ਪੰਨਾ:ਆਂਢ ਗਵਾਂਢੋਂ.pdf/66

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੰਗੀ ਨਸਲ ਦਾ, ਪਰ ਮੈਂ ਅਫ਼ਸੋਸ ਨਾਲ ਲਿਖਦਾ ਹਾਂ ਮੈਂ ਉਸ ਨੂੰ ਰੱਖ ਨਹੀਂ ਸਕਿਆ। ਜਿਸ ਦਿਨ ਦਾ ਇਥੇ ਆਇਆ ਭੌਂਕ ਭੌਂਕ ਕੇ ਦਿਨ ਰਾਤ ਕੰਨ ਖਾ ਗਿਆ ਸੀ। ਕੁੱਤੇ ਨੇ ਸਾਨੂੰ ਬੜਾ ਤੰਗ ਕੀਤਾ। ਖ਼ਬਰੇ ਉਹ ਦੇਸੀ ਖਾਣਾ ਪਸੰਦ ਕਰਦਾ ਸੀ! ਬਿਸਕੁਟ, ਦੁਧ, ਡਬਲ ਰੋਟੀ, ਉਸ ਇਕ ਦਿਨ ਨਾ ਖਾਧੀ। ਜਿਹੜਾ ਨੇੜੇ ਜਾਂਦਾ, ਉਸੇ ਨੂੰ ਦੰਦੀਆਂ ਵਢਦਾ। ਜਿਤਨਾ ਵੇਖਣ ਵਿਚ ਸੁੰਦਰ ਅਤੇ ਸਕੀਲ ਸੀ, ਉਤਨਾ ਹੀ ਆਦਤਾਂ ਵਿਚ ਮਾੜਾ ਸੀ। ਬਾਲ-ਬੱਚੇ ਵਾਲੇ ਘਰ ਇਹੋ ਜਹੇ ਕੁੱਤੇ ਦਾ ਰਹਿਣਾ ਇਕ ਪਲ ਵੀ ਔਖਾ ਹੈ। ਮੇਰੇ ਖ਼ਿਆਲ ਵਿਚ ਉਹ ਇਕ ਖ਼ਤਰਨਾਕ ਕੁੱਤਾ ਹੈ। ਮੈਨੂੰ ਅਫ਼ਸੋਸ ਹੈ ਕਿ ਮੈਂ ਉਹ ਤੁਹਾਡੀ ਬੱਚੀ ਪਾਸੋਂ ਲਿਆ ਕੇ ਰਖ ਨਹੀਂ ਸਕਿਆ। ਅੱਜ ਕੁੱਤਾ ਅਚਣਚੇਤ ਖੁਲ੍ਹ ਕੇ ਕਿਧਰੇ ਗਾਇਬ ਹੋ ਗਿਆ ਹੈ। ਨੌਕਰਾਂ ਚਾਕਰਾਂ ਨੇ ਬੜੀ ਤਲਾਸ਼ ਕੀਤੀ, ਪੋਲੀਸ ਨੂੰ ਵੀ ਖ਼ਬਰ ਦਿਤੀ, ਪਰ ਪੂਰਾ ਹਫ਼ਤਾ ਬੀਤ ਚੁਕਿਆ ਹੈ। ਕੁੱਤੇ ਦੀ ਕੋਈ ਉਘ ਸੁਘ ਨਹੀਂ ਮਿਲਦੀ। ਖ਼ਿਆਲ ਕੀਤਾ ਜਾਂਦਾ ਹੈ ਕਿ ਕੁੱਤਾ ਜ਼ਰੂਰ ਮਰ ਗਿਆ ਹੋਵੇਗਾ, ਇਹੋ ਜਹੇ ਕੁੱਤੇ ਦਾ ਇਤਨਾ ਚਿਰ ਬਿਨਾ ਮਾਲਕ ਭੁਖੇ ਭਾਣੇ ਸਮਾਂ ਬਿਤਾਣਾ ਬੜਾ ਕਠਨ ਹੈ, ਇਸੇ ਲਈ ਮੈਂ ਇਸ ਚਿਠੀ ਵਿਚ ਤੁਹਾਡੀ ਤਰਕੀ ਦੀ ਮੁਬਾਰਕ ਨਾਲ ਕੁੱਤੇ ਬਾਬਤ ਅਫ਼ਸੋਸ ਲਿਖ ਰਿਹਾ ਹਾਂ।

ਪਿਤਾ ਨੇ ਤਨਖ਼ਾਹ ਦੇ ਵਾਧੇ ਦੀ ਖੁਸ਼ੀ ਵਿਚ ਜਿਥੇ ਕੁਝ ਪ੍ਰਸਨਤਾ ਪ੍ਰਾਪਤ ਕੀਤੀ ਸੀ, ਉਥੇ ਕੁੱਤੇ ਦੀ ਖ਼ਬਰ ਨੇ ਉਸ ਦੀਆਂ ਅੱਖਾਂ ਵਿਚ ਅੱਥਰੂ ਲੈ ਆਂਦੇ। ਕੁੱਤੇ ਦੇ ਪਿਆਰ ਵਿਚ ਪ੍ਰੀਤਮਾ ਦਾ ਡੂੰਘਾ ਪਿਆਰ ਉਛਾਲੇ ਖਾ ਰਿਹਾ ਸੀ। ਵਹੁਟੀ ਨੇ ਰੋਂਦੀਆਂ ਪਤੀ ਦੀਆਂ ਅੱਖਾਂ ਵਲ ਵੇਖਿਆ। ਬਿਸਤਰੇ ਉਪਰ ਪਈ ਬੀਮਾਰ ਜਿੰਦੜੀ ਨੇ ਵੀ ਅੱਥਰੂ ਵੇਖੇ। ਮਾਂ ਧੀ ਦੋਵੇਂ ਪਛਣਾ ਚਾਹੁੰਦੇ ਸਨ

-੫੬-