਚੰਦ ਆਹਾ,
ਸੂਰਜ ਕਰੇ ਕੁਰਬਾਨ ਸਤਾਰਿਆਂ ਨੂੰ।
ਫ਼ਜ਼ਲ ਖ਼ਾਸ ਤਸਵੀਰ ਕਸ਼ਮੀਰ ਦੀ ਸੀ,
ਰਹੇ ਹੋਸ਼ ਨਹੀਂ ਦੇਖਣੇ ਹਾਰਿਆਂ ਨੂੰ।
28. ਤਥਾ

ਹੋਂਠ ਲਾਲ ਸੂਹੇ ਵਾਂਗ ਲਾਲ ਰੱਤੇ,
ਲਾਲ ਵੇਖ ਸ਼ਰਮਾਂਵਦੇ ਲਾਲੀਆਂ ਨੂੰ।
ਵਲਾਂ ਵਾਲੀਆਂ ਉਸਦੀਆਂ ਵਾਲੀਆਂ ਨੇ,
ਲਿਆ ਲੁੱਟ ਜਹਾਨ ਦੇ ਵਾਲੀਆਂ ਨੂੰ।
ਵਲ ਵਲ ਪੇਚ ਸੁਆਰਦੀ ਮੁਖੜੇ ਤੇ,
ਲੋਕ ਨਾਗ ਸੱਦਣ ਜ਼ੁਲਫ਼ਾਂ ਕਾਲੀਆਂ ਨੂੰ।
ਫ਼ਜ਼ਲ ਬਾਣ ਚਲਾਣ ਸਿਖਾਂਵਦੀ ਸੀ,
ਅੱਖੀਂ ਕਾਲੀਆਂ ਤੇ ਮਤਵਾਲੀਆਂ ਨੂੰ।
29. ਤਥਾ

ਸੋਹਣੇ ਦੰਦ ਆਹੇ ਦਾਣੇ ਮੋਤੀਆਂ ਦੇ,
ਸੋਹਣੇ ਤੌਰ ਰਖੇ ਪਾਲੋ ਪਾਲ ਮੀਆਂ।
ਸੀਨੇ ਸਾਫ਼ ਤੇ ਸੇਉ ਵਲਾਇਤੀ ਸਨ,
ਜ਼ੁਲਫ਼ਾਂ ਨਾਗ ਆਹੇ ਰਖਵਾਲ ਮੀਆਂ।
ਨੀਮ ਖ਼ਵਾਬ ਆਹੇ ਦੋਵੇਂ ਨੈਣ ਉਸਦੇ,
ਸੋਹਣਾ ਮੁਖ ਮਹਿਤਾਬ ਮਿਸਾਲ ਮੀਆਂ।
ਨਾਲ ਨਾਜ਼ ਦੇ ਕਦਮ ਉਠਾਂਵਦੀ ਸੀ,
ਸੋਹਣੀ ਪੈਰ ਰਖੇ ਪਾਲੋ ਪਾਲ ਮੀਆਂ।
ਸੋਹਣੇ ਪੈਰ ਕੂਲੇ ਨਾਜ਼ਕ ਵਾਂਗ ਰੇਸ਼ਮ,
ਮਹਿੰਦੀ ਨਾਲ ਰੰਗੇ ਲਾਲੋ ਲਾਲ ਮੀਆਂ।
ਫ਼ਜ਼ਲ ਸ਼ਾਹ ਜਹਾਨ ਬੇਜਾਨ ਹੋਇਆ,
ਵੇਖ ਗਰਮ ਬਾਜ਼ਾਰ ਜਮਾਲ ਮੀਆਂ।
30. ਸੋਹਣੀ ਦੇ ਜ਼ੇਵਰ

ਸੋਹਣੀ ਹੁਸਨ ਦੀ ਖਾਨ ਉਸ਼ਨਾਕ ਆਹੀ,
ਟਿੱਕਾ ਵਾਂਗ ਸੂਰਜ ਲਾਟਾਂ ਮਾਰਦਾ ਸੀ।
ਚੌਂਕਪਲੀ ਨੇ ਪੀਰ ਤੇ ਵਲੀ ਮੁੱਠੇ,
ਚੰਦਨਹਾਰ ਚਮਕਾਰ ਤਲਵਾਰ ਦਾ ਸੀ।
ਅਤਰ ਦਾਨ ਗੁਮਾਨ ਦੇ ਨਾਲ ਬੈਠਾ,
ਫੌਜਦਾਰ ਹਜ਼ਾਰ ਸਵਾਰ ਦਾ ਸੀ।
ਫ਼ਜ਼ਲ ਸ਼ਾਹ ਨਿਗਾਹ ਜੇ ਕਰੇ ਸੋਹਣੀ,
ਜੱਗ ਜਾਨ ਜਹਾਨ ਨੂੰ ਵਾਰਦਾ ਸੀ।
31. ਤਥਾ

ਬਾਜੂ ਬੰਦ ਆਹੇ ਬੰਦ ਆਸ਼ਕਾਂ ਦੇ,
ਲੱਖਾਂ ਬੰਦਿਆਂ ਨੂੰ ਬੰਦੀਵਾਨ ਕੀਤਾ।
ਕਾਲੇ ਕੇਸ ਆਹੇ ਉਹਦੇ ਅਤਰ ਭਿੰਨੇ,
ਕਾਲੇ ਨੈਣਾਂ ਨੇ ਦੇਖ ਤੂਫ਼ਾਨ ਕੀਤਾ।
ਕਈ ਮੋਮਨਾਂ ਸਾਫ਼ ਈਮਾਨੀਆਂ ਨੂੰ,
ਉਸ ਦੀ ਜ਼ੁਲਫ਼ ਕਾਲੀ ਪਰੇਸ਼ਾਨ ਕੀਤਾ।
ਪਾਜ਼ੇਬ ਫ਼ਰੇਬ ਦੇ ਪੇਚ ਪਾਏ,
ਕੰਨ ਫੂਲ ਮਲੂਲ ਜਹਾਨ ਕੀਤਾ।
ਦਾਉਣੀ ਘੱਤ ਛਾਉਣੀ ਬੈਠੀ ਹੁਸਨ ਉਤੇ,
ਰਾਖੀ ਹੁਸਨ ਦਾ ਖੂਬ ਸਮਾਨ ਕੀਤਾ।
ਫ਼ਜ਼ਲ ਸ਼ਾਹ ਮੀਆਂ ਨਾਲੇ ਪੱਟ ਦੇ ਨੇ,
ਨਾਲੇ ਪੱਟ ਜਹਾਨ ਵੈਰਾਨ ਕੀਤਾ।
32. ਤਥਾ

ਮੋਹਨਮਾਲਾ ਨੇ ਮੋਹ ਜਹਾਨ ਲਿਆ,
ਕੰਠ ਮਾਲ ਕੀਤੀ ਕਠਨ ਜਾਨ ਜਾਨੀ।
ਗਲ ਦੇ ਨਾਮ ਬਦਨਾਮ ਤਮਾਮ ਕੀਤੇ,
ਹੈਕਲ ਕਰੇ ਬੇਕਲ ਕੁਲ ਜਹਾਨ ਜਾਨੀ।
ਕੰਨੀਂ ਸੋਹਣੀਆਂ ਝੁਮਕੀਆਂ ਝੁਮਕ ਲਾਈ,
ਚੰਦ ਚਮਕਦਾ ਜਿਵੇਂ ਅਸਮਾਨ ਜਾਨੀ।
ਫ਼ਜ਼ਲ ਸ਼ਾਹ ਛੱਲੇ ਵਲਦਾਰ ਉਸ ਦੇ,
ਇਕ ਪਲਕ ਅੰਦਰ ਜਲ ਜਾਨ ਜਾਨੀ।
33. ਤਥਾ

ਬੰਦੀਆਂ ਬੰਦ ਕਰਨ ਰਾਹ ਆਸ਼ਕਾਂ ਦੇ,
ਜ਼ੰਜੀਰੀਆਂ ਚੁੱਕ ਜ਼ੰਜੀਰ ਕੀਤੇ।
ਕੜੇ ਸ਼ੇਰ ਮੂੰਹੇਂ ਦਿੱਸਣ ਸ਼ੇਰ ਵਾਂਗੂੰ,
ਜਿਨ੍ਹਾਂ ਪੀਰ ਫ਼ਕੀਰ ਦਿਲਗੀਰ ਕੀਤੇ।
ਫੌਜਾਂ ਪਹੁੰਚੀਆਂ ਨੇ ਦਿੱਲੀ ਦਿਲਾਂ ਉਤੇ,
ਆਣ ਪਹੁੰਚੀਆਂ ਲੱਖ ਵਹੀਰ ਕੀਤੇ।
ਫ਼ਜ਼ਲ ਹੱਸ ਕੇ ਗੱਲ ਗਵਾਇ ਨਾਹੀਂ,
ਓਹਦੇ ਹੱਸ ਨੇ ਸ਼ਾਹ ਫ਼ਕੀਰ ਕੀਤੇ।
34. ਹੁਸਨ ਦਾ ਹੋਰ ਬਿਆਨ

ਜ਼ੁਲਫ਼ਾਂ ਨਾਗ ਕਾਲੇ ਕੁੰਡਲਦਾਰ ਆਹੇ,
ਬਾਝ ਛੇੜਿਆਂ ਮਾਰਦੇ ਡੰਗ ਮੀਆਂ।
ਅੱਖੀਂ ਕੱਸ ਤੁਫੰਗ ਨਿਸ਼ਾਨ ਮਾਰਨ,
ਬਾਝ ਸੰਗ ਕਰੇਂਦੀਆਂ ਜੰਗ ਮੀਆਂ।
ਇਕ ਦੀਦ ਕੰਨੋਂ ਨੈਣ ਜਾਨ ਕੱਢਣ,
ਲੈਂਦੇ ਮੁਫ਼ਤ ਨੇ ਖ਼ਲਕਤੋਂ ਮੰਗ ਮੀਆਂ।
ਫ਼ਜ਼ਲ ਸ਼ਾਹ ਮਹਿਬੂਬ ਦੇ ਮੁੱਖ ਉੱਤੇ,
ਆਸ਼ਕ ਮਰਨ ਮਿਸਾਲ ਪਤੰਗ ਮੀਆਂ।
35. ਸੋਹਣੀ ਦਾ ਜਮਾਲ

ਸੋਹਣੀ ਆਸ਼ਕਾਂ ਦੇ ਲਹੂ ਨਾਲ ਰੱਤੀ,
ਨਾਜ਼ਕ ਪੈਰ ਜੋ ਫੁੱਲ ਗੁਲਾਬ ਮੀਆਂ।
ਲੜੀਆਂ ਮੋਤੀਆਂ ਦੀਆਂ ਲੜੀਆਂ ਜਾ ਦਿੱਲੀ,
ਫੇਰ ਮਾਰਿਆ ਆਣ ਪੰਜਾਬ ਮੀਆਂ।
ਦੀਵੇ ਨਾਲ ਪਤੰਗਿਆਂ ਜਿਵੇਂ ਕੀਤੀ,
ਏਵੇਂ ਆਸ਼ਕਾਂ ਦੀ ਬਣੀ ਬਾਬ ਮੀਆਂ।
ਫ਼ਜ਼ਲ ਸ਼ਾਹ ਫ਼ਕੀਰ ਹੋ ਗਏ ਲੱਖਾਂ,
ਵੇਖ ਹੁਸਨ ਮਹਿਬੂਬ ਦੀ ਤਾਬ ਮੀਆਂ।
36. ਵਾਕ ਕਵੀ

ਰੱਬ ਸਿਫ਼ਤ ਸੁਨਾਇ ਮੌਕੂਫ ਏਥੇ,
ਤੇਰੇ ਕਹਿਣ ਤੋਂ ਹੁਸਨ ਕਮਾਲ ਬੇਲੀ।
ਮਤਾਂ ਮਰੇ ਜਹਾਨ ਬੇਜਾਨ ਹੋ ਕੇ,
ਐਡੀ ਹੁਸਨ ਦੀ ਅੱਗ ਨਾ ਬਾਲ ਬੇਲੀ।
ਜਾ ਕੇ ਬਲਖ਼ ਬੁਖ਼ਾਰਿਓਂ ਢੂੰਡ ਲਿਆਵੋ,
ਕਾਰਨ ਸੋਹਣੀ ਦੇ ਮਹੀਂਵਾਲ ਬੇਲੀ।
ਫ਼ਜ਼ਲ ਵਿਚ ਗੁਜਰਾਤ ਦੇ ਆਣ ਉਸ ਨੂੰ,
ਕਰੋ ਸੋਹਣੀ ਦੇ ਨਾਲ ਸਵਾਲ ਬੇਲੀ।
37. ਬਿਆਨ ਆਲੀ ਸੌਦਾਗਰ

ਸੁਣੋ ਬਲਖ਼ ਬੁਖ਼ਾਰੇ ਦੀ ਗੱਲ ਮੈਥੋਂ,
ਦੋਵੇਂ ਸ਼ਹਿਰ ਸਨ ਬਹੁਤ ਆਬਾਦ ਪਿਆਰੇ।
ਅਮਨ ਚੈਨ ਤੇ ਰਾਜ ਚੁਗੱਤਿਆਂ ਦਾ,
ਕੋਈ ਕਰੇ ਨਾ ਮੂਲ ਫ਼ਰਿਆਦ ਪਿਆਰੇ।
ਇਕ ਗ਼ਨੀ ਆਹਾ ਸਖੀ ਮਰਦ ਭਾਰੀ,
ਕਰੇ ਨਿਤ ਖ਼ੁਦਾਇ ਨੂੰ ਯਾਦ ਪਿਆਰੇ।
ਵਿਚ ਬਲਖ਼ ਬੁਖ਼ਾਰੇ ਦੇ ਮਹਿਲ ਉਸ ਦੇ,
ਆਹਾ ਮਾਲ ਦੇ ਨਾਲ ਆਜ਼ਾਦ ਪਿਆਰੇ।
ਨਿੱਤ ਕਰੇ ਸੌਦਾਗਰੀ, ਹੋਰ ਸੌਦੇ,
ਰਖੇ ਪੀਰ ਫ਼ਕੀਰ ਨੂੰ ਸ਼ਾਦ ਪਿਆਰੇ।
ਹੈਸੀ ਜ਼ਾਤ ਦਾ ਮੁਗ਼ਲ ਅਸੀਲ ਮਿਰਜ਼ਾ,
ਆਲੀ ਨਾਮ ਤੇ ਨੇਕ ਨਿਹਾਦ ਪਿਆਰੇ।
ਜਿਤਨੇ ਲੋਕ ਸੌਦਾਗਰੀ ਕਰਨ ਵਾਲੇ,
ਸਭਨਾਂ ਦੇਇ ਪੈਸੇ ਸੰਦੀ ਦਾਦ ਪਿਆਰੇ।
ਫ਼ਜ਼ਲ ਸ਼ਾਹ ਸਭ ਚੀਜ਼ ਮੌਜੂਦ ਆਹੀ,
ਐਪਰ ਨਹੀਂ ਸੀ ਇਕ ਔਲਾਦ ਪਿਆਰੇ।
38. ਪੁੱਤਰ ਲਈ ਫ਼ਕੀਰ ਪਾਸ ਜਾਣਾ

ਐਸੀ ਬਾਤ ਕੋਲੋਂ ਪਰੇਸ਼ਾਨ ਹੋਇਆ,
ਗਏ ਐਸ਼ ਜਹਾਨ ਦੇ ਭੂਲ ਯਾਰਾ।
ਕਿਸੇ ਨਾਲ ਨਾ ਹੱਸ ਕੇ ਗੱਲ ਕਰਦਾ,
ਰਹੇ ਰੋਂਵਦਾ ਨਿੱਤ ਮਲੂਲ ਯਾਰਾ।
ਗ਼ਮਾਂ ਘੋਰ ਚੌਫ਼ੇਰ ਅੰਧੇਰ ਕੀਤਾ,
ਲੈਣ ਦੇਣ ਆਰਾਮ ਨਾ ਮੂਲ ਯਾਰਾ।
ਕਿਸੇ ਆਇ ਰਜ਼ਾਇ ਥੀਂ ਗੱਲ ਟੋਰੀ,
ਇਕ ਫ਼ਕੀਰ ਹੈ ਕੁਰਬ ਰਸੂਲ ਯਾਰਾ।
ਜੇਕਰ ਹੱਥ ਉਠਾਇ ਦੁਆ ਮੰਗੇ,
ਕਰੇ ਤੁਰਤ ਖ਼ੁਦਾਇ ਕਬੂਲ ਯਾਰਾ।
ਵਿਚ ਗ਼ਾਰ ਫਲਾਣੀ ਦੇ ਰਹੇ ਖ਼ੁਫੀਆ,
ਖਾਏ ਘਾਹ ਤੇ ਬਰਗ ਬਬੂਲ ਯਾਰਾ।
ਸੁਣ ਕੇ ਗੱਲ ਮਿਰਜ਼ਾ ਗਿਆ ਗ਼ਾਰ ਅੰਦਰ,
ਵੇਖੇ ਜਾਇਕੇ ਉਹ ਮਕਬੂਲ ਯਾਰਾ।
ਫ਼ਜ਼ਲ ਸ਼ਾਹ ਫ਼ਕੀਰ ਨੇ ਵੇਖ ਕਹਿਆ,
ਵਿਚ ਗ਼ਾਰ ਆਇਓਂ ਕਿਤ ਸੂਲ ਯਾਰਾ।
39. ਤਥਾ

ਹੱਥ ਜੋੜ ਫ਼ਕੀਰ ਤੇ ਅਰਜ਼ ਕੀਤੀ,
ਡੁੱਬੇ ਤਾਰ ਸਾਈਂ ! ਡੁੱਬੇ ਤਾਰ ਸਾਈਂ !
ਬੇੜਾ ਵਿਚ ਫ਼ਰਾਕ ਦੇ ਪਿਆ ਮੇਰਾ,
ਲਾਈਂ ਪਾਰ ਸਾਈਂ ! ਲਾਈਂ ਪਾਰ ਸਾਈਂ !
ਮੇਰੇ ਮੁਲਕ ਦਾ ਵਾਰਸੀ ਮੂਲ ਨਾਹੀਂ,
ਮੈਂ ਲਾਚਾਰ ਸਾਈਂ ! ਮੈਂ ਲਾਚਾਰ ਸਾਈਂ !
ਕਰਕੇ ਫ਼ਜ਼ਲ ਦੁਆ ਉਲਾਦ ਮੈਨੂੰ,
ਬਖ਼ਸ਼ਣਹਾਰ ਸਾਈਂ ! ਬਖ਼ਸ਼ਣਹਾਰ ਸਾਈਂ !
40. ਫ਼ਕੀਰ ਦਾ ਉਸ ਲਈ ਦੁਆ ਕਰਨਾ

ਮੁਗ਼ਲ ਨੇਕ ਸਾਇਤ ਰੁਜੂ ਆਣ ਹੋਇਆ,
ਆਈ ਫਲ ਮਕਸੂਦ ਦੀ ਬਾਸ ਮੀਆਂ।
ਹੱਥ ਉਠਾਇ ਦੁਆ ਫ਼ਕੀਰ ਮੰਗੀ,
ਜਾਹ ਕੰਮ ਹੋਏ ਤੇਰੇ ਰਾਸ ਮੀਆਂ।
ਸੁੱਕੀ ਵੇਲ ਤੇਰੀ ਰੱਬ ਹਰੀ ਕਰਸੀ,
ਜਾਹ ਜੀਉ ਤੇ ਰਖ ਧਰਵਾਸ ਮੀਆਂ।
ਤੈਨੂੰ ਰੱਬ ਫ਼ਰਜ਼ੰਦ ਦਿਲਬੰਦ ਦੇਸੀ,
ਨਾਲ ਫ਼ਜ਼ਲ ਪੁਚਾਵਸੀ ਆਸ ਮੀਆਂ।
ਐਪਰ ਲਿਖਿਆ ਵਿਚ ਤਕਦੀਰ ਏਵੇਂ,
ਥੋੜ੍ਹੇ ਰੋਜ਼ ਰਹਿਸੀ ਤੇਰੇ ਪਾਸ ਮੀਆਂ।
ਫ਼ਜ਼ਲ ਉਸਨੂੰ ਚੌਧਵੇਂ ਸਾਲ ਅੰਦਰ,
ਕਰਸੀ ਇਸ਼ਕ ਕਮਾਲ ਉਦਾਸ ਮੀਆਂ।
41. ਮਿਰਜ਼ਾ ਆਲੀ ਦਾ ਘਰ ਨੂੰ ਮੁੜਨਾ

ਮਿਰਜ਼ਾ ਦੇ ਤਾਜ਼ੀਮ ਫ਼ਕੀਰ ਤਾਈਂ,
ਆਇਆ ਹਰਮ ਖ਼ਾਨੇ ਨਾਲ ਚਾਹ ਦੇ ਜੀ।
ਰਾਤ ਚੌਧਵੀਂ ਰਾਤ ਦੀ ਚਾਂਦਨੀ ਸੀ,
ਸੂਰਜ ਇਕ ਹੋਇਆ ਨਾਲ ਮਾਹ ਦੇ ਜੀ।
ਸੁੱਕਾ ਮੁੱਦਤਾਂ ਦਾ ਹੋਇਆ ਸੇਉ ਹਰਿਆ,
ਵਾਹ ਵਾਹ ਇਹ ਕੰਮ ਅੱਲਾਹ ਦੇ ਜੀ।
ਫ਼ਜ਼ਲ ਸ਼ਾਹ ਨਾ ਵਿਚ ਸ਼ੁਮਾਰ ਹੋਵਨ,
ਜੋ ਜੋ ਫ਼ਜ਼ਲ ਹੋਵਨ ਓਸ ਸ਼ਾਹ ਦੇ ਜੀ।
42. ਮਿਰਜ਼ੇ ਦੀ ਮੁਰਾਦ ਬਰ ਆਉਣਾ

ਉਸੇ ਰਾਤ ਵਸਾਲ ਦੀ ਬਾਤ ਸੇਤੀ,
ਹੋਈ ਨਾਲ ਉਮੇਦ ਹਜ਼ੂਰ ਮੀਆਂ।
ਗਏ ਖ਼ੈਰ ਦੇ ਗੁਜ਼ਰ ਨੌਂ ਮਾਹ ਪੂਰੇ,
ਦਾਦੀ ਸੱਦੀ ਆ ਨਾਲ ਜ਼ਰੂਰ ਮੀਆਂ।
ਸੁਬ੍ਹਾ ਵਕਤ ਬੇਟਾ ਪੈਦਾਵਾਰ ਹੋਇਆ,
ਗਿਆ ਖਿੰਡ ਜਹਾਨ ਤੇ ਨੂਰ ਮੀਆਂ।
ਫ਼ਜ਼ਲ ਸ਼ਾਹ ਜੇਕਰ ਘੜੀਓਂ ਮੀਂਹ ਵੱਸੇ,
ਨਾਹੀਂ ਰੱਬ ਰਹੀਮ ਥੀਂ ਦੂਰ ਮੀਆਂ।
43. ਦਾਈ ਦਾ ਮਿਰਜ਼ੇ ਨੂੰ ਖ਼ਬਰ ਦੇਣਾ

ਦਾਈ ਵੇਖ ਕੇ ਹੁਸਨ ਖ਼ਿਆਲ ਕੀਤਾ,
ਸ਼ਾਇਦ ਫੇਰ ਯੂਸਫ਼ ਨਮੂਦਾਰ ਹੋਇਆ।
ਰੱਬਾ ਉਮਰ ਬਖ਼ਸ਼ੀਂ ਏਸ ਮਾਹ ਤਾਈਂ,
ਤੇਰਾ ਫ਼ਜ਼ਲ ਬੇਅੰਤ ਸ਼ੁਮਾਰ ਹੋਇਆ।
ਦਾਈ ਦੇਇ ਪੈਗ਼ਾਮ ਗ਼ੁਲਾਮ ਤਾਈਂ,
ਖ਼ੁਸ਼ੀ ਦਿਲਾਂ ਨੂੰ ਸਬਰ ਕਰਾਰ ਹੋਇਆ।
ਗਿਆ ਦੌੜ ਗ਼ੁਲਾਮ ਖ਼ੁਸ਼ਖ਼ਬਰ ਲੈ ਕੇ,
ਮਿਰਜ਼ੇ ਪਾਸ ਜਾ ਅਰਜ਼ ਗੁਜ਼ਾਰ ਹੋਇਆ।
ਸੁਣ ਕੇ ਖ਼ਬਰ ਫਰਜ਼ੰਦ ਦਿਲਬੰਦ ਸੰਦੀ,
ਮਿਰਜ਼ਾ ਖ਼ੁਸ਼ੀ ਦੇ ਨਾਲ ਗੁਲਜ਼ਾਰ ਹੋਇਆ।
ਪੜ੍ਹੇ ਸ਼ੁਕਰ ਅਲਹਮਦ ਹਜ਼ਾਰ ਵੇਰੀ,
ਔਗਣਹਾਰ ਦਾ ਰੱਬ ਸੱਤਾਰ ਹੋਇਆ।
ਕੀਤਾ ਮੰਗਤਿਆਂ ਆਣ ਹਜੂਮ ਬਹੁਤਾ,
ਬਾਝ ਟੋਕ ਹੱਥ ਰੋਕ ਵਿਹਾਰ ਹੋਇਆ।
ਦਿਤੀ ਮੀਂਹ ਦੇ ਵਾਂਗ ਬਰਸਾ ਦੌਲਤ,
ਗੋਇਆ ਫ਼ਜ਼ਲ ਥੀਂ ਅਬਰ ਬਹਾਰ ਹੋਇਆ।
44. ਨਾਂ ਰੱਖਣ ਦੀ ਰਸਮ

ਕੰਨੀਂ ਬਾਂਗ ਦਿਵਾਂਵਦਾ ਸੱਦ ਮੁੱਲਾਂ,
ਕਹਿਆ ਨਬੀ ਦਾ ਨਾਮ ਪਛਾਨ ਜਾਨੀ।
ਉਸਦਾ ਨਾਮ ਰੱਖਣ ਇੱਜ਼ਤ ਬੇਗ ਮਿਰਜ਼ਾ,
ਦੇਖ ਫ਼ਾਲ ਕਿਤਾਬ ਕੁਰਆਨ ਜਾਨੀ।
ਦਿਤੇ ਰੱਬ ਨੇ ਸਿਕ ਸਿਕੰਦਿਆਂ ਨੂੰ,
ਸਾਥੀ ਆਪ ਹੋਇਆ ਮਿਹਰਬਾਨ ਜਾਨੀ।
ਫ਼ਜ਼ਲ ਸ਼ਾਹ ਦਾ ਬਦਰ ਕਮਾਲ ਹੋਇਆ,
ਯੂਸਫ਼ ਵਾਂਗ ਜ਼ਮਾਲ ਅਯਾਨ ਜਾਨੀ।
45. ਦੂਜਾ ਤੇ ਤੀਜਾ ਵਰ੍ਹਾ

ਦੂਜੇ ਵਰ੍ਹੇ ਗ਼ੁਲਾਮ ਹਰ ਰੋਜ਼ ਉਸ ਨੂੰ,
ਲੈ ਕੇ ਜਾਂਵਦਾ ਵਿਚ ਦਰਬਾਰ ਦੇ ਜੀ।
ਆਸਾਂ ਸਿੱਕਦਿਆਂ ਆਸਾਂ ਵਰ ਆਈਆਂ,
ਨਿੱਤ ਰੱਬ ਦਾ ਸ਼ੁਕਰ ਗੁਜ਼ਾਰਦੇ ਜੀ।
ਬਾਪ ਵਾਂਗ ਯਾਕੂਬ ਦੇ ਪਿਆਰ ਰੱਖੇ,
ਆਏ ਸਬਰ ਨਾ ਬਾਝ ਦੀਦਾਰ ਦੇ ਜੀ।
ਤੀਜੇ ਵਰ੍ਹੇ ਨੂੰ ਫ਼ਜ਼ਲ ਥੀਂ ਮੀਂਹ ਵਰ੍ਹੇ,
ਲੱਗਾ ਗੱਲ ਕਰਨੇ ਨਾਲ ਪਿਆਰ ਦੇ ਜੀ।
46. ਵਰ੍ਹਾ ਚੌਥਾ

ਚੌਥੇ ਵਰ੍ਹੇ ਸੋਨੇ ਸੰਦੇ ਕੜੇ ਘੜੇ,
ਜੜੇ ਹੀਰਿਆਂ ਪੰਨਿਆਂ ਨਾਲ ਮੀਆਂ।
ਬਾਜੂ ਬੰਧ ਬੱਧੇ ਉਪਰ ਬਾਜੂਆਂ ਦੇ,
ਉੱਤੇ ਜੜਤ ਜੜਾਇਕੇ ਲਾਲ ਮੀਆਂ।
ਇਕ ਹੱਸ ਜੜਾਊ ਸੀ ਚੂਨੀਆਂ ਦਾ,
ਉਸ ਦੇ ਗਲ ਅੰਦਰ ਦਿੱਤਾ ਡਾਲ ਮੀਆਂ।
ਅੱਲਾ ਵਾਲੜੇ ਦੇ ਕੰਨੀਂ ਵਾਲੜੇ ਪਾ,
ਦਿੱਤੀ ਅੱਗ ਉਤੇ ਅੱਗ ਬਾਲ ਮੀਆਂ।
ਜ਼ਰੀ ਬਾਦਲੇ ਦਾ ਗਲ ਪਾ ਕੁੜਤਾ,
ਉਤੇ ਦੇਣ ਉਸ ਦੇ ਲਾਲ ਸ਼ਾਲ ਮੀਆਂ।
ਫ਼ਜ਼ਲ ਸ਼ਾਹ ਨਾ ਵਿਚ ਖ਼ਿਆਲ ਤੇਰੇ,
ਐਸਾ ਚਮਕਿਆ ਹੁਸਨ ਜਮਾਲ ਮੀਆਂ।
47. ਪੰਜਵਾਂ ਵਰ੍ਹਾ

ਵਰ੍ਹੇ ਪੰਜਵੇਂ ਵੇਖ ਕੇ ਵਾਰ ਚੰਗਾ,
ਮਸਜਦ ਵਿਚ ਲੈ ਜਾਇ ਬਹਾਇਓ ਨੇ।
ਇਕ ਥਾਲ ਭਰਕੇ ਸੁੱਚੇ ਮੋਤੀਆਂ ਦਾ,
ਉਸਤਾਦ ਦੀ ਨਜ਼ਰ ਟਿਕਾਇਓ ਨੇ।
ਨੀਯਤ ਖ਼ੈਰ ਕਹਿਕੇ ਵੰਡ ਸ਼ੀਰਨੀ ਨੂੰ,
ਪਹਿਲੇ ਕਾਇਦਾ ਹੱਥ ਫੜਾਇਓ ਨੇ।
ਥੋੜ੍ਹੇ ਦਿਨਾਂ ਅੰਦਰ ਬਹੁਤ ਪਿਆਰ ਸੇਤੀ,
ਸਾਰਾ ਕਾਇਦਾ ਪੁਖ਼ਤ ਕਰਾਇਓ ਨੇ।
ਜਦੋਂ ਕਾਇਦਾ ਖ਼ੂਬ ਦਰੁਸਤ ਹੋਇਆ,
ਫੇਰ ਪੜ੍ਹਨ ਕੁਰਾਨ ਤੇ ਲਾਇਓ ਨੇ।
ਅਲਹਮਦ ਥੀਂ ਸ਼ੁਰੂ ਕਰਾ ਉਸ ਨੂੰ,
ਵਾਉਨਾਸ ਤੇ ਜਾ ਪੁਚਾਇਓ ਨੇ।
ਸਾਰੇ ਹਰਫ਼ ਤੇ ਲਫ਼ਜ਼ ਤਹਿਕੀਕ ਕਰਕੇ,
ਕਈ ਹਾਫ਼ਜ਼ੇ ਨਾਲ ਦੁਹਰਾਇਓ ਨੇ।
ਇੱਜ਼ਤ ਬੇਗ ਨੇ ਯਾਦ ਕੁਰਾਨ ਕੀਤਾ,
ਸਾਰਾ ਬਾਪ ਨੂੰ ਯਾਦ ਸੁਣਾਇਓ ਨੇ।
ਦੇਣ ਬਹੁਤ ਉਸਤਾਦ ਨੂੰ ਮਾਲ ਦੌਲਤ,
ਸਿਰੋਪਾ ਬਿਠਾਇ ਪਹਿਨਾਇਓ ਨੇ।
ਫ਼ਜ਼ਲ ਕਰਨ ਆਮੀਨ ਇੱਜ਼ਤ ਬੇਗ ਸੰਦੀ,
ਹੋਰ ਸ਼ਗਨ ਸ਼ਗੂਨ ਮਨਾਇਓ ਨੇ।
48. ਛੇਵੇਂ ਤੋਂ ਬਾਰ੍ਹਵੇਂ ਵਰ੍ਹੇ ਦਾ ਬਿਆਨ

ਵਰ੍ਹੇ ਛੇਵੇਂ ਹਰਫ਼ ਐਸੇ ਸਾਫ਼ ਲਿਖੇ,
ਕਰਨ ਕੁਲ ਉਸਤਾਦ ਕਬੂਲ ਮੀਆਂ।
ਵਰ੍ਹੇ ਸੱਤਵੇਂ ਨਜ਼ਮ ਤੋਂ ਨਸਰ ਪੜ੍ਹਿਆ,
ਕੀਤਾ ਇਲਮ ਸੱਯਾਕ ਹਸੂਲ ਮੀਆਂ।
ਵਰ੍ਹੇ ਅੱਠਵੇਂ ਸਰਫ਼ ਤੇ ਨਾਅਵ ਪੜ੍ਹਿਆ,
ਹੋਰ ਫਿਕਾ ਹਦੀਸ ਰਸੂਲ ਮੀਆਂ।
ਨਾਵੇਂ ਵਰ੍ਹੇ ਕਮਾਲ ਹਕੀਮ ਹੋਇਆ,
ਕੀਤੇ ਕਾਇਦੇ ਕੁਲ ਵਸੂਲ ਮੀਆਂ।
ਦਸਵੇਂ ਵਰ੍ਹੇ ਅਤਾ ਖ਼ੁਦਾਇ ਦੇ ਥੀਂ,
ਪੜ੍ਹਿਆ ਕੁਲ ਫ਼ਰੂਹ ਅਸੂਲ ਮੀਆਂ।
ਵਰ੍ਹੇ ਯਾਰ੍ਹਵੇਂ ਨੂੰ ਹੋਇਆ ਖ਼ਾਸ ਫ਼ਜ਼ਲ,
ਪੜ੍ਹੇ ਸਮਝ ਮਾਕੂਲ ਮਨਕੂਲ ਮੀਆਂ।
ਵਰ੍ਹੇ ਬਾਰ੍ਹਵੇਂ ਇਲਮ ਨਜੂਮ ਸੰਦਾ,
ਲਿਆ ਸਮਝ ਸਾਰਾ ਅਰਜ਼ ਤੂਲ ਮੀਆਂ।
ਫ਼ਜ਼ਲ ਸ਼ਾਹ ਚੌਧੀਂ ਵਰ੍ਹੀਂ ਤਾਕ ਹੋਇਆ,
ਕੋਈ ਇਲਮ ਨਾ ਛਡਿਆ ਮੂਲ ਮੀਆਂ।
49. ਇਲਮ ਦਾ ਕਮਾਲ

ਕੋਈ ਇਲਮ ਦੇ ਬਾਝ ਨਾ ਗੱਲ ਕਰਦਾ,
ਦਿੱਤਾ ਅਕਲ ਸ਼ਊਰ ਖ਼ੁਦਾ ਸਾਈਂ।
ਕਈ ਲੱਖ ਦਾਨਾ ਸ਼ਾਬਾਨ ਜੇਹੇ,
ਉਹਦੇ ਅਕਲ ਸੰਦੀ ਖ਼ਾਕ ਪਾ ਸਾਈਂ।
ਗੋਇਆ ਫੇਰ ਹੋਇਆ ਅਫ਼ਲਾਤੂਨ ਪੈਦਾ,
ਦਿੱਤਾ ਆਲਮਾਂ ਹੋਸ਼ ਭੁਲਾ ਸਾਈਂ।
ਮੁਨਸ਼ੀ ਫ਼ਲਕ ਦੇ ਨੇ ਹੱਥੋਂ ਕਲਮ ਸੁੱਟੀ,
ਲਿਖਿਆ ਵੇਖ ਕੇ ਬਹੁਤ ਸਫ਼ਾ ਸਾਈਂ।
ਜੋ ਕੁਛ ਕਹੇ ਜ਼ਬਾਨ ਥੀਂ ਆਲਮਾਂ ਨੂੰ,
ਕੋਈ ਕਰੇ ਨਾ ਚੂੰ ਚਰਾ ਸਾਈਂ।
ਫ਼ਜ਼ਲ ਸਮਝ ਉਸ ਨੂੰ ਇਲਮ ਅਕਲ ਵਾਲਾ,
ਹੱਥੋਂ ਲਿਆਂਵਦੇ ਅਦਬ ਬਜਾ ਸਾਈਂ।
ਸੁਬ੍ਹੇ ਦਰਸੀਆਂ ਦੇ ਕੀਤੇ ਹੱਲ ਉਸ ਨੇ,
ਦਿੱਤਾ ਗੱਲ ਦੇ ਨਾਲ ਉਡਾ ਸਾਈਂ।
ਜਿਹੜਾ ਇਲਮ ਥੀਂ ਪੁਛੇ ਸਵਾਲ ਕੋਈ,
ਦੇਵੇ ਤੁਰੰਤ ਜਵਾਬ ਸੁਣਾ ਸਾਈਂ।
ਕਈ ਬਹਿਸ ਕਰਨ ਆਏ ਮਿਸਰ ਵਿਚੋਂ,
ਓੜਕ ਗਏ ਉਸਤਾਦ ਬਣਾ ਸਾਈਂ।
ਫ਼ਜ਼ਲ ਸ਼ਾਹ ਤੇ ਨਹੀਂ ਇਤਬਾਰ ਜਿਸ ਨੂੰ,
ਪੁਛੇ ਬਲਖ਼ ਬੁਖ਼ਾਰਿਓਂ ਜਾ ਸਾਈਂ।
50. ਤੀਰੰਦਾਜ਼ੀ ਸਿੱਖਣ ਦਾ ਬਿਆਨ

ਵਰ੍ਹੇ ਤੇਰਵੇਂ ਨੂੰ ਇੱਜ਼ਤ ਬੇਗ ਤਾਈਂ,
ਹੱਥ ਤੀਰ ਕਮਾਨ ਫੜਾਨ ਬੇਲੀ।
ਤੀਰੰਦਾਜ਼ ਉਸਤਾਦ ਮੈਦਾਨ ਜਾ ਕੇ,
ਨਿਤ ਤੀਰ ਚਲਾਨ ਸਿਖਾਨ ਬੇਲੀ।
ਕੋਲ ਬੈਠ ਜਾਵਣ ਤੀਰੰਦਾਜ਼ ਸਾਰੇ,
ਕਰਨ ਕਾਇਦੇ ਕੁਲ ਆਯਾਨ ਬੇਲੀ।
ਸੱਜਾ ਪੈਰ ਪਿੱਛੇ ਖੱਬਾ ਪੈਰ ਅੱਗੇ,
ਖਿੱਚੋ ਜ਼ਲਫ਼ ਦੀ ਤਰਫ਼ ਕਮਾਨ ਬੇਲੀ।
ਬਾਜੂ ਰਾਸ ਕਰਕੇ ਤੀਰ ਸਾਫ਼ ਮਾਰੇ,
ਰੱਖੇ ਵਿਚ ਨਿਸ਼ਾਨ ਧਿਆਨ ਬੇਲੀ।
ਵਕਤ ਖਿੱਚਣ ਦੇ ਬਾਂਹ ਨਾ ਮੂਲ ਡੋਲੇ,
ਸਾਹ ਘੁੱਟਣਾ ਜਾਨ ਪਛਾਨ ਬੇਲੀ।
ਮਿਰਜ਼ਾ ਅਕਲ ਤੇ ਇਲਮ ਦਾ ਕੋਟ ਆਹਾ,
ਲਿਆ ਸਮਝ ਤਮਾਮ ਬਿਆਨ ਬੇਲੀ।
ਐਸੇ ਤੀਰ ਤਦਬੀਰ ਦੇ ਨਾਲ ਮਾਰੇ,
ਚੀਰ ਖ਼ਾਕ ਤੋਦੇ ਨਿਕਲ ਜਾਨ ਬੇਲੀ।
ਆਹਾ ਵਾਂਗ ਤਕਦੀਰ ਨੇ ਤੀਰ ਉਸ ਦੇ,
ਔਖਾ ਮੁੜਨ ਬਾਝੋਂ ਲਿਆਂ ਜਾਨ ਬੇਲੀ।
ਫ਼ਜ਼ਲ ਸ਼ਾਹ ਐਸਾ ਤੀਰੰਦਾਜ਼ ਹੋਇਆ,
ਰਹੇ ਕੁਲ ਉਸਤਾਦ ਹੈਰਾਨ ਬੇਲੀ।
51. ਘੋੜ ਸਵਾਰੀ ਕਰਨਾ ਤੇ ਦਿੱਲੀ ਜਾਣ ਦੀ ਖ਼ਾਹਿਸ਼ ਕਰਨਾ

ਵਰ੍ਹੇ ਚੌਧਵੇਂ ਨੂੰ ਚੜ੍ਹੇ ਘੋੜਿਆਂ ਤੇ,
ਨਾਲ ਨਾਜ਼ ਦੇ ਕਦਮ ਉਠਾਂਵਦਾ ਸੀ।
ਚੀਨੀ ਭੌਰ ਕੁਮੈਤ ਇਰਾਕੀਆਂ ਨੂੰ,
ਹੰਸ ਮੋਰ ਦੀ ਚਾਲ ਸਿਖਾਂਵਦਾ ਸੀ।
ਕਦੀ ਦੇ ਜੌਲਾਨ ਮੈਦਾਨ ਜਾ ਕੇ,
ਕਦੀ ਚਾਲ ਰਵਾਲ ਕਢਾਂਵਦਾ ਸੀ।
ਕਰਨ ਸੈਰ ਸ਼ਿਕਾਰ ਤਿਆਰ ਹੋ ਕੇ,
ਨਿੱਤ ਬਾਰ ਦੇ ਵੱਲ ਸਿਧਾਂਵਦਾ ਸੀ।
ਜਿਹੜੇ ਮਿਰਗ ਨੂੰ ਮਰਗ ਖ਼ੁਦਾ ਵੱਲੋਂ,
ਸੋਈ ਤੀਰ ਜਵਾਨ ਦਾ ਖਾਂਵਦਾ ਸੀ।
ਘੋੜੇ ਫੇਰਨੇ ਥੀਂ ਲੱਗੀ ਵਾਉ ਉਸ ਨੂੰ,
ਦਿੱਲੀ ਦੇਖਣੇ ਨੂੰ ਚਿੱਤ ਚਾਂਹਵਦਾ ਸੀ।
ਰਖ ਜੀਉ ਤੇ ਸ਼ੌਕ ਸੌਦਾਗਰੀ ਦਾ,
ਯਾਰਾਂ ਨਾਲ ਸਲਾਹ ਪਕਾਂਵਦਾ ਸੀ।
ਨਿੱਤ ਬਾਪ ਦੇ ਜਾ ਹਜ਼ੂਰ ਮਿਰਜ਼ਾ,
ਫ਼ੁਰਸਤ ਦੇਖ ਕੇ ਸੁਖ਼ਨ ਅਲਾਂਵਦਾ ਸੀ।
ਆਖੇ ਬਾਪ ਜੀ ਮੈਂ ਇਕ ਅਰਜ਼ ਕਰਨੀ,
ਏਹੋ ਆਖ ਖਾਮੋਸ਼ ਹੋ ਜਾਂਵਦਾ ਸੀ।
ਜੇਕਰ ਬਾਪ ਪੁੱਛੇ ਦੱਸੇ ਮੂਲ ਨਾਹੀਂ,
ਕਈ ਰੋਜ਼ ਇਸ ਤੌਰ ਲੰਘਾਂਵਦਾ ਸੀ।
ਤਾਹੀਂ ਆਖਸਾਂ ਜਦੋਂ ਕਬੂਲ ਕਰਸੇਂ,
ਏਵੇਂ ਬਾਪ ਨੂੰ ਬਾਤ ਸੁਣਾਂਵਦਾ ਸੀ।
ਫ਼ਜ਼ਲ ਸ਼ਾਹ ਪਰ ਇਸ਼ਕ ਨੇ ਖਿੱਚ ਕੀਤੀ,
ਮਨ ਭਾਂਵਦਾ ਜੀਉ ਮਨਾਂਵਦਾ ਸੀ।
(ਪਾਠ ਭੇਦ=ਏਸ ਬੰਦ ਵਿੱਚ ਇਹ ਤੁਕਾਂ ਵੀ
ਮਿਲਦੀਆਂ ਹਨ:
ਕਦੀ ਚੀਨੇ ਦੇ ਮੁਖ ਲਗਾਮ ਦੇ ਕੇ,
ਕਦੇ ਜੀਨ ਮੁਸ਼ਕੀ ਉਤੇ ਪਾਂਵਦਾ ਸੀ।
ਕਿਸਮਤ ਨਾਲ ਦਾਣੇ ਪਾਣੀ ਖਿੱਚ ਕੀਤੀ,
ਲਿਖੇ ਲੇਖ ਨਾ ਕੋਈ ਮਿਟਾਂਵਦਾ ਸੀ।)
52. ਦਿੱਲੀ ਜਾਣ ਦੀ ਇਜਾਜ਼ਤ ਮਿਲਣੀ

ਕਹਿਆ ਬਾਪ ਸਵਾਲ ਕਬੂਲ ਮੈਨੂੰ,
ਹੋਸੀ ਕੁਲ ਮਕਸੂਦ ਹਸੂਲ ਤੈਨੂੰ।
ਮੂੰਹੋਂ ਮੰਗ ਬੇਟਾ ਜੋ ਕੁਝ ਮੰਗਣਾ ਈ,
ਕੋਈ ਸੰਗ ਨਾਹੀਂ ਮੈਥੋਂ ਮੂਲ ਤੈਨੂੰ।
ਤੇਰਾ ਆਖਿਆ ਮੂਲ ਨਾ ਮੋੜਸਾਂ ਮੈਂ,
ਦਿੱਤਾ ਜ਼ਾਮਨ ਖ਼ਾਸ ਰਸੂਲ ਤੈਨੂੰ।
ਗੱਲ ਦੱਸ ਵੇਦਣ ਦਿਲ ਆਪਣੇ ਦੀ,
ਕੀਤਾ ਕਿਹੜੀ ਗੱਲ ਮਲੂਲ ਤੈਨੂੰ।
53. ਇੱਜ਼ਤ ਬੇਗ ਦੀ ਤਿਆਰੀ ਤੇ ਪਿਓ ਦਾ ਉਦਾਸ ਹੋਣਾ

ਜਦੋਂ ਬਾਪ ਨੇ ਗੱਲ ਮਨਜ਼ੂਰ ਕੀਤੀ,
ਦੱਸੇ ਖੋਲ੍ਹ ਕੇ ਕੁਲ ਬਿਆਨ ਮੀਆਂ।
ਤਸਲੀਮਾਤ ਕਰਕੇ ਹੱਥ ਜੋੜ ਖੜਾ,
ਫੇਰ ਕਰੇ ਦੁਆ ਪਛਾਨ ਮੀਆਂ।
ਤੂਬਾ ਵਾਂਗ ਤੇਰੇ ਸਾਏ ਹੇਠ ਪਾਏ,
ਕੁਲ ਖ਼ਲਕ ਜਹਾਨ ਈਮਾਨ ਮੀਆਂ।
ਦਿਲ ਚਾਹੁੰਦਾ ਏ ਦਿੱਲੀ ਦੇਖਣੇ ਨੂੰ,
ਦੇ ਹੁਕਮ ਬਾਬਾ ਮਿਹਰਬਾਨ ਮੀਆਂ।
ਦੂਜਾ ਜੀਉ ਤੇ ਸ਼ੌਕ ਸੌਦਾਗਰੀ ਦਾ,
ਜਿੱਤ ਕਿੱਤ ਏਹੋ ਨਿੱਤ ਧਿਆਨ ਮੀਆਂ।
ਕਰਾਂ ਜਾ ਖ਼ਰੀਦ ਫ਼ਰੋਖ਼ਤ ਦਿੱਲੀ,
ਨਾਲ ਦੋਸਤਾਂ ਅਕਲ ਦੇ ਤਾਨ ਮੀਆਂ।
ਬਾਪ ਸੁਣਦਿਆਂ ਸਾਰ ਬੇਹੋਸ਼ ਹੋਇਆ,
ਗੋਇਆ ਨਿਕਲ ਗਈ ਉਹਦੀ ਜਾਨ ਮੀਆਂ।
ਜਦੋਂ ਹੋਸ਼ ਆਈ ਜ਼ਾਰੋ ਜ਼ਾਰ ਰੁੰਨਾ,
ਇੱਜ਼ਤ ਬੇਗ ਹੋ ਰਿਹਾ ਹੈਰਾਨ ਮੀਆਂ।
ਓੜਕ ਕੌਲ ਕਰਾਰ ਨਾ ਹਾਰਿਓ ਸੂ,
ਕਰੇ ਟੋਰਨੇ ਦਾ ਸਾਮਾਨ ਮੀਆਂ।
ਤੁਰਤ ਭੇਜ ਗ਼ੁਲਾਮ ਸਦਾਇ ਲਏ,
ਊਠਾਂ ਸਣੇ ਸਾਰੇ ਸਾਰਬਾਨ ਮੀਆਂ।
ਦਿੱਤਾ ਹੁਕਮ ਤਿਆਰ ਸ਼ਤਾਬ ਹੋਵੋ,
ਸਾਰਬਾਨ ਪਲਾਨ ਚਾ ਪਾਨ ਮੀਆਂ।
ਲੌਂਗ ਲਾਚੀਆਂ ਪਿਸਤੇ ਸਾਊਗੀ ਦੇ,
ਭਰੇ ਬੋਰਿਆਂ ਚੁੱਕ ਲਦਾਨ ਮੀਆਂ।
ਅੰਬਰ ਮੁਸ਼ਕ ਕਾਫ਼ੂਰ ਬਾਦਾਮ ਜ਼ਾਫਲ,
ਮੁਸ਼ਕ ਤਿੱਬਤੀ ਊਠ ਉਠਾਨ ਮੀਆਂ।
ਹੋਰ ਸੇਓ ਖਰੋਟ ਖਜੂਰ ਲੱਦੀ,
ਮੇਵੇ ਕਾਬਲੀ ਤੇ ਖੁਰਾਸਾਨ ਮੀਆਂ।
ਕੀਮਖ਼ਾਬ ਸੰਜਾਬ ਸਮੂਰ ਮਖ਼ਮਲ,
ਲੱਠਾ ਕਮਰਖ ਤੇ ਹੋਰ ਕਤਾਨ ਮੀਆਂ।
ਸਬਜ਼ ਸੁਰਖ ਸਿਆਹ ਹਰੀਰ ਲੱਦੀ,
ਜ਼ਰੀ ਬਾਦਲਾ ਟੂਲ ਹਲਵਾਨ ਮੀਆਂ।
ਹੋਰ ਮਾਲ ਨਾ ਕੁਝ ਖ਼ਿਆਲ ਮੇਰੇ,
ਕੀ ਕਰਾਂ ਬਿਆਨ ਅਯਾਨ ਮੀਆਂ।
ਸਾਰਾ ਮਾਲ ਅਸਬਾਬ ਰਵਾਨ ਕਰਕੇ,
ਬੇਟਾ ਬਾਪ ਦੋਵੇਂ ਘਰੀਂ ਜਾਨ ਮੀਆਂ।
ਜੋ ਕੁਝ ਬਾਤ ਆਹੀ ਅਲਫ਼ੋਂ ਯੇ ਤੀਕਰ,
ਉਸ ਦੀ ਮਾਈ ਨੂੰ ਬੈਠ ਸੁਣਾਨ ਮੀਆਂ।
ਖ਼ੁਸ਼ੀ ਐਸ਼ ਇਨਸਾਨ ਦੇ ਬਾਗ਼ ਵਿਚੋਂ,
ਘੁਲੀ ਆਇਕੇ ਬਾਦ ਖਿਜ਼ਾਨ ਮੀਆਂ।
ਮਾਈ ਲਾ ਕਲੇਜੜੇ ਨਾਲ ਰੁੰਨੀ,
ਤੇਰਾ ਰੱਬ ਰਹੀਮ ਰਹਿਮਾਨ ਮੀਆਂ।
ਤੁਧ ਬਾਝ ਕਿਸ ਨੂੰ ਸੁੱਖ ਚੈਨ ਹੋਸੀ,
ਸੁੰਞਾ ਦੇਖਸਾਂ ਕੁੱਲ ਜਹਾਨ ਮੀਆਂ।
ਬੱਚਾ ਕੰਡ ਨਾ ਦੇਇ ਨਿਮਾਣਿਆਂ ਨੂੰ,
ਤੇਰੇ ਬਾਝ ਜਹਾਨ ਵੈਰਾਨ ਮੀਆਂ।
ਕਰਾਂ ਚਾ ਕੁਰਬਾਨ ਪਰਦੇਸ ਤਾਈਂ,
ਮੇਰੀ ਜਾਨ ਤੂੰਹੇਂ ਮਾਨ ਤਾਨ ਮੀਆਂ।
ਬੱਚਾ ਸਫ਼ਰ ਨੂੰ ਸਕਰ ਮਿਸਾਲ ਕਹਿੰਦੇ,
ਦਿੱਲੀ ਜਾਵਣਾ ਨਹੀਂ ਅਸਾਨ ਮੀਆਂ।
ਗੋਇਆ ਖੋਲ੍ਹ ਕਿਤਾਬ ਨਸੀਹਤਾਂ ਦੀ,
ਰਹੀ ਮਾਂ ਉਸ ਨੂੰ ਲੱਖ ਰਾਨ ਮੀਆਂ।
ਆਖਰ ਹੋ ਲਾਚਾਰ ਕਬੂਲ ਕੀਤਾ,
ਜਾਹ ਰੱਬ ਤੇਰਾ ਨਿਗ੍ਹਾਬਾਨ ਮੀਆਂ।
ਰੋ ਰੋ ਬਾਪ ਤੇ ਹੋਰ ਅਮੀਰ ਸਾਰੇ,
ਬਾਹਰ ਜਾ ਕੇ ਵਿਦਾ ਕਰਾਨ ਮੀਆਂ।
ਮਾਂ ਬਾਪ ਨੂੰ ਦਰਦ ਫ਼ਿਰਾਕ ਵਾਲਾ,
ਲੱਗਾ ਵਿਚ ਕਲੇਜੜੇ ਬਾਨ ਮੀਆਂ।
ਕਹਿੰਦਾ ਆਬ ਤੇ ਇਸ਼ਕ ਨੇ ਖਿੱਚ ਕੀਤੀ,
ਲੰਮੇ ਰਾਹ ਹੋ ਟੁਰੇ ਰਵਾਨ ਮੀਆਂ।
ਫ਼ਜ਼ਲ ਆਸ਼ਕਾਂ ਮੁੜਨ ਮੁਹਾਲ ਹੋਇਆ,
ਜਿਨ੍ਹਾਂ ਇਸ਼ਕ ਕੀਤਾ ਪਰੇਸ਼ਾਨ ਮੀਆਂ।
54. ਮਾਂ ਦੀ ਗਿਰੀਆਜ਼ਾਰੀ

ਮਾਈ ਚੜ੍ਹ ਚੁਬਾਰੇ ਤੇ ਕੂਕਦੀ ਸੀ,
ਮੇਰਾ ਵੇਖ ਅੱਖੀਂ ਸੰਦਾ ਨੀਰ ਬੱਚਾ।
ਬੇਤਰਸਿਆ ਤਰਸ ਨਾ ਮੂਲ ਤੈਨੂੰ,
ਮੈਨੂੰ ਗਇਓਂ ਬਣਾਇ ਫ਼ਕੀਰ ਬੱਚਾ।
ਲਾਈ ਸਾਂਗ ਫ਼ਿਰਾਕ ਦੀ ਕਾਰ ਮੈਨੂੰ,
ਗਈ ਹਾਂ ਕਲੇਜੜਾ ਚੀਰ ਬੱਚਾ।
ਏਸ ਦਰਦ ਅੰਦਰ ਮਰ ਜਾਵਸਾਂਗੀ,
ਤੈਨੂੰ ਬਖ਼ਸ਼ਿਆ ਆਪਣਾ ਸ਼ੀਰ ਬੱਚਾ।
ਖਾਣ ਪੀਣ ਅਰਾਮ ਹਰਾਮ ਹੋਇਆ,
ਕਿਹਾ ਲਾ ਗਇਓਂ ਮੈਨੂੰ ਤੀਰ ਬੱਚਾ।
ਜੋ ਕੁਛ ਲੋਹ ਮਹਫ਼ੂਜ਼ ਥੀਂ ਲਿਖਿਆ ਸੀ,
ਸੋਈ ਵਹਿ ਮਿਲੀ ਤਕਦੀਰ ਬੱਚਾ।
ਆਖੇ ਲੱਗ ਲੋਕਾਂ ਹੈਂਸਿਆਰਿਆਂ ਦੇ,
ਤੁਰਿਓਂ ਸ਼ੌਂਕ ਦੀ ਤੋੜ ਜ਼ੰਜੀਰ ਬੱਚਾ।
ਨਬੀ ਪਾਕ ਰਸੂਲ ਦੀ ਰੱਖ ਹੋਵੀ,
ਨਿਗਾਹਬਾਨ ਤੇਰੇ ਪੰਜ ਪੀਰ ਬੱਚਾ।
ਜਿਥੋਂ ਤੀਕ ਨਿਗਾਹ ਦਰਾਜ਼ ਆਹੀ,
ਰਹੀ ਵੇਖਦੀ ਲਾ ਨਜ਼ੀਰ ਬੱਚਾ।
ਵੇ ਮੈਂ ਰੱਬ ਰਹੀਮ ਨੂੰ ਸੌਂਪਿਓਂ ਤੂੰ,
ਜਿਸ ਨੇ ਮਾਰੀ ਆਂ ਬੇ-ਤਕਸੀਰ ਬੱਚਾ।
ਜਦੋਂ ਦਿੱਸਣੋਂ ਰਿਹਾ ਫ਼ਰਜ਼ੰਦ ਉਸ ਨੂੰ,
ਡਿੱਗੀ ਆਖ ਕੇ, "ਮੈਂ ਦਿਲਗੀਰ ਬੱਚਾ"।
ਨਾਲ ਫ਼ਜ਼ਲ ਦੇ ਫੇਰ ਮਿਲਾਪ ਸਾਡਾ,
ਜਦੋਂ ਹੋਵਸੀ ਰੋਜ਼ ਅਖ਼ੀਰ ਬੱਚਾ।
55. ਮਿਰਜ਼ਾ ਇੱਜ਼ਤ ਬੇਗ ਦਾ ਦਿੱਲੀ ਪਹੁੰਚਣਾ

ਛੱਡ ਰੋਂਦਿਆਂ ਤੇ ਕੁਰਲਾਂਦਿਆਂ ਨੂੰ,
ਕੂੰਜ ਵਾਂਗ ਮੁਸਾਫ਼ਰਾਂ ਦੂਰ ਹੋਏ।
ਪਹੁੰਚੇ ਮੰਜ਼ਲੋ ਮੰਜ਼ਲੀ ਜਾਇ ਦਿੱਲੀ,
ਐਪਰ ਪੈਂਡਿਆਂ ਦੇ ਨਾਲ ਚੂਰ ਹੋਏ।
ਆਇਆ ਇਕ ਸੌਦਾਗਰ ਬਲਖ਼ ਵਿਚੋਂ,
ਦਿੱਲੀ ਸ਼ਹਿਰ ਦੇ ਵਿਚ ਮਸ਼ਹੂਰ ਹੋਏ।
ਲਿਆ ਮਾਲ ਚੁਕਾਇ ਸੌਦਾਗਰਾਂ ਨੇ,
ਸੌਦੇ ਹੁਸਨ ਦੇ ਹੋਰ ਜ਼ਰੂਰ ਹੋਏ।
ਗੋਇਆ ਯੂਸਫ਼ ਨਾਲ ਕਰਵਾਨਿਆਂ ਦੇ,
ਜਿਨ੍ਹਾਂ ਦੇਖਿਆ ਸੋ ਨੂਰੋ ਨੂਰ ਹੋਏ।
ਪਾਤਸ਼ਾਹ ਕੀਤੀ ਚਾਹ ਦੇਖਣੇ ਦੀ,
ਗਏ ਤੁਰਤ ਨਾ ਪਲਕ ਸਾਬੂਰ ਹੋਏ।
ਰੰਗਾ ਰੰਗ ਤੋਹਫ਼ੇ ਪਾਤਸ਼ਾਹ ਕਾਰਨ,
ਲਏ ਨਾਲ ਜੋ ਨਜ਼ਰ ਮਨਜ਼ੂਰ ਹੋਏ।
ਫ਼ਜ਼ਲ ਸ਼ਾਹ ਜਹਾਨ ਦੀ ਵਿਚ ਮਜਲਸ,
ਸਣੇ ਤੋਹਫ਼ੇ ਜਾ ਹਜ਼ੂਰ ਹੋਏ।
56. ਪਾਤਸ਼ਾਹ ਦੀ ਖ਼ਿਦਮਤ ਵਿਚ ਤੋਹਫ਼ੇ ਪੇਸ਼ ਕਰਨੇ

ਤਸਲੀਮਾਤ ਕਰਕੇ ਇੱਜ਼ਤ ਬੇਗ ਮਿਰਜ਼ਾ,
ਤੋਹਫ਼ੇ ਨਜ਼ਰ ਗੁਜ਼ਾਰਦਾ ਜਾ ਮੀਆਂ।
ਲੱਖ ਮੋਹਰ ਦਿੱਤੀ ਪਾਤਸ਼ਾਹ ਉਸ ਨੂੰ,
ਭਾਰਾ ਹੋਰ ਦਿੱਤਾ ਸਿਰੋਪਾ ਮੀਆਂ।
ਘੋੜਾ ਸੋਖ ਸਮੁੰਦਰ ਅਤਾ ਕੀਤਾ,
ਸੁੱਕੇ ਸੁੰਮ ਲੰਘੇ ਦਰਿਆ ਮੀਆਂ।
ਕੀਤਾ ਚਾ ਮੁਆਫ਼ ਵਸੂਲ ਉਸਨੂੰ,
ਕੀਤੀ ਹੋਰ ਜਗੀਰ ਅਤਾ ਮੀਆਂ।
ਪਹਿਲੇ ਹਮਦ ਖ਼ੁਦਾਇ ਬਜਾਏ ਲਿਆਵੇ,
ਫੇਰ ਸ਼ਾਹ ਦੀ ਕਰੇ ਸਨਾ ਮੀਆਂ।
ਦੁਨੀਆਂ ਵਿਚ ਰੱਖੇ ਰੱਬ ਸ਼ਾਦ ਤੈਨੂੰ,
ਆਖ਼ਰ ਦੇ ਜਜ਼ਾ ਖ਼ੁਦਾ ਮੀਆਂ।
ਜਮਸ਼ੈਦ ਫ਼ਰੀਦੂੰ ਕਾਊਸ ਖਿਸਰੋ,
ਤੇਰੇ ਮਰਤਬੇ ਦੀ ਖ਼ਾਕ ਪਾ ਮੀਆਂ।
ਨੌਸ਼ੀਰਵਾਂ ਵਾਂਗ ਹੈ ਅਦਲ ਤੇਰਾ,
ਹਾਥੀ ਕੀੜੀਓਂ ਕਰੇ ਹਯਾ ਮੀਆਂ।
ਹਾਤਮ ਕੁਲ ਜਹਾਨ ਤੇ ਬਖ਼ਸ਼ ਕੀਤੀ,
ਐਪਰ ਏਸ ਦਰਬਾਰ ਗਦਾ ਮੀਆਂ।
ਦਿੱਤਾ ਰੱਬ ਸਕੰਦਰੀ ਮੁਲਖ ਤੈਨੂੰ,
ਵਾਲੀ ਵਾਰਸੀ ਖ਼ਲਕ ਬਨਾ ਮੀਆਂ।
ਸ਼ੇਰ ਗੁਰਗ ਰੱਖਣ ਖ਼ੌਫ਼ ਬੱਕਰੀ ਥੀਂ,
ਦਿੱਤੀ ਜ਼ੁਲਮ ਦੀ ਬੇਖ਼ ਉਠਾ ਮੀਆਂ।
ਮਿਰਜ਼ਾ ਪਾਇ ਇਨਾਮ ਸਲਾਮ ਕਰਕੇ,
ਡੇਰੇ ਆ ਵੜਿਆ ਨਾਲ ਚਾ ਮੀਆਂ।
ਨਿੱਤ ਸੈਰ ਕਰਨ ਦਿੱਲੀ ਸ਼ਹਿਰ ਅੰਦਰ,
ਜਾਇ ਜੀਨ ਸਮੁੰਦ ਤੇ ਪਾ ਮੀਆਂ।
ਓੜਕ ਹੋ ਉਦਾਸ ਤਿਆਰ ਹੋ ਕੇ,
ਕੋਈ ਰੋਜ਼ ਇਸ ਤੌਰ ਲੰਘਾ ਮੀਆਂ।
ਕਰੇ ਤਰਫ਼ ਲਾਹੌਰ ਦੀ ਕੂਚ ਮਿਰਜ਼ਾ,
ਸਾਰਾ ਮਾਲ ਮਤਾ ਲਦਾ ਮੀਆਂ।
ਫ਼ਜ਼ਲ ਸ਼ਾਹ ਲਾਹੌਰ ਦੇ ਵਿਚ ਮਿਰਜ਼ਾ,
ਪਹੁੰਚਾ ਮੰਜ਼ਲੋ ਮੰਜ਼ਲੀ ਆ ਮੀਆਂ।
57. ਲਾਹੌਰ ਦੀ ਸੈਰ

ਰਾਤ ਖ਼ੈਰ ਦੇ ਨਾਲ ਗੁਜ਼ਾਰੀਆ ਨੇ,
ਜੀਉ ਵਿਚ ਆਰਾਮ ਕਰਾਰ ਹੋਏ।
ਸੁੰਦਰ ਚਾਲ ਕਮਾਲ ਲਾਹੌਰ ਵਾਲੀ,
ਸਾਰੇ ਦੇਖਣੇ ਤੇ ਤਲਬਗਾਰ ਹੋਏ।
ਦਿਨੇ ਲਾਇ ਪੁਸ਼ਾਕੀਆਂ ਪਹਿਨ ਬਾਣੇ,
ਕਰਨ ਸੈਰ ਬਾਜ਼ਾਰ ਤਿਆਰ ਹੋਏ।
ਜਾ ਕੇ ਵੇਖਿਆ ਸ਼ਹਿਰ ਮਿਸਾਲ ਜੱਨਤ,
ਐਪਰ ਵੇਖਣੇ ਥੀਂ ਗੁਲਜ਼ਾਰ ਹੋਏ।
ਬਾਂਕੇ ਤੌਰ ਲਾਹੌਰ ਦੇ ਲੋਕ ਸਾਰੇ,
ਸ਼ੁਗਲਦਾਰ ਆਪੋ ਆਪਣੇ ਕਾਰ ਹੋਏ।
ਫਿਰਨ ਲਟਕਦੇ ਵਿਚ ਬਾਜ਼ਾਰ ਸੋਹਣੇ,
ਤਿੱਖੇ ਨੈਣ ਮਿਸਾਲ ਕਟਾਰ ਹੋਏ।
ਕੋਈ ਸੁਣੇ ਫ਼ਰਿਆਦ ਨਾ ਆਸ਼ਕਾਂ ਦੀ,
ਕਤਲ ਬਾਝ ਤਲਵਾਰ ਹਜ਼ਾਰ ਹੋਏ।
ਆਖਣ ਹੋਰ ਨਾ ਸ਼ਹਿਰ ਲਾਹੌਰ ਜੇਹਾ,
ਸਭ ਸ਼ਹਿਰ ਲਾਹੌਰ ਤੋਂ ਵਾਰ ਹੋਏ।
ਮਨ ਭਾਂਵਦੇ ਲਏ ਖ਼ਰੀਦ ਤੁਹਫ਼ੇ,
ਸੌਦੇ ਰੋਕ ਨਾ ਮੂਲ ਉਧਾਰ ਹੋਏ।
ਓੜਕ ਵਤਨ ਤੇ ਜੀਉ ਉਦਾਸ ਹੋਇਆ,
ਊਠ ਘੋੜਿਆਂ ਤੇ ਅਸਵਾਰ ਹੋਏ।
ਫ਼ਜ਼ਲ ਸ਼ਹਿਰ ਲਾਹੌਰ ਤੋਂ ਕੂਚ ਕਰਕੇ,
ਵਾਂਗ ਬਾਜ਼ ਦੇ ਤੇਜ਼ ਤਰਾਰ ਹੋਏ।
58. ਇੱਜ਼ਤ ਬੇਗ ਦਾ ਸ਼ਹਿਰ ਲਾਹੌਰ ਥੀਂ ਕੂਚ
ਕਰਨਾ ਅਤੇ ਗੁਜਰਾਤ ਠਹਿਰਨਾ

ਰਾਵੀ ਲੰਘ ਝਨਾਂ ਤੋਂ ਪਾਰ ਹੋਏ,
ਦੂਰੋਂ ਨਜ਼ਰ ਪਈ ਗੁਜਰਾਤ ਮੀਆਂ।
ਸੂਰਜ ਗਿਆ ਗ਼ਰੂਬ ਹੋ ਸ਼ਾਮ ਪਈ,
ਅਗੋਂ ਮੂੰਹ ਆਈ ਕਾਲੀ ਰਾਤ ਮੀਆਂ।
ਡੇਰੇ ਵਿਚ ਸਰਾਂ ਦੇ ਮਾਰ ਲੱਥੇ,
ਲਾਈ ਸੁਰਖ਼ ਸਫ਼ੈਦ ਕਨਾਤ ਮੀਆਂ।
ਦੋ ਤਿੰਨ ਰੋਜ਼ ਰਹੇ ਜਗ੍ਹਾ ਦੇਖ ਚੰਗੀ,
ਕੀਤੀ ਨਾਲ ਲੋਕਾਂ ਮੁਲਾਕਾਤ ਮੀਆਂ।
ਪਾਣੀ ਲਾਲ ਝਨਾਇ ਦੇ ਇਸ਼ਕ ਰੱਤੇ,
ਇੱਜ਼ਤ ਬੇਗ ਤਾਈਂ ਕੀਤਾ ਮਾਤ ਮੀਆਂ।
ਅੱਗੇ ਜਾਵਣਾ ਬਹੁਤ ਮੁਹਾਲ ਹੋਇਆ,
ਯਾਰ ਆਖ ਰਹੇ ਨੇਕ ਜ਼ਾਤ ਮੀਆਂ।
ਜੀਉ ਲੋਚ ਲੈਂਦਾ ਛੈਲ ਸੋਹਣਿਆਂ ਦਾ,
ਇਹ ਇਸ਼ਕ ਸੰਦੀ ਕਰਾਮਾਤ ਮੀਆਂ।
ਏਥੇ ਹੋਰ ਦਾ ਹੋਰ ਫ਼ਤੂਰ ਹੋਸੀ,
ਮਿਰਜ਼ਾ ਖੋਵਸੀ ਜ਼ਾਤ ਸਿਫ਼ਾਤ ਮੀਆਂ।
ਸਾਰਾ ਮਾਲ ਮਤਾਅ ਲੁਟਾ ਦੇਸੀ,
ਪੈਸੀ ਇਸ਼ਕ ਦੀ ਆਣ ਅਫ਼ਾਤ ਮੀਆਂ।
ਫ਼ਜ਼ਲ ਸ਼ਾਹ ਦੇਖੋ ਇੱਜ਼ਤ ਬੇਗ ਮਿਰਜ਼ਾ,
ਹੋਸੀ ਵਿਚ ਗੁਜਰਾਤ ਦੇ ਘਾਤ ਮੀਆਂ।
59. ਇੱਜ਼ਤ ਬੇਗ ਦਾ ਮਹਿਫ਼ਲ ਲਗਾਣਾ

ਇਕ ਰੋਜ਼ ਇੱਜ਼ਤ ਬੇਗ ਖ਼ੁਸ਼ੀ ਸੇਤੀ,
ਮਹਿਫ਼ਲ ਵਿਚ ਬਹਿਸ਼ਤ ਬਣਾਂਵਦਾ ਜੇ।
ਕਈ ਗਾਇਕਾਂ ਹੋਰ ਕਲਾਉਤਾਂ ਨੂੰ,
ਮਿਰਜ਼ਾ ਘੱਲ ਪੈਗ਼ਾਮ ਸਦਾਂਵਦਾ ਜੇ।
ਵਾਰੋ ਵਾਰ ਲੱਗੇ ਰੰਗ ਰਾਗ ਕਰਨੇ,
ਵੇਲੇ ਵਕਤ ਦਾ ਰਾਗ ਸੁਣਾਂਵਦਾ ਜੇ।
ਕੋਈ ਕਹੇ ਬਿਹਾਗ ਤੇ ਹੋਰ ਭੈਰੋ,
ਰਾਮਕਲੀ ਥੀਂ ਜੀਓ ਲਖਾਂਵਦਾ ਜੇ।
ਕੋਈ ਕਹੇ ਬਿਲਾਵਲ ਤੇ ਹੋਰ ਟੋਡੀ,
ਕੋਈ ਸਾਵਰੀ ਤੇ ਜ਼ੋਰ ਪਾਂਵਦਾ ਜੇ।
ਕੋਈ ਭੈਰਵੀ ਗਾਂਵਦਾ ਹੋਰ ਆਸਾ,
ਕੋਈ ਸਿੰਧ ਤਿਲੰਗ ਬਜਾਂਵਦਾ ਜੇ।
ਕੋਈ ਸਾਜ਼ ਆਵਾਜ਼ ਨੂੰ ਇਕ ਕਰਕੇ,
ਮਲ੍ਹਾਰ ਥੀਂ ਮੀਂਹ ਬਰਸਾਂਵਦਾ ਜੇ।
ਕੋਈ ਸਾਰੰਗ ਕੋਈ ਧਨਾਸਰੀ ਨੂੰ,
ਤਾਨਸੈਨ ਦੀ ਹੋਸ਼ ਭੁਲਾਂਵਦਾ ਜੇ।
ਕੋਈ ਜੋਗ ਨਿਮਾਣੀ ਨੂੰ ਮੂੰਹ ਕਰਕੇ,
ਦਿਲੋਂ ਸਬਰ ਕਰਾਰ ਲੈ ਜਾਂਵਦਾ ਜੇ।
ਕੋਈ ਕਹੇ ਬਿਲਾਵਲ ਸ਼ੌਕ ਸੇਤੀ,
ਕੋਈ ਚਿੱਤ ਪਹਾੜੀ ਤੇ ਲਾਂਵਦਾ ਜੇ।
ਕੋਈ ਪੂਰਬਾ ਪੂਰਬੀ ਹੋਰ ਪੀਲੋ,
ਬਰਵਾ ਨਾਲ ਪਿਆਰ ਅਲਾਂਵਦਾ ਜੇ।
ਕੋਈ ਸੋਰਠ ਕਾਨੜਾ ਬੰਗਲਾ ਭੀ,
ਮਾਲਕੌਂਸ ਬਿਭਾਸ ਨੂੰ ਗਾਂਵਦਾ ਜੇ।
ਕੋਈ ਸ਼ਾਮ ਕਲਿਆਨ ਦੀ ਤਾਨ ਮਾਰੇ,
ਕੋਈ ਨਟ ਕਲਿਆਨ ਸੁਣਾਂਵਦਾ ਜੇ।
ਕੋਈ ਭਰੇ ਖਮਾਚ ਬੰਗਾਲੜੀ ਨੂੰ,
ਕੋਈ ਗੌੜੀਓਂ ਤਾਨ ਉਠਾਂਵਦਾ ਜੇ।
ਕੋਈ ਕਹੇ ਘੋੜੀ ਕੋਈ ਲਲਤ ਪੰਚਮ,
ਕੋਈ ਦੀਪਕ ਗੌਂਡ ਅਲਾਂਵਦਾ ਜੇ।
ਫ਼ਜ਼ਲ ਸ਼ਾਹ ਵਡਹੰਸ ਹੰਡੋਲ ਕੋਈ,
ਮੌਲਸਰੀ ਥੀਂ ਜੀਓ ਚਲਾਂਵਦਾ ਜੇ।
60. ਗ਼ੁਲਾਮ ਦਾ ਪਿਆਲੇ ਖ਼ਰੀਦਣ ਜਾਣਾ ਤੇ
ਆ ਕੇ ਸੋਹਣੀ ਦਾ ਹੁਸਨ ਬਿਆਨ ਕਰਨਾ

ਇਕ ਰੋਜ਼ ਮਿਰਜ਼ੇ ਇੱਜ਼ਤ ਬੇਗ ਤਾਈਂ,
ਕੋਈ ਆਣ ਕੇ ਗੱਲ ਸੁਣਾਂਵਦਾ ਜੇ।
ਤੁੱਲਾ ਨਾਮ ਘੁਮਿਆਰ ਹੈ ਜ਼ਾਤ ਉੱਤਮ,
ਕੁੱਜੇ ਬਾਦੀਏ ਖ਼ੂਬ ਬਣਾਂਵਦਾ ਜੇ।
ਇਕ ਬਾਦੀਆ ਮੁੱਲ ਮੰਗਾਇ ਦੇਖੋ,
ਜੇਕਰ ਦੇਖਣੇ ਨੂੰ ਜੀ ਚਾਂਹਵਦਾ ਜੇ।
ਦਿੱਤਾ ਭੇਜ ਗ਼ੁਲਾਮ ਸ਼ਿਤਾਬ ਮਿਰਜ਼ੇ,
ਜਾਇ ਪਹੁੰਚਿਆ ਪੁਛ ਪੁਛਾਂਵਦਾ ਜੇ।
ਅੱਗੇ ਕੱਤਦੀ ਸੀ ਸਈਆਂ ਨਾਲ ਸੋਹਣੀ,
ਜਿਸ ਵਕਤ ਗ਼ੁਲਾਮ ਸਿਧਾਂਵਦਾ ਜੇ।
ਹੁਸਨ ਦੇਖ ਗ਼ੁਲਾਮ ਗ਼ੁਲਾਮ ਹੋਇਆ,
ਬਿਨਾਂ ਮੌਤ ਆਈ ਮਰ ਜਾਂਵਦਾ ਜੇ।
ਸਾਹਿਬ ਭੇਜਿਆ ਵਣਜ ਵਿਹਾਜਣੇ ਨੂੰ,
ਹੱਥੋਂ ਆਪਣਾ ਆਪ ਵਿਕਾਂਵਦਾ ਜੇ।
ਐਪਰ ਡਾਢ ਦੇ ਕੇ ਜੀਓ ਆਪਣੇ ਨੂੰ,
ਤੁੱਲੇ ਵੱਲ ਹੀ ਪੈਰ ਉਠਾਂਵਦਾ ਜੇ।
ਆਖੇ ਬਾਦੀਆ ਇਕ ਖ਼ਰੀਦਣਾ ਹੈ,
ਤੁੱਲਾ ਕੱਢ ਦੋ ਚਾਰ ਫੜਾਂਵਦਾ ਜੇ।
ਸਭ ਇਕ ਤੋਂ ਇਕ ਚੜ੍ਹੰਦੜੇ ਸਨ,
ਇਕ ਪਕੜ ਲਿਆ ਮਨ ਭਾਂਵਦਾ ਜੇ।
ਇਕ ਦਿਰਮ ਥੀਂ ਮੁੱਲ ਖ਼ਰੀਦ ਕਰਕੇ,
ਇੱਜ਼ਤ ਬੇਗ ਦੇ ਪਾਸ ਲੈ ਜਾਂਵਦਾ ਜੇ।
ਮਿਰਜ਼ਾ ਦੇਖ ਕੇ ਬਹੁਤ ਖੁਸ਼ਹਾਲ ਹੋਇਆ,
ਮੁੜ ਮੁੜ ਦੋਸਤਾਂ ਪਿਆ ਦਿਖਾਂਵਦਾ ਜੇ।
ਏਸੇ ਖ਼ੁਸ਼ੀ ਦੇ ਵਿਚ ਗ਼ੁਲਾਮ ਯਾਰੋ,
ਵੇਖੋ ਹੋਰ ਫ਼ਤੂਰ ਕੀ ਪਾਂਵਦਾ ਜੇ।
ਸੋਹਣਾ ਛੈਲ ਸਜ਼ਾਦੜਾ ਮੱਛ ਭਿੰਨਾ,
ਛੁਰੀ ਇਸ਼ਕ ਦੀ ਨਾਲ ਕੁਹਾਂਵਦਾ ਜੇ।
ਐਪਰ ਕੁਝ ਗ਼ੁਲਾਮ ਨੂੰ ਦੋਸ਼ ਨਾਹੀਂ,
ਕਿਹੜਾ ਲਿਖਿਆ ਲੇਖ ਮਿਟਾਂਵਦਾ ਜੇ।
ਜੋ ਕੁਝ ਵੇਖਿਆ ਸੀ ਇੱਜ਼ਤ ਬੇਗ ਤਾਈਂ,
ਹੱਥ ਜੋੜ ਗ਼ੁਲਾਮ ਸੁਣਾਂਵਦਾ ਜੇ।
ਆਖੇ ਇਕ ਮਹਿਬੂਬ ਮੈਂ ਵੇਖ ਆਇਆ,
ਐਸੇ ਵੇਖਣੇ ਵਿਚ ਨਾ ਆਂਵਦਾ ਜੇ।
ਐਪਰ ਧੀ ਤੁੱਲੇ ਘੁਮਿਆਰ ਦੀ ਹੈ,
ਸੂਰਜ ਵੇਖ ਉਸ ਨੂੰ ਸ਼ਰਮਾਂਵਦਾ ਜੇ।
ਚਿਹਰਾ ਚੌਧਵੀਂ ਰਾਤ ਦਾ ਚੰਨ ਆਹਾ,
ਹੱਥੋਂ ਚੰਦ ਦਾ ਚੰਦ ਸਦਾਂਵਦਾ ਜੇ ।
ਪਲਕਾਂ ਤੀਰ ਜ਼ੁਲਫ਼ ਜ਼ੰਜੀਰ ਉਸ ਦੀ,
ਗੋਇਆ ਨਾਗ ਕਾਲਾ ਕੁੰਡਲ ਪਾਂਵਦਾ ਜੇ ।
ਆਦਮ ਕੌਣ ਜੋ ਨਾਂਹ ਬੇਹੋਸ਼ ਹੋਵੇ,
ਨੂਰੀ ਮਲਕ ਭੀ ਹੋਸ਼ ਭੁਲਾਂਵਦਾ ਜੇ ।
ਮਰਦਾਂ ਵਿਚ ਜਿਉਂ ਹੁਸਨ ਕਮਾਲ ਤੇਰਾ,
ਤਿਵੇਂ ਉਸਦਾ ਰੂਪ ਸੁਹਾਂਵਦਾ ਜੇ ।
ਕੁਛ ਪੁੱਛ ਨਾ ਸਾਹਿਬਾ ਮੂਲ ਮੈਥੋਂ,
ਸਾਹਿਬ ਨਾਮ ਗ਼ੁਲਾਮ ਧਰਾਂਵਦਾ ਜੇ ।
ਗੱਲ ਸੁਣਦਿਆਂ ਪਕੜ ਹੋ ਗਈ ਉਸ ਨੂੰ,
ਬਾਝ ਦੇਖਿਆਂ ਹਾਲ ਵਞਾਂਵਦਾ ਜੇ ।
ਵਿਚੋਂ ਸਾਂਗ ਮਹਿਬੂਬ ਦੀ ਭਾਲ ਗਈਆ,
ਪਰ ਜ਼ਾਹਰਾ ਨਾ ਲਖਾਂਵਦਾ ਜੇ ।
ਗੱਲ ਇਸ਼ਕ ਦੀ ਥੀਂ ਗਲ ਇਸ਼ਕ ਪਿਆ,
ਕਲਾ ਸੁਤੜੀ ਪਿਆ ਜਗਾਂਵਦਾ ਜੇ ।
ਆਖੇ ਚਲ ਮਹਿਬੂਬ ਦਿਖਾਲ ਮੈਨੂੰ,
ਜਿਹੜਾ ਜ਼ੁਲਫ਼ ਦੇ ਨਾਗ ਲੜਾਂਵਦਾ ਜੇ ।
ਤੁਰੰਤ ਨਾਲ ਗ਼ੁਲਾਮ ਰਵਾਂ ਹੋਇਆ,
ਉਸੀ ਜਾਇ ਲੈ ਜਾ ਪਹੁੰਚਾਂਵਦਾ ਜੇ ।
ਦੇਖ ਤੁੱਲੇ ਨੂੰ ਅਦਬ ਅਦਾਬ ਸੇਤੀ,
ਮਿਰਜ਼ਾ ਦੁਆ ਸਲਾਮ ਬੁਲਾਂਵਦਾ ਜੇ ।
ਤੁੱਲੇ ਮੰਨ ਸਲਾਮ ਕਬੂਲ ਕੀਤੀ,
ਕਰੋ ਹੁਕਮ ਜੋ ਜੀ ਮਨਾਂਵਦਾ ਜੇ ।
ਉਸ ਦੀ ਬਾਤ ਸੁਣ ਕੇ ਇੱਜ਼ਤ ਬੇਗ ਮਿਰਜ਼ਾ,
ਅਦਬ ਨਾਲ ਇਹ ਅਰਜ਼ ਸੁਣਾਂਵਦਾ ਜੇ ।
ਕੁੱਜੇ ਪਿਆਲੜੇ ਕੁਝ ਖ਼ਰੀਦਣੇ ਮੈਂ,
ਫ਼ਜ਼ਲ ਸ਼ਾਹ ਮਿਰਜ਼ਾ ਫ਼ਰਮਾਂਵਦਾ ਜੇ ।
61. ਮਿਰਜ਼ੇ ਦਾ ਸੋਹਣੀ ਤੇ ਆਸ਼ਕ ਹੋਣਾ ਅਤੇ ਮੁੜ ਮੁੜ
ਦੇਖਣ ਲਈ ਪਿਆਲੇ ਖ਼ਰੀਦਣ ਦਾ ਬਹਾਨਾ ਬਨਾਣਾ

ਤੁੱਲਾ ਕੰਮ ਦੇ ਵਿਚ ਮਸ਼ਗੂਲ ਆਹਾ,
ਐਪਰ ਕੰਮ ਹੈਸੀ ਤਤੇ ਤਾ ਜਾਨੀ ।
ਸੱਦੇ ਨਾਲ ਪਿਆਰ ਦੇ ਸੋਹਣੀ ਨੂੰ,
ਆ ਕੇ ਭਾਂਡੜੇ ਇਨ੍ਹਾਂ ਵਿਖਾ ਜਾਨੀ ।
ਜਿਵੇਂ ਬੱਦਲਾਂ ਥੀਂ ਚੰਦ ਬਾਹਰ ਆਵੇ,
ਸੋਹਣੀ ਨਿਕਲੀ ਨਾਲ ਅਦਾ ਜਾਨੀ ।
ਸੂਰਤ ਸੋਹਣੀ ਦੇਖ ਕੇ ਸੋਹਣੀ ਦੀ,
ਇੱਜ਼ਤ ਬੇਗ ਡਿੱਗਾ ਗਸ਼ ਖਾ ਜਾਨੀ ।
ਮੂੰਹੋਂ ਆਖ ਅੱਲ੍ਹਾ ਬੇਲੀ ਪਕੜ ਬਾਹੋਂ,
ਲਏ ਤੁਰਤ ਗ਼ੁਲਾਮ ਉਠਾ ਜਾਨੀ ।
ਸੋਹਣੀ ਦੇਖ ਕੇ ਹੋ ਹੈਰਾਨ ਖਲੀ,
ਤੁੱਲਾ ਰੰਗ ਨੂੰ ਲਏ ਵਟਾ ਜਾਨੀ ।
ਅੱਖੀਂ ਨਾਲ ਗ਼ੁਲਾਮ ਨੇ ਦੱਸ ਦਿੱਤਾ,
ਏਥੇ ਕੋਈ ਫ਼ਰੇਬ ਬਣਾ ਜਾਨੀ ।
ਆਖੇ ਪੈਰ ਰਜ਼ਾਇ ਥੀਂ ਚਲ ਗਿਆ,
ਐਪਰ ਰੱਖਿਆ ਆਪ ਖ਼ੁਦਾ ਜਾਨੀ ।
ਓੜਕ ਭਾਂਡੜੇ ਦੇ ਦਿਖਾਏ ਸੋਹਣੀ,
ਇੱਜ਼ਤ ਬੇਗ ਨੂੰ ਨਾਲ ਲੈ ਜਾ ਜਾਨੀ ।
ਕੋਈ ਚੀਜ਼ ਪਸੰਦ ਨਾ ਆਂਵਦੀ ਏ,
ਕੀਤਾ ਬਹੁਤ ਵਟਾ ਸਟਾ ਜਾਨੀ ।
ਮੁੱਖ ਦੇਖਣੇ ਦੀ ਅਸਲ ਭੁੱਖ ਉਸ ਨੂੰ,
ਹੋਇਆ ਏਸ ਥੀਂ ਮੋੜ ਮੁੜਾ ਜਾਨੀ ।
ਕਹਿਆ ਹੋਰ ਥੀਂ ਜਾਇ ਖ਼ਰੀਦ ਵੀਰਾ,
ਸੋਹਣੀ ਹੋਇ ਕੇ ਬਹੁਤ ਖ਼ਫ਼ਾ ਜਾਨੀ ।
ਜਦੋਂ ਝਿੜਕ ਮਹਿਬੂਬ ਦੀ ਕਾਰ ਹੋਈ,
ਕਹੇ ਫੇਰ ਨਾ ਕੁਝ ਦੁਰ੍ਹਾ ਜਾਨੀ ।
ਐਪਰ ਝਿੜਕ ਕੇਹੀ ਯਾਰੋ ਸਾਂਗ ਆਹੀ,
ਗਈ ਜੀਉ ਤੇ ਜਾਨ ਜਲਾ ਜਾਨੀ ।
ਮਿਰਜ਼ੇ ਸਮਝਿਆ ਬਹੁਤ ਮਖ਼ੌਲ ਸੰਦਾ,
ਓੜਕ ਲਏ ਦੋ ਚਾਰ ਚੁਕਾ ਜਾਨੀ ।
ਜੋ ਕੁਝ ਮੁੱਖ ਥੀਂ ਮੰਗਿਆ ਸੋਹਣੀ ਨੇ,
ਦਿੱਤਾ ਤੁਰੰਤ ਪੱਲੇ ਵਿਚ ਪਾ ਜਾਨੀ ।
ਝੱਲ ਸਾਂਗ ਪਿਆਰਿਆਂ ਸੱਜਣਾਂ ਦੀ,
ਡੇਰੇ ਆਇਆ ਹਾਲ ਵੰਞਾ ਜਾਨੀ ।
ਲੱਗਾ ਜ਼ਖ਼ਮ ਅਵੱਲੜਾ ਇਸ਼ਕ ਵਾਲਾ,
ਗਈ ਪੀੜ ਕਲੇਜੜੇ ਧਾ ਜਾਨੀ ।
ਯਾਰ ਵੇਖ ਕੇ ਹਾਲ ਬੇਹਾਲ ਉਸ ਦਾ,
ਕੁੱਲ ਗੱਲ ਪੁਛਣ ਪਾਸ ਆ ਜਾਨੀ ।
ਰੰਗ ਜ਼ਰਦ ਤੇ ਹਾਏ ਹਾਏ ਕੂਕੇਂ,
ਇਹ ਕੇਹੀ ਬਣੀ ਤੇਰੇ ਭਾ ਜਾਨੀ ।
ਆਖੇ ਪੀੜ ਕਲੇਜੜੇ ਕਾਰ ਮੈਨੂੰ,
ਕੋਈ ਹਾਜ਼ਮਾ ਨਹੀਂ ਗਜ਼ਾ ਜਾਨੀ ।
ਜੀਵਨ ਆਪਣੇ ਤੋਂ ਹੱਥ ਧੋਇ ਬੈਠਾ,
ਕੋਈ ਵਾਹ ਲਾਵੇ ਮੈਂਥੇ ਆ ਜਾਨੀ ।
ਯਾਰਾਂ ਰੋ ਕਿਹਾ ਜੀਵੇ ਜਾਨ ਤੇਰੀ,
ਹੁਣੇ ਹੋਵਸੀ ਤੁਧ ਸ਼ਿਫ਼ਾ ਜਾਨੀ ।
ਸਿਰਕਾ ਖ਼ਾਸ ਅੰਗੂਰੀ ਤੇ ਅਰਕ ਕਈ,
ਰਹੇ ਸ਼ਰਬਤ ਯਾਰ ਪਿਲਾ ਜਾਨੀ ।
ਕਾਰਣ ਨਬਜ਼ ਦਿਖਾਲਣੇ ਯਾਰ ਸੰਦੀ,
ਲਏ ਹਿਕਮਤੀ ਕੁਲ ਸਦਾ ਜਾਨੀ ।
ਬਲਦੀ ਅੱਗ ਤੇ ਤੇਲ ਪਲੱਟਿਓ ਨੇ,
ਦੇਣ ਕਾਹੜਿਆਂ ਨਾਲ ਜਲਾ ਜਾਨੀ ।
ਕੁਝ ਫ਼ਰਕ ਨਾ ਪੈਂਦੜਾ ਮੂਲ ਯਾਰੋ,
ਰਹੇ ਜ਼ੋਰ ਤਬੀਬ ਲਗਾ ਜਾਨੀ ।
ਅਸਲੀ ਮਰਜ਼ ਨਾ ਕੋਈ ਪਛਾਣ ਸੱਕੇ,
ਆਏ ਨਾਮ ਹਕੀਮ ਰਖਾ ਜਾਨੀ ।
ਦੁੱਖ ਹੋਰ ਤੇ ਹੋਰ ਦਵਾ ਕੀਤੀ,
ਮੁੱਖ ਯਾਰ ਦਾ ਅਸਲ ਦਵਾ ਜਾਨੀ ।
ਇਸ਼ਕ ਮੁਸ਼ਕ ਦੋਵੇਂ ਛਿਪੇ ਰਹਿਣ ਨਾਹੀਂ,
ਓੜਕ ਗੱਲ ਗਏ ਯਾਰ ਪਾ ਜਾਨੀ ।
ਮਿਰਜ਼ਾ ਰੋਇ ਕੇ ਕਹੇ ਗ਼ੁਲਾਮ ਤਾਈਂ,
ਚੱਲ ਫੇਰ ਮਹਿਬੂਬ ਦਿਖਾ ਜਾਨੀ ।
ਆਖੇ ਸਾਹਿਬਾ ਅੱਜ ਮੌਕੂਫ਼ ਰੱਖੋ,
ਦਿਓ ਗੱਲ ਨੂੰ ਦਿਲੋਂ ਭੁਲਾ ਜਾਨੀ ।
ਮਤਾਂ ਸਮਝ ਜਾਵੇ ਬਾਪ ਸੋਹਣੀ ਦਾ,
ਬਹੁਤੇ ਫੇਰਿਆਂ ਵਿਚ ਖਤਾ ਜਾਨੀ ।
ਜੇਕਰ ਸਬਰ ਕਰਸੇਂ ਮਿਲਸੀ ਅਰਜ਼ ਤੈਨੂੰ,
ਨਿਤ ਫ਼ਜ਼ਰ ਨੂੰ ਜਾਣ ਠਰ੍ਹਾ ਜਾਨੀ ।
ਸਾਇਤ ਉਸ ਨੂੰ ਸਾਲ ਮਿਸਾਲ ਆਹੀ,
ਕਿਵੇਂ ਭਲਕ ਤੇ ਕਰੇ ਟਿਕਾ ਜਾਨੀ ।
ਓਸੇ ਹਾਲ ਅੰਦਰ ਇੱਜ਼ਤ ਬੇਗ ਸੰਦੀ,
ਗਈ ਕਹਿਰ ਦੀ ਰਾਤ ਵਿਹਾ ਜਾਨੀ ।
ਹੋਈ ਫ਼ਜ਼ਰ ਗ਼ੁਲਾਮ ਨੂੰ ਨਾਲ ਲਿਆ,
ਗਿਆ ਘਰ ਤੁੱਲੇ ਕਰ ਧਾ ਜਾਨੀ ।
ਤੁੱਲਾ ਵਿਚ ਨਮਾਜ਼ ਗੁਦਾਜ਼ ਆਹਾ,
ਦੋਵੇਂ ਹੋ ਖਲੇ ਇਕ ਦਾ ਜਾਨੀ ।
ਜਦੋਂ ਫੇਰ ਦੁਆ ਸਲਾਮ ਮੰਗੀ,
ਕਰਨ ਫੇਰ ਸਲਾਮ ਦੁਆ ਜਾਨੀ ।
ਸੁਬ੍ਹਾ ਵਕਤ ਸੋਹਣੀ ਬਾਹਰ ਨਿਕਲੀ ਸੀ,
ਆਫ਼ਤਾਬ ਦੀ ਜਾ ਬਜਾ ਜਾਨੀ ।
ਪਾਲਾ ਰਾਤ ਵਾਲਾ ਉਸ ਦਾ ਦੂਰ ਕੀਤਾ,
ਸੂਰਜ ਹੁਸਨ ਦੇ ਜ਼ੋਰ ਸ਼ੁਆ ਜਾਨੀ ।
ਗਿਆ ਫੁੱਲ ਕਲੂਬ ਦਾ ਫੁੱਲ ਓਵੇਂ,
ਦਿੱਤੀ ਆਸ ਖ਼ੁਦਾਇ ਪੁਜਾ ਜਾਨੀ ।
ਮੁੱਖ ਵੇਖਿਆਂ ਦੁੱਖ ਤੇ ਦਰਦ ਸਾਰੇ,
ਯਕ ਬਾਰ ਸਨ ਗਏ ਸਿੱਧਾ ਜਾਨੀ ।
ਖ਼ੁਸ਼ੀ ਨਾਲ ਕਿਹਾ ਭਾਂਡੇ ਹੋਰ ਦੇਵੋ,
ਤੁੱਲਾ ਕਰੇ ਹਵਾਲੜੇ ਚਾ ਜਾਨੀ ।
ਕੁਝ ਪਿਆਲੜੇ ਤੇ ਕੁਝ ਬਾਦੀਏ ਵੀ,
ਲੈਂਦੇ ਵੇਖ ਕੇ ਮੁੱਲ ਕਰਾ ਜਾਨੀ ।
ਫ਼ਜ਼ਲ ਸ਼ਾਹ ਮਹਿਬੂਬ ਦੀ ਚਾਹ ਕਾਰਨ,
ਨਿਤ ਜਾਣ ਦੀ ਫੜੀ ਅਦਾ ਜਾਨੀ ।
62. ਭਾਂਡੇ ਵੇਚਣ ਦੀ ਦੁਕਾਨ ਕਰਨੀ ਤੇ
ਕੰਗਾਲ ਹੋ ਜਾਣਾ ਇੱਜ਼ਤ ਬੇਗ ਦਾ

ਇਕ ਰੋਜ਼ ਗ਼ੁਲਾਮ ਨੂੰ ਸੱਦ ਆਖੇ,
ਮੈਥੋਂ ਭਾਂਡੜੇ ਨਾਂਹ ਸਮਾਨ ਬੇਲੀ ।
ਬਹੁਤ ਨੇਕ ਸਲਾਹ ਗ਼ੁਲਾਮ ਦਿੱਤੀ,
ਕੱਢੀ ਵਿਚ ਗੁਜਰਾਤ ਦੁਕਾਨ ਬੇਲੀ ।
ਭਾਂਡੇ ਜੋੜ ਸਾਰੇ ਪਾਲੋ ਪਾਲ ਰੱਖੇ,
ਕਰਕੇ ਖ਼ੂਬ ਸਫ਼ਾ ਮਕਾਨ ਬੇਲੀ ।
ਖੁੱਲ੍ਹਾ ਦਸਤ ਖ਼ਰੀਦ ਫ਼ਰੋਖ਼ਤ ਅੰਦਰ,
ਲੱਗੇ ਭਾਂਡੜੇ ਕੁਲ ਵਿਕਾਨ ਬੇਲੀ ।
ਭਾਂਡੇ ਵੇਚਣੇ ਕੁਲ ਫ਼ਰੇਬ ਆਹਾ,
ਹੈਸੀ ਯਾਰ ਦੀ ਤਰਫ਼ ਧਿਆਨ ਬੇਲੀ ।
ਨਿਤ ਏਸ ਬਹਾਨੜੇ ਦੇਖਦਾ ਸੀ,
ਜਿਹੜੇ ਯਾਰ ਲਾਇਆ ਸੀਨੇ ਬਾਨ ਬੇਲੀ ।
ਦੇਖੋ ਇਸ਼ਕ ਦਾ ਵਣਜ ਵਪਾਰ ਯਾਰੋ,
ਮਹਿੰਗੇ ਲਏ ਸਸਤੇ ਦਵੇ ਆਨ ਬੇਲੀ ।
ਏਸ ਘਾਟੜੇ ਨੂੰ ਲਾਹਾ ਜਾਣਦਾ ਸੀ,
ਅਕਲ ਇਸ਼ਕ ਦਾ ਵੈਰ ਪਛਾਨ ਬੇਲੀ ।
ਐਸਾ ਘਾਟੜਾ ਜਿਸ ਵਣਜਾਰੜੇ ਨੂੰ,
ਕਿਚਰਕ ਰਹਿਸੀਆ ਵਿਚ ਇਮਾਨ ਬੇਲੀ ।
ਓੜਕ ਦੰਮ ਸਾਰੇ ਕੰਮ ਹੋਇ ਗਏ,
ਕੀਤੇ ਕੰਮ ਕਜ਼ਾ ਖ਼ਿਜ਼ਾਨ ਬੇਲੀ ।
ਪਹਿਰਾ ਜ਼ੁਹਲ ਮੁਰੀਖ਼ ਦਾ ਆਣ ਹੋਇਆ,
ਸੁਟੇ ਮੁਸ਼ਤਰੀ ਤੀਰ ਕਮਾਨ ਬੇਲੀ ।
ਜੋ ਕੁਝ ਭਾਗ ਮੱਥੇ ਉਤੇ ਲਿਖਿਆ ਸੀ,
ਆਏ ਬੁਰੇ ਨਸੀਬ ਨਦਾਨ ਬੇਲੀ ।
ਜਿਥੇ ਕਹਿਰ ਖ਼ੁਦਾਇ ਨਜ਼ੂਲ ਕਰਸੀ,
ਦੱਸ ਕੌਣ ਹੋਵੇ ਮਿਹਰਬਾਨ ਬੇਲੀ ।
ਹੋਏ ਯਾਰ ਤਮਾਮ ਬੇਜ਼ਾਰ ਉਸ ਤੋਂ,
ਚਾਰ ਰੋਜ਼ ਦੇ ਸਨ ਮਹਿਮਾਨ ਬੇਲੀ ।
ਛੱਡ ਗਏ ਪਰਦੇਸ ਇਕੱਲੜੇ ਨੂੰ,
ਆਪੋ ਧਾਪ ਹੋ ਗਏ ਰਵਾਨ ਬੇਲੀ ।
ਨਾ ਉਹ ਊਠ ਨਾ ਮਾਲ ਸੁਦਾਗਰੀ ਦਾ,
ਹੋਈ ਕੁਲ ਮਤਾਅ ਵੈਰਾਨ ਬੇਲੀ ।
ਨਾ ਉਹ ਰਿਹਾ ਗ਼ੁਲਾਮ ਨਾ ਯਾਰ ਜਾਨੀ,
ਹੋਇਆ ਹੋਰ ਦਾ ਹੋਰ ਸਮਾਨ ਬੇਲੀ ।
ਜਿਹੜੇ ਯਾਰ ਅਤੇ ਗ਼ਮਖ਼ਾਰ ਆਹੇ,
ਸੋ ਭੀ ਹੋਇ ਗਏ ਖ਼ਾਨ ਜਾਨ ਬੇਲੀ ।
ਦੁੱਖ ਦਰਦ ਫ਼ਿਰਾਕ ਨਜ਼ੂਲ ਹੋਏ,
ਪਰੇਸ਼ਾਨ ਹੋਇਆ, ਪਰੇਸ਼ਾਨ ਬੇਲੀ ।
ਅਚਨਚੇਤ ਖ਼ਿਜ਼ਾਂ ਨੇ ਕੰਮ ਕੀਤਾ,
ਨਾ ਕੁਝ ਸ਼ਾਨ ਨਾ ਕੁਝ ਗੁਮਾਨ ਬੇਲੀ ।
ਉੱਕਾ ਖਾਣ ਜੋਗਾ ਪੱਲੇ ਨਾ ਰਿਹਾ,
ਸਭ ਟੁੱਟ ਗਏ ਮਾਣ ਤਾਣ ਬੇਲੀ ।
ਦੋ ਤਿੰਨ ਰੋਜ਼ ਉਧਾਰ ਲਿਆ ਵੇਚੇ,
ਐਪਰ ਘਾਟੜੇ ਕੰਮ ਗਵਾਨ ਬੇਲੀ ।
ਲਈ ਮਾਲਕਾਂ ਖੋਹ ਦੁਕਾਨ ਉਸ ਤੋਂ,
ਇੱਜ਼ਤ ਬੇਗ ਹੋ ਖਲਾ ਹੈਰਾਨ ਬੇਲੀ ।
ਜ਼ਰ ਦਾ ਜ਼ੋਰ ਆਹਾ ਸੋਈ ਟੁੱਟ ਗਿਆ,
ਔਖਾ ਆਨ ਹੋਇਆ ਆਨ ਜਾਨ ਬੇਲੀ ।
ਘਰ ਯਾਰ ਦੇ ਕਿਹੜੇ ਤੌਰ ਜਾਵੇ,
ਦੰਮਾਂ ਬਾਝ ਨਾ ਕੰਮ ਅਸਾਨ ਬੇਲੀ ।
ਰੱਬਾ ਬਾਝ ਤੇਰੇ ਕਿਸ ਤੇ ਜਾਇ ਕੂਕਾਂ,
ਤੂਹੇਂ ਆਜਜ਼ਾਂ ਦਾ ਨਿਗਹਬਾਨ ਬੇਲੀ ।
ਮੇਰਾ ਹਾਲ ਅਹਿਵਾਲ ਮਲੂਮ ਤੈਨੂੰ,
ਵੈਰੀ ਜਾਨ ਹੋਇਆ ਅਸਮਾਨ ਬੇਲੀ ।
ਮੈਨੂੰ ਸ਼ਾਹ ਤੋਂ ਚਾਇ ਗਦਾਇ ਕੀਤਾ,
ਤੇਰੀਆਂ ਕੁਦਰਤਾਂ ਤੋਂ ਕੁਰਬਾਨ ਬੇਲੀ ।
ਜਿਸ ਵਾਸਤੇ ਮੈਂ ਇਸ ਹਾਲ ਪਹੁੰਚਾ,
ਸੋ ਭੀ ਜਾਣਦਾ ਨਹੀਂ ਨਦਾਨ ਬੇਲੀ ।
ਵਿਹਲ ਪਾਇ ਜੇ ਕਦੀ ਬੁਲਾਇਆ ਮੈਂ,
ਮਾਰੇ ਸਾਂਗ ਮੈਨੂੰ ਚਾੜ੍ਹ ਸਾਨ ਬੇਲੀ ।
ਐਸਾ ਕੌਣ ਦਰਦੀ ਦੁੱਖ ਦਰਦ ਮੇਰੇ,
ਮਾਈ ਬਾਪ ਨੂੰ ਜਾ ਸੁਣਾਨ ਬੇਲੀ ।
ਆਪ ਜਾਣਦਾ ਏਂ ਮੇਰਾ ਹਾਲ ਸਾਈਆਂ,
ਕਿਸ ਵਾਸਤੇ ਕਰਾਂ ਬਿਆਨ ਬੇਲੀ ।
ਆਈਆਂ ਕੁਲ ਮੁਸੀਬਤਾਂ ਜ਼ੋਰ ਕਰਕੇ,
ਕੀਤਾ ਆਨ ਫ਼ਿਰਾਕ ਤੂਫ਼ਾਨ ਬੇਲੀ ।
ਮੇਰੇ ਜੇਡ ਨਾ ਹੋਰ ਦੁਖਿਆਰ ਕੋਈ,
ਅੱਲਾਹ ਆਪ ਹੋਇਆ ਕਹਿਰਵਾਨ ਬੇਲੀ ।
ਜੇਕਰ ਵਖ਼ਤ ਪਾਵੇ ਸ਼ਾਹਜ਼ਾਦਿਆਂ ਨੂੰ,
ਦਰ ਦਰ ਉਤੇ ਧੱਕੇ ਖਾਨ ਬੇਲੀ ।
ਫ਼ਜ਼ਲ ਸ਼ਾਹ ਮੁਸੀਬਤਾਂ ਪੇਸ਼ ਆਈਆਂ,
ਕੀ ਕਰਾਂ ਬਿਆਨ ਅਯਾਨ ਬੇਲੀ ।
63. ਤੁੱਲੇ ਦੇ ਘਰ ਮਿਰਜ਼ੇ ਦਾ ਨੌਕਰ ਰਹਿਣਾ
ਅਤੇ ਮਹੀਂਵਾਲ ਸਦਵਾਣਾ

ਇੱਜ਼ਤ ਬੇਗ ਕਮਾਲ ਦਲੀਲ ਸੇਤੀ,
ਗਇਆ ਘਰ ਤੁੱਲੇ ਘੁਮਿਆਰ ਸਾਈਂ ।
ਰੋ ਰੋ ਕੁਲ ਮੁਸੀਬਤਾਂ ਜ਼ਾਹਰ ਕਰਦਾ,
ਆਹੀਂ ਮਾਰ ਕੀਤਾ ਇਜ਼ਹਾਰ ਸਾਈਂ ।
ਜੋ ਕੁਝ ਮਾਲ ਆਹਾ ਚੋਰ ਘਿੰਨ ਗਏ,
ਹੋਇਆ ਆਇਕੇ ਬਹੁਤ ਲਾਚਾਰ ਸਾਈਂ ।
ਪੱਲੇ ਦਿਰਮ ਦੀਨਾਰ ਦਾ ਨਾਮ ਨਾਹੀਂ,
ਦੰਮਾਂ ਆਣ ਦਿੱਤੀ ਐਸੀ ਹਾਰ ਸਾਈਂ ।
ਐਪਰ ਦਿੱਤਿਆਂ ਬਾਝ ਪ੍ਰਤੀਤ ਨਾਹੀਂ,
ਜੋ ਕੁਝ ਤੁਧ ਤੋਂ ਲਿਆ ਉਧਾਰ ਸਾਈਂ ।
ਏਸ ਵਾਸਤੇ ਮੈਂ ਦਰਬਾਰ ਆਇਆ,
ਕੋਈ ਦੱਸ ਦਿਓ ਮੈਨੂੰ ਕਾਰ ਸਾਈਂ ।
ਵਾਂਗ ਗੋਲਿਆਂ ਹੁਕਮ ਕਬੂਲ ਤੇਰਾ,
ਕਰਸਾਂ ਕਾਰ ਤਮਾਮ ਸਵਾਰ ਸਾਈਂ ।
ਇੱਜ਼ਤ ਬੇਗ ਤਾਈਂ ਕਾਮਾ ਰੱਖਣੇ ਦੀ,
ਕਰੇ ਜੀਉ ਦੇ ਵਿਚ ਵਿਚਾਰ ਸਾਈਂ ।
ਕੂੜਾ ਢੋਣ ਸੰਦੀ ਦੱਸੀ ਕਾਰ ਤੁੱਲੇ,
ਮਿਰਜ਼ਾ ਮੰਨਿਆਂ ਨਾਲ ਪਿਆਰ ਸਾਈਂ ।
ਏਸ ਬਾਤ ਨੂੰ ਲੱਖ ਅਹਿਸਾਨ ਜਾਤਾ,
ਇੱਜ਼ਤ ਬੇਗ ਨੇ ਵਾਸਤੇ ਯਾਰ ਸਾਈਂ ।
ਸਿਰ ਤੇ ਚਾਇ ਕੂੜਾ ਨਿਤ ਢੋਂਵਦਾ ਸੀ,
ਹੋਰ ਖ਼ਿਦਮਤਾਂ ਕਰੇ ਹਜ਼ਾਰ ਸਾਈਂ ।
ਵਾਲੀ ਬਲਖ਼ ਬੁਖ਼ਾਰੇ ਦਾ ਇਸ਼ਕ ਕਾਰਨ,
ਕੂੜਾ ਹੂੰਝਦਾ ਵਿਚ ਬਾਜ਼ਾਰ ਸਾਈਂ ।
ਹੁਣ ਕਾਮਿਆਂ ਦਾ ਹੋਇਆ ਆਣ ਕਾਮਾ,
ਦੇਖੋ ਇਸ਼ਕ ਦਾ ਵਣਜ ਵਪਾਰ ਸਾਈਂ ।
ਗੱਲ ਦੱਸਣੇ ਦੀ ਕੋਈ ਜਾ ਨਾਹੀਂ,
ਮਤਾਂ ਜਾਏ ਹੰਕਾਰ ਕਹਾਰ ਸਾਈਂ ।
ਇੱਜ਼ਤ ਬੇਗ ਨੇ ਪਾਸ ਦੁਕਾਨ ਤੁੱਲੇ,
ਲਾਇ ਦਿੱਤੇ ਨੇ ਕਈ ਅੰਬਾਰ ਸਾਈਂ ।
ਤੁੱਲੇ ਸਮਝਿਆ ਹੋਰ ਨਾ ਲੋੜ ਮੈਨੂੰ,
ਐਪਰ ਇਹ ਕਾਮਾ ਖ਼ਬਰਦਾਰ ਸਾਈਂ ।
ਐਸਾ ਹੋਰ ਕਾਮਾ ਕਿਤੇ ਹੋਗ ਵਿਰਲਾ,
ਹਰ ਕੰਮ ਦੇ ਵਿਚ ਹੁਸ਼ਿਆਰ ਸਾਈਂ ।
ਤੁੱਲੇ ਸੱਦ ਕਿਹਾ ਇਕ ਰੋਜ਼ ਉਸ ਨੂੰ,
ਮੀਆਂ ਚਾਇ ਨਾਹੀਂ ਹੁਣ ਭਾਰ ਸਾਈਂ ।
ਇਹ ਲੈ ਨਿੱਤ ਚਰਾ ਲਿਆ ਮੱਝੀਂ,
ਜਿਵੇਂ ਹੋਰ ਲਿਆਂਵਦੇ ਚਾਰ ਸਾਈਂ ।
ਨਿੱਤ ਸਾਂਭ ਕੇ ਮਹੀਂ ਚਾਰ ਲਿਆਵੇ,
ਕਦੇ ਪਾਰ ਜਾਵੇ ਕਦੇ ਆਰ ਸਾਈਂ ।
ਇੱਜ਼ਤ ਬੇਗ ਕੋਲੋਂ ਮਹੀਂਵਾਲ ਬਣਿਆਂ,
ਉਸ ਰੋਜ਼ ਥੀਂ ਵਿਚ ਸੰਸਾਰ ਸਾਈਂ ।
ਮਹੀਂਵਾਲ ਸਦਾਇਆ ਖ਼ਲਕ ਅੰਦਰ,
ਕਾਰਨ ਯਾਰ ਦੇ ਇਕ ਦੀਦਾਰ ਸਾਈਂ ।
ਜਿਹੜੇ ਯਾਰ ਦੇ ਪਿਆਰ ਲਾਚਾਰ ਕੀਤਾ,
ਕਦੀ ਭੁੱਲ ਨਾ ਕੀਤੀ ਗੁਫ਼ਤਾਰ ਸਾਈਂ ।
ਐਪਰ ਵੇਖਦਾ ਸੀ ਨਿੱਤ ਯਾਰ ਤਾਈਂ,
ਏਸ ਵਾਸਤੇ ਰਿਹਾ ਕਰਾਰ ਸਾਈਂ ।
ਇਕ ਰੋਜ਼ ਇਕੱਲੜੀ ਵੇਖ ਸੋਹਣੀ,
ਮਹੀਂਵਾਲ ਰੁੰਨਾ ਯਾਰੋ ਯਾਰ ਸਾਈਂ ।
ਜੋ ਕੁਝ ਵਰਤਿਆ ਸੀ ਅਲਫ਼ੋਂ ਯੇ ਤੀਕਰ,
ਕੀਤਾ ਯਾਰ ਦੇ ਗੋਸ਼ ਗੁਜ਼ਾਰ ਸਾਈਂ ।
ਤੇਰਾ ਨੌਕਰਾਂ ਵੱਲ ਧਿਆਨ ਨਾਹੀਂ,
ਮੇਰੇ ਸੋਹਣਿਆਂ ਦੇ ਸਰਦਾਰ ਸਾਈਂ ।
ਤੁਧ ਕਾਰਨੇ ਮੈਂ ਮਹੀਂਵਾਲ ਬਣਿਆ,
ਵਾਲੀ ਹੋ ਕੇ ਬਲਖ਼ ਬੁਖ਼ਾਰ ਸਾਈਂ ।
ਕਈ ਸਾਲ ਹੋਏ ਇਸੇ ਹਾਲ ਅੰਦਰ,
ਤੈਨੂੰ ਅਜੇ ਨਾ ਖ਼ਿਆਲ ਵਿਚਾਰ ਸਾਈਂ ।
ਵਾਹ ਬੇਪਰਵਾਹੀਆਂ ਤੇਰੀਆਂ ਓ,
ਕਦੇ ਨਾਂਹ ਹੋਇਓਂ ਗ਼ਮਖ਼ਾਰ ਸਾਈਂ ।
ਦੇਈਂ ਨਾਮ ਖ਼ੁਦਾ ਦਵਾ ਮੈਨੂੰ,
ਡਿੱਗਾ ਆਣ ਤੇਰੇ ਦਰਬਾਰ ਸਾਈਂ ।
ਇਕੇ ਪਿਆਰਿਆ ਦੇਹ ਮੁਰਾਦ ਮੇਰੀ,
ਇਕੇ ਮਾਰ ਮੈਨੂੰ ਤਲਵਾਰ ਸਾਈਂ ।
ਸੋਹਣੀ ਕੋਲ ਖਲੋਇ ਕੇ ਸੁਣੀ ਸਾਰੀ,
ਮਹੀਂਵਾਲ ਦੀ ਜ਼ਾਰ ਪੁਕਾਰ ਸਾਈਂ ।
ਅੱਖੀਂ ਪਰਤ ਨਾ ਵੇਖਿਆ ਮੂਲ ਸੋਹਣੀ,
ਸ਼ਾਰਮਸਾਰ ਰਹੀ, ਸ਼ਰਮਸਾਰ ਸਾਈਂ ।
ਨਾ ਕੁਝ ਗੱਲ ਕੀਤੀ ਮੂੰਹੋਂ ਸੋਹਣੀ ਨੇ,
ਐਪਰ ਇਸ਼ਕ ਲਈ ਵਿਚੋਂ ਮਾਰ ਸਾਈਂ ।
ਯਾਰੋ ਗੱਲ ਕਹੀ ਇਕ ਸਾਂਗ ਆਹੀ,
ਗਈ ਭਾਲ ਕਲੇਜਿਓਂ ਪਾਰ ਸਾਈਂ ।
ਹੋਈ ਪਕੜ ਕਲੇਜੜੇ ਤੁਰੰਤ ਉਸ ਨੂੰ,
ਆਹੀਂ ਆਣ ਕੀਤਾ ਧੁੰਧੂਕਾਰ ਸਾਈਂ ।
ਓਸ ਆਹ ਵਾਲੀ ਧੁੰਧੂਕਾਰ ਵਿਚੋਂ,
ਪਿਆ ਇਸ਼ਕ ਦਾ ਨਜ਼ਰ ਬਜ਼ਾਰ ਸਾਈਂ ।
ਮਹੀਂਵਾਲ ਸੰਦੇ ਕੁਛ ਦੁੱਖ ਵੰਡੇ,
ਆਹੇ ਦੁੱਖ ਜੋ ਬਾਝ ਸ਼ੁਮਾਰ ਸਾਈਂ ।
ਨਿੱਤ ਨਾਲ ਮਹੀਂਵਾਲ ਦੇ ਕਰੇ ਗੱਲਾਂ,
ਸੋਹਣੀ ਸ਼ਰਮ ਹਯਾ ਉਤਾਰ ਸਾਈਂ ।
ਉਥੇ ਸ਼ਰਮ ਹਯਾ ਦੀ ਜਾ ਨਾਹੀਂ,
ਜਿਥੇ ਅੱਖੀਆਂ ਹੋ ਗਈਆਂ ਚਾਰ ਸਾਈਂ ।
ਫ਼ਜ਼ਲ ਸ਼ਾਹ ਕਿੰਨੇ ਗਾਟੇ ਭੰਨ ਬੈਠੇ,
ਜਿਨ੍ਹਾਂ ਚੁੱਕਿਆ ਇਸ਼ਕ ਦਾ ਭਾਰ ਸਾਈਂ ।
64. ਸੋਹਣੀ ਤੇ ਮਹੀਂਵਾਲ ਦੇ ਇਸ਼ਕ ਦੀ ਆਮ ਚਰਚਾ

ਥੋੜ੍ਹੇ ਦਿਨ ਅੰਦਰ ਇਤਨਾ ਇਸ਼ਕ ਵਧਿਆ,
ਰਹੀ ਹੱਦ ਹਦੂਦ ਨਾ ਕਾ ਮੀਆਂ ।
ਮਾਈ ਬਾਪ ਸੰਦੀ ਲੱਜ ਲਾਹ ਸੁੱਟੀ,
ਸੋਹਣੀ ਸ਼ਰਮ ਹਯਾ ਵੰਜਾ ਮੀਆਂ ।
ਜਿਥੇ ਇਸ਼ਕ ਆਇਆ ਉਥੇ ਸ਼ਰਮ ਕੇਹੀ,
ਇਸ਼ਕ ਛੱਡਦਾ ਨਹੀਂ ਹਯਾ ਮੀਆਂ ।
ਮਹੀਂਵਾਲ ਦੇ ਨਾਲ ਖ਼ਿਆਲ ਪਾਇਆ,
ਦਿੱਤਾ ਦਿਲ ਤੋਂ ਖ਼ੌਫ਼ ਉਠਾ ਮੀਆਂ ।
ਸੋਹਣੀ ਯਾਰ ਪਿਛੇ ਕਮਲੀ ਹੋਇ ਰਹੀ,
ਵਾਂਗ ਵਹਿਸ਼ੀਆਂ ਹੋਸ਼ ਭੁਲਾ ਮੀਆਂ ।
ਦੋਵੇਂ ਇਸ਼ਕ ਦੇ ਵਿਚ ਗੁਦਾਜ਼ ਹੋਏ,
ਸੱਚਾ ਇਸ਼ਕ ਜੇ ਨੂਰ ਖ਼ੁਦਾ ਮੀਆਂ ।
ਬਾਝ ਡਿੱਠਿਆਂ ਨਾ ਆਰਾਮ ਆਵੇ,
ਦੋਹਾਂ ਬੇਲੀਆਂ ਨੂੰ ਚੈਨ ਚਾ ਮੀਆਂ ।
ਜ਼ਾਹਰ ਦੋ ਦਿੱਸਣ ਬਾਤਨ ਜਾਨ ਇਕੋ,
ਐਸਾ ਪਿਆਰ ਪਾਇਆ ਨਿਹੁੰ ਲਾ ਮੀਆਂ ।
ਇਕ ਜਾਨ ਦੇ ਦੁਖ ਹਜ਼ਾਰ ਯਾਰੋ,
ਜਿਵੇਂ ਰੱਬ ਦੀ ਖ਼ਾਸ ਰਜ਼ਾ ਮੀਆਂ ।
ਕੁਝ ਵੱਸ ਨਾ ਚਲਦਾ ਸੋਹਣੀ ਦਾ,
ਮਹੀਂ ਚਾਰਨੋਂ ਦੇ ਹਟਾ ਮੀਆਂ ।
ਜਦੋਂ ਬਾਹਰ ਜਾਵੇ ਸੋਹਣੀ ਦੇਖਦੀ ਸੀ,
ਮਹੀਂ ਚਾਰਨੇ ਨੂੰ ਜਿਹੜੇ ਦਾ ਮੀਆਂ ।
ਨਾਲ ਖ਼ੈਰ ਆਵੇ, ਮਹੀਂਵਾਲ ਮੇਰਾ,
ਮੂੰਹੋਂ ਮੰਗਦੀ ਰਹੇ ਦੁਆ ਮੀਆਂ ।
ਮਹੀਂਵਾਲ ਦੇ ਨਾਮ ਦਾ ਵਿਰਦ ਰੱਖੇ,
ਦਿਨ ਰਾਤ ਨਾ ਕਰੇ ਖ਼ਤਾ ਮੀਆਂ ।
ਸੁੰਞੇ ਲੋਕ ਜੋ ਸ਼ਹਿਰ ਗੁਜਰਾਤ ਵਾਲੇ,
ਸੁੱਤੀ ਕਲਾ ਨੂੰ ਦੇਣ ਜਗਾ ਮੀਆਂ ।
ਚੁਗਲ ਖ਼ੋਰ ਗ਼ੱਮਾਜ਼ ਜੋ ਆਸ਼ਕਾਂ ਦੇ,
ਨਜ਼ਰਬਾਜ਼ ਆਏ ਕਰ ਧਾ ਮੀਆਂ ।
ਬੇਲੀ ਚਾਇ ਵਿਛੋੜਦੇ ਬੇਲੀਆਂ ਤੋਂ,
ਮਿਲੇ ਦਿਲਾਂ ਨੂੰ ਕਰਨ ਜੁਦਾ ਮੀਆਂ ।
ਟੁਰੀ ਵਿਚ ਗੁਜਰਾਤ ਵਿਚਾਰ ਯਾਰੋ,
ਦਿੱਤੀ ਦੂਤੀਆਂ ਗੱਲ ਹਿਲਾ ਮੀਆਂ ।
ਇਹ ਤਾਂ ਸੱਚ ਆਹਾ ਕੁਝ ਝੂਠ ਨਾਹੀਂ,
ਸੱਚ ਝੂਠ ਥੀਂ ਦੇਣ ਬਣਾ ਮੀਆਂ ।
ਖ਼ੁਆਰੀ ਸ਼ੁਹਰਤ ਜੱਗ ਜਹਾਨ ਵਾਲੀ,
ਲਿਖੀ ਆਸ਼ਕਾਂ ਦੇ ਧੁਰੋਂ ਭਾ ਮੀਆਂ ।
ਗਲੀਆਂ ਵਿਚ ਬਜ਼ਾਰ ਤੇ ਹੋਰ ਸਾਰੇ,
ਦਿੱਤੀ ਦੂਤੀਆਂ ਗੱਲ ਪੁਚਾ ਮੀਆਂ ।
ਓਥੇ ਜਾਹ ਨਾ ਰਹੀ ਸਮੇਟਣੇ ਦੀ,
ਕੀਤਾ ਗੱਲ ਨੇ ਬਹੁਤ ਖਿੰਡਾ ਮੀਆਂ ।
ਫ਼ਜ਼ਲ ਸ਼ਾਹ ਇਹ ਚੰਨ ਤੇ ਇਸ਼ਕ ਅੰਬਰ,
ਕਿਹੜਾ ਕੱਜ ਕੇ ਦੇ ਛੁਪਾ ਮੀਆਂ ।
65. ਸੋਹਣੀ ਦਾ ਸਹੇਲੀ ਨਾਲ ਸਲਾਹ ਮਸ਼ਵਰਾ ਕਰਨਾ

ਇਕ ਖਾਸ ਸਹੇਲੜੀ ਸੋਹਣੀ ਦੀ,
ਮਹਿਰਮ ਰਾਜ਼ ਸੀ ਨਾਲ ਵਫ਼ਾ ਵਾਰੀ ।
ਸੁਣ ਕੇ ਗੱਲ ਕਿਤੋਂ ਆਈ ਦੌੜ ਓਵੇਂ,
ਲਈ ਸੋਹਣੀ ਪਾਸ ਬੁਲਾ ਵਾਰੀ ।
ਆਖੇ ਗੱਲ ਤੇਰੀ ਜ਼ਾਹਰ ਹੋ ਗਈ,
ਕਿਹੜੀ ਗੱਲ ਦਾ ਕਰੇਂ ਲੁਕਾ ਵਾਰੀ ।
ਸੋਹਣੀ ਆਖਿਆ ਦੱਸ ਇਲਾਜ ਕੋਈ,
ਤੂੰ ਹੈਂ ਅਕਲ ਦੇ ਵਿਚ ਦਾਨਾ ਵਾਰੀ ।
ਜੇਕਰ ਮਾਂ ਤੇ ਬਾਪ ਨੂੰ ਖ਼ਬਰ ਹੋਸੀ,
ਦੇਸਣ ਮੁੱਝ ਨੂੰ ਮਾਰ ਮੁਕਾ ਵਾਰੀ ।
ਮਹੀਂਵਾਲ ਨੂੰ ਚਾ ਜਵਾਬ ਦੇਸਣ,
ਤਾਂ ਭੀ ਮਰ ਵੈਸਾਂ ਜ਼ਹਿਰ ਖਾ ਵਾਰੀ ।
ਆਖ ਸੋਹਣੀਏਂ ! ਇਸ਼ਕ ਮਿਸਾਲ ਆਤਸ਼,
ਕੱਖੀਂ ਭਾਹ ਨਾ ਕਰੇ ਛੁਪਾ ਵਾਰੀ ।
ਦੂਜੀ ਗੱਲ ਮਸ਼ਹੂਰ ਹੋ ਗਈ ਤੇਰੀ,
ਏਥੇ ਅਕਲ ਸੰਦੀ ਨਹੀਂ ਜਾ ਵਾਰੀ ।
ਜੇਕਰ ਰੱਬ ਸੱਜਣ ਦੂਤੀ ਜੱਗ ਸਾਰਾ,
ਕੁਝ ਖ਼ੌਫ਼ ਨਾ ਜੀਉ ਤੇ ਲਿਆ ਵਾਰੀ ।
ਜਿਨ੍ਹਾਂ ਦੁਖ ਡਿੱਠੇ ਤਿਨ੍ਹਾਂ ਸੁੱਖ ਪਾਏ,
ਦੁੱਖੋਂ ਸੁੱਖ ਦਿੰਦਾ ਰੱਬ ਚਾ ਵਾਰੀ ।
ਤੰਗੀ ਬਾਦ ਫ਼ਰਹਤ, ਫ਼ਰਹਤ ਬਾਦ ਤੰਗੀ,
ਦਿੱਤਾ ਆਪ ਖ਼ੁਦਾਇ ਫ਼ਰਮਾ ਵਾਰੀ ।
ਸਾਬਤ ਰੱਖ ਯਕੀਨ ਮੁਤੀਨ ਕਰਕੇ,
ਮੁੱਖ ਯਾਰ ਤੋਂ ਨਾ ਭਵਾ ਵਾਰੀ ।
ਦਿਲੋਂ ਡੋਲ ਨਾ ਮੂਲ ਮੈਂ ਘੋਲ ਘੱਤੀ,
ਨਾਲ ਸਬਰ ਦੇ ਕੰਮ ਰਵਾ ਵਾਰੀ ।
ਜਿਸ ਦਾ ਨਾਮ ਗਫ਼ੂਰ ਰਹੀਮ ਸਾਈਂ,
ਲੈਸੀ ਫ਼ਜ਼ਲ ਤੋਂ ਆਸ ਪੁਗਾ ਵਾਰੀ ।
66. ਸੋਹਣੀ ਦੀ ਮਾਂ ਨੇ ਬੁਲਾ ਕੇ ਗੱਲ ਪੁੱਛਣੀ

ਓੜਕ ਘਰੀਂ ਗਈ ਪਿਆਰੀ ਸੋਹਣੀ ਦੇ,
ਓਸੇ ਤੌਰ ਤੇ ਸੁਖ਼ਨ ਅਲਾ ਮੀਆਂ ।
ਗੱਲ ਸੋਹਣੀ ਦੀ ਉਸ ਦੀ ਮਾਂ ਤਾਈਂ,
ਦਿੱਤੀ ਕਿਸੇ ਹਸੂਦ ਸੁਣਾ ਮੀਆਂ ।
ਕੋਈ ਘੱਲ ਸ਼ਿਤਾਬ ਭੰਡਾਰ ਵਿਚੋਂ,
ਲਈ ਮਾਂ ਨੇ ਧੀ ਸਦਾ ਮੀਆਂ ।
ਲੱਗੀ ਕਰਨ ਨਸੀਹਤਾਂ ਹੋ ਗੁੱਸੇ,
ਫ਼ਜ਼ਲ ਸੋਹਣੀ ਪਾਸ ਬਹਾ ਮੀਆਂ ।
67. ਮਾਂ ਨੇ ਸੋਹਣੀ ਨੂੰ ਨਸੀਹਤ ਕਰਨੀ

ਮੂੰਹੋਂ ਆਖਦੀ ਤੱਤੀਏ ਸੋਹਣੀਏ ਨੀ,
ਅਸੀਂ ਤੱਤੀਆਂ ਨੂੰ ਦਿਤੋ ਤਾ ਧੀਆ ।
ਏਸੇ ਵਾਸਤੇ ਪਾਲੀਓਂ ਪੋਸੀਓਂ ਤੂੰ,
ਇੱਜ਼ਤ ਬਾਪ ਦੀ ਦਏਂ ਗਵਾ ਧੀਆ ।
ਨੀ ਤੂੰ ਲੱਜ ਅਸਾਡੜੀ ਲਾਹ ਸੁੱਟੀ,
ਚੰਗਾ ਕੀਤੋ ਈ ਹੱਕ ਅਦਾ ਧੀਆ ।
ਹੁਣ ਵਕਤ ਨਾ ਆਂਵਦਾ ਹੱਥ ਮੇਰੇ,
ਦੇਂਦੀ ਜੰਮਦਿਆਂ ਜ਼ਹਿਰ ਪਿਲਾ ਧੀਆ ।
ਕਿਧਰ ਸੋਹਣੀਏ ! ਗਿਆ ਹਯਾਉ ਤੇਰਾ,
ਵਾਰੀ ਅੱਖੀਆਂ ਨੂੰ ਸਮਝਾ ਧੀਆ ।
ਫਿਰੇਂ ਵੱਤਦੀ ਕੱਤਦੀ ਮੂਲ ਨਾਹੀਂ,
ਖੜੀ ਰਹੇਂ ਮਹੱਲ ਤੇ ਜਾ ਧੀਆ ।
ਸਮਝ ਜਾਹ ਜੇ ਜ਼ਿੰਦਗੀ ਲੋੜਨੀ ਏਂ,
ਜਲੇ ਦਿਲਾਂ ਨੂੰ ਨਾ ਜਲਾ ਧੀਆ ।
ਸ਼ਾਲਾ ਮੌਤ ਆਵੀ, ਕੀ ਕੁਝ ਸਮਝ ਕੀਤੋ,
ਇਸ਼ਕ ਕਾਮਿਆਂ ਨਾਲ ਰਵਾ ਧੀਆ ।
ਸ਼ਾਲਾ ਮਰੇਂ ਤੂੰ ਡਾਰੀਏ ਕਵਾਰੀਏ ਨੀ,
ਹੋ ਜਾਹ ਦੂਰ, ਨਾ ਪਈ ਖਪਾ ਧੀਆ ।
ਫ਼ਜ਼ਲ ਮਾਂ ਆਖੇ ਤੈਥੋਂ ਬਹੁਤ ਹੋਈ,
ਅਸੀ ਰੱਜ ਰਹੇ ਜਾਣ ਜਾ ਧੀਆ ।
68. ਵਾਕ ਕਵੀ

ਮੰਤਰ ਲੱਖ ਕਰੋੜ ਨਸੀਹਤਾਂ ਦੇ,
ਰਹੀ ਮਾਂ ਗ਼ਰੀਬ ਚਲਾ ਮੀਆਂ ।
ਕੋਲ ਬੈਠ ਸੁਣੀਆਂ ਸੋਹਣੀ ਸਭ ਗੱਲਾਂ,
ਕੀਤੀ ਮੂਲ ਨਾ ਚੂੰ ਚਰਾਂ ਮੀਆਂ ।
ਐਪਰ ਇਸ਼ਕ ਰਚਿਆ ਲੂੰ ਲੂੰ ਸੋਹਣੀ ਦੇ,
ਜਾਤਾ ਯਾਰ ਨੂੰ ਇਕ ਖ਼ੁਦਾ ਮੀਆਂ ।
ਜਿਸ ਤੋਂ ਜਾਨ ਈਮਾਨ ਕੁਰਬਾਨ ਕੀਤਾ,
ਕਿਹਾ ਉਸ ਥੀਂ ਫੇਰ ਫਿਰਾ ਮੀਆਂ ।
ਇਸ਼ਕ ਨੰਗ ਨਮੂਸ ਨੂੰ ਜਾਣਦਾ ਕੀ,
ਇਸ਼ਕ ਤੋੜਦਾ ਸ਼ਰਮ ਹਯਾ ਮੀਆਂ ।
ਫ਼ਜ਼ਲ ਸ਼ਾਹ ਜੋ ਇਸ਼ਕ ਖ਼ੁਆਰ ਹੋਏ,
ਹੱਥੋਂ ਹੋਂਵਦਾ ਦੂਣ ਸਵਾ ਮੀਆਂ ।
69. ਸੋਹਣੀ ਦਾ ਆਪਣੀ ਮਾਂ ਨੂੰ ਜੁਆਬ ਦੇਣਾ

ਓੜਕ ਮਾਂ ਨੂੰ ਆਖਿਆ ਸੋਹਣੀ ਨੇ,
ਜੁੰਮੇ ਮੁਝ ਨਾ ਕੁਝ ਖ਼ਤਾ ਮਾਏ ।
ਇਸ਼ਕ ਇਸ਼ਕ ਦੱਸੇਂ ਵਾਰ ਵਾਰ ਮੈਨੂੰ,
ਤੇਰੇ ਇਸ਼ਕ ਦੀ ਖ਼ਬਰ ਨਾ ਕਾ ਮਾਏ ।
ਬੇਤਕਸੀਰ ਤਾਈਂ ਬੁਰਾ ਬੋਲਨੀ ਏਂ,
ਨਾਲੇ ਦੇਨੀ ਹੈਂ ਬੁਰੀ ਦੁਆ ਮਾਏ ।
ਪਿਆਰੀ ਧੀ ਨੂੰ ਚੋਰੀਆਂ ਲਾਵਨੀ ਏਂ,
ਭਾਵੇਂ ਹੋਰ ਨੇ ਲਿਆ ਚੁਰਾ ਮਾਏ ।
ਕੀ ਕੁਛ ਰੰਗ ਆਹਾ ? ਕਿਤਨੇ ਕੱਦ ਹੈਸੀ ?
ਕਿਸ ਦੇ ਵਿਚ ਤੂੰ ਰੱਖਿਆ ਪਾ ਮਾਏ ।
ਸ਼ਾਲਾ ਹੱਥ ਸੜੇ ਉਹ ਜੋ ਇਸ਼ਕ ਤੇਰਾ,
ਜੇ ਮੈਂ ਖੋਲ੍ਹ ਡਿੱਠਾ, ਹੱਥ ਲਾ ਮਾਏ ।
ਯਾ ਉਹ ਖਾਣ ਵਾਲੀ ਤੇਰੀ ਚੀਜ਼ ਆਹੀ,
ਯਾ ਉਹ ਵਰਤਣੇ ਦੇ ਵਿਚ ਆ ਮਾਏ ।
ਨਾਲ ਕਾਮਿਆਂ ਦੇ ਕੀਕਰ ਲਾਇਆ ਮੈਂ,
ਇਹ ਵੀ ਖੋਲ੍ਹ ਕੇ ਹਾਲ ਸੁਣਾ ਮਾਏ ।
ਮੈਨੂੰ ਅੰਬੜੀਏ ਕੀ ਪਰਵਾਹ ਹੈਸੀ,
ਕਰਦੀ ਐਡ ਲੁਕਾ ਛਿਪਾ ਮਾਏ ।
ਲੈਂਦੀ ਰੂਬਰੂ ਜੇ ਮੈਨੂੰ ਲੋੜ ਹੁੰਦੀ,
ਨਾ ਸੀ ਤੁਧ ਥੀਂ ਕੁਝ ਲੁਕਾ ਮਾਏ ।
ਤੂੰ ਬੇਉਜਰਿਆਂ ਨੂੰ ਝੂਠੇ ਉਜਰ ਦੇਵੇਂ,
ਉੱਚੀ ਬੋਲੀਓਂ ਧੁੰਮ ਤੂੰ ਪਾ ਮਾਏ ।
ਵੇਦਨ ਆਪਣੇ ਜੀਉ ਦੀ ਦੱਸ ਮੈਨੂੰ,
ਭਾਵੇਂ ਬੈਠੀ ਹੈਂ ਕੁਝ ਤੂੰ ਖਾ ਮਾਏ ।
ਅੱਗੇ ਇੰਝ ਤੂੰ ਕਦੇ ਨਾ ਮੂਲ ਕੀਤਾ,
ਜਿਵੇਂ ਅੱਜ ਕੀਤੀ ਮੇਰੇ ਭਾ ਮਾਏ ।
ਜੇਕਰ ਮਰਜ਼ ਸ਼ੁਦਾ ਦਾ ਅਸਰ ਹੋਇਆ,
ਫ਼ਜ਼ਲ ਸ਼ਾਹ ਨੂੰ ਨਬਜ਼ ਦਿਖਾ ਮਾਏ ।
70. ਮਾਂ ਦਾ ਸੋਹਣੀ ਨੂੰ ਗੁੱਸੇ ਹੋਣਾ

ਮਰੇਂ ਸੋਹਣੀਏ ਨੀ ! ਛਲੇਂ ਮਾਉਂ ਤਾਈਂ,
ਐਡੇ ਮਕਰ ਫ਼ਰੇਬ ਬਣਾ ਧੀਆ ।
ਕਿਹੜੀ ਗੱਲ ਉੱਤੋਂ ਮੈਨੂੰ ਮੱਤ ਦਿੱਤੀ,
ਕਿਹੜੀ ਗੱਲ ਨੂੰ ਪਕੜਿਓ ਜਾ ਧੀਆ ।
ਆਲੀ ਭੋਲੜੀ ਕੁਝ ਨਾ ਜਾਣਦੀ ਹੈ,
ਤੈਥੀਂ ਗੱਲ ਦਾ ਵੱਲ ਨਾ ਆ ਧੀਆ ।
ਯਾਰੀ ਲਾਈਓ ਈ ਨਾਲ ਕਾਮਿਆਂ ਦੇ,
ਵੇਖਾਂ ਕੀ ਹੋਸੀ ਤੇਰੇ ਭਾ ਧੀਆ ।
ਚਾਦਰ ਸਤਰ ਹਯਾ ਦੀ ਚਾਕ ਕਰਕੇ,
ਪਿਛੇ ਚਾਕ ਫਿਰੇਂ ਮੁਬਤਲਾ ਧੀਆ ।
ਜਾਗ, ਫ਼ਜ਼ਲ ਥੀਂ ਕਹਿਰ ਨਜ਼ੂਲ ਹੋਸੀ,
ਸੁਣ ਕੇ ਦੇਸੀਆ ਬਾਪ ਮੁਕਾ ਧੀਆ ।
71. ਜੁਆਬ ਸੋਹਣੀ

ਤੋਬਾ ਆਖ ਅੰਮਾਂ ਝੂਠ ਬੋਲ ਨਾਹੀਂ,
ਏਸ ਗੱਲ ਨੂੰ ਖ਼ਾਸ ਨਿਤਾਰ ਮਾਏ ।
ਜੇਕਰ ਕੁਝ ਮੇਰੇ ਵਿਚ ਐਬ ਦੇਖੇਂ,
ਖਿੱਚ ਮਾਰ ਮੈਨੂੰ ਤਲਵਾਰ ਮਾਏ ।
ਕੁਝ ਖ਼ੌਫ਼ ਖ਼ੁਦਾਇ ਨਾ ਮੂਲ ਤੈਨੂੰ,
ਧੀਆਂ ਕਵਾਰੀਆਂ ਨੂੰ ਦੱਸੇ ਯਾਰ ਮਾਏ ।
ਕਿਤੇ ਅੱਖੀਆਂ ਪਰਤ ਨਾ ਵੇਖਿਆ ਮੈਂ,
ਸ਼ਰਮਸਾਰ ਰਹੀ, ਸ਼ਰਮਸਾਰ ਮਾਏ ।
ਦੇਵੇਂ ਦੋਸ਼ ਪਈ ਬੇਦੋਸ਼ ਤਾਈਂ,
ਭਲਾ ਗ਼ੈਬ ਦੇ ਬਾਜ ਨਾ ਮਾਰ ਮਾਏ ।
ਫ਼ਜ਼ਲ ਸ਼ਾਹ ਤੋਂ ਪੁੱਛ ਅਹਿਵਾਲ ਮੇਰਾ,
ਜੇਕਰ ਨਹੀਂ ਤੈਨੂੰ ਇਤਬਾਰ ਮਾਏ ।
72. ਜੁਆਬ ਮਾਂ

ਤੇਰੀ ਗੱਲ ਤਮਾਮ ਮੈਂ ਜਾਣਨੀ ਹਾਂ,
ਗੱਲਾਂ ਨਾਲ ਨਾ ਪਈ ਵਸਾਹ ਧੀਆ ।
ਹੈਂਸਿਆਰੀਏ, ਕੁਆਰੀਏ, ਡਾਰੀਏ ਨੀ !
ਧੀਆਂ ਬੇਟੀਆਂ ਦੇ ਕਰੀਂ ਰਾਹ ਧੀਆ ।
ਪਈ ਮੁੱਖ ਸਵਾਰ ਕੇ ਕਰੇਂ ਗੱਲਾਂ,
ਮੈਥੋਂ ਐਸੀਆਂ ਸਿੱਖ ਕੇ ਜਾਹ ਧੀਆ ।
ਭੱਠ ਪਿਆ ਤੇਰਾ ਨਿਜ ਜੰਮਣਾ ਨੀ,
ਪੱਤ ਸਟੀਓ ਈ ਸਾਡੀ ਲਾਹ ਧੀਆ ।
ਨੀ ਤੂੰ ਖ਼ਾਵੰਦ ਚਾਹਿਆ ਲੋੜਨੀ ਹੈਂ,
ਅੱਜ ਕੱਲ੍ਹ ਕਰਸਾਂ ਤੇਰਾ ਵਿਆਹ ਧੀਆ ।
ਫ਼ਜ਼ਲ ਸ਼ਾਹ ਦੀ ਕਸਮ ਨਾ ਝੂਠ ਮੂਲੋਂ,
ਮੈਨੂੰ ਸੋਹਣੀਏ ਲਾਇਆ ਈ ਦਾਹ ਧੀਆ ।
73. ਜੁਆਬ ਸੋਹਣੀ

ਸੋਹਣੀ ਰੋ ਕਿਹਾ ਹੇ ਜ਼ਾਲਮੇ ਨੀ !
ਮੈਨੂੰ ਸਾੜ ਨਾਹੀਂ ਮੰਦੇ ਹਾਲ ਮਾਏ ।
ਐਸੀ ਗੱਲ ਨਾ ਆਖਣੋਂ ਸੰਗਨੀ ਹੈਂ,
ਬੋਲ ਬੋਲ ਮੁੱਖ ਸੰਭਾਲ ਮਾਏ ।
ਜੋ ਕੁਛ ਨਹੀਂ ਕਰਨੀ, ਕਿਸੇ ਨਾ ਕੀਤੀ,
ਅੱਜ ਕਰ ਲੈ ਤੂੰ ਮੇਰੇ ਨਾਲ ਮਾਏ ।
ਕੁਝ ਖਾ ਮਰਸਾਂ ਤੇਰੀਆਂ ਬੋਲੀਆਂ ਤੋਂ,
ਹੋਰ ਜਾਲ ਮਾਏ, ਹੋਰ ਜਾਲ ਮਾਏ ।
ਹੁਣ ਦੇਹ ਨਖਸਮੜੀ ਖਸਮ ਮੈਨੂੰ,
ਪਹਿਲੇ ਦੱਸਿਓ ਈ ਮਹੀਂਵਾਲ ਮਾਏ ।
ਕਿਵੇਂ ਨਿਘਰ ਜ਼ਮੀਨ ਨਾ ਮੂਲ ਗਈ ਏ,
ਨਾ ਇਹ ਝੂਠ ਸੰਦੀ ਅੱਗ ਬਾਲ ਮਾਏ ।
ਇਹਨਾਂ ਬੋਲੀਆਂ ਤੋਂ ਮਰ ਜਾਣ ਲੱਗਾ,
ਮੇਰਾ ਆਣ ਪੁੱਜਾ ਹੁਣ ਕਾਲ ਮਾਏ ।
ਫ਼ਜ਼ਲ ਸ਼ਾਹ ਸੋਹਣੀ ਯਾਰ ਨਾਲ ਮੱਤੀ,
ਮਹੀਂਵਾਲ ਕੂਕੇ ਵਾਲ ਵਾਲ ਮਾਏ ।
74. ਕਲਾਮ ਮਾਂ

ਤੇਰਾ ਹਾਲ ਅਹਿਵਾਲ ਮਲੂਮ ਮੈਨੂੰ,
ਬੱਸ ਰੋਹ ਦੇ ਵਿਚ ਨਾ ਆ ਧੀਆ ।
ਜੇਕਰ ਮੌਤ ਆਵੇ ਤੇਰੇ ਜੇਹੀਆਂ ਨੂੰ,
ਮਾਪੇ ਲਿਆਉਂਦੇ ਸ਼ੁਕਰ ਬਜਾ ਧੀਆ ।
ਇਹ ਭੀ ਮਕਰ ਫ਼ਰੇਬ ਕਮਾਲ ਤੇਰਾ,
ਜਿਹੜਾ ਰੋਣ ਉਤੇ ਪਾਇਓ ਤਾ ਧੀਆ ।
ਤੁਧ ਜੇਹੀਆਂ ਨਾ ਡਰਨ ਬਲਾਈਆਂ ਤੋਂ,
ਰਾਤੀਂ ਚੀਰ ਵੰਞਨ ਦਰਿਆ ਧੀਆ ।
ਐਵੇਂ ਜਾਣਨੀ ਹੈਂ ਮੈਂ ਭੀ ਮਾਂ ਤੇਰੀ,
ਮੈਨੂੰ ਨੈਣ ਨਾ ਪਈ ਦਿਖਾ ਧੀਆ ।
ਰਾਤੀਂ ਬਾਪ ਤੇਰੇ ਤਾਈਂ ਖ਼ਬਰ ਕਰਸਾਂ,
ਜਿੰਦੋਂ ਦੇਸੀਆ ਤੁਧ ਵੰਜਾ ਧੀਆ ।
ਤੈਨੂੰ ਜਾਣਦੀ ਹਾਂ ਕਾਰੇ ਹੱਥੀਏ ਨੀ !
ਗੱਲਾਂ ਨਾਲ ਨਾ ਪਈ ਠਗਾ ਧੀਆ ।
ਮਹੀਂਵਾਲ ਨੂੰ ਚਾ ਜਵਾਬ ਦੇਸਾਂ,
ਜਦੋਂ ਲਿਆਵਸੀ ਮਹੀਂ ਚਰਾ ਧੀਆ ।
ਅੰਗ ਸਾਕ ਕਬੀਲੜਾ ਕੀ ਸਾਡਾ,
ਕਿਹੜੇ ਦੇਸ਼ ਦੀ ਉਹ ਬਲਾ ਧੀਆ ।
ਫ਼ਜ਼ਲ ਰੱਬ ਦੇ ਥੀਂ ਕੱਲ੍ਹ ਲਹਿ ਵੈਸੀ,
ਮਹੀਂਵਾਲ ਵਾਲਾ ਤੇਰਾ ਚਾ ਧੀਆ ।
(ਇਸ ਬੰਦ ਵਿਚ ਇਹ ਤੁਕ ਵੀ ਲਿਖੀ ਮਿਲਦੀ ਹੈ:
ਚੋਰ ਚਤਰ ਵਾਂਗੂੰ ਲੁਤਰ ਲੁਤਰ ਕਰੇਂ,
ਸਾਰੇ ਸਤਰ ਹਯਾ ਗਵਾ ਧੀਆ)
75. ਜੁਆਬ ਸੋਹਣੀ

ਅੱਗੇ ਨਹੀਂ ਤਾਂ ਹਾਲ ਤਹਿਕੀਕ ਹੋਇਆ,
ਹੁਰਮਤ ਨਾਲ ਰਸੂਲ ਖ਼ੁਦਾ ਮਾਏ ।
ਰੱਖ ਸਿਦਕ ਯਕੀਨ ਨਾ ਹਾਰਸਾਂਗੀ,
ਮਹੀਂਵਾਲ ਤੋਂ ਜਾਨ ਫ਼ਿਦਾ ਮਾਏ ।
ਧੁਰੋਂ ਲੇਖ ਜੋ ਉਸ ਦਾ ਨਾਲ ਮੇਰੇ,
ਦੱਸਾਂ ਕੌਣ ਤੂੰ ਦਏਂ ਹਟਾ ਮਾਏ ।
ਤੇਰੇ ਬੋਲ ਮੈਂ ਪਾਲ ਵਿਖਾਲਸਾਂਗੀ,
ਬੱਸ ਹੋਰ ਨਾ ਪਈ ਸਤਾ ਮਾਏ ।
ਮੇਰਾ ਜੀਵਨ ਉਸ ਦੇ ਨਾਲ ਹੋਸੀ,
ਜੀਹਦਾ ਦੱਸਨੀ ਹੈਂ ਮੈਨੂੰ ਚਾ ਮਾਏ ।
ਫ਼ਜ਼ਲ ਯਾਰ ਪਿਛੇ ਮਰ ਜਾਵਸਾਂਗੀ,
ਸਾਡੇ ਜੀਵਣੇ ਥੀਂ ਚਿਤ ਚਾ ਮਾਏ ।
76. ਮਾਂ ਦਾ ਉਸ ਨੂੰ ਝਿੜਕਣਾ

ਐਵੇਂ ਪਾੜ ਨਾ ਪਈ ਅਸਮਾਨ ਤਾਈਂ,
ਅਜੇ ਸਿੱਖਣੀ ਹੈਂ ਵੱਲ ਯਾਰੀਆਂ ਨੀ ।
ਪਿਛੇ ਚਾਕ ਦੇ ਮਰਨ ਕਬੂਲਨੀ ਹੈਂ,
ਸ਼ਰਮਾਂ ਸੋਹਣੀਏਂ ਕੁਲ ਉਤਾਰੀਆਂ ਨੀ ।
ਤੂੰ ਤਾਂ ਲੱਜ ਅਸਾਡੜੀ ਲਾਹ ਸੁੱਟੀ,
ਮੰਗਣ ਖਸਮ ਨਾ ਧੀਆਂ ਕੁਆਰੀਆਂ ਨੀ ।
ਆਪ ਜਾਣਸੇਂਗੀ ਜਦੋਂ ਤੁਧ ਤਾਈਂ,
ਪੈਣ ਆਣ ਖ਼ੁਆਰੀਆਂ ਭਾਰੀਆਂ ਨੀ ।
ਮੈਨੂੰ ਸੋਹਣੀਏਂ ਨਾ ਪਰਵਾਹ ਆਹੀ,
ਐਪਰ ਵਾਹ ਪਿਆ ਨਾਲ ਡਾਰੀਆਂ ਨੀ ।
ਫ਼ਜ਼ਲ ਸ਼ਾਹ ਦੇ ਨਾਲ ਪਿਆਰ ਪਾਇਓ,
ਡੋਬ ਸੱਟੀਓ ਨੀ ਵਾਹੀਆਂ ਸਾਰੀਆਂ ਨੀ ।
77. ਜੁਆਬ ਸੋਹਣੀ

ਯਾਰ ਯਾਰ ਕੀ ਪਈ ਸੁਣਾਉਣੀ ਹੈਂ,
ਜੇਕਰ ਜਾਨ ਕਹੇਂ ਮਹੀਂਵਾਲ ਮਾਏ ।
ਮੇਰਾ ਰੱਬ ਰਹੀਮ ਤੇ ਖ਼ਾਸ ਕਾਬਾ,
ਜੇ ਈਮਾਨ ਕਹੇਂ ਮਹੀਂਵਾਲ ਮਾਏ ।
ਵਾਲੀ ਵਾਰਸੀ ਦੋ ਜਹਾਨ ਅੰਦਰ,
ਮੇਰਾ ਖ਼ਾਨ ਕਹੇਂ ਮਹੀਂਵਾਲ ਮਾਏ ।
ਰੋਜ਼ ਅਜ਼ਲ ਦੀ ਹੋ ਗ਼ੁਲਾਮ ਰਹੀਆਂ,
ਮੇਰਾ ਹਾਨ ਕਹੇਂ ਮਹੀਂਵਾਲ ਮਾਏ ।
ਮੇਰਾ ਰੋਜ਼ ਮਿਸਾਕ ਦਾ ਯਾਰ ਪਿਆਰਾ,
ਜੇਕਰ ਮਾਨ ਕਹੇਂ ਮਹੀਂਵਾਲ ਮਾਏ ।
ਫ਼ਜ਼ਲ ਯਾਰ ਤੋਂ ਜਾਨ ਕੁਰਬਾਨ ਮੇਰੀ,
ਮੇਰਾ ਤਾਨ ਕਹੇਂ ਮਹੀਂਵਾਲ ਮਾਏ ।
78. ਮਾਂ ਦਾ ਜੁਆਬ ਦੇਣਾ

ਤੋਬਾ ਆਖ ਇਸ ਕੁਫ਼ਰ ਦੀ ਗੱਲ ਕੋਲੋਂ,
ਮਤਾਂ ਕਹਿਰ ਤੇ ਪਵੇ ਬਲਾ ਧੀਆ ।
ਤੈਨੂੰ ਕੁਝ ਈਮਾਨ ਦੀ ਖ਼ਬਰ ਨਾਹੀਂ,
ਪੜ੍ਹਿਆ ਦਿਤੋ ਈ ਸਭ ਰੁੜ੍ਹਾ ਧੀਆ ।
ਜੋਇ ਲਿਖਿਆ ਲੇਖ ਨਸੀਬ ਮੇਰੇ,
ਅੱਜ ਲਿਆ ਤੈਥੀਂ ਝੋਲੀ ਪਾ ਧੀਆ ।
ਫ਼ਜ਼ਲ ਯਾਦ ਕਰਸੇਂ ਉਸ ਵੇਲੜੇ ਨੂੰ,
ਜਦੋਂ ਜਾਸੀਆ ਵਕਤ ਵਿਹਾ ਧੀਆ ।
79. ਜੁਆਬ ਸੋਹਣੀ

ਸੋਹਣੀ ਰੋਹ ਥੀਂ ਨੀਰ ਪਲਟ ਆਖੇ,
ਬੱਸ ਬੱਸ ਮਾਏ ਮੱਤੀਂ ਦੱਸ ਨਾਹੀਂ ।
ਕਾਹਨੂੰ ਸ਼ਰਬਤ ਕਰੇਂ ਨਸੀਹਤਾਂ ਦੇ,
ਕੁਝ ਮੁਝ ਤਾਈਂ ਮਾਏ ਦੱਸ ਨਾਹੀਂ ।
ਕਾਉਂ ਵਾਂਗ ਮਾਈ ਖਾਧੋ ਮਗਜ਼ ਮੇਰਾ,
ਤੇਰੇ ਮੁੱਖ ਤਾਈਂ ਕਦੇ ਬੱਸ ਨਾਹੀਂ ।
ਐਵੇਂ ਬੋਲੀਆਂ ਮਾਰ ਜਲਾਵਨੀ ਹੈਂ,
ਭਾਵੇਂ ਮੈਂ ਸੋਹਣੀ ਤੇਰੇ ਬੱਸ ਨਾਹੀਂ ।
ਜਿੱਚਰ ਤੀਕ ਮਹੀਂਵਾਲ ਨੂੰ ਨਾ ਦੇਖਾਂ,
ਮੇਰੀ ਰੋਂਦਿਆਂ ਸੁੱਕਦੀ ਅੱਸ ਨਾਹੀਂ ।
ਮਹੀਂਵਾਲ ਤੋਂ ਮੁੜਨ ਮੁਹਾਲ ਹੋਇਆ,
ਗੱਲਾਂ ਦੱਸ ਮੇਰਾ ਜੀਉ ਖੱਸ ਨਾਹੀਂ ।
ਉਸ ਯਾਰ ਦੀ ਕਸਮ ਨਾ ਝੂਠ ਮੂਲੇ,
ਸੁੰਞਾ ਜੀਓ ਮੇਰਾ ਮੇਰੇ ਵੱਸ ਨਾਹੀਂ ।
ਤੇਰੇ ਜ਼ੇਵਰ ਜ਼ਹਿਰ ਮਿਸਾਲ ਮੈਨੂੰ,
ਲਾਲ ਸੱਪ ਦਿਸੇ ਗਲ ਹੱਸ ਨਾਹੀਂ ।
ਜਿਧਰ ਦੇਖਣੀ ਆਂ ਮਹੀਂਵਾਲ ਦਿਸੇ,
ਅਸਾਂ ਕਮਲਿਆਂ ਨੂੰ ਮਾਏ ਹੱਸ ਨਾਹੀਂ ।
ਤੀਰ ਗਜ਼ਬ ਤੇ ਕਹਿਰ ਕਲੂਰ ਵਾਲੇ,
ਸਾਡੇ ਮਾਰਨੇ ਨੂੰ ਲੱਕ ਕੱਸ ਨਾਹੀਂ ।
ਜਾਣ ਬੁੱਝ ਜੇ ਕਰੇਂ ਖ਼ੁਆਰ ਮੈਨੂੰ,
ਹਾਸਲ ਕੁਝ ਤੈਨੂੰ ਬਾਝ ਭੱਸ ਨਾਹੀਂ ।
ਧੀਆਂ ਬੇਟੀਆਂ ਦੇ ਪੜਦੇ ਫ਼ਾਸ਼ ਕਰਨੇ,
ਪੱਤਾਂ ਵਾਲਿਆਂ ਦੇ ਐਸੇ ਜੱਸ ਨਾਹੀਂ ।
ਜੇਕਰ ਫ਼ਜ਼ਲ ਨੂੰ ਚਾਇ ਗਵਾਇਓ ਈ,
ਬੱਦਲ ਕਹਿਰ ਦੇ ਵਾਂਗ ਹੁਣ ਵੱਸ ਨਾਹੀਂ ।
80. ਸੋਹਣੀ ਦੇ ਬਾਪ ਨੂੰ ਪਤਾ ਲੱਗਣਾ

ਫੇਰ ਕੁਝ ਜਵਾਬ ਨਾ ਮਾਉਂ ਕੀਤਾ,
ਕੋਲੋਂ ਉੱਠ ਗਈ ਗ਼ੁੱਸੇ ਨਾਲ ਮੀਆਂ ।
ਆਖੇ ਖਾਵਣਾ ਅੰਨ ਹਰਾਮ ਹੋਇਆ,
ਜਿੱਚਰ ਨਾਂਹ ਕੱਢਾਂ ਮਹੀਂਵਾਲ ਮੀਆਂ ।
ਕਿਤੋਂ ਗੱਲ ਸੁਣ ਕੇ ਤੁੱਲਾ ਘਰੀਂ ਆਇਆ,
ਕਹਿਰ ਗਜ਼ਬ ਦੇ ਨਾਲ ਮਲਾਲ ਮੀਆਂ ।
ਘਰ ਆਂਵਦੇ ਨੂੰ ਮਾਂ ਸੋਹਣੀ ਦੀ,
ਦਿੱਤੀ ਅੱਗ ਉੱਤੇ ਅੱਗ ਬਾਲ ਮੀਆਂ ।
ਚਾਕ ਮਹੀਂ ਚਰਾਵਣੇ ਰੱਖਿਓ ਈ,
ਇਕੇ ਬੇਟੀਆਂ ਦਾ ਚਰਵਾਲ ਮੀਆਂ ।
ਕਾਮੇ ਚਾਕ ਗ਼ੁਲਾਮ ਤੇ ਹੋਰ ਨੌਕਰ,
ਵਿਰਲੇ ਹੋਣ ਇਹ ਨਿਮਕ ਹਲਾਲ ਮੀਆਂ ।
ਦੇਹ ਸਾਫ਼ ਜਵਾਬ ਜਾਂ ਘਰੀਂ ਆਵੇ,
ਮਹੀਂ ਚਾਰ ਜਦੋਂ ਮਹੀਂਵਾਲ ਮੀਆਂ ।
ਅੱਜ ਸੋਹਣੀ ਨੂੰ ਮੈਂ ਵੀ ਮੱਤ ਦਿੱਤੀ,
ਸਗੋਂ ਬੋਲਿਆ ਸੂ ਮੰਦੇ ਹਾਲ ਮੀਆਂ ।
ਕਰ ਵਿਆਹ ਕਿਤੇ ਮਤਾਂ ਸੋਹਣੀ ਭੀ,
ਸੁੱਟੇ ਕੋੜਮੇ ਦਾ ਨਾਮ ਗਾਲ ਮੀਆਂ ।
ਇਤਨੇ ਵਿਚ ਬਾਹਰੋਂ ਮਹੀਂਵਾਲ ਆਇਆ,
ਮਹੀਂ ਚਾਰ ਕੇ ਹੋਰ ਖ਼ੁਸ਼ਹਾਲ ਮੀਆਂ ।
ਖੂੰਡੀ ਮੋਢੜੇ ਤੇ ਮਹੀਂ ਸਭ ਪਿਛੇ,
ਘਰੀਂ ਆਇ ਪਹੁੰਚਾ ਚਾਲੋ ਚਾਲ ਮੀਆਂ ।
ਮਹੀਂਵਾਲ ਡਿੱਠਾ ਦੋਵੇਂ ਕਹਿਰ ਭਰੇ,
ਨਾਲੇ ਕਰਨ ਬੈਠੇ ਕੀਲ ਕਾਲ ਮੀਆਂ ।
ਚੋਰ ਯਾਰ ਤਾਈਂ ਆਪੇ ਖੁੜਕ ਜਾਂਦੀ,
ਗਿਆ ਸਮਝ ਇਹ ਹਾਲ ਮੁਹਾਲ ਮੀਆਂ ।
ਭਾਵੇਂ ਗੱਲ ਸਾਡੀ ਜ਼ਾਹਿਰ ਹੋ ਗਈ,
ਦਿੱਤਾ ਯਾਰ ਨਾ ਅੱਜ ਜਮਾਲ ਮੀਆਂ ।
ਫ਼ਜ਼ਲ ਖ਼ਿਆਲ ਏਸੇ ਮਹੀਂਵਾਲ ਆਹਾ,
ਤੁੱਲਾ ਕਹੇ ਅੱਖੀਂ ਕਰਕੇ ਲਾਲ ਮੀਆਂ ।
81. ਮਹੀਂਵਾਲ ਨੂੰ ਨੌਕਰੀ ਤੋਂ ਜਵਾਬ ਮਿਲਣਾ

ਬੱਸ ਬੱਸ ਮੀਆਂ ਮਹੀਂ ਚਾਰ ਨਾਹੀਂ,
ਐਵੇਂ ਖਾ ਕੇ ਨਿਮਕ ਹਰਾਮ ਕੀਤੋ ।
ਜਿਸ ਨਿਮਕ ਖਵਾਲਿਓ ਘਰੇ ਉਸ ਦੇ,
ਸੰਨ੍ਹ ਮਾਰਨੇ ਦਾ ਗੁੱਝਾ ਕਾਮ ਕੀਤੋ ।
ਓਸੇ ਰੁੱਖ ਨੂੰ ਵੱਢਣਾ ਲੋੜਿਓ ਈ,
ਜਿਸ ਰੁੱਖ ਦੇ ਹੇਠ ਆਰਾਮ ਕੀਤੋ ।
ਧੀਆਂ ਬੇਟੀਆਂ ਦੇ ਨਾਲ ਕਰੇਂ ਹਾਸੀ,
ਏਸੇ ਵਾਸਤੇ ਤੁਧੁ ਗ਼ੁਲਾਮ ਕੀਤੋ ।
ਜਿਸ ਨੇ ਪਾਲ ਖਵਾਇਆ ਘਰੀਂ ਉਸ ਦੇ,
ਸੰਨ੍ਹ ਮਾਰਨੇ ਦਾ ਗੁੱਝਾ ਕਾਮ ਕੀਤੋ ।
ਖਾ ਖਾ ਦੁੱਧ ਮਲਾਈਆਂ ਪਾਟ ਗਇਓਂ,
ਓ ਨਾਕਾਮ ! ਇਹ ਕਾਮ ਕੀ ਖ਼ਾਮ ਕੀਤੋ ।
ਕੀ ਇਹ ਸਮਝ ਦਲੇਰੀਆਂ ਕੀਤੀਆਂ ਨੀ,
ਭਾਵੇਂ ਅਸਾਂ ਤਾਈਂ ਖ਼ਾਸ ਆਮ ਕੀਤੋ ।
ਤੈਨੂੰ ਰੱਬ ਦੇ ਖ਼ੌਫ਼ ਥੀਂ ਜਾਣ ਦਿੱਤਾ,
ਤੂੰ ਨਹੀਂ ਜਾਣਦੋਂ ਕੰਮ ਜੋ ਖ਼ਾਮ ਕੀਤੋ ।
ਸਾਡੀਆਂ ਇੱਜ਼ਤਾਂ ਨੂੰ ਹੱਥ ਪਾਉਣ ਲੱਗੋਂ,
ਖਾ ਲੂਣ ਹਰਾਮ ਤਮਾਮ ਕੀਤੋ ।
ਭਲੀ ਨੀਤ ਦੇ ਨਾਲ ਟੁਰ ਜਾ ਇਥੋਂ,
ਮੈਨੂੰ ਜੱਗ ਦੇ ਵਿਚ ਬਦਨਾਮ ਕੀਤੋ ।
ਫ਼ਜ਼ਲ ਸ਼ਾਹ ਐਪਰ ਏਥੇ ਰਹੀਂ ਨਾਹੀਂ,
ਜ਼ਾਹਰ ਆਪਣਾ ਚਾ ਅੰਜਾਮ ਕੀਤੋ ।
82. ਹਾਲ ਮਹੀਂਵਾਲ ਦੇ ਦਰਦ ਫ਼ਰਾਕ ਦਾ

ਮਹੀਂਵਾਲ ਨੂੰ ਜਦੋਂ ਜਵਾਬ ਮਿਲਿਆ,
ਮਹੀਂ ਛੱਡ ਕੇ ਤੁਰੰਤ ਰਵਾਨ ਹੋਇਆ ।
ਆਖੇ ਰਹਿਣ ਕੇਹਾ ਬਹਿਣ ਬਹੁਤ ਮੁਸ਼ਕਲ,
ਮੇਰਾ ਭੇਤ ਤਮਾਮ ਅਯਾਨ ਹੋਇਆ ।
ਬਾਝ ਯਾਰ ਉਜਾੜ ਚੌਕੂਟ ਦਿੱਸੇ,
ਪਰੇਸ਼ਾਨ ਹੋਇਆ, ਪਰੇਸ਼ਾਨ ਹੋਇਆ ।
ਔਖਾ ਸੱਜਣਾਂ ਦੇ ਘਰੀਂ ਜਾਣ ਮੇਰਾ,
ਦੂਤੀ ਆਨ ਖ਼ੂਨੀ ਅਸਮਾਨ ਹੋਇਆ ।
ਜੰਗਲ ਜਾ ਰਾਤੀਂ ਕਿਤੇ ਬੈਠ ਰੁੰਨਾ,
ਐਪਰ ਰੋਂਦਿਆਂ ਜ਼ੋਰ ਤੂਫ਼ਾਨ ਹੋਇਆ ।
ਕਿਹੜੀ ਵੱਲ ਜਾਵਾਂ ਕੋਈ ਜਾ ਨਾਹੀਂ,
ਤੇਰੇ ਨਾਮ ਉਤੋਂ ਕੁਰਬਾਨ ਹੋਇਆ ।
ਜਿਧਰ ਜਾਵਨਾ ਹਾਂ ਉਧਰ ਮਿਲਣ ਧੱਕੇ,
ਵੈਰੀ ਮੁਝ ਦਾ ਕੁਲ ਜਹਾਨ ਹੋਇਆ ।
ਮੰਗੀ ਮੌਤ ਨਾ ਆਂਵਦੀ ਹੱਥ ਮੇਰੇ,
ਤੇਰਾ ਮਿਲਣ ਔਖਾ ਮੈਨੂੰ ਆਣ ਹੋਇਆ ।
ਤੁਧ ਬਾਝ ਆਰਾਮ ਹਰਾਮ ਮੈਨੂੰ,
ਭੁੱਲਾ ਬੇਲੀਆ ਓਇ ਪੀਣ ਖਾਣ ਹੋਇਆ ।
ਕੀਕਰ ਮਿਲਾਂਗੇ ਦੱਸ ਇਲਾਜ ਕੋਈ,
ਔਖਾ ਅੱਜ ਮੇਰਾ ਆਣ ਜਾਣ ਹੋਇਆ ।
ਮਸਜਦ ਦਾਇਰਿਆਂ ਵਿਚ ਬਾਜ਼ਾਰ ਫਿਰਦਾ,
ਫ਼ਜ਼ਲ ਸ਼ਾਹ ਦੇ ਵਾਂਗ ਹੈਰਾਨ ਹੋਇਆ ।
(ਇਸ ਬੰਦ ਵਿਚ ਇਹ ਤੁਕਾਂ ਵੀ ਮਿਲਦੀਆਂ ਹਨ:
ਰੋ ਰੋ ਆਖਦਾ ਪਿਆਰਿਆ ਕਿਵੇਂ ਮਿਲਸੈਂ,
ਮੈਥੋਂ ਅੱਜ ਸਾਈਂ ਕਹਿਰਵਾਨ ਹੋਇਆ ।
ਤੁਧ ਕਾਰਨੇ ਮਹੀਂ ਚਰਾਈਆਂ ਮੈਂ,
ਹੁਣ ਪਿਆਰਿਆ ਆਣ ਬੇਜਾਨ ਹੋਇਆ)
83. ਹਾਲ ਸੋਹਣੀ ਦੇ ਫ਼ਰਾਕ ਦਾ

ਓਧਰ ਸੋਹਣੀ ਰੋਂਦੜੀ ਬੈਠ ਗੋਸ਼ੇ,
ਦੱਸ ਜਾ ਮੈਨੂੰ ਭਲਾ ਬੇਲੀਆ ਓਇ ।
ਆਖੇ ਦੂਤੀਆਂ ਦੇ, ਯਾਰ ਛੱਡ ਨਾਹੀਂ,
ਗਲ ਲਾ ਮੈਨੂੰ ਭਲਾ ਬੇਲੀਆ ਓਇ ।
ਤੁਝ ਬਾਝ ਅਰਾਮ ਹਰਾਮ ਹੋਇਆ,
ਤੇਰਾ ਚਾ ਮੈਨੂੰ ਭਲਾ ਬੇਲੀਆ ਓਇ ।
ਸੁੰਞੇ ਦਰਦ ਬੇਦਰਦ ਨੇ ਕਰਦ ਲਾ ਕੇ,
ਕੁੱਠਾ ਚਾ ਮੈਨੂੰ ਭਲਾ ਬੇਲੀਆ ਓਇ ।
ਜਿਚਰ ਮਿਲੇਂ ਨਾ ਸਬਰ ਕਰਾਰ ਆਵੇ,
ਕਿਸੇ ਦਾਅ ਮੈਨੂੰ ਭਲਾ ਬੇਲੀਆ ਓਇ ।
ਮੂੰਹ ਦੇ ਭਾਰ ਪਈਆਂ ਕੁੱਠੀ ਦਰਦ ਗ਼ਮ ਦੀ,
ਆ ਚਾ ਮੈਨੂੰ ਭਲਾ ਬੇਲੀਆ ਓਇ ।
ਚੋਰੀ ਮਾਉਂ ਤੇ ਬਾਪ ਤੋਂ ਆ ਮਿਲਣਾ,
ਕਿਸੇ ਦਾਅ ਮੈਨੂੰ ਭਲਾ ਬੇਲੀਆ ਓਇ ।
ਨਾਮ ਰੱਬ ਦੇ ਕਰੀਂ ਖ਼ਿਆਲ ਸਾਈਆਂ,
ਮੁੱਖ ਵਿਖਾ ਮੈਨੂੰ ਭਲਾ ਬੇਲੀਆ ਓਇ ।
ਸੀਨੇ ਸਾਂਗ ਮਾਰੇ ਵਿਛੜ ਜਾਣ ਤੇਰਾ,
ਘੇਰਾ ਪਾ ਮੈਨੂੰ ਭਲਾ ਬੇਲੀਆ ਓਇ ।
ਤੁਝ ਬਾਝ ਜਹਾਨ ਦੇ ਦੁੱਖ ਸਾਰੇ,
ਪਏ ਧਾ ਮੈਨੂੰ ਭਲਾ ਬੇਲੀਆ ਓਇ ।
ਫ਼ਜ਼ਲ ਕੁਝ ਨਾ ਸੁੱਝਦਾ ਮੁਝ ਤਾਈਂ,
ਤੇਰਾ ਚਾ ਮੈਨੂੰ ਭਲਾ ਬੇਲੀਆ ਓਇ ।
84. ਤਥਾ

ਤੁਧ ਬਾਝ ਅੰਧੇਰ ਚੁਫ਼ੇਰ ਦਿੱਸੇ,
ਕਰਦੀ ਵੈਣ ਫਿਰਾਂ ਮਹੀਂਵਾਲਿਆ ਓਇ ।
ਤੇਰੇ ਮੁੱਖ ਦੀ ਭੁੱਖ ਕਮਾਲ ਮੈਨੂੰ,
ਬਾਝ ਚੈਨ ਫਿਰਾਂ ਮਹੀਂਵਾਲਿਆ ਓਇ ।
ਖੁੱਲ੍ਹੇ ਵਾਲ ਬੇਹਾਲ ਮੈਂ ਨਾਲ ਗ਼ਮ ਦੇ,
ਡੁੱਲ੍ਹੇ ਨੈਣ ਫਿਰਾਂ ਮਹੀਂਵਾਲਿਆ ਓਇ ।
ਫ਼ਜ਼ਲ ਸ਼ਾਹ ਪੁਛੇਂਦੜੀ ਰਾਹ ਤੇਰਾ,
ਦਿਨ ਰੈਣ ਫਿਰਾਂ ਮਹੀਂਵਾਲਿਆ ਓਇ ।
85. ਸੋਹਣੀ ਦਾ ਨਿਕਾਹ ਅਤੇ ਵਿਦਾ ਹੋਣਾ

ਦੋਵੇਂ ਧੀ ਨੂੰ ਕਿਤੇ ਮੰਗਾਵਣੇ ਦੀ,
ਉਸੇ ਰੋਜ਼ ਸਲਾਹ ਪਕਾਂਵਦੇ ਜੀ ।
ਇਕ ਵਿਚ ਗੁਜਰਾਤ ਘੁਮਾਰ ਆਹਾ,
ਪੁਤਰ ਉਸ ਦੇ ਨਾਲ ਮੰਗਾਂਵਦੇ ਜੀ ।
ਕਰ ਕੇ ਦਾਜ ਦਾ ਕਾਜ ਤਿਆਰ ਕਰਦੇ,
ਕੁਝ ਰੋਜ਼ ਪਾ ਕੇ ਗੰਢੀਂ ਪਾਂਵਦੇ ਜੀ ।
ਸੁੰਦਰ ਛੈਲ ਮਲੂਕ ਤੇ ਹੋਰ ਬਾਂਕੇ,
ਜੋੜ ਮੇਲ ਕੇ ਜੰਞ ਲੈ ਆਂਵਦੇ ਜੀ ।
ਓੜਕ ਸੋਹਣੀ ਰੋਂਦੜੀ ਧੋਂਦੜੀ ਨੂੰ,
ਡੋਲੀ ਪਾਇ ਵਿਆਹ ਲੈ ਜਾਂਵਦੇ ਜੀ ।
ਕਿੱਸਾ ਵਿਆਹ ਦਾ ਤੂਲ ਨਾ ਮੂਲ ਕੀਤਾ,
ਪੜ੍ਹਨ ਵਾਲੜੇ ਚਿੱਤ ਨਾ ਲਾਂਵਦੇ ਜੀ ।
ਗੱਲ ਦਰਦ ਦੇ ਨਾਲ ਹੈ ਗਰਜ਼ ਮੈਨੂੰ,
ਕੀਤਾ ਤੂਲ ਨਾ ਜਿਵੇਂ ਵਧਾਂਵਦੇ ਜੀ ।
ਫ਼ਜ਼ਲ ਸ਼ਾਹ ਤਿਨਾਂਦੜਾ ਸ਼ਿਅਰ ਕਿਹਾ,
ਜਿਹੜੇ ਸ਼ਿਅਰ ਬੇਦਰਦ ਅਲਾਂਵਦੇ ਜੀ ।
86. ਸੋਹਣੀ ਤੇ ਉਹਦਾ ਖ਼ਾਵੰਦ

ਆਈ ਕਹਿਰ ਕਲੂਰ ਦੀ ਰਾਤ ਯਾਰੋ,
ਦੋਵੇਂ ਪਲੰਘ ਤੇ ਚਾ ਸਵਾਨ ਮੀਆਂ ।
ਲੱਗਾ ਦਸਤ ਦਰਾਜ਼ ਰਕੀਬ ਕਰਨੇ,
ਦਿੱਤੀ ਸੋਹਣੀ ਪੇਸ਼ ਨਾ ਜਾਨ ਮੀਆਂ ।
ਹੱਥੋਂ ਮਾਰ ਕੀਤਾ ਖ਼ੂਬ ਸੋਹਣੀ ਨੇ,
ਦਿੱਤੀ ਹੋਸ਼ ਭੁਲਾ ਜਹਾਨ ਮੀਆਂ ।
ਦੋਵੇਂ ਹੱਥ ਉਠਾਇ ਦੁਆ ਮੰਗੀ,
ਮਹੀਂਵਾਲ ਦੀ ਰੱਖ ਅਮਾਨ ਮੀਆਂ ।
ਹੁਕਮ ਨਾਲ ਨਾਮਰਦ ਹੋ ਗਿਆ ਓਵੇਂ,
ਉਸ ਦੀਆਂ ਕੁਦਰਤਾਂ ਤੋਂ ਕੁਰਬਾਨ ਮੀਆਂ ।
ਮਹੀਂਵਾਲ ਦੀ ਰੱਬ ਅਮਾਨ ਰੱਖੀ,
ਦੂਤੀ ਲਾ ਰਿਹਾ ਲੱਖ ਤਾਨ ਮੀਆਂ ।
ਯੂਸਫ਼ ਵਾਂਗ ਈਮਾਨ ਰਹਿਮਾਨ ਰੱਖੇ,
ਓਵੇਂ ਮਿਹਰ ਨਿਸ਼ਾਨ ਨਿਹਾਨ ਮੀਆਂ ।
ਮਹੀਂਵਾਲ ਦੇ ਨਾਲ ਸੀ ਜੋੜ ਉਸ ਦਾ,
ਲਿਖਿਆ ਲੋਹ ਮਹਿਫ਼ੂਜ਼ ਬਿਆਨ ਮੀਆਂ ।
ਕਿਹੜਾ ਆਸ਼ਕਾਂ ਦੇ ਸੰਗ ਭੰਗ ਪਾਵੇ,
ਜੋੜੇ ਜੋੜ ਜੋ ਰੱਬ ਰਹਿਮਾਨ ਮੀਆਂ ।
ਫ਼ਜ਼ਲ ਸ਼ਾਹ ਮਜਾਲ ਕੀ ਗ਼ੈਰ ਸੰਦੀ,
ਲਿਆਵੇ ਕੁਝ ਖ਼ਿਆਲ ਗੁਮਾਨ ਮੀਆਂ ।
87. ਮਹੀਂਵਾਲ ਦਾ ਹਿਜਰ ਵਿਚ ਤੜਪਣਾ

ਮਹੀਂਵਾਲ ਨੂੰ ਜ਼ਿਮੀਂ ਨਾ ਵਿਹਲ ਦੇਵੇ,
ਸੋਹਣੀ ਵਿਆਹ ਲੈ ਗਏ ਜਾਂ ਹੋਰ ਬੇਲੀ ।
ਜਿਹੜੇ ਮਾਲ ਪਿਛੇ ਮਹੀਂਵਾਲ ਬਣਿਆ,
ਸੋਈ ਘਿੰਨ ਗਏ ਸੁੰਞੇ ਚੋਰ ਬੇਲੀ ।
ਅੱਗੇ ਦੁੱਖ ਆਹਾ ਵਿਛੜ ਜਾਣ ਵਾਲਾ,
ਪਾਇਆ ਆਣ ਦੁੱਖਾਂ ਹੋਰ ਜ਼ੋਰ ਬੇਲੀ ।
ਸੁੰਞੇ ਕਾਗ ਨੇ ਆਣ ਮਕਾਨ ਕੀਤਾ,
ਜਿਹੜੇ ਬਾਗ ਸਨ ਹੰਸ ਤੇ ਮੋਰ ਬੇਲੀ ।
ਮੇਰੀ ਆਸ ਮੁਰਾਦ ਨਾ ਮੂਲ ਪੁੰਨੀ,
ਰਿਹਾ ਪੀਰ ਫ਼ਕੀਰ ਨੂੰ ਸ਼ੋਰ ਬੇਲੀ ।
ਫਲ ਲਾ ਮੁਹੱਬਤਾਂ ਬੀਜਿਆ ਸੀ,
ਨਾ ਸੀ ਖ਼ਬਰ ਜੋ ਹੋਸੀਆ ਸ਼ੋਰ ਬੇਲੀ ।
ਨਿਕਲ ਜਾਨ ਵੈਸੀ ਕਿਸੇ ਰੋਜ਼ ਮੇਰੀ,
ਕਰਦੀ ਆਹ ਫ਼ੁਗਾਨ ਤੇ ਸ਼ੋਰ ਬੇਲੀ ।
ਫ਼ਜ਼ਲ ਭੱਠ ਪਿਆ ਮੇਰਾ ਜੀਵਣਾ ਓਇ,
ਤੁਧ ਬਾਝ ਮੈਨੂੰ ਚੰਗੀ ਗੋਰ ਬੇਲੀ ।
88. ਮਹੀਂਵਾਲ ਦਾ ਸੋਹਣੀ ਵੱਲ ਖ਼ਤ ਭੇਜਣਾ

ਇਕ ਖ਼ਾਸ ਸਹੇਲੜੀ ਸੋਹਣੀ ਦੀ,
ਪੁੱਛਣ ਹਾਲ ਆਈ ਮਹੀਂਵਾਲ ਦਾ ਜੀ ।
ਆਖੇ ਕੋਈ ਸੁਨੇਹੜਾ ਦੇਹ ਮੈਨੂੰ,
ਲਿਖ ਖ਼ਤ ਸਾਰਾ ਆਪਣੇ ਹਾਲ ਦਾ ਜੀ ।
ਲਾਈ ਸਾਂਗ ਦੋਧਾਰ ਕਹਾਰ ਤੈਨੂੰ,
ਐਪਰ ਕੌਣ ਤਕਦੀਰ ਨੂੰ ਟਾਲਦਾ ਜੀ ।
ਲਈ ਕਲਮ ਦਵਾਤ ਮੰਗਾ ਕਾਗਜ਼,
ਲਿਖੇ ਕਾਗਜ਼ ਤੇ ਖ਼ੂਨ ਉਛਾਲਦਾ ਜੀ ।
ਮਹੀਂਵਾਲ ਲਿਖਿਆ ਖ਼ਤ ਯਾਰ ਵੱਲੇ,
ਹੈਸੀ ਫ਼ਜ਼ਲ ਫ਼ਕੀਰ ਦੇ ਨਾਲ ਦਾ ਜੀ ।
(ਇਸ ਬੰਦ ਵਿਚ ਇਹ ਤੁਕ ਵੀ ਮਿਲਦੀ ਹੈ:
"ਅਲਮਕਤੂਬ ਨਿਸਫ਼ੁਲ ਮੁਲਾਕਾਤ" ਆਖਣ,
ਏ ਵਸੀਲੜਾ ਅਸਲ ਵਸਾਲ ਦਾ ਜੀ)
89. ਮਹੀਂਵਾਲ ਦਾ ਖ਼ਤ

ਹਮਦ ਨਅਤ ਖ਼ੁਦਾ ਰਸੂਲ ਦੀ ਥੀਂ,
ਜਿਦ੍ਹੀ ਸਿਫ਼ਤ ਦਾ ਅੰਤ ਸ਼ੁਮਾਰ ਨਾਹੀਂ ।
ਤਾਅਨੇ ਤਰਫ਼ ਸੋਹਣੀ ਮਹੀਂਵਾਲ ਲਿਖੇ,
ਤੇਰਾ ਸੋਹਣੀਏ ਕੁਝ ਇਤਬਾਰ ਨਾਹੀਂ ।
ਅਨੀ ਵਹੁਟੀਏ, ਮੁਨਸ ਦੀਏ ਪਿਆਰੀਏ ਨੀ !
ਸੱਚਾ ਤੁਧ ਦਾ ਕੌਲ ਕਰਾਰ ਨਾਹੀਂ ।
ਤੈਨੂੰ ਲੱਖ ਕਰੋੜ ਮੁਬਾਰਕਾਂ ਨੀ,
ਖ਼ੁਸ਼ੀ ਐਸ਼ ਵੱਲੋਂ ਮਿਲੇ ਵਾਰ ਨਾਹੀਂ ।
ਗੂੜ੍ਹਾ ਪਿਆਰ ਹੋਇਆ ਖ਼ਾਵੰਦ ਨਾਲ ਤੇਰਾ,
ਐਸਾ ਹੋਰ ਕਿਤੇ ਗੂੜ੍ਹਾ ਪਿਆਰ ਨਾਹੀਂ ।
ਭਲਾ ਹੋਇਆ ਤੁਸਾਡੜੀ ਆਸ ਪੁੰਨੀ,
ਕੋਈ ਤੁਧ ਜਿਹਾ ਐਸ਼ਦਾਰ ਨਾਹੀਂ ।
ਮਤਾਂ ਖ਼ੁਸ਼ੀ ਥੀਂ ਹੋ ਖ਼ੁਸ਼ ਮਰਗ ਜਾਏ,
ਖ਼ਾਨਾ ਖਸਮ ਦਾ ਮੁਫ਼ਤ ਉਜਾੜ ਨਾਹੀਂ ।
ਕੋਈ ਤੁਧ ਜਿਹੀ ਕਿਤੇ ਜੱਗ ਉੱਤੇ,
ਘਰ ਸਹੁਰੇ ਵਿਚ ਸਰਦਾਰ ਨਾਹੀਂ ।
ਡੋਲੀ ਚੜ੍ਹਦਿਆਂ ਮੂਲ ਨਾ ਡੋਲੀਓਂ ਤੂੰ,
ਹੋਈਓਂ ਅਸਾਂ ਵੱਲੋਂ ਸ਼ਰਮਸਾਰ ਨਾਹੀਂ ।
ਤੁਸੀਂ ਸਹੁਰੇ ਹੋ ਮਗ਼ਰੂਰ ਬੈਠੇ,
ਕੋਈ ਅਸਾਂ ਜੇਹਾ ਹੋਰ ਖ਼ਵਾਰ ਨਾਹੀਂ ।
ਇਹ ਤਾਂ ਜੋਬਨਾ ਠੱਗ ਬਜ਼ਾਰ ਦਾ ਈ,
ਮਾਨ ਮੱਤੀਏ ਰੂਪ ਸ਼ਿੰਗਾਰ ਨਾਹੀਂ ।
ਲਈ ਦੀਦ ਖ਼ਰੀਦ, ਈਮਾਨ ਦਿੱਤਾ,
ਝੂਠਾ ਆਸ਼ਕਾਂ ਵਣਜ ਵਪਾਰ ਨਾਹੀਂ ।
ਸ਼ਾਲਾ ਮਰੇ ਜਿਹੜਾ ਤੇਰੀ ਸੇਜ ਮਾਣੇ,
ਕਿਵੇਂ ਵਰਤਸੀ ਕਹਿਰ ਕਹਾਰ ਨਾਹੀਂ ।
ਪੀਵੇ ਆਬਹਯਾਤ ਰਕੀਬ ਮੇਰਾ,
ਸ਼ਾਲਾ ਸਬਰ ਪਵੇ ਉੱਕੇ ਵਾਰ ਨਾਹੀਂ ।
ਮੇਰੀ ਲੱਖ ਫ਼ਰਿਆਦ ਦੀ ਦਾਦ ਮਿਲਸੀ,
ਬੱਸ ਹੋਰ ਮੈਨੂੰ ਮਾਰ ਖ਼ਾਰ ਨਾਹੀਂ ।
ਗਲ ਝੂਠਿਆਂ ਤੌਕ ਜ਼ੰਜੀਰ ਪੌਸਣ,
ਢੋਈ ਮਿਲਸੀਆ ਉਸ ਦਰਬਾਰ ਨਾਹੀਂ ।
ਨਾਹੀਂ ਕੰਮ ਅਸੀਲ ਦਾ ਨੱਸ ਜਾਣਾ,
ਬਾਜ਼ੀ ਇਸ਼ਕ ਦੀ ਹਾਰ ਲਾਚਾਰ ਨਾਹੀਂ ।
ਝੂਠੇ ਕੌਲ ਇਕਰਾਰ ਕਿਉਂ ਕੀਤੀਓ ਨੀਂ,
ਘਰੋਂ ਕੱਢ ਮੁੜ ਕੇ ਲਈਊ ਸਾਰ ਨਾਹੀਂ ।
"ਇੱਨ ਕੈਦ ਕੁਨ" ਕਿਹਾ ਰੱਬ ਸੱਚੇ,
ਤੁਸਾਂ ਜੇਡ ਕੋਈ ਹੋਰ ਮਕਾਰ ਨਾਹੀਂ ।
ਮੁੜ ਕੇ ਹੋਸ਼ ਸੰਭਾਲ ਤੂੰ ਪਿਆਰੀਏ ਨੀਂ,
ਕੀਤੇ ਕੌਲ ਇਕਰਾਰ ਵਿਸਾਰ ਨਾਹੀਂ ।
ਜਲੀ ਹੋਈ ਪਤੰਗ ਜੇ ਜਾਲਿਓ ਈ,
ਐਪਰ ਸੋਖਤਾਂ ਲਾਇਕੇ ਮਾਰ ਨਾਹੀਂ ।
ਤੇਰਾ ਨਾਮ ਲੈਂਦਾ ਫਿਰਾਂ ਵਿਚ ਗਲੀਆਂ,
ਬਾਝ ਰੋਣ ਮੈਨੂੰ ਹੋਰ ਕਾਰ ਨਾਹੀਂ ।
ਰੋਕ ਜਾਨ ਮੈਂ ਵਾਂਗ ਪਤੰਗ ਦਿੱਤੀ,
ਕੀਤਾ ਤੁਧ ਦੇ ਨਾਲ ਉਧਾਰ ਨਾਹੀਂ ।
ਦਾਮਨ ਲੱਗਿਆਂ ਦੀ ਲੱਜ ਪਾਲਣੀ ਸੀ,
ਹੱਥੀਂ ਡੋਬਿਓ ਈ ਲਾਇਓ ਪਾਰ ਨਾਹੀਂ ।
ਦੁੱਖ ਪੇਸ਼ ਪਾ ਕੇ ਆਪ ਨੱਸ ਗਈਓਂ,
ਕੋਈ ਮੈਂ ਜਿਹਾ ਔਗਣਹਾਰ ਨਾਹੀਂ ।
ਸਖ਼ੀ ਸੋਈ ਜੋ ਤੁਰੰਤ ਜਵਾਬ ਦੇਵੇ,
ਸਖ਼ੀ ਕਿਸੇ ਤਾਈਂ ਲਾਵਣ ਲਾਰ ਨਾਹੀਂ ।
ਅੱਗੇ ਰੱਜ ਰਹੇ ਤੇਰੇ ਪਿਆਰ ਕੋਲੋਂ,
ਬੱਸ ਯਾਰ ਓ ਮਾਰ ਦੁਬਾਰ ਨਾਹੀਂ ।
ਚਾਰ ਰੋਜ਼ ਦਾ ਹੁਸਨ ਪਰਾਹੁਣਾ ਈ,
ਕੂੜੇ ਹੁਸਨ ਉੱਤੇ ਪਾਵੀਂ ਭਾਰ ਨਾਹੀਂ ।
ਸਦਾ ਰੰਗ ਮਹੱਲ ਨਾ ਮਾੜੀਆਂ ਨੀ,
ਸਦਾ ਹੁਸਨ ਦਾ ਗਰਮ ਬਾਜ਼ਾਰ ਨਾਹੀਂ ।
ਸਦਾ ਦੁੱਖ ਤੇ ਸਦਾ ਨਾ ਹੋਣ ਮੌਜਾਂ,
ਸਦਾ ਬੁਲਬੁਲਾਂ ਬਾਗ਼ ਬਹਾਰ ਨਾਹੀਂ ।
ਭੁਲ ਯਾਰ ਤੇਰੇ ਨਾਲ ਪਿਆਰ ਪਾਇਆ,
ਨਾ ਸੀ ਖ਼ਬਰ ਜੋ ਯਾਰ ਗ਼ਮਖ਼ਵਾਰ ਨਾਹੀਂ ।
ਮਨੋਂ ਹਾਰ ਜੇ ਕੀਤੀਓ ਨਾਂਹ ਮੇਰੀ,
ਐਪਰ ਸਿਦਕ ਰੱਖੀਂ ਮਨੋਂ ਹਾਰ ਨਾਹੀਂ ।
ਤੇਰੇ ਵਾਸਤੇ ਵਿਚ ਪਰਦੇਸ ਰੁਲਿਆ,
ਔਗੁਣਹਾਰ ਦਾ ਸ਼ਹਿਰ ਦਿਆਰ ਨਾਹੀਂ ।
ਨਹੀਂ ਮਹੀਂ ਚਰਾਈਆਂ ਤੁਧ ਕਾਰਨ,
ਛੱਡੇ ਬਾਪ ਮਾਈ ਪਿਆਰੇ ਯਾਰ ਨਾਹੀਂ ।
ਦੁੱਖਾਂ ਘੇਰਿਆ ਮੈਂ ਕਿਹੜੀ ਵੱਲ ਜਾਵਾਂ,
ਨੇੜੇ ਮੁਝ ਦਾ ਬਲਖ਼ ਬੁਖ਼ਾਰ ਨਾਹੀਂ ।
ਚੰਗੀ ਕੀਤੀ ਆ ਪਿਆਰਿਆ ਸੱਜਣਾਂ ਓ,
ਸੱਜਣ ਮਾਰਦੇ ਖਿੱਚ ਤਲਵਾਰ ਨਾਹੀਂ ।
ਸਿੱਕ ਫ਼ਜ਼ਲ ਦੀ ਵਰਤਿਆ ਕਹਿਰ ਭਾਰਾ,
ਤੈਥੋਂ ਜ਼ਾਲਮੇ ਸੱਚ ਨਿਤਾਰ ਨਾਹੀਂ ।
90. ਬਿਆਨ ਸੋਹਣੀ ਨੂੰ ਖ਼ਤ ਮਿਲਣਾ

ਲੈ ਕੇ ਖ਼ਤ ਗਈ ਤਰਫ਼ ਸੋਹਣੀ ਦੇ,
ਮਹੀਂਵਾਲ ਦੀ ਮੋਹਰ ਲਗਾ ਬੇਲੀ ।
ਚੋਰੀ ਸੱਸ ਕੋਲੋਂ ਖ਼ਤ ਯਾਰ ਵਾਲਾ,
ਦੇਵੇ ਯਾਰ ਦੇ ਹੱਥ ਫੜਾ ਬੇਲੀ ।
ਯਾਰੋ ਖ਼ਤ ਕੇਹਾ ਚੰਨ ਈਦ ਦਾ ਸੀ,
ਮੁੜ ਮੁੜ ਜਾਨ ਨੂੰ ਕਰੇ ਫ਼ਿਦਾ ਬੇਲੀ ।
ਜਿਉਂ ਜਿਉਂ ਪੇਚ ਖੋਲ੍ਹੇ ਸੋਹਣੀ ਖ਼ਤ ਵਾਲੇ,
ਦੇਵੇ ਜੀਉ ਦੇ ਪੇਚ ਗਵਾ ਬੇਲੀ ।
ਨਾਲੇ ਕਰੇ ਮੁਤਾਲਿਆ ਖ਼ਤ ਚੁੰਮੇ,
ਰੋਵੇ ਨਾਲ ਕਲੇਜੜੇ ਲਾ ਬੇਲੀ ।
ਡਿੱਠੀ ਰਤ ਡੁਲ੍ਹੀ ਉਪਰ ਖ਼ਤ ਸੋਹਣੀ,
ਐਪਰ ਵੇਖ ਡਿੱਗੀ ਗਸ਼ ਖਾ ਬੇਲੀ ।
ਅੱਗੇ ਸੱਜਰਾ ਫੱਟ ਚਮਾਂਦੜਾ ਸੀ,
ਦੂਜੀ ਵਾਰ ਲਾਇਆ ਯਾਰ ਘਾ ਬੇਲੀ ।
ਤਾਅਨੇ ਤੇਜ਼ ਤਲਵਾਰ ਦੀ ਧਾਰ ਕੋਲੋਂ,
ਕਰਦੇ ਘਾਇਲ ਨੂੰ ਘਾਇਲ ਚਾ ਬੇਲੀ ।
ਤਾਅਨੇ ਯਾਰ ਵਾਲੇ ਆਹੇ ਤੇਜ਼ ਖ਼ੂਨੀ,
ਗਏ ਮੁੱਢ ਕਲੇਜੜੇ ਧਾ ਬੇਲੀ ।
ਜਦੋਂ ਹੋਸ਼ ਆਈ ਉਸੇ ਪਿਆਰੜੀ ਤੋਂ,
ਲਈ ਕਲਮ ਦਵਾਤ ਮੰਗਾ ਬੇਲੀ ।
ਲਿਖੇ ਯਾਰ ਦੇ ਵੱਲ ਜਵਾਬ ਨਾਮਾ,
ਫ਼ਜ਼ਲ ਹਾਲ ਦਾ ਖ਼ਤ ਬਣਾ ਬੇਲੀ ।
(ਇਸ ਬੰਦ ਵਿਚ ਇਹ ਤੁਕ ਵੀ ਲਿਖੀ ਮਿਲਦੀ ਹੈ:
ਆਖੇ ਇਹ ਮਰਹਮ ਫੱਟ ਸਿਊਣੇ ਦੀ,
ਅੱਠੇ ਪਹਿਰ ਜੋ ਰਿਹਾ ਦੁਖਾ ਬੇਲੀ)
91. ਜੁਆਬ ਸੋਹਣੀ

ਅਵਲ ਹਮਦ ਹਜ਼ਾਰ ਖ਼ੁਦਾ ਤਾਈਂ,
ਜੈਂਦੀ ਸਿਫ਼ਤ ਦਾ ਅੰਤ ਨਾ ਕਾ ਜਾਨੀ ।
ਲੱਖ ਵਾਰ ਦਰੂਦ ਰਸੂਲ ਤਾਈਂ,
ਜਿਸ ਦੀ ਸ਼ਾਨ "ਲੌ ਲਾਕ" ਕਲਮਾ ਜਾਨੀ ।
ਇਸ ਥੀਂ ਬਾਅਦ ਕਰੋੜ-ਸਲਾਮ ਪਿੱਛੇ,
ਸੁਣੀਂ ਹਾਲ ਤੂੰ ਜਾ ਬਜਾ ਜਾਨੀ ।
ਜਿਸ ਰੋਜ਼ ਮਾਈ ਬਾਪ ਤੁਧ ਤਾਈਂ,
ਮਹੀਂ ਚਾਰਨੋਂ ਦੇਣ ਹਟਾ ਜਾਨੀ ।
ਏਵੇਂ ਵਾਵੇਲਾ ਪਈ ਕੂਕਦੀ ਸਾਂ,
'ਮੈਥੇ ਆ ਜਾਨੀ ! ਮੈਥੇ ਆ ਜਾਨੀ' ।
ਬਿਨਾਂ ਮੌਤ ਆਈ ਕੋਈ ਮਰੇ ਨਾਹੀਂ,
ਬੈਠੀ ਖਾਣ ਤੇ ਪੀਣ ਚੁਕਾ ਜਾਨੀ ।
ਮਹੀਂਵਾਲ ਮੇਰਾ ਵਾਲ ਵਾਲ ਕੂਕੇ,
ਸੁੰਞੀ ਮਾਂ ਨੂੰ ਰਹੀਆਂ ਕੁਰਲਾ ਜਾਨੀ ।
ਓੜਕ ਮੁਝ ਮੰਗਾਇ ਵਿਆਹਿਓ ਨੇ,
ਜ਼ੋਰੋ ਜ਼ੋਰ ਦਿੱਤੀ ਡੋਲੀ ਪਾ ਜਾਨੀ ।
ਗਾਨਾ ਤੋੜ ਕੇ ਸੁੱਟਿਆ ਵਿਚ ਵੇਹੜੇ,
ਦਿੱਤੇ ਕਪੜੇ ਖ਼ਾਕ ਰੁਲਾ ਜਾਨੀ ।
ਜੇਕਰ ਖ਼ਬਰ ਹੁੰਦੀ ਇਨ੍ਹਾਂ ਬੰਨ੍ਹ ਦੇਣੀ,
ਮਰਦੀ ਖਾਇ ਕੇ ਕੁਝ ਬਲਾ ਜਾਨੀ ।
ਐਪਰ ਇਹ ਸ਼ਰਮਿੰਦਗੀ ਲਿਖੀ ਆਹੀ,
ਤੁਧ ਯਾਰ ਵੱਲੋਂ ਮੇਰੇ ਭਾ ਜਾਨੀ ।
ਘਰ ਸਾਹੁਰੇ ਮੂਲ ਨਾ ਗੱਲ ਕੀਤੀ,
ਸੁੰਞੀ ਸੱਸ ਭੀ ਰਹੀ ਬਲਾ ਜਾਨੀ ।
ਮੇਰੇ ਪਾਸ ਰਕੀਬ ਸੁਆਲਿਓ ਨੇ,
ਸੁੰਞੀ ਪਲੰਘ ਤੇ ਸੇਜ ਵਿਛਾ ਜਾਨੀ ।
ਲੱਗਾ ਦਸਤ ਦਰਾਜ਼ ਰਕੀਬ ਕਰਨੇ,
ਹਿੰਮਤ ਰੱਬ ਦਿੱਤੀ ਮੈਨੂੰ ਚਾ ਜਾਨੀ ।
ਸਾਰੀ ਉਮਰ ਮੇਰੇ ਹੱਥ ਯਾਦ ਕਰਸੀ,
ਦਿੱਤੀ ਮਾਰ ਕੇ ਹੋਸ਼ ਭੁਲਾ ਜਾਨੀ ।
ਮਹੀਂਵਾਲ ਦੀ ਰੱਖ ਅਮਾਨ ਰੱਬਾ,
ਮੰਗੀ ਦੁਆ ਮੈਂ ਹੱਥ ਉਠਾ ਜਾਨੀ ।
ਮੇਰੀ ਅਰਸ਼ ਅਜ਼ੀਮ ਤੇ ਕੂਕ ਪਹੁੰਚੀ,
ਪਈ ਤੁਰੰਤ ਕਬੂਲ ਦੁਆ ਜਾਨੀ ।
ਓਵੇਂ ਰੱਬ ਦੇ ਕਰਮ ਤੇ ਫ਼ਜ਼ਲ ਕੋਲੋਂ,
ਸੁੱਤਾ ਮੁਝ ਤੋਂ ਹੋ ਜੁਦਾ ਜਾਨੀ ।
ਸਵੇਂ ਨਿੱਤ ਨਵੇਕਲਾ ਮੁਝ ਕੋਲੋਂ,
ਕਦੀ ਨਾਂਹ ਵੇਖੇ ਅੱਖੀਂ ਚਾ ਜਾਨੀ ।
ਘਰ ਸਹੁਰੇ ਖ਼ਾਸ ਅਨਜੋੜ ਮੇਰੀ,
ਦਿੱਤੀ ਪੇਕਿਆਂ ਮਨੋਂ ਭੁਲਾ ਜਾਨੀ ।
ਸਾਇਤ ਸਾਲ ਮੈਨੂੰ ਅੱਖੀਂ ਨੀਂਦ ਨਾਹੀਂ,
ਕਿੱਕਰ ਕਹਿਰ ਦੀ ਰੈਣ ਵਿਹਾ ਜਾਨੀ ।
ਬੈਠੀ ਯਾਦ ਕਰਾਂ ਮੇਰੇ ਸਾਈਆਂ ਓ,
ਤੇਰਾ ਚਾ ਜਾਨੀ ਤੇਰਾ ਚਾ ਜਾਨੀ ।
ਤੁਝ ਬਾਝ ਪਲੰਘ, ਪਲੰਘ ਦਿੱਸੇ,
ਸੇਜ ਸੀਖ ਤੇ ਜਾਨ ਚੜ੍ਹਾ ਜਾਨੀ ।
ਹੀਆਂ ਮਾਂਗ ਸ਼ੀਹਾਂ ਕੜਕ ਪੈਣ ਮੈਨੂੰ,
ਇਕ ਪਲਕ ਨਾ ਮਿਲੇ ਟਿਕਾ ਜਾਨੀ ।
ਦਾਵਣ ਖਾਵਣ ਆਂਵਦੀ ਮੁਝ ਤਾਈਂ,
ਜਿਵੇਂ ਡੰਗ ਮਾਰੇ ਅਯਦਹਾ ਜਾਨੀ ।
ਪਾਵੇ ਵੇਖਣੇ ਥੀਂ ਧਾਵੇ ਸੂਲ ਮੈਨੂੰ,
ਆਵੇ ਦੁੱਖ ਪਾਵੇ, ਘਬਰਾ ਜਾਨੀ ।
ਲੇਫ਼ ਸੈਫ਼ ਮਾਰੇ ਜੇਕਰ ਲਵਾਂ ਉੱਤੇ,
ਦੁੱਖ ਸੂਲ ਵਾਲਾ ਦੇਵੇ ਤਾ ਜਾਨੀ ।
ਜੋ ਕੁਝ ਹਾਲ ਮੇਰਾ ਮੇਰੇ ਸਾਈਆਂ ਓ,
ਦਿੱਤਾ ਤੁਧ ਨੂੰ ਸਭ ਸੁਣਾ ਜਾਨੀ ।
ਬਲਦੀ ਅੱਗ ਤੇ ਤੇਲ ਪਲਟਿਓ ਈ,
ਦਿੱਤੋ ਭੜਕਦੀ ਨੂੰ ਭੜਕਾ ਜਾਨੀ ।
ਤਾਨ੍ਹੇ ਲਿਖਿਓ ਨੀ ਆਤਸ਼ ਵਾਂਗ ਤੱਤੇ,
ਗਏ ਜਿਗਰ ਤੇ ਜਾਨ ਜਲਾ ਜਾਨੀ ।
ਲਾਵਾਂ ਭਾਹ ਨਖ਼ਸਮੜੇ ਖ਼ਸਮ ਤਾਈਂ,
ਜਾਤਾ ਸਿਦਕ ਥੀਂ ਇਕ ਖ਼ੁਦਾ ਜਾਨੀ ।
ਆਪੇ ਵੇਖਸੇਂ ਕੁਫ਼ਲ ਸੰਦੂਕ ਜੋੜੇ,
ਬਲਦੀ ਤੇਲ ਨਾ ਪਾਇ ਮਚਾ ਜਾਨੀ ।
ਤਾਕਤ ਨਾਂਹ ਜੋ ਝੂਠ ਨੂੰ ਝੂਠ ਆਖਾਂ,
ਜੋ ਕੁਝ ਲਿਖਿਆ ਨਾਲ ਜਰਾ ਜਾਨੀ ।
ਉਸ ਕੌਲ ਉਪਰ ਪਹਿਰਾ ਦੇਵਸਾਂਗੀ,
ਮਰਾਂ, ਕਰਾਂ ਜੇ ਫੇਰ ਫਿਰਾ ਜਾਨੀ ।
ਜੇਕਰ ਤੁਧ ਥੀਂ ਪਿਆਰਿਆ ਮੁੱਖ ਮੋੜਾਂ,
ਸ਼ਾਲਾ ਦੋਜ਼ਖ਼ੀਂ ਮਿਲੇ ਸਜ਼ਾ ਜਾਨੀ ।
ਸ਼ਾਹਦ ਰੱਬ ਮੇਰਾ, ਤੂਹੈਂ ਖ਼ਾਸ ਕਾਬਾ,
ਸਿਜਦਾ ਹੋਰ ਨਾ ਕਿਤੇ ਰਵਾ ਜਾਨੀ ।
ਲਈਆਂ ਨਾਲ ਤੇਰੇ ਲਾਵਾਂ ਪਿਆਰਿਆ ਓ,
ਰੋਜ਼ ਅਜ਼ਲ ਦੇ ਅਕਦ ਪੜ੍ਹਾ ਜਾਨੀ ।
ਦਾਮਨ ਲੱਗਿਆਂ ਦੀ ਰੱਖੀਂ ਸ਼ਰਮ ਸਾਈਆਂ,
ਦਮਾਂ ਬਾਝ ਮੈਂ ਰਹੀ ਵਿਕਾ ਜਾਨੀ ।
ਮੈਂ ਤੇ ਗੋਲੀਆਂ ਦੀ ਪੜਗੋਲੜੀ ਹਾਂ,
ਨਾਲ ਸਿਦਕ ਯਕੀਨ ਸਫ਼ਾ ਜਾਨੀ ।
ਓਹੋ ਨਾਲ ਈਮਾਨ ਅਮਾਨ ਤੇਰੀ,
ਰੱਖੀ ਗ਼ੈਰ ਥੀਂ ਬਹੁਤ ਛੁਪਾ ਜਾਨੀ ।
ਕਦੀ ਆਬਹਯਾਤ ਵਸਾਲ ਵਾਲਾ,
ਅਸਾਂ ਪਿਆਸਿਆਂ ਨੂੰ ਆ ਪਿਲਾ ਜਾਨੀ ।
ਕਿਸੇ ਨਾਲ ਬਹਾਨੜੇ ਆ ਏਥੇ,
ਕਿਵੇਂ ਪਿਆਰਿਆ ਮੁੱਖ ਦਿਖਾ ਜਾਨੀ ।
ਦੂਤੀ ਕੋਈ ਪਛਾਣ ਨਾ ਮੂਲ ਸਕੇ,
ਕੋਈ ਆਵਣਾ ਭੇਸ ਵਟਾ ਜਾਨੀ ।
ਔਗਣਹਾਰ ਬੀਮਾਰ ਲਾਚਾਰ ਪਈ ਆਂ,
ਤੇਰਾ ਦੇਖਣਾ ਅਸਲ ਦਵਾ ਜਾਨੀ ।
ਨਾਮ ਰੱਬ ਦੇ ਮਿਲੀਂ ਪਿਆਰਿਆ ਓ,
ਮੋਈ ਪਈ ਨੂੰ ਫੇਰ ਜਿਵਾ ਜਾਨੀ ।
ਕਰਸਾਂ ਹੋਰ ਸਲਾਹ ਮੈਂ ਨਾਲ ਤੇਰੇ,
ਜਦੋਂ ਆਵਸੇਂਗਾ ਮੇਰੇ ਦਾ ਜਾਨੀ ।
ਮੁੜ ਕੇ ਸੋਹਣੀ ਦਾ ਖ਼ਤ ਯਾਰ ਵੱਲੇ,
ਲੈ ਕੇ ਗਿਆ ਸ਼ਿਤਾਬ ਸਿਧਾ ਜਾਨੀ ।
ਫ਼ਜ਼ਲ ਯਾਰ ਵਾਲਾ ਖ਼ਤ ਯਾਰ ਤਾਈਂ,
ਦਿੱਤਾ ਓਸ ਨੇ ਫੇਰ ਪੁਚਾ ਜਾਨੀ ।
92. ਮਹੀਂਵਾਲ ਨੇ ਭੇਸ ਵਟਾ ਕੇ ਸੋਹਣੀ ਪਾਸ ਜਾਣਾ

ਖ਼ਤ ਯਾਰ ਵਾਲਾ ਮਹੀਂਵਾਲ ਪੜ੍ਹ ਕੇ,
ਚੁੰਮ ਨਾਲ ਕਲੇਜੜੇ ਲਾਂਵਦਾ ਜੇ ।
ਲਿਖਿਆ ਯਾਰ ਆਹਾ, ਮਿਲ ਜਾਹ ਯਾਰਾ,
ਯਾਰ ਯਾਰ ਕਾਰਨ ਚਿੱਤ ਚਾਂਹਵਦਾ ਜੇ ।
ਕੋਈ ਬਣੇ ਨਾ ਢੋ ਮਿਲਾਪ ਵਾਲਾ,
ਓੜਕ ਰੋ ਕੇ ਨੀਰ ਵਹਾਂਵਦਾ ਜੇ ।
ਕਿਹੜੇ ਤੌਰ ਮਿਲਸਾਂ ਪਿਆਰੇ ਯਾਰ ਤਾਈਂ,
ਲੱਖ ਫ਼ਿਕਰ ਦਲੀਲ ਦੁੜਾਂਵਦਾ ਜੇ ।
ਗਿਆ ਇਸ਼ਕ ਸਿਖਾ ਗਦਾ ਹੋਣਾ,
ਓੜਕ ਵਕਤ ਇਹ ਇਸ਼ਕ ਸਿਖਾਂਵਦਾ ਜੇ ।
ਪਹਿਲੋਂ ਚਾਕ ਹੋਇਆ ਹੁਣ ਖ਼ਾਕ ਮਲੀ,
ਕਾਰਨ ਯਾਰ ਦੇ ਭੇਸ ਵਟਾਂਵਦਾ ਜੇ ।
ਜ਼ਾਲਮ ਇਸ਼ਕ ਨੇ ਪੀਰ ਫ਼ਕੀਰ ਕੀਤੇ,
ਤਖ਼ਤੋਂ ਸ਼ਾਹ ਭੀ ਚਾ ਗਿਰਾਂਵਦਾ ਜੇ ।
ਘਰ ਘਰ ਫਿਰੇ ਬਹਾਨੜੇ ਨਾਲ ਮੰਗਦਾ,
ਕਾਰਨ ਯਾਰ ਦੇ ਸਗਣ ਮਨਾਂਵਦਾ ਜੇ ।
ਕੋਈ ਦੇ ਗਾਲੀ ਕੋਈ ਬੁਰਾ ਬੋਲੇ,
ਕੋਈ ਮਿਹਰ ਸੇਤੀ ਖ਼ੈਰ ਪਾਂਵਦਾ ਜੇ ।
ਅੱਵਲ ਕੁਲ ਮੁਸੀਬਤਾਂ ਝੱਲ ਲੈਂਦਾ,
ਭਾਰ ਇਸ਼ਕ ਵਾਲਾ ਜਿਹੜਾ ਚਾਂਵਦਾ ਜੇ ।
ਇਕ ਖ਼ੈਰ ਮਹਿਬੂਬ ਦੀ ਚਾਹ ਆਹੀ,
ਹੋਈ ਖ਼ੈਰ ਬਦਖ਼ੈਰ ਧਰਾਂਵਦਾ ਜੇ ।
ਗਲੀ ਜਾਨ ਵਾਲਾ ਗਲੀ ਵਿਚ ਕੂਚੇ,
ਫਿਰੇ ਕੂੰਜ ਵਾਂਗੂੰ ਕੁਰਲਾਂਵਦਾ ਜੇ ।
ਓੜਕ ਝਾਗ ਕੂਚੇ ਦੁੱਖ ਦਰਦ ਵਾਲੇ,
ਘਰ ਸਹੁਰੇ ਯਾਰ ਦੇ ਜਾਂਵਦਾ ਜੇ ।
ਖ਼ੈਰ ਆਣ ਫ਼ਕੀਰ ਨੂੰ ਦਾਨ ਕੀਜੇ,
ਉੱਚੀ ਨਾਲ ਆਵਾਜ਼ ਬੁਲਾਂਵਦਾ ਜੇ ।
ਕੰਨੀਂ ਯਾਰ ਦੀ ਸੁਣੇ ਆਵਾਜ਼ ਸੋਹਣੀ,
ਐਪਰ ਵਿਚ ਪਛਾਣ ਨਾ ਆਂਵਦਾ ਜੇ ।
ਕਹਿਆ ਸੱਸ, ਫ਼ਕੀਰ ਨੂੰ ਖ਼ੈਰ ਪਾਵੀਂ,
ਸਾਨੂੰ ਆਸਰਾ ਫ਼ਕਰ ਦੇ ਨਾਮ ਦਾ ਜੇ ।
ਸੋਹਣੀ ਖ਼ੈਰ ਫ਼ਕੀਰ ਨੂੰ ਪਾਉਣ ਚੱਲੀ,
ਦੇਖੋ ਵਿਛੜੇ ਰੱਬ ਮਿਲਾਂਵਦਾ ਜੇ ।
ਓਹਲੇ ਹੋ ਕਹਿਆ ਇਹ ਲੈ ਖ਼ੈਰ ਸਾਈਂ,
ਮਹੀਂਵਾਲ ਰੁਮਾਲ ਨੂੰ ਡਾਂਹਵਦਾ ਜੇ ।
ਖ਼ੈਰ ਲੈਂਦਿਆਂ ਸਾਰ ਨਿਸਾਰ ਹੋਇਆ,
ਸਾਰਾ ਹੋਸ਼ ਹਵਾਸ ਭੁਲਾਂਵਦਾ ਜੇ ।
ਸੋਹਣੀ ਖ਼ਾਸ ਮਿਸਾਲ ਮਸਾਲ ਆਹੀ,
ਆਸ਼ਕ ਵਾਂਗ ਪਤੰਗ ਜਲਾਂਵਦਾ ਜੇ ।
ਕੀਤੀ ਢੂੰਡ ਸੋਹਣੀ ਮਹੀਂਵਾਲ ਭਾਵੇਂ,
ਜਿਹੜਾ ਦੇਖ ਮੈਨੂੰ ਗਸ਼ ਖਾਂਵਦਾ ਜੇ ।
ਓੜਕ ਲਿਆ ਪਛਾਣ ਤੇ ਝੱਸ ਤਲੀਆਂ,
ਯਾਰ ਯਾਰ ਨੂੰ ਤੁਰੰਤ ਉਠਾਂਵਦਾ ਜੇ ।
ਗਲ ਲਗ ਮਿਲੀ ਬੁਝੀ ਅੱਗ ਦਿਲ ਦੀ,
ਐਪਰ ਖ਼ੌਫ਼ ਰਕੀਬ ਦੀ ਮਾਉਂ ਦਾ ਜੇ ।
ਲੱਗੀ ਹਾਲ ਦੱਸਣ ਛੇਤੀ ਨਾਲ ਸੋਹਣੀ,
ਮਹੀਂਵਾਲ ਵੀ ਰੋ ਸੁਣਾਂਵਦਾ ਜੇ ।
ਕਿਸੇ ਨਾਂਹ ਸੁਣੀ ਇਕ ਦੂਸਰੇ ਦੀ,
ਓੜਕ ਕਹੇ ਸੋਹਣੀ ਮਨ ਭਾਂਵਦਾ ਜੇ ।
ਜਾਹ ਸਿਦਕ ਯਕੀਨ ਥੀਂ ਬੈਠ ਸਾਈਆਂ,
ਐਪਰ ਪਾਸ ਜੋ ਘਾਟ ਝਨਾਉਂ ਦਾ ਜੇ ।
ਦੇਸੀ ਰੱਬ ਮੁਰਾਦ ਪੁਗਾ ਤੇਰੀ,
ਜਿਹੜਾ ਕੁਲ ਦੀ ਆਸ ਪੁਜਾਂਵਦਾ ਜੇ ।
ਫ਼ਜ਼ਲ ਸ਼ਾਹ ਮਹਿਬੂਬ ਦੀ ਚਾਹ ਅੰਦਰ,
ਸਾਇਤ ਸਾਲ ਮਿਸਾਲ ਲੰਘਾਂਵਦਾ ਜੇ ।
93. ਮਹੀਂਵਾਲ ਦਾ ਰਾਤ ਨੂੰ ਮੱਛੀ ਦਾ ਕਬਾਬ
ਬਣਾ ਕੇ ਦਰਿਆ ਤਰ ਕੇ ਆਉਣਾ

ਮਹੀਂਵਾਲ ਕਦੀਮ ਦੇ ਲਾਇ ਝੰਡੇ,
ਬੈਠਾ ਬੇਲੀਆਂ ਦੇ ਮਾਨ ਤਾਨ ਭਾਈ ।
ਤਕੀਆਦਾਰ ਹੋ ਰੱਬ ਤੇ ਰੱਖ ਤਕੀਆ,
ਧੂੰਆਂ ਪਾ ਬੈਠਾ ਮਸਤਾਨ ਬੇਲੀ ।
ਰੌਣਕ ਵੇਖ ਫ਼ਕੀਰ ਦੀ ਲੋਕ ਸਾਰੇ,
ਮਹਿਰਮ ਹਾਲ ਹੋਏ ਉਸ ਦੇ ਆਨ ਬੇਲੀ ।
ਜਿਹੜੇ ਘਾਟ ਤੇ ਖ਼ਾਸ ਮਲਾਹ ਆਹੇ,
ਸੌਂਪ ਬੇੜੀਆਂ ਘਰੀਂ ਉਹ ਜਾਨ ਬੇਲੀ ।
ਨਿੱਤ ਦੇਣ ਪੁਚਾਇ ਫ਼ਕੀਰ ਤਾਈਂ,
ਦਿਨ ਰਾਤ ਜੋ ਘਰੀਂ ਪਕਾਨ ਬੇਲੀ ।
ਹੋਰ ਮੀਰ ਸ਼ਿਕਾਰ ਸ਼ਿਕਾਰ ਕਰਦੇ,
ਮੱਛੀ ਬਾਝ ਸ਼ੁਮਾਰ ਬਿਆਨ ਬੇਲੀ ।
ਹਿੱਸਾ ਪੀਰ ਫ਼ਕੀਰ ਦਾ ਵੱਖ ਕਰਕੇ,
ਮਹੀਂਵਾਲ ਦੀ ਨਜ਼ਰ ਟਿਕਾਨ ਬੇਲੀ ।
ਐਪਰ ਸੱਜਣਾਂ ਬਾਝ ਹਰਾਮ ਉਸ ਨੂੰ,
ਖਾਣ ਪੀਣ ਤੇ ਐਸ਼ ਜਹਾਨ ਬੇਲੀ ।
ਨਿੱਤ ਲਾ ਮਸਾਲੜੇ ਭੁੰਨ ਮੱਛੀ,
ਹੋਵੇ ਯਾਰ ਦੇ ਵੱਲ ਰਵਾਨ ਬੇਲੀ ।
ਸੁੱਤੇ ਵਕਤ ਜਾਂ ਲੋਕ ਦਰਾਜ਼ ਥੀਂਦੇ,
ਐਪਰ ਓਸ ਵੇਲੇ ਹਿਲ ਪਾਨ ਬੇਲੀ ।
ਓਧਰ ਸੋਹਣੀ ਭੀ ਇੰਤਜ਼ਾਰ ਕਰਦੀ,
ਮਹੀਂਵਾਲ ਦੀ ਤਰਫ਼ ਧਿਆਨ ਬੇਲੀ,
ਪਹਿਲੇ ਗਲ ਮਿਲਦੇ ਪਿਛੋਂ ਕੱਢ ਮੱਛੀ,
ਰਲ ਖਾਣ ਦੋਵੇਂ ਜਾਨੀ ਜਾਨ ਬੇਲੀ ।
ਗਲ ਮਿਲਣ ਸੇਤੀ ਦੁੱਖ ਦਰਦ ਜਾਵੇ,
ਗ਼ਮ ਸੂਲ ਫ਼ਿਰਾਕ ਸਿਧਾਨ ਬੇਲੀ ।
ਦੁੱਖ ਦੂਰ ਤਮਾਮ ਜ਼ਰੂਰ ਥੀਂਦੇ,
ਜਦੋਂ ਰੱਬ ਹੁੰਦਾ ਮਿਹਰਬਾਨ ਬੇਲੀ ।
ਦੂਜੇ ਭਲਕ ਮਹੀਂਵਾਲ ਭੁੰਨ ਮੱਛੀ,
ਆਵੇ ਲੰਘ ਝਨਾਉਂ ਤੂਫ਼ਾਨ ਬੇਲੀ ।
ਰਾਤੀਂ ਕਾਲੀਆਂ ਚੀਰ ਕੇ ਯਾਰ ਕਾਰਨ,
ਕਰਕੇ ਆਂਵਦਾ ਜਾਨ ਕੁਰਬਾਨ ਬੇਲੀ ।
ਮਿਲ ਕੇ ਯਾਰ ਤਾਈਂ ਫੇਰ ਪਾਰ ਜਾਵੇ,
ਬੈਠੇ ਆਪਣੇ ਜਾ ਮਕਾਨ ਬੇਲੀ ।
ਫ਼ਜ਼ਲ ਸ਼ਾਹ ਮੀਆਂ ਚੋਰੀ ਦੂਤੀਆਂ ਥੀਂ,
ਕਈ ਰੋਜ਼ ਇਸ ਤੌਰ ਲੰਘਾਣ ਬੇਲੀ ।
94. ਇਕ ਦਿਨ ਮੱਛੀ ਨਾ ਮਿਲਣ ਤੇ ਪੱਟ
ਚੀਰ ਕੇ ਕਬਾਬ ਬਣਾ ਕੇ ਲੈ ਜਾਣਾ

ਇਕ ਰੋਜ਼ ਰਜ਼ਾਇ ਥੀਂ ਅੰਬਰ ਬਣਿਆ,
ਲੱਥਾ ਮੀਂਹ ਪਹਾੜ ਦੇ ਵਾਰ ਜਾਨੀ ।
ਬਹੁਤ ਰੋਜ਼ ਥੀਂ ਜ਼ੋਰ ਝਨਾਉਂ ਚੜ੍ਹੀ,
ਮੱਛੀ ਹੱਲ ਗਈ ਉਸ ਵਾਰ ਜਾਨੀ ।
ਕੋਈ ਮੀਰ ਸ਼ਿਕਾਰ ਭੀ ਨਾ ਪਹੁੰਚਾ,
ਭਾਇ ਅਸ਼ਕਾਂ ਬਣੀ ਲਾਚਾਰ ਜਾਨੀ ।
ਵੇਲਾ ਨਿੱਤ ਦਾ ਆਇ ਨਜ਼ੀਕ ਪਹੁਤਾ,
ਪਈ ਰਾਤ ਕਾਲੀ ਧੁੰਧੂਕਾਰ ਜਾਨੀ ।
ਮਹੀਂਵਾਲ ਕੰਢੇ ਉੱਤੇ ਆਇ ਖਲਾ,
ਕੂਕੇ ਰੱਬ ਤੇ ਕਰੇ ਪੁਕਾਰ ਜਾਨੀ ।
ਆਖੇ ਚਾਰ ਮੁਸੀਬਤਾਂ ਪੇਸ਼ ਆਈਆਂ,
ਹੋਇਓਂ ਸਾਹਿਬਾ ਆਪ ਕੱਹਾਰ ਜਾਨੀ ।
ਇਕ ਨਹੀਂ ਮੱਛੀ, ਦੂਜਾ ਨੈਂ ਚੜ੍ਹੀ,
ਤੀਜਾ ਮੀਂਹ, ਚੌਥਾ ਇੰਤਜ਼ਾਰ ਜਾਨੀ ।
ਜੇਕਰ ਯਾਰ ਤਾਈਂ ਅੱਜ ਨਾਂਹ ਮਿਲਸਾਂ,
ਕਿਹਾ ਉਸ ਦਾ ਮੈਂ ਯਾਰ ਗ਼ਾਰ ਜਾਨੀ ।
ਖ਼ਾਤਰ ਯਾਰ ਦੀ ਚੀਰ ਝਨਾਉਂ ਜਾਵਾਂ,
ਖਾਲੀ ਜਾਵਣਾ ਨਹੀਂ ਦਰਕਾਰ ਜਾਨੀ ।
ਓੜਕ ਫੇਰ ਝੁੱਗੀ ਅੰਦਰ ਜਾਇ ਵੜਿਆ,
ਚੀਰੇ ਪੱਟ ਨੂੰ ਖੱਲ ਉਤਾਰ ਜਾਨੀ ।
ਆਸ਼ਕ ਮਾਸ ਜ਼ਿੰਦਾ ਵੱਢ ਲਿਆ ਪੱਟੋਂ,
ਮਾਵਾ ਰੋਜ਼ ਦਾ ਸਮਝ ਵਿਚਾਰ ਜਾਨੀ ।
ਖ਼ਾਸੇ ਲਾ ਮਸਾਲੜੇ ਚਾੜ੍ਹ ਸੀਖੀਂ,
ਹੱਥੀਂ ਭੁੰਨਦਾ ਖ਼ੂਬ ਸਵਾਰ ਜਾਨੀ ।
ਬੰਨ੍ਹ ਪੱਟ ਤੇ ਪੱਟੀਆਂ ਭੁੰਨ ਗੋਸ਼ਤ,
ਗਿਆ ਲੰਘ ਝਨਾਉਂ ਥੀਂ ਪਾਰ ਜਾਨੀ ।
ਪਹਿਲੋਂ ਯਾਰ ਨੂੰ ਮਿਲੇ, ਸ਼ਿਕਾਰ ਪਿਛੋਂ,
ਦੇਵੇ ਯਾਰ ਦੀ ਨਜ਼ਰ ਗੁਜ਼ਾਰ ਜਾਨੀ ।
ਸੋਹਣੀ ਪਕੜ ਕਬਾਬ ਨੂੰ ਮੁੱਖ ਪਾਵੇ,
ਸੁੱਟੇ ਹੋਇ ਕੇ ਤੁਰੰਤ ਬੇਜ਼ਾਰ ਜਾਨੀ ।
ਸੱਚ ਦੱਸ ਬਲਾ ਕੀ ਆਂਦੀਓ ਈ,
ਅੱਜ ਭੁੰਨ ਕੇ ਯਾਰ ਗ਼ਮਖ਼ਾਰ ਜਾਨੀ ।
ਮਹੀਂਵਾਲ ਕਿਹਾ ਮੱਛੀ ਆਂਦੀ ਆ ਮੈਂ,
ਤੇਰੇ ਕਾਰਨੇ ਯਾਰ ਦਿਲਦਾਰ ਜਾਨੀ ।
ਖਾਓ ਨਾਲ ਯਕੀਨ ਵਿਸ਼ਵਾਸ ਨਾਹੀਂ,
ਲਿਆ ਭੁੰਨ ਮੈਂ ਆਪ ਸ਼ਿਕਾਰ ਜਾਨੀ ।
ਮੱਛੀ ਅੱਜ ਵਾਲੀ ਸੱਚ ਸਖ਼ਤ ਆਹੀ,
ਕਰੋ ਕੁਝ ਨਾ ਹੋਰ ਵਿਚਾਰ ਜਾਨੀ ।
ਸੋਹਣੀ ਫੇਰ ਮਜ਼ਾਖ ਦੇ ਨਾਲ ਕਹਿਆ,
ਮੱਛੀ ਨਹੀਂ ਇਹ ਯਾਰ ਸਰਦਾਰ ਜਾਨੀ ।
ਏਹਦਾ ਹੋਰ ਦਾ ਹੋਰ ਸਵਾਦ ਆਵੇ,
ਮੈਥੇ ਆਖ ਤੂੰ ਸੱਚ ਨਿਤਾਰ ਜਾਨੀ ।
ਮਹੀਂਵਾਲ ਨੇ ਹਾਲ ਵਿਖਾਲ ਦਿੱਤਾ,
ਜਦੋਂ ਪੁਛ ਕੀਤੀ ਵਾਰ ਵਾਰ ਜਾਨੀ ।
ਪੱਟੋਂ ਪੱਟੀਆਂ ਖੋਲ੍ਹ ਕੇ ਯਾਰ ਅੱਗੇ,
ਮਹੀਂਵਾਲ ਰੁੰਨਾ ਜ਼ਾਰੋ ਜ਼ਾਰ ਜਾਨੀ ।
ਅਜੇ ਨਹੀਂ ਸਵਾਦ ਜੇ ਤੁਧ ਤਾਈਂ,
ਹਾਜ਼ਰ ਜਾਨ ਮੇਰੀ ਮੈਨੂੰ ਮਾਰ ਜਾਨੀ ।
ਸੋਹਣੀ ਵੇਖ ਰੁੰਨੀ ਫੱਟ ਪੱਟ ਸੰਦਾ,
ਪੁੱਟ ਸੁੱਟਦੀ ਵਾਲ ਹਜ਼ਾਰ ਜਾਨੀ ।
ਪੱਟ ਚੀਰ ਸਾਈਆਂ ਮੈਨੂੰ ਪੱਟਿਓ ਈ,
ਪੱਟ ਪੱਟ ਤੇ ਸੱਟਿਓ ਯਾਰ ਜਾਨੀ ।
ਛੇਤੀ ਪੱਟ ਤੇ ਪੱਟੀਆਂ ਬੰਨ੍ਹ ਯਾਰਾ,
ਤੈਥੋਂ ਘੋਲ ਘੱਤੀ ਸੁਟੀ ਵਾਰ ਜਾਨੀ ।
ਬੱਸ ਸੱਜਣਾ ਓ ਤੈਥੋਂ ਹੱਦ ਹੋਈ,
ਜਾਹ ਬੈਠ ਹੁਣ ਨਾਲ ਕਰਾਰ ਜਾਨੀ ।
ਜਿਤ ਕਿਤ ਮਿਲਸਾਂ ਨਿੱਤ ਪਾਰ ਤੈਨੂੰ,
ਤੁਸਾਂ ਆਵਣਾ ਨਹੀਂ ਉਰਾਰ ਜਾਨੀ ।
ਮਹੀਂਵਾਲ ਬੀਮਾਰ ਸਿਧਾਰ ਗਿਆ,
ਪਾਰ ਵਾਰ, ਇਹ ਮੰਨ ਗੁਫ਼ਤਾਰ ਜਾਨੀ ।
ਇਸ ਥੀਂ ਬਾਦ ਸੋਹਣੀ ਮਹੀਂਵਾਲ ਤਾਈਂ,
ਜਾ ਕੇ ਪਾਰ ਮਿਲੇ ਨਾਲ ਯਾਰ ਜਾਨੀ ।
ਨਿੱਤ ਘੜਾ ਲੈ ਕੇ ਠਿਲ੍ਹ ਪਾਰ ਜਾਵੇ,
ਕਰੇ ਯਾਰ ਦਾ ਜਾ ਦੀਦਾਰ ਜਾਨੀ ।
ਮੁੜਦੀ ਵਾਰ ਲੁਕਾ ਕੇ ਰੱਖ ਆਵੇ,
ਘੜਾ ਬੂਟਿਆਂ ਦੇ ਵਿਚਕਾਰ ਜਾਨੀ ।
ਫ਼ਜ਼ਲ ਸ਼ਾਹ ਪਰ ਮੁੱਦਤਾਂ ਗੁਜ਼ਰ ਗਈਆਂ,
ਰਹੀ ਸੋਹਣੀ ਦੀ ਏਹੋ ਕਾਰ ਜਾਨੀ ।
95. ਸੋਹਣੀ ਦੀ ਨਨਾਣ ਨੂੰ ਖ਼ਬਰ ਹੋਣੀ
ਤੇ ਪੱਕੇ ਘੜੇ ਦਾ ਬਦਲਣਾ

ਇਕ ਰਾਤ ਚੱਲੀ ਸੋਹਣੀ ਯਾਰ ਵੱਲੇ,
ਸੋਹਣਾ ਹਾਰ ਸ਼ਿੰਗਾਰ ਲਗਾ ਬੇਲੀ ।
ਸੁੱਤੀ ਪਈ ਨਨਾਣ ਨੂੰ ਜਾਗ ਆਈ,
ਉਹ ਭੀ ਮਗਰ ਚੱਲੀ ਕਰ ਧਾ ਬੇਲੀ ।
ਸੋਹਣੀ ਨਿਕਲ ਦਰਵਾਜ਼ਿਓਂ ਰਵਾਂ ਹੋਈ,
ਧਰਿਆ ਮੂੰਹ ਝਨਾਓਂ ਦੇ ਦਾ ਬੇਲੀ ।
ਖੋਜ ਚੋਰ ਸੰਦਾ ਖੋਜੀ ਪਕੜ ਲਿਆ,
ਐਪਰ ਚੋਰ ਨੂੰ ਖ਼ਬਰ ਨਾ ਕਾ ਬੇਲੀ ।
ਘੜਾ ਚਾ ਲੈਂਦੀ ਓਹਨਾਂ ਬੂਟਿਆਂ ਥੀਂ,
ਜਿਥੇ ਆਂਵਦੀ ਨਿੱਤ ਲੁਕਾ ਬੇਲੀ ।
ਸਿਰ ਤੇ ਬੰਨ੍ਹ ਵਾਹਲ ਰੱਬ ਯਾਦ ਕਰਕੇ,
ਸੋਹਣੀ ਠਿਲ੍ਹ ਪਈ ਦਰਿਆ ਬੇਲੀ ।
ਮਿਲ ਕੇ ਯਾਰ ਨੂੰ ਲੰਘ ਉਰਾਰ ਆਵੇ,
ਰੱਖੇ ਘੜੇ ਨੂੰ ਫੇਰ ਛੁਪਾ ਬੇਲੀ ।
ਓਹਲੇ ਬੈਠ ਨਿਨਾਣ ਨੇ ਸਭ ਡਿੱਠਾ,
ਐਪਰ ਉਠ ਗਈ ਗ਼ੁੱਸਾ ਖਾ ਬੇਲੀ ।
ਅਗੋਂ ਸੋਹਣੀ ਵੀ ਘਰੀਂ ਜਾ ਸੁੱਤੀ,
ਅਲਫ਼ੋਂ ਯੇ ਤੀਕਰ ਗਲ ਪਾ ਬੇਲੀ ।
ਜਦੋਂ ਫ਼ਜ਼ਰ ਹੋਈ ਉਹ ਭੀ ਕਹਿਰ ਭਰੀ,
ਗਈ ਤਰਫ਼ ਦੁਕਾਨ ਸਿਧਾ ਬੇਲੀ ।
ਫੇਰ ਤਰਫ਼ ਝਨਾਉਂ ਦੀ ਰਵਾਂ ਹੋਈ,
ਕੱਚਾ ਘੜਾ ਦੁਕਾਨ ਥੀਂ ਚਾ ਬੇਲੀ ।
ਜਿਥੇ ਸੋਹਣੀ ਘੜਾ ਟਿਕਾਇਆ ਸੀ,
ਜਾ ਪਹੁੰਚੀ ਓਸੇ ਹੀ ਜਾ ਬੇਲੀ ।
ਕੱਚਾ ਬੂਟਿਆਂ ਵਿਚ ਲੁਕਾ ਰੱਖੇ,
ਪੱਕੇ ਘੜੇ ਦੇ ਨਾਲ ਵਟਾ ਬੇਲੀ ।
ਕੱਚੀ ਕੱਚ ਕੀਤਾ ਧੁਰੋਂ ਸੱਚ ਆਹਾ,
ਕਿਹੜਾ ਲਿਖਿਆ ਲੇਖ ਮਿਟਾ ਬੇਲੀ ।
ਘਰੀਂ ਆਇ ਪਹੁੰਚੀ ਖ਼ੂਨਣ ਆਸ਼ਕਾਂ ਦੀ,
ਦੇਵੇ ਮਾਂ ਨੂੰ ਬਾਤ ਸੁਣਾ ਬੇਲੀ ।
ਉਸ ਦੀ ਮਾਓਂ ਭੀ ਮਾਰਨਾ ਲੋੜਦੀ ਸੀ,
ਦਿੱਤੀ ਆਸ ਖ਼ੁਦਾ ਪੁਜਾ ਬੇਲੀ ।
ਆਈ ਕਹਿਰ ਤੇ ਗ਼ਜ਼ਬ ਦੀ ਰਾਤ ਮੁੜਕੇ,
ਕਾਲਾ ਮਾਤਮੀ ਵੇਸ ਵਟਾ ਬੇਲੀ ।
ਅੱਧੀ ਰਾਤ ਟੁਰੀ ਸੋਹਣੀ ਯਾਰ ਵੱਲੇ,
ਗਈ ਪੀਰ ਫ਼ਕੀਰ ਮਨਾ ਬੇਲੀ ।
ਇਕ ਰਾਤ ਨ੍ਹੇਰੀ, ਵਗੇ ਵਾ ਦੂਜੀ,
ਪੁੱਟ ਸੁੱਟਦੀ ਰੁੱਖ ਉਠਾ ਬੇਲੀ ।
ਬਿਜਲੀ ਬੱਦਲਾਂ ਥੀਂ ਕੜਕ ਮਾਰ ਪੈਂਦੀ,
ਦੇਂਦੀ ਤਬਕ ਜ਼ਮੀਨ ਹਿਲਾ ਬੇਲੀ ।
ਅਜਲ ਪਈ ਪੁਕਾਰਦੀ ਸੋਹਣੀ ਨੂੰ,
ਮੈਥੇ ਆ ਬੇਲੀ, ਮੈਥੇ ਆ ਬੇਲੀ ।
ਜਿਉਂ ਜਿਉਂ ਸੋਹਣੀ ਨੂੰ ਸੱਦ ਪੈਣ ਯਾਰੋ,
ਤਿਉਂ ਤਿਉਂ ਆਂਵਦੀ ਪੈਰ ਉਠਾ ਬੇਲੀ ।
ਦੇਉ ਵਾਂਗ ਉਸ ਜੰਡ ਕਰੀਰ ਦਿੱਸਣ,
ਦੇਣ ਰੱਤ ਸਰੀਰ ਸੁਕਾ ਬੇਲੀ ।
ਗ਼ੁਲ ਚਾਰ ਚੁਫ਼ੇਰੇ ਆਵਾਜ਼ ਕਰਦੇ,
ਹੋਰ ਲੱਖ ਕਰੋੜ ਬਲਾ ਬੇਲੀ ।
ਉਸ ਰਾਤ ਹਜ਼ਾਰ ਆਫ਼ਾਤ ਆਈ,
ਖੋਲ੍ਹ ਮੂੰਹ ਬੈਠੇ ਅਯਦਹਾ ਬੇਲੀ ।
ਪੈਰੀਂ ਚੁਭਨ ਸੂਲਾਂ, ਸੂਲਾਂ ਵਾਲੜੀ ਨੂੰ,
ਆਹੀ ਜਾਹ ਨਾ ਖ਼ੈਰ ਧਰਾ ਬੇਲੀ ।
ਓੜਕ ਝਾਗ ਮੁਸੀਬਤਾਂ ਜਾਇ ਪਹੁੰਚੀ,
ਜਿਥੇ ਆਂਵਦੀ ਘੜਾ ਟਿਕਾ ਬੇਲੀ ।
ਓਹਨਾਂ ਬੂਟਿਆਂ ਥੀਂ ਘੜਾ ਚਾਇ ਲੈਂਦੀ,
ਕਰਕੇ ਯਾਦ ਰਸੂਲ ਖ਼ੁਦਾ ਬੇਲੀ ।
ਘੜਾ ਪਕੜਨੇ ਥੀਂ ਕੱਚਾ ਨਜ਼ਰ ਆਇਆ,
ਰੋ ਰੋ ਕੂਕਦੀ ਘੱਤ ਕਹਾ ਬੇਲੀ ।
ਏਵੇਂ ਪਈ ਪੁਕਾਰਦੀ ਰੱਬ ਅੱਗੇ,
ਜਿਵੇਂ ਸਾਹਿਬਾਂ ਤੁਧ ਰਜ਼ਾ ਬੇਲੀ ।
ਮੇਰਾ ਪੱਕਿਓਂ ਕੀਤਾ ਈ ਚਾ ਕੱਚਾ,
ਕਿਹੜਾ ਦੇ ਤਕਦੀਰ ਮਿਟਾ ਬੇਲੀ ।
ਜੇਕਰ ਆਪ ਰਖੇਂ ਮਾਰੇ ਕੌਣ ਸਾਈਆਂ,
ਮੋਈ ਹੋਈ ਨੂੰ ਦੇਇੰ ਜਿਆ ਬੇਲੀ ।
ਕਈ ਲੱਖ ਅਨਤਾਰੂਆਂ ਡੁੱਬਦਿਆਂ ਨੂੰ,
ਦੇਵੇਂ ਫ਼ਜ਼ਲ ਥੀਂ ਪਾਰ ਲੰਘਾ ਬੇਲੀ ।
ਜੇਕਰ ਮੁੜਾਂ ਤਾਂ ਇਸ਼ਕ ਨੂੰ ਲਾਜ ਲਗਦੀ,
ਮੁੜਨ ਅਸ਼ਕਾਂ ਨਹੀਂ ਰਵਾ ਬੇਲੀ ।
ਰਾਤ ਯਾਰ ਵਾਲੀ ਅੱਜ ਮੁਝ ਉੱਤੇ,
ਮੁੜਿਆ ਦੀਨ ਈਮਾਨ ਥੀਂ ਜਾ ਬੇਲੀ ।
ਜੇਕਰ ਪਿਛਾਂ ਜਾਵਾਂ ਝੂਠੀ ਯਾਰ ਵੱਲੋਂ,
ਪਿਛਾਂ ਜਾਣ ਦੇ ਵਿਚ ਖ਼ਤਾ ਬੇਲੀ ।
ਜੇਕਰ ਸੰਗ ਰੱਖੀ ਕੀਕਰ ਸੰਗ ਮਿਲਸਾਂ,
ਸੰਗ ਵਾਲੜੇ ਸੰਗ ਗਵਾ ਬੇਲੀ ।
ਪਿਛਾਂ ਮੁੜਨ ਕੇਹਾ ਜੇਕਰ ਪੈਰ ਮੋੜਾਂ,
ਜਲਾਂ ਦੋਜ਼ਖ਼ੀਂ ਮਿਲੇ ਸਜ਼ਾ ਬੇਲੀ ।
ਸੋਹਣੀ ਤਾਂ ਹੋਵਾਂ ਜੇਕਰ ਅੱਜ ਮਿਲਸਾਂ,
ਨਹੀਂ ਕੋਝੜੀ ਨਾਮ ਧਰਾ ਬੇਲੀ ।
ਮੈਥੋਂ ਕਿਵੇਂ ਨਾ ਮੂਲ ਕਜ਼ਾ ਹੋਸੀ,
ਜੋ ਕੁਝ ਆਈ ਆਂ ਲੇਖ ਲਿਖਾ ਬੇਲੀ ।
ਜੇਕਰ ਪਿਛਾਂਹ ਮੁੜਾਂ ਕਾਫ਼ਰ ਹੋਇ ਮਰਾਂ,
ਦੋਜ਼ਖ਼ ਕੁਲ ਕੁਫ਼ਾਰ ਦੀ ਜਾ ਬੇਲੀ ।
ਮਹੀਂਵਾਲ ਤਾਈਂ ਕਾਬਾ ਜਾਣਿਆ ਮੈਂ,
ਕਿਹੜਾ ਕਾਬਿਓਂ ਮੁੱਖ ਭਵਾ ਬੇਲੀ ।
ਸੱਚਾ ਇਸ਼ਕ ਤਾਹੀਂ ਜੇਕਰ ਅੱਜ ਮਿਲਸਾਂ,
ਦਿਆਂ ਜਾਨ ਨੂੰ ਘੋਲ ਘੁਮਾ ਬੇਲੀ ।
ਇਕੇ ਯਾਰ ਦਾ ਜਾ ਦੀਦਾਰ ਕੀਤਾ,
ਇਕੇ ਜਾਨ ਹੋ ਗਈ ਫ਼ਿਦਾ ਬੇਲੀ ।
ਬਾਝ ਯਾਰ ਦਿਲਦਾਰ ਗ਼ੁਬਾਰ ਦਿੱਸੇ,
ਮਹੀਂਵਾਲ ਦਾ ਹੈ ਮੈਨੂੰ ਚਾ ਬੇਲੀ ।
ਘੜਾ ਪਕੜ ਕੇ ਹੋ ਰਵਾਨ ਟੁਰੀ,
ਨਾਲ ਸਿਦਕ ਯਕੀਨ ਸਫ਼ਾ ਬੇਲੀ ।
ਇਕ ਯਾਰ ਦਾ ਪਿਆਰ ਦਰਕਾਰ ਜਾਤਾ,
ਚਲੀ ਗ਼ੈਰ ਦੀ ਪ੍ਰੀਤ ਚੁਕਾ ਬੇਲੀ ।
ਸੋਹਣੀ ਜਾਇ ਪਹੁੰਚੀ ਉਪਰ ਕੰਢੜੇ ਦੇ,
ਮੂੰਹੋਂ ਮੰਗਦੀ ਖੜੀ ਦੁਆ ਬੇਲੀ ।
ਸਿਰ ਤੇ ਬੰਨ੍ਹ ਵਾਹਲ ਕਲਮਾ ਯਾਦ ਕੀਤਾ,
ਟੁਰੀ ਯਾਰ ਦਾ ਲੈਣ ਲਕਾ ਬੇਲੀ ।
ਫ਼ਜ਼ਲ ਜਾਣ ਕੇ ਜਾਨ ਵੰਞਾਣ ਆਸ਼ਕ,
ਮੁੜਦੇ ਇਸ਼ਕ ਨੂੰ ਲਾਜ ਨਾ ਲਾ ਬੇਲੀ ।
96. ਸੋਹਣੀ ਦਾ ਦਰਿਆ ਵਿਚ ਠਿਲ੍ਹਣਾ ਤੇ
ਘੁੰਮਣਘੇਰੀ ਵਿਚ ਪੈ ਜਾਣਾ

ਪਾਣੀ ਚੜ੍ਹ ਆਇਆ ਉਪਰ ਕੰਢਿਆਂ ਦੇ,
ਓਸ ਰਾਤ ਸੀ ਐਡ ਤੂਫ਼ਾਨ ਮੀਆਂ ।
ਸੋਹਣੀ ਵਿਚ ਦਰਿਆ ਦੇ ਜਾਇ ਵੜੀ,
ਕੰਬ ਗਏ ਨੀ ਜ਼ਿਮੀਂ ਅਸਮਾਨ ਮੀਆਂ ।
ਅੰਬਰ ਕੜਕ ਡਰਾਂਵਦੇ ਰ੍ਹਾਦ ਵਾਂਗੂੰ,
ਦੇਖ ਸਹਿਮ ਗਈ ਉਹਦੀ ਜਾਨ ਮੀਆਂ ।
ਮੁੜ ਮੁੜ ਦੇ ਤਸੱਲੀਆਂ ਜੀ ਤਾਈਂ,
ਮੰਦਾ ਯਾਰ ਤੋਂ ਮੁੱਖ ਭਵਾਨ ਮੀਆਂ ।
ਮੁੱਖ ਮੋੜਿਆਂ ਇਸ਼ਕ ਨੂੰ ਲਾਜ ਲੱਗੇ,
ਮਹੀਂਵਾਲ ਤੇ ਜਾਨ ਕੁਰਬਾਨ ਮੀਆਂ ।
ਮਹੀਂਵਾਲ ਹੈ ਦੋ ਜਹਾਨ ਅੰਦਰ,
ਮਾਲ ਜਾਨ ਤੇ ਦੀਨ ਈਮਾਨ ਮੀਆਂ ।
ਵਾਲੀ ਰੂਹ ਦਾ ਹੋ ਉਦਾਸ ਟੁਰਿਆ,
ਝੁਲੀ ਆਇ ਕੇ ਵਾ ਖ਼ਿਜ਼ਾਨ ਮੀਆਂ ।
ਓੜਕ ਬੰਨ੍ਹ ਮੁਡਾਂਸੜਾ ਠਿਲ੍ਹ ਪਈ,
ਕੱਚੇ ਘੜੇ ਉੱਤੇ ਲਾਇਆ ਤਾਨ ਮੀਆਂ ।
ਜੋ ਕੁਝ ਲੋਹ ਮਹਫ਼ੂਜ਼ ਤੇ ਲਿਖਿਆ ਸੀ,
ਸੋਈ ਵਹਿ ਮਿਲਸੀ ਅੱਜ ਆਨ ਮੀਆਂ ।
ਕਰੇ ਜਾਨ ਹਵਾਲੜੇ ਯਾਰ ਦੇ ਜੀ,
ਜਿਹੜਾ ਯਾਰ ਸੀ ਵਿਰਦ ਜ਼ਬਾਨ ਮੀਆਂ ।
ਅੱਜ ਸ਼ਾਖ਼ ਉਮੈਦ ਦੀ ਟੁੱਟ ਪੈਸੀ,
ਹੋਸੀ ਬਾਗ਼ ਵਜੂਦ ਵੈਰਾਨ ਮੀਆਂ ।
ਫ਼ਜ਼ਲ ਯਾਰ ਤੋਂ ਮੁੱਖ ਨਾ ਮੋੜਿਓ ਸੂ,
ਹੋਈ ਯਾਰ ਦੇ ਵੱਲ ਰਵਾਨ ਮੀਆਂ ।
97. ਸੋਹਣੀ ਦਾ ਗੋਤੇ ਖਾਣਾ

ਵੰਝੀਂ ਹਾਥ ਝਨਾਉਂ ਅੰਧੇਰ ਚੜ੍ਹੀ,
ਓਸ ਰਾਤ ਸੀ ਐਡ ਉਛਾਲ ਹੋਈ ।
ਕੱਚਾ ਘੜਾ ਗੁਦਾਜ਼ ਹੋ ਗਿਆ ਸਾਰਾ,
ਵਾਹਲ ਭਿੱਜ ਗਈ ਮੰਦੇ ਹਾਲ ਹੋਈ ।
ਘੁੰਮਣਘੇਰ ਚੁਫੇਰ ਅੰਧੇਰ ਕੀਤਾ,
ਨਾਲ ਲਹਿਰ ਕਜ਼ਾ ਪਾਮਾਲ ਹੋਈ ।
ਹੁਣ ਆਇ ਕੇ ਦੇਖ ਪਿਆਰਿਆ ਓਏ,
ਜੋ ਕੁਛ ਮੈਂ ਨਿਮਾਣੀ ਦੇ ਨਾਲ ਹੋਈ ।
ਰੱਬ ਕਰੇ ਨਸੀਬ ਨਾ ਦੂਤੀਆਂ ਦੇ,
ਜੋ ਕੁਝ ਨਾਲ ਮੇਰੇ ਮਹੀਂਵਾਲ ਹੋਈ ।
ਲਖ ਮੌਜ ਸੰਦੀ ਪਈ ਫ਼ੌਜ ਮੈਨੂੰ,
ਮੈਥੋਂ ਜ਼ਰਾ ਨਾ ਸੁਰਤ ਸੰਭਾਲ ਹੋਈ ।
ਗਿਆ ਪਾਟ ਜਹਾਜ਼ ਉਮੈਦ ਵਾਲਾ,
ਮੇਰੀ ਜ਼ਿੰਦਗੀ ਖ਼ਾਬ ਖ਼ਿਆਲ ਹੋਈ ।
ਸਿਰ ਸਿਰ ਲਾ ਬਾਜ਼ੀ ਤੱਤੀ ਖੇਡ ਬੈਠੀ,
ਓੜਕ ਤਿੰਨ ਕਾਣੇ ਮੇਰੀ ਚਾਲ ਹੋਈ ।
ਜਿਹੜੀ ਸੋਹਣੀ ਲਈ ਫ਼ਕੀਰ ਹੋਇਓਂ,
ਛੁਰੀ ਅਜਲ ਦੀ ਨਾਲ ਹਲਾਲ ਹੋਈ ।
ਛੁੱਟਾ ਤੀਰ ਤਕਦੀਰ ਦਾ ਗ਼ੈਬ ਵੱਲੋਂ,
ਮੇਰੀ ਜਾਨ ਓਇ ਪਿਆਰਿਆ ਢਾਲ ਹੋਈ ।
ਕਈ ੱਖ ਅਫ਼ਾਤ ਝਨਾਉਂ ਸੰਦੀ,
ਮੇਰੇ ਖਾਣ ਕਾਰਨ ਖੁਸ਼ਹਾਲ ਹੋਈ ।
ਹਾਏ ! ਹਾਏ ! ਹਾਲ ਮੇਰਾ ਤੈਨੂੰ ਕੌਣ ਦੱਸੇ,
ਫ਼ਰਿਆਦ ਮੇਰੀ ਵਾਲ ਵਾਲ ਹੋਈ ।
ਸ਼ਾਲਾ ਮਰੇ ਉਸ ਘੜਾ ਵਟੇਂਦੜੀ ਦਾ,
ਜਿਹੜੀ ਅਸਾਂ ਵਿਛੋੜ ਨਿਹਾਲ ਹੋਈ ।
ਮੇਰੇ ਰੂਹ ਦੇ ਬਾਜ਼ ਪਰਵਾਜ਼ ਕੀਤਾ,
ਖ਼ਾਲੀ ਆਸ਼ਕਾਂ ਹੱਥ ਦਵਾਲ ਹੋਈ ।
ਇਕ ਵਾਰ ਦੀਦਾਰ ਹੁਣ ਆ ਦੇਵੀਂ,
ਤੇਰੇ ਮੁੱਖ ਦੀ ਭੁੱਖ ਕਮਾਲ ਹੋਈ ।
ਖ਼ੂਨੀ ਮੌਤ ਦਾ ਆਣ ਗ਼ਨੀਮ ਲੱਥਾ,
ਸ਼ਹਿਰ ਆਸ਼ਕਾਂ ਦੇ ਹੜਤਾਲ ਹੋਈ ।
ਮੁੜਕੇ ਰੋਜ਼ ਕਿਆਮਤ ਦੇ ਮੇਲੜਾ ਈ,
ਏਹੋ ਭਾ ਅਸਾਡੜੇ ਨਾਲ ਹੋਈ ।
ਰੱਜ ਕੀਤੀਆਂ ਨਾ ਤੇਰੇ ਨਾਲ ਗੱਲਾਂ,
ਸਾਰੀ ਉਮਰ ਦੁੱਖ ਅੰਦਰ ਜਾਲ ਹੋਈ ।
ਹੋਇਆ ਸੁੱਖ ਨਸੀਬ ਨਾ ਤੱਤੜੀ ਨੂੰ,
ਹੱਥੋਂ ਤਾਨ੍ਹਿਆਂ ਜਾਨ ਵਬਾਲ ਹੋਈ ।
ਦਿਲ ਦਾ ਖ਼ੂਨ ਅੱਖੀਂ ਭਰ ਕੇ ਰੋਨੀ ਆਂ ਮੈਂ,
ਮੇਰੇ ਹੰਝੂਆਂ ਥੀਂ ਨਦੀ ਲਾਲ ਹੋਈ ।
ਚੋਰੀ ਮਿਲਣ ਆਇਆ ਅੱਗੇ ਦੂਤੀਆਂ ਤੋਂ,
ਹੁਣ ਬੇਲੀਆ ਗੱਲ ਮੁਹਾਲ ਹੋਈ ।
ਫ਼ਜ਼ਲ ਯਾਰ ਪਿਆਰੇ ਨੂੰ ਕੂਕਦੀ ਸੀ,
ਸੋਹਣੀ ਗੋਤਿਆਂ ਨਾਲ ਨਿਢਾਲ ਹੋਈ ।
98. ਸੋਹਣੀ ਦੇ ਵੈਣ

ਹੁਣ ਆ ਮਿਲ ਪਿਆਰਿਆ ਵੇਲੜਾ ਈ,
ਲੱਗੀ ਸਾਂਗ ਵਿਛੋੜੇ ਦੀ ਤਾਰ ਮੈਨੂੰ ।
ਹੋਸੀ ਜਿਉਂਦਿਆਂ ਫੇਰ ਨਾ ਮੇਲ ਤੇਰਾ,
ਜਾਂਦੀ ਵਕਤ ਆ ਦੇਹ ਦੀਦਾਰ ਮੈਨੂੰ ।
ਲੱਗਾ ਤੀਰ ਫ਼ਿਰਾਕ ਦਾ ਵਿਚ ਸੀਨੇ,
ਨਿਕਲ ਪਾਰ ਗਿਆ ਅਵਾਸਾਰ ਮੈਨੂੰ ।
ਅਜ਼ਰਾਈਲ ਵਕੀਲ ਹੈ ਆਣ ਖਲਾ,
ਦੇਂਦਾ ਲੈਣ ਨਾ ਪਲਕ ਕਰਾਰ ਮੈਨੂੰ ।
ਮੁੜ ਮੁੜ ਦੇਹ ਉਥੱਲ ਪੁਥੱਲ ਸਾਈਆਂ,
ਲਿਆ ਝੰਬ ਅੰਧੇਰੀ ਨੇ ਮਾਰ ਮੈਨੂੰ ।
ਨਾਲੇ ਗੜਾ ਲੱਥਾ ਕਿਸੇ ਕਹਿਰ ਦਾ ਈ,
ਖਾਵੇ ਬਿਜਲੀ ਦਾ ਚਮਤਕਾਰ ਮੈਨੂੰ ।
ਮੂਸੇ ਵਾਂਗ ਆਈ ਯਾਰ ਰਾਤ ਕਾਲੀ,
ਧੁੰਧੂਕਾਰ ਤੇ ਅਬਰ ਗ਼ੁਬਾਰ ਮੈਨੂੰ ।
ਮੇਰੀ ਜਾਨ ਅਜ਼ਾਬ ਦੇ ਮੁੱਖ ਆਈ,
ਮੌਲਾ ਸਮਝ ਲੀਤਾ ਗੁਨਹਗਾਰ ਮੈਨੂੰ ।
ਲੈ ਓ ਯਾਰ ! ਲਬਾਂ ਉੱਤੇ ਜਾਨ ਆਈ,
ਹੁਣ ਦੀਦ ਤਾਂ ਦੇਹ ਇਕ ਵਾਰ ਮੈਨੂੰ ।
ਬਾਜ਼ ਅਜ਼ਲ ਦੇ ਤੇਜ਼ ਤਰਾਰ ਖ਼ੂਨੀ,
ਕੀਤਾ ਵਿਚ ਪਲਕਾਰ ਸ਼ਿਕਾਰ ਮੈਨੂੰ ।
ਲੰਮੇ ਵਹਿਣ ਪਈ ਆ ਤੇਰੀ ਸੋਹਣੀ ਓਇ,
ਹੁਣ ਆ ਲੰਘਾ ਖਾਂ ਪਾਰ ਮੈਨੂੰ ।
ਮੱਛ ਕੱਛ ਕੁੰਮੇ ਤੰਦਵੇ ਬੁਲ੍ਹਣਾਂ ਭੀ,
ਆਏ ਖਾਣ ਹਜ਼ਾਰ ਸੰਸਾਰ ਮੈਨੂੰ ।
ਏਹੋਲੇਖ ਮੇਰੇ ਮੱਥੇ ਲਿਖਿਆ ਸੀ,
ਜਿਹੜਾ ਅੱਜ ਹੋਇਆ ਇਜ਼ਹਾਰ ਮੈਨੂੰ ।
ਮੇਰੀ ਜਾਨ ਤਰਸੰਦੜੀ ਲਏ ਤਰਲੇ,
ਮਿਲ ਜਾਹ ਓ ਪਿਆਰਿਆ ਯਾਰ ਮੈਨੂੰ ।
ਲੱਖ ਕੂਕ ਅਰਸ਼ੋਂ ਲੰਘ ਪਾਰ ਗਈਆਂ,
ਦਿੱਤੀ ਦਾਦ ਨਾ ਰੱਬ ਕੱਹਾਰ ਮੈਨੂੰ ।
ਤੱਤੀ ਰੱਜ ਨਾ ਦੇਖਿਆ ਮੁੱਖ ਤੇਰਾ,
ਆਣ ਬਣੀ ਓ ਯਾਰ ਲਾਚਾਰ ਮੈਨੂੰ ।
ਮੇਰੇ ਕਰਮ ਸਵੱਲੜੇ ਧੁਰੋਂ ਨਾਹੀਂ,
ਦਿੱਤੀ ਭਾਗ ਨਸੀਬ ਨੇ ਹਾਰ ਮੈਨੂੰ ।
ਆਪ ਆਇ ਕੇ ਮੁੱਖ ਵਿਖਾ ਸੋਹਣਾ,
ਮਰਦੀ ਵਾਰ ਤਾਂ ਸ਼ੁਕਰ ਗੁਜ਼ਾਰ ਮੈਨੂੰ ।
ਮੋਈ ਹੋਈ ਵੀ ਪਈ ਪੁਕਾਰਸਾਂਗੀ,
ਕੀਕਰ ਭੁੱਲ ਵੈਸੀ ਤੇਰਾ ਪਿਆਰ ਮੈਨੂੰ ।
ਪਈ ਧਾੜ ਅਜ਼ਗੈਬ ਦੀ ਤਾੜ ਕੇ ਤੇ,
ਰਾਹੋਂ ਲੁਟਿਆ ਈ ਮੇਰੇ ਯਾਰ ਮੈਨੂੰ ।
ਫ਼ਜ਼ਲ ਯਾਰ ਪਿਆਰਿਆ ਲਾ ਛਾਤੀ,
ਗ਼ਮਖ਼ਾਰ ਮੇਰੇ ਦਿਲਦਾਰ ਮੈਨੂੰ ।
99. ਤਥਾ

ਕਿਸ ਨੂੰ ਆਣ ਕੇ ਢੂੰਡਸੇਂ ਵਿਚ ਨੈਂਂ ਦੇ,
ਵੰਝੀਂ ਹਾਥ ਪਾਣੀ ਜਲ ਥੱਲ ਹੋਸੀ ।
ਕਿਹੜਾ ਦੇ ਦਿਲਾਸੜਾ ਤੁਧ ਤਾਈਂ,
ਕਿਸ ਨਾਲ ਸਾਈਆਂ ਤੇਰੀ ਗੱਲ ਹੋਸੀ ।
ਜਦੋਂ ਸੋਹਣੀ ਦਾ ਕੋਈ ਨਾਮ ਲੈਸੀ,
ਤੇਰੇ ਕਾਲਜੇ ਦੇ ਵਿਚ ਸੱਲ ਹੋਸੀ ।
ਮੌਲਾ ਜਾਣਦਾ ਹੈ ਸੁੰਞੀ ਜਾਨ ਮੇਰੀ,
ਤੇਰਾ ਨਾਮ ਲੈਂਦੀ ਕਿਹੜੇ ਵੱਲ ਹੋਸੀ ।
ਜਿਹੜਾ ਬੂਟੜਾ ਆਸ ਉਮੈਦ ਵਾਲਾ,
ਸੋਈ ਪਿਆਰਿਆ ਓਇ ਬਾਝ ਫੱਲ ਹੋਸੀ ।
ਤੇਰੇ ਗਏ ਨੀ ਪਾਨ ਕੁਮਲਾ ਸਾਰੇ,
ਕਲ੍ਹ ਵੇਖ ਲਈਂ ਸੁੱਕੀ ਵੱਲ ਹੋਸੀ ।
ਜਦੋਂ ਸੁਣੇਂਗਾ ਹਾਲ ਅਸਾਡੜੇ ਨੂੰ,
ਕੋਇਲਾ ਜੀਉ ਤੇਰਾ ਜਲ ਬੱਲ ਹੋਸੀ ।
ਫ਼ਜ਼ਲ ਸ਼ਾਹ ਜੇ ਆਹ ਫ਼ੁਗ਼ਾਨ ਕਰਸੇਂ,
ਤਦੋਂ ਅਰਸ਼ ਅਜ਼ੀਮ ਨੂੰ ਹੱਲ ਹੋਸੀ ।
100. ਤਥਾ

ਸੋਹਣੀ ਕੂਕਦੀ ਬੇਲੀਆ, ਬੇਲੀਆ ਓ,
ਦੱਸ ਕੌਣ ਦਰਦੀ ਏਡੇ ਹੈਣ ਤੇਰੇ ।
ਇਕ ਸਾਹਾ ਆਹਾ ਤੇਰਾ ਨਾਲ ਮੇਰੇ,
ਏਥੇ ਹੋਰ ਨਾਹੀਂ ਸਾਕ ਸੈਣ ਤੇਰੇ ।
ਪਿੱਛਾ ਦੂਰ ਰਿਹਾ ਤੇਰਾ ਸੱਜਣਾ ਓ,
ਹੁਣ ਕੋਲ ਨਾਹੀਂ ਭਾਈ ਭੈਣ ਤੇਰੇ ।
ਫਿਰਸੈਂ ਕੰਢਿਆਂ ਤੇ ਡਾਵਾਂ-ਡੋਲ ਭੌਂਦਾ,
ਕੋਈ ਨਾਂਹ ਸੁਣਸੀ ਸੁੰਞੇ ਵੈਣ ਤੇਰੇ ।
ਜਦੋਂ ਦਰਦ ਫ਼ਿਰਾਕ ਦੀ ਧਾੜ ਪੈਸੀ,
ਕਿਹੜੇ ਵੱਲ ਵੈਸਣ ਸੁਖ ਚੈਣ ਤੇਰੇ ।
ਫ਼ਜ਼ਲ ਨਾਲ ਸ਼ਾਲਾ ਜੁੱਗਾਂ ਤੀਕ ਜੀਵੇਂ,
ਖ਼ੁਸ਼ੀ ਨਾਲ ਗੁਜ਼ਰਨ ਦਿਨ ਰੈਣ ਤੇਰੇ ।
101. ਤਥਾ

ਮਰ ਚੁੱਕੀ ਆਂ ਜਾਨ ਹੈ ਨੱਕ ਉੱਤੇ,
ਮੈਥੇ ਆ ਓਇ ਬੇਲੀਆ ਵਾਸਤਾ ਈ ।
ਮੇਰਾ ਅਖ਼ਰੀ ਵਕਤ ਵਸਾਲ ਹੋਇਆ,
ਗਲ ਲਾ ਓਇ ਬੇਲੀਆ ਵਾਸਤਾ ਈ ।
ਰਹੇ ਨਿੱਤ ਚਮਾਂਦੜਾ ਵਿਚ ਸੀਨੇ,
ਤੇਰਾ ਘਾ ਓਇ ਬੇਲੀਆ ਵਾਸਤਾ ਈ ।
ਫ਼ੌਜ ਦਰਦ ਫ਼ਿਰਾਕ ਦੇ ਸੂਲ ਵਾਲੀ,
ਪਈ ਧਾ ਓਇ ਬੇਲੀਆ ਵਾਸਤਾ ਈ ।
ਰੋਮ ਰੋਮ ਅੰਦਰ ਤੇਰਾ ਨਾਮ ਆਲੀ,
ਰਚਿਆ ਜਾ ਓਇ ਬੇਲੀਆ ਵਾਸਤਾ ਈ ।
ਮੈਥੇ ਫ਼ਜ਼ਲ ਦੀ ਮੋੜ ਮੁਹਾਰ ਸਾਈਆਂ,
ਫੇਰਾ ਪਾ ਓਇ ਬੇਲੀਆ ਵਾਸਤਾ ਈ ।
102. ਤਥਾ

ਮਲਕੁਲ ਮੌਤ ਆਇਆ ਜਿੰਦ ਲੈਣ ਕਾਰਨ,
ਮੇਰੇ ਪਾਸ ਓਇ ਪਿਆਰਿਆ ਵੇਲੜਾ ਈ ।
ਜੇਕਰ ਪਹੁੰਚਣਾ ਈ ਮੈਥੀਂ ਪਹੁੰਚ ਸਾਈਆਂ,
ਤੇਰੀ ਆਸ ਓਇ ਪਿਆਰਿਆ ਵੇਲੜਾ ਈ ।
ਮੱਛੀ ਯੂਨਸ ਵਾਲੜੀ ਆਣ ਪਹੁੰਚੀ,
ਖਾਣ ਮਾਸ ਓਇ ਪਿਆਰਿਆ ਵੇਲੜਾ ਈ ।
ਤੈਨੂੰ ਖਲੀ ਉਡੀਕਦੀ ਰਾਹ ਉੱਤੇ,
ਕੋਈ ਸਾਸ ਓਇ ਪਿਆਰਿਆ ਵੇਲੜਾ ਈ ।
ਕਾਹਨੂੰ ਪਾਰ ਝਨਾਉਂ ਥੀਂ ਪਾਰ ਕੀਤੋ,
ਸੁੰਞਾ ਵਾਸ ਓਇ ਪਿਆਰਿਆ ਵੇਲੜਾ ਈ ।
ਜਲਦੀ ਜਾਨ ਮੇਰੀ ਜਲਦੀ ਪਹੁੰਚ ਫ਼ਜ਼ਲੋਂ,
ਜਲਦੀ ਪਾਸ ਓਇ ਪਿਆਰਿਆ ਵੇਲੜਾ ਈ ।
103. ਤਥਾ

ਮੁੜ ਮੁੜ ਸੋਹਣੀ ਪਈ ਪੁਕਾਰਦੀ ਸੀ,
ਮਿਲ ਜਾਹ ਓਇ ਸੱਜਣਾ ਵੇਲੜਾ ਈ ।
ਔਖੇ ਵਕਤ ਆ ਦੇਹ ਦਾਰ ਮੈਨੂੰ,
ਤੇਰੀ ਚਾਹ ਓਇ ਸੱਜਣਾ ਵੇਲੜਾ ਈ ।
ਸੁੰਞੇਂ ਰੂਹ ਨੇ ਕੁਲ ਜੰਜਾਲ ਸੁੱਟੇ,
ਗਲੋਂ ਲਾਹ ਓਇ ਸੱਜਣਾ ਵੇਲੜਾ ਈ ।
ਲਹਿਰ ਕਹਿਰ ਦੇ ਨਾਲ ਕਹਾਰ ਵੱਲੋਂ,
ਪਿਆ ਵਾਹ ਓਇ ਸੱਜਣਾ ਵੇਲੜਾ ਈ ।
ਤੇਰੀ ਸੋਹਣੀ ਹੋ ਨਿਢਾਲ ਪਈ ਆ,
ਲੰਮੇ ਰਾਹ ਓਇ ਸੱਜਣਾ ਵੇਲੜਾ ਈ ।
ਸੁਣ ਕੇ ਮਲਕੁਲ ਮੌਤ ਹੈਰਾਨ ਹੋਇਆ,
ਮੇਰੀ ਆਹ ਓਇ ਸੱਜਣਾ ਵੇਲੜਾ ਈ ।
ਮੈਨੂੰ ਕਸਮ ਤੇਰੀ, ਲਿਆ ਰੋਕ ਪਾਣੀ,
ਮੇਰਾ ਸਾਹ ਓਇ ਸੱਜਣਾ ਵੇਲੜਾ ਈ ।
ਮਰਦੀ ਵਾਰ ਵਿਖਾ ਨਿਮਾਣਿਆਂ ਨੂੰ,
ਮੁਖ ਮਾਹ ਓਇ ਸੱਜਣਾ ਵੇਲੜਾ ਈ ।
ਜਿਹੜਾ ਕੰਢੜੇ ਤੇ ਬੂਟਾ ਜਾਨ ਦਾ ਸੀ,
ਲੱਗੀ ਢਾਹ ਓਇ ਸੱਜਣਾ ਵੇਲੜਾ ਈ ।
ਮੁਰਗ ਰੂਹ ਦਾ ਮੀਰ ਸ਼ਿਕਾਰ ਖ਼ੂਨੀ,
ਲਿਆ ਫਾਹ ਓਇ ਸੱਜਣਾ ਵੇਲੜਾ ਈ ।
ਮੈਨੂੰ ਵਸਲ ਦੀਦਾਰ ਦੇ ਬਾਝ ਕੋਈ,
ਨਾਹੀਂ ਚਾਹ ਓਇ ਸੱਜਣਾ ਵੇਲੜਾ ਈ ।
ਤੇਰੇ ਫ਼ਜ਼ਲ ਦੇ ਬਾਝ ਨਾ ਹੋਰ ਮੇਰਾ,
ਦਰਦ-ਖਾਹ ਓਇ ਸੱਜਣਾ ਵੇਲੜਾ ਈ ।
104. ਸਹੇਲੀਆਂ ਵੱਲ

ਅੱਲਾ ਬੇਲੀਆ, ਸਾਡੜੇ ਕੂਚ ਡੇਰੇ,
ਮਿਲ ਜਾਵਣਾ ਅਹਿਲ ਸਹੇਲੀਓ ਨੀ ।
ਧਰੋਹੀ ਰੱਬ ਦੀ ਜੇ ਇਕ ਵਾਰ ਮੈਥੇ,
ਫੇਰਾ ਪਾਵਣਾ ਅਹਿਲ ਸਹੇਲੀਓ ਨੀ ।
ਸੋਹਣੇ ਯਾਰ ਦੇ ਵੱਸ ਬੇਵੱਸ ਹੋਇਆ,
ਮੇਰਾ ਆਵਣਾ ਅਹਿਲ ਸਹੇਲੀਓ ਨੀ ।
ਗਈ ਵਰਤ ਕਜ਼ਾ ਕੱਹਾਰ ਵੱਲੋਂ,
ਉਹਦਾ ਧਾਵਣਾ ਅਹਿਲ ਸਹੇਲੀਓ ਨੀ ।
ਮੇਰੀ ਮਾਂ ਨੂੰ ਵੈਣ ਨਾ ਕਰਨ ਦੇਣਾ,
ਜੀਉ ਲਾਵਣਾ ਅਹਿਲ ਸਹੇਲੀਓ ਨੀ ।
ਦੇਣਾ ਅੱਜ ਤੋਂ ਛੋਪ ਨਖੇੜ ਮੇਰਾ,
ਚਰਖਾ ਡਾਵ੍ਹਣਾ ਅਹਿਲ ਸਹੇਲੀਓ ਨੀ ।
ਮੇਰਾ ਅੱਜ ਤਹਿਕੀਕ ਮੌਕੂਫ਼ ਹੋਇਆ,
ਛੋਪ ਪਾਵਣਾ ਅਹਿਲ ਸਹੇਲੀਓ ਨੀ ।
ਘਰੋ ਘਰੀ ਜਾ ਕੇ ਇਕ ਦੂਸਰੀ ਨੂੰ,
ਸੱਦ ਲਿਆਵਣਾ ਅਹਿਲ ਸਹੇਲੀਓ ਨੀ ।
ਉਸੇ ਤੌਰ ਭੰਡਾਰ ਦੇ ਵਿਚ ਬਹਿ ਕੇ,
ਰਲ ਗਾਵਣਾ ਅਹਿਲ ਸਹੇਲੀਓ ਨੀ ।
ਮੇਰੀ ਚੋਗ ਜੇ ਅੱਜ ਨਿਖੁਟ ਗਈ,
ਖਾਧਾ ਖਾਵਣਾ ਅਹਿਲ ਸਹੇਲੀਓ ਨੀ ।
ਮੇਰੀ ਜਾ ਤੇ ਕਿਸੇ ਪਿਆਰੜੀ ਦਾ,
ਪੀੜ੍ਹਾ ਡਾਵ੍ਹਣਾ ਅਹਿਲ ਸਹੇਲੀਓ ਨੀ ।
ਫ਼ਜ਼ਲ ਯਾਰ ਨੂੰ ਹਾਲ ਤਬਾਹ ਮੇਰਾ,
ਸਮਝਾਵਣਾ ਅਹਿਲ ਸਹੇਲੀਓ ਨੀ ।
105. ਮਾਂ ਨੂੰ ਯਾਦ ਕਰਨਾ

ਸੋਹਣੀ ਵੱਤ ਪੁਕਾਰਦੀ ਮਾਉਂ ਤਾਈਂ,
ਹੁਣ ਆ ਖਾਂ ਤੂੰ ਮੇਰੇ ਕੋਲ ਮਾਏ ।
ਸੋਹਣੀ ਕੋਝਿਆਂ ਦੀ ਪਰਕੋਝੜੀ ਨੂੰ,
ਕਾਹਨੂੰ ਕੀਤੋ ਈ ਐਡ ਕਲੋਲ ਮਾਏ ।
ਸ਼ਾਲਾ ਨਿੱਜ ਜਣੇਂਦੀਉਂ ਸੋਹਣੀ ਨੂੰ,
ਅਣਭੋਲ ਮਾਏ, ਅਣਭੋਲ ਮਾਏ ।
ਗਲ ਘੁੱਟ ਇਕੇ ਮੈਨੂੰ ਮਾਰਨਾ ਸੀ,
ਇਕੇ ਦੇਵਣਾ ਸੀ ਜ਼ਹਿਰ ਘੋਲ ਮਾਏ ।
ਜੋ ਕੁਝ ਮੈਂ ਗ਼ਰੀਬ ਦੇ ਨਾਲ ਵਰਤੀ,
ਹੁਣ ਪੁੱਛ ਨਾਹੀਂ ਮੈਥੋਂ ਫੋਲ ਮਾਏ ।
ਕਾਲੀ ਚੜ੍ਹੀ ਅੰਧੇਰੜੀ ਮੌਤ ਵਾਲੀ,
ਮੈਨੂੰ ਦਿਸਣੋਂ ਰਿਹਾ ਨਿਰੋਲ ਮਾਏ ।
ਦੇਈਂ ਪਿਆਰ ਦਿਲਾਸੜਾ ਮਿਹਰ ਸੇਤੀ,
ਜਿਥੇ ਦੇਖਸੇਂਗੀ ਮੇਰਾ ਢੋਲ ਮਾਏ ।
ਮੇਰੀ ਜਾਨ ਲਬਾਂ ਉਤੇ ਆਣ ਖਲੀ,
ਫ਼ਜ਼ਲ ਸ਼ਾਹ ਵਾਂਗੂੰ ਡਾਵਾਂ-ਡੋਲ ਮਾਏ ।
106. ਮਾਂ ਤੋਂ ਮੁਆਫ਼ੀ ਮੰਗਣੀ

ਭੁਲ ਚੁਕ ਮੁਆਫ਼ ਕਰ ਭੁੱਲਿਆਂ ਨੂੰ,
ਜੋ ਕੁਝ ਭੁੱਲ ਹੋਈ ਤਕਸੀਰ ਮਾਏ ।
ਏਹੋ ਵੇਲੜਾ ਈ ਤੇਰੇ ਬਖ਼ਸ਼ਣੇ ਦਾ,
ਮੈਨੂੰ ਬਖ਼ਸ਼ ਬੱਤੀ ਧਾਰਾਂ ਸ਼ੀਰ ਮਾਏ ।
ਲੈ ਕੇ ਪਹੁੰਚ ਸ਼ਿਤਾਬ ਨਿਮਾਣਿਆਂ ਤੇ,
ਮਹੀਂਵਾਲ ਬੇਹਾਲ ਫ਼ਕੀਰ ਮਾਏ ।
ਨਾਮ ਰੱਬ ਦੇ ਕਿਵੇਂ ਵਿਖਾਲ ਮੈਨੂੰ,
ਮੁੱਖ ਯਾਰ ਦਾ ਬਦਰ ਮੁਨੀਰ ਮਾਏ ।
ਦੱਸ ਕੌਣ ਸਾਨੀ ਜਿਹੜਾ ਮੋੜ ਦੇਵੇ,
ਰੱਬ ਡਾਢੜੇ ਦੀ ਤਕਦੀਰ ਮਾਏ ।
ਤੇਰਾ ਸ਼ੀਰ ਪਿਆਵਣਾ ਯਾਦ ਆਇਆ,
ਡੁੱਲ੍ਹ ਪਿਆ ਅੱਖੀਂ ਸੰਦਾ ਨੀਰ ਮਾਏ ।
ਕਿਵੇਂ ਯਾਰ ਦਾ ਅੱਜ ਮਿਲਾਪ ਹੋਵੇ,
ਕੋਈ ਕਰ ਵੇਖਾਂ ਤਦਬੀਰ ਮਾਏ ।
ਅਜੇ ਜਾਨ ਨਾਹੀਂ ਅਜ਼ਰਾਈਲ ਲਈ,
ਆਏ ਮੁਨਕਰ ਅਤੇ ਨਕੀਰ ਮਾਏ ।
ਮੇਰੇ ਹਾਲ ਨੂੰ ਦੇਖ ਬੇਹਾਲ ਹੋਇਆ,
ਫ਼ਜ਼ਲ ਸ਼ਾਹ ਦਿਲਗੀਰ ਫ਼ਕੀਰ ਮਾਏ ।
107. ਸੋਹਣੀ ਦੀ ਫ਼ਰਿਆਦ ਅੱਲ੍ਹਾ ਦੀ ਦਰਗਾਹ ਵਿਚ

ਐਡਾ ਕਹਿਰ ਤੇ ਕਹਿਰ ਨਜ਼ੂਲ ਕੀਤੋ,
ਭਾਵੇਂ ਹੋਈ ਦਰਗਾਹ ਦੀ ਚੋਰ ਅੱਲ੍ਹਾ ।
ਜੇਕਰ ਮਾਰਨਾ ਈਂ ਸੱਚ ਸੋਹਣੀ ਨੂੰ,
ਨਾਲ ਯਾਰ ਕਰੀਂ ਮੇਰੀ ਗੋਰ ਅੱਲ੍ਹਾ ।
ਮੇਰੇ ਯਾਰ ਨੂੰ ਕੂਕ ਨਾ ਸੁਣਨ ਦੇਈਂ,
ਲਾਈ ਬੱਦਲਾਂ ਨੇ ਘਨਘੋਰ ਅੱਲ੍ਹਾ ।
ਮਹੀਂਵਾਲ ਨੂੰ ਚਾ ਵਿਛੋੜਿਓ ਈ,
ਨਹੀਂ ਨਾਲ ਤੇਰੇ ਕੋਈ ਜ਼ੋਰ ਅੱਲ੍ਹਾ ।
ਇਕ ਪਲਕ ਅੰਦਰ ਬੇੜਾ ਆਜਜ਼ਾਂ ਦਾ,
ਦਿੱਤਾ ਵਿਚ ਝਨਾਉਂ ਨਿਘੋਰ ਅੱਲ੍ਹਾ ।
ਔਖੀ ਬਣੀ ਦੇ ਵਿਚ ਨਿਮਾਣਿਆਂ ਦਾ,
ਤੇਰੇ ਫ਼ਜ਼ਲ ਬਾਝੋਂ ਨਹੀਂ ਹੋਰ ਅੱਲ੍ਹਾ ।
108. ਤਥਾ

ਮਹੀਂਵਾਲ ਫ਼ਕੀਰ ਦੇ ਦੁਸ਼ਮਨਾਂ ਨੂੰ,
ਕੀਤੋ ਸ਼ਾਦ ਅੱਲ੍ਹਾ, ਕੀਤੋ ਸ਼ਾਦ ਅੱਲ੍ਹਾ ।
ਰੋਜ਼ ਹਸ਼ਰ ਦੇ ਤੀਕ ਪੁਕਾਰਸਾਂਗੀ,
ਦੇਈਂ ਦਾਦ ਅੱਲ੍ਹਾ, ਦੇਈਂ ਦਾਦ ਅੱਲ੍ਹਾ ।
ਮਹੀਂਵਾਲ ਤਾਈਂ ਵਾਲ ਵਾਲ ਮੇਰਾ,
ਕਰੇ ਯਾਦ ਅੱਲ੍ਹਾ, ਕਰੇ ਯਾਦ ਅੱਲ੍ਹਾ ।
ਯਾਰ ਯਾਰ ਕਰਦੀ ਓੜਕ ਹੋ ਗਈ ਆਂ,
ਬਰਬਾਦ ਅੱਲ੍ਹਾ, ਬਰਬਾਦ ਅੱਲ੍ਹਾ ।
ਫ਼ਜ਼ਲ ਸ਼ਾਹ ਮੀਆਂ ਸੋਹਣੀ ਡੁੱਬ ਮੋਈ,
ਫ਼ਰਿਆਦ ਅੱਲ੍ਹਾ, ਫ਼ਰਿਆਦ ਅੱਲ੍ਹਾ ।
109. ਰੂਹ ਦੇ ਫ਼ਿਰਾਕ ਵਿਚ ਵੈਣ

ਭੌਰਾ ਰੂਹ ਦਾ ਹੋ ਉਦਾਸ ਟੁਰਿਆ,
ਲੰਮੇ ਵਹਿਣ ਪਾ ਕੇ ਅੱਲ੍ਹਾ ਆਣਿਆਂ ਨੂੰ ।
ਜਾਂਦੇ ਰੂਹ ਨੂੰ ਬੁਤ ਪੁਕਾਰ ਕੀਤੀ,
ਕਿਥੇ ਚੱਲਿਐਂ ਛੱਡ ਨਿਮਾਣਿਆਂ ਨੂੰ ।
ਮੈਨੂੰ ਬਣੀ ਤੇ ਹੋਰ ਬਣਾਇਓ ਈ,
ਬੱਧੇ ਭਾਰ ਓ ਯਾਰ ਪਲਾਣਿਆਂ ਨੂੰ ।
ਸੋਹਣੀ ਵਿਚ ਝਨਾਉਂ ਦੇ ਡੋਬ ਚਲਿਓਂ,
ਮੱਛ ਕੱਛ ਸੰਸਾਰ ਦੇ ਖਾਣਿਆਂ ਨੂੰ ।
ਜਾਂਦੀ ਵਾਰ ਨਾ ਕੀਤੀ ਆ ਗੱਲ ਕੋਈ,
ਪਿੱਛਾ ਦਿੱਤਾ ਈ ਉਮਰ ਵਿਹਾਣਿਆਂ ਨੂੰ ।
ਅੱਧੀ ਰਾਤ ਕਰਵਾਨਿਆਂ ਕੂਚ ਕੀਤਾ,
ਛੱਡ ਚੱਲਿਓਂ ਤੰਬੂਆਂ ਤਾਣਿਆਂ ਨੂੰ ।
ਵਿਚ ਸ਼ਹੁ ਦਰਿਆ ਦੇ ਡੋਬ ਚੱਲਿਓਂ,
ਸਭੇ ਮਾਲ ਮਤਾਅ ਪਲਾਣਿਆਂ ਨੂੰ ।
ਪਹਿਲੇ ਯਾਰ ਬਣਾਇਓ ਪਿਆਰ ਸੇਤੀ,
ਪਿੱਛੋਂ ਮਾਰਿਓ ਕੁੱਲ ਸਿਆਣਿਆਂ ਨੂੰ ।
ਵਾਂਗ ਬਾਜ਼ ਦੇ ਤੇਜ਼ ਪਰਵਾਜ਼ ਕੀਤੋ,
ਰਾਜ਼ ਦੱਸਿਓ ਨਾ ਅੰਞਾਣਿਆਂ ਨੂੰ ।
ਨਾਮ ਰੱਬ ਦੇ ਮੰਨ ਸਵਾਲ ਮੇਰਾ,
ਗਲ ਲਾ ਇਕ ਵਾਰ ਨਿਮਾਣਿਆਂ ਨੂੰ ।
ਡੋਬ ਸੋਹਣੀ ਨੂੰ ਕਿਹੜੀ ਵੱਲ ਵੈਸੇਂ,
ਯਾਰਾ ਦੱਸ ਕੇ ਜਾਹ ਟਿਕਾਣਿਆਂ ਨੂੰ ।
ਨਹੀਂ ਕੰਮ ਅਸੀਲ ਦਾ ਛੱਡ ਦੇਣਾ,
ਯਾਰਾਂ ਬੇਲੀਆਂ ਬਹੁਤ ਪੁਰਾਣਿਆਂ ਨੂੰ ।
ਕਾਹਨੂੰ ਜਾਦੂੜਾ ਪਾਇ ਕੇ ਠੱਗਿਓ ਈ,
ਮਹੀਂਵਾਲ ਤੋਂ ਘੋਲ ਘੁਮਾਣਿਆਂ ਨੂੰ ।
ਕਿਹਨੂੰ ਸੌਂਪ ਚੱਲਿਓਂ ਵਿਚ ਨੈਂ ਦੇ ਉਇ,
ਅਸਾਂ ਆਜਜ਼ਾਂ ਦਰਦ ਰੰਞਾਣਿਆਂ ਨੂੰ ।
ਨਿਹੁੰ ਨਾਲ ਪਰਦੇਸੀਆਂ ਭੁੱਲ ਲਾਇਆ,
ਖੇਤ ਬੀਜਿਆ ਭੁੰਨਿਆਂ ਦਾਣਿਆਂ ਨੂੰ ।
ਫ਼ਜ਼ਲ ਸ਼ਾਹ ਮੀਆਂ ਏਵੇਂ ਲੇਖ ਆਹੇ,
ਮੋੜੇ ਕੌਣ ਖ਼ੁਦਾਇ ਦੇ ਭਾਣਿਆਂ ਨੂੰ ।
110. ਸੋਹਣੀ ਦੀ ਲਾਸ਼ ਦਾ ਮਹੀਂਵਾਲ ਵੱਲ ਸੁਨੇਹਾ

ਲੈ ਜਾ ਸੁਨੇਹੜਾ ਸੱਜਣਾਂ ਦਾ,
ਆਖੀਂ ਲੱਦ ਗਈ ਤੇਰੀ ਯਾਰ ਮੀਆਂ ।
ਹੱਥ ਜੋੜ ਸਲਾਮ ਦੁਆ ਕਹਿਣੀ,
ਜਾਣਾ ਗੱਲ ਨਾ ਮਨੋ ਵਿਸਾਰ ਮੀਆਂ ।
ਢਾਹੀਂ ਮਾਰ ਕੇ ਅਰਜ਼ ਗੁਜ਼ਾਰ ਦੇਣੀ,
ਅੱਗੇ ਯਾਰ ਦੇ ਬਾਂਹ ਉਲਾਰ ਮੀਆਂ ।
ਤੇਰੀ ਸੋਹਣੀ ਵਿਚ ਝਨਾਉਂ ਡੁੱਬੀ,
ਪਿਆ ਮੌਤ ਦਾ ਲੱਖ ਅਸਵਾਰ ਮੀਆਂ ।
ਅਸੀਂ ਆਪਣੀ ਉਮਰ ਨੂੰ ਭੋਗ ਚੱਲੇ,
ਤੁਸੀਂ ਜੀਵੋ ਜੀ ਸਾਲ ਹਜ਼ਾਰ ਮੀਆਂ ।
ਕੀਤਾ ਬਹੁਤ ਚਾਰ ਯਾਰ ਮਿਲਣ ਕਾਰਨ,
ਤੁਸੀਂ ਸੁਣੀ ਨਾ ਕੂਕ ਪੁਕਾਰ ਮੀਆਂ ।
ਤੇਰੇ ਇਸ਼ਕ ਨੂੰ ਦਾਗ਼ ਨਾ ਲੱਗਣ ਦਿੱਤਾ,
ਕੀਤੀ ਤੁਸਾਂ ਤੇ ਜਾਨ ਨਿਸਾਰ ਮੀਆਂ ।
ਫ਼ਜ਼ਲ ਸ਼ਾਹ ਸੋਹਣੀ ਸੋਹਣੀ ਹੋ ਡੁੱਬੀ,
ਮੋਈ ਕੌਲ ਕਰਾਰ ਨਾ ਹਾਰ ਮੀਆਂ ।
111. ਅਫ਼ਾਤਾਂ ਦਾ ਮਾਸ ਖਾਣ ਨੂੰ ਆਉਣਾ ਤੇ ਲਾਸ਼ ਦਾ ਬੋਲਣਾ

ਮੱਛ ਕੱਛ ਸੰਸਾਰ ਤੇ ਬੁਲ੍ਹਣਾਂ ਦਾ,
ਉਸੇ ਵਕਤ ਹੋਇਆ ਫੇਰਾ ਪਾਵਣਾ ਓਇ ।
ਉੱਚੀ ਬੋਲ ਕੇ ਬੁਤ ਪੁਕਾਰ ਕੀਤੀ,
ਅਸਾਂ ਆਜਜ਼ਾਂ ਤੋਂ ਹਟ ਜਾਵਣਾ ਓਇ ।
ਮਹੀਂਵਾਲ ਦੀ ਮੈਂ ਅਮਾਨ ਸੋਹਣੀ,
ਮੇਰੇ ਮਾਸ ਨੂੰ ਹੱਥ ਨਾ ਲਾਵਣਾ ਓਇ ।
ਕੀਤਾ ਰੱਬ ਹਰਾਮ ਤੁਸਾਡੜੇ ਤੇ,
ਅਸਾਂ ਆਸ਼ਕਾਂ ਦਾ ਮਾਸ ਖਾਵਣਾ ਓਇ ।
ਹੱਥੋਂ ਜਾ ਪਿਆਰਿਆਂ ਸੱਜਣਾਂ ਨੂੰ,
ਮੇਰਾ ਹਾਲ ਅਹਿਵਾਲ ਸੁਣਾਵਣਾ ਓਇ ।
ਕਸਮ ਰੱਬ ਦੀ ਪਈ ਉਡੀਕਨੀ ਆਂ,
ਏਹੋ ਯਾਰ ਨੂੰ ਮੁੱਖ ਵਿਖਾਵਣਾ ਓਇ ।
ਮੇਰੇ ਮੁੱਖ ਨੂੰ ਦਾਗ਼ ਨਾ ਲਾਵਿਆ ਜੇ,
ਤੇਰਾ ਯਾਰ ਹੋ ਗਿਆ ਪਰ੍ਹਾਵਣਾ ਓਇ ।
ਫ਼ਜ਼ਲ ਸ਼ਾਹ ਫ਼ਕੀਰ ਨੂੰ ਜਾ ਕਹਿਣਾ,
ਝੱਬ ਆਵਣਾ ਓਇ, ਝੱਬ ਆਵਣਾ ਓਇ ।
112. ਮਹੀਂਵਾਲ ਦਾ ਉਡੀਕ ਵਿਚ ਬੇਕਰਾਰ ਹੋਣਾ

ਓਧਰ ਪਿਆ ਉਡੀਕਦਾ ਸੋਹਣੀ ਨੂੰ,
ਯਾਰ ਯਾਰ ਸੰਦਾ ਤਲਬਗਾਰ ਮੀਆਂ ।
ਨੈਣ ਤੱਕਦੇ ਮੂਲ ਨਾ ਥੱਕਦੇ ਨੀ,
ਨਰਗਸ ਵਾਂਗ ਦੋਵੇਂ ਇੰਤਜ਼ਾਰ ਮੀਆਂ ।
ਉਭੇ ਸਾਹ ਲੈ ਕੇ ਮਾਰੇ ਢਾਹ ਮੂੰਹ ਥੀਂ,
ਨਾਲ ਨੈਣ ਰੋਵਣ ਜ਼ਾਰੋ ਜ਼ਾਰ ਮੀਆਂ ।
ਰੱਖਣ ਕੱਲ੍ਹ ਤੇ ਮਿਲਣ ਮੌਕੂਫ਼ ਮੇਰਾ,
ਅੱਜ ਕਿਵੇਂ ਲੰਘਣ ਪਾਰ ਯਾਰ ਮੀਆਂ ।
ਫੇਰ ਆਖ ਦੇਂਦੇ ਅੱਜ ਖ਼ੈਰ ਨਾਹੀਂ,
ਮੇਰੇ ਜੀਅ ਨ ਚੈਨ ਕਰਾਰ ਮੀਆਂ ।
ਮੇਰੀ ਜਾਨ ਫ਼ਰਿਆਦ ਫ਼ਰਿਆਦ ਕਰਦੀ,
ਭਾਵੇਂ ਯਾਰ ਨੂੰ ਬਣੀ ਲਾਚਾਰ ਮੀਆਂ ।
ਗਿਆ ਬੁੱਝ ਚਰਾਗ਼ ਮਹਿਬੂਬ ਵਾਲਾ,
ਬਾਝ ਯਾਰ ਹੋਇਆ ਧੁੰਦਕਾਰ ਮੀਆਂ ।
ਅਚਨਚੇਤ ਪਈ ਕੰਨ ਆਸ਼ਕਾਂ ਦੇ,
ਰੋਂਦੇ ਰੂਹ ਦੀ ਜ਼ਾਰ ਪੁਕਾਰ ਮੀਆਂ ।
ਮਹੀਂਵਾਲ ਖ਼ਿਆਲ ਦੇ ਨਾਲ ਕਹਿਆ,
ਸ਼ਾਇਦ ਵਿਛੜੇ ਨੇ ਇਹਦੇ ਯਾਰ ਮੀਆਂ ।
ਏਸੇ ਹਾਲ ਅੰਦਰ ਮਹੀਂਵਾਲ ਆਹਾ,
ਰੂਹ ਪਹੁੰਚਿਆ ਜਾ ਦਰਬਾਰ ਮੀਆਂ ।
ਅੱਵਲ ਦੇ ਸਲਾਮ ਪਿਆਰਿਆਂ ਦਾ,
ਪਿਛੋਂ ਰੋ ਕੀਤਾ ਇਜ਼ਹਾਰ ਮੀਆਂ ।
ਜੋ ਕੁਝ ਵਰਤਿਆ ਸੀ ਸਿਰ ਸੋਹਣੀ ਦੇ,
ਦਿੱਤਾ ਯਾਰ ਦੇ ਗੋਸ਼ ਗੁਜ਼ਾਰ ਮੀਆਂ ।
ਖ਼ੂਨੀ ਮੌਤ ਓੜਕ ਪਿਆਰੀ ਸੋਹਣੀ ਨੂੰ,
ਲਿਆ ਵਿਚ ਝਨਾਉਂ ਦੇ ਮਾਰ ਮੀਆਂ ।
ਸੋਹਣੀ ਡੁੱਬ ਮੋਈ ਵਿਚਕਾਰ ਨੈਂ ਦੇ,
ਹੋਈ ਮੂਲ ਨਾ ਪਾਰ ਉਰਾਰ ਮੀਆਂ ।
ਡਿੱਗਾ ਹੋ ਬੇਹੋਸ਼ ਖ਼ਾਮੋਸ਼ ਹੋ ਕੇ,
ਮਹੀਂਵਾਲ ਇਹ ਸੁਣਦਿਆਂ ਸਾਰ ਮੀਆਂ ।
ਬੈਠਾ ਪੁੱਛਦਾ ਹਾਲ ਅਹਿਵਾਲ ਸਾਰਾ,
ਜਦੋਂ ਫੇਰ ਆਈ ਉਸ ਨੂੰ ਸਾਰ ਮੀਆਂ ।
ਸੱਚ ਆਖਿਓ ਈ ਇਕੇ ਝੂਠ ਕਹਿਓ,
ਤੇਰਾ ਨਹੀਂ ਪੈਂਦਾ ਇਤਬਾਰ ਮੀਆਂ ।
ਰੂਹ ਨਬੀ ਕਰੀਮ ਦੀ ਕਸਮ ਖਾਧੀ,
ਯਾਰ ਝੂਠ ਨਾਹੀਂ ਇਹੋ ਕਾਰ ਮੀਆਂ ।
ਹਾਏ ਓ ਦੁਸ਼ਮਣਾਂ ਇਹ ਨਾ ਆਖਣਾ ਸੀ,
ਖਿੱਚ ਮਾਰਦੋਂ ਤੇਜ਼ ਕਟਾਰ ਮੀਆਂ ।
ਸੁਣ ਕੇ ਬਾਤ ਮਹਿਬੂਬ ਦੇ ਘਾਤ ਵਾਲੀ,
ਰੋ ਰੋ ਆਖਦਾ ਹੱਥ ਪਸਾਰ ਮੀਆਂ ।
ਮੈਨੂੰ ਜ਼ਾਲਮਾਂ ਇਹ ਕੀ ਆਖਿਓ ਈ,
ਪਿਆ ਕੂਕਦਾ ਬਾਂਹ ਉਲਾਰ ਮੀਆਂ ।
ਮੁਖ ਜ਼ਰਦ ਹੋਇਆ ਦਿਲ ਦਰਦ ਹੋਇਆ,
ਲੱਗੀ ਕਰਦ ਕਲੇਜੜੇ ਕਾਰ ਮੀਆਂ ।
ਝੜੀ ਲਾ ਰਹੇ ਦੋਵੇਂ ਨੈਣ ਉਸ ਦੇ,
ਸਾਵਣ ਮੀਂਹ ਜਿਉਂ ਅਬਰ ਬਹਾਰ ਮੀਆਂ ।
ਹੋਇਆ ਦੂਸਰੀ ਵਾਰ ਬੇਹੋਸ਼ ਮੁੜ ਕੇ,
ਕੋਲੋਂ ਰੂਹ ਹੋ ਗਿਆ ਉਡਾਰ ਮੀਆਂ ।
ਲੱਗਾ ਤੀਰ ਪਿਆਰਿਆਂ ਸੱਜਣਾਂ ਦਾ,
ਅਵਾਜ਼ਾਰ ਹੋ ਗਿਆ ਦੁਸਾਰ ਮੀਆਂ ।
ਜਦੋਂ ਸੁਰਤ ਆਈ ਤੁਰੰਤ ਮਾਰ ਢਾਹੀਂ,
ਰੱਬ ਯਾਦ ਕਰੇ ਵਾਰ ਵਾਰ ਮੀਆਂ ।
ਏਸ ਬਾਤ ਤਾਈਂ ਕਰੀਂ ਝੂਠ ਰੱਬਾ,
ਤੇਰਾ ਨਾਮ ਹੈ ਰੱਬ ਗ਼ੱਫ਼ਾਰ ਮੀਆਂ ।
ਜੇਕਰ ਮਾਰਿਆ ਈ ਤਾਂ ਭੀ ਮੇਲ ਸਾਈਆਂ,
ਇਕ ਵਾਰ ਮੇਰਾ ਦਿਲਦਾਰ ਮੀਆਂ ।
ਏਵੇਂ ਵਾਵੇਲਾ ਪਿਆ ਕੂਕਦਾ ਸੀ,
ਦੇ ਜਾਹ ਓਇ ਯਾਰ ਦੀਦਾਰ ਮੀਆਂ ।
ਤੇਰੇ ਦਰਦ ਫ਼ਿਰਾਕ ਨੇ ਯਾਰ ਜਾਨੀ,
ਲਾਈ ਵਿਚ ਸੀਨੇ ਕਾਨੀ ਸਾਰ ਮੀਆਂ ।
ਦਿਸੇ ਹੱਥ ਪਸਾਰਿਆਂ ਮੂਲ ਨਾਹੀਂ,
ਉਠੇ ਚਾਰ ਚੁਫ਼ੇਰ ਗ਼ੁਬਾਰ ਮੀਆਂ ।
ਕੁੱਠਾ ਯਾਰ ਓ ਪਿਆਰ ਤੁਸਾਡੜੇ ਨੇ,
ਗਲ ਰੱਖ ਤਲਵਾਰ ਦੀ ਧਾਰ ਮੀਆਂ ।
ਇਕ ਵਾਰ ਦੀਦਾਰ ਦੇ ਕੋਝਿਆਂ ਨੂੰ,
ਮੇਰੇ ਸੋਹਣਿਆਂ ਦੇ ਸਰਦਾਰ ਮੀਆਂ ।
ਲਾਈ ਸਾਂਗ ਓ ਪਿਆਰਿਆ ਯਾਰ ਮੈਨੂੰ,
ਬੰਨ੍ਹ ਪੱਟੀਆਂ ਆਣ ਸਵਾਰ ਮੀਆਂ ।
ਮੈਨੂੰ ਇਕ ਇਕੱਲਿਆਂ ਛੋੜ ਕੇ ਤੇ,
ਤੁਰਿਓਂ ਬੰਨ੍ਹ ਕੇ ਸਫ਼ਰ ਦੇ ਭਾਰ ਮੀਆਂ ।
ਫ਼ਜ਼ਲ ਸ਼ਾਹ ਨੂੰ ਹਾਲ ਮਲੂਮ ਮੇਰਾ,
ਮੈਥੋਂ ਪੁੱਛ ਨਾ ਹਾਲ ਨਿਤਾਰ ਮੀਆਂ ।
113. ਮਹੀਂਵਾਲ ਦਾ ਵਾਵੇਲਾ

ਹਾਏ ਓਇ ਯਾਰ ਵਿਛੋੜ ਕੇ ਸੱਟ ਗਿਓਂ,
ਕੀਤਾ ਕਹਿਰ ਕੱਹਾਰ ਨਜ਼ੂਲ ਮੈਨੂੰ ।
ਤੁਧ ਪਾਸ ਇਲਾਜ਼ ਸੀ ਆਸ਼ਕਾਂ ਦਾ,
ਹੱਥੋਂ ਕੀਤੋ ਈ ਚਾ ਰੰਜੂਲ ਮੈਨੂੰ ।
ਕਲਮਲ ਜਾਨ ਆਈ ਮੇਰੀ ਪਿਆਰਿਆ ਓ,
ਇਕ ਪਲਕ ਟਿਕਾ ਨਾ ਮੂਲ ਮੈਨੂੰ ।
ਲੱਗੀ ਸੂਲ ਗ਼ਮ ਦੀ ਅਤੇ ਸੂਲ ਪੈਰੀਂ,
ਹੋਇਆ ਵਿਚ ਕਲੇਜੜੇ ਸੂਲ ਮੈਨੂੰ ।
ਤੇਰੇ ਵਾਸਤੇ ਹੋ ਫ਼ਕੀਰ ਗਿਆ,
ਰੱਬ ਚਾੜ੍ਹਿਆ ਨਾ ਕਿਸੇ ਤੂਲ ਮੈਨੂੰ ।
ਦਿੱਤੀ ਕੰਡ ਨਾ ਜਾਹ ਪਰਦੇਸੀਆਂ ਨੂੰ,
ਭਲਾ ਬੇਲੀਆ ਕਰੀਂ ਕਬੂਲ ਮੈਨੂੰ ।
ਦੇਖਾਂ ਪਿਆਰਿਆ ਰੱਜ ਕੇ ਮੁੱਖ ਤੇਰਾ,
ਕਰੇ ਫ਼ਜ਼ਲ ਜੇ ਰੱਬ ਰਸੂਲ ਮੈਨੂੰ ।
114. ਤਥਾ

ਫਿਰੇ ਵਾਵੇਲਾ ਕਰਦਾ ਕੰਢਿਆਂ ਤੇ,
ਯਾਰਾ ਛੱਡ ਕੇ ਜਾ ਨਾ ਦੂਰ ਮੈਨੂੰ ।
ਅੱਗੇ ਘਾਓ ਕਲੇਜੜੇ ਕਾਰ ਆਹਾ,
ਲਾਈ ਸਾਂਗ ਦੋਬਾਰ ਜ਼ਰੂਰ ਮੈਨੂੰ ।
ਜੀਵੇਂ ਜਾਨ ਦੇ ਨਾਲ ਹਜ਼ਾਰ ਬਰਸਾਂ,
ਵਿਛੜ ਜਾਵਣਾ ਨਹੀਂ ਮਨਜ਼ੂਰ ਮੈਨੂੰ ।
ਤੇਰੇ ਹਿਜਰ ਬੀਮਾਰ ਨੇ ਮਾਰ ਲਿਆ,
ਰਿਹਾ ਮੂਲ ਨਾ ਅਕਲ ਸ਼ਊਰ ਮੈਨੂੰ ।
ਛੱਡ ਗਿਉਂ ਓਇ ਯਾਰ ਨਿਮਾਣਿਆਂ ਨੂੰ,
ਕਰਕੇ ਨਾਲ ਫ਼ਿਰਾਕ ਦੇ ਚੂਰ ਮੈਨੂੰ ।
ਵਿਚ ਜੀਉ ਦੇ ਹੋਰ ਉਮੈਦ ਆਹੀ,
ਪਾਇਆ ਹੋਰ ਦਾ ਹੋਰ ਫ਼ਤੂਰ ਮੈਨੂੰ ।
ਫ਼ਜ਼ਲ ਸ਼ਾਹ ਨਾ ਮਾਰ ਫ਼ਿਰਾਕ ਅੰਦਰ,
ਸੱਦ ਲਈਂ ਓ ਯਾਰ ਹਜ਼ੂਰ ਮੈਨੂੰ ।
115. ਮਹੀਂਵਾਲ ਦਾ ਗ਼ਰਕ ਹੋਣਾ ਤੇ ਦੋਹਾਂ ਆਸ਼ਕਾਂ ਦਾ ਮਿਲਣਾ

ਮਹੀਂਵਾਲ ਕੰਢੇ ਉਤੇ ਕੂਕਦਾ ਸੀ,
ਕੇਹਾ ਲਾ ਗਇਉਂ ਮੈਨੂੰ ਬਾਨ ਬੇਲੀ ।
ਅਜ਼ਰਾਈਲ ਨੇ ਮੁਝ ਵਣਜਾਰੜੇ ਦੀ,
ਲੁੱਟ ਲਈ ਹੈ ਕੁੱਲ ਦੁਕਾਨ ਬੇਲੀ ।
ਤੁਧ ਯਾਰ ਦੀ ਕਸਮ ਨਾ ਝੂਠ ਮੂਲੇ,
ਤੇਰੇ ਬਾਝ ਜਹਾਨ ਵੈਰਾਨ ਬੇਲੀ ।
ਲੱਦ ਗਿਓਂ ਬੇਖ਼ਬਰ ਬੇਸਬਰ ਕੋਲੋਂ,
ਸਾਂਗ ਮਾਰੀਓ ਜਾਨ ਪਛਾਨ ਬੇਲੀ ।
ਐਵੇਂ ਚੁੱਪ ਚੁਪਾਤੜਾ ਨੱਸ ਗਿਓਂ,
ਕੋਈ ਦੱਸ ਨਾ ਥਾਂ ਮਕਾਨ ਬੇਲੀ ।
ਲੱਕ ਤੋੜ ਗਿਓਂ ਅਸਾਂ ਆਜਜ਼ਾਂ ਦਾ,
ਸੁੰਞੀ ਮੌਤ ਦਾ ਮਾਰ ਵਦਾਨ ਬੇਲੀ ।
ਆਵੇ ਸਬਰ ਨਾਹੀਂ ਅੱਖੀਂ ਰੋਂਦਿਆਂ ਨੂੰ,
ਮੈਨੂੰ ਦੇਹ ਦਿਲਾਸੜਾ ਆਨ ਬੇਲੀ ।
ਹੁਕਮ ਰੱਬ ਦੇ ਥੀਂ ਲਾਸ਼ ਸੋਹਣੀ ਦੀ,
ਹੋਈ ਯਾਰ ਦੇ ਵੱਲ ਰਵਾਨ ਬੇਲੀ ।
ਜਿਧਰ ਯਾਰ ਆਹਾ ਓਧਰ ਲਾਸ਼ ਗਈ,
ਪਾਣੀ ਲਾ ਰਿਹਾ ਲੱਖ ਤਾਨ ਬੇਲੀ ।
ਓਵੇਂ ਨੈਣ ਆਹੇ ਇੰਤਜ਼ਾਰ ਦੋਵੇਂ,
ਮਹੀਂਵਾਲ ਦੀ ਤਰਫ਼ ਧਿਆਨ ਬੇਲੀ ।
ਰੁੜ੍ਹਦੀ ਲਾਸ਼ ਆਈ ਨੇੜੇ ਕੰਢੜੇ ਦੇ,
ਜਿਥੇ ਖਲਾ ਆਹਾ ਪਰੇਸ਼ਾਨ ਬੇਲੀ ।
ਦੇਖੋ ਇਸ਼ਕ ਇਹ ਆਸ਼ਕਾਂ ਸਾਦਕਾਂ ਦਾ,
ਬੁੱਤ ਕੁਦਰਤੋਂ ਕਰੇ ਬਿਆਨ ਬੇਲੀ ।
ਦੋਵੇਂ ਹੱਥ ਪਸਾਰ ਪੁਕਾਰ ਕੀਤੀ,
ਮਿਲ ਜਾਹ ਮੈਨੂੰ ਮੇਰੇ ਹਾਣ ਬੇਲੀ ।
ਅਚਨਚੇਤ ਆਹਾ ਦੂਰੋਂ ਨਜ਼ਰ ਪਿਆ,
ਜਿਨ੍ਹਾਂ ਬੇਲੀਆਂ ਦਾ ਨਿਗ੍ਹਾਬਾਨ ਬੇਲੀ ।
ਮਹੀਂਵਾਲ ਮਾਰੇ ਛਾਲ ਵਿਚ ਨੈਂ ਦੇ,
ਮੂੰਹੋਂ ਆਖਦਾ ਮੈਂ ਕੁਰਬਾਨ ਬੇਲੀ ।
ਗਲ ਲੱਗ ਮਿਲੇ ਬੁਝੀ ਅੱਗ ਦਿਲ ਦੀ,
ਮਹੀਂਵਾਲ ਦਿੱਤੀ ਓਵੇਂ ਜਾਨ ਬੇਲੀ ।
ਸੂਰਜ ਵਾਂਗ ਗ਼ਰੂਬ ਹੋ ਗਏ ਦੋਵੇਂ,
ਲੱਭੇ ਜਾ ਕਿਤੇ ਡੂੰਘੀ ਥਾਨ ਬੇਲੀ ।
ਪਿੱਛੇ ਇਸ਼ਕ ਜਾਨੀ ਦਿੱਤੀ ਜਾਨ ਜਾਨੀ,
ਰੱਖ ਸਿਦਕ ਯਕੀਨ ਈਮਾਨ ਬੇਲੀ ।
ਬਿਜਲੀ ਆਹ ਫ਼ਿਕਰ ਦੇ ਨਾਲ ਮਾਰੇ,
ਪਹੁੰਚੀ ਖ਼ਬਰ ਜ਼ਮੀਨ ਅਸਮਾਨ ਬੇਲੀ ।
ਉੱਚੀ ਰੋਣ ਲੱਗਾ ਬੱਦਲ ਮਾਰ ਚੀਕਾਂ,
ਸੁਣੀ ਆਹ ਫ਼ੁਗਾਨ ਜਹਾਨ ਬੇਲੀ ।
ਭਾਵੇਂ ਰੋਜ਼ ਕਿਆਮਤਾਂ ਆਣ ਪਹੁੰਚਾ,
ਕੀਤਾ ਕੁਲ ਜਹਾਨ ਗੁਮਾਨ ਬੇਲੀ ।
ਜਾਨ ਦਿੱਤਿਆਂ ਬਾਝ ਨਾ ਯਾਰ ਮਿਲਦਾ,
ਜਾਣ ਬੁਝ ਕੇ ਜਾਨ ਵੰਞਾਨ ਬੇਲੀ ।
ਦਿੱਤੀ ਜਾਨ ਤੇ ਜਾਨ ਨੂੰ ਪਾ ਲਿਆ,
ਬਾਝੋਂ ਜਾਨ ਦੇ ਜਾਨ ਨਾ ਜਾਨ ਬੇਲੀ ।
ਫ਼ਜ਼ਲ ਸ਼ਾਹ ਪਰ ਖ਼ਾਤਮਾ ਆਸ਼ਕਾਂ ਦਾ,
ਕਰੋ ਕੁੱਲ ਬਿਆਨ ਅਯਾਨ ਬੇਲੀ ।
116. ਸੋਹਣੀ ਮਹੀਂਵਾਲ ਦਾ ਸੋਗ

ਮਾਤਮ ਲਈ ਫਿਰਦੇ ਪਰੇਸ਼ਾਨ ਹੋਏ,
ਅਸਮਾਨ ਸਿਆਹ ਕਬਾ ਮੀਆਂ ।
ਕੁਰਸੀ ਅਰਸ਼ ਦੋਵੇਂ ਪਏ ਕੰਬਦੇ ਸਨ,
ਰੱਖ ਜੀਉ ਤੇ ਖ਼ੌਫ਼ ਖ਼ੁਦਾ ਮੀਆਂ ।
ਪਿਆ ਸੋਗ ਤਮਾਮ ਫ਼ਰਿਸ਼ਤਿਆਂ ਨੂੰ,
ਬੈਠੇ ਨਿੱਤ ਦਾ ਵਿਰਦ ਭੁਲਾ ਮੀਆਂ ।
ਸੂਰਜ ਦਰਦ ਫ਼ਿਰਾਕ ਦੇ ਸੋਗ ਕੋਲੋਂ,
ਦਿੱਤਾ ਆਪਣਾ ਆਪ ਜਲਾ ਮੀਆਂ ।
ਚੰਨ ਬਦਰ ਮੀਨਾਰ ਹਲਾਲ ਹੋਇਆ,
ਦੋਹਾਂ ਬੇਲੀਆਂ ਦਾ ਗ਼ਮ ਖਾ ਮੀਆਂ ।
ਸਾਰੇ ਤਾਰਿਆਂ ਦੀ ਮੱਧਮ ਲੋ ਹੋਈ,
ਬੈਠੇ ਮਾਤਮੀ ਫ਼ਰਸ਼ ਵਿਛਾ ਮੀਆਂ ।
ਬਾਸ਼ਕ ਨਾਗ ਤੇ ਧੌਲ ਨੇ ਹੌਲ ਖਾਧਾ,
ਸਕਣ ਨਾਂਹ ਜ਼ਮੀਨ ਨੂੰ ਚਾ ਮੀਆਂ ।
ਪਿਆ ਸੋਗ ਤਮਾਮ ਪੰਖੇਰੂਆਂ ਨੂੰ,
ਦਿਲੋਂ ਲਾਹ ਬੈਠੇ ਚੈਨ ਚਾ ਮੀਆਂ ।
ਸ਼ੇਰ ਮੁੱਖ ਸ਼ਿਕਾਰ ਥੀਂ ਫੇਰ ਬੈਠੇ,
ਦਿੱਤੇ ਭੁੱਖ ਨੇ ਮਾਰ ਮੁਕਾ ਮੀਆਂ ।
ਚਰਿਆ ਘਾਹ ਨਾ ਗਊਆਂ ਤੇ ਹਰਨੀਆਂ ਨੇ,
ਦਿੱਤਾ ਨੀਲੀਆਂ ਨੀਰ ਵਹਾ ਮੀਆਂ ।
ਕੀਕੂੰ ਖੋਲ੍ਹ ਕੇ ਗੱਲ ਸੁਣਾਂ ਤੈਨੂੰ,
ਸਾਰੇ ਜਗਤ ਤੇ ਪਈ ਕਹਾ ਮੀਆਂ ।
ਰੋਂਦਾ ਰੂਹ ਰਸੂਲ ਕਰੀਮ ਸੰਦਾ,
ਆਇਆ ਅਰਸ਼ ਅਜ਼ੀਮ ਥੀਂ ਧਾ ਮੀਆਂ ।
ਸਫ਼ਾਂ ਬੰਨ੍ਹ ਖਲੇ ਮੁਰਸ਼ਦ ਪਾਕ ਸਭੇ,
ਪਿੱਛੇ ਨਬੀ ਕਰੀਮ ਦੇ ਆ ਮੀਆਂ ।
ਕੁਤਬ ਗ਼ੌਸ ਤੇ ਵਲੀ ਸ਼ਹੀਦ ਸਾਰੇ,
ਇਹ ਭੀ ਹੋ ਖਲੇ ਇਕ ਦਾ ਮੀਆਂ ।
ਖ਼ਵਾਜਾ ਖ਼ਿਜ਼ਰ ਮਿਹਤਰ ਅਲਿਆਸ ਦੋਵੇਂ,
ਢਾਹੀਂ ਮਾਰਦੇ ਹਾਲ ਵੰਜਾ ਮੀਆਂ ।
ਮੂੰਹੋਂ ਕਹਿਣ ਅਫ਼ਸੋਸ ਅਫ਼ਸੋਸ ਯਾਰੋ,
ਮੋੜੇ ਰੱਬ ਦੀ ਕੌਣ ਰਜ਼ਾ ਮੀਆਂ ।
ਨਿਹੁੰ ਚਾਹ ਦੇ ਨਾਲ ਨਿਬਾਹ ਦਿੱਤਾ,
ਵਾਹ! ਵਾਹ! ਇਹ ਇਸ਼ਕ ਸਫ਼ਾ ਮੀਆਂ ।
ਮੁੜ ਮੁੜ ਆਖਦੇ ਸ਼ੁਕਰ ਹਜ਼ਾਰ ਵਾਰੀ,
ਗਏ ਇਸ਼ਕ ਨੂੰ ਲਾਜ ਨਾ ਲਾ ਮੀਆਂ ।
ਨਿਹੁੰ ਲਾ ਕੇ ਮੂਲ ਨਾ ਤੋੜਿਓ ਨੇ,
ਦਿੱਤਾ ਬੇਲੀਆਂ ਤੋੜ ਚੜ੍ਹਾ ਮੀਆਂ ।
ਜਿਨ੍ਹਾਂ ਇਸ਼ਕ ਮਜਾਜ਼ ਕਮਾਲ ਕੀਤਾ,
ਸੋ ਭੀ ਰੋਂਵਦੇ ਪਏ ਜੁਦਾ ਮੀਆਂ ।
ਫ਼ਜ਼ਲ ਸ਼ਾਹ ਪਿਆਰਿਆਂ ਦੋਸਤਾਂ ਨੂੰ,
ਦਿਓ ਕੁੱਲ ਬਿਆਨ ਸੁਣਾ ਮੀਆਂ ।
117. ਮਜਾਜ਼ੀ ਆਸ਼ਕਾਂ ਦੀਆਂ ਰੂਹਾਂ ਦਾ ਆ ਕੇ ਮਾਤਮ ਕਰਨਾ

ਯੂਸਫ਼ ਨਾਲ ਫ਼ਿਰਾਕ ਦੇ ਆਹ ਮਾਰੀ,
ਵਹਿ ਮਿਲੀ ਤੈਨੂੰ ਤਕਦੀਰ ਬੇਲੀ ।
ਪਾਸ਼ ਪਾਸ਼ ਜ਼ੁਲੈਖ਼ਾਂ ਦਾ ਜੀਉ ਹੋਇਆ,
ਜਿਹੜੀ ਆਸ਼ਕਾਂ ਦੇ ਵਿਚ ਪੀਰ ਬੇਲੀ ।
ਮਜਨੂੰ ਬਾਂਹ ਉਲਾਰ ਪੁਕਾਰ ਕੀਤੀ,
ਬਾਹੀਂ ਭੰਨ ਗਿਉਂ ਮੇਰੇ ਵੀਰ ਬੇਲੀ ।
ਲੈਲੀ ਲੈ ਲਈ ਦੁੱਖ ਦਰਦ ਗ਼ਮ ਨੇ,
ਪਾਇਆ ਫ਼ੈਜ਼-ਫ਼ਿਰਾਕ ਵਹੀਰ ਬੇਲੀ ।
ਫ਼ਰਿਹਾਦ ਫ਼ਰਿਆਦ ਫ਼ਰਿਆਦ ਕੀਤੀ,
ਲੱਗਾ ਕਾਰ ਕਲੇਜੜੇ ਤੀਰ ਬੇਲੀ ।
ਕੌੜੇ ਗ਼ਹਿਰ ਗ਼ਮ ਦੇ ਸ਼ੀਰੀਂ ਘੁੱਟ ਭਰਦੀ,
ਡੁੱਲ੍ਹ ਪਿਆ ਅੱਖੀਂ ਸੰਦਾ ਨੀਰ ਬੇਲੀ ।
ਰਾਂਝੇ ਸੰਦਾ ਸੀਨਾ ਚਾਕ ਹੋਇਆ,
ਨਾਲੇ ਖੜ੍ਹੀ ਰੋਵੇ ਕੋਲ ਹੀਰ ਬੇਲੀ ।
ਮੱਛੀ ਵਾਂਗ ਪਿਆ ਪੁੰਨੂੰ ਤੜਫ਼ਦਾ ਸੀ,
ਦਿੱਤਾ ਖ਼ਾਕ ਰੁਲਾ ਸਰੀਰ ਬੇਲੀ ।
ਖੁੱਲ੍ਹੇ ਵਾਲ ਡੁੱਲ੍ਹੇ ਨੈਣ ਵੈਣ ਕਰਦੀ,
ਸੱਸੀ ਵਹਿਸ਼ੀਆਂ ਦੀ ਤਸਵੀਰ ਬੇਲੀ ।
ਮਿਰਜ਼ਾ ਕੂਕਦਾ ਸੀ ਹਾਇ ਹਾਇ ਯਾਰੋ,
ਮੈਨੂੰ ਗਏ ਬਣਾਏ ਫ਼ਕੀਰ ਬੇਲੀ ।
ਰੁੰਨੀ ਸਾਹਿਬਾਂ ਭੀ ਉੱਚੀ ਮਾਰ ਚੀਕਾਂ,
ਗਏ ਤੀਰ ਗ਼ਮ ਦੇ ਸੀਨਾ ਚੀਰ ਬੇਲੀ ।
ਮਾਹੀ ਯਾਰ ਕੂਕੇ ਯਾਰ ਯਾਰ ਕਰ ਕੇ,
ਕੀਤਾ ਦਰਦ ਫ਼ਿਰਾਕ ਜ਼ਹੀਰ ਬੇਲੀ ।
ਚੰਦਨ ਬਦਨ ਨੇ ਖ਼ਾਕ ਰੁਲਾ ਦਿੱਤਾ,
ਸੋਹਣਾ ਬਦਨ ਜੋ ਮਾਹ ਮੁਨੀਰ ਬੇਲੀ ।
ਫ਼ਜ਼ਲ ਹੋਰ ਕਰੋੜ ਹਜ਼ੂਮ ਆਹਾ,
ਨਾਹੀਂ ਵਿਚ ਤਹਰੀਰ ਤਕਰੀਰ ਬੇਲੀ ।
118. ਸੋਹਣੀ ਮਹੀਂਵਾਲ ਦਾ ਦਫ਼ਨਾਇਆ ਜਾਣਾ

ਦੋਵੇਂ ਬੁੱਤ ਰੁੜ੍ਹਦੇ ਗੂੜ੍ਹੇ ਪਿਆਰ ਵਾਲੇ,
ਉਸ ਰੋਜ਼ ਦੇ ਵਿਚ ਝਨਾਉਂ ਦੇ ਜੀ ।
ਬਾਹਰ ਕੰਢੜੇ ਤੇ ਸਭ ਯਾਰ ਪਿਆਰੇ,
ਪਏ ਕੂੰਜ ਵਾਂਗੂੰ ਕੁਰਲਾਉਂਦੇ ਜੀ ।
ਖ਼ਵਾਜਾ ਖ਼ਿਜਰ ਮਿਹਤਰ ਅਲਿਆਸ ਤਾਈਂ,
ਨਬੀ ਪਾਕ ਰਸੂਲ ਫ਼ਰਮਾਉਂਦੇ ਜੀ ।
ਝੱਬ ਜਾ ਲਿਆਵਣਾ ਆਸ਼ਕਾਂ ਨੂੰ,
ਮੁੜ ਮੁੜ ਹੁਕਮ ਏਹੋ ਫ਼ਰਮਾਉਂਦੇ ਜੀ ।
ਦੋਵੇਂ ਯਾਰ ਤਾਜ਼ੀਮ ਤਸਲੀਮ ਕਰ ਕੇ,
ਲੰਮੇ ਵਹਿਣ ਝਨਾਉਂ ਦੇ ਜਾਉਂਦੇ ਜੀ ।
ਚਾਰੇ ਮਲਕ ਲੈ ਕੇ ਆਏ ਪਲੰਘ ਸੋਹਣਾ,
ਰਲ ਕੇ ਤਰਫ਼ ਝਨਾਉਂ ਦੇ ਜਾਉਂਦੇ ਜੀ ।
ਬਹੁਤ ਢੂੰਡ ਸੇਤੀ ਓੜਕ ਪਾਇਓ ਨੇ,
ਚਾਦਰ ਤਾਣ ਉਤੇ ਪਲੰਘ ਚਾਉਂਦੇ ਜੀ ।
ਚਾਰੇ ਮਲਕ ਉਠਾਇ ਕੇ ਪਲੰਘ ਤਾਈਂ,
ਖ਼ਿਦਮਤ ਵਿਚ ਰਸੂਲ ਲਿਆਉਂਦੇ ਜੀ ।
ਸੁੱਤੇ ਪਾ ਗਲਵਕੜੀ ਮਿਹਰ ਸੇਤੀ,
ਕਾਰਨ ਗੁਸਲ ਦੇ ਪਕੜ ਛੁਡਾਉਂਦੇ ਜੀ ।
ਸਾਰੇ ਲਾਇਕੇ ਜ਼ੋਰ ਬੇਜ਼ੋਰ ਹੋਏ,
ਓੜਕ ਆਪ ਨਬੀ ਪਾਸ ਆਉਂਦੇ ਜੀ ।
ਦੂਰੋਂ ਦੇਖ ਕੇ ਪਾਕ ਰਸੂਲ ਤਾਈਂ,
ਦੋਵੇਂ ਬੁਤ ਚਾ ਸੀਸ ਨਿਵਾਉਂਦੇ ਜੀ ।
ਕਹੇ ਨਬੀ ਛੱਡੋ ਇਕ ਦੂਸਰੇ ਨੂੰ,
ਜ਼ਰਾ ਤੁਸਾਂ ਨਵ੍ਹਾਵਣਾ ਚਾਹੰਂਦੇ ਜੀ ।
ਉਸੀ ਵਕਤ ਜੁਦਾ ਹੋ ਗਏ ਦੋਵੇਂ,
ਇਕ ਪਲਕ ਨਾ ਦੇਰ ਲਗਾਉਂਦੇ ਜੀ ।
ਰੋਜ਼ ਕਫ਼ਨ ਕਾਰਨ ਅਤਰ ਆਬ ਕੌਸਰ,
ਹੂਰਾਂ ਘੱਲ ਰਸੂਲ ਮੰਗਵਾਉਂਦੇ ਜੀ ।
ਓੜਕ ਹੁਕਮ ਰਸੂਲ ਕਰੀਮ ਕੀਤਾ,
ਮਜਨੂੰ ਸੱਦ ਕੇ ਗ਼ੁਸਲ ਦਿਵਾਉਂਦੇ ਜੀ ।
ਕਫ਼ਨ ਸੋਹਣੀ ਤੇ ਮਹੀਂਵਾਲ ਸੰਦਾ,
ਅਦਰੀਸ ਥੀਂ ਬੈਠ ਸਵਾਉਂਦੇ ਜੀ ।
ਓਧਰ ਗ਼ੁਸਲ ਦਿੱਤਾ ਲੈਲੀ ਸੋਹਣੀ ਨੂੰ,
ਜਿਸ ਤੌਰ ਦੇ ਨਾਲ ਨਵ੍ਹਾਉਂਦੇ ਜੀ ।
ਜਦੋਂ ਲਏ ਨਵ੍ਹਾ ਧਵਾ ਦੋਵੇਂ,
ਉਸੇ ਪਲੰਘ ਤੇ ਕਫ਼ਨ ਵਿਛਾਉਂਦੇ ਜੀ ।
ਇਕੋ ਕਫ਼ਨ ਦੇ ਵਿਚ ਲਪੇਟਿਓ ਨੇ,
ਦੋਵੇਂ ਯਾਰ ਓਵੇਂ ਗਲ ਲਾਉਂਦੇ ਜੀ ।
ਸਫ਼ਾਂ ਬੰਨ੍ਹ ਜਨਾਜੇ ਆਹਰ ਹੋਏ,
ਉੱਚੀ ਪਾਕ ਰਸੂਲ ਫ਼ਰਮਾਉਂਦੇ ਜੀ ।
ਉਜੂ ਸਾਜ ਪਿੱਛੇ ਹੱਥ ਬੰਨ੍ਹ ਖਲੇ,
ਨਬੀ ਹੋ ਇਮਾਮ ਪੜ੍ਹਾਉਂਦੇ ਜੀ ।
ਓੜਕ ਸੋਹਣੀ ਤੇ ਮਹੀਂਵਾਲ ਸੰਦੀ,
ਮਈਅਤ ਚਾ ਲਹਿੰਦੇ ਵੱਲ ਜਾਂਵਦੇ ਜੀ ।
ਮਾਰ ਢਾਹੀਂ ਉਹ ਨੇ ਜ਼ਾਰੋ ਜ਼ਾਰ ਰੋਂਦੇ,
ਆਹ ਮਾਰਦੇ ਹਾਲ ਵੰਞਾਵਦੇ ਜੀ ।
ਅੱਠੇ ਪਹਿਰ ਪਿਆਰਿਆਂ ਸੱਜਣਾਂ ਦੇ,
ਹਰੇ ਸੱਜਰੇ ਘਾਹ ਚਮਾਂਵਦੇ ਜੀ ।
ਆਵੇ ਸਬਰ ਨਾਹੀਂ ਅੱਖੀਂ ਰੋਂਦਿਆਂ ਨੂੰ,
ਲੱਖ ਵਾਰ ਰਹੇ ਸਮਝਾਉਂਦੇ ਜੀ ।
ਕੰਧਾ ਦੇਣ ਵਾਰੋ ਵਾਰੀ ਯਾਰ ਚਾਰੇ,
ਹੰਝੂ ਮੀਂਹ ਦੇ ਵਾਂਗ ਵਰਸਾਉਂਦੇ ਜੀ ।
ਕਲਮਾ 'ਵਾਹਦ ਹੂ ਲਾ ਸ਼ਰੀਕ' ਵਾਲਾ,
ਕੰਧਾ ਦੇਣ ਦੇ ਵਕਤ ਅਲਾਉਂਦੇ ਜੀ ।
ਸਿੱਧਾ ਤਰਫ਼ ਮਦੀਨੇ ਦੇ ਰਾਹ ਫੜਿਆ,
ਪੈਰ ਵਾਉ ਦੇ ਵਾਂਗ ਉਠਾਉਂਦੇ ਜੀ ।
ਯਾਰ ਘੱਲ ਫ਼ਰਿਸ਼ਤੇ ਨੂਰ ਨੂਰੀ,
ਦੱਖਣ ਰੋਜ਼ਿਓਂ ਕਬਰ ਕਢਾਉਂਦੇ ਜੀ ।
ਕਦਮਾਂ ਵਲ ਰਸੂਲ ਕਰੀਮ ਦੇ ਜੀ,
ਦੋਹਾਂ ਆਸ਼ਕਾਂ ਨੂੰ ਦਫ਼ਨਾਉਂਦੇ ਜੀ ।
ਫ਼ਜ਼ਲ ਫ਼ਾਤਿਹਾ ਆਖ ਰਵਾਨ ਹੋਏ,
ਦੋਹਾਂ ਬੇਲੀਆਂ ਦਾ ਗ਼ਮ ਖਾਉਂਦੇ ਜੀ ।
119. ਵਾਕ ਕਵੀ

ਐਸੇ ਸੋਹਣੇ ਛੈਲ ਮਲੂਕ ਦੋਵੇਂ,
ਗਏ ਖ਼ਾਕ ਦੇ ਵਿਚ ਸਮਾ ਮੀਆਂ ।
ਐਪਰ ਇਸ਼ਕ ਨੂੰ ਲਾਜ ਨਾ ਲਾਇਓ ਨੇ,
ਤੋੜ ਚਾੜ੍ਹ ਗਏ ਨਿਹੁੰ ਲਾ ਮੀਆਂ ।
ਇਸ਼ਕ ਲਾਵਣਾ ਏਸ ਦਾ ਨਾਮ ਯਾਰੋ,
ਦਿੱਤਾ ਰੱਬ ਰਸੂਲ ਪਹੁੰਚਾ ਮੀਆਂ ।
ਤੂੰ ਵੀ ਆਸ਼ਕ ਨਾਮ ਧਰਾ ਬੈਠਾ,
ਏਵੇਂ ਇਸ਼ਕ ਨੂੰ ਪਾਲ ਵਿਖਾ ਮੀਆਂ ।
ਸੱਚਾ ਪਿਆਰ ਜੋ ਯਾਰ ਦੇ ਨਾਲ ਪਾਇਓ,
ਕਰੀਂ ਯਾਰ ਤੋਂ ਜਾਨ ਫ਼ਿਦਾ ਮੀਆਂ ।
ਸਿਰ ਦਿੱਤਿਆਂ ਸਿਰ ਜੇ ਹੱਥ ਆਵੇ,
ਸਸਤਾ ਵਣਜ ਹੈ ਲਈਂ ਚੁਕਾ ਮੀਆਂ ।
ਮੈਂ ਭੀ ਇਸ਼ਕ ਦੇ ਵਿਚ ਗੁਦਾਜ਼ ਹੋਇਆ,
ਐਪਰ ਦੱਸਣੇ ਦੀ ਨਹੀਂ ਜਾ ਮੀਆਂ ।
ਇਤਨਾ ਦਰਦ ਮੈਨੂੰ ਜੇਕਰ ਆਹ ਮਾਰਾਂ,
ਦਿਆਂ ਰੁੱਖ ਦਰਖ਼ਤ ਜਲਾ ਮੀਆਂ ।
ਮੂੰਹੋਂ ਬੋਲਿਆਂ ਖੋਲ੍ਹਿਆਂ ਦਰਦ ਸਾਰਾ,
ਹੋ ਜਾਂਵਦਾ ਯਾਰ ਖ਼ਫ਼ਾ ਮੀਆਂ ।
ਐਪਰ ਸਬਰ ਦਿੱਤਾ ਰੱਬ ਫ਼ਜ਼ਲ ਸੇਤੀ,
ਮੀਟੀ ਮੁੱਠ ਹੀ ਦੇ ਲੰਘਾ ਮੀਆਂ ।
120. ਤਥਾ

ਤਾਹੀਂ ਸ਼ਿਅਰ ਮੇਰਾ ਪੁਰ ਸਿਹਰ ਹੋਇਆ,
ਕੀਤਾ ਰੱਬ ਰਸੂਲ ਅਤਾ ਮੈਨੂੰ,
ਨਹੀਂ ਤਾਂ ਆਸ਼ਕਾਂ ਦਾ ਕਿੱਸਾ ਜੋੜਨੇ ਦਾ,
ਕੀਕਰ ਆਂਵਦਾ ਚੈਨ ਤੇ ਚਾ ਮੈਨੂੰ ।
ਦਰਦ ਇਸ਼ਕ ਦੇ ਨਾਲ ਨਿਬਾਹ ਦਿੱਤੀ,
ਜਿਹੜੀ ਗੱਲ ਪਈ ਗਲ ਆ ਮੈਨੂੰ ।
ਖ਼ਾਦਮ ਭੁੱਲਿਆ ਜੇ ਕਿਤੇ ਸ਼ਿਅਰ ਅੰਦਰ,
ਐਬ ਦੇਖ ਤਾਂ ਵੀ ਪੜਦਾ ਪਾ ਮੈਨੂੰ ।
ਆਦਮ ਭੁੱਲ ਗਿਆ ਐਡੀ ਅਕਲ ਵਾਲਾ,
ਕੋਈ ਬਾਝ ਖ਼ਤਾ ਸੁਣਾ ਮੈਨੂੰ,
ਇਕ ਬੂਟਿਓਂ ਬਾਗ਼ ਬਣਾ ਦਿੱਤਾ,
ਮਾਲੀ ਕੋਈ ਐਸਾ ਦਿਖਲਾ ਮੈਨੂੰ ।
ਅੱਖੀਂ ਖੋਲ੍ਹ ਕਾਰੀਗਰੀ ਵੇਖ ਮੇਰੀ,
ਤਾਅਨੇ ਮਾਰ ਨਾ ਪਿਆ ਜਲਾ ਮੈਨੂੰ ।
ਫ਼ਜ਼ਲ ਸ਼ਾਹ ਤਾਈਂ ਫ਼ਜ਼ਲ ਸ਼ਾਹ ਕੀਤਾ,
ਸਮਝ ਬਹੁਤ ਫ਼ਕੀਰ ਗਦਾ ਮੈਨੂੰ ।
121. ਅਖ਼ੀਰੀ ਵਾਕ

ਮੇਰੇ ਮਿਲਣ ਸੰਦੀ ਜੇਕਰ ਸਿੱਕ ਤੈਨੂੰ,
ਦੱਸਾਂ ਆਪਣਾ ਥਾਂ ਮਕਾਨ ਬੇਲੀ ।
ਨਵਾਂ ਕੋਟ ਲਾਹੌਰ ਦੀ ਤਰਫ਼ ਦੱਖਣ,
ਪੈਂਡਾ ਨੀਮ ਫਰਸੰਗ ਦਾ ਜਾਨ ਬੇਲੀ ।
ਓਸ ਜਗ੍ਹਾ ਤੇ ਮੈਂ ਵਸਨੀਕ ਕੀਤੀ,
ਗੱਲ ਇਸ਼ਕ ਦੀ ਕੁੱਲ ਬਿਆਨ ਬੇਲੀ ।
ਵੀਹਵੇਂ ਸਾਲ ਅੰਦਰ ਮੇਰਾ ਪੈਰ ਆਹਾ,
ਕੀਤਾ ਖ਼ਿਜਰ ਮੈਨੂੰ ਖ਼ੈਰ ਦਾਨ ਬੇਲੀ ।
ਕੀਤੀ ਜੋੜ ਕਿਤਾਬ ਦਰੁਸਤ ਸਾਰੀ,
ਰੋਜ਼ੇ ਚੌਧਵੇਂ ਮਾਹ ਰਮਜ਼ਾਨ ਬੇਲੀ ।
ਹਿਜਰਤ ਨਬੀ ਕਰੀਮ ਥੀਂ ਗਏ ਆਹੇ,
ਬਾਰ੍ਹਾਂ ਸੈ ਤੇ ਪੈਂਹਠ ਪਛਾਨ ਬੇਲੀ ।
ਅੱਖੀਂ ਖੋਲ੍ਹ ਕੇ ਵੇਖ ਪਿਆਰਿਆਂ ਦੇ,
ਕੀਤਾ ਇਸ਼ਕ ਦਾ ਬਹਿਰ ਰਵਾਨ ਬੇਲੀ ।
ਜੇਕਰ ਇਸ਼ਕ ਥੀਂ ਮਿਲੇ ਮਕਸੂਦ ਤੇਰਾ,
ਮੈਥੀਂ ਕਰੀਂ ਤੂੰ ਦਰਦ ਅਯਾਨ ਬੇਲੀ ।
ਅੱਛਾ ਜਾਨ ਨਾਹੀਂ, ਜਿਨ੍ਹਾਂ ਇਸ਼ਕ ਨਾਹੀਂ,
ਤਿਨ੍ਹਾਂ ਮੂਲ ਨਾ ਦੀਨ ਈਮਾਨ ਬੇਲੀ ।
ਦਾਮਨ ਇਸ਼ਕ ਦੇ ਲੱਗਿਆਂ ਯਾਰ ਮਿਲਦਾ,
ਲਈਂ ਸਮਝ ਨਾ ਥੀਓ ਨਦਾਨ ਬੇਲੀ ।
ਮੈਂ ਭੀ ਇਸ਼ਕ ਦਾ ਪੱਲੜਾ ਪਕੜਿਆ ਸੀ,
ਮਿਲਿਆ ਯਾਰ ਮੇਰਾ ਜੀਉ ਜਾਨ ਬੇਲੀ ।
ਫ਼ਜ਼ਲ ਸ਼ਾਹ ਸੰਦੀ ਹੋਈ ਇਸ਼ਕ ਵੱਲੋਂ,
ਕਲਮਾ ਨਬੀ ਦੇ ਨਾਲ ਜ਼ਬਾਨ ਬੇਲੀ ।