ਸਮੱਗਰੀ 'ਤੇ ਜਾਓ

ਦਿਲ ਹੀ ਤਾਂ ਸੀ/ਵਿਸ਼ ਭਰੇ ਸਾਗਰ ਵਿਚੋਂ ਅੰਮ੍ਰਿਤ ਦੀਆਂ ਬੂੰਦਾਂ

ਵਿਕੀਸਰੋਤ ਤੋਂ
ਦਿਲ ਹੀ ਤਾਂ ਸੀ
 ਬਲਬੀਰ ਢਿੱਲੋਂ
ਵਿਸ਼ ਭਰੇ ਸਾਗਰ ਵਿਚੋਂ ਅੰਮ੍ਰਿਤ ਦੀਆਂ ਬੂੰਦਾਂ
32496ਦਿਲ ਹੀ ਤਾਂ ਸੀ — ਵਿਸ਼ ਭਰੇ ਸਾਗਰ ਵਿਚੋਂ ਅੰਮ੍ਰਿਤ ਦੀਆਂ ਬੂੰਦਾਂਬਲਬੀਰ ਢਿੱਲੋਂ






ਦਲਾਲ





ਪਤਾ ਨਹੀਂ ਕਈ ਲੋਕ ਏਨ੍ਹਾਂ ਯੂਰੀਨਲਾਂ ਵਿੱਚ, ਏਨ੍ਹਾਂ ਟੱਟੀਆਂ ਵਿੱਚ ਕਿਉਂ ਲਿਖ ਦੇਂਦੇ ਹਨ। ਬਾਹਰ ਲਿਖਿਆ ਹੋਇਆ ਹੁੰਦਾ ਹੈ ਮਰਦ ਲਈ, ਪਰ ਅੰਦਰ, ਓਸ ਦਰਵਾਜ਼ੇ ਦੇ ਅੰਦਰਲੇ ਤੱਖ਼ਤੇ ਉਤੇ ਔਰਤਾਂ ਲਈ ਵੀ ਬੜਾ ਕੁਝ ਲਿਖਿਆ ਹੁੰਦਾ ਹੈ। ਕਦੇ ਚਾਕ ਨਾਲ, ਕਦੇ ਪਿਨਸਲ ਜਾਂ ਪੈੱਨ ਨਾਲ, ਹੋਰ ਕੁਝ ਨਾ ਹੋਵੇ ਤੇ ਕਿਸੇ ਕਿੱਲ ਦੀ ਨੋਕ ਨਾਲ, ਕਿਸੇ ਠੀਕਰੀ ਨਾਲ, ਜੇ ਉਹ ਵੀ ਨਹੀਂ ਤਾਂ ਇੱਕ ਉਂਗਲ ਦੇ ਨਹੁੰ ਨਾਲ ਹੀ ਝਰੀਟਿਆ ਹੁੰਦਾ ਹੈ।

“ਸੇਠ ਜਮਨਾ ਦਾਸ ਦੀ ਧੀ, ਰਾਮ ਲੁਭਾਇਆ ਸਦਰ ਬਜ਼ਾਰ ਵਾਲਾ।"

“ਸੁਰੇਸ਼, ਗੌਰਮਿੰਟ ਕਾਲਜ ਸਟੂਡੈਂਟ ਫੋਰਥ ਯੀਅਰ ਤੇ ਰਾਏ ਨੀ ਚੁਚੋ ਸ਼ਾਰਧਾ......ਯਾ ਰੱਬਾ ਸਾਡਾ ਵੀ ਕਿਤੇ ਤਰੋਪਾ ਭਰ" ਅਤੇ ਫੇਰ, “ਦਾਏਂ ਦੋਖੋ, ਬਾਏਂ ਦੇਖੋ, ਬਾਏਂ ਸੇ ਫਿਰ ਊਪਰ ਔਰ ਨੀਚੇ। ਉਲੂ ਕੇ ਚਰਖੇ ਇੱਧਰ ਉੱਧਰ ਕਿਆ ਦੇਖਤੇ ਹੋ ਅਪਨਾ ਕਾਮ ਕਰੋ ਔਰ ਰਾਸਤਾ ਨਾਪੋ।"

"ਉਹ ਹਰਾਮਦਾ ਹੋਵੇਗਾ ਜੋ ਕਾਂਗਰਸ ਨੂੰ ਵੋਟ ਨਾ ਦੇਵੇਗਾ", ਵਗੈਰਾ, ਵਗੈਰਾ।

ਮੈਂ ਇਹ ਸਭ ਕੁਝ ਤਾਂ ਦਸ ਰਿਹਾ ਹਾਂ ਕਿ ਜੇਕਰ ਤੁਹਾਡੇ ਵਿਚੋਂ ਵੀ ਕਿਸੇ ਦਾ ਇਹ ਕੁਝ ਲਿਖ਼ਣ ਤੇ ਜੀ ਕਰੇ ਤਾਂ ਅਜ ਹੀ ਬਾਜ਼ਾਰੋਂ ਜਾ ਕੇ ਚਾਕ ਖਰੀਦ ਲਿਆਵੋ, ਨਹੁੰ ਘਸੌਣ ਦੀ ਲੋੜ ਨਹੀਂ ਪਵੇਗੀ ਅਤੇ ਇਸ ਤੋਂ ਉਪਰੰਤ ਇਹ ਕੁਝ ਲਿਖਣਾ ਵੀ ਤਾਂ ਮਰਦਾਂ ਦਾ ਹੀ ਕੰਮ ਹੈ ਕਿਉਂਕਿ ਹਿੰਦੁਸਤਾਨ ਵਿਚ ਅਜੇ ਕ੍ਰਿਸ਼ਨ ਚੰਦਰ ਦੇ ਗਧੇ ਤੋਂ ਸਿਵਾ ਹੋਰ ਕੋਈ ਗਧਾ ਲਿਖਣਾ ਪੜ੍ਹਨਾ ਨਹੀਂ ਜਾਣਦਾ।

ਪਰ ਇਹ ਸੱਭ ਕੁਝ ਲਿਖ ਦੇਣਾ ਉਨਾਂ ਹੀ ਕੁਦਰਤੀ ਹੈ ਜਿੰਨਾ ਕੁਦਰਤੀ ਕਿਸੇ ਦਾ ਸਾਰੀ ਉਮਰ ਕੁਆਰਾ ਰਹਿਣਾ, ਕਿਸੇ ਦੀਆਂ ਖਾਹਿਸ਼ਾਂ ਦਾ, ਦੱਬੇ ਮਿੱਧੇ ਜਾਣਾ, ਕਿਸੇ ਦੇ ਜਾਇਜ਼ ਹੱਕਾਂ ਦਾ ਖੋਹਿਆ ਜਾਣਾ ਅਤੇ ਸੱਭ ਕੁਝ ਬੜਾ ਆਮ ਹੁੰਦਾ ਹੈ। ਪਰ ਅੱਜ ਜੋ ਕੁਝ ਮੈਂ ਇਸ ਯੂਰੀਨਲ ਵਿੱਚ ਲਿਖਿਆ ਪੜ੍ਹਿਆ ਸੀ, ਏਹ ਬੜਾ ਆਮ ਨਹੀਂ ਹੁੰਦਾ। ਮੈਂ ਏਸ ਜੀ.ਬੀ. ਰੋਡ ਤੋਂ ਦੀ ਰੋਜ਼ ਆਪਣੇ ਦਫਤਰ ਜਾਂਦਾ ਹਾਂ ਅਤੇ ਅੱਜ ਵੀ ਜਾ ਰਿਹਾ ਸਾਂ। ਜਾਂਦਾ ਜਾਂਦਾ ਰੁਕਿਆ, ਏਸ ਯੂਰੀਨਲ ਦੇ ਅੰਦਰ ਗਿਆ, ਕੁਝ ਚਿਰ ਪਿਛੋਂ ਜਦ ਬਾਹਰ ਨਿਕਲਣ ਲੱਗਾ ਤੇ ਅੰਦਰਲੇ ਤਖ਼ਤੇ ਤੇ ਨਜ਼ਰ ਪਈ, ਕਿਸੇ ਚਾਕ ਨਾਲ ਉਰਦੂ ਵਿੱਚ ਬੜਾ ਖੁਸ਼ਖ਼ਤ ਕਰਕੇ ਲਿਖਿਆ ਹੋਇਆ ਸੀ, “ਸਭ ਕੰਜਰੀਆਂ, ਹਿੰਦਵਾਣੀਆਂ ਔਰ ਸਿਖਣੀਆਂ ਹੈਂ" ਮੇਰੀ ਨਜ਼ਰ ਉਡਕੇ ਉਨ੍ਹਾਂ ਚੁਬਾਰਿਆਂ ਤੇ ਜਾ ਬੈਠੀ ਜਿਹੜੇ ਚੁਬਾਰੇ ਏਸੇ ਜੀ.ਬੀ. ਰੋਡ ਦੇ ਨਾਲ ਇੰਝ ਖਲੋਤੇ ਹਨ ਜਿਵੇਂ ਪਹਾੜ ਹੋਣ। ਪਹਾੜਾਂ ਤੇ ਵੀ ਪਗ ਡੰਡੀਆਂ ਹੁੰਦੀਆਂ ਹਨ ਤੇ ਇਨ੍ਹਾਂ ਉਤੇ ਵੀ ਨੇ। ਪਹਾੜਾਂ ਉਤੇ ਦਰਖ਼ਤ ਹੁੰਦੇ ਨੇ, ਭਾਂਤ ਭਾਂਤ ਦੇ ਦਰਖ਼ਤ, ਵੱਡੇ ਵੱਡੇ ਨਿੱਕੇ ਨਿੱਕੇ, ਹਰੇ ਹਰੇ, ਸੁੱਕੇ ਸੁੱਕੇ। ਕਦੇ ਦਰਖਤਾਂ ਨੂੰ ਅੱਗ ਲੱਗ ਜਾਂਦੀ ਹੈ ਉਹ ਸੜ ਕੇ ਸੁਆਹ ਹੋ ਜਾਂਦੇ ਨੇ। ਉਹ ਵੀ ਸੜ ਜਾਂਦੇ ਨੇ ਜੋ ਅਜੇ ਉਗ ਹੀ ਰਹੇ ਹੋਣ। ਏਹਨਾਂ ਚੁਬਾਰਿਆਂ ਉਤੇ ਵੀ ਉਹ ਸਾਰੇ ਦਰਖ਼ਤ ਹੁੰਦੇ ਨੇ। ਭਾਂਤ ਭਾਂਤ ਦੇ, ਵੱਡੇ ਨਿੱਕੇ, ਹਰੇ ਸੁੱਕੇ। ਏਹ ਵੀ ਵੱਡੇ ਹੋਣ ਤੋਂ ਪਹਿਲਾਂ ਹੀ ਸੜ ਜਾਂਦੇ ਨੇ, ਸਦੀਆਂ ਤੋਂ ਏਓ ਹੁੰਦਾ ਹੈ। ਅੱਗ ਲੱਗਦੀ ਹੈ, ਧੂੰਆਂ ਉਠਦਾ ਹੈ ਆਸ ਪਾਸ ਦਿਆਂ ਇਲਾਕਿਆਂ ਵਿੱਚ ਛਾ ਜਾਂਦਾ ਹੈ। ਪਰ ਏਹ ਵੀ ਆਮ ਹੁੰਦਾ ਹੈ ਅਤੇ ਅਜੇ ਤੱਕ ਏਹ ਕੁਦਰਤੀ ਹੈ।

ਮੈਂ ਏਹ ਸੋਚਦਾ ਸੋਚਦਾ ਦਫਤਰ ਚਲਾ ਗਿਆ। ਸ਼ਾਮਾਂ ਪੈ ਗਈਆਂ, ਘਰ ਪਰਤਿਆ, ਸੁਤਾ ਵੀ, ਉਠਿਆ ਵੀ, ਪਰ ਏਹ ਸੁਵਾਲ, ਉਰਦੂ ਵਿੱਚ ਲਿਖਿਆ ਹੋਇਆ ਸੁਵਾਲ। ਉਚੇਚਾ ਫੇਰ ਉਸ ਯੂਰੀਨਲ ਵਿੱਚ ਗਿਆ। ਸੋਚਿਆ ਸੀ ਕਿ ਕੋਈ ਹੱਲ ਮਿਲ ਜਾਵੇਗਾ, ਉਲਟੀ ਹੋਰ ਗੰਢ ਪੀਚੀ ਗਈ। ਕਿਸੇ ਹਿੰਦਵਾਣੀਆਂ ਦਾ ਲਫਜ਼ ਕੱਟਕੇ “'ਮੁਸਲਮਾਣੀਆਂ’ ਔਰ ਸਿਖਣੀਆਂ ਹੈਂ" ਲਿਖ ਦਿਤਾ।

ਅਜੀਬ ਗੁੰਝਲ ਸੀ, ਜਿਉਂ ਜਿਉਂ ਸੁਲਝਾਵਾਂ ਹੋਰ ਉਲਝੇ। ਤੀਜੇ ਦਿਨ ਉਹੀ ਹੋਇਆ ਜੋ ਮੈਂ ਸੋਚਦਾ ਸਾਂ। ਕਿਸੇ ਸਿੱਖਣੀਆਂ ਕੱਟ ਕੇ ਫੇਰ ਹਿੰਦਵਾਣੀਆਂ ਕਰ ਦਿੱਤਾ ਸੀ। ਮੈਂ ਸੋਚਿਆ ਕਿ ਚਲੋ ਸਿਆਪਾ ਮੁੱਕਾ, ਹੁਣ ਇਸ ਤੋਂ ਵੱਧ ਹੋਰ ਕੋਈ ਕੀ ਲਿੱਖੇਗਾ। ਜਦੋਂ ਤੱਕ ਏਹ ਜ਼ਾਤਾਂ ਮੁਕਣਗੀਆਂ, ਉਦੋਂ ਤੱਕ ਏਹ ਅੱਖਰ ਵੀ ਮਿੱਟ ਚੁੱਕੇ ਹੋਣਗੇ। ਪਰ ਹੋਇਆ ਬਿਲਕੁਲ ਇਸਦੇ ਉਲਟ। ਅਗਲੇਰੇ ਦਿਨ ਹੀ ਕਿਸੇ ਨੇ ਉਹ ਪਹਿਲਾ ਸੱਭ ਕੁਝ ਕੱਟ ਕਟਾ ਕੇ ਕਿੰਨੀਆਂ ਹੀ ਜ਼ਬਾਨਾਂ ਵਿੱਚ ਲਿਖ ਦਿੱਤਾ। ਉਰਦੂ ਵਿੱਚ, ਹਿੰਦੀ ਵਿੱਚ, ਪੰਜਾਬੀ ਵਿੱਚ, ਮਰਾਠੀ ਵਿੱਚ, ਗੁਜਰਾਤੀ ਵਿੱਚ ਤੇ ਬਾਕੀ ਪਤਾ ਨਹੀਂ ਹੋਰ ਕਿਸ ਕਿਸ ਜ਼ਬਾਨ ਵਿੱਚ। ਪਰ ਲਿਖਿਆ ਸਾਰੀਆਂ ਜ਼ਬਾਨਾਂ ਵਿੱਚ ਏਹੋ ਸੀ, ਜਾਂ ਕਹਿ ਲਵੋ ਕਿ ਸਾਰਿਆਂ ਦਾ ਏਹੋ ਭਾਵ ਸੀ 'ਅਸੀਂ ਸੱਭ ਦਲਾਲ ਹਾਂ, ਅਸੀਂ ਸੱਭ ਦਲਾਲ ਹਾਂ......ਅਸੀਂ ਸੱਭ ਦਲਾਲ ਹਾਂ।'