ਸਮੱਗਰੀ 'ਤੇ ਜਾਓ

ਦਿਲ ਹੀ ਤਾਂ ਸੀ/ਹਨੇਰੇ ਦੀ ਵਸੋਂ

ਵਿਕੀਸਰੋਤ ਤੋਂ
32502ਦਿਲ ਹੀ ਤਾਂ ਸੀ — ਹਨੇਰੇ ਦੀ ਵਸੋਂ









ਹਨੇਰੇ ਦੀ ਵਸੋਂ








ਉਸ ਰਾਤ ਜਦੋਂ ਉਸ ਲੰਮ ਤਲੰਮੀ ਸੜਕ ਦੀਆਂ ਸਾਰੀਆਂ ਬੱਤੀਆਂ ਬੁੱਝ ਗਈਆਂ, ਸਾਰੀ ਕਾਇਨਾਤ ਰਾਤ ਦੀ ਕੁੱਖੋਂ ਜਮੇ ਹਨੇਰੇ ਵਿੱਚ ਬਦਲ ਗਈ, ਮੈਂ ਕੱਲ ਮੁਕੱਲਾ ਸੋਚਾਂ ਵਿੱਚ ਡੁੱਬਾ ਜਾ ਰਿਹਾ ਸਾਂ। ਅਚਾਨਕ ਮੈਨੂੰ ਕੋਈ ਚੀਜ਼, ਹਨੇਰੇ ਨੂੰ ਚੀਰਦੀ ਹੋਈ ਚਿਟਿਆਈ, ਮੇਰੇ ਵੱਲ ਵਧੀ ਆਉਂਦੀ ਨਜ਼ਰ ਆਈ। ਭਾਵੇਂ ਏਨਾਂ ਚੀਜ਼ਾਂ ਵਿੱਚ ਮੈਂ ਕੋਈ ਭਰੋਸਾ ਨਹੀਂ ਰੱਖਦਾ ਕਿ ਕੋਈ ਚੀਜ਼ ਜਿੰਨ ਭੂਤ ਜਾਂ ਛਲਾਵਾ ਹੋ ਸੱਕਦੀ ਹੈ, ਪਰ ਮੈਂ ਏਸੇ ਵੇਲੇ ਏਸ ਸ਼ਮਸ਼ਾਨ ਦੇ ਬਿਲਕੁਲ ਸਾਹਮਣੇ ਦੀ ਲੰਘ ਰਿਹਾ ਸਾਂ ਤੇ ਪਤਾ ਨਹੀਂ ਕਿਉਂ ਮੈਂ ਇਹ ਸੋਚਣ ਲੱਗਾ ਕਿ ਏਹ ਕੋਈ ਛਲਾਵਾ ਹੈ। ਬੜੀ ਤੇਜ਼ੀ ਨਾਲ ਉਹ ਚੀਜ਼, ਉਹ ਜਿਹੜਾ ਪਤਾ ਨਹੀਂ ਕੀ ਸੀ, ਮੇਰੇ ਕੋਲ ਦੀ ਹਵਾ ਦੇ ਬੁੱਲੇ ਵਾਂਗ ਲੰਘ ਗਿਆ ਅਤੇ ਬਿਨਾਂ ਮੇਰੀ ਮਰਜ਼ੀ ਤੋਂ ਮੇਰੇ ਬੁਲ੍ਹਾਂ ਵਿਚੋਂ ਬਿਜਲੀ ਦੀ ਤੇਜ਼ੀ ਵਾਂਗ ਏਹ ਲਫਜ਼ ਨਿਕਲੇ, “ਕੌਣ ਏਂ" ਉਹ ਲੰਘ ਗਈ ਅਤੇ ਮੇਰੇ ਸ਼ਰੀਰ ਦਾ ਰੋਮ ਰੋਮ ਜਿਵੇਂ ਉੱਠ ਕੇ ਮੇਰੇ ਕਪੜੇ ਲਾਹੁਣ ਲਈ ਉਠਿਆ ਅਤੇ ਪਹਿਲੀ ਵਾਰ ਮੈਨੂੰ ਏਸ ਸੜਕ ਦੇ ਹਨੇਰੇ ਦਾ ਅਹਿਸਾਸ ਹੋਇਆ। ਪਰ ਉਹ ਫੇਰ ਮੁੜੀ, ਮੈਂ ਫੇਰ ਪੁੱਛਿਆ, ਹਾਂ ਪੁਛਿਆ ਜਾਂ ਉਵੇਂ ਹੀ ਮੇਰੇ ਦਿਲ ਦਾ ਡਰ ਲਫਜ਼ਾਂ ਦੀ ਸ਼ਕਲ ਵਟਾ ਕੇ ਬਾਹਰ ਨਿਕਲਿਆ “ਕੌਣ ਏ" ਉਹ ਖਲੋ ਗਈ, ਉਹ ਹੱਸ ਪਈ ਖਿੜ ਖੜਾ ਕੇ ਇੱਕ ਰੁੱਖਾ ਜਿਹਾ ਹਾਸਾ, ਬਿਲਕੁਲ ਰੁੱਖਾ, ਕੋਦਰੇ ਦੀ ਰੁੱਖੀ ਰੋਟੀ ਵਰਗਾ। ਖੁਸ਼ਕ ਕਿਸ ਸਹਿਰਾ ਦੀ ਰੇਤ ਵਾਂਗ। ਅਜਿਹਾ ਹਾਸਾ ਮੈਂ ਅੱਗੇ ਵੀ ਬਣ ਚੁੱਕਾ ਸਾਂ। ਇੱਕ ਵੇਰ ਅਮ੍ਰਿਤਸਰ ਦੇ ਹਸਪਤਾਲ ਵਿੱਚ, ਇੱਕ ਵੇਰ ਊਨੇ ਦੀ ਜੇਲ੍ਹ ਵਿੱਚ, ਇੱਕ ਵੇਰ ਜਦੋਂ ਪਾਕਸਤਾਨ ਬਣਿਆਂ ਸੀ, ਇੱਕ ਵਾਰ ਜਦੋਂ ਕਲਕੱਤੇ ਔਰਤਾਂ ਤੇ ਗੋਲੀ ਚੱਲੀ ਸੀ, ਤੇ ਹੋਰ ਪਤਾ ਨਹੀਂ ਕਿੱਥੇ ਕਿੱਥੇ, ਪਰ ਇਹ ਉਹੋ ਜਿਹਾ ਹੀ ਹਾਸਾ ਸੀ। ਅਤੇ ਉਹ ਕੜਕ ਕੇ ਬੋਲੀ, “ਮੈਂ ਕੌਣ ਹਾਂ? ਮੈਂ ਉਹ ਹਾਂ ਜਿਸ ਦਾ ਦਿਲ ਸੁਹਣਾ ਨਹੀਂ, ਕੀ ਹੋਇਆ ਜੇ ਮੈਂ ਸੁਹਣੀ ਹਾਂ। ਤੇ ਤੁਸੀਂ ਮਰਦ ਤੇ ਸੂਰਤ ਨੂੰ ਨਹੀਂ ਪਿਆਰ ਕਰਦੇ ਸੀਰਤ ਨੂੰ ਲੱਭਦੇ ਹੋ ਤੇ ਮੇਰੇ ਕੋਲ ਉਹ ਹੈ ਨਹੀਂ। ਪਰ ਤੂੰ ਕੌਣ ਏਂ ਮੈਨੂੰ ਏਹ ਪੁੱਛਣ ਵਾਲਾ? ਮੈਂ ਤੈਨੂੰ ਕਿਉਂ ਦੱਸਾਂ ਮੈਂ ਕੌਣ ਆਂ, ਮੈਂ ਤੈਨੂੰ ਪੁੱਛਿਆ ਹੈ ਕਿ ਤੂੰ ਕੌਣ ਏਂ? ਜਾ ਜਾ ਆਪਣੇ ਰਾਹ ਲੱਗ ਐਵੇਂ ਨਹੀਂ ਜਾਂਦੇ ਰਾਹੀਆਂ ਦਾ ਰੱਸਤਾ ਰੋਕੀਦਾ।" ਅਤੇ ਉਹ ਚਲੀ ਗਈ। ਕਿਧਰੋਂ ਆਈ, ਕਿੱਧਰ ਚਲੀ ਗਈ, ਕਿਉਂ ਆਈ, ਕਿਉਂ ਚਲੀ ਗਈ, ਉਹ ਔਰਤ ਸੀ, ਛਲਾਵਾ ਸੀ, ਸੁਹਣੀ ਸੀ, ਬਦਸ਼ਕਲ ਸੀ, ਹਨੇਰੇ ਦੀ ਜਾਈ ਹਨੇਰੇ ਵਿੱਚ ਗੁਮ ਗਈ। ਏਸ ਹਨੇਰੇ ਦੀ ਵਸੋਂ ਖਵਰੇ ਕਿੱਡੀ ਹੈ? ਕੌਣ ਜਾਣ ਸੱਕਦਾ ਹੈ। ਪਰ ਗੱਲ ਸੋਚਣ ਵਾਲੀ ਸੀ, ਏਸ ਲਈ ਮੈਂ ਹੀ ਸੋਚਦਾ ਰਿਹਾ।

ਪੂਰੇ ਇੱਕ ਸਾਲ ਬਾਦ ਫੇਰ ਉਸੇ ਹੀ ਸੜਕ ਤੇ ਜਦੋਂ ਸਾਰੀਆਂ ਬੱਤੀਆਂ ਬੁਝ ਗਈਆਂ ਸਨ, ਉਹ ਮੈਨੂੰ ਫੇਰ ਉਸੇ ਹੀ ਸ਼ਮਸ਼ਾਨ ਕੋਲ ਮਿਲੀ। ਸਾਹਮਣੇ ਇੱਕ ਮੁਰਦਾ ਸੜ ਰਿਹਾ ਸੀ। ਇਸ ਵਾਰ ਮੈਂ ਨਾ ਤੇ ਡਰਿਆ ਹੀ ਤੇ ਨਾ ਹੀ ਕੁਝ ਬੋਲਿਆ। ਪਰ ਉਹ ਆਪ ਖਿੜ ਖੜਾ ਕੇ ਉਹੀ ਜਾਣਿਆਂ ਪਛਾਣਿਆਂ ਹਾਸਾ ਹੱਸੀ ਅਤੇ ਫੇਰ ਕਹਿਣ ਲੱਗੀ, "ਤੂੰ ਫੇਰ ਆ ਗਿਆ ਹੈ?" ਮੈਂ ਹਰਾਨ ਜਿਹਾ ਹੋਕੇ ਪੁਛਿਆ “ਪਰ ਤੂੰ ਮੈਨੂੰ ਕਿਵੇਂ ਪਛਾਣ ਲਿਆ?" ਹੱਸਕੇ ਕਹਿਣ ਲੱਗੀ, "ਮੈਂ ਹਨੇਰੇ ਦੀ ਹਰ ਸ਼ੈ ਨੂੰ ਪਛਾਣਦੀ ਹਾਂ। ਤੂੰ ਵੀ ਲੋਆਂ ਤੋਂ ਡਰਦਾ ਹੈਂ। ਦਿਨ ਦੇ ਸੂਰਜ ਤੋਂ, ਰਾਤ ਦੀਆਂ ਬੱਤੀਆਂ ਤੋਂ, ਅਤੇ ਮੈਂ ਵੀ ਉਦੋਂ ਹੀ ਬਾਹਰ ਨਿਕਲਦੀ ਹਾਂ ਜਦੋਂ ਸੂਰਜ ਡੁੱਬ ਜਾਂਦਾ ਹੈ ਤੇ ਏਸ ਸੜਕ ਦੀਆਂ ਬਤੀਆਂ ਸਦਾ ਬੁਝੀਆਂ ਰਹਿੰਦੀਆਂ ਨੇ। ਰਾਤ ਦੀ ਸਿਆਹੀ ਵਿੱਚ ਵੱਸਦੀ ਹਰ ਸ਼ੈ ਨੂੰ ਮੈਂ ਪਛਾਣਦੀ ਹਾਂ। ਤੇ ਤੈਨੂੰ ਵੀ ਪਛਾਣਦੀ ਹਾਂ।"

"ਪਰ ਤੂੰ ਕੌਣ ਹੈਂ? ਕੌਣ ਤੈਨੂੰ ਲੋਆਂ ਵਿੱਚ ਆਉਣੇ ਰੋਕਦਾ ਹੈ? ਤੂੰ ਰਾਤ ਦੀ ਵਸੋਂ ਨੂੰ ਜਾਣਦੀ ਹੈਂ ਤੇ ਸੂਰਜ ਦੀ ਵੱਸੋਂ ਨੂੰ ਕਿਉਂ ਨਹੀਂ? ਤੈਨੂੰ ਕੀ ਦੁਖ ਹੈ? ਮੈਨੂੰ ਦੱਸ, ਮੈਂ ਤੇਰਾ ਹਮਦਰਦ ਬਣਾਂਗਾ।" ਮੈਂ ਤਰਲੇ ਭਰੀ ਅਵਾਜ਼ ਵਿੱਚ ਪੁੱਛਿਆ। ਅਤੇ ਪਤਾ ਨਹੀਂ ਇਹ ਕਹਿੰਦਿਆਂ ਕਹਿੰਦਿਆਂ ਮੇਰੀਆਂ ਅੱਖਾਂ ਵਿਚ ਹੰਝੂ ਕਿਉਂ ਆ ਗਏ, ਏਹ ਕੋਈ ਰੋਣ ਵਾਲੀ ਗਲ ਤੇ ਨਹੀਂ ਸੀ, ਪਰ ਕੀ ਕਰਦਾ, ਜਦ ਉਹ ਆ ਹੀ ਗਏ ਤੇ ਕੌਣ ਮੋੜੇ ਇਨ੍ਹਾਂ ਨੂੰ। ਮੇਰੀ ਅਵਾਜ਼ ਵੀ ਕੁਝ ਭਰ ਆਈ ਤੇ ਉਹ ਕਹਿਣ ਲੱਗੀ,

“ਤੂੰ ਕਿਹੋ ਜਿਹਾ ਮਰਦ ਏਂ? ਮੈਂ ਤਾਂ ਸਮਝਦੀ ਸੀ ਤੁਸੀਂ ਮਰਦ ਸਾਰੇ ਹੀ ਇਕੋ ਆਵੇ ਦੀ ਇੱਟ ਹੁੰਦੇ ਹੋ। ਪਰ ਤੂੰ ਤਾਂ ਹੋਰ ਤਰ੍ਹਾਂ ਦਾ ਨਿਕਲਿਓਂ। ਅੱਛਾ, ਮੈਂ ਤੈਨੂੰ ਦੱਸ ਜ਼ਰੂਰ ਦੇਨੀ ਆਂ ਪਰ ਵੇਖੀਂ ਰੋਵੀਂ ਨਾ। ਰੋਂਦਾ ਬੰਦਾ ਸੁਹਣਾ ਨਹੀਂ ਲੱਗਦਾ। ਏਸੇ ਲਈ ਮੈਂ ਵੀ ਨਹੀਂ ਕਦੇ ਰੋਈ। ਤੇ ਨਾਲੇ ਆਂਹਦੇ ਨੇ, ਰੋਂਦਾ ਉਹ ਹੈ ਜਿਸ ਦਾ ਦਿਲ ਸੋਹਣਾ ਹੋਵੇ ਤੇ ਮੇਰਾ ਦਿਲ ਬਿਲਕੁਲ ਸੁਹਣਾ ਨਹੀਂ।.........ਲੈ ਸੁਣ........." ਉਹ ਠਰ੍ਹਮੇ ਨਾਲ ਬੋਲੀ, “......ਮੈਂ ਉਦੋਂ ਨਿੱਕੀ ਜਿਹੀ ਸਾਂ, ਨਿੱਕੀ ਜਿਹੀ, ਉਮਰੋਂ ਨਿੱਕੀ, ਕੱਦੋਂ ਨਿੱਕੀ ਤੇ ਅਕਲੋਂ ਵੀ ਨਿੱਕੀ। ਸਾਰੇ ਮੈਨੂੰ ਝੱਲੀ ਆਖਦੇ ਸਨ। ਖਵਰੇ ਮੈਂ ਸਾਂ ਹੀ ਝੱਲੀ, ਪਰ ਮੈਂ ਏਹ ਕਦੇ ਵੀ ਫੈਸਲਾ ਨਾ ਕਰ ਸਕੀ ਕਿ ਮੈਂ ਝੱਲੀ ਸਾਂ ਕਿ ਉਹ, ਜਿਹੜੇ ਸਾਰੇ ਮੈਨੂੰ.........ਪਰ ਕਾਹਨੂੰ, ਮੈਂ ਕਾਹਨੂੰ ਆਖਾਂ, ਖਵਰੇ ਮੈਂ ਹੀ ਸਾਂ ਤੇ ਮੈਨੂੰ ਇਕ ਵੱਡੇ ਸਾਰੇ ਨਾਲ ਜਿਹੜਾ ਮੈਥੋਂ ਉਮਰੋਂ ਵੱਡਾ, ਕਦੋਂ ਵੱਡਾ, ਤੇ ਅਕਲੋਂ ਵੀ ਵੱਡਾ ਸੀ, ਹਾਂ ਸੱਚ ਮੁੱਚ ਹੀ ਅਕਲੋਂ ਵੱਡਾ ਆਖਕੇ ਮੈਨੂੰ ਵੀ ਬੜੀ ਖੁਸ਼ੀ ਹੁੰਦੀ ਹੈ। ਉਸ ਨਾਲ ਮੈਨੂੰ .....ਮੈਨੂੰ ਉਸ ਨਾਲ.....ਹਾਏ, ਮੈਂ ਕਿਵੇਂ ਦੱਸਾਂ?....." ਤੇ ਉਹ ਅਟਕ ਗਈ। ਤੇ ਫੇਰ ਇੱਕ ਹੰਭਲਾ ਮਾਰਕੇ, ਏਹ ਲਫਜ਼ ਉਸਦੇ ਮੂੰਹੋਂ ਨਿਕਲੇ ਜਿਵੇਂ ਛੱਟਣ ਵਾਲੇ ਦੇ ਆਖਰੀ ਧੱਫੇ ਨਾਲ ਛੱਜ ਦੀਆਂ ਵਿੱਥਾਂ ਤੇੜਾਂ ਵਿਚ ਫੱਸੇ ਹੋਏ ਦਾਣੇ ਬਾਹਰ ਡਿਗ ਪੈਂਦੇ ਹਨ, "ਪਿਆਰ ਹੋ ਗਿਆ......" ਅਤੇ ਫੇਰ ਉਹ ਅਣਝੱਕ ਬੋਲੀ, “ਤੇ ਉਸ ਨੂੰ ਵੀ ਮੇਰੇ ਨਾਲ, ਹਾਂ, ਸੱਚ ਮੁੱਚ ਹੀ ਉਹ ਮੇਰੇ ਨਾਲੋਂ ਵੀ ਵਧੇਰੇ ਮੈਨੂੰ ਪਿਆਰ ਕਰਦਾ ਸੀ ਤੇ ਮੈਂ ਵੀ ਏਹ ਮੰਨ ਕੇ ਉਸਦੀ ਪਿਆਰਣ ਸ਼ਕਤੀ ਨਾਲ ਇਨਸਾਫ ਕਰਦੀ ਹਾਂ।" ਉਹ ਚੁਪ ਕਰ ਗਈ ਤੇ ਕਿੰਨਾ ਚਿਰ ਚੁਪ ਰਹੀ, ਆਖਰ ਮੈਂ ਪੁਛਿਆ, "ਫੇਰ ਕੀ ਹੋਇਆ?"

“ਫੇਰ, ਫੇਰ ਉਹ ਚਲਾ ਗਿਆ, ਹੁਣ ਤੂੰ ਪੁਛੇਂਗਾ ਕਿਥੇ ਚਲਾ ਗਿਆ?" ਉਹ ਸ਼ਮਸ਼ਾਨਾਂ ਵੱਲ ਹੱਥ ਕਰਕੇ ਕਹਿਣ ਲੱਗੀ “ਉਥੇ।...ਕਿਉਂ ਚਲਾ ਗਿਆ? ਏਹ ਨਹੀਂ ਮੈਂ ਦੱਸ ਸਕਦੀ ਕਿ ਮਨੁੱਖ ਕਿਉਂ ਚਲਿਆ ਜਾਂਦਾ ਹੈ। ਪਰ ਉਹ ਜਾਣ ਤੋਂ ਪਹਿਲੋਂ ਮੈਨੂੰ ਦੱਸ ਗਿਆ ਕਿ ਮੇਰਾ ਦਿੱਲ ਬੜਾ ਸੁਹਣਾ ਹੈ। ਹੈ ਨਹੀਂ ਸੀ। ਉਦੋਂ ਸੀ ਜਦੋਂ ਉਸ ਕਿਹਾ ਸੀ। ਉਸ ਪਿਛੋਂ ਮੈਂ ਉਸਨੂੰ, ਫੇਰ ਕਿਸੇ ਉਸ ਜਿਹੇ ਨੂੰ ਭਾਲਦੀ ਰਹੀ। ਏਸ ਘਣੀ ਵਸੋਂ ਤੋਂ ਲੈਕੇ ਉਜਾੜ ਵੀਰਾਨਿਆਂ ਤੱਕ ਮੈਂ ਆਪਣਾ ਸੁਹਣਾ ਦਿੱਲ ਲੈਕੇ ਗਲੀ ਗਲੀ, ਕੂਚਾ ਕੂਚਾ, ਦਰ ਦਰ ਹੋਕਾ ਦਿੰਦੀ ਰਹੀ ਪਰ ਕੋਈ ਖਰੀਦਾਰ ਨਾ ਮਿਲਿਆ। ਅਤੇ ਉਹ ਮਿੱਠੀ ਗਲ ਸੁਣਨ ਲਈ ਸਦਾ ਮੇਰੇ ਕੰਨ ਤਰਸਦੇ ਰਹੇ। ਕਿਸੇ ਫੇਰ ਆਕੇ ਸੁਪਨਿਆਂ ਵਿੱਚ ਵੀ ਨਾ ਆਖਿਆ ਕਿ ਤੇਰਾ ਦਿੱਲ ਬੜਾ ਸੁਹਣਾ ਹੈ। ਜੇ ਕੋਈ ਮਿਲਿਆ ਤੇ ਉਸ ਇਹੋ ਹੀ ਕਹਿਕੇ ਮੋੜ ਦਿੱਤਾ ਕਿ ਮਰਦ ਸੀਰਤ ਦਾ ਖਰੀਦਾਰ ਨਹੀਂ, ਕਿਉਂਕਿ ਸੀਰਤ ਦਾ ਕੋਈ ਵਜੂਦ ਨਹੀਂ, ਉਹ ਮਾਸਖ਼ੋਰਾ ਜਾਨਵਰ ਹੈ ਤੇ ਉਹ ਮਾਸ ਦਾ ਹੀ ਖਰੀਦਾਰ ਹੈ। ਏਸੇ ਲਈ ਮੈਨੂੰ ਏਹ ਕਿਹਾ ਗਿਆ ਕਿ ਮੈਂ ਆਪਣੇ ਸੁਹਣੇ ਦਿੱਲ ਦੀ ਸਾਰੀ ਲਾਲੀ ਨਚੋੜਕੇ ਆਪਣੀਆਂ ਗਲ੍ਹਾਂ ਤੇ ਲੈ ਆਵਾਂ, ਆਪਣੇ ਦਿਲ ਦੀ ਖੁਸ਼ਬੋ ਆਪਣੇ ਵਾਲਾਂ ਵਿਚ ਰਚਾ ਲਵਾਂ ਤਾਂ ਜੋ ਮਰਦ ਮੇਰੇ ਇੱਕ ਇੱਕ ਵਾਲ ਤੇ ਨੱਚ ਸੱਕੇ। ਅਤੇ ਆਪਣੇ ਦਿੱਲ ਦੀਆਂ ਸਾਰੀਆਂ ਡੂੰਘਿਆਈਆਂ ਆਪਣੀਆਂ ਅੱਖਾਂ ਵਿੱਚ ਪਾ ਲਵਾਂ ਤਾਂ ਜੋ ਵੱਡੇ ਵੱਡੇ ਤਾਰੂ ਏਨ੍ਹਾ ਵਿੱਚ ਡੁਬਕੇ ਰਹਿ ਜਾਣ। ਮੈਂ ਉਂਝ ਹੀ ਕੀਤਾ, ਆਪਣਾ ਦਿੱਲ ਟੋਟੇ ਟੋਟੇ ਕਰ, ਕਈਆਂ ਹਿਸਿਆਂ ਵਿੱਚ ਵੰਡ ਲਿਆ, ਦਿੱਲ ਨੂੰ ਦਿੱਲ ਰਹਿਣ ਹੀ ਨਾ ਦਿੱਤਾ। ਫੇਰ ਮੇਰੇ ਮਾਂ ਪਿਓ ਨੇ ਮੇਰਾ ਵਿਆਹ ਕਰ ਦਿੱਤਾ। ਜਿਸ ਨਾਲ ਮੇਰਾ ਵਿਆਹ ਹੋਇਆ, ਉਹ ਕਿਸੇ ਹੋਰ ਨਾਲ ਪਿਆਰ ਕਰਦਾ ਹੈ ਤੇ ਉਸ ਮੈਨੂੰ ਏਹ ਇਲਜ਼ਾਮ ਲਾਕੇ ਛੱਡ ਦਿੱਤਾ ਹੈ ਕਿ ਮੇਰਾ ਦਿੱਲ ਸੁਹਣਾ ਨਹੀਂ ਅਤੇ ਉਹ ਸੀਰਤ ਦਾ ਪੁਜਾਰੀ ਹੈ, ਸੂਰਤ ਦਾ ਨਹੀਂ। ਤੂੰ ਦੱਸ ਮੈਂ ਹੁਣ ਕੀ ਕਰਾਂ? ਜੋ ਕੁੱਝ ਮੈਂ ਆਪਣੇ ਜ਼ਮਾਨੇ ਤੋਂ ਸਿਖਿਆ ਅਤੇ ਜੋ ਕੁਝ ਮੈਨੂੰ ਹਾਲਾਤ ਨੇ ਦਿੱਤਾ, ਉਹ ਕੁੱਝ ਮੇਰੇ ਕੋਲ ਹੈ। ਮਰ ਮਰਕੇ ਮੈਂ ਸ਼ਕਲ ਸੁਹਣੀ ਬਣਾਈ ਤੇ ਉਹ ਵੀ ਠੁਕਰਾਈ ਗਈ, ਤੇ ਜਦੋਂ ਮੇਰਾ ਦਿੱਲ ਸੁਹਣਾ ਸੀ ਉਦੋਂ ਉਹ ਠੁਕਰਾਇਆ ਗਿਆ। ਹੁਣ ਏਹ ਹਾਲ ਹੈ ਕਿ ਮਾਂ ਪਿਓ ਕਹਿੰਦੇ ਨੇ ਕਿ ਮੇਰਾ ਘਰ ਸਹੁਰਾ ਘਰ ਹੀ ਏ ਤੇ ਫੇਰ ਮੇਰੇ ਦੇਸ਼ ਦੀ ਸਭਿਅਤਾ ਵੀ ਤੇ ਏਹੋ ਹੀ ਕਹਿੰਦੀ ਏ ਨਾ ਕਿ ਔਰਤ ਦੀ ਅਰਥੀ ਹੀ ਸਹੁਰੇ ਘਰ ਤੋਂ ਜਾ ਸਕਦੀ ਹੈ। ਏਸੇ ਲਈ ਮੈਂ ਰਾਤ ਦੇ ਹਨੇਰੇ ਵਿੱਚ ਨਿਕਲਦੀ ਹਾਂ। ਅਤੇ ਹਨੇਰੇ ਵਿੱਚ ਹੀ ਵਾਪਸ ਚਲੀ ਜਾਂਦੀ ਹਾਂ। ਅੱਛਾ ਹੁਣ ਮੈਂ ਜਾਂਦੀ ਹਾਂ, ਕੁਕੜਾਂ ਨੇ ਬਾਂਗਾਂ ਦੇ ਦਿੱਤੀਆਂ ਨੇ" ਉਹ ਜਾਣ ਲਗੀ ਤੇ ਮੈਂ ਪੁਛਿਆ, "ਕੀ ਮੈਂ ਤੁਹਾਡਾ ਨਾਂ ਪੁੱਛ ਸਕਦਾ ਹਾਂ?"

"ਮੇਰਾ ਨਾਂ? ਮੇਰਾ ਨਾਂ ਰਾਜ ਹੈ ਰਾਜ, ਪਰ ਤੂੰ ਕੀ ਕਰੇਂਗਾ ਪੁੱਛ ਕੇ।"
"ਰਾਜ! ਰਾਜੋ! ਰਾਜੋ!!"
"ਕਾਉਣ ਸ਼ੰਕਰ?"
"ਹਾਂ ਮੈਂ ਸ਼ੰਕਰ ਹਾਂ ਰਾਜੋ”
"ਪਰ ਤੁਸੀਂ ਤੇ... ... ... ...?"
“ਨਹੀਂ ਰਾਜੋ ਨਹੀਂ, ਉਹ ਸਭ ਝੂਠ ਸੀ, ਇੱਕ ਝੂਠੀ ਅਫ਼ਵਾਹ ਸੀ, ਜਿਸ ਦਿਨ ਮੈਂ ਤੈਨੂੰ ਮਿੱਲਿਆ ਸਾਂ, ਉਸੇ ਰਾਤ ਸਾਨੂੰ ਅੰਡਰ ਗਰਾਊਂਡ ਰਹਿਣ ਦੇ ਆਰਡਰ ਆ ਗਏ ਸਨ।"

ਉਹ ਮੇਰਾ ਹੱਥ ਫੜਕੇ ਕਹਿਣ ਲੱਗੀ “ਤੇ ਤੁਸਾਂ ਮੈਨੂੰ ਵੀ ਨਾ ਦੱਸਿਆ"

“ਕੀ ਕਰਦਾ ਰਾਜ, ਇੱਕ ਪਾਸੇ ਤੂੰ ਸੈਂ ਤੇ ਇੱਕ ਪਾਸੇ ਸਾਰੀ ਹਨੇਰਿਆਂ ਵਿੱਚ ਵੱਸਦੀ ਵੱਸੋਂ। ਇੱਕ ਪਾਸੇ ਖੁਦਗ਼ਰਜ਼ ਮੁਹੱਬਤ ਅਤੇ ਦੂਜੇ ਪਾਸੇ ਬਗ਼ਰਜ਼ ਫਰਜ਼। ਮੈਂ ਅਜੇ ਵੀ ਅੰਡਰ ਗਰਾਊਂਡ ਹਾਂ, ਮੇਰਾ ਪਿਆਰ ਭੀ ਅੰਡਰ ਗਰਾਊਂਡ ਹੈ। ਅਜੇ ਵੀ ਅਸੀਂ ਦੋਵੇਂ ਉਸੇ ਲੰਮਤੱਲਮੀ ਬੁੱਝੀਆਂ ਬੱਤੀਆਂ ਵਾਲੀ ਸੜਕ ਤੇ ਆਉਂਦੇ ਹਾਂ, ਪਤਾ ਨਹੀਂ ਹੋਰ ਕਿੰਨੇ ਹਨ, ਜਿੰਨਾਂ ਦਾ ਪਿਆਰ ਉਡੀਕਦਾ ਹੈ ਉਸ ਦਿਨ ਨੂੰ ਜਦੋਂ ਉਹ ਹਨੇਰੇ ਦੀ ਵਸੋਂ ਵਿਚੋਂ ਨਿੱਕਲ ਕੇ ਉਜਾਲੇ ਦੀ ਵੱਸੋਂ ਵਿੱਚ ਆ ਸੱਕਣਗੇ, ਬੁਝੀਆ ਬੱਤੀਆਂ ਵਿਚੋਂ ਨਿੱਕਲਕੇ ਜਗਦੀਆਂ ਲੋਆਂ ਵਿਚ ਆ ਸਕਣਗੇ!"

ਮੈਂ ਅੱਜ ਹੀ ਆਪਣੀ ਰਾਜੋ ਨੂੰ ਫੇਰ ਕਹਿ ਰਿਹਾ ਸਾਂ ਕਿ “ਉਸਦਾ ਦਿੱਲ ਬੜਾ ਸੁਹਣਾ ਹੈ।"